.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 08)

ਭਾਈ ਸੁਖਵਿੰਦਰ ਸਿੰਘ 'ਸਭਰਾ'

ਐਸੇ ਸੰਤ ਨਾ ਮੋ ਕਉ ਭਾਵਹਿ

-ਕੇਹਰ ਸਿੰਘ ਚੰਡੀਗੜ੍ਹ

ਅਸੀਂ ਆਮ ਤੌਰ ‘ਤੇ ਉਸ ਵਿਕਅਤੀ ਨੂੰ ਸੰਤ, ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ, ਮਹਾ ਤਪੱਸਵੀ, ਮਹਾ ਜੋਗੀ, ਆਦਿਕ ਸਮਝੀ ਜਾਂਦੇ ਹਾਂ ਜਿਸਨੇ ਕੰਮ ਕਾਜ ਛੱਡ ਕੇ, ਵਿਹਲੇ ਰਹਿ ਕੇ, ਭਗਵੇਂ, ਚਿੱਟੇ, ਕਾਲੇ, ਪੀਲੇ ਆਦਿਕ ਕਿਸੇ ਖਾਸ ਇਕ ਰੰਗ ਦੇ ਕੱਪੜੇ ਪਹਿਨ ਕੇ, ਕਿਸੇ ਖਾਸ ਰੰਗ ਤੇ ਖਾਸ ਤਰੀਕੇ ਦਸਤਾਰ ਸਜਾ ਕੇ (ਜਿਵੇ ਗੋਲ ਚਿੱਟੀ ਦਸਤਾਰ), ਲੱਤਾਂ ਨੂੰ ਨੰਗੀਆਂ ਰੱਖ ਕੇ ਪਜਾਮਾ ਜਾਂ ਪੈਂਟ ਆਦਿ ਨਾ ਪਹਿਨ ਕੇ), ਹੱਥਾਂ ਵਿਚ ਮਾਲਾ ਫੜ੍ਹ ਕੇ ਜਾਂ ਫਿਰ ਭੋਲੀ ਭਾਲੀ ਲੋਕਾਈ ਨੂੰ ਆਪਣੇ ਕਰਮ ਕਾਂਡਾਂ ਰਾਹੀਂ ਭਰਮਾ ਕੇ ਅਸਲੀਅਤ ਤੋਂ ਦੂਰ ਰੱਖਦੇ ਹੋਏ ਆਪਣਾ ਹਲਵਾ ਮੰਡਾ ਚਲਾਉਣਾ ਸ਼ੁਰੂ ਕਰ ਦਿੱਤਾ ਹੋਵੇ। ਇਹਨਾਂ ਪਾਖੰਡੀਆਂ ਤੋਂ ਬਚਣ ਲਈ ਸਾਨੂੰ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ‘ਸੰਤ’, ‘ਬ੍ਰਹਮਗਿਆਨੀ’, ‘ਸਾਧ’ ਵਰਤੇ ਗਏ ਹਨ ਉਹ ਕਿਸ ਲਈ ਹਨ?
ਗੁਰੂ ਸਾਹਿਬਾਨ ਦੇ ਸੰਤ ਸ਼ਬਦ ਦੀ ਵਰਤੋਂ ਗੁਰੂ ਲਈ, ਕਿਸੇ-ਕਿਸੇ ਜਗ੍ਹਾ ਤੇ ਪ੍ਰਮਾਤਮਾ ਲਈ ਤੇ ਜਾਂ ਆਮ ਤੌਰ ਤੇ ਸਾਧ ਸੰਗਤ ਵਿਚ ਜੁੜਨ ਵਾਲੇ ਗੁਰਸਿੱਖਾਂ ਲਈ ਕੀਤੀ ਹੈ। ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ, ਗੁਰੂ ਸਾਹਿਬਾਨ ਨੂੰ ਛੱਡ ਕੇ, ਕਿਸੇ ਦੇ ਵੀ ਨਾਮ ਨਾਲ ਬਾਣੀ ਅੰਦਰ ਜਾਂ ਇਤਿਹਾਸ ਅੰਦਰ ਸੰਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਜਿਨ੍ਹਾਂ ਦੀ ਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ, ਉਹਨਾਂ ਨੂੰ ਕੇਵਲ ਭਗਤ ਜਾਂ ਭਾਈ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ।
ਜੇਕਰ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਤਦ ਸਾਨੂੰ 1900 ਤੱਕ ਕਿਸੇ ਵੀ ਸੰਤ ਦੇ ਦਰਸ਼ਨ ਨਹੀਂ ਹੁੰਦੇ। 1900 ਤੋਂ 1947 ਦੇ ਸਮੇਂ ਦੌਰਾਨ ਵਿਰਲੇ-ਵਿਰਲੇ ਸੰਤਾਂ ਦੇ ਦਰਸ਼ਨ ਹੁੰਦੇ ਹਨ। 1947 ਤੋਂ 1980 ਦੇ ਸਮੇਂ ਅੰਦਰ ਕਾਫ਼ੀ ਗਿਣਤੀ ਵੱਧਦੀ ਹੈ। 1980 ਤੋਂ ਲੈ ਕੇ 1992 (ਸਿੱਖ ਕੌਮ ਤੇ ਮੁਸ਼ਕਲ) ਦੇ ਸਮੇਂ ਦੌਰਾਨ ਇਹ ਅਲੋਪ ਜਿਹੇ ਹੋ ਗਏ ਸਨ। ਪਰੰਤੂ ਜੇਕਰ 1992 ਤੋਂ ਲੈ ਕੇ ਅੱਜ ਤੱਕ ਦੇ ਸਮੇਂ ‘ਤੇ ਝਾਤ ਮਾਰੀਏ ਤਾਂ ਇਹਨਾਂ ਭੇਖੀਆਂ ਦੀ ਗਿਣਤੀ ਇਸ ਤਰ੍ਹਾਂ ਵਧੀ ਹੈ ਜਿਸ ਤਰ੍ਹਾਂ ਭਾਰਤ ਦੀ ਜਨਸੰਖਿਆ। ਅੱਜ ਤਾਂ 15 ਸਾਲਾਂ ਦਾ ਵੀ ਮਹਾਂ ਤਪੱਸਵੀ ਸੰਤ, ਜਿਸਨੂੰ ਬਾਣੀ ਦੀ ਸੋਝੀ ਨਹੀਂ ਉਹ ਪੂਰਨ ਬ੍ਰਹਮਗਿਆਨੀ; ਜਿਹਨਾਂ ਨੇ ਅਜੇ ਤੱਕ ਅਕਾਲ ਤਖ਼ਤ ਦੀ ਪੰਥਕ ਰਹਿਤ ਮਰਯਾਦਾ ਨਹੀਂ ਮੰਨੀ, ਲਗਪਗ ਉਹ ਸਾਰੇ ਹੀ ਡਿਗਰੀਆਂ ਵਾਲੇ ਭੇਖੀ (ਸੰਤ ਜਾਂ ਬ੍ਰਹਮਗਿਆਨੀ) ਹਨ। ਪਰ ਜੇਕਰ ਪੰਥਕ ਤੌਰ ‘ਤੇ ਵੇਖੀਏ, ਤਾਂ ਅਕਾਲ ਤਖ਼ਤ ਤੋਂ ਲਾਗੂ ਪੰਥਕ ਰਹਿਤ ਮਰਿਆਦਾ ਨਾਂਹ ਮੰਨਣ ਵਾਲਾ ਸਿੱਖ ਹੀ ਨਹੀਂ ਅਖਵਾ ਸਕਦਾ, ਸੰਤ ਜਾਂ ਬ੍ਰਹਮ ਗਿਆਨੀ ਤਾਂ ਬਹੁਤ ਦੂਰ ਦੀ ਗੱਲ ਹੈ।
ਆਓ ਹੋਰ ਸਿੰਘਾਂ ਬਾਰੇ ਵਿਚਾਰ ਕਰਦੇ ਹਾਂ। ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨਾਲ 54 ਸਾਲ ਰਹਿ ਕੇ ਰਬਾਬੀ ਦੀ ਸੇਵਾ ਕਰਦੇ ਰਹਿਣ ਦਾ ਮਾਣ ਹਾਸਲ ਹੈ, ਨੂੰ ਵੀ ਅਸੀਂ ਭਾਈ ਮਰਦਾਨਾ ਜੀ ਹੀ ਕਹਿੰਦੇ ਹਾਂ, ਜਿਨ੍ਹਾਂ ਤੋਂ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰ੍ਰੰਥ ਸਾਹਿਬ ਦੀ ਆਦਿ ਬੀੜ ਲਿਖਾਈ ਸੀ, ਉਹਨਾਂ ਨੂੰ ਅਸੀਂ ਸਤਿਕਾਰ ਨਾਲ ਭਾਈ ਗੁਰਦਾਸ ਜੀ ਕਹਿੰਦੇ ਹਾਂ। ਜਿਸ ਗੁਰ ਸਿੱਖ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਹਾਸਲ ਹੈ, ਜਿਨ੍ਹਾਂ ਨੇ ਪੰਜ ਗੁਰੂ ਸਾਹਿਬਾਨਾਂ ਨੂੰ ਆਪਣੇ ਹੱਥਾਂ ਨਾਲ ਗੁਰਗੱਦੀ ਦੀ ਰਸਮ ਅਦਾ ਕੀਤੀ ਸੀ ਅਤੇ ਸਿੱਖ ਕੌਮ ਦੀ ਲਗਪਗ 110 ਸਾਲ ਸੇਵਾ ਕੀਤੀ ਹੈ, ਉਹਨਾਂ ਨੂੰ ਵੀ ਸਤਿਕਾਰ ਨਾਲ ਅਸੀਂ ਬਾਬਾ ਬੁੱਢਾ ਜੀ ਕਹਿ ਕੇ ਹੀ ਬੁਲਾਉਂਦੇ ਹਾਂ। ਅੱਗੇ ਗੁਰੂ ਤੇਗਬਹਾਦਰ ਸਾਹਿਬ ਨਾਲ ਸ਼ਹੀਦ ਹੋਣ ਵਾਲਿਆਂ ਨੂੰ ਵੀ ਅਸੀਂ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਪੁਕਾਰਦੇ ਹਾਂ। ਗੁਰੂ ਜੀ ਦੇ ਪੰਜ ਪਿਆਰੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣਾ ਸੀਸ ਭੇਟ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਉਨ੍ਹਾਂ ਨੂੰ ਵੀ ਅਸੀਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਹੀ ਪੁਕਾਰਦੇ ਹਾਂ। ਉਸ ਤੋਂ ਬਾਅਦ ਗੁਰੂ ਜੀ ਦੇ ਚਾਰ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣੇ ਲਈ ਨਹੀਂ, ਬਲਕਿ ਸਿੱਖ ਕੌਮ ਲਈ ਜ਼ੁਲਮ ਦਾ ਟਾਕਰਾ ਕਰਦਿਆਂ ਆਪਣੀਆਂ ਜਾਨਾਂ ਦੇ ਦਿੱਤੀਆਂ, ਉਹਨਾਂ ਨੂੰ ਵੀ ਅਸੀਂ ਸਤਿਕਾਰ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਹਿ ਸਿੰਘ ਜੀ ਹੀ ਪੁਕਾਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਲਿਖਵਾਈ ਕਰਵਾਈ ਤੇ ਜਿਨ੍ਹਾਂ ਨੇ ਆਪਣੇ ਬੰਦ-ਬੰਦ ਕਟਵਾਏ, ਜ਼ੁਲਮ ਨਾਲ ਲੜਦੇ ਹੋਏ ਆਪਣੇ 11 ਭਰਾ ਅਤੇ 7 ਪੁੱਤਰ ਸ਼ਹੀਦ ਕਰਵਾਏ ਸਨ, ਉਹਨਾਂ ਨੂੰ ਵੀ ਅਸੀਂ ਭਾਈ ਮਨੀ ਸਿੰਘ ਜੀ ਪੁਕਾਰਦੇ ਹਾਂ। ਗੁਰੂ ਅਰਜਨੁ ਪਾਤਸ਼ਾਹ ਨੇ ਜਿਸਨੂੰ ਗਲ ਲਾ ਕੇ ਕਿਹਾ ਸੀ ਕਿ:
ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ।।
ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ।
ਉਸਨੂੰ ਵੀ ਅਸੀਂ ਭਾਈ ਕਹਿ ਕੇ ਬੁਲਾਉਂਦੇ ਹਾਂ। ਜਿਨ੍ਹਾਂ ਜ਼ਾਲਮ ਹਕੂਮਤ ਦੀ ਇੱਟ ਨਾਲ ਇੱਟ ਵਜਾ ਦਿੱਤੀ, ਪਹਿਲਾ ਸਿੱਖ ਰਾਜ ਕਾਇਮ ਕੀਤਾ ਅਤੇ ਸ਼ਹੀਦ ਹੋਣ ਸਮੇਂ ਆਪਣੇ 4 ਸਾਲ ਦੇ ਬੱਚੇ ਦਾ ਕਲੇਜਾ ਆਪਣੇ ਮੂੰਹ ਵਿਚ ਪੁਆਇਆ ਸੀ, ਉਹਨਾਂ ਨੂੰ ਵੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਹੀ ਕਹਿੰਦੇ ਹਾਂ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਾਰੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਇਤਨੀ ਵੱਡੀ ਉਮਰ ਵਿਚ ਆਪਣੇ ਖੰਡੇ ਦੇ ਜੌਹਰ ਦਿਖਾਏ ਸਨ। ਭਾਰਤ ਦੀ ਆਜ਼ਾਦੀ ਵਿਚ ਅਕਾਲੀ ਲਹਿਰ, ਸਮੇਂ ਵੱਡੇ ਘੱਲੂਘਾਰੇ ਵਿਚ, ਸਾਕਾ ਨਾਨਕਾਣਾ ਸਾਹਿਬ ਅਤੇ ਹੋਰ ਵੀ ਹਜ਼ਾਰਾ ਹੀ ਨਹੀਂ ਬਲਕਿ ਲੱਖਾਂ ਸਿੰਘ ਅੱਜ ਤੱਕ ਸ਼ਹੀਦ ਹੋਏ ਹਨ, ਪਰੰਤੂ ਅਸੀਂ ਸਭ ਨੂੰ ਹੀ ਭਾਈ ਜਾਂ ਬਾਬਾ ਕਹਿ ਕੇ ਹੀ ਪੁਕਾਰਦੇ ਆਏ ਹਾਂ। ਦਸ ਗੁਰੂ ਸਾਹਿਬਾਨਾਂ ਦੇ ਨਾਵਾਂ ਨਾਲ ਵੀ ਗੁਰਗੱਦੀ ਤੋਂ ਪਹਿਲਾਂ ਦੇ ਸਮੇਂ ਦੌਰਾਨ ਕਿਸੇ ਥਾਂ ਸੰਤ ਸ਼ਬਦ ਨਹੀਂ ਮਿਲਦਾ, ਜੇ ਮਿਲਦਾ ਹੈ ਤਾਂ ਉਹ ਨਾਮ ਗੁਰਸਿੱਖ ਹੈ ਜਿਵੇਂ ਕਿ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ:
‘‘ਸਤਿਗੁਰ ਨਾਨਕ ਦੇਉ ਆਪੁ ਉਪਾਇਆ,
ਗੁਰੁ ਅੰਗਦੁ ਗੁਰਸਿਖੁ ਬਬਾਣੇ ਆਇਆ।
ਗੁਰਸਿਖੁ ਹੈ ਗੁਰ ਅਮਰੁ ਸਤਿਗੁਰ ਭਇਆ,
ਰਾਮਦਾਸੁ ਗੁਰਸਿਖੁ ਗੁਰ ਸਦਵਾਇਆ।’’
ਗੁਰ ਅਰਜਨ ਗੁਰਸਿਖੁ ਪਰਗਟੀ ਆਇਆ,
ਗੁਰਸਿਖੁ ਹਰਿਗੋਵਿੰਦ ਨ ਲੁਕੈ ਲੁਕਾਇਆ।’’
(ਭਾਈ ਗੁਰਦਾਸ ਜੀ, ਵਾਰ 20 ਪਉੜੀ)
ਆਓ ਹੁਣ ਵੇਖੀਏ ਕਿ ਬਾਣੀ ਅੰਦਰ ਸਜਾਏ ‘ਸੰਤ ਸ਼ਬਦ ਦਾ ਕੀ ਅਰਥ ਹੈ। ਫੁਰਮਾਣ ਹੈ:
ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ।।
ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ।। (ਪੰਨਾ 948)

ਕਿ ਗੁਰੂ ਨੇ ਮੈਨੂੰ ਵੱਡਾ ਸਾਹਿਬ ਮਿਲਾ ਦਿੱਤਾ ਹੈ। ਸਤਿਗੁਰੂ ਦੀ ਕ੍ਰਿਪਾ ਸਦਕਾ ਮੈਨੂੰ ਪ੍ਰਭੁ ਮਿਲ ਗਿਆ ਹੈ। ਇਸ ਸ਼ਬਦ ਅੰਦਰ ਵੀ ਸੰਤ ਸ਼ਬਦ ਕਿਸੇ ਭੇਖੀ ਮਨੁੱਖ ਲਈ ਨਹੀਂ ਬਲਕਿ ਪ੍ਰਮਾਤਮਾ ਲਈ ਵਰਤਿਆ ਹੈ। ਅੱਗੇ ਫੁਰਮਾਣਹੈ:
“ਭਾਗ ਹੋਆ ਗੁਰਿ ਸੰਤੁ ਮਿਲਾਇਆ।।
ਪ੍ਰਭੁ ਅਬਿਨਾਸੀ ਘਰ ਮਹਿ ਮਹਿ ਪਾਇਆ।।
ਸੇਵ ਕਰੀ ਪਲੁ ਚਸਾ ਨ ਵਿਛੁੜਾ
ਜਨ ਨਾਨਕ ਦਾਸ ਤੁਮਾਰੇ ਜੀਉ।।” (ਪੰਨਾ 97)

ਇਸ ਵਿਚ ਗੁਰੂ ਸਾਹਿਬ ਨੇ ਗੁਰੂ ਸੰਤ ਦੀ ਹੀ ਗੱਲ ਕੀਤੀ ਹੈ। ਉਪਰੋਕਤ ਦੋਹਾਂ ਫੁਰਮਾਨਾਂ ਅੰਦਰ ਆਏ ਗੁਰਿ ਅਤੇ ਸਤਿਗੁਰਿ ਦੇ ‘ਰ’ ਨੂੰ ਲੱਗੀ ਸਿਹਾਰੀ ਗੁਰਬਾਣੀ ਵਿਆਕਰਨ ਮੁਤਾਬਕ ਗੁਰੂ ਦੁਆਰਾ ਜਾਂ ਗੁਰੂ ਨੇ, ਦੀ ਲਖਾਇਕ ਹੈ ਤੇ ਅੱਗੇ ਆ ਕੇ ਸੰਤੁ ਸ਼ਬਦ ਦੇ ਪੈਰ ਥੱਲੇ ਲੱਗੀ ਔਕੜ ਇਕ ਵਚਨ ਭਾਵ ਦੀ ਇਕ ਲਖਾਇਕ ਹੈ। ਇਸ ਗੱਲ ਤੋਂ ਸਪੱਸ਼ਟ ਹੈ ਕਿ ਮੈਨੂੰ ਸੱਚੇ ਗੁਰੂ ਨੇ ਜਾਂ ਮੈਨੂੰ ਗੁਰੂ ਦੁਆਰਾ ਸੰਤੁ (ਪ੍ਰਭੁ) ਮਿਲ ਗਿਆ ਹੈ। ਇੱਥੇ ਸੰਤ ਸ਼ਬਦ ਪ੍ਰਮਾਤਮਾ ਲਈ ਆਇਆ ਹੈ ਕਿਉਂਕਿ ਇਤਿਹਾਸ ਜਾਂ ਗੁਰਬਾਣੀ ਮੁਤਾਬਕ ਵੀ ਕਿਸੇ ਵੀ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਕਿਸੇ ਦੇਹਧਾਰੀ ਸੰਤ ਦੇ ਲੜ ਨਹੀਂ ਬਲਕਿ ਕੇਵਲ ਇਕ ਪਰਮਾਤਮਾ ਦੇ ਨਾਲ ਜੋੜਿਆ ਸੀ।
ਗੁਰੂ ਦਾ ਸ਼ਬਦ ਅਥਵਾ ਗਿਆਨ ਹੀ ਮਨੁੱਖ ਦਾ ਸਹਾਰਾ ਬਣਦਾ ਹੈ, ਉਸ ਦਾ ਮਾਰਗ-ਦਰਸ਼ਨ ਕਰਦਾ ਹੈ ਅਤੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ:
ਜਿਉ ਮੰਦਰ ਕਉ ਥਾਮੈ ਥੰਮਨੁ।।
ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ।।
ਜਿਉ ਪਾਖਾਣੁ ਨਾਵ ਚੜਿ ਤਰੈ।।
ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ।।
ਜਿਉ ਅੰਧਕਾਰ ਦੀਪਕ ਪਰਗਾਸੁ।।
ਗੁਰ ਦਰਸਨ ਦੇਖਿ ਮਨਿ ਹੋਇ ਬਿਗਾਸ।।
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ।।
ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ।।
ਤਿਨ ਸੰਤਨ ਕੀ ਬਾਛਉ ਧੂਰਿ।।
ਨਾਨਕ ਕੀ ਹਰ ਲੋਚਾ ਪੂਰਿ।। (ਪੰਨਾ 282)
ਜਿਸ ਤਰ੍ਹਾਂ ਮਕਾਨ ਦੀ ਛੱਤ ਨੂੰ ਥੰਮ੍ਹ ਰੋਕ ਕੇ ਰੱਖਦਾ ਹੈ ਉਸੇ ਤਰ੍ਹਾਂ ਗੁਰੂ ਦਾ ਸ਼ਬਦ ਮਨ ਵਿਚ ਵੱਸ ਕੇ ਮਨ ਦਾ ਸਹਾਰਾ ਬਣਦਾ ਹੈ। ਜਿਵੇਂ ਕੋਈ ਪੱਥਰ ਬੇੜੀ ਦੇ ਸਹਾਰੇ ਪਾਰ ਹੋ ਜਾਂਦਾ ਹੈ ਉਸੇ ਤਰ੍ਹਾਂ ਪ੍ਰਾਣੀ ਗੁਰੂ ਦੇ ਚਰਨੀ ਲੱਗ ਕੇ (ਗੁਰੂ ਦਾ ਹੁਕਮ ਮੰਨ ਕੇ) ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਜਿਵੇਂ ਦੀਵਾ ਹਨੇਰਾ ਦੂਰ ਕਰ ਦਿੰਦਾ ਹੈ ਤਿਵੇਂ ਹੀ ਗੁਰੂ ਦੇ ਦਰਸ਼ਨ ਕਰਕੇ ਮਨ ਖਿੜ ਜਾਂਦਾ ਹੈ (ਦਰਸ਼ਨ ਤੋਂ ਭਾਵ ਗੁਰੂ ਸਾਹਿਬ ਦਾ ਹੁਕਮ ਮੰਨਣਾ ਹੈ) ਜਿਵੇਂ ਘਣੇ ਜੰਗਲਾਂ ਅੰਦਰ ਭੁੱਲਿਆ ਰਾਹੀ ਰਾਹ ਲੱਭ ਲੈਂਦਾ ਹੈ ਤਿਵੇਂ ਸਾਧ ਸੰਗਤ ਵਿਚ ਆਉਣ ਨਾਲ ਪ੍ਰਾਣੀ ਦੇ ਹਿਰਦੇ ਵਿਚ ਅੰਦਰ ਵਾਹਿਗੁਰੂ ਦੀ ਜੋਤ ਜਗਮਗਾ ਉੱਠਦੀ ਹੈ। ਉਸ (ਗੁਰੂ) ਸੰਤ ਦੀ ਨਾਨਕ ਧੂਰ ਮੰਗਦਾ ਹੈ। ਇੱਥੇ ਕਿਸੇ ਦੁਨਿਆਵੀ ਸੰਤ ਦੀ ਨਹੀਂ ਬਲਕਿ ਉਸ ਗੁਰੂ ਦੀ ਗੱਲ ਕੀਤੀ ਜਾ ਰਹੀ ਹੈ ਜਿਸਦੀ ਸਾਰੀ ਅਸ਼ਟਪਦੀ ਅੰਦਰ ਵਿਆਖਿਆ ਕੀਤੀ ਹੈ। ਇਤਿਹਾਸਕ ਤੌਰ ‘ਤੇ ਵੀ ਗੁਰੂ ਨਾਨਕ ਜੋਤ, ਕਿਸੇ ਵੀ ਦੁਨਿਆਵੀ ਸੰਤ ਜਾਂ ਬ੍ਰਹਮਗਿਆਨੀ ਕੋਲ ਪ੍ਰਮਾਤਮਾ ਦੀ ਪ੍ਰਾਪਤੀ ਲਈ ਨਹੀਂ ਗਏ।
‘‘ਗਿਆਨ ਅੰਜਨ ਗੁਰਿ ਦੀਆਂ
ਅਗਿਆਨ ਅੰਧੇਰੁ ਬਿਨਾਸੁ,
ਹਰਿ ਕਿਰਪਾ ਤੇ ਸੰਤ ਭੇਟਿਆ
ਨਾਨਕੁ ਮਨਿ ਪਰਗਾਸੁ।। (ਪੰਨਾ 293)
ਇਸ ਸਲੋਕ ਦੇ ਅੰਦਰ ਗੁਰੂ ਅਰਜਨ ਦੇਵੀ ਜੀ ਫੁਰਮਾ ਰਹੇ ਹਨ ਕਿ ਗੁਰੂ ਨੇ ਮੈਨੂੰ ਗਿਆਨ ਬਖ਼ਸ਼ ਦਿੱਤਾ ਹੈ ਤੇ ਮੇਰਾ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ। ਪ੍ਰਮਾਤਮਾ ਦੀ ਕ੍ਰਿਪਾ ਨਾਲ ਮੈਨੂੰ ਗੁਰੂ ਸੰਤ ਮਿਲ ਗਿਆ ਹੈ ਅਤੇ ਮੇਰਾ ਮਨ ਖਿੜ ਗਿਆ ਹੈ। ਅੱਗੇ ਸਾਧ ਸ਼ੋਭਾ ਕਰਦੇ ਹੋਏ ਦੱਸਦੇ ਹਨ ਕਿ:
‘‘ਸਾਧ ਕੀ ਸੋਭਾ ਸਾਧ ਬਣ ਆਈ
ਨਾਨਕ ਸਾਧ, ਪ੍ਰਭ ਭੇਦੁ ਨ ਭਾਈ।।’’ (ਸੁਖਮਨੀ ਸਾਹਿਬ)

ਸਾਧੂ ਤੇ ਪ੍ਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ ਜਿਵੇਂ ਗੁਰੂ ਤੇ ਪ੍ਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ। ਗੁਰੂ ਸਾਹਿਬਾਨ ਦਾ ਫੁਰਮਾਨ ਹੈ ‘‘ਗੁਰੁ ਪ੍ਰਮੇਸ਼ਰ ਏਕੋ ਜਾਣੁ।।’’ ਇਸ ਅਸ਼ਟਪਦੀ ਅੰਦਰ ਪ੍ਰਭੂ (ਸਾਧ) ਦੀ ਗੱਲ ਕੀਤੀ ਹੈ ਕਿਉਂਕਿ ਇਹ ਸਾਰੀਆਂ ਦਾਤਾਂ ਪ੍ਰਭੂ ਤੋਂ ਹੀ ਪਾਈਆਂ ਜਾ ਸਕਦੀਆਂ ਹਨ (ਨਾ ਕਿ ਦੇਹਧਾਰੀ ਸਾਧ ਕੋਲੋ)। ਅੱਗੇ ਬ੍ਰਹਮਗਿਆਨੀ ਦੀ ਉਪਮਾ ਕਰਦੇ ਹੋਏ ਗੁਰੂ ਸਾਹਿਬ ਫਰਮਾ ਰਹੇ ਹਨ:
‘‘ਬ੍ਰਹਮ ਗਿਆਨੀ ਸਦਾ ਨਿਰਲੇਪ।।:::
ਬ੍ਰਹਿਮ ਗਿਆਨੀ ਕੈ ਮਿਤ੍ਰ ਸਤ੍ਰ ਸਮਾਨਿ।।:::
ਬ੍ਰਹਿਮ ਗਿਆਨੀ ਦਾ ਨਹੀ ਬਿਨਾਸ।।:::
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ।।
ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।।
ਬ੍ਰਹਮ ਗਿਆਨੀ ਕਉ ਖੋਜੇ ਮਹੇਸਰੁ।।
ਨਾਨਕ ਬ੍ਰਹਮ ਗਿਆਨੀ ਆਪਿ ਪ੍ਰਮੇਸਰੁ।।:::
ਬ੍ਰਹਮ ਗਿਆਨੀ ਸਰਬ ਕਾ ਠਾਕੁਰ।।:::
ਬ੍ਰਹਮ ਗਿਆਨੀ ਕਾ ਅੰਤ ਨਾ ਪਾਰੁ।।’’
‘‘ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ।।
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ।।
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ।।
ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ।।
ਬ੍ਰਹਮ ਗਿਆਨੀ ਅਨਾਥੁ ਕਾ ਨਾਥੁ ।।
ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ।।
ਬ੍ਰਹਮ ਗਿਆਨੀ ਕਾ ਸਗਲ ਆਕਾਰੁ।।
ਬ੍ਰਹਮ ਗਿਆਨੀ ਆਪਿ ਨਿਰੰਕਾਰੁ।।
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ।।
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ।।’’ (ਪੰਨਾ 272-74)

ਇਸ ਅਨੁਸਾਰ ਇਹ ਸਭ ਦਾਤਾਂ ਪ੍ਰਮਾਤਮਾ ਤੋਂ ਬਗੈਰ ਕਿਸੇ ਹੋਰ ਤੋਂ ਪ੍ਰਾਪਤ ਨਹੀਂ ਹੋ ਸਕਦੀਆਂ। ਪਰੰਤੂ ਇਸ਼ਤਿਹਾਰਾਂ ਵਿਚ ਕੇਵਲ ਬ੍ਰਹਮਗਿਆਨੀ ਹੀ ਨਹੀਂ ਬਲਕਿ ਪੂਰਨ ਬ੍ਰਹਮਗਿਆਨੀ ਦੀ ਡਿਗਰੀ ਵੀ ਸਾਨੂੰ ਪੜ੍ਹਨ ਨੂੰ ਮਿਲਦੀ ਹੈ। ਅਸ਼ਟਪਦੀ ਵਿਚ ਬ੍ਰਹਮਗਿਆਨੀ ਸ਼ਬਦ ਪ੍ਰਮਾਤਮਾ ਲਈ ਵਰਤਿਆ ਗਿਆ ਹੈ। ਜਦੋਂ ਬ੍ਰਹਮਗਿਆਨੀ ਹੀ ਪ੍ਰਮਾਤਮਾ ਹੈ ਫਿਰ ਅਸੀਂ ਪੂਰਨ ਬ੍ਰਹਮਗਿਆਨੀ ਕਿਸ ਪ੍ਰਮਾਤਮਾ ਨਾਲ ਜੋੜ ਰਹੇ ਹਾਂ?
ਪਰ ਅੱਜ ਦੀ ਹਾਲਤ
ਵਰਤਮਾਨ ਯੁਗ ਦੇ ਮਨੁੱਖ ਦੀਆਂ ਸਮੱਸਿਆਵਾਂ ਦਾ ਹੱਲ:
ਸੰਤ ਬਣੋ!!
ਸੰਤ ਯੁਨਿਟ ਟਰੱਸਟ

ਆਪ ਸਭ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਨਵਾਂ ਸੰਤ ਡਿਗਰੀ ਸੈਂਟਰ ਬਣ ਚੁੱਕਾ ਹੈ। ਇਸ ਸੈਂਟਰ ਅਧੀਨ ਤਿੰਨ ਡਿਗਰੀ ਕੋਰਸ ਸ਼ੁਰੂ ਕੀਤੇ ਗਏ ਹਨ:
1: ਸ਼੍ਰੋਮਣੀ ਸੰਤ ਡਿਗਰੀ (40 ਦਿਨਾਂ ਵਿਚ)
2: 108 ਸ਼੍ਰੋਮਣੀ ਬ੍ਰਹਮ ਗਿਆਨੀ ਸੰਤ ਬਾਬਾ ਡਿਗਰੀ (60 ਦਿਨਾਂ ਵਿਚ)
3: ਮਹਾਨ ਤਪੱਸਵੀ, ਰਾਜਯੋਗੀ, ਸੰਤ ਬਾਬਾ ਸ੍ਰੀ ਮਾਨ 108 ਮਹਾਰਾਜ ਡਿਗਰੀ (3 ਮਹੀਨਿਆਂ ਵਿਚ)
ਇਸ ਕੋਰਸ ਤੋਂ ਬਾਅਦ ਤੁਸੀਂ ਕਿਸੇ ਵੀ ਜਗ੍ਹਾ ਆਪਣਾ ਡੇਰਾ ਬਣਾ ਕੇ ਬੈਠ ਸਕਦੇ ਹੋ ਤੇ ਆਪਣੀਆਂ ਤੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਸਕਦੇ ਹੋ। ਪ੍ਰੈਕਟੀਕਲ ਕਲਾਸਾਂ ਸਪੈਸ਼ਲ ਲੱਗਣਗੀਆਂ।
ਇਹਨਾਂ ਕੋਰਸਾਂ ਵਿਚ ਪਹਿਲਾਂ ਤਜ਼ਰਬੇਕਾਰ 4 ਸੰਤ ਟੀਚਰ, 11 ਕੀਰਤਨੀਏ ਤੇ ਕਹਾਣੀਕਾਰ, ਜੋ ਨਵੀਂ ਨਵੀਂ ਕਹਾਣੀ ਬਣਾਉਣ ਵਾਲਾ ਹੋਵੇ, ਚਕਰਮ ਕਰ ਦੇਣ ਵਾਲੀਆਂ ਕਹਾਣੀਆਂ ਬਣਾ ਸਕੇ। (ਤਨਖ਼ਾਹ 3500-7000)
ਸਿੱਧੀ ਇੰਟਰਵਿਊ ਸੰਤ ਡਿਗਰੀ ਸੈਂਟਰ
ਸ੍ਰੀ ਮਾਨ ਸੰਤ (ਵੱਡਾ) ਬਾਬਾ 1000000000008 ਮਹਾਨ ਤਪੱਸਵੀ ਰਾਜ ਯੋਗੀ, ਸ੍ਰੋਮਣੀ ਬ੍ਰਹਮ ਗਿਆਨੀ ਨੂੰ ਮਿਲੋ।
ਫਾਰਮ ਮੰਗਵਾਉਣ ਲਈ ਫੀਸ 108 ਰੁਪਏ ਡਾਕਘਰ ਰਾਹੀਂ ਭੇਜੋ ਜਾਂ ਸੁਪਨੇ ਵਿਚ ਖੁਦ ਮਿਲੋ।
ਅਜਮਾਓ ਤੇ ਪਰਖੋ
ਕੀ ਤੁਸੀਂ ਵੀ ਕਿਸੇ ਸਾਧ-ਸੰਤ ਦੇ ਸ਼ਰਧਾਲੂ ਹੋ? ਜਿਸ ਸੰਤ ਨੂੰ ਤੁਸੀਂ ਮੰਨਦੇ ਹੋ ਉਸਨੂੰ ਪਰਖਣ ਦਾ ਢੰਗ
ਅੱਜ ਬਹੁਤੇ ਸਿੱਖ ਪਰਿਵਾਰ ਸੰਤ-ਪੂਜਾ ਵਿਚ ਰੁੱਝੇ ਹੋਏ ਹਨ। ਹਰ ਕੋਈ ਆਪਣੇ ਸੰਤ ਨੂੰ ਪੂਰਨ-ਸੰਤ ਜਾਂ ਸੱਚਾ ਸੰਤ ਦੱਸਦਾ ਹੈ। ਆਮ ਸਿੱਖ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਸੰਤ ਦੇ ਸੰਤ-ਪੁਣੇ ਨੂੰ ਕਿਵੇਂ ਪਰਖੇ। ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ ਸਿੱਖੀ ਦੀ ਪਰਿਭਾਸ਼ਾ ਹੈ। ਇਸ ਆਧਾਰ ਉਪਰ ਕਿਸੇ ਅਖੌਤੀ ਸਾਧ ਨੂੰ ਪਰਖਣ ਦੇ ਕੁਝ ਪੱਕੇ ਗੁਰ ਇਸ ਪ੍ਰਕਾਰ ਹਨ:
ੳ) ਕੀ ਤੁਹਾਡਾ ਸੰਤ ਹੱਥੀਂ ਕਿਰਤ ਕਰਦਾ ਹੈ?
ਜੇ ਨਹੀਂ ਕਰਦਾ ਤਾਂ ਉਹ ‘ਸਿੱਖ’ ਨਹੀਂ ਹੋ ਸਕਦਾ, ਸੰਤ ਤਾਂ ਦੂਰ ਦੀ ਗੱਲ ਹੈ। ਉਹ ਵਿਹਲੜ ਹੈ, ਭਿਖਾਰੀ ਹੈ, ਪੱਤ ਹੀਣ ਹੈ-ਸੰਤ ਨਹੀਂ।
ਅ) ਕੀ ਤੁਹਾਡਾ ਸੰਤ ਵੰਡ ਕੇ ਛਕਦਾ ਹੈ?
ਵੰਡ ਕੇ ਉਹੀ ਛਕ ਸਕਦਾ ਹੈ, ਜੋ ਹੱਥੀਂ ਕਿਰਤ ਕਰੇ। ਸੰਗਤ ਵੱਲੋਂ ਮਿਲੇ ਪਦਾਰਥਾਂ ਨੂੰ ਸੰਗਤ ਵਿਚ ਵੰਡ ਦੇਣਾ, ਸਿੱਖੀ ਮਾਰਗ ਨਹੀਂ ਹੈ। ਸੰਗਤ ਦੇ ਦਿੱਤੇ ਪਦਾਰਥਾਂ ਨਾਲ ਸਾਧ ਮੌਜਾਂ ਮਾਣਦੇ ਹਨ।
ੲ) ਕੀ ਤੁਹਾਡਾ ਸੰਤ ਸ਼ਾਦੀ-ਸ਼ੁਦਾ ਗ੍ਰਿਹਸਤੀ ਹੈ?
ਜੇ ਨਹੀਂ ਤਾਂ ਸੰਤ ਗੁਰਮਤਿ ਦਾ ਧਾਰਨੀ ਨਹੀਂ। ਬਿਹੰਗਮ ਦਾ ਗੁਰਮਤਿ ਵਿਚ ਕੋਈ ਮਹੱਤਵ ਨਹੀਂ। ਅਜਿਹੇ ਕਈ ਸਾਧਾਂ ਉਪਰ ਔਰਤਾਂ ਦੀ ਇੱਜ਼ਤ ਲੁੱਟਣ ਦੇ ਮਾਮਲੇ ਅਖ਼ਬਾਰਾਂ ‘ਚ ਛਪਦੇ ਰਹਿੰਦੇ ਹਨ।
ਸ) ਕੀ ਤੁਹਾਡਾ ਸੰਤ ਮੱਥੇ ਟਿਕਾਉਂਦਾ ਹੈ?
ਜੇ ਟਿਕਾਉਂਦਾ ਹੈ ਤਾਂ ਸਮਝੋ ਉਹ ਆਪਣੀ ਪੂਜਾ ਦਾ ਭੁੱਖਾ ਹੈ।
ਕਈ ਸਾਧ ਕਹਿੰਦੇ ਹਨ ਕਿ ਅਸੀਂ ਤਾਂ ਟਿਕਾਉਂਦੇ ਨਹੀਂ, ਸੰਗਤ ਆਪ ਟੇਕਦੀ ਹੈ। ਇਹ ਇਕ ਸੂਖ਼ਮ ਪਖੰਡ ਹੈ। ਜੇ ਕੋਈ ਮੱਥਾ ਨਾ ਟਿਕਾਉਣਾ ਚਾਹੇ, ਤਾਂ ਕੋਈ ਉਸਨੂੰ ਮੱਥਾ ਨਹੀਂ ਟੇਕ ਸਕਦਾ। ਅਸਲ ‘ਚ ਸਾਧ ਚਾਹੁੰਦੇ ਹਨ ਕਿ ਸੰਗਤਾਂ ਮੱਥੇ ਟੇਕਣ।
ਹ) ਕੀ ਤੁਹਾਡਾ ਸੰਤ, ਪਦਾਰਥਾਂ ਦੀ ਪ੍ਰਾਪਤੀ ਹਿਤ ਤੁਹਾਡੇ ਲਈ ਅਰਦਾਸ ਕਰਦਾ ਹੈ?
ਜੇ ਕਰਦਾ ਹੈ ਤਾਂ ਉਹ ਵਿਅਕਤੀ ਇਹ ਭਰਮ ਪੈਦਾ ਕਰ ਰਿਹਾ ਹੈ ਕਿ ਉਹ ਤੁਹਾਡੇ ਤੇ ਪਰਮਾਤਮਾ ਵਿਚ ਵਿਚੋਲਾ ਹੈ। ਦਰਅਸਲ, ਅਜੋਕੇ ਸਾਧ ਤੁਹਾਡੇ ਲਈ ਅਰਦਾਸ ਕਰਦਿਆਂ ਤੁਹਾਡੀ ਜੇਬ ਉਪਰ ਨਜ਼ਰ ਰੱਖਦੇ ਹਨ। ਤੁਹਾਡੇ ਤੋਂ ਧਨ-ਪਦਾਰਥ ਬਟੋਰਨ ਵਾਲੇ, ਤੁਹਾਨੂੰ ਕੁਝ ਵੀ ਦਿਵਾ ਨਹੀਂ ਸਕਦੇ। ਦੇਣ ਵਾਲਾ ਦਾਤਾ ਵਾਹਿਗੁਰੂ ਹੈ।
ਯਾਦ ਰੱਖੋ: ਸੰਤ ਜਿਸ ਨਾਮ ਦੀ ਗੱਲ ਕਰਦੇ ਹਨ ਉਹ ਵੀ ਗੁਰਮਤਿ ਵਾਲਾ ਨਾਮ ਘਟ ਤੇ ਜੋਗੀਆਂ-ਰਾਧਾਸੁਆਮੀਆਂ ਵਾਲਾ ਨਾਮ ਵਧੇਰੇ ਹੈ। ਇਸ ਤਰ੍ਹਾਂ ਤਾਂ ਸਿੱਧ ਤੇ ਜੋਗੀ ਬੜੇ ਤਪ ਕਰਦੇ ਸਨ, ਗੁਰੂ ਸਾਹਿਬਾਨ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ।




.