.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 03)

ਭਾਈ ਸੁਖਵਿੰਦਰ ਸਿੰਘ 'ਸਭਰਾ'

ਜੋੜਦੇ ਹਨ ਕਿ ਤੋੜਦੇ ਹਨ?

ਕਈ ਕਹਿੰਦੇ ਹਨ ਕਿ ਅਸੀਂ ਇਹ ਜੋੜਨ ਦੀ ਬਜਾਏ ਤੋੜ ਰਹੇ ਹਾਂ ਪਰ ਕੀ ਉਹ ਦੱਸਣਗੇ ਕਿ ਇਹਨਾਂ ਸੰਤਾਂ ਨੇ ਜੋ ਅੰਧ ਵਿਸ਼ਵਾਸ, ਅੰਨ੍ਹੀ ਸ਼ਰਧਾ, ਕਰਮ-ਕਾਂਡ, ਫੋਕੀਆਂ ਮਰਯਾਦਾਵਾਂ, ਵਹਿਮ-ਭਰਮ ਫੈਲਾ ਦਿੱਤਾ ਹੈ ਉਹਨਾਂ ਕੀ ਜੋੜਿਆ ਹੈ? ‘‘ਧੰਨ ਗੁਰੂ ਨਾਨਕ ਜੀ’’ ਨੇ ਸਦੀਆਂ ਤੋਂ ਹਿੰਦੂਮਤ ਵਿਚ ਚੱਲੀ ਆ ਰਹੀ ਜਨੇਊ ਦੀ ਰਸਮ ਤੋਂ ਇਕਦਮ ਇਨਕਾਰ ਕਰ ਦਿੱਤਾ ਕਿ ਮੈਂ ਜਨੇਊ ਨਹੀਂ ਪਾਉਣਾ, ਕੀ ਜਨੇਊ ਪਾਉਣ ਨਾਲ ਜ਼ਿਆਦਾ ਜੁੜਦੇ ਸੀ ਕਿ ਜਨੇਊ ਨਾ ਪਾਉਣ ਨਾਲ? ਕੀ ਇਸ ਪ੍ਰਸ਼ਨ ਦਾ ਉੱਤਰ ਕਿਸੇ ਕੋਲ ਹੈ? ਧੰਨ ਗੁਰੂ ਦਸਵੇਂ ਪਾਤਸ਼ਾਹ ਨੂੰ ਵੀ ਪਹਾੜੀ ਰਾਜਿਆਂ ਨੇ ਕਿਹਾ ਕਿ ਸਾਨੂੰ ਵੱਖਰਾ ਅੰਮ੍ਰਿਤ ਛਕਾਓ ਅਸੀਂ ਉੱਚੀ ਜ਼ਾਤ ਦੇ ਹਾਂ। ਕੀ ਪਹਾੜੀ ਰਾਜਿਆਂ ਨੂੰ ਜੋੜਨ ਵਾਸਤੇ ਦਸਵੇਂ ਪਾਤਸ਼ਾਹ ਨੇ ਵੱਖਰਾ ਬਾਟਾ ਤਿਆਰ ਕਰ ਦਿੱਤਾ ਸੀ? ਕਿਹੜੇ ਜੋੜਨ ਅਤੇ ਤੋੜਨ ਦੀਆਂ ਗੱਲਾਂ ਕਰਦੇ ਹੋ? ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਦਿਓ। ਜਸਬੀਰ ਸਿੰਘ
ਇਕ ਭਰਮ ਹੋਰ ਵੀ
ਕਈ ਕਹਿੰਦੇ ਹਨ ਕਿ ਸੰਤ ਤਾਂ ਨਾਮ ਜਪਣ ਦੀ ਜੁਗਤੀ ਦੱਸਦੇ ਹਨ ਪਰ ਮੈਂ ਪੁੱਛਦਾ ਹਾਂ ਕਿ ਜਿਹੜੇ ਸੰਤ ਆਪ ਅੰਧ-ਵਿਸ਼ਵਾਸੀ ਹਨ ਵਹਿਮਾਂ-ਭਰਮਾਂ ਵਿਚ ਪਏ ਹਨ ਅਤੇ ਪਾ ਰਹੇ ਹਨ ਇਹਨਾਂ ਕੋਲ ਤਾਂ ਆਪਣੇ ਆਪ ਜੋਗੀ-ਜੁਗਤੀ ਨਹੀਂ ਹੈ। ਇਹਨਾਂ ਕਿਸੇ ਨੂੰ ਕੀ ਦੱਸਣਾ ਹੈ ਇਹ ਸਭ ਭੁਲੇਖੇ ਇਹਨਾਂ ਪਾਏ ਹੋਏ ਹਨ, ਇਹ ‘‘ਸੰਤਨ ਹਥਿ ਰਾਖੀ ਕੂੰਜੀ’’ ਦੇ ਗ਼ਲਤ ਅਰਥ ਕਰਕੇ ਕਹਿੰਦੇ ਹਨ ਕਿ ਕੁੰਜੀ ਸੰਤਾਂ ਕੋਲ ਹੈ ਪਰ ਗੁਰੂ ਜੀ ਕਹਿੰਦੇ ਹਨ ‘‘ਕੁੰਜੀ ਗੁਰ ਸਉਪਾਈ’’ ਇਹ ਇਹਨਾਂ ਕਦੇ ਵੀ ਨਹੀਂ ਕਿਹਾ ਕਿ ਕੁੰਜੀ ਗੁਰੂ ਕੋਲ ਹੈ ਸਪੱਸ਼ਟ ਹੈ ਕਿ ਇਹ ਗੁਰੂ ਨੂੰ ਪਿੱਛੇ ਕਰਕੇ ਆਪ ਅੱਗੇ ਲੱਗਣਾ ਚਾਹੁੰਦੇ ਹਨ, ਇਹ ਗੁਰੂ ਦੇ ਸ਼ਰੀਕ ਬਣੇ ਹੋਏ ਹਨ।
ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ:
ਪੂਛਤ ਹੈ ਪੰਥ ਮਾਰਗ ਨਾ ਧਰੈ ਪਗ।।
ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਐ।। (ਭਾਈ ਗੁਰਦਾਸ ਜੀ)
ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਉ ਨ ਜਾਈ।।
ਜਿਉ ਜਲ ਮਾਝੇ ਮਾਛਲੋ ਮਾਰਗੁ ਪੇਖਣੋ ਨਾ ਜਾਈ।। (ਪੰਨਾ 525)

ਸਾਨੂੰ ਗੁਰੂ ਨੇ ਸਭ ਕੁਝ ਦੱਸਿਆ ਹੋਇਆ ਹੈ। ਸਾਨੂੰ ਇਹਨਾਂ ਸਾਧਾਂ ਦੀਆਂ ਜੁਗਤੀਆਂ ਦੀ ਲੋੜ ਨਹੀਂ ਹੈ। ਸਭ ਕੁਝ ਗੁਰੂ ਪਾਸ ਹੈ।
ਜਰਨੈਲ ਸਿੰਘ
ਸ਼ਰਧਾ ਕਿ ਅੰਧਵਿਸ਼ਵਾਸ
ਸ਼ਰਧਾ ਅਤੇ ਵਹਿਮ (ਅੰਧਵਿਸ਼ਵਾਸ) ਦੀ ਸ਼ਕਲ ਸੂਰਤ ਵਿਚ ਕੋਈ ਫ਼ਰਕ ਨਹੀਂ ਹੁੰਦਾ ਪਰ ਅਰਥਾਂ ਅਨੁਸਾਰ ਅਸਲ ਵਿਚ ਇਹਨਾਂ ਵਿਚ ਇਤਨਾ ਫ਼ਰਕ ਹੈ ਜਿਤਨਾ ਕਿ ਅੰਮ੍ਰਿਤ ਤੇ ਜ਼ਹਿਰ ਵਿਚ ਹੈ। ਸ਼ਰਧਾ ਦੀ ਨੀਂਹ ਬੇਗਰਜ਼ੀ (ਨਿਰ ਸੁਆਰਥ) ਹੈ ਪਰ ਵਹਿਮ, ਸੁਆਰਥ ਅਤੇ ਖੁਦਗਰਜ਼ੀ ਤੇ ਖੜ੍ਹਾ ਹੁੰਦਾ ਹੈ। ਸ਼ਰਧਾਵਾਨ ਆਪਣਾ ਆਪ ਗੁਰੂ ਹਵਾਲੇ ਕਰਦਾ ਹੈ ਪਰ ਵਹਿਮੀ ਸਦਾ ਹੀ ਗੁਰੂ ਨੂੰ ਆਪਣੇ ਮਤਲਬ ਵਾਸਤੇ ਵਰਤਦਾ ਹੈ। ਗੁਰੂ ਬਚਨ ਹੈ ‘‘ਮਨਿ ਬੈਚੇ ਸਤਿਗੁਰ ਕੇ ਪਾਸਿ, ਤਿਸ ਸੇਵਕ ਕੇ ਕਾਰਜਿ ਰਾਸਿ।।’’ (ਪੰਨਾ 286) ਪਰ ਸੁਆਰਥੀ ਵਾਸਤੇ, ‘‘ਜਿਤੁ ਦਿਨ ਉਨ ਕਾ ਸੁਆਉ ਹੋਇ ਨ ਆਵੈ ਤਿਤ ਦਿਨ ਨੇੜੈ ਕੋ ਨ ਢੁਕਾਸਾ’’।।
ਅਕਲ ਨਾਲ ਹੀ ਅਕਲ ਤਿਆਗਣੀ ਠੀਕ ਹੈ ਜੋ ਕੋਝੇ ਢੰਗ ਨਾਲ ਅਕਲ ਤਿਆਗਦਾ ਹੈ ਉਹ ਪਾਖੰਡੀ ਸਾਧਾਂ ਦੇ ਢਹੇ ਚੜ੍ਹ ਜਾਂਦਾ ਹੈ ਆਪਣੀ ਮਨ ਦੀ ਮਤ ਤਿਆਗ ਕੇ ਗੁਰਮਤਿ (ਵੱਡੀ ਸ੍ਰੇਸ਼ਟ ਮੱਤ) ਹਾਸਲ ਕਰਨੀ ਹੈ। ਇਹ ਨਾ ਹੋਵੇ ਕਿ ਮਨ ਦੀ ਮਤਿ ਤਾਂ ਤਿਆਗ ਦਿਉ ਪਰ ਤੁਹਾਡੇ ਅੰਦਰ ਕਿਸੇ ਸ਼ੈਤਾਨ (ਸਾਧ) ਦੀ ਮੱਤ ਆ ਜਾਵੇ। ਗੁਰੂ ਫੁਰਮਾਨ ਹੈ:
ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨੁ।।
ਅਕਲੀ ਪੜਿ ਕੈ ਬੁਝੀਐ, ਅਕਲੀ ਕੀਚੈ ਦਾਨੁ।।
ਨਾਨਕੁ ਆਖੈ ਰਾਹੁ ਏਹੁ, ਹੋਰਿ ਗਲਾਂ ਸ਼ੈਤਾਨੁ।।

ਗਿਆਨਵਾਨ ਪੁਰਸ਼ ਅੰਦਰ ਸ੍ਰੇਸ਼ਟ ਸ਼ਰਧਾ ਹੁੰਦੀ ਹੈ ਉਹ ਸਿਆਣਪ ਅਤੇ ਸੂਝ ਨਾਲ ਆਪਣੀ ਵਫ਼ਾਦਾਰੀ ਨਿਭਾਉਂਦਾ ਹੈ ਨਾ ਕਿ ਅੰਧਵਿਸ਼ਵਾਸ ਨਾਲ। ਅੱਜ ਕੱਲ੍ਹ ਗੁਰਦੁਆਰਿਆਂ, ਡੇਰਿਆਂ ਦੇ ਸੰਤ ਪ੍ਰਬੰਧਕ ਵੀ ਅੰਧਵਿਸ਼ਵਾਸੀ ਸ਼ਰਧਾ ਦੀ ਢੰਡੋਰਾ ਪਿੱਟ ਰਹੇ ਹਨ ਪਰ ਗੁਰਮਤਿ ਦੀ ਗਿਆਨ ਦੀ ਕਦੇ ਗੱਲ ਕਰਨ ਨੂੰ ਤਿਆਰ ਨਹੀਂ। ਸ਼ਰਧਾ ਦੀ ਗੱਲ ਉਹ ਗੋਲਕ ਭਰਨ ਵਾਸਤੇ ਕਰਦੇ ਹਨ ਕਿ ਬੰਦਿਆਂ ਨੂੰ ਮੱਥੇ ਟੇਕੋ ਖਾਲੀ ਹੱਥ ਮੱਥਾ ਨਹੀਂ ਟੇਕਣਾ। ਘੋੜਿਆਂ ਨੂੰ ਮੱਥਾ, ਹਾਥੀਆਂ ਨੂੰ ਪੈਸੇ ਰੱਖ ਕੇ ਮੱਥੇ, ਆਪਣੀਆਂ ਵਿਦੇਸ਼ੀ ਕਾਰਾਂ ਨੂੰ ਵੀ ਮੱਥੇ ਟਿਕਾ ਕੇ ਭੋਲੀ-ਭਾਲੀ ਸੰਗਤ ਦਾ ਸ਼ੋਸ਼ਣ ਕਰ ਰਹੇ ਹਨ। ਕੋਈ ਬੇਰੀ ਗੋਲਕ, ਕੋਈ ਟਾਲ੍ਹੀ ਗੋਲਕ, ਕੋਈ ਫਲਾਹੀ ਗੋਲਕ, ਕੋਈ ਜੰਡ ਗੋਲਕ, ਕੋਈ ਡੇਰੇਦਾਰ ਬਾਬਿਆਂ ਦੀ ਖੂੰਡੀ, ਜੁੱਤੀਆਂ ਜੋੜੇ, ਕੁਰਸੀਆਂ ਮੇਜ਼, ਜਿਸ ਲੈਟਰੀਨ ਵਿਚ ਬਾਬਾ ਟੱਟੀ ਬੈਠਦਾ ਸੀ ਉਸਨੂੰ ਮੱਥੇ ਟਿਕਾ ਰਹੇ ਹਨ। ਕੋਈ ਦੱਸੇ ਕਿ ਐਸੀ ਵਹਿਮੀ ਸ਼ਰਧਾ ਅੰਧਵਿਸ਼ਵਾਸੀ ਸ਼ਰਧਾ ਕਿਸੇ ਸਿੱਖ ਦਾ ਕੀ ਸਵਾਰੇਗੀ? ਇਹਨਾਂ ਪਤਾ ਨਹੀਂ ਕਿੰਨੇ ਕੁ ਟਾਲ੍ਹੀ ਸਾਹਿਬ, ਬੇਰ ਸਾਹਿਬ, ਅੰਬ ਸਾਹਿਬ, ਪੱਥਰ ਸਾਹਿਬ ਬਣਾ ਦਿੱਤੇ ਹਨ। ਡੇਰੇਦਾਰ ਸਾਧ ਆਪਣਾ ਪ੍ਰਭਾਵ ਵਧਾਉਣ ਵਾਸਤੇ ਮਨਮੱਤ ਦੇ ਹੱਦਾ-ਬੰਨੇ ਟੱਪੀ ਜਾ ਰਹੇ ਹਨ ਇਹ ਸਿਮਰਨ ਦੇ ਨਾਂ ‘ਤੇ ਨਵੇਂ-ਨਵੇਂ ਢੌਂਗ ਰਚ ਰਹੇ ਹਨ। ਗੁਰਸਿੱਖਾਂ ਵਾਲੇ ਸਿਮਰਨ ਦੇ ਇਹ ਕਦੇ ਨੇੜੇ ਨਹੀਂ ਗਏ ਇਹ ਜੋਗੀਆਂ ਵਾਲਾ, ਜੈਨੀਆਂ ਵਾਲਾ, ਬੋਧੀਆਂ ਵਾਲਾ, ਬਾਹਮਣਾਂ ਵਾਲਾ, ਦਿਖਾਵੇ ਵਾਲਾ ਫੋਕਾ ਸਿਮਰਨ ਕਰਵਾ ਰਹੇ ਹਨ ਜਿਹਦਾ ਨਤੀਜਾ ਸਾਰੀ ਦੁਨੀਆਂ ਦੇ ਸਾਹਮਣੇ ਹੈ। ਸੋ ਗੁਰਬਾਣੀ ਨੂੰ ਸਮਝਣਾ ਅਤੇ ਗੁਰੂ ਦੇ ਸ਼ਰੀਕਾਂ, ਭੇਖੀਆਂ ਨੂੰ ਪਛਾੜਨਾ ਸਮੇਂ ਦੀ ਮੁੱਖ ਲੋੜ ਹੈ।
‘ਧੰਨ ਗੁਰੂ ਗ੍ਰੰਥ ਸਾਹਿਬ’ ਜੀ ਨੂੰ ਮੱਥਾ ਟੇਕਣਾ ਵੀ ਮਨ ਦੀ ਅਵਸਥਾ ਨਾਲ ਸੰਬੰਧਿਤ ਹੈ, ਜੇ ਸਾਡੇ ਅੰਦਰ ਸਤਿਕਾਰ ਲਈ ਸ਼ਰਧਾ ਹੈ, ਸਮਝਣ, ਮੰਨਣ ਕਮਾਉਣ ਦੀ ਸ਼ਰਧਾ ਹੈ ਤਾਂ ਹੀ ਮੱਥਾ ਟੇਕਣਾ ਸ਼ੋਭਦਾ ਹੈ ਨਹੀਂ ਤਾਂ ਸ਼ਰਧਾਹੀਣ ਹੋ ਕੇ ਪਾਖੰਡ ਹੀ ਕਰਨੇ ਹਨ ਤਾਂ ਇਹ ਬਚਨ:
ਸੀਸ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ।। (ਪੰਨਾ 470)
ਸੁਖਵਿੰਦਰ ਸਿੰਘ ਸਭਰਾ




.