.

ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 31)

ਪ੍ਰੋ: ਇੰਦਰ ਸਿੰਘ ‘ਘੱਗਾ’

ਜੋਨੀ (ਚੌਰਾਸੀ ਲੱਖ ਜੋਨੀ) :- ਹਿੰਦੂ ਮੱਤ ਦੇ ਪੁਰਾਣੇ ਲਿਖਾਰੀਆਂ ਨੇ ਜੀਵਾਂ ਦੀਆਂ ਚੌਰਾਸੀ ਲੱਖ ਜੂਨੀਆਂ ਮੰਨੀਆਂ ਹਨ। ਨੌਂ ਲੱਖ ਜਲਵਾਸੀ, ਦਸ ਲੱਖ ਪੌਣ ਵਾਸੀ, (ਪੰਛੀ) ਵੀਹ ਲੱਖ ਇੱਕ ਥਾਂ ਖੜੇ ਰਹਿਣ ਵਾਲੇ, (ਰੁੱਖ ਆਦਿ) ਗਿਆਰਾਂ ਲੱਖ ਪੇਟ ਬਲ ਚਲਣ ਵਾਲੇ, (ਸਰਪ ਕਿਰਮ ਆਦਿ) ਤੀਹ ਲੱਖ ਚੌਪਾਏ, ਅਤੇ ਚਾਰ ਲੱਖ ਮਨੁੱਖ ਜਾਤੀ ਦੇ ਜੀਵ ਹਨ। ਕਈ ਗ੍ਰੰਥਾਂ ਵਿੱਚ ਬਿਆਲੀ ਲੱਖ ਖੁਸ਼ਕੀ ਵਾਲੇ, ਤੇ ਬਿਆਲੀ ਲੱਖ ਪਾਣੀ ਵਾਲੇ ਜੀਵ ਲਿਖੇ ਹਨ। ਜੈਨ ਮੱਤ ਵਾਲਿਆਂ ਇਹ ਗਿਣਤੀ ਵੱਖਰੇ ਤਰੀਕੇ ਦਿਤੀ ਹੋਈ ਹੈ। (ਮਹਾਨ ਕੋਸ਼ - 480)
ਵਿਚਾਰ:- ਕੁਦਰਤ ਦੇ ਅਨੰਤ ਪਸਾਰੇ ਦਾ ਥਾਹ ਪਾਉਣਾ ਪੂਰੀ ਤਰਾਂ ਅਸੰਭਵ ਹੋਣ ਦੇ ਬਾਵਜੂਦ, ਹਿੰਦੂ ਗ੍ਰੰਥਾਂ ਵਿੱਚ ਬਿਨਾ ਸਿਰ ਪੈਰ ਦੀਆਂ, ਅਣ ਵਿਗਿਆਨਕ ਕਹਾਣੀਆਂ ਲਿਖੀਆਂ ਥੋਕ ਵਿੱਚ ਮਿਲਦੀਆਂ ਹਨ। ਇਹਨਾਂ ਨੂੰ ਮੰਨਣ ਵਾਲਿਆਂ ਦੀ ਬਹੁ ਗਿਣਤੀ ਹੋਣ ਕਰਕੇ, ਇਸ ਕੁਫਰ ਪ੍ਰਚਾਰ ਦਾ ਮਾਰੂ ਅਸਰ ਬਾਕੀ ਲੋਕਾਂ ਤੇ ਪਰਤੱਖ ਦਿਸਦਾ ਹੈ। ਕਿਉਂਕਿ ਸਮਾਜ ਵਿੱਚ ਇਕੱਠੇ ਰਹਿਣ ਕਰਕੇ, ਕੰਮ ਧੰਦੇ ਸਾਂਝੇ ਹੋਣ ਕਾਰਨ, ਮਨੁੱਖ ਇੱਕ ਦੂਜੇ ਦੇ ਅਸਰ ਤੋਂ ਬਚ ਨਹੀਂ ਸਕਦਾ। ਇਥੋਂ ਤਕ ਵੇਖਿਆ ਗਿਆ ਹੈ ਕਿ ਕੰਮ ਦੀ ਬਣਤਰ ਮੁਤਾਬਕ ਬੋਲੀ ਭੀ ਬਦਲ ਜਾਂਦੀ ਹੈ। ਲੋੜ ਤੋਂ ਬਾਹਰੇ ਸ਼ਬਦ ਵਿਸਰਦੇ ਚਲੇ ਜਾਂਦੇ ਹਨ। ਰੋਜਾਨਾ ਵਰਤੋਂ ਵਿੱਚ ਆਉਣ ਵਾਲੇ ਸ਼ਬਦ ਵਧੇਰੇ ਮਕਬੂਲ ਹੁੰਦੇ ਚਲੇ ਜਾਂਦੇ ਹਨ। ਜਦੋਂ ਇੱਧਰ ਅੰਗ੍ਰੇਜ ਆਏ, ਉਹਨਾਂ ਦਾ ਰਾਜ ਵਧਿਆ, ਉਹਨਾਂ ਦੀ ਬੋਲੀ ਇੰਗਲਿਸ਼ ਨੇ ਪਸਾਰ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਲੋਕਾਂ ਵਿੱਚ ਅੰਗ੍ਰੇਜੀ ਸ਼ਬਦ ਜਜਬ ਹੋਣ ਲੱਗ ਪਏ। ਉਸ ਤੋਂ ਪਹਿਲਾਂ ਇਥੇ ਭਾਰਤ ਵਿੱਚ ਮੁਸਲਮਾਨ ਲੋਕ ਆਏ। ਜਦੋਂ ਉਹਨਾਂ ਨੇ ਇੱਧਰ ਟਿਕ ਕੇ, ਪੱਕਾ ਰਾਜ ਸਥਾਪਤ ਕਰ ਲਿਆ ਤਾਂ ਉਹਨਾਂ ਦੀ ਬੋਲੀ ਪਸਤੋ ਫਾਰਸੀ ਤੇ ਅਰਬੀ, ਪ੍ਰਚੱਲਤ ਹੋਣ ਲੱਗ ਪਈ। ਅਣਗਿਣਤ ਸ਼ਬਦ ਪੰਜਾਬੀ ਵਿੱਚ ਅਰਬੀ ਫਾਰਸੀ ਦੇ ਘੁਲ ਮਿਲ ਚੁੱਕੇ ਹਨ। ਮਿਸਾਲ ਲਈ - ਜਰਦ, ਸੂਹਾ, ਸਿਆਹ, ਸਫੇਦ, ਕਾਦਰ, ਕੁਦਰਤ, ਅੱਲਾ, ਹੱਕ, ਹਰਾਮ, ਹਲਾਲ, ਗੋਰ, ਚਿਰਾਗ, ਫਰਿਸ਼ਤੇ, ਹੂਰਾਂ, ਬਹਿਸ਼ਤ, ਪੈਗੰਬਰ ਆਦਿ। ਜਿਵੇਂ ਨਿਤ ਦੀ ਬੋਲਚਾਲ ਵਿੱਚ ਇੰਗਲਿਸ਼ ਅਤੇ ਫਾਰਸੀ ਦੇ ਸ਼ਬਦ ਆ ਗਏ ਉਸੇ ਤਰਾਂ ਪਹਿਰਾਵਾ ਖਾਣ ਪੀਭ ਰਸਮੋ ਰਿਵਾਜਾਂ ਤੇ ਭੀ ਅਸਰ ਪੈਂਦਾ ਹੈ। ਜਨ ਸਮੂੰਹ ਦੇ ਮੁਹਾਵਰੇ ਤੇ ਅਖਾਣ ਭੀ ਨਵੇਂ ਹਾਲਾਤ ਵਿੱਚ ਨਵੇਂ ਹੀ ਘੜੇ ਜਾਣ ਲੱਗ ਪੈਂਦੇ ਹਨ। ਅੱਜ ਕਲ ਤਾਂ ਮੀਡੀਏ ਦਾ ਜੁਗ ਹੈ ਇਹ ਪ੍ਰਭਾਵ ਘਰ ਘਰ ਸਹਿਜੇ ਹੀ ਪੁੱਜ ਰਿਹਾ ਹੈ।
ਇਸੇ ਤਰ੍ਹਾਂ ਭਾਰਤ ਵਿੱਚ ਸਦੀਆਂ ਤੋਂ ਬ੍ਰਾਹਮਣੀ ਸਮਾਜ ਦੀ ਲੰਬੜਦਾਰੀ ਰਹੀ ਹੈ। ਸਰਕਾਰੇ ਦਰਬਾਰੇ, ਸਭਾ ਸੁਸਾਇਟੀਆਂ ਵਿਚ, ਬ੍ਰਾਹਮਣ ਮੋਹਰੀ ਰੋਲ ਅਦਾ ਕਰਦਾ ਰਿਹਾ ਹੈ। ਮੰਦਰਾਂ ਵਿਚ, ਵਿਆਹਾਂ ਜਾਂ ਮਰਗਤਾਂ ਵਿਚ, ਬ੍ਰਾਹਮਣਾਂ ਦੀਆਂ ਸੁਣਾਈਆਂ ਕਹਾਣੀਆਂ ਹੀ ਲੋਕਾਂ ਨੂੰ ਸੁਣਨੀਆਂ ਪੈਦੀਆਂ ਸਨ। ਵੱਡਿਆਂ ਨੇ ਘਰਾਂ ਵਿੱਚ ਆਕੇ ਬੀਬੀਆਂ ਬੱਚਿਆਂ ਨੂੰ ਭੀ ਉਹੀ ਕਹਾਣੀਆਂ ਸੁਣਾਉਣੀਆਂ। ਸਦੀਆਂ ਤੱਕ ਇਹੀ ਵਰਤਾਰਾ ਵਰਤਦਾ ਰਿਹਾ। ਬ੍ਰਾਹਮਣ ਵੱਲੋਂ ਪ੍ਰਚਾਰਿਆ, ਹਰ ਤਰ੍ਹਾਂ ਦਾ ਕੁਫਰ ਲੋਕਾਂ ਦੇ ਅੰਦਰ ਪੂਰੀ ਤਰ੍ਹਾਂ ਧਸਾ ਦਿੱਤਾ ਗਿਆ। ਜਦੋਂ ਗੁਰੂ ਸਾਹਿਬਾਨ ਨੇ ਗੁਰਬਾਣੀ ਲਿਖੀ ਭਗਤ ਸਾਹਿਬਾਨ ਨੇ ਬਾਣੀ ਲਿਖੀ, ਉਹਨਾਂ ਨੂੰ ਭੀ ਉਹੀ ਬੋਲੀ, ਉਹੀ ਮੁਹਾਵਰਾ, ਉਹੀ ਅਖਾਣ, ਲੋਕੋਕਤੀਆਂ ਵਰਤਣੀਆਂ ਪਈਆਂ, ਜੋ ਉਹਨਾਂ ਨੂੰ ਵਿਰਸੇ ਵਿੱਚ ਮਿਲੀਆਂ ਸਨ। ਮਹਾਨ ਖੂਬੀ ਇਹ ਰਹੀ ਕਿ ਬੋਲੀ ਜਾਂ ਮੁਹਾਵਰਾ ਭਾਵੇਂ ਪੁਰਾਣਾ ਹੈ, ਪਰ ਵਿਚਾਰ ਨਵੇਂ ਨਕੋਰ ਹਨ। ਪੁਰਾਣੇ ਘਿਸੇ ਪਿਟੇ ਵਰਤਾਰੇ ਨੂੰ ਰੱਦ ਕਰਕੇ, ਨਵੇਂ ਖੁਸ਼ਹਾਲ ਸਮਾਜ ਦੀ ਸਿਰਜਣਾ ਕਰਨ ਵਾਲੇ ਹਨ। ਉਸੇ ਬੋਲੀ ਵਿੱਚ ਪਰਾਣੀ ਅੰਧ ਵਿਸ਼ਵਾਸੀ ਜੰਤਾ ਨੂੰ, ਜੀਵਨ ਦੀ ਨਵੀਂ ਸੇਧ ਦੇਣੀ ਸੀ। ਪੁਰਾਣੇ ਖੰਡਰਾਂ ਤੇ ਨਵੇਂ ਮਹਿਲ ਦੀ ਉਸਾਰੀ ਕਰਨੀ ਸੀ। ਹਿੰਦੂਆਂ ਵਿਚੋਂ ਹੀ ਲੋਕਾਂ ਨੇ ਸਿੱਖ ਬਣਨਾ ਸੀ।
ਗੁਰਬਾਣੀ ਦੇ ਰਚਣ ਵਾਲੇ ਮਹਾਂ ਪੁਰਖਾਂ ਨੇ, ਸ੍ਰਿਸਟੀ ਬਾਰੇ, ਗਿਣਤੀਆਂ ਮਿਣਤੀਆਂ ਨੂੰ ਪਰਵਾਨ ਨਹੀਂ ਕੀਤਾ। ਸਗੋਂ ਬੇਅੰਤ ਵਾਰੀ ਇਹ ਆਖਿਆ, ਇਸ ਵਿਸਥਾਰ ਨੂੰ ਪੂਰੀ ਤਰਾਂ ਬਿਆਨ ਕਰਨਾ ਸੰਭਵ ਹੀ ਨਹੀਂ ਹੈ। ਚੌਰਾਸੀ ਲੱਖ ਜੋਨੀ ਦੀ ਗਿਣਤੀ ਧਿਆਨ ਨਾਲ ਪੜ੍ਹੋ। ਪਹਿਲੀ ਗੱਲ ਤਾਂ ਗ੍ਰੰਥਾਕਾਰੀਆਂ ਦੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ। ਦੂਜੀ ਗੱਲ ਗਿਣਤੀ ਕਰਨ ਦੇ ਉਹਨਾਂ ਸਮਿਆਂ ਵਿੱਚ ਸਾਧਨ ਨਹੀਂ ਸਨ। ਇਕੱਲੇ ਮਨੁੱਖਾਂ ਬਾਰੇ ਲਿਖਿਆ ਹੋਇਆ ਹੈ ਕਿ ਮਨੁੱਖ ਚਾਰ ਲੱਖ ਜਾਤੀਆਂ ਦੇ ਹਨ। ਹੈ ਕੋਈ ਮੰਨਣ ਯੋਗ ਗੱਲ? ਕਿਸ ਹਿਸਾਬ ਨਾਲ ਚਾਰ ਲੱਖ ਮਨੁੱਖ ਜਾਤੀਆਂ ਦੀ ਵੰਡ ਕੀਤੀ ਗਈ ਹੈ? ਕਿਸੇ ਦਲੀਲ ਤੇ ਇਹ ਗਿਣਤੀ ਪੂਰੀ ਨਹੀਂ ਉਤਰ ਸਕਦੀ। ਜਪੁਜੀ ਵਿੱਚ ਹੀ ਗੁਰੂ ਨਾਨਕ ਸਾਹਿਬ ਵੇਖੋ ਕੀ ਫੁਮਰਾ ਰਹੇ ਹਨ -
ਅਸੰਖ ਗਰੰਥ ਮੁਖਿ ਵੇਦ ਪਾਠ।। ਅਸੰਖ ਜੋਗ ਮਨਿ ਰਹਹਿ ਉਦਾਸ। .. (ਪਉੜੀ - 17)
ਅਸੰਖ ਮੁਰਖ ਅੰਧ ਘੋਰ।। ਅਸੰਖ ਚੋਰ ਹਰਾਮਖੋਰ। ..... (ਪਉੜੀ - 18)
ਅੰਤੁ ਨ ਸਿਫਤੀ ਕਹਣਿ ਨ ਅੰਤੁ।। ਅੰਤੁ ਨ ਕਰਣੇ ਦੇਣਿ ਨ ਅੰਤੁ।।
ਅੰਤੁ ਨ ਵੇਖਣਿ ਸੁਣਣਿ ਨ ਅੰਤੁ।। ਅੰਤੁ ਨ ਜਾਪੈ ਕਿਆ ਮਨਿਮੰਤੁ।। (ਪਉੜੀ 24)
ਕੇਤੇ ਦੇਣ ਦਾਨਵ ਮੁਨਿ ਕੇਤੇ, ਕੇਤੇ ਰਤਨ ਸਮੁੰਦ।।
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਹਿੰਦ।। (35)
ਉਪਰ ਆ ਚੁੱਕੀਆਂ ਸਾਰੀਆਂ ਪਉੜੀਆਂ ਵਿੱਚ ‘‘ਅਸੰਖ`` ਸ਼ਬਦ ਵਰਤਿਆ ਗਿਆ ਹੈ। ਜਿਸਦਾ ਮਤਲਬ ਹੈ ਗਿਣਤੀ ਤੋਂ ਬਾਹਰਾ। ਇਹ ਸਾਰਾ ਪਸਾਰਾ ਇੰਨਾ ਫੈਲਿਆ ਹੋਇਆ ਹੈ, ਕਿ ਹਿਸਾਬ ਵਿੱਚ ਨਹੀਂ ਆ ਸਕਦਾ। ਹਿੰਦੂਆਂ ਦੇ ਤਾਂ ਕੇਵਲ ਦੇਵਤੇ ਹੀ ਤੇਤੀ ਕਰੋੜ ਮੰਨੇ ਗਏ ਹਨ। ਬਾਕੀ ਸਾਰੇ ਤਰ੍ਹਾਂ ਦੇ ਜੀਵ ਕੌਣ ਗਿਣੇਗਾ? ਅੱਜ ਤੱਕ ਹਿੰਦੂ ਲੋਕ ਆਪਣੇ ਦੇਵਤਿਆਂ ਦੇ ਨਾਉਂ ਨਹੀਂ ਗਿਣਾ ਸਕੇ। ਜੀਵਾਂ ਦੇ ਪੈਦਾ ਹੋਣ ਲਈ ਭੀ ਆਖਰੀ ਪੰਕਤੀ ਵਿੱਚ ਸਤਿਗੁਰੂ ਜੀ ਸਮਝਾ ਰਹੇ ਹਨ, ਕਿ ਭਾਈ ਜਿਵੇਂ ਕਿਹਾ ਗਿਆ ਹੈ, ਜੀਵਾਂ ਦੇ ਜਨਮ ਲੈਣ ਦੇ ਚਾਰ ਤਰੀਕੇ ਹਨ। ਇਹ ਚਾਰ ਤਰੀਕੇ ਨਹੀਂ, ਜਨਮ ਦੇ ਕਿੰਨੇ ਹੀ ਢੰਗ ਤਰੀਕੇ ਹਨ, ਗਿਣਤੀ ਤੋਂ ਬਾਹਰੇ। ਇਥੇ ਬੋਲੀਆਂ ਕਿੰਨੀ ਤਰਾਂ ਦੀਆਂ ਲੋਕੀ ਬੋਲ ਦੇ ਹਨ, ਕੋਈ ਗਿਣਤੀ ਨਹੀਂ। ਪਸ਼ੂ ਪੰਛੀ, ਜਲ ਜੀਵ, ਕਿਵੇਂ ਬੋਲਦੇ ਹਨ ਕੀ ਪਤਾ? ਸਤਿਗੁਰੂ ਸਾਫ ਸਮਝਾ ਰਹੇ ਹਨ -
ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ।। ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ।। (705)
ਹੇ ਭਾਈ! ਧਰਤੀ ਤੇ ਪਸ਼ੂ ਕਿੰਨੇ ਹਨ, ਪੰਛੀ ਕਿੰਨੇ ਹਨ, ਪਹਾੜ ਕਿੰਨੇ ਹਨ, ਰੁੱਖ ਬਿਰਖ ਕਿੰਨੇ ਹਨ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਅਨੰਤ, ਅਣਗਿਣਤ ਹਨ। ਤੁਸੀਂ ਗਿਣਤੀਆਂ ਵਿੱਚ ਨਾ ਪਵੋ, ਸਗੋਂ ਜੀਵਨ ਚੰਗਾ ਬਣਾਉ। ਵਿਕਾਰਾਂ ਤੋਂ ਬਚੋ। ਇਸ ਵਰਤਾਰੇ ਦਾ ਕੋਈ ਭੀ ਥਾਹ ਨਹੀਂ ਪਾ ਸਕਿਆ। ਪੜ੍ਹੋ
ਗੁਰਵਾਕ -
ਮਹਿਮਾ ਨ ਜਾਨਹਿ ਬੇਦ।। ਬ੍ਰਹਮੇ ਨਹੀ ਜਾਨਹਿ ਭੇਦ।।
ਅਵਤਾਰ ਨ ਜਾਨਹਿ ਅੰਤ।। ਪਰਮੇਸਰੁ ਪਾਰਬ੍ਰਹਮ ਬੇਅੰਤੁ।। (894)
ਵੇਦਾਂ ਨੇ ਭੇਦ ਨਹੀਂ ਪਾਇਆ, ਬ੍ਰਹਮੇ ਨੇ ਅੰਤ ਨਹੀ ਪਾਇਆ। ਅਵਤਾਰਾਂ ਨੂੰ ਅੰਤ ਨਾ ਲੱਭਾ। ਕਿਉਂਕਿ ਪਰਮੇਸਰ ਆਪ ਖੁਦ ਅਤੇ ਉਸਦਾ ਪਸਾਰਾ ਅਥਾਹ ਹੈ, ਕੋਈ ਭੀ ਉਸਦਾ ਥਾਹ ਨਹੀਂ ਪਾ ਸਕਦਾ।
ਸਿੱਖ ਲੇਖਾਰੀ ਤੇ ਕੱਚ ਘਰੜ ਕਥਾ ਵਾਚਕ, ਇਹਨਾਂ ਬਰੀਕੀਆਂ ਤੱਕ ਨਹੀਂ ਪਹੁੰਚ ਸਕਦੇ। ਇਸੇ ਲਈ ਸੌਖਾ ਰਾਹ ਚੁਣਦੇ ਹਨ। ਹਿੰਦੂ ਪੌਰਾਣਕ ਸਾਖੀਆਂ ਸੁਣਾਕੇ, ਆਪਣੀ ਮੂਰਖਤਾ ਦਾ ਸਬੂਤ ਭੀ ਦੇ ਰਹੇ ਹਨ। ਨਾਲ ਹੀ ਆਪਣੇ ਗੁਰੂ ਭਾਈਆਂ, ਭੈਣਾਂ ਨੂੰ ਲੰਮੇ ਸਮੇਂ ਤੋਂ, ਮੂਰਖ ਭੀ ਬਣਾਈ ਜਾ ਰਹੇ ਹਨ। ਗੁਰਬਾਣੀ ਵਿੱਚ ਲੱਖਾਂ ਵਾਲੇ, ਅਸੰਖਾਂ ਵਾਲੇ, ਮੁਹਾਵਰੇ ਵਰਤੇ ਹੋਏ ਹਨ। ਸਤਿਗੁਰੂ ਹਰ ਜੀਵ ਦੀ ਗਿਣਤੀ ਕਰਨ ਲਈ ਵਿਹਲੇ ਨਹੀਂ ਸਨ। ਉਹਨਾਂ ਮਨੁੱਖਤਾ ਦੇ ਕਲਿਆਣ ਵਾਲੇ ਅਣਗਿਣਤ ਕੰਮ ਕੀਤੇ ਸਨ। ਇਹ ਗਿਣਤੀਆਂ ਵਿਹਲੇ, ਜੰਗਲਾਂ ਵਿੱਚ ਬੈਠੇ ਸਾਧਾਂ ਦੇ ਅਟਕਲ ਪੱਚੂ ਹਨ। ਸੱਚਾਈ ਤੋਂ ਲੱਖਾਂ ਮੀਲ ਦੂਰ। ਸਤਿਗੁਰੂ ਜੀ ਹੋਰ ਫਰੁਮਾ ਰਹੇ ਹਨ, ਪੜ੍ਹੋ -
ਕਈ ਕੋਟਿ ਖਾਣੀ ਅਰੁ ਖੰਡ।। ਕਈ ਕੋਟਿ ਅਕਾਸ਼ ਬ੍ਰਹਿਮੰਡ। .....
ਕਈ ਕੋਟਿ ਕੀਏ ਰਤਨ ਸਮੁੰਦ।। ਕਈ ਕੋਟਿ ਨਾਨਾ ਪ੍ਰਕਾਰ ਜੰਤ।।
ਕਈ ਕੋਟਿ ਪਾਤਾਲ ਕੇ ਵਾਸੀ।। ਕਈ ਕੋਟਿ ਨਰਕ ਸੁਰਗ ਨਿਵਾਸੀ।। (276)

ਸੁਖਮਨੀ ਸਾਹਿਬ ਦੀ ਇਹ ਪੂਰੀ ਅਸ਼ਟਪਦੀ ਲੱਖਾਂ ਦੀ ਗੱਲ ਨਹੀਂ ਕਰਦੀ, ਸਗੋਂ ਕਰੋੜਾਂ ਦੀ ਗੱਲ ਕਰਦੀ ਹੈ। ਚੌਰਾਸੀ ਲੱਖ ਤਾਂ ਗੱਲ ਬਹੁਤ ਮਾਮੂਲੀ ਹੈ, ਇਥੇ ਤਾਂ ਲੇਖੇ ਤੋਂ ਰਹਿਤ ਕੁਦਰਤ ਦਾ ਪਾਸਾਰਾ ਹੈ। ਕਾਸ਼ ਕਦੇ ਇਹਨਾਂ ਪੱਖਾਂ ਬਾਰੇ ਭੀ ਸਾਡੇ ਲੇਖਕ ਤੇ ਪਰਚਾਰਕ ਸੋਚ ਲੈਣ। ਸਿੱਖਾਂ ਨੂੰ ਪੌਰਾਣਕ ਕਥਾਵਾਂ ਦੇ ਖਾਰੇ ਸਾਗਰ ਵਿੱਚ ਗਰਕ ਕਰਨੋ ਬਾਜ ਆ ਜਾਣ। ਸਤਿਗੁਰੂ ਸੁਮੱਤ ਬਖਸ਼ਿਸ ਕਰੇ।




.