.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 16)

ਭਾਈ ਸੁਖਵਿੰਦਰ ਸਿੰਘ 'ਸਭਰਾ'

ਮੁੰਡੇ ਦੇਣ ਵਾਲਾ ਬਾਬਾ

ਇਲਾਕੇ ਵਿਚ ਉਸ ਸਾਧ ਦੀ ਬੜੀ ਚਰਚਾ ਸੀ। ਲੋਕ ਦੂਰੋਂ ਦੂਰੋਂ ਉਸ ਸਾਧ ਕੋਲੋਂ ਮੁੰਡੇ ਦੀ ਦਾਤ ਲੈਣ ਆਉਂਦੇ ਸਨ। ਕਿਸੇ ਨੇ ਪੁਲਿਸ ਨੂੰ ਦੱਸ ਦਿੱਤਾ ਕਿ ਡੇਰੇ ਵਿਚ ਕਾਫੀ ਗ਼ਲਤ ਕੰਮ ਹੁੰਦੇ ਹਨ। ਪੁਲਿਸ ਨੇ ਛਾਪਾ ਮਾਰਿਆ, ਕਈ ਇਤਰਾਜ਼ਯੋਗ ਚੀਜ਼ਾਂ ਪ੍ਰਾਪਤ ਹੋਈਆਂ। ਪਿੰਡ ਦੇ ਕਈ ਬੰਦੇ ਇਕੱਠੇ ਹੋ ਕੇ ਥਾਣੇ ਪਹੁੰਚੇ ਤਾਂ ਜੋ ਸਾਧ ਨੂੰ ਛੁਡਾਇਆ ਜਾ ਸਕੇ। ਉਹਨਾਂ ਨੂੰ ਵਿਚੋਂ ਇਕ ਮੋਹਤਬਾਰ ਬੰਦੇ ਨੇ ਸਾਧ ਦੀ ਵਕਾਲਤ ਕਰਦੇ ਹੋਏ ਕਿਹਾ, ਜਨਾਬ ਬਾਬਾ ਜੀ ਤਾਂ ਪਹੁੰਚੇ ਹੋਏ ਸੰਤ ਹਨ, ਧਾਰਮਿਕ ਪ੍ਰਵਿਰਤੀ ਦੇ ਮਾਲਕ ਹਨ। ਤੁਹਾਨੂੰ ਕਿਸੇ ਨੇ ਐਵੇਂ ਸੰਤਾਂ ਨੂੰ ਬਦਨਾਮ ਕਰਨ ਲਈ ਖ਼ਬਰ ਦੇ ਦਿੱਤੀ ਹੈ। ਥਾਣੇਦਾਰ ਨੇ ਮੁਨਸ਼ੀ ਨੂੰ ਬਰਾਮਦ ਹੋਈਆਂ ਫੋਟੋਆਂ ਲਿਆਉਣ ਲਈ ਕਿਹਾ। ਫੋਟੋਆਂ ਵਿਚੋਂ ਇਕ ਫ਼ੋਟੋ ਕੱਢ ਕੇ ਥਾਣੇਦਾਰ ਨੇ ਉਸ ਮੋਹਤਬਰ ਬੰਦੇ ਨੂੰ ਫੜਾਈ ਅਤੇ ਕਿਹਾ ਕਿ ਦੇਖਣਾ ਇਹ ਫੋਟੋ ਕਿਸਦੀ ਹੈ? ਫੋਟੋ ਦੇਖ ਕੇ ਤਾਂ ਜਿਵੇਂ ਉਸ ਬੰਦੇ ਨੂੰ ਸੱਪ ਸੁੰਘ ਗਿਆ ਹੋਵੇ। ਉਹ ਸ਼ਰਮ ਨਾਲ ਧਰਤੀ ਵਿਚ ਗੱਡਦਾ ਜਾ ਰਿਹਾ ਸੀ। ਇਹ ਫ਼ੋਟੋ ਉਸ ਮੋਹਤਬਰ ਬੰਦੇ ਦੀ ਵੱਡੀ ਕੁੜੀ ਦੀ ਸੀ ਜੋ ਇਤਰਾਜ਼ਯੋਗ ਹਾਲਤ ਵਿਚ ਲਈ ਗਈ ਸੀ।
ਜਨਾਬ! ਛੱਡਣਾ ਨਹੀਂ ਏਸ ਭੇਖੀ ਨੂੰ। ਇਹਨੂੰ ਫ਼ਾਂਸੀ ਲੱਗਣੀ ਚਾਹੀਦੀ ਹੈ। ਹੁਣ ਉਹ ਬੰਦਾ ਪਾਗਲਾਂ ਵਾਂਗ ਚੀਖ਼ ਰਿਹਾ ਸੀ।
ਸ: ਜਗਜੀਤ ਸਿੰਘ
ਜੀਤ ਖੁਮਾਣੋਵਾਲਾ, ਈ-120 ਜਗਤ ਕਲੋਨੀ, ਖੰਨਾ

ਬਾਬਾ ਮੇਜਰ ਸਿੰਘ ਵਾਂ ਵਾਲਾ

ਇਹ ਵੀ ਇਕ ਡੇਰੇਦਾਰ ਸਾਧ ਹੈ ਪਿੰਡ ਮਾੜੀ ਕੰਬੋਕੇ ਵਿਖੇ ਅਸੀਂ ਸਮਾਗਮ `ਤੇ ਗਏ ਸੀ। ਇਕ ਕਮਰੇ ਦੇ ਅੰਦਰ ਇਕ ਮੰਜੇ `ਤੇ ਸੁੱਤਾ ਪਿਆ ਸੀ ਉਪਰ ਲੋਈ ਤਾਣੀ ਹੋਈ ਸੀ। ਮੈਂ ਭੁਲੇਖੇ ਨਾਲ ਇਸਦੇ ਮੰਜੇ `ਤੇ ਬੈਠਣ ਲੱਗਾ ਸੀ ਤਾਂ ਇਸਦੇ ਚੇਲਿਆਂ ਨੇ ਝੱਟ ਇਸ਼ਾਰਾ ਕਰਕੇ ਮੈਨੂੰ ਰੋਕ ਦਿੱਤਾ ਕਿ ਬਾਬਾ ਜੀ ਸੁੱਤੇ ਹੋਏ ਹਨ, ਹੋਰ ਕੋਈ ਵੀ ਇਹਨਾਂ ਦੇ ਮੰਜੇ `ਤੇ ਬੈਠ ਨਹੀਂ ਸਕਦਾ। ਮੈਂ ਕਈ ਸੋਚਾਂ ਸੋਚਦਾ ਹੋਰ ਮੰਜੇ `ਤੇ ਬੈਠ ਗਿਆ। ਸੁੱਤੇ ਪਿਆਂ ਉਠ ਕੇ ਉਸੇ ਸਮਾਗਮ `ਤੇ ਇਸ ਇਸ ਬਾਬੇ ਨੇ ਕਥਾ ਕੀਤੀ। ਸ਼ਰਾਬ ਦੀ ਗੱਲ ਕਰਦਿਆਂ ਕਰਦਿਆਂ ਇਹ ਕਹਿ ਰਿਹਾ ਸੀ ਕਿ ਕਬੀਰ ਸਾਹਿਬ ਕਦੋਂ ਕਹਿੰਦੇ ਹਨ ਕਿ ਸ਼ਰਾਬ ਨਾ ਕੱਢੋ ਉਹ ਤਾਂ ਕਹਿੰਦੇ ਹਨ ਕਿ ਕੱਢੋ, ਭਉ ਦੀ ਭੱਠੀ ਲਾਓ, ਨਾਲੀ ਇਸ ਤਰ੍ਹਾਂ ਦੀ, ਗੁੜ ਇਸ ਤਰ੍ਹਾਂ ਦਾ, ਨਾਲ ਗੁਰਬਾਣੀ ਵਿਚਲੀਆਂ ਉਹ ਤੁਕਾਂ ਵੀ ਸੁਣਾਈਆਂ। ਪਰ ਇਹਨਾਂ ਸਾਧਾਂ ਨੂੰ ਕੌਣ ਦੱਸੇ ਕਿ ਦੁਨੀਆਂ ਤਾਂ ਪਹਿਲਾਂ ਹੀ ਕਹਿ ਰਹੀ ਹੈ ਕਿ ਬਾਬੇ ਕਹਿੰਦੇ ਹਨ ਕਿ ਹੱਥ ਦੀ ਸ਼ਰਾਬ ਕੱਢ ਕੇ ਪੀ ਲਉ। ਸੰਗਤ ਵਿਚ ਬੈਠੇ ਬਹੁ-ਗਿਣਤੀ ਸ਼ਰਾਬੀ ਲੋਕਾਂ ਨੇ ਇਸ ਸਾਧ ਵੱਲੋਂ ਸੁਣਾਈ ਤੁੱਕ ਤਾਂ ਕੋਈ ਵੀ ਨਹੀਂ ਸੁਣੀ ਹੋਵੇਗੀ। ਉਹਨਾਂ ਨੇ ਤਾਂ ਇਹੋ ਗੱਲ ਪੱਲੇ ਬੱਧੀ ਹੋਵੇਗੀ ਕਿ ਕੱਢੋ ਅਤੇ ਪੀਉ। ਹੋਰ ਵੀ ਗੁਰਮਤਿ ਸਿਧਾਂਤ ਦੇ ਉਲਟ ਕਹਾਣੀਆਂ ਇਹ ਸੁਣਾਉਂਦਾ ਹੈ। ਡੇਰਿਆਂ ਦੇ ਝਗੜੇ ਜ਼ਮੀਨਾਂ ਦੇ ਝਗੜੇ ਇਸਦੇ ਗਲ ਵਿਚ ਪਏ ਹੋਏ ਹਨ। ਇਕ ਘਟਨਾ 17 ਜਨਵਰੀ ਦੀ ਅਖ਼ਬਾਰ ਵਿਚ ਵੀ ਛਪੀ ਸੀ ਜੋ ਇਸ ਤਰ੍ਹਾਂ ਹੈ, ਸ਼੍ਰੋਮਣੀ ਕਮੇਟੀ ਅਤੇ ਬਾਬਾ ਮੇਜਰ ਸਿੰਘ ਵਿਚਾਲੇ ਝਗੜਾ ਅੱਜ ਉਸ ਵੇਲੇ ਸਥਾਨਕ ਕਚਹਿਰੀ ਕੰਪਲੈਕਸ ਵਿਚ ਹੋਇਆ ਜਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਿੱਜੀ ਸਹਾਇਕ ਸ: ਰਘਬੀਰ ਸਿੰਘ ਇਕ ਕੇਸ ਦੇ ਸੰਬੰਧ ਵਿਚ ਤਰੀਕ ਭੁਗਤਣ ਗਏ। ਗੋਲੀ ਬਾਬੇ ਮੇਜਰ ਸਿੰਘ ਦੇ ਸਾਥੀਆਂ ਨੇ ਚਲਾਈ। ਇਕ ਜ਼ਖਮੀ ਹੋ ਗਿਆ 7 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ।
 

ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਜਗੇੜਾ

ਵਿਵਾਦਾਂ ਦੇ ਘੇਰੇ ਵਿਚ ਰਹੇ ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੂੰ ਇਕ ਔਰਤ ਨਾਲ ਬਲਾਤਕਾਰ ਕਰਦਿਆਂ ਲੋਕਾਂ ਨੇ ਮੌਕੇ `ਤੇ ਹੀ ਫੜ ਲਿਆ ਅਤੇ ਕੁਟਾਪਾ ਚਾੜ੍ਹਿਆ। ਪੁਲੀਸ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 376 ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਡਲ ਟਾਊਨ ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਥੇ ਡੁਗਰੀ ਰੋਡ `ਤੇ ਸਥਿਤ ਡੇਰਾ ਮਸਤੂਆਣਾ, ਜਿਥੇ ਕਈ ਸਾਲਾਂ ਤੋਂ ਸੰਤ ਜਗੇੜਾ ਦਾ ਕਬਜ਼ਾ ਹੈ, ਵਿਖੇ ਬੀਤੀ ਅੱਧੀ ਰਾਤ ਤੋਂ ਬਾਅਦ ਵਾਪਰੀ ਇਸ ਘਟਨਾ ਦਾ ਲੋਕਾਂ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਡੇਰੇ ਦੇ ਅੰਦਰੋਂ ਇਕ ਔਰਤ ਦੀਆਂ ਚੀਕਾਂ ਸੁਣਾਈ ਦਿੱਤੀਆਂ। ਡੇਰੇ ਨਾਲ ਵਸਦੀ ਸੰਘਣੀ ਆਬਾਦੀ ਵਿਚ ਪਹਿਰਾ ਦਿੰਦੇ ਚੌਂਕੀਦਾਰ ਨੇ ਚੀਕਾਂ ਸੁਣੀਆਂ ਅਤੇ ਹੋਰ ਲੋਕਾਂ ਨੂੰ ਇਸ ਬਾਰੇ ਦਸਿਆ। ਡੇਰੇ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਪੁਲੀਸ ਨੂੰ ਸੂਚਨਾ ਦੇ ਦਿੱਤੀ। ਇਸ ਦੌਰਾਨ ਸੰਤ ਜਗੇੜਾ ਦਾ ਡਰਾਈਵਰ ਅਮਰਜੀਤ ਸਿੰਘ ਆਪਣੇ ਇਕ ਸਾਥੀ ਨਾਲ ਉਥੇ ਪੁਜਿਆ ਜਿਸ ਨੇ ਲੋਕਾਂ ਦੇ ਇਕੱਠ ਨੂੰ ਵੇਖ ਕੇ ਅੰਦਾਜ਼ਾ ਲਾਇਆ ਕਿ ਡੇਰੇ ਉੱਤੇ ਕਿਸੇ ਨੇ ਹਮਲਾ ਕਰ ਦਿੱਤਾ ਹੈ। ਉਸ ਨੇ ਆਪਣਾ ਸਕੂਟਰ ਉਥੇ ਸੁੱਟ ਕੇ ਕੰਧ ਉੱਤੋਂ ਡੇਰੇ ਅੰਦਰ ਛਾਲ ਮਾਰ ਦਿੱਤੀ। ਡਰਾਈਵਰ ਅਨੁਸਾਰ ਜਦੋਂ ਉਹ ਅੰਦਰ ਗਿਆ ਤਾਂ ਉਸ ਦੀ ਪਤਨੀ (25 ਸਾਲ) ਨਿਰਵਸਤਰ ਹੋਏ ਸੰਤ ਹੱਥੋਂ ਆਪਣੇ ਆਪ ਨੂੰ ਛੁਡਾਉਣ ਲਈ ਚੀਕਾਂ ਮਾਰ ਕੇ ਮਦਦ ਮੰਗ ਰਹੀ ਸੀ।
ਡੇਰੇ ਦੇ ਅੰਦਰ ਹੀ ਰਹਿੰਦਾ ਇਕ ਹੋਰ ਸੇਵਾਦਾਰ ਸੁਖਵਿੰਦਰ ਸਿੰਘ ਵੀ ਉਥੇ ਮੌਕੇ `ਤੇ ਪੁੱਜ ਗਿਆ ਅਤੇ ਉਹ ਦੋਨੋਂ ਸੰਤ ਨੂੰ ਖਿੱਚ ਕੇ ਡੇਰੇ ਤੋਂ ਬਾਹਰ ਲੈ ਆਏ। ਉਸ ਸਮੇਂ ਉਥੇ ਮੌਜੂਦ ਜੁਗਿੰਦਰ ਸਿੰਘ ਅਤੇ ਬਲਵੰਤ ਸਿੰਘ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਇਸ ਘਟਨਾ ਬਾਰੇ ਪਤਾ ਲੱਗਣ ਅਤੇ ਸੰਤ ਨੂੰ ਨਗਨ ਹਾਲਤ ਵਿਚ ਵੇਖ ਕੇ ਲੋਕ ਰੋਹ ਵਿਚ ਆ ਗਏ ਅਤੇ ਉਸ ਦੀ ਮਾਰਕੁਟਾਈ ਸ਼ੁਰੂ ਕਰ ਦਿੱਤੀ। ਮੌਕੇ `ਤੇ ਪੁੱਜੀ ਪੁਲਿਸ ਨੇ ਸੰਤ ਨੂੰ ਲੋਕਾਂ ਤੋਂ ਛੁਡਾਇਆ ਅਤੇ ਕਪੜੇ ਪੁਆ ਕੇ ਥਾਣੇ ਲੈ ਗਏ।
ਥਾਣਾ ਮਾਡਲ ਟਾਊਨ ਵਿਚ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ `ਤੇ ਸ਼ਮਸ਼ੇਰ ਸਿੰਘ ਜਗੇੜਾ ਨੂੰ ਧਾਰਾ 376 ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ। ਲੋਕਾਂ ਦੇ ਰੋਹ ਨੂੰ ਦੇਖਦਿਆਂ ਡੇਰੇ ਦੇ ਬਾਹਰ ਪਹਿਰਾ ਬਿਠਾ ਦਿੱਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੰਟਰਨੈਸ਼ਨਲ ਧਰਮ ਪ੍ਰਚਾਰ ਕੌਂਸਲ ਦੇ ਪ੍ਰਧਾਨ ਬਲਵੰਤ ਸਿੰਘ ਮੀਨੀਆ ਨੇ ਜ਼ਿਲਾ ਪੁਲੀਸ ਮੁਖੀ ਨੂੰ ਦਿੱਤੀ ਦਰਖ਼ਾਸਤ ਦੀ ਕਾਪੀ ਦਿਖਾਉਂਦਿਆਂ ਦੋਸ਼ ਲਾਇਆ ਕਿ ਡੇਰੇ ਵਾਲੀ ਜ਼ਮੀਨ ਡੁਗਰੀ ਦੀਆਂ ਸੰਗਤਾਂ ਵਲੋਂ ਸੰਤ ਗੁਰਬਚਨ ਸਿੰਘ ਕਾਲੀ ਕੰਬਲੀ ਪਟਿਆਲਾ ਵਾਲਿਆਂ ਨੂੰ ਦਾਨ ਵਿਚ ਦਿੱਤੀ ਗਈ ਸੀ ਪਰ ਉਸ ਉੱਤੇ ਸ਼ਮਸ਼ੇਰ ਸਿੰਘ ਜਗੇੜਾ ਨੇ ਕਬਜ਼ਾ ਕਰ ਲਿਆ। ਵਰਨਣਯੋਗ ਹੈ ਕਿ ਲੋਹਾਰਾ ਰੋਡ `ਤੇ ਮੁਹੱਲਾ ਗੋਬਿੰਦਸਰ ਵਿਖੇ ਪੁਲੀਸ ਨੇ 1992 ਵਿਚ ਇਕ ਖਾੜਕੂ ਸੁਖਵਿੰਦਰ ਸਿੰਘ ਭੋਲਾ ਦੀ ਕੋਠੀ ਕਬਜ਼ੇ ਵਿਚ ਲਈ ਸੀ। ਬਾਅਦ ਵਿਚ ਮਾਲ ਰਿਕਾਰਡ ਵਿਚ ਹੋਈ ਤਬਦੀਲੀ ਤੋਂ ਬਾਅਦ ਬਾਦਲ ਸਰਕਾਰ ਦੀਆਂ ਹਦਾਇਤਾਂ ਤੇ ਇਸ ਕੋਠੀ ਦਾ ਕਬਜ਼ਾ ਸ਼ਮਸ਼ੇਰ ਸਿੰਘ ਜਗੇੜਾ ਨੂੰ ਦੇ ਦਿੱਤਾ ਗਿਆ। ਯਾਦ ਰਹੇ ਕਿ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵਿਚਕਾਰ ਮਤਭੇਦ ਪੈਦਾ ਹੋਣ ਤੋਂ ਬਾਅਦ ਸੰਤ ਸਮਾਜ ਵਲੋਂ ਜਦੋਂ ਜਥੇਦਾਰ ਟੌਹੜਾ ਅਤੇ ਭਾਈ ਰਣਜੀਤ ਸਿੰਘ ਦੀ ਹਮਾਇਤ ਕੀਤੀ ਗਈ ਤਾਂ ਸੰਤ ਜਗੇੜਾ ਨੇ ਇੰਟਰਨੈਸ਼ਨਲ ਸੰਤ ਸਮਾਜ ਦੀ ਸਥਾਪਨਾ ਕਰ ਕੇ ਸ: ਬਾਦਲ ਦੀ ਹਮਾਇਤ ਕੀਤੀ ਅਤੇ ਸੰਤ ਸਮਾਜ ਵਿਰੁੱਧ ਕਈ ਤਰ੍ਹਾਂ ਦੇ ਦੋਸ਼ ਲਾਏ। ਉਸ ਸਮੇਂ ਸਰਕਾਰ ਨੇ ਇਸ ਨੂੰ ਸੁਰੱਖਿਆ ਕਰਮਚਾਰੀ ਵੀ ਦਿੱਤੇ ਸਨ।
ਬਾਬਾ ਭਨਿਆਰਾ ਵਾਲਾ ਕਾਂਡ ਵਿਚ ਸ਼ਾਮਲ ਹੋਣ ਕਾਰਨ ਸੰਤ ਜਗੇੜਾ ਨੂੰ ਸ੍ਰੀ ਅਕਾਲ ਤਖ਼ਤ `ਤੇ ਵੀ ਤਲਬ ਕੀਤਾ ਗਿਆ ਸੀ। ਸ੍ਰੀ ਮੀਨਿਆ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੰਤ ਜਗੇੜਾ ਦੇ ਪਿਛੋਕੜ ਅਤੇ ਸੰਤ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਮੌਤ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਤੋਂ ਪਹਿਲਾਂ ਵੀ ਮੁਹੱਲੇ ਦੇ ਲੋਕ ਉਸ ਖ਼ਿਲਾਫ਼ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ। ਇਸੇ ਦੌਰਾਨ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੂੰ ਪੁਲਿਸ ਨੇ ਜੁਡੀਸ਼ਲ ਮੈਜਿਸਟਰੇਟ (ਅੱਵਲ ਦਰਜਾ) ਜਸਬੀਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਜਿਥੇ ਉਸ ਨੂੰ 30 ਜੁਲਾਈ ਤਕ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਅਦਾਲਤ ਵਿਚ ਪੇਸ਼ੀ ਸਮੇਂ ਲੋਕਾਂ ਨੇ ਉਸ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਪੁਲੀਸ ਨੇ ਪੀੜਤ ਔਰਤ ਦਾ ਸਿਵਲ ਹਸਪਤਾਲ ਵਿਚੋਂ ਡਾਕਟਰੀ ਮੁਆਇਨਾ ਕਰਵਾਇਆ ਹੈ।
(ਪੰਜਾਬੀ ਟ੍ਰਿਬਿਊਨ `ਚੋਂ ਧੰਨਵਾਦ ਸਹਿਤ)




.