.

ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥

Sat Sangat of the True Guru, is the school, where the glorious virtues of the Akal Purkh are studied.

ਸਤਸੰਗਤਿ, ਸਾਧਸੰਗਤ

ਸੰਗਤ ਦਾ ਲਫਜ਼ ਆਮ ਤੌਰ ਤੇ ਕਿਸੇ ਇਕੱਠ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ। ਆਮ ਤੌਰ ਤੇ ਜਿਥੇ ਸ਼ਰਾਬਾਂ ਪੀਣ ਵਾਲੇ ਲੋਕ, ਗਲਤ ਗਲਾਂ ਕਰਨ ਵਾਲੇ, ਝਗੜਾਲੂ ਲੋਕ ਇਕੱਠੇ ਹੁੰਦੇ ਹਨ ਨੂੰ, ਕੁਸੰਗਤ ਕਿਹਾ ਜਾਂਦਾ ਹੈ। ਵੈਸੇ ਭਾਵੇਂ ਕਿਸੇ ਤਰ੍ਹਾਂ ਦਾ ਵੀ ਇਕੱਠ ਹੋਵੇ ਉਹ ਆਪਣੇ ਆਪ ਨੂੰ ਸੰਗਤ ਦਾ ਹਿਸਾ ਹੀ ਕਹਿੰਦੇ ਹਨ। ਇਸ ਸਬੰਧੀ ਭੁਲੇਖਾ ਦੂਰ ਕਰਨ ਲਈ ਗੁਰਮਤਿ ਵਿੱਚ ਸਤਸੰਗਤਿ, ਸਾਧਸੰਗਤ ਦਾ ਸ਼ਬਦ ਹੀ ਵਰਤਿਆ ਗਿਆ ਹੈ।
ਕਿਹੋ ਜਿਹੇ ਇਕੱਠ ਨੂੰ ਸਤਿਸੰਗਤਿ ਸਮਝਣਾ ਚਾਹੀਦਾ ਹੈ? ਗੁਰਬਾਣੀ ਵਿੱਚ ਸਪੱਸ਼ਟ ਕਰਕੇ ਸਮਝਾ ਦਿਤਾ ਗਿਆ ਹੈ। ਸਤਿਸੰਗਤਿ ਉਹ ਹੈ, ਜਿਥੇ ਸਿਰਫ ਅਕਾਲ ਪੁਰਖੁ ਦਾ ਨਾਮੁ ਸਲਾਹਿਆ ਜਾਂਦਾ ਹੈ। ਸਤਿ ਸੰਗਤਿ ਵਿੱਚ ਸਿਰਫ ਅਕਾਲ ਪੁਰਖੁ ਦਾ ਨਾਮੁ ਜਪਣਾ ਹੀ ਉਸ ਦਾ ਹੁਕਮ ਹੈ। ਨਾਮੁ ਤੇ ਹੁਕਮੁ ਦੀ ਸੋਝੀ ਸਿਰਫ ਸਤਿਗੁਰੂ ਹੀ ਦੇ ਸਕਦਾ ਹੈ।
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ ੫॥ (੭੨)

ਜਿਹੜੇ ਮਨੁੱਖ ਸਤਿਸੰਗਤਿ ਵਿੱਚ ਮਿਲ ਕੇ ਬੈਠਦੇ ਹਨ, ਉਹ ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ ਬਚ ਜਾਂਦੇ ਹਨ ਤੇ ਆਪਣਾ ਮਨੁੱਖਾ ਜਨਮ ਸਫਲ ਕਰ ਲੈਦੇ ਹਨ। ਜਿਸ ਤਰ੍ਹਾਂ ਮੂੰਹ ਅੰਦਰ ਖੰਡ ਜਾਣ ਨਾਲ ਹੀ ਮਿਠਾਸ ਪਾਈ ਜਾ ਸਕਦੀ ਹੈ, ਠੀਕ ਉਸੇ ਤਰ੍ਹਾਂ ਗੁਰਬਾਣੀ ਨੂੰ ਹਿਰਦੇ ਵਿੱਚ ਵਸਾ ਕੇ ਹੀ ਅਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੁਰੂ ਦੀ ਕਿਰਪਾ ਹੀ ਹੈ, ਜਿਸ ਨਾਲ ਮਨੁੱਖ ਨੂੰ ਅਡੋਲਤਾ ਵਾਲੀ ਉੱਚੀ ਆਤਮਕ ਅਵਸਥਾ ਮਿਲ ਸਕਦੀ ਹੈ। ਜਿਸ ਤਰ੍ਹਾਂ ਇੱਕ ਸੁੱਕੀ ਲੱਕੜੀ ਪਾਣੀ ਨਾਲ ਹਰੀ ਭਰੀ ਹੋ ਜਾਂਦੀ ਹੈ, ਠੀਕ ਉਸੇ ਤਰ੍ਹਾਂ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਣ ਨਾਲ ਇੱਕ ਵਿਕਾਰੀ ਮਨੁੱਖ, ਦੁਖਾਂ ਵਿਚੋਂ ਨਿਕਲ ਕੇ ਖੁਸ਼ਹਾਲ ਜੀਵਨ ਬਤੀਤ ਕਰ ਸਕਦਾ ਹੈ।
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ॥ ੧॥ ਰਹਾਉ॥ (੧੦)

ਸਿਖ ਧਰਮ ਅਨੁਸਾਰ ਸਤਸੰਗਤਿ ਕੋਈ ਰਵਾਇਤੀ ਜਾਂ ਆਮ ਇਕੱਠ ਨਹੀਂ ਹੈ, ਸਤਸੰਗਤਿ ਨੂੰ ਬਹੁਤ ਉਚਾ ਦਰਜ਼ਾ ਦਿਤਾ ਗਿਆ ਹੈ। ਆਪਣੇ ਆਪ ਨੂੰ ਸਤਸੰਗਤਿ ਦਾ ਹਿਸਾ ਤਾਂ ਹੀ ਕਹਿ ਸਕਦੇ ਹਾਂ ਜੇ ਕਰ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਤੇ ਗੁਰੂ ਦੀ ਸੰਗਤ ਕਰਦੇ ਹਾਂ। ਅਸੀਂ ਗੁਰੂ ਦੀ ਸ਼ਰਨ ਵਿੱਚ ਤਾਂ ਹੀ ਸਵਿਕਾਰੇ ਜਾ ਸਕਦੇ ਹਾਂ, ਜੇ ਕਰ ਗੁਰੂ ਨੂੰ ਅਪਨਾਈਏ, ਗੁਰੂ ਨੂੰ ਆਪਣਾ ਬਣਾਈਏ। ਜੇ ਕਰ ਅੰਮ੍ਰਿਤ ਛਕੀਏ ਨਾ, ਗੁਰੂ ਨਾਲ ਕੋਈ ਵਾਇਦਾ ਕਰੀਏ ਨਾ, ਬਾਣੀ ਪੜ੍ਹੀਏ ਨਾ, ਸਮਝੀਏ ਨਾ, ਜੀਵਨ ਵਿੱਚ ਅਪਨਾਈਏ ਨਾ, ਤਾਂ ਗੁਰੂ ਨੂੰ ਆਪਣਾ ਕਿਸ ਤਰ੍ਹਾਂ ਬਣਾ ਸਕਦੇ ਹਾਂ। ਖਾਲੀ ਗੁਰਦੁਆਰਾ ਸਾਹਿਬ ਆਪਣੀ ਹਾਜ਼ਰੀ ਲਵਾ ਕੇ, ਲੰਗਰ ਖਾ ਕੇ ਵਾਪਿਸ ਆ ਜਾਣਾ ਤਾਂ ਇਸ ਤਰ੍ਹਾਂ ਹੋਇਆ ਕਿ ਸਕੂਲੇ ਤਾਂ ਗਏ, ਹਾਜ਼ਰੀ ਲਵਾ ਲਈ, ਪਰ ਪੜ੍ਹਿਆ ਕੁੱਝ ਵੀ ਨਾ, ਸਮਝਿਆ ਕੁੱਝ ਵੀ ਨਾ। ਕੀ ਕੋਈ ਇਸ ਤਰ੍ਹਾਂ ਬਿਨਾ ਪੜ੍ਹਿਆਂ ਪਾਸ ਹੋ ਸਕਦਾ ਹੈ? ਜੇ ਨਹੀਂ ਤਾਂ ਅਸੀਂ ਸਿੱਖੀ ਦੇ ਇਮਤਿਹਾਨ ਵਿਚੋਂ ਕਿਸ ਤਰ੍ਹਾਂ ਪਾਸ ਹੋ ਸਕਦੇ ਹਾਂ। ਅਸੀਂ ਰਹਿਰਾਸ ਸਾਹਿਬ ਦੇ ਪਾਠ ਵਿੱਚ ਰੋਜ਼ਾਨਾ ਪੜਦੇ ਹੀ ਹਾਂ ਕਿ ਜਿਨ੍ਹਾਂ ਨੇ ਅਕਾਲ ਪੁਰਖੁ ਦੇ ਨਾਮੁ ਦਾ ਸੁਆਦ ਨਹੀਂ ਪ੍ਰਾਪਤ ਕੀਤਾ, ਜਿਨ੍ਹਾਂ ਨੂੰ ਅਕਾਲ ਪੁਰਖੁ ਦਾ ਨਾਮੁ ਨਹੀਂ ਮਿਲਿਆ ਉਹ ਬਦ-ਕਿਸਮਤ ਹਨ, ਉਹ ਜਮਾਂ ਦੇ ਵਸ ਪਏ ਹੋਏ ਸਮਝੋ। ਉਨ੍ਹਾਂ ਮਨੁੱਖਾਂ ਦੇ ਸਿਰ ਉੱਤੇ ਆਤਮਕ ਮੌਤ ਸਦਾ ਸਵਾਰ ਰਹਿਦੀ ਹੈ। ਜਿਹੜੇ ਗੁਰੂ ਦੀ ਸ਼ਰਨ ਵਿੱਚ ਤੇ ਗੁਰੂ ਦੀ ਸਤਸੰਗਤਿ ਵਿੱਚ ਨਹੀਂ ਆਉਦੇ ਹਨ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਨ੍ਹਾਂ ਦਾ ਜੀਊਣਾ ਫਿਟਕਾਰ ਜੋਗ ਹੈ। ਜਿਨ੍ਹਾਂ ਅਕਾਲ ਪੁਰਖੁ ਦੇ ਸੇਵਕਾਂ ਨੂੰ ਗੁਰੂ ਦੀ ਸੰਗਤਿ ਵਿੱਚ ਬੈਠਣਾ ਨਸੀਬ ਹੋਇਆ ਹੈ, ਸਮਝੋ ਉਨ੍ਹਾਂ ਦੇ ਮੱਥੇ ਉਤੇ ਧੁਰ ਤੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ। ਗੁਰੂ ਦੀ ਸਤਸੰਗਤਿ ਧੰਨ ਹੈ! ਜਿਸ ਵਿੱਚ ਬੈਠਿਆਂ ਅਕਾਲ ਪੁਰਖੁ ਦੇ ਨਾਮੁ ਦਾ ਆਨੰਦ ਮਿਲਦਾ ਹੈ, ਜਿਥੇ ਗੁਰਮੁਖਾਂ ਨੂੰ ਮਿਲਿਆਂ ਹਿਰਦੇ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਪ੍ਰਕਾਸ਼ ਹੋ ਜਾਂਦਾ ਹੈ।
ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ॥ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ॥ ੩॥ ਜਿਨ ਹਰਿ ਜਨ ਸਤਿਗੁਰ ਸੰਗਿਤ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ॥ ਧਨੁ ਧੰਨੁ ਸਤਸੰਗਿਤ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ॥ ੪॥ ੪॥ (੧੦)

ਹਿਰਦੇ ਵਿੱਚ ਪ੍ਰਕਾਸ਼ ਤਾਂ ਹੋ ਸਕਦਾ ਹੈ ਜੇ ਕਰ ਗੁਰਬਾਣੀ ਪੜ੍ਹੀਏ, ਸਮਝੀਏ ਤੇ ਜੀਵਨ ਵਿੱਚ ਅਪਨਾਈਏ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਹੀ ਸਿੱਖ ਦਾ ਗੁਰੂ ਹੈ, ਗੁਰੂ, ਬਾਣੀ ਵਿੱਚ ਮੌਜੂਦ ਹੈ। ਗੁਰੂ ਦੀ ਬਾਣੀ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਅੰਮ੍ਰਿਤ ਹੈ। ਗੁਰੂ ਬਾਣੀ ਉਚਾਰਦਾ ਹੈ, ਗੁਰੂ ਦਾ ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ ਉਸ ਸਿਖ ਨੂੰ ਯਕੀਨੀ ਤੌਰ ਤੇ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥ (੯੮੨)

ਇਸ ਲਈ ਗੁਰੂ ਦੇ ਦਰ ਤੇ ਰਹਿ ਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਸੁਣਨੀ ਚਾਹੀਦੀ ਹੈ, ਤਾਂ ਜੋ ਅਕਾਲ ਪੁਰਖੁ ਦੇ ਗੁਣ ਸਾਡੇ ਵਿੱਚ ਵੱਸ ਜਾਣ। ਸਤਿਗੁਰੁ ਅੱਗੇ ਆਪਣਾ ਸਭ ਕੁੱਝ ਅਰਪਨ ਕਰ ਦੇਣਾ ਹੈ, ਤਾਂ ਜੋ ਅੰਦਰ ਦੀ ਹਉਮੈ ਨਿਕਲ ਜਾਵੇ। ਹਰੀ ਦਾ ਜਸ ਮੂੰਹੋਂ ਉਚਾਰਨਾ ਚਾਹੀਦਾ ਹੈ, ਤਾਂ ਜੋ ਸਾਡਾ ਸੁਭਾਅ ਵੀ ਉਸ ਅਕਾਲ ਪੁਰਖੁ ਵਰਗਾ ਹੋ ਜਾਵੇ। ਇਸ ਤਰ੍ਹਾਂ ਕਰਨ ਨਾਲ ਗੁਰੂ, ਮਨੁੱਖ ਦੇ ਸਾਰੇ ਝਗੜੇ ਕਲੇਸ਼ ਮਿਟਾ ਦਿੰਦਾ ਹੈ ਅਤੇ ਮਨੁੱਖ ਨੂੰ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਆਦਰ-ਸਤਿਕਾਰ ਮਿਲਦਾ ਹੈ।
ਗੁਰ ਦੁਆਰੈ ਹਰਿ ਕੀਰਤਨੁ ਸੁਣੀਐ॥ ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ॥ ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ॥ ੪॥ (੧੦੭੪-੧੦੭੫)
ਸਤਸੰਗਤਿ ਸਤਿਗੁਰੂ ਦੀ ਪਾਠਸ਼ਾਲਾ ਹੈ, ਜਿਥੇ ਅਕਾਲ ਪੁਰਖੁ ਦੇ ਗੁਣ ਸਿਖੇ ਜਾ ਸਕਦੇ ਹਨ। ਧੰਨ ਹੈ ਉਹ ਜੀਭ ਜਿਹੜੀ ਅਕਾਲ ਪੁਰਖੁ ਦਾ ਨਾਮੁ ਜਪਦੀ ਹੈ, ਧੰਨ ਹਨ ਉਹ ਹੱਥ ਜਿਹੜੇ ਸਾਧਸੰਗਤਿ ਵਿੱਚ ਸੇਵਾ ਕਰਦੇ ਹਨ, ਧੰਨ ਹੈ ਉਹ ਪਾਂਧਾ ਗੁਰੂ ਜਿਸ ਦੀ ਰਾਹੀਂ ਅਕਾਲ ਪੁਰਖੁ ਨੂੰ ਮਿਲ ਕੇ ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰ ਸਕਦੇ ਹਾਂ। ਜਿਸ ਤਰ੍ਹਾਂ ਬੱਚੇ ਜਦੋਂ ਸਕੂਲ ਜਾਂਦੇ ਹਨ ਤਾਂ ਉਹ ਆਪਣੀਆਂ ਕਾਪੀਆਂ, ਕਿਤਾਬਾਂ, ਪੈਨ, ਪੈਨਸਲ ਨਾਲ ਲੈ ਕੇ ਜਾਂਦੇ ਹਨ। ਅਧਿਆਪਕ ਜੋ ਵੀ ਪੜਾਉਂਦਾ ਹੈ, ਬੱਚੇ ਉਸ ਨੂੰ ਨਾਲ ਨਾਲ ਨੋਟ ਕਰਦੇ ਹਨ, ਘਰ ਜਾਂ ਕੇ ਉਸ ਨੂੰ ਦੁਬਾਰਾ ਪੜ੍ਹਕੇ ਯਾਦ ਕਰਦੇ ਹਨ। ਅਸੀਂ ਵੀ ਸਤਿਗੁਰੂ ਦੀ ਪਾਠਸ਼ਾਲਾ ਭਾਵ ਗੁਰਦੁਆਰਾ ਸਾਹਿਬ ਜਾਂਦੇ ਹਾਂ। ਕੀ ਅਸੀਂ ਕਦੇ ਆਪਣੇ ਨਾਲ ਕਾਪੀ, ਪੈਨ, ਪੈਨਸਲ ਲੈ ਕੇ ਗਏ ਹਾਂ, ਤਾਂ ਜੋ ਗੁਰਬਾਣੀ ਰਾਹੀ ਦੱਸੀ ਗਈ ਮਤ ਨੋਟ ਕਰ ਸਕੀਏ? ਗੁਰਦੁਆਰਾ ਸਾਹਿਬ ਵਿੱਚ ਜੋ ਸ਼ਬਦ ਗਾਇਨ ਕੀਤਾ ਗਿਆ, ਗੁਰਮਤਿ ਵਿਚਾਰ ਦੱਸੀ ਗਈ, ਗੁਰ ਇਤਿਹਾਸ ਸਬੰਧੀ ਜਾਣਕਾਰੀ ਦਿਤੀ ਗਈ, ਕੀ ਅਸੀਂ ਕਦੇ ਘਰ ਆ ਕੇ ਉਸ ਨੂੰ ਦੁਬਾਰਾ ਪੜ੍ਹਕੇ ਯਾਦ ਕਰਦੇ ਹਨ? ਜਿਹੜੇ ਬੱਚੇ ਸਬਕ ਯਾਦ ਨਹੀਂ ਕਰਦੇ ਹਨ, ਅਧਿਆਪਕ ਉਨ੍ਹਾਂ ਨੂੰ ਸਜਾ ਦਿੰਦਾ ਹੈ, ਉਹ ਫੇਲ ਹੋ ਜਾਂਦੇ ਹਨ। ਜੇ ਕਰ ਗੁਰਬਾਣੀ ਨੂੰ ਘਰ ਆ ਕੇ ਉਸ ਨੂੰ ਦੁਬਾਰਾ ਪੜ੍ਹਦੇ ਨਹੀਂ, ਸਮਝਦੇ ਨਹੀਂ ਤੇ ਵਿਚਾਰਦੇ ਨਹੀਂ, ਤਾਂ ਅਸੀਂ ਗੁਰੂ ਸਾਹਿਬ ਕੋਲ ਕਿਵੇਂ ਪਰਵਾਨ ਹੋ ਸਕਦੇ ਹਾਂ। ਅਜੇਹਾ ਕਰਾਂਗੇ ਤਾਂ ਅਕਾਲ ਪੁਰਖੁ ਦੇ ਦਰ ਤੇ ਸਜਾ ਹੀ ਮਿਲੇਗੀ।
ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥ ਧਨੁ ਧੰਨੁ ਸੁ ਰਸਨਾ, ਧੰਨੁ ਕਰ, ਧੰਨੁ ਸੁ ਪਾਧਾ ਸਤਿਗੁਰੂ, ਜਿਤੁ ਮਿਲਿ ਹਰਿ ਲੇਖਾ ਲਿਖਾ॥ ੮॥ (੧੩੧੬)
ਜੇ ਕਰ ਜੀਵਨ ਵਿੱਚ ਕੁੱਝ ਪ੍ਰਾਪਤੀ ਕਰਨੀ ਹੈ ਤਾਂ ਮਿਹਨਤ ਕਰਨੀ ਪਵੇਗੀ, ਖੋਜ਼ ਕਰਨ ਨਾਲ ਹੀ ਕੁੱਝ ਮਿਲ ਸਕਦਾ ਹੈ। ਗੁਰੂ ਸਾਹਿਬ ਸੁਚੇਤ ਕਰਦੇ ਹਨ ਕਿ ਭਾਲ ਕਰਦਿਆਂ ਕਰਦਿਆਂ, ਮੈਂ ਇਹੀ ਸੁਣਿਆ, ਭਾਵ ਇਸ ਨਤੀਜੇ ਤੇ ਪਹੁਚਿਆ ਹਾਂ ਕਿ ਸਾਧਸੰਗਤਿ ਤੋਂ ਬਿਨਾ, ਤ੍ਰਿਸ਼ਨਾ ਦੇ ਹੜ ਤੋਂ, ਕੋਈ ਜੀਵ ਪਾਰ ਨਹੀਂ ਲੰਘ ਸਕਿਆ। ਜਿਸ ਦੇ ਮੱਥੇ ਉਤੇ ਚੰਗਾ ਭਾਗ ਜਾਗਿਆ, ਉਸ ਨੇ ਗੁਰੂ ਲੱਭ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ, ਉਸ ਦਾ ਮਨ ਰੱਜ ਗਿਆ। ਜਦੋਂ ਜੀਵ ਗੁਰੂ ਦੀ ਸਰਨ ਪੈ ਕੇ ਅਕਾਲ ਪੁਰਖੁ ਨੂੰ ਮਿਲ ਪਿਆ, ਉਸ ਦੀ ਅੰਦਰਲੀ ਤਿ੍ਰਸ਼ਨਾ ਦੀ ਭੜਕੀ ਮੁੱਕ ਗਈ, ਉਸ ਨੇ ਆਪਣੇ ਮਨ ਵਿਚ, ਆਪਣੇ ਹਿਰਦੇ ਵਿੱਚ ਵੱਸਦਾ ਅਕਾਲ ਪੁਰਖੁ ਲੱਭ ਲਿਆ।
ਆਸਾ ਮਹਲਾ ੫॥ ਖੋਜਤ ਖੋਜਤ ਸੁਨੀ ਇਹ ਸੋਇ॥ ਸਾਧਸੰਗਤਿ ਬਿਨੁ ਤਰਿਓ ਨ ਕੋਇ॥ ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ॥ ਪੂਰੀ ਆਸਾ ਮਨੁ ਤ੍ਰਿਪਤਾਇਆ॥ ਪ੍ਰਭ ਮਿਲਿਆ ਤਾ ਚੂਕੀ ਡੰਝਾ॥ ਨਾਨਕ ਲਧਾ ਮਨ ਤਨ ਮੰਝਾ॥ ੪॥ ੧੧॥ (੩੭੩)
ਇਹੀ ਕਾਰਨ ਹੈ ਕਿ ਅਕਾਲ ਪੁਰਖੁ ਦੇ ਭਗਤ ਸਦਾ ਹੀ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਹਨ। ਸਾਧ ਸੰਗਤਿ ਦੇ ਇੱਕ ਪਲ ਭਰ ਦੇ ਸੁਖ ਨੂੰ ਉਹ ਇਸ ਤਰ੍ਹਾਂ ਸਮਝਦੇ ਹਨ, ਜਿਸ ਤਰ੍ਹਾਂ ਕਿ ਕਰੋੜਾਂ ਸਵਰਗ ਹਾਸਲ ਕਰ ਲਏ ਹੋਣ। ਇਸ ਲਈ ਜੇ ਕਰ ਸੁਖ ਚਾਹੁੰਦੇ ਹਾਂ ਤਾਂ ਗੁਰੂ ਦੀ ਸੰਗਤ ਭਾਵ ਗੁਰਬਾਣੀ ਦੀ ਸੰਗਤ ਹਰ ਸਮੇਂ ਕਰਨੀ ਪਵੇਗੀ।
ਸਾਰਗ ਮਹਲਾ ੫॥ ਹਰਿ ਜਨ ਰਾਮ ਰਾਮ ਰਾਮ ਧਿਆਂਏ॥ ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ॥ ੧॥ ਰਹਾਉ॥ (੧੨੦੮)
ਗੁਰਬਾਣੀ ਸਮਝਣ ਤੇ ਵਿਚਾਰਨ ਨਾਲ ਇਹ ਸਮਝ ਆ ਜਾਂਦੀ ਹੈ ਕਿ ਜੀਵਨ ਨੂੰ ਸੇਧ ਦੇਣ ਲਈ ਸਤਸੰਗਤਿ ਬਹੁਤ ਜਰੂਰੀ ਹੈ। ਸਤਸੰਗਤਿ ਵਿੱਚ ਮਿਲ ਕੇ ਬੈਠਣ ਨਾਲ ਵਿਕਾਰੀ ਵੀ ਪਵਿਤਰ ਹੋ ਕੇ ਕਬੂਲ ਹੋ ਜਾਂਦਾ ਹੈ। ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਦਾ ਬੂਟਾ ਵੱਸਦਾ ਹੈ ਤੇ ਸੁਗੰਧਿਤ ਹੋ ਜਾਂਦਾ ਹੈ, ਤਿਵੇਂ ਸਾਧਸੰਗਤਿ ਵਿੱਚ ਮਿਲ ਕੇ ਵਿਕਾਰੀ ਵੀ ਪਵਿਤਰ ਹੋ ਕੇ ਕਬੂਲ ਹੋ ਜਾਂਦਾ ਹੈ।
ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ॥ (੮੬੧)
ਸਤਸੰਗਤਿ ਵਿੱਚ ਗੁਰਮੁਖਾਂ ਦੀ ਚਰਨੀਂ ਲੱਗ ਕੇ, ਭਾਵ ਜਿਸ ਗੁਰਮਤਿ ਦੇ ਮਾਰਗ ਤੇ ਉਹ ਚਲਦੇ ਹਨ, ਉਸ ਮਾਰਗ ਤੇ ਚਲ ਕੇ ਅਸੀਂ ਵੀ ਉਚੇ ਜੀਵਨ ਵਾਲੇ ਬਣ ਸਕਦੇ ਹੈ। ਜਿਵੇ ਪਿਪਲ ਛਿਛਰੇ ਨੂੰ ਖਾ ਕੇ ਆਪਣੇ ਵਿੱਚ ਅਭੇਦ ਕਰ ਲੈਦਾ ਹੈ। ਇਸੇ ਤਰ੍ਹਾਂ ਗੁਰਮੁਖਾਂ ਦੀ ਸੰਗਤਿ ਵਿੱਚ ਰਹਿ ਕੇ, ਗੁਰਮਤਿ ਦੇ ਮਾਰਗ ਤੇ ਚਲ ਕੇ, ਮਨੁੱਖ ਦੇ ਵਿਕਾਰ ਮਿਟ ਜਾਂਦੇ ਹਨ ਤੇ ਉਹ ਉਚੇ ਜੀਵਨ ਵਾਲਾ ਬਣ ਜਾਂਦਾ ਹੈ।
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ॥ ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ॥ ੪॥ (੧੩੨੫)
ਸਤਸੰਗਤਿ ਵਿੱਚ ਹੰਕਾਰੀ ਬਣ ਕੇ ਨਹੀਂ ਆਉਂਣਾਂ ਹੈ। ਇਸ ਦੀ ਉਦਾਹਰਣ ਕੁਦਰਤ ਨੇ ਵੀ ਦਿੱਤੀ ਹੈ। ਬਾਂਸ ਦਾ ਬੂਟਾ ਉੱਚਾ ਲੰਮਾ ਹੋਣ ਦੇ ਮਾਣ ਵਿੱਚ ਡੁੱਬਿਆ ਰਹਿੰਦਾ ਹੈ। ਜਿਸ ਤਰ੍ਹਾਂ ਬਾਂਸ ਅੰਦਰੋਂ ਖੋਖਲਾ ਹੁੰਦਾਂ ਹੈ, ਠੀਕ ਉਸੇ ਤਰ੍ਹਾਂ ਹੰਕਾਰੀ ਬੰਦੇ ਦੇ ਅੰਦਰ ਕੋਈ ਗੁਣ ਨਹੀਂ ਹੁੰਦੇ ਹਨ। ਬਾਂਸ ਦੇ ਦੋ ਟੁਕੜੇ ਆਪਸ ਵਿੱਚ ਰਗੜ ਕੇ ਅੱਗ ਦੀ ਚਿੰਗਾੜੀ ਪੈਦਾ ਕਰਦੇ ਹਨ, ਹੰਕਾਰੀ ਬੰਦੇ ਵੀ ਆਪਸ ਵਿੱਚ ਝਗੜਦੇ ਤੇ ਨਫਰਤ ਕਰਦੇ ਰਹਿੰਦੇ ਹਨ। ਬਾਸ ਭਾਵੇ ਚੰਦਨ ਦੇ ਨੇੜੇ ਵੀ ਉਗਿਆ ਹੋਵੇ, ਉਸ ਵਿੱਚ ਚੰਦਨ ਵਾਲੀ ਸੁਗੰਧੀ ਨਹੀਂ ਆਉਦੀ। ਜਿਤਨੀ ਦੇਰ ਤਕ ਅੰਦਰ ਹੰਕਾਰ ਹੈ, ਉਤਨੀ ਦੇਰ ਤਕ ਅੰਦਰ ਨਾਮੁ ਨਹੀਂ ਵਸ ਸਕਦਾ। ਇਸ ਲਈ ਕਬੀਰ ਸਾਹਿਬ ਚਿਤਾਵਨੀ ਦਿੰਦੇ ਹਨ, ਕਿ ਤੁਸੀਂ ਵੀ ਕਿਤੇ ਬਾਂਸ ਵਾਂਗੂੰ ਹਉਮੈ ਵਿੱਚ ਨਾ ਡੁੱਬ ਜਾਇਓ।
ਸਲੋਕ ਭਗਤ ਕਬੀਰ ਜੀਉ ਕੇ॥ ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ॥ ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ॥ ੧੨॥ (੧੩੬੫)
ਪੈਸੇ ਤੇ ਪਦਵੀ ਕਰਕੇ ਅੱਜ ਕੱਲ ਆਮ ਲੋਕਾਂ ਦੇ ਅੰਦਰ ਹੰਕਾਰ ਬਹੁਤ ਆ ਗਿਆ ਹੈ। ਕੁੱਝ ਲੋਕ ਤਾਂ ਇਹ ਕਹਿੰਦੇ ਫਿਰਦੇ ਹਨ ਕਿ ਮਨ ਸਾਫ ਚਾਹੀਦਾ ਹੈ, ਗੁਰਦੁਆਰੇ ਆਉਣ ਦੀ ਕੀ ਲੋੜ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਇਹੋ ਜਿਹੀਆਂ ਗੱਲਾਂ ਉਹੀ ਲੋਗ ਕਰਦੇ ਹਨ ਜਿਨ੍ਹਾਂ ਨੂੰ ਆਪਣੀ ਅਮੀਰੀ ਜਾ ਵਿਦਿਆ ਦਾ ਹੰਕਾਰ ਹੁੰਦਾ ਹੈ ਅਤੇ ਜਾ ਉਹ ਆਲਸੀ ਜਾ ਸ਼ਰਾਬੀ ਹੁੰਦੇ ਹਨ ਤੇ ਅਗਿਆਨਤਾ ਵਿੱਚ ਜੀਵਨ ਬਤੀਤ ਕਰ ਰਹੇ ਹੁੰਦੇ ਹਨ। ਇਹੋ ਜਿਹੇ ਲੋਕਾਂ ਲਈ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਵਿੱਚ ਫਰਮਾਇਆ ਹੈ, ਕਿ ਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਦਾ ਹੈ, ਨੇਕੀ ਉਸ ਦੇ ਨੇੜੇ ਵੀ ਨਹੀਂ ਢੁਕਦੀ।
ਆਪਸ ਕਉ ਜੋ ਭਲਾ ਕਹਾਵੈ॥ ਤਿਸਹਿ ਭਲਾਈ ਨਿਕਟਿ ਨ ਆਵੈ॥ (੨੭੮)
ਗੁਰਬਾਣੀ ਤੋਂ ਦੂਰ ਰਹਿਣ ਵਾਲਾ ਮਨੁੱਖ ਕੁਸੰਗਤ ਵਲ ਚਲਿਆ ਜਾਂਦਾ ਹੈ। ਕੁਸੰਗਤ ਦੀ ਮਾਰ ਮਨੁੱਖ ਨੂੰ ਅਜਿਹੀ ਪੈਂਦੀ ਹੈ, ਜਿਵੇ ਬੇਰੀ ਦੇ ਬੂਟੇ ਪਾਸ ਉਗੇ ਹੋਏ ਕੇਲੇ ਦਾ ਹਾਲ ਹੁੰਦਾ ਹੈ। ਜਿਉ ਜਿਉ ਬੇਰੀ ਹੁਲਾਰੇ ਲੈਦੀ ਹੈ, ਉਹ ਗਰੀਬ ਕੇਲਾ ਚੀਰੀਦਾ ਹੈ। ਭਾਵੇਂ ਕੇਲੇ ਦਾ ਬੂਟਾ ਬਹੁਤ ਸਾਫ ਹੁੰਦਾਂ ਹੈ, ਪਰ ਭੈੜੀ ਸੰਗਤ ਕਰਕੇ ਉਹ ਬਰਬਾਦ ਹੋ ਜਾਂਦਾ ਹੈ। ਭੈੜੀ ਸੰਗਤ ਵਿੱਚ ਬੈਠਣ ਨਾਲ ਵਿਕਾਰਾਂ ਦਾ ਅਸਰ ਇੱਕ ਆਮ ਮਨੁੱਖ ਤੇ ਵੀ ਹੋ ਜਾਂਦਾ ਹੈ, ਜਿਸ ਕਰਕੇ ਉਸ ਦਾ ਜੀਵਨ ਵਿਕਾਰਾ ਵਾਲਾ ਹੋ ਜਾਂਦਾ ਹੈ ਤੇ ਉਹ ਸਰੀਰਕ ਤੌਰ ਤੇ ਜਿਊਦਾ ਹੋਇਆ ਵੀ ਆਤਮਕ ਤੌਰ ਤੇ ਮਰਿਆ ਰਹਿੰਦਾ ਹੈ ਤੇ ਦੁਖਾਂ ਵਿੱਚ ਜੀਵਨ ਬਤੀਤ ਕਰਦਾ ਹੈ।
ਸਲੋਕ ਭਗਤ ਕਬੀਰ ਜੀਉ ਕੇ॥ ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ॥ ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ॥ ੮੮॥ (੧੩੬੯)
ਕੁਸੰਗਤ ਤਿਆਗ ਕੇ ਸਤਸੰਗਤਿ ਵਿੱਚ ਆਉਣ ਵਾਲੇ ਮਨੁੱਖ ਦਾ ਜੀਵਨ ਸਫਲ ਹੋ ਜਾਂਦਾ ਹੈ। ਸਤਸੰਗਤਿ ਵਿੱਚ ਅਕਾਲ ਪੁਰਖੁ ਦਾ ਨਾਮ-ਰੂਪੀ ਖ਼ਜ਼ਾਨਾ ਹੈ, ਸਤਸੰਗਤਿ ਵਿਚੋਂ ਹੀ ਅਕਾਲ ਪੁਰਖੁ ਮਿਲਦਾ ਹੈ; ਸਤਸੰਗਤਿ ਵਿੱਚ ਰਹਿਣ ਨਾਲ ਸਤਿਗੁਰੂ ਦੀ ਕਿਰਪਾ ਦੁਆਰਾ ਹਿਰਦੇ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜਿਵੇਂ ਪਾਰਸ ਨਾਲ ਛੋਹਿਆਂ ਲੋਹਾ, ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਜੇ ਸਤਿਗੁਰੂ ਮਿਲ ਜਾਏ ਤਾਂ ਗੁਰੂ ਦੀ ਛੁਹ ਨਾਲ ਨਾਮੁ ਮਿਲ ਜਾਂਦਾ ਹੈ, ਗੁਰੂ ਨੂੰ ਮਿਲ ਕੇ ਅਕਾਲ ਪੁਰਖੁ ਨਾਮੁ ਹਿਰਦੇ ਵਿੱਚ ਵਸ ਜਾਂਦਾ ਹੈ। ਪਰ ਅਕਾਲ ਪੁਰਖੁ ਦਾ ਦੀਦਾਰ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਪਿਛਲੀ ਕੀਤੀ ਭਲਿਆਈ ਮੌਜੂਦ ਹੈ।
ਪਉੜੀ॥ ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ॥ ਗੁਰ ਪਰਸਾਦੀ ਘਟਿ ਚਾਨਣਾ ਆਨ੍ਹ੍ਹੇਰੁ ਗਵਾਇਆ॥ ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ॥ ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ॥ ਜਿਨ੍ਹ੍ਹ ਕੈ ਪੋਤੈ ਪੁੰਨੁ ਹੈ ਤਿਨ੍ਹ੍ਹੀ ਦਰਸਨੁ ਪਾਇਆ॥ ੧੯॥ (੧੨੪੪-੧੨੪੫)
ਆਪਣੇ ਮਨ ਨੂੰ ਇਹੀ ਸਮਝਾਉਣਾਂ ਹੈ, ਕਿ ਅਕਾਲ ਪੁਰਖੁ ਦੇ ਨਾਮੁ ਦੇ ਗੁਣ ਗਾਇਆ ਕਰ, ਤਾਂ ਜੋ ਤੇਰੇ ਵਿੱਚ ਵੀ ਉਹੀ ਗੁਣ ਪੈਦਾ ਹੋ ਜਾਣ। ਜਿਸ ਮਨੁੱਖ ਉਤੇ ਗੁਰੂ ਦਇਆਲ ਹੋ ਜਾਏ, ਤਾਂ ਉਸ ਦਾ ਮਨ ਮਾਇਆ ਦੇ ਮੋਹ ਦੀ ਨੀਂਦ ਵਿਚੋਂ ਜਾਗ ਪੈਂਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਦਾ ਰਸ ਸੁਆਦ ਨਾਲ ਪੀਂਦਾ ਹੈ। ਇਸ ਲਈ ਸੱਭ ਤੋਂ ਉਤਮ ਸੰਗਤ ਸਤਿਗੁਰੂ (ਸ਼ਬਦ) ਦੀ ਹੈ। ਕਿਉਕਿ ਮਨੁੱਖ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਉਂਦਾ ਹੈ। ਇਸ ਲਈ ਅਕਾਲ ਪੁਰਖੁ ਅੱਗੇ ਇਹੀ ਬੇਨਤੀ ਕਰਨੀ ਹੈ, ਕਿ ਮੇਰੇ ਤੇ ਮਿਹਰ ਕਰੋ, ਮੈਨੂੰ ਸਤਸੰਗਤਿ ਮਿਲਾ ਦਿਉ, ਤਾਂ ਜੋ ਉਥੇ ਮੈਂ ਤੇਰੇ ਗੁਰਮੁਖਾਂ ਦੇ ਪੈਰ ਧੋਵਾਂ ਭਾਵ ਉਨ੍ਹਾਂ ਦੇ ਪਾਏ ਹੋਏ ਪੂਰਨਿਆ ਤੇ ਚਲ ਸਕਾ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਅਕਾਲ ਪੁਰਖੁ ਦਾ ਨਾਮੁ ਸਿਮਰਿਆ ਹੈ, ਉਸ ਦੇ ਮਨ ਵਿਚ, ਤਨ ਵਿੱਚ ਉਪਜੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ ਜਮ ਦਾ ਵੀ ਸਾਰਾ ਡਰ ਲਹਿ ਜਾਂਦਾ ਹੈ।
ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ॥ ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ॥ ੧॥ ਰਹਾਉ॥ ਸਤਸੰਗਤਿ ਊਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ॥ ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ॥ ੨॥ (੭੩੧)
ਗੁਰੂ ਦੀ ਸੰਗਤਿ ਪ੍ਰਾਪਤ ਕਰਨ ਨਾਲ ਦੂਜਿਆਂ ਦਾ ਸੁਖ ਵੇਖ ਕੇ ਆਪਣੇ ਅੰਦਰੇ ਅੰਦਰ ਸੜਨ ਦੀ ਆਦਤ ਭੁੱਲ ਜਾਂਦੀ ਹੈ। ਫਿਰ ਨਾ ਕੋਈ ਵੈਰੀ ਦਿਸਦਾ ਤੇ ਨਾ ਕੋਈ ਓਪਰਾ ਦਿਸਦਾ ਹੈ; ਸਾਰਿਆਂ ਨਾਲ ਮਨੁੱਖ ਦਾ ਪਿਆਰ ਬਣ ਜਾਂਦਾ ਹੈ। ਹੁਣ ਜੋ ਕੁੱਝ ਅਕਾਲ ਪੁਰਖੁ ਕਰਦਾ ਹੈ, ਮਨੁੱਖ ਉਸ ਨੂੰ ਸਭ ਜੀਵਾਂ ਦੇ ਲਈ ਭਲਾ ਹੀ ਮੰਨਦਾ ਹਾਂ। ਉਸ ਦੇ ਹੁਕਮੁ ਅਨੁਸਾਰ ਚਲਣ ਦਾ ਸੁਭਾਅ ਬਣ ਜਾਂਦਾ ਹੈ। ਇਹ ਚੰਗੀ ਅਕਲ ਆਪਣੇ ਗੁਰੂ ਕੋਲੋ ਹੀ ਸਿੱਖੀ ਜਾ ਸਕਦੀ ਹੈ। ਸਾਧ ਸੰਗਤਿ ਵਿੱਚ ਮਨੁੱਖ ਨੂੰ ਇਉਂ ਦਿਸਦਾ ਹੈ ਕਿ ਇੱਕ ਅਕਾਲ ਪੁਰਖੁ ਹੀ ਸਭ ਜੀਵਾਂ ਵਿੱਚ ਮੌਜੂਦ ਹੈ। ਫਿਰ ਮਨੁੱਖ ਉਸ ਨੂੰ ਸਭ ਵਿੱਚ ਵਸਦਾ ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ।
ਕਾਨੜਾ ਮਹਲਾ ੫॥ ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ ੧॥ ਰਹਾਉ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ੧॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ॥ ੨॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ॥ ੩॥ ੮॥ (੧੨੯੯)
ਵੱਡੇ ਭਾਗਾਂ ਵਾਲੇ ਮਨੁੱਖ ਅਕਾਲ ਪੁਰਖੁ ਦਾ ਮਿਲਾਪ ਕਰਾਣ ਵਾਲੀ ਸਤਸੰਗਤਿ ਪ੍ਰਾਪਤ ਕਰਦੇ ਹਨ। ਪਰ ਅਭਾਗੇ ਬੰਦੇ ਭਰਮਾਂ ਤੇ ਭਟਕਣਾ ਵਿੱਚ ਪੈ ਕੇ ਚੋਟਾਂ ਖਾਂਦੇ ਹਨ ਤੇ ਵਿਕਾਰਾਂ ਵਿੱਚ ਫਸ ਕੇ ਦੁਖ ਤੇ ਕਸ਼ਟ ਸਹਾਰਦੇ ਹਨ। ਚੰਗੀ ਕਿਸਮਤ ਤੋਂ ਬਿਨਾ ਸਤਸੰਗਤਿ ਨਹੀਂ ਮਿਲਦੀ। ਸਤਸੰਗਤਿ ਤੋਂ ਬਿਨਾ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ।
ਵਡਭਾਗੀ ਹਰਿ ਸੰਗਤਿ ਪਾਵਹਿ॥ ਭਾਗਹੀਨ ਭਰਮਿ ਚੋਟਾ ਖਾਵਹਿ॥ ਬਿਨੁ ਭਾਗਾ ਸਤਸੰਗ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ॥ ੩॥ {੯੫}
ਸਤਸੰਗਤਿ ਇੱਕ ਅਜੇਹਾ ਇਕੱਠ ਹੈ ਜਿਸ ਵਿੱਚ ਬੈਠ ਕੇ ਉਸ ਅਕਾਲ ਪੁਰਖੁ ਨੂੰ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਯਾਦ ਕਰਨ ਨਾਲ ਮਨ ਵਿਚੋਂ ਵਿਕਾਰਾਂ ਦੀ ਸਾਰੀ ਮੈਲ ਨਿਕਲ ਜਾਂਦੀ ਹੈ। ਉਹ ਅਕਾਲ ਪੁਰਖੁ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ, ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ। ਇਸ ਲਈ ਆਪਣੇ ਮਨ ਨੂੰ ਇਹ ਸਮਝਾਉਣਾ ਹੈ ਕਿ ਉਸ ਅਕਾਲ ਪੁਰਖੁ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ। ਵੱਡੀ ਕਿਸਮਤ ਨਾਲ ਹੀ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਜਿਸ ਨੂੰ ਮਿਲਿਆਂ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ। ਗੁਰੂ ਸਾਹਿਬ ਤਾਂ ਆਪ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ, ਜਿਨ੍ਹਾਂ ਨੇ ਅਕਾਲ ਪੁਰਖੁ ਦਾ ਨਾਮ ਆਪਣੇ ਹਿਰਦੇ ਵਿੱਚ ਪਰੋ ਰੱਖਿਆ ਹੈ।
ਸੋਰਠਿ ਮਹਲਾ ੫॥ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ॥ ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ॥ ੧॥ ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ॥ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ॥ ੧॥ ਰਹਾਉ॥ ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ॥ ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ॥ ੨॥ ੫॥ ੩੩॥ {੬੧੭}
ਕੁਦਰਤ ਵਿੱਚ ਵਿਚਰ ਰਹੀ ਹਰੇਕ ਚੀਜ ਦੇ ਦੋ ਪਹਿਲੂ ਹੋ ਸਕਦੇ ਹਨ। ਭਾਈ ਗੁਰਦਾਸ ਜੀ ਆਪਣੀ ਰਚਨਾ ਵਿੱਚ ਸਮਝਾਉਂਦੇ ਹਨ ਕਿ ਕਿਸੇ ਹਵਾ ਨਾਲ ਤਾਂ ਵਰਖਾ ਹੁੰਦੀ ਹੈ ਅਤੇ ਕਿਸੇ ਹਵਾ ਨਾਲ ਤਾਂ ਬੱਦਲ ਵੀ ਉੱਡ ਜਾਂਦੇ ਹਨ। ਪਾਣੀ ਸਾਡੇ ਸਰੀਰ ਦਾ ਇੱਕ ਜਰੂਰੀ ਹਿਸਾ ਹੈ ਜਿਸ ਕਰਕੇ ਅਸੀਂ ਜਿਉਂਦੇ ਹਾਂ, ਇਸ ਦੇ ਉਲਟ ਹੜ ਦਾ ਪਾਣੀ ਤਬਾਹੀ ਵੀ ਲਿਆ ਦਿੰਦਾਂ ਹੈ। ਕਿਸੇ ਅੱਗ ਨਾਲ ਤਾਂ ਰਸੋਈ ਵਿੱਚ ਖਾਣਾਂ ਬਣਦਾ ਹੈ ਅਤੇ ਕਿਸੇ ਅੱਗ ਨਾਲ ਤਾਂ ਭਵਨ ਵੀ ਸੜ ਕੇ ਸਵਾਹ ਹੋ ਜਾਂਦੇ ਹਨ। ਇਸੇ ਤਰ੍ਹਾਂ ਕਿਸੇ ਸੰਗਤ (ਸਤਸੰਗਤਿ) ਨਾਲ ਤਾਂ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ। ਅਤੇ ਕਿਸੇ ਸੰਗਤ (ਕੁਸੰਗਤ) ਨਾਲ ਤਾਂ ਜਮਾਂ ਦੀ ਮਾਰ ਪੈਂਦੀ ਹੈ ਤੇ ਜੀਵਨ ਬਰਬਾਦ ਹੋ ਸਕਦਾ ਹੈ।
ਕਾਹੂ ਦਸਾਕੇ ਪਵਨ ਗਵਨ ਕੈ ਬਰਖਾ ਹੈ ਕਾਹੂ ਦਸਾਕੇ ਪਵਨ ਬਾਦਰ ਬਿਲਾਤ ਹੈ। ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ। ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ ਕਾਹੂ ਗ੍ਰਿਹ ਕੀ ਅਗਨਿ ਭਵਨੁ ਜਗਤ ਹੈ। ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ॥ ੫੪੯॥ (ਕਬਿਤ)
ਇਸ ਲਈ ਸੰਗਤ ਉਹ ਬਣਾਉ ਜੋ ਮੁਨੱਖਾ ਜੀਵਨ ਉੱਚਾ ਲੈ ਕੇ ਜਾਵੇ। ਜਿਸ ਤਰ੍ਹਾਂ ਕਿ ਗੁਰਬਾਣੀ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਗੁਰਬਾਣੀ ਤੇ ਇਤਿਹਾਸ ਦੀਆਂ ਪੁਸਤਕਾਂ ਦੀ ਸੰਗਤ, ਆਤਮਿਕ ਤਲ ਤੇ ਅਕਾਲ ਪੁਰਖੁ ਦੀ ਸੰਗਤ। ਸਭ ਤੋਂ ਉਤਮ ਸੰਗਤ ਹੈ ਗੁਰੂ ਦੀ ਸੰਗਤ, ਜਿਸ ਦੁਆਰਾ ਅਕਾਲ ਪੁਰਖੁ ਦੀ ਸੰਗਤ ਵੀ ਆਪਣੇ ਆਪ ਪ੍ਰਾਪਤ ਹੋ ਜਾਂਦੀ ਹੈ। ਇਹ ਕਈ ਤਰ੍ਹਾਂ ਦੇ ਉਪਰਾਲਿਆਂ ਨਾਲ ਪ੍ਰਾਪਤ ਹੋ ਸਕਦੀ ਹੈ। ਜਿਸ ਤਰ੍ਹਾਂ ਕਿ ਅੰਮ੍ਰਿਤ ਵੇਲੇ ਗੁਰਬਾਣੀ ਨੂੰ ਪੜ੍ਹਨਾਂ, ਸੁਣਨਾ ਤੇ ਵਿਚਾਰਨਾ, ਕੀਰਤਨ ਕਥਾ ਦੇ ਦੌਰਾਨ ਸਮਝਾਏ ਗਏ ਸ਼ਬਦਾ ਨੂੰ ਘਰ ਆ ਕੇ ਦੁਬਾਰਾ ਪੜ੍ਹਨਾਂ ਤੇ ਸਮਝਣਾਂ, ਰੋਜ਼ਾਨਾ ਅਰਦਾਸ ਕਰਨੀ ਤਾਂ ਜੋ ਹਉਮੈਂ ਘਟੇ ਤੇ ਗੁਰਮਤਿ ਅਨੁਸਾਰ ਦੱਸੇ ਗਏ ਮਾਰਗ ਤੇ ਚਲਣ ਲਈ ਆਸਾਨੀ ਹੋ ਸਕੇ। ਆਪਣੇ ਨਿਜੀ, ਦੁਨਿਆਵੀ, ਸਮਾਜਕ, ਗੁਰੂ ਘਰ ਦੇ ਕਾਰਜਾ ਨੂੰ ਨਿਰਧਾਰਤ ਸਮੇਂ ਅਨੁਸਾਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਜੀਵਨ ਨੂੰ ਸੇਧ ਦੇਣ ਲਈ ਸਹੀ ਰਸਤੇ ਤੇ ਚਲਣਾ ਤੇ ਉਸ ਅਨੁਸਾਰ ਕਾਰਜ ਕਰਨੇ ਬਹੁਤ ਜਰੂਰੀ ਹਨ।
ਜੇ ਕਰ ਬਾਰਸ਼ ਨਾ ਹੋਵੇ ਤਾਂ ਅਸਮਾਨ ਸਾਫ ਨਹੀਂ ਰਹਿੰਦਾ ਹੈ, ਕੇਸਾ ਨੂੰ ਜੇਕਰ ਤੇਲ ਨਾ ਲਾਇਆ ਜਾਵੇ ਤਾਂ ਕੇਸ ਠੀਕ ਤਰ੍ਹਾਂ ਟਿਕਦੇ ਨਹੀਂ ਹਨ, ਇਸ ਲਈ ਕੇਸਾ ਨੂੰ ਤੇਲ ਲਾਉਂਣਾਂ ਜਰੂਰੀ ਹੈ। ਸ਼ੀਸ਼ਾ ਸਾਫ ਨਾ ਕੀਤਾ ਜਾਵੇ ਤਾਂ ਉਸ ਵਿਚੋਂ ਕੁੱਝ ਦਿਖਾਈ ਨਹੀਂ ਦਿੰਦਾ ਹੈ। ਵਰਖਾ ਤੋਂ ਬਿਨਾ ਖੇਤ ਵਿੱਚ ਝੋਨਾਂ ਨਹੀਂ ਬੀਜਿਆ ਜਾ ਸਕਦਾ ਹੈ। ਦੀਵੇ ਦੀ ਰੌਸ਼ਨੀ ਤੋਂ ਬਿਨਾ ਘਰ ਵਿੱਚ ਅੰਧੇਰਾ ਰਹਿੰਦਾ ਹੈ। ਘਿਉ ਤੇ ਲੂਣ ਤੋਂ ਬਿਨਾ ਭੋਜਨ ਸੁਆਦ ਨਹੀਂ ਲਗਦਾ ਹੈ। ਉਸੇ ਤਰ੍ਹਾਂ ਸਾਧਸੰਗਤਿ ਤੋਂ ਬਿਨਾਂ ਜਨਮ ਮਰਨ ਦਾ ਦੁਖ ਨਹੀਂ ਮਿਟਦਾ ਹੈ। ਗੁਰ ਗਿਆਨ ਤੋਂ ਬਿਨਾਂ ਭੈ ਅਤੇ ਭਰਮ ਨਹੀਂ ਮਿਟਦਾ ਹੈ।
ਜੈਸੇ ਜਲ ਧੋਏ ਬਿਨੁ ਅੰਬਰ ਮਲੀਨ ਹੋਤ, ਬਿਨੁ ਤੇਲ ਮੇਲੇ ਜੈਸੇ ਕੇਸ ਹੂੰ ਭਇਆਨ ਹੈ। ਜੈਸੇ ਬਿਨੁ ਮਾਂਜੇ ਦਰਪਨ ਜੋਤਿਹੀਨ ਹੋਤ, ਬਰਖਾ ਬਿਹੂੰਨ ਜੈਸੇ ਖੇਤ ਮੈ ਨ ਧਾਨ ਹੈ। ਜੈਸੇ ਬਿਨੁ ਦੀਪਕੁ ਭਵਨ ਅੰਧਕਾਰ ਹੋਤ, ਲੋਨੇ ਘ੍ਰਿਤਿ ਬਿਨੁ ਜੈਸੇ ਭੋਜਨ ਸਮਾਨ ਹੈ। ਤੈਸੇ ਬਿਨੁ ਸਾਧਸੰਗਤਿ ਜਨਮ ਮਰਨ ਦੁਖ, ਮਿਟਤ ਨ ਭੈ ਭਰਮ ਬਿਨੁ ਗੁਰ ਗਿਆਨ ਹੈ॥ ੫੩੭॥ (੫੩੭-੮)
ਇਸ ਲਈ ਸਤਸੰਗਤਿ ਤੇ ਗੁਰਮਤਿ ਦਾ ਗਿਆਨ ਦੋਵੇਂ ਬਹੁਤ ਜਰੂਰੀ ਹਨ। ਸਤਸੰਗਤਿ ਵਿੱਚ ਗੁਰਮਤਿ ਤੇ ਗੁਰਮਤਿ ਅਨੁਸਾਰ ਦਿਤਾ ਗਿਆ ਗਿਆਨ ਸਾਂਝਾ ਕਰਕੇ, ਜਲਦੀ ਉੱਚਾ ਜਾਇਆ ਜਾ ਸਕਦਾ ਹੈ। ਸਾਂਝੇ ਉਪਰਾਲੇ ਨਾਲ ਵੱਡੇ ਵੱਡੇ ਕੰਮ ਆਸਾਨੀ ਨਾਲ ਕੀਤੇ ਜਾ ਸਕਦੇ ਹਨ।
ਭਾਈ ਗੁਰਦਾਸ ਜੀ ਨੇ ਅਪਾਣੀਆਂ ਵਾਰਾਂ ਵਿੱਚ ਸਮਝਾਇਆ ਹੈ ਕਿ ਇੱਕ ਹੈ ਤਾਂ ਸਿੱਖ ਕਹਿ ਸਕਦੇ ਹਾਂ, ਦੋ ਸਾਧ ਸੰਗਤ ਦਾ ਰੂਪ ਹੋ ਜਾਂਦੇ ਹਨ। ਜੇ ਕਰ ਪੰਜ ਹੋ ਜਾਣ ਤਾਂ ਅਕਾਲ ਪੁਰਖੁ ਦਾ ਰੂਪ ਹੋ ਜਾਂਦੇ ਹਨ।
ਇਕ ਸਿਖ ਦੁਇ ਸਾਧ ਸੰਗ ਪੰਜੀ ਪਰਮੇਸ਼ੁਰ॥ (੧੩-੧੯-੧) ਵਾਰਾਂ (ਭਾਈ ਗੁਰਦਾਸ ਜੀ)

ਇਸ ਲਈ ਜੇ ਕਰ ਪਤੀ ਪਤਨੀ ਦੀ, ਗੁਰੂ ਨਾਲ ਸੰਗਤ ਹੋ ਜਾਵੇ ਤਾਂ ਘਰ ਵਿੱਚ ਹੀ ਸਾਧਸੰਗਤ ਬਣ ਜਾਂਦੀ ਹੈ।
ਗੁਰੂ ਸਾਹਿਬ ਤਾਂ ਆਪ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਮੈਂ ਭਾਲ ਕਰ ਕੇ, ਤੇ ਭਾਲ ਕਰਾ ਕੇ, ਆਪਣਾ ਮਨ ਖੋਜਦਾ ਹਾਂ, ਆਪਣਾ ਸਰੀਰ ਖੋਜਦਾ ਹਾਂ, ਕਿ ਕਿਵੇਂ ਮੈਨੂੰ ਪਿਆਰਾ ਪ੍ਰੀਤਮ ਅਕਾਲ ਪੁਰਖੁ ਮਿਲ ਪਏ? ਸਤਸੰਗਤਿ ਵਿੱਚ ਵੀ ਮਿਲ ਕੇ ਉਸ ਪ੍ਰੀਤਮ ਦਾ ਪਤਾ ਪੁੱਛਦਾ ਹਾਂ ਕਿਉਂਕਿ ਉਹ ਅਕਾਲ ਪੁਰਖੁ ਸਤਸੰਗਤਿ ਵਿੱਚ ਵੱਸਦਾ ਹੈ। ਇਸ ਲਈ ਅਕਾਲ ਪੁਰਖੁ ਨੂੰ ਲੱਭਣ ਲਈ ਕਿਸੇ ਖਾਸ ਥਾਂ ਤੇ ਜਾਣ ਦੀ ਲੋੜ ਨਹੀਂ ਹੈ। ਉਸ ਨੂੰ ਸਤਸੰਗਤਿ ਭਾਵ ਗੁਰਬਾਣੀ ਦੀ ਸੰਗਤ ਵਿੱਚ ਪਾਇਆ ਜਾ ਸਕਦਾ ਹੈ।
ਹਉ ਮਨੁ ਤਨੁ ਖੋਜੀ ਭਾਲਿ ਭਾਲਾਈ॥ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ॥ ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥ ੨॥ (੯੪)
ਸਰੀਰਕ ਤੌਰ ਤੇ ਅਸੀ ਮੱਥਾ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਦੀ ਬੀੜ ਨੂੰ ਟੇਕਦੇ ਹਾਂ, ਕਿਉਕਿ ਇੱਕ ਸਿੱਖ ਦਾ ਫਰਜ ਹੈ ਕਿ ਗੁਰੂ ਗਰੰਥ ਸਾਹਿਬ ਨੂੰ ਇੱਕ ਪੂਰਨ ਗੁਰੂ ਦੇ ਤੌਰ ਤੇ ਆਦਰ, ਸਤਿਕਾਰ ਅਤੇ ਮਾਣ ਦੇਣਾ ਹੈ। ਆਤਮਿਕ ਤੌਰ ਤੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਮੱਥਾ ਟੇਕਣਾਂ ਹੈ। ਇਸ ਲਈ ਜੇ ਕਰ ਬਾਣੀ ਪੜ੍ਹੀ ਜਾਂ ਸੁਣੀ ਹੀ ਨਾ ਤਾਂ ਆਤਮਿਕ ਤੌਰ ਤੇ ਮੱਥਾ ਕਿਵੇਂ ਟੇਕਿਆ ਪ੍ਰਵਾਨ ਹੋ ਸਕਦਾ ਹੈ।
ਗੁਰਦੁਆਰਾ ਸਾਹਿਬ ਦੇ ਅੰਦਰ ਹਰਿ ਦੀ ਵਡਿਆਈ ਸੁਣਨੀ ਹੈ ਤਾਂ ਜੋ ਜੀਵਨ ਨੂੰ ਸੇਧ ਮਿਲ ਸਕੇ। ਵਿਅਕਤੀਗਤ ਵਡਿਆਈ ਜਾਂ ਘਟੀਆ ਲੋਕਾਂ ਦੀ ਪ੍ਰਸੰਸਾ ਪ੍ਰਵਾਨ ਨਹੀਂ। ਇਸ ਲਈ ਧੰਨਵਾਦ ਪ੍ਰਧਾਨ ਜਾਂ ਸਕੱਤਰ ਦਾ ਨਹੀਂ ਬਲਕਿ ਗੁਰੂ ਅਤੇ ਸਤਸੰਗਤਿ ਦਾ ਕਰਨਾ ਚਾਹੀਦਾ ਹੈ।
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥ ੧॥ (੪੧-੧-੮)
ਜੀਵਨ ਵਿੱਚ ਸਾਥ ਬਹੁਤ ਜਰੂਰੀ ਹੈ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਸਾਥੀ ਬਣਾ ਕੇ ਦੁਨੀਆਂ ਭਰ ਵਿੱਚ ੪ ਉਦਾਸੀਆਂ ਕੀਤੀਆਂ। ਸਤਸੰਗਤਿ ਨੂੰ ਸਦੀਵੀ ਕਾਲ ਲਈ ਕਾਇਮ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਨੂੰ ਆਪਣਾ ਸਾਥੀ ਬਣਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਪੱਛਟ ਤੌਰ ਤੇ ਕਿਹਾ “ਇਨਹੀ ਕੀ ਕਿਰਪਾ ਸੇ ਸਜੇ ਹਮ ਹੈ”। ਅਕਾਲ ਪੁਰਖੁ ਦੇ ਭਜਨ ਤੋਂ ਬਿਨਾ ਹੋਰ ਕੋਈ ਚੀਜ ਮਨੁੱਖ ਦੇ ਨਾਲ ਨਹੀਂ ਜਾਂਦੀ, ਸਾਰੀ ਮਾਇਆ ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ ਸੁਆਹ ਦੇ ਸਮਾਨ ਹੈ। ਅਕਾਲ ਪੁਰਖ ਦੇ ਨਾਮੁ ਦੀ ਕਮਾਈ ਕਰਨਾ ਹੀ ਸਭ ਤੋਂ ਚੰਗਾ ਧਨ ਹੈ, ਇਹੀ ਮਨੁੱਖ ਦੇ ਨਾਲ ਅੰਤ ਤੱਕ ਨਿਭਦਾ ਹੈ।
ਸਲੋਕੁ॥ ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ॥ ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ॥ ੧॥ (੨੮੮)
ਇਸ ਲਈ ਜੀਵਨ ਵਿੱਚ ਖੁਸ਼ਹਾਲੀ ਕਾਇਮ ਕਰਨ ਲਈ ਸਭ ਨੂੰ ਸਾਥ ਬਣਾਉਣ ਲਈ ਸੱਦਾ ਦੇਣਾ ਹੈ। ਮਨੁੱਖਾਂ ਦਾ ਆਪਸੀ ਸਾਥ ਤਾਂ ਹੀ ਪੱਕਾ ਹੋ ਸਕਦਾ ਹੈ, ਜੇ ਕਰ ਸਾਰੇ ਜਾਣੇ, ਉਸ ਇੱਕ ਅਕਾਲ ਪੁਰਖੁ ਦੇ ਨਾਲ ਆਪਣਾ ਸਾਥ ਬਣਾ ਲੈਣ। ਸੰਗਤੀ ਰੂਪ ਵਿੱਚ ਹਰੀ ਦੇ ਜਸ ਗਾਉਣ ਨਾਲ ਆਤਮਿਕ ਆਨੰਦ ਮਿਲਦਾ ਹੈ। ਇਸ ਲਈ ਅਕਾਲ ਪੁਰਖੁ ਦੇ ਅੱਗੇ ਇਹੀ ਬੇਨਤੀ ਕਰਨੀ ਹੈ ਕਿ ਹੇ ਮੇਰੇ ਪਿਆਰੇ ਗੁਰੂ (ਸ਼ਬਦ ਗੁਰੂ, ਗੁਰਬਾਣੀ) ਮੇਰੇ ਹਿਰਦੇ-ਘਰ ਵਿੱਚ ਆ ਕੇ ਵੱਸ ਜਾਉ, ਤੇ ਮੇਰੇ ਕੰਨਾਂ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਸੁਣਾਉ। ਇਸ ਬਾਣੀ ਦੇ ਹਿਰਦੇ ਵਿੱਚ ਵੱਸਣ ਨਾਲ ਮਨ ਤੇ ਤਨ ਖੁਸ਼ਹਾਲ ਹੋ ਜਾਂਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇ ਕਰ ਗੁਰਬਾਣੀ ਦਾ ਸੰਗ ਕਰਕੇ, ਅਕਾਲ ਪੁਰਖੁ ਦਾ ਜਸ ਗਾਇਨ ਕੀਤਾ ਜਾਵੇ। ਇਸ ਲਈ ਸਾਰਿਆ ਨੂੰ ਸੰਗਤੀ ਰੂਪ ਵਿੱਚ ਗੁਰਬਾਣੀ ਗਾਇਨ ਕਰਨ ਲਈ ਬੇਨਤੀ ਕਰਨੀ ਹੈ।
ਮਾਰੂ ਮਹਲਾ ੫॥ ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ॥ ੧ ॥ ਰਹਾਉ॥ ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ॥ (੧੦੧੮)
ਮਨੁੱਖੀ ਮਨ ਅਜੇਹਾ ਚੰਚਲ ਹੈ ਕਿ ਉਸ ਨੂੰ ਗੁਰਬਾਣੀ ਦੀ ਸੰਗਤ ਦੇ ਬਜਾਏ ਮਾਇਆਂ ਦੀ ਸੰਗਤ ਖਿਚਦੀ ਹੈ। ਕੋਈ ਚੀਜ਼ ਮਨੁੱਖ ਦੇ ਨਾਲ ਨਹੀਂ ਜਾ ਸਕਦੀ ਹੈ, ਇਥੋਂ ਤਕ ਕਿ ਇਹ ਸਰੀਰ ਵੀ ਇੱਥੇ ਹੀ ਨਾਸ ਹੋ ਜਾਂਦਾ ਹੈ। ਧਨ-ਪਦਾਰਥ ਨੂੰ ਆਪਣਾ ਆਖ ਆਖ ਕੇ ਮੋਹ ਵਿੱਚ ਫਸਣਾ ਨਹੀਂ ਚਾਹੀਦਾ ਕਬੀਰ ਸਾਹਿਬ ਤਾਂ ਸਮਝਾਉਂਦੇ ਹਨ ਕਿ ਐ ਜੀਵ ਤੂੰ ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ, ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ ? ਚੇਤੇ ਰੱਖ ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਵੀ ਚੀਜ਼ ਤੇਰੀ ਨਹੀਂ ਰਹੇਗੀ।
ਲਾਜ ਨ ਮਰਹੁ ਕਹਹੁ ਘਰੁ ਮੇਰਾ॥ ਅੰਤ ਕੀ ਬਾਰ ਨਹੀ ਕਛੁ ਤੇਰਾ॥ ੧॥ ਰਹਾਉ॥ (੩੨੫)
ਗੁਰਬਾਣੀ ਦੀ ਸੰਗਤ ਕਰਨ ਨਾਲ ਮਨੁੱਖ ਦਾ ਮਨ ਤੇ ਤਨ ਅਕਾਲ ਪੁਰਖੁ ਦੇ ਚਰਨਾਂ ਦੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ। ਅਕਾਲ ਪੁਰਖੁ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ। ਜੀਵ ਗੁਰਬਾਣੀ ਰੂਪੀ ਮੰਤਰ ਨਾਲ, ਅੱਠੇ ਪਹਰ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ। ਜਿਸ ਮਨੁੱਖ ਦਾ ਅਕਾਲ ਪੁਰਖੁ ਦੇ ਨਾਮੁ ਵਿੱਚ ਪਿਆਰ ਬਣ ਗਿਆ ਹੈ, ਉਹ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਉਸ ਮਨੁੱਖ ਦੀ ਸੰਗਤਿ ਵਿੱਚ ਸਾਰਾ ਜਗਤ ਇਹ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਸੋ ਵਡਭਾਗੀ ਜਿਸੁ ਨਾਮਿ ਪਿਆਰੁ॥ ਤਿਸ ਕੈ ਸੰਗਿ ਤਰੈ ਸੰਸਾਰੁ॥ ੧॥ ਰਹਾਉ॥ (੧੧੪੯-੧੧੫੦)
ਜੇਕਰ ਇਹ ਸਰੀਰ ਸਾਥ ਨਾ ਦੇਵੇ ਤਾਂ ਮਨੁੱਖਾ ਜੀਵਨ ਨਹੀਂ ਚਲ ਸਕਦਾ ਹੈ। ਪਰੰਤੂ ਸਰੀਰ ਦਾ ਸਾਥ ਇਸ ਲੋਕ ਤਕ ਹੀ ਹੈ, ਇਸ ਲਈ ਮਨੁੱਖ ਨੂੰ ਅੰਤ ਦੇ ਸਾਥ ਵੱਲ ਵੀ ਧਿਆਨ ਦੇਣਾਂ ਚਾਹੀਦਾ ਹੈ। ਗੁਰੂ ਦੇ ਸ਼ਬਦ ਦਾ ਸਾਥ ਇੱਕ ਅਜੇਹਾ ਸਾਥ ਹੈ ਜੋ ਕਿ ਇਸ ਲੋਕ ਤੇ ਪਰਲੋਕ ਦੋਹਾਂ ਵਿੱਚ ਸਹਾਈ ਹੁੰਦਾਂ ਹੈ। ਇਹ ਸਾਡੇ ਵਡੇ ਭਾਗ ਹਨ ਜਿਸ ਸਦਕਾ ਸਾਨੂੰ ਇਹ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਮਨੁੱਖ ਲਈ ਅਕਾਲ ਪੁਰਖੁ ਨੂੰ ਮਿਲਣ ਦਾ ਇਹੀ ਮੌਕਾ ਹੈ। ਜੇ ਅਕਾਲ ਪੁਰਖੁ ਨੂੰ ਮਿਲਣ ਲਈ ਕੋਈ ਉੱਦਮ ਨਾ ਕੀਤਾ, ਤਾਂ ਹੋਰ ਸਾਰੇ ਕੰਮ ਕਿਸੇ ਵੀ ਅਰਥ ਨਹੀਂ ਆਉਣੇ, ਜਿੰਦ ਨੂੰ ਕੋਈ ਲਾਭ ਨਹੀਂ ਦੇ ਸਕਣਗੇ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਾਧਸੰਗਤਿ ਵਿੱਚ ਮਿਲ ਬੈਠਿਆ ਕਰ ਤੇ ਸਿਰਫ਼ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ। ਸਾਧ ਸੰਗਤਿ ਵਿੱਚ ਬੈਠਣ ਦਾ ਲਾਭ ਤਾਂ ਹੀ ਹੈ, ਜੇ ਉਥੇ ਤੂੰ ਅਕਾਲ ਪੁਰਖੁ ਦੀ ਸਿਫ਼ਤਿ-ਸਾਲਹ ਵਿੱਚ ਜੁੜੇਂ। ਇਸ ਲਈ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ ਉਪਰਾਲੇ ਲਈ ਲੱਗ ਜਾ। ਨਿਰੇ ਮਾਇਆ ਦੇ ਪਿਆਰ ਵਿੱਚ ਇਹ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।
ਆਸਾ ਮਹਲਾ ੫॥ ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥ ੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ ੧॥ ਰਹਾਉ॥ (੧੨)
ਇਸ ਲਈ ਰੋਜਾਨਾ ਇਹੀ ਬੇਨਤੀ ਕਰਨੀ ਹੈ, ਕਿ ਹੇ ਮੇਰੇ ਪਿਆਰੇ! ਮੇਰੇ ਵਾਸਤੇ ਉਹ ਢੋ ਢੁਕਾਉ, ਜਿਸ ਦੇ ਰਾਹੀਂ ਮੇਰੀ ਜੀਭ ਅਕਾਲ ਪੁਰਖੁ ਦਾ ਨਾਮੁ ਉਚਾਰਦੀ ਰਹੇ। ਦੀਨਾਂ ਉਤੇ ਦਇਆ ਕਰਨ ਵਾਲੇ ਅਕਾਲ ਪੁਰਖੁ! ਮੇਰੀ ਬੇਨਤੀ ਸੁਣ, ਜਿਵੇਂ ਸੰਤ ਜਨ, ਸਦਾ ਤੇਰੇ ਰਸ-ਭਰੇ ਗੁਣ ਗਾਉਂਦੇ ਰਹਿੰਦੇ ਹਨ, ਤਿਵੇਂ ਮੈਂ ਵੀ ਤੇਰੇ ਗੁਣ ਗਾਉਂਦੇ ਰਹਾਂ।
ਸੂਹੀ ਮਹਲਾ ੫॥ ਸੇ ਸੰਜੋਗ ਕਰਹੁ ਮੇਰੇ ਪਿਆਰੇ॥ ਜਿਤੁ ਰਸਨਾ ਹਰਿ ਨਾਮੁ ਉਚਾਰੇ॥ ੧॥ ਸੁਣਿ ਬੇਨਤੀ ਪ੍ਰਭ ਦੀਨ ਦਇਆਲਾ॥ ਸਾਧ ਗਾਵਹਿ ਗੁਣ ਸਦਾ ਰਸਾਲਾ॥ ੧॥ ਰਹਾਉ॥ (੭੪੩)
ਆਮ ਤੌਰ ਤੇ ਲੋਕ ਮਿਥੇ ਹੋਏ ਧਾਰਮਿਕ ਕਰਮ ਹੀ ਕਰਦੇ ਹਨ। ਉਹ ਇਹ ਸੋਚਦੇ ਹਨ ਕਿ ਇਸ ਤਰ੍ਹਾਂ ਅਕਾਲ ਪੁਰਖੁ ਨੂੰ ਪਾਇਆ ਜਾ ਸਕਦਾ ਹੈ। ਪਰ ਇਹਨਾਂ ਸਾਧਨਾਂ ਨਾਲ ਪੰਜ ਵਿਕਾਰਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਹੈ, ਸਗੋਂ ਹੰਕਾਰ ਵਿੱਚ ਹੋਰ ਵਾਧਾ ਹੋ ਜਾਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਾਧਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨੀ ਹੀ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਹੈ।
ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥ ੮॥ (੬੪੧, ੬੪੨)
ਅਕਾਲ ਪੁਰਖੁ ਦੇ ਗੁਣ ਗਾਉਂਣੇ ਸਿਖਣ ਲਈ ਗੁਰੂ ਦੀ ਸਾਧਸੰਗਤਿ ਵਿੱਚ ਮਿਲਣਾ ਚਾਹੀਦਾ ਹੈ। ਗੁਰਬਾਣੀ ਦੁਆਰਾ ਸੰਗਤਿ ਵਿੱਚ ਮਿਲ ਕੇ ਅਕਾਲ ਪੁਰਖੁ ਦੇ ਗੁਣ ਗਾਉਂਣੇ ਹਨ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਗੁਣ ਗਾਉਂਦਾ ਹੈ ਉਸ ਦੇ ਅੰਦਰ ਗੁਰੂ ਦੇ ਬਖ਼ਸ਼ੇ ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਸ ਦੇ ਹਿਰਦੇ ਵਿੱਚ ਆਤਮਕ ਗਿਆਨ ਦਾ ਚਾਨਣ ਹੋ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਇਸ ਲਈ ਅਕਾਲ ਪੁਰਖੁ ਦਾ ਨਾਮੁ ਯਾਦ ਕਰ ਕਰ ਕੇ ਨੱਚੋ। ਇਥੇ ਨੱਚਣ ਦਾ ਭਾਵ ਸਰੀਰਕ ਤੌਰ ਤੇ ਨੱਚਣਾ ਨਹੀਂ ਹੈ, ਆਪਣੇ ਮਨ ਨੂੰ ਗੁਰਬਾਣੀ ਅਨੁਸਾਰ ਚਲਾਉਂਣਾ ਹੈ ਤਾਂ ਜੋ ਅਕਾਲ ਪੁਰਖੁ ਦੀ ਯਾਦ ਹਿਰਦੇ ਵਿੱਚ ਹਮੇਸ਼ਾਂ ਕਾਇਮ ਰਹੇ। ਕਾਮਨਾ ਇਹੀ ਕਰਨੀ ਹੈ ਕਿ ਅਜੇਹੇ ਗੁਰਮੁੱਖਾਂ ਦੀ ਸੰਗਤ ਮਿਲ ਜਾਏ, ਜਿਹੜੇ ਆਪਣੇ ਹਿਰਦੇ ਵਿੱਚ ਅਕਾਲ ਪੁਰਖੁ ਦੀ ਯਾਦ ਹਮੇਸ਼ਾਂ ਕਾਇਮ ਰੱਖਦੇ ਹਨ। ਤਾਂ ਜੋ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚਲ ਕੇ ਅਸੀਂ ਵੀ ਆਪਣਾ ਜੀਵਨ ਸਫਲ ਕਰ ਸਕੀਏ।
ਆਸਾ ਮਹਲਾ ੪॥ ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ॥ ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ॥ ੧॥ ਹਰਿ ਜਨ ਨਾਚਹੁ ਹਰਿ ਹਰਿ ਧਿਆਇ॥ ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ॥ ੧॥ ਰਹਾਉ॥ (੩੬੮)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ

• ਸਤਿਸੰਗਤਿ ਉਹ ਹੈ, ਜਿਥੇ ਸਿਰਫ ਅਕਾਲ ਪੁਰਖੁ ਦਾ ਨਾਮੁ ਸਲਾਹਿਆ ਜਾਂਦਾ ਹੈ। ਨਾਮੁ ਤੇ ਹੁਕਮੁ ਦੀ ਸੋਝੀ ਸਿਰਫ ਸਤਿਗੁਰੂ ਹੀ ਦੇ ਸਕਦਾ ਹੈ।
• ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਣ ਨਾਲ ਇੱਕ ਵਿਕਾਰੀ ਮਨੁੱਖ, ਦੁਖਾਂ ਵਿਚੋਂ ਨਿਕਲ ਕੇ ਖੁਸ਼ਹਾਲ ਜੀਵਨ ਬਤੀਤ ਕਰ ਸਕਦਾ ਹੈ।
• ਜਿਹੜੇ ਗੁਰੂ ਦੀ ਸ਼ਰਨ ਵਿੱਚ ਤੇ ਗੁਰੂ ਦੀ ਸਤਸੰਗਤਿ ਵਿੱਚ ਨਹੀਂ ਆਉਦੇ ਹਨ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਨ੍ਹਾਂ ਦਾ ਜੀਊਣਾ ਫਿਟਕਾਰ ਜੋਗ ਹੈ।
• ਜਿਨ੍ਹਾਂ ਅਕਾਲ ਪੁਰਖੁ ਦੇ ਸੇਵਕਾਂ ਨੂੰ ਗੁਰੂ ਦੀ ਸੰਗਤਿ ਵਿੱਚ ਬੈਠਣਾ ਨਸੀਬ ਹੋਇਆ ਹੈ, ਸਮਝੋ ਉਨ੍ਹਾਂ ਦੇ ਮੱਥੇ ਉਤੇ ਧੁਰ ਤੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ।
• ਸਤਸੰਗਤਿ ਸਤਿਗੁਰੂ ਦੀ ਪਾਠਸ਼ਾਲਾ ਹੈ, ਜਿਥੇ ਅਕਾਲ ਪੁਰਖੁ ਦੇ ਗੁਣ ਸਿਖੇ ਜਾ ਸਕਦੇ ਹਨ।
• ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਦਾ ਬੂਟਾ ਵੱਸਦਾ ਹੈ ਤੇ ਸੁਗੰਧਿਤ ਹੋ ਜਾਂਦਾ ਹੈ, ਤਿਵੇਂ ਸਾਧਸੰਗਤਿ ਵਿੱਚ ਮਿਲ ਕੇ ਵਿਕਾਰੀ ਵੀ ਪਵਿਤਰ ਹੋ ਕੇ ਕਬੂਲ ਹੋ ਜਾਂਦਾ ਹੈ।
• ਗੁਰਮੁਖਾਂ ਦੀ ਸੰਗਤਿ ਵਿੱਚ ਰਹਿ ਕੇ, ਗੁਰਮਤਿ ਦੇ ਮਾਰਗ ਤੇ ਚਲ ਕੇ, ਮਨੁੱਖ ਦੇ ਵਿਕਾਰ ਮਿਟ ਜਾਂਦੇ ਹਨ ਤੇ ਉਹ ਉਚੇ ਜੀਵਨ ਵਾਲਾ ਬਣ ਜਾਂਦਾ ਹੈ।
• ਸਤਸੰਗਤਿ ਵਿੱਚ ਹੰਕਾਰੀ ਬਣ ਕੇ ਨਹੀਂ ਆਉਂਣਾਂ ਹੈ। ਬਾਸ ਭਾਵੇ ਚੰਦਨ ਦੇ ਨੇੜੇ ਵੀ ਉਗਿਆ ਹੋਵੇ, ਉਸ ਵਿੱਚ ਚੰਦਨ ਵਾਲੀ ਸੁਗੰਧੀ ਨਹੀਂ ਆਉਦੀ। ਜਿਨੀ ਦੇਰ ਤਕ ਅੰਦਰ ਹੰਕਾਰ ਹੈ, ਉਤਨੀ ਦੇਰ ਤਕ ਅੰਦਰ ਨਾਮੁ ਨਹੀਂ ਵਸ ਸਕਦਾ।
• ਭੈੜੀ ਸੰਗਤ ਵਿੱਚ ਬੈਠਣ ਨਾਲ ਵਿਕਾਰਾਂ ਦਾ ਅਸਰ ਇੱਕ ਆਮ ਮਨੁੱਖ ਤੇ ਵੀ ਹੋ ਜਾਂਦਾ ਹੈ, ਜਿਸ ਕਰਕੇ ਉਸ ਦਾ ਜੀਵਨ ਵਿਕਾਰਾ ਵਾਲਾ ਹੋ ਜਾਂਦਾ ਹੈ ਤੇ ਉਹ ਸਰੀਰਕ ਤੌਰ ਤੇ ਜਿਊਦਾ ਹੋਇਆ ਵੀ ਆਤਮਕ ਤੌਰ ਤੇ ਮਰਿਆ ਰਹਿੰਦਾ ਹੈ ਤੇ ਦੁਖਾਂ ਵਿੱਚ ਜੀਵਨ ਬਤੀਤ ਕਰਦਾ ਹੈ।
• ਸੱਭ ਤੋਂ ਉਤਮ ਸੰਗਤ ਸਤਿਗੁਰੂ (ਸ਼ਬਦ) ਦੀ ਹੈ। ਕਿਉਕਿ ਮਨੁੱਖ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਉਂਦਾ ਹੈ ਤੇ ਉਸ ਦਾ ਮਨ ਮਾਇਆ ਦੇ ਮੋਹ ਦੀ ਨੀਂਦ ਵਿਚੋਂ ਜਾਗ ਪੈਂਦਾ ਹੈ।
• ਗੁਰੂ ਦੀ ਸੰਗਤਿ ਪ੍ਰਾਪਤ ਕਰਨ ਨਾਲ ਦੂਜਿਆਂ ਦਾ ਸੁਖ ਵੇਖ ਕੇ ਆਪਣੇ ਅੰਦਰੇ ਅੰਦਰ ਸੜਨ ਦੀ ਆਦਤ ਭੁੱਲ ਜਾਂਦੀ ਹੈ। ਫਿਰ ਨਾ ਕੋਈ ਵੈਰੀ ਦਿਸਦਾ ਤੇ ਨਾ ਕੋਈ ਓਪਰਾ ਦਿਸਦਾ ਹੈ; ਸਾਰਿਆਂ ਨਾਲ ਮਨੁੱਖ ਦਾ ਪਿਆਰ ਬਣ ਜਾਂਦਾ ਹੈ।
• ਸਤਸੰਗਤਿ ਨਾਲ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ।
• ਕੁਸੰਗਤ ਨਾਲ ਤਾਂ ਜਮਾਂ ਦੀ ਮਾਰ ਪੈਂਦੀ ਹੈ ਤੇ ਜੀਵਨ ਬਰਬਾਦ ਹੋ ਸਕਦਾ ਹੈ।
• ਸਾਧਸੰਗਤਿ ਤੋਂ ਬਿਨਾਂ ਜਨਮ ਮਰਨ ਦਾ ਦੁਖ ਨਹੀਂ ਮਿਟਦਾ ਹੈ। ਗੁਰ ਗਿਆਨ ਤੋਂ ਬਿਨਾਂ ਭੈ ਅਤੇ ਭਰਮ ਨਹੀਂ ਮਿਟਦਾ ਹੈ।
• ਸਤਸੰਗਤਿ ਵਿੱਚ ਗੁਰਮਤਿ ਤੇ ਗੁਰਮਤਿ ਅਨੁਸਾਰ ਦਿਤਾ ਗਿਆ ਗਿਆਨ ਸਾਂਝਾ ਕਰਕੇ, ਜਲਦੀ ਉੱਚਾ ਜਾਇਆ ਜਾ ਸਕਦਾ ਹੈ।
• ਜੇ ਕਰ ਪਤੀ ਪਤਨੀ ਦੀ, ਗੁਰੂ ਨਾਲ ਸੰਗਤ ਹੋ ਜਾਵੇ ਤਾਂ ਘਰ ਵਿੱਚ ਹੀ ਸਾਧਸੰਗਤ ਬਣ ਜਾਂਦੀ ਹੈ।
• ਸਾਧਸੰਗਤਿ ਵਿੱਚ ਬੈਠ ਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨੀ, ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਕਰਮ ਹੈ।
• ਅਕਾਲ ਪੁਰਖੁ ਨੂੰ ਲੱਭਣ ਲਈ ਕਿਸੇ ਖਾਸ ਥਾਂ ਤੇ ਜਾਣ ਦੀ ਲੋੜ ਨਹੀਂ ਹੈ। ਉਸ ਨੂੰ ਗੁਰਬਾਣੀ ਦੀ ਸੰਗਤ ਵਿੱਚ ਪਾਇਆ ਜਾ ਸਕਦਾ ਹੈ।

ਉਪਰ ਲਿਖੇ ਸ਼ਬਦ ਤੇ ਗੁਰੂ ਗਰੰਥ ਸਾਹਿਬ ਵਿੱਚ ਹੋਰ ਅਨੇਕਾਂ ਸ਼ਬਦ ਵਾਰ ਵਾਰ ਇਹੀ ਸਮਝਾਉਂਦੇ ਹਨ ਕਿ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਵਸਾਉਣ ਲਈ ਸਤਸੰਗਤਿ ਭਾਵ ਗੁਰਬਾਣੀ ਦੀ ਸੰਗਤ ਕਰਨੀ ਬਹੁਤ ਜਰੂਰੀ ਹੈ। ਅਕਾਲ ਪੁਰਖੁ ਦੇ ਗੁਣ ਗਾਉਂਣੇ ਸਿਖਣ ਲਈ ਗੁਰੂ ਦੀ ਸਾਧਸੰਗਤਿ ਵਿੱਚ ਮਿਲਣਾ ਚਾਹੀਦਾ ਹੈ। ਗੁਰਬਾਣੀ ਦੁਆਰਾ ਸੰਗਤਿ ਵਿੱਚ ਮਿਲ ਕੇ ਅਕਾਲ ਪੁਰਖੁ ਦੇ ਗੁਣ ਗਾਉਂਣੇ ਹਨ। ਜਿਹੜਾ ਮਨੁੱਖ ਅਕਾਲ ਪੁਰਖੁ ਦੇ ਗੁਣ ਗਾਉਂਦਾ ਹੈ ਉਸ ਦੇ ਅੰਦਰ ਗੁਰੂ ਦੇ ਬਖ਼ਸ਼ੇ ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਸ ਦੇ ਹਿਰਦੇ ਵਿੱਚ ਆਤਮਕ ਗਿਆਨ ਦਾ ਚਾਨਣ ਹੋ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਗੁਰੂ ਦੀ ਸੱਚੀ ਬਾਣੀ, ਭਾਵ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਸੁਣਨ, ਸਮਝਣ, ਵਿਚਾਰਨ ਤੇ ਜੀਵਨ ਵਿੱਚ ਅਪਨਾਉਣਾਂ ਨਾਲ ਅਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”


(ਡਾ: ਸਰਬਜੀਤ ਸਿੰਘ)
(Dr. Sarbjit Singh)
ਆਰ ਐਚ ੧ / ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
http://www.geocities.com/sarbjitsingh/, http://www.gurbani.us




.