.

ਗੁਰਬਾਣੀ ‘ਚ ਸੇਵਾ ਦਾ ਸੰਕਲਪ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਗੁਰੂ ਸਾਹਿਬਾਨ ਦੇ 239 ਵਰ੍ਹਿਆਂ ਦੀ ਦੇਣ, ਪ੍ਰਚਾਰ ਦੌਰੇ, ਜੰਗ-ਜੁਧ ਗੁਰਬਾਣੀ ਰਾਹੀਂ ਪ੍ਰਗਟ ਮਨੁੱਖ ਮਾਤ੍ਰ ਦੀ ਸੇਵਾ ਦੇ ਸੰਕਲਪ ਦਾ ਹੀ ਪ੍ਰਗਟਾਵਾ ਜਾਂ ਦੂਜੇ ਲਫ਼ਜ਼ਾਂ ‘ਚ ਮਾਨਵੀ ਸਮਸਿਆਵਾਂ ਦੇ ਹਲ ਵਾਸਤੇ ਹੀ ਸਨ, ਨਾ ਕਿ ਸਿੱਖ ਧਰਮ ਦੀਆਂ ਸਮਸਿਆਵਾਂ ਦਾ ਹਲ। ਸਿੱਖ ਧਰਮ ਤਾਂ ਮਨੁੱਖਾ ਜੀਵਨ ਦੀ ਸੰਭਾਲ ਲਈ ਇਕ ਸਦੀਵੀ ਲਹਿਰ ਸੀ ਤੇ ਉਸਦਾ ਨਤੀਜਾ ਸੀ ਕਿ ਲੋਕਾਈ ਆਪ ਮੁਹਾਰੇ ਵਾਹੋ-ਦਾਹੀ ਸਿੱਖ ਸਜਦੀ ਗਈ। ਸਿੱਖ ਦਾ ਇਕੋ ਹੀ ਮਤਲਬ ਹੈ-ਗੁਰਬਾਣੀ ਸਿਖਿਆ ਨੂੰ ਜੀਵਨ ਅਰਪਣ ਕਰਨ ਵਾਲਾ। ਜਿਹੜਾ ਇਨਸਾਨ ਗੁਰੂ ਦੇ ਨਿਰਮਲ ਭਉ ‘ਚ ਆ ਕੇ ਅਪਣਾ ਜੀਵਨ ਗੁਰੂ ਦੀ ਸਿਖਿਆ ਨੂੰ ਅਰਪਣ ਕਰ ਦੇਂਦਾ ਹੈ ਤਾਂ ਉਸ ਲਈ ‘ਗੁਰਬਾਣੀ ਅਨੁਸਾਰ ਸੇਵਾ ਦਾ ਸੰਕਲਪ’ ਅੱਡ ਨਹੀਂ ਰਹਿ ਜਾਂਦਾ ਜਿਵੇਂ ਕਿ ਅਜ ਹੋਇਆ ਪਿਆ ਹੈ। ਅਜੌਕੇ ਸਿੱਖ ਦਾ ਜੀਵਨ ਹੋਰ ਹੈ ‘ਤੇ ‘ਗੁਰਬਾਣੀ ਅਨੁਸਾਰ ਸੇਵਾ ਦਾ ਸੰਕਲਪ’ ਹੋਰ।

ਸਾਡੀਆਂ ਅਜੋਕੀਆਂ ਪੰਥਕ ਸੇਵਾਵਾਂ-ਮੂਲ ਰੂਪ ‘ਚ ਸਿੱਖ ਧਰਮ ਦੀ ਬੁਨਿਆਦ ਹੀ ‘ਸੇਵਾ’ ਹੈ। ਇਸਦੇ ਬਾਵਜੂਦ ਅਜ ਕਿਨਿਆਂ ਨੂੰ ਪਤਾ ਹੈ ਕਿ ਸਿੱਖ ਧਰਮ ਅਥਵਾ ਗੁਰਬਾਣੀ ਅਨੁਸਾਰ ਸੇਵਾ ਦਾ ਸੰਕਲਪ ਕੀ ਹੈ? ਯਕੀਣ ਕਰਕੇ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਅਨੁਸਾਰ ‘ਸੇਵਾ’ ਦਾ ਮਤਲਬ ਉਹ ਨਹੀਂ, ਜਿਹੜਾ ਅਜ ਸਿੱਖ ਮਾਨਸ ‘ਚ ਬਹੁਤਾ ਕਰਕੇ ਲਿਆ ਜਾ ਰਿਹਾ ਹੈ। ਬੜੀ ਇਮਾਨਦਾਰੀ ਤੇ ਗੁਰੂ ਦੇ ਨਿਰਮਲ ਭਉ ‘ਚ ਆ ਕੇ ਜੇਕਰ ਸਾਡੀਆਂ ਚਲ ਰਹੀਆਂ ਬਹੁਤੀਆਂ ਸੇਵਾਵਾਂ ਨੂੰ ਘੋਖਿਆ ਜਾਵੇ ਤਾਂ ਸਪਸ਼ਟ ਹੁੰਦੇ ਦੇਰ ਨਹੀਂ ਲਗੇਗੀ ਕਿ ਇਨ੍ਹਾਂ ਚੋਂ ਬਹੁਤੀਆਂ ਤਾਂ ਗੁਰਬਾਣੀ ਅਨੁਸਾਰ ਸੇਵਾਵਾਂ ਹੀ ਨਹੀਂ ਹਨ। ਇਸਦੇ ਉਲਟ, ਸਾਡੀਆਂ ਅਜ ਦੀਆਂ ਸੇਵਾਵਾਂ ਬਹੁਤਾ ਕਰਕੇ ਸਾਡੀ ਮਨਮੱਤ, ਹੂੜਮੱਤ ਜਾਂ ਭੇਡਚਾਲ ਹੀ ਹਨ, ਇਸ ਤੋਂ ਵਧ ਕੁਝ ਨਹੀਂ। ਅਜੇਹੀਆਂ ਸੇਵਾਵਾਂ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ"ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ"(ਪੰ:28) ਬਲਕਿ ਜੇਕਰ ਥੌੜਾ ਹੋਰ ਗਹਿਰਾਈ ‘ਚ ਜਾਵੋਗੇ ਤਾਂ ਬਹੁਤੀਆਂ ਹੋ ਰਹੀਆਂ ਸੇਵਾਵਾਂ ਉਪਰ ਗੁਰਬਾਣੀ ਦਾ ਇਹ ਫ਼ੈਸਲਾ ਲਾਗੂ ਹੁੰਦਾ ਮਿਲੇਗਾ"ਵਿਚਿ ਹਉਮੈ ਸੇਵਾ ਥਾਇ ਨ ਪਾਏ ਜਨਮਿ ਮਰੈ ਫਿਰਿ ਆਵੈ ਜਾਏ" (ਪੰ:1071) ਕਿਉਂਕਿ ਗੁਰੂ ਦਰ ਤੇ ਸੇਵਾ ਕੇਵਲ ਉਹੀ ਪ੍ਰਵਾਨ ਜੋ ਬੜੀ ਅਧੀਨਗੀ ਨਾਲ ਗੁਰੂ ਦੀ ਸਿਖਿਆ ‘ਚ ਰਹਿਕੇ ਕੀਤੀ ਹੌਵੇ। ਫ਼ੁਰਮਾਨ ਹੈ"ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ" (ਪੰ:28) ਖੂਬੀ ਇਹ, ਜੇਕਰ ਅਜੌਕੀਆਂ ਸੇਵਾਵਾਂ ਨੂੰ ਘੋਖਿਆ ਜਾਵੇ ਤਾਂ ਇਨ੍ਹਾਂ ਸੇਵਾਵਾਂ ਵਿਚੋਂ ਮੂਲ ਵਿਸ਼ਾ ਹੀ ਅਲੋਪ ਹੋਇਆ ਪਿਆ ਹੈ।

ਸੇਵਾ ਦਾ ਪ੍ਰਕਰਣ?- ਪਹਿਲੀ ਗਲ ਤਾਂ ਇਹ ਸਮਝਣ ਦੀ ਹੈ ਕਿ ਸੇਵਾ ਦਾ ਪ੍ਰਕਰਣ ਹੈ ਕੀ? ਦਰਅਸਲ ਸੇਵਾ ਦੀ ਭਾਵਨਾ ਸੁਭਾਅ ਚੋਂ ਪੈਦਾ ਹੋਵੇ ਜਾਂ ਬਾਹਰੋ, ਇਸਦੀ ਪਕੜ ਸਾਡੇ ਮਨ ਤੋਂ ਹੀ ਹੁੁੰਦੀ ਹੈ। ਜਿਹੋ ਜਹੇ ਵਾਤਾਵਰਣ ‘ਚ ਸਾਡੇ ਮਨ ਦੀ ਤਿਆਰੀ ਜਾਂ ਬਨਾਵਟ ਹੋਵੇਗੀ ਉਹੋ ਜਹੀ ਸੇਵਾ ਦਾ ਹੀ ਸਾਡੇ ਜੀਵਨ ਵਿਚੋਂ ਪ੍ਰਗਟਾਵਾ ਹੋਵੇਗਾ। ਮੂਲ ਰੂਪ ‘ਚ ਸਾਡੇ ਮਨ ਦੀ ਅਪਣੀ ਕੋਈ ਹੋਂਦ ਹੈ ਹੀ ਨਹੀਂ, ਗੁਰਬਾਣੀ ਅਨੁਸਾਰ"ਜੇਹਾ ਵੇਖਹਿ ਤੇਹਾ ਵੇਖੁ" (ਪੰ:466) ਭਾਵ ਜਿਹੋ ਜਹੇ ਵਾਤਾਵਰਣ ਜਾਂ ਵਿਚਾਰਧਾਰਾ ‘ਚ ਅਸੀਂ ਵਿਚਰਦੇ ਹਾਂ ਉਹੋ ਜਹੇ ਹੀ ਸਾਡੇ ਸੰਸਕਾਰ ਬਣਦੇ ਹਨ ਅਤੇ ਉਹੋ ਜਹੀ ਸਾਡੇ ਮਨ ਦੀ ਬਨਾਵਟ ਹੁੰਦੀ ਹੈ।

‘ਪ੍ਰਤਖ ਨੂੰ ਪ੍ਰਮਾਣ ਕੀ’, ਗੁਰੂ ਕੀਆਂ ਸੰਗਤਾਂ ਵਿਚਕਾਰ ਅਜ ਗੁਰਬਾਣੀ ਸੋਝੀ ਦੀ ਘਾਟ ਕਾਰਨ ਸਾਡੇ ਆਸ ਪਾਸ ਬਰਸਾਤੀ ਖੁੰਬਾਂ ਦੀ ਤਰ੍ਹਾਂ ਕਿਨੇ ਹੀ ਗੁਰੂਡੰਮਾਂ ਤੇ ਡੇਰਿਆਂ ਦਾ ਜਾਲ ਵਿਛਿਆ ਪਿਆ ਹੈ। ਨੇੜੇ ਜਾਕੇ ਦੇਖੋ! ਉਥੇ ਸਾਰੇ ਉਨ੍ਹਾਂ ਦੇ ਏਜੰਟ ਨਹੀਂ ਹੁੰਦੇ ਬਲਕਿ ਹਜ਼ਾਰਾਂ ਦੀ ਗਿਣਤੀ ‘ਚ ਗੁਰੂ ਕੇ ਲਾਲ, ਵੀਰ ਤੇ ਬੀਬੀਆਂ, ਇਸ ਭਾਵਨਾ ਨਾਲ ਦਿਨ ਰਾਤ ਇਕ ਕਰ ਰਹੇ ਹੁੰਦੇ ਹਨ ਕਿ ‘ਸੇਵਾ ਕਰ ਰਹੇ ਹਨ’। ਗਹਿਰਾਈ ‘ਚ ਜਾਵੋਂ ਤਾਂ ਉਹ ਲੁਟੇ-ਪੁਟੇ ਹੁੰਦੇ ਹਨ ਪਰ ਬਹੁਤਾ ਕਸੂਰ ਉਨ੍ਹਾਂ ਦਾ ਵੀ ਨਹੀਂ ਹੁੰਦਾ। ਗੁਰਬਾਣੀ ਗਿਆਨ ਦੀ ਘਾਟ ਕਾਰਣ, ਉਨ੍ਹਾਂ ਅੰਦਰ ਜੋ ਸੇਵਾ ਦਾ ਸੰਕਲਪ ਜਾਂ ਪ੍ਰਕਰਣ ਤਿਆਰ ਹੁੰਦਾ ਜਾਂਦਾ ਹੈ, ਉਹ ਵਿਚਾਰੇ ਤਾਂ ਬੜੀ ਨੇਕ-ਨੀਯਤੀ ਨਾਲ ਉਸ ਅਨੁਸਾਰ ਸੇਵਾ ਹੀ ਕਰ ਰਹੇ ਹੁੰਦੇ ਹਨ।

"ਜਿਤੁ ਸਤਿਗੁਰ ਕਾ ਮਨੁ ਮੰਨੇ"- ਇਸਦੇ ਉਲਟ, "ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ" (ਪੰ:292) ਭਾਵ ਗੁਰੂਦਰ ਤੇ ਸੇਵਾ ਉਹੀ ਪ੍ਰਵਾਨ ਹੈ ਜਿਸਦਾ ਸੰਕਲਪ ਗੁਰਬਾਣੀ ਦੀ ਸੇਧ-ਸਿਖਿਆ ‘ਚ ਤਿਆਰ ਹੋਇਆ ਹੋਵੇ। ਗੁਰਬਾਣੀ ਦਾ ਇਸ ਬਾਰੇ ਦੋ ਟੁਕ ਫ਼ੈਸਲਾ ਹੈ "ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥ ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥ ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ" (ਪੰ:314)। ਇਸ ਬਾਰੇ ਕਬੀਰ ਸਾਹਿਬ ਤਾਂ ਇਥੋਂ ਤੀਕ ਫ਼ੁਰਮਾਂਦੇ ਹਨ "ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ" (ਪੰ:336) ਭਾਵ ਸੇਵਾ ਕੇਵਲ ਉਹੀ ਹੈ ਜੋ ਹਰੀ-ਪ੍ਰਮਾਤਮਾ ਦੀ ਹੌਵੇ ਭਾਵ ਗੁਰਬਾਣੀ ਦੇ ਸੰਕਲਪ ਅਨੁਸਾਰ ਹੋਵੇ। ਪ੍ਰਕਰਣ ਅਨੁਸਾਰ, ਅਸਲ ਗਲ ਜੋ ਅਸਾਂ ਸਮਝਣੀ ਹੈ ਉਹ ਇਹ ਕਿ ‘ਗੁਰਬਾਣੀ ਅਨੁਸਾਰ ਸੇਵਾ ਦਾ ਸੰਕਲਪ’ ਹੈ ਕੀ? ਇਸ ਵਿਸ਼ੇ ਨੂੰ ਸਮਝਣ ਲਈ ਪਹਿਲਾਂ ਅਸੀਂ ਇਸਦੀ ਝਲਕ ਅਪਨੇ ਹੀ ਇਤਿਹਾਸ ਚੋਂ ਲੈਣੀ ਚਾਹਾਂਗੇ।

ਗੁਰੂਦਰ ਤੋਂ ਸੇਵਾ ਦੀ ਪਛਾਣ ਕੀ ਹੈ?-ਉਂਝ ਤਾਂ ਸਾਰੇ ਹੀ ਗੁਰੂ ਸਰੂਪਾਂ ਦਾ ਸਾਰਾ ਸਾਰਾ ਜੀਵਨ ਹੀ ਮਨੁੱਖ ਮਾਤਰ ਦੀ ਸੇਵਾ ਲਈ, ਪ੍ਰਚਾਰ ਦੌਰਿਆਂ ਦੇ ਰੂਪ ‘ਚ ਪ੍ਰਗਟ ਹੋਇਆ ਹੈ। ਫ਼ਿਰ ਵੀ ਵਿਸ਼ੇ ਨੂੰ ਸਮਝਣ ਲਈ ਅਸੀ ਮਿਸਾਲ ਦੇ ਤੌਰ ਤੇ ਦਰਸ਼ਨ ਕਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ ਜੀਵਨੀ ਵਿਚੋਂ। ਗੁਰਦੇਵ ਦਾ ਪਹਿਲਾ ਹੀ ਪ੍ਰਚਾਰ ਦੌਰਾ ਲਗਾਤਾਰ ਬਾਰ੍ਹਾਂ ਸਾਲਾਂ ਦਾ ਸੀ, ਇਹ ਕਿਸ ਵਾਸਤੇ ਸੀ? ਕੇਵਲ ਇਸ ਲਈ ਕਿ ‘ਜਲਤੀ ਸਭ ਪ੍ਰਿਥਮੀ ਦਿਸ ਆਈ’ (ਭਾ:ਗੁ: ਵਾਰ1/24) ਇਸਤਰ੍ਹਾਂ ਪਾਤਸ਼ਾਹ ਦਾ ਲੋਕਾਈ ਦੇ ਉਧਾਰ ਵਾਸਤੇ ਲਗਾਤਾਰ ਬਾਰ੍ਹਾਂ ਸਾਲ ਪ੍ਰਵਾਰ ਤੋਂ ਵਿਛੜੇ ਰਹਿਣਾ ਛੋਟੀ ਗਲ ਨਹੀਂ ਸੀ। ਫਿਰ ਉਹ ਵੀ ਉਸ ਸਮੇਂ, ਜਦੋਂ ਆਵਾਜਾਈ ਦੇ ਕੋਈ ਸਾਧਨ ਨਹੀਂ ਸਨ। ਇਨਸੈਟ, ਟੈਲੀਫੋਨ ਤਾਂ ਦੂਰ; ਡਾਕ-ਤਾਰ ਦਾ ਸਿਲਸਿਲਾ ਵੀ ਨਹੀਂ ਸੀ। ਇਕ ਪਾਸੇ ਘਰ ਵਿਚ, ਪਾਤਸ਼ਾਹ ਕੋਲ ਹਰ ਤਰ੍ਹਾਂ ਦਾ ਪ੍ਰਵਾਰਕ ਸੁੱਖ, ਸੁਸ਼ੀਲ ਪਤਨੀ, ਲਾਡਲੀ ਉਲਾਦ, ਪਿਤਾ ਇਲਾਕੇ ਦਾ ਮਹਿਤਾ (ਵਜ਼ੀਰ) ‘ਤੇ ਦੱਸ ਪਿੰਡਾਂ ਦਾ ਪੱਟਵਾਰੀ ਸੀ। ਘਰ ਦੀ ਅਪਣੀ ਦੁਕਾਨਦਾਰੀ, ਮੱਝਾਂ, ਖੇਤ, ਰਾਏਬੁਲਾਰ ਅਤੇ ਨਵਾਬ ਦੌਲਤਖਾਨ ਵਰਗੇ ਆਪ ਤੋਂ ਵਾਰੇ ਵਾਰੇ ਜਾਣ ਵਾਲੇ। ਮੋਦੀਖਾਨੇ ਦੀ ਸਤਿਕਾਰ ਭਰਪੂਰ ਨੌਕਰੀ, ਸਮਾਜ ‘ਚ ਹਰ ਤਰ੍ਹਾਂ ਦੀ ਇਜ਼ਤ, ਮਾਣ, ਪਿਆਰ ‘ਤੇ ਸੁਖ-ਆਰਾਮ ਪ੍ਰਾਪਤ ਸਨ। ਦੂਜੇ ਪਾਸੇ ਸਨ-ਖੂੰਖਾਰ ਜਾਨਵਰਾਂ ਨਾਲ ਜੋਖਮ ਭਰੇ ਭਰਪੂਰ ਜੰਗਲਾ ਦੇ ਪੈਂਡੇ, ਡਰਾਉਣੀਆਂ ਰਾਤਾਂ, ਅਨੇਕਾਂ ਥਾਵੇਂ ਪਾਣੀ ਪੁਛਣ ਵਾਲਾ ਵੀ ਨਹੀਂ। ਭਟਕੀ ਲੋਕਾਈ ਨਾਲ ਜਗ੍ਹਾ ਜਗ੍ਹਾ ਤੇ ਟਾਕਰੇ, ਧਾਰਮਕ ਜਨੂੰਨੀਆਂ ਦੇ ਵਾਰ। ਕਿਧਰੇ ਸਜਣ ਵਰਗੇ ਕਾਤਲ ‘ਤੇ ਕਿਧਰੇ ਕੌਡੇ ਵਰਗੇ ਮਾਨਸ ਤੱਲ ਖਾਣੇ ਭੀਲ। ਗੁਰੂ ਜੀ ਨੇ ਨਿਡਰ ਹੋਕੇ ਸਾਰੇ ਖਤਰੇ ਅਪਣੇ ਲਈ ਆਪ ਸਹੇੜੇ। ਆਖਿਰ ਇਸ ਸਾਰੇ ਦਾ ਤਿਆਗ ਕੀਤਾ ਅਤੇ ਗੁਰਦੇਵ ਦੀ ਇਹ ਮਹਾਨ ਕੁਰਬਾਨੀ ਕਿਸ ਲਈ ਸੀ? ਕਿਸੇ ਮਜਬੂਰੀ ਜਾਂ ਨਿਜੀ ਗਰਜ਼ ਲਈ ਨਹੀਂ, ਕੇਵਲ ‘ਜਲਤੀ ਲੋਕਾਈ’ ਲਈ, ਕੇਵਲ ਮਨੁਖਤਾ ਦੀ ਸੇਵਾ ਖਾਤਿਰ।

‘ਜਲਤੀ ਸਭ ਪ੍ਰਿਥਮੀ ਦਿਸ ਆਈ’-ਸਭ ਇਸ ਲਈ ਕਿ ਲੋਕਾਈ ਜਹਾਲਤਾਂ, ਧਾਰਮਕ ਠੱਗੀਆਂ, ਅੰਧਵਿਸ਼ਵਾਸਾਂ ਚੋਂ ਨਿਕਲਕੇ ਸਚੇ ਮਨੁੱਖੀ ਜੀਵਨ ਦਾ ਰਸ ਮਾਣ ਸਕੇ ਅਤੇ ਇਹ ਤਾਂ ਸੇਵਾ ਦਾ ਅਰੰਭ ਸੀ। ਪੰਜਵੇਂ ਪਾਤਸ਼ਾਹ, ਤਿੰਨ ਸਾਲ ਦੇ ਬਾਲ ਉਮਰ ਹਰਗੋਬਿੰਦ ਦੀ ਨਨ੍ਹੀ ਤੇ ਸਹਿਕਵੀਂ ਜਾਨ ਦੀ ਪ੍ਰਵਾਹ ਕੀਤੇ ਬਿਨਾ, ਸਾਰਾ ਦਸਵੰਧ ਖਰਚਕੇ ਸੰਗਤਾਂ ਦੇ ਨਾਲ ਲਗਾਤਾਰ ਅੱਠ ਮਹੀਨੇ ਚੇਚਕ ਦੇ ਪ੍ਰਕੋਪ ‘ਚ ਆਪ ਕੁਦੇ ਤੇ ਲੋਕਾਈ ਦੀ ਸੇਵਾ ਕੀਤੀ। ਗਿਲਟੀ ਤਾਪ ਸਮੇਂ ਛੇਵੇਂ ਪਾਤਸ਼ਾਹ ਰਾਹੀਂ ਕਸ਼ਮੀਰ ਪੁਜ ਕੇ ਲੋਕਾਈ ਦੀ ਸੰਭਾਲ ਕਰਨੀ, ਇਹ ਸਭ ਕੀ ਸੀ? ਇਥੇ ਹੀ ਬਸ ਨਹੀਂ, ਪੰਜਵੇਂ ਮਾਲਕ ਦਾ ਤੱਤੀਆਂ ਤਵੀਆਂ ਤੇ ਬੈਠਨਾ, ਸੀਸ ‘ਚ ਗਰਮ ਰੇਤ ਦੇ ਕੱੜਛੇ ਪੁਆ ਕੇ ਤਸੀਹੇ ਭਰਪੂਰ ਸ਼ਹੀਦੀ ਦੇ ਦੇਣੀ; ਨੌਵੇ ਗੁਰਦੇਵ ਦੀ ਚਾਂਦਨੀ ਚੌਂਕ ‘ਚ ਸ਼ਹਾਦਤ, ਦਸਮੇਸ਼ ਜੀ ਦਾ ਸਾਰਾ ਜੀਵਨ ਤੇ ਬਾਲ ਉਮਰ ਬਚਿਆਂ ਸਮੇਤ ਸਰਬੰਸ ਵਾਰ ਦੇਣਾ। ਇਹ ਸੀ ਗੁਰੂਦਰ ਤੇ; ਗੁਰਬਾਣੀ ਅਨੁਸਾਰ ਸੇਵਾ ਦਾ ਪ੍ਰਕਟ ਕੀਤਾ ਜਾ ਰਿਹਾ ਸੰਕਲਪ। ‘ਸੇਵਾ ਦਾ ਉਹ ਸੰਕਲਪ’ ਜਿਸਦੀ ਅਸੀਂ ਅਜ ਭੈਠੇ-ਬਿਠਾਏ ਕੇਵਲ ਕਮਾਈ ਹੀ ਨਹੀਂ ਖਾ ਰਹੇ ਬਲਕਿ ਦੋ-ਦੋ ਹੱਥੀਂ ਉਸ ਪੰਥਕ ਪੂੰਜੀ ਨੂੰ ਉਜਾੜ ਵੀ ਰਹੇ ਹਾਂ।

ਤੰਦ ਨਹੀਂ ਤਾਣਾ ਹੀ ਵਿਗੜਿਆ ਪਿਆ ਹੈ- ‘ਗੁਰਬਾਣੀ ਦੇ ਸੰਕਲਪ ਅਨੁਸਾਰ ਸੇਵਾ’ ਤਾਂ ਅਸਾਂ ਕੀ ਕਰਨੀ ਹੈ, ਅਜ ਅਸੀਂ ਕਿੱਥੇ ਖੜੇ ਹਾਂ ਕੌਣ ਸੋਚੇਗਾ? ਸਿੱਖ ਅਖਵਾਉਣ ਵਾਲੇ ਅਤੇ ਸਿੱਖੀ ਦਾ ਅਜੌਕਾ ਚਸ਼ਮਾ ਭਾਈ, ਗ੍ਰੰਥੀ, ਪ੍ਰਚਾਰਕ, ਪ੍ਰਬੰਧਕ ਤੇ ਨੇਤਾਵਾਂ ਰਾਹੀਂ, ਗੁਰਬਾਣੀ ਜੀਵਨ ਦੀ ਠੰਡਕ ਦੇਕੇ ਸਮੁਚੀ ਮਾਨਵਤਾ ਦੀ ਸੇਵਾ ਵਾਲੀ ਗਲ ਤਾਂ ਬਹੁਤ ਪਿਛੇ ਰਹਿ ਚੁਕੀ ਹੈ-ਗੁਰੂ ਕੀਆਂ ਸੰਗਤਾਂ ਤੀਕ ਵੀ ਇਹ ਇਲਾਹੀ ਠੰਡਕ ਪਹੁਚਾਉਣ ਨੂੰ ਤਿਆਰ ਨਹੀੰ ਹਨ ਅਤੇ ਬਹੁਤਾ ਕਰਕੇ ਨਾ ਹੀ ਉਨ੍ਹਾਂ ਦੇ ਅਪਣੇ ਕੋਲ ਹੈ। ਇਸਦੇ ਉਲਟ ਕੇਵਲ ਨਿਜੀ ਸੁਆਰਥਾਂ ਵਸ ਹਰ ਪਖੋ ਗੁਰੂ ਕੀਆਂ ਸੰਗਤਾਂ ਤੀਕ ‘ਗੁਰਬਾਣੀ ਦੇ ਸੰਕਲਪ ਅਨੁਸਾਰ’ ਉਨ੍ਹਾਂ ਦੀ ਸੇਵਾ ਦੀ ਬਜਾਏ, ਉਨ੍ਹਾਂ ਵਿਚਕਾਰ ਕਰਮਕਾਂਡਾਂ ਠੱਗੀਆਂ, ਜਹਾਲਤਾਂ, ਵਹਿਮ-ਭਰਮ, ਭੁਲੇਖੇ ਫੈਲਾਉਣ ਤੇ ਉਨ੍ਹਾਂ ਦੀ ਲੁਟ-ਖੋਹ ਲਈ-ਮੌਲਵੀਆਂ, ਬ੍ਰਾਹਮਣਾਂ ‘ਤੇ ਜੋਗੀਆਂ ਤੋਂ ਵੀ ਕਈ ਗੁਣਾਂ ਅਗੇ ਨਿਕਲ ਚੁੱਕੇ ਹਨ। ਇਸਦਾ ਵੱਡਾ ਸਬੂਤ ਹੈ, ਗੁਰੂ ਪਾਤਸ਼ਾਹ ਦੇ ਸਮੇਂ ਤੋਂ ਲੈਕੇ ਸਿੱਖੀ ਦੀ ਚੜ੍ਹਤ ਜਿਸਨੂੰ ਭਾਈ ਗੁਰਦਾਸ ਜੀ ਬਿਆਨਦੇ ਹਨ ‘ਜਿਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ’(ਵਾਰ 1/27) ਉਪਰੰਤ ਇਸਤੋਂ ਬਾਦ ਪਹੁੰਚੀ ਕਿਥੋਂ ਤੀਕ ‘ਮਨੂ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ ॥ ਜਿਉਂ ਜਿਉਂ ਮਨੂ ਕਟਦਾ, ਅਸੀਂ ਦੂਣ ਸਵਾਏ ਹੋਏ’।

ਦੂਜੇ ਪਾਸੇ, ਅਜ ਅਸੀਂ ਇਨੇ ਵਧ ਲਾਇਕ ਸਾਬਤ ਹੋਏ ਹਾਂ ਕਿ ਗੁਰੂ ਪਾਤਸ਼ਾਹ ਦੇ ਪੰਥ ਦੀ ਉਪ੍ਰੋਕਤ ਚੜ੍ਹਤ ਨੂੰ ਅਸਾਂ ਕਿਸ ਗਹਿਰੀ ਖੱਡ ‘ਚ ਜਾ ਸਿਟਿਆ ਹੈ ਕਿ ਪਾਤਸ਼ਾਹ ਹੀ ਸੁਮੱਤ ਬਖਸ਼ਣ। ਗੁਰੂ ਤੇ ਗੁਰੂ ਪੰਥ ਦੇ ਨਾਂ ਤੇ ਸਾਡੀਆਂ ਅਜੌਕੀਆਂ ਆਪਹੁਦਰੀਆਂ, ਹੂੜਮਤੀ ਤੇ ਮਨਮਤੀ ਸੇਵਾਵਾਂ ਦਾ ਨਤੀਜਾ ਹੈ ਕਿ ਸਿੱਖਾਂ ਦੀ ਜਨਮ ਭੂਮੀ ਪੰਜਾਬ ਤਾਂ ਸਿੱਖੀ ਸਰੂਪ ਤੋਂ ਖਾਲੀ ਹੁੰਦੀ ਜਾ ਰਹੀ ਹੈ। ਜਿਸ ਗੁਰੂਨਾਨਕ ਦੇ ਸਿੱਖ ਨੇ ਘੱਟ ਤੋਂ ਘੱਟ ਭਾਰਤ ਨੂੰ ਡਰਾਈ ਏਰੀਆ ਬਨਾਉਣਾ ਸੀ, ਭਾਰਤ ਤਾਂ ਕਿਤੇ ਰਿਹਾ; ਪੰਜਾਬ ‘ਚ ਹੀ ਸਿੱਖ ਦੁਸ਼ਮਣ ਸ਼ਰਾਬ ਦੇ ਹੱੜ ਆਏ ਪਏ ਹਨ। ਜਿਸ ਗੁਰੂਦਰ ਤੇ ਇਸਤ੍ਰੀ-ਪੁਰਖ ‘ਚ ਅੰਤਰ ਨਹੀਂ, ਉਸ ਗੁਰੂ ਦੇ ਅਖਵਾਉਣ ਵਾਲੇ ਅਜ ਅਖਉਤੀ ਸਿੱਖਾਂ ਨੇ ਭਰੂਣ ਹਤਿਆ ਤੇ ਕੁੜੀਮਾਰਾਂ ਦੀ ਗਿਣਤੀ ‘ਚ ਪੰਜਾਬ ਨੂੰ ਹੀ ਨੰਬਰ ਇਕ ਤੇ ਲਿਆ ਖੜਾ ਕੀਤਾ ਹੈ। ਗੁਰੂ ਪਾਤਸ਼ਾਹ ਨੇ ਤਾਂ ਸਮਾਜ ਵਿਚੋਂ ਜਾਤ ਵਰਣ ਦੇ ਕੌੜ੍ਹ ਨੂੰ ਕੱਢਣ ਲਈ ਸਾਂਝੀ ਸੰਗਤ, ਸਾਝੀ ਪੰਕਤ ਉਪਰੰਤ ਤੀਜੇ ਜਾਮੇ ਤੋਂ ਸਾਂਝੇ ਬਾਉਲੀ-ਸਰੋਵਰਾਂ ਦੇ ਇਸ਼ਨਾਨ ਅਰੰਭ ਕਰਵਾਏ। ਗੁਰਦੇਵ ਨੇ ਸਭ ਤੋਂ ਪਹਿਲਾਂ, ਹਿੰਦੂਆਂ-ਮੁਸਲਮਾਨਾਂ ਦੋਨਾ ਵਿਚੋਂ ਨੀਚ ਮੰਨੀ ਜਾਂਦੀ ਡੂਮ ਤੇ ਮਰਾਸੀ ਕੁਲ ‘ਚ ਜਨਮੇ ‘ਮਰਦਾਨੇ’ ਨੂੰ ਚਰਣ ਪਾਹੁਲ ਦੇ ਕੇ ਛਾਤੀ ਨਾਲ ਲਾਇਆ ਤੇ ਭਾਈ ਦਾ ਦਰਜਾ ਦੇ ਕੇ ਨਿਵਾਜਿਆ। ਇਥੋਂ ਤੀਕ ਕਿ ਅਪਣੇ ਸਤਸੰਗਾਂ ਦਾ ਅਰੰਭ ਹੀ ਭਾਈ ਮਰਦਾਨੇ ਤੋਂ ਰਬਾਬ ਵਜਵਾ ਕੇ ਕੀਤਾ। ਇਸਤਰ੍ਹਾਂ ਸਮਾਜ ‘ਚ ਫੈਲਾਏ ਜਾਤ-ਵਰਣ ਦੇ ਕੋੜ੍ਹ ਨੂੰ ਉਸਦੀ ਜੜ੍ਹ ਤੋਂ ਪਕੜਿਆ। ਹੋਰ ਤਾਂ ਹੋਰ, ਪਾਤਸ਼ਾਹ ਨੇ ਪ੍ਰਚਾਰ ਦੋਰਿਆ ਦਾ ਅਰੰਭ ਮਲਕ ਭਾਗੋ ਤੋਂ ਨਹੀਂ, ਭਾਈ ਲਾਲੋ ਤਰਖਾਣ ਦੇ ਗ੍ਰਿਹ ਤੋਂ ਕੀਤਾ। ਇਸੇ ਦਾ ਨਤੀਜਾ ਸੀ ਕਿ ਦਸਵੇਂ ਨਾਨਕ ਨੇ ਨੰਗੀ ਤਲਵਾਰ ਦੀ ਧਾਰ ਤੇ ਇਕ-ਇਕ ਕਰਕੇ ਜਦੋਂ ਸੀਸ ਮੰਗੇ ਤਾਂ ਪੰਜਾਂ ‘ਚੋਂ ਚਾਰ ਉਹ ਸਨ ਜਿਨ੍ਹਾਂ ਦੇ ਵਡੇਰੇ ਉਨ੍ਹਾਂ ਜਾਤੀਆਂ ‘ਚੋਂ ਗੁਰੂਦਰ ਤੇ ਆਏ ਸਨ ਜਿਨ੍ਹਾਂ ਨੂੰ ਜਾਤ-ਪਾਤ ਦੇ ਮੁਦਈ, ਨਿਵੀਆਂ ਤੇ ਅਛੂਤ ਜਾਤਾਂ ਕਹਿਕੇ ਨੇੜੇ ਨਹੀਂ ਸਨ ਆਉਣ ਦੇਂਦੇ। ਇਸਦੇ ਉਲਟ ਅਜ ਅਸਾਂ ਭਾਈ ਲਾਲੋ ਵਾਲੀ ਪੰਥ ਦੀ ਗਰੀਨ ਬੈਲਟ ਨੂੰ ਮਜ਼ਹਬੀਆਂ ਆਦਿ ਵਾਲੇ ਵੱਖ-ਵੱਖ ਨਾਂ ਦੇ ਕੇ ਅਪਣੇ ਤੋਂ ਕੱਟ ਕੇ ਪਖੰਡੀਆਂ ਤੇ ਗੁਰਡੰਮਾਂ ਦਾ ਨੁਆਲਾ ਬਣਾ ਦਿਤਾ ਹੈ। ਕੀ ਇਹੀ ਹੈ ਸਾਡਾ ਅਜ ਦਾ ਗੁਰਬਾਣੀ ਜੀਵਨ ਜਾਚ ਤੋਂ ਪ੍ਰਕਟ, ਮਨੁੱਖ ਮਾਤ੍ਰ ਦੀ ਸੇਵਾ ਦਾ ਸੰਕਲਪ। ਅਸੀਂ ਆਪ ਤਾਂ ਬ੍ਰਾਹਮਣ ਬਣ ਬੈਠੇ ਤੇ ਅਪਣੀ ਹੀ ਰੀੜ੍ਹ ਦੀ ਹੱਡੀ ਨੂੰ ਟੁਕੜੇ ਕਰਨਾ ਤੇ ਤੋੜਣਾ ਸ਼ੁਰੂ ਕਰ ਦਿਤਾ।

"ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ"(ਪੰ:1128)- ਜ਼ਰਾ ਵਿਚਾਰੋ ਤਾਂ ਸਹੀ! ਕੀ ਅਜ ਅਸਾਂ, ਪਾਤਸ਼ਾਹ ਰਾਹੀਂ ਬਖਸ਼ਿਆ ‘ਸਿੰਘ-ਕੌਰ’ ਵਾਲਾ ਪ੍ਰਵਾਰਕ ਬੰਧ ਤੋੜ ਕੇ ਫ਼ਿਰ ਤੋਂ ਸੋਢੀ, ਬੇਦੀ, ਭੰਡਾਰੀ, ਅਰੋਰੇ, ਜੁਨੇਜੇ, ਖਰਬੰਦੇ ਆਦਿ ਦੀਆਂ ਰੰਗ ਬਿਰੰਗੀਆਂ ਅਪਣੇ ਨਾਵਾਂ ਨਾਲ ਪੂਛਲਾਂ ਲਾਕੇ ਜਾਤ ਵਰਣ ਦੇ ਮੁਦਈ ਬ੍ਰਾਹਮਣ ਦੀਆਂ ਉਂਗਲਾ ਤੇ ਤਾਂ ਨਹੀਂ ਨੱਚ ਰਹੇ। ਪੰਜਾਬ ‘ਚ ਹੀ ਲੈ ਲਵੋ, ਸਿੱਖਾਂ ਵਿਚਕਾਰ ਹੀ ਮਜ਼ਹਬੀ, ਜੱਟ, ਭਾਪੇ, ਰਾਮਗੜੀਏ, ਕਸ਼ਤਰੀ ਟਾਂਕ, ਰਵੀਦਾਸੀਏ, ਬ੍ਰਾਹਮਣ ਸਿੱਖ ਆਦਿ ਦੀਆਂ ਹਦਾਂ ਪਾਕੇ ਭਾਈ ਮਰਦਾਨਾ, ਭਾਈ ਲਾਲੋ ਤੇ ਪੰਜਾਂ ਪਿਆਰਿਆਂ ਦੀ ਵਿਰਾਸਤ ਨੂੰ ਹੀ ਅਸੀਂ ਤਬਾਹ ਤਾਂ ਨਹੀਂ ਕਰ ਰਹੇ? ਇਨਾਂ ਹੀ ਨਹੀਂ, ਅਖੌਤੀ ਮਜ਼ਹਬੀਆਂ ਵਾਲੀ ਪੰਥ ਦੀ ਹਰੀ ਪੱਟੀ ਨੂੰ ਹੀ-ਭੰਨਿਆਰੇ, ਆਸੂਤੋਸ਼ਾਂ, ਗੁਰੂਡੰਮਾਂ ਤੇ ਬਾਬਿਆਂ ਵਰਗੇ ਖੁੰਖਾਰ ਭੇੜੀਆਂ ਦਾ ਸ਼ਿਕਾਰ ਤਾਂ ਨਹੀਂ ਬਣਾ ਰਹੇ? ਗੁਰਬਾਣੀ ਰਾਹੀਂ ਪ੍ਰਗਟ ‘ਸੇਵਾ ਦੇ ਸੰਕਲਪ’ ਨੇ ਤਾਂ ਸੰਸਾਰ ਭਰ ‘ਚ ਸਿੱਖੀ ਜੀਵਨ ਪੈਦਾ ਕਰ ਦਿਤਾ ਸੀ। ਇਸਦੇ ਉਲਟ ਜੋ ਅਜ ਨਤੀਜੇ ਆ ਰਹੇ ਹਨ, ਕੀ ਇਹ ਸਾਡੀ ਅਜੋਕੀ ਸਿੱਖੀ ਦੇ ਨਾਂ ਤੇ ‘ਧਰਮ ਦੀ ਸੇਵਾ’ ਦੇ ਸੰਕਲਪ ਦਾ ਨਤੀਜਾ ਤਾਂ ਨਹੀਂ ਹਨ? ਜਦੋਂ ਅਪਣੇ ਘਰ ‘ਚ ਹੀ ਗੁਰਬਾਣੀ ਗਿਆਨ ਦੀ ਅਣਹੋਂਦ ਕਾਰਣ ਘੁੱਪ ਹਨੇਰਾ ਹੈ ਤਾਂ ਦੂਜਿਆਂ ਨੂੰ ਕੀ ਦੇ ਸਕਦੇ ਹਾਂ? ਇਥੇ ਹੀ ਬਸ ਨਹੀਂ, ਆਓ ਕੁਝ ਹੋਰ ਨਮੂਨੇ ਦੇਖੀਏ ! ਸਾਡੀਆ ਅਜੌਕੀਆਂ ਸਿੱਖੀ ਦੇ ਨਾਂ ਤੇ ਹੋ ਰਹੀਆਂ ਸੇਵਾਵਾਂ ਦੇ:

"ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ" (ਪੰ:28)-ਇਨ੍ਹਾਂ ਹੀ ਗੁਰਮਤਿ ਪਾਠਾਂ ਦੀ ਲੜੀ ‘ਚ ਅਸੀਂ ਖਾਸਕਰ ਗੁਰਮਤਿ ਪਾਠ ਨੰ: 3, 6, 7, 28 ਨੰਬਰਵਾਰ ‘ਭਾਂਤ ਸੁਭਾਂਤੇ ਲੰਗਰ’ ਪਵਿਤ੍ਰ ਗੁਰਦੁਆਰਿਆਂ ‘ਚ ਅਨ੍ਹੀ ਸ਼ਰਧਾ ਦਾ ਬੋਲਬਾਲਾ ਕਿਉਂ?’ ‘ਛਬੀਲਾਂ ਤਾਂ ਲਗਾਓ ਪਰ ਜ਼ਰਾ ਸੋਚੋ’ ‘ਗੁਰਦੁਆਰਿਆਂ ਦਾ ਮਨੋਰਥ ਦੇ ਚੁਕੇ ਹਾਂ। ਅਪਜੀ ਸੈਂਟਰ ਪਾਸੋਂ ਗੁਰਮੱਤ ਪ੍ਰਚਾਰ-ਪ੍ਰਸਾਰ ਹਿਤ ਮੰਗਵਾ ਕੇ ਪੜ੍ਹੋ ਤੇ ਵਿਚਾਰੋ! ਸ਼ਾਇਦ ਇਨ੍ਹਾਂ ਤੋਂ ਹੀ ਸਾਨੂੰ ਗੁਰਬਾਣੀ ਅਨੁਸਾਰ ਸੇਵਾ ਦੇ ਸੰਕਲਪ ਬਾਰੇ ਕੁਝ ਜਾਗ੍ਰਤੀ ਆ ਜਾਵੇ। ਗੁਰੂ ਪਾਤਸ਼ਾਹ ਨੇ ਤਾਂ ‘ਗੁਰੂ ਕੀ ਸੰਗਤ’ ‘ਚ ਆਉਣ ਵਾਲਿਆਂ ਲਈ ‘ਕੜਾਹ ਪ੍ਰਸ਼ਾਦਿ’ ਅਤੇ ‘ਗੁਰੂ ਕੇ ਲੰਗਰ’ ਦੀ ਉਹ ਸਤਿਕਾਰ ਭਰਪੂਰ ਸੰਸਥਾਵਾਂ ਸੰਸਾਰ ਨੂੰ ਦੀਤੀਆਂ ਸਨ, ਜਿਨ੍ਹਾਂ ਦੇ ਬਦਲ ਹੀ ਨਹੀਂ ਹਨ। ਪਰ ਅਸੀਂ ਇਨੇ ਸਿਆਣੇ ਸਾਬਤ ਹੌਏ ਕਿ ਨਾ ਹੀ ਕਿਸੇ ਨੂੰ ਗੁਰੂ ਦੇ ਚਰਣਾਂ ਜਾਣ ਦੀ ਲੋੜ, ਨਾ ਸਾਧਸੰਗਤ ਦੀ ਖੁਸ਼ਬੂ ਲੈਣ ਦੀ ਲੋੜ; ਸੜਕਾਂ ਤੇ ਸਟਾਲਾ ‘ਚ ਹੀ ਲਾਈਨਾ ਲੁਆ ਕੇ ਗਜਰੇਲੇ, ਛੋਵੇ ਚਾਵਲ, ਬਰੈਡਪਕੌੜੇ ਤੇ ਫ਼ਰੂਟ ਆਦਿ ਵੰਡਣੇ ਸ਼ੁਰੂ ਕਰ ਦਿਤੇ। ਦੂਜਿਆਂ ਨੂੰ ਤਾਂ ਅਸਾਂ ਕੀ ਦਸਣਾ ਸੀ ਸਾਨੂੰ ਅਪਣੇ ਆਪ ਨੂੰ ਨਹੀਂ ਪਤਾ ਕਿ ਅਸੀਂ ਸੰਗਤਾਂ ਦੀ ਸੇਵਾ ਕਰ ਰਹੇ ਹਾਂ ਜਾਂ ਲੋਕਾਈ ‘ਚ ਅਪਣੀਆਂ ਹੀ ਮਹਾਨ ਸੰਸਥਾਵਾਂ ਨੂੰ ਤਹਿਸ-ਸਹਿਸ ਕਰ ਰਹੇ ਹਾਂ। ਗੁਰੂ ਦਰ ਦੀ ਮਹਾਨ ਦੇਣ ‘ਨਗਰ ਕੀਰਤਨਾਂ’ ਨੂੰ ਅਸੀਂ ਕੌਮ ਦੇ ਜਲੂਸ ਬਨਾਉਣ ‘ਚ ਸਭਤੋਂ ਅਗੇ ਪੁਜ ਗਏ ਹਾਂ। ਕਾਸ਼ ਸਾਨੂੰ ਨਗਰ ਕੀਰਤਨਾਂ ਦਾ ਮਹਾਨ ਸਰੂਪ ਤੇ ਮਹਾਨਤਾ ਦਾ ਗਿਆਨ ਹੁੰਦਾ; ਪਰ ਅਸੀਂ ਤਾਂ ‘ਸੇਵਾ ਕਰ ਰਹੇ ਹਾਂ’। ਹੋਰ ਤਾਂ ਹੋਰ, ਬਜਾਏ ਇਸਦੇ ਕਿ ਨਗਰ ਕੀਰਤਨਾਂ ਸਮੇ ਬਾਬਾ ਜੀ ਦੀ ਸੁਆਰੀ ਦੇ ਅਗੇ-ਅਗੇ ਗੁਰਬਾਣੀ ਦੀ ਮਿਠੀ ਲਹਿ ‘ਚ ਅਨੁਸ਼ਾਸਤ ਢੰਗ ਨਾਲ ਸ਼ਬਦ ਕੀਰਤਨ ਹੋ ਰਿਹਾ ਹੋਵੇ ਪਰ ਉਥੇ ਪੁਜ ਗਈਆਂ ਹਨ ਪਾਣੀ ਦੀਆਂ ਟਰਾਲੀਆਂ ਤੇ ਹਥਾਂ ‘ਚ ਝਾੜੂ ਚੁਕੀ ਸੌ-ਸੌ ਸੇਵਾਦਾਰ, ਕਿਉਂਕਿ ‘ਇਹ ਸੇਵਾ ਹੋ ਰਹੀ ਹੈ’-ਕੋਣ ਪੁਛੇ। ਨਾ ਇਸਦਾ ਅਰੰਭ ਘੋਖਣ ਦੀ ਲੋੜ ਨਾ ਮੱਕਸਦ ਦਾ ਪਤਾ ‘ਬਸ ਸੇਵਾ ਹੋ ਰਹੀ ਹੈ’। ਪੰਜਵੇਂ ਪਾਤਸ਼ਾਹ ਦਾ ਪੁਰਬ ਹੈ-ਗੁਰੂ ਕੀਆਂ ਸੰਗਤਾਂ ਦੇ ਸਤਿਕਾਰ ‘ਚ ਸੰਗਤਾਂ ਦੀ ਸੀਮਾ ‘ਚ ਬੜੇ ਨੀਯਮਤ ਤਰੀਕੇ ਮਿੱਠ-ਠੰਡੇ ਸ਼ਰਬਤ ਪਿਲਾਓ, ਕਿਸੇ ਨੂੰ ਇਤਰਾਜ਼ ਨਹੀਂ। ਸੜਕਾਂ ਤੇ ਖੜੇ ਹੋਕੇ ਤੇ ਕੌਮ ਦੀ ਸਾਰੀ ਤਾਕਤ ਝੌਂਕ ਕੇ ਪਕੜ-ਪਕੜ ਕੇ ਰੂਹ ਅਫਜ਼ ਪਿਲਾਏ ਜਾ ਰਹੇ ਹਨ। ਉਸੇ ਗਿਲਾਸ ‘ਚ ਉਹ ਵੀ ਪੀ ਰਿਹਾ ਜਿਸਨੂੰ ਘੁੱਟ ਚੜ੍ਹਿਆ ਹੈ, ਮੂੰਹ ‘ਚ ਜ਼ਰਦਾ ਹੈ ਜਾਂ ਉਸੇ ਵੇਲੇ ਜਗਤ ਜੂਠ ਬੀੜੀ-ਸਿਗਰੇਟ ਨੂੰ ਪਾਸੇ ਕੀਤਾ ਹੈ ਤੇ ਫ਼ਿਰ ਉਸੇ ਗਿਲਾਸ ਨੂੰ ਮਾਮੂਲੀ ਹੰਗਾਲ ਕੇ ਨਾਲ ਦੇ ਪਾਹੁਲਧਾਰੀ (ਅਮ੍ਰਿਤਧਾਰੀ) ਨੂੰ ਪਿਲਾਇਆ ਜਾ ਰਿਹਾ ਹੈ। ਜਿਸ ਪਾਸਿਓ ਨਜ਼ਰ ਮਾਰੋ ਪੰਥ ਦੀ ਸੇਵਾ ਦੇ ਦਮਗਜੇ ਹਨ, ਸੇਵਾ ਦਾ ਤਾ ਤੁਫ਼ਾਨ ਆਇਆ ਪਿਆ ਹੈ।’ਮਰਜ਼ ਬੜ੍ਹਤਾ ਗਿਆ ਜਿਉਂ ਜਿਊਂ ਦਵਾ ਕੀ’ ਅਨੁਸਾਰ ਇਕ-ਇਕ ਗੁਰੂ ਕਾ ਲਾਲ, ਚਾਰ-ਚਾਰ, ਛੇ-ਛੇ ਜਥੇਬੰਦੀਆਂ ਨਾਲ ਜੁੜਕੇ ਪੰਥ ਦੀ ਸੇਵਾ ਦੇ ਦਾਵੇ ਕਰ ਰਿਹਾ ਹੈ-ਪਰ ਗੁਰੂ ਦੀ ਸਿੱਖੀ ਅਲੋਪ ਹੁੰਦੀ ਜਾ ਰਹੀ ਹੈ।

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ (ਪੰ:428)- ਚੇਤੇ ਰਖੋ, ਸਿੱਖ ਦਾ ਸਰੂਪ ਹੀ ਸਾਰੀ ਮਾਨਵਤਾ ਦੀ ਸੰਭਾਲ ਦਾ ਜ਼ਾਮਨ ਹੈ। ਸਿੱਖ ਦਾ ਵਿਰੋਧ ਹੈ ਤਾਂ ਕੇਵਲ ਅਧਰਮ, ਜ਼ੁਲਮ, ਹੇਰਾ ਫੇਰੀ, ਧਾਰਮਕ ਠੱਗੀਆਂ-ਕਰਮਕਾਂਡਾਂ-ਧੋਖਿਆਂ ਜਾਂ ਸਾਮਾਜਕ ਬੁਰਾਈਆਂ ਨਾਲ, ਕਿਸੇ ਵੀ ਧਰਮ ਵਿਸ਼ੇਸ਼ ਨਾਲ ਨਹੀਂ। ਇਸੇ ਕਾਰਣ ਸਿੱਖ ਲਈ ਗੁਰਬਾਣੀ ਅਨੁਸਾਰ ਸੇਵਾ ਦਾ ਸੰਕਲਪ ਸਮੁਚੀ ਮਾਨਵਤਾ ਦੀ ਸੰਭਾਲ ਹੈ। ਇਸਦੇ ਉਲਟ ਸਾਡੀਆਂ ਹੂੜਮਤੀ ਸੇਵਾਵਾਂ ਦਾ ਸਿਟਾ ਹੈ ਕਿ ਸਿੱਖ ਪਨੀਰੀ ਦੀ ਹੋਂਦ ਹੀ ਮੁਕਾਂਦੀ ਜਾ ਰਹੀ ਹੈ। ਸਿੱਖ ਧਰਮ ਦੇ ਨਾਂ ਤੇ ਅਜੌਕੀ ਸੇਵਾ ਦੀ ਦੌੜ ਇਸਤਰ੍ਹਾਂ ਹੈ ਜਿਵੇਂ ਸਿੱਖੀ ਦਾ ਰੋਮ ਤਾਂ ਸੜ ਰਿਹਾ ਪਰ ਦਮਗਜੇ ਹਨ ‘ਅਸੀਂ ਪੰਥ ਦੀ ਸੇਵਾ ਹੀ ਤਾਂ ਕਰ ਰਹੇ ਹਾਂ’। ਸਿੱਖ ਕੌਮ ਦੇ ਮਾਨੂਮੈਂਟਸ ਤਾਂ ਨੇਸਤੋ-ਨਾਬੂਦ ਹੋ ਰਹੇ ਹਨ, ਕੌਮ ਨੂੰ ਸੰਗਮਰਮਰ ਹੇਠ ਦਫ਼ਨਾਇਆ ਜਾ ਰਿਹਾ ਹੈ। ਸਿੱਖ ਨੌਜੁਆਨ, ਰੋਟੀ-ਰੋਜ਼ੀ ਲਈ ਦਬਾ-ਦਬ ਦੂਜਿਆਂ ਦੀ ਝੋਲੀ ‘ਚ ਡਿੱਗ ਰਿਹਾ ਤੇ ਪਤਿਤ ਹੋ ਰਿਹਾ ਹੈ ਪਰ ‘ਅਸੀਂ ਸਾਰੇ ਗੁਰੂ ਤੇ ਪੰਥ ਦੀ ਸੇਵਾ ‘ਚ ਜੁਟੇ ਹੋਏ ਵੱਡੇ-ਵੱਡੇ ਕੀਰਤਨ ਦਰਬਾਰ, ਸ਼ਤਾਬਦੀਆਂ ਨਗਰਕੀਰਤਨਾਂ ਦੀ ਨੀਂਦ ‘ਚ ਸੁਤੇ ਹੋਏ ਘੁਰਾੜੇ ਮਾਰ ਰਹੇ ਹਾਂ’। ਕੀਰਤਨ ਦਰਬਾਰਾਂ ਤੇ ਸ਼ਤਾਬਦੀਆਂ ਦੀ ਲਾਈਨ ਲਾਈ ਬੈਠੇ ਹਾਂ, ਫ਼ਿਰ ਵੀ ਬਾਣੀ ਦੀ ਸੋਝੀ ਜਾਂ ਜੀਵਨ ਜਾਚ ਨਾ ਦਰਬਾਰ ਤੇ ਸ਼ਤਾਬਦੀਆਂ ਮਨਾਉਣ ਵਾਲਿਆਂ ਕੋਲ ਹੈ ਨਾ ਸੰਗਤਾਂ ਨੂੰ ਮਿਲ ਰਹੀ ਹੈ। ਤਾਂ ਵੀ ਪੜ੍ਹ ਇਹੀ ਰਹੇ ਹਾਂ ‘ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿਖ ਕੋ ਇਕ ਸਬਦ ਸਿਖਾਏਕਾ’ (ਭਾ: ਗੁ:573)। "ਅਗਿਆਨੁ ਅੰਧੇਰਾ ਕਟਿਆ"(ਪੰ:450)- ਜੇਕਰ ਅਜੌਕੀਆਂ ਸਾਰੀਆਂ ਤਾਂ ਦੂਰ ਇਨ੍ਹਾਂ ਵਿਚੋਂ ਕੁਝ ਸੇਵਾਵਾਂ ਹੀ ਗੁਰਬਾਣੀ ਦੇ ਸੰਕਲਪ ਮੁਤਾਬਕ ਹੋਣ ਤਾਂ ਇਹ ਵੀ ਚੇਤੇ ਰਖਣ ਦੀ ਲੋੜ ਹੈ ਕਿ ਗੁਰਬਾਣੀ ਸਾਰੀਆਂ ਮਾਨਵੀ ਸਮਸਿਆਵਾਂ ਦਾ ਖੁਲਾਸਾ ਵੀ ਹੈ ਅਤੇ ਸੰਪੂਰਨ ਹਲ ਵੀ। ਸਿੱਖ ਧਰਮ ਰਾਹੀਂ ਅਗਵਾਹੀ, ਸਾਰੇ ਸੰਸਾਰ ਦੀ ਠੰਡਕ ਅਤੇ ਖੁਸ਼ਹਾਲੀ ਦੀ ਜ਼ਾਮਨ ਹੈ। ਪਰ ਜਿਹੜਾ ਗੁਰੂ ਕਾ ਲਾਲ ਅਜ ਆਪ ਹੀ ਗੁਰਬਾਣੀ ਗਿਆਨ ਤੋਂ ਦੂਰ ਅਨਮਤੀ, ਹੂੜਮਤੀ, ਵਿਪਰਮਤੀ ਤੇ ਦੁਰਮਤੀ ਨੀਂਦ ‘ਚ ਘੂਕ ਸੂਤਾ ਪਿਆ ਹੈ ਉਹ ਇਹ ਖੁਸ਼ਹਾਲੀ ਸੰਸਾਰ ਨੂੰ ਕਿਵੇਂ ਵੰਡੇਗਾ? ਚੇਤੇ ਰਖੋ, ਜਦੋਂ ਜਦੋਂ ਅਸੀਂ ਗੁਰਬਾਣੀ ਸੋਝੀ ਅਤੇ ਜੀਵਨ ਤੋਂ ਦੂਰ ਜਾਵਾਂਗੇ, ਸਾਡੇ ਅੰਦਰੋਂ ਸਿੱਖੀ ਕਮਜ਼ੋਰ ਹੋਵੇਗੀ। ਸੰਸਾਰ ਦਾ ਮਨੁੱਖ ਮਾਤਰ ਦੁਖੀ ‘ਤੇ ਬੇਹਾਲ ਹੋਵੇਗਾ। ਨਿੱਤ ਨਵੀਆਂ ਸਮੱਸਿਆਵਾਂ ਜਨਮ ਲੈਣਗੀਆਂ। ਇਸ ਸਾਰੇ ਦੀ ਜ਼ਿਮੇਵਾਰੀ ਉਨ੍ਹਾਂ ਉਪਰ ਹੋਵੇਗੀ ਜੋ ਆਪਣੇ ਆਪ ਨੂੰ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਸਿੱਖ ਅਖਵਾਉਂਦੇ ਹਨ। ਇਸਦੇ ਉਲਟ, ਜਦੋਂ ਸਾਡੇ ਅੰਦਰ ਗੁਰਬਾਣੀ ਸੋਝੀ ਵਧੇਗੀ, ਗੁਰਬਾਣੀ ਜੀਵਨ ਵਾਲਾ ਨਿਆਰਾਪਣ ਹੋਵੇਗਾ; ਮਨੁੱਖ ਮਾਤਰ ਵਿਚਾਲੇ ਆਪਸੀ ਭਾਈਚਾਰਾ, ਪਿਆਰ, ਮਾਨਸਕ ਸ਼ਾਂਤੀ ਪੈਦਾ ਹੋਵਗੀ। ਸੰਸਾਰ ਭਰ ‘ਚੋਂ ਬਿਮਾਰੀਆਂ, ਐਕਸੀਡੈਂਟ, ਮੁਕੱਦਮੇਬਾਜ਼ੀਆਂ ਘੱਟਣਗੀਆਂ। ਜੰਗਾਂ-ਜੁਧਾਂ ਦੇ ਬਦਲ ਛਟਦੇ ਜਾਣਗੇ। ਸਾਨੂੰ ਅਪਣੇ ਆਪ ਸਮਝ ਆਉਂਦੀ ਜਾਵੇਗੀ ਕਿ ਸਾਡੇ ਅੰਦਰੋਂ ਗੁਰਬਾਣੀ ਦੀ ਸੇਧ ‘ਚ ਸੇਵਾ ਵਾਲਾ ਸੰਕਲਪ ਜਾਗ੍ਰਤ ਹੋ ਰਿਹਾ ਹੈ।

ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਸਿੱਖ ਧਰਮ ਅਪਣੇ ਆਪ ਵਿਚ ਸੰਪੂਰਨ ਧਰਮ ਹੈ। ਜੇਕਰ ਅਸੀ ਗੁਰਬਾਣੀ ਜੀਵਨ-ਜਾਚ ਅਨੁਸਾਰ ਅਪਣੀ ਸੰਭਾਲ ਕਰੀਏ ਤਾਂ ਸਮਝਦੇ ਦੇਰ ਨਹੀਂ ਲਗੇਗੀ ਕਿ ਸੰਸਾਰ ਪੱਧਰ ਤੇ ਇਹੀ ਇਕ ਨਿਵੇਕਲਾ ਧਰਮ ਹੈ ਜਿਸਨੂੰ ਰੱਬੀ ਜਾਂ ਇਲਾਹੀ ਧਰਮ ਵੀ ਕਿਹਾ ਹੈ। ਉਂਝ ਵੀ ਜੇ ਕੁਝ ਗਹਿਰਾਈ ‘ਚ ਜਾਵੋ ਤਾਂ ਪਤਾ ਲਗੇਗਾ ਕਿ ਮਨੁੱਖ ਮਾਤਰ ਦਾ ਇਹੀ ਆਦਿ ਕਾਲ ਦਾ ਅਕਾਲਪੁਰਖੀ ਧਰਮ ਹੈ, ਇਹ ਧਰਮ ਕਿਸੇ ਧਰਮ ਦੇ ਸੁਧਾਰ ਦਾ ਸਿੱਟਾ, ਬਦਲ ਜਾਂ ਕਿਸੇ ਧਰਮ ਦਾ ਅੰਗ ਵੀ ਨਹੀਂ ਹੈ। ਇਸ ਮੁੱਖ ਸਚਾਈ ਨੂੰ ਸਮਝਣ ਲਈ ਸਾਨੂੰ ਆਪ ਗੁਰਬਾਣੀ ਸਿਖਿਆ ਦੇ ਸਾਗਰ ‘ਚ ਚੁੱਭੀ ਮਾਰਨੀ ਪਵੇਗੀ। ਸਿੱਖ ਧਰਮ ਦੀ ਸਿਰਜਨਾ, ਗੁਰੂ ਪਾਤਸ਼ਾਹ ਨੇ ਸੰਸਾਰ ਦੇ ਧਰਮਾਂ ਦੀ ਗਿਣਤੀ ‘ਚ ਇਕ ਹੋਰ ਧਰਮ ਦਾ ਵਾਧਾ ਕਰਨ ਲਈ ਨਹੀਂ ਸੀ ਕੀਤੀ। ਸੰਸਾਰਕ ਧਰਮ ਤਾਂ ਪਹਿਲਾਂ ਹੀ ਬੇਅੰਤ ਸਨ, ਇਸ ਇਲਾਹੀ ਧਰਮ ਦਾ ਪ੍ਰਕਾਸ਼ ਇਸ ਵਾਸਤੇ ਕੀਤਾ ਕਿ ਸਚੇ ਮਨੁੱਖੀ ਧਰਮ ਨੂੰ ਕਾਇਮ ਰਖਣ ਲਈ ਸਿੱਖ ਧਰਮ ਇਕ ਸਦੀਵੀ ਲੋਕ ਲਹਿਰ ਸਾਬਤ ਹੋ ਸਕੇ। ਕਿਸੇ ਵੀ ਧਰਮ ਵਿਚ ਵਿਚਰਣ ਵਾਲਾ ਮਨੁੱਖ, ਗੁਰਬਾਣੀ ਸਿਖਿਆ ਰਾਹੀਂ, ਸਚੇ ਮਨੁਖੀ ਧਰਮ ਦੀਆ ਕਦਰਾਂ ਕੀਮਤਾਂ ਨੂੰ ਸਮਝ ਸਕੇ ਅਤੇ ਸਚਮੁਚ ‘ਧਰਮੀ ਬਣ ਸਕੇ। ਗੁਰਬਾਣੀ ਅਨੁਸਾਰ ਲੋਕਾਈ ਦੀ ਸੇਵਾ ਦਾ ਇਹੀ ਸੰਕਲਪ ਗੁਰੂ ਨਾਨਕ ਪਾਤਸ਼ਾਹ ਤੋਂ ਅਰੰਭ ਹੌਇਆ ਤੇ ‘ਘਰ ਘਰ ਅੰਦਰ ਧਰਮਸਾਲ"(ਭਾ:ਗੁ: 1/27)ਵਾਲੀ ਗਲ ਬਣੀ। ਸਾਨੂੰ ਗੁਰਬਾਣੀ ਅਨੁਸਾਰ ਅਪਣੀ ਪਛਾਣ ਕਰਕੇ ‘ਸੇਵਾ ਦੇ ਸੰਕਲਪ’ ਦਾ ਮੁੜ ਅਰੰਭ ਵੀ ਉਥੋਂ ਕਰਨਾ ਪਵੇਗਾ। ਪਾਤਸ਼ਾਹ ਨੇ ਅਪਣੇ ਦੱਸ ਜਾਮਿਆਂ ਰਾਹੀਂ 239 ਸਾਲਾਂ ਦਾ ਸਮਾਂ ਲਾਇਆ। ਤੱਤੀਆਂ ਤੱਵੀਆਂ ਤੇ ਬੈਠੇ, ਘਰੋ ਬੇਘਰ ਹੋਏ, ਚਾਂਦਨੀ ਚੌਕ ‘ਚ ਸੀਸ ਕਟਵਾਇਆ, ਸਰਬੰਸ ਵਾਰਿਆ, ਅਸਿਹ ਤੇ ਅਕਿਹ ਤਸੀਹੇ ਝੱਲੇ। ਜੇਕਰ ਸੰਸਾਰਕ ਧਰਮਾਂ ਦੀ ਗਿਣਤੀ ‘ਚ ਹੀ ਇਕ ਹੋਰ ਧਰਮ ਦਾ ਵਾਧਾ ਕਰਨਾ ਹੁੰਦਾ ਤਾਂ ਇਨੇ ਕਸ਼ਟ ਝਾਲਣ ਦੀ ਲੋੜ ਨਹੀਂ ਸੀ। ਧਰਮਾਂ ਦੀ ਗਿਣਤੀ ‘ਚ ਵਾਧਾ ਤਾਂ ਅਪਣੇ ਆਪ ਨੂੰ ਸੋਨੇ ਤੇ ਸਿਕਿਆਂ ‘ਚ ਤੁਲਵਾ ਕੇ ਸੌਖੇ ਕੀਤਾ ਜਾ ਸਕਦਾ ਸੀ। ਪਰ ਇਥੇ ਤਾਂ ਸੁਆਲ ਸੀ ਗੁਰਬਾਣੀ ਵਾਲੇ ਬਖਸ਼ੇ ਜਾ ਰਹੇ ਅਨਮੋਲ ਖਜ਼ਾਨੇ ਦੇ ਸੰਦਰਭ ‘ਚ ਮਨੁੱਖ ਮਾਤਰ ਅੰਦਰ ਦੀ ਸੇਵਾ ਦਾ ਅਰੰਭ। ਇਹ ਨਹੀਂ ਕਿ ਅਖੌਤੀ ਮਜ਼੍ਹਬੀਆਂ, ਰਵੀਦਾਸੀਆਂ ਆਦਿ ਦੇ ਨਾਂਵਾਂ ਤੇ ਅਪਣੇ ਹੀ ਅੰਗਾਂ ਨੂੰ ਕਟਣਾ, ਜਾਂ ਜੱਟ, ਭਾਪੇ, ਰਾਮਗੜ੍ਹੀਏ ਆਦਿ ਦੇ ਲੇਬਲ ਲਾ ਕੇ ਸਿੱਖ-ਸਿਖ ਨੂੰ ਪਾੜਣਾ। ਜੇ ਕਰ ਪਾੜਣਾ ਹੀ ਹੁੰਦਾ ਤਾਂ ਵਰਣਾਂ ਦੇ ਲੇਬਲਾ ਹੇਠ ਬ੍ਰਾਹਮਣ ਤਾਂ ਪਹਿਲਾਂ ਹੀ ਇਹੀ ਕੁਝ ਰਿਹਾ ਸੀ।

ਗੁਰਦੇਵ ਨੇ ਸੰਸਾਰ ਦੇ ਲੋਕਾਂ ਨੂੰ ਸਿੱਖ ਪ੍ਰਵਾਰ ਦੇ ਰੂਪ ‘ਚ ਇਕ ਵਰਦਾਨ ਬਖਸ਼ਿਆ ਸੀ। ਲੋੜ ਤਾਂ ਸੀ ਕਿ ਹਰੇਕ ਸਿੱਖ ਵੀਰ ਤੇ ਭੈਣ ਅਪਣੇ ਅੰਦਰੋਂ ਅਪਣੇ ਇਸ ਨਿਆਰੇਪਣ ਨੂੰ ਗੁਰਬਾਣੀ ਵਿਚ ਬਖਸ਼ੇ ‘ਸੇਵਾ ਦੇ ਸੰਕਲਪ’ ਦੇ ਅਧਾਰ ਤੇ ਅਪਨਾ ਪ੍ਰਗਟਾਵਾ ਕਰੇ ਤਾਕਿ ਸਮੁਚੀ ਮਾਨਵਤਾ ਸਿੱਖ ਧਰਮ ਦਾ ਲਾਭ ਲੈ ਸਕੇ, ਸੰਸਾਰ ‘ਚ ਸ਼ਾਂਤੀ ਵਰਤ ਸਕੇ। ਸਿਖੀ ਨੇ ਤਾਂ ਆਪਣੇ ਆਪ ਵਧਣਾ ਫੁਲਣਾ ਹੈ ਬਸ਼ਰਤੇ ਸਾਡੇ ਅਪਣੇ ਜੀਵਨ ‘ਚ ਸਿੱਖੀ ਦੀ ਕਮਾਈ ਹੋਵੇ। ਸੱਚਾਈ ਵੀ ਇਹੀ ਹੈ ਕਿ ਦੇਸ ਜਾਂ ਸੰਸਾਰ ਪੱਧਰ ਦੇ ਮਨੁੱਖ ਮਾਤਰ ਦੇ ਜਿਨੇ ਵੀ ਮਸਲੇ ਹਨ, ਸਾਰਿਆਂ ਦਾ ਹਲ ਕੇਵਲ ਗੁਰਬਣੀ ਵਿਚਲੇ ‘ਸੇਵਾ ਦੇ ਸੇਵਾ ਵਾਲੇ ਸੰਕਲਪ’ ਵਿਚ ਹੀ ਹੈ ਇਸਤੋਂ ਬਾਹਰ ਨਹੀਂ।

"ਵਿਚਿ ਦੁਨੀਆ ਸੇਵ ਕਮਾਈਐ"(ਪੰ:26)- ਯਕੀਨਣ ਉਨ੍ਹਾਂ ਅਰਥਾਂ ‘ਚ ਨਹੀ ਜੋ ਪੰਥ ਤੇ ਗੁਰੂ ਦੀ ਸੇਵਾ ਦੇ ਨਾਂ ਤੇ ਅਸੀ ਅਪਣੇ ਮਨਮਤੀ ਤੇ ਹੂੜਮਤੀ ਅਰਥ ਘੜ੍ਹ ਲਏ ਹਨ। ਇਸਦੇ ਉਲਟ ਸਚਮੁਚ ਜੇਕਰ ਇਹ ਸੇਵਾ ਗੁਰਬਾਣੀ ਦੇ ਸੰਕਲਪ ‘ਚ ਹੈ ਤਾਂ ਗੁਰਦੇਵ ਦਾ ਫ਼ੈਸਲਾ ਹੈ "ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ" (ਪੰ:26)। ਸਿੱਖ ਧਰਮ ‘ਚ ਸੇਵਕ ਦਾ ਮਤਲਬ ਹੀ ਇਕੋ ਹੈ, ‘ਗੁਰਬਾਣੀ ਰਾਹੀ ਪ੍ਰਗਟ ਸਿਖਿਆ ਦਾ ਸੇਵਕ ਦੇ ਜੀਵਨ ਵਿਚੋਂ ਪ੍ਰਗਟਾਵਾ’। ਸੇਵਕ ਦੇ ਹਿਰਦੇ ਘਰ ਵਿਚੋਂ ਗੁਰੂ ਦੀ ਭਯ-ਭਾਵਨੀ ਅਤੇ ਗੁਰਬਾਣੀ ਸਿਖਿਆ ਨੂੰ ਸਮਰਪਤ ਹੋਕੇ ਕੀਤੀ ਹੋਈ ਸੇਵਾ ਜਿਵੇਂ "ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ" (ਪੰ:749) ਅਤੇ "ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ"( ਪੰ:286) ਭਾਵ ਇਹ ਸੇਵਾ ਬੜੀ ਅਧੀਨਗੀ ਨਾਲ ਤਨੋ ਮਨੋ ਹੋਵੇ। ਦੂਜੇ ਲਫ਼ਜ਼ਾਂ ‘ਚ ਜਿਸਦੇ ਜੀਵਨ ਅੰਦਰੋਂ ‘ਗੁਰਬਾਣੀ ਅਨੁਸਾਰ ਸੇਵਾ ਦੇ ਸੰਕਲਪ’ ਵਾਲੀ ਚਮਕ ਤੇ ਚਾਨਣ ਵੀ ਪ੍ਰਗਟ ਹੁੰਦਾ ਹੋਵੇ। ਅਜ ਗੁਰਬਾਣੀ ਪਖੋਂ ਇਸੇ ਘਾਟ ਦਾ ਨਤੀਜਾ ਹੈ ਜਦੋਂ ਸਿੱਖਾਂ ਦੇ ਅਪਣੇ ਜੀਵਨ ਵਿਚੋਂ ਹੀ ਗੁਰਬਾਣੀ ਜੀਵਨ-ਜਾਚ ਪ੍ਰਗਟ ਨਹੀਂ ਹੋ ਰਹੀ ਤਾਂ ਸੇਵਾ ਦਾ ਸੰਕਲਪ, ਗੁਰਬਾਣੀ ਸਿਖਿਆ ਵਾਲਾ ਨਹੀਂ ਬਲਕਿ ਹੂੜਮਤ, ਭੇਡਚਾਲ ਜਾਂ ਅਨਮਤ ਹੀ ਹੋਵੇਗਾ ਅਤੇ ਅਜ ਇਹੀ ਹੋ ਵੀ ਰਿਹਾ ਹੈ। ਆਓ ਜ਼ਰਾ ਕੁਝ ਹੋਰ ਪੜਚੋਲ ਕਰਕੇ ਵੀ ਦੇਖ ਲਵੀਏ: ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ (ਪੰ:727)- ਇਸਤਰੀ ਵਰਗ ਨਾਲ ਧੱਕਾ-ਵਿਤਕਰਾ, ਸੰਸਾਰ ਪੱਧਰ ਦਾ ਮਸਲਾ ਹੈ ਅਤੇ ਸੰਸਾਰ ਦੇ ਇਤਿਹਾਸ ‘ਚ ਜੇਕਰ ਇਸ ਨੂੰ ਸਭ ਤੋਂ ਪਹਿਲਾਂ ਚੈਲੇਂਜ ਕੀਤਾ ਤਾਂ ਗੁਰੂ ਪਾਤਸ਼ਾਹ ਨੇ। ਵਿਧਵਾ ਇਸਤ੍ਰੀਆਂ ਨਾਲ ਜ਼ੁਲਮ-ਧੱਕਾ-ਵਿਤਕਰਾ, ਸਤੀ ਪ੍ਰਥਾ, ਦਹੇਜ ਪ੍ਰਥਾ, ਦੇਵਦਾਸੀ ਪ੍ਰਥਾ, ਜੰਮਦੀ ਬੱਚੀ ਨੂੰ ਮਾਰ ਜਾਂ ਵਿਆਹ ਦੇਣਾ, ਗਰਭ ‘ਚ ਬੱਚੀ ਦੀ ਭਰੂਣ ਹਤਿਆ, ਮੁੰਡੇ-ਕੁੜੀ ਵਿਚਾਲੇ ਵਿਤਕਰਾ ਇਸਦੀਆਂ ਵੰਨਗੀਆਂ ਹਨ।

ਸਮੇਂ ਦੀ ਸੱਭ ਤੋਂ ਵੱਧ ਖਤਰਨਾਕ ਮਹਾਮਾਰੀ ‘ਏਡਜ਼’ ਹੈ। ਇਸਦਾ ਜਨਮ ਹੁੰਦਾ ਹੈ ਵਿਭਚਾਰ ਤੋਂ, ਇਸੇ ਦਾ ਦੂਜਾ ਪਾਸਾ ਡਰਗ-ਨਸ਼ੇ ਵੀ ਸਮਾਜ ਦਾ ਕੋੜ੍ਹ ਹਨ। ਵਿਭਚਾਰ, ਨਸ਼ਿਆਂ ਦੀ ਗੁਲਾਮੀ ਅਤੇ ਇਸਤ੍ਰੀ ਜਾਤ ਦੀ ਅਵਹੇਲਨਾ ਦੀ ਉਪਜ ਹੈ ‘ਏਡਜ਼’। ਸਿੱਖ ਲਹਿਰ ਦੀ ਲੋੜ ਹੀ ਇਸ ਲਈ ਸੀ ਕਿ ਸਮਾਜ ਨੂੰ ਨਸ਼ਿਆਂ, ਵਿੱਭਚਾਰ ਅਤੇ ਇਸਤ੍ਰੀ ਪੁਰਖ ਵਾਲੇ ਵਿਤਕਰੇ ਦੀ ਸੋਚ ਵਿਚੋਂ ਗੁਰਬਾਣੀ ਪ੍ਰਸਾਰ ਸੇਵਾ ਰਾਹੀਂ ਕਢੇ। ਇਹ ਮਸਲੇ ਪੂਰਨ ਸਮਾਜਿਕ ਮਸਲੇ ਹਨ। ਗੁਰਬਾਣੀ ਜੀਵਨ ਤੇ ਸੇਵਾ ਦੇ ਆਧਾਰ ਤੇ ਸਮਾਜ ਵਿਚੋਂ ਇਨ੍ਹਾਂ ਮਸਲਿਆਂ ਦਾ ਬੀਜ ਨਾਸ ਕਰਨ ਦੀ ਜ਼ਿੰਮੇਵਾਰੀ ਸਿੱਖ ਉਪਰ ਸੀ। ਇਸਦੇ ਉਲਟ ਇਸ ਵਿਸ਼ੇ ਤੇ ਅਜੋਕੇ ਸਿੱਖ ਮਾਨਸ ਦੀ ਅਪਣੀ ਹਾਲਤ ਕੀ ਹੈ ਜ਼ਿਕਰ ਆ ਚੁਕਾ ਹੈ। ਦੂਰ ਨਾ ਜਾਵੀਏ, ਆਂਕੜੇ ਕਠੇ ਕੀਤੇ ਜਾਣ ਤਾਂ ਕਹਿੰਦੇ ਸ਼ਰਮ ਆਉਂਦੀ ਹੈ ਅਜੋਕੇ ਸਮੇਂ ਬਹੁਤੇ ਸਿੱਖ ਪ੍ਰਵਾਰ ਮਿਲਣਗੇ ਜਿਨਾਂ ਪ੍ਰਵਾਰਾਂ ‘ਚ ਆਈਆਂ ਬੱਚੀ ਵਾਪਸ ਅਪਣੇ ਪੇਕੇ ਘਰਾਂ ‘ਚ ਬੈਠੀਆਂ ਹਨ ਕਿਉਂ?

ਹੋਰ ਤਾਂ ਹੋਰ, ਪੰਜਵੇ ਤੇ ਅੱਠਵੇਂ ਪਾਤਸ਼ਾਹ ਨੇ ਚੇਚਕ ਦੀ ਮਹਾਮਾਰੀ ਸਮੇਂ ਆਪ ਘਰ ਘਰ ਪੁਜਕੇ ਲੋਕਾਈ ਦੀ ਹੱਥੀ ਸੇਵਾ ਕੀਤੀ ਤੇ ਗੁਰਬਾਣੀ ਰਾਹੀਂ ਪ੍ਰਚਾਰਿਆ ਕਿ ਸੀਤਲਾ ਜਾਂ ਚੇਚਕ-ਦੇਵੀ ਜਾਂ ਮਾਤਾ ਨਹੀਂ, ਛੂਤ ਦੀ ਬਿਮਾਰੀ ਹੈ। ਇਸੇਤਰ੍ਹਾਂ ਕੋੜ੍ਹ ਬਾਰੇ ਵੀ ਸੁਚੇਤ ਕੀਤਾ ਕਿ ਛੂਤ ਦਾ ਰੋਗ ਨਹੀਂ। ਪਹਿਲੇ ਤੇ ਪੰਜਵੇਂ ਪਾਤਸ਼ਾਹ ਨੇ ਆਪ ਇਸਦੇ ਮਰੀਜ਼ਾ ਦੀ ਹੱਥੀ ਸੇਵਾ ਕਰਕੇ ਬਲਕਿ ਕੋੜ੍ਹੀਆਂ ਲਈ ਨਵੇਂ ਵਸਾਏ ਤਰਨਤਾਰਨ ਸਾਹਿਬ ਵਿਖੇ ਹਸਪਤਾਲ ਬਣਵਾ ਕੇ ਲੋਕਾਈ ਦੀ ਸੇਵਾ ਕੀਤੀ। ਨਾਮ ਜਪਣਾ-ਕਿਰਤ ਕਰਨੀ-ਵੰਡ ਛੱਕਣਾ, ਇਹ ਸੇਧ ਸਾਰੇ ਮਨੁਖ ਮਾਤਰ ਲਈ ਹੈ-ਕੇਵਲ ਸਿੱਖ ਲਈ ਨਹੀਂ। ਸਿੱਖ ਨੇ ਤਾਂ ਆਪ ਇਸਦਾ ਨਮੂਨਾ ਬਣਕੇ, ਲੋਕਾਈ ਤੀਕ ਪਹੁੰਚਣਾ ਸੀ। ਸੰਗਤ ਪੰਗਤ ਅਤੇ ਸਰੋਵਰ-ਗੁਰੂ ਨਾਨਕ ਮਤ ਦੀ ਅਸੀਮ ਵਿਸ਼ਾਲਤਾ ਦਾ ਸਬੂਤ ਅਤੇ ਸਾਰੀ ਮਾਨਵਤਾ ਲਈ ਇਕੋ ਜਿਹਾ ਸਤਿਕਾਰ ਭਰਪੂਰ ਸਦਾ ਹਨ। ਇਨ੍ਹਾਂ ਸੰਸਥਾਵਾਂ ਰਾਹੀਂ ਸਿੱਖ ਧਰਮ ਨੇ ਸਮੁਚੇ ਮਾਨਵ ਸਮਾਜ ਅੰਦਰੋਂ ਛੂਤ-ਛਾਤ, ਜਾਤ-ਵਰਣ, ਊਚ-ਨੀਚ, ਸੁਚ-ਭਿਟ, ਟੂਣੇ-ਪਰਛਾਵੇਂ, ਵਹਿਮ-ਭਰਮ-ਜਹਾਲਤਾਂ ਦੇ ਕੋੜ੍ਹ ਦਾ ਖਾਤਮਾ ਕਰਨਾ ਸੀ। ਇਕ ਅਕਾਲਪੁਰਖੁ ਦੀ ਸਰਬਉਚਤਾ ਨੂੰ ਪ੍ਰਕਟ ਕਰਕੇ ਗੁਰਬਾਣੀ ਵਿਚਲੇ ਸੇਵਾ ਦੇ ਸੰਕਲਪ ਦੇ ਆਧਾਰ ਤੇ ਸਿੱਖ ਲਹਿਰ ਰਾਹੀਂ, ਸਮੁੱਚੇ, ਮਾਨਵ ਸਮਾਜ ਨੂੰ ਦੇਵੀ-ਦੇਵਤਾ-ਅਵਤਾਰ ਵਾਦ, ਮੂਰਤੀਆਂ-ਫ਼ੋਟੋਆਂ, ਮੜ੍ਹੀਆਂ, ਕੱਬਰਾਂ, ਮੱਠਾਂ, ਪਿਪਲਾਂ-ਪੋਧਿਆਂ, ਸਪਾਂ, ਪਸ਼ੂਆਂ, ਨਦੀਆਂ ਅਦਿ ਦੀਆਂ ਪੂਜਾਵਾਂ ਚੋਂ ਕੱਢਣਾ ਸੀ। ਚਾਲੀਹੇ, ਸੁਖਣਾ, ਵਹਿਮ-ਸਹਿਮ, ਸਗਨ-ਰੀਤਾਂ ਭਰਮ-ਭੁਲੇਖੇ, ਥਿਤ-ਵਾਰ, ਜਹਾਲਤਾਂ ਅਗਿਆਨਤਾ ਦੀ ਹੀ ਉਪਜ ਹਨ। ਲੋੜ ਸੀ ਲੋਕਾਈ ਅੰਦਰ ਇਕੋ ਹੀ ਪ੍ਰਭੁ ਦੇ ਨੂਰ ਦੀ ਸੋਝੀ ਤੇ ਉਸੇ ਦੀ ਸਰਬਉਤਮਤਾ ਨੂੰ ਅਪਣੀ ਜੀਵਨ ਜਾਚ ਰਾਹੀ ਪ੍ਰਗਟ ਕਰਨਾ। ਇਸੇ ਤੋਂ ਸਚੇ ਭਰਾਤ੍ਰੀ ਭਾਵ ਨੇ ਵਧਣਾ ਅਤੇ ਅਗਿਆਨਤਾ ਦਾ ਨਾਸ ਹੋਣਾ ਸੀ। ਸੰਸਾਰ ਭਰ ‘ਚੋਂ ਹਿਰਦੇ ਰੋਗ, ਮਾਨਸਕ ਤਨਾਵ, ਲੜਾਈਆਂ-ਝਗੜੇ, ਮੁਕੱਦਮੇਬਾਜ਼ੀਆਂ-ਐਕਸੀਡੈਟ, ਸਾਰਿਆਂ ਦਾ ਇਕੋ ਹੀ ਹਲ ਹੈ-ਪ੍ਰਭੂ ਰਜ਼ਾ ਵਾਲਾ ਸੰਤੋਖੀ ਜੀਵਨ। ਸਿੱਖ ਰਾਹੀਂ, ਗੁਰਬਾਣੀ ਆਧਾਰ ਤੇ ਇਹ ਸੇਵਾ ਵਾਲਾ ਸੰਕਲਪ ਹੀ ਇਸ ਸਾਰੇ ਦਾ ਇਕੋ-ਇਕ ਰਾਹ ਸੀ। ਗੁਰੂ ਸਾਹਿਬ ਦੀ ਮਹਾਨ ਬਖਸ਼ਿਸ਼, ਪ੍ਰਭੂ ਦੀ ਰਜ਼ਾ ਵਾਲੇ ਜੀਵਨ ਦੀ ਚੇਤਨਾ ਵੀ ਸੰਸਾਰ ਨੂੰ ਸਾਡੇ ਅਪਣੇ ਜੀਵਨ ਵਿਚੋ ਇਸੇ ਦੀ ਹੋਂਦ ਤੇ ‘ਸੇਵਾ ਦੇ ਇਸੇ ਸੰਕਲਪ ਰਾਹੀ ਹੀ ਪੁਜਣੀ ਸੀ। ਇਸੇ ਤੋਂ ਮਨੁੱਖ ਨੂੰ ਸਮਝ ਆ ਸਕਦੀ ਸੀ ਅਪਣੇ ਸੁਭਾ ਨੂੰ ਪ੍ਰਭੂ ਸੁਭਾ ਨਾਲ ਮਿਲਾ ਕੇ ਚਲਾਉਣ ਦੀ। ਇਹੀ ਹਲ ਸੀ ਮਨੁੱਖ ਦੀ ਸਾਰੀਆ ਸਮਸਿਆਵਾਂ ਦਾ।

ਜ਼ਰਾ ਪੜਚੌਲ ਕਰਕੇ ਦੇਖ ਲਵੋ! ਸਚਾਈ ਪ੍ਰਕਟ ਹੁੰਦੇ ਦੇਰ ਨਹੀਂ ਲਗੇਗੀ ਕਿ ਇਹ ਸਭ ਹੋਣਾ ਸੀ ਗੁਰਬਾਣੀ ਜੀਵਨ ਤੇ ਉਸਤੋਂ ਪੈਦਾ ਹੋਣ ਵਾਲੇ ‘ਸੇਵਾ ਦੇ ਸੰਕਲਪ’ ਵਿਚੋਂ, ਪਰ ਹਰ ਪਖੋ ਅਜ ਸਿੱਖ ਆਪ ਕਿਥੇ ਖੜਾ ਹੈ? ਫ਼ਿਰ ਵੀ ਦਾਵਾ ਕਰਦੇ ਹਾਂ ਕਿ ਅਸੀਂ ‘ਗੁਰੂ ਦੀ- ਪੰਥ ਦੀ ਬੜੀ ਸੇਵਾ ਕਰ ਰਹੇ ਹਾਂ’। ਅਸਲ ‘ਚ ਸਿੱਖ ਧਰਮ ਆਦਿ ਕਾਲ ਤੋਂ ਹੀ ਮਨੁੱਖ ਮਾਤਰ ਦਾ ਮੂਲ ਧਰਮ ਹੈ। ਕੇਵਲ ਗੁਰਬਾਣੀ ਰਾਹ ਤੇ ਚਲ ਕੇ ਧਰਮ ਵਾਲੀ ਸਚਾਈ ਨੂੰ ਪ੍ਰਗਟ ਕਰਣ ਲਈ ਪਾਤਸ਼ਾਹ ਨੇ ਇਸ ਨੂੰ ਨਾਮ ਦਿਤਾ ਹੈ ‘ਸਿੱਖ’। ਸਿਖ ਦੀ ਤਾਂ ਪਛਾਣ ਇਹੀ ਹੈ ‘ਬਾਹਰੋਂ ਅਕਾਲਪੁਰਖੀ ਸਰੂਪ ਦਾ ਵਰਿਸ ਅਤੇ ਅੰਦਰੋਂ ਗੁਰਬਣੀ ਸਿਖਿਆ ਰਾਹੀ ਪ੍ਰਗਟ ਮਾਨਵੀ ਕੱਦਰਾਂ ਕੀਮਤਾਂ ਦਾ ਉਸਦੇ ਜੀਵਨ ਵਿਚੋਂ ਪ੍ਰਗਟਾਵਾ। ਦੂਜੇ ਲਫ਼ਜ਼ਾਂ ‘ਚ ਸਿੱਖ ਦਾ ਮਤਲਬ ਹੈ-ਗੁਰਬਾਣੀ ਸਿਖਿਆ ਨੂੰ ਸਮਰਪਤ ਜੀਵਨ।

ਅਜ ਸਿੱਖਾਂ ਦੀ ਅਪਣੀ ਹਾਲਤ ਕੀ ਹੈ: ਦੂਰ ਕੀ ਜਾਣਾ ਹੈ, ਜਿਨ੍ਹਾਂ ਚੋਂ ਸੰਸਾਰ ਨੂੰ ਕਢਣਾ ਸੀ, ਅਜ ਖੁਦ ਸਿਖ ਆਪ ਹੀ ਇਨ੍ਹਾਂ ਸਮਮਿਆਵਾਂ ਨਾਲ ਦੋ ਚਾਰ ਹਨ। ਜੋ ਦੋਖ ਦੂਜਿਆਂ ਦੇ ਜੀਵਨ ਵਿਚ ਹਨ, ਉਹੀ ਸਿਖਾਂ ਵਿਚ ਵੀ ਭਰੇ ਪਏ ਹਨ। ਦੁੱਖ ਤਾਂ ਇਸ ਗਲ ਦਾ ਹੈ ਸਿੱਖ ਅਜ ਸ਼ਾਇਦ ਆਪਣੀ ਨਿਆਰੀ ਹੋਂਦ ਨੂੰ ਹੀ ਨਹੀਂ ਸਮਝ ਪਾ ਰਿਹਾ। ਇਹ ਇੱਕ ਸੰਪੂਰਨ ਧਰਮ ਵੀ ਹੈ ਅਤੇ ਹਰ ਇਨਸਾਨ ਵਾਸਤੇ ਲੋਕ ਲਹਿਰ ਵੀ। ਅਨੇਕਾਂ ਸੰਸਾਰਕ ਧਰਮਾਂ ਦੀ ਗਿਣਤੀ ਵਿਚ ਵਾਧਾ ਕਰਨ ਵਾਸਤੇ ਇਕ ਹੋਰ ਧਰਮ ਨਹੀਂ। ਇਸ ਸਾਰੇ ਮਸਲੇ ਦਾ ਇਕੋ ਹੀ ਹਲ ਗੁਰਬਾਣੀ ਜੀਵਨ ਦੇ ਆਧਾਰ ਤੇ ਸਿੱਖ ਦੇ ਜੀਵਨ ਵਿਚੋਂ ਲੋਕਾਈ ਦੇ ਸੇਵਾ ਦੇ ਸੰਕਲਪ ਦਾ ਪੈਦਾ ਹੋਣਾ।

#104s79.10s06#

Includnig thsi Self Learnnig Gurmat Lesson No 104

ਗੁਰਬਾਣੀ ‘ਚ ਸੇਵਾ ਦਾ ਸੰਕਲਪ

For all the Gurmat Lessons wrtiten upon Self Learnnig base by ‘Prnicpial Gain iSurjti Snigh’ Skih Msisoinary, Delh,i all the rgihts are reserved wtih the wrtier, but easliy avaliable for Dsitrbiutoin wtihni ‘Guru K iSangat’ wtih an nitentoin of Gurmat Parsar, at qutie a nomnial prnitnig cost .ie. mostly Rs 200/- to 300/- (ni rare cases these are 400/- or 500/-) per hundred copeis . (+P&P.Extra) From ‘Gurmat Educatoin Centre, Delh’i, Postal Address- A/16 Basement, Dayanand Colony, Lajpat Nagar IV, N. Delh-i24 Ph 91-11-26236119 & ® J-IV/46 Old D/S Lajpat Nagar-4 New Delh-i110024 Ph. 91-11-26236119 Cell 9811292808

web site- www.gurbangiuru.com




.