.

ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 41)

ਪ੍ਰੋ: ਇੰਦਰ ਸਿੰਘ ‘ਘੱਗਾ’

ਵਿਸ਼ਨੂੰ:- ਇਹ ਸਰਬ ਵਿਆਪਕ ਹੈ, ਪਾਣੀ ਤੇ ਸੁੱਤਾ ਹੋਇਆ ਨਾਰਾਇਣ ਹੈ। ਪਾਣੀ ਵਿੱਚ ਸ਼ੇਸ਼ ਨਾਗ (ਵੱਡਾ ਸੱਪ) ਦੀ ਸੇਜ ਤੇ ਸੌਂਦਾ ਹੈ। ਇਸ ਦੀ ਧੁੰਨੀ ਵਿਚੋਂ ਕੰਵਲ ਪੈਦਾ ਹੋਇਆ, ਕੰਵਲ ਵਿਚੋਂ ਬ੍ਰਹਮਾ ਜਨਮਿਆ। ਵਿਸ਼ਨੂੰ ਹੀ ਅਵਤਾਰ ਧਾਰਕੇ ਸੰਸਾਰ ਦਾ ਭਲਾ ਕਰਦਾ ਹੈ। ਵਿਸ਼ਨੂੰ ਦੇ ਮੱਥੇ ਵਿਚੋਂ ਹੀ ਰੁਦਰ (ਸ਼ਿਵ) ਪੈਦਾ ਹੋਇਆ ਸੀ। ਗੰਗਾ ਨਦੀ ਵਿਸ਼ਨੂੰ ਦੇ ਪੈਰ ਦੇ ਅੰਗੂਠੇ ਵਿਚੋਂ ਨਿਕਲੀ ਹੈ। ਵਿਸ਼ਨੂੰ ਦੇ ਇੱਕ ਹਜਾਰ ਨਾਂ ਹਨ। ਇਸ ਦੀ ਪਤਨੀ ਲਕਸ਼ਮੀ ਹੈ, ਜੋ ਕੰਵਲ ਦੇ ਫੁੱਲ ਤੇ ਨਿਵਾਸ ਕਰਦੀ ਹੈ। ਇਸ ਦੇ ਸਵਰਗ ਨੂੰ ਬੈਕੁੰਠ ਕਹੀਦਾ ਹੈ। ਇਹ ਗਰੁੜ ਦੀ ਸਵਾਰੀ ਕਰਦਾ ਹੈ। ਗੂੜ੍ਹੇ ਨੀਲੇ ਰੰਗ ਦੇ ਕੱਪੜੇ ਪਹਿਨਦਾ ਹੈ। ਸਦਾ ਜਵਾਨ ਰਹਿੰਦਾ ਹੈ। ਇਸ ਦੇ ਚਾਰ ਹੱਥ ਹਨ, ਇਸ ਕੋਲ ਹਥਿਆਰ, ਧਨੁੱਸ਼, ਕਿਰਪਾਨ ਅਤੇ ਐਰਾਵਤ ਹਾਥੀ ਹੈ। ਹੋਰ ਸੰਖ ਕੰਵਲ ਤੇ ਗਦਾ ਭੀ ਰੱਖਦਾ ਹੈ। ਇਸ ਦੀ ਛਾਤੀ ਤੇ ਵਿਸ਼ੇਸ਼ ਕਿਸਮ ਦਾ ਨਿਸ਼ਾਨ ਹੈ। ਭ੍ਰਿਗੂ ਨੇ ਇਸ ਨੂੰ ਸਭ ਦੇਵਤਿਆਂ ਤੋਂ ਉੱਤਮ ਹੋਣ ਦਾ ਐਲਾਨ ਕੀਤਾ, ਪੂਜਾ ਕਰਵਾਈ। (ਹਿੰਦੂ ਮਿਥਿਹਾਸ ਕੋਸ਼, ਪੰਨਾ -516)

ਵਿਚਾਰ:- ਹਿੰਦੂ ਪ੍ਰੰਪਰਾ ਦਾ ਦੂਜਾ ਦੇਵਤਾ ਵਿਸ਼ਨੂੰ ਮੰਨਿਆ ਗਿਆ ਹੈ। ਵੈਸੇ ਇਨ੍ਹਾਂ ਦੇ ਗ੍ਰੰਥਾਂ ਦਾ ਕੋਈ ਬੱਝਵਾਂ ਅਸੂਲ ਨਹੀਂ ਹੈ। ਜੋ ਲਿਖਾਰੀ ਦੇ ਮਨ ਨੂੰ ਚੰਗਾ ਲੱਗਿਆ ਉਸ ਨੇ ਉਹੀ ਲਿਖ ਦਿੱਤਾ। ਇਸੇ ਲਈ ਹਰ ਇੱਕ ਦੇਵਤਾ ਇੱਕ ਦੂਜੇ ਤੋਂ ਉੱਪਰ ਕਰਨ ਦੀ ਕੋਸ਼ਿਸ਼ ਥਾਂ ਥਾਂ ਪੜ੍ਹਨ ਨੂੰ ਮਿਲ ਜਾਂਦੀ ਹੈ। ਇਨ੍ਹਾਂ ਤੋਂ ਕੰਮ ਕਿਹੋ ਜਿਹੇ ਕਰਾਉਣੇ ਹਨ, ਇਹ ਭੀ ਲਿਖਾਰੀ ਦੀ ਨਿੱਜੀ ਮਰਜ਼ੀ ਹੈ। ਇਨ੍ਹਾਂ ਦੇਵਤਿਆਂ ਨੂੰ ਕਿਹੋ ਜਿਹੇ ਆਚਰਣ ਵਾਲੇ ਬਣਾਉਣਾ ਹੈ, ਇਸ ਗੱਲ ਦੀ ਪੂਰੀ ਤਾਕਤ ਪੁਰਾਣ ਲਿਖਣ ਵਾਲੇ ਦੇ ਹੱਥ ਵਿੱਚ ਹੈ। ਇੱਕ ਲਿਖਾਰੀ ਆਪਣੇ ਮਨ ਪਸੰਦ ਦੇਵਤੇ ਨੂੰ ਆਕਾਸ਼ ਤੇ ਚੜ੍ਹਾ ਦੇਵੇਗਾ। ਤਾਂ ਦੂਸਰਾ ਲਿਖਾਰੀ ਪਹਿਲੇ ਦੇਵਤੇ ਦੀ ਯਹੀ ਤਹੀ ਫੇਰ ਕੇ ਕੱਖੋਂ ਹੌਲਾ ਕਰ ਦੇਵੇਗਾ। ਤੇ ਆਪਣੇ ਵਾਲੇ ਨੂੰ ਉਸਦੇ ਸਿਰ ਤੇ ਬਿਠਾ ਕੇ ਖੁਸ਼ੀ ਮਹਿਸੂਸ ਕਰੇਗਾ। ਇਨ੍ਹਾਂ ਸਾਰੇ ਦੇਵਤਿਆਂ ਨੂੰ ਸਰਾਪ ਦੇਣ ਦਾ ਬੜਾ ਸ਼ੌਕ ਹੈ ਤੇ ਵਰਦਾਨ ਦੇ ਕੇ ਨਿਹਾਲ ਕਰਨ ਦਾ ਭੁੱਸ ਭੀ ਪਿਆ ਹੋਇਆ ਹੈ। ਇਹ ਦੇਵਤੇ ਜਦੋਂ ਜੀਅ ਚਾਹੇ ਧਰਤੀ ਤੇ ਬੁਲਾ ਲਏ ਜਾਂਦੇ ਹਨ, ਜੇ ਲੋੜ ਨਾ ਰਹੀ ਵਾਪਸ ਭੇਜ ਦਿੱਤੇ ਜਾਂਦੇ ਹਨ। ਇਹ ਕਦੀ ਮਰਦੇ ਭੀ ਨਹੀਂ, ਸਦਾ ਜਵਾਨੀ ਮਾਣਦੇ ਹਨ। ਗੁਰਸਿੱਖ ਪਾਠਕ ਜਨੋਂ! ਉੱਪਰ ਲਿਖੀ ਵਿਚਾਰ ਸੱਚ ਨਾ ਮੰਨ ਲੈਣੀ। ਇਹ ਉਨ੍ਹਾਂ ਦੇ ਗ੍ਰੰਥਾਂ ਵਿੱਚ ਆਏ ਵਿਚਾਰ ਹਨ, ਮੇਰੇ ਨਹੀਂ ਹਨ। ਅੱਗੋਂ ਤੁਸੀਂ ਵਿਚਾਰ ਕਰਨੀ ਹੈ ਕਿ ਜਿਨ੍ਹਾਂ ਮਨੋਕਲਪਿਤ ਦੇਵਤਿਆਂ ਦਾ ਇਸ ਤਰ੍ਹਾਂ ਦਾ ਕਿਰਦਾਰ, ਸਾਫ ਸਪਸ਼ਟ ਲਿਖਤਾਂ ਵਿੱਚ ਮੌਜੂਦ ਹੈ। ਉਨ੍ਹਾਂ ਤੋਂ ਅੱਜ ਦਾ ਸਿੱਖ ਜਾਂ ਮਨੁੱਖ ਕੀ ਲੱਭ ਸਕੇਗਾ? ਪੇਸ਼ ਕੀਤੇ ਗਏ ਚਰਿੱਤਰ ਵਾਲਾ ਮਨੁੱਖ ਨਾ ਕਦੇ ਪੈਦਾ ਹੋਇਆ ਹੈ ਨਾ ਹੋ ਸਕੇਗਾ। ਹਾਂ ਇਨ੍ਹਾਂ ਮਨਘੜ੍ਹਤ ਕਹਾਣੀਆਂ ਦੁਆਰਾ, ਬਾਕੀ ਬਚੇ ਹੋਏ ਭਾਰਤ ਵਾਸੀਆਂ ਦੇ ਅਕਲ ਵਾਲੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। “ਬਚੇ ਹੋਏ” ਸ਼ਬਦ ਇਸ ਲਈ ਵਰਤਿਆ ਹੈ ਕਿ ਆਰੀਅਨ ਧਾੜਵੀਆਂ ਨੇ ਭਾਰਤ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਲੱਖਾਂ ਲੋਕ ਕਤਲ ਕੀਤੇ ਗਏ। ਉਹੀ ਜੀਵਤ ਰਹੇ ਜਿਨ੍ਹਾਂ ਨੇ ਸੂਰਾਂ ਤੇ ਕੁੱਤਿਆਂ ਨਾਲੋਂ ਭੀ ਨੀਵਾਂ ਜੀਵਨ ਜਿਉਣਾ ਪਰਵਾਨ ਕਰ ਲਿਆ। ਜੇ ਉਹ ਬਚ ਗਏ ਤਾਂ ਮਰਿਆਂ ਵਰਗੇ ਹੀ ਸਨ। ਅੱਜ ਤੱਕ ਪਸ਼ੂਆਂ ਨੂੰ, ਪੱਥਰਾਂ ਨੂੰ, ਰੁੱਖਾਂ, ਬਿਰਖਾਂ ਨੂੰ ਪੂਜਣ ਵਾਲੇ ਲੋਕ ਕੀ ਜੀਵਤ ਮੰਨੇ ਜਾ ਸਕਦੇ ਹਨ? ਇਹਨਾਂ ਦੇ ਸਾਰੇ ਮਨੁੱਖੀ ਅਧਿਕਾਰ ਸਦੀਆਂ ਪਹਿਲਾਂ ਖੋਹ ਲਏ ਸੀ। ਬਚੇ ਹੋਏ ਰੋਟੀ ਦੇ ਟੁਕੜੇ ਜਾਂ ਫਟੇ ਪੁਰਾਣੇ ਕੱਪੜੇ ਪਹਿਨਣ ਤੱਕ ਗੱਲ ਨਹੀਂ ਮੁੱਕੀ। ਹਾਰੇ ਹੋਏ ਗੁਲਾਮ ਬਣੇ ਦਰਾਵੜਾਂ (ਸ਼ੂਦਰਾਂ) ਨੂੰ ਬ੍ਰਾਹਮਣਾਂ ਨੇ ਸਦੀਆਂ ਤੱਕ ਆਪਣਾ ਮੂਤਰ ਪਿਲਾਇਆ, ਵਿਸ਼ਟਾ ਖਵਾਇਆ। ਲੇਖਕ ਇਸ ਸ਼ਰਮਨਾਕ ਰਵਾਇਤ ਦਾ ਖੁਦ ਗਵਾਹ ਹੈ। ਜਦੋਂ ਇੱਕ ਬਿਮਾਰੀ ਤੋਂ ਨਿਜਾਤ ਦੁਆਉਣ ਲਈ ਸਾਨੂੰ ਦੋ ਭਰਾਵਾਂ ਨੂੰ ਬਚਪਨ ਵਿੱਚ ਹਫਤਾ ਭਰ ਗਊ ਮੂਤਰ ਪਿਆਇਆ ਗਿਆ। ਅਸੀਂ ਵਿਲ੍ਹਕਦੇ ਰਹੇ, ਵਿਰੋਧ ਕਰਦੇ ਰਹੇ, ਪਰ ਸਾਡੀ ਕੋਈ ਪੇਸ਼ ਨਾ ਗਈ। ਅਣਪੜ੍ਹ ਬਾਪੂ ਜੀ ਜੋ ਬ੍ਰਾਹਮਣਾਂ ਦਾ ਕੱਟੜ ਭਗਤ ਸੀ, ਉਸ ਨੂੰ “ਪੰਡਿਤ ਜੀ” ਨੇ ਇਹ ਪਵਿੱਤਰ ਦਵਾਈ ਵਰਤਣ ਦੀ ਸਲਾਹ ਦਿੱਤੀ ਸੀ। ਬਿਮਾਰੀ ਹਟਣੀ ਤਾਂ ਕੀ ਸੀ ਸਗੋਂ ਸਾਨੂੰ ਗਿਲਾਨੀ ਕਾਰਨ ਉਲਟੀਆਂ ਲੱਗ ਗਈਆਂ, ਮਰਦੇ ਮਰਦੇ ਮਸੀਂ ਬਚੇ।

ਵਿਸ਼ਨੂੰ ਬਾਰੇ (ਬਾਕੀ ਦੇਵਤਿਆਂ ਦੀ ਜੀਵਨ ਸ਼ੈਲੀ ਵਾਂਗ ਹੀ) ਬੜੇ ਵਜ਼ਨੀ ਗਪੌੜੇ ਲਿਖੇ ਮਿਲਦੇ ਹਨ। ਅਖੇ ਵਿਸ਼ਨੂੰ ਸਮੁੰਦਰ ਵਿੱਚ ਇੱਕ ਹਜਾਰ ਸਿਰਾਂ ਵਾਲੇ ਸੱਪ ਨੂੰ ਗੱਦੇ ਜਾਂ ਬੈੱਡ ਦੇ ਰੂਪ ਵਿੱਚ ਟਿਕਾ ਕੇ ਉੱਪਰ ਆਰਾਮ ਫੁਰਮਾਉਂਦਾ ਹੈ। ਨਾ ਉਹ ਅਣਹੋਇਆ ਸੱਪ ਪਾਣੀ ਵਿੱਚ ਡੁੱਬਦਾ ਹੈ। ਨਾ ਵਿਸ਼ਨੂੰ ਦੇ ਕਦੀ ਡੰਗ ਮਾਰਦਾ ਹੈ। ਨਾ ਉਸ ਨੂੰ ਕੁੱਝ ਖਾਣ ਪੀਣ ਦਾ ਫਿਕਰ ਹੈ। ਵਿਸ਼ਨੂੰ ਲਈ ਭੀ ਕਿਸੇ ਪੰਜ ਤਾਰਾ ਹੋਟਲ ਵਿਚੋਂ ਛੱਤੀ ਪਰਕਾਰ ਦੇ ਭੋਜਨ ਲੈ ਕੇ ਪਰੀਆਂ ਉਡਾਰੀ ਮਾਰ ਕੇ ਪਹੁੰਚ ਜਾਂਦੀਆਂ ਹੋਣਗੀਆਂ। ਕਈਆਂ ਗਰੰਥਾ ਵਿੱਚ ਡੌਂਡੀ ਪਿੱਟੀ ਗਈ ਹੈ ਕਿ ਪਹਿਲਾਂ ਬ੍ਰਹਮਾ ਪੈਦਾ ਹੋਇਆ ਸੀ। ਉਸ ਨੇ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਸੀ। ਕਿਤੇ ਸ਼ਿਵ ਨੂੰ ਸਾਰਿਆਂ ਦਾ ਜਨਮਦਾਤਾ ਲਿਖ ਮਾਰਿਆ। ਇੱਕ ਥਾਵੇਂ ਵੱਡੀ ਮਾਈ ਨੇ ਬਗੈਰ ਮਨੁੱਖ ਦੇ ਸੰਜੋਗ ਤੋਂ ਇਨ੍ਹਾਂ ਤਿੰਨਾਂ ਦੇਵਤਿਆਂ ਨੂੰ ਜੰਮ ਧਰਿਆ ਸੀ। ਇਸ ਕਹਾਣੀ ਵਿੱਚ ਹੋਰ “ਨਵੀਂ ਵਿਗਿਆਨਕ ਖੋਜ” ਕਰ ਲਈ ਹੈ। ਵਿਸ਼ਨੂੰ ਭਗਵਾਨ ਜੀ ਦੀ ਧੁਨੀ ਵਿਚੋਂ ਕੰਵਲ ਫੁੱਲ ਉੱਗ ਪਿਆ। ਵਾਹ ਪਈ ਵਾਹ। ਕਾਸ਼ ਕਿ ਵਿਸ਼ਨੂੰ ਦੀ ਧੁਨੀ ਵਿਚੋਂ ਕਣਕ, ਚੌਲ ਦਾਲਾਂ, ਸਬਜੀਆਂ ਅਤੇ ਫਲ ਪੈਦਾ ਹੋਣ ਲੱਗ ਪੈਂਦੇ। ਇੱਕ ਮੁੱਠ ਅਨਾਜ ਖੁਣੋਂ ਭੁੱਖੇ ਮਰਦੇ ਲੋਕਾਂ ਦਾ ਪੇਟ ਤਾਂ ਭਰ ਜਾਂਦਾ। ਵਿਸ਼ਨੂੰ ਦੇ ਤਹਿ ਦਿਲੋਂ ਸ਼ੁਕਰ ਗੁਜਾਰ ਹੁੰਦੇ। ਹਾਂ ਜੀ! ਤਾਂ ਕੰਵਲ ਫੁੱਲ ਵਿਚੋਂਬ੍ਰਹਮਾ ਜੀ ਛਲਾਂਗਾਂ ਮਾਰਦੇ ਬਾਹਰ ਆ ਗਏ। ਜਨਮ ਲੈਂਦਿਆਂ ਹੀ ਬੱਤਖ ਜਾਂ ਮੁਰਗਾਬੀ ਦੇ ਬੱਚੇ ਵਾਂਗ ਤਰਨਾ ਸਿੱਖ ਗਏ। ਜੇ ਜਨਮ ਲਈ ਮਾਂ ਤੇ ਪਿਓ ਦੀ ਲੋੜ ਨਹੀਂ ਸੀ ਤਾਂ ਪਾਲਣਾ ਕਰਨ ਲਈ ਖੇਚਲ ਕਰਨ ਦੀ ਕੀ ਲੋੜ ਸੀ। ਤੁਰੰਤ ਘਸੀਟ ਕੇ ਵੱਡਾ ਕਰ ਲਿਆ, ਡਿਊਟੀ ਸੰਭਾਲ ਦਿੱਤੀ ਗਈ। ਅੱਗੇ ਵਿਸ਼ਨੂੰ ਨੇ ਹੋਰ ਕੱਦੂ ਵਿੱਚ ਤੀਰ ਕੱਢ ਮਾਰਿਆ। ਅਖੇ ਰੁਦਰ (ਸ਼ਿਵ) ਵਿਸ਼ਨੂੰ ਦਾ ਮੱਥਾ ਫੋੜ ਕੇ ਜੰਮ ਪਿਆ। ਹੈ ਨਾ ਲਾ ਜੁਆਬ ਤਕਨੀਕ। ਲਓ ਇੱਕ ਲਤੀਫਾ ਮੁਲਾਹਿਜਾ ਫਰਮਾਓ: ਇੱਕ ਵਾਰੀ ਇਤਫਾਕ ਨਾਲ ਰੂਸੀ, ਅਮਰੀਕੀ ਤੇ ਭਾਰਤੀ ਤਿੰਨੇ ਇਕੱਠੇ ਚਾਹ ਪੀ ਰਹੇ ਸਨ। ਰੂਸੀ ਬੰਦੇ ਨੇ ਆਪਣੇ ਦੇਸ਼ ਵਿੱਚ ਹੋਈ ਵਿਗਿਆਨਕ ਤਰੱਕੀ ਬਾਰੇ ਦੱਸਿਆ:- ਸਾਡੇ ਦੇਸ ਰੂਸ ਵਿੱਚ ਵਿਗਿਆਨੀਆਂ ਨੇ ਮਨੁੱਖੀ ਸਰੀਰ ਤੋਂ ਇੱਕ ਵਾਲ ਲੈ ਕੇ ਉਸ ਤੇ ਚੂੜੀ ਪਾ ਲੈਣ ਦੀ ਯੋਗਤਾ ਹਾਸਲ ਕਰ ਲਈ ਹੈ। ਅਮਰੀਕੀ ਨੇ ਫੜ੍ਹ ਮਾਰੀ:- ਇਹ ਕੋਈ ਖਾਸ ਗੱਲ ਨਹੀਂ। ਸਾਡੇ ਵਿਗਿਆਨੀਆਂ ਨੇ ਵਾਲ ਦੇ ਅੰਦਰ ਆਰ ਪਾਰ ਸੁਰਾਖ ਪਾ ਲੈਣ ਦੀ ਮੁਹਾਰਤ ਪ੍ਰਾਪਤ ਕਰ ਲਈ ਹੈ। ਭਾਰਤੀ ਕਿਵੇਂ ਪਿੱਛੇ ਰਹਿ ਸਕਦਾ ਸੀ, ਮੌਕਾ ਪਾ ਕੇ ਬੋਲਿਆ:- ਕਿਉਂ ਐਵੇਂ ਡੀਂਗਾਂ ਮਾਰ ਰਹੇ ਹੋ। ਸਾਡੇ ਦੇਸ਼ ਨੇ ਭੀ ਬਹੁਤ ਤਰੱਕੀ ਕੀਤੀ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ, ਕਦੀ ਅਖਬਾਰ ਪੜ੍ਹ ਲਿਆ ਕਰੋ। ਸਾਡੇ ਵਿਗਿਆਨੀਆਂ ਨੇ ਉਸ ਵਾਲ ਤੇ “ਮੇਡ ਇਨ ਇੰਡੀਆ” (ਭਾਰਤ ਵਿੱਚ ਬਣਿਆ) ਲਿਖ ਕੇ ਬਾਜੀ ਮਾਰ ਲਈ ਹੈ। ਯੋਰਪੀਨ ਵਿਗਿਆਨੀਆਂ ਨੇ ਬੜੀਆਂ ਮੱਲਾਂ ਮਾਰੀਆਂ ਹਨ, ਪਰ ਬ੍ਰਹਮੇ ਵਿਸ਼ਨੂੰ ਤੇ ਸ਼ਿਵ ਦਾ ਮੁਕਾਬਲਾ ਲੱਖਾਂ ਜਨਮਾਂ ਤੱਕ ਨਹੀਂ ਕਰ ਸਕਣਗੇ। ਪੌਰਾਣਕ ਕਥਾਵਾਂ ਵਿਚਲੇ ਪਾਤਰਾਂ ਵਰਗੇ ਪਾਤਰ ਪੈਦਾ ਨਹੀਂ ਕਰ ਸਕਣਗੇ। ਹਾਂ ਇੱਧਰੋਂ ਬ੍ਰਾਹਮਣਾਂ ਦੇ ਕੁੱਝ ਟੋਲੇ ਲਿਜਾ ਕੇ ਉੱਧਰ ਬਸਾਓ। ਸਾਰੀਆਂ ਸੁੱਖ ਸਹੂਲਤਾਂ ਦਿਓ। ਸੋਮ ਰਸ ਪਿਆਓ, ਪਰੀਆਂ ਦੇ ਨਾਚ ਕਰਾਓ, ਸ਼ਾਇਦ ਫਿਰ ਤੀਜਾ ਨੇਤਰ ਖੋਹਲ ਕੇ ਕੋਈ ਨਵਾਂ ਗਰੰਥ ਰਚ ਕੇ “ਸੰਸਾਰ ਨੂੰ ਨਵਾਂ ਚਾਨਣ ਬਖ਼ਸ਼ ਦੇਣ”।

ਦੁਨੀਆ ਨੂੰ ਪਤਾ ਹੈ ਕਿ ਗੰਗਾ ਨਦੀ ਹਿਮਾਲਾ ਦੇ ਗੋਮੁੱਖ ਚਸ਼ਮੇਂ ਤੋਂ ਨਿਕਲਦੀ ਹੈ। ਹਿੰਦੂ ਗਰੰਥ ਪੂਰੀ ਖੋਜ ਕਰਕੇ ਸੱਚਾਈ ਲੋਕਾਂ ਅੱਗੇ ਰੱਖਦੇ ਹਨ। “ਧਰਮ ਨਾਲ” ਇਹ ਗੰਗਾ ਪਹਿਲਾਂ ਬ੍ਰਹਮਾ ਦੇ ਕਮੰਡਲ ਵਿੱਚ ਲੁਕ ਗਈ ਸੀ। ਫਿਰ ਸ਼ਿਵ ਦੀਆਂ ਜਟਾਵਾਂ ਵਿੱਚ ਲੁਕਣ ਮੀਟੀ ਖੇਢਦੀ ਰਹੀ। ਬਾਦ ਵਿੱਚ ਪ੍ਰੋਗਰਾਮ ਬਦਲ ਲਿਆ ਵਿਸ਼ਨੂੰ ਜੀ ਦੇ ਪੈਰ ਦੇ ਅੰਗੂਠੇ ਵਿੱਚ “ਨਿਕਲ ਚੱਲੀ”। ਵਿਸ਼ਨੂੰ ਪੂਰਾ ਮਹਿਲ ਬਣਵਾ ਕੇ ਸਮੁੰਦਰ ਵਿੱਚ ਰਹਿੰਦਾ ਸੀ ਪ੍ਰਵਾਰ ਸਮੇਤ। ਮਾਇਆ ਦੀ ਦੇਵੀ ਲੱਛਮੀ ਇਸ ਦੀ ਪਤਨੀ, ਉਹ ਭੀ ਕੰਵਲ ਫੁੱਲ ਤੇ ਆਰਾਮ ਫੁਰਮਾਉਂਦੀ ਸੀ। ਜਦੋਂ ਕਦੀ ਸਮੁੰਦਰ ਵਿਚੋਂ ਬਾਹਰ ਆਉਣਾ ਪੈਂਦਾ ਸੀ, ਦੋਵੇਂ ਪਤੀ ਪਤਨੀ ਗਰੁੜ ਤੇ ਸਵਾਰ ਹੋ ਕੇ ਉਡਾਰੀ ਮਾਰ ਜਾਂਦੇ ਸਨ। ਵਿਚਾਰਾ ਗਰੁੜ ਤਿੰਨ ਕੁ ਸੌ ਗ੍ਰਾਮ ਦਾ ਪੰਛੀ, “ਅਵਤਾਰੀ ਸ਼ਕਤੀ” ਨਾਲ ਡੇਢ ਕੁਇੰਟਲ ਵਜ਼ਨ ਚੁੱਕ ਕੇ ਰਾਕਟ ਦੀ ਸਪੀਡ ਨਾਲ ਉੱਡ ਜਾਂਦਾ ਸੀ। ਵਿਸ਼ਨੂੰ ਦੇ ਬਾਹਵਾਂ ਭੀ ਚਾਰ ਹਨ, ਵੱਖੋ ਵੱਖਰਾ ਸਾਮਾਨ ਹੱਥਾਂ ਵਿੱਚ ਫੜਕੇ ਰੱਖਦਾ ਸੀ। ਅਤੀ ਸ਼ਕਤੀਸ਼ਾਲੀ ਐਰਾਵਤ ਹਾਥੀ ਭੀ ਇਸ ਦੀ ਸਵਾਰੀ ਵਾਸਤੇ ਤਿਆਰ ਰੱਖਿਆ ਜਾਂਦਾ ਸੀ। ਜਿਥੇ ਵਿਸ਼ਨੂੰ ਦਾ ਸਦੀਵੀਂ ਨਿਵਾਸ ਸੀ ਉਸ ਨੂੰ ਬੈਕੁੰਠ ਕਹਿੰਦੇ ਹਨ।

ਉੱਪਰ ਵਿਸ਼ਨੂੰ ਦੀਆਂ ਅਲੋਕਿਕ ਤੇ ਪਰਾਭੌਤਿਕ ਸ਼ਕਤੀਆਂ ਦਾ ਵਰਨਣ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਅਵਤਾਰੀ ਤਾਕਤਾਂ ਨੂੰ ਇੱਕ ਬ੍ਰਾਹਮਣ ਭ੍ਰਿਗੂ, ਅੱਖ ਦੇ ਪਲਕਾਰੇ ਵਿੱਚ “ਸਪੁਰਦੇ ਖਾਕ” ਕਰ ਸਕਦਾ ਸੀ। ਪੂਰੇ ਸੁੱਖਮਈ ਛਿਣਾਂ ਵਿੱਚ ਭ੍ਰਿਗੂ ਨੇ ਛਾਤੀ ਵਿੱਚ ਲੱਤ ਕੱਢ ਮਾਰੀ ਸੀ। ਉਸ ਦੀ ਹਿੰਮਤ ਨਹੀਂ ਪਈ ਕਿ ਬ੍ਰਾਹਮਣ ਨੂੰ ਕੌੜਾ ਬਚਨ ਭੀ ਬੋਲ ਸਕੇ। ਹਾਂ ਬ੍ਰਹਮਣ ਹਰ ਇੱਕ ਅਵਤਾਰ ਨੂੰ ਸਰਾਪ ਦੇ ਕੇ, ਹਜਾਰਾਂ ਜਨਮਾਂ ਤੱਕ ਤੜਪਾ ਸਕਦਾ ਹੈ, ਰੁਆ ਸਕਦਾ ਹੈ। ਛਾਤੀ ਵਿੱਚ ਵੱਜੀ ਲੱਤ ਨੇ ਬੈੱਡ ਤੋਂ ਹੇਠਾਂ ਭੀ ਸੁੱਟਿਆ ਤੇ ਬ੍ਰਾਹਮਣ ਦੇ ਚਰਨਾਂ ਦਾ ਪੱਕਾ ਨਿਸ਼ਾਨ ਭੀ ਛਪ ਗਿਆ। ਅਗਲੇ ਰਾਮ ਚੰਦਰ ਵਾਲੇ ਜਨਮ ਵਿੱਚ ਭੀ ਇਹ “ਪੈਰ ਛਾਪਾ” ਨਾਲ ਹੀ ਜਨਮਿਆ ਸੀ। ਕੋਈ ਅਵਤਾਰ, ਨਹੀਂ ਨਹੀਂ ਸਾਰੇ ਅਵਤਾਰ ਰਲਕੇ ਭੀ ਇੱਕ ਬ੍ਰਾਹਮਣ ਦਾ ਵਾਲ ਵਿੰਗਾ ਨਹੀਂ ਕਰ ਸਕਦੇ, ਸਰਾਪ ਨਹੀਂ ਦੇ ਸਕਦੇ। ਵਿਸ਼ਨੂੰ ਬੜਾ ਤਾਕਤਵਰ ਬਹੁਤ ਕਰਾਮਾਤੀ ਸੀ, ਪਰ ਬ੍ਰਾਹਮਣ ਅੱਗੇ ਬੇਬਸ ਸੀ।

ਜਲੰਧਰ ਨਾਮੀਂ ਇੱਕ ਬਹੁਤ ਤਾਕਤ ਵਰ ਰਾਜਾ ਸੀ। ਉਹ ਕਿਸੇ ਤੋਂ ਜੰਗ ਵਿੱਚ ਹਾਰਦਾ ਨਹੀਂ ਸੀ। (ਪੌਰਾਣਕ ਕਥਾ ਮੁਤਾਬਕ) ਇੱਕ ਪਾਸੇ ਬਹਤੁ ਸਾਰੇ ਸੂਰਮੇ ਉਸ ਨਾਲ ਲੜ ਰਹੇ ਸਨ। ਉਸ ਨੂੰ ਵਰ ਮਿਲਿਆ ਹੋਇਆ ਸੀ ਕਿ ਜਦੋਂ ਤੱਕ ਤੇਰੀ ਪਤਨੀ ਵ੍ਰਿੰਦਾ ਪਤੀ ਵਰਤ ਧਰਮ ਵਿੱਚ ਕਾਇਮ ਰਹੇਗੀ, ਉਦੋਂ ਤੱਕ ਤੁੰ ਹਾਰੇਂਗਾ ਨਹੀਂ। ਇੰਦਰ ਦਾ ਤਖਤ ਹਿੱਲ ਗਿਆ। ਸ਼ਿਵ ਨੂੰ ਭੂਤਾਂ ਦੀ ਫੌਜ ਸਮੇਤ ਜੰਗ ਵਿੱਚ ਕੁੱਦਣਾ ਪਿਆ। ਅਜੇ ਭੀ ਕੀ ਪਤਾ ਜਲੰਧਰ ਰਾਜਾ ਹਾਰੇ ਕਿ ਨਾ? ਜਿੱਤ ਪੱਕੀ ਕਰਨ ਦੀ ਜਿੰਮੇਵਾਰੀ ਵਿਸ਼ਨੂੰ ਨੇ ਆਪਣੇ ਸਿਰ ਲੈ ਲਈ। ਰਾਜੇ ਜਲੰਧਰ ਦਾ ਰੂਪ ਧਾਰ ਕੇ ਵ੍ਰਿੰਦਾ ਕੋਲ ਜਾ ਪਹੁੰਚਿਆ ਤੇ ਉਸ ਨਾਲ ਕੁਕਰਮ ਕੀਤਾ। ਵ੍ਰਿੰਦਾ ਦਾ ਸਤੀਤਵ ਖਤਮ ਹੋਣ ਦੀ ਦੇਰ ਸੀ ਕਿ ਉਸਦਾ ਪਤੀ ਜੰਗ ਵਿੱਚ ਮਾਰਿਆ ਗਿਆ। ਇੱਧਰ ਵ੍ਰਿੰਦਾ ਨੂੰ ਭੀ ਪਤਾ ਚੱਲ ਗਿਆ ਕਿ ਇਹ ਮੇਰਾ ਪਤੀ ਨਹੀਂ ਹੈ। ਉਸ ਨੇ ਸਰਾਪ ਦਿੱਤਾ “ਹੇ ਪਾਪੀ ਧੋਖੇਬਾਜ ਵਿਸ਼ਨੂੰ ਤੂੰ ਪੱਥਰ ਬਣ ਜਾਵੇਂ”। ਵਿਸ਼ਨੂੰ ਨੇ ਮੋੜਵਾਂ ਸਰਾਪ ਦਿੱਤਾ - “ਪਿਆਰੀ ਵ੍ਰਿੰਦਾ ਇਸ ਜਨਮ ਵਿੱਚ ਤੇਰਾ ਮੇਰਾ ਪਿਅਰ ਨਿਭਿਆ ਨਹੀਂ, ਤੂੰ ਅਗਲੇ ਜਨਮ ਵਿੱਚ ਤੁਲਸੀ ਬਣੇਂਗੀ, ਮੈਂ ਠਾਕੁਰ (ਪੱਥਰ ਦਾ ਗੋਲ ਗੀਟਾ) ਬਣਾਂਗਾ। ਸਾਡਾ ਵਿਆਹ ਹੋਇਆ ਕਰੇਗਾ। ਜਨਮਾਂ ਜਨਮਾਂ ਤੱਕ ਅਸੀਂ ਰੰਗ ਰਲੀਆਂ ਮਨਾਉਂਦੇ ਰਹਾਂਗੇ”। ਬ੍ਰਾਹਮਣਾਂ ਦੇ ਦੁਸ਼ਟ ਭਾਵਨਾ ਵਾਲੇ ਪ੍ਰਚਾਰ ਸਦਕਾ ਜਿਨ੍ਹਾਂ ਦੇ ਘਰ ਬੇਟੀ ਨਹੀਂ ਹੁੰਦੀ, ਉਨ੍ਹਾਂ ਨੂੰ “ਪਰਉਪਕਾਰ ਦੀ ਮੂਰਤੀ” ਪੰਡਿਤ ਜੀ ਨੇਕ ਸਲਾਹ ਦਿੰਦੇ ਹਨ- “ਜਜਮਾਨ ਜੀ! ਸਭ ਤੋਂ ਸ੍ਰੇਸ਼ਟ ਤਾਂ ਕੰਨਿਆ ਦਾਨ ਹੈ, ਤੁਹਾਡੇ ਘਰ ਬੇਟੀ ਨਹੀਂ ਹੈ। ਕੰਨਿਆ ਦਾਨ ਵਾਲਾ ਮਹਾਂ ਪੁੰਨ ਕਿਵੇਂ ਪ੍ਰਾਪਤ ਹੋਵੇਗਾ”? ਜਜਮਾਨ - “ਹਾਂ ਪਡਿਤ ਜੀ, ਸੋਚ ਤਾਂ ਮੈਂ ਭੀ ਰਿਹਾ ਸੀ ਪਰ ਕੀ ਕੀਤਾ ਜਾਵੇ, ਬੇਟੀ ਤਾਂ ਹੈ ਨਹੀਂ”?

ਬ੍ਰਾਹਮਣ - “ਇਉਂ ਕਰੋ ਤੁਲਸੀ ਦਾ ਬੂਟਾ ਘਰ ਵਿੱਚ ਲਾਓ, ਧੀਆਂ ਵਾਂਗ ਪਾਲੋ ਸੰਭਾਲੋ। ਕੁੱਝ ਸਮੇਂ ਬਾਦ ਠਾਕੁਰ ਨਾਲ ਵਿਆਹ ਕਰ ਦੇਣਾ। ਕੰਨਿਆ ਦਾਨ ਦਾ ਹੀ ਫਲ ਮਿਲੇਗਾ”। ਇਸ ਨਸੀਅਤ ਤੋਂ ਬਾਦ ਅਣਜਾਣ ਵਿਅਕਤੀ ਤੁਲਸੀ ਦਾ ਬੂਟਾ ਲਿਆਕੇ ਪਾਲਦਾ ਹੈ। ਬੇਟੀ ਦੇ ਵਿਆਹ ਵਾਂਗ ਸਾਰੀਆਂ ਰਸਮਾਂ ਪੂਰੀਆਂ ਕਰਦਾ ਹੈ। ਪੁਰੋਹਿਤ (ਬ੍ਰਾਹਮਣ) ਬਰਾਤ ਲੈ ਕੇ ਜਜਮਾਨ ਦੇ ਘਰ “ਠਾਕਰ ਲਾੜੇ” (ਗੋਲ ਜਿਹਾ ਪੱਥਰ) ਸਮੇਤ ਪਹੁੰਚਦਾ ਹੈ। “ਤੁਲਸੀ ਬੇਟੀ” ਨੂੰ ਗਹਿਣੇ ਪਾਏ ਜਾਂਦੇ ਹਨ, ਸਾੜੀ ਲਾਈ ਜਾਂਦੀ ਹੈ, ਬਹੁਤ ਸਾਰਾ ਦਹੇਜ ਦਿੱਤਾ ਜਾਂਦਾ ਹੈ। ਬਾਰਾਤ ਦੀ ਰੱਜਵੀਂ ਸੇਵਾ ਕੀਤੀ ਜਾਂਦੀ ਹੈ। ਦਾਜ ਨਾਲ ਲੁਟੇਰੇ ਪੁਜਾਰੀ ਦਾ ਘਰ ਭਰ ਜਾਂਦਾ ਹੈ। “ਬੇਟੀ ਤੁਲਸੀ” ਕਿਸੇ ਖੂੰਜੇ ਵਿੱਚ ਰੱਖ ਦਿੱਤੀ ਜਾਂਦੀ ਹੈ, ਜੋ ਕੁੱਝ ਦਿਨਾ ਮਗਰੋਂ ਦਮ ਤੋੜ (ਸੁੱਕ) ਜਾਂਦੀ ਹੈ। ਬੇਟਾ ਠਾਕਰ (ਪੱਥਰ) ਸਦਾ ਅਮਰ ਰਹਿੰਦਾ ਹੈ, ਕਿਸੇ ਹੋਰ ਦਾ ਬਾਰ ਬਾਰ ਘਰ ਲੁੱਟਣ ਲਈ। ਪਰਚਾਰਿਆ ਇਹੀ ਜਾਂਦਾ ਹੈ ਕਿ ਆਹ ਪੱਥਰ ਤੇ ਤੁਲਸੀ ਪਿਛਲੇ ਜਨਮ ਵਾਲੇ ਵਿਸ਼ਨੂੰ ਅਤੇ ਵ੍ਰਿੰਦਾ ਹਨ ਜੋ ਪਿਛਲੇ ਜਨਮ ਵਾਲੇ ਸਰਾਪ ਨੂੰ ਪੂਰਾ ਕਰਨ ਆਏ ਹਨ।

ਬਿਸਵ ਦਾ ਦੀਪਕੁ ਸਵਾਮੀ ਤਾ ਚੇ ਰੇ ਸੁਆਰਥੀ।।

ਪੰਖੀ ਰਾਇ ਗਰੁੜ ਤਾ ਚੇ ਬਾਧਵਾ।।

ਕਰਮ ਕਰਿ ਅਰੁਣ ਪਿੰਗਲਾ ਰੀ।। (695)

ਭਗਤ ਤ੍ਰਿਲੋਚਨ ਜੀ ਮਤ ਦੇ ਰਹੇ ਹਨ। ਹੇ ਭਾਈ! ਸੂਰਜ ਦਾ ਦੀਵਾ ਖੁਦ ਇੱਕ ਦੇਵਤਾ ਮੰਨਿਆ ਗਿਆ ਹੈ। ਸੂਰਜ ਜਿਸ ਰਥ ਪੁਰ ਬੈਠ ਦੇ ਸਫਰ ਕਰਦਾ ਹੈ, ਉਸ ਰਥ ਦਾ ਰਥਵਾਹੀ ਹੱਥਾਂ ਪੈਰਾਂ ਬਾਹਰਾ ਪਿੰਗਲਾ ਹੈ। ਰਥਵਾਹੀ ਅਰੁਣ ਨੇ ਬਚਪਨ ਵਿੱਚ ਇੱਕ ਨਿੱਕਾ ਜੀਵ ਬੀਂਡਾ ਫੜ ਕੇ ਉਸ ਦੇ ਪੈਰ ਤੋੜ ਦਿੱਤੇ ਸਨ। ਬੀਂਡੇ ਦੇ ਸਰੀਰ ਵਿੱਚ ਸੂਲ ਖੋਭ ਦਿੱਤੀ ਸੀ। ਉਸ ਦੇ ਸਰਾਪ ਕਾਰਨ ਅਰੁਣ ਪਿੰਗਲਾ ਹੋ ਗਿਆ ਸੀ। ਹੁਣ ਜ਼ਰਾ ਸੋਚੋ! ਅਰੁਣ ਦੇ ਪਾਪ ਨੂੰ ਸੂਰਜ ਦੇਵਤਾ ਨਹੀਂ ਹਟਾ ਸਕਿਆ। ਅਰੁਣ ਤੇ ਗਰੁੜ ਜੋ ਵਿਸ਼ਨੂੰ ਦੀ ਸਵਰੀ ਦੇ ਕੰਮ ਆਉਂਦਾ ਸੀ ਦੋਵੇਂ ਭਰਾ ਸਨ। ਆਪਣੇ ਮਾਲਕ ਵੱਡੇ ਦੇਵਤੇ ਵਿਸ਼ਨੂੰ ਅੱਗੇ ਬੇਨਤੀ ਕਰਕੇ ਗਰੁੜ ਆਪਣੇ ਭਰਾ ਦਾ ਪਿੰਗਲਾ ਪਣ ਦੂਰ ਨਹੀਂ ਕਰਵਾ ਸਕਿਆ। ਦੋ ਵੱਡੇ ਦੇਵਤੇ ਹੋਣ ਇੰਨੇ ਨੇੜੇ ਫਿਰ ਭੀ ਸਰਾਪ ਕਾਰਨ ਹੋਇਆ ਪਿੰਗਲਾਪੁਣਾ ਦੂਰ ਨਾ ਹੋਵੇ? ਧਿਕਾਰ ਹੈ ਅਜਿਹੀ ਰਿਸ਼ਤੇਦਾਰੀ ਤੇ।

ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ।।

ਕਹੈ ਨਾਨਕੁ ਛਪੇ ਕਿਉ ਛਪਿਆ ਏਕੀ ਏਕੀ ਵੰਡਿ ਦੀਆ।। (350)

(ਪੁਰਾਣਕ ਕਥਾ ਹੈ) ਹੇ ਭਾਈ! ਦੁੱਧ ਦਾ ਸਮੁੰਦਰ ਜੋ ਦੈਂਤਾਂ ਅਤੇ ਦੇਵਤਿਆਂ ਨੇ ਰਲਕੇ ਰਿੜਕਿਆ। ਉਸ ਵਿਚੋਂ ਬੜੇ ਕੀਮਤੀ ਚੌਦਾਂ ਰਤਨ ਨਿਕਲੇ। ਦੈਂਤਾਂ ਤੇ ਦੇਵਤਿਆਂ ਦੀ ਵੰਡ ਕਾਰਨ ਲੜਾਈ ਹੋ ਗਈ। ਹਰ ਕੋਈ ਆਖੇ “ਮੈਨੂੰ ਚਾਹੀਦਾ ਹੈ, ਮੈਂ ਲਵਾਂਗਾ”। ਲੜਾਈ ਵਧਦੀ ਹੀ ਚਲੀ ਗਈ। ਇਨ੍ਹਾਂ ਲੜਾਕਿਆਂ ਦੇ ਵਿਚਕਾਰ ਅਤੀ ਸੁੰਦਰ, ਜਵਾਨ, ਸ਼ਹਿਦ ਵਰਗੇ ਮਿੱਠੇ ਬੋਲਾਂ ਵਾਲੀ ਔਰਤ ਪ੍ਰਗਟ ਹੋ ਗਈ। ਸਾਰਿਆਂ ਦਾ ਧਿਆਨ ਉਸ ਵੱਲ ਹੋ ਗਿਆ। ਉਸ “ਮਨਮੋਹਣੀ” ਅਵਤਾਰ ਨੇ ਸਾਰਿਆਂ ਨੂੰ ਪੁੱਛਿਆ - ਮੇਰਾ ਤੁਹਾਡੇ ਨਾਲ ਕੋਈ ਵੈਰ ਨਹੀਂ ਹੈ। ਕੋਈ ਮੇਰਾ ਸਕਾ ਸਬੰਧੀ ਨਹੀਂ ਹੈ। ਜੇ ਕਹੋ ਤਾਂ ਮੈਂ ਸਾਰਿਆਂ ਨੂੰ ਇਹ ਪਦਾਰਥ ਠੀਕ ਤਰੀਕੇ ਵੰਡ ਸਕਦੀ ਹਾਂ”। ਸਾਰਿਆਂ ਨੇ ਸਹਿਮਤੀ ਦੇ ਦਿੱਤੀ। ਪਰ ਮੋਹਣੀ ਹੋਰ ਕੋਈ ਨਹੀਂ, ਬਲਕਿ ਧੋਖੇਬਾਜ ਵਿਸ਼ਨੂੰ ਸੀ ਜੋ ਤੀਵੀਂ ਬਣ ਕੇ ਠੱਗੀ ਮਾਰ ਗਿਆ ਸੀ। ਪੁਰਾਣ ਕਥਾ ਮੁਤਾਬਕ ਸਮੁੰਦਰ ਵਿਚੋਂ ਇਹ ਚੌਦਾਂ ਰਤਨ ਨਿਕਲੇ ਸਨ - ਉਚੈ ਸ੍ਰਵਾ-ਘੋੜਾ, ਕਾਮਧੇਨ-ਗਾਂ, ਕਲਪ ਬਿਰਖ-ਇੱਕ ਰੁੱਖ, ਰੰਭਾ ਅਪਸਰਾ- ਸੋਹਣੀ ਤੀਵੀਂ, ਲੱਛਮੀ- ਇੱਕ ਹੋਰ ਸੋਹਣੀ ਜਨਾਨੀ, ਅੰਮ੍ਰਿਤ-ਅਮਰ ਔਸ਼ਧੀ, ਕਾਲਕੂਟ-ਜ਼ਹਿਰ, ਸੁਰ੍ਹਾ-ਸ਼ਰਾਬ, ਚੰਦਰਮਾ, ਧਨੰਤਰ-ਵੈਦ, ਪੰਚਜਨਯ-ਸੰਖ, ਸਾਰੰਗ-ਇੱਕ ਧਨੁਸ਼ਬਾਣ, ਐਰਾਵਤ-ਹਾਥੀ ਤੇ ਇੱਕ ਕੀਮਤੀ ਮਣੀ। ਇਨ੍ਹਾਂ ਦੀ ਵੰਡ ਤੀਵੀਂ ਬਣੇ ਵਿਸ਼ਨੂੰ ਨੇ ਬੜੀ ਬਦਨੀਤੀ ਨਾਲ ਕੀਤੀ। ਭਾਵ “ਅਖੌਤੀ ਭਗਵਾਨ, ਸੰਪੂਰਣ ਬੇਈਮਾਨ” ਨਿਕਲਿਆ। ਵਿਸ਼ਨੂੰ ਨੇ ਆਪਣੇ ਲਈ ਰੱਖੇ -ਮਣੀ, ਲੱਛਮੀ, ਪਾਰਜਾਤ ਰੁੱਖ, ਜੇਤੂ ਸੰਖ, ਧਨੁਸ਼ਬਾਣ। ਆਪਣੇ ਭਰਾ ਇੰਦਰ ਨੂੰ ਇਹ ਚੀਜ਼ਾਂ ਦਿੱਤੀਆਂ - ਕਾਮਧੇਨ, ਐਰਾਵਤ ਹਾਥੀ, ਤੇ ਅਪਸਰਾ (ਸੋਹਣੀ ਤੀਵੀਂ) ਸ਼ਿਵ ਨੂੰ ਦਿੱਤੀਆਂ - ਚੰਦਰਮਾ, ਤੇ ਜ਼ਹਿਰ। ਸੂਰਜ ਨੂੰ ਘੋੜਾ ਦਿੱਤਾ। ਦੇਵਤਿਆਂ ਨੇ ਸਾਂਝੇ ਤੌਰ ਤੇ ਅੰਮ੍ਰਿਤ ਲੈ ਲਿਆ। ਦੈਂਤਾਂ ਨੂੰ ਸ਼ਰਾਬ ਦੇ ਦਿੱਤੀ ਗਈ। ਇੱਕ ਧਨੰਤਰੀ ਵੈਦ ਭੀ ਸਾਰੀਆਂ ਦਵਾਈਆਂ ਲੈ ਕੇ ਸਮੁੰਦਰ ਵਿਚੋਂ ਹੀ ਨਿਕਲਿਆ ਸੀ। ਉਹ ਭੀ ਦੇਵਤਿਆਂ ਨੇ ਸਾਂਭ ਲਿਆ। ਬੇਅੰਤ ਮੁਸ਼ੱਕਤ ਕਰਕੇ ਭੀ ਰਾਖਸ਼ਾਂ ਨੂੰ ਸ਼ਰਾਬ ਮਿਲੀ। ਭਗਵਾਨ ਜੀ ਨੂੰ ਭਾਵੇਂ ਸਾਰਿਆਂ ਦੀ “ਰੰਨ”ਬਣਨਾ ਪਿਆ, ਪਰ ਰਾਖਸ਼ਾਂ ਨੂੰ ਲੁੱਟ ਕੇ ਪੁੱਟ ਕੇ ਲੈ ਗਈ ਸ਼ਰਾਬ ਪਿਆ ਕੇ “ਰੂਪ ਦਾ ਜਲਵਾ” ਵਿਖਾ ਕੇ। ਇਹ ਸੀ ਅਖੌਤੀ ਭਗਵਾਨ ਵਿਸ਼ਨੂੰ ਜੀ ਦਾ ਮਹਾਨ ਪਰਉਪਕਾਰ। ਭਾਈ ਗੁਰਦਾਸ ਜੀ ਤੋਂ ਪੁੱਛੀਏ:-

ਦਸ ਅਵਤਾਰੀ ਬਿਸਨ ਹੋਇ, ਵੈਰ ਵਿਰੋਧ ਜੋਧ ਲੜਵਾਏ।।

ਦੇਵ ਦਾਨਵ ਕਰਿ ਦੁਇ ਧੜੇ, ਦੈਤ ਹਰਾਏ ਦੇਵ ਜਿਣਾਏ।।

ਮਛ ਕਛ ਵੈਰਾਹ ਰੂਪ ਨਰ ਸਿੰਘ ਬਾਵਨ ਬੌਧ ਉਪਾਏ।।

ਪਰਸ ਰਾਮੁ ਰਾਮ ਕ੍ਰਿਸ਼ਨੁ ਹੋਇ, ਕਿਲਕ ਕਲੰਕੀ ਨਾਉ ਗਣਾਏ।।

ਚੰਚਲ ਚਲਿਤ ਪਖੰਡ ਬਹੁ ਵਲ ਛਲ ਕਰਿ ਪਰਪੰਚ ਵਧਾਏ।।

ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰਭਉ ਨਿਰੰਕਾਰੁ ਨਾ ਦਿਖਾਏ।।

ਖਤ੍ਰੀ ਮਾਰਿ ਸੰਘਾਰੁ ਕਰਿ, ਰਾਮਾਯਣ ਮਹਾਭਾਰਤ ਭਾਏ।।

ਕਾਮ ਕਰੋਧੁ ਨ ਮਾਰਿਓ ਲੋਭੁ ਮੋਹੁ ਅਹੰਕਾਰ ਨ ਜਾਏ।।

ਸਾਧ ਸੰਗਤਿ ਵਿਣੁ ਜਨਮੁ ਗਵਾਏ।। (ਭਾ. ਗੁ. ਵਾਰ-39-15)

ਇਸ ਇੱਕੋ ਪਾਉੜੀ ਵਿੱਚ ਭਾਈ ਗੁਰਦਾਸ ਬਹੁਤ ਸਾਰਾ ਪੌਰਾਣਕ ਗਿਆਨ ਸਾਡੇ ਸਨਮੁੱਖ ਰੱਖ ਰਹੇ ਹਨ ਅਤੇ ਨਿਰਣੇ ਦੇ ਕੇ ਸਿੱਧੇ ਪਰਮੇਸ਼ਰ ਨਾਲ ਮਿਲਾਪ ਕਰਵਾ ਰਹੇ ਹਨ। ਹੇ ਭਾਈ! ਵਿਸ਼ਨੂੰ ਦੇ ਦਸ ਅਵਤਾਰ ਹੋਏ ਆਖੀਦੇ ਹਨ। ਉਨ੍ਹਾਂ ਦਸਾਂ ਨੇ ਧਰਤੀ ਪੁਰ ਆ ਕੇ ਕੀ ਕੀਤਾ? ਥਾਂ ਪੁਰ ਥਾਂ ਵੈਰ ਪਵਾਏ, ਬਿਨਾਂ ਵਜਹ ਲੋਕਾਂ ਨੂੰ ਲੜਾ ਕੇ ਮਰਵਾਇਆ। ਦੇਵਤਿਆਂ ਅਤੇ ਦੈਂਤਾਂ ਦੇ ਦੋ ਧੜੇ ਬਣਾ ਦਿੱਤੇ, ਜਦੋ ਕਿ ਮਨੁੱਖਤਾ ਸਾਰੀ ਇੱਕੋ ਜਿਹੀ ਹੈ। ਜੋ ਰੱਬੀ ਅਵਤਾਰ ਹੁੰਦਾ ਹੈ, ਉਹ ਧੜਿਆਂ ਦਾ ਸ਼ਿਕਾਰ ਨਹੀਂ ਹੁੰਦਾ, ਸਾਰਿਆਂ ਲਈ ਬਰਾਬਰ ਹੁੰਦਾ ਹੈ। ਇੱਥੇ ਵਿਸ਼ਨੂੰ ਨੇ ਆਪਣੀ ਧਾਰਮਕਤਾ ਨੇੜੇ ਤੇੜੇ ਨਹੀਂ ਫਟਕਣ ਦਿੱਤੀ। ਦੇਵਤਿਆਂ ਦਾ ਪੱਖ ਪੂਰਿਆ ਤੇ ਦੈਂਤਾਂ ਦਾ ਘਾਣ ਕੀਤਾ, ਸਰਬਨਾਸ਼ ਕਰਵਾ ਦਿੱਤਾ। ਕੀ ਇਹੀ ਧਰਮ ਕਰਮ ਹੈ? ਵਿਸ਼ਨੂੰ ਕਦੀ ਮੱਛ ਅਵਤਾਰ ਬਣ ਗਿਆ, ਕਦੀ ਕੱਛੂ ਕੁੰਮਾ ਬਣ ਗਿਆ, ਨਰ ਸਿੰਘ ਵਰਗੀ ਅਜੀਬ ਸ਼ਕਲ ਭੀ ਇਸ ਨੂੰ ਧਾਰਨੀ ਪਈ। ਕਦੀ ਬਲਿ ਰਾਜੇ ਨੂੰ ਬਰਬਾਦ ਕਰਨ ਵਾਸਤੇ ਬੌਣਾ ਜਿਹਾ ਬਣਕੇ ਜਾ ਠੱਗੀ ਲਾਈ। ਕਹਿੰਦੇ ਨੇ ਪਰਸੁਰਾਮ ਭੀ ਇਹੀ ਵਿਸ਼ਨੂੰ ਬਣਿਆ ਸੀ। ਇਸ ਨੇ ਖੱਤਰੀਆਂ ਦੀਆਂ ਇੱਕੀ ਕੁਲਾਂ ਦਾ ਖਾਤਮਾ ਕੀਤਾ। ਉਨ੍ਹਾਂ ਦੀਆਂ ਵਿਧਵਾ ਇਸਤਰੀਆਂ ਤੇ ਬੇਟੀਆਂ ਨਾਲ ਬਲਾਤਕਾਰ ਕਰਦਾ ਰਿਹਾ। ਇਹੀ ਸਨ ਧਰਮ ਕਾਰਜ? ਇਹੀ ਵਿਸ਼ਨੂੰ ਰਾਮ ਚੰਦਰ ਦਾ ਅਵਤਾਰ ਧਾਰਕੇ ਪਤਨੀ ਸੀਤਾ ਕਾਰਨ ਵਿਲ੍ਹਕਦਾ ਰੋਂਦਾ ਰਿਹਾ। ਰਾਵਣ ਦੀ ਘੁੱਗ ਵੱਸਦੀ ਪਰਜਾ ਨੂੰ ਬਰਬਾਦ ਕਰਕੇ ਰੱਖ ਦਿੱਤਾ। ਇਸੇ ਵਿਸ਼ਨੂੰ ਦੇ ਅੱਠਵੇਂ ਅਵਤਾਰ ਨੇ ਕ੍ਰਿਸ਼ਨ ਦਾ ਸਰੀਰ ਧਾਰਨ ਕਰਕੇ ਮਹਾਂਭਾਰਤ ਦਾ ਯੁੱਧ ਕਰਵਾਇਆ, ਅਣਗਿਣਤ ਲੋਕ ਮੌਤ ਦਾ ਖਾਜਾ ਬਣੇ। ਕ੍ਰਿਸ਼ਨ ਖੁਦ ਗੋਪੀਆਂ ਨਾਲ ਕਲੋਲਾਂ ਕਰਦਾ ਰਿਹਾ, ਰੰਗ ਰਲੀਆਂ ਮਨਾਉਂਦਾ ਰਿਹਾ। ਕਦੀ ਕਹਿ ਦਿੱਤਾ ਜਾਂਦਾ ਹੈ ਕਿ ਹਾਲੀ ਵਿਸ਼ਨੂੰ ਨੇ ਨਿਹਕਲੰਕ ਅਵਤਾਰ ਲੈ ਕੇ ਜੰਮਣਾ ਹੈ। ਹਰ ਥਾਵੇਂ ਇਸ “ਭਗਵਾਨ” ਦੀ ਚੰਚਲਤਾ (ਸ਼ਰਾਰਤ) ਸਾਫ ਦਿਸਦੀ ਹੈ। ਹਰ ਕਹਾਣੀ ਵਿੱਚ ਇਸ ਦੀ ਚਤਰਾਈ, ਧੋਖਾ ਫਰੇਬ, ਅੰਨ੍ਹਿਆਂ ਨੂੰ ਭੀ ਨਜ਼ਰ ਆ ਜਾਂਦਾ ਹੈ। ਇਸ ਵਿਸ਼ਨੂੰ ਨੇ ਬਹੁਤ ਹੀ ਵਲ ਛਲ, ਅਤੇ ਪਰਪੰਚ ਰਚੇ ਹਨ। ਲੋਕਾਂ ਦਾ ਕੋਈ ਭਲਾ ਕੀਤਾ ਹੋਵੇ, ਨਹੀਂ ਲੱਭੇਗਾ। ਇਸ ਅਵਤਾਰ ਨੇ ਪਾਰਬ੍ਰਹਮ ਰੱਬ ਦੀ ਤਾਂ ਕਿਤੇ ਗੱਲ ਹੀ ਨਹੀਂ ਕੀਤੀ। ਜੋ ਨਿਰਭਉ ਹੈ, ਨਿਰੰਕਾਰ ਹੈ। ਧਰਮ ਪੁਰਖ ਤਾਂ ਰੱਬੀ ਗੁਣਾਂ ਦੀ ਸੋਝੀ ਦਿਆ ਕਰਦੇ ਹਨ। ਸਭ ਨੂੰ ਬਰਾਬਰ ਪਿਆਰ ਕਰਦੇ ਹਨ, ਇੱਥੇ ਤਾਂ ਸਾਰਾ ਕੁੱਝ ਛਲ ਕਪਟ ਤੇ ਧੋਖੇਬਾਜੀਆਂ ਨਾਲ ਭਰਪੂਰ ਹੈ। ਖੱਤਰੀ ਮਾਰ ਦਿੱਤੇ, ਰਾਖਸ਼ਾਂ ਦਾ ਸੰਘਾਰ ਕਰ ਦਿੱਤਾ। ਰਮਾਇਣ ਅਤੇ ਮਹਾਂਭਾਰਤ ਵਿੱਚ ਕਿਹੜੀ ਧਰਮ ਦੀ ਵਿਚਾਰ ਹੈ? ਜੰਗ ਜੁੱਧ ਦੀਆਂ ਕਹਾਣੀਆਂ ਨਾਲ ਭਰੇ ਹੋਏ ਨੇ ਇਹ ਗਰੰਥ। ਜੰਗ ਭੀ ਆਪੋ ਆਪਣੇ ਘਰੇਲੂ ਕਾਰਨਾਂ ਕਰਕੇ ਲੜੇ ਗਏ। ਕਿਤੇ ਰਾਜ ਦੀ ਵੰਡ, ਕਿਤੇ ਇਸਤਰੀ ਕਾਰਨ ਲੜਾਈ। ਕਾਮ ਕਰੋਧ ਨੂੰ ਇਹ ਦੇਵਤੇ ਕਾਬੂ ਨਾ ਕਰ ਸਕੇ, ਲੋਭ ਵਿੱਚ ਗ੍ਰਸੇ ਹੋਏ ਸਨ, ਹੰਕਾਰ ਨਾਲ ਨਕਾ ਨਕ ਤੂੜੇ ਹੋਏ ਸਨ। ਹਰ ਇੱਕ ਮਨੁੱਖ ਮਾਤਰ ਨੂੰ ਬਰਾਬਰ ਜਾਣਕੇ ਸੰਗਤਾਂ ਨਾ ਬਣਾ ਸਕੇ। ਨਫਰਤ ਜਾਂ ਵੈਰ ਹੀ ਪੈਦਾ ਕਰਦੇ ਰਹੇ। ਵਿਸ਼ਨੂੰ ਨੇ ਭਾਵੇਂ ਦਸ ਅਵਤਾਰ ਧਾਰਨ ਕਰ ਲਏ। ਪਰ ਸਾਰੇ ਹੀ ਵਿਅਰਥ ਗੰਵਾ ਲਏ, ਮਨੁੱਖਤਾ ਦਾ ਕੁੱਝ ਭੀ ਨਹੀਂ ਸੰਵਾਰਿਆ। ਦਸੇ ਜਨਮ ਬੇਕਾਰ ਚਲੇ ਗਏ।

ਸੋਹਾਗਨਿ ਭਵਨ ਤ੍ਰੈ ਲੀਆ।। ਦਸ ਅਠ ਪੁਰਾਣ ਤੀਰਥ ਰਸ ਕੀਆ।।

ਬ੍ਰਹਮਾ ਬਿਸਨੁ ਮਹੇਸਰੁ ਬੇਧੇ।। ਬਡੇ ਭੂਪਤਿ ਰਾਜੇ ਹੇ ਛੇਦੇ।। (872)

ਹੇ ਭਾਈ! ਇਸ ਮੋਹਣੀ ਮਾਇਆ ਨੇ ਤਿੰਨੇ ਲੋਕ ਕਾਬੂ ਕਰ ਰੱਖੇ ਹਨ। ਅਠਾਰਾਂ ਪੁਰਾਣਾਂ ਵਿੱਚ ਪੜ੍ਹਿਆਂ ਪਤਾ ਲੱਗਦਾ ਹੈ ਕਿ ਸਾਰੇ ਦੇਵਤੇ ਦੇਵੀਆਂ ਮਾਇਆ ਵਿੱਚ ਬੁਰੀ ਤਰ੍ਹਾਂ ਧਸੇ ਹੋਏ ਸੀ। ਸ੍ਰਿਸ਼ਟੀ ਰਚੈਤਾ ਬ੍ਰਹਮਾ ਨਹੀਂ ਬਚ ਸਕਿਆ। ਵਿਸ਼ਨੂੰ ਮਾਇਆ ਅਧੀਨ ਸੀ। ਸ਼ਿਵ ਭੀ ਮਾਇਆ ਵਿੱਚ ਹੀ ਦਿਨ ਕਟੀ ਕਰਦਾ ਰਿਹਾ। ਭਾਵੇਂ ਵੱਡੇ ਵੱਡੇ ਅਵਤਾਰ ਸਨ ਚਾਹੇ ਰਾਜੇ ਸਨ ਸਾਰੇ ਹੀ ਕਿਸੇ ਨਾ ਕਿਸੇ ਥਾਂ ਕਮਜ਼ੋਰੀ ਵਿਖਾਉਂਦੇ ਰਹੇ। ਉਨ੍ਹਾਂ ਤੇ ਮਾਇਆ ਹਾਵੀ ਰਹੀ।

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ, ਵਿਚਿ ਹਉਮੈ ਕਾਰ ਕਮਾਈ।।

ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝ ਪਾਈ।। (735)

ਹੇ ਭਾਈ! ਬ੍ਰਹਮਾ ਵਿਸ਼ਨੂੰ ਤੇ ਸ਼ਿਵ ਸਾਰੇ ਹੀ ਰੋਗ ਗ੍ਰਸਤ ਹਨ। ਇਹਨਾਂ ਦੇ ਜੀਵਨ ਚਰਿੱਤਰ ਪੜ੍ਹਕੇ ਵੇਖ ਲਉ। ਕੋਈ ਕਾਮੀ ਹੈ, ਬਲਾਤਕਾਰੀ ਹੈ, ਕੋਈ ਹੰਕਾਰੀ ਹੈ, ਦੂਜਿਆ ਨੂੰ ਮਾਰ ਰਿਹਾ ਹੈ। ਜਿਸ ਪਰਮੇਸ਼ਰ ਨੇ ਸਭ ਨੂੰ ਪੈਦਾ ਕੀਤਾ ਹੈ, ਇਨ੍ਹਾਂ ਵਿਚਾਰਿਆਂ ਨੇ ਤਾਂ ਉਸ ਨੂੰ ਜਾਣਿਆ ਹੀ ਨਹੀਂ। ਇਹ ਸੋਝੀ ਕੇਵਲ ਗੁਰੂ ਕੋਲ ਹੈ, ਗੁਰਸਿੱਖਾਂ ਨੂੰ ਗਿਆਨ ਪ੍ਰਾਪਤ ਹੋ ਰਿਹਾ ਹੈ।

ਕੋਟਿ ਬਿਸਸਨ ਕੀਨੇ ਅਵਤਾਰ।। ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ।।

ਕੋਟਿ ਮਹੇਸ ਉਪਾਇ ਖਪਾਏ।। ਕੋਟਿ ਬ੍ਰਹਮੇ ਜਗੁ ਸਾਜਣ ਲਾਏ।। (1156)

ਹੇ ਭਾਈ! ਕਰੋੜਾਂ ਹੀ ਵਿਸ਼ਨੂੰ ਵਰਗੇ ਜਨਮਦੇ ਮਰਦੇ ਹਨ। ਕਰੋੜਾਂ ਕਰੋੜ ਹੀ ਬ੍ਰਹਮੰਡ ਹਨ ਜੋ ਸਾਰੇ ਰੱਬੀ ਕਾਨੂੰਨ (ਧਰਮ ਨਿਯਮ) ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਸ਼ਿਵ ਕਿਸੇ ਨੂੰ ਕੀ ਮਾਰੇਗਾ, ਕਰੋੜਾਂ ਹੀ ਸ਼ਿਵ ਵਰਗੇ ਨਿੱਤ ਜੰਮਦੇ ਮਰਦੇ ਹਨ। ਹੇ ਕਰਤਾਰ! ਆਪਣੇ ਅਸੂਲ ਵਿੱਚ ਆਪੇ ਭੰਨ ਤੋੜ ਜਨਮ ਮਰਣ ਹੋ ਰਹੀ ਹੈ। ਬ੍ਰਹਮਾ ਇਥੇ ਕੀਹਦਾ ਵੀਚਾਰਾ ਹੈ। ਹੋਰ ਵੇਖੋ:-

ਕਾਇਆਂ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ।।

ਕਾਇਆਂ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ।। … …

ਕਾਇਆਂ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ।।

ਸਚੈ ਅਪਣਾ ਖੇਲੁ ਰਚਾਇਆ ਆਵਾ ਗਉਣ ਪਸਾਰਾ।।

ਇਸ ਸਰੀਰ ਦੇ ਅੰਦਰ ਸਾਰੀਆਂ ਕਿਰਿਆਵਾਂ ਹੋ ਰਹੀਆਂ ਹਨ। ਜੋ ਮੂਲ ਤੱਤ ਸ੍ਰਿਸ਼ਟੀ ਵਿੱਚ ਹਨ ਉਹੀ ਸਰੀਰ ਵਿੱਚ ਹਨ। ਇਸੇ ਸਰੀਰ ਅੰਦਰ ਜਗ ਨੂੰ ਪੈਦਾ ਕਰਨ ਵਾਲਾ ਨਿਰੰਕਾਰ ਜੋਤ ਰੂਪ ਵਿੱਚ ਮੌਜੂਦ ਹੈ। ਇਹ ਸਰੀਰ ਰੂਪੀ ਸੰਸਾਰ ਕਿਵੇਂ ਪੈਦਾ ਹੋਇਆ, ਪਰਵਾਨ ਚੜ੍ਹਿਆ, ਪ੍ਰਤਿਪਾਲਣਾ ਅਪਣੇ ਆਪ ਕਿਵੇਂ ਹੋ ਰਹੀ ਹੈ? ਉਸ ਦੇ ਬਣਾਏ ਅਸੂਲ ਮੁਤਾਬਕ। ਇਸ ਦੇਹ ਅੰਦਰ ਬ੍ਰਹਮਾ (ਪੈਦਾ ਕਰਨ ਵਾਲੀ ਵਿਧੀ) ਵਸਦਾ ਹੈ। ਇਸੇ ਸਰੀਰ ਵਿੱਚ ਵਿਸ਼ਨੂੰ (ਪਾਲਣਾ ਕਰਨ ਦੀ ਵਿਧੀ) ਰਹਿ ਕੇ ਸੰਭਾਲ ਕਰ ਰਿਹਾ ਹੈ। ਇਥੇ ਹੀ ਸਰੀਰ ਵਿੱਚ ਸ਼ਿਵ (ਬੁਢਾਪਾ ਤੇ ਮੌਤ ਵੱਲ ਵਧਣ ਦੀ ਭੰਨ ਤੋੜ) ਬੈਠਾ ਅਪਣਾ ਕੰਮ ਕਰਦਾ ਜਾ ਰਿਹਾ ਹੈ। ਇਹ ਸਾਰਾ ਸੱਚੇ ਕਰਤਾਰ ਜੀ ਦਾ ਅਪਣਾ ਖੇਲ ਹੈ। ਹੋਰ ਕਿਸੇ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਕੋਈ ਯੋਗਦਾਨ ਨਹੀਂ ਹੈ। ਸੰਸਾਰ ਵਿੱਚ ਨਿਰੰਕਾਰ ਦੀ ਬਣਾਈ ਵਿਧੀ ਮੁਤਾਬਕ ਲਗਾਤਾਰ ਭੰਨ ਤੋੜਜਨਮ ਮਰਨ ਤੇ ਪਾਲਣਾ ਹੋ ਰਹੀ ਹੈ। ਵਿਸ਼ਨੂੰ ਆਦਿ ਦੀ ਤਾਂ ਹੋਂਦ ਹੀ ਸ਼ੱਕੀ ਹੈ। ਇਹ ਕੇਵਲ ਬ੍ਰਾਹਮਣ ਗ੍ਰੰਥਾਂ ਵਿੱਚ ਘੜੀਆਂ ਗਈਆਂ ਕਹਾਣੀਆਂ ਹਨ। ਸੱਚਾਈ ਤੋਂ ਕੋਹਾਂ ਦੂਰ … …। ਹੇ ਸਤਿਗੁਰੂ ਜੀ ਬਖ਼ਸ਼ ਲਉ ਸਾਨੂੰ ਮੂਰਖ ਸਿੱਖਾਂ ਨੂੰ। ਸੁਮੱਤ ਦੇਵੋ ਤਾਂ ਕਿ ਤੁਹਾਡੇ ਪਰਉਪਕਾਰਾਂ ਦੀਆਂ ਵਿਚਾਰਾਂ ਭੀ ਸਿੱਖ ਸਟੇਜਾਂ ਤੱਕ ਕਰਨ ਲੱਗ ਪਈਏ।

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।। ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।।

ਭੂਲੀ ਮਾਲਨੀ ਹੈ ਏਉ।। ਸਤਿਗੁਰੁ ਜਾਗਤਾ ਹੈ ਦੇਉ।। ਰਹਾਉ।।

ਬ੍ਰਹਮੁ ਪਾਤੀ, ਬਿਸਨੁ ਡਾਰੀ, ਫੂਲ ਸੰਕਰ ਦੇਉ।।

ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸਕੀ ਸੇਉ।।

ਪਾਖਾਨ ਗਢਿ ਕੈ, ਮੂਰਤਿ ਕੀਨੀ ਦੇ ਕੈ ਛਾਤੀ ਪਾਉ।।

ਜੇ ਏਹ ਮੂਰਤਿ ਸਾਚੀ ਹੈ, ਤਉ ਗੜ੍ਹਣਹਾਰੇ ਖਾਉ।।

ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ।।

ਭੋਗਨਹਾਰੇ ਭੋਗਿਆ ਇਸ ਮੂਰਤਿ ਕੈ ਮੁਖ ਛਾਰੁ।।

ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ।।

ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ।। (479)

ਕਬੀਰ ਜੀ ਇਸ ਭਰਮਗੜ੍ਹ ਤੇ ਕਰਾਰੀ ਚੋਟ ਮਾਰਦੇ ਹੋਏ ਮਤ ਦੇ ਰਹੇ ਹਨ। ਹੇ ਭਾਈ! ਫੁੱਲ ਪੱਤੀਆਂ ਤੋੜ ਕੇ ਕਿਉਂ ਸੁੰਦਰਤਾ ਵਿਗਾੜਦਾ ਹੈਂ। ਇਹ ਸਾਰੇ ਫੁੱਲ ਪੱਤੀਆਂ ਜੀਵਤ ਹਨ। ਜਿਸ ਪੱਥਰ ਦੇ ਰੱਬ ਲਈ ਫੁੱਲ ਤੋੜੇ ਗਏ ਹਨ, ਉਹ ਨਿਰਜਿੰਦ ਹੈ। ਇਹ ਮੂਰਤੀਆਂ ਦੇ ਪੁਜਾਰੀ ਭੁੱਲ ਗਏ। ਕੁਰਾਹੇ ਪੈ ਗਏ ਹਨ। ਨਿਰੰਕਾਰ ਮੂਰਤੀਆਂ ਵਿੱਚ ਹੈ, ਉਹ ਤਾਂ ਕਣ ਕਣ ਵਿੱਚ ਮੌਜੂਦ ਹੈ। ਪੱਤਿਆਂ ਵਿੱਚ ਸਮਝੋ ਬ੍ਰਹਮਾ ਹੈ, ਟਾਹਣੀਆਂ ਵਿੱਚ ਵਿਸ਼ਨੂੰ ਸਮਝ ਲਓ, ਫੁੱਲਾਂ ਵਿੱਚ ਸ਼ੰਕਰ ਹੈ। ਭਾਵ ਪੈਦਾ ਕਰਨ ਦੀ ਕਿਰਿਆ, ਖੁਰਾਕ ਪੁਚਾਣ ਦੀ ਕਿਰਿਆ ਤੇ ਸੰਪੂਰਨਤਾ ਤੋਂ ਬਾਦ ਬਿਨਸ ਜਾਣ ਦੀ ਕਿਰਿਆ, ਇੱਕੋ ਟਾਹਣੀ ਵਿੱਚ ਵਰਤ ਰਹੀ ਹੈ। ਹੇ ਪੁਜਾਰੀ! ਮਾਨੋ ਤਿੰਨੇ ਦੇਵਤੇ ਤੂੰ ਤੋੜ ਲਏ, ਹੁਣ ਪੂਜਾ ਕੀਹਦੀ ਕਰੇਂਗਾ? ਪੱਥਰ ਦੀ? ਪੱਥਰਾਂ ਨੂੰ ਤਰਾਸ਼ ਕੇ, ਘੜ ਕੇ ਮੂਰਤੀ ਬਣਾਈ ਜਾਂਦੀ ਹੈ। ਇਸ ਦੀ ਛਾਤੀ ਆਦਿ ਤੇ ਪੈਰ ਭੀ ਰੱਖੀਦੇ ਹਨ। ਜੇ ਇਹ ਮੂਰਤੀ ਸੱਚਮੁੱਚ ਭਗਵਾਨ (ਜਿਵੇਂ ਤੁਸੀਂ ਕਹਿੰਦੇ ਹੋ) ਹੈ ਤਾਂ ਹਥੌੜਾ ਛੈਣੀ ਚਲਾ ਕੇ ਜਿਸ ਨੇ ਇਸ ਦੀ ਬੇਇੱਜ਼ਤੀ ਕੀਤੀ ਹੈ ਫਿਰ ਉਸ ਨੂੰ ਕਿਉਂ ਨਹੀਂ ਖਾ ਜਾਂਦੀ? ਹੇ ਸੰਸਾਰ ਦੇ ਲੋਕੋ! ਬੜੇ ਤਰ੍ਹਾਂ ਦੇ ਸਵਾਦਿਸ਼ਟ ਖਾਣੇ ਤੁਸੀਂ ਪੱਥਰ ਦੇ ਭਗਵਾਨ ਅੱਗੇ ਪਰੋਸਦੇ ਹੋ। ਸੱਚ ਜਾਣਿਓ ਇਹ ਸਭ ਖਾਣੇ ਪੁਜਾਰੀ ਖਾ ਗਿਆ। ਇਸ ਮੂਰਤੀ ਦੇ ਹਿੱਸੇ ਮਿੱਟੀ ਤੇ ਸੁਆਹ ਹੀ ਆਈ ਹੈ। ਪੁਜਾਰੀ ਭੁੱਲੇ ਹੋਏ ਹਨ। ਸਾਰੇ ਲੋਕੀਂ ਭੀ ਅਣਜਾਣ ਹਨ, ਪਰ ਕਬੀਰ ਨਹੀਂ ਭੁੱਲੇਗਾ। ਸਾਡੇ ਉੱਪਰ ਵਾਹਿਗੁਰੂ ਜੀ ਨੇ ਕ੍ਰਿਪਾ ਕਰ ਦਿੱਤੀ ਹੈ। ਚੰਗੀ ਮਤ ਦੇ ਦਿੱਤੀ ਹੈ। ਅਸੀਂ ਸਿੱਧੇ ਹੀ ਵਾਹਿਗੁਰੂ ਨੂੰ ਮੰਨਦੇ ਹਾਂ ਕੋਈ ਵਿਸ਼ਨੂੰ ਬ੍ਰਹਮਾ ਮਹੇਸ਼ ਸਾਡੀ ਸ਼ਰਧਾ ਦੇ ਪਾਤਰ ਨਹੀਂ ਹਨ।

ਕਾਹੂੰ ਤੇ ਨਾਰਾਇਣ ਜੁ ਚਾਰ ਭੁਜਾ ਵਾਰੋ ਦੇਵ,

ਵਾਕੋ ਬਾਰ ਬਾਰ ਨਮੋ ਲੋਕ ਸੇ ਕਰਾਈ ਹੈ।

ਕਾਹੂੰ ਜੈ ਉਚਾਰੀ ਰਾਮ ਚੰਦਰ ਕੀ ਪਰਤੀਤ ਬਾਂਧ,

ਕਾਹੂੰ ਧੇਨਚਾਰੀ ਕੀ ਵਿਚਾਰੀ ਜੈ ਸੁਨਾਈ ਹੈ।

ਕਾਹੂੰ ਕਾਠ ਮਾਟੀ ਧਾਤ ਪਾਹਨ ਸਜੀਲੇ ਚਾਰ,

ਪੋਚ ਪਾਚ ਮੂਰਤੀ ਬਨਾਈ ਜੈ ਗਜਾਈ ਹੈ।

ਵਾਹਿਗੁਰੂ ਕੋ ਪੰਥ, ਖਾਲਸਾ ਸਜਾਯੋ ਨਾਥ,

ਵਾਹਿਗੁਰੂ ਜੀ ਕੀ ਫਤਿਹ, ਗਾਜ ਕੈ ਬੁਲਾਈ ਹੈ। (ਕਵੀ ਨਿਹਾਲ ਸਿੰਘ ਜੀ)




.