.

ਸਿੱਖ ਧਰਮ `ਚ ਇੱਕ ਨਵੇਂ ਜੁਗ ਦਾ ਅਰੰਭ ਸਨ:

ਸ੍ਰ: ਮਹਿੰਦਰ ਸਿੰਘ ਜੋਸ਼

ਜੋਸ਼ ਜੀ ੧੧ ਮਈ ੨੦੦੭ ਨੂੰ ਅਕਾਲਪੁਰਖੁ ਦੇ ਅਟੱਲ ਨਯਿਮਾ ਅਧੀਨ ਪੰਥ ਨੂੰ ਵਿਦਾਇਗੀ ਦੇ ਗਏ। ਅਸਲ `ਚ ਮੌਜੂਦਾ ‘ਸਿੱਖ ਮਿਸ਼ਨਰੀ ਲਹਿਰ ੧੯੫੬’ ਦੇ ਉਹ ਮੋਢੀ ਅਤੇ ਅਰੰਭ ਕਰਤਾ ਸਨ। ਉਨ੍ਹਾਂ ਦੀ ਮਿੱਠੀ ਤੇ ਨਿੱਘੀ ਯਾਦ ਨੂੰ ਸਮ੍ਰਪਤ ਹਨ ਇਹ ਕੁੱਝ ਪੰਕਤੀਆਂ।

ਕਾਦਿਰ ਦੇ ਕ੍ਰਿਸ਼ਮੇ- ਮੌਜੂਦਾ ਸਿੱਖ ਮਿਸ਼ਨਰੀ ਲਹਿਰ ਕਦੋਂ ਅਤੇ ਕਿਸਤਰ੍ਹਾਂ ਅਰੰਭ ਹੋਈ ਸ਼ਾਇਦ ਬਹੁਤ ਘੱਟ ਸੱਜਣਾਂ ਨੂੰ ਇਸ ਬਾਰੇ ਕੁੱਝ ਪਤਾ ਹੈ। ਦਰਅਸਲ ਸੱਚਾਈ ਇਹੀ ਹੈ “ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ” (ਪੰ: ੯੩੦) ਜਾਂ ਅੰਤੁ ਜਾਪੈ ਕਿਆ ਮਨਿ ਮੰਤੁ(ਬਾਣੀ ਜਪੁ ਪਉ: ੨੪) ਅਨੁਸਾਰ ਇਹ ਤਾਂ ਸ਼ਾਇਦ ਦਾਸਾਂ ਨੂੰ ਵੀ ਨਹੀ ਸੀ ਪਤਾ ਕਿ ਕਰਤਾ ਸਾਡੇ ਕੋਲੋਂ ਇਤਨੀ ਵੱਡੀ ਸੇਵਾ ਲੈ ਰਿਹਾ ਹੈ ਜਿਸਦੀ ਕਿ ਕੌਮ ਨੂੰ ਬਹੁਤ ਵੱਡੀ ਲੋੜ ਹੈ। ਇਸਤੋਂ ਪਹਿਲਾਂ ਕੁਦਰਤ ਨੇ ਜੋ ਮਾਣ ਇੱਕ ਗ਼ਰੀਬ ਹਿੰਦੂ ਘਰਾਣੇ `ਚ ਪੈਦਾ ਹੋਏ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਡਿ: ਲਿਟ: ਨੂੰ ਬਖਸ਼ਿਆ ਅਤੇ ਉਨ੍ਹਾਂ ਪਾਸੋਂ ਸੇਵਾ ਲਈ ਕਿ ਉਹੀ ਜਨਮ ਦੇ ਨਥੂ ਰਾਮ, ਇੱਕ ਦਿਨ ਪ੍ਰੋਫ਼ੇਸਰ ਸਾਹਿਬ ਸਿੰਘ ਬਣਕੇ, ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਹੋ ਨਿਬੜੇ। ਗੁਰਬਾਣੀ ਦੇ ਅਰਥ ਅਤੇ ਆਪਣੀਆਂ ਬਾਕੀ ਲਿਖਤਾਂ ਰਾਹੀਂ ਪੰਥ ਨੂੰ ਉਨ੍ਹਾ ਗੁੰਝਲਾਂ ਚੋਂ ਕਢਿਆ ਜਿਸ ਲਈ ਪੰਥ ਉਨ੍ਹਾਂ ਦਾ ਸਦਾ ਵਾਸਤੇ ਰਿਣੀ ਰਵੇਗਾ। ਉਸੇ ਹੀ ਇਲਾਹੀ ਲੜੀ `ਚ ਕਰਤਾਰ ਦੀ ਇਹ ਇੱਕ ਨਵੀਂ ਖੇਡ ਸੀ ਜਿਸਦਾ ਕਿ ਅੰਦਾਜ਼ਾ ਮੌਜੂਦਾ ਮਿਸ਼ਨਰੀ ਲਹਿਰ ਨੂੰ ਸ਼ੁਰੂ ਕਰਨ ਵਾਲਿਆਂ ਨੂੰ ਵੀ ਨਹੀਂ ਸੀ ਪਤਾ ਕਿ ਇਸ ਅੰਦਰ ਕੁਦਰਤ ਦਾ ਕੀ ਰਾਜ਼ ਹੈ?

ਹੋਇਆ ਇਹ ਕਿ ਦਾਸ ਨੇ ਸੰਨ ੧੯੫੬ `ਚ “ਪੰਜਾਬ ਯੂਨੀਵਰਸਿਟੀ ਕੈਂਪ ਕਾਲਿਜ, ਮੰਦਿਰ ਮਾਰਗ ਨਵੀਂ ਦਿੱਲੀ ਵਿਖੇ ਦਾਖਲਾ ਲਿਆ। ਅਪਣੇ ਸਕੂਲ `ਚ ਪਹਿਲੀ ਪੋਜ਼ੀਸ਼ਨ ਆਉਣ ਕਰਕੇ, ਕਾਲਿਜ ਦਾਖਿਲੇ ਦੀ ਪਹਿਲੀ ਲਿਸਟ `ਚ ਹੀ ਨਾਮ ਆ ਗਿਆ। ਪਰ ਮੇਰੇ ਇੱਕ ਬਹੁਤ ਹੀ ਪਿਆਰੇ ਜਿਗਰੀ ਵੀਰ ਦੇ ਕੁੱਝ ਨੰਬਰ ਘੱਟ ਆਉਣ ਕਰਕੇ, ਉਨ੍ਹਾਂ ਦੇ ਦਾਖਲੇ ਲਈ ਬੇਨਤੀ ਕਰਨ ਵਾਸਤੇ ਦਾਸ ਪ੍ਰਿੰਸੀਪਲ ਸਾਹਿਬ ਦੇ ਕਮਰੇ ਤੇ ਪੁਜਾ। ਉਸ ਸਮੇਂ ਸਾਡੇ ਕਾਲਿਜ ਦੇ ਪ੍ਰਿੰਸੀਪਲ ਨਰਿੰਜਣ ਸਿੰਘ ਜੀ ਸਨ। ਆਪ ਪੰਥ ਰਤਨ, ਮਾਸਟਰ ਤਾਰਾ ਸਿੰਘ ਜੀ ਦੇ ਵੱਡੇ ਭਰਾਤਾ ਸਨ। ਖੈਰ! ਦਾਸ ਬੇਨਤੀ ਕਰਨ ਲਈ ਬਾਹਿਰ ਬੈਂਚ ਤੇ ਬੈਠਾ ਅਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇਤਨੇ `ਚ ਇੱਕ ਹੋਰ ਸੱਜਣ ਆਕੇ ਮੇਰੇ ਕੋਲ ਬੈਠ ਗਏ। ਇਹ ਸਨ ਇਹੀ, ਸ੍ਰ: ਮਹਿੰਦਰ ਸਿੰਘ ਜੋਸ਼। ਇਹ ਸਾਡੀ ਪਹਿਲੀ ਮੁਲਾਕਾਤ ਸੀ ਜਿਹੜੀ ਕਿ ਸਾਡੇ ਦੋਨਾਂ ਦੇ ਗਲਾਂ ਵਿੱਚ ਪਈ ਹੋਈ ਕ੍ਰਿਪਾਨ ਨੇ ਕਰਵਾ ਦਿਤੀ। ਕਿਉਂਕਿ ਉਸ ਸਮੇਂ ਬਹੁਤ ਘੱਟ ਸੱਜਣ ਮਿਲਦੇ ਸਨ ਜਿਹੜੇ ਪਾਹੁਲਧਾਰੀ ਵੀ ਹੋਣ ਅਤੇ ਦੁਨੀਆਦਾਰ ਵੀ। ਮੁੱਕਦੀ ਗਲ ਕਿ ਕਲਗੀਧਰ ਦੀ ਇਸ ਮਹਾਨ ਦਾਤ ਨੇ ਸਾਨੂੰ ਮਿਲਵਾ ਦਿਤਾ ਅਤੇ ਸਾਡੀ ਆਪਸੀ ਗਲ ਬਾਤ ਦਾ ਕਾਰਣ ਬਣੀ ਦਾਤੇ ਦੀ ਇਹ ਦਾਤ।

ਅਚਾਨਕ ਹੀ ਜੋਸ਼ ਸਾਹਿਬ ਨੇ ਦਾਸ ਕੋਲੋਂ ਸੁਆਲ ਕੀਤਾ ਕਿ

‘ਵੀਰ ਜੀ! ਤੁਹਾਡੀਆਂ ਧਾਰਮਿਕ ਰੁਚੀਆਂ ਅਤੇ ਖੇਤ੍ਰ ਕੀ ਹੈ?

ਦਾਸ ਦਾ ਉਤਰ ਸੀ ਕਿ ਅਸਾਂ ਲੋਧੀ ਰੋਡ-ਕਰਬਲਾ `ਚ ਇੱਕ ਜੱਥਾ ਬਣਾਇਆ ਹੈ ਅਤੇ ਸੰਗ੍ਰਾਂਦ, ਮਸਿਆ ਆਦਿ ਦੇ ਅਤੇ ਲੋਕਲ ਗੁਰਦੁਆਰੇ ਦੇ ਹੋਰ ਖਾਸ ਪ੍ਰੋਗਰਾਮਾਂ ਤੋਂ ਇਲਾਵਾ, ਸਾਲ `ਚ ਗੁਰਦੁਆਰੇ ਵਲੋਂ ਜਿੰਨੇ ਵੀ ਗੁਰਪੁਰਬ ਮਨਾਏ ਜਾਂਦੇ ਹਨ ਅਸੀ ਰਲਕੇ ਜੋੜਿਆਂ ਦੀ ਸੇਵਾ, ਲ਼ੰਗਰ ਤਿਆਰ ਕਰਨ ਦੀ ਸੇਵਾ, ਵਰਤਾਉਣ ਦੀ ਸੇਵਾ, ਸਜਾਵਟ ਦੀ ਸੇਵਾ ਅਤੇ ਪ੍ਰਭਾਤਫ਼ੇਰੀਆਂ ਦੀ ਸੇਵਾ ਕਰਦੇ ਹਾਂ’।

ਦਾਸ ਦੇ ਇਸ ਜੁਆਬ ਤੋਂ ਬਾਦ ਜੋਸ਼ ਜੀ ਦਾ ਉਤਰ ਸੀ ਕਿ ‘ਬੱਸ’ ਇੰਨਾਂ ਹੀ।

ਤਾਂ ਦਾਸ ਦਾ ਬਦਲਵਾਂ ਸੁਆਲ ਸੀ “ਜੋਸ਼ ਸਾਹਿਬ! ਆਪ ਅਪਣੇ ਬਾਰੇ ਦਸੋ ਤਾਂ ਉਤਰ ਸੀ ਕਿ

“ਸਾਡੇ ਤਿਲਕ ਨਗਰ ਦੇ ਇਲਾਕੇ `ਚ ਇੱਕ ‘ਸਿੱਖ ਯੰਗ ਮੈਨ ਅਸੋਸੀਏਸ਼ਨ’ ਬਣੀ ਹੈ ਜੌ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਂਦੇ ਹਨ। ਓਥੇ ਖੁਲੇ ਪਾਰਕ `ਚ ਪਹਿਲਾਂ ਰਾਊਂਡ ਤਾਂ ਮਹਾਰਾਜਾ ਤੇ ਹੁੰਦਾ ਹੈ ਉਪਰੰਤ ਜੋ ਲੱਚਰ ਤੇ ਫ਼ਜ਼ੂਲ ਕਵਿਤਾਵਾਂ ਹੁੰਦੀਆ ਹਨ, ਬਸ ਸਾਰੀ ਰਾਤ ਉਸ `ਚ ਹੀ ਲੰਙ ਜਾਂਦੀ ਹੈ”।

ਹੁਣ ਦਾਸ ਦਾ ਸੁਆਲ ਸੀ, ਇਸਦਾ ਮੱਤਲਬ ਤਾਂ. .”

ਖੈਰ! ਗਲ ਅਗੇ ਟੁਰੀ। ਮਤਲਬ ਦੋਨਾਂ ਦਾ ਇਕੋ ਸੀ ਇਨ੍ਹਾ ਵਿਚੋਂ ਕੋਈ ਵੀ ਅਜੇਹਾ ਕੰਮ ਨਹੀਂ ਜੋ ਕਿਸੇ ਤਰ੍ਹਾਂ ਵੀ ਕੌਮ ਲਈ ਕੋਈ ਬੱਝਵੀਂ ਸੇਵਾ ਜਾਂ ਸਦੀਵੀ ਲੋੜ ਨੂੰ ਪੂਰਾ ਕਰਦਾ ਹੋਵੇ। ਆਖਿਰ ਅਸੀਂ ਦੋਵੇ ਇਸ ਸਿੱਟੇ ਤੇ ਪੁੱਜੇ ਸਾਂ।

ਬੜਾ ਗੰਭੀਰ ਮਸਲਾ ਸਾਹਮਣੇ ਖੜਾ ਸੀ। ਗੁਰਦੁਆਰੇ ਖਾਲੀ ਪਏ ਹਨ, ਬੱਚੇ ਐਮ-ਏ, ਡੱਬਲ-ਐਮ-ਏ ਅਤੇ ਡਿੱਗਰੀ ਹੋਲਡਰ ਹਨ, ਦੂਜੇ ਪਾਸੇ ਭਾਈ, ਗ੍ਰੰਥੀ, ਰਾਗੀ, ਢਾਡੀ ਅਣਪੜ੍ਹ ਹਨ, ਬਹੁਤੇ ਪ੍ਰਬੰਧਕ ਵੀ ਉਸੇ ਤਰ੍ਹਾਂ ਹਨ ਜਿਹੜੇ ਗੁਰਬਾਣੀ ਜਾਂ ਖਾਸ ਤੌਰ ਤੇ ਗੁਰਮਤਿ ਦਾ ‘ੳ, ਅ’ ਵੀ ਨਹੀ ਜਾਣਦੇ। ਨਤੀਜਾ- ਗੁਰਦੁਆਰਿਆ ਵਿੱਚ ਬੇਸਿਰ-ਪੈਰ ਦੀਆਂ ਮਿਥਿਹਾਸਕ ਕਹਾਣੀਆਂ ਅਤੇ ਗਪੌੜ ਸੁਣਾਏ ਜਾ ਰਹੇ ਹਨ, ਬਾਣੀ ਨੂੰ ਗਲਤ ਪ੍ਰਭਾਵਾਂ-ਅਰਥਾਂ `ਚ ਪੜਿਆ ਤੇ ਦਿਤਾ ਜਾ ਰਿਹਾ ਹੈ। ਬੱਚੇ ਭਲਾ ਗੁਰਦੁਆਰੇ ਕੀ ਲੈਣ ਜਾਣਗੇ? ਇਸੇ ਲਈ ਗੁਰਦੁਆਰੇ ਖਾਲੀ ਪਏ ਹਨ; ਇਸ ਛੋਟੀ ਜਹੀ ਗਲਬਾਤ ਦਾ ਇਹ ਸੀ, ਸਾਰਾ ਸਿੱਟਾ।

ਜੋਸ਼ ਸਾਹਿਬ ਕੈਂਪ ਕਾਲਿਜ `ਚ- ਆਖਿਰ ਕਰਣਹਾਰ ਤਾਂ ਕੋਈ ਹੋਰ ਤਾਕਤ ਸੀ, ਕਾਰਣ ਕਰਤਾ ਆਪ ਘੜ ਰਿਹਾ ਸੀ, ਗਲ ਅਗੇ ਕਿਵੇਂ ਨਾ ਟੁਰਦੀ। ਕਰਤਾਰ ਦੀ ਕਰਣੀ ਜੋਸ਼ ਸਾਹਿਬ ਨੂੰ ਵੀ ਕੈਂਪ ਕਾਲਿਜ ਵਿੱਚ ਦਾਖਲਾ ਮਿਲ ਗਿਆ। ਕੈਂਪ ਕਾਲਿਜ ਦੀਆਂ ਵੀ ਦੋ ਬਿਲਡਿੰਗਾ `ਚ ਕਾਲਾਸਾਂ ਲਗਦੀਆਂ ਸਨ ਪਰ ਸਾਡੇ ਦੋਨਾਂ ਦੇ ਵੱਖ-ਵੱਖ ਵਿਸ਼ੇ ਹੋਣ ਦੇ ਬਾਵਜੂਦ, ਸਾਡੀਆਂ ਦੋਨਾਂ ਦੀਆਂ ਕਲਾਸਾਂ, ਇਕੋ ਬਿਲਡਿੰਗ `ਚ ਸਨ। ਬਸ ਫ਼ੇਰ ਕੀ ਸੀ, ਪੀਰਅਿਡਾਂ ਵਿਚਕਾਰ ਜਾਂ ਖਾਲੀ ਪੀਰੀਅਡਾਂ ਸਮੇ, ਹੁਣ ਕਰਤੇ ਨੇ ਇਕੋ ਹੀ ਵਿਸ਼ੇ `ਚ ਸਾਨੂੰ ਅਟਕਾ ਦਿਤਾ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ’ ਅਗਵਾਹੀ ਹੈ ਫ਼ਿਰ ਵੀ ਪੰਥ ਅਪਣੀ ਅਸਲੀਅਤ ਤੋਂ ਕੋਹਾਂ ਦੂਰ ਖਲੋਤਾ ਹੈ, ਇਸਦਾ ਹੱਲ ਕਿਥੇ ਹੈ? ਬਸ, ਹਰ ਸਮੇਂ ਸਾਡੇ ਕੋਲ ਇਕੋ ਹੀ ਮਸਲਾ ਸੀ।

ਇਸਤੋਂ ਬਾਦ ਜਿਸ ਮਸਲੇ ਨੂੰ ਲ਼ੈ ਕੇ ਟੁਰੇ ਸਾਂ ਉਹ ਕੋਈ ਨਿੱਕਾ ਜਿਹਾ ਮਸਲਾ ਨਹੀਂ ਸੀ ਬਲਕਿ ਅੰਤਰ-ਰਾਸ਼ਟਰੀ ਪੱਧਰ ਦਾ ਮੱਸਲਾ ਸੀ, ਇਸ ਦੇ ਲਈ ਕਿਸੇ ਮਜ਼ਬੂਤ ਸੰਸਥਾ ਜਾਂ ਲਹਿਰ ਦੀ ਲੋੜ ਸੀ। ਸਾਡੀਆਂ ਕਾਲਿਜ ਦੀਆਂ ਕਲਾਸਾਂ ਬਟਲਰ ਹਾਇਰ ਸੈਕੰਡਰੀ ਸਕੂਲ਼ ਦੀ ਬਿਲਡਿੰਗ `ਚ ਲਗਦੀਆਂ ਜਿਹੜਾ ਕਿ ਦਿੱਲੀ ਬਿਰਲਾ ਮੰਦਿਰ ਦੀ ਜੁੜਵੀ ਦਿਵਾਰ ਸੀ, ਇਸਦਾ ਲਾਭ ਲੈ ਕੇ, ਸੰਸਥਾ ਦਾ ਨਾਮ ਕੀ ਰਖਿਆ ਜਾਵੇ? ਇਸ ਵਿਸ਼ੇ ਨੂੰ ਲੈ ਕੇ, ਬਿਰਲਾ ਮੰਦਿਰ ਦੇ ਖੁਲੇ ਪਾਰਕ `ਚ ੫-੭ ਮੀਟਿੰਗਾਂ ਕੀਤੀਆਂ ਪਰ ‘ਢਾਕ ਕੇ ਤੀਨ ਪਾਤ’ ਸੰਸਥਾਂ ਦਾ ਨਾਮ ਪੱਕਾ ਨਾ ਹੋ ਸਕਿਆ। ਮਸਲਾ ਦੂਜਿਆਂ ਦੀ ਸਮਝ `ਚ ਨਹੀਂ ਸੀ ਆ ਰਿਹਾ, ਇਸ ਲਈ ਕੋਈ ਇੱਕ ਬੋਲੀ ਬੋਲੇ ਅਤੇ ਦੂਜਾ, ਦੂਜੀ। ਅਖਿਰ ਇਹ ਵੀ ਫ਼ੈਸਲਾ ਸਾਨੂੰ ਦੋਨਾਂ ਨੂੰ ਆਪਸ `ਚ ਹੀ ਕਰਨਾ ਪਿਆ ਅਤੇ ਅਚਾਨਕ ਹੀ ਇੱਕ ਮੀਟਿੰਗ ਸਮੇਂ ਅਸਾਂ ਇਲਾਨ ਕਰ ਦਿਤਾ ਕਿ ਸੰਸਥਾਂ ਦਾ ਨਾਮ ਹੋਵੇਗਾ

“ਭਾਈ ਸੁਖਾ ਸਿੰਘ ਮਹਿਤਾਬ ਸਿੰਘ ਧਰਮ ਪ੍ਰਚਾਰਕ ਦਲ”। ਕਿਸੇ ਨੂੰ ‘ਮਾਹ ਬਾਦੀ ਕਿਸੇ ਨੂੰ ਸੁਆਦੀ’ ਵਾਂਙ ਕੁੱਝ ਨੂੰ ਇਹ ਫ਼ੈਸਲਾ ਬੜਾ ਚੰਗਾ ਲਗਾ `ਤੇ ਕੁੱਝ ਸਟਪਟਾਏ, ਪਰ ਕੰਮ ਚਾਲੂ ਹੋ ਗਿਆ। ਖੈਰ! ਸੰਸਥਾ ਦੇ ਇਸ ਨਾਮ ਨੂੰ ਲੈ ਕੇ ਜਾਕੇ ਜਦੋਂ ਸੰਗਤ ਵਿੱਚ ਪੁਜੇ ਤਾਂ ਨਵਾਂ ਮਸਲਾ ਖੜਾ ਹੋ ਗਿਆ, ਸੰਗਤਾਂ ਵਿਚਕਾਰ ਇਤਨੀ ਭਾਰੀ ਅਗਿਆਨਤਾ ਸੀ ਕਿ “ਭਾਈ ਸੁਖਾ ਸਿੰਘ ਮਹਿਤਾਬ ਸਿੰਘ” ਹੈਣ ਕੋਣ? ਕੰਮ ਨੂੰ ਆਸਾਨ ਕਰਨ ਲਈ ਸੰਸਥਾ ਦਾ ਨਾਮ ਬਦਲਣਾ ਪਿਆ ਅਤੇ ਅਗਲਾ ਨਾਮ ਦਿਤਾ “ਸ੍ਰੀ ਕਲਗੀਧਰ ਗੁਰਮਤਿ ਪ੍ਰਚਾਰਕ ਦਲ”। ਵਰਤੋਂ ਕਰਨ ਤੇ ਇਥੇ ਵੀ ਗਲ ਨਾ ਬਣੀ ਇਉਂ ਜਾਪੇ ਜਿਵੇਂ ਸੰਸਥਾ ਅਥਵਾ ਲਹਿਰ ਸੰਸਾਰ ਪੱਧਰ ਬਣਨ ਨਹੀਂ ਜਾ ਰਹੀ ਬਲਕਿ ਕਿਸੇ ਗਲੀ-ਮੁਹੱਲੇ-ਇਲਾਕੇ ਦੀ ਸੰਸਥਾ ਹੈ।

ਤਾਂ ਫ਼ਿਰ ਕਿਸੇ ਨੂੰ ਵਿੱਚ ਮਿਲਾਏ ਬਿਨਾਂ ਜੋਸ਼ ਜੀ ਅਤੇ ਦਾਸ ਵਿਚਕਾਰ ਇੱਕ ਨਵਾਂ ਫ਼ੈਸਲਾ ਹੋਇਆ ਅਤੇ ਸੰਸਥਾ ਨੂੰ ਇੱਕ ਨਿਵੇਕਲੀ ਕਿਸਮ ਦਾ ਨਾਮ ਦਿਤਾ ਗਿਆ ‘ਸ਼੍ਰੋਮਣੀ ਸਿੱਖ ਸਮਾਜ’ ਅਤੇ ਫ਼ੈਸਲਾ ਲਿਆ ਕਿ ਬਾਕੀ ਸਾਰੇ ਪ੍ਰਾਜੈਕਟ ਇਸ ਇਕੋ ਨਾਮ ਹੇਠ ਬਣਾਏ ਜਾਣਗੇ।

ਸ੍ਰਦਾਰ ਖੁਸ਼ਵੰਤ ਸਿੰਘ ਦੀ ਲਿਖਤ ਅਤੇ ਜੋਸ਼ ਸਾਹਿਬ- ਉਨ੍ਹਾਂ ਹੀ ਦਿਨਾਂ ਵਿੱਚ ਖੁਸ਼ਵੰਤ ਸਿੰਘ ਨੇ ਇੱਕ ਕਿਤਾਬ ਲਿਖੀ ਕਿ ‘ਆਉਂਦੇ ਸੌ ਸਾਲਾਂ ਤੀਕ ਸਿੱਖ ਦੀ ਸ਼ਕਲ ਦੇਖਣੀ ਹੋਵੇ ਤਾਂ ਕਿਸੇ ਅਜਾਇਬ ਘਰ ਵਿੱਚ ਹੀ ਮਿਲੇਗੀ’ ਮਸਲਾ ਤਾਂ ਇਹੀ ਚਲ ਰਿਹਾ ਸੀ ਇਸ ਕਿਤਾਬ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਦਾਸ ਉਸ ਸਮੇਂ ਤੀਕ ਲਿਖਾਰੀ ਨਹੀਂ ਸੀ ਬਣਿਆ। ਇਸਦੇ ਜੁਆਬ `ਚ ਜੋਸ਼ ਜੀ ਨੇ ਦੋ ਪੁਸਤਕਾਂ ਲਿਖੀਆਂ ਅਤੇ ਜਿਨ੍ਹਾਂ ਨੂੰ ਸੰਗਤ `ਚ ਮੁਫ਼ਤ ਵੰਡਿਆ। ਇਨ੍ਹਾਂ ਵਿਚੋਂ ਇੱਕ ਪੁਸਤਕ ਸੀ ਜਿਸਦਾ ਨਾਮ ਦਿਤਾ ਗਿਆ ‘ਸਿੱਖ ਧਰਮ ਅਤੇ ਇਸਦਾ ਖਾਤਮਾ-ਆਉਂਦੇ ਸੋ ਸਾਲਾਂ ਤੀਕ’ ? ਇਹ ਪੁਸਤਕ ਖੁਸ਼ਵੰਤ ਸਿੰਘ ਦੀ ਪੁਸਤਕ ਦਾ ਖੱੜਕਵਾਂ ਉਤਰ ਸੀ; ਚੂੰਕਿ ਇਸ ਵਿਸ਼ੇ ਤੇ ਅਸਲ `ਚ ਉਸ ਵੇਲੇ ਅਸੀਂ ਦੋਵੇਂ ਹੀ ਸਾਂ ਅਤੇ ਕੁੱਝ ਕਾਰਣਾਂ ਕਰਕੇ ਜੋਸ਼ ਜੀ ਨੇ ਓਹ ਪੁਸਤਕ ਅਪਣੇ ਨਾਮ ਤੇ ਨਹੀਂ ਬਲਕਿ ਮੇਰੇ ਨਾਮ ਤੇ ਛਾਪੀ ਪਰ ਤਖਲਸ ਦਿਤਾ ਜੋਸ਼ ਭਾਵ ‘ਗਿਆਨੀ ਸੁਰਜੀਤ ਸਿੰਘ ਜੋਸ਼’ (ਪੁਸਤਕ ਦੇ ਲਿਖਾਰੀ ਦੇ ਤੌਰ ਤੇ)। ਦਾਸ ਦੇ ਸਟਾਕ ਵਿੱਚ ਅਜੇ ਤੀਕ ਦੋਨਾਂ ਪੁਸਤਕਾਂ ਦੀ ਇੱਕ ਇੱਕ ਕਾਪੀ ਮੌਜੂਦ ਹੈ। ਖੈਰ ਅੰਤਮ ਸਮੇਂ ਤੀਕ ਇਹ ਗਲ ਜੋਸ਼ ਜੀ ਦੇ ਜੀਵਨ ਦਾ ਹਿੱਸਾ ਬਣੀ ਰਹੀ ਕਿ ਕਿਵੇਂ ਵਿਦਵਾਨਾਂ ਨੂੰ ਇੱਕ ਮਤ ਕਰਕੇ ਕੌਮ ਦੀ ਹੋਂਦ ਨੂੰ ਇਸ ਪਖੋਂ ਸੰਭਾਲਿਆ ਜਾਵੇ। ਇਸ ਲਈ ਅਪਣੀ ਜ਼ਿੰਦਗੀ ਦੇ ਜਿਸ ਵੀ ਹਿੱਸੇ `ਚ ਆਪ ਜਿਸ ਇਲਾਕੇ `ਚ ਪੁਜੇ, ਇਸੇ ਮਸਲੇ ਲ਼ੈ ਕੇ ਵਿਦਵਾਨਾ `ਚ ਸਾਂਝ ਪਾਉਣ ਦਾ ਜਤਨ ਕਰਦੇ ਰਹੇ।

ਕੌਮ ਦਾ ਕੀ ਬਣੇਗਾ? - ਇਹੀ ਓਹ ਵਿਸ਼ਾ ਸੀ ਜਿਸਨੇ ਸਾਨੂੰ ਦੋਨਾਂ ਨੂੰ ਪਾਗਲ ਕੀਤਾ ਹੋਇਆ ਸੀ ਅਤੇ ਅਜਤੀਕ ਕੀਤੀ ਰਖਿਆ। ਜਿੱਧਰ ਹੱਥ ਮਾਰੋ ਹਨੇਰਾ ਹੀ ਹਨੇਰਾ, ਕੋਈ ਹੱਲ ਨਹੀਂ ਸੀ ਲਭ ਰਿਹਾ। ਸਾਡੇ ਦੋਨਾਂ ਵਿਚਕਾਰ ਰਿਹਾਇਸ਼ ਦਾ ਫ਼ਾਸਲਾ ਬੜਾ ਲੰਮਾ ਸੀ। ਉਦੋਂ ਦਿਲੀ ਵੀ ਅਜੇ ਪੂਰੀ ਤਰ੍ਹਾਂ ਆਬਾਦ ਨਹੀਂ ਸੀ, ਆਉਟਰ ਰਿੰਗ ਰੋਡ ਤਾਂ ਦੂਰ ਅਜੇ ਰਿੰਗ ਰੋਡ ਵੀ ਨਹੀਂ ਸੀ ਬਣੀ। ਸੜਕਾਂ ਵੀ ਸਿੰਗਲ ਅਤੇ ਬੜੀ ਘੱਟ ਚੋੜਾਈ ਦੀਆਂ ਸਨ। ਜੋਸ਼ ਜੀ ਤਿਲਕ ਨਗਰ ਰਹਿੰਦੇ ਅਤੇ ਸੀ: ਪੀ: ਡਬਲਿਉ: ਡੀ `ਚ ਕਲਰਕ ਸਨ। ਆਫ਼ਿਸ ਬਦਲਦਾ ਰਹਿੰਦਾ ਸੀ। ਦੂਜੇ ਪਾਸੇ ਦਾਸ ਲਾਜਪਤਨਗਰ, ਜਿਹੜਾ ਕਿ ਅਜੇ ਨਵਾਂ-ਨਵਾਂ ਵਸਿਆ ਸੀ ਅਤੇ ਦੁਕਾਨ ਸੀ ਲੋਧੀ ਰੋਡ। ਮਸਲਾ ਤਾਂ ਦਿਨ-ਰਾਤ ਦਾ ਬਣਾਕੇ ਬੈਠੇ ਹੋਏ ਸਾਂ। ਹਰ ਸਮੇ ਇਕੋ ਗਲ ਸੀ ‘ਕੌਮ ਦਾ ਕੀ ਬਣੇਗਾ’ ਇਸਦਾ ਨਤੀਜਾ ਕਿ ਉਸ ਜ਼ਮਾਨੇ `ਚ ਸਾਈਕਲ ਦੀ ਸੁਆਰੀ ਅਤੇ ਸਾਰੀ ਨਜਫ਼ਗੜ੍ਹ ਟੱਪ ਕੇ ਨਵੇਂ ਵੱਸ ਰਹੇ ਤਿਲਕ ਨਗਰ ਜਾਣ ਨਾਲੌਂ ਮਹੀਨੇ `ਚ ਲਗਭਗ ਵੀਹ ਦਿਨ ਜੋਸ਼ ਸਾਹਿਬ ਦਾਸ ਕੋਲ ਹੀ ਟਿੱਕਦੇ। ਕਦੇ ਦਾਸ ਦੇ ਘਰ ਅਤੇ ਕਦੇ ਦਾਸ ਦੀ ਦੁਕਾਨ ਤੇ। ਦੂਜਿਆਂ ਭਾਣੇ ਅਸੀਂ ਦੋਵੇਂ ਪਾਗਲਾਂ ਦੀ ਤਰ੍ਹਾਂ ਇਕੋ ਗਲ ਰਿੜਕਦੇ ਰਹਿੰਦੇ। ਅੰਦਰ ਤਾਂ ਅੱਗ ਬਲ ਰਹੀ ਸੀ, ਸਾਰਾ-ਸਾਰਾ ਦਿਨ ਪਾਰਕਾਂ, ਗੁਰਦੁਆਰਿਆਂ ਦੇ ਲਾਅਨਾਂ ਵਿੱਚ ਅਤੇ ਰਾਤਾਂ ਬਸ-ਸਟਾਪਾਂ ਅਤੇ ਉਸ ਸਮੇਂ ਦੇ ਮੁਤਾਬਿਕ ਸੜਕਾਂ ਦੇ ਕਿਨਾਰੇ ਬਣੀਆਂ ਹੋਈਆਂ ਪੁਲੀਆਂ ਤੇ ਬੈਠੇ ਇਸੇ ਮਸਲੇ ਵਿੱਚ ਕਲਪਦੇ ਨਿਕਲ ਜਾਂਦੀਆਂ ਕਿ ਕੌਮ ਦਾ ਕੀ ਬਣੇਂਗਾ? ਜਿੱਤਨੇ ਆੳਂਦੇ, ਉਤਨੇ ਦੌੜ ਜਾਂਦੇ, ਅੰਤ ਰਹਿ ਜਾਂਦੇ ਅਸੀਂ ਦੌ ਦੇ ਦੋ-ਬਹਿਸ-ਮੁਬਾਹਿਸੇ ਵਿਚਾਰਾਂ `ਤੇ ਕਲਪਣ ਵਾਸਤੇ। ਗਲ ਕਿਸੇ ਪਾਸੇ ਟੁਰਦੀ ਤਾਂ ਅੰਦਰ ਦੀ ਅੱਗ ਹੀ ਕੁੱਝ ਸ਼ਾਂਤ ਹੁੰਦੀ।

ਬਹੁਤ ਵਾਰੀ ਤਾਂ ਇਹ ਹੁੰਦਾ ਕਿ ਘਰ `ਚ ਰੋਟੀ ਪੱਕੀ ਰਹਿੰਦੀ, ਬਿਸਤਰੇ ਹੋਏ ਰਹਿੰਦੇ ਪਰ ਅਸੀ ਦੋਵੇ ਸੜਕਾਂ-ਪੁਲੀਆਂ ਤੇ ਬੈਠਕੇ ਇਹੀ ਸਿਰ-ਖੱਪਾਈ ਕਰਦੇ ਰਹਿੰਦੇ। ਕਈ ਵਾਰੀ ਤਾਂ ਬਾਹਰ ਬਸ ਸਟਾਪ ਤੇ ਖੜੇ-ਖੜੇ ਪਤਾ ਹੀ ਨਾ ਲਗਦਾ ਕਿ ਰਾਤ ਕਦੋਂ ਬਤੀਤ ਹੋ ਗਈ ਹੈ, ਪਤਾ ਤਾਂ ਲਗਦਾ ਜਦੋਂ ਸਵੇਰੇ ਪੰਜ ਵਜੇ ਦੂਜੇ ਦਿਨ ਦੀਆਂ ਬਸਾਂ ਚਾਲੂ ਹੋ ਜਾਂਦੀਆਂ- ਪਰ ਮਸਲਾ ਬੜਾ ਗੁੰਝਲਦਾਰ ਸੀ, ਅਗੇ ਤਾਂ ਟੁਰਦਾ ਗਿਆ ਪਰ ਸੌਖੀ ਪਹੁੰਚ ਨਹੀਂ ਸੀ। ਵੱਡਾ ਕਾਰਣ ਇਹ ਸੀ ਕਿ ਮਸਲਾ ਤਾਂ ਸਾਹਮਣੇ ਸੀ ਪਰ ਇਸ ਬਾਰੇ ਉਸ ਸਮੇ ਅਸੀਂ ਵੀ ਦੋਵੇਂ ਅਨਾੜੀ ਸਾਂ, ਕਿ ਕਰੀਏ ਕੀ? ਕਿਥੌਂ ਸ਼ੁਰੂ ਕਰੀਏ? ਇਹ ਵੀ ਤਾਂ ਨਹੀਂ ਸੀ ਪਤਾ। ਜਿਵੇਂ ਜਿਵੇਂ ਗੁਰੂ ਨੇ ਮੱਤ ਦਿੱਤੀ, ਆਪਸ ਵਿੱਚ ਉਲਝਦੇ ਰਹਿੰਦੇ, ਪਰ ਕਦਮ ਵੱਧਦੇ ਹੀ ਗਏ। ਕਈ ਕਦਮਾਂ ਤੇ ਮੈਂ ਉਨ੍ਹਾਂ ਨੂੰ ਗਲਤ ਕਹਿੰਦਾ ਅਤੇ ਉਹ ਮੈਨੂੰ। ਇਹ ਵੱਖਰੀ ਕਿੱਧਰੇ ਉਹ ਗਲਤ ਹੁੰਦੇ, ਕਿੱਧਰੇ ਮੈ; ਕਿਧਰੇ ਦੋਵੇਂ ਗਲਤ ਅਤੇ ਕਿੱਧਰੇ ਦੋਵੇ ਠੀਕ।

ਜੋਸ਼ ਜੀ ਦੀ ਰਿਹਾਇਸ਼ ਸੰਤ ਨਗਰ ਵਿਖੇ- ਵੱਡੀ ਦਿੱਕਤ ਸੀ ਸਾਡੀ ਦੋਨਾਂ ਦੀ ਰਿਹਾਇਸ਼ ਵਿਚਕਾਰ ਫਾਸਲਾ। ਮਹੀਨੇ `ਚ ਲਗਭਗ ਵੀਹ ਦਿਨ ਅਤੇ ਰਾਤਾਂ ਸਾਡੀਆਂ ਇਕਠੇ ਹੀ ਬੀਤਦੀਆਂ। ਜੋਸ਼ ਜੀ ਨੇ ਇਸਦਾ ਹੱਲ ਕੱਢਿਆ। ਉਨ੍ਹੀ ਦਿਨੀਂ ਲਾਜਪਤ ਨਗਰ `ਚ ਇੱਕ ਨਵੀਂ ਬਸਤੀ ਵੱਸ ਰਹੀ ਸੀ, ਜੋਸ਼ ਜੀ ਨੇ ਇਥੇ ਪਲਾਟ ਨੰਬਰ ੧੦੦ ਖਰੀਦ ਲਿਆ ਅਤੇ ਇਥੇ ਹੀ ਅਪਣਾ ਮਕਾਨ ਬਣਾ ਲਿਆ। ਜਿਥੇ ਪਲਾਟ ਖਰੀਦਿਆ, ਇਸ ਇਲਾਕੇ ਦਾ ਨਾਮ ਬਾਦ `ਚ ਸੰਤ ਨਗਰ ਰਖਿਆ ਗਿਆ ਅਤੇ ਉਪਰੰਤ ‘ਈਸਟ ਆਫ਼ ਕੈਲਾਸ਼’ ਵਸਿਆ ਤਾਂ ਉਸ ਨਾਲ ਜੋੜ ਦਿਤਾ ਗਿਆ। ਜੋਸ਼ ਜੀ ਰਾਹੀਂ ਇਥੇ ਰਿਹਾਇਸ਼ ਦਾ ਇਕੋ ਹੀ ਕਾਰਣ ਸੀ ਕਿ ਦੋਵੇਂ ਇਸ ਵਿਸ਼ੇ ਤੇ ਜੋ ਇਕੱਠੇ ਕੰਮ ਕਰ ਸਕੀਏ। ਇਹੀ ਕਰਦੇ ਵੀ, ਬਹੁਤਾ ਕਰਕੇ ਦਿਕਠੇ ਹੀ ਰਹਿੰਦੇ ਸਾਂ, ਇਸ ਲਈ ਰਿਹਾਇਸ਼ ਵੀ ਇੱਕ ਦੂਜੇ ਦੇ ਨੇੜੇ ਹੀ ਹੋਵੇ, ਇਸੇ ਲਈ ਇਹ ਕੀਤਾ ਗਿਆ ਸੀ। ਜੋਸ਼ ਜੀ ਦਾ ਮੇਰੇ ਲਈ ਜੋ ਖਾਸ ਲਫ਼ਜ਼ ਹੁੰਦਾ ਸੀ ਉਹ ਕਿ “ਅਸੀਂ ਦੋਵੇਂ ਸਰੀਰ ਕਰਕੇ ਦੋ ਹਾਂ ਪਰ ਆਤਮਾ ਕਰਕੇ ਦੋ ਨਹੀਂ ਹਾਂ ਅਤੇ ਇਹ ਗਲ ਹੈ ਵੀ ਠੀਕ ਸੀ।

ਮੁੱਕਦੀ ਗਲ ਕਿ ਇਹੀ ਮਕਾਨ ਇਸ ਮਿਸ਼ਨਰੀ ਲਹਿਰ ਦਾ ਅਰੰਭਕ ਕੇਂਦਰ ਬਣਿਆ ਅਤੇ ਬਾਦ ਵਿੱਚ ਜੋਸ਼ ਜੀ ਨੇ ਇਥੇ ਹੀ ਲੁਧਿਆਣੇ ਤੋਂ ਇੱਕ ਹੋਰ ਸਿੰਘ ‘ਕੰਵਰ ਮਹਿੰਦਰ ਪ੍ਰਤਾਪ ਸਿੰਘ’ ਨੂੰ ਅਪਣੇ ਕੋਲ ਬੁਲਾ ਲਿਆ। ਪਲਾਟ ਦੇ ਦੋ ਹਿੱਸੇ ਕਰ ਦਿਤੇ ਅਤੇ ਕੰਵਰ ਸਾਹਿਬ ਦੀ ਉਪਰਲੀ ਛੱਤ ਤੇ ਇਸ ‘ਸ਼੍ਰੋਮਣੀ ਸਿੱਖ ਸਮਾਜ’ ਦਾ ੧੦੦ਏ ਸੰਤ ਨਗਰ ਦਿੱਲੀ ਕਰਕੇ ਆਫ਼ਿਸ ਕਾਇਮ ਕੀਤਾ ਗਿਆ ਅਤੇ ਮਸ਼ਹੂਰ ਹੋਇਆ। ਦਰਅਸਲ ਇਹੀ ਸੀ ਕਾਰਣ, ਜੋਸ਼ ਜੀ ਰਾਹੀ ਇਸ ਪਲਾਟ ਨੂੰ ਖਰੀਦਣ ਅਤੇ ਇਥੇ ਮਕਾਨ ਬਨਾਉਣ ਦਾ ਤਾਕਿ ਰਿਹਾਇਸ਼ ਦੇ ਤੋਰ ਤੇ ਅਸੀਂ ਦੋਵੇਂ ਨੇੜੇ ਹੋਕੇ ਕੰਮ `ਚ ਤੇਜ਼ੀ ਲਿਆ ਸਕੀਏ। ਬਾਣੀ ਜਪੁਜੀ ਸਾਹਿਬ ਨਾਲ ਅਰੰਭ ਕਰਕੇ, ਸੰਸਾਰ ਭਰ `ਚ ਚਲ ਰਹੀਆਂ ਮੌਜੂਦਾ ਗੁਰਮਤਿ ਕਲਾਸਾਂ ਦਾ ਇਥੋਂ ਹੀ ਅਰੰਭ ਹੋਇਆ। ਇਥੇ ਵੀ ਦਿੱਕਤ ਇਹ ਆਈ ਕਿ ਬਾਣੀ ਜਪੁ ਦੀਆਂ ਵੀ ਸਟੀਕਾਂ ਵੀ ਭਿੰਨ ਭਿੰਨ ਸਨ, ਕਿਹੜੀ ਠੀਕ ਅਤੇ ਕਿਹੜੀ ਗਲਤ, ਉਸ ਵੇਲੇ ਇਸਦੀ ਸਮਝ ਸਾਨੂੰ ਵੀ ਨਹੀਂ ਸੀ, ਪਰ ਕਰਤਾਰ ਨੇ ਮਾਨੋ ਨੀਹ ਰਖਵਾ ਦਿਤੀ ਸੀ ਕਿ ਕੰਮ ਦੀ ਸ਼ੁਰੂਆਤ ਇਥੋਂ ਕਰਨੀ ਹੈ। ਇਸ ਸਾਰੀ ਖੇਡ ਵਿੱਚ ਇਹੀ ਕੁੱਝ ਗਲਾਂ ਲੋਹੇ ਦੀ ਮਜ਼ਬੂਤ ਦਿਵਾਰ ਬਣੀਆਂ ਹੋਈਆਂ ਸਨ। ਪਹਿਲੀ ਇਹ ਕਿ ਹਰ ਇੱਕ ਲਿਖਿਤ ਜਿਸਨੂੰ ਹੱਥ ਪਾਵੋ, ਦੂਜੀ ਨੂੰ ਕੱਟ ਰਹੀ ਸੀ-ਤਾਂਤੇ ਠੀਕ ਕਿਸਨੂੰ ਮੰਿਨਆ ਜਾਵੇ ਅਤੇ ਗ਼ਲਤ ਕਿਸਨੂੰ? ਕਿਸ ਸਟੀਕ ਨੂੰ ਠੀਕ ਮੰਨਕੇ ਉਸ ਉਪਰ ਅਮਲ ਕਰੀਏ ਅਤੇ ਕਿਹੜੀ ਗਲਤ ਹੈ?

ਦਿਖ (Personality) ਲਫ਼ਜ਼ ਮਿਸ਼ਨਰੀ ਅਤੇ ਜੋਸ਼ ਜੀ- ਇਥੇ ਇੱਕ ਹੋਰ ਖੇਡ ਵੀ ਵਾਪਰੀ। ਦਰਅਸਲ ਕਾਲਿਜ ਸਮੇਂ ਜੋਸ਼ ਜੀ ਤੋਂ ਪਹਿਲਾਂ ਦਾਸ ਨੂੰ ਦਾੜ੍ਹੀ ਗਈ। ਮੈਂ ਇਸ ਗਲ ਤੇ ਬਜ਼ਿੱਦ ਸਾਂ ਕਿ ਦਾੜ੍ਹਾ ਪ੍ਰਕਾਸ਼ ਹੀ ਰਖਾਂਗਾ। ਜੌਸ਼ ਸਾਹਿਬ ਦਾ ਕਹਿਣਾ ਸੀ ਕਿ ਜੇ ਦਾੜ੍ਹੀ ਬੰਨ ਕੇ ਸੂਟਿੱਡ ਬੂਟਿੱਡ, ਟਾਈ ਆਦਿ ਨਾਲ ਨਾ ਚਲੇ ਤਾਂ ਸ਼ਹਿਰੀ ਨੌਜੁਆਨਾਂ ਸਥ ` ਲੈਣਾ ਆਸਾਨ ਨਹੀਂ ਰਵੇਗਾ। ਤਜੁਰਬੇ ` ਜੋਸ਼ ਜੀ ਦੀ ਇਹ ਗਲ ਠੀਕ ਸਾਬਤ ਹੋਈ। ਇਸਤੋਂ ਇਲਾਵਾ ਜੋਸ਼ ਜੀ ਦਾ ਵਿਚਾਰ ਸੀ ਕਿ ਇਸਾਈ ਮਿਸ਼ਨਰੀਆਂ ਦਾ ਜ਼ਮਾਨਾ ਹੈ ਇਸ ਪ੍ਰਚਾਰਕ ਲਫ਼ਜ਼ ਦੀ ਬਜਾਏ ਲਫ਼ਜ਼ ਮਿਸ਼ਨਰੀ ਵਰਤਿਆ ਜਾਵੇ ਜਿਸਤੇ ਦਾਸ ਵੀ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਸੀ। ਇਸੇਤਰ੍ਹਾਂ ਅਗੇ ਜਾ ਕੇ ਦੇਖਾਂਗੇ ਕਿਸ਼੍ਰੋਮਣੀ ਸਿੱਖ ਸਮਾਜਦੇ ਬੈਨਰ ਹੇਠ ਗੁਰਮਤਿ ਪ੍ਰਸਾਰ ਦੇ ਪ੍ਰਾਜਕਟ ਨੂੰ ਜੋ ਨਾਮ ਪਹਿਲਾਂ ਦਿਤਾ ਗਿਆ ਉਹ ਸੀਇਨਸਟੀਚਿਊਟ ਆਫ਼ ਗੁਰਮਤਿ ਸਟਡੀਜ਼ਉਸ ਅੰਗ੍ਰੇਜ਼ੀ ਦੇ ਨਾਮ ਨੂੰ ਵਰਤਣ ਦਾ ਵੀ ਇਹੀ ਕਾਰਣ ਸੀ।

ਸੰਗਤਾਂ ਨਾਲ ਸੰਪਰਕ- ਇਹ ਵੀ ਇੱਕ ਮੱਸਲਾ ਸੀ ਕਿ ਕੰਮ ਨੂੰ ਅਗੇ ਵਧਾਉਣ ਲਈ ਸੰਗਤ ਨਾਲ ਨੇੜਤਾ ਕਿਵੇਂ ਪੈਦਾ ਕੀਤੀ ਜਾਵੇ। ਇਸਦਾ ਜੋ ਹੱਲ ਕਢਿਆ ਕਿ ਦਿਲੀ ਕਮੇਟੀ ਵਲੋਂ ਵੱਡੀ ਪੱਧਰ ਤੇ ਮਨਾਏ ਜਾ ਰਹੇ ਗੁਰਪੁਰਬਾਂ ਸਮੇ ਸਾਈਕਲਾਂ ਦੀ ਸੇਵਾ (ਅਜੇ ਸਕੂਟਰਾਂ ਦੀ ਸੇਵਾ ਅਰੰਭ ਨਹੀਂ ਸੀ ਹੋਈ) ਦਿੱਲੀ ਕਮੇਟੀ ਕੋਲ ਨੌਜੁਆਨਾਂ ਦਾ ਇੱਕ “ਸਿੱਖ ਸੇਵਕ ਨਾਂ ਦਾ ਜੱਥਾ” ਕਰ ਰਿਹਾ ਸੀ ਅਤੇ ਸੰਗਤਾਂ ਦੇ ਜੋੜਿਆਂ ਦੀ ਸੇਵਾ ਅਸਾਂ ਅਪਣੇ ਜ਼ਿਮੇ ਲੈ ਲਈ। ਉਥੇ ਇੱਕ ਰਜਿਸਟਰ ਰੱਖ ਦਂਦੇ ਸਾਂ। ਜਿੰਨੀ ਸੰਗਤ ਸੇਵਾ ਲਈ ਆਉਂਦੀ, ਅਡਰੈਸ-ਪਤੇ ਲੈ ਲੈਂਦੇ ਸਾਂ। ਇਸਤਰ੍ਹਾਂ ਬਾਦ ਵਿੱਚ ਰਾਤ ਭਰ ਬੈਠਕੇ ਦਾਸ ੧੦੦ ਤੋਂ ੧੫੦ ਪੋਸਟ ਕਾਰਡ ਲਿਖਦਾ ੳਤੇ ਡਾਕ ਵਿੱਚ ਪਾਏ ਜਾਂਦੇ। ਮੀਟਿੰਗ ਰਖੀ ਜਾਂਦੀ ਗੁਰਦੁਆਰਾ ਬੰਗਲਾ ਸਹਿਬ ਦੇ ਬਾਹਰ ਵਾਲੇ ਹਾਲ ਵਿੱਚ (ਜਿਹੜਾ ਹਾਲ ਕਿ ਬਾਦ ਵਿੱਚ ਦਿੱਲੀ ਕਮੇਟੀ ਨੇ ਤੋੜ ਦਿਤਾ ਸੀ ਅਤੇ ਜਿਸਦੇ ਹੇਠਾਂ ਅਜਕਲ ਕਮੇਟੀ ਵਲੋਂ ਗੁਰੂ ਹਰਿ ਕਿਸ਼ਨ ਹਸਪਤਾਲ ਚਲ ਰਿਹਾ ਹੈ)।

ਵਿਸ਼ਾ ਉਹੀ ਹੁੰਦਾ ‘ਕੌਮ ਦਾ ਕੀ ਬਣੇਗਾ’। ਨਤੀਜਾ ਹੁੰਦਾ ਕਿ ਇੱਕ ਪਾਸਿਓ ਸਾਈਕਲ ਤੇ ਲੋਧੀ ਰੋਡ ਤੋਂ ਦਾਸ ਪੁਜਦਾ ਅਤੇ ਦੂਜੇ ਪਾਸਿਓ ਤਿਲਕ ਨਗਰ ਤੋਂ ਸਾਈਕਲ ਤੇ ਹੀ ਜੋਸ਼ ਸਾਹਿਬ ਪੁਜਦੇ ਜਾਂ ਫ਼ਿਰ ੧੫੦ ਦੇ ਆਸ ਪਾਸ ਪੋਸਟ ਕੀਤੇ ਗਏ ਕਾਰਡਾਂ ਵਿਚੋਂ ੪-੫ ਹੋਰ ਸੰਘ ਪੁਜ ਜਾਂਦੇ। ਜਿਹੜੇ ਇੱਕ ਮੀਟਿੰਗ `ਚ ਪਹੁੰਚ ਜਾਂਦੇ ਤਾਂ ਆਉਂਦੀ ਮੀਟਿੰਗ `ਚ ਪਹਿਲਾਂ ਤੋਂ ਵੱਖਰੇ ੪-੫ ਹੁੰਦੇ, ਪਹਿਲਾਂ ਵਾਲੇ ਨਾ ਹੁੰਦੇ। ਹਰੇਕ ਮੀਟਿੰਗ ਤੋਂ ਬਾਦ, ਜੋ ਨਹੀਂ ਆਏ, ਸਾਡੇ ਦੋਨਾਂ ਵਲੋਂ ਫ਼ਿਰ ਫੀਲਡ ਵਰਕ ਸ਼ੁਰੂ ਹੁੰਦਾ। ਓਦੋਂ ਦਿਲੀ `ਚ ਪਤੇ ਢੂੰਡਣੇ ਸੌਖੇ ਨਹੀਂ ਸਨ ਅਤੇ ਉਹ ਵੀ ਸਾਈਕਲਾਂ ਤੇ। ਉਥੇ ਵੀ ਉਹੀ ਹੁੰਦਾ, ਇੱਕ ਵਾਰੀ ਤਾਂ ਚੰਗੀ ਆਵ-ਭਗਤ ਮਿਲ ਜਾਂਦੀ ਅਤੇ ਦੂਜੀ ਵਾਰੀ ਬਾਹਰੋਂ ਹੀ ਅਖਵਾ ਦਿਤਾ ਜਾਂਦਾ ‘ਘਰ ਨਹੀਂ’ ਹਨ। ਸੰਗਤਾਂ ਮਸਲੇ ਦੀ ਨਜ਼ਾਕਤ ਨੂੰ ਨਹੀਂ ਸਨ ਸਮਝ ਰਹੀਆਂ। ਬਹੁਤਿਆਂ ਵਲੋਂ ਤਾਂ ਇਹੀ ਉਤਰ ਮਿਲਦਾ ‘ਇਹ ਕੰਮ ਸਾਡਾ ਨਹੀਂ ‘ਸ਼੍ਰੋਮਣੀ ਕਮੇਟੀ ਦਾ ਹੈ’ ਅਤੇ ਅਪਣੀ ਜਗ੍ਹਾ ਤੇ ਉਹ ਲੋਕ ਵੀ ਠੀਕ ਹੁੰਦੇ। ਕਈਆਂ ਦੀ ਸਲਾਹ ਹੁੰਦੀ ਕੋਈ ਵੱਡਾ ਆਗੂ ਨਾਲ ਲਵੋ ਤਾਂ ਹੀ ਇਹ ਕੰਮ ਹੋਵੇਗਾ, ਉਂਝ ਨਹੀ। ਸਾਡਾ ਉਤਰ ਹੁੰਦਾ ਕਿ ਸਾਡਾ ਆਗੂ ਸਭ ਤੋਂ ਵੱਡਾ ਹੈ ਅਤੇ ਉਹ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਸਾਨੂੰ ਹੋਰ ਕਿਸੇ ਆਗੂ ਦੀ ਨਹੀਂ ਬਲਕਿ ਕੰਮ ਕਰਨ ਲਈ ਸੇਵਕਾਂ ਦੀ ਲੋੜ ਹੈ। ਖੈਰ! ਸੰਨ ੧੯੬੦-੬੨ ਤੀਕ ਇਹੀ ਕੁੱਝ ਚਲਦਾ ਰਿਹਾ ਤਾਂ ਜਾ ਕੇ ਕੁੱਝ ਟਿਕਾਅ ਆਉਣਾ ਸ਼ੁਰੂ ਹੋਇਆ। ਇਸ ਮਿਸ਼ਨਰੀ ਕੰਮ ਲਈ ਇਹ ਪਹਿਲੇ ਸਾਲ ਤਾਂ ਬਹੁਤ ਹੀ ਸਖਤ ਸਨ।

ਬਿਨਾਂ ਭੇਟਾ ਘਰਾਂ `ਚ ਅਖੰਡ ਪਾਠ- ਸੰਗਤਾਂ ਨਾਲ ਨੇੜਤਾ ਅਤੇ ਕੰਮ ਦੀ ਸਾਂਝ ਪਾਉਣ ਦੇ ਇਰਾਦੇ ਨਾਲ ਹਰੇਕ ਐਤਵਾਰ-ਸੰਗ੍ਰਾਂਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਵੇਰੇ ਮੱਥਾ ਟੇਕਣ ਆ ਰਹੀਆਂ ਸੰਗਤਾਂ ਦੀਆਂ ਲਾਈਨਾਂ ਲਗਵਾਉਣ ਦੀ ਸੇਵਾ ਸ਼ੁਰੂ ਕੀਤੀ ਉਸ ਨਾਲ ਸੰਗਤਾਂ ਵਿਚਾਲੇ ਸਾਂਝ ਬਣਦੀ ਗਈ। ਓਦੋਂ ਬੰਗਲਾ ਸਾਹਿਬ ਵਿਖੇ ਅਜ ਵਾਲਾ ਰਾਡ ਸਿਸਟੱਮ ਨਹੀਂ ਸੀ ਹੁੰਦਾ। ਇਸਦੇ ਨਾਲ ਹੀ ਲੌੜਵੰਦ ਘਰਾਂ ਵਿੱਚ ਬਿਨਾਂ ਭੇਟਾ ਅਖੰਡ ਪਾਠਾਂ ਦੀ ਲੜੀ ਚਲਾਈ ਜੋ ਬਹੁਤ ਸਫ਼ਲ ਰਹੀ। ਇਸ ਨਾਲ ਬਹੁਤ ਸੱਜਣਾ ਤੇ ਬੀਬੀਆਂ ਨੂੰ ਚਰਣੀ ਲਗਵਾ-ਲਗਵਾ ਉਨ੍ਹਾਂ `ਚ ਬਾਣੀ ਦੇ ਪਾਠ ਲਈ ਝਾਕਾ ਖਤਮ ਕੀਤਾ ਅਤੇ ਪਾਠ ਲਈ ਉਨ੍ਹਾਂ ਦਾ ਸ਼ੌੰਕ ਵਧਿਆ। ਨਵੇਂ ਨਵੇਂ ਅਨਾੜੀ, ਹੁਣ ਪਾਠ ਕਰਨ ਲਗ ਪਏ। ਇਸੇ ਕਾਰਣ ਪਾਠ ਨੂੰ ਅਠਤਾਲੀ ਘੰਟਿਆਂ `ਚ ਤਾਂ ਸਮਾਪਤ ਕਰਨਾ ਸੰਭਵ ਨਾ ਹੁੰਦਾ ਕਿਉਂਕਿ ਪਾਠੀ ਸਾਰੇ ਅਨਾੜੀ ਹੀ ਹੁੰਦੇ ਸਨ। ਇਸਲਈ ਹਰੇਕ ਪਾਠ ਸਮਾਪਤੀ ਦੇ ਸਮੇਂ ਨੂੰ ਮੁੱਖ ਰਖਦੇ ੬-੭ ਘੰਟੇ ਪਹਿਲਾਂ ਅਰੰਭ ਕਰ ਦਿਤਾ ਜਾਂਦਾ।

ਇਸ ਨਾਲ ਸਾਡੇ ਅਸਲ ਪ੍ਰੋਗਰਾਮ ਲਈ ਸੰਗਤਾਂ ਦੀ ਸਾਂਝ ਵੀ ਵੱਧਦੀ ਗਈ। ਕੇਵਲ ਇੰਨਾਂ ਹੀ ਨਹੀਂ ਬਲਕਿ ਉਨ੍ਹੀਂ ਦਿਨੀ ਸਾਡੇ ਰਾਹੀਂ ਅਰੰਭ ਕੀਤੇ ‘ਬਾਬਾ ਫ਼ਤਿਹ ਸਿੰਘ ਖਾਲਸਾ ਮਿਸ਼ਨ’ ਦੇ ਬਚੇ ਵੀ ਇਨ੍ਹਾਂ ਪਾਠਾਂ ਦੋਹਰਾਨ ਉਪਰਲੀਆਂ ਸੇਵਾਵਾਂ ਵਾਸਤੇ ਅਤੇ ਕੁੱਝ ਪਾਠ ਕਰਨ ਲਈ ਵੀ ਅਗੇ ਆਏ। ਪਰ ਅਗੇ ਜਾਕੇ ਜਦੋਂ ਸਮਝ ਆਈ ਕਿ ਗੁਰਮਤਿ ਅਨੁਸਾਰ ‘ਅਖੰਡ ਪਾਠ’ ਬਾਣੀ ਦੀ ਬੇਅਦਬੀ ਹੈ ਤਾਂ ਇਹ ਸਿਲਸਿਲਾ ਬੰਦ ਕਰ ਦਿਤਾ ਗਿਆ। ਫ਼ਿਰ ਵੀ ਕੁੱਝ ਸਮਾਂ ਇਹ ਸੇਵਾ ਬਹੁਤ ਸਫ਼ਲ ਰਹੀ। ਇਸੇ ਸੇਵਾ ਦੋਹਰਾਨ ਹੀ ਦਾਸ ਅਤੇ ਜੋਸ਼ ਸਾਹਿਬ ਨੇ, ਸੰਗਤਾਂ ਵਿਚਾਲੇ ਗੁਰਮਤਿ ਲੈਕਚਰਾਂ ਦੀ ਸੇਵਾ ਵੀ ਸ਼ੁਰੂ ਕੀਤੀ। ਜੋਸ਼ ਜੀ ਨੇ ਲੇਵਲ ਲੈਕਚਰ ਹੀ ਨਹੀਂ ਬਲਕਿ ਅਪਣੇ ਤੋਂ ਇੱਕ ਢਾਡੀ ਜੱਥਾ ਵੀ ਕਾਇਮ ਕੀਤਾ ਜੋ ਕੁੱਝ ਸਮਾਂ ਚਲਿਆ। ਸਾਡੇ ਲੈਕਚਰ ਸਨ ਜਾਂ ਢਾਡੀ ਜੱਥਾ, ਮੱਕਸਦ ਇਕੋ ਸੀ ‘ਸੁਤੀ ਕੌਮ ਨੂੰ ਜਗਾਉਣਾ’ ਮਤਲਬ ਵੀ ਉਹੀ ਕਿ ‘ਕੌਮ ਦਾ ਕੀ ਬਣੇਗਾ?’।

ਬਾਬਾ ਫਤਿਹ ਸਿੰਘ ਬਾਲ ਖਾਲਸਾ ਮਿਸ਼ਨ- ਬਚਿੱਆਂ ਵਿਚਕਾਰ ਗੁਰਮਤਿ ਦੀ ਲਹਿਰ ਨੂੰ ਜਾਗ੍ਰਤ ਕਰਨ ਲਈ ਇਸੇ ‘ਸ਼੍ਰੋਮਣੀ ਸਿੱਖ ਸਮਾਜ’ ਵਲੋਂ ਬਚਿਆਂ ਲਈ ‘ਬਾਬਾ ਫਤਿਹ ਸਿੰਘ ਬਾਲ ਖਾਲਸਾ ਮਿਸ਼ਨ’ ਜਿਸ ਕਾਰਣ ਕਾਫ਼ੀ ਬੱਚੇ ਅਤੇ ਉਨ੍ਹਾਂ ਦੇ ਸੰਬੰਧੀ ਸਾਡੇ ਨਜ਼ਦੀਕ ਆਏ ਅਤੇ ਇਸ ਵੱਡੇ ਮਿਸ਼ਨਰੀ ਪ੍ਰੋਗਰਾਮ ਲਈ ਦਿਨੋ-ਦਿਨ ਸਹਿਯੋਗ ਵੱਧਦਾ ਗਿਆ। ਹੋਰ ਤਾਂ ਧਿਆਨ `ਚ ਨਹੀਂ ਪਰ ਮੌਜੂਦਾ ਸਿੱਖ ਮਿਸ਼ਨਰੀ ਕਾਲਜ ਨਾਲ ਸੰਬੰਧਤ ਸ੍ਰ: ਮਨਵਿੰਦਰ ਪਾਲ ਸਿੰਘ ਦਾਸ ਰਾਹੀ ਲਈਆਂ ਲੋਧੀਰੋਡ-ਕਰਬਲਾ ਅਤੇ ‘ਕ੍ਰਿਪਾਲ ਸਿੰਘ ਚੰਦਨ’ ਜੋਸ਼ ਸਾਹਿਬ ਰਾਹੀਂ ਲਈਆਂ ਤਿਲਕ ਨਗਰ ਵਾਲੀਆਂ ਬਚਿਆਂ ਦੀਆਂ ‘ਬਾਬਾ ਫਤਿਹ ਸਿੰਘ ਬਾਲ ਖਾਲਸਾ ਮਿਸ਼ਨ’ ਦੀਆਂ ਕਲਾਸਾਂ ਦੀ ਹੀ ਦੇਣ ਹਨ।

ਮਹੀਨਾਵਾਰੀ ਪਤ੍ਰਕਾ ਦਾ ਅਰੰਭ- ਉਨ੍ਹਾਂ ਦਿਨਾ `ਚ ਫ਼ਰੀਦਾਬਾਦ (ਮੌਜੂਦਾ ਹਰਿਆਣਾ-ਓਦੋਂ ਪੰਜਾਬ) ਦੋ ਭਾਈਆਂ ਰਾਹੀ ਅਪਣੇ ਸਰਕਾਰੀ ਜਾਇੰਟ ਸਕਤ੍ਰ ਤੀਕ ਦੀ ਨੌਕਰੀ ਦਾ ਤਿਆਗ ਕਰਕੇ ਤਨੋ-ਮਨੋ ਕੌਮ ਦੀ ਸੰਭਾਲ ਦੇ ਇਰਾਦੇ ਨਾਲ ਕੰਮ ਕੀਤਾ ਜਾ ਰਿਹਾ ਸੀ। ਇਨ੍ਹਾਂ ਦੋਨਾਂ ਵਿਚੋਂ ਇੱਕ ਦਾ ਨਾਮ ਸੀ ਸ੍ਰ ਜਸਵੰਤ ਸਿੰਘ ਅਤੇ ਦੂਜੇ ਦਾ ਦਾਸ ਨੂੰ ਵਿਸਰ ਚੁਕਾ ਹੈ। ਖੈਰ! ਇਨ੍ਹਾਂ ਦੀ ਕਰਨੀ ਸਾਨੂੰ ਰਾਸ ਆਈ। ਇਨ੍ਹਾਂ ਨੇ ‘ਜਾਗੋ ਜਾਗੋ ਸੂਤਿਓ’ ਨਾਮ ਦੀ ਮਾਸਕ ਪਤ੍ਰਕਾ ਚਲਾਈ ਅਤੇ ਅਸਾਂ ਵੀ ਉਸ ਨਾਲ ਸਾਂਝ ਪਾ ਲਈ। ਇਸਤਰ੍ਹਾਂ ਕੁੱਝ ਸਮਾਂ ਸਾਡੀਆ ਇਹ ਦੋਵੇ ਸੰਸਥਾਂਵਾਂ ਰਲਕੇ ਇਸ ਪਤ੍ਰਕਾ ਨੂੰ ਚਲਾਉਂਦੀਆ ਰਹੀਆਂ।

ਇਸ ਦੇ ਨਾਲ ਨਾਲ ਸਾਡਾ ਜੋ ਗੁਰਮਤਿ ਪ੍ਰਸਾਰ ਦਾ ਅਸਲ ਪ੍ਰੋਗਰਾਮ ਚਲ ਰਿਹਾ ਸੀ ‘ਸ਼੍ਰੋਮਣੀ ਸਿੱਖ ਸਮਾਜ’ ਅਧੀਨ ਉਸਦਾ ਵੀ ਅਸਾਂ ਨਵਾਂ ਨਾਮਕਰਨ ਕੀਤਾ ਅਤੇ ਉਹ ਸੀ ‘ਇੰਸਟੀਚਿਊਟ ਆਫ਼ ਗੁਰਮਤਿ ਸਟਡੀਜ਼’ ਜੋ ਅਜੇ ਤੀਕ ਸਾਡੇ ਅਰੰਭਕ ਲਿਟਰੇਚਰ ਤੇ ਲਿਖਿਆ ਮਿਲ ਸਕਦਾ ਹੈ। ਉਨ੍ਹਾਂ ਹੀ ਦਿਨਾਂ ਵਿੱਚ ਅਸਾਂ ਕੁਝ-ਕੁਝ ਅਪਣਾ ਲਿਟਰੇਚਰ ਵੀ ਛਪਵਾਉਣਾ ਸ਼ੁਰੂ ਕਰ ਦਿਤਾ। ਹੋਇਆ ਇਹ ਕਿ ਲਗਭਗ ਸੰਨ ੧੯੭੨ ਤੋਂ ਕੁੱਝ ਪਹਿਲਾਂ ਸਾਡੇ ਸੰਪਰਕ ਵਿੱਚ ਇੱਕ ਅਤੀ ਸਤਿਕਾਰਜੋਗ ਸੱਜਣ ਕੈਪਟਨ ਹਰਭਜਨ ਸਿੰਘ ਆਏ। ਕਿਸੇ ਗਲੋਂ ਵਿਚਾਰ ਅੰਤਰ ਤੇ ਉਨ੍ਹਾਂ ‘ਇੰਸਟੀਚਿਊਟ ਆਫ਼ ਗੁਰਮਤਿ ਸਟਡੀਜ਼’ ਅਪਣੇ ਵਲੋਂ ਰਜਿਸਟਰ ਕਰਵਾ ਲਿਆ। ਗੁਰਸਿੱਖ ਹੋਣ ਦੇ ਨਾਤੇ ਆਪਸ `ਚ ਖਿਚਾਤਾਣੀ ਵਧਾਉਣ ਦੀ ਬਜਾਏ, ਅਸਾਂ ਅਪਣੇ ਗੁਰਮਤਿ ਪ੍ਰਸਾਰ ਵਾਲੇ ਪ੍ਰਾਜੈਕਟ ਦਾ ਨਾਮ ਹੀ ‘ਗੁਰਮਤਿ ਮਿਸ਼ਨਰੀ ਕਾਲਿਜ’ ਕਰ ਦਿਤਾ। ਦੂਜੇ ਪਾਸੇ ਕੈਪਟਨ ਸਾਹਿਬ ਨਾਲ, ਆਪਸੀ ਪਿਆਰ ਵਿੱਚ ਵੀ ਫ਼ਰਕ ਨਾ ਆਇਆ ਅਤੇ ਕੈਪਟਨ ਸਾਹਿਬ ਅਜ ਵੀ ਸੰਸਾਰ ਪੱਧਰ ਤੇ ‘International Institute of Gurmat Studies’ ਦੇ ਨਾਮ ਹੇਠ ਬਚਿਆਂ ਦੇ ਕੈਂਪ ਚਲਾ ਰਹੇ ਹਨ।

ਗਿਆਨੀ ਭਾਗ ਸਿੰਘ ਜੀ ਅੰਬਾਲਾ ਅਤੇ ਮਿਸ਼ਨਰੀ ਲਹਿਰ- ਸੰਨ ੧੯੬੮ `ਚ ਦਿਲੀ ਕਮੇਟੀ ਨੇ ਇੱਕ ਵੱਡਾ ਪਾਹੁਲ ਸੰਚਾਰ ਪ੍ਰੋਗਰਾਮ, ਗੁਰਦੁਆਰਾ ਬੰਗਲਾ ਸਾਹਿਬ ਦੇ ਸਾਹਮਣੇ ਪਾਰਕ `ਚ ਟੈਂਟ ਲਾ ਕੇ (ਉਹ ਪਾਰਕ ਜਿਹੜਾ ਕਿ ਹੁਣ ਖਤਮ ਹੋ ਚੁਕਾ ਹੈ) ਕੀਤਾ। ਪਾਹੁਲ ਸਮਾਗਮ, ਜਿਸ ਦੇ ਲਈ ਪੰਜਾਂ ਪਿਆਰਿਆ ਦੇ ਜਥੇਦਾਰ ਦੀ ਸੇਵਾ ਗੁਰਪੁਰਵਾਸੀ ਪੰਥ ਰਤਮ ਮਾਸਟਰ ਤਾਰਾ ਸਿੰਘ ਜੀ ਨੇ ਨਿਭਾਈ। ੫੦੦੦ਪ੍ਰਾਣੀਆਂ ਨੇ ਖੰਡੇ ਦੀ ਪਾਹੁਲ ਲਈ। ਇਸ ਸਮਾਗਮ ਦਾ ਸਾਨੂੰ ਇਹ ਲਾਭ ਹੋਇਆ ਕਿ ਪੰਥ ਦੀ ਇੱਕ ਮਾਇਆਨਾਜ਼ ਹਸਤੀ ‘ਗਿਆਨੀ ਭਾਗ ਸਿੰਘ ਜੀ ਅੰਬਾਲਾ’ ਬਾਦ ਵਿੱਚ ਚੰਡੀਗੜ੍ਹ ਨਾਲ ਸਾਡਾ ਮੇਲ ਹੋ ਗਿਆ। ਆਪ ਪੰਥ ਲਈ ਜਿੰਨੀ ਵੀ ਸੇਵਾ ਕਰਦੇ ਸਨ ਉਹ ਨਿਸ਼ਕਾਮ ਸੇਵਾ ਕਰਦੇ ਸਨ, ਪੰਥ ਲਈ ਇੰਨੀ ਵੱਧ ਤੱੜਪ ਰਖਦੇ ਸਨ ਕਿ ਜਿਸ ਨੂੰ ਸ਼ਾਇਦ ਲਫ਼ਜ਼ਾਂ ਵਿੱਚ ਨਾ ਬਿਆਨਿਆ ਜਾ ਸਕੇ। ਆਪ ਜੀ ਅੰਦਰ ਪੰਥ ਲਈ ਇੰਨ੍ਹੀ ਤੜ੍ਹਪ ਸੀ ਕਿ ਅਧੀ ਰਾਤ ਨੂੰ ਵੀ ਜੇਕਰ ਦੋ ਨੌਜੁਆਨ ਵੀ ਮਿਲ ਜਾਣ ਤਾਂ ਉਨ੍ਹਾਂ ਨਾਲ ਪੂਰੀ ਸਿਰ ਖਪਾਈ ਕਰਕੇ ਗੁਰਮਤਿ ਪੜ੍ਹਾਣ `ਚ ਆਪਣੀ ਖੁਸ਼ਕਿਸਮਤੀ ਸਮਝਦੇ। ਆਪ ਜੀ ਨੇ ਮਈ-ਜੂਨ ਦੀਆਂ ਭੱਖਦੀਆਂ ਦੁਪਿਹਰਾਂ, ਸਰਦੀਆਂ ਦੀਆਂ ਕਾਲੀਆਂ ਠੰਡੀਆਂ ਰਾਤਾਂ ਅਤੇ ਸਾਵਨ ਭਾਦੋਂ ਦੀਆਂ ਵਰਦੀਆਂ ਬਾਰਿਸ਼ਾਂ ਵਿੱਚ ਸਾਡੇ ਨਾਲ ਰਲਕੇ ਦੋ-ਦੋ, ਚਾਰ-ਚਾਰ ਨੌਜੁਆਨਾ ਦੀ ਬਿਨਾਂ ਭੇਟਾ ਆਪ ਮੇਹਨਤ ਨਾਲ ਤਿਆਰੀ ਕਰਵਾਦੇ ਰਹੇ। ਜੇਕਰ ਅਜਿਹਾ ਨਾ ਹੋਇਆ ਹੁੰਦਾ ਤਾਂ ਅੱਜ ਵਾਲੀ ਇਹ ਗੁਰਮਤਿ ਜਾਗਰਿਤੀ ਅਥਵਾ ਮਿਸ਼ਨਰੀ ਲਹਿਰ, ਅਜੌਕੇ ਸਾਰੇ ਮਿਸ਼ਨਰੀ-ਕਾਲਿਜ ਅਤੇ ਸੰਸਾਰ ਭਰ ਵਿੱਚ ਜਗ੍ਹਾ ਜਗ੍ਹਾ ਤੇ ਗੁਰਮਤਿ ਕਲਾਸਾਂ ਵਾਲੀ ਲਹਿਰ ਕਦੇ ਹੋਂਦ ਵਿੱਚ ਵੀ ਨਹੀਂ ਸੀ ਆ ਸਕਦੀ। ਇਹ ਕਾਲਿਜ ਲਈ ਉਚੇ ਭਾਗ ਸਨ, ਬਿਨਾਂ ਭੇਟਾ ਕਾਲਿਜ ਦੀਆਂ ਗੁਰਮਤਿ ਕਲਾਸਾਂ ਦੀ ਸੇਵਾ ਆਪਜੀ ਅਪਣੇ ਜ਼ਿਮੇ ਲੈ ਲਈ।

ਤਦਤੀਕ ਅਸਾਂ ਜੱਤਨ ਤਾਂ ਬਹੁਤ ਕੀਤੇ ਸਨ ਪਰ ਇਹ ਨਹੀਂ ਸੀ ਪਤਾ ਲਗਦਾ, ਕਿ ਗੁਰਬਾਣੀ ਦੇ ਠੀਕ ਅਰਥ ਕੀ ਹਨ ਅਤੇ ਕਿਹੜੇ ਗਲਤ ਕਰ ਤੇ ਸਮਝ ਰਹੇ ਹਾਂ। ਗਿਆਨੀ ਜੀ ਨੇ ਸੇਧ ਦਿਤੀ- ‘ਸਾਰੇ ਪੰਥਕ ਵਿਦਵਾਨ ਸਤਿਕਾਰ ਜੋਗ ਹਨ ਪਰ ਸਭ ਤੋਂ ਪਹਿਲਾਂ ਕੇਵਲ ਪ੍ਰੋਫ਼ੈਸਰ ਸਾਹਿਬ ਸਿੰਘ ਨੂੰ ਪੜ੍ਹ ਲਵੋ, ਬਾਕੀਆਂ ਨੂੰ ਬਾਦ ਵਿੱਚ ਪੜ੍ਹਦੇ ਰਹਿਣਾ। ਇਨ੍ਹਾਂ ਹੀ ਨਹੀਂ, ਅਜ ਜੋ ‘ਸਿੱਖ ਮਿਸ਼ਨਰੀ ਕਾਲਿਜ’ ਦੇ ਪਤ੍ਰਾਚਾਰ ਕੋਰਸ ਦੀਆਂ ਅੱਠ ਤਿਮਾਹੀਆਂ ਵਿੱਚ ੪੮ ਚੋਂਣਵੇ ਸ਼ਬਦ ਵਰਤੇ ਜਾ ਰਹੇ ਹਨ। ਗੁਰਾਬਣੀ ਸਿਧਾਂਤਕ ਆਧਾਰ ਤੇ ਇਨ੍ਹਾਂ ਭਿੰਨ-ਭਿੰਨ ਸ਼ਬਦਾਂ ਦੀ ਚੋਣ ਗਿਆਨੀ ਜੀ ਦੀ ਹੀ ਦੇਣ ਹੈ। ਜਦਕਿ ਉਸ ਸਮੇ ਇਹ ਗਲ ਸਾਡੇ ਵਸ ਦੀ ਨਹੀਂ ਸੀ। ਬਲਕਿ ਜੋਸ਼ ਸਾਹਿਬ ਸਮੇਤ ਦਾਸ ਵੀ ਉਨ੍ਹਾਂ ਦਾ ਹੀ ਵਿਦਿਆਰਥੀ ਸੀ।

ਇਥੋਂ ਤੀਕ ਕਿ ਖਾਲੀ ਚੌਣ ਹੀ ਨਹੀਂ ਇਨ੍ਹਾਂ ੪੮ ਸ਼ਬਦਾਂ ਦੀ ਅਜ ਤੀਕ ਦੇ ਸਾਡੇ ਪਤ੍ਰਚਾਰ ਕੋਰਸ ਲਈ ਲਿਖੀ ਹੋਈ ਵਿਆਖਿਆ ਵੀ ਗਿਆਨੀ ਜੀ ਨੇ ਆਪ ਜੋਸ਼ ਜੀ ਨੂੰ ਟੇਪ ਕਰਵਾਈ ਸੀ। ਬਲਕਿ ਜਦ ਤੀਕ ਗਿਆਨੀ ਜੀ ਜ਼ਿੰਦਾ ਰਹੇ, ਦਿੱਲੀ ਦੇ ਹਰ ਕੌਨੇ ਵਿੱਚ ਉਨ੍ਹਾਂ ਦੇ ਸੰਪਰਕ ਤੌਂ ‘ਗੁਰਮਤਿ ਕਲਾਸਾਂ’ ਦਾ ਜਾਲ ਵਿਛਿਆ ਅਤੇ ਇਹ ਕਲਾਸਾਂ ਵੀ ਗਿਆਨੀ ਜੀ ਆਪ ਹੀ ਨਾਲ ਹੋ ਕੇ ਲੈਂਦੇ ਰਹੇ। ਸਚਾਈ ਇਹੀ ਕਿ ਉਨ੍ਹਾਂ ਦੇ ਸਾਥ ਤੋਂ ਪਹਿਲਾਂ ਜੋਸ਼ ਜੀ ਰਾਹੀਂ ਲਈ ਜਾ ਰਹੀ ਗੁਰਮਤਿ ਕਲਾਸ ਵੀ ਸਾਡੇ ਦਫ਼ਤਰ ਸੰਤ ਨਗਰ ਤੀਕ ਹੀ ਸੀਮਿਤ ਸੀ। ਜੇ ਲੰਮੀ ਗਲ ਨਾ ਕੀਤੀ ਜਾਵੇ ਤਾਂ ਅਜ ਜੋ ਮਿਸ਼ਨਰੀ ਲਹਿਰ ਅਤੇ ਇਸਦਾ ਫ਼ੈਲਾਅ ਅਤੇ ਇਸਦੀ ਵਿਚਾਰਧਾਰਾ ਦਾ ਆਧਾਰ ਨਿਰੋਲ ਗੁਰਬਾਣੀ ਦੀ ਕਸਵੱਟੀ ਤੇ ਹੈ ਇਸਦਾ ਕਾਰਣ ਇਸਦੀ ਜੜ੍ਹ ਵਿੱਚ ਗਿਆਨੀ ਜੀ ਰਾਹੀਂ ਆਪ ਸੈਕੜੇ ਨੌਜੁਆਨਾ ਦੀ ਗੁਰਮਤਿ ਪਖੋਂ ਤਿਆਰੀ ਹੈ।

ਧਿਆਨ ਦੇਣ ਦਾ ਵਿਸ਼ਾ ਹੈ ਕਿ ਗੁਰੂਦਰ ਨਾਲ ਸੰਬੰਧ ਰਖਣ ਵਾਲਾ ਹਰੇਕ ਮਨੁੱਖ, ਭਾਵੇਂ ਕਿਸੇ ਵੀ ਖੇਤ੍ਰ `ਚ ਵਿਚਰ ਰਿਹਾ ਹੈ। ਡਾਕਟਰ, ਦੁਕਾਨਦਾਰ, ਇੰਡਸਟਰੀਅਲਿਸਟ, ਇਨਜੀਨੀਅਰ, ਐਡਮਨਿਸਟ੍ਰੇਟਰ, ਕਿਸਾਨ, ਵਿਦਿਆਰਥੀ, ਪ੍ਰਚਾਰਕ, ਗੁਰਦੁਆਰਾ ਪ੍ਰਬੰਧਕ ਜਾਂ ਕੋਈ ਹੌਰ। ਗੁਰਬਾਣੀ ਦਾ ਫੈਸਲਾ ਹੈ ਕਿ ਆਤਮਕ ਜੀਵਨ (ਗੁਰਬਾਣੀ ਗਿਆਨ ਤੇ ਜੀਵਨ `ਚ ਉਸਦੀ ਵਰਤੋਂ) ਤੋਂ ਬਿਨਾਂ, ਉਹ ਅਗਿਆਨਤਾ ਭਰਪੂਰ ਪਸ਼ੂ ਜੀਵਨ ਹੀ ਬਤੀਤ ਕਰ ਰਿਹਾ ਹੈ ਅਜ ਸਾਡੀ ਬਹੁਤਾ ਕਰਕੇ ਹਾਲਤ ਇਹੀ ਹੈ ਕਿਉਕਿ ਇਸ ਸਮੇਂ ਪੰਥ ਪਾਸ ਅਜੇਹਾ ਕੋਈ ਪ੍ਰਬੰਧ ਜਾਂ ਢੰਗ ਹੈ ਹੀ ਨਹੀਂ ਜਿਸ ਨਾਲ ਕਿਸੇ ਦੇ ਜੀਵਨ `ਚ ਕਿਸੇ ਸੁੱਚਜੇ ਢੰਗ, ਨਿਯਮਿਤ ਗੁਰਮਤਿ ਦੀ ਸਿੰਚਾਈ ਹੋ ਸਕੇ। ਉਸ ਸਮੇਂ ਇਹ ਕਲਾਸਾਂ ਦਾ ਅਰੰਭ ਇਸ ਪਾਸੇ ਪਹਿਲਾ ਕਦਮ ਸੀ।

ਮਾਸਿਕ ਪਤ੍ਰਕਾ ‘ਗੁਰਮਤਿ ਮਿਸ਼ਨਰੀ’ - ਇਸਤੋਂ ਬਾਦ ਅਸਾਂ ਅਪਣੀ ਇਸੇ ਸੰਸਥਾ ਵਲੋਂ ਗੁਰਮਤਿ ਮਿਸ਼ਨਰੀ ਕਾਲਿਜਦੇ ਹੀ ਨਾਮ ਹੇਠ ਹੀ ਇੱਕ ‘ਗੁਰਮਤਿ ਮਿਸ਼ਨਰੀ’ ਮਾਸਿਕ ਪਤ੍ਰਕਾ ਚਾਲੂ ਕੀਤੀ। ਇਸ ਪਤ੍ਰਕਾ ਦੀ ਅਰੰਭਕ ਸੰਪਾਦਨਾ ਵੀ ਦਾਸ ਪਾਸ ਹੀ ਸੀ। ਮੁੱਕਦੀ ਗਲ ਕਿ ਕੰਮ ਕਦੋਂ ਤੇ ਕਿਸੇ ਵੀ ਰੂਪ `ਚ ਹੁੰਦਾ ਰਿਹਾ, ਇਸ ਲਹਿਰ ਦੀ ਜੜ੍ਹ ਵਿੱਚ ਜੋਸ਼ ਸਾਹਿਬ ਅਤੇ ਉਨ੍ਹਾਂ ਨੂੰ ਹਮੇਸ਼ਾ ਦਾਸ ਦਾ ਭਰਵਾਂ ਸਹਿਯੋਗ ਪ੍ਰਾਪਤ ਰਿਹਾ। ਇਥੋਂ ਤੀਕ ਹਾਲਾਤ ਦੀ ਕੁੱਝ ਮਜਬੂਰੀ ਕਾਰਣ, ਜਦੋਂ ਸਾਡੇ ਦੋਨਾਂ ਵਿਚਕਾਰ ਆਪਸੀ ਸਮਝੌਤੇ ਅਨੁਸਾਰ ਦਾਸ ਨੂੰ ਕੁੱਝ ਸਮਾਂ ਐਕਟਿਵ ਵਰਕਿੰਗ ਤੋਂ ਚੁੱਪ ਸਾਧਨੀ ਪਈ ਤਾਂ ਕੁੱਝ ਸੱਜਣਾ ਨੇ ਅੰਦਾਜ਼ਾ ਵੀ ਲਗਾ ਲਿਆ, ਸ਼ਾਇਦ ਗਿਆਨੀ ਜੀ ਪਿਛੇ ਹੱਟ ਗਏ ਨੇ’। ਪਰ ਸਚਾਈ ਇਹ ਸੀ ਕਿ ਇਸ ਚੁੱਪ ਦੇ ਸਮੇਂ ਵੀ ਜੋਸ਼ ਸਾਹਿਬ ਨੂੰ ਦਾਸ ਦਾ ਸਹਿਯੋਗ ਬਰਾਬਰ ਪ੍ਰਾਪਤ ਸੀ ਅਤੇ ਉਹ ਲੈਂਦੇ ਰਹੇ। ਦੂਜੇ ਪਾਸੇ ਇਸ ਲਹਿਰ ਦੇ ਅਰੰਭ ਸਮੇਂ ਜੋਸ਼ ਸਾਹਿਬ ਭਾਰਤ ਸਰਕਾਰ ਦੇ ਸੀ: ਪੀ: ਡਬਲਿਉ: ਡੀ ਦੀ ਸੇਵਾ `ਚ ਸਨ। ਬਾਦ ਵਿੱਚ ਆਪ ਪੰਜਾਬ ਐਂਡ ਸਿੰਧ ਬੈਂਕ ਦੀ ਦਿੱਲੀ ਬ੍ਰਾਂਚ ਦੀ ਸੇਵਾ `ਚ ਚਲੇ ਗਏ। ਉਪਰੰਤ ਬੈਂਕ ਵਲੋਂ ਹੀ ਉਨ੍ਹਾਂ ਦੀ ਬਦਲੀ ਜੰਮੂੰ ਹੋਈ ਜਾਂ ਮੁਹਾਲੀ ਚੰਡੀਗੜ੍ਹ ਦੇ ਇਲਾਕੇ ਵਿੱਚ ਹੋ ਗਈ, ਭਾਵ ਕਿ ਆਪ ਜਿੱਥੇ ਵੀ ਰਹੇ ਉਨ੍ਹਾਂ ਦੇ ਪੰਥਕ ਜੋਸ਼ `ਚ ਕਦੇ ਕਮੀ ਨਹੀਂ ਆਈ। ਬਲਕਿ ਜਿਸ ਵੀ ਇਲਾਕੇ `ਚ ਜਾਂਦੇ ਤਾਂ ਅਜੇਹੀ ਪੰਥਕ ਮਿਸ਼ਨਰੀ ਲਹਿਰ ਲਈ ਅਤੇ ਸੰਬੰਧਤ ਵਿਦਵਾਨ ਪੱਧਰ ਦੇ ਵਿਦਵਾਨਾਂ ਦੀ ਤਿਆਰੀ ਲਈ ਰਾਤ-ਦਿਨ ਇੱਕ ਕਰ ਦੇਂਦੇ। ਦੁਜੇ ਪਾਸੇ ਲਹਿਰ ਅੰਦਰ ਗਿਆਨੀ ਭਾਗ ਸਿੰਘ ਜੀ ਦੀ ਆਮਦ ਅਤੇ ਉਨ੍ਹਾਂ ਰਾਹੀਂ ਪ੍ਰੌਫ਼ੈਸਰ ਸਾਹਿਬ ਸਿੰਘ ਜੀ ਦੇ ਲਿਟ੍ਰੇਚਰ ਨਾਲ ਸਾਂਝ ਨੇ ਦਿਨ ਦੁਗਣੀ ਰਾਤ ਚੌਗਨੀ ਇਸ ਲਹਿਰ ਦੀ ਕੇਵਲ ਰੰਗਤ ਹੀ ਨਹੀਂ ਬਦਲੀ, ਬਲਕਿ ਉਹ ਚੱਮਕ ਪੈਦਾ ਕਰ ਦਿਤੀ ਜਿਸ ਦੀ ਕਿ ਸਮੇਂ ਨੂੰ ਲੋੜ ਸੀ। ਅਸਲ `ਚ ਦੇਖਿਆ ਜਾਵੇ ਤਾਂ ਕਦਮ ਕਦਮ ਕਰਕੇ ਇਸ ਪਿਛੇ ਸਾਰੀ ਖੇਡ ਅਕਾਲਪੁਰਖ ਦੀ ਹੀ ਵਰਤ ਰਹੀ ਸੀ।

ਗੁਰਮਤਿ ਲਿਟ੍ਰੇਚਰ ਦੇ ਸਟਾਲ- ਪ੍ਰੋਫ਼ੈਸਰ ਸਾਹਿਬ ਸਿੰਘ ਜੀ ਦੇ ਲਿਟ੍ਰੇਚਰ ਨਾਲ ਸਾਂਝ ਨੇ ਤਾਂ ਜੋਸ਼ ਸਾਹਿਬ ਸਮੇਤ ਸਾਰਿਆਂ ਦੀਆਂ ਅਖਾਂ ਖੌਲ ਦਿਤੀਆਂ। ਇਉਂ ਜਾਪਿਆ ਜਿਵੇਂ ਘੁੱਪ ਹਨੇਰੇ `ਚ ਭਰਵਾਂ ਚਾਨਣ ਹੋ ਗਿਆ ਹੈ। ਹੁਣ ਤੀਕ ਕੰਵਰ ਸਾਹਿਬ ਅਤੇ ਸ੍ਰ: ਗੁਰਚਰਨ ਸਿੰਘ (ਅਜਕਲ ਮੁਹਾਲੀ) ਸਮੇਤ ਬੜੇ-ਬੜੇ ਯੋਗ ਸੱਜਣ ਇਸ ਲਹਿਰ `ਚ ਸ਼ਾਮਲ ਹੋ ਕੇ, ਲਹਿਰ `ਚ ਅਪਣ ੳਪਣਾ ਭਰਵਾਂ ਯੋਗਦਾਨ ਪਾ ਰਹੇ ਸਨ। ਜਿਉਂ ਜਿਉਂ ਪੜ੍ਹਦੇ ਜਾਦੇ, ਸਭ ਦਾ ਇਕੋ ਹੀ ਮਨ ਸੀ ਕਿ ਪ੍ਰੋਫ਼ੈਸਰ ਸਾਹਿਬ ਦਾ ਲਿਟ੍ਰੇਚਰ ਘਰ-ਘਰ ਪੁਜਣਾ ਜ਼ਰੂਰੀ ਹੈ। ਉਸ ਸਮੇਂ ਤੀਕ ਕਾਲਿਜ ਦਾ ਅਪਣਾ ਛੱਪਿਆ ਲਿਟਰੇਚਰ ਨਹੀਂ ਸੀ। ਪ੍ਰੋਫ਼ੈਸਰ ਸਾਹਿਬ ਦੇ ਲਿਟ੍ਰੇਚਰ ਦੀਆਂ ਬੋਰੀਆਂ ਤੇ ਬੋਰੀਆਂ ਮੰਗਵਾ ਕੇ ਗੁਰਮਤਿ ਲਿਟ੍ਰੇਚਰ ਦੇ ਸਟਾਲਾਂ ਦਾ ਸਿਲਸਿਲਾ ਚਾਲੂ ਕੀਤਾ ਜਿਸਨੂੰ ਸੰਗਤਾਂ ਨੇ ਬਹੁਤ ਸਲਾਹਿਆ।

ਲਿਟ੍ਰੇਚਰ ਦੀ ਛਪਾਈ ਲੁਧਿਆਣੇ `ਚ ਤੱਬਦੀਲ- ਉਸ ਸਮੇਂ ਤੀਕ ਦਿੱਲੀ `ਚ ਜੇਕਰ ਕਾਲਜ ਦਾ ਕੁੱਝ ਆਪਣਾ ਲਿਟਰੇਚਰ ਲਿਖਣਾ-ਛੱਪਣਾ ਚਾਲੂ ਹੋਇਆ ਵੀ ਸੀ, ਤਾਂ ਹੱਥ ਦੀ ਕੰਪੋਜ਼ਿੰਗ ਦੇ ਉਸ ਜ਼ਮਾਨੇ `ਚ ਦਿਲੀ `ਚ ਨਾ ਹੀ ਤਾਂ ਬਹੁਤੀਆਂ ਪੰਜਾਬੀ ਦੀਆਂ ਪ੍ਰੈਸਾ ਸਨ ਅਤੇ ਨਾ ਹੀ ਇਸ ਦੇ ਕਵਰਾਂ ਲਈ ਡਿਜ਼ਾਈਨਰ। ਕਰਤੇ ਦੀ ਕਰਨੀ ਸੰਨ ੧੯੭੬ `ਚ ਜਾ ਕੇ ਸਾਡਾ ਸੰਬੰਧ ਲੁਧਿਆਣੇ ਦੇ ਹੀ, ਅਜੌਕੇ ਸਿੱਖ ਮਿਸ਼ਨਰੀ ਕਾਲਿਜ ਦੇ ਪ੍ਰਿੰਸੀਪਲ ਤੇ ਪ੍ਰਧਾਨ ਸ੍ਰ: ਹਰਭਜਨ ਸਿੰਘ ਨਾਲ ਬਣਿਆ, ਜਾਂ ਇਉਂ ਕਹਿ ਲਵੌ ਕਿ ਇਹ ਸੱਜਣ ਸੰਨ ੧੯੭੬ `ਚ ਸਾਡੇ ਸੰਪ੍ਰਕ ਵਿੱਚ ਆਏ। ਆਪ ਬੜੇ ਕਰਮਠ ਵਰਕਰ ਸਨ ਜਿਸਤੋਂ ਆਪਦਾ ਜੋਸ਼ ਸਾਹਿਬ ਅਤੇ ਦਾਸ ਸਮੇਤ ਸਾਰਿਆਂ ਤੇ ਬੜਾ ਚੰਗਾ ਪ੍ਰਭਾਵ ਪਿਆ। ਉਸ ਸਮੇਂ ਅਸਾਂ ਦਿੱਲੀ `ਚ ਕੰਵਰ ਸਾਹਿਬ ਨੂੰ ਇਸ ਲਹਿਰ ਦਾ ਪ੍ਰਧਾਨ ਥਾਪਿਆ ਹੋਇਆ ਸੀ। ਕਲ ਕੀ ਹੋਵੇਗਾ ਕਿਸੇ ਨੂੰ ਕੀ ਪਤਾ-ਉਸ ਸਮੇਂ ਦਿੱਲੀ ਦੇ ਉਲਟ ਪੰਜਾਬ `ਚ ਪੰਜਾਬੀ ਦੇ ਪ੍ਰੈਸਾਂ ਦੀ ਭਰਮਾਰ ਅਤੇ ਡਿਜ਼ਾਈਨਰਾਂ ਦੀ ਵੀ ਕਮੀ ਨਹੀਂ ਸੀ। ਕੰਮ ਕਰਵਾਉਣ ਲਈ ਸ੍ਰ: ਹਰਭਜਨ ਸਿੰਘ ਬੜੇ ਯੋਗ ਮਹਿਸੂਸ ਹੋਏ। ਇਸ ਲਈ ਪਰਿੰਟਿੰਗ ਆਦਿ ਦਾ ਸਾਰਾ ਕਾਰਜ ਉਨ੍ਹਾਂ ਨੂੰ ਸੌਂਪ ਦਿਤਾ ਗਿਆ। ਇਥੋਂ ਤੀਕ ਕਿ ਉਸ ਤੋਂ ਬਹੁਤ ਜਲਦੀ ਹੀ ਸੰਨ ੧੯੭੮ `ਚ ਸ੍ਰਦਾਰ ਹਰਭਜਨ ਸਿੰਘ ਦੇ ਗ੍ਰਿਹ ੧੦੫੨ ਕੂਚਾ ਨੰ: ੧੪ ਫੀਲਡ ਗੰਜ, ਲਧਿਆਣਾ ਨੂੰ ‘ਸ਼੍ਰੋਮਣੀ ਸਿੱਖ ਸਮਾਜ’ ਅਧੀਨ ਚਲ ਰਹੇ, ਗੁਰਮਤਿ ਦੇ ਪ੍ਰਾਜੈਕਟ ‘ਗੁਰਮਤਿ ਮਿਸ਼ਨਰੀ ਕਾਲਿਜ’ ਦਾ ਸਬ-ਆਫ਼ਿਸ ਘੋਸ਼ਤ ਕਰ ਦਿਤਾ ਗਿਆ। ਉਸ ਸਮੇਂ ਤੀਕ ਸੰਸਥਾ, ਬੇਸ਼ਕ ਅੰਦਰੋਂ ਕੁੱਝ ਖਿਚਾਤਾਣੀ ਤਾਂ ਉਠ ਚੁਕੀ ਸੀ ਪਰ ਬਹੁਤੇਰੇ ਕਰਮਠ ਸੱਜਣਾਂ ਦੇ ਸਹਿਯੋਗ ਕਾਰਨ, ਅਪਣੇ ਸਿਖਰਾਂ ਤੇ ਪੁਜ ਚੁਕੀ ਸੀ। ਜਿਸਦਾ ਵੱਡਾ ਸਬੂਤ ਹੈ ਸੰਨ ੧੯੭੯ `ਚ ਜਦੋਂ ਤੀਜੇ ਪਾਤਸ਼ਾਹ ਦਾ ਤਿੰਨ ਸੌ ਸਾਲਾ ਸਮਾਗਮ ਆਇਆ ਤਾਂ ਗੋਇੰਦਵਾਲ ਸਾਹਿਬ ਵਿਖੇ ‘ਸ਼ੋਮਣੀ ਸਿੱਖ ਸਮਾਜ’ ਅਧੀਨ ਚਲ ਰਹੇ ‘ਗੁਰਮਤਿ ਮਿਸ਼ਨਰੀ ਕਾਲਿਜ’ ਦੀ ਕੌਮ ਨੂੰ ਦੇਣ ਅਪਣੀ ਮਿਸਾਲ ਆਪ ਸੀ।

ਕਲਾਸਾਂ ਦਾ ਜਾਲ ਵਿਛਿਆ- ਗਿਆਨੀ ਭਾਗ ਸਿੰਘ ਜੀ ਦੀ ਬੁਢਾਪੇ ਵਿੱਚ ਨਿਜੀ ਦੇਣ, ਜੋਸ਼ ਜੀ ਦੀ ਅਣਥੱਕ ਮੇਹਨਤ, ਦਾਸ ਅਤੇ ਸ੍ਰ: ਗੁਰਚਰਨ ਸਿੰਘ, ਕੰਵਰ ਸਾਹਿਬ ਆਦਿ ਤੱਦ ਤੀਕ ਕਈ ਉਭਰ ਚੁਕੇ ਸਜਣਾਂ ਕਾਰਣ ਕੇਵਲ ਦਿੱਲੀ ਜਾਂ ਫ਼ਰੀਦਾਬਾਦ ਤੀਕ ਹੀ ਨਹੀਂ ਬਲਕਿ-ਦਾਸ ਦੀ ਯਾਦ ਵਿੱਚ ਉਹ ਦਿਨ ਅਜ ਦੀ ਤਰ੍ਹਾਂ ਤਾਜ਼ੇ ਹਨ ਜਦੋਂ ਨਵੇਂ ਨਵੇਂ ਯੂਨਿਟਾਂ ਅਤੇ ਕਲਾਸਾਂ-ਸਟਾਲਾਂ ਦੀ ਦੌੜ `ਚ ਮਨਾ-ਮੂਹੀ ਲਿਟ੍ਰੇਚਰ ਅਤੇ ਅਪਣੇ ਬਿੱਸਤਰੇ ਆਦਿ ਲੈ ਕੇ ਅਸੀਂ ਕਦੇ ਬਠਿੰਡਾ, ਕਦੇ ਮਾਨਸਾ, ਕਦੇ ਰੋਪੜ, ਕਦੇ ਯੂ: ਪੀ: ਦੇ ਮੁਜ਼ਫ਼ਰਪੁਰ, ਸਹਾਰਨਪੁਰ, ਆਗਰਾ, ਇੰਦੌਰ, ਜਮੂੰ ਤੇ ਭਾਰਤ ਭਰ `ਚ ਦੌੜ ਲਗਾਈ ਹੋਈ ਸੀ ਬਸ ਸਾਹਮਣੇ ਇਕੋ ਹੀ ਨਿਸ਼ਾਨਾ ਸੀ ਦੂਜਾ ਨਹੀਂ, ‘ਪੰਥ ਦੀ ਵਿਗੜੀ ਨੂੰ ਸੁਆਰਣਾ’।

‘ਸਿੱਖ ਮਿਸ਼ਨਰੀ ਕਾਲਿਜ, ਲੁਧਿਆਣਾ’ ਦਾ ਅਰੰਭ-ਪਰ ਇਹ ਗਲ ਬਹੁਤੀ ਦੇਰ ਨਹੀਂ ਚਲੀ। ਪਤਾ ਨਹੀਂ, ਵਾਹਿਗੁਰੂ ਜਾਣੇ ਕਿ ਇਸ ਲਹਿਰ ਦੇ ਕਿਹੜੇ ਸਜਣਾਂ ਨੇ ਅੰਦਰੋ-ਅੰਦਰ ਕਿਹੜੀ ਖੇਡ ਅਰੰਭ ਕੀਤੀ ਕਿ ਇੰਨੀ ਤੇਜ਼ੀ ਨਾਲ ਅਗੇ ਵੱਧ ਰਹੀ ਅਤੇ ਸੰਸਾਰ ਪੱਧਰ ਦੀ ਬਣ ਚੁਕੀ ਇਸ ਮਿਸ਼ਨਰੀ ਲਹਿਰ `ਚ ਫੁੱਟ ਦੇ ਬੀਜ ਉਘੜਣੇ ਚਾਲੂ ਹੋ ਗਏ। ਦਾਸ ਸਮੇਤ ਜੌਸ਼ ਸਾਹਿਬ ਨੇ ਜਿਨਾਂ ਵੱਧ ਜ਼ੋਰ ਲਗਾਇਆ ਕਿ ਫੁਟ ਸੰਭਾਲੀ ਜਾਵੇ ਪਰ ਨਤੀਜਾ ਉਲਟਾ ਹੀ ਚਲਿਆ। ਸ਼ਾਇਦ ਉਹ ਤਾਕਤਾਂ ਜ਼ਿਆਦਾ ਵਿਉਂਤ-ਬੱਧ ਸਨ ਜਿਨ੍ਹਾਂ ਦਾ ਨਿਸ਼ਾਨਾ ਹੀ ਫੁੱਟ ਨੂੰ ਵਧਾਉਣਾ ਸੀ। ਕੇਵਲ ਦੋ ਹੀ ਸਾਲਾਂ ਬਾਦ ਭਾਵ ਸੰਨ ੧੯੮੦ `ਚ ਜੌਸ਼ ਸਾਹਿਬ, ਦਾਸ ਅਤੇ ਉਸ ਸਮੇਂ ਦੇ ਹੋਰ ਪਤਵੰਤੇ ਸੱਜਣਾ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਲਿਜ ਦੋ-ਫਾੜ ਹੋ ਗਿਆ। ਸਿਆਣੇ ਸੱਜਣਾ ਨੇ ਗੁਰੂ ਕੀਆਂ ਸੰਗਤਾਂ ਨੂੰ ਵਾਧੂ ਦੀਆਂ ਖਿਚਾਤਾਣੀਆਂ `ਚ ਉਲਝਾਉਣ ਅਤੇ ਉਨ੍ਹਾਂ ਤੋਂ ਬਚਾਉਣ ਲਈ ਦਿੱਲੀ `ਚ ਪਿਆ ਲਿਟ੍ਰੇਚਰ ਦਿੱਲੀ `ਚ ਰਹਿਣ ਦਿਤਾ ਜਾਵੇ ਅਤੇ ਲੁਧਿਆਣੇ `ਚ ਪਿਆ ਲਿਟ੍ਰੇਚਰ, ਉਥੇ ਹੀ ਪਿਆ ਰਵੇ- ਅਨੁਸਾਰ, ਕਾਲਿਜ ਦੋ ਫਾੜ ਹੋ ਗਿਆ। ਉਸ ਸਮੇਂ ਤੀਕ ਕਾਲਿਜ ਦੀ ੨੫੦੦੦ ਦੇ ਆਸ ਪਾਸ ‘ਗੁਰਮਤਿ ਮਿਸ਼ਨਰੀ’ ਪਤ੍ਰਕਾ ਦੀ ਮਹੀਨਾਵਾਰੀ ਮੈਂਬਰਸ਼ਿੱਪ ਚਲ ਰਹੀ ਸੀ, ਬਚਿਆਂ ਦੀਆਂ ਮੌਜੂਦਾ ਤਿੰਨ ਕਿਤਾਬਾਂ ਸਮੇਤ ੧੫੦ ਦੇ ਆਸ ਪਾਸ ਲਿਖਿਤਾਂ ਹੋ ਚੁਕੀਆਂ ਸਨ ਜਿਨ੍ਹਾਂ ਵਿੱਚ ਜ਼ਿਆਦਾ ਲਿਖਤਾਂ ਜੋਸ਼ ਸਾਹਿਬ ਅਤੇ ਦਾਸ ਦੀਆਂ ਸਨ। ਇਸਤੋਂ ਇਲਾਵਾ ਮੌਜੂਦਾ ਦੋ ਸਾਲ ਪਤ੍ਰਾਚਾਰ ਕੋਰਸ ਚਲ ਰਿਹਾ ਸੀ ਅਤੇ ਕਾਲਿਜ ਦੀ ਅਪਣੀ ਪ੍ਰੈਸ ਵੀ ਲਗ ਚੁੱਕੀ ਸੀ। ਦਿੱਲੀ-ਪੰਜਾਬ ਮਿਲਾਕੇ ਸੌ ਤੋਂ ਉਪਰ ਕਲਾਸਾਂ ਚਲ ਰਹੀਆਂ ਸਨ। ਨੌਜੁਆਨਾਂ ਨੂੰ ਹਰ ਪਾਸੇ ਉਤਸਾਹਿਤ ਕਰ ਕਰ ਕੇ ਸਾਰੇ ਭਾਰਤ ਤੇ ਖਾਸਕਰ ਦਿੱਲੀ, ਜੰਮੂੰ, ਪੰਜਾਬ, ਯੂਪੀ ਕਾਲਜ ਸੇ ਸਟਾਲ ਲਗ ਰਹੇ ਸਨ। ਜਿਹੜੇ ਕਿ ਕਿਸੇ ਮਾਇਆ ਦੀ ਖਾਤਿਰ ਨ੍ਹੀਂ ਬਲਕਿ ਅਪਣੀ ਧਾਰਮਿਕ ਸੇਵਾ ਸਮਝ ਕੇ ਦਿਨ-ਰਾਤ ਇੱਕ ਕਰ ਰਹੇ ਸਨ। ਅਜੇਹੇ ਬਦਲ ਚੁਕੇ ਹਾਲਾਤ ਵਿੱਚ ਲੁਧਿਆਣੇ ਹਰਭਜਨ ਸਿੰਘ ਦੇ ਘਰ ਵਾਲੇ ਸਬ-ਆਫ਼ਿਸ ਨੂੰ ਸਿੱਖ ਮਿਸ਼ਨਰੀ ਕਾਲਿਜ ਦਾ ਨਵਾਂ ਨਾਮ ਮਿਲਿਆ ਅਤੇ ‘ਗੁਰਮਤਿ ਮਿਸ਼ਨਰੀ’ ਮਾਸਕ ਪਤ੍ਰਕਾ ਦੇ ਬਜਾਏ ਨਵੀਂ ਮਾਸਿਕ ਪਤ੍ਰਕਾ ‘ਸਿੱਖ ਫੁਲਵਾੜੀ’ ਸ਼ੁਰੂ ਹੋਈ। ਇਸਤੋਂ ਇਲਾਵਾ ਮਾਸਕ ਪਤ੍ਰਕਾ ਅਤੇ ਦੋ ਸਾਲਾ-ਪਤ੍ਰਾਚਾਰ ਕੋਰਸ (Two yrs. Corresspondance Course) ਦੇ ਸਾਰੇ ਮੈਂਬਰ ਵੀ ਪਹਿਲਾਂ ਤੋਂ ਉਹ ਚਲਦੇ ਆ ਰਹੇ ਸਨ ਕਿਉਂਕਿ ਇਹ ਕਾਰਜ ਵੀ ਪਹਿਲਾਂ ਹੀ ਲੁਧਿਆਣਾ ਸਬ-ਆਫ਼ਿਸ ਅਤੇ ਹੁਣ ਬਣ ਚੁੱਕੇ ‘ਸਿੱਖ ਮਿਸ਼ਨਰੀ ਕਾਲਿਜ’ ਦੇ ਨਵੇਂ ਹੈਡ-ਆਫਿਸ ਤੋਂ ਚਲ ਰਿਹਾ ਸੀ। ਇਸ ਲਈ ਮੈਗਜ਼ੀਨਾਂ, ਕੋਰਸ ਆਦਿ ਦੇ ਚਲ ਰਹੇ ਸਾਰੇ ਅਡ੍ਰੈਸ ਉਥੇ ਹੀ ਪਏ ਸਨ। ਉਸ ਵੱਕਤ ਤੀਕ ਕਾਲਿਜ ਵਿੱਚ ਪ੍ਰਿੰਸੀਪਲ ਦੀ ਤਾਂ ਪੋਸਟ ਹੈ ਹੀ ਨਹੀਂ ਸੀ। ਇਸ ਲਈ ਪਹਿਲੇ ਕੇਵਲ ਦੋ ਸਾਲਾਂ ਵਾਸਤੇ ਮੌਜੂਦਾ ਪ੍ਰਿੰਸੀਪਲ ਸ੍ਰ: ਹਰਭਜਨ ਸਿੰਘ ਨੂੰ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ (ਇਤਨੇ ਲੰਮੇ ਸਮੇ ਲਈ ਨਹੀਂ, ਜਿਵੇਂ ਕਿ ਰਜਿਸਟਰਡ ਵਿਧਾਨ ਦੇ ਬਾਵਜੂਦ ਅਜ ਵੀ ਸੰਸਥਾ ਦੇ ਸਰਵੋ-ਸਰਵਾ ਹਨ ਭਾਵ ‘ਸਿੱਖ ਮਿਸ਼ਨਰੀ ਕਾਲਿਜ’ ਦੇ ਪ੍ਰਿੰਸੀਪਲ ਤੇ ਪ੍ਰਧਾਨ, ਸ੍ਰ; ਹਰਭਜਨ ਸਿੰਘ ਜੀ। ਉਂਝ ਜਿਸ ਸਿਦਕ ਦਿਲੀ, ਮੇਹਣਤ ਤੇ ਲਗਣ ਨਾਲ ਅਤੇ ਅਪਣੇ ਢੰਗ ਨਾਲ ਅਜਤੀਕ ਸ੍ਰ: ਹਰਭਜਨ ਸਿੰਘ ਜੀ ਕੰਮ ਕਰ ਰਹੇ ਹਨ ਉਸ ਨੂੰ ਨਜ਼ਰੋਂ ਉਹਲੇ ਨਹੀ ਕੀਤਾ ਜਾ ਸਕਦਾ। … ਖਿਮਾ ਚਾਹੁੰਦੇ ਹਾਂ ਕਿਉਂਕਿ ਇਸ ਬਾਰੇ ਲੰਮਾ ਵੇਰਵਾ ਦੇਣਾ ਪੰਥਕ ਹਿੱਤ `ਚ ਨਹੀਂ)।

ਸੰਸਾਰ ਪੱਧਰ ਤੇ ਅਜੋਕੀਆਂ ਗੁਰਮਤਿ ਕਲਾਸਾਂ- ਅਜ ਸੰਸਾਰ ਭਰ `ਚ ਵਿਲੋਕਿਤਰੇ ਢੰਗ ਗੁਰਮਤਿ ਦੀਆਂ ਕਲਾਸਾਂ ਚਲ ਰਹੀਆਂ ਹਨ। ਜੇ ਅਤਿ ਕਥਨੀ ਨਾ ਕੀਤੀ ਜਾਵੇ ਤਾਂ ਇਹ ਉਹੀ ਕਲਾਸਾਂ ਹਨ ਜੋ ਸੰਨ ੧੯੫੬ ਜੋਸ਼ ਸਾਹਿਬ ਬਾਣੀ ‘ਜਪੁ’ ਤੋਂ ਸ਼ੁਰੂ ਕੀਤੀਆਂ ਸਨ। ਇਸਤਰ੍ਹਾਂ ਅਜ ਪੰਥ ਅੰਦਰ ਇਨ੍ਹਾਂ ਕਲਾਸਾਂ ਦੀ ਬਣ ਚੁੱਕੀ ਲੋੜ ਨੂੰ ਵੀ ਅਖੌਂ ਉਹਲੇ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਜ਼ਿਕਰ ਆ ਚੁਕਾ ਹੈ ਕਿ ਸੰਨ ੧੯੫੬ `ਚ ਦਾਸ ਕੈਂਪ ਕਾਲਿਜ, ਪੰਜਾਬ ਯੁਨੀਵਰਸਿਟੀ-ਦਿੱਲੀ ਦਾ ਵਿਦਿਆਰਥੀ ਸੀ, ਉਥੇ ਹੀ ਦਾਸ ਪਹਿਲੀ ਵਾਰੀ ਜੋਸ਼ ਜੀ ਨਾਲ ਮਿਲਾਪ ਹੋਇਆ ਅਤੇ ਗਲਬਾਤ ਸ਼ੁਰੂ ਹੋਈ ਸੀ। ਅਕਾਲਪੁਰਖੁ ਨੇ ਖੇਡ ਵਰਤੀ, ਪ੍ਰੇਰਣਾ ਬਖਸ਼ੀ ਕਿ ਕਿਸੇ ਅਜੇਹੇ ਪੰਥਕ ਪ੍ਰੋਗਰਾਮ ਦੀ ਲੋੜ ਭਾਸੀ ਜਿਸਤੋਂ ਸੰਗਤਾ ਵਿੱਚਕਾਰ ਗੁਰਬਾਣੀ ਸਟੱਡੀ ਦੀ ਲੋੜ ਮਹਿਸੂਸ ਹੌਵੇ। ਕਿਉਂਕਿ ਗੁਰਬਾਣੀ ਤਾਂ ਹੈ ਹੀ ਸਟੱਡੀ ਦੇ ਨਾਲ ਜੀਵਨ-ਜਾਚ ਦਾ ਵਿਸ਼ਾ। ਜਦਕਿ ਮੋਜੂਦਾ ਪ੍ਰਚਾਰ ਪ੍ਰਬੰਧ ਵਿਚੋਂ ਇਹ ਮੁੱਖ ਸੋਚਣੀ ਹੀ ਅਲੋਪ ਸੀ। ਇਸੇ ਦਾ ਸੰਤਾਪ, ਅਜ ਸਮੂਚੀ ਮਾਨਵਤਾ ਤੇ ਖਾਸਕਰ ਸਿੱਖ ਕੌਮ ਭੋਗ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਸੰਸਾਰ ਨੂੰ ਗਿਆਨ ਦੀ ਰੋਸ਼ਨੀ `ਚ ਲਿਆਉਣ ਦੀ ਦਾਅਵੇਦਾਰ ਸਿੱਖ, ਅਜ ਗੁਰਬਾਣੀ ਦੇ ਲਾਈਟ-ਹਾਉਸ ਦਾ ਸਵਿੱਚ ਦਬਾਉਣ ਯੋਗ ਵੀ ਨਹੀਂ ਰਹਿ ਗਿਆ।

ਉਸ ਸਮੇਂ ਅਤੇ ਭਾਵੇਂ ਅਜ ਵੀ, ਸਮੁੱਚਾ ਪੰਥ ਬੁਰੀ ਤਰ੍ਹਾਂ ਅੰਧ ਵਿਸ਼ਵਾਸਾਂ, ਬ੍ਰਾਹਮਣੀ ਕਰਮਕਾਂਡਾਂ, ਹੂੜਮੱਤ ਤੇ ਦੁਰਮੱਤ ਦੇ ਮਾਇਆ ਜਾਲ `ਚ ਫੱਸ ਕੇ ਰਹਿ ਚੁੱਕਾ ਹੈ। ਇਸਦਾ ਇਕੋ-ਇਕ ਹਲ ਹੈ, ਗੁਰਬਾਣੀ ਦੀ ਸਟੱਡੀ ਅਤੇ ਇਸ ਤੋਂ ਪ੍ਰਾਪਤ ਸਿਖਿਆ ਰਾਹੀਂ, ਸਿੱਖੀ ਜੀਵਨ ਨੂੰ ਮੁੜ ਸਥਾਪਤ ਕਰਨਾ। ਖੈਰ! ਪਾਤਸ਼ਾਹ ਵਲੋਂ ਸੰਨ ੧੯੫੬ ਵਾਲੀ ਉਸੇ ਬਖਸ਼ਿਸ਼ ਦਾ ਸਿੱਟਾ ਹੈ, ਜਿਹੜੀ ਸੋਚ ਉਸ ਸਮੇਂ ਪੰਥ ਅੰਦਰ ਹੈ ਹੀ ਨਹੀਂ ਸੀ, ਅਜ ਸੰਸਾਰ ਪੱਧਰ ਦੀ ਪੰਥਕ ਲਹਿਰ ਬਣ ਚੁੱਕੀ ਹੈ `ਤੇ ਕੁੱਝ ਮਿਸ਼ਨਰੀ ਅਦਾਰੇ ਵੀ ਹੌਂਦ `ਚ ਆ ਚੁੱਕੇ ਹਨ। ਦੂਜੇ ਲਫਜ਼ਾਂ `ਚ ਜਿਹੜੀ ਪ੍ਰੇਰਣਾ, ਤੱੜਪ `ਤੇ ਪ੍ਰੋਗਰਾਮ, ਸੰਨ ੧੯੫੬ `ਚ ਕੇਵਲ ਦੋ ਸੱਜਣਾਂ ਤੋਂ ਆਰੰਭ ਹੋਇਆ, ਲੰਮੀ ਘਾਲਣਾ `ਤੇ ਮੇਹਨਤ ਬਾਦ, ਅਜ ਪੂਰੀ ਕੌਮ ਦਾ ਹਿੱਸਾ ਬਣ ਚੁੱਕਾ ਹੈ। ਅਜ ਉਸੇ ਦਾ ਨਤੀਜਾ ਹੈ ਕਿ ਜਗ੍ਹਾ ਜਗ੍ਹਾ ਤੇ ਗੁਰਬਾਣੀ ਸਟੱਡੀ ਵਾਸਤੇ ‘ਮਿਸ਼ਨਰੀ ਕਲਾਸਾਂ’ (ਮਿੰਨੀ ਸਤਿਸੰਗ) ਚਲ ਰਹੇ ਹਨ। ਜਿਥੇ ਕਿ ਗੁਰਬਾਣੀ ਅਰਥ-ਬੋਧ ਅਨੁਸਾਰ ਵਿਚਾਰ ਕੀਤੀ ਜਾਂਦੀ ਹੈ। ਹੁਣ ਤੀਕ ਇਹ ਲਹਿਰ, ਭਿੰਨ ਭਿੰਨ ਸੰਸਥਾਵਾਂ ਅਤੇ ਮਿਸ਼ਨਰੀ ਕਾਲਿਜਾਂ ਦਾ ਰੂਪ ਵੀ ਧਾਰਨ ਕਰ ਚੁਕੀ ਹੈ।

ਅਰੰਭ ਵਿੱਚ ਇਸ ਲਹਿਰ ਦਾ ਨਾਮ ‘ਸ਼੍ਰੋਮਣੀ ਸਿੱਖ ਸਮਾਜ’ ਤੋਂ ਹੀ ਸੀ ਅਤੇ ਸੰਚਾਲਕ ਸਨ ਦਾਸ ਦੇ ਨਾਲ ਨਾਲ ਕੇਵਲ ਸ੍ਰ: ਮਹਿੰਦਰ ਸਿੰਘ ਜੋਸ਼ ਅਤੇ ਓਦੋ ਦਫ਼ਤਰ ਬਣਿਆ ਸੀ, ੧੦੦-ਏ ਸੰਤ ਨਗਰ, ਈਸਟ ਆਫ ਕੈਲਾਸ਼, ਨਵੀਂ ਦਿੱਲੀ। ਇਸਤਰ੍ਹਾਂ ਉਸ ਸਮੇਂ, ਇਸ ਪ੍ਰੋਗਰਾਮ ਪਿੱਛੇ ਕਰਤੇ ਨੇ ਜੋ ਸੋਚ ਬਖਸ਼ੀ, ਉਸਦੀ ਸਫਲਤਾ ਵੀ ਦਾਸ ਨੂੰ ਅਪਣੇ ਜੀਵਨਕਾਲ `ਚ ਹੀ ਦੇਖਣ ਨੂੰ ਮਿਲ ਗਈ ਅਤੇ ਪੰਥ ਜੇਕਰ ਇਸਦੀ ਕੀਮਤ ਨੂੰ ਪਛਾਣੇ ਤਾਂ ਜੋਸ਼ ਸਹਿਬ ਨੂੰ ਕਦੇ ਵੀ ਭੁਲਾ ਨਹੀਂ ਪਾਵੇਗੀ। ਕਰਤੇ ਦੀ ਬਖਸ਼ਿਸ਼ ਨਾਲ ਇਸ ਸਮੇਂ ਇਹ ਲਹਿਰ ਸੰਸਾਰ ਪੱਧਰ ਦੀ ‘ਮਿਸ਼ਨਰੀ ਲਹਿਰ’ ਬਣਕੇ ਉਭਰ ਚੁਕੀ ਹੈ।

ਜੋਸ਼ ਸਾਹਿਬ ਚਲੇ ਗਏ, ਪਰ. . - ਅਜ ਸਰੀਰਕ ਤੌਰ ਤੇ ਜੋਸ਼ ਸਾਹਿਬ ਸਾਡੇ ਵਿੱਚ ਨਹੀਂ ਪਰ ਆਤਮਕ ਤੌਰ ਤੇ ਸਾਡੇ ਵਿਚਕਾਰ ਹੀ ਹਨ। ੧੧ਮਈ ੨੦੦੦੭ ਦੀ ਸਵੇਰ ਜਦੋਂ ਅਕਾਲਪੁਰਖੁ ਦੇ ਅਟੱਲ ਨੀਯਮਾ ਅਧੀਨ ਪੰਥ ਨੂੰ ਸਦਾ ਲਈ ਵਿਦਾਇਗੀ ਦੇ ਗਏ ਹਨ। ਉਨ੍ਹਾਂ ਦਾ ਅਤਿ ਨਜ਼ਦੀਕੀ ਅਤੇ ਇਸ ਸਾਰੇ ਫੀਲਡ `ਚ ਜੁੜਵਾਂ ਸਾਥੀ ਹੋਣ ਕਰਕੇ ਜਿਸਦਾ ਕਿ ਦਾਸ ਨੂੰ ਪਤਾ ਹੈ; ਉਹ ਇਹ ਕਿ ਸੰਨ ੧੯੮੦ `ਚ ਜਿਹੜੀ ਸੰਸਥਾ ਦੀ ਵੰਡ ਹੋਈ ਤੇ ਜਿਨ੍ਹਾਂ ਦੇ ਹੱਥ ਵਿੱਚ ਵਾਗਡੋਰ ਦਿੱਤੀ, ਉਹ ਉਸ ਕਰਨੀ ਨੂੰ ਆਖੀਰ ਤਕ ਅਪਣੀ ਵੱਡੀ ਗਲਤੀ ਮੰਨ ਰਹੇ ਸਨ। ਉਨ੍ਹਾਂ ਅਨੁਸਾਰ ਇਹ ਵਾਗਡੋਰ ਅਣਜਾਣੇ ਗ਼ਲਤ ਸੱਜਣਾਂ ਦ ਹੱਥਾਂ `ਚ ਚਲੀ ਗਈ ਸੀ। ਹਾਲਾਂਕਿ ਉਸ ਗਲ ਲਈ ਦਾਸ ਵੀ ਅਪਣੇ ਆਪ ਨੂੰ ਬਰਾਬਰ ਦਾ ਦੋਸ਼ੀ ਮੰਨਦਾ ਹੈ ਕਿਉਂਕਿ ਉਸ ਸਮੇ ਇਸਦੇ ਲਈ ਦਾਸ ਦਾ ਰੋਲ ਵੀ ਉਤਨਾ ਹੀ ਸੀ। ਉਸ ਸਮੇਂ ਨਵੀਂ ਕਾਇਮ ਕੀਤੀ ਸੰਸਥਾ ‘ਸਿੱਖ ਮਿਸ਼ਨਰੀ ਕਾਲਜ’ ਦੇ ਨਵੇਂ ਬਣਾਏ ਵਿਧਾਨ `ਚ ਮੂਲ ਢਾਉਂਡਰ ਮੈਂਬਰ ਕੇਵਲ ਜੋਸ਼ ਜੀ ਹੀ ਨਹੀਂ, ਦਾਸ ਵੀ ਉਸਦਾ ਫਾਉਂਡਰ ਮੈਂਬਰ ਹੈ। ਗਲ ਸਮਝਣ ਦੀ ਹੈ ਜਦੋਂ ਸਿੱਧੇ ਨਹੀਂ ਤਾਂ ਜੋਸ਼ ਜੀ ਦਾਸ ਨਾਲ ਇਸ ਗਲ ਨੂੰ ਅਪਣੇ ਹੋਰ ਢੰਗ ਨਾਲ ਦੋਹਰਾਇਆ ਕਰਦੇ ਸਨ ਕਿ ਸਾਡੀ ਕੌਮ `ਚ ਗਿਆਨੀ ਦਿੱਤ ਸਿੰਘ ਹੋਏ ਹਨ, ਭਾਈ ਗੁਰਮੁਖ ਸਿੰਘ, ਗਿਆਨੀ ਭਾਗ ਸਿੰਘ ਜਾਂ ਕਾਲਾ ਅਫ਼ਗ਼ਾਨਾ ਜੀ, ਸਾਡੀ ਕੌਮ ਸਮੇਂ ਸਿਰ ਵਿਦਵਾਨਾਂ ਦੀ ਪਛਾਣ ਅਤੇ ਸੰਭਾਲ ਨਹੀਂ ਕਰ ਸਕੀ।

ਸਿੱਧਾ ਅਪਣਾ ਨਾਮ ਨਾ ਲੈ ਕੇ ਉਨ੍ਹਾਂ ਨੂੰ ਹਮੇਸ਼ਾਂ ਮਲਾਲ ਸੀ ਜਦੋਂ ਇਹ ਮਿਸਾਲ ਦੇਂਦੇ ਕਿ ‘ਆਹ ਦੇਖੌ, ਆਰ: ਐਸ: ਐਸ ਵਲ ਅਪਣੇ ਸੰਚਾਲਕਾਂ ਦਾ ਭਾਵੇਂ ਉਨ੍ਹਾ ਦੇ ਗੁਰੂ ਗਵਲਕਰ ਜੀ ਹਨ ਜਾਂ ਹੈਡਗੁਆਰ, ਕਿੰਨਾ ਮਾਣ ਦੇਂਦੀ ਹੈ, ਅਪਣੇ ਸੰਚਾਲਕਾ ਨੂੰ। ਪਰ ਦੂਜੇ ਪਾਸੇ ਸਾਡੇ ਹਨ ਜਿਨ੍ਹਾਂ ਨੂੰ ਗਹਿਰਾਈ ਤੋ ਇਹ ਵੀ ਨਹੀਂ ਪਤਾ ਕਿ ਸਾਡਾ ਨਿਸ਼ਾਨਾ ਕੀ ਸੀ? ਔਹ ਲੋਕਾਈ ਤਾਂ ਅਪਣੇ ਨਿਜੀ ਛੋਟੇ ਸੁਆਰਥਾਂ ਲਈ; ਉਨ੍ਹਾਂ ਵੱਕਤੀ ਲੀਡਰਾਂ-ਆਗੂਆਂ ਦੇ ਤਲੁਏ ਚੱਟ ਰਹੀ ਹੈ, ਜਿਨ੍ਹਾਂ ਨੇ ਸਾਡੀ ਇਸ ਲਹਿਰ ਤੋਂ ਠੰਡਕ ਲੈ ਕੇ ਅਪਣੇ ਜੀਵਨ ਨੂੰ ਅਤੇ ਕੌਮ ਨੂੰ ਸੰਭਾਲਨਾ ਸੀ। ਇਨ੍ਹਾਂ ਲੋਕਾਂ ਨੇ ਤਾਂ ਉਲਟਾ ਉਨ੍ਹਾਂ ਨੂੰ ਗੁੱਠੇ ਲਾਉਣ `ਚ ਕਸਰ ਨਹੀਂ ਛੱਡੀ, ਜਿਨ੍ਹਾਂ ਕੋਲ ਇਸ ਲਹਿਰ ਦਾ ਮੱਕਸਦ ਸੀ। ਅਪਣੀ ਨਾ-ਸਮਝੀ `ਚ ਸਾਰੀ ਲਹਿਰ ਨੂੰ (ਜੋਸ਼ ਜੀ, ਇਸ ਉਪਰ ਟਾਂਟ ਕਸਕੇ ਕਹਿੰਦੇ) ਕੇਵਲ ‘ਲਾਹੋਰ ਬੁੱਕ ਸ਼ਾਪ’ ਬਣਾ ਛਡਿਆ ਹੈ ਜਿਥੇ ਇਨ੍ਹਾਂ ਨੂੰ ਬਿਨਾ ਮਿਹਨਤ ਡੋਨਰ (ਮਾਇਕ ਆਦਿ ਸੇਵਾਵਾਂ ਭੇਜਣ ਵਾਲੇ) ਅਤੇ ਵੈਂਡਰ (ਲਿਟਰ੍ਰੇਚਰ ਦੇ ਸਟਾਲ ਲਾਉਣ ਲਈ) ਪਹਿਲਾਂ ਤੋਂ ਹੋਈ ਬੇਇੰਤਹਾ ਮਿਹਨਤਾਂ ਕਾਰਨ ਬਣੇ-ਬਨਾਏ ਮਿਲ ਗਏ ਹਨ, ਜਿਨ੍ਹਾਂ ਲੋਕਾਂ ਦੇ ਪੰਥਕ ਜੋਸ਼, ਪਿਆਰ ਅਤੇ ਸੇਵਾ ਭਾਵ ਦਾ ਇਹ ਲੋਕ ਨਾਜਾਇਜ਼ ਲਾਭ ਲੈ ਰਹੇ ਹਨ’।

ਗੁਰੂ ਪੰਥ ਦ ਨਿਮਾਨਾ ਦਾਸ- (ਪ੍ਰਿੰਸੀਪਲ ਗਿਆਨੀ) ਸੁਰਜੀਤ ਸਿੰਘ, ਪ੍ਰਿੰਸੀਪਲ ਗੁਰਮਤਿ ਐਜੁਕੇਸ਼ਨ ਸੈਂਟਰ, ੧/੧੬ ਬੇਸਮੈਂਟ, ਦਿਆਨੰਦ ਕਾਲੋਨੀ, ਲਾਜਪਤ ਨਗਰ, ਨਵੀਂ ਦਿਲੀ-੧੪ ਫ਼ੋਨ 011-26236119, 9811292808




.