.

ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 27)

ਪ੍ਰੋ: ਇੰਦਰ ਸਿੰਘ ‘ਘੱਗਾ’

ਚਿਤਰ ਗੁਪਤ :- ਪੁਰਾਣਾ ਮੁਤਾਬਕ ਧਰਮ ਰਾਜ ਦਾ ਇੱਕ ਮੁਣਸੀ, ਜੋ ਸਾਰੇ ਜੀਵਾਂ ਦੇ ਕਰਮ ਗੁਪਤ ਰੀਤ ਨਾਲ ਲਿਖਦਾ ਹੈ। ਸਕੰਦ ਪੁਰਾਣ ਵਿਚ ਲੇਖ ਹੈ ਕਿ ਇੱਕ ਚਿਤਰ ਨਾਉਂ ਦਾ ਰਾਜਾ, ਹਿਸਾਬ ਵਿਚ ਬੜਾ ਨਿਪੁੰਨ ਸੀ। ਯਮਰਾਜ ਨੇ ਆਪਣੇ ਦਫਤਰ ਦਾ ਹਿਸਾਬ ਠੀਕ ਰੱਖਣ ਵਾਸਤੇ, ਆਪਣੇ ਕੋਲ ਮੰਗਵਾ ਲਿਆ। (ਇਹ ਰਾਜਾ ਜਿਸ ਵਕਤ ਨਦੀ ਤੇ ਇਸ਼ਨਾਨ ਕਰਨ ਗਿਆ ਸੀ) ਆਪਣੇ ਦਫਤਰ ਦਾ ਹਿਸਾਬ ਉਸਦੇ ਸਪੁਰਦ ਕੀਤਾ। ਭਵਿੱਖਤ ਪੁਰਾਣ ਵਿਚ ਲਿਖਿਆ ਹੈ ਕਿ ਜਦੋਂ ਬ੍ਰਹਮਾ, ਸ੍ਰਿਸ਼ਟੀ ਰਚਨਾ ਕਰਕੇ ਧਿਆਨ ਮਗਨ ਹੋ ਗਿਆ, ਤਦ ਉਸ ਦੇ ਸਰੀਰ ਵਿਚੋਂ ਇੱਕ ਚਿੱਤਰ (ਰੰਗ ਬਰੰਗਾ) ਪੁਰਸ਼ ਪ੍ਰਗਟ ਹੋਇਆ, ਜਿਸਦੇ ਹੱਥ ਵਿਚ ਕਲਮ ਦਵਾਤ ਸੀ। ਬ੍ਰਹਮਾ ਦੀ ਅੱਖ ਖੁਲਣ ਤੇ ਇਸ ਨੇ ਪੁੱਛਿਆ ਕਿ ਮੇਰਾ ਨਾਮ ਅਤੇ ਕੰਮ ਦੱਸੋ। ਬ੍ਰਹਮਾ ਨੇ ਕਿਹਾ ਕਿ ਤੂੰ ਮੇਰੀ ਕਾਯਾ (ਸਰੀਰ) ਤੋਂ ਪ੍ਰਗਟ ਹੋਇਆ ਹੈ, ਇਸ ਲਈ ਕਾਇਸਬ ਸੰਗਿਆ ਹੋਈ। ਤੇਰਾ ਕੰਮ ਜੀਵਾਂ ਦੇ ਕਰਮ ਲਿਖਣਾ
ਹੋਵੇਗਾ। ਕਾਇਸਬ ਲੋਕ ਮੰਨਦੇ ਹਨ ਕਿ ਸਾਡਾ ਵਡੇਰਾ ਇਹੀ ਹੈ। ਗਰੁੜ ਪੁਰਾਣ ਮੁਤਾਬਕ ਚਿਤਰ ਗੁਪਤ ਦੀ ‘‘ਪੁਰੀ‘‘ ਜੁਦੀ ਹੈ। ਧਰਮ ਰਾਜ ਦੀ ਪੁਰੀ ਦੇ ਪਾਸ ਹੈ। ਇਸਲਾਮ ਧਰਮ ਵਿਚ ਚਿਤਰ ਗੁਪਤ ਨਹੀਂ ਹੈ। ਉਹਨਾਂ ਵਿਚ ਇਸ ਦੀ ਥਾਂ ਫਰਿਸ਼ਤੇ ਮੰਨੇ ਗਏ ਹਨ (ਮਹਾਨ ਕੋਸ਼ ਪੰਨਾ - 468, ਹਿੰਦੂ ਮਿਥਿਹਾਸ ਕੋਸ਼ - 241)
ਵਿਚਾਰ :- ਉਪਰ ਵਰਣਿਤ ਕਹਾਣੀ ਉਹਨਾਂ ਕਾਲਪਨਿਕ ਪੁਰਾਣਾਂ ਵਿਚੋਂ ਲਈ ਗਈ ਹੈ। ਜਿਸਦੇ ਲਿਖਾਰੀ ਦਾ ਕੋਈ ਪਤਾ ਨਹੀ। ਘਟਨਾਂ ਦਾ ਕੋਈ ਵਿਗਿਆਨਕ ਆਧਾਰ ਨਹੀ। ਅੱਜ ਦੀ ਜਿੰਦਗੀ ਵਿਚਲੇ ਮਨੁੱਖ ਮਾਤਰ ਦਾ ਸੰਵਰਨਾ ਕੁਝ ਨਹੀ। ਧਰਮ ਰਾਜ ਨੇ ਆਪਣੇ ਦਫਤਰ ਬਣਾਏ ਹੋਏ ਹਨ, ਜਿਵੇਂ ਇਥੇ ਧਰਤੀ ਤੇ ਸਰਕਾਰੀ ਜਾਂ ਗੈਰ ਸਰਕਾਰੀ ਦਫਤਰ? ਸੂਰਜ ਚੰਦ ਤਾਰੇ, ਅੱਗ, ਹਵਾ, ਪਾਣੀ, ਧਰਤੀ ਆਦਿ ਨੂੰ ਚਲਾਉਣ ਲਈ ਭੀ ਫਿਰ ਕਲਰਕ ਰੱਖੇ ਹੋਣਗੇ ਰੱਬ ਨੇ? ਧਰਤੀ ਕਿੰਨੇ ਕਿਲੋ ਮੀਟਰ ਚੱਲ ਚੁੱਕੀ ਹੈ? ਹੋਰ ਕਿੰਨੇ ਸਾਲ ਤਕ ਇਹ ਚਲਦੀ ਰਹੇਗੀ ਇਹਨਾਂ ਗੱਲਾਂ ਦਾ ਹਿਸਾਬ ਰੱਖਣ ਵਾਲੇ ਕਲਰਕ ਬਣਾਏ ਹੋਣਗੇ? ਸੂਰਜ ਦੀ ਸਪੀਡ ਗਰਮਾਇਸ਼, ਉਮਰ, ਬੀਤੀ ਅਤੇ ਬਾਕੀ ਰਹਿੰਦੀ ਉਮਰ, ਇਹਨਾਂ ਚੀਜਾਂ ਦਾ ਹਿਸਾਬ ਭੀ ਰੱਖਿਆ ਹੋਣਾ ਚਿਤਰ ਗੁਪਤ ਨੇ? ਧਰਤੀ ਦੇ ਪਦਾਰਥ, ਅੱਗ ਪਾਣੀ, ਹਵਾ ਵਗੈਰਾ ਪਹਿਲਾਂ ਹੋਰ ਤਰਾਂ ਕੰਮ ਕਰਦੇ ਸਨ। ਹੁਣ ਵਿਗਿਆਨੀਆਂ ਨੇ ਹੋਰ ਕੰਮ ਲੈਣੇ ਸ਼ੁਰੂ ਕਰ ਦਿੱਤੇ ਹਨ। ਇਹਨਾਂ ਨੇ ਰੱਬ ਕੋਲ ਰੋਸ ਨਹੀਂ ਪ੍ਰਗਟ ਕੀਤਾ ਹੋਵੇਗਾ? ਕਿ ਸਾਨੂੰ ਬਚਾਓ ਜੀ, ਆਹ ਮਨੁੱਖ ਬਹੁਤ ਪ੍ਰੇਸ਼ਾਨ ਕਰਦੇ ਹਨ? ਸਾਡੇ ਤੋਂ ਕਿਹੋ ਜਿਹੇ ਔਖੇ ਤੇ ਸ਼ਰਮਸਾਰ ਕਰਨ ਵਾਲੇ ਕੰਮ ਲੈਣੇ ਸ਼ੁਰੂ ਕਰ ਦਿੱਤੇ ਹਨ?
ਗੁਪਤ ਰਪੋਟਾਂ ਲਿਖਣ ਵਾਲਾ ਪਤਾ ਨਹੀਂ ਕਿੰਨੇ ਹੱਥਾਂ ਕੰਨਾਂ ਅੱਖਾਂ ਵਾਲਾ ਹੋਵੇਗਾ? ਕਿਉਂਕਿ ਇਸ ਭਾਰਤੀ ਲੋਕਾਂ ਦੀ ਆਬਾਦੀ, ਇਕ ਅਰਬ ਦਸ ਕਰੋੜ ਤੋਂ ਵਧ ਚੁੱਕੀ ਹੈ, ਕਿਵੇਂ ਇੰਨੇ ਲੋਕਾਂ ਦਾ ਲੇਖਾ ਹੁੰਦਾ ਹੋਵੇਗਾ? ਇਥੋਂ ਦੇ ਮੰਦਰਾਂ ਵਿਚ ਬੈਠੇ ਮਹਾਂ ਪੁਜਾਰੀ, ਕਿੰਨੀਆਂ ਸਰਮਨਾਕ ਕਰਤੂਤਾਂ ਕਰਦੇ ਹਨ ਕੀ ਕਦੀ ਉਹਨਾਂ ਨੂੰ ਖੁਦ ਚਿਤਰ ਗੁਪਤ ਤੋਂ ਡਰ ਨਹੀਂ ਲਗਦਾ? ਇਹ ਚਿਤਰ ਗੁਪਤ ਭਾਈ ਭਾਰਤੀ ਪੁਲੀਸ ਵਾਂਗ ਸਿਰੇ ਦਾ ਰਿਸ਼ਵਤ ਖੋਰ ਤਾਂ ਨਹੀਂ? ਜੋ ਇਹਨਾਂ ਅਖੌਤੀ ਧਰਮੀਆਂ ਦੀ ਸੱਚੋ ਸੱਚ ਬਿਆਨ ਕਰਦੀ ਡਾਇਰੀ, ਧਰਮ ਰਾਜ ਦੀ ਮੇਜ ਤੇ ਰੱਖੇ ਤੇ ਭਾਰਤ ਵਿਚ ਵਰਤ ਰਹੇ ਵਰਤਾਰੇ ਦੀ ਅਸਲੀਅਤ ਬਿਆਨ ਕਰ ਦੇਵੇ। ਭਾਰਤੀ ਰਾਜਸੀ ਤੰਤਰ ਵਿਚ ਸਿਰੇ ਦੀ ਰਿਸ਼ਵਤ ਖੋਰੀ ਹੈ। ਭਾਈ ਭਤੀਜਾ ਵਾਦ ਹੈ। ਵੱਡੀਆਂ ਡਿਗਰੀਆਂ ਵਾਲੇ ਧੱਕੇ ਖਾਂਦੇ ਫਿਰ ਰਹੇ ਹਨ। ਕਮੀਣੇ ਬੇਈਮਾਨ, ਲੱਠਮਾਰ, ਡਾਕੂ ਤੇ ਕਾਤਲ ਲੋਕ, ਬਹੁਤ ਵੱਡੀਆਂ ਰਾਜਸੀ ਗੱਦੀਆਂ ਤੇ ਬਿਰਾਜਮਾਨ ਹਨ। ਇਕ ਛੋਟੇ ਸਰਕਾਰੀ ਕਰਮਚਾਰੀ ਤੋਂ ਲੈ ਕੇ, ਪ੍ਰਧਾਨ ਮੰਤਰੀ ਦੇ ਦਫਤਰ ਤੱਕ, ਇਹ ਸਾਰੇ ‘‘ਖੂਬ ਦੋਹੀ ਹੱਥੀਂ‘‘ ਲੋਕਾਂ ਦੀ ‘‘ਸੇਵਾ‘‘ ਕਰਦੇ ਹਨ। ਸਰਕਾਰੀ ਨੌਕਰੀਆਂ ਨੀਲਾਮ ਹੁੰਦੀਆਂ ਨੇ। ਸੜਕਾਂ ਪੁਲ ਇਮਾਰਤਾਂ, ਬੱਸਾਂ, ਰੇਲਾਂ ਜਹਾਜਾਂ ਅਤੇ ਤੋਪਾਂ ਟੈਂਕਾਂ ਦੀ ਖਰੀਦ ਵਿਚ ਵੱਡੇ ਵੱਡੇ ਘੁਟਾਲੇ ਹੋ ਚੁੱਕੇ ਹਨ। ਕਾਨੂੰਨ ਤਾਂ ਨਿੱਕੇ ਕਮਜ਼ੋਰ ਲੋਕਾਂ ਵਾਸਤੇ ਹੈ। ਇਹ ਵੱਡੇ ਹਾਥੀ ਮਗਰ ਮੱਛ ਜਾ ਸਾਰਕਾਂ (ਇਕ ਬਹੁਤ ਤਾਕਤਵਰ ਮੱਛੀ) ਸਭ ਤਰਾਂ ਦੇ ਕਾਨੂੰਨੀ ਜਾਲ ਤੋੜਕੇ ਬਚ ਜਾਂਦੇ ਹਨ। ਬਸ ਖ੍ਰੀਦਦਾਰ ਤਕੜਾ ਚਾਹੀਦਾ ਹੈ, ਪੂਰੀ ਭਾਰਤੀ ਪਾਰਲੀਮੈਂਟ ਵਿਕਾਊ ਹੈ। ਪਾਰਲੀਮੈਂਟ ਮੈਂਬਰ ਵਿਕਰੀ ਲਈ ਤਿਆਰ ਹਨ। ਜਨਵਰੀ 2006 ਵਿਚ ਗਿਆਰਾਂ ਪਾਰਲੀਮੈਂਟ ਮੈਂਬਰਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ ਗਿਆ ਤੇ ਮੈਂਬਰੀ ਤੋਂ ਬਰਖਾਸਤ ਕੀਤੇ ਗਏ। ਜਦੋਂ ਕਿ ਕੈਦ ਹੋਣੀ ਚਾਹੀਦੀ ਸੀ। ਲੜਕੇ, ਦਾਜ ਬਦਲੇ ਵਿਕਣ ਲਈ ਤਿਆਰ ਹਨ। ਲੜਕੀਆਂ ਵੇਚੀਆਂ ਜਾ ਰਹੀਆਂ ਹਨ।
ਵਿਦਵਾਨ ਲੋਕ ਵਿਕਾਊ ਹਨ। ਧਰਮ ਮੁਖੀ ਧਰਮ ਨੂੰ ਵੇਚਣ ਲਈ ਕਾਹਲੇ ਹਨ। ਵਿਉਪਾਰੀ, ਦੁਕਾਨਦਾਰ, ਮੁਲਾਜਮ ਠੇਕੇਦਾਰ ਥੋਕ ਵਿਚ ਵੇਚੇ ਖ੍ਰੀਦੇ ਜਾ ਰਹੇ ਹਨ। ਇਥੇ ਜਮੀਰਾਂ ਇੱਜਤਾਂ ਸਰੇਆਮ ਵਿਕਦੀਆਂ ਹਨ ....। ਇਥੋ ਦੇ ਚਿਤਰ ਗੁਪਤ ਭੀ ਖ੍ਰੀਦੇ ਜਾ ਚੁੱਕੇ ਹਨ। ਉਹ ਭੀ ਬੇਈਮਾਨਾਂ ਦੇ ਦੇਸ਼ ਵਿਚ ਰਹਿਕੇ ਪੂਰਨ ‘‘ਭਾਰਤੀ ਮੁੱਖ ਧਾਰਾ‘‘ ਵਿਚ ਸ਼ਾਮਲ ਹੋ ਗਏ ਹਨ। ਅਗਰ ਚਿਤਰ ਗੁਪਤ ਜੀ ਲੇਵਾ ਦੇਵੀ ਕਰਕੇ ਆਪਣੇ ਆਪ ਨੂੰ ਹਾਲਾਤ ਅਨੁਸਾਰ ਨਾਂ ਢਾਲਦੇ ਫਿਰ ਉਹਨਾਂ ਤੋਂ ਇਹ ਪਦਵੀ ਖੋਹਕੇ, ਕਿਸੇ ਹੋਰ ਨੂੰ ਭੀ ਦਿੱਤੀ ਜਾ ਸਕਦੀ ਸੀ। ਉਹ ਵੈਸੇ ਤਾਂ ਠੀਕ ਰਿਪੋਰਟ ਲਿਖਦੇ ਹੀ ਨਹੀਂ। ਜੇ ਕਈ ਹੀਆ ਕਰਕੇ ਲਿਖ ਲੈਣ ਤਾਂ ਧਰਮਰਾਜ ਦੀ ਕਚਹਿਰੀ ਤੱਕ ਪੁੱਜਦਿਆਂ, ਕਈ ਔਖੀਆਂ ਘਾਟੀਆਂ ਵਿਚੋਂ ਹੀ ਲੰਘਦਿਆਂ ਕਈ ਫਾਈਲਾਂ ਬਦਲ ਜਾਂਦੀਆਂ ਹਨ। ਜਿਨ੍ਹਾਂ ਦੀ ਪਹੁੰਚ ਹੀ ਸਿੱਧੀ ਧਰਮਰਾਜ ਤੱਕ ਹੋਵੇ, ਉਹਨਾਂ ਦਾ ਤਾਂ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ‘‘ਸੌ ਵਿਚੋਂ ਨੜਿਨਵੇਂ ਲੋਕ ਬੇਈਮਾਨ। ਫਿਰ ਭੀ ਮੇਰਾ ਭਾਰਤ ਮਹਾਨ।‘‘
ਬ੍ਰਾਹਮਣ ਨੇ ਬੜਾ ਡਰਾਇਆ ਹੈ ਲੋਕਾਂ ਨੂੰ ਇਹਨਾਂ ਚਿਤਰੇ ਮਿਤਰੇ ਬਣਾਵਟੀ ਪਾਤਰਾਂ ਰਾਹੀਂ। ਜੇ ਇਹ ਸੱਚ ਮੁੱਚ ਹੁੰਦੇ ਤਾਂ ਅੰਨ੍ਹੇ ਹੋਏ ਸੀ ਜਿਨ੍ਹਾਂ ਅੱਜ ਤੱਕ ਇਹਨਾਂ ਉੱਪਰ ਵਰਣਨ ਕੀਤੇ ਲੋਕਾਂ ਦੀ ਸਹੀ ਕਾਰਵਾਈ ਮੁੱਖ ਦਫਤਰ ਤੱਕ ਪੁਚਾਕੇ, ਸਜ਼ਾ ਕਿਉਂ ਨਹੀਂ ਦਵਾਈ? ਸਦੀਆਂ ਤੋਂ ਸਿੱਖਾਂ ਦਾ ਜਾਨੀ ਦੁਸ਼ਮਣ ਗੰਗੂ ਖਾਨਦਾਨ, ਅੱਜ ਤੱਕ ਇਸ ਦੇਸ਼ ਦਾ ਮਾਲਕ ਚਲਿਆ ਆ ਰਿਹਾ ਹੈ। ਸੰਨ 1984 ਵਿਚ ਦੋ ਵਾਰੀ ਸਿੱਖਾਂ ਦੇ ਖੂਨ ਦੀ ਹੋਲੀ ਖੇਢੀ ਗਈ। ਚਿਤਰ ਗੁਪਤ ਨੇ ਧਰਮਰਾਜ ਤੱਕ ਕੋਈ ਖਬਰ ਨਹੀਂ ਪੁਚਾਈ, ਕਿ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿਓ। ਯਾਦ ਰਹੇ ਗੰਗੂ ਦਾ ਪੁੱਤਰ ਸੀ ਰਾਜ ਕੌਲ, ਉਸਦਾ ਲਕਸ਼ਮੀ ਨਾਰਾਇਣ, ਉਸਦਾ ਗੰਗਾਧਰ, ਉਸਦਾ ਮੋਤੀ ਲਾਲ ਨਹਿਰੂ, ਤੇ ਮੋਤੀ ਲਾਲ ਦਾ ਬੇਟਾ ਜਵਾਹਰ ਲਾਲ ਨਹਿਰੂ..... ਇੰਦਰਾ ਗਾਂਧੀ। ਮੁਗਲਾਂ ਵੇਲੇ ਤੋਂ ਲੈ ਕੇ, ਅੰਗ੍ਰੇਜਾਂ ਤੱਕ ਇਹ ਪਰਵਾਰ ਬਹੁਤ ਵੱਡੇ ਸਰਕਾਰੀ ਅਹੁਦਿਆਂ ਤੇ ਰਿਹਾ। ਅਥਾਹ ਧਨ ਕਮਾਇਆ, ਆਪਣੇ ਲੋਕਾਂ ਨੂੰ ਫਾਂਸੀ ਲਗਵਾਇਆ। ਅਜ਼ਾਦ ਭਾਰਤ ਵਿਚ ਭੀ ਰਾਜ ਭਾਗ ਦਾ ਮਾਲਕ, ਇਹੀ ਪਰਵਾਰ? ਇਥੋਂ ਦੇ ਅਸਲ ਵਸਨੀਕ ਚੂਹੜੇ ਚਮਾਰ ਨਾਈ ਧੋਬੀ ਝਿਉਰ ਅਤੇ ਹੋਰ ਅਨੇਕ ਕੰਮੀ ਲੋਕ, ਹਜਾਰਾਂ ਸਾਲਾਂ ਤੋਂ, ਵਿਲਕਦੇ ਤੜਪਦੇ ਹਉਕੇ ਭਰਦੇ, ਇੱਜਤ ਗੁਆਉਂਦੇ, ਪਸ਼ੂਆਂ ਵਾਂਗ ਕਤਲ ਹੁੰਦੇ ਆ ਰਹੇ ਹਨ। ਉਹਨਾਂ ਦੀਆਂ ਚੀਕਾਂ ਚਿਤਰ ਗੁਪਤ ਨੂੰ ਕਦੀ ਨਾਂ ਸੁਣੀਆਂ? ਧਰਮ ਰਾਜ ਤੱਕ ਉਹਨਾਂ ਦਾ ਦਰਦ ਕਦੀ ਨਾ ਪਹੁੰਚਿਆ? ਔਰਤ ਜਾਤੀ ਤੇ ਸਦੀਆਂ ਤੋਂ ਸਾਰੀ ਦੁਨੀਆ ਵਿਚ ਜੋ ਲੱਖਾਂ ਪਰਕਾਰ ਦੇ, ਅਸਹਿ ਜੁਲਮ ਹੁੰਦੇ ਆ ਰਹੇ ਹਨ, ਇਹ ਭੀ ਜਨਮ ਤੋਂ ਅੰਨ੍ਹੇ ਚਿਤਰ ਗੁਪਤ ਨੂੰ, ਨਾ ਦਿੱਸੇ? ਜੇ ਚਿਤਰ ਗੁਪਤ ਹੁੰਦੇ ਤਾਂ ਜਰੂਰ ਅਸਲੀਅਤ ਧਰਮ ਰਾਜ ਕੋਲ ਪੁਚਾਉਂਦੇ। ਜੇ ਕਿਤੇ ਧਰਮਰਾਜ ਹੁੰਦਾ ਤਾਂ ਚਿਤਰ ਗੁਪਤ ਦੀਆਂ ਝੂਠੀਆਂ ਰਿਪੋਟਾਂ ਦੀ ਕਦੀ ਪੜਤਾਲ ਕਰਵਾ ਕੇ, ਇਹਨਾਂ ਨੂੰ ਕਾਲ ਕੋਠੜੀ ਵਿਚ ਸੁੱਟ ਦਿੰਦਾ। ਮਹਿਕਮੇ ਵਿਚ ਸੁਧਾਰ ਕਰਦਾ।
ਭਾਰਤੀ ਰਾਜ ਨੇਤਾ ਚੰਗੀ ਤਰਾਂ ਜਾਣਦਾ ਹੈ ਕਿ ਚਿਤਰ ਗੁਪਤ ਕੋਈ ਨਹੀਂ ਹੈ। ਇਸੇ ਲਈ ਉਹ ਲਗਾਤਾਰ ਸਕੈਂਡਲ ਤੇ ਸਕੈਂਡਲ ਨਿਡਰ ਹੋ ਕੇ ਕਰੀ ਜਾ ਰਿਹਾ ਹੈ। ਭਾਰਤੀ ਪੁਜਾਰੀ ਟੋਲਾ ਸਾਧ ਸੰਤ ਚੰਗੀ ਤਰਾਂ ਜਾਣਦਾ ਹੈ, ਕਿ ਲੋਕਾਂ ਵਾਸਤੇ ਡਰਾਵਾ ਹੈ, ਵਰਨਾ ਚਿਤਰ ਗੁਪਤ ਜੇ ਕਿਤੇ ਹੁੰਦਾ ਤਾਂ ਇਹਨਾਂ ਅਖੌਤੀ ਧਰਮੀਆਂ ਨੂੰ ਭੀ ਕਦੀ ਨੱਥ ਪੈ ਜਾਂਦੀ। ਜੇ ਚਿਤਰ ਗੁਪਤ ਦੀ ਸਿਫਾਰਸ਼ ਨਾਲ ਧਰਮ ਰਾਜ ਨੇ ਇਨਸਾਫ ਕਰਨਾ ਹੈ। ਫਿਰ ਭਾਰਤੀ ਪੁਲੀਸ ਅਦਾਲਤਾਂ ਜੇਹਲਾਂ ਤੇ ਕਿਉਂ ਖਰਬਾਂ ਰੁਪਿਆ ਬਰਬਾਦ ਕੀਤਾ ਜਾ ਰਿਹਾ ਹੈ? ਪਾਪੀਆਂ ਨੂੰ ਧਰਮ ਰਾਜ ਜੀ, ਆਪੇ ਬਣਦੀ ਸਜਾਦੇ ਦੇਣਗੇ। ਯੋਰਪੀਨ ਮੁਲਕਾਂ ਵਿਚ ਸਖਤੀ ਨਾਲ ਕਾਨੂੰਨ ਲਾਗੂ ਕਰਕੇ, ਭ੍ਰਿਸ਼ਟਾਚਾਰ ਤੇ 99 ਪ੍ਰਤੀਸ਼ਤ ਕਾਬੂ ਪਾ ਲਿਆ ਗਿਆ ਹੈ। ਚਿਤਰ ਗੁਪਤ ਦੇ ਸਹਾਰੇ ਉਹਨਾਂ ਨੇ ਨਹੀ ਛੱਡਿਆ, ਬੇਈਮਾਨਾ ਦਾ ਟੋਲਾ। ਅੱਜ ਬਹੁ ਗਿਣਤੀ ਪ੍ਰਬੰਧਕ, ਗੁਰੂ ਕੀਆਂ ਗੋਲਕਾਂ ਲੁੱਟ ਰਹੇ ਹਨ, ਦੁਰਵਰਤੋਂ ਕਰ ਰਹੇ ਹਨ, ਕਿਥੇ ਗਏ ਚਿਤਰ ਗੁਪਤ? ਕਿਥੇ ਹੈ ਧਰਮ ਰਾਜ?
ਹਰਿ ਦਰੁ ਸੇਵੇ, ਅਲਖ ਅਭੇਵੇ, ਨਿਹਚਲੁ ਆਸਣੁ ਪਾਇਆ।।
ਤਹ ਜਨਮ, ਨਮਰਣੁ, ਨ ਆਵਣ ਜਾਣਾ, ਸੰਸਾ ਦੂਖ ਮਿਟਾਇਆ
ਚਿਤ੍ਰ ਗੁਪਤ ਕਾ ਕਾਗਦੁ ਫਰਿਆ, ਜਮਦੂਤਾਂ ਕਛੂ ਨ ਚਲੀ।।
ਨਾਨਕ ਸਿਖ ਦੇਇ ਮਨ ਪ੍ਰੀਤਮ, ਹਰਿ ਲਦੇ ਖੇਪ ਸਵੱਲੀ।।(79)

ਹੇ ਭਾਈ ! ਪ੍ਰਭੂ ਨੂੰ ਹਾਜਰ ਨਾਜਰ ਜਾਣ ਕੇ, ਸਵੱਛ ਜਿੰਦਗੀ ਜਿਉਣ ਵਾਲਾ ਇਨਸਾਨ, ਅਡੋਲ ਹੋ ਜਾਂਦਾ ਹੈ। ਉਹਨੂੰ ਪਤਾ ਹੈ ਕਿ ਮੈਂ ਪਾਪ ਕਰਮ ਕਰ ਹੀ ਨਹੀਂ ਰਿਹਾ ਡਰਾਂ ਕਿਉਂ? ਅਜਿਹਾ ਵਿਅਕਤੀ ਜਨਮ ਮਰਨ ਦੇ ਭੈ ਤੋਂ ਮੁਕਤ ਹੋ ਜਾਦਾ ਹੈ। ਸਾਰੇ ਤਰਾਂ ਦੇ ਡਰ, ਸੰਸੇ ਫਿਕਰ ਖਤਮ ਹੋ ਜਾਂਦੇ ਹਨ। ਚਿਤਰ ਗੁਪਤ ਉਸਨੂੰ ਡਰਾ ਨਹੀਂ ਸਕਦੇ। ਅਖੌਤੀ ਚਿਤਰ ਗੁਪਤ ਦਾ, ਨਿਡਰ ਇਨਸਾਨ ਕਾਗਜ ਪਾੜ ਦੇਣ ਦੀ ਹਿੰਮਤ ਕਰ ਲੈਂਦਾ ਹੈ। ਕਿਉਂਕਿ ਚਿਤਰ ਗੁਪਤ ਰਾਹੀਂ ਇਹ ਧਰਮੀ ਨਹੀਂ ਬਣਿਆ। ਬੇਈਮਾਨੀਆਂ ਤੋਂ ਨਹੀ ਟਲਿਆ, ਧਰਮ ਦੇ ਨਾਂ ਤੇ ਕਤਲੋ ਗਾਰਤ ਕਰਨੋਂ ਨਹੀਂ ਹਟਿਆ। ਇਹ ਪੱਖਪਾਤੀ ਚਿਤਰ ਗੁਪਤ ਹੈ। ਇਸਦੀ ਗਲਤ ਤਿਆਰ ਕੀਤੀ ਰਿਪੋਟ ਪਾੜ ਹੀ ਦੇਣੀ ਚਾਹੀਦੀ ਹੈ। ਜਮਦੂਤ ਆਪਣਾ ਸਾਰਾ ਤਾਣ ਲਾ ਲੈਣ, ਸਾਡਾ ਕੁਝ ਨਹੀਂ ਵਿਗਾੜ ਸਕਣਗੇ। ਸਾਨੂੰ ਸੱਚੇ ਸਤਿਗੁਰੂ ਜੀ ਨੇ ਚੰਗੇਰੀ ਮੱਤ ਦੇ ਕੇ, ਸੱਚ ਮਾਰਗ ਤੇ ਟੋਰ ਦਿਤਾ ਹੈ। ਸਾਡੀ ਜਿੰਦਗੀ ਸਾਦੀ ਅਤੇ ਸੌਖੀ ਹੋ ਗਈ ਹੈ।
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ।।
ਨੈਨੂ ਨਕਟੂ, ਸ੍ਰਵਨੂ ਰਸਪਤਿ, ਇੰਦ੍ਰੀ ਕਹਿਆ ਨਾ ਮਾਨਾ।।
ਬਾਬਾ ਅਬ ਨ ਬਸਉ ਇਹ ਗਾਉ।।
ਘਰੀ ਘਰੀ ਕਾ ਲੇਖਾ ਮਾਗੈ ਕਾਇਥ ਚੇਤੂ ਨਾਉ।। (1104)

ਕਬੀਰ ਜੀ ਫੁਰਮਾਨ ਕਰਦੇ ਹਨ - ਹੇ ਭਾਈ ! ਇਹ ਦੇਹੀ ਮਾਨੋ ਇੱਕ ਪਿੰਡ ਹੈ, ਇਸ ਪਿੰਡ ਦਾ ਮਾਲਕ ਚੌਧਰੀ ਮਨ ਹੈ। ਮਨ ਅਣਜਾਣ ਹੋਣ ਕਰਕੇ, ਹਿਸਾਬ ਠੀਕ ਨਹੀਂ ਰੱਖ ਸਕਿਆ। ਜਿਨਾਂ ਨੂੰ ਜਮੀਨ ਵਾਹੁਣ ਬੀਜਣ ਲਈ ਦਿੱਤੀ ਸੀ, ਸਾਰੀ ਖੇਤੀ ਦੀ ਉਪਜ ਲੈ ਕੇ ਉਹ ਕਿਸਾਨ ਨੱਸ ਗਏ ਹਨ। ਭਾਵ ਮਨ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਆਪਣੇ ਪਿੱਛੇ ਲਾਈ ਫਿਰਦੇ ਹਨ। ਸਾਰੇ ਗੁਣ ਗਰਕ ਹੋ ਗਏ, ਔਗੁਣ ਵਧ ਗਏ। ਹੇ ਭਾਈ ਮੈਂ ਇਹਨਾਂ ਵਿਕਾਰਾਂ ਵਿਚ ਹੁਣ ਨਹੀਂ ਰਹਾਂਗਾ। ਇਹਨਾਂ ਤੋਂ ਉੱਪਰ ਉੱਠ ਜਾਵਾਂਗਾ। ਕਿਉਂਕਿ ਵਾਹਿਗੁਰੂ ਜੀ ਨੇ ਮੈਨੂੰ ਸੋਹਣਾ ਜੀਵਨ ਦਿੱਤਾ ਹੈ। ਉਸ ਵੱਲੋਂ ਦਿੱਤਾ ਗਿਆ ਇੱਕ ਇੱਕ ਪਲ ਬੜਾ ਕੀਮਤੀ ਹੈ। ਮੈਂ ਉਸਨੂੰ ਬੇਕਾਰ ਨਹੀਂ ਜਾਣ ਦੇਣਾ ਚਾਹੁੰਦਾ। ਇਹ ਹਿਸਾਬ ਰੱਖਣ ਵਾਲਾ ਚਿਤਰ ਗੁਪਤ (ਕਾਇਬ ਚੇਤੂ) ਮੈਥੋਂ ਲੇਖਾ ਨਹੀਂ ਮੰਗ ਸਕੇਗਾ।
ਲੋਭਿ ਮੋਹਿ ਬਾਧੀ ਦੇਹ।। ਬਿਨੁ ਭਜਨ ਹੋਵਤ ਖੇਹ।।
ਜਮਦੂਤ ਮਹਾ ਭਇਆਨ।। ਚਿਤ ਗੁਪਤ ਕਰਮਹਿ ਜਾਨ।। (838)

ਹੇ ਭਾਈ ! ਇਹ ਸਰੀਰ ਲੋਭ ਮੋਹ ਆਦਿ ਵਿਕਾਰਾਂ ਵਿਚ ਬੰਨਿਆ ਹੋਇਆ ਹੈ। ਇਸ ਦੇ ਰਸਾ ਕਸਾਂ ਤੋਂ ਬਾਹਰ ਨਹੀਂ ਨਿਕਲ ਰਿਹਾ। ਰੱਬੀ ਯਾਦ ਅਤੇ ਗੁਰੂ ਦੀ ਉੱਤਮ ਸਿੱਖਿਆ ਤੋਂ ਬਿਨਾਂ, ਇਹ ਨਿਰੀ ਮਿੱਟੀ ਦੀ ਢੇਰੀ ਹੈ। ਜਮਦੂਤਾਂ ਦਾ ਡਰ ਬੜਾ ਭਿਆਨਕ ਸੁਣੀਦਾ ਹੈ। ਤੇਰੇ ਕੀਤੇ ਕੰਮ ਤੇਰੇ ਅੰਤਰ ਆਤਮੇ (ਚਿਤਰ - ਅਕਸ, ਫੋਟੋ, ਗੁਪਤ ਜੋ ਨਜ਼ਰ ਨਹੀਂ ਆਉਂਦੀ) ਚੰਗਾ ਮੰਦਾ ਸਭ ਕੁਝ ਲਿਖੀ ਜਾ ਰਹੇ ਹਨ। ਕਿਸੇ ਬਾਹਰਲੇ ਨੂੰ ਬੇਸ਼ੱਕ ਧੋਖਾ ਦੇ ਦੇਵੇਂ। ਅੰਦਰਲੇ ਸੱਚੇ ਤਖਤ ਤੇ ਬੈਠੇ ਰੱਬ ਨੂੰ ਕਿਵੇਂ ਧੋਖਾ ਦੇ ਸਕੇਂਗਾ? ਇਸ ਲਈ ਮੰਦੇ ਕੰਮ ਤਿਆਗ ਦੇਹ ਜ਼ਿੰਦਗੀ ਨੂੰ ਭਲੇ ਕੰਮਾਂ ਲਈ ਨਿਛਾਵਰ ਕਰ ਦੇਹ।
ਸੋ ਚਿਤਰ ਗੁਪਤ ਆਦਿਕ ਬਿਪਰ ਲਿਖਾਰੀਆਂ ਦੀ ਕਪੋਲ ਕਲਪਣਾ ਹੈ। ਨਿਰੰਕਾਰ ਜੀ ਨੇ ਆਪਣੇ ਕੋਈ ਦਫਤਰ ਨਹੀਂ ਖੋਹਲੇ ਹੋਏ। ਕਿਧਰੇ ਮੁਲਾਜ਼ਮਾਂ ਦੀਆਂ ਧਾੜਾਂ ਨਹੀਂ ਰੱਖੀਆਂ ਹੋਈਆਂ। ਉਸਦੇ ਬੱਝਵੇਂ ਨਿਰੰਤਰ ਹੁਕਮ ਵਿਚ ਸਾਰੀ ਕਾਰ ਹੋ ਰਹੀ ਹੈ।
ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ।।
ਲੇਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ।। (668)

ਹੇ ਭਾਈ ! ਪਰਮੇਸਰ ਦੇ ਪਿਆਰੇ ਸਦਾ ਹਰੀ ਨੂੰ ਮਨ ਤੇ ਬਚਨਾ ਕਰਕੇ ਮੰਨਦੇ ਹਨ। ਇਸ ਲਈ ਚਿਤਰ ਗੁਪਤ ਦੇ ਲੇਖੇ ਉਹਨਾਂ ਦੇ ਪਾੜ ਦਿਤੇ। ਜੋ ਹਿਸਾਬ ਲਿਖਦੇ ਸਨ, ਸਭ ਘਾਟੇ ਵਾਧੇ, ਹਰੀ ਪਿਆਰ ਵਾਲਿਆਂ ਦੇ, ਮੁੱਕ ਗਏ ਹਨ। ਸਾਰੀ ਕਾਇਨਾਤ ਉਸ ਵਾਹਿਗੁਰੂ ਜੀ ਦੇ ਬਣਾਏ ਹੁਕਮ (ਅਸੂਲ) ਵਿਚ ਚਲ ਰਹੀ ਹੈ। ਪੜੋ ਇਹ ਸ਼ਬਦ -
ਕੋਟਿ ਦੇਵੀ ਜਾ ਕਉ ਸੇਵਹਿ, ਲਖਿਮੀ ਅਨਿਕ ਭਾਂਤਿ।।
ਗੁਪਤ ਪ੍ਰਗਟ ਜਾ ਕਉ ਆਰਾਧਹਿ ਪਉਣ ਪਾਣੀ ਦਿਨਸੁ ਰਾਤਿ।।
ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ।।
ਸਗਲ ਖਾਣੀ, ਸਗਲ ਬਾਣੀ, ਸਦਾ ਸਦਾ ਧਿਆਵਏ।। (456)
ਹੇ ਭਾਈ ! ਕਰੋੜਾਂ ਦੇਵੀ ਦੇਵਤੇ ਲੱਛਮੀਆਂ ਅਨੇਕ ਤਰੀਕੇ ਉਸ ਦੇ ਹੁਕਮ ਅੱਗੇ ਸੀਸ ਝੁਕਾਉਂਦੇ ਹਨ। ਪਤਾ ਨਹੀਂ ਕਿੰਨੀਆਂ ਦਿੱਸਦੀਆਂ ਅਣਦਿੱਸਦੀਆਂ ਤਾਕਤਾਂ, ਹਵਾ ਪਾਣੀ ਦਿਨ ਰਾਤ ਉਸੇ ਦੀ ਸੇਵਾ ਵਿਚ ਕੰਮ ਕਰਦੇ ਹਨ। ਆਕਾਸ਼ ਵਿਚਲੇ ਨਛਤਰ ਚੰਦ ਸੂਰਜ ਧਰਤੀ ਤੇ ਸਾਰਾ ਬ੍ਰਹਿਮੰਡ ਉਸੇ ਦੇ ਬੱਝੇ ਨਿਅਮ ਵਿਚ ਚੱਲ ਰਿਹਾ ਹੈ। ਸਾਰੇ ਤਰ੍ਹਾਂ ਦੇ ਜੀਵ, ਵੇਲ ਬੂਟੇ, ਤੋਂ ਉਸ ਬੱਝਵੇਂ ਹੁਕਮ ਵਿਚ ਚੱਲ ਰਹੇ ਹਨ। ਇਹਨਾਂ ਨੂੰ ਕਿਸੇ ਚਿਤਰ ਗੁਪਤ ਦੀ ਕੋਈ ਜ਼ਰੂਰਤ ਨਹੀਂ ਹੈ।




.