.

ਇਕ ਅਭੁੱਲ ਵਾਕਿਆ

ਵਾਹਿਗੁਰੂ ਜੀ ਬਖ਼ਸ਼ ਲੈਣ! ਮੈ ਇੱਕ ਸੱਚਾ ਵਾਕਿਆ ਬਿਆਨ ਕਰਨ ਲੱਗਾ ਹਾਂ। ਇੱਕ ਛੋਟੇ ਜਿਹੇ ਕੱਦ ਦੇ, ਅੱਖਾਂ ਤੋਂ ਮੁਨਾਖੇ, ਬਹੁਤ ਹੀ ਵਿਦਵਾਨ ਬਜ਼ੁਰਗ, ਸ੍ਰੀ ਦਰਬਾਰ ਸਾਹਿਬ, ਮੁਕਤਸਰ, ਵਿਖੇ ਅੰਮ੍ਰਿਤ ਵੇਲ਼ੇ ਆਏ ਮੁਖਵਾਕ ਦੀ ਰੋਜ਼ਾਨਾ ਕਥਾ, ਕਰਿਆ ਕਰਦੇ ਸਨ। ਲੌਢੇ ਵੇਲ਼ੇ ਇਤਿਹਾਸ ਦੀ ਕਥਾ ਡੇਰਾ ਬਾਬਾ ਮਸਤਾਨ ਸਿੰਘ ਜੀ ਵਿੱਚ ਕਰਿਆ ਕਰਦੇ ਸਨ ਤੇ ਓਥੇ ਹੀ ਇੱਕ ਕਮਰੇ ਵਿੱਚ ਇਹਨਾਂ ਦੀ ਇਹਾਇਸ਼ ਸੀ, ਜਿਸ ਨਾਲ਼ ਗੁਸਲਖ਼ਾਨਾ ਤੇ ਰਸੋਈ ਵੀ ਸ਼ਾਮਲ ਸੀ। ਇਕਾ ਦੁੱਕਾ ਸੇਵਾਦਾਰ ਵੀ ਇਹਨਾਂ ਦੀ ਅਰਦਲ਼ ਵਿੱਚ ਰਿਹਾ ਕਰਦੇ ਸਨ ਜੋ ਕਿ ਇਹਨਾਂ ਪਾਸੋਂ ਵਿਦਿਆ ਪੜ੍ਹਿਆ ਕਰਦੇ ਸਨ ਤੇ ਇਹਨਾਂ ਦੀ ਸੇਵਾ ਵੀ ਕਰਿਆ ਕਰਦੇ ਸਨ। ਇਹ ਸੰਤ ਗਿਆਨੀ ਜੀ ਕਿਸੇ ਵੀ ਸੰਸਥਾ ਪਾਸੋਂ ਕੋਈ ਤਨਖਾਹ ਵਗੈਰਾ ਨਹੀ ਸਨ ਲੈਂਦੇ ਤੇ ਗੁਜ਼ਾਰਾ ਇਹਨਾਂ ਦਾ ਸੰਗਤਾਂ ਵੱਲੋਂ ਪ੍ਰਾਪਤ ਹੋਣ ਵਾਲ਼ੀ ਭੇਟਾ ਦੁਆਰਾ ਹੀ ਚੱਲਦਾ ਸੀ। ਸੰਗਤਾਂ ਇਹਨਾਂ ਵਾਸਤੇ ਹਰੇਕ ਲੋੜੀਂਦੀ ਸ਼ੈ ਹਾਜਰ ਕਰਦੀਆਂ ਸਨ ਤੇ ਕਿਸੇ ਵਸਤੂ ਦੀ ਤੋਟ ਨਹੀ ਸੀ। ਮਾਣ ਸਤਿਕਾਰ ਵੀ ਪੂਰਾ ਪੂਰਾ ਇਹਨਾਂ ਦਾ ਸੀ।
ਅਣਵਿਆਹੇ, ਬਜ਼ੁਰਗ, ਸੂਰਮੇ, ਵਿਦਵਾਨ ਆਦਿ ਹੋਣ ਕਰਕੇ ਸੁਭਾ ਦੇ ਬੜੇ ਹੀ ਗੁੱਸੇ ਖੋਰ ਸਨ। ਇੱਕ ਦਿਨ ਅੰਮ੍ਰਿਤ ਵੇਲ਼ੇ ਸ੍ਰੀ ਦਰਬਾਰ ਸਾਹਿਬ ਵਿਖੇ ਮੁਖਵਾਕ ਦੀ ਕਥਾ ਕਰਦਿਆਂ ਹੋਇਆਂ ਇਹਨਾਂ ਨੇ ਐਲਾਨ ਕਰ ਦਿਤਾ, “ਮੇਰਾ ਸਰੀਰ ਹੁਣ ਬਹੁਤ ਬਿਰਧ ਹੋ ਗਿਆ ਹੈ ਤੇ ਮੈ ਅੰਮ੍ਰਿਤਸਰ ਸਾਹਿਬ ਵਿਖੇ, ਡੇਰਾ ਸੰਤ ਅਮੀਰ ਸਿੰਘ ਜੀ, ਵਿਖੇ ਚਲੇ ਜਾਣਾ ਹੈ ਤਾਂ ਕਿ ਮੇਰੇ ਬੁਢਾਪੇ ਸਮੇ ਓਥੇ ਦਿਨ ਸੌਖੇ ਲੰਘ ਜਾਣ।” ਸੰਤ ਜੀ ਦਾ ਇਹ ਐਲਾਨ ਸੁਣ ਕੇ ਸੰਗਤਾਂ ਨੇ ਫੈਸਲਾ ਕਰ ਲਿਆ ਤੇ ਸੰਤਾਂ ਨੂੰ ਬੇਨਤੀ ਕੀਤੀ, “ਅਸੀਂ ਸੰਤ ਜੀ, ਤੁਹਾਨੂੰ ਅੰਮ੍ਰਿਤਸਰ ਨਹੀ ਜਾਣ ਦੇਣਾ। ਫਿਰ ਸਾਨੂੰ ਕਥਾ ਕੌਣ ਸੁਣਾਇਆ ਕਰੂ! ਤੁਹਾਡੇ ਰਹਿਣ ਦਾ ਆਪਣਾ ਪ੍ਰਬੰਧ ਸੰਗਤ ਏਥੇ ਹੀ ਕਰ ਦੇਵੇਗੀ।”
ਇਹ ਵਾਕਿਆ ੧੯੫੪ ਦਾ ਹੈ। ਸੰਗਤਾਂ ਨੇ ਉਗ੍ਰਾਹੀ ਕਰਕੇ, ਗੁਰਦੁਆਰਾ ਸ਼ਹੀਦ ਗੰਜ ਦੇ ਨਾਲ ਲੱਗਵਾਂ ਕਿਸੇ ਜੱਟ ਦਾ ਕੱਚਾ ਘਰ ਖ਼ਰੀਦ ਕੇ, ਉਸਨੂੰ ਢਾਹ ਕੇ, ਗਿਆਨੀ ਜੀ ਲਈ ਸੋਹਣਾ ਪੱਕਾ ਡੇਰਾ ਨੁਮਾ ਮਕਾਨ ਬਣਵਾਉਣਾ ਸ਼ੁਰੂ ਕਰ ਦਿਤਾ। ਮੈ ਵੀ ਓਹਨੀ ਦਿਨੀਂ ਬਹੁਤਾ ਸਮਾ ਓਥੇ ਹੀ ਸੇਵਾ ਵਿੱਚ ਹਾਜਰ ਰਹਿੰਦਾ ਸਾਂ ਭਾਵੇਂ ਕਿ ਰਾਤ ਨੂੰ ਆਪਣੇ ਘਰ ਆ ਜਾਂਦਾ ਸਾਂ। ਬਹੁਤ ਸਾਰਾ ਮਜ਼ਦੂਰਾਂ ਵਾਲ਼ਾ ਕੰਮ, ਸੇਵਾ ਸਮਝ ਕੇ, ਪ੍ਰੇਮੀ ਸੱਜਣ ਹੀ ਕਰਿਆ ਕਰਦੇ ਸਨ। ਇੱਕ ਪ੍ਰੋਫ਼ੈਸਨਲ ਮਿਸਤਰੀ ਨਿਹੰਗ ਸਿੰਘ ਜੀ ਮੇਹਨਤਾਨਾ ਲੈ ਕੇ ਮਿਸਤਰੀ ਦਾ ਕੰਮ ਕਰਦੇ ਸਨ ਤੇ ਉਹ ਇਸ ਕਾਰਜ ਨੂੰ ਵੀ ਸੇਵਾ ਸਮਝਦੇ ਹੋਏ, ਸਮੇ ਦਾ ਧਿਆਨ ਘੱਟ ਹੀ ਰੱਖਿਆ ਕਰਦੇ ਸਨ ਤੇ ਆਮ ਤੌਰ ਤੇ ਨਿਸਚਤ ਸਮੇ ਤੋਂ ਵਧ ਹੀ ਸਮਾ ਕੰਮ ਕਰਦੇ ਸਨ।
ਇਕ ਸ਼ਾਮ ਨੂੰ ਇਉਂ ਹੋਇਆ ਕਿ ਸੇਵਾਦਾਰ ਨੇ ਮਿਸਤਰੀ ਜੀ ਨੂੰ ਕਹਿਕੇ ਪ੍ਰਸ਼ਾਦਾ ਵੀ ਓਥੇ ਹੀ ਛਕਾ ਦਿਤਾ ਤੇ ਮਿਸਤਰੀ ਜੀ ਰਾਤ ਤੱਕ ਕੰਮ ਵੀ ਕਰੀ ਗਏ। ਦਿਸਦਾ ਤਾਂ ਸੰਤ ਜੀ ਨੂੰ ਹੈ ਨਹੀ ਸੀ। ਇਹਨਾਂ ਨੇ ਸਮਝਿਆ ਕਿ ਉਹ ਮਿਸਤਰੀ ਰੋਟੀ ਖਾ ਕੇ ਚਲਿਆ ਗਿਆ ਹੋਵੇਗਾ। ਇਹ ਲਾਲ ਚੇਹਰੇ ਨਾਲ਼ ਗੁੱਸੇ ਵਿੱਚ ਭਰੇ ਹੋਏ ਕਮਰੇ ਤੋਂ ਬਾਹਰ ਆ ਕੇ ਆਪਣੇ ਸੇਵਾਦਾਰ ਭਾਈ ਹਰੀ ਸਿੰਘ ਤੇ ਵਰ੍ਹ ਪਏ। ਬਹੁਤ ਹੀ ਗੁੱਸੇ ਵਿੱਚ ਬੜਾ ਹੀ ਚਿਰ ਬੁਰਾ ਭਲਾ ਬੋਲਦੇ ਰਹੇ। ਸਾਰੰਸ਼ ਬੋਲਣ ਦਾ ਇਹ ਸੀ ਕਿ ਜਦੋਂ ਉਹ ਬੰਦਾ ਦਿਹਾੜੀ ਲੈਂਦਾ ਹੈ ਤਾਂ ਉਸਨੂੰ ਰੋਟੀ ਕਿਉਂ ਖਵਾਈ! ਅਸੀਂ ਸਭ ਚੁੱਪ ਚਾਪ ਹੱਕੇ ਬੱਕੇ ਇਹ ਸਾਰਾ ਕੁੱਝ ਸੁਣੀ ਤੇ ਵੇਖੀ ਗਏ। ਉਹ ਮਿਸਤਰੀ ਸਿੰਘ ਵੀ ਚੁਪ ਚਾਪ ਪਲੱਸਤਰ ਆਦਿ ਦਾ ਕਾਰਜ ਕਰੀ ਗਿਆ। ਸੰਤ ਜੀ ਨੂੰ ਕੋਈ ਪਤਾ ਨਹੀ ਕਿ ਉਹ ਵੀ ਵਿਚਾਰਾ ਸੁਣ ਰਿਹਾ ਹੈ। ਕਾਫੀ ਰਾਤ ਵੀ ਹੋ ਗਈ ਸੀ।
ਇਹ ਵਿਚਾਰ ਅਜੇ ਤੱਕ ਮੇਰੇ ਮਨ ਵਿਚੋਂ ਨਹੀ ਜਾ ਰਿਹਾ ਕਿ ਲੋਕਾਂ ਦੇ ਘਰਾਂ ਤੋਂ ਸੇਵਾਦਾਰ ਦੁਆਰਾ ਉਗ੍ਰਾਹੀ ਕਰਕੇ ਲਿਆਂਦੀਆਂ ਰੋਟੀਆ ਵਿਚੋਂ ਸੇਵਾਦਾਰ ਨੇ ਇਸ ਕਿਰਤੀ ਗੁਰਸਿੱਖ ਨੂੰ ਦੋ ਚਾਰ ਖਵਾ ਦਿਤੀਆਂ ਜੋ ਕਿ ਬਹੀਆਂ ਕਰਕੇ ਜਾਨਵਰਾਂ ਨੂੰ ਹੀ ਪਾਉਣੀਆਂ ਸਨ ਤੇ ਛਕਾਈਆਂ ਵੀ ਉਸ ਤਿਆਰ ਬਰ ਤਿਆਰ ਸਿੰਘ ਨੂੰ ਜੋ ਨਿਹੰਗ ਸਿੰਘ ਹੋਣ ਦੇ ਬਾਵਜੂਦ ਧਰਮ ਦੀ ਕਿਰਤ ਕਰਦਾ ਹੈ ਤੇ ਇਸ ਸਵੱਛ ਕਿਰਤ ਦੇ ਕਰਦਿਆਂ ਸਮਾ ਵੀ ਨਹੀ ਵੇਖਦਾ। ਕੀ ਸਾਨੂੰ ਸਾਰੇ ਸਿੱਖ ਇਤਿਹਾਸ ਤੇ ਗੁਰਬਾਣੀ ਨੇ ਏਹੀ ਸਿਖਾਇਆ ਹੈ!
ਗਿਆਨੀ ਜੀ ਆਪਣੇ ਗੁੱਸੇ ਦਾ ਦਰਿਆ ਵਹਾ ਕੇ ਠੰਡੇ ਹੋ ਗਏ। ਹੌਲ਼ੀ ਹੌਲ਼ੀ ਸੂਤੇ ਹੋਏ ਸਾਹਾਂ ਵਾਲ਼ੇ ਸੇਵਾਦਾਰਾਂ ਵਿੱਚ ਵੀ ਕੁੱਝ ਬੋਲਣ ਦਾ ਸਾਹਸ ਜਾਗਿਆ ਪਰ ਗਿਆਨੀ ਜੀ ਨੂੰ ਕੋਈ ਵੀ ਗ਼ਲਤ ਨਹੀ ਆਖ ਸੱਕਿਆ। ਵਿਚੋਂ ਚੱਲਦੀ ਗੱਲ ਵਿਚ, ਲੋੜ ਪੈਣ ਤੇ ਉਹ ਮਿਸਤਰੀ ਸਿੰਘ ਵੀ ਕੰਮ ਕਰਦਾ ਕਰਦਾ, ਚੱਲ ਰਹੇ ਕਾਰਜ ਦੀ ਕਾਮਯਾਬੀ ਦੀ ਜਾਣਕਾਰੀ ਦੇਣ ਲਈ, ਬੋਲ ਪਿਆ ਤਾਂ ਗਿਆਨੀ ਜੀ ਨੂੰ ਪਤਾ ਲੱਗਾ ਕਿ ਉਹਨਾਂ ਦਾ ‘ਪ੍ਰਵਚਨ’ ਮਿਸਤਰੀ ਨੇ ਵੀ ਸੁਣ ਲਿਆ ਹੈ। ਫਿਰ ਉਹਨਾਂ ਨੂੰ ਪਛਤਾਵਾ ਜਿਹਾ ਵੀ ਹੋਇਆ ਜਿਸਦਾ ਅੰਦਾਜ਼ਾ ਮੈਨੂੰ ਓਦੋਂ ਲੱਗਾ ਜਦੋਂ ਮਿਸਤਰੀ ਦੇ ਚਲੇ ਜਾਣ ਪਿਛੋਂ ਉਹਨਾ ਨੇ ਸੇਵਾਦਾਰਾਂ ਨੂੰ ਆਖਿਆ, “ਤੁਸੀਂ ਮੈਨੂੰ ਦੱਸ ਦੇਣਾ ਸੀ ਕਿ ਉਹ ਏਥੇ ਹੀ ਹੈ!” ਵਾਕ ਤਾਂ ਨਿਕਲ਼ ਗਏ ਸੀ ਮੁਖਾਰਬਿੰਦ ਚੋਂ ਉਹ ਤਾਂ ਹੁਣ ਵਾਪਸ ਨਹੀ ਸਨ ਆ ਸਕਦੇ!
ਗਿਆਨੀ ਸੰਤੋਖ ਸਿਘ
ਆਸਟ੍ਰੇਲੀਆ
(ਲਿਖੀ ਜਾ ਰਹੀ ਜੀਵਨੀ ‘ਝੱਗਾ ਪਾਟਾ ਹੋਇਆ’ ਵਿਚੋਂ)




.