.

‘ਤਾ ਕੈ ਮੂਲਿ ਨ ਲਗੀਐ ਪਾਇ’

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਨੂੰ ਤਿੰਨ ਨਿਰਮਲ ਸਿਧਾਂਤ ਦਿੱਤੇ। ਜਿਸ ਵਿਚ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਕੇ ਛੱਕਣਾ ਅਉਂਦਾ ਹੈ। ਇਹ ਤਿੰਨੇ ਵਿਚਾਰ ਆਪਣੇ ਅੰਦਰ ਇਕ ਵੱਡਾ ਰਹੱਸ ਸਮਾਈ ਬੈਠੇ ਹਨ। ਕਿਰਤ ਦਾ ਅਰਥ ਦੁਨੀਆਂ ਦੀ ਅਰਥਿਕਤਾ ਨਾਲ ਜੁੜਿਆ ਹੋਇਆ ਹੈ। ਸਿੱਖ ਦਾ ਇਸ ਵਿਸ਼ੇ ਨਾਲ ਗਹਿਰਾ ਸਬੰਧ ਹੈ। ਕਿਰਤ ਕਰਨ ਵਾਲੇ ਕਿਰਤੀ ਤੇ ਕੰਮ ਕਰਨ ਵਾਲੇ ਨੂੰ ਕੰਮੀ ਕਿਹਾ ਗਿਆ ਹੈ। ਉਂਜ ਕੰਮੀ ਸ਼ਬਦ ਉਚ ਜਾਤੀ ਵਾਲਿਆਂ ਨੇ ਪਛੜੇ ਵਰਗ ਨਾਲ ਸਬੰਧਿਤ ਕਰ ਦਿੱਤਾ ਹੈ। ਕਿਰਤੀ ਜਾਂ ਕੰਮੀ ਦੀ ਕਮਾਈ ਤੇ ਪਲ਼ਣ ਵਾਲੇ ਨੂੰ ਕਮੀਨਾ ਕਿਹਾ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿਰਤੀ ਜਾਂ ਕੰਮੀ ਨੂੰ ਸਲਾਹਿਆ ਹੈ ਉੱਥੇ ਪਿਆਰ ਗਲਵੱੜੀ ਵਿਚ ਲੈ ਕੇ ਅਥਾਹ ਪਿਆਰ ਕੀਤਾ ਹੈ। ਇਸ ਕਿਰਤ ਦਾ ਸਦਕਾ ਹੀ ਦੁਨੀਆਂ ਦੇ ਹਰ ਖੇਤਰ ਵਿਚ ਸਿੱਖਾਂ ਨੇ ਬੇ-ਓੜਕ ਤਰੱਕੀਆਂ ਕਰਕੇ ਸਤਿਕਾਰ ਜੋਗ ਨਾਮਣਾ ਖੱਟਿਆ ਹੈ। ਸੰਦਲੀ ਬਾਰ ਤੋਂ ਲੈ ਕੇ ਯੂ.ਪੀ.ਦੇ ਜੰਗਲਾਂ ਨੂੰ ਆਬਾਦ ਕਰਦਿਆਂ ਅਮਰੀਕਾ ਦੇ ਕੈਲੇਫੋਰਨੀਆ ਦੀ ਧਰਤੀ ਨੂੰ ਫਲ਼ਦਾਰ ਬਾਗਾਂ ਵਿਚ ਤਬਦੀਲ ਕਰਨਾ, ਵੱਡੀਆਂ ਦੁਕਾਨਾਂ, ਸਟੋਰਾਂ ਤੇ ਕਾਰਖਾਨੇ ਦਾ ਨਿਕਲਦਾ ਧੂੰਆਂ ਇਸ ਦੀ ਕਿਰਤ ਦੀ ਮੂੰਹ ਬੋਲਦੀ ਤਸਵੀਰ ਸਾਡੇ ਸਾਹਮਣੇ ਹੈ।
ਦੂਸਰਾ ਵਿਚਾਰ ਨਾਮ ਜਪਣ ਦਾ ਅਉਂਦਾ ਹੈ। ਬਾਹਰਲੇ ਤਲ ਤੇ ਇੰਜ ਮਹਿਸੂਸ ਹੁੰਦਾ ਹੈ ਕੇ ਜ਼ਬਾਨ ਨਾਲ ਕੇਵਲ ਰਾਮ ਰਾਮ, ਅੱਲਾਹ ਅੱਲਾਹ ਜਾਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਤੇ ਨਾਮ ਜੱਪਿਆ ਗਿਆ ਸਮਝ ਲਿਆ ਜਾਂਦਾ ਹੈ। ਨਾਮ ਜਪਣ ਦੀ ਗਹਿਰਾਈ ਵਿਚ ਧਰਮ ਦੇ ਪਹਿਛਾਣ ਦੀ ਡੂੰਘੀ ਫਿਲਾਸਫੀ ਲੁਕੀ ਹੋਈ ਹੈ। ਫ਼ਰਜ਼ ਪ੍ਰਤੀ ਸੁਚੇਤਤਾ, ਇਮਾਨਦਾਰੀ, ਵਫਦਾਰੀ ਤੇ ਸਖਤ ਮਿਹਨਤ ਦਾ ਸਕੰਲਪ ਪਰਗਟ ਹੁੰਦਾ ਹੈ। ਕਿਰਤ ਵਿਚ ‘ਨਾਮ’ ਇਮਾਨਦਾਰੀ ਤੇ ਸਖਤ ਮਿਹਨਤ ਦੇ ਰੂਪ ਵਿਚ ਲਿਆ ਗਿਆ ਹੈ। ਕਿਸੇ ਅਧਿਆਪਕ ਨੂੰ ਸਕੂਲ ਵਿਚ ਹਿਸਾਬ ਪੜ੍ਹਾਉਣ ਦੀ ਡਿਊਟੀ ਮਿਲੀ ਹੋਈ ਹੈ; ਉਹ ਜਮਾਤ ਵਿਚ ਹਿਸਾਬ ਪੜ੍ਹਾਉਣ ਦੀ ਬਜਾਏ ਸੁਖਮਨੀ ਸਾਹਿਬ ਦਾ ਗੁਟਕਾ ਲੈ ਕੇ ਪਾਠ ਕਰਨਾ ਸ਼ੁਰੂ ਕਰ ਦਏ, ਬੱਚਿਆਂ ਨੂੰ ਕਹੇ, “ਕੇ ਚੁੱਪ ਕਰੋ ਓਏ ! ਮੈਂ ਗੁਰਬਾਣੀ ਪੜ੍ਹ ਰਿਹਾਂ ਹਾਂ”, ਇਸ ਤੋਂ ਵੱਡੀ ਕੁਰਪਸ਼ਨ ਹੋਰ ਕੀ ਹੋ ਸਕਦੀ ਹੈ। ਇਮਾਨਦਾਰੀ ਨਾਲ ਬੱਚਿਆਂ ਨੂੰ ਕਰਾਈ ਸਖਤ ਮਿਹਨਤ ਹੀ ਸਫਲ ਅਧਿਆਪਕ ਦਾ ਨਾਮ ਜਪਣ ਵਿਚ ਆ ਜਾਂਦਾ ਹੈ। ਨਾਮ ਜਪਣ ਦਾ ਅਰਥ ਹੀ ਆਪਣੇ ਫ਼ਰਜ਼ ਦੀ ਪਹਿਛਾਣ ਵਿਚ ਅਉਂਦਾ ਹੈ।
ਤੀਸਰਾ ਨੁਕਤਾ ਵੰਡ ਕੇ ਛੱਕਣ ਦਾ ਅਉਂਦਾ ਏ ਜਿਸ ਵਿਚੋਂ ਸਮਾਜਕਿ ਬਰਾਬਰੀ ਦੀਆਂ ਕਿਰਨਾਂ ਚਮਕਦੀਆਂ ਨਜ਼ਰ ਅਉਂਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾਂ ਨੇ ਕਿਹਾ ਕੇ ਵੰਡ ਕੇ ਛੱਕਣ ਦੀ ਮਰਯਾਦਾ ਸਾਰੇ ਥਾਈਂ ਲਾਗੂ ਨਹੀਂ ਹੋ ਸਕਦੀ, ਕਿਉਂਕਿ ਜੇ ਤਿਲ਼ਾਂ ਦਾ ਦਾਣਾ ਹੀ ਇਕ ਹੋਵੇ ਤਾਂ ਇਹ ਕਿਵੇਂ ਵੰਡਿਆ ਜਾ ਸਕਦਾ ਹੈ-ਤਰਕ ਕਰਕੇ ਸਵਾਲ ਪੁਛਿਆ? ਗੁਰੂ ਸਾਹਿਬ ਜੀ ਨੇ “ਕਿਹਾ ਸਿੱਧੋ ਜਦੋਂ ਤੁਸੀਂ ਕਦੇ ਬਦਾਮਾਂ ਦੀ ਸ਼ਰਦਾਈ ਤਿਆਰ ਕਰਦੇ ਹੋ ਤਾਂ ਓਦੋਂ ਤਿਲ਼ ਦੇ ਇਕ ਦਾਣੇ ਨੂੰ ਵੀ ਵਿਚ ਪਾ ਕੇ ਨਾਲ ਹੀ ਪੂਰੀ ਤਰ੍ਹਾਂ ਘੋਟ ਲਉ ਤੇ ਵੰਡ ਕੇ ਸਾਰੇ ਛੱਕ ਲਉ। ਜੇ ਕਰ ਵੰਡ ਕੇ ਛੱਕਣ ਦੀ ਨੀਅਤ ਹੋਵੇ ਤਾਂ ਇਕ ਤਿਲ ਦਾ ਦਾਣਾ ਵੀ ਵੰਡਿਆ ਜਾ ਸਕਦਾ ਹੈ। ਜੇ ਕਰ ਨੀਅਤ ਨਹੀਂ ਤਾਂ ਲੱਖਾਂ ਹੋਣ ਦੇ ਬਾਵਜੂਦ ਵੀ ਨਹੀਂ ਵੰਡਿਆ ਜਾ ਸਕਦਾ”। ਵੰਡ ਕੇ ਛੱਕਣ ਦਾ ਭਾਵ ਆਪਣੇ ਤੋਂ ਪਿੱਛੇ ਰਹਿ ਗਏ ਭਰਾਵਾਂ ਨੂੰ ਉੱਪਰ ੳਠਾਣਾ ਹੈ। ਇਸ ਵਿਚੋਂ ਸਾਝੀਵਾਲਤਾ ਮੂਲ ਰੂਪ ਪ੍ਰਗਟ ਹੁੰਦਾ ਹੈ।
ਗੁਰਬਾਣੀ ਲਿਖੀ ਏ ਗੁਰੂ ਸਾਹਿਬ ਜੀ ਨੇ ਤੇ ਇਤਿਹਾਸ ਲਿਖਿਆ ਹੈ ਇਤਿਹਾਸ-ਕਾਰਾਂ ਨੇ। ਅਸੀਂ ਇਤਿਹਾਸ ਨੂੰ ਪੂਰੀ ਮਾਨਤਾ ਦੇ ਰਹੇ ਹਾਂ ਪਰ ਗੁਰਬਾਣੀ ਦੇ ਸਿਧਾਂਤ ਨੂੰ ਵਿਸਾਰੀ ਬੈਠੇ ਹਾਂ। ਏਸੇ ਲਈ ਅੱਜ ਦਾ ਪੜ੍ਹਿਆ ਲਿਖਿਆ ਵਿਦਿਆਰਥੀ ਓਸੇ ਹੀ ਦਲੀਲ ਨੂੰ ਮੰਨਦਾ ਹੈ ਜੋ ਪਰਖ ਦੀ ਕਸਵੱਟੀ ਤੇ ਪੂਰੀ ਉਤਰ ਦੀ ਹੋਵੇ। ਹੁਣ ਗੁਰਬਾਣੀ ਕਿਰਤ ਨੂੰ ਤਰਜੀਹ ਦੇ ਰਹੀ ਹੈ ਤੇ ਸਾਖੀ ਅਸੀਂ ਵਿਹਲੜ ਸਾਧਾਂ ਦੀ ਸੁਣਾ ਰਹੇ ਹਾਂ। ਕਈ ਸੌ ਸਾਲਾਂ ਤੋਂ ਇਹ ਸਾਖੀ ਹਰ ਗੁਰਪੁਰਬ ਤੇ ਸੁਣਾਈ ਜਾਂਦੀ ਰਹੀ ਹੈ ਕੇ ਗੁਰੂ ਜੀ ਨੂੰ ਪਿਤਾ ਕਾਲਿਆਣ ਦਾਸ ਜੀ ਨੇ ਵੀਹ ਰੁਪਏ ਦਿੱਤੇ ਤੇ ਸੱਚਾ ਸੌਦਾ ਕਰਨ ਲਈ ਕਿਹਾ। ਗੁਰੂ ਜੀ ਨੇ ਕਈਆਂ ਦਿਨਾਂ ਦੇ ਭੁੱਖਿਆਂ ਸਾਧੂਆਂ ਨੂੰ ਭੋਜਨ ਖੁਆ ਦਿੱਤਾ ਤੇ ਇਸ ਨੂੰ ਸੱਚਾ ਸੌਦਾ ਕਿਹਾ। ਇਸ ਸਾਖੀ ਦਾ ਅਸਰ ਇਹ ਹੋਇਆ ਕੇ ਵਿਹਲੜ ਲੋਕਾਂ ਦੀਆਂ ਭੀੜਾਂ ਇਕੱਠੀਆਂ ਹੋ ਗਈਆਂ ਭੁੱਖੇ ਸਾਧੂਆਂ ਦੇ ਰੂਪ ਵਿਚ-ਜਿਨ੍ਹਾਂ ਨੇ ਇਹ ਧਾਰ ਲਿਆ ਕੇ ਕਿਰਤੀ ਸਾਨੂੰ ਬੈਠਿਆਂ ਬਠਾਇਆਂ ਨੂੰ ਭੋਜਨ ਦੇਣ ਕਿਉਂਕਿ ਅਸੀਂ ਨਾਮ ਜੱਪ ਕੇ ਸੰਸਾਰ ਦਾ ਬੇੜਾ ਪਾਰ ਲਗਾ ਰਹੇ ਹਾਂ। ਵਿਹਲੇ ਭੁੱਖੇ ਸਾਧੂਆਂ ਨੂੰ ਸਮਾਜ ਦਾ ਅਹਿਮ ਅੰਗ ਬਣਾ ਦਿੱਤਾ। ਤੇ ਏਸੇ ਲਈ ਇਸ ਸਾਖੀ ਰਾਂਹੀਂ ਗੁਰੂ ਨਾਨਕ ਸਾਹਿਬ ਜੀ ਤੋਂ ਕੰਮ ਚੋਰ ਵਿਹਲੇ ਸਾਧੂਆਂ ਦੀ ਦਿੱਲ ਖੋਲ੍ਹ ਕੇ ਸੇਵਾ ਕਰਾਈ ਤਾਂ ਕੇ ਸਾਡਾ ਵੀ ਤੋਰੀ ਫੁਲਕਾ ਚਲਦਾ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਜੋ ਫਰਮਾਇਆ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈ---
ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥
ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥
ਗੁਰੁ ਪੀਰ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥
ਘਾਲਿ ਖਾਇ ਕਿਛੁ ਹਥਹੁ ਦਇ ॥ ਨਾਨਕ ਰਾਹੁ ਪਛਾਣਹਿ ਸੇਇ ॥
ਸਲੋਕ ਮ: 1-ਪੰਨਾ –1245-

ਗੁਰੂ ਨਾਨਕ ਸਾਹਿਬ ਜੀ ਨੇ ਪੰਡਿਤ, ਜੋਗੀ ਤੇ ਮੁਲਾਂ ਨੂੰ ਨੇੜੇ ਹੋ ਕੇ ਵੇਖਿਆ ਕੇ ਇਹ ਲੋਕ ਧਰਮ ਦੇ ਨਾਂ ਤੇ ਜੋ ਕਰਮ ਕਰ ਰਹੇ ਹਨ ਇਹ ਸਿਰਫ ਆਪਣੀ ਰੋਜ਼ੀ ਰੋਟੀ ਦੀ ਲਈ ਖਾਤਰ ਹੀ ਕਰ ਰਹੇ ਹਨ। ਜੀਵਨ ਜਾਚ ਤੇ ਆਤਮਿਕ ਗਿਆਨ ਤੋਂ ਕੋਰੇ ਹਨ। ਪਹਿਲਾ ਜਿ਼ਕਰ ਗੁਰੂ ਸਾਹਿਬ ਜੀ ਨੇ ਪੰਡਿਤ ਮਹਾਂਰਾਜ ਜੀ ਦਾ ਲਿਆ ਹੈ। ਪੰਡਿਤ ਜੋ ਭਜਨ ਗਾ ਰਿਹਾ ਹੈ ਇਸ ਦਾ ਲੋਕਾਈ ਨੂੰ ਭੋਰਾ ਵੀ ਫਾਇਦਾ ਨਹੀਂ ਹੈ ਕਿੳਂਕਿ ਉਹ ਸਿਰਫ ਉਦਰ ਪੂਰਤੀ ਲਈ ਹੀ ਗਾ ਰਿਹਾ ਹੈ। “ਗਿਆਨ ਵਿਹੂਣਾ ਗਾਵੈ ਗੀਤ”॥ ਪੰਡਿਤ ਤਾਂ ਹਮੇਸ਼ਾਂ ਏਸੇ ਹੀ ਤਾਕ ਵਿਚ ਬੈਠਾ ਹੈ ਕੇ ਨਵੇਂ ਤੋਂ ਨਵਾਂ ਕਰਮ-ਕਾਂਡ ਲੋਕਾਂ ਨੂੰ ਕਿਸ ਤਰ੍ਹਾਂ ਦਿੱਤਾ ਜਾਏ ਤਾਂ ਕੇ ਲੋਕ ਉਸ ਵਿਚ ਉਲਝੀ ਰਹਿਣ। ਮਿਸ਼ਰ ਦੇਵਤਾ ਜੀ ਨੇ ਧਰਮ ਨੂੰ ਰੋਜ਼ੀ ਦਾ ਵਸੀਲਾ ਬਣਾ ਲਿਆ ਤੇ ਇਹ ਗਿਆਨ ਤੋਂ ਵਿਹੂਣਾ ਰੱਬੀ ਭਜਨ ਗਾ ਰਿਹਾ ਹੈ। ਜਿਸ ਤਰ੍ਹਾਂ ਅਣ-ਸਿਖਾਂਦਰੂ ਪਾਠੀ ਸਿਰਫ ਰੋਜ਼ੀ ਦੀ ਖਾਤਰ ਹੀ ਪਾਠ ਪੂਜਾ ਕਰ ਰਹੇ ਹਨ –ਤੇ ਆਪ ਗੁਰਬਾਣੀ ਸੂਝ ਤੋਂ ਬਿਲਕੁਲ ਕੋਰੇ ਹਨ। ਜੇ ਗੁਰਬਾਣੀ ਗਿਆਨ ਹੋਵੇ ਤਾਂ ਕੁੰਭ-ਨਰੀਏਲ-ਜੋਤ ਇਤਿਆਦਿਕ ਨਾ ਰੱਖਣ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਇਤਿਹਾਸਕ ਗੁਰਦੁਆਰਿਆਂ ਤੋਂ ਲੈ ਕੇ ਡੇਰਿਆਂ ਤਕ ਗੁਰਬਾਣੀ ਗਿਆਨ ਨੂੰ ਛੱਡ ਕੇ ਗੁਰਬਾਣੀ ਦੀ ਹਜ਼ੂਰੀ ਵਿਚ ਹੀ ਕਰਮ ਕਾਂਡ ਦਾ ਪੂਰਾ ਬੋਲਬਾਲਾ ਹੈ। ਜਿਸ ਤਰ੍ਹਾਂ ਪੰਡਤ ਗਿਆਨ ਤੋਂ ਬਿਨਾਂ ਕਰਮ ਸਿਰਫ ਆਪਣੀ ਰੋਟੀ ਦੀ ਖਾਤਰ ਨਿਬਾਹ ਰਿਹਾ ਹੈ ਏਸੇ ਤਰ੍ਹਾਂ ਹੀ ਸਾਡੇ ਪਾਠੀ ਵੀਰ ਇਹ ਕਰਮ ਨਿਬਾਹ ਰਹੇ ਹਨ। ਗਿਆਨ ਤੋਂ ਬਿਨਾ ਧਰਮ ਦੇ ਨਾਂ ਤੇ ਕਿਤੇ ਇਕੋਤਰੀ, ਕਿਤੇ ਇਕਵੰਜਾ ਤੇ ਕਿਤੇ ਗਿਆਰਾਂ ਪਾਠਾਂ ਦੀਆਂ ਲੜੀਆਂ ਚਲਾ ਚਲਾ ਕੇ ਪੂਰੇ ਗੀਤ ਗਾ ਹਰੇ ਹਾਂ। ਇਹ ਉਪਦੇਸ਼ ਸਿਰਫ ਪੰਡਿਤ ਵਾਸਤੇ ਨਹੀਂ ਹੈ ਸਾਡੇ ਤੇ ਵੀ ਉਤਨਾ ਹੀ ਲਾਗੂ ਹੁੰਦਾ ਹੈ।
ਗੁਰੂ ਸਾਹਿਬ ਜੀ ਨੇ ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ ਬਲ ਕੇ ਉਸ ਵਿਚ ਆਈਆਂ ਕੰਮਜ਼ੋਰੀਆਂ ਨੂੰ ਉਹਨਾਂ ਦੇ ਸਾਹਮਣੇ ਰੱਖ ਕੇ ਚੰਗਾ ਜੀਵਨ ਜਿਉਣ ਦੀ ਜਾਚ ਸਿਖਾਈ ਹੈ। ਜਿਸ ਤਰ੍ਹਾਂ ਮੁਸਲਮਾਨ ਵੀਰ ਦੇ ਧਾਰਮਿਕ ਆਗੂ ਮੁਲਾਂ ਦੀ ਗੱਲ ਕਰਦਿਆਂ ਬੇ-ਬਾਕੀ ਨਾਲ ਬੇ-ਖੋਫ਼ ਹੋ ਕੇ ਇਹ ਕਿਹਾ ਕੇ ਭਰਾਵਾ ਤੇਰੀ ਬਾਂਗ ਦੇਣ ਦਾ ਮੈਂ ਢੰਗ ਤਰੀਕਾ ਦੇਖਿਆ ਹੈ। ਮੈਂ ਇਹ ਮਹਿਸੂਸ ਕੀਤਾ ਏ ਕੇ ਇਹ ਬਾਂਗ ਤੇਰੇ ਆਪਣੇ ਲਈ ਕੋਈ ਅਰਥ ਨਹੀਂ ਰੱਖਦੀ। ਤੂੰ ਸਿਰਫ ਆਪਣੇ ਭੁੱਖੇ ਪੇਟ ਦੀ ਖਾਤਰ ਹੀ ਬਾਂਗ ਦੇ ਰਿਹਾਂ ਏਂ, ਜੋ ਤੇਰਾ ਰੋਜ਼ਗਾਰ ਹੈ। ਮੁਲਾਂ ਨੂੰ ਮਸੀਤ ਜਾਂ ਉਸ ਦੀ ਕਿਸੇ ਪਰਕ੍ਰਿਆ ਨਾਲ ਬਹੁਤਾ ਵਾਸਤਾ ਨਹੀਂ ਹੁੰਦਾ ਕਿਉਂਕਿ ਉਸ ਨੇ ਸਮੇਂ ਨਾਲ ਬਾਂਗ ਦੇ ਕੇ ਲੋਕਾਂ ਨੂੰ ਮਸੀਤ ਵਿਚ ਇਕੱਠਾ ਹੀ ਕਰਨਾ ਹੁੰਦਾ। ਮੁੱਲਾਂ ਦੇ ਸਬੰਧੀ ਏਸੇ ਹੀ ਸ਼ਬਦ ਵਿਚ ਲਿਖਿਆ ਹੈ ਕੇ---
“ਭੁਖੇ ਮੁਲਾਂ ਘਰੇ ਮਸੀਤਿ”॥

‘ਘਰੇ ਮਸੀਤਿ’-ਆਪਣੇ ਹੀ ਘਰ ਦੀ ਖਾਤਰ ਭਾਵ ਰੋਜ਼ੀ ਦੀ ਖਾਤਰ ਮੁਲਾਂ ਬਾਂਗ ਦੇ ਰਿਹਾ ਹੈ ਪਰ ਬਾਂਗ ਦੇ ਅਰਥ ਭਾਵ ਨੂੰ ਨਹੀਂ ਸਮਝ ਰਿਹਾ। ਆਤਮਿਕ ਸੂਝ ਤੇ ਜੀਵਨ ਜਾਚ ਕੋਹਾਂ ਦੂਰ ਬੈਠੇ ਮੁਲਾਂ ਦੀ ਅਸਲੀਅਤ ਉਸ ਦੇ ਸਾਹਮਣੇ ਰੱਖ ਦਿੱਤੀ ਹੈ।
ਕਹਿੰਦੇ ਨੇ ਭਾਦਰੋਂ ਦੇ ਜੁਮਾਸਿਆਂ ਦਾ ਸਤਾਇਆ ਹੋਇਆ ਜੱਟ-ਜੋਗੀ ਬਣ ਜਾਂਦਾ ਹੈ। ਭਾਵ ਔਖੀ ਸਾਧਨਾ ਦੇਖ ਕੇ ਸੌਖੀ ਸਾਧਨਾ ਫਕੀਰਾਂ ਵਾਲੀ ਧਾਰਨ ਕਰ, ਕੰਨਾਂ ਵਿਚ ਮੁੰਦਰੇ, ਸਰੀਰ ਤੇ ਸਵਾਹ ਮਲ਼ ਕੇ ਜੋਗੀ ਬਣ ਜਾਂਦਾ ਹੈ। ਭੋਲੇ ਲੋਕ ਇਸ ਭੇਖ ਨੂੰ ਰੱਬ ਦਾ ਖਾਸ ਦੂਤ ਸਮਝਦਿਆਂ ਪੂਰੀ ਸੇਵਾ ਵਿਚ ਲੱਗ ਜਾਂਦੇ ਹਨ। ਐਸੇ ਵਿਹਲੜ ਮਖੁਟੂਆਂ ਦੀ ਗੁਰੂ ਜੀ ਨੇ ਝਾੜ ਚੰਭ ਕਰਦਿਆਂ ਕਿਹਾ ਹੈ ਕਿ “ਭੈੜਿਓ ਕੁਝ ਸੋਚੋ! ਤੁਸਾਂ ਤਾਂ ਆਪਣੀ ਕੁਲ ਨੂੰ ਦਾਗ ਹੀ ਨਹੀਂ ਲਗਾਇਆ ਬਲ ਕੇ ਆਪਣੀ ਅਣਖ ਵੀ ਗਵਾ ਲਈ ਹੈ”। ਪਿੰਡਾਂ ਵਿਚ ਹਾੜੀ ਸੳਣੀ ਦੀ ਫਸਲ ਜਦੋਂ ਘਰਾਂ ਵਿਚ ਆ ਜਾਂਦੀ ਹੈ ਤਾਂ ਅਜੇਹੇ ਕੰਮਚੋਰਾਂ ਦੀਆਂ ਭਰਮਾਰਾਂ ਵੀ ਆਉਣ ਲੱਗ ਜਾਂਦੀਆਂ ਸਨ। ਬੰਮ ਬੰਮ ਕਰਦੇ ਵਰ ਸਰਾਪਾਂ ਦੀਆਂ ਝੜ੍ਹੀਆਂ ਲਗਾਈ ਅਗਾਂਹ ਤੁਰੇ ਜਾਂਦੇ ਹਨ। ਕੀ ਅਜੇਹੇ ਭੁੱਖੇ ਸਾਧੂਆਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਜੀ ਦੀ ਕੀਤੀ ਕਮਾਈ ਨੂੰ ਇਹਨਾਂ ਤੇ ਲੁਟਾ ਦਿੱਤਾ ? ਕੀ ਮਖੁਟੂਆਂ ਨੂੰ ਰਾਸ਼ਣ ਛਕਾੳਣਾ ਹੀ ਸੱਚਾ ਸੌਦਾ ਹੈ ? ਗੁਰੂ ਸਾਹਿਬ ਜੀ ਦਾ ਇਹਨਾਂ ਵਿਹਲੜ ਪੁਰਸ਼ਾਂ ਪ੍ਰਤੀ ਕੀ ਖਿਆਲ ਹੈ-ਲਓ ਪੜ੍ਹੋ ਧਿਆਂਨ ਨਾਲ--
ਮਖਟੂ ਹੋਇ ਕੈ ਕੰਨ ਪੜਾਏ ॥
ਫਕਰੁ ਕਰੇ ਹੋਰੁ ਜਾਤਿ ਗਵਾਏ ॥

ਮਖਟੂ-ਹੱਡ ਹਰਾਮ ਜਿਦ੍ਹਾ ਕੰਮ ਕਰਨ ਨੂੰ ਜੀ ਨਾ ਕਰਦਾ ਹੋਵੇ-ਸਮਾਜ, ਪਰਵਾਰ ਤੇ ਬੋਝ੍ਹ ਬਣਨ ਲਈ ਕੰਨਾਂ ਵਿਚ ਮੁੰਦਰਾਂ ਪਾ ਲੇਣੀਆਂ। ਭੇਖੀ ਫਕੀਰ ਬਣ ਕੇ ਆਪਣੀ ਅਣਖ ਤੇ ਗੈਰਤ ਨੂੰ ਗਵਾ ਲੈਣ ਵਾਲਾ ਸਾਧ ਨਹੀਂ ਹੋ ਸਕਦਾ। ਕੀ ਅਜੇਹੇ ਕੰਮਚੋਰ ਕੰਨਪਾਟਿਆਂ ਨੂੰ ਮੁਫਤ ਦਾ ਲੰਗਰ ਛਕਾਉਣਾ ਸੱਚਾ ਸੌਦਾ ਹੈ ? ਇਸ ਦਾ ਅਰਥ ਤਾਂ ਇਹ ਹੋਇਆ ਕੇ ਜਦ ਵਿਹਲੇ ਰਿਹਾਂ ਹੀ ਪਰਸ਼ਾਦਾ ਮਿਲ ਜਾਣਾ ਹੈ ਤਾਂ ਹੱਢ ਭੰਨਣ ਦੀ ਕੀ ਜ਼ਰੂਰਤ ਹੈ ? ਗੁਰੂ ਸਾਹਿਬ ਜੀ ਨੇ ਤਾਂ ਇਕ ਖਾਸ ਤਾਗੀਦ ਕਰਦਿਆਂ ਹੋਇਆਂ ਫਰਮਾਇਆ ਹੈ ਬੱਚੋ ਇਹਨਾਂ ਤੋਂ ਇਹ ਤੇ ਆਪੇ ਹੀ ਗੁਰੂ ਬਣ ਬੈਠੇ ਹਨ ਕੀ ਲੌੜ ਪਈ ਹੈ ਇਹਨਾਂ ਦੇ ਪੈਰੀ ਲੱਗਣ ਦੀ ? ਸਪੱਸ਼ਟ ਐਲਾਨ ਹੈ-
ਗੁਰੁ ਪੀਰੁ ਸਦਾਇ ਮੰਗਣ ਜਾਇ ॥
ਤਾ ਕੈ ਮੂਲਿ ਨ ਲਗੀਐ ਪਾਇ ॥

ਕਈਆਂ ਨੂੰ ਆਪੇ ਗੁਰੂ ਬਣਨ ਦਾ ਬੜਾ ਸ਼ੋਕ ਹੁੰਦਾ ਹੈ ਏਸੇ ਤਰ੍ਹਾਂ ਹੀ ਇਕ ਆਦਮੀ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕੇ ਹੁਣ ਤੱਕ ਜਿੰਨੇ ਵੀ ਸੰਸਾਰ ਵਿਚ ਪੀਰ ਪੈਗੰਬਰ ਆਏ ਨੇ ਉਹ ਸਾਰੇ ਮੇਰੀ ਰਜ਼ਾ ਨਾਲ ਹੀ ਆਏ ਹਨ। ਫਿਰ ਕੀ ਸੀ ਰਾਜੇ ਨੇ ਆਪੇ ਬਣੇ ਗੁਰੂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ। ਜੇਲ੍ਹ ਵਿਚ ਅੱਗੇ ਇਕ ਉਸਦਾ ਵੀ ਉਸਤਾਦ ਬੈਠਾ ਹੋਇਆ ਸੀ। ਆਪਸੀ ਗੱਲ ਬਾਤ ਹੁੰਦਿਆਂ ਪਹਿਲੇ ਕੈਦੀ ਨੂੰ ਜਦ ਇਹ ਪਤਾ ਲੱਗਾ ਕੇ ਇਹ ਖੁਦਾ ਆਖਣ ਦੇ ਕੇਸ ਵਿਚ ਜੇਲ੍ਹ ਯਾਤਰਾ ਕਰ ਰਿਹਾ ਹੈ ਤਾਂ ਪਹਿਲੇ ਨੇ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ ਕੇ ਹੁਣ ਤਕ ਜਿੰਨੇ ਵੀ ਪੀਰ ਫਕੀਰ ਪੈਗੰਬਰ ਮੈਂ ਭੇਜੇ ਹਨ ਉਹਨਾਂ ਸਾਰਿਆਂ ਦੀ ਲਿਸਟ ਮੇਰੇ ਪਾਸ ਹੈ ਇਹ ਤੇ ਮੈਂ ਭੇਜਿਆ ਹੀ ਨਹੀਂ ਹੈ, ਜਾਣੀ ਕੇ ਪਹਿਲਾ ਉਸ ਦਾ ਵੀ ਬਾਪ ਨਿਕਲਿਆ। ਹਨੇਰੀ ਆਇਆਂ ਸੜਕ ਤੇ ਦਰੱਖਤ ਡਿੱਗ ਪੈਂਦੇ ਹਨ ਤਾਂ ਉਹਨਾਂ ਨੂੰ ਰਾਹ ਵਿਚੋਂ ਦੂਰ ਕਰ ਲਿਆ ਜਾਂਦਾ ਹੈ ਤਾਂ ਕੇ ਮੁਸਾਫਰ ਨੂੰ ਰਾਹ ਵਿਚ ਅੜਿਕਾ ਨਾ ਆਵੇ । ਇੰਜ ਹੀ ਗੁਰੂ ਨਾਨਕ ਸਾਹਿਬ ਜੀ ਨੇ ਭੇਖੀ ਸਾਧ ਲਾਣੇ ਤੋਂ ਬਚਾਉਂਦਿਆਂ ਦੋ ਟੁੱਕ ਫੈਸਲਾ ਦਿੱਤਾ ਹੈ ਕੇ ਇਹਨਾਂ ਦੇ ਕਦਾ ਚਿੱਤ ਵੀ ਕਦਮਾਂ ਵਿਚ ਨਹੀਂ ਡਿੱਗਣਾ। ਡਿੱਗੇ ਹੋਏ ਦਰਖੱਤ ਨੂੰ ਲਾਂਭੇ ਕਰਨ ਵਾਂਗ ਇਹਨਾਂ ਨੂੰ ਵੀ ਆਪਣੀ ਜਿੰਦਗੀ ਵਿਚੋਂ ਬਾਹਰ ਦਾ ਰਸਤਾ ਦਿਖਾਓ, ਭੁੱਲ ਕੇ ਵੀ ਇਹਨਾਂ ਦੇ ਪੈਰੀਂ ਨਾ ਲੱਗਿਆ ਜਾਏ। “ਤਾ ਕੈ ਮੂਲਿ ਨ ਲਗੀਐ ਪਾਇ”
ਆਪਣੇ ਆਪ ਨੂੰ ਗੁਰੂ ਪੀਰ ਸਦਵਾ ਰਹੇ ਹਨ ਪਰ ਰੋਜ਼ੀ ਰੋਟੀ ਦੀ ਖਾਤਰ ਮੰਗਣ ਲਈ ਗ੍ਰਹਿਸਤੀਆਂ ਦੇ ਦਰ ਤੇ ਆ ਜਾਂਦੇ ਹਨ –“ਤਾ ਕੇ ਮੂਲਿ ਨ ਲਗੀਐ ਪਾਇ” ਇਹਨਾਂ ਤੋਂ ਬਚਣ ਦੀ ਬਹੁਤ ਵੱਡੀ ਜ਼ਰੂਰਤ ਹੈ। ਜਿਹਨਾਂ ਦੇ ਕੋਲ ਬੈਠਣ ਤੋਂ ਵੀ ਮਨ੍ਹਾ ਕੀਤਾ ਗਿਆ ਹੈ-ਕੀ ਜਿਹਨਾਂ ਤੋਂ ਬਚਣ ਲਈ ਕਿਹਾ ਹੈ ਉਹਨਾਂ ਨੂੰ ਭੋਜਨ ਛੱਕਾ ਦੇਣਾ ਹੀ ਸੱਚਾ ਸੌਦਾ ਹੈ ? ਜ਼ਰਾ ਸੋਚਣ ਦੀ ਲੋੜ ਹੈ। ਗੁਰੂ ਸਾਹਿਬ ਜੀ ਨੇ ਜੋ ਵਿਧਾਨ ਦਿੱਤਾ ਹੈ ਇਸ ਸਲੋਕ ਦੀ ਅਖੀਰਲੀ ਤੁੱਕ ਵਿਚ ਦੁਨੀਆਂ ਲਈ ਚਾਨਣ ਮੁਨਾਰਾ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥

ਜਿੰਦਗੀ ਦਾ ਸਹੀ ਰਸਤਾ ਕਮਾਉਣਾ ਤੇ ਕੁਝ ਦੇਣਾ ਹੈ। “ਘਾਲਿ ਖਾਇ” ਸਖਤ ਮਿਹਨਤ ਨੂੰ ਸੇਧਤਿਤ ਹੈ, ਮਿਹਨਤ ਕਰਨ ਨੂੰ ਮਿਹਣਾ ਕੋਈ ਨਹੀਂ ਹੈ। ਵੱਖ ਵੱਖ ਦੇਸ਼ਾਂ ਵਿਚ ਵਿਚਰਨ ਦਾ ਸਮਾਂ ਮਿਲਿਆ ਹੈ ਪੰਜਾਬੀਆਂ ਨੇ ਜਾਨ ਮਾਰ ਕੇ ਮਿਹਨਤਾਂ ਕੀਤੀਆਂ ਹਨ। ਅਰਬ ਮੁਲਕਾਂ ਦੇ ਮਾਰੂਥਲਾਂ ਵਿਚਲੀ ਮਿਹਨਤ ਬਹੁਤ ਔਖੀ ਗਿਣੀ ਗਈ ਹੈ। ਯੂ.ਪੀ ਦੇ ਜੰਗਲਾਂ ਨੂੰ ਅਬਾਦ ਕਰਦਿਆਂ ਤੇ ਠੰਡੇ ਮੁਲਕਾਂ ਦੀ ਬਰਫ ਨੂੰ ਮਿੱਧਦਿਆਂ ਘਾਲਿ ਦੇ ਅਦਰਸ਼ ਨੂੰ ਕਾਇਮ ਰੱਖਦਿਆਂ ਕਈ ਵੀਰਾਂ ਨੂੰ ਜਾਨਾਂ ਵੀ ਗਵਾਉਣੀਆਂ ਪਈਆਂ। ਸਿਆਣਿਆਂ ਦਾ ਕਥਨ ਹੈ ਪੈਸਾ ਕਮਾ ਲੈਣਾ ਬੜੀ ਗੱਲ ਨਹੀਂ ਹੈ ਪਰ ਪੈਸੇ ਨੂੰ ਸਹੀ ਤਰਤੀਬ ਦੇ ਕੇ ਵੰਡ ਕਰਨੀ ਵੱਡੀ ਗੱਲ ਮੰਨੀ ਗਈ ਹੈ। ਇਸ ਤਰ੍ਹਾਂ ਦੀ ਸਖਤ ਮਿਹਨਤ ਕਰਕੇ ਵਿਹਲੜ ਬ੍ਰਹਮ ਗਿਆਨੀਆਂ ਨੂੰ ਲੁਟਾ ਦੇਣੀ ਹੱਥੋਂ ਦੇਣ ਦਾ ਸਿਧਾਂਤ ਨਹੀਂ ਹੈ। ‘ਹਥਹੁ ਦੇਇ’ ਦਾ ਭਾਵ ਸਮਾਜਿਕ ਬਰਾਬਰੀ ਜਾਂ ਆਪਣੇ ਤੋਂ ਪਿੱਛੇ ਰਹੇ ਮਨੁੱਖ ਦੀ ਅਵਸਥਾ ਨੂੰ ਉੱਪਰ ਚੁੱਕਣ ਦਾ ਹੈ। ਹਥਹੁ ਦਇ ਦਾ ਭਾਵ ਸਮਾਜ ਦੀਆਂ ਸਾਂਝੀਆਂ ਲੋੜਾਂ ਨੂੰ ਪੂਰਾ ਕਰਨਾ ਹੈ। ਸਕੂਲ, ਕਾਲਜ ਤੇ ਹਸਪਤਾਲ ਏਸੇ ਕੜੀ ਵਿਚ ਅਉਂਦੇ ਹਨ। ਵਿਕਾਸ ਦੀ ਚਰਮ ਸੀਮਾ ਤੇ ਪਹੁੰਚੇ ਮੁਲਕਾਂ ਦਾ ਰਾਜ਼ ਸਖਤ ਮਿਹਨਤ ਹੀ ਹੈ। ਜਿੱਥੇ ਉਹ ਕੰਮ ਦੇ ਰਹੇ ਹਨ ਉਥੇ ਨਾਲ ਪਰਾਪਰ ਟੈਕਸ ਵੀ ਕੱਟ ਲੈਂਦੇ ਹਨ। ਵੱਡੀਆਂ ਕੰਪਨੀਆਂ ਕਾਰਖਾਨੇ ਜੋ ਕੁਝ ਵੀ ਚਲ ਰਿਹਾ ਹੈ ਇਹ ਸਾਰਾ ਕੁਝ ਘਾਲ ਦਾ ਹੀ ਨਤੀਜਾ ਹੈ।
ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਪਿਤਾ ਜੀ ਨੇ ਵੀਹ ਰੁਪਏ ਦਿੱਤੇ ਸਨ ਤਾਂ ਉਸ ਸਮੇਂ ਦੇ ਹਾਲਾਤ ਵੀ ਸਮਝਣ ਦੀ ਜ਼ਰੂਰਤ ਹੈ। ਪਿੰਡਾਂ ਵਿਚ ਵਿਕਾਸ ਦੀ ਦਰ ਨਾ ਮਾਤਰ ਹੀ ਸੀ। ਟਾਵੇਂ ਟਾਵੇਂ ਖੂਹ ਤੇ ਮੀਂਹ ਉਤੇ ਖੇਤੀ ਨਿਰਭਰ ਕਰਦੀ ਸੀ। ਗੁਰੂ ਸਾਹਿਬ ਜੀ ਦੇ ਕੋਮਲ ਹਿਰਦੇ ਨੇ ਪਿੰਡਾਂ ਦੀ ਨਿਗਰ ਰਹੀ ਹਾਲਤ ਨੂੰ ਦੇਖ ਕੇ ਉਹਨਾਂ ਦੀ ਸੇਵਾ ਕਰਨ ਦਾ ਮਨ ਬਣਾ ਲਿਆ। ਉਸ ਜ਼ਮਾਨੇ ਵਿਚ ਵੀਹ ਰੁਪਏ ਦੀ ਰਕਮ ਕੋਈ ਛੋਟੀ ਮੋਟੀ ਰਕਮ ਨਹੀਂ ਸੀ। ਇਸ ਬਹੁਤ ਵੱਡੀ ਰਕਮ ਦੇ ਨਾਲ ਪਿੰਡ ਲਈ ਕੋਈ ਸਾਂਝਾ ਕਾਰਜ ਕਰਦਿਆਂ ਸਾਂਝਾ ਲੰਗਰ ਵੀ ਲਗਾ ਦਿੱਤਾ ਹੋਏਗਾ। ਉਸ ਚਲ ਰਹੇ ਲੰਗਰ ਵਿਚੋਂ ਕੋਈ ਵਿਹਲੜ ਪੁਰਸ਼ ਵੀ ਖਾ ਗਿਆ ਹੋਏਗਾ। ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਸਿਧਾਂਤ ਸਮਾਜਿਕ ਉਨਤੀ ਦੀ ਤਸਵੀਰ ਪ੍ਰਗਟ ਕਰਦਾ ਹੈ। ਪਰ ਅਸੀਂ ਇਸ ਸਿਧਾਂਤ ਨੂੰ ਅਲੋਪ ਕਰਕੇ ਭੁੱਖੇ ਸਾਧੂਆਂ ਦੀ ਸੇਵਾ ਨੂੰ ਹੀ ਮੁੜ ਮੁੜ ਦੁਰਾਹੀ ਜਾਂਦੇ ਹਾਂ।
ਜਿੰਦਗੀ ਦੇ ਅਖੀਰਲੇ ਸਮੇਂ ਵਿਚ ਕਰਤਾਰਪੁਰ ਵਸਾ ਕੇ ਗੁਰੂ ਸਾਹਿਬ ਜੀ ਨੇ ਹੱਥੀਂ ਮਿਹਨਤ ਦੀ ਮਹਾਨਤਾ ਨੂੰ ਸਮਝਾਇਆ। ਗੁਰੂ ਅਗੰਦ ਸਾਹਿਬ ਜੀ ਨੇ ਸਰੀਰ ਦੀ ਸੰਭਾਲ ਲਈ ਮੱਲ ਅਖਾੜੇ ਤਿਆਰ ਕਰਾਏ। ਕਿਉਂਕਿ ਨਿਰੋਇਆ ਸਰੀਰ ਹੀ ਸਖਤ ਮਿਹਨਤ ਕਰਨ ਦੇ ਸਮਰੱਥ ਹੁੰਦਾ ਹੈ। ਗੁਰੂ ਅਮਰਦਾਸ ਜੀ ਨੇ ਵਪਾਰੀ ਗੰਗੂ ਸ਼ਾਹ, ਜੋ ਵਪਾਰ ਵਿਚ ਘਾਟਾ ਖਾ ਗਿਆ ਸੀ; ਨੂੰ ਮਾਇਆ ਦੇ ਕੇ ਮੁੜ ਸਥਾਪਤ ਕੀਤਾ। “ਘਾਲਿ ਖਾਇ” ਦੇ ਅਦਰਸ਼ ਨੂੰ ਹੀ ਅੱਗੇ ਰੱਖਦਿਆਂ ਗੁਰੂ ਰਾਮਦਾਸ ਜੀ ਨੇ ਬਵੰਜਾ ਕਿਸਮ ਦੇ ਕਿਰਤੀਆਂ ਨੂੰ ਅੰਮ੍ਰਿਤਸਰ ਵਸਾਇਆ। ‘ਕਿਛੁ ਹਥਹੁ ਦੇਇ’ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਰਸਾਨੀ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਛੇ-ਹਰਟਾ ਖੂਹ ਲਗਾਇਆ। ਨਿਆਰੇ ਖਾਲਸੇ ਦੀ ਤਾਰੀਫ ਮਿਹਨਤ, ਇਮਾਨਦਾਰੀ ਤੇ ਸਾਂਝੀਵਾਲਤਾ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਉਣਾ ਹੈ। ਪੰਜਾਬ ਤੇ ਪੰਛੀ ਝਾਤ ਮਾਰਿਆਂ ਦੂਰੋਂ ਚਿੱਟੇ ਚੋਲ਼ੇ ਉਡਦੇ, ਸਿਰਾਂ ਤੇ ਖਾਸ ਕਿਸਮ ਦੀਆਂ ਨਿੱਕੀਆਂ ਚਿੱਟੀਆਂ ਦਸਤਾਰਾਂ ਸਜਾਈ ਤੇ ਹੱਥਾਂ ਵਿਚ ਮਾਲ਼ਾ ਲਮਕਾਈ, ਤਵੀਤਾਂ ਦੀ ਥਾਂ ਤੇ ਸ਼ਬਦ ਕਰ ਕਰ ਕੇ ਦੇਣੇ, ਮਹਿੰਗੀਆਂ ਗੱਡੀਆਂ ਵਿਚ ਬੈਠੇ ਵਿਹਲੜ ਸਾਧਾਂ ਨੂੰ ਨਿਆਰਾ ਖਾਲਸਾ ਨਹੀਂ ਕਿਹਾ ਗਿਆ। ਐਸੇ ਭੱਦਰ ਪੁਰਸ਼ਾਂ ਲਈ ਗੁਰੂ ਜੀ ਦੇ ਜੋ ਖਿਆਲ ਹਨ ਸਾਨੂੰ ਉਹਨਾਂ ਵਲ ਜ਼ਰਾ ਕੁ ਧਿਆਨ ਦੇਣ ਦੀ ਲੋੜ ਹੈ।
ਧ੍ਰਿਗੁ ਤਿਨਾ ਕਾ ਜੀਵਿਆ, ਜਿ ਲਿਖ ਲਿਖ ਵੇਚਹਿ ਨਾਉ ॥
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥
ਅਕਲਿ ਇਹ ਨ ਆਖੀਐ ਅਕਲਿ ਗਵਾਈਐ ਬਾਦਿ ॥
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜਿ ਕੈ ਬੂਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥
ਸਲੋਕ ਮ: 1---ਪੰਨਾ –1245-

ਐਸੇ ਵਿਗੜੇ ਹੋਏ ਸਾਧ-ਲਾਣੇ ਨੂੰ ਤਗੜੀ ਫਿਟਕਾਰ ਪਉਂਦਿਆਂ ਲਾਹਨਤੀ ਕਿਹਾ ਹੈ ਕਿਉਂਕਿ ਪਰਮਾਤਮਾ ਦੇ ਨਾਮ ਨੂੰ ਤਾਗੇ ਤਵੀਤਾਂ ਰਾਂਹੀ ਵੇਚ ਰਹੇ ਸਨ। ਹੁਣ ਸ਼ਬਦ ਕਰਕੇ ਦਿੱਤੇ ਜਾ ਰਹੇ ਹਨ। ਜੇ ਕਰ ਉਗ ਰਹੀ ਖੇਤੀ ਨੂੰ ਹੀ ਕਿਰਸਾਨ ਵੱਢਣਾ ਸ਼ੁਰੂ ਕਰ ਦੇਵੇ ਕੀ ੳਹੀ ਕਿਰਸਾਨ ਕਣਕ ਦਾ ਖਲਵਾੜਾ ਲਗਾ ਸਕਦਾ ਹੈ? ਇੰਜ ਹੀ ਨਾਲੇ ਨਾਮ ਜਪੀ ਜਾਣਾ ਤੇ ਨਾਲ ਦੀ ਨਾਲ ਧਾਗੇ ਤਵੀਤ ਦਈ ਜਾਣੇ ਕੀ ਜੀਵਨ ਜਾਚ ਆ ਸਕਦੀ ਹੈ? ਸੱਚੀ ਮਿਹਨਤ ਤੋਂ ਬਿਨਾਂ ਕੋਈ ਢੋਈ ਨਹੀਂ ਮਿਲਣੀ। ਗਿਆਨ ਤੋਂ ਬਿਨਾਂ ਦਿੱਤਾ ਹੋਇਆ ਦਾਨ ਰੇਤ ਤੇ ਪਾਣੀ ਪਉਣ ਵਾਂਗ ਵਿਆਰਥ ਵਿਚ ਗਵਾਚ ਜਾਂਦਾ ਹੈ। ਗੁਰੂ ਗਿਆਨ ਦੁਆਰਾ ਜਿੱਥੇ ਜੀਵਨ ਦੀ ਸੂਝ ਅਉਂਦੀ ਹੈ ਓਥੇ ਮਾਣ ਸਨਮਾਨ ਵੀ ਮਿਲਦਾ ਹੈ। ਬਾਕੀ ਗੱਲਾਂ ਸਭ ਸ਼ੈਤਾਨੀਆਂ ਵਾਲੀਆਂ ਹਨ। ਵਿਹਲੜ ਸਾਧਾਂ ਦੇ ਕਦੇ ਵੀ ਚਰਨਾਂ ਤੇ ਨਹੀਂ ਡਿੱਗਣਾ ਚਾਹੀਦਾ। ਨਿਆਰੇ ਖਾਲਸੇ ਦਾ ਸਿਧਾਂਤ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣ ਦਾ ਹੈ ਜਿਸ ਦਾ ਉਪਰ ਵਿਸਥਾਰ ਆ ਗਿਆ ਹੈ।




.