.


05/20/18
ਅਵਤਾਰ ਸਿੰਘ ਮਿਸ਼ਨਰੀ

ਗਿ. ਅਮਰੀਕ ਸਿੰਘ ਚੰਡੀਗੜ੍ਹ ‘ਤੇ ਇੰਗਲੈਂਡ ਚ ਵਿਸਾਹਘਾਤੀ ਹਮਲੇ ਦੀ ਜੋਰਦਾਰ ਨਿਖੇਧੀ ਤੇ ਦਸਤਾਰ ਲਉਣ ਲਈ ਲਾਹਣਤ
(ਦੁਪਾਲਪੁਰ/ਮਿਸ਼ਨਰੀ) ਪਿਛਲੇ ਹਫਤੇ ਗੁਰਦੁਆਰਾ ਸਾਊਥਹਾਲ ਇੰਗਲੈਂਡ ਵਿਖੇ ਵਿਸਾਹਘਾਤ ਕਰਕੇ ਪੰਥ ਦੇ ਸਿਰਮੌਰ ਕਥਾਵਾਚਕ ਗਿ. ਅਮਰੀਕ ਸਿੰਘ ਚੰਡੀਗੜ੍ਹ ਦੀ 50-60 ਦੇ ਕਰੀਬ ਸ਼ੇਰ ਦੀ ਖੱਲ ਪਾਈ ਦਸਤਾਰਧਾਰੀ ਖੋਤਿਆਂ ਨੇ ਪੱਗ ਲਾਹੀ, ਕੇਸ ਪੁੱਟੇ ਅਤੇ ਧੱਕਾ ਮੁੱਕੀ ਕੀਤਾ। ਮੀਡੀਏ ਦੀਆਂ ਖਬਰਾਂ ਅਨੁਸਾਰ ਗਿ. ਅਮਰੀਕ ਸਿੰਘ ਜੀ ਨੂੰ ਕਥਾ ਅਤੇ ਆਪਸੀ ਮੱਤਭੇਦਾਂ ਬਾਰੇ ਵਿਚਾਰਾਂ ਕਰਨ ਲਈ ਬੁਲਾਇਆ ਗਿਆ ਸੀ। ਜਦ ਗਿਆਨੀ ਜੀ ਸਟੇਜ ਤੇ ਬੈਠੇ ਹੁਕਮਨਾਮੇ ਦੀ ਕਥਾ ਕਰਨ ਲੱਗੇ ਸਨ ਤਾਂ ਚਲਦੇ ਹੁਕਮਨਾਮੇ ਦੇ ਵਿੱਚ ਹੀ ਬੁਰਸ਼ਾਗਰਦਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਪਹਿਲਾਂ ਇਹ ਪੰਜ ਸਿੰਘਾਂ ਨਾਲ ਵਿਚਾਰ ਕਰ ਲੈਣ ਪਰ ਗਿਆਨੀ ਜੀ ਨੂੰ ਗੁਰਦਵਾਰੇ ਦੇ ਦਰਵਾਜੇ ਚ ਹੀ ਪਿਛੋਂ ਧੱਕਾ ਮਾਰ ਕੇ ਦਸਤਾਰ ਲਾਹ ਦਿੱਤੀ, ਕੇਸ ਪੁੱਟੇ, ਸਿਰ ਚ ਕੜੇ ਮਾਰੇ ਤੇ ਧੱਕਾ ਮੁੱਕੀ ਕੀਤੀ। ਪ੍ਰਬੰਧਕ ਤੇ ਦਮਦਮੀ ਟਕਸਾਲ ਦੇ ਸੱਜਨ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ।
ਸਾਧ ਸੰਗਤ ਜੀ! ਗੁਰਦੁਆਰੇ ਜੋ ਗਿਆਨ ਦੇ ਸੋਮੇ ਹਨ ਓਥੇ ਹੀ ਗੁਰੂ ਗ੍ਰੰਥ ਦਾ ਗਿਆਨ ਵੰਡਣ ਵਾਲਿਆਂ ਦੀ ਬੇਇਜ਼ਤੀ ਕਰਨ ਵਾਲੇ, ਸਿੱਖ ਨਹੀਂ ਸਗੋਂ ਸਿੱਖੀ ਭੇਸ ਚ ਗੁਰੂ ਗ੍ਰੰਥ ਦੇ ਦੁਸ਼ਮਣ ਹਨ। ਸਿੱਖੀ ਚ ਵਿਚਾਰਾਂ ਦੀ ਅਜ਼ਾਦੀ ਹੈ, ਜੇ ਕਿਸੇ ਦੇ ਵਿਚਾਰ ਸਾਡੇ ਨਾਲ ਨਹੀਂ ਮਿਲਦੇ ਤਾਂ ਸਾਨੂੰ ਕੋਈ ਹੱਕ ਨਹੀਂ ਅਸੀਂ ਉਸ ਦੀ ਬੇਇਜ਼ਤੀ ਕਰੀਏ ਤੇ ਪੱਗਾਂ ਲਾਹੀਏ। ਖਾਸ ਕਰ ਇਹ ਮੁੱਠੀ ਭਰ ਬੁਰਸ਼ਾਗਰਦ ਲੋਕ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਧਾਂਤਕ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦੀ ਹੀ ਵਿਰਧਤਾ ਕਰਦੇ ਨੇ ਪਰ ਇਨ੍ਹਾਂ ਨੇ ਕਦੇ ਹੋਰ ਹੋਰ ਸੰਤਾਂ ਤੇ ਗ੍ਰੰਥਾਂ ਦੇ ਪੁਜਾਰੀਆਂ ਦਾ ਵਿਰੋਧ ਨਹੀਂ ਕੀਤਾ, ਜੋ ਸ਼ਰੇਆਮ ਮਨਘੜਤ ਕਥਾ ਕਹਾਣੀਆਂ ਤੇ ਬ੍ਰਾਹਮਣੀ ਕਰਮਕਾਂਡ ਗੁਰਦੁਆਰਿਆਂ ਚ ਪ੍ਰਚਾਰ ਕੇ ਜਾਂਦੇ ਹਨ। ਇਹ ਲੋਕ ਦੋਗਲੇ ਸਿੱਖ ਲਗਦੇ ਹਨ ਕਿ ਹਰ ਵੇਲੇ “ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ” ਦੀ ਆਰਦਾਸ ਕਰਨ ਵਾਲੇ ਫਿਰ ਆਪੋ ਆਪਣੇ ਸੰਤਾਂ ਮਹੰਤਾਂ ਤੇ ਗ੍ਰੰਥਾਂ ਮਗਰ ਅੱਖਾਂ ਮੀਟ ਲੱਗ ਜਾਂਦੇ ਹਨ। ਇਹ ਲੋਕ ਦੇਸ਼ਾਂ ਵਿਦੇਸ਼ਾਂ ਦੇ ਗੁਰਦੁਆਰਿਆਂ ਚ ਚਲਦੇ ਦਿਵਾਨਾਂ ਚ ਖਲਬਲੀ ਮਚਾ, ਆਪਣੀ ਦਹਿਸ਼ਤ ਫੈਲਾ, ਅੰਤਰਾਸ਼ਟਰੀ ਮੀਡੀਏ ਤੇ ਭਾਈਚਾਰੇ ਚ ਸਿੱਖ ਕੌਮ ਦਾ ਅਕਸ ਖਰਾਬ ਕਰਨ ਦੇ ਦੋਸ਼ੀ ਹਨ।
ਸੁਹਿਰਦ ਪ੍ਰਬੰਧਕਾਂ ਤੇ ਸੰਗਤਾਂ ਨੂੰ ਇਧਰ ਫੌਰੀ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਲੋਕ ਹਰ ਥਾਂ ਕੌਮ ਦੀ ਹੇਠੀ ਕਰਾਉਣਗੇ। ਇੱਕ ਪਾਸੇ ਸਿੱਖ ਕੌਮ ਆਪਣੇ ਕੌਮੀ ਹੱਕ, ਸੱਚ, ਇਨਸਾਫ ਦੀ ਲੜਾਈ ਲੜ ਰਹੀ ਹੈ, ਦੂਜੇ ਪਾਸੇ ਪਾਖੰਡੀ ਡੇਰੇਦਾਰ ਬ੍ਰਾਹਮਣੀ ਕਰਮਕਾਂਡ ਅਤੇ ਅਜਿਹੇ ਹੁਲੜਬਾਜ ਗੁਰਦੁਆਰਿਆਂ ਚ ਹੱਲਾ ਗੁੱਲਾ ਕਰਕੇ ਸਿੱਖਾਂ ਦੀਆਂ ਹੀ ਪੱਗਾਂ ਲਾਹ ਰਹੇ ਹਨ।
ਅਸੀਂ ਇੰਟ੍ਰਨੈਸ਼ਨਲ ਸਿੱਖ ਕੌਂਸਲ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ, ਮਿਸ਼ਨਰੀ ਸੰਸਥਾਵਾਂ, ਸਿੱਖ ਵਿਦਵਾਨਾਂ, ਪ੍ਰਚਾਰਕਾਂ, ਲਿਖਾਰੀਆਂ, ਚਿੰਤਕਾਂ, ਕੌਮੀ ਸਿੱਖ ਨੇਤਾਵਾਂ, ਦਿੱਲੀ ਤੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਇਸ ਬੁਰਸ਼ਾਗਰਦ ਵਿਸ਼ਾਹਘਾਤੀ ਹਮਲੇ ਦੀ ਨਿਖੇਧੀ ਕੀਤੀ ਹੈ।
ਗੁਰਦੁਆਰੇ ਕੌਮ ਦੇ ਸਾਂਝੇ ਧਰਮ ਅਸਥਾਨ ਹਨ ਓਥੇ ਕਿਸੇ ਇੱਕ ਧੜੇਬੰਦੀ, ਸੰਪਰਦਾ ਜਾਂ ਪਾਰਟੀ ਦੇ ਪ੍ਰਚਾਰਕਾਂ ਨੂੰ ਹੀ ਨਹੀਂ ਸਗੋਂ ਸਭ ਨੂੰ ਸਮਾ ਦੇਣਾ ਚਾਹੀਦਾ ਹੈ। ਸੰਗਤ ਜਿਸ ਤੋਂ ਕੁਝ ਸਿਖਣਾ ਚਾਹੇ ਆਪੇ ਸਿੱਖ ਲਵੇਗੀ। ਨਹੀਂ ਤਾਂ ਫਿਰ ਜਾਗਰੂਕ ਸਿੱਖ ਸੰਗਤਾਂ ਤੇ ਪ੍ਰਬੰਧਕਾਂ ਨੂੰ ਆਪਣੇ ਧਰਮ ਅਸਥਾਨ ਬਨਾਉਣੇ ਪੈਣਗੇ ਜਿੱਥੇ ਵਿਦਵਾਨ ਪ੍ਰਚਾਰਕ ਬੇਖੌਫ ਨਿਡੱਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਰਬਸਾਂਝੀ, ਸੱਚੀ-ਸੁੱਚੀ ਵਿਚਾਰਧਾਰਾ ਦਾ ਪ੍ਰਚਾਰ ਕਰ ਸੱਕਣ।
ਅਸੀਂ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਬੀਬੀ ਰਾਵਿੰਦਰ ਕੌਰ ਭੰਗੂ, ਬੀਬੀ ਕਮਲਜੀਤ ਕੌਰ ਫਰੀਮਾਂਟ, ਸ੍ਰ. ਦਰਸ਼ਨ ਸਿੰਘ, ਰਾਗੀ ਹਰਜਿੰਦਰ ਸੰਘ, ਸ੍ਰ. ਸੁਖਵਿੰਦਰ ਸਿੰਘ ਹੇਵਰਡ, ਸ੍ਰ. ਵਰਿੰਦਰ ਸਿੰਘ ਗੋਲਡੀ, ਸ੍ਰ. ਇਕਬਾਲ ਸਿੰਘ ਐਲੇ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ, ਡਾ. ਗੁਰਮੀਤ ਸਿੰਘ, ਡਾ. ਗੁਰਦੀਪ ਸਿੰਘ ਹੋਮਿਓਂਪੈਥੀ, ਸ੍ਰ. ਮਝੈਲ ਸਿੰਘ, ਸੈਨਹੋਜੇ, ਸ੍ਰ. ਜਗਜੀਤ ਸਿੰਘ ਚੌਹਾਨ ਗਿੱਲ ਰਾਏ, ਡਾ. ਗੁਰਪ੍ਰੀਤ ਸਿੰਘ, ਗਿ. ਅਜਮੇਰ ਸਿੰਘ, ਸ੍ਰ. ਚਮਕੌਰ ਸਿੰਘ ਫਰਿਜਨੋ, ਸ੍ਰ. ਸਰਬਜੀਤ ਸਿੰਘ , ਪ੍ਰੋ. ਮੱਖਨ ਸਿੰਘ ਸੈਕਰਾਮੈਂਟੋ, ਗਿ. ਬਲਵਿੰਦਰ ਸਿੰਘ, ਸ੍ਰ. ਬਖਸ਼ੀਸ਼ ਸਿੰਘ, ਰਾਗੀ ਗੋਪਾਲ ਸਿੰਘ, ਬਾਬਾ ਗੁਰਮੇਲ ਸਿੰਘ ਬਿਕਰਸਫੀਲਡ, ਗਿ. ਜਗਤਾਰ ਸਿੰਘ ਜਾਚਿਕ ਨਿਊਯਾਰਕ, ਪ੍ਰਿੰਸੀਪਲ ਜਸਬੀਰ ਸਿੰਘ ਮਿਸ਼ਨਰੀ, ਭਾਈ ਸਵਿੰਦਰ ਸਿੰਘ, ਰਣਜੀਤ ਸਿੰਘ ਅਜਨਾਲਾ ਇੰਡਿਆਨਾ, ਗਿ. ਅਮਰਜੀਤ ਸਿੰਘ, ਸ੍ਰ. ਅਵਤਾਰ ਸਿੰਘ ਲੋਡਾਈ, ਸ੍ਰ. ਜਸਵੰਤ ਸਿੰਘ ਮਿਸ਼ੀਗਨ ਅਤੇ ਸਾਰੇ ਅਮਰੀਕਾ ਕਨੇਡਾ ਦੇ ਪ੍ਰਚਾਰਕ, ਵਿਦਵਾਨ, ਲਿਖਾਰੀ, ਚਿੰਤਕ, ਸੰਗਤਾਂ ਅਤੇ ਸੁਹਿਰਦ ਪ੍ਰਬੰਧਕ ਇਸ ਬੁਰਸ਼ਾਗਰਦੀ ਦੀ ਜੋਰਦਾਰ ਨਿਖੇਧੀ ਕਰਦੇ ਹਾਂ।


05/20/18
ਆਤਮਜੀਤ ਸਿੰਘ, ਕਾਨਪੁਰ

ਸ਼ਸਤਰ ਪੀਰ ਕਿਵੇਂ ...?
ਸਿੱਖ ਅਕਾਲ ਸ਼ਬਦ ਦਾ ਪੁਜਾਰੀ ਹੈ, ਨਾ ਕਿ ਕਿਸੇ ਤਲਵਾਰ ਆਦਿਕ ਸ਼ਸ਼ਤਰ ਦਾ { "ਅਸ ਕ੍ਰਿਪਾਨ ਖੰਡਹੁ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹ ਹਮਾਰੈ ਪੀਰ" (ਅਖੌਤੀ ਦਸਮ ਗ੍ਰੰਥ) } ...। ਸਿੱਖ ਜ਼ੁਲਮ ਵਿਰੁੱਧ ਤਲਵਾਰ ਚੁੱਕਦਾ ਹੈ, ਸ਼ਸ਼ਤਰ ਧਾਰਨ ਕਰਦਾ ਹੈ, ਨਾ ਕਿ ਧੂਫਾਂ ਧੂਖਾ ਕੇ, ਮੱਥੇ ਟੇਕ ਕੇ ਪੂਜਣ ਵਾਸਤੇ। ਆਪਣੇ ਆਪ ਸ਼ਸ਼ਤਰ ਕਿਸੇ ਦੀ ਵੀ ਰੱਖਿਆ ਨਹੀਂ ਕਰਦਾ ਸਗੋਂ ਜਿਸ ਦੇ ਹੱਥ ਵਿੱਚ ਹੁੰਦਾ ਹੈ ਉਹ ਹੀ ਇਸ ਦੀ ਯੋਗ ਵਰਤੋਂ ਕਰਕੇ ਆਪਣੀ ਅਤੇ ਹੋਰਨਾਂ ਦੀ ਰੱਖਿਆ ਕਰ ਸਕਦਾ ਹੈ ...। ਸ਼ਸ਼ਤਰ ਕਿਸੇ ਦਾ ਮਿਤਰ ਨਹੀਂ, ਜੇ ਤੁਹਾਡਾ ਸ਼ਸ਼ਤਰ ਵੈਰੀ ਦੇ ਹੱਥ ਆ ਜਾਵੇ, ਤਾਂ ਓਹੀ ਸ਼ਸ਼ਤਰ ਤੁਹਾਡਾ ਵੈਰੀ ਬਣ ਜਾਂਦਾ ਹੈ ...। ਇਸ ਕਰਕੇ ਪੁਰਾਤਨ ਸਿੱਖ ਸ਼ਸ਼ਤਰ ਦਾ ਵਿਸਾਹ ਨਹੀਂ ਸੀ ਖਾਂਦੇ, ਸਦਾ ਅੰਗ ਸੰਗ ਰੱਖਦੇ ਸਨ, ਇਸ ਕਰਕੇ ਅਰਦਾਸ ਵਿੱਚ ਵੀ ਵਿਸਾਹ ਦਾਨ ਸ਼ਬਦ ਸ਼ਾਮਲ ਕੀਤਾ ਗਿਆ ।
ਸ਼ਸ਼ਤਰ ਸਿੱਖਾਂ ਦੇ ਪੀਰ ਨਹੀਂ ਹਨ, ਸਗੋਂ ਸਿੱਖਾਂ ਦਾ ਪੀਰ ਸ਼ਬਦ ਹੈ ... "ਸ਼ਬਦੁ ਗੁਰੁ ਪੀਰਾ ਗਹਿਰ ਗੰਭੀਰਾ, ਬਿਨ ਸਭਦੈ ਜਗੁ ਬਉਰਾਨੰ" (ਪੰਨਾ: ੬੩੫) ... ਪੀਰ ਦਾ ਅਰਥ ਗੁਰੂ ਹੈ । ਜਦ ਸਿੱਧਾਂ ਨੇ ਗੁਰੂ ਨਾਨਕ ਜੀ ਨੂੰ ਪੁਛਿਆ ਕਿ ਤੁਹਾਡਾ ਗੁਰੂ ਕੌਣ ਹੈ ...? ਤਾਂ ਬਾਬਾ ਨਾਨਕ ਜੀ ਨੇ ਫੁਰਮਾਇਆ ... "ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰਨਾ: ੯੪੩) ।
ਜਿਵੇਂ ਹਿੰਦੂ ਧਰਮ ਵਿੱਚ ਕਲਪਿਤ ਦੇਵੀ ਦੇਵਤਿਆਂ, ਪੱਥਰਾਂ, ਰੁੱਖਾਂ, ਪਸ਼ੂ ਪੰਛੀਆਂ, ਪਾਣੀ, ਹਵਾ, ਅੱਗ, ਧਰਤੀ ਅਤੇ ਅਕਾਸ਼ ਆਦਿਕ ਕਿਰਤਮ ਵਸਤੂਆਂ ਦੀ ਪੂਜਾ ਕੀਤੀ ਜਾਂਦੀ ਹੈ, ਇਵੇਂ ਹੀ ਸਿੱਖ ਵਿਚਾਰਧਾਰਾ ਅਤੇ ਉੱਚਕੋਟੀ ਦੀ ਫਿਲਾਸਫੀ ਨੂੰ ਖਤਮ ਕਰਨ ਵਾਸਤੇ ਹਿੰਦੂਨੁਮਾਂ ਸੰਪ੍ਰਦਾਈ ਸਾਧਾਂ ਸੰਤਾਂ, ਅਖੌਤੀ ਟਕਸਾਲੀਆਂ ਅਤੇ ਡੇਰੇਦਾਰ ਵਿਦਵਾਨਾਂ ਨੇ ਸ਼ਸ਼ਤਰਾਂ ਦੀ ਪੂਜਾ ਰਾਹੀਂ ਸਿੱਖ ਧਰਮ ਦੇ ਸਰਬਕਾਲੀ ਅਤੇ ਸਰਬਦੇਸ਼ੀ ਸਿਧਾਂਤਾਂ ਨੂੰ ਖਤਮ ਕਰਨ ਵਾਸਤੇ "ਪੂਜਾ ਅਕਾਲ ਕੀ" ਦੀ ਥਾਂ "ਸ਼ਸ਼ਤਰਾਂ ਦੀ ਪੂਜਾ" ਸ਼ੁਰੂ ਕਰਵਾ ਦਿੱਤੀ ...।
ਓਇ ਭਲਿਓ! ਜਰਾ ਸੋਚੋ ਜੇ ਪੂਜਾ ਕਰਨ ਨਾਲ ਹੀ ਦੁਸ਼ਮਣ ਮਰ ਜਾਂਦੇ ਤਾਂ ਫਿਰ ਸੰਸਾਰ ਵਿੱਚ ਵੱਡੇ ਜੰਗਾਂ ਦੀ ਕੀ ਲੋੜ ਸੀ ...? ਸੋ ਯੋਧੇ ਨੇ ਸ਼ਸ਼ਤਰ ਦੀ ਚੰਗੀ ਦੇਖ ਭਾਲ ਤੇ ਸੰਭਾਲ ਅਤੇ ਵਰਤੋਂ ਕਰਨੀ ਹੈ ਨਾਂ ਕਿ ਪੂਜਾ ...।
ਹੁਣ ਫੈਸਲਾ ਤੁਹਾਡੇ ਹੱਥ ਹੈ ... ਤੁਸੀਂ ਗੁਰੂ ਦਾ ਫੈਸਲਾ "ਸਬਦੁ ਗੁਰ ਪੀਰਾ" ਨੂੰ ਮੰਨਣਾ ਹੈ, ਜਾਂ ਸ਼ਸਤਰ ਨੂੰ, ਜਿਹੜਾ ਸਕਾ ਹੀ ਨਹੀਂ ... !!!
"ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ"
ਆਤਮਜੀਤ ਸਿੰਘ, ਕਾਨਪੁਰ


05/20/18
ਅਕੇਸ਼ ਕੁਮਾਰ

ਆਤਮਹੱਤਿਆ ਨਾਲ ਮਰਣ ਵਾਲਿਆਂ ਦੀ ਗਿਣਤੀ ਕਤਲ ਜਾਂ ਜੰਗ ਕਾਰਨ ਮਰਣ ਵਾਲਿਆਂ ਦੀ ਕੁੱਲ ਗਿਣਤੀ ਤੋਂ ਵੀ ਜਿਆਦਾ
ਜਿੰਦਗੀ ਸੰਘਰਸ਼ ਦਾ ਦੁਸਰਾ ਨਾਮ ਅਗਰ ਸੰਘਰਸ ਤੋਂ ਡਰ ਕੇ ਜੀਨਾ ਛੱਡ ਦੇਵਾਂਗੇ ਤਾਂ ਆਉਣ ਵਾਲੀ ਪੀੜੀ ਕਿਸ ਤਰ੍ਹਾਂ ਮਾਫ ਕਰ ਪਾਵੇਗੀ
ਅੱਜ ਕੱਲ੍ਹ ਦੀ ਤੇਜ਼ ਰਫਤਾਰ ਜਿੰਦਗੀ ਵਿੱਚ ਮੁਕਾਬਲੇ ਦੀ ਦੌੜ ਵੱਧਣ ਨਾਲ ਤਨਾਅ ਅਤੇ ਗੁੱਸੇ ਵਿੱਚ ਵਾਧਾ ਹੋਇਆ ਹੈ ਜਿਸ ਕਾਰਨ ਇਨਸਾਨ ਵਿੱਚ ਨਿਰਾਸ਼ਾ ਵੱਧ ਰਹੀ ਹੈ। ਇਸ ਤਨਾਅ ਅਤੇ ਨਿਰਾਸ਼ਾ ਕਾਰਨ ਪਿਛਲੇ ਕੁੱਝ ਸਾਲਾਂ ਵਿੱਚ ਆਤਮਹੱਤਿਆ ਦੀ ਸਮਾਜਿਕ ਸਮਸਿਆ ਹਰ ਉਮਰ ਦੇ ਲੋਕਾਂ ਵਿੱਚ ਹੀ ਕਾਫੀ ਵੱਧ ਗਈ ਹੈ। ਦੁਨੀਆ ਭਰ ਵਿੱਚ ਆਤਮਹੱਤਿਆ ਨਾਲ ਮਰਣ ਵਾਲਿਆਂ ਦੀ ਗਿਣਤੀ ਕਤਲ ਜਾਂ ਜੰਗ ਕਾਰਨ ਮਰਣ ਵਾਲਿਆਂ ਦੀ ਕੁੱਲ ਗਿਣਤੀ ਤੋਂ ਵੀ ਜਿਆਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ ਤਕਰੀਬਨ 10 ਲੱਖ ਲੋਕ ਆਤਮਹੱਤਿਆ ਕਰਕੇ ਮਰ ਜਾਂਦੇ ਹਨ। ਵਿਸ਼ਵ ਭਰ ਵਿੱਚ ਆਤਮਹੱਤਿਆ ਨਾਲ ਮਰਣ ਵਾਲਿਆਂ ਦੀ ਦਰ ਇੱਕ ਲੱਖ ਮਗਰ 16 ਹੈ ਯਾਨੀ ਹਰ 40 ਸੈਕਿੰਡ ਵਿੱਚ ਇੱਕ ਮੌਤ। ਪਿਛਲੀ ਅੱਧੀ ਸਦੀ ਵਿੱਚ ਆਤਮਹੱਤਿਆ ਦੀ ਦਰ ਵਿੱਚ 60 ਫ਼ੀਸਦੀ ਦਾ ਵਾਧਾ ਹੋਇਆ ਹੈ। ਜੇ ਅਜਿਹਾ ਹਾਲ ਰਿਹਾ ਤਾ 2020 ਤੱਕ ਇਹ ਆਂਕੜਾ 15 ਲੱਖ ਤੱਕ ਪਹੁੰਚ ਜਾਵੇਗਾ। ਕਈ ਦੇਸ਼ਾਂ ਵਿੱਚ 15-44 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਦੇ ਕਾਰਨਾਂ ਵਿੱਚ ਆਤਮਹੱਤਿਆ ਪਹਿਲੇ ਤਿੰਨ ਕਾਰਨਾਂ ਵਿੱਚੋਂ ਇੱਕ ਹੈ ਤੇ 10-24 ਸਾਲ ਦੀ ਉਮਰ ਵਾਲਿਆਂ ਦੀ ਮੌਤ ਦੇ ਪ੍ਰਮੁੱਖ ਦੋ ਕਾਰਨਾਂ ਵਿੱਚੋਂ ਇੱਕ ਹੈ। ਇਹਨਾਂ ਆਂਕੜਿਆਂ ਵਿੱਚ ਆਤਮਹੱਤਿਆ ਦੀ ਕੋਸ਼ਿਸ਼ ਕਰਣ ਵਾਲਿਆਂ ਦੇ ਆਂਕੜੇ ਸ਼ਾਮਲ ਨਹੀਂ ਹਨ ਜੋਕਿ ਅਨੁਮਾਨ ਮੁਤਾਬਕ ਆਤਮਹੱਤਿਆ ਨਾਲ ਹੋਣ ਵਾਲੀਆਂ ਮੌਤਾਂ ਦਾ 10-20 ਗੁਣਾ ਹੋ ਸਕਦਾ ਹੈ। ਨੋਜਵਾਨਾਂ ਵਿੱਚ ਆਤਮਹੱਤਿਆ ਇੱਕ ਵੱਡਾ ਖਤਰਾ ਬਣ ਕੇ ਸਾਮਣੇ ਆਈ ਹੈ। ਯੁਰੋਪ ਅਤੇ ਉਤਰੀ ਅਮਰੀਕਾ ਵਿੱਚ ਦਿਮਾਗੀ ਸੰਤੁਲਨ ਵਿੱਚ ਕਮੀ ਯਾਨੀ ਕਿ ਤਨਾਵ ਅਤੇ ਨਸ਼ਾ ਆਤਮਹੱਤਿਆ ਦਾ ਕਾਰਨ ਬਣਦੇ ਹਨ ਪਰ ਏਸ਼ੀਆਈ ਦੇਸ਼ਾਂ ਵਿੱਚ ਗੁੱਸਾ, ਆਵੇਗ ਅਤੇ ਉਤੇਜਨਾ ਇਸ ਦਾ ਮੁੱਖ ਕਾਰਨ ਹੈ।
ਪਿਛਲੇ ਕੁੱਝ ਸਮੇਂ ਤੋਂ ਨੋਜਵਾਨਾਂ ਵਲੋਂ ਆਤਮਹੱਤਿਆ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਤੇ ਇਸ ਦਾ ਮੁੱਖ ਕਾਰਨ ਸਿਖਿਆ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਵੱਧ ਰਿਹਾ ਮੁਕਾਬਲਾ ਹੈ। ਮਾਂ ਬਾਪ ਅਤੇ ਅਧਿਆਪਕਾਂ ਵਲੋਂ ਬੱਚਿਆਂ ਉਤੇ ਵੱਧ ਤੋਂ ਵੱਧ ਨੰਬਰ ਲਿਆਉਣ ਅਤੇ ਹਰ ਮੁਕਾਬਲੇ ਵਿੱਚ ਅੱਗੇ ਰਹਿਣ ਦਾ ਦਬਾਅ ਪਾਇਆ ਜਾਂਦਾ ਹੈ ਪਰ ਜਦੋਂ ਬੱਚਾ ਇਸ ਦਬਾਅ ਨੂੰ ਝੱਲ ਨਹੀਂ ਪਾਉਂਦਾ ਜਾਂ ਸਭ ਦੀਆਂ ਉਮੀਦਾਂ ਮੁਤਾਬਕ ਸਫਲਤਾ ਹਾਸਲ ਨਹੀਂ ਕਰ ਪਾਉਂਦਾ ਤਾਂ ਮਾਂ ਬਾਪ ਅਤੇ ਸਮਾਜ ਦਾ ਸਾਮਣਾ ਕਰਣ ਤੋਂ ਡਰਦਿਆਂ ਹੋਏ ਕੁੱਝ ਬੱਚਿਆਂ ਵੱਲੋਂ ਆਤਮਹੱਤਿਆ ਦਾ ਰਾਹ ਚੁਣ ਲਿਆ ਜਾਂਦਾ ਹੈ। ਇਸੇ ਤਰ੍ਹਾਂ ਕਈ ਸਾਲਾਂ ਦੀ ਮਿਹਨਤ ਅਤੇ ਪੜਾਈ ਤੋਂ ਬਾਦ ਜੱਦ ਉਸਨੂੰ ਆਪਣੀ ਸਿਖਿਆ ਅਤੇ ਹੁਨਰ ਮੁਤਾਬਕ ਨੌਕਰੀ ਨਹੀਂ ਮਿਲਦੀ ਤਾਂ ਹਤਾਸ਼ ਹੋਕੇ ਉਸਨੂੰ ਆਪਣੀ ਜਿੰਦਗੀ ਵਿੱਚ ਆਤਮਹੱਤਿਆ ਤੋਂ ਇਲਾਵਾ ਕੋਈ ਰਸਤਾ ਨਹੀਂ ਸੁਝਦਾ।
1980 ਤੋਂ ਹੁਣ ਤੱਕ ਭਾਰਤ ਵਿੱਚ ਆਤਮਹੱਤਿਆ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। 1980 ਵਿੱਚ ਇਹ ਦਰ ਇੱਕ ਲੱਖ ਮਗਰ 6. 3 ਦੀ ਸੀ (ਮਰਦਾਂ ਦੀ ਦਰ 7. 3 ਤੇ ਔਰਤਾਂ ਦੀ 5. 3) ਜੋਕਿ ਵੱਧ ਕੇ 2009 ਵਿੱਚ 10. 5 (ਮਰਦ 13. 0 ਤੇ ਔਰਤਾਂ 7. 8) ਹੋ ਗਈ ਹੈ। ਯਾਨੀ ਆਤਮਹੱਤਿਆ ਦੇ ਮਾਮਲੇ ਲਗਾਤਾਰ ਵਧੇ ਹਨ। ਨੈਸ਼ਨਲ ਇਨਸਟੀਚਉਟ ਆੱਫ ਮੈਂਟਲ ਹੈਲਥ ਐਂਡ ਨਿਉਰੋ ਸਾਂਇਸੰਸ (ਐਨ. ਆਈ. ਐਮ. ਐਚ. ਏ. ਐਨ. ਐਸ) ਦੀ ਰਿਪੋਰਟ ਮੁਤਾਬਕ ਆਤਮਹੱਤਿਆ ਕਾਰਣ ਮਰਣ ਵਾਲੇ ਅਤੇ ਆਤਮਹੱਤਿਆ ਦੀ ਕੋਸ਼ਿਸ਼ ਕਰਣ ਵਾਲਿਆਂ ਦਾ ਅਨੁਪਾਤ 1: 8 ਦਾ ਯਾਨੀ ਹਰ ਇੱਕ ਮੌਤ ਮਗਰ 8 ਲੋਕਾਂ ਵਲੋਂ ਮਰਣ ਦੀ ਕੋਸ਼ਿਸ਼ ਦਾ ਸੀ। ਇਸਤੋਂ ਇਲਾਵਾ ਆਤਮਹੱਤਿਆ ਕਰਣ ਵਾਲੇ ਜਾਂ ਇਸਦੀ ਕੋਸ਼ਿਸ਼ ਕਰਣ ਵਾਲਿਆਂ `ਚੋਂ ਦੋ ਤਿਹਾਈ ਮੱਧਮ ਜਾਂ ਨਿਮਨ ਵਰਗ ਦੇ ਸਨ। ਆਂਕੜਿਆਂ ਤੋਂ ਇੱਕ ਹੋਰ ਤੱਥ ਸਾਮਣੇ ਆਇਆ ਹੈ ਕਿ ਇੱਕ ਚੋਥਾਈ ਮਾਮਲਿਆਂ ਵਿੱਚ ਆਤਮਹਤਿਆਂ ਜਾਂ ਇਸਦੀ ਕੋਸ਼ਿਸ਼ ਉਸ ਸਮੇਂ ਕੀਤੀ ਗਈ ਜਦੋਂ ਆਸ ਪਾਸ ਕੋਈ ਨਹੀਂ ਸੀ।
ਨੌਜਵਾਨਾਂ ਵਿੱਚ ਵੱਧ ਰਹੇ ਆਤਮਹੱਤਿਆ ਦੇ ਰੁਝਾਨ ਨੂੰ ਰੋਕਣ ਲਈ ਜਰੂਰੀ ਹੈ ਕਿ ਉਹਨਾਂ ਤੇ ਜਿਆਦਾ ਦਬਾਅ ਨਾ ਪਾਇਆ ਜਾਵੇ। ਹਰ ਬੱਚੇ ਵਿੱਚ ਆਪਣੀ ਅਲਗ ਕਾਬਲਿਅਤ ਹੁੰਦੀ ਹੈ ਤੇ ਉਹ ਉਸ ਅਨੁਸਾਰ ਹੀ ਨਤੀਜੇ ਵੀ ਲਿਆਉਂਦਾ ਹੈ। ਵੈਸੇ ਵੀ ਹਰ ਬੱਚਾ ਤਾਂ ਪਹਿਲੇ ਨੰਬਰ ਤੇ ਨਹੀਂ ਆ ਸਕਦਾ। ਇਸ ਲਈ ਜਰੂਰੀ ਹੈ ਕਿ ਮਾਂ ਬਾਪ ਬੱਚੇ ਦੀ ਕਾਬਲਿਅਤ ਤੇ ਰੁਝਾਨ ਨੂੰ ਸਮਝਦੇ ਹੋਏ ਉਸਤੇ ਆਪਣੀਆਂ ਉਮੀਦਾਂ ਜਰੂਰਤ ਤੋਂ ਜਿਆਦਾ ਨਾ ਥੋਪਣ ਤਾਂ ਜੋ ਕੱਲ੍ਹ ਨੂੰ ਨਾਕਾਮਯਾਬ ਹੋਣ ਤੇ ਬੱਚਾ ਉਹਨਾਂ ਦਾ ਸਾਮਣਾ ਕਰਣ ਤੋਂ ਡਰਦਾ ਹੋਇਆ ਕੋਈ ਗਲਤ ਕਦਮ ਚੁੱਕੇ।
ਇਸ ਸਭ ਨੂੰ ਰੋਕਣ ਵਿੱਚ ਮੀਡੀਆ ਵੀ ਵੱਡਾ ਯੋਗਦਾਨ ਪਾ ਸਕਦਾ ਹੈ। ਅਗਰ ਮੀਡੀਆ ਆਤਮਹੱਤਿਆ ਕਰਨ ਦੇ ਕਾਰਨਾਂ ਅਤੇ ਉਸ ਤੋਂ ਬਚਾਅ ਦੇ ਉਪਰਾਲਿਆਂ ਉਪਰ ਜੋਰ ਦੇਵੇ ਤਾਂ ਇਹ ਆਂਕੜਾ ਘੱਟ ਸਕਦਾ ਹੈ। ਵੈਸੇ ਵੀ ਕਿਹਾ ਗਿਆ ਹੈ ਕਿ ਜਿੰਦਗੀ ਸੰਘਰਸ਼ ਦਾ ਦੁਸਰਾ ਨਾਮ ਹੈ। ਅਗਰ ਸੰਘਰਸ ਤੋਂ ਡਰ ਕੇ ਜੀਨਾ ਛੱਡ ਦੇਵਾਂਗੇ ਤਾਂ ਆਉਣ ਵਾਲੀ ਪੀੜੀ ਕਿਸ ਤਰ੍ਹਾਂ ਮਾਫ ਕਰ ਪਾਵੇਗੀ। ਇਨਸਾਨ ਦਾ ਕੰਮ ਹੈ ਕਰਮ ਕਰਨਾ। ਹਤਾਸ਼ਾ ਛੱਡ ਕੇ ਪੁਰੇ ਮਨ ਤੇ ਸੱਚੀ ਲਗਨ ਨਾਲ ਮਿਹਨਤ ਕੀਤੀ ਜਾਵੇ ਤਾਂ ਪਰਮਾਤਮਾ ਦੀ ਕ੍ਰਿਪਾ ਨਾਲ ਕਦੇ ਨਾ ਕਦੇ ਸਫਲਤਾ ਵੀ ਜ਼ਰੂਰ ਮਿਲੇਗੀ ਹੀ।

ਅਕੇਸ਼ ਕੁਮਾਰ

M 9888031426


05/06/18
ਅਵਤਾਰ ਸਿੰਘ ਮਿਸ਼ਨਰੀ

ਗੁਰਬਾਣੀ ਚਾਨਣ ਵਿੱਚ ਸ਼ਰਧਾ ਬਾਰੇ ਵਿਚਾਰ-੫੧

ਅਵਤਾਰ ਸਿੰਘ ਮਿਸ਼ਨਰੀ (5104325827)

ਸ਼ਰਧਾ ਸੰਸਕ੍ਰਿਤ ਦਾ ਸ਼ਬਦ ਤੇ ਇਸ ਦੇ ਪ੍ਰਕਰਣ ਅਨੁਸਾਰ ਵੱਖ ਵੱਖ ਅਰਥ ਇਹ ਹਨ। ਸ਼ਰਧਾ-ਯਕੀਨ, ਭਰੋਸਾ, ਵਿਸ਼ਵਾਸ਼, ਨਿਸ਼ਚਾ, ਮੁਰਾਦ, ਪ੍ਰੀਤ ਆਦਿਕ। ਸ਼ਰਧਾ ਵੀ ਦੋ ਪ੍ਰਕਾਰ ਦੀ ਹੈ ਗਿਆਨਵਾਨ ਸੱਚੀ ਅਤੇ ਅੰਧਵਿਸ਼ਵਾਸੀ ਝੂਠੀ ਸ਼ਰਧਾ। ਸੱਚੀ ਸ਼ਰਧਾ ਰੱਬ ਦੀ ਕੁਦਰਤ ਰਾਹੀਂ ਰੱਬ ਨਾਲ ਪਿਆਰ ਅਤੇ ਝੂਠੀ ਸ਼ਰਧਾ ਅੰਧਵਿਸ਼ਵਾਸ਼ ਪੈਦਾ ਕਰਦੀ ਹੈ। ਰੱਬ ਜਾਂ ਕਿਸੇ ਨਾਲ ਵੀ ਸੰਪੂਰਨ ਸਮਰਪਣ ਅਤੇ ਵਫਾਦਾਰੀ ਸੱਚੀ ਸ਼ਰਧਾ ਕਹੀ ਜਾ ਸਕਦੀ ਹੈ। ਮਨ ਵਿੱਚ ਅਸਲੀ ਉਤਸ਼ਾਹ, ਲਗਨ, ਤੜਪ, ਪਵਿਤ੍ਰਤਾ ਅਤੇ ਅਰਦਾਸ ਇਸ ਦੀਆਂ ਪ੍ਰਪੱਕ ਨਿਸ਼ਾਨੀਆਂ ਹਨ। ਸਿੱਖ ਮੱਤ ਵਿੱਚ ਸਿੱਖ ਕੇਵਲ ਇੱਕ ਅਕਾਲ ਪੁਰਖ ਕਰਤੇ ‘ਤੇ ਹੀ ਸ਼ਰਧਾ ਰੱਖਦਾ ਹੈ। ਦੂਜੇ ਨੰਬਰ ਤੇ ਰੱਬੀ ਭਗਤਾਂ, ਸਿੱਖ ਗੁਰੂ ਸਹਿਬਾਨਾਂ ਅਤੇ ਬਾਕੀ ਬਾਣੀਕਾਰਾਂ ਤੇ ਸਿਧਾਂਤਕ ਤੌਰ ਤੇ ਸਿੱਖ ਦੀ ਅਟੱਲ ਸ਼ਰਧਾ ਹੁੰਦੀ ਹੈ। ਸ਼ਰਧਾ ਰੱਬੀ ਰੰਗ ਵਿੱਚ ਰੱਬੀ ਗੀਤ ਗਾਉਣ, ਉਸ ਦੇ ਨਿਰਮਲ ਭਉ ਵਿੱਚ ਰਹਿਣ ਅਤੇ ਹੁਕਮ ਰਜ਼ਾਈ ਚੱਲਣ ਦੀ ਆਸਤਾ ਪੈਦਾ ਕਰਦੀ ਹੈ। ਭਾਈ ਕਾਹਨ ਸਿੰਘ ਨਾਭ੍ਹਾ ਗੁਰਮਤਿ ਮਾਰਤੰਡ ਵਿੱਚ ਲਿਖਦੇ ਹਨ ਕਿ ਸ਼ਰਧਾਵਾਨ ਦੇ ਮਨ ਵਿੱਚ ਹੀ ਗੁਰ ਉਪਦੇਸ਼ ਦਾ ਦ੍ਰਿੜ ਨਿਵਾਸ, ਜਿਸ ਤੋਂ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇਸ ਗੱਲ ਦਾ ਪੂਰਾ ਵਿਸ਼ਵਾਸ਼ ਹੋਣਾ ਚਾਹੀਏ ਕਿ ਇਹ ਸੱਚਾ ਵਿਸ਼ਵਾਸ਼ ਜਾਂ ਮਿਥਿਆ (ਝੂਠਾ) ਹੈ। ਉਹ ਲਿਖਦੇ ਹਨ ਕਿ ਰੇਤ ਨੂੰ ਖੰਡ, ਸੂਰਜ ਦੀਆਂ ਕਿਰਨਾਂ ਨਾਲ ਚਮਕਦੇ ਮਾਰੂਥਲ ਨੂੰ ਜਲ, ਕਿਸੇ ਮੰਤ੍ਰ ਜੰਤ੍ਰ ਤੋਂ ਰੋਗ ਦੀ ਨਵਿਰਤੀ ਅਤੇ ਸੰਤਾਨ ਦੀ ਪ੍ਰਾਪਤੀ ਦਾ ਨਿਸਚਾ ਮਿਥਿਆ ਵਿਸ਼ਵਾਸ਼ (ਸ਼ਰਧਾ) ਹਨ ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁੱਟ ਹੋਰ ਕੋਈ ਫਲ ਨਹੀ। ਅਸਾਡੇ ਬਹੁਤੇ ਭਾਈ ਮਿਥਿਆ ਵਿਸ਼ਵਾਸ਼ (ਸ਼ਰਧਾ) ਕਰਕੇ ਧੰਨ ਸੰਪਦਾ, ਸਰੀਰਕ ਸੁੱਖ ਅਤੇ ਪ੍ਰਮਾਰਥ ਖੋ ਬੈਠਦੇ ਹਨ। ਇਸ ਦੇ ਉਲਟ ਅਸਲ ਖੰਡ ਵਿੱਚ ਖੰਡ ਦਾ ਵਿਸ਼ਵਾਸ਼, ਖੂਹ, ਨਦੀ, ਚਸ਼ਮੇ ਤੇ ਸਰੋਵਰ ਤੋਂ ਪਿਆਸ ਬੁਝਣ ਦਾ ਵਿਸ਼ਵਾਸ਼, ਔਖਧ (ਦਵਾਈ) ਤੋਂ ਰੋਗ ਦੂਰ ਹੋਣ ਦਾ ਅਤੇ ਬੁੱਧਿ ਵਿਦਿਆ ਬਲ ਨਾਲ ਧੰਨ ਪ੍ਰਾਪਤੀ ਦਾ ਵਿਸ਼ਵਾਸ਼ ਆਦਿਕ ਸੱਚੇ ਵਿਸ਼ਵਾਸ਼ ਕਹੇ ਜਾ ਸਕਦੇ ਹਨ। ਐਸਾ ਹੀ ਅਸਲੀ ਸਤਿਗੁਰੂ ਅਤੇ ਨਕਲੀ ਪਾਖੰਡੀ ਗੁਰੂ ਵਿੱਚ ਵਿਸ਼ਵਾਸ਼ ਦਾ ਨਫਾ ਤੇ ਨੁਕਸਾਨ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਸ਼ਰਧਾ-ਸੱਚੇ ਗੁਰੂ ਵਿੱਚ ਸ਼ਰਧਾ ਵਾਲੇ ਨੂੰ ਹੀ ਰੱਬ ਚੇਤੇ ਆਉਂਦਾ ਹੈ-ਜਾ ਕੈ ਮਨਿ ਗੁਰ ਕੀ ਪਰਤੀਤ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ॥(੨੮੩) ਗਿਆਨੀ ਸ਼ਰਧਾ ਨਾਲ ਹੀ ਮਨ ਵਿੱਚ ਤੱਤ ਗਿਆਨ ਪ੍ਰਗਟ ਹੁੰਦਾ ਹੈ-ਜਾ ਕੈ ਰਿਦੈ ਬਿਸਵਾਸੁ ਪ੍ਰਭੁ ਆਇਆ॥ ਤਤੁ ਗਿਆਨੁ ਮਨਿ ਪ੍ਰਟਾਇਆ॥ (੨੮੬) ਜਿਸ ਦਾ ਸੱਚੇ ਗੁਰੂ ਤੇ ਵਿਸ਼ਵਾਸ਼ ਤੇ ਭਉ ਨਹੀਂ ਅਤੇ ਸ਼ਬਦ ਭਾਵ ਤੱਤ ਗਿਆਨ ਨਾਲ ਪਿਆਰ ਨਹੀ, ਉਹ ਆਤਮ ਸੁੱਖ ਪ੍ਰਾਪਤ ਨਹੀਂ ਕਰ ਸਕਦਾ ਭਾਵੇਂ ਸੌ ਵਾਰ ਗੁਰੂ ਕੋਲ ਆਵੇ ਜਾਵੇ-ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ॥ (੫੯੧) ਜਿਨ੍ਹਾਂ ਦੇ ਮਨ ਚ ਸੱਚਾ ਵਿਸ਼ਵਾਸ਼ ਹੁੰਦਾ ਹੇ ਉਹ ਆਪਣੇ ਮਾਲਕ ਦੀ ਸ਼ੋਭਾ ਦੇਖ ਕੇ ਸਦਾ ਅਨੰਦ ਪ੍ਰਸੰਨ ਰਹਿੰਦੇ ਹਨ-ਜਿਨ ਕੈ ਮਨਿ ਸਾਚਾ ਬਿਸ਼ਵਾਸੁ॥ਪੇਖਿ ਪੇਖਿ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸੁ॥ (੬੭੭) ਕੋਈ ਕਿਨਾ ਵੀ ਧਨੀ ਜਾਂ ਸ਼ੇਖ ਕਿਉਂ ਨਾ ਹੋਵੇ ਰੱਬੀ ਵਿਸ਼ਵਾਸ਼ ਤੋਂ ਬਿਨਾ ਉਸਦਾ ਮਨ ਸ਼ਾਤ ਨਹੀਂ ਹੋ ਸਕਦਾ ਅਤੇ ਪ੍ਰਭੂ ਨੂੰ ਛੱਡ ਜੋ ਕਿਸੇ ਹੋਰ ਪਾਖੰਡੀ ਸੰਤ ਕੋਲੋਂ ਮੰਗਦਾ ਹੈ ਉਸ ਦੇ ਮੂੰਹ 'ਤੇ ਬੇ ਪ੍ਰਤੀਤੀ ਦੀ ਕਾਲਖ ਹੀ ਲਗਦੀ ਹੈ-ਕਹਤ ਸੁਨਤ ਕਿਛੁ ਸਾਤਿ ਨ ਉਪਜਤ ਬਿਨ ਬਿਸਾਸੁ ਕਿਆ ਸੇਖਾਂ॥ ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ॥ (੧੨੨੧)

ਅਸਲੀ ਸਿੱਖ ਸਚਾਈ ਦਾ ਉਪਾਸ਼ਕ ਅਤੇ ਯਥਾਰਥ ਵਿਸ਼ਵਾਸ਼ੀ ਨਾ ਕਿ ਅੰਧਵਿਸ਼ਵਾਸ਼ੀ ਹੁੰਦਾ ਹੈ। ਅੰਨ੍ਹੀ ਸ਼ਰਧਾ ਡੋਬਦੀ ਤੇ ਸੁਜਾਖੀ ਸ਼ਰਧਾ ਬੇੜੇ ਪਾਰ ਕਰਦੀ ਹੈ। ਜੇ ਕੋਈ ਇਹ ਅੰਨ੍ਹੀ ਸ਼ਰਧਾ ਰੱਖੇ ਕਿ ਮੈਂ ਪੱਥਰ ਦੀ ਬੇੜੀ ਨਾਲ ਪਾਰ ਹੋ ਜਾਵਾਂਗਾ ਉਹ ਆਪ ਤਾਂ ਡੁੱਬੇਗਾ ਨਾਲ ਸਾਥੀਆਂ ਨੂੰ ਵੀ ਡੋਬ ਲਵੇਗਾ-ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ॥੪॥ (੪੨੦) ਜੇ ਕੋਈ ਅੰਨ੍ਹੀ ਸ਼ਰਧਾ ਨਾਲ ਜ਼ਹਿਰ ਖਾ ਲਵੇ ਤਾਂ ਮਰੇਗਾ ਹੀ-ਮਹੁਰਾ ਹੋਵੈ ਹਥਿ ਮਰੀਐ ਚਖੀਐ॥ (੧੪੨) ਜੇ ਕੋਈ ਅੰਨ੍ਹੀ ਸ਼ਰਧਾ ਨਾਲ ਅੱਗ ਵਿੱਚ ਬੈਠੇ ਤਾਂ ਸੜੇਗਾ ਹੀ, ਜੇ ਕੋਈ ਕਿਸੇ ਸਾਧ ਦੇ ਕਹੇ ਤੇ ਡੂੰਘੇ ਪਾਣੀ ਤੇ ਤੁਰੇ ਤਾਂ ਡੁੱਬੇਗਾ ਹੀ। ਜੇ ਕੋਈ ਆਪ ਖਾਣਾ ਖਾਵੇ ਨਾ ਤੇ ਸ਼ਰਧਾ ਨਾਲ ਕਹੇ ਕਿ ਦੂਜੇ ਦਾ ਖਾਧਾ ਮੇਰੇ ਪੇਟ ਵਿੱਚ ਆ ਜਾਵੇਗਾ ਇਹ ਝੂਠੀ ਤੇ ਅੰਨ੍ਹੀ ਸ਼ਰਧਾ ਹੈ। ਕਿਸੇ ਦਾ ਪੀਤਾ ਪਾਣੀ ਦੂਜੇ ਦੀ ਪਿਆਸ ਨਹੀਂ ਮੇਟ ਸਕਦਾ। ਜੇ ਕੋਈ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੂੰ ਅੰਨ੍ਹੀ ਸ਼ਰਧਾ ਜਾਂ ਜਨਮ ਸਾਖੀਆਂ ਦੇ ਅਧਾਰ ਤੇ ਅਕਾਸ਼ ਵਿੱਚ ਉਡਾਵੇ ਤੇ ਕਹੈ ਐਸਾ ਵੀ ਹੋ ਸਕਦਾ ਹੈ ਤਾਂ ਉਹ ਆਪ ਉਸ ਸਾਖੀ ਤੇ ਵਿਸ਼ਵਾਸ਼ ਕਰਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਬਿਨਾ ਜ਼ਹਾਜ਼ ਤੋਂ ਉੱਡ ਕੇ ਨਹੀਂ ਜਾ ਸਕਦਾ। ਜੇ ਕੋਈ ਅੰਨ੍ਹੀ ਸ਼ਰਧਾ ਨਾਲ ਕਹੇ ਕਿ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਵਾਂਗ ਖਾਂਦੇ, ਪੀਦੇ, ਸੌਂਦੇ ਤੇ ਬਾਕੀ ਕਿਰਿਆ ਕਰਮ ਕਰਦੇ ਹਨ ਤਾਂ ਉਹ ਮੂਰਖ ਅਗਿਆਨੀ ਹੀ ਹੈ। ਜਰਾ ਸੋਚੋ ਜੋ ਖਾਂਦਾ ਹੈ ਉਹ ਬਾਥਰੂਮ ਭਾਵ ਟੱਟੀ ਪਿਸ਼ਾਪ ਵੀ ਜਾਂਦਾ ਹੈ ਜਦ ਕਿ ਸ਼ਬਦ ਗੁਰੂ ਐਸਾ ਕੁਛ ਨਹੀਂ ਕਰਦੇ। ਜੇ ਕੋਈ ਅੰਨ੍ਹੀ ਸ਼ਰਧਾ ਚ ਕਹੇ ਕਿ ਸਰੋਵਰਾਂ ਜਾਂ ਧਰਮ ਅਸਥਾਨਾਂ ਦਾ ਪਾਣੀ ਸਾਰੇ ਸਰੀਰਕ ਰੋਗ ਦੂਰ ਕਰ ਦਿੰਦਾ ਹੈ ਤਾਂ ਇਹ ਉਸ ਦੀ ਅੰਨ੍ਹੀ ਸ਼ਰਧਾ ਹੈ ਕਿਉਂਕਿ ਕੇ ਭੁੱਖ, ਪਿਆਸ ਖਾਣ, ਪੀਣ ਨਾਲ ਮਿਟਦੀ ਹੈ ਤਾਂ ਸਰੀਰ ਦੇ ਰੋਗ ਵੀ ਦਵਾਈ ਖਾਣ ਤੇ ਪਰਹੇਜ ਰੱਖਣ ਨਾਲ ਹੀ ਮਿਟਦੇ ਹਨ। ਇਸੇ ਲਈ ਗੁਰੂ ਸਾਹਿਬਾਨਾਂ ਨੇ ਧਰਮ ਅਸਥਾਨਾਂ ਦੇ ਨਾਲ ਦਵਾਖਾਨੇ ਵੀ ਖੁਲ੍ਹਵਾਏ ਸਨ। ਅੱਜ ਵੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ। ਬਾਕੀ ਦਵਾਈ ਨਾਲ ਜੇ ਕਰਤਾਰ ਅੱਗੇ ਦਵਾ ਵੀ ਕੀਤੀ ਜਾਵੇ ਤਾਂ ਐਸੀ ਸ਼ਰਧਾ ਨਾਲ ਰੋਗ ਦੂਰ ਹੋਣ ਚ ਫਾਇਦਾ ਹੁੰਦਾ ਹੈ। ਜੇ ਕਿਸੇ ਦੁਰਘਟਨਾ ਜਾਂ ਕਾਰਨ ਵੱਸ ਸਰੀਰ ਦੇ ਅੰਗ ਕੱਟੇ ਜਾਣ ਤਾਂ ਉਹ ਅਪ੍ਰੇਸ਼ਨ ਕਰਕੇ ਹੀ ਜੋੜੇ ਜਾ ਸਕਦੇ ਹਨ ਨਾ ਕਿ ਅੰਨ੍ਹੀ ਸ਼ਰਧਾਂ ਨਾਲ ਕਿਸੇ ਸ਼ਬਦ ਦਾ ਜਾਪ ਕਰਕੇ।

ਸੋ ਅੰਨ੍ਹੀ ਸ਼ਰਧਾ ਸਾਨੂੰ ਸੱਚ ਜਾਂ ਯਥਾਰਥ ਨਾਲੋਂ ਤੋੜਦੀ ਤੇ ਅਸਲੀ ਸੁਜਾਖੀ ਸ਼ਰਧਾ ਉਸ ਨਾਲ ਜੋੜਦੀ ਹੈ। ਅੰਨ੍ਹੀ ਸ਼ਰਧਾ ਕਰਕੇ ਹੀ ਸੱਚੇ ਸਤਿਗੁਰੂ ਦੇ ਸਿੱਖ ਅੱਜ ਦੇਹਧਾਰੀ ਸਾਧਾਂ ਸੰਤਾਂ ਦੀ ਗੁਰੂ ਨਾਲੋਂ ਵੱਧ ਮੰਨਦੇ ਹਨ। ਅੰਨ੍ਹੀ ਸ਼ਰਧਾ ਕਰਕੇ ਹੀ ਗੁਰੂ ਦੇ ਪੰਥ ਵਿੱਚ ਅਨੇਕਾਂ ਅਖੌਤੀ ਸਾਧ ਸੰਤ ਤੇ ਡੇਰੇਦਾਰ ਪੈਦਾ ਹੋ ਗਏ ਹਨ। ਅੰਨ੍ਹੀ ਸ਼ਰਧਾ ਕਰਕੇ ਹੀ ਬਹੁਤੇ ਸਿੱਖਾਂ ਨੇ ਆਪ ਗੁਰਬਾਣੀ ਪੜ੍ਹਨੀ, ਵਿਚਾਰਨੀ ਛੱਡ ਦਿੱਤੀ ਤੇ ਕੀਤੇ ਕਰਾਏ ਪਾਠਾਂ ਤੇ ਸ਼ਰਧਾ ਰੱਖ ਲਈ ਹੈ। ਭਾਈ! ਸੱਚ, ਯਥਾਰਥ ਅਤੇ ਤਰਕ ਅਧਾਰਤ ਸ਼ਰਧਾ ਹੀ ਬੇੜੇ ਪਾਰ ਕਰਦੀ ਅਤੇ ਸੁਖੀ ਜੀਵਨ ਜੀਵਨ ਦੀ ਸਿਖਿਆ ਦਿੰਦੀ ਹੈ-ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥ ਹੋਇ ਸੁਜਾਖਾ ਨਾਨਕਾ ਸੋ ਕਿਉਂ ਉਝੜਿ ਪਾਇ॥ (੯੫੫) ਇਸ ਲਈ-ਗੁਣ ਨਾਨਕੁ ਬੋਲੈ ਭਲੀ ਬਾਣਿ॥ ਤੁਮ ਹੋਹੁ ਸੁਜਾਖੇ ਲੇਹੁ ਪਛਾਣਿ॥ (੧੧੯੦)


05/06/18
ਪ੍ਰਮਿੰਦਰ ਸਿੰਘ ਸੋਚ

ਗੁਆਚਾ ਦੋਸਤ ਮੁੜ ਸਬੱਬੀ ਮਿਲ ਪਿਆ

ਮੈਂ ਇੱਕ ਉਸ ਬਹੁਤ ਕਰੀਬੀ ਮਿਤਰ ਦੀ ਗਲ ਕਰਨ ਲਗਾ ਹਾਂ, ਜੋ ਮੇਰੀ ਜ਼ਿੰਦਗੀ ਵਿੱਚ ੧੯੬੫ ਵਿੱਚ ਆਇਆ ਤੇ ਆਇਆ ਵੀ ਇੱਕ ਝਖੜ ਵਾਂਗ ਤੇ ਹਨੇਰੀ ਵਾਂਗ ਮੈਨੂੰ ਨਾਲ ਨਾਲ ਲੈ ਉਡਿਆ। ਇਹ ਝਖੜ ਹਮੇਸ਼ਾਂ ਮੈਨੂੰ ਆਪਣੇ ਨਾਲ ਨਾਲ ਉਡਾਉਂਦਾ ਰਿਹਾ। ਵੈਸੇ ਉਸ ਦਰਮਿਆਨ ਤੇ ਮੇਰੇ ਦਰਮਿਆਨ ਬਹੁਤ ਵਡਾ ਫ਼ਰਕ ਸੀ। ਉਹ ਇੱਕ ਬੜੇ ਵਡੇ ਜ਼ਿਮੀਦਾਰ ਦਾ ਪੜ੍ਹਿਆ ਲਿਖਿਆ ਤੇ ਅਸਰ ਰਸੂਖ ਵਾਲਾ ਇਨਸਾਨ ਸੀ ਤੇ ਮੈਂ ਇੱਕ ਸਾਧਾਰਨ ਕਿਸਾਨ ਦਾ ਅੱਧ-ਪੜ੍ਹ ਤੇ ਕੁੱਝ ਘਟ ਅਸਰੋ ਰਸੂਖ ਵਾਲਾ ਸਾਧਾਰਨ ਮਨੁਖ ਸੀ। ਪਰ ਅਸੀਂ ਦੋਵੇਂ ਪਤਰਕਾਰ ਸੀ, ਇਸ ਕਰਕੇ ਸਾਡੇ ਦੋਹਾਂ ਦਰਮਿਆਨ ਪਤਰਕਾਰੀ ਵਾਲੀ ਪੀਡੀ ਸਾਂਝ ਸੀ, ਜੋ ਦਿਨ-ਬਾ-ਦਿਨ ਹੋਰ ਗੂੜ੍ਹੀ ਤੇ ਪਕੇਰੀ ਹੁੰਦੀ ਗਈ। ਉਹ, ਮੇਰਾ ਖਿਆਲ ਹੈ, ਉਨ੍ਹਾਂ ਦਿਨਾਂ ਵਿੱਚ ਅਕਾਸ਼ਵਾਣੀ ਦਾ ਨਾਮਾ ਨਿਗਾਰ ਸੀ ਤੇ ਮੈਂ ਪੰਜਾਬੀ ਦੇ ਸਭ ਤੋਂ ਪੁਰਾਤਨ ਸਪਤਾਹਿਕ ਅਖ਼ਬਾਰ, “ਖਾਲਸਾ ਸਮਾਚਾਰ” ਜੋ ਭਾਈ ਸਾਹਿਬ ਭਾਈ ਵੀਰ ਸਿੰਘ ਰਾਹੀਂ ੧੮੯੯ ਵਿੱਚ ਜਾਰੀ ਕੀਤਾ ਗਿਆ ਸੀ, ਦੀ ਸੰਪਾਦਨਾ ਕਰਦਾ ਸੀ। ਸਾਡੇ ਦੋਹਾਂ ਦਾ ਸਾਂਝਾ ਮਿਤਰ ਸੀ ਸ: ਦਲਬੀਰ ਸਿੰਘ ਪਤਰਕਾਰ, ਜੋ ਉਨ੍ਹਾਂ ਦਿਨਾਂ ਵਿੱਚ ਰੋਜ਼ਾਨਾ ਅੰਗ੍ਰੇਜ਼ੀ ਟ੍ਰਿਬਿਊਨ ਦਾ ਅੰਮ੍ਰਿਤਸਰ ਵਿੱਚ ਵਿਸ਼ੇਸ਼ ਪਤਰ-ਪ੍ਰੇਰਕ ਸੀ। ਭਾਵੇਂ ਦਲਬੀਰ ਸਿੰਘ, ਪਤਰਕਾਰ ਬਰਾਦਰੀ ਵਜੋਂ, ਮੇਰਾ ਪੁਰਾਣਾ ਮਿਤਰ ਸੀ, ਪਰ ਦਲਬੀਰ ਸਿੰਘ ਰਾਹੀਂ ਮਿਲਾਇਆ ਇਹ ਦੋਸਤ, ਪਤਰਕਾਰੀ ਦੀਆਂ ਹੱਦਾਂ ਤੋੜ ਕੇ ਨਿਜੀ ਤੇ ਹਮਰਾਜ਼ ਦੋਸਤ ਬਣਦਾ ਗਿਆ। ਆਹਿਸਤਾ ਆਹਿਸਤਾ ਅਸੀਂ ਦੋਵੇਂ ਇੱਕ ਦੂਜੇ ਦੇ ਏਨੇ ਕਰੀਬ ਹੋ ਗਏ ਕਿ ਹਰ ਰੋਜ਼ ਇੱਕ ਦੂਜੇ ਨੂੰ ਮਿਲਣਾ ਤੇ ਰਲ ਬੈਠ ਕੇ ਰੋਟੀ ਵਗੈਰਹ ਆਦਿ ਖਾਣਾ ਇੱਕ ਆਮ ਜੇਹੀ ਗਲ ਹੋ ਗਈ ਸੀ। ਇੱਕ ਦੂਜੇ ਨਾਲ ਟੈਲੀਫੋਨ ਉਤੇ ਬਣੇ ਰਹਿਣਾ ਤੇ ਬਿਨਾਂ ਮਤਲਬ ਤੋਂ ਗਲਾਂ ਵਿੱਚ ਜੁਟੇ ਰਹਿਣਾ ਇਹ ਇੱਕ ਰੂਹਾਨੀ ਖੁਰਾਕ ਜੇਹੀ ਹੀ ਬਣ ਗਈ ਸੀ।
ਬਹੁਤਾ ਸ਼ਸ਼ੋਪੰਜ ਵਿੱਚ ਨਾ ਪਾਉਂਦਾ ਹੋਇਆ ਕਿ ਮੈਂ ਕਿਸਦਾ ਜ਼ਿਕਰ ਕਰ ਰਿਹਾ ਹਾਂ, ਉਸਦਾ ਨਾਮ ਦਸਣਾ ਬੇਹੱਦ ਜ਼ਰੂਰੀ ਹੈ। ਉਹ ਸੀ ਸ: ਦਿਲਜੀਤ ਸਿੰਘ ਪੰਨੂ।

ਸ: ਦਿਲਜੀਤ ਸਿੰਘ ਪੰਨੂ ਸ: ਮੋਹਨ ਸਿੰਘ ਪੰਨੂ, ਜੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਸਨ, ਦੇ ਦੂਜੇ ਬੇਟੇ ਸਨ, ਜਿਨ੍ਹਾਂ ਨੇ ਗੌਰਮਿੰਟ ਕਾਲਜ ਲੁਧਿਆਣਾ ਤੋਂ ਅੰਗ੍ਰੇਜ਼ੀ ਦੀ ਮਾਸਟਰਜ਼ ਕੀਤੀ ਹੋਈ ਸੀ। ਸ: ਪੰਨੂ ਉਮਰ ਵਿੱਚ ਮੇਰੇ ਤੋਂ ਤਕਰੀਬਨ ਦੋ ਮਹੀਨੇ ਵਡੇ ਸਨ, ਪਰ ਉਨ੍ਹਾਂ ਵਿੱਚ ਸਵੈ-ਮਾਣ ਤੇ ਸਵੈ-ਵਿਸ਼ਵਾਸ ਓੜਕਾਂ ਦਾ ਸੀ। ਉਹ ਰੋਅਬ ਦਾਅਬ ਵਾਲਾ ਜੱਟ ਸੀ, ਪਰ ਨਾਲ ਦੇ ਨਾਲ ਰਹਿਮ ਭਰੀ ਤਬੀਅਤ ਦਾ ਮਾਲਕ ਵੀ। ਉਸਦੀ ਸਰਕਾਰੇ ਦਰਬਾਰੇ ਪੁਗਦੀ ਸੀ। ਜੇ ਉਸਨੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਸ਼ਹਿਰ ਦੇ ਸੀਨੀਅਰ ਸੁਪਰਟੰਡੰਟ ਪੁਲੀਸ ਤੋਂ ਕੋਈ ਜਾਇਜ਼ ਕੰਮ ਕਰਵਾਉਣਾ ਚਾਹਿਆ, ਤਾਂ ਉਸ ਵਿੱਚ ਢਿਲ ਨਹੀਂ ਸੀ ਹੁੰਦੀ। ਉਹ ਕੰਮ ਹੱਥੋ ਹੱਥੀ ਹੋ ਜਾਂਦਾ ਸੀ। ਬਾਹਰੀ ਦੁਨੀਆਂ ਵਿੱਚ ਉਹ ਨੱਟ ਖੱਟ ਸਰਦਾਰ ਸੀ ਤੇ ਉਸਦੀ ਟੈਂ ਮਾਣ ਨਹੀਂ ਸੀ ਹੁੰਦੀ, ਪਰ ਜਦ ਉਹ ਆਪਣੇ ਜੀ. ਟੀ. ਰੋਡ ਵਾਲੇ ਫਾਰਮ ਉਤੇ ਹੁੰਦਾ ਸੀ ਤੇ ਉਸਨੇ ਆਲੂਆਂ ਵਾਲੀ ਫ਼ਸਲ ਦਾ ਧਰਤੀ ਪਧਰ ਉਤੇ ਜਾਇਜ਼ਾ ਲੈਣਾ ਹੁੰਦਾ ਸੀ, ਤਾਂ ਉਸਨੂੰ ਆਪਣੀ ਪੈਂਟ ਦੇ ਪਹੁੰਚੇ ਟੁੰਗ ਕੇ ਵੱਟਾਂ ਉਤੇ ਤੁਰਦਾ ਵੇਖਿਆ ਤੇ ਕਾਮਿਆਂ ਨਾਲ ਹਮਦਰਦੀ ਨਾਲ ਗਲਾਂ ਕਰਦਾ ਵੇਖਿਆ ਜਾ ਸਕਦਾ ਸੀ। ਉਹ ਉਨ੍ਹਾਂ ਖੇਤ ਮਜ਼ਦੂਰਾਂ ਦੀਆਂ ਨਿਜੀ ਔਕੜਾਂ ਸੁਣ ਕੇ ਉਨ੍ਹਾਂ ਦੀ ਹਰ ਹੀਲੇ ਵਸੀਲੇ ਮਦਦ ਵੀ ਕਰਦਾ ਸੀ। ਉਹ ਉਨ੍ਹਾਂ ਦੀਆਂ ਨਿਜੀ, ਮਾਇਕ, ਲੜਾਈ ਝਗੜੇ, ਪੁਲੀਸ ਕੇਸਾਂ ਨੂੰ ਸੁਲਝਾਉਣ ਵਿੱਚ ਵੀ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਦਾ ਸੀ। ਸ: ਦਿਲਜੀਤ ਸਿੰਘ ਪੰਨੂ ਦੇ ਵਡੇ ਭਰਾ ਭਾਊ ਰਘਬੀਰ ਸਿੰਘ ਸਿੱਧ ਪਧਰੇ ਤੇ ਬੜੇ ਮਿਲਾਪੜੇ ਇਨਸਾਨ ਸਨ, ਜੋ ਜ਼ਿਆਦਾ ਤੌਰ ਉਤੇ ਖੇਤੀ ਬਾੜੀ ਦੀ ਨਿਗਰਾਨੀ ਹੀ ਕਰਦੇ ਸਨ। ਮੈਨੂੰ ਸਮੇਂ ਸਮੇਂ ਸਾਰੇ ਪਰਿਵਾਰ ਨੂੰ ਮਿਲਣ ਦੇ ਇੱਕ ਨਹੀਂ, ਸਗੋਂ ਬੇਗਿਣਤ ਮੌਕੇ ਮਿਲਦੇ ਰਹੇ, ਕਦੇ ਤਸੀਲਪੁਰ ਵਾਲੇ ਘਰ, ਕਦੇ ਫਾਰਮ ਉਤੇ, ਕਦੇ ਖਾਨ ਕੋਟ ਦੇ ਖੂਹ ਉਤੇ ਤੇ ਕਦੇ ਜ਼ਮੀਨਾਂ ਉਤੇ।
ਦਿਲਜੀਤ ਸਿੰਘ ਪੰਨੂ ਹਰਮਨ ਪਿਆਰਾ ਇਨਸਾਨ ਸੀ। ਭਾਵੇ ਉਸਦੀ ਉਮਰ ਛੋਟੀ ਸੀ, ਪਰ ਉਸਦੀ ਦੂਰ-ਅੰਦੇਸ਼ੀ, ਉਸਦੀ ਸਿਆਣਪ, ਉਸਦਾ ਸੰਤੁਲਨ ਸੁਭਾਅ ਤੇ ਠਹਿਰੇ ਜਿਗਰੇ ਵਾਲੀ ਤਬੀਅਤ ਕਰਕੇ ਉਸਦਾ ਕਦ ਬਹੁਤ ਵੱਡਾ ਸੀ। ਉਸਨੇ ਆਪਣੀਆਂ ਖ਼ੂਬੀਆਂ ਕਰਕੇ ਪੰਜਾਬ ਦੀਆਂ ਦੋਹਾਂ ਤਾਕਤਵਰ ਪਾਰਟੀਆਂ, ਚਾਹੇ ਉਹ ਅਕਾਲੀ ਦਲ ਸੀ ਜਾਂ ਕਾਂਗਰਸ ਪਾਰਟੀ, ਵਿੱਚ ਆਪਣਾ ਦ੍ਰਿੜ ਵਿਸ਼ਵਾਸ ਖਟਿਆ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਸੰਤ ਫਤਹ ਸਿੰਘ ਅਕਾਲੀ ਦਲ ਦਾ ਤੇ ਸੰਤ ਚੰਨਣ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਵਾਰ ਪ੍ਰਧਾਨ ਸਨ ਤੇ ਉਨ੍ਹਾਂ ਦਾ ਬੋਲ ਬਾਲਾ ਸੀ, ਪਰ ਉਹ ਦੋਵੇਂ ਦਿਲਜੀਤ ਸਿੰਘ ਪੰਨੂ ਦੀ ਸੁਣਦੇ ਵੀ ਸਨ ਤੇ ਮੰਨਦੇ ਵੀ ਸਨ। ਉਹ ਉਨ੍ਹਾਂ ਦਾ ਹਮਰਾਜ਼ ਵੀ ਸੀ ਤੇ ਸਲਾਹਕਾਰ ਵੀ। ਇਥੋਂ ਤਕ ਕਿ ਕਈ ਵਾਰ ਉਕਤ ਲੀਡਰਾਂ ਦੀਆਂ ਲਿਖੀਆਂ ਚਿਠੀਆਂ ਜਾਂ ਜ਼ੁਬਾਨੀ ਪੈਗ਼ਾਮ ਕਾਂਗਰਸੀ ਲੀਡਰਾਂ ਤਕ ਪਹੁੰਚਾਉਣ ਦਾ ਕੰਮ ਵੀ ਪੰਨੂ ਨੇ ਨਿਭਾਹਿਆ। ਕਿਉਂਕਿ ਪੰਨੂ ਹੁਰਾਂ ਨਾਲ ਮੇਰੀ ਬਹੁਤ ਨੇੜਤਾ ਸੀ, ਇਸ ਕਰਕੇ ਮੈਂ ਬਹੁਤ ਵਾਰ ਉਨ੍ਹਾਂ ਨਾਲ ਚੰਡੀਗੜ੍ਹ, ਪੰਜੌਰ, ਦਿਲੀ ਤਕ ਆਦਿ ਦਾ ਸਫ਼ਰ ਕਰਦਾ ਰਿਹਾ ਤੇ ਕਈ ਭੇਦ ਭਰੇ ਵਾਕਿਆਤ ਮੇਰੀ ਨਿਜੀ ਜ਼ਿੰਦਗੀ ਦਾ ਹਿਸਾ ਬਣ ਗਏ। ਇਹ ਸੁਭਾਵਕ ਹੈ ਕਿ ਜਿੰਨੀ ਤੁਹਾਡੀ ਕਿਸੇ ਨਾਲ ਨੇੜਤਾ ਹੁੰਦੀ ਹੈ, ਉਸਦੀ ਖੁਸ਼ੀ ਵਿੱਚ ਤੁਸੀਂ ਖੁਸ਼ ਹੁੰਦੇ ਹੋ ਤੇ ਉਸਦੇ ਗ਼ਮ ਵਿੱਚ ਗ਼ਮਗੀਨ। ਦਿਲਜੀਤ ਸਿੰਘ ਪੰਨੂ ਨਾਲ ਵੀ ਮੇਰਾ ਰਿਸ਼ਤਾ ਇਹੋ ਜਿਹਾ ਸੀ।
ਮੈਨੂੰ ਉਹ ਦਿਨ ਯਾਦ ਹੈ, ਜਦ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ, ਪੰਜਾਬ, ਨੇ ਉਨ੍ਹਾਂ ਨੂੰ ਬੈਕਫਿਨਕੋ
(Backward Classes Financial Corporation) ਦਾ ਚੇਅਰਮੈਨ ਨਿਯੁਕਤ ਕੀਤਾ ਸੀ, ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਪਰ ਪੰਨੂ ਦੀ ਮੇਰੀ ਦੋਸਤੀ ਉਸੇਤਰ੍ਹਾਂ ਬਰਕਰਾਰ ਰਹੀ ਤੇ ਉਸ ਵਿੱਚ ਕੋਈ ਫ਼ਰਕ ਨਹੀਂ ਸੀ ਆਇਆ। ਅਸੀਂ ਪਹਿਲਾਂ ਵਾਂਗ ਹੀ ਇੱਕ ਦੂਜੇ ਨੂੰ ਉਸੇਤਰ੍ਹਾਂ ਮਿਲਦੇ ਰਹੇ। ਉਸ ਪਿਛੋਂ ਨਰਸਿਮਹਾ ਰਾਓ, ਪਰਧਾਨ ਮੰਤਰੀ ਨੇ ਪੰਨੂ ਹੁਰਾਂ ਨੂੰ ਘਾਨਾ ਵਿੱਚ ਹਾਈ ਕਮਿਸ਼ਨਰ ਨਿਯੁਕਤ ਕਰ ਦਿਤਾ। ਮੇਰੀ ਖੁਸ਼ੀ ਦੂਣ ਸਵਾਈ ਹੋ ਗਈ। ਮੇਰੀ ਅਮਰੀਕਾ ਤੋਂ ਭਾਰਤ ਇੱਕ ਫੇਰੀ ਦੌਰਾਨ ਉਹ ਵੀ ਭਾਰਤ ਆਏ ਹੋਏ ਸਨ। ਮੈਂ ਟੈਲੀਫੋਨ ਕੀਤਾ, ਤਾਂ ਮੈਨੂੰ ਇੱਕ ਦਮ ਆਪਣੀ ਕਾਰ ਭੇਜ ਕੇ ਮਿਲਣ ਦੀ ਦਾਅਵਤ ਦਿਤੀ। ਪਰ ਮੇਰੇ ਕੋਲ ਆਪਣੀ ਕਾਰ ਦਾ ਪ੍ਰਬੰਧ ਹੋਣ ਕਰਕੇ ਮੈਂ ਆਪਣੇ ਭਤੀਜੇ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਬਣੇ ਫਾਰਮ ਹਾਊਸ ਉਤੇ ਮਿਲਣ ਗਿਆ। ਉਸ ਪਿਛੋਂ ਉਹ ਘਾਨਾ ਤੋਂ ਇਲਾਵਾ ਮਡਕਾਸਕਰ ਵਿੱਚ ਹਾਈ ਕਮਿਸ਼ਨਰ ਬਣ ਕੇ ਚਲੇ ਗਏ। ਬਾਵਜੂਦ ਉਨ੍ਹਾਂ ਦੇ ਰੁਝੇਵਿਆਂ ਦੇ ਉਹ ਮੇਰੇ ਨਾਲ ਲੰਬੀਆਂ ਲੰਬੀਆਂ ਗਲਾਂ ਕਰਦੇ ਰਹਿੰਦੇ। ਇਹ ਕਹਾਣੀਆਂ ਗਿਣਤੀ ਵਿੱਚ ਇੰਨੀਆਂ ਹਨ, ਕਿ ਲਿਖਦਿਆਂ ਲਿਖਦਿਆਂ ਜ਼ਿੰਦਗੀ ਤਾਂ ਖਤਮ ਹੋ ਸਕਦੀ ਹੈ, ਪਰ ਕਹਾਣੀ ਨਹੀਂ।
ਜੂਨ ਤੋਂ ਬਾਅਦ ੨੦੦੭ ਦੇ ਸ਼ੁਰੂ ਵਿੱਚ ਮੇਰੀ ਪਤਨੀ ਸਤਵੰਤ ਕੌਰ ਸੋਚ ਆਪਣੀ ਭੈਣ ਅੰਮ੍ਰਿਤ ਕੌਰ ਨਾਲ ਦਿਲਜੀਤ ਸਿੰਘ ਪੰਨੂ ਨੂੰ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਘਰ ਮਿਲਣ ਗਈ। ਉਸ ਵਕਤ ਉਹ ਕਿਸੇ ਹਾਦਸਾ ਗ੍ਰਸਤ ਹੋਣ ਕਾਰਨ ਵੀਲ ਚੇਅਰ ਵਿੱਚ ਸਨ ਤੇ ਚਲਣ ਫਿਰਨ ਤੋਂ ਅਸਮਰਥ ਸਨ। ਮੇਰੀ ਸਮੇਂ ਸਮੇਂ ਉਨ੍ਹਾਂ ਨਾਲ ਟੈਲੀਫਨ ਉਤੇ ਗਲਬਾਤ ਹੁੰਦੀ ਰਹਿੰਦੀ। ਉਹ ਮੈਨੂੰ ਬਹੁਤ ਮੋਹ ਕਰਦੇ ਸੀ ਤੇ ਮੇਰਾ ਉਨ੍ਹਾਂ ਨਾਲ ਬਹੁਤ ਪਿਆਰ ਸੀ। ਇਹ ਇੱਕ ਦੁਵਲੇ ਪਿਆਰ, ਇੱਕ ਦੂਜੇ ਦਾ ਦੁਵਲਾ ਸਤਿਕਾਰ ਕਰਨ ਵਾਲੀ ਤੇ ਇੱਕ ਦੂਜੇ ਨੂੰ ਉਸਦੇ ਨੁਕਤਾ ਨਿਗਾਹ ਤੋਂ ਸਮਝਣ ਵਾਲੀ ਅਜੀਬੋ ਗਰੀਬ ਸਾਂਝ ਸੀ। ਖ਼ੈਰ ਇੱਕ ਦਿਨ ਦੁਖਦਾਈ ਘੜੀ ਨੇ ਟਿਕ ਟਿਕ ਕਰਦਿਆਂ ੧੩ ਦਸੰਬਰ, ੨੦੦੭ ਨੂੰ ਇੱਕ ਮਨਹੂਸ ਦਿਨ ਵਾਂਗ ਮੇਰੇ ਬਰੂਹੀਂ ਆ ਦਸਤਕ ਦਿਤੀ, ਪਤਾ ਲਗਾ ਕਿ ਯਾਰ ਟੁਰ ਗਿਆ ਇਸ ਫ਼ਾਨੀ ਦੁਨੀਆਂ ਤੋਂ। ਬਹੁਤ ਦੁਖ ਲਗਾ, ਦੁਖ ਵੀ ਦੂਹਰਾ ਕਿ ਇੱਕ ਤਾਂ ਮੈਂ ਉਸਨੂੰ ਜਾਣ ਤੋਂ ਪਹਿਲਾਂ ਮਿਲਣ ਦਾ ਵਾਅਦਾ ਕਰਕੇ ਵੀ ਮਿਲ ਨਾ ਸਕਿਆ ਤੇ ਦੂਜਾ ਇਹ ਕਿ ਮੈਂ ਹੁਣ ਉਸਨੂੰ ਮੁੜ ਕੇ ਕਦੇ ਵੀ ਮਿਲ ਨਹੀਂ ਸਕਾਂਗਾ। ਉਡਾਰੂ ਪੰਛੀ ਮੁੜ ਹੱਥਾਂ ਵਿੱਚ ਵਾਪਸ ਨਹੀਂ ਆਉਂਦੇ। ਗਗਨੀ ਉਡਦੇ ਬਾਜ਼ ਹੱਥਾਂ ਵਿੱਚ ਨਹੀਂ ਆਉਂਦੇ। ਆਪਣਾ ਆਪ ਸਖਣਾ ਸਖਣਾ ਮਹਿਸੂਸ ਹੋਇਆ। ਪਰ ਕੀ ਹੋ ਸਕਦਾ ਸੀ? ਕੁੱਝ ਵੀ ਨਹੀਂ। ਪਰਦੇਸਾਂ ਦੇ ਦੁੱਖ। ਆਪਣੇ ਘਰ, ਰਾਚੈਸਟਰ, ਅਮਰੀਕਾ ਵਿੱਚ ਇਕਲਾ ਬੈਠਾ ਭੁਬਾਂ ਮਾਰ ਕੇ ਰੱਜ ਕੇ ਰੋਇਆ। ਪਰ ਰੋਂਦਿਆਂ ਯਾਰ ਨੇ ਕਿਹੜਾ ਮੁੜ ਆਉਣਾ ਸੀ ਤੇ ਨਾ ਹੀ ਉਸਨੇ ਮੇਰਾ ਰੋਣ ਸੁਨਣਾ ਸੀ। ਸੋ ਦਿਲ ਨੂੰ ਧਰਵਾਸ ਦੇ ਕੇ ਚੰਡੀਗੜ੍ਹ ਉਨ੍ਹਾਂ ਦੇ ਬੇਟੇ ਡਾਕਟਰ ਗੁਰਬਿਲਾਸ ਸਿੰਘ ਪੰਨੂ ਤੇ ਉਨ੍ਹਾਂ ਦੀ ਪਤਨੀ ਦੀਪ ਭਾਬੀ ਨਾਲ ਗਲਬਾਤ ਕਰਕੇ ਕੁੱਝ ਦਿਲ ਹੌਲਾ ਕੀਤਾ। ਪਰ ਯਾਰ ਦੀ ਤੜਪ ਨੇ ਮੇਰਾ ਖਹਿੜਾ ਕਦੇ ਨਾ ਛਡਿਆ। ਉਸ ਨਾਲ ਬਿਤਾਈਆਂ ਅਭੁਲ ਯਾਦਾਂ ਅੱਜ ਵੀ ਸੀਨੇ ਵਿੱਚ ਤਾਜ਼ਾ ਜੀਉਂਦੀਆਂ ਹਨ।
ਜ਼ਿੰਦਗੀ ਵਿੱਚ ਕੁੱਝ ਨਿਜੀ ਤੇ ਕੁੱਝ ਘਰੋਗੀ ਹਾਲਾਤ ਐਸੇ ਬਣਦੇ ਗਏ ਕਿ ਮੈਂ ੧੨ ਸਾਲ ਤਕ ਭਾਰਤ ਨਾ ਆ ਸਕਿਆ ਤੇ ਹੁਣ ਆਖ਼ਰਕਾਰ ੯ ਤੇ ੧੦ ਮਾਰਚ ਦੀ ਰਾਤ ਨੂੰ ਕਤਰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਆਪਣੇ ਵੱਡੇ ਵੀਰ ਡਾਕਟਰ ਹਰਭਜਨ ਸਿੰਘ ਸੋਚ ਕੋਲ ਪੁੱਜ ਗਿਆ। ਕੁੱਝ ਦਿਨਾਂ ਤੋਂ ਬਾਅਦ ਮੇਰੀ ਭਤੀਜੀ ਡਾਕਟਰ ਹਰਮੀਨ ਕੌਰ ਸੋਚ ਨੇ ਸਹਿਜ ਸੁਭਾਅ ਮੈਨੂੰ ਪੁਛਿਆ, “ਕੀ ਤੁਸੀਂ ਡਾਕਟਰ ਗੁਰਬਿਲਾਸ ਸਿੰਘ ਪੰਨੂ ਨੂੰ ਜਾਣਦੇ ਹੋ?” ਪਹਿਲਾਂ ਤਾਂ ਮੈਂ ਉਸਦੇ ਸੁਆਲ ਨੂੰ ਅਣਗੌਲਿਆ ਕੀਤਾ ਕਿ ਮੈਂ ਕਿਸੇ ਐਸੇ ਨਾਮ ਤੋਂ ਵਾਕਫ਼ਕਾਰ ਨਹੀਂ ਹਾਂ। ਕੁੱਝ ਦਿਨਾਂ ਬਾਅਦ ਉਸਨੇ ਮੈਨੂੰ ਫੇਰ ਪੁਛਿਆ ਤੇ ਨਾਲ ਇਹ ਵੀ ਦਸਿਆ ਕਿ ਉਹ ਉਸਦਾ ਗੈਸਟਰੋਐਂਟਰਾਲੋਜਿਸਟ ਡਾਕਟਰ ਹੈ ਤੇ ਉਸਨੇ ਉਸ ਕੋਲੋਂ ਮੇਰੇ ਬਾਰੇ ਪੁਛਿਆ ਸੀ ਤੇ ਉਹ ਮੈਨੂੰ ਮਿਲਣਾ ਚਾਹੁੰਦਾ ਹੈ। ਹੁਣ ਮੈਂ ਪੂਰੀ ਤਰ੍ਹਾਂ ਸਮਝ ਚੁਕਾ ਸੀ ਕਿ ਉਹ ਕੌਣ ਹੈ ਤੇ ਉਸਨੂੰ ਮਿਲਣ ਲਈ ਬੇਕਰਾਰ ਹੋ ਗਿਆ ਸੀ। ਆਪਣੀ ਭਤੀਜੀ ਤੋਂ ਡਾਕਟਰ ਪੰਨੂ ਦਾ ਟੈਲੀਫੋਨ ਨੰਬਰ ਲੈ ਕੇ ਉਸਨੂੰ ਫੋਨ ਕੀਤਾ। ਆਪਣਾ ਤਾਅਰੁਫ਼ ਕਰਵਾਇਆ। ਟੈਲੀਫੋਨ ਉਤੇ ਗਲਬਾਤ ਕਰਨ ਨਾਲ ਇੰਝ ਮਹਿਸੂਸ ਹੋਇਆ ਕਿ ਇੱਕ ਦੂਜੇ ਨੂੰ ਮਿਲਣ ਦੀ ਇਹ ਖਿਚ ਦੁਵਲੀ ਸੀ। ਅਗਲੇ ਦਿਨ ਡਾਕਟਰ ਗੁਰਬਿਲਾਸ ਸਿੰਘ ਪੰਨੂ ਮਿਥੇ ਸਮੇਂ ਉਤੇ ਮੈਨੂੰ ਮਿਲਣ ਆ ਗਏ। ਪਹਿਲੀ ਨਜ਼ਰੇ ਜਦ ਮੈਂ ਉਸਦੇ ਨਕਸ਼-ਨੈਣ ਦੇਖੇ, ਉਸਦਾ ਮੁਹਾਂਦਰਾ ਤਕਿਆ, ਉਸਦਾ ਚਿਹਰਾ ਮੁਹਰਾ ਭਾਂਪਿਆ, ਉਸਦਾ ਕਦ-ਕਾਠ, ਉਸਦੀ ਦਸਤਾਰ ਆਦਿ ਡਿਠੀ ਤਾਂ ਇੰਝ ਲਗਾ ਜਿਵੇਂ ਅੱਜ ਮੁੜ ਸ: ਦਿਲਜੀਤ ਸਿੰਘ ਪੰਨੂ ਸਾਖਸ਼ਾਤ ਮੇਰੇ ਸਾਹਵੇਂ ਖੜਾ ਹੈ। ਅਸੀਂ ਰਲ ਕੇ ਬੈਠੇ, ਉਸਦੇ ਪਾਪਾ ਦੀਆਂ ਪੁਰਾਣੀਆਂ ਅਨੇਕਾਂ ਕਹਾਣੀਆਂ ਸਾਂਝੀਆਂ ਕੀਤੀਆਂ, ਉਸਨੇ ਆਪਣੀਆਂ ਗਲਾਂ ਕੀਤੀਆਂ, ਮੈਂ ਆਪਣੀਆਂ ਬਾਤਾਂ ਪਾਈਆਂ, ਗੁਰਬਿਲਾਸ ਆਪਣੇ ਪਾਪਾ ਵਾਂਗ ਖੁਲ੍ਹ ਕੇ ਹਸਿਆ।

ਜਦੋਂ ਉਹ ਹਸਦਾ ਸੀ, ਮੈਨੂੰ ਹੋਰ ਵੀ ਚੰਗਾ ਲਗਦਾ ਸੀ, ਕਿਉਂਕਿ ਮੈਨੂੰ ਉਸ ਵਿਚੋਂ ਉਸਦਾ ਪਾਪਾ ਤੇ ਆਪਣਾ ਪਿਆਰਾ ਤੇ ਗੂੜ੍ਹਾ ਦੋਸਤ ਨਜ਼ਰ ਆਉਂਦਾ ਸੀ। ਮੈਨੂੰ ਇਉਂ ਭਾਸਦਾ ਸੀ ਜਿਵੇਂ ਕਿ ਗੁਰਬਿਲਾਸ ਰਾਹੀਂ ਮੈਨੂੰ ਮੇਰਾ ਗੁਆਚਾ ਦੋਸਤ ਦਿਲਜੀਤ ਸਿੰਘ ਪੰਨੂ ਮੁੜ ਸਬੱਬ ਨਾਲ ਮਿਲ ਪਿਆ ਹੋਵੇ।
ਮੈਨੂੰ ਅੰਮ੍ਰਿਤਸਰ ਵਿੱਚ ਆਪਣੀ ਇਸ ਫੇਰੀ ਦੌਰਾਨ ਡਾਕਟਰ ਗੁਰਬਿਲਾਸ ਸਿੰਘ ਪੰਨੂ, ਜੋ ਫੋਰਟਿਸ ਹਸਪਤਾਲ ਵਿੱਚ ਪੇਟ ਦੇ ਰੋਗਾਂ ਦੇ ਵਿਸ਼ੇਸ਼ ਡਾਕਟਰ (ਗੈਸਟਰੋਐਂਟਾਲੋਜਿਸਟ) ਦੇ ਤੌਰ ਉਤੇ ਕੰਮ ਕਰਦੇ ਹਨ, ਨੂੰ ੪ ਵਾਰੀ ਮਿਲਣ ਦਾ ਖੁਸ਼ਨਸੀਬ ਮੌਕਾ ਮਿਲਿਆ। ਮੈਨੂੰ ਹਰ ਇੱਕ ਮੁਲਾਕਾਤ ਵਿੱਚ ਇੰਞ ਮਹਿਸੂਸ ਹੋਇਆ, ਜਿਵੇਂ ਸ: ਦਿਲਜੀਤ ਸਿੰਘ ਪੰਨੂ ਮੇਰੇ ਸਾਹਵੇਂ ਬੈਠਾ ਹੋਵੇ ਤੇ ਅਸੀਂ ਪਹਿਲਾਂ ਵਾਂਗ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰ ਰਹੇ ਹੋਈਏ। ਕਮਾਲ ਦੀ ਗਲ ਇਹ ਸੀ ਕਿ ਇਨ੍ਹਾਂ ਮਿਲਣੀਆਂ ਦੌਰਾਨ ਮੈਨੂੰ ਆਪਣੀ ਤੇ ਗੁਰਬਿਲਾਸ ਦੀ ਉਮਰ ਵਿੱਚ ਕੋਈ ਫ਼ਰਕ ਨਹੀਂ ਮਹਿਸੂਸ ਹੋਇਆ, ਸਗੋਂ ਉਹ ਉਮਰ ਵਿੱਚ ਛੋਟਾ ਹੋਣ ਦੇ ਬਾਵਜੂਦ ਮੈਨੂੰ ਹਮਉਮਰ ਲਗਾ। ਮੈਂ ਗੁਰਬਿਲਾਸ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਸਨੇ ਮੈਨੂੰ ਆਪਣੇ ਯਾਰ ਦੀ ਅਣਹੋਂਦ ਨੂੰ ਕਾਫ਼ੀ ਹੱਦ ਤਕ ਭੁਲਾ ਦਿਤਾ ਹੈ, ਕਿਉਂਕਿ ਇੱਕ ਚੰਗੇ ਇਤਫ਼ਾਕ ਨਾਲ ਗੁਰਬਿਲਾਸ ਰਾਹੀਂ ਅੱਜ ਮੈਨੂੰ ਮੇਰਾ ਗੁਆਚਾ ਯਾਰ ਮੁੜ ਨਸੀਬ ਹੋ ਗਿਆ ਹੈ।
ਗਲਾਂ ਬਾਤਾਂ ਦੌਰਾਨ ਡਾਕਟਰ ਗੁਰਬਿਲਾਸ ਸਿੰਘ ਪੰਨੂ ਨੇ ਸਾਨੂੰ ਸਾਰਿਆਂ, ਜਿਨ੍ਹਾਂ ਵਿੱਚ ਮੇਰਾ ਵਡਾ ਵੀਰ, ਭਾਬੀ, ਮੇਰੀ ਭੈਣ ਡਾਕਟਰ ਇੰਦੂ ਸਿੰਘ, ਮੇਰੀ ਭਤੀਜੀ ਸ਼ਾਮਲ ਸਨ, ਨੂੰ ਰਾਤ ਦੇ ਖਾਣੇ ਦੀ ਦਾਅਵਤ ਦਿਤੀ। ਅੰਮ੍ਰਿਤਸਰ ਦੇ ਰਣਜੀਤ ਐਵੇਨੀਊ ਵਿੱਚ ਬਰਿਊਮਾਸਟਰ ਨਾਮ ਦੇ ਹਾਈ ਫਾਈ ਰੈਸਟੋਰੈਂਟ ਵਿੱਚ ਅਸੀਂ ਸਾਰੇ ਪਹੁੰਚ ਗਏ। ਗੁਰਬਿਲਾਸ ਨੇ ਉਚੇਚੇ ਤੌਰ ਉਤੇ ਆਪਣੀ ਮਾਤਾ ਦੀਪ ਪੰਨੂ, ਆਪਣੀ ਮਾਸੀ ਤੇ ਕੁੱਝ ਹੋਰ ਰਿਸ਼ਤੇਦਾਰ ਵੀ ਬੁਲਾਏ ਹੋਏ ਸਨ। ਇਸ ਚਾਰ ਮੰਜ਼ਲਾ ਰੈਸਟੋਰੈਂਟ ਵਿੱਚ ਦਾਖ਼ਲ ਹੋਣ ਉਤੇ ਇਹ ਨਹੀਂ ਸੀ ਮਹਿਸੂਸ ਹੋ ਰਿਹਾ ਕਿ ਅਸੀਂ ਅੰਮ੍ਰਿਤਸਰ ਵਿੱਚ ਬੈਠੇ ਹੋਈਏ। ਗੁਰਬਿਲਾਸ ਨੇ ਇਹ ਵੀ ਦਸਿਆ ਕਿ ਉਹ ਰੈਸਟੋਰੈਂਟ ਉਸਦਾ ਆਪਣਾ ਹੈ। ਗੁਰਬਿਲਾਸ ਹੁਰਾਂ ਕਰਕੇ ਬੇਸ਼ੁਮਾਰ ਤਰ੍ਹਾਂ ਤਰ੍ਹਾਂ ਦੇ ਲਜ਼ੀਜ਼ ਖਾਣਿਆਂ ਨੇ ਸਾਡੇ ਟੇਬਲਾਂ ਉਤੇ ਛਾਉਣੀ ਪਾਈ ਹੋਈ ਲਗਦੀ ਸੀ। ਸਾਫ਼ ਸੁਥਰਾ ਖਾਣਾ ਤੇ ਫੇਰ ਉਸਨੂੰ ਸ਼ਾਇਸਤਗੀ ਨਾਲ ਹਰ ਪਲੇਟ ਵਿੱਚ ਪਰੋਸਣ ਲਈ ਬੇਹੱਦ ਤਹਿਜ਼ੀਬ ਯਾਫ਼ਤਾ ਵੇਟਰਾਂ ਦੀ ਫੌਜ ਹਰ ਇੱਕ ਮਹਿਮਾਨ ਦਾ ਇੰਝ ਖਿਆਲ ਕਰ ਰਹੀ ਸੀ, ਜਿਵੇਂ ਅਸੀਂ ਸ਼ਾਹੀ ਘਰਾਣਿਆਂ ਵਿਚੋਂ ਆਏ ਹੋਈਏ।{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.