.

ਅਗੋ ਦੇ ਜੇ ਚੇਤੀਐ…

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਸੰਮਤ 1578 ਅਥਵਾ ਇਸਵੀ ਸੰਨ 1521 `ਚ ਬਾਬਰ ਨੇ ਭਾਰਤ ਤੇ ਤੀਜਾ ਹਮਲਾ ਕੀਤਾ, ਇਹ ਹਮਲਾ, ਭਿਅੰਕਰ ਹਮਲਾ ਸੀ। ਹਮਲੇ ਉਪਰੰਤ ਭਾਰਤ `ਚ ਲੋਧੀ ਖਾਨਦਾਨ ਭਾਵ ਅਫ਼ਗ਼ਾਨੀਆਂ (ਪਠਾਣਾ) ਦੇ ਰਾਜ ਦਾ ਅੰਤ ਅਤੇ ਮੁਗ਼ਲ ਰਾਜ ਦਾ ਅਰੰਭ ਹੋਇਆ। ਇਸ ਹਮਲੇ ਨਾਲ ਸੰਬੰਧਤ ਗੁਰਬਾਣੀ `ਚ ਚਾਰ ਸ਼ਬਦ ਆਏ ਹਨ ਜੋ ਨੰਬਰਵਾਰ ਇਸਤਰ੍ਹਾਂ ਹਨ:

1. ਤਿਲੰਗ ਮਹਲਾ ੧॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ … ਲਾਲੋ (ਪੰ: 722)

2. “ਆਸਾ ਮਹਲਾ ੧॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ (ਪੰ: 360)

3. ਰਾਗੁ ਆਸਾ ਮ: ੧ ਅਸਟਪਦੀਆ ਘਰੁ ੩ ੴ ਸਤਿਗੁਰ ਪ੍ਰਸਾਦਿ॥ ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿ੍ਹ੍ਹ ਗਲ ਵਿਚਿ ਆਵੈ ਧੂੜਿ (ਪੰ: 417)

4. ਆਸਾ ਮਹਲਾ ੧॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ (ਪੰ: 417)

ਇਤਿਹਾਸ ਨਹੀਂ, ਇਤਿਹਾਸਕ ਹਵਾਲਾ ਹੈ- ਧਿਆਨ ਦੇਣ ਦੀ ਗਲ ਇਹ ਹੈ ਕਿ ਗੁਰਬਾਣੀ ਇਤਿਹਾਸ ਨਹੀਂ ਬਲਕਿ ਜੀਵਨ ਜਾਚ ਦਾ ਖਜ਼ਾਨਾ ਹੈ। ਇਸੇ ਕਰਕੇ ਪਾਤਸ਼ਾਹ ਰਾਹੀਂ ਇਨ੍ਹਾਂ ਚਾਰ ਸ਼ਬਦਾਂ `ਚ ਇਤਿਹਾਸ ਦੀ ਜੋ ਝੱਲਕ ਦਿੱਤੀ ਹੈ ਉਸ ਦਾ ਮੱਕਸਦ ਗੁਰਦੇਵ ਰਾਹੀਂ ਇਤਿਹਾਸ ਦੇਣਾ ਨਹੀਂ ਬਲਕਿ ਘਟਣਾ ਦਾ ਹਵਾਲਾ ਦੇਕੇ ਮਨੁੱਖਾ ਜੀਵਨ ਦੇ ਬਹੁਤ ਵੱਡੇ ਸਿਧਾਂਤ ਨੂੰ ਉਜਾਗਰ ਕਰਨਾ ਹੈ। ਬਹੁਤੇ ਵਿਦਵਾਨਾ ਰਾਹੀਂ ਇਨ੍ਹਾ ਸ਼ਬਦਾਂ ਬਾਰੇ ‘ਗੁਰਬਾਣੀ ਵਿੱਚ ਇਤਿਹਾਸ ਦਾ ਵਰਨਣ’ ਕਹਿਣਾ ਜਾਂ ਇਨ੍ਹਾਂ ਸ਼ਬਦਾਂ ਨੂੰ ‘ਬਾਬਰਵਾਣੀ ਦੇ ਸ਼ਬਦ ਕਹਣਾ’ ਦੋਵੇਂ ਗਲਾਂ ਗ਼ਲਤ ਹਨ। ਇਨ੍ਹਾਂ ਸ਼ਬਦਾਂ ਦਾ ਬਾਬਰਵਾਣੀ ਦੇ ਸ਼ਬਦ ਪ੍ਰਚਲਤ ਹੋ ਜਾਣ ਦਾ ਮੁਖ ਕਾਰਣ ਇਨ੍ਹਾਂ ਸ਼ਬਦਾਂ ਵਿਚਕਾਰ ਗੁਰਦੇਵ ਰਾਹੀਂ “ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ” ਲਫ਼ਜ਼ਾ ਦੀ ਵਰਤੋਂ ਹੈ, ਪਰ ਸ਼ਬਦਾਂ ਨੂੰ ਹੀ ‘ਬਾਬਰਵਾਣੀ ਦੇ ਸ਼ਬਦ ਕਹਿ ਦੇਣਾ’ ਵੱਡੀ ਗਲਤੀ ਹੈ।

ਇਥੇ ਦੇਖਣਾ ਇਹ ਹੈ ਕਿ ਉਹ ਜੀਵਨ ਸਿਧਾਂਤ ਕੀ ਹੈ, ਜਿਹੜਾ ਇਨ੍ਹਾਂ ਸ਼ਬਦਾਂ ਰਾਹੀਂ ਗੁਰੂ ਪਾਤਸ਼ਾਹ ਪ੍ਰਗਟ ਕਰ ਰਹੇ ਹਨ? ਜਿਉਂ ਜਿਉਂ ਇਨ੍ਹਾਂ ਸ਼ਬਦਾਂ ਨੂੰ ਗਹਿਰਾਈ ਤੋਂ ਸਮਝਣ ਦਾ ਜੱਤਨ ਕਰਾਂਗੇ, ਵਿਸ਼ਾ ਆਪੇ ਖੁੱਲਦਾ ਜਾਵੇਗਾ। ਇਨ੍ਹਾਂ ਸ਼ਬਦਾਂ `ਚ ਗੁਰਦੇਵ ਨੇ ਮਨੁੱਖਾ ਜੀਵਨ ਦੀ ਸੱਚਾਈ ਨੂੰ ਸਮਝਾਉਣ ਲਈ, ਮਨੁੱਖ ਸਮਾਜ ਨੂੰ ਚਾਰ ਭਾਗਾਂ `ਚ ਵੰਡ ਕੇ ਇੱਕ ਵੱਡੇ ਰੱਬੀ ਸਿਧਾਂਤ ਨੂੰ ਉਜਾਗਰ ਕੀਤਾ ਹੈ। ਮਨੁੱਖ ਸਮਾਜ ਦੇ ਇਹ ਚਾਰ ਭਾਗ ਕੀ ਹਨ? ਇਨ੍ਹਾਂ ਚਾਰ ਭਾਗਾਂ `ਚੋਂ ਪਹਿਲੇ ਹਨ– ਰਾਜਸੀ ਆਗੂ, ਦੂਜੇ ਹਨ ਧਾਰਮਿਕ ਆਗੂ, ਤੀਜੀ ਹੈ ਆਮ ਜੰਤਾ ਅਤੇ ਚੌਥੇ ਨੰਬਰ ਤੇ ਆਉਂਦੇ ਹਨ ਉਹ ਲੋਕ ਜੋ ਸਹੀ ਅਰਥਾਂ `ਚ ਪ੍ਰਭੁ ਪਿਆਰੇ ਹੁੰਦੇ ਹਨ। ਤਾਂਤੇ ਇਹ ਵੀ ਸੁਆਲ ਪੈਦਾ ਹੁੰਦਾ ਹੈ ਕਿ ਇਹ ਪ੍ਰਭੁ ਪਿਆਰੇ ਰਹਿੰਦੇ ਕਿਥੇ ਹਨ? ਇਨ੍ਹਾਂ ਪ੍ਰਭੁ ਪਿਆਰਿਆ ਦੀ ਹੋਂਦ ਇਨ੍ਹਾਂ ਤਿੰਨਾ ਵਰਗਾਂ ਦੇ ਵਿੱਚਾਲੇ ਹੀ ਹੁੰਦੀ ਹੈ, ਵੱਖਰੀ ਨਹੀਂ। ਇਸਤਰ੍ਹਾਂ ਇਹ ਪ੍ਰਭੁ ਪਿਆਰੇ ਇਨ੍ਹਾ ਤਿੰਨਾ ਵਰਗਾਂ ਵਿਚਾਲੇ ਹਰ ਵਰਗ ਦੇ ਲੋਕਾਂ ਵਿਚਕਾਰ ਵਸਦੇ ਹਨ।

ਅਕਾਲਪੁਰਖ ਦਾ ਮੁੱਢ-ਕਦੀਮੀ ਨੀਯਮ- ਥੋੜੇ ਲਫ਼ਜ਼ਾਂ `ਚ ਬਿਆਣਨਾ ਹੋਵੇ ਤਾਂ ਇਨ੍ਹਾਂ ਚਾਰਾਂ ਸ਼ਬਦਾਂ ਰਾਹੀ ਗੁਰਦੇਵ ਨੇ ਚੇਤਾਵਨੀ ਦਿਤੀ ਹੈ-ਸੰਸਾਰ `ਚ ਜਦੋਂ ਕਦੇ ਵੀ ਪਹਿਲੇ ਤਿੰਨੇ ਵਰਗ, ਅਪਣੇ-ਅਪਣੇ ਇਲਾਹੀ ਫ਼ਰਜ਼ਾਂ ਨੂੰ ਭੁਲਾ ਕੇ ਜੀਵਨ ਦੇ ਪੁੱਠੇ ਰਾਹ ਪੈ ਜਾਂਦੇ ਹਨ, ਤਾਂ ਬਾਬਰ ਦੇ ਹਮਲੇ ਵਰਗੀ ਤਬਾਹੀ ਨਿਸ਼ਚਤ ਹੈ। ਇਸਤਰ੍ਹਾਂ ਰਾਜਸੀ ਆਗੂ- ਜਨਤਾ ਦੀਆ ਲੋੜਾਂ ਉਸਦੀ ਹਿਫ਼ਾਜ਼ਤ, ਪਾਲਨਾ ਵਾਲੇ ਅਪਣੇ ਫ਼ਰਜ਼ਾਂ ਨੂੰ ਭੁਲਾ ਕੇ ਐਸ਼ੋ-ਇਸ਼ਰਤ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕਾਈ ਨਾਲ ਜ਼ੁਲਮ-ਧੱਕਾ, ਵੱਡੀ ਖੋਰੀ ਅਤੇ ਜਨਤਾ ਦਾ ਸੋਸ਼ਨ ਕਰਦੇ ਹਨ। ਇਸੇਤਰ੍ਹਾਂ ਧਾਰਮਿਕ ਆਗੂ-ਜਨਤਾ `ਚ ਵਹਿਮਾਂ-ਭਰਮਾਂ ਦਾ ਜਾਲ ਵਿਛਾਉਣ ਲਗ ਜਾਂਦੇ ਹਨ। ਲੋਕਾਈ ਨੂੰ ਕਰਮ ਕਾਂਡਾ `ਚ ਉਲਝਾ ਕੇ ਅਪਣੀ ਪੂਜਾ ਅਰਚਾ ਵਲ ਮੋੜਦੇ ਅਤੇ ਕਰਤਾਰ ਨਾਲੋਂ ਤੋੜਣ ਦੀ ਖੇਡ `ਚ ਹੀ ਰੁਝੇ ਹੁੰਦੇ ਹਨ। ਇਸਤੋਂ ਬਾਦ ਆਮ ਲੋਕਾਈ-ਜਿਸਦੇ ਅਮੁਲਾ ਮਨੁੱਖਾ ਜਨਮ ਨਾਲ ਇਹ ਦੋਵੇ ਵਰਗ ਖਿੱਲਵਾੜ ਕਰ ਰਹੇ ਹੁੰਦੇ ਹਨ, ਉਹ ਵੀ ਅਪਣੇ ਮਾਨਸ ਜਨਮ ਨਾਲ ਇਨਸਾਫ਼ ਕਰਨ ਦੀ ਬਜਾਏ ਧੰਨ-ਦੌਲਤ-ਜੁਆਨੀ ਦੇ ਨਸ਼ੇ `ਚ ਮਖਮੂਰ ਹੋ ਚੁਕੀ ਹੁੰਦੀ ਹੈ।

ਅਜੇਹੇ ਬੱਦਤਰ ਹਾਲਾਤ ਦੌਰਾਨ- ਮਨੁੱਖ ਸਮਾਜ ਦਾ ਇੱਕ ਵਰਗ ਹੋਰ ਵੀ ਹੁੰਦਾ ਹੈ ਜਿਸਦੀ ਮੌਜੂਦਗੀ ਹਰ ਵਰਗ ਦੇ ਮਨੁੱਖਾਂ ਵਿਚਾਲੇ ਹੀ ਹੁੰਦੀ ਹੈ। ਇਸਦੇ ਬਾਵਜੂਦ ਪਹਿਲੇ ਤਿੰਨਾਂ ਵਰਗਾਂ ਦੇ ਕੁਰਾਹੇ ਪੈ ਜਾਣ ਕਾਰਣ ਇਹ ਵਰਗ ਤ੍ਰਾਸਦੀ ਦੇ ਹਾਲਾਤ `ਚ ਜੀਅ ਰਿਹਾ ਹੁੰਦਾ ਹੈ। ਇਸਤੇ ਗੁਰਦੇਵ ਸਾਫ਼ ਕਰਦੇ ਹਨ ਕਿ ਅਜੇਹੇ ਹਾਲਾਤਾਂ `ਚ “ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ” (ਪੰ: 360) ਅਨੁਸਾਰ ਅਕਾਲ ਪੁਰਖ ਅਪਣੇ ਪਿਆਰਿਆਂ ਦੀ ਰਾਖੀ ਲਈ ਕੋਈ ਅਜੇਹੀ ਖੇਡ ਵਰਤ ਦੇਂਦਾ ਹੈ ਜਿਸ ਤੋਂ ਕੁਰਾਹੇ ਪਏ ਬਾਕੀ ਤਿੰਨਾ ਵਰਗਾਂ ਨੂੰ ਅਪਣੇ ਕੀਤੇ ਦੀ ਸਜ਼ਾ ਭੁਗਤਣੀ ਪੈਂਦੀ ਹੈ। ਦਰਅਸਲ ਬਾਬਰ ਵਾਲਾ ਇਹ ਹਮਲਾ ਇਸੇ ਸੰਬੰਧ `ਚ ਕੇਵਲ ਇੱਕ ਮਿਸਾਲ ਹੈ। ਤਾਂਤੇ ਇਸੇ ਇਲਾਹੀ `ਤੇ ਰੱਬ ਜੀ ਦੇ ਮੁੱਢ-ਕਦੀਮੀ ਸਿਧਾਂਤ ਨੂੰ ਸਮਝਾਉਣ ਲਈ ਗੁਰਦੇਵ ਨੇ ਬਾਬਰ ਦੇ ਹਮਲੇ ਦਾ ਇਤਿਹਾਸ ਨਹੀਂ, ਇਥੇ ਆਪ ਨੇ ਇਸਨੂੰ ਮਿਸਾਲ ਵਜੋਂ ਵਰਤਿਆ ਹੈ। ਇਸ ਦਾ ਹਵਾਲਾ ਦੇਕੇ ਗੁਰਦੇਵ ਨੇ ਚੇਤਾਵਨੀ ਦਿੱਤੀ `ਤੇ ਫ਼ੁਰਮਾਇਆ ਹੈ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” (ਪੰ: 417)।

ਕੁਲ ਮਿਲਾਕੇ ਇਨ੍ਹਾਂ ਚਾਰਾਂ ਸ਼ਬਦਾਂ `ਚ ਗੁਰਦੇਵ ਰਾਹੀਂ ਸੁਚੇਤ ਕੀਤਾ ਹੈ ਕਿ ਕਰਤਾਰ ਦੀ ਰਚਨਾ ਦਾ ਇਹ ਮੁੱਢ-ਕਦੀਮੀ ਨੀਯਮ ਹੈ, ਜਦੋਂ-ਜਦੋਂ ਪਹਿਲੇ ਤਿੰਨੇ ਵਰਗ ਅਪਣੇ-ਅਪਣੇ ਫ਼ਰਜ਼ਾਂ ਨੂੰ ਭੁਲਾ ਕੇ ਜੀਵਨ ਦੇ ਉਲਟੇ ਰਾਹ ਚਲ ਪੈਂਦੇ ਹਨ। ਨਤੀਜਾ ਹੁੰਦਾ ਹੈ ਕਿ ਪ੍ਰਭੁ ਪਿਆਰਿਆ ਦੇ ਉਸ ਚੌਥੇ ਵਰਗ ਦੇ ਲੋਕ, ਜਿਹੜੇ ਕਿ ਮਨੁੱਖ ਸਮਾਜ `ਚ ਹਰਸਮੇਂ `ਤੇ ਹਰੇਕ ਵਰਗ ਵਿੱਚਕਾਰ ਵੱਸ ਰਹੇ ਹੁੰਦੇ ਹਨ। ਉਹ ਪ੍ਰਭੁ ਪਿਆਰੇ ਜਿਹੜੇ ਮਨ-ਬਚ-–ਕਰਮ ਕਰਕੇ ਪ੍ਰਭੁ ਪਿਆਰੇ ਹੀ ਹੁੰਦੇ ਹਨ ਪਰ ਬਾਕੀ ਵਰਗਾਂ ਦੇ ਕੁਰਾਹੇ ਪੈ ਜਾਣ ਕਰਕੇ ਵਿੱਗੜੇ ਅਤੇ ਵਿਗਾੜੇ ਜਾ ਚੁਕੇ ਹਾਲਾਤ `ਚ ਜਦੋਂ ਇਨ੍ਹਾਂ ਪ੍ਰਭੁ ਪਿਆਰਿਆ ਦਾ ਜੀਣਾਂ ਦੂਭਰ ਹੋ ਜਾਂਦਾ ਹੈ। ਅਜੇਹੇ ਹਾਲਾਤ `ਚ ਕਰਤਾਰ ਕੋਈ ਨਾ ਕੋਈ ਅਜੇਹੀ ਖੇਡ ਵਰਤਦਾ ਹੈ ਜਿਥੋਂ ਵਿਗੜੇ `ਤੇ ਕੁਰਾਹੇ ਪਏ ਤਿੰਨਾ ਵਰਗਾਂ ਨੂੰ ਅਪਣੇ ਕੀਤੇ ਦੀ ਸਜ਼ਾ ਮਿਲਦੀ ਹੈ। ਇਸਤਰ੍ਹਾਂ ਕਰਤਾ ਅਕਾਲਪੁਰਖੁ ਅਪਣੇ ਪਿਆਰਿਆਂ ਭਾਵ ਉਸ ਚੌਥੇ ਵਰਗ ਦੀ ਰਾਖੀ ਅਤੇ ਬਹੁੜੀ ਆਪ ਕਰਦਾ ਹੈ।

ਸਮਾਜ ਦੇ ਪਹਿਲੇ ਤਿੰਨਾਂ ਵਰਗਾਂ ਦੇ ਫ਼ਰਜ਼- ਸੰਖੇਪ ਇਸ਼ਾਰਾ ਦੇ ਚੁਕੇ ਹਾਂ, ਸਮਝਣ ਦੀ ਲੋੜ ਹੈ-ਪਹਿਲੇ ਤਿੰਨਾ ਵਰਗਾਂ ਦੇ ਉਹ ਕਿਹੜੇ ਫ਼ਰਜ਼ ਹਨ ਜਿਨ੍ਹਾਂ ਦੀ ਕੋਤਾਹੀ ਦਾ ਹਵਾਲਾ ਦੇਕੇ ਗੁਰਦੇਵ ਚੇਤਾਵਨੀ ਦੇ ਰਹੇ ਹਨ। ਇਸਦੇ ਉਲਟ ਜੇਕਰ ਉਹ ਤਿੰਨੇ ਵਰਗ ਭਾਵ ਰਾਜਸੀ ਆਗੂ, ਧਾਰਮਕ ਆਗੂ ਅਤੇ ਆਮ ਲੋਕਾਈ ਅਪਣੇ ਅਪਣੇ ਇਲਾਹੀ ਫ਼ਰਜ਼ਾ ਲਈ ਸੁਚੇਤ ਰਵੇ ਤਾਂ ਸੰਸਾਰ ਜਾਂ ਅਮੁਕੇ ਦੇਸ਼ ਅਜੇਹੀਆਂ ਤਬਾਹੀਆਂ ਤੋਂ ਬਚ ਸਕਦੇ ਹਨ। ਉਹ ਤਬਾਹੀਆਂ ਜਿਸਦਾ ਹਵਾਲਾ ਬਾਬਰ ਦੇ ਹਮਲੇ ਨਾਲ ਸੰਬੰਧਤ ਸ਼ਬਦਾਂ `ਚ ਆਇਆ ਹੈ। ਗੁਰਦੇਵ ਇਤਿਹਾਸ ਨਹੀਂ ਦੇ ਰਹੇ, ਕਿਉਂਕਿ ਇਤਿਹਾਸ ਸਦਾ ਬਦਲਦਾ ਹੈ, ਇੱਕ ਨਹੀਂ ਰਹਿੰਦਾ। ਨਹੀ ਬਦਲਦੇ ਤਾਂ ਉਹ ਕੇਵਲ ਰੱਬੀ ਸਿਧਾਂਤ ਹਨ ਜੋ ਕਦੇ ਨਹੀਂ ਬਦਲਦੇ ਅਤੇ ਇਥੇ ਵੀ ਉਨ੍ਹਾਂ `ਚੋਂ ਇੱਕ ਹੈ।

ਨੰਬਰਵਾਰ ਸਮਝਣ ਦਾ ਵਿਸ਼ਾ ਹੈ- (1) ਪ੍ਰਭੁ ਨੇ ਰਾਜਸੀ ਆਗੂਆਂ ਨੂੰ ਇਸ ਪੱਦਵੀ ਤੀਕ ਇਸ ਲਈ ਪੁਚਾਇਆ ਹੁੰਦਾ ਹੈ ਕਿ ਉਹ ਲੋਕ ਅਪਣੀ ਜਨਤਾ ਦੀ ਹਰ ਤਰੀਕੇ ਸੰਭਾਲ ਕਰਨ। ਉਨ੍ਹਾਂ ਦੀਆਂ ਜ਼ਰੂਰਤਾਂ, ਖਾਣ-ਪਾਣ ਅਤੇ ਉਨ੍ਹਾਂ ਦੀਆਂ ਸਮਾਜਿਕ ਸਮਸਿਆਵਾਂ ਦਾ ਸਮਾਧਾਨ ਕਰਨ। ਹਮੇਸ਼ਾਂ ਤਿਆਰ ਰਹਿਣ ਅਤੇ ਜੇਕਰ ਜਰਵਾਨਾ, ਹਮਲਾਵਰ ਹੋ ਕੇ ਉਨ੍ਹਾਂ ਉਪਰ ਚੜ੍ਹ ਆਵੇ ਤਾਂ ਜਨਤਾ ਦੀ ਜਰਵਾਨਿਆਂ ਤੋਂ ਰਾਖੀ ਕਰਨ।

(2) ਦੂਜੇ ਨੰਬਰ ਤੇ ਆਉਂਦੇ ਹਨ ਧਾਰਮਿਕ ਆਗੂ। ਧਾਰਮਿਕ ਆਗੂਆਂ ਦਾ ਕਰਤਾਰ ਵਲੋਂ ਰੁੱਤਬਾ ਇਸ ਲਈ ਨੀਯਤ ਹੈ ਤਾਕਿ ਇਹ ਲੋਕ, ਲੋਕਾਈ ਦੇ ਜੀਵਨ ਦੀ ਸਦਾਚਾਰਕ ਸੰਭਾਲ ਕਰਣ। ਆਪ ਕਰਤਾਰ ਦੇ ਨੁਮਾਇੰਦੇ ਬਣਕੇ ਨੇਕਦਿਲੀ ਨਾਲ ਕੰਮ ਕਰਨ ਅਤੇ ਲੋਕਾਈ ਦੇ ਜੀਵਨ ਨੂੰ ਉਚਾ ਚੁਕਣ। ਲੋਕਾਈ ਅੰਦਰ ਰੱਬੀ ਗੁਣਾਂ ਦੀ ਸਿੰਚਾਈ ਕਰਣ। ਲੋਕਾਈ ਨੂੰ ਵਹਿਮਾ-ਭਰਮਾਂ ਤੋਂ ਸੁਚੇਤ ਰਖਣ। ਲੋਕਾਈ ਨੂੰ ਕਰਮਕਾਡਾਂ `ਚ ਨਾ ਉਲਝਾ ਕੇ ਉਨ੍ਹਾਂ ਦੇ ਅਮੁਲੇ ਮਨੁੱਖਾ ਜੀਵਨ ਨਾਲ ਖਿਲਵਾੜ ਨਾ ਕਰਨ। ਇਹ ਧਾਰਮਿਕ ਆਗੂ ਪ੍ਰਭੁ ਅਤੇ ਲੋਕਾਈ ਦੇ ਮਿਲਾਵੇ ਬਣਕੇ ਰਹਿਣ। ਆਪ ਵੀ ਸਦਾ ਪ੍ਰਭੁ ਦੇ ਨਿਰਮਲ ਭਉ `ਚ ਰਹਿਣ `ਤੇ ਦੂਜਿਆਂ ਨੂੰ ਵੀ ਜੀਵਨ ਦੇ ਸੱਚੇ ਮਾਰਗ ਤੇ ਚਲਾਉਣ। ਇਸਦੇ ਉਲਟ ਇਹ ਨਾ ਹੋਵੇ ਕਿ ਉਹ ਲੋਕ ਆਪ ਹੀ ਭਿੰਨ ਭਿੰਨ ਢੋਂਗ ਕਰਣ, ਰੱਬ ਦੇ ਸ਼ਰੀਕ ਖੜੇ ਕਰਣ ਜਾਂ ਆਪ ਹੀ ਰੱਬ ਬਣ ਕੇ ਬੈਠ ਜਾਣ।

(3) ਅਪਣੇ ਅਪਣੇ ਫ਼ਰਜ਼ਾਂ ਦੀ ਗਲ ਕੇਵਲ ਰਾਜਸੀ ਅਤੇ ਧਾਰਮਿਕ ਆਗੂਆਂ ਤੀਕ ਹੀ ਸੀਮਤ ਨਹੀਂ। ਇਸ ਤੋਂ ਅਗੇ, ਮਨੁੱਖਾ ਜਨਮ ਹੋਣ ਦੇ ਨਾਤੇ ਆਮ ਜਨਤਾ ਦਾ ਵੀ ਫ਼ਰਜ਼ ਬਣਦਾ ਹੈ, ਜੇਕਰ ਰਾਜਸੀ ਅਤੇ ਧਾਰਮਿਕ ਆਗੂ, ਇਹ ਦੋਵੇਂ ਵਰਗ ਅਪਣੇ-ਅਪਣੇ ਫ਼ਰਜ਼ਾਂ ਨੂੰ ਨਹੀ ਸੰਭਾਲਦੇ ਤਾਂ ਵੀ ਕਰਤੇ ਦੀ ਦਰਗਾਹ `ਚ ਹਰੇਕ ਮਨੁੱਖ ਨੇ ਅਪਣਾ ਲੇਖਾ ਆਪ ਹੀ ਦੇਣਾ ਹੈ। ਕਰਤੇ ਦੀ ਦਰਗਾਹ ਵਿੱਚ ਤਾਂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” ਦਾ ਸਿਧਾਂਤ ਹੈ ਇਸਲਈ ਕਿਸੇ ਦੇ ਜੀਵਨ ਜਾਂ ਕਰਨੀ ਲਈ ਕੋਈ ਦੂਜਾ ਜੁਆਬਦੇਹ ਨਹੀਂ ਹੁੰਦਾ।

ਤਾਂਤੇ ਗਲ ਆਉਂਦੀ ਹੀ ਚੌਥੇ ਵਰਗ ਦੀ- ਸਾਰੇ ਦੇ ਉਲਟ, ਸੰਸਾਰ ਜਾਂ ਕਿਸੇ ਦੇਸ਼ ਪੱਧਰ ਤੇ ਜਦ ਕਦੇ ਰਾਜਸੀ ਆਗੂ, ਧਾਰਮਿਕ ਆਗੂ ਬਲਕਿ ਆਮ ਜੰਤਾ ਤੀਕ, ਤਿੰਨੇ ਵਰਗ ਅਪਣੇ-ਅਪਣੇ ਇਲਾਹੀ ਫ਼ਰਜ਼ਾਂ ਨੂੰ ਭੁਲਾ ਕੇ, ਕੁਰਾਹੇ ਪੈ ਜਾਂਦੇ ਹਨ। ਉਸੇ ਦਾ ਨਤੀਜਾ ਹੁੰਦਾ ਹੈ ਕਿ ਇਨ੍ਹਾਂ ਤਿੰਨਾਂ ਵਿਚਕਾਰ ਵੱਸ ਰਿਹਾ `ਤੇ ਜਗ੍ਹਾ ਜਗ੍ਹਾ ਤੇ ਵੰਡਿਆ ਚੋਥਾ ਵਰਗ ਪਿੱਸਦਾ ਹੈ। ਅਜੇਹੇ ਹਾਲਾਤ `ਚ ਅਕਾਲਪੁਰਖ ਕੋਈ ਅਜੇਹੀ ਖੇਡ ਵਰਤ ਦੇਂਦਾ ਹੈ ਜਿਸਤੋਂ ਚੋਥੇ ਵਰਗ ਦੀ ਰਖਵਾਲੀ ਹੁੰਦੀ ਹੈ ਅਤੇ ਪਹਿਲੇ ਤਿੰਨਾ ਵਰਗਾਂ ਨੂੰ ਅਪਣੇ ਕੀਤੇ ਦੀ ਸਜ਼ਾ ਮਿਲਦੀ ਹੈ। ਤਾਂਤੇ ਗਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਸ ਬਾਰੇ ਥੋੜਾ ਹੋਰ ਜ਼ਿਕਰ ਕਰਾਂਗੇ।

ਪਹਿਲੇ ਨੰਬਰ ਤੇ ਆਉਂਦੇ ਹਨ ਰਾਜਸੀ ਆਗੂ- ਇਸ ਸੰਦਰਭ `ਚ ਪਹਿਲਾ ਗਲ ਆਉਂਦੀ ਹੈ ਰਾਜਸੀ ਆਗੂਆਂ ਦੀ। ਇਹ ਰਾਜਸੀ ਆਗੂ ਜਦੋਂ ਅਪਣੇ ਇਲਾਹੀ ਫ਼ਰਜ਼ਾਂ ਨੂੰ ਭੁਲਾ ਦੇਂਦੇ ਹਨ। ਅਪਣੇ ਰੱਬੀ ਫ਼ਰਜ਼ਾਂ ਨੂੰ ਨਿਭਾਉਣ ਲਈ ਅਕਾਲਪੁਰਖ ਵਲੋਂ ਜੋ ਬੇਅੰਤ ਵਸੀਲੇ ਉਨ੍ਹਾ ਨੂੰ ਪ੍ਰਾਪਤ ਹੁੰਦੇ ਹਨ, ਇਹ ਲੋਕ ਉਨ੍ਹਾਂ ਵਸੀਲਿਆਂ ਦੀ ਕੁਵਰਤੋਂ ਸ਼ੁਰੂ ਕਰ ਦੇਂਦੇ ਹਨ। ਉਨ੍ਹਾਂ ਦਾ ਜੀਵਨ ਨਿਰਾ ਐਸ਼ੋ-ਇਸ਼ਰਤ, ਸ਼ਾਹੀ ਠਾਠ, ਵਿੱਭਚਾਰ, ਜ਼ੁਲਮ-ਧੱਕੇ, ਸੋਸ਼ਣ, ਲੁੱਟ-ਮਾਰ ਅਤੇ ਵੱਡੀ ਖੋਰੀ ਬਣ ਕੇ ਰਹਿ ਜਾਂਦਾ ਹੈ। ਉਨ੍ਹਾਂ ਦੀ “ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ” (ਪੰ: 360) ਵਾਲੀ ਹਾਲਤ ਬਣ ਜਾਂਦੀ ਹੈ।

ਜਦੋਂ ਇਸ ਦੌੜ `ਚ ਰਾਜਸੀ ਤਾਕਤਾਂ ਅਤੇ ਰੁੱਤਬਿਆਂ ਵਾਲੇ ਲੋਕ ਕਰਤਾਰ ਦੀਆਂ ਦਾਤਾਂ ਵਲੋਂ ਅਵੇਸਲੇ, ਉਨ੍ਹਾਂ ਵਸੀਲਿਆਂ ਨੂੰ ਅਪਣੀ ਤਾਕਤ ਸਮਝ ਕੇ ਕੁਰਾਹੇ ਪਏ ਹੁੰਦੇ ਹਨ। ਤਾਕਤਾਂ ਦੇ ਨਸ਼ੇ `ਚ ਹਰ ਪਖੋਂ ਮਨਮਾਨੀਆਂ ਹੀ ਉਨ੍ਹਾ ਦਾ ਜੀਵਨ ਬਣ ਚੁਕਾ ਹੁੰਦਾ ਹੈ। ਉਨ੍ਹਾਂ ਦੇ ਹਰਮਾਂ ਦੀਆਂ ਉਚਾਈਆਂ ਅਤੇ ਰੰਗਰਲੀਆਂ ਇੰਨੀਆਂ ਉਚੀਆ ਹੋ ਜਾਂਦੀਆ ਹਨ ਕਿ “ਇਕੁ ਲਖੁ ਲਹਨਿ੍ਹ੍ਹ ਬਹਿਠੀਆ ਲਖੁ ਲਹਨਿ੍ਹ੍ਹ ਖੜੀਆ॥ ਗਰੀ ਛੁਹਾਰੇ ਖਾਂਦੀਆ ਮਾਣਨਿ੍ਹ੍ਹ ਸੇਜੜੀਆ” (ਪੰਨਾ: 417) ਅਤੇ ਹੋਰ ਬਹੁਤ ਕੁੱਝ ਜਿਸਦਾ ਵਰਨਣ ਗੁਰਦੇਵ ਨੇ ਇਨ੍ਹਾਂ ਸ਼ਬਦਾਂ `ਚ ਕੀਤਾ ਹੈ। ਗੁਰਦੇਵ ਫ਼ੁਰਮਾਂਦੇ ਹਨ ਕਿ ਅਜੇਹੇ ਹਾਲਾਤ `ਚ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਹੰਕਾਰ, ਟੁੱਟਣ ਦੇ ਕਗਾਰ ਤੇ ਪੁਜ ਚੁੱਕਾ ਹੈ ਅਤੇ ਕਰਤੇ ਦੀ ਕੋਈ ਖੇਡ ਵਰਤਣ ਹੀ ਵਾਲੀ ਹੈ।

ਦੂਜੇ ਨੰਬਰ ਤੇ ਇਹ ਧਾਰਮਿਕ ਆਗੂ- ਜਦੋਂ ਇਹ ਧਾਰਮਿਕ ਆਗੂ ਵੀ ਲੋਕਾਈ ਵਿੱਚਕਾਰ ਅਪਣੀ ਬਣ ਚੁਕੀ ਵਿਸ਼ਵਾਸ-ਸ਼ਰਧਾ ਦਾ ਲਾਭ ਲੈਕੇ, ਅਪਣੇ ਬਣ ਚੁਕੇ ਧਾਰਮਿਕ ਪ੍ਰਭਾਵ ਦੀ ਕੁਵਰਤੋਂ ਕਰਕੇ, ਮਨੁੱਖਤਾ ਨੂੰ ਉਲਟੇ ਪਾਸੇ ਪਾਉਣਾ ਸ਼ੁਰੂ ਕਰ ਦੇਂਦੇ ਹਨ। ਲੁੱਟ-ਖੋਹ `ਚ ਪੈਕੇ ਲੋਕਾਈ ਦਾ ਖੂਨ ਚੂਸਦੇ ਹਨ। ਲੋਕਾਈ ਵਿਚੋਂ ਅਗਿਆਣਤਾ ਦਾ ਨਾਸ ਕਰਣ ਅਤੇ ਉਨ੍ਹਾਂ ਦੇ ਜੀਵਨ `ਚ ਗਿਆਨ ਦਾ ਪ੍ਰਕਾਸ਼ ਕਰਨ ਦੀ ਬਜਾਏ, ਉਲਟਾ ਲੋਕਾਈ ਅੰਦਰ ਡੱਰ-ਸਰਾਪ-ਕਰੋਪੀਆਂ ਦੇ ਜਾਲ ਬੁੰਨਦੇ ਹਨ। ਲੋਕਾਈ ਵਿੱਚਕਾਰ ਅਗਿਆਣਤਾ ਦਾ ਬੋਲਬਾਲਾ ਕਰਣ `ਚ ਸਭ ਤੋਂ ਅਗਲੀ ਕਤਾਰ `ਚ ਇਹੀ ਲੋਕ ਖੜੇ ਹੁੰਦੇ ਹਨ। ਇਹ ਲੋਕ ਧਾਰਮਿਕ ਆਗੂ ਨਾ ਰਹਿ ਕੇ, ਸਮੇਂ ਨਾਲ ਬਣ ਚੁਕੇ ਡਾਕੂ-ਲੁਟੇਰਿਆਂ ਦਾ ਹੀ ਗਰੋਹ ਹੁੰਦੇ ਹਨ। ਇਨ੍ਹਾਂ ਅਖੋਤੀ ਧਾਰਮਿਕ ਆਗੂਆਂ ਕਾਰਣ, ਲੋਕਾਈ `ਚ ਵਹਿਮਾ-ਭਰਮਾ ਦਾ ਬੋਲ ਬਾਲਾ ਸ਼ਿਖਰਾਂ ਤੇ ਪੁੱਜ ਰਿਹਾ ਹੁੰਦਾ ਹੈ।

ਤਾਂਤੇ ਇਨ੍ਹਾਂ ਸ਼ਬਦਾਂ ਵਿਚੋਂ ਬਾਬਰ ਦੇ ਹਮਲੇ ਨਾਲ ਸੰਬੰਧਤ ਹਾਲਾਤ ਦੇਖੋ! ਅਜੇਹੇ ਸਮੇਂ ਜਦਕਿ ਜਰਵਾਣਿਆ ਦਾ ਹਮਲਾ ਹੋਣ ਵਾਲਾ ਹੈ, ਸਾਰੇ ਪਾਸੇ ਹਾਏ ਤੋਬਾ ਮੱਚੀ ਪਈ ਹੈ। ਬਜਾਏ ਇਸਦੇ ਕਿ ਭੱਲ ਬਣੇ ਇਹ ਧਾਰਮਿਕ ਠੱਗ, ਲੋਕਾਂ ਅੰਦਰੋਂ ਕਾਇਰਤਾ ਦਾ ਨਾਸ ਕਰਕੇ ਉਨ੍ਹਾਂ ਅੰਦਰ ਨਿਰਭੈਤਾ `ਤੇ ਦਲੇਰੀ ਪੈਦਾ ਕਰਨ ਲਈ ਮੈਦਾਨ `ਚ ਆਉਂਦੇ। ਇਸਦੇ ਉਲਟ ਇਹ ਲੋਕ ਤਾਂ ਅਪਣੀ ਹੀ ਲੁੱਟ-ਖੋਹ ਦਾ ਬਜ਼ਾਰ ਗਰਮ ਕਰਨ `ਚ ਮੱਸਤ ਹਨ। ਇਹ ਦੁਸ਼ਟ ਤਾਂ ਇਥੋਂ ਤੀਕ ਆਫਰੇ ਹੋਏ ਅਤੇ ਕਹੀ ਫ਼ਿਰਦੇ ਹਨ ‘ਜਾਓ ਅਸੀਂ ਤੁਹਾਡੇ ਲਈ’, ‘ਦੇਸ਼ ਦੀ ਸ਼ਾਂਤੀ ਲਈ ਯਗ ਕਰ ਦੇਵਾਂਗੇ। ਤੁਸੀਂ ਸਾਡੀ ਦਾਨ-ਦੱਛਣਾ ਦੇ ਪ੍ਰਬੰਧ ਕਰੋ ਅਸੀਂ ਸ਼ਾਂਤੀ ਤੇ ਜਿੱਤ ਲਈ ਇੰਨੇ ਲੱਖ ਮੰਤ੍ਰਾਂ ਦੇ ਜਾਪ ਕਰ ਦੇਵਾਂਗੇ, ਹਵਨ ਕਰਾਂਗੇ। ਅਸੀਂ ਤੁਹਾਡੇ ਵਾਸਤੇ ਪਾਠ ਕਰ ਦੇਵਾਂਗੇ, ਤੱਸਬੀਆ ਪੜ੍ਹ ਦੇਵਾਂਗੇ ਅਤੇ ਹੋਰ ਬਹੁਤੇਰੇ ਖੇਖਣ।

ਅਜੇਹੇ ਹਾ-ਹਾ-ਕਾਰ ਅਤੇ ਤ੍ਰਾਸਦੀ ਸਮੇਂ, ਅਲਾ ਤੇ ਰਾਮ ਦੇ ਠੇਕੇਦਾਰ ਬਣੇ ਹੋਏ ਇਹ ਡੱਕੈਤ, ਲੋਕਾਂ ਨੂੰ ਕਹੀ ਫ਼ਿਰਦੇ ਹਨ ਤੁਸੀਂ ਸਾਡੇ ਲਈ ਇੰਜ ਕਰ ਦੇਵੋ ਅਤੇ ਸਾਡੇ ਲਈ ਉਂਜ ਕਰ ਦੇਵੋ। ਅਸੀਂ ਰੱਬ, ਅਲ੍ਹਾ, ਰਾਮ, ਖੁਦਾ ਅਤੇ ਦੇਵੀਆਂ-ਦੇਵਤਿਆਂ ਅਗੇ ਤੁਹਾਡੇ ਲਈ ਦੁਆ ਕਰ ਦੇਵਾਂਗੇ। ਅਪਣੇ ਆਪ ਸਭ ਠੀਕ ਹੋਜਾਵੇਗਾ, ਮੁਗ਼ਲ ਸੀਮਾਂ ਹੀ ਪਾਰ ਨਹੀਂ ਕਰ ਸਕਣਗੇ ਜਾਂ ਸੀਮਾਂ ਤੇ ਹੀ ਅੰਨੇ ਹੋ ਜਾਣਗੇ। ਗੁਰਦੇਵ ਇਨ੍ਹਾਂ ਲੁਟੇਰਿਆਂ ਦੇ ਪਾਜ ਨੂੰ ਉਘੇੜਦੇ ਇਨ੍ਹਾਂ ਸ਼ਬਦਾਂ `ਚ ਫ਼ੁਰਮਾਂਦੇ ਹਨ “ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ” (ਪੰ: 417) ਪਰ ਆਖਿਰ ਹੋਇਆ ਕੀ?

ਇਥੋਂ ਤੀਕ ਕਿ ਇਹ ਅਖੌਤੀ ਧਾਰਮਿਕ ਆਗੂ, ਸਮਾਜ ਦੀਆਂ ਬੱਚੀਆਂ-ਬਚਿਆਂ ਦੇ ਵਿਆਹ ਅਤੇ ਨਿਕਾਹ ਕਰਵਾ ਰਹੇ ਹਨ ਤਾਂ ਉਸ ਸਮੇਂ ਵੀ ਇਨ੍ਹਾ ਠੱਗਾਂ ਨੂੰ ਗਰੀਬਾਂ-ਅਮੀਰਾਂ ਤੀਕ ਦੀ ਤਮੀਜ਼ ਭੁੱਲੀ ਹੁੰਦੀ ਹੈ। ਕਿੱਧਰੇ ਤਾਰੇ ਡੁੱਬੇ-ਚੜ੍ਹੇ ਦੇ ਢੋਂਗ ਗਰਮ ਹਨ। ਜਰਵਾਣਿਆਂ ਦਾ ਹਮਲਾ ਸਿਰ ਤੇ ਖਲੌਤਾ ਹੈ ਪਰ ਇਨ੍ਹਾਂ ਨੂੰ ਕੀਹ? ਇਹ ਤਾਂ ਅਪਣੇ ਹੀ ਸਾਹਿਆਂ ਦੇ ਆਡੰਬਰ ਖੜੇ ਕਰਕੇ ਅਪਣੀ ਲੁੱਟ-ਖੋਹ ਦਾ ਬਾਜ਼ਾਰ ਗਰਮ ਕਰੀ ਬੈਠੇ ਹਨ। ਗੁਰਦੇਵ ਚੇਤਾਵਣੀ ਦੇਂਦੇ ਹਨ ਕਿ ਐ ਧਾਰਮਿਕ ਆਗੂਓ! ਅਜੇ ਵੀ ਸਮਾਂ ਹੈ ਕਿ ਸੰਭਲ ਜਾਵੋ, ਸਮਾਂ ਆ ਰਿਹਾ ਹੈ ਜਦੋਂ “ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ” (ਪੰ: 722)

ਤੀਜੇ ਨੰਬਰ ਤੇ ਗਲ ਆਉਦੀ ਹੈ, ਆਮ ਲੋਕਾਈ ਦੀ- ਅਜੇਹੇ ਹਾਲਾਤ `ਚ ਜਦੋਂ ਰਾਜਸੀ ਅਤੇ ਧਾਰਮਿਕ ਆਗੂ, ਦੋਵੇਂ ਵਰਗ ਅਪਣੇ-ਅਪਣੇ ਫ਼ਰਜ਼ਾਂ ਤੋਂ ਗੁਮਰਾਹ ਹੋਏ ਹੁੰਦੇ ਹਨ ਤਾਂ ਗਲ ਰਹਿ ਜਾਂਦੀ ਹੈ ਕਿ ਅਜੇਹੇ ਹਾਲਾਤ `ਚ ਆਮ ਜਨਤਾ ਕਿੱਥੇ ਖੜੀ ਹੈ? ਉਥੇ ਵੀ ਕਿਸੇ ਨੂੰ ਚੇਤਾ ਨਹੀਂ ਹੁੰਦਾ ਕਿ ਮਨੁੱਖਾ ਜਨਮ ਕਿੰਨਾ ਅਮੋਲਕ ਹੈ ਅਤੇ ਇਸਦੀ ਸੰਭਾਲ ਤਾਂ ਆਪ ਹੀ ਕਰਨੀ ਹੈ। ਕਿਸੇ ਦੇ ਨਿਜੀ ਜੀਵਨ ਦੀ ਸੰਭਾਲ ਦਾ ਠੇਕਾ ਨਾ ਧਾਰਮਿਕ ਆਗੂਆਂ ਕੋਲ ਹੈ ਅਤੇ ਨਾ ਰਾਜਸੀ ਆਗੂਆਂ ਕੋਲ। ਅਪਣੇ ਜੀਵਨ ਦੀ ਸੰਭਾਲ ਤਾਂ “ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ” (ਪੰ: 474) ਅਤੇ “ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ” (ਪੰ: 730) ਗੁਰਬਾਣੀ `ਚ ਸੈਂਕੜੇ ਸਪੱਸ਼ਟ ਫੁਰਮਾਣਾ ਦੇ ਬਾਵਜੂਦ ਉਥੇ ਵੀ ਇਸਤਰ੍ਹਾਂ ਰੰਗ ਬੱਝਾ ਹੁੰਦਾ ਹੈ ਜਿਸਦੇ ਲਈ ਗੁਰਦੇਵ ਫ਼ੁਰਮਾਅ ਰਹੇ ਹਨ “ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ” (ਪੰ: 417)

ਉਥੇ ਵੀ ਧੰਨ ਜੋਬਣ ਦੇ ਨਸ਼ੇ `ਚ ਕੇਵਲ ਦਿਖਾਵਾ, ਐਸ਼ੋ-ਇਸ਼ਰਤ, ਝੂਠ-ਫ਼ਰੇਬ-ਠੱਗੀਆਂ-ਵਿੱਭਚਾਰ-ਨਸ਼ਿਆਂ `ਤੇ ਕੁਕਰਮਾ ਦਾ ਬਾਜ਼ਾਰ ਗਰਮ ਹੁੰਦਾ ਹੈ। ਦਰਅਸਲ ਪ੍ਰਭੁ ਨੂੰ ਭੁਲੇ ਹੋਣ ਕਾਰਣ ਇਨ੍ਹਾਂ ਤਿੰਨਾ ਵਰਗਾਂ ਵਿੱਚਕਾਰ ਅਸਲੋਂ ਜੋ ਖੇਡ ਵਰਤ ਰਹੀ ਹੁੰਦੀ ਹੈ, ਉਸਦਾ ਜ਼ਿਕਰ ਗੁਰਦੇਵ ਇਨ੍ਹਾਂ ਸ਼ਬਦਾਂ `ਚ ਇਸਤਰ੍ਹਾਂ ਕਰ ਰਹੇ ਹਨ “ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ” (ਪੰ: 417) ਅਤੇ ਨਤੀਜਾ ਹੁੰਦਾ ਹੈ ਕਿ “ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ” (ਪੰ: 417)

ਜਮੁ ਕਰਿ ਮੁਗਲੁ ਚੜਾਇਆ- ਇਥੇ ਅਸੀਂ ਉਸ ਮੁਕਾਮ ਤੀਕ ਪੁਜ ਚੁਕੇ ਹਾਂ ਜਿਥੇ ਗੁਰਦੇਵ ਸਪੱਸ਼ਟ ਕਰ ਰਹੇ ਹਨ ਆਖਿਰ ਕੀ ਕਾਰਣ ਹਨ ਕਿ ਅਕਾਲਪੁਰਖ ਨੇ ਤਿੰਨਾ ਵਰਗਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਲਈ ਬਾਬਰ ਵਾਲੀ ਖੇਡ ਵਰਤ ਦਿਤੀ। ਇਸ ਸ਼ਬਦ ਨੂੰ ਲੈਕੇ ਵੀ ਸਾਡੇ ਬਹੁਤੇ ਵਿਦਵਾਨਾਂ, ਲਿਖਾਰੀਆਂ ਅਤੇ ਖਾਸਕਰ ਨਾਮਵਰ, ਗੁੱਡੀ ਚੜ੍ਹੇ ਕਥਾਵਾਚਕਾਂ ਨੇ ਕਿੱਧਰੇ ਟੱਪਲਾ ਖਾਧਾ ਹੈ `ਤੇ ਕਿੱਧਰੇ ਰੱਜਵਾਂ ਬਵੰਡਰ ਵੀ ਮਚਾਇਆ ਹੈ। ਇਥੋਂ ਤੀਕ ਕਿਹਾ ਕਿ ਬਾਬਰ ਤਾਂ ਹੈ ਹੀ ਜੰਮ ਸੀ। ਉਸਦੀ ਸਾਰੀ ਫੌਜ, ਦੁਸ਼ਟਾਂ ਦੀ ਬਰਾਤ ਸੀ ਅਤੇ ਹੋਰ ਕੀ ਕੁਝ. . ।

ਦਰਅਸਲ ਸਾਨੂੰ ਅਰੰਭ ਤੋਂ ਹੁਣ ਤੀਕ ਬਿਆਨੇ ਅਤੇ ਇਨ੍ਹਾ ਚਾਰ ਸ਼ਬਦਾਂ ਰਾਹੀਂ ਪ੍ਰਗਟਾਏ ਇਲਾਹੀ ਸਿਧਾਂਤ ਨੂੰ ਸਮਝਣ ਦੀ ਲੋੜ ਹੈ। ਇਥੇ ਤਾਂ ਗੁਰਦੇਵ ਸਮਝਾ ਰਹੇ ਹਨ ਕਿ ਜਦੋਂ ਸਮਾਜ ਦੇ ਪਹਿਲੇ ਬਿਆਨੇ ਤਿੰਨੇ ਵਰਗ ਭੱਟਕ ਚੁੱਕੇ ਸਨ ਅਤੇ ਸੱਚ ਦੇ ਮਾਰਗ ਦੇ ਚਲਣ ਵਾਲਿਆਂ ਦਾ ਜੀਵਨ ਦੂਭਰ ਹੋਇਆ ਪਿਆ ਸੀ। ਅਜੇਹੇ ਹਾਲਾਤ `ਚ ਕਰਤਾਰ ਨੇ ਪ੍ਰਭੁ ਪਿਆਰਿਆਂ ਦੀ ਰਾਖੀ ਕਰਨ ਲਈ, ਇਨ੍ਹਾਂ ਭ੍ਰਸ਼ਟ ਹੋ ਚੁਕੇ, ਕੁਰਾਹੇ ਪਏ ਤਿੰਨਾਂ ਵਰਗਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਲਈ, ਮਾਨੋ ਖੁਰਾਸਾਨ ਤੋਂ ਬਾਬਰ ਨੂੰ ਇਨ੍ਹਾਂ ਦੀ ਮੌਤ ਬਣਾ ਕੇ ਭੇਜ ਦਿਤਾ। ਇਥੇ ਦੋ ਗਲਾਂ ਹੋਰ ਵੀ ਵਿਸ਼ੇਸ਼ ਧਿਆਨ ਮੰਗਦੀਆਂ ਹਨ।

ਪਹਿਲੀ- ਇਥੇ ਗੁਰਦੇਵ ਬਾਬਰ ਦੀ ਤਾਰੀਫ਼ ਜਾਂ ਬਦਖੌਈ ਨਹੀਂ ਕਰ ਰਹੇ ਬਲਕਿ ਸਾਰੀ ਤਬਾਹੀ ਪਿਛੇ ਇਸ ਸੱਚਾਈ ਨੂੰ ਬਿਆਨ ਰਹੇ ਹਨ ਕਿ “ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ” (ਪੰ: 360) ਭਾਵ ਜਦੋਂ ਇੱਕ ਤਾਕਤ `ਚ ਅੰਨਾਂ, ਅਜੇਹੇ ਦੂਜੇ ਤਾਕਤ `ਚ ਅੰਨੇ ਨੂੰ ਮਾਰੇ ਤਾਂ ਮਨ `ਚ ਰੋਸ ਕਿਸ ਲਈ? ਇਥੇ ਇੱਕ ਪਾਸੇ ਤਾਂ ਇਹ ਅਫ਼ਗ਼ਾਨੀ ਅਥਵਾ ਲੋਧੀ ਵੰਸ਼ ਹੈ ਦੂਜੇ ਨੰਬਰ ਤੇ ਇਥੋਂ ਦੇ ਅਖੌਤੀ ਧਾਰਮਿਕ ਆਗੂ ਹਨ। ਤੀਜੇ ਆਮ ਲੌਕਾਈ, ਜਿਸਨੂੰ ਅਮੁਲੇ ਮਨੁਖਾ ਜਨਮ ਦੀ ਕੀਮਤ ਹੀ ਭੁਲੀ ਪਈ ਸੀ ਅਤੇ ਅਪਣੇ ਧੰਨ-ਜੁਆਨੀ ਦੇ ਨਸ਼ੇ `ਚ ਅੰਨੀ ਹੋਈ ਪਈ ਹੈ ਅਤੇ ਦੂਜੇ ਪਾਸੇ ਬਾਬਰ ਜੋ ਅਪਣੇ ਆਪ `ਚ ਇਥੋਂ ਦਾ ਰਾਜਪਾਟ ਹਥਿਆਉਣ ਲਈ ਵੱਡਾ ਲੁਟੇਰਾ ਤੇ ਤਾਕਤ ਦੇ ਨਸ਼ੇ `ਚ ਗੜੁਚ ਸੀ।

ਇਸਤਰ੍ਹਾਂ ਦੋਵੇ ਪਾਸੇ ਪ੍ਰਭੁ ਭੁਲੇ ਪਰ ਅਪਣੀ-ਅਪਣੀ ਤਾਕਤ ਦੇ ਨਸ਼ੇ `ਚ ਅੰਨੇ ਹੋਏ ਲੋਕਾਂ ਦੀ ਸੀ ਇਹ ਜੰਗ। ਆਮ ਲੋਕਾਈ `ਤੇ ਰਾਜਸੀ, ਧਾਰਮਿਕ ਲੋਕਾਂ ਬਾਰੇ ਗੁਰਦੇਵ ਨੇ ਇਥੋਂ ਤੀਕ ਫ਼ੁਰਮਾਇਆ “ਰਤਨ ਵਿਗਾੜਿ ਵਿਗੋਏ ਕੁਤਂੀ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ” (ਪੰ: 360) ਭਾਵ ਜੀਵਾਂ ਦਾ ਮਿਲਨਾ ਅਤੇ ਵਿਛੜਣਾ ਤਾਂ ਕਰਤਾਰ ਦੇ ਅਟੱਲ ਨੀਯਮਾ `ਚ ਹੈ ਫ਼ਿਰ ਵੀ ਜਿਹੜੇ ਲੋਕ ਰਤਨਾ ਹੀਰੀਆਂ ਤੋਂ ਮੰਹਿਗਾ ਇਹ ਮਨੁੱਖਾ ਜਨਮ ਲੈਕੇ ਵੀ ਇਸ ਦੀ ਕੀਮਤ ਦੀ ਪਛਾਣ ਨਹੀਂ ਕਰਦੇ `ਤੇ ਹਰ ਪਖੌਂ “… ਸਾਦ ਕਰੇ ਮਨਿ ਭਾਣੇ” ਅਨੁਸਾਰ ਮਨਮਾਨੀਆਂ ਕਰਦੇ ਹਨ, “ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ” (ਪੰ: 360)

ਦੂਜਾ- ਕਿ ਭਾਰਤ ਵਿੱਚ ਲੰਮੇ ਸਮੇਂ ਤੋਂ ਵਿਸ਼ਵਾਸ ਦਿੱਤਾ ਗਿਆ ਹੈ “ਜਦੋਂ ਜਦੋਂ ਪਾਪ ਵੱਧਦਾ ਹੈ ਪ੍ਰਮਾਤਮਾ ਜਨਮ ਲੈਕੇ ਸੰਸਾਰ ਵਿੱਚ ਆਉਂਦਾ ਹੈ” ਸ੍ਰੀ ਕਿਸ਼ਨ ਅਤੇ ਸ੍ਰੀ ਰਾਮ ਆਦਿ ਦੀਆਂ ਕਥਾਵਾਂ ਇਸੇ ਵਿਸ਼ਵਾਸ ਦੀ ਪ੍ਰੌੜਤਾ `ਚ ਹਨ। ਦੂਜੇ ਪਾਸੇ ਗੁਰਦੇਵ ਨੇ ਬਾਣੀ `ਚ ਅਨੇਕਾਂ ਵਾਰੀ ਕਰਤੇ ਨੂੰ ਅਜੂਨੀ ਦਸਿਆ ਅਤੇ ਫ਼ੁਰਮਾਇਆ ਹੈ “ਜਨਮ ਮਰਣ ਤੇ ਰਹਤ ਨਾਰਾਇਣ” ਇਥੋਂ ਤੀਕ “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ॥   ॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ” (ਪੰ: 1136) ਗੁਰਬਾਣੀ `ਚ ਤਾਂ ਇਸ ਵਿਸ਼ਵਾਸ ਦਾ ਕਿ ‘ਪ੍ਰਮਾਤਮਾ ਆਪ ਜਨਮ ਲੈਕੇ ਆਉਂਦਾ ਹੈ’ ਸਦਾ ਲਈ ਕੇਵਲ ਭੋਗ ਹੀ ਨਹੀਂ ਪਾਇਆ ਬਲਕਿ ਇਥੋਂ ਤੀਕ ਸਪੱਸ਼ਟ ਕੀਤਾ ਹੈ ਕਿ ਕਰਤਾਰ ਨੂੰ ਜਨਮ ਲੈਣ ਦੀ ਲੋੜ ਨਹੀਂ। ਕਰਤਾ ਰੂਪ, ਰੰਗ, ਸਰੀਰ ਤੋਂ ਨਿਆਰਾ ਅਤੇ ਹਰ ਸਮੇਂ ਜ਼ਰੇ-ਜ਼ਰੇ, ਜੀਵ-ਜੀਵ `ਚ ਵਿਆਪਕ ਹੈ। ਇਸਤਰ੍ਹਾਂ ਅਕਾਲਪੁਰਖ ਨੇ ਜੇਕਰ ਕੋਈ ਖੇਡ ਵਰਤਨੀ ਹੈ ਜਾਂ ਕਿਸੇ ਨੂੰ ਉਸਦੇ ਕੀਤੇ ਦੀ ਸਜ਼ਾ ਦੇਣੀ ਹੈ ਤਾਂ ਕਰਤਾਰ ਕੇਵਲ ਬਹਾਨਾ ਹੀ ਘੜਦਾ ਹੈ।

ਇਨ੍ਹਾਂ ਸ਼ਬਦਾਂ ਵਿੱਚ ਹੀ ਦਰਸ਼ਨ ਕਰ ਲਵੋ ਗੁਰਦੇਵ ਫ਼ੁਰਮਾਅ ਰਹੇ ਹਨ “ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ” (ਪੰ: 360) ਭਾਵ ਉਨ੍ਹਾਂ ਨੂੰ ਉਨ੍ਹਾਂ ਦੇ ਕੁਕਰਮਾ ਦੀ ਸਜ਼ਾ ਦੇਣ ਲਈ ਮੁਗ਼ਲਾਂ ਨੂੰ ਉਨ੍ਹਾਂ ਦੀ ਮੌਤ (ਜਮ) ਬਣਾਕੇ ਭੇਜ ਦਿਤਾ। ਕਿਉਂਕਿ ਮੁਗ਼ਲ ਤਾਂ, ਇਨ੍ਹਾਂ ਦੇ ਕੀਤੇ ਕਰਮਾਂ ਦੀ ਸਜ਼ਾ ਦੇਣ ਲਈ ਅਕਾਲਪੁਰਖ ਵਲੋ ਕੇਵਲ ਇੱਕ ਬਹਾਨਾ ਸਨ। ਦੂਜਾ ਇਹ ਕਿ “ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ” (ਪੰ: 417) ਜਿਸਨੂੰ ਸਜ਼ਾ ਦੇਣੀ ਹੈ ਉਨ੍ਹਾ ਦੀ ਤਾਕਤ ਆਦਿ ਵਡਿਆਈਆਂ ਵੀ ਕਰਤਾਰ ਆਪ ਹੀ ਖੋਹ ਲੈਂਦਾ ਹੈ ਅਤੇ ਉਸਦੇ ਲਈ ਢੰਗ ਵੀ ਆਪੇ ਹੀ ਘੜ ਦੇਂਦਾ ਹੈ ਜਿਵੇਂ “ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ॥ ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ॥ ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ” (ਪੰ: 417) ਇਥੇ ਲੜਾਈ ਸਮੇਂ ਮੁਗ਼ਲਾਂ ਦੀਆਂ ਤੋਪਾਂ ਤਾਂ ਮਾਰ ਕਰ ਰਹੀਆਂ ਹਨ ਪਰ ਪਠਾਣ ਜਿਹੜੇ ਹਰਮਾਂ ਅਤੇ ਏਸ਼ੋ-ਇਸ਼ਰਤ `ਚ ਮਸਤ ਰਹੇ; ਜਿਨ੍ਹਾਂ ਨੇ ਸਮੇਂ ਸਿਰ ਫ਼ਰਜ਼ਾਂ ਨੂੰ ਨਹੀਂ ਸੰਭਾਲਿਆ, ਤਿਆਰੀ ਨਹੀ ਕੀਤੀ ਅਜ ਲੜਾਈ ਸਮੇਂ, ਉਨ੍ਹਾਂ ਦੀਆਂ ਤੋਪਾਂ ਹੱਥਾਂ ਵਿੱਚ ਹੀ ਚਿੱੜ-ਚਿੱੜ ਕਰ ਰਹੀਆਂ ਹਨ ਅਤੇ ਉਹ ਲਾਸ਼ਾਂ ਦੇ ਢੇਰ ਬਣ ਰਹੇ ਹਨ।

“ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ” - ਇਸਤਰ੍ਹਾਂ ਪਾਤਸ਼ਾਹ ਨੇ ਇਸ ਸਦੀਵੀ ਰੱਬੀ ਸਿਧਾਂਤ ਨੂੰ ਸਮਝਾਉਣ ਲਈ ਬਾਬਰ ਦੇ ਹਮਲੇ ਦਾ ਕੇਵਲ ਹਵਾਲਾ ਹੀ ਦਿਤਾ ਹੈ ਇਤਿਹਾਸ ਨਹੀਂ ਬਿਆਨਿਆ, ਕਿਉਂਕਿ ਗੁਰਬਾਣੀ ਜੀਵਨ-ਜਾਚ ਦਾ ਖਜ਼ਾਨਾ ਹੈ, ਇਤਿਹਾਸ ਨਹੀਂ। ਗੁਰਦੇਵ ਨੇ ਚੇਤਾਇਆ ਹੈ ਕਿ ਵੱਖਰੀ ਗਲ ਹੈ ਕਿ ਜੋ ਤਬਾਹੀ ਹੋਈ ਉਹ ਅਪਣੇ ਆਪ `ਚ ਲੂੰ-ਕੰਡੇ ਖੜੇ ਕਰਨ ਵਾਲੀ ਹੈ। ਫ਼ਿਰ ਵੀ ਗੁਰਦੇਵ ਨੇ ਇਨ੍ਹਾਂ ਸ਼ਬਦਾਂ `ਚ ਇਸ ਰੱਬੀ ਸੱਚਾਈ ਨੂੰ ਪੱਕਾ ਕੀਤਾ ਹੈ ਕਿ ਇਹ ਸਾਰੀ ਤਬਾਹੀ ਕਰਤਾਰ ਦੇ ਨਿਆਂ ਵਿੱਚ ਹੀ ਹੈ। ਇਸ ਤੋਂ ਇਲਾਵਾ ਗੁਰਦੇਵ ਨੇ ਲਾਹੌਰ ਦੀ ਇਸੇ ਤਬਾਹੀ ਨੂੰ ਜਦੋਂ ਸਲੋਕਾਂ `ਚ ਬਿਆਨਿਆ ਤਾਂ ਅਤੀ ਸੰਖੇਪ `ਚ ਜਿਵੇਂ “ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥  ੨੭ ॥” (ਪੰ: 1412) ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਦਰਸ਼ਨ ਕਰੋ! ਪਹਿਲੇ ਪਾਤਸ਼ਾਹ ਦੇ ਇਨ੍ਹਾਂ ਸਲੋਕਾਂ ਵਿਚਕਾਰ ਹੀ ਅਗਲਾ ਸਲੋਕ ਮਹਲਾ ੩॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥  ੨੮ ॥” ਜਿਸ `ਚ ਤੀਜੇ ਪਾਤਸ਼ਾਹ ਬਿਆਨ ਰਹੇ ਹਨ ਭਾਵੇਂ ਇਹ ਤਬਾਹੀ ਭਿਅੰਕਰ ਸੀ, ਇਸਦੇ ਬਾਵਜੂਦ ਉਹੀ ਲਾਹੌਰ, ਜਦੋਂ ਉਥੇ ਨਾਮ ਅੰਮ੍ਰਿਤ ਦੀ ਬਰਖਾ ਅਰੰਭ ਹੋ ਗਈ ਤਾਂ “ਜਹਰੁ ਕਹਰੁ” ਨਹੀਂ ਬਲਕਿ ‘ਸਿਫ਼ਤੀ ਦਾ ਘਰੁ’ ਹੋ ਨਿਬੜਿਆ।

ਚਾਰਾਂ ਹੀ ਸ਼ਬਦਾਂ ਤੇ ਨੰਬਰਵਾਰ ਪੰਛੀ ਝਾਤ- ਗੁਰਦੇਵ ਦਾ ਇਸ ਵਿਸ਼ੇ ਤੇ ਪਹਿਲਾ ਸ਼ਬਦ “ਤਿਲੰਗ ਮਹਲਾ ੧॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ” ਪੰਨਾ ਨੰ: 722 ਹਮਲੇ ਤੋਂ ਪਾਹਿਲਾਂ `ਤੇ ਭਵਿਖਬਾਣੀ ਹੈ; ਬਾਦ ਦੇ ਤਿੰਨੇ ਸ਼ਬਦ ਹਮਲੇ ਤੋਂ ਬਾਦ ਦੇ ਹਨ। ਗੁਰਦੇਵ ਨੇ ਪਹਿਲਾ ਸ਼ਬਦ ਭਾਈ ਲਾਲੋ ਨੂੰ ਸੰਬੋਧਨ ਕਰਕੇ ਉਚਾਰਣ ਕੀਤਾ ਹੈ ਅਤੇ ਚੇਤਾਵਨੀ ਹੈ। ਸ਼ਬਦ `ਚ ਗੁਰਦੇਵ ਨੇ ਸਵਾਧਾਨ ਕੀਤਾ ਹੈ, ਐ ਭਾਰਤ ਵਾਸੀਓ! ਮੈਂ ਕੇਵਲ ਉਹੀ ਬਿਆਨ ਕਰ ਰਿਹਾਂ ਹਾਂ ਜੋ ਕਰਤਾਰ ਵਲੋਂ ਮੈਨੂੰ ਸੋਝੀ ਮਿਲੀ ਹੈ। “ਪਾਪ ਕੀ ਜੰਞ ਲੈ ਕਾਬਲਹੁ ਧਾਇਆ” ਭਾਵ ਬਾਬਰ ਭਾਰੀ ਤਿਆਰੀ ਨਾਲ ਕਾਬਲੋਂ ਚਲ ਚੁਕਾ ਹੈ। ਹੁਣ ਕਾਜੀਆ ਬਾਮਣਾ (ਧਾਰਮਿਕ ਆਗੂਆਂ) ਦੀ ਪਾਈ ਹੋਈ ਲੁੱਟ ਖੋਹ ਕੋਈ ਮੁਲ ਨਹੀਂ ਰਖੇਗੀ, ਕਉਂਕਿ ਸਾਰੇ ਪਾਸੇ ਕੂੜ ਦਾ ਹੀ ਵਰਤਾਰਾ ਹੈ। ਉਚ-ਨੀਚ ਅਤੇ ਧਰਮ-ਮਗ਼੍ਹਬ ਦੇ ਪਾਏ ਹੋਏ ਰੇੜਕੇ ਤਾਂ ਇੱਕ ਗਲ ਹੈ, ਇਨ੍ਹਾਂ ਲੋਕਾਂ ਵਿਚੋਂ ਤਾਂ ਰੱਬ ਦਾ ਭੈਅ ਹੀ ਮੁੱਕਾ ਪਿਆ ਹੈ, ਜਦਕਿ ਉਸ ਸਮੇਂ ਤਾਂ ਇਨ੍ਹਾਂ ਨੂੰ ਰੱਬ ਯਾਦ ਕਰਨਾ ਵੀ ਨਸੀਬ ਨਹੀਂ ਹੋਵੇਗਾ।

ਗੁਰਦੇਵ ਫ਼ੁਰਮਾਂਦੇ ਹਨ, ਅਕਾਲਪੁਰਖ ਦੇ ਭੈਅ `ਚ ਰਹਿਕੇ ਹੀ ਕਹਿ ਰਿਹਾਂ ਹਾਂ ਕਿ “ਮਾਸ ਪੁਰੀ ਵਿਚਿ ਆਖੁ ਮਸੋਲਾ” ਇਥੇ ਸਾਰੇ ਪਾਸੇ ਲਾਸ਼ਾਂ ਦੇ ਢੇਰ ਹੋਣਗੇ। ਸਰੀਰਾਂ ਦੇ ਟੁੱਕੜੇ, ਟੁੱਕੜੇ ਹੋ ਜਾਣਗੇ ਪਰ ਇਹ ਸਭ ਹੋਵੇਗਾ ਕਰਤਾਰ ਦੇ ਨਿਆਂ ਵਿੱਚ ਹੀ। ਉਸ ਸਮੇਂ ਮੇਰੇ ਕਹੇ ਨੂੰ ਚੇਤੇ ਕਰੋਗੇ ਪਰ ਅਜੇ ਸਮਾਂ ਹੈ ਕਿ ਸੰਭਲ ਸਕਦੇ ਹੋ। ਕਰਤੇ ਦੇ ਨਿਆਂ `ਚ ਇਹ ਹਮਲਾ ਜੋ ਸੰਮਤ ਸੰਮਤ 1578 `ਚ ਹੋਵੇਗਾ ਤਾਂ ਬੜੀ ਦਹਿਸ਼ਤ ਹੋਵੇਗੀ, ਪਰ ਇਸੇ ਬਾਬਰ ਨੂੰ ਭਾਂਜ ਦੇਣ ਵਾਲਾ (ਸ਼ੇਰਸ਼ਾਹ ਸੂਰੀ) ਸੰਮਤ 1597 `ਚ ਆ ਰਿਹਾ ਹੈ, ਸੱਚਾਈ ਸਮੇਂ ਨਾਲ ਆਪ ਪ੍ਰਗਟ ਹੋ ਜਾਵੇਗੀ।

ਇਸਤੋਂ ਅਗੇ ਆਸਾ ਰਾਗ ਪੰ: 360 ਦੇ ਸ਼ਬਦ “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ” `ਚ ਗੁਰਦੇਵ ਨੇ ਦਸਿਆ ਮਨੁੱਖ ਜਦੋਂ-ਜਦੋਂ ਵੀ ਜੀਵਨ ਰਾਹ ਤੋਂ ਭੱਟਕ ਜਾਂਦਾ ਹੈ ਤਾਂ ਅਕਾਲਪੁਰਖ ਉਸਨੂੰ, ਉਸਦੇ ਕੁਕਰਮਾ ਦੀ ਸਜ਼ਾ ਦੇਂਦਾ ਹੈ। ਕਰਤਾ ਇਸਦੇ ਲਈ ਅਪਣੇ ਉਪਰ ਦੋਸ਼ ਨਹੀਂ ਲੈਂਦਾ ਅਤੇ ਇਸਵਾਰੀ ਉਸਨੇ ਖੁਰਾਸਾਨ ਤੋਂ ਮੁਗ਼ਲਾਂ ਨੂੰ ਇਨ੍ਹਾਂ ਦੀ ਮੌਤ (ਜਮੁ ਕਰਿ) ਬਣਾਕੇ ਭੇਜ ਦਿਤਾ ਹੈ। ਚੇਤੇ ਰਖਣ ਦੀ ਗਲ ਹੈ ਕਿ ਇੰਨੀ ਤਬਾਹੀ ਹੋ ਜਾਣ ਉਪਰ ਵੀ ਕਰਤਾਰ ਨੂੰ ਤਰਸ ਨਹੀਂ ਆਉਂਦਾ ਕਿਉਂਕਿ ਜਦੋਂ ਇੱਕ ਤਾਕਤ `ਚ ਅੰਨਾ, ਦੂਜੇ ਤਾਕਤ `ਚ ਅੰਨੇ ਨੂੰ ਮਾਰਦਾ ਹੈ ਤਾਂ ਦੋਸ਼ ਕਿਸਨੂੰ? ਜੀਵਾਂ ਦਾ ਮਿਲਨਾ ਅਤੇ ਵਿੱਛੜਣਾ, ਕਰਤੇ ਦਾ ਇਹ ਨੀਯਮ ਤਾਂ ਆਦਿ ਕਾਲ ਤੋਂ ਹੈ, ਅਜ ਕੋਈ ਨਵੀਂ ਗਲ ਨਹੀਂ ਹੋਈ ਪਰ ਜਦੋਂ-ਜਦੋਂ ਭੇਡਾ ਦੇ ਵੱਗ ਉਪਰ ਕੋਈ ਖੂੰਖਾਰ ਸ਼ੇਰ ਹਮਲਾ ਕਰ ਦੇਂਦਾ ਹੈ ਤਾਂ ਵੱਗ ਦੇ ਵਾਲੀ ਦਾ ਫ਼ਰਜ਼ ਹੁੰਦਾ ਹੈ ਭੇਡਾਂ ਦੀ ਰਾਖੀ ਕਰਨੀ; ਤਾਂਤੇ ਪ੍ਰਭੁ ਪਿਆਰਿਆਂ ਦੀ ਰਾਖੀ ਲਈ ਕਰਤਾਰ ਵੀ ਸਦਾ ਤੋਂ ਖੇਡ ਵਰਤਦਾ ਹੈ। ਇਸਤਰ੍ਹਾਂ ਸੰਸਾਰ `ਚ ਆਕੇ ਜੋ ਲੋਕ ਰਤਨਾਂ ਤੋਂ ਵੱਧ ਕੀਮਤੀ ਮਨੁੱਖਾ ਜਨਮ ਨੂੰ ਜ਼ਾਇਆ ਕਰ ਦੇਂਦੇ ਹਨ, ਜਦੋਂ ਹੰਕਾਰੀ ਦੁਸ਼ਟਤਾ ਤੇ ਉਤਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਜਨਮ-ਮਰਨ ਦੇ ਗੇੜ੍ਹ `ਚ ਪੈਣਾ ਹੀ ਪੈਂਦਾ ਹੈ।

ਪੰਨਾ 417 ਉਪਰ ਆਸਾ ਰਾਗ `ਚ ਇਸ ਲੜੀ ਦੇ ਤੀਜੇ ਸ਼ਬਦ “ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿ੍ਹ੍ਹ ਗਲ ਵਿਚਿ ਆਵੈ ਧੂੜਿ” `ਚ ਗੁਰਦੇਵ ਨੇ ਉਸ ਤਬਾਹੀ ਦਾ ਜ਼ਿਕਰ ਕੀਤਾ ਹੈ ਜਿਹੜੀ ਤਬਾਹੀ ਹਮਲੇ ਕਾਰਣ ਹੌਈ। ਖੂਬੀ ਇਹ ਕਿ ਹਰ ਵਾਰ ਤਬਾਹੀ ਦਾ ਜ਼ਿਕਰ ਕਰਦੇ, ਹਰ ਕੱਦਮ ਤੇ ਕਰਤਾਰ ਦੀ ਕਰਨੀ ਨੂੰ ਕੇਵਲ ਉਸਦੀ ਰਜ਼ਾ ਵਿੱਚ ਹੋਇਆ ਹੀ ਬਿਆਨ ਰਹੇ ਹਨ, ਉਲਾਮਾ ਨਹੀਂ ਦੇ ਰਹੇ ਜਿਵੇਂਆਦੇਸੁ ਬਾਬਾ ਆਦੇਸੁ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ” ਅਤੇ “ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ॥   ॥ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” ਹੋਰ “ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ”। ਗੁਰਦੇਵ ਇਸਦੇ ਨਾਲ ਇਸ ਤਬਾਹੀ ਦੇ ਕਾਰਣਾ ਨੂੰ ਵੀ ਬਿਆਨ ਰਹੇ ਹਨ ਜਿਵੇਂ “ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ” ਹੋਰ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” ਤੇ “ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ” ਆਦਿ।

ਪੰਨਾ ੪੧੭ ਉਪਰ ਹੀ ਇਸੇ ਰਾਗ `ਚ ਲੜੀ ਦੇ ਅੰਤਮ ਅਤੇ ਚੌਥੇ ਸ਼ਬਦ “ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ” ਵਿੱਚ ਵੀ ਇਸ ਹਮਲੇ ਕਾਰਣ ਤਬਾਹੀ ਦਾ ਭਰਵਾਂ ਵਰਨਣ ਹੈ। ਤੀਜੇ ਸ਼ਬਦ ਦੀ ਨਿਆਈ ਇਸ ਅੰਤਮ ਸ਼ਬਦ `ਚ ਵੀ ਗੁਰਦੇਵ ਇਸ ਸਾਰੀ ਤਬਾਹੀ ਨੂੰ ਕਰਤੇ ਦੇ ਨਿਆਂ ਅਤੇ ਰਜ਼ਾ `ਚ ਹੀ ਬਿਆਣਿਆ ਹੈ ਜਿਵੇਂ ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ” ਹੋਰ ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ”। ਗੁਰਦੇਵ ਇਸ ਸਾਰੇ ਸ਼ਬਦ `ਚ ਵੀ ਇਨਸਾਨ ਦੀਆਂ ਉਨ੍ਹਾਂ ਕਮਜ਼ੋਰੀਆਂ, ਅਗਿਆਨਤਾ ਅਤੇ ਮੂਰਖਤਾ ਨੂੰ ਹੀ ਬਿਆਨਿਆ ਹੈ ਜਿਸ ਦਾ ਨਤੀਜਾ ਅਜੇਹੀਆਂ ਤਬਾਹੀਆਂ ਹੁੰਦੀਆਂ ਹਨ। ਫ਼ੁਰਮਾਇਆ ਹੈ ਜੇ ਕਰ ਮਨੁੱਖ ਸਮੇਂ ਸਿਰ ਸੰਭਾਲ ਨਾ ਕਰੇ ਤਾਂ ਅਜੇਹੀਆਂ ਤਬਾਹੀਆਂ ਵੀ ਕਰਤਾਰ ਦੇ ਨਿਆਂ ਵਿੱਚ ਹੀ ਹੁੰਦੀਆਂ ਹਨ ਅਤੇ ਹੁੰਦੀਆਂ ਰਹਿਣਗੀਆਂ, ਇਨ੍ਹਾ ਨੂੰ ਕੋਈ ਵੀ ਨਹੀਂ ਟਾਲ ਸਕਦਾ। #124s07.01s07#

Including this Self Learning Gurmat Lesson No 124

ਅਗੋ ਦੇ ਜੇ ਚੇਤੀਐ…

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com




.