.

ਸਵਾਗਤੀ ਸ਼ਬਦ

ਸ. ਮਹਿੰਦਰ ਸਿੰਘ ਡਿੱਡਨ ਦਾ ਇਹ ਖੋਜ-ਨਿਬੰਧ - ਬਾਣੀ “ਅਨੰਦੁ” ਸਾਹਿਬ ਇੱਕ ਅਧਿਐਨ - ਗੁਰਬਾਣੀ ਦੀ ਇੱਕ ਮਹੱਤਵਪੂਰਣ ਰਚਨਾ ਦੇ ਅਧਿਐਨ ਨਾਲ ਸੰਬੰਧਿਤ ਹੈ। ਇਹ ਰਚਨਾ ਗੁਰੂ ਅਮਰ ਦਾਸ ਰਚਿਤ “ਅਨੰਦੁ” ਸਾਹਿਬ ਹੈ ਜਿਸਦਾ ਸਿੱਖ ਜਗਤ ਵਿੱਚ ਬਹੁਤ ਅਹਿਮ ਸਥਾਨ ਤੇ ਮਹੱਤਵ ਸਵੀਕਾਰ ਕੀਤਾ ਜਾਂਦਾ ਹੈ। ਇਸ ਵਿੱਚ ਲੇਖਕ ਨੇ ਬੜੀ ਮਿਹਨਤ ਅਤੇ ਲਗਨ ਨਾਲ ਸਿੱਖ ਵਿਰਸੇ ਦੀ ਇਸ ਮਹੱਤਵਪੂਰਣ ਟੈਕਸਟ ਦਾ ਨਿਕਟ ਅਧਿਐਨ ਪੇਸ਼ ਕੀਤਾ ਹੈ। ਲੇਖਕ ਨੇ ਅਜਿਹੇ ਖੋਜਪੂਰਣ ਢੰਗ ਨਾਲ ਇਸ ਬਾਣੀ ਦੀ ਵਿਆਖਿਆ ਪੇਸ਼ ਕੀਤੀ ਹੈ ਜੋ ਬਹੁਤ ਪ੍ਰਭਾਵਸ਼ਾਲੀ ਹੈ। ਇਹ ਨਿਬੰਧ ਸਾਧਾਰਣ ਪਾਠਕਾਂ ਲਈ ਹੀ ਨਹੀਂ ਸਗੋਂ ਗੁਰਬਾਣੀ ਦੇ ਖੋਜੀਆਂ ਅਤੇ ਵਿਦਿਆਰਥੀਆਂ ਲਈ ਵੀ ਲਾਹੇਵੰਦ ਸਿੱਧ ਹੋਵੇਗਾ। ਲੇਖਕ ਨੇ ਅਨੰਦੁ ਦੇ ਸੰਕਲਪ ਨੂੰ ਪ੍ਰਾਚੀਨ ਭਾਰਤੀ ਧਰਮ ਅਤੇ ਦਰਸ਼ਨ ਦੀ ਪਰੰਪਰਾ ਵਿੱਚ ਰੱਖ ਕੇ ਸਮਝਣ ਅਤੇ ਸਮਝਾਉਣ ਦਾ ਸ਼ਲਾਘਾਯੋਗ ਉਦਮ ਕੀਤਾ ਹੈ। ਮੈˆ ਲੇਖਕ ਦੇ ਇਸ ੳਪਰਾਲੇ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਉਸਨੂੰ ਮੁਬਾਰਕ ਪੇਸ਼ ਕਰਦਾ ਹਾਂ।

ਜਨਵਰੀ, ੨੦੦੬।

ਡਾ. ਜਗਬੀਰ ਸਿੰਘ

ਸਾਬਕਾ ਪ੍ਰੋਫੈਸਰ ਤੇ ਮੁਖੀ,

ਪੰਜਾਬੀ ਵਿਭਾਗ, ਦਿੱਲੀ ਯੁਨੀਵਰਸਿਟੀ, ਦਿੱਲੀ।

ਬਾਣੀ “ਅਨੰਦੁ” ਸਾਹਿਬ ਇੱਕ ਅਧਿਐਨ

ਕਹਿਣ ਨੂੰ ਤਾਂ ਹਰ ਕੋਈ ਨਿੱਕੀ ਨਿੱਕੀ ਗਲ ਤੇ ਵੀ ਕਹਿ ਦਿੰਦਾਂ ਹੈ ਕਿ ਮੈਨੂੰ ਆਨੰਦੁ ਆ ਗਿਆ ਹੈ, ਪਰ ਅਸਲ ਆਨੰਦੁ ਦੀ ਸੋਝੀ ਗੁਰੂ ਤੋਂ ਹੀ ਮਿਲਦੀ ਹੈ। ਜਿਸ ਉਤੇ ਗੁਰੂ ਕਿਰਪਾ ਕਰ ਦੇਂਦਾ ਹੈ ਉਹੀ ਅਸਲ ਆਨੰਦੁ ਨਾਲ ਸਾਂਝ ਪਾਂਦਾ ਹੈ। ਉਸ ਦਾ ਜੀਵਨ ਇਤਨਾ ਪਿਆਰ ਵਾਲਾ ਬਣ ਜਾਂਦਾ ਹੈ ਕਿ ਉਹ ਸਦਾ ਮਿੱਠਾ ਬੋਲ ਹੀ ਬੋਲਦਾ ਹੈ।

ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ॥

ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ॥ (੯੧੭)

ਗੁਰੂ ਅਰਜਨ ਦੇਵ ਜੀ ਦੀ ਬਾਣੀ “ਸੁਖਮਨੀ”, ਗੁਰੂ ਅਮਰਦਾਸ ਜੀ ਦੀ ਬਾਣੀ “ਅਨੰਦੁ”, ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ “ਜਪੁ” ਇਕੋ ਪੱਧਰ ਤੇ ਪਰਮ ਆਨੰਦੁ ਤੇ ਪਰਮ ਸੁਖ ਦੀਆਂ ਲਿਖਾਇਕ ਹਨ। ਬਾਣੀ “ਅਨੰਦੁ” ਗੁਰੂ ਅਮਰ ਦਾਸ ਜੀ ਨੇ ਰਾਮਕਲੀ ਰਾਗ ਵਿੱਚ ਉਚਾਰਨ ਕੀਤੀ ਹੋਈ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰ: ੯੧੭ ਤੋਂ ਆਰੰਭ ਹੁੰਦੀ ਹੈ। ਇਸ ਦੀਆਂ ਚਾਲੀ (੪੦) ਪਉੜੀਆਂ ਹਨ ਜੋ ਕਿ ਪੰਨਾਂ ਨੰ: ੯੨੨ ਉੱਤੇ ਸਮਾਪਤ ਹੁੰਦੀਆਂ ਹਨ।

ਡਾ: ਤਾਰਣ ਸਿੰਘ ਜੀ ਦੀ ਰਚਨਾ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਿਤਿਕ ਇਤਿਹਾਸ” ਪੰਨਾ ਨੰ: ੩੩੯ ਦੇ ਮੁਤਾਬਕ ਇਹ ਬਾਣੀ ਗੁਰੂ ਅਮਰ ਦਾਸ ਜੀ ਨੇ ਆਪਣੇ ਪੁੱਤਰ ਮੋਹਰੀ ਜੀ ਦੇ ਪੁੱਤਰ ਅਨੰਦੁ ਜੀ ਦੇ ਜਨਮ ਤੇ ਸੰਨ ੧੫੪੪ ਵਿੱਚ ਉਚਾਰਨ ਕੀਤੀ।

ਪਿਆਰਾ ਸਿੰਘ ਪਦਮ ਜੀ ਦੇ ਅਨੁਸਾਰ “ਇਹ ਬਾਣੀ ਗੁਰੂ ਸਾਹਿਬ ਨੇ ੧੫੫੪ ਵਿੱਚ ਰਚੀ ਸੀ” ਉਨ੍ਹਾਂ ਨੇ ਆਪਣੀ ਰਚਨਾ “ਗੁਰੂ ਗ੍ਰੰਥ ਸੰਕੇਤ ਕੋਸ਼” ਸਾਲ ੧੯੭੭ ਪੰਜਾਬੀ ਯੂਨੀਵਰਸਿਟੀ ਦੇ ਪੰਨਾ ੩੮ ਉਤੇ ਲਿਖਿਆ ਹੈ।

ਡਾ ਦੀਵਾਨ ਸਿੰਘ ਜੀ ਨੇ ਆਪਣੀ ਰਚਨਾ “ਨਿਥਾਵਿਆਂ ਦੇ ਥਾਉਂ ਗੁਰੂ ਅਮਰ ਦਾਸ ਜੀ” ਸਾਲ ੧੯੮੨ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪੰਨਾ ਨੰ: ੩੭੦ ਤੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਹ ਬਾਣੀ ੧੫੫੪ ਵਿੱਚ ਰਚੀ ਗਈ ਸੀ।

ਗੁਰਬਾਣੀ ਦੇ ਸਾਹਿਤਕ ਆਧਾਰ ਤੇ ਸਾਹਿਤ ਸਿਰਜਨਾ ਦੈਵੀ ਪ੍ਰਕਾਸ਼ ਵਾਂਗ ਹੈ ਜੋ ਕਿ ਆਤਮਾ ਅਤੇ ਪਰਮਾਤਮਾ ਦੇ ਪਿਆਰ ਦੇ ਸੁਮੇਲ ਵਿਚੋਂ ਪੈਦਾ ਹੁੰਦਾ ਹੈ। ਅਪ੍ਰਗਟ ਰੂਪ ਵਿੱਚ ਇਹ ਅਨੁਭਵ ਹੈ ਅਤੇ ਪ੍ਰਗਟ ਰੂਪ ਵਿੱਚ ਇਹ ਸ਼ਬਦ ਹੈ। ਇਸ ਲਈ ਇਸ ਨੂੰ ਕਵਿਤਾ ਨਹੀ ਬਲਕਿ ਬ੍ਰਹਮ ਗੀਤ ਜਾਂ ਬ੍ਰਹਮ ਵਿਚਾਰ ਕਿਹਾ ਜਾਂਦਾ ਹੈ। ਇਸ ਸਧੰਰਭ ਵਿੱਚ ਕਬੀਰ ਜੀ ਨੇ ਗਉੜੀ ਰਾਗ ਵਿੱਚ ਇਉਂ ਫੁਰਮਾਇਆ ਹੈ:

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥

ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ॥ (੩੩੫)

ਪਿਆਰ ਇੱਕ ਜ਼ਜ਼ਬਾ ਹੈ ਇੱਕ ਇਹਸਾਸ ਹੈ। ਇਹ ਕੋਈ ਫ਼ਲਸਫ਼ਾ ਨਹੀਂ, ਨਾ ਹੀ ਇਹ ਕਿਸੀ ਫ਼ਲਸਫ਼ੇ ਦਾ ਮੋਹਥਾਜ ਹੈ। ਇਹ ਤਾਂ ਆਪ ਜਿਸ ਫ਼ਲਸਫ਼ੇ ਨਾਲ ਜੁੜ ਜਾਂਦਾ ਹੈ ਉਸ ਨੂੰ ਇਹ ਕਾਵਿ ਬਣਾ ਦਿੰਦਾ ਹੈ। ਇਹੀ ਕਾਰਣ ਹੈ ਕਿ ਜਦੋਂ ਵੀ ਕਿਸੀ ਪੀਰ ਪੈਗਬੰਰ, ਸੰਤ ਜਾਂ ਹੋਰ ਕਿਸੀ ਵੀ ਅਵਤਾਰ ਨੇ ਇਸ ਲੋਕਾਈ ਨੂੰ ਰੱਬੀ ਸੁਨੇਹਾ ਦਿੱਤਾ ਤਾਂ ਉਹ ਕਾਵਿ ਵਿੱਚ ਹੀ ਦਿੱਤਾ।

ਗੁਰ ਮਤਿ ਕਾਵਿ ਵਿੱਚ ਆਨੰਦੁ ਦਾ ਜ਼ਿਕਰ ਬਾਰ ਬਾਰ ਆਇਆ ਹੈ ਅਤੇ ਆਨੰਦੁ ਦੀ ਪ੍ਰਾਪਤੀ ਹੀ ਕਿਸੇ ਜਗਆਸੂ ਲਈ ਮੂਲ ਵਿਸ਼ਾ ਹੁੰਦਾ ਹੈ। ਹੁਣ ਜਾਣਨਾ ਇਹ ਹੈ ਕਿ ਆਨੰਦੁ ਹੈ ਕੀ? ਆਨੰਦੁ ਦੀ ਬੁਨਿਆਦ ਹੈ ਅਨੁਭਵ ਅਤੇ ਅਨੁਭਵ ਦਾ ਅਰਥ ਹੈ ਕਿਸੀ ਚੀਜ ਦੀ ਵਾਸਤਵਿਕਤਾ ਨੂੰ ਮਹਿਸੂਸ ਕਰਨਾ ਜਾ ਉਸ ਦੀ ਅਧਿਆਤਮਿਕ ਗਹਿਰਾਈ ਨੂੰ ਟਟੋਲਨਾ। ਬਾਅਦ ਵਿੱਚ ਇਸੇ ਅਨੁਭਵ ਵਿੱਚ ਹੀ ਆਨੰਦੁ ਦੀ ਪ੍ਰਾਪਤੀ ਹੁੰਦੀ ਹੈ। ਇਹੀ ਅਨੁਭਵ ਆਨੰਦੁ ਦੀ ਪ੍ਰਾਪਤੀ ਲਈ ਇੱਕ ਜੁਗਤ ਬਣਦਾ ਹੈ। ਆਨੰਦੁ ਸਾਧਾਰਣ ਸੁਖਾਂ, ਖੁਸ਼ੀ ਜਾ ਖੇੜੇ ਤੋਂ ਵਖਰੀ ਅਤੇ ਬਹੁਤ ਉਚੀ ਅਵਸਥਾ ਹੈ। ਸੁੱਖ ਜਾ ਖੁਸ਼ੀ ਤਾਂ ਅਸਥੂਲ ਦੇਹ (ਸ਼ਰੀਰ) ਨਾਲ ਸੰਬੰਧਿਤ ਹੈ। ਜਦ ਕੀ ਆਨੰਦੁ ਤਾ ਸੂਛਮ ਸਰੀਰ ਨਾਲ ਸੰਬੰਧਿਤ ਹੈ।

ਗੁਰਮਤਿ ਕਾਵਿ ਵਿੱਚ ਪਰਮੇਸ਼ਰ ਨੂੰ ਆਨੰਦੁ, ਆਨੰਦੁ ਮੂਲ, ਪਰਮ ਆਨੰਦੁ (ਪਰਮਾਨੰਦ) ਆਨੰਦੁ ਰੂਪ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ। ਕਬੀਰ ਸਾਹਿਬ ਨੇ ਪਰਮਾਤਮਾ ਨੂੰ ਆਨੰਦੁ ਮੂਲ ਕਿਹਾ ਹੈ।

ਤ੍ਰਿਤੀਆ ਤੀਨੇ ਸਮ ਕਰਿ ਲਿਆਵੈ॥

ਆਨਦ ਮੂਲ ਪਰਮ ਪਦੁ ਪਾਵੈ॥ (੩੪੩ ਗਉੜੀ ਕਬੀਰ ਜੀ)

ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਵਿੱਚ ਪਰਮਾਤਮਾ ਨੂੰ ਪਰਮਾਨੰਦ ਕਹਿ ਕੇ ਸੰਬੋਧਿਤ ਕੀਤਾ ਹੈ।

ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ॥

ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ॥ (੨੭੩ ਗਉੜੀ ਸੁਖਮਨੀ)

ਭਗਤ ਨਾਮ ਦੇਵ ਜੀ ਨੇ ਪਰਮਾਤਮਾ ਨੂੰ ਅਨੰਦੁ ਰੂਪ ਕਿਹਾ ਹੈ।

ਗੋਬਿਦ ਗਾਜੈ ਸਬਦੁ ਬਾਜੈ ਆਨੰਦ ਰੂਪੀ ਮੇਰੇ ਰਾਮਈਆ॥ (੧੩੫੧)

ਹੋਰ ਕਈ ਮੱਤਾ ਦੇ ਯੋਗੀਆਂ, ਤਾਂਤ੍ਰਿਕਾਂ ਅਤੇ ਨਾਥ ਪੰਥੀਆ ਨੇ ਆਨੰਦੁ ਦੀ ਪ੍ਰਾਪਤੀ ਲਈ ਹਠ ਯੋਗ ਦਾ ਆਸਰਾ ਲਿਆ ਹੈ ਜਿਵੇ ਪ੍ਰਣਾਯਾਮ ਕਰਨੇ, ਆਸਣ ਲਾਉਣੇ, ਮਦਰਾ, ਮਤਸਯ ਅਤੇ ਮੈਥੁਨ ਦਾ ਇਸਤੇਮਾਲ ਵੀ ਕੁੰਡਲਿਣੀ ਸ਼ਕਤੀ ਨੂੰ ਜੁਗਾਉਣ ਲਈ ਕੀਤਾ ਹੈ। ਜੋ ਕਿ ਦਸਮ ਦੁਆਰ ਨੂੰ ਖੋਲਣ ਵਿੱਚ ਸਹਾਇਕ ਹੁੰਦੀ ਹੈ ਅਤੇ ਫੇਰ ਆਨੰਦੁ ਦੀ ਪ੍ਰਾਪਤੀ ਹੁੰਦੀ ਹੈ। ਪਰ ਗੁਰਮਤਿ ਹਠ ਆਨੰਦੁ ਦੇ ਉਲਟ ਸਹਿਜ ਆਨੰਦੁ ਦੀ ਗਲ ਕਰਦੀ ਹੈ। ਸਹਿਜ ਆਨੰਦੁ ਦੀ ਪ੍ਰਾਪਤੀ ਲਈ ਨ ਕਿਸੇ ਆਸਣ ਜਮਾਉਣ ਦੀ ਲੋੜ ਹੈ ਨ ਪਰਾਣਾਯਮ ਕਰਨ ਦੀ ਅਤੇ ਨ ਹੀ ਕੁੰਡਲਿਣੀ ਸ਼ਕਤੀ ਨੂੰ ਜਗਾਉਣ ਦੀ ਹੀ ਲੋੜ ਪੈˆਦੀ ਹੈ। ਗੁਰਮਤਿ ਵਿੱਚ ਸਹਿਜ ਨਾਲ ਆਨੰਦੁ ਪ੍ਰਾਪਤੀ ਦੀ ਗਲ ਕੀਤੀ ਹੈ। ਆਨੰਦੁ ਮੂਲ, ਪਰਮਾਨੰਦ ਆਨੰਦੁ ਰੂਪ ਪਾਰਬ੍ਰਹਮ ਨਾਲ ਅਭੇਦ ਸਤਿਗੁਰੂ ਦੇ ਸ਼ਬਦ ਨਾਲ ਜੁੜਨ ਤੇ ਬਲ ਦਿਤਾ ਗਿਆ ਹੈ। ਗੁਰੂ ਸ਼ਬਦ ਦੇ ਦੀਵੇ ਦੀ ਰੋਸ਼ਨੀ ਵਿੱਚ ਗੁਰਸਿਖ ਦੇ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਜਨਮਾ ਜਨਮਾ ਦੇ ਪਾਪ ਕਟ ਜਾਂਦੇ ਹਨ।।

ਗੁਰਮਤਿ ਅਨੁਸਾਰ ਆਨੰਦੁ ਦੀ ਪ੍ਰਾਪਤੀ ਦਾ ਸਹਿਜ ਨਾਲ ਬਹੁਤ ਗੂੜਾ ਸੰਬੰਧ ਹੈ। ਸਹਿਜ ਅਤੇ ਆਨੰਦੁ ਇੱਕ ਦੂਜੇ ਨਾਲੋ ਕਦੀ ਵਖ ਹੋ ਹੀ ਨਹੀ ਸਕਦੇ। ਇਸ ਲਈ ਆਨੰਦੁ ਨੂੰ ਸਮਝਣ ਵਾਸਤੇ ਸਹਿਜ ਨੂੰ ਸਮਝਣਾ ਬਹੁਤ ਜਰੂਰੀ ਹੈ। ਆਨੰਦੁ ਵਾਂਗ ਸਹਿਜ ਵੀ ਸਿਰਫ ਅਨੁਭਵ ਦਾ ਹੀ ਵਿਸ਼ਾ ਹੈ। ਪਰ ਫੇਰ ਵੀ ਏਸ ਨੂੰ ਸਮਝਣ ਵਾਸਤੇ ਸ਼ਬਦਾਂ ਦਾ ਸਹਾਰਾ ਲੈਣਾ ਹੀ ਪਏਗਾ। ਅਗਰ ਸਹਿਜ ਦੇ ਅਨੁਭਵ ਦੀ ਅਸੀ ਵਿਆਖਿਆ ਕਰਨੀ ਵੀ ਚਾਹੀਏ ਅਤੇ ਕਰੀ ਵੀ ਜਾਈਏ ਫੇਰ ਵੀ ਇਹ ਪੂਰਣ ਹੋ ਕੇ ਵੀ ਅਪੂਰਨ ਹੀ ਰਹਿੰਦੀ ਹੈ। ਇਸ ਅਵਸਥਾ ਨੂੰ ਪੂਰਨ ਗਿਆਨ, ਉਨਮਨਿ, ਤੁਰੀਆ ਪਦ, ਪਰਮਗਤੀ, ਨਿਰਵਾਨ, ਮੁਕਤੀ ਜਾਂ ਆਪਣੇ ਅਸਲੇ ਦੀ ਪਛਾਣ ਕਿਹਾ ਜਾ ਸਕਦਾ ਹੈ। ਜਦੋਂ ਕੋਈ ਆਪਣੇ ਅਸਲੇ ਨੂੰ ਪਛਾਣ ਲੈˆਦਾ ਹੈ ਤਾਂ ਉਹ ਬ੍ਰਹਮ ਗਿਆਨੀ ਹੋ ਜਾਂਦਾ ਹੈ। ਗੁਰੂ ਸਾਹਿਬ ਦਾ ਕਥਨ ਹੈ:-

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (੪੪੧)

ਫੇਰ ਇਸੇ ਪੁਰਖ ਨੂੰ ਸਹਿਜ ਧਿਆਨ, ਸਹਿਜ ਗਿਆਨ, ਸਹਿਜ ਜੋਗ, ਸਹਿਜ ਬੈਰਾਗ, ਸਹਿਜ ਨਿੰਦ੍ਰਾ, ਸਹਿਜ ਘਰ, ਸਹਿਜ ਧੁਣਿ, ਸਹਿਜ ਸ਼ਬਦ, ਸਹਿਜ ਆਸਣ, ਸਹਿਜ ਕਥਾ, ਸਹਿਜ ਰੰਗ, ਸਹਿਜ ਸ਼ੀਂਗਾਰ, ਸਹਿਜ ਸਰੋਵਰ, ਸਹਿਜ ਸੁਖ, ਸਹਿਜ ਆਨੰਦ, ਆਦਿ ਦਾ ਅਨੁਭਵ ਮਿਲਦਾ ਹੈ।

ਆਨੰਦੁ ਦੀ ਪ੍ਰਾਪਤੀ ਲਈ ਸਹਿਜ ਦੀ ਪ੍ਰਾਪਤੀ ਬਹੁਤ ਜਰੂਰੀ ਹੈ, ਜਾਂ ਇੰਜ ਕਹ ਲਵੋ ਕਿ ਸਹਿਜ ਪ੍ਰਾਪਤੀ ਤੋਂ ਬਿਨਾਂ ਆਨੰਦੁ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ ਅਤੇ ਸਹਿਜ ਦੀ ਪ੍ਰਾਪਤੀ ਉਦੋਂ ਤਕ ਨਾ-ਮੁਮਕਿਨ ਹੈ ਜੱਦੋਂ ਤਕ ਮਨ ਸੰਸਾਰਿਕ ਮਾਇਆ ਦੇ ਚੱਕਰ ਵਿੱਚ ਫਸਿਆ ਰਹੇਗਾ। ਮਾਇਆ ਦਾ ਮੋਹ ਤਿਆਗਣ ਵਾਸਤੇ ਸ਼ਬਦ ਦਾ ਆਸਰਾ ਲੈਣਾ ਪਏਗਾ। ਗੁਰੂ ਅਮਰ ਦਾਸ ਜੀ ਦਾ ਫੁਰਮਾਨ ਹੈ।

ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥

ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ॥

ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ॥

ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥

ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ॥

(੯੧੯)

ਸਤਿਗੁਰੂ ਦਾ ਸਿੱਖ ਸੱਚੀ ਬਾਣੀ ਦਾ ਸਿਮਰਨ ਕਰਕੇ ਸਦੀਵੀਂ ਆਨੰਦੁ ਦੀ ਪ੍ਰਾਪਤੀ ਕਰਦਾ ਹੈ।

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ (੩੦੪)

ਸਤਿਗੁਰ ਦੀ ਬਾਣੀ ਨਿਰਸੰਦੇਹ ਹੀ ਸਤਿਸਰੂਪ ਹੈ ਤਾਂ ਤੇ ਇਸ ਅਨੁਸਾਰ ਜੀਵਨ ਬਣਾਈਐ। ਧਰਮ ਸ਼ਾਸਤ੍ਰਾ ਦੇ ਪਾਠ ਰਟਣ ਨਾਲ, ਤੀਰਥਾਂ ਤੇ ਭਟਕਣ ਨਾਲ, ਹੋਰ ਯਗ ਦਾਨ ਆਦਿਕ ਕਰਮ ਕਾਂਡ ਕਰਨ ਨਾਲ ਮਨ ਉਤੇ ਹਉਮੈ ਦੀ ਮੈਲ ਵਧਦੀ ਹੈ। ਪਰ ਜਦ ਤਕ ਇਹ ਚੰਚਲ ਮਨ ਆਪਣੇ ਕੇਂਦਰ ਉਤੇ ਟਿਕ ਨਹੀਂ ਜਾਂਦਾ ਅਤੇ ਜਦੋ ਤਕ ਮਨ ਟਿਕੇਗਾ ਨਹੀਂ ਉਸ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਿਸ ਦਿਨ ਮਨ ਵਿਚੋਂ ਹਉਮੈ ਦੀ ਮੈਲ ਦੂਰ ਹੋ ਗਈ ਮਨ ਸਹਿਜ ਵਿੱਚ ਆ ਜਾਏਗਾ ਸਹਿਜ ਅਵਸਥਾ ਵਿੱਚ ਪ੍ਰਵੇਸ਼ ਹੁੰਦਿਆਂ ਹੀ ਮਨ ਨੂੰ ਸਹਿਜ ਆਨੰਦੁ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਲਈ ਆਪਣਾ ਮਨ ਅਤੇ ਤਨ ਗੁਰਸ਼ਬਦ ਨੂੰ ਅਰਪਣ ਕਰਨਾ ਪੈˆਦਾ ਹੈ। “ਗੁਰਬਾਣੀ ਬਣੀਐ” ਵਾਲੀ ਪੱਧਰ ਤਕ ਪੁਜਣਾ ਪਏਗਾ। ਇਸ ਅਵਸਥਾ ਤੇ ਪੁਜਦਿਆਂ ਹੀ ਮਹਾਰਸ, ਮਹਾ ਆਨੰਦੁ, ਸਹਿਜ ਧੁਨਿ ਦਸਮ ਦੁਆਰ ਆਦਿਕ ਆਤਮਿਕ ਅਵਸਥਾਵਾਂ ਦੀ ਪ੍ਰਾਪਤੀ ਸਹਿਜ ਸੁਭਾ ਹੀ ਹੋ ਜਾਂਦੀ ਹੈ।

ਭਾਵੇਂ ਇਹ ਮਾਰਗ ਬੜਾ ਸਰਲ ਅਤੇ ਸੋਖਾ ਜਾਪਦਾ ਹੈ ਪਰ ਇਹ ਸੋਖਾ ਹੁੰਦਿਆਂ ਹੋਇਆ ਭੀ ਬੜਾ ਕਠਿਨ ਹੈ। ਕਿਉਂਕਿ ਇਹ ਤ੍ਰੈਗੁਣੀ ਮਾਇਆ ਹਰ ਪਾਸੇ ਹਰ ਲੋਕ (ਸਵਰਗ ਮਾਤ, ਅਤੇ ਪਾਤਾਲ ਲੋਕ) ਵਿੱਚ ਵਿਆਪਕ ਹੈ ਅਤੇ ਇਸ ਦਾ ਪ੍ਰਭਾਵ ਵੀ ਬੜਾ ਪ੍ਰਬਲ ਹੈ। ਇਸ ਤੋ ਕੋਈ ਵਿਰਲਾ ਹੀ ਬਚ ਸਕਦਾ ਹੈ। ਗੁਰੂ ਅਮਰ ਦਾਸ ਜੀ ਨੇ ਤਾ ਬੜੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿਤਾ ਹੈ।

ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ॥

ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ॥

ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ॥ (੬੮)

ਸਹਿਜ ਦੀ ਪ੍ਰਾਪਤੀ ਮਾਇਆ ਦੇ ਤ੍ਰੈ ਗੁਣਾ (ਰਾਜਸ, ਤਾਮਸ ਤੇ ਸਾਤਿਕ) ਤੋਂ ਉਪਰ ਉਠਣ ਤੋ ਬਾਅਦ ਹੁੰਦੀ ਹੈ। ਇਸ ਨੂੰ ਗੁਰਬਾਣੀ ਨੇ ਚਉਥਾ ਪਦ (ਤੁਰੀਆ ਪਦ) ਕਿਹਾ ਹੈ। ਇਥੇ ਪੁੱਜ ਕੇ ਮਾਇਆ ਦਾ ਪ੍ਰਭਾਵ ਮਨ ਨੂੰ ਪੋਹ ਨਹੀ ਸਕਦਾ। ਇਥੇ ਤਕ ਪੁੱਜਣ ਲਈ ਮਾਇਆ ਦੇ ਵਿੱਚ ਰਹਿੰਦੇ ਹੋਇਆਂ ਵੀ ਮਾਇਆ ਦੇ ਪ੍ਰਭਾਵ ਤੋਂ ਬਚਣਾ ਹੈ ਮਾਇਆ ਦੇ ਪ੍ਰਭਾਵ ਹੇਠ ਨਹੀਂ ਆਉਣਾ। ਇਸ ਦਾ ਅਰਥ ਇਹ ਨਹੀਂ ਕਿ ਘਰ-ਪਰਿਵਾਰ ਛਡ ਕੇ ਜੰਗਲਾਂ ਵਿੱਚ ਚਲੈ ਜਾਣਾ ਹੈ। ਗ੍ਰਹਿਸਥ ਜੀਵਨ ਦੇ ਸਾਰੇ ਫਰਜ਼ ਨਿਭਾਂਦੇ ਹੋਏ ਇਸ ਮਾਇਆ ਤੋਂ ਨਿਰਲੇਪ ਰਹਿਣਾ ਹੈ।

ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨ ਸਾਣੇ॥

ਸਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ॥ (੯੩੮)

ਇਹ ਸ਼ਬਦ ਨਾਲ ਜੁੜਨ ਦਾ ਮਾਰਗ ਦਰਸਾਇਆ ਹੈ ਗੁਰੂ ਜੀ ਨੇ, ਮਾਇਆ ਤੋਂ ਨਿਰਲੇਪ ਰਹਿਣ ਦਾ। ਸਾਰੀ ਖੇਡ ਤਾਂ ਮਾਇਆ ਦੇ ਪ੍ਰਭਾਵ ਹੇਠ ਦੋੜਦੇ ਮਨ ਨੂੰ ਟਿਕਾਉਣ ਦੀ ਹੈ। ਗੁਰੂ ਅਮਰ ਦਾਸ ਜੀ ਦਾ ਕਥਨ ਹੈ।

ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥ (੯੧੯)

ਗੁਰਮਤਿ ਵਿੱਚ ਨਾਮ ਸਿਮਰਨ ਅਤੇ ਗੁਰਸ਼ਬਦ ਦੀ ਕਮਾਈ ਦੀ ਹਿਦਾਯਤ ਹੈ। ਸਿਮਰਨ ਕਰਕੇ ਮਨ ਸਹਿਜ ਸੁਭਾਵ ਹੀ ਟਿਕਾਉ ਵਿੱਚ ਆ ਜਾਂਦਾ ਹੈ। ਪ੍ਰਾਣਾਯਮ ਕਰਨੇ ਅਤੇ ਆਸਣ ਲਾਉਣੇ ਆਦਿਕ ਹਠ ਯੋਗ ਕ੍ਰਿਆਂਵਾ ਦਾ ਕੋਈ ਵਿਧਾਨ ਹੀ ਨਹੀਂ ਹੈ। ਹਠਯੋਗ ਦੇ ੳਲਟ ਗੁਰਮਤਿ ਸਹਿਜ ਮਾਰਗ ਦੁਆਰਾ ਮਹਾਂ ਆਨੰਦ ਦੀ ਪ੍ਰਾਪਤੀ ਦਾ ਆਦਰਸ਼ ਦ੍ਰਿੜ ਕਰਵਾਉਂਦੀ ਹੈ। ਬਸ ਲੋੜ ਹੈ ਤਾਂ ਸਿਰਫ ਸੱਚੀ ਲਿਵ ਦੀ। ਸੱਚੀ ਲਿਵ ਨਾਲ ਕੀਤੀ ਹੋਈ ਭਗਤੀ ਇੱਕ ਮਨੁੱਖ ਨੂੰ ਗੁਰਮੁੱਖ ਬਣਾਉਂਦੀ ਹੈ ਬਸ਼ਰਤੇ ਉਹ ਗੁਰੂ ਭਗਤੀ ਗੁਰੂ ਸ਼ਬਦ ਦੀ ਕਮਾਈ ਰਾਹੀਂ ਕੀਤੀ ਹੋਵੇ ਅਤੇ ਆਪਣਾ ਮਨ ਗੁਰੂ ਨੂੰ ਅਰਪਣ ਕੀਤਾ ਹੋਵੇ।

ਮਨੁ ਮਰੈ ਧਾਤੁ ਮਰਿ ਜਾਇ॥ ਬਿਨੁ ਮਨ ਮੂਏ ਕੈਸੇ ਹਰਿ ਪਾਇ॥ (੬੬੫)

ਮਨ ਗੁਰੂ ਨੂੰ ਸੋਂਪਦੇ ਸਾਰ ਹੀ ਮਨੁੱਖ ਦਾ ਆਤਮਿਕ ਵਿਕਾਸ ਇਤਨਾ ਜ਼ੋਰ ਮਾਰਦਾ ਹੈ ਕਿ ਉਸ ਦੀ ਕਾਇਆ ਕਲਪ ਹੋ ਜਾਂਦੀ ਹੈ ਅਤੇ ਪਰਮ ਆਨੰਦੁ ਦੀ ਪ੍ਰਾਪਤੀ ਤੁਰੰਤ ਹੀ ਹੋ ਜਾਂਦੀ ਹੈ। ਬਸ ਖੇਡ ਹੈ ਸਿਰਫ ਤਨ ਵਿਚੋਂ ਮਨ ਨੂੰ ਗੁਰੂ ਸ਼ਬਦ ਦੁਆਰਾ ਜਗਾਉਣ ਦੀ।

ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ॥

ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ॥

(੯੧੦)  

ਗੁਰਸ਼ਬਦ ਦਾ ਦੀਪਕ ਆਪਣੇ ਗੁਰਸਿੱਖ ਦੇ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਦਾ ਹੈ ਅਤੇ ਜਨਮ ਜਨਮਾਂਤਰਾ ਦੇ ਪਾਪਾਂ ਦੀ ਮੈਲ ਨੂੰ ਕਟ ਦੇਂਦਾ ਹੈ। ਇਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਦੁਆਰਾ ਮਨ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਸਹਿਜ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹਿਜ ਗਿਆਨ ਹੀ ਸਹਿਜ ਆਨੰਦੁ ਦੀ ਪ੍ਰਾਪਤੀ ਦਾ ਭੇਤ ਹੈ।

ਡਾ: ਮਹਿੰਦਰ ਕੌਰ ਗਿਲ ਜੀ ਨੇ ਆਪਣੇ ਲੇਖ “ਗੁਰਬਾਣੀ ਆਨੰਦੁ-ਸੰਬੋਧ” ਵਿੱਚ ਕਿਹਾ ਹੈ ਕਿ “ਅਧਿਆਤਮਕ ਆਨੰਦੁ ਬੁੱਧੀ ਦਾ ਵਿਸ਼ਾ ਹੀ ਨਹੀ ਇਹ ਨਿਪਟ ਪ੍ਰਤੀਤੀ ਦੀ ਵਸਤ ਹੈ ਇਹ ਆਨੰਦੁ ਸਾਧਾਰਣ ਕਰਮ ਧਰਮ, ਸਾਧਣ, ਸੁੱਚ ਸੰਜਮ, ਤਪ ਤੇ ਯੱਗ ਆਦਿ ਤੋਂ ੳਚੇਰੀ ਵਸਤੂ ਹੈ। ਭਾਰਤੀ ਧਰਮਾ ਵਿੱਚ ਆਨੰਦੁ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ” ਇਥੇ ਕੁੱਝ ਆਚਾਰਿਆਂ ਦੀ ਦ੍ਰਿਸ਼ਟੀ ਜਾਣਨੀ ਸੰਗਤ ਹੈ (ਸੰਖੇਪ ਵਿਚ)।

ਉਪਨਿਸ਼ਦ ਅਨੁਸਾਰ:-

ਭਾਰਤੀ ਅਧਿਆਤਮਕ ਚਿੰਤਨ ਵਿੱਚ ਆਨੰਦੁ ਦਾ ਸੰਬੋਧ ਬਹੁਤ ਹੀ ਪੁਰਾਣਾ ਹੈ ਮਹੱਤਵਪੂਰਣ ਹੈ। ਤੈਤਰੀਯ ਉਪਨਿਸ਼ਦ ਵਿੱਚ ਅੰਕਿਤ ਬ੍ਰਹਮ ਸੂਤਰ (ਅੰਕ ੧੨ ਤੋਂ ੧੯) “ਇਹ ਜੀਵ ਆਨੰਦੁ ਵਿੱਚ ਹੀ ਪੈਦਾ ਹੁੰਦੇ, ਆਨੰਦੁ ਵਿੱਚ ਵਿਚਰਦੇ ਤੇ ਮਰ ਜਾਂਦੇ ਹਨ।”

ਵੇਦਾਂਤ ਅਨੁਸਾਰ:-

ਵੇਦਾਂਤੀਆਂ ਅਨੁਸਾਰ ਪ੍ਰਕਰਣ ਬਦਲਣ ਨਾਲ ਹੀ ਆਨੰਦੁ ਦੀ ਬਹੁਰੰਗਤਾ ਹੋਂਦ ਵਿੱਚ ਆਉਦੀ ਹੈ। ਫਰਕ ਕੇਵਲ ਆਨੰਦੁ ਦੀ ਮਾਤਰਾ ਦਾ ਹੁੰਦਾ ਹੈ। ਆਨੰਦੁ ਦਾ ਅਭਾਵ ਕਦੇ ਨਹੀ ਹੁੰਦਾ। ਬ੍ਰਹਮਾਨੰਦ ਨੂੰ ਨਿਆਇ ਪੂਰਵਕ ਸਮਝਣ ਲਈ ਉਨਾਂ ਨੇ ਪੰਜ ਕੋਸ਼ਾ ਦਾ ਜਿਕਰ ਕੀਤਾ ਹੈ ਇਹ ਹਨ:-

ਅੰਨਮਯ ਕੋਸ਼

ਸਰੀਰ ਰਕਤ ਤੇ ਬੀਜ ਤੋਂ ਉਪਜਦਾ ਹੈ ਜਿਸ ਦਾ ਆਧਾਰ ਅੰਨ ਪਾਣੀ ਹੁੰਦਾ ਹੈ। ਰਕਤ ਬੀਜ ਤੋਂ ਬਿਨਾਂ ਸਰੀਰ ਨਹੀਂ ੳਪਜਦਾ ਤੇ ਨਾ ਹੀ ਸਰੀਰ ਤੋਂ ਬਿਨਾਂ ਰਕਤ ਬੀਜ, ਇਹ ਉਹ ਨਿਰੰਤਰ ਗਤੀ ਹੈ ਜਿਸ ਵਿੱਚ ਦੋਵੇਂ ਅੰਤਰ ਸੰਬੰਧਤ ਵੀ ਹਨ ਤੇ ਅੰਤਰ ਨਿਰਭਰ ਵੀ।

ਪ੍ਰਾਣਮਯ ਕੋਸ਼

ਮਨੁੱਖੀ ਸਰੀਰ ਸਥੂਲ ਹੈ। ਪਰ ਜੇ ਦੇਹ ਵਿੱਚ ਪ੍ਰਾਣ ਨਾ ਹੋਣ ਤਾਂ ਕਰਮ ਇਦ੍ਰੀਆਂ ਸਮੇਤ ਸ਼ਰੀਰ ਮੁਰਦਾ ਹੋ ਜਾਂਦਾ ਹੈ।

ਮਲਮਯ ਕੋਸ਼

ਸਥੂਲ ਦੇਹ, ਕਰਮ ਇਦ੍ਰੀਆ ਤੇ ਪ੍ਰਾਣ ਦਾ ਗਿਆਨ, ਇਦ੍ਰੀਆਂ ਦਾ ਵੇਰਵਾ ਸਹਿਤ ਪਰਿਚਯ, ਮਨਮਯ ਕੋਸ਼ ਦੇ ਅੰਤਰਗਤ ਆਉਂਦਾ ਹੈ।

ਵਿਗਿਆਨ ਮਯ ਕੋਸ਼

ਸ਼ਬਦ, ਸਪਰਸ਼, ਰੂਪ, ਰਸ, ਗੰਧ, ਗਿਆਨ ਇਦ੍ਰੀਆਂ ਦੇ ਵਿਸ਼ੇ ਹਨ ਇਹਨਾਂ ਨੂੰ ਬੁੱਧੀ ਦੀ ਪੱਧਰ ਤੇ ਸਮਝਿਆ ਜਾ ਸਕਦਾ ਹੈ।

ਆਨੰਦਮਯ ਕੋਸ਼

ਆਨੰਦ ਰੂਪ ਪਰਮੇਸ਼ਰ ਹੀ ਆਨੰਦਮਯ ਆਦਿ ਸਾਰੇ ਕੋਸ਼ਾ ਦੇ ਅੰਤਰਆਤਮਾ ਹੈ। ਇਹ ਕੋਸ਼ ਬ੍ਰਹਮ ਦਾ ਸਥੂਲ ਰੂਪ ਹਨ। ਇਸੇ ਲਈ ਇਹਨਾਂ ਵਿੱਚ ਆਨੰਦੁ ਅਨੁਭਵ ਕਰਕੇ ਬ੍ਰਹਮ ਬੁੱਧੀ ਪੈਦਾ ਹੁੰਦੀ ਹੈ। ਇਸ ਅਨੰਦੁ ਰੂਪ ਬ੍ਰਹਮ ਦਾ ਅੰਸ਼ ਮਾਤਰ ਆਨੰਦੁ ਅਨੁਭਵ ਕਰਕੇ ਸਾਰੇ ਪ੍ਰਾਣੀ ਆਨੰਦੁ ਵਿੱਚ ਹੀ ਜੀਉਣਾ ਚਾਹੁੰਦੇ ਹਨ।

ਜੋਗਮਤ ਅਨੁਸਾਰ

ਸਾਜ਼ਾਂ ਨਾਲ ਵਜਾਇਆ ਤੇ ਸੁਰੀਲੀ ਆਵਾਜ਼ ਵਿੱਚ ਗਾਇਆ ਸੰਗੀਤ ਆਪਣੇ ਅੰਤਿਮ ਰੂਪ ਵਿੱਚ ਕੇਵਲ ਇਕਾਗਰ ਕਰਨ ਵਾਲਾ ਪ੍ਰਭਾਵ ਹੀ ਹੁੰਦਾ ਹੈ। ਜਿਸ ਨੂੰ ਕੇਵਲ ਮਾਣਿਆ ਜਾ ਸਕਦਾ ਹੈ। ਇਹ ਪ੍ਰਭਾਵ ਆਪਣੀ ਪ੍ਰਾਕਿਰਤੀ ਵਿੱਚ ਸੁਖਾਤਮਕ ਹੁੰਦਾ ਹੈ। ਨਾਮ ਅਭਿਆਸੀ ਨੂੰ ਸੰਗੀਤ ਤੋਂ ਵੀ ਉਚੇਰਾ ਆਨੰਦੁ ਪ੍ਰਾਪਤ ਹੁੰਦਾ ਹੈ। ਇਹ ਪ੍ਰਭੂ ਨੂੰ ਅਨੁਭਵ ਸਿੱਧ ਕਰ ਲੈਣ ਤੋਂ ਉਪਰੰਤ ਵਾਸਤਵਿਕ ਸੰਗੀਤ-ਆਨੰਦੁ ਤੋਂ ਅਗਲੇਰੀ ਵਿਕਸਤ ਅਵਸਥਾ ਅਨਹਤ ਨੂੰ ਪ੍ਰਾਪਤ ਹੋ ਜਾਂਦੇ ਹਨ। ਜਿਥੇ ਪਹੁੰਚ ਕੇ ਸਾਰਾ ਬ੍ਰਹਿਮੰਡ ਸੰਗੀਤ-ਰਸ ਵਿੱਚ ਬੰਨ੍ਹਿਆ ਪ੍ਰਤੀਤ ਹੁੰਦਾ ਹੈ। ਮਨ ਸਦਾ ਵਿਗਾਸ ਅਤੇ ਚਾਉ ਭਰਭੂਰ ਅਵਸਥਾ ਵਿੱਚ ਰਹਿੰਦਾ ਹੈ। ਯੋਗੀ ਦੀ ਇਸ ਭਾਵਨ ਦਸ਼ਾ ਨੂੰ ਦਸਮ ਦੁਆਰ ਵਿੱਚ ਪਹੁੰਚਣ ਦਾ ਨਾਮ ਦਿੱਤਾ ਗਿਆ ਹੈ। ਜਿਥੇ ਉਹ ਆਤਮਿਕ ਤੋਰ ਤੇ ਅਜੇਹੇ ਸੰਗੀਤ ਰਸ ਨਾਲ ਜੁੜ ਜਾਂਦਾ ਹੈ ਜੋ ਆਪਣੀ ਪ੍ਰਕਿਰਤੀ ਵਿੱਚ ਰਸ ਭਿੰਨਾ ਤੇ ਅਨਾਹਤ ਹੁੰਦਾ ਹੈ।

ਪੁਰਾਣ ਅਨੁਸਾਰ

ਅਮ੍ਰਿਤ ਦਾ ਸੰਬੋਧ ਨਾ ਕੇਵਲ ਆਰਿਆਈ ਧਰਮਾਂ ਵਿੱਚ ਹੀ ਹੈ ਸਗੋਂ ਸਾਮੀ ਧਰਮਾਂ ਵਿੱਚ ਵੀ ਮੌਜੂਦ ਹੈ। ਅਸਲ ਵਿੱਚ ਇਹ ਇੱਕ ਸੰਬੋਧ ਹੈ ਜਿਸ ਦੀ ਪਰਿਕਲਪਨਾ ਅਮਰਾਨੰਦ ਦੇ ਰੂਪ ਵਿੱਚ ਹੋਈ ਲਗਦੀ ਹੈ। ਇਹ ਇੱਕ ਅਮੂਰਤ ਸੰਕਲਪ ਹੈ। ਇਸ ਦਾ ਮੂਲ ਭਾਵ ਹੈ ਮ੍ਰਿਤੂ ਦੇ ਭੈਅ ਤੋਂ ਮੁਕਤ ਹੋਣਾ। ਇਸ ਦੇ ਅਮਰੱਤੂ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਖੀ ਮੁਨੀ ਇਸ ਨੂੰ ਪ੍ਰਾਪਤ ਕਰਨਾ ਲੋੜਦੇ ਸਨ।

ਰਸ ਆਚਾਰੀਆਂ ਅਨੁਸਾਰ

ਆਨੰਦੁ ਸੰਬੋਧ ਬਾਰੇ ਜਿਥੇ ਦਾਰਸ਼ਨਿਕ ਚਿੰਤਕਾਂ ਨੇ ਵਿਸ਼ੇਸ਼ ਧਿਆਨ ਦਿੱਤਾ ਹੈ ਉਥੇ ਰਸਾਚਾਰੀਆਂ ਵੀ ਪਿੱਛੇ ਨਹੀਂ ਰਹੇ। ਰਸਾਚਾਰੀਆਂ ਨੇ ਰਸ ਅਨੁਭੂਤੀ ਲਈ ਦੋ ਤੱਤ ਸਵੀਕਾਰ ਕੀਤੇ ਹਨ: ਪਹਿਲਾ ਚਿੱਤ, ਦੂਸਰਾ ਚੇਤੰਨ। ਪਹਿਲੇ ਦਾ ਸੰਬੰਧ ਚਿੱਤ ਦੀਆਂ ਬਿਰਤੀਆਂ ਨਾਲ ਹੈ ਦੂਜੇ ਦਾ ਬ੍ਰਹਮ ਨਾਲ। ਸਾਮਾਨਯ ਰਸ ਕਵੀ ਦਾ ਮੂਲਾਧਾਰ ਚਿੱਤ ਬਿਰਤੀਆਂ ਹਨ ਤੇ ਅਧਿਆਤਮੀ ਲਈ ਸਗਲਾ ਬ੍ਰਹਿਮੰਡ ਪਾਸਾਰ। ਅਚਰਜ ਤਾਂ ਇਹ ਹੈ ਕਿ ਰਸਾਚਾਰੀਆ ਵੀ ਕਾਵਿ-ਰਸ ਨੂੰ ਬਹ੍ਰਮ ਸਹੋਦਰ ਮੰਨਦੇ ਹਨ।

ਕੁਲ ਮਿਲਾ ਕੇ ਉਪਨਿਸ਼ਦਕਾਰ ਆਨੰਦੁ ਦੀ ਪ੍ਰਤੀਤੀ ਬ੍ਰਹਿਮੰਡ ਦੇ ਵਿਰਾਟ ਪਾਸਾਰ ਵਿੱਚ ਕਰਦੇ ਹਨ। ਵੇਦਾਂਤੀ ਆਨੰਦੁ ਦੀ ਯਾਤਰਾ ਸਥੂਲ ਸ਼ਰੀਰ ਤੋਂ ਆਰੰਭ ਕਰਕੇ ਸੂਖਮ ਪਾਰਬ੍ਰਹਮ ਜਾ ਪਰਮਾਨੰਦੁ ਉਪਰ ਸਮਾਪਤ ਕਰਦੇ ਹਨ। ਜੋਗ ਮਤ ਵਿੱਚ ਆਨੰਦੁ ਦੀ ਯਾਤਰਾ ਨਾਦ ਤੋਂ ਆਰੰਭ ਹੋਕੇ ਅਨਾਹਤ ਉਪਰ ਸਮਾਪਤ ਹੁੰਦੀ ਹੈ। ਰਸਾਚਾਰੀਆ ਆਨੰਦੁ-ਸਿਰਜਨਾ ਦਾ ਸੰਬੰਧ ਮਨੁੱਖੀ ਸਿਰਜਣਾ ਅਥਵਾ ਸਾਹਿਤ ਨਾਲ ਜੋੜਦੇ ਹਨ। ਪਰ ਇਹ ਧਿਆਨ ਰਹੇ ਰਸਾਚਾਰੀਆ ਵੀ ਆਨੰਦੁ ਨੂੰ ਬ੍ਰਹਮ ਸਹੋਦਰ ਕਹਿ ਕੇ ਹੀ ਸਵੀਕਾਰਦੇ ਹਨ।

ਹੁਣ ਤਕ ਅਸੀ ਆਨੰਦੁ ਨੂੰ ਵਖਰੇ ਵਖਰੇ ਮਤਾਂ ਅਨੁਸਾਰ ਬੜੀ ਗੰਭੀਰਤਾ ਨਾਲ ਅਤੇ ਗਹੂ ਨਾਲ ਵੀਚਾਰ ਅਤੇ ਜਾਣ ਲਿਆ ਹੈ। ਆਉ ਹੁਣ ਵੇਖੀਐ ਗੁਰੂ ਅਮਰਦਾਸ ਜੀ “ਰਾਮਕਲੀ ਅਨੰਦੁ” ਵਿੱਚ ਆਨੰਦੁ ਬਾਰੇ ਕੀ ਦਸ ਰਹੇ ਹਨ:

ਰਾਮਕਲੀ ਅਨੰਦੁ ਵਿੱਚ ਗੁਰੂ ਜੀ ਨੇ ਦੇਵੀ ਦੇਵਤਿਆਂ ਅਤੇ ਹੋਰ ਰਿਸ਼ੀ ਮੁਨੀਆਂ ਦੇ ਅਮ੍ਰਿਤ ਦੀ ਪ੍ਰਾਪਤੀ ਵੀ ਸਤਿਗੁਰੂ ਦੀ ਮੇਹਰ ਦੁਆਰਾ ਅਤੇ ਗੁਰੂ ਸ਼ਬਦ ਦੀ ਕਮਾਈ ਰਾਹੀਂ ਹੁੰਦੀ ਦਰਸਾਈ ਹੈ।

ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ॥

ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ॥ (੯੧੮)

ਇਸੇ ਤਰ੍ਹਾਂ ਹਠ ਯੋਗੀਆਂ ਦੇ ਵਾਂਗ ਨੋ ਦਰਵਾਜੇ ਤੇ ਦਸਵਾਂ ਦੁਆਰ ਵੀ ਦਰਸਾਇਆ ਹੈ, ਪਰ ਦਸਮ ਦੁਆਰ ਦੇ ਖੁਲ੍ਹਣ ਦੀ ਜੁਗਤ ਹਠ ਯੋਗੀਆਂ ਦੇ ਪ੍ਰਣਾਯਮ ਦੇ ਉਲਟ ਗੁਰ ਸ਼ਬਦ ਨਾਲ ਦਰਸਾਈ ਹੈ।

ਨਉ ਦਰ ਠਾਕੇ ਧਾਵਤੁ ਰਹਾਏ॥ ਦਸਵੈ ਨਿਜ ਘਰਿ ਵਾਸਾ ਪਾਏ॥

ਓਥੈ ਅਨਹਦ ਸਬਦ ਵਜਹਿ

ਦਿਨੁ ਰਾਤੀ ਗੁਰਮਤੀ ਸਬਦਿ ਸੁਣਾਵਣਿਆ॥ (੧੨੪)

ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ॥

ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ

ਦਸਵਾ ਗੁਪਤੁ ਰਖਾਇਆ॥

ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ॥

(੯੨੨)

ਆਉ ਹੁਣ “ਰਾਮਕਲੀ ਅਨੰਦੁ” ਦੀਆ ੪੦ ਪਉੜੀਆਂ ਦਾ ਲੜੀ ਵਾਰ ਭਾਵ ਸਮਝ ਲਈਏ। ਰਾਮਕਲੀ ਅਨੰਦੁ ਦੀ ਸ਼ੁਰੂਆਤ ਹੁੰਦੀ ਹੈ, (ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੇ ਪਾਇਆ।।) ਜਿਸ ਤੋ ਸਪਸ਼ਟ ਸਿਧ ਹੁੰਦਾ ਹੈ ਕਿ ਗੁਰੂ ਜੀ ਨੇ ਰਾਮਕਲੀ ਅਨੰਦੁ ਵਿੱਚ ਆਨੰਦੁ ਨੂੰ ਪਰਿਭਾਸ਼ਿਤ ਨਹੀ ਕੀਤਾ ਬਲਕਿ ਇਹ ਆਨੰਦੁ ਮਈ ਅਵਸਥਾ ਦਾ ਵਰਣਨ ਹੈ। ਮੇਰੀ ਮਾਂ ਮੇਰੇ ਅੰਦਰ ਪੂਰਨ ਖਿੜਾਉ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਗੁਰੂ ਮਿਲ ਪਿਆ ਹੈ। ਗੁਰੂ ਪਾਸੋਂ ਪਰਮਾਤਮਾ ਦੀ ਸਿਫਤਿ ਸਾਲਾਹ ਦੀ ਦਾਤ ਮਿਲਦੀ ਹੈ। ਸਿਫਤਿ ਸਾਲਾਹ ਦੀ ਬਰਕਤ ਨਾਲ ਮਨੁੱਖ ਦੇ ਮਨ ਵਿੱਚ ਆਤਮਕ ਖਿੜਉ ਪੈਦਾ ਹੋ ਜਾਂਦਾ ਹੈ।

੨ ਹੇ ਮੇਰੇ ਮਨ ਤੂੰ ਪ੍ਰਭ ਦੀ ਯਾਦ ਵਿੱਚ ਜੁੜਿਆ ਰਹੁ। ਜਿਹੜਾ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਉਸ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ। ਪਰਮਾਤਮਾ ਸਾਰੇ ਕੰਮ ਕਰਨ ਦੇ ਸਮਰਥ ਹੈ।

ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮੇਹਰ ਹੋ ਜਾਵੇ ਉਸ ਦੇ ਹਿਰਦੈ ਵਿੱਚ ਪਰਮਾਤਮਾ ਵਸ ਜਾਂਦਾ ਹੈ ਅਤੇ ਨਾਮ ਦੀ ਬਰਕੱਤ ਨਾਲ ਉਸ ਦੇ ਅੰਦਰ ਆਨੰਦੁ ਬਣਿਆਂ ਰਹਿੰਦਾ ਹੈ। ਹੇ ਪਰਮਾਤਮਾ ਤੇਰੇ ਘਰ ਵਿੱਚ ਕਿਸੇ ਸ਼ੇ ਦਾ ਘਾਟਾ ਨਹੀ ਹੈ ਤੇ ਮੈˆ ਤੇਥੋਂ ਆਨੰਦੁ ਦਾ ਦਾਨ ਮੰਗਦਾ ਹਾਂ।

੪ ਜਿਸ ਦੇ ਹਿਰਦੈ ਵਿੱਚ ਪਰਮਾਤਮਾ ਵਸ ਜਾਂਦਾ ਹੈ ਉਸ ਦੇ ਮਨ ਵਿਚੋਂ ਮਾਇਆ ਦੇ ਸਾਰੇ ਲਾਲਚ ਆਪੇ ਹੀ ਦੂਰ ਹੋ ਜਾਂਦੇ ਹਨ। ਲਾਲਚ ਦੇ ਨਾਸ ਹੁੰਦਿਆ ਹੀ ਮਨ ਵਿੱਚ ਸ਼ਾਂਤੀ ਆ ਵਸਦੀ ਹੈ। ਪਰ ਇਹ ਹੁੰਦਾ ਹੈ ਗੁਰੂ ਦੀ ਮੇਹਰ ਨਾਲ।

ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿੱਚ ਧੁਰ ਦਰਗਾਹ ਤੋਂ ਹੀ ਨਾਮ ਦੀ ਦਾਤ ਲਿਖੀ ਹੁੰਦੀ ਹੈ ਉਹੀ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਹਨ। ਉਨਾਂ ਉਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਪਣਾ ਜ਼ੋਰ ਨਹੀ ਮਾਰ ਸਕਦੇ ਅਤੇ ਉਨਾ ਦੇ ਮਨਾਂ ਵਿੱਚ ਸਦਾ ਆਨੰਦੁ ਬਣਿਆਂ ਰਹਿੰਦਾ ਹੈ।

੬ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਪਿਆਰ ਦੀ ਲਗਨ ਨਹੀਂ ਲਗੀ ਉਹ ਸਦਾ ਮਾਇਆ ਦੇ ਪ੍ਰਭਾਵ ਹੇਠ ਦੁਖੀ ਰਹਿੰਦਾ ਹੈ। ਜਿਸ ਉਤੇ ਪਰਮਾਤਮਾ ਆਪ ਕਿਰਪਾ ਕਰ ਕੇ ਆਪਣੇ ਚਰਨਾ ਨਾਲ ਜੋੜ ਲੈˆਦਾ ਹੈ ਉਹ ਗੁਰੂ ਦੇ ਸ਼ਬਦ ਵਿੱਚ ਲਗ ਕੇ ਸੁਧਰ ਜਾਂਦਾ ਹੈ।

੭ ਕਹਿਣ ਨੂੰ ਤਾਂ ਹਰ ਕੋਈ ਕਹਿ ਦੇਂਦਾ ਹੈ ਕਿ ਮੈਨੂੰ ਆਨੰਦੁ ਆ ਗਿਆ ਹੈ ਪਰ ਅਸਲ ਆਨੰਦੁ ਦੀ ਸੂਝ ਤਾਂ ਗੁਰੂ ਪਾਸੋਂ ਹੀ ਮਿਲਦੀ ਹੈ। ਜਿਨਾਂ ਮਨੁੱਖਾਂ ਦੇ ਮਨ ਵਿਚੋਂ ਮਾਇਆ ਦਾ ਮੋਹ ਮੁਕ ਜਾਦਾ ਹੈ ਉਨਾਂ ਦਾ ਜੀਵਨ ਪਿਆਰ ਵਾਲਾ ਬਣ ਜਾਂਦਾ ਹੈ ਤੇ ਉਹ ਸਦਾ ਮਿਠਾ ਬੋਲਦੇ ਹਨ। ਇਹੀ ਆਤਮਕ ਆਨੰਦੁ ਹੈ ਤੇ ਇਹ ਮਿਲਦਾ ਹੈ ਗੁਰੂ ਦੀ ਬਖਸ਼ਿਸ਼ ਨਾਲ।

੮ ਜਿਨ੍ਹਾਂ ਉਤੇ ਪਰਮਾਤਮਾ ਮੇਹਰ ਕਰਦਾ ਹੈ ਉਹੀ ਗੁਰੂ ਦੇ ਦਸੇ ਰਸਤੇ ਤੁਰ ਕੇ ਆਤਮਿਕ ਆਨੰਦੁ ਮਾਣ ਸਕਦੇ ਹਨ। ਆਪਣੇ ਉੱਧਮ ਨਾਲ ਕੋਈ ਵੀ ਇਸ ਆਤਮਿਕ ਆਨੰਦੁ ਦੀ ਪ੍ਰਾਪਤੀ ਨਹੀ ਕਰ ਸਕਦਾ ਕਿਉਂਕਿ ਮਾਇਆ ਦੇ ਅਗੇ ਕਿਸੇ ਦੀ ਪੇਸ਼ ਨਹੀ ਜਾਂਦੀ।

੯ ਹੇ ਪਿਆਰੇ ਸੰਤ ਜਨੋ ਆਉ ਆਪਣਾ ਤਨ, ਮਨ ਗੁਰੂ ਨੂੰ ਸੌਂਪ ਦੇਈਐ ਤੇ ਪਰਮਾਤਮਾ ਦੀ ਸਿਫਤ ਸਾਲਾਹ ਕਰੀਏ। ਪਰਮਾਤਮਾ ਦੇ ਮਿਲਾਪ ਦਾ ਇਕੋ ਏਹੀ ਤਰੀਕਾ ਹੈ। ਜਦੋਂ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦੀ ਉਸਤੱਤ ਕਰਦੇ ਰਹੀਏ ਤਾਂ ਅੰਦਰ ਆਨੰਦੁ ਹੀ ਆਨੰਦੁ ਬਣਿਆਂ ਰਹਿੰਦਾ ਹੈ।

੧੦ ਹੇ ਮੇਰੇ ਚੰਚਲ ਮਨ ਚਤੁਰਾਈ ਨਾਲ ਕਿਸੀ ਨੂੰ ਭੀ ਆਤਮਕ ਆਨੰਦੁ ਦੀ ਪ੍ਰਾਪਤੀ ਨਹੀ ਹੁੰਦੀ। ਜੇ ਮਨੁੱਖ ਮਾਇਆ ਦੇ ਮੋਹ ਵਿੱਚ ਹੀ ਫਸਿਆ ਰਹੇ ਤੇ ਆਨੰਦੁ ਦੀ ਇਛਾ ਵੀ ਰਖੇ ਇਹ ਨਹੀਂ ਹੋ ਸਕਦਾ।

੧੧ ਸਦਾ ਦੇ ਆਤਮਿਕ ਆਨੰਦੁ ਦੀ ਪ੍ਰਾਪਤੀ ਦਾ ਇਕੋ ਹੀ ਤਰੀਕਾ ਹੈ ਕਿ ਮਨੁੱਖ ਦੁਨੀਆਂ ਦੇ ਮੋਹ ਦੇ ਚਿਕੜ੍ਹ ਵਿੱਚ ਨਾ ਫਸੇ ਤੇ ਸਦਾ ਮਨ ਵਿੱਚ ਪ੍ਰਭੂ ਦੀ ਯਾਦ ਵਸਾਈ ਰਖੇ। ਇਹੀ ਸਤਿਗੁਰ ਦਾ ਉਪਦੇਸ਼ ਹੈ ਜਿਸ ਨੂੰ ਕਦੀ ਭੁਲਣਾ ਨਹੀ ਚਾਹੀਦਾ।

ਹੇ ਮੇਰੇ ਪਿਆਰੇ ਮਨ ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਅੰਦਰ ਸਦਾ ਆਤਮਿਕ ਅਨੰਦੁ ਬਣਿਆ ਰਹੇ ਤਾਂ ਪ੍ਰਭੂ ਦੇ ਅਗੇ ਇਉਂ ਅਰਜੋਈ ਕਰ। ਹੇ ਪ੍ਰਭੂ! ਤੂੰ ਬੇਅੰਤ ਜੀਵਾਂ ਦੇ ਅੰਦਰ ਆਪ ਹੀ ਬੋਲ ਰਿਹਾ ਹੈ ਅਤੇ ਸਾਰੇ ਜੀਵਾ ਦੀ ਸੰਭਾਲ ਵੀ ਤੂੰ ਆਪ ਹੀ ਕਰ ਰਿਹਾ ਹੈ।

ਜਿਸ ਮਨੁੱਖ ਉਪਰ ਪ੍ਰਭੂ ਕਿਰਪਾ ਕਰ ਦੇਂਦਾ ਹੈ ਉਸਨੂੰ ਆਤਮਿਕ ਆਨੰਦੁ ਰੂਪ ਅਮ੍ਰਿਤ, ਗੁਰੂ ਪਾਸੋਂ ਮਿਲ ਜਾਂਦਾ ਹੈ ਜਿਸ ਨੂੰ ਦੇਵਤੇ ਮਨੁੱਖ ਅਤੇ ਮੁਨੀ ਜਨ ਵੀ ਲਭਦੇ ਫਿਰਦੇ ਹਨ। ਜਿਸ ਨੂੰ ਇਹ ਅਮ੍ਰਿਤ ਮਿਲਦਾ ਹੈ ਉਸਦੇ ਹਿਰਦੇ ਵਿੱਚ ਸਦਾ ਪਰਮਾਤਮਾ ਵਸਦਾ ਹੈ। ਉਸ ਦੇ ਮਨ ਵਿਚੋ ਲੱਭ ਲੋਭ ਤੇ ਹੰਕਾਰ ਸਦਾ ਲਈ ਦੂਰ ਹੋ ਜਾਂਦੇ ਹਨ।

ਜੇਹੜੇ ਬੰਦੇ ਆਤਮਿਕ ਆਨੰਦੁ ਮਾਣਦੇ ਹਨ ਉਹ ਭਗਤ ਹਨ ਤੇ ਭਗਤਾਂ ਦੀ ਜੀਵਨ ਜੁਗਤ ਸੰਸਾਰੀਆਂ ਤੋਂ ਵਖਰੀ ਹੁੰਦੀ ਹੈ। ਉਹ ਵਿਕਾਰਾਂ ਤੋ ਬਚੇ ਰਹਿੰਦੇ ਹਨ ਉਹ ਆਪਣੀ ਸੋਭਾ ਕਰਵਾਉਣਾ ਨਹੀਂ ਲੋੜਦੇ ਪਰ ਇਹ ਰਸਤਾ ਹੈ ਬੜਾ ਔਖਾ। ਏਸ ਰਸਤੇ ਉਹੀ ਤੁਰ ਸਕਦਾ ਹੈ ਜਿਸ ਤੇ ਗੁਰੂ ਦੀ ਕਿਰਪਾ ਹੋਵੇ।

ਹੇ ਪ੍ਰਭੂ ਅਸੀਂ ਸਾਰੇ ਜੀਵ ਉਵੇਂ ਹੀ ਤੁਰਦੇ ਹਾਂ ਜਿਵੇ ਤੂੰ ਸਾਨੂੰ ਤੋਰਦਾ ਹੈਂ ਉਹੀ ਸਦਾ ਹਰੀ ਦਾ ਸਿਮਰਨ ਕਰਦੇ ਹਨ ਅਤੇ ਆਨੰਦੁ ਮਾਣਦੇ ਹਨ।

੧੬ ਸਤਿਗੁਰ ਦੀ ਬਾਣੀ ਹੀ ਆਤਮਿਕ ਆਨੰਦੁ ਪ੍ਰਾਪਤ ਕਰਨ ਦਾ ਵਸੀਲਾ ਹੈ ਪਰ ਇਹ ਸਤਿਗੁਰੂ ਦਾ ਸੋਹਣਾ ਸ਼ਬਦ ਉਨਾ ਦੇ ਹਿਰਦੇ ਵਿੱਚ ਹੀ ਵਸਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਧੁਰ ਦਰਗਾਹ ਤੋ ਹੀ ਇਹ ਲਿਖਿਆ ਹੋਵੇ।

ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈਕੇ ਹਰੀ ਦਾ ਨਾਮ ਸਿਮਰਿਆ ਉਹ ਪਵਿਤ੍ਰ ਜੀਵਨ ਵਾਲੇ ਹੋ ਗਏ। ਉਨ੍ਹਾਂ ਦੇ ਅੰਦਰ ਆਤਮਿਕ ਆਨੰਦੁ ਪੈਦਾ ਹੋ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਮਾਇਆ ਦੀ ਖਿਚ ਨਹੀ ਰਹਿੰਦੀ। ਉਨ੍ਹਾਂ ਦਾ ਆਪਣਾ ਜੀਵਨ ਵੀ ਉਚਾ ਹੋ ਜਾਂਦਾ ਹੈ ਤੇ ਉਨ੍ਹਾਂ ਦੀ ਸੰਗਤ ਨਾਲ ਹੋਰਨਾ ਦਾ ਜੀਵਨ ਵੀ ਪਵਿਤਰ ਹੋ ਜਾਂਦਾ ਹੈ।

੧੮ ਮਾਇਆ ਦੇ ਮੋਹ ਵਿੱਚ ਫਸੇ ਰਹਿਆਂ ਹਮੇਸ਼ਾ ਮਨ ਵਿੱਚ ਚਿੰਤਾ ਤੇ ਡਰ ਬਣਿਆ ਰਹਿੰਦਾ ਹੈ। ਇਹ ਤੋਖਲਾ ਆਤਮਿਕ ਆਨੰਦੁ ਤੋਂ ਬਿਨਾਂ ਦੂਰ ਨਹੀ ਹੋ ਸਕਦਾ ਅਤੇ ਆਤਮਿਕ ਆਨੰਦੁ ਮਿਲਦਾ ਹੈ ਸਿਮਰਨ ਨਾਲ। ਸੋ ਗੁਰੂ ਦੇ ਸ਼ਬਦ ਵਿੱਚ ਸਦਾ ਸੁਰਤ ਜੋੜੀ ਰਖੋ ਅਤੇ ਆਨੰਦੁ ਮਾਣਦੇ ਰਹੋ।

੧੯ ਜੇਹੜੇ ਬੰਦੇ ਪਵਿੱਤ੍ਰ ਦਿਸਦੇ ਹੋਣ ਪਰ ਮਨੋ ਵਿਕਾਰੀ ਹੋਣ ਸਮਝੋ ਉਨਾਂ ਨੇ ਆਪਣਾ ਜੀਵਨ ਇਉਂ ਗਵਾਂ ਲਿਆ ਜਿਵੇ ਕਿਸੇ ਨੇ ਜੂਏ ਵਿੱਚ ਆਪਣਾ ਧਨ। ਨਿਰੇ ਬਾਹਰੋ ਧਾਰਮਕ ਦਿਸਣ ਨਾਲ ਮਨ ਤੋਂ ਵਿਕਾਰਾਂ ਦੀ ਮੈਲ ਨਹੀਂ ਹਟਦੀ। ਜਿੱਥੇ ਝੋਰਾ ਰਹੈ ਉੱਥੇ ਆਨੰਦੁ ਕਿਥੇ? ਸੋ ਸਦਾ ਹਰੀ ਦਾ ਸਿਮਰਨ ਕਰੋ ਇਹੀ ਹੈ ਅਰੋਗਤਾ ਦਾ ਵਸੀਲਾ ਤੇ ਆਤਮਕ ਆਨੰਦੁ ਦਾ ਜਰੀਆ।

ਜਿਹੜਾ ਮਨੁੱਖ ਗੁਰੂ ਦੇ ਦਸੇ ਰਾਹ ਤੇ ਤੁਰਦਾ ਹੈ ਮਾਇਆ ਉਸ ਨੂੰ ਪੋਹ ਨਹੀ ਸਕਦੀ। ਉਹ ਸਦਾ ਵਿਕਾਰਾਂ ਤੋ ਬਚਿਆ ਰਹਿੰਦਾ ਹੈ ਅਤੇ ਦੁਨੀਆ ਨਾਲ ਉਸ ਦਾ ਵਿਹਾਰ ਵੀ ਸੁੱਚਜਾ ਰਹਿੰਦਾ ਹੈ। ਜੀਵ ਜਗਤ ਵਿੱਚ ਆਤਮਿਕ ਆਨੰਦੁ ਦੀ ਕਮਾਈ ਕਰਨ ਆਏ ਹਨ। ਉਹੀ ਚੰਗੇ ਵਪਾਰੀ ਹਨ ਜਿਨਾਂ ਨੇ ਜੀਵਨ ਵਿੱਚ ਨਾਮ ਦੀ ਕਮਾਈ ਕੀਤੀ ਤੇ ਆਪਣਾ ਜੀਵਨ ਸਫਲ ਕਰ ਲਿਆ।

ਜਿਹੜਾ ਮਨੁੱਖ ਸਚੇ ਦਿਲੋ ਗੁਰੂ ਦੇ ਚਰਨਾ ਵਿੱਚ ਟਿਕਿਆ ਰਹਿੰਦਾ ਹੈ, ਆਪਾ ਭਾਵ ਛਡ ਕੇ ਗੁਰੂ ਨੂੰ ਹੀ ਆਪਣਾਂ ਆਸਰਾ ਮੰਨਦਾ ਹੈ। ਉਹੀ ਸਦਾ ਆਤਮਿਕ ਅਨੰਦੁ ਮਾਣ ਸਕਦਾ ਹੈ। ਉਹੀ ਮਨੁੱਖ ਗੁਰੂ ਦੇ ਸਾਮ੍ਹਣੇ ਸੁਰਖਰੂ ਹੋ ਸਕਦਾ ਹੈ।

ਜੇ ਕੋਈ ਮਨੁੱਖ ਗੁਰੂ ਤੋ ਮੂੰਹ ਮੋੜ ਲਏ ਉਸ ਨੂੰ ਆਤਮਿਕ ਆਨੰਦੁ ਨਹੀ ਨਸੀਬ ਹੋ ਸਕਦਾ। ਗੁਰੂ ਤੋਂ ਬਿਨਾਂ ਹੋਰ ਕੋਈ ਵੀ ਮਾਇਆ ਦੇ ਬੰਧਨ ਤੋ ਖਲਾਸੀ ਨਹੀ ਕਰਵਾ ਸਕਦਾ। ਮਾਇਆ ਤੇ ਆਤਮਿਕ ਆਨੰਦੁ ਦੋਵੇਂ ਇਕੱਠੇ ਨਹੀ ਰਹਿ ਸਕਦੇ ਇਸ ਲਈ ਗੁਰੂ ਦੀ ਸਰਨ ਪਵੋ ਜੋ ਜੀਵਨ ਦਾ ਸਹੀ ਰਸਤਾ ਦਸਣ ਯੋਗ ਹੈ।

ਹੇ ਸਤਿਗੁਰੂ ਦੇ ਪਿਆਰੇ ਸਿੱਖੋ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਇਹ ਬਾਣੀ ਸਦਾ ਗਾਵੋ। ਜਿਨ੍ਹਾਂ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹੀ ਇਸ ਨੂੰ ਸਦਾ ਆਪਣੇ ਹਿਰਦੈ ਵਿੱਚ ਵਸਾਉਦੇ ਹਨ। ਏਸ ਤਰਾਂ ਉਹ ਸਦਾ ਆਤਮਿਕ ਆਨੰਦੁ ਦੇਣ ਵਾਲਾ ਨਾਮ ਜਲ (ਅਮ੍ਰਿਤ) ਸਦਾ ਪੀਂਦੇ ਰਹਿੰਦੇ ਹਨ।

੨੪ ਪਰਮਾਤਮਾ ਦੀ ਸਿਫਤ ਸਾਲਾਹ ਤੋਂ ਉਲਟ ਬਾਣੀ ਦੇ ਪੜ੍ਹਨ ਅਤੇ ਸੁਣਨ ਵਾਲਿਆਂ ਦੇ ਮਨ ਮਾਇਆ ਦੇ ਟਾਕਰੇ ਤੇ ਕਮਜੋਰ ਪੈ ਜਾਂਦੇ ਹਨ ਅਤੇ ਉਹ ਆਤਮਿਕ ਆਨੰਦੁ ਨਹੀ ਮਾਣ ਸਕਦੇ। ਜੇਹੜੇ ਮਾਇਆ ਦੇ ਮੋਹ ਵਿੱਚ ਫਸੇ ਹੋਣ ਉਹ ਭਾਵੇਂ ਜੁਬਾਨ ਨਾਲ ਹਰੀ ਨਾਮ ਵੀ ਬੋਲਣ ਪਰ ਫੇਰ ਵੀ ਉਨ੍ਹਾਂ ਦੀ ਰੱਬ ਨਾਲ ਡੁੰਗੀਂ ਸਾਂਝ ਨਹੀ ਬਣ ਸਕਦੀ।

੨੫ ਸਤਿਗੁਰੂ ਦਾ ਸ਼ਬਦ ਇੱਕ ਐਸੀ ਅਮੋਲਕ ਦਾਤਿ ਹੈ ਜਿਸ ਵਿੱਚ ਪਰਮਾਤਮਾ ਦੀਆਂ ਵਡਿਆਈਆਂ ਭਰੀਆ ਹੋਈਆਂ ਹਨ। ਇਹ ਬਾਣੀ ਇੱਕ ਐਸੀ ਰਤਨ ਹੈ ਜਿਸ ਦੇ ਪੜ੍ਹਨ ਅਤੇ ਸੁਣਨ ਨਾਲ ਮਨ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਅਤੇ ਉਸ ਮਨੁੱਖ ਦੇ ਅੰਦਰ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ ਇਹੀ ਪਿਆਰ ਆਤਮਿਕ ਆਨੰਦੁ ਬਣ ਜਾਂਦਾ ਹੈ।

ਪਰਮਾਤਮਾ ਨੇ ਇਹ ਸਾਰੇ ਜੀਵ ਵੀ ਆਪ ਹੀ ਪੈਦਾ ਕੀਤੇ ਹਨ ਅਤੇ ਮਾਇਆ ਦੀ ਖੇਡ ਵੀ ਆਪ ਹੀ ਰਚਾਈ ਹੈ। ਪਰਮਾਤਮਾ ਦੇ ਹੁਕਮ ਦੇ ਮੁਤਾਬਕ ਸਾਰੇ ਜੀਵ ਮਾਇਆ ਦੇ ਹਥਾਂ ਵਿੱਚ ਖੇਡ ਰਹੇ ਹਨ ਤੇ ਪਰਮਾਤਮਾ ਇਹ ਖੇਡ ਵੇਖਦਾ ਹੈ। ਜਿਸ ਨੂੰ ਪਰਮਾਤਮਾ ਇਤਨੀ ਸੂਝ ਬਖਸ਼ ਦੇਂਦਾ ਹੈ ਉਹ ਗੁਰੂ ਦੇ ਦਸੇ ਰਾਹ ਤੇ ਤੁਰ ਕੇ ਮਾਇਆ ਦੇ ਬੰਦਨ ਤੋਂ ਮੁਕਤ ਹੋ ਜਾਂਦਾ ਹੈ। ਉਸ ਦੀ ਸੁਰਤ ਪਰਮਾਤਮਾ ਦੇ ਚਰਨਾ ਵਿੱਚ ਜੁੜੀ ਰਹਿੰਦੀ ਹੈ ਤੇ ਉਸ ਦੇ ਅਦੰਰ ਆਤਮਿਕ ਆਨੰਦੁ ਬਣਿਆ ਰਹਿੰਦਾ ਹੈ।

੨੭ ਸਿਰਫ ਪਾਪ ਅਤੇ ਪੁੱਨ ਦੀ ਵੀਚਾਰ ਕਰ ਲੈਣ ਨਾਲ ਅਤੇ ਹੋਰ ਕਰਮ ਕਾਂਡ ਕਰ ਲੇਣ ਨਾਲ ਆਤਮਿਕ ਆਨੰਦੁ ਨਹੀ ਆ ਸਕਦਾ। ਸਿਮ੍ਰਤੀਆਂ ਤੇ ਸ਼ਾਸਤਰਾਂ ਦੀਆਂ ਵੀਚਾਰਾਂ ਅਨੁਸਾਰ ਚਲਿਆ ਭੀ ਮਾਇਆ ਦਾ ਮੋਹ ਟੁਟ ਨਹੀਂ ਸਕਦਾ। ਆਤਮਿਕ ਆਨੰਦੁ ਉਹੀ ਮਾਣ ਸਕਦਾ ਹੈ ਜੇਹੜਾ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਟਿਕਿਆ ਰਹੇ।

੨੮ ਉਸ ਪਰਮਾਤਮਾ ਨੂੰ ਕਦੇ ਭੁਲਣਾ ਨਹੀ ਚਾਹੀਦਾ ਜੇੜ੍ਹਾ ਮਾਂ ਦੇ ਪੇਟ ਦੀ ਅਗਨ ਵਿੱਚ ਵੀ ਖੁਰਾਕ ਅਪੜਾਉਂਦਾ ਹੈ ਤੇ ਰਖਿਆ ਵੀ ਕਰਦਾ ਹੈ। ਜਿਸ ਉੱਤੇ ਪਰਮਾਤਮਾ ਬਖਸ਼ਿਸ਼ ਕਰਦਾ ਹੈ ਉਸ ਨੂੰ ਮਾਇਆ ਦਾ ਮੋਹ ਪੋਹ ਨਹੀ ਸਕਦਾ ਤੇ ਐਸੇ ਮਨੁੱਖ ਦੇ ਅੰਦਰ ਸਦਾ ਆਤਮਿਕ ਆਨੰਦੁ ਬਣਿਆ ਰਹਿੰਦਾ ਹੈ।

੨੯ ਜਿਵੇ ਮਾਂ ਦੇ ਪੇਟ ਦੀ ਅਗਨ ਹੈ ਉਵੇਂ ਹੀ ਬਾਹਰ ਮਾਇਆ ਦੀ ਅਗਨ ਹੈ। ਇਹ ਮਾਇਆ ਹੈ ਹੀ ਐਸੀ ਕਿ ਰੱਬ ਨੂੰ ਭੁਲਾ ਦੇਂਦੀ ਹੈ। ਪਰ ਜਿਨ੍ਹਾਂ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਸੰਸਾਰਿਕ ਕਾਰ ਵਿਕਾਰ ਕਰਦਿਆਂ ਵੀ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਈ ਰਖਦੇ ਹਨ ਅਤੇ ਉਨ੍ਹਾਂ ਦੇ ਅੰਦਰ ਆਤਮਿਕ ਆਨੰਦੁ ਬਣਿਆਂ ਰਹਿੰਦਾ ਹੈ।

੩੦ ਪਰਮਾਤਮਾ ਦਾ ਕੋਈ ਮੁਲ ਨਹੀ ਪੈ ਸਕਦਾ ਅਤੇ ਨਾ ਹੀ ਉਹ ਕਿਸੇ ਮੁਲ ਵਟੇ ਮਿਲ ਸਕਦਾ ਹੈ। ਜਿਸ ਮਨੁੱਖ ਨੂੰ ਪ੍ਰਭੂ ਗੁਰੂ ਨਾਲ ਜੋੜ ਦੇਂਦਾ ਹੈ ਉਸਦੇ ਭਾਗ ਜਾਗ ਪੈˆਦੇ ਹਨ ਤੇ ਗੁਰ ਸ਼ਬਦ ਨਾਲ ਜੁੜ ਕੇ ਉਹ ਸਦਾ ਆਤਮਿਕ ਆਨੰਦੁ ਮਾਣਦਾ ਹੈ।

੩੧ ਗੁਰੂ ਪਾਸੋ ਇਹ ਸਮਝ ਮਿਲਦੀ ਹੈ ਕਿ ਆਤਮਿਕ ਆਨੰਦੁ ਦੀ ਖੱਟੀ ਖੱਟਣ ਵਾਸਤੇ ਹਰੀ ਦਾ ਨਾਮ ਹੀ ਮਨੁੱਖ ਦੀ ਰਾਸ ਪੂੰਜੀ ਹੋਣੀ ਚਾਹੀਦੀ ਹੈ। ਪਰ ਇਹ ਸਰਮਾਇਆ ਮਿਲਦਾ ਉਨਾਂ ਨੂੰ ਹੀ ਹੈ ਜਿਨ੍ਹਾਂ ਉਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ।

ਮਨੁੱਖ ਦਾ ਜੀਭ ਦਾ ਚਸਕਾ ਕਈ ਤਰ੍ਹਾਂ ਦੇ ਖਾਣੇ ਨਾਲ ਨਹੀ ਮੁਕ ਸਕਦਾ। ਪਰ ਜਦੋਂ ਇਸ ਮਨੁੱਖ ਨੂੰ ਹਰੀ ਦੇ ਨਾਮ ਦੇ ਸਿਮਰਨ ਦਾ ਆਨੰਦੁ ਆਉਣ ਲਗ ਪੈˆਦਾ ਹੈ ਇਹ ਸਾਰੇ ਚਸਕੇ ਆਪੇ ਹੀ ਮੁਕ ਜਾਂਦੇ ਹਨ। ਜਿਸ ਨੂੰ ਪਰਮਾਤਮਾ ਦੀ ਮੇਹਰ ਨਾਲ ਗੁਰੂ ਮਿਲ ਪੈˆਦਾ ਹੈ ਉਸ ਨੂੰ ਆਤਮਿਕ ਆਨੰਦੁ ਆਉਣ ਲਗ ਪੈˆਦਾ ਹੈ।

ਐ ਮੇਰੇ ਸਰੀਰਾ ਜਦੋਂ ਪਰਮਾਤਮਾ ਨੇ ਤੇਰੇ ਅਦੰਰ ਆਪਣੀ ਜੋਤ ਟਿੱਕਾ ਦਿੱਤੀ ਤਾਂ ਹੀ ਤੂੰ ਇਸ ਜਗਤ ਵਿੱਚ ਆਇਆ ਹੈਂ। ਉਹ ਤਾਂ ਤੇਰੇ ਅੰਦਰ ਹੈ ਜਿਸ ਨੂੰ ਤੂੰ ਬਾਹਰੋਂ ਢੁੰਢਦਾ ਹੈਂ। ਸੁਖ ਤੇ ਆਨੰਦੁ ਦਾ ਦਾਤਾ ਆਪ ਪਰਮਾਤਮਾ ਹੀ ਹੈ, ਪਰ ਮਨੁੱਖ ਤਾਂ ਸੁਖਾਂ ਨੂੰ ਸੰਸਾਰਕ ਪਦਾਰਥਾਂ ਵਿਚੋਂ ਭਾਲਦਾ ਹੈ। ਜਦ ਗੁਰੂ ਦੀ ਕਿਰਪਾ ਨਾਲ ਇਹ ਸੱਮਝ ਆ ਜਾਂਦੀ ਹੈ ਕਿ ਇਹ ਜਗਤ ਤਾਂ ਇੱਕ ਤਮਾਸ਼ਾ ਹੈ ਸਦਾ ਥਿਰ ਰਹਿਣ ਵਾਲਾ ਆਨੰਦੁ ਇਸ ਵਿੱਚ ਨਹੀ ਹੋ ਸਕਦਾ ਫੇਰ ਇਹ ਸੰਸਾਰ ਮਦਾਰੀ ਦੀ ਇੱਕ ਖੇਡ ਹੀ ਜਾਪਦੀ ਹੈ।

੩੪ ਮਨੁੱਖ ਦੇ ਅੰਦਰ ਆਤਮਿਕ ਆਨੰਦੁ ਉਦੋ ਹੀ ਬਣਦਾ ਹੈ ਜਦੋ ਉਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਪ੍ਰਕਾਸ਼ ਹੁੰਦਾ ਹੈ। ਫੇਰ ਮਨੁੱਖ ਦਾ ਹਿਰਦਾ ਵਿਕਾਰਾਂ ਤੋਂ ਪਵਿਤ੍ਰ ਹੋ ਜਾਂਦਾ ਹੈ। ਕੋਈ ਚਿੰਤਾ, ਕੋਈ ਦੁਖ ਉਸ ਉੱਤੇ ਆਪਣਾ ਜੋਰ ਨਹੀ ਪਾ ਸਕਦਾ। ਪਰ ਇਹ ਹੁੰਦਾ ਹੈ ਗੁਰੂ ਦੀ ਮੇਹਰ ਦਾ ਸਦਕਾ।

੩੫ ਮਨੁੱਖ ਆਪਣੇ ਪਿਛਲੇ ਜਨਮਾ ਦੇ ਕੀਤੇ ਹੋਏ ਕਰਮਾ ਅਨੁਸਾਰ ਮੁੜ ਮੁੜ ਉਹੀ ਕਰਮ ਕਰੀ ਜਾਂਦਾ ਹੈ। ਆਪਣੇ ਆਪ ਹਰੀ ਦੇ ਸਿਮਰਨ ਵਲ ਨਹੀ ਪਰਤ ਸਕਦਾ। ਪਰ ਜਿਸ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉਘੜਦੇ ਹਨ ਉਹੀ ਗੁਰੂ ਦੀ ਕਿਰਪਾ ਨਾਲ ਰੱਬ ਦੇ ਸਿਮਰਨ ਵਿੱਚ ਜੁੜਦਾ ਹੈ ਤੇ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ।

ਜਦੋਂ ਤਕ ਮਨੁੱਖ ਸੰਸਾਰ ਵਿੱਚ ਮੇਰ ਤੇਰ ਦੀ ਭਾਵਨਾ ਰਖਦਾ ਹੈ ਉਦੋ ਤਕ ਇਸ ਦੇ ਅੰਦਰ ਆਤਮਿਕ ਆਨੰਦੁ ਨਹੀ ਬਣ ਸਕਦਾ। ਗੁਰੂ ਨੂੰ ਮਿਲ ਕੇ ਇਸ ਦੀਆਂ ਅਖਾਂ ਖੁਲਦੀਆਂ ਹਨ ਤੇ ਫੇਰ ਇਸ ਨੂੰ ਸਾਰਿਆਂ ਵਿੱਚ ਇਕੋ ਪਰਮਾਤਮਾ ਦਿਸੱਣ ਲਗ ਪੈˆਦਾ ਹੈ। ਇਹੀ ਦੀਦਾਰ ਆਨੰਦੁ ਮੂਲ ਹੈ।

ਜਿਸ ਮਨੁੱਖ ਨੂੰ ਦੂਜਿਆ ਦੀ ਨਿੰਦਾ ਚੁਗਲੀ ਸੁਣਨ ਦਾ ਚਸਕਾ ਹੈ ਉਸ ਨੂੰ ਆਤਮਿਕ ਆਨੰਦੁ ਨਹੀ ਮਿਲ ਸਕਦਾ। ਆਤਮਿਕ ਆਨੰਦੁ ਉਦੋਂ ਹੀ ਮਿਲਦਾ ਹੈ ਜਦੋਂ ਸਾਰੇ ਗਿਆਨ ਇੰਦ੍ਰੇ ਪਰਮਾਤਮਾ ਦੀ ਸਿਫਤ ਸਾਲਾਹ ਵਿੱਚ ਮਗਨ ਹੋਣ।

ਪ੍ਰਭੂ ਨੇ ਸਰੀਰ ਗੁਫਾ ਵਿੱਚ ਜਿੰਦ ਨੂੰ ਟਿਕਾ ਕੇ ਇਸ ਨੂੰ ਜੀਭ, ਕੰਨ ਅਦਿਕ ਨੋ ਕਰਮ ਇਦ੍ਰੇ ਤੇ ਦਸਵਾਂ ਦਰ ਲੁਕਵਾਂ ਰਖਿਆ। ਪਰ ਜਿਨਾਂ ਨੂੰ ਗੁਰੂ ਦੇ ਦਰ ਤੇ ਪਹੁੰਚਾਂ ਕੇ ਨਾਮ ਦੀ ਸ਼ਰਦਾ ਬਖਸੀ ਉਨਾਂ ਨੂੰ ਦਸਵਾਂ ਦੁਆਰ ਵੀ ਵਿਖਾ ਦਿਤਾ। ਉਨਾਂ ਨੂੰ ਸਿਮਰਨ ਦੀ ਵਿਚਾਰ ਸਤਿੱਆ ਵੀ ਦੇ ਦਿਤੀ ਜੇੜ੍ਹਾ ਆਤਮਿਕ ਆਨੰਦੁ ਦਾ ਮੂਲ ਹੈ।

੩੯ ਜਿਨ੍ਹਾਂ ਮਨੁੱਖਾਂ ਉੱਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹ ਗੁਰੂ ਦੇ ਦਸੇ ਰਾਹ ਤੇ ਤੁਰ ਕੇ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਾਲਾਹ ਦੀ ਬਾਣੀ ਗਾਂਦੇ ਹਨ ਅਤੇ ਆਤਮਿਕ ਆਨੰਦੁ ਮਾਣਦੇ ਹਨ।

ਹੇ ਵਡੇ ਭਾਗਾਂ ਵਾਲਿਉ! ਸੁਣੋ, ਆਨੰਦੁ ਕਦੋਂ ਪ੍ਰਾਪਤ ਹੋਇਆ ਜਾਣੀਏ? ਜਦੋ ਮਨੁੱਖ ਦੀ ਸਾਰੀ ਭਟਕਣਾ ਮੁਕ ਜਾਵੇ, ਜਦੋਂ ਮਨ ਦੇ ਸਾਰੇ ਤੋਖਲੇ ਚਿੰਤਾਵਾਂ ਤੇ ਝੋਰੇ ਮਿਟ ਜਾਵਣ। ਕੋਈ ਦੁਖ ਰੋਗ ਕੋਈ ਸੰਤਾਪ ਜਦੋਂ ਆਪਣਾ ਜੋਰ ਨ ਮਾਰ ਸਕੇ। ਹੁਣ ਇਹ ਸਵਾਲ ਉਠਦਾ ਹੈ ਕਿ ਇਹ ਅਵਸਥਾ ਆਉਂਦੀ ਕਿਥੋਂ ਹੈ? ਇਹ ਅਵਸਥਾ ਸਤਿਗੁਰ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਇਸ ਬਾਣੀ ਨੂੰ ਗਾਉਣ ਅਤੇ ਸੁਣਨ ਵਾਲਿਆ ਦੇ ਜੀਵਨ ਉੱਚੇ ਹੋ ਜਾਂਦੇ ਹਨ। ਇਸ ਬਾਣੀ ਵਿੱਚ ਉਨਾਂ ਨੂੰ ਸਤਿਗੁਰ ਹੀ ਦਿਸਦਾ ਹੈ। ਉਨਾਂ ਦੇ ਅੰਦਰ ਆਤਮਿਕ ਆਨੰਦੁ ਬਣਿਆ ਰਹਿੰਦਾ ਹੈ।

ਗੁਰਮਤਿ ਅਨੁਸਾਰ ਸਹਿਜ ਅਤੇ ਆਨੰਦੁ ਦੀ ਪ੍ਰਾਪਤੀ ਲਈ ਉਮਰ ਦੀ ਕੋਈ ਬੰਦਿਸ਼ ਨਹੀ ਹੈ। ਕੋਈ ਜੁਆਨ ਹੋਵੇ ਜਾਂ ਬੁੱਢਾ, ਕਮਜ਼ੋਰ ਹੋਵੇ ਜਾਂ ਸਿਹਤਮੰਦ ਕੋਈ ਮਾਇਨੇ ਨਹੀ ਰਖਦਾ। ਇਥੇ ਤਾਂ ਸਿਰਫ ਇੱਕ ਮਨ ਇੱਕ ਚਿੱਤ ਪ੍ਰਭੂ ਭਗਤੀ ਦੀ ਸ਼ਰਤ ਹੈ। ਤਾਂਤ੍ਰਿਕਾਂ ਅਤੇ ਹਠਯੋਗੀਆਂ ਵਾਸਤੇ ਕੁੰਡਲਿਣੀ ਸ਼ਕਤੀ ਨੂੰ ਜਗਾਉਣ ਵਾਸਤੇ ਪ੍ਰਣਾਯਮ ਅਤੇ ਸਾਧਨਾ ਕਰਨੀ ਪੈˆਦੀ ਹੈ ਜਿਸ ਵਾਸਤੇ ਸਾਧਕ ਦੇ ਸਰੀਰ ਦਾ ਜੁਆਨ ਅਤੇ ਤਗੜਾ ਹੋਣਾ ਜਰੂਰੀ ਹੈ ਇਸ ਤੋਂ ਬਿਨ੍ਹਾਂ ਕੋਈ ਬੁੱਢਾ ਜਾਂ ਕਮਜੋਰ ਵਿਅਕਤੀ ਸਾਧਨਾ ਨਹੀ ਕਰ ਸਕਦਾ ਅਤੇ ਆਨੰਦੁ ਦੀ ਪ੍ਰਾਪਤੀ ਵੀ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਨੇ ਤਾਂ ਆਨੰਦੁ ਪ੍ਰਾਪਤੀ ਲਈ ਉਮਰ ਦੇ ਸਾਰੇ ਬੰਧਨ ਇਹ ਆਖ ਕੇ ਤੋੜ ਦਿਤੇ ਹਨ।

ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ॥

ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ॥

ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ॥

ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ॥ (੧੪੧੮)

ਦਾਸ,

ਮਹਿੰਦਰ ਸਿੰਘ ਡਿੱਡਨ।

ਸੀ ਏ-੮੬-ਬੀ, ਹਰੀ ਨਗਰ,

ਨਵੀਂ ਦਿੱਲੀ।

9811526843




.