.

ਬਚਿਤ੍ਰ ਨਾਟਕ ਤੇ ਸ੍ਰਿਸ਼ਟੀ ਦੀ ਉਤਪਤੀ

ਮਨਮੀਤ ਸਿੰਘ

ਵਿਗਿਆਨ ਦੇ ਪਸਾਰਾ ਵੱਧਣ ਦੇ ਨਾਲ ਮਨੁਖ ਦੀ ਧਰਮ ਵਲੋਂ ਰੁਚੀ ਘਟਦੀ ਜਾ ਰਹੀ ਹੈ। ਇਸਦਾ ਕਾਰਣ ਭੀ ਬੜਾ ਮਜੇਦਾਰ ਅਤੇ ਰੌਚਕ ਹੈ ਕਿ ਮਨੁਖ ਧਰਮ ਨੂੰ ਭੀ ਸਾਇੰਸ ੳਤੇ ਪਰਖਣਾ ਚਾਹ ਰਿਹਾ ਹੈ, ਜੇ ਪੂਰੇ ਤੌਰ ਤੇ ਠੀਕ ਭੀ ਭਾਪਦਾ ਹੈ ਕਿਉਂਕਿ ਅਜ ਸਾਇੰਸ ਨੇ ਦੁਨਿਆਂ ਦੇ ਹਰ ਖੇਤਰ ਵਿੱਚ ਆਪਣਾ ਝੰਡਾ ਝੁਲਾਇਆ ਹੋਇਆ ਹੈ ਤੇ ਦੁਸਰੇ ਪਾਸੇ ਧਰਮ ਨੇ ਕਈ ਸਦੀਆਂ ਤੋਂ ਹੀ ਮਨੁਖ ਨਾਲ ਸੰਬਧਤ ਹਰ ਖੇਤਰ ਵਿੱਚ ਆਪਣਾ ਆਧਿਕਾਰ ਕੀਤਾ ਹੋਇਆ ਹੈ। ਸਾਇੰਸ ਦਾ ਹਰ ਸਿਧਾਂਤ ਭੋਤਿਕਤਾ ਅਤੇ ਪਦਾਰਥਾਂ ਨਾਲ ਸਬੰਧਤ ਹੋਂਦਾ ਹੈ ਤੇ ਦੂਜੇ ਪਾਸੇ ਜਿਆਦਾਤਰ ਧਰਮ ਹਜਾਰਾਂ ਸਾਲ ਤੌ ਚਲੀ ਆ ਰਹੀਆਂ ਕਥਾ ਕਹਾਣੀਆਂ ਤੇ ਅਧਾਰਿਤ ਹੁੰਦਾ ਹੈ। ਸਾਇੰਸ ਦੇ ਸਾਰੇ ਸਿਧਾਂਤ ਪਰਤਖ ਰੂਪ ਵਿੱਚ ਦਿੱਸਦੇ ਹਨ ਅਤੇ ਨਤੀਜਾ ਕੱਢਣ ਵਾਲੇ ਹੁੰਦੇ ਹਨ। ਐਸਾ ਜਰੂਰੀ ਨਹੀ ਹੁੰਦਾ ਕਿ ਧਰਮ ਦੀਆਂ ਸਾਰੀਆਂ ਗੱਲਾ ਸਚ ਹੋਣ, ਕਿਉਂਕਿ ਇਨ੍ਹਾਂ ਵਿੱਚ ਜਿਆਦਾਤਰ ਕਥਾ ਕਹਾਣੀਆਂ ਮਨੋ ਕਲਪਤ ਅਤੇ ਮਿਥਿਹਾਸਕ ਹੋਂ ਸਕਦੀਆਂ ਹਨ। ਜਿਸਦੇ ਕਰਕੇ ਮਨੁਖ ਜਦ ਧਰਮ ਨੂੰ ਸਾਇੰਸ ਦੇ ਸਿਧਾਂਤਾਂ ਦੇ ਪਰਖਣ ਲਗਦਾ ਹੈ ਤਾਂ ਧਰਮ ਦੀਆਂ ਕਥਾ ਕਹਾਣਿਆ ਅਤੇ ਮਨਤਾਵਾਂ ਝੂਠੀਆਂ ਅਤੇ ਅਸੰਭਵ ਦਿਸਣ ਲੱਗ ਪੈਦੀਆਂ ਹਨ। ਜਿਸਦੇ ਕਰਕੇ ਮਨੁਖ ਦੇ ਸਾਹਮਣੇ ਦੋਰਾਹੇ ਵਾਲੀ ਅਵਸਥਾ ਆ ਬਣਦੀ ਹੈ ਕਿ ੳਹ ਧਰਮ ਨੂੰ ਮੰਨੇ ਜਾਂ ਸਾਇੰਸ ਨੂੰ। ਇੱਕ ਪਾਸੇ ਉਹ ਹਜਾਰਾਂ ਵਰ੍ਹਿਆਂ ਤੋ ਚਲੇ ਆ ਰਹੇ ਧਰਮ ਤੋਂ ਵੀ ਇਨਕਾਰੀ ਨਹੀ ਹੋਣਾ ਚਾਹੁੰਦਾ ਤੇ ਦੂਜੇ ਪਾਸੇ ੳਹ ਸਾਇੰਸ ਦੀਆਂ ਦਲੀਲਾਂ ਨੂੰ ਵੀ ਨਹੀ ਛੱਡਣਾ ਚਾਹੁੰਦਾ। ਸੋ ਮਨੁਖ ਲਈ ਧਰਮ ਅਤੇ ਸਾਇੰਸ ਤੇ ਨਿਸ਼ਚਾ ਕਰਣਾ ਓਖਾ ਹੁੰਦਾ ਜਾ ਰਿਹਾ ਹੈ। ਜਿਸ ਕਰਕੇ ਮਨੁਖ ਸਾਇੰਸ ਦੇ ਫਾਇਦਿਆਂ ਕਰਕੇ ਸਾਇੰਸ ੳਤੇ ਤੇ ਪੂਰਾ ਯਕੀਨ ਰਖਦਾ ਹੈ ਲੇਕਿਨ ਧਰਮ ਵਲੋਂ ਅਣਜਾਣ ਜਿਹਾ ਹੋ ਰਿਹਾ ਹੈ ਤੇ ਉਹ ਆਪਣੇ ਆਪ ਨੂੰ ਕਰਮਕਾਂਡੀ ਧਰਮੀ ਮਨੁਖ ਬਣਾਦਾਂ ਜਾ ਰਿਹਾ ਹੈ।

ਇਸ ਤੱਥ ਨੂੰ ਵਿਚਾਰਣ ਲਈ ਇੱਕ ਮਿਸਾਲ ਤੇ ਗੱਲ ਕਰਦੇ ਹਾਂ। ਮੁਸਲਿਮ ਭਾਈਆਂ ਦੇ ਧਾਰਮਕ ਗ੍ਰੰਥ ਮੁਤਾਬਿਕ ਸੱਤ ਧਰਤੀਆਂ ਹਨ ਤੇ ਇਸ ਤੋਂ ਵਧੀਕ ਨਹੀ ਹਨ। ਇਹ ਗੱਲ ਕੁਰਾਨ ਦੀ ਹੈ ਤੇ ਇਸ ਲਈ ਕੁਰਾਨ ਸ਼ਰੀਫ਼ ਉਤੇ ਨਿਸ਼ਚਾ ਰਖਣ ਵਾਲੇ ਹਰ ਇੱਕ ਸੱਚੇ ਮੁਸਲਮਾਨ ਲਈ ਪੱਕੀ ਤੇ ਯਕੀਨ ਜੋਗ ਹੈ। ਪਰ ਜੋ ਮਨੁਖ ਸਾਇੰਸ ਦੀ ਇਸ ਗੱਲ ਨੂੰ ਜਾਣਦਾ ਹੈ ਕਿ ਕੇਵਲ ਸੋਰਮੰਡਲ ਵਿੱਚ ਹੀ ਨੌ ਧਰਤੀਆਂ ਤੌ ਵੱਧ ਹਨ ਤਾਂ ਉਸ ਨੂੰ ਕੁਰਾਨ ਸ਼ਰੀਫ ਦੀ ਇਸ ਵਿਚਾਰ ਪ੍ਰਤੀ ਅਸ਼ਰਧਾ ਅਤੇ ਅਵਿਸ਼ਵਾਸ ਪੈਦਾ ਹੋ ਜਾਏਗਾ। ਜੋ ੳਸਨੂੰ ਕੁਰਾਨ ਸ਼ਰੀਫ ੳਤੇ ਪੂਰਣ ਨਿਸ਼ਚਾ ਹੋਣ ਨਹੀ ਦੇਵੇਗਾ ਤੇ ੳਸਦਾ ਇਹ ਅਵਿਸ਼ਵਾਸ ਹੀ ੳਸਨੂੰ ਕਰਮਕਾਂਡੀ ਮਨੁਖ ਬਣਾ ਦੇਵੇਗਾ। ਕਰਮਕਾਂਡੀ ਬਨਣ ਤੇ ੳਸਦੇ ਸਾਰੇ ਆਤਮਕ ਬੱਲ ਦੇ ਨਾਸ ਹੋ ਜਾਣ ਵਿੱਚ ਕੋਈ ਵਧੀਕ ਸਮਾਂ ਨਹੀ ਲਗੇਗਾ। ਇਹ ਹੀ ਗੱਲ ਪੋਰਾਣਿਕ ਕਥਾਵਾਂ ਨਾਲ ਭੀ ਹੈ। ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਕਿ ਮਾਰਡਨ ੳੜਨ ਖਟੋਲੇ ਬੋਇੰਗ ਨੂੰ ਬਨਾੳਣ ਵਿੱਚ ਅਨੇਕਾਂ ਸਾਇੰਸਦਾਨ ਭੇਟ ਚਣ ਗਏ ਤੇ ੳਸਦੇ ਨਾਲ ਹੀ ਕਰੀਬ 100 ਵਰ੍ਹਿਆਂ ਦੀ ਅਥਾਹ ਮਿਨਹਤ ਬਾਦ ਹੀ ਮਨੁਖ ਧਰਤੀ ਤੌ ਉਡ ਸਕਿਆ। ਅਸੀਂ ਇਨ੍ਹਾਂ ਮਿਥਿਹਾਸਕ ਕਹਾਣੀਆਂ ਵਿੱਚ ਅਨੇਕਾਂ ਵਾਰ ਦੇਵੀ ਦੇਵਤਿਆਂ ਨੂੰ ੳਡਾਈ ਫਿਰਦੇ ਹਾਂ। ਇਨ੍ਹਾਂ ਮਿਥਿਹਾਸਕ ਕਹਾਣੀਆਂ ਵਿੱਚ ਅਸੀਂ ਐਸੀਆਂ ਅਨੇਕਾਂ ਗੱਲਾ ਕਰਦੇ ਹਾਂ ਜੋ ਕਿ ਸਾਇੰਸ ਦੇ ਸਿਧਾਂਤਾਂ ਅਤੇ ਤਰਕਾਂ ਉਤੇ ਖਰੀਆਂ ਨਹੀ ਉਤਰਦੀਆਂ ਹਨ। ਜੋ ਕਿਸੀ ਭੀ ਮਨੁਖ ਲਈ ਧਰਮ ਪ੍ਰਤੀ ਅਸ਼ਰਧਾ ਪੈਦਾ ਕਰਣ ਲਈ ਕਾਫੀ ਹਨ। ਇਸ ਲਈ ਅੱਜ ਮਨੁਖ ਧਰਮ ਤੋਂ ਅਵੇਸਲਾ ਹੋ ਕੇ ਆਪਣੇ ਵਲੋਂ ਬਣਾਏ ਨਿਤ ਨਵੇਂ ਹਲਕੇ ਅਤੇ ਕੋਝੇ ਦਰਸ਼ਨ ੳਤੇ ਨਿਸ਼ਚਾ ਕਰੀ ਬੈਠਾ ਹੈ। ਇਸੀ ਤਰ੍ਹਾਂ ਇਸਾਈ ਮਤ ਨਾਲ ਸਬੰਧਤ ਇੱਕ ਹੋਰ ਮਿਸਾਲ ਬੜੀ ਕਾਰਗਰ ਹੋਵੇਗੀ। ਇੱਕ ਸਮਾਂ ਸੀ, ਜਦ ਬਾਈਬਲ ਇਹ ਕਹਿੰਦੀ ਸੀ ਕਿ ਧਰਤੀ ਚੱਪਟੀ ਹੈ ਤੇ ਗੇਲਿਲਓ ਜੋ ਕਿ ਇੱਕ ਮਹਾਨ ਸਾਇੰਸ ਦਾਨ ਹੈ ਨੇ ਖੋਜ ਕੀਤੀ ਕਿ ਧਰਤੀ ਗੋਲ ਹੈ। ਗੇਲਿਲਓ ਦੀ ਗੱਲ ਨੂੰ ਬੜੀ ਤੇਜੀ ਨਾਲ ਸਮਝਦੇ ਹੋਏ ਇਸਾਈ ਆਗੂਆਂ ਨੇ ਗੋਲਿਲਓ ਨੂੰ ਕਹਿਆ ਕਿ ਬਾਈਬਲ ਮੁਤਾਬਿਕ ਤੇ ਧਰਤੀ ਗੋਲ ਤੇ ਇਸ ਲਈ ਧਰਤੀ ਗੋਲ ਹੀ ਹੈ। ਤੇਰੀ ਖੋਜ ਸਹੀ ਨਹੀ ਹੈ ਤੇ ਤੂੰ ਵੀ ਬਾਈਬਲ ਨਾਲ ਹੀ ਸਹਿਮਤ ਹੋ ਜਾਂ ਨਹੀ ਤੇ ਤੈਨੂੰ ਮੋਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਲੇਕਿਨ ਗੇਲਿਲਓ ਸਾਇੰਸ ਦੀ ਆਪਣੀ ਖੋਜ ਮੁਤਾਬਿਕ ਅਟਲ ਰਿਹਾਂ। ਜਿਸ ਕਰਕੇ ਉਸ ਨੂੰ ਮੌਤ ਦੀ ਸਜਾ ਦੇ ਦਿੱਤੀ ਗਈ। ਈਸਾਈ ਆਗੂਆਂ ਨੂੰ ਉਸ ਸਮੇਂ ਇਸ ਖੋਜ ਦੇ ਨਤੀਜਿਆਂ ਬਾਬਤ ਪੂਰਾ ਅੰਦਾਜਾ ਸੀ। ਜੇ ਗੇਲਿਲਉ ਦੀ ਇਹ ਖੋਜ ਸਹੀ ਹੋਈ ਤਾਂ ਈਸਾਈ ਲੋਕਾਂ ਦਾ ਬਾਈਬਲ ਪ੍ਰਤੀ ਨਿਸਚਾ ਡਗਮਗਾ ਜਾਵੇਗਾ ਤੇ ਈਸਾਈ ਮਤ ਪਤ੍ਰੀ ਲੋਕਾਂ ਵਿੱਚ ਸ਼ੰਕਾ ਪੈ ਜਾਵੇਗੀ ਜੋ ਈਸਾਈ ਮਤ ਲਈ ਵੱਡਾ ਭਾਰੀ ਨੁਕਸਾਨ ਹੋਵੇਗੀ। ਸੋ ਉਨ੍ਹਾਂ ਨੇ ਗੇਲਿਲਓ ਨੂੰ ਮੋਤ ਦੇ ਘਾਟ ਉਤਾਰ ਕੇ ਈਸਾਈਮਤ ਦਾ ਸਿਰ ਉਚਾ ਰਖਿਆ ਤੇ ਕੁੱਝ ਸਮੇਂ ਬਾਦ ਬਾਈਬਲ ਨੂੰ ਹੀ ਸੋਧ ਲਿਆ। ਅੱਜ ਸਾਇੰਸ ਭੀ ਇਹ ਮਨੰਦੀ ਹੈ ਕੀ ਧਰਤੀ ਗੋਲ ਹੈ ਤੇ ਬਾਈਬਲ ਵੀ। ਅੱਜ ਠੀਕ ਏਹੋ ਜਿਹੇ ਹਾਲਾਤ ਸਿੱਖ ਕੌਮ ਵਿੱਚ ਵੀ ਬਚਿਤ੍ਰ ਨਾਟਕ ਨੂੰ ਲੈ ਕੇ ਬਣੇ ਹੋਏ ਨੇ। ਇਸ ਕਰਕੇ ਕੋਮ ਦੇ ਵਿਦਵਾਨਾਂ ਦੇ ਨਾਲ ਹੀ ਨਾਲ ਆਮ ਸੰਗਤਾਂ ਵਿੱਚ ਵੀ ਇਸ ਗੱਲ ਦਾ ਵੱਡਾ ਮਤਭੇਦ ਹੈ ਕਿ ਬਚਿਤ੍ਰ ਨਾਟਕ ਗੁਰੂ ਗੇਬਿੰਦ ਸਿੰਘ ਜੀ ਕ੍ਰਿਤ ਹੈ ਜਾਂ ਨਹੀ। ਲੇਕਿਨ ਸਿੱਖ ਕੋਮ ਦੇ ਆਗੂਆਂ ਵਲੋਂ ਪਿਛਲੇ 280 ਸਾਲਾਂ ਤੋ ਨਿਰਣਾ ਦੇਣਾ ਤਾਂ ਦੂਰ ਹੋਇਆ, ਪੰਥਕ ਪਧਰ ਦੇ ਕੋਈ ਵਡਾ ਭਾਰੀ ਵਿਚਾਰ ਤਕ ਬੀ ਨਹੀ ਕੀਤਾ ਗਿਆ ਕਿ ਇਸ ਮਤਭੇਦ ਨੂੰ ਦੂਰ ਕਿੱਦਾਂ ਕੂੰ ਕਰਨਾ ਹੈ। ਜੇ ਪੰਥਕ ਆਗੂ ਗਰਬਾਣੀ ਨੂੰ ਅਧਾਰ ਬਣਾ ਕੇ ਮਤਭੇਦ ਦੂਰ ਕਰਨ ਦਾ ਜਤਨ ਕਰਦੇ ਤਾਂ ਸਾਰਾ ਮਸਲਾ ਹਲ ਹੋ ਜਾਣਾ ਸੀ। ਗੁਰਬਾਣੀ ਹੀ ਸੰਸਾਰ ਭਰ ਵਿੱਚ ਐਸੀ ਧਾਰਮਿਕ ਰਚਨਾ ਹੈ ਜੋ ਕਿ ਸਾਇੰਸ ਅਤੇ ੳਸਦੇ ਗੁਝੇ ਭੇਦਾਂ ਤੋਂ ਵੀ ਅਗੇ ਹੈ। ੳਨ੍ਹਾਂ ਵਲੋਂ ਕੇਵਲ ਤੇ ਕੇਵਲ ਆਪਣੀਆਂ ਜਥੇਦਾਰੀਆਂ ਨੂੰ ਹੀ ਬਚਾਉਣ ਦਾ ੳਪਰਾਲਾ ਕੀਤਾ ਗਿਆ ਹੈ। ੳਨ੍ਹਾਂ ਵਿੱਚ ਈਸਾਈ ਆਗੂਆਂ ਵਾਲੀ ਸੂਝਬੂਝ ਕਿਧਰੇ ਵੀ ਨਹੀ ਦੇਖ ਸਕਦੇ। ਅਸੀਂ ਆਪਣੇ ਆਪ ਵਿੱਚ ਹੀ ਧੜੇ ਬਣਾਏ ਰਖੇ ਹੋਏ ਨੇ। ਇਹ ਧੜੇ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਹਉਮੈ ਤੇ ਉਨ੍ਹਾਂ ਦੇ ਨਿਜੀ ਸਵਰਥਾਂ ਦੀ ਪੂਰਤੀ ਕਰਦੇ ਹਨ। ਯਾਦ ਰਹੇ ਜੇ ਸਾਡਾ ਤਾਰੀਕਾ ਇਹ ਹੀ ਰਿਹਾ ਤਾਂ ਨਾ ਤੇ ਸਾਡੇ ਕੋਲ ਪੰਥ ਹੋਵੇਗਾ ਤੇ ਨਾ ਹੀ ਇਸ ਪੰਥ ਦੀਆਂ ਜੱਥੇਦਾਰੀਆਂ। ਜੇ ਬਚੇਗਾ ਤੇ ਬਸ ਓਹ ਪਛਤਾਵਾ ਕਿ ਅਸੀਂ ਗੁਰੂ ਨਾਨਕ ਵਲੋਂ ਬਖਸ਼ੇ ਦੁਨੀਆ ਦੇ ਸਭ ਤੋਂ ਨਵੇਕਲੇ ਧਰਮ ਨੂੰ ਆਪ ਹੀ ਦੂਜਿਆਂ ਨਾਲ ਮਿਲਗੋਭਾ ਕਰਕੇ ੳਜਾੜ ਲਿਆ ਹੈ। ਨਾਲ ਹੀ ਨਾਲ ਅਸੀਂ ਆਪਣੇ ਮਤਭੇਦਾਂ ਵਿੱਚ ਉਲਝ ਕੇ ਗੁਰਮਤਿ ਦੇ ਸਿਧਾਂਤ ਦੇ ਪ੍ਰਚਾਰ ਤੋ ਭੀ ਸਖਣੇ ਹੋ ਰਹੇ ਹਾਂ। ਜਿਸਦੇ ਸਦਕਾ ਵਿਰਾਸਤ ਵਿੱਚ ਮਿਲੇ ਸਾਡੇ ਸਿਧਾਂਤ ਦਾ ਪ੍ਰਚਾਰ ਦੂਜੇ ਆਪਣਾ ਠੱਪਾ ਲਾ ਕੇ ਹੀ ਕਰਦੇ ਰਹਿਣਗੇਂ ਤੇ ਅਸੀਂ ਕੇਵਲ ਗੂੰਗੇ ਬਣ ਕੇ ਹਮੇਸ਼ਾ ਵਾਂਗੂ ਹੀ ਇਹ ਤਮਾਸ਼ਾ ਵੇਖਦੇ ਰਵਾਗੇਂ ਕਿ ਅਸੀਂ ਆਪਣਾ ਭਲਾ ਤੇ ਨਾ ਕਰ ਸਕੇ ਸਗੋਂ ਗਵਾਂਢੀ ਹੀ ਸਾਡਾ ਮਾਲ ਚੌਰੀ ਕਰ ਆਪਣਾ ਘਰ ਭਰੀ ਗਏ।

ਬਚਿਤ੍ਰ ਨਾਟਕ ਵਿੱਚ ਸ੍ਰਿਸਟੀ ਦੀ ਉਤਪਤੀ ਬਾਰੇ ਅਧਿਆਇ ਦੋ ਦੇ ਵਿੱਚ ਵਰਣਨ ਮਿਲਦਾ ਹੈ। ਜੋ ਕਿ ਵਿਚਾਰਨ ਤੇ ਇਉਂ ਭਾਸਦਾ ਹੈ ਜਿਵੇ ਇਹ ਹਿੰਦੂਵਾਦੀ ਕਥਾ ਕਹਾਣੀਆਂ ਤੋਂ ਪ੍ਰੇਰਿਤ ਹੈ। ਇਹ ਵਿਚਾਰ ਕਿਸੀ ਭੀ ਪੱਧਰ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਨਹੀ ਖਾਂਦੀ ਤੇ ਨਾ ਹੀ ਇਹ ਸਾਇੰਸ ਦੇ ਤਰਕਾਂ ਉਤੇ ਖਰੀ ਉਤਰਦੀ ਹੈ। ਇਨ੍ਹਾਂ ਵਿਚਾਰਾਂ ਵਿੱਚ ਆਪਸੀ ਵਿਰੋਧਾਭਾਸ ਭੀ ਹੈ। ਜਿਸ ਕਰਕੇ ਇਸ ਵਿਸ਼ੇ ਤੇ ਕਿਸੀ ਭੀ ਸਧਾਰਨ ਵਿਚਾਰਵਾਨ ਲਈ ਦੁਬਿਧਾ ਬਣ ਜਾਣਾ ਕੋਈ ਔਖਾ ਨਹੀਂ। ਬਚਿਤ੍ਰ ਨਾਟਕ ਦੇ ਛੰਤ 10 ਤੋਂ 13 (ਆਧਿਆਇ 2) ਵਿੱਚ ਸ੍ਰਿਸਟੀ ਦੀ ਉਤਪਤੀ ਬਾਰੇ ਦੋ ਵੱਖ ਵੱਖ ਵਿਚਾਰ ਪ੍ਰਗਟ ਕੀਤੇ ਹਨ। ਛੰਦ 10 ਦੀਆਂ ਪਹਿਲੀ ਦੋ ਸਤਰਾਂ ਵਿੱਚ ਕਾਲ ਵਲੋਂ ਉਅੰਕਾਰ ਨੂੰ ਰਚ ਕੇ ਉਸ ਪਾਸੋ ਸ੍ਰਿਸਟੀ ਦੀ ਰਚਨਾ ਕੀਤੀ ਗਈ ਹੈ।

ਪ੍ਰਿਥਮ ਕਾਲ ਜਬ ਕਰਾ ਪਸਾਰਾ ॥

ੳਅੰਕਾਰ ਤੇ ਸ੍ਰਿਸਟਿ ਉਪਾਰਾ ॥

ੳਅੰਕਾਰ ਵਲੋਂ ਸ੍ਰਿਸਟਿ ਦੀ ਰਚਨਾ ਕਰਵਾਉਣ ਮਗਰੋਂ ਇਹ ਰਾਜੇ ਹੋਏ

ਕਾਲ ਸੈਣ ਪ੍ਰਥਮੈ ਭਾਇਓ ਭੂਪਾ ॥

ਅਧਿਕ ਅਤੁਲ ਬਲਿ ਰੂਪ ਅਨੂਪਾ ॥ 10 ॥

ਕਾਲਕੇਤ ਦੂਸਰ ਭੂਅ ਭਇਓ ॥

ਕ੍ਰੂਰਬਰਸ ਤੀਸਰ ਜਗ ਭਯੋ ॥

ਕਾਲਧੁਜ ਚਤੁਰਥ ਨ੍ਰਿਪ ਸੋਹੈ ॥

ਜਿਹ ਤੇ ਭਥੋ ਜਗਤ ਸਭ ਕੋ ਹੈ ॥11 ॥

ੳਅੰਕਾਰ ਵਲੋਂ ਸ੍ਰਿਸਟਿ ਥਾਪਣ ਦੇ ਬਾਦ ਚਾਰ ਰਾਜੇ ਹੋਏ - 1 ਕਾਲ ਸੈਣ ਜੋ ਕਿ ਬੜਾ ਬਲੀ ਹੋਇਆ ਉਸਦੇ ਮਗਰੋਂ ਕਾਲਕੇਤ ਦੂਜਾ ਤੇ ਕ੍ਰੂਰਬਰਸ ਤੀਜਾ ਰਾਜਾ ਹੋਇਆ। ਚੋਥਾ ਰਾਜਾ ਕਾਲਧੁਜ ਹੋਇਆ ਤੇ ਜਿਸ ਤੋਂ ਅੰਗੇ ਸ੍ਰਿਸਟਿ ਦੀ ਉਤਪਤੀ ਹੋਈ। 12 ਵੇਂ ਛੰਦ ਵਿੱਚ ਰਾਜਾ ਕਾਲਧੁਜ ਦੀ ਹੀ ਸਿਫਤ ਕੀਤੀ ਗਈ

ਸਹਸ੍ਰ ਗਛ ਜਾ ਕੋ ਸੁਭ ਸੋਹੈ ॥

ਸਹਸ ਪਾਦ ਜਾ ਕੇ ਤਨਿ ਮੋਹੈ ॥

ਸੇਖ ਨਾਗ ਪਰ ਸੋਇਬੋ ਕਰੈ ॥

ਜਗ ਤਿਹ ਸੇਖ ਸਾਇ ਉਚਰੈ ॥ 12 ॥

ਇਸ ਤੋਂ ਅਗਲੇ ਹੀ ਛੰਦ ਵਿੱਚ ਰਾਜਾ ਕਾਲਧੁਜ ਵਲੋਂ ਰਚੀ ਗਈ ਸ੍ਰਿਸਟਿ ਦੀ ਘਟਨਾ ਦਾ ਵ੍ਰਤਾਂਤ ਦਸਿਆ ਗਿਆ ਹੈ ਕਿ ਕੰਨ ਦੇ ਮੈਲ ਨਾਲ ਕਾਲਧੁਜ ਨੇ ਮਧੁ ਅਤੇ ਕੀਟਭ ਰਾਖਸ਼ ਬਣਾਏ ਅਤੇ ਦੂਜੇ ਕੰਨ ਦਾ ਮੈਲ ਕਢਿਆ ਜਿਸ ਨਾਲ ਇਹ ਸ੍ਰਿਸਟਿ ਹੋਈ।

ਇਸ ਤਰ੍ਰਾਂ ਨਾਲ ਪੰਜ ਛੰਦ ਵਿੱਚ ਹੀ ਸ੍ਰਿਸਟਿ ਦੀ ਉਤਪਤੀ ਬਾਰੇ ਦੋ ਅਲਗ ਅਲਗ ਵਿਚਾਰ ਪ੍ਰਗਟ ਕੀਤੇ ਗਏ ਹਨ। ਜਿਨ੍ਹਾਂ ਦਾ ਵਿਰੋਧਾਭਾਸ ਹੀ ਇਸ ਰਚਨਾ ਪ੍ਰਤੀ ਸੰਦੇਹ ਨੂੰ ਵਧਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਇਲਾਕਿਆਂ ਦੀਆਂ ਭਾਸਾਂ ਦੇ ਲਗਭਗ 300 ਸਾਲ ਦੇ ਲਮੇ ਸਮੇਂ ਵਿੱਚ ਹੋਏ ਮਹਾਪੁਰਖਾਂ ਦੀਆਂ ਰਚਨਾਵਾਂ ਵਿੱਚ ਵਿਰੋਧਾਭਾਸ ਨਹੀ ਆਉਂਦਾ ਤੇ ਇਨ੍ਹਾਂ ਵਿੱਚ ਕਿਉਂ ਆਇਆ ਹੈ? ਇਥੇਂ ਗੱਲ ਕੇਵਲ ਵਿਰੋਧਾਭਾਸ ਤੇ ਹੀ ਨਹੀਂ ਮੁੱਕ ਜਾਂਦੀ, ਵਿਸ਼ਾ ਤਾਂ ਇਹ ਹੈ ਕਿ ਸ੍ਰਿਸਟੀ ਦੀ ਉਤਪਤੀ ਬਾਰੇ ਜੋ ਵਿਚਾਰ ਬਚਿਤ੍ਰ ਨਾਟਕ ਦੀ ਹੈ ਉਹ ਗੁਰਬਾਣੀ ਅਤੇ ਅੱਜ ਦੀ ਮਾਰਡਨ ਸਾਇੰਸ ਜੋ ਵਿਚਾਰ ਪੇਸ਼ ਕਰ ਰਹੀ ਹੈ ਦੇ ਨਾਲ ਭੀ ਮੇਲ ਨਹੀ ਖਾਂਦੀ।

ਸ੍ਰਿਸਟੀ ਦੀ ਰਚਨਾ ਦੇ ਸਬੰਧ ਵਿੱਚ ਸੰਨ 1965 ਵਿੱਚ ਡਾਂ ਐਲਨ ਸੈਂਡੇਜ (ਜੋ ਇੱਕ ਵੱਡੇ ਸਾਇੰਸਦਾਨ ਸੀ) ਨੇ ਪਲਸੇਟਿੰਗ ਯੂਨੀਵਰਸ ਥਿਊਰੀ (ਗਤੀਸ਼ੀਲ ਸਿਧਾਂਤ) ਪੇਸ਼ ਕੀਤੀ। ਜਿਸ ਮੁਤਾਬਿਕ “ਲਗਭਗ ਹਰ 41 ਅਰਬ ਸਾਲ ਦੇ ਵਕਫੇ ਪਿਛੋ ਸਾਡਾ ਬ੍ਰਹਿਮੰਡ ਇੱਕ ਵਡੇ ਵਿਸਫੋਟ ਵਜੋਂ ਪੈਦਾ ਹੋਇਆ ਤਦ ਤੋਂ ਹੀ ਬ੍ਰਹਿਮੰਡ ਲਗਾਤਾਰ ਫੈਲ ਰਿਹਾ ਹੈ। ਅਗਲੇ 29 ਅਰਬ ਸਾਲਾਂ ਤਕ ਇਸ ਦੇ ਫੈਲਣ ਦਾ ਅੰਦਾਜਾ ਹੈ। ਤਦ ਇਹ ਬ੍ਰਹਿਮੰਡ ਗੁਰੂਤਾ ਖਿੱਚ ਦੇ ਪ੍ਰਭਾਵ ਹੇਠ ਫੈਲਣ ਤੋਂ ਰੁਕ ਜਾਵੇਗਾ ਅਤੇ ਫਿਰ ਬ੍ਰਹਿਮੰਡ ਵਿੱਚ ਪਦਾਰਥਾਂ ਦਾ ਸੁੰਗੜਨਾ ਸ਼ੁਰੂ ਹੋ ਜਾਵੇਗਾ। ਇਵੇਂ ਹੀ ਬ੍ਰਹਿਮੰਡ ਦੀ ਉਤਪਤੀ ਤੋਂ ਬਾਦ ਧਰਤੀ ਤੇ ਜੀਵਨ ਦੇ ਸਬੰਧ ਵਿੱਚ ਆਧੁਨਿਕ ਸਾਇੰਸਦਾਨਾਂ ਵਲੋਂ ਦਿਤੇ ਸਿਧਾਂਤ ਪ੍ਰਕਰਤੀਵਾਦ (Naturalistic theory) ਮੁਤਾਬਿਕ ਧਰਤੀ ਤੇ ਜੀਵਨ ਦਾ ਵਿਕਾਸ ਕਰੋੜਾਂ ਵਰ੍ਹਿਆਂ ਤਕ ਹੋਣ ਵਾਲੀ ਭੋਤਕ ਅਤੇ ਰਸਾਯਨਿਕ ਪ੍ਰਕਿਰਆਵਾਂ (Physico - Chemical Proccess) ਕਰਕੇ ਹੈ। ਇਸ ਸਿਧਾਂਤ ਨੂੰ A.I. oparin ਨੇ ਆਪਣੀ ਕਿਤਾਬ The origin of life ਵਿੱਚ ਪੇਸ਼ ਕੀਤਾ ਹੈ। ਇਸ ਸਿਧਾਂਤ ਮੁਤਾਬਿਕ ਇਹ ਧਾਰਣਾਂ ਪ੍ਰਗਟਾਈ ਗਈ ਹੈ ਕਿ ਧਰਤੀ ਤੇ ਜੀਵਨ ਵਿਕਾਸ ਹੋਲੀ ਹੋਲੀ ਧਰਤੀ ਦੇ ਪਦਾਰਥਾਂ ਦੇ ਨਾਲ ਹੀ ਹੋਇਆ।

ਇੱਥੇ ਦਿਤੇ ਸਾਇੰਸ ਦੇ ਵਿਚਾਰਾਂ ਨਾਲ ਬਚਿਤ੍ਰ ਨਾਟਕ ਦੇ ਵਿਚਾਰ ਮੇਲ ਨਹੀਂ ਖਾਂਦੇ ਤੇ ਦੋਨਾਂ ਵਿੱਚ ਬੜਾ ਭਾਰੀ ਅੰਤਰ ਹੈ। ਸਾਇੰਸ ਮੁਤਾਬਿਕ ਇੱਕ ਵੱਡੇ ਵਿਸਫੋਟ ਦੇ ਹੋਣ ਤੇ ਧਰਤੀ ਬਣੀ ਤੇ ਉਸੀ ਵਿਸਫੋਟ ਦੇ ਮਗਰੋਂ ਹੀ ਧਰਤੀ ਆਪਣੀ ਹੋਂਦ ਵਿੱਚ ਆਈ ਤੇ ਉਸਦੇ ਪਦਾਰਥਾਂ ਦੇ ਨਾਲ ਹੀ ਧਰਤੀ ਤੇ ਜੀਵਨ ਦਾ ਅਰੰਭ ਅਤੇ ਵਿਕਾਸ ਹੋਇਆ। ਦੂਜੇ ਪਾਸੇ ਬਚਿਤ੍ਰ ਨਾਟਕ ਮੁਤਾਬਿਕ ਪਹਿਲਾਂ ਪਹਿਲ ਤਾਂ ਕਾਲ (ਸਮਾਂ ਜਾਂ ਉਜੈਨ ਦਾ ਦੇਵਤਾ) ਨੇ ਉਅੰਕਾਰ ਦੀ ਰਚਨਾ ਕੀਤੀ। ਉਸਦੇ ਮਗਰੋ ਚਾਰ ਰਾਜੇ ਥਾਪੇ, ਚੋਥੇਂ ਰਾਜੇ ਵਲੋਂ ਕਢੇ ਗਏ ਕੰਨ ਦੇ ਮੈਲ ਤੋਂ ਸ੍ਰਿਸਟੀ ਦੀ ਰਚਨਾ ਹੋਈ। ਜੇ ਮੰਨ ਲਿਆ ਜਾਵੇਂ ਕਿ ਕੰਨ ਦੇ ਮੈਲ ਨਾਲ ਸ੍ਰਿਸਟੀ ਥਾਪੀ ਗਈ ਹੈ ਤਾਂ ਬੜੇ ਹੀ ਸਵਾਲ ਉਠਣਗੇ। ਸ੍ਰਿਸਟੀ ਦੀ ਉਤਪਤੀ ਤੋਂ ਪਹਿਲਾਂ ਹੋਏ ਰਾਜੇ ਕਿੱਥੋਂ ਦੇ ਰਾਜੇ ਹੋਏ? ਜੇ ਰਾਜੇ ਹੋਏ ਤੇ ਪਰਜਾ ਕਿੱਥੇਂ ਸੀ? ਜੇ ਚੋਥੇ ਰਾਜੇ ਨੇ ਸ੍ਰਿਸਟੀ ਬਣਾਈ ਤਾਂ ਪਹਿਲਾਂ ਦੇ ਤਿਨ ਰਾਜੇ ਕਿਵੇਂ ਰਾਜੇ ਬਣੇ ਤੇ ਸ੍ਰਿਸਟੀ ਬਨਣ ਤੇ ਪਹਿਲਾਂ ਉਨਾਂ ਦੇ ਕੰਨਾਂ ਦੀ ਮੈਲ ਕਿੱਥੋਂ ਅਤੇ ਕਿਸ ਪਦਾਰਥ ਦਾ ਆਇਆ ਆਦਿ। ਇਸ ਤਰ੍ਹਾਂ ਨਾਲ ਬਚਿਤ੍ਰ ਨਾਟਕ ਦਾ ਸ੍ਰਿਸਟੀ ਦੀ ਉਤਪਤੀ ਦੇ ਸਬੰਧ ਵਿੱਚ ਆਇਆ ਵਰਣਨ ਨਾ ਤੇ ਸਾਇੰਸ ਦੇ ਸਿਧਾਂਤਾਂ ਮਤਾਬਿਕ ਹੈ ਓਰ ਨਾ ਹੀ ਗੁਰਬਾਣੀ ਦੀ ਫਿਲਾਸਫੀ ਨਾਲ ਇਤਫਾਕ ਰਖਦਾ ਹੈ। ਇਹ ਸਾਰਾ ਦਾ ਸਾਰਾ ਵਿਚਾਰ ਗੁਰੂ ਗੋਬਿੰਦ ਸਿੰਘ ਕ੍ਰਿਤ ਨਾ ਹੋ ਕੇ ਕਿਸੇ ਸਿੱਖੀ ਦੇ ਪ੍ਰਬਲ ਵਿਰੋਧੀ ਵਲੋਂ ਲਿਖਤ ਉਸਦੀ ਮਨੋਕਲਪਨਾ ਤੋਂ ਵੱਧ ਹੋਰ ਕੁਛ ਭੀ ਨਹੀ ਹੋ ਸਕਦਾ।

ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਚਰਿਤ੍ਰ ਨਾਲ ਇਸ ਹਲਕੀ ਅਤੇ ਕੌਝੀ ਮਨੌਕਲਪਨਾ ਨੂੰ ਜੋੜਨਾ ਕੇਵਲ ਗੁਰੁ ਸਾਹਿਬ ਪਤ੍ਰੀ ਅਗਿਆਨਤਾ ਦਾ ਹੀ ਪ੍ਰਗਟਾਵਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਪਣੇ ਸੰਪੂਰਣ ਜੀਵਨ ਵਿੱਚ ਕੇਵਲ ਗੁਰੂ ਨਾਨਕ ਪਾਤਸ਼ਾਹ ਵਲੋਂ ਦਰਸਾਏ ਸਿਧਾਂਤ ਤੇ ਹੀ ਪਹਿਰਾ ਦੇਂਦੇ ਹੋਏ, ਸਦਾ ਲਈ ਸਿੱਖ ਨੂੰ ਉਸੀ ਸ਼ਬਦ ਗੁਰੂ ਨਾਲ ਜੋੜਿਆ ਜਿਸਦੀ ਪਰੰਪਰਾ ਗੁਰੂ ਨਾਨਕ ਪਾਤਸ਼ਾਹ ਨੇ ਖੁਦ ਆਪ ਸ਼ੁਰੂ ਕੀਤੀ। ਜਿੱਥੇਂ ਤਕ ਸ੍ਰਿਸਟੀ ਦੀ ਉਤਪਤੀ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੀ ਗੱਲ ਹੈ, ਉਹ ਪੂਰੇ ਤੌਰ ਨਾਲ ਵਿਗਿਆਨਕ ਸੋਚ ਨਾਲ ਢੁਕਵੀਂ ਬੈਠਦੀ ਹੈ, ਜਿੱਥੇ ਤਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਚਾਰ ਹੈ ਉਹ ਇਸ ਵਿਗਿਆਨਕ ਸੋਚ ਤੋਂ ਹਾਲੇਂ ਵੀ ਬਹੁਤ ਅਗੇ ਹੈ।

ਸਾਇੰਸ ਦੇ ਗਤਿਸ਼ੀਲ ਸਿਧਾਂਤ ਮੁਤਾਬਿਕ ਬ੍ਰਹਿਮੰਡ ਦੀ ਉਤਪਤੀ 12 ਅਰਬ ਸਾਲਾਂ ਪਹਿਲੇ ਇੱਕ ਵਿਸਫੋਟ ਹੋਇਆ ਤੇ ਉਸ ਦੇ ਮਗਰੋ ਇਹ ਪਦਾਰਥ ਖਿਲਰ ਗਏ ਅਤੇ ਓਹ ਅਗਲੇ 29 ਅਰਬ ਸਾਲਾਂ ਤਕ ਇੱਕ ਦੂਜੇ ਤੋ ਦੂਰ ਜਾਂਦੇ ਰਹਿਣਗੇ ਅਤੇ 41 ਅਰਬ ਸਾਲਾਂ ਲਈ ਫਿਰ ਗਰੂਤਾ ਕਾਰਣ ਸੁੰਗੜਨੇ ਚਾਲੂ ਹੋ ਜਾਣਗੇ ਜਦ ਉਹ ਸਾਰੇ ਪਦਾਰਥ ਮੂੜ ਇਕਠੇ ਹੋ ਜਾਣਗੇ ਤਾਂ ਫਿਰ ਤੋਂ ਇਹ ਪਦਾਰਥ ਆਪਸ ਤੋ ਦੂਰ 41 ਅਰਬ ਸਾਲਾਂ ਲਈ ਦੂਰ ਹੋਣ ਲਗਣਗੇ। ਉਹ ਫਿਰ ਇਕਠੇ ਹੋਣ ਲਗਣਗੇ ਤੇ ਇਹ ਕ੍ਰਮ ਬਰਾਬਰ ਹੀ ਚਲਦਾ ਰਿਹਾ ਹੈ ਤੇ ਚਲਦਾ ਰਹੇਗਾ। ਸੋ ਅਜ ਤਕ ਭੀ ਸਾਇੰਸਦਾਨ ਇਸ ਗੱਲ ਨੂੰ ਨਿਸ਼ਚਿਤ ਨਹੀ ਹੋ ਸਕੇ ਕਿ ਪਹਿਲਾਂ ਵਿਸਫੋਟ ਕਦੋ ਹੋਇਆ ਤੇ ਪਦਾਰਥਾਂ ਦੇ ਖਿਲਰਣ ਦਾ ਇਹ ਕਿਨਵਾਂ ਚੱਕਰ ਹੈ? ਜਿਸ ਸਬੰਧ ਵਿੱਚ ਗੁਰਬਾਣੀ ਦਾ ਫਰਮਾਨ ਹੈ

ਥਿਤਿ ਵਾਰ ਨਾ ਜੋਗੀ ਜਾਣੈ ਰੁਤਿ ਮਹਾ ਨਾ ਕੋਈ ॥

ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ॥

ਜੇ ਗੁਰਬਾਣੀ ਦੀਆ ਉਪਰਾਲੀਆਂ ਸਤਰਾਂ ਨੂੰ ਖੁੱਲੇ ਦਿਮਾਗ ਨਾਲ ਵਿਚਾਰੀਏ ਤਾਂ ਇਹ ਗੱਲ ਪੂਰੀ ਤਰ੍ਹਾਂ ਨਾਲ ਸਾਫ਼ ਦਿੱਸਦੀ ਹੈ ਕਿ ਜਦ ਪਰਮਾਤਮਾ ਵਲੋਂ ਸ੍ਰਿਸਟੀ ਦਾ ਪਸਾਰਾ ਨਹੀ ਪਸਾਰਿਆ ਗਿਆ ਹੋਵੇਗਾ ਤਾਂ ਸਮੇ ਦੀ ਭੀ ਕੋਈ ਹਸਤੀ ਨਹੀਂ ਹੋਵੇਗੀ, ਜਦ ਉਸਦੀ ਹਸਤੀ ਹੀ ਨਹੀ ਸੀ ਤਾਂ ਉਸਦੀ ਗਿਣਤੀ ਕਰਨਾ ਔਖਾ ਹੀ ਨਹੀ ਸਗੋ ਨਾਮੁਨਕਿਨ ਹੈ। ਪਰਮਾਤਮਾ ਨੇ ਇਹ ਸਾਰਾ ਬ੍ਰਹਿਮੰਡ ਆਪ ਹੀ ਬਣਾਇਆ ਹੈ ਤੇ ਇਸ ਵਿੱਚ ਉਸਨੇ ਕਿਸੀ ਕੋਲੋਂ ਮਦਦ ਨਹੀ ਲਈ ਕਿਉਂ ਕਿ ਉਦੋਂ ਤਾਂ ਕੋਈ ਸੀ ਭੀ ਨਹੀ।

ਆਪਨ ਖਲ ਆਪਿ ਵਰਤੀਜਾ ॥

ਨਾਨਕ ਕਰਨੈਹਾਰੁ ਨ ਦੂਜਾ ॥

ਪਰਮਾਤਮਾ ਨੇ ਇਹ ਸਾਰੀ ਸ੍ਰਿਸਟੀ ਆਪਣੇ ਹੀ ਭਾਣੈ ਨਾਲ ਆਪ ਹੀ ਬਣਾਈ ਤੇ ਜਦ ਉਸਦਾ ਭਾਣਾ ਹੋਵੇਗਾ ਤਾਂ ਉਹ ਪਰਮਾਤਮਾ ਆਪਣੀ ਇਸ ਸ੍ਰਿਸਟੀ ਨੂੰ ਸਮੇਟ ਲਵੇਗਾ।

ਜਾ ਤਿਸੁ ਭਾਵੈ ਤਾਂ ਸ੍ਰਿਸਟਿ ਉਪਾਏ ॥

ਅਪਨੈ ਬਾਣੈ ਲਏ ਸਮਾਏ ॥

ਪਰਮਾਤਮਾ ਨੇ ਇਹ ਸ੍ਰਿਸਟੀ ਕੋਈ ਪਹਿਲੀ ਵਾਰ ਨਹੀ ਬਣਾਈ ਉਸਨੇ ਇਹ ਸ੍ਰਿਸਟੀ ਕਈ ਵਾਰ ਬਣਾਈ ਹੈ ਤੇ ਕਈ ਵਾਰ ਸਮੇਟ ਵੀ ਲਈ ਹੈ।

ਕਈ ਬਾਰ ਪਸਰਿਉ ਪਸਾਰਾ ॥

ਸਾਇੰਸ ਹਾਲੇ ਤਕ ਜਿੱਥੇ ਨਹੀ ਪਹੁੰਚ ਸਕੀ, ਗੁਰਬਾਣੀ ਨੇ ਉਹ ਭੇਦ 500 ਸਾਲ ਪਹਿਲਾਂ ਹੀ ਖੋਲ ਦਿਤੇ ਹਨ। ਗੁਰਬਾਣੀ ਅਤੇ ਸਾਇੰਸਦਾਨਾਂ ਦੇ ਵਿਚਾਰ ਆਪਸ ਵਿੱਚ ਬ੍ਰਹਿਮੰਡ ਦੀ ਰਚਨਾ ਬਾਰੇ ਹੀ ਨਹੀ ਸਗੋਂ ਉਨ੍ਹਾਂ ਦੀ ਗਿਣਤੀ ਬਾਰੇ ਵੀ ਕਾਫੀ ਮਿਲਦੇ ਹਨ।

ਪਾਤਲਾ ਪਾਤਾਲ ਲਖ ਅਗਾਸਾ ਅਗਾਸ ॥

ਜਿਥੋਂ ਤਕ ਧਰਤੀ ਤੇ ਜੀਵਨ ਦਾ ਸੰਬੰਧ ਹੈ ਤੇ ਉਥੇ ਭੀ ਸਾਇੰਸ ਅਤੇ ਗੁਰਬਾਣੀ ਦੇ ਵਿਚਾਰਾ ਵਿੱਚ ਡੂੰਘੀਆਂ ਸਮਾਨਤਵਾਂ ਹਨ। ਸਾਇੰਸਦਾਨਾਂ ਮੁਤਾਬਿਕ ਧਰਤੀ ਤੇ ਜੀਵਨ ਲਈ ਸਭ ਤੋ ਪਹਿਲਾਂ ਹਵਾ ਸੀ, ਉਸਦੇ ਮਗਰੋ ਪਾਣੀ ਬਣਾਇਆ ਤੇ ਪਾਣੀ ਦੀ ਹੋਂਦ ਪਿਛੋ ਹੀ ਧਰਤੀ ਤੇ ਧਰਤੀ ਦੇ ਪਦਾਰਥਾਂ ਨਾਲ ਜੀਵਨ ਦਾ ਵਿਕਾਸ ਹੋਇਆ ਤੇ ਗੁਰਬਾਣੀ ਮੁਤਾਬਿਕ ਪਹਿਲੋ ਪਹਿਲ ਪਰਮਾਤਮਾ ਆਪ ਸੀ ਤੇ ਫਿਰ ਪਵਨ ਤੇ ਪਾਣੀ ਹੋਇਆ।

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇਆ ॥

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥

ਪਉਣੁ ਪਾਣੀ ਸੁੰਨੈ ਤੇ ਸਾਜੇ ॥

ਸ੍ਰਿਸਟਿ ਉਪਾਇ ਕਾਇਆ ਗੜ ਗਾਜੇ ॥

ਇਸ ਤਰ੍ਹਾਂ ਨਾਲ ਸਾਡੇ ਸਾਮਣੇ ਸ਼ੀਸ਼ੇ ਵਾਂਗੂ ਸਾਫ ਹੈ ਕਿ ਗੁਰਬਾਣੀ ਦਾ ਸਾਇੰਸ ਦੀ ਵਿਚਾਰ ਧਾਰਾ ਨਾਲ ਕਿਧਰੇ ਭੀ ਕੋਈ ਵਿਰੋਧਾਭਾਸ ਨਹੀ ਹੈ। ਅੱਜ ਦੀ ਮਾਰਡਨ ਸਾਇੰਸ ਭੀ ਉਹੀ ਵਿਚਾਰ ਪੇਸ਼ ਕਰ ਰਹੀ ਹੈ ਜੋ ਅੱਜ ਤੋ 500 ਸਾਲ ਪਹਿਲਾਂ ਗੁਰਬਾਣੀ ਵਿੱਚ ਸਤਿਗੁਰਾਂ ਨੇ ਬਖਸ਼ੇ ਸੀ। ਗੁਰਬਾਣੀ ਦਾ ਪੂਰੇ ਤੋਰ ਨਾਲ ਵਿਗਿਆਨਕ ਹੋਣ ਕਾਰਣ ਹੀ ਅੱਜ ਗੁਰਬਾਣੀ ਤੇ ਨਿਸਚਾ ਰਖਣ ਵਾਲੇ ਸਿੱਖ ਦਾ ਭੋਰਸਾ ਆਪਣੇ ਗੁਰੂ ਤੋਂ ਸਾਇੰਸ ਦੀ ਕਿਸੀ ਨਵੀ ਖੋਜ ਕਰਕੇ ਨਹੀ ਟੁੱਟ ਸਕਦਾ। ਜੋ ਗੱਲ ਅੱਜ ਸਾਇੰਸ ਕਰਦੀ ਹੈ, ਗੁਰਬਾਣੀ ਵਿੱਚ ਉਸ ਨੂੰ ਪਹਿਲਾਂ ਹੀ ਖੋਲਿਆ ਜਾ ਚੁਕਾ ਹੁੰਦਾ ਹੈ। ਜਿੱਥੇ ਸਾਇੰਸ ਦਾ ਪਸਾਰਾ ਵਧਣ ਨਾਲ ਲੋਕਾਂ ਵਿਚੋਂ ਧਰਮ ਉਡ ਪੁਡ ਰਹਿਆ ਹੈ, ੳਥੇ ਗੁਰਬਾਣੀ ਦੇ ਰਸੀਏ ਦਾ ਗੁਰਬਾਣੀ ਪ੍ਰਤੀ ਨਿਸ਼ਚਾ ਅਤੇ ਸ਼ਰਧਾ ਦਿਨੋ ਦਿਨ ਵੱਧਦੀ ਜਾ ਰਹੀ ਹੈ।

ਦੂਜੇ ਪਾਸੇ ਬਚਿਤ੍ਰ ਨਾਟਕ ਦੀ ਵਿਚਾਰ ਕਿਸੀ ਭੀ ਪੱਧਰ ਤੇ ਸ੍ਰਿਸਟੀ ਦੇ ਸਬੰਧ ਵਿੱਚ ਗੁਰਬਾਣੀ ਅਤੇ ਸਾਇੰਸ ਦੀ ਕਸੌਟੀ ਉਤੇ ਖਰੀ ਨਹੀਂ ਉਤਰਦੀ। ਬਚਿਤ੍ਰ ਨਾਟਕ ਦੀ ਵਿਸ਼ਾ ਸਮਗਰੀ ਭੀ ਬਚਿਤ੍ਰਤਾ ਅਤੇ ਵਿਰੋਧਭਾਸ ਪੈਦਾ ਕਰਣ ਲਈ ਹੀ ਘੜੀ ਜਾਪਦੀ ਹੈ। ਇਹ ਰਚਨਾ ਕਿਸੀ ਵੀ ਦ੍ਰਿਸ਼ਟੀ ਕੋਣ ਨਾਲ ਗੁਰੂ ਗੋਬਿੰਦ ਸਿੰਘ ਜੀ ਕ੍ਰਿਤ ਨਾ ਹੋ ਕੇ ਕਿਸੀ ਪੋਰਾਣਿਕ ਕਥਾਵਾਂ ਦੇ ਮਹਿਰ ਦੀ ਮਨੋਕਲਪਨਾ ਤੋ ਵਧੀਕ ਕੁਛ ਭੀ ਨਹੀ ਭਾਸਦੀ।




.