.

ਗੁਰਬਾਣੀ ਤੋਂ ਫਾਸਲਾ
ਕਿਉਂ ਤੇ ਕਿਵੇਂ?

ਪ੍ਰਿੰਸੀਪਲ ਗਿ: ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਗੁਰਬਾਣੀ ਵਿਚਾਰਧਾਰਾ ਨੂੰ ਸਮਝਣ ਵਾਲਾ ਹੀ ਇਸ ਸੱਚਾਈ ਨੂੰ ਪਛਾਣ ਸਕਦਾ ਹੈ ਕਿ ਮਨੁੱਖਾ ਜੀਵਨ ਦੀ ਸਭ ਤੋਂ ਵੱਡੀ ਲੋੜ ਹੀ ‘ਗੁਰਬਾਣੀ ਜੀਵਨ-ਜਾਚ’ ਹੈ। ਗੁਰਬਾਣੀ ਜੀਵਨ ਤੋਂ ਬਿਨਾ ਮਨੁੱਖ, ਮਨੁੱਖੀ ਕਦਰਾਂ-ਕੀਮਤਾਂ, ਚੰਗੇ ਸੰਸਕਾਰਾਂ ਅਤੇ ਉਚੇ ਆਚਰਣ ਦੀ ਪਛਾਣ ਹੀ ਨਹੀਂ ਕਰ ਸਕਦਾ। ਇਸਤੋਂ ਵਡੀ ਗਲ, ਜਿਹੜਾ ਸੱਜਣ ਅਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਉਸਦਾ ਜੀਵਨ ਤਾਂ ਬਾਣੀ ਤੋਂ ਬਿਨਾਂ ਇਉਂ ਹੈ ਜਿਵੇਂ ਜੜ੍ਹ ਤੋਂ ਬਿਨਾਂ ਪੇੜ੍ਹ ਜਾਂ ਨੀੰਹ ਤੋਂ ਬਿਨਾਂ ਬਿਲਡਿੰਗ। ਦਰਅਸਲ ਅੱਜ ਇਹੀ ਹਾਲਤ ਸਂਪੂਰਣ ਸਿੱਖ ਜਗਤ ਦੀ ਹੈ। ਅਜ ਸਿੱਖ ਅਤੇ ਬਾਣੀ ਜੀਵਨ ਵਿਚਾਲੇ ਵਡਾ ਫਾਸਲਾ ਹੈ ਅਤੇ ਇਹੀ ਹੈ ਅਜ ਸਭ ਤੋਂ ਵਡਾ ਦੁਖਾਂਤ ਤੇ ਮੌਜੂਦਾ ਪਤਿੱਤਪੁਣੇ ਦਾ ਕਾਰਣ।
ਸਿੱਖ ਤਾਂ ਹੈ, ਪਰ ਸਿਖੀ ਤੋਂ ਖਾਲੀ- ਸੱਚਾਈ ਇਹ ਹੈ ਕਿ ਅੱਜ ਸਿੱਖ ਅਖਵਾਉਣ ਵਾਲੇ ਦੇ ਅਪਣੇ ਜੀਵਨ ਵਿਚੋਂ ਬਾਣੀ ਵਾਲੇ ਗੁਣਾਂ-ਸੰਸਕਾਰਾਂ ਦੀ ਖੁਸ਼ਬੂ ਹੀ ਨਹੀਂ ਆ ਰਹੀ। ਉਸਦੇ ਜੀਵਨ ਅੰਦਰ ਅਨਮੱਤ, ਮਨਮੱਤ, ਹੂੜਮੱਤ, ਦੁਰਮੱਤ ਅਤੇ ਸਭ ਤੋਂ ਵੱਧ ਬ੍ਰਾਹਮਣ ਮੱਤ ਅਥਵਾ ਬਿਪਰਨ ਦੀਆਂ ਰੀਤਾਂ ਦੀ ਸੜਾਂਦ ਉਛਾਲੇ ਮਾਰ ਰਹੀ ਹੈ। ਉਸਦੇ ਅਪਣੇ ਜੀਵਨ ਵਿਚੋਂ ਬਾਣੀ ਜੀਵਨ ਵਾਲੀ ਹਰਿਆਵਲ ਮੁੱਕ ਚੁਕੀ ਹੈ। ਮਾਇਆ ਵਲੋਂ ਕਰੋੜਾਂ-ਅਰਬਾਂ ਦੇ ਮਾਲਕ, ਡਿੱਗਰੀਆਂ-ਡਿਪਲੋਮੀਆਂ ਨਾਲ ਭਰਪੂਰ, ਪਰ ਬਾਣੀ ‘ਜਪੁ’ ਦੀ ਪਹਿਲੀ ਪਉੜੀ ਤੋਂ ਵੀ ਅਨਜਾਣ ਹਨ। ‘ਅਮਾਨਤ `ਚ ਖਿਆਨਤ’ ਦੀ ਨਿਆਈ ਅਜ ਦਾ ਸਿੱਖ ਦਾਅਵਾ ਤਾਂ ਕਰਦਾ ਹੈ ਉਹ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਸਿੱਖ ਹੈ। ਦੁਨੀਆਂ ਵੀ ਉਸ ਤੋਂ ਇਹੀ ਪ੍ਰਭਾਵ ਲੈਂਦੀ ਹੈ, ਪਰ ਉਸ ਵਿਚੋਂ ਗੁਰੂ ਨਾਨਕ ਦੀ ਸਿੱਖੀ ਗਾਇਬ ਹੋਈ ਪਈ ਹੈ।
ਡੇਰੇ ਉਦੋਂ ਵੀ ਤੇ ਅਜ ਵੀ ਪਰ… ਗੁਰਬਾਣੀ ਤੋਂ ਸਿੱਖ ਦਾ ਫ਼ਾਸਲਾ ਵਧਿਆ ਤਾਂ ਕਿਵੇਂ? ਸਿੱਖ ਦਾ ਜੀਵਨ ਗੁਰੂ ਦੀ ਸਿੱਖੀ ਤੋਂ ਇਨਾ ਦੂਰ ਗਿਆ ਤਾਂ ਕਿਉਂ? ਜਜ਼ਬਾਤੀ ਤੌਰ ਤੇ ਤਾਂ ਸਿੱਖ ਅੱਜ ਵੀ ਗੁਰੂ ਤੋਂ ਵਾਰੇ ਵਾਰੇ ਜਾ ਰਿਹਾ ਹੈ। ਗੁਰੂ ਦਾ ਅਖਵਾ ਰਿਹਾ ਹੈ, ਅਜ ਵੀ ਗੁਰੂ ਦੇ ਕਾਜ਼ ਵਾਸਤੇ ਹਰ ਸਮੇਂ ਜਾਨਾਂ ਹੂਲਣ ਨੂੰ ਤਿਆਰ ਬੈਠਾ ਹੈ। ਅਪਣੀ ਸਮਝ ਅਨੁਸਾਰ ਤਾਂ ਉਹ ਅਜ ਵੀ ਅਪਣਾ ਤਨ-ਮਨ-ਧੰਨ, ਗੁਰੂ ਦੇ ਨਾਂ ਤੇ ਕੁਰਬਾਨ ਕਰਨ ਨੂੰ ਅਗਲੀ ਕਤਾਰ `ਚ ਖੜਾ ਹੈ। ਇਸ ਦੇ ਨਾਲ ਇਹ ਗਲ ਵੀ ਸਮਝਣ ਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈਕੇ ਦਸਮੇਸ਼ ਪਿਤਾ ਤੀਕ ਸਿੱਖ ਧਰਮ ਵਿੱਚ ਨਿੱਤ ਵਾਧਾ ਹੋਇਆ। ਉਸ ਵੇਲੇ ਸਿੱਖਾਂ ਵਿਚਕਾਰ, ਸਿੱਖ ਧਰਮ ਬਾਰੇ ਨਾ ਕੋਈ ਸ਼ੰਕਾ ਸੀ ਨਾ ਸੁਆਲ। ਕਿਸੇ ਪਾਸਿਉਂ ਪਤਿੱਤ ਹੋਣ ਦੀ ਗਲ ਸੁਣਨੀ ਤਾਂ ਦੂਰ, ਸੋਚੀ ਵੀ ਨਹੀਂ ਸੀ ਜਾ ਸਕਦੀ। ਸਿੱਖ ਸੱਜਣ ਵਾਲਿਆਂ ਦੀਆਂ ਕਤਾਰਾਂ ਸਨ ਇਸਦੇ ਉਲਟ ਅਜ ਜੰਮਦਾ ਸਿੱਖ ਬੱਚਾ ਵੀ ਸ਼ੰਕੇ ਸੁਆਲਾਂ ਦੀਆਂ ਪੰਡਾਂ ਲੈਕੇ ਹੈ ਜੰਮਦਾ ਹੈ ਅਤੇ ਪਤਿਤ ਹੋਣ ਵਾਲਿਆਂ ਦੀਆਂ ਲਾਈਨਾ ਲਗੀਆਂ ਪਈਆਂ ਹਨ, ਕਿਉਂ?
ਡੇਰੇ-ਦੁਕਾਨਾਂ ਉਸ ਸਮੇਂ ਵੀ ਬਹੁਤ ਖੁਲਦੇ ਰਹੇ। ਬਲਕਿ ਉਹ ਡੇਰੇ ਤਾਂ ਖੁਲਦੇ ਵੀ ਗੁਰੂ ਪ੍ਰਵਾਰਾਂ ਵਿਚੋਂ ਸਨ ਫ਼ਿਰ ਵੀ ਚਲਿਆ ਇੱਕ ਨਹੀਂ, ਸਾਰੇ ਫ਼ੇਲ ਹੋਏ। ਕਿਉਂਕਿ ਉਸ ਸਮੇਂ ਸੰਗਤਾਂ ਨੂੰ ਗੁਮਰਾਹ ਕਰਨਾ ਸੌਖੀ ਖੇਡ ਨਹੀਂ ਸੀ। ਉਦੋਂ ਸਿੱਖ ਦਾ ਮੱਤਲਬ ਹੀ ਬਾਣੀ ਦੀ ਸਿਖਿਆ ਨਾਲ ਜੁੜਿਆ ਹੋਇਆ ਜੀਵਨ ਹੁੰਦਾ ਸੀ। ਅਜ ਕੀ ਹੋ ਰਿਹਾ ਹੈ? ਗੁਰਦੁਆਰੇ ਖਾਲੀ ਪਏ ਹਨ ਪਰ ਜੇ ਕੋਈ ਜ਼ਲੀਲ ਇਨਸਾਨ ਵੀ ਕੇਵਲ ਥੋੜਾ ਢੋਂਗ ਬਣਾ ਹੀ ਲੈਂਦਾ ਹੈ ਜਦਕਿ ਉਸਦਾ ਸਿੱਖੀ ਜਾਂ ਗੁਰੂਦਰ ਨਾਲ ਦੂਰ ਦਾ ਵੀ ਵਾਸਤਾ ਨਹੀਂ, ਉਥੇ ਵੀ ਸੰਗਤਾਂ ਦੀਆਂ ਲਾਈਨਾ ਲਗ ਜਾਂਦੀਆਂ ਹਨ। ਹੱਥਲੇ ਗੁਰਮਤਿ ਪਾਠ ਦੀ ਕੇਵਲ ਇਸ ਤੀਜੀ ਲਿਖਤ ਤੀਕ, ਬਿਹਾਰ ਤੋਂ ਕਿਸੇ ਭਈਏ ਆਸੂਤੋਸ਼ ਨੇ ਆ ਕੇ ਪੰਜਾਬ `ਚ ਅਪਣਾ ਜਾਲ ਵਿਛਾਇਆ ਤੇ ਉਥੇ ਲਾਈਨਾਂ, ਕਿਸੇ ਪਿਆਰਾ ਸਿੰਘ ਨੇ ਭਨਿਆਰੇ ਦੇ ਨਾਂ ਤੇ ਡੇਰਾ ਖੋਲਿਆ ਅਤੇ ਅਪਣੇ ਢੋਗ ਦਾ ਗ੍ਰੰਥ ਸਥਾਪਤ ਕਰਕੇ ਬੈਠ ਗਿਆ ਤਾਂ ਉਥੇ ਲਾਈਨਾਂ। ਪੰਜਾਬ ਦੇ ਪਿੰਡ-ਪਿੰਡ `ਚ ਰੋਜ਼ਾਨਾ ਡੇਰੇ ਖੁਲ ਰਹੇ ਹਨ ਜਿਹੜੇ ਸਬੂਤ ਹਨ ਕਿ ਗੁਰਬਾਣੀ ਸੋਝੀ ਪਖੋਂ ਅਜ ਸਿੱਖ ਖਾਲੀ ਹਨ।
ਦਸਮੇਸ਼ ਪਿਤਾ ਦੇ ਸਮੇਂ ਤੀਕ? - ਵਿਚਾਰਣ ਦਾ ਵਿਸ਼ਾ ਹੈ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਜਿਥੇ ਮਨੁਖ `ਚ ਦਿਨੋ-ਦਿਨ ਜਾਗ੍ਰਤੀ ਆ ਰਹੀ ਸੀ। ਉਥੇ ਨਾਲ ਹੀ ਉਹ ਲੋਕ ਵੀ ਉਭਰ ਰਹੇ ਸਨ ਜਿਹੜੇ ਸੱਚ ਦੇ ਜੀਵਨ ਦੀ ਪਛਾਣ ਨਹੀਂ ਸਨ ਕਰ ਸਕਦੇ। ਉਹ ਲੋਕ ਧਰਮ ਦੇ ਲੇਬਲ ਹੇਠ ਚਲਾ ਰਹੇ ਅਪਣੀ ਦੁਕਾਨਦਾਰੀ ਉਪਰ, ਸਿੱਖ ਧਰਮ ਦੇ ਪ੍ਰਸਾਰ ਨੂੰ ਵੱਡਾ ਹਮਲਾ ਤੇ ਵਾਰ ਮੰਨਦੇ ਸਨ। ਇਹ ਲੋਕ ਗੁਰੂਦਰ ਦੇ ਤਨੋ ਮਨੋ ਵਿਰੋਧੀ ਸਨ। ਰਾਇਬੁਲਾਰ ਪਾਸ ਸ਼ਿਕਾਇਤਾਂ ‘ਸਾਡਾ ਖੇਤ ਨਾਨਕ ਦੀਆਂ ਮਝੀਆਂ ਚਰ ਗਈਆਂ ਹਨ’ ਇਸ ਵਿਰੋਧੀ ਸੜਾਂਦ ਦਾ ਹੀ ਉਭਾਰ `ਤੇ ਅਰੰਭ ਸੀ। ਬ੍ਰਾਹਮਣ ਮੱਤ ਕੀ ਸੀ? ਇਹ ਮੱਤ ਸੀ ਮਨੁੱਖ ਨੂੰ, ਅਕਾਲਪੁਰਖੁ ਤੋਂ ਤੋੜਣਾ ਅਤੇ ਅਪਣੀ ਪੂਜਾ ਕਰਵਾਉਣਾ, ਤਰੀਕਾ ਸੀ ਅਨੇਕਾਂ ਫ਼ਰਜ਼ੀ ਭਗਵਾਨਾਂ-ਦੇਵੀ-ਦੇਵਤਿਆਂ, ਰੀਤਾਂ-ਵਹਿਮਾਂ-ਭਰਮਾਂ, ਵਰਾਂ-ਸਰਾਪਾਂ, ਸਗਣਾਂ-ਅਪਸਗਣਾ, ਟੇਵੇ-ਮਹੂਰਤਾਂ-ਜਨਮਪਤ੍ਰ੍ਰੀਆ-ਰਾਸ਼ੀਆਂ-ਹਾਰੋਸਕੋਪਾਂ, ਗ੍ਰਿਹ-ਨਖਤ੍ਰਾਂ ਦੇ ਪ੍ਰਭਾਵ ਤੇ ਉਨ੍ਹਾਂ ਦੇ ਉਪਾਵਾਂ ਦਾ ਤਾਣਾ-ਬਾਣਾ। ਫ਼ਿਰ ਉਸੇ ਤਾਣੇ-ਬਾਣੇ ਤੋਂ ਹੀ ਤਾਂ ਉਸਦੀ ਰੋਟੀ ਰੋਜ਼ੀ ਚਲਦੀ ਸੀ, ਇਸੇ ਲਈ ਗੁਰੂਦਰਬਾਰ ਦੀ ਪ੍ਰਫੁਲਤਾ ਤੋਂ ਉਹੀ ਸਭ ਤੋਂ ਵਧ ਦੁਖੀ ਸੀ। ਦਸਮੇਸ਼ ਪਿਤਾ ਦੇ ਸਮੇਂ ਤੀਕ ਇਨ੍ਹਾਂ ਵਲੋ ਵਿਰੋਧਤਾ ਅਤੇ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੱਤਨ ਇੱਕ ਦਿਨ ਵੀ ਨਹੀਂ ਸਨ ਰੁਕੇ। ਵੱਖਰੀ ਗਲ ਹੈ ਕਿ ਉਸ ਵਰਗ ਵਿਚੋਂ ਵੀ, ਜਿਹੜੇ ਇਸ ਰੱਬੀ ਸੱਚ ਵਲ ਪਰੇਰੇ ਜਾਂਦੇ, ਉਹ ਸਿੱਖ ਧਰਮ ਦੇ ਪ੍ਰਚਾਰਕ ਤੀਕ ਹੋ ਨਿਬੜਦੇ।
ਗੁਰੂ ਪ੍ਰਵਾਰਾਂ ਵਿਚਕਾਰ ਘੁਸਪੈਠ ਤੇ ਗੁਰੂਡੰਮ ਚਲਵਾਉਣੇ, ਲੰਗਰਾਂ `ਚ ਵਿਘਨ ਅਤੇ ਬਹੁਤ ਕੁੱਝ ਚਲਦਾ ਰਿਹਾ। ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ `ਚ ਵੀ ਇਸੇ ਵਰਗ ਦਾ ਵੱਡਾ ਹੱਥ ਸੀ। ਬੀਰਬਲ, ਮੂਲ ਰੂਪ `ਚ ਮਹੇਸ਼ਦਾਸ ਬ੍ਰਹਾਮਣ ਹੀ ਸੀ ਅਤੇ ਸਰਕਾਰੀ ਦਰਬਾਰੇ ਇਨ੍ਹਾਂ ਜਾਤ ਅਭਿਮਾਨੀਆਂ ਦਾ ਆਗੂ ਵੀ ਸੀ। ਗੰਗੂ ਰਸੋਈਆ, ਵਜੀਦੇ ਦੇ ਦਰਬਾਰ `ਚ ਸੁੱਚਾਨੰਦ, ਇਤਿਹਾਸ ਦੇ ਪੰਨਿਆਂ ਉਪਰ ਕਾਲੇ ਧੱਬੇ ਹਮੇਸ਼ਾਂ ਕਾਇਮ ਰਹਿਣਗੇ। ਇਹ ਸੱਚਾਈ ਵੀ ਦਿਨ ਦੀਵੀਂ ਪ੍ਰਗਟ ਹੈ ਕਿ ਇਸਤਰ੍ਹਾਂ ਬੇਅੰਤ ਹਮਲੇ ਕਰਕੇ ਵੀ ਦਸਮੇਸ਼ ਜੀ ਦੇ ਸਮੇਂ ਤੀਕ ਗੁਰੂ ਦਰਬਾਰ `ਚ ਘੁਸਪੈਠ ਲਈ ਵਿਰੋਧੀਆਂ ਦੀ ਦਾਲ ਨਹੀਂ ਸੀ ਗਲੀ। ਇਸਦਾ ਮੁਖ ਕਾਰਣ ਗੁਰਬਾਣੀ ਦਾ ਸਿੱਕੇ-ਬੰਦ ਪ੍ਰਚਾਰ ਅਤੇ ਗੁਰੂ ਸਾਹਿਬਾਨ ਦਾ ਇਸ ਉਪਰ ਸਖ਼ਤ ਪਹਿਰਾ ਸੀ। ਪ੍ਰਚਾਰਕ ਥਾਪੇ ਜਾਂਦੇ, ਮੰਜੀਆਂ ਅਤੇ ਪੀੜ੍ਹੇ ਕਾਇਮ ਕੀਤੇ ਜਾਂਦੇ, ਮਸੰਦ ਪ੍ਰਥਾ ਚਲਾਈ ਫ਼ਿਰ ਜੇਕਰ ਉਸ `ਚ ਨੁਕਸ ਆ ਗਿਆ ਤਾਂ ਦਸਮੇਸ਼ ਜੀ ਨੇ ਪ੍ਰਥਾ ਨੂੰ ਹੀ ਬੰਦ ਕਰ ਦਿਤਾ। ਪ੍ਰਚਾਰ ਤੇ ਪ੍ਰਚਾਰਕ ਤੇ ਸਖਤ ਕੁੰਡੇ ਦਾ ਮੱਕਸਦ ਹੀ ਬਾਣੀ ਦੀ ਵਿਚਾਰਧਾਰਾ ਦਾ ਹਰੇਕ ਪੜ੍ਹੇ-ਅਨਪੜ੍ਹ ਤੀਕ ਉਸਦੇ ਸ਼ੁਧ ਸਰੂਪ ਵਿੱਚ ਪਹੁੰਚਾਣਾ ਸੀ। ਇਹੀ ਕਾਰਣ ਹੈ ਕਿ ਉਸਦੇ ਪ੍ਰਚਾਰ ਲਈ ਥਾਪੇ ਪ੍ਰਚਾਰਕਾਂ ਉਪਰ ਗੁਰੂ ਸਾਹਿਬਾਨ ਦਾ ਸਖਤ ਪਹਿਰਾ ਵੀ ਹੁੰਦਾ ਸੀ।
ਸਿੱਖ ਅਤੇ ਗੁਰਬਾਣੀ ਵਿਚਕਾਰ ਫ਼ਾਸਲੇ ਦਾ ਆਰੰਭ ਕਦੋਂ ਤੋਂ? - ਦਿਸੰਬਰ ਸੰਨ ੧੭੦੪ `ਚ ਦਸਮੇਸ਼ ਜੀ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਅਰੰਭ ਹੋਕੇ ਸੰਨ ੧੭੧੫ ਬਾਬਾ ਬੰਦਾ ਸਿੰਘ ਬਹਾਦੁਰ ਦੀ ਗ੍ਰਿਫਤਾਰੀ ਤੀਕ, ਪੰਥ ਕੋਲ ਟਿਕਾਅ ਦਾ ਉਕਾ ਸਮਾਂ ਨਹੀਂ ਸੀ। ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਦ ਸਿੱਖਾਂ ਨੂੰ ਸ਼ਹਿਰੀ ਜੀਵਨ ਦਾ ਤਿਆਗ ਕਰਨਾ ਪਿਆ। ਇਤਿਹਾਸਕ ਸਥਾਨ, ਗੁਰਦੁਆਰੇ, ਸ਼ਰਧਾਲੂ ਪ੍ਰਵਾਰ ਤਾਂ ਵਸੋਂ `ਚ ਰਹੇ, ਪਰ ਜੁਝਾਰੂ ਸਿੱਖ ਅਤੇ ਉਨ੍ਹਾਂ ਦੇ ਪ੍ਰਵਾਰਾਂ ਦਾ ਵਾਸਾ ਬਹੁਤਾ ਕਰਕੇ ਜੰਗਲਾਂ, ਪਹਾੜਾਂ ਜਾਂ ਮਾਰੂਥਲਾ ਵਿੱਚ ਬਦਲ ਗਿਆ। ਇਨ੍ਹਾਂ ਪਿਛੇ ਹਰ ਸਮੇਂ ਵੈਰੀ ਦਲ ਦੀਆ ਫੋਜਾਂ ਦੀ ਚੜ੍ਹਤ, ਟਿਕਾਅ ਕਿਤੇ ਨਹੀਂ। ਅਤਿ ਦੀ ਭੀੜਾ ਦਾ ਸਮਾਂ ਸੀ ਇਹ ਅਤੇ ਉਸ ਨਾਲ ਹੀ ਅਰੰਭ ਹੁੰਦਾ ਹੈ ਗੁਰਬਾਣੀ ਜੀਵਨ ਅਤੇ ਸਿੱਖ ਵਿਚਕਾਰ ਫ਼ਾਸਲਾ।
ਗੁਰਦੁਆਰਿਆਂ `ਚ ਬਿਪਰ ਦਾ ਪ੍ਰਵੇਸ਼- ਲਗਭਗ ਚੌਰਾਸੀ ਸਾਲਾਂ ਬਾਦ, ਸੰਨ ੧੭੯੯ `ਚ ਜਾ ਕੇ ਮਹਾਰਾਜਾ ਰਣਜੀਤ ਸਿੰਘ ਰਾਹੀਂ ਖਾਲਸਾ ਰਾਜ ਸਥਾਪਤ ਹੋਇਆ। ਇਨ੍ਹਾਂ ਚੌਰਾਸੀ ਸਾਲਾਂ ਦੌਰਾਨ, ਸ਼ਹਿਰਾਂ ਵਿੱਚ ਸਿੱਖੀ ਦਾ ਸੋਮਾਂ ਗੁਰਦੁਆਰੇ ਪੂਰੀ ਤਰ੍ਹਾਂ ਵਿਰੋਧੀਆਂ ਦੇ ਕੰਟਰੋਲ `ਚ ਚਲੇ ਗਏ। ਵਿਰੋਧੀਆਂ ਨੂੰ ਜਿਹੜੀ ਸਫਲਤਾ ਪਿਛਲੇ ਢਾਈ ਸੌ ਸਾਲਾਂ `ਚ ਨਹੀਂ ਸੀ ਮਿਲੀ, ਇਨ੍ਹਾਂ ਲਈ ਤਾਂ ਰਾਤੋ-ਰਾਤ, ਜਿਵੇਂ ਸਾਰੇ ਰਸਤੇ ਹੀ ਖੁੱਲ ਗਏ ਸਨ। ਬ੍ਰਾਹਮਣ ਵਰਗ ਵਿਚੋਂ ਹੀ ਮਿਠਬੋਲੜੇ ਬਣ, ਕਈਆਂ ਨੇ ਬਾਣੀ ਦਾ ਉਹਲਾ ਲਿਆ ਅਤੇ ਗੁਰਦੁਆਰਿਆਂ ਦੇ ਮਹੰਤ, ਪੁਜਾਰੀ ਬਣ ਬੈਠੇ। ਕਈਆਂ ਦੇ ਰਿਸ਼ਤੇਦਾਰ ਬਜ਼ੁਰਗ, ਜਿਨ੍ਹਾਂ ਨੇ ਬ੍ਰਾਹਮਣ ਮੱਤ ਨੂੰ ਤਿਆਗ ਕੇ, ਸਿੱਖੀ `ਚ ਨਾਮਨਾ ਖਟਿਆ ਸੀ, ਸ਼ਹੀਦੀਆਂ ਤੀਕ ਦਿਤੀਆਂ ਸਨ, ਪ੍ਰਚਾਰਕ ਥਾਪੇ ਗਏ ਸਨ-ਅਪਣੇ ਉਨ੍ਹਾਂ ਸੰਬੰਧੀਆਂ, ਬਜ਼ੁਰਗਾਂ ਨਾਲ ਟਾਂਕਾ ਜੋੜਕੇ, ਸਿੱਖੀ ਪ੍ਰਚਾਰ ਸਿੱਸਟਮ ਚ ਘੁਸਪੈਠ ਕਰ ਲਈ, ਬਲਕਿ ਗੱਦੀਦਾਰ ਤੀਕ ਬਣ ਬੈਠੇ ਅਤੇ ਅਜ ਵੀ ਅਜੇਹੇ ਬਹੁਤੇਰੇ ਮਿਲ ਸਕਦੇ ਹਨ।
ਸਚਾਈ ਇਹ ਹੈ ਕਿ ਕਿਸੇ ਗੁਰੂ ਵਿਅਕਤੀ ਨੇ ਜੇਕਰ ਕਦੇ ਕੋਈ ਪ੍ਰਚਾਰਕ, ਗੱਦੀਦਾਰ ਥਾਪਿਆ ਜਾਂ ਬਖ਼ਸ਼ਿਸ਼ ਕੀਤੀ ਤਾਂ ਉਸ ਦੀ ਸੀਮਾਂ ਉਸ ਵਿਅਕਤੀ ਤੀਕ ਹੀ ਸੀ। ਆਮ ਮਨੁੱਖ ਦੀ ਤਾਂ ਗਲ ਹੀ ਛਡ ਦਿਉ! ਜਿਹੜੀ ਬਖਸ਼ਿਸ਼ ਬਾਬਾ ਲਹਿਣਾ ਜੀ, ਬਾਬਾ ਅਮਰਦਾਸ ਜੀ, ਭਾਈ ਜੇਠਾ ਜੀ ਨੂੰ ਪ੍ਰਾਪਤ ਹੋਈ, ਉਸਦੇ ਹੱਕਦਾਰ ਕੇਵਲ ਉਹ ਹੀ ਸਨ, ਉਨ੍ਹਾਂ ਦੇ ਪ੍ਰਵਾਰ ਦੇ ਦੂਜੇ ਸੱਜਣ ਨਹੀਂ। ਇਸੇਤਰ੍ਹਾਂ ਜਿਹੜੀ ਬਖਸ਼ਿਸ਼ ਪੰਚਮ ਪਾਤਸ਼ਾਹ ਨੂੰ ਪ੍ਰਾਪਤ ਹੋਈ, ਉਨ੍ਹਾਂ ਦੇ ਭ੍ਰਾਤਾ ਹੋਣ ਦੇ ਬਾਵਜੂਦ ਪ੍ਰਿਥੀ ਚੰਦ, ਮਹਾਦੇਵ ਉਸਦੇ ਹੱਕਦਾਰ ਨਹੀਂ ਸਨ। ਇਸਦੇ ਉਲਟ, ਅਜ ਅਨੇਕਾਂ ਪਾਖੰਡੀ; ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਠੇਕੇਦਾਰ ਅਤੇ ਗੱਦੀਦਾਰ ਬਣਕੇ ਬਰਸਾਤੀ ਖੁੰਬਾਂ ਦੀ ਵਾਂਙ ਨਿੱਤ ਪ੍ਰਗਟ ਹੋ ਰਹੇ ਹਨ। ਅਪਣੇ ਅੰਤਮ ਸਮੇਂ ਬਾਬਾ ਸ੍ਰੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਦੇ ਸਨਮੁੱਖ, ਅਪਣੀ ਭੁੱਲ ਸਵੀਕਾਰ ਕਰ ਲਈ ਅਤੇ ਗੁਰੂ ਦਰਬਾਰ ਤੋਂ ਵਖ੍ਰੇਵਾਂ ਤਿਆਗ ਦਿਤਾ। ਅਪਣੇ ਚਾਰੋਂ ਧੂਨੀਏ (ਪ੍ਰਚਾਰਕ) ਗੁਰੂ ਪਾਤਸ਼ਾਹ ਦੇ ਸਪੁਰਦ ਕਰ ਦਿੱਤੇ। ਫ਼ਿਰ ਵੀ ਇਸ ਬਿਖੜੇ ਸਮੇਂ ਅਨੇਕਾਂ ਅਖੌਤੀ ਉਦਾਸੀ, ਸਿੱਖ ਇਤਿਹਾਸਕ ਸਥਾਨਾਂ ਤੇ ਕਾਬਜ਼ ਹੋ ਗਏ ਜਾਂ ਅਪਣੇ ਡੇਰਿਆਂ ਦਾ ਟਾਂਕਾ ਸਿੱਖ ਧਰਮ ਨਾਲ ਜੋੜਕੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਪਿਛੇ ਲਾ ਲਿਆ।
ਬਨਾਰਸ ਦੇ ਪੜ੍ਹੇ ਲਿਖੇ ਵਿਦਵਾਨ ਪੰਡਤਾਂ ਨੇ ਹੋਰ ਖੇਡ ਖੇਡੀ। ਸਿੱਖਾਂ ਵਿਚਕਾਰ ਇੱਕ ਨਵਾਂ ‘ਨਿਰਮਲੇ’ ਨਾਂ ਦਾ ਸੰਪ੍ਰਦਾਇ ਸਥਾਪਤ ਕਰ ਦਿਤਾ। ਇਸ ਸਮੇਂ ਕਲਮ ਤਾਂ ਉਨ੍ਹਾਂ ਕੋਲ ਹੀ ਸੀ, ਇਸ ਨਵੇਂ ਫ਼ਿਰਕੇ ਨੂੰ ਦਸਮੇਸ਼ ਜੀ ਰਾਹੀਂ ਥਾਪਿਆ ਦਸਿਆ ਗਿਆ। ਭਾਵੇਂ ਕਿ ਗੁਰਮਤਿ ਦੀ ਕਸਵੱਟੀ ਤੇ ਉਹ ਫ਼ਰਜ਼ੀ ਸਾਖੀ ਕਿਸੇ ਤਰ੍ਹਾਂ ਵੀ ਪੂਰੀ ਨਹੀਂ ਉਤਰਦੀ। ਸੰਸਕ੍ਰਿਤ ਗੁਰੂ ਦਰ ਲਈ ਵਿਸ਼ੇਸ਼ ਜਾਂ ਲੋੜੀਂਦੀ ਭਾਸ਼ਾ ਨਹੀਂ ਸੀ, ਨਾ ਹੀ ਇਸਦੀ ਵਿਦਿਆ ਪ੍ਰਾਪਤੀ ਲਈ ਸਿੱਖ ਨੇ ਅਪਣੇ ਕਛਿਹਰੇ, ਕੜੇ, ਕ੍ਰਿਪਾਨਾ ਆਦਿ ਕਕਾਰਾਂ ਦਾ ਤਿਆਗ ਕਰਨਾ ਸੀ। ਉਹ ਵੀ ਇਸ ਲਈ ਕਿ ਬ੍ਰਾਹਮਣਾਂ ਕੋਲੋਂ ਵੈਦਿਕ ਵਿਦਿਆ ਲੈਣ ਲਈ ਬਨਾਰਸ ਜਾਣਾ ਸੀ। ਵੇਦਾਂ, ਸ਼ਾਸਤ੍ਰਾਂ ਜਾਂ ਬ੍ਰਾਹਮਣ ਬਾਰੇ ਗੁਰਬਾਣੀ ਦਾ ਫੈਸਲਾ, ਛੁਪੀ ਗੁੱਝੀ ਚੀਜ਼ ਕਦੇ ਨਹੀਂ ਸੀ। ਕੀ ਪਾਹੁਲਧਾਰੀ ਸਿੱਖਾਂ ਕੋਲੋਂ ਸਿੱਖੀ ਰਹਿਣੀ ਤੇ ਮਰਿਆਦਾ ਤਿਆਗ ਕਰਵਾਕੇ ਇਸੇ ‘ਬ੍ਰਾਹਮਣ ਗੁਰੂ’ ਤੋਂ ਦੀਖਿਆ ਦੀ ਲੋੜ ਪੈ ਗਈ ਅਤੇ ਉਹ ਵੀ ਦਸਮੇਸ਼ ਜੀ ਨੂੰ? ਬ੍ਰਾਹਮਣ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ “ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ” (ਪੰ: ੧੩੭੭)। ਹੋਰ ਤਾਂ ਹੋਰ ਅਜ ਵੀ ਇਨ੍ਹਾਂ ਨਿਰਮਲਿਆ ਦੀ ਰਹਿਣੀ ਕੱਟੜ ਬ੍ਰਾਹਮਣਾ ਵਾਲੀ ਹੀ ਹੈ, ਜਿਹੜੀ ਕਿ ਗੁਰਮਤਿ ਰਹਿਣੀ ਉਪਰ ਸਿੱਧਾ ਹਮਲਾ ਹੈ। ਫ਼ਿਰ ਬਨਾਰਸ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰਮਤਿ ਪ੍ਰਚਾਰ ਦਾ ਕੇਂਦ੍ਰ ਸੀ। ਪੰਜਵੇਂ ਪਾਤਸ਼ਾਹ ਸਮੇਂ ਭਾਈ ਗੁਰਦਾਸ ਜੀ ਵਰਗੇ ਮਹਾਨ ਪ੍ਰਚਾਰਕ ਉਸ ਇਲਾਕੇ `ਚ ਹੀ ਲਗਾਤਾਰ ਪ੍ਰਚਾਰ ਕਰਦੇ ਰਹੇ। ਵਿਚਾਰਣ ਦਾ ਵਿਸ਼ਾ ਹੈ, ਕਿ ਫ਼ਿਰ ਸਿੱਖਾਂ ਨੇ ਉਥੋਂ ਜਾਕੇ ਉਨ੍ਹਾਂ ਬ੍ਰਾਹਮਣਾ ਕੋਲੋ ਕਿਹੜੀ ਵਿਦਿਆ ਲੈਣੀ ਸੀ? ਸੱਚਾਈ ਦੀ ਤਹਿ ਤੀਕ ਪੁੱਜਦੇ ਦੇਰ ਨਹੀਂ ਲਗਦੀ। ਇਸੇਤਰ੍ਹਾਂ ਸਮੇਂ ਦਾ ਲਾਭ ਲੈਕੇ ਅਨੇਕਾਂ ਬੇਦੀ-ਸੋਢੀ ਵੀ ਗੱਦੀਦਾਰ ਬਣ ਬੈਠੇ ਜਦਕਿ ਸਿੱਖ ਧਰਮ ਦੀ ਅਜੇਹੀ ਨਾ ਕੋਈ ਸੇਧ ਹੈ ਨਾ ਨੀਯਮ। ਇਥੇ ਤਾਂ ਸਿਧਾਂਤ ਹੀ “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” (ਪੰ: ੮) ਦਾ ਹੈ ਜਾਤ-ਕੁਲ ਲਈ ਤਾਂ “ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ” (ਪੰ: ੮੩) ਜਾਂ “ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ ੧ ॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ” (ਪ: ੩੨੪) ਵਾਲੇ ਸਪਸ਼ਟ ਫ਼ੈਸਲੇ ਹਨ।
ਮਰਜ਼ ਲਗਾਤਾਰ ਵਾਧੇ ਤੇ- ਇਨ੍ਹਾਂ ਚੌਰਾਸੀ ਸਾਲਾਂ ਦੌਰਾਨ ਕਿੰਨੀਆਂ ਹੀ ਪੀੜ੍ਹੀਆਂ ਤੀਕ ਗੁਰਬਾਣੀ ਦੇ ਪ੍ਰਚਾਰਕ, ਲਿਖਾਰੀ, ਕੀਰਤਨੀ, ਸ਼ਕਲ `ਚ ਤਾਂ ਭਾਂਵੇ ਹੋਣਗੇ ਪਰ ਸਿੱਖ ਨਹੀਂ ਸਨ। ਇਹ ਸਨ ਉਦਾਸੀ-ਨਿਰਮਲੇ-ਮਹੰਤਾ-ਪੁਜਾਰੀਆਂ, ਬੇਦੀਆਂ-ਸੋਢੀਆਂ ਜਾਂ ਅਨਪੜ੍ਹ ਤੇ ਪੜ੍ਹੇ ਲਿਖੇ ਵਰਗਾਂ ਦੇ ਬ੍ਰਾਹਮਣ। ਧਿਆਨ ਦੇਣ ਦੀ ਗਲ ਹੈ ਕਿ ਬ੍ਰਾਹਮਣ ਵੀ ਕੋਈ ਹੋਰ ਨਹੀਂ ਬਲਕਿ ਉਹੀ ਸੀ-ਜਿਸਨੇ ਭਾਰਤ `ਚ ਜਨਮੇ, ਪ੍ਰਵਾਣ ਚੜ੍ਹੇ, ਸਮ੍ਰਾਟ ਅਸ਼ੋਕ-ਹਰਸ਼ਵਰਧਨ ਸਮੇਂ ਮਹਾਨ ਬਲਸ਼ਾਲੀ ਰਾਜ ਧਰਮ ਦੇ ਮਾਲਿਕ ਰਹਿ ਚੁਕੇ, ਲਗਾਤਾਰ ੧੩੦੦ ਸਾਲਾਂ ਤੀਕ ਭਾਰਤ `ਚ ਜੜ੍ਹਾ ਜਮਾ ਚੁੱਕੇ, ਬੁਧ ਮੱਤ ਨੂੰ-ਸ਼ੰਕਰਾਚਾਰੀਆ (ਬ੍ਰਾਹਮਣ) ਦੀ ਅਗਵਾਹੀ ਵਿੱਚ ਨੇਸਤੋ-ਨਾਬੂਦ ਕਰ ਦਿਤਾ ਗਿਆ। ਫ਼ਿਰ ਜੇ ਬੁੱਧ ਮੱਤ ਬਚਿਆ ਤਾਂ ਭਾਰਤ ਤੋਂ ਬਾਹਰ ਜਾ ਕੇ, ਭਾਰਤ ਚ ਨਹੀਂ। ਬੜੀ ਕੁਟਲਨੀਤੀ ਨਾਲ, ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਦਸਵਾਂ ਅਵਤਾਰ ਘੋਸ਼ਤ ਕਰਕੇ ਅਪਣੇ ਇਸ਼ਟਾਂ ਦੀ ਲਿਸਟ `ਚ ਜੋੜ ਲਿਆ, ਉਸਦੀਆਂ ਮੂਰਤੀਆਂ ਨੂੰ ਅਪਣੇ ਮੰਦਰਾਂ ਚ ਦਿਤਾ। ਬੁੱਧ ਮੱਤ ਦੀ ਰਹਿਤ ਮਰਿਆਦਾ ਨੂੰ ਖਲਤ-ਮਲਤ ਕਰਕੇ, ਬ੍ਰਹਾਮਣੀ ਰੰਗ ਚੜ੍ਹਾ ਦਿਤਾ ਤੇ ਬੋਧੀਆਂ ਦੇ ਜੀਵਨ ਵਿਚੋਂ ਬੁੱਧ ਮਤ ਦੀ ਅਸਲੀਅਤ ਨੂੰ ਹੀ ਭੁਲਵਾ ਦਿੱਤੀ। ਸਿੱਧੇ ਹਮਲੇ ਕਰਕੇ ਗਇਆ ਦੇ ਵੱਟ ਬਿਰਖ ਸਮੇਤ ਉਨ੍ਹਾਂ ਦੇ ਮੱਠਾਂ, ਧਰਮ ਸਥਾਨਾਂ ਨੂੰ ਬਰਬਾਦ ਕਰ ਦਿਤਾ ਜਾਂ ਰੰਗ ਰੂਪ ਬਦਲਕੇ ਅਪਣੇ ‘ਇਤਹਾਸਕ’ ਮੰਦਰਾਂ `ਚ ਤਬਦੀਲ ਕਰ ਲਿਆ। ਅਨੇਕਾਂ ਬੌਧ ਭਿਕਸ਼ੂ ਮਾਰ ਮੁਕਾਏ ਜਾਂ ਮੁਲਕ ਛਡਕੇ ਦੌੜਣ ਲਈ ਮਜਬੂਰ ਕੀਤੇ ਗਏ। ਕਾਮ, ਸਾਮ, ਰਾਜ ਦੰਡ `ਚ ਮਾਹਿਰ ਜਿਸ ਬ੍ਰਾਹਮਣ ਨੇ ਬੁੱਧ ਮਤ ਦਾ ਭਾਰਤ ਵਿਚੋਂ ਬੀਜ ਨਾਸ ਕੀਤਾ ਸੀ, ਹੁਣ ਇਸਦੇ ਉਹੀ ਹਥਿਆਰ ਸਿੱਖ ਧਰਮ ਵਲ ਸਨ। ਬਲਕਿ ਅਜ ਉਸ ਨੂੰ ਗੁਰਦੁਆਰਿਆਂ ਉਪਰ ਹਮਲੇ ਕਰਨ ਦੀ ਵੀ ਲੋੜ ਨਹੀਂ ਸੀ ਕਿਉਂਕਿ ਇਥੇ ਤਾਂ ਉਹ ਸਿੱਖੀ ਪ੍ਰਚਾਰ ਦਾ ਕਰਤਾ-ਧਰਤਾ ਹੀ ਬਣ ਚੁੱਕਾ ਸੀ।
ਬ੍ਰਾਹਮਣ, ਉਦਾਸੀ, ਨਿਰਮਲੇ, ਮਹੰਤ, ਪੁਜਾਰੀ ਇਨ੍ਹਾਂ ਵਿਚੋਂ ਸਾਰੇ ਦੇ ਸਾਰੇ ਹੀ ਗੁਰੂ ਦਰ ਵਾਸਤੇ ਇੱਕ ਤੋਂ ਵਧ ਦੂਜਾ ਖਤਰਨਾਕ ਸਨ। ਹਰ ਕਿਸੇ ਦਾ ਜ਼ੋਰ `ਤੇ ਕਰਨੀ ਅਪਣੇ ਅਪਣੇ ਢੰਗ ਨਾਲ ਸਿੱਖੀ ਨੂੰ ਤਬਾਹ ਤੇ ਬਰਬਾਦ ਕਰਨ ਵਾਲੀ ਹੀ ਸੀ। ਉਦਾਸੀ ਤਾਂ ਅਪਣਾ ਸਿਧਾ ਰਿਸ਼ਤਾ ਹੀ ਗੁਰੂ ਨਾਨਕ ਪਾਤਸ਼ਾਹ ਨਾਲ ਜੋੜਦੇ ਸਨ। ਇਨ੍ਹਾਂ ਨੇ ਅਜੇਹੀਆਂ ਬੇਸਿਰਪੈਰ ਸਾਖੀਆਂ ਦੇ ਨਾਂ ਹੇਠ ਕਹਾਣੀਆਂ ਪ੍ਰਚਲਤ ਕੀਤੀਆਂ ਕਿ ਰੱਬ ਹੀ ਮੇਹਰ ਕਰੇ। ਗੁਰੂ ਕੀਆਂ ਸੰਗਤਾਂ ਤਾਂ ਹੁਣ ਸਨ ਹੀ ਇਨ੍ਹਾਂ ਦੇ ਰਹਿਮੋ-ਕਰਮ ਤੇ। ਜਿਹੜਾ ਮਸਾਲਾ ਦਿੱਤਾ ਜਾ ਰਿਹਾ ਸੀ, ਸਾਰੇ ਦਾ ਮੱਕਸਦ ਉਦਾਸੀ ਸੰਪ੍ਰਦਾਇ ਦੀ ਸਮ੍ਰਥਾ ਨੂੰ ਗੁਰੂ ਸਾਹਿਬ ਤੋਂ ਵਧ ਸਾਬਤ ਕਰਨਾ ਸੀ। ਮਿਸਾਲ ਵਜੋਂ ‘ਸੁਖਮਨੀ ਸਾਹਿਬ ਦੀ ਸੋਲ੍ਹਵੀ (੧੬ਵੀਂ) ਅਸ਼ਟਪਦੀ ਤੋਂ ਅਗੇ ਪੰਜਵੇਂ ਪਾਤਸ਼ਾਹ ਨੂੰ ਬਾਣੀ ਫੁਰਣੀ ਬੰਦ ਹੋ ਗਈ: ਇਹ ਬਖਸ਼ਿਸ਼ ਸ੍ਰੀ ਚੰਦ ਨੇ ਕੀਤੀ ਤਾਂ ਜਾ ਕੇ ਚੌਵੀ ਅਸ਼ਟਪਦੀਆਂ ਸੰਪੂਰਣ ਹੋਈਆਂ’। ‘ਲਖਮੀਚੰਦ ਅਪਣੇ ਪ੍ਰਵਾਰ ਸਮੇਤ ਘੋੜੇ ਤੇ ਸੁਆਰ, ਜਦੋਂ ਸੁਰਗ ਨੂੰ ਜਾਣ ਲਗੇ ਤਾਂ ਇਹ ਚਿੰਤਾ ਵੀ ਸ੍ਰੀਚੰਦ ਜੀ ਨੂੰ ਹੋ ਗਈ ਕਿ ਇਸਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਵੰਸ਼ ਹੀ ਮੁੱਕ ਜਾਵੇਗਾ। ਸ੍ਰੀ ਚੰਦ ਨੇ ਬਾਂਹ ਲੰਮੀ ਕਰਕੇ ਉਨ੍ਹਾਂ ਨੂੰ ਵਾਪਸ ਮੋੜਿਆ ਅਤੇ ਗੁਰੂ ਨਾਨਕ ਜੀ ਦੀ ਕੁਲ਼ ਨੂੰ ਬਚਾਅ ਲਿਆ ਆਦਿ। ਇਸੇਤਰ੍ਹਾਂ ਅਨੇਕਾਂ ਊਲ-ਜਲੂਲ, ਮਨਘੜੰਤ ਸਾਖੀਆਂ ਦੇ ਨਾਂ ਹੇਠ ਕਹਾਣੀਆਂ ਬੜੇ ਰੋਚਕ ਤੇ ਨਾਟਕੀ ਤਰੀਕੇ ਪ੍ਰਚਲਤ ਕੀਤੀਆਂ ਗਈਆਂ।
ਨਿਰਮਲੇ ਸੰਤਾ-ਸਾਧਾਂ ਨੇ ਵੀ ਚੰਗਾ ਰੰਗ ਬਨ੍ਹਿਆ-ਵਿਦਵਾਨ ਤਾਂ ਉਹ ਸਨ ਹੀ ਪਰ ਹੁਣ ਇਹ ਵਿਦਵਾਨ ਸਨ ਸਿੱਖ ਵਿਚਾਰਧਾਰਾ ਦੀ ਤਬਾਹੀ ਲਈ। ਸੰਗਤਾਂ ਦਾ ਪ੍ਰਭਾਵ ਲੈਣ `ਚ ਸਭ ਤੋਂ ਵੱਧ ਕਾਮਯਾਬ ਇਹੀ ਹੋਏ। ਕਿਉਂਕਿ ਸੰਗਤ ਮੰਨ ਚੁਕੀ ਸੀ ਕਿ ਬਾਣੀ ਨੂੰ ਸਭ ਤੋਂ ਵੱਧ ਸਮਝਣ ਵਾਲੇ ਅਤੇ ਵੇਦਾਂ ਦੇ ਗਿਆਤਾ ਵੀ ਹਨ। ਇਹ ਅਪਣੇ ਨਾਵਾਂ ਨਾਲ ਅਜ ਤੀਕ ਲਿਖਵਾਉਂਦੇ ਹੀ ਪੰਡਤ ਹਨ, ਫਿਰ ਇਨ੍ਹਾਂ ਨੇ ਅਪਣਾ ਨਾਤਾ ਵੀ ਦਸਮੇਸ ਜੀ ਨਾਲ ਜੋੜ ਰਖਿਆ ਸੀ। ਇਨ੍ਹਾਂ ਨੇ ਗੁਰਬਾਣੀ ਦੇ ਸਿਧਾਂਤ, ਸੇਧ, ਵਿਆਕਰਨ ਆਦਿ ਨੂੰ ਛਿੱਕੇ ਟੰਗ ਕੇ, ਗੁਰਬਾਣੀ ਦੇ ਅਰਥ ਪੂਰੇ ਵੈਦਕ ਢੰਗ ਨਾਲ ਕੀਤੇ। ਵਿਗਾੜ ਕੇ ਪੇਸ਼ ਕੀਤੇ ਇਨ੍ਹਾਂ ਅਰਥਾਂ ਨੂੰ ਪੌਰਾਣਕ ਕਹਾਣੀਆਂ ਨਾਲ ਸ਼ਿੰਗਾਰਿਆ ਅਤੇ ਲੋੜ ਅਨੁਸਾਰ ਪ੍ਰਚਲਤ ਕਰਕੇ ਵੀ ਜੋੜੀਆਂ। ਇਸਤਰ੍ਹਾਂ ਸ਼ਹਿਦ ਚੜ੍ਹੇ ਇਨ੍ਹਾਂ ਬ੍ਰਾਹਮਣੀ ਕੈਪਸੂਲਾਂ ਨੂੰ ਵਰਤਕੇ ਸੰਗਤਾਂ ਨੂੰ ਪੂਰੀ ਤਰ੍ਹਾਂ ਗੁਰੂ ਪਾਤਸ਼ਾਹ ਦੀ ਨਿੱਘੀ ਗੋਦ `ਚੋਂ ਕਢਿਆ ਅਤੇ ਬ੍ਰਾਹਮਣ ਦਾ ਅਨੁਯਾਯੀ ਬਨਾਉਣ `ਚ ਕਸਰ ਨਾ ਰਹਿਣ ਦਿਤੀ। ਅਜ ਵੀ ਨਿਰਮਲਾ ਸੰਪ੍ਰਦਾਇ ਦੀ ਕੋਈ ਰਚਨਾ ਚੁੱਕਕੇ ਪੜ੍ਹ ਲਈ ਜਾਵੇ, ਮਾਮੂਲੀ ਗੁਰਮਤਿ ਸੋਝੀ ਵਾਲਾ ਬੰਦਾ ਵੀ ਦੇਖ ਸਕਦਾ ਹੈ ਕਿ ਇਹ ਰਚਨਾਵਾਂ ਕਿਵੇਂ ਵੈਦਕ ਰੰਗ `ਤੇ ਪੋਰਾਣਕ ਕਹਾਣੀਆਂ ਨਾਲ ਉਤ-ਪ੍ਰੋਤ ਹਨ ਪਰ ਕਹਿਣ ਲਈ ਅਰਥ ਹੋਏ ਹਨ-ਗੁਰਬਾਣੀ ਦੇ।
ਇਸ ਤੋਂ ਬਾਦ ਆਉਂਦੇ ਹਨ ਸਾਡੇ ਉਹ ਮਹੰਤ ਅਤੇ ਪੁਜਾਰੀ ਜਿਨ੍ਹਾਂ ਦੀ ਮਾਨੋ ਲਾਟਰੀ ਹੀ ਖੁੱਲ ਚੁਕੀ ਸੀ। ਉਨ੍ਹਾਂ ਕੋਲ ਨਾ ਬਹੁਤੀ ਵਿਦਿਆ ਸੀ ਅਤੇ ਨ ਹੀ ਉਨ੍ਹਾਂ ਨੂੰ ਇਸਦੀ ਲੋੜ ਸੀ। ਗੁਰਬਾਣੀ ਵਿੱਚ ਹਰੇਕ ਪੋਰਾਣਕ ਰੈਫਰੈਸ ਭਾਵੇਂ ਅਵਤਾਰਾਂ ਸੰਬੰਧੀ ਸੀ, ਦੇਵੀ ਦੇਵਤਿਆਂ, ਪ੍ਰਚਲਤ ਭਗਵਾਨਾਂ ਜਾਂ ਗਣਿਕਾ, ਅਜਾਮਲ, ਧਰੁਵ, ਪ੍ਰਿਹਲਾਦ, ਦ੍ਰੋਪਦੀ ਆਦਿ ਸੰਬੰਧੀ। ਜਿਹੜੀਆਂ ਕਹਾਣੀਆਂ ਉਹ ਮੰਦਰਾਂ `ਚ ਭੈਠਕੇ ਸੁਣਾਉਂਦੇ ਸਨ, ਗੁਰਦੁਆਰਿਆਂ `ਚ ਬੈਠਕੇ ਸੁਣਾਉਣ ਲਈ ਉਨ੍ਹਾਂ ਕੋਲ ਖੁਲਾ ਮੌਕਾ ਸੀ। ਇਹ ਵੱਖਰੀ ਗਲ ਹੈ ਕਿ ਗੁਰੂ ਸਾਹਿਬ ਉਸ ਕਹਾਣੀ ਜਾਂ ਘਟਣਾ ਦਾ ਖੰਡਣ ਕਰ ਰਹੇ ਹਨ ਜਾਂ ਉਸਦੀ ਮਿਸਾਲ ਦੇ ਰਹੇ ਹਨ ਪਰ ਇਨ੍ਹਾਂ ਨੂੰ ਉਸ ਨਾਲ ਕੀ? ਇਸ ਰਸਤੇ ਇਨ੍ਹਾਂ ਦਾ ਤਾਂ ਅਪਣੇ ਮਤਲਬ ਲਈ ਸੌਖਾ ਹਲ ਬਣਿਆ ਸੀ। ਇਸ ਸਾਰੇ ਦਾ ਨਤੀਜਾ ਸ਼ਿਵਲਿੰਗ ਦੀ ਬਜਾਏ ਇਥੇ ਉਸੇ ਕਚੀ ਲਸੀ ਨਾਲ ਥੜਿਆਂ-ਫ਼ਰਸ਼ਾਂ ਦੇ ਇਸ਼ਨਾਨ, ਪਿਪਲ ਪੂਜਾ, ਸੰਗ੍ਰਾਂਦਾਂ-ਮਸਿਆਵਾਂ-ਪੂਰਨਮਾਸ਼ੀਆਂ, ਨੋਰਾਤੇ, ਸ਼ਰਾਧ, ਥਿੱਤ ਵਾਰ, ਅਸ਼ਟਮੀਆਂ, ਨੌਮੀਆਂ- ਸਮਸਤ ਬ੍ਰਾਹਮਣੀ ਤਿਉਹਾਰ, ਰੀਤਾਂ-ਸਗਣ ਗੁਰੂ ਦਰਬਾਰ ਰਸਤੇ ਹੀ ਸੰਗਤਾਂ ਵਿਚਾਲੇ ਪੁਜ ਰਹੇ ਸਨ। ਗੁਰਬਾਣੀ ਨੂੰ ਮਨੁੱਖਾ ਜੀਵਨ-ਜਾਚ ਤੋਂ ਤੋੜਕੇ, ਵੇਚਣ-ਖਰੀਦਣ ਦਾ ਉਹੀ ਰੂਪ ਦੇ ਦਿੱਤਾ ਜਿਹੜਾ ਮੰਦਰਾ-ਸ਼ਿਵਾਲਿਆਂ `ਚ ਵੇਦ-ਮੰਤ੍ਰਾਂ ਲਈ ਚਲ ਰਿਹਾ ਸੀ। ਮੂਰਤੀ ਪੂਜਾ ਅਤੇ ਉਸਦੇ ਸਾਰੇ ਢੰਗਾਂ ਨੂੰ ਬੜੀ ਸ਼ਾਨ ਨਾਲ ਗੁਰਦੁਆਰਿਆਂ ਦਾ ਅੰਗ ਬਣਾ ਦਿਤਾ ਗਿਆ। ਤੰਤ੍ਰ ਸ਼ਾਸਤ੍ਰ ਦੇ ਆਧਾਰ ਤੇ ‘ਗੁਰੂ ਗ੍ਰੰਥ ਸਾਹਿਬ’ ਦੇ ਅਖੰਡ, ਸਪਤਾਹ, ਪਾਕਸ਼ਕ, ਖੁਲੇ (ਸਾਧਾਰਣ) ਤੇ ਸੰਪਟ ਪਾਠ ਅਰੰਭ ਕਰ ਕੇ ਗੁਰਦੁਆਰਿਆਂ `ਚ ਨਵੇਂ ਬਿਜ਼ਨਸ ਕੇਂਦਰ ਖੋਲ ਦਿਤੇ ਗਏ।
ਅਨੇਕਾਂ ਸ਼ਬਦਾਂ ਨੂੰ ਮੰਤ੍ਰਾ ਦੀ ਤਰਜ਼ ਤੇ ਕਾਮਨਾ ਸਿੱਧੀ, ਬਿਮਾਰੀਆਂ ਦੇ ਇਲਾਜ, ਮੁਕੱਦਮਿਆਂ ਦੀ ਸਫ਼ਲਤਾ ਦਾ ਰੂਪ ਦੇਕੇ ਪ੍ਰਚਲਤ ਕੀਤਾ ਗਿਆ। ਇਸੇ ਆਧਾਰ ਤੇ ਸ਼ਬਦਾਂ ਨੂੰ ਵੰਡਣ ਦੀ ਪ੍ਰਥਾ ਵੀ ਅਰੰਭ ਕਰ ਦਿਤੀ ਗਈ। ਜਨਮ-ਮਰਨ, ਅਨੰਦ ਕਾਰਜ ਆਦਿ ਲਈ ਸਾਰੀਆਂ ਬ੍ਰਾਹਮਣੀ ਰਸਮਾਂ ਰੀਤਾਂ-ਕਰਮਕਾਂਡਾਂ ਨੂੰ ਸਿੱਖ ਸੰਗਤਾਂ ਦੇ ਘਰਾਂ ਤੀਕ ਪੁਚਾ ਦਿਤਾ ਅਤੇ ਇਸ ਲਈ ਬਹੁਤੀ ਮੇਹਨਤ ਵੀ ਨਹੀਂ ਕਰਨੀ ਪਈ। ਹੋਰ ਤਾਂ ਹੋਰ ਕੇਵਲ ਕਾਮਨਾ ਸਿੱਧੀਆਂ ਹੀ ਨਹੀਂ, ਹਰ ਤਰ੍ਹਾਂ ਦੀਆਂ ਮੰਗਾ ਨੂੰ ਅਰਦਾਸਾਂ, ਪਾਠਾਂ ਅਤੇ ਭਿੰਨ ਭਿੰਨ ਸ਼ਬਦਾਂ, ਬਾਣੀਆਂ ਅਤੇ ਉਨ੍ਹਾਂ ਨੂੰ ਗਿਣਤੀ ਪਾਠਾਂ ਨਾਲ ਜੋੜ ਦਿਤਾ ਗਿਆ। ਮੰਦਰਾਂ `ਚ ਜਿਵੇਂ ਪੰਡਤ ਕਾਮਨਾਵਾਂ ਦੀ ਪੂਰਤੀ ਲਈ ਭਿੰਨ ਭਿੰਨ ਮੰਤ੍ਰ ਜਾਪ ਕਰਕੇ ਦੇਂਦੇ `ਤੇ ਮਨ ਮਰਜ਼ੀ ਦੀ ਭੇਟਾ ਲੈਂਦੇ ਸਨ। ਠੀਕ ਉਹੀ ਨੀਯਮ ਪਾਠਾਂ ਅਤੇ ਵੱਖ ਵੱਖ ਸ਼ਬਦਾਂ `ਤੇ ਅਰਦਾਸਾਂ ਉਪਰ ਵੀ ਲਾਗੂ ਹੋ ਗਿਆ। ਪਾਠ ਅਪਣੇ ਆਪ ਜਾਂ ਮਿਲਕੇ ਕਰਨ ਦੇ ਬਦਲੇ-ਪੈਸੇ ਖਰਚ ਕੇ ਕਰਵਾਉਣ ਦੀ ਚੀਜ਼ ਬਣ ਗਏ। ਇਸੇ ਖੇਡ ਦਾ ਵਿਕ੍ਰਤ ਰੂਪ ਸੀ ਜਦੋਂ ਬਾਣੀ ਤੇ ਵੱਖ ਵੱਖ ਸ਼ਬਦਾਂ ਉਪਰ ਅਥਰਬਣ ਵੇਦ ਵਾਲੇ ਧਾਗੇ-ਤਬੀਤਾਂ-ਰਿਧੀਆਂ-ਸਿਧੀਅ, ਵਸ਼ੀ ਕਰਣ, ਦੁਖ-ਬਿਮਾਰੀ ਹਰਣ ਵਾਲੇ ਨੀਯਮ ਵੀ ਲਾਗੂ ਕਰ ਦਿਤੇ ਗਏ। ਇਸ ਸਾਰੇ ਦਾ ਉਭਰਵਾਂ ਰੂਪ ਗੁਰਦੁਆਰਿਆਂ `ਚ ਅਜ ਵੀ ਦੇਖਿਆ ਜਾ ਸਕਦਾ ਹੈ ਅਤੇ ਸੰਗਤਾਂ ਦਿਨ ਦੀਵੀਂ ਲੁਟੀਆਂ ਜਾ ਰਹੀਆ ਹਨ। ਭਾਈ ਸਾਹਿਬ ਨੂੰ ਅਰਦਾਸ ਭੇਟ ਦੇਕੇ, ਕਾਮਣਾ ਸਿਧੀ ਲਈ ਅਰਦਾਸ ਕਰਵਾਉਣਾ, ਕਿਸੇ ਵੀ ਗੁਰਦੁਆਰੇ `ਚ ਕਿਸੇ ਵੀ ਦਿਨ ਦੇਖ ਸਕਦੇ ਹੋ।
ਧਰਮਸਾਲਾਵਾਂ ਤੋਂ ਗੁਰਦੁਆਰੇ- ਥੋੜੇ ਹੀ ਸਮੇਂ `ਚ ਗੁਰੂ ਕੀਆਂ ਸੰਗਤਾਂ ਜਿਹੜੀਆਂ ਕਲ ਤੀਕ, ਯੋਗ ਪ੍ਰਚਾਰਕਾ ਪਾਸੋਂ ਗੁਰਬਾਣੀ ਤੋਂ ਜੀਵਨ-ਜਾਚ ਲੈ ਰਹੀਆਂ ਸਨ। ਉਸੇ ਹੀ ਗੁਰਬਾਣੀ ਦੇ ਪ੍ਰਚਾਰ ਦੇ ਮਾਲਕ ਗੁਰਦੁਆਰੇ ਵਿੱਚ ਬੈਠੇ ਹੁਣ ਉਹ ਲੋਕ ਸਨ ਜੋ ਮੂਲੋਂ ਗੁਰੂਦਰ ਦੇ ਵਡੇ ਵੈਰੀ ਸਨ ਪਰ ਬਾਹਰੌ ਸੱਜਣ। ਸਾਰੇ ਹੀ ਅਪਣੇ ਅਪਣੇ ਢੰਗ ਨਾਲ ਗੁਰੂ ਕੀਆਂ ਸੰਗਤਾਂ ਦੇ ਜੀਵਨ ਦੇ ਵਪਾਰੀ ਬਣੇ ਹੋਏ ਸਨ। ਹੋਰ ਤਾਂ ਹੋਰ ਸਿੱਖ ਧਰਮ ਸਥਾਨਾਂ ਦੇ ਨਾਮ ‘ਧਰਮਸਾਲ’ ਤੋਂ ਬਦਲ ਕੇ ‘ਗੁਰਦੁਆਰੇ’ ਉਸੇ ਸਮੇਂ ਦੀ ਦੇਣ ਹਨ। ਹਾਲਾਂਕਿ ਗੁਰਬਾਣੀ ਅੰਦਰ ਜਾਂ ਇਸ ਤੋਂ ਪਹਿਲਾਂ ਸਿੱਖ ਇਤਿਹਾਸ ਅੰਦਰ ‘ਗੁਰਦੁਆਰਾ’ ਲਫ਼ਜ਼ ਕਿਸੇ ਵੀ ਬਿਲਡਿੰਗ ਲਈ ਨਹੀਂ ਸੀ ਬਲਕਿ ਬਾਣੀ ਜੀਵਨ ਰਾਹੀਂ ਗੁਰੂ ਦਰ ਵਲ ਵਧਣ ਦਾ ਨਾਂ ਹੀ ਗੁਰੂ ਦਰ ਜਾਂ ਗੁਰਦੁਆਰੇ ਦਾ ਰਾਹੀ ਹੋਣਾ ਸੀ। ਅਜ ਦੀ ਤਰ੍ਹਾਂ ਗੁਰਦੁਆਰੇ ਦੀ ਬਿਲਡੰਗ ਨੂੰ ਹੱਥ ਲਾ ਆਉਣ ਨਾਲ ਕੋਈ ਗੁਰਦੁਆਰੇ ਹੋ ਕੇ ਵਾਪਿਸ ਨਹੀਂ ਸੀ ਆ ਜਾਂਦਾ। ਬਲਿਕ ਗੁਰੂ ਦੇ ਦਰ ਤੇ (ਗੁਰਦੁਆਰੇ) ਪ੍ਰਵਾਣ ਹੋਣ ਲਈ ਤਾਂ ਜੀਵਨ ਦਾ ਸੁਆਸ-ਸੁਆਸ ਗੁਰਬਾਣੀ ਗੁਰੂ ਦੀ ਸਿਖਿਆ ਨੂੰ ਭੇਟ ਕਰਨਾ ਹੁੰਦਾ ਸੀ। ਇਥੋਂ ਤੀਕ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਵੀ ‘ਹਰਿਮੰਦਿਰ’ ਦਾ ਲਫ਼ਜ਼ ਵੀ ਲਗਭਗ ਇਸੇ ਜੁਗ ਦੀ ਹੀ ਦੇਣ ਸਾਬਤ ਹੁੰਦੀ ਹੈ ਨਹੀਂ ਤਾਂ ਗੁਰਬਾਣੀ ਵਿੱਚ ਲਫ਼ਜ਼ ‘ਹਰਿਮੰਦਿਰ ਜਾਂ ਹਰਮੰਦਰ’ ੨੦ (ਵੀਹ) ਵਾਰੀ ਆਇਆ ਹੈ ਪਰ ਕਿਸੇ ਬਿਲਡਿੰਗ ਲਈ ਨਹੀਂ, ਹਿਰਦੇ ਘਰ ਜਾਂ ਸਾਧਸੰਗਤ ਲਈ। ਮਾਲੂਮ ਹੁੰਦਾ ਹੈ ਕਿ ਗੁਰੂ ਕੀਆਂ ਸੰਗਤਾਂ ਨੂੰ ਬ੍ਰਾਹਮਣੀ ਮੰਦਰਾਂ ਵਾਲੇ ਤਾਣੇ-ਬਾਣੇ `ਚ ਉਲਝਾਉਣ ਲਈ ਹੀ, ਦਰਬਾਰ ਸਾਹਿਬ ਨੂੰ ‘ਹਰਿਮੰਦਿਰ’ ਦਾ ਨਾਂ ਦੇਣ ਨਾਲ ਇਹ ਕੰਮ ਬੜਾ ਸੌਖਾ ਸੀ ਤੇ ਲਗਭਗ ਹੋ ਵੀ ਗਿਆ। ਇਥੇ ਹੀ ਬਸ ਨਹੀਂ, ਮਹਾਰਾਜਾ ਰਣਜੀਤ ਸਿੰਘ ਵਲੋਂ ਇਸ ਉਪਰ ਸੋਨੇ ਦਾ ਪੱਤ੍ਰਾ ਚੜ੍ਹਾਉਣ ਬਾਦ ਇਸਦਾ ਨਾਂ ‘ਸੁਅਰਣ ਮੰਦਿਰ’ ਤੇ ‘ਗੋਲਡਣ ਟੈਂਪਲ’ ਵੀ ਪ੍ਰਚਲਤ ਹੋ ਗਿਆ। ਇਸ ਗੁਰਮਤਿ ਪਾਠ ਦੀ ਕੇਵਲ ਤੀਜੀ ਲਿਖਿਤ ਤੀਕ ਵਕਤ ਦੇ ਕੁੱਝ ਸਿਆਣੇ ਆਗੂਆਂ ਕਾਰਨ ਦਰਬਾਰ ਸਾਹਿਬ ਲਈ ‘ਸੁਅਰਣ ਮੰਦਿਰ’ ਤੇ ‘ਗੋਲਡਣ ਟੈਂਪਲ’ ਨਾਂ ਖਤਮ ਕਰ ਦਿਤੇ ਗਏ।
ਇਤਿਹਾਸਕ ਮਿਲਾਵਟਾਂ ਵਾਲੀ ਦੋੜ- ਇਸ ਦੌਰ `ਚ ਸਿੱਖ ਇਤਿਹਾਸ ਦੀ ਵੀ ਭਰਵੀਂ ਉਲਟਾ-ਪਲਟੀ ਕੀਤੀ ਗਈ, ਇਸਨੇ ਵੀ ਸਿੱਖ ਮਾਨਸ ਨੂੰ ਗੁਰਬਾਣੀ ਜੀਵਨ ਤੋਂ ਦੂਰ ਲੈਜਾਣ ਲਈ ਵੱਡਾ ਹਿਸਾ ਪਾਇਆ। ਕਿੱਧਰੇ ਗੁਰੂ ਸਾਹਿਬਾਨ ਦੇਵੀਆਂ ਦੀ ਪੂਜਾ ਕਰ ਰਹੇ ਹਨ, ਕਿੱਧਰੇ ਭੰਗ ਦੇ ਪ੍ਰਸ਼ਾਦਿ ਵੰਡੇ ਰਹੇ ਜਾ ਹਨ, ਕਿੱਧਰੇ ਗੁਰੂ ਸਾਹਿਬ ਨੂੰ ਪੁੱਤਰ ਕਾਮਨਾ ਲਈ ਬ੍ਰਾਹਮਣੀ ਤੀਰਥਾਂ ਦੇ ਇਸ਼ਨਾਨ ਅਤੇ ਬ੍ਰਾਹਮਣਾਂ ਨੂੰ ਦਾਨ-ਪੁੰਨ ਕਰਦੇ ਪ੍ਰਗਟ ਕੀਤਾ ਹੈ। ਕਿਧਰੇ ਤੀਜੇ ਪਾਤਸ਼ਾਹ ਰਾਤਾਂ ਬੱਧੀ ਬੈਠ ਕੇ ਤਪਸਿਆ ਕਰਦੇ ਹਨ ਅਤੇ ਤਪਸਿਆ ਦੌਰਾਨ ਨੀਂਦ ਆਉਣ ਤੇ ਕੇਸਾਂ ਨੂੰ ਕਿੱਲੀ ਨਾਲ ਬੰਨਦੇ ਸਾਬਤ ਕੀਤਾ ਹੈ। ਕਿਧਰੇ ਤੀਜੇ ਪਾਤਸ਼ਾਹ ਅਪਣੀ ਬਾਕੀ ਉਮਰ, ਚੋਥੇ ਪਾਤਸ਼ਾਹ ਨੂੰ ਦੇ ਰਹੇ ਹਨ, ਨਾਰੀਅਲ-ਤਿਲਕ ਦੀ ਵਰਤੋਂ ਕਰਕੇ ਗੁਰਗਦੀਆਂ ਸੋਂਪੀਆਂ ਜਾ ਰਹੀਆਂ ਹਨ। ਇਕੋ ਇੱਕ ਗੁਰੂ “ਗੁਰੂ ਗ੍ਰੰਥ ਸਾਹਿਬ” ਦੀ ਸੰਪਾਦਨਾ ਸੰਬੰਧੀ ਮੋਹਨ ਜੀ ਦੇ ਚੁਬਾਰੇ ਤੋਂ, ਸੰਗਲਾ ਦੀਪ ਤੋਂ ਤੇ ਹੋਰ ਬੇਸਿਰ ਪੈਰ ਕਹਾਣੀਆਂ ਘੜ ਕੇ ਪ੍ਰਭਾਵ ਦਿਤਾ ਜਾਂਦਾ ਹੈ, ਬੀੜ ਅਧੂਰੀ ਹੈ ਤੇ ਬਾਣੀ ਬਾਹਰ ਵੀ ਛੁਟ ਗਈ ਹੈ। ਹੋਰ ਤਾਂ ਹੋਰ ਦਸਮੇਸ਼ ਪਿਤਾ ਨੂੰ ਬਾਕੀ ਨੌਂ ਗੁਰੂ ਵਿਅਕਤੀਆਂ ਤੋਂ ਨਿਖੇੜ ਕੇ ਪੇਸ਼ ਕਰਨਾ ਅਤੇ ਅਖੌਤੀ ‘ਦਸਮ ਗ੍ਰੰਥ’ ਜਿਸ `ਚ ਵਿਦਵਾਨਾਂ ਮੁਤਾਬਕ ਕੇਵਲ ਚਾਰ-ਪੰਜ ਰਚਨਾਵਾਂ ਦਸਮੇਸ਼ ਜੀ ਦੀਆਂ ਮਨੀਆਂ ਹਨ ਉਸਦੀ ਉਤਪੱਤੀ ਵੀ ਇਸੇ ਕਾਲ ਦੀ ਹੈ। ਇਸ ਤਰ੍ਹਾਂ ਪੌਰਾਣਕ ਆਧਾਰ ਤੇ ਵੀ ਸਿੱਖ ਇਤਿਹਾਸ ਉਸਦੀਆਂ ਤਾਰੀਖਾਂ ਤੇ ਬਾਣੀ ਅਰਥਾਂ ਵਿੱਚ ਅੰਤਾਂ ਦਾ ਰਲ-ਗੱਢ। ਆਖਿਰ ਕਿਸ-ਕਿਸ ਇਤਿਹਾਸਕ ਮਿਲਾਵਟ ਦਾ ਵਰਨਣ ਕੀਤਾ ਜਾਵੇ, ਸਿਆਣੇ ਕਹਿੰਦੇ ਹਨ ਜਿਸ ਕੌਮ ਨੂੰ ਖਤਮ ਕਰਨਾ ਹੋਵੇ ਉਸਦੇ ਇਤਿਹਾਸ, ਰਹਿਤ-ਮਰਿਆਦਾ `ਚ ਰਲ-ਗੱਢ ਕਰ ਦੇਵੋ, ਕੌਮ ਆਪੇ ਮੁੱਕ ਜਾਵੇਗੀ। ਇਹ ਸਾਰੀ ਖੇਡ ਵਰਤਾਉਣ ਲਈ ਹੁਣ ਤਾਂ ਵਿਰੋਧੀਆਂ ਕੋਲ ਖੁਲਾ ਮੈਦਾਨ ਤੇ ਖੁਲਾ ਸਮਾਂ ਵੀ ਸੀ।
ਜੇ ਕਰ ਥੋੜਾ ਜਾਗ ਕੇ ਦੇਖੀਏ ਤਾਂ ਵਿਰੋਧੀਆਂ ਨੇ, ਸੰਨ ੧੪੬੯ ਤੋਂ ਸੰਨ ੧੬੯੯ ਭਾਵ ੨੩੦ ਸਾਲਾਂ ਦੇ ਸਿੱਖ ਇਤਿਹਾਸ ਨੂੰ ਕੱਟਕੇ ਹੀ ਇੱਕ ਪਾਸੇ ਕਰ ਦਿੱਤਾ। ਉਸੇ ਦਾ ਨਤੀਜਾ ਹੈ ਕਿ ਅਜ ਸਿੱਖ ਦੀ ਗਲ ਸ਼ੁਰੂ ਹੋ ਰਹੀ ਹੈ ਤਾਂ ਵਿਸਾਖੀ ੧੬੯੯ ਤੋਂ ਨਾਕਿ ਗੁਰੂਨਾਨਕ ਪਾਤਸ਼ਾਹ ਦੇ ਆਗਮਨ ਤੋਂ। ਬਲਕਿ ਕੌਮ ਨੇ ਬੜੀ ਸ਼ਾਨ ਨਾਲ, ਸੰਸਾਰ ਪੱਧਰ ਤੇ ‘ਖਾਲਸੇ ਭਾਵ ਸਿੱਖ ਦਾ ਜਨਮ ਦਿਨ ਵੀ ਮਨਾ ਲਿਆ ਤੇ ਸੰਸਾਰ ਨੂੰ ਵੀ ਸਾਬਤ ਕਰ ਦਿਤਾ ਕਿ ਇਸਤੋਂ ਪਹਿਲਾਂ ਸਾਡੀ ਕੋਈ ਹੋਂਦ ਹੈ ਹੀ ਨਹੀਂ ਸੀ। ਇਸ ਨੂੰ ਪੂਰੀ ਤਰ੍ਹਾਂ ਸਮਝਣ ਲਈ ਗੁਰਮਤਿ ਪਾਠ ੬੩ ਅਤੇ ੬੭ ‘ਵਿਸਾਖੀ-੧੪੬੯’ ਅਤੇ ‘ਲੇਖਾ ਜੋਖਾਂ ਤਿੰਨ ਸੌ ਸਾਲਾ’ ਸੰਗਤਾਂ ਦੀ ਸੇਵਾ `ਚ ਦਿਤੇ ਜਾ ਚੁਕੇ ਹਨ।
ਜਿਸ ਮਨੁੱਖ ਨੂੰ ਗੁਰੂ ਪਾਤਸ਼ਾਹ ਨੇ ੨੩੯ ਵਰ੍ਹੇ ਲਾਕੇ ਬ੍ਰਾਹਮਣੀ ਚਿਕੜ `ਚੋਂ ਕਢਿਆ ਸੀ। ਇਨ੍ਹਾਂ ਚੌਰਾਸੀ ਸਾਲਾਂ `ਚ, ਉਸੇ ਮਨੁੱਖ ਨੂੰ ਸਿਰ ਤੌਂ ਪੈਰਾਂ ਤੀਕ ਬ੍ਰਾਹਮਣੀ ਚਿੱਕੜ ਦੀ ਗਹਿਰੀ ਖੱਡ `ਚ ਡੁਬੋ ਦਿਤਾ ਗਿਆ। ਗੁਰਬਾਣੀ ਸੋਝੀ ਸਿੱਖ ਦੇ ਜੀਵਨ ਵਿਚੋਂ ਮਾਨੋਂ ਪਰ ਲਾਕੇ ਉਡ ਚੁਕੀ ਸੀ। ਕਲ ਤੀਕ ਤਨੋ-ਮਨੋ ਗੁਰਬਾਣੀ ਦਾ ਸਿੱਖ, ਅੱਜ ਕੁੱਝ ਹੀ ਪੁਸ਼ਤਾਂ ਬਾਦ, ਅੰਨ੍ਹੀ ਸ਼ਰਧਾ ਨਾਲ ਭਰਪੂਰ, ਨਿਰਾ ਕਰਮਕਾਂਡੀ ਅਤੇ ਫੋਕਟ ਰੀਤੀ ਰਿਵਾਜਾਂ `ਚ ਡੁੱਬਾ ਹੋਇਆ, ਗੁਰੂ ਦਾ ਨਹੀਂ ਬਲਕਿ ਜਜ਼ਬਾਤੀ ਤੇ ਬ੍ਰਾਹਮਣੀ ਸਿੱਖ ਹੀ ਸੀ। ਉਹ ਸਰਬ ਉਤਮ ਜੀਵਨ ਵਿਗਿਆਨ ਦੇ ਦਾਤੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕ ਕੇ ਉਸੇਤਰ੍ਹਾਂ ਸੰਸਾਰਕ ਮੰਗਾ ਮੰਗ ਰਿਹਾ ਸੀ, ਜਿਵੇਂ ਕੋਈ ਮੂਰਤੀ ਪੂਜਕ ਮੂਰਤੀਆਂ, ਕੱਬਰਾ, ਮੜ੍ਹੀਆਂ, ਪਿਪਲਾਂ, ਸਪਾਂ, ਪੋਦਿਆਂ ਦਾ ਪੁਜਾਰੀ ਕਰਦਾ ਆ ਰਿਹਾ ਸੀ। ਮੰਤ੍ਰ ਜਾਪ ਨਾਲ ਜਿਹੜੇ ਉਪਾਅ ਬ੍ਰਾਹਮਣ ਹਜ਼ਾਰਾਂ ਸਾਲਾਂ ਤੋਂ ਕਰਦਾ ਆਇਆ ਸੀ ਅਤੇ ਪਾਤਸ਼ਾਹ ਨੇ ਮਨੁੱਖ ਨੂੰ ਇਸ ਠੱਗੀ ਵਾਲੇ ਚਕ੍ਰਵਿਊਹ ਵਿਚੋਂ ਕਢਿਆ ਸੀ। ਅਜ ਗੁਰਬਾਣੀ ਨੂੰ ਵਰਤ ਕੇ ਵੀ ਮਨੁੱਖ ਉਨ੍ਹਾਂ ਹੀ ਉਪਾਵਾਂ ਦਾ ਰਾਹੀਗੀਰ ਬਣਿਆ, ਨਵੇਂ ਰੂਪ `ਚ ਉਭਰੇ ਬ੍ਰਾਹਮਣ ਕੋਲ ਹੀ ਵਾਪਸ ਪੁਜ ਚੁੱਕਾ ਸੀ।
ਉਪਰੰਤ ਇਸ ਡਰਾਉਣੀ ਖੇਡ ਤੋਂ ਪਿੱਛਾ ਛੁਟਨਾਂ ਤਾਂ ਦੂਰ, ਸਾਡੇ ਗਿਰਦ ਇਸਦੀ ਪੱਕੜ ਦਿਨੋ ਦਿਨ ਪੱਕੀ ਹੋ ਰਹੀ ਹੈ। ਇਨ੍ਹਾਂ ਚੁਰਾਸੀ ਸਾਲਾਂ `ਚ ਸਾਡੇ ਕੋਲ ਕੇਵਲ ਜਜ਼ਬਾਤਾਂ ਦੀ ਸਿੱਖੀ ਅਤੇ ਸਿੱਖੀ ਦਾ ਕੇਵਲ ਢਾਂਚਾ ਹੀ ਬਚਿਆ ਸੀ। ਸਿੱਖੀ ਤਾਂ ਸਿੱਖ ਅੰਦਰੋਂ ਅਲੋਪ ਹੋ ਚੁੱਕੀ ਸੀ, ਨਾਂ ਨੂੰ ਉਹ ਅਜੇ ਵੀ ਗੁਰੂ ਦਾ ਸਿੱਖ ਸੀ ਪਰ ਉਸਦੇ ਜੰਮਨੇ-ਮਰਨੇ, ਖੁਸ਼ੀ-ਗਮੀ ਸਭ ਗੁਰਬਾਣੀ ਸੇਧ ਦੇ ਉਲਟ ਸਨ।
ਪੁਜਾਰੀ ਸ਼੍ਰੇਣੀ ਅਤੇ ਉਸਦਾ ਪਹਿਰਾਵਾ? ਦਸਮੇਸ਼ ਪਿਤਾ ਤੀਕ ਸਿੱਖ ਧਰਮ `ਚ, ਪ੍ਰਚਾਰਕਾਂ ਦੀ ਕੋਈ ਵੱਖਰੀ ਸ਼੍ਰੇਣੀ ਜਾਂ ਪਛਾਣ ਨਹੀਂ ਸੀ। ਉਦੋਂ ਤੀਕ ਇਹ ਕੇਵਲ ਇੱਕ ਸਤਿਕਾਰ ਜੋਗ ਕਿੱਤਾ ਸੀ ਫ਼ਿਰ ਭਾਵੇਂ ਵਪਾਰੀ ਭਾਈ ਕਲਿਆਣਾ ਜੀ ਸਨ ਜਾਂ ਇਸ ਸੇਵਾ ਨੂੰ ਪੂਰਾ ਸਮਾਂ ਸਮਰਪਤ ਭਾਈ ਗੁਰਦਾਸ ਜੀ। ਇਸ ਬਾਰੇ ਵੇਰਵਾ ਗੁਰਮਤਿ ਪਾਠ ਨੌ: ੨੩ “ਸਵਾਸ ਕੀਮਤੀ ਹਨ ਧੰਨ ਪਦਾਰਥ ਨਹੀਂ” `ਚ ਦੇ ਚੁਕੇ ਹਾਂ। ਇਸ ਵਿਚਲੇ ਸਮੇਂ ਬ੍ਰਾਹਮਣਾਂ ਦੀ ਤਰਜ਼ ਤੇ ਹੀ ਸਿੱਖਾਂ `ਚ ਵੀ ਪੁਜਾਰੀ ਸ਼੍ਰੇਣੀ ਪੈਦਾ ਕਰ ਦਿਤੀ ਗਈ। ਲਫ਼ਜ਼ ‘ਪੁਜਾਰੀ’ ਅਸਲ `ਚ ‘ਪਰਜਾਰੀ’ ਤੋਂ ਬਣਿਆ ਹੈ, ਜਿਸਦੇ ਅਰਥ ਹਨ “ਦੂਜਿਆਂ ਦੀ ਕਮਾਈ ਤੇ ਪਲਣ ਵਾਲੇ”। ਪ੍ਰਚਾਰ ਪ੍ਰਸਾਰ ਤਾਂ ਕਰਨਾ ਸੀ ਗੁਰਬਾਣੀ ਜੀਵਨ ਦਾ ਪਰ ਇਸ ਸ਼੍ਰੇਣੀ ਲਈ ਹੁਣ ਯੋਗਤਾ, ਪੜ੍ਹਾਈ ਜਾਂ ਗੁਰਮਤਿ ਰਹਿਣੀ ਵਾਲੇ ਜੀਵਨ ਦੀ ਲੋੜ ਹੀ ਬਾਕੀ ਨਹੀਂ ਸੀ ਰਹਿ ਗਈ। ਠੀਕ ਬ੍ਰਾਹਮਣੀ ਤਰਜ਼ ਤੇ ਇਥੇ ਹੁਣ ਕੇਵਲ ਵਿਸ਼ੇਸ਼ ਪਹਿਰਾਵੇ ਦੀ ਹੀ ਲੋੜ ਸੀ। ਫ਼ਿਰ ਭਾਵੇਂ ਸਿੱਖੀ ਦਾ ਇਹ ਪੁਜਾਰੀ (ਪ੍ਰਚਾਰਕ) ਜੀਵਨ ਪਖੋਂ ਕਿਸੇ ਵੀ ਪੱਧਰ ਦਾ ਕਿਉਂ ਨਾ ਹੋਵੇ ਅਤੇ ਅਜ ਤੀਕ ਇਹੀ ਚਲ ਰਿਹਾ ਹੈ। ਇਸ ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਗੁਰਮਤਿ ਪਾਠ ਨੰ: ੯੪ ‘ਸਿਖ ਪ੍ਰਚਾਰਕ ਦੀ ਪੱਦਵੀ ਅਤੇ ਸਤਿਕਾਰ `ਚ ਵਿਘਣ?’ ਸੰਗਤਾਂ ਲਈ ਦਿਤਾ ਜਾ ਚੁਕਾ ਹੈ। ਵਰਣ ਵੰਡ ਅਨੁਸਾਰ ਉਥੇ ਬ੍ਰਾਹਮਣ ਤਾਂ ਸੀ ਹੀ, ਵਖ ਪੁਜਾਰੀ ਸ਼੍ਰੇਣੀ। ਉਥੇ ਤਾਂ ਵੱਖਰਾ ਰੂਪ ਕਾਇਮ ਕਰਕੇ, ਬ੍ਰਾਹਮਣ ਨੇ ਬਾਕੀ ਵਰਣਾ ਉਪਰ ਰਾਜ ਚਲਾਉਣਾ ਸੀ, ਪਰ ਗੁਰੂਦਰ ਤੇ ਵੀ ਚੂਂਕਿ ਹੁਣ ਉਹੀ ਬ੍ਰਾਹਮਣ ਹਾਵੀ ਸੀ ਅਤੇ ਇਥੇ ਵੀ ਉਹੀ ਸਿਲਸਿਲਾ ਚਾਲੂ ਕਰ ਦਿਤਾ ਗਿਆ।
ਅੰਮ੍ਰਿਤ ਛੱਕਣਾ ਅਤੇ ਖੰਡੇ ਦੀ ਪਾਹੁਲ- ਸੰਨ ੧੮੬੦ ਤੋਂ ਪਹਿਲਾਂ ਦੀਆਂ ਲਿਖਤਾਂ `ਚ ਸਿੱਖ ਧਰਮ `ਚ ਪ੍ਰਵੇਸ਼ ਵਾਲੀ ਰਸਮ ਦਾ ਨਾਂ ‘ਖੰਡੇ ਦੀ ਪਾਹੁਲ’ ਹੀ ਮਿਲਦਾ ਹੈ ‘ਅੰਮ੍ਰਿਤ ਛਕਣਾ’ ਨਹੀਂ। ਖੰਡੇ ਦੀ ਪਾਹੁਲ ਰਾਹੀਂ ਤਾਂ ਅਸਾਂ ਆਖਿਰੀ ਸੁਆਸਾਂ ਤੀਕ ਬਾਣੀ ਅੰਮ੍ਰਿਤ ਨੂੰ ਛੱਕਣ ਲਈ ਹੀ ਤਾਂ ਪ੍ਰਣ ਲੈਣਾ ਹੁੰਦਾ ਹੈ। ਇਸਦੇ ਉਲਟ ਜੇਕਰ ਅੰਮ੍ਰਿਤ ਵਾਲੇ ਦਰਵਾਜ਼ੇ ਦੀ ਦਲਹੀਜ਼ ਤੇ ਹੱਥ ਲਾਕੇ ਹੀ ਅਸੀਂ ‘ਅੰਮ੍ਰਿਤ ਧਾਰੀ’ ਹੋ ਗਏ ਤਾਂ ਅਗਲੀ ਗਲ ਚਲੇਗੀ ਕਿਥੋਂ? ਬਾਣੀ ਅੰਮ੍ਰਿਤ ਨੂੰ ਤਾਂ ਆਖਰੀ ਸੁਆਸਾਂ ਤੀਕ ਛੱਕਣਾ ਹੈ ਉਸ ਤੋਂ ਬਿਨਾਂ ਸਾਡਾ ਜੀਵਨ ਹੀ ਨਹੀਂ ਬਣ ਸਕਦਾ ਪਰ ਇਥੇ ਤਾਂ ਅਸੀਂ ਕੁੱਝ ਹੀ ਸਮੇਂ `ਚ ‘ਅੰਮ੍ਰਿਤ ਛੱਕ ਕੇ ਵੀ ਵੇਹਲੇ ਹੋ ਜਾਂਦੇ ਹਾਂ ਫ਼ਿਰ ਭਾਵੇਂ ਇਹ ਅੰਮ੍ਰਿਤ ਕਿਸੇ ਗੁਰਦੁਆਰੇ ਦੀ ਮੈਂਬਰੀ ਜਾਂ ਨੌਕਰੀ ਲਈ ਹੀ ਛਕਿਆ ਹੋਵੇ। ਇਸ ਬਾਰੇ ਗੁਰਮਤਿ ਪਾਠ ਨੰ ੧੫੨ “ਅੰਮ੍ਰਿਤੁ ਹਰਿ ਕਾ ਨਾਮੁ ਹੈ …. ਅਤੇ ਗੁਰਮਤਿ ਪਾਠ ਨੰ: ੯੨ “ਨਾਨਕ ਅੰਮ੍ਰਿਤ ਏਕੁ ਹੈ…” ਦਿਤੇ ਜਾ ਚੁਕੇ ਹਨ। ਸੰਗਤਾਂ ਉਨ੍ਹਾਂ ਦਾ ਲਾਹਾ ਲੈ ਸਕਦੀਆਂ ਹਨ। ਮੁਕਦੀ ਗਲ ‘ਖੰਡੇ ਦੀ ਪਾਹੁਲ ਲਈ’ ਸ਼ਬਦਾਵਲੀ, ‘ਅੰਮ੍ਰਿਤ ਛਕਣਾ-ਛਕਾਉਣਾ’ ਵੀ ਲਗਭਗ ਸੰਨ ੧੮੬੦ ਦੇ ਆਸ ਪਾਸ ਦੀ ਹੀ ਸ਼ਬਦਾਵਲੀ ਅਤੇ ਪੰਥ ਅੰਦਰ ਇਹ ਵੀ ਕੁੱਝ ਲਫ਼ਜ਼ਾਂ ਦੀ ਅਦਲੀ-ਬਦਲੀ ਜ਼ਾਹਿਰ ਹੁੰਦੀ ਹੈ ਜਿਸਦਾ ਨੁਕਸਾਨ ਤਾਂ ਅਸੀਂ ਭੋਗ ਹੀ ਰਹੇ ਹਾਂ। ਇੰਨਾਂ ਹੀ ਨਹੀਂ ਮੂਲੋਂ ਬ੍ਰਾਹਮਣ ਪਰ ਸ਼ਕਲੋਂ ਸਿੱਖ, ਇਸ ਪੁਜਾਰੀ ਸ਼੍ਰੇਣੀ ਵਲੋਂ ਪਾਹੁਲ ਬਾਰੇ ਅਜੇਹੀ ਬੇਰੁਖੀ ਪੈਦਾ ਕੀਤੀ ਗਈ ਕਿ ਇੱਕ ਤਰੀਕੇ ਇਸਨੂੰ ਪੁਜਾਰੀ ਸ਼੍ਰੇਣੀ ਤੀਕ ਹੀ ਸੀਮਤ ਕਰ ਦਿਤਾ ਗਿਆ ਅਤੇ ਬਾਕੀਆਂ ਲਈ ਇਸਦੀ ਲੋੜ ਹੀ ਮੁੱਕਾ ਦਿਤੀ ਗਈ। ਸੰਗਤਾਂ ਵਿਚਾਲੇ ਪਾਹੁਲ ਨੂੰ ਅਜੇਹਾ ਹਉਆ ਬਣਾਇਆ ਜਿਵੇਂ ‘ਅੰਮ੍ਰਿਤ, ਬੜੀ ਉਤਮ ਵਸਤੂ ਹੈ, ਨਿਭੇਗਾ ਨਹੀਂ’, ‘ਖੰਡਤ ਹੋ ਜਾਵੇਗਾ’, ‘ਪਾਬੰਦੀਆਂ `ਚ ਰਹਿਣਾ ਪਵੇਗਾ’ ਆਦਿ। ਇਸੇ ਦਾ ਨਤੀਜਾ ਜਿਥੇ ਸਿੱਖ ਦਾ ਮੱਤਲਬ ਹੀ ਪਾਹੁਲਧਾਰੀ ਸੀ, ਅਜ ਜ਼ੋਰ ਲਾ ਕੇ ਵੀ ਪਾਹੁਲਧਾਰੀਆਂ ਦੀ ਗਿਣਤੀ ਪੰਜ ਪ੍ਰਤੀਸ਼ਤ ਤੋਂ ਅਗੇ ਨਹੀਂ ਟੱਪ ਰਹੀ। ਜੇ ਇਮਾਨਦਾਰੀ ਨਾਲ ਸਰਵੇ ਕੀਤਾ ਜਾਵੇ ਤਾਂ ਅਜ ਵੀ ਬਹੁਤੇ ਭਾਈ ਸਾਹਿਬਾਨ, ਪ੍ਰਚਾਰਕ ਉਹੀ ਹਨ ਜਿਨ੍ਹਾਂ ਦਾ ਪਿਛੌਕੜ ਖਾਸਕਰ ਬ੍ਰਾਹਮਣ ਵਰਗ ਵਿਚੋਂ ਹੀ ਹੈ ਅਤੇ ਅਜ ਵੀ ਉਨ੍ਹਾਂ ਨੂੰ ਸਿੱਖੀ ਤੋਂ ਬਹੁਤਾ ਕੁੱਝ ਲੈਣਾ ਦੇਣਾ ਨਹੀਂ। ਉਹ ਇਸ ਪਾਸੇ ਇਸ ਲਈ ਹਨ ਕਿ ਇਹ ਉਨ੍ਹਾਂ ਦੀ ਰੋਟੀ-ਰੋਜ਼ੀ ਦਾ ਵੱਧੀਆ ਤੇ ਸੌਖਾਂ ਵਸੀਲਾ ਬਣਿਆ ਹੋਇਆ ਹੈ। ਸਰੂਪ ਦੇਖੌ ਤਾਂ ਦਿਲਖਿਚਵੇਂ ਪੰਜ ਕਕਾਰੀ ਹਨ ਪਰ ਮੂਲ ਰੂਪ `ਚ ਗੁਰੂ ਪਾਤਸਾਹ ਲਈ ਉਨ੍ਹਾਂ ਦੇ ਮੰਨ `ਚ ਨਾ ਸਤਿਕਾਰ ਹੈ ਨਾ ਭੈ। ਅਜ ਸੰਗਤਾਂ ਵਿਚਾਲੇ ਇਹ ਸ਼ਬਦਾਵਲੀ ਆਮ ਪ੍ਰਚਲਤ ਹੈ, ‘ਬਾਣੀ ਅਗਾਧਬੋਧ-ਹੈ’, ‘ਗੁਰੂ ਦੀ ਬਾਣੀ ਗੁਰੂ ਹੀ ਸਮਝ ਸਕਦਾ ਹੈ’, ‘ਬਾਣੀ ਦੇ ਅਰਥ ਤਾਂ ਹੋ ਨਹੀਂ ਸਕਦੇ, ਕਰਨੇ ਹੁੰਦੇ ਤਾਂ ਗੁਰੂ ਸਾਹਿਬ ਆਪ ਨਾ ਕਰ ਦੇਂਦੇ? ਆਦਿ’ ਇਹ ਫ਼ਿਕਰੇ ਕਿਧਰੋਂ ਬਾਹਰੋਂ ਨਹੀਂ ਬਲਕਿ ਸਾਡੀ ਇਸ ਪੁਜਾਰੀ-ਪ੍ਰਚਾਰਕ (ਪਰਜਾਰੀ) ਸ਼੍ਰੇਣੀ ਦੀ ਹੀ ਦੇਣ ਹਨ।
ਫ਼ਿਰ ਆ ਗਿਆ ਖਾਲਸਾ ਰਾਜ- ਇਨ੍ਹਾਂ ੮੪ ਸਾਲਾ ਤੋਂ ਬਾਦ ਮਹਾਰਾਜਾ ਰਣਜੀਤ ਸਿੰਘ ਦੇ ਰੂਪ `ਚ ਖਾਲਸਾ ਰਾਜ ਆਇਆ। ਅਜ ਸਾਡੇ ਬਹੁਤੇ ਸਿੱਖ ਲਿਖਾਰੀ ਮਹਾਰਾਜਾ ਰਣਜੀਤ ਸਿੰਘ ਨੂੰ ਦੋਸ਼ ਦੇਂਦੇ ਹਨ ‘ਉਸਨੇ ਬ੍ਰਾਹਮਣੀ ਵਿਚਾਰਧਾਰਾ ਨੂੰ ਪ੍ਰਪੱਕਤਾ ਦਿਤੀ। ਮਹਾਰਾਜਾ, ਵੱਡੇ ਸਿੱਖੀ ਪਿਆਰ ਵਾਲਾ ਸੀ ਪਰ ਵਿਵਹਾਰਕ ਤੋਰ ਤੇ ਉਸ ਅੰਦਰ ਕੁੱਟ ਕੁੱਟ ਕੇ ਭਰਿਆ ਸੀ, ਬ੍ਰਾਹਮਣ ਮੱਤ ਅਤੇ ਬਿਪਰਨ ਦੀਆਂ ਰੀਤਾਂ। ਉਸਦੇ ਅਪਣੇ ਕੁਲ-ਪੁਰੋਹਤ ਸਨ, ਰਾਣੀਆਂ ਸਤੀ ਹੋਈਆਂ ਅਤੇ ਹੋਰ ਬਹੁਤ ਕੁਝ। ਉਂਝ ਉਸ ਅੰਦਰ ਸਿੱਖੀ ਦੇ ਗੁਣ ਤੇ ਸਿੱਖੀ ਲਈ ਪਿਆਰ ਤੇ ਜਜ਼ਬਾ ਵੀ ਬਹੁਤ ਸੀ। ਇਹੀ ਕਾਰਣ ਹੈ ਜੇਕਰ ਇਸ ਵਿਸ਼ੇ ਨੂੰ ਠੰਡੇ ਦਿਮਾਗ ਨਾਲ ਲਿਆ ਜਾਵੇ ਅਤੇ ਉਸ ਦੇ ਰਾਜ ਨੂੰ ਨਿਰਪੱਖ ਪਰਖਿਆ ਜਾਵੇ ਤਾਂ ਸੰਸਾਰ ਭਰ ਦੇ ਸ਼ਾਸਕਾਂ ਵਿਚੋਂ, ਉਸਦੇ ਰਾਜ ਦੇ ਚਾਲੀ ਸਾਲ ਆਮ ਜੰਤਾ ਲਈ ਸਹੀ ਅਰਥਾਂ `ਚ ਸੁਅਰਨ ਜੁਗ
(Golden Period) ਸਨ। ਮਹਾਰਾਜਾ, ਜਿਸਦੇ ਕਾਨੂੰਨਾਂ `ਚ ਮੌਤ ਦੀ ਸਜ਼ਾ ਵੀ ਸੀ ਅਤੇ ਚੋਰ ਦੀ ਸਜ਼ਾ ਚੋਰ ਦੇ ਹੱਥ ਕੱਟਣਾ ਵੀ ਸੀ। ਵਿਚਾਰਣ ਦੀ ਗਲ ਹੈ, ਇਨ੍ਹਾਂ ਚਾਲੀ ਸਾਲਾਂ ਦੇ ਲੰਮੇ ਰਾਜ ਪ੍ਰਬੰਧ `ਚ ਕਿਸੇ ਨੂੰ ਨਾ ਫਾਂਸੀ ਹੋਈ ਅਤੇ ਨਾ ਕਿਸੇ ਚੋਰ ਦੇ ਹਥ ਹੀ ਕੱਟਣੇ ਪਏ। ਰਾਜਸੀ ਤਾਕਤ ਦੀ ਧਾਕ ਇੰਨੀ ਕਿ ਅੰਗ੍ਰੇਜ਼, ਜਿਨ੍ਹਾਂ ਦਾ ਸੂਰਜ ਨਹੀਂ ਸੀ ਡੁੱਬਦਾ; ਸੰਨ ੧੮੦੮ `ਚ ਸੰਸਾਰ ਪੱਧਰ ਤੇ ਉਨ੍ਹਾਂ ਨੂੰ ਵੀ ਇੱਕ ਸੰਧੀ ਕਰਨੀ ਪਈ ਅਤੇ ਉਹ ਵੀ ਮਹਾਰਾਜੇ ਨਾਲ। ਅੰਗ੍ਰੇਜ਼ ਨੂੰ ਵਾਇਦਾ ਦੇਣਾ ਪਿਆ ਕਿ ਉਹ ਮਹਾਰਾਜੇ ਦੇ ਰਾਜ ਵਲ ਨਹੀਂ ਦੇਖੇਗਾ, ਖੈਰ! ਇਹ ਵੱਖਰਾ ਵਿਸ਼ਾ ਹੈ। ਇਥੇ ਇਸਦਾ ਕੇਵਲ ਇੰਨਾ ਹੀ ਸੰਬੰਧ ਹੈ ਕਿ ਸਿੱਖ ਪੰਥ ਜਿਹੜਾ ਪਿਛਲੇ ਚੌਰਾਸੀ ਸਾਲਾਂ ਤੋਂ, ਗੁਰਦੁਆਰਾ ਪੱਧਰ ਤੇ ਬ੍ਰਾਹਮਣੀ `ਤੇ ਵਿਰੋਧੀ ਤਾਕਤਾਂ ਦੀ ਅਣਜਾਣੀ ਗੁਲਾਮੀ `ਚ ਦਬੋਚਿਆ ਪਿਆ ਸੀ, ਹੁਣ ਤੀਕ ਬ੍ਰਾਹਮਣੀ ਸੋਚ `ਤੇ ਰਹਿਨੀ ਪੂਰੀ ਤਰ੍ਹਾਂ ਪੰਥ ਦਾ ਜੀਵਨ ਬਣ ਚੁਕੇ ਸਨ। ਫ਼ਿਰ ਵੀ ਸਿੱਖ ਬਚਿਆ ਸੀ ਤਾਂ ਕੇਵਲ ਸਰੂਪ ਕਾਰਣ, ਵਰਨਾ ਸਿੱਖ ਦੇ ਜੀਵਨ ਵਿਚੋਂ ਸਿੱਖੀ ਪੂਰੀ ਤਰ੍ਹਾਂ ਧੋਤੀ ਜਾ ਚੁਕੀ ਸੀ। ਅਜੇਹੇ ਹਾਲਾਤ `ਚ ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਜਗ੍ਹਾ ਕੋਈ ਦੂਜਾ ਸਿੱਖ ਬਾਦਸ਼ਾਹ ਵੀ ਹੁੰਦਾ ਤਾਂ ਵੀ ਸਿੱਖੀ ਪਖੋਂ ਕੌਮ ਦੀ ਹਾਲਤ ਇਨੀ ਜਾਂ ਇਸਤੋਂ ਵੀ ਵੱਧ ਵੀ ਖਰਾਬ ਹੋ ਸਕਦੀ ਸੀ।
ਅਜੇਹੇ ਨਿਘਰੇ ਹਾਲਾਤ `ਚ ਜੇਕਰ ਸਾਨੂੰ ਖਾਲਸਾ ਰਾਜ ਪ੍ਰਾਪਤ ਹੋਇਆ ਵੀ ਤਾਂ ਵੀ ਉਸਦੀਆਂ ਜੜ੍ਹਾ ਗੁਰੂ ਨਾਨਕ ਦੀ ਸਿੱਖੀ `ਚ ਨਹੀਂ ਬਲਕਿ ਬ੍ਰਾਹਮਣ ਦੇ ਕਰਮਕਾਂਡੀ ਚਿੱਕੜ `ਚ ਪੂਰੀ ਤਰ੍ਹਾਂ ਧੱਸੀਆਂ ਪਈਆਂ ਸਨ। ਇਸੇ ਲਈ ਰਾਜਸੀ ਤਾਕਤ ਨੂੰ ਵਰਤਕੇ ਜਦੋਂ ਸਾਨੂੰ ਸਿੱਖੀ ਫੈਲਾਉਣ ਦਾ ਮੌਕਾ ਬਣਿਆ ਤਾਂ ਅਸਲ `ਚ ਇਹ ਸਿੱਖੀ ਦਾ ਫੈਲਾਅ ਨਹੀਂ ਬਲਕਿ ਸਿੱਖੀ ਦੇ ਨਾਂ ਤੇ ਬ੍ਰਾਹਮਣ ਦੀ ਹੀ ਪਕਿਆਈ ਸੀ। ਪੁਚਲਣ ਹੈ ‘ਜਥਾ ਰਾਜਾ ਤਥਾ ਪਰਜਾ’ ਇਸੇ ਦਾ ਨਤੀਜਾ ਸੀ ਕਿ ਖਾਲਸਾ ਰਾਜ `ਚ ਵੀ ਸਿੱਖੀ ਜੀਵਨ ਰਹਿਣੀ ਨੂੰ ਹੀ ਵੱਧ ਨੁਕਸਾਨ ਪੁਜਾ। ਸੰਨ ੧੮੩੯ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਉਪਰੰਤ ਸੰਨ ੧੮੪੯ ਤੀਕ-ਡੋਗਰਿਆਂ ਦੀ ਗੱਦਾਰੀ ਕਾਰਨ ਖੂਨ ਖਰਾਬੇ, ਸਿੱਖ ਰਾਜ ਦਾ ਖੂਨੀ ਡਰਾਪ ਸੀਨ ਅੰਤ ਪੰਜਾਬ ਉਪਰ ਅੰਗ੍ਰੇਜ਼ਾਂ ਦਾ ਕਬਜ਼ਾ-ਪੰਜਾਬ ਲਈ ਅਤੇ ਖਾਸਕਰ ਸਿੱਖਾਂ ਲਈ ਦਿਲ ਕੰਬਾਊ, ਡਰਾਉਣਾ ਸਮਾਂ ਸੀ। ਇਸ ਸਾਰੇ ਦਾ ਕਾਰਣ ਸੀ ਪੰਥ ਵਿਚੋਂ ਗੁਰਬਾਣੀ ਜੀਵਨ ਦਾ ਮੁੱਕਾ ਹੋਣਾ।
ਇਕ ਝਾਤ, ਸੰਨ ੧੭੧੫ ਤੋਂ ੧੭੯੯ ਉਪਰ- ਕਿਹਾ ਜਾ ਸਕਦਾ ਹੈ, ਉਪ੍ਰੋਕਤ ਚੌਰਾਸੀ ਸਾਲਾਂ ਦੌਰਾਨ ਸਿੱਖਾਂ ਨੇ ਕੁੱਝ ਮਲਾਂ ਵੀ ਮਾਰੀਆਂ ਸਨ। ਪਹਿਲਾ ਸੰਨ ੧੭੧੫ ਤੀਕ ਬਾਬਾ ਬੰਦਾ ਸਿੰਘ ਬਹਾਦੁਰ ਨੇ ਖਾਲਸਾ ਰਾਜ ਕਾਇਮ ਕੀਤਾ। ਸੰਨ ੧੭੪੦ `ਚ ਸਿੱਖਾਂ ਨੇ ਨਵਾਬ ਕਪੂਰ ਸਿੰਘ ਦੀ ਕਮਾਨ `ਚ ਰਾਜਸਤਾ ਪ੍ਰਾਪਤ ਕੀਤੀ। ਫਿਰ ਸੰਨ ੧੭੭੪ `ਚ ਕਪੂਰਥਲਾ ਨੂੰ ਰਾਜਧਾਨੀ ਬਣਾਕੇ ਸ੍ਰ: ਜੱਸਾਸਿੰਘ ਆਹਲੂਵਾਲੀਆ ਨੇ ਸਿੱਖ ਰਾਜ ਕਾਇਮ ਕੀਤਾ ਅਤੇ ਅਪਣਾ ਸਿੱਕਾ ਵੀ ਚਲਾਇਆ। ਦਰਅਸਲ ਸਾਡੀਆਂ ਇਹ ਪ੍ਰਾਪਤੀਆਂ ਹੀ ਸੰਨ ੧੭੯੯ `ਚ ਖਾਲਸਾ ਰਾਜ ਦੀ ਕਾਇਮੀ ਦੀ ਬੁਨਿਆਦ ਸਨ। ਸੱਚਾਈ ਇਹ ਹੈ ਇੰਨੀ ਵੱਡੀ ਬ੍ਰਾਹਮਣੀ ਅਤੇ ਵਿਰੋਧੀ ਰਲਗੱਢ ਤੋਂ ਬਾਦ ਇੰਨੇ ਥੋੜੇ ਸਮੇਂ `ਚ ਸਿੱਖੀ ਜੀਵਨ ਦੀ ਸੰਭਾਲ ਕਰਨਾ ਤਾਂ ਦੂਰ ਇਸ ਵਿਗਾੜ ਨੂੰ ਸਮਝ ਪਾਉਣਾ ਵੀ ਸੌਖੀ ਖੇਡ ਨਹੀਂ ਸੀ। ਫਿਰ ਸਾਡੇ ਇਹ ਰਾਜਪਾਟ ਵੀ ਸੀਮਤ ਸਾਧਨਾ ਕਾਰਣ ਲੰਮੇ ਸਮੇਂ ਦੇ ਨਹੀਂ ਸਨ। ਇਸੇ ਦੌਰਾਨ ਦੋ ਘਲੂਘਾਰੇ ਵੀ ਹੋਏ, ਪਹਿਲਾ ਛੋਟਾ ਘਲੂਘਾਰਾ ਕਾਨੂੰਵਾਲ ਦੀ ਛੰਬ `ਚ ਘਿਰੇ ਖਾਲਸੇ ਦਾ ਜੂਨ ਸੰਨ ੧੭੪੬ ਨੂੰ ਲਗਭਗ ਪੰਜ ਹਜ਼ਾਰ ਖਾਲਸੇ ਦਾ ਕਤਲੇ ਆਮ ਕੀਤਾ ਗਿਆ। ੨੮ ਮਾਘ ਸੰਮਤ ੧੮੧੮ ਭਾਵ ੫ ਫਰਵਰੀ ੧੭੬੨ ਨੂੰ ਅਹਿਮਦਸ਼ਾਹ ਦੁਰਾਨੀ ਨਾਲ ਕੁਪਰਹੀੜੇ (ਰਾਏਪੁਰ ਗੁਜਰਵਾਲ) ਦੇ ਸਥਾਨ ਤੇ ਖਾਲਸੇ ਨਾਲ ਡੱਟਵੀ ਟੱਕਰ ਹੋਈ। ਇਸ ਸਮੇਂ ਇਕੋ ਦਿਨ `ਚ ਲਗਭਗ ੧੫-੨੦ ਹਜ਼ਾਰ ਸਿੰਘ ਸ਼ਹੀਦ ਹੋਏ ਅਤੇ ਦੂਜੇ ਬੰਨੇ ਇੰਨੀਆਂ ਹੀ ਵੈਰੀ ਫੋਜਾਂ ਵੀ। ਇਹ ਉਹ ਭਿਆਨਕ ਸਮਾਂ ਸੀ ਜਦੋਂ ਸਿੱਖ ਕੇਵਲ ਅਪਣੇ ਸਰੂਪ ਦੀ ਰਾਖੀ ਲਈ ਇੰਨੀਆਂ ਮੁਸੀਬਤਾਂ ਝਾਗ ਰਹੇ ਸਨ। ਦੁਸ਼ਮਣ ਤਾਂ ਇਨ੍ਹਾਂ ਦਾ ਖੁਰਾ ਖੋਜ ਮਿਟਾਉਣ ਦੇ ਸੁਪਨੇ ਲੈ ਰਿਹਾ ਸੀ। ਅਜੇਹੇ ਹਾਲਾਤ `ਚ ਸਿੱਖ ਅਪਣੇ ਸਿੱਖੀ ਜੀਵਨ ਦੀ ਸੰਭਾਲ ਤਾਂ ਕਰ ਹੀ ਨਹੀਂ ਸੀ ਸਕਦੇ। ਲਗਾਤਾਰ ਛੇ-ਛੇ ਦਿਨ ਘੋੜਿਆਂ ਦੀਆਂ ਕਾਠੀਆਂ ਤੇ ਰਹਿਨਾ, ਹਰ ਸਮੇਂ ਪਿਛੇ ਉਨ੍ਹਾਂ ਦੇ ਖੂਨ ਦਾ ਪਿਆਸਾ ਵੈਰੀ ਦਲ। ਗੁਰੂ ਦੇ ਓਟ ਆਸਰੇ `ਚ, ਸਿੱਖਾਂ ਨੇ ਫ਼ਿਰ ਵੀ ਦਿਲ ਨਹੀਂ ਹਾਰਿਆ, ਈਨ ਨਹੀਂ ਮੰਨੀ ਅਤੇ ਡੱਟਕੇ ਸਿੱਖੀ ਸਰੂਪ ਦੀ ਰਾਖੀ ਵੀ ਕੀਤੀ।
ਪਤਿੱਤ ਪੁਣੇ ਵਲ ਵਧ ਰਹੇ ਸੱਜਣਾਂ ਦੀ ਸੇਵਾ `ਚ- ਅਜ ਸਿੱਖੀ ਜੀਵਨ ਤੋਂ ਖਾਲੀ ਹੋ ਕੇ ਵੀ ਜਿਹੜਾ ਸਿੱਖੀ ਸਰੂਪ ਅਸੀਂ ਸੰਭਾਲੀ ਬੈਠੇ ਹਾਂ ਅਸਲ `ਚ ਇਹ ਸਾਡੇ ਉਨ੍ਹਾਂ ਬਜ਼ੁਰਗਾਂ ਦੀ ਹੀ ਦੇਣ ਹੈ। ਦੇਸ, ਵਿਦੇਸ਼ਾਂ `ਚ ਵਸਦੇ ਉਨ੍ਹਾਂ ਸਿੱਖਾਂ ਲਈ ਸੋਚਣ ਦਾ ਵਿਸ਼ਾ ਹੈ, ਜਿਹੜੇ ਅਜ ਆਪ ਨਾਈਆਂ ਦੇ ਧੱਕੇ ਖਾਂਦੇ ਤੇ ਪਿਤਾ ਪੁਰਖੀ ਸਰੂਪ ਨੂੰ ਅਪਣੀ ਹਥੀਂ ਤਿਆਗਣ ਤੇ ਤੁਲੇ ਪਏ ਹਨ। ਕਾਸ਼! ਉਨ੍ਹਾਂ ਨੇ ਅਪਣੇ ਗੌਰਵ ਮਈ ਇਤਿਹਾਸ ਤੋਂ ਇਸਦੀ ਕੀਮਤ ਹੀ ਪੁਛ ਲਈ ਹੁੰਦੀ। ਸਿੱਖੀ ਜੀਵਨ ਤਾਂ ਉਨ੍ਹਾਂ ਕੋਲੋਂ ਪਹਿਲਾਂ ਹੀ ਜਾ ਚੁੱਕਾ ਸੀ, ਸਰੂਪ ਦੇ ਚਲੇ ਜਾਣ ਬਾਦ ਤਾਂ ਉਹ ਯਕੀਣਨ ਦੁਨੀਆਂ ਦੀ ਭੀੜ `ਚ ਵੀ ਪੂਰੀ ਤਰ੍ਹਾਂ ਗੁੰਮ ਹੋ ਜਾਣਗੇ। ਉਨ੍ਹਾਂ ਦਾ ਇਹ ਫੋਕਾ ਨਾਰ੍ਹਾ ‘ਸਿੱਖੀ ਮਨ ਦੀ ਹੋਣੀ ਚਾਹੀਦੀ ਹੈ’ ਉਨ੍ਹਾਂ ਦੇ ਪ੍ਰਵਾਰਾਂ ਵਿਚੋਂ ਗੁਰੂ ਨਾਨਕ ਪਾਤਸ਼ਾਹ ਦੀ ਨਿੱਘੀ ਯਾਦ ਨੂੰ ਵੀ ਭੁਲਾ ਦੇਵੇਗਾ। ਜੇ ਅਜੇ ਵੀ ਉਨ੍ਹਾਂ ਅਪਨੇ ਪਿਛੌਕੜ ਵਲ ਝਾਤ ਮਾਰਕੇ ਅਪਣੀ ਪਛਾਣ ਨਾ ਕੀਤੀ ਤਾਂ ਬਹੁਤ ਜਲਦੀ ਉਨ੍ਹਾਂ ਦੀ ਉਲਾਦ ਟੱਲੀਆ ਵਜਾਉਣ `ਤੇ ਬ੍ਰਾਹਮਣ ਦੇ ਪੈਰ ਪੂਜਣ ਲਈ ਵੀ ਮਜਬੂਰ ਹੋ ਜਾਵੇਗੀ।
ਇਸਤੋਂ ਸ਼ਰਮਨਾਕ ਇਹ ਹੈ ਜਦੋਂ ਸਾਡੇ ਹੀ ਭੁਲੱੜ ਸਿੱਖ ਆਪ ਅਪਣੀਆਂ ਮਾਸੂਮ ਪੁੰਘਰਦੀਆਂ ਸਿੱਖੀ ਦੀਆਂ ਕੋਮਲ ਕਲੀਆਂ ਨੂੰ, ਅਪਣੀ ਹਥੀਂ ਨਾਈਆਂ ਦੇ ਲਿਜਾ ਰਹੇ ਹੁੰਦੇ ਹਨ, ਉਹ ਕਲੀਆਂ ਜਿਨ੍ਹਾਂ ਤੀਕ ਸਿੱਖੀ ਦੀ ਅਜੇ ਖੁਸ਼ਬੂ ਵੀ ਨਹੀਂ ਪੁੱਜੀ ਹੁੰਦੀ। ਹੱਥਲਾ ਗੁਰਮਤਿ ਪਾਠ ਕੈਨੇਡਾ ਦੀ ਧਰਤੀ ਤੇ ਬੈਠੇ ਲਿਖਿਆ ਜਾ ਰਿਹਾ ਹੈ, ਇਥੇ ਆਲਮ ਹੈ ਲਗਭਗ ਅਧੀ ਸਿੱਖ ਵਸੋਂ ਅਪਣੇ ਸਰੂਪ ਨੂੰ ਆਪ ਹੀ ਤਿਆਗੀ ਬੈਠੀ ਹੈ, ਜਦਕਿ ਨਾ ਉਨ੍ਹਾਂ ਨੂੰ ਕੋਈ ਮਜਬੂਰੀ ਹੈ ਅਤੇ ਨਾ ਹੀ ਇਸ ਬਾਰੇ ਕੋਈ ਸਰਕਾਰੀ ਦਬਾਅ। ਸੋਚਿਆ ਜਾਵੇ ਤਾਂ ਸਿੱਖਾਂ ਅੰਦਰ ਅਪਣਾ ਸਰੂਪ ਗੁਆਉਣ ਵਾਲੀ ਛੂਤ ਦੀ ਇਹ ਬਿਮਾਰੀ ਇਨ੍ਹਾਂ ਵਿਦੇਸ਼ਾਂ ਦੀ ਉਪਜ ਨਹੀਂ, ਇਹ ਪਲੇਗ, ਸਿੱਖੀ ਦੀ ਜਨਮ ਭੂਮੀ ਪੰਜਾਬ ਤੋਂ ਉਨ੍ਹਾਂ ਦੇ ਨਾਲ ਹੀ ਆ ਰਿਹਾ ਹੈ। ਜੇਕਰ ਸਾਡੇ ਆਗੂ ਸਿਆਣੇ ਹੁੰਦੇ ਤਾਂ ਬਹੁਤ ਕੁੱਝ ਸੰਭਲ ਸਕਦੇ ਸਨ। ਦਰਅਸਲ ਇਹ ਸਾਡੇ ਆਗੂਆਂ ਦੇ ਨਿਜੀ ਕਿਰਦਾਰ ਅਤੇ ਉਨ੍ਹਾਂ ਰਾਹੀਂ ਦਿਨ ਰਾਤ ਪ੍ਰਚਾਰੀ ਜਾ ਰਹੀ ਸੰਨ ੧੭੧੬ ਤੋਂ ਅਜਤੀਕ ਵਾਲੀ ਬ੍ਰਾਹਮਣੀ ਸਿੱਖੀ ਦਾ ਹੀ ਨਤੀਜਾ ਹੈ ਜਿਹੜਾ ਪੰਥ ਭੋਗ ਰਿਹਾ ਹੈ। ਖੂਬੀ ਇਹ ਕਿ ਸਾਡੀ ਇਹ ਹਾਲਤ ਉਥੇ ਹੈ ਜਿਥੇ ਸਾਡੇ ਨੌ ਗੁਰੂ ਸਰੂਪਾਂ ਦਾ ਆਗਮਨ ਹੋਇਆ। ਜਿਥੇ ‘ਸ਼ੋਮ੍ਰਣੀ ਕਮੇਟੀ’ ਬੈਠੀ ਹੈ, ਜਿੱਥੇ ਸਿੱਖ ਧਰਮ ਦੇ ਮੰਨੇ ਜਾ ਰਹੇ ਪੰਜਾਂ ਵਿਚੋਂ ‘ਤਿੰਨ ਤਖਤ’ ਮੌਜੂਦ ਹਨ ਅਤੇ ਉਨ੍ਹਾਂ ਉਪਰ ‘ਪੰਥ ਵਿਚੋਂ ਧੜਾ-ਧੜ ਛੇਕਣ ਵਾਲੇ’ ‘ਸਿੰਘ ਸਾਹਿਬਾਨ’ ਤੇ ‘ਜਥੇਦਾਰ’ ਵੀ ਬਿਰਾਜਮਾਨ ਹਨ। ਫਿਰ ਵੀ ਸਾਨੂੰ ਆਪਣੀਆਂ ਲੀਡਰੀਆਂ `ਤੇ ਜੱਥੇਦਾਰੀਆਂ ਤੇ ਫੱਖਰ ਹੈ ਅਤੇ ਸ਼ਤਾਬਦੀਆਂ ਤੇ ਕੀਰਤਨ ਦਰਬਾਰਾਂ ਦੀਆਂ ਲਾਈਨਾ ਲਾਈ ਬੈਠੇ ਹਾਂ।
ਅਜੌਕੀ ਗਿਰਾਵਟ ਦੀ ਸੀਮਾ ਕਿਥੌਂ ਤੀਕ? - ਅਜ ਹਰੇਕ ਦਰਦੀ ਦਾ ਸੁਆਲ ਹੈ ਕਿ ਪੰਥ ਵਿੱਚ ਅਧੋਗਤੀ ਆਈ ਕਿਵੇਂ? ਹਰੇਕ ਕਰਮਕਾਂਡ ਪੰਥ `ਚ ਦਾਖਿਲ ਹੋ ਚੁਕਾ ਹੈ, ਠੀਕ ਹੋਵੇਗਾ ਵੀ ਕਿਵੇਂ? ਕੋਈ ਇਸਤਰ੍ਹਾਂ ਦੇਖਦਾ ਹੈ ਕਿ ਜਿਵੇਂ ਹਰ ਕਿਸੇ ਧਰਮ ਨੂੰ ਮੰਨਣ ਵਾਲੇ ਅੰਦਰ ਅਪਣੇ ਧਰਮ ਬਾਰੇ ਅਰੁਚੀ ਆਈ ਹੈ। ਇਸੇਤਰ੍ਹਾਂ ਸਿੱਖ ਨੌਜੁਆਨ ਵੀ ਫਿਸਲਿਆ ਪਿਆ ਹੈ। ਉਹ ਵੀ ਹਨ ਜਿਹੜੇ ਇਸਨੂੰ ਪਛਮੀ ਸਭਤਾ ਦਾ ਪ੍ਰਭਾਵ ਦਸਦੇ ਹਨ, ਦੂਜੇ ਇਸਦਾ ਕਾਰਣ ਸਾਇੰਸ ਦੀ ਤਰੱਕੀ ਕਹਿੰਦੇ ਹਨ, ਕੁੱਝ ਟੀਵੀ ਨੂੰ ਦੋਸ਼ ਦੇ ਰਹੇ ਹਨ ਅਤੇ ਕਈ ਕੁੱਝ ਹੋਰ।
ਸਚਾਈ ਇਹ ਹੈ ਕਿ ਬਾਕੀ ਧਰਮਾਂ ਬਾਰੇ ਤਾਂ ਅਸੀਂ ਕੁੱਝ ਨਹੀਂ ਕਹਿੰਦੇ ਪਰ ਸਿੱਖ ਧਰਮ ਉਪਰ ਇਨ੍ਹਾਂ ਵਿਚੋਂ ਇੱਕ ਵੀ ਕਾਰਣ ਲਾਗੂ ਨਹੀਂ ਹੁੰਦਾ। ਸਿੱਖ ਧਰਮ ਗੁਰਬਾਣੀ ਰਾਹੀਂ ਬਖਸ਼ੀ ਜੀਵਨ ਜਾਚ ਹੈ। ਬਾਣੀ ਵਾਲਾ ਜੀਵਨ, ਮਨੁੱਖ ਦੀ ਸੋਚਣੀ ਰਹਿਣੀ ਨੂੰ ਹਲਕਾ ਫੁਲਕਾ `ਤੇ ਨਰੋਆ ਕਰਦਾ ਹੈ। ਇਸ ਰਾਹੀਂ ਜੀਵਨ ਅੰਦਰ ਨਾ ਮੁੱਕਣ ਵਾਲਾ ਇਲਾਹੀ ਸਰੂਰ ਪੈਦਾ ਹੁੰਦਾ ਹੈ, ਜੀਵਨ ਸੁਆਦਲਾ `ਤੇ ਰਸਦਾਇਕ ਬਣਦਾ ਹੈ। ਮਨੁੱਖ ਅੰਦਰੋਂ ਮਾਨਸਕ ਤਨਾਵ ਘਟਦੇ ਹਨ। ਘਰ ਪ੍ਰਵਾਰ, ਸਮਾਜ ਵਿਚਾਲੇ ਪਿਆਰ-ਸਤਿਕਾਰ ਵਧਦਾ ਹੈ। ਅਜੇਹਾ ਇਲਾਹੀ ਧਰਮ, ਕਿਸੇ ਵੀ ਬਾਹਰੀ ਪ੍ਰਭਾਵ ਕਾਰਨ ਭਲਾ ਕਿਉਂ ਢਿੱਲਾ ਹੋਵੇਗਾ? ਸਚਾਈ ਇਹ ਹੈ ਜਦੋਂ ਜਦੋਂ ਮਨੁੱਖ ਅੰਦਰੋਂ ਗੁਰਬਾਣੀ ਗਿਆਨ ਘਟੇਗਾ ਮਨੁੱਖ ਦੀ ਰਹਿਣੀ ਖੋਖਲੀ ਹੋਵੇਗੀ, ਮਨੁੱਖ ਸਿੱਖੀ ਤੋਂ ਬਾਗੀ ਹੋਵੇਗਾ। ਇਸਦੇ ਉਲਟ ਜਦੋਂ ਜਦੋਂ ਗੁਰਬਾਣੀ ਦਾ ਪ੍ਰਸਾਰ, ਉਸਦੇ ਸ਼ੁਧ ਸਰੂਪ `ਚ ਹੋਵੇਗਾ, ਮਨੁੱਖ ਸਿੱਖੀ ਵਲ ਖਿਚਿਆ ਜਾਵੇਗਾ। ਸੰਨ ੧੭੧੫ ਤੋਂ ਅਰੰਭ ਹੋ ਕੇ ਅਜ ਤੀਕ ਜੋ ਸਾਨੂੰ ਇਸ ਪਖੋਂ ਘਾਟ ਆਈ ਹੈ ਉਸਦਾ ਮੁਖ ਕਾਰਨ ਹੀ ਸਿੱਖੀ ਪ੍ਰਚਾਰ-ਪ੍ਰਸਾਰ ਲਗਾਤਾਰ ਵਿਰੋਧੀਆਂ ਕੋਲ ਹੈ ਅਤੇ ਅਜੇ ਵੀ ਕੇਵਲ ਪਹਿਰਾਵਾ ਹੀ ਬਦਲਿਆ ਹੈ।
ਅੰਗ੍ਰੇਜ਼ ਦਾ ਰਾਜ ਅਤੇ ਸਿੱਖ ਪੰਥ-ਸਿੱਖ ਜਿਹੜਾ ਹੁਣ ਤੀਕ ਬਾਣੀ ਜੀਵਨ ਤੋਂ ਪੂਰੀ ਤਰ੍ਹਾਂ ਟੁੱਟ ਚੁਕਾ ਸੀ ਸੰਨ ੧੮੪੯ `ਚ ਪੰਜਾਬ ਉਪਰ ਵੀ ਅੰਗ੍ਰੇਜ਼ਾਂ ਦੀ ਹਕੂਮਤ ਹੋ ਗਈ ਅਤੇ ਇਸਨੇ ਭਰਵਾਂ ਤਾਂਡਵ ਕੀਤਾ, ਇਹ ਤਾਂ ਬਲਦੀ ਤੇ ਤੇਲ ਸਾਬਤ ਹੋਇਆ। ਪੰਜਾਬ ਅਤੇ ਸਿੱਖਾਂ ਨਾਲ ਵਾਹ ਪੈਣ ਤੇ ਦੂਰਅੰਦੇਸ਼ ਅੰਗ੍ਰੇਜ਼ ਨੇ ਚੰਗੀ ਤਰ੍ਹਾਂ ਦੇਖ ਲਿਆ ਕਿ ਸਿੱਖ, ਅਪਣੇ ਗੁਰੂ ਦੇ ਨਾਂ ਤੋਂ ਅਪਣੀਆਂ ਜਾਨਾਂ ਵੀ ਹੂਲ ਸਕਦਾ ਹੈ। ਇਸਦੇ ਜੋਸ਼-ਜਜ਼ਬੇ ਅਤੇ ਗੁਰੂ ਪ੍ਰਤੀ ਇਸਦੀ ਵਫਾਦਾਰੀ ਦਾ ਕੋਈ ਮੁਕਾਬਲਾ ਕਰ ਹੀ ਨਹੀਂ ਸਕਦਾ। ਉਹ ਇਹ ਵੀ ਦੇਖ ਚੁਕਾ ਸੀ ਜੇਕਰ ਇਹ ਬਾਣੀ ਨਾਲ ਜੁੜ ਗਿਆ ਤਾਂ ਇਹ ਸੁੱਤਾ ਸ਼ੇਰ ਅਪਣੀ ਅਸਲੀਅਤ ਨੂੰ ਜਲਦੀ ਛੂਹ ਲਵੇਗਾ। ਭਲਾਈ ਇਸੇ `ਚ ਹੈ, ਇਸਨੂੰ ਵੱਧ ਤੋਂ ਵੱਧ ਪੜ੍ਹਾਈ ਲਿਖਾਈ ਤੋਂ ਦੂਰ ਰਖਿਆ ਜਾਵੇ ਜਿਸਤੋਂ ਇਸ ਨੂੰ ਬਾਣੀ ਜੀਵਨ ਵਲੋਂ ਅਣਜਾਣ ਰਖਕੇ, ਗੁਰੂ ਅਤੇ ਸਿੱਖੀ ਦੇ ਨਾਂ ਉਪਰ ਇਸਦੇ ਜੋਸ਼ ਤੇ ਕੁਰਬਾਣੀ ਵਾਲੀ ਭਾਵਨਾ ਦਾ ਪੂਰਾ ਲਾਭ ਲਿਆ ਜਾਵੇ। ਸਿੱਖ ਇਤਿਹਾਸ `ਚ ਮਚਾਈ ਹੋਈ ਖਲਬਲੀ ਉਸਨੁੰ ਹੋਰ ਵਧ ਰਾਸ ਆਈ ਇਸਨੇ ਇਸ ਪਾਸੇ ਵੀ ਭਰਵਾਂ ਵਾਧਾ ਕੀਤਾ।
ਅੰਗ੍ਰੇਜ਼ਾਂ ਨੇ ਇੱਕ ਪਾਸੇ ਸਿੱਖ ਦੇ ਸਰੂਪ ਦਾ ਸਤਿਕਾਰ ਕਾਇਮ ਕੀਤਾ ਜਿਸਤੋਂ ਆਮ ਸਿੱਖ ਅੰਗ੍ਰੇਜ਼ਾਂ ਨੂੰ ਗੁਰੂਦਰ ਦਾ ਸਤਿਕਾਰ ਕਰਨ ਵਾਲਾ ਮਹਿਸੂਸ ਕਰਨ ਲਗਾ। ਸਿੱਖਾਂ ਨੁੰ ਵਧ ਤੋਂ ਵਧ ਫੋਜ਼ਾਂ `ਚ ਭਰਤੀ ਦਿਤੀ ਅਤੇ ਸਹੂਲਤਾਂ ਦਿਤੀਆਂ, ਹਾਲਾਂਕਿ ਉਪਰਲੀਆਂ ਰੈਂਕਾ ਤੀਕ ਸਿੱਖ ਤਾਂ ਕੀ ਕੋਈ ਵੀ ਭਾਰਤੀ ਨਹੀਂ ਸੀ ਪੁਜਣ ਦਿਤਾ। ਇਹ ਗਲ ਸੰਨ ੧੯੪੭ ਭਾਰਤ ਦੀ ਆਜ਼ਾਦੀ ਤੀਕ ਤੇ ਰਿਕਾਰਡਾਂ ਵਿਚੋਂ ਚੰਗੀ ਤਰ੍ਹਾਂ ਦੇਖੀ ਜਾ ਸਕਦੀ ਹੈ। ਦੂਜਾ ਸਿੱਖ ਰੈਜਮੈਂਟਾਂ ਕਾਇਮ ਕੀਤੀਆਂ ਤੇ ਉਹਨਾਂ ਨੂੰ ਵੱਧ ਚੜ੍ਹ ਕੇ ਸਤਿਕਾਰ ਦਿੱਤਾ ਜਾਣ ਲਗਾ। ਉਹਨਾਂ ਦੇ ਸਰੂਪ-ਸੇਹਤ ਵਲੋਂ ਕਿਸੇ ਤਰ੍ਹਾਂ ਦੀ ਕਸਰ ਨਹੀਂ ਸੀ ਰਖੀ ਜਾਂਦੀ। ਇਸਦੇ ਨਾਲ-ਨਾਲ ਅਜੇਹੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ, ਜਿਥੋਂ ਸਾਬਤ ਕੀਤਾ ਜਾਵੇ ਕਿ ਭਾਰਤ ਉਪਰ ਅੰਗ੍ਰੇਜ਼ਾ ਦਾ ਰਾਜ ਗੁਰੂ ਸਹਿਬ ਦੀ ਹੀ ਭਵਿਖ ਬਾਣੀ ਸੀ। ਮਿਸਾਲ ਵਜੋਂ ਇੱਕ ਸਾਖੀ ਆਮ ਪ੍ਰਚਲਤ ਹੈ ਕਿ ‘ਸ੍ਰੀ ਗੁਰੂ ਤੇਗ ਬਹਾਦੁਰ ਪੱਛਮ ਵਾਲੇ ਪਾਸੇ ਦੇਖ ਰਹੇ ਸਨ, ਸਿੱਖਾਂ ਨੇ ਪੁਛਿਆ ਪਾਤਸ਼ਾਹ ਤੁਸੀਂ ਓਧਰ ਕੀ ਦੇਖ ਰਹੇ ਹੋ ਤਾਂ ਪਾਤਸ਼ਾਹ ਨੇ ਫੁਰਮਾਇਆ ਮੈਂ ਦੇਖ ਰਿਹਾਂ ਕਿ ਇਸ ਪਾਸਿਉਂ ਮੇਰੇ ਟੋਪੀਆਂ ਵਾਲੇ ਸਿੱਖ (ਗੋਰੇ) ਆਉਣਗੇ ਤੇ ਭਾਰਤ ਤੇ ਰਾਜ ਕਰਣਗੇ’ ਇਤਿਆਦਿ। ਸੌ ਸਾਖੀ ਨਾਂ ਦੀ ਅਜੇਹੀ ਰਚਨਾ ਪ੍ਰਚਲਤ ਕੀਤੀ ਜਿਸਨੂੰ ਹਰ ਕੋਈ ਅਪਣੀ ਮਰਜ਼ੀ ਨਾਲ ਢਾਲ ਲੈਂਦਾ ਅਤੇ ਇਸ ਰਚਨਾ ਅੰਦਰ ਦਸਮੇਸ਼ ਜੀ ਰਾਹੀਂ ਭਵਿਖ ਬਾਣੀ ਅਤੇ ਹੋਰ ਲਿਖਿਤਾਂ ਦਸੀਆ ਜਾਂਦੀਆਂ।
ਸਿੱਖਾਂ ਵਿਚੋਂ ਹੀ ਅੰਗ੍ਰੇਜ਼ਾਂ ਦੇ ਮਜਨੂੰ ਪੈਦਾ ਕੀਤੇ ਗਏ। ਉਨ੍ਹਾਂ ਰਾਹੀਂ ਅਜੇਹੀਆਂ ਬਹੁਤ ਸਾਰੀਆਂ ਬਨਾਵਟੀ ਗਲਾਂ ਨੂੰ ਗੁਰੂ ਪਾਤਸ਼ਾਹ ਦੀ ਭਵਿਖ ਬਾਣੀ ਦਸ ਕੇ ਪ੍ਰਚਲਤ ਕੀਤਾ, ਜਿਸਤੋਂ ਸਿੱਖਾਂ ਦੇ ਜੋਸ਼ ਨੂੰ ਹਰ ਤਰੀਕੇ ਗੁਰੂ ਸਾਹਿਬ ਦੇ ਨਾਂ ਤੇ ਵਰਤਿਆ ਜਾ ਸਕੇ। ਸਿੱਖੀ ਸਰੂਪ ਦੀ ਹਰ ਤਰੀਕੇ ਸੰਭਾਲ ਕੀਤੀ, ਫੋਜਾਂ `ਚ ਵੱਧ ਸਤਿਕਾਰ ਦੇ ਕੇ ਉਹਨਾਂ ਦੀ ਵਫਾਦਾਰੀ ਨੂੰ ਅਪਣੇ ਲਈ ਵਰਤਣ ਵਾਸਤੇ ਮੈਦਾਨ ਤਿਆਰ ਕੀਤਾ ਅਤੇ ਵਰਤਿਆ ਵੀ। ਸਿੱਖਾਂ ਦੇ ਇਤਿਹਾਸ, ਰਹਿਣੀ `ਚ ਪਹਿਲਾਂ ਤੋਂ ਚਾਲੂ ਮਿਲਾਵਟ ਵਾਲੀ ਲੜੀ ਨੂੰ ਭਰਵੀਂ ਹਵਾ ਦਿਤੀ ਅਤੇ ਜੋ ਕਸਰ ਬਾਕੀ ਸੀ ਰਜ ਕੇ ਪੂਰੀ ਕਰ ਦਿਤੀ। ਮਨੋਰਥ ਇਕੋ ਸੀ, ਸਿੱਖ ਇਤਿਹਾਸ ਪਖੋਂ ਖੇਰੂ ਖੇਰੂੰ ਰਹਿਣ ਅਤੇ ਕਦੇ ਕਠੇ ਨ ਹੋ ਸਕਣ। ਗੁਰ ਬਿਲਾਸ ਪਾ: ੬, ਗੁਰ ਬਿਲਾਸ ਪਾ: ੧੦ ਤਾਂ ਚਲ ਹੀ ਰਹੀਆਂ ਸਨ, ਇਸ ਸਮੇਂ ਅਖੌਤੀ ‘ਬਚਿਤ੍ਰ ਨਾਟਕ’ ਦਾ ਨਵਾਂ ਰੂਪ ‘ਦਸਮ ਗ੍ਰੰਥ’, ‘ਭਾਈ ਬਾਲੇ ਵਾਲੀ ਜਨਮ ਸਾਖੀ’ ਫ਼ਿਰ ਇਸੇ ਦੇ ਅਧਾਰ ਤੇ ‘ਸੂਰਜ ਪ੍ਰਕਾਸ਼’ ਨਾਲ ਨਾਲ ‘ਪੰਥ ਪ੍ਰਕਾਸ਼’ ਪ੍ਰਗਟ ਹੋਏ ਜਿਨ੍ਹਾ ਬਾਰੇ ਕੁੱਝ ਜ਼ਿਕਰ ਅਗੇ ਚਲਕੇ ਆਵੇਗਾ। ਇਸੇਤਰ੍ਹਾਂ ਅਜੇਹੀਆ ਗਲਾਂ ਪ੍ਰਚਲਤ ਕੀਤੀਆਂ ਜਿਵੇਂ ‘ਸਿੱਖਾਂ ਨੂੰ ਤਾਂ ਪੜ੍ਹਾਈ ਦੀ ਲੋੜ ਹੀ ਨਹੀਂ’, ‘ਬਾਣੀ ਤਾਂ ਹੈ ਹੀ ਅਨੁਭਵ ਦੀ ਚੀਜ਼’ ‘ਸਿੱਖ ਤਾਂ ਜੰਮਦੇ ਹੀ ਸ਼ੇਰ ਹੁੰਦੇ ਹਨ’ ਵਗੈਰਾ, ਵਗੈਰਾ। ਸਪਸ਼ਟ ਹੈ ਅੰਗ੍ਰੁਜ਼ਾਂ ਨੇ ਸਿੱਖਾਂ ਦੇ ਸਰੂਪ ਦੀ ਤਾਂ ਰਾਖੀ ਕੀਤੀ ਪਰ ਉਹਨਾਂ ਦੇ ਜੋਸ਼ `ਤੇ ਤਾਕਤ ਨੁੰ ‘ਗੁਰੂ ਦਾ ਹੁਕਮ’ `ਤੇ ‘ਗੁਰੂ ਦੀ ਸੇਵਾ’ ਦੇ ਨਾਂ ਤੇ ਅਪਣੇ ਰਾਜ ਪਾਟ ਦੇ ਫੈਲਾਅ ਲਈ ਰਜਕੇ ਵਰਤਿਆਂ। ਫੌਜੀ ਭਰਤੀ ਵਾਸਤੇ ਪਾਹੁਲਧਾਰੀ ਹੋਣਾ ਜ਼ਰੂਰੀ ਸੀ ਭਾਵੇਂ ਕਿ ਪਾਹੁਲ ਸਮਾਗਮ ਸਮੇਂ ਵੀ ‘ਪੰਜ ਪਿਆਰਿਆਂ ਰਸਤੇ ਅੰਗ੍ਰੇਜ਼ ਰਾਜ ਦੀ ਹੀ ਵਫ਼ਾਦਾਰੀ ਲਈ ਪ੍ਰਣ ਹੁੰਦੇ ਸਨ। ਇਸਦੇ ਨਾਲ ਇਸ ਪਾਸਿਓ ਵੀ ਪੂਰਾ ਧਿਆਨ ਕੀਤਾ ਕਿ ਸਿੱਖ ਪੜ੍ਹਾਈ ਦੀ ਲੋੜ ਹੀ ਮਹਿਸੂਸ ਨ ਕਰਨ ਅਤੇ ਇਹਨਾਂ `ਚ ਵੱਧ ਤੋਂ ਵੱਧ ਅਨਪੜ੍ਹਤਾ ਫੈਲਾਈ ਜਾਵੇ “ਸਾਰਾ ਜ਼ੋਰ ਇਸੇ ਗਲ ਤੇ ਸੀ ਬਾਣੀ ਦਾ ਸਤਿਕਾਰ ਮੂਰਤੀ ਵਾਂਙ ਹੀ ਹੋਵੇ ਅਤੇ ਗੁਰੂ ਦੇ ਨਾਂ ਤੇ ਸਿੱਖੀ ਜੋਸ਼ ਦੀ ਵੱਧ ਤੋਂ ਵੱਧ ਵਰਤੋਂ ਉਹ ਆਪ ਕਰਣ। ਅਸਲ ਵਿੱਚ ਹੁਣ ਤੀਕ ਜੋ ਕੁੱਝ ਬ੍ਰਾਹਮਣ ਅਤੇ ਵਿਰੋਧੀ ਤਾਕਤਾਂ ਨੇ ਗੁਰਦੁਆਰਿਆਂ ਤੇ ਕਬਜ਼ੇ ਕਰਨ ਤੋਂ ਬਾਦ ਕੀਤਾ ਸੀ, ਅੰਗ੍ਰਜ਼ਾਂ ਦੀ ਇਹ ਨਵੀਂ ਖੇਡ ਸਿੱਖਾਂ ਲਈ ਉਸਤੋਂ ਵੀ ਵੱਧ ਖਤਰਨਾਕ ਤੇ ਸਿੱਖ ਧਰਮ ਉਪਰ ਵਾਰ ਦੇ ਨਾਲ ਹੀ ਇੱਕ ਹੋਰ ਵੱਡਾ ਵਾਰ ਸੀ, ਜਿਸਨੂੰ ਸਿੱਖ ਦਬਾ-ਦਬ ਅੰਮ੍ਰਿਤ ਸਮਝ ਪੀਂਦਾ ਗਿਆ।
ਬਦ ਤੋਂ ਬਦਤਰ, ਪਰ ਸੰਭਾਲ ਦੇ ਵੀ ਜਤਨ- ਇਸ ਗਲ ਦਾ ਤਾਂ ਅਸੀਂ ਭਲੀ ਭਾਂਤ ਅੰਦਾਜ਼ਾ ਲਗਾ ਚੁੱਕੇ ਹਾਂ ਕਿ ਖਾਲਸਾ ਰਾਜ ਦੀ ਪ੍ਰਾਪਤੀ, ਸਿੱਖੀ ਜੀਵਨ ਪਖੋਂ ਸਾਡੀ ਹੋਰ ਤੱਬਾਹੀ ਦਾ ਕਾਰਣ ਬਣੀ। ਬਲਕਿ ਬ੍ਰਾਹਮਣੀ ਅਤੇ ਅਨਮਤੀ ਖੂਹ `ਚ ਅਸੀਂ ਇੰਨੀ ਗਹਿਰਾਈ ਤੀਕ ਧੱਸ ਗਏ ਕਿ ਜਿੱਥੋਂ ਗੁਰਬਾਣੀ ਦੇ ਰੱਸੇ ਤੋਂ ਬਿਨਾਂ ਨਿਕਲਣਾ, ਕਿਸੇ ਤਰ੍ਹਾਂ ਵੀ ਸੰਭਵ ਨਹੀਂ ਸੀ, ਪਰ ਇਹ ਰਸਾ ਤਾਂ ਸਾਨੂੰ ਅਜਤੀਖ ਨਸੀਬ ਨਹੀਂ ਹੋਇਆ। ਸਿੱਖੀ ਜੀਵਨ ਪਖੋਂ ਸਾਡੀ ਹਾਲਤ ਦਿਨੋਦਿਨ ਬੱਦ ਤੋਂ ਬੱਦਤਰ ਹੁੰਦੀ ਗਈ। ਫ਼ਿਰ ਵੀ ਕਿਧਰੇ ਕਿਧਰੇ ਸਿੱਖੀ ਦਰਦ ਦੀਆਂ ਕਿਰਣਾ ਅਤੇ ਚਿੰਣਗਾਰੀਆਂ ਸੁਲਘ ਰਹੀਆਂ ਸਨ। ਸੰਨ ੧੮੪੦ ਤੋਂ ੧੮੪੯ ਜਿਥੇ ਇੱਕ ਪਾਸੇ ਸਿੱਖ ਰਾਜ ਦਾ ਪਤਨ ਅਤੇ ਅੰਗ੍ਰੇਜ਼ਾਂ ਨਾਲ ਜੰਗ ਅਰੰਭ ਹੋ ਚੁਕੇ ਸਨ ਦੂਜੇ ਪਾਸੇ ਨਾਲ ਹੀ ਸੰਨ ੧੮੪੫ ਤੋਂ ੧੮੭੩ ਦਾ ਉਹ ਸਮਾਂ ਹੈ ਜਦੋਂ ਸਿੱਖਾਂ ਵਿੱਚ ਜਾਗ੍ਰਤੀ ਲਹਿਰ ਪਣਪੀ ਅਤੇ ਇਸ ਦਾ ਨਤੀਜਾ ਸਨ ਉਸ ਸਮੇਂ ਦੀ ਨਿਰੋਲ ਸਿੱਖੀ ਸੰਭਾਲ ਲਈ ਨਾਮਧਾਰੀ, ਨਿਰੰਕਾਰੀ ਲਹਿਰ ਅੰਤ ਸਿੰਘ ਸਭਾ ਲਹਿਰ। ਅਕਾਲਪੁਰਖੁ ਨੇ ਖੇਡ ਵਰਤੀ ਬਾਬਾ ਮਹਾਰਾਜ ਸਿੰਘ ਵਰਗੇ ਮਹਾਪੁਰਸ਼ ਵੀ ਨਿੱਤਰੇ। ਬਾਬਾ ਰਾਮ ਸਿੰਘ ਦੀ ਅਗਵਾਹੀ `ਚ ਨਾਮਧਾਰੀ ਲਹਿਰ ਨੇ ਜਨਮ ਲਿਆ। ਇਸੇਤਰ੍ਹਾਂ ਰਾਵਲਪਿੰਡੀ ਤੋਂ ਭਾਈ ਦਇਆਲ ਜੀ ਦੀ ਅਗਵਾਹੀ `ਚ ਨਿਰੰਕਾਰੀ ਲਹਿਰ ਦੇ ਰੂਪ `ਚ ਕੌਮ ਮੈਦਾਨ `ਚ ਨਿੱਤਰੀ। ਇਹ ਦੋਵੇਂ ਲਹਿਰਾਂ ਲਗਭਗ ੧੦-੧੨ ਸਾਲ ਦੇ ਅੰਤਰ ਨਾਲ ਅਗੇ ਪਿੱਛੇ ਉਭਰੀਆਂ, ਨਿਰੰਕਾਰੀ ਲਹਿਰ ਤੇ ਫਿਰ ਨਾਮਧਾਰੀ ਲਹਿਰ। ਇਨ੍ਹਾਂ ਦੋਨਾਂ ਲਹਿਰਾਂ ਰਾਹੀਂ ਪੰਥਕ ਸੰਭਾਲ ਲਈ ਕੀਤੇ ਜੱਤਨਾਂ ਕਾਰਣ ਪੰਥ `ਚ ਮੁੜ ਤੋਂ ਜਾਗ੍ਰਤੀ ਆਈ। ਸਿੱਖਾਂ ਵਿਚਕਾਰ ‘ਅਨੰਦ ਮੈਰਿਜ ਐਕਟ’ ਜਿਹੜਾ ਅੰਤ ਸੰਨ ੧੯੧੦ `ਚ ਬੇਅੰਤ ਕੁਰਬਾਨੀਆਂ ਬਾਦ ਕਾਨੂੰਨ ਬਣਕੇ ਸੰਸਾਰ ਸਾਹਮਣੇ ਆਇਆ। ਇਹ ਉਸ ਸਮੇਂ ਦੀ ਨਿਰੰਕਾਰੀ ਲਹਿਰ ਦੀ ਹੀ ਵੱਡੀ ਦੇਣ ਸੀ।
ਗੁਮਰਾਹਕੁਣ ਲਿਖਤਾਂ, ਗੁਰੂਡੰਮਾਂ ਦਾ ਜ਼ੋਰ `ਤੇ ਪੰਥ-ਸੰਨ ੧੮੮੨ ਵਿੱਚ ਨਾਮਧਾਰੀ ਬਾਬਾ ਰਾਮ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਕਾਲੇ ਪਾਣੀ ਲਈ ਰੰਗੂਨ ਭੇਜ ਦਿੱਤਾ ਗਿਆ। ਬਾਬਾ ਰਾਮ ਸਿੰਘ, ਅੰਤ ਸਮੇਂ ਤੀਕ ‘ਗੁਰੂ ਗ੍ਰੰਥ ਸਾਹਿਬ ਦੀ ਹੀ ਤਾਬਿਆ ਸਨ ਅਤੇ ਰੰਗੂਨ ਵਿਖੇ ਹੀ ਸੰਨ ੧੭੮੫ `ਚ ਗੁਰਪੁਰੀ ਸਿਧਾਰ ਗਏ। ਬਾਬਾ ਦਿਆਲ ਜੀ ਤੋਂ ਬਾਦ ਨਿਰੰਕਾਰੀ ਲਹਿਰ ਬਾਬਾ ਰੱਤਾ ਜੀ ਦੀ ਸੰਭਾਲ `ਚ ਅਗੇ ਵਧੀ। ਉਹ ਅਸਲੀ ਨਿਰੰਕਾਰੀ ਲਹਿਰ ਅਜੇ ਵੀ ਕਾਇਮ ਹੈ ਅਤੇ ਬਾਬਾ ਮਾਨ ਸਿੰਘ ਨਿਰੰਕਾਰੀ ਚੰਡੀਗੜ੍ਹ ਵਿਖੇ ਇਸਦੀ ਜ਼ਿਮੇਵਾਰੀ ਨਿਭਾ ਰਹੇ ਹਨ। ਉਂਝ ਬਾਬਾ ਰੱਤਾ ਜੀ ਸਮੇਂ ਹੀ ਇਸੇ ‘ਨਿਰੰਕਾਰੀ ਲਹਿਰ’ ਦੇ ਨਾਂ ਨੂੰ ਵਰਤਕੇ ਉਸ ਉਪਰ ਇੱਕ ਵਿੱਭਚਾਰੀ ਬੂਟਾ ਸਿੰਘ ਉਪਰੰਤ ਅਵਤਾਰ ਸਿੰਘ ਕਾਬਿਜ਼ ਹੋ ਗਿਆ ਅਤੇ ਇਹ ਅਸਲੀ ਤੋਂ ਨਕਲੀ ਨਿਰੰਕਾਰੀ ਲਹਿਰ ਹੋ ਗਈ। ਦੂਜੇ ਪਾਸੇ ਬਾਬਾ ਰਾਮ ਸਿੰਘ ਜੀ ਤੋਂ ਬਾਦ, ਕੁੱਝ ਮੌਕਾ ਪ੍ਰਸਤ ਨਾਮਧਾਰੀ ਲਹਿਰ ਉਪਰ ਵੀ ਛਾ ਗਏ ਅਤੇ ਇਸਤਰ੍ਹਾਂ ਦੋਵੇਂ ਸਿੱਖ ਲਹਿਰਾਂ ਗੁਰੂਡੰਮ ਦਾ ਸ਼ਿਕਾਰ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦੁਰ ਜਿਨ੍ਹਾਂ ਨੇ ਅਪਣੇ ਖੂਨ ਦਾ ਆਖਰੀ ਕੱਤਰਾ ਵੀ ਸਿੱਖੀ ਸਿੱਦਕ `ਚ ਗੁਰੂ ਚਰਣਾਂ ਤੋਂ ਨਿਛਾਵਰ ਕੀਤਾ ਸੀ, ਉਨ੍ਹਾਂ ਨੂੰ ਬਦਨਾਮ ਕਰਨ ਲਈ ਅਜੇਹੀਆਂ ਲਿਖਿਤਾਂ ਦੀ ਭਰਮਾਰ ਸੀ ਕਿ ‘ਬਾਬਾ ਜੀ ‘ਗੁਰੂ’ ਬਣ ਬੈਠੇ ਹਨ’। ਮਾਤਾ ਸੁੰਦਰ ਕੌਰ ਦੇ ਪਾਲਤੂ ਪੁੱਤਰ ਅਜੀਤ ਸਿੰਘ, ਜਿਸਨੂੰ ਪੰਥ ਨੇ ਅਜ ਤੀਕ ਪੰਥ ਨੇ ਪ੍ਰਵਾਣ ਨਹੀਂ ਕੀਤਾ, ਉਸਦਾ ਵੀ ‘ਗੁਰੂ ਹੋਣਾ’ ਮਸ਼ਹੂਰ ਕੀਤਾ ਗਿਆ।
ਅਜੇਹੇ ਹਾਲਾਤ `ਚ ਪੰਥ ਅੰਦਰ ਹਰ ਪਖੋਂ ਦਿਨ-ਰਾਤ ਸਵੈ-ਵਿਰੋਧੀ ਲਿਖਤਾਂ ਦਾ ਤੁਫ਼ਾਨ ਆਇਆ ਪਿਆ ਸੀ। ਗੁਰੂਡੰਮਾਂ ਦਾ ਤਾਂ ਸਾਰਾ ਜ਼ੋਰ ਹੀ ਇਹੀ ਸਾਬਤ ਕਰਨਾ ਸੀ ਕਿ ਗੁਰੂ ‘ਗੁਰੂ ਗ੍ਰੰਥ’ ਨਹੀਂ, ਗੁਰੂ ਅਸੀਂ ਹਾਂ। ਸਾਰੀਆਂ ਵਿਰੋਧੀ ਤਾਕਤਾਂ ਦਾ ਜ਼ੋਰ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਅਜ਼ਮਤ ਬਾਰੇ ਭੁਲੇਖੇ ਪੈਦਾ ਕਰਕੇ ਪੰਥ ਨੂੰ ਖੇਰੂੰ ਖੇਰੂੰ ਕਰਨਾ ਹੀ ਸੀ। ਬਾਣੀ ਦੀ ਸਟੱਡੀ ਕਰੋ ਪਤਾ ਲਗ ਜਾਵੇਗਾ ਕਿ ਪੰਥ ਅੰਦਰ ਬਾਣੀ ਗੁਰੂ ਦਾ ਸਿਧਾਂਤ ਪਹਿਲੇ ਜਾਮੇ ਤੋਂ ਹੀ ਸੀ। ਨਾਦੇੜ, ੬ ਅਕਤੂਬਰ ਸੰਨ ੧੭੦੮ ਵਾਲੀ ਇਤਿਹਾਸਕ ਘਟਣਾ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ ‘ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰਗੱਦੀ ਸੋਂਪਣਾ ਸੀ। ਇਸ ਦਾ ਮੱਕਸਦ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਉਪਰ ਸੰਪੂਰਣਤਾ ਦੀ ਮੋਹਰ ਲਾਉਣਾ ਅਤੇ ਨਾਲ ਹੀ ਪੰਜ ਪਿਆਰਿਆਂ ਦਾ ਬਾਣੀ ਦੀ ਤਾਬਿਆ ਰਹਿਕੇ ਪੰਥਕ ਜੁਗਤ ਵਰਤਾਉਣ ਦਾ ਆਦੇਸ਼ ਸੀ। ਵੇਰਵਾ ਗੁਰਮੱਤ ਪਾਠ ਨੰ: ੬੩, ੬੭, ੭੫ ‘ਵਿਸਾਖੀ ੧੪੬੯’ ‘ਲੇਖਾ ਜੋਖਾ ਤਿੰਨ ਸੌ ਸਾਲਾ’ ‘ਦਸਮੇਸ਼ ਪਿਤਾ ਅਤੇ ਇਤਿਹਾਸ `ਚ ਰਲ-ਗੱਡ’ `ਚ ਸੰਗਤਾਂ ਲਈ ਭੇਟ ਕਰ ਚੁਕੇ ਹਾਂ, ਸੰਗਤਾਂ ਇਨ੍ਹਾਂ ਦਾ ਲਾਭ ਲੈ ਸਕਦੀਆਂ ਹਨ। ਇਸ ਬਾਰੇ ਇਹ ਭੁਲੇਖੇ ਵੀ ਪੈਦਾ ਕੀਤੇ ਗਏ ਕਿ ਦਸਮੇਸ਼ ਪਿਤਾ ਚਿੱਤਾ ਵਿਚੋਂ ਸਰੀਰ ਸਹਿਤ ਅਲੋਪ ਹੋ ਗਏ ਸਨ, ਇਹ ਸ਼ੁੱਤਰੀ ਨਾਮਧਾਰੀ ਦਰਬਾਰ ਦੀ ਸੀ। ਇੱਕ ਵਾਰੀ ਅਪਣੇ ਅਸਲੇ ਤੋਂ ਖੁੰਝ ਕੇ ਨਾਮਧਾਰੀ ਅਜ ਤੀਕ ਇਸ ਪੁੱਠੀ ਖੇਡ `ਚੋਂ ਉਭਰ ਹੀ ਨਹੀ ਸਕੇ। ਇਸਦਾ ਵੱਡਾ ਨੁਕਸਾਨ ਖੁੱਦ ਨਾਮਧਾਰੀ ਦਰਬਾਰ ਨੂੰ ਹੋਇਆ ਕਿ ਪੂਰੇ ਪੰਥ ਨੂੰ ਇਨ੍ਹਾਂ ਉਪਰ ਜਿਹੜਾ ਮਾਣ ਸੀ, ਗੁਰਡੰਮ ਦੇ ਚਿੱਕੜ ਵਿੱਚ ਫਸ ਕੇ, ਪੰਥ ਦਾ ਇੱਕ ਅੰਗ ਹੀ ਰਹਿ ਗਏ।
ਸਮੂਚੇ ਪੰਥ ਨੂੰ ਵੀ ਵੱਡਾ ਨੁਕਸਾਨ ਇਹ ਹੋਇਆ ਕਿ ਨਾਮਧਾਰੀਆਂ ਨੇ ਬਾਬਾ ਰਾਮ ਸਿੰਘ ਨੂੰ ਬਾਰ੍ਹਵਾਂ ਗੁਰੂ ਸਾਬਤ ਕਰਨ ਲਈ, ਤਾਰੀਖਾਂ ਸੰਨ ਦੇ ਵਾਧੇ ਘਾਟੇ ਲਾ ਕੇ ਕਈ ਉਲਟ ਪੁਲਟ ਲਿਖਿਤਾ ਪੰਥ ਅੰਦਰ ਭਰ ਦਿਤੀਆਂ। ਇਨ੍ਹਾਂ ਲਿਖ਼ਤਾਂ ਦਾ ਮੱਕਸਦ ਸਾਬਤ ਕਰਨਾ ਸੀ (੧) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਹੀਂ। (੨) ਦਸਮੇਸ਼ ਪਿਤਾ ਜੋਤੀ ਜੋਤ ਨਹੀਂ ਸਮਾਏ ਬਲਕਿ ਸਰੀਰ ਸਹਿਤ ਅਲੋਪ ਹੋਏ। (੩) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਨਹੀਂ। (੪) ਸੰਨ ੧੬੯੯ ਦੀ ਵਿਸਾਖੀ ਨੂੰ ਪੰਜ ਪਿਆਰਿਆਂ ਦੇ ਰੂਪ `ਚ ਪੰਥ ਪ੍ਰਗਟ ਨਹੀਂ ਕੀਤਾ ਆਦਿ। ਜਿਨ੍ਹਾਂ ਸਿੱਖ ਸੰਗਤਾਂ `ਚ ਬਾਣੀ ਤੋਂ ਫਾਸਲਾ ਪੈਦਾ ਕਰਨ ਵਾਸਤੇ ਸੰਨ ੧੭੧੬ ਤੋਂ ਵਿਰੋਧੀ ਖੈਮਾ ਸਰਗਰਮ ਸੀ, ਉਥੇ ਗੁਰਡਮਾਂ ਵਾਲੀ ਇਹ ਇੱਕ ਹੋਰ ਹਨੇਰੀ ਝੁਲ ਗਈ। ਪਾਤਸ਼ਾਹ ਬਖਸ਼ਿਸ਼ ਕਰਣ ਪੰਥ ਦੇ ਇਨ੍ਹਾਂ ਅੰਗਾਂ ਨੂੰ ਸਮ੍ਰਥਾ ਬਖਸ਼ਣ ਤਾਕਿ ਇਹ ਫਿਰ ਤੋਂ ਪੰਥ ਸੰਬੰਧੀ ਅਪਣੀ ਜ਼ਿਮੇਵਾਰੀ ਨੂੰ ਗੁਰੂ ਆਸ਼ੇ ਅਨੁਸਾਰ ਸੰਭਾਲ ਸਕਣ। ਇਸ `ਚ ਇਨ੍ਹਾਂ ਦਾ ਵੀ ਲਾਭ ਹੈ ਅਤੇ ਸਮੂਚੇ ਪੰਥ ਦਾ ਵੀ।
ਇਸੇ ਦੋਹਰਾਨ ਅਨੇਕਾਂ ਅਜੇਹੀਆਂ ਬੇਸਿਰਪੈਰ ਲਿਖਤਾਂ ਪ੍ਰਚਲਤ ਕੀਤੀਆਂ ਜਿਨ੍ਹਾਂ ਦਾ ਮੱਕਸਦ ਸਿੱਖ ਵਿਚਾਰਧਾਰਾ, ਗੁਰਮਤਿ ਰਹਿਣੀ, ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਤੱਬਾਹ ਕਰਨਾ ਸੀ। ਜਿਨਾਂ ਵਿਚੋਂ ਬਚਿਤ੍ਰ ਨਾਟਕ ਦਾ ਉਭਰਿਆ ਰੂਪ ਮੌਜੂਦਾ ‘ਦਸਮ ਗ੍ਰੰਥ’ ਇਸਤੋਂ ਇਲਾਵਾ ‘ਭਾਈ ਬਾਲੇ ਵਾਲੀ ਜਨਮ ਸਾਖੀ’ ਜਿਸਦੇ ਅਸਲ ਲਿਖਾਰੀ ਹਨ ਹਿੰਦਵਾਲੀਏ ਜਿਨ੍ਹਾਂ ਦਾ ਮੱਕਸਦ ਹੀ ਅਪਣੇ ਆਪ ਨੂੰ ਵੱਡਾ ਅਤੇ ਗੁਰੂ ਪਾਤਸ਼ਾਹ ਨੂੰ ਛੋਟਾ ਦਸਨਾ ਹੈ ਇਨ੍ਹਾਂ ਨੇ ਸਿੱਖ ਇਤਿਹਾਸ `ਚ ਇੱਕ ਨਵਾਂ ਕਿਰਦਾਰ ਜੋੜ ਦਿੱਤਾ ਜਿਸਦਾ ਨਾਂ ਰਖਿਆ ‘ਭਾਈ ਬਾਲਾ’ ਜੋਕਿ ਕਦੇ ਹੋਇਆ ਹੀ ਨਹੀਂ। ਇਸਤੋਂ ਬਾਦ ਇਸੇ ਬਾਲੇ ਵਾਲੀ ਜਨਮ ਸਾਖੀ ਨੂੰ ਆਧਾਰ ਬਣਾਕੇ ਕਵੀ ਸੰਤੋਖ ਸਿੰਘ ਨੇ ਲਿਖਿਆ ‘ਸੂਰਜ ਪ੍ਰਕਾਸ਼’। ਗੁਰਬਾਣੀ ਸਕਾਲਰਾਂ ਲਈ ਇਹ ‘ਸੂਰਜ ਪ੍ਰਕਾਸ਼’ ਅਤੇ ਇਸੇਤਰ੍ਹਾਂ ਭਾਈ ਗਿਆਨ ਸਿੰਘ ਜੀ ਦਾ ‘ਪੰਥ ਪ੍ਰਕਾਸ਼’ ਸਿੱਖ ਇਤਿਹਾਸ ਦੀ ਖੋਜ ਲਈ ਜ਼ਰੂਰੀ ਰਚਨਾਵਾਂ ਹਨ ਪਰ ਹਰੇਕ ਗੁਰਦੁਆਰੇ `ਚ ਹੋ ਰਹੀ ਇਸ ‘ਸੂਰਜ ਪ੍ਰਕਾਸ਼’ ਦੀ ਕਥਾ ਸਿੱਖਾਂ ਨੂੰ ਬ੍ਰਹਮਣੀ ਕਰਮਕਾਂਡਾਂ `ਚ ਉਲਝਾਉਣ ਦਾ ਬਹੁਤ ਵਡਾ ਕਾਰਣ ਹੈ। ਇਸੇਤਰ੍ਹਾਂ ਗੁਰ ਬਿਲਾਸ ਪਾ: ੬ ਅਤੇ ਗੁਰ ਬਿਲਾਸ ਪਾ: ੧੦ ਨਿਰੋਲ ਬ੍ਰਾਹਮਣੀ ਅਤੇ ਸਿੱਖ ਵਿਰੋਧੀ ਰਚਨਾਵਾਂ ਬ੍ਰਾਹਮਣੀ ਜੁੱਗ ਦੀ ਹੀ ਉਪਜ ਸਨ। ਗੁਰਬਿਲਾਸ ਪਾ: ੬ ਨੂੰ ਤਾਂ ਲਗਾਤਾਰ ਦੋ ਸੌ ਸਾਲ ਰੋਜ਼ਾਨਾ ਗੁਰਦੁਆਰਿਆਂ `ਚ ਕੱਥਾ ਦਾ ਮਾਧਮ ਬਣਾ ਕੇ ਵਰਤਿਆ ਗਿਆ, ਜਿਸਤਰ੍ਹਾ ਅਜਕਲ ‘ਸੂਰਜ ਪ੍ਰਕਾਸ਼’ ਦੀ ਕੱਥਾ ਹੋ ਰਹੀ ਹੈ। ਇਹ ਅਤੇ ਅਜੇਹੇ ਹੋਰ ਬਹੁਤੇਰੇ ਤਾਬੜ ਤੋੜ ਹਮਲੇ ਸਿੱਖੀ ਜੀਵਨ-ਜਾਚ ਵਿਰੁਧ ਅਜ ਤੀਕ ਲਗਾਤਾਰ ਜਾਰੀ ਹਨ ਪਰ ਇਨ੍ਹਾਂ ਦਾ ਬਹੁਤਾ ਕਰਕੇ ਅਰੰਭ ਸੰਨ ੧੭੧੫ ਤੋਂ ਹੀ ਹੈ।
ਸਿੱਖਾਂ `ਚ ਅਣਪੜ੍ਹਤਾ ਦਾ ਬੋਲਬਾਲਾ- ਜਿਸ ਸਿੱਖ ਦਾ ਜੀਵਨ ਹੀ ਗੁਰਬਾਣੀ ਸੋਝੀ ਤੋਂ ਸ਼ੁਰੂ ਹੁੰਦਾ ਹੈ ਸੰਨ ੧੭੧੫ ਤੋਂ ਅਰੰਭ ਹੋਕੇ ਪਹਿਲਾਂ ਉਸ ਸਮੇਂ ਦੀਆਂ ਸਿੱਖ ਵਿਰੋਧੀ ਤਾਕਤਾਂ ਵਲੋਂ ਪੂਰਾ ਜ਼ੋਰ ਸੀ ਸਿੱਖ ਨੂੰ ਬਾਣੀ ਸੋਝੀ ਤੋਂ ਦੁਰੇਡੇ ਰਖਿਆ ਜਾਵੇ। ਉਪਰੰਤ ਅੰਗ੍ਰੇਜ਼ਾਂ ਨੇ ਤਾਂ ਸਿੱਖਾਂ ਨੂੰ ਬਾਣੀ ਦੇ ਨਾਲ ਨਾਲ ਪੜ੍ਹਾਈ ਤੋਂ ਵੀ ਦੂਰ ਰਖਣ ਦੇ ਬੇਅੰਤ ਹਥਕੰਡੇ ਵਰਤੇ ਜ਼ਿਕਰ ਆ ਚੁਕਾ ਹੈ। ਉਸੇ ਲੰਮੀ ਤੇ ਵਿਰੋਧੀ ਖੇਡ ਦਾ ਨਤੀਜਾ ਹੈ ਕਿ ਭਾਰਤ ਦੀ ਆਜ਼ਾਦੀ ਤੋਂ ਬਾਦ ਅਜ ਤੀਕ ਵੀ ਸਿੱਖ ਅੰਦਰ ਪੜ੍ਹਾਈ ਦਾ ਉੱਦਮ ਹੀ ਪੈਦਾ ਨਹੀਂ ਹੋ ਸਕਿਆ। ਇਸੇ ਕਰਕੇ ਆਜ਼ਾਦੀ ਦੀ ਅਧੀ ਸਦੀ ਤੋਂ ਬਾਦ ਵੀ
IAS ਅਤੇ IFS ਵਰਗੀਆਂ ਉਚ ਡਿਗਰੀਆਂ ਤੋਂ ਸਿੱਖ ਪਛੜਿਆ ਪਿਆ ਹੈ ਅਤੇ ਵੱਡੇ ਔਹਦਿਆਂ ਤੇ ਵੀ ਸਿੱਖ ਘੱਟ ਹੀ ਪੁਜ ਰਹੇ ਹਨ। ਇਸਤੋਂ ਬਾਦ ਜੇਕਰ ਕੁੱਝ ਪੜ੍ਹਾਈ ਦਾ ਉਦਮ ਬਣਦਾ ਵੀ ਹੈ ਤਾਂ ਉਨ੍ਹਾ ਦੀ ਸੋਚ ਵੀ ਬਾਣੀ ਦੀ ਪੜ੍ਹਾਈ ਵਲ ਜਾਂਦੀ ਹੀ ਨਹੀਂ, ਜਿਥੋਂ ਕਿ ਉਨ੍ਹਾਂ ਨੇ ਅਪਣੇ ਸਿੱਖੀ ਜੀਵਨ ਵਾਸਤੇ ਸੇਧ ਲੈਣੀ ਹੈ। ਨਤੀਜਾ ਹੁੰਦਾ ਹੈ ਕਿ ਸਕੂਲੀ ਵਿਦਿਆ ਲੈ ਕੇ ਵੀ ਜੇਕਰ ਸਿੱਖ ਸੰਸਾਰਕ ਤੋਰ ਤੇ ਕੁੱਝ ਅਗੇ ਵਧਦਾ ਹੈ ਤਾਂ ਵੀ ਉਸ ਅੰਦਰ ਗੁਰੂ ਦੀ ਗਲ ਨਹੀਂ ਆਉਂਦੀ। ਇਸ ਹਾਲਤ `ਚ ਜੇਕਰ ਸਿੱਖੀ ਸਰੂਪ `ਚ ਬਚਿਆ ਵੀ ਰਹਿ ਜਾਂਦਾ ਹੈ ਤਾਂ ਸਿੱਖੀ ਬਾਰੇ ਸੋਝੀ, ਉਸ ਦੇ ਜੀਵਨ ਅੰਦਰ ਢੂਢਿਆਂ ਨਹੀਂ ਮਿਲਦੀ। ਇਸਤੋਂ ਵਧ, ਜੇ ਸਰੂਪ ਵੀ ਗੁਆ ਲੈਂਦਾ ਹੈ ਤਾਂ ਸੰਸਾਰ ਦੀ ਭੀੜ `ਚ ਇਸਤਰ੍ਹਾਂ ਗੁਮ ਹੋ ਜਾਂਦਾ ਹੈ ਜਿਵੇਂ ਕਿ ਉਹ ਕਦੇ ਸਿੱਖ ਹੈ ਹੀ ਨਹੀਂ ਸੀ। ਬਹੁਤ ਜਲਦੀ ਉਸਦੀ ਉਲਾਦ ਇਹ ਵੀ ਭੁਲ ਜਾਂਦੀ ਹੈ ਕਿ ਉਸਦੇ ਪੂਰਵਜ ਕਦੇ ਸਿੱਖ ਸਨ। ਇਸਤਰ੍ਹਾਂ ਅਜੌਕੇ ਸਿੱਖ ਦਾ ਗੁਰਬਾਣੀ ਸੋਝੀ `ਤੇ ਜੀਵਨ-ਜਾਚ ਤੋਂ ਫਾਸਲਾ ਇਨਾ ਵੱਧ ਚੁਕਾ ਹੈ ਜਿਸਦਾ ਅੰਦਾਜ਼ਾ ਲਾਉਣਾ ਵੀ ਸੋਖਾ ਨਹੀਂ। ਭਾਵੇਂ ਕਿ ਇਸ ਪਖੌਂ ਸਿੱਖ ਨੂੰ ਵਿਉਂਤਬੰਧ ਤੇ ਬਹੁਤੀ ਢਾਹ ਲਗੀ ਹੈ ਅੰਗ੍ਰੇਜ਼ਾਂ ਦੇ ਸ਼ਾਸਨ ਕਾਲ ਸਮੇਂ ਪਰ ਗੁਰਬਾਣੀ ਪਖੌਂ ਲਵੋ ਜਾਂ ਸੰਸਾਰ ਪਖੋਂ ਸਿੱਖ ਦਾ ਜੀਵਨ ਹੀ ਐਕੇਡੈਮਿਕ ਪੜ੍ਹਾਈ ਤੇ ਖੜਾ ਹੈ। ਤਾਂਤੇ ਸਿੱਖ ਦੀ ਇਸ ਪਾਸਿਉਂ ਲਾਪਰਵਾਹੀ ਉਸਨੂੰ ਕਿਸੇ ਪਾਸੇ ਅਗੇ ਨਹੀਂ ਵਧਣ ਦੇਵੇਗੀ, ਇਸ ਬਾਰੇ ਸੁਚੇਤ ਹੋਣ ਦੀ ਵਡੀ ਲੋੜ ਹੈ।
ਭਾਰਤ ਦੀ ਆਜ਼ਾਦੀ ਦੇ ਜਨਮਦਾਤਾ ਹਨ ਸਿੱਖ- ਆਂਕੜੇ ਪ੍ਰਾਪਤ ਹਨ, ਭਾਰਤ ਦੀ ਕੁਲ ਆਬਾਦੀ ਵਿਚੋਂ ਆਟੇ `ਚ ਨਮਕ ਦੀ ਗਿਣਤੀ ਹੁੰਦੇ ਹੋਏ ਵੀ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਕੇਵਲ ਸਿੱਖਾਂ ਦੀ ਬਦੌਲਤ। ਸੰਸਾਰ ਪੱਧਰ ਤੇ ਮੰਨਿਆ ਜਾ ਚੁਕਾ ਸੀ ਕਿ ਅੰਗ੍ਰੇਜ਼ਾਂ ਦਾ ਸੂਰਜ ਕਦੇ ਡੁੱਬਦਾ ਹੀ ਨਹੀਂ। ਇਸਦੇ ਉਲਟ ਜਦੋਂ ਸੰਨ ੧੮੪੦ ਤੋਂ ਸੰਨ ੧੮੪੯ ਵਿਚਕਾਰ ਸਿੱਖਾਂ-ਅੰਗ੍ਰੇਜ਼ਾਂ ਦੀਆਂ ਜੰਗਾਂ ਚਲ ਰਹੀਆ ਸਨ ਉਸ ਸਮੇਂ ਜੇਕਰ ਗੁਲਾਮੀ ਦੇ ਆਦੀ ਹੋ ਚੁਕੇ, ਦੂਜੇ ਭਾਰਤ ਵਾਸੀ ਸਿੱਖਾਂ ਦਾ ਸਾਥ ਦੇਂਦੇ ਤਾਂ ਭਾਰਤ ਨੇ ਸੰਨ ੧੮੫੦ ਦੇ ਆਸ ਪਾਸ ਭਾਵ ਸੰਨ ੧੯੪੭ ਤੋਂ ਸੌ ਸਾਲ ਪਹਿਲਾਂ ਹੀ ਆਜ਼ਾਦ ਹੋ ਜਾਣਾ ਸੀ। ਜਿੰਨੀ ਕੀਮਤ ਅੰਗ੍ਰੇਜ਼ਾਂ ਨੂੰ ਪੰਜਾਬ ਉਪਰ ਕਬਜ਼ਾ ਕਰਨ ਲਈ ਚੁਕਾਣੀ ਪਈ ਇਨੀ ਤਾਂ ਉਹਨਾਂ ਨੂੰ ਭਾਰਤ ਸਮੇਤ ਕਿਸੇ ਵੀ ਦੇਸ਼ ਲਈ ਨਹੀਂ ਸੀ ਚੁਕਾਣੀ ਪਈ। ਇਹ ਵੀ ਇਤਿਹਾਸਕ ਸੱਚਾਈ ਹੈ ਕਿ ਪੰਜਾਬ ਉਪਰ ਕਾਬਜ਼ ਹੁੰਦੇ ਹੀ ਅੰਗ੍ਰੇਜ਼ਾ ਦਾ ਕਦੇ ਨਾ ਡੁਬਣ ਵਾਲਾ ਸੂਰਜ ਵੀ ਦਿਨੋਦਿਨ ਡੂਬਣਾ ਸ਼ੁਰੂ ਹੋ ਗਿਆ। ਉਸਤੋਂ ਬਾਦ ਅੰਗ੍ਰੇਜ਼ ਜਿਨਾਂ ਸਮਾਂ ਭਾਰਤ ਤੇ ਕਾਬਜ਼ ਰਹੇ, ਉਨ੍ਹਾਂ ਨੂੰ ਇੱਕ ਰਾਤ ਵੀ ਸੋਖੀ ਨਸੀਬ ਨਹੀਂ ਹੋਈ। ਇਥੌ ਤੀਕ, ਸੰਨ ੧੯੪੭ `ਚ ਭਾਰਤ ਦੇ ਆਜ਼ਾਦ ਹੋਣ ਦੀ ਢਿੱਲ਼ ਸੀ ਕਿ ਇਨ੍ਹਾਂ ਹਥੋਂ ਇਕ-ਇਕ ਕਰਕੇ ਸਾਰੇ ਹੀ ਮੁਲਕ ਨਿਕਲਣੇ ਸ਼ੁਰੂ ਹੋ ਗਏ ਅਤੇ ਕੁੱਝ ਹੀ ਸਾਲਾਂ `ਚ ਇਹ ਫ਼ਿਰ ਤੋਂ ਆਪਨੇ ਦੇਸ `ਚ ਹੀ ਸੀਮਤ ਹੋ ਗਏ। ਸਪਸ਼ਟ ਹੈ ਜੇਕਰ ਇਹ ਪੰਜਾਬ ਨੂੰ ਹੱਥ ਨਾ ਪਾਉਂਦੇ ਤਾਂ ਇਨ੍ਹਾਂ ਦੇ ਕਦਮ ਅਗੇ ਹੀ ਵਧ ਰਹੇ ਸਨ, ਪਿਛੇ ਨਹੀਂ। ਖੈਰ! ਗੁਰੂ ਕੇ ਸਿੱਖਾਂ ਨੇ ਇਸ ਗੁਲਾਮੀ ਨੂੰ ਇੱਕ ਦਿਨ ਲਈ ਵੀ ਸਵੀਕਾਰ ਨਹੀਂ ਸੀ ਕੀਤਾ ਅਤੇ ਅਪਣਾ ਰਾਜ ਕਾਇਮ ਰਖਣ ਲਈ ਅੰਗ੍ਰੇਜ਼ਾਂ ਨੂੰ ਨਿਤ ਨਵੇਂ ਹਥਕੰਡੇ ਹੀ ਵਰਤਣੇ ਪੈਂਦੇ ਸਨ। ਮੁੱਕਦੀ ਗਲ ਕਿ ਪੰਜਾਬ ਦਾਖਲ ਹੋਣਾ ਹੀ ਭਾਰਤ ਦੀ ਆਜ਼ਾਦੀ ਦਾ ਅਸਲ ਕਾਰਣ ਬਣਿਆ ਸੀ। ਸੰਨ ੧੮੪੦ ਤੋਂ ੧੮੪੯ ਜਿਥੇ ਇੱਕ ਪਾਸੇ ਸਿੱਖ ਰਾਜ ਦਾ ਪਤਨ ਅਤੇ ਅੰਗ੍ਰੇਜ਼ਾਂ ਨਾਲ ਜੰਗ ਅਰੰਭ ਹੋ ਚੁਕੇ ਸਨ ਦੂਜੇ ਪਾਸੇ ਨਾਲ ਹੀ ਸੰਨ ੧੮੪੫ ਤੋਂ ੧੮੭੩ ਦਾ ਉਹ ਸਮਾਂ ਹੈ ਜਦੋਂ ਸਿੱਖਾਂ ਵਿੱਚ ਧਰਮ ਪਖੋਂ ਜਾਗ੍ਰਤੀ ਲਹਿਰਾਂ ਪਣਪੀਆਂ ਉਪਰੰਤ ਰਾਜਸੀ ਪੱਧਰ ਤੇ ਵੀ ਗਦਰ ਪਾਰਟੀ, ਬਬਰ ਅਕਾਲੀ ਲਹਿਰ ਜਾਂ ਧਾਂਰਮਕ ਪੱਧਰ ਤੇ ਗੁਰਦੁਆਰਾ ਸੁਧਾਰ ਲਹਿਰ ਭਾਵ ਸੰਨ ੧੯੪੭ ਤੀਕ ਇਹ ਸਿਲਸਿਲਾ ਕਦੇ ਨਹੀਂ ਰੁਕਿਆ ਜਦੋਂ ਤੀਕ ਭਾਰਤ ਆਜ਼ਾਦ ਹੀ ਨਹੀਂ ਹੋ ਗਿਆ।
ਸੁਆਮੀ ਦਿਆਨੰਦ ਦਾ ਪੰਜਾਬ `ਚ ਪ੍ਰਵੇਸ਼- ਗੁਰਬਣੀ ਜੀਵਨ ਵਲੋਂ ਸੰਨ ੧੭੧੫ ਤੋਂ ਲਗਾਤਾਰ ਵਧ ਰਹੇ ਸਿੱਖ ਮਾਨਸ ਦੇ ਫ਼ਾਸਲੇ `ਚ ਸੁਆਮੀ ਦਿਆਨੰਦ ਦਾ ਪੰਜਾਬ `ਚ ਪ੍ਰਵੇਸ਼ ਵੀ ਇੱਕ ਵਿਸ਼ੇਸ਼ ਕੜੀ ਹੈ। ਸੁਆਮੀ ਦਿਆਨੰਦ ਨੂੰ ਗੁਜਰਾਤ ਤੋਂ ਚਲਕੇ ਅਪਣੇ ਮਿਸ਼ਨ ਲਈ ਕਿਧਰੋਂ ਵੀ ਅਜੇਹਾ ਹੁੰਗਾਰਾ ਨਹੀਂ ਸੀ ਮਿਲਿਆ, ਜਿਹੜਾ ਪੰਜਾਬ ਪੁਜਕੇ ਮਿਲਿਆ। ਦਿਆਨੰਦ ਜਦੋਂ ਪੰਜਾਬ ਪੁਜਾ ਤਾਂ ਇਸਦੀਆਂ ਕੁੱਝ ਗਲਾਂ ਜਿਵੇਂ ਵਰਣਵੰਡ, ਜਾਤਪਾਤ ਦਾ ਵਿਰੋਧ, ਅਵਤਾਰਵਾਦ, ਬ੍ਰਾਹਮਣਵਾਦ ਤੇ ਵਹਿਮਾ-ਭਰਮਾਂ ਦਾ ਵਿਰੋਧ ਆਦਿ ਸਿੱਖੀ ਵਿਚਾਰਧਾਰਾ ਨਾਲ ਮੇਲ ਖਾਂਦੀਆਂ ਸਨ। ਪਿਛਲੇ ਲਗਭਗ ੧੬੦ ਸਾਲਾਂ ਤੋਂ ਸਿੱਖੀ ਜੀਵਨ ਵਿੱਚ ਬ੍ਰਾਹਮਣਵਾਦ ਪੂਰੀ ਤਰ੍ਹਾਂ ਜੜ੍ਹਾਂ ਜਮਾ ਰਿਹਾ ਸੀ। ਧਰਮ ਪਖੋਂ ਜਾਗ ਚੁਕੇ ਕੁੱਝ ਸਿੱਖ ਆਗੂ ਇਸ ਗਲੋਂ ਪਰੇਸ਼ਾਨ ਸਨ। ਨਤੀਜਾ ਉਸ ਸਮੇਂ ਦੇ ਸਿੱਖ ਆਗੂਆਂ ਨੇ ਅਗੇ ਹੋਕੇ ਸੁਆਮੀ ਦਿਆਨੰਦ ਵਾਲੀ ਆਰੀਆ ਸਮਾਜ ਲਹਿਰ ਦੀ ਕਮਾਨ ਆਪ ਸੰਭਾਲ ਲਈ। ਜਦੋਂ ਕਮਾਨ ਹੀ ਸਿੱਖਾਂ ਨੇ ਸੰਭਾਲ ਲਈ ਤਾਂ ਇਸ ਲਹਿਰ ਦੀਆਂ ਜੜ੍ਹਾ ਲਗਣੀਆਂ ਬੜੀ ਸੋਖੀ ਗਲ ਸੀ। ਕੁੱਝ ਹੀ ਸਮੇਂ `ਚ ਪੰਜਾਬ `ਚ ਇਸ ਲਹਿਰ ਦਾ ਬੋਲਬਾਲਾ ਹੋ ਗਿਆ। ਭੇਦ ਉਦੋਂ ਖੁਲਾ ਜਦੋਂ ਇਸਨੇ ਅਪਣੇ ਅਸਲ ਰੰਗ ਦਿਖਾਨੇ ਸ਼ੁਰੂ ਕਰ ਦਿਤੇ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਤਿਕਾਰ ਵਿਰੁਧ ਅਪ-ਸ਼ਬਦ ਬੋਲਨੇ ਤੇ ਲਿਖਣੇ ਸ਼ੁਰੂ ਕੀਤੇ। ਕੇਸਾਂ ਵਾਲੇ ਇਲਾਹੀ ਸਰੂਪ ਵਿਰੁਧ ਬਕਵਾਸ ਸ਼ੁਰੂ ਕਰ ਦਿਤੀ। ਬੇਸ਼ਰਮੀ ਦੀ ਹੱਦ ਇਥੋਂ ਤੀਕ ਟੱਪੀ ਕਿ ਲਾਹੋਰ ਅੰਦਰ ਜਦੋਂ ਕੁੱਝ ਸਿੱਖ ਨੌਜੁਆਨ ਮੁੰਡਿਆ ਲਈ ਐਲਾਨ ਕਰਵਾਇਆ ਗਿਆ ਕਿ ਉਹ ਸ਼ਰੇਆਮ ਅਪਣੇ ਕੇਸ ਕੱਤਲ ਕਰਵਾ ਰਹੇ ਹਨ। ਸੁਆਮੀ ਦਿਆਨੰਦ ਤੇ ਉਸਦੀ ਆਰੀਆ ਸਮਾਜ ਵਲੋ ਜਦੌ ਇਸ ਮਨਹੂਸ ਤੇ ਕਾਲੀ ਕਰਤੂਤ ਲਈ ਬਾਕਾਇਦਾ ਪ੍ਰਬੰਧ ਵੀ ਕਰ ਦਿਤਾ ਗਿਆ ਤਾਂ ਇਨ੍ਹਾਂ ਦੀ ਕਰਤੂਤ ਪੂਰੀ ਤਰ੍ਹਾਂ ਨੰਗੀ ਹੋ ਗਈ, ਸਮਝ ਆ ਗਈ ਕਿ ਪਾਣੀ ਸਿਰ ਤੋਂ ਨਿਕਲ ਚੁਕਾ ਸੀ। ਉਸ ਸਮੇਂ ਦੇ ਸਾਡੇ ਉਹੀ ਸਿੱਖ ਲੀਡਰ ਜਿਹੜੇ ਦਿਨ-ਰਾਤ ਪੂਰੇ ਜੋਸ਼ ਨਾਲ ਆਰੀਆ ਸਮਾਜ ਲਈ ਲਗੇ ਹੋਏ ਸਨ, ਉਹਨਾਂ ਨੇ ਹੀ ਰਾਤੋ ਪਹਿਲਾਂ ਅਰੀਆ ਸਮਾਜ ਦਾ ਬਾਈਕਾਟ ਕਰਕੇ ਸਿੰਘ ਸਭਾ ਲਹਿਰ ਦਾ ਅਰੰਭ ਕਰ ਦਿਤਾ, ਇਹ ਜ਼ਿਕਰ ਸੰਨ ੧੮੭੩ ਦਾ ਹੈ।
ਸਿੰਘ ਸਭਾ ਲਹਿਰਾਂ ਦਾ ਆਰੰਭ- ਪਹਿਲੀ ‘ਸਿੰਘ ਸਭਾ ਲਹਿਰ’ ਅੰਮ੍ਰਿਤਸਰ ਵਿੱਚ ਅਤੇ ਦੂਜੀ ਲਾਹੋਰ ਵਿੱਚ ਉਭਰੀ। ਕਾਰਜ ਖੇਤ੍ਰ ਬਾਰੇ ਦੋਨਾਂ ਦਾ ਆਪਸੀ ਮਤਭੇਦ ਵੀ ਸੀ ਪਰ ਦੋਵੇਂ ਇਮਾਨਦਾਰ `ਤੇ ਪੰਥ ਹੇਤੂ ਸਨ। ਇੱਕ ਦਾ ਵਿਚਾਰ ਸਰਕਾਰ ਪੱਖੀ ਹੋਕੇ ਸਿੱਖੀ ਸੰਭਾਲ ਦਾ ਸੀ। ਦੂਜੀ ਅੰਮ੍ਰਿਤਸਰ ਵਾਲੀ ਸਰਕਾਰ ਨੂੰ ਸਿੱਖਾਂ ਵਿਰੁਧ ਮੰਨਦੀ ਸੀ ਜਿਨ੍ਹਾਂ ਦੀਆਂ ਕੁਟਿਲਨੀਤੀਆਂ ਕਾਰਣ ਸਿੱਖ ਰਾਜ ਗਿਆ ਅਤੇ ਪੰਜਾਬ ਗੁਲਾਮ ਹੋਇਆ ਸੀ। ਦੋਵੇਂ ਸਿੰਘ ਸਭਾ ਲਹਿਰਾਂ ਤਾਂ ਚਲੀਆਂ ਪਰ ਇਥੇ ਵੀ ਇੱਕ ਮਸਲਾ ਖੜਾ ਹੋ ਗਿਆ। ਆਮ ਸਿੱਖ ਮਾਨਸ ਜਿਸਦੀ ਕੇਵਲ ਸਿੱਖਾਂ ਵਾਲੀ ਸ਼ਕਲ ਹੀ ਬਾਕੀ ਸੀ ਪਰ ਪਿਛਲੇ ਲਗਭਗ ੧੬੦ ਸਾਲਾਂ ਤੋਂ ਉਨ੍ਹਾਂ ਨੂੰ ਸਿੱਖੀ ਜੀਵਨ ਦੀ ਪਛਾਣ ਹੀ ਭੁਲਵਾਈ ਜਾ ਚੁਕੀ ਸੀ, ਬ੍ਰਾਹਮਣ ਦੀ ਹਰੇਕ ਸੋਚਨੀ-ਰਹਿਨੀ-ਤਿਓਹਾਰ-ਸਗਨ-ਰੀਤੀ-ਰਿਵਾਜ ਉਸਦਾ ਜੀਵਨ ਬਣ ਚੁਕਾ ਸੀ। ਗਰੂ ਪਾਤਸ਼ਾਹ ਦੀ ਸਚੀ-ਸੁਚੀ ਸਿੱਖੀ ਤਾਂ ਹੁਣ ਉਸਦੇ ਅੰਦਾਜ਼ੇ ਵਿੱਚ ਵੀ ਨਹੀਂ ਸੀ ਰਹਿ ਚੁਕੀ। ਨਤੀਜਾ ਸੀ ਕਿ ਸਿੱਖੀ ਸੰਭਾਲ ਦੇ ਮਨਸ਼ੇ ਨਾਲ ਅਗੇ ਆਈ ਸਿੰਘ ਸਭਾ ਲਹਿਰ ਨੂੰ ਅਪਣੇ ਘਰੋਂ ਹੀ ਸਭ ਤੋਂ ਵਧ ਵਿਰੋਧ ਸਹਿਣਾ ਪਿਆ; ਠੀਕ ਉਸੇ ਤਰ੍ਹਾਂ ਜਿਵੇਂ ਦਾਸਾਂ ਰਾਹੀਂ ਸੰਨ ੧੯੫੬ ਤੋਂ ਅਰੰਭ ‘ਸਿੱਖ ਮਿਸ਼ਨਰੀ ਲਹਿਰ’ ਨੂੰ ਅਜਤੀਕ ਸਹਿਣਾ ਪੈ ਰਿਹਾ ਹੈ।
ਉਸ ਸਮੇਂ ਸਾਡੇ ਆਗੂ ਭਾਈ ਜਵਾਹਰ ਸਿੰਘ, ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ ਆਦਿ ਸਨ। ਇਨ੍ਹਾਂ ਸਿੱਖੀ ਦੇ ਪ੍ਰਵਾਨਿਆਂ ਨੂੰ ਬੇ-ਅੰਤਹਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਵੀ, ਅਪਣਿਆ ਹਥੋਂ। ਇਸ ਦੇ ਬਾਵਜੂਦ ਸਿੱਖੀ ਸੰਭਾਲ ਲਈ ਇਹ ਲਹਿਰਾਂ ਵੀ ਲੰਮਾਂ ਸਮਾਂ ਕੰਮ ਨਾ ਕਰ ਸਕੀਆ। ਜੇਕਰ ਸਿੰਘ ਸਭਾ ਲਹਿਰ ਨੂੰ ਕੁੱਝ ਮੌਕਾ ਮਿਲ ਜਾਂਦਾ ਤਾਂ ਸ਼ਾਇਦ ਸਿੱਖੀ ਦੀ ਸੰਭਾਲ ਵਲੋਂ ਅਜ ਵਾਲੇ ਹਾਲਾਤ ਬਣਦੇ ਹੀ ਨਾ। ਦੂਜੇ ਪਾਸੇ ਇਹ ਵੀ ਸੀ ਕਿ ਪੰਜਾਬ ਦੀ ਗੁਲਾਮੀ ਨੂੰ, ਸਿੱਖਾਂ ਨੇ ਪਹਿਲੇ ਦਿਨ ਤੋਂ ਹੀ ਪ੍ਰਵਾਨ ਨਹੀਂ ਸੀ ਕੀਤਾ ਤਾਂ ਇਹ ਲੜਾਈ ਵੀ ਹੁਣ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਰੂਪ ਲੈ ਚੁਕੀ ਸੀ। ਸਿੰਘ ਸਭਾ ਲਹਿਰ, ਉਭਰੀ ਤਾਂ ਧਰਮ ਪ੍ਰਚਾਰ ਦੇ ਖੇਤ੍ਰ `ਚ ਸੀ, ਪਰ ਪੰਜਾਬ `ਚ ਹੀ ਹੁਣ ਆਜ਼ਾਦੀ ਦੀ ਲੜਾਈ ਵੀ ਭੜਕ ਗਈ ਅਤੇ ਦੋਵੇ ਪਾਸੇ ਹੈ ਤਾਂ ਸਿੱਖ ਹੀ ਸਨ। ਉਂਝ ਵੀ ਅਜੇਹੇ ਜੁਝਾਰੂ ਕੰਮਾ ਲਈ ਅਗੇ ਸਿੱਖ ਹੀ ਆਉਂਦਾ ਹੈ। ਇਸਤਰ੍ਹਾਂ ਧਰਮ ਸੰਭਾਲ ਦੀ ਲਹਿਰ ਉਪਰ ਆਜ਼ਾਦੀ ਦੀ ਲਹਿਰ ਹਾਵੀ ਹੋ ਗਈ। ਸਿੰਘ ਸਭਾਈ ਕੰਮ ਉਥੇ ਦੇ ਉਥੇ ਹੀ ਛੁੱਟ ਗਏ। ਗੁਰਦੁਆਰਾ ਅਤੇ ਸਿੱਖੀ ਸੰਭਾਲ ਦੀ ਲਹਿਰ ਦੇ ਨਾਲ ਨਾਲ ਸਿੱਖੀ ਜੋਸ਼ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਸ਼੍ਰੋਮਣੀ ਅਕਾਲੀ ਦਲ, ਗਦਰ ਪਾਰਟੀ, ਬੱਬਰ ਅਕਾਲੀ ਲਹਿਰ ਆਦਿ ਦੇ ਨਵੇਂ ਰੂਪ ਧਾਰਨ ਕਰ ਲਏ। ਇਸੇ ਦਾ ਨਤੀਜਾ ਹੈ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਸਿੱਖਾਂ ਦਾ ਹਿੱਸਾ ਹੀ ਸ਼ਿਖਰ ਤੇ ਹੈ। ਇਸੇ ਲੜਾਈ ਨੇ ਸੰਨ ੧੯੨੦ ਤੀਕ ਗੁਰਦੁਆਰਾ ਸੁਧਾਰ ਲਹਿਰ ਦਾ ਰੂਪ ਵੀ ਧਾਰਨ ਕਰ ਲਿਆ। ਗਲ ਕੀ, ਸਿੱਖ ਰਹਿਣੀ ਜਿਹੜੀ ਪਹਿਲਾਂ ਹੀ ਲੰਮੀ ਚੋਟ ਖਾਈ ਬੈਠੀ ਸੀ ਅਤੇ ਸਿੱਖ ਦੇ ਜੀਵਨ ਤੇ ਗੁਰਬਾਣੀ ਜੀਵਨ ਵਿਚਕਾਰ ਲੰਮਾ ਫਾਸਲਾ ਪੈ ਚੁਕਾ ਦਾ ਸੀ, ਜੇਕਰ ਹੁਣ ਜਾਕੇ ਸਿੰਘ ਸਭਾ ਲਹਿਰ ਦੇ ਰੂਪ `ਚ ਕੁੱਝ ਗਲ ਅਗੇ ਟੁਰੀ ਸੀ ਤਾਂ ਉਹ ਵੀ ਉਥੇ ਦੀ ਉਥੇ ਹੀ ਅਟਕ ਗਈ।
ਸ਼੍ਰੋਮਣੀ ਕਮੇਟੀ ਦੀ ਜੜ੍ਹ `ਚ ਚੋਣਾਂ ਵਾਲਾ ਰਾਖਸ਼- ਗੁਰਦੁਆਰਾ ਸੁਧਾਰ ਲਹਿਰ ਨੇ ਅੰਤ ਸੰਨ ੧੯੨੫ ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਰੂਪ ਧਾਰਨ ਕੀਤਾ। ਹੁਣ ਤੀਕ ਗੁਰਬਾਣੀ ਜੀਵਨ-ਜਾਚ ਤੋਂ ਸਿੱਖ ਦਾ ਫਾਸਲਾ ਬਹੁਤ ਲੰਮਾ ਹੋ ਚੁਕਾ ਸੀ ਅਤੇ ਸਿੱਖ ਬ੍ਰਾਹਮਣੀ ਤਾਣੇ-ਬਾਣੇ `ਚ ਪੂਰੀ ਤਰਾਂ ਜੱਕੜਿਆ ਪਿਆ ਸੀ। ਸੰਨ ੧੯੩੨ ਵਿੱਚ ‘ਸਿੱਖ ਰਹੁਹੀਤ ਕਮੇਟੀ’ ਕਾਇਮ ਕੀਤੀ ਗਈ ਜਿਸਦਾ ਮਕਸਦ ਲੰਮੇ ਸਮੇਂ ਤੋਂ ਵਿਰੋਧੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਿੱਖ ਨੂੰ, ਗੁਰਬਾਣੀ ਜੀਵਨ ਦੇ ਨੇੜੇ ਲਿਆਉਣਾ ਸੀ। ਇਸਦੇ ਨਾਲ ਹੀ ਇਹ ਵੀ ਮਕਸਦ ਸੀ ਗੁਰਦੁਆਰਿਆਂ ਨੂੰ ਕਿਸੇ ਹਦ ਤੀਕ ਸਿੱਖੀ ਦਾ ਨਮੂਨਾ ਬਣਾਇਆ ਜਾਵੇ ਅਤੇ ਇਹਨਾਂ ਦੇ ਕਾਰਜਾਂ `ਚ ਇਕਸਾਰਤਾ ਲਿਆਂਦੀ ਜਾਵੇ। ਲਗਾਤਾਰ ਤੇਰ੍ਹਾਂ ਸਾਲ ਦੀ ਮੇਹਨਤ ਬਾਦ ‘ਸਿਖ ਰਹਿਤ ਮਰਿਆਦਾ’ ਤਿਆਰ ਹੋਈ ਅਤੇ ਇਸਨੂੰ ‘ਅਕਾਲਤਖਤ’ ਤੋਂ ਮਨਜੂਰੀ ਪ੍ਰਾਪਤ ਹੋਈ। ਹਾਲਾਂਕਿ ਇਸ ‘ਰਹਿਤ ਮਰਿਆਦਾ’ `ਚ ਵੀ ਬ੍ਰਾਹਮਣੀ ਪ੍ਰਭਾਵ ਸਪਸ਼ਟ ਹਨ, ਫਿਰ ਵੀ ਜੇ ਕਿਸੇਤਰ੍ਹਾਂ ਘੱਟ ਤੋਂ ਘੱਟ, ਸ਼੍ਰੋਮਣੀ ਕਮੇਟੀ ਇਸ ਉਪਰ ਹੀ ਕੇਂਦ੍ਰਤ ਹੋ ਜਾਂਦੀ ਅਤੇ ਸਮੇਂ ਸਿਰ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਵਿੱਚ ਹੀ ਲਾਗੂ ਕਰ ਦਿਤਾ ਜਾਂਦਾ ਤਾਂ ਵੀ ਕੁੱਝ ਹੋ ਜਾਂਦਾ। ਇਸਤਰ੍ਹਾਂ ਗੁਰਬਾਣੀ ਨੇੜਤਾ `ਤੇ ਗੁਰਬਾਣੀ ਰਾਹ ਤੇ ਚਲਣ ਲਈ ਰਸਤਾ ਜ਼ਰੂਰ ਪੱਧਰਾ ਹੋ ਜਾਣਾ ਸੀ, ਪਰ ਇਨਾ ਵੀ ਨ ਹੋਇਆ। ਫ਼ਿਰ ਜੇਕਰ ਇਹ ‘ਰਹਿਤ ਮਰਿਆਦਾ’ ਪਾਸ ਹੁੰਦੇ ਸਾਰ ਘੱਟ ਤੋਂ ਘੱਟ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਹੀ ਲਾਗੂ ਕਰ ਦਿਤੀ ਜਾਂਦੀ ਤਾਂ ਵੀ ਵੱਡੀ ਜਿੱਤ ਸੀ। ਕੇਵਲ ਉਥੇ ਹੀ ਇਸਦੇ ਲਾਗੂ ਹੋ ਜਾਣ ਨਾਲ ਬਹੁਤ ਸਾਰੇ ਸਿੱਖੀ ਸਿਧਾਂਤ ਸੰਗਤਾਂ ਵਿਚਾਲੇ ਸਾਂਝੇ ਹੋ ਜਾਂਦੇ, ਜਦਕਿ ਹਾਲਤ ਇਹ ਹੈ ਕਿ ਇਸ ਗਰਮਿਤ ਪਾਠ ਦੀ ਤੀਜੀ ਲਿਖਤ, ਸੰਨ ੨੦੦੬ ਤੀਕ ਵੀ ਕੇਵਲ ਦਰਬਾਰ ਸਾਹਿਬ ਕੰਪਲੈਕਸ `ਚ ਬਹੁਤੇ ਕੰਮ ਇਸਦੇ ਉਲਟ ਹੋ ਰਹੇ ਹਨ। ਇਹ ਸਚਾਈ ਹੈ ਕਿ ਲੋਹਾ ਗਰਮ ਸੀ, ਸੱਟ ਹੀ ਤਾਂ ਮਾਰਨੀ ਸੀ ਅਗੋਂ ਵਾਸਤੇ ਰਸਤਾ ਸਾਫ ਹੋ ਜਾਂਦਾ। ਜੇ ਗਹਿਰਾਈ `ਚ ਜਾਵੋ ਇਹ ਗਲ ਨਿੱਖਰ ਕੇ ਸਾਹਮਣੇ ਆ ਜਾਂਦੀ ਹੈ, ਸੰਨ ੧੯੨੫ `ਚ ਕਮੇਟੀ ਦੇ ਬਣਨ ਸਮੇਂ ਚੋਣਾਂ ਵਾਲਾ ਜਿਹੜਾ ਸੱਪ ਸਾਡੇ ਗਲ `ਚ ਪੈ ਗਿਆ, ਉਸੇ ਕਾਰਣ ਅਗਲੀ ਪੌਂਦ ਤੋਂ ਹੀ ਕਮੇਟੀ `ਚ ਜੀਵਨ, ਸੋਝੀ ਵਾਲੇ ਸੱਜਣਾਂ ਲਈ ਇਹ ਰਸਤਾ ਹੀ ਬੰਦ ਹੋ ਗਿਆ ਅਤੇ ਹੁਣ ਅਸੀ ਅਗੇ ਤੋਂ ਅਗੇ ਭੋਗ ਰਹੇ ਹਾਂ।
ਗੁਰਦੁਆਰਾ ਪ੍ਰਬੰਧਕ ਅਤੇ ਡੇਰੇ- ਹੁਣ ਤੀਕ ਦੇ ਵੇਰਵੇ ਤੋਂ ਇੱਕ ਗਲ ਸਾਫ਼ ਹੋ ਜਾਂਦੀ ਹੈ ਕਿ ਸੰਨ ੧੭੧੫ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਸੰਨ ੧੯੪੭ ਤੀਕ ਸਿੱਖ ਮਾਨਸ ਬਾਣੀ ਜੀਵਨ ਦੀ ਸਾਂਝ ਪਖੋਂ ਪਿਛੇ ਹੀ ਪਿਛੇ ਗਿਆ ਹੈ। ਜੇਕਰ ਵਿਚ-ਵਿਚ ਕੁੱਝ ਉਪਰਾਲੇ ਹੋਏ ਵੀ ਤਾਂ ਉਹ ਵੀ ਸਮੇਂ ਸਮੇਂ ਦੀਆਂ ਮਜਬੂਰੀਆਂ ਕਾਰਣ ਜ਼ਿਆਦਾ ਪ੍ਰਭਾਵੀ ਨ ਹੋ ਸਕੇ। ਇਥੇ ਹੀ ਬਸ ਨਹੀਂ, ਲਗਭਗ ਇਨ੍ਹਾਂ ੨੫੦ ਸਾਲਾਂ ਦੇ ਸਮੇਂ `ਚ ਸਿੱਖ ਵਿਰੋਧੀਆਂ, ਗੁਰੂਡੰਮਾਂ ਵਲੋ ਸਵੈ ਵਿਰੋਧੀ ਗੁਰਮਰਾਹਕੁਨ ਲਿਟ੍ਰੇਚਰ ਦਾ ਜਿਵੇਂ ਕੌਮ ਵਿੱਚ ਹੜ ਹੀ ਆਇਆ ਪਿਆ ਸੀ। ਇਸਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਦ, ਗੁਰਦੁਆਰਾ ਪ੍ਰਬੰਧ ਤਾਂ ਬਦਲ ਗਿਆ, ਪਰ ਪਿਛਲੇ ਲ਼ਗਭਗ ਢਾਈ ਸੋ ਸਾਲਾਂ ਤੋਂ ਗੁਰਮਤਿ ਦੇ ਨਾਂ ਤੇ ਜੋ ਬ੍ਰਹਾਮਣੀ ਤੇ ਵਿਰੋਧੀ ਸਮਗ੍ਰੀ ਸੰਗਤਾਂ ਦੀਆਂ ਰਗਾਂ `ਚ ਪਹੁੰਚਾਈ ਜਾ ਚੁਕੀ ਸੀ ਉਸ ਨੂੰ ਕੱਢਣ ਵਾਲੇ ਪਾਸੇ ਕੋਈ ਕੰਮ ਨਾ ਹੋਇਆ, ਕੇਵਲ ਦਰਬਾਰ ਸਾਹਿਬ ਦੀ ਪ੍ਰਕਰਮਾਂ ਸੰਨ ੧੯੩੬ `ਚ ਮੂਰਤੀਆ ਹਟਾ ਦਿਤੀਆਂ ਗਈਆਂ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਅੰਮ੍ਰਿਤਸਰ ਵਿਖੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਿਜ’ ਹੋਂਦ `ਚ ਆਇਆ ਜਿਸਨੇ ਪ੍ਰੋਫੇਸਰ ਸਾਹਿਬ ਸਿੰਘ ਵਰਗੇ ਵਿਦਵਾਨ ਪੰਥ ਨੂੰ ਦਿਤੇ। ਨਹੀਂ ਤਾਂ ਅਖੰਡ ਪਾਠ, ਜੋਤਾਂ, ਥੱੜਿਆਂ-ਫ਼ਰਸ਼ਾਂ ਦੇ ਕਚੀ ਲਸੀ-ਦੁਧ ਨਾਲ ਇਸ਼ਨਾਨ, ਬੇਰੀਆਂ ਦੀ ਪੂਜਾ, ਸਵੇਰ-ਸ਼ਾਮ, ਜਮਨੇ-ਮਰਨੇ, ਸੰਗ੍ਰਾਂਦਾ, ਮਸਿਆਵਾਂ, ਪੂਰਨਮਾਸ਼ੀਆਂ ਬਲਕਿ ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਅਜ ਤੀਕ ਮੂਰਤੀ ਪੂਜਾ ਜਿਵੇਂ ਸੰਤੋਖਸਰ ਵਿਖੇ ਕਿਸੇ ਸੰਤੋਖੇ ਰਿਸ਼ੀ ਦੀ ਪੂਜਾ ਤੇ ਬਨਾਵਟੀ ਕਹਾਣੀ, ਭਾਈ ਸਾਲੋ ਦੇ ਗੁਰਦੁਆਰੇ ਸਾਲੋ ਦੀ ਮੂਰਤੀ ਦੀ ਪੂਜਾ, ਸੰਨ ਚੋਂ ਨਿਕਲ ਕੇ ਜਾਂ ੮੪ ਪਉੜੀਆਂ ਤੇ ੮੪ ਇਸ਼ਨਾਨ ਤੇ ੮੪ ਪਾਠ, ਅਖੰਡਪਾਠਾਂ ਦੀਆਂ ਲੜੀਆਂ ਅਤੇ ਹੋਰ ਹਜ਼ਾਰਾਂ ਹੀ ਗੁਰਮਤਿ ਵਿਰੁਧ ਕਰਮ ਲਗਾਤਾਰ ਹੋ ਰਹੇ ਹਨ। ਸਾਡੇ ਪ੍ਰਚਾਰਕ, ਰਾਮਰਾਏ ਦੀ ਸਾਖੀ ਵੀ ਸੁਣਾਈ ਜਾਂਦੇ ਹਨ ਪਰ ਬਾਣੀ ਦੇ ਉਲਟੇ ਤੇ ਗਲਤ-ਮਲਤ ਅਰਥ ਚੌਵੀ ਘੰਟੇ ਸੰਗਤਾਂ `ਚ ਪੁਚਾਏ ਜਾ ਰਹੇ ਹਨ, ਕਿਧਰੇ ਕੁੱਝ ਫ਼ਰਕ ਨਹੀਂ ਪਿਆ। ਵਿਰਲਿਆਂ ਨੂੰ ਛਡਕੇ ਇਲੈਕਸ਼ਨਾਂ ਦੇ ਰਾਖਸ਼ ਕਾਰਣ ਸ਼੍ਰੋਮਣੀ ਕਮੇਟੀ ਤੋਂ ਲੈਕੇ ਦੇਸ ਵਿਦੇਸ ਹਰੇਕ ਗੁਰਦੁਆਰੇ ਉਪਰ ਉਹ ਲੋਕ ਪ੍ਰਬੰਧਕ ਹਨ ਜਿਨਾਂ ਬਾਰੇ ਕੁੱਝ ਨਾ ਕਹਿਣਾ ਹੀ ਬੇਹਤਰ ਹੈ। ਫ਼ਿਰ ਉਨ੍ਹਾਂ ਹੇਠ ਅਣ-ਅਧੀਕਾਰੀ ਪ੍ਰਚਾਰਕਾਂ ਦਾ ਮੱਕੜੀ ਜਾਲ, ਸੰਗਤਾਂ ਦਾ ਗੁਰਬਾਣੀ ਤੋਂ ਫਾਸਲਾ ਘੱਟਣ ਦੀ ਗਲ ਤਾਂ ਦੂਰ, ਦਿਨੋ ਦਿਨ ਤੇਜ਼ੀ ਨਾਲ ਵਾਧੇ ਤੇ ਹੀ ਹੈ।
ਗੁਰਦੁਆਰਿਆਂ ਉਪਰ ਪੰਥਕ ਕਬਜ਼ਾਂ ਹੋਣ ਦੇ ਨਾਲ ਹੀ, ਵਿਰੋਧੀ ਤਾਕਤਾਂ ਤੇ ਗਦੀਦਾਰਾਂ ਰਾਹੀਂ ਅਨੇਕਾਂ ਅਜੇਹੇ ਡੇਰੇ ਵੀ ਪਨਪਣੇ ਸ਼ੁਰੂ ਹੋ ਗਏ, ਜਿਨ੍ਹਾਂ ਦਾ ਪੂਰਾ ਜੋਰ ਬ੍ਰਾਹਮਣੀ ਰਹਿਣੀ ਨੂੰ ਸੰਗਤਾਂ `ਚ ਵਧ ਤੋਂ ਵਧ ਦਰਿੜ ਕਰਨਾ ਸੀ। ਸੰਗਤਾਂ ਨੂੰ ਵਧ ਤੋਂ ਵਧ ਅਖੰਡ ਪਾਠਾਂ ਬਲਕਿ ਕੱਟੜ ਬ੍ਰਾਹਮਣੀ ਵਿਧੀਆਂ ਅਨੁਸਾਰ ਵੱਡੇ ਵੱਡੇ ਮਹਾਤਮਾਂ ਦੇ ਢੋਂਗ ਰਚਕੇ ਅਤੇ ਅਨੇਕਾਂ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਤ ਕਰਕੇ, ਬਾਣੀ ਸੋਝੀ ਤੋਂ ਦੂਰ ਕਰਨਾ ਹੈ। ਇਸਦਾ ਕਾਰਣ ਇਹ ਵੀ ਹੈ ਕਿ ਇਹ ਡੇਰੇ ਤਾਂ ਹੈਣ ਹੀ ਗੁਰਦੁਆਰਾ ਕਾਨੂੰਨ ਤੋਂ ਬਾਹਰ, ਜੋ ਦਿਲ ਆਵੇ ਕਰੋ, ਕੋਈ ਪੁਛਣ ਵਾਲਾ ਨਹੀਂ ਅਤੇ ਇਹੀ ਹਾਲਤ ਅਜ ਤੀਕ ਚਲ ਰਹੀ ਹੈ। ‘ਇਸਬਗੋਲ ਤੇ ਕੁੱਝ ਨਾ ਫੋਲ’ ਦੀ ਨਿਆਈਂ ਜਿਨ੍ਹਾਂ ਇਸ ਗਹਿਰਾਈ `ਚ ਜਾਵੋਗੇ ਭਵਿਖ `ਚ ਕੌਮ ਦੀ ਤੱਬਾਹੀ ਹੀ ਤੱਬਾਹੀ ਨਜ਼ਰ ਆਉਂਦੀ ਜਾਵੇਗੀ ਕੋਈ ਸੀਮਾਂ ਨਹੀਂ ਮਿਲੇਗੀ। ਵਿਸ਼ਾ ਸਮਝਣ ਦਾ ਹੈ ਕੇਵਲ ਕਾਗ਼ਜ਼ ਕਾਲੇ ਕਰਦੇ ਜਾਵਾਂਗੇ ਗਲ ਨਹੀਂ ਮੁਕੇਗੀ, ਦੂਜਿਆਂ ਨੂੰ ਗਿਲਾ ਤਾਂ ਕੀ ਕਰਨਾ ਹੈ ਜਦੋਂ ਆਜ਼ਾਦੀ ਤੋਂ ਬਾਦ, ਗੁਰਦੁਆਰਿਆਂ ਅੰਦਰ ਅਜ ਤੀਕ ਸਿੱਖ ਆਗੂ ਇਸ ਪਖੋਂ ਘੂਕ ਸੁਤੇ ਹਨ। ਸਚਾਈ ਇਹ ਹੈ ਕਿ ਗੁਰਦੁਆਰਾ ਪ੍ਰਬੰਧ ਅਧੀਨ ਅਜ ਜੋ ਹਜ਼ਾਰਾਂ ਗੁਰਦੁਆਰੇ ਹਨ, ਉਥੇ ਪ੍ਰਚਾਰਕ-ਪ੍ਰਬੰਧਕ, ਰਾਗੀ-ਕਥਾਵਾਚਕ-ਢਾਡੀ-ਗ੍ਰੰਥੀ ਸੇਵਾਦਾਰ ਬਹੁਤੇ ਉਹੀ ਹਨ ਜਿਨਾਂ ਦੀ ਪਿੱਠ ਕਿਸੇ ਨ ਕਿਸੇ ਗੁਰਮਤਿ ਵਿਰੋਧੀ ਡੇਰੇ ਜਾਂ ਗਦੀਦਾਰ ਨਾਲ ਜੁੜੀ ਹੋਈ ਹੈ ਜਿਥੋਂ ਬਾਣੀ ਦੀ ਵਰਤੋਂ ਸਿੱਖੀ ਜੀਵਨ ਵਾਸਤੇ ਨਹੀਂ ਬਲਕਿ ਬ੍ਰਾਹਮਣੀ ਜਾਂ ਉਨ੍ਹਾਂ ਦੀਆਂ ਲੀਹਾਂ ਤੇ ਹੈ। ਉਸ ਤੋਂ ਬਾਦ ਉਮੀਦ ਕਰਨੀ ਕਿ ਸੰਗਤਾ ਵਿੱਚ ਬਾਣੀ ਦੀ ਨੇੜਤਾ ਆ ਜਾਵੇ ਜਾਂ ਦੂਰੀ ਨਾ ਵਧੇ-ਅਨਹੋਣੀ ਗਲ ਹੈ। ਹੁਣ ਤੀਕ ਇਸ ਵਿਸ਼ੇ ਤੇ ਅਸੀਂ ਮੋਟੀ ਨਜ਼ਰ ਤਾਂ ਮਾਰ ਹੀ ਚੁਕੇ ਹਾਂ ਕਿ ਸੰਗਤਾਂ ਨੂੰ ਡੇਰਿਆਂ, ਗੁਰਦੁਆਰਿਆਂ ਰਸਤੇ ਬਾਣੀ ਸੋਝੀ ਤੇ ਜੀਵਨ ਤੋਂ ਤੋੜਣ ਦਾ ਕੰਮ ਦਿਨ-ਰਾਤ ਜ਼ੋਰਾਂ ਤੇ ਹੈ, ਇਸ ਲਈ ਜਦੋਂ ਤੀਕ ਕੋਮ ਦੂਰਅੰਦੇਸ਼ੀ ਨਾਲ ਗੁਰਦੁਆਰਿਆਂ ਉਪਰੋਂ ਚੋਣਾਂ ਵਾਲੇ ਦੈਂਤ ਦਾ ਸੰਘਾਰ ਹੀ ਨਾ ਕਰੇ ਅਤੇ ਪੰਥ ਦਰਦੀ ਨਿ: ਸੁਆਰਥ ਹੋਕੇ ਇਮਨਦਾਰੀ ਨਾਲ ਕੋਈ ਵਡਾ ਹਮਲਾ ਹੀ ਨਾ ਮਾਰਨ, ਗਲ ਨਹੀਂ ਬਣ ਸਕੇਗੀ। ਇਸ ਸੰਬੰਧ `ਚ ਗੁਰਮਤਿ ਪਾਠ ਨੰ ੮੫ ‘ਛੇ (੬) ਪੰਥਕ ਲਹਿਰਾਂ ਦੀ ਵੱਡੀ ਲੋੜ’ ਦਿਤਾ ਜਾ ਚੁਕਾ ਹੈ, ਜੇਕਰ ਪੰਥ ਉਸਦਾ ਲਾਹਾ ਲੈ ਲਵੇ ਤਾਂ ਵੀ ਬਹੁਤ ਕੁੱਝ ਕੀਤਾ ਜਾ ਸਕਦਾ ਹੈ।
ਸੰਨ ੧੯੪੭ ਤੋਂ ਬਾਦ ਦੀ ਕੇਵਲ ਇੱਕ ਝਲਕ- ਸੰਨ ੧੯੪੭ ਭਾਰਤ ਆਜ਼ਾਦ ਹੋ ਗਿਆ। ਨਾਂ ਨੂੰ ਇਹ ਧਰਮ ਨਿਰਪੇਖ
(secular) ਹਕੂਮਤ ਬਣੀ, ਅਸਲ `ਚ ਇਹ ਬ੍ਰਾਹਮਣੀ ਜੱਕੜ ਸੀ। ਧਰਮ ਨਿਰਪੇਖ ਦੇ ਨਾਂ ਹੇਠ ਬਹੁਤਾ ਨਿਸ਼ਾਨਾ ਬਾਕੀ ਸਾਰੇ ਧਰਮਾਂ ਨੂੰ ਖਤਮ ਕਰਕੇ ਬ੍ਰਾਹਮਣੀ ਸਮੁੰਦਰ ਵਿੱਚ ਹੀ ਗਰਕ ਕਰਨਾ ਸੀ ਤੇ ਅਜ ਤੀਕ ਵੀ ਹੈ। ਇਸਾਈਆਂ-ਮੁਸਲਮਾਨਾਂ ਦੇ ਅਪਣੇ ਹੀ ਬਹੁਤੇਰੇ ਮੁਲਕ ਸਨ, ਬਾਕੀ ਤਾਂ ਵਿਚਾਰੇ ਸਿੱਖ ਹੀ ਸਨ ਜਿਨ੍ਹਾਂ ਉਪਰ ਲਗਾਤਾਰ ਪਿਛਲੇ ਢਾਈ ਸੌ ਸਾਲਾਂ ਤੋ ਹਰ ਪਖੋਂ ਬ੍ਰਾਹਮਣੀ ਤੇ ਵਿਰੋਧੀ ‘ਬਖਸ਼ਿਸ਼’ ਹੋ ਰਹੀ ਸੀ। ਡੇਰਿਆਂ ਵਾਲੇ ਦਿਨ-ਰਾਤ ਡੇਰਿਆਂ ਦਾ ਜਾਲ ਵਿਛਾ ਰਹੇ ਹਨ, ਘੋਖਿਆ ਜਾਵੇ ਤਾਂ ਇਹਨਾਂ ਦੇ ਆਗੂ ਬਹੁਤਾ ਕਰਕੇ ਗੋਲ ਪਗਾਂ ਬੰਨੀ ਸਿੱਖੀ ਰੂਪ ਵਿੱਚ ਹੀ ‘ਮਹਾ ਬ੍ਰਾਹਮਣ’ ਤੇ ਬਾਹਰੋਂ ਸਮਗਲ ਕੀਤੇ ਸਿੱਖ ਦੁਸ਼ਮਣ ਹੀ ਹਨ। ਗਹਿਰਾਈ ਤੋਂ ਦੇਖਿਆ ਜਾਵੇ ਸਰਕਾਰੀ ਪੱਧਰ ਤੇ ਵੀ ਆਜ਼ਾਦੀ ਦੇ ਪਿਛਲੇ ਪੰਜਾਹ ਸਾਲਾ ਤੋਂ ਵੱਧ ਸਮੇਂ `ਚ ਬਹੁਤਾ ਇਹੀ ਕੁੱਝ ਹੋਇਆਂ ਕਿ ਸਿੱਖ ਦੇ ਮਨ `ਚ ਬਾਣੀ ਸੋਝੀ ਦੀ ਲੋੜ ਜਾਗੇ ਹੀ ਨਾ। ਬਲਕਿ ਅੰਗ੍ਰੇਜ਼ ਨੇ ਜਿਸ ਸਿੱਖੀ ਸਰੂਪ ਤੇ ਪਹਿਰਾ ਦਿਤਾ ਸੀ, ਸਿੱਖਾਂ ਨੂੰ ਮਾਰਸ਼ਲ ਕੌਮ ਦੇ ਖਿਤਾਬ ਨਾਲ ਸਤਿਕਾਰਿਆ ਸੀ ਇਸਦੇ ਉਲਟ ਇਸ ਅਖਉਤੀ ਅਪਣੇ ਰਾਜ `ਚ ਪਤਿੱਤਪੁਣੇ ਨੂੰ ਖੁਲੀ ਹਵਾ ਦਿਤੀ ਜਾ ਰਹੀ ਹੈ। ਸਿੱਖਾਂ ਨੂੰ ਕੇਸਾਧਾਰੀ ਹਿੰਦੂ ਪ੍ਰਚਾਰਿਆ ਜਾਂਦਾ ਹੈ, ਪੰਜਾਬ ਲਈ ਦਿਨ-ਰਾਤ ਸਿੱਖ ਵਿਰੋਧੀ ਤਾਕਤਾਂ ਗਰਮ ਹਨ। ਸਿੱਖੀ ਬਾਰੇ ਅਤੇ ਹਰ ਪਖੋਂ ਵਧ ਤੋਂ ਵਧ ਉਪਰਾਮਤਾ ਦੇ ਹਰਬੇ ਵਰਤੇ ਜਾਂਦੇ ਹਨ, ਮੀਡੀਏ ਰਾਹੀਂ ਸਿੱਖੀ ਦਾ ਮਜ਼ਾਕ ਉਡਾਉਣ `ਚ ਕੋਈ ਕਸਰ ਨਹੀਂ ਛੱਡੀ ਜਾਂਦੀ, ਸਿੱਖੀ ਸਰੂਪ `ਚ ਸਿੱਖੀ ਦੇ ਦੁਸ਼ਮਣਾ ਲਈ ਹਰ ਸਮੇਂ ਦਰਵਾਜ਼ੇ ਖੁਲੇ ਰਹਿੰਦੇ ਹਨ। ਸਿੱਖਾਂ ਲਈ ਜਨਮਾਂਦਰੂ ਲਫ਼ਜ਼ ‘ਸਰਦਾਰ ਜੀ’ ਤੀਕ ਖੋਹਿਆ ਜਾ ਚੁਕਾ ਹੈ ਅਤੇ ‘ਸਿੰਘ-ਕੌਰ’ ਦੀ ਪ੍ਰਵਾਰਕ ਵਿਰਾਸਤ ਸਿੱਖ ਪਨੀਰੀ ਨੂੰ ਭੁਲਵਾਉਣ ਤੇ ਵਿਰੋਧੀਆਂ ਵਲੋ ਸਿੱਖ ਬਚਿਆਂ `ਚ ‘ਕੇਸਾਂ ਦੀ ਲੋੜ ਨਹੀਂ’, ਦਾ ਪ੍ਰਚਾਰ ਹਰ ਸਮੇਂ ਗਰਮ ਹੈ।
ਸੰਨ ੧੯੪੭ `ਚ ਭਾਰਤ ਦੀ ਆਜ਼ਾਦੀ ਸਮੇਂ ਬਣੇ ਭਾਰਤ ਦੇ ਨਵੇਂ ਵਿਧਾਨ `ਚ, ਉਸ ਸਮੇਂ ਦੇ ਸਿੱਖ ਆਗੂਆਂ ਕਾਰਣ ‘ਸਿੱਖ ਅਨੰਦਕਾਰਜ ਐਕਟ ੧੯੧੦’ ਤੀਕ ਨੂੰ ਗੁਆ ਬੈਠੇ। ਕੇਵਲ ਅਪਣੀਆਂ ਕੁਰਸੀਆਂ ਕਾਰਣ, ਭਾਰਤ ਦੇ ਵਿਧਾਨ ਵਿੱਚ ਅਪਣੀ ਆਜ਼ਾਦ ਕੌਮੀ ਹੱਸਤੀ ਨੂੰ ਵੀ ਕਾਇਮ ਨ ਰਖ ਸਕੇ। ਇਸਤਰ੍ਹਾਂ ਨਵੇਂ ਵਿਧਾਨ ਅਨੁਸਾਰ ਤਾਂ ਅਸੀਂ ਖੁਲਮ-ਖੁਲਾ ਬ੍ਰਾਹਮਣੀ ਹਿੰਦੂ ਸਮੁੰਦਰ ਦਾ ਕੇਵਲ ਅੰਗ ਬਣਕੇ ਰਹਿ ਗਏ ਹਾਂ। ਜਦਕਿ ਸਿੱਖ ਧਰਮ ਕਿਸੇ ਤਰ੍ਹਾਂ ਵੀ ਹਿੰਦੂ ਧਰਮ ਦਾ ਅੰਗ ਜਾਂ ਹਿੱਸਾ ਨਹੀਂ। ਸਿੱਖ ਧਰਮ ਤਾਂ ਸਮੂਚੇ ਮਨੁੱਖ ਮਾਤ੍ਰ ਦਾ ਨਿਰੋਲ ਅਤੇ ਮੂਲ ਧਰਮ ਹੈ। ਇਸ ਸਚਾਈ ਨੂੰ ਸਮਝਣ ਲਈ ਗੁਰਮੱਤ ਪਾਠ ਨੰ: ੪ ‘ਸਿੱਖ ਧਰਮ ਅਤੇ ਹਿੰਦੂ ਭਾਈਚਾਰਾ’ ਅਤੇ ਗੁਰਮਤਿ ਪਾਠ ਨੰ: ੩੯ ‘ਆਦਿ ਕਾਲ ਦਾ ਧਰਮ ਸਿੱਖ ਧਰਮ’ ਸੈਂਟਰ ਵਲੋਂ ਦਿਤੇ ਜਾ ਚੁਕੇ ਹਨ ਸੰਗਤਾਂ ਉਨ੍ਹਾਂ ਦਾ ਲਾਭ ਲੈਣ ਅਤੇ ਗੁਰਮਤਿ ਪ੍ਰਸਾਰ ਹਿਤ ਸੰਗਤਾਂ `ਚ ਵੰਡਣ ਦਾ ਉਪਰਾਲਾ ਵੀ ਕਰਨ।
ਗੁਰਦੁਆਰਾ ਚੋਣਾਂ ਵਾਲਾ ਪੰਥ ਮਾਰੂ ਦੈਂਤ - ਗੁਰਦੁਆਰਿਆਂ ਅੰਦਰ ਚੋਣਾ ਵਾਲੇ ਸਿੱਸਟਮ ਦਾ ਪ੍ਰਵੇਸ਼, ਪੰਥ ਲਈ ਉਹ ਮਾਰੂ ਹਥਿਆਰ ਹੈ ਕਿ ਕੌਮ ਦਾ ਜਿੰਨਾ ਨੁਕਸਾਨ ਸੰਨ ੧੭੧੫ ਤੋਂ ਸੰਨ ੧੯੨੫ ਤੀਕ ਨਹੀਂ ਸੀ ਹੋਇਆ ਉਸਤੋਂ ਵੱਧ ਨੁਕਸਾਨ ਇਨ੍ਹਾਂ ਅੱਸੀ ਵਰਿਆਂ `ਚ ਹੋ ਚੁਕਾ ਹੈ। ਸੰਨ ੧੭੧੫ ਤੋਂ ਅਰੰਭ ਹੋਕੇ ਸੰਗਤਾਂ ਅਤੇ ਗੁਰਬਾਣੀ ਜੀਵਨ ਵਿਚਕਾਰ ਦਿਨੋ ਦਿਨ ਫਾਸਲਾ ਵਾਧੇ ਤੇ ਹੀ ਸੀ, ਪਹਿਲਾਂ ਵਿਰੋਧੀਆਂ ਵਲੋਂ ਅਤੇ ਹੁਣ ਚੌਣਾਂ ਰਾਹੀਂ ਅਗੇ ਆਏ ਆਪਣਿਆਂ ਤੇ ਉਨ੍ਹਾਂ ਹੇਠ ਚਾਪਲੂਸ ਪ੍ਰਚਾਰਕਾਂ ਵਲੋਂ, ਪਰ ਕੌਮ ਉਪਰ ਇਹ ਹਮਲਾ ਰੁਕਿਆ ਕਦੇ ਇੱਕ ਮਿਨਿਟ ਲਈ ਵੀ ਨਹੀਂ। ਅਪਣੀਆਂ ਹੀ ਸਿੱਖ ਲਹਿਰਾਂ, ਨਿਰੰਕਾਰੀ, ਨਾਮਧਾਰੀ ਜਾਂ ਰਾਧਾਸੁਆਮੀ, ਜਿਉਂ ਜਿਉਂ ਗੁਰਡੰਮ ਵਲ ਮੁੜਦੀਆਂ ਗਈਆਂ, ਸਭ ਤੋਂ ਪਹਿਲਾਂ ਇਨ੍ਹਾਂ ਨੇ ਅਪਣੀ ਹੀ ਤੱਬਾਹੀ ਹੀ ਕੀਤੀ। ਕਿਉਂਕਿ ਸਮੇਂ ਸਮੇਂ ਤੇ ਪੂਰੀ ਕੌਮ ਇਹਨਾਂ ਤੇ ਫ਼ਖਰ ਕਰਦੀ ਸੀ, ਉਸਦੇ ਉਲਟ ਕੌਮ ਦਾ ਗੁਰਮਰਾਹ ਅੰਗ ਬਣ ਕੇ ਰਹਿਦੀਆਂ ਗਈਆਂ। ਸਮੇਂ ਸਮੇਂ ਨਾਲ, ਇਹਨਾਂ ਲਹਿਰਾਂ ਦੇ ਕੁਰਾਹੇ ਪੈਣ ਦੀ ਪੰਥ ਨੂੰ ਵੀ ਭਾਰੀ ਕੀਮਤ ਚੁਕਾਨੀ ਪਈ। ਵਿਰੋਧੀਆਂ ਤੇ ਇਹਨਾਂ ਵਲੋਂ ਬੇਸ਼ੁਮਾਰ ਮਨਾਂ-ਮੂਹੀਂ ਉਲਟਾ ਸਿਧਾ ਲਿਟ੍ਰੇਚਰ ਵੀ ਸੰਗਤਾਂ ਨੂੰ ਭੰਮਲ ਭੁਸੇ `ਚ ਪਾਂਦਾ ਆ ਰਿਹਾ ਹੈ, ਉਸ `ਚ ਵੀ ਕਦੇ ਰੁਕਾਵਟ ਨਹੀ ਆਈ। ਸਿੱਖ ਜਿਸਦੇ ਜੀਵਨ ਦਾ ਆਧਾਰ ਹੀ ਗੁਰਬਾਣੀ ਗਿਆਨ ਅਤੇ ਉਸਤੋਂ ਪੈਦਾ ਹੋਣ ਵਾਲੀ ਅਕੱਟ ਵਿਚਾਰਸ਼ਕਤੀ ਸੀ, ਸੰਨ ੧੭੧੫ ਤੋਂ ਲੈਕੇ ਅਜਤੀਕ ਭਿੰਨ ਭਿੰਨ ਵਿਰੋਧੀ ਹਮਲਿਆਂ ਕਾਰਨ, ਗੁਰਬਾਣੀ ਤੋਂ ਤੇਜ਼ੀ ਨਾਲ ਟੁਟਦਾ ਹੀ ਜਾ ਰਿਹਾ ਹੈ, ਗੁਰਬਾਣੀ ਸੋਝੀ ਦਾ ਉਸ ਅੰਦਰੋਂ ਉਦਮ-ਲਗਾਤਾਰ ਖਤਮ ਕੀਤਾ ਗਿਆ ਹੈ। ਹੁਣ ਗੁਰਬਾਣੀ ਉਸ ਵਾਸਤੇ ਜੀਵਨ ਜਾਚ ਦਾ ਸੋਮਾ ਘਟ ਅਤੇ ਮੂਰਤੀ ਪੂਜਾ, ਮੰਤ੍ਰ ਰਟਣ, ਕਾਮਨਾ ਪੂਰਤੀ ਦਾ ਰੂਪ ਵਧ ਬਣਾਈ ਜਾ ਚੁਕੀ ਹੈ। ਇਹ ਸਾਰੀ ਮੇਹਰਬਨੀ ਹੈ ਚੋਣਾਂ ਤੋਂ ਪੈਦਾ ਹੋਈ ਇਸ ਵੋਟਾਂ ਵਾਲੀ ਰਾਜਨੀਤੀ ਦੀ। ਕਦੋਂ ਸੰਭਲਾਂਗੇ, ਕਿਵੇਂ ਬਚਾਂਗੇ ਕੇਵਲ ਕਰਤਾਪੁਰਖੁ ਹੀ ਜਾਣਦਾ ਹੈ ਪਰ ਇਹ ਗਲ ਪਕੀ ਹੈ ਕਿ ਧਰਮ ਦੀ ਸੰਭਾਲ ਲਈ ਸੰਸਾਰ ਦੇ ਕਿਸੇ ਛੋਟੇ ਤੋਂ ਛੋਟੇ ਧਰਮ ਨੇ ਵੀ, ਅਪਣੇ ਧਰਮ ਦੀ ਸੰਭਾਲ ਲਈ ਚੋਣਾਂ ਨੂੰ ਕਦੇ ਨੇੜੇ ਨਹੀਂ ਆਉਣ ਦਿਤਾ। ਦੂਜੇ ਪਾਸੇ ਗੁਰੂ ਨਾਨਕ ਦੇ ਆਲਮਗੀਰੀ ਅਤੇ ਸਰਬਕਾਲੀ ਮੱਤ ਨਾਲ ਅਸਾਂ ਇਹ ਚੌਣਾਂ ਵਾਲਾ ਮਜ਼ਾਕ ਕਰਕੇ ਇਸਨੂੰ ਤਬਾਹ ਕਰਨ ਤੇ ਤੁਲੇ ਹੋਏ ਹਾਂ। ਸੋਚਣ ਦੀ ਗਲ ਹੈ ਕਿ ਜੇ ਚੋਣਾਂ ਵਾਲਾ ਰਸਤਾ ਹੀ ਲੈਣਾ ਹੁੰਦਾ ਤਾਂ ਨਾ ਹੀ ਭਾਈ ਲਹਿਣਾ ਜੀ ‘ਗੁਰੂ ਅੰਗਦ ਸਾਹਿਬ’ ਹੁੰਦੇ ਤੇ ਨਾ ਇਹ ‘ਪੰਜ ਪਿਆਰੇ’।
#77s97.03s06#

Including this Self Learning Gurmat Lesson No 77
ਗੁਰਬਾਣੀ ਤੋਂ ਫਾਸਲਾ- ਕਿਉਂ ਤੇ ਕਿਵੇਂ?
For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808
web site- www.gurbaniguru.com

 




.