.

ਮੰਜੀ ਸਾਹਿਬ ਦੇ ਦੀਵਾਨ ਸਥਾਨ ਪ੍ਰਤੀ ਪ੍ਰਬੰਧਕਾਂ ਦੀ ਅਣਗਹਿਲੀ

ਨਵੰਬਰ ੧੯੯੮ ਦੇ ਅਖੀਰਲੇ ਕਿਸੇ ਦਿਨ ਦੇ ਸਵੇਰ ਦੇ ਸਮੇ ਦਾ ਵਾਕਿਆ ਹੈ ਕਿ ਮੈ, ਪਰਵਾਰ ਸਮੇਤ, ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਘਰ ਨੂੰ ਮੁੜ ਰਿਹਾ ਸਾਂ। ਜਦੋਂ ਜੋੜਾ ਘਰ ਵਿਚੋਂ ਆਪਣੇ ਜੋੜੇ ਪਾਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅੱਗੋਂ, ਦੀ ਬਾਬਾ ਅਟੱਲ ਸਾਹਿਬ ਜੀ ਵੱਲ ਮੂੰਹ ਕਰਕੇ, ਜਾ ਰਹੇ ਸਾਂ ਤੇ ਤਕਰੀਬਨ ਉਸ ਸੜਕ ਦੇ ਅਧ ਵਿਚਕਾਰ ਪੁੱਜੇ ਤਾਂ ਗੁ. ਸ੍ਰੀ ਮੰਜੀ ਸਾਹਿਬ ਵਿਚੋਂ ਲੱਗੇ ਸਪੀਕਰ ਉਪਰ, ਸ੍ਰੀ ਹਰਿਮੰਦਰ ਸਾਹਿਬ ਵਿਖੇ, ਅੰਮ੍ਰਿਤ ਵੇਲ਼ੇ ਆਏ ਹੁਕਮਨਾਮੇ ਦੀ ਕਥਾ ਮੇਰੇ ਕੰਨੀ ਪਈ। ਮੈ ਪਰਵਾਰ ਨੂੰ ਕਿਹਾ ਕਿ ਉਹ ਘਰ ਚਲੇ ਜਾਣ, ਮੈ ਕਥਾ ਸੁਣ ਕੇ ਆਵਾਂਗਾ। ਹੋਰ ਚੰਗੇਰੀ ਤਰ੍ਹਾਂ ਕਥਾ ਸੁਣਨ ਦੇ ਲਾਲਚ ਵੱਸ ਤੇ ਕਥਾਕਾਰ ਦੇ ਦਰਸ਼ਨਾਂ ਦੀ ਲਾਲਸਾ ਕਾਰਨ, ਮੈ ਦੀਵਾਨ ਸਥਾਨ ਦੇ ਅੰਦਰ ਚਲਿਆ ਗਿਆ। ਅੰਦਰ ਜਾ ਕੇ ਨਿਰਾਸ਼ਾ ਜਿਹੀ ਹੋਈ ਕਿ ਏਡੇ ਵੱਡੇ, ਦੋਹਰੀ ਛੱਤ ਵਾਲ਼ੇ, ਵਿਸ਼ਾਲ ਦੀਵਾਨ ਹਾਲ ਵਿਚ, ਉਂਗਲਾਂ ਤੇ ਗਿਣੀ ਜਾਣ ਜੋਗੀ ਸੰਗਤ ਹੀ ਬੈਠੀ ਸੀ। ਇਸ ਬਾਰੇ ਕਈ ਵਿਚਾਰ ਆਏ ਪਰ ਕੁੱਝ ਹੀ ਪਲਾਂ ਵਿੱਚ ਇਸ ਥੋਹੜੀ ਹਾਜਰੀ ਦੇ ਅਸਲ ਕਾਰਨ ਦਾ ਪਤਾ ਲੱਗ ਗਿਆ ਕਿ ਇਸ ਹਾਲ ਵਿੱਚ ਬੈਠੇ ਕਿਸੇ ਸੱਜਣ ਦੇ ਕੁੱਝ ਵੀ ਪਿੜ ਪੱਲੇ ਨਹੀ ਸੀ ਪੈ ਰਿਹਾ। ਹਾਲ ਗੂੰਜਦਾ ਹੋਣ ਕਰਕੇ, ਜੋ ਕੁੱਝ ਸਟੇਜ ਤੋਂ ਬੋਲਿਆ ਜਾ ਰਿਹਾ ਸੀ ਕਿਸੇ ਦੀ ਸਮਝ ਵਿੱਚ ਨਹੀ ਸੀ ਆਉਂਦਾ। ਹਾਂ ਹਾਲੋਂ ਬਾਹਰ ਹਾਰਨਾਂ ਦੇ ਕੋਲ਼ ਖਲੋ ਕੇ ਕੁੱਝ ਸੱਜਣ ਗਰੁਪਾਂ ਵਿੱਚ ਕਥਾ ਜ਼ਰੂਰ ਸੁਣ ਰਹੇ ਦਿਸੇ।
ਕੁਝ ਹੀ ਮਿੰਟ ਬੈਠ ਕੇ ਮਜਬੂਰੀ ਵੱਸ ਮੈਨੂੰ ਉਠ ਕੇ ਆਉਣਾ ਪਿਆ ਕਿਉਂਕਿ ਜਦ ਸਮਝ ਵਿੱਚ ਹੀ ਕੁੱਝ ਨਹੀ ਸੀ ਆ ਰਿਹਾ ਤਾਂ ਬੈਠਣ ਦਾ ਕੀ ਲਾਭ! ਮੇਰੇ ਖਿਆਲ ਵਿੱਚ ਜੇਹੜੇ ਬਹੁਤ ਥੋਹੜੇ ਹੀ ਪ੍ਰੇਮੀ ਬੈਠੇ ਸਨ। ਜਾਂ ਤਾਂ ਉਹ ਧਾਰਮਿਕ ਫ਼ਰਜ਼ ਸਮਝ ਕੇ ਬੈਠੇ ਹੋਏ ਸਨ ਜਾਂ ਫਿਰ ਉਹਨਾਂ ਦੇ ਅੰਦਰ ਕੋਈ ਸਕਿਲ ਅਜਿਹੀ ਪੈਦਾ ਹੋ ਗਈ ਹੋਵੇਗੀ ਜਿਸ ਸਦਕਾ ਉਹਨਾਂ ਦੇ ਪੱਲੇ ਕੁੱਝ ਪੈ ਜਾਂਦਾ ਹੋਵੇਗਾ! ਮੈਨੂੰ ਤਾਂ ਜਿੰਨਾ ਅਨੰਦ ਹਾਲੋਂ ਬਾਹਰ ਸਪੀਕਰ ਤੋਂ ਸੁਣ ਕੇ ਪ੍ਰਾਪਤ ਹੋਇਆ ਸੀ ਉਹ ਵੀ ਸਾਰਾ ਜਾਂਦਾ ਰਿਹਾ।
ਯਾਦ ਆਇਆ ਉਹ ਸਮਾ ੧੯੫੩ ਦਾ, ਜਦੋਂ ਅਜੇ ਇਹ ਹਾਲ ਨਹੀ ਸੀ ਬਣਿਆ ਤੇ ਖੁਲ੍ਹਾ ਹੀ ਦੀਵਾਨ ਸਥਾਨ ਹੁੰਦਾ ਸੀ। ਸਵੇਰੇ ਅੰਮ੍ਰਿਤ ਵੇਲ਼ੇ ਮੁਖਵਾਕ ਦੀ ਕਥਾ ਹੁੰਦੀ ਸੀ ਤੇ ਸ਼ਾਮ ਨੂੰ, ਸਿੰਘ ਸਹਿਬ ਜਥੇਦਾਰ ਅੱਛਰ ਸਿੰਘ ਜੀ, ਪੰਥ ਪ੍ਰਕਾਸ਼ ਦੀ ਕਥਾ ਕਰਿਆ ਕਰਦੇ ਸਨ। ਬਾਣੀ ਦੀ ਸਮਝ ਨਾ ਹੋਣ ਕਰਕੇ ਮੁਖਵਾਕ ਦੀ ਕਥਾ ਤੇ ਮੈ ਨਹੀ ਸਾਂ ਸੁਣਦਾ ਪਰ ਇਤਿਹਾਸ ਦੀ ਕਥਾ ਮੈਨੂੰ ਬੜਾ ਹੀ ਪ੍ਰਭਾਵਤ ਕਰਿਆ ਕਰਦੀ ਸੀ ਤੇ ਇਸ ਵਿੱਚ ਮੈ ਕਦੀ ਨਾਗਾ ਨਹੀ ਸੀ ਪਾਉਂਦਾ। ਜਿਧਰ ਵੇਖੋ ਸਾਰਾ ਦੀਵਾਨ ਸਥਾਨ ਸੰਗਤਾਂ ਦੀ ਹਾਜਰੀ ਨਾਲ ਭਰਿਆ ਹੋਇਆ ਹੁੰਦਾ ਸੀ। ਹਰੇਕ ਐਤਵਾਰ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ, ਸਿੰਘ ਸਾਹਿਬ ਗਿ. ਭੂਪਿੰਦਰ ਸਿੰਘ ਜੀ, ਕਥਾ ਉਪ੍ਰੰਤ ਇੱਕ ਘੰਟਾ ਖਲੋ ਕੇ ਭਾਸ਼ਨ ਕਰਿਆ ਕਰਦੇ ਸਨ ਤੇ ਉਹਨਾਂ ਨੂੰ ਸੁਣਨ ਲਈ ਹੋਰ ਵੀ ਵਧੇਰੇ ਸੰਗਤ ਆ ਜਾਂਦੀ ਸੀ। ਛੋਟਾ ਤੇ ਥੋਹੜੀ ਸਮਝ ਵਾਲ਼ਾ ਹੋਣ ਕਰਕੇ ਮੇਰੇ ਪੱਲੇ ਤਾਂ ਭਾਵੇਂ ਕੁੱਝ ਨਹੀ ਸੀ ਪੈਂਦਾ ਪਰ ਉਹਨਾਂ ਦੀ ਮਨਮੋਹਣੀ ਸ਼ਖ਼ਸੀਅਤ, ਚੰਗਾ ਪਹਿਰਾਵਾ ਤੇ ਦਿਲ ਖਿਚਵਾਂ ਬੋਲਣ ਢੰਗ, ਮੈਨੂੰ ਵੀ ਕੀਲ ਕੇ ਬਿਠਾਈ ਰੱਖਦਾ ਸੀ।
ਯਾਦ ਰਹੇ ਕਿ ਸਿੱਖ ਕੌਮ ਦਾ ਸਭ ਤੋਂ ਵਡਾ ਤੇ ਹਰ ਪੱਖੋਂ ਮਹਤਵਪੂਰਣ ਦੀਵਾਨ ਸਥਾਨ ਇਹ ਅੰਮ੍ਰਿਤਸਰ ਦਾ ਮੰਜੀ ਸਾਹਿਬ ਹੀ ਹੈ। ਏਥੇ ਰੋਜ਼ਾਨਾ ਦੋਵੇਂ ਵੇਲ਼ੇ ਦੀ ਕਥਾ ਤੇ ਕੀਰਤਨ ਤੋਂ ਇਲਾਵਾ ਗੁਰਪੁਰਬਾਂ ਅਤੇ ਹੋਰ ਇਤਿਹਾਸਕ ਦਿਹਾੜਿਆਂ ਤੇ ਸਜਣ ਵਾਲ਼ੇ ਦੀਵਾਨਾਂ ਤੋਂ ਇਲਾਵਾ ਪੰਥਕ ਕਾਨਫ਼੍ਰੰਸਾਂ ਵੀ ਏਥੇ ਹੀ ਹੋਇਆ ਕਰਦੀਆਂ ਸਨ। ਪੰਥਕ ਮੋਰਚਿਆਂ ਸਮੇ ਸਤਿਆਗ੍ਰਹੀ ਜਥੇ ਵੀ ਏਥੋਂ ਹੀ ਤੁਰਿਆ ਕਰਦੇ ਸਨ ਤੇ ਪੰਥਕ ਸਪੀਚਾਂ ਵੀ ਏਥੇ ਹੀ ਹੋਇਆ ਕਰਦੀਆਂ ਸਨ। ਹਰ ਤਰ੍ਹਾਂ ਦੀਆਂ ਕੌਮੀ, ਪੰਥਕ, ਧਾਰਮਿਕ, ਸਿੱਖ ਸਿਆਸਤ ਦੀ ਅਗਵਾਈ ਇਸ ਸਥਾਨ ਤੋਂ ਹੀ ਸੰਗਤਾਂ ਪ੍ਰਾਪਤ ਕਰਿਆ ਕਰਦੀਆਂ ਸਨ। ਮਾਸਟਰ ਤਾਰਾ ਸਿੰਘ ਜੀ ਦੀ ਲੀਡਰਸ਼ਿਪ ਸਮੇ ਤਾਂ ਸੰਗਤਾਂ ਮੰਜੀ ਸਾਹਿਬ ਦੇ ਦੀਵਾਨ ਸਥਾਨ ਤੋਂ ਹਰ ਪ੍ਰਕਾਰ ਦੀ ਸੂਚਨਾ, ਅਗਵਾਈ ਆਦਿ ਪ੍ਰਾਪਤ ਕਰਿਆ ਕਰਦੀਆਂ ਸਨ। ਜਦੋਂ ਕਦੇ ਸਰਕਾਰ ਦੀ ਸਹਾਇਤਾ ਨਾਲ਼ ਪੰਥ ਵਿਰੋਧੀ ਗਰੁਪ ਦਾ ਸ਼੍ਰੋਮਣੀ ਕਮੇਟੀ ਉਪਰ ਕਬਜਾ ਹੋ ਜਾਣਾ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਘੰਟਾ ਘਰ ਦੇ ਬਾਹਰਵਾਰ ਚੌਂਕ ਵਿੱਚ ਆਪਣੇ ਜਲਸੇ ਕਰਿਆ ਕਰਨੇ ਤੇ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਮੇ ਫਿਰ ਅਕਾਲੀ ਦਲ ਨੂੰ ਲੋਕਾਂ ਜਿਤਾ ਦੇਣਾ ਤਾਂ ਫਿਰ ਇਹ ਜਲਸੇ ਮੰਜੀ ਸਾਹਿਬ ਵਿਖੇ ਹੋਣ ਲੱਗ ਪੈਣੇ। ਸੱਤਰਵਿਆਂ ਵਾਲ਼ੇ ਦਹਾਕੇ ਦੇ ਅਧ ਤੱਕ, ਹਰ ਪ੍ਰਕਾਰ ਦੀਆਂ ਪੰਥਕ ਸਰਗਰਮੀਆਂ ਦਾ, ਸਹੀ ਤੇ ਅਮਲੀ ਰੂਪ ਵਿਚ, ਏਹੋ ਸਥਾਨ ਹੀ ਸਭ ਤੋਂ ਅਹਿਮ ਹੁੰਦਾ ਸੀ। ਇਸ ਦੌਰਾਨ ਪਹਿਲਾਂ ਸਰੋਤੇ ਦੇ ਰੂਪ ਵਿੱਚ ਤੇ ਫਿਰ ਖਾਸ ਦੀਵਾਨਾਂ ਵਿੱਚ ਵਕਤਾ ਤੇ ਸਟੇਜ ਸਕੱਤਰ ਦੇ ਰੂਪ ਵਿਚ, ੧੯੭੨ ਤੱਕ, ਮੈਨੂੰ ਵੀ ਏਥੇ ਸੇਵਾ ਵਿੱਚ ਹਿੱਸਾ ਲੈਣ ਦਾ ਮਾਣ ਪ੍ਰਾਪਤ ਹੁੰਦਾ ਰਿਹਾ। ਓਦੋਂ ਕਦੇ ਵੀ ਸਪੀਕਰਾਂ ਦੀ ਸਮੱਸਿਆ ਨਹੀ ਸੀ ਆਈ ਬਲਕਿ ਕਈ ਵਾਰ ਸ਼ਹਿਰ ਦੇ ਵਸਨੀਕ ਸੱਜਣਾਂ ਪਾਸੋਂ ਰਾਤ ਸਮੇ ਦੇ ਬੁਲਾਰਿਆਂ ਦੀ ਚੰਗੀ ਕਾਰ ਗੁਜ਼ਾਰੀ ਦੀ ਪ੍ਰਸੰਸਾ ਭਰੀ ਗੱਲ ਸੁਣਨ ਨੂੰ ਵੀ ਮਿਲ ਜਾਣੀ।
ਆਮ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਵਾਲ਼ੇ ਸੰਤਾਂ ਵੱਲੋਂ ਸੇਵਾ ਪ੍ਰਾਪਤ ਕਰ ਲਏ ਜਾਣ ਵਾਂਗ ਹੀ ਇਸ ਸਥਾਨ ਦੀ ਸੇਵਾ ਵੀ ਇੱਕ ਸੰਤ ਜੀ ਵੱਲੋਂ, ੧੯੭੫ ਵਿੱਚ ਪ੍ਰਾਪਤ ਕਰ ਲਈ ਗਈ। ਸੰਤਾਂ ਵੱਲੋਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਦਾ ਇੱਕ ਸੇਵਾ ਮੁਕਤ ਅਧਿਕਾਰੀ, ਜੋ ਕਿ ਬਹੁਤ ਹੀ ਚੱਲਦਾ ਪੁਰਜਾ ਸੀ, ਏਥੇ ਸੰਤਾਂ ਵੱਲੋਂ ਇੰਚਾਰਜ ਬਣਾ ਕੇ ਬਿਠਾ ਦਿਤਾ ਗਿਆ। ਉਸਨੇ ਇਸ ਸਥਾਨ ਤੇ ਸੰਤਾਂ ਦਾ ਕਬਜਾ ਦੱਸ ਕੇ, ਏਥੇ ਹੋਣ ਵਾਲ਼ੀਆਂ ਪੰਥਕ ਸਰਗਰਮੀਆਂ ਨੂੰ ਡੱਕਾ ਲਾ ਦਿਤਾ। ਕੁੱਝ ਹੀ ਸਮੇ ਵਿੱਚ ਹਾਲ ਤਾਂ ਦੋ ਮਨਜ਼ਲਾ ਬਣ ਗਿਆ ਤੇ ਇਸ ਪ੍ਰੋਜੈਕਟ ਵਿਚੋਂ ਸੰਤਾਂ ਦਾ ਡੇਰਾ ਵੀ ਬਣ ਗਿਆ ਤੇ ਬਾਕੀ ਮੁਖੀ ਸੇਵਕਾਂ ਦੇ ਕਾਰਜ ਵੀ ਰਾਸ ਹੋ ਹੀ ਗਏ ਹੋਣਗੇ! ਹੁਣ ਇਸ ਸਥਾਨ ਦਾ ਇਹ ਲਾਭ ਤਾਂ ਹੋ ਗਿਆ ਕਿ ਸੰਗਤਾਂ ਧੁੱਪ ਤੇ ਮੀਹ ਕਣੀ ਤੋਂ ਬਚ ਗਈਆਂ ਤੇ ਕੁੱਝ ਬੇਘਰੇ ਲੋਕਾਂ ਦੇ ਰਾਤ ਬਸੇਰੇ ਲਈ ਵੀ ਸਥਾਨ ਬਣ ਗਿਆ ਪਰ ਜਿਸ ਮਸਕਦ ਲਈ ਇਸ ਸਥਾਨ ਦੀ ਸਦੀਆਂ ਤੋਂ ਵਰਤੋਂ ਹੁੰਦੀ ਆ ਰਹੀ ਸੀ ਉਹ ਸਦਾ ਲਈ ਬੰਦ ਹੋ ਗਈ। ਯਾਦ ਰਹੇ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕਥਾ, ਵਿਖਿਆਨ ਆਦਿ ਨਾ ਹੋਣ ਕਰਕੇ, ਇਸ ਸਥਾਨ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਦਾ ਸੁਨੇਹਾ ਸੰਗਤਾਂ ਤੱਕ ਪੁਜਦਾ ਸੀ।
ਇੰਜੀਨੀਅਰਿੰਗ ਦੀ ਵਿਦਿਆ ਏਨੀ ਤਰੱਕੀ ਕਰ ਚੁੱਕੀ ਹੋਣ ਦੇ ਬਾਵਜੂਦ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਕਿ ਸਿੱਖ ਆਗੂਆਂ ਦੇ ਨੱਕ ਹੇਠਾਂ ਇਹ ਕੰਮ ਤਿੰਨ ਦਹਾਕਿਆਂ ਤੋਂ ਵੀ ਵਧ ਸਮੇ ਤੋਂ ਹੁੰਦਾ ਆ ਰਿਹਾ ਹੈ। ਇਸ ਦਾ ਕੋਈ ਇਲਾਜ ਨਹੀ ਕੀਤਾ ਗਿਆ। ਕਥਾਵਾਚਕ ਸੱਜਣ ਵੱਲੋਂ ਦੱਸਿਆ ਗਿਆ ਕਿ ਸਪੈਸ਼ਲ ਕਿਸਮ ਦਾ ਪਬਲਿਕ ਐਡਰੈਸ ਸਿਸਟਮ ਜਿੰਦੇ ਅੰਦਰ ਮੌਜੂਦ ਹੈ। ਜਦੋਂ ਕਿਸੇ ਨਾਮਵਰ ਕਥਾਵਾਚਕ ਜਾਂ ਲੀਡਰ ਦਾ ਪ੍ਰੋਗਰਾਮ ਹੋਵੇ ਤਾਂ ਉਸਨੂੰ ਕਢ ਕੇ ਲਾ ਲਿਆ ਜਾਂਦਾ ਹੈ ਤੇ ਫਿਰ ਜਿੰਦੇ ਅੰਦਰ ਬੰਦ ਕਰ ਦਿਤਾ ਜਾਂਦਾ ਹੈ। ਹਰ ਰੋਜ ਇਸ ਲਈ ਨਹੀ ਲਾਇਆ ਜਾਂਦਾ ਕਿ ਉਸਨੂੰ ਚਲਾਉਣ ਵਾਲ਼ੇ ਮਿਸਤਰੀ ਨੂੰ ਓਨਾ ਚਿਰ ਉਸਦੇ ਕੋਲ ਬੈਠਣਾ ਪੈਂਦਾ ਹੈ। ਮੇਰੇ ਖਿਆਲ ਵਿੱਚ ਜੇਕਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਏਨੀ ਬੰਦ ਇਮਾਰਤ ਵਿੱਚ ਗੂੰਜਣ ਦੀ ਕੋਈ ਸਮੱਸਿਆ ਨਹੀ ਆਉਂਦੀ ਤਾਂ ਏਥੇ ਤਿੰਨ ਪਾਸਿਆਂ ਤੋਂ ਖੁਲ੍ਹੇ ਹਾਲ ਵਿਚ, ਹਾਲ ਦੀ ਉਸਾਰੀ ਸਮੇ, ਇੰਜੀਨੀਅਰਾਂ ਵੱਲੋਂ ਵਰਤੀ ਗਈ ਅਣਗਹਿਲੀ ਸਦਕਾ, ਜੇਕਰ ਇਹ ਸਮੱਸਿਆ ਖੜ੍ਹੀ ਹੋ ਗਈ ਹੈ ਤਾਂ ਇਸਨੂੰ ਦੂਰ ਵੀ ਕੀਤਾ ਜਾ ਸਕਦਾ ਹੈ। ਏਥੇ ਸਿਡਨੀ ਵਿੱਚ ਵੀ ਗੁਰਦੁਆਰਾ ਸਹਿਬ ਦਾ ਬਹੁਤ ਹੀ ਵਿਸ਼ਾਲ ਹਾਲ ਬਣਨ ਸਮੇ, ਮੈ ਸਮੇ ਸਮੇ ਸਬੰਧਤ ਵਿਅਕਤੀਆਂ ਨੂੰ ਇਸ ਆ ਸਕਣ ਵਾਲ਼ੀ ਸਮੱਸਿਆ ਬਾਰੇ ਸੁਚੇਤ ਕਰਦਾ ਰਿਹਾਂ। ਸ਼ਾਇਦ ਏਸੇ ਕਰਕੇ ਹੀ ਏਥੇ ਇਹ ਸਮੱਸਿਆ ਨਹੀ ਆਈ। ਸ਼੍ਰੋਮਣੀ ਕਮੇਟੀ ਪਾਸ ਪਹਿਲਾਂ ਮੁਕਤਸਰ ਆਦਿ ਵਿੱਚ ਬਣ ਚੁਕੇ ਹਾਲਾਂ ਵਿੱਚ ਇਹ ਸਮੱਸਿਆ ਆ ਚੁੱਕੀ ਹੋਣ ਕਰਕੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਪਰ ਜੇਕਰ ਫੇਰ ਵੀ ਇਹ ਅਣਗਹਿਲੀ ਹੋ ਗਈ ਸੀ ਤਾਂ ਇਸਦਾ ਇਲਾਜ ਸੋਚਿਆ ਤੇ ਕੀਤਾ ਜਾਣਾ ਚਾਹੀਦਾ ਸੀ। ਜੇਕਰ ਇਸ ਉਪਰ ਵਰਨਣ ਯੋਗ ਖ਼ਰਚ ਵੀ ਆਉਂਦਾ ਹੋਵੇ ਤਾਂ ਵੀ ਕੋਈ ਵੱਡੀ ਗੱਲ ਨਹੀ। ਪਹਿਲਾਂ ਤਾਂ ਕਮੇਟੀ ਦੇ ਬਜਟ ਵਿੱਚ ਹੀ ਇਹ ਮੱਦ ਰੱਖੀ ਜਾ ਸਕਦੀ ਹੈ; ਜੇਕਰ ਫੇਰ ਵੀ ਇਹ ਕਮੇਟੀ ਦੇ ਵਿਤੋਂ ਵਧ ਦਿਸਦਾ ਹੋਵੇ ਤਾਂ ਦੁਨੀਆਂ ਵਿੱਚ ਬੈਠਾ ਇੱਕ ਇਕ ਸਿੱਖ ਵੀ, ਗੁਰੂ ਵੱਲੋਂ ਬਖ਼ਸ਼ੀਆਂ ਦਾਤਾਂ ਸਦਕਾ, ਇਹ ਖ਼ਰਚ ਕਰਨ ਦੇ ਸਮਰੱਥ ਹੈ। ਲੋੜ ਸਿਰਫ ਪ੍ਰਬੰਧਕਾਂ ਵੱਲੋਂ ਧਿਆਨ ਦੇਣ ਦੀ ਹੈ। ਮੇਰੇ ਖਿਆਲ ਵਿੱਚ ਸਮੱਸਿਆ ਮਾਇਆ ਦੀ ਨਹੀ ਧਿਆਨ ਦੀ ਹੀ ਹੈ। ਹੋ ਸਕਦਾ ਹੈ ਕਿ ਪ੍ਰਬੰਧਕਾਂ ਦਾ ਧਿਆਨ ਇਸ ਪਾਸੇ ਇਸ ਲਈ ਵੀ ਨਾ ਗਿਆ ਹੋਵੇ ਕਿ ਜਦੋਂ ਸਟੇਜ ਤੇ ਆ ਕੇ ਉਹਨਾਂ ਦੇ ਬੋਲਣ ਦਾ ਸਮਾ ਹੋਵੇ ਓਦੋਂ ਜਿੰਦੇ ਅੰਦਰੋਂ ਕਢ ਕੇ ਸਪੈਸ਼ਲ ‘ਪਬਲਿਕ ਐਡਰੈਸ ਸਿਸਟਮ’ ਫਿਟ ਕਰ ਲਿਆ ਜਾਂਦਾ ਹੋਵੇ!
ਵੈਸੇ ਤਾਂ ਦਿਹਾੜੀ ਵਿੱਚ ਸਿਰਫ ਦੋ ਘੰਟੇ ਦਾ ਹੀ ਕੰਮ ਹੈ। ਇੱਕ ਘੰਟਾ ਸਵੇਰੇ ਤੇ ਇੱਕ ਘੰਟਾ ਸ਼ਾਮ ਨੂੰ। ਇਹ ਦੋ ਘੰਟੇ ਸਾਊਂਡ ਸਿਸਟਮ ਦੇ ਮਾਹਰ ਵਿਅਕਤੀ ਦੀ ਸੇਵਾ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ ਮੌਜੂਦਾ ਇਸ ਕਾਰਜ ਲਈ ਰੱਖਿਆ ਸੱਜਣ ਏਨਾ ਸਮਾ ਨਾ ਕਢ ਸਕਦਾ ਹੋਵੇ ਤਾਂ ਇੱਕ ਹੋਰ ਵਿਅਕਤੀ ਤੋਂ ਵੀ ਇਹ ਸੇਵਾ ਲਈ ਜਾ ਸਕਦੀ ਹੈ।
ਮੇਰੀ ਸਮਝ ਵਿੱਚ ਫੌਰੀ ਤੌਰ ਤੇ ਇੱਕ ਆਰਜ਼ੀ ਇਲਾਜ ਇਹ ਵੀ ਹੋ ਸਕਦਾ ਹੈ ਕਿ ਗੁਰੂ ਘਰਾਂ ਵਿੱਚ ਰੁਲ਼ ਰਹੇ ਫਾਲਤੂ ਰੁਮਾਲਿਆਂ ਦੀਆਂ ਚਾਨਣੀਆਂ ਬਣਾ ਕੇ ਹਾਲ ਦੀ ਛੱਤ ਨਾਲ਼ ਲਗਾ ਦਿਤੀਆਂ ਜਾਣ ਤਾਂ ਕਿ ਛੱਤ ਨਾਲ਼ ਟਕਰਾ ਕੇ ਆਵਾਜ ਜੋ ਗੂੰਜ ਪੈਦਾ ਕਰਦੀ ਹੈ ਉਸਨੂੰ ਰੋਕਿਆ ਜਾ ਸਕੇ। ਰੁਮਾਲਿਆਂ ਦੀ ਗੁਰਦੁਆਰਾ ਸਾਹਿਬਾਨ ਵਿੱਚ ਕਮੀ ਕੋਈ ਨਹੀ ਤੇ ਸੀਣ ਵਾਸਤੇ ਅੰਮ੍ਰਿਤਸਰ ਦੀਆਂ ਬੀਬੀਆਂ ਬੜੀ ਖ਼ੁਸ਼ੀ ਤੇ ਉਤਸ਼ਾਹ ਨਾਲ਼ ਇਹ ਸੇਵਾ ਕਰਨ ਲਈ ਤਿਆਰ ਹੋਣਗੀਆਂ। ਹਿੰਦ ਦੀ ਚਾਦਰ, ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਨੇ ਇਹਨਾਂ ਅੰਮ੍ਰਿਤਸਰ ਦੀਆਂ ਬੀਬੀਆਂ ਦੀ ਸੇਵਾ ਤੇ ਪ੍ਰੇਮ ਤੋਂ ਪ੍ਰਭਾਵਤ ਹੋ ਕੇ ਹੀ ਤਾਂ ਫੁਰਮਾਇਆ ਸੀ, “ਮਾਈਆਂ, ਰੱਬ ਰਜਾਈਆਂ॥”
ਇਹ ਆਰਜੀ ਪ੍ਰਬੰਧ ਕੇਵਲ ਓਨੇ ਸਮੇ ਤੱਕ ਹੀ ਕੀਤਾ ਜਾ ਸਕਦਾ ਹੈ ਜਿੰਨਾ ਚਿਰ ਮਾਹਰ ਇੰਜੀਨੀਅਰਾਂ ਪਾਸੋਂ ਇਸ ਗੂੰਜ ਦਾ ਪੱਕਾ ਇਲਾਜ ਨਹੀ ਕਰਵਾ ਲਿਆ ਜਾਂਦਾ।
ਨੋਟ: ਉਪ੍ਰੋਕਤ ਲਿਖਤ ਨੂੰ ਕਿਸੇ ਜਥੇਬੰਦੀ ਜਾਂ ਵਿਅਕਤੀ ਵਿਸ਼ੇਸ਼ ਦੇ ਵਿਰੁਧ ਪ੍ਰਾਪੇਗੰਡਾ ਨਾ ਸਮਝਿਆ ਜਾਵੇ; ਇੱਕ ਨਿਮਾਣੇ ਪੰਥ ਦਰਦੀ ਵੱਲੋਂ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆ ਕੇ, ਇਸ ਊਣਤਾਈ ਨੂੰ ਦੂਰ ਕਰਨਾ ਹੀ ਇਸ ਲਿਖਤ ਦਾ ਉਦੇਸ਼ ਹੈ। ਪ੍ਰਬੰਧਕਾਂ ਦਿ ਸੇਵਾ ਵਿਖੇ ਕਾਫੀ ਸਮਾ ਪਹਿਲਾਂ ਇਹ ਲੇਖ ਬੇਨਤੀ ਰੂਪ ਵਿੱਚ ਭੇਜਿਆ ਚੁੱਕਾ ਹੈ ਪਰ ਕੋਈ ਉਤਰ ਨਹੀ ਪ੍ਰਾਪਤ ਹੋਇਆ।
ਪ੍ਰਾਰਥਕ,
ਸੰਤੋਖ ਸਿੰਘ
ਆਸਟ੍ਰੇਲੀਆ




.