.

☬ ਅਕਾਲ-ਮੂਰਤਿ ☬
(ਕਿਸ਼ਤ ਨੰ: 12)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਇਸ ਤਰ੍ਹਾਂ ਦੋ ਕੁ ਦਿਨ ਦੇ ਸਤਿਸੰਗ ਵਿੱਚ ਸਮਦ੍ਰਿਸ਼ਟਕ ਗੁਰਉਪਦੇਸ਼ ਸੁਣ ਕੇ ਅਤੇ ਸੇਵਾ-ਭਾਵ ਦੇ ਮਹੌਲ ਨੂੰ ਦੇਖ ਕੇ ਇਹਦਾ ਮਨ ਇਥੋਂ ਤੀਕ ਬਦਲਿਆ ਕਿ ਸ਼ਰਧਾਲੂਆਂ ਨਾਲ ਮਿਲ ਕੇ ਸੇਵਾ ਕਰਨ ਲਈ ਉਤਸ਼ਾਹਤ ਹੋ ਗਿਆ। ਸ੍ਰੀ ਗੁਰ ਪ੍ਰਤਾਪ ਸੂਰਜ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਿਆ ਹੈ:
ਸਿੱਖਨ ਕੋ ਪਿਖਿ ਦਿਜ ਬਿਸਮਾਯੋ। ਘਾਲ ਬਡੀ ਘਾਲਿਨ ਚਿੱਤ ਲਾਯੋ।
ਗੰਗਾ ਰਾਮ ਬਿਪ੍ਰ ਚਿੱਤਿ ਫਿਰਿਯੋ। ਗੁਰ ਪ੍ਰਤਾਪ ਨੀਕੇ ਉਰ ਧਰਯੋ।
ਹੇਰਿ ਹੇਰਿ ਸਿੱਖਨ ਕੀ ਰੀਤ ਦਿਜਬਰ ਕੇ ਉਪਚਿਤ ਚਿਤ ਪ੍ਰੀਤ। {ਰਾਸਿ ੨ ਅੰਸੂ ੪੯}
ਤੀਸਰੇ ਦਿਨ ਉਸ ਨੇ ਬੜੀ ਹਿੰਮਤ ਦਿਖਾਈ। ਕਿਉਂਕਿ, ‘ਹਉ ਪੰਡਿਤੁ ਹਉ ਚਤੁਰੁ ਸਿਆਣਾ` (ਗੁ. ਗ੍ਰੰ. ਪੰ. ੧੭੮) ਵਾਲੀ ਆਪਣੀ ਜ਼ਾਤੀ ਤੇ ਸਿਆਣਪ ਭਰੀ ਹਉਮੈ ਦੀ ਪੰਡ ਲਾਂਹਦਿਆਂ, ਉਸ ਨੇ ਸ਼ਰਧਾ ਭਰੀ ਜਗਿਆਸੂ ਬਿਰਤੀ ਨਾਲ ਹਜ਼ੂਰ ਦੇ ਚਰਨਾ `ਤੇ ਜਾ ਸਿਰ ਧਰਿਆ ਅਤੇ ਹੱਥ ਜੋੜ ਬੇਨਤੀ ਕੀਤੀ ਕਿ “ਮਹਾਰਾਜ! ਮੈਂ ਇੱਕ ਵਾਪਾਰੀ ਇਨਸਾਨ ਹਾਂ ਤੇ ਇਸੇ ਹੀ ਖ਼ਿਆਲ ਨਾਲ ਬਹੁਤ ਸਾਰਾ ਬਾਜਰਾ ਲੈ ਕੇ ਇਥੇ ਪਹੁੰਚਾ ਸਾਂ। ਪਰ, ਦੋ ਦਿਨਾਂ ਵਿੱਚ ਮੇਰਾ ਮਨ ਬਦਲ ਗਿਆ ਹੈ। ਆਰਥਿਕ ਲਾਹਾ ਲੈਣ ਦੀ ਥਾਂ ਹੁਣ ਪ੍ਰਮਾਰਥਕ ਲਾਹਾ ਲੈਣ ਦਾ ਉਮਾਹ ਪੈਦਾ ਹੋ ਗਿਆ ਹੈ। ਮਹਾਰਾਜ ਕਿਰਪਾ ਕਰਕੇ ਕੋਈ ਅਜਿਹਾ ਟਿਕਾਣਾ ਦੱਸੋ, ਜਿਥੇ ਕਾਲ ਦੀ ਮਾਰ ਤੋਂ ਬਚਿਆ ਜਾ ਸਕੇ?” ਮਹਾਰਾਜ! ਉਹ ਕੇਹੜਾ ਥਾਂ ਹੈ ਜੇਹੜਾ ਸਦਾ ਅਟੱਲ ਰਹਿੰਦਾ ਹੈ? ਕਿਉਂਕਿ, ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੇਕਰ ਕਿਸੇ ਮਨੁੱਖ ਨੂੰ ਪੁੰਨ-ਦਾਨ ਤੇ ਜੱਗ-ਹੋਮ ਆਦਿਕ ਕਰਮਾਂ ਦੇ ਬਲਬੋਤੇ ਬ੍ਰਹਮ-ਪੁਰੀ, ਵਿਸ਼ਨੂ-ਪੁਰੀ, ਸ਼ਿਵ-ਪੁਰੀ ਤੇ ਇੰਦਰਪੁਰੀ ਆਦਿਕ ਕਿਸੇ ਅਸਥਾਨ ਵਿੱਚ ਨਿਵਾਸ ਮਿਲ ਜਾਏ ਤਾਂ ਉਹ ਸਦਾ ਲਈ ਟਿਕਿਆ ਰਹਿੰਦਾ ਹੈ। ਕਿਰਪਾ ਕਰਕੇ ਇਹੀ ਵੀ ਦੱਸੋ ਕਿ ਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ ਮਨੁੱਖ ਦੀ ਖੋਟੀ ਮਤਿ ਦੂਰ ਹੁੰਦੀ ਹੈ?
ਸਤਿਗੁਰੂ ਜੀ ਨੇ ਉਹਦੇ ਸੁਆਲਾਂ ਨੂੰ ਆਪਣੇ ਸਬਦਾਂ ਵਿੱਚ ਇਉਂ ਲਿਖਿਆ ਹੈ:
ਕਵਨੁ ਅਸਥਾਨੁ ਜੋ ਕਬਹੁ ਨ ਟਰੈ। । ਕਵਨੁ ਸਬਦੁ ਜਿਤੁ ਦੁਰਮਤਿ ਹਰੈ। । {ਗੁ. ਗ੍ਰੰ. ਪੰ. ੨੩੭}
ਸਾਖੀਕਾਰ ਲਿਖਦੇ ਹਨ ਕਿ ਉਸ ਵਡਭਾਗੀ ਬ੍ਰਾਹਮਣ ਦੀ ਗੱਲ ਸੁਣ ਕੇ ਗੁਰਦੇਵ ਜੀ ਪਹਿਲਾਂ ਤਾਂ ਮਿੱਠੇ ਜਿਹੇ ਮੁਸਕ੍ਰਾਏ ਅਤੇ ਫਿਰ ਉਹਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਬੋਲੇ; ਪੰਡਿਤ ਜੀ! ਕੀ ਮਰਨ ਤੋਂ ਡਰ ਲਗਦਾ ਹੈ? ਪਰ, ਇਹ ਵੀ ਕੋਈ ਵੱਡੀ ਗੱਲ ਨਹੀ, ਮਾਨਵੀ ਜੀਵਨ ਐਸਾ ਹੋਣਾ ਸੁਭਾਵਿਕ ਹੈ। ਭਾਈ, ਤੇਰੇ ਦੱਸਣ ਮੁਤਾਬਿਕ ਤੂੰ ਤਾਂ ਇੱਕ ਵਪਾਰੀ ਤੇ ਵਡ-ਪ੍ਰਵਾਰੀ ਗ੍ਰਿਹਸਤੀ ਪੁਰਖ ਹੈਂ। ਪਰ, ਤਹਾਨੂੰ ਪਤਾ ਹੋਣਾਂ ਚਾਹੀਦਾ ਹੈ ਕਿ ਕਾਲ ਦੀ ਮਾਰ ਤੋਂ ਡਰਦੇ ਹੋਏ ਸਿੱਧ ਜੋਗੀ ਵੀ ਹਿਮਾਲੀਆ ਦੀਆਂ ਗੁਫਾਵਾਂ ਵਿੱਚ ਛੁਪ ਬੈਠੇ ਸਨ। ਜਦੋਂ, ਉਹ ਗੁਰੂ ਨਾਨਕ ਸਾਹਿਬ ਨੂੰ ਮਿਲੇ ਤਾਂ ਉਨ੍ਹਾਂ ਨੇ ਵੀ ਲਗਭਗ ਤੇਰੇ ਵਾਲੇ ਇਹੀ ਸੁਆਲ ਕੀਤੇ ਸਨ ਕਿ ਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਅਜਿਹੇ ਦਰਜੇ ਤੇ ਕਿਵੇਂ ਅੱਪੜੀਦਾ ਹੈ, ਜਿਥੇ ਆਤਮਿਕ ਮੌਤੇ ਮਾਰਨ ਵਾਲੇ ਕਾਲ ਰੂਪ ਕਾਮਾਦਿਕ ਆਦਿਕ ਵੈਰੀਆਂ ਦਾ ਸਹਮ ਨਾ ਸਤਾਵੇ ਅਤੇ ਮਨੁੱਖ ਸੰਤੋਖੀ ਹੋ ਕੇ ਸਹਜਮਈ ਜੀਵਨ ਜਿਊ ਸਕੇ? । ਸਿੱਧ ਗੋਸ਼ਿਟ ਦੀ ਲਿਖਤ ਹੈ:
ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ। ।
ਸਹਜ ਸੰਤੋਖ ਕਾ ਆਸਣੁ ਜਾਣੈ, ਕਿਉ ਛੇਦੇ ਬੈਰਾਈਐ। ।

ਹਜ਼ੂਰ ਦਾ ਸੰਖੇਪ ਉੱਤਰ ਸੀ ਕਿ ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਨਿੱਜ ਸਰੂਪ ਵਿੱਚ ਟਿਕ ਜਾਂਦਾ ਹੈ (ਜਿਥੇ ਕਾਲ ਦੀ ਪਹੁੰਚ ਨਹੀ ਹੁੰਦੀ। ਕਿਉਂਕਿ, ਉਹ ਅਕਾਲ-ਮੂਰਤਿ ਹੈ)। ਜਿਸ ਪ੍ਰਭੂ ਨੇ ਰਚਨਾ ਰਚੀ ਹੈ, ਜੋ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਨੂੰ ਪਛਾਣਦਾ ਹੈ, ਨਾਨਕ ਉਸ ਦਾ ਦਾਸ ਹੈ। (ਕਿਉਂਕਿ, ਓਹੀ ਸਾਡਾ ਅਕਾਲੀ ਨਿਜ ਸਰੂਪ ਹੈ) :
ਗੁਰ ਕੈ ਸਬਦਿ ਹਉਮੈ ਬਿਖੁ ਮਾਰੈ, ਤਾ ਨਿਜ ਘਰਿ ਹੋਵੈ ਵਾਸੋ। ।
ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ, ਨਾਨਕੁ ਤਾ ਕਾ ਦਾਸੋ। । {ਪੰਨਾ ੯੪੦}

ਭਾਈ! ਕਾਲ ਕੋਈ ਅਜਿਹੀ ਸਰੀਰਕ ਹਸਤੀ ਨਹੀ, ਜਿਹੜੀ ਪ੍ਰਲੋਕ ਦੀ ਕਿਸੇ ਪੁਰੀ ਜਾਂ ਅਕਾਸ਼ ਵਿੱਚ ਵਸਦੀ ਹੋਵੇ ਤੇ ਕਿਸੇ ਵੇਲੇ ਓਥੋਂ ਆਣ ਕੇ ਜਮਦੂਤਾਂ ਦੇ ਰਾਹੀਂ ਸਾਨੂੰ ਦਬੋਚ ਲੈਂਦੀ ਹੋਵੇ। ਨਹੀ! ਨਹੀ! ਅਜਿਹੀਆਂ ਮਨਘੜਤ ਗੱਲਾਂ ਤਾਂ ਉਨ੍ਹਾਂ ਲੋਕਾਂ ਨੇ ਬਣਾਈਆਂ ਹਨ, ਜਿਨ੍ਹਾਂ ਨੇ ਸਾਨੂੰ ਡਰਾ ਕੇ ਆਪਣੇ ਸੁਆਰਥਾਂ ਦੀ ਪੂਰਤੀ ਲਈ ਮਾਇਕ ਤੌਰ ਤੇ ਲੁਟਣਾ ਸੀ। ਇਸੇ ਲਈ ਹੀ ਸਤਿਗੁਰਾਂ ਨੇ ਆਖਿਆ ਹੈ ‘ਦੇਵੀ ਦੇਵਾ ਮੂਲੁ ਹੈ ਮਾਇਆ॥` (ਗੁ. ਗ੍ਰੰ. ਪੰ. ੧੨੯) ਕਿਉਂਕਿ, ਦੇਵੀ ਦੇਵਤਿਆਂ ਤੇ ਸਿਮ੍ਰਤੀਆਂ ਸ਼ਾਸ਼ਤਰਾਂ ਵਿੱਚ ਦੱਸੇ ਪੁੰਨ ਦਾਨ ਤੇ ਕਰਮਕਾਂਡਾਂ ਦੀ ਕਲਪਨਾ ਪਿਛੇ ਪੁਜਾਰੀ ਵਰਗ ਦੀ ਮਾਇਕ ਬ੍ਰਿਤੀ ਹੀ ਕੰਮ ਕਰ ਰਹੀ ਸੀ।
ਮਿਤਰਾ! ਕਾਲ ਤੈਥੋਂ ਵਖਰਾ ਤੇ ਕਿਸੇ ਹੋਰ ਥਾਂ ਨਹੀ ਵਸਦਾ। ਉਹ ਤਾਂ ਹਰ ਵੇਲੇ ਤੇਰੇ ਨਾਲ ਹੀ ਰਹਿੰਦਾ ਹੈ। ਕਿਉਂਕਿ, ਇਹ ਇੱਕ ਕੁਦਰਤੀ ਤੇ ਸਰਬ-ਵਿਆਪਕ ਨਿਯਮ ਹੈ, ਜਿਸ ਦੀ ਸੰਘਾਰਕ ਕਿਰਿਆ ਜੜ੍ਹ ਤੇ ਚੇਤਨ ਹਰੇਕ ਵਸਤੂ ਅੰਦਰ ਨਿਰੰਤਰ ਚਲਦੀ ਰਹਿੰਦੀ ਹੈ। ਜਨਮ ਦੇ ਨਾਲ ਹੀ ਮਰਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਭਾਈ ਗੁਰਬਾਣੀ ਦੇ ‘ਕਉਤਕੁ ਕਾਲੁ ਇਹੁ ਹੁਕਮਿ ਪਠਾਇਆ` ਅਤੇ ‘ਜਨਮਤ ਹੀ ਦੁਖੁ ਲਾਗੈ ਮਰਣਾ ਆਇ ਕੈ। । (ਗੁ. ਗ੍ਰੰ. ਪੰ. ੭੫੨) ਆਦਿਕ ਗੁਰਵਾਕਾਂ ਵਿੱਚ ਇਹੀ ਰਹਸ ਛੁਪਿਆ ਹੋਇਆ ਹੈ।
ਭਾਈ! ਤੇਰੇ ਸੁਆਲ ਸਨ: ਕਵਨੁ ਅਸਥਾਨੁ ਜੋ ਕਬਹੁ ਨ ਟਰੈ? ਕਵਨੁ ਸਬਦੁ ਜਿਤੁ ਦੁਰਮਤਿ ਹਰੈ? ਭਾਈ! ਜੇ ਅਸਥਾਨਾਂ ਦੀ ਗੱਲ ਕਰੀਏ ਤਾਂ ਮਨੁੱਖ ਨੂੰ ਜਿੰਦਗੀ ਵਿੱਚ ਗਰਭਕਾਲ ਦਰਿਮਿਆਨ ਸਭ ਤੋਂ ਪਹਿਲਾ ਟਿਕਾਣਾ ਪ੍ਰਾਪਤ ਹੁੰਦਾ ਹੈ ਮਾਂ ਦਾ ਪੇਟ ਅਤੇ ਫਿਰ ਜਨਮ ਉਪਰੰਤ ਧਰਤੀ ਦਾ ਨਿਵਾਸ। ਮਰਣ ਉਪਰੰਤ ਜੀਵ ਕਿਥੇ ਜਾ ਸਮਾਉਂਦਾ ਹੈ, ਇਸ ਬਾਰੇ ਤਾਂ ਸਾਡੇ ਵਲੋਂ ਦਾਅਵੇ ਨਾਲ ਕੁੱਝ ਨਹੀ ਕਿਹਾ ਜਾ ਸਕਦਾ। ਕਿਉਂਕਿ, ਗੁਰੂ ਨਾਨਕ ਸਾਹਿਬ ਜੀ ਕਥਨ ਹੈ ‘ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ`। । (ਪੰ. ੬੪੮) ਪਰ, ਫਿਰ ਵੀ ਆਪਣੇ ਦੇਸ਼ ਦੇ ਪੁਰਾਣਿਕ-ਮੱਤੀ ਬਜ਼ੁਰਗਾਂ ਅਤੇ ਪਛਮੀ ਮੱਤ-ਮਤਾਂਤਰਾਂ ਦੇ ਆਗੂਆਂ ਨੇ ਅਸਮਾਨਾਂ ਵਿੱਚ ਕਈ ਅਜਿਹੇ ਟਿਕਾਣੇ ਕਲਪਤ ਕੀਤੇ ਹਨ, ਜਿਨ੍ਹਾਂ ਬਾਰੇ ਪ੍ਰਚਾਰ ਕੀਤਾ ਗਿਆ ਹੈ ਕਿ ਉਹ ਕਾਲ ਦੀ ਪਹੁੰਚ ਤੋਂ ਉਚੇਰੇ ਤੇ ਅਟੱਲ ਹਨ।
ਜਿਵੇਂ, ਹਿੰਦੂ-ਮੱਤ ਦੇ ਬ੍ਰਹਮਪੁਰੀ, ਇੰਦਰਪੁਰੀ (ਸਵਰਗ), ਸ਼ਿਵਪੁਰੀ ਅਤੇ ਇਸਲਾਮਕ ਮੱਤਾਂ ਦੇ ਬਹਿਸ਼ਤ
(Heaven) ਤੇ ਦੋਜ਼ਖ਼ (Hill) ਆਦਿਕ। ਇਨ੍ਹਾਂ ਬਾਰੇ ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਰੀਰਕ ਤੌਰ ਤੇ ਮਰਣ ਉਪਰੰਤ ਮਨੁਖੀ ਜੀਵਾਤਮਾ ਨੂੰ, ਜੇਕਰ ਉਥੇ ਨਿਵਾਸ ਮਿਲ ਜਾਏ ਤਾਂ ਉਹ ਸਦਾ ਲਈ ਟਿਕਿਆ ਰਹਿ ਸਕਦਾ। ਪਰ, ਸੁਆਲ ਖੜਾ ਹੋ ਜਾਂਦਾ ਹੈ ਕਿ ਕਾਲ ਦੇ ਕੁਦਰਤੀ ਨਿਯਮ ਅਨੁਸਾਰ ਜਦੋਂ ਧਰਤੀ ਅਕਾਸ਼, ਸੂਰਜ ਤੇ ਚੰਦਰਮਾ ਆਦਿਕ ਸਾਰੇ ਗ੍ਰਹਿ, ਵਸਤੂਆਂ ਅਤੇ ਜੀਅ ਜੰਤ ਨਾਸ਼ ਹੋਣ ਵਾਲੇ ਹਨ ਤਾਂ ਇਹ ਟਿਕਾਣੇ ਕਾਲ ਅੱਗੇ ਕਿਵੇਂ ਟਿਕੇ ਰਹਿ ਸਕਦੇ ਹਨ? ਫਿਰ ਇਹ ਵੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਪੂਜਾ-ਪਾਠ ਤੇ ਜੱਗ ਹੋਮ ਆਦਿਕ ਪੁੰਨ ਕਰਮਾਂ ਦੇ ਬਦਲੇ ਇੰਦਰਪੁਰੀ ਆਦਿਕ ਪ੍ਰਾਲੌਕਿਕ ਸਥਾਨਾਂ ਦੇ ਸੁੱਖ ਭੋਗਦਿਆਂ ਜਦੋਂ ਪੁੰਨ ਕਰਮਾਂ ਦਾ ਫਲ ਮੁਕ ਜਾਂਦਾ ਹੈ ਤਾਂ ਪ੍ਰਾਣੀ ਨੂੰ ਮੁੜ ਮਾਤਲੋਕ ਵਿੱਚ ਆਉਣਾ ਪੈਂਦਾ ਹੈ। ਇਸ ਲਈ ਇਸ ਪੱਖੋਂ ਵੀ ਕਿਵੇਂ ਮੰਨਿਆ ਜਾਵੇ ਕਿ ਅਜਿਹੇ ਕਲਪਤ ਸਥਾਨਾਂ ਦਾ ਨਿਵਾਸ ਸਦੀਵੀ ਹੈ?
ਭਾਈ! ਸਾਡੇ ਮੱਤ ਅਨੁਸਾਰ ਅਕਾਲ-ਪੁਰਖ ਪ੍ਰਭੂ ਨਾਲ ਇੱਕ-ਸੁਰ ਹੋ ਕੇ ਜੀਊਣ ਵਾਲੀ ਸਹਜਮਈ ਆਤਮਿਕ ਅਵਸਥਾ ਹੀ ਇੱਕ ਅਜਿਹਾ ਟਿਕਾਣਾ ਹੈ, ਜਿਹੜਾ ਕਾਲ ਦੀ ਲਪੇਟ ਵਿੱਚ ਨਹੀ ਆਉਂਦਾ। ਜਿਥੇ, ਤ੍ਰੈਗੁਣੀ ਮਾਇਆ ਦੇ ਅਸਰ ਹੇਠ ਬਦਲਦੇ ਜ਼ਮਾਨੇ (ਕਾਲ) ਤੇ ਆਲੇ-ਦੁਆਲੇ ਦੇ ਵਿਕਾਰੀ ਪ੍ਰਭਾਵ ਮਨੁੱਖੀ ਮਨ ਨੂੰ ਢਹਿੰਦੀ-ਕਲਾ ਵਿੱਚ ਲਿਜਾ ਕੇ ਆਚਰਣਕ ਹੀਣਤਾ ਦੀ ਉਸ ਡੂੰਘੀ ਖੱਡ ਵਿੱਚ ਨਹੀ ਸੁੱਟਦੇ, ਜਿਸ ਵਿੱਚ ਡਿਗ ਕੇ ਇਨਸਾਨ ਦੀ ਆਤਮਿਕ ਮੌਤ ਹੋ ਜਾਂਦੀ ਹੈ। ਸਹਜ ਵਿੱਚ ਰਹਿਣਾ, ਤੁਰੀਆ ਵਿੱਚ ਖੇਲਣਾ, ਚੌਥੇ ਪਦ ਵਿਚਰਨਾ, ਨਿਜ-ਸਰੂਪ ਵਿੱਚ ਟਿਕਣਾ ਅਤੇ ਅਕਾਲ-ਪੁਰਖ ਨਾਲ ਇੱਕ ਸੁਰ ਹੋ ਕੇ ਜੀਊਣਾ, ਉਪਰੋਕਤ ਕਾਲ-ਰਹਿਤ ਆਤਮਿਕ ਅਵਸਥਾ ਦੇ ਹੀ ਵਖਰੇ ਵਖਰੇ ਨਾਮ ਹਨ। ਗੁਰਵਾਕ ਹਨ:
ਸਹਜੇ ਕਾਲੁ ਵਿਡਾਰਿਆ, ਸਚ ਸਰਣਾਈ ਪਾਇ…। । ੪। ।
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ…। । ੬। । {ਗੁ. ਗ੍ਰੰ. ਪੰ. ੬੮}

ਭਾਈ! ਜਿਵੇਂ, ਮੱਖੀ ਨੂੰ ਜਿਊਣ ਲਈ ਗੁੜ ਖਾਣ ਵੇਲੇ ਮੱਖੀ ਨੂੰ ਖ਼ਿਆਲ ਨਹੀ ਆਉਂਦਾ ਕਿ ਜੇ ਮੈਂ ਸੁਚੇਤ ਨਾ ਰਹੀ ਤਾਂ ਇਹ ਮੈਨੂੰ ਚਿਪਕਾ ਕੇ ਮੇਰੀ ਮੌਤ ਦਾ ਕਾਰਣ ਬਣ ਸਕਦਾ ਹੈ। ਮੱਛੀ, ਆਪਣੇ ਤੋਂ ਛੋਟੇ ਜਲ-ਜੰਤੂਆਂ ਨੂੰ ਖਾਣ ਲਈ ਦੌੜਦੀ ਹੋਈ ਸ਼ਿਕਾਰੀ ਦੇ ਲਗਾਏ ਜਾਲ ਪ੍ਰਤੀ ਸੁਚੇਤ ਨਹੀ ਰਹਿੰਦੀ ਕਿ ਉਸ ਵਿੱਚ ਫਸ ਕੇ ਮੈਂ ਕਾਲ ਦੇ ਮੂੰਹ ਵਿੱਚ ਜਾ ਸਕਦੀ ਹਾਂ। ਕੁੰਡੀ ਨੂੰ ਲੱਗਾ ਮਾਸ ਦਾ ਟੁੱਕੜਾ ਮੇਰੀ ਮੌਤ ਦਾ ਕਾਰਨ ਬਣ ਸਕਦਾ ਹੈ। ਤਿਵੇਂ ਹੀ ਸਰੀਰਕ ਤੌਰ `ਤੇ ਜਿੰਦਾ ਰਹਿਣ ਲਈ ਭਾਵੇਂ ਹਰੇਕ ਮਨੁੱਖ ਨੂੰ ਪਦਾਰਥ ਦੀ ਵਰਤੋਂ ਅਤੇ ਪ੍ਰਵਾਰਕ ਤੇ ਭਾਈਚਾਰਕ ਸਹਾਰੇ ਦੀ ਲੋੜ ਮੱਛੀ ਨੂੰ ਜੀਭਾ ਦੇ ਸੁਆਦ ਤੇ ਖਾਣ ਪੀਣ ਦੇ ਚਸਕਿਆਂ ਅਧੀਨ ਹਨ। ਭਾਵ, ਉਸ ਨਾਲ ਸਾਂਝ ਪਾ ਕੇ ਨਹੀ ਜਿਊਂਦੇ। ਸਤਿਗੁਰਾਂ ਸਦਾ ਯਾਦ ਰੱਖੋ ਕਿ ਮਾਨਸਿਕ ਤੌਰ ਤੇ ਕਾਲ ਉਨ੍ਹਾਂ ਪ੍ਰਾਣੀਆਂ ਨੂੰ ਹੀ ਆਪਣੀ ਗ੍ਰਿਫ਼ਤ ਵਿੱਚ ਲੈਦਾ ਹੈ, ਜੋ ਅਕਾਲਮੂਰਤਿ ਪਰਮਾਤਮਾ ਨਲੋਂ ਟੁੱਟ ਕੇ ਪਦਾਰਥਕ ਮੋਹ ਤੇ ਇੰਦਰਿਆਂ ਦੇ ਰਸ-ਕਸਾਂ ਵਿੱਚ ਪਲਚ ਕੇ ਬੇਹੋਸ਼ੀ ਵਿੱਚ ਜੀਊਂਦੇ ਹਨ। ਜਨਮ ਮਰਨ ਦੀ ਭਟਕਣਾ ਵਿੱਚ ਓਹੀ ਜੀਵ ਭਰਮਦੇ ਹਨ, ਜਿਹੜੇ ਸਰਬ ਵਿਆਪਕ ਪ੍ਰਭੂ ਨੂੰ ਨਹੀ ਪਹਿਚਾਣਦੇ ਦਾ ਨਿਰਣੈ ਜਨਕ ਮੁਖਵਾਕ ਹੈ:
ਙੰਙਾ ਙ੍ਰਾਸੈ ਕਾਲੁ ਤਿਹ ਜੋ ਸਾਕਤ ਪ੍ਰਭਿ ਕੀਨ। ।
ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਨ ਚੀਨ। । {ਗੁ. ਗ੍ਰੰ. ਪੰ. ੨੫੪}
ਮਿਤਰੋ! ਸ਼ਾਮਾਂ ਦਾ ਵਕਤ ਹੈ। ਲਉ! ਹੁਣ ਅਸੀਂ ਤੁਹਾਡੇ ਸੁਆਲਾਂ ਨੂੰ ਅਸਥਾਈ ਦੇ ਰੂਪ ਵਿੱਚ ਰੱਖ ਕੇ, ਰਾਗ ਗਉੜੀ ਵਿੱਚ ਇੱਕ ਸ਼ਬਦ ਗਾਇਨ ਕਰਦੇ ਹਾਂ, ਜਿਸ ਦੁਆਰਾ ਸਤਿਸੰਗ ਦਾ ਰੰਗ ਵੀ ਬੱਝੇਗਾ ਅਤੇ ਉਹਦੀ ਵਿਚਾਰ ਦੁਆਰਾ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਵੀ ਮਿਲ ਜਾਣਗੇ। ਕਿਉਂਕਿ, ਸਾਧ-ਸੰਗਤ ਵਿੱਚ ਜੁੜ ਕੇ ਗੁਰ-ਸ਼ਬਦ ਦੁਆਰਾ ਕੀਤੀ ਸਿਫ਼ਤ ਸਾਲਾਹ ਅਤੇ ਉਹਦੀ ਵੀਚਾਰ ਹੀ ਸਾਡੀ ਭੈੜੀ ਮਤਿ ਨੂੰ ਦੂਰ ਕਰ ਸਕਦੀ ਹੈ। ਭਾਈ! ਦੁਰਮਤਿ ਦੇ ਕਾਲ-ਜਾਲ ਵਿੱਚੋਂ ਛੁੱਟਣ ਦਾ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਚਾਰਾ ਨਹੀ ਹੈ। ਸਿੱਧਾਂ ਨਾਲ ਹੋਈ ਪ੍ਰਸ਼ਨੋਤਰੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮਿਲਦਾ ਹੈ “ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ``।
ਇਸ ਵੇਲੇ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵਲੋਂ ਰਾਗ ਗਉੜੀ ਵਿੱਚ ਜੋ ਸ਼ਬਦ ਗਾਇਨ ਕੀਤਾ ਗਿਆ, ਉਸ ਦੇ ਕੁੱਝ ਪਦੇ ਅਰਥਾਂ ਸਮੇਤ ਹੇਠਾਂ ਅੰਕਤ ਹਨ:
ਗਉੜੀ ਮਹਲਾ ੫। । ਕਵਨੁ ਅਸਥਾਨੁ ਜੋ ਕਬਹੁ ਨ ਟਰੈ। । ਕਵਨੁ ਸਬਦੁ ਜਿਤੁ ਦੁਰਮਤਿ ਹਰੈ। । ੧। । ਰਹਾਉ। । ਅਰਥ: — ਉਹ ਕੇਹੜਾ ਥਾਂ ਹੈ ਜੇਹੜਾ ਸਦਾ ਅਟੱਲ ਰਹਿੰਦਾ ਹੈ? ਉਹ ਕੇਹੜਾ ਸ਼ਬਦ ਹੈ ਜਿਸ ਦੀ ਬਰਕਤਿ ਨਾਲ (ਮਨੁੱਖ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ? । ੧। ਰਹਾਉ।
ਪ੍ਰਥਮੇ ਗਰਭ ਵਾਸ ਤੇ ਟਰਿਆ। । ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ। । ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ। । ਸਰਪਰ ਗਵਨੁ ਕਰਹਿਗੇ ਬਪੁਰੇ। । ੧। ।
ਅਰਥ: — (ਹੇ ਭਾਈ!) ਜੀਵ ਪਹਿਲਾਂ ਮਾਂ ਦੇ ਪੇਟ ਵਿੱਚ ਵੱਸਣ ਤੋਂ ਖ਼ਲਾਸੀ ਹਾਸਲ ਕਰਦਾ ਹੈ, (ਜਗਤ ਵਿੱਚ ਜਨਮ ਲੈ ਕੇ ਫਿਰ ਸਹਜੇ ਸਹਜੇ ਜਵਾਨੀ ਤੇ ਪਹੁੰਚ ਕੇ) ਪੁੱਤ੍ਰ ਇਸਤ੍ਰੀ ਆਦਿਕ ਪਰਵਾਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਕਈ ਕਿਸਮ ਦਾ ਖਾਣਾ ਖਾਂਦਾ ਹੈ, ਕਈ ਕਿਸਮਾਂ ਦੇ ਕੱਪੜੇ ਪਹਿਨਦਾ ਹੈ (ਸਾਰੀ ਉਮਰ ਇਹਨਾਂ ਰੰਗਾਂ ਵਿੱਚ ਹੀ ਮਸਤ ਰਹਿ ਕੇ ਕੁਰਾਹੇ ਪਿਆ ਰਹਿੰਦਾ ਹੈ, ਪਰ ਅਜੇਹੇ ਬੰਦੇ ਭੀ) ਜ਼ਰੂਰ ਯਤੀਮਾਂ ਵਾਂਗ ਹੀ (ਜਗਤ ਤੋਂ) ਕੂਚ ਕਰ ਜਾਣਗੇ। ੧।
ਇੰਦ੍ਰਪੁਰੀ ਮਹਿ ਸਰਪਰ ਮਰਣਾ। । ਬ੍ਰਹਮਪੁਰੀ ਨਿਹਚਲੁ ਨਹੀ ਰਹਣਾ। ।
ਸਿਵਪੁਰੀ ਕਾ ਹੋਇਗਾ ਕਾਲਾ। । ਤ੍ਰੈਗੁਣ ਮਾਇਆ ਬਿਨਸਿ ਬਿਤਾਲਾ। । ੨। ।

ਅਰਥ: — (ਹੇ ਭਾਈ! ਹੋਰਨਾਂ ਦੀ ਤਾਂ ਗੱਲ ਹੀ ਕੀਹ ਹੈ?) ਇੰਦ੍ਰ-ਪੁਰੀ ਵਿੱਚ ਭੀ ਮੌਤ ਜ਼ਰੂਰ ਆ ਜਾਂਦੀ ਹੈ, ਬ੍ਰਹਮਾ ਦੀ ਪੁਰੀ ਭੀ ਸਦਾ ਅਟੱਲ ਨਹੀਂ ਰਹਿ ਸਕਦੀ, ਸ਼ਿਵ ਦੀ ਪੁਰੀ ਦਾ ਭੀ ਨਾਸ ਹੋ ਜਾਇਗਾ। (ਪਰ ਜਗਤ) ਤਿੰਨਾਂ ਗੁਣਾਂ ਵਾਲੀ ਮਾਇਆ ਦੇ ਅਸਰ ਹੇਠ ਉਪਰੋਕਤ ਪੁਰੀਆਂ ਦੀ ਲਾਲਸਾ ਵਿੱਚ ਫਸ ਕੇ ਜੀਵਨ ਦੇ ਸਹੀ ਰਾਹ ਤੋਂ ਖੁੰਝਦਾ ਹੋਇਆ ਆਤਮਕ ਮੌਤ ਸਹੇੜਦਾ ਰਹਿੰਦਾ ਹੈ। ੨।
ਗਿਰਿ ਤਰ ਧਰਣਿ ਗਗਨ ਅਰੁ ਤਾਰੇ। । ਰਵਿ ਸਸਿ ਪਵਣੁ ਪਾਵਕੁ ਨੀਰਾਰੇ। ।
ਦਿਨਸੁ ਰੈਣਿ ਬਰਤ ਅਰੁ ਭੇਦਾ। । ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ। । ੩। ।
ਅਰਥ: — (ਹੇ ਭਾਈ!) ਪਹਾੜ, ਰੁੱਖ, ਧਰਤੀ, ਆਕਾਸ਼ ਅਤੇ ਤਾਰੇ, ਸੂਰਜ, ਚੰਦ, ਹਵਾ, ਅੱਗ, ਪਾਣੀ, ਦਿਨ ਤੇ ਰਾਤ; ਵਰਤ ਆਦਿਕ ਵਖ ਵਖ ਕਿਸਮ ਦੀਆਂ ਮਰਯਾਦਾ; ਵੇਦ, ਸਿਮ੍ਰਿਤੀਆਂ, ਸ਼ਾਸਤ੍ਰ—ਇਹ ਸਭ ਕੁੱਝ ਆਖ਼ਰ ਨਾਸ ਹੋ ਜਾਣਗੇ। ੩।
ਸਹਜ ਸਿਫਤਿ ਭਗਤਿ ਤਤੁ ਗਿਆਨਾ। । ਸਦਾ ਅਨੰਦੁ ਨਿਹਚਲੁ ਸਚੁ ਥਾਨਾ। । ਤਹਾ ਸੰਗਤਿ ਸਾਧ ਗੁਣ ਰਸੈ। । ਅਨਭਉ ਨਗਰੁ ਤਹਾ ਸਦ ਵਸੈ। । ੬। ।
ਅਰਥ: — (ਪਰ, ਹੇ ਭਾਈ!) ਉਹ (ਉੱਚੀ ਆਤਮਕ ਅਵਸਥਾ-) ਥਾਂ ਸਦਾ ਕਾਇਮ ਰਹਿਣ ਵਾਲੀ ਹੈ ਅਟੱਲ ਹੈ ਤੇ ਉਥੇ ਸਦਾ ਹੀ ਆਨੰਦ ਭੀ ਹੈ, ਜਿਥੇ ਆਤਮਕ ਅਡੋਲਤਾ ਦੇਣ ਵਾਲੀ ਸਿਫ਼ਤਿ-ਸਾਲਾਹ ਹੋ ਰਹੀ ਹੈ। ਜਿਥੇ ਭਗਤੀ ਹੋ ਰਹੀ ਹੈ, ਜਿਥੇ ਜਗਤ ਦੇ ਮੂਲ-ਪਰਮਾਤਮਾ ਨਾਲ ਡੂੰਘੀ ਸਾਂਝ ਪੈ ਰਹੀ ਹੈ, ਉਥੇ ਸਾਧ ਸੰਗਤਿ ਪਰਮਾਤਮਾ ਦੇ ਗੁਣਾਂ ਦਾ ਆਨੰਦ ਮਾਣਦੀ ਹੈ, ਉਥੇ ਸਦਾ ਇੱਕ ਐਸਾ ਨਗਰ ਵੱਸਿਆ ਰਹਿੰਦਾ ਹੈ ਜਿਥੇ ਕਾਲ ਆਦਿਕ ਦਾ ਕਿਸੇ ਕਿਸਮ ਦਾ ਕੋਈ ਡਰ ਪੋਹ ਨਹੀਂ ਸਕਦਾ। ੬।
ਤਹ ਭਉ ਭਰਮਾ ਸੋਗੁ ਨ ਚਿੰਤਾ। । ਆਵਣੁ ਜਾਵਣੁ ਮਿਰਤੁ ਨ ਹੋਤਾ। ।
ਤਹ ਸਦਾ ਅਨੰਦ ਅਨਹਤ ਆਖਾਰੇ। । ਭਗਤ ਵਸਹਿ ਕੀਰਤਨ ਆਧਾਰੇ। । ੭। । {ਗੁ. ਗ੍ਰੰ. ਪੰ. ੨੩੭}

ਅਰਥ: — (ਹੇ ਭਾਈ!) ਉਸ (ਉੱਚੀ ਆਤਮਕ ਅਵਸਥਾ-) ਥਾਂ ਵਿੱਚ ਕੋਈ ਡਰ, ਕੋਈ ਭਰਮ, ਕੋਈ ਗ਼ਮ, ਕੋਈ ਚਿੰਤਾ ਪੋਹ ਨਹੀਂ ਸਕਦੀ, ਉਥੇ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ, ਉਥੇ ਆਤਮਕ ਮੌਤ ਨਹੀਂ ਹੁੰਦੀ, ਉਥੇ ਸਦਾ ਇਕ-ਰਸ ਆਤਮਕ ਆਨੰਦ ਦੇ (ਮਾਨੋ) ਅਖਾੜੇ ਲੱਗੇ ਰਹਿੰਦੇ ਹਨ, ਉਥੇ ਭਗਤ-ਜਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਸਰੇ ਵੱਸਦੇ ਹਨ। ੭।
ਕਹਿੰਦੇ ਹਨ ਕਿ ਸਤਿਗੁਰਾਂ ਦੀ ਅੰਮ੍ਰਿਤ-ਰਸਨਾ ਤੋਂ ਗੁਰ-ਸ਼ਬਦ ਦਾ ਗਾਇਨ ਸੁਣ ਕੇ ਅਤੇ ਉਸ ਦੇ ਅਰਥ-ਭਾਵ ਸਮਝ ਕੇ ਗੰਗਾ ਰਾਮ ਹਜ਼ੂਰ ਦੇ ਚਰਨਾਂ ਤੇ ਢਹਿ ਪਿਆ। ਸੰਗੀਤ ਦਾ ਰਸੀਆ ਹੋਣ ਕਰਕੇ ਉਹ ਬਹੁਤ ਅਨੰਦਿਤ ਹੋਇਆ ਤੇ ਹੱਥ ਜੋੜ ਕੇ ਬੋਲਿਆ; ਮਹਾਰਾਜ ਤ੍ਰੱਠੇ ਹੋ ਤਾਂ ਆਪਣੇ ਉਪਦੇਸ਼ ਦੇ ਤੌਰ `ਤੇ ਇੱਕ ਸ਼ਬਦ ਹੋਰ ਸੁਣਾਉ। ਬੜੀ ਕਿਰਪਾ ਹੋਵੇ, ਜੇਕਰ ਸ਼ਬਦ ਉਸ ਗਉੜੀ ਵਿੱਚ ਗਾਵੋ, ਜਿਹੜੀ ਮਾਲਵਾ ਕਿਸਮ ਦੀ ਹੈ। ਕਿਉਂਕਿ, ਮੈਂ ਦੇਖ ਰਿਹਾ ਹਾਂ ਕਿ ਅੱਜ ਦਾਸਰੇ ਦੇ ਸਾਥੀਆਂ ਸਮੇਤ ਬਹੁਤ ਸਾਰੇ ਐਸੇ ਸਤਿਸੰਗੀ ਹਨ, ਜਿਹੜੇ ਮਾਲਵੇ ਦੇ ਇਲਾਕੇ ਨਾਲ ਸਬੰਧਤ ਹਨ। ਹਜ਼ੂਰ ਸਤਿਗੁਰੂ ਪ੍ਰਸੰਨ ਹੋਏ ਅਤੇ ਉਨ੍ਹਾਂ ਨੇ ਆਪਣੇ ਪਿਆਰੇ ਰਬਾਬੀ ਭਾਈ ਬਲਵੰਡ ਨੂੰ ਇਸ਼ਾਰਾ ਕੀਤਾ ਕਿ ਉਹ ਰਬਾਬ ਉੱਤੇ ‘ਗਉੜੀ ਮਾਲਵਾ’ ਦੀਆਂ ਤਰਬਾਂ ਛੇੜੇ।
ਇਸ ਪ੍ਰਕਾਰ ਸਤਿਗੁਰਾਂ ਵਲੋਂ ਜੋ ਦੂਜਾ ਸ਼ਬਦ ਗਾਇਨ ਹੋਇਆ, ਉਸ ਵਿੱਚ ਰਾਗ ਦੀ ਸੁਰਾਂ ਤੇ ਸ਼ਬਦਾਵਲੀ ਤਾਂ ਭਾਵੇਂ ਬਦਲ ਗਈਆਂ ਸਨ, ਪਰ ਸ਼ਬਦ ਦਾ ਪ੍ਰਕਰਣ ਓਹੀ ਸੀ। ਹਜ਼ੂਰ ਨੇ ਬਾਣੀ ਗਾਇਨ ਕਰਨ ਤੋਂ ਪਹਿਲਾਂ ਜਿਹੜੀ ਵਿਆਖਿਆ ਕੀਤੀ ਸੀ, ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਉਹ ਸਾਰੀ ਦੀ ਸਾਰੀ ਇਸ ਸ਼ਬਦ ਦੇ ਚੌਂਹ ਪਦਿਆਂ ਵਿੱਚ ਹੀ ਸਮੋ ਦਿੱਤੀ। ਸਤਿਗੁਰਾਂ ਨੇ ਸਪਸ਼ਟ ਤੌਰ `ਤੇ ਆਖਿਆ ਕਿ ਜ਼ਿੰਦਗੀ ਦੇ ਵਿਕਾਰਾਂ ਭਰੇ ਬਿਖਮ ਮਾਰਗ ਵਿੱਚ ਕੇਵਲ ਗੁਰੂ ਗਿਆਨ ਸਰੂਪ ਰੱਬੀ-ਨਾਮ ਦਾ ਸਹਾਰਾ ਤੇ ਰੌਸ਼ਨੀ ਹੀ ਮਨੁੱਖ ਨੂੰ ਕਾਲ ਦੇ ਵਿਕਾਰਮਈ-ਜਾਲ ਵਿੱਚ ਫਸਣ ਤੋਂ ਬਚਾਉਂਦੀ ਹੈ। ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ ਹਵਨ, ਜੱਗ ਤੇ ਤੀਰਥ-ਇਸ਼ਨਾਨ ਕੀਤੇ, ਉਹ ਇਹਨਾਂ ਕੀਤੇ ਕਰਮਾਂ ਦੀ ਹਉਮੈ ਵਿੱਚ ਫਸਦੇ ਗਏ ਤੇ ਉਹਨਾਂ ਦੇ ਅੰਦਰ ਵਿਕਾਰ ਵਧਦੇ ਗਏ। ---ਚਲਦਾ




.