.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 13)

ਭਾਈ ਸੁਖਵਿੰਦਰ ਸਿੰਘ 'ਸਭਰਾ'

ਸੰਤ ਦਲੇਰ ਸਿੰਘ (ਖੈੜੀ) ਸੰਗਰੂਰ ਅਤੇ ਹੋਰ ਸੰਤਾਂ ਵੱਲੋਂ ਪੰਥਕ ਰਵਾਇਤਾਂ ਦੀ ਉਲੰਘਣਾ

ਨੋਟ—ਇਸ ਸਾਧ ਦੇ ਚੇਲਿਆਂ ਨੇ ਸੰਗਰੂਰ ਤੋਂ ਫ਼ੋਨ ਕਰਕੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।
18 ਅਕਤੂਬਰ ਦੇ ਅੰਕ ਵਿਚ `ਤੇ ਸੰਤ ਜੀ ਬਹੁੜੇ ਹੀ ਨਾ’ ਦੀ ਸੁਰਖ਼ੀ ਹੇਠ ਖ਼ਬਰ ਪੜ੍ਹੀ ਕਿ ਸੰਤ ਦਲੇਰ ਸਿੰਘ ਵੱਲੋਂ ਧਾਰਮਿਕ ਸਮਾਗਮ ਅਤੇ ਦੀਵਾਨ ਲਾਉਣ ਦਾ ਵਾਅਦਾ ਕਰਕੇ ਨਾ ਆਉਣ ਕਾਰਨ ਸੰਗਤਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰਬੰਧਕੀ ਕਮੇਟੀ ਨੇ ਸੰਤ ਦਲੇਰ ਸਿੰਘ ਦੇ ਖ਼ਿਲਾਫ਼ ਸਿੱਖੀ ਸਿਧਾਂਤਾਂ ਅਨੁਸਾਰ ਕਾਰਵਾਈ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਅਤੇ ਸੰਤ ਸਮਾਜ ਨੂੰ ਪੱਤਰ ਲਿਖੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਪੰਥ ਪ੍ਰਵਾਨਤ ਰਹਿਤ ਮਰਯਾਦਾ ਮੁਤਾਬਕ ਅਜਿਹੇ ਸੰਤਾਂ ਦੇ ਦੀਵਾਨ ਹੀ ਗ਼ਲਤ ਹਨ, ਕਿਉਂਕਿ ਇਹ ਸੰਤ ਗੁਰਬਾਣੀ ਦਾ ਕੀਰਤਨ ਕਰਨ ਦੀ ਬਜਾਏ ਆਪਣੇ ਵੱਡੇ ਸੰਤਾਂ, ਡੇਰਿਆਂ ਅਤੇ ਮਨਘੜਤ ਧਾਰਨਾਵਾਂ ਦਾ ਹੀ ਪ੍ਰਚਾਰ ਕਰਦੇ ਹਨ। ਸਾਡੀ ਅਗਿਆਨਤਾ ਦੇ ਕਾਰਨ ਹੀ ਸੰਤਾਂ ਦੇ ਆਲੀਸ਼ਾਨ ਡੇਰੇ ਵੱਡੇ ਹੁੰਦੇ ਜਾ ਰਹੇ ਹਨ।
ਲੋਕਾਂ ਨੂੰ ਸਾਦਾ ਰਹਿਣ, ਮੌਤ ਤੋਂ ਨਾ ਡਰਨ ਤੇ ਮਿਲ ਕੇ ਰਹਿਣ ਦਾ ਉਪਦੇਸ਼ ਦੇਣ ਵਾਲੇ ਇਹ ਸੰਤ ਆਪ ਵਿਦੇਸ਼ੀ ਕਾਰਾਂ ਤੇ ਸੁਰੱਖਿਆ ਗਾਰਡਾਂ ਦੀਆਂ ਹੇੜਾਂ ਨਾਲ ਦੁਸ਼ਮਣੀਆਂ ਵੀ ਪਾਲ ਰਹੇ ਹੁੰਦੇ ਹਨ। ਕਈ ਸਾਲ ਪਹਿਲਾਂ ਸਾਡੇ ਪਿੰਡ ਵਿਚ ਵੀ ਸੰਤ ਹਰਦੇਵ ਸਿੰਘ (ਲੂਲੋਵਾਲੇ) ਪੰਜ ਦੀਵਾਨ ਦੇ ਕੇ ਤਿੰਨ ਦਿਨ ਹੀ ਆਏ ਸਨ। ਸਾਡੇ ਪਿੰਡ ਹੀ ਕੁਲਰੀਆਂ ਦੀ ਸੰਗਤ ਨੇ ਸੰਤਾਂ ਪਾਸੋਂ ਪੰਜ ਦੀਵਾਨ ਮੰਗੇ ਤੇ ਨਾਲ ਇਹ ਵੀ ਕਿਹਾ ਕਿ ਬਾਬਾ ਜੀ, ਕਿਤੇ ਇਥੇ (ਬਹਾਦਰਪੁਰ) ਵਾਲੀ ਨਾ ਕਰਿਉ। ਸੰਤ ਕਹਿੰਦੇ ਨਹੀਂ ਭਾਈ ਜ਼ਰੂਰ ਪਹੁੰਚਾਂਗੇ। ਪਰ ਇਥੇ ਵੀ ਸੰਤ ਪੰਜੇ ਦਿਨ ਹੀ ਨਹੀਂ ਆਏ। ਲੋਕਾਂ ਨੂੰ ਹੱਥੀਂ ਕਿਰਤ ਕਰਨ ਦਾ ਉਪਦੇਸ਼ ਦੇਣ ਵਾਲੇ ਇਕ ਸੰਤ ਨੂੰ ਮੈਂ ਖ਼ੁਦ ਦੇਖਿਆ ਕਿ ਜਦੋਂ ਉਹ ਸੰਤ ਗੱਡੀ ਵਿਚੋਂ ਉਤਰਨ ਲੱਗਾ ਤਾਂ ਉਸ ਦੇ ਇਕ ਚੇਲੇ ਨੇ ਉਕਤ ਸੰਤ ਦੇ ਪੈਰਾਂ ਵਿਚ ਪਾਏ ਬੂਟਾਂ ਦੇ ਫੀਤੇ ਖੋਲ੍ਹੇ ਤੇ ਬੂਟ ਜੁਰਾਬਾਂ ਲਾਹੀਆਂ। ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਸੰਤ ਗੱਡੀ ਵਿਚ ਬੈਠੇ ਤਾਂ ਉਸ ਚੇਲੇ ਨੇ ਸੰਤ ਦੇ ਪੈਰ ਪੂੰਝੇ। ਬੂਟ ਪਾਏ, ਜੁਰਾਬਾਂ ਪਾਈਆਂ, ਫੀਤੇ ਬੰਨ੍ਹੇ, ਇਹ ਹਾਲਤ ਹੈ ਇਹਨਾਂ ਦੀ।
ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਅੰਨ੍ਹੀ ਸ਼ਰਧਾ ਵੱਲ। ਇਹਨਾਂ ਸੰਤਾਂ ਪਿੱਛੇ ਟਰਾਲੀਆਂ ਭਰੀ ਫਿਰਦੇ ਹਾਂ। ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੀਆਂ ਮਹਾਨ ਸੰਸਥਾਵਾਂ ਵੀ ਸੌੜੀ ਸਿਆਸਤ ਅਧੀਨ ਸ਼ਕਤੀਹੀਣ ਹੋ ਗਈਆਂ ਹਨ। ਸੰਤ ਸਮਾਜ ਵੀ ਵਿਰੋਧੀ ਹੈ, ਉਹਨੇ ਵੀ ਸਿੱਖ ਰਹਿਤ ਮਰਯਾਦਾ ਦੇ ਉਲਟ ਮਰਯਾਦਾ ਬਣਾਈ ਹੋਈ ਹੈ। ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਨਹੀਂ ਤਾਂ ਇਹ ਡੇਰੇਦਾਰ ਸੰਤ ਇਸੇ ਤਰ੍ਹਾਂ ਹੀ ਗੁਰਮਤਿ ਅਤੇ ਸੰਗਤਾਂ ਨਾਲ ਖਿਲਵਾੜ ਕਰਦੇ ਰਹਿਣਗੇ।
(ਪੰਜਾਬੀ ਟ੍ਰਿਬਿਊਨ `ਚੋਂ ਧੰਨਵਾਦ ਸਾਹਿਬ)
ਸੰਤ ਮਹਿੰਦਰ ਸਿੰਘ ਗਨੇਸ਼ਪੁਰ (ਅੰਬਾਲਾ) ਵਾਲੇ
ਇਸ ਸੰਤ ਨੇ ਪਿੰਡ ਕਾਕਡਾਂ ਵਿਖੇ ਇਕ ਸਰਧਾਲੂ ਦੇ ਘਰ ਕੀਤੇ ਸਮਾਗਮ ਵਿਚ ਦਸਮ ਗ੍ਰੰਥ ਦੇ ਪਾਠ ਦੇ ਨਾਲ ਹਵਨ ਕਰਾਇਆ ਤੇ 7 ਦਿਨ 7 ਬੱਕਰੇ ਝਟਕਾਏ ਗਏ। ਇਹਨਾਂ ਦੇ ਸਮਾਗਮਾਂ ਵਿਚ ਮਾਸ ਤੇ ਭੰਗ ਵਰਤਾਈ ਜਾਂਦੀ ਹੈ। ਇਹ, ਇਹ ਵੀ ਕਹਿੰਦੇ ਹਨ ਕਿ ਸੰਗਤਾਂ ਸ਼ਰਾਬ ਪੀ ਕੇ ਸਮਾਗਮ ਵਿਚ ਆ ਸਕਦੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਵੀ ਇਹ ਬਾਬਾ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ਦੱਸ ਕੇ ਸੰਗਤਾਂ ਨੂੰ ਗੁੰਮਰਾਹ ਕਰਦਾ ਰਿਹਾ ਹੈ। ਇਹ ਆਪਣੇ ਹਰ ਸਮਾਗਮ `ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਦੇ ਵਿਚਕਾਰ ਕਿਸੇ ਵੱਲੋਂ ਬਣਾਈ ਹੋਈ ਆਪਣੀ ਆਦਮ ਕੱਦ ਤਸਵੀਰ ਵੀ ਲਾਉਂਦਾ ਹੈ। ਬਹੁਤ ਸਾਰੀਆਂ ਸਭਾ ਸੁਸਾਇਟੀਆਂ ਨੇ ਇਨ੍ਹਾਂ ਦੀਆਂ ਮਨਮਰਜ਼ੀਆਂ ਦਾ ਵਿਰੋਧ ਕੀਤਾ ਹੈ। ਇਸ ਬਾਰੇ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਬਾਬਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਵਿਚੋਂ ਮੋਹਨ ਸਿੰਘ ਮੁਕਤਸਰ ਦੀ ਵੰਸ਼ ਵਿਚੋਂ ਹੈ। ਜਦੋਂ ਕਿ ਗੁਰੂ ਘਰ ਵਿਚ ਵੰਸ਼ ਦੀ ਕੋਈ ਮਹਾਨਤਾ ਨਹੀਂ ਹੈ। ਐਸੇ ਬਾਬਿਆਂ ਤੋਂ ਬਚਣ ਦੀ ਕੋਸ਼ਿਸ਼ ਕਰੀਏ, ਕਿਥੇ ਰਾਜਾ ਭੋਜ ਅਤੇ ਕਿਥੇ ਗੰਗੂ ਤੇਲੀ? ਇਹ ਬਾਬੇ, ਦੇਹਧਾਰੀ ਗੁਰੂਆਂ ਵਾਂਗ ਹੀ ਸਿੱਖੀ ਨੂੰ ਖ਼ਤਮ ਕਰਨ ਤੇ ਤੁਲੇ ਹੋਏ ਹਨ। ਇਹ ਆਪ ਵੀ ਖ਼ੁਦ ਪੁੱਠੇ ਚੱਕਰਾਂ ਵਿਚ ਪਏ ਹੋਏ ਹਨ ਅਤੇ ਹੋਰਨਾਂ ਨੂੰ ਵੀ ਚੱਕਰਾਂ ਵਿਚ ਪਾ ਰਹੇ ਹਨ। ਜਾਗਣ ਦੀ ਲੋੜ ਹੈ ਇਹ ਸਾਰੇ ਬਾਬੇ, ਗੁਰੂ ਦੇ ਸ਼ਰੀਕ ਤਪੇ ਦਾ ਰੋਲ ਨਿਭਾ ਰਹੇ ਹਨ।
ਵੱਗ ਫਿਰਨ ਪਾਖੰਡੀਆਂ ਬਾਬਿਆਂ ਦੇ,
ਰਹਿੰਦੇ ਨਸ਼ਿਆਂ ਅੰਦਰ ਧੁੱਤ ਬਾਬੇ।
ਪੁਤੋਂ ਸੱਖਣੇ ਇਹਨਾਂ `ਚੋਂ ਕਈ ਕਈ ਬਾਬੇ,
ਜਿਹੜੇ ਹੋਰਾਂ ਨੂੰ ਬਖਸ਼ਦੇ ਪੁੱਤ ਬਾਬੇ।
ਪਾਈਆਂ ਹੱਟੀਆਂ ਇਹਨਾਂ ਪਾਖੰਡੀਆਂ ਨੇ,
ਦਿਲੋਂ ਰੱਬ ਨੂੰ ਸਮਝਦੇ ਤੁੱਛ ਬਾਬੇ।
ਲੋਕ ਲੁੱਟਣ ਨੂੰ ਹੱਟੀਆਂ ਪਾਈ ਬੈਠੇ,
ਨਾ ਵੇਖਦੇ ਰੁੱਤ ਕੁਰੱਤ ਬਾਬੇ।




.