.

ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 30)

ਪ੍ਰੋ: ਇੰਦਰ ਸਿੰਘ ‘ਘੱਗਾ’

ਜਮਦੂਤ - ਸਾਡੇ ਧਾਰਮਿਕ ਪ੍ਰਚਾਰਕਾਂ ਡੇਰੇਦਾਰਾਂ ਨੇ ਜਮਦੂਤ ਬੜਾ ਭਿਆਨਕ, ਬੇਰਹਿਮ ਵਾਲ੍ਹਾਂ ਤੋਂ ਫੜ੍ਹ ਕੇ ਘਸੀਟਣ ਵਾਲਾ ਬਿਆਨ ਕੀਤਾ ਹੋਇਆ ਹੈ। ਲਿਖਾਰੀਆਂ ਨੇ ਆਪਣੀ ਅਕਲ ਦੇ ਖੂਬ ਘੋੜੇ ਦੌੜਾਏ ਹਨ। ਅਫਸੋਸ ਕਿ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਲਿਖਿਆ ਵੱਡ ਆਕਾਰੀ ਵਿਦਵਤਾ ਭਰਪੂਰ ਗ੍ਰੰਥ ਮਹਾਨ ਕੋਸ਼ ਵਿੱਚ ਜਮਦੂਤਾਂ ਦਾ ਅੱਧੀ ਪੰਕਤੀ ਵਿਚ ਹੀ ਜਿਕਰ ਕੀਤਾ ਹੈ। ਹਿੰਦੂ ਮਥਿਹਾਸ ਕੋਸ਼ ਵਾਰ-ਵਾਰ ਪੜਿਆ। ਉਸ ਵਿੱਚ ਜਮਦੂਤ ਦਾ ਜਿਕਰ ਤੱਕ ਨਹੀਂ ਮਿਲਦਾ। ਹਾਂ ਆਮ ਲੋਕਾਂ ਵਿੱਚ ਰੱਬ ਦੇ ਦੂਤ, ਮੌਤ ਦੇ ਦੂਤ, ਆਦਿ ਪ੍ਰਚਲਿੱਤ ਸੀ। ਮੌਤ ਬੜੀ ਡਰਾਉਣੀ ਹੈ, ਉਸ ਡਰ ਨੂੰ ਹੋਰ ਵਧਾਉਣ ਲਈ ਇਸ ਨਾਲ ਹੋਰ ਬਹੁਤ ਜੁੜਦਾ ਚਲਾ ਗਿਆ। ਸ਼ਕਲ ਭਿਆਨਕ ਬਣ ਗਈ ਸਿਰ ਤੇ ਸਿੰਗ ਵੱਡੇ ਵੱਡੇ ਤਿੱਖੇ ਦੰਦ ਬਾਹਰ ਨਿਕਲੇ ਹੋਏ ਕਾਲਾ ਨੰਗਾ ਧੜ, ਹੱਥਾਂ ਵਿੱਚ ਤਿੱਖੇ ਹਥਿਆਰ ਫੜੇ ਹੋਏ। ਇਹੇ ਵਿਗੜੇ ਮਨੁੱਖ ਦਾ ਹੀ ਕਾਲਪਨਿਕ ਚਿੱਤਰ ਹੈ। ਉਪਰ ਕਿਸੇ ਥਾਂ ਅਜਿਹੇ ਜਮਦੂਤ ਨਹੀਂ ਹਨ। ਜਿਵੇਂ ਹਿੰਦੂ ਸਾਧਾਂ, ਬ੍ਰਾਹਮਣਾਂ ਨੇ ਹੋਰ ਬੇਅੰਤ ਮਨੋਕਲਪਿਤ ਕਹਾਣੀਆਂ ਘੜ ਕੇ ਲੋਕਾਂ ਵਿਚ ਦਹਿਸ਼ਤ ਪਾਈ ਹੋਈ ਹੈ। ਇਸੇ ਤਰ੍ਹਾਂ ਖੌਫਜੁਦਾ ਕਰਨ ਲਈ ਇਹ ਭੀ ਜਮਦੂਤ ਰੂਪੀ ਕਲਾ ਆਮ ਬੰਦੇ ਦੇ ਸਿਰ ਤੇ ਬਿਠਾ ਦਿੱਤੀ। ਅਸਲ ਵਿੱਚ ਮੌਤ ਹੀ ਖੁਦ ਜਮਦੂਤ ਹੈ ਹੋਰ ਕੋਈ ਵੱਖਰਾ ਜਮਦੂਤ ਨਹੀਂ ਹੈ। ਗੁਰਬਾਣੀ ਵਿਚ ਪ੍ਰਚਲਿੱਤ ਲੋਕ ਮੁਹਾਵਰੇ ਦੀ ਵਰਤੋਂ ਕਰਦਿਆਂ ਜਮਦੂਤ ਸ਼ਬਦ ਆਇਆ ਹੈ। ਨਾਲ ਹੀ ਗੱਲ ਨੂੰ ਸਪਸ਼ਟ ਕਰਦਿਆਂ ਸਤਿਗੁਰੂ ਜੀ ਨੇ ਜਮਦੂਤ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
1. ਮਹਾਨ ਕੋਸ਼ ਦੇ ਪੰਨਾ 506-7 ਤੇ ਜਮ ਬਾਰੇ ਕੇਵਲ ਇਹ ਦਰਜ਼ ਹੈ - ‘‘ਕਾਲ, ਪ੍ਰਾਣ ਕੱਢਣ ਵਾਲਾ ਦੇਵਤਾ‘‘।
2. ਹਿੰਦੂਆਂ ਵਿੱਚ ਰੀਤ ਹੈ ਭਾਈ ਦੂਜ ਦੀ ਥਿਤ ਨੂੰ ਜਮ ਅਤੇ ਚਿਤਰ ਗੁਪਤ ਦਾ ਪੂਜਨ ਕੀਤਾ ਜਾਂਦਾ ਹੈ। ਕੰਨਿਆਂ ਵਰਤ ਰੱਖਦੀ ਹੈ। ਆਪਣੇ ਭਰਾ ਦੇ ਮੱਥੇ ਟਿੱਕਾ ਲਾਉਂਦੀ ਹੈ। ਚਿੱਤਰ ਗੁਪਤ ਨੂੰ ਆਪਣਾ ਵਡੇਰਾ ਮੰਨਣਾ ਵਾਲੇ ਕਾਇਸਬ ਇਸ ਦਿਨ ਵੱਡਾ ਪੁਰਬ ਮੰਨਦੇ ਹਨ। ਇਸ ਦਿਨ ਕਲਮ ਦਵਾਤ ਆਪਸ ਵਿੱਚ ਹੀ ਵੰਡਦੇ ਹਨ। (911 ਮਹਾਨ ਕੋਸ਼)
3. ਉਹ ਅਨਾੜੀ ਹਕੀਮ ਤੇ ਡਾਕਟਰ ਜੋ ਮਨੁੱਖ ਦੇ ਭੇਸ ਵਿੱਚ ਜਮਦੂਤਾਂ ਦਾ ਕੰਮ ਕਰਦੇ ਹਨ। (1007-ਮ:ਕੋ:)
4. ਜੋਤਿਸ਼ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਯਮਦੂਦ ਨੂੰ ਯਾਤਰਾ ਕਰਨ ਵਾਲਾ ਮਰ ਜਾਂਦਾ ਹੈ। ਇਸ ਦਿਨ ਵਿੱਦਿਆ ਪੜ੍ਹਨੀ ਅਤੇ ਪੜਾਉਣੀ ਵੀ ਵਰਜਿਤ ਹੈ। (1007-ਮ:ਕੋ:)
ਪਾਠਕ ਜਨ ਵੇਖ ਸਕਦੇ ਹਨ ਕਿ ਬਹੁਤ ਯਤਨ ਕਰਨ ਦੇ ਬਾਵਜੂਦ ਭੀ ਜਮਦੂਤ ਜੀ ਦਾ ਖੁਰਾ ਨਹੀਂ ਲੱਭਦਾ। ਸਾਡੇ ਲੇਖਕਾਂ ਤੇ ਪ੍ਰਚਾਰਕਾਂ ਦੀ ਮਿਹਰਬਾਨੀ ਸਦਕਾਂ ਇਸ ਨੂੰ ਸਾਡੇ ਸਾਹਮਣੇ ਬੜੀ ਭਿਆਨਕ ਹਸਤੀ ਦੇ ਰੂਪ ਵਿੱਚ ਮੂਰਤੀਮਾਨ ਕਰ ਦਿੱਤਾ ਹੈ। ਵਿਸਥਾਰ ਵਿੱਚ ਨਾ ਜਾਂਦੇ ਹੋਏ ਜਮਦੂਤ ਬਾਰੇ ਗੁਰਬਾਣੀ ਵਿਚੋਂ ਸਪਸ਼ਟ ਸੇਧ ਪ੍ਰਾਪਤ ਕਰੀਏ। ਪੜ੍ਹੋ :-

ਰਾਮ ਨਾਮਿ ਮਨੁ ਲਾਗਾ।। ਜਮੁ ਲਜਾਇ ਕਰਿ ਭਾਗਾ।। (626)

ਹੇ ਭਾਈ ਜਿਸ ਵਿਅਕਤੀ ਦਾ ਮਨ ਪਰਮੇਸ਼ਰ ਵਿਚ ਜੁੜ ਗਿਆ ਉਸ ਨੂੰ ਤਾਂ ਦੇਖਦਿਆਂ ਹੀ ਜਮਦੂਤ (ਜੇ ਫਰਜ ਕਰ ਲਈਏ) ਸ਼ਰਮ ਦਾ ਮਾਰਾ ਨੱਸ ਗਿਆ।

ਹਰਿ ਜੀਉ ਕੀ ਹੈ ਸਭ ਸਿਰਕਾਰਾ।। ਏਹੁ ਜਮ ਕਿਆ ਕਰੇ ਵਿਚਾਰਾ।। (1054)

ਹੇ ਭਾਈ ਹਰ ਥਾਂ ਵਾਹਿਗੁਰੂ ਦੀ ਸਰਕਾਰ ਹੈ ਭਾਵ ਉਸਦੇ ਆਪਣੇ ਬਣਾਏ ਨਿਯਮ ਹਨ, ਫਿਰ ਇਹ ਵਿਚਾਰਾ ਜਮ ਕੀ ਵਿਗਾੜ ਸਕਦਾ ਹੈ? ਕਿਉਂ ਇਸ ਤੋਂ ਡਰਦੇ ਹੋ?

ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪੜੀ ਸੰਸਾਰਿ।। ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ।। (620)

ਹੇ ਭਾਈ ਸਤਿਗੁਰੂ ਜੀ ਨੇ ਸੰਸਾਰ ਦੀ ਤਪਸ਼ (ਪਰੇਸ਼ਾਨੀਆਂ) ਮਿਟਾ ਦਿੱਤੀ ਹੈ। ਸਾਰੇ ਪਾਸੇ ਸੁੱਖ ਸ਼ਾਂਤੀ ਵਾਲੀ ਠੰਢ ਵਰਤ ਗਈ ਹੈ। ਜਮਦੂਤਾਂ ਨੂੰ ਹਟਕ ਕੇ (ਝਿੜਕ ਦੇ ਕੇ) ਪਾਸੇ ਬਿਠਾ ਦਿੱਤਾ ਹੈ।

ਤਿਗੁਰੂ ਆਗੈ ਅਰਦਾਸਿ ਕਰਿ ਸਾਜਨ ਦੇਇ ਮਿਲਾਇ।। ਸਾਜਨਿ ਮਿਲਿਐ ਸੁਖੁ ਪਾਇਆ। ਜਮਦੂਤ ਮੂਏ ਬਿਖੁ ਖਾਇ।। (55)

ਹੇ ਭਾਈ ਸਤਿਗੁਰੂ ਅੱਗੇ ਬੇਨਤੀ ਕਰਕੇ ਤੈਨੂੰ ਨਿਰੰਕਾਰ ਦੇ ਚਰਨਾਂ ਨਾਲ ਜੋੜ ਦੇਵੇ। ਜਦੋਂ ਪ੍ਰਭੂ ਦੇ ਨਿਯਮ ਦੀ ਪਛਾਣ ਹੋ ਗਈ, ਤੂੰ ਹਰ ਹਾਲਤ ਵਿੱਚ ਸੁਖੀ ਰਹੇਂਗਾ। ਜਮਦੂਤਾਂ ਦਾ ਡਰ ਮੁੱਕ ਜਾਵੇਗਾ। ਤੈਨੂੰ ਅਸਲੀਅਤ ਸਮਝ ਆ ਜਾਵੇਗੀ ਕਿ ਅਸਲ ਵਿੱਚ ਹੈ ਹੀ ਨਹੀਂ ਸਨ। ਹੁਣ ਚੰਗੀ ਤਰ੍ਹਾਂ ਜਾਣ ਲੈ ਕਿ ਜਮਦੂਤਾਂ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਹੈ। ਖਤਮ ਹੋ ਗਏ ਹਨ ਬਣਾਵਟੀ ਜਮਦੂਤ।

ਜਮਕੇ ਫਾਹੇ ਸਤਿਗੁਰ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ।।

ਹੇ ਭਾਈ ! ਜਮਾ ਦੇ ਭੈ ਰੂਪ ਬੰਧਨ ਸਤਿਗੁਰੂ ਤੋੜ ਦਿੰਦਾ ਹੈ। ਗੁਰੂ ਦੀ ਮਤ ਲੈਣ ਵਾਲਿਆਂ ਨੂੰ ਜਿੰਦਗੀ ਦੀ ਅਸਲੀਅਤ ਸਮਝ ਆ ਜਾਂਦੀ ਹੈ। ਇਹਨਾਂ ਜਮਾਂ ਤੋਂ ਡਰ ਲੱਗਣੋ ਹਟ ਜਾਂਦਾ ਹੈ।

ਅਫਰਿਓ ਜਮੁ ਮਾਰਿਆ ਨ ਜਾਈ।। ਗੁਰ ਕੈ ਸਬਦੇ ਨੇੜਿ ਨ ਆਈ।।
ਸਬਦੁ ਸੁਣ ਤਾ ਦੂਰਹੁ ਭਾਗੈ, ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ।। (1054)

ਹੇ ਭਾਈ ! ਜਮਾਂ ਦਾ ਦਹਿਲ ਬਹੁਤ ਜਿਆਦਾ ਭਾਰੂ ਹੈ, ਇਸ ਨੂੰ ਮਾਰਨਾ ਸੌਖਾ ਨਹੀਂ ਹੈ। ਇਹ ਜਮਾ ਦਾ ਭੈ ਗੁਰੂ ਦੀ ਪਾਵਨ ਆਵਾਜ ਸੁਣਕੇ ਨੱਸ ਜਾਂਦੇ ਹਨ। ਇਹਨਾਂ ਨੂੰ ਪਤਾ ਹੈ ਕਿ ਗੁਰਸਿੱਖਾਂ ਦੇ ਨੇੜੇ ਜਾਵਾਂਗੇ ਤਾਂ ਮਾਰ ਬੜੀ ਪਵੇਗੀ।

ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖਿ ਦੂਖੁ ਨ ਹੋਇ।।
ਨਾਨਕ ਗੁਰਮੁਖਿ ਜਮੁ ਸੇਵਾ ਕਰੇ, ਜਿਨ ਮਨਿ ਸਚਾ ਸੋਇ।। (588)

ਹੇ ਭਾਈ ਗੁਰਸਿੱਖੋ। ਜੋ ਪਰਮੇਸ਼ਰ ਜਮਾਂ ਤੋਂ ਭੀ ਉੱਪਰ ਹੈ, ਉਸ ਦੀ ਆਰਾਧਨਾ ਕਰੋ। ਗੁਰੂ ਦੀ ਮਤ ਲਉਗੇ ਤਾਂ ਕਦੀ ਦੁਖੀ ਨਹੀਂ ਹਵੋਗੇ। ਜਮਦੂਤ ਗੁਰਮੁਖਾਂ ਦੀ ਸੇਵਾ ਵਿਚ ਹਾਜਰ ਹੋ ਜਾਂਦਾ ਹੈ। ਉਹ ਵਿਗਾੜ ਕੁਝ ਨਹੀਂ ਸਕਦਾ ਕਿਉਂਕਿ ਹਰੀ ਪਰਮੇਸਰ ਹਿਰਦੇ ਵਿਚ ਵਸਦਾ ਹੈ।
ਜਮਦੂਤਾਂ ਦੀ ਆਪਣੀ ਕੋਈ ਹਸਤੀ ਨਹੀਂ ਹੈ, ਕੇਵਲ ਮੌਤ ਦਾ ਪ੍ਰਤੀਕ ਹੀ ਜਮ ਹੈ। ਜਾਂ ਇਉਂ ਕਹਿ ਲਵੋ ਕਿ ਮੌਤ ਦਾ ਨਾਮ ਹੀ ਜਮਦੂਤ ਹੈ, ਹੋਰ ਵਖਰਾ ਕੋਈ ਜਮਦੂਤ ਨਹੀਂ ਹੈ। ਨਾ ਸਮਝੀ ਕਾਰਨ ਸਿੱਖ ਸ਼ਕਲਾਂ ਵਾਲੇ ਗੁਰਬਾਣੀ ਦੀਆਂ ਆਧੂਰੀਆਂ ਪੰਕਤੀਆਂ ਲੈ ਕੇ, ਪਹਿਲਾਂ ਤੋਂ ਬਣੇ ਬ੍ਰਾਹਮਣੀ ਵਿਚਾਰਾਂ ਕਾਰਨ ਜਮਦੂਤਾਂ ਦੀ ਹਮਾਇਤ ਕਰੀ ਜਾ ਰਹੇ ਹਨ। ਜਦੋਂ ਕਿ ਨਾ ਤਾਂ ਵਿਗਿਆਨਕ ਨਜਰੀਏ ਤੋਂ ਇਹਨਾਂ ਦੀ ਕੋਈ ਹੋਂਦ ਹੈ। ਨਾਂ ਜਮਦੂਤਾਂ ਨੂੰ ਗੁਰਬਾਣੀ ਮੰਨਦੀ ਹੈ। ਲੋੜ ਹੈ ਗੁਰਬਾਣੀ ਨੂੰ ਸਮਝ ਕੇ ਵਿਚਾਰਨ ਦੀ। ਪੁਰਾਣੇ ਸਮੇਂ ਤੋਂ ਮਨਾਂ ਅੰਦਰ ਟਿਕੇ ਹੋਏ ਡਰ ਭੈ ਕੱਢਣ ਦੀ।
1. ਧਰਮਰਾਜ ਜਾਂ ਯਮਰਾਜ :- ਮੌਤ ਦਾ ਦੇਵਤਾ (ਉਂਞ ਸ਼ਿਵ ਨੂੰ ਭੀ ਮੌਤ ਦਾ ਦੇਵਤਾ ਮੰਨਦੇ ਹਨ) ਇਹ ਸੂਰਜ ਦਾ ਪੁੱਤਰ ਹੈ। ਸਭ ਤੋਂ ਪਹਿਲਾਂ ਯਮਰਾਜ ਦੀ ਮ੍ਰਿਤੂ ਹੋਈ, ਤੇ ਸਵਰਗ ਵਿਚ ਚਲਾ ਗਿਆ। ਇਸੇ ਨੇ ਸਵਰਗ ਦਾ ਰਾਹ ਲੱਭਿਆ ਸੀ। ਇਸ ਦੀਆਂ ਚਾਰ ਅੱਖਾਂ ਹਨ। ਚੌੜੀਆਂ ਨਾਸਾਂ (ਨੱਕ) ਹਨ। ਦੋ ਭੁੱਖੜ ਕੁੱਤੇ ਹਨ ਜੋ ਮ੍ਰਿਤਕ ਨੂੰ ਤੇਜ ਦੌੜਨ ਲਈ ਮਜਬੂਰ ਕਰਦੇ ਹਨ। ਇਹ ਯੁਧਿਸ਼ਟਰ ਦਾ ਪਿਤਾ ਸੀ। ਚਿਤਰ ਗੁਪਤ ਇਸ ਦਾ ਹਿਸਾਬ ਕਰਨ ਵਾਲਾ ਮੁਨੀਮ ਹੈ ਚੰਗੇ ਕੰਮ ਕਰਨ ਵਾਲਿਆਂ ਨੂੰ ਉਹ ਪਿਤਰ ਵਿਚ ਭੇਜ ਦਿੰਦਾ ਹੈ। ਭੈੜਿਆਂ ਨੂੰ ਹੇਠਾਂ, ਇੱਕੀ ਨਰਕਾਂ ਵਿਚੋਂ, ਕਿਸੇ ਇੱਕ ਵਿਚ ਭੇਜ ਦਿੰਦਾ ਹੈ। ਜਾਂ ਧਰਤੀ ਪਰ ਜਨਮ ਲੈਣ ਲਈ ਭੇਜ ਦਿੰਦਾ ਹੈ। ਧਰਮਰਾਜ ਹਰੇ ਰੰਗ ਦਾ ਹੈ ਤੇ ਲਾਲ ਕੱਪੜੇ ਪਹਿਨਦਾ ਹੈ। ਇਹ ਝੋਟੇ ਦੀ ਸਵਾਰੀ ਕਰਦਾ ਹੈ। ਅਪ੍ਰਾਧੀਆਂ ਨੂੰ ਕਾਬੂ ਕਰਨ ਲਈ, ਇਸ ਕੋਲ ਇਕ ਭੱਲਾ ਜਾਂ ਬਰਛਾ ਹੁੰਦਾ ਹੈ। ਪਿਤਾ ਦੀ ਇੱਕ ਦਾਸੀ ਛਾਇਆ ਦੇ ਲੱਤ ਮਾਰਨ ਕਰਕੇ ਪਿਤਾ ਯਮਰਾਜ ਨੂੰ ਸਰਾਪ ਦੇ ਦਿੱਤਾ। ਇਹ ਪਾਪ ਕਰਨ ਕਰਕੇ ਇਸ ਦੇ ਇੱਕ ਪੈਰ ਵਿਚ ਕੀੜੇ ਪੈ ਗਏ ਸਨ। ਧਰਮ ਰਾਜ ਦੇ ਪਿਤਾ ਨੇ ਇੱਕ ਕੁੱਕੜ ਲਿਆ ਕੇ ਦਿੱਤਾ। ਕੁੱਕੜ ਨੇ ਕੀੜੇ ਖਾ ਲਏ, ਤੇ ਤੰਦਰੁਸਤ ਹੋ ਗਿਆ। ਮਹਾਂ ਚੰਦ ਤੇ ਕਾਲ ਪੁਰਸ਼ ਇਸ ਦੇ ਦੁਆਰ ਪਾਲ ਹਨ। (ਹਿੰਦੂ ਮਿਥਿਹਾਸ ਕੋਸ਼ ......)
2. ਧਰਮਰਾਜ ਤੇ ਯਮ ਰਾਜ ਅਸਲ ਵਿਚ ਇੱਕੋ ਹੈ। ਸੰਸਕ੍ਰਿਤ ਗ੍ਰੰਥਾਂ ਮੁਤਾਬਕ ਇਸ ਦਾ ਜਨਮ ਸੰਗਿਆ ਦੇ ਗਰਭ ਤੋਂ, ਸੂਰਜ ਦੁਆਰਾ ਲਿਖਿਆ ਹੈ। ਯਮ ਤੇ ਯਮੀ ਜੋੜੇ ਭੈਣ ਭਰਾ ਸਨ। ਧਰਮ ਰਾਜ ਦੀ ਪੁਰੀ ਦਾ ਨਾਮ ਸੰਯਮਨੀ ਹੈ। ਉਸਦੇ ਮਹਿਲ ਦਾ ਨਾਮ ਕਾਲੀਚੀ ਹੈ। ਉਸਦੇ ਸਿੰਘਾਸਣ ਦਾ ਨਾਮ ਵਿਹਾਰ ਭੁ ਹੈ। ਇਸਦੇ ਹਿਸਾਬ ਵਾਲੇ ਵੱਡੇ ਰਜਿਸਟਰ ਦਾ ਨਾਮ ਅਗਰ ਸੰਧਾਨੀ ਹੈ। ਸ਼ਰਮੇਯ ਨਾਮ ਵਾਲੇ ਇਸ ਕੋਲ ਦੋ ਕੁੱਤੇ ਹਨ, ਜਿਨਾਂ ਦੀਆਂ ਚਾਰ ਚਾਰ ਅੱਖਾਂ ਹਨ। ਜੋ ਇਸ ਦੀ ਰਾਖੀ ਕਰਦੇ ਹਨ ਤੇ ਮ੍ਰਿਤਕ ਨੂੰ ਤੇਜ ਦੌੜਨ ਲਈ ਮਜਬੂਰ ਕਦੇ ਹਨ। (ਮ: ਕੋਸ਼ - ਪੰਨਾ - 663)
ਵਿਚਾਰ:- ਧਰਮ ਰਾਜ ਜੀਵਾਂ ਦੇ ਕੀਤੇ ਕੰਮਾਂ ਮੁਤਾਬਕ ਫੈਸਲੇ ਕਰਨ ਵਾਲਾ ਮੰਨਿਆ ਗਿਆ ਹੈ। ਉਪਰ ਆਕਾਸ਼ ਵਿਚ ਕਿਤੇ ਅਜਿਹੇ ਥਾਂ, ਮਹਿਲ ਜਾਂ ਨਗਰੀ ਨਹੀਂ ਹੈ, ਜਿਥੇ ਇਹ ਧਰਮ ਰਾਜ ਕਚਹਿਰੀ ਲਾਕੇ ਬੈਠਦਾ ਹੋਵੇ। ਨਿਰੰਕਾਰ ਦਾ ਇਹ ਸ਼ਰੀਕ ਪੈਦਾ ਕੀਤਾ ਗਿਆ ਹੈ। ਕਿੱਡੀ ਅਜੀਬ ਤੇ ਹਾਸੋਹੀਣੀ ਕਿਸੇ ਤਰਕ ਤੋਂ ਰਹਿਤ ਗਲ ਹੈ ਕਿ ਇਹ ‘‘ਸੂਰਜ ਦਾ ਪੁੱਤਰ ਹੈ‘‘। ਕੀ ਇਹ ਸੰਭਵ ਹੈ ਕਿ ਸੂਰਜ ਮਨੁੱਖੀ ਸਰੀਰ ਧਾਰ ਕੇ ਆਵੇ ਅਤੇ ਕਿਸੇ ਔਰਤ ਨਾਲ ਸੰਜੋਗ ਕਰੇ? ਕਈ ਕਰੋੜ ਕਿਲੋਮੀਟਰ ਦੀ ਦੂਰੀ ਤੋਂ ਸੂਰਜ ਦੀ ਤਪਸ ਸਹਿਣੀ ਔਖੀ ਹੁੰਦੀ ਹੈ। ਇਸ ਪਾਖੰਡੀ ਫਰੇਬੀ ਤੇ ਝੂਠੇ ਲਿਖਾਰੀ ਦੀ ਲਿਖਤ ਕਹਿ ਰਹੀ ਹੈ ਕਿ ਸੂਰਜ ਨੇ ਸੰਗਿਆ ਨਾਮੀ ਔਰਤ ਨਾਲ ਸੰਜੋਗ ਕੀਤਾ ਤਾਂ ਧਰਮਰਾਜ ਦਾ ਜਨਮ ਹੋਇਆ। ਗੱਲ ਇੱਥੇ ਹੀ ਮੁੱਕ ਨਹੀਂ ਗਈ। ਧਰਤੀ ਉੱਤੇ ਆ ਕੇ ਇਸਨੇ ਕੀ ਕੀਤਾ? ਇਸ ਦੀ ਲਿਖਤ ਉਪਦੇਸ਼ ਕੋਈ ਹੋਵੇ, ਜੀ ਨਹੀਂ ਕੁਝ ਨਹੀਂ ਮਿਲੇਗਾ। ਧਰਤੀ ਤੇ ਮਰਨ ਵਾਲਿਆਂ ਵਿਚੋਂ ਮੌਤ ਭੀ ਧਰਮ ਰਾਜ ਦੀ ਸਭ ਤੋਂ ਪਹਿਲਾਂ ਹੋਈ। ਸਵਰਗ ਨਰਕ ਦਾ ਰਾਹ ਭੀ ਇਸੇ ਨੇ ਲੱਭ ਕੇ ਦਿੱਤਾ। ਵਾਹ ਜੀ ਵਾਹ ! ਬਿਪਰ ਲਿਖਾਰੀ ਜੀ, ਤੁਸੀਂ ਕਮਾਲ ਕਰ ਵਿਖਾਈ। ਇਸ ਦਾ ਮਤਲਬ ਕਿ ਸੁਰਗ ਨਰਕ ਧਰਮ ਰਾਜ ਦੇ ਜੰਮਣ ਤੋਂ ਪਹਿਲਾਂ ਹੀ ਬਣਾ ਸੰਵਾਰ ਸਜਾ ਕੇ ਤਿਆਰ ਕੀਤੇ ਹੋਏ ਸਨ। ਰਸਤਾ ਧਰਮ ਰਾਜ ਨੇ ਲੱਭ ਲਿਆ ਤੇ ਆਪਣਾ ਦਫਤਰ ਭੀ ਲੱਭ ਲਿਆ, ਆਪਣੀ ਪੁਰੀ ਭੀ ਲੱਭ ਲਈ ਤੇ ਆਪੇ ਹੀ ਬੈਠ ਗਿਆ ਜੰਮਕੇ ਫੈਸਲੇ ਕਰਨ। ਇਸਦੀ ਸ਼ਕਲ ਬੜੀ ਭਿਆਨਕ ਹੈ। ਇੱਕ ਵਾਰੀ ਤਾਂ ਇਸਦੀ ਭਾਵੇਂ ‘‘ਮੌਤ‘‘ ਹੋ ਗਈ ਪਰ ਹੁਣ ਦੁਬਾਰਾ ਕਦੀ ਮਰੇਗਾ ਹੀ ਨਹੀਂ?
ਪਾਠਕ ਵੀਰੋ ਭੈਣੋਂ ! ਇਹ ਧਰਮਰਾਜ ਉੱਪਰ ਹੋਰ ਕਿਤੇ ਨਹੀਂ ਬੈਠਾ, ਇਸੇ ਧਰਤੀ ਤੇ ਲਗਪਗ ਪੰਜ ਹਜ਼ਾਰ ਸਾਲ ਤੋਂ ਤਖਤ ਤੇ ਬੈਠਾ, ਜੰਤਾ ਜਨਾਰਦਨ ਦੀ ਜਿੰਦਗੀ ਦੇ ਫੈਸਲੇ ਕਰਦਾ ਆ ਰਿਹਾ ਹੈ। ਇਹ ਫੈਸਲੇ ਹਮੇਸ਼ਾਂ ਪੱਖਪਾਤੀ ਅਤੇ ਬੇਈਮਾਨੀ ਵਾਲੇ ਹੁੰਦੇ ਹਨ। ਇਹ ਕੋਈ ਹੋਰ ਨਹੀਂ ਅਸਲ ਵਿਚ ‘‘ਬ੍ਰਾਹਮਣ ਖੁਦ ਹੀ ਧਰਮਰਾਜ‘‘ ਹੈ ਤੇ ਖੁਦ ਹੀ ‘‘ਯਮਰਾਜ‘‘ ਹੈ। ਭਾਰਤ ਦੇ ਕਰੋੜਾਂ ਲੋਕਾਂ ਦਾ ‘‘ਭਾਗ ਵਿਧਾਤਾ‘‘ ਬਣਿਆ ਬੈਠਾ ਹੈ। ਹੈ ਕਿਸੇ ਦੀ ਮਜਾਲ ਕਿ ਇਸ ਦੇ ਬਣਾਏ ‘‘ਧਰਮ‘‘ ਦੀ ਪਾਲਣਾ ਨਾਂ ਕਰੇ? ਜਿਸਨੂੰ ਚਾਹੇ ਇਨਸਾਨ ਤੋਂ ਬਾਂਦਰ (ਹਨੂੰਮਾਨ) ਬਣਾ ਦੇਵੇ। ਜਿਸਨੂੰ ਚਾਹੇ ਮਾਸ ਖੋਰਾ ਪੰਛੀ ਗਿਰਝ (ਜਟਾਯੂ) ਬਣਾ ਧਰੇ। ਜੇ ਜੀ ਕਰੇ ਤਾਂ ਕਿਸੇ ਵਿਅਕਤੀ ਨੂੰ ਲਗਾਤਾਰ ਛੇ ਮਹੀਨੇ ਲਈ (ਕੁੰਭ ਕਰਣ) ਨੀਂਦ ਵਿਚ ਹੀ ਲੰਮਾ ਪਾਈ ਰੱਖੇ। ਜੇ ਦਿਲ ਚਾਹੇ ਤਾਂ ਇਕ ਬੱਚੇ ਨੂੰ ਬਾਰਾਂ ਸਾਲ ਤਕ (ਸ਼ਕਦੇਵ) ਮਾਂ ਦੇ ਗਰਭ ਤੋਂ ਕੱਦੂ (ਸਗਰ ਦੀ ਪਤਨੀ) ਜਮਾ ਦੇਵੇ। ਇਸ ਕੱਦੂ ਵਿਚਲੇ ਬੀਜਾਂ ਤੋਂ ਸੱਠ ਹਜਾਰ ਲੜਕੇ ਬਣਾ ਧਰੇ। ਇਕ ਵਿਅਕਤੀ ਤੋਂ ਕਿਸੇ ਕੌਮ ਦੀਆਂ (ਪਰਸੁਰਾਮ) ਇੱਕੀ ਕੁਲਾਂ ਦਾ ਖਾਤਮਾ ਕਰਵਾ ਦੇਵੇ, ਤੇ ਫਿਰ ਭੀ ਉਸਨੂੰ ਵੱਡਾ ਅਵਤਾਰੀ ਪੁਰਖ ਪਰਚਾਰਦਾ ਰਹੇ। ਕ੍ਰਿਸ਼ਨ ਤੋਂ ਗੋਪੀਆਂ ਦੇ ਕੱਪੜੇ ਚੋਰੀ ਕਰਵਾੳਂੁਦਾ ਰਹੇ, ਜਾਂ ਰਾਮ ਨੂੰ ਸੀਤਾ ਕਾਰਣ ਵਿਲ੍ਹਕਦਾ ਤੜਪਦਾ ਰੋਂਦਾ ਵਿਖਾਉਂਦਾ ਰਹੇ, ਤੇ ਉਸ ਨੂੰ ਭਗਵਾਨ ਭੀ ਦੱਸਦਾ ਰਹੇ। ਇਹ ਮਨੁਖਾਂ ਨੂੰ ਜਾਨਵਰਾਂ ਨਾਲੋਂ ਭੀ ਬਦਤਰ (ਸ਼ੂਦਰ ਆਖਕੇ) ਜੀਵਨ ਜਿਉਣ ਲਈ ਮਜਬੂਰ ਕਰ ਦੇਵੇ, ਚਾਹੇ ਜਾਨਵਰਾਂ ਦੀ ਪੂਜਾ ਕਰਵਾ ਲਵੇ। ਬ੍ਰਾਹਮਣ ‘‘ਭਗਵਾਨ‘‘ ਜੀ ਚਾਹੇ ਤਾਂ ਇਸ ਧਰਤੀ ਨੂੰ ਹੀ ਨਰਕ ਬਣਾ ਦੇਵੇ, ਜੇ ਚਾਹੇ ਤਾਂ ਆਕਾਸ਼ ਵਿਚ ਨਵੀਆਂ ਕਲੋਨੀਆਂ ਪੁਰੀਆਂ ਸਵਰਗ ਉਸਾਰ ਦੇਵੇ। ਸਿਰਫ ਬ੍ਰਾਹਮਣ ਕੋਲ ਹੀ ‘‘ਧਰਮ‘‘ ਹੈ, ਬਾਕੀ ਸਾਰਿਆਂ ਉੱਪਰ ਇਸਦਾ ਸਦੀਆਂ ਤੋਂ ਨੋਚ ਨੋਚ ਕੇ ਮਾਸ ਖਾ ਜਾਣ ਵਾਲਾ ਪਾਪੀ ‘‘ਰਾਜ‘‘ ਹੈ। ਕਿਸੇ ਨੂੰ ਜੀਵਾਲੇ ਜਾ ਮਾਰੇ, ਸਾਰੀਆਂ ਤਾਕਤਾਂ ਇਸੇ ਹੱਥ ਹਨ। ਕਿਸੇ ਨੂੰ ਨਰਕਾਂ ਦੀ ਚਿਠੀ ਫੜਾਵੇ ਜਾਂ ਸਵਰਗ ਦਾ ਪਰਵਾਨਾ, ਸਭ ਇਸੇ ਦੀ ਇੱਛਾ ਵਿਚ ਹੁੰਦਾ ਹੈ। ਦਿਲ ਚਾਹੇ ਤਾਂ ਅਖੌਤੀ ਧਰਮ ਰਾਜ ਨੂੰ ਭੀ ਪਾਪੀ ਗਰਦਾਨ ਸਕਦਾ ਹੈ। ਧਰਮ ਰਾਜ ਦੇ ਪੈਰਾਂ ਵਿਚ ਕੀੜੇ ਪੁਆ ਸਕਦਾ ਹੈ ਤੇ ਕੁੱਕੜ ਤੋਂ ਉਹਨਾਂ ਕੀੜਿਆਂ ਦਾ ਖਾਤਮਾ ਕਰਵਾ ਸਕਦਾ ਹੈ ....। ਬਲਿਹਾਰ ਜਾਈਏ ਬਿਪਰ ਦੀਆਂ ਲਾ ਜੁਆਬ ਕਲਾਬਾਜੀਆਂ ਤੋਂ। ਐਵੇਂ ਨਹੀਂ ਇਸ ਨੇ ਭਾਰਤਵਾਸੀ ਲੋਕਾਂ ਨੂੰ ਆਪਣੇ ਅੱਗੇ ਲੰਮੇ ਪਾਇਆ। ਸਚਮੁਚ ਇਸਦੀ ਖੋਪੜੀ ਬੜੀ ਲਾ ਜੁਆਬ ਹੈ। ਇੰਨਾ ਕੁਫਰ ਤੋਲ ਕੇ, ਇੰਨੇ ਜੁਲਮ ਕਰਕੇ, ਇੰਨੇ ਪੁਆੜੇ ਪਾ ਕੇ, ਇਹ ਫਿਰ ਭੀ ਉੱਚਾ ਹੈ ਪੂਜਣਯੋਗ ਹੈ।
ਭਾਵੇਂ ਧਰਮਰਾਜ ਸਵਰਗ ਦਾ ਇੰਚਾਰਜ ਹੈ, ਘਾੜ੍ਹਤ ਤਾਂ ਬ੍ਰਾਹਮਣ ਦੀ ਹੀ ਹੈ। ਇਸੇ ਦੇ ਚਿਹਰੇ ਦਾ ਗੂੜ੍ਹਾ ਹਰਾ ਰੰਗ, ਤੇ ਕੱਪੜੇ ਲਾਲ ਸੂਹੇ, ਨਾਸਾਂ ਚੌੜੀਆਂ, ਚਾਰ ਅੱਖਾਂ ਵਾਲਾ, ਝੋਟੇ ਤੇ ਸਵਾਰ, ਹੱਥ ਵਿਚ ਬਰਛਾ....। ਹੈ ਨਾ ਕਮਾਲ ਦੀ ਕਲਾ ਕ੍ਰਿਤੀ? ਧਰਮ ਕਰਮ ਕਰਨ ਵਾਲੇ ਦਾ ਹੁਲੀਆ ਕਿਹੋ ਜਿਹਾ ਪੇਸ਼ ਕੀਤਾ ਗਿਆ ਹੈ, ਵੇਖਿਆ? ਧਰਮ ਰਾਜ ਨੇ ਆਪਣੀ ਆਤਮ ਕਥਾ ਖੁਦ ਨਹੀਂ ਲਿਖੀ। ਸੂਰਜ ਨੇ ਅਪਣੀ ਜਾਂ ਆਪਣੇ ‘‘ਬੇਟੇ‘‘ ਧਰਮ ਰਾਜ ਉਰਫ ਯਮਰਾਜ ਦੀ ਜੀਵਨੀ ਬਿਲਕੁਲ ਨਹੀਂ ਲਿਖੀ। ਫਿਰ ਇਹ ਸਾਰਾ ਗਪੌੜ ਸੰਖ ਕਿਸਨੇ ਲਿਖਿਆ ਹੈ? ਮਿਸਰ ਜੀ ਨੇ, ਬਿਪਰ ਜੀ ਨੇ, ਪੰਡਿਤ ਜੀ ਨੇ। ਮਦਾਰੀ ਅੱਗੇ ਰਿੱਛ ਨੱਚਣ ਤੋਂ ਅੜੀ ਕਰ ਸਕਦਾ ਹੈ, ਸੂਰਜ ਪੱਛਮ ਵੱਲੋਂ ਚੜ ਸਕਦਾ ਹੈ, ਗੰਗਾ ਉਲਟੇ ਪਾਸੇ ਵਗ ਸਕਦੀ ਹੈ। ਧਰਤੀ ਪੁੱਠੀ ਹੋ ਸਕਦੀ ਹੈ। ਪਰ ..... ..... ਪਰ ਬ੍ਰਹਮਣ ਜੋ ਚਾਹੇ ਸੋਈ ਕਰ ਸਕਦਾ ਹੈ, ਇਸ ਦਾ ਆਖਿਆ ਨਹੀਂ ਮੁੜ ਸਕਦਾ। ਅੱਜ ਭੀ ਭਾਰਤ ਦੀ ਸਰਕਾਰ ਨੂੰ ਬ੍ਰਾਹਮਣ ਹੀ ਚਲਾ ਰਹੇ ਹਨ। ਜਰਾ ਅੰਕੜੇ ਪੜ੍ਹਕੇ ਵੇਖੋ ਕਿ ਬ੍ਰਾਹਮਣਾਂ ਦੀ ਔਸਤ ਆਬਾਦੀ ਭਾਰਤ ਵਿਚ 4 ਪ੍ਰਤੀਸ਼ਤ ਹੈ। ਜਦੋਂ ਕਿ ਸਾਰੀਆਂ ਵੱਡੀਆਂ ਸਰਕਾਰੀ ਨੌਕਰੀਆਂ ਇਹਨਾਂ ਕੋਲ 90 ਪ੍ਰਤੀਸ਼ਤ ਹਨ। ਮਿਉਂਸਪਲ ਕਮੇਟੀਆਂ ਤੋਂ ਲੈ ਕੇ, ਪਾਰਲੀਮੈਂਟ ਤਕ, ਸਾਰੇ ਵੱਡੇ ਰਾਜਸੀ ਅਹੁਦੇ 90 ਪ੍ਰਤੀਸ਼ਤ ਬ੍ਰਾਹਮਣਾਂ ਕੋਲ ਹੀ ਹਨ। ਅੱਗੋਂ ਛੇਤੀ ਕੀਤੇ ਇਹ ਸਥਿਤੀ ਬਦਲਣ ਦੀ ਕੋਈ ਸੰਭਾਵਨਾ ਨਜਰ ਨਹੀਂ ਆਉਂਦੀ। ਕਿਉਂਕਿ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਿਕ ਮੀਡੀਆ ਭੀ ਇਹਨਾਂ ਦੇ ਹੀ ਕਬਜੇ ਵਿਚ ਹੀ ਹੈ। ਸਕੂਲ ਕਾਲਜ ਤੇ ਯੂਨੀਵਰਸਿਟੀਆਂ ਤੇ ਇਹਨਾਂ ਦੀ ਲੰਬੜਦਾਰੀ ਹੈ। ਸਾਡੇ ਸਿੱਖ ਲੇਖਕ (ਵਿਰਲਿਆਂ ਨੂੰ ਛੱਡਕੇ) ਬ੍ਰਾਹਮਣੀ ਸੋਚ ਮੁਤਾਬਕ ਸੋਚਦੇ ਹਨ। ਉਸੇ ਤਰਜਤੇ ਲਿਖਦੇ ਹਨ, ਗੁਰਬਾਣੀ ਨੂੰ ‘‘ਵੇਦਾਂ ਦਾ ਸਾਰ‘‘ ਗਰਦਾਨਦੇ ਹਨ। ਗੁਰਮਤਿ ਫਿਲਾਸਫੀ ਨੂੰ ਬ੍ਰਾਹਮਣੀ ਚੌਖਟੇ ਵਿਚ ਫਿੱਟ ਕਰਕੇ, ਵਿਦਵਤਾ ਵਿਖਾਉਂਦੇ ਹਨ। ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਨੂੰ ਬ੍ਰਾਹਮਣੀ ਪੌਰਾਣਕ ਰੰਗਣ ਵਿਚ ਲਿਖਕੇ, ਸਿੱਖਾਂ ਨੂੰ ਬ੍ਰਾਹਮਣ ਅੱਗੇ ਡੰਡੌਤ ਕਰਨ, ਲੰਮੇ ਪੈਣ ਲਈ ਆਖ ਰਹੇ ਹਨ। ਨਾਲ ਹੀ ‘‘ਖਾਲਸਾ ਪੰਥ ਨਿਆਰਾ ਹੈ‘‘ ਦਾ ਬੇਸੁਰਾ ਰਾਗ ਭੀ ਅਲਾਪ ਰਹੇ ਹਨ। ਆਪਣੇ ਘਰਾਂ ਵਿਚ ਗੁਰਦਵਾਰਿਆਂ ਵਿਚ, ਜਨਮ ਤੋਂ ਲੈ ਕੇ ਮਰਨ ਤਕ, ਦੇਸ਼ ਵਿਚ, ਵਿਦੇਸ਼ ਵਿਚ, ਸਾਰੇ ਬ੍ਰਾਹਮਣੀ ਕਰਮ ਕਰਦਿਆਂ, ਸਿੱਖਾਂ ਨੂੰ ਹਰ ਸਮੇਂ ਵੇਖਿਆ ਜਾ ਸਕਦਾ ਹੈ। ਡੀਂਗਾਂ ਖਾਲਸੇ ਹੋਣ ਤੇ ਖਾਲਿਸਤਾਨ ਬਣਾਉਣ ਦੀਆਂ ਮਾਰਨਗੇ। ਗੁਰੂ ਸਾਹਿਬਾਨ ਨੇ ਇਹੋ ਜਿਹਾ ਖਾਲਸਾ ਬਣਾਉਣ ਬਾਰੇ ਨਹੀਂ ਸੋਚਿਆ ਸੀ, ਜਿਹੋ ਜਿਹਾ ਮਿਲਗੋਭਾ, ਦਬੜੂ ਘੁਸੜੂ, ਵਹਿਮ ਭਰਮ ਵਿਚ ਗਰਕਿਆ, ਆਮ ਲੋਕਾਂ ਨੂੰ ਲੁੱਟਕੇ ਖਾਣ ਵਾਲਾ ਇਹ ਖਾਲਸਾ ਹੀ ਹੈ?
ਧਰਮ ਰਾਜ ਨੇ ਦੋ ਕੁੱਤੇ ਪਾਲੇ ਹੋਏ ਹਨ, ਜੋ ਕਿ ਹਰ ਮੁਰਦੇ ਪਿੱਛੇ ਦੌੜਦੇ ਹਨ, ਤਾਂ ਕਿ ਇਹ ਮੁਰਦਾ ਵਿਅਕਤੀ ਰਸਤੇ ਵਿਚ ਦੇਰ ਨਾ ਲਾ ਦੇਵੇ। ਕਿਸੇ ਹੋਰ ਪਾਸੇ ਹੀ ਨਾ ਦੌੜ ਜਾਵੇ। ਵਿਚਾਰੇ ਜਿਹੜੇ ਬੁੱਢੇ ਬੱਚੇ ਬਿਮਾਰ ਮਰ ਜਾਂਦੇ ਹਨ। ਜਿਨ੍ਹਾਂ ਨੇ ਜ਼ਿੰਦਗੀ ਭਰ ਬੁਰਾ ਕੰਮ ਭੀ ਕੋਈ ਨਹੀਂ ਕੀਤਾ, ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ, ਜਦੋਂ ਦੋ ਦੋ ਵੱਢਖਾਣੇ ਜ਼ਾਲਮ ਕੁੱਤੇ, ਮਗਰ ਨੱਸੇ ਆ ਰਹੇ ਹੋਣ? ਸ਼ਾਇਦ ਪੜੇ ਲਿਖੇ ਕੁੱਤੇ ਹਨ, ਉਹਨਾਂ ਨੂੰ ਬੇ ਕਸੂਰ ਵਿਅਕਤੀ ਕੋਈ ਚਿੱਠੀ ਵਗੈਰਾ ਵਿਖਾ ਦਿੰਦੇ ਹੋਣਗੇ? ਇਕ ਬੰਨੇ ਤਾਂ ਕੁੱਤੇ ਬੜੇ ਭਾਗਸ਼ਾਲੀ ਹਨ ਕਿ ਹਰ ਵਕਤ ਧਰਮਰਾਜ ਕੋਲ ਰਹਿ ਕੇ, ਸਵਰਗੀ ਪਦਾਰਥ ਛਕ ਕੇ, ਡਨਲੱਪ ਦੇ ਗੱਦਿਆਂ ਤੇ ਲੰਮੇ ਪੈ ਕੇ, ਐਸ਼ ਉਡਾਂਉਂਦੇ ਹਨ। ਇਨਸਾਨ ਵਿਚਾਰੇ ਇਥੇ ਧਰਤੀ ਤੇ ਭੀ, ਉਪਰ ਭੀ ਨਰਕ ਹੀ ਭੋਗ ਦੇ ਚਲੇ ਆ ਰਹੇ ਹਨ। ਵਾਹ ਮੇਰੇ ਧਰਮਰਾਜ ਉਰਫ ਯਮਰਾਜ ਜੀ ਵਾਹ। ਉਪਰ ਜਾਣ ਵਾਲੀ ਜਰਨੈਲੀ ਸੜਕ ਬੰਦੇ ਨੂੰ ਮਰਨ ਤੋਂ ਬਾਦ ਹੀ ਨਜਰ ਆਉਂਦੀ ਹੈ। ਇਸੇ ਧਰਤੀ ਤੇ ਅੱਖਾਂ ਹੁੰਦਿਆਂ ਸੁੰਦਿਆਂ ਭਾਵੇਂ ਕੋਈ ਜਿੰਦਗੀ ਭਰ ਠੋਕਰਾਂ ਖਾਂਦਾ ਫਿਰੇ। ਸਾਰੀ ਉਮਰ ਜਿੰਦਗੀ ਦਾ ਰਾਹ ਨਾ ਲੱਭੇ, ਧਰਮ ਰਾਜ ਦਾ ਰਾਹ ਜਰੂਰ ਲੱਭ ਜਾਂਦਾ ਹੈ। ਜੇ ਬਹਾਨਾ ਕਰੋਗੇ ਤਾਂ ਧਰਮ ਰਾਜ ਦੇ ਬੂਲੀ ਕੁੱਤੇ ਤਾਂ ਹੈਗੇ ਈ ਨਾ।
ਉਂਞ ਸ਼ੌਕ ਪਾਲਣ ਵਾਸਤੇ ਇੰਦਰ ਦੇਵਤੇ ਨੇ ਭੀ ਇਕ ਕੁੱਤੀ ਪਾਲੀ ਹੋਈ ਹੈ। ਬੜਾ ਪਿਆਰਾ ਨਾਮ ਹੈ ਉਸਦਾ ‘‘ਸ਼ਰਮਾ‘‘। ਇਹ ਇੰਦਰ ਭਗਵਾਨ ਜੀ ਦੇ ਨਾਲ ਹੀ ਇੰਦਰਪੁਰੀ ਦਾ ਅਨੰਦ ਮਾਣਦੀ ਹੈ। ਜਿਹੜੇ ਦੋ ਕੁੱਤੇ ਧਰਮਰਾਜ ਨੇ ਰੱਖੇ ਹੋਏ ਹਨ, ਉਹਨਾਂ ਦੇ ਨਾਮ ਭੀ ‘‘ਸ਼ਰਮੇ ਜਾਂ ਸ਼ਰਮਾ‘‘ ਹਨ। ਇੰਦਰ ਵਾਲੀ ਇਹ ਕੁੱਤੀ, ਉਹਨਾਂ ਦੋਵਾਂ ਦੀ ਮਾਂ ਹੈ। ਕੁੱਤੇ ਨੁੰ ‘‘ਸ਼ਰਮਾ ਪਤੀ‘‘ ਭੀ ਕਹਿੰਦੇ ਹਨ, ਭਾਵ ਕੁੱਤੀ ਦਾ ਪਤੀ ਕੁੱਤਾ। ਜੇ ਤਾਂ ਹਰ ਕੁੱਤੇ ਨੂੰ ਸ਼ਰਮਾ ਕਹਿਣਾ ਹੋਵੇ ਤਾਂ ਠੀਕ ਹੈ, ਵਰਨਾ ਕੋਸ਼ਿਸ਼ ਕਰਨ ਦੇ ਬਾਵਜੂਦ ਭੀ ਕਿਤੋਂ ਇਸ ਕੁੱਤੀ (ਸ਼ਰਮਾ ਦੇਵੀ) ਦਾ ਪਤੀ ਨਹੀਂ ਲੱਭਿਆ ਕੌਣ ਸੀ? (ਸ਼ਰਮਾ ਬਾਰੇ ਮ: ਕੋਸ਼ ਪੰਨਾ - 168)
ਇਸ ਵਿਸ਼ੇ ਬਾਰੇ ਗੁਰਬਾਣੀ-
ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ।।
ਦੂਜੈ ਭਾਇ ਦੁਸ਼ਟੁ ਆਤਮਾ ਓਹ ਤੇਰੀ ਸਰਕਾਰ।।
ਅਧਿਅਤਮੀ ਹਰਿ ਗੁਣ ਤਾਸ ਮਨਿ ਜਪਹਿ ਏਕੁ ਮੁਰਾਰਿ।।
ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸੰਵਾਰਣ ਹਾਰੁ।। (38)

ਹੇ ਭਾਈ ! ਧਰਮ ਦਾ ਕੀ ਅਰਥ ਹੈ, ਸੱਚੇ ਮਾਰਗ ਤੇ ਚੱਲਣਾ। ਜੇ ਤੂੰ ਧਰਤੀ ਦਾ ਬਾਦਸ਼ਾਹ ਬਣਨਾ ਲੋੜਦਾ ਹੈ ਤਾਂ ਸੱਚ ਦੇ ਰਾਹ ਤੇ ਜਿੰਦਗੀ ਟੋਰ। ਵਿਚਾਰ ਕਰਕੇ ਵੇਖ, ਕਿ ਮੇਰਾ ਜੀਵਨ ਸੱਚ ਤੇ ਅਧਾਰਤ ਹੈ? ਜੋ ਬੁਰੇ ਕੰਮ ਕਰਨ ਵਾਲੇ ਦੁਸ਼ਟ ਲੋਕ ਹਨ, ਉਹ ਧਰਮਰਾਜ ਦੀਆਂ ਬਹੁਤੀਆਂ ਗੱਲਾਂ ਕਰਦੇ ਹਨ। ਅੰਦਰੋਂ ਡਰਦੇ ਭੀ ਬਹੁਤ ਹਨ, ਬੁਰੇ ਕੰਮ ਜੋ ਕੀਤੇ ਹੁੰਦੇ ਹਨ। ਅਜਿਹੇ ਪਾਪੀ ਲੋਕਾਂ ਨੂੰ ਕਰਾਰੀ ਸਜ਼ਾ ਦੇਣ ਵਾਸਤੇ ਤੇਰੀ ਸਰਕਾਰ ਕੰਮ ਕਰਦੀ ਹੈ। ਭਲੇ ਪੁਰਖਾਂ ਨੂੰ ਕਾਹਦਾ ਡਰ, ਕਾਹਦੀ ਪ੍ਰੇਸ਼ਾਨੀ? ਨੇਕ ਇਨਸਾਨ ਗੁਣਾ ਨਾਲ ਭਰਪੂਰ ਹਨ, ਇੱਕੋ ਨਿਰੰਕਾਰ ਤੇ ਭਰੋਸਾ ਰੱਖਦੇ ਹਨ। ਧਰਮਰਾਜ ਵਿਚਾਰਾ ਗੁਰਮੁਖਾਂ ਦੀ ਸੇਵਾ ਵਿਚ ਹਾਜਰ ਹੋ ਜਾਂਦਾ ਹੈ। ਆਕੇ ਪੁੱਛਦਾ ਹੈ ਕੋਈ ਕੰਮ ਹੈ ਵੀਰੋ ਮੇਰੇ ਗੋਚਰਾ ਕਰਨ ਵਾਲਾ? ਕੋਟਾਨ ਕੋਟ ਧੰਨਵਾਦ ਵਾਹਿਗੁਰੂ ਦਾ ਜਿਨਾਂ ਨੇ ਸਾਨੂੰ ਇਹ ਮੱਤ ਦੇ ਦਿੱਤੀ, ਗੁਰੂ ਮਿਲਾ ਦਿੱਤਾ।
ਕਲਿਜੁਗੁ ਉਧਾਰਿਆ ਗੁਰਦੇਵ।। ਮਲ ਮੂਤ ਮੂੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ ਸਵੇ।। ਰਹਾਉ।।
ਤੂ ਆਪਿ ਕਰਤਾ, ਸਭ ਸ੍ਰਿਸਟਿ ਧਰਤਾ, ਸਭ ਮਹਿ ਰਹਿਆ ਸਮਾਇ।।
ਧਰਮਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ।। (406)

ਹੇ ਭਾਈ ! ਲੋਕੀ ਕਹਿੰਦੇ ਸਨ ਕਲਜੁਗ ਬਹੁਤ ਬੁਰਾ ਹੈ, ਗੁਰੂ ਨਾਨਕ ਸਾਹਿਬ ਜੀ ਨੇ, ਸ਼ੁੱਭ ਮੱਤ ਦੇ ਕੇ, ਕਲਜੁਗੀ ਜੀਵਾਂ ਦਾ ਕਲਿਆਣ ਹੀ ਕਰ ਦਿਤਾ। ਵਿਕਾਰਾਂ ਦੀ ਮੈਲ ਨਾਲ ਭਰੇ ਗੰਦੇ ਕੰਮ ਕਰਨ ਵਾਲੇ, ਅਣਪੜ੍ਹ ਮੂਰਖ ਜਾਹਲ, ਗੁਰੂ ਦੀ ਮੱਤ ਲੈ ਕੇ, ਨਿਰੰਕਾਰ ਦੇ ਸੇਵਕ ਬਣ ਗਏ। ਹੇ ਵਾਹਿਗੁਰੂ ਤੂੰ ਮਹਾਨ ਹੈ; ਤੂੰ ਜ਼ੱਰੇ ਜ਼ੱਰੇ ਵਿਚ ਸਾਰੀ ਕਾਇਨਾਤ ਵਿਚ, ਬਿਰਾਜਮਾਨ ਹੈ, ਤੂੰ ਹੀ ਸਾਰੀ ਸ੍ਰਿਸਟੀ ਬਣਾਈ ਹੈ। ਤੇਰੇ ਸੇਵਕਾਂ ਦੀ ਸੋਭਾ ਸੁਣਕੇ ਪਰਉਪਕਾਰ ਵੇਖਕੇ, ਧਰਮਰਾਜ ਭੀ ਹੈਰਾਨ ਹੋ ਗਿਆ। ਉਹ ਭੀ ਮਜਬੂਰ ਹੋ ਗਿਆ ਕਿ ਗੁਰੂ ਮਹਾਨ ਹੈ ਉਸਨੇ ਭੀ ਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ।
ਇਹ ਕਾਰਜਿ ਤੇਰੇ ਜਾਹਿ ਬਿਕਾਰ।। ਸਿਮਰਤ ਰਾਮ ਨਾਹੀ ਜਮ ਮਾਰ।।
ਧਰਮ ਰਾਇ ਕੇ ਦੂਤ ਨ ਜੋਹੈ।। ਮਾਇਆ ਮਗਨ ਨ ਕਛੂਐ ਮੋਹੈ।। (185)

ਹੇ ਭਾਈ ਗੁਰਸਿੱਖਾ ! ਲਾਲਚ ਅਤੇ ਡਰ ਵਿਚ ਤੂੰ ਜੋ ਕੰਮ ਕਰਦਾ ਹੈ (ਜਪ ਦਾਨ ਆਦਿ) ਇਹ ਸਾਰੇ ਤਾਂ ਬੇਕਾਰ ਚਲੇ ਗਏ। ਹਰੀ ਨਾਮ ਸਿਮਰ ਤਾਂ ਹੀ ਜਮਾਂ (ਵਿਕਾਰਾਂ) ਦੀ ਬੁਰੀ ਮਾਰ ਤੋਂ ਬਚ ਸਕੇਂਗਾ। ਨਿਰੰਕਾਰ ਨਾਲ ਜੁੜਿਆਂ ਧਰਮਰਾਜ ਦੇ ਦੂਤ ਆਦਿਕ ਕੁੱਝ ਨਹੀਂ ਵਿਗਾੜ ਸਕਦੇ। ਜੇ ਤੂੰ ਮਾਇਆ ਵੇਹੜਿਆ ਬੁਰੇ ਕੰਮ ਕਰਦਾ ਰਿਹਾ, ਫਿਰ ਸਮਝ ਲੈ, ਇਹ ਵਿਕਾਰ ਹੀ ਤੇਰੇ ਲਈ ਜਮਦੂਤ ਹਨ।
ਸੰਤਨ ਮੋਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ।।
ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ।। (614)

ਹੇ ਭਾਈ ! ਮੈਨੂੰ ਸਤਿਗੁਰੂ ਨੇ ਨਾਮ ਦੀ ਦਾਤ ਬਖਸ਼ ਦਿੱਤੀ। ਸ਼ੁੱਭ ਸਿੱਖਿਆ ਨਾਲ ਮੇਰੇ ਮਨ ਤੋਂ ਸਾਰੇ ਡਰ ਦੂਰ ਹੋ ਗਏ। ਹੁਣ ਧਰਮਰਾਜ ਸਾਡਾ ਕੀ ਵਿਗਾੜ ਸਕਦਾ ਹੈ? ਅਸੀਂ ਉਸਦੇ ਸਾਰੇ ਹਿਸਾਬ ਵਾਲੇ ਕਾਗਜ ਹੀ ਪਾੜ ਦਿੱਤੇ। ਹਿਸਾਬ ਹੀ ਬਾਕੀ ਨਹੀਂ ਰਿਹਾ।
ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ।।
ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ।।
ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮ ਹੈ ਏਕੋ।।
ਕਹੁ ਕਬੀਰ ਮੈ ਸੋ ਗੁਰੂ ਪਾਇਆ ਜਾ ਕਾ ਨਾਉ ਬਿਬੇਕੋ।। (793)

ਹੇ ਭਾਈ ! ਮੈਂ ਆਪਣੇ ਸਰੀਰ ਦੇ ਦਫਤਰ ਖਾਨਿਆਂ ਵਿਚ ਇੱਕ ਨਿਰੰਕਾਰ ਨੂੰ ਪਾਲਿਆ ਹੈ। ਮੇਰੇ ਰਗ ਰੇਸ਼ੇ ਵਿਚ ਉਸੇ ਦਾ ਨਾਮ ਹੈ। ਜਦੋਂ ਧਰਮਰਾਜ ਦੇ ਦਫਤਰ ਦੀ ਪੜਤਾਲ ਕੀਤੀ ਗਈ ਤਾਂ ਸਾਡੇ ਵੱਲ ਰਾਈ ਮਾਤਰ ਬਕਾਇਆ ਨਹੀਂ ਨਿਕਲਿਆ। ਰੱਬ ਦੇ ਪਿਆਰੇ (ਕਬੀਰ ਵਰਗੇ) ਨੂੰ ਨਾਂਹ ਨਿੰਦੋ। ਉਹ ਕੋਈ ਅਖੌਤੀ ਧਰਮ ਕਰਮ ਨਹੀਂ ਕਰਿਆ ਕਰਦੇ, ਕਿਉਂਕਿ ਰੱਬ ਵਿਚ ਤੇ ਭਗਤਾਂ ਵਿਚ ਕੋਈ ਅੰਤਰ ਨਹੀਂ ਹੈ। ਕਬੀਰ ਆਖਦਾ ਹੈ, ਮੈਂ ਬ੍ਰਾਹਮਣ ਨੂੰ ਤਿਆਗ ਦਿੱਤਾ ਹੈ।
ਸਿਮਰਤ ਨਾਮੁ ਕਿਲਬਿਖ ਸਭਿ ਕਾਟੇ।। ਧਰਮ ਰਾਇ ਕੇ ਕਾਗਰ ਫਾਟੇ।।
ਸਾਧ ਸੰਗਤਿ ਮਿਲਿ ਹਰਿ ਰਸੁ ਪਾਇਆ।। ਪਰਬ੍ਰਹਮੁ ਰਿਦ ਮਾਹਿ ਸਮਾਇਆ।। (1348)

ਹੇ ਗੁਰਸਿੱਖੋ ! ਵਾਹਿਗੁਰੂ ਜੀ ਦੀ ਪਵਿੱਤਰ ਯਾਦ ਦੁਆਰਾ ਸਾਰੇ ਔਗਣ ਨੱਸ ਜਾਂਦੇ ਹਨ। ਜਦੋਂ ਮਨੁੱਖ ਬੁਰਾ ਕੰਮ ਹੀ ਨਹੀਂ ਕਰੇਗਾ, ਡਰ ਕਾਹਦਾ? ਸਮਝੋ ਉਸਨੇ ਧਰਮਰਾਜ ਦੇ ਸਾਰੇ ਕਾਗਜ਼ ਬਹੀ ਖਾਤੇ ਪਾੜ ਦਿੱਤੇ। ਉਸਦਾ ਉਥੇ ਨਾਮ ਹੀ ਨਹੀਂ ਹੈ। ਸਾਧ ਸੰਗਤ ਰਾਹੀਂ ਗੁਰੂ ਦੀ ਮੱਤ ਲੈ ਕੇ, ਹਰੀਜਸ ਗਾਇਆ। ਪਾਰਬ੍ਰਹਮ ਨਿਰੰਕਾਰ ਹਿਰਦੇ ਵਿਚ ਹੀ ਦਿਸ ਪਿਆ। ਅਸਲ ਵਿਚ ਧਰਮ ਇੱਕ ਰੱਬੀ ਕਾਨੂੰਨ ਹੈ, ਨਿਯਮ ਹੈ, ਜਿਸ ਦੇ ਤਹਿਤ ਸਾਰੀ ਕਾਇਨਾਤ ਚੱਲ ਰਹੀ ਹੈ। ਮਨੁੱਖੀ ਸਰੀਰ ਇੱਕ ਬੱਝਵੇਂ ਸਿਸਟਮ ਵਿਚ ਚੱਲਦਾ ਹੈ, ਇਸ ਨਿਯਮ ਦਾ ਨਾਮ ਹੀ ਧਰਮ ਹੈ। ਜਦੋਂ ਲੋਕੀ ਇੱਕ ਨਿਯਮ ਨੂੰ ਆਪਣਾ ਲੈਦੇ ਹਨ ਉਹ ਧਰਮ ਬਣ ਜਾਂਦਾ ਹੈ। ਪੁਰਾਣੇ ਸਮੇਂ ਵਿਚ ਧਰਤੀ ਹੇਠਾਂ ਇੱਕ ਬਲਦ ਦੀ ਕਲਪਣਾ ਕੀਤੀ ਗਈ, ਜਿਸਨੇ ਧਰਤੀ ਨੂੰ ਚੁੱਕਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਪਸ਼ੱਟ ਸਮਝਾਇਆ, ਕਿ ਭਾਈ ਧਰਤੀ ਬਲਦ ਨੇ ਨਹੀਂ ਚੁੱਕੀ ਹੋਈ। ਸਗੋਂ ਵਾਹਿਗੁਰੂ ਦੇ ਬਣਾਏ ਧਰਮ ਕਾਨੂੰਨ ਮੁਤਾਬਕ ਟਿਕੀ ਹੋਈ ਹੈ। ਪੜ੍ਹੋ ਪਾਵਨ ਬਚਨ -
ਧੌਲੁ ਧਰਮੁ ਦਇਆ ਕਾ ਪੂਤੁ।। ਸੰਤੋਖੁ ਥਾਪਿ ਰਖਿਆ ਜਿਨਿ ਸੂਤਿ।।
ਜੋ ਕੋ ਬੁਝੈ ਹੋਵੈ ਸਚਿਆਰੁ।। ਧਵਲੈ ਉਪਰਿ ਕੇਤਾ ਭਾਰੁ।।
ਧਰਤੀ ਹੋਰੁ ਪਰੈ ਹੋਰੁ ਹੋਰੁ।। ਤਿਸ ਤੇ ਭਾਰੁ ਤਲੈ ਕਵਣੁ ਜੋਰੁ।। (3)

ਅਖੀਰ ਵਿਚ ਯਾਦ ਰੱਖ ਲਈਏ ਕਿ ਧਰਮ ਜਾਂ ਉਸਦਾ ਰਾਜ ਉੱਪਰ ਕਿਤੇ ਨਹੀਂ ਹੈ। ਇਥੇ ਹੀ ਇਸੇ ਧਰਤੀ ਤੇ ‘‘ਹਲੇਮੀ ਰਾਜ, ਜਾਂ ਬੇਗਮ ਪੁਰਾ‘‘ ਸਿਰਜਣਾ ਹੈ। ਜੇ ਉਪਰਲੇ ਸਵਰਗ ਦੀ ਕੂੜੀ ਆਸ ਲਾਈ ਬੈਠੇ ਰਹੇ ਤਾਂ ਇਸ ਧਰਤੀ ਤੇ ਕਦੀ ‘‘ਧਰਮ ਦਾ ਰਾਜ‘‘ ਨਹੀਂ ਬਣ ਸਕੇਗਾ। ਇੱਥੇ ਲੁਟੇਰੇ ਲੁੱਟਾਂ, ਰਿਸ਼ਵਤਾਂ, ਚਲਾਕੀਆਂ, ਨਾਲ ਕਮਜ਼ੋਰਾਂ ਲਈ ਨਰਕ ਬਣਾ ਰਹੇ ਹਨ। ਖੁਦ ਇਥੇ ਹੀ ਸਾਰੀਆਂ ਸੁਖ ਸਹੂਲਤਾਂ ਨਾਲ ਸੁਖੀ ਜੀਵਨ ਬਤੀਤ ਕਰ ਰਹੇ ਹਨ। ਕਿਉਂਕਿ ਉਹ ਜਾਣਦੇ ਨੇ ਕਿ ਇਹਨਾਂ ਅਣਜਾਣਾ ਨੂੰ, ਝੂਠੇ ਲਾਰੇ ਲਾਈ ਰੱਖੋ। ਉਲਝਾਈ ਰੱਖੋ, ਅਪਣਾ ‘‘ਧਰਮ‘‘ ਕਮਾਈ ਚੱਲੋ। ਗੁਰੂ ਨਾਨਕ ਸਾਹਿਬ ਜੀ ਧਰਤੀ ਨੂੰ ਹੀ ਧਰਮਸਾਲ ਬਣਾਣਾ ਲੋਚਦੇ ਹਨ। ਇਥੋਂ ਸਭ ਬੁਰਾਈਆਂ ਮਿਟਾ ਕੇ, ਨੇਕੀ ਦੇ ਰਾਹ ਟੋਰਕੇ। ਪੜ੍ਹੋ -
ਰਾਤੀ ਰੁਤੀ ਥਿਤੀ ਵਾਰ।। ਪਵਣ ਪਾਣੀ ਅਗਨੀ ਪਾਤਾਲ।।
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ।। (ਜਪੁ - 7)
ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ।।
ਜਿਨਿ ਜੁਆਲਾ ਜਗੁ ਜਾਗਿਆ ਸੁ ਜਨਕੈ ਉਦਕ ਸਮਾਨ।। (1373)

ਗੁਰਮਤ ਵਿਚ ਧਰਮ ਰਾਜ, ਜਮ ਰਾਜ, ਚਿਤਰ ਗੁਪਤ, ਜਾਂ ਜਮਦੂਤਾਂ ਦੀ ਕੋਈ ਮਾਨਤਾ ਨਹੀਂ ਹੈ। ਹਿੰਦੂ ਪੌਰਾਣਕ ਗਰੰਥਾਂ ਵਿਚੋਂ ਸਮਝਾਉਣ ਲਈ ਕੇਵਲ ਹਵਾਲੇ ਹਨ ਉਦਾਹਰਣਾਂ ਹਨ। ਇਸ ਤੋਂ ਵੱਧ ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਜਿਹੜਾ ਲੇਖਕ ਜਾਂ ਪਰਚਾਰਕ ਸਿੱਖਾਂ ਨੂੰ ਇਹਨਾਂ ਅਣਹੋਏ ਤੇ ਅਣਜੰਮਿਆਂ ਦੇ ਪਿੱਛੇ ਲਾਉਂਦਾ ਹੈ ਜਾਂ ਤਾਂ ਉਹ ਕੋਈ ਸਾਜਿਸ਼ੀ ਬੰਦਾ ਹੈ ਜਾਂ ਮੂਰਖ ਹੈ। ਇਸ ਦਾ ਸਪੱਸ਼ਟ ਮਤਲਬ ਹੈ ਕਿ ਗੁਰਬਾਣੀ ਤੋਂ ਸੱਖਣਾ ਹੈ ਉਹ ਮਨੁਖ। ਸਤਿਗੁਰੂ ਰਹਿਮਤ ਕਰੇ, ਸਾਰਿਆ ਨੂੰ ਗੁਰਬਾਣੀ ਦਾ ਉੱਤਮ ਗਿਆਨ ਬਖਸ਼ ਦੇਵੇ। ਧਰਮ ਰਾਜ ਤਾਂ ਵਿਚਾਰਾ ਖੁਦ ਹੀ ਰੋਗੀ ਹੈ, ਪਿਤਾ ਦੇ ਸਰਾਪ ਕਾਰਨ ਉਸ ਦੇ ਪੈਰ ਵਿਚ ਕੀੜੇ ਪਏ ਹੋਏ ਹਨ। ਜਿਹੜਾ ਆਪਣੀ ਹੀ ਕਿਸਮਤ ਦਾ ਮਾਰਿਆ ਹੋਇਆ ਹੈ ਉਹ ਲੋਕਾਂ ਦੇ ਕੀ ਫੈਸਲੇ ਕਰੇਗਾ?




.