.
ਬੱਚਿਆਂ ਵਾਸਤੇ ਲੇਖ

ਪੈਗ਼ਾਮ ਵੈਸਾਖੀ ਦਾ

ਬਹੁਤ ਸਾਰੇ ਪਰਵਾਰਾਂ ਵਲੋਂ ਅਕਸਰ ਟੈਲੀਫੂਨ ਆਉਂਦੇ ਰਹਿੰਦੇ ਹਨ, ਕਿ ਭਾਈ ਸਾਹਿਬ ਜੀ ਸਾਡੇ ਬੱਚਿਆਂ ਨੇ ਗੁਰੂ ਸਾਹਿਬ ਜੀ ਦੇ ਗੁਰਪੁਰਬ ਤੇ ਬੋਲਣਾ ਹੈ, ਇਸ ਲਈ ਸਾਨੂੰ ਜ਼ਰੂਰ ਕੋਈ ਲੈਕਚਰ ਲਿਖ ਕੇ ਭੇਜੋ ਕਈ ਦਫ਼ਾ ਬੱਚਿਆਂ ਨੂੰ ਸਮੇਂ ਸਿਰ ਲੇਖ ਮਿਲਦੇ ਹੀ ਨਹੀਂ ਹਨ, ਇਸ ਲਈ ਮੈਂ ਸੋਚਿਆ ਬੱਚਿਆਂ ਦੇ ਪੱਧਰ ਦੇ ਲੈਕਚਰ ਸਿੱਖ ਮਾਰਗ ਤੇ ਪਾਏ ਜਾਣ ਤਾਂ ਕਿ ਸਾਰੇ ਭੈਣ ਭਰਾ ਏਥੋਂ ਲੈਕਚਰ ਲੇ ਕੇ ਆਪਣੇ ਬੱਚਿਆਂ ਨੂੰ ਸਿਖਾ ਲੈਣ। ਧੰਨਵਾਦ ਹੈ ਸਰਦਾਰ ਮੱਖਣ ਸਿੰਘ ਜੀ ਪੁਰੇਵਾਲ ਸ੍ਰ. ਗੁਰਚਰਨ ਸਿੰਘ ਜੀ ਜਿਉਣਵਾਲੇ, ਸ੍ਰ. ਸਰਬਜੀਤ ਸਿੰਘ ਜੀ ਸੈਕਰਾ ਮੈਂਟੋ ਵਾਲਿਆਂ ਦਾ ਜੋ ਮਨੋ ਸਿੱਖੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਬਿਖਮ ਰਸਤੇ ਤੇ ਚਲਦਿਆਂ ਵੱਖ ਵੱਖ ਸਮੱਸਿਆਂਵਾਂ ਨਾਲ ਜੂਝਦਿਆਂ ਪਰਚਾਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਸੁੱਕੇ ਔੜ ਅਗਿਆਨ ਦੇ ਹਿਰਦਿਆਂ ਨੂੰ, ਛੱਟੇ ਅੰਮ੍ਰਿਤ ਦੇ ਗਈ ਏ ਮਾਰ ਕਲਗੀ।
ਦਰਦ ਦੇਸ਼ ਦਾ ਸਿੱਟਾ ਕੁਰਬਾਨੀਆਂ ਦਾ, ਦੱਸੇ ਖੋਹਲ ਕੇ ਸਾਫ਼ ਇਕਰਾਰ ਕਲਗੀ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਉ ਪਿਆਰ ਸਾਹਿਤ ਗੁਰੂ ਫਤਹ ਨਾਲ ਸਾਂਝ ਪਾਉ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥ ਸਤ ਸੰਗੀ ਜਨੋ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ “ਪੈਗ਼ਾਮ ਵੈਸਾਖੀ ਦਾ” ਆਸ ਕਰਦਾ ਹਾਂ ਕਿ ਆਪ ਜੀ ਬਹੁਤ ਹੀ ਪਿਆਰ ਨਾਲ ਸਰਵਣ ਕਰੋਗੇ। ਵੈਸਾਖੀ ਜਦੋਂ ਵੀ ਆਉਂਦੀ ਹੈ ਤਾਂ ਇੱਕ ਨਵਾਂ ਸੁਨੇਹਾਂ ਲੈ ਕੇ ਆਉਂਦੀ ਹੈ। ਵੈਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਦੇ ਕੇ, ਗੁਰੂ ਨਾਨਕ ਸਾਹਿਬ ਜੀ ਦੇ ਸੁਪਨੇ ਨੂੰ ਸਾਕਾਰ ਕੀਤਾ। ਵੈਸਾਖੀ ਦਾ ਪਹਿਲਾ ਪੈਗ਼ਾਮ ਹੈ, ਪੱਥਰਾਂ ਤੇ ਕਾਗ਼ਜ਼ਾਂ ਦੀਆਂ ਬਣੀਆਂ ਹੋਈਆਂ ਮਨ-ਘੜ੍ਹਤ ਰੱਬੀ ਤੇ ਗੁਰੂਆਂ ਦੀਆਂ ਮੂਰਤਾਂ ਨੂੰ ਛੱਡ ਕੇ, ਗੁਰਬਾਣੀ ਵਿਚਾਰ ਦੁਆਰਾ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਕਿਹਾ ਗਿਆ ਹੈ। ਰੱਬ ਜੀ ਸਾਡੇ ਬਣੇ ਹੋਏ ਖਿਆਲਾਂ ਕਰਕੇ ਨਹੀਂ ਹਨ ਸਗੋਂ ਸਾਰੀ ਸਿਸ਼੍ਰਟੀ ਵਿਚੋਂ ਉਸ ਦੇ ਵਰਤ ਰਹੇ ਸਿਧਾਂਤਾਂ ਨੂੰ ਸਮਝਣਾਂ ਹੈ, ਵੈਸਾਖੀ ਦਾ ਪੈਗ਼ਾਮ ਸਾਡੀ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਰੱਬੀ ਗੁਣਾਂ ਨੂੰ ਲੈ ਕੇ ਆਉਣ ਦਾ ਸੰਕਲਪ ਦ੍ਰਿੜ ਕਰਾਉਂਦੀ ਹੈ। ਪਰਮਾਤਮਾ ਸਦਾ ਰਹਿਣ ਵਾਲੀ ਕੁਦਰਤੀ ਨਿਯਮਾਵਲੀ ਹੈ ਨਾ ਕਿ ਬੁੱਤਾਂ ਮੂਰਤਾਂ ਵਿੱਚ ਕੋਈ ਰਹਿਣ ਵਾਲੀ ਹਸਤੀ ਹੈ। ਅਸੀਂ ਤੇ ਨਾ ਸਮਝੀ ਵਿੱਚ ਗੁਰੂਆਂ ਦੀਆਂ ਵੀ ਵੱਖ ਵੱਖ ਕਿਸਮ ਦੀਆਂ ਤਸਵੀਰਾਂ ਬਣਾ ਕਿ ਸਿੱਖੀ ਸਿਧਾਂਤ ਦਾ ਮਲੀਆ ਮੇਟ ਕਰਨ ਵਿੱਚ ਆਪ ਹੀ ਤੁਲੇ ਹੋਏ ਹਾਂ, ਕੀ ਇਸ ਮਹਾਨ ਵੈਸਾਖੀ ਦੇ ਪੈਗ਼ਾਮ ਵਿਚੋਂ ਅਸੀਂ ਕੁੱਝ ਸਿਖ ਪਾਵਾਂਗੇ ਕਿ ਨਹੀਂ, ਸੋਚਣ ਵਾਲਾ ਵਿਸ਼ਾ ਹੈ।
ਵੈਸਾਖੀ ਦਾ ਦੂਜਾ ਪੈਗ਼ਾਮ ਹੈ ਮਨੁੱਖੀ ਬਰਾਬਰੀ ਦਾ ਜੋ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਦੀ ਹੈ। ਖਾਲਸਾ ਜੀ ਇਹ ਗੱਲ ਤਾਂ ਹੁਣ ਸਿਰਫ ਕਹਿਣ ਮਾਤਰ ਹੈ ਕਿਉਂਕਿ ਜਾਤ ਪਾਤ ਦੇ ਸਿੱਖਾਂ ਵਿਚੋਂ ਆਮ ਕਰਕੇ ਖੁਲ੍ਹੇ ਦਰਸ਼ਨ ਦੀਦਾਰੇ ਹੁੰਦੇ ਹਨ, ਹੁਣ ਤੇ ਜਾਤ ਪਾਤ ਦੀ ਕਹਾਣੀ ਵੀ ਓਰੇ ਰਹਿ ਗਈ ਹੈ, ਅਸੀਂ ਤਾਂ ਹੁਣ ਵੱਖ ਵੱਖ ਜੱਥੇਬੰਦੀਆਂ, ਟਕਸਾਲਾਂ ਤੇ ਡੇਰਿਆਂ ਦੇ ਰੂਪ ਵਿੱਚ ਕਈ ਕਈ ਟੁੱਕੜਿਆਂ ਵਿੱਚ ਵੰਡੇ ਹੋਏ ਹਾਂ। ਇਸ ਨਿਆਰੇ ਖਾਲਸਾ ਪੰਥ ਦੇ ਥੋਕ ਰੂਪ ਵਿੱਚ ਬ੍ਰਾਹਮਣੀ ਕਰਮਕਾਂਡ ਦੇ ਅਜੇਹੇ ਅਸਥਾਨਾ ਤੋਂ ਦਰਸ਼ਨ ਕੀਤੇ ਜਾ ਸਕਦੇ ਹਨ। ਦੁੱਖ ਇਸ ਗੱਲ ਦਾ ਹੈ ਕਿ ਹਰੇਕ ਟੁੱਕੜਾ ਅੱਜ ਆਪਣੇ ਆਪ ਨੂੰ ਪੰਥ ਦੱਸ ਰਿਹਾ ਹੈ ਤੇ ਆਪ ਬ੍ਰਾਹਮਣੀ ਦਲ਼ਦਲ਼ ਵਿੱਚ ਗੱਲ਼ਗੱਲ਼ ਫਸਿਆ ਹੋਇਆ ਹੈ। ਕਈ ਤਾਂ ਅਕਲ ਦੇ ਅੰਨ੍ਹੇ ਇਹ ਵੀ ਕਹੀ ਜਾ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਸਿਰਫ ਸਾਨੂੰ ਹੀ ਸਾਜ ਕਿ ਗਏ ਸਨ ਬਾਕੀ ਤਾਂ ਰਹਿ ਗਿਆ ਮਲੇਸ਼ ਖਾਲਸਾ। ਕੀ ਅਸੀਂ ਇਸ ਮਹਾਨ ਵੈਸਾਖੀ ਤੋਂ ਆਪਸੀ ਵਿਤਕਰਿਆ ਦੀ ਦੀਵਾਰ ਨੂੰ ਤੋੜ ਨਹੀਂ ਸਕਦੇ?
ਵੈਸਾਖੀ ਦਾ ਤੀਜਾ ਸੁਨੇਹਾਂ ਨਿਰਭਉ ਹੋ ਕਿ ਨਿਰਵੈਰ ਦੇ ਸਫਰ ਨੂੰ ਤਹਿ ਕਰਨਾ ਹੈ ਪਰ ਅੱਜ ਸਿੱਖ ਗੁਰਬਾਣੀ ਪੜ੍ਹ ਕੇ ਕਰਮ ਕਾਂਡ ਦੀ ਦੁਨੀਆਂ ਤੋਂ ਨਿਰਭਉ ਨਹੀਂ ਹੋ ਸਕਿਆ। ਅੱਜ ਸਾਡੇ ਸੁਭਾਅ ਵਿੱਚ ਸੁੱਚ ਸ਼ਬਦ ਅੜਿਆ ਹੋਇਆ ਏ ਤੇ ਫਿਰ ਕੀ ਅਸੀਂ ਆਪਣੇ ਭਰਾਵਾਂ ਪ੍ਰਤੀ ਨਿਰਵੈਰ ਹੋ ਸਕਦੇ ਹਾਂ? ਵੈਰ ਭਾਵਨਾਂ ਤਾਂ ਇਤਨੀ ਗਹਿਰੀ ਸਾਡੇ ਵਿੱਚ ਵੱਸੀ ਪਈ ਏ ਕਿ ਹਰ ਸਿੱਖ ਇਹ ਹੀ ਕਹਿੰਦਾ ਸੁਣੀਦਾ ਹੈ ਕਿ ਮੈਂ ਫਲਾਣੇ ਡੇਰੇ ਦਾ ਅੰਮ੍ਰਿਤ ਛੱਕਿਆ ਹੋਇਆ ਹੈ। ਸਾਰੀ ਮਨੁੱਖਤਾ ਨੂੰ ਪਿਆਰ ਗਲਵੱਕੜੀ ਵਿੱਚ ਲੈਣ ਵਾਲਾ ਸੁਨੇਹਾਂ ਛੱਡ ਕੇ ਹੈਂਕੜ-ਬਾਜ਼ੀ ਤੇ ਚੌਧਰ ਦੀ ਆਪਸੀ ਭੁੱਖ ਕਰਕੇ ਨਿਰਵੈਰ ਨਹੀਂ ਹੋ ਸਕੇ।
ਵੈਸਾਖੀ ਦਾ ਚੌਥਾ ਸੁਨੇਹਾਂ ਵਿਕਾਸ ਤਥਾ ਉਸਾਰੀ ਦਾ ਹੈ। ਆਓ ਇਸ ਵਿਸਾਖੀ ਦੇ ਦਿਹਾੜੇ ਤੇ ਨਿਆਰੇ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਨਿਗਰ ਯੋਗਦਾਨ ਪਾਈਏ, ਵੈਸਾਖੀ ਵਿਕਾਸ ਲੀਹਾਂ ਨੂੰ ਤਰਜੀਹ ਦੇਂਦੀ ਹੈ, ਘਸੀਆਂ ਪਿਟੀਆਂ ਲੀਹਾਂ ਵਿਚੋਂ ਬਾਹਰ ਆ ਕਿ ਸੁੰਦਰ ਰਸਤਿਆਂ ਦੇ ਪਾਂਧੀ ਬਣਾਉਂਦੀ ਹੈ। ਵੈਸਾਖੀ ਤਾਂ ਅਸੀਂ ਹਰ ਸਾਲ ਮਨਾਉਂਦੇ ਹਾਂ ਪਰ ਕੀ ਸਾਡੇ ਵਿੱਚ ਕੋਈ ਤਬਦੀਲੀ ਵੀ ਆਈ ਹੈ? ਜੇ ਸਾਡੇ ਮਾਨਸਿਕ, ਸਮਾਜਿਕ ਤੇ ਧਾਰਮਿਕ ਜੀਵਨ ਵਿੱਚ ਨਵ ਉਸਾਰੀ ਦਾ ਨਿਰਮਾਣ ਨਹੀਂ ਹੋ ਰਿਹਾ ਤਾਂ ਫਿਰ ਵੈਸਾਖੀ ਸਾਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜ਼ਬੂਰ ਕਰਦੀ ਹੈ ਕਿਸੇ ਕਵੀ ਦੀਆਂ ਖੂਬਸੂਰਤ ਸਤਰਾਂ ਹਨ:-----
ਪਾਵਨ ਦਰਸ ਤੇ ਉਹੀ ਦੀਦਾਰ ਕਰਦੇ, ਉੱਠ ਰਾਹ ਪਿਆਰੇ ਦਾ ਮੱਲਦੇ ਜੋ।
ਪਹੁੰਚਣ ਵਤਨ ਪਿਆਰੇ ਲਈ ਉਹੀ ਬੰਦੇ, ਪੀੜਾਂ ਵਿੱਚ ਮੁਸਾਫਰੀ ਝੱਲਦੇ ਜੋ।
ਮਹਾਨ ਵੈਸਾਖੀ ਦੇ ਚਾਰ ਸੁਨਹੇ ਦੇ ਕੇ ਅਤੇ ਆਪਣੇ ਫ਼ਰਜ਼ ਦੀ ਪੂਰਤੀ ਕਰਦਿਆਂ ਮੈਂ ਆਪਣੀਆਂ ਭੁਲਾਂ ਦੀਆਂ ਖਿਮਾਂ ਮੰਗਦਾ ਹੋਇਆ ਗੁਰੂ ਫਤਹ ਬਲਾਉਂਦਾ ਹਾਂ। ਪਿਆਰ ਸਾਹਿਤ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥

ਖਾਲਸਾ ਪੰਥ

ਇਹ ਲੇਖ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਲਿਖਿਆ ਗਿਆ ਹੈ ਤਾਂ ਕਿ ਬੱਚੇ ਗੁਰਪੁਰਬਾਂ ਤੇ ਤਿਆਰੀ ਕਰਕੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦਾ ਸੰਦੇਸ਼ ਦੇ ਸਕਣ।

ਘਸੇ ਹੋਏ ਮੱਥੇ ਦੇ ਲੇਖਾਂ ਨੂੰ ਰੋਵਣ ਵਾਲਿਓ,
ਆਓ ਅੱਜ ਮੈਂ ਨਵੀਂ ਤਕਦੀਰ ਬਣਾਵਣ ਲਗਾਂ ਹਾਂ।
ਜ਼ਿੰਦਗੀ ਤੇ ਮੌਤ ਵਿੱਚ ਜੋ ਬੁਜ਼ਦਿਲੀ ਦੀ ਲੀਕ ਏ,
ਢਾਹ ਕੇ ਉਹਨਾਂ ਦੋਹਾਂ ਨੂੰ ਇਕੱਠੀਆਂ ਬਿਠਾਵਣ ਲੱਗਿਆਂ ਹਾਂ।
‘ਕਾਸਿਦ’
ਪਰਮ ਸਤਿਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਉ ਪਿਆਰ ਸਾਹਿਤ ਗੁਰੂ ਫਤਹ ਨਾਲ ਸਾਂਝ ਪਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥
ਪਿਆਰੇ ਖਾਲਸਾ ਜੀਓ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ “ਖਾਲਸਾ ਪੰਥ” ਆਓ ਜ਼ਰਾ ਇਸ ਵਿਸ਼ੇ ਦੀ ਵਿਚਾਰ ਕਰੀਏ। ਮੈਨੂੰ ਇਹ ਪੂਰੀ ਆਸ ਹੈ ਕਿ ਆਪ ਜੀ ਜ਼ਰੂਰ ਪਿਆਰ ਨਾਲ ਸੁਣੋਗੇ।
ਖਾਲਸਾ ਉਸ ਨੂੰ ਕਿਹਾ ਗਿਆ ਹੈ ਜਿਸ ਵਿੱਚ ਕੋਈ ਵੀ ਖੋਟ ਨਾ ਹੋਵੇ ਜਨੀ ਕਿ ਜ਼ਿੰਦਗੀ ਦੀ ਸ਼ੁਧਤਾ ਦਾ ਨਾਂ ਖਾਲਸਾ ਹੈ। ਜ਼ਿੰਦਗੀ ਵਿੱਚ ਪਵਿੱਤ੍ਰਤਾ ਦੇ ਰਸਤੇ ਤੇ ਤੁਰਨ ਵਾਲੇ ਨੂੰ ਖਾਲਸਾ ਪੰਥ ਕਿਹਾ ਗਿਆ ਹੈ। ਲੇਕਨ ਦੇਖਣ ਵਿੱਚ ਅੱਜ ਖਾਲਸਾ ਪੰਥ ਭਰਮ ਭੁਲੇਖਿਆਂ ਤੇ ਕਰਮਕਾਂਡਾਂ ਦੀ ਡੂੰਘੀ ਦਲ਼ਦਲ਼ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ ਹੈ। ਕੀ ਅਜੇਹੇ ਭਰਮ ਭੁਲੇਖਿਆਂ ਵਿੱਚ ਫਸੇ ਸਿੱਖ ਨੂੰ ਖਾਲਸਾ ਆਖਿਆ ਗਿਆ ਹੈ? ਸਵਾਲ ਪੰਥ ਦੇ ਸਾਹਮਣੇ ਖੜਾ ਹੈ ਜਿਸ ਦਾ ਅੱਜ ਹਰ ਨੌਜਵਾਨ ਉੱਤਰ ਮੰਗਦਾ ਹੈ। ਖਾਲਸਾ ਜੀਓ ਹਰ ਸਾਲ ਪਤਝੱੜ ਦੀ ਰੁੱਤ ਪਿਛੋਂ ਬਸੰਤ ਬਹਾਰ ਦੀ ਰੁੱਤ ਆਉਂਦੀ ਹੈ, ਜੋ ਨਵੀਆਂ ਕਰੁੰਬਲਾਂ ਨਵੀਆਂ ਪੱਤੀਆਂ ਦੇ ਰੂਪ ਤੇ ਸੁਗੰਧੀ ਵਾਲੇ ਫੁਲਾਂ ਨਾਲ ਭਰੀ ਹੁੰਦੀ ਹੈ। ਇੰਜ ਵਿਸਾਖੀ ਹਰ ਸਾਲ ਨਵੀਂ ਸਵੇਰ, ਨਵੀਂ ਤਾਜ਼ਗੀ ਤੇ ਨਵੀਂ ਜ਼ਿੰਦਗੀ ਦੀ ਦਸਤਕ ਦੇਂਦੀ ਹੋਈ ਸਾਡੀ ਜ਼ਿੰਦਗੀ ਦੇ ਦਰਵਾਜ਼ੇ ਤੇ ਆ ਸਲਾਮ ਕਰਦੀ ਹੈ। ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਿਆਰਾ ਵਾਕ ਹੈ:----
ਵੈਸਾਖੁ ਭਲਾ ਸਾਖਾ ਵੇਸ ਕਰੇ॥ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ॥
ਤੁਖਾਰੀ ਮਹਲਾ 1 ਪੰਨਾ ---1108-----
ਦੁਨੀਆਂ ਵਿੱਚ ਪਹਿਲਾਂ ਜਨਮ ਮਿੱਥਿਆ ਗਿਆ ਹੈ ਫਿਰ ਮੌਤ ਮਿੱਥੀ ਗਈ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਉਲਟ ਰੀਤ ਗਿਣੀ ਗਈ ਹੈ। ਏੱਥੇ ਸਰੀਰਕ ਮੌਤ ਦੀ ਗੱਲ ਨਹੀਂ ਕੀਤੀ ਗਈ ਇਹ ਤੇ ਕੁਦਰਤ ਦੀ ਇੱਕ ਪਰਤੱਖ ਨਿਯਮਾਵਲ਼ੀ ਹੈ ਜੋ ਸਾਡੇ ਸਾਰਿਆਂ ਦੇ ਸਾਹਮਣੇ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਤਾਂ ਮਰਣ ਦੀ ਗੱਲ ਪਹਿਲਾਂ ਕੀਤੀ ਗਈ ਹੈ ਤੇ ਜੀਵਨ ਬਆਦ ਵਿੱਚ ਗਿਣਿਆ ਗਿਆ ਹੈ, “ਪਹਿਲਾ ਮਰਣੁ ਕਬੂਲਿ ਜੀਵਨ ਕੀ ਛਡਿ ਆਸ” ਜੋ ਝੂਠ ਬੋਲਣ ਵਿੱਚ ਪਹਿਲਾ ਦਰਜਾ ਹਾਸਲ ਕਰਕੇ, ਸੰਸਾਰ ਦੇ ਵਿਕਾਰਾਂ ਨੂੰ ਪੱਲੇ ਬੰਨ੍ਹ ਰਿਹਾ ਹੋਵੇ ਦਰ ਅਸਲ ਉਸ ਨੂੰ ਮਰਿਆ ਹੋਇਆ ਕਿਹਾ ਗਿਆ ਹੈ। ਵਿਕਾਰਾਂ ਦੇ ਰਸਤੇ ਤੇ ਚੱਲ ਰਹੇ ਮਨੁੱਖ ਨੂੰ ਕਿਹਾ ਹੈ ਕਿ ਹੇ ਭਲੇ ਮਨੁੱਖ ਤੂੰ ਜ਼ਿਉਂਦਿਆਂ ਹੀ ਆਪਣੀ ਆਤਮਾ ਨੂੰ ਮਾਰ ਰਿਹਾਂ ਏਂ, ਤੈਨੂੰ ਤਾਂ ਸਗੋਂ ਆਪਣੀ ਆਤਮਾਂ ਨੂੰ ਵਿਕਾਰਾਂ ਵਲੋਂ ਮਾਰ ਕੇ ਗੁਰੂ ਉਪਦੇਸ਼ਾਂ ਦੁਆਰਾ ਨਵਾਂ ਜਨਮ ਲੈਣਾ ਚਾਹੀਦਾ ਹੈ। ਦੁੱਖ ਇਸ ਗੱਲ ਦਾ ਏ ਕਿ ਅੱਜ ਆਪਣੇ ਆਪ ਨੂੰ ਨਿਆਰਾ ਖਾਲਸਾ ਅਖਵਾਉਣ ਵਾਲਾ, ਬ੍ਰਹਮਣ ਦੇ ਮੰਨੇ ਹੋਏ ਜਨਮ ਮਰਣ ਭਰਮਾਂ ਰੂਪੀ ਕਰਮ ਕਾਂਡ ਵਿੱਚ ਪੈ ਕੇ ਪੱਕੇ ਤੌਰ ਤੇ ਬਰਸੀਆਂ ਮਨਾ ਰਿਹਾ ਹੈ। ਗੁਰੂ ਜੀ ਦੇ ਉਪਦੇਸ਼ ਨੂੰ ਛੱਡ ਕੇ ਮਾਲਾ ਘਮਾਉਣ ਨੂੰ ਪਰਮੋ ਧਰਮ ਸਮਝੀ ਬੈਠਾ ਹੈ।
ਮੈਂ ਸਦਕੇ ਜਾਵਾਂ ਆਪਣੇ ਖਾਲਸਾ ਪੰਥ ਦੇ, ਪੁਰਬ ਮਨਾਇਆ ਜਾ ਰਿਹਾ ਹੈ ਵਿਸਾਖੀ ਦਾ ਤੇ ਗੁਰਬਾਣੀ ਸ਼ਬਦਾਂ ਨੂੰ ਛੱਡ ਕੇ ‘ਗੁਰ ਸਿਮਰ ਮਨਾਈ ਕਾਲਕਾ’ ਕਵੀਆਂ ਦੀਆਂ ਮਨ ਘੜ੍ਹਤ ਰਚਨਾਵਾਂ ਨੂੰ ਖੂਬ ਰਗੜਾ ਲਗਾ ਲਗਾ ਕੇ ਉੱਚੀ ਉੱਚੀ ਅਲਾਪਾਂ ਰਾਂਹੀਂ ਪੇਸ਼ ਕਰਕੇ ਕਿਹਾ ਜਾ ਰਿਹਾ ਹੈ ਖਾਲਸਾ ਪੰਥ ਆਪਣਾ ਪ੍ਰਗਟ ਦਿਹਾੜਾ ਮਨਾ ਰਿਹਾ ਹੈ। ਦੁਨੀਆਂ ਦੇ ਲੋਕ ਆਪੋ ਆਪਣੇ ਰਹਿਬਰਾਂ ਦੇ ਮਹਾਨ ਦਿਹਾੜੇ ਮਨਾਉਂਦਿਆਂ ਉਹਨਾਂ ਨੂੰ ਮਹਾਨ ਚਿੰਤਕ ਦੇ ਰੂਪ ਵਿੱਚ ਪੇਸ਼ ਕਰਦੇ ਹਨ ਪਰ ਖਾਲਸਾ ਪੰਥ ਦੇ ਪਰਚਾਰਕ ਰਾਗੀ ਆਪਣੇ ਗੁਰੂਆਂ ਨੂੰ ਆਪ ਹੀ ਦੇਵੀ ਦੇ ਉਪਾਸ਼ਕ ਤੇ ਨਾ ਪੜ੍ਹੇ ਹੋਏ ਦਸ ਦਸ ਕੇ ਆਪਣੀ ਅਣਪੜ੍ਹਤਾ ਦਾ ਆਪ ਹੀ ਢੋਲ ਪਿੱਟ ਰਹੇ ਹਨ। ਅੱਜ ਖਾਲਸਾ ਪੰਥ ਜ਼ਮੀਨੀ ਹਕੀਕਤ ਦੀਆਂ ਸਚਾਈਆਂ ਨੂੰ ਛੱਡ ਕੇ, ਉੱਪਰਲੀ ਦੁਨੀਆਂ ਦੇ ਗਪੌੜਾਂ ਰਾਂਹੀਂ ਗੱਲੀਂ ਬਾਤੀਂ ਸੈਰ ਕਰਵਾ ਕੇ, ਪਰਮਪੱਦ ਦੀ ਪਦਵੀ ਤੇ ਇਸ ਢਕੌਸਂਲੇ ਨੂੰ ਬ੍ਰਹਮ ਅਵਸਥਾ ਦਸ ਰਿਹਾ ਹੈ। ਉੱਠ ਖਾਲਸਾ ਹੋਸ਼ ਕਰ ਸਾਧ ਲਾਣੇ ਤੇ ਬ੍ਰਹਮਣੀ ਕਰਮਕਾਂਡ ਨੇ ਤੇਰਾ ਘਰ ਲੁੱਟ ਲਿਆ ਈ ਤੇ ਤੂੰ ਘੂਕ ਗੂੜ੍ਹੀ ਨੀਦ ਵਿੱਚ ਸੁੱਤਾ ਪਿਆ ਏਂ, ਖਾਲਸਾ ਤਾਂਹੀਂ ਅਖਵਾ ਸਕਦਾ ਏਂ ਜੇ ਕਰ ਤੇਰੇ ਵਿਚੋਂ ਸਮਾਜਿਕ ਬੁਰਾਈਆਂ ਧਾਰਮਿਕ ਕਰਮਕਾਂਡ ਦੂਰ ਹੋਣ ਕਿਸੇ ਸ਼ਾਇਰ ਨੇ ਬਹੁਤ ਹੀ ਸੁੰਦਰ ਲਿਖਿਆ ਹੋਇਆ ਈ –
ਆ ਉਰ੍ਹਾਂ ਥਾਂ ਥਾਂ ਗਰਦਨ ਝੁਕਾਵਨ ਵਾਲਿਆ,
ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਦੇਖਣਾ।
ਤੇਰੇ ਨਿਰਬਲ ਡੌਲ਼ਿਆਂ ਵਿੱਚ ਪਾ ਕੇ ਹਿੰਮਤ ਦੀ ਕਣੀ,
ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਦੇਖਣਾ।
ਇਸ ਪਵਿੱਤਰ ਦਿਹਾੜੇ ਤੇ ਮੈਂ ਆਪ ਸਾਰੀ ਸੰਗਤ ਨੂੰ ਨਿੰਮ੍ਰਤਾ ਸਾਹਿਤ ਬੇਨਤੀ ਕਰਦਾ ਹਾਂ ਕਿ ਖਾਲਸਾ ਜੀ ਅੱਜ ਸਾਡੇ ਧਰਮ ਵਿੱਚ ਉਹ ਸਾਰੀਆ ਕੁਰੀਤੀਆਂ ਆਉਂਦੀਆਂ ਜਾ ਰਹੀਆਂ ਹਨ ਜਿਸ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਉਠਾਇਆ ਤੇ ਬਚਾਇਆ ਸੀ, ਮੂਰਤੀ ਪੂਜਾ, ਮਾਲ਼ਾ ਦਾ ਘੁਮਾਈ ਜਾਣਾ, ਸਾਧ ਲਾਣੇ ਦੀ ਪੈਰੀਂ ਪੈਣਾ ਇਹ ਖਾਲਸਾ ਪੰਥ ਦੀਆਂ ਨਿਸ਼ਾਨੀਆਂ ਨਹੀਂ ਹਨ। ਖਾਲਸਾ ਪੰਥ ਤਾਂ ਨਿਜ ਸੁਆਰਥ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਅੱਗੇ ਆਉਂਦਾ ਹੈ ਆਉ ਅੱਜ ਆਪਾਂ ਵੀ ਇਹ ਪ੍ਰਣ ਕਰੀਏ ਕਿ ਜੋ ਗੁਰੂ ਗ੍ਰੰਥ ਦਾ ਸਾਹਿਬ ਜੀ ਦਾ ਨਿਰਮਲ ਸਿਧਾਂਤ ਹੈ ਉਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲੈ ਕੇ ਪ੍ਰੋਣ ਦਾ ਯਤਨ ਕੀਤਾ ਜਾਏ। ਸੋ ਇਤਨੇ ਕੁ ਸ਼ਬਦ ਆਖਦਾ ਹੋਇਆ ਮੈਂ ਆਪ ਜੀ ਤੋਂ ਖਿਮਾਂ ਮੰਗਦਾ ਹਾਂ, ਪਿਆਰ ਸਾਹਿਤ ਗੁਰੂ ਫਤਹ ਨਾਲ ਸਾਂਝ ਪਾਉ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥
 

ਮਹਾਨ ਗੁਰੂ ਨਾਨਾਕ

ਇਹ ਲੇਖ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਲਿਖਿਆ ਗਿਆ ਹੈ, ਤਾਂ ਕਿ ਬੱਚੇ ਇਸ ਲੇਖ ਨੂੰ ਜ਼ਬਾਨੀ ਯਾਦ ਕਰਕੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦਾ ਸੁਨੇਹਾਂ ਦੇ ਸਕਣ।

ਸਾਫ਼ ਦਿਲੇ ਦੀ ਕੀ ਕੀਮਤ ਹੈ, ਇਸ ਦੁਨੀਆਂ ਦੀ ਮੰਡੀ ਅੰਦਰ।
ਹੰਝੂਆਂ ਦਾ ਮੁੱਲ ਪੈਂਦਾ ਆਖਰ, ਨਾਨਕ ਦੀ ਤਲਵੰਡੀ ਅੰਦਰ।
ਚੰਨ ਤ੍ਰਿਪਤਾ ਮਾਤਾ ਦਾ, ਇਹ ਥਾਂ ਥਾਂ ਨੂਰ ਖਿਲਾਰੀ ਜਾਂਦੈ।
ਸਤਨਾਮ ਦੀ ਛਹਿਬਰ ਲਾ ਕੇ, ਜਗਤ ਜਲੰਦਾ ਠਾਰੀ ਜਾਂਦੈ।
ਚਰਨ ਸਿੰਘ ‘ਸਫ਼ਰੀ’
ਸਾਹਿਬ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਉ ਪਿਆਰ ਸਾਹਿਤ ਗੁਰੂ ਫਤਹ ਨਾਲ ਸਾਂਝ ਪਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥ ਗੁਰੂ ਪਿਆਰੀ ਸਾਧ ਸੰਗਤ ਜੀਉ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ “ਮਹਾਨ ਗੁਰੂ ਨਾਨਕ” ਮੈਨੂੰ ਪੂਰੀ ਆਸ ਹੈ ਕਿ ਆਪ ਜੀ ਬਹੁਤ ਹੀ ਪਿਆਰ ਨਾਲ ਸ੍ਰਵਣ ਕਰੋਗੇ।
ਮਹਾਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ। ਆਪ ਜੀ ਨੇ ਛੋਟੀ ਉਮਰ ਵਿੱਚ ਹੀ ਫ਼ਾਰਸੀ ਸੰਸਕ੍ਰਿਤ ਤੇ ਕਈ ਹੋਰ ਭਾਸ਼ਵਾਂ ਦਾ ਗਿਆਨ ਹਾਸਲ ਕਰ ਲਿਆ। ੳਹਨਾਂ ਦੀ ਇਸ ਤੀਖਣ ਬੁੱਧੀ ਤੋਂ ਪੰਡਿਤ ਤੇ ਮੌਲਵੀ ਬਹੁਤ ਹੀ ਪ੍ਰਭਾਵਤ ਹੋਏ। ਆਪ ਜੀ ਮੁੱਢ ਤੋਂ ਹੀ ਘਰ ਦੇ ਕੰਮਾਂ ਕਾਰਾਂ ਵਿੱਚ ਮਾਤਾ ਪਿਤਾ ਨਾਲ ਹੱਥ ਵਟਾਉਣ ਲੱਗ ਪਏ। ਇਸ ਲਈ ਆਪ ਜੀ ਨੇ ਬਹੁਤ ਹੀ ਜ਼ਿੰਮੇਵਾਰੀ ਨਾਲ ਮੱਝਾਂ ਵੀ ਚਾਰੀਆਂ ਤੇ ਕਦੇ ਕਿਸੇ ਜ਼ਿਮੀਦਾਰ ਦਾ ਨੁਕਸਾਨ ਨਾ ਹੋਣ ਦਿੱਤਾ।
ਪਿਤਾ ਕਲਿਆਣ ਦਾਸ ਜੀ ਮਹਿਤਾ ਨੇ ਆਪ ਜੀ ਨੂੰ ਵਪਾਰ ਵਿੱਚ ਪਾਉਣਾ ਚਾਹਿਆ ਤੇ ਵੀਹ ਰੁਪਏ ਦੇ ਕੇ ਖਰਾ ਸੌਦਾ ਖਰੀਦਣ ਲਈ ਕਿਹਾ। ਗੁਰੂ ਜੀ ਨੇ ਮਿਲੇ ਹੋਏ ਵੀਹ ਰੁਪਇਆਂ ਨਾਲ ਪਿੰਡਾਂ ਦੇ ਲੋੜ ਵੰਦ ਲੋਕਾਂ ਦੀ ਸਹਾਇਤਾ ਕਰ ਦਿੱਤੀ, ਪਰ ਵਪਾਰਕ ਨੁਕਤਾ ਨਿਗਾਹ ਨਾਲ ਪਿਤਾ ਜੀ ਨੂੰ ਗੱਲ ਪਰਵਾਨ ਨਾ ਹੋਈ। ਪੰਜਾਬੀ ਦੇ ਸ਼ਾਇਰ ਸਫਰੀ ਦੀਆਂ ਕੁੱਝ ਲਾਇਨਾਂ ਇਸ ਪ੍ਰਕਾਰ ਹਨ ---
ਮਹਿਤੇ ਕਾਲੂ ਵੀਹ ਰੁਪਈਏ ਗੁਰੂ ਨਾਨਕ ਦੇ ਬੋਝੇ ਪਾਏ।
ਵੀਹ ਤਾਗੀਦਾਂ ਕਰਕੇ ਅੱਗੋਂ ਵੀਹ ਵੀਹ ਕਰੜੇ ਸ਼ਬਦ ਸੁਣਾਏ।
-----------------------------------------------
ਓ ਦੁਨੀਆਂ ਦੇ ਧਰਮੀ ਬੰਦਿਓ ਸਮਝ ਕਰੋ ਨਾ ਧਰਮ ਹਾਰੋ।
ਗੁਰੂ ਨਾਨਕ ਦੇ ਸੱਚੇ ਸੌਦੇ ਵਾਲੀ ਵੀ ਕੋਈ ਬਾਤ ਵਿਚਾਰੋ।
‘ਸਫਰੀ’
ਮਹਾਨ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਆ ਕੇ ਮੋਦੀ ਦੀ ਜ਼ਿੰਮੇਵਾਰੀ ਸੰਭਾਲ਼ ਲਈ ਤੇ ਹਰ ਪ੍ਰਕਾਰ ਦੀ ਹੇਰਾ ਫੇਰੀ, ਰਿਸ਼ਵਤ ਬੰਦ ਕਰਵਾ ਦਿੱਤੀ। ਧਰਮ ਦੀ ਸੱਚੀ ਸੁੱਚੀ ਕਿਰਤ ਕਰਨ ਦਾ ਹਰ ਮਨੁੱਖ ਨੂੰ ਸੁਨੇਹਾਂ ਦਿੱਤਾ। ਸਮਾਜ, ਧਰਮ ਵਿੱਚ ਮੱਚੀ ਹਫੜਾ ਦਫੜੀ ਹਰ ਪਰਕਾਰ ਦੀ ਹੋ ਰਹੀ ਧੱਕੇਸ਼ਾਹੀ ਤੇ ਦੁਖੀਆਂ ਦਰਦ ਮੰਦਾਂ ਦੀਆਂ ਆਹੀਂ ਗੁਰੂ ਨਾਨਕ ਸਾਹਿਬ ਜੀ ਨੇ ਸੁਣੀਆਂ ਤੇ ਇਹਨਾਂ ਦੇ ਭਲੇ ਲਈ ਕੁੱਝ ਕਰਨ ਦੀ ਚਾਹਨਾ ਰੱਖ ਕੇ ਮੋਦੀ ਦੀ ਕਾਰ ਛੱਡ ਦਿੱਤੀ। ਸੰਸਾਰ ਨੂੰ ਨਵੀਆਂ ਲੀਹਾਂ ਤੇ ਪਾਉਣ ਲਈ ਕਿਰਤ ਕਰਨੀ ਰੱਬੀ ਨਾਮ ਦੀ ਸੰਭਾਲ ਭਾਵ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣਾ ਤੇ ਵੰਡ ਕੇ ਛੱਕਣ ਵਰਗੇ ਸੁਨਹਿਰੀ ਅਸੂਲਾਂ ਨੂੰ ਲੈ ਕੇ ਸਤਿਨਾਮ ਦਾ ਛੱਟਾ ਦੇਣ ਲਈ ਘਰੋਂ ਤੁਰ ਪਏ। ਨਵੇਂ ਸਮਾਜ ਦੀ ਸਿਰਜਣਾ ਕਰਨ ਲਈ ਲੁਕਾਈ ਦਾ ਦਰਦ ਸਮਝਦਿਆਂ ਉਹਨਾਂ ਦੇ ਗ਼ਮਾਂ ਦੀਆਂ ਪੀੜਾਂ ਨੂੰ ਵੰਡਣ ਲਈ ਗੁਰੂ ਸਹਿਬ ਜੀ ਨੇ ਆਪਣੀਆਂ ਪਰਚਾਰ ਉਦਾਸੀਆਂ ਅਰੰਭ ਕੀਤੀਆਂ। ਸਫਰੀ ਜੀ ਦੇ ਬੋਲ ਕੁੱਝ ਇੰਜ ਹਨ:-----
ਉਹ ਦੁਖੀਆਂ ਦੇ ਹੰਝੂਆਂ ਵਿਚ, ਗ਼ਮ ਦੀਆਂ ਪੀੜਾਂ ਪੁਣ ਲੈਂਦਾ ਹੈ।
ਉਹ ਬਾਂਗਾਂ ਦੇ ਬੋਲ ਨਹੀਂ ਸੁਣਦਾ, ਪਰ ਗੂੰਗਿਆਂ ਦੀ ਸੁਣ ਲੈਂਦਾ ਹੈ।
ਭਾਈ ਲਾਲੋ ਦੀ ਸੱਚੀ ਕਿਰਤ ਨੂੰ ਪਰਵਾਨ ਕਰਦਿਆਂ ਮਲਕ ਭਾਗੋ ਨੂੰ ਠਕਰਾਉਣ ਵਾਲੇ ਮਹਾਨ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਰਾਜਿਆਂ ਨੂੰ ਸ਼ੀਹਾਂ ਨਾਲ ਤਸ਼ਬੀਹ ਦਿੱਤੀ। ਰਾਜਿਆਂ ਦੇ ਚਾਕਰ ਆਪਣੇ ਦਿਰੰਦੇ ਨੁਹਾਂ ਨਾਲ ਵਿਚਾਰੀ ਪਰਜਾਂ ਨੂੰ ਪਾੜ ਪਾੜ ਕੇ ਖਾ ਰਹੇ ਸਨ। ਗੁਰੂ ਸਾਹਿਬ ਜੀ ਨੇ ਧਾਰਮਿਕ ਆਗੂਆਂ ਨੂੰ ਸਿੱਧਾ ਰਸਤਾ ਦਿਖਾਉਂਦਿਆ ਹੋਇਆਂ ਉਹਨਾਂ ਦੇ ਅੰਦਰਲੀਆਂ ਕੰਮਜ਼ੋਰੀਆਂ ਉਹਨਾਂ ਦੇ ਸਾਹਮਣੇ ਰੱਖੀਆਂ ਤੇ, “ਕਿਹਾ ਤੁਸੀਂ ਧਰਮ ਦੇ ਨਾਂ ਠੱਗੀਆਂ ਹੀ ਨਹੀਂ ਮਾਰ ਰਹੇ ਸਗੋਂ ਝੂਠ ਬੋਲ ਕੇ ਆਪਣਾ ਇਮਾਨ ਵੀ ਵੇਚ ਰਹੇ ਹੋ”। ਉਹਨਾਂ ਦਾ ਆਪਣਾ ਪਿਆਰਾ ਫੁਰਮਾਣ ਹੈ; ---
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨਾ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥
ਧਨਾਸਰੀ ਮਹਲਾ 1 ਪੰਨਾ – 662 ----

ਗੁਰੂ ਪਿਆਰ ਵਾਲਿਓ! ਜ਼ਰਾ ਕੁ ਆਪਣੀ ਕੌਮ ਵਲ ਵੀ ਨਿਗਾਹ ਮਾਰ ਕੇ ਵੇਖ ਲਈਏ ਨਿਰ੍ਹਾ ਪੰਜਾਬ ਵਿੱਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਵਿੱਚ ਵੀ ਨਸ਼ਿਆਂ ਦੀ ਭਰਮਾਰ ਹੈ ਤੇ ਆਮ ਕਰਕੇ ਪਤਿਤ ਪੁਣੇ ਦੀ ਲਹਿਰ ਹੈ ਪਰ ਸਾਡੇ ਲੀਡਰ ਵੋਟਾਂ ਦੇ ਨਸ਼ੇ ਵਿੱਚ ਘੂਕ ਸੁੱਤੇ ਪਏ ਹੋਏ ਹਨ। ਉਂਜ ਅਸੀ ਨਿਅਰੇ ਸਿੱਖ ਹਾਂ। ਅਖੌਤੀ ਸਾਧ ਸੰਤ ਆਪਣੇ ਡੇਰਿਆਂ ਦੀਆਂ ਬਿਲਡਿੰਗਾਂ ਉੱਚੀਆਂ ਕਰਨ ਤੇ ਜਾਇਦਾਦ ਵਧਾਉਂਣ ਵਿੱਚ ਲੱਗੇ ਹੋਏ ਹਨ। ਜਿੱਥੇ ਅੱਜ ਅਸੀਂ ਗੁਰੂ ਸਾਹਿਬ ਜੀ ਦੇ ਪਵਿੱਤਰ ਦਿਹਾੜੇ ਮਨਾ ਰਹੇ ਹਾਂ ਉੱਥੇ ਸਾਨੂੰ ਗੁਰਬਾਣੀ ਨਾਲ ਵੀ ਜੁੜਨਾ ਚਾਹੀਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼, ਸਿੱਖਿਆ ਤੇ ਅਮਲ ਵੀ ਕਰਨਾ ਚਾਹੀਦਾ ਹੈ ਤਾਂ ਹੀ ਮਹਾਨ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਅਖਵਾ ਸਕਦੇ ਹਾਂ। ਸਫਰੀ ਜੀ ਦੀਆਂ ਸਤਰਾਂ ਕਿੰਨੀਆਂ ਭਾਵ ਪੂਰਤ ਹਨ: -----
ਆਪਣੇ ਨੈਣਾਂ ਦੀ ਨੂਰੀ ਕਮਾਨ ਵਿਚੋਂ, ਤੀਰ ਨਜ਼ਰ ਦੇ ਜਿੱਧਰ ਨੂੰ ਸਿਨ੍ਹ ਦਿੱਤੇ।
ਬਾਬਰ ਵਰਗੇ ਸ਼ਹਿਨਸ਼ਾਹ ਸੂਤ ਕੀਤੇ, ਵਲੀ ਵਰਗਿਆਂ ਦੇ ਹਿਰਦੇ ਵਿੰਨ੍ਹ ਦਿੱਤੇ।
----------------------------------------------------------------
ਸਾਰੇ ਬੇੜੀਆਂ ਰੋਹੜ ਮਲਾਹ ਟਕਰੇ, ਸਾਨੂੰ ਕੋਈ ਕਿਨਾਰਾ ਵਖਾਲ ਨਾਨਕ।
ਸਾਂਝਾਂ ਸਾਰੇ ਜ਼ਮਾਨੇ ਵਿੱਚ ਪਾਉਣ ਦੇ ਲਈ, ਬਣਿਆ ਸਾਰਿਆਂ ਦਾ ਸਾਂਝਾ ਮਹਾਨ ਨਾਨਕ।
ਸਾਹਿਬ ਸਿਰੀ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਮਨਾ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਉ ਆਓ ਅੱਜ ਇੱਕ ਪ੍ਰਣ ਕਰੀਏ ਕਿ ਅਸੀਂ ਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚਲਦਿਆਂ ਆਪਣੇ ਆਪ ਨੂੰ ਵਿਕਾਰਾਂ ਵਲੋਂ ਬਚਾ ਕੇ ਰੱਖੀਏ। ਸੋ ਇੰਨੇ ਕੁ ਸ਼ਬਦ ਆਖਦਾ ਹੋਇਆ ਅਤੇ ਆਪਣੀਆ ਭੁਲਾਂ ਦੀ ਖਿਮਾਂ ਮੰਗਦਾ ਹੋਇਆ ਗੁਰੂ ਫਤਹ ਬਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥

ਸੰਤ ਸਿਪਾਹੀ

ਇਹ ਲੈਕਚਰ ਇਸ ਲਈ ਲਿਖਿਆ ਜਾ ਰਿਹਾ ਹੈ ਛੋਟੇ ਛੋਟੇ ਬੱਚੇ ਇਸ ਨੂੰ ਤਿਆਰ ਕਰਕੇ ਗੁਰਪੁਰਬਾਂ ਉੱਤੇ ਬੋਲ ਲੈਣ ਤਾਂ ਕਿ ਛੋਟਿਆਂ ਬੱਚਿਆਂ ਦੁਆਰਾ ਕਹੀਆਂ ਹੋਈਆ ਗੱਲਾਂ ਨੂੰ ਹੀ ਖੌਰ੍ਹੇ ਕੋਈ ਆਪਣੇ ਮਨ ਵਿੱਚ ਵਸਾ ਕਿ ਜੀਵਨ ਵਿੱਚ ਬਦਲਾ ਲਿਆ ਸਕਣ। ਉਹਨਾਂ ਕਵੀਆਂ ਦਾ ਹਾਰਦਿਕ ਧੰਨਵਾਦ ਹੈ ਜਿਨ੍ਹਾਂ ਦੀਆ ਕਵਿਤਾਂ ਦੀਆਂ ਸਤਰਾਂ ਇਹਨਾਂ ਲੈਕਚਰਾਂ ਵਿੱਚ ਪਾਈਆਂ ਹਨ।

ਸਾਨੂੰ ਗ਼ਫ਼ਲਤ ਦੀ ਨੀਦੋਂ ਜਗਾ ਕੇ ਤੇ,
ਨਸ ਨਸ ਵਿੱਚ ਬੀਰਤਾ ਭਰ ਗਿਆ ਉਹ।
ਧੋਣਾਂ ਨੀਵੀਆਂ ਭੰਨ ਹੰਕਾਰ ਦੀਆਂ,
ਝੰਡੇ ਧਰਮ ਵਾਲੇ ਉੱਚੇ ਕਰ ਗਿਆ ਉਹ।
ਦੁੱਖ ਦੇਖ ਕੇ ਕਿਸੇ ਦੀ ਜਾਨ ਉੱਤੇ,
ਦੁੱਖ ਅਪਣੀ ਜਾਨ ਤੇ ਜਰ ਗਿਆ ਉਹ।
ਸਿੱਖੀ ਪੰਥ ਦਾ ਮਹਿਲ ਬਣਾਉਣ ਲੱਗਾ,
ਸੀਸ ਪੁੱਤਾਂ ਦੇ ਧਰ ਗਿਆ ਉਹ।
ਪਰਮ ਸਤਿਕਾਰ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਉ, ਬਾ – ਅਦਬ ਗੁਰੂ ਫਤਹ ਨਾਲ ਸਾਂਝ ਪਾਉ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥ ਗੁਰੂ ਪਿਆਰੇ ਖਾਲਸਾ ਜੀਉ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ‘ਸੰਤ ਸਿਪਾਹੀ’ ਗੁਰੂ ਗੋਬਿੰਦ ਸਿੰਘ ਜੀ। ਮੈਨੂੰ ਪੂਰਾ ਭਰੋਸਾ ਹੈ ਕਿ ਆਪ ਜੀ ਬਹੁਤ ਹੀ ਪਿਆਰ ਨਾਲ ਸਰਵਣ ਕਰੋਗੇ।
ਕਿਸੇ ਸਿਆਣੇ ਠੀਕ ਕਿਹਾ ਹੈ ਕਿ ਦੁਨੀਆਂ ਵਿੱਚ ਕੌਮਾਂ ਦੀ ਅਰੰਭਤਾ ਤਲਵਾਰ ਤੋਂ ਹੁੰਦੀ ਹੈ ਪਰ ਕੌਮਾਂ ਦਾ ਖਾਤਮਾ ਸੰਗੀਤਕ ਮਹਿਫਲਾਂ ਕਰਕੇ ਹੋ ਜਾਂਦਾ ਹੈ।
ਆ ਮੈਂ ਤੁਝੇ ਬਤਾਉਂ ਕਿ ਤਾਰੀਖੇ ਉੱਮਤ ਕਿਆ ਹੈ
ਤੇਗੋ ਸਨਾ ਅਵੱਲ ਤੋਸੋ ਰਬਾਬ ਆਖਰ।
ਪਰ ਸਿੱਖੀ ਉੱਲਟ ਦਿਸ਼ਾ ਵਿੱਚ ਚਲੀ ਹੈ, ਏੱਥੇ ਤਾਂ ਰਾਗ ਪਹਿਲੇ ਸਮਝਾਇਆ ਗਿਆ ਹੈ ਪਰ ਤਲਵਾਰ ਬਆਦ ਵਿੱਚ ਫੜਾਈ ਗਈ ਹੈ। ਜੇ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਸਿੱਖ ਪੰਥ ਵਿੱਚ ਮਰਨਾ ਪਹਿਲੇ ਆਇਆ ਹੈ ਤੇ ਜੰਮਣਾ ਫਿਰ ਦੱਸਿਆ ਗਿਆ ਹੈ। ਗੁਰਬਾਣੀ ਵਿੱਚ ਭਗਤ ਕਬੀਰ ਜੀ ਦਾ ਪੰਨਾ ਨੰ: 1365 ਤੇ ਬਹੁਤ ਹੀ ਪਿਆਰਾ ਵਾਕ ਆਇਆ ਹੈ: ----
ਕਬੀਰ ਜਿਸੁ ਮਰਨੇ ਤੇ ਜਗ ਡਰੈ ਮੇਰੇ ਮਨਿ ਅਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ॥

ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫ਼ੀ ਪਹਿਲਾਂ ਸਾਨੂੰ ਭਗਤ ਬਣਾਉਂਦੀ ਹੈ ਫਿਰ ਸਾਨੂੰ ਸਿਪਾਹੀ ਬਣਾਉਂਦੀ ਹੈ। ਇਸ ਦਾ ਸਿਧਾਂਤਿਕ ਤੌਰਤੇ ਅਰਥ ਏਹੀ ਬਣਦਾ ਹੈ ਇੱਕ ਤਾਂ ਗੁਰਬਾਣੀ ਦਾ ਅਭਿਆਸ ਦੂਸਰਾ ਅੰਮ੍ਰਿਤ ਛੱਕ ਕੇ ਸਵੈਮਾਣ ਨਾਲ ਜ਼ਿਉਂਦੇ ਰਹਿਣ ਲਈ ਹਮੇਸ਼ਾ ਤੱਤਪਰ ਰਹਿਣਾ। ਜ਼ਮੀਨੀ ਹਕੀਕਤ ਨਾਲ ਗੱਲ ਕੀਤੀ ਜਾਏ ਤਾਂ ਇਹ ਦੋਵੇਂ ਗੱਲਾਂ ਹੀ ਸਾਡੇ ਵਿਚੋਂ ਅਲੋਪ ਹੋ ਗਈਆਂ ਹਨ। ਗੁਰਬਾਣੀ ਅਭਿਆਸ ਦੀ ਥਾਂ ਤੇ ਅਖੰਡ ਪਾਠ ਆ ਗਏ ਹਨ ਤੇ ਅੰਮ੍ਰਿਤ ਛੱਕਣਾ ਛੱਡ ਕੇ ਨਾਮ ਧਰੀਕ ਸਾਧਾਂ ਪਾਸੋਂ ਨਾਮ ਦੀ ਮੰਗ ਕਰਕੇ ਸਵੈਮਾਣ ਦਾ ਦਿਨ ਦੀਵੀਂ ਘਾਣ ਕਰ ਰਹੇ ਹਾਂ। ਅੱਜ ਕੌਮ ਵਿਚੋਂ ਸੰਤ ਤੇ ਸਿਪਾਹੀ ਵਾਲਾ ਕਿਰਦਾਰ ਲੱਭਣਾ ਬਹੁਤ ਮੁਸ਼ਕਲ ਹੋ ਗਿਆ ਹੈ। ਗੁਰਸਿੱਖਾ! ਗੁਰੂ ਸੰਤ ਸਿਪਾਹੀ ਨੇ ਆਪਣੀ ਸਾਰੀ ਪੂੰਜੀ ਪੰਥ ਦੇ ਲੇਖੇ ਵਿੱਚ ਲਗਾ ਦਿੱਤੀ ਸੀ ਪਰ ਤੇਰੀ ਹੋਣੀ ਵਲ ਦੇਖ ਕੇ ਦਿੱਲ ਫੱਟਦਾ ਹੈ ਤੇ ਧਾਹੀਂ ਮਾਰ ਕੇ ਰੋਣਾ ਆਉਂਦਾ ਹੈ ਓਦੋਂ, ਜਦੋਂ ਤੂੰ ਹੇਮਕੁੰਟ ਦੇ ਪੱਥਰਾਂ ਨੂੰ ਮੱਥਾ ਮਾਰ ਰਿਹਾ ਹੁੰਦਾ ਏਂ ਤੇ ਸੰਪਟ ਪਾਠ ਕਰਾ ਕਰਾ ਆਪਣੀ ਕ੍ਰਿਤ ਨੂੰ ਅਜਾਈਂ ਰੂਪ ਵਿੱਚ ਗਵਾ ਰਿਹਾ ਹੁੰਦਾ ਏਂ। ਇੰਜ ਲੱਗਦਾ ਏ ਭਲਿਆ ਤੈਨੂੰ ਸੰਤ ਸਿਪਾਹੀ ਦੀ ਚਮਕਦੀ ਤਲਵਾਰ ਤੇ ਉਸ ਦਾ ਅਦਰਸ਼ ਹੀ ਭੁੱਲ ਗਇਆ ਏ। ਹੁਣ ਤੇ ਤੂੰ ਸਿਰ ਤੇ ਮੁੱਕਟ ਬੰਨ ਕੇ ਹਵਨ ਕਰਾ ਰਿਹਾ ਏਂ ਜਾਂ ਅੰਦਰ ਵੜ ਕੇ ਗੇਰੂਵੇ ਕੱਪੜੇ ਪਹਿਨ ਕੇ ਚਲੀਹੇ ਕੱਟ ਰਿਹਾਂ ਏਂ। ਜਾਂ ਤੂੰ ਗੰਗਾ ਮਈਆ ਵਿਚੋਂ ਇਸ਼ਨਾਨ ਕਰਕੇ ਗੰਗਾ ਦੇ ਕਿਨਾਰੇ ਹੀ ਬੈਠ ਕੇ ਭਗਤੀ ਦਾ ਦਿਖਾਵਾ ਕਰਨ ਲੱਗਿਆ ਹੋਇਆ ਏਂ। ਸਾਧਾਂ ਦੇ ਕੀਤੇ ਇਸ਼ਨਾਨ ਦੇ ਪਾਣੀ ਨੂੰ ਅੰਮ੍ਰਿਤ ਸਮਝੀਂ ਬੈਠਾ ਏਂ, ਤੂੰ ਤੇ ਮਾਨਸਿਕ ਗੁਲਾਮੀ ਦੇ ਤੰਦੁਵੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਿਆ ਏਂ। ਕੀ ਤੂੰ ਕਿਤੇ ਸੰਤ ਸਿਪਾਹੀ ਦਾ ਜਜ਼ਬਾ ਤੇ ਨਹੀਂ ਭੁੱਲ ਗਿਆ? ਭੋਲ਼ਿਆ ਪਿਤਾ ਦੇ ਲਹੂ ਭਿੱਜੇ ਇਤਿਹਾਸ ਨੂੰ ਕਦੇ ਵਾਚੇਂਗਾ ਕਿ ਨਹੀਂ? ਕੀ ਤੇਰੇ ਵਿੱਚ ਖੂਨੀ ਸਰਹੰਦ ਦੀ ਦੀਵਾਰ ਚਮਕੌਰ ਦੀ ਜੂਹ ਤੇ ਸੰਤ ਸਿਪਾਹੀ ਵਾਲਾ ਵਲਵਲਾ ਪੈਦਾ ਹੋਏਗਾ ਕਿ ਨਹੀਂ? ਤੇਰੀਆਂ ਅੱਖਾਂ ਦੇ ਸਾਹਮਣੇ ਚਨੌਤੀਆਂ ਭਰੇ ਇਤਿਹਾਸ ਦਾ ਦਰਿਆ ਪਿਆ ਵੱਗਦਾ ਈ। ਕਿਸੇ ਸ਼ਾਇਰ ਦੇ ਬਹੁਤ ਹੀ ਖੂਬਸੂਰਤ ਲਹੂ ਭਿੱਜੇ ਬੋਲ ਤੇਰੇ ਸਾਹਮਣੇ ਰੱਖਣ ਲੱਗਾ ਹਾਂ।
ਦਸਮ ਪਿਤਾ ਨੇ ਪਿਤਾ ਦੀ ਬਲੀ ਦੇ ਕੇ,
ਰੁੜਨੋਂ ਦੇਸ਼ ਦਾ ਬੇੜਾ ਬਚਾ ਲਿਆ ਏ।
ਪੁੱਤਰ ਵਾਰਨੇ ਦੀ ਵੀ ਤਰਕੀਬ ਦੇਖੋ,
ਦੋਂਹ ਦੋਂਹ ਦਾ ਜੋੜਾ ਬਣਾ ਲਿਆ ਏ।
ਜੋੜਾ ਵਿੱਚ ਚਮਕੌਰ ਦੇ ਵਾਰਿਆ ਏ,
ਜੋੜਾ ਨੀਹਾਂ ਦੇ ਵਿੱਚ ਚਿਣਵਾ ਲਿਆ ਏ।
ਰੋਸ਼ਨ ਕਰਨ ਦੇ ਲਈ ਦੇਸ਼ ਦੇ ਚਾਰ ਕੋਨੇ,
ਅਪਣਾ ਦੀਵਾ ਚੁਰੱਖੀਆ ਬੁਝਾ ਲਿਆ ਏ।
ਸੰਤ ਸਿਪਾਹੀ ਦਾ ਪਾਵਨ ਦਿਹਾੜਾ ਮਨਾ ਰਹੇ ਪਿਆਰ ਵਾਲਿਆ ਤੂੰ ਤੇ ਕਿਤੇ ਰੱਖੜੀ ਦੇ ਧਾਗਿਆਂ ਵਿੱਚ ਉਲਝਿਆ ਫਿਰਦਾ ਏਂ। ਏੱਥੇ ਹੀ ਬੱਸ ਨਹੀਂ ਕਿਤੇ ਮੇਰੀਆਂ ਭੈਣਾਂ ਵਰਤਾਂ ਦੇ ਕਰਮਕਾਂਡ ਦੀ ਦੁਨੀਆਂ ਵਿੱਚ ਘੁੰਮ ਰਹੀਆਂ ਹਨ। ਆਮ ਨੌਜਵਾਨ ਸੰਤ ਸਿਪਾਹੀ ਦੇ ਵਾਰਸ ਹੋਣ ਦਾ ਦਆਵਾ ਕਰਨ ਵਾਲਾ ਨਸ਼ਿਆਂ ਵਿੱਚ ਗਰਕ ਹੁੰਦਾ ਜਾ ਰਿਹਾ ਹੈ। ਭਾਗਾਂ ਵਾਲਿਆ ਸੰਤ ਸਿਪਾਹੀ ਨੇ ਤੇਰੀ ਸਚਿਆਰ ਸਿੱਖ ਤੇ ਨਿਰੋਲ ਖਾਲਸਾ ਦੀ ਘਾੜਤ ਘੜੀ ਸੀ ਪਰ ਤੂੰ ਸਿਰ ਮੂੰਹ ਮਨਾ ਕੇ ਕੱਖੋਂ ਹੌਲ਼ਾ ਹੋਇਆ ਫਿਰ ਰਿਹਾ ਏਂ। ਤੂੰ ਸੋਚ ਰਿਹਾ ਏਂ ਕਿ ਮੈਂ ਖੰਡੇ ਕਿਰਪਾਨਾਂ ਵਾਲਾ ਸਿਰ ਤੇ ਰੁਮਾਲ ਬੰਨ੍ਹ ਲਿਆ ਤੇ ਦੇਖਣ ਨੂੰ ਸਿੱਖ ਲੱਗਣ ਲੱਗ ਜਾਂਵਾਂਗਾ ਸੱਚ ਸੁਣ ਲੈ ਇੰਜ ਤੂੰ ਕਦੇ ਵੀ ਸੰਤ ਸਿਪਾਹੀ ਦਾ ਰੂਪ ਨਹੀਓਂ ਬਣ ਸਕਦਾ। ਗੁਰੂ ਦੇ ਪਿਆਰ ਵਾਲਿਆ ਮੈਂ ਤੈਨੂੰ ਇੱਕ ਵਾਸਤਾ ਪਾਉਂਦਾ ਈ ਖੌਰ੍ਹੇ ਤੇਰੇ ਮਨ ਵਿੱਚ ਸਿੱਖੀ ਦੀ ਭਾਵਨਾ ਜਗ ਪਏ। ਆਲਸ ਦੀ ਨੀਂਦ ਛੱਡ ਤੇ ਗੁਰਬਾਣੀ ਵਾਲੇ ਪਾਸੇ ਵਲ ਨੂੰ ਜਾਗਣ ਦਾ ਯਤਨ ਕਰ ਤੇ ਕੀ ਤੂੰ ਆਪਣੀ ਆਤਮਾ ਨੂੰ ਪੁੱਛਣ ਦਾ ਯਤਨ ਕਰੇਂਗਾ? ਮੈਨੂੰ ਕੀ ਬਣਾਇਆ ਸੀ ਤੇ ਮੈਂ ਕੀ ਬਣ ਗਿਆ। ਕਿਸੇ ਸ਼ਾਇਰ ਨੇ ਤੇਰੇ ਲਈ ਇੱਕ ਹੌਕਾ ਭਰਿਆ ਈ
ਅਸੀਂ ਸਿੱਖ ਹਾ ਪਿਤਾ ਦਸਮੇਸ਼ ਜੀ ਦੇ,
ਸਾਡੀ ਜਿੰਦ ਸਿੱਖੀ ਸਾਡੀ ਜਾਨ ਸਿੱਖੀ।
ਸਿੱਖੀ ਲਈ ਜੋ ਮੌਤ ਕਬੂਲ ਕਰਦਾ,
ਉਸ ਸਿੱਖ ਦੀ ਹੁੰਦੀ ਪਰਵਾਨ ਸਿੱਖੀ।
ਸਿੱਖਾ ਪਾਣੀ ਪਿਲਾਉਣਾ ਤਾਂ ਬੜਾ ਸੌਖਾ,
ਪਰ ਗਾੜ੍ਹੇ ਲਹੂ ਦਾ ਮੰਗਦੀ ਏ ਦਾਨ ਸਿੱਖੀ।
ਮਿਟ ਗਏ ਸਿੱਖੀ ਨੂੰ ਆਖ਼ਰ ਮਿਟਾਉਣ ਵਾਲੇ,
ਮੇਟ ਸਕੇ ਨਾ ਕੋਈ ਨਿਸ਼ਾਨ ਸਿੱਖੀ ।
ਆਉ ਅੱਜ ਅਸੀ ਸੰਤ ਸਿਪਾਹੀ ਦੇ ਪਾਏ ਹੋਏ ਮਾਰਗ ਤੇ ਚੱਲਣ ਦਾ ਯਤਨ ਕਰੀਏ ਤਾਂ ਕਿ ਗੁਰੂ ਜੀ ਨੇ ਜੋ ਸਾਡੇ ਲਈ ਕੁਰਬਾਨੀ ਕੀਤੀ ਏ ਉਸ ਨੂੰ ਸਹੀ ਸ਼ਬਦਾਂ ਵਿੱਚ ਸਮਝਣ ਦਾ ਯਤਨ ਕਰੀਏ। ਸੋ ਇੰਨੇ ਕੁ ਸ਼ਬਦ ਆਖਦਾ ਹੋਇਆ ਤੇ ਆਪ ਸਾਰਿਆਂ ਤੋਂ ਆਪਣੀਆਂ ਭੁਲਾਂ ਦੀ ਖਿਮਾਂ ਮੰਗਦਾ ਹੋਇਆ, ਗੁਰੂ ਸਾਹਿਬ ਜੀ ਵਲੋਂ ਬਖ਼ਸ਼ੀ ਹੋਈ ਫਤਹ ਬਲਾਉਂਦਾ ਹਾਂ ਸਾਰੇ ਪਿਆਰ ਨਾਲ ਆਖੋ ਵਾਹਿਗੁਰੂ ਜੀਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥

ਸਰਬੰਸ ਦਾਨੀ ਕਲਗੀਧਰ ਪਿਤਾ

ਇਹ ਲੈਕਚਰ ਬੱਚਿਆਂ ਲਈ ਲਿਖਿਆ ਗਿਆ ਹੈ, ਬੱਚੇ ਇਸ ਲੈਕਚਰ ਨੂੰ ਜ਼ਬਾਨੀ ਯਾਦ ਕਰਕੇ ਸੰਗਤ ਨੂੰ ਸੁਣਾ ਸਕਦੇ ਹਨ ਤਾਂ ਜੋ ਸਾਨੂੰ ਇਹ ਪਤਾ ਲੱਗ ਸਕੇ ਗੁਰੂ ਸਾਹਿਬ ਜੀ ਸਾਨੂੰ ਸੁਨੇਹਾਂ ਕੀ ਦੇ ਰਹੇ ਹਨ। ਸ਼ਾਇਰ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਦੀਆਂ ਕਵਿਤਾਂਵਾਂ ਦੀਆਂ ਸਤਰਾਂ ਵਰਤੀਆਂ ਹਨ।

ਅਜੀਤ ਕੀਕੂੰ ਜਿੱਤਿਆ, ਜੂਝਾਰ ਕੀਕੂੰ ਜੂਝਿਆ,
ਇਹ ਅੰਦਾਜ਼ਾ ਫਲਕ ਤੋਂ ਲਾਇਆ ਨਹੀਂ ਜਾਂਦਾ।
ਤੂੰ ਵਤਨ ਦੀ ਪੱਤ ਰੱਖੀ ਐ ਗੁਰੂ ਗੋਬਿੰਦ ਸਿੰਘ,
ਇਹ ਗੀਤ ਗ਼ਮ ਦਾ ਸਾਜ ਤੇ ਗਾਇਆ ਨਹੀਂ ਜਾਂਦਾ।
ਕਵੀ
ਸਾਹਿਬ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਉ ਪਿਆਰ ਸਾਹਿਤ ਗੁਰੂ ਫਤਹ ਨਾਲ ਸਾਂਝ ਪਾਉ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੁ ਜੀ ਕੀ ਫਤਹ॥ ਗੁਰੂ ਪਿਆਰੇ ਖਾਲਸਾ ਜੀਉ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ‘ਸਰਬੰਸ ਦਾਨੀ ਕਲਗੀਧਰ ਪਿਤਾ’ ਮੂਨੂੰ ਪੂਰੀ ਆਸ ਹੈ ਕਿ ਆਪ ਜੀ ਬਹੁਤ ਹੀ ਪਿਆਰ ਨਾਲ ਸੁਣੋਗੇ।
ਦੁਨੀਆਂ ਵਿੱਚ ਬਹੁਤ ਸਾਰੇ ਮਹਾਂ ਪੁਰਸ਼ ਪੈਦਾ ਹੋਏ ਹਨ ਤੇ ਹੁੰਦੇ ਰਹਿਣਗੇ, ਪਰ ਕਲਗੀਧਰ ਪਿਤਾ ਵਰਗਾ ਨਾ ਕੋਈ ਮਹਾਂਪੁਰਸ਼ ਪੈਦਾ ਹੋਇਆ ਹੈ ਤੇ ਨਾ ਹੀ ਹੋਏਗਾ ਜੋ ਕਿ ਇਹ ਮੇਰਾ ਪਰਪੱਕ ਯਕੀਨ ਹੈ। ਉਹਨਾਂ ਨੇ ਆਪਣਾ ਸਾਰਾ ਜਵਿਨ ਮਨੁੱਖਤਾ ਦੇ ਭਲੇ ਲਈ ਲਗਾ ਦਿੱਤਾ। ਜਦੋਂ ਹਿੰਦੁਸਤਾਨ ਵਿੱਚ ਔਰੰਗਾ ਹਿੰਦੂਆਂ ਦੇ ਜਨੇਊਆਂ ਨੂੰ ਸ਼ਰੇਆਮ ਲਾਹ ਰਿਹਾ ਸੀ, ਬੋਦੀਆਂ ਨੂੰ ਹੱਥ ਪਾ, ਮੰਦਰਾਂ ਨੂੰ ਢਾਹ ਰਿਹਾ ਸੀ, ਤਦ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਦਾ ਦਰਦ ਜਾਣਦਿਆਂ ਮਨੁੱਖਤਾ ਦੇ ਭਲੇ ਲਈ, ਜੰਝੂਆਂ ਟਿੱਕਿਆਂ ਦੇ ਬਚਾ ਲਈ ਨੌਂ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨੂੰ ਦਿੱਲੀ ਸ਼ਹੀਦ ਹੋਣ ਲਈ ਤੋਰਿਆ। ਅੱਜ ਉਹ ਹੀ ਹਿੰਦੂ ਵੀਰ ਸਿੱਖਾਂ ਨੂੰ ਬਣਦਾ ਹੱਕ ਦੇਣ ਲਈ ਵੀ ਤਿਆਰ ਨਹੀਂ ਹੈ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਕੇ ਮਨੁੱਖਤਾ ਦੇ ਭਲੇ ਲਈ ਇੱਕ ਉਹ ਮਹਾਨ ਮਿਸਾਲ ਕਾਇਮ ਕੀਤੀ ਹੈ ਜੋ ਰਹਿੰਦੀ ਦੁਨੀਆਂ ਤਕ ਬਰਕਰਾਰ ਰਹੇਗੀ। ਇਸ ਸਮੇਂ ਮੈਂ ਸਫਰੀ ਜੀ ਦੀਆਂ ਕੁੱਝ ਸਤਰਾਂ ਆਪ ਸੰਗਤ ਦੇ ਧਿਆਨ ਵਿੱਚ ਲਿਆਵਾਂਗਾ:----
ਕੁੱਝ ਖਾਧਾ ਨਾ ਕੁੱਝ ਪੀਤਾ ਨਾ ਪਰ ਤੇਗ ਜ਼ੁਲਮ ਦੀ ਖਾ ਬੈਠੇ।
ਉਹ ਨਾਨਕ ਨਾਨਕ ਜੱਪਦੇ ਹੀ ਨਾਨਕ ਦੀ ਗੋਦ ਵਿੱਚ ਜਾ ਬੈਠੇ।
ਸਿੱਖੀ ਦਾ ਸਦਕਾ ਹੀ ਇਸ ਵੇਲੇ ਖਿੜਿਆ ਹੈ ਬਾਗ਼ ਉਮੀਦਾਂ ਦਾ।
ਉਹ ਸਫ਼ਰੀ ਰਹਿੰਦੀ ਦੁਨੀਆਂ ਤਕ ਚੱਮਕੇਗਾ ਨਾਂ ਸ਼ਹੀਦਾਂ ਦਾ।
ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦੀ ਦਾਸਤਾਂ ਬਹੁਤ ਲੰਮੇਰੀ ਤੇ ਦਰਦਾਂ ਭਰੀ ਹੈ। ਦੁਨੀਆਂ ਦੀਆਂ ਅਕਸਰ ਲੜਾਈਆਂ ਜ਼ਰ, ਜ਼ੋਰੂ ਤੇ ਜ਼ਮੀਨ ਪਿੱਛੇ ਹੁੰਦੀਆ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਲੜਾਈਆ ਲੜੀਆਂ ਹਨ ਉਹ ਸਾਰੀਆਂ ਹੀ ਮਨੁੱਖਤਾ ਦੇ ਭਲੇ, ਦੇਸ਼ ਦੀ ਅਜ਼ਾਦੀ, ਧਾਰਮਿਕ ਕੱਟੜਤਾ, ਸਮਾਜਿਕ ਨਾ ਬਰਾਬਰੀ, ਹਾਕਮਾਂ ਦੀ ਜ਼ਾਲਮਾਨਾ ਨੀਤੀ ਤੇ ਪੁਜਾਰੀਵਾਦ ਦੇ ਵਿਰੋਧ ਵਿੱਚ ਹੋਈਆਂ ਹਨ। ਗੁਰੂ ਸਾਹਿਬ ਜੀ ਦੀ ਜ਼ਿੰਦਗੀ ਦੇ ਮਹਾਨ ਕਾਰਨਾਮਿਆਂ ਨੂੰ ਦੇਖ ਦਿੱਲ ਵਿਚੋਂ ਇੱਕ ਚੀਸ ਉੱਠਦੀ ਹੈ ਕਿ ਐ ਕਲਗੀਧਰ ਪਿਤਾ ਤੁਸੀਂ ਤੇ ਸਾਡੇ ਲਈ ਪਰਵਾਰ ਵਾਰ ਦਿੱਤਾ ਤੇ ਅਸੀਂ ਅੱਜ ਦਸਤਾਰ ਬੰਨਣ ਲਈ ਵੀ ਤਿਆਰ ਨਹੀਂ ਹਾਂ। ਮੇਰੇ ਵੀਰ ਕੀ ਤੂੰ ਕਦੀ ਚਮਕੌਰ ਦੀ ਜੂਹ ਪਾਸੋਂ ਨੇੜੇ ਹੋ ਕੇ ਪੁਛਿਆ ਈ, ਕਿ ਐ ਚਮਕੌਰੇ ਸਾਡੇ ਏੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਉਸ ਮਿੱਟੀ ਵਿਚੋਂ ਅੱਜ ਵੀ ਸ਼ਹੀਦੀਆਂ ਦੀ ਅਵਾਜ਼ ਰੁਮਕ ਰਹੀ ਹੈ। ਵੱਡਾ ਵੀਰਾ ਜਦੋਂ ਸ਼ਹਾਦਤ ਨਾਲ ਖੇਲ ਗਿਆ ਤਾਂ ਛੋਟਾ ਵੀਰ ਜੁਝਾਰ ਸਿੰਘ ਕਿੰਜ ਗੁਰੂ ਸਾਹਿਬ ਜੀ ਤੋਂ ਸ਼ਾਹਦਤ ਦੇਣ ਦੀ ਆਗਿਆ ਮੰਗ ਰਿਹਾ ਹੈ, ਜਿਸ ਨੂੰ ਸਫਰੀ ਜੀ ਦੀ ਕਲਮ ਨੇ ਕੁੱਝ ਸਤਰਾਂ ਇੰਜ ਲਿਖੀਆਂ ਹਨ -----
ਵੱਡਾ ਵੀਰ ਵੇਖਿਆ ਸ਼ਹੀਦੀ ਜਦੋਂ ਪਾ ਗਿਆ,
ਛੋਟਾ ਸਾਹਿਬਜ਼ਾਦਾ ਵੀ ਤਿਆਰ ਹੋ ਕਿ ਆ ਗਿਆ।
ਪਿਤਾ ਦਸਮੇਸ਼ ਅੱਗੋਂ ਇੰਜ ਫ਼ਰਮਾਇਆ ,
ਕੌਣ ਤੇਰੇ ਕੰਨਾਂ ਵਿੱਚ ਅਨੌਖੀ ਗੱਲ ਪਾ ਗਿਆ।
ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਧਾਰਾ ਨੂੰ ਅੱਠ ਗੁਰੂ ਸਾਹਿਬਾਨ ਜੀ ਨੇ ਪਰਚਾਰਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦਸਵੇਂ ਜਾਮੇ ਵਿੱਚ ਇਸ ਨੂੰ ਖਾਲਸੇ ਦੇ ਰੂਪ ਵਿੱਚ ਪ੍ਰਗਟ ਕੀਤਾ ਤੇ ਦੇਸ਼ ਦੀ ਅਜ਼ਾਦੀ ਦਾ ਬਿਗਲ ਵਜਾ ਦਿੱਤਾ। ਨਗਾਰੇ ਦੀਆਂ ਚੋਟਾਂ, ਜੈਕਾਰਿਆ ਦੀਆਂ ਗੂੰਜਾਂ ਗੂੰਜਣ ਲੱਗੀਆਂ। ਹਕੂਮਤ ਨੂੰ ਤਰੇਲੀਆਂ ਆਉਣ ਲੱਗੀਆਂ। ਸਰਕਾਰਾਂ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਹਰ ਪਰਕਾਰ ਦਾ ਹੱਥ ਕੰਡਾ ਵਰਤਦੀਆਂ ਹਨ। ਇੰਜ ਹੀ ਸਮੇਂ ਦੀ ਹਕੂਮਤ ਜਦੋਂ ਆਪਣੇ ਹੋਸ਼ ਗਵਾ ਚੁੱਕੀ ਸੀ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਦੇ ਦਿੱਤਾ, ਪੱਥਰ ਤੋਂ ਪੱਥਰ ਦਿੱਲ ਆਦਮੀ ਦੀ ਅੱਖ ਵਿਚੋਂ ਅਥਰੂ ਆਪਣੇ ਆਪ ਹੀ ਵਹਿ ਤੁਰੇ, ਧਰਤੀ ਦੀ ਰੂਹ ਕੰਬ ਉੱਠੀ, ਅਸਮਾਨ ਥਰਥਰਾਇਆ, ਕਲਗੀਧਰ ਦੇ ਸਾਹਿਬਜ਼ਾਦਿਆਂ ਨੇ ਨੀਹਾਂ ਵਿੱਚ ਖਲੋ ਕੇ ਆਪਣੀ ਸ਼ਹਾਦਤ ਦੇ ਦਿੱਤੀ। ਸਫਰੀ ਜੀ ਦੀ ਕਲਮ ਦੇ ਦੋ ਬੋਲ ਬਹੁਤ ਹੀ ਪਿਆਰੇ ਹਨ:----
ਸਤ ਵਰ੍ਹੇ ਸਾਰੀ ਉਮਰ ਏ ਅੱਜੇ ਅੱਧ ਖਿੜਿਆ ਫੁੱਲ ਏ।
ਯੋਧੇ ਮਨਾ ਲਏ ਮੌਤ ਨੇ ਕਾਕਾ ਤੂੰ ਕਿਹਦੇ ਤੁੱਲ ਏਂ ।
ਤੇ ਕਹਿਣ ਲੱਗਾ ਆਖਰੀ ਜੋ ਬੋਲਣਾ ਏਂ ਬੋਲ ਦੇ।
ਜੋੜੀ ਨਹੀਂ ਭੱਲਕੇ ਲੱਭਣੀ ਮਾਪੇ ਫਿਰਨਗੇ ਟੋਲਦੇ।
ਸੋ ਭਾਗਾਂ ਵਾਲਿਓ ਗੁਰੂ ਗੋਬਿੰਦ ਸਿੰਘ ਜੀ ਨੇ ਇਨਸਾਨੀਅਤ ਲਈ ਅਤੇ ਪੰਥ ਦੇ ਭਲੇ ਲਈ ਆਪਣਾ ਸਾਰਾ ਪਰਵਾਰ ਕੁਰਬਾਨ ਕਰ ਦਿੱਤਾ। ਪਿਆਰ ਵਾਲਿਓ ਕੀ ਅਸੀਂ ਗੁਰੂ ਸਾਹਿਬ ਜੀ ਦਾ ਕਰਜ਼ਾ ਉਤਾਰ ਸਕਦੇ? ਨਹੀਂ ਗੁਰੂ ਜੀ ਦੀ ਕੁਰਬਾਨੀ ਦਾ ਕੋਈ ਕਰਜ਼ਾ ਅਦਾ ਨਹੀਂ ਕਰ ਸਕਦਾ ਪਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚਲਦਿਆਂ ਅਸੀਂ ਥੋੜੀ ਬਹੁਤ ਭਾਵਨਾ ਪ੍ਰਗਟ ਕਰ ਸਕਦੇ ਹਾਂ। ਆਉ ਅਸੀਂ ਅੰਮ੍ਰਿਤ ਛੱਕ ਕੇ ਨਸ਼ਿਆਂ ਦਾ ਤਿਆਗ ਕਰਕੇ ਆਪਣਾ ਜੀਵਨ ਕੌਮ ਦੇ ਹਵਾਲੇ ਕਰੀਏ। ਸੁ ਇੰਨੇ ਕੁ ਸ਼ਬਦ ਆਖਦਾ ਹੋਇਆ ਆਪਣੀਆਂ ਭੁਲਾਂ ਦੀ ਖਿਮਾ ਮੰਗਦਾ ਹੋਇਆ ਫਤਹ ਬਲਾਉਂਦਾ ਹਾਂ ਤੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥




.