.

☬ ਅਕਾਲ-ਮੂਰਤਿ ☬
(ਕਿਸ਼ਤ ਨੰ: 06)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਸਜਣੋਂ, ਤੁਸੀਂ ਭੁਲੇਖੇ ਵਿੱਚ ਹੋ ਕਿ ਅਸੀਂ ਗੁਰੂ ਦੇ ਇੱਕ ਪ੍ਰਚਾਰਕ ਸਿੱਖ ਨੂੰ ਮਾਰ-ਮੁਕਾ ਰਹੇ ਹਾਂ । ਯਾਦ ਰੱਖੋ, ਕਰਤੇ ਦੀ ਪ੍ਰੀਵਰਤਨਸ਼ੀਲ ਕੁਦਰਤ ਵਿੱਚ ਨਾਸ਼ ਕੁਝ ਵੀ ਨਹੀ ਹੁੰਦਾ, ਕੇਵਲ ਰੂਪ ਹੀ ਬਦਲਦੇ ਹਨ । ਤਦੇ ਹੀ ਤਾਂ ਬ੍ਰਹਮ-ਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਮੌਤ ਦੀ ਪ੍ਰਕਿਰਿਆ ਇੱਕ ਤਮਾਸ਼ੇ ਤੋਂ ਵੱਧ ਕੁਝ ਵੀ ਨਹੀ ਹੁੰਦੀ । ਕਿਉਂਕਿ, ਮਰਦਾ-ਮਰਾਂਦਾ ਤਾਂ ਕੁਛ ਵੀ ਨਹੀ ਹੈ । ਜਦੋਂ ਅਸੀ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿਚ ਹੁੰਦਾ ਇਹ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿਚੋਂ ਸੁਆਸ ਹਵਾ ਵਿਚ ਮਿਲ ਜਾਂਦਾ ਹੈ, ਸਰੀਰ ਦੀ ਮਿੱਟੀ ਧਰਤੀ ਦੀ ਮਿੱਟੀ ਨਾਲ ਮਿਲ ਜਾਂਦੀ ਹੈ, ਚੇਤੰਨਤਾ ਰੂਪ ਜੀਵਾਤਮਾ ਸਰਬ-ਵਿਆਪਕ ਜੋਤਿ ਨਾਲ ਜਾ ਰਲਦਾ ਹੈ । ਮੁਏ ਨੂੰ ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ ।
ਸੁਣੋ ! ਮੇਰੇ ਸਤਿਗੁਰੂ ਜੀ ਦੇ ਬੋਲ, ਜੋ ਈਹਾਂ-ਊਹਾਂ ਸੱਚ ਰਹਿਣ ਵਾਲੇ ਹਨ :

ਪਵਨੈ ਮਹਿ ਪਵਨੁ ਸਮਾਇਆ ।। ਜੋਤੀ ਮਹਿ ਜੋਤਿ ਰਲਿ ਜਾਇਆ ।।
ਮਾਟੀ ਮਾਟੀ ਹੋਈ ਏਕ ।। ਰੋਵਨਹਾਰੇ ਕੀ ਕਵਨ ਟੇਕ ।।੧।।
ਕਉਨੁ ਮੂਆ ਰੇ ਕਉਨੁ ਮੂਆ ।।
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ, ਇਹੁ ਤਉ ਚਲਤੁ ਭਇਆ ।।੧।। {ਗੁ.ਗ੍ਰੰ.ਪੰਨਾ੮੮੫}

ਆਖਰ, ਜ਼ਾਲਮਾਂ ਦੀ ਤਲਵਾਰ ਚੱਲ ਗਈ, ਜਿਹੜੀ ਭਾਈ ਮਨੀ ਸਿੰਘ ਸਾਹਿਬ ਜੀ ਦੀ ਗਰਦਨ ਅਤੇ ਧੜ੍ਹ ਨੂੰ ਵੱਖ ਵੱਖ ਕਰ ਗਈ । ਭੰਗੂ ਜੀ ਲਿਖਦੇ ਹਨ ‘‘ ਸੀਸ ਭਯੋ ਤਬ ਧੜ ਤੇ ਦੂਰ । ਰਹੀ ਸਿਖੀ ਸਿੰਘ ਸਾਬਤ ਸੂਰ । ਹੈ ਹੈ ਕਾਰ ਜਗਤ ਮੈਂ ਭਯੋ । ਜੈ ਜੈ ਕਾਰ ਸਿਖਨ ਮਨ ਠਯੋ ।`` ਪਰ, ਉਹ ਸਿੱਧ ਕਰ ਗਏ ਕਿ ਜਿਹੜਾ ਸਾਡੇ ਸਾਰੇ ਜੀਵਾਂ ਦਾ ਮੂਲ ਹੈ, ਉਹ ਅਬਿਨਾਸ਼ੀ ਹੈ । ‘ਅਕਾਲ ਮੂਰਤਿ` ਹੈ । ‘ਪ੍ਰਚੀਨ ਪੰਥ ਪ੍ਰਕਾਸ਼` ਵਿੱਚ ਸੱਚ ਹੀ ਲਿਖਿਆ ਹੈ ਕਿ ਜਿਸ ਦੇ ਹੱਥ ਵਿੱਚ ਜਗਦੀ ਮਿਸਾਲ ਹੋਵੇ, ਅੰਧੇਰਾ ਉਸ ਦਾ ਕੀ ਵਿਗਾੜ ਸਕਦਾ ਹੈ :
ਜਿਸ ਕੇ ਮਨ ਮੇਂ ਭਉ ਗੁਰੂ, ਤਿਸ ਭੈ ਜਮ (ਕਾਲ) ਕਾ ਨਾਹਿ ।
ਜਿਸ ਕੇ ਹੱਥ ਮਿਸਾਲ ਹੈ, ਕੀ ਕਰੂਗੁ ਅੰਧੋਰੋ ਤਾਹਿਂ ।
ਇਹੀ ਕਾਰਨ ਹੈ ਕਿ ਭਾਈ ਮਨੀ ਸਿੰਘ ਜੀ ਦੇ ਇੱਕ ਸਮਕਾਲੀ ਭੱਟ ਨੇ ਉਨ੍ਹਾਂ ਦੀ ਮਹਿਮਾਂ ਕਰਦਿਆਂ ਹੇਠ ਲਿਖੇ ਕਬਿੱਤ ਵਿੱਚ ਆਖਿਆ ਹੈ ਕਿ ਉਹ ਸਿੱਖੀ ਦੇ ਆਦਰਸ਼ਕ ਜੀਵਨ ਦਾ ਇੱਕ ਬੇਮਿਸਾਲ ਤੇ ਅਦਭੁੱਤ ਨਮੂਨਾ
(Marvellous model) ਸਨ, ਜਿਨ੍ਹਾਂ ਨੇ ਗਿਆਨ ਦੀ ਖੜਗ ਨਾਲ ਦੁਸ਼ਟਾਂ ਨੂੰ ਚੌਰਾਹੇ ਵਿੱਚ ਚੌਰੰਗ (ਚਾਰ ਟੁਕੜੇ ਕਰਨਾ) ਕਰਕੇ ਮਾਰਿਆ । ਕਿਉਂਕਿ, ਮਜ਼ਹਬੀ ਕਟੜਤਾ ਦੀ ਹਉਮੈ ਵਿੱਚ ਫਸੇ ਹੋਏ ਅਗਿਆਨੀ ਲੋਕ ਆਪਣੇ ਭੈੜੇ ਮਨਸੂਬਿਆਂ ਵਿੱਚ ਸਫਲ ਨਾ ਹੋਣ ਕਰਕੇ ਉਸ ਵੇਲੇ ਅਤਿ ਸ਼ਰਮਸ਼ਾਰ ਹੋਏ, ਜਦੋਂ ਭਾਈ ਸਾਹਿਬ ਜੀ ‘‘ਸਤਿ ਸ੍ਰੀ ਅਕਾਲ`` ‘‘ਸਤਿ ਸ੍ਰੀ ਅਕਾਲ`` ਦੇ ਜੈਕਾਰੇ ਗਜਾਉਂਦੇ ਹੋਏ ‘ਅਕਾਲਮੂਰਤਿ` ਦਾ ਸੱਚ ਪ੍ਰਗਟ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ । ‘ਪ੍ਰਾਚੀਨ ਪੰਥ ਪ੍ਰਕਾਸ਼` ਵਿੱਚ ਭੱਟ ਦੀ ਲਿਖਤ ਇਸ ਪ੍ਰਕਾਰ ਹੈ : ਕਬਿੱਤ: ਸਿੱਖਨ ਮੈਂ ਸਿੱਖ ਊਚੋ, ਭਗਤਨ ਮੈਂ ਭਗਤ ਮੂਚੋ,
ਸਿੱਖੀ ਕੀ ਨਿਆਈ ਕਹੀਏ ਭਾਈ ਮਨੀ ਸਿੰਘ ਜੀ ।
ਜਗਤ ਮੈਂ ਜੈਕਾਰ ਭਯੋ, ਧਰਮ ਅਰਥ ਦੇਹ ਦਯੋ,
ਸਿਦਕ ਸੋਂ ਕਟਾਯੋ ਹੀਯੋ ਨ ਮਾਨੀ ਕਛੂ ਸ਼ੰਕ ਜੀ ।
ਸਿੱਖ ਸੋ ਪ੍ਰਸੰਨ ਭਏ, ਦੁਸ਼ਟ ਸਭ ਭ੍ਰਿਸ਼ਟ ਭਏ,
ਗਿਆਨ ਕੀ ਖੜਗ ਸੋਂ ਸੋ ਮਾਰੇ ਚੌਰੰਗ ਜੀ ।
ਗੁਰਸਿੱਖ ਕਹਾਵੈ ਜੋਊ, ਕਰਨੀ ਯਹਿ ਕਮਾਵੈ ਸੋਊ,
ਮਨੀ ਸਿੰਘ ਤੁੱਲ ਭਯੋ ਕੋ ਰਾਣਾਂ ਔ ਨ ਰੰਕ ਜੀ ।
ਸੋ, ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਹੜੇ, ਰੱਬੀ ਹਸਤੀ ਨੂੰ ਕਾਲ-ਰਹਿਤ ਪ੍ਰਚਾਰਨ ਹਿੱਤ ‘ਅਕਾਲਮੂਰਤਿ` ਦੇ ਰੱਬੀ ਵਿਸ਼ੇਸ਼ਣ ਰਾਹੀਂ ਲੋਕਾਂ ਨੂੰ ਉਪਰੋਕਤ ਕਿਸਮ ਦਾ ਮੂਲਿਕ ਬੋਧ ਕਰਵਾਉਦਿਆਂ, ਅਕਾਲ ਪੁਰਖ ਦੇ ਪੁਜਾਰੀ ਬਣਾ ਕੇ ਕਾਲ ਦੀ ਅਗਿਆਨਕ ਚਿੰਤਾ ਅਤੇ ਸਹਮ ਤੋਂ ਮੁਕਤ ਕਰਨਾ ਚਹੁੰਦੇ ਸਨ ਤਾਂ ਕਿ ਉਹ ਹਰ ਕਿਸਮ ਦੀ ਗੁਲਾਮੀ ਦੇ ਬੰਧਨਾਂ ਨੂੰ ਕੱਟ ਕੇ ਜਿੰਦਗੀ ਦਾ ਸਰਬ-ਪੱਖੀ ਵਿਕਾਸ ਕਰ ਸਕਣ । ਕਿਉਂਕਿ, ਹਜ਼ੂਰ ਵਲੋਂ ਆਪਣੇ ਨੌਵੇਂ ਸਰੂਪ ਵਿੱਚ ‘ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ।।`(ਗੁ.ਗ੍ਰੰ.ਪੰਨਾ ੭੦੩) ਦੇ ਉਚਾਰਨ ਕੀਤੇ ਵਾਕ ਦੁਆਰਾ ਪ੍ਰਗਟਾਇਆ ਮਨੋਵਿਗਿਆਨਕ ਤੱਥ ਕਿ ਮੌਤ ਦਾ ਡਰ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਕਮਜ਼ੋਰ ਕਰਦਾ ਹੈ, ਉਨ੍ਹਾਂ ਦੇ ਧਿਆਨ ਵਿੱਚ ਸੀ । ਉਹ ਚੰਗੀ ਤਰ੍ਹਾਂ ਤਰ੍ਹਾਂ ਸਮਝਦੇ ਸਨ ਕਿ ਗੁਲਾਮੀ ਦੇ ਜੀਵਨ ਵਿੱਚ ਮਾਨਵੀ ਵਿਕਾਸ ਰੁਕ ਜਾਂਦਾ ਹੈ । ਕਿਉਂਕਿ, ਜਿਥੇ ਦਿਲ ਅਤੇ ਦਿਲ ਦੀਆਂ ਇਛਾਵਾਂ ਵੀ ਗੁਲਾਮ ਹੋਣ, ਓਥੇ ਜੀਵਣ ਦਾ ਕੋਈ ਹੱਜ ਨਹੀ ਰਹਿ ਜਾਂਦਾ । ਇੱਕ ਮਾਨਵ ਹਿਤਕਾਰੀ ਦਿਲ ਦੀ ਹੂਕ ਹੈ :
ਦਿਲ ਭੀ ਗੁਲ਼ਾਮ, ਦਿਲ ਕੀ ਤਮੰਨਾਇਂ ਭੀ ਗੁਲ਼ਾਮ,
ਯੂੰ ਜ਼ਿੰਦਗੀ ਹੂਈ ਤੋ ਕਯਾ ਜ਼ਿੰਦਗੀ ਹੂਈ।
ਸਿਆਣਿਆਂ ਦਾ ਕਥਨ ਹੈ ਕਿ ਜਿਵੇਂ ਸ਼ੇਰ ਦਾ ਡਰ ਭੇਡਾਂ ਬਕਰੀਆਂ ਅਤੇ ਗਿਦੜਾਂ ਆਦਿਕ ਦੇ ਸਾਹ-ਸਤ ਸੁਕਾ ਦਿੰਦਾ ਹੈ, ਜਿਵੇਂ ਜੇਠ ਹਾੜ (ਮਈ, ਜੂਨ) ਦੇ ਦਿਨਾਂ ਵਿੱਚ ਸੂਰਜ ਦੀ ਤਪਸ਼ ਧਰਤੀ ਵਿਚਲੀ ਉਪਰਲੀ ਤਹਿ ਵਾਲੀ ਨਮੀ ਅਤੇ ਬਨਾਸਪਤੀ ਦੇ ਰਸ ਅਤੇ ਨੂੰ ਸੁਕਾ ਦਿੰਦੀ ਹੈ । ਤਿਵੇਂ ਹੀ ਗੁਲਾਮੀ, ਮਾਨਵੀ-ਜ਼ਿੰਦਗੀ ਦੇ ਵਿਸ਼ਾਲ ਦਰਿਆ ਨੂੰ ਸੁੱਕਾ ਕੇ ਇਉਂ ਬਣਾ ਦਿੰਦੀ ਹੈ, ਜਿਵੇਂ, ਤੁਪਕੇ ਤੁਪਕੇ ਪਾਣੀ ਦੇ ਆਸਰੇ ਚਲਣ ਵਾਲੀ ਕੋਈ ਨਾਲੀ, ਜਿਹੜੀ ਕਦੇ ਵੀ ਬੰਦ ਕੀਤੀ ਜਾ ਸਕਦੀ ਹੋਵੇ । ਜਦ ਕਿ ਅਜ਼ਾਦੀ ਦਾ ਅਹਿਸਾਸ ਇਹਦੇ ਬਿਲਕੁਲ ਉੱਲਟ, ਜੀਵਨ ਦੀ ਰੌਅ ਨੂੰ ਇੱਕ ਠਾਠਾਂ ਮਾਰਦੇ ਅਸੀਮ ਤੇ ਅਥਾਹ ਸਮੁੰਦਰ ਵਿੱਚ ਬਦਲ ਦਿੰਦਾ ਹੈ । ਇਸ ਖ਼ਿਆਲ ਨੂੰ ਕਿਸੇ ਸੂਝਵਾਨ ਸ਼ਾਇਰ ਨੇ ਇਉਂ ਕਲਮ-ਬੰਦ ਕੀਤਾ ਹੈ :
ਬੰਦਗੀ ਮੇਂ ਘਟ ਕੇ ਰਹਿ ਜਾਤੀ ਹੈ, ਇਕੇ ਜੂਏ ਕਮ-ਆਬ ।
ਔਰ ਆਜ਼ਾਦੀ ਮੇਂ ਬਹਿਰਿ ਬੇ-ਕਰਾਂ ਹੈ ਜ਼ਿੰਦਗੀ ।
ਪਰ, ਮਾਨਵੀ ਸਮਾਜ ਨੂੰ ਆਤਮਿਕ ਤੌਰ ਬਲਵਾਨ ਕਰਨ ਦੇ ਐਸੇ ਖ਼ਿਆਲਾਂ ਦੇ ਨਾਲ-ਨਾਲ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਦੂਜਾ ਪੱਖ ਇਹ ਵੀ ਸੀ ਕਿ ਸਾਡੇ ਵਲੋਂ ਅਦਵੈਤਵਾਦੀ ਆਸਤਕਵਾਦ ਵਿੱਚ ਰੱਬੀ ਹੋਂਦ ਦੀ ਏਕਾਈ
(Untiy), ਸਚਾਈ (Actualtiy) ਤੇ ਸਦੀਵੀ ਸਥਿਰਤਾ (Stablitiy) ਦੀ ਸਥਾਪਤ (Establsihed) ਕੀਤੀ ਜਾ ਰਹੀ ਵਿਚਾਰਧਾਰਾ ਕਿਸੇ ਪੱਖੋਂ ਵੀ ਕਮਜ਼ੋਰ ਨਾ ਰਹਿ ਜਾਵੇ । ਭਾਵ ਇਹ ਕਿ ਰੱਬ ਹੈ, ਰੱਬ ਇੱਕ ਹੈ, ਰੱਬ ਇੱਕ ਸੱਚ ਹੈ ਅਤੇ ਉਹੀ ਇੱਕ ਅਜਿਹੀ ਹਸਤੀ ਹੈ, ਜਿਹੜੀ ਨਿਰ-ਅਕਾਰ, ਸਦਾ-ਥਿਰ ਕਾਇਮ ਰਹਿਣ ਵਾਲੀ ਤੇ ਸਰਬ-ਵਿਆਪਕ ਹੈ, ਦੇ ਗੁਰਮਤੀ ਸਿਧਾਂਤ ਵਿੱਚ ਕੋਈ ਐਸੀ ਊਣਤਾਈ ਨਾ ਰਹਿ ਜਾਵੇ, ਜਿਸ ਦਾ ਸਹਾਰਾ ਲੈ ਕੇ ਕੋਈ ਰੱਬੀ ਹੋਂਦ ਤੋਂ ਇਨਕਾਰ ਕਰ ਸਕੇ ਜਾਂ ਕਿਸੇ ਵਲੋਂ ਉਸ ਨੂੰ ਵਿਅਕਤੀਗਤ ਰੂਪ ਵਿੱਚ ਪੇਸ਼ ਕਰਦਿਆਂ ਪੁਰਾਣਿਕ ਅਵਤਾਰਵਾਦ ਅਤੇ ਮੂਰਤੀ-ਪੂਜਾ ਵੱਲ ਮੁੜ ਘੜੀਸਿਆ ਜਾ ਸਕੇ, ਜਿਨਾਂ ਦੀ ਜਕੜ ਵਿਚੋਂ ਮਾਨਵੀ ਭਾਈਚਾਰੇ ਨੂੰ ਕਢਣਾ, ਸਾਡੇ ਮਿਥੇ ਮੁੱਖ ਟੀਚਿਆਂ `ਚੋਂ ਇੱਕ ਹੈ ।
ਕਿਉਂਕਿ, ‘ਅਕਾਲਮੂਰਤਿ` ਸੰਜੁਗਤ ਸਰੂਪ ਵਿੱਚ ਐਸਾ ਰੱਬੀ-ਨਾਂਵ ਹੈ, ਜਿਹੜਾ ਉਨ੍ਹਾਂ ਲੋਕਾਂ ਸਾਹਵੇਂ ਵੀ ਢਾਲ ਬਣ ਜਾਂਦਾ ਹੈ, ਜਿਹੜੇ ਰੱਬੀ ਹੋਂਦ ਤੋਂ ਇਨਕਾਰ ਕਰਨ ਲਈ ਮੰਡੂਕ-ਉਪਨਿਸ਼ਦ ਵਿੱਚਲੇ ਬ੍ਰਹਮ ਲਈ ਵਰਤੇ ਨਕਾਰਤਮਿਕ
(Negatvie) ਵਿਸ਼ੇਸ਼ਣ ‘ਅਮੂਰਤਿ` ਦੀ ਵਰਤੋਂ ਕਰਦਿਆਂ ਆਖਦੇ ਸਨ ਕਿ ਜਦੋਂ ਬ੍ਰਹਮ ਦਾ ਕੋਈ ਸਰੂਪ ਹੀ ਨਹੀ ਹੈ, ਤਾਂ ਇਹ ਕਿਵੇਂ ਮੰਨਿਆਂ ਜਾ ਸਕਦਾ ਹੈ ਕਿ ਉਹ ਦੀ ਕੋਈ ਹੋਂਦ ਜਾਂ ਹਸਤੀ ਹੈ ? ਅਤੇ ਨਾਸਤਕਾਂ ਦੀ ਤਰ੍ਹਾਂ ਉਨ੍ਹਾਂ ਲੋਕਾਂ ਦੀ ਪੂਜਾ-ਪਧਤੀ ਨੂੰ ਵੀ ਮੂਲੋਂ ਰੱਦ ਕਰਦਾ ਹੈ, ਜਿਹੜੇ ਰੱਬ ਦੀ ਨਿਰੰਕਾਰੀ ਹਸਤੀ ਨੂੰ ਦੇਵੀ ਦੇਵਤਿਆਂ ਅਤੇ ‘ਕਾਲ` ਭਗਵਾਨ ਦੇ ਰੂਪ ਵਿੱਚ ਪੂਜਦੇ ਹੋਏ ਕਈ ਪ੍ਰਕਾਰ ਦੀ ਮੂਰਤੀਆਂ ਘੜ੍ਹ ਕੇ ਪੂਜਾ ਦੁਆਰਾ ਲੋਕਾਂ ਨੂੰ ਲੁੱਟਣ ਦਾ ਬਹਾਨਾ ਬਣਾਈ ਬੈਠੇ ਹਨ ।
ਪ੍ਰਿੰਸੀਪਲ ਹਰਭਜਨ ਸਿੰਘ ਜੀ (ਭਾਈ ਸਾਹਿਬ) ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਖੇ ਗੁਰਮਤਿ ਫ਼ਿਲਾਸਫ਼ੀ ਪੜ੍ਹਾਦਿਆਂ ‘ਅਕਾਲਮੂਰਤਿ` ਪਦ ਦੀ ਵਿਆਖਿਆ ਕਰਨ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਲੰਮੀ-ਨਦਰਿ ਨੂੰ ਵਿਦਿਆਰਥੀਆਂ ਦੇ ਧਿਆਨ ਵਿੱਚ ਲਿਆਦਿਆਂ ਵਿਸਮਾਦਤ ਹੋ ਆਖਿਆ ਕਰਦੇ ਸਨ, ‘‘ਦੇਖੋ ! ਗੁਰੂ ਨਾਨਕ ਦਾ ਕਮਾਲ ! ਨਾਸਤਕ ਸ਼੍ਰੇਣੀ ਦਾ ਮੂੰਹ ਬੰਦ ਕਰਨ ਲਈ ਦਾਰਸ਼ਨਿਕ ਖੇਤਰ ਵਿੱਚ ਪ੍ਰਚਲਿਤ ਉਪਨਿਸ਼ਦੀ ‘ਅਮੂਰਤਿ` ਪਦ ਦੀ ਥਾਂ, ਜੇ ਕਰ ਉਹ ‘ਹੋਂਦ` ਅਥਵਾ ‘ਹਸਤੀ` ਦੇ ਅਰਥਾਂ ਵਿੱਚ ਸੰਸਕ੍ਰਿਤ ਦਾ ਇਸਤ੍ਰੀ ਲਿੰਗ ਨਾਂਵ ‘ਮੂਰਤਿ`, ਵਿਸ਼ੇਸ਼ਣ ‘ਅਕਾਲ` ਤੋਂ ਬਗੈਰ ਵਰਤਦੇ ਤਾਂ ਮੂਰਤੀ ਪੂਜਾ ਦੇ ਪ੍ਰਚਾਰਕ ਆਪਣੇ ਹੱਕ ਵਿੱਚ ਇਸ ਦੀ ਗਲਤ ਵਰਤੋਂ ਕਰ ਸਕਦੇ ਸਨ । ਕਾਲ ਦੀ ਉਪਾਸ਼ਨਾ ਤੇ ਮੂਰਤੀ ਪੂਜਾ ਤੋਂ ਵਰਜਣ ਹਿੱਤ, ਜੇ ਗੁਰਦੇਵ ‘ਨਿਰਭਉੁ` ‘ਨਿਰਵੈਰੁ` ਪਦਾਂ ਵਾਂਗ ‘ਅਕਾਲ` ਲਫ਼ਜ਼ ਨੂੰ ਕੇਵਲ ਇੱਕ ਸੁਤੰਤਰ ਨਾਂਵ ਵਜੋਂ ਔਂਕੜ ਸਹਿਤ ਵਰਤਦੇ ਅਤੇ ਇਸ ਨੂੰ ਇਸਤ੍ਰੀ ਲਿੰਗ ਨਾਂਵ ‘ਮੂਰਤਿ` ਪਦ ਦਾ ਵਿਸ਼ੇਸ਼ਣ ਨਾ ਬਣਾਉਂਦੇ ਤਾਂ ਨਾਸਤਕ ਸ਼੍ਰੇਣੀ ਕਹਿ ਸਕਦੀ ਸੀ ਕਿ ਰੱਬ ਇੱਕ ਕਲਪਨਾ ਹੈ, ਉਸ ਦੀ ਕੋਈ ਵਾਸਤਵਿਕ ਹੋਂਦ ਨਹੀ । ਕਿਉਂਕਿ, ਜਿਹੜੀ ਹਸਤੀ ਦੇਸ਼-ਕਾਲ ਵਿੱਚ ਨਹੀ, ਉਸ ਨੂੰ ਸੱਚ ਕਿਵੇਂ ਮੰਨਿਆ ਜਾ ਸਕਦਾ ਹੈ``?
ਇਹੀ ਕਾਰਣ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰੰਭਕ ਬਾਣੀ ‘ਜਪ`ਜੀ ਦੇ ਪਹਿਲੇ ਸਲੋਕ ‘ਆਦਿ ਸਚੁ ਜੁਗਾਦਿ ਸਚੁ ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।।੧।।` (ਅਰਥ :- ਹੇ ਨਾਨਕ ! ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ । ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ ।) ਵਿੱਚ ਸਤਿਗੁਰੂ ਜੀ ਨੇ ਸਭ ਤੋਂ ਵਧੇਰੇ ਜ਼ੋਰ ਰੱਬੀ-ਹੋਂਦ ਦੀ ਸਚਾਈ ਦਰਸਾਉਣ ਉੱਪਰ ਹੀ ਦਿੱਤਾ ਹੈ । ਇੱਕ ਸਲੋਕ ਵਿੱਚ ਤਾਂ ਅਕਾਲ ਪੁਰਖ ਨੂੰ ਸੰਬੋਧਿਤ ਹੁੰਦਿਆਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਹੇ ਪ੍ਰਭੂ! ਜੇ ਤੂੰ ਮੇਰੇ ਵਿਚ ਇਤਨੀ ਸੱਤਿਆ ਪਾ ਦੇਵੇਂ ਕਿ ਮੈਂ ਇਹ ਗੱਲ ਆਖਦਾ ਆਖਦਾ ਕਿ ਤੂੰ ਸੱਚ-ਮੁੱਚ ਹੈਂ, ਤੂੰ ਸੱਚ-ਮੁੱਚ ਹੈਂ, ਥੱਕਾਂ ਹੀ ਨਾ ਅਤੇ ਨਾ ਹੀ ਕਿਸੇ ਦਾ ਰੋਕਿਆਂ ਰੁਕਾਂ ਤੇ ਇਸ ਪ੍ਰਕਾਰ ਕ੍ਰੋੜਾਂ ਕ੍ਰੋੜਾਂ ਵਾਰ ਆਖਾਂ ਕਿ ਤੂੰ ਸੱਚ-ਮੁੱਚ ਹੈਂ । ਕ੍ਰੋੜਾਂ ਵਾਰੀ ਤੋਂ ਵੀ ਕ੍ਰੋੜਾਂ ਵਾਰੀ ਵਧੀਕ ਮੈਂ ਇਹੀ ਸੱਚ ਆਪਣੇ ਮੂੰਹ ਨਾਲ ਨਿਰੰਤਰ ਆਖਦਾ ਰਹਾਂ ਅਤੇ ਮੇਰੇ ਆਖਣ ਵਿਚ ਕਦੇ ਕੋਈ ਤੋਟ ਨਾ ਆਵੇ; ਤਾਂ ਵੀ, ਮੇਰਾ ਇਹ ਸਾਰਾ ਜਤਨ ਤੇਰੀ ਰਤਾ ਭਰ ਸਿਫ਼ਤਿ ਦੇ ਹੀ ਬਰਾਬਰ ਹੁੰਦਾ ਹੈ । ਜੇ ਆਖਾਂ ਕਿ ਮੈਂ ਤੇਰੀ ਸਿਫ਼ਤਿ ਏਦੂੰ ਵਧੀਕ ਕੀਤੀ ਹੈ ਤਾਂ ਇਹ ਮੇਰੀ ਵੱਡੀ ਭੁੱਲ ਹੋਵੇਗੀ :

: ੧ ।। ਹੈ ਹੈ ਆਖਾਂ ਕੋਟਿ ਕੋਟਿ, ਕੋਟੀ ਹੂ ਕੋਟਿ ਕੋਟਿ ।।
ਆਖੂੰ ਆਖਾਂ ਸਦਾ ਸਦਾ, ਕਹਣਿ ਨ ਆਵੈ ਤੋਟਿ ।।
ਨਾ ਹਉ ਥਕਾਂ, ਨ ਠਾਕੀਆ, ਏਵਡ ਰਖਹਿ ਜੋਤਿ ।।
ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ।। (ਗੁ.ਗ੍ਰੰ.ਪੰਨਾ ੧੨੪੧)

‘ਅਕਾਲਮੂਰਤਿ` ਪਦ ਦੀ ਵਿਆਖਿਆ ਕਰਦਿਆਂ ਪਦਮ-ਭੂਸ਼ਨ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹਨ ‘‘ਸੋ ‘ਅਕਾਲਮੂਰਤਿ` ਸਿਵਾ ‘ੴ ਸਤਿ ਨਾਮੁ ਕਰਤਾ ਪੁਰਖ` ਦੇ ਕੋਈ ਹੋਰ ਨਹੀ । ਇਸ ਲਈ ‘ਅਕਾਲਮੂਰਤਿ` ਕਹਿਣ ਤੋਂ ਕਾਗਜ਼ ਕਿ ਕਪੜੇ ਕਿ ਕੰਧਾਂ ਤੇ ਚਿਤਰੀਆਂ ਮੂਰਤਾਂ, ਪੱਥਰ ਤੇ ਉਕਰੀਆਂ ਤੇ ਧਾਤੂਆਂ ਵਿੱਚ ਢਾਲੀਆਂ ਮੂਰਤੀਆਂ, ਮਾਤਾ ਦੇ ਉਦਰ ਤੋਂ ਉਪਜੀਆਂ ਸਾਧਾਰਨ ਕਿ ਚਮਤਕਾਰੀ ਸੂਰਤਾਂ ਤੋਂ ਅਮੂਰਤ ਅਦ੍ਰਿਸ਼Î ਹਸਤੀਆਂ ਚਾਹੇ ਕਿਤਨੀਆਂ ਵਡੀਆਂ ਹੋਣ, ਇਸ ਮੂਲ ਮੰਤ੍ਰ ਦੇ ਲਕਸ਼ ਹੋਣ ਤੋਂ ਵਰਜਿਤ ਹੋ ਗਈਆਂ`` । {ਸੰਥਯਾ, ਸ੍ਰੀ ਗੁਰੂ ਗ੍ਰੰਥ ਸਾਹਿਬ (ਪਹਿਲੀ ਪੋਥੀ) ਪੰਨਾ 27}
ਕਿਉਂਕਿ, ਅਕਾਲ ਮੂਰਤਿ ਦਾ ਲੱਛਣ ਹੀ ਇਹ ਹੈ ਕਿ ਉਹ ਮੂਰਤਿ(ਹਸਤੀ) ਸਦੀਵੀ ਹੈ । ਉਹ ਟੁੱਟਦੀ ਭੱਜਦੀ ਤੇ ਢੱਠਦੀ ਨਹੀ ਅਤੇ ਨਾ ਹੀ ਹੋਰ ਕਿਸੇ ਢੰਗੇ ਨਾਸ ਹੁੰਦੀ ਹੈ । ਇਸ ਲਈ ਸਪਸ਼ਟ ਹੈ ਕਿ ਦੇਵੀ-ਦੇਵਤਿਆਂ ਦੇ ਰੂਪ ਵਿੱਚ ਕਿਸੇ ਧਾਤੂ ਆਦਿਕ ਦੀ ਢਲੀ ਜਾਂ ਮਿੱਟੀ ਪੱਥਰ ਦੀ ਘੜੀ ਕੋਈ ਮੂਰਤੀ ਅਤੇ ਕਾਗਜ਼ ਉੱਤੇ ਚਿਤਰੀ ਤੇ ਦੀਵਾਰ ਉੱਪਰ ਉਕਰੀ ਕੋਈ ਤਸਵੀਰ ਜਾਂ ਕਿਸੇ ਹੋਰ ਜਿਊਂਦੇ ਤੇ ਮਰੇ ਹੋਏ ਵਿਅਕਤੀ ਦੀ ਸਰੀਰਕ ਸੂਰਤ, ਭਾਵੇਂ ਉਹ ਕਿਤਨੀ ਵੀ ਮਹਾਨ ਸ਼ਖਸੀਅਤ ਕਿਉਂ ਨਾ ਹੋਵੇ, ਉਹ ‘ਅਕਾਲਮੂਰਤਿ` ਨਹੀ ਹੋ ਸਕਦੀ । ਕਿਉਂਕਿ, ਦ੍ਰਿਸਟਮਾਨ ਜਗਤ ਦੀਆਂ ਇਹ ਸਾਰੀਆਂ ਜੜ੍ਹ ਤੇ ਚੇਤੰਨ ਮੂਰਤਾਂ ਤੇ ਸੂਰਤਾਂ ਨਾਸ ਹੋਣ ਵਾਲੀਆਂ ਹਨ । ---ਚਲਦਾ




.