.

ਗੁਰਬਾਣੀ ਵਿਚ ਪੌਰਾਣਕ ਕਥਾਵਾਂ
(ਕਿਸ਼ਤ ਨੰ: 24)

ਪ੍ਰੋ: ਇੰਦਰ ਸਿੰਘ ‘ਘੱਗਾ’

ਦ੍ਰੋਪਤੀ (ਦ੍ਰੋਪਦੀ) ਇਸਦਾ ਅਸਲ ਨਾਂ ਕ੍ਰਿਸ਼ਨਾ ਸੀ, ਰਾਜਾ ਦਰੁਪਦ ਦੀ ਬੇਟੀ ਹੋਣ ਕਰਕੇ ਦ੍ਰੋਪਦੀ ਕਹਿੰਦੇ ਸਨ। ਪੰਚਾਲੀ ਭੀ ਆਖਦੇ ਸਨ ਕਿਉਂਕਿ ਪੰਜ ਪਤੀਆਂ ਦੀ ਸਾਂਝੀ ਪਤਨੀ ਸੀ। ਇਸਦੇ ਵਿਆਹ ਲਈ ਪਿਤਾ ਨੇ ਸੁਅੰਬਰ ਰਚਿਆ। ਅਨੇਕ ਰਾਜ ਕੁਮਾਰਾਂ ਵਿਚੋਂ ਅਰਜਣ ਨੂੰ ਉਸਦੇ ਬਹਾਦਰੀ ਵਾਲੇ ਕਰਤਬ ਵੇਖਕੇ, ਪਤੀ ਚੁਣ ਲਿਆ। ਜਦੋਂ ਪੰਜ ਪਾਂਡੋ ਮਾਂ ਕੋਲ ਗਏ, ਤਾਂ ਖੁਸ਼ਖਬਰੀ ਦਿੱਤੀ - ‘‘ਮਾਂ‘‘ ਅਸੀਂ ਇੱਕ ਵਧੀਆ ਚੀਜ਼ ਲਿਆਏ ਹਾਂ ਵੇਖੋ। ‘‘ਠੀਕ‘‘ ਹੈ ਪੁੱਤਰ ਆਪਸ ਵਿਚ ਵੰਡ ਲਓ‘‘। ਪਤਨੀ ਕਿਵੇਂ ਵੰਡੀ ਜਾ ਸਕਦੀ ਸੀ? ਇਸ ਤੇ ਬੇਦ ਬਿਆਸ ਨੇ ਮਾਮਲਾ ਹੱਲ ਕਰਦਿਆਂ ਸਲਾਹ ਦਿੱਤੀ, ਕਿ ਸਮਾਂ ਨੀਅਤ ਕਰ ਲਓ। ਸਾਰਿਆਂ ਨੇ ਸੁਝਾਉ ਪਰਵਾਨ ਕਰ ਲਿਆ। ਇਹ ਵਾਰੀ ਵਾਰੀ ਪੰਜਾਂ ਪਤੀਆਂ ਨਾਲ ਰਹਿਣ ਲੱਗੀ। ਜਦੋਂ ਕੌਰਵਾਂ ਨੇ ਪਾਂਡੋ ਭਰਾਵਾਂ ਨੂੰ ਜੂਏ ਵਿਚ ਹਾਰ ਦਿੱਤਾ, ਤਾਂ ਹੋਰ ਸਾਰੀ ਸੰਪਤੀ ਹਾਰ ਜਾਣ ਤੇ ਯੁਧਿਸ਼ਟਰ ਨੇ ਦ੍ਰੋਪਤੀ ਭੀ ਜੂਏ ਵਿਚ ਹਾਰ ਦਿਤੀ। ਉਹ ਬੜੀ ਚਿਲਾਈ, ਪਰ ਉਸਦੀ ਕਿਸੇ ਨਾ ਸੁਣੀ। ਦੁਰਯੋਧਨ ਨੇ ਇਸ ਨੂੰ ਦਾਸੀ ਬਣਾ ਕੇ, ਆਪਣੇ ਮਹਿਲ ਵਿੱਚ, ਝਾੜੂ ਪੋਚਾ ਲਾਉਣ ਲਈ ਮਜਬੂਰ ਕੀਤਾ। ਇਸ ਨੂੰ ਆਪਣੇ ਹਵਸ ਪੂਰਤੀ ਲਈ, ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਨਾ ਮੰਨੀ ਤਾਂ ਦੁਸ਼ਮਣ ਨੇ ਜੋਰਾ ਜਬਰੀ ਕਰਦਿਆਂ ਇਸਦੇ ਸਾਰੇ ਕੱਪੜੇ ਲੀਰੋ ਲੀਰ ਕਰ ਦਿੱਤੇ। ਦੁਸ਼ਾਸ਼ਨ ਵਾਲਾਂ ਤੋਂ ਫੜ ਕੇ ਘਸੀਟਦਾ ਹੋਇਆ, ਦਰੋਪਤੀ ਨੂੰ ਸਭਾ ਵਿੱਚ ਲੈ ਆਇਆ। ਇਸਨੇ ਪੰਜੇ ਪਤੀਆਂ, ਰਾਜੇ ਧ੍ਰਿਤਰਾਸ਼ਟਰ, ਅਤੇ ਹੋਰ ਬਜੁਰਗਾਂ ਅੱਗੇ ਬਚਾਓ ਲਈ ਬੜੇ ਤਰਲੇ ਕੀਤੇ, ਪਰ ਕਿਸੇ ਨਾ ਮਦਦ ਕੀਤੀ। ਫੌਰੀ ਤੌਰ ਤੇ ਤਾਂ ਸਾਰੇ ਕਾਇਰਤਾ ਵਿਖਾ ਗਏ, ਲੇਕਿਨ ਭੀਮ ਨੇ ਇਹ ਪਰਤਿੱਗਿਆ ਕੀਤੀ ਕਿ ਮੈਂ ਕਿਸੇ ਦਿਨ ਦ੍ਰਯੋਧਨ ਦਾ ਪੱਟ ਤੋੜ ਦਿਆਂਗਾ। ਦ੍ਰੋਪਤੀ ਨੇ ਪ੍ਰਣ ਕੀਤਾ ਕਿ ਮੈਂ ਆਪਣੇ ਕੇਸਾਂ ਦਾ ਉਤਨੀ ਦੇਰ ਜੂੜਾ ਨਹੀਂ ਕਰਾਂਗੀ, ਜਿੰਨੀ ਦੇਰ ਭੀਮ ਦ੍ਰਯੋਧਨ ਨੂੰ ਮਾਰ ਕੇ, ਉਸਦੇ ਖੂਨ ਵਿੱਚ ਰੰਗੇ ਹੱਥਾਂ ਨਾਲ ਮੇਰਾ ਜੂੜਾ ਨਹੀਂ ਬੰਨੇਗਾ।

ਵਕਤ ਸਿਰ ਪਹੁੰਚ ਕੇ ਕ੍ਰਿਸ਼ਨ ਨੇ ਇਸ ਨੂੰ ਬੇਪਤ ਹੋਣ ਤੋਂ ਬਚਾ ਲਿਆ। ਪਾਂਡਵਾਂ ਨੂੰ ਬਾਰਾਂ ਸਾਲ ਦਾ ਬਨਵਾਸ ਦਿੱਤਾ ਗਿਆ। ਇਸ ਸਮੇਂ ਵਿੱਚ ਇੱਕ ਵਾਰੀ ਦ੍ਰਯੋਧਨ ਦਾ ਭਨਵਈਆ ਜੈਦਰਥ ਭੀ ਦ੍ਰੋਪਤੀ ਨੂੰ ਬੇਪਤ ਕਰਨ ਦੀ ਨਿਯਤ ਨਾਲ, ਇਸਨੂੰ ਚੁੱਕ ਕੇ ਲੈ ਗਿਆ। ਸਮੇਂ ਸਿਰ ਪਤਾ ਲੱਗਣ ਤੇ ਘੇਰ ਕੇ ਫੜ ਲਿਆ ਗਿਆ। ਦਾੜ੍ਹੀ ਕੇਸ ਕੱਟ ਕੇ ਛੱਡ ਦਿੱਤਾ ਗਿਆ। ਪਾਂਡਵਾ ਦੇ ਇੱਕ ਸਾਲ ‘‘ਗੁਪਤਵਾਸ‘‘ ਦੇ ਸਮੇਂ ਵਿੱਚ ਰਾਜੇ ਵਿਰਾਟ ਦੇ ਸਾਲੇ ਕੀਚਕ ਨੇ ਭੀ ਦ੍ਰੋਪਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹਿਆ। ਦ੍ਰੋਪਤੀ ਨੇ ਭੀਮ ਨੂੰ ਸਾਰੀ ਗੱਲ ਦੱਸੀ। ਭੀਮ ਨੇ ਵਿਧੀ ਬਣਾ ਕੇ ਕੀਚਕ ਨੂੰ ਮਾਰ ਦਿੱਤਾ। ਦ੍ਰੋਪਤੀ ਨੇ ਪੰਜੇ ਪਾਂਡਵਾਂ ਦੇ ਇੱਕ ਇੱਕ ਪੁੱਤਰ ਨੂੰ ਜਨਮ ਦਿੱਤਾ। ਇਹਨਾਂ ਪੰਜੇ ਪੁੱਤਰਾਂ ਨੂੰ ਧੋਖੇ ਨਾਲ ਦ੍ਰੋਣ ਬ੍ਰਾਹਮਣ ਦੇ ਲੜਕੇ, ਅਸਵਥਾਮਾਂ ਨੇ ਮਾਰ ਦਿੱਤਾ। ਬ੍ਰਾਹਮਣ ਹੋਣ ਕਰਕੇ ਇਸਨੂੰ ਕੋਈ ਸਜ਼ਾ ਨਾ ਦਿੱਤੀ ਗਈ। ਦ੍ਰੋਪਤੀ ਆਪਣੇ ਪਤੀਆਂ ਨਾਲ ਹੀ ਹਿਮਾਲਾ ਪਰਬਤ ਰਾਹੀਂ ਸਰੀਰ ਸਮੇਤ ਸਵਰਗ ਨੂੰ ਚਲੀ ਗਈ। ਪਰ ਰਾਹ ਵਿੱਚ ਸਭ ਤੋਂ ਪਹਿਲਾਂ ਇਸਦਾ ਅੰਤ ਹੋ ਗਿਆ। (ਹਿੰਦੂ ਮਿਥਿਹਾਸ ਕੋਸ਼ ਪੰਨਾ - 284)
ਵਿਚਾਰ :- ਇਸ ਬੀਬੀ ਦੋਪਤੀ ਨੇ, ਜਿੱਥੇ ਰਾਜ ਸੁੱਖ ਮਾਣੇ ਸਨ ਉਥੇ ਪਾਂਡਵਾਂ ਦੇ ਘਰ ਆ ਕੇ ਲਗਭਗ ਸਾਰੀ ਉਮਰ ਹੀ ਬਹੁਤ ਦੁੱਖ ਭੀ ਬਰਦਾਸ਼ਤ ਕੀਤੇ ਸਨ। ਬਾਕੀ ਦੀਆਂ ਪੁਰਾਣਕ ਪਾਤਰ ਔਰਤਾਂ ਨਾਲ ਬਿਪਰ ਲੇਖਕਾਂ ਨੇ ਜੋ ਕਰੂਰ ਤੇ ਨੀਚਤਾ ਵਾਲਾ ਸਲੂਕ ਕੀਤਾ ਹੈ, ਉਹ ਚਰਮ ਸੀਮਾਂ ਨੂੰ ਛੋਹ ਗਿਆ ਹੈ। ਇੱਕ ਰਾਜੇ ਦੀ  ਬੇਟੀ, ਰਾਜ ਕੁਮਾਰ ਨਾਲ ਹੀ ਵਿਆਹੀ ਜਾਣੀ ਸੀ। ਇਸਨੇ ਸੁਅੰਬਰ ਵਿਚ ਕਰਨ ਨੂੰ ਪਸੰਦ ਕੀਤਾ ਸੀ। ਕ੍ਰਿਸ਼ਨ ਨੇ ਐਨ ਵਕਤ ਸਿਰ, ਸਿਰੇ ਦੀ ਮੰਦੀ ਕਰਤੂਤ ਕੀਤੀ, ਜਦੋਂ ਇਹ ਪੁੱਛ ਲਿਆ ਕਿ ਕਰਨ ਆਪਣੇ ਖਾਨਦਾਨ ਬਾਰੇ ਦੱਸੇ। ਕਰਨ ਨੂੰ ਪਤਾ ਨਹੀਂ, ਉਸਨੂੰ ਇੱਕ ਸ਼ੂਦਰ ਮਾਂ ਬਾਪ ਨੇ ਪਾਲਿਆ ਸੀ। ਹੈ ਸੀ ਇਹ ਭੀ ਪਾਂਡਵਾਂ ਦਾ ਸਕਾ ਭਰਾ ਸਿਰਫ ਮਾਂ ਕੁੰਤੀ ਵੱਲੋਂ। ਪਿਤਾ ਇਸਦਾ ਅਲੱਗ ਸੀ। ਬਾਕੀ ਦੇ ਪੰਜ ਪਾਂਡਵ ਭੀ ਮਾਂ ਵੱਲੋਂ ਸਕੇ ਭਰਾ ਸਨ। ਪਿਤਾ ਸਾਰਿਆਂ ਦੇ ਅੱਡੋ ਅੱਡ। ਕੁੰਤੀ ਨੇ ਅਸਲ ਵਿੱਚ ਇੱਕ ਜਬਰਦਸਤ ਚੁਸਤੀ ਕੀਤੀ। ਉਸਨੇ ਖੁਦ ਛੇ ਬੱਚੇ ਸਮਾਜਿਕ ਬੰਧਨ ਵਿੱਚ ਬੱਝੇ ਪਤੀ ਪਾਂਡੂ ਦੇ ਨਹੀਂ ਸਨ। ਅਖੌਤੀ ਤੌਰ ਤੇ ‘‘ਮੰਤਰ ਸ਼ਕਤੀ‘‘ ਨਾਲ ਦੇਵਤਿਆਂ ਤੋਂ ਗਰਭ ਧਾਰਨ ਕਰਕੇ (ਨਿਯੋਗ ਵਿਧੀ ਰਾਹੀਂ) ਪੈਦਾ ਕੀਤੇ ਗਏ ਸਨ। ਇਹ ਕਿਵੇਂ ਹੋ ਸਕਦਾ ਹੈ ਕਿ ਪੁੱਤਰ ਇੱਕ ਰਾਜੇ ਦੀ ਪੁੱਤਰੀ ਨੂੰ ਵਿਆਹ ਕੇ ਘਰ ਲਿਆਏ ਹੋਣ, ਕੁੰਤੀ ਨੂੰ ਪਤਾ ਹੀ ਨਾ ਹੋਵੇ? ਖੁਸ਼ਖਬਰੀ ਦੇਣ ਲਈ, ਕੋਈ ਘੋੜ ਸਵਾਰ ਛੇਤੀ ਹੀ ਪਹੁੰਚ ਸਕਦਾ ਸੀ। ਵੈਸੇ ਤਾਂ ਸਾਰਾ ਮਹਾਂਭਾਰਤ ਕਲਪਣਾ ਤੇ ਅਧਾਰਤ ਹੈ। ਅਸੀਂ ਇਸ ਵਿਚਲੀਆਂ ਖਾਸ ਘਟਨਾਵਾਂ ਦੀ ਚੀਰ ਫਾੜ (ਪੋਸਟ ਮਾਰਟਮ) ਕਰਨੀ ਹੈ, ਇਸ ਲਈ ਉਹਨਾਂ ਵੱਲ ਖਾਸ ਤਵੱਜੋਂ ਦਿਵਾਈ ਜਾ ਰਹੀ ਹੈ। ਬ੍ਰਾਹਮਣ ਲਈ ਔਰਤ ਸਿਰਫ ਭੋਗਣ ਦੀ ਵਸਤੂ ਹੈ। ਉਸਨੂੰ ਬ੍ਰਾਬਰ ਦੀ ਇਨਸਾਨ ਨਹੀਂ ਮੰਨਿਆ ਗਿਆ। ਕਹਿੰਦੇ ਕਹਾਉਂਦੇ ਰਿਸ਼ੀ ਮੁਨੀ ਅਵਤਾਰ ਦੇਵਤੇ, ਭਾਵੇਂ ‘‘ਇਸਤਰੀ ਹੀ ਬੁਰੀ ਹੈ ਜੋ ਮਨੁੱਖ ਦੇ ਮਨ ਵਿਚ ਵਾਸਨਾਂ ਪੈਦਾ ਕਰਦੀ ਹੈ‘‘। ਅਜਿਹੇ ਪ੍ਰਚਾਰ ਅਤੇ ਲਿਖਤਾਂ ਵਿਚ ਕਾਮਣੀ, ਬਾਘਣ, ਮਾਇਆ, ਛਲਾਵੀ, ਜਾਦੂਗਰਨੀ, ਸ਼ੂਦਰਨੀ, ਪੈਰ ਦੀ ਜੁੱਤੀ, ਗੁੱਤ ਪਿੱਛੇ ਮੱਤ, ਬੇ ਇਤਬਾਰੀ, ਆਦਿ ਕਹਿ ਕੇ ਅਪਮਾਨਤ ਕੀਤੀ ਗਈ। ਇਸੇ ਕੜੀ ਵਿਚ ਕੁੰਤੀ ਤੋਂ ਛੇ ਪੁੱਤਰ ਪੈਦਾ ਕਰਵਾਏ। ਸਾਰੇ ਹੀ ਦੇਵਤਿਆਂ (?) ਦੇ ਬੰਦੇ ਸਨ। ਇਸੇ ਲਈ ਚੰਗੇ ਮਨੁੱਖ ਸਨ, ਕੁੰਤੀ ਨੂੰ ਭੀ ਕੋਈ ਮਿਹਣਾ ਨਹੀਂ, ਨਾਜਾਇਜ਼ ਬੱਚੇ ਪੈਦਾ ਕਰਨ ਦਾ। ਜੇ ਕੋਈ ਇਸਤਰੀ ਉੱਚੇ ਖਾਨਦਾਨ ਵਾਲੀ ਨਾ ਹੋਵੇ, ਆਮ ਮਨੁੱਖ ਨਾਲ ਉਸਦਾ ਸਬੰਧ ਬਣ ਜਾਵੇ, ਤਾਂ ਉਸਨੂੰ ਜਿਉਣ ਨਹੀਂ ਦਿੱਤਾ ਜਾਵੇਗਾ। ਸਾਰੇ ਸਮਾਜ ਵਿਚ ਦੁਰੇ ਦੁਰੇ ਹੋਵੇਗੀ। ਜਾਂ ਤੇ ਉਹ ਜਨਾਨੀ ਆਤਮ ਹੱਤਿਆ ਕਰ ਲਵੇਗੀ ਜਾਂ ਵੇਸ਼ਵਾ ਬਣਕੇ ਕਿਸੇ ਕੋਠੇ ਤੇ ਬੈਠ ਜਾਵੇਗੀ। ਇਥੇ ਚਲਾਕੀ ਇਹ ਕੀਤੀ ਗਈ ਹੈ ਕਿ ਕਦੀ ਗੁੱਸੇ ਵਿਚ ਆਕੇ ਦ੍ਰੋਪਤੀ, ਆਪਣੀ ਸੱਸ ਕੁੰਤੀ ਨੂੰ ਤਾਹਨਾ ਨਾ ਮਾਰ ਦੇਵੇ - ‘‘ਬੁੱਢੀਏ ! ਤੇਰੇ ਪੰਜੇ ਪੁੱਤਰ ਨਾਜਾਇਜ਼ ਔਲਾਦ ਹਨ, ਮੇਰੇ ਨਾਲ ਸੰਭਲ ਕੇ ਗੱਲ ਕਰੀਂ। ‘‘ਕਿਤੇ ਪੰਜੇ ਪਾਂਡੋ ਭਰਾਵਾਂ ਨੂੰ ਭੀ ਵਿਅੰਗ ਨਾ ਕਸ ਦੇਵੇ‘‘ - ‘‘ਤੁਸੀਂ ਸੁਅੰਬਰ ਵਾਲੇ ਦਿਨ, ਕਰਣ ਦਾ ਖਾਨਦਾਨ ਪੁੱਛਣ ਲਈ ਕਿਹਾ ਸੀ। ਮੈਂ ਤੁਹਾਨੂੰ ਤੁਹਾਡੇ ਖਾਨਦਾਨ ਬਾਰੇ ਪੁੱਛ ਸਕਦੀ ਹਾਂ? ਤੁਹਾਡੇ ਪੰਜਾਂ ਦੇ ਪਿਤਾ ਪਾਂਡੂ ਕਿਉਂ ਨਹੀਂ ਹਨ? ਅੱਗੇ ਪਾਂਡੂ ਅਤੇ ਧ੍ਰਿਤਰਾਸ਼ਟਰ ਦਾ ਅਸਲ ਪਿਤਾ ਕੌਣ ਸੀ‘‘? ਦ੍ਰੋਪਤੀ ਦੀ ਜਬਾਨ ਬੰਦ ਕਰਨ ਲਈ, ਆਉਦਿਆਂ ਹੀ ਕੁੰਤੀ ਵੱਲੋਂ ਅਖਵਾ ਦਿੱਤਾ ਕਿ ‘‘ਤੂੰ ਪੰਜਾਂ ਦੀ ਸਾਂਝੀ....‘‘।
ਦ੍ਰੋਪਤੀ ਨੇ ਥੋੜਾ ਸਮਾਂ ਹੀ ਪ੍ਰਵਾਰਕ ਸੁਖ ਮਾਣਿਆ ਸੀ ਕਿ ਕੌਰਵਾਂ ਪਾਂਡੋਆਂ ਨੇ ਜੂਆ ਖੇਡਣਾ ਸ਼ੁਰੂ ਕਰ ਦਿੱਤਾ। ਸਾਰੇ ਬਜ਼ੁਰਗ ਇਹਨਾਂ ਨੂੰ ਹਟਾ ਨਹੀਂ ਸਕੇ। ਇਹ ਸ਼ਰੇਆਮ ਰਾਜ ਦਰਬਾਰ ਵਿਚ, ਜਿਥੇ ਗਰੀਬ ਲੋਕਾਂ ਦੇ ਦੁੱਖ ਦੂਰ ਕਰਨੇ ਸਨ। ਉਹ ਸਭ ਵਿਸਾਰ ਦਿੱਤੀਆਂ, ਕੀਤਾ ਕੀ ਸ਼ਰਾਬ ਦੇ ਦੌਰ, ਜੂਏ ਦੀਆਂ ਬਾਜੀਆਂ .....। ਹੋਰ ਸਾਰੇ ਤਾਂ ਜੂਏ ਵਿਚ ਸ਼ਾਮਲ ਹੁੰਦੇ ਹੀ ਸਨ, ਆਹ ‘‘ਧਰਮ ਪੁੱਤਰ‘‘ ‘‘ਧਰਮ ਕਾਰਜ‘‘ ਕਰ ਰਿਹਾ ਸੀ। ‘‘ਬੋਲ ਮਹਾਰਾਜ ਧਰਮ ਪੁੱਤਰ ਕੀ ਜੈ‘‘। ਬਹੁਤ ਲੰਮੇ ਸਮੇਂ ਤੱਕ, ਮਹੀਨਿਆਂ ਬੱਧੀ ਜੂਏ ਦੇ ਦੌਰ ਚਲਦੇ ਰਹੇ।
ਦ੍ਰੋਣਾਚਾਰੀਆ, ਭੀਸ਼ਮ ਪਿਤਾਮਾ, ਧ੍ਰਿਤਰਾਸ਼ਟਰ ਆਦਿ ਸਿਆਣੇ ਬਜ਼ੁਰਗ ਕੋਲ ਬੈਠੇ, ਇਹ ਤਮਾਸ਼ਾ ਵੇਖਦੇ ਰਹੇ। ਪਾਂਡੋ ਹਾਰਦੇ ਚਲੇ ਗਏ, ਪੈਸਾ ਹਾਰ ਦਿੱਤਾ। ਜਮੀਨ ਦਾਅ ਤੇ ਲਾ ਦਿੱਤੀ। ਮਹਿਲ ਕੋਠੀਆਂ, ਸੋਨਾ ਚਾਂਦੀ ਰਥ ਘੋੜੇ, ਸਭ ਹੱਥੋਂ ਨਿਕਲਦੇ ਗਏ। ਆਪਦਾ ਆਪਾ ਭੀ ਦਾਅ ਤੇ ਲਾ ਦਿੱਤਾ। ਯੁਧਿਸ਼ਟਰ ਨੇ ਹੱਥ ਖੜੇ ਕਰ ਦਿੱਤੇ, ‘‘ਅਸੀਂ ਹਾਰ ਗਏ ਹੁਣ ਸਾਡੇ ਕੋਲ ਬਾਜੀ ਲਾਉਣ ਲਈ ਕੁੱਛ ਬਾਕੀ ਨਹੀਂ ਰਿਹਾ‘‘। ਦਰਜੋਧਨ ਬੋਲਿਆ - ‘‘ਨਹੀਂ ਧਰਮ ਪੁੱਤਰ ! ਅਜੇ ਭੀ ਮੋੜਾ ਪੈ ਜਾਣ ਦਾ ਮੌਕਾ ਆ ਸਕਦਾ ਹੈ। ਇਹ ਤਾਂ ਖੇਢ ਹੈ। ਇੱਕ ਬਾਜੀ ਹੋਰ ਲਾ ਕੇ ਵੇਖ....‘‘।
ਧਰਮ ਪੁੱਤਰ - ‘‘ਮੇਰੇ ਕੋਲ ਤਾਂ ਬਾਜੀ ਲਾਉਣ ਨੂੰ ਕੁੱਝ ਭੀ ਬਾਕੀ ਨਹੀਂ ਰਿਹਾ‘‘।
ਦਰਜੋਧਨ - ‘‘ਇੱਕ ਚੀਜ਼ ਹੈ ਤੇਰੇ ਕੋਲ, ਬਹੁਤ ਕੀਮਤੀ, ਉਸਨੂੰ ਦਾਅ ਤੇ ਲਾਕੇ ਸ਼ਾਇਦ ਤੂੰ ਆਪਣਾ ਸਭ ਕੁਝ ਵਾਪਸ ਲੈ ਲਵੇ, ਖੇਢ ਤਾਂ ਇਸੇ ਤਰ੍ਹਾਂ ਚਲਦੀ ਹੈ, ਹਾਂ ਹਾਂ ਦ੍ਰੋਪਤੀ‘‘।
ਯੁਧਿਸ਼ਟਰ ਨੇ ਦ੍ਰੋਪਤੀ ਜੂਏ ਦੇ ਦਾਅ ਤੇ ਲਾ ਦਿੱਤੀ। ਇਹ ਆਖਰੀ ਚਾਲ ਭੀ ਦਰਜੋਧਨ ਜਿੱਤ ਗਿਆ, ਧਰਮ ਪੁੱਤਰ ਹਾਰ ਗਿਆ, ਦ੍ਰੋਪਤੀ ਨੂੰ ਜੂਏ ਵਿਚ ਹਾਰ ਗਿਆ।
ਦ੍ਰੋਪਤੀ ਇਕ ਵਸਤੂ ਮੰਨੀ ਗਈ, ਜਿਵੇਂ ਬਾਕੀ ਜਾਨਵਰ ਜਾਂ ਬੇਜਾਨ ਵਸਤੂਆਂ ਜੂਏ ਵਿਚ ਦਾਅ ਤੇ ਲਾਈਆਂ ਗਈਆਂ ਦ੍ਰੋਪਤੀ ਨੂੰ ਭੀ ਲਾ ਦਿੱਤਾ ਗਿਆ। ਇਸਦੀ ਆਪਣੀ ਕੋਈ ਸੋਚ, ਕੋਈ ਇੱਛਾ, ਜਾਂ ਅਹਿਮੀਅਤ ਨਹੀਂ ਸੀ। ਜਦੋਂ ਦਿਲ ਚਾਹੇ ਵੇਚੀ ਜਾਂ ਖ੍ਰੀਦੀ ਜਾ ਸਕਦੀ ਸੀ। ਭਾਰਤੀ ਲੋਕਾਂ ਲਈ ਜਿੰਦਗੀ ਦੇ ਮਾਡਲ ‘‘ਧਰਮੀ ਪੁਰਖ‘ ਜੂਆ ਖੇਡਦੇ ਸਨ ਤੇ ਸ਼ਰਾਬ ਦੇ ਦੌਰ ਚਲਾਉਂਦੇ ਸਨ। ਪਤਨੀ ਜੋ ਇੱਕ ਰਾਜੇ ਦ੍ਰੋਪਦ ਦੀ ਬੇਟੀ ਸੀ। ਜੋ ਸਭ ਤੋਂ ਵੱਡੇ ਰਾਜ ਘਰਾਣੇ ਵਿਚ ਵਿਆਹੀ ਗਈ ਸੀ। ਜਿਸਦੇ ਪੰਜ ‘‘ਉਤਮ ਪੁਰਖ‘‘ ਪੰਜ ਪਤੀ ਸਨ। ਜਿਨ੍ਹਾਂ ਵਿਚ ਇਕ ‘‘ਧਰਮ ਰਾਜ‘‘ ਦਾ ਬੇਟਾ, ਧਰਮ ਪੁੱਤਰ ਸੀ। ਜੂਆ ਖੇਡ ਕੇ ਆਪਣੀ ਪਤਨੀ ਹਾਰ ਗਏ, ਬੇਵੱਸ ਦੂਜੇ ਦੇ ਹਵਾਲੇ ਕਰ ਦਿੱਤੀ ਗਈ, ਬੇਪਤ ਹੋਣ ਲਈ। ਦਰੋਪਤੀ ਦਾਸੀ ਬਣ ਗਈ, ਸੁਅੰਬਰ ਵਿੱਚ ਉਹ ਕਰਨ ਜਾਂ ਦਰਯੋਧਨ ਦੀ ਪਤਨੀ ਬਣ ਸਕਦੀ ਸੀ। ਕ੍ਰਿਸ਼ਨ ਦੀਆਂ ਚਾਲਾਂ ਕਾਰਨ ਇਹਨਾਂ ਦੋਵਾਂ ਨੂੰ ਪਛਾੜ ਕੇ, ਅਰਜਨ ਦੀ ਪਤਨੀ ਬਣਾਈ ਗਈ। ਇਹ ਈਰਖਾ ਦੀ ਅੱਗ ਇਹਨਾਂ ਅੰਦਰ ਬਲ ਰਹੀ ਸੀ। ਨਿਸ਼ਾਨਾ ਬਣ ਗਈ ਵਿਚਾਰੀ ਇੱਕ ਔਰਤ ਬੇ ਕਸੂਰ। ਦਰਜੋਧਨ ਨੇ ਆਪਣੇ ਮਹਿਲ ਵਿਚ ਸਫਾਈ ਦੇ ਕੰਮਾਂ ਤੇ ਲਾ ਦਿੱਤੀ। ਉਸਨੇ ਸਬਰ ਕੀਤਾ, ਪੁਰਾਣੇ ਕੱਪੜੇ ਪੁਆਏ ਪਾ ਲਏ। ਬਚੇ ਟੁਕੜੇ ਖਾਣ ਲਈ ਦਿੱਤੇ, ਖਾ ਲਏ। ਉਦੋਂ ਤਾਂ ਪਰਲੋ ਆਉਣ ਵਰਗੀ ਸਥਿਤੀ ਬਣ ਗਈ, ਜਦੋਂ ਦਰਜੋਧਨ ਨੇ ਆਪਣੀ ਹਵਸ ਦੀ ਸ਼ਿਕਾਰ ਬਣਾਉਣੀ ਚਾਹੀ। ਉਹ ਰੋਈ ਵਿਲਕੀ ਦੁਹੱਥੜ ਪਿੱਟੀ, ਸਭਾ ਵਿਚ ਪਹੁੰਚ ਗਈ। ਵਿਲ੍ਹਕ ਵਿਲ੍ਹਕ ਕੇ ਔਰਤ ਜਾਤੀ ਤੇ ਹੋ ਰਹੇ ਅਤਿਆਚਾਰਾਂ ਦਾ, ਸਾਰਾ ਦਰਦ, ਉਲੱਦ ਕੇ ਰਾਜੇ ਅਤੇ ਮੰਤਰੀਆਂ ਦੇ ਦਰਬਾਰ ਵਿਚ ਕਹਿ ਸੁਣਾਇਆ। ਜੂਏ ਵਿਚ ਹਾਰਨ ਤੋਂ ਲੈ ਕੇ, ਦਰਜੋਧਨ ਵੱਲੋਂ ਜੋ ਅਪਮਾਨ ਕੀਤਾ ਗਿਆ ਰੋ ਰੋ ਕੇ ਦੱਸਿਆ। ਸਾਰੇ ਪੱਥਰ ਦੀਆਂ ਮੂਰਤੀਆਂ ਬਣੇ ਸਿਰ ਸੁੱਟੀਂ ਸੁਣਦੇ ਰਹੇ, ਨਿਰਲੱਜ ਬਣੇ ਬੈਠੇ ਰਹੇ।
ਜਦੋਂ ਦਰਜੋਧਨ ਨੇ ਪੂਰੀ ਤਰ੍ਹਾਂ ਪਰਖ ਕੇ ਅੰਦਾਜ਼ਾ ਲਾ ਲਿਆ ਕਿ ਇਹ ਰਾਜ ਦਰਬਾਰ ਹੁਣ ਮੁਰਦਿਆਂ ਦਾ ਕਬਰਸਤਾਨ ਹੈ, ਜਿਉਂਦੀ ਆਤਮਾ ਵਾਲਾ, ਦ੍ਰੋਪਤੀ ਦੇ ਹੱਕ ਵਿਚ ਅਵਾਜ ਉਠਾਉਣ ਵਾਲਾ, ਕੋਈ ਨਹੀਂ ਹੈ, ਤਾਂ ਉਸ ਨੇ ਦੁਸ਼ਾਸ਼ਨ ਨੂੰ ਹੁਕਮ ਦਿੱਤਾ। ‘‘ਇਸ ਨੂੰ ਗੁੱਤ ਤੋਂ ਫੜ ਲੈ, ਪਟਕ ਕੇ ਧਰਤੀ ਨਾਲ ਮਾਰ, ਅੱਧ ਮੋਈ ਜਿਹੀ ਕਰਕੇ, ਇਸਨੂੰ ਇਸੇ ਸਭਾ ਵਿਚ ਸਾਰਿਆਂ ਦੇ ਸਾਹਮਣੇ, ਵਸਤਰਹੀਣ ਕਰਦੇ। ਇਸ ਨੂੰ ਆਪਣੀ ਇੱਜਤ ਕੁੱਝ ਜ਼ਿਆਦਾ ਹੀ ਵੱਡੀ ਲੱਗਦੀ ਹੈ। ਇਹ ਮੇਰੇ ਇਕੱਲੇ ਕੋਲ ਨੰਗੀ ਹੋਣਾ ਨਹੀਂ ਮੰਨੀ ਸੀ। ਅੱਜ ਹੁਣੇ ਸਾਰਿਆਂ ਦੇ ਸਾਹਮਣੇ, ਵੱਡਿਆਂ ਬਜੁਰਗਾਂ ਦੇ ਸਾਹਮਣੇ, ਇਸਨੂੰ ਨੰਗੀ ਕਰ ਦਿਓ ......‘‘। ਦ੍ਰੋਪਦੀ ਦੇ ਵਸਤਰ ਉਤਾਰੇ ਜਾਣ ਲੱਗੇ। ਦੁਸ਼ਾਸਨ ਕੱਪੜੇ ਖਿੱਚਦਾ ਗਿਆ .....। ਜਦੋਂ ਸਾਰੇ ਧੌਲੀਆਂ ਦਾਹੜੀਆਂ ਵਾਲੇ ਇਕ ਭੀ ਖਰਾ ਬਚਨ ਆਪਣੀ ਜੁਬਾਲ ਤੋਂ ਨਾ ਬੋਲ ਸਕੇ। ਹਾਰ ਹੰਭ ਕੇ ਪਰਮੇਸ਼ਰ ਨੂੰ ਯਾਦ ਕੀਤਾ, ਉਸ ਮੁਸੀਬਤ ਵਿਚ ਰੱਬ ਜੀ ਨੇ ਬਹੁੜੀ ਕੀਤੀ। ਕਹਾਣੀ ਮੁਤਾਬਕ ਕ੍ਰਿਸ਼ਨ ਨੇ ਦ੍ਰੋਪਤੀ ਦੇ ਹੱਕ ਵਿਚ ਜ਼ੋਰਦਾਰ ਆਵਾਜ਼ ਉਠਾਈ। ਸਾਰਿਆਂ ਨੂੰ ਫਿਟਕਾਰਾਂ ਪਾਈਆਂ। ਧਾਰਮਕ ਦਿੱਖ ਵਾਲਾ ਵਿਅਕਤੀ ਜਾਣਕੇ, ਇਸ ਅੱਗੇ ਕੋਈ ਜ਼ੋਰਾ ਜ਼ੋਰੀ ਨਾ ਕਰ ਸਕਿਆ। ਦ੍ਰੋਪਤੀ ਨੂੰ ਬੇਇੱਜਤ ਹੋਣੋਂ ਬਚਾ ਕੇ, ਘਰ ਭੇਜ ਦਿੱਤੀ।
ਇੱਕ ਪਾਸੇ ਤਾਂ ਦੁਰਜੋਧਨ ਵੱਲੋਂ ਧੱਕਾ ਦ੍ਰੋਪਤੀ ਦੀ ਬੇਬਸੀ ਸੀ। ਦੂਜੇ ਪਾਸੇ ਕਹਾਣੀ ਹੋਰ ਘੜੀ ਹੋਈ ਹੈ। ਪਿਛਲੇ ਸਮੇਂ ਵਿੱਚ ਦ੍ਰੋਪਤੀ ਸਹੇਲੀਆਂ ਸਮੇਤ ਦਰਿਆ ਤੇ ਇਸ਼ਨਾਨ ਕਰਨ ਪਹੁੰਚੀ। ਉਸ ਘਾਟ ਤੇ ਇੱਕ ਬੁੱਢਾ ਰਿਸ਼ੀ ਦੁਰਬਾਸਾ, ਪਾਣੀ ਵਿਚ ਬੈਠਾ ਸੀ। ਬਹੁਤ ਦੇਰ ਤੱਕ ਉਡੀਕਣ ਤੋਂ ਬਾਅਦ, ਦ੍ਰੋਪਤੀ ਨੇ ਬੇਨਤੀ ਕੀਤੀ। ‘‘ਬਾਬਾ ਜੀ ! ਤੁਸੀਂ ਬਾਹਰ ਆਓ, ਤਾਂ ਕਿ ਅਸੀਂ ਲੜਕੀਆਂ ਭੀ ਇਸ਼ਨਾਨ ਕਰ ਸਕੀਏ‘‘।
ਦੁਰਬਾਸਾ - ‘‘ਬੇਟੀ ! ਮੇਰੀ ਲੰਗੋਟੀ ਧੋਤੀ ਪਾਣੀ ਵਿੱਚ ਰੁੜ ਗਈ ਹੈ, ਮੇਰੇ ਕੋਲ ਹੋਰ ਕੋਈ ਕੱਪੜਾ ਨਹੀਂ ਹੈ, ਇਸ ਹਾਲਤ ਵਿੱਚ, ਪਾਣੀ ਤੋਂ ਬਾਹਰ ਕਿਵੇਂ ਆਵਾਂ?
ਦ੍ਰੋਪਤੀ - ‘‘ਲਓ ਬਾਬਾ ਜੀ ! ਮੈਂ ਆਪਣੀ ਸਾੜੀ ਦਾ ਕੁਝ ਹਿੱਸਾ ਫਾੜ ਕੇ ਤੁਹਾਡੇ ਵੱਲ ਸੁੱਟ ਰਹੀ ਹਾਂ, ਇਹ ਪਹਿਨ ਕੇ ਬਾਹਰ ਆ ਜਾਓ।‘‘ ਸੁੱਟਿਆ ਗਿਆ। ਕੱਪੜਾ ਭੀ ਰਿਸ਼ੀ ਤੋਂ ਫੜਿਆ ਨਾਂ ਗਿਆ, ਉਹ ਭੀ ਰੁੜ ਗਿਆ। ਹੋਰ ਸੁੱਟਿਆ ਤੀਜੀ ਵਾਰੀ ਸੁੱਟ ਕੇ ਦ੍ਰੋਪਤੀ ਨੇ ਗੁੱਸੇ ਵਿੱਚ ਕਿਹਾ - ‘‘ਰਿਸ਼ੀ ਬਾਬਾ ਜੀ ! ਆਹ ਟੁਕੜਾ ਆਖਰੀ ਬਾਰ ਸੁੱਟ ਰਹੀ ਹਾਂ। ਇਸ ਤੋਂ ਮਗਰੋਂ ਮੇਰੇ ਤਨ ਤੇ ਦੇਣ ਲਈ ਕੱਪੜਾ ਨਹੀਂ ਰਹਿਣਾ। ਕ੍ਰਿਪਾ ਕਰਕੇ ਇਸ ਕੱਪੜੇ ਨੂੰ ਸੰਭਾਲੋ ......‘‘। ਰਿਸ਼ੀ ਦੁਰਬਾਸਾ ਨੇ ਉਸ ਕੱਪੜੇ ਦੀ ਲੰਗੋਟੀ ਬਣਾ ਕੇ ਪਾ ਲਈ, ਤੇ ਬਾਹਰ ਆ ਗਿਆ। ਬੜੇ ਪਿਆਰ ਨਾਲ ਦ੍ਰੋਪਤੀ ਨੂੰ ਅਸੀਸ ਦਿੰਦਿਆਂ ‘‘ਵਰ‘‘ ਦਿੱਤਾ - ‘‘ਭਗਵਾਨ ਤੇਰੀ ਇੱਜ਼ਤ ਦੀ ਇਸੇ ਤਰਾਂ ਰੱਖਿਆ ਕਰੇਗਾ‘‘। ਇਸ ਵਾਰ ਬਾਰੇ ਭਾਈ ਗੁਰਦਾਸ ਜੀ ਨੇ ਆਪਣੀ ਕਵਿਤਾ ਵਿੱਚ ਜ਼ਿਕਰ ਕੀਤਾ ਹੈ।
ਦ੍ਰੋਪਤੀ ਕੁਪੀਨ ਮਾਤਰ ਦਈ ਜਉ ਮੁਨੀਸ ਰਹਿ, ਤਾਂ ਤੇ ਸਭਾ ਮਧਿ ਬਹਿਓ ਬਸਨ ਪ੍ਰਵਾਹ ਜੀ।।
ਤਨਕ ਤੰਦੁਲ ਜਗਦੀਸਹਿ ਦਏ ਸੁਦਾਮਾ, ਤਾਂ ਤੇ ਪਾਏ ਚਤੁਰ ਪਦਾਰਥ ਅਥਾਹ ਜੀ।।
ਦੁਖਿਤ ਗਜਿੰਦ ਅਰਬਿੰਦ ਗਹਿ ਭੇਟ ਰਾਖੈ, ਤਾਂ ਕੈ ਕਾਜੇ ਚਕਰਪਾਨਿ ਆਨਿ ਗ੍ਰਸੇ ਗ੍ਰਾਹ ਜੀ।।
ਕਹਾ ਕੋਊ ਕਰੇ ਕਛ ਹੋਤ ਨ ਕਾਹੂ ਕੇ ਕੀਏ, ਜਾ ਕੀ ਪ੍ਰਭ ਮਾਨ ਲੇਹਿ, ਸਭੈ ਸੁਖ ਤਾਹਿ ਜੀ।।
(ਭਾ: ਗੁ: 435)

ਭਾਈ ਸਾਹਿਬ ਜੀ ਪੌਰਾਣਕ ਹਿੰਦੂ ਕਥਾ ਦੇ ਕੇਵਲ ਪਰਮਾਣ ਦੇ ਰਹੇ ਹਨ; ਜਿਵੇਂ ਲੋਕਾਂ ਵਿੱਚ ਪ੍ਰਚੱਲਿਤ ਸੀ ਜਾਂ ਪੁਰਾਣਾਂ ਵਿਚ ਲਿਖਿਆ ਹੋਇਆ ਸੀ। ਉਸ ਪੁਰਾਣੀ ਦਲਦਲ ਵਿਚੋਂ ਕੱਢ, ਨਵੇਂ ਗਾਢੀ ਰਾਹ ਤੇ ਲਿਆਉਣ ਲਈ ਉਪਰਾਲੇ ਹਨ, ਜੋ ਵੱਖੋ ਵੱਖਰੀ ਤਰ੍ਹਾਂ ਅਪਣਾਏ ਗਏ ਸਨ। ਹੇ ਭਾਈਓ ! ਵਸਤਰਹੀਨ ਸਾਧ ਨੂੰ ਦ੍ਰੋਪਤੀ ਨੇ ਕੱਪੜਾ ਦਿੱਤਾ ਆਪਣੀ ਸਾੜੀ ਪਾੜ ਕੇ ਉਸਦਾ ਨੰਗੇਜ ਕੱਜਿਆ, ਇਸ ਉੱਪਰ ਉਪਕਾਰ ਕਾਰਨ ਰਿਸ਼ੀ ਵੱਲੋਂ ਮਿਲੇ ਵਰ ਕਾਰਨ, ਸਭਾ ਵਿਚ ਜਦੋਂ ਬੇਪੱਤ ਕੀਤੀ ਜਾਣ ਲੱਗੀ ਸੀ, ਉਸ ਵਕਤ ਇੱਜ਼ਤ ਰਹਿ ਗਈ। ਭਾਵੇਂ ਸਿਰਫ ਲੰਗੋਟੀ ਜੋਗਾ ਕੱਪੜਾ ਸੀ, ਉਸਦੀ ਬਦੌਲਤ ਵਸਤਰਹੀਨ ਹੋਣੋਂ ਬਚਾਅ ਹੋ ਗਿਆ।
ਕਹਿੰਦੇ ਹਨ ਥੋੜ੍ਹੇ ਜਿਹੇ ਚੌਲ ਸੁਦਾਮੇ ਨੇ, ਕ੍ਰਿਸ਼ਨ ਜੀ ਨੂੰ ਅਰਪਣ ਕੀਤੇ। ਉਹ ਤਾਂ ਰਾਜਾ ਸੀ ਉਸ ਲਈ ਇਨ੍ਹਾਂ ਚੌਲਾਂ ਦੀ ਕੋਈ ਬੁੱਕਤ ਨਹੀਂ ਸੀ। ਪਿਆਰ ਭਾਵਨਾ ਵੇਖ ਕੇ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਦੂਰ ਕਰ ਦਿੱਤੀ। ਹਾਥੀ ਨੇ ਇੱਕ ਵਾਰੀ ਪਾਣੀ ਵਿੱਚੋਂ ਕਮਲ ਫੁੱਲ ਚੁੱਕ ਕੇ, ਵਿਸ਼ਨੂੰ ਦੀ ਮੂਰਤੀ ਨੂੰ ਅਰਪਣ ਕੀਤਾ ਸੀ, ਮੱਥਾ ਟੇਕਿਆ ਸੀ। ਜਦੋਂ ਉਸੇ ਹਾਥੀ ਤੇ ਮੁਸੀਬਤ ਪਈ ਸ਼ੇਰ ਨੇ ਮਾਰਨਾ ਚਾਹਿਆ, ਤਾਂ ਦੁਖਿਆਰੇ ਹਾਥੀ ਨੇ, ਵਿਸ਼ਨੂੰ ਅੱਗੇ ਪੁਕਾਰ ਕੀਤੀ। ਵਿਸ਼ਨੂੰ ਨੇ ਤੁਰੰਤ ਆ ਕੇ ਹਾਥੀ ਨੂੰ ਮੁਸੀਬਤ ਤੋਂ ਬਚਾ ਲਿਆ।
ਬੰਦਾ ਕੀ ਕਰੇ? ਸਾਡੇ ਕੀਤਿਆਂ ਕੁਛ ਨਹੀਂ ਹੋਣਾ, ਸਾਡੀ ਅਕਲ ਥੋੜ੍ਹੀ ਹੈ, ਅਸੀਂ ਕਿੰਨੀ ਕੁ ਸਿਆਣਪ ਵਰਤ ਸਕਦੇ ਹਾਂ ਲੰਗੋਟੀ ਦੇ ਕੱਪੜੇ ਦੀ ਕੀ ਕੀਮਤ ਸੀ? ਚੌਲਾਂ ਦੀ ਕਿੰਨੀ ਕੁ ਕੀਮਤ ਸੀ? ਇੱਕ ਕਮਲ ਦੇ ਫੁੱਲ ਦਾ ਕੀ ਮੁੱਲ ਸੀ? ਇਨ੍ਹਾਂ ਨੇ ਕਿਹੜਾ ਰੱਬ ਨਾਲ ਕੋਈ ਸ਼ਰਤ, ਸਮਝੌਤਾ ਕੀਤਾ ਸੀ, ਕਿ ਇਸ ਚੀਜ਼ ਵੱਟੇ ਸਾਨੂੰ ਆਹਾ ਵਸਤ ਦੇ ਦੇਵੀਂ? ਅਸਲ ਨਿਚੋੜ ਦੀ ਗੱਲ ਤਾਂ ਇਹ ਹੈ ਪ੍ਰਮਾਤਮਾ ਮੇਹਰਬਾਨ ਹੋ ਜਾਵੇ, ਤਾਂ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਹਨ। ਸਾਰੇ ਸੁੱਖ ਸਹਿਜੇ ਹੀ ਮਿਲ ਜਾਂਦੇ ਹਨ। ਹੇ ਭਾਈਓ ! ਜਿਵੇਂ ਤੁਸੀਂ ਖੁਦ ਹੀ ਕਹਾਣੀਆਂ ਪੜ੍ਹਦੇ ਸੁਣਦੇ ਹੋ, ਦ੍ਰੋਪਤੀ ਦੀ ਮੁਸੀਬਤ, ਸੁਦਾਮੇ ਦੀ ਗਰੀਬੀ, ਹਾਥੀ ਨੂੰ ਸ਼ੇਰ ਨੇ ਕਾਬੂ ਕਰ ਲੈਣਾ। ਜਿਵੇਂ ਉਨ੍ਹਾਂ ਦੇ ਦੁੱਖ ਦੂਰ ਹੋ ਗਏ, ਤੁਸੀਂ ਭੀ ਰੱਬ ਤੇ ਵਿਸ਼ਵਾਸ਼ ਲਿਆਓ, ਸਾਰੇ ਬੰਧਨ ਕੱਟ ਜਾਣਗੇ। ਅਣਗਿਣਤ ਮੁਸੀਬਤਾਂ ਤੋਂ ਬਚ ਜਾਓਗੇ।
ਭਾਈ ਗੁਰਦਾਸ ਜੀ ਨੇ ਇਸੇ ਪੌਰਾਣਕ ਕਥਾ ਨੂੰ ਆਪਣੀ ਪ੍ਰਸਿੱਧ ਰਚਨਾ ‘‘ਵਾਰਾਂ‘‘ ਵਿਚ ਭੀ ਦਰਜ ਕੀਤਾ ਹੈ। ਦਸਮੇਂ ਵਾਰ ਦੀ ਇਹ ਨੌਵੀਂ ਪੌੜੀ ਹੈ। ਪਹਿਲਾਂ ਪੋੜੀ ਪੜ੍ਹ ਲਈਏ -
ਅੰਦਰਿ ਸਭਾ ਦੁਸਾਸਣੈ ਮਥੇਵਾਲ ਦਰੋਪਤੀ ਆਂਦੀ।।
ਦੂਤਾਂ ਨੋ ਫੁਰਮਾਇਆ ਨੰਗੀ ਕਰਹੁ ਪੰਚਾਲੀ ਬਾਂਦੀ।।
ਪੰਜੇ ਪਾਂਡੋ ਵੇਖਦੇ ਅਉ ਘਟਿ ਰੁਧੀ ਨਾਰਿ ਜਿਨ੍ਹਾ ਦੀ।।
ਅਖੀ ਮੀਟਿ ਧਿਆਨੁ ਧਰਿ ਹਾ ਹਾਂ ਕ੍ਰਿਸ਼ਨ ਕਰੈ ਬਿਲਲਾਂਦੀ।।
ਕਪੜ ਕੋਟੁ ਉਸਾਰਿਓਨੁ ਥਕੇ ਦੂਤ ਨ ਪਾਰਿ ਵਸਾਂਦੀ।।
ਹਥ ਮਰੋੜਨਿ ਸਿਰੁ ਧੁਣਨਿ, ਪਛੋਤਾਨਿ ਕਰਨਿ ਜਾਹਿ ਜਾਂਦੀ।।
ਘਰਿ ਆਈ ਠਾਕੁਰ ਮਿਲੈ, ਪੈਜ ਰਹੀ ਬੋਲੇ ਸਰਮਾਂਦੀ।।
ਨਾਂਥ ਅਨਾਥਾਂ ਬਾਣਿ ਧੁਰਾਂ ਦੀ।। (ਭਾ: ਗੁ: ਵਾਰ 10-9)

ਦੁਸ਼ਾਸ਼ਣ ਜੋ ਦਰਜੋਧਨ ਦਾ ਭਰਾ ਸੀ, ਉਸਨੇ ਦਰੋਪਤੀ ਨੂੰ ਵਾਲਾਂ ਤੋਂ ਫੜ ਕੇ, ਸਭਾ ਵਿਚ ਘਸੀਟ ਲਿਆਂਦੀ। ਆਪਣੇ ਸੇਵਕਾਂ ਨੂੰ ਕਿਹਾ, ਇਸ ਦਾਸੀ ਨੂੰ ਸਭ ਦੇ ਸਾਹਮਣੇ ਨੰਗੀ ਕਰੋ। ਪੰਜੇ ਪਾਡੋ ਭਰਾ ਬੇਵਸ ਹੋਏ ਕੀਤੇ ਤੇ ਪਛਤਾਉਂਦੇ ਨੀਵੀਂ ਪਾਈ ਬੈਠੇ ਆਪਣੀ ਪਤਨੀ ਨੂੰ ਬੇਪਤ ਹੁੰਦੀ ਨੂੰ ਵੇਖਣ ਲਈ ਮਜਬੂਰ ਨੇ। ਸਾਰੇ ਬੰਨਿਓਂ ਨਿਰਾਸ਼ ਹੋ ਕੇ ਕ੍ਰਿਸ਼ਨ ਅੱਗੇ ਹਾਲ ਪਾਰਿਆ ਕੀਤੀ। ਉਸ ਮਗਰੋਂ ਭਾਵੇਂ ਕੱਪੜੇ ਢੇਰ ਸਾਰੇ ਉਤਾਰ ਦਿੱਤੇ ਗਏ, ਪਰ ਸਾਰੇ ਨੌਕਰ ਹਾਰ ਹੰਭ ਗਏ ਹੱਥ ਮਰੋੜਦੇ ਨੇ ਸਿਰ ਪਟਕਦੇ ਨੇ, ਉਸਦੀ ਪੇਸ਼ ਕੋਈ ਨਹੀਂ ਜਾਂਦੀ। ਘਰ ਆਈ ਇੱਥੇ ਕ੍ਰਿਸ਼ਨ ਆ ਮਿਲਿਆ, ਸਾਰੀ ਗੱਲ ਸ਼ਰਮਦੀ ਹੋਈ ਨੇ ਕਹਿ ਸੁਣਾਈ। ਸ਼ੁਕਰ ਹੈ ਇੱਜ਼ਤ ਰਹਿ ਗਈ। ਕ੍ਰਿਸ਼ਨ ਨੇ ਹੌਸਲਾ ਦਿੰਦਿਆਂ ਸਮਝਾਇਆ ਕਿ ਧੁਰੋਂ ਇਹ ਰਵਾਇਤ ਚੱਲੀ ਆਉਂਦੀ ਹੈ। ਜਦੋਂ ਮਨੁੱਖ ਸਾਰੇ ਬੰਨਿਓ ਬੇਬਸ ਹੋ ਜਾਂਦਾ ਹੈ ਤਦੋਂ ਨਿਰੰਕਾਰ ਨੂੰ ਯਾਦ ਕਰਦਾ ਹੈ। ਪਰਮੇਸਰ ਦਾ ਇਹ ਸੁਭਾਅ ਹੈ, ਅਨਾਥਾਂ ਦਾ ਨਾਥ ਹੋ ਕੇ ਔਖੇ ਵੇਲੇ ਸਹਾਇਤਾ ਕਰਨੀ।
ਸਾਡੇ ਬਹੁਤੇ ਲੇਖਕ ਤੇ ਕਲਾਕਾਰ, ਇਸ ਕਹਾਣੀ ਨੂੰ ਸੱਚ ਮੰਨੀ ਬੈਠੇ ਹਨ। ਜਿਵੇਂ ਇਹ ਕਹਾਣੀ ਲਿਖੀ ਗਈ ਹੈ, ਉਸੇ ਤਰ੍ਹਾਂ ਕਦੀ ਵਾਪਰਨਾ ਸੰਭਵ ਨਹੀਂ ਹੈ। ਪਹਿਲੀ ਗੱਲ ਤਾਂ ਇਹ ਕਿ ਦ੍ਰੋਪਤੀ ਨੇ ਕੋਈ ਪਿਛਲੇ  ਸਮੇਂ ਦਾ ਸਰਾਪ ਜਾਂ ਵਰ ਭੁਗਤਿਆ ਸੀ। ਜੇ ਦੁਰਬਾਸਾ ਰਿਸ਼ੀ ਨੂੰ ਕੱਪੜੇ ਫੜਾਉਂਦੀ ਹੋਈ ਗੁੱਸੇ ਵਿੱਚ ਨਾ ਆਉਂਦੀ ਤਾਂ ਸ਼ਾਇਦ ਇਹ ਦੁਖਦਾਈ ਘਟਨਾ ਨਾ ਵਾਪਰਦੀ। ਕਿਹਾ ਜਾਂਦਾ ਹੈ ਕਿ ਕ੍ਰਿਸ਼ਨ ਨੇ ਕੱਪੜਿਆਂ ਦੇ ਢੇਰ ਉਸਾਰ ਦਿੱਤੇ। ਦੁਸ਼ਾਸਨ ਹੁਰੀਂ ਜ਼ੋਰ ਲਾ ਥੱਕੇ, ਸਰੀਰ ਤੋਂ ਕੱਪੜੇ ਉਤਾਰ ਨਾ ਸਕੇ। ਜੇ ਕ੍ਰਿਸ਼ਨ ਕੋਈ ਕਰਾਮਾਤੀ ਹਸਤੀ ਸੀ, ਤਾਂ ਪਾਪੀਆਂ ਦੇ ਮਨਾਂ ਵਿਚ ਮੰਦੀ ਸੋਚ ਹੀ ਪੈਦਾ ਨਾ ਹੋਣ ਦਿੰਦਾ। ਦੁਸ਼ਾਸਨ ਤੇ ਦਰਜੋਧਨ ਦੀਆਂ ਬਾਹਵਾਂ ਤੋੜ ਦਿੰਦਾ। ਪਾਂਡੋ ਭਰਾਵਾਂ ਦੇ ਅੰਦਰ ਐਨੀ ਹਿੰਮਤ ਪੈਦਾ ਕਰ ਦਿੰਦਾ ਕਿ ਉਹ ਦਰਜੋਧਨ ਨੂੰ ਮਾਰ ਸਕਦੇ, ਆਪਣੀ ਪਤਨੀ ਦੀ ਰੱਖਿਆ ਕਰਦੇ। ਭਰੀ ਰਾਜ ਸਭਾ ਵਿਚ ਕ੍ਰਿਸ਼ਨ, ਸਾਰੇ ਮੁਖੀਆਂ ਦੇ ਅੰਦਰ ਅਜਿਹੀ ਦਲੇਰੀ ਭਰ ਦਿੰਦਾ ਕਿ ਦ੍ਰੋਪਤੀ ਨਾਲ ਇਹ ਜ਼ੁਲਮ ਕਰਨ ਦੀ ਕੋਈ ਹਿੰਮਤ ਹੀ ਨਾ ਕਰ ਸਕਦਾ। ਇਹ ਸਾਰਾ ਕੁਝ ਵਾਪਰਿਆ, ਕ੍ਰਿਸ਼ਨ ਇਸਨੂੰ ਰੋਕ ਨਹੀਂ ਸਕਿਆ।
ਜੇ ਇਉਂ ਮੰਨ ਲਈਏ ਕਿ ਕ੍ਰਿਸ਼ਨ ਨੇ ਦ੍ਰੋਪਤੀ ਦੀ ਕਰਾਮਾਤੀ ਸ਼ਕਤੀ ਨਾਲ ਇੱਜ਼ਤ ਬਚਾ ਲਈ ਤਾਂ ਸੋਚਣਾ ਪਵੇਗਾ ਕਿ ਗੀਤਾ ਵਿਚ ਇਹ ਉਪਦੇਸ਼ ਭੀ ਕ੍ਰਿਸ਼ਨ ਦਾ ਆਪਣਾ ਦੱਸਿਆ ਜਾਂਦਾ ਹੈ ਕਿ ‘‘ਜਦੋਂ ਜਦੋਂ ਧਰਤੀ ਤੇ ਪਾਪਾ ਦਾ ਭਾਰ ਵਧਦਾ ਹੈ, ਮੈਂ ਉਸੇ ਵਕਤ ਜਨਮ ਲੈ ਕੇ (ਅਵਤਾਰ ਧਾਰਕੇ) ਲੋਕਾਂ ਦੀ ਰੱਖਿਆ ਕਰਦਾ ਹਾਂ।‘‘ ਅੱਜ ਭੀ ਹਿੰਦੂ ਲੋਕ ਇਹੀ ਗੱਲ ਮੰਨਦੇ ਚਲੇ ਆ ਰਹੇ ਹਨ, ਸਮੇਤ ਮੂਰਖ ਸਿੱਖਾਂ ਦੇ। ਭਾਰਤ ਤੇ ਬਹੁਤ ਹਮਲੇ ਹੋਏ, ਸਿਕੰਦਰ ਤੋਂ ਜੇ ਗਿਣਨ ਲਗੀਏ, ਤਾਂ ਗਿਣਦੇ ਹੰਭ ਜਾਵਾਂਗੇ। ਸਾਰੇ ਹਮਲਾਵਰਾਂ ਨੇ ਜੋ ਕੀਤੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਆਧੁਨਿਕ ਹਮਲੇ ਸੰਨ 712 ਵਿਚ ਮੁਹੰਮਦ ਬਿਨ ਕਾਸਿਮ ਵਲੋਂ ਸ਼ੁਰੂ ਕੀਤੇ ਗਏ। ਉਹ 500 ਧਾੜਵੀਆਂ ਨਾਲ ਆਇਆ ਸੀ। ਲੁਟਦਾ ਤਬਾਹੀ ਕਰਦਾ ਸੋਨੇ ਚਾਂਦੀ ਨਾਲ ਖੱਚਰਾਂ ਤੇ ਉੂਠ ਲੱਦਦਾ ਹੋਇਆ, ਮਾਲਾ ਮਾਲ ਹੋਕੇ, ਵਾਪਸ ਪਰਤ ਗਿਆ। ਕਿਸੇ ਨੇ ਉਸਦਾ ਰਾਹ ਰੋਕਣ ਦੀ ਦਲੇਰੀ ਨਾ ਕੀਤੀ। ਜਦੋਂ ਉਸਦੇ ਦੇਸ਼ ਵਾਸੀਆਂ ਪੁੱਛਿਆ, ‘‘ਭਰਾਵਾ ਉਥੇ ਕੋਈ ਸੋਨੇ ਦੇ ਢੇਰ ਲੱਗੇ ਪਏ ਨੇ‘‘? ਆਖਣ ਲੱਗਾ - ‘‘ਹੈਗੇ ਨੇ ! ਆਉ ਮੇਰੇ ਨਾਲ ਜੇ ਮਾਲਾ ਮਾਲ ਨਾ ਸਾਰਿਆਂ ਨੂੰ ਕਰਦਿਆਂ। ਉਹ ਤਾਂ ਮੁਰਦਿਆਂ ਦਾ ਦੇਸ਼ ਹੈ, ਲੁੱਟਣ ਵੱਲੋਂ ਪਿਆ ਹੈ ਮੌਕਾ ਹੈ ਲੁੱਟ ਸਕਦੇ ਹੋ ਤਾਂ ਆਉ ਚੱਲੀਏ‘‘। ਇਹ ਲੁੱਟਾਂ ਵੱਧਦੀਆਂ ਗਈਆਂ, ਹਿੰਦੀ ਵਾਸੀ ਵਿਲ੍ਹਕਦੇ ਰਹੇ, ਕਤਲ ਹੁੰਦੇ ਰਹੇ, ਮੰਦਰ ਢਹਿੰਦੇ ਰਹੇ, ‘‘ਭਗਵਾਨਾਂ‘‘ ਦੀਆਂ ਮੂਰਤੀਆਂ ਚੂਰ ਚੂਰ ਹੁੰਦੀਆਂ ਰਹੀਆਂ। ਦੇਸ਼ ਦੀ ਆਬਰੂ ਜਿਗਰ ਦੇ ਟੁਕੜੇ ਅੱਲੜ ਮੁਟਿਆਰਾਂ, ਜਿਨ੍ਹਾਂ ਕਦੇ ਘਰੋਂ ਬਾਹਰ ਪੈਰ ਨਹੀਂ ਰੱਖਿਆ ਸੀ ਅਮੀਰਜ਼ਾਦੀਆਂ, ਸਭ ਦੀ ਇੱਜ਼ਤ ਰੋਲ ਦਿੱਤੀ ਗਈ। ਗਜ਼ਨੀ ਦੇ ਬਜ਼ਾਰਾਂ ਵਿਚ, ਚੌਕਾਂ ਵਿਚ ਸ਼ਰੇਆਮ, ਅਲਫ ਨਗਨ ਕਰਕੇ ਨੀਲਾਮ ਕੀਤੀਆਂ ਜਾਣ ਲੱਗੀਆਂ। ਉਹਨਾਂ ਦੁਖਿਆਰੀਆਂ ਕੁਆਰ ਕੰਜਕਾਂ ਦੇ ਹੰਝੂਆਂ ਦੇ ਦਰਿਆ ਵੱਗ ਪਏ। ਉਹਨਾਂ ਦੀਆਂ ਦਰਦ ਕੁੱਠੀਆਂ ਚੀਕਾਂ ਨੇ, ਅੰਬਰ ਦਾ ਕਲੇਜਾ ਚੀਰ ਦਿੱਤਾ। ਹਰ ਦਰਦਮੰਦ ਬੁੱਕੀਂ ਰੋਇਆ, ਇਹਨਾਂ ਮਾਸੂਮਾਂ ਦੇ ਹਉਕੇ, ਸਿਸਕੀਆਂ ਨੇ ਇਨਸਾਨੀ ਦਿਲ ਰੱਖਣ ਵਾਲੇ ਹਰ ਮਨੁੱਖ ਦੇ ਹੋਸ਼ ਗੁੰਮ ਕਰ ਦਿੱਤੇ ...... । ਅਫਸੋਸ ਕਿ ਇਹ ਲੰਮੇ ਮਾਰੂ ਵੈਣ ਕ੍ਰਿਸ਼ਨ ਦੇ ਕੰਨਾਂ ਤੱਕ ਨਾ ਪਹੁੰਚੇ। ਉਸਦੀ ਸਮਾਧੀ ਨਾ ਖੁੱਲੀ, ਉਹ ਆਪਣੀਆਂ ਗੋਪੀਆਂ ਦੀਆਂ ਰੰਗ ਰਲੀਆਂ ਵਿਚੋਂ, ਵਿਹਲ ਨਾ ਕੱਢ ਸਕਿਆ। ਉਸਦੀ ਬੰਸਰੀ ਦੀਆਂ ਮਨੋਹਰ ਧੁਨਾਂ ਹੇਠ ਸਿਸਕੀਆਂ ਗੁਆਚ ਗਈਆਂ। ਮਹਾਂਭਾਰਤ ਵਕਤ ਦੇਸ਼ ਗੁਲਾਮ ਨਹੀਂ ਸੀ। ਧਰਮ ਨੂੰ ਕੋਈ ਖਤਰਾ ਨਹੀਂ ਸੀ। ਤਿਲਕ ਜੰਜੂ ਸਹੀ ਸਲਾਮਤ ਸਨ। ਮੰਦਰਾਂ ਵਿਚ ਨਿਰਬਿਘਨ ਘੰਟੇ ਵੱਜ ਰਹੇ ਸਨ। ਉਦੋਂ ਕ੍ਰਿਸ਼ਨ ਨੇ ਜਨਮ ਲਿਆ ਕੇਵਲ ਕੰਸ ਨੂੰ ਤੇ ਮੁਰ ਨਾਮੀ ‘‘ਰਾਖਸ‘‘ ਨੂੰ ਮਾਰਨ ਲਈ? ਦੋ ਚਾਰ ਪਾਪੀਆਂ ਕਾਰਨ ਧਰਤੀ ਤੇ ਏਨਾ ਭਾਰ ਪੈ ਗਿਆ ਕਿ ਵਿਸ਼ਨੂੰ ਦੇ ਦਰਬਾਰ ਤੱਕ ਸਭ ਨੂੰ ਕਾਂਬਾ ਛਿੜ ਗਿਆ। ਵਿਸ਼ਨੂੰ ਜੀ ਨੂੰ ਕ੍ਰਿਸ਼ਨ ਦੇ ਰੂਪ ਵਿਚ ਖੁਦ ਜਨਮ ਲੈਣਾ ਪਿਆ। ਇਥੇ ਮੁਹੰਮਦ ਬਿਨ ਕਾਸਿਮ ਨੇ ਲੁੱਟਿਆ। ਮੁਹੰਮਦ ਗੌਰੀ ਨੇ ਲੁੱਟਿਆ। ਮਹਿਮੂਦ ਗਜਨਬੀ ਨੇ ਤਬਾਹੀ ਮਚਾਈ। ਮੁਹੰਮਦ ਤੁਗਲਕ ਰਾਜ ਕਰਕੇ ਬੈਠ ਗਿਆ। ਪਠਾਨ ਆਏ ਲੋਧੀ ਆਏ ਮੁਗਲਾਂ ਨੇ ਤਬਾਹੀ ਕੀਤੀ। ਬਾਬਰ ਚੜ੍ਹਿਆ, ਔਰੰਗਜ਼ੇਬ ਨੇ ਜੰਜੂ ਟਿੱਕਾ ਉਤਾਰ ਕੇ, ਸਭ ‘‘ਮੁਸਲਮਾਨ ਹੋ ਜਾਓ‘‘ ਦਾ ਫੁਰਮਾਨ ਜਾਰੀ ਕੀਤਾ। ਉਥੇ ਨਾਦਰ ਆਇਆ, ਦਿੱਲੀ ਤੱਕ ਮਾਰੋ ਮਾਰ ਹੋਈ, ਵਾਪਸ ਮੁੜਿਆ ਧਨ ਜੋਬਨ ਲੁੱਟ ਕੇ। ਉਸਦਾ ਜਾਨਸ਼ੀਨ ਅਹਿਮਦ ਸ਼ਾਹ ਆਇਆ, ਬਾਰ ਬਾਰ ਹਮਲੇ ਕਰਦਾ ਰਿਹਾ। ਸਾਰੇ ਦੇਸ਼ ਨੂੰ ਮਿੱਟੀ ਦੇ ਭਾਂਡਿਆਂ ਜੋਗਾ ਕਰ ਗਿਆ, ਹੋਰ ਕੁਝ ਬਾਕੀ ਨਾ ਰਹਿਣ ਦਿੱਤਾ। ਇਹਨਾਂ ਦੀ ਤਾਕਤ ਕਮਜੋਰ ਪੈਣ ਤੇ, ਇਥੇ ਅੰਗਰੇਜ ਆਏ, ਤਿੰਨ ਸੌ ਸਾਲ ਤੱਕ ‘‘ਸੋਨ ਚਿੜੀ‘‘ ਦੇ ਖੰਭ ਨੋਚਦੇ ਰਹੇ। ਹਾਏ ਰੱਬਾ ! ਹਜਾਰਾਂ ਸਾਲ ਦੇ ਜੁਲਮਾਂ ਤੋਂ ਮਗਰੋਂ ਭੀ, ਅਜੇ ਕੋਈ ਕਸਰ ਬਾਕੀ ਸੀ? ‘‘ਜਦੋਂ ਧਰਤੀ ਤੇ ਪਾਪ ਵਧ ਜਾਂਦੇ ਹਨ, ਤਦੋਂ ਹੀ ਮੈਂ ਅਵਤਾਰ ਧਾਰਦਾ ਹਾਂ,‘‘ ਆਖ ਕੇ ਕ੍ਰਿਸ਼ਨ ਇਹ ਤਾਂ ਨਹੀਂ ਚਾਹੁੰਦਾ ਸੀ ਕਿ ਹਾਲੀ ਜ਼ੁਲਮ ਘੱਟ ਹੋਏ ਹਨ? ਹੋਰ ਹੋਣ ਦਿਓ, ਜਿੰਨੀ ਦੇਰ ਇੱਕ ਭੀ ਬੰਦਾ ਬਾਕੀ ਹੈ‘‘?
ਇਕੱਲੀ ਦ੍ਰੋਪਤੀ ਦੇ ਹੰਝੂ ਦੇਖ ਕੇ, ਉਸ ਦੁਖਿਆਰੀ ਦੇ ਹੌਂਕੇ ਸੁਣ ਕੇ, ਉਸਨੂੰ ਘਰ ਦੇ ਮੈਂਬਰਾਂ ਵੱਲੋਂ, ਆਪਣੇ ਹੀ ਰਾਜ ਵਿਚ ‘‘ਪੰਜ ਬਹਾਦਰ‘‘ ਪਤੀਆਂ ਸਾਹਮਣੇ ਜਦੋਂ ਬੇਇੱਜਤ ਕੀਤੀ ਜਾਣ ਲੱਗੀ, ਉਸੇ ਵਕਤ ਕ੍ਰਿਸ਼ਨ ਜੀ ਨੇ ਹਜਾਰਾਂ ਲੱਖਾਂ ਮੀਟਰ ਕੱਪੜਾ, ਉਪਰੋਂ ਸੁੱਟ ਦਿੱਤਾ। ਦ੍ਰੋਪਤੀ ਦਾ ਅਪਮਾਨ ਕਿਸੇ ਕੀਮਤ ਤੇ ‘‘ਭਗਵਾਨ‘‘ ਜੀ ਨਹੀਂ ਹੋਣਾ ਚਾਹੁੰਦੇ। ਇਸ ਇੱਕ ਰਾਣੀ ਔਰਤ ਦੀ, ਔਖੇ ਵੇਲੇ ਮਦਦ ਕਰਨ ਕਰਕੇ, ਕ੍ਰਿਸ਼ਨ ਬਹੁਤ ਮਹਾਨ ਹੈ। ਅੱਜ ਤੱਕ ਇਨ੍ਹਾਂ ਕਹਾਣੀਆਂ ਨੂੰ ਉਭਾਰਿਆ ਜਾ ਰਿਹਾ ਹੈ। ਕ੍ਰਿਸ਼ਨ ਨੂੰ ਭਾਰਤ ਦੀਆਂ ਲੱਖਾਂ ਬੱਚੀਆਂ, ਬੇਪਤ ਹੁੰਦੀਆਂ ਕਦੀ ਨਜ਼ਰ ਨਾ ਆਈਆਂ? ਭਾਰਤ ਦੀ ‘‘ਦੇਵ ਭੂਮੀ‘‘ ਉਜੱੜਦੀ ਕਦੀ ਨਾ ਦਿੱਸੀ? ਮੰਦਰ ਢਹਿੰਦੇ ਮੂਰਤੀਆਂ ਚਕਨਾਚੂਰ ਹੁੰਦੀਆਂ ਕਦੇ ਨਾ ਦਿੱਸੀਆਂ? ਦੋ ਦੋ ਪੈਸਿਆਂ ਵਿਚ ‘‘ਦੇਵ ਬੇਟੀਆਂ‘‘ ਵਿਕਦੀਆਂ, ਵੇਸ਼ਵਾਵਾਂ ਬਣਾ ਕੇ ਕੋਠਿਆਂ ਤੇ ਬਿਠਾਈਆਂ ਨਾ ਦਿਸੀਆਂ? ਇੱਕੋ ਦ੍ਰੋਪਤੀ ਕਿਉਂ ਦਿੱਸਦੀ ਹੈ? ਕਿਉਂਕਿ ਉਹ ਰਾਣੀ ਸੀ, ਉਹ ਆਪਣੀ ਭੂਆ ਦੀ ਨੂੰਹ ਸੀ। ਉਹ ਆਪਣੇ ਭਨਵਈਏ, ਅਰਜਨ ਦੀ ਇੱਕ ਪਤਨੀ ਸੀ। ਯਾਦ ਰਹੇ ਕ੍ਰਿਸ਼ਨ ਦੀ ਭੈਣ ਸੁਭੱਦਰਾ ਅਰਜਨ ਨੂੰ ਵਿਆਹੀ ਹੋਈ ਸੀ। ਉੱਪਰ ਵਰਣਿਤ ਜ਼ੁਲਮ ਪਾਪ ਕ੍ਰਿਸ਼ਨ ਨੂੰ ਕਦੀ ਨਾ ਦਿਸੇ, ਦੁਖਿਆਰੇ ਲੋਕਾਂ ਦੀ ਪੁਕਾਰ ਸੁਣ ਕੇ ਅਵਤਾਰ ਨਾ ਧਾਰਿਆ।
ਜੀ ਹਾਂ ਇਹ ਦਰਦਵੰਦਾਂ ਦੀ ਹੂਕ ਆਕਾਲ ਪੁਰਖ ਦੇ ਦਰ ਤੇ ਪਹੁੰਚ ਗਈ। ਇਸ ਧਰਤੀ ਤੇ ਮਜ਼ਲੂਮਾਂ ਕਮਜੋਰਾਂ ਤੇ ਹੋ ਰਹੇ ਜੁਲਮਾਂ ਨੂੰ ਠੱਲ੍ਹ ਪਾਉਣ ਲਈ ਅਗੰਮੀ ਸ਼ਕਤੀ ਨੇ ਚੋਣ ਕਰਕੇ, ਬੇਅੰਤ ਗਿਆਨ, ਹਿੰਮਤ ਤੇ ਸਮਰਥਾ ਬਖਸ਼ ਕੇ, ਗੁਰੂ ਨਾਨਕ ਸਾਹਿਬ ਜੀ ਨੂੰ ਧਰਤੀ ਤੇ ਭੇਜਿਆ -
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਹਿ ਪਠਾਇਆ।। ......
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰਿ ਇਕ ਦਿਖਇਆ।। .....
ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ।। ਕਲਿਤਾਰਣਿ ਗੁਰੂ ਨਾਨਕ ਆਇਆ।
(ਭਾ: ਗੁ: ਵਾਰ 1-23)

ਸਤਿਗੁਰੂ ਜੀ ਨੇ ਆਪਣੇ ਉੱਤਮ ਉਪਦੇਸ਼ਾਂ, ਅਤੇ ਅਮਲੀ ਜੀਵਨ ਰਾਹੀਂ ਬਹੁਤ ਜੋਖਮ ਭਰੇ ਕੰਮ ਨੂੰ ਹੱਥ ਪਾ ਲਿਆ। ਰਾਜੇ ਕਸਾਈ ਦਾ ਰੂਪ ਧਾਰਮਿਕ ਲੋਕ ਪਖੰਡਾਂ ਵਿੱਚ ਗਰਕੇ ਹੋਏ, ਵਿਦਵਾਨ ਲੋਕ ਵਿਕਾਊ ਮਾਲ ਬਣ ਚੁੱਕੇ ਸਨ। ਆਮ ਜਨਤਾ ਅਨਪੜ੍ਹ, ਨਾਂ ਸਮਝ, ਸਾਰੇ ਪਾਸੇ ਲੁੱਟ ਅਤੇ ਮਾਰ ਦਾ ਸ਼ਿਕਾਰ ਹੋਈ। ਸਤਿਗੁਰ ਜੀ ਨੇ ਕਰਤਾਰਪੁਰ ਸਿੱਖਿਆ ਕੇਂਦਰ ਸਥਾਪਿਤ ਕਰ ਦਿੱਤਾ। ਵਿਦਵਾਨਾਂ ਤੇ ਪਰਉਪਕਾਰੀਆਂ ਦੀ, ਇੱਕ ਟੀਮ ਬਣਾ ਦਿੱਤੀ। ਵੀਹ ਸਾਲ ਤੱਕ ਕਰਤਾਰਪੁਰ ਵਿਖੇ, ‘‘ਗਿਆਨ ਗੋਸਟ ਚਰਚਾ ਸਦਾ‘‘, ਹੋਣ ਲੱਗੀ। ਇਸ ਗਿਆਨ ਦੇ ਚਾਨਣ ਨੇ ‘‘ਗੁਰਮੁਖਿ ਭਾਰਿ ਅਥਰਬਣਿ ਤਾਰਾ,‘‘ ਵਾਲੀ ਊਚ ਅਵਸਥਾ ਤੇ ਪੁੱਜ ਗਏ। ਗੁਰੂ ਨਾਨਕ ਸਾਹਿਬ ਅਗਲੇ ਜਾਮਿਆਂ ਰਾਹੀਂ ਗਿਆਨ ਵੰਡਦੇ ਰਹੇ, ਦੁੱਖ ਤਸੀਹੇ ਝੱਲਦੇ ਰਹੇ, ਜੰਗ ਯੁੱਧ ਲੜਦੇ ਰਹੇ ਸਰਭ ਸਾਂਝਾ ਸਮਾਜ ਉਸਾਰਨ ਵਾਸਤੇ ਅਣਥੱਕ ਘਾਲਣਾ ਘਾਲਦੇ ਰਹੇ ਦਸਮ ਪਾਤਸ਼ਾਹ ਨੇ ਇਸ ਸਿੱਖ ਲਹਿਰ ਨੂੰ ਬੁਲੰਦੀਆਂ ਤੇ ਪੁਚਾ ਦਿੱਤਾ। ਬੰਦਾ ਸਿੰਘ ਬਹਾਦਰ ਨੇ, ਸ਼ਕਤੀਸ਼ਾਲੀ ਹਕੂਮਤ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ। ਆਮ ਜਨ ਸਮੂੰਹ ਨੇ ਪਹਿਲੀ ਵਾਰ ਮਹਿਸੂਸ ਕੀਤਾ, ਕਿ ਇਸ ਜੁਲਮੀ ਰਾਜ ਨੂੰ, ਖਤਮ ਕਰਨ ਵਾਸਤੇ, ਸਤਿਗੁਰੂ ਨੇ ਸਿੱਖਾਂ ਨੂੰ ਪੂਰੀ ਤਾਕਤ ਬਖਸ਼ ਦਿੱਤੀ ਹੈ। ਵੱਡੀ ਗਿਣਤੀ ਵਿਚ ਹਿੰਦੂ ਨੌਜਵਾਨ, ਸਿੰਘ ਸਜਦੇ ਗਏ। ਮਿਸਲਾਂ ਦਾ ਭਿਆਨਕ ਖੂਨੀ ਦੌਰ ਆਇਆ। ਸਿਰਾਂ ਦੇ ਮੁਲ ਪੈਂਦੇ ਰਹੇ, ਰੰਬੀਆਂ ਖੋਪਰ ਉਤਾਰਦੀਆਂ ਰਹੀਆਂ, ਬੰਦ ਬੰਦ ਕਟਦੇ ਗਏ, ਬੱਚਿਆਂ ਦੇ ਟੁਕੜੇ ਹੁੰਦੇ ਰਹੇ, ਘਰ ਘਾਟ ਉਜੱੜ ਗਏ। ਅਥਾਹ ਮੁਸੀਬਤਾਂ ਝੱਲ ਕੇ ਭੀ ਸਿੱਖ ਅਗੰਮੀ ਸਰੂਰ ਵਿਚ ਗਾਉਂਦੇ ਰਹੇ -
ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰਉ ਤ ਹਰਿ ਕੈ ਦੁਆਰਿ।।
ਮਤਿ ਹਰਿ ਪੂਛੇ ਕਉਨੁ ਹੈ, ਪਰਾ ਹਮਾਰੇ ਬਾਰ।। (1367) ਜਾਂ
ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ।।
ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ।। (1105)

ਇਹ ਖੂਨੀ ਜੰਗ, ਇੱਕ ਸੌ ਸਾਲ ਤੱਕ ਚਲਦੀ ਰਹੀ। ਉਹ ਕਿਹੜਾ ਜੁਲਮ ਹੈ ਜੋ ਗੁਰੂ ਪੁੱਤਰਾਂ ਤੇ ਨਾਂ ਕੀਤਾ ਗਿਆ। ਇਸ ਸਮੇਂ ਪੰਜਾਬੀ ਮੁਟਿਆਰਾਂ ਨੇ ਖਾਸ ਕਰਕੇ, ਅਤੇ ਭਾਰਤੀ ਬੀਬੀਆਂ ਨੇ ਆਮ ਕਰਕੇ, ਗੁਰੂੁ ਅਤੇ ਸਿੱਖਾਂ ਦਾ ਕਰੋੜਾਂ ਵਾਰ ਸ਼ੁਕਰਾਨਾ ਕੀਤਾ। ਚੋਥੇ ਪੰਜਵੇਂ, ਛੇਵੇਂ ਪਾਤਸ਼ਾਹ ਦਾ ਸਮਕਾਲੀ ਤੁਲਸੀਦਾਸ ਹੋਇਆ ਹੈ ਕਾਂਸੀ ਵਿਖੇ, ਇੱਕ ਬ੍ਰਾਹਮਣ। ਲੋਕਾਂ ਨੂੰ ਜੁਲਮ ਵਿਰੁੱਧ ਡਟ ਜਾਣ ਦੀ ਪ੍ਰੇਰਨਾ ਦੇਣ ਦੀ ਥਾਵੇਂ, ਨਵੇਂ ਸਿਰਿਓਂ ਸੌਖੀ ਬੋਲੀ ਵਿੱਚ, ਰਮਾਇਣ ਲਿਖ ਕੇ, ਉਸਨੂੰ ਖੁਦ ਸਟੇਜਾਂ ਤੇ ਖੇਲਣ ਚੱਲ ਪਿਆ। ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਨੱਚਦਾ ਰਿਹਾ। ਹੋ ਰਹੇ ਜੁਲਮਾਂ ਵੱਲੋਂ ਪੂਰੀ ਤਰਾਂ ਅੱਖਾਂ ਮੀਟ ਲਈਆਂ। ਆਪਣੀ ਕਿਸੇ ਲਿਖਤ ਵਿਚ, ਸਮੇਂ ਦੇ ਵਰਤ ਰਹੇ ਹਾਲਾਤ ਬਾਰੇ, ਇੱਕ ਅੱਖਰ ਤੱਕ ਨਹੀਂ ਲਿਖ ਸਕਿਆ। ਸਗੋਂ ਇਹ ਕਹਿੰਦਾ ਰਿਹਾ - ‘‘ਕੋਊ ਨਿਰਪ ਹੋਇ ਹਮ ਹੀ ਕਾ ਹਾਣੀ‘‘? ਭਾਵ ਦੇਸ਼ ਵਿਚ ਕੋਈ ਰਾਜ ਕਰੇ ਕਿਹੋ ਜਿਹਾ ਕਰੇ ਸਾਨੂੰ ਕੀ ਲੈਣਾ ਹੈ। ਪੰਜਾਬ ਵਿੱਚ ਇਹ ਕਰਤੂਤਾਂ ਵਾਲੇ ਮੁਹਾਵਰੇ, ਪ੍ਰਚਲਿਤ ਹੋ ਗਏ ਸਨ- ‘‘ਖਾਧਾ ਪੀਤਾ ਲਾਹੇ ਦਾ। ਰਹਿੰਦਾ ਅਹਿਮਦ ਸ਼ਹੇ ਦਾ‘‘। ਭਾਵ ਜੋ ਕੁਝ ਹੈ ਖਾ ਪੀ ਲਉ, ਪਤਾ ਨਹੀਂ ਕਦੋਂ ਦੁਰਾਨੀ ਅਬਦਾਲੀ ਲੁਟੇਰੇ ਲੁੱਟਣ ਆ ਪੈਣ, ਜੋੜਿਆ ਧਨ ਖੋਹ ਕੇ ਲੈ ਜਾਣ।
ਇਹਨਾਂ ਹੀ ਮੁਸੀਬਤ ਭਰੇ ਦਿਨਾਂ ਵਿਚ ਜਦੋਂ ਹਿੰਦ ਦੀਆਂ ਬੇਟੀਆਂ ਨੂੰ ਜਬਰੀ ਚੁੱਕ ਕੇ, ਮੁਸਲਮਾਨੀ ਦੇਸ਼ਾਂ ਵਿਚ ਨਿਲਾਮ ਕਰਨ ਲਈ ਲਿਜਾਇਆ ਜਾਂਦਾ ਸੀ। ਉਦੋਂ ਵਿਲ੍ਹਕਦੀਆਂ ਹੋਈਆਂ ਬੀਬੀਆਂ ਨੇ ਕਦੀ, ਇਹ ਪੁਕਾਰ ਨਹੀ ਕੀਤੀ, ‘‘ਕ੍ਰਿਸ਼ਨ ਕਨੱਈਆ ਜੀ, ਸਾਡੀ ਰੱਖਿਆ ਕਰੋ‘‘। ਦਸ਼ਰਥ ਪੁੱਤਰ ਰਾਮ ਜੀ ਸਾਡੀ ਬਹੁੜੀ ਕਰੋ‘‘। ਹੇ ਦੁਰਗਾ ਮਾਤਾ ਜੀ, ਹੇ ਕਾਲੀ ਦੇਵੀ ਜੀ, ਹੇ ਹਨੂੰਮਾਨ ਜੀ, ਸਾਡੀ ਇਸ ਘੋਰ ਸੰਕਟ ਵਿਚ ਸਹਾਇਤਾ ਕਰੋ‘‘। ਜੇ ਕਿਸੇ ਨੇ ਗਲਤੀ ਨਾਲ ਇਹਨਾਂ ਨੂੰ ਯਾਦ ਕੀਤਾ ਭੀ ਹੋਵੇਗਾ, ਤਾਂ ਉਸਦੀ ਮੁਸੀਬਤ ਵਿਚ ਬਾਂਹ ਫੜਨ ਕੋਈ ਨਹੀਂ ਆਇਆ। ਪੁਕਾਰ ਕਰਦੀਆਂ ਸਨ ਗੁਰੂ ਵਰੋਸਾਏ, ਹੱਥਾਂ ਵਿੱਚ ਸ਼ਸ਼ਤਰ ਸਜਾਏ, ਸਿਰਾਂ ਤੇ ਕੱਫਣ ਬੰਨ੍ਹਾਏ ਹੋਏ ਸਿੰਘ ਸੂਰਮਿਆਂ ਅੱਗੇ। ਉਸ ਵਕਤ ਪ੍ਰਚਲਤ ਲੋਕ ਮੁਹਾਵਰਾ ਜੋ ਲੋਕਾਈ ਦੀ ਜ਼ੁਬਾਨ ਤੇ ਸੀ -
‘‘ਛਈ ਬਾਬਾ ਛਈ, ਰੰਨ ਬਸਰੇ ਨੂੰ ਗਈ। ਮੋੜੀਂ ਬਾਬਾ ਕੱਛ ਵਾਲਿਆ, ਮੋੜੀਂ ਬਾਬਾ ਡਾਂਗ ਵਾਲਿਆ‘‘।
ਉਮਰ ਅਤੇ ਗੁਣਾਂ ਵਿਚ ਵੱਡੇ ਨੂੰ ਬਾਬਾ ਜੀ ਆਖੀਦਾ ਹੈ। ਇਸ ਲੋਕ ਮੁਹਾਵਰੇ ਰਾਹੀਂ ਬੀਬੀਆਂ ਕਹਿ ਰਹੀਆਂ  ਸਨ - ‘‘ਹੇ ਬਾਬਾ ਜੀ ! ਛੇਤੀ ਬਹੁੜੀ ਕਰੋ, ਇਸ ਵਕਤ ਮਾਮੂਲੀ ਜਿਹੀ ਕੀਤੀ ਦੇਰੀ ਭੀ, ਹਨ੍ਹੇਰ ਲਿਆ  ਦੇਵੇਗੀ। ਭਾਰਤੀ ਔਰਤਾਂ ਨੂੰ ਜਬਰੀ ਲਿਜਾਣ ਵਾਲੇ ਜਰਵਾਣੇ, ਫਿਰ ਜਵਾਨ ਲੜਕੀਆਂ ਨੂੰ ਲਿਜਾ ਰਹੇ ਹਨ। ਬਸਰੇ ਬਗਦਾਦ ਦੀਆਂ ਮੰਡੀਆਂ ਵਿੱਚ ਵੇਚਣ ਲਈ। ਵਾਸਤਾ ਜੇ ਰੱਬ ਦਾ ਤੁਸੀਂ ਕਛਿਹਰੇ ਵਾਲੇ, ਜੱਤ ਸੱਤ ਦੇ ਧਾਰਨੀ। ਤੁਸੀਂ ਹਥਿਆਰਾਂ ਵਾਲੇ, ਤੇਗ ਦੇ ਧਨੀ ਹੋ। ਤੁਸੀਂ ਮੋੜ ਕੇ ਲਿਆ ਸਕਦੇ ਹੋ, ਘਰੋਂ ਘਰੀ ਪੁਚਾ ਸਕਦੇ ਹੋ। ਕੋਣ ਹੈ ਹੋਰ ਜੋ ਸਿਰ ਦੀ ਬਾਜੀ ਲਾ ਕੇ, ਅਵਲਾ ਦੀ ਪੁਕਾਰ ਸੁਣਕੇ? ਜਲਦੀ ਕਰੋ ਬਹੁੜੋ.....। ਓਪਰੇ ਵਿਅਕਤੀਆਂ ਨੂੰ ਲੋਕੀ ਆਪਣੇ ਘਰਾਂ ਵਿੱਚ ਦਾਖਲ ਨਹੀਂ ਹੋਣ ਦਿੰਦੇ। ਜੇ ਕੋਈ ਜਾਣਕਾਰੀ ਭੀ ਆ ਜਾਵੇ, ਤਾਂ ਬੀਬੀਆਂ ਵਾਲੇ ਕਮਰੇ ਤੋਂ ਅਲੱਗ ਰੱਖਿਆ ਜਾਂਦਾ ਹੈ। ਸਿੰਘਾਂ ਦੀ ਸੂਰਮਗਤੀ, ਪਰਉਪਕਾਰ ਅਤੇ ਉੱਚ ਆਚਰਣ ਦੀ ਆਮ ਲੋਕਾਈ ਦੇ ਮਨਾਂ ਤੇ ਅਜਿਹੀ ਧਾਕ ਬੈਠ ਗਈ ਕਿ ਇਥੋਂ ਦੀਆਂ ਸੁਆਣੀਆਂ, ਇਹ ਪਿਆਰ ਵਾਲੇ ਬਚਨ ਕਹਿਣ ਲਈ ਮਜਬੂਰ ਹੋ ਗਈਆਂ -
‘‘ਆਏ ਨੇ ਨਿਹੰਗ। ਬੂਹੇ ਖੋਲ੍ਹ ਦਿਓ ਨਿਸੰਗ।‘‘ ‘‘ਭੈਣੋਂ ਸਿੱਖ (ਨਿਹੰਗ) ਵੀਰ ਆਏ ਨੇ। ਛੇਤੀ ਕਰੋ, ਦਰਵਾਜੇ ਖੋਹਲ ਕੇ ਆਦਰ ਸਤਕਾਰ ਨਾਲ ਅੰਦਰ ਬਿਠਾਓ। ਇਸ਼ਨਾਨ ਕਰਾਓ, ਪ੍ਰਸ਼ਾਦਾ ਛਕਾਓ, ਕੱਪੜੇ ਧੋਵੋ..... । ਜੋ ਇਹਨਾਂ ਦੀ ਲੋੜ ਹੋਵੇ ਛੇਤੀ ਪੂਰੀ ਕਰੋ। ਇਹ ਸਾਡੇ ਵੀਰ ਨੇ, ਧਰਮ ਭਰਾ ਨੇ, ਸਾਡੀ ਇੱਜ਼ਤ ਆਬਰੂ ਦੇ ਰਾਖੇ ਨੇ। ਇਹਨਾਂ ਦੀ ਸੇਵਾ ਕਰਕੇ ਜੀਵਨ ਸਫਲ ਕਰ ਲਵੋ।‘‘ ਗੁਰੂ ਦੇ ਲਾਲਾਂ ਨੇ ਹਿੰਦ ਦੀਆਂ ਬੇਟੀਆਂ ਨੂੰ ਨੰਗੀਆਂ ਹੋਣੋ ਬਚਾ ਲਿਆ, ਭਾਵੇਂ ਕਿੰਨੇ ਵੀ ਦੁੱਖੜੇ ਝੱਲਣੇ ਪਏ। ਭਾਰਤੀ ਲੋਕਾਂ ਦੇ ਸਿਰੋਂ ਲੱਥੀ ਪੱਗ ਬਨ੍ਹਵਾ ਦਿੱਤੀ। ਜੋ ਵਿਦੇਸ਼ੀ ਜਰਵਾਣਿਆਂ ਨੇ ਉਤਾਰ ਦਿੱਤੀ ਸੀ। ਗੁਰੂ ਵਰੋਸਾਏ ਸਿੰਘਾਂ ਨੇ ਦੇਸ਼ ਨੂੰ ਵਸਾਇਆ, ਜੋ ਸਦੀਆਂ ਤੋਂ ਉਜੜਦਾ ਰਿਹਾ ਸੀ। ਇਹ ਕ੍ਰਿਸ਼ਨ ਦੀ ਕ੍ਰਿਪਾ ਨਾਲ ਨਹੀਂ ਹੋਇਆ, ਗੁਰੂ ਨਾਨਕ ਸਾਹਿਬ ਦੀ ਸਮੁੱਚੀ ਅਗਵਾਈ ਨਾਲ ਹੋਇਆ ਹੈ। ਮੁਹਾਵਰੇ ਰੂਪ ਵਿੱਚ ਦ੍ਰੋਪਤੀ ਦਾ ਕਈ ਵਾਰੀ ਜਿਕਰ ਆਇਆ ਹੈ ਇਸ ਪਰਥਾਏ ਗੁਰਬਾਣੀ ਪ੍ਰਮਾਣ ਪੜ੍ਹ ਲਈਏ -
ਅਬ ਰਾਖਹੁ ਦਾਸ ਭਾਟ ਕੀ ਲਾਜ।।
ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ।।
ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ, ਛੀਨਤ ਬਸਤ੍ਰ ਦੀਨ ਬਹੁ ਸਾਜ।। .....
ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ, ਰਾਖਹੁ ਦਾਸ ਭਾਟ ਕੀ ਲਾਜ।। (1400)

ਭੱਟ, ਹਿੰਦੂ ਮੁਹਾਵਰੇ ਰਾਹੀਂ ਪੋਰਾਣਕ ਕਥਾ ਦਾ ਹਵਾਲਾ ਦੇ ਕੇ ਸਮਝਾਉਂਦੇ ਹਨ। ਹੇ ਸਤਿਗੁਰ ਜੀ, ਮੈਂ ਨਿਮਾਣੇ ਭੱਟ ਦੀ ਲੱਜਾ ਰੱਖੋ, ਵਿਕਾਰਾਂ ਤੋਂ ਬਚਾਓ। ਜਿਵੇਂ ਮੁਸੀਬਤ ਵਿਚ ਜਕੜੇ ਪ੍ਰਹਿਲਾਦ ਨੂੰ ਬਚਾਇਆ ਸੀ। ਤੁਸੀਂ ਹੀ ਹਰਨਾਖਸ ਨੂੰ ਸਜਾ ਦੇਣ ਲਈ ਆਏ ਸੀ। ਫਿਰ ਦ੍ਰੋਪਤੀ ਮੁਸ਼ਕਲ ਵਿੱਚ ਵਿਲਕ ਰਹੀ ਸੀ, ਉਸਦੀ ਬੇਇਜਤੀ ਭਰੀ ਸਭਾ ਵਿਚ ਕੀਤੀ ਜਾ ਰਹੀ ਸੀ। ਪ੍ਰਭੂ ਨੇ ਆਪੇ ਢੋਹ ਢੁਕਾ ਕੇ ਦ੍ਰੋਪਤੀ ਦੀ ਪੱਤ ਬਚਾ ਲਈ। ਇਸ ਕਲਯੁਗ ਦੇ ਸਮੇਂ ਵਿੱਚ ਸਤਿਗੁਰ ਤੁਸੀਂ ਹੋ, ਸਾਨੂੰ ਚੰਗੀ ਸਿੱਖਿਆ ਦੇ ਕੇ ਸੰਸਾਰ ਸਮੁੰਦਰ ਤੋਂ ਬਚਾ ਸਕਦੇ ਹੋ। ਦੇਸ਼ ਦੇ ਬੰਧਨਾਂ ਤੋਂ ਮੁਕਤ ਕਰਾ ਸਕਦੇ ਹੋ।
ਸਿਮਰਨ ਦ੍ਰੋਪਦ ਸੁਤ ਉਧਰੀ।। ਗਊਤਮ ਸਤੀ ਮਿਲਾ ਨਿਸਤਰੀ।। ....
ਪ੍ਰਣਵੈ ਨਾਮਾ ਐਸੋ ਹਰੀ।। ਜਾਸ ਜਪਤ ਭੈ ਅਪਦਾ ਟਰੀ।। (874)

ਦੁੱਰਪਤ ਰਾਜੇ ਦੀ ਪੁੱਤਰੀ ਦ੍ਰੋਪਤੀ ਨੇ, ਜਦੋਂ ਰੱਬ ਨੂੰ ਯਾਦ ਕੀਤਾ, ਮੁਸੀਬਤ ਸਮੇਂ ਉਸਦੀ ਪੁਕਾਰ ਸੁਣੀ ਗਈ। ਗੌਤਮ ਰਿਸ਼ੀ ਦੀ ਪਤਨੀ, ਪਤੀ ਦੇ ਸਰਾਪ ਕਾਰਨ ਪੱਥਰ ਬਣ ਗਈ ਸੀ। ਰੱਬ ਨੇ ਉਸਦਾ ਭੀ ਨਿਸਤਾਰਾ ਕਰ ਦਿੱਤਾ ਸੀ। ਨਾਮਦੇਵ ਬੇਨਤੀ ਕਰਦਾ ਹੈ ! ਹੇ ਭਾਈ ਪਰਮੇਸ਼ਰ ਅਜਿਹਾ ਹੈ, ਜਿਸਦੇ ਜਪਣ ਨਾਲ ਮੁਸੀਬਤਾਂ ਵਿਚ ਮਨੁੱਖ ਘਬਰਾਉਂਦਾ ਨਹੀਂ। ਸਾਰੀਆਂ ਮੁਸ਼ਕਲਾਂ ਤੇ ਜਿੱਤ ਪਾ ਲੈਂਦਾ ਹੈ। ਅਜਿਹੇ ਪਰਮੇਸ਼ਰ ਨੂੰ ਤੁਸੀਂ ਸਾਰੇ ਧਿਆਓ।
ਦ੍ਰੋਪਤੀ ਨਾਲ ਜੈਦਰਥ ਭੀ (ਇਹ ਦਰਜੋਧਨ ਦਾ ਸਾਲਾ ਸੀ) ਧੱਕਾ ਕਰਨ ਤੇ ਉਤਾਰੂ ਸੀ। ਉਥੋਂ ਭੀ ਮਸੀਂ ਬਚਾ ਹੋਇਆ। ਫਿਰ ਵਿਰਾਟ ਰਾਜੇ ਦੀ ਗੁਪਤ ਵਾਸ ਰਹਿਕੇ ਕੀਤੀ ਗਈ ਨੌਕਰੀ ਸਮਂੇ ਭੀ ਵਿਰਾਟ ਦੇ ਸਾਲੇ ਕੀਚਕ ਨੇ, ਦ੍ਰੋਪਤੀ ਨੂੰ ਹਵਸ ਦੀ ਸ਼ਿਕਾਰ ਬਣਾਉਣੀ ਚਾਹਿਆ। ਉਸਨੂੰ ਭੀਮ ਨੇ ਮਾਰ ਦਿੱਤਾ। ਬਿਨਾਂ ਕੋਈ ਗਲਤੀ ਕੀਤੇ, ਦ੍ਰੋਪਤੀ ਨੂੰ ਬਾਰ ਬਾਰ ਸਜ਼ਾ ਭੁਗਤਣੀ ਪਈ। ਪੰਜ ਪਤੀਆਂ ਨਾਲ ਨਿਰਬਾਹ ਕਰਨਾ। ਜੂਏ ਵਿਚ ਹਾਰ ਦੇਣੀ, ਦੁਰਜੋਧਨ ਵੱਲੋਂ ਦਾਸੀ ਬਣਾ ਕੇ ਅਪਮਾਨ ਕਰਨਾ ! ਰਾਜ ਦਰਬਾਰ ਵਿਚ ਸਭ ਦੇ ਸਾਹਮਣੇ ਵਸਤਰ ਉਤਾਰ ਕੇ ਬੇਇੱਜ਼ਤ ਕਰਨੀ। ਸਾਰੀ ਉਮਰ ਵਿਚੋਂ, ਲੰਮੇ ਸਮੇਂ ਤੱਕ ਬਿਨਾਂ ਕਾਰਨ ਬਣਵਾਸ ਕੱਟਣਾ, ਗਲਤੀ ਪਤੀਆਂ ਦੀ ਸਜ਼ਾ ਨਾਲ ਪਤਨੀ ਨੂੰ ਭੀ। ਸਵਰਗ ਨੂੰ ਜਾਂਦੇ ਵਕਤ ਫਿਰ ਦ੍ਰੋਪਤੀ ‘‘ਪਾਪਣ‘‘ ਹੋਣ ਕਰਕੇ ਰਾਹ ਵਿਚ ਹੀ ਗਲ ਗਈ। ਧੁਰ ਸਵਰਗ ਨਾ ਪਹੁੰਚ ਸਕੀ। ਵਾਹ ਮੇਰੇ ਕ੍ਰਿਸ਼ਨ ਕਨੱਈਆ ਜੀ ਤੇਰੀ ਲੀਲਾ ਅਪਰ ਅਪਾਰ। ਗੁਰਬਾਣੀ ਵਿਚ ਪ੍ਰਮਾਣ ਪੜ੍ਹ ਲਈਏ -
ਹਰਿ ਕੋ ਨਾਮ ਸਦਾ ਸੁਖਦਾਈ।।
ਜਾ ਕਉ ਸਿਮਰਿ, ਅਜਾਮਲੁ ਉਧਰਿਓ, ਗਨਿਕਾ ਹੂ ਗਤਿ ਪਾਈ।। ਰਹਾਉ।।
ਪੰਚਾਲੀ ਕਉ ਰਾਜ ਸਪਾ ਮਹਿ, ਰਾਮ ਨਾਮ ਸੁਧਿਆਈ।।
ਤਾ ਕੋ ਦੂਖ ਹਰਿਓ ਕਰੁਣ ਮੈ, ਅਪਨੀ ਪੈਜ ਬਢਾਈ।।
ਜਿਹ ਨਰ ਜਸੁ ਕਿਰਪਾ ਨਿਧਿ ਗਾਇਓ, ਤਾ ਕਉ ਭਇਓ ਸਹਾਈ।।
ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ।। (1008)
ਸਤਿਗੁਰੂ ਜੀ ਸਮਝਾ ਰਹੇ ਹਨ - ਹੇ ਭਾਈ ! ਵਾਹਿਗੁਰੂ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ। ਪੋਰਾਣਕ ਕਥਾਵਾਂ ਵਿਚ ਤੁਸੀਂ ਖੁਦ ਮਨਦੇ ਹੋ, ਕਿ ਉਸ ਵਾਹਿਗੁਰੂ ਜੀ ਨੂੰ ਸਿਮਰ ਕੇ, ਅਜਾਮਲ ਤਰ ਗਿਆ। ਉਸੇ ਨੂੰ ਧਿਆ ਕੇ ਗਨਕਾ ਤਰ ਗਈ। ਦ੍ਰੋਪਤੀ (ਪੰਚਾਲੀ) ਨੂੰ ਰਾਜ ਸਭਾ ਵਿਚ ਔਖੇ ਵਕਤ ‘‘ਰਾਮ ਨਾਮ‘‘ ਯਾਦ ਆਇਆ। ਉਸ ਦੁਖਿਆਰੀ ਦਾ ਪ੍ਰਭੁ ਨੇ ਬਿਧ ਬਣਾ ਕੇ ਪੜਦਾ ਕੱਜ ਲਿਆ। ਜਿਸ ਮਨੁੱਖ ਨੇ ਭੀ ਕਿਰਪਾ ਕਰਨ ਵਾਲੇ ਵਾਹਿਗੁਰੂ ਜੀ ਨੂੰ ਯਾਦ ਕੀਤਾ, ਉਸੇ ਦੀ ਉਹ ਸਹਾਇਤਾ ਕਰਦਾ ਹੈ। ਹੇ ਨਾਨਕ ! ਮੈਨੂੰ ਇਹੀ ਵਿਸ਼ਵਾਸ਼ ਹੈ ਕਿ ਪ੍ਰਭੂ ਬਹੁੜੀ ਕਰਦਾ ਹੈ, ਇਸ ਲਈ ਮੈਂ ਬਾਕੀ ਸਾਰੇ ਆਸਰੇ ਤੱਕਣੇ ਛੱਡ ਦਿੱਤੇ ਹਨ।
ਇਹ ਕੇਵਲ ਪੌਰਾਣਕ ਕਥਾਵਾਂ ਹਨ ਇਤਿਹਾਸ ਨਹੀਂ ਹੈ, ਸਤਿਗੁਰੂ ਜੀ ਨੇ ਭਾਰਤੀ ਸੰਸਕ੍ਰਿਤੀ ਵਿਚ ਪ੍ਰਚੱਲਤ ਮੁਹਾਵਰੇ ਨੂੰ ਵਰਤ ਕੇ, ਨਿਰੰਕਾਰ ਨਾਲ ਜੋੜਿਆ ਹੈ। ਗੁਰਮਤ ਦੇ ਕੇ, ਸਿੱਧੇ ਰਾਹ ਪਾਇਆ ਹੈ। ਇਸ ਸ਼ਬਦ ਵਿਚ ਦ੍ਰੋਪਤੀ ਨੇ ਕ੍ਰਿਸ਼ਨ ਨੂੰ ਨਹੀਂ ਧਿਆਇਆ, ਸਗੋਂ ‘‘ਰਾਮ ਨਾਮ ਸੁਧਿ ਆਈ‘‘ ਲਿਖਿਆ ਹੈ। ਸਭ ਨੂੰ ਪਤਾ ਹੈ ਕ੍ਰਿਸ਼ਨ ਅਤੇ ਰਾਮ ਸ਼ਬਦ, ਅਲੱਗ ਅਲੱਗ ਹਨ। ਇਥੇ ਰਾਮ ਦਾ ਅਰਥ ਭੀ ਤ੍ਰੇਤੇ ਵਾਲਾ ਦਸ਼ਰਥ ਪੁੱਤਰ ਰਾਮ ਨਹੀ ਹੈ, ਸਗੋਂ ਸਰਬ ਵਿਆਪਕ ਰਾਮ ਤੋਂ ਹੈ।
ਇਹ ਇਕ ਪੁਰਾਣਿਕ ਸਾਖੀ ਹੈ। ਜਿਸਨੂੰ ਸਾਡੇ ‘‘ਕਥਾਕਾਰ‘‘ ਬੜੀ ਨਿਰਲੱਜਤਾ ਨਾਲ, ਸਿੱਖ ਸਟੇਜਾਂ ਤੇ ਸੁਣਾ ਕੇ ਸਿੱਧੇ ਸਾਧੇ ਸ਼ਰਧਾ ਵਾਲੇ ਸਿੱਖਾਂ ਨੂੰ, ਬ੍ਰਾਹਮਣੀ ਖਾਰੇ ਸਾਗਰ ਵਿਚ ਡੋਬ ਰਹੇ ਹਨ। ਗੁਰੂ ਘਰ ਦਾ ਪ੍ਰਸ਼ਾਦਾ ਛਕਕੇ, ਸੰਗਤਾਂ ਤੋਂ ਮਾਇਆ ਇਕੱਤਰ ਕਰਕੇ, ਸਿੱਖਾਂ ਦੇ ਪੈਸੇ ਨਾਲ ਕਾਰਾਂ ਵਾਲੇ, ਕੋਠੀਆਂ ਵਾਲੇ ਬਣਕੇ, ਵੱਡੀਆਂ ਗੋਗੜਾਂ ਵਧਾਕੇ, ਜਸ ਗੁਰੂ ਦਾ ਨਹੀਂ ਕਰਦੇ। ਜੀਵਨ ਵਾਲੇ ਪਰਉਪਕਾਰੀ ਸ਼ਹੀਦਾਂ ਸਿੰਘਾਂ ਸਿੰਘਣੀਆਂ ਦਾ ਜਸ ਭੀ ਨਹੀਂ ਕਰਦੇ। ਜਾਂ ਤਾਂ ਆਪਣੇ ਮਖੱਟੂ ਡੇਰੇਦਾਰਾਂ ਦਾ ਗੁਣ ਗਾਇਨ ਕਰਦੇ ਹਨ, ਜਾਂ ਹਿੰਦੂ ਪਾਤਰਾਂ ਦੀ ਤਾਰੀਫ ਦੇ ਪੁਲ ਬੰਨ੍ਹਦੇ ਹਨ। ਮੁਰਦਾ ਸਾਹਿਤ ਨੂੰ ਪਿਆਰਦੇ ਹਨ, ਜੀਵਤ ਇਤਿਹਾਸ ਨੂੰ ਪੈਰਾਂ ਹੇਠ ਲਿਤਾੜ ਰਹੇ ਹਨ। ਇਹਨਾਂ ਨੂੰ ‘‘ਜਿਸ ਥਾਲੀ ਵਿੱਚ ਖਾਣਾ, ਉਸ ਵਿਚ ਛੇਕ ਪਾਣਾ‘‘ ਨਹੀਂ ਆਖਿਆ ਜਾਵੇਗਾ? ਹਿੰਦੂਆਂ ਦਾ ਕੋਈ ਅਜਿਹਾ ਪ੍ਰਚਾਰਕ ਨਹੀਂ, ਕੋਈ ਅਜਿਹਾ ਮੰਦਰ ਨਹੀਂ, ਜਿਥੇ ਪੌਰਾਣਕ ਕੂੜ ਕਥਾਵਾਂ ਨੂੰ ਤਿਆਗ ਕੇ, ਗੁਰੂ ਸਾਹਿਬਾਨ ਵੱਲੋਂ ਕੀਤੇ ਉਪਕਾਰਾਂ ਦੀ ਗਾਥਾ ਛੇੜੀ ਜਾਵੇ। ਗੁਰਬਾਣੀ ਦੇ ਲਾਸਾਨੀ ਮਨੁੱਖਤਾ ਹਿਤੈਸ਼ੀ ਉਪਦੇਸ਼ ਸੁਣਾਏ ਜਾਂਦੇ ਹੋਣ। ਹੋਰ ਤਾਂ ਹੋਰ ਨੌਵੇਂ ਸਤਿਗੁਰੂ ਜੋ ਵਿਸ਼ੇਸ਼ ਤੌਰ ਤੇ ਹਿੰਦੂਆਂ ਦੇ ਧਰਮ ਗੁਰੂ, ਬ੍ਰਾਹਮਣਾਂ ਦੀ ਫਰਿਆਦ ਸੁਣ ਕੇ, ਆਪਣੇ ਸੀਸ ਤੱਕ ਕਟਵਾ ਦੇਣ। ਇਹ ਅਕ੍ਰਿਤਘਣ ਲੋਕ ਮੰਦਰਾਂ ਵਿਚ ਉਨ੍ਹਾਂ ਨੂੰ ਭੀ ਯਾਦ ਨਹੀਂ ਕਰਦੇ। ਸਿੱਖਾਂ ਵੱਲੋਂ ਵਾਹੀਆਂ ਤੇਗਾਂ ਸੂੁਰਮਗਤੀ ਦੁਆਰਾ ਜਿੱਤੇ ਜੰਗ, ਸਿਰਾਂ ਦੇ ਚਿਣਾਏ ਮਿਨਾਰ, ਖੂਨ ਦੇ ਵਗਾਏ ਦਰਿਆ, ਸਭ ਭੁੱਲ ਗਏ। ਕਿੱਡੇ ਨੀਚ ਅਤੇ ਪਾਪੀ ਹਨ ਉਹ ਟੁੱਕੜਬੋਚ ਪ੍ਰਚਾਰਕ, ਅਤੇ ਡੇਰੇਦਾਰ ਸਾਧ, ਜੋ ਰਾਮ ਕ੍ਰਿਸ਼ਨ, ਬ੍ਰਹਮਾ, ਬਿਸਨ, ਸੀਤਾ, ਦ੍ਰੋਪਤੀ, ਦੀਆਂ ਬਨਾਵਟੀ ਕਹਾਣੀਆਂ ਸੁਣਾਉਂਦੇ ਰਤਾ ਸ਼ਰਮ ਨਹੀਂ ਕਰਦੇ। ਕਿੱਥੇ ਢੋਈ ਮਿਲੇਗੀ ਇਹਨਾਂ ਪਾਪੀਆਂ ਨੂੰ?
ਹਿੰਦੂ ਸਮਾਜ ਲਈ ਦ੍ਰੋਪਤੀ ਦੁਖਿਆਰੀ ਹਮਦਰਦੀ ਦੀ ਪਾਤਰ ਹੈ। ਪਤੀ ਰਾਮ ਨਾਲ ਘਰੇਲੂ ਕਾਰਨਾਂ ਵੱਸ, ਸੀਤਾ ਬਨਵਾਸ ਕੱਟਦੀ ਮਾਤਾ ਹੈ। ਕੁੱਝ ਭੀ ਨਾ ਸੰਵਾਰਨ ਵਾਲੀ ਦੁਰਗਾ ਮਾਤਾ ਹੈ। ਲਕਸ਼ਮੀ ਸਰਸਵਤੀ ਤੇ ਪਾਰਵਤੀ, ਸਤਿਕਾਰਿਤ ਹਨ। ਮਾਤਾ ਤ੍ਰਿਪਤਾ ਇਨ੍ਹਾਂ ਲਈ ਕੁੱਝ ਨਹੀਂ ਹੈ। ਬੀਬੀ ਭਾਨੀ, ਮਾਤਾ ਗੰਗਾ ਜੀ, ਮਾਤਾ ਨਾਨਕੀ ਜੀ, ਇਨ੍ਹਾਂ ਦੀ ਕੁੱਝ ਨਹੀਂ ਲੱਗਦੀ। ਚਾਰੇ ਸਾਹਿਬਜਾਦਿਆਂ, ਜੋਧਿਆਂ ਨੂੰ ਜਨਮ ਦੇਣ ਵਾਲੀ ਮਾਤਾ ਸੁੰਦਰ ਕੌਰ ਜੀ, ਇਨਾਂ ਨੇ ਵਿਸਾਰ ਦਿੱਤੀ। ਦੁਨੀਆ ਦੀ ਇੱਕੋ ਇੱਕ ਮਹਾਨ ਸ਼ਹੀਦ ਔਰਤ ਮਾਤਾ ਗੁਜਰੀ ਜੀ ਬੜੀ ਨਿਰਲੱਜਤਾ ਨਾਲ ਭੁਲਾ ਦਿੱਤੀ। ਜਿਸਨੇ ਪਤੀ ਗੁਰੂ ਤੇਗ ਬਹਾਦਰ, ਹਿੰਦੂ ਸਮਾਜ ਵਾਸਤੇ ਸ਼ਹੀਦੀ ਲਈ ਤੋਰਿਆ। ਛੋਟੇ ਬਾਲਕੇ ਗੋਬਿੰਦ ਰਾਏ ਨੂੰ, ਯੋਗ ਸਹਾਇਤਾ ਦੇ ਕੇ, ਜਿੰਮੇਵਾਰੀ ਤੱਕ ਪੁਚਾਇਆ। ਜੰਗ ਯੁੱਧ ਅੱਖੀਂ ਵੇਖੇ ਦੁੱਖ ਝੱਲੇ। ਦੋ ਪੋਤਰੇ, ਪੁੱਤਰ ਗੋਬਿੰਦ ਸਿੰਘ ਜੀ, ਪੁੱਤਰਾਂ ਵਰਗੇ ਸਿੰਘ ਸੂਰਮੇ, ਵਿੱਛੜ ਗਏ ਜਾਂ ਲੇਖੇ ਲੱਗ ਗਏ। ਮਾਸੂਮ ਛੋਟੇ ਸਾਹਿਬਜ਼ਾਦੇ ਮਾਂ ਤੋਂ ਵਿੱਛੜ ਗਏ, ਦਾਦੀ ਨਾਲ ਸਰਹੰਦ ਵਿਖੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ। ਇਹ ਸਾਰੇ ਜੱਗੋਂ ਤੇਰਵੀਂ ਵਾਲੇ ਦੁੱਖ ਮਾਤਾ ਗੁਜਰੀ ਜੀ ਨੇ, ਆਪਣੇ ਸਿਰ ਤੇ ਝੱਲੇ। ਜਾਲਮ ਹਕੂਮਤ ਨੇ ਮਾਤਾ ਜੀ ਨੂੰ ਭੀ ਸ਼ਹੀਦ ਕਰਨ ਵਿਚ ਗੁਰੇਜ ਨਾ ਕੀਤਾ। ਦੁਨੀਆ ਦੀ ਇਕੋ ਇੱਕ ਮਹਾਨ ਮਾਤਾ, ਸ਼ਹੀਦ ਮਾਤਾ, ਹਿੰਦੂਆਂ ਨੇ ਮਾਤਾ ਨਹੀਂ ਮੰਨੀ। ਸੀਤਾ ਮਾਤਾ, ਦੁਰਗਾ ਮਾਤਾ ਆਖ ਕੇ ਜਿਨ੍ਹਾਂ ਕੁਝ ਨਹੀਂ ਸੰਵਾਰਿਆ ਉਨਾਂ ਦੇ ਗੁਣ ਗਾ ਰਹੇ ਹਨ। ਉਹ ਤਾਂ ਅਕ੍ਰਿਤਘਣ ਬਣ ਹੀ ਗਏ, ਕੀ ਸਿੱਖੀ ਸ਼ਕਲਾਂ ਵਾਲੇ, ਕਥਾਕਾਰ ਭੀ ਐਡੇ ਪੱਥਰ ਹੋ ਗਏ ਹਨ, ਕੀ ਸਤਿਕਾਰ ਯੋਗ ਸਿੱਖ ਮਾਤਾਵਾਂ ਨੂੰ ਮਾਤਾ ਨਹੀਂ ਸਮਝਦੇ? ਹਿੰਦੂ ਸੰਸਕ੍ਰਿਤੀ ਵਿਚਲੀਆਂ ਪੁਰਾਣਕ ਬੀਬੀਆਂ ਪ੍ਰਤੀ ਬਹੁਤਾ ਹੇਜ ਜਾਗ ਪਿਆ ਹੈ। ਕੀ ਇਹਨਾਂ ਪ੍ਰਚਾਰਕਾਂ ਨੂੰ, ਸਟੇਜਾਂ ਤੇ ਬੋਲਣ ਦਿੱਤਾ ਜਾਣਾ ਚਾਹੀਦਾ ਹੈ? ਪੜ੍ਹੋ-
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ।।
ਬਿਨੁ ਗੁਰ ਪੰਥ ਨ ਸੂਝਈ ਕਿਤੁ ਬਿਧਿ ਨਿਰਬਹੀਐ।। (229)

ਅਕਲ ਦੇ ਅੰਨ੍ਹੇ ਲੋਕ ਜੋ ਹਨ, ਉਹਨਾਂ ਨੂੰ ਕਿਵੇਂ ਕੋਈ ਸਮਝਾਵੇ? ਮੂਰਖੋ ! ਗੁਰੂ ਦੀ ਉਤੱਮ ਮਤ ਤੋਂ ਬਿਨਾਂ, ਤੁਹਾਡਾ ਨਿਰਬਾਹ ਨਹੀਂ ਹੋਣਾ। ਇਹਨਾਂ ਕੁਫਰ ਕਥਾਵਾਂ ਨੇ, ਸਮਾਜ ਪਹਿਲਾਂ ਡੋਬਿਆ ਹੈ। ਜੇ ਉਭਾਰਨਾਂ ਚਾਹੁੰਦੇ ਹੋ ਤਾਂ ਗੁਰੂ ਨਾਨਕ ਦੀ ਸੁੱਚੀ ਸਿੱਖਿਆ ਲੋਕਾਂ ਨੂੰ ਦਿਓ। ਪੌਰਾਣਕ ਕਥਾਵਾਂ ਨੂੰ ਤਿਆਗੋ। ਧੰਨ ਗੁਰੂ ਨਾਨਕ ਸਾਹਿਬ ਜੀ ਸੁਮੱਤ ਬਖਸ਼ੋ।




.