.


31/08/15)
ਜਗਦੀਪ ਸਿੰਘ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
ਗੁਰਮਤਿ ਵਿੱਦਿਆ ਐਂਡ ਦੁਨੀਆਵੀ ਵਿੱਦਿਆ (ਸਕੂਲ, ਕਾਲਜ ਸਟੱਡੀ) , ਇੰਨਾ ਦੋਵਾਂ ਨੂੰ ਅਲੱਗ ਅਲੱਗ ਲੈ ਕੇ ਚੱਲਣਾ ਚਾਹੀਦਾ ਹੈ ਯਾ ਕੁੱਝ % ਕਰਕੇ ਚੱਲਣਾ ਚਾਹੀਦਾ ਹੈ। ਕਲੀਅਰ ਕੰਸੈਪਟ ਦੱਸੋ ਕਿ ਗੁਰਮਤਿ ਵਿੱਦਿਆ ਦਾ ਸਕੋਪ ਕੀ ਹੈ। ਦੁਨੀਆਵੀ ਵਿੱਦਿਆ ਦਾ ਸਕੋਪ ਸਭ ਜਾਣਦੇ ਹਨ। ਗੁਡ ਜੌਬ, ਗੁਡ ਸੈਲਰੀ, ਐਂਡ ਆਲ ਗੁਰਮਤਿ ਵਿੱਦਿਆ ਬੱਸ ਇਹੀ ਹੈ ਕਿ ਰੋਜ ਦਾ ਨਿੱਤਨੇਮ ਕਰਲਿਆ। ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਦੱਸੇ ਰਾਹ ਤੇ ਤੁਰ ਪੈਣਾ। ਪਲੀਜ਼ % ਦੱਸੋ ਕਿੰਨਾ ਕਿੰਨਾ ਸਾਨੂੰ ਦੋਵਾ ਚੀਜ਼ਾਂ ਨੂੰ ਰੱਖਣਾ ਚਾਹੀਦਾ ਹੈ ਜੋ ਬੰਦਾ 10% ਦੁਨੀਆਵੀ ਸਟੱਡੀ ਕਰੇ ਤੇ 80% ਗੁਰਮਤਿ। ਉਸਨੂੰ ਗੁਰਮਤਿ ਦੇ ਸਿਰ ਤੇ ਜੌਬ ਕਿਵੇਂ ਮਿਲੇਗੀ? ਮੇਰੇ ਕੋਲੋਂ ਇਹ ਸਭ ਸਵਾਲ ਇੱਕ ਮੇਰੇ ਸਟੂਡੈਂਟ ਨੇ ਪੁੱਛੇ ਹਨ। ਕੋਈ ਸੁਝਾਹ ਦਿਓ ਮੈਨੂੰ ਜੋ ਉਸਦੀ ਗੱਲ ਕਲੀਅਰ ਦੱਸ ਸਕਾਂ ਜਵਾਬ ਦੀ ਉਮੀਦ।
ਜਗਦੀਪ ਸਿੰਘ
With regards
Jagdeep Singh
08803805204....j&k
09070233921....j&k
08283881624....punjab
07837654239....punjab

(ਸੰਖੇਪ ਜਵਾਬ ਇਹੀ ਹੈ ਕਿ ਚੰਗੀ ਜੌਬ ਲਈ ਦੁਨਿਆਵੀ ਵਿਦਿਆ ਜ਼ਰੂਰੀ ਹੈ। ਗੁਰਮਤਿ ਵਿਆਕਤੀ ਨੂੰ ਨੇਕ ਇਨਸਾਨ ਬਣਾਉਂਦੀਂ ਹੈ। ਜੇ ਕਰ ਕੋਈ ਵਿਆਕਤੀ ਗੁਰਮਤਿ ਸਿੱਖ ਕੇ ਚੰਗਾ ਇਨਸਾਨ ਨਹੀਂ ਬਣਿਆਂ ਜਾਂ ਬਣਨ ਦੀ ਕੋਸ਼ਿਸ਼ ਨਹੀਂ ਕਰਦਾ ਤਾਂ ਉਹ ਆਪਣਾ ਸਮਾ ਧਰਮ ਦੇ ਕਰਮਕਾਂਡਾਂ ਵਿੱਚ ਬੇਅਰਥ ਗਵਾ ਰਿਹਾ ਹੈ। ਜੇ ਕਰ ਕੋਈ ਹੋਰ ਪਾਠਕ/ਲੇਖਕ ਇਸ ਬਾਰੇ ਵਿਸਥਾਰ ਨਾਲ ਲਿਖ ਸਕਦਾ ਹੋਵੇ ਤਾਂ ਜਰੂਰ ਲਿਖਣ ਦੀ ਕੋਸ਼ਿਸ਼ ਕਰੇ-ਸੰਪਾਦਕ)


31/08/15)
ਗਿਆਨੀ ਜਗਤਾਰ ਸਿੰਘ ਜਾਚਕ

ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਧੀਰਮੱਲੀਏ ਤੇ ਭੂਤਾਂ ਦੇ ਗੁਰੂ (ਬਾਬਾ) ਵਡਭਾਗ ਸਿੰਘ ਦਾ 300ਸਾਲਾ ਜਨਮ ਦਿਹਾੜਾ ਮਨਾਇਆ ਜਾਣਾ ਖ਼ਾਲਸਾ ਪੰਥ ਲਈ ਇੱਕ ਸ਼ਰਮਨਾਕ ਘਟਨਾ ਹੋਵੇਗੀ: ਗਿਆਨੀ ਜਾਚਕ
31 ਅਗਸਤ, () ਸਿੱਖ ਜਗਤ ਵਿੱਚ ਗੁਰਮਤਿ ਵਿਰੋਧੀ ਭੂਤਾਂ ਦੀ ਦੰਭੀ ਖੇਡ ਪ੍ਰਚਾਰਣ ਅਤੇ ਗੁਰਿਆਈ ਪਿੱਛੇ ਬਾਬਾ ਬਕਾਲਾ ਵਿਖੇ ਗੁਰੂ ਤੇਗਬਹਾਦਰ ਸਾਹਿਬ `ਤੇ ਗੋਲੀ ਚਲਵਾਉਣ ਵਾਲੇ ਬਾਬਾ ਧੀਰਮੱਲ ਦੀ ਅਖੌਤੀ ਗੁਰੂ-ਗੱਦੀ ਦੇ ਵਾਰਸ ਬਣ ਕੇ ਗੁਰੂ ਦੰਭ ਚਲਾਉਣ ਵਾਲੇ (ਬਾਬਾ) ਵਡਭਾਗ ਸਿੰਘ ਦਾ 300ਸਾਲਾ ਜਨਮ ਦਿਹਾੜਾ 3 ਸਤੰਬਰ ਵੀਰਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮਨਾਇਆ ਜਾਣਾ ਖ਼ਾਲਸਾ ਪੰਥ ਲਈ ਇੱਕ ਅਤਿਅੰਤ ਸ਼ਰਮਨਾਕ ਘਟਨਾ ਹੋਵੇਗੀ। ਸੰਸਾਰ ਭਰ ਦੀਆਂ ਸਿੱਖ ਸੰਸਥਾਵਾਂ ਦਾ ਫ਼ਰਜ ਬਣਦਾ ਹੈ ਕਿ ਉਪਰੋਕਤ ਕਿਸਮ ਦੇ ਦੁਰਮਤੀ ਸਮਾਗਮ ਨੂੰ ਹਰ ਹੀਲੇ ਰੋਕਣ ਤੇ ਖ਼ਾਲਸਾ ਪੰਥ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਤ ਹੋਣ ਤੋਂ ਬਚਾਉਣ ਦਾ ਉਪਰਾਲਾ ਕਰਨ। ਨਿਊਯਾਰਕ ਤੋਂ ਭੇਜੇ ਇੱਕ ਪ੍ਰੈਸਨੋਟ ਰਾਹੀਂ ਇਹ ਅਪੀਲ ਕੀਤੀ ਹੈ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਸਾਬਕਾ ਗ੍ਰੰਥੀ ਤੇ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ।
ਉਨ੍ਹਾਂ ਦੱਸਿਆ ਕਿ ਵਡਭਾਗ ਸਿੰਘ ਗੁਰੂ-ਦੰਭੀ ਤੇ ਪੰਥ ਵਿਰੋਧੀ ਧੀਰਮਲ ਦੀ ਛੇਵੀਂ ਪੁਸ਼ਤ ਵਿੱਚੋਂ ਸੀ ਅਤੇ ਇਸ ਦਾ ਮੁੱਢਲਾ ਨਾਂ ਵਡਭਾਗ ਰਾਇ ਸੀ। ਇਹ 18 ਭਾਦੋਂ ਸੰਨ 1718 ਨੂੰ ਜੰਮਿਆ ਤੇ 1762 ਨੂੰ ਮਰਿਆ। ਸੰਨ 1750 ਦੇ ਨੇੜੇ ਇਹ ਕਰਤਾਰਪੁਰ (ਜਲੰਧਰ) ਦੇ ਤੁਰਕ ਹਾਕਮਾਂ ਤੋਂ ਡਰਦਾ ਆਪਣੀ ਸਹਾਇਤਾ ਲਈ ਖ਼ਾਲਸਾ ਪੰਥ ਦੀ ਸ਼ਰਣ ਆਇਆ ਤੇ ਅੰਮ੍ਰਿਤ ਛਕ ਕੇ ਵਡਭਾਗ ਸਿੰਘ ਅਖਵਾਇਆ। ਪਰ, ਜਦੋਂ ਖ਼ਤਰਾ ਟਲਿਆ ਤਾਂ ਅੰਮ੍ਰਿਤ ਭੰਗ ਕਰਕੇ ਆਪਣੀ ਪਹਿਲੀ ਚਾਲੇ ਭੂਤ ਕੱਢਣ ਲਈ ਡੋਲੀਆਂ ਖਿਡਾਉਣ ਲੱਗ ਪਿਆ। ਅਜਿਹਾ ਹੋਣ `ਤੇ ‘ਦਲ ਖਾਲਸਾ’ ਨੇ ਇਸ ਨੂੰ ਸੋਧਣ ਲਈ ਸ੍ਰੀ ਅੰਮ੍ਰਿਤਸਰ ਤੋਂ ਚੜਾਈ ਕਰ ਦਿੱਤੀ ਤਾਂ ਇਹ ਆਪਣੀ ਜਾਨ ਬਚਾਉਣ ਲਈ ਹਿਮਾਚਲੀ ਪਹਾੜਾਂ ਵਿੱਚ ਜਾ ਲੁਕਿਆ। ਸਮਾਂ ਪਾ ਕੇ ਉਥੇ ਧੀਰਮਲ ਦੀ ਅਖੌਤੀ ਗੁਰਗੱਦੀ ਸਥਾਪਤ ਕਰਕੇ ਭੂਤ ਕਢਣ ਲਈ ਡੇਰਾ ਬਣਾਇਆ। ਜਿਸ ਨੂੰ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ਼ਤਿਹਾਰ ਵਿੱਚ ‘ਗੁਰਦੁਆਰਾ ਮੰਜੀ ਸਾਹਿਬ’ ਲਿਖ ਕੇ ਅਖੌਤੀ ਭੂਤਾਂ ਦੇ ਧੀਰਮੱਲੀਏ ਗੁਰੂ ਨੂੰ ਗੁਰੂ ਨਾਨਕ ਜੋਤਿ ਦਸ ਗੁਰੂ ਸਾਹਿਬਾਨ ਤੁੱਲ ਗੁਰੂ ਪ੍ਰਵਾਨ ਕਰਣ ਦੀ ਹੀ ਕੇਵਲ ਗਲ਼ਤੀ ਨਹੀਂ ਕਰ ਰਹੀ; ਸਗੋਂ ਗੁਰਦੁਆਰੇ ਵਿੱਚ ਉਹਦੇ ਜਨਮ ਦੀ ਤੀਜੀ ਸ਼ਤਾਬਦੀ ਮਨਾ ਕੇ ਭੂਤ-ਪ੍ਰੇਤਾਂ ਦੀ ਭਰਮਨੀਕ ਹੋਂਦ ਨੂੰ ਸਿਧਾਂਤਕ ਤੌਰ `ਤੇ ਪ੍ਰਵਾਨ ਕਰਨ ਦਾ ਵੱਡਾ ਗੁਨਾਹ ਵੀ ਕਰ ਰਹੀ ਹੈ। ਇਹ ਕਹਿਣਾ ਵੀ ਗਲ਼ਤ ਨਹੀਂ ਹੋਵੇਗਾ ਕਿ ਪੰਥ ਵਿਰੋਧੀ ਧੀਰਮੱਲੀਏ ਦੇ ਜਨਮ ਉਤਸ਼ਵ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸ਼ਵ ਨਾਲ ਰਲਗਢ ਕਰਕੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਖੜਾ ਕਰਨ ਦੀ ਬੱਜਰ ਕੁਤਾਹੀ ਵੀ ਕਰ ਰਹੀ ਹੈ।
ਅੰਤ ਵਿੱਚ ਗਿਆਨੀ ਜੀ ਸਪਸ਼ਟ ਕੀਤਾ ਕਿ ਛਪੇ ਇਸ਼ਤਿਹਾਰ ਮੁਤਾਬਿਕ ਬੰਗਲਾ ਸਾਹਿਬ ਵਿਖੇ ਹੋਣ ਵਾਲੇ ਉਪਰੋਕਤ ਦੁਰਮਤੀ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਮਹਿਤੇ ਡੇਰੇ ਦੀ ਟਕਸਾਲ ਦੇ ਮੁਖੀ (ਬਾਬਾ) ਹਰਨਾਮ ਸਿੰਘ ਧੁੰਮਾਂ ਭਾਵੇਂ ਵਿਸ਼ੇਸ਼ ਤੌਰ `ਤੇ ਹਾਜ਼ਰੀ ਭਰ ਰਹੇ ਹਨ। ਪਰ, ਖ਼ਾਲਸਾ ਪੰਥ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ‘ਸਿੱਖ ਰਹਿਤ ਮਰਯਾਦਾ’ ਵਿੱਚ ਪੰਥ ਵਿਰੋਧੀ ਮੀਣੇ (ਪ੍ਰਿਥੀਚੰਦ ਦੀ ਉਲਾਦ), ਮਸੰਦਾਂ, ਧੀਰਮੱਲੀਆਂ ਤੇ ਰਾਮਰਾਈਆਂ ਨਾਲ ਨਾ ਵਰਤਣ ਦਾ ਆਦੇਸ਼ ਦਿੰਦੀ ਧਾਰਾ ਕਾਇਮ ਹੈ। ਤਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਵੀ ਕਿਸੇ ਗੁਰਦੁਆਰੇ ਵਿੱਚ ਧੀਰਮੱਲੀਏ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੀ ਆਗਿਆ ਨਹੀਂ ਦੇ ਸਕਦਾ। ਆਸ ਹੈ ਕਿ ਉਪਰੋਕਤ ਸੱਜਣ ਦਿੱਲੀ ਤੇ ਪੰਜਾਬ ਵਿੱਚਲੀਆਂ ਧੀਰਮੱਲੀਆਂ ਦੀਆਂ ਕੁੱਝ ਵੋਟਾਂ ਬਟੋਰਨ ਵਾਲੀ ਰਾਜਨੀਤਕ ਚਾਲ ਨੂੰ ਸਮਝਣਗੇ ਅਤੇ ਅਜਿਹੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਗਲ਼ਤੀ ਨਹੀਂ ਕਰਨਗੇ।
ਗੁਰੂ ਅਤੇ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ ਫੋਨ 1-631-592-4335


31/08/15)
ਭਾਈ ਸੰਦੀਪ ਸਿੰਘ ਖਾਲੜਾ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਲਗਾਏ ਗਏ ੧੫ ਰੋਜਾ ਗੁਰਮਤਿ ਕੈਂਪ ਦੀ ਸਮਾਪਤੀ।
ਫਰੈਂਕਫੋਰਟ ੨੪ ਅਗਸਤ ਗੁਰਦੁਅਰਾ ਸਿੱਖ ਸੈਂਟਰ ਫਰੈਂਕਫੋਰਟ (ਜਰਮਨੀ) ਵਿਖੇ ਬੱਚਿਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਦੋ ਹਫਤੇ ਪਹਿਲਾਂ ਆਰੰਭੇ ਗਏ ਗੁਰਮਤਿ ਟ੍ਰੇੰਿਨਗ ਕੈਂਪ ਅਗਸਤ-੨੦੧੫ ਦੀ ਐਤਵਾਰ ਹਫਤਾਵਾਰੀ ਗੁਰਮਤਿ ਸਮਾਗਮ ਦੌਰਾਨ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਕੇ ਸਮਾਪਤੀ ਕੀਤੀ ਗਈ। ਇਸ ਗੁਰਮਤਿ ਕੈਂਪ ਵਿੱਚ ਬੱਚੇ, ਬੱਚੀਆਂ, ਨੌਜੁਅਨਾਂ ਅਤੇ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਗੁਰਮਤਿ ਕੈਂਪ ਵਿੱਚ ਭਾਈ ਸੁਖਵਿੰਦਰ ਸਿੰਘ ਖਾਲਸਾ ਇਟਲੀ ਬਾਬਾ ਜਰਨੈਲ ਸਿੰਘ ਖਾਲਸਾਭਿੰਡਰਾਂ ਵਾਲੇ ਗਤਕਾ ਅਕੈਡਮੀ ਨੇ ਜਿਥੇ ਬੱਚਿਆਂ ਨੂੰ ਸੰਗੀਤ ਅਤੇ ਗਤਕੇ ਦੀ ਸਿਖਲਾਈ ਦਿਤੀ ਉਥੇ, ਭਾਈ ਸੰਦੀਪ ਸਿੰਘ ਖਾਲੜਾ ਨੇ ਜਪੁਜੀ ਸਾਹਿਬ ਗੁਰਬਾਣੀ ਅਤੇ ਇਤਿਹਾਸ ਦੀਆਂ ਕਲਾਸਾਂ ਲਗਾ ਕੇ ਵਿਧਿਆਰਥੀਆਂ ਨੂੰ ਗੁਰਮਤਿ ਦਾ ਗਿਆਨ ਦਿਤਾ। ਸ਼ਨੀਵਾਰ ਵਾਲੇ ਦਿਨ ਬੱਚਿਆਂ ਦੇ ਵੱਖ ਵੱਖ ਗਰੁੱਪ ਬਣਾ ਕੇ ਉਹਨਾਂ ਦੇ ਸਵਾਲ ਜੁਆਬ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੱਚਿਆਂ ਨੂੰ ਪੁੱਛੇ ਗਏ ਸੁਆਲਾਂ ਦੇ ਜੁਆਬ ਉਹਨਾਂ ਨੇ ਬੜੇ ਹੀ ਵਧੀਆਂ ਢੰਗ ਨਾਲ ਦਿਤੇ। ਐਤਵਾਰ ਦੇ ਦੀਵਾਨ ਵਿੱਚ ਪਹਿਲਾਂ ਭਾਈ ਅਮਰੀਕ ਸਿੰਘ ਜੀ ਕਠਿਆਲੀ ਨੇ ਰੱਬੀ ਬਾਣੀ ਦਾ ਕੀਰਤਨ ਕੀਤਾ ਉਪਰੰਤ ਜਿਥੇ ਬੱਚਿਆਂ ਨੇ ਕੀਰਤਨ ਦੀ ਹਾਜਰੀ ਲਵਾਈ ਉਥੇ ਕੈਂਪ ਦੌਰਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਵੱਲੋਂ ਤਿਆਰ ਕਰਵਾਏ ਗਏ ਧਾਰਮਿਕ ਗੀਤਾਂ ਦੀ ਸਾਰੇ ਹੀ ਬੱਚਿਆਂ ਨੇ ਬਾਖੂਬੀ ਪੇਸ਼ਕਾਰੀ ਕੀਤੀ। ਇਸ ਮੌਕੇ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਭਾਈ ਅਮਰੀਕ ਸਿੰਘ ਕਠਿਆਲੀ, ਭਾਈ ਸੰਦੀਪ ਸਿੰਘ ਖਾਲੜਾ, ਅਤੇ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਸ਼ੀਲਡਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਕੈਂਪ ਵਿੱਚ ਸਮੂੰਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਵਿਸ਼ੇਸ਼ ਸਹਿਯੋਗ ਦਿਤਾ ਕੈਂਪ ਦੌਰਾਨ ਸ੍ਰ: ਗੁਰਚਰਨ ਸਿੰਘ ਗੁਰਾਇਆਂ ਅਤੇ ਬੀਬੀ ਮਨਿੰਦਰ ਕੌਰ ਔਫਨਬਾਗ ਨੇ ਜਿਥੇ ਗੁਰਮਤਿ ਕਲਾਸਾਂ ਦੀ ਦੇਖਭਾਲ ਕੀਤੀ ਉਥੇ ਬੱਚਿਆਂ ਨੂੰ ਗੁਰਮਤਿ ਦੀ ਜਾਣਕਾਰੀ ਵੀ ਦਿਤੀ। ਇਸ ਮੌਕੇ ਮੀਤ ਪ੍ਰਧਾਨ ਸ੍ਰ: ਕਮਲਜੀਤ ਸਿੰਘ ਰਾਇ ਨੇ ਕੈਂਪ ਵਿੱਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਕਮੇਟੀ ਵੱਲੋਂ ਧੰਨਵਾਦ ਕੀਤਾ।


31/08/15)
ਜਸਵੰਤ ਸਿੰਘ ‘ਅਜੀਤ’

ਸਿੱਖ-ਵਿਰੋਧੀ ਸ਼ਕਤੀਆਂ ਦੀ ਸਾਜ਼ਿਸ਼ ਬਨਾਮ ਸਿੱਖ ਆਗੂ
ਇਸ ਵਿੱਚ ਕੋਈ ਸ਼ਕ ਨਹੀਂ ਕਿ ਬੀਤੇ ਕਾਫੀ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਅਤੇ ਉਸਦੇ ਸਹਿਯੋਗੀ, ਸੰਘ ਪਰਿਵਾਰ ਦੀਆਂ ਆਰ ਐਸ ਐਸ ਵਰਗੀਆਂ ਕਈ ਜਥੇਬੰਦੀਆਂ ਇੱਕ ਸੋਚੀ-ਸਮਝੀ ਅਤੇ ਗਿਣੀ-ਮਿਥੀ ਸਾਜ਼ਸ਼ ਅਧੀਨ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਪੁਰ ਸਵਾਲੀਆ ਨਿਸ਼ਾਨ ਲਾ, ਉਨ੍ਹਾਂ ਨੂੰ ਖਤਮ ਕਰਨ ਲਈ ਬਹੁਤ ਹੀ ਸਰਗਰਮੀ ਨਾਲ ਜੁਟੀਆਂ ਚਲੀਆਂ ਆ ਰਹੀਆਂ ਹਨ। ਪ੍ਰੰਤੂ ਕੀ ਇਹ ਵੀ ਸੱਚ ਨਹੀਂ, ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਅਤੇ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਦੀ ਰਾਖੇ ਹੋਣ ਦੀਆਂ ਦਾਅਵੇਦਾਰ ਸਿੱਖ ਜਥੇਬੰਦੀਆਂ ਦੇ ਆਗੂ, ਸਿੱਖ-ਵਿਰੋਧੀ ਸ਼ਕਤੀਆਂ ਦੀ ਇਸ ਸਾਜ਼ਸ਼ ਨੂੰ ਅਸਫਲ ਬਣਾਉਣ ਲਈ ਕੋਈ ਠੋਸ ਰਣਨੀਤੀ ਅਪਨਾ, ਉਸ ਪੁਰ ਅਮਲ ਕਰਨ ਦੀ ਬਜਾਏ, ਇਕ-ਦੂਜੇ ਨੂੰ ਹੀ ਨੀਵਾਂ ਵਿਖਾਉਣ ਲਈ ਆਪੋ ਵਿੱਚ ਹੀ ਖਹਿਬੜਨ ਲਗੇ ਚਲੇ ਆ ਰਹੇ ਹਨ।
ਇਨ੍ਹਾਂ ਅਗੂਆਂ ਵਿਚੋਂ ਸ਼ਾਇਦ ਕੋਈ ਵੀ ਇਸ ਗਲ ਨੂੰ ਸਮਝਣ ਲਈ ਤਿਆਰ ਨਹੀਂ, ਕਿ ਜੇ ਉਨ੍ਹਾਂ ਆਪਣੀ ਸ਼ਕਤੀ ਇਕ-ਦੂਜੇ ਨੂੰ ਨੀਵਾਂ ਵਿਖਾਣ ਅਤੇ ਇਕ-ਦੂਜੇ ਲਾਹ-ਪਾਹ ਕਰਨ ਵਿੱਚ ਹੀ ਬਰਬਾਦ ਕਰਨੀ ਜਾਰੀ ਰਖੀ ਤਾਂ ਸਿੱਖ-ਵਿਰੋਧੀ ਸ਼ਕਤੀਆਂ ਦੀਆਂ ਸਾਜ਼ਸ਼ਾਂ ਅਸਫਲ ਹੋਣ ਦੀ ਬਜਾਏ, ਲਗਾਤਾਰ ਵਧਦੀਆਂ ਅਤੇ ਸਫਲ ਹੁੰਦੀਆਂ ਜਾਣਗੀਆਂ, ਕਿਉਂਕਿ ਸਿੱਖ ਆਗੂਆਂ ਦੇ ਆਪੋ-ਵਿਚ ਹੀ ਲਾਹ-ਪਾਹ ਵਿੱਚ ਰੁਝੇ ਰਹਿਣ ਕਾਰਣ ਹੀ ਉਨ੍ਹਾਂ ਨੂੰ ਆਪਣੀਆਂ ਸਿੱਖ-ਵਿਰੋਧੀ ਸਰਗਰਮੀਆਂ ਜਾਰੀ ਰਖਣ ਲਈ ਖੁਲ੍ਹਾ ਮੈਦਾਨ ਮਿਲ ਰਿਹਾ ਹੈ। ਇਸਦੇ ਨਾਲ ਹੀ ਦੂਜੇ ਪਾਸੇ ਆਮ ਸਿੱਖਾਂ, ਵਿਸ਼ੇਸ਼ ਕਰਕੇ ਸਿੱਖ ਨੌਜਵਾਨਾਂ ਵਿੱਚ ਇਹ ਸੁਨੇਹਾ ਵੀ ਜਾ ਰਿਹਾ ਹੈ, ਕਿ ਜੇ ਸਿੱਖ ਜਥੇਬੰਦੀਆ ਤੇ ਉਨ੍ਹਾਂ ਦੇ ਆਗੂ ਹੀ ਸਿੱਖਾਂ ਦੀ ਅੱਡਰੀ ਪਛਾਣ ਅਤੇ ਸਿੱਖੀ ਦੀ ਸੁਤੰਤਰ ਹੋਂਦ ਕਾਇਮ ਰਖਣ ਪ੍ਰਤੀ ਇਕ-ਮਤ ਅਤੇ ਇਮਾਨਦਾਰ ਨਹੀਂ ਹਨ, ਤਾਂ ਉਹ ਕਿਸ ਵਲ ਵੇਖਣ ਅਤੇ ਕਿਸ ਪਾਸੋਂ ਸੇਧ ਲੈਣ? ਇਹ ਸੁਨੇਹਾ ਜਾਣਾ ਸਿੱਖੀ ਲਈ ਬਹੁਤ ਹੀ ਘਾਤਕ ਸਾਬਤ ਹੋਵੇਗਾ।
ਸਿੱਖ ਦੀ ਪ੍ਰੀਭਾਸ਼ਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ‘ਸਿੱਖ ਰਹਿਤ ਮਰਯਾਦਾ’ ਅਨੁਸਾਰ ‘ਜੋ ਇਸਤਰੀ ਜਾਂ ਪੁਰਸ਼, ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ’!
ਇਸ ਪ੍ਰੀਭਾਸ਼ਾ ਵਿੱਚ ਇੱਕ ਗਲ ਬਹੁਤ ਹੀ ਧਿਆਨ ਮੰਗਦੀ ਹੈ, ਉਹ ਇਹ ਕਿ ‘ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ’। ਇਸਤੋਂ ਆਮ ਕਰਕੇ ਇਹੀ ਭਾਵ ਲਿਆ ਜਾਂਦਾ ਹੈ, ਕਿ ਸਿੱਖ ਹੋਣ ਲਈ ਬਾਕੀ ਸ਼ਰਤਾਂ ਪੂਰਿਆਂ ਕਰਨ ਦੇ ਨਾਲ ਹੀ ‘ਅੰਮ੍ਰਿਤ ਛਕਣ’ ਦੀ ਸ਼ਰਤ ਨੂੰ ਵੀ ਪੂਰਿਆਂ ਕਰਨਾ ਬਹੁਤ ਜ਼ਰੂਰੀ ਹੈ, ਅਰਥਾਤ ਜੋ ਵਿਅਕਤੀ ਅੰਮ੍ਰਿਤ ਨਹੀਂ ਛਕਦਾ, ਉਹ ਸਿੱਖ ਨਹੀਂ ਅਖਵਾ ਸਕਦਾ।
ਜੇ ਇਸ ਗਲ ਨੂੰ ਸਹੀ ਮੰਨ ਲਿਆ ਜਾਏ ਤਾਂ ਅੱਸੀ ਪ੍ਰਤੀਸ਼ਤ ਸਿੱਖ ਨੌਜਵਨਾਂ ਦੇ ਪੱਤਤ ਹੋਣ ਦਾ ਜੋ ਵਾ-ਵੇਲਾ ਮਚਾਇਆ ਜਾ ਰਿਹਾ ਹੈ, ਉਹ ਗ਼ਲਤ ਸਾਬਤ ਹੋ ਜਾਂਦਾ ਹੈ, ਕਿਉਂਕਿ ਪੱਤਤ ਉਸੇ ਨੂੰ ਕਿਹਾ ਜਾ ਸਕਦਾ ਹੈ, ਜੋ ਸਿੱਖ ਹੋ ਕੇ ਕੇਸਾਂ ਦੀ ਬੇਅਦਬੀ ਕਰੇ। ਜੋ ਉਪ੍ਰੋਕਤ ‘ਰਹਿਤ ਮਰਯਾਦਾ’ ਅਨੁਸਾਰ, ਅੰਮ੍ਰਿਤ ਛੱਕ, ਅਜੇ ਸਿੱਖ ਬਣਿਆ ਹੀ ਨਹੀਂ, ਉਹ ਜੇ ਕੇਸਾਂ ਦੀ ਬੇਅਦਬੀ ਕਰਦਾ ਹੈ, ਤਾਂ ਉਸਨੂੰ ਪੱਤਤ ਕਿਵੇਂ ਕਿਹਾ ਜਾ ਸਕਦਾ ਹੈ?
ਗਲ ਅੰਮ੍ਰਿਤਧਾਰੀਆਂ ਦੀ: ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਸਮੇਤ ਹੋਰ ਧਾਰਮਕ ਸਿੱਖ ਜਥੇਬੰਦੀਆਂ ਦੇ ਮੁੱਖੀ ਸੀਨੇ ਤੇ ਹਥ ਰਖ, ਗੁਰੂ ਸਾਹਿਬਾਨ ਨੂੰ ਹਾਜ਼ਰ-ਨਾਜ਼ਰ ਜਾਣ, ਇਹ ਦਾਅਵਾ ਕਰਨ ਦੀ ਦਲੇਰੀ ਕਰ ਸਕਦੇ ਹਨ ਕਿ ਉਨ੍ਹਾਂ ਨਾਲ ਜੋ ਮੈਂਬਰ ਹਨ, ਉਹ ਸਾਰੇ ਅੰਮ੍ਰਿਤਧਾਰੀ ਹੋਣ ਦੇ ਨਾਲ ਰਹਿਤ ਮਰਿਅਦਾ ਅਨੁਸਾਰ ਸਿੱਖ ਹੋਣ ਦੀ ਕਸੌਟੀ ਪੁਰ ਵੀ ਪੂਰੇ ਉਤਰਦੇ ਹਨ ਅਤੇ ਉਨ੍ਹਾਂ ਵਿਚੋਂ ਕੋਈ ਵੀ ਅਜਿਹਾ ਨਹੀਂ, ਜੋ ਸ਼ਰਾਬ ਪੀਂਦਾ, ਕੁਕਰਮ ਅਤੇ ਭਰਿਸ਼ਟਾਚਾਰ ਕਰਦਾ ਜਾਂ ਗੁਰੂ ਗੋਲਕ ਲੁਟਦਾ ਹੋਵੇ? ਜੇ ਇਨ੍ਹਾਂ ਪੰਥਕ ਆਗੂਆਂ ਵਿਚੋਂ ਕੋਈ ਵੀ ਇਹ ਦਾਅਵਾ ਕਰਨ ਦੀ ਦਲੇਰੀ ਕਰਨ ਦੇ ਸਮਰਥ ਨਹੀਂ ਤਾਂ ਫਿਰ ਕੀ ਗੁਰਧਾਮਾਂ ਦੇ ਇਹ ਮੈਂਬਰ, ਸਿੱਖ ਅਖਵਾਉਣ ਦਾ ਦਾਅਵਾ ਕਰਨ ਦੇ ਅਧਿਕਾਰੀ ਹੋ ਸਕਦੇ ਹਨ? ਜੇ ਨਹੀਂ! ਤਾਂ ਫਿਰ ਇਹ ਦਲੇਰੀ ਕਿਸੇ ਆਗੂ ਵਿੱਚ ਹੈ ਕਿ ਜੋ ਇਨ੍ਹਾਂ ਦੇ ਸਿੱਖ ਹੋਣ ਨੂੰ ਚੁਨੋਤੀ ਦੇ ਸਕੇ? ਕੇਵਲ ਇਸ ਕਰਕੇ ਕੋਈ ਚੁਨੌਤੀ ਦੇਣ ਲਈ ਤਿਆਰ ਨਹੀਂ, ਕਿਉਂਕਿ ਅਜ ਸਿੱਖੀ ਦੀ ਗਲ ਧਰਮ ਦੀ ਨਾ ਰਹਿ ਕੇ, ਰਾਜਨੀਤੀ ਅਤੇ ਵੋਟਾਂ ਦੀ ਬਣ ਗਈ ਹੋਈ ਹੈ।
ਪੰਥ ਨੂੰ ਉੱਚਿਆਂ ਲਿਜਾਣ ਦਾ ਸੰਕਲਪ: ਗੁਰੂ ਸਾਹਿਬਾਨ ਨੇ ਆਪਣੇ ਜੀਵਨ, ਸਿਖਿਆਵਾਂ, ਕਾਰਜਾਂ ਅਤੇ ਸ਼ਹੀਦੀਆਂ ਰਾਹੀਂ ਸਿੱਖਾਂ ਦੀ ਇੱਕ ਅਦੁਤੀ ਪਛਾਣ ਕਾਇਮ ਕੀਤੀ ਹੈ, ਅਤੇ ਉਨ੍ਹਾਂ ਤੋਂ ਬਾਅਦ ਸਿੱਖ ਯੋਧਿਆਂ ਨੇ ਆਪਣੀ ਜਨ-ਸੇਵਾ, ਗ਼ਰੀਬਾਂ-ਮਜ਼ਲੂਮਾਂ, ਬੇਗੁਨਾਹਵਾਂ ਅਤੇ ਬੇਸਹਾਰਿਆਂ ਦੀ ਰਖਿਆ ਅਤੇ ਜਬਰ-ਜ਼ੁਲਮ ਦਾ ਵਿਰੋਧ ਕਰਦਿਆਂ ਆਪਣੀਆਂ ਸ਼ਹਾਦਤਾਂ ਦੇ ਕੇ, ਉਸ ਪਛਾਣ ਅਤੇ ਆਪਣੇ ਪ੍ਰਤੀ ਵਿਸ਼ਵਾਸ ਨੂੰ ਬਣਾਈ ਰਖਿਆ। ਇਸੇ ਪਛਾਣ ਅਤੇ ਵਿਸ਼ਵਾਸ ਦਾ ਹੀ ਨਤੀਜਾ ਸੀ ਕਿ ਅੰਗ੍ਰੇਜ਼ੀ ਸੱਤਾ-ਕਾਲ ਦੀਆਂ ਅਰੰਭਕ ਅਦਾਲਤਾਂ ਦੇ ਜੱਜ ਕੇਵਲ ਇੱਕ ਸਿੱਖ ਦੀ ਗੁਆਹੀ ਦੇ ਅਧਾਰ ਤੇ ਹੀ ਆਪਣਾ ਫੈਸਲਾ ਦੇ ਦਿਆ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ, ਸਿੱਖ ਕਦੀ ਵੀ ਝੂਠ ਨਹੀਂ ਬੋਲ ਸਕਦਾ। ਇਸੇ ਤਰ੍ਹਾਂ ਸਫਰ ਤੇ ਨਿਕਲੇ ਲੋਕਾਂ ਦੇ ਕਾਫਿਲੇ ਨਾਲ ਜੇ ਕੋਈ ਸਿੱਖ ਹੁੰਦਾ ਤਾਂ ਉਹ ਨਿਸ਼ਚਿੰਤ ਹੋ ਕੇ ਸਫਰ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਜਦੋਂ ਤਕ ਸਿੱਖ ਉਨ੍ਹਾਂ ਦੇ ਕਾਫਿਲੇ ਨਾਲ ਹੈ, ਤਦ ਤਕ ਉਹ ਪੂਰੀ ਤਰ੍ਹਾਂ ਸੁਰਖਿਅਤ ਹਨ। ਇਹੀ ਵਿਸ਼ਵਾਸ ਸੀ ਕਿ ਜਦੋਂ ਕਿਸੇ ਨੇ ਆਪਣੀ ਧੀ-ਭੈਣ ਨੂੰ ਇਕਲਿਆਂ ਹੀ ਕਿਧਰੇ ਭੇਜਣਾ ਹੁੰਦਾ, ਤਾਂ ਉਹ ਉਸਨੂੰ ਗੱਡੀ ਵਿੱਚ ਬਿਠਾਣ ਤੋਂ ਪਹਿਲਾਂ, ਇਹ ਵੇਖਦਾ ਕਿ ਜਿਸ ਡੱਬੇ ਵਿੱਚ ਉਹ ਉਸਨੂੰ ਬਿਠਾ ਰਿਹਾ ਹੈ, ਉਸ ਵਿੱਚ ਕੋਈ ਸਿੱਖ ਬੈਠਾ ਹੈ ਜਾਂ ਨਹੀਂ? ਕਿਉਂਕਿ ਉਹ ਸਮਝਦਾ ਸੀ ਕਿ ਜਿਸ ਡੱਬੇ ਵਿੱਚ ਇੱਕ ਵੀ ਸਿੱਖ ਬੈਠਾ ਹੈ, ਉਸ ਡੱਬੇ ਵਿੱਚ ਬੈਠੀ ਹਰ ਔਰਤ ਹੀ ਨਹੀਂ, ਸਗੋਂ ਹਰ ਸਵਾਰੀ ਵੀ ਪੂਰੀ ਤਰ੍ਹਾਂ ਸੁਰਖਿਅਤ ਹੈ। ਸਿੱਖ ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ, ਜੋ ਇਹ ਸਾਬਤ ਕਰਦੀਆਂ ਹਨ ਕਿ ਦੇਸ਼ ਦੀ ਇਜ਼ਤ-ਆਬਰੂ ਅਤੇ ਸਨਮਾਨ ਨੂੰ ਬਚਾਣ ਲਈ ਸਿੱਖ ਆਪਣੀਆਂ ਜਾਨਾਂ ਤਕ ਕੁਰਬਾਨ ਕਰ ਦਿਆ ਕਰਦੇ ਸਨ, ਕਿਉਂਕਿ ਗੁਰੂ ਸਾਹਿਬਾਨ ਨੇ ਉਨ੍ਹਾਂ ਨੂੰ ਸਿਖਿਆ ਰੂਪੀ ਜੋ ਗੁੜ੍ਹਤੀ ਦਿਤੀ ਸੀ, ਉਹ ਉਨ੍ਹਾਂ ਨੂੰ ਧੀਆਂ-ਭੈਣਾਂ, ਗ਼ਰੀਬਾਂ-ਮਜ਼ਲੂਮਾਂ, ਬੇਸਹਾਰਿਆਂ ਅਤੇ ਬੇਗੁਨਾਹਵਾਂ ਨੂੰ ਜ਼ਬਰ-ਜ਼ੁਲਮ ਤੋਂ ਬਚਾਣ ਲਈ ਜਾਨਾਂ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦੀ ਹੈ।
ਸੁਆਲ ਉਠਦਾ ਹੈ ਕਿ ਕੀ ਅਜ ਦੇ ਸਿੱਖ-ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਕਸੌਟੀ ਤੇ ਪੂਰਿਆਂ ਉਤਰਦੇ ਹਨ, ਜਿਸਤੇ ਪਰਖਦਿਆਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਪੰਥ ਨੂੰ ਉਚੇਰਿਆਂ ਲੈ ਜਾਣਾ ਹੈ।
ਗਲ ਸਰਬਤ ਖਾਲਸਾ ਦੀ: ਸਿਖ ਇਤਿਹਾਸ ਗੁਆਹ ਹੈ ਕਿ ‘ਸਰਬਤ ਖਾਲਸਾ’ ਵਲੋਂ ਲਏ ਗਏ ਫੈਸਲਿਆਂ ਨੂੰ ਸਮੁਚੇ ਪੰਥ ਵਲੋਂ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਕੀਤਾ ਜਾਂਦਾ ਸੀ। ਇਸਦਾ ਕਾਰਣ ਇਹ ਸੀ ਕਿ ਮਹਤਵਪੂਰਣ ਪੰਥਕ ਮਸਲਿਆਂ ਪੁਰ ਵਿਚਾਰ ਕਰਨ ਲਈ ਜੋ ‘ਸਰਬਤ ਖਾਲਸਾ’ ਸਦਿਆ ਜਾਇਆ ਕਰਦਾ ਸੀ। ਉਸ ਵਿੱਚ ਸਾਰੀਆਂ ਧਿਰਾਂ ਸ਼ਾਮਲ ਹੁੰਦੀਆਂ। ਹਰ ਧਿਰ ਨੂੰ ਵਿਚਾਰ-ਅਧੀਨ ਮੁਦਿਆਂ ਪੁਰ ਖੁਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿਤਾ ਜਾਂਦਾ। ਵਿਰੋਧੀ ਵਿਚਾਰਾਂ ਨੂੰ ਹਰ ਧਿਰ ਬੜੇ ਹੀ ਠਰ੍ਹਮੇਂ ਦੇ ਨਾਲ ਸੁਣਦੀ ਅਤੇ ਮੌਕਾ ਮਿਲਣ ਤੇ ਉਹ ਉਨ੍ਹਾਂ ਦੀ ਰੋਸ਼ਨੀ ਵਿੱਚ ਆਪਣਾ ਪੱਖ ਪੇਸ਼ ਕਰਦੀ। ਅੰਤਿਮ ਫੈਸਲਾ ਸਰਬ-ਸੰਮਤੀ ਨਾਲ ਲਿਆ ਜਾਂਦਾ। ਜੋ ਫੈਸਲਾ ਅੰਤਿਮ ਰੂਪ ਵਿੱਚ ਲੈ ਲਿਆ ਜਾਂਦਾ, ਉਸਨੂੰ ਸਾਰੀਆਂ ਧਿਰਾਂ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਕਰ ਲੈਂਦੀਆਂ।
ਸਿਖ ਵਿਦਵਾਨਾਂ ਦੇ ਇੱਕ ਵਰਗ ਦਾ ਮੰਨਣਾ ਹੈ ਕਿ ਸਿਖ ਇਤਿਹਾਸ ਅਨੁਸਾਰ ਜਿਉਂ-ਜਿਉਂ ਸਿੱਖ ਮਿਸਲਾਂ ਦੀ ਹੋਂਦ ਖਤਮ ਹੁੰਦੀ ਗਈ, ਉਸਦੇ ਨਾਲ ਹੀ ‘ਸਰਬਤ ਖਾਲਸਾ’ ਦੀ ਸਾਰਥਕਤਾ ਵੀ ਖਤਮ ਹੁੰਦੀ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਰਾਜ ਦਾ ਵਿਸਥਾਰ ਹੋਣ ਦੇ ਨਾਲ ਹੀ ਸਰਬਤ ਖਾਲਸਾ ਦਾ ਉਦੇਸ਼ ਵੀ ਲਗਭਗ ਖਤਮ ਹੋ ਕੇ ਰਹਿ ਗਿਆ। ਉਸਤੋਂ ਬਾਅਦ ਜੋ ਵੀ ਸਰਬਤ ਖਾਲਸਾ ਦੇ ਨਾਂ ਤੇ ਇਕਠ ਕੀਤੇ ਜਾਂਦੇ ਚਲੇ ਆ ਰਹੇ ਹਨ, ਉਨ੍ਹਾਂ ਵਿੱਚ ਇਕੋ ਧਿਰ ਦੇ ਬੰਦੇ ਇਕਠੇ ਹੋ ਕੇ ਆਯੋਜਕਾਂ ਦੀ ਹਾਂ ਵਿੱਚ ਹਾਂ ਮਿਲਾਉਣ ਦੀ ਜ਼ਿਮੇਂਦਾਰੀ ਨਿਭਾਉਂਦੇ ਹਨ। ਉਨ੍ਹਾਂ ਵਿੱਚ ਕੀਤੇ ਜਾਣ ਵਾਲੇ ਫੈਸਲਿਆਂ ਦੇ ਮੱਤੇ, ਜੋ ਪਹਿਲਾਂ ਤੋਂ ਹੀ ਤਿਆਰ ਕਰਕੇ ਲਿਆਏ ਜਾਂਦੇ ਚਲੇ ਆ ਰਹੇ ਹਨ, ਨੂੰ ਜੈਕਾਰੇ ਗਜਾ ਕੇ ਪ੍ਰਵਾਨਗੀ ਦੇ ਦਿਤੀ ਜਾਂਦੀ ਹੈ।
ਇਸ ਕਰਕੇ ਅਜ ਜੇ ਕੋਈ ਸਰਬਤ ਖਾਲਸਾ ਬੁਲਾਉਣ ਦੀ ਗਲ ਕਰਦਾ ਹੈ ਤਾਂ ਇਉਂ ਜਾਪਦਾ ਹੈ, ਜਿਵੇਂ ਉਹ ਆਪਣੀ ਨਿਜੀ ਸੋਚ ਸਮੁਚੇ ਪੰਥ ਪੁਰ ਠੋਸਣਾ ਚਾਹੁੰਦਾ ਹੈ। ਕਿਉਂਕਿ ਸਪਸ਼ਟ ਹੈ ਕਿ ਅਜ ਕੋਈ ਵੀ ਇਤਨੀ ਦਲੇਰੀ ਕਰਨ ਲਈ ਤਿਆਰ ਨਹੀਂ ਕਿ ਉਹ ਜੋ ਸਰਬਤ ਖਾਲਸਾ ਸਦਣ ਜਾ ਰਿਹਾ ਹੈ, ਉਸ ਵਿੱਚ ਆਪਣੇ ਵਿਰੋਧੀਆਂ ਨੂੰ ਸਦਾ ਦੇਣ ਦੇ ਨਾਲ ਹੀ ਇਹ ਨਿਸ਼ਚਿਤ ਕਰਨ ਲਈ ਤਿਆਰ ਹੋਵੇਗਾ ਕਿ ਉਨ੍ਹਾਂ ਵਲੋਂ ਪ੍ਰਗਟ ਕੀਤੇ ਜਾਣ ਵਾਲੇ ਵਿਚਾਰਾਂ ਨੂੰ ਉਹ ਅਤੇ ਉਨ੍ਹਾਂ ਦੇ ਸਮਰਥਕ ਬਹੁਤ ਹੀ ਠਰ੍ਹਮੇਂ ਨਾਲ ਸੁਣਨਗੇ ਅਤੇ ਉਨ੍ਹਾਂ ਦੀ ਸਾਰਥਕਤਾ ਨੂੰ ਸਵੀਕਾਰ ਕਰਨ ਲਈ ਤਿਆਰ ਹੋਣਗੇ? ਜੇ ਅਜਿਹੀ ਦਲੇਰੀ ਨਹੀਂ? ਤਾਂ ਫਿਰ ਅਜ ਦੇ ਸਮੇਂ ਵਿੱਚ ਸਰਬਤ ਖਾਲਸਾ ਦੀ ਸਾਰਥਕਤਾ ਕਿਵੇਂ ਮੰਨੀ ਜਾ ਸਕਦੀ ਹੈ?
…ਅਤੇ ਅੰਤ ਵਿਚ: ਅੱਜ ਦੇ ਕਿਹੜੇ ਧਾਰਮਕ ਆਗੂ ਜਾਂ ਧਾਰਮਕ ਸੰਸਥਾਵਾਂ ਦੇ ਮੁੱਖੀ ਅਜਿਹੇ ਹਨ, ਜੋ ਸਟੇਜਾਂ ਪੁਰ ਬਾਹਵਾਂ ਉਲਾਰ-ਉਲਾਰ ਕੇ ਬ੍ਰਾਹਮਣੀ ਵਿਚਾਰਧਾਰਾ ਦਾ ਵਿਰੋਧ ਕਰ ਵੱਡੇ-ਵੱਡੇ ਦਾਅਵੇ ਕਰਦਿਆਂ ਥਕਦੇ ਨਹੀਂ, ਕੀ ਉਹ ਆਪ ਆਪਣਾ ਤੇ ਦੁਸ਼ਮਣ ਦਾ ਭਵਿਖ ਜਾਨਣ ਲਈ ਜੋਤਸ਼ੀਆਂ ਅਤੇ ਪੰਡਤਾਂ ਦੇ ਚੱਕਰ ਕਟਣੋਂ ਸੰਕੋਚ ਕਰਦੇ ਹਨ?
Mobile : + 91 95 82 71 98 90


31/08/15)
ਕੁਲਵੰਤ ਸਿੰਘ ਢੇਸੀ

ਰਲਵੇਂ ਵਿਆਹਾਂ ਦਾ ਮੁੱਦਾ
ਕੁਲਵੰਤ ਸਿੰਘ ਢੇਸੀ, ਯੂ ਕੇ

0044 7854 136 413
[email protected]

ਰਲਵਾਂ ਵਿਆਹ ਅਸੀਂ ਅਕਸਰ ਉਸ ਨੂੰ ਕਹਿੰਦੇ ਹਾਂ ਜਿਸ ਵਿਚ ਇੱਕ ਵਿਅਕਤੀ ਸਿੱਖ ਧਰਮ ਨਾਲ ਸਬਬੰਧ ਰੱਖਦਾ ਹੈ ਜਦ ਕਿ ਦੂਸਰਾ ਗੈਰ ਸਿੱਖ ਜਾ ਆਨਮਤੀ ਹੁੰਦ ਹੈ। ਯੂ ਕੇ ਵਿਚ ਸੰਨ 2007 ਵਿਚ ਅਜੇਹੇ ਵਿਆਹਾਂ ਦੇ ਮੁੱਦੇ ਤੇ ਸਿੰਘ ਸਭਾ ਗੁਰਦਆਰਾ ਕਾਵੈਂਟਰੀ ਵਿਚ ਇੱਕ ਸਾਂਝੀ ਮੀਟਿੰਗ ਸੱਦ ਕੇ ਇਸ ਨੂੰ ਨਜਿੱਠਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਸਬੰਧੀ ਆਮ ਸਹਿਮਤੀ ਨਾ ਹੋ ਸਕੀ ਕਿਓਂਕਿ ਉਹ ਮੀਟਿੰਗ ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਸੱਦੀ ਗਈ ਸੀ ਜੋ ਕਿ ਸਾਰੇ ਯੂ ਕੇ ਦੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਸੀ ਕਰਦੀ। ਸਾਡੇ ਭਾਈਚਾਰੇ ਵਿਚ ਜਥੇਬੰਦਕ ਸ਼ਰੀਕਾ ਵੀ ਕੁਝ ਇਸ ਤਰਾਂ ਦਾ ਹੈ ਕਿ ਕਿਸੇ ਮੁੱਦੇ ਤੇ ਕੋਈ ਵੀ ਜਥੇਬੰਦੀ ਆਪਣੇ ਵਾਲੋਂ ਕਿੰਨੀ ਵੀ ਸੰਜੀਦਾ ਕੋਸ਼ਿਸ਼ ਕਰੇ ਉਸ ਦਾ ਵਿਰੋਧ ਹੋਣਾ ਨਿਸ਼ਚਿਤ ਹੁੰਦਾ ਹੈ। ਕਈ ਵੇਰਾ ਇਹ ਵਿਰੋਧ ਪ੍ਰਤੱਖ ਹੁੰਦਾ ਹੈ ਅਤੇ ਕਈ ਵੇਰਾਂ ਗੁੱਝਾ। ਉਸ ਵੇਲੇ ਕਈ ਗੁਰਦੁਆਰਾ ਕਮੇਟੀਆਂ ਨੂੰ ਇਸ ਤਰਾਂ ਦੇ ਵਿਆਹਾਂ ਦੇ ਮੁੱਦੇ ਤੇ ਧਮਕੀਆਂ ਵੀ ਆਉਣ ਲੱਗ ਪਈਆਂ ਸਨ ਜਿਹਨਾ ਵਿਚ ਇਹਨਾ ਸਤਰਾਂ ਦੇ ਲੇਖਕ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਆਈ। ਸਾਡੇ ਗੁਰਦੁਆਰੇ ਆਪਣੇ ਇੱਕ ਮੁੰਡੇ ਦਾ ਗੋਰੀ ਕੁੜੀ ਨਾਲ ਵਿਆਹ ਹੋ ਰਿਹਾ ਸੀ । ਅਸੀਂ ਭਾਵੇਂ ਸਾਂਝਾ ਫੈਸਲਾ ਕਰਕੇ ਪੇਪਰ ਵਰਕ ਪੂਰਾ ਕਰ ਲਿਆ ਸੀ ਪਰ ਮੈਨੂੰ ਧਮਕੀ ਦੇਣ ਵਾਲੇ ਫੇਰ ਵੀ ਆਏ ਅਤੇ ਸਤਾਰਾਂ ਅਠਾਰਾਂ ਵਰ੍ਹਿਆਂ ਦੀ ਉਮਰ ਦੇ ਮੁੰਡਿਆਂ ਨੂੰ ਜਦੋਂ ਗ੍ਰਿਫਤਾਰ ਕਰਵਾਇਆ ਤਾਂ ਉਹਨਾ ਦੀ ਕਾਰ ਵਿਚ ਹਥਿਆਰ ਸਨ । ਮਗਰੋਂ ਸੁਨੇਹੇ ਆਉਣ ਲੱਗ ਪਏ ਕਿ ਆਖਰ ਮੁੰਡੇ ਤਾਂ ਆਪਣੇ ਹੀ ਹਨ ਅਤੇ ਛੱਡੋ ਜੀ ਛੱਡੋ ਜੀ ਹੋ ਗਈ।

ਉਸ ਵੇਲੇ ਸ੍ਰੀ ਅਕਾਲ ਤਖਤ ਦੇ ਉਸ ਵੇਲੇ ਦੇ ਜਥੇਦਾਰ ਗਿ: ਜੋਗਿੰਦਰ ਸਿੰਘ ਵੇਦਾਂਤੀ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਇਸ ਮਾਮਲੇ ਵਿਚ ਯੂ ਕੇ ਦੇ ਸਿੱਖਾਂ ਨੂੰ ਇੱਕ ਸਰਬ ਸਾਂਝਾ ਸੰਦੇਸ਼ ਜਾਰੀ ਕਰਕੇ ਇੱਕ ਸਾਂਝੇ ਮਤੇ ਲਈ ਸਾਡੀ ਅਗਵਾਈ ਕਰਨ। ਜਥੇਦਾਰ ਜੀ ਨੇ ਇਹ ਸੰਦੇਸ਼ ਜਾਰੀ ਕਰਕੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਗੁਰਦੁਆਰੇ ਵਿਚ ਕੇਵਲ ਤੇ ਕੇਵਲ ਸਿੱਖ ਬੱਚਿਆਂ ਦੇ ਹੀ ਅਨੰਦ ਕਾਰਜ ਹੋ ਸਕਦੇ ਹਨ ਅਤੇ ਜੇਕਰ ਕਿਸੇ ਗੈਰ ਸਿੱਖ ਨੇ ਸਿੱਖ ਧਰਮ ਅਪਨਾਉਣਾ ਹੈ ਤਾਂ ਉਸ ਨੂੰ ਇੱਕ ਇਕਰਾਰਨਾਮੇ ਤੇ ਦਸਤਖਤ ਕਰਨੇ ਹੋਣਗੇ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦਾ ਹੈ ਅਤੇ ਇਸ ਤੋਂ ਇਲਾਵਾ ਹੋਰ ਕਿਸੇ ਆਨ ਮੱਤ ਨੂੰ ਨਹੀਂ ਮੰਨਦਾ । ਉਹਨਾ ਦਿਸ਼ਾ ਨਿਰਦੇਸ਼ਾਂ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਪ੍ਰਾਰਥਕ ਖੰਡੇ ਬਾਟੇ ਦੀ ਪਹੁਲ ਵਿਚ ਵਿਸ਼ਵਾਸ ਰੱਖਦਾ/ਰੱਖਦੀ ਹੈ। ਇਹ ਵੀ ਸਪੱਸ਼ਟ ਤੌਰ ਤੇ ਲਿਖਿਆ ਗਿਆ ਸੀ ਕਿ ਵਿਆਹ ਤੋਂ ਪਹਿਲਾਂ ਪ੍ਰਾਰਥਕ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਲਗਾਵੇਗਾ/ਲਗਾਵੇਗੀ।

ਭਾਵੇਂ ਯੂ ਕੇ ਦੇ ਬਹੁਤ ਸਾਰੇ ਗੁਰਦੁਆਰਿਆਂ ਨੇ ਇਹਨਾ ਦਿਸ਼ਾ ਨਿਰਦੇਸ਼ਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਨਾਂ ਤਾਂ ਕੱਟੜ ਸੋਚ ਵਾਲੇ ਨੌਜਵਾਨ ਹੀ ਸਹਿਮਤ ਹੋਏ ਅਤੇ ਨਾਂ ਹੀ ਬਹੁਤੇ ਅਗਾਂਹ ਵਧੂ ਲੋਕ ਸਹਿਮਤ ਹੋਏ। ਕੱਟੜ ਸੋਚ ਵਾਲੇ ਮਹਿਸੂਸ ਕਰਦੇ ਸਨ ਕਿ ਇਹ ਮਹਿਜ਼ ਇੱਕ ਪੇਪਰ ਵਰਕ ਹੈ ਅਤੇ ਗੈਰ ਸਿੱਖ ਇਸ ਨੂੰ ਆਪਣਾ ਰਾਹ ਸਾਫ ਕਰਨ ਲਈ ਵਰਤਦੇ ਰਹਿਣਗੇ ਜਦ ਕਿ ਅਗਾਂਹ ਵਧੂ ਲੋਕ ਕਹਿੰਦੇ ਸਨ ਕਿ ਗੈਰ ਸਿੱਖ ਦੇ ਨਾਮ ਦੇ ਨਾਲ ਸਿੰਘ ਜਾਂ ਕੌਰ ਲਾਉਣਾ ਬੇਲੋੜਾ ਹੈ ਕਿਓਂਕਿ ਇਹ ਤਾਂ ਬਹੁਤ ਸਾਰੇ ਆਪਣੇ ਬੱਚੇ ਵੀ ਨਹੀਂ ਲਾਉਂਦੇ। ਰੇਡੀਓ ਅਤੇ ਟੀ ਵੀ ਤੇ ਕੁਝ ਵਿਅਕਤੀਆਂ ਨੇ ਸ੍ਰੀ ਅਕਾਲ ਤਖਤ ਤੋਂ ਆਏ ਸੰਦੇਸ਼ ਨੂੰ ਹੀ ਜਾਅਲੀ ਦੱਸਣ ਦੀ ਕੋਸ਼ਿਸ਼ ਕੀਤੀ ਕਿਓਂਕਿ ਉਹ ਇਸ ਸੰਦੇਸ਼ ਨੂੰ ਰਲਵੇਂ ਵਿਆਹਾਂ ਵਿਚ ਵੱਡਾ ਅੜਿੱਕਾ ਸਮਝਦੇ ਸਨ।

ਇਸ ਮੁੱਦੇ ਤੇ ਦਿਨੋ ਦਿਨ ਤਣਾਓ ਵਧਦਾ ਗਿਆ। ਇੱਕ ਪਾਸੇ ਨੌਜਵਾਨ ਬਹੁਤ ਗਰਮ ਹੋ ਰਹੇ ਸਨ ਅਤੇ ਦੂਜੇ ਪਾਸੇ ਗੁਰਦੁਆਰੇ ਵਾਲਿਆਂ ਨੇ ਵੀ ਕਰੜਾ ਰਵੱਈਆ ਧਾਰਨ ਕਰ ਲਿਆ ਸੀ ਅਤੇ ਉਹ ਰਲਵੇਂ ਵਿਆਹਾਂ ਲਈ ਨਿੱਜੀ ਸਕਿਓਰਿਟੀ ਦਾ ਇੰਤਜ਼ਾਮ ਕਰਨ ਲੱਗ ਪਏ ਸਨ। ਸੋਸ਼ਲ ਸਾਈਟਾਂ ਤੇ ਆਏ ਦਿਨ ਕੁਝ ਨਾ ਕੁਝ ਐਸਾ ਦੇਖਣ ਨੂੰ ਮਿਲਦਾ ਜਿਸ ਨਾਲ ਪੰਥ ਦਰਦੀਆਂ ਦਾ ਦਿਲ ਤੜਫ ਕੇ ਰਹਿ ਜਾਂਦਾ। ਕਈ ਗੁਰਦਆਰਿਆਂ ਦੇ ਪ੍ਰਬੰਧਕ ਤਾਂ ਗੰਦੀਆਂ ਗਾਲਾਂ ਤਕ ਕੱਢਦੇ ਸੁਣੇ ਗਏ। ਏਸੇ ਸਬੰਧ ਵਿਚ ਸਿੰਘ ਸਭਾ ਗੁਰਦੁਆਰਾ ਸਾਊਥਾਲ ਵਿਚ ਜਦੋਂ ਟਕਰਾਓ ਹੋਇਆਂ ਤਾਂ ਉਹਨਾ ਨੇ ਸਿੱਖ ਕੌਂਸਲ ਯੂ ਕੇ ਨੂੰ ਪਹੁੰਚ ਕਰਕੇ ਇਸ ਮੁੱਦੇ ‘ਤੇ ਅਗਵਾਈ ਕਰਨ ਲਈ ਬੇਨਤੀ ਕੀਤੀ ਜੋ ਕਿ ਕੌਂਸਲ ਨੇ ਤਤਕਾਲ ਮੰਨ ਲਈ ਅਤੇ ਇਸ ਸਬੰਧ ਵਿਚ ਇੱਕ ਮੀਟਿੰਗ 23 ਅਗਸਤ 2015 ਨੂੰ ਰੱਖੀ ਗਈ ਸੀ। ਇਸ ਮੀਟਿੰਗ ਵਿਚ ਕੌਂਸਲ ਸਰਬ ਸੰਮਤੀ ਨਾਲ ਜਿਹੜੇ ਫੈਸਲੇ ਲੈਣ ਵਿਚ ਕਾਮਯਾਬ ਹੋਈ ਉਹ ਸੰਖੇਪ ਵਿਚ ਇਹ ਹਨ-
1) ਸਿੱਖ ਰਹਿਤ ਮਰਿਯਾਦਾ ਅਨੁਸਾਰ ਗੁਰਦੁਆਰੇ ਵਿਚ ਅਨੰਦ ਕਾਰਜ ਕੇਵਲ ਸਿੱਖ ਜੋੜਿਆਂ ਦੇ ਹੀ ਹੋ ਸਕਦੇ ਹਨ ।
2) ਜੇਕਰ ਗੈਰ ਸਿੱਖ ਨੇ ਸਿੱਖ ਧਰਮ ਵਿਚ ਆਉਣਾ ਹੋਵੇ ਤਾਂ ਉਸ ਨੂੰ ਇੱਕ ਇਕਰਾਰਨਾਮੇ ਤੇ ਦਸਤਖਤ ਕਰਨ ਦੇ ਨਾਲ ਨਾਲ ਕਾਨੂੰਨੀ ਤੌਰ ਤੇ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਲਗਾਉਣਾ ਹੋਵੇਗਾ।
3) ਜਿਹੜੇ ਭਾਈਚਾਰੇ ਇਤਹਾਸਕ ਤੌਰ ਤੇ ਸਿੱਖੀ ਨਾਲ ਜੁੜੇ ਰਹੇ ਹਨ ਉਹਨਾ ਨੂੰ ਅਨੰਦ ਕਾਰਜ ਦੀ ਕੋਈ ਵੀ ਮਨਾਹੀ ਨਹੀਂ ਹੈ।
4) ਅਨੰਦ ਕਾਰਜ ਕਰਨ ਵਾਲੇ ਸਿੱਖ ਜੋੜਿਆਂ ਲਈ ਇੱਕ ਐਸਾ ਵਿੱਦਿਅਕ ਪ੍ਰੋਗ੍ਰਾਮ ਬਣਾਇਆ ਜਾਵੇਗਾ ਜਿਸ ਵਿਚ ਉਹਨਾ ਨੂੰ ਸਿੱਖੀ, ਅਨੰਦ ਕਾਰਜ ਦੇ ਮਹੱਤਵ ਅਤੇ ਵਿਧੀ ਵਿਧਾਨ ਬਾਬਤ ਜਾਣਕਾਰੀ ਦਿੱਤੀ ਜਾਵੇਗੀ।
5) ਅਗਲੇ ਛੇ ਮਹੀਨੇ ਲਈ ਨੌਜਵਾਨ ਕੋਈ ਮੁਜ਼ਾਹਰਾ ਨਹੀਂ ਕਰਨਗੇ ਅਤੇ ਇਸ ਵਕਫੇ ਵਿਚ ਗੁਰਦੁਆਰੇ ਜਿਥੇ ਅਨੰਦ ਕਾਰਜਾਂ ਦੀ ਸੂਚੀ ਦੀ ਪੜਤਾਲ ਕਰਨਗੇ ਉਥੇ ਸਿੱਖ ਕੌਂਸਲ ਦੇ ਅਨੰਦ ਕਾਰਜ ਸਬੰਧੀ ਵਿੱਦਿਅਕ ਪ੍ਰੋਗ੍ਰਾਮ ਵਿਚ ਸਹਾਇਤਾ ਵੀ ਕਰਨਗੇ।

ਇਸ ਮੀਟਿੰਗ ਤੋਂ ਬਾਅਦ ਯੂ ਕੇ ਵਿਚ ਸਮੂਹਕ ਤੌਰ ਤੇ ਸੁੱਖ ਦਾ ਸਾਹ ਅਇਆ ਸੀ ਅਤੇ ਬਹੁ ਸੰਮਤੀ ਲੋਕ ਕੌਂਸਲ ਦੇ ਇਸ ਫੈਸਲੇ ਨਾਲ ਸੰਤੁਸ਼ਟ ਸਨ। ਇਹ ਤਾਂ ਹੁਣ ਆਉਣ ਵਾਲੇ ਦਿਨਾ ਵਿਚ ਹੀ ਪਤਾ ਲੱਗੇਗਾ ਕਿ ਇਸ ਸਬੰਧ ਵਿਚ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਨੌਜਵਾਨਾਂ ਵਲੋਂ ਕੀ ਪ੍ਰਤੀਕਰਮ ਆਉਂਦੇ ਹਨ।

ਅਸਲ ਸਮੱਸਿਆ ਇਹ ਹੈ ਕਿ ਇਸ ਦੇਸ਼ ਵਿਚ ਸਾਡੇ ਬਹੁਤੇ ਲੋਕ ਧੁੱਸ ਦੇ ਕੇ ਕੰਮ / ਕਾਰੋਬਾਰ ਕਰਨ ਵਿਚ ਰੁਝੇ ਰਹੇ ਹੋਣ ਕਾਰਨ ਉਹਨਾ ਦੇ ਬੱਚੇ ਢਿੱਡੋਂ ਅੰਗਰੇਜ਼ ਬਣ ਗਏ । ਸਾਰੇ ਯੂ ਕੇ ਵਿਚ ਸ਼ਾਇਦ ਹੀ ਕੋਈ ਐਸਾ ਪਰਿਵਾਰ ਹੋਵੇ ਜਿਹਨਾ ਦੇ ਏਥੇ ਜੰਮੇ ਬੱਚੇ ਆਪਸ ਵਿਚ ਪੰਜਾਬੀ ਵਿਚ ਗੱਲ ਕਰਦੇ ਹੋਣ। ਇਸੇ ਤਰਾਂ ਜਿਥੇ ਜੀਵਨ ਦੇ ਹੋਰ ਸਰੋਕਾਰਾਂ ਪ੍ਰਤੀ ਉਹਨਾ ਦੀ ਪਹੁੰਚ ਪੱਛਮੀ ਤਰਜ਼ ਦੀ ਹੈ ਉਥੇ ਵਿਆਹਾਂ ਸਬੰਧੀ ਉਹਨਾ ਦੀ ਹਾਲਤ ਪੱਛਮ ਨਾਲੋਂ ਵੀ ਮਾੜੀ ਹੈ। ਇਸ ਦਾ ਮੁਖ ਕਾਰਨ ਮੂੰਹਾਂ ਵਿਚ ਸੋਨੇ ਦੇ ਚਮਚੇ ਲੈ ਕੇ ਉਹਨਾ ਦੇ ਜੰਮੇ ਹੋਣਾਂ ਅਤੇ ਦੋ ਬੇੜੀਆਂ ਵਿਚ ਸਵਾਰ ਹੋਣਾ ਹੈ। ਸਾਡੇ ਪਾਠਕ ਇਹ ਜਾਣ ਕੇ ਸ਼ਾਇਦ ਬਹੁਤ ਹੈਰਾਨ ਹੋਣ ਕਿ ਤਲਾਕਾਂ ਅਤੇ ਛੱਡ ਛਡਾਈ ਦੇ ਮਾਮਲੇ ਵਿਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਬੇਅੰਮ੍ਰਿਤੀਆਂ ਨਾਲੋਂ ਘੱਟ ਨਹੀਂ ਹਨ ਅਤੇ ਐਸੇ ਐਸੇ ਨੌਜਵਾਨਾਂ ਦੇ ਵਿਆਹ ਤਿੜਕੇ ਹਨ ਜੋ ਕਿ ਨਾ ਕੇਵਲ ਸਿੱਖੀ ਦੀ ਸੂਝ ਬੂਝ ਹੀ ਰੱਖਦੇ ਹਨ ਸਗੋਂ ਉਹਨਾ ਵਿਚੋਂ ਕਈ ਆਪ ਵੀ ਅਤੇ ਉਹਨਾ ਦੇ ਮਾਪੇ ਵੀ ਆਗੂਆਂ, ਪ੍ਰਚਾਰਕਾਂ ਅਤੇ ਜਥੇਦਾਰਾਂ ਦਾ ਰੁਤਬਾ ਰੱਖਦੇ ਹਨ।

ਇਸ ਵੇਲੇ ਵਿਆਹਾਂ ਸਬੰਧੀ ਵਾਦ ਵਿਵਾਦ ਪੂਰੇ ਜ਼ੋਰਾਂ ਤੇ ਹੈ ਅਤੇ ਹੇਠ ਲਿਖੇ ਮੁੱਦਿਆਂ ਤੇ ਬਹਿੰਸਾਂ ਆਮ ਹੁੰਦੀਆਂ ਹਨ-

1) ਅੱਜਕਲ ਤਾਂ ਬੱਚੇ ਵਿਆਹ ਤੋਂ ਪਹਿਲਾਂ ਹੀ ਸ਼ਰੀਰਕ ਸਬੰਧ ਬਣਾ ਲੈਂਦੇ ਹਨ ਬਾਕੀ ਤਾਂ ਐਵੇਂ ਵਿਖਾਵਾ ਹੀ ਹੁੰਦਾ ਹੈ, ਕੀ ਫਰਕ ਪੈਂਦਾ ਹੈ।
2) ਵਿਆਹ ਵਾਲੇ ਦਿਨ ਮੁੰਡਾ ਨਿੱਕੀ ਨਿੱਕੀ ਦਾਹੜੀ ਰੱਖਕੇ ਅਤੇ ਇੱਕ ਦਿਨ ਲਈ ਪੱਗ ਬੰਨ੍ਹ ਕੇ ਉਸੇ ਹੀ ਦਿਨ ਜਿਥੇ ਆਪਣੀ ਦਾਹੜੀ ਨੂੰ ਡਰੇਨ ਵਿਚ ਵਹਾ ਦਿੰਦਾ ਹੈ ਉਥੇ ਨਾਲ ਹੀ ਪੱਗ ਵੀ ਉਤਾਰ ਦਿੰਦਾ ਹੈ । ਇਹ ਸਿੱਖੀ ਨੂੰ ਮਜ਼ਾਕ ਨਹੀਂ ਤਾਂ ਹੋਰ ਕੀ ਹੈ? ਫਿਰ ਅਸੀਂ ਗੈਰ ਸਿੱਖਾਂ ਤੇ ਪਾਬੰਦੀਆਂ ਕਿਓਂ ਲਾਉਂਦੇ ਹਾਂ?
3) ਇਸ ਦੇਸ਼ ਵਿਚ ਵਿਚਕਾਰਲਾ ਨਾਮ ਤਾਂ ਵੈਸੇ ਹੀ ਉਤਾਰ ਦਿੱਤਾ ਜਾਂਦਾ ਹੈ ਜਦ ਕਿ ਬਹੁ ਗਿਣਤੀ ਵਿਚ ਸਾਡੇ ਬੱਚੇ ਸਿੰਘ ਕੌਰ ਨਹੀਂ ਲਾਉਂਦੇ ਤਾਂ ਫਿਰ ਗੈਰ ਸਿੱਖਾਂ ਲਈ ਇਹ ਲਾਜ਼ਮੀ ਕਰਕੇ ਅਸੀਂ ਪੱਖਪਾਤ
(Discrimination) ਕਿਓਂ ਕਰਦੇ ਹਾਂ?
4) ਸਾਡੇ ਆਪਣੇ ਜੋੜਿਆਂ ਦੇ ਮਨਾ ਵਿਚ ਅਨੰਦ ਕਾਰਜ ਲਈ ਕੋਈ ਸ਼ਰਧਾ ਨਹੀਂ ਅਤੇ ਉਹ ਜਿਥੇ ਅਨੰਦ ਕਾਰਜ ਤੇ ਬੈਠੇ ਆਪਸ ਵਿਚ ਗੱਲਾਂ ਕਰਦੇ ਹੁੰਦੇ ਹਨ ਉਥੇ ਲਾਵਾਂ ਲੈਦਿਆਂ ਅਕਸਰ ਹੀ ਕੁੜੀ ਆਪਣੇ ਭਰਾਵਾਂ ਨਾਲ ਗੱਲਾਂ ਕਰਦੀ ਜਾਂਦੀ ਹੈ, ਕੀ ਇਹ ਅਨੰਦ ਕਾਰਜ ਵਰਗੀ ਪਵਿੱਤਰ ਰਸਮ ਦੀ ਘੋਰ ਬੇਅਦਬੀ ਨਹੀਂ?
5) ਕਈ ਵੇਰਾਂ ਜਿਥੇ ਗੈਰ ਸਿੱਖ ਪੂਰੀ ਸ਼ਰਧਾ ਨਾਲ ਸਿੱਖੀ ਨੂੰ ਸਮਝ ਕੇ ਅਨੰਦ ਕਾਰਜ ਲੈਣਾ ਚਾਹੁੰਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਸਿੱਖ ਬਨਾਉਣ ਲਈ ਰਾਜ਼ੀ ਹੁੰਦਾ ਹੈ ਉਸ ਨੂੰ ਅਸੀਂ ਅਨੰਦ ਕਾਰਜ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਪਰ ਆਪਣਿਆਂ ਲਈ ਖੁਲ੍ਹ ਹੈ ਕਿਓਂਕਿ ਉਹ ਸਿੱਖ ਘਰਾਣਿਆਂ ਵਿਚ ਜੰਮੇ ਹਨ। ਕੀ ਇਹ ਜਾਇਜ਼ ਹੈ?

ਇਸ ਤਰਾਂ ਦੀ ਹੋ ਰਹੀ ਚਰਚਾ ਤੋਂ ਇਲਾਵਾ ਅਮਲੀ ਤੌਰ ਤੇ ਕੁਝ ਇੱਕ ਐਸੀਆਂ ਮਿਸਾਲਾਂ ਵੀ ਮਿਲਦੀਆਂ ਹਨ ਜਿਥੇ ਗੈਰ ਸਿੱਖ ਨਾ ਕੇਵਲ ਸਿੱਖੀ ਅਤੇ ਗੁਰਬਾਣੀ ਨੂੰ ਸਮਝ ਕੇ ਆਪਣੇ ਸਾਥੀ ਨਾਲ ਅਨੰਦ ਕਾਰਜ ਕਰਨਾ ਚਾਹੁੰਦਾ ਹੈ ਪਰ ਉਸ ਲਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਜਦ ਕਿ ਇਹ ਮਿਸਾਲਾਂ ਆਮ ਹਨ ਕਿ ਸਾਡੇ ਬਹੁਤ ਸਾਰੇ ਬੱਚੇ ਵਿਆਹ ਤੋਂ ਪਹਿਲਾਂ ਸ਼ਰਾਬ / ਸਿਗਰਟ ਦਾ ਸੇਵਨ ਕਰਕੇ ਅਗਲੇ ਦਿਨ ਵਕਤੀ ਜਿਹਾ ਢੋਂਗ ਕਰਦੇ ਹੋਏ ਗੁਰਦੁਆਰੇ ਵਿਆਹ ਕਰਵਾਉਣ ਆ ਜਾਂਦੇ ਹਨ ਅਤੇ ਅਸੀਂ ਉਹਨਾ ਦਾ ਬਿਨਾ ਕਿਸੇ ਝਿਜਕ ਤੋਂ ਅਨੰਦ ਕਾਰਜ ਕਰ ਦਿੰਦੇ ਹਾਂ।ਸਾਡੇ ਬੱਚਿਆਂ ਦੇ ਤਲਾਕਾਂ ਦੀ ਗਿਣਤੀ ਮੁਖ ਧਾਰਾ ਨਾਲੋਂ ਕਿਸੇ ਵੀ ਤਰਾਂ ਘੱਟ ਨਹੀਂ ਅਤੇ ਜ਼ਿਆਦਾਤਰ ਮਾਪੇ ਇਸ ਗੱਲੋਂ ਪੀੜਤ ਵੀ ਹਨ। ਬੱਚਿਆਂ ਦੇ ਇਸ ਰੁਝਾਨ ਕਾਰਨ ਨਾ ਕੇਵਲ ਬਹੁਤ ਸਾਰੇ ਮਾਪਿਆਂ ਦੀ ਉਮਰ ਭਰ ਦੀ ਕੀਤੀ ਕਮਾਈ ਭੰਗ ਦੇ ਭਾੜੇ ਗਈ ਹੈ ਸਗੋਂ ਬੱਚਿਆਂ ਦੇ ਫਿਕਰ ਅਤੇ ਤਣਾਓ ਕਾਰਨ ਉਹਨਾ ਨੇ ਆਪਣੇ ਸ਼ਰੀਰਾਂ ਨੂੰ ਰੋਗ ਵੀ ਲਾ ਲਏ ਹਨ।

ਇਹ ਸਾਰੀਆਂ ਹੀ ਗੱਲਾਂ ਆਪੋ ਆਪਣੇ ਥਾਂ ਤੇ ਸਹੀ ਹਨ ਅਤੇ ਦੁਖਦਾਇਕ ਹਨ ਪਰ ਸਾਊਥਾਲ ਦੀ ਮੀਟਿੰਗ ਵਿਚ ਜਿਸ ਗੱਲ ਤੇ ਮੈਂ ਜ਼ੋਰ ਦਿੱਤਾ ਸੀ ਉਹ ਇਹ ਸੀ ਕਿ ਜਿਹੜੇ ਭਾਈਚਾਰੇ ਸਦੀਆਂ ਤੋਂ ਸਿੱਖੀ ਨਾਲ ਜੁੜੇ ਰਹੇ ਹਨ ਪਰ ਉਹਨਾ ਦੇ ਨਾਮ ਸਿੰਘ ਅਤੇ ਕੌਰ ਨਹੀਂ ਹਨ ਉਹਨਾ ‘ਤੇ ਅਨੰਦ ਕਾਰਜ ਸਬੰਧੀ ਰੁਕਾਵਟਾਂ ਨਾ ਲਾਈਆਂ ਜਾਣ। ਮੀਟਿੰਗ ਤੋਂ ਮਗਰੋਂ ਜਦੋਂ ਕੁਝ ਗਰਮ ਖਿਆਲੀ ਸਿੱਖਾਂ ਨੂੰ ਮੈਂ ਹੋਏ ਫੈਸਲੇ ਤੇ ਬਹੁਤਾ ਸੰਤੁਸ਼ਟ ਨਾਂ ਦੇਖਿਆ ਤਾਂ ਮੈਂ ਬਾਬਾ ਮੋਤੀ ਰਾਮ ਮਹਿਰਾ ਦੀ ਮਿਸਾਲ ਕਈਆਂ ਨੂੰ ਦਿਤੀ। ਬਾਬਾ ਮੋਤੀ ਰਾਮ ਮਹਿਰਾ ਨੇ ਸੂਬੇ ਸਰਹੰਦ ਦੀ ਕੈਦ ਵਿਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਤੇ ਦੁੱਧ ਪਿਲਾਇਆ ਸੀ ਜਿਸ ਦੇ ਸਿੱਟੇ ਵਜੋਂ ਉਸ ਨੂੰ ਸਮੇਤ ਪਰਿਵਾਰ ਕੋਹਲੂ ਵਿਚ ਪੀੜ ਦਿੱਤਾ ਗਿਆ ਸੀ। ਅੱਜ ਕੀ ਅਸੀਂ ਉਹਨਾ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਗੁਰਦਆਰਿਆਂ ਦੀਆਂ ਜਨਮ, ਅਨੰਦ ਅਤੇ ਅਕਾਲ ਚਲਾਣੇ ਵਰਗੀਆਂ ਸੇਵਾਵਾਂ ਲੈਣ ਤੋਂ ਵੰਚਿਤ ਕਰਾਂਗੇ ਕਿ ਉਹਨਾ ਦੇ ਨਾਮ ਨਾਲ ਸਿੰਘ ਜਾਂ ਕੌਰ ਨਹੀਂ। ਸ਼ੁਕਰ ਹੈ ਕਿ ਸਿੱਖ ਕੌਂਸਲ ਨੇ ਇਸ ਮੁੱਦੇ ਤੇ ਪਹਿਰਾ ਦਿੱਤਾ ਹੈ ਅਤੇ ਸਿੱਖ ਧਰਮ ਵਿਚ ਪੈ ਰਹੇ ਖਿਲਾਰੇ ਨੂੰ ਰੋਕਣ ਵਿਚ ਇਤਹਾਸਕ ਰੋਲ ਅਦਾ ਕੀਤਾ ਹੈ।

ਸਿੱਖ ਕੌਸਲ ਯੂ ਕੇ ਦੇ ਫੈਸਲੇ ਦੀ ਇਸ ਪੱਖ ਤੋਂ ਵੀ ਸਿਫ਼ਤ ਕਰਨੀ ਬਣਦੀ ਹੈ ਕਿ ਉਹਨਾ ਨੇ ਅਨੰਦ ਕਾਰਜ ਤੋਂ ਪਹਿਲਾਂ ਜੋੜਿਆਂ ਨੂੰ ਇਸ ਰਸਮ ਦੀ ਵਿਸ਼ੇਸ਼ਤਾ ਅਤੇ ਵਿਧੀ ਦੱਸਣ ਦੇ ਨਾਲ ਨਾਲ ਗ੍ਰਹਿਸਤ ਜੀਵਨ ਬਾਰੇ ਅਤੇ ਸਿੱਖੀ ਸਿਧਾਂਤਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਵਿੱਦਿਅਕ ਪ੍ਰੋਗ੍ਰਾਮ ਨਿਰਧਾਰਤ ਕਰਨ ਦਾ ਫੈਸਲਾ ਵੀ ਲਿਆ ਹੈ। ਇਸ ਦੇ ਪਾਬੰਦ ਹੋਣ ਲਈ ਹਰ ਗੁਰਦੁਆਰੇ ਨੂੰ ਬੇਨਤੀ ਕੀਤੀ ਜਾਵੇਗੀ। ਇਹ ਮਹਾਨ ਫੈਸਲਾ ਹੋਣ ਮਗਰੋਂ ਵੀ ਨਿਰਸੰਦੇਹ ਕੁਝ ਐਸੇ ਵਿਅਕਤੀਆਂ ਦੇ ਸਰਗਰਮ ਰਹਿਣ ਦਾ ਸ਼ੰਕਾ ਹੈ ਜੋ ਕਿ ਜਾਂ ਤਾਂ ਬੱਚਿਆਂ ਨੂੰ ਵਿਆਹ ਸਬੰਧੀ ਪੂਰੀ ਖੁਲ੍ਹ ਦੇਣ ਦੇ ਹੱਕ ਵਿਚ ਹੋਣਗੇ ਅਤੇ ਜਾਂ ਸਿੱਖੀ ਸਬੰਧੀ ਆਪਣੀ ਹੀ ਐਨਕ ਨੂੰ ਪ੍ਰਮਾਣਕ ਗਰਦਾਨਣਗੇ। ਸਿੱਖ ਸਮਾਜ ਨੂੰ ਚਾਹੀਦਾ ਹੈ ਕਿ ਐਸੇ ਅਨਸਰਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਣ ਅਤੇ ਸਿੱਖ ਕੌਂਸਲ ਯੂ ਕੇ ਦੇ ਸਰਬ ਸਾਂਝੇ ਫੈਸਲੇ ਨੂੰ ਸਰਬੋ ਸਰਬਾ ਲਾਗੂ ਕਰਨ ਲਈ ਸਹਿਯੋਗ ਦਿੱਤਾ ਜਾਵੇ। ਸਿੱਖ ਧਰਮ ਨਿਰਸੰਦੇਹ ਮਾਨਸ ਦੀ ਜਾਤ ਨੂੰ ਇੱਕੋ ਪ੍ਰਮਾਤਮਾਂ ਦੀ ਅੰਸ਼ ਮੰਨਦਾ ਹੈ ਪਰ ਗੁਰਬਾਣੀ, ਗੁਰਦੁਆਰੇ, ਗੁਰਮੁਖੀ ਅਤੇ ਆਪਣੀ ਰਹਿਤ ਮਰਿਯਾਦਾ ਤੇ ਪਹਿਰਾ ਦੇਣ ਨਾਲ ਸਰਬ ਸਾਂਝੀਵਾਲਤਾ ਦੇ ਉਦੇਸ਼ ਦੀ ਕਿਸੇ ਤਰਾਂ ਵੀ ਉਲੰਘਣਾਂ ਨਹੀਂ ਹੁੰਦੀ ਜਦ ਕਿ ਕਿਸੇ ਵੀ ਸਮਾਜ ਅਥਵਾ ਧਰਮ ਦੀ ਏਕਤਾ ਅਤੇ ਅਨੁਸਾਸ਼ਨ ਦੀ ਸਲਾਮਤੀ ਲਈ ਉਸ ਦੇ ਵਿਸ਼ੇਸ਼ ਮੁੱਲਾਂ ਅਤੇ ਰਹਿਤ ਬਹਿਤ ਵਿਚ ਪਰਪੱਕਤਾ ਤੇ ਪਹਿਰਾ ਜ਼ਰੂਰੀ ਹੁੰਦਾ ਹੈ।


ਪਾਠਕਾਂ ਦੀ ਜਾਣਕਾਰੀ ਲਈ
ਅੱਜ 26 ਅਗਸਤ 2015 ਤੋਂ ਬਾਅਦ ਕੁੱਝ ਦਿਨਾਂ ਲਈ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋ ਸਕੇਗਾ-ਸੰਪਾਦਕ।


26/08/15)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ

ੴਸਤਿ ਗੁਰਪ੍ਰਸਾਦਿ
ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ
Gurmat Education Centre,Delhi
(A unit of:Gurmat Educational & Charitable Society Regd)
A/16 LGF Dayanand Colony, Lajpat Nagar IV, New Delhi-24
Phone Nos 26236119, 46548789, 9811292808 (R) 26487315 (Principal-Giani Surjit Singh)
Emails [email protected] [email protected] Site www.gurbaniguru.org

ਸਤਿਕਾਰ ਜੋਗ ਸ੍ਰ: ਮੱਖਣ ਸਿੰਘ ਜੀਉ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ

ਬੇਨਤੀ ਹੈ ਕਿ ਦਾਸ ਕੋਲ ਸੰਸਾਰ ਭਰ `ਚੋਂ
emails ਤੇ ਫ਼ੋਨਾਂ ਰਾਹੀਂ ਬਾਰ ਬਾਰ ਪੁੱਛ ਆਉਂਦੀ ਹੈ ਕਿ “ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ” ਨਾਲ ਸੰਬੰਧਤ ਦਾਸ ਦੀਆਂ ਕਿਹੜੀਆਂ-ਕਿਹੜੀਆਂ ਪੁਸਤਕਾਂ ਪ੍ਰਾਪਤ ਹਨ। ਦੂਜਾ, ਇਨ੍ਹਾਂ ਪੁਸਤਕਾਂ ਤੋਂ ਇਲਾਵਾ ਗੁਰੂ ਕੀਆਂ ਸੰਗਤਾਂ ਵਿਚਾਲੇ, ਗੁਰਮੱਤ ਪ੍ਰਸਾਰ ਹਿੱਤ ਵੰਡਣ ਤੇ ਘਰ ਬੈਠੇ ਆਪ ਮੁਹਾਰੇ ਗੁਰਮੱਤ ਦੀ ਪੜ੍ਹਾਈ ਲਈ ਕਿਹੜੇ-ਕਿਹੜੇ ਵਿਸ਼ੇ ਬੰਧ ਗੁਰਮੱਤ ਪਾਠ (Self learning topic wise Gurmat Lessons ) ਪ੍ਰਾਪਤ ਹਨ। ਤਾ ਕਿ ਸਮੇਂ ਸਮੇਂ ਨਾਲ ਸੰਗਤਾਂ ਉਨ੍ਹਾਂ ਦਾ ਯੋਗ ਲਾਭ ਲੈ ਸਕਣ।
ਤਾਂ ਤੇ ਵਿਸ਼ੇ ਸੰਬੰਧੀ ਸੰਖੇਪ ਵੇਰਵਾ ਵੀ ਨਾਲ ਹੀ ਅਟੈਚ ਕੀਤਾ ਜਾ ਰਿਹਾ ਹੈ ਜੀ। ਸਨਿਮ੍ਰ ਬੇਨਤੀ ਹੈ ਕਿ ਆਪ ਇਸ ਪਤ੍ਰ ਅਤੇ ਅਟੈਚ ਕਤਿੇ ਹੋਏ ਵੇਰਵੇ, ਦੋਨਾਂ ਨੂੰ ਆਪਣੇ ਹਰ ਮਨ ਪਿਆਰੇ
www.sikhmarg.com ਦੇ ਚਿੱਠੀ-ਪਤ੍ਰ ਵਾਲੇ ਕਾਲਮ `ਤੇ ਲੋਡ ਕਰਣ ਦੀ ਕ੍ਰਿਪਾਲਤਾ ਕਰੋ ਜੀ, ਅਤੀ ਧੰਨਵਾਦਿ ਸਹਿਤ।
ਗੁਰੂ ਕੀਆਂ ਸੰਗਤਾਂ ਦੇ ਚਰਣਾ ਦਾ ਦਾਸ
ਮਿਤੀ: 26.8.15 ਸੁਰਜੀਤ ਸਿੰਘ
(ਪ੍ਰਿੰਸੀਪਲ, “ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ” )

(ਨੋਟ:- ਪੁਸਤਕਾਂ ਬਾਰੇ ਹੋਰ ਜਾਣਕਾਰੀ ਇੱਥੇ ਕਲਿਕ ਕਰਕੇ ਪੀ. ਡੀ. ਐੱਫ. ਫਾਈਲ ਵਿਚ ਪੜ੍ਹੀ ਜਾ ਸਕਦੀ ਹੈ)


26/08/15)
ਡਾ: ਗੁਰਮੀਤ ਸਿੰਘ ‘ਬਰਸਾਲ’

ਬਿਪਰੀ-ਜੜ !!
ਆਪਣੇ ਜੀਵਨ ਵਿੱਚੋਂ ਸੱਚ ਪ੍ਰਗਟਾ ਪਹਿਲਾਂ ।
ਮੱਤਾਂ ਦੇਵਣ ਨਾਲੋਂ ਖੁਦ ਅਪਣਾ ਪਹਿਲਾਂ ।।
ਜੇ ਨਾਨਕ ਦੀ ਮੁੜ ਪ੍ਰਤੀਤੀ ਪਾਉਣੀ ਹੈ,
ਬਿਪਰਨ ਦੀ ਹਰ ਰੀਤ ਨੂੰ ਮਾਰ ਮੁਕਾ ਪਹਿਲਾਂ ।
‘ਨਾਨਕ ਨਾਮ ਜਹਾਜ’ ਨਾਲ ਜੱਗ ਤਰਨੇ ਲਈ,
ਬਿਪਰਾਂ ਕੀਤਾ ਹਰ ਇੱਕ ਛੇਕ ਮਿਟਾ ਪਹਿਲਾਂ ।
ਜੀਵਨ ਦੇ ਹਰ ਖੇਤਰ ਵਿੱਚ ਜੋ ਬੈਠੀ ਹੈ,
ਐਸੀ ਬਿਪਰੀ-ਸੋਚ ਤੋਂ ਜਾਨ ਛੁਡਾ ਪਹਿਲਾਂ ।
ਮਜਹਬਾਂ ਵਾਲੀ ਨਕਲ ਮਾਰਨੀ ਛੱਡਕੇ ਤੂੰ,
ਸੱਚ-ਧਰਮ ਦਾ ਵੱਖਰਾਪਣ ਦਿਖਲਾ ਪਹਿਲਾਂ ।
ਗੱਲੀਂ ਬਾਤੀਂ ਤੇਜ ਗੁਰੂ ਦਾ ਮਿਲਣਾ ਨਾ,
ਗੁਰੂ ਸੁਝਾਇਆ ਨਿਆਰਾ ਤਾਂ ਬਣ ਜਾ ਪਹਿਲਾਂ ।
ਜੇਕਰ ਸਿੱਖਾ ਬਿਪਰ ਤੋਂ ਹੱਡ ਛਡਾਉਣੇ ਨੇ ,
ਮਨ ਵਿੱਚ ਵਸਦੇ ਬਿਪਰ ਨੂੰ ਫੜਕੇ ਢਾਹ ਪਹਿਲਾਂ ।
ਬਾਹਰੋਂ ਲੜਿਆਂ ਬਿਪਰ ਕਦੇ ਵੀ ਮੁੱਕਣਾ ਨਾ,
ਮਨ ਵਿੱਚ ਪੱਸਰੀ ਇਸਦੀ ਜੜ ਸੁਕਾ ਪਹਿਲਾਂ ।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)


26/08/15)
ਸਪੋਕਸਮੈਨ ਸੰਪਾਦਕੀ

ਫ਼ਿਲਮਾਂ ਵਿਚ ਸਿੱਖਾਂ ਬਾਰੇ ਮਾੜੇ ਦ੍ਰਿਸ਼ ਵਿਖਾਣ ਵਾਲਿਆਂ ਉਤੇ ਇਤਰਾਜ਼ ਕਰਨ ਤੋਂ ਪਹਿਲਾਂ, ਸ਼੍ਰੋਮਣੀ ਕਮੇਟੀ ਅਪਣੇ ਘਰ ਵਲ ਤਾਂ ਝਾਤ ਮਾਰ ਕੇ ਵੇਖੇ! ਅਰਬਾਂ ਰੁਪਏ ਦੀ ਗੋਲਕ ਵਾਲੀ ‘ਸ਼੍ਰੋਮਣੀ’ ਕਮੇਟੀ ਨੂੰ ਸਿੱਖੀ ਦੀ ਢਹਿੰਦੀ ਕਲਾ ਵੇਖ ਕੇ ਜ਼ਰਾ ਜਿੰਨਾ ਵੀ ਫ਼ਿਕਰ ਨਹੀਂ!
ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ‘ਸਿੰਘ ਇਜ਼ ਬਲਿੰਗ’ ‘ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਹੈ ਤੇ ਹੁਣ ਉਹ ਇਸ ਵਿਰੁਧ ਕਾਰਵਾਈ ਸ਼ੁਰੂ ਕਰ ਰਹੇ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਜਦ ਵੀ ਕੋਈ ਵੱਡੀ ਬਾਲੀਵੁੱਡ ਫ਼ਿਲਮ ਆਉਂਦੀ ਹੈ ਤਾਂ ਸ਼੍ਰੋ.ਗੁ.ਪ੍ਰ. ਕਮੇਟੀ ਨੂੰ ਉਸ ਵਿਚ ਪੇਸ਼ ਕੀਤੇ ਦ੍ਰਿਸ਼ ਇਤਰਾਜ਼ਯੋਗ ਲੱਗਣ ਲੱਗ ਜਾਂਦੇ ਹਨ। ਪਰ ਹਰ ਰੋਜ਼ ਪੰਜਾਬ ਵਿਚ ਪੰਜਾਬੀ ਗੀਤਾਂ ਅਤੇ ਫ਼ਿਲਮਾਂ ਵਿਚ ਸਿੱਖਾਂ ਦੇ ਅਕਸ ਦਾ ਜਿਹੜਾ ਕਤਲੇਆਮ ਕੀਤਾ ਜਾਂਦਾ ਹੈ, ਉਸ ਬਾਰੇ ਉਹ ਕਦੇ ਕੁੱਝ ਨਹੀਂ ਕਰਦੇ। ਅਕਸ਼ੈ ਕੁਮਾਰ, ਸਿੰਘ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਦੀ ਪਹਿਲੀ ਸਿੱਖ ਕਿਰਦਾਰ ਵਾਲੀ ਫ਼ਿਲਮ ਵਿਚ ਇਕ ਸਿੱਖ ਦੇ ਕਿਰਦਾਰ ਨੂੰ ਬੜੇ ਸੋਹਣੇ ਢੰਗ ਨਾਲ ਨਿਭਾਇਆ ਗਿਆ ਸੀ। ਕਮੀ ਰਹਿ ਗਈ ਸੀ ਤਾਂ ਇਕ ਸਿੰਘ ਦੀ ਬਾਹਰਲੀ ਦਿਖ ਦੀ। ਸਿੱਖ ਦਾ ਕਿਰਦਾਰ ਬੜੇ ਅਸੂਲ-ਪ੍ਰਸਤ ਤੇ ਔਰਤਾਂ ਦੀ ਇੱਜ਼ਤ ਕਰਨ ਵਾਲੇ ਸਿੰਘ ਦਾ ਸੀ। ਗਾਣੇ ਬੜੇ ਵਧੀਆ ਸਨ। ‘ਸਿੰਘ ਇਜ਼ ਕਿੰਗ’ ਗਾਣਾ ਅੱਜਕਲ ਦੇ ਨੌਜੁਆਨਾਂ ਵਿਚ ਥੋੜੀ ਤੜਪ ਪੈਦਾ ਕਰਨ ਦੀ ਕਾਬਲੀਅਤ ਰਖਦਾ ਹੈ, ਪਰ ਉਸ ਤੋਂ ਕੁਤਾਹੀ ਇਹ ਹੋ ਗਈ ਕਿ ਉਸ ਦੀ ਦਾੜ੍ਹੀ, ਸਾਰੀ ਫ਼ਿਲਮ ਵਿਚ ਚੁਭਦੀ ਰਹੀ।
ਅਕਸ਼ੈ ਕੁਮਾਰ ਨੇ ਸਰਦਾਰ ਦੇ ਕਿਰਦਾਰ ਨੂੰ ਬੜੀ ਸੋਹਣੀ ਤਰ੍ਹਾਂ ਪੇਸ਼ ਕੀਤਾ ਪਰ ਜਿਹੜਾ ਸਿੱਖ ਸਰੂਪ ਪੇਸ਼ ਕੀਤਾ, ਉਸ ਵਿਚ ਗ਼ਲਤੀ ਕਿਸ ਦੀ ਸੀ? ਫ਼ਿਲਮ ਵਿਚ ਜੋ ਸਰੂਪ ਪੇਸ਼ ਕੀਤਾ ਜਾਂਦਾ ਹੈ, ਉਹ ਤਾਂ ਅਸਲੀਅਤ ਨੂੰ ਹੀ ਦੁਹਰਾਉਂਦਾ ਹੈ ਤੇ ਉਹ ਤਸਵੀਰ ਤਾਂ ਪੰਜਾਬ ਦੀਆਂ ਸੜਕਾਂ, ਪੰਜਾਬ ਦੇ ਗੀਤਾਂ ਤੇ ਫ਼ਿਲਮਾਂ ਵਿਚ ਹੀ ਕੱਟੀ ਵੱਢੀ ਹਾਲਤ ਵਿਚ ਪੇਸ਼ ਹੁੰਦੀ ਰਹਿੰਦੀ ਹੈ। ਅੱਜ ਸ਼੍ਰੋ.ਗੁ.ਪ੍ਰ. ਕਮੇਟੀ ਦੇ ਇਤਰਾਜ਼ ਸਬੰਧੀ ਦੋ ਸਵਾਲ ਬੜੇ ਮਹੱਤਵਪੂਰਨ ਹਨ। ਪਹਿਲਾ ਇਹ ਕਿ ਉਹ ਸਿਰਫ਼ ਬਾਲੀਵੁੱਡ ਫ਼ਿਲਮਾਂ ‘ਤੇ ਹੀ ਇਤਰਾਜ਼ ਕਿਉਂ ਕਰਦੇ ਹਨ? ਪੰਜਾਬ ਵਿਚ ਜਿਵੇਂ ਸਿੰਘਾਂ ਦਾ ਕਿਰਦਾਰ ਪੇਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਉਸ ‘ਤੇ ਇਤਰਾਜ਼ ਕਿਉਂ ਨਹੀਂ ਹੁੰਦਾ? ਹਰ ਰੋਜ਼ ਪੰਜਾਬ ਦੇ ਸੱਭ ਤੋਂ ਵੱਡੇ ਪੰਜਾਬੀ ਚੈਨਲ ‘ਤੇ ਪੰਜਾਬੀਆਂ ਦਾ ਅਕਸ ਮਿੱਟੀ ਵਿਚ ਰੋਲਿਆ ਜਾਂਦਾ ਹੈ। ਇਹ ਗਾਣੇ ਪੰਜਾਬੀਆਂ ਵਿਚ ਜਾਤ-ਪਾਤ ਨੂੰ ਵਧਾਉਂਦੇ ਹਨ, ਉਨ੍ਹਾਂ ਨੂੰ ਝਗੜਾਲੂ, ਬੰਦੂਕਾਂ ਚੁੱਕੀ ਘੁੰਮਦੇ, ਇਸ਼ਕ ਦੇ ਦੀਵਾਨੇ, ਕਤਲ ਕਰਦੇ ਤੇ ਖਰ੍ਹਵਾ ਬੋਲਦੇ ਹੀ ਵਿਖਾਇਆ ਜਾਂਦਾ ਹੈ। ਗੀਤਾਂ ਦੇ ਬੋਲਾਂ ਵਿਚ ਕੋਈ ਸਿਆਣਪ ਜਾਂ ਅਣਖ ਨਜ਼ਰ ਨਹੀਂ ਆਉਂਦੀ। ਹਰ ਸਵੇਰ ਘੰਟਾ ਭਰ, ਪੰਜਾਬ ਦੇ ਆਤਮ ਸਨਮਾਨ ਨੂੰ ਖ਼ਤਮ ਕਰਦੇ ਵੇਖ ਕੇ ਹਰ ਸਿਆਣਾ ਸਿੱਖ ਘਬਰਾ ਜਾਂਦਾ ਹੈ ਤੇ ਸੋਚਣ ਲਗਦਾ ਹੈ ਕਿ ਸਾਡੀ ਨੌਜੁਆਨ ਪੀੜ੍ਹੀ ਇਸ ਸੱਭ ਨੂੰ ਵੇਖ ਕੇ ਹੋਰ ਖੋਖਲੀ ਹੋ ਜਾਵੇਗੀ। ਪਰ ਸ਼੍ਰੋ.ਗੁ.ਪ੍ਰ. ਕਮੇਟੀ ਨੂੰ ਇਹ ਸੱਭ ਕੁੱਝ ਵੇਖ ਕੇ ਤਕਲੀਫ਼ ਕਿਉਂ ਨਹੀਂ ਹੁੰਦੀ? ਹਾਲ ਹੀ ਵਿਚ ਜ਼ੀ ਟੀਵੀ ਉਤੇ ਸਿੱਖ ਪ੍ਰਵਾਰ ਤੇ ਆਧਾਰਤ ਇਕ ਪ੍ਰੋਗਰਾਮ ਸ਼ੁਰੂ ਹੋਇਆ ਹੈ। ਉਸ ਵਿਚ ਇਕ ਸਿੱਖ ਪ੍ਰਵਾਰ ਦੀਆਂ ਰਵਾਇਤਾਂ, ਉਨ੍ਹਾਂ ਦੀ ਪੰਜਾਬੀ ਤੇ ਸਿੱਖੀ ਦਾ ਮਜ਼ਾਕ ਉਡਾਇਆ ਜਾਂਦਾ ਹੈ। ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਸ ‘ਤੇ ਕੋਈ ਇਤਰਾਜ਼ ਕਿਉਂ ਨਹੀਂ ਕੀਤਾ?
ਦੂਜਾ ਸਵਾਲ, ਅੱਜ ਸ਼੍ਰੋਮਣੀ ਕਮੇਟੀ ‘ਤੇ ਇਹ ਉਠਦਾ ਹੈ ਕਿ ਸਿੱਖਾਂ ਦੇ ਅਕਸ ਨੂੰ ਵਿਗੜਦਾ ਵੇਖ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਆਪ ਕੀ ਕੀਤਾ ਹੈ? ਅਕਸ਼ੈ ਕੁਮਾਰ ਦੀ ਫ਼ਿਲਮ ਵਿਚ ਅੰਮ੍ਰਿਤਸਰ ਦੀਆਂ ਮਸ਼ਹੂਰ ਗੱਲਾਂ ਵਿਚ ਸ਼ਰਾਬ ਵੀ ਸ਼ਾਮਲ ਹੈ। ਇਸ ਸੱਚ ਨੂੰ ਠੀਕ ਕਰਨ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਕੁੱਝ ਕਰਦੀ? ਹਰ ਧਰਮ ਦੇ ਗੜ੍ਹ ਨੂੰ, ਉਸ ਧਰਮ ਨੂੰ ਮੰਨਣ ਵਾਲੇ, ਬੜੀ ਸ਼ਿੱਦਤ ਨਾਲ ਨਿਭਾਉਂਦੇ ਹਨ। ਰੋਮ ਜਾਂ ਮੱਕੇ ਨੂੰ ਕਿਸ ਤਰ੍ਹਾਂ ਸਾਫ਼ ਤੇ ਪਾਕਿ ਰੱਖਣ ਦੇ ਯਤਨ ਕੀਤੇ ਜਾਂਦੇ ਹਨ ਜਦਕਿ ਸਾਡਾ ਅੰਮ੍ਰਿਤਸਰ ਸ਼ਰਾਬ, ਨਸ਼ੇ ਅਤੇ ਏਡਜ਼ ਦੇ ਗੜ੍ਹ ਅਤੇ ਗੰਦਗੀ ਲਈ ਜਾਣਿਆ ਜਾਣ ਲੱਗ ਪਿਆ ਹੈ। ਅੱਜ ਜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮਾੜੇ ਪ੍ਰਚਾਰ ਬਾਰੇ ਫ਼ਿਕਰ ਹੈ ਤਾਂ ਉਨ੍ਹਾਂ ਨੇ ਚੰਗੇ ਪ੍ਰਚਾਰ ਬਾਰੇ ਕੋਈ ਯਤਨ ਕਿਉਂ ਨਹੀਂ ਕੀਤਾ? ਨਾ ਪੈਸੇ ਦੀ ਘਾਟ ਹੈ ਤੇ ਨਾ ਸਾਡੇ ਇਤਿਹਾਸ ਵਿਚ ਚੰਗੇ ਕਿਰਦਾਰਾਂ ਦੀ ਕਮੀ ਹੈ। ਕੀ ਅੱਜ ਸਾਡੇ ਬੱਚੇ ਜਾਂ ਨੌਜੁਆਨ ਜਾਣਦੇ ਹੋਣਗੇ ਕਿ ਕਦੀ ਲਾਲ ਕਿਲ੍ਹੇ ਤੇ ਖ਼ਾਲਸਾ ਪੰਥ ਦਾ ਝੰਡਾ ਲਹਿਰਾਇਆ ਸੀ? 5000 ਸਾਲ ਦੇ ਇਤਿਹਾਸ ਵਿਚ ਅੱਜ ਤਕ ਸਿਰਫ਼ ਇਕ ਵਾਰ ਹੀ ਅਫ਼ਗ਼ਾਨਿਸਤਾਨੀਆਂ ਅੰਦਰ ਕਿਸੇ ਵਿਦੇਸ਼ੀ ਹੀਰੋ ਦਾ ਡਰ ਪੈਦਾ ਹੋਇਆ ਸੀ। ਇਹ ਹੀਰੋ ਨਾ ਤਾਂ ਆਧੁਨਿਕ ਅਮਰੀਕੀ ਫ਼ੌਜ ਦਾ ਕੋਈ ਜਰਨੈਲ ਸੀ ਤੇ ਨਾ ਕੋਈ ਹੋਰ, ਕੇਵਲ ਸਰਦਾਰ ਹਰੀ ਸਿੰਘ ਨਲੂਆ ਸੀ। ਰਾਣੀ ਜਿੰਦਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਤੇ ਫ਼ਿਲਮਾਂ ਬਣਾ ਕੇ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖਾਂ ਦੇ ਅਕਸ ਨੂੰ ਸੁਧਾਰ ਸਕਦੀ ਹੈ। ਜੱਟਾਂ ਦੇ ਕਿਰਦਾਰ ਨੂੰ ਸੁਧਾਰਨ ਲਈ ਅਕਾਲੀ ਤੇ ਬੱਬਰ ਅਕਾਲੀ ਸ਼ਹੀਦ ਦੇਸ਼-ਭਗਤਾਂ ਤੇ ਭਾਈ ਮਹਾਰਾਜ ਸਿੰਘ ਵਰਗਿਆਂ ਬਾਰੇ ਪ੍ਰਚਾਰ ਕਿਉਂ ਨਹੀਂ ਕਰਦੇ?
ਬਾਬੇ ਨਾਨਕ ਦੇ ਫ਼ਲਸਫ਼ੇ ਦੀ ਮੁਢਲੀ ਸੋਚ ਬਰਾਬਰੀ ‘ਤੇ ਆਧਾਰਤ ਹੈ। ਉਹ ਪਹਿਲੇ ਮੁਹਾਂਪੁਰਸ਼ ਹੋਏ ਹਨ ਜਿਨ੍ਹਾਂ ਨੇ ਲਿੰਗ ਅਨੁਪਾਤ, ਜਾਤ-ਪਾਤ ਵਿਚ ਅੰਤਰ ਖ਼ਤਮ ਕਰ ਦਿਤਾ ਸੀ। ਸਿੱਖ ਧਰਮ ਇਕੱਲਾ ਅਜਿਹਾ ਧਰਮ ਹੈ ਜਿਸ ਵਿਚ ਔਰਤਾਂ ਨੂੰ ਮਰਦ ਨਾਲ ਬਰਾਬਰੀ ਦਿਤੀ ਗਈ ਹੈ। ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਸੋਚ ਨੂੰ ਵੀ ਅੱਜ ਦੇ ਸਿੱਖਾਂ ਦੇ ਮਨਾਂ ਵਿਚ ਵਸਾ ਨਹੀਂ ਪਾਈ। ਅੱਜ ਜਦ 2015 ਦੇ ਵਿਗਿਆਨੀਆਂ ਦੀ ਖੋਜ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਲਿੰਗ ਅਨੁਪਾਤ ਵਿਚ ਸੱਭ ਤੋਂ ਮਾੜਾ ਹਾਲ ਸਿੱਖ ਕੌਮ ਦਾ ਹੈ ਤਾਂ ਫਿਰ ਕਿਸ ‘ਤੇ ਇਹ ਇਲਜ਼ਾਮ ਲਗਾਇਆ ਜਾਵੇ?
ਸਿੱਖ ਆਬਾਦੀ, ਦੇਸ਼ ਦੀ ਤੁਲਨਾ ਵਿਚ ਤਾਂ ਘਟੀ ਹੀ ਹੈ, ਬਲਕਿ ਪੰਜਾਬ ਵਿਚ ਵੀ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਪਰ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਪਣੇ ਆਪ ਤੋਂ ਪੁੱਛਣ ਦੀ ਜ਼ਰੂਰਤ ਹੈ ਕਿ ਜੋ ਲੋਕ ਸਿੱਖ ਅਖਵਾਉਂਦੇ ਵੀ ਹਨ, ਕੀ ਬਾਬਾ ਨਾਨਕ ਉਨ੍ਹਾਂ ਨੂੰ ਸਿੱਖ ਮੰਨਣਗੇ? ਜਾਤ-ਪਾਤ ਮੰਨਦੇ, ਰਾਧੇ ਮਾਂ ਵਰਗੀਆਂ ਸਾਧਵੀਆਂ ਦੇ ਡੇਰਿਆਂ ਵਿਚ ਨਚਦੇ, ਕੁੜੀਆਂ ਦੀ ਭਰੂਣ ਹਤਿਆ ਕਰਦੇ, ਨਸ਼ੇ ਵਿਚ ਧੁਤ, ਕੀ ਇਸ ਤਰ੍ਹਾਂ ਦੇ ਸਿੰਘਾਂ ਦੇ ਸਿਰ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜਿਆ ਸੀ? ਅੱਜ ਕੌਮ ਏਨੀ ਨਿਘਰ ਚੁੱਕੀ ਹੈ ਕਿ ਬਾਬੇ ਨਾਨਕ ਦੇ ਫ਼ਲਸਫ਼ੇ ਤੋਂ ਕੋਹਾਂ ਦੂਰ ਹੋ ਗਈ ਹੈ। ‘ਉੱਚਾ ਦਰ’, ਦੁਨੀਆਂ ਦਾ ਪਹਿਲਾ ਅਜੂਬਾ ਹੈ ਜੋ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਸਾਦਗੀ ਤੇ ਆਧੁਨਿਕ ਤਰੀਕੇ ਵਿਚ ਦੁਨੀਆਂ ਅੱਗੇ ਰਖੇਗਾ। ਜੇ ਅੱਜ ਸਿੱਖ ਧਰਮ ਮੱਥਾ ਟੇਕਣ ਦੀ ਥਾਂ ਦਸਵੰਧ ਕੱਢਣ ਦੇ ਹੁਕਮ ਨੂੰ ਅਪਣਾਉਂਦਾ ਤਾਂ ‘ਉੱਚਾ ਦਰ’ ਜਹੇ 100 ਅਜੂਬੇ ਇਕ ਸਾਲ ਵਿਚ ਬਣ ਜਾਂਦੇ ਪਰ ਸਿੱਖੀ ਦਾ ਅਹਿਸਾਸ ਬਹੁਤ ਕਮਜ਼ੋਰ ਪੈ ਚੁੱਕਾ ਹੈ। ਐਸ.ਜੀ.ਪੀ.ਸੀ. ਅੱਜ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਸਿੱਖਾਂ ਵਿਚ ਹੀ ਪ੍ਰਚਾਰਨ ਵਿਚ ਨਾਕਾਮ ਹੋ ਗਈ ਹੈ। ਸਿੱਖ ਕੌਮ ਦੀਆਂ ਜੜ੍ਹਾਂ ਕਮਜ਼ੋਰ ਹੋ ਗਈਆਂ ਹਨ ਤੇ ਐਸ.ਜੀ.ਪੀ.ਸੀ. ਨੂੰ ਸਿਰਫ਼ ਕੁੱਝ ਵੱਡੀਆਂ ਰਕਮਾਂ ਵਾਲੀਆਂ ਬਾਲੀਵੁਡ ਫ਼ਿਲਮਾਂ ਹੀ ਨਜ਼ਰ ਆਉਂਦੀਆਂ ਹਨ।
ਅੱਜ ਸਿੰਘਾਂ ਦੇ ਕਿਰਦਾਰ ਨੂੰ ਸੁਧਾਰਨ ਵਾਲੇ ਕੁੱਝ ਸਿੰਘ ਅਪਣੇ ਵਲੋਂ ਛੋਟੀ-ਛੋਟੀ ਕੋਸ਼ਿਸ਼ ਕਰਦੇ ਰਹਿੰਦੇ ਹਨ ਜਿਵੇਂ ਸਪੋਕਸਮੈਨ ਅਪਣਾ ਸੱਭ ਕੁੱਝ ਦਾਅ ਤੇ ਲਾ ਕੇ, ਅਸਲ ਸਿੰਘ ਦੇ ਕਿਰਦਾਰ ਨੂੰ ਅਪਣੇ ਪਾਠਕਾਂ ਨਾਲ ਸਾਂਝਾ ਕਰਦਾ ਰਹਿੰਦਾ ਹੈ। ਦੁਨੀਆਂ ਵਿਚ ਕਿਤੇ ਵੀ ਕੋਈ ਸਿੱਖ ਕੋਈ ਪ੍ਰਾਪਤੀ ਹਾਸਲ ਕਰਦਾ ਹੈ ਤਾਂ ਉਸ ਨੂੰ ਸਪੋਕਸਮੈਨ ਵਿਚ ਜ਼ਰੂਰ ਉਜਾਗਰ ਕੀਤਾ ਜਾਂਦਾ ਹੈ। ਇਤਿਹਾਸ ਦੀਆਂ ਪ੍ਰਾਪਤੀਆਂ ਤੇ ਅੱਜ ਦੀਆਂ ਪ੍ਰਾਪਤੀਆਂ ਕਰਨ ਵਾਲੇ ਸਿੱਖਾਂ ਦੀ ਕਮੀ ਨਹੀਂ, ਬਸ ਕਮੀ ਹੈ ਤਾਂ ਉਨ੍ਹਾਂ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦੀ। ਸਾਡੇ ਕੋਲ ਪੈਸਾ ਨਹੀਂ ਕਿ ਅਸੀ ਉਹ ਸੱਭ ਕਰ ਸਕੀਏ ਜਿਸ ਦੀ ਸਾਡੇ ਨੌਜੁਆਨਾਂ ਨੂੰ ਜ਼ਰੂਰਤ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਅਰਬਾਂ ਦਾ ਖ਼ਜ਼ਾਨਾ ਹੈ ਪਰ ਉਹ ਸਿੱਖ ਕੌਮ ਬਾਰੇ ਫ਼ਿਕਰਮੰਦ ਨਹੀਂ ਜਾਪਦੀ। ਅੱਜ ਸ਼੍ਰੋਮਣੀ ਕਮੇਟੀ ਦੀ ਲਾਪ੍ਰਵਾਹੀ ਵਿਰੁਧ ਸਿੱਖ ਕੌਮ ਨੂੰ, ਫ਼ਿਲਮਾਂ ਨਾਲੋਂ ਵੀ ਜ਼ਿਆਦਾ ਵੱਡਾ ਇਤਰਾਜ਼ ਅਤੇ ਗਿਲਾ ਹੈ।
– ਨਿਮਰਤ ਕੌਰ, ਅਸਿਸਟੈਂਟ ਐਡੀਟਰ


25/08/15)
ਜਰਨੈਲ ਸਿੰਘ ਸਿਡਨੀ (ਅਸਟ੍ਰੇਲੀਆ)

ਸ: ਗੁਰਸ਼ਰਨ ਸਿੰਘ ਜੀ
ਗੁਰ ਫਤਿਹ ਪਰਿਵਾਨ ਕਰਨੀ।
ਤੁਹਾਡੇ ਖ਼ਤ ਲਈ ਤੁਹਾਡਾ ਸ਼ੁਕਰੀਆ। ਮੇਰਾ ਖ਼ਿਆਲ ਹੈ ਕਿ ਪ੍ਰੋ: ਸਾਹਿਬ ਸਿੰਘ ਨੇ ਆਮ ਪ੍ਰਚਲਤ ਗੱਲ ਨੂੰ ਬਿਨਾ ਘੋਖ ਕੀਤਿਆਂ “ਸਿਖ ਇਤਿਹਾਸ” ਲਿਖ ਦਿਤਾ ਹੈ। ਅਗਰ ਤੁਸੀਂ ਪ੍ਰੋ ਸਾਹਿਬ ਜੀ ਦੇ ਇਸ ਸ਼ਬਦ ਦੇ ਕੀਤੇ ਅਰਥ ਪੜੋ ਤਾਂ ਇਸ ਨੋਟ ਅਤੇ ੳਹਨਾਂ ਦੇ ਹੀ ਕੀਤੇ ਅਰਥਾਂ ਵਿੱਚ ਸਪਸ਼ਟ ਵਿਰੋਧਾਭਾਸ ਵੀ ਨਜ਼ਰ ਆਂਉਦਾ ਹੈ। ਇੱਕ ਪਾਸੇ ਉਹ ਕਹਿੰਦੇ ਨੇ ਕਿ ਸੁਲਹੀ ਵਾਲੀ ਬਲਾ ਟਲ ਗਈ ਭਾਵ ਉਸ (ਦੁਸ਼ਮਣ) ਦੀ ਸਰੀਰਕ ਮੌਤ ਹੋ ਗਈ ਪਰ ਦੂਜੇ ਪਾਸੇ ਰਹਾਉ ਵਾਲੀ ਤੁਕ ਦੇ ਅਰਥ ਕਰਦਿਆ ਕਹਿੰਦੇ ਨੇ ਕਿ ਅਕਾਲ ਪੁਰਖ ਦੇ ਸਿਮਰਣ ਨਾਲ ਆਈ ਆਤਮਕ ਅਡੋਲਤਾ ਅੰਦਰ ਕੋਈ ਦੁਸ਼ਮਨ ਹੀ ਨਹੀਂ ਜਾਪਦਾ। ਸੋ ਇਸ ਸ਼ਬਦ ਦੇ ਅਰਥ ਸ਼ੁਲਹੀ ਦੀ ਬਲਾ ਟਲਣ ਨਾਲੋਂ ਬਹੁਤ ਜ਼ਿਆਦਾ ਗਹਿਰੇ ਹਨ।
ਤੁਹਾਡੇ ਖ਼ਤ ਲਈ ਇੱਕ ਵਾਰ ਫਿਰ ਧੰਨਵਾਦ।
ਜਰਨੈਲ ਸਿੰਘ
ਸਿਡਨੀ (ਅਸਟ੍ਰੇਲੀਆ)


25/08/15)
ਹਰਮਿੰਦਰ ਸਿੰਘ ਭੱਟ

ਨਿਯਮਾਂ ਦੀਆਂ ਉਲੰਘਣਾ ਕਾਰਨ ਹੋ ਰਹੇ ਹਾਦਸਿਆਂ ਵਿੱਚ ਵਾਧਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!

ਦਿਨ ਪਰ ਦਿਨ ਵੱਧ ਰਹੀਆਂ ਸੜਕੀ ਦੁਰਘਟਨਾਵਾਂ ਦਾ ਜੇਕਰ ਵਿਸਥਾਰ ਪੂਰਵਕ ਸਰਵੇਖਣ ਕੀਤਾ ਜਾਵੇ ਤਾਂ ਹਰੇਕ ਨਵੇਂ ਦਿਨ ਆਵਾਜਾਈ ਨਿਯਮਾਂ ਦੀਆਂ ਉਲੰਘਣਾ ਕਰਦੇ ਅਨੇਕ ਲੋਕ ਆਪਣੇ ਵਾਹਨਾਂ ਦੁਆਰਾ ਤੇਜ਼ ਰਫ਼ਤਾਰ, ਵਪਾਰੀ ਦਬਕੇ ਵੱਲੋਂ ਲੋੜ ਤੋ ਵੱਧ ਮਾਲ/ਸਮਾਨ ਲੱਦ ਕੇ ਟਰਾਲੀਆਂ ਟਰੱਕਾਂ ਵਿੱਚ ਵਾਹਨਾਂ ਤੇ ਆਪਣੀ ਆਮਦਨ ਨੂੰ ਕੁੱਝ ਹੱਦ ਤੱਕ ਵਧਾਉਣ ਦੇ ਕੋਝੇ ਮਕਸਦ ਖ਼ਾਤਰ, ਅਤੇ ਕਈ ਮਨਚਲਿਆਂ ਵੱਲੋਂ ਸਕੂਟਰ ਮੋਟਰਸਾਈਕਲਾਂ ਦੁਆਰਾ ਸੜਕ ਉੱਤੇ ਕਲਾਬਾਜ਼ੀਆਂ ਕਰਨਾ, ਛੋਟੀ ਉਮਰ ਦੇ ਨਾਬਾਲਗਾਂ ਨੂੰ ਮਾਪਿਆਂ ਵੱਲੋਂ ਵਾਹਨਾਂ ਨੂੰ ਚਲਾਉਣ ਦੀ ਖੁੱਲ, ਵਾਹਨਾਂ ਨੂੰ ਚਲਾਉਣ ਦੌਰਾਨ ਮੋਬਾਇਲ ਫੋਨਾਂ ਦੀ ਬੇਲੋੜੀ ਵਰਤੋ ਅਤੇ ਕਈ ਵਾਰ ਸ਼ਰਾਬ ਜਾਂ ਹੋਰ ਨਸ਼ੇ ਦੇ ਸੇਵਨ ਅਤੇ ਲੜਕਿਆਂ ਜਾਂ ਵਿਸ਼ੇਸ਼ ਕਰ ਕੇ ਲੜਕੀਆਂ ਵੱਲੋਂ ਮੂੰਹ ਤੇ ਹੱਥਾਂ ਨੂੰ ਧੁੱਪ ਜਾਂ ਧੂੜ ਤੋ ਬਚਣ ਲਈ ਡਰਾਈਵਿੰਗ ਸਮੇਂ ਢੱਕ ਕੇ ਰਖ਼ਣਾ ਜਿਸ ਕਰ ਕੇ ਹਵਾ ਅਤੇ ਵਾਹਨ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕੱਪੜਾ, ਦੁਪੱਟਾ, ਚੁੰਨੀ ਆਦਿ ਅਚਨਚੇਤ ਚਿਹਰੇ ਤੇ ਆ ਜਾਣ ਨਾਲ ਜਾਂ ਹੋਰ ਅਨੇਕਾਂ ਹੀ ਮਿਸਾਲਾਂ ਆਦਿ ਕਰ ਕੇ ਡਰਾਈਵ ਕਰਦੇ ਦੇਖੇ ਜਾ ਸਕਦੇ ਹਨ ਜੋ ਕਿ ਸੜਕੀ ਆਵਾਜਾਈ ਦੇ ਨਿਯਮਾਂ ਦੀ ਅਤੇ ਕਾਨੂੰਨ ਦੀਆਂ ਤਾਂ ਉਲੰਘਣਾ ਕਰਨ ਉਪਰੰਤ ਆਪਣੀ ਜਾਨ ਤਾਂ ਗਵਾਉਂਦੇ ਹੀ ਹਨ ਇਸ ਦੇ ਨਾਲ ਨਾਲ ਹੋਰ ਕਈ ਸੜਕਾਂ ਉੱਤੇ ਪੈਦਲ ਜਾਂ ਨਿਯਮਿਤ ਚਾਲਕਾਂ ਨੂੰ ਆਪਣੇ ਸ਼ਿਕਾਰ ਬਣਾ ਕੇ ਉਨ੍ਹਾਂ ਦੇ ਅਨਮੋਲ ਤੇ ਅਮੋਲਕ ਜੀਵਨ ਨੂੰ ਅੰਗੋਂ ਹੀਣ ਕਰ ਦਿੰਦੇ ਹਨ ਜਾਂ ਮੌਤ ਦੇ ਮੂੰਹ ਅੰਦਰ ਧੱਕ ਦਿੰਦੇ ਹਨ। ਸਰਕਾਰਾਂ ਦੇ ਸੰਬੰਧਿਤ ਮਹਿਕਮਿਆਂ ਤੋਂ ਇਹਨਾਂ ਤੇ ਨੱਥ ਪਾਉਣ ਦੀ ਵਜਾਏ ਕੀਤੀਆਂ ਜਾ ਰਹੀਆਂ ਅਣਗਹਿਲੀਆਂ ਕਰ ਕੇ ਇਹਨਾਂ ਹਾਦਸਿਆਂ ਦੌਰਾਨ ਹੋ ਰਹੀਆਂ ਜਾਨਲੇਵਾ ਘਟਨਾਵਾਂ ਵਿੱਚ ਲੱਖਾਂ ਹੀ ਲੋਕ ਅਪਾਹਜ ਹੋ ਗਏ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕੀਮਤੀ ਮਨੁੱਖੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਗਈਆਂ ਹਨ। ਜੇਕਰ ਦੋਸਤੋ ਮੁੱਦੇ ਤੇ ਆਵਾਂ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਇਹਨਾਂ ਹੋ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਅਤੇ ਉਲੰਘਣਾ ਕਰਨ ਵਾਲਿਆਂ ਤੇ ਸਖ਼ਤੀ ਨਾਲ ਕਾਰਵਾਈ ਕਰਨ ਲਈ ਸਰਕਾਰਾਂ ਦੁਆਰਾ ਬਸ਼ਰਤੇ ਟਰੈਫ਼ਿਕ ਵਿਭਾਗ ਵਿੱਚ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਕੁੱਝ ਹੱਦ ਤੱਕ ਇਹੋ ਜਿਹੀ ਉਲੰਘਣਾ ਕਰਨ ਵਾਲਿਆਂ ਲਈ ਚਲਾਨ ਕੱਟਣ ਅਤੇ ਕਾਗ਼ਜ਼ ਪੂਰੇ ਨਾ ਹੋਣ ਦੀ ਸੂਰਤ ਵਿੱਚ ਵਾਹਨਾਂ ਨੂੰ ਜ਼ਬਤ ਕਰਨ ਦਾ ਵੀ ਅਧਿਕਾਰ ਦਿੱਤਾ ਗਿਆ ਹੈ। ਜਦੋਂ ਕਦੇ ਵੱਡੀਆਂ ਰੈਲੀਆਂ, ਮੇਲਿਆਂ, ਚਲਾਨਾਂ ਦੀ ਗਿਣਤੀ ਨੂੰ ਪੂਰਾ ਕਰਨ ਹਿਤ ਜਾਂ ਦੁਰਘਟਨਾਵਾਂ/ਗ਼ਲਤ ਅਨਸਰਾਂ ਵੱਲੋਂ ਸਮਾਜ ਨੂੰ ਕਲੰਕਿਤ ਕਰਨ ਲਈ ਨਿੰਦਣ ਯੋਗ ਹਰਕਤਾਂ ਵੱਧ ਜਾਂਦੀਆਂ ਹਨ ਤਾਂ ਭਾਵੇਂ ਕੁੱਝ ਸਮੇਂ ਲਈ ਵਿਭਾਗ ਵੱਲੋਂ ਸਖ਼ਤੀ ਕੀਤੀ ਜਾਂਦੀ ਹੈ ਪਰ ਸਮਾਂ ਬੀਤਣ ਤੋਂ ਬਾਅਦ ਪਰਨਾਲਾ ਉੱਥੇ ਦਾ ਉੱਥੇ ਵਾਲੀ ਗੱਲ ਹੋ ਜਾਂਦੀ ਹੈ। ਸੋ ਲੋੜ ਹੈ ਕਿ ਸਰਕਾਰਾਂ ਤੇ ਸੰਬੰਧਿਤ ਵਿਭਾਗ ਨੂੰ ਬਣਾਏ ਗਏ ਸੜਕੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਅਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੀ ਅਤੇ ਵਿਸ਼ੇਸ਼ ਕਰ ਕੇ ਸਾਡਾ ਵੀ ਮੁੱਢਲਾ ਫ਼ਰਜ਼ ਬਣਦਾ ਹੈ ਕਿ ਸੜਕ ਉੱਪਰ ਵਾਹਨਾਂ ਨੂੰ ਲੈ ਕੇ ਜਾਣ ਤੋਂ ਦੁਰਘਟਨਾਵਾਂ ਤੋ ਬਚਣ ਲਈ ਨਿਯਮਾਂ ਦੀ ਪਾਲਨਾ ਕਰੀਏ ਤਾਂ ਜੋ ਕੁੱਝ ਹੱਦ ਤੱਕ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਭੁੱਲ ਚੁੱਕ ਦੀ ਖਿਮਾ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ
9914062205


23/08/15)
ਗੁਰਸ਼ਰਨ ਸਿੰਘ ਕਸੇਲ

ਸ੍ਰ ਜਰਨੈਲ ਸਿੰਘ ਸਿਡਨੀ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥


ਆਪ ਜੀ ਨੇ ਕਾਫੀ ਮੇਹਨਤ ਕਰਕੇ “ਸੁਲਹੀ ਤੇ ਨਾਰਾਇਣ ਰਾਖੁ” ਵਾਲੇ ਸ਼ਬਦ ਬਾਰੇ ਆਪਣੇ ਵੀਚਾਰ ਲਿਖੇ ਹਨ । ਵੀਰ ਜੀ, ਪ੍ਰੋ. ਸਾਹਿਬ ਸਿੰਘ ਜੀ ਨੇ ਹੇਠ ਲਿਖੇ ਸ਼ਬਦ ਦੇ ਨਾਲ ਜਿਹੜਾ ਨੋਟ ਦਿਤਾ ਹੈ, ਇਸ ਬਾਰੇ ਆਪ ਦੇ ਕੀ ਵੀਚਾਰ ਹਨ ?
ਆਸਾ ਮਹਲਾ ੫ ॥ ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥ ਮਹਾ ਅਨੰਦ ਅਚਿੰਤ ਸਹਜਾਇਆ ॥ ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥ ਸਤਿਗੁਰਿ ਮੋ ਕਉ ਦੀਆ ਉਪਦੇਸੁ ॥ ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥ ਜੋ ਕਿਛੁ ਕਰੀ ਸੁ ਤੇਰਾ ਤਾਣੁ ॥ ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥ ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥ ਆਨ ਨ ਬੀਆ ਤੇਰੀ ਸਮਸਰਿ ॥ ਤੇਰੇ ਸੇਵਕ ਕਉ ਕਿਸ ਕੀ ਕਾਣਿ ॥ ਸਾਕਤੁ ਭੂਲਾ ਫਿਰੈ ਬੇਬਾਣਿ ॥੩॥ ਤੇਰੀ ਵਡਿਆਈ ਕਹੀ ਨ ਜਾਇ ॥ ਜਹ ਕਹ ਰਾਖਿ ਲੈਹਿ ਗਲਿ ਲਾਇ ॥ ਨਾਨਕ ਦਾਸ ਤੇਰੀ ਸਰਣਾਈ ॥ ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥ (ਪੰਨਾ 371)
ਨੋਟ:- ਸਿੱਖ-ਇਤਿਹਾਸ ਦੱਸਦਾ ਹੈ ਕਿ ਦੋਖੀ ਸੁਲਹੀ ਖ਼ਾ ਵਾਲੀ ਬਲਾ ਟਲਣ ਤੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਸੀ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


23/08/15)
ਦਲਬੀਰ ਸਿੰਘ ਪੱਤਰਕਾਰ

ਹਿੰਦੂ ਅੰਨ੍ਹਾ, ਤੁਰਕੂ ਕਾਣਾ- ਸਿੱਖ ਲੋਚੇ ਸਭ ਨੂੰ ਬਚਾਉਣਾ
ਦਲਬੀਰ ਸਿੰਘ ਪੱਤਰਕਾਰ ਮੋਬਾਇਲ : 99145-71713


ਜਲੰਧਰ, 23 ਅਗਸਤ 2015
ਅਜੋਕੀ ਵਿਗਿਆਨਿਕ ਇੱਕੀਵੀਂ ਸਦੀ ਵਿੱਚ ਮੂਰਖਾਂ ਦੀ ਗਿਣਤੀ ਬਹੁਤ ਘਟ ਜਾਣੀ ਚਾਹੀਦੀ ਸੀ। ਪਰ ਜੇ ਬਾਕੀ ਧਰਤੀ ਦੀ ਗੱਲ ਨਾ ਵੀ ਕਰੀਏ ਤਾਂ ਭਾਰਤ, ਸਣੇ ਪੰਜਾਬ, ਮੂਰਖ ਲਾਣੇ ਨਾਲ ਭਰਿਆ ਪਿਆ ਹੈ। ਇਸ ਲਾਣੇ ਨੂੰ ਆਪਣੀ ਮੂਰਖਤਾ ਤੇ ਬੜਾ ਹੰਕਾਰ ਵੀ ਹੈ। ਭਾਵੇਂ ਇਹ ਕੋਰਾ ਝੂਠ ਹੈ, ਪਰ ਇਸ ਲਾਣੇ ਦਾ ਵੱਡਾ ਹਿੱਸਾ ਗੱਜ ਵੱਜ ਕੇ ਕਹਿੰਦਾ ਹੈ ਕਿ ਭਾਰਤ ਹਿੰਦੂ ਦੇਸ਼ ਹੈ। ਕਦੀ-ਕਦੀ ਉਹ ਇਹ ਵੀ ਕਹਿ ਦਿੰਦਾ ਹੈ ਕਿ ਹਿੰਦੂ ਇੱਕ ਸੱਭਿਆਚਾਰ ਹੈ, ਧਰਮ ਨਹੀਂ। ਉਪਰੋਕਤ ਤਿੰਨਾਂ ਧਰਮਾਂ ਦੇ ਵਾਰਸਾਂ ਨੇ ਆਪਣੀ ਪਰਖ ਦੇ ਅੱਡ-ਅੱਡ ਦਾਅਵੇ ਕੀਤੇ ਹਨ। ਹਿੰਦੂ ਦੀ ਸੋਝੀ ਆਰੀਆ ਨਸਲ 'ਚੋਂ ਬ੍ਰਾਹਮਣਵਾਦੀ ਮਨੂੰ ਅਤੇ ਚਾਣਕੀਆ ਹੁਰਾਂ ਨੇ ਇਹ ਕਹਿ ਕੇ ਕੀਤੀ ਕਿ 'ਵਰਣ ਆਸ਼ਰਮ ਪਰਮੋ ਧਰਮਾ' ਅਤੇ 'ਰਾਜ ਕਰਨ ਲਈ ਵਿਰੋਧੀਆ ਨੂੰ ਪਲੋਸੋ, ਖ੍ਰੀਦੋ, ਫੁਟ ਪਾਓ ਅਤੇ ਵੱਸ ਕਰਨ ਲਈ ਸਿਖਰ ਤੇ ਡੰਡਾ ਵਰਤਣਾ ਯੋਗ ਹੈ'। 15 ਅਗਸਤ 1947 ਮਗਰੋਂ (ਬ੍ਰਾਹਮਣ) ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਹੁਣ ਤਾਈਂ ਇਸ ਦੇਸ਼ ਤੇ ਬ੍ਰਾਹਮਣ-ਬਾਣੀਆ ਨੇ ਇਹੀ ਕਰੜਾ ਪੈਂਤੜਾ ਲਿਆ ਤੇ ਨਿਭਾਇਆ, ਇਹ ਸਿੱਧ ਕਰਨ ਲਈ ਕਿ ਭਾਰਤ ਹਿੰਦੂ ਦੇਸ਼ ਹੈ।
ਉਧਰ ਮੁਸਲਮਾਨਾਂ ਤੇ ਸਿੱਖਾਂ ਨੇ ਡਟ ਕੇ ਇਸਦਾ ਵਿਰੋਧ ਕਰਦਿਆਂ ਇਹ ਦਾਅਵਾ ਬੰਨ੍ਹਿਆ ਕਿ ਉਹ ਇਸ ਦੇਸ਼ ਦੀ ਉਪਜ ਅਤੇ ਲੰਮੇ ਸਮੇਂ ਤੋਂ ਕੇਵਲ ਵਾਸੀ ਹੀ ਨਹੀਂ ਸਗੋਂ ਮਾਲਕੀ 'ਚ ਹਿੱਸੇਦਾਰ ਹਨ। ਉਪਜ (ਨਨਕਾਣਾ ਸਾਹਿਬ) ਦੇ ਪੱਖੋਂ ਸਿੱਖਾਂ ਦਾ ਦਾਅਵਾ ਸਭ ਨਾਲੋਂ ਮਜ਼ਬੂਤ ਹੈ। ਕਿਉਂਕਿ ਬਾਕੀ ਦੋਵੇਂ ਭਾਈਚਾਰੇ ਆਰੀਆ ਅਤੇ ਮੁਸਲਮ ਕਿਸੇ ਨਾ ਕਿਸੇ ਰੂਪ ਵਿੱਚ ਬਿਦੇਸ਼ੀ ਉਪਜ ਹਨ।
ਚਾਰ ਵਰਨਾਂ 'ਚੋਂ ਮੁਖੀ ਬ੍ਰਾਹਮਣ ਦਾ ਦਾਅਵਾ ਹੈ ਕਿ ਬ੍ਰਹਿਮੰਡ ਅਤੇ ਸਮੁੱਚੀ ਕੁਦਰਤ ਦੇ ਜਨਮਦਾਤਾ ਉਹ ਨੇ, ਜੋ ਉਹਨੇ ਦੱਸੇ ਤੇ ਜੋ ਉਹ ਅੱਗੋਂ ਦੱਸੇਗਾ। ਇਸਲਾਮ ਦੀ ਉਪਜ ਤਾਂ ਕੁਰਾਨ-ਸ਼ਰੀਫ ਦੇ ਦਾਤਾ ਮੁਹੰਮਦ ਸਾਹਿਬ ਨੇ ਪ੍ਰਮਾਤਮਾ ਦੇ ਦੂਤ ਵਜੋਂ ਕੀਤੀ। ਪਰ ਗੁਰੂ-ਗ੍ਰੰਥ-ਸਾਹਿਬ ਮਹਾਨ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ। ਜਿਸ ਵਿਚ ਵਿਚਾਰ ਸ਼ਾਮਲ ਹਨ, ਸਿੱਖ ਗੁਰੂ ਸਾਹਿਬਾਨਾਂ ਦੇ ਨਾਲ-ਨਾਲ ਭਾਰਤ ਦੇ ਅਨੇਕ ਵੱਖ-ਵੱਖ ਧਰਮਾਂ ਤੇ ਨਸਲਾਂ ਦੇ ਮਹਾਂਪੁਰਸ਼ਾਂ ਦੇ। ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਭਾਰਤੀ ਗਿਆਨ ਦਾ 'ਇਨਸਾਈਕਲੋਪੀਡੀਆ' ਵੀ ਕਹਿ ਸਕਦੇ ਹਾਂ। ਹਿੰਦੂਵਾਦੀ ਪ੍ਰੰਪਰਾ ਵਿੱਚ ਬੇਜਾਨ ਮੂਰਤੀਆਂ ਦੀ ਪੂਜਾ, ਦੇਵੀ ਦੇਵਤਿਆਂ, ਅੰਧ-ਵਿਸ਼ਵਾਸ਼ੀ ਕਰਮਕਾਂਡਾਂ ਅਤੇ ਕਰਾਮਾਤਾਂ ਦੀ ਮਾਨਤਾ ਅਟੱਲ ਹੈ। ਦੂਜੇ ਪਾਸੇ ਸਿੱਖੀ ਕੇਵਲ ਤੇ ਕੇਵਲ ਕੁਦਰਤ ਦੀ ਆਪੇ ਉਪਜੇ ਅਤੇ ਵਿਕਾਸ ਕੀਤੇ ਬ੍ਰਹਿਮੰਡ ਨੂੰ ਮੰਨਦੀ ਹੈ। ਉਹਨਾਂ ਦੇ ਗੁਰੂ ਵੀ ਆਪਣੇ ਆਪ ਨੂੰ ਮਨੁੱਖ ਹੀ ਮੰਨਦੇ ਹਨ। ਸਿਖਰ ਤੇ ਵਿਸ਼ਾਲ ਤੇ ਸਮਾਂ ਮੁਕਤ ਕੁਦਰਤ ਅਤੇ ਉਸਦੀ ਸਮੁੱਚੀ ਉਪਜ ਸਣੇ ਮਨੁੱਖ ਦੇ, ਨੂੰ ਵਿਕਾਸਮਈ ਵਰਤਾਰਾ ਦੱਸ ਕੇ ਇਸਦੇ ਹੁਕਮ ਅਨੁਸਾਰ ਚੱਲਣ ਦਾ ਰਾਹ ਦਿਖਾਉਂਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਨਹੀਂ ਮੰਨਦੇ ਰਾਮ, ਰਹੀਮ, ਪਰਾਣ, ਕੁਰਾਣ, ਵੇਦ, ਸਾਸ਼ਤਰ, ਸਿਮ੍ਰਤੀਆਂ, ਸ਼ਿਵਾ, ਬਰਮਾ, ਵਿਸ਼ਨੂੰ, ਮਹੇਸ਼, ਕ੍ਰਿਸ਼ਨ, ਸੁਖਦੇਵ, ਵਿਆਸ, ਰਮਾਇਣ, ਮਹਾਂਭਾਰਤ ਆਦਿ ਨੂੰ। ਇਸ 'ਧਰਮ ਨਿਰਪੇਖ' ਸੋਚ ਦਾ ਮੁੱਢ ਬੱਧਾ ਸੀ ਸਿੱਖੀ ਦੇ ਜਨਮਦਾਤਾ ਗੁਰੂ ਨਾਨਕ ਦੇਵ ਜੀ ਨੇ ਅਤੇ ਹੋਰਨਾਂ ਤੋਂ ਛੁੱਟ ਜਿਸਨੂੰ ਵਡਿਆਇਆ ਸੀ ਸ੍ਰੀ ਰਬਿੰਦਰ ਨਾਥ ਟੈਗੋਰ ਅਤੇ ਹੋਰ ਕਈਆਂ ਨੇ। ਪਰ ਸਮੁੱਚੇ ਭਾਰਤ ਅੰਦਰ ਹੁਣ ਧਾਰਮਿਕ, ਨਸਲੀ, ਸੱਭਿਆਚਾਰਕ ਅਤੇ ਆਰਥਿਕ ਵੰਡੀਆਂ ਕਾਰਨ ਆਪਸੀ ਝਗੜੇ ਅਤੇ ਕਤਲੇਆਮ ਸਿਖਰਾਂ ਛੋਹ ਗਏ ਤੇ ਛੋਹ ਰਹੇ ਹਨ। ਸਿੱਖਾਂ, ਮੁਸਲਮਾਨਾਂ, ਆਦਿਵਾਸੀਆਂ, ਦਲਿਤਾਂ ਆਦਿ ਦੇ ਕਤਲੇਆਮ ਤਾਂ ਸਿਖਰਾਂ ਛੋਹ ਗਏ ਹਨ। ਹਿੰਦੂਤਵੀ ਤਾਂ ਹੁਣ ਡੰਡੇ ਰਾਹੀਂ ਇਹ ਵੀ ਮਨਾਉਣਾ ਚਾਹੁੰਦੇ ਹਨ ਕਿ ਇੱਥੋਂ ਦਾ ਹਰ ਮਨੁੱਖ ਆਪਣੀ ਜੱਦੀ ਪੁਸ਼ਤੀ ਬੋਲੀ ਬੋਲਣ ਦੀ ਥਾਂ ਹਿੰਦੀ ਬੋਲੇ। ਬੋਲੋ ਲੱਖ ਲਾਹਣਤ।
ਇਹ ਸੀ ਪਿਛੋਕੜ ਜਿਸ ਕਾਰਨ ਕੱਲ੍ਹ ਰਾਤ ਪਾਕਿਸਤਾਨ ਅਤੇ ਭਾਰਤ ਦੇ 'ਸੁਰੱਖਿਆ ਸਲਾਹਕਾਰਾਂ' ਦੀ ਰੂਸ ਦੇ ਸ਼ਹਿਰ ਊਫਾ ਵਿੱਚ, ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਲੋਂ ਮਿੱਥੀ ਗਈ ਮੀਟਿੰਗ, ਭੰਗ ਹੋ ਗਈ। ਭਾਰਤ ਦਾ ਦਾਅਵਾ ਹੈ ਕਿ ਕਸ਼ਮੀਰ ਉਸਦੀ ਮਾਲਕੀ ਹੈ ਅਤੇ ਪਾਕਿਸਤਾਨ ਨਾਲ ਇਸ ਮਸਲੇ ਤੇ ਕੋਈ ਗੱਲ ਨਹੀਂ ਹੋ ਸਕਦੀ। ਹਾਂ 'ਅੱਤਵਾਦ' ਦੇ ਮਸਲ ਤੇ ਉਹ ਗੱਲ ਕਰਨ ਲਈ ਤਿਆਰ ਹੈ। ਪਰ ਭਾਰਤੀ ਬ੍ਰਾਹਮਣ-ਬਾਣੀਏ ਹਾਕਮਾਂ ਨੂੰ ਰਤੀ ਸ਼ਰਮ ਨਹੀਂ ਆਉਂਦੀ ਕਿ 15 ਅਗਸਤ 1947 ਤੋਂ ਲੈ ਕੇ ਹੁਣ ਤਾਈਂ ਇਹਨਾਂ ਜੋ ਲੱਖਾਂ ਭਾਰਤੀ ਮਾਰੇ, ਕੀ ਉਹ 'ਸੱਤਵਾਦੀ' ਕਾਰਾ ਸੀ? ਪੁਰਾਣੇ ਭਾਰਤ ਦੀ ਵੰਡ, ਫਿਰਕੂ ਫਸਾਦ, ਪਾਕਿਸਤਾਨ ਤੇ ਗੁਆਂਢੀਆਂ ਨਾਲ ਲੜਾਈਆਂ, ਵਿਰੋਧੀਆਂ ਦੇ ਧਾਰਮਿਕ ਅਸਥਾਨ ਸਾੜਨੇ ਤੇ ਢਾਉਣੇ, ਕਿਰਤੀਆਂ ਨੂੰ ਆਤਮ ਹੱਤਿਆਵਾਂ ਦੇ ਰਾਹ ਪਾਉਣਾ, ਦੇਸ਼ ਦੇ ਰਖਵਾਲੇ ਤੇ ਸਿਰ ਦੇਣ ਵਾਲੇ ਫੌਜੀਆਂ ਨੂੰ ਬਣਦੀ ਮਿਹਨਤ ਵੀ ਨਾ ਦੇਣੀ, ਵਿੱਦਿਆ ਉਹ ਪੜ੍ਹਾਉਣੀ ਜੋ ਅੱਜ ਦੇ ਯੁੱਗ ਵਿੱਚ ਸਿਖਰ ਦੀ ਮੂਰਖਤਾ ਮੰਨੀ ਜਾਂਦੀ ਹੈ, ਰੋਗਾਂ ਦੇ ਪੀੜਤ ਮਨੁੱਖਾਂ ਨੂੰ ਬਣਦੀ ਡਾਕਟਰੀ ਸਹਾਇਤਾ ਵੀ ਨਾ ਦੇਣੀ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਅੱਖੋਂ ਪਰੋਖਾ ਕਰਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਤੋਂ ਇਨਕਾਰ, ਵਸਤੂਆਂ ਦੀ ਖ੍ਰੀਦ ਫਰੋਖਤ ਅਤੇ ਸ਼ੁੱਧਤਾ ਨੂੰ ਬਾਣੀਆਵਾਦੀ ਠੱਗੀ ਦੇ ਟੀਕੇ, ਬਲਾਤਕਾਰੀਆਂ ਅਤੇ ਉਚੱਕਿਆਂ ਦੀ ਜੈ-ਜੈ ਕਾਰ, ਗਰੀਬਾਂ ਅਤੇ ਲੁਟੇਰਿਆਂ ਦੀ ਭਰਮਾਰ, ਇਹ ਇੱਕ ਝਲਕ ਹੈ ਹਿੰਦੂਤਵੀਓ ਤੁਹਾਡੇ ਰਾਜ ਪ੍ਰਬੰਧ ਦੀ।
ਗੁਰੂ ਨਾਨਕ ਦੇਵ ਜੀ ਵੱਲੋਂ ਵਿਗਿਆਨਿਕ ਖੋਜ ਸਦਕਾ ਪ੍ਰਾਪਤ ਸੇਧ ਰਾਹੀਂ ਸਿੱਖਾਂ ਦਾ ਸਿਖਰਲਾ ਨਿਸ਼ਾਨਾ ਤਾਂ ਹੈ 'ਸਰਬਤ ਦਾ ਭਲਾ'। ਸਿੱਖ ਏਸੇ ਸੇਧ ਨੂੰ ਲੈ ਕੇ ਅਥਾਹ ਕੁਰਬਾਨੀਆਂ ਕਰਦੇ ਆਏ ਨੇ ਅਤੇ ਅੱਗੋਂ ਵੀ ਕਰਦੇ ਰਹਿਣਗੇ। ਸਿੱਖਾਂ ਲਈ ਸਮੁੱਚੀ ਧਰਤੀ ਤੇ ਵਸਦੇ ਲਗਭਗ 750 ਕਰੋੜ ਮਨੁੱਖ ਇੱਕ ਸਮਾਨ ਤੇ ਇੱਕ ਭਾਈਚਾਰਾ ਹੈ। ਸਿੱਖ ਕਦੀ ਵੀ ਬ੍ਰਾਹਮਣਾਂ ਬਾਣੀਆ ਦਾ ਆਪ ਹੁਦਰਾਪਣ, ਲੁੱਟ-ਖਸੁੱਟ, ਧੱਕੇਸ਼ਾਹੀ ਤੇ ਗੁੰਡਾਗਰਦੀ ਨਹੀਂ ਚੱਲਣ ਦੇਵੇਗਾ।


23/08/15)
ਨਿਰਮਲ ਸਿੰਘ ਕੰਧਾਲਵੀ

ਸਿੱਖੀ ਬ੍ਰਾਹਮਣਵਾਦ ਦੇ ਚੁੰਗਲ `ਚ
ਹਰਿਆਣਾ ਵਿੱਚ ਪੰਜੋਖਰਾ ਸਾਹਿਬ ਦੇ ਗੁਰਦੁਆਰੇ ਦੇ ਮੈਨੇਜਰ ਦਾ ਨੋਟਿਸ ਪੜ੍ਹਿਆ ਜਿਸ ਵਿੱਚ ਉਸਨੇ ਕੁੱਝ ਹੁਕਮ ਕੀਤੇ ਹਨ ਜਿਨ੍ਹਾਂ `ਚ ਦਾੜ੍ਹੀ ਬੰਨ੍ਹਣ, ਰੰਗਣ ਅਤੇ ਕੱਟਣ ਵਾਲੇ ਤੋਂ ਇਲਾਵਾ ਚਮੜੇ ਦੀ ਬੈਲਟ ਬੰਨ੍ਹਣ ਵਾਲਾ ਤੇ ਪੈਂਟ ਕਮੀਜ਼ ਪਹਿਨਣ ਵਾਲ਼ਾ ਵੀ ਗੁਰੂ ਸਾਹਿਬ ਜੀ ਦੀ ਤਾਬਿਆ ਨਹੀਂ ਬੈਠ ਸਕਦਾ। ਪਹਿਲਾਂ ਤਾਂ ਦੇਖਣ ਵਾਲ਼ੀ ਗੱਲ ਹੈ ਕਿ ਇਸ ਛੋਟੇ ਜਿਹੇ ਨੋਟਿਸ ਵਿੱਚ ਲਿਖਾਈ ਦੀਆਂ ਘੱਟੋ ਘੱਟ ਪੰਦਰਾਂ ਗ਼ਲਤੀਆਂ ਹਨ। ਮੇਰੇ ਖ਼ਿਆਲ `ਚ ਇਹੋ ਜਿਹੇ ਨੋਟਿਸਾਂ ਦੇ ਪਿੱਛੇ ਬ੍ਰਾਹਮਣਵਾਦੀ ਸੋਚ ਕੰਮ ਕਰਦੀ ਲਗਦੀ ਹੈ, ਕਿਉਂਕਿ ਹਿੰਦੂ ਮੰਦਰਾਂ ਵਿੱਚ ਚਮੜੇ ਦੀ ਬੈਲਟ ਅਤੇ ਚਮੜੇ ਦਾ ਬਟੂਆ ਨਹੀਂ ਜਾਣ ਦਿੰਦੇ। ਕਈ ਸਾਲ ਪਹਿਲਾਂ ਚੰਡੀਗੜ੍ਹ ਰਹਿੰਦਿਆਂ ਇਸ ਬਾਰੇ ਮੇਰੇ ਇੱਕ ਸਹਿਕਰਮੀ ਨੇ ਮੈਨੂੰ ਦੱਸਿਆ ਸੀ, ਜੋ ਕਿ ਨੈਣਾਂ ਦੇਵੀ ਦੇ ਮੰਦਰ ਦੇ ਦਰਸ਼ਨਾਂ ਲਈ ਗਿਆ ਸੀ, ਕਿ ਉਹਦੀ ਬੈਲਟ ਤੇ ਬਟੂਆ ਮੰਦਰ ਦੇ ਅੰਦਰ ਜਾਣ ਤੋਂ ਪਹਿਲਾਂ ਬਾਹਰ ਰਖਵਾ ਲਏ ਗਏ ਸਨ। ਅਜੇ ਕੁੱਝ ਸਾਲ ਪਹਿਲਾਂ ਤੱਕ ਉੱਥੇ ਝੋਟੇ ਦੀ ਬਲੀ ਦਿਤੀ ਜਾਂਦੀ ਸੀ। ਚਲੋ, ਬ੍ਰਾਹਮਣ ਨੂੰ ਇਹ ਮੁਬਾਰਕ ਪਰ ਪਤਾ ਨਹੀਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਲੋਕ ਸਿੱਖੀ ਵਿੱਚ ਇਹੋ ਜਿਹੇ ਕਰਮ-ਕਾਂਡ ਕਿਉਂ ਘਸੋੜੀ ਜਾ ਰਹੇ ਹਨ। ਜੇ ਚਮੜੇ ਦੀ ਬੈਲਟ ਬੰਨ੍ਹਣ ਵਾਲ਼ਾ ਤਾਬਿਆ ਨਹੀਂ ਬੈਠ ਸਕਦਾ ਤਾਂ ਫਿਰ ਉਹ ਵਿਅਕਤੀ ਆਪਣੇ ਤਨ ਦੇ ਚਮੜੇ ਦਾ ਕੀ ਕਰੇਗਾ? ਤਨ ਦਾ ਚਮੜਾ ਕਿੱਥੇ ਸੁੱਟ ਕੇ ਆਏਗਾ? ਗੁਰੂ ਮਹਾਰਾਜ ਤੋਂ ਥੋੜ੍ਹੀ ਦੂਰੀ `ਤੇ ਹੀ ਸਟੇਜ `ਤੇ ਚਮੜੇ `ਚ ਮੜ੍ਹਿਆ ਤਬਲਾ ਤੇ ਢੋਲਕੀ ਪਈ ਹੁੰਦੀ ਹੈ ਉਸ ਦਾ ਕੀ ਕਰੋਗੇ? ਹਰਮੋਨੀਅਮ ਦਾ ਪੱਖਾ ਵੀ ਚਮੜੇ `ਚ ਮੜ੍ਹਿਆ ਹੁੰਦਾ ਹੈ। ਪੁਰਾਣੇ ਬਜ਼ੁਰਗ਼ਾਂ ਨੂੰ ਪੁੱਛ ਕੇ ਦੇਖੋ ਕਿ ਰੈਕਸੀਨ ਦੀ ਕਾਢ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬੀੜ ਦੀ ਜਿਲਦ ਵਿੱਚ ਵੀ ਚਮੜਾ ਵਰਤਿਆ ਜਾਂਦਾ ਸੀ। ਨਕਲੀ ਵਾਲ਼ਾਂ ਦੀ ਈਜਾਦ ਤੋਂ ਪਹਿਲਾਂ ਪਹਾੜੀ ਗਊ ਦੀ ਪੂਛ ਦਾ ਚੌਰ ਬਣਾਇਆ ਜਾਂਦਾ ਸੀ। ਪੁਰਾਣੇ ਸਮਿਆਂ `ਚ ਚਮੜੇ ਦੀ ਮਸ਼ਕ ਵਿੱਚ ਭਰਿਆ ਹੋਇਆ ਪਾਣੀ ਹੀ ਸਭ ਲੋਕ ਪੀਂਦੇ ਸਨ। ਭਾਈ ਘਨੱਈਆ ਜੀ ਚਮੜੇ ਦੀ ਮਸ਼ਕ ਨਾਲ਼ ਹੀ ਮੈਦਾਨੇ-ਜੰਗ ਵਿੱਚ ਪਾਣੀ ਪਿਆਉਂਦੇ ਸਨ। ਏਸ ਮੈਨੇਜਰ ਦੇ ਹੁਕਮਾਂ ਮੁਤਾਬਕ ਤਾਂ ਚਮੜੇ ਦੀ ਮਸ਼ਕ ਵਾਲ਼ਾ ਪਾਣੀ ਪੀਣ ਨਾਲ਼ ਸਭ ਦੇ ਜਨਮ ਭ੍ਰਿਸ਼ਟੇ ਗਏ। ਮੌਜੂਦਾ ਸਮੇਂ `ਚ ਵੀ ਨਲਕਿਆਂ ਵਿੱਚ ਚਮੜੇ ਦੀ ਬੋਕੀ ਹੁੰਦੀ ਹੈ।
ਹੁਣ ਕਈ ਥਾਈਂ ਜੁਰਾਬਾਂ ਦਾ ਹੁਕਮ ਵੀ ਚਾੜ੍ਹਿਆ ਜਾਂਦਾ ਹੈ। ਇੱਕ ਗੁਰਦੁਆਰੇ ਵਿੱਚ ਤਾਂ ਜੁਰਾਬਾਂ ਪਾ ਕੇ ਗੁਰੂ ਮਹਾਰਾਜ ਦੀ ਪ੍ਰਕਰਮਾ ਕਰਨੀ ਵੀ ਮਨ੍ਹਾਂ ਹੈ। ਮੈਂ ਇੱਕ ਪ੍ਰਬੰਧਕ ਬਾਰੇ ਜਾਣਦਾ ਹਾਂ ਜਿਸ ਨੂੰ ਦਸ ਗੁਰੂ ਸਾਹਿਬਾਨ ਦੇ ਨਾਮ ਵੀ ਨਹੀਂ ਪਤਾ। ਉਸਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਕੀ ਫ਼ਰਕ ਹੈ ਪਰ ਗੁਰਦੁਆਰੇ `ਚ ਉਹ ਆਪਣੀ ਬਣਾਈ ਹੋਈ ਮਰਯਾਦਾ ਠੋਸਦਾ ਹੈ। ਰਾਤ ਨੂੰ ਸੁੱਤੇ ਪਏ ਦੇ ਜਿਹੜੀ ਗੱਲ ਦਿਮਾਗ਼ `ਚ ਆ ਜਾਵੇ ਸਵੇਰੇ ਜਾ ਕੇ ਉਸ ਨੂੰ ਮਰਯਾਦਾ ਬਣਾ ਦਿੰਦਾ ਹੈ। ਕੁੱਝ ਸਾਲ ਪਹਿਲਾਂ ਗੁਰਦੁਆਰਾ ਸਾਹਿਬ `ਚ ਇੱਕ ਵਿਆਹ `ਤੇ ਵੀਡੀਓਗ੍ਰਾਫ਼ਰ ਫ਼ਿਲਮ ਬਣਾ ਰਿਹਾ ਸੀ। ਇਸ ‘ਮਰਯਾਦਾ ਪੁਰਸ਼ੋਤਮ’ ਨੇ ਵੀਡੀਓ ਵਾਲ਼ੇ ਨੂੰ ਫ਼ੁਰਮਾਨ ਚਾੜ੍ਹ ਦਿਤਾ ਕਿ ਉਹ ਆਪਣੀਆਂ ਜੁਰਾਬਾਂ ਉਤਾਰੇ। ਵੀਡੀਓ ਵਾਲ਼ੇ ਨੇ ਗੰਦੀਆਂ ਜੁਰਾਬਾਂ ਉਤਾਰ ਕੇ ਆਪਣੀ ਜੈਕਟ ਦੀਆਂ ਜੇਬਾਂ `ਚ ਪਾ ਲਈਆਂ ਤੇ ਪਾਲਕੀ ਦੇ ਆਲ਼ੇ ਦੁਆਲੇ ਘੁੰਮ ਕੇ ਵੀਡੀਓ ਬਣਾਉਣ ਲੱਗਾ। ਇਹ ਚੌਧਰੀ ਖ਼ੁਸ਼ ਸੀ ਕਿ ਉਸ ਨੇ ਗੁਰਦੁਆਰੇ ਦੀ ਮਰਯਾਦਾ ਬਚਾ ਲਈ ਸੀ।
ਇਕ ਹੋਰ ਗੁਰਦੁਆਰਾ ਸਾਹਿਬ `ਚ ਮ੍ਰਿਤਕ ਦੀ ਅੰਤਿਮ ਅਰਦਾਸ ਸਮੇਂ ਗੁਰਦੁਆਰੇ ਦੀ ਸਟੇਜ ਨਾ ਦੇ ਕੇ ਬੁਲਾਰਿਆਂ ਦੇ ਬੋਲਣ ਲਈ ਸਟੇਜ ਸਕੱਤਰ ਨੇ ਮਾਈਕ੍ਰੋਫੋਨ ਸਟੈਂਡ ਸੰਗਤ ਵਿੱਚ ਹੀ ਲਿਆ ਰੱਖਿਆ। ਸਟੇਜ ਉਥੋਂ ਦਸ ਬਾਰਾਂ ਫੁੱਟ ਦੂਰ ਸੀ ਜਿੱਥੇ ਨੋਟਿਸ ਲੱਗਾ ਹੋਇਆ ਸੀ ਕਿ ਸਟੇਜ `ਤੇ ਜਾਣ ਤੋਂ ਪਹਿਲਾਂ ਜੁਰਾਬਾਂ ਉਤਾਰੋ। ਪਹਿਲੇ ਬੁਲਾਰੇ ਦਾ ਨਾਂ ਬੋਲਿਆ ਗਿਆ। ਉਹ ਵਿਚਾਰਾ ਕੰਬਦਾ ਕੰਬਦਾ ਆਇਆ ਤੇ ਅਜੇ ਉਸ ਨੇ ਫ਼ਤਿਹ ਵੀ ਨਹੀਂ ਸੀ ਸਾਂਝੀ ਕੀਤੀ ਕਿ ਸਟੇਜ ਸਕੱਤਰ ਨੇ ਬੜੀ ਖਰ੍ਹਵੀ ਆਵਾਜ਼ ਵਿੱਚ ਨਾਦਰਸ਼ਾਹੀ ਫ਼ੁਰਮਾਨ ਨਾਜ਼ਲ ਕਰ ਦਿਤਾ ਕਿ ਸਟੇਜ `ਤੇ ਜਾਣ ਤੋਂ ਪਹਿਲਾਂ ਉਹ ਆਪਣੀਆਂ ਜੁਰਾਬਾਂ ਉਤਾਰੇ। ਸਾਰੇ ਹੈਰਾਨ ਸਨ ਕਿ ਸਟੇਜ ਤਾਂ ਉੱਥੋਂ ਕਾਫ਼ੀ ਦੂਰ ਸੀ, ਸਟੇਜ ਸਕੱਤਰ ਕਿਹੜੀ ਸਟੇਜ ਦੀ ਗੱਲ ਕਰ ਰਿਹਾ ਸੀ। ਗ਼ਮਗੀਨ ਮਾਹੌਲ ਹੋਣ ਕਰ ਕੇ ਕਿਸੇ ਨੇ ਵੀ ਇਸ ਮਸਲੇ ਨੂੰ ਤੂਲ਼ ਨਾ ਦਿੱਤੀ। ਬੁਲਾਰਾ ਵਿਚਾਰਾ ਤਾਂ ਪਹਿਲਾਂ ਹੀ ਘਬਰਾਇਆ ਹੋਇਆ ਸੀ, ਉਸ ਨੇ ਕੰਬਦੇ ਹੱਥਾਂ ਨਾਲ਼ ਜੁਰਾਬਾਂ ਉਤਾਰ ਕੇ ਮਾਈਕ੍ਰੋਫੋਨ ਸਟੈਂਡ ਦੇ ਕੋਲ਼ ਹੀ ਰੱਖ ਦਿਤੀਆਂ। ਲੱਥੀਆਂ ਹੋਈਆਂ ਜੁਰਾਬਾਂ ਵਿਚੋਂ ਏਨਾਂ ਮੁਸ਼ਕ ਆਇਆ ਕਿ ਆਲ਼ੇ ਦੁਆਲੇ ਬੈਠੇ ਲੋਕਾਂ ਨੂੰ ਰੁਮਾਲਾਂ ਨਾਲ਼ ਨੱਕ ਬੰਦ ਕਰਨੇ ਪਏ ਪਰ ਸਟੇਜ ਸਕੱਤਰ ਖ਼ੁਸ਼ ਸੀ ਕਿ ਗੁਰਦੁਆਰੇ ਦੀ ਮਰਯਾਦਾ ਬਚ ਗਈ ਸੀ।
ਪਾਠਕ ਜਾਣਦੇ ਹਨ ਕਿ ਜਿਵੇ ਸਰੀਰ ਦੇ ਬਾਕੀ ਅੰਗ ਰੋਗੀ ਹੁੰਦੇ ਹਨ ਇਸੇ ਤਰ੍ਹਾਂ ਸਾਡੇ ਪੈਰਾਂ ਨੂੰ ਵੀ ਕਈ ਪ੍ਰਕਾਰ ਦੇ ਰੋਗ ਲਗਦੇ ਹਨ। ਇਹ ਗੱਲ ਵੀ ਮੰਨੀ ਹੋਈ ਸਚਾਈ ਹੈ ਕਿ ਬਹੁਤੇ ਲੋਕ ਮੂੰਹ ਦੀ ਲੀਪਾ-ਪੋਚੀ ਵਲ ਹੀ ਜ਼ਿਆਦਾ ਧਿਆਨ ਦਿੰਦੇ ਹਨ, ਪੈਰਾਂ ਦੀ ਸੰਭਾਲ ਨਹੀਂ ਕਰਦੇ। ਦਾਸ ਨੂੰ ਇਸ ਗੱਲ ਦਾ ਤਜਰਬਾ ਰੀਫਲੈਕਸੌਲੋਜੀ ਦਾ ਕੋਰਸ ਕਰਨ ਵੇਲੇ ਹੋਇਆ ਸੀ। ਕਈ ਲੋਕਾਂ ਦੇ ਪੈਰਾਂ ਨੂੰ ਉਂਜ ਵੀ ਪਸੀਨਾ ਬਹੁਤ ਆਉਂਦਾ ਹੈ, ਉਹਨਾਂ ਲੋਕਾਂ ਨੂੰ ਤਾਂ ਪੈਰਾਂ ਦੀ ਸਫ਼ਾਈ ਵਲ ਹੋਰ ਵੀ ਵਧੇਰੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਜਿਹਨਾਂ ਲੋਕਾਂ ਦੇ ਪੈਰਾਂ ਨੂੰ ਕਿਸੇ ਪ੍ਰਕਾਰ ਦੀ ਬਿਮਾਰੀ ਲੱਗੀ ਹੁੰਦੀ ਹੈ ਜਦ ਉਹ ਨੰਗੇ ਪੈਰੀਂ ਕਿਧਰੇ ਜਾਂਦੇ ਹਨ ਤਾਂ ਉਸ ਬਿਮਾਰੀ ਦੇ ਜਰਾਸੀਮ ਫੈਲਾਉਂਦੇ ਹਨ। ਜੇ ਉਹਨਾਂ ਨੇ ਜੁਰਾਬਾਂ ਪਾਈਆਂ ਹੋਣਗੀਆਂ ਤਾਂ ਜਰਾਸੀਮਾਂ ਦੇ ਫ਼ੈਲਣ ਤੋਂ ਬਚਾ ਰਹੇਗਾ। ਮੈਂ ਆਪਣੇ ਜੀਵਨ ਵਿੱਚ ਐਸੇ ਪਾਠੀ ਮਹਾਰਾਜ ਦੀ ਤਾਬਿਆ ਬੈਠ ਕੇ ਪਾਠ ਕਰਦੇ ਦੇਖੇ ਹਨ ਜਿਹਨਾਂ ਦੇ ਗੰਦੇ ਪੈਰਾਂ ਦੇ ਨਿਸ਼ਾਨ ਵਿਛਾਈ ਉੱਪਰ ਲੱਗ ਜਾਂਦੇ ਸਨ। ਹੋਣਾ ਤਾਂ ਇਹ ਚਾਹੀਦਾ ਹੈ ਕਿ ਪੈਰ ਚੰਗੀ ਤਰ੍ਹਾਂ ਧੋ ਕੇ ਸਾਫ਼ ਜੁਰਾਬਾਂ ਪਾ ਕੇ ਮਹਾਰਾਜ ਦੀ ਤਾਬਿਆ ਬੈਠਣਾ ਚਾਹੀਦਾ ਹੈ ਤਾਂ ਕਿ ਜੇ ਕਿਸੇ ਦੇ ਪੈਰਾਂ ਨੂੰ ਕੋਈ ਰੋਗ ਵੀ ਹੋਵੇ ਤਾਂ ਉਸ ਦੇ ਜਰਾਸੀਮ ਨਾ ਫ਼ੈਲਣ।
ਇਹੋ ਜਿਹੇ ਫ਼ੁਰਮਾਨਾਂ ਦਾ ਸਿੱਖ ਸੰਗਤਾਂ ਨੂੰ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ। ਪਹਿਲਾਂ ਹੀ ਇਹਨਾਂ ਲੋਕਾਂ ਨੇ ਸਿੱਖੀ ਦੇ ਦੁੱਧ ਵਿੱਚ ਕਈ ਤਰ੍ਹਾਂ ਦਾ ਕਾਂਜੀ ਘੋਲ਼ ਦਿਤਾ ਹੈ। ਇਹ ਜਿਹੜਾ ਪੁਜਾਰੀ ਵਰਗ ਸਿੱਖੀ `ਚ ਖੜ੍ਹਾ ਹੋ ਗਿਆ ਹੈ, ਇਸ ਦੀ ਮਨਸ਼ਾ ਹੈ ਕਿ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੀ ਨਾ ਜਾਵੇ ਤੇ ਉਸ ਵਿੱਚ ਅੰਕਿਤ ਰੱਬੀ ਗਿਆਨ ਤੋਂ ਵਿਹੂਣਾ ਰਵ੍ਹੇ ਤੇ ਨਿੱਕੀ ਨਿੱਕੀ ਗੱਲ ਲਈ ਇਹਨਾਂ ਦੀ ਅਧੀਨਗੀ ਕਰੇ ਤੇ ਇਹਨਾਂ ਦੀਆਂ ਜੇਬਾਂ ਮਾਇਆ ਨਾਲ਼ ਭਰੇ। ਬ੍ਰਾਹਮਣ ਨੇ ਇਹੋ ਕੁੱਝ ਕੀਤਾ।
ਸਿੱਖੋ ਜਾਗੋ, ਆਪਣਾ ਘਰ ਬਚਾਉ। ਨਹੀਂ ਤਾਂ ਇਹ ਸਿੱਖੀ ਭੇਸ `ਚ ਪੰਡੇ ਸਭ ਕੁੱਝ ਤਹਿਸ ਨਹਿਸ ਕਰ ਦੇਣਗੇ।
ਨਿਰਮਲ ਸਿੰਘ ਕੰਧਾਲਵੀ


23/08/15)
ਕੁਲਜੀਤ ਖੋਸਾ/ਮਿੰਟੂ ਬਰਾੜ

ਮਿਆਂਮਾਰ ਚ ਮੁਸਲਿਮ ਕਤਲੇਆਮ...
ਮੈਂ ਸੰਨ 2006 ਵਿੱਚ ਰੋਜ਼ੀ ਰੋਟੀ ਦੀ ਖਾਤਿਰ ਮਲੇਸ਼ੀਆ ਆ ਗਿਆ ਸੀ | ਮਲੇਸ਼ੀਆ ਆਉਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਪੂਰੇ ਸੱਤ ਸਾਲ ਮਲੇਸ਼ੀਆ ਚ ਗੁਜ਼ਾਰੇ | ਆਪਣੀ ਇਸ ਬਾਹਰਲੀ ਜ਼ਿੰਦਗੀ ਦੌਰਾਨ ਕਈ ਤਰਾਂ ਦੇ ਉਤਾਰ ਚੜਾਅ ਵੇਖੇ | ਕੰਮਾਂਕਾਰਾਂ ਦੌਰਾਨ ਭਾਂਤ ਭਾਂਤ ਦੇ ਦੇਸ਼ਾਂ ਦੇ ਲੋਕਾਂ ਨਾਲ ਵਾਹ ਪੈਂਦਾ ਰਿਹਾ ਅਤੇ ਮੇਰੀ ਦੋਸਤ ਸੂਚੀ ਲੰਮੀ ਹੁੰਦੀ ਗਈ | ਮੇਰੀ ਬਾਹਰਲੇ ਦੇਸ਼ਾਂ ਦੀ ਦੋਸਤ ਸੂਚੀ , ਬੰਗਲਾਦੇਸ਼, ਸੀ੍ ਲੰਕਾ, ਮਿਆਂਮਾਰ (ਬਰਮਾ), ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਨਾਈਜੀਰੀਆ, ਸੁਡਾਨ ਅਤੇ ਈਰਾਨ ਦੇ ਦੋਸਤਾਂ ਨਾਲ ਭਰੀ ਪਈ ਹੈ | ਇਹਨਾਂ ਦੋਸਤਾਂ ਵਿੱਚੋਂ ਮਲੇਸ਼ੀਆ ਰਹਿੰਦੇ ਸਮੇਂ ਸਭ ਤੋਂ ਜਿਆਦਾ ਵਕਤ ਮਿਆਂਮਾਰ (ਬਰਮਾ) ਦੇ ਮੁਸਲਿਮ ਦੋਸਤਾਂ ਨਾਲ ਗੁਜਾਰਿਆ | ਮਿਆਂਮਾਰ ਚ ਬੁੱਧੀਸ਼ਾਂ ਵੱਲੋਂ ਹੋ ਰਹੇ ਉੱਥੇ ਦੇ ਮੁਸਲਿਮ ਭਾਈਚਾਰੇ ਤੇ ਅੱਤਿਆਚਾਰਾਂ ਦੇ ਸਤਾਏ ਹੋਏ ਆਪਣੇ ਇਹਨਾਂ ਦੋਸਤਾਂ ਦੇ ਅੰਦਰਲੇ ਦੁੱਖ ਨੂੰ ਬਹੁਤ ਕਰੀਬ ਤੋਂ ਵੇਖਿਆ ਹੈ | ਖਾਸ ਕਰਕੇ ਉਦੋਂ ਜਦੋਂ 2012 ਵਿਚ ਮਿਆਂਮਾਰ ਚ ਉੱਥੋਂ ਦੇ ਮੁਸਲਿਮ ਭਾਈਚਾਰੇ ਦਾ ਬੁੱਧੀਸ਼ਾਂ ਵੱਲੋਂ ਸ਼ਰੇਆਮ ਕਤਲੇਆਮ ਕੀਤਾ ਜਾ ਰਿਹਾ ਸੀ, ਮੁਸਲਿਮ ਔਰਤਾਂ ਦੀਆਂ ਇੱਜਤਾਂ ਲੁੱਟੀਆਂ ਜਾ ਰਹੀਆਂ ਸਨ , ਮੁਸਲਮਾਨਾਂ ਦੇ ਘਰ ਬਾਰ ਸਾੜੇ ਜਾ ਰਹੇ ਸਨ ਤੇ ਦੁਨੀਆਂ ਤੇ ਮੀਡੀਆ ਵਾਲੇ ਚੁੱਪਚਾਪ ਬੈਠੇ ਤਮਾਸ਼ਾ ਵੇਖ ਰਹੇ ਸਨ | ਆਖਿਰ ਕਿਉਂ..? 2012ਵਿਚ ਮਿਆਂਮਾਰ ਚ ਹੋਏ ਮੁਸਲਿਮ ਕਤਲੇਆਮ ਦਾ ਮੁੱਦਾ ਇੰਟਰਨੈਸ਼ਨਲ ਪੱਧਰ ਤੇ ਕਿਉਂ ਨੀ ਚੁੱਕਿਆ ਗਿਆ..? ਮੁਸਲਿਮ ਕਤਲੇਆਮ ਦੀ ਵਜਾ ਤੇ ਇਸ ਪਿੱਛੇ ਲੁਕਿਆ ਹੋਇਆ ਸੱਚ ਕੀ ਸੀ..? ਇਸ ਕਤਲੇਆਮ ਦੀ ਨਿਖੇਧੀ ਇੰਟਰਨੈਸ਼ਨਲ ਪੱਧਰ ਤੇ ਕਿਉਂ ਨਹੀ ਕੀਤੀ ਗਈ..? ਦੁਨੀਆਂ ਭਰ ਦਾ ਮੀਡੀਆ ਇਸ ਕਤਲੇਆਮ ਤੇ ਕਿਉਂ ਚੁੱਪ ਬੈਠਾ ਰਿਹਾ..? ਇਸ ਤੋਂ ਹਟਕੇ ਇਕ ਹੋਰ ਸਵਾਲ ਕਿ ਆਖਿਰ ਆਪਣੇ ਤੇ ਹੋ ਰਹੇ ਇਹਨਾਂ ਜੁਲਮਾਂ ਖਿਲਾਫ ਮਿਆਂਮਾਰ ਦਾ ਮੁਸਲਿਮ ਭਾਈਚਾਰਾ ਦੁਨੀਆਂ ਸਾਹਮਣੇ ਆਪਣਾ ਪੱਖ ਕਿਉਂ ਨੀ ਰੱਖ ਸਕਿਆ..? ਆਖਿਰ ਕਿਉਂ ਅੰਦਰੋ ਅੰਦਰ ਦਬ ਕੇ ਜ਼ਲਾਲਤ ਭਰੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੋ ਗਿਆ..? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਉੱਥੋਂ ਦੇ ਮੁਸਲਿਮ ਭਾਈਚਾਰੇ ਦੇ ਦਰਦ ਦਾ ਵਰਨਣ ਆਪਣੇ ਇਸ ਲੇਖ ਜ਼ਰੀਏ ਕਰ ਰਿਹਾ ਹਾਂ | ਇਹ ਗੱਲ ਯਾਦ ਰੱਖੀ ਜਾਵੇ ਕਿ 2012 ਵਿਚ ਮਿਆਂਮਾਰ ਚ ਸੁਰੂ ਹੋਇਆ ਮੁਸਲਿਮ ਕਤਲੇਆਮ ਅਜੇ ਤੱਕ ਜਾਰੀ ਹੈ ਜਿਸਦੀ ਅੱਗੇ ਜਾ ਕੇ ਆਪਣੇ ਇਸ ਲੇਖ ਵਿਚ ਗੱਲ ਕਰਾਂਗਾ | ਇਸ ਲੇਖ ਵਿਚਲੀ ਸਾਰੀ ਜਾਣਕਾਰੀ ਆਪਣੇ ਮਿਆਂਮਾਰ ਤੋਂ ਉੱਜੜ ਕੇ ਆਏ ਮੁਸਲਿਮ ਦੋਸਤਾਂ ਤੇ ਦੂਜੀ ਵਿਰੋਧੀ ਧਿਰ ਦੇ ਕੁਝ ਬੁੱਧੀਸ਼ਾ ਨੂੰ ਮਿਲ ਕੇ ਇਕੱਤਰ ਕਰਕੇ ਕਿਸੇ ਨਤੀਜੇ ਤੇ ਪਹੁੰਚਿਆ ਹਾਂ | ਮਿਆਂਮਾਰ ਦੇ ਕੁਝ ਬੁੱਧੀਸ਼ ਜਿਨਾਂ ਨੂੰ ਮਿਲ ਕੇ ਇਸ ਮਸਲੇ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ, ਮੇਰੇ ਸਵਾਲਾਂ ਦਾ ਕੋਈ ਤਸੱਲੀਬਖਸ਼ ਜਵਾਬ ਨਹੀ ਦੇ ਸਕੇ | ਬਾਕੀ ਸੱਚ ਕੀ ਹੈ ਇਸ ਲੇਖ ਨੂੰ ਪੜਨ ਸਾਰ ਤੁਸੀਂ ਖੁਦ ਜਾਣ ਜਾਵੋਗੇ | ਮੇਰਾ ਇਹ ਫਰਜ਼ ਸੀ ਕਿ ਮਿਆਂਮਾਰ ਦੇ ਮੁਸਲਮਾਨਾਂ ਦਾ ਦਰਦ ਤੁਹਾਡੇ ਨਾਲ ਸਾਂਝਾ ਕਰਾਂ ਕਿ ਸ਼ਾਇਦ ਤੁਹਾਡੇ ਜ਼ਰੀਏ ਹੀ ਉਹਨਾਂ ਦੀ ਆਵਾਜ਼ ਦੁਨੀਆਂ ਤੱਕ ਪਹੁੰਚ ਜਾਵੇ | ਮੰਨਦਾ ਹਾਂ ਕਿ ਸਾਡੀ ਕੌਮ ਦਾ ਦੁੱਖ ਵੀ ਘੱਟ ਨਹੀ, ਚੁਰਾਸੀ ਹੋਵੇ ਜਾਂ ਚੁਰਾਸੀ ਤੋਂ ਚੁਰਾਨਵੇਂ, ਇਸ ਸਮੇਂ ਦੌਰਾਨ ਸਾਡੇ ਨੌਜਵਾਨਾ ਦੇ ਖੂਨ ਨਾਲ ਪੰਜਾਬ ਦੀ ਧਰਤੀ ਦਾ ਰੰਗ ਲਾਲ ਹੀ ਰਿਹਾ ਹੈ | ਪਰ ਕਿਸੇ ਦੂਸਰੀ ਕੌਮ ਤੇ ਵੀ ਹੋ ਰਹੇ ਜ਼ੁਲਮ ਨੂੰ ਅਸੀਂ ਅੱਖੋਂ ਉਹਲੇ ਨਹੀ ਕਰ ਸਕਦੇ | ਜੇ ਅਸੀਂ ਚਾਹੁੰਨੇ ਆਂ ਕਿ ਕੋਈ ਸਾਡਾ ਦਰਦ ਵੀ ਵੰਡਾਵੇ, ਸਾਡੇ ਹੱਕਾਂ ਦੀ ਗੱਲ ਕਰੇ, ਤਾਂ ਆਉ ਦੂਸਰਿਆਂ ਦੇ ਹੱਕਾਂ ਲਈ ਮਿਲਕੇ ਆਵਾਜ਼ ਬੁਲੰਦ ਕਰੀਏ


ਮਿਆਂਮਾਰ (ਬਰਮਾ) ਵਿਚ ਫੌਜ ਤੇ ਬੁੱਧੀਸ਼ ਲੋਕਾਂ ਵੱਲੋਂ ਮਿਲ ਕੇ ਕੀਤੇ ਜਾ ਰਹੇ ਮੁਸਲਮਾਨਾਂ ਦੇ ਕਤਲੇਆਮ ਤੇ ਗੱਲ ਕਰਨ ਤੋਂ ਪਹਿਲਾਂ ਆਉ ਇਸ ਦੇਸ਼ ਦੇ ਇਤਿਹਾਸ ਤੇ ਇਕ ਮੋਟੀ ਜੀ ਨਜ਼ਰ ਮਾਰ ਲਈਏ | ਮਿਆਮਾਂਰ - ਇੰਡੀਆ, ਚੀਨ, ਬੰਗਲਾਦੇਸ਼ ਅਤੇ ਥਾਈਲੈਂਡ ਦੀਆਂ ਸਰਹੱਦਾਂ ਦੇ ਨਾਲ ਵੱਸਿਆ ਹੋਇਆ ਇਕ ਛੋਟਾ ਜਿਹਾ ਦੇਸ਼ ਹੈ, ਜਿਸ ਵਿਚ 90 ਫੀਸਦ ਬੁੱਧੀਸ਼, 4 ਫੀਸਦ ਈਸਾਈ, 4 ਫੀਸਦ ਮੁਸਲਮਾਨ ਅਤੇ 2 ਫੀਸਦ ਹਿੰਦੂ ਤੇ ਹੋਰ ਧਰਮਾਂ ਦੇ ਲੋਕ ਵਸੇ ਹੋਏ ਹਨ | ਮਿਆਂਮਾਰ ਵੀ ਸਾਡੇ ਦੇਸ਼ਾਂ ਵਾਂਗ ਬਰਤਾਨੀਆ ਦੀ ਗੁਲਾਮੀ ਹੰਢਾਉਂਦਾ ਹੋਇਆ 4 ਜਨਵਰੀ 1948 ਨੂੰ ਆਜ਼ਾਦ ਹੋਇਆ |4 ਮਾਰਚ 1962 ਨੂੰ ਮਿਆਂਮਾਰ ਚ ਬਗਾਵਤ ਹੋਈ ਤੇ ਦੇਸ਼ ਦਾ ਸਾਰਾ ਕੰਟਰੋਲ ਫੌਜ ਦੇ ਹੱਥ ਆ ਗਿਆ ਅਤੇ ਹੁਣ ਤੱਕ ਉੱਥੇ ਫੌਜ ਦੀ ਹਕੂਮਤ ਚੱਲੀ ਆ ਰਹੀ ਹੈ | ਸੰਨ 2008 ਵਿਚ ਫੌਜ ਵੱਲੋਂ ਚੋਣਾ ਕਰਵਾ ਕੇ ਦੇਸ਼ ਦੀ ਵਾਗਡੋਰ ਕਿਸੇ ਰਾਜਨੀਤਿਕ ਪਾਰਟੀ ਦੇ ਹੱਥ ਦੇਣ ਦਾ ਐਲਾਨ ਕੀਤਾ ਗਿਆ | ਸੰਨ 2010 ਵਿਚ ਵੋਟਿੰਗ ਹੋਈ ਅਤੇ ਦੇਸ਼ ਦੀ ਵਾਗਡੋਰ ਫੌਜ ਦੀ ਹਮਾਇਤ ਪਾ੍ਪਤ ਪਾਰਟੀ ਯਾਸਿਰਾ ਦੇ ਹੱਥ ਆ ਗਈ | ਦੇਸ਼ ਦੀ ਸੱਤਾ ਯਾਸਿਰਾ ਰਾਜਨੀਤਿਕ ਪਾਰਟੀ ਦੇ ਹੱਥ ਆਉਣਾ ਮਿਆਂਮਾਰ ਦੇ ਲੋਕਾਂ ਤੇ ਦੁਨੀਆਂ ਦੀਆਂ ਅੱਖਾਂ ਵਿਚ ਘੱਟਾ ਸੀ ਜਦਕਿ ਅਜੇ ਵੀ ਇਸ ਦੇਸ਼ ਦਾ ਕੰਟਰੋਲ ਪੂਰੀ ਤਰਾਂ ਨਾਲ ਫੌਜ ਦੇ ਹੱਥ ਵਿਚ ਹੈ |


1962 ਚ ਹੀ ਮਿਆਂਮਾਰ ਚ ਮਿਲਟਰੀ ਰਾਜ ਆਉਣ ਤੇ ਹੀ ਮੁਸਲਮਾਨਾਂ ਨਾਲ ਨਸਲੀ ਵਿਤਕਰਾ ਸ਼ੁਰੂ ਹੋ ਗਿਆ ਸੀ | ਮੁਸਲਮਾਨਾਂ ਦਾ
ਵਿੱਦਿਆ ਹਾਸਲ ਨਾ ਕਰਨਾ ਤੇ ਦੇਸ਼ ਵਿਚ ਨੌਕਰੀ ਨਾ ਕਰ ਸਕਣ ਵਰਗੀਆਂ ਪਾਬੰਦੀਆ 1962 ਤੋਂ ਸ਼ੁਰੂ ਹੋ ਗਈਆ ਸਨ ਜੋ 2012 ਤੋਂ ਬਾਅਦ ਖੁੱਲ ਕੇ ਸਾਹਮਣੇ ਆਈਆਂ |ਚੰਗੀ ਵਿੱਦਿਆ ਨਾ ਹਾਸਿਲ ਕਰ ਸਕਣਾ ਤੇ ਨੌਕਰੀ ਨਾ ਕਰ ਸਕਣ ਦੀਆਂ ਪਾਬੰਦੀਆਂ ਤੇ ਚਲਦਿਆਂ
ਉੱਥੋਂ ਦਾ ਮੁਸਲਿਮ ਭਾਈਚਾਰਾ ਰੰਗੂਨ ਤੇ ਅਰਾਕਾਨ ਰਾਜਾਂ ਵਿਚ ਸਮੁੰਦਰੀ ਕੰਢਿਆਂ ਤੇ ਵਸ ਕੇ ਜ਼ਿੰਦਗੀ ਬਸ਼ਰ ਕਰਨ ਲੱਗਾ | ਉੱਥੇ ਆਸ ਪਾਸ ਦੇ ਬੰਜਰ ਥਾਵਾਂ ਤੇ ਮੁਸਲਿਮ ਭਾਈਚਾਰੇ ਨੇ ਕਰੜੀ ਮਿਹਨਤ ਕਰਕੇ ਜ਼ਮੀਨਾ ਬਣਾਈਆਂ ਅਤੇ ਥੋੜੀ ਬਹੁਤ ਖੇਤੀਬਾੜੀ ਕਰਕੇ ਆਪਣਾ ਪੇਟ ਪਾਲਣ ਲੱਗਾ | ਪਰ ਹੌਲੀ ਹੌਲੀ ਮਿਲਟਰੀ ਵੱਲੋਂ ਉਹਨਾਂ ਦੀਆਂ ਜ਼ਮੀਨਾਂ ਖੋਹ ਕੇ ਬੁੱਧੀਸ਼ਾਂ ਚ ਵੰਡੀਆਂ ਜਾਣ ਲੱਗੀਆ |
ਪੜਨ ਲਿਖਣ ਦੀ ਪਾਬੰਦੀ ਤੇ ਚਲਦਿਆਂ ਉੱਥੋਂ ਦਾ ਮੁਸਲਿਮ ਭਾਈਚਾਰਾ ਆਪਣੇ ਤੇ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਨਹੀ ਕਰ ਸਕਿਆ ਤੇ ਸਮੁੰਦਰੀ ਕੰਢਿਆਂ ਤੇ ਕੀੜਿਆਂ ਮਕੌੜਿਆਂ ਵਰਗੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੋ ਗਿਆ |


ਮੁਸਲਮਾਨਾਂ ਤੇ ਹੋ ਰਿਹਾ ਇਹ ਨਸਲੀ ਜੁਲਮ ਸਿਰਫ ਉੱਥੋਂ ਦੇ ਬੁੱਧ ਧਰਮ ਦੇ ਪੈਰੋਕਾਰਾਂ ਦੀ ਇਸਲਾਮ ਧਰਮ ਪ੍ ਤੀ ਨਫਰਤ ਦਾ ਨਤੀਜਾ ਸੀ ਜੋ ਸਹੀ ਰੂਪ ਚ 2012 ਚ ਜਾ ਕੇ ਸਾਹਮਣੇ ਆਇਆ | ਆਪਣੇ ਬੁੱਧੀਸ਼ ਪੈਰੋਕਾਰਾਂ ਦੇ ਹੁਕਮਾਂ ਨੂੰ ਮਿਲਟਰੀ ਸਿਰ ਮੱਥੇ ਪਰਵਾਨ ਕਰਦੀ ਰਹੀ ਹੈ ਅਤੇ ਹੁਣ ਵੀ ਕਰ ਰਹੀ ਹੈ |


ਬੁੱਧੀਸ਼ ਪੈਰੋਕਾਰਾਂ ਤੇ ਮਿਲਟਰੀ ਦੀ ਦਰਿੰਦਗੀ 2012 ਚ ਜਾ ਕੇ ਆਪਣਾ ਅਸਲੀ ਰੂਪ ਧਾਰਨ ਕਰ ਗਈ | ਹੋਇਆ ਇਹ ਕਿ ਇਕ ਬੁੱਧੀਸ਼ ਕੁੜੀ ਇਕ ਮੁਸਲਮਾਨ ਲੜਕੇ ਨੂੰ ਪਿਆਰ ਕਰ ਬੈਠੀ ਤੇ ਇਕ ਦਿਨ ਉਸ ਲੜਕੇ ਨਾਲ ਲੁਕ ਛੁਪ ਕੇ ਮਸਜਿਦ ਵਿਚ ਜਾਂਦੀ ਨੂੰ ਕੁਝ ਬੁੱਧੀਸ਼ਾਂ ਨੇ ਵੇਖ ਲਿਆ | ਉਸ ਲੜਕੀ ਦੇ ਮਸਜਿਦ ਵਿਚ ਜਾਣ ਨੂੰ ਲੈ ਕੇ ਕੁਝ ਬੁੱਧੀਸ਼ਾਂ ਨੇ ਆਪਣੇ ਧਰਮ ਦੀ ਹੱਤਕ ਮਹਿਸੂਸ ਕਰਦਿਆ ਇਕ ਦਿਨ ਉਸ ਲੜਕੀ ਦਾ ਬਲਾਤਕਾਰ ਕਰਕੇ ਵਹਿਸ਼ੀਅਨਾ ਢੰਗ ਨਾਲ ਕਤਲ ਕਰ ਦਿੱਤਾ | ਕਤਲ ਕਰਨ ਤੋਂ ਬਾਅਦ ਮੀਡੀਆ ਜਰੀਏ ਦੇਸ਼ ਭਰ ਵਿਚ ਇਹ ਅਫਵਾਹ ਫਿਲਾ ਦਿੱਤੀ ਗਈ ਕਿ ਮੁਸਲਮਾਨਾਂ ਨੇ ਬੁੱਧੀਸ਼ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਹੈ | ਇਹ ਕਾਂਡ 28 ਮਈ 2012 ਨੂੰ ਵਾਪਰਿਆ | ਮੀਡੀਆ ਨੇ ਵੀ ਅੱਖਾਂ ਬੰਦ ਕਰਕੇ ਪੂਰੀ ਤਰਾਂ ਨਾਲ ਇਸ ਕਤਲ ਨੂੰ ਫਿਰਕੂ ਰੰਗਤ ਦੇਣ ਲਈ ਬੁੱਧੀਸ਼ਾਂ ਦਾ ਸਾਥ ਦਿੱਤਾ |


ਇਸ ਕਤਲ ਤੋਂ ਬਾਅਦ 3 ਜੂਨ 2012 ਨੂੰ ਕੁਝ ਬੁੱਧੀਸ਼ ਪੈਰੋਕਾਰਾਂ ਨੇ ਆਪਣੇ ਚੇਲਿਆ ਨਾਲ ਮਿਲ ਕੇ ਬੱਸ ਚੋਂ 10 ਮੁਸਲਮਾਨਾਂ ਨੂੰ ਲਾਹ ਕੇ ਕਤਲ ਕਰ ਦਿੱਤਾ ਤੇ ਉਹਨਾਂ ਦੇ ਮੂੰਹ ਸਿਰ ਮੁੰਨ ਕੇ, ਬੁੱਧੀਸ਼ਾਂ ਵਾਲੇ ਕੱਪੜੇ ਪਵਾ ਕੇ ਫਿਰ ਮੀਡੀਆ ਜਰੀਏ ਫਰਜ਼ੀ ਨਾਮ ਅਤੇ ਤਸਵੀਰਾਂ ਜਾਰੀ ਕਰਕੇ ਦੇਸ਼ ਚ ਇਹ ਝੂਠੀ ਅਫਵਾਹ ਫਿਲਾ ਦਿੱਤੀ ਕਿ ਮੁਸਲਮਾਨਾਂ ਨੇ ਬੱਸ ਚ ਸਫਰ ਕਰ ਰਹੇ ਇਕ ਬੁੱਧੀਸ਼ ਪਰਚਾਰਕ ਸਮੇਤ ਉਸਦੇ 9 ਚੇਲਿਆ ਦਾ ਕਤਲ ਕਰ ਦਿੱਤਾ ਹੈ | ਇਸ ਝੂਠੀ ਅਫਵਾਹ ਤੋਂ ਬਾਅਦ ਮਿਆਂਮਾਰ ਚ ਫਿਰਕੂ ਦੰਗੇ ਭੜਕ ਉੱਠੇ ਅਤੇ ਪਹਿਲਾਂ ਤੋਂ ਹੀ ਜ਼ਲਾਲਤ ਭਰੀ ਜ਼ਿੰਦਗੀ ਜੀ ਰਹੇ ਹਜ਼ਾਰਾਂ ਮੁਸਲਮਾਨਾਂ ਨੂੰ ਇਕ ਹਫਤੇ ਦੇ ਅੰਦਰ ਅੰਦਰ ਵਹਿਸ਼ੀਅਨਾ ਢੰਗ ਨਾਲ ਕਤਲ ਕਰ ਦਿੱਤਾ ਗਿਆ | ਹਜ਼ਾਰਾਂ ਹੀ ਮੁਸਲਿਮ ਔਰਤਾਂ ਨੂੰ ਬੇਪਤ ਕੀਤਾ ਗਿਆ !


ਜਦ ਇਸ ਮੁਸਲਿਮ ਕਤਲੇਆਮ ਦੀ ਖਬਰ ਦੁਨੀਆਂ ਸਾਹਮਣੇ ਆਈ ਤਾਂ ਮਿਆਂਮਾਰ ਦੀ ਫੌਜ ਨੇ ਫਰਜ਼ੀ ਕਰਫਿਊ ਲਾ ਕੇ ਦੁਨੀਆ ਸਾਹਮਣੇ ਮਾਹੌਲ ਨੂੰ ਸ਼ਾਂਤਮਈ ਵਿਖਾ ਦਿੱਤਾ | ਪਰ 3 ਜੂਨ 2012 ਤੋਂ ਸੁਰੂ ਹੋਇਆ ਮੁਸਲਮਾਨਾਂ ਦਾ ਕਤਲੇਆਮ ਅਜੇ ਤੱਕ ਯਾਰੀ ਹੈ |


ਮੇਰੇ ਕੁਝ ਮੁਸਲਮਾਨ ਦੋਸਤਾਂ ਦੇ ਦੱਸਣ ਮੁਤਾਬਿਕ ਉਹਨਾਂ ਦੀਆਂ ਔਰਤਾਂ ਤੇ ਬੱਚਿਆ ਨੂੰ ਹਥੌੜੇ, ਟਕੂਏ ਤੇ ਕਿਰਪਾਨਾਂ ਦੀ ਵਰਤੋਂ ਕਰਕੇ ਬੜੀ ਹੀ ਬੇਦਰਦੀ ਨਾਲ ਕਤਲ ਕੀਤਾ ਜਾਂਦਾ ਹੈ | ਇਸ ਕਤਲੇਆਮ ਤੋਂ ਬਾਅਦ ਆਪਣੀ ਜਾਨ ਬਚਾ ਕੇ ਭੱਜੇ ਹੋਏ ਹਜ਼ਾਰਾਂ ਮੁਸਲਮਾਨਾਂ ਨੇ ਥਾਈਲੈਂਡ, ਬੰਗਲਾਦੇਸ਼, ਮਲੇਸ਼ੀਆ, ਇੰਡੋਨੇਸ਼ੀਆ ਅਤੇ ਹੋਰ ਕਈ ਦੇਸ਼ਾਂ ਦੇ ਰਫਿਊਜ਼ੀ ਕੈਂਪਾਂ ਚ ਸ਼ਰਨ ਲੈ ਰੱਖੀ ਹੈ | ਤੇ ਜੋ ਵਿਚਾਰੇ ਬਚੇ ਹਨ ਉਹ ਜੰਗਲਾਂ ਵਿਚ ਲੁਕ ਛੁਪ ਕੇ ਜਾਂ ਮਿਲਟਰੀ ਦੀ ਗੁਲਾਮੀ ਕਰਕੇ ਦਿਨ ਕੱਟ ਰਹੇ ਹਨ |


ਮਿਆਂਮਾਰ ਚ ਅੱਜ ਦੇ ਹਾਲਾਤਾਂ ਮੁਤਾਬਿਕ ਤੇਰਾਂ ਸਾਲ ਤੋਂ ਲੈ ਕੇ ਤੀਹ ਸਾਲ ਦੀ ਉਮਰ ਤੱਕ ਦੇ ਨੌਜਵਾਨਾ ਨੂੰ ਮਿਲਟਰੀ ਵੱਲੋਂ ਜਬਰਦਸਤੀ ਘਰੋਂ ਚੱਕ ਕੇ ਕੈਂਪਾਂ ਚ ਲਿਜਾ ਕੇ ਮਨਮਰਜ਼ੀ ਦਾ ਕੰਮ ਕਰਵਾਇਆ ਜਾਂਦਾ ਹੈ | ਅਗਰ ਕੋਈ ਨੌਜਵਾਨ ਜਾਣ ਤੋਂ ਮਨਾ ਕਰਦਾ ਹੈ ਤਾਂ ਉਸ ਨੌਜਵਾਨ ਸਮੇਤ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ ਜਾਂਦਾ ਹੈ | ਇਥੇ ਇਕ ਵਾਰ ਫਿਰ ਦੱਸਣਾ ਚਾਹਵਾਂਗਾ ਕਿ 1962 ਤੋਂ ਲੈ ਕੇ ਮੁਸਲਮਾਨਾਂ ਤੇ ਮਿਆਂਮਾਰ ਚ ਪੜਾਈ ਤੇ ਨੌਕਰੀ ਕਰਨ ਤੇ ਲੱਗੀ ਪਾਬੰਦੀ ਨੂੰ ਮੁੰਕਮਲ ਤੌਰ ਤੇ ਲਾਗੂ ਕਰ ਦਿੱਤਾ ਗਿਆ ਹੈ | ਏਥੋਂ ਤੱਕ ਕਿ ਮੁਸਲਮਾਨਾਂ ਦੇ ਬੱਸ ਵਿਚ ਸਫਰ ਕਰਨ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ |


ਮਿਆਂਮਾਰ ਦਾ ਇਕ ਮੇਰਾ ਮੁਸਲਿਮ ਦੋਸਤ ਤੌਫੀਕ ਉਰ ਰਹਿਮਾਨ ਆਪਣੀ ਦੁੱਖਾਂ ਭਰੀ ਕਹਾਣੀ ਸੁਣਾਉਂਦਾ ਹੋਇਆ ਦੱਸਦਾ ਹੈ ਕਿ ਉਹ ਆਪਣੀ ਜਾਨ ਬਚਾਉਣ ਲਈ ਆਪਣੇ ਪਰਿਵਾਰਾਂ ਸਮੇਤ 2012 ਦੇ ਅਗਸਤ ਸਤੰਬਰ ਮਹੀਨੇ ਚ ਸਮੁੰਦਰੀ ਰਸਤੇ ਜਰੀਏ ਕਿਸ਼ਤੀਆਂ ਰਾਹੀਂ ਮਿਆਂਮਾਰ ਚੋਂ ਨਿਕਲਣ ਚ ਕਾਮਯਾਬ ਹੋ ਗਏ | ਜਦ ਬੰਗਲਾਦੇਸ਼ ਦੀ ਸਰਹੱਦ ਲਾਗੇ ਪਹੁੰਚੇ ਤਾਂ ਬੰਗਲਾਦੇਸ਼ ਦੀ ਨੇਵੀ ਨੇ ਸਾਨੂੰ ਨੂੰ ਗਿ੍ਫਤਾਰ ਕਰ ਲਿਆ | ਗਿ੍ਫਤਾਰ ਕਰਨ ਤੋਂ ਬਾਅਦ ਨੇਵੀ ਵਾਲਿਆ ਨੇ ਸਾਡੀਆਂ ਅੱਖਾਂ ਸਾਹਮਣੇ ਸਾਡੀਆਂ ਮਾਵਾਂ ਭੈਣਾਂ ਦਾ ਬਲਾਤਕਾਰ ਕੀਤਾ | ਉਸ ਤੋਂ ਬਾਅਦ ਸਾਨੂੰ ਧਮਕੀ ਦੇ ਕੇ ਸਾਡੀ ਕਿਸ਼ਤੀ ਮਲੇਸ਼ੀਆ ਵੱਲ ਤੋਰ ਦਿੱਤੀ | ਅਸੀਂ ਲਾਚਾਰ ਤੇ ਬੇਬਸ ਕੁਝ ਨਹੀ ਕਰ ਸਕੇ | ਕਿਉਂਕਿ ਸਾਡੀ ਗੱਲ ਸੁਣਨ ਵਾਲਾ ਕੋਈ ਨਹੀ ਸੀ | ਕੁਝ ਜਵਾਨ ਕੁੜੀਆਂ ਨੂੰ ਬੰਗਲਾਦੇਸ਼ ਨੇਵੀ ਨੇ ਬੰਦੀ ਬਣਾ ਕੇ ਕੋਲ ਰੱਖ ਲਿਆ ਜਿਨਾਂ ਚੋਂ ਤੌਫੀਕ ਉਰ ਰਹਿਮਾਨ ਦੀਆਂ ਵੀ ਦੋ ਸਕੀਆਂ ਭੈਣਾ ਸਨ | ਤੌਫੀਕ ਉਰ ਰਹਿਮਾਨ ਰੋਂਦਾ ਹੋਇਆ ਦੱਸਦਾ ਹੈ ਕਿ ਉਸਨੂੰ ਕੁਝ ਨਹੀ ਪਤਾ ਕਿ ਉਸਦੀਆਂ ਭੈਣਾਂ ਨਾਲ ਬਾਅਦ ਵਿਚ ਕੀ ਹੋਇਆ, ਉਹ ਜਿਉਂਦੀਆਂ ਵੀ ਨੇ ਜਾਂ ਨਹੀ ਇਸ ਬਾਰੇ ਕੁਝ ਨਹੀ ਪਤਾ |


ਇਸੇ ਤਰਾਂ ਸਾਲ 2012 ਦੇ ਅਖੀਰ ਚ ਜਦ ਮਿਆਂਮਾਰ ਦੇ ਕੁਝ ਮੁਸਲਮਾਨ ਆਪਣੀ ਜਾਨ ਬਚਾਉਂਦੇ ਹੋਏ ਸਮੁੰਦਰੀ ਰਸਤੇ ਜਰੀਏ ਥਾਈਲੈਂਡ ਦੀ ਸਰਹੱਦ ਦੇ ਕਰੀਬ ਪਹੁੰਚੇ ਤਾਂ ਥਾਈਲੈਂਡ ਦੀ ਨੇਵੀ ਨੇ ਬਿਨਾ ਕੋਈ ਪੁੱਛ ਗਿੱਛ ਕੀਤੇ ਭੁੱਖਿਆਂ ਪਿਆਸਿਆਂ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ | ਜਿਸ ਕਾਰਨ ਕੁਝ ਮੁਸਲਮਾਨ ਥਾਂ ਤੇ ਹੀ ਮਾਰੇ ਗਏ ਅਤੇ ਕੁਝ ਕੁ ਨੇ ਡਰਦਿਆਂ ਹੋਇਆਂ ਸਮੁੰਦਰ ਚ ਛਾਲਾਂ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ | ਇਕ ਵਾਰ ਫਿਰ ਇਹ ਕਾਂਡ ਮੁਸਲਮਾਨਾਂ ਦੀ ਲਾਚਾਰੀ ਤੇ ਬੇਬਸੀ ਕਾਰਨ ਅੰਦਰੋਂ ਅੰਦਰ ਦਮ ਤੋੜ ਗਿਆ | ਤੇ ਇਸਦੀ ਕਿਸੇ ਨੂੰ ਭਿਣਕ ਤੱਕ ਵੀ ਨਹੀ ਲੱਗੀ |


ਇਸੇ ਸਾਲ ਮਈ ਮਹੀਨੇ ਇਕ ਹਜ਼ਾਰ ਤੋਂ ਉੱਪਰ ਮੁਸਲਮਾਨਾਂ ਨੂੰ ਬੰਦੀ ਬਣਾ ਕੇ ਸਮੁੰਦਰ ਕੰਢੇ ਲਿਜਾ ਕੇ ਮਿਆਂਮਾਰ ਦੀ ਮਿਲਟਰੀ ਵੱਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ | ਇਕ ਹੋਰ ਦਿਲ ਦਹਿਲਾ ਦੇਣ ਵਾਲੀ ਵੀਡੀਉ ਜੋ ਸਾਲ 2013 ਚ ਵਾਇਰਲ ਹੋਈ ਸੀ ਮੈਂ ਅੱਖੀ ਵੇਖੀ ਹੈ ਜਿਸ ਵਿਚ ਤਿੰਨ ਮੁਸਲਮਾਨ ਔਰਤਾਂ ਤੇ ਦੋ ਬੱਚਿਆਂ ਨੂੰ ਸੰਗਲਾਂ ਨਾਲ ਬੰਨਿਆ ਹੋਇਆ ਹੈ ਤੇ ਕੋਲ ਤਿੰਨ ਮਿਆਂਮਾਰ ਮਿਲਟਰੀ ਦੇ ਜਵਾਨ ਕੁਹਾੜੇ ਲੈ ਕੇ ਖੜੇ ਸਨ | ਵੇਖਦੇ ਹੀ ਵੇਖਦੇ ਉਹਨਾਂ ਨੇ ਤਿੰਨ ਮੁਸਲਿਮ ਔਰਤਾਂ ਤੇ ਦੋ ਬੱਚਿਆ ਦਾ ਕੁਹਾੜਿਆ ਨਾਲ ਅੰਗ ਅੰਗ ਵੱਡ ਸੁੱਟਿਆ | ਇਹ ਦੋ ਤਿੰਨ ਨਹੀ ਹੋਰ ਅਨੇਕਾਂ ਹੀ ਦਰਦਨਾਕ ਕਹਾਣੀਆਂ ਨੇ ਮਿਆਂਮਾਰ ਦੇ ਮੁਸਲਿਮ ਭਾਈਚਾਰੇ ਤੇ ਬੁੱਧੀਸ਼ਾ ਵੱਲੋਂ ਹੋ ਰਹੇ ਅੱਤਿਆਚਾਰਾਂ ਦੀਆਂ |ਜਿਸ ਵਿਚ ਉਹਨਾਂ ਨੂੰ ਸਾੜਨ ਤੋਂ ਲੈ ਕੇ ਪੱਥਰਾਂ ਨਾਲ ਅਤੇ ਹੋਰ ਕਈ ਤਰਾਂ ਦੇ ਤਸੀਹੇ ਦੇ ਦੇ ਕੇ ਮਾਰਿਆ ਜਾ ਚੁੱਕਾ ਹੈ ਅਤੇ ਹੁਣ ਵੀ ਮਾਰਿਆ ਜਾ ਰਿਹਾ ਹੈ |


ਆਖਿਰ ਇਹ ਸਭ ਕਿਉਂ..? ਜੇ ਇਕ ਪਲ ਲਈ ਇਹ ਮੰਨ ਵੀ ਲਿਆ ਜਾਵੇ ਕਿ ਉਸ ਬੁੱਧੀਸ਼ ਲੜਕੀ ਦਾ ਮੁਸਲਮਾਨਾਂ ਨੇ ਬਲਾਤਕਾਰ ਕਰਕੇ ਕਤਲ ਕੀਤਾ ਸੀ, ਫਿਰ ਇਸ ਬਲਾਤਕਾਰ ਤੇ ਹੱਤਿਆ ਕਾਂਡ ਨੂੰ ਫਿਰਕੂ ਰੰਗਤ ਕਿਉਂ ਦਿੱਤੀ ਗਈ ..? ਇਸ ਮਸਲੇ ਦੀ ਤਹਿਕੀਕਾਤ ਕਿਉਂ ਨੀ ਕੀਤੀ ਗਈ..? ਦੋਸ਼ੀਆਂ ਨੂੰ ਫੜ ਕੇ ਸਜ਼ਾ ਕਿਉ ਨੀ ਦਿੱਤੀ ..? ਕਿਉਂ ਇਸਦਾ ਨਿਸ਼ਾਨਾ ਸਾਰੇ ਮੁਸਲਮਾਨਾਂ ਨੂੰ ਬਣਾਇਆ ਗਿਆ..? ਜਦਕਿ ਅਜਿਹਾ ਕੁਝ ਵੀ ਨਹੀ ਸੀ ਇਹ ਸਿਰਫ ਬੁੱਧੀਸ਼ ਪੈਰੋਕਾਰਾਂ ਦੀ ਇਕ ਸੋਚੀ ਸਮਝੀ ਸ਼ਾਜਿਸ਼ ਦਾ ਨਤੀਜਾ ਸੀ | ਬਿਲਕੁਲ ਉਵੇਂ ਜਿਵੇਂ ਚੁਰਾਸੀ ਚ ਦਿੱਲੀ ਅਤੇ ਹੋਰ ਸੂਬਿਆ ਚ ਸਿੱਖਾਂ ਦਾ ਕਤਲੇਆਮ ਹਿੰਦੋਸਤਾਨੀ ਸਰਕਾਰ ਦੀ ਸੋਚੀ ਸਮਝੀ ਸ਼ਾਜਿਸ਼ ਦਾ ਨਤੀਜਾ ਸੀ | ਇੰਦਰਾ ਗਾਂਧੀ ਦੇ ਕਤਲ ਦਾ ਤਾਂ ਸਿਰਫ ਬਹਾਨਾ ਬਣਾਇਆ ਗਿਆ ਸੀ | ਇਸੇ ਤਰਾਂ ਹੀ ਆਪਣੀ ਮੁਸਲਿਮ ਕਤਲੇਆਮ ਸ਼ਾਜਿਸ਼ ਨੂੰ ਸਿਰੇ ਚਾੜਨ ਲਈ ਉੱਥੋਂ ਦੇ ਬੁੱਧੀਸ਼ਾਂ ਪੈਰੋਕਾਰਾਂ ਨੇ ਬੁੱਧੀਸ਼ ਲੜਕੀ ਦੇ ਬਲਾਤਕਾਰ ਤੇ ਕਤਲ ਨੂੰ ਆਪਣੀ ਸ਼ਾਜਿਸ਼ ਦਾ ਮੁੱਖ ਹਿੱਸਾ ਬਣਾਇਆ !


ਇੱਥੇ ਇਕ ਹੋਰ ਮੁੱਦਾ ਉੱਠਦਾ ਹੈ ਉਹ ਇਹ ਕਿ ਮਿਆਂਮਾਰ ਚ ਹੋ ਰਹੇ ਮੁਸਲਮਾਨਾਂ ਦੇ ਕਤਲੇਆਮ ਤੇ ਦੁਨੀਆਂ ਭਰ ਦੇ ਮੀਡੀਏ ਦਾ ਖਾਮੋਸ਼ ਬੈਠਣਾ |ਏਥੋਂ ਤੱਕ ਕਿ ਆਪਣੇ ਆਪ ਨੂੰ ਇਨਸਾਨੀਅਤ ਦੇ ਰਖਵਾਲੇ ਕਹਾਉਣ ਵਾਲੇ, ਅਮੇਰਿਕਾ , ਯੂਰਪ ਤੇ ਦੂਸਰਾ ਮੁਸਲਿਮ ਦੇਸ਼ਾਂ ਦਾ ਵੀ ਇਸ ਪਾਸੇ ਧਿਆਨ ਨਾ ਦੇਣਾ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ | ਆਜ਼ਾਦੀ ਤੇ ਇਨਸਾਨੀਅਤ ਦਾ ਢੰਡੋਰਾ ਪਿੱਟਣ ਵਾਲੇ ਦੇਸ਼ਾਂ ਤੇ ਇਹਨਾਂ ਦੇ ਆਜ਼ਾਦ ਮੀਡੀਏ ਦੀ ਮਿਆਂਮਾਰ ਚ ਮੁਸਲਮਾਨਾਂ ਤੇ ਹੋ ਰਹੇ ਕਤਲੇਆਮ ਤੇ ਧਾਰੀ ਹੋਈ ਖਾਮੋਸ਼ੀ ਬਾਰੇ ਜੇ ਥੋੜਾ ਜਾ ਸਹਿਜਤਾ ਨਾਲ ਸੋਚੀਏ ਤਾਂ ਸੱਚ ਸਾਹਮਣੇ ਆ ਜਾਂਦਾ ਹੈ | ਉਹ ਇਹ ਕਿ ਮਿਆਂਮਾਰ ਚ ਬੁੱਧੀਸ਼ ਲੋਕਾਂ ਦੀ ਹਕੂਮਤ ਤੇ ਬਹੁਗਿਣਤੀ ਕਾਰਨ ਚੀਨ ਵਰਗੇ ਦੇਸ਼ ਦਾ ਹੱਥ ਮਿਆਂਮਾਰ ਦੇ ਸਿਰ ਤੇ ਹੈ ਜਿਸ ਕਰਕੇ ਕੋਈ ਵੀ ਦੇਸ਼ ਏਥੋਂ ਦੇ ਮੁਸਲਮਾਨਾਂ ਦੇ ਮਸਲੇ ਵੱਲ ਧਿਆਨ ਤਾਂ ਕੀ ਵੇਖਦਾ ਤੱਕ ਵੀ ਨੀ | ਸ਼ਾਇਦ ਕੋਈ ਵੀ ਦੇਸ਼ ਮਿਆਂਮਾਰ ਚ ਮੁਸਲਮਾਨਾਂ ਦੇ ਹੱਕ ਚ ਬੋਲ ਕੇ ਚੀਨ ਨੂੰ ਨਰਾਜ਼ ਨਹੀ ਕਰਨਾ ਚਾਹੁੰਦਾ |


ਮੈਂ ਇਹ ਨਹੀ ਕਹਿੰਦਾ ਕਿ ਕੋਈ ਦੇਸ਼ ਉੱਥੇ ਜਾ ਕੇ ਮੁਸਲਮਾਨਾਂ ਲਈ ਬੁੱਧੀਸ਼ਾ ਨਾਲ ਜੰਗ ਲੜੇ, ਆਪਣੀ ਫੌਜ ਭੇਜੇ, ਪਰ ਇਨਸਾਨੀਅਤ ਦੇ ਨਾਮ ਤੇ ਮਿਆਂਮਾਰ ਦੀ ਫਰਜ਼ੀ ਸਰਕਾਰ ਨਾਲ ਇਸ ਮਸਲੇ ਤੇ ਗੱਲ ਤਾਂ ਕਰਨੀ ਚਾਹੀਦੀ ਹੈ | ਪਰ ਕੋਈ ਦੇਸ਼ ਇਸ ਮਸਲੇ ਤੇ ਗੱਲ ਕਰਨ ਨੂੰ ਵੀ ਤਿਆਰ ਨਹੀ, ਕਾਰਨ ਮੈਂ ਉੱਪਰ ਦੱਸ ਚੁੱਕਾ ਹਾਂ | ਇਸਦੇ ਉਲਟ ਇਰਾਕ, ਸੀਰੀਆ ਵਿਚ ਆਈ ਐਸ ਆਈ ਦੇ ਮਸਲੇ ਨੂੰ ਲੈ ਕੇ ਕੋਈ ਵੀ ਦੇਸ਼ ਬੋਲਣ ਦਾ ਮੌਕਾ ਹੱਥੋਂ ਨੀ ਜਾਣ ਦਿੰਦਾ | ਮੀਡੀਆ ਨੇ ਵੀ ਇਸ ਮਸਲੇ ਨੂੰ ਵਧਾ ਚੜਾ ਕੇ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁਚਾਉਣ ਦਾ ਪੂਰਾ ਹੱਕ ਅਦਾ ਕੀਤਾ ਹੈ | ਆਖਿਰਕਾਰ ਇਹ ਸਮੱਸਿਆਵਾਂ ਮੁਸਲਿਮ ਦੇਸ਼ਾਂ ਵਿਚ ਹੀ ਕਿਉਂ..? ਕੀ ਇਹ ਮੁਸਲਮਾਨਾਂ ਨੂੰ ਹੱਦੋਂ ਵੱਧ ਬਦਨਾਮ ਕਰਨ ਦੀ ਇਕ ਸ਼ਾਜਿਸ਼ ਨਹੀ | ਬਿਲਕੁਲ ਉਵੇਂ ਜਿਵੇਂ ਹਿੰਦੋਸਤਾਨੀ ਸਰਕਾਰ ਨੇ ਸਾਡੀ ਕੌਮ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਵੀ ਕਰ ਰਹੀ ਹੈ | ਅਸੀਂ ਹੋਰ ਨੂੰ ਦੋਸ਼ ਵੀ ਕੀ ਦੇ ਸਕਦੇ ਹਾਂ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਸਾਊਦੀ ਅਰਬ ਵਰਗੇ ਇਸਲਾਮਿਕ ਦੇਸ਼ ਦੇ ਆਪਣੀ ਕੌਮ ਦੇ ਮਸਲਿਆ ਨੂੰ ਲੈ ਕੇ ਚੁੱਪ ਧਾਰਨ ਕਰ ਲੈਣ ਦੀ ਹੈ | ਜਿਵੇਂ ਕਿ ਸਾਡੇ ਜਥੇਦਾਰ ਕੌਮ ਦੇ ਮਸਲਿਆਂ ਨੂੰ ਲੈ ਕੇ ਅੱਖਾਂ ਮੀਚੀ ਬੈਠੇ ਨੇ ਉਹੋ ਹਾਲ ਸਾਊਦੀ ਅਰਬ ਦਾ ਹੈ, ਕਿਉਂਕਿ ਸਾਊਦੀ ਅਰਬ ਹੀ ਇਕ ਐਸਾ ਇਸਲਾਮਿਕ ਦੇਸ਼ ਹੈ ਜਿਥੇ ਕੁੱਲ ਦੁਨੀਆਂ ਚ ਵਸਦੇ ਮੁਸਲਿਮ ਭਾਈਚਾਰੇ ਦੀਆਂ ਭਾਵਾਨਾਂਵਾ ਏਥੇ ਸਥਿਤ ਆਪਣੇ ਧਾਰਮਿਕ ਅਸਥਾਨ ਮੱਕੇ ਕਾਬੇ ਨਾਲ ਜੁੜੀਆ ਹੋਈਆਂ ਹਨ ਅਤੇ ਇੱਥੋਂ ਜਾਰੀ ਹੋਏ ਕਿਸੇ ਵੀ ਫੁਰਮਾਨ ਨੂੰ ਮੁਸਲਿਮ ਖਿੜੇ ਮੱਥੇ ਪਰਵਾਨ ਕਰਦੇ ਨੇ | ਪਰ ਅੱਜ ਤੱਕ ਇਸਲਾਮਿਕ ਦੇਸ਼ਾਂ ਚ ਸ਼ਾਂਤੀ ਬਹਾਲ ਕਰਵਾਉਣ ਲਈ ਸਾਊਦੀ ਅਰਬ ਵੱਲੋਂ ਨਾ ਹੀ ਕੋਈ ਠੋਸ ਕਦਮ ਚੁੱਕਿਆ ਗਿਆ ਹੈ ਅਤੇ ਨਾ ਹੀ ਆਪਣੀ ਕੌਮ ਦੇ ਮਸਲਿਆਂ ਨੂੰ ਲੈ ਕੇ ਕੋਈ ਫੁਰਮਾਨ ਜਾਰੀ ਹੋਇਆ ਹੈ | ਮੁੱਕਦੀ ਗੱਲ ਸਾਡੀ ਕੌਮ ਦੇ ਜਥੇਦਾਰਾਂ ਵਾਂਗ ਇਸਲਾਮ ਧਰਮ ਦੇ ਜਥੇਦਾਰ ਵੀ ਵਿਕ ਚੁੱਕੇ ਨੇ | ਪਰ ਅਜਿਹੇ ਮਸਲਿਆਂ ਤੇ ਸਾਊਦੀ ਅਰਬ ਦਾ ਚੁੱਪ ਰਹਿਣਾ ਹੋਰਾਂ ਮੁਸਲਿਮ ਦੇਸ਼ਾਂ ਤੇ ਪੂਰੀ ਦੁਨੀਆਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ | ਕਿਉਂਕਿ ਪਿੱਛੇ ਜੇ ਆਈ ਖਬਰ ਮੁਤਾਬਿਕ ਆਈ ਐਸ ਆਈ ਨੇ ਮਿਆਂਮਾਰ ਦੇ ਮੁਸਲਮਾਨਾਂ ਨੂੰ ਆਪਣੇ ਜਹਾਦ ਵਿਚ ਸ਼ਾਮਿਲ ਹੋਣ ਦੀ ਪੇਸ਼ਕਸ ਕੀਤੀ ਸੀ, ਫਿਲਹਾਲ ਇਸ ਪੇਸ਼ਕਸ਼ ਦਾ ਕੋਈ ਖਾਸ ਨਤੀਜਾ ਨੀ ਵੇਖਣ ਨੂੰ ਮਿਲਿਆ ਪਰ ਜੇ ਮਿਆਂਮਾਰ ਦੇ ਮੁਸਲਿਮ ਭਾਈਚਾਰੇ ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਧਿਆਨ ਨਾ ਦਿੱਤਾ ਗਿਆ ਤਾਂ ਉਹ ਛੇਤੀ ਆਈ ਐਸ ਆਈ ਦਾ ਸੱਦਾ ਪਰਵਾਨ ਕਰ ਸਕਦੇ ਨੇ | ਜੇ ਇਸ ਤਰਾਂ ਹੁੰਦਾ ਹੈ ਤਾਂ ਇਸਲਾਮਿਕ ਰਾਜਨੀਤਿਕ ਅੱਤਵਾਦ ਦਿਨ ਬ ਦਿਨ ਘਟਣ ਦੀ ਬਜਾਏ ਵਧਦਾ ਜਾਵੇਗਾ | ਮਾਸੂਮ ਮਰਦੇ ਰਹਿਣਗੇ ਤੇ ਦੁਨੀਆਂ ਤਮਾਸ਼ਾ ਵੇਖਦੀ ਰਹੇਗੀ |


ਕੁਲਜੀਤ ਖੋਸਾ
ਮੋਬਾ ਨੰ: +61469849572


20/08/15)
ਦਲਜੀਤ ਸਿੰਘ ਲੁਧਿਆਣਾ

ਨਾਨਕ ਮਿਸ਼ਨ
(ਮਾਨਵ-ਵਾਦ)
ਰੱਖੜੀ
====
ਰੱਖੜੀ ਦਾ ਤਿਓਹਾਰ ਹਰ ਸਾਲ ਭਾਦੋਂ ਮਹੀਨੇ ਦੀ ਪੂਰਨਮਾਸ਼ੀ ਨੂੰ ਆਉਂਦਾ ਹੈ। ਇਹ ਤਿਓਹਾਰ ਔਰਤ ਨੂੰ ਮਰਦ ਦੀ ਅਧੀਨਗੀ ਵਿੱਚ ਰਖਣ ਲਈ ਬ੍ਰਾਹਮਣ ਪੁਜਾਰੀਆਂ ਵਲੋਂ ਬਣਾਏ ਕਈ ਹੋਰ ਤਿਓਹਾਰਾਂ ਵਾਂਗ ਹੀ ਇੱਕ ਤਿਓਹਾਰ ਹੈ ।ਮਨੂੰ ਸਿਮਰਤੀਆਂ ਵਿੱਚ ਔਰਤ ਨੂੰ ਪਸ਼ੂ / ਗਵਾਰ / ਸ਼ੂਦਰ ਨਾਲ ਤੁਲਨਾ ਕੀਤੀ ਹੈ, 'ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਯੇ ਸਭ ਤਾੜਨ ਕੇ ਅਧਿਕਾਰੀ '। ਇਹ ਕਿਸੇ ਧਰਮ ਜਾਂ ਫਿਰਕੇ ਦੀ ਗੱਲ ਨਹੀਂ ਹੈ ਇਹ ਸਮੁੱਚੀ ਔਰਤ ਜਾਤ ਦੇ ਨਿਰਾਦਰ ਦੀ ਗੱਲ ਹੈ । ਹਿੰਦੂ ਧਰਮ ਗ੍ਰੰਥਾਂ ਮੁਸਲਮ ਗ੍ਰੰਥਾਂ ਵਿੱਚੋਂ ਇਸਦੀਆਂ ਮਿਸਾਲਾਂ ਮਿਲ ਜਾਣਗੀਆਂ । ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿੱਚ ਬਾਬਾ ਨਾਨਕ ਜੀ ਅਵਾਜ ਬੁਲੰਦ ਕੀਤੀ ਅਤੇ ਇਸਤਰੀ ਦੀ ਤਾਰੀਫ਼ ਕੀਤੀ ਯਥਾ,
"ਮਃ ੧ ॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥'' ......ਪੰਨਾ 473
ਬਾਬਾ ਨਾਨਕ ਦਾ ਉਪਦੇਸ਼ ਗੁਰਬਾਣੀ ਸਮੁੱਚੀ ਮਨੁੱਖ ਜਾਤੀ ਵਾਸਤੇ ਹੈ ਨਾ ਕਿ ਇਕੱਲੇ ਸਿੱਖਾਂ ਵਾਸਤੇ ਪਰ ਸ਼ਾਇਦ ਅਸੀਂ ਇਹ ਗੱਲ ਹਾਲੇ ਤੱਕ ਸਮਝੇ ਹੀ ਨਹੀਂ । ਇਸੇ ਲਈ ਸ਼ੋਸ਼ਲ ਮੀਡਿਆ 'ਤੇ ਅੱਜ ਕੱਲ ਸਿੱਖ ਔਰਤਾਂ ਨੂੰ ਬਹੁਤ ਤਾੜਨਾ ਕੀਤੀ ਜਾਂਦੀ ਹੈ ਕਿ ਸਿੱਖ ਔਰਤਾਂ ਦਾ ਰੱਖੜੀ ਨਾਲ ਕੋਈ ਸੰਬੰਧ ਨਹੀਂ ਹੈ । ਕੀ ਬਾਕੀ ਔਰਤ ਜਾਤ ਨਾਲ ਇਸਦਾ ਸੰਬੰਧ ਹੈ । ਅਸੀਂ ਬਾਬਾ ਨਾਨਕ ਦੇ ਸੰਦੇਸ਼ ਨੂੰ ਆਪਣੇ ਤੱਕ ਸੀਮਤ ਕਰਕੇ ਕਿਓਂ ਬਾਬੇ ਦੇ ਸੰਦੇਸ਼ ਦੇ, ਜੋ ਸ੍ਮੁਚ੍ਚੀ ਮਨੁੱਖ ਜਾਤੀ ਲਈ ਹੈ, ਦੇ ਦੋਸ਼ੀ ਬਣਦੇ ਹਾਂ। ਸਾਨੂੰ ਇਹ ਸੰਦੇਸ਼ ਪਿਆਰ ਨਾਲ ਦੇਣਾ ਬਣਦਾ ਹੈ ਨਾ ਕਿ ਜਬਰੀ। ਇਸ ਤਰ੍ਹਾਂ ਤਾਂ ਅਸੀਂ ਗੁਰੂ ਦੇ ਸੰਦੇਸ਼,
"ਮਃ ੨ ॥ ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥'' ਦੇ ਅਸੀਂ ਦੋਸ਼ੀ ਬਣਦੇ ਹਾਂ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰਬਾਣੀ ਦਾ ਸੰਦੇਸ਼ ਘਰ ਘਰ ਪਹੁੰਚੀਏ ਪਰ ਇਸ ਆਸ ਨਾਲ ਨਹੀ ਕਿ ਇਸ ਸੰਦੇਸ਼ ਤੇ ਕੋਈ ਫੌਰੀ ਚੱਲ ਪਾਏਗਾ। ਕਿਓਂਕਿ ਅਸੀਂ ਸੰਦੇਸ਼-ਬਾਹਕ ਹਾਲਾਂ ਖੁਦ ਨਹੀਂ ਗੁਰ-ਉਪਦੇਸ਼ 'ਤੇ ਚੱਲ ਸਕੇ ਕਿਸੇ ਤੋ ਕਿਵੇਂ ਆਸ ਰੱਖ ਸਕਦੇ ਹਾਂ। ਸਾਡਾ ਕੰਮ ਇਸ ਸੰਦੇਸ਼ ਨੂੰ ਲੋਕਾਂ ਪਹੁੰਚਾਉਣਾ ਹੋਣਾ ਚਾਹੀਏ,ਅਮਲ ਕਰਨਾ-ਨਾ ਕਰਨਾ ਅਗਲੇ ਤੇ ਨਿਭਰ ਕਰਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਹਿ
ਦਲਜੀਤ ਸਿੰਘ ਲੁਧਿਆਣਾ
ਮੋਬਾਇਲ ਨੰ.....9815570819


20/08/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਧਿਆਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਿਸ ਉੱਤੇ ਲਾਵਾਂ ਮੈਂ ਧਿਆਨ, ਤੂੰ ਹੀ ਦੱਸ।
ਅਜੇ ਮੈਨਂੂੰ ਏਨਾ ਨਾ ਗਿਆਨ, ਤੂੰ ਹੀ ਦੱਸ।
ਕੋਈ ਆਖੇ ਵਾ `ਚ, ਕੋਈ ਆਖੇ ਲਾਵੋ ਸਾਹ `ਚ,
ਕੋਈ ਕੁੰਡਲਿਨੀ ਨੂੰ ਜਗਾਣ, ਤੂੰ ਹੀ ਦੱਸ।
ਕੋਈ ਆਖੇ ‘ਵਾਹਿਗੁਰੂ’ ਅਵਾਜ਼ ਪਿੱਛੇ ਚੱਲੋ,
ਬੋਲਾਂ ਦਾ ਚੜ੍ਹਾ ਤੇ ਉਤਰਾਨ, ਤੂੰ ਹੀ ਦੱਸ।
ਕੋਈ ਆਖੇ ਅੰਦਰੋਂ ਜਗਾਓ ਆਪ ਜੋਤ,
ਤ੍ਰਿਕੁਟੀ ਤੇ ਰੋਸ਼ਨੀ ਲਿਆਣ, ਤੂੰ ਹੀ ਦੱਸ,
ਕੋਈ ਆਖੇ ਬਸਤੀਆਂ ਤੋਂ ਦੂਰ ਜਾ ਕੇ ਰਹੋ,
ਟਿਕਦਾ ਏ ਚਿੱਤ ਸੁਨਸਾਨ, ਤੂੰ ਹੀ ਦੱਸ।
ਕੋਈ ਆਖੇ ਰੱਬ ਦੇ ਨਜ਼ਾਰੇ ਤੱਕੀ ਚੱਲੋ,
ਤੇਰਾ ਤਾਂ ਪਸਾਰਾ ਏ ਜਹਾਨ, ਤੂੰ ਹੀ ਦੱਸ।
ਕੋਈ ਆਖੇ ਸਾਰਿਆਂ ਹੀ ਜੀਵਾਂ ਵਿੱਚ ਵਸੇਂ,
ਤੇਰਾ ਰੂਪ ਹਰ ਇਨਸਾਨ ਤੂੰ ਹੀ ਦੱਸ।
ਸੇਵਾ ਕਰੋ ਜੱਗ ਦੀ ਤੇ ਮੇਵਾ ਲਵੋ ਰੱਬ,
ਕਈ ਇਹ ਗਿਆਨੀ ਸਮਝਾਣ, ਤੂੰ ਹੀ ਦੱਸ।
ਕੋਈ ਆਖੇ ਭਗਤਾਂ ਨੂੰ ਤੱਕੇ ਚਿੱਤ ਆਵੇਂ,
ਗੁਰੂ ਬਿਨਾ ਆਉਂਦਾ ਨਾ ਗਿਆਨ, ਤੂੰ ਹੀ ਦੱਸ।
ਕੋਈ ਆਖੇ ਸੰਗਤ `ਚ, ਕੀਰਤਨ `ਚ ਹੈਂ ਤੂੰ,
ਕੋਈ ਆਖੇ ਬਾਲ ਮੁਸਕਾਨ, ਤੂੰ ਹੀ ਦੱਸ।
ਜਪੀ ਜਾਵਾਂ ਨਾਮ ਤੇ ਪੁਕਾਰਾਂ ਧੁਰ ਦਿਲੋਂ,
ਕਿਰਪਾ ਤੂੰ ਕਰ ਮਿਹਰਬਾਨ, ਤੂੰ ਹੀ ਦੱਸ।


ਸ਼੍ਰੋਮਣੀ ਕਮੇਟੀ ਵਿੱਚ ਮੁਖ ਸਕੱਤਰ ਦੀ ਨਿਯੁਕਤੀ ਐਕਟ ਦੀ ਉਲੰਘਣਾ ਤੇ ਅਦਾਲਤ ਦੀ ਮਾਨਹਾਨੀ -ਜਸਟਿਸ ਸੋਢੀ ਨਵੀਂ ਦਿੱਲੀ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਵਲੋਂ ਕਮੇਟੀ ਵਿੱਚ ‘ਮੁੱਖ ਸਕਤੱਰ’ ਦੀ ਨਿਯੁਕਤੀ ਕਰਨ `ਤੇ ਬਜ਼ਿਦ ਰਹਿਣਾ, ਨਾ ਕੇਵਲ ਪੰਜਾਬ ਗੁਰਦੁਆਰਾ ਐਕਟ ਦੀ ਉਲੰਘਣਾ ਹੈ, ਸਗੋਂ ਅਦਾਲਤ ਦੀ ਮਾਨਹਾਨੀ ਦਾ ਗੰਭੀਰ ਮਾਮਲਾ ਵੀ ਹੈ, ਜਿਸਨੂੰ ਕੋਈ ਵੀ ਅਦਾਲਤ ਵਿੱਚ ਚੁਨੌਤੀ ਦੇ ਸਕਦਾ ਹੈ। ਇਹ ਚਿਤਾਵਨੀ ਦਿੱਲੀ ਹਾਈਕੋਰਟ ਦੇ ਸਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਦਿੱਤੀ। ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਇੱਕ ਤਾਂ ਪੰਜਾਬ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਵਿੱਚ ਮੁੱਖ ਸਕਤੱਰ ਦਾ ਕੋਈ ਅਹੁਦਾ ਹੈ ਹੀ ਨਹੀਂ, ਦੂਸਰਾ ਸ਼੍ਰੋਮਣੀ ਕਮੇਟੀ ਦੀ ਹੋਂਦ ਦਾ ਸੁਆਲ ਵੀ ਅਦਾਲਤ ਦੇ ਵਿਚਾਰ-ਅਧੀਨ ਹੈ। ਜਿਸ ਕਾਰਣ ਸ਼੍ਰੋਮਣੀ ਕਮੇਟੀ ਦੀ ਕਾਰਜ ਕਾਰਨੀ ਕੇਵਲ ਇੱਕ ਐਡਹਾਕ ਬਾਡੀ ਹੈ, ਜਿਸਨੂੰ ਅਦਾਲਤ ਵਲੋਂ ਕੇਵਲ ਰੂਟੀਨ ਦੇ ਰੋਜ਼-ਮੱਰਾਅ ਦੇ ਹੀ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਹੋਇਆ ਹੈ। ਉਹ ਨਾ ਤਾਂ ਕਮੇਟੀ ਦੇ ਮਾਮਲਿਆਂ ਸੰਬੰਧੀ ਕੋਈ ਨੀਤੀ ਘੜ੍ਹ ਸਕਦੀ ਹੈ, ਨਾ ਹੀ ਕਮੇਟੀ ਵਿੱਚ ਕੋਈ ਨਵਾਂ ਅਹੁਦਾ ਸਿਰਜ ਤੇ ਨਾ ਹੀ ਕੋਈ ਨਵੀਂ ਨਿਯੁਕਤੀ ਕਰ ਸਕਦੀ ਹੈ। ਜੇ ਉਸ ਵਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਸਪਸ਼ਟ ਰੂਪ ਵਿੱਚ ਸੁਪ੍ਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਹੋਣ ਕਾਰਣ ਅਦਾਲਤ ਦੀ ਮਾਨਹਾਨੀ ਦਾ ਗੰਭੀਰ ਮਾਮਲਾ ਹੋਵੇਗਾ।
ਜਸਟਿਸ ਸੋਢੀ ਨੇ ਬਿਆਨ ਵਿੱਚ ਹੋਰ ਦਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਮੁੱਖੀ ਸੀਨੀਅਰ ਆਗੂ ਪੰਜਾਬ ਸਿੰਧ ਬੈਂਕ ਦੇ ਇੱਕ ਸਾਬਕਾ ਸੀਨੀਅਰ ਅਧਿਕਾਰੀ ਨੂੰ, ਉਸ ਵਲੋਂ ਆਪਣੇ `ਤੇ ਕੀਤੇ ਗਏ ਅਹਿਸਾਨਾਂ ਦਾ ‘ਭਾਰ’ ਹਲਕਾ ਕਰਨ ਲਈ, ਸ਼੍ਰੋਮਣੀ ਕਮੇਟੀ ਵਿੱਚ ਇੱਕ ਅਜਿਹੇ ਅਹੁਦੇ, ਜਿਸਦੀ ਗੁਰਦੁਆਰਾ ਐਕਟ ਅਨੁਸਾਰ ਕੋਈ ਹੋਂਦ ਹੀ ਨਹੀਂ, `ਤੇ ਨਿਯੁਕਤ ਕਰਵਾਣਾ ਚਾਹੁੰਦੇ ਹਨ। ਉਨ੍ਹਾਂ ਦਸਿਆ ਕਿ ਇਸਦੇ ਨਾਲ ਹੀ ਖਬਰਾਂ ਅਨੁਸਾਰ ਉਸ ਵਿਅਕਤੀ ਨੂੰ ਮੁੱਖ ਸਕਤੱਰ ਦੇ ਅਹੁਦੇ ਪੁਰ ਨਿਯੁਕਤ ਕਰ, ਉਸ ਗੁਰੂ ਗੋਲਕ ਵਿਚੋਂ ਤਿੰਨ ਲੱਖ ਰੁਪਏ ਮਹੀਨਾ ਤਨਖਾਹ ਅਤੇ ਹੋਰ ਕਈ ਸਹੂਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ। ਜਸਟਿਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ ਉਹ ਅਕਾਲੀ ਅਗੂ ਚਾਹੁਣ ਤਾਂ ਉਹ ਆਪਣੇ ਪੁਰ ਕੀਤੇ ਅਹਿਸਾਨ ਦਾ ਮੁਲ ਉਤਾਰਨ ਲਈ ਉਸਨੂੰ ਆਪਣੇ ਵਿਸਾਲ ਵਪਾਰਕ ਸਾਮਰਾਜ ਨਾਲ ਸੰਬੰਧਤ ਕੰਪਨੀਆਂ ਵਿਚੋਂ ਕਿਸੇ ਇੱਕ ਵਿੱਚ ਨਿਯੁਕਤੀ ਦੇ ਸਕਦੇ ਹਨ।


20/08/15)
ਅਵਤਾਰ ਸਿੰਘ ਮਿਸ਼ਨਰੀ

ਜਨਮ ਦਿਨ ਆਪੋ ਆਪਣੇ ਤੇ ਕੀ ਕਰੀਏ?

ਅਵਤਾਰ ਸਿੰਘ ਮਿਸ਼ਨਰੀ (5104325827)

ਜਨਮ ਦਿਨ ਮੁਤਾਬਿਕ ਅੱਜ 19-08-2015 ਦਾਸ ਨੂੰ 55 ਵਾਂ ਸਾਲ ਚੜ੍ਹਿਆ ਹੈ। ਜਨਮ ਦਿਨ ਬਾਰੇ ਹੀ ਕੁਝ ਵਿਚਾਰ ਪੇਸ਼ ਹਨ-ਸੰਸਾਰ ਵਿੱਚ ਕਰਤੇ ਦੀ ਕੁਦਰਤ ਵਿੱਚ ਬੇਅੰਤ ਜੀਵ ਜੰਤੂਆਂ ਅਤੇ ਮਨੁੱਖਾਂ ਦੇ ਜਨਮ ਪਹਿਲੇ ਹੋਏ, ਹੁਣ ਹੁੰਦੇ ਅਤੇ ਅੱਗੇ ਹੁੰਦੇ ਰਹਿਣਗੇ। ਇਹ ਕੁਦਰਤ ਦਾ ਸਰਕਲ ਚਲਦਾ ਰਹਿੰਦਾ ਹੈ। ਜਿੱਥੇ ਜੀਵ ਜੰਤੂ ਪੌਦੇ ਵੀ ਆਪਣੀ ਸ਼ਾਖ ਛੱਡ ਜਾਂਦੇ ਨੇ ਓਥੇ ਬਹੁਤੇ ਮਾਨੁੱਖ ਵੀ ਅੱਗੇ ਬੱਚਿਆਂ ਦੀ ਪੀੜੀ ਛੱਡ ਜਾਂਦੇ ਹਨ। ਇਹ ਹੀ ਉਨ੍ਹਾਂ ਦਾ ਅਗਲਾ ਜਨਮ ਹੁੰਦਾ ਹੈ ਜੋ ਅੱਗੇ ਪੀੜ੍ਹੀ ਦਰ ਪੀੜ੍ਹੀ ਚਲਦਾ ਰਹਿੰਦਾ ਹੈ। ਦੇਖੋ ਇਸ ਕੁਦਰਤੀ ਸਰਕਲ ਨੂੰ ਵੀ ਲੋਟੂਆਂ ਨੇ ਨਹੀਂ ਬਖਸ਼ਿਆ ਤੇ ਅਖੌਤੀ ਅਗਲਾ ਜਨਮ ਸਫਲ ਕਰਨ ਲਈ ਇਸ ਜਨਮ ਵਿੱਚ ਵੱਧ ਤੋਂ ਵੱਧ ਵੇਹਲੜ ਸਾਧਾਂ-ਸੰਤਾਂ, ਜੋਤਸ਼ੀਆਂ, ਬਾਬਿਆਂ, ਪੁਜਾਰੀਆਂ, ਮੁਲਾਂ-ਮੁਲਾਣਿਆਂ, ਗਿਆਨੀਆਂ ਅਤੇ ਰਾਗੀਆਂ-ਗ੍ਰੰਥੀਆਂ ਨੂੰ ਰੁਪਿਆ ਪੈਸਾ, ਧੰਨ ਦੌਲਤ, ਕਪੜਾ, ਕੀਮਤੀ ਪਦਾਰਥ, ਸੋਨਾਂ-ਚਾਂਦੀ, ਗਊ-ਮੱਝ, ਘੋੜੇ-ਹਾਥੀ, ਧਰਤੀ-ਜਮੀਨ ਅਤੇ ਇੱਥੋਂ ਤੱਕ ਕਿ ਆਪਣੀ ਪਤਨੀ ਸਮੇਤ ਪੂਰੀ ਪ੍ਰਾਪਰਟੀ ਦਾਨ ਕਰਨ ਦਾ ਜਮੀਰਮਾਰੂ ਅਤੇ ਜਨਤਾ ਲੋਟੂ ਭਰਮ ਪਾ ਖੂਬ ਲੁਟਿਆ ਅਤੇ ਲੁੱਟ ਰਹੇ ਹਨ। ਜਿੱਥੇ ਜਨਮ ਦਿਨ ਤੇ ਲੱਖਾਂ-ਕਰੋੜਾਂ ਲੋਕ ਅਜਿਹਾ ਕਰਕੇ ਆਪਣਾ ਝੁੱਗਾ ਚੌੜ ਕਰਵਾਉਂਦੇ ਰਹਿੰਦੇ ਹਨ ਓਥੇ ਮਹਿੰਗੀਆਂ-ਮਹਿੰਗੀਆਂ ਪਾਰਟੀਆਂ ਤੇ ਵੱਡੇ ਕੇਕ ਕੱਟਦੇ, ਰੰਗ ਰਲੀਆਂ, ਨਾਚ ਮੁਜਾਰੇ ਅਤੇ ਸ਼ਰਾਬਾਂ ਦੇ ਦੌਰ ਚਲਾਉਂਦੇ ਹਨ। ਅਮੀਰ ਅਤੇ ਕਾਲੇ ਧੰਨ ਵਾਲੇ ਤਾਂ ਅਜਿਹਾ ਸੌਖ ਨਾਲ ਕਰ ਲੈਂਦੇ ਹਨ ਪਰ ਉਨ੍ਹਾਂ ਦੀ ਰੀਸੇ ਆਮ ਗਰੀਬ ਤੱਬਕਾ ਵੀ ਅਜਿਹਾ ਕਰਜੇ ਚੁੱਕ ਚੁੱਕ ਕੇ ਕਰਦਾ ਤੇ ਬਾਅਦ ਵਿੱਚ ਦੁਖੀ ਹੁੰਦਾ ਹੈ।

ਦੇਖੋ ਹਰ ਜਨਮ ਦਿਨ ਤੇ ਤਾਂ ਉਮਰ ਸਗੋਂ ਘਟਦੀ ਹੈ-ਜਨਨੀ ਜਾਨਤ ਸੁਤੁ ਬੜਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ॥ (91) ਦਿਨ ਪ੍ਰਤੀ ਦਿਨ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਜਿੰਦਗੀ ਦੇ ਇਸ ਸਫਰ ਵਿੱਚ ਇੱਕ ਦਿਨ ਉਹ ਵੀ ਆ ਜਾਂਦਾ ਹੈ ਜਦ ਅਸੀਂ ਵਾਕਿਆ ਹੀ ਵੱਡੇ ਹੋ ਜਾਂਦੇ ਹਾਂ (ਸਰੀਰ ਤਿਆਗ ਦਿੰਦੇ ਹਾਂ) ਤੇ ਲੋਕ ਕਹਿਣ ਲੱਗ ਜਾਂਦੇ ਹਨ ਕਿ ਫਲਾਣਾ ਤਾਂ ਵੱਡਾ ਹੋ ਗਿਆ ਹੈ ਭਾਵ ਮਰ ਗਿਆ ਹੈ।

ਆਓ ਹਰ ਜਨਮ ਦਿਨ ਤੇ ਇਸ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੀਏ। ਇਸ ਬਾਰੇ ਸਾਡੇ “ਗੁਰੂਆਂ, ਭਗਤਾਂ ਅਤੇ ਰੱਬੀ ਪਿਆਰਿਆਂ” ਨੇ ਜੋ ਸੱਚ ਧਰਮ ਦੀ ਸਿਖਿਆ ਦਿੱਤੀ ਹੈ, ਉਸ ਨੂੰ ਪੜ੍ਹੀਏ, ਵਿਚਾਰੀਏ ਅਤੇ ਜੀਵਨ ਵਿੱਚ ਧਾਰੀਏ। ਅਸੀਂ ਸਿੱਖ ਹਾਂ ਇਸ ਲਈ ਸਾਨੂੰ ਤਾਂ ਗੁਰੂ ਦੀ ਸਿਖਿਆ “ਗੁਰੂ ਗ੍ਰੰਥ ਸਾਹਿਬ” ਜੀ ਦੀ ਬਾਣੀ ਪੜ੍ਹਨੀ, ਸਿੱਖਣੀ ਅਤੇ ਵਿਚਾਰਨੀ ਚਾਹੀਦੀ ਹੈ। ਜਿਹੜੇ ਸਿੱਖ ਚੁੱਕੇ ਹਨ ਉਨ੍ਹਾਂ ਨੂੰ ਹੋਰ ਅੱਗੇ ਇਸ ਦਾ ਪ੍ਰਸਾਰ ਤੇ ਪ੍ਰਚਾਰ ਕਰਨਾ ਚਾਹੀਦਾ ਹੈ। ਕਿੰਨਾਂ ਚੰਗਾ ਹੋਵੇ ਜੇ ਅਸੀਂ ਆਪਣੇ ਜਨਮ ਦਿਨ ਤੇ ਕੁਝ ਹੋਰ ਚੰਗਾ ਪੜ੍ਹਨ, ਵਿਚਾਰਨ ਅਤੇ ਧਾਰਨ ਦੇ ਨਾਲ-ਨਾਲ ਲੋੜਵੰਦਾਂ ਦੀ ਵੀ ਵਿਤ ਮੁਤਾਬਿਕ ਸੇਵਾ ਕਰੀਏ। ਕਿਰਤੀ ਹਾਂ ਤਾਂ ਕੁਝ ਲੋੜਵੰਦਾਂ ਦੀ ਮਦਦ ਕਰੀਏ, ਅਧਿਆਪਕ ਹਾਂ ਤਾਂ ਲੋੜਵੰਦ ਬੱਚਿਆਂ ਨੂੰ ਪੜ੍ਹਾਈਏ, ਜਨਮ ਦਿਨ, ਵਿਆਹ ਜਾਂ ਕਿਸੇ ਵੀ ਖੁਸ਼ੀ ਦੇ ਦਿਨ ਲੋੜਵੰਦ ਭੈਣਾਂ ਅਤੇ ਵੀਰਾਂ ਦੀ ਮਦਦ ਕਰੀਏ ਨਾਂ ਕਿ ਔਰਤ ਦੀ ਗੁਲਾਮੀ ਰੱਖੜੀ ਬੰਨ੍ਹਵਾ ਕੇ ਕੁਝ ਦਈਏ, ਚੰਗੇ ਕਾਰੋਬਾਰ ਵਾਲੇ ਹਾਂ ਤਾਂ ਲੋੜਵੰਦਾ ਨੂੰ ਕੰਮ ਦਈਏ, ਲਿਖਾਰੀ ਹਾਂ ਤਾਂ ਸੱਚੋ-ਸੱਚ ਲਿਖੀਏ, ਪ੍ਰਚਾਰਕ ਹਾਂ ਤਾਂ ਸੱਚ ਧਰਮ ਦਾ ਪ੍ਰਚਾਰ ਕਰੀਏ। ਧਰਮ ਅਤੇ ਸਮਾਜ ਲੋਟੂ ਸਾਧਾ-ਸੰਤਾਂ ਅਤੇ ਰਾਜਨੀਤਕ ਲੀਡਰਾਂ ਤੋਂ ਜਿੱਥੇ ਆਪ ਬਚੀਏ ਓਥੇ ਹੋਰਨਾਂ ਨੂੰ ਵੀ ਬਚਨ ਲਈ ਤਨ ਦੇਹੀ ਨਾਲ ਸਿਖਿਆ ਦੇਈਏ। ਫੋਕੀਆਂ ਰੀਤਾਂ ਰਸਮਾਂ, ਮੱਸਿਆ, ਪੁੰਨਿਆਂ, ਸੰਗ੍ਰਾਦਾਂ, ਰੱਖੜੀਆਂ, ਲੋਹੜੀਆਂ ਅਤੇ ਦਿਵਾਲੀਆਂ ਨੂੰ ਹੀ ਪਵਿਤਰ ਦਿਨ ਨਾਂ ਸਮਝੀਏ ਜੋ ਬ੍ਰਾਹਮਣੀ ਪਦਾਇਸ਼ ਹਨ। ਧਰਮ ਤੇ ਸਮਾਜ ਵਿੱਚ ਅਗਿਆਨਤਾ, ਅੰਧਵਿਸ਼ਵਾਸ਼, ਥੋਥੇ ਕਰਮਕਾਂਡ, ਲੋਟੂ ਕਰਾਮਾਤਾਂ, ਹੱਥ ਦੇਖ ਭਵਿੱਖ ਦੱਸਣ ਵਾਲੇ ਲੋਟੂਆਂ ਅਤੇ ਅਖੌਤੀ ਸਾਧਾਂ-ਸੰਤਾਂ ਅਤੇ ਡੇਰੇਦਾਰ ਸੰਪ੍ਰਦਾਈਆਂ ਤੋਂ ਆਪ ਦੂਰ ਰਹੀਏ ਤੇ ਹੋਰਨਾਂ ਨੂੰ ਰਹਿਣ ਦੀ ਪ੍ਰੇਰਨਾ ਕਰੀਏ।

ਗੁਰੂ ਨਾਨਕ ਸਾਹਿਬ ਦੇ ਇਹ ਸੁਨਹਿਰੀ ਅਸੂਲ “ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ” ਦੇ ਧਾਰਨੀ ਹੋਈਏ। ਵਿਹਲੜ ਸਾਧਾਂ ਦਾ ਖਹਿੜਾ ਛਡੀਏ। ਪੁਜਾਰੀਆਂ ਦੀ ਧਰਮ-ਗੁਲਾਮੀ ਤੋਂ ਅਜਾਦ ਹੋ ਆਪ ਹੀ ਸਾਰੇ ਧਰਮ-ਕਰਮ ਕਰੀਏ-ਆਪਣ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਏ॥ (474) ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਨਾ ਕਰੀਏ ਅਤੇ ਨਾਂ ਹੀ ਕਰਨ ਦਈਏ। ਡੇਰੇਦਾਰਾਂ ਅਤੇ ਟਕਸਾਲੀ ਸੰਪ੍ਰਦਾਈਆਂ ਦੁਆਰਾ ਸਾਡੇ ਵਿੱਚ ਵਾੜ ਦਿੱਤੀ ਗਈ ਬ੍ਰਾਹਮਣੀ ਸੁੱਚ-ਭਿੱਟ, ਜਾਤ-ਪਾਤ, ਕਰਮਕਾਂਡ, ਅੰਧਵਿਸ਼ਵਾਸ਼ੀ ਅਤੇ ਪੁਜਾਰੀਵਾਦ ਨੂੰ ਬੜਾਵਾ ਦੇਣ ਵਾਲੀ ਅਖੌਤੀ ਮਰਯਾਦਾ ਦਾ ਤਿਆਗ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਨੂੰ ਹੀ “ਸਿੱਖ ਰਹਿਤ ਮਰਯਾਦਾ” ਸਮਝੀਏ। ਪੁਜਾਰੀਵਾਦੀ ਧਰਮਰਾਜ ਬਣੇ ਅਖੌਤੀ ਜਥੇਦਾਰ ਜੋ ਆਏ ਦਿਨ ਗੁਰਸਿੱਖ ਵਿਦਵਾਨਾਂ ਨੂੰ ਪੰਥ ਚੋਂ ਛੇਕ ਰਹੇ ਹਨ ਦਾ ਖਹਿੜਾ ਛੱਡ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਆਗੂ ਮੰਨ ਉਸ ਦੀ ਅਗਵਾਈ ਵਿੱਚ ਜੀਵਨ ਸਫਲ ਕਰੀਏ। ਇੱਕ-ਗ੍ਰੰਥ, ਇੱਕ-ਗੁਰੂਪੰਥ, ਇੱਕ-ਮਰਯਾਦਾ, ਇੱਕ-ਨਿਸ਼ਾਨ-ਵਿਧਾਂਨ ਅਤੇ ਇੱਕ-ਨਾਨਕਸ਼ਾਹੀ ਕੈਲੰਡਰ ਦੇ ਧਾਰਨੀ ਹੋਈਏ। ਆਪਣਾ ਬਾਨੀ ਰਹਿਬਰ, ਆਗੂ ਅਤੇ ਸੱਚ ਧਰਮ ਰਾਜ ਦੀ ਨੀਂਹ ਰੱਖਣ ਵਾਲਾ “ਗੁਰੂ ਬਾਬਾ ਨਾਨਕ ਸਾਹਿਬ” ਨੂੰ ਮੰਨੀਏ ਨਾਂ ਕਿ ਕਿਸੇ ਡੇਰੇ, ਸੰਪ੍ਰਦਾ ਜਾਂ ਟਕਸਾਲ ਦੇ ਮੁਖੀ ਆਗੂ ਜਾਂ ਸੰਤ ਨੂੰ।

ਆਪਣੇ ਘਰ ਨੂੰ ਛੋਟੀ ਜਿਹੀ ਲਾਇਬ੍ਰੇਰੀ ਬਣਾਈਏ ਜਿੱਥੇ ਵਿਦਵਾਨਾਂ ਦੀਆਂ ਖੋਜ ਭਰਪੂਰ ਪੁਸਤਕਾਂ ਰੱਖੀਏ, ਜਦ ਵੀ ਸਮਾਂ ਮਿਲੇ ਜਾਂ ਛੁੱਟੀ ਵਾਲੇ ਦਿਨ ਆਪਣੇ ਆਂਡੀਆਂ-ਗੁਵਾਢੀਆਂ ਨੂੰ “ਗੁਰੂ ਗ੍ਰੰਥ ਸਾਹਿਬ” ਦੇ ਸਰਬ ਸਾਂਝੇ ਉਪਦੇਸ਼ ਤੋਂ ਜਾਣੂੰ ਕਰਵਾਈਏ। ਨਫਰਤਾਂ ਤਿਆਗ ਕੇ ਸਭ ਨੂੰ ਆਪਣੇ ਭੈਣ-ਭਾਈ ਸਮਝੀਏ। ਲੋਕ ਲਾਜ, ਵਿਸ਼ੇ ਵਿਕਾਰਾਂ ਅਤੇ ਨਸ਼ਿਆਂ ਦਾ ਤਿਆਗ ਕਰੀਏ, ਹਰ ਉਸ ਇਨਸਾਨ ਨੂੰ ਗੁਰੂ ਦਾ ਸਿੱਖ ਸਮਝ ਸਤਿਕਾਰ ਕਰੀਏ ਜੋ “ਗੁਰੂ ਗ੍ਰੰਥ ਸਾਹਿਬ” ਦੀ ਸਿਖਿਆ ਅਨੁਸਾਰ ਚਲਦਾ ਹੈ ਅਤੇ ਹਰ ਰੋਜ ਕੁਝ ਨਾ ਕੁਝ ਗੁਰੂ ਤੋਂ ਸਿਖਦਾ ਹੈ। ਕਟੜਵਾਦ ਦਾ ਤਿਆਗ ਕਰਕੇ ਅਸੂਲ ਅਤੇ ਪਿਆਰਵਾਦ ਦੇ ਧਾਰਨੀ ਬਣੀਏ। ਸਮੁੱਚੀ ਮਨੁੱਖਤਾ ਨੂੰ ਇੱਕ ਹੀ ਪਿਤਾ-ਪ੍ਰਮਾਤਮਾਂ ਦੀ ਸੰਤਾਨ ਸਮਝੀਏ-ਏਕੁ ਪਿਤਾ ਏਕਸ ਕੇ ਹਮ ਬਾਰਿਕ॥ (611) ਤਾਂ ਮੈਂ ਸਮਝਦਾ ਹਾਂ ਕਿ ਸਾਡਾ ਜਨਮ ਦਿਨ ਮਨਾਇਆ ਮੁਬਾਰਕ ਤੇ ਸਫਲਾ ਹੋ ਸਕਦਾ ਹੈ। ਸਾਰੇ ਅਰਦਾਸ ਕਰੋ ਕਿ ਅਕਾਲ ਪੁਰਖ ਆਗੇ ਹੋਰ ਤਨਦੇਹੀ, ਦ੍ਰਿੜਤਾ ਅਤੇ ਲਗਨ ਨਾਲ “ਗੁਰੂ ਗ੍ਰੰਥ ਸਾਹਿਬ” ਜੀ ਦੀ ਸੱਚੀ ਸੁੱਚੀ ਵਿਚਾਰਧਾਰਾ ਦਾ ਹੋਰ ਸਚੱਜੇ ਢੰਗ ਨਾਲ ਪ੍ਰਚਾਰ ਕਰ ਸੱਕੇ ਅਤੇ ਦਾਸ ਦੀ ਕਲਮ ਬਿਨਾ ਕਿਸੇ ਡਰ-ਭੈ, ਲਾਲਚ ਅਤੇ ਲੋਕ ਲਾਜ ਤੋਂ ਉੱਪਰ ਉੱਠ ਗੁਰੂ ਜਸ ਲਿਖਦੀ ਰਹੇ।


ਨੋਟ:- ਪਾਠਕਾਂ ਦੀ ਜਾਣਕਾਰੀ ਲਈ ਹੇਠ ਲਿਖੀ ਇਕ ਖ਼ਬਰ ਅਸੀਂ ਦੋ ਥਾਵਾਂ ਤੋਂ ਲੈ ਕੇ ਪਾ ਰਹੇ ਹਾਂ। ਇਕ ਪੰਜਾਬੀ ਟ੍ਰਿਬਿਊਨ ਦੀ ‘ਸਿੱਖ ਮਾਰਗ’ ਦੇ ਇਕ ਪਾਠਕ ਨੇ ਭੇਜੀ ਸੀ ਅਤੇ ਦੂਸਰੀ ਪੰਜਾਬ ਟਾਈਮਜ਼ ਵਿਚੋਂ ਲਈ ਹੈ। ਇਹ ਪੜ੍ਹ ਕੇ ਸੋਚੋ ਅਤੇ ਵਿਚਾਰੋ ਕਿ ਸਿੱਖਾਂ ਨੂੰ ਕੋਈ ਅਕਲ ਹੈ ਜਾਂ ਕੋਈ ਅਕਲ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ?


ਬਾਪੂ ਸੂਰਤ ਸਿੰਘ ਦਾ ਜਵਾਈ ਸਤਵਿੰਦਰ ਸਿੰਘ ਭੋਲਾ ਕਤਲ
ਸ਼ਿਕਾਗੋ (ਬਿਊਰੋ): ਬੰਦੀ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖ਼ਾਲਸਾ ਦਾ ਜਵਾਈ ਸਤਵਿੰਦਰ ਸਿੰਘ ਭੋਲਾ ਦਾ ਇਥੋਂ ਕਰੀਬ ਡੇਢ ਸੌ ਮੀਲ ਇਲੀਨਾਏ ਸਟੇਟ ਦੇ ਸ਼ਹਿਰ ਪਿਓਰੀਆ ਵਿਚ ਐਤਵਾਰ ਰਾਤੀਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਕਤਲ ਕਰ ਦਿੱਤਾ, ਜਿਥੇ ਉਹ ਪਰਿਵਾਰ ਸਮੇਤ ਰਹਿੰਦਾ ਸੀ। ਉਹ 52 ਸਾਲ ਦਾ ਸੀ।
ਭੋਲੇ ਦੀ ਪਤਨੀ ਅਤੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਲੜਕੀ ਸਰਵਰਿੰਦਰ ਕੌਰ ਅਜੇ ਦੋ ਅਗਸਤ ਨੂੰ ਹੀ ਲੁਧਿਆਣਾ ਤੋਂ ਅਮਰੀਕਾ ਆਈ ਸੀ। ਬੀਬੀ ਸਰਵਰਿੰਦਰ ਕੌਰ ਆਪਣੇ ਪਿਤਾ ਦੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਭਾਰਤ ਗਈ ਸੀ।
ਪੁਲਿਸ ਭਾਵੇਂ ਇਸ ਘਟਨਾ ਦੀ ਪੁਣ-ਛਾਣ ਲੁੱਟ-ਖੋਹ ਅਤੇ ਕਾਰੋਬਾਰੀ ਕਲੇਸ਼-ਦੋਹਾਂ ਹੀ ਥਿਊਰੀਆਂ ‘ਤੇ ਕਰ ਰਹੀ ਹੈ ਪਰ ਪੁਲਿਸ ਅਨੁਸਾਰ ਜਾਹਰਾ ਤੌਰ ‘ਤੇ ਇਹ ਘਟਨਾ ਲੁਟ-ਮਾਰ ਦੀ ਨਹੀਂ ਜਾਪਦੀ ਕਿਉਂਕਿ ਉਸ ਦੀ ਜੇਬ ਵਿਚ 2000 ਡਾਲਰ ਤੋਂ ਵੱਧ ਰਕਮ ਨਕਦ ਸੀ ਜੋ ਛੇੜੀ ਨਹੀਂ ਗਈ। ਇਹ ਖਬਰ ਛਪਣ ਵੇਲੇ ਤਕ ਕੋਈ ਗ੍ਰਿਫਤਾਰੀ ਨਹੀਂ ਸੀ ਕੀਤੀ ਗਈ ਅਤੇ ਨਾ ਹੀ ਪੁਲਿਸ ਨੇ ਕੋਈ ਕੇਸ ਦਰਜ ਕੀਤਾ ਹੈ।
ਮਰਹੂਮ ਭੋਲੇ ਉਤੇ ਚਾਕੂ ਨਾਲ ਵਾਰ ਕੀਤਾ ਗਿਆ ਅਤੇ ਉਸ ਦੇ ਸਰੀਰ ਉਤੇ ਕਈ ਥਾਂ ਚਾਕੂ ਦੇ ਵਾਰ ਸਨ, ਪ੍ਰੰਤੂ ਗਰਦਨ ‘ਤੇ ਹੋਇਆ ਵਾਰ ਘਾਤਕ ਸਾਬਤ ਹੋਇਆ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਬਾਪੂ ਖਾਲਸਾ ਦੇ ਸਮਰਥਕ ਇਸ ਨੂੰ ਉਸ ਦੇ ਸੰਘਰਸ਼ ਨਾਲ ਜੋੜ ਰਹੇ ਹਨ ਤੇ ਇਸ ਨੂੰ ਭਾਰਤੀ ਖੂਫੀਆ ਏਜੰਸੀ ਦੀ ਸਾਜ਼ਿਸ਼ ਕਰਾਰ ਦੇ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਜਦੋਂ ਬਾਪੂ ਸੂਰਤ ਸਿੰਘ ਦਾ ਸੰਘਰਸ਼ ਫੇਲ੍ਹ ਕਰਨ ਦਾ ਕੋਈ ਯਤਨ ਕਾਰਗਰ ਸਾਬਤ ਨਾ ਹੋਇਆ ਤਾਂ ਖੁਫੀਆ ਏਜੰਸੀਆਂ ਵਲੋਂ ਇਹ ਵਾਰਦਾਤ ਕਰਵਾਈ ਗਈ। ਸੋਮਵਾਰ ਸਵੇਰੇ ਇਸ ਘਟਨਾ ਦਾ ਪਤਾ ਲਗਦਿਆਂ ਸਾਰ ਸੋਸ਼ਲ ਮੀਡੀਏ ਉਤੇ ਇਹ ਵਿਚਾਰ ਆਉਣ ਲਗ ਪਏ ਸਨ।
ਜ਼ਿਕਰਯੋਗ ਹੈ ਕਿ ਸਤਵਿੰਦਰ ਸਿੰਘ ਭੋਲਾ ਅਕਾਲ ਤਖਤ ਉਤੇ ਹਮਲੇ ਤੋਂ ਬਾਅਦ ਸਿੱਖ ਸਟੂਡੈਂਟਸ ਫੈਡਰੇਸ਼ਨ (ਮਨਜੀਤ ਸਿੰਘ) ਦੀ ਪੰਜ ਮੈਂਬਰੀ ਪ੍ਰੀਜ਼ੀਡੀਅਮ ਦਾ ਮੈਂਬਰ ਰਿਹਾ। ਪ੍ਰੀਜ਼ੀਡਅਮ ਵਿਚ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ, ਹਰਮਿੰਦਰ ਸਿੰਘ ਸੰਧੂ ਤੇ ਸੁਖਵੰਤ ਸਿੰਘ ਅੱਕਾਂਵਾਲੀ ਸ਼ਾਮਲ ਸਨ। ਉਹ 1991 ਵਿਚ ਅਮਰੀਕਾ ਆ ਗਿਆ ਸੀ ਤੇ ਇਥੇ ਸਿਆਸੀ ਪਨਾਹ ਲੈ ਲਈ ਸੀ।
ਪ੍ਰਾਪਤ ਸੂਚਨਾ ਮੁਤਾਬਕ ਸਤਵਿੰਦਰ ਸਿੰਘ ਭੋਲਾ ਖ਼ਿਲਾਫ਼ ਭਾਰਤ ਵਿਚ ਅੱਠ ਕੇਸ ਦਰਜ ਸਨ। ਇਨ੍ਹਾਂ ਕੇਸਾਂ ਵਿਚੋਂ ਇਕ ਕੇਸ ਅਕਾਲੀ ਨੇਤਾ ਡਾ: ਰਾਜਿੰਦਰ ਕੌਰ ਦੀ ਹੱਤਿਆ ਦਾ ਸੀ। ਡਾ: ਰਾਜਿੰਦਰ ਕੌਰ ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਧੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਦੀ ਮਾਤਾ ਸੀ। ਇਸ ਤੋਂ ਇਲਾਵਾ ਭੋਲੇ ਖਿਲਾਫ ਬਲਦੇਵ ਖੋਖਰ ਦੇ ਕਤਲ ਦਾ ਦੋਸ਼ ਵੀ ਸੀ। ਬਲਦੇਵ ਖੋਖਰ ਅਤੇ ਰਜਿੰਦਰ ਕੌਰ ਦਾ ਕਤਲ 2 ਫਰਵਰੀ 1989 ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਚ ਹੋਇਆ ਸੀ। ਬਲਦੇਵ ਖੋਖਰ ਬਠਿੰਡਾ ਦਾ ਵਕੀਲ ਸੀ।
1991 ਵਿਚ ਬਠਿੰਡਾ ਦੀ ਇੱਕ ਅਦਾਲਤ ਨੇ ਭੋਲੇ ਨੂੰ ਇਸ਼ਤਿਹਾਰੀ ਭਗੌੜਾ ਕਰਾਰ ਦਿੱਤਾ ਸੀ। ਇਸ ਕੇਸ ਦਾ ਸਬੰਧ ਬਠਿੰਡਾ ਦੇ ਵਕੀਲ ਦੇ ਕਤਲ ਨਾਲ ਹੀ ਸੀ। ਉਸ ਖ਼ਿਲਾਫ਼ ਬਠਿੰਡਾ ਦੇ ਕੋਤਵਾਲੀ ਥਾਣੇ ਵਿਚ ਸੱਤ ਕੇਸ ਦਰਜ ਸਨ ਤੇ ਅੱਠਵਾਂ ਕੇਸ ਦਿੱਲੀ ਵਿਚ ਦਰਜ ਸੀ।


19/08/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਆਤਮ ਮੰਥਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਬਹੁਤ ਜ਼ਰੂਰੀ, ਆਤਮ ਮੰਥਨ।
ਨਿਰਾ ਇਕਲਪਣ, ਅੰਤਰ ਚਿੰਤਨ।
ਜੱਗ ਤੋਂ ਪਾਸੇ, ਦੁਨੀਆਂ ਸਿਰਜਣ।
ਬਿਨ ਕੋਈ ਭਟਕਣ, ਸੋਚਣ ਸਮਝਣ।
ਮੂਲ ਨੂੰ ਖੋਜਣ, ਖੁਦ ਨੂੰ ਜਾਨਣ।
ਮੈਂ ਕੀ, ਕਿਉਂ ਹਾਂ? ਮਕਸਦ ਭਾਲਣ।
ਕੀ ਕਰਨਾ ਹੈ, ਮੰਜ਼ਿਲ ਭਾਲਣ।
ਭੁੱਲਾਂ ਸੋਧਣ, ਮਾਰਗ ਢੂੰਡਣ।
ਬਹੁਤ ਜ਼ਰੂਰੀ ਆਤਮ ਮੰਥਨ।


19/08/15)
ਡਾ ਗੁਰਮੀਤ ਸਿੰਘ ‘ਬਰਸਾਲ’

ਕਲਮ !!
ਕਦੇ ਕੋਈ ਗੀਤ ਬਣਦੀ ਏ, ਕਦੇ ਤਕਰੀਰ ਬਣਦੀ ਏ,
ਕਦੇ ਹੱਕੀ ਸੰਘਰਸ਼ਾਂ ਦੀ ਕਲਮ ਤਕਦੀਰ ਬਣਦੀ ਏ ।
ਸਮੇਂ ਦੀ ਚਾਲ ਦੇ ਸਦਕੇ ਲੜਨ ਦੇ ਰੂਪ ਬਦਲੇ ਨੇ,
ਜੇਕਰ ਵਰਤਣੀ ਆਵੇ ਕਲਮ ਸ਼ਮਸ਼ੀਰ ਬਣਦੀ ਏ ।
ਭਾਵੇਂ ਕੁਝ ਲੋਕ ਲੜਦੇ ਨੇ, ਭਾਵੇਂ ਕੁਝ ਦੇਸ ਲੜਦੇ ਨੇ,
ਆਖਿਰ ਫੈਸਲਾ ਤਾਂ ਕਲਮ ਦੀ ਲਕੀਰ ਬਣਦੀ ਏ ।
ਰੋਮ ਜਲ ਰਿਹਾ ਹੋਵੇ ਤਾਂ ਨੀਰੋ ਬੰਸੁਰੀ ਚੁੱਕਦਾ,
ਉਹਦੀ ਤਰਜ ਕਿਸੇ ਕਲਮ ਦੀ ਤਾਸੀਰ ਬਣਦੀ ਏ ।
ਜਦੋਂ ਸੰਗੀਤ ਦੀ ਧੁਨ ਤੇ ਲਗਾਉਂਦਾ ਜੋਰ ਪਾਬੰਦੀਆਂ,
ਉਦੋਂ ਇਹ ਆਪ ਹੀ ਰਾਂਝਾ ਤੇ ਆਪੇ ਹੀਰ ਬਣਦੀ ਏ ।
ਜਦੋਂ ਕੋਈ ਆਣਕੇ ਬਾਬਰ ਸਮੇਂ ਦਾ ਬਣ ਜਾਏ ਜਾਬਰ,
ਉਦੋਂ ਕੋਈ ਕਲਮ ਹੀ ਮਜਲੂਮ ਦੇ ਲਈ ਧੀਰ ਬਣਦੀ ਏ ।
ਜਦੋਂ ਵੀ ਹੱਕ ਸੱਚ ਤੇ ਧਰਮ ਦਾ ਕਤਲਿਆਮ ਹੁੰਦਾ ਏ,
ਸੁੱਤੀ ਅਣਖ ਲਈ ਕੋਈ ਕਲਮ ਤਿੱਖਾ ਤੀਰ ਬਣਦੀ ਏ ।
ਸੱਚੀ ਕਲਮ ਤਾਂ ਅਕਸਰ ਜੋ ਸੱਚੀ ਬਾਤ ਪਾਉਂਦੀ ਏ,
ਸੰਘਰਸ਼ੀ ਉਥਲ-ਪੁਥਲ ਦੀ ਸੱਚੀ ਤਸਵੀਰ ਬਣਦੀ ਏ ।
ਇਕੱਲੇ ਜੋਸ਼ ਨੂੰ ਇਹ ਹੋਸ਼ ਦਾ ਰਸਤਾ ਦਿਖਾਉਂਦੀ ਏ,
ਢੇਰੀ ਢਾਉਣ ਵਾਲੇ ਲਈ ਕਲਮ ਤਦਬੀਰ ਬਣਦੀ ਏ ।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)


19/08/15)
ਸੁਰਿੰਦਰ ਸਿੰਘ ‘ਖਾਲਸਾ’

ਗੁੱਗਾ ਤੇ ਗੁੱਗੇ ਦੀ ਭਗਤ
ਪਿੰਡ ਵਿੱਚ ਬਣੀ "ਗੁੱਗੇ ਦੀ ਮਾੜ੍ਹੀ" ਉਤੇ ਉਥੇ ਬਣੀ ਹੋਈ 'ਖੁੱਡ' {ਬਾਂਬੀ} ਤੇ ਕੱਚੀ ਲੱਸੀ ਦਾ ਛੱਟਾ ਦੇ ਕੇ, ਧੂਣੀ ਧੁਖਾਅ ਗੁੱਗੇ ਦੀ ਪੂਜਾ ਕਰਕੇ, ਅਤੇ ਉਥੇ ਬੈਠੇ ਮੰਗਤਿਆਂ ਦੇ ਬੱਚੇ ਤੇ ਜਨਾਨੀਆਂ ਨੂੰ ਸੇਵੀਂਆਂ ਵੰਡ ਕੇ। ਮਾਈ ਜਗੀਰੋ ਘਰ ਪਰਤ ਆਈ। ਤੇ ਘਰ ਦੇ ਕੰਮ ਕਾਰ ਵਿੱਚ ਰੁਝ ਗਈ।
ਥੋੜ੍ਹੀ ਦੇਰ ਬਾਅਦ ਉਹ ਗਹੂਰੇ ਵਿਚੋਂ ਪਾਥੀਆਂ ਲੈਣ ਗਈ, ਉਥੇ ਪਾਥੀਆਂ ਵਿੱਚ ਲੁਕਿਆ ਜ਼ਹਿਰੀਲਾ ਸੱਪ {ਨਾਗ} ਉਸਦੇ ਲੜ ਗਿਆ। ਘਰ ਦੇ "ਮਾਈ ਜਗੀਰੋ" ਨੂੰ ਚੁੱਕ ਕੇ ਫਾਂਡਾ ਕਰਾਉਣ ਲੈ ਗਏ, "ਪਰ" ਡਾਕਟਰੀ ਇਲਾਜ ਬਿਨਾਂ ਮਾਈ ਤੜਪ-ਤੜਪ ਕੇ ਚੱਲ ਵਸੀ {ਗੁੱਗੇ ਨੇ ਅਪਣੇ ਭਗਤ ਨੂੰ ਵੀ ਨਾ ਬਖਸ਼ਿਆ?} ਉਧਰ ਲੋਕਾਂ ਨੇ ਸੱਪ ਨੂੰ ਲੱਭ ਕੇ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਹੁਣ ਗੁੱਗਾ ਤੇ ਗੁੱਗੇ ਦੀ ਭਗਤ ਇਕੋ ਥਾਂ ਮੋਏ ਪਏ ਸਨ।
ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਕੋਈ ਗੁੱਗੇ ਦਾ ਕਹਿਰ ਕਹਿ ਰਿਹਾ ਸੀ, ਕੋਈ "ਫਾਂਡਾ" ਕਰਨ ਵਾਲੇ ਨੂੰ ਬੁਰਾ ਭਲਾ ਕਹਿ ਰਿਹਾ ਸੀ। "ਤਾਇਆ ਮੂੰਹ ਫੱਟ" ਸੋਚ ਰਿਹਾ ਸੀ ਕਿ "ਅੰਧ ਵਿਸ਼ਵਾਸ" ਨੇ ਇੱਕ ਹੋਰ ਕੀਮਤੀ ਜਾਨ ਲੈ ਲਈ?
ਸ੍ਰ: ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ =-97287 43287, 94662 66708,

************************************

ਬੱਚੇ ਮਨ ਦੇ ਸੱਚੇ
‘ਬੱਚੇ ਮਨ ਦੇ ਸੱਚੇ’ ਸਭ ਨੂੰ ਲਗਦੇ ਪਿਆਰੇ ਨੇ।
ਭਾਂਵੇਂ ਗਿੱਠ-ਗਿੱਠ ਨਲੀਆਂ ਵਗਦੀਆਂ, ਮਾਂ ਦੀ ਅੱਖਾਂ ਦੇ ਤਾਰੇ ਨੇ।
ਕਿਸੇ ਕੱਛੀ ਪੁੱਠੀ ਪਾਈ ਏ, ਕਿਸੇ ਨੇ `ਚੱਪਲ’ ਮਾਂ ਦੀ ਫਸਾਈ ਏ।
ਸਭ ਦੀ ਅਪਣੀ ‘ਟੌਹਰ ਹੈ ਵੱਖਰੀ, ਜਿਵੇਂ ਅਸਮਾਨ ਦੇ ਤਾਰੇ ਨੇ।
ਬੱਚੇ ਮਨ ਦੇ ਸੱਚੇ ਲਗਦੇ ਸਭ ਨੂੰ ਪਿਆਰੇ ਨੇ, ਭਾਂਵੇਂ……।
ਕਮੀਜ਼ ਦੇ ਬਟਨ ਉਤੇ ਥੱਲੇ ਲਗਾਏ, ਸਿਰ ਦੇ ਵਾਲ ਉਨ੍ਹਾਂ ਖਿੰਡਾਏ।
ਇਕ ਦੂਜੇ ਦੇ ਨਾਲ ਲੜ-ਭਿੜਕੇ ਵੀ, ਰਲ ਮਿਲ ਕੇ ਬੈਠੇ ਸਾਰੇ ਨੇ।
ਬੱਚੇ ਮਨ ਦੇ ਸੱਚੇ ਲਗਦੇ ਸਭ ਨੂੰ ਪਿਆਰੇ ਨੇ, ਭਾਂਵੇਂ… …।
ਨਾ ਇਹ ਵੈਰ ਮਨਾਂ `ਚ ਰੱਖਦੇ ਨੇ, ਸੱਚ ਕਹਿਣੋਂ ਕਦੇ ਨਾ ਝੱਕਦੇ ਨੇ।
ਬੱਚੇ ਹੁੰਦੇ ਹਨ ਮਨ ਦੇ ਸੱਚੇ, ਤਾਂ ਹੀ ਤਾਂ ਇਉਂ ਕਹਿੰਦੇ ਸਾਰੇ ਨੇ।
ਬੱਚੇ ਮਨ ਦੇ ਸੱਚੇ ਲਗਦੇ ਸਭ ਨੂੰ ਪਿਆਰੇ ਨੇ ਭਾਂਵੇਂ…. ।
ਇਹ ਭੁੱਖ ਲੱਗੀ ਤੋਂ ਹੀ ਰੋਂਦੇ ਨੇ, ਤੇ ‘ਨੀਂਦ ਆਈ ਤੋਂ ਹੀ ਸੌਂਦੇ ਨੇ।
ਛਲ-ਫਰੇਵ ਦੇ ‘ਪਰਛਾਂਵੇ ਤੋਂ ਵੀ, ਇਹ ‘ਕੋਹਾਂ’ ਦੂਰ ਹੀ ਸਾਰੇ ਨੇ।
ਬੱਚੇ ਮਨ ਦੇ ਸੱਚੇ ਲਗਦੇ ਸਭ ਨੂੰ ਪਿਆਰੇ ਨੇ, ਭਾਂਵੇਂ……।
ਖਿੜ-ਖਿੜ ਬੱਚਾ ਜਦ ਹੱਸਦਾ, ਲੋਕ ਕਹਿੰਦੇ ਬੱਚੇ `ਚ ਰੱਬ ਵੱਸਦਾ।
ਜਿਨ੍ਹਾਂ ਰੱਬ ਦੇ ਦੀਦਾਰੇ ਪਾਏ ਉਨ੍ਹਾਂ ਬਚਿਆਂ ਵਾਂਗ ਮਨ ਸਵਾਰੇ ਨੇ।
ਬੱਚੇ ਮਨ ਦੇ ਸੱਚੇ ਲਗਦੇ ਸਭ ਨੂੰ ਪਿਆਰੇ ਨੇ, ਭਾਂਵੇਂ……।
ਮਿੱਟੀ ਘੱਟੇ ਦੇ ਵਿੱਚ ਲਿਟਦੇ ਨੇ, ਇਕ ਦੂਜੇ ਉਤੇ ਵੀ ਸੱਟਦੇ ਨੇ।
ਰੂੜੀਆਂ ਉਤੇ ਢਿੱਡ ਘਸਾਉਂਦੇ, ਨੰਗ ਧੜੰਗੇ ਸਾਰੇ ਨੇ, ਭਾਵੇਂ……. ।
ਨਹਾ ਧੁਆਹ ਕੇ ਕਪੜੇ ਪਾਉਂਦੀ ਬਾਹਰ ਜਾਣ ਤੇ ਰੋਕ ਲਗਾਉਂਦੀ।
ਇਨ੍ਹਾਂਨੂੰ ਬਂਦਿਸ਼ ਮੂਲ ਨਾ ਸੁਹਾਉਂਦੀ, ਬੰਧਨ ਤੋੜਣਹਾਰੇ ਨੇ, ਭਾਵ…. . ।
ਮਾਂ ਲੋਰੀਆਂ ਗਾ ਕੇ ਸੁਆਂਦੀ, ਉਹ ਡਰਾਵੇ ਦੇ ਕੇ ਡਰਾਉਂਦੀ
ਭੋਰਾ ਨੀਂਦ ਨਾ ਨੇੜੇ ਆਉਂਦੀ, ਨਾ ਡਰਦੇ, ਬਾਹਰ ਨੂੰ ਭੱਜਦੇ ਸਾਰੇ ਨੇ।


17/08/15)
ਹਰਮਿੰਦਰ ਸਿੰਘ “ਭੱਟ”

ਬਾਬੇ ਦਾ ਤਵੀਤ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਹਲਵਾਈ ਦੀ ਦੁਕਾਨ ਦੇ ਅੱਗੇ ਜਿਉਂ ਮੇਰੇ ਮਿੱਤਰ ਜਸਵੀਰ ਨੇ ਆਪਣੀ ਨਵੀਂ ਲਿਆਂਦੀ ਮਹਿੰਗੀ ਕਾਰ ਨੂੰ ਰੋਕ ਕੇ ਪਿਛਲੀ ਸੀਟ ਤੇ ਬੈਠੇ ਅਭੀ ਨੂੰ 500/- ਰੁਪਏ ਦਾ ਨੋਟ ਦਿੰਦਿਆਂ ਕਿਹਾ “ਜਾ ਅਭੀ ਮਿਠਾਈ ਦਾ ਡੱਬਾ ਫੜ ਲਿਆ ਮਹਿੰਗੇ ਵਾਲਾ ਆਪਣੇ ਬਾਬਿਆਂ ਦੇ ਮੱਥਾ ਟੇਕ ਕੇ ਆਉਣਾ ਉਨ੍ਹਾਂ ਦੀ ਕਿਰਪਾ ਨਾਲ ਤਾਂ ਆਪਾਂ ਅੱਜ ਇੰਨੀ ਮਹਿੰਗੀ ਕਾਰ ਲਈ ਆ” ਇੰਨੇ ਨੂੰ ਕਾਰ ਦੇ ਸ਼ੀਸ਼ੇ ਨੂੰ ਸਾਫ਼ ਕਰਦੀ ਹੋਈ ਇੱਕ ਛੋਟੀ ਜਿਹੀ ਗ਼ਰੀਬੜੀ ਕੁੜੀ ਨੇ ਕੁੱਝ ਪੈਸਿਆਂ ਲਈ ਜਸਵੀਰ ਅੱਗੇ ਹੱਥ ਵਧਾਇਆ ਤੇ ਦੁਆ ਦਿੰਦੀ ਹੋਈ ਨੇ ਕਿਹਾ “ਬਾਬੂ ਜੀ ਵਧਾਈ ਹੋ ਆਪਕੋ ਭਗਵਾਨ ਔਰ ਪੈਸਾ ਔਰ ਸ਼ੁਹਰਤ ਦੇ” ਉਸ ਦੀ ਆਵਾਜ਼ ਨੂੰ ਸੁਣਦੇ ਜਸਵੀਰ ਨੇ ਕਿਹਾ “ਪਰਾਂ ਕਰ ਗੰਦੇ ਜਿਹੇ ਹੱਥ ਅਵ ਦੇ ਐਵੇਂ ਗੱਡੀ ਤੇ ਝਰੀਟਾਂ ਨਾ ਪਾ ਦੇਵੀ” ਤੇ ਕਾਰ ਦਾ ਸੀਸਾ ਚੜ੍ਹਾ ਲਿਆ ਉਸ ਬੇਚਾਰੀ ਨੇ ਬੇਆਸ ਹੋ ਕੇ ਤੁਰਦੀ ਹੋਈ ਨੇ ਕਿਹਾ “ਭਗਵਾਨ ਭਲਾ ਕਰੇ ਆਪ ਕਾ” ਮੈਂ ਚੁੱਪ ਚਾਪ ਬੈਠਾ ਦੇਖਦਾ ਰਿਹਾ, ਇੰਨੇ ਨੂੰ ਅਭੀ ਵੀ ਮਿਠਾਈ ਦਾ ਡੱਬਾ ਲੈ ਕੇ ਆ ਗਿਆ ਉਪਰੰਤ ਜਸਵੀਰ ਨੇ ਬਾਬੇ ਦੇ ਡੇਰੇ ਤੇ ਪਹੁੰਚ ਕੇ ਬਾਬੇ ਨੂੰ 500/- ਰੁਪਏ ਤੇ ਮਿਠਾਈ ਦਾ ਡੱਬਾ ਮੱਥਾ ਟੇਕ ਕੇ ਤੇ ਬਾਬੇ ਨੂੰ ਨਵੀਂ ਕਾਰ ਵਿੱਚ ਚਰਨ ਪਵਾਉਣ ਲਈ ਬੇਨਤੀ ਕੀਤੀ ਤੇ ਕਾਰ ਵਿੱਚ ਕਿਸੇ ਵੀ ਦੁਰਘਟਨਾਵਾਂ ਤੋ ਬਚਣ ਲਈ ਤਵੀਤ ਟੰਗਵਾ ਲਏ ਉਪਰੰਤ ਪ੍ਰਸਾਦ ਲੈ ਕੇ ਵਾਪਸ ਆ ਹੀ ਰਹੇ ਸੀ ਕਿ ਅਚਾਨਕ ਇੱਕ ਮੌੜ ਤੇ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ ਇਸ ਜਾਨਲੇਵਾ ਘਟਨਾ ਵਿੱਚ ਕਾਰ ਤਾਂ ਬਿਲਕੁਲ ਖ਼ਤਮ ਹੋ ਗਈ ਪਰ ਸ਼ੁਕਰ ਪ੍ਰਮਾਤਮਾ ਦਾ ਅਸੀਂ ਤਿੰਨੋ ਬਚ ਗਏ, ਮੈਂ ਹਸਪਤਾਲ ਦੇ ਬੈੱਡ ਤੇ ਪਿਆ ਸੋਚ ਰਿਹਾ ਸੀ ਕਿ ਬਾਬੇ ਦੇ ਤਵੀਤ ਨੇ ਤਾਂ ਕੀ ਕਰਨੀ ਸੀ ਗੱਡੀ ਦੀ ਰੱਖਿਆ, ਅਸੀਂ ਤਾਂ ਜਾਨੋਂ ਜਹਾਨੋਂ ਵੀ ਚੱਲੇ ਸੀ ਤੇ ਉਸ ਗ਼ਰੀਬੜੀ ਕੁੜੀ ਦਾ ਧੰਨਵਾਦ ਕਰ ਰਿਹਾ ਸੀ ਕਿ ਸ਼ਾਇਦ ਉਸ ਦੀ ਹੀ ਦੁਆ ਨੇ ਸਾਡੀ ਜਾਨ ਬਚਾ ਲਈ ਸੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਆਪ ਜੀ ਦਾ ਦਾਸ
ਹਰਮਿੰਦਰ ਸਿੰਘ “ਭੱਟ”
ਬਿਸਨਗੜ੍ਹ (ਬਈਏਵਾਲ)
ਸੰਗਰੂਰ
9914062205


17/08/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੋਚਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇੱਕ ਸੋਚ
ਮੈਂ ਏਨਾ ਕਿਉਂ ਬਿਜ਼ੀ ਰਹਿਨਾਂ?
ਜੀਵਨ ਨੂੰ ਨਾ ਈਜ਼ੀ ਲੈਨਾਂ।
ਜੋ ਕਰਨੈ ਸੋ ਉਸ ਨੇ ਕਰਨਾ।
ਉਲਟ ਉਸ ਤੋਂ ਚਲ ਦੁੱਖ ਹੀ ਭਰਨਾ।
ਜੋ ਉਹ ਚਾਹੇ ਕਰਦਾ ਜਾਵਾਂ।
ਉਹ ਵੀ ਖੁਸ਼, ਮੈਂ ਵੀ ਸੁੱਖ ਪਾਵਾਂ।
ਦੂਜੀ ਸੋਚ
ਦਿਤਾ ਮੈਨੂੰ ਰੱਬ ਨੇ ਦਿਮਾਗ ਕਿਸ ਲਈ?
ਮੰਨ ਹੋਰਾਂ ਦੀ ਮੈਂ ਲਾਵਾਂ ਲਾਗ ਕਿਸ ਲਈ?
ਆਉਂਦਾ ਕੀ ਹੁਕਮ ਏਹਦੀ ਕਰੀ ਜਾਂ ਉਡੀਕ।
ਦਿਤੀ ਉਹਦੀ ਦਾਤ ਨੂੰ ਨਾ ਵਰਤਾਂ ਜੇ ਠੀਕ,
ਹੋਵੇ ਜੇ ਗਲਤ ਕੋਸਾਂ ਭਾਗ ਕਿਸ ਲਈ?
ਦਿਤਾ ਮੈਨੂੰ ਰੱਬ ਨੇ ਦਿਮਾਗ ਕਿਸ ਲਈ?
ਚੰਗਾ ਮੰਦਾ ਸੋਚਾਂ ਨਾ ਵਿਚਾਰਾਂ ਬੁਰਾ ਭਲਾ
ਕਰੀ ਜਾਵਾਂ ਜਿਵੇਂ ਚਲੀ ਜਾਂਦਾ ਉਹਦੀ ਬਲਾ,
ਹੋਰਾਂ ਹੱਥ ਦੇਈ ਜਾਵਾਂ ਵਾਗ ਕਿਸ ਲਈ।
ਦਿਤਾ ਮੈਨੂੰ ਰੱਬ ਨੇ ਦਿਮਾਗ ਕਿਸ ਲਈ?
ਖੋਜੋ ਸੱਚ, ਰੱਖ ਕੇ ਧਿਆਨ ਓਸਦਾ,
ਸਹੀ ਉਹੀ ਜਾਣੋ, ਸੱਚ ਜਾਣੋ ਜਿਸਦਾ।
ਫਿਰ ਵੀ ਨਾ ਹੋਵੇ ਤਾਂ ਵੈਰਾਗ ਕਿਸ ਲਈ?
ਦਿਤਾ ਮੈਨੂੰ ਰੱਬ ਨੇ ਦਿਮਾਗ ਕਿਸ ਲਈ?


15/08/15)
ਦਲਜੀਤ ਸਿੰਘ ਲੁਧਿਆਣਾ

ਨਾਨਕ ਮਿਸ਼ਨ
(ਮਾਨਵ-ਵਾਦ)


ਮਾਨਵ ਸਮਾਜ ਵਿਚ ‘ਮਾਨਵਤਾ’ ਦਾ ਰਿਸ਼ਤਾ ਹੀ ਸਭ ਤੋਂ ਉੱਤਮ ਹੈ । ਇਸ ਰਿਸ਼ਤਿਆਂ ਦੀ ਤੋੜ-ਭੰਨ ਦੇ ਯੁਗ ਵਿਚ ‘ਜੀਓ ਅਤੇ ਜਿਉਣ ਦਿਓ’ ਦਾ ਸਿਧਾਂਤ ਹੀ ਮਨੁੱਖ ਨੂੰ ਸੁੱਖ ਦੇ ਸਕਦਾ ਹੈ। ਕਈ ਬਾਰ ਅਸੀਂ ਭਾਵੁਕਤਾ 'ਚ ਹੀ ਰਿਸ਼ਤੇ ਬਣਾਉਣ ਤੁਰ ਪੈਂਦੇ ਹਨ, ਜੋ ਚਿਰ-ਸਥਾਈ ਨਹੀਂ ਹੁੰਦੇ । ਲੋੜ ਵੇਲੇ ਕਿਸੇ ਦੇ ਕੰਮ ਆ ਜਾਣਾ ਅਤੇ ਗਿਆਨ ਦਾ ਆਦਾਨ-ਪ੍ਰਦਾਨ ਕਰ ਲੈਣਾ ਜਿਸ ਨਾਲ ਜੀਵਨ ਨੂੰ ਕੁਝ ਹੁਲਾਰਾ ਮਿਲ ਸਕੇ, ਇਹੀ ਮਾਨਵ-ਵਾਦੀ ਰਿਸ਼ਤਾ ਹੈ ਜਿਸ ਵਿੱਚ ਤੇਰ-ਮੇਰ ਦੀ ਕੋਈ ਭਾਵਨਾ ਨਹੀਂ ਹੁੰਦੀ ਅਤੇ ਪਿਆਰ ਵੀ ਬਣਿਆਂ ਰਹਿੰਦਾ ਹੈ। ਚਿਰ-ਸਥਾਈ ਦੋਸਤੀਆਂ ਕਿਸੇ ਵਿਰਲੇ-ਵਿਰਲੇ ਲੋਕਾਂ ਦੀਆਂ ਹੀ ਨਿਭਦੀਆਂ ਹਨ ਕਿਉਂਕਿ ਮੁਸੀਬਤ ਵੇਲੇ ਕੋਈ ਨੇੜੇ ਨਹੀਂ ਖੜ੍ਹਦਾ। ਸੰਨ ੧੯੬੫ ਤੋਂ ਸਾਡਾ ਕਾਰੋਬਾਰ ਡਿਗਦਾ ਡਿਗਦਾ ਸੰਨ ੧੯੬੭ ਤੱਕ ਪੂਰੀ ਤਰ੍ਹਾਂਨ ਤਹਿਸ਼-ਨਹਿਸ਼ ਹੋ ਗਿਆ । ਜਿਥੇ ਸਾਡੇ ਕਾਰਖਾਨੇ ਵਿਚ ੧੫ ਮਜਦੂਰ ਕਾਰੀਗਰ ਕੰਮ ਕਰਦੇ ਸੀ, ਉਥੇ ਸਾਨੂੰ ਖੁਦ ਨੌਕਰੀਆਂ ਕਰਨੀਆਂ ਪੈ ਗਈਆਂ । ਓਹ ਵੀ ਓਹਨਾਂ ਰਿਸ਼ਤੇਦਾਰਾਂ ਕੋਲ ਜਿਨ੍ਹਾਂ ਨੂੰ ਸਾਡੇ ਦਾਦੇ ਨੇ ਆਪਣੇ ਕੋਲ ਲਿਆ ਕੇ ਕੰਮ ਸਿਖਾਇਆ ਅਤੇ ਪੈਰਾਂ ਤੇ ਖੜ੍ਹਾ ਕੀਤਾ ਸੀ। ਮੁਸੀਬਤ ਵੇਲੇ ਓਹਨਾ ਨੇ ਵੀ ਡੱਟਵਾਂ ਸਾਥ ਨਹੀਂ ਦਿੱਤਾ। ਕਈ ਬਾਰ ਮਨ 'ਚ ਆਉਣਾਂ ਕਿ ਲੋਕ ਇਸ ਤਰ੍ਹਾਂ ਕਿਵੇਂ ਬਦਲ ਜਾਂਦੇ ਨੇ ਪਰ ਦਾਦਾ ਜੀ ਨੇ ਸਿੱਖਿਆ ਦਿੱਤੀ ਹੋਈ ਸੀ ਕਿ ਕਿਸੇ ਅੱਗੇ ਵੀ ਹੱਥ ਨਹੀਂ ਫੈਲਾਉਣਾ, ਕੁਦਰਤ ਨੇ ਦੋ ਹੱਥ ਮੇਹਨਤ ਕਰਨ ਲਈ ਦਿੱਤੇ ਹਨ ਕਿਸੇ ਅੱਗੇ ਫੈਲਾਉਣ ਲਈ ਨਹੀਂ, ਕਿਉਂਕਿ ਓਹਨਾਂ ਦੇ ਨਾਲ ਵੀ ਇਹ ਦਿਨ ਬੀਤੇ ਹੋਏ ਸਨ। ਬਚਪਨ ਤੋ ਗੁਰਬਾਣੀ ਨਾਲ ਜੁੜੇ ਹੋਏ ਸੀ। ਗੁਰਬਾਣੀ ਨਾਲ ਵੀ ਮੈਨੂੰ ਮੇਰੇ ਦਾਦਾ ਜੀ ਨੇ ਹੀ ਜੋੜਿਆ ਸੀ। ਇਹ ਸਜ਼ਾ ਵੀ ਗੁਰੂ ਘਰ 'ਚ ਜਾਣੇ-ਅਨਜਾਣੇ ਹੋਈਆਂ ਗਲਤੀਆਂ ਕਾਰਨ ਹੀ ਹੋਈ ਸੀ ਜੋ ਤਕਰੀਬਨ ੧੮ ਸਾਲ ਭੁਗਤੀ। ਇੱਕ ਦਿਨ ਗੁਰਬਾਣੀ ਪਾਠ ਕਰਦੇ ਸਮੇਂ ਸ਼ਬਦ ਆਇਆ,
''ਸੋਰਠਿ ਮਹਲਾ ੯ ॥
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥
ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥'' ...ਪੰਨਾ ੬੩੪
ਇਸ ਸ਼ਬਦ ਨੇ ਮਨ ਦੇ ਸਾਰੇ ਰੰਜ ਦੂਰ ਕਰ ਦਿੱਤੇ ਕਿ ਮਨਾਂ ਨੂੰ ਤੂੰ ਕਿਉਂ ਗੁੱਸਾ ਕਰਦੈਂ, ਇਹ ਗੱਲ ਤਾਂ ਤੈਨੂੰ ਗੁਰੂ ਦੱਸ ਰਿਹਾ ਹੈ ਕਿ ਮੁਸੀਬਤ ਵੇਲੇ ਕੋਈ ਸਾਥ ਨਹੀਂ ਦੇਂਦਾ ਸਿਵਾਏ ਪ੍ਰਭੁ ਦੇ, ਫਿਰ ਨਰਾਜ਼ਗੀ ਕਿਸ ਗੱਲ ਦੀ ਹੈ।
ਇਸ ਲਈ ਵਕਤੀ ਦੋਸਤੀਆਂ ਦੇ ਰਿਸ਼ਤੇ ਨਾਲੋਂ ਮਾਨਵਤਾ ਦਾ ਰਿਸ਼ਤਾ ਹੀ ਸਭ ਤੋਂ ਉੱਤਮ ਹੈ। ਜਦੋਂ ਮਨੁੱਖ ਇਸ ਰਿਸ਼ਤੇ ਨੂੰ ਸਮਝ ਕੇ ਅਪਣਾ ਲੈਂਦਾ ਹੈ ਤਾਂ ਕਿਸੇ ਤੇ ਕੋਈ ਗਿਲਾ ਨਹੀਂ ਰਹਿੰਦਾ ਅਤੇ ਜ਼ਿੰਦਗੀ ਅਨੰਦਮਈ ਬਤੀਤ ਹੁੰਦੀ ਹੈ।

ਦਲਜੀਤ ਸਿੰਘ ਲੁਧਿਆਣਾ


15/08/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਮਾਇਆ ਵਿੱਚ ਪਾਉਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਾਇਆ ਦੇ ਵਿੱਚ ਪਾਉਣਾ ਔਖਾ।
ਮਨ ਸੱਚੇ ਸੰਗ ਲਾਉਣਾ ਔਖਾ।
ਰਹਿ ਮਾਇਆ ਵਿੱਚ ਪਾਉਣਾ ਪੈਣਾ
ਮਨ ਨੁੰ ਇਹ ਸਮਝਾਉਣਾ ਔਖਾ।
ਇਹ ਮਾਇਆ ਤਾਂ ਨਿਰਾ ਛਲਾਵਾ,
ਇਸ ਤੋਂ ਪਿੰਡ ਛੁਡਾਉਣਾ ਔਖਾ।
ਜਿਸਨੂੰ ਕਹਿਨੈਂ ਮੇਰੀ ਮੇਰੀ,
ਉਸ ਦਾ ਵੱਸ ਵਿੱਚ ਆਉਣਾ ਔਖਾ।
ਖਾਲੀ ਆਇਆ ਖਾਲੀ ਜਾਣਾ,
ਮਾਇਆ ਨਾਲ ਨਿਭਾਉਣਾ ਔਖਾ।
ਫਿਰ ਵੀ ਇਸ ਵਿੱਚ ਜੀਣ ਜ਼ਰੂਰੀ,
ਇਸ ਤੋਂ ਸੰਗ ਛੁਡਾਉਣਾ ਔਖਾ।
ਜਦ ਇਕਤਾਰ ਯਾਰ ਸੰਗ ਜੁੜੀਏ,
ਤਦ ਇਸਦਾ ਭਰਮਾਉਣਾ ਔਖਾ।
ਇਸ ਵਿੱਚ ਰਹਿ, ਪਰ ਇਸ ਦਾ ਨਾ ਹੋ, ।
ਕਹਿਣਾ ਸੌਖ, ਕਮਾਉਣਾ ਔਖਾ।
ਸਿਰੜ, ਸਿਦਕ ਤੇ ਸੇਧ ਸੱਜਣ ਦੀ,
ਫਿਰ ਨਾ ਪੰਧ ਮੁਕਾਉਣਾ ਔਖਾ।
ਉਸ ਦੇ ਨਾਮ ਦੀ ਬੇੜੀ ਬਹਿ ਕੇ,
ਭਵਜਲ ਪਾਰ ਨਾ ਪਾਉਣਾ ਔਖਾ।


13/08/15)
ਡਾ: ਗੁਰਮੀਤ ਸਿੰਘ ਬਰਸਾਲ

ਚੋਣ !!
ਬਾਬੇ ਨਾਨਕ ਜਾਨਸ਼ੀਨ ਕਿੰਝ ਚੁਣਿਆਂ ਸੀ,
ਬਾਕੀ ਗੁਰੂਆਂ ਨੀਤੀ ਓਹੀਓ ਧਾਰੀ ਸੀ ।
ਦਸਵੇਂ ਨਾਨਕ ਪੰਜ ਸਿੰਘਾਂ ਨੂੰ ਚੁਣਨ ਸਮੇ,
ਸਿਰ ਦੇਵਣ ਦੀ ‘ਵਾਜ ਸੰਗਤ ਵਿੱਚ ਮਾਰੀ ਸੀ ।
ਜੱਥੇਦਾਰਾਂ ਜਰਨੈਲਾਂ ਦੀ ਚੋਣ ਸਮੇ,
ਸਿੱਖਾਂ ਦੀ ਹਰ ਯੋਗਤਾ ਗਈ ਵਿਚਾਰੀ ਸੀ ।
ਬਹੁ-ਸੰਮਤੀ ਤੋਂ ਸਰਬ-ਸੰਮਤੀ ਉੱਪਰ ਸੀ ,
ਗੁਣਾ ਦਾ ਪਲੜਾ ਗਿਣਤੀ ਨਾਲੋਂ ਭਾਰੀ ਸੀ ।
ਵਿਚਾਰਧਾਰਾ ਪ੍ਰਧਾਨ ਸਦਾ ਸੀ ਨਿੱਜ ਨਾਲੋਂ,
ਤਾਹੀਓਂ ਪੰਚ-ਪ੍ਰਧਾਨੀ ਗਈ ਸਤਿਕਾਰੀ ਸੀ ।
ਲੋਕ-ਤੰਤਰ ਤੇ ਸਿੱਖੀ ਵਿਚਲਾ ਫਰਕ ਇਹੋ,
ਸਿਰਾਂ ਦੀ ਗਿਣਤੀ ਨਾਲੋਂ ਬੁੱਧ ਸਵਿਕਾਰੀ ਸੀ ।
ਹਰ ਅਹੁਦਾ ਸੰਗਤ ਤੋਂ ਰਹਿੰਦਾ ਛੋਟਾ ਸੀ,
ਸੇਵਾ ਵੀ ਨਿਸ਼ਕਾਮੀ, ਪਰ-ਉਪਕਾਰੀ ਸੀ ।
ਸਹਿਣਸ਼ੀਲਤਾ, ਮਿੱਠਤ ਅਤੇ ਨਿਮਰਤਾ ਸੀ,
ਅੱਜ ਵਾਂਗੂ ਨਾ ਅਹੁਦਾ ਕੋਈ ਹੰਕਾਰੀ ਸੀ ।
ਨਿੱਜ ਨੂੰ ਛੱਡਕੇ ਭਲਾ ਜਗਤ ਦਾ ਮੰਗਦੀ ਜੋ ,
ਗੁਰਮਤਿ ਬਖਸ਼ੀ ਨੀਤੀ ਬਹੁਤ ਪਿਆਰੀ ਸੀ ।
ਜਦ ਤੋਂ ਸਿੱਖਾਂ ਗੁਰਮਤਿ-ਜੁਗਤੀ ਛੱਡੀ ਹੈ,
ਤਦ ਤੋਂ ਹੋਈ ਸ਼ੁਰੂ ਖੱਜਲ ਤੇ ਖੁਆਰੀ ਸੀ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


13/08/15)
ਜਸਵੰਤ ਸਿੰਘ ‘ਅਜੀਤ’

ਰਾਜਨੀਤੀ ਦੀ ਭੇਂਟ ਚੜ੍ਹ ਰਿਹੈ ਪੰਥ ਦਾ ਸਨਮਾਨ!
ਬੀਤੇ ਦਿਨੀਂ ਜਦੋਂ ਅਕਾਲ ਤਖਤ ਦੇ ਜੱਥੇਦਾਰ ਅਤੇ ਉਨ੍ਹਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੁੱਝ ਆਗੂ ਕਨੇਡਾ, ਅਮਰੀਕਾ ਆਦਿ ਦੇਸਾਂ ਦੀ ਯਾਤਰਾ `ਤੇ ਗਏ ਤਾਂ ਉਨ੍ਹਾਂ ਦੀ ਇਸ ਯਾਤਰਾ ਦੌਰਾਨ, ਸਿੱਖਾਂ ਦੇ ਇੱਕ ਗੁਟ ਵਲੋਂ ਉਨ੍ਹਾਂ ਦਾ ਤਿੱਖਾ ਵਿਰੋਧ ਹੀ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਵਿਰੁੱਧ ਤਿੱਖੇ ਨਾਹਰੇ ਲਾਏ ਗਏ ਤੇ ਮੁਜ਼ਾਹਿਰੇ ਵੀ ਕੀਤੇ ਗਏ, ਉਨ੍ਹਾਂ ਨੂੰ ਆਪਣੇ ਹੀ ਸਨਮਾਨ ਵਿੱਚ ਆਯੋਜਿਤ ਸਮਾਗਮਾਂ ਤਕ ਵਿੱਚ ਵੀ ਬੋਲਣ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਪੁਰ ਜੂਤੀਆਂ ਸੁਟੀਆਂ ਗਈਆਂ। ਇਤਨਾ ਹੀ ਨਹੀਂ ਉਨ੍ਹਾਂ ਹੀ ਦਿਨਾਂ ਵਿੱਚ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕਤੱਰ ਅਮਰੀਕਾ ਯਾਤਰਾ `ਤੇ ਗਏ ਤਾਂ ਉਨ੍ਹਾਂ ਵਿਰੁੱਧ ਕਥਤ ਦੋਸ਼ਾਂ ਦੇ ਆਧਾਰ `ਤੇ ਕੇਸ ਦਰਜ ਕਰਵਾ, ਸੰਮਨ ਤਕ ਜਾਰੀ ਕਰਵਾ ਦਿੱਤੇ ਗਏ। ਇਸਤਰ੍ਹਾਂ ਵਿਦੇਸ਼ਾਂ ਵਿੱਚ ਅਕਾਲ ਤਖਤ ਦੇ ਜੱਥੇਦਾਰ ਸਹਿਤ ਬਾਦਲ ਅਕਾਲੀ ਦਲ ਦੇ ਆਗੂਆਂ ਨੂੰ ਅਪਮਾਨਤ ਕੀਤੇ ਜਾਣ ਦੀਆਂ ਜੋ ਕੋਸ਼ਿਸ਼ਾਂ ਹੋਈਆਂ, ਉਨ੍ਹਾਂ ਦੀਆਂ ਖਬਰਾਂ ਪੜ੍ਹ-ਸੁਣ, ਉਨ੍ਹਾਂ ਦੇ ਰਾਜਸੀ ਵਿਰੋਧੀ ਤਾਂ ਸ਼ਾਇਦ ਖੁਸ਼ੀ ਵਿੱਚ ਬਗਲਾਂ ਵਜਾ ਲੈਣ, ਪ੍ਰੰਤੂ ਉਨ੍ਹਾਂ ਵਲੋਂ ਪ੍ਰਦਰਸ਼ਤ ਕੀਤੇ ਗਏ ਕਿਰਦਾਰ ਦੇ ਚਲਦਿਆਂ ਸਿੱਖ ਪੰਥ ਦਾ ਅਕਸ ਜਿਵੇਂ ਸਮੁਚੇ ਰੂਪ `ਚ ਖਰਾਬ ਹੋਇਆ ਹੈ, ਉਸ ਨਾਲ ਹਰ ਸਿੱਖ ਦਾ ਸਿਰ ਸ਼ਰਮ ਨਾਲ ਝੁਕ ਗਿਐ।
ਸ਼ਾਇਦ ਅਜਿਹਾ ਕਰਨ ਵਾਲ਼ਿਆਂ ਨੇ ਸੋਚਿਆ ਹੋਵੇਗਾ ਕਿ ਇਉਂ ਕਰ ਉਹ ਦੇਸ਼-ਵਿਦੇਸ਼ ਵਿੱਚ ਫੈਲੇ ਬਾਦਲ ਅਕਾਲੀ ਦਲ ਦੇ ਵਿਰੋਧੀਆਂ ਪਾਸੋਂ ਵਾਹ-ਵਾਹੀ ਲੁਟ, ਉਨ੍ਹਾਂ ਦਾ ਭਾਵਨਾਤਮਕ ਤੇ ਆਰਥਕ ਸ਼ੋਸ਼ਣ ਕਰਨ ਵਿੱਚ ਸਫਲ ਹੋ ਜਾਣਗੇ। ਸ਼ਾਇਦ ਅਜਿਹਾ ਕਰ ਉਹ ਆਪਣੇ ਉਦੇਸ਼ ਵਿੱਚ ਸਫਲ ਹੋ ਵੀ ਜਾਣ, ਪ੍ਰੰਤੂ ਉਹ ਮੰਨਣ ਭਾਵੇਂ ਨਾ, ਪ੍ਰੰਤੂ ਸੱਚਾਈ ਇਹੀ ਹੈ ਕਿ ਉਨ੍ਹਾਂ ਨੇ ਆਪਣਾ ਅਜਿਹਾ ਕਿਰਦਾਰ ਪੇਸ਼ ਕਰ ਦੇਸ਼-ਵਿਦੇਸ਼ ਵਿੱਚ ਰਹਿ ਰਹੇ ਗੈਰ-ਸਿੱਖਾਂ ਦੀਆਂ ਨਜ਼ਰਾਂ ਵਿੱਚ ਆਮ ਸਿੱਖਾਂ ਦੇ ਨਾਲ-ਨਾਲ ਆਪਣੇ ਆਪਨੂੰ ਵੀ ਗਿਰਾ ਲਿਆ ਹੈ।
ਅੱਜ ਦੀ ਰਾਜਨੀਤੀ ਵਿੱਚ ਸੋਚ ਅਤੇ ਵਿਚਾਰਾਂ ਦੇ ਆਧਾਰ ਤੇ ਮਤਭੇਦ ਹੋਣਾ ਸੁਭਾਵਕ ਹੈ, ਪ੍ਰੰਤੂ ਮਤਭੇਦਾਂ ਦਾ ਪ੍ਰਦਰਸ਼ਨ ਅਰਾਜਕਤਾ ਦੀ ਰਾਹ ਪੁਰ ਚਲ ਹੁੱਲੜਬਾਜ਼ੀ ਰਾਹੀਂ ਕੀਤਾ ਜਾਣਾ, ਕਿਸੇ ਵੀ ਤਰ੍ਹਾਂ ਯੋਗ ਨਹੀਂ ਮੰਨਿਆ ਜਾਂਦਾ! ਅਜਿਹੇ ਮਤਭੇਦਾਂ ਨੂੰ ਦੂਰ ਕਰਨ ਦੇ ਦੋ ਰਸਤੇ ਹੈਂ, ਇੱਕ ਤਾਂ ਇਹ ਕਿ ਦੋਵੇਂ ਧਿਰਾਂ ਮਿਲ-ਬੈਠ ਆਪਸ ਵਿੱਚ ਗਲਬਾਤ ਕਰ ਮਤਭੇਦਾਂ ਨੂੰ ਦੂਰ ਕਰ ਲੈਣ ਜਾਂ ਫਿਰ ਲੋਕਾਂ ਦੇ ਸਾਹਮਣੇ ਆਪੋ-ਆਪਣਾ ਪੱਖ ਪੇਸ਼ ਕਰ, ਫੈਸਲਾ ਉਨ੍ਹਾਂ ਪੁਰ ਛੱਡ ਦੇਣ। ਜੇ ਇਨ੍ਹਾਂ ਦੋਹਾਂ ਵਿੱਚੋਂ ਕੋਈ ਵੀ ਰਸਤਾ ਅਪਨਾਣ ਦੀ ਬਜਾਏ ਹੁੱਲੜਬਾਜ਼ੀ ਦਾ ਰਸਤਾ ਅਪਨਾਇਆ ਜਾਂਦਾ ਹੈ ਤਾਂ ਇਸ ਨਾਲ ਆਮ ਲੋਕਾਂ ਵਿੱਚ ਇਹੀ ਸੁਨੇਹਾ ਜਾਇਗਾ ਕਿ ਇਹ ਲੋਕੀ ਜਾਣਦੇ ਹਨ, ਕਿ ਉਨ੍ਹਾਂ ਨਾਲ ਕੋਈ ਨਹੀਂ, ਜਿਸ ਕਾਰਣ ਉਹ ਆਪਣੀ ਸੋਚ ਲੋਕਾਂ ਪੁਰ ਥੋਪਣ ਲਈ ਹੁੱਲੜਬਾਜ਼ੀ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਨੂੰ ਇਸ ਗਲ ਦੀ ਕੋਈ ਚਿੰਤਾ ਨਹੀਂ ਕਿ ਉਨ੍ਹਾਂ ਦੇ ਇਸ ਕਿਰਦਾਰ ਦੇ ਫਲਸਰੂਪ ਦੁਨੀਆਂ ਭਰ ਵਿੱਚ ਸਿੱਖਾਂ ਦੇ ਸੰਬੰਧ ਵਿੱਚ ਕੀ ਸੁਨੇਹਾ ਜਾਂਦਾ ਹੈ? ਹਰ ਕੋਈ ਜਾਣਦਾ ਹੈ ਕਿ ਭਾਰਤੀ ਹੀ ਨਹੀਂ, ਸਗੋਂ ਸਿੱਖ ਸਭਿਅਤਾ ਵਿੱਚ ਵੀ ਮਹਿਮਾਨ ਦਾ ਸਨਮਾਨ ਕਾਇਮ ਰਖਣਾ ਮੇਜ਼ਬਾਨ ਦਾ ਮੁੱਖ ਫਰਜ਼ ਹੁੰਦਾ ਹੈ। ਪ੍ਰੰਤੂ ਲਗਦਾ ਹੈ ਕਿ ਦੇਸ਼-ਵਿਦੇਸ਼ ਵਿੱਚ ਬੈਠੇ ਕੁੱਝ ਸਿੱਖ ਆਗੂਆਂ ਵਿੱਚ ਰਾਜਸੀ ਵਿਰੋਧ ਦੀ ਭਾਵਨਾ ਇਤਨੀ ਪ੍ਰਬਲ ਹੋ ਗਈ ਹੋਈ ਹੈ ਕਿ ਉਨ੍ਹਾਂ ਵਿੱਚ ਸਹਿਣਸ਼ੀਲਤਾ ਨਾਂ ਦੀ ਕੋਈ ਚੀਜ਼ ਰਹਿ ਹੀ ਨਹੀਂ ਗਈ।
ਅਜਿਹੇ ਹਾਲਾਤ ਵਿੱਚ ਜੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕਤੱਰ ਨੇ, ਅਮਰੀਕਾ ਵਿੱਚ ਸਰਗਰਮ ਇੱਕ ਗੁਟ ਵਿਰੁਧ ਰੋਸ ਪ੍ਰਗਟ ਕਰ, ਉਸਦੀਆਂ ਸਰਗਰਮੀਆਂ ਪੁਰ ਨਜ਼ਰ ਰਖਣ ਅਤੇ ਉਸਦੇ ਆਗੂਆਂ ਦੇ ਕਿਰਦਾਰ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ ਤਾਂ ਇਹ ਉਸ ਗੁਟ ਵਲੋਂ ਉਨ੍ਹਾਂ ਦੇ ਵਿਰੁਧ ਅਪਨਾਈ ਗਈ ਨੀਤੀ ਦਾ ਪ੍ਰਤੀਕਰਮ ਹੀ ਮੰਨਿਆ ਜਾਇਗਾ।
ਇਨ੍ਹਾਂ ਘਟਨਾਵਾਂ ਦੇ ਚਲਦਿਆਂ ਜਿਥੇ ਇੱਕ ਪਾਸੇ ਕਨੇਡਾ ਦੇ ਇੱਕ ਮੰਤਰੀ ਵਲੋਂ ਅਕਾਲੀ ਆਗੂਆਂ ਨੂੰ ਉਨ੍ਹਾਂ ਦੇ ਦੇਸ਼, ਕਨੇਡਾ ਆ ਵਾਤਾਵਰਣ ਨਾ ਵਿਗਾੜਨ ਦੀ ਚਿਤਾਵਨੀ ਦਿੱਤੀ ਗਈ ਹੈ, ਉਥੇ ਹੀ ਦੂਸਰੇ ਪਾਸੇ ਪੰਜਾਬ ਦੇ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਆਗੂਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼-ਵਿਰੋਧੀ ਅਤੇ ਖਾਲਿਸਤਾਨੀ ਆਖ ਆਪਣੇ ਦਿਲ ਦੀ ਭੜਾਸ ਕਢੀ ਹੈ।
ਚਾਹੀਦਾ ਤਾਂ ਇਹ ਹੈ ਕਿ ਜਿਥੇ ਵਿਦੇਸ਼ੀਂ ਵਸਦੇ ਸਿੱਖ ਸਮੁਚੇ ਰੂਪ ਵਿੱਚ ਸਿੱਖ ਪੰਥ ਦਾ ਅਕਸ ਪ੍ਰਭਾਵਸ਼ਾਲੀ ਬਣਾਈ ਰਖਣ ਪ੍ਰਤੀ ਵਚਨਬੱਧ ਹੋਣ, ਉਥੇ ਹੀ ਸ. ਸੁਖਬੀਰ ਸਿੰਘ ਬਾਦਲ ਸਹਿਤ ਬਾਦਲ ਅਕਾਲੀ ਦਲ ਦੇ ਦੂਸਰੇ ਆਗੂਆਂ ਨੂੰ ਵੀ ਮਿਲ-ਬੈਠ ਆਤਮ-ਮੰਥਨ ਕਰਨਾ ਚਾਹੀਦਾ ਹੈ ਕਿ ਆਖਿਰ ਉਹ ਕਿਹੜੇ ਕਾਰਣ ਹਨ ਕਿ ਵਿਦੇਸ਼ੀਂ ਵਸਦੇ ਸਿੱਖਾਂ ਦੇ ਇੱਕ ਗੁਟ ਵਲੋਂ ਉਨ੍ਹਾਂ ਦਾ ਵਿਰੋਧ ਕਰਨ ਲਈ ਸੜਕਾਂ ਪੁਰ ਉਤਰਨ ਲਈ ਮਜਬੂਰ ਹੋਣਾ ਪਿਆ ਹੈ।
ਵਿਰੋਧ ਦੀ ਅੱਗ: ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਇੱਕ ਮੁੱਖੀ ਰਹੇ ਸ. ਕਰਤਾਰ ਸਿੰਘ ਕੋਛੜ ਵਲੋਂ ਆਪਣੇ ਨਾਲ ਰਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਸ਼ੰਟੀ ਪੁਰ ਕਈ ਤਰ੍ਹਾਂ ਦੇ ਦੋਸ਼ ਲਾਂਦਿਆਂ ਉਨ੍ਹਾਂ ਵਿਰੁਧ ਫਰਵਰੀ-2013 ਵਿੱਚ ਧਾਰਾ 420, 409, 467, 468, 471 ਅਤੇ 477 ਆਦਿ ਦੇ ਤਹਿਤ ਜੋ ਕੇਸ ਦਰਜ ਕਰਵਾਇਆ ਗਿਆ ਸੀ, ਉਸਨੂੰ ਵਿਦਵਾਨ ਜੱਜ ਨੇ ਇਹ ਆਖਦਿਆਂ ਖਾਰਜ ਕਰ ਦਿੱਤਾ ਕਿ ਵਾਰ-ਵਾਰ ਸਦੇ ਜਾਣ ਦੇ ਬਾਵਜੂਦ ਸ. ਕੋਛੜ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ। ਸ. ਕੋਛੜ ਦਾ ਸ. ਗੁਰਮੀਤ ਸਿੰਘ ਸ਼ੰਟੀ ਵਿਰੁਧ ਕੇਸ ਦਰਜ ਕਰਵਾਏ ਜਾਣ ਤੋਂ ਬਾਅਦ ਇੱਕ ਵਾਰ ਵੀ ਤਾਰੀਖ ਤੇ ਅਦਾਲਤ ਵਿੱਚ ਪੇਸ਼ ਨਾ ਹੋਣਾ ਸਾਬਤ ਕਰਦਾ ਹੈ ਕਿ ਇਸ ਮਾਮਲੇ ਵਿੱਚ ਸ. ਸ਼ੰਟੀ ਵਿਰੁਧ ਇੱਕ ਸੋਚੀ-ਸਮਝੀ ਸਾਜ਼ਿਸ਼ ਕੰਮ ਕਰ ਰਹੀ ਸੀ, ਜਿਸਦਾ ਉਦੇਸ਼ ਉਨ੍ਹਾਂ ਦੀ ਛੱਬੀ ਖਰਾਬ ਕਰ ਉਨ੍ਹਾਂ ਦੇ ਅੱਗੇ ਵੱਧ ਰਹੇ ਕਦਮਾਂ ਦੇ ਰਸਤੇ ਵਿੱਚ ਰੁਕਾਵਟਾਂ ਖੜੀਆਂ ਕੀਤਾ ਜਾਣਾ ਸੀ। ਸ. ਕੋਛੜ ਜਾਣਦੇ ਸਨ ਕਿ ਇਸ ਕੇਸ ਵਿੱਚ ਕੋਈ ਦਮ ਨਹੀਂ, ਜਿਸ ਕਾਰਣ ਇਸਨੂੰ ਵਿਦਵਾਨ ਜੱਜ ਵਲੋਂ ਕਿਸੇ ਵੀ ਸਮੇਂ ਖਾਰਜ ਕੀਤਾ ਜਾ ਸਕਦਾ ਹੈ, ਸ਼ਾਇਦ ਇਹੀ ਕਾਰਣ ਸੀ ਕਿ ਉਹ ਜਾਣ-ਬੁਝ ਕੇ ਬਾਰ-ਬਾਰ ਸਦੇ ਜਾਣ ਦੇ ਬਾਵਜੂਦ ਕਿਸੇ ਵੀ ਤਾਰੀਖ `ਤੇ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਫਲਸਰੂਪ ਜੋ ਹੋਣਾ ਸੀ, ਉਹੀ ਹੋਇਆ, ਵਿਦਵਾਨ ਜੱਜ ਨੇ ਕੇਸ ਖਾਰਜ ਕਰ, ਸ. ਸ਼ੰਟੀ ਨੂੰ ਦੋਸ਼-ਮੁਕਤ ਕਰਾਰ ਦੇ ਦਿੱਤਾ।
‘ਆਪ’ ਦੇ ਸਿੱਖ ਵਿਧਾਇਕਾਂ ਨੂੰ ਸਲਾਹ: ਦਸਿਆ ਜਾਂਦਾ ਹੈ ਕਿ ਦਿੱਲੀ ਦੇ ਇੱਕ ਮੁੱਖੀ ਸ. ਦਰਸ਼ਨ ਸਿੰਘ (ਨਿਸ਼ਕਾਮ) ਨੇ ਇੱਕ ਖੁਲ੍ਹਾ ਪਤਰ ਲਿਖ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕਾਂ ਨੂੰ ਸਲਾਹ ਦਿੱਤੀ ਹੈ ਕਿ ਦਿੱਲੀ ਦੀ ਜਨਤਾ ਨੇ (ਕੇਵਲ ਸਿੱਖਾਂ ਨੇ ਨਹੀਂ), ਉਨ੍ਹਾਂ ਨੂੰ ਦਿੱਲੀ ਨੂੰ ਭ੍ਰਿਸ਼ਟਾਚਾਰ-ਮੁਕਤ ਕਰ, ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਣ, ਮਹਿਲਾਵਾਂ ਦੇ ਸਨਮਾਨ ਦੀ ਰਖਿਆ ਨਿਸ਼ਚਿਤ ਕਰਵਾਣ ਆਦਿ ਦੀ ਜ਼ਿਮੇਂਦਾਰੀ ਸੌਂਪੀ ਹੈ, ਇਸਲਈ ਉਨ੍ਹਾਂ ਨੂੰ ਆਪਣਾ ਧਿਆਨ ਉਸ ਪਾਸੇ ਕੇਂਦ੍ਰਿਤ ਕਰ, ਆਪੋ-ਆਪਣੇ ਚੋਣ ਹਲਕਿਆਂ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਵਲ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਜਿਥੋਂ ਤਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਬੰਧ ਹੈ, ਉਸਦੇ ਪ੍ਰਬੰਧ ਵਿੱਚ ਸੁਧਾਰ ਲਿਆਣ ਲਈ ਉਹ ਵਿਧਾਇਕ ਵਜੋਂ ਪ੍ਰਾਪਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਲ-ਬਦਲੀ ਰੋਕਣ, ਉਮੀਦਵਾਰਾਂ ਦੇ ਚੋਣ ਖਰਚੇ ਨਿਸ਼ਚਿਤ ਕਰਨ, ਗੁਰਦੁਆਰਾ ਜੂਡੀਸ਼ੀਅਲ ਕਮਸ਼ਿਨ ਗਠਤ ਕੀਤੇ ਜਾਣ ਆਦਿ ਲਈ ਗੁਰਦੁਆਰਾ ਐਕਟ ਵਿੱਚ ਸੋਧ ਕਰਵਾ ਜ਼ਿਮੇਂਦਾਰੀ ਨਿਭਾ ਸਕਦੇ ਹਨ। ਪ੍ਰੰਤੂ ਗੁਰਦੁਆਰਾ ਕਮੇਟੀ ਨਾਲ ਸੰਬੰਧਤ ਧਾਰਮਕ ਮਾਮਲਿਆਂ ਵਿੱਚ ਉਨ੍ਹਾਂ ਦਾ ਦਖਲ ਦਿੱਤਾ ਜਾਣਾ ਯੋਗ ਨਹੀਂ ਹੋਵੇਗਾ। ਇਸਦਾ ਕਾਰਣ ਉਨ੍ਹਾਂ ਇਹ ਦਸਿਆ ਕਿ ਇੱਕ ਤਾਂ ਸਿੱਖ ਇਸਨੂੰ ਆਮ ਆਦਮੀ ਪਾਰਟੀ ਦਾ ਰਾਜਸੀ ਦਖਲ ਮੰਨ, ਉਨ੍ਹਾਂ ਵਿਰੁਧ ਖੜੇ ਹੋ ਜਾਣਗੇ ਅਤੇ ਇਸਦਾ ਲਾਭ ਉਠਾਣ ਵਿੱਚ ਦੁਸਰੀਆਂ ਸਿੱਖ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਪਿਛੇ ਨਹੀਂ ਰਹਿਣਗੀਆਂ। ਦੂਸਰਾ, ਜੇ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਦੇ ਧਾਰਮਕ ਮਾਮਲਿਆਂ ਵਿੱਚ ਦਖਲ ਦਿੱਤਾ ਤਾਂ ਉਨ੍ਹਾਂ ਦੇ ਦਖਲ ਨੂੰ ਮਿਸਾਲ ਵਜੋਂ ਪੇਸ਼ ਕਰ, ‘ਆਪ’ ਨਾਲ ਸੰਬੰਧਤ ਦੂਸਰੇ ਫਿਰਕਿਆਂ ਦੇ ਮੁੱਖੀ ਵੀ ਆਪੋ-ਆਪਣੇ ਧਰਮ ਦੇ ਮਾਮਲਿਆਂ `ਚ ਦਖਲ ਦੇਣਾ ਸ਼ੁਰੂ ਕਰ ਦੇਣਗੇ, ਜਿਸ ਨਾਲ ਇੱਕ ਤਾਂ ਪਾਰਟੀ ਦਾ ਧਰਮ ਨਿਰਪੇਖ ਸਰੂਪ ਪ੍ਰਭਾਵਤ ਹੋਵੇਗਾ, ਦੂਸਰਾ ਪਾਰਟੀ ਆਪਣੇ ਮੂਲ ਨਿਸ਼ਾਨੇ ਤੋਂ ਭਟਕ ਬਿਖਰ ਜਾਇਗੀ। ਜੇ ਅਜਿਹਾ ਹੁੰਦਾ ਹੈ ਤਾਂ ਦਿੱਲੀ ਦੇ ਉਨ੍ਹਾਂ ਮਤਦਾਤਾਵਾਂ ਨੂੰ ਨਿਰਾਸ਼ਾ ਹੋਵੇਗੀ, ਜਿਨ੍ਹਾਂ ‘ਆਪ’ ਦੀਆਂ ਐਲਾਨੀਆਂ ਨੀਤੀਆਂ ਪੁਰ ਵਿਸ਼ਵਾਸ ਪ੍ਰਗਟ ਕਰ ਉਸਦਾ ਸਾਥ ਦਿੱਤਾ ਹੈ। ਇਤਨਾ ਹੀ ਨਹੀਂ ਦੂਸਰੇ ਪਾਸੇ ਉਨ੍ਹਾਂ ਦੇ ਦੇਖਾ-ਦੇਖੀ ਦੂਸਰੀਆਂ ਰਾਜਸੀ ਪਾਰਟੀਆਂ ਦੇ ਮੁੱਖੀਆਂ ਨੂੰ ਵੀ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਦਖਲ ਦੇਣ ਦਾ ਬਹਾਨਾ ਮਿਲ ਜਾਇਗਾ। ਜਿਸ ਨਾਲ ਸਿੱਖਾਂ ਸਾਹਮਣੇ ਇੱਕ ਨਵੀਂ ਸਮਸਿਆ ਆ ਖੜੀ ਹੋਵੇਗੀ।
… ਅਤੇ ਅੰਤ ਵਿੱਚ: ਕਿਸੇ ਸਮੇਂ ਸਰਨਾ-ਭਰਾਵਾਂ ਦੇ ਅਤਿ ਵਿਸ਼ਵਾਸਪਾਤ੍ਰ ਰਹੇ ਸ. ਕਰਤਾਰ ਸਿੰਘ ਕੋਛੜ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਵਿਚੋਂ ਛੇ ਵਰ੍ਹਿਆਂ ਲਈ ਬਾਹਰ ਕਰ ਦਿੱਤੇ ਜਾਣ `ਤੇ ਤਿਲਮਿਲਾਦਿਆਂ ਦਾਅਵਾ ਕੀਤਾ ਹੈ ਕਿ ਉਹ ਜਲਦੀ ਹੀ ਸਰਨਾ-ਭਰਾਵਾਂ ਦੀ ਕਾਰ-ਗੁਜ਼ਾਰੀ ਨਾਲ ਸੰਬੰਧਤ ਖੁਲਾਸੇ ਜਨਤਕ ਕਰਨਗੇ। ਦਸਿਆ ਜਾਂਦਾ ਹੈ ਕਿ ਰਾਜਸੀ ਸਿੱਖ ਹਲਕੇ ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਖੁਲਾਸਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸ. ਕੋਛੜ ਵਲੋਂ ਸਰਨਾ_ਭਰਾਵਾਂ ਦੀ ਕਾਰ-ਗੁਜ਼ਾਰੀ ਦੇ ਖੁਲਾਸੇ ਕੀਤੇ ਜਾਣ ਨਾਲ ਰਾਜ-ਨੇਤਾਵਾਂ ਦੀਆਂ ਅੱਖਾਂ ਖੁਲ੍ਹ ਜਾਣਗੀਆਂ ਅਤੇ ਉਨ੍ਹਾਂ ਨੂੰ ਪਤਾ ਚਲ ਜਾਇਗਾ ਕਿ ਚਾਪਲੂਸਾਂ ਅਤੇ ਬੇਬਾਕ ਸਾਥੀਆਂ ਵਿੱਚ ਕੀ ਅਤੇ ਕਿਤਨਾ ਅੰਤਰ ਹੁੰਦਾ ਹੈ?

Mobile : + 91 95 82 71 98 90


12/08/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ ਅਵਤਾਰ ਸਿੰਘ ਸੰਧੂ ਲੰਡਨ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਆਪ ਜੀ ਦੀ ਬਹੁਤ ਮੇਹਰਬਾਨੀ ਜੋ ਤੁਸੀਂ ਮੇਰੀ ਇਸ ਗਲਤੀ ਵੱਲ ਧਿਆਨ ਦੁਆਇਆ ਹੈ ਕਿ. “ਇਹ ਸ਼ਬਦ ਮਹਲਾ ੧ ਪੰਨਾਂ ੧੩੮ ਤੇ ਸ੍ਰੀ: ਗੁਰੁ ਨਾਨਕ ਦੇਵ ਜੀ ਦਾ ਉਚਾਰਣ ਕੀਤਾ ਹੈ”। ਆਪ ਜੀ ਦਾ ਧੰਨਵਾਦ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


12/08/15)
ਦਲਜੀਤ ਸਿੰਘ ਲੁਧਿਆਣਾ

ਸਿੱਖ ਧਰਮ ਕਿ ਮਾਨਵ-ਵਾਦ
ਨਾਨਕ ਮਿਸ਼ਨ
(ਮਾਨਵ-ਵਾਦ)
ਵੈਸੇ ਤਾਂ ਮਨੁੱਖ ਦਾ ਧਰਮ ਇੱਕੋ ਹੀ ਹੈ ਨੇਕ ਕੰਮ ਕਰਨੇ ਅਤੇ ਪ੍ਰਭੂ ਨੂੰ ਸਦਾ ਯਾਦ ਰਖਣਾ । ਭਾਵੇਂ ਮਨੁੱਖ ਪ੍ਰਭੂ ਨੂੰ ਕਿਸੇ ਵੀ ਨਾਮ ਨਾਲ ਯਾਦ ਕਰੇ ਕੋਈ ਪਾਬੰਦੀ ਨਹੀਂ ਹੈ । ਦੁਨੀਆਂ ਦੇ ਬਾਕੀ ਸਾਰੇ ਧਰਮ ਤਾਂ ਸੰਸਥਾ-ਗੱਤ ਧਰਮ ਹਨ, ਜੋ ਅਲੱਗ-ਅਲੱਗ ਫਿਰਕਿਆਂ ਵਲੋਂ ਬਣਾਏ ਗਏ ਹਨ ਅਤੇ ਇਹਨਾਂ ਫਿਰਕਾ-ਪ੍ਰਸਤ ਧਰਮਾਂ ਰਾਹੀਂ ਜਿਨ੍ਹਾਂ ਮਨੁੱਖਤਾ ਦਾ ਕਤਲੇ-ਆਮ ਅਤੇ ਘਾਣ ਹੋਇਆ ਹੈ ਇਹ ਕਿਸੇ ਤੋਂ ਲੁਕਿਆ-ਛਿਪਿਆ ਨਹੀਂ ਹੈ। ਹੁਣ ਵੀ ਦੁਨੀਆਂ ਵਿੱਚ ਲਗਾਤਾਰ ਹੋ ਰਿਹਾ ਹੈ। ਸਾਡਾ ਆਪਣਾ ਵੀ ਇਹੀ ਹਾਲ ਹੈ । ਬਾਬਾ ਨਾਨਕ ਨੇ ਕੋਈ ਸੰਸਥਾ-ਗੱਤ ਧਰਮ ਨਹੀਂ ਸੀ ਬਣਾਇਆ। ਓਹਨਾ ਨੇ ਤਾਂ ਦੱਬੇ-ਕੁਚਲ਼ੇ ਵਰਗਾਂ ਦੇ ਹੱਕਾਂ ਲਈ ਅਵਾਜ ਉਠਾਈ ਸੀ ਅਤੇ ਮੌਕੇ ਹਾਕਮਾਂ ਨੂੰ ਖੂਨ-ਖਾਰ ਸ਼ੇਰ ਅਤੇ ਓਹਨਾਂ ਦੇ ਅਹਿਲਕਾਰਾਂ ਨੂੰ ਕੁੱਤੇ ਤੱਕ ਕਿਹਾ ਸੀ ਜੋ ਬਾ-ਕਾਇਦਾ ਗੁਰਬਾਣੀ ਗ੍ਰੰਥ ਵਿਚ ਦਰਜ ਹੈ। ''ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨ੍ਹ੍ਹਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨ੍ਹ੍ਹਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥''....ਪੰਨਾਂ ੧੨੮੮
ਬਾਬਾ ਨਾਨਕ ਦਾ ਅਸਲ ਰਾਹ ਮਨਵ-ਵਾਦ ਦਾ ਹੈ। ਸਿੱਖ ਗੁਰੂ ਸਹਿਬਾਨ ਵੱਲੋਂ ਮਾਨਵ-ਵਾਦ ਸਬੰਧੀ ਅਪਣਾਈ ਗਈ ਪਹੁੰਚ ਨੈਤਿਕਤਾ ਅਧਾਰਤ ਹੈ, ਮਾਨਵ-ਵਾਦ ਵਾਲੀ ਹੈ ਕਿਓਂਕਿ ਗੁਰੂ ਸਹਿਬਾਨ ਵੱਲੋਂ ਪੇਸ਼ ਕੀਤਾ ਗਿਆ ਫ਼ਲਸਫਾ ਪ੍ਰਭੂ ਪ੍ਰਮੇਸ਼ਰ ਨੂੰ ਗੈਰ-ਸ਼ਖਸੀ ਅਤੇ ਨਿਰੰਕਾਰ ਰੂਪ ਵਿੱਚ ਮਾਨਤਾ ਦਿੰਦਾ ਹੋਇਆ ਪ੍ਰਭੂ-ਪ੍ਰਮੇਸ਼ਰ ਦੇ ਇਸ ਰੂਪ ਨੂੰ ਮਨੁੱਖ ਲਈ ਨੈਤਿਕਤਾ ਦਾ ਮਾਡਲ ਅਤੇ ਸੋਮਾਂ ਵੀ ਮੰਨਦਾ ਹੈ। ਜਿਥੇ ਸੰਸਾਰ ਭਰ ਦੀ ਲਿਖਤਾਂ ਵਿੱਚ ਮਾਨਵ-ਵਾਦ ਨੂੰ ਭਿੰਨ-ਭਿੰਨ ਰੂਪਾਂ ਵਿੱਚ ਦਰਸਾਇਆ ਗਿਆ ਹੈ ਉੱਥੇ ਗੁਰਬਾਣੀ ਵਿੱਚ ਇਸ ਫਲਸਫੇ ਦੇ ਹੇਠਾਂ ਦਰਸਾਏ ਗਏ ਅੰਗਾਂ ਦੀ ਸਪਸ਼ਟ ਪਛਾਣ ਹੋ ਜਾਂਦੀ ਹੈ :-੧. ਮਨੁੱਖੀ ਭਲਾਈ, ੨. ਮਨੁੱਖੀ ਹੱਕ ੩. ਮਨੁੱਖੀ ਵਕਾਰ ੪. ਮਨੁੱਖੀ ਬਰਾਬਰੀ ੫. ਮਨੁੱਖੀ ਸ਼ਾਂਤੀ ੬. ਮਨੁੱਖੀ ਸਾਝੀਵਾਲਤਾ ੭. ਮਨੁੱਖੀ ਵਿਕਾਸ (ਸ਼ਖਸੀਅਤ ਪਖੋਂ) ੮. ਮਨੁੱਖੀ ਕਦਰਾਂ-ਕੀਮਤਾਂ(ਨੈਤਿਕਤਾ) ੯. ਮਨੁੱਖੀ ਅਧਿਆਤਮਿਕਤਾ(ਪ੍ਰਭੂ ਦੀ ਦਿਆਲਤਾ ਵਿੱਚ ਵਿਸ਼ਵਾਸ) ੧੦. ਮਨੁੱਖੀ ਸਰੋਕਾਰਾਂ ਹਿੱਤ ਸੰਘਰਸ਼। ਉਪਰੋਕਤ ਦਰਸਾਏ ਗਏ ਅੰਗਾਂ ਦੀ ਗੁਰਮੱਤ ਦੇ ਸੰਧਰਭ ਵਿੱਚ ਵਿਆਖਿਆ ‘ਨਾਨਕ ਮਿਸ਼ਨ’ ਦੀ ਸੰਖੇਪ ਕਿਤਾਬ ਵਿੱਚ ਪੜ੍ਹੀ ਜਾ ਸਕਦੀ ਹੈ ।
ਦਲਜੀਤ ਸਿੰਘ ਲੁਧਿਆਣਾ


11/08/15)
ਅਵਤਾਰ ਸਿੰਘ ਸੰਧੂ ਲੰਡਨ

ਸਤਿਕਾਰਯੋਗ ਸੁਹਿਰਦ ਪਾਠਕ ਸਜਣੋਂ
ਸ੍ਰ. ਗੁਰਸ਼ਰਨ ਸਿੰਘ ਕਸੇਲ ਜੀ ਦੇ ਸਵਾਲ ਬਾਰੇ ਬੇਨਤੀ ਹੈ ਕਿ ਪ੍ਰੋ: ਸਾਹਿਬ ਸਿੰਘ ਜੀ ਦੁਆਰਾ ਕੀਤੇ ਗਏ ਅਰਥ ਅਜੋਕੇ ਸਮੇਂ ਕਿਸੇ ਭੀ ਤਰਾਂ ਠੀਕ ਨਹੀਂ ਜਚਦੇ। ਗੁਰਬਾਣੀ ਦਾ ਇੱਕ ਇੱਕ ਸ਼ਬਦ ਸਦੀਵੀ ਸੱਚ ਹੈ ਤੇ ਇਹ ਵੱਖਰੀ ਗੱਲ ਹੈ ਕਿ ਸਾਂਨੂੰ ਅੱਜ ਠੀਕ ਅਰਥਾਂ ਦੀ ਸੋਝੀ ਨਾਂ ਹੋਵੇ॥ ਪ੍ਰੰਤੂ ਇਹ ਅਰਥ ਹੇਠ ਲਿਖੀਆਂ ਉਧਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਠੀਕ ਨਹੀਂ ਲਗਦੇ।
੧. ਇਹ ਸ਼ਬਦ ਮਹਲਾ ੧ ਪੰਨਾਂ ੧੩੮ ਤੇ ਸ੍ਰੀ: ਗੁਰੁ ਨਾਨਕ ਦੇਵ ਜੀ ਦਾ ਉਚਾਰਣ ਕੀਤਾ ਹੈ।
੨. ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰ ਗੱਦੀ ਦੀ ਸੇਵਾ ੭੩ ਸਾਲ ਦੀ ਉਮਰ ਵਿੱਚ ਸੰਭਾਲੀ ਸੀ ਅਤੇ ਇਹ ਸੇਵਾ ੯੫ ਸਾਲ ਦੀ ਉਮਰ ਤੱਕ ਪੂਰੀ ਨਿਪੁੰਨਿਤਾ ਨਾਲ ਨਿਭਾਈ ਹੈ।
੩. ਦੂਸਰੇ ਸੰਸਾਰ ਯੁੱਧ ਦੀ ਜ਼ਿਮੇਵਾਰੀ ਸੱਰ ਵਿਨਸਟਨ ਚਰਚਿਲ ਨੇ ਬਤੌਰ ਪ੍ਰਾਈਮਿਨਿਸਟਰ ੬੫ ਸਾਲ ਦੀ ਉਮਰ ਵਿੱਚ ਸੰਭਾਲੀ ਸੀ ਜੋ ਉਸ ਨੇ ਬੜੀ ਯੋਗਤਾ ਨਾਲ ਨਿਭਾਈ ਤੇ ਜਿੱਤ ਪ੍ਰਾਪਤ ਕੀਤੀ।
੪. ਇੰਗਲੈਂਡ ਵਿੱਚ ਅੱਜ ਵੀ ੭੦ ਸਾਲ ਤੋਂ ਵਡ੍ਹੀ ਉਮਰ ਵਾਲੇ ਤਕਰੀਬਨ ਤਿੰਨ ਲੱਖ ਵਿਅਕਤੀ ਨੌਕਰੀਆਂ ਕਰ ਰਹੇ ਹਨ।
੫. ਸ੍ਰੀ ਗੁਰੂ ਗਰੰਥ ਸਾਬਿ ਵਿੱਚ ਉਸ ਸਮੇਂ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਣ ਲਈ ਮੁਹਾਵਰਿਆਂ ਦੀ ਵਰਤੋਂ ਕੀਤੀ ਗਈ ਹੈ ਤਾਂ ਤੇ ਇਹ ਭੀ ਸੰਭਵ ਹੋ ਸਕਦਾ ਹੈ ਕਿ ਉਸ ਸਮੇਂ ਆਮ ਜੀਵਾਂ ਵਿੱਚ ਉਮਰਾਂ ਸਬੰਧੀ ਇਹੀ ਵਿਚਾਰ ਪ੍ਰਚੱਲਤ ਹੋਣ।
ਸਤਿਕਾਰ ਸਹਿਤ
ਅਵਤਾਰ ਸਿੰਘ ਸੰਧੂ ਲੰਡਨ.
੧੧ ਅਗੱਸਤ, ੨੦੧੫.


11/08/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦੁਨਿਆਵੀ ਧੰਦੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿਉਂ ਦੁਨਿਆਵੀ ਧੰਦਿਆਂ ਵਿੱਚ ਫਸਵਾ ਕੇ ਬੈਠਾ ਏਂ?
ਅਪਣੇ ਨਾਲੋਂ ਏਸ ਤਰ੍ਹਾਂ ਹਟਵਾ ਕੇ ਬੈਠਾ ਏਂ।
ਅਸੀਂ ਹਾਂ ਤੇਰੇ ਹਿੱਸੇ, ਸਾਨੂੰ ਕੀਤਾ ਦੂਰ ਕਿਉਂ?
ਕੁੱਲੀ, ਗੁੱਲੀ, ਜੁੱਲੀ ਦੇ ਲਈ ਹਾਂ ਮਜਬੂਰ ਕਿਉਂ।
ਦੇਖ ਰਿਹੈਂ ਚੁੱਪ, ਸਾਨੂੰ ਚੱਕਰ ਪਾ ਕੇ ਬੈਠਾ ਏਂ।
ਕਿਉਂ ਦੁਨਿਆਵੀ ਧੰਦਿਆਂ ਵਿੱਚ ਫਸਵਾ ਕੇ ਬੈਠਾ ਏਂ?
ਤੇਰਾ ਹੋਊ ਖੇਲ੍ਹ ਤੇ ਸਾਡਾ ਘਾਣ ਕਰੀਂ ਜਾਨੈਂ।
ਨਿੱਕੀ ਨਿੱਕੀ ਗੱਲ ਤੇ ਵੀ ਪਰੇਸ਼ਾਨ ਕਰੀ ਜਾਨੈਂ।
ਧਰਮਾਂ, ਜਾਤਾਂ, ਗੋਤਾਂ, ਵਿੱਚ ਭਿੜਵਾ ਕੇ ਬੈਠਾ ਏਂ।
ਕਿਉਂ ਦੁਨਿਆਵੀ ਧੰਦਿਆਂ ਵਿੱਚ ਫਸਵਾ ਕੇ ਬੈਠਾ ਏਂ?
ਵਹਿਮਾਂ ਭਰਮਾਂ ਦੇ ਚੱਕਰ ਪਾ ਨਾਮ ਭੁਲਾ ਦੇਨੈਂ।
ਅਪਣੇ ਨਾਲੋਂ ਆਪਣਿਆਂ ਨੂੰ ਤੋੜ ਬਿਠਾ ਦੇਨੈਂ।
ਰੱਖਦੈਂ ਸਾਨੂੰ ਦੂਰ ਰਾਹ ਪੁੱਠੇ ਪਾਕੇ ਬੈਠਾ ਏਂ।
ਕਿਉਂ ਦੁਨਿਆਵੀ ਧੰਦਿਆਂ ਵਿੱਚ ਫਸਵਾ ਕੇ ਬੈਠਾ ਏਂ?
ਜੋ ਕਰਨੈ ਤੂੰ ਕਰ ਪਰ ਅਪਣੇ ਨੇੜੇ ਰੱਖ ਦਾਤਾ।
ਤੈਥੋਂੂ ਦੂਰ ਨਾ ਰਹਿ ਹੁੰਦਾ, ਕਿਉਂ ਹੋਇਓਂ ਵੱਖ ਦਾਤਾ?
ਦੇਦੇ ਨਾਮ ਦੀ ਦਾਤ ਜਿਹੜੀ ਛੁੜਵਾ ਕੇ ਬੈਠਾ ਏਂ।
ਕਿਉਂ ਦੁਨਿਆਵੀ ਧੰਦਿਆਂ ਵਿੱਚ ਫਸਵਾ ਕੇ ਬੈਠਾ ਏਂ?


10/08/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਸ੍ਰ ਰਘਬੀਰ ਸਿੰਘ ਮਾਨਾਂਵਾਲੀ ਜੀ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥


ਆਪ ਜੀ ਵੱਲੋਂ ਲਿਖਿਆ ਲੇਖ “ਸਿਰਫ ਵਾਹਿਗੁਰੂ-ਵਾਹਿਗੁਰੂ ਜੱਪਣਾ ਸਿਮਰਨ ਹੈ” ਚੰਗਾ ਲੱਗਾ । ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਅਕਾਲ ਪੁਰਖ ਲਈ ‘ਵਾਹਿਗੁਰੂ’ ਸ਼ਬਦ ਸੱਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਵਰਤਿਆ ਹੈ ? ਆਪਣੇ ਵਿਚਾਰ ਸਾਂਝੇ ਕਰਨ ਲਈ ਧੰਨਵਾਦੀ ਹੋਵਾਂਗਾ ।
ਇੱਕ ਪਾਠਕ, ਗੁਰਸ਼ਰਨ ਸਿੰਘ ਕਸੇਲ


10/08/15)
ਹਰਮਿੰਦਰ ਸਿੰਘ ਭੱਟ

ਸਕੂਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!
ਹਸਪਤਾਲ ਵਿੱਚ ਆਪਣੀ ਨੂੰਹ ਦਾ ਚੈੱਕਅਪ ਕਰਵਾਉਣ ਆਈ ਆਪਣੇ ਨੰਬਰ ਦੀ ਉਡੀਕ ਕਰ ਰਹੀ ਬੀਬੀ ਚਰਨੋਂ ਨੇ ਨੂੰਹ ਕੁਲਦੀਪ ਕੌਰ ਨੂੰ ਕੋਸਦਿਆਂ ਕਿਹਾ “ਲੜਕਾ ਤਾਂ ਆਪਣੇ ਦਾਦੇ ਪੜਦਾਦੇ ਦੇ ਵੰਸ਼ ਨੂੰ ਅੱਗੇ ਤੋਰਦਾ ਪਤਾ ਨਹੀਂ ਕਿਹੜੇ ਮਾੜੇ ਸਮੇਂ ਮੇਰੇ ਮੁੰਡੇ ਦਾ ਤੇਰੇ ਨਾਲ ਵਿਆਹ ਪੱਕਾ ਕਰ ਬੈਠੇ ਜੋ ਤੇਰੇ ਤਿੰਨ ਕੁੜੀਆਂ ਹੋਈਆਂ ਸਾਡਾ ਤਾਂ ਵੰਸ਼ ਹੀ ਖੜ੍ਹਾ ਕੇ ਰੱਖ ਦਿੱਤਾ” ਰੋਜ਼ ਰੋਜ਼ ਸੱਸ ਦੀਆਂ ਤਾਨ੍ਹੇ ਭਰੀਆਂ ਗੱਲਾਂ ਸੁਣ ਨੂੰਹ ਕੁਲਦੀਪ ਕੌਰ ਦੀਆਂ ਅੱਖਾਂ ਭਰ ਆਉਂਦੀਆਂ। ਇੰਨੇ ਨੂੰ ਡਾਕਟਰ ਦੇ ਕਮਰੇ ਦੇ ਬਾਹਰ ਖੜੀ ਨਰਸ ਨੇ ਆਵਾਜ਼ ਮਾਰੀ “ਅਗਲਾ ਪੇਸੈਂਟ ਕੁਲਦੀਪ ਕੌਰ” ਸੱਸ ਤੇ ਨੂੰਹ ਉੱਠ ਕੇ ਡਾਕਟਰ ਦੇ ਕਮਰੇ ਵਿੱਚ ਚਲੀਆਂ ਗਈਆਂ। ਜਦੋਂ ਦੋਨੋਂ ਕਮਰੇ ਵਿੱਚ ਵੜੀਆਂ ਤਾਂ ਕੰਧਾਂ ਉੱਤੇ ਉੱਚ ਉਪਲਬਧੀਆਂ ਪ੍ਰਾਪਤ ਕਰ ਚੁੱਕੀਆਂ ਕੁੜੀਆਂ, ਔਰਤਾਂ ਦੀਆਂ ਫ਼ੋਟੋਆਂ ਤੇ ਉਨ੍ਹਾਂ ਦੀ ਜੀਵਨੀ ਦੇ ਵੇਰਵੇ ਲਿਖੇ ਹੋਏ ਦੇਖੇ ਤੇ ਕੁਰਸੀ ਤੇ ਦੁੱਧ ਰੰਗੇ ਚਿੱਟੇ ਕੱਪੜਿਆਂ ਵਿੱਚ ਬੈਠੀ ਡਾਕਟਰ ਮੈਡਮ ਨੂੰ ਦੇਖ ਕੇ ਸੱਸ ਨੇ ਬੜੇ ਅਦਬ ਨਾਲ ਸਤਿ ਸ੍ਰੀ ਅਕਾਲ ਬੁਲਾਕੇ ਕਿਹਾ “ਮੈਡਮ ਜੀ ਮੇਰੀ ਨੂੰਹ ਦੇ ਪਹਿਲਾਂ ਹੀ ਤਿੰਨ ਕੁੜੀਆਂ ਨੇ ਇਸ ਬਾਰੀ ਮੁੰਡਾ ਹੀ ਹੋਵੇ ਚੈੱਕ ਕਰ ਕੇ ਕੋਈ ਇਹੋ ਜਿਹੀ ਦਵਾਈ ਦੇਵੋ” ਸੱਸ ਦੀ ਆਵਾਜ਼ ਸੁਣ ਕੇ ਡਾਕਟਰ ਹੈਰਾਨ ਹੋ ਕੇ ਬੋਲੀ “ਬੀਬੀ ਜੀ ਮੈਡੀਕਲ ਸਾਂਇੰਸ ਦੇ ਮੁਤਾਬਿਕ ਮੁੰਡਾ ਹੋਣਾ ਜਾਂ ਨਾ ਹੋਣ ਵਿੱਚ ਆਦਮੀ ਜਿੰਮੇਵਾਰ ਹੁੰਦਾ ਤੇ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਇੰਜ ਨਾ ਸੋਚੋ ਇੱਜ਼ਤ ਸਭ ਨੂੰ ਜਾਨੋਂ ਵੱਧ ਪਿਆਰੀ ਹੁੰਦੀ ਹੈ ਮੈਂ ਵੀ ਤਾਂ ਕਿਸੇ ਦੀ ਭੈਣ, ਧੀ ਤੇ ਪਤਨੀ ਹਾਂ ਤੇ ਤੁਸੀਂ ਮੇਰੇ ਕੋਲੋਂ ਦਵਾਈ ਲੈਣ ਲਈ ਇੱਕ ਘੰਟਾ ਬਾਹਰ ਬੈਠੇ ਰਹੇ, ਤੇ ਤੁਸੀਂ ਵੀ ਤਾਂ ਕਿਸੇ ਦੀ ਧੀ ਭੈਣ ਤੇ ਪਤਨੀ ਤੇ ਮਾਂ ਹੋ, ਸੱਚ ਜਾਨੋਂ ਸ਼ਾਇਦ ਥੋੜ੍ਹੀਆਂ ਪੋਤੀਆਂ ਵੀ ਹੋਰ ਉੱਚੀਆਂ ਪਦਵੀਆਂ ਤੇ ਜਾ ਕੇ ਥੋੜ੍ਹੇ ਪਰਿਵਾਰ ਦਾ ਨਾਮ ਰੌਸ਼ਨ ਕਰਨਗੀਆਂ” ਇਹ ਸੁਣ ਕੇ ਸੱਸ ਤਾਂ ਚੁੱਪ ਕਰ ਗਈ ਪਰ ਕੁਲਦੀਪ ਕੌਰ ਨੂੰ ਇੱਕ ਸਕੂਨ ਜਿਹਾ ਮਹਿਸੂਸ ਹੋਇਆ ਤੇ ਸੋਚਣ ਲੱਗੀ ਕਿ ਜੇਕਰ ਡਾਕਟਰ ਦਵਾਈ ਅਤੇ ਚੈੱਕਅਪ ਕਰਨ ਲੱਗਿਆ ਨਾਲ ਆਏ ਸਹੁਰੇ ਪਰਿਵਾਰ ਤੇ ਹੋਰ ਜੀਆਂ ਨੂੰ ਬਗੈਰ ਕਿਸੇ ਪੈਸੇ ਦੇ ਲਾਲਚ ਤੋਂ ਸਮਝਾਉਣ ਕਿ ਕੁੜੀਆਂ ਦੀ ਅਹਿਮੀਅਤ ਵੀ ਮੁੰਡਿਆਂ ਤੋਂ ਘੱਟ ਨਹੀਂ ਤਾਂ ਸ਼ਾਇਦ ਭਰੂਣ ਹੱਤਿਆਵਾਂ ਵਰਗੇ ਘਿਣਾਉਣੇ ਅਪਰਾਧ ਤੇ ਕਦੋਂ ਦੀ ਠੱਲ੍ਹ ਪੈ ਸਕਦੀ ਸੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ
09914062205


10/08/15)
ਨਿਰਮਲ ਸਿੰਘ ਕੰਧਾਲਵੀ

ਪਿੰਡ ਦੀ ਸੱਥ
ਸਾਰੀ ਰਾਤ ਮੀਂਹ ਪੈਂਦਾ ਰਿਹਾ ਸੀ ਤੇ ਸਵੇਰ ਸਾਰ ਮੀਂਹ ਰੁਕਣ ਨਾਲ ਬੜੀ ਸੱਜਰੀ ਸਵੇਰ ਚੜ੍ਹੀ ਸੀ ਤੇ ਨਾਲ਼ ਹੀ ਸੂਰਜ ਦੇਵਤਾ ਨੇ ਆਪਣਾ ਜਲਵਾ ਆਣ ਬਿਖੇਰਿਆ। ਮੌਸਮ ਸੋਹਣਾ ਹੋਣ ਕਰ ਕੇ ਅੱਜ ਸੱਥ ਵਿੱਚ ਵੀ ਖੂਬ ਰੌਣਕ ਸੀ। ਮਾਸਟਰ ਹਕੀਕਤ ਸਿੰਘ ਦਾ ਇੰਤਜ਼ਾਰ ਹੋ ਰਿਹਾ ਸੀ ਜਿਸ ਨੇ ਅਖ਼ਬਾਰ ਪੜ੍ਹ ਕੇ ਖ਼ਬਰਾਂ ਸੁਣਾਉਣੀਆਂ ਸਨ। ਸਾਰਿਆਂ ਦੀ ਘੁਸਰ ਮੁਸਰ ਨੂੰ ਲੱਛੂ ਅਮਲੀ ਨੇ ਤੋੜਿਆ, “ਬਈ ਮਾਹਟਰ ਨੇ ਜਦੋਂ ਦੀ ਆਹ ਸਕੂਟੀ ਜਿਹੀ ਲਈ ਆ ਇਹਦਾ ਪਤਾ ਈ ਨਈਂ ਲਗਦਾ ਕਦੋਂ ਆ ਖੜ੍ਹਦੈ। ਅੱਗੇ ਮੀਲ ਤੋਂ ਈ ਇਹਦੇ ਫਿਟਫਟੀਏ ਦੀ ਗੜੈਂ ਗੜੈਂ ਸੁਣ ਪੈਂਦੀ ਸੀ” ਚਾਰੇ ਪਾਸੇ ਹਾਸਾ ਮਚ ਗਿਆ।
ਬਿੱਕਰ ਨੇ ਗੱਲ ਭੁੰਜੇ ਨਹੀਂ ਪੈਣ ਦਿਤੀ ਤੇ ਬੋਲਿਆ “ਆਹ ਸਕੂਟੀ ਜਿਹੀ ਤਾਂ ਬੁੜ੍ਹੀਆਂ ਦੇ ਚਲਾਉਣੇ ਆਲ਼ੀ ਆ, ਹੁਣ ਬੰਦੇ ਵੀ ਘੜੀਸੀ ਫਿਰਦੇ ਆ”
ਰਾਮੂ ਭਈਆ ਬੋਲਿਆ, “ਕਲਯੁਗ ਬਰਤ ਰਿਐ ਸਰਦਾਰ ਜੀ”
“ਓਏ ਸਹੁਰੀ ਦਿਆ ਕਲਯੁਗ ਇਥੇ ਕਿੱਥੇ ਆ ਗਿਆ, ਇਹ ਸਾਲ਼ਾ ਮੱਝ ਦੀ ਬਜਾਇ ਝੋਟੇ ਹੇਠ ਜਾ ਵੜਦੈ” ਫੌਜੀ ਪਾਖਰ ਸਿੰਘ ਨੇ ਭਈਏ ਦੀ ਛੋਈ ਲਾਹ ਦਿਤੀ। ਭਈਆ ਹੋਰ ਵੀ ਗੁੱਛੂ ਮੁੱਛੂ ਜਿਹਾ ਹੋ ਕੇ ਵਾੜ `ਚ ਫ਼ਸੇ ਬਿੱਲੇ ਵਾਂਗ ਸਭ ਵਲ ਦੇਖਣ ਲੱਗਾ।
ਤਦੇ ਮਾਸਟਰ ਹਕੀਕਤ ਸਿੰਘ ਨੇ ਆ ਦਿਖਾਈ ਦਿਤੀ ਤੇ ਥੈਲੇ `ਚੋਂ ਅਖ਼ਬਾਰ ਕੱਢ ਕੇ ਉਹ ਵੀ ਖੁੰਢ `ਤੇ ਬਹਿ ਗਿਆ।
“ਲੈ ਬਈ ਮਾਹਟਰਾ ਛੇਤੀ ਛੇਤੀ ਸੁਣਾ ਦੇ ਸੁਰਖੀਆਂ ਫੇਰ ਕੋਈ ਕੰਮ ਧੰਦਾ ਕਰੀਏ,” ਲੱਛੂ ਬੋਲਿਆ
“ਲਉ ਬਈ ਸੱਜਣੋਂ, ਕੱਲ ਜਲੰਧਰ `ਚ ਕਿਸਾਨਾਂ ਨੇ ਦੁਖਿਆਂ ਹੋਇਆਂ ਨੇ ਆਲੂਆਂ ਦੀ ਭਰੀ ਹੋਈ ਟਰਾਲੀ ਲੋਕਾਂ ਨੂੰ ਮੁਫ਼ਤ `ਚ ਵੰਡ ਦਿਤੀ”
“ਕਾਹੇ ਕੋ ਸਰਦਾਰ ਜੀ?” ਰਾਮੂ ਨੇ ਬੜੇ ਅਚੰਭੇ ਨਾਲ਼ ਪੁੱਛਿਆ।
“ਰੋਸ ਪ੍ਰਗਟ ਕਰਨ ਲਈ ਤੇ ਸਰਕਾਰਾਂ ਦੇ ਕੰਨ ਖੋਲ੍ਹਣ ਲਈ ਬਈ ਕਿਸਾਨ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ ਜਿਹੜੇ ਭਾਅ ਆੜ੍ਹਤੀਏ ਖਰੀਦਣਾ ਚਾਹੁੰਦੇ ਆ। ਕਿਸਾਨ ਤੋਂ ਦੋ ਤਿੰਨ ਰੁਪਏ ਕਿੱਲੋ ਖਰੀਦਿਆ ਹੋਇਆ ਆਲੂ ਮੰਡੀ `ਚ ਪੰਦਰਾਂ ਵੀਹ ਰੁਪਈਏ ਕਿੱਲੋ ਵਿਕਦੈ। ਆੜ੍ਹਤੀਆ ਗੱਦੀ `ਤੇ ਬੈਠਾ ਈ ਕਰੋੜਾਂਪਤੀ ਬਣੀ ਜਾਂਦੈ ਤੇ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਫ਼ਸਲਾਂ ਪੈਦਾ ਕਰਨ ਵਾਲ਼ਾ ਕਿਸਾਨ ਖੁਦਕਸ਼ੀਆਂ ਕਰਨ ਲਈ ਮਜਬੂਰ ਆ ਤੇ ਉੱਪਰੋਂ ਕੇਂਦਰ `ਚ ਬੈਠੇ ਵਜੀਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਵੀ ਮਜ਼ਾਕ ਉਡਾਉਂਦੇ ਐ”।
“ਮਾਸਟਰ ਜੀ ਲੋਕ ਸਭਾ ਦੀਆਂ ਕੰਟੀਨਾਂ `ਚ ਸਸਤਾ ਰਾਸ਼ਨ ਖਾ ਖਾ ਕੇ ਇਹਨਾਂ ਵਜੀਰਾਂ ਦੇ ਦਿਮਾਗ ਹਿੱਲ ਗਏ ਹੋਏ ਆ, ਤਾਹੀਉਂ ਗੱਲਾਂ ਆਉਂਦੀਆਂ ਏਹਨਾਂ ਨੂੰ” ਬਿੱਕਰ ਨੇ ਨਜ਼ਲਾ ਝਾੜਿਆ।
“ਗੱਲ ‘ਕੱਲੀ ਆਲੂਆਂ ਦੀ ਨਹੀਂ। ਕਣਕ ਦਾ ਕੀ ਹਾਲ ਕੀਤਾ ਸੀ ਸਰਕਾਰਾਂ ਨੇ? ਅਜੇ ਤਾਈਂ ਕਈ ਲੋਕਾਂ ਨੂੰ ਪੈਸੇ ਨਈਂ ਮਿਲ਼ੇ। ਐਤਕੀਂ ਕਿਸਾਨਾਂ ਨੇ ਗੰਨਾ ਵਧੇਰੇ ਬੀਜ ਲਿਆ, ਸਰਕਾਰ ਕਹਿੰਦੀ ਜੁ ਆ ਪਈ ਕਣਕ ਝੋਨੇ ਦੇ ਫ਼ਸਲੀ ਚੱਕਰ `ਚੋਂ ਨਿੱਕਲੋ ਪਰ ਹੁਣ ਮਿੱਲਾਂ ਵਾਲ਼ਿਆਂ ਨੇ ਗੰਨਾ ਚੁੱਕਣ ਤੋਂ ਜਵਾਬ ਦੇ ਦਿਤੈ, ਕਿਸਾਨ ਡਿਗੇ ਤਾਂ ਕਿਹੜੇ ਖੂਹ ਖਾਤੇ ਡਿਗੇ। ਕਿਸੇ ਸਾਲ ਕਹਿਣਗੇ ਟਮਾਟਰ ਲਾਉ, ਫਿਰ ਮੰਡੀਆਂ `ਚ ਟਮਾਟਰ ਰੁਲ਼ਦੈ। ਆੜ੍ਹਤੀਆ ਮਰਜੀ ਦਾ ਭਾਅ ਲਾਉਂਦਾ, ਕਣਕ ਝੋਨੇ ਨੂੰ ਤਾਂ ਕਿਸਾਨ ਕੁੱਝ ਚਿਰ ਰੱਖ ਵੀ ਲਊ ਟਮਾਟਰਾਂ ਨੂੰ ਭਲਾ ਕੀ ਕਰੂ। ਮਜਬੂਰਨ ਮਿੱਟੀ ਦੇ ਭਾਅ ਮੰਡੀ `ਚ ਸੁੱਟ ਕੇ ਆਉਣੇ ਪੈਂਦੇ ਆ। ਆੜ੍ਹਤੀਏ ਦੇ ਰਾਹੀਂ ਉਹੀਓ ਟਮਾਟਰ ਫੇਰ ਸੋਨੇ ਦੇ ਭਾਅ ਵਿਕਦੇ ਆ। ਏਵੇਂ ਹੀ ਹੋਰ ਸਬਜ਼ੀਆਂ ਦਾ ਹਾਲ ਹੁੰਦੈ। ਲੁੱਟ ਕੀਹਨੇ ਮਚਾਈ? ਆੜ੍ਹਤੀਏ ਨੇ!” ਮਾਸਟਰ ਹਕੀਕਤ ਸਿੰਘ ਨੇ ਭਰੇ ਪੀਤੇ ਨੇ ਸਭ ਕਹਿ ਸੁਣਾਇਆ ਕਿਉਂਕਿ ਉਹਨਾਂ ਨੇ ਆਪ ਵੀ ਇਸ ਵਾਰੀ ਆਲੂ ਕਾਫ਼ੀ ਬੀਜ ਲਏ ਸਨ ਤੇ ਹੁਣ ਗਾਹਕ ਨਹੀਂ ਸੀ ਲੱਭ ਰਿਹਾ।
“ਭਰਾਵੋ, ਸਰਮਾਏਦਾਰੀ ਰਾਜ `ਚ ਇਹੀ ਕੁੱਝ ਹੋਣਾ, ‘ਕੱਲਾ ਏਥੇ ਈ ਨਹੀਂ ਇੰਜ ਹੁੰਦਾ, ਇੰਗਲੈਂਡ `ਚ ਡੇਅਰੀ ਫਾਰਮਾਂ ਵਾਲ਼ੇ ਰੋਂਦੇ ਆ, ਉਹਨਾਂ ਨੂੰ ਦੁੱਧ ਦਾ ਮੁੱਲ ਨਹੀਂ ਮਿਲ਼ਦਾ। ਚੇਨ-ਸਟੋਰਾਂ ਵਾਲ਼ੇ ਕਹਿੰਦੇ ਆ ਅਸੀਂ ਤਾਂ ਆਪਣੀ ਮਰਜੀ ਦੇ ਭਾਅ ਚੁੱਕਣੈ। ਜਲੰਧਰ `ਚ ਆਲੂ ਮੁਫ਼ਤ ਵੰਡਣ ਵਾਂਗ ਹੀ ਇੰਗਲੈਂਡ ਦੇ ਕਈ ਡੇਅਰੀ ਫਾਰਮ ਵਾਲ਼ਿਆਂ ਨੇ ਸਟੋਰਾਂ `ਚੋਂ ਦੁੱਧ ਖਰੀਦ ਕੇ ਰੋਸ ਦੇ ਤੌਰ `ਤੇ ਲੋਕਾਂ ਨੂੰ ਮੁਫ਼ਤ ਵੰਡਿਆ ਤੇ ਸਟੋਰਾਂ ਦੇ ਵੱਡੇ ਵੱਡੇ ਗੁਦਾਮਾਂ `ਤੇ ਮੁਜਾਹਰੇ ਕੀਤੇ। ਉਹਨਾਂ ਦੀ ਵੀ ਇਹੋ ਮਜਬੂਰੀ ਐ ਕਿ ਸਬਜ਼ੀਆਂ ਵਾਂਗ ਹੀ ਦੁੱਧ ਨੂੰ ਬਹੁਤਾ ਚਿਰ ਰੱਖ ਨਹੀਂ ਸਕਦੇ, ਉਹਨਾਂ ਦੀ ਏਸੇ ਮਜਬੂਰੀ ਦਾ ਫ਼ਾਇਦਾ ਸਟੋਰਾਂ ਵਾਲ਼ੇ ਚੁੱਕਦੇ ਐ।” ਕਾਮਰੇਡ ਤ੍ਰਿਲੋਚਨ ਨੇ ਖੁਲਾਸਾ ਕੀਤਾ।
“ਦੁੱਧ ਦੀ ਖੀਰ ਬਣਾ ਲਿਆ ਕਰਨ ਸਾਰੇ ਦੀ” ਲੱਛੂ ਅਮਲੀ ਦਾ ਪੋਤਾ ਬੋਲਿਆ।
“ਕਰ ‘ਤੀ ਨਾ ਆਪਣੇ ਬਾਬੇ ਵਾਲ਼ੀ ਗੱਲ, ਬਾਬਾ ਤੇਰਾ ਵੀ ਏਦਾਂ ਦੀਆਂ ਈ ਲੱਲ ਵਲੱਲੀਆਂ ਜਿਹੀਆਂ ਮਾਰਦੈ ਹੁੰਦੈ” ਬਿੱਕਰ ਨੇ ਬਾਬੇ ਪੋਤੇ ਦੋਹਾਂ ਦੀ ਝੰਡ ਕਰ ਦਿਤੀ।
“ਤੈਨੂੰ ਜਾਣਦਾਂ ਓਏ ਮੈਂ ਵੱਡੇ ਧਨੰਤਰ ਵੈਦ ਨੂੰ, ਆਹ ਝੰਡੂ ਕੇ ਵਿਆਹ `ਚ ਬੁੜ੍ਹਾ ਤੁਹਾਡਾ ਚਟਣੀ ਨਾਲ਼ ਗੁਲਾਬ ਜਾਮਣਾਂ ਖਾਂਦਾ ਦੇਖਿਆ ਮੈਂ, ਗੱਲਾਂ ਮਾਰਦੈਂ ਤੂੰ ਸੱਥ `ਚ ਬਹਿ ਕੇ, ਢੱਕਿਆ ਰਹਿ ਵੱਡਾ ਨਾਢੂ ਖਾਨ” ਲੱਛੂ ਅਮਲੀ ਨੇ ਝੱਟ ਹੀ ਨਹਿਲੇ `ਤੇ ਦਹਿਲਾ ਮਾਰ ਦਿਤਾ।
“ਓ ਯਾਰ, ਕਾਮਰੇਟ ਬੜੀਆਂ ਕੰਮ ਦੀਆਂ ਗੱਲਾਂ ਦੱਸ ਰਿਹਾ ਸੀ ਆਹ ਸਹੁਰੀ ਦੇ ਵਿਚੇ ਹੀ ਕੜ੍ਹੀ ਘੋਲ਼ ਕੇ ਬਹਿ ਗਏ ਆ, ਕਾਮਰੇਟਾ ਨਾਲ਼ੇ ਕਹਿੰਦੇ ਆ ਕਿ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਕਿਸਾਨ ਜੂਨੀਅਨ ਬਣੀ ਹੋਈ ਆ ਤੇ ਸਰਕਾਰ ਨੇ ਉਹਦੇ ਪ੍ਰਧਾਨ ਨੂੰ ਵਜੀਰ ਦਾ ਦਰਜਾ ਦਿਤਾ ਹੋਇਐ” ਸ਼ਾਮੇ ਕਿਆਂ ਦਾ ਬਜ਼ੁਰਗ ਚੰਨਣ ਸਿਉਂ ਖੰਗੂਰਾ ਮਾਰ ਕੇ ਬੋਲਿਆ।
“ਬਾਪੂ ਜੀ, ਤੁਸੀਂ ਵੀ ਬੜੇ ਭੋਲ਼ੇ ਆਂ। ਸਿਆਣੇ ਕਹਿੰਦੇ ਆ ‘ਜਿਹਦਾ ਖਾਈਏ ਅੰਨ, ਉਹਦੇ ਆਈਏ ਕੰਮ’ ਯੂਨੀਅਨ ਦੇ ਪ੍ਰਧਾਨ ਨੇ ਸਰਕਾਰ ਦਾ ਈ ਪੱਖ ਪੂਰਨੈ। ਆਹ ਪਿੱਛੇ ਜਿਹੇ ਖ਼ਬਰਾਂ ਨਹੀਂ ਸੀ ਪੜ੍ਹੀਆਂ ਪਈ ਪ੍ਰਧਾਨ ਦੇ ਦਫ਼ਤਰ ਲਈ ਮੇਜ ਕੁਰਸੀਆਂ ਹੀ ਲੱਖਾਂ ਰੁਪਈਏ ਦੀਆਂ ਆਈਆਂ। ਹਜਾਰਾਂ ਰੁਪਈਆਂ ਦਾ ਤੇਲ ਉਹਦੀ ਸਰਕਾਰੀ ਕਾਰ ਫੂਕਦੀ ਐ ਰੋਜ਼। ਤੁਸੀਂ ਭੋਲੇ ਲੋਕ ਤਾਂ ਬਾਦਲ ਨੂੰ ਵੀ ਕਿਸਾਨ ਸਮਝੀ ਜਾਂਦੇ ਹੋ। ਇਹ ਭਾਈ, ਸਾਰੇ ਵਪਾਰੀ ਲੋਕ ਐ। ਕਿਸੇ ਸਿਆਣੇ ਨੇ ਕਿਹਾ ਸੀ ਕਿ ਜਿਸ ਰਾਜ ਵਿੱਚ ਰਾਜਾ ਵਪਾਰੀ ਹੋਊ ਉੱਥੇ ਦੀ ਪਰਜਾ ਭਿਖਾਰੀ ਹੋਊ। ਏਹੀ ਹਾਲ ਏਥੇ ਹੋ ਰਿਹੈ। ਜਿੱਧਰ ਦੇਖੋ ਸਰਕਾਰਾਂ `ਚ ਵਪਾਰੀ ਬੈਠੇ ਆ। ਉਹਨੀਂ ਆਪਣਾ ਫ਼ਾਇਦਾ ਪਹਿਲਾਂ ਦੇਖਣੈ। ਹੁਣ ਤਾਂ ਤੁਹਾਡਾ ਪ੍ਰਧਾਨ ਮੰਤਰੀ ਵੀ ਵਪਾਰੀਆਂ ਦੀ ਮਿਹਰਬਾਨੀ ਨਾਲ਼ ਹੀ ਬਣਿਆ। ਸੋ ਹੁਣ ਤਾਂ ਵਪਾਰੀਆਂ ਦੀ ਹੀ ਚੱਲੂ।
ਮੈਂ ਹੁਣ ਚੱਲਿਆਂ ਸ਼ਹਿਰ ਨੂੰ, ਕੰਮ ਆਂ ਉਥੇ, ਬਾਕੀ ਗੱਲਾਂ ਬਾਤਾਂ ਕੱਲ੍ਹ ਨੂੰ ਕਰਾਂਗੇ” ਕਾਮਰੇਡ ਨੇ ਆਪਣਾ ਪ੍ਰੋਗਰਾਮ ਦੱਸਿਆ ਤੇ ਸਾਰਿਆਂ ਨੂੰ ਸੋਚਾਂ `ਚ ਪਾ ਕੇ ਬੱਸ ਅੱਡੇ ਵਲ ਨੂੰ ਤੁਰ ਪਿਆ।
ਨਿਰਮਲ ਸਿੰਘ ਕੰਧਾਲਵੀ


10/08/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਦ ਜੁੜ ਜਾਵਾਂ ਨਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਜੁੜ ਜਾਵਾਂ ਨਾਲ ਤਾਂ ਵਾਹ! ਨੇ ਗੱਲਾਂ ਰਾਂਗਲੀਆਂ।
ਅੰਦਰ ਬਾਹਰ ਉੱਠਦੀਆਂ ਨੇ ਫਿਰ ਛੱਲਾਂ ਰਾਂਗਲੀਆਂ।
ਤੇਰੀ ਦੁਨੀਆਂ ਅਜਬ ਗਜ਼ਬ ਮੈਂ ਕਰਾਂ ਬਿਆਨ ਕਿਵੇਂ?
ਜੁੜਿਆਂ ਤੇ ਫਿਰ ਪਲ ਵੀ ਪਾਸੇ ਕਰਾਂ ਧਿਆਨ ਕਿਵੇਂ?
ਨਾਮ ਲਿਆਂ ਹੀ ਮਾਰ ਹੁੰਦੀਆਂ ਮੱਲਾਂ ਰਾਂਗਲੀਆਂ।
ਜਦ ਜੁੜ ਜਾਵਾਂ ਨਾਲ ਤਾਂ ਵਾਹ! ਨੇ ਗੱਲਾਂ ਰਾਂਗਲੀਆਂ।
ਤੇਰੇ ਚੋਜ ਨਿਆਰੇ ਤੱਕ ਤਕ ਵਾਰੇ ਵਾਰੇ ਜਾਂ।
ਤੇਰੇ ਰੰਗ ਨੇ ਅਚਰਜ ਕੀਕੂੰ ਨਜ਼ਰਾਂ ਵਿੱਚ ਸਮਾਂ।
ਜੁੜ ਜਾਂ ਤੁੱਧ ਸੰਗ ਰੁਖਾਂ ਸੰਗ ਜਿਉਂ ਵੱਲਾਂ ਰਾਂਗਲੀਆਂ।
ਜਦ ਜੁੜ ਜਾਵਾਂ ਨਾਲ ਤਾਂ ਵਾਹ! ਨੇ ਗੱਲਾਂ ਰਾਂਗਲੀਆਂ।
ਤੇਰੇ ਮਿਲਿਆਂ ਤੈਥੋਂ ਕੀਕੂੰ ਵੱਖ ਮੈਂ ਹੋ ਸਕਦਾਂ?
ਤੇਰੀ ਹਰ ਇੱਕ ਰਚਨਾ ਸਾਹਾਂ ਦੇ ਸੰਗ ਛੋਹ ਸਕਦਾਂ।
ਤਨ ਮਨ ਹੈ ਸ਼ਰਸ਼ਾਰ ਦੇਖ ਜਲ-ਥੱਲਾਂ ਰਾਂਗਲੀਆਂ।
ਜਦ ਜੁੜ ਜਾਵਾਂ ਨਾਲ ਤਾਂ ਵਾਹ! ਨੇ ਗੱਲਾਂ ਰਾਂਗਲੀਆਂ।


10/08/15)
ਨਿਰਵੈਰ ਸੇਵਾ ਮਿਸ਼ਨ

ਨਿਰਵੈਰ ਸੇਵਾ ਮਿਸ਼ਨ ‘ਡਾਬਾ’ ਵਲੋਂ ਗੁਰਦੁਆਰਾ ਨਨਕਾਣਾ ਸਾਹਿਬ ਸਿਮਲਾਪੁਰੀ ਵਿਖੇ ਮਹੀਨਾਵਾਰ ਦਸਤਾਰ/ ਗੁਰਬਾਣੀ ਮੁਕਾਬਲੇ ਕਰਵਾਏ ਗਏ।
ਅਗਲਾ ਕੈਂਪ 7 ਸਤੰਬਰ ਤੋਂ 13 ਸਤੰਬਰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼, ਪ੍ਰਭਾਤ ਨਗਰ ਲੁਧਿਆਣਾ ਵਿਖੇ ਲਗਾਇਆ ਜਾਵੇਗਾ:
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
ਨਿਰਵੈਰ ਸੇਵਾ ਮਿਸ਼ਨ ਡਾਬਾ ਵਲੋਂ ਗੁਰਦੁਆਰਾ ਨਨਕਾਣਾ ਸਾਹਿਬ, ਮੈੜ ਦੀ ਚੱਕੀ, ਸਿਮਲਾਪੁਰੀ ਵਿਖੇ ਬੱਚਿਆਂ ਦਾ ਦਸਤਾਰ, ਦੁਮਾਲਾ, ਗੁਰਬਾਣੀ ਕੰਠ ਦਾ ਸੱਤ ਰੋਜਾ ਕੈਂਪ 3ਅਗਸਤ ਤੋਂ 9 ਅਗਸਤ ਤੱਕ ਲਗਾਇਆ ਗਿਆ। ਅਖੀਰਲੇ ਦਿਨ ਬੱਚਿਆਂ ਦੇ ਦਸਤਾਰ, ਦੁਮਾਲੇ ਅਤੇ ਗੁਰਬਾਣੀ ਦੇ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਪ੍ਰਧਾਨ ਬਲਵਿੰਦਰ ਸਿੰਘ, ਖਜਾਨਚੀ ਤੇਜਪਾਲ ਸਿੰਘ ਨੇ ਨਿਰਵੈਰ ਸੇਵਾ ਮਿਸ਼ਨ ਦੀ ਸਲਾਘਾ ਕਰਦੇ ਕਿਹਾ ਕਿ ਅਗਰ ਨੌਜੁਆਨ ਪੀੜੀ ਨੂੰ ਨਸ਼ਿਆਂ ਤੋਂ ਰੋਕਣਾ ਹੈ ਤਾਂ ਇਹਨਾਂ ਨੂੰ ਬਾਣੀ ਅਤੇ ਬਾਣੇ ਨਾਲ਼ ਜੋੜਨਾ ਪਵੇਗਾ। ਨਿਰਵੈਰ ਸੇਵਾ ਮਿਸ਼ਨ ਡਾਬਾ ਦੇ ਨੌਜੁਆਨ ਇਸ ਵਿੱਚ ਮੋਹਰੀ ਰੋਲ ਨਿਭਾ ਰਹੇ ਹਨ। ਮੁਕਾਬਲੇ ਵਿੱਚ ਬੱਚਿਆਂ ਤੋਂ ਸੋਹਣੀ ਦਸਤਾਰ ਦੇ ਨਾਲ਼ ਨਾਲ਼ ਸਿੱਖ ਇਤਿਹਾਸ ਵਿੱਚੋਂ ਪ੍ਰਸਨ ਵੀ ਪੁੱਛੇ ਗਏ। ਮੁਕਾਬਲਾ ਕੋਈ ਪੰਜ ਘੰਟੇ ਚੱਲਿਆ ਜਿਸ ਵਿੱਚ ਅਵਨੀਤ ਸਿੰਘ ਨੇ ਪਹਿਲਾ, ਪਰਮਦੀਪ ਸਿੰਘ ਨੇ ਦੂਜਾ ਅਤੇ ਗੁਰਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਸਪ੍ਰੀਤ ਸਿੰਘ, ਤਰਲੋਚਨ ਸਿੰਘ ਅਤੇ ਪਵਿੱਤਰ ਸਿੰਘ ਨੂੰ ਉਤਸਾਹ ਵਧਾਊ ਇਨਾਮ ਦਿੱਤੇ ਗਏ। ਜੇਤੂ ਬੱਚਿਆਂ ਨੂੰ ਟਰਾਫੀਆਂ, ਮੈਡਲ, ਅਤੇ ਦਸਤਾਰਾਂ ਨਾਲ਼ ਸਨਮਾਨਿਤ ਕੀਤਾ ਗਿਆ। ਮੁਕਾਬਲੇ ਵਿੱਚ ਹਾਜ਼ਰ ਪਾਸ ਨੰਬਰ ਲੈਣ ਵੱਲ਼ੇ 42 ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਨਿਰਵੈਰ ਸੇਵਾ ਮਿਸ਼ਨ ਦੇ ਸੇਵਾਦਾਰਾਂ ਇੰਜੀ ਮਨਵਿੰਦਰ ਸਿੰਘ ਗਿਆਸਪੁਰਾ, ਗੁਰਮੇਲ ਸਿੰਘ ਖਾਲਸਾ, ਮਨਜੀਤ ਸਿੰਘ ਡੀ. ਸੀ, ਰਮਨਜੀਤ ਕੌਰ, ਮਨਦੀਪ ਸਿੰਘ, ਜਸਵਿੰਦਰ ਸਿੰਘ, ਕਰਨਪ੍ਰੀਤ ਸਿੰਘ, ਗੁਰਜੀਤ ਸਿੰਘ, ਕੁਲਬੀਰ ਸਿੰਘ, ਹਰਦੀਪ ਸਿੰਘ, ਹਰਭਜਨ ਸਿੰਘ, ਤ੍ਰਿਲੋਚਨ ਸਿੰਘ ਨੂੰ ਸਿਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਸੰਗਤਾਂ ਨਾਲ਼ ਵੀਚਾਰ ਸਾਝੇ ਕਰਦਿਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਸ ਤਰਾਂ ਦੇ ਕੈਂਪ ਨਿਰਵੈਰ ਸੇਵਾ ਮਿਸ਼ਨ ਡਾਬਾ ਵਲੋਂ ਮਹੀਨਾ ਵਾਰ ਲੁਧਿਆਣੇ ਦੇ ਹਰੇਕ ਏਰੀਏ ਵਿੱਚ ਨਿਸ਼ਕਾਮ ਲੱਗ ਰਹੇ ਹਨ। ਜਿਹੜੇ ਵੀ ਸੱਜਣਾਂ ਨੇ ਨਿਸ਼ਕਾਮ ਕੈਂਪ ਲਗਵਾਉਣਾ ਹੋਵੇ ਉਹ ਉਹਨਾਂ ਨਾਲ਼ ਸੰਪਰਕ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਅਗਲਾ ਕੈਂਪ 7 ਸਤੰਬਰ ਤੋਂ 13 ਸਤੰਬਰ ਗੁਰਦੁਆਰਾ ਗੁਰੁ ਨਾਨਕ ਪ੍ਰਕਾਸ਼, ਪ੍ਰਭਾਤ ਨਗਰ, ਗਲ਼ੀ ਨੰਬਰ 8, ਲੁਧਿਆਣਾ ਵਿਖੇ ਲਗਾਇਆ ਜਾਵੇਗਾ। ਉਹਨਾਂ ਦਾ ਮਕਸਦ ਨੌਜੁਆਨਾ ਨੂੰ ਬਾਣੀ ਅਤੇ ਬਾਣੇ ਨਾਲ਼ ਜੋੜਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨਾ ਹੈ। ਇਸ ਮੌਕੇ ਉਹਨਾਂ ਨਾਲ਼ ਕਿਰਤਪਾਲ ਸਿੰਘ, ਹਰਭਜਨ ਸਿੰਘ, ਯਸਦੀਪ ਸਿੰਘ, ਇੰਦਰਜੀਤ ਸਿੰਘ, ਜਗਜੀਤ ਸਿੰਘ ਰਿੰਕੂ, ਪ੍ਰਭਜੋਤ ਸਿੰਘ, ਮਨਪ੍ਰੀਤ ਸਿੰਘ ਅੱਤਾ, ਜਸਪ੍ਰੀਤ ਸਿੰਘ ਜੋਗੀ, ਸੁਬੇਗ ਸਿੰਘ, ਅੰਮ੍ਰਿਤ ਕੌਰ, ਅਵਤਾਰ ਸਿੰਘ, ਅਰਵਿੰਦਰ ਸਿੰਘ, ਕਰਨਦੀਪ ਸਿੰਘ, ਹਰਜੀਤ ਸਿੰਘ, ਜੀਵਨਜੋਤ ਸਿੰਘ, ਗੁਰਮੀਤ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ ਅਤੇ ਕ੍ਰਿਪਾਲ ਸਿੰਘ ਆਦਿ ਹਾਜਿਰ ਸਨ।


09/08/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਆਪ ਸੱਭ ਪਾਠਕਾਂ ਨੂੰ ਬੇਨਤੀ ਹੈ ਕਿ ਹੇਠ ਲਿਖੇ ਸ਼ਬਦ ਦੀ ਇਹ ਵਿਆਖਿਆ ਠੀਕ ਹੈ; ਜਾਂ ਕੁਝ ਹੋਰ ਹੋਣੀ ਚਾਹੀਦੀ ਹੈ ? ਜਾਂ ਕੀ ਇਸ ਸ਼ਬਦ ਵਿਚ ਗੁਰੂ ਅਮਰਦਾਸ ਜੀ ਜੋ ਕਥਨੀ ਲੋਕਾਂ ਵਿਚ ਆਦਮੀ ਦੀ ਉਮਰ ਬਾਰੇ ਬਣੀ ਹੈ ਉਹ ਦੱਸਕੇ, ਆਖਰ ਵਿਚ ਆਪਣੇ ਵਿਚਾਰ ਦੇਂਦੇ ਹਨ ?
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥ ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥ ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥ ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥ (ਮ:3,ਪੰਨਾ 138)
ਅਰਥ:- ਦਸਾਂ ਸਾਲਾਂ ਦਾ (ਜੀਵ) ਬਾਲਪਨ ਵਿਚ (ਹੁੰਦਾ ਹੈ) ਵੀਹਾਂ ਵਰ੍ਹਿਆਂ ਦਾ ਹੋ ਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ (ਅੱਪੜਦਾ ਹੈ), ਤੀਹਾਂ ਸਾਲਾਂ ਦਾ ਹੋ ਕੇ ਸੋਹਣਾ ਅਖਵਾਂਦਾ ਹੈ । ਚਾਲੀ ਸਾਲਾਂ ਦੀ ਉਮਰੇ ਭਰ-ਜੁਆਨ ਹੁੰਦਾ ਹੈ, ਪੰਜਾਹ ਤੇ ਅੱਪੜ ਕੇ ਪੈਰ (ਜੁਆਨੀ ਤੋਂ ਹਿਠਾਂਹ) ਖਿਸਕਣ ਲੱਗ ਪੈਂਦਾ ਹੈ, ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ ਸੱਤਰ ਸਾਲਾਂ ਦਾ ਜੀਵ ਅਕਲੋਂ ਹੀਣਾ ਹੋਣ ਲੱਗ ਜਾਂਦਾ ਹੈ, ਤੇ ਅੱਸੀ ਸਾਲਾਂ ਦਾ ਕੰਮ ਕਾਰ ਜੋਗਾ ਨਹੀਂ ਰਹਿੰਦਾ । ਨੱਵੇ ਸਾਲ ਦਾ ਮੰਜੇ ਤੋਂ ਹੀ ਨਹੀਂ ਹਿੱਲ ਸਕਦਾ, ਆਪਣਾ ਆਪ ਭੀ ਸੰਭਾਲ ਨਹੀਂ ਸਕਦਾ ।
ਹੇ ਨਾਨਕ! ਮੈਂ ਢੂੰਢਿਆ ਹੈ, ਭਾਲਿਆ ਹੈ, ਵੇਖਿਆ ਹੈ, ਇਹ ਜਗਤ ਚਿੱਟਾ ਪਲਸਤਰੀ ਮੰਦਰ ਹੈ (ਭਾਵ, ਵੇਖਣ ਨੂੰ ਸੋਹਣਾ ਹੈ) ਪਰ ਹੈ ਧੂਏਂ ਦਾ (ਭਾਵ, ਸਦਾ ਰਹਿਣ ਵਾਲਾ ਨਹੀਂ) ।੩।(ਟੀਕਾਕਰ ਪ੍ਰੋ: ਸਾਹਿਬ ਸਿੰਘ ਜੀ)
ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।
ਆਦਰ ਸਹਿਤ, ਗੁਰਸ਼ਰਨ ਸਿੰਘ ਕਸੇਲ


09/08/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਜਪੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੰਮ ਤਾਂ ਕੀਤੇ ਸਾਰੇ ਨੇ ਪਰ ਕੰਮ ਇੱਕ ਨਾ ਕੀਤਾ।
ਨਾਮ ਸੀ ਜਿਸਦਾ ਲੈਣਾ, ਨਾ ਹੈ ਨਾਮ ਉਸੇ ਦਾ ਲੀਤਾ।
ਦੁਨੀਆਦਾਰੀ ਵਿੱਚ ਗੁਆਚਾ, ਮਾਇਆ ਦਾ ਦੀਵਾਨਾ।
ਲੱਗਾ ਕਿਸ ਕੁਫੱਕੜੇ ਬੰਦਿਆ, ਬੈਠਾ ਭੁੱਲ ਨਿਸ਼ਾਨਾ।
ਜਿੱਥੋਂ ਆਇਆ ਉਸ ਥਾਂ ਜਾਣਾ, ਨਿਜ ਥਾਂ ਜਿੱਥੇ ਮੀਤਾ।
ਨਾਮ ਸੀ ਜਿਸਦਾ ਲੈਣਾ, ਨਾ ਹੈ, ਨਾਮ ਉਸੇ ਦਾ ਲੀਤਾ।
ਪੰਜ ਇੰਦਰੀਆਂ ਵੱਸ ਨਾ ਹੋਈਆਂ, ਜੱਗ ਕੀ ਵੱਸ ਵਿੱਚ ਕਰਦੈਂ,
ਜੀਵਨ-ਮੁਕਤ ਦੀ ਜਾਚ ਨਾ ਸਿੱਖੀ, ਨਿਤ ਜੀਂਦਾ ਨਿੱਤ ਮਰਦੈਂ।
ਅੰਮ੍ਰਿਤ ਪਾਉਣ ਦੀ ਥਾਂ ਤੇ ਤੂੰ ਏਂ ਜ਼ਹਿਰ ਮੁਫਲਸੀ ਪੀਤਾ।
ਨਾਮ ਸੀ ਜਿਸਦਾ ਲੈਣਾ, ਨਾ ਹੈ ਨਾਮ ਉਸੇ ਦਾ ਲੀਤਾ।
ਛੱਡ ਦੇ ਝੂਠੇ ਧੰਦੇ ਸਾਰੇ, ਸੱਚੀ ਕਾਰ ਕਮਾ ਲੈ,
ਸੱਭੇ ਸੋਚਾਂ-ਸਮਝਾਂ ਛੱਡਕੇ, ਧਿਆਨ ਇੱਕ ਵਿੱਚ ਲਾ ਲੈ।
ਉਸ ਸੰਗ ਜੁੜਿਆ ਜੱਗ ਵੀ ਹਾਸਲ, ਹੋ ਜਾਏਂ ਪਤਿਤ ਪੁਨੀਤਾ।
ਨਾਮ ਸੀ ਜਿਸਦਾ ਲੈਣਾ, ਨਾ ਹੈ, ਨਾਮ ਉਸੇ ਦਾ ਲੀਤਾ।


08/08/15)
ਹਰਮਿੰਦਰ ਸਿੰਘ ਭੱਟ

ਕੀ ਸਾਹਿੱਤ ਵਿੱਚ ਵਿਚਾਰਾਂ ਦੀ ਸਾਂਝ ਜ਼ਰੂਰੀ ਨਹੀਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਸਾਹਿੱਤ ਅਥਾਹ ਡੂੰਘਾ ਸਮੁੰਦਰ ਹੈ ਸਮੁੰਦਰ ਦੀ ਤਾਂ ਕੋਈ ਤਹਿ ਵੀ ਹੈ ਉਸ ਦੀ ਡੁੰਘਾਈ ਨੂੰ ਤਾਂ ਮਾਪਿਆ ਵੀ ਸਕਦਾ ਹੈ ਪਰ ਸਾਹਿੱਤ ਦੀ ਤਾਂ ਕੋਈ ਤਹਿ ਹੀ ਨਹੀਂ ਇਸ ਵਿੱਚ ਕੋਈ ਸਾਹਿੱਤ ਦਾ ਪ੍ਰੇਮੀ ਸਾਹਿੱਤਕਾਰ, ਲੇਖਕ, ਕਵੀ ਤੇ ਹੋਰ ਬੁੱਧੀਜੀਵੀ ਤਾਰੀ ਲਾਉਂਦਾ ਤੇ ਅਨੰਦ ਮਾਣਦਾ ਹੈ ਤਾਂ ਉਸ ਨੂੰ ਅੰਦਾਜ਼ਾ ਵੀ ਨਹੀਂ ਲੱਗਦਾ ਕਿ ਉਹ ਇਸ ਸਾਹਿੱਤ ਦੇ ਸਮੁੰਦਰ ਦੀ ਕਿੰਨੀ ਕੁ ਗਹਿਰਾਈ ਵਿੱਚ ਉੱਪੜ ਚੁੱਕਾ ਤੇ ਉਸ ਦੀ ਗਹਿਰਾਈ ਵਿੱਚ ਲੰਮਾ ਸਮੇਂ ਤੱਕ ਸਮੋ ਜਾਂਦਾ ਹੈ ਤੇ ਆਪਣੇ ਹੀ ਖ਼ਿਆਲਾਂ ਵਿੱਚ ਇਸ ਸਾਹਿੱਤ ਰੂਪੀ ਸਮੁੰਦਰ ਵਿੱਚ ਡੁੱਬਿਆ ਆਪਣੀ ਹੀ ਦੁਨੀਆ ਬਣਾਉਣ ਲੱਗ ਪੈਂਦਾ ਹੈ। ਦਾਸ ਤਾਂ ਅਜੇ ਸਾਹਿੱਤ ਦੇ ਸਕੂਲ ਦੀ ਨਰਸਰੀ ਵਿੱਚ ਵੀ ਦਾਖਲ ਹੋਣ ਜੋਗਾ ਨਹੀਂ ਹੋਇਆ ਮੇਰੇ ਦਾਦਾ ਜੀ ਨਾਹਰ ਸਿੰਘ ਭੱਟ ਜੋ ਕਿ ਮੇਰੇ ਜਨਮ ਤੋਂ ਵੀ ਲਗਭਗ 10 ਸਾਲ ਪਹਿਲਾਂ ਸੰਨ 1973 ਵਿੱਚ ਸਰੀਰ ਤਿਆਗ ਗਏ ਸਨ ਪਰ ਉਨ੍ਹਾਂ ਦੀ ਪੁਰਾਤਨ ਲਿਖੀ ਡੰਕ ਸ਼ਾਹੀ ਵਾਲੀ ਕਲਮ ਨਾਲ ਲਿਖੀਆਂ ਸੂਫ਼ੀਆਨਾ ਕਵਿਤਾਵਾਂ ਵਾਲੀ ਬਿਰਧ ਕਿਤਾਬ ਜੱਦ ਮੈਨੂੰ ਪੜ੍ਹਨ ਨੂੰ ਮਿਲੀ ਤਾਂ ਮਨ ਵਿੱਚ ਉਨ੍ਹਾਂ ਵੱਲੋਂ ਰਿਹਾ ਅਧੂਰਾ ਲਿਖਤਾਂ ਦਾ ਕਾਰਜ ਪੂਰਾ ਕਰਨ ਦੇ ਯਤਨ ਕਰਨ ਲੱਗਾ ਉਨ੍ਹਾਂ ਨੂੰ ਆਪਣੇ ਹੀ ਮਨ ਵਿੱਚ ਆਪਣਾ ਉਸਤਾਦ ਧਾਰ ਕੇ “ਭੱਟ” ਤਖ਼ੱਲਸ ਲਗਾ ਲਿਆ ਤੇ ਸੱਚ ਮੰਨਣਾ ਫਿਰ ਤਾਂ ਬਸ ਫੇਰ ਤਾਂ ਕਲਮ ਨਾਲ ਪਿਆਰ ਹੀ ਹੋ ਗਿਆ। ਜੇਕਰ ਮੁੱਦੇ ਤੇ ਆਵਾਂ ਤਾਂ ਅਸਲ ਵਿੱਚ ਜੋ ਵੀ ਆਪਣੇ ਆਪ ਵਿੱਚ ਜਾਂ ਸਮਾਜ ਵਿੱਚ ਵਾਪਰਦੀਆਂ ਮਾੜੀਆਂ ਚੰਗੀਆਂ ਘਟਨਾਵਾਂ ਨੂੰ ਦੇਖਿਆ ਤੇ ਉਸ ਨੂੰ ਆਪਣੇ ਨਜ਼ਰੀਏ ਤੇ ਨਿਮਾਣੀ ਸੋਚ ਨਾਲ ਕਲਮਬੰਦ ਕੀਤਾ ਤੇ ਅਣਜਾਣ ਪੁਣੇ ਵਿੱਚ ਉਹ ਲਿਖਣਾ ਲੇਖਾਂ ਜਾਂ ਕਵਿਤਾਵਾਂ ਦਾ ਰੂਪ ਧਾਰ ਗਿਆ ਦਾਸ ਦੇ ਨੇੜਲੇ ਮਿੱਤਰਾਂ ਦੇ ਸਹਿਯੋਗ ਨਾਲ ਉਨ੍ਹਾਂ ਲੇਖਾਂ ਤੇ ਕਵਿਤਾਵਾਂ ਨੂੰ ਛਪਵਾਉਣ ਤੋ ਬਾਅਦ ਜੋ ਵੀ ਪਾਠਕਾਂ ਦਾ ਪਿਆਰ ਭਰਿਆ ਹੁੰਗਾਰਾ ਮਿਲਿਆ ਉਸ ਨਾਲ ਹੋਰ ਵੀ ਲਿਖਣ ਦੇ ਜਜ਼ਬੇ ਨੂੰ ਹੌਸਲਾ ਮਿਲਿਆ।
ਇਸ ਲੇਖ ਨੂੰ ਲਿਖਣ ਦੀ ਮੇਰੇ ਮਨ ਵਿੱਚ ਤਾਂਘ ਉਸ ਦਿਨ ਤੋ ਲੱਗੀ ਜਦੋਂ ਬੀਤੇ ਦਿਨੀਂ ਸੋਸ਼ਲ ਮੀਡੀਏ ਰਾਹੀ ਉੱਠੇ ਹੋਏ ਇੱਕ ਸਵਾਲ ਨੇ ਮੈਨੂੰ ਘੇਰ ਲਿਆ, ਹੋਇਆ ਇੰਜ ਜਦੋਂ ਮੈਂ ਕਿਸੇ ਹੋ ਰਹੀ ਵਿਚਾਰ ਨੂੰ ਵਹਿਸ਼ ਤੇ ਫਿਰ ਲੜਾਈ ਦਾ ਰੂਪ ਧਾਰਦਾ ਹੋਇਆ ਦੇਖਿਆ, ਜੋ ਕਿ ਸਹੀ ਮਾਅਨੇ ਵਿੱਚ ਸਾਹਿੱਤ ਨਾਲ ਜੁੜੇ ਸਨ ਉਹ ਤਾਂ ਚੁੱਪ ਕਰ ਗਏ ਪਰ ਕਈ ਮੇਰੇ ਵਰਗੇ ਇਂਜਾਈ ਬਸ ਤੂੰ ਕੋਣ ਤੇ ਮੈਂ ਕੌਣ।
ਮੇਰੇ ਦੋਸਤੋ ਸਵਾਲ ਸੀ “ਕੀ ਸਾਹਿੱਤ ਵਿੱਚ ਵਿਚਾਰਾਂ ਦੀ ਸਾਂਝ ਜ਼ਰੂਰੀ ਹੈ” ਤਾਂ ਮੈਂ ਹੋਰ ਕਿਸੇ ਬਾਰੇ ਤਾਂ ਕੁੱਝ ਨਹੀਂ ਕਹਿ ਸਕਦਾ ਪਰ ਮੇਰੇ ਮੁਤਾਬਿਕ ਸਾਹਿੱਤ ਵਿੱਚ ਵਿਚਾਰਾਂ ਦੀ ਸਾਂਝ ਹੋਣੀ ਜ਼ਰੂਰੀ ਹੈ ਵਿਚਾਰਾਂ ਤੋ ਬਗੈਰ ਸਾਹਿੱਤ ਅਧੂਰਾ ਹੈ ਜੇਕਰ ਕੋਈ ਵਿਚਾਰ ਤੇ ਆਲੋਚਨਾ ਹੀ ਨਹੀਂ ਹੋਵੇਗੀ ਤਾਂ ਸਾਹਿੱਤਕਾਰ ਦੀ ਸੋਚ ਤੋ ਉਪਜੀ ਰਚਨਾ ਨੂੰ ਸਿਖਰ ਨਹੀਂ ਪ੍ਰਾਪਤ ਹੋ ਸਕਦਾ ਪਰ ਫਿਰ ਕਿਉਂ ਮੇਰੇ ਲੇਖਕ ਵੀਰ ਕਿਸੇ ਵੀ ਸਾਹਿੱਤਿਕ ਨਾਮ ਦੇ ਪ੍ਰੋਗਰਾਮ ਦੌਰਾਨ ਕਿਸੇ ਹੋਰ ਲੇਖਕ ਜਾਂ ਸਾਹਿੱਤਕਾਰ ਵੀਰ ਦੀ ਰਚਨਾ ਜਾਂ ਖ਼ਾਸਕਰ ਉਸ ਦੇ ਵਿਚਾਰਾਂ ਨੂੰ ਸੁਣਨ ਵੇਲੇ ਆਪਣੇ ਆਪ ਨੂੰ ਬੋਰ ਮਹਿਸੂਸ ਕਰਨ ਲੱਗ ਪੈਂਦੇ ਹਨ ਕਿਸੇ ਦੀ ਕੀ ਗੱਲ ਕਰਾਂ ਸ਼ੁਰੂ ਆਪਣੇ ਤੋ ਹੀ ਕਰਦਾ ਹਾਂ ਅਕਸਰ ਜੱਦੋ ਕਿਸੇ ਸਾਹਿੱਤਿਕ ਸਮਾਗਮ ਵਿੱਚ ਜਾਣ ਦਾ ਸਮਾਂ ਮਿਲਦਾ ਹੈ ਤਾਂ ਹੋਰ ਵੀਰ ਦੀ ਰਚਨਾ ਨੂੰ ਸੁਣਨ ਤੇ ਉਸ ਉੱਪਰ ਆਪਣੇ ਆਪ ਹੀ ਵਿਚਾਰ ਤਾਂ ਦੂਰ ਮੈਨੂੰ ਉਡੀਕ ਰਹਿੰਦੀ ਕਿ ਕਦ ਮੇਰੀ ਵਾਰੀ ਆਵੇ ਤੇ ਮੈਂ ਕੁੱਝ ਸੁਣਾਵਾਂ ਤੇ ਮੇਰੀਆਂ ਰਚਨਾਵਾਂ ਨੂੰ ਸੁਣ ਕੇ ਸਰੋਤੇ ਵਾਹ ਵਾਹ ਕਹਿਣ ਉਪਰੰਤ ਕੋਈ ਹੋਰ ਸੁਣਾਵਾਂ ਚਾਹੇ ਨਾ ਸੁਣਾਵਾਂ ਮੈਨੂੰ ਕੀ ਮੈ ਤਾਂ ਜਾਵਾਂ ਮੈਨੂੰ ਤਾਂ ਹੋਰ ਵੀ ਕੰਮ ਬੜੇ ਨੇ, ਮਾਫ਼ ਕਰਨਾ ਇਹੋ ਜਿਹੀ ਸੋਚ ਦੇ ਮਾਲਕ ਸਾਹਿੱਤਿਕ ਦੁਨੀਆ ਵਿੱਚ ਬੇਅੰਤ ਹਨ ਜੋ ਕਿ ਆਪਣੇ ਆਪ ਨੂੰ ਸਿਰਮੌਰ ਸਾਹਿੱਤਕਾਰ ਦਾ ਦਰਜਾ ਦੇ ਰਹੇ ਹਨ।
ਹੁਣ ਗੱਲ ਕਰਦੇ ਹਾਂ ਸਾਹਿੱਤ ਦੀ ਆਖ਼ਿਰ ਸਾਹਿੱਤ ਹੈ ਕੀ ਵੈਸੇ ਨਜ਼ਰੀਏ ਵੱਖ ਵੱਖ ਨੇ ਬਹੁਤ ਸਾਰੇ ਵਿਦਵਾਨਾਂ ਨੇ ਆਪਣੀ ਸੂਝ ਤੇ ਸੋਚ ਅਨੁਸਾਰ ਇਸ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰ ਕੇ ਸਾਹਿੱਤ ਦੀ ਵਿਆਖਿਆ ਕੀਤੀ ਹੈ ਪਰ ਜਿਨ੍ਹਾਂ ਕੁ ਦਾਸ ਜਾਣਦਾ ਹੈ ਆਪ ਜੀ ਨਾਲ ਜ਼ਰੂਰ ਸਾਂਝਾ ਕਰਾਂਗਾ ਕਹਿੰਦੇ ਨੇ ਸਾਹਿੱਤ ਤਾਂ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਸਾਹਿੱਤ ਹੀ ਸਮਾਜ ਵਿੱਚ ਵੱਡੇ ਪਰਿਵਰਤਨ ਲਿਆਉਣ ਦੀ ਸ਼ਕਤੀ ਰੱਖਦਾ ਹੈ ਜਿਵੇਂ ਨਾਟਕ, ਨਾਵਲ, ਕਵਿਤਾ, ਜੀਵਨੀਆਂ, ਸਵੈ-ਜੀਵਨੀਆਂ, ਨਿਬੰਧ, ਸਫ਼ਰਨਾਮਾ, ਲੇਖ, ਗ਼ਜ਼ਲਾਂ, ਚਿੱਤਰਕਾਰੀ ਅਤੇ ਹੋਰ ਬਹੁਤ ਸੇਧ ਦੇਣ ਵਾਲੇ ਗੁਰੂਆਂ ਪੀਰਾਂ ਪੈਗ਼ੰਬਰਾਂ ਦੇ ਵਿਚਾਰਾਂ ਰਾਹੀ ਜਾਂ ਗ਼ੁਲਾਮ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਅਹਿਮ ਰੋਲ ਅਤੇ ਮਨੁੱਖੀ ਜੀਵਨ ਵਿੱਚ ਸਮਾਜਿਕ ਢੰਗ ਨਾਲ ਜਿਊਣ ਲਈ ਲਿਖੇ ਗਏ ਸ਼ਬਦ ਜਾਂ ਬੋਲੇ ਗਏ ਅਲਫਾ ਜਾਂ ਨੂੰ ਕੀਤਾ ਗਿਆ ਕਲਮਬੰਦ ਸਾਹਿੱਤ ਹੀ ਤਾਂ ਹੈ ਜੋ ਕਿ ਮਨੁੱਖੀ ਜੀਵਨ ਵਿੱਚ ਆ ਰਹੀਆਂ ਸਮੱਸਿਆਵਾਂ ਤੇ ਦਵੰਧਾਂ ਨਾਲ ਜੂਝਣ ਲਈ ਕੋਈ ਸਾਰਥਿਕ ਹੱਲ ਦਸ ਸੱਕੇ ਕੁੱਲ ਮਿਲਾ ਕਿ ਸਾਹਿੱਤ ਉਹ ਹੈ ਜੋ ਕਿ ਮਨੁੱਖ ਨੂੰ ਜ਼ਿੰਦਗੀ ਵਧੀਆ ਢੰਗ ਨਾਲ ਜਿਊਣਾ ਸਿਖਾਏ ਅਤੇ ਨਿਰੋਏ ਸਮਾਜ ਦੀ ਸਿਰਜਨਾ ਕਰ ਸਕੇ।
ਪਰ ਸਵਾਲ ਇਹ ਵੀ ਹੈ ਕਿ ਅਜੋਕੇ ਸਮੇਂ ਵਿੱਚ ਜੋ ਅਸ਼ਲੀਲਤਾ ਨਾਲ ਭਰੇ ਗੀਤ, ਲੇਖ, ਕਹਾਣੀਆਂ ਹਨ ਜਿਨ੍ਹਾਂ ਨੂੰ ਫ਼ਿਲਮਾਇਆ ਵੀ ਅਸ਼ਲੀਲ ਤਰੀਕਿਆਂ ਨਾਲ ਜਾਂਦਾ ਹੈ ਫੋਕੀ ਸ਼ੁਹਰਤ ਪ੍ਰਾਪਤ ਕਰਨ ਲਈ ਕੀ ਉਹ ਵੀ ਸਾਹਿੱਤ ਹੈ ਤਾਂ ਮੇਰਾ ਜੁਆਬ ਹੋਵੇਗਾ ਕਦੇ ਵੀ ਨਹੀਂ ਕਿਉਂਕਿ ਸਮਾਜ ਨੂੰ ਗ਼ਲਤ ਦਿਸ਼ਾ ਵੱਲ ਲੈ ਕੇ ਜਾਣ ਵਾਲਾ ਜਿਸ ਨਾਲ ਮਨੁੱਖੀ ਜੀਵਨ ਦਾ ਘਾਣ ਹੁੰਦਾ ਹੋਵੇ ਉਹ ਕਦੇ ਵੀ ਸਾਹਿੱਤ ਦਾ ਰੂਪ ਨਹੀਂ ਹੋ ਸਕਦਾ ਇੱਕ ਲਫ਼ਜ਼ਾਂ ਵਿੱਚ ਉਸ ਨੂੰ ਅਪਰਾਧ ਦਾ ਦਰਜਾ ਜ਼ਰੂਰ ਦਿੱਤਾ ਜਾ ਸਕਦਾ ਹੈ ਜੋ ਕਿ ਕਾਨੂੰਨੀ ਤੌਰ ਤੇ ਅਪਰਾਧ ਵੀ ਹੈ ਪਰ ਸਮਝ ਨਹੀਂ ਆਉਂਦਾ 18 ਸਾਲ ਤੋ ਉੱਪਰ ਉਮਰ ਲਿਖਣ ਵਾਲੇ ਇਹ ਕਾਨੂੰਨੀ ਅਧਿਕਾਰੀ ਹੀ ਕਿਉਂ ਉਨ੍ਹਾਂ ਗੈਰ ਸਾਹਿੱਤਿਕ ਕਿਤਾਬਾਂ ਅਤੇ ਫਿਲਮਾਏ ਜਾ ਰਹੇ ਦ੍ਰਿਸ਼ਾਂ ਤੇ ਸਖ਼ਤੀ ਨਹੀਂ ਵਰਤ ਰਹੇ ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਇਹੋ ਜਿਹੇ ਲੱਚਰਤਾ ਨਾਲ ਜੋੜ ਕੇ ਦੇਸ਼ ਦੇ ਉੱਜਵਲ ਭਵਿੱਖ ਨੂੰ ਹਨੇਰੇ ਵਿੱਚ ਡੋਬਿਆ ਜਾ ਰਿਹਾ ਹੈ।
ਲੋੜ ਹੈ ਆਉਣ ਵਾਲੀ ਪੀੜੀ ਨੂੰ ਇਹੋ ਜਿਹੇ ਜੀਵਨ ਵਿੱਚ ਸੁਚੱਜੀ ਸੇਧ ਵਾਲੇ ਸਾਹਿੱਤ ਨਾਲ ਜੋੜਿਆ ਜਾਵੇ ਜਿਸ ਨਾਲ ਉਨ੍ਹਾਂ ਦਾ ਜੀਵਨ ਤਾਂ ਅਨੰਦ ਪੂਰਵਕ ਬਤੀਤ ਹੋਵੇ ਨਾਲ ਦੀ ਨਾਲ ਸਮਾਜ ਦੇ ਸੇਵਾ ਵਿੱਚ ਅਹਿਮ ਰੋਲ ਅਦਾ ਕਰਨ ਇਸ ਤੋਂ ਇਲਾਵਾ ਦਾਸ ਬੇਨਤੀ ਕਰਦਾ ਹੈ ਉਨ੍ਹਾਂ ਲੇਖਕ, ਕਵੀ ਤੇ ਹੋਰ ਬੁੱਧੀਜੀਵੀ ਵਰਗ ਦੇ ਲੋਕਾਂ ਨੂੰ ਕਿ ਵਿਚਾਰਾਂ ਨੂੰ ਵਿਵਾਦ ਬਣਾ ਕਿ ਕੋਈ ਲੜਾਈ ਦਾ ਮੁੱਦਾ ਨਾ ਬਣਾਇਆ ਜਾਵੇ ਅਤੇ ਆਪਣੀ ਆਤਮਿਕ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਆਖ਼ਿਰ ਵਿੱਚ ਹੋਇਆਂ ਭੁੱਲਾਂ ਚੁੱਕਾਂ ਦੀ ਖਿਮਾ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ
09914062205


08/08/15)
ਸਤਿਨਾਮ ਸਿੰਘ ਮੌਂਟਰੀਅਲ

ਘਟ ਗਿਣਤੀ ਕੌਮਾਂ ਕਿਉਂ ਲਾਉਂਦੀਆਂ ਹਨ ਨਿਤ ਨਵੇਂ ਮੋਰਚੇ??
ਲੋਕ ਤੰਤਰ
(democracy) ਮੁਲਕਾਂ ਵਿੱਚ ਘੱਟ ਗਿਣਤੀ ਕੌਮਾਂ ਵਲੋਂ ਲਾਏ ਜਾਂਦੇ ਮੋਰਚਿਆਂ ਅਤੇ ਲੜੇ ਜਾਂਦੇ ਸੰਘਰਸ਼ਾਂ ਪਿਛੇ ਸਿੱਧਾ ਜਾ ਅਸਿੱਧਾ ਵਹੁ ਗਿਣਤੀ ਕੌਮਾਂ ਦੀਆਂ ਸਰਕਾਰਾਂ ਦਾ ਹੀ ਹੱਥ ਹੁੰਦਾ ਹੈ, ਕਿਉਂਕਿ ਘੱਟ ਗਿਣਤੀ ਕੌਮਾਂ ਵਹੁ ਗਿਣਤੀ ਦੀਆਂ ਕੌਮ ਦੀ ਅੱਖ ਵਿੱਚ ਹਮੇਸ਼ਾਂ ਰੜਕ ਦੀਆਂ ਰਹਿੰਦੀਆਂ ਹਨ, ਵਹੁ ਗਿਣਤੀ ਕੌਮਾਂ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਘੱਟ ਗਿਣਤੀ ਕੌਮਾਂ ਸ਼ਾਂਤੀ ਨਾਲ ਬੈਠਕੇ ਆਪਣੇ ਧਰਮ ਪ੍ਰਤੀ ਅਤੇ ਕੌਮ ਦੀ ਅਜ਼ਦੀ ਬਾਰੇ ਸੋਚ ਸਕਣ ਸਹੀ ਫੈਸਲੇ ਲੈ ਸਕਣ, ਕਿਉਂਕਿ ਸ਼ਾਂਤੀ ਨਾਲ ਬੈਠ ਕੇ ਅਤੇ ਸਹਿਜ ਨਾਲ ਵਿਚਾਰ ਕੇ ਲਏ ਗਏ ਫੈਸਲੇ ਹੀ ਸਹੀ ਫੈਸਲੇ ਹੁੰਦੇ ਹਨ।
ਸਰਕਾਰੀ ਏਜੰਸੀਆਂ ਵਲੋਂ ਪਹਿਲਾਂ ਆਪ ਹੀ ਘੱਟ ਗਿਣਤੀ ਕੌਮਾਂ ਵਿੱਚ ਮਸਲੇ ਖੜੇ ਕੀਤੇ ਜਾਂਦੇ ਹਨ, ਫਿਰ ਆਪ ਹੀ ਹਥਿਆਰ ਚੁਕਣ ਲਈ ਉਕਸਾਇਆ ਜਾਂਦਾ ਹੈ, ਫਿਰ ਅੱਤਵਾਦੀ ਵੱਖਵਾਦੀ ਨਾਮ ਦੇਕੇ ਕਤਲਾਮ ਕੀਤਾ ਜਾਂਦਾ ਹੈ।
ਇਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਜਿਹੜੇ ਘੱਟ ਗਿਣਤੀ ਕੌਮਾਂ ਦੇ ਲੀਡਰ ਗੱਲ ਗੱਲ ਤੇ ਹਥਿਆਰ ਚੁਕਣ ਦੀਆਂ ਡੀਂਗਾਂ ਮਾਰਦੇ ਹੋਣ ਅਸਲ ਵਿੱਚ ਉਹ ਸਰਕਾਰ ਦੇ ਆਪਣੇ ਹੀ ਬੰਦੇ ਹੁੰਦੇ ਹਨ, ਕਿਉਂਕਿ ਘੱਟ ਗਿਣਤੀ ਕੌਮਾਂ ਨੂੰ ਕੁਚਲਣ ਦਾ ਵਹੁ ਗਿਣਤੀ ਸਰਕਾਰਾਂ ਕੋਲ ਇਹੀ ਇੱਕ ਵਧੀਆ ਤਰੀਕਾ ਹੈ।
ਰੱਬ ਨਾ ਕਰੇ, ਜੇ ਕਿਸੀ ਕੌਮ ਨਾਲ ਕੋਈ ਦੁਖਾਂਤ ਬਾਪਰ ਜਾਂਦਾ ਹੈ ਤਾਂ ਕੌਮੀ ਕਤਲਾਮ ਤੋਂ ਬਾਦ ਜਰੂਰੀ ਹੈ ਕਿ ਉਹ ਕੌਮ ਆਪਣੇ ਨਾਲ ਵਾਪਰੇ ਦੁਖਾਂਤ ਦਾ ਲੇਖਾਂ ਜੋਖਾ ਕਰੇ ਤਾਂ ਕਿ ਅੱਗੇ ਤੋ ਐਸਾ ਨਾ ਵਾਪਰੇ,
ਪਰ ਨਾ ਸਮਝ ਕੌਮਾਂ ਛੋਟੀਆਂ ਛੋਟੀਆਂ ਉਲਝਣਾ ਵਿੱਚ ਉਲਝ ਕੇ ਆਪਣਾ ਨੁਕਸਾਨ ਕਰਵਾਉਂਦੀਆਂ ਹੀ ਰਹਿੰਦੀਆਂ ਹਨ, ਦੂਜੇ ਪਾਸੇ ਸਮਝਦਾਰ ਤੇ ਗਿਆਨਵਾਨ ਕੌਮਾਂ ਕੋਈ ਵੱਡਾ ਨੁਕਸਾਨ ਹੋਣ ਤੋ ਬਾਦ ਸਭਲ ਜਾਂਦੀਆਂ ਹਨ, ਜਹੂਦੀਆਂ ਦੀ ਮਿਸਾਲ ਸਾਡੇ ਸਾਮ੍ਹਣੇ ਹੈ।
ਜਹੂਦੀਆਂ ਨੇ ਆਪਣੇ ਕਤਲਾਮ ਤੋਂ ਬਾਦ ਧਰਮ ਯੁੱਧ ਮੋਰਚੇ ਨਹੀਂ ਲਾਏ ਸੀ, ਨਾਹੀਂ ਭੁੱਖ ਹੜਤਾਲਾਂ ਰਖੀਆਂ ਸੀ, ਸਗੋਂ ਉਹਨਾਂ ਦੇ ਵਿਦਵਾਨਾ ਨੇ ਬੈਠਕੇ ਆਪਣੇ ਧਰਮ ਦਾ ਅਤੇ ਆਪਣੇ ਨਾਲ ਹੋਏ ਕਤਲਾਮ ਦਾ ਡੁੰਘਾਈ ਨਾਲ ਅਧਿਐਨ ਕੀਤਾ, ਅੱਗੇ ਤੋਂ ਆਪਣਾ ਸਾਰਾ ਪੈਸਾ ਧਰਮ ਦੇ ਪਰਚਾਰ ਅਤੇ ਆਪਣੇ ਬਚਿਆਂ ਦੀ ਪੜ੍ਹਾਈ
(education) ਤੇ ਖਰਚ ਕੀਤਾ, ਅੱਜ ਉਸ ਕੌਮ ਕੋਲ ਆਪਣੀ ਵਖਰੀ ਸਟੇਟ ਵੀ ਹੈ ਤੇ ਪੜ੍ਹਾਈ ਅਤੇ ਪੈਸੇ ਵਿੱਚ ਵੀ ਲਗਭਗ ਸਾਰੀ ਦੁਨੀਆ ਤੋਂ ਅੱਗੇ ਹੈ।
ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਆਣ ਵਾਲੇ ਵੀਹ (੨੦) ਸਾਲ ਤੱਕ ਕੋਈ ਮੋਰਚਾ ਨਾ ਲਾਉਣ, ਕੋਈ ਭੁੱਖ ਹੜਤਾਲ਼ ਨਾ ਰਖਣ, ਕੋਈ ਨਾਹਰੇ ਬਾਜੀ ਨਾ ਕਰਨ, ਛੋਟੇ ਛੋਟੇ ਮਸਲਿਆਂ ਨੂੰ ਛੱਡ ਕੇ ਬਿਲਕੁਲ ਸ਼ਾਂਤ ਹੋਕੇ ਸਾਰੇ ਦਾ ਸਾਰਾ ਧਿਆਨ ਦੋ ਗੱਲਾ ਵੱਲ ਕੇਂਦਰਿਤ ਕਰਨ,
੧ ਕੇਵਲ ਤੇ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਘਰ ਘਰ ਵਿੱਚ ਚੰਗੀ ਤਰਾਂ ਅਧਿਐਨ
(study) ਕਰਨ, ਅਤੇ ਆਪਸ ਵਿੱਚ ਜੁੜ ਬੈਠਕੇ ਗੁਰਬਾਣੀ ਦੇ ਇੱਕ ਇੱਕ ਵਿਸ਼ੇ ਨੂੰ ਕਈ ਕਈ ਬਾਰ ਵਿਚਾਰਨ।
੨ ਸਿੱਖ ਅਪਣਾ ਮੇਹਨਤਾਂ ਨਾਲ ਕਮਾਇਆ ਹੋਇਆ ਪੈਸਾ ਗੁਰਦਵਾਰਿਆਂ ਵਿੱਚ ਸੰਗਮਰਮਰ ਲਗਾਉਣ ਅਤੇ ਸੋਨੇ ਦੇ ਗੋਮਟ ਝੜਾਉਣ ਦੇ ਵਜਾਇ ਸਿੱਖ ਬੱਚਿਆਂ ਦੀ ਪੜ੍ਹਾਈ
(education)
ਉਤੇ ਖਰਚ ਕਰਨ, ਅਤੇ ਸਿੱਖ ਅਸੂਲਾਂ ਦੀ ਸਹੀ ਸਹੀ ਜਾਣਕਾਰੀ ਘਰ ਘਰ ਪਹੁੰਚਾਉਣ ਦੇ ਉਤੇ ਖਰਚ ਕਰਨ।
ਰੋਜ ਲਾਏ ਜਾਂਦੇ ਮੋਰਚਿਆਂ ਵਿੱਚੋ ਅਤੇ ਰੋਜ ਕੀਤੀ ਜਾਂਦੀ ਨਾਹਰੇ ਬਾਜੀ ਨਾਲ ਕਦੇ ਕਰਾਂਤੀ ਨਹੀਂ ਆਉਂਦੀ।
ਤੁਫਾਨ ਜਦੋਂ ਵੀ ਉਠਦਾ ਹੈ ਸ਼ਾਂਤ ਵਾਤਾਵਰਨ ਵਿੱਚੋ ਹੀ ਉਠਦਾ ਹੈ, ਰੋਜ ਦੇ ਬੁਲਿਆਂ ਵਿੱਚ ਚਲਣ ਵਾਲੀ ਹਵਾ ਕਦੇ ਤੁਫਾਨ ਨਹੀਂ ਬਣਦੀ।
ਸਤਿਨਾਮ ਸਿੰਘ ਮੌਂਟਰੀਅਲ ੫੧੪-੨੧੯-੨੫੨੫


08/08/15)
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਇੱਕ ਤੇਰਾ ਹੀ ਸਹਾਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਨੂੰ ਤੇਰੇ ਬਿਨਾ ਦੁਨੀਆਂ ਦੀ ਲੋੜ ਕੋਈ ਨਾ।
ਤੇਰੇ ਨਾਲ ਰਹਿਕੇ ਰਹਿੰਦੀ ਹੋਰ ਥੋੜ ਕੋਈ ਨਾ।
ਮੇਰਾ ਇਕੋ ਹੈ ਨਿਸ਼ਾਨਾ, ਯਾਰਾ ਕਿਵੇਂ ਮਿਲ ਜਾਵੇਂ,
ਹਾਕਾਂ ਮਾਰਾਂ ਤੈਨੂੰ ਵਾ `ਚ, ਬੋਲ ਕਦੇ ਸੁਣ ਪਾਵੇਂ।
ਜੋੜ ਸਜਣਾ, ਇਉਂ ਆਪ ਤੋਂ ਵਿਛੋੜ ਕੋਈ ਨਾ।
ਮੈਨੂੰ ਤੇਰੇ ਬਿਨਾ ਦੁਨੀਆਂ ਦੀ ਲੋੜ ਕੋਈ ਨਾ।
ਮਾਇਆ ਜੱਗ ਦੀ ਕਮਾਕੇ ਹੋਇਆ ਕੌਣ ਕਦੋਂ ਉੱਚਾ?
ਤੇਰੇ ਨਾਲ ਜੋ ਜੁੜੇ ਉਹ ਹੰਦਾ ਦਿਲੋਂ ਸੱਚਾ ਸੁੱਚਾ।
ਸੱਚੇ ਨਾਮ ਦੀ ਕਮਾਈ ਦਾ ਤਾਂ ਜੋੜ ਕੋਈ ਨਾ।
ਮੈਨੂੰ ਤੇਰੇ ਬਿਨਾ ਦੁਨੀਆਂ ਦੀ ਲੋੜ ਕੋਈ ਨਾ।
ਤੇਰੇ ਬੰਦਿਆਂ `ਚ ਰਹਿਕੇ ਜੋ ਕਮਾਵਾਂ ਵੰਡ ਖਾਵਾਂ।
ਮਾਇਆ ਮੋਹ ਦੀ ਥਾਂ ਤੇ ਨਾਮ ਦੀ ਕਮਾਈ ਕਰੀ ਜਾਵਾਂ।
ਮੰਗਾਂ ਤੇਰਾ ਹੀ ਸਹਾਰਾ, ਜਿਥੋਂ ਥੋੜ ਕੋਈ ਨਾ।
ਮੈਨੂੰ ਤੇਰੇ ਬਿਨਾ ਦੁਨੀਆਂ ਦੀ ਲੋੜ ਕੋਈ ਨਾ।


08/08/15)
ਭੁਪਿੰਦਰ ਸਿੰਘ ਬੋਪਾਰਾਏ

ਮਾਂ
ਮੈਂ ਰੋਵਾਂ, ਮੈਂ ਰੋਵਾਂ, ਰੋਵਾਂ ਮੈਂ ਫਿਰ ਤਾਂ
ਨਹੀਂ ਮਿਲਣੀ ਨਹੀਂ ਮਿਲਣੀ ਮਿਲਣੀ ਨਾ ਕਿਤੋਂ ਮਾਂ
ਨਾਲ ਉਸਦੇ ਰੋਣਕ ਸੀ ਜੋ ਰੋਣਕ ਨਾ ਹੁਣ ਲੱਗਣੀ
ਮਮਤਾ ਦੀ ਉਹ ਮੂਰਤ ਮੈਨੂੰ ਲੱਭਿਆਂ ਤੋਂ ਨਾ ਲੱਭਣੀ
ਲਗ ਪਿਆ ਲੱਗਣ ਅੱਜ ਬਿਗਾਨਾ ਭਾਵੇਂ ਉਹੀ ਗਰਾਂ
ਨਹੀਂ ਮਿਲਣੀ, ਨਹੀਂ ਮਿਲਣੀ ....
ਅੱਜ ਵੀ ਹਨ ਮੈਨੂੰ ਗੱਲਾਂ ਚੇਤੇ ਨਿੱਕੀ ਊਮਰ ਦੀਆਂ
ਹਰ ਇੱਕ ਬਾਲ ਨਾਲ ਜੋ ਨੇ ਰਹੀਆਂ ਗੁਜਰ ਦੀਆਂ
ਵੇਖ ਕੇ ਗਿੱਲਾ ਝੱ ਟ ਕਰਦੀ ਸੀ ਹੇਠਾਂ ਸੁੱਕੀ ਥਾਂ
ਨਹੀਂ ਮਿਲਣੀ, ਨਹੀਂ ਮਿਲਣੀ ...........
ਲੱਖ ਵਾਰੀ ਸੀ ਘੂਰੇ ਮਾਰੇ ਦਿਲੋਂ ਅਸੀਸਾਂ ਦਿੰਦੀ ਸੀ
ਜੁਗ ਜੁਗ ਜੀਵੋ ਵਧੋ ਫੁੱਲੋ ਗੱਲ ਗੱਲ ਤੇ ਕਹਿੰਦੀ ਸੀ
ਬੁੱਕਲ ਸੀ ਮਾਂ ਦੀ ਲਗਦੀ ਬੋਹੜ ਜਿਹੀ ਸੰਘਣੀ ਛਾਂ
ਨਹੀਂ ਮਿਲਣੀ ਨਹੀਂ ਮਿਲਣੀ .........
'ਬੋਪਾਰਾਏ ' ਵੱਸ ਜੇ ਹੋਵੇ ਕੋਈ ਮਾਂ ਮਰਨ ਨਾ ਦੇਵੇ
ਮਮਤਾ ਵਾਲਾ ਸਿਰੋਂ ਸਾਇਆ ਸੁੱਨਾਂ ਕਰਨ ਨਾ ਦੇਵੇ
ਐਨ ਸਾਹਵਾਂ ਇਹ ਰੱਬ ਹੈ ਲੋਕੋ ਮਾਂ ਹੀ ਰੱਬ ਦਾ ਨਾਂ
ਨਹੀਂ ਮਿਲਣੀ ਨਹੀਂ ਮਿਲਣੀ ਮਿਲਣੀ ਨਾ ਕਿਤੋਂ ਮਾਂ
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ - 98550 91442


06/08/15)
ਗੁਰਮੀਤ ਸਿੰਘ ਮੁਕਤਸਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ,
ਮੈ ਪਿਛਲੇ ਛੇ ਕੁ ਮਹੀਨਿਆਂ ਤੋ ਸਿੱਖ ਮਾਰਗ ਪੜ ਰਿਹਾ ਹਾਂ ਜੀ ਤੇ ਕਾਫੀ ਕੁਝ ਮੈਂ ਇਥੋਂ ਸਿਖਿਆ ਹੈ। ਮੇਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮੈਨੂੰ ਮਿਲੇ ਹਨ। ਉਮੀਦ ਹੈ ਕਿ ਹੋਰ ਵੀ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ।
ਬਹੁਤ ਬਹੁਤ ਧੰਨਵਾਦ
ਗੁਰਮੀਤ ਸਿੰਘ
ਸ਼੍ਰੀ ਮੁਕਤਸਰ ਸਾਹਿਬ


06/08/15)
ਦਲਜੀਤ ਸਿੰਘ ਲੁਧਿਆਣਾ

ਨਾਨਕ ਮਿਸ਼ਨ
(ਮਾਨਵ-ਵਾਦ)
ਜੇ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਰਚੀ ਹੁੰਦੀ ਤਾਂ ਓਹ ਹਰ ਹਾਲਤ ਵਿੱਚ ਨਾਨਕ ਸ਼ਾਪ ਹੇਠ ਹੀ ਹੋਣੀ ਸੀ ਕਿਓਂਕਿ ੬ ਗੁਰੂ ਸਹਿਬਾਨ ਦੀ ਸਾਰੀ ਬਾਣੀ ਨਾਨਕ ਸ਼ਾਪ ਹੇਠ ਹੀ ਹੈ। ਜੇ ਓਹਨਾਂ ਨੇ ਬਾਣੀ ਰਚੀ ਹੁੰਦੀ ਤਾਂ ਓਹ ਓਸ ਸਮੇਂ ਆਪਣੀ ਬਾਣੀ ਵੀ ਗੁਰਬਾਣੀ ਗਰੰਥ ਵਿੱਚ ਸ਼ਾਮਲ ਕਰਦੇ ਜਦ ਓਹਨਾਂ ਨੇ ਨੌਵੇਂ ਪਾਸ਼ਾਹ ਦੀ ਬਾਣੀ ਦਰਜ ਕੀਤੀ ਸੀ। ਇਹ ਦੋ ਗੱਲਾਂ ਜੇ ਕਿਸੇ ਕਮ-ਅਕਲ ਵਾਲੇ ਨੂੰ ਵੀ ਸਮਝਾਈਏ ਤਾਂ ਸਮਝ ਜਾਏਗਾ। ਪਰ ਇਹ ਬਚਿੱਤਰ-ਨਾਟਕ ਦੇ ਹਿਮਾਇਤੀਆਂ ਅਤੇ ਆਪਣੇ ਆਪ ਨੂੰ ਟਕਸਾਲੀ ਕਹਿਣ ਵਾਲਿਆਂ ਦੇ ਖਾਨੇ 'ਚ ਨਾ ਬੈਠਣ ਦੇ ਕੋਈ ਗੁਝੇ ਕਾਰਨ ਹੋ ਸਕਦੇ ਹਨ। ਮੈਂ ਇਹਨਾਂ ਦੀ ਰਹਿਤ ਮਰਿਯਾਦਾ ਦੀ ਸੰਖੇਪ ਕਿਤਾਬ ਪੜ੍ਹੀ ਸੀ ਜੋ ਸਾਰੀ ਗੁਰਬਾਣੀ ਦੇ ਪ੍ਰਤੀਕੂਲ ਹੈ। ਜਿਆਦਾ ਤਰ ਸੰਸਥਾਵਾਂ / ਜੱਥਿਆਂ ਨੇ ਗੁਰਮੱਤ ਗਾਡੀ ਰਾਹ ਦਾ ਬੇ-ਅੰਤ ਨੁਕਸਾਨ ਕੀਤਾ ਹੈ ਖਾਸ-ਕਰ ਜੋ ਇਸ ਬਚਿੱਤਰ-ਨਾਟਕ (ਅਖੌਤੀ-ਦਸਮ-ਗ੍ਰੰਥ) ਦੇ ਹਮਾਇਤੀ ਅਤੇ ਉਪਾਸ਼ਕ ਹਨ। ਭਾਵੇਂ ਕੋਈ ਕਿਸੇ ਵੀ ਸੰਸਥਾ ਨਾਲ ਹੈ, ਜੇ ਓਹ ਸ਼ਬਦ ਗੁਰੂ ਗੁਰਬਾਣੀ ਨੂੰ ਛੱਡ ਕੇ ਆਪਣੀ ਸੰਸਥਾ ਦਾ ਅੰਨ੍ਹਾਂ ਹਮਾਇਤੀ ਹੈ, ਤਾਂ ਓਹ ਵੀ ਹਾਲੇ ਸਿੱਖੀ ਤੋਂ ਕੋਹਾਂ ਦੂਰ ਹੀ ਹੈ। ਬਚਿੱਤਰ -ਨਾਟਕ ਦੇ ਹਿਤੈਸ਼ੀਆਂ ਨੇ ਤਾਂ ਜੋ ਗੁਰਮੱਤ ਦਾ ਘੋਰ ਨੁਕਸਾਨ ਕੀਤਾ ਹੈ ਉਸਦੀ ਸਜ਼ਾ ਤਾਂ ਇਹਨਾਂ ਨੂੰ ਮਿਲ ਹੀ ਰਹੀ ਹੈ, ਪਰ ਜੋ ਆਪਣੀਆਂ ਸੰਸਥਾ ਨਾਲ ਜੁੜ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ 'ਚ ਰਹਿੰਦੇ ਹਨ ਓਹ ਵੀ ਗੁਰਮੱਤ ਦਾ ਨੁਕਸਾਨ ਕਰਨ ਵਿੱਚ ਪਿਛੇ ਨਹੀਂ ਹਨ। ਓ ਭਲਿਓ ਲੋਕੋ ਗਰੂ ਸਾਨੂੰ ,''ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ਸਚਾ ਸਾਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥'' ਦੀ ਗੱਲ ਸਮਝਾਉਂਦਾ ਹੈ ਅਤੇ ,''ਖਸਮੁ ਛੋਡਿ ਦੂਜੈ ਲਗੇ ਦੁਬੇ ਸੇ ਵਣਜਾਰਿਆ॥'' ਵੀ ਸਮਝਾਉਂਦਾ ਹੈ। ਫਿਰ ਬਚਿੱਤਰ-ਨਾਟਕ ਦਾ ਪੀਹੜਾ ਗੁਰੁ ਦੇ ਬਰਾਬਰ ਡਾਹੁਣ ਵਾਲੇ ਤਾਂ ਗੁਰੁ ਦੇ ਸਿੱਖ ਹੀ ਨਾ ਹੋਏ ਪਰ ਦੇਖੋ ਰੰਗ ਕਰਤਾਰ ਦੇ ਇਹ ਆਪਣੇ ਆਪ ਨੂੰ ਸਭ ਤੋ ਪੱਕੇ ਸਿੱਖ ਮੰਨਦੇ ਹਨ। ਜਰਨੈਲ ਸਿੰਘ ਭਿੰਡਰਾਂ ਵਾਲਾ ਵੀ ਇਸ ਕੂੜ ਗ੍ਰੰਥ ਦਾ ਪੱਕਾ ਹਿਮਾਇਤੀ ਸੀ। ਉਸਨੇ ਜੋ ਕੌਮ ਦਾ ਨੁਕਸਾਨ ਕੀਤਾ ਹੈ ਉਸਨੂੰ ਭਰਨ ਲਈ ਹਾਲੇ ਬਹੁਤ ਲੰਬਾ ਸਮਾਂ ਲਗੇਗਾ। ਸ਼ਾਇਦ ਇਨਾਂ ਲੰਬਾ ਸਮਾਂ ਜਦ ਤੱਕ ਸਿੱਖ ਕਹਾਉਣ ਅਤੇ ਇਸ ਬਚਿੱਤਰ-ਨਾਟਕ ਮੰਨਣ ਵਾਲੇ ਸੁਹਾਗਣਾ ਨਹੀਂ ਬਣਦੀਆਂ ਭਾਵ ,''ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥'' ਤੇ ਨਹੀਂ ਆਉਂਦੇ ਜਾਣੀ ਇਸ ਕੂੜ-ਗ੍ਰੰਥ ਦਾ ਖਹਿੜਾ ਨਹੀਂ ਛੱਡਦੇ। ਗੁਰੁ ਦੀ ਕਿਰਪਾ ਇੱਕ ਖਸਮ ਦੀਆਂ ਸੁਹਾਗਣਾ ਬਣਕੇ ਹੀ ਹੋਣੀ ਹੈ। ਬਦਕਾਰਾਂ ਬਣਕੇ ਨਹੀਂ। ਸੱਚ ਕੌੜਾ ਜਰੂਰ ਹੁੰਦਾ ਹੈ ਜੇ ਖਾ ਕੇ ਪਚਾ ਲਿਆ ਜੇ ਤਾਂ ਕਾਇਆ-ਕਲਪ ਕਰ ਦੇਂਦਾ ਹੈ, ''ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥''...........ਭੁੱਲਾਂ ਲਈ ਖਿਮਾਂ !
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
ਦਲਜੀਤ ਸਿੰਘ ਲੁਧਿਆਣਾ


06/08/15)
ਆਤਮਜੀਤ ਕੌਰ ਆਤਮ

ਸੱਚ
ਸੱਚ ਨੂੰ ਮਨਫ਼ੀ ਕੀਤਿਆਂ ਵੀ
ਸੱਚ ਨੇ ਰੂਪ ਨਾ ਵਟਾਇਆ
ਸੱਚ ਸੱਚ ਬਣ ਕੇ ਹੀ
ਸੱਚ ਦੇ ਆੜੇ ਆਇਆ
ਸੱਚ ਤਾਂ ਸੱਚ ਸੀ
ਹਾਂ, ਕੱਚ ਜਰੂਰ ਸੀ
ਪਰ ਕੱਚਾ ਨਹੀਂ ਸੀ
ਕੌੜਾ ਤਾਂ ਜਰੂਰ ਸੀ
ਪਰ ਸੱਚ ਸੱਚ ਹੀ ਸੀ
-ਆਤਮਜੀਤ ਕੌਰ ਆਤਮ


05/08/15)
ਦਲਜੀਤ ਸਿੰਘ ਲੁਧਿਆਣਾ

ਨਾਨਕ ਮਿਸ਼ਨ
(ਮਾਨਵ-ਵਾਦ)

ਦੁਨਿਆਵੀ ਵਸਤਾਂ ਲਈ ਕੀਤੀ ਅਰਦਾਸ ਸਾਨੂੰ ਸਾਨੂੰ ਪ੍ਰਭੂ ਨਾਲੋਂ ਤੋੜਦੀ ਹੈ । ਦੁਨਿਆਵੀ ਵਸਤਾਂ ਲਈ ਕੀਤੀ ਗਈ ਅਰਦਾਸ ਨਾ ਪੂਰੀ ਹੋਣ ਤੇ ਸਾਡਾ ਆਪਣੇ ਇਸ਼ਟ ਤੋ ਵਿਸ਼ਵਾਸ਼ ਡਾਵਾਂ-ਡੋਲ ਹੋ ਜਾਂਦਾ ਹੈ, ਕਿਓਂਕਿ ਜੇ ਅਰਦਾਸ ਕਰਨ ਵਾਲੇ ਦੇ ਹਿੱਸੇ ਵਿੱਚ ਪ੍ਰਭੂ ਨੇ ਦੁਨਿਆਵੀ ਵਸਤਾਂ, ਜਿਹਨਾਂ ਲਈ ਅਰਦਾਸ ਕੀਤੀ ਗਈ ਹੈ, ਨਹੀਂ ਲਿਖੀਆਂ ਤਾਂ ਉਹ ਅਰਦਾਸ ਕਦੇ ਪੂਰੀ ਹੋਣੀ ਨਹੀਂ। ਮਨੁੱਖ ਮਨ ਦੇ ਵੱਸ ਹੋ ਕੇ ਥਾਉਂ-ਥਾਉਂ ਜਾ ਕੇ ਅਰਦਾਸਾਂ ਕਰਦਾ ਹੈ, ਨਵੇਂ ਖਸਮ ਬਣਾਉਂਦਾ ਹੈ। ਫਿਰ ਉਸਦੀ ਹਾਲਤ ਉਸ ਛੁੱਟੜ ਔਰਤ ਜੈਸੀ ਹੋ ਜਾਂਦੀ ਹੈ ਜੋ ਭਾਂਤ-ਭਾਂਤ ਦੇ ਖਸਮ ਬਣਾ ਕੇ ਕਦੇ ਵੀ ਸੁੱਖ ਨਹੀਂ ਪਾਉਂਦੀ। ਇਸਨੂੰ ਗੁਰਬਾਣੀ ਵਿੱਚ, ''ਖਸਮੁ ਵਿਸਾਰਿਹ ਤੇ ਕਮਜਾਤਿ ॥'' ਕਿਹਾ ਗਿਆ ਹੈ। ਇਸ ਲਈ ਮਨੁੱਖ ਦੁਨਿਆਵੀ ਵਸਤਾਂ ਮੰਗਦਾ-ਮੰਗਦਾ ਖਿੰਡ ਹੀ ਜਾਂਦਾ ਹੈ। ਮਨ ਨੂੰ ਸਬਰ-ਸ਼ੁਕਰ ਦੀ ਅਵਸਥਾ 'ਚ ਲਿਆਉਣ ਲਈ ਹਮੇਸ਼ਾਂ ਆਪਣੇ ਤੋਂ ਨੀਚੇ ਪਾਸੇ ਵਾਲੇ ਲੋਕਾਂ ਨੂੰ ਦੇਖ ਕੇ ਜਿਉਣਾ ਚਾਹੀਦਾ ਹੈ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕੀ ਮਿਹਨਤ ਕਰਨੀ ਛੱਡ ਦਿੱਤੀ ਜਾਵੇ। ਸਖਤ ਮਿਹਨਤ ਜਾਣੀ ਕਿ ਕਰਮ ਕਰਕੇ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ, ਫੋਕੀਆਂ ਅਰਦਾਸਾਂ ਨਾਲ ਨਹੀਂ। ਅਕਸਰ ਦੇਖਦੇ ਹਾਂ ਕਿ ਕਈ ਵਾਰ ਬਿਨਾਂ ਮਿਹਨਤ ਤੋਂ ਵੀ ਮਨੁੱਖ ਦੀ ਹਾਲਤ ਮਾਇਕ ਤੌਰ ਤੇ ਬਹੁਤ ਵਧੀਆ ਹੋ ਜਾਂਦੀ ਹੈ, ਜਾਣੀ ਇਹ ਕਹਿ ਸਕਦੇ ਹਾਂ ਕਿ ਜਿੰਨਾ ਪੈਸਾ ਆਉਂਦਾ ਹੈ ਓਨੀ ਮਿਹਨਤ ਨਹੀਂ ਕੀਤੀ ਹੁੰਦੀ । ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਮਿਹਨਤ ਬਹੁਤ ਕਰਦੇ ਹਨ ਪਰ ਆਰਥਿਕ ਤੌਰ ਤੇ ਸਦਾ ਹੀ ਡਾਵਾਂ-ਡੋਲ ਰਹਿੰਦੇ ਹਨ; ਸ਼ਾਇਦ ਉਹਨਾਂ ਦੇ ਹਿੱਸੇ ਵਿੱਚ ਕੁਦਰਤ ਨੇ ਬਹੁਤ ਨਹੀ ਲਿਖਿਆ ਹੁੰਦਾ, ਇਹੀ ਕਿਹਾ ਜਾ ਸਕਦਾ ਹੈ। ਫਿਰ ਇੱਥੇ ਆ ਕੇ ਮਨੁੱਖ ਦੇ ਸਬਰ ਦੀ ਪਰਖ ਹੁੰਦੀ ਹੈ। ਇੱਥੇ ਆਕੇ ਗੁਰੂ ਵੀ ਇਹੋ ਕਹਿੰਦਾ ਹੈ, ''ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ॥'' ਫਿਰ ਮਨੁੱਖ ਦੀ ਦੁਨਿਆਵੀ ਵਸਤਾਂ ਵਾਲੀ ਅਰਦਾਸ ਨੂੰ ਕਿੱਥੇ ਖੜੀ ਮੰਨਿਆਂ ਜਾਏ। ਗੁਰੂ ਵਲੋਂ ਦੱਸੀ ਅਰਦਾਸ ਤਾਂ ਸਾਨੂੰ ਇਹੋ ਸਿਖਾਉਂਦੀ ਹੈ, ''ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰੀ ਦਿਖਣ ਕਈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ॥'' ਜਿਓਂ-ਜਿਓਂ ਮਨੁੱਖ ਦੀ ਅਵਸਥਾ ਪ੍ਰਭੂ ਨੂੰ ਹਰ ਸਮੇ ਯਾਦ ਰੱਖਣ ਕਾਰਨ ਉੱਚੀ ਹੁੰਦੀ ਜਾਂਦੀ ਹੈ ਉਸਦਾ ਅਰਦਾਸ ਪ੍ਰਤੀ ਰਵਈਆ, ''ਕਿਆ ਮਾਗਉ ਕਿਛੁ ਥਿਰੁ ਨ ਰਹਾਈ॥ ਦੇਖਤ ਨੈਨ ਚਲਿਓ ਜਗੁ ਜਾਈ ॥'' ਵਾਲਾ ਹੋ ਜਾਂਦਾ ਹੈ। ਇਸ ਲਈ ਸੱਚੀ ਖੁਸ਼ੀ ਹਾਸਲ ਕਰਨ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਦੁਨਿਆਵੀ ਵਸਤਾਂ ਲਈ ਅਰਦਾਸਾਂ ਕਰਨ ਨਾਲੋਂ ਪ੍ਰਭੂ ਦੀ ਰਜ਼ਾ 'ਚ ਰਹਿ ਕੇ ਉਸ ਮਾਲਕ ਦਾ ਸ਼ੁਕਰ-ਗੁਜ਼ਾਰ ਹੋਕੇ ਜੀਣਾ ਸਿੱਖੇ।

ਦਲਜੀਤ ਸਿੰਘ ਲੁਧਿਆਣਾ
ਮੋਬਾਇਲ 9815570819


05/08/15)
ਆਤਮਜੀਤ ਕੌਰ ‘ਆਤਮ’

ਔਖੇ ਪੈਂਡਿਆਂ ਦੇ ਰਾਹੀ
ਦੁਚਿੱਤੀਆਂ ਨਾਲ ਘਿਰੇ ਇਨਸਾਨ ਨੂੰ ਰਾਹਾਂ ਜਾਂ ਮੰਜ਼ਲਾਂ ਨਹੀਂ, ਮੁਸੀਬਤਾਂ ਹੀ ਦਿਖਾਈ ਦਿੰਦੀਆਂ ਹਨ ਤੇ ਮੁਸੀਬਤਾਂ ਵੀ ਏਦਾਂ ਦੀਆਂ ਜਿਵੇਂ ਪਹਾੜ ਹੋਣ। ਇਨਸਾਨ ਅਣਜਾਣ ਵਕਤ ਤੋਂ ਡਰਦਾ ਵੀ ਹੈ ਤੇ ਸਹਾਰਾ ਵੀ ਬਣਾ ਲੈਂਦਾ ਹੈ ਕਿ ਚੱਲ ਜੋ ਵੀ ਹੋਏਗਾ ਵੇਖਿਆ ਜਾਵੇਗਾ ਏਦਾਂ ਜਿਵੇਂ ਮੁਸੀਬਤ ਵੇਲੇ ਗਧੇ ਨੂੰ ਪਿਉ ਬਣਾਉਣ ਦੀ ਕਹਾਵਤ ਮਸ਼ਹੂਰ ਹੈ। ਅਸਲ ਵਿੱਚ ਉਹ ਡਰਦਾ ਹੀ ਹੁੰਦਾ ਹੈ ਕਿ ਪਤਾ ਨਹੀਂ ਅੱਗੇ ਕੀ ਹੋਵੇਗਾ ਪਰ ਫਿਰ ਵੀ ਉਹ ਡਰਦਾ- ਡਰਦਾ ਅੱਗੇ ਵੱਲ ਨੂੰ ਵੱਧਦਾ ਹੈ ਸ਼ਾਇਦ ਇਹੀ ਜ਼ਿੰਦਗੀ ਹੈ ਤੇ ਜ਼ਿੰਦਗੀ ਦੀ ਸੱਚਾਈ ਵੀ, ਜਿਸਨੂੰ ਕੋਈ ਵੀ ਇਨਸਾਨ ਝੂਠਲਾ ਨਹੀਂ ਸਕਦਾ। ਇਸ ਪ੍ਰਕਾਰ ਅਸੀਂ ਅਣਜਾਣ ਵਕਤ ਤੇ ਜਾਨ ਨੂੰ ਖਾਂਦਾ ਹੋਇਆ ਡਰ ਹੀ ਸਾਨੂੰ ਮੰਜ਼ਿਲ ਵੱਲ ਲੈ ਕੇ ਜਾਂਦੇ ਹਨ ਤੇ ਜਦੋਂ ਅਸੀਂ ਮੰਜ਼ਿਲ `ਤੇ ਪਹੁੰਚ ਜਾਂਦੇ ਹਾਂ ਤਾਂ ਇਹ ਡਰ, ਭਉ, ਮੁਸੀਬਤਾਂ ਸਭ ਖੰਭ ਲਾ ਕੇ ਉੱਡ ਜਾਂਦੀਆਂ ਹਨ। ਇੱਕ ਸਕੂਨ ਜਿਹਾ ਮਿਲਦਾ ਹੈ ਮਨ ਨੂੰ ਅਸੀਂ ਰਾਹਤ ਮਹਿਸੂਸ ਕਰਦੇ ਹਾਂ, ਅਨੰਦ ਮਾਣਦੇ ਹਾਂ ਤੇ ਸਬਕ ਵੀ ਸਿੱਖਦੇ ਹਾਂ ਕਿ ਜਿਹੜੀਆਂ ਮੁਸੀਬਤਾਂ ਬੀਤੀ ਘੜੀ `ਚ ਆਈਆਂ ਸਨ, ਜਿਹੜਾ ਡਰ ਉਸ ਵਕਤ ਸਾਮਨ ਤੇ ਦਿਮਾਗ ਉੱਪਰ ਛਾਇਆ ਹੋਇਆ ਸੀ, ਉਹ ਇੰਨੇ ਬਲਵਾਨ ਨਹੀਂ ਸੀ ਕਿ ਸਾਡੇ ਉੱਤੇ ਭਾਰੂ ਹੋ ਕੇ, ਸਾਡੇ ਪੈਰਾਂ ਵਿੱਚ ਬੇੜੀਆਂ ਬੰਨ੍ਹ ਕੇ ਸਾਨੂੰ ਮੰਜ਼ਿਲ ਵੱਲ ਵੱਧਣੋਂ ਰੋਕਦਾ। ਮਹਤੱਵਪੂਰਨ ਕੀ ਹੈ? ਮਹਤੱਵਪੂਰਨ ਸਾਡਾ ਡਰ ਹੈ? ਮਹਤੱਵਪੂਰਨ ਸਾਡੀ ਮੁਸੀਬਤ ਹੈ ਜਾਂ ਸਾਡੇ ਹੌੰਸਲੇ ਜਿਹੜੇ ਥੋੜ੍ਹੇ ਜਿਹੇ ਡਰ ਦੇ ਬਾਵਜੂਦ ਵੀ ਬੁਲੰਦੀਆਂ ਨੂੰ ਛੂਹਣ ਦੀ ਹਿੰਮਤ ਰੱਖਦੇ ਹਨ? ਜਾਂ ਮਹਤੱਵਪੂਰਨ ਉਹ ਸਮਾਂ ਸੀ ਜਿਸ ਵੇਲੇ ਅਸੀਂ ਦੁਚਿੱਤੀ `ਚ ਸੀ ਕਿ ਕਿਹੜਾ ਰਾਹ ਚੁਣੀਏ ਤੇ ਕਿਹੜਾ ਰਾਹ ਛੱਡੀਏ। ਹਰੇਕ ਗੱਲ ਦੇ ਦੋ ਪੱਖ ਜਾਂ ਰਹਿ ਹੁੰਦੇ ਹਨ- ਇੱਕ ਗ਼ਲਤ ਤੇ ਇੱਕ ਸਹੀ। ਫ਼ੈਸਲਾ ਅਸੀਂ ਕਰਨਾ ਹੈ ਕਿ ਅਸੀਂ ਕਿਹੜਾ ਰਾਹ ਚੁਣਨਾ ਹੈ? ਕਿਹੜਾ ਰਾਹ ਸਾਨੂੰ ਸਿੱਧਾ ਮੰਜ਼ਿਲ ਤੱਕ ਪਹੰਚਾਏਗਾ? ਤੇ ਹਰੇਕ ਮੁਸਾਫ਼ਿਰ ਦਾ ਕੰਮ ਹੈ ਆਪਣੀ ਰਾਹ ਤੇ ਚੱਲਦੇ ਜਾਣਾ। ਮੁਸਾਫ਼ਿਰ ਨੂੰ ਉਸਦਾ ਹੌੰਸਲਾ ਹੀ ਉਸਦੀ ਮੰਜ਼ਿਲ ਨੂੰ ਸਰ ਕਰਾਉਂਦਾ ਹੈ। ਸੋ ਹਰੇਕ ਮੁਸਾਫ਼ਿਰ ਹੌੰਸਲੇ ਦਾ ਚਿਰਾਗ ਮਨ `ਚ ਥਮਾਏ ਚਾਨਣ ਕਰਦਾ ਹੋਇਆ ਹਰੇਕ ਖੜ੍ਹਵੇ, ਪਥਰੀਲੇ ਤੇ ਨੁਕੀਲੇ ਰਾਹਾਂ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਹੇਠ ਲਤਾੜਦਾ ਹੋਇਆ ਬਸ ਮੰਜ਼ਿਲ ਨੂੰ ਸਰ ਕਰਨ ਲਈ ਅੱਜ ਤੋਂ, ਹੁਣ ਤੋਂ, ਇਸੇ ਵੇਲੇ ਤੋਂ ਚਾਲੇ ਪਾ ਦੇਵੇ, ਦੁਚਿੱਤੀਆਂ, ਮੁਸੀਬਤਾਂ ਗਿੱਦੜਾਂ ਦੀ ਤਰ੍ਹਾਂ ਆਪਣੇ ਰਾਹੇ ਪੈ ਜਾਣਗੀਆਂ।
ਆਤਮਜੀਤ ਕੌਰ ‘ਆਤਮ’


05/08/15)
ਜਤਿੰਦਰ ਪਨੂੰ

ਪੰਜਾਬ ਦੀ ਸਿਆਸਤ ਅਤੇ ਲੀਹੋਂ ਲੱਥੀ ਮਾਨਸਿਕਤਾ
ਜਤਿੰਦਰ ਪਨੂੰ
ਪੰਜਾਬੀ ਬੋਲੀ ਦੇ ਜਿਹੜੇ ਸ਼ਬਦ ਹੁਣ ਬੋਲ-ਚਾਲ ਵਿਚੋਂ ਗੁੰਮ ਹੁੰਦੇ ਜਾਂਦੇ ਹਨ, ਇਨ੍ਹਾਂ ਵਿਚ ਹੀ ਇੱਕ ਸ਼ਬਦ ਗੋਤ-ਕੁਨਾਲਾ ਗਿਣਿਆ ਜਾ ਸਕਦਾ ਹੈ। ਪੁਰਾਣੇ ਜ਼ਮਾਨੇ ਵਿਚ ਪੰਜਾਬ ਵਿਚ ਵੀ ਹਰਿਆਣੇ ਵਾਂਗ ਆਪਣੀ ਗੋਤ ਵਿਚ ਵਿਆਹ ਕਰਨਾ ਗਲਤ ਮੰਨਿਆ ਜਾਂਦਾ ਸੀ। ਹੁਣ ਕੋਈ ਬਹੁਤੀ ਚਿੰਤਾ ਨਹੀਂ ਕਰਦਾ। ਬਾਦਲ ਪਰਿਵਾਰ ਵਾਲੇ ਵੀ ਢਿੱਲੋਂ ਹਨ ਅਤੇ ਉਨ੍ਹਾਂ ਦੇ ਕੈਰੋਂ ਵਾਲੇ ਕੁੜਮਾਂ ਦਾ ਗੋਤ ਵੀ ਢਿੱਲੋਂ ਹੈ। ਉਦੋਂ ਨਵੀਂ ਆਈ ਨੂੰਹ ਦਾ ਆਪਣੇ ਪਿਛਲੇ ਗੋਤ ਤੋਂ ਨਾਤਾ ਤੋੜਨ ਤੇ ਨਵੇਂ ਗੋਤ ਨਾਲ ਤੰਦ ਜੋੜਨ ਲਈ ਉਸ ਦੇ ਸਾਹਮਣੇ ਇੱਕ ਕੁਨਾਲੀ ਵਿਚ ਭਾਂਤ-ਸੁਭਾਂਤੇ ਖਾਣੇ ਪਰੋਸ ਕੇ ਖਾਣ ਨੂੰ ਕਿਹਾ ਜਾਂਦਾ ਸੀ। ਕੁਨਾਲੀ ਇੱਕ ਮਿੱਟੀ ਦੀ ਪਰਾਤ ਹੁੰਦੀ ਸੀ।
ਨੂੰਹ ਵਿਚਾਰੀ ਨਵੇਂ ਪਰਿਵਾਰ ਦੀ ਰਵਾਇਤ ਤੋਂ ਜਾਣੂੰ ਨਾ ਹੋਣ ਕਾਰਨ, ਅਤੇ ਕੋਲ ਖੜੀਆਂ ਮੁੰਡੇ ਦੀਆਂ ਮਾਮੀਆਂ-ਮਾਸੀਆਂ ਦੇ ਪਰਿਵਾਰਾਂ ਦੀਆਂ ਵੱਖੋ-ਵੱਖਰੀਆਂ ਰਵਾਇਤਾਂ ਕਾਰਨ, ਇਸ ਗੱਲੋਂ ਉਲਝ ਜਾਂਦੀ ਸੀ ਕਿ ਪਹਿਲਾਂ ਕਿਹੜੀ ਚੀਜ਼ ਖਾਣੀ ਹੈ? ਇਹ ਵਖਰੇਵੇਂ ਅੱਜ ਤੱਕ ਕਈ ਥਾਂਈਂ ਮੌਜੂਦ ਹਨ। ਮਾਝੇ ਵਿਚ ਪੀਲੇ ਚੌਲ, ਜਿਨ੍ਹਾਂ ਦੇ ਜਰਦ ਰੰਗ ਕਾਰਨ ‘ਜਰਦਾ’ ਕਿਹਾ ਜਾਂਦਾ ਹੈ, ਦਹੀਂ ਨਾਲ ਖਾਧੇ ਜਾਂਦੇ ਹਨ ਤੇ ਦੋਆਬੇ ਵਿਚ ਜਰਦੇ ਨਾਲ ਦਹੀਂ ਖਾਣ ਵਾਲਾ ਬੰਦਾ ਓਪਰਾ ਜਿਹਾ ਜਾਪਦਾ ਹੈ।
ਪਿਛਲੇ ਦਿਨੀਂ ਜਦੋਂ ਅਸੀਂ ਸਿੱਖ ਮਾਨਸਿਕਤਾ ਦੀਆਂ ਉਲਝਣਾਂ ਨੂੰ ਸਮਝਣ ਦਾ ਇੱਕ ਹੋਰ ਯਤਨ ਛੋਹਿਆ ਤਾਂ ਇੱਕ ਵਾਰ ਫਿਰ ਇਹੋ ਪੱਲੇ ਪਿਆ ਕਿ ਸਿੱਖ ਲੀਡਰਸ਼ਿਪ ਨੇ ਸਿੱਖਾਂ ਨੂੰ ਸੋਚ ਦੇ ਗੋਤ-ਕੁਨਾਲੇ ਵਿਚ ਫਸਾ ਰੱਖਿਆ ਹੈ। ਉਨ੍ਹਾਂ ਦੀ ਆਖੀ ਇੱਕ ਗੱਲ ਉਨ੍ਹਾਂ ਵੱਲੋਂ ਆਖੀ ਜਾ ਰਹੀ ਦੂਸਰੀ ਗੱਲ ਨਾਲ ਮੇਲ ਨਹੀਂ ਖਾਂਦੀ। ਇਹੋ ਜਿਹੀ ਸੁਰ-ਸੇਧ ਦੀ ਉਲਝਣ ਸਾਧਾਰਨ ਸਿੱਖਾਂ ਤੱਕ ਸੀਮਤ ਨਹੀਂ, ਸਿੱਖ ਲੀਡਰਸ਼ਿਪ ਵੀ ਅੱਕੀਂ-ਪਲਾਹੀਂ ਹੱਥ ਮਾਰਦੀ ਲੱਭਦੀ ਹੈ। ਤਖਤਾਂ ਦੇ ਜਥੇਦਾਰਾਂ ਤੋਂ ਲੋਕ ਕੋਈ ਸੇਧ ਲੈਣ ਦੀ ਆਸ ਰੱਖਦੇ ਹਨ, ਪਰ ਉਹ ਆਪੋ ਵਿਚ ਇੱਕ ਦੂਸਰੇ ਤੋਂ ਵੱਖਰੀ ਸੋਚ ਦੀ ਪੰਡ ਸਿਰਾਂ ਉਤੇ ਚੁੱਕੀ ਫਿਰਦੇ ਹਨ। ਜਿਸ ਸੱਜਣ ਦੀ ਚੰਡੀਗੜ੍ਹ ਤੱਕ ਪਹੁੰਚ ਹੋ ਜਾਵੇ, ਜਥੇਦਾਰ ਬਣ ਜਾਂਦਾ ਹੈ। ਇੱਕ ਸਮਾਂ ਸੀ ਕਿ ਜਥੇਦਾਰ ਕਦੀ ਕਿਸੇ ਲੀਡਰ ਨੂੰ ਮਿਲਣ ਨਹੀਂ ਸਨ ਜਾਂਦੇ ਅਤੇ ਇੱਕ ਅੱਜ ਦਾ ਦੌਰ ਹੈ, ਜਦੋਂ ਤਖਤਾਂ ਦੇ ਜਥੇਦਾਰ ਆਪਣੇ ਤੋਂ ਛੋਟੀ ਉਮਰ ਦੇ ਅਕਾਲੀ ਆਗੂ ਅੱਗੇ ਇਸ ਲਈ ਹੱਥ ਜਾ ਜੋੜਦੇ ਹਨ ਕਿ ਮੇਰੇ ਮੁੰਡੇ ਨੂੰ ਛੋਟੀ-ਮੋਟੀ ਬਲਾਕ ਪੱਧਰ ਦੀ ਚੇਅਰਮੈਨੀ ਹੀ ਦੇ ਛੱਡੋ। ਇੱਕ ਵਾਰ ਝੁਕ ਗਏ ਤਾਂ ਝੁਕ ਗਏ। ਫਿਰ ਉਹ ਸਿੱਖੀ ਬਾਰੇ ਨਹੀਂ, ਮਿੰਨਤ ਮੰਨ ਕੇ ਖੁਸ਼ੀ ਬਖਸ਼ਣ ਵਾਲੀ ਅਕਾਲੀ ਲੀਡਰਸ਼ਿਪ ਦੇ ਹਿੱਤਾਂ ਬਾਰੇ ਸੋਚਦੇ ਰਹਿੰਦੇ ਹਨ।
ਅਕਾਲੀ ਦਲ ਦੀ ਲੀਡਰਸ਼ਿਪ ਆਪ ਕਿਸੇ ਗੱਲ ਬਾਰੇ ਸਪੱਸ਼ਟ ਨਹੀਂ। ਪੁੱਤਰ ਕਹਿੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇੱਕੀਵੀਂ ਸਦੀ ਵਿਚ ਬੈਠੀ ਬਾਕੀ ਦੁਨੀਆਂ ਤੋਂ ਪਹਿਲਾਂ ਬਾਈਵੀਂ ਸਦੀ ਵਿਚ ਪੁਚਾ ਦੇਣਾ ਹੈ ਤੇ ਬਾਪ ਇਸ ਦੀ ਥਾਂ ਇਹ ਕਹਿੰਦਾ ਹੈ ਕਿ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਉਣਾ ਹੈ। ਲਾਹੌਰ ਦਾ ਰਣਜੀਤ ਸਿੰਘ ਦਾ ਰਾਜ ਉਨੀਵੀਂ ਸਦੀ ਦੀ ਗੱਲ ਸੀ। ਪਿਤਾ-ਪੁੱਤਰ ਦੀ ਸੋਚ ਦਾ ਤਿੰਨ ਸਦੀਆਂ ਦਾ ਪਾੜਾ ਹੈ। ਬੀਤੇ ਮਹੀਨੇ ਇੱਕ ਤਜਰਬਾ ਹੋਰ ਹੋ ਗਿਆ। ਅਕਾਲੀ ਦਲ ਦੇ ਪ੍ਰਧਾਨ ਦਾ ਇੱਕ ਦਿਨ ਬਿਆਨ ਆਇਆ ਕਿ ਵਿਦੇਸ਼ਾਂ ਵਿਚ ਜਿਹੜੇ ਸਿੱਖਾਂ ਨੇ ਅਕਾਲੀ ਆਗੂਆਂ ਦਾ ਵਿਰੋਧ ਕੀਤਾ ਸੀ, ਨਾ ਉਹ ਸਿੱਖ ਹਨ ਅਤੇ ਨਾ ਪੰਜਾਬੀ ਕਹੇ ਜਾ ਸਕਦੇ ਹਨ। ਇਹ ਅਸਲੋਂ ਗਲਤ ਗੱਲ ਹੈ। ਉਹ ਕਿਸੇ ਵੀ ਰਾਜਸੀ ਸੋਚ ਵਾਲੇ ਹੋਣ, ਜੇ ਸਿੱਖ ਹਨ ਤਾਂ ਸਿੱਖ ਮੰਨੇ ਜਾਣਗੇ, ਪਰ ਉਹ ਸਾਰੇ ਸਿੱਖ ਨਹੀਂ ਸਨ, ਗੈਰ-ਸਿੱਖ ਪੰਜਾਬੀ ਵੀ ਉਨ੍ਹਾਂ ਵਿਚ ਸ਼ਾਮਲ ਸਨ। ਉਨ੍ਹਾਂ ਸਾਰਿਆਂ ਨੂੰ ਪੰਜਾਬੀ ਮੰਨਣ ਤੋਂ ਇਨਕਾਰ ਕਰਨਾ ਰਾਜਨੀਤੀ ਦਾ ਭੱਦਾਪਣ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਹਿ ਦਿੱਤਾ ਕਿ ਅਜਿਹਾ ਕਰਨ ਵਾਲੇ ਦੇਸ਼-ਧਰੋਹੀ ਹਨ। ਅਕਲ ਦੀ ਦਾੜ੍ਹ ਚਾਲੀ ਸਾਲ ਪੂਰੇ ਕਰ ਕੇ ਉਗਦੀ ਸਮਝੀ ਜਾਂਦੀ ਹੈ, ਪਰ ਪੰਜਾਬ ਵਿਚ ਇਹੋ ਜਿਹੀ ਕੋਈ ਰਵਾਇਤ ਨਹੀਂ। ਅਕਾਲੀ ਦਲ ਦੇ ਪ੍ਰਧਾਨ ਨੂੰ ਹੁਣ ਇਹ ਸਮਝ ਪਈ ਹੈ ਕਿ ‘ਖਾਲਿਸਤਾਨੀ ਸੋਚ ਵਾਲੇ ਲੋਕ ਦੇਸ਼ ਧਰੋਹੀ’ ਹਨ, ਪਰ ਜਦੋਂ ਖੇਡ ਸ਼ੁਰੂ ਹੋਈ ਸੀ ਤੇ ਜਿਨ੍ਹਾਂ ਨੇ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਚ ਮੰਜੀ ਸਾਹਿਬ ਦੇ ਦੀਵਾਨ ਅਸਥਾਨ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹਾਜ਼ਰੀ ਵਿਚ ਸਿੱਖਾਂ ਦੇ ਵੱਖਰੇ ਘਰ ਦੀ ਮੰਗ ਵਾਲੇ ਮਤੇ ਪੇਸ਼ ਕੀਤੇ ਅਤੇ ਸੰਗਤਾਂ ਦੇ ਹੱਥ ਖੜੇ ਕਰਵਾ ਕੇ ਪ੍ਰਵਾਨਗੀ ਲਈ ਸੀ, ਉਹ ਅਕਾਲੀ ਦਲ ਦੇ ਨਾਲ ਹਨ। ਇੱਕ ਸੱਜਣ ਅੱਜ-ਕੱਲ੍ਹ ਵਿਧਾਇਕ ਹੈ, ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰੀ ਅਤੇ ਤੀਸਰਾ ਬਾਦਲ ਰਾਜ ਵਿਚ ਪੰਜਾਬ ਦੀ ਇੱਕ ਸੰਵਿਧਾਨਕ ਪਦਵੀ ਦਾ ਨਿੱਘ ਛੇ ਸਾਲ ਮਾਣਦਾ ਰਿਹਾ ਹੈ। ਰਾਜ ਕਰਦੇ ਅਕਾਲੀ ਦਲ ਨਾਲ ਜੁੜਨ ਵਾਲਿਆਂ ਦਾ ਦੇਸ਼ ਧਰੋਹੀ ਹੋਣ ਦਾ ਟੈਗ ਲਾਹ ਦਿੱਤਾ ਜਾਂਦਾ ਹੈ।
ਦੂਸਰਾ ਪੱਖ ਵਿਦੇਸ਼ ਵਿਚ ਬੈਠੇ ਉਨ੍ਹਾਂ ਸਿੱਖਾਂ ਦਾ ਹੈ, ਜਿਨ੍ਹਾਂ ਨੇ ਪਿਛਲੇ ਦਿਨੀਂ ਅਕਾਲੀ ਮੰਤਰੀਆਂ ਦੇ ਖਿਲਾਫ ਮੁਜ਼ਾਹਰੇ ਕੀਤੇ ਅਤੇ ਇਸ ਕੰਮ ਵਿਚ ਬੇਹੂਦਗੀ ਵਾਲੀਆਂ ਗਾਲ੍ਹਾਂ ਵੀ ਕੱਢੀਆਂ। ਇੱਕ ਰੇਡੀਓ ਚੈਨਲ ਦੀ ਬਹਿਸ ਵਿਚ ਇਹੋ ਜਿਹੇ ਇੱਕ ਸਿੱਖ ਆਗੂ ਨੂੰ ਅਸੀਂ ਕਿਹਾ ਕਿ ਵਿਰੋਧ ਦੇ ਹੋਰ ਤਰੀਕੇ ਹੋ ਸਕਦੇ ਹਨ, ਤੁਸੀਂ ਗਾਲ੍ਹਾਂ ਵਾਲੀ ਬੋਲੀ ਕਿਉਂ ਬੋਲਦੇ ਹੋ? ਉਹ ਕਹਿਣ ਲੱਗਾ, “ਇਹ ਏਸੇ ਲਾਇਕ ਹਨ”, ਨਾਲ ਹੀ ਇਹ ਵੀ ਦੱਸ ਦਿੱਤਾ ਕਿ ਪਹਿਲੇ ਗੁਰੂ ਸਾਹਿਬ ਨੇ ਵੀ ‘ਰਾਜੇ ਸੀਹ ਮੁਕਦਮ ਕੁਤੇ’ ਕਿਹਾ ਸੀ, ਜਿਸ ਦਾ ਅਰਥ ਤੁਸੀਂ ਜਾਣਦੇ ਹੋ। ਉਹ ਇਸ ਪੌੜੀ ਉਤੇ ਖੜਾ ਸੀ ਕਿ ਇਹ ਗੱਲ ਹਰ ਯੁੱਗ ਵਿਚ ਸੱਚ ਹੁੰਦੀ ਹੈ। ਅਸੀਂ ਉਸ ਤੋਂ ਇਹ ਪੁੱਛਿਆ ਕਿ ਤੁਹਾਡਾ ਨਿਸ਼ਾਨਾ ਕੀ ਹੈ? ਬੜੇ ਜੋਸ਼ ਵਿਚ ਉਸ ਨੇ ਕਿਹਾ: ਆਪਣਾ ਰਾਜ ਕਾਇਮ ਕਰਨਾ ਹੈ। ਮੈਂ ਹੱਸ ਕੇ ਪੁੱਛਿਆ ਕਿ ‘ਕੀ ਤੁਹਾਡੇ ਰਾਜ ਵੇਲੇ ਵੀ ਰਾਜੇ ਤੇ ਮੁਕੱਦਮ ਵਾਸਤੇ ਇਹੋ ਧਾਰਨਾ ਹੋਵੇਗੀ, ਕੀ ਇਹੋ ਗੱਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕਹਿਣ ਦੀ ਵੀ ਤੁਸੀਂ ਹਿੰਮਤ ਕਰੋਗੇ?’ ਫਿਰ ਉਹ ਖਾਮੋਸ਼ ਹੋ ਗਿਆ। ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਨੇ ਇਹ ਗੱਲ ਉਸ ਸਮੇਂ ਦੇ ਰਾਜ ਬਾਰੇ ਜਦੋਂ ਕਹੀ ਸੀ ਤਾਂ ਇੱਕ ਖਾਸ ਕਿਸਮ ਦੇ ਹਾਲਾਤ ਸਨ। ਵਿਚਾਰਾਂ ਨੂੰ ਥੋੜ੍ਹਾ-ਬਹੁਤ ਰਿੜਕਣ ਤੇ ਮੁੜ-ਵਿਚਾਰਨ ਦੀ ਗੁੰਜਾਇਸ਼ ਵੀ ਰੱਖ ਲੈਣੀ ਚਾਹੀਦੀ ਹੈ। ਜਿੰਨੇ ਜ਼ੋਰ ਨਾਲ ਉਹ ਬਾਦਲ ਸਰਕਾਰ ਨੂੰ ਮੰਦਾ-ਚੰਗਾ ਬੋਲਦਾ ਸੀ, ਉਸ ਤੋਂ ਵੱਧ ਇਹ ਮੁੱਦਾ ਚੁੱਕ ਤੁਰਿਆ ਕਿ ਜਦੋਂ ਕੋਈ ਹਿੰਦੁਸਤਾਨ ਨਾਲ ਸਾਂਝ ਰੱਖਣ ਦੀ ਗੱਲ ਕਰਦਾ ਹੈ, ਉਸ ਨਾਲ ਸਾਡਾ ਜੋੜ ਨਹੀਂ ਜੁੜਦਾ। ਉਸ ਦੇ ਬਾਪ ਨੂੰ ਜਾਣਦਾ ਹੋਣ ਕਾਰਨ ਮੈਂ ਉਸ ਨੂੰ ਚੇਤੇ ਕਰਵਾ ਦਿੱਤਾ ਕਿ ਉਸ ਦਾ ਬਾਪ ਐਨ ਆਰ ਆਈ ਸਭਾ ਦੀ ਪਿਛਲੀ ਚੋਣ ਵਿਚ ਇੱਕ ਧਿਰ ਦੀ ਪ੍ਰੈਸ ਕਾਨਫਰੰਸ ਵਿਚ ਬੈਠਾ ਸੀ। ਜਵਾਬ ਉਸ ਨੇ ਇਹ ਦਿੱਤਾ ਕਿ ਉਹ ਸਾਡੀ ਐਨ ਆਰ ਆਈਜ਼ ਦੀ ਸਭਾ ਹੈ। ਮੈਂ ਫਿਰ ਪੁੱਛ ਲਿਆ ਕਿ ਇਸ ਐਨ ਆਰ ਆਈ ਸਭਾ ਵਿਚ ‘ਆਈ’ ਸ਼ਬਦ ਇੰਡੀਆ ਦਾ ਹੈ, ਜਦੋਂ ਤੁਸੀਂ ਹਿੰਦੁਸਤਾਨ, ਭਾਰਤ ਅਤੇ ਇੰਡੀਆ ਨਾਲ ਕੋਈ ਜੋੜ ਨਹੀਂ ਰੱਖਣਾ ਤਾਂ ਇਹ ਸਭਾ ਵੀ ਤੁਹਾਡੀ ਕਿਵੇਂ ਹੋ ਗਈ? ਇਸ ਪੜਾਅ ਉਤੇ ਆ ਕੇ ਉਹ ‘ਅਕਲ ਦੀ ਪੁੜੀ’ ਵਰਗੀ ਗਰਮ ਭਾਸ਼ਾ ਬੋਲ ਕੇ ਲਾਈਨ ਕੱਟ ਗਿਆ, ਪਰ ਕਈ ਸਵਾਲ ਸਾਡੇ ਲਈ ਛੱਡ ਗਿਆ।
ਸਾਡੇ ਲਈ ਸੌ ਸਵਾਲਾਂ ਦਾ ਸਵਾਲ ਇਹ ਹੈ ਕਿ ਕੀ ਸੱਚਮੁੱਚ ਸਿੱਖਾਂ ਦਾ ਹਿੰਦੁਸਤਾਨ ਨਾਲ ਕੋਈ ਸਬੰਧ ਨਹੀਂ ਰਹਿੰਦਾ? ਕੀ ਸਿੱਖਾਂ ਨੂੰ ਇਹ ਗੱਲ ਵੀ ਚੇਤੇ ਨਹੀਂ ਰਹਿ ਗਈ ਕਿ ਦਿੱਲੀ ਦੇ ਚਾਂਦਨੀ ਚੌਕ ਵਿਚ ਜਾ ਕੇ ਸ਼ਹੀਦੀ ਦੇਣ ਵਾਲੇ ਨੌਵੇਂ ਗੁਰੂ ਸਾਹਿਬ ਨੂੰ ਅੱਜ ਵੀ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ? ਸਿੱਖਾਂ ਦੇ ਪੰਜ ਤਖਤਾਂ ਵਿਚੋਂ ਦੋ ਤਖਤ ਵੀ ਪੰਜਾਬ ਤੋਂ ਬਾਹਰ ਹਨ। ਸਿੱਖ ਤੋਂ ਸਿੰਘ ਬਣਾ ਕੇ ਨਵੀਂ ਦਿੱਖ ਦੇਣ ਵਾਲੇ ਤੇ ਆਪਣੇ ਚੇਲਿਆਂ ਅੱਗੇ ਆਪ ਹੱਥ ਜੋੜ ਕੇ ‘ਆਪੇ ਗੁਰ ਚੇਲਾ’ ਵਾਲੀ ਨਵੀਂ ਰੀਤ ਤੋਰਨ ਵਾਲੇ ਦਸਵੇਂ ਗੁਰੂ ਸਾਹਿਬ ਦਾ ਜਨਮ ਅਸਥਾਨ ਵੀ ਪੰਜਾਬ ਵਿਚ ਨਹੀਂ, ਬਿਹਾਰ ਦੀ ਰਾਜਧਾਨੀ ਪਟਨੇ ਵਿਚ ਹੈ ਤੇ ਜੋਤੀ-ਜੋਤਿ ਸਮਾਉਣ ਦਾ ਅਸਥਾਨ ਹਜ਼ੂਰ ਸਾਹਿਬ ਵੀ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਵਿਚ ਹੈ। ਸਿੱਖਾਂ ਦੀ ਮਾਨਸਿਕਤਾ ਨੂੰ ਇੱਕ ਮਧਾਣੀ ਫੇਰ ਕੇ ਇਹ ਕਿਹਾ ਜਾ ਰਿਹਾ ਹੈ ਕਿ ‘ਆਪਣਾ ਘਰ’ ਅਸੀਂ ਭਾਰਤ ਤੋਂ ਵੱਖਰਾ ਬਣਾਉਣਾ ਹੈ। ਮਾਨਸਿਕਤਾ ਦੇ ਦੂਸਰੇ ਗੇੜ ਵਿਚ ਗੱਲ ਏਥੇ ਆ ਜਾਂਦੀ ਹੈ ਕਿ ਹੁਣ ਅਰਦਾਸ ਵਿਚ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਨੂੰ ਪੰਥ ਤੋਂ ਵਿਛੋੜੇ ਜਾਣ ਤੇ ਉਨ੍ਹਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਅਰਦਾਸ ਕਰਨ ਵਾਲੇ ਸਿੱਖਾਂ ਨੂੰ ਫਿਰ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਨਾਲ ਪਟਨਾ ਸਾਹਿਬ, ਹਜ਼ੂਰ ਸਾਹਿਬ ਤੇ ਦਿੱਲੀ ਦੇ ਸੀਸ ਗੰਜ ਸਾਹਿਬ ਦੇ ਬਾਰੇ ਇਹੋ ਅਰਜ਼ੋਈ ਕਰਨੀ ਪਵੇਗੀ। ਇਸ ਬਾਰੇ ਸਵਾਲ ਪੁੱਛਿਆ ਜਾਵੇ ਤਾਂ ਸਾਧਾਰਨ ਸਿੱਖ ਜਵਾਬ ਦੇਣ ਦੀ ਸਥਿਤੀ ਵਿਚ ਨਹੀਂ, ਕਿਉਂਕਿ ਉਨ੍ਹਾਂ ਦੇ ਮਾਰਗ-ਦਰਸ਼ਕ ਆਪ ਹੀ ਇਸ ਬਾਰੇ ਸਪੱਸ਼ਟ ਨਹੀਂ।
ਸਿੱਖਾਂ ਵਿਚ ਇਸ ਤਰ੍ਹਾਂ ਦੀ ਸਥਿਤੀ ਦਾ ਜਿਹੜਾ ਘਚੋਲਾ ਪੈਦਾ ਕੀਤਾ ਜਾ ਰਿਹਾ ਹੈ, ਉਸ ਵਿਚ ਦੂਸਰੇ ਧਰਮਾਂ ਵੱਲ ਸਹਿਣਸ਼ੀਲਤਾ ਨੂੰ ਖੋਰਾ ਲੱਗਦਾ ਦਿਖਾਈ ਦੇਂਦਾ ਹੈ। ਇਸ ਮਾਨਸਿਕਤਾ ਵਾਲੇ ਲੋਕਾਂ ਲਈ ਹਰ ਹਿੰਦੂ ਇੱਕੋ ਜਿਹਾ ਹੈ ਅਤੇ ਉਹ ਇਹ ਗੱਲ ਵੀ ਨਹੀਂ ਜਾਣਦੇ ਕਿ ਹੱਥ-ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੋਂ ਬਾਅਦ ਛਪਾਈ ਵਾਲੀ ਬੀੜ ਦਾ ਆਗਾਜ਼ ਕਿੱਥੋਂ ਹੋਇਆ ਸੀ? ਲਾਹੌਰ ਸ਼ਹਿਰ ਜਦੋਂ ਅੰਗਰੇਜ਼ੀ ਰਾਜ ਵਿਚ ਆਇਆ ਤਾਂ 1850 ਵਿਚ ਉਥੇ ਪਹਿਲੀ ਪ੍ਰਿੰਟਿੰਗ ਪ੍ਰੈਸ ਲੱਗੀ ਸੀ, ਜਿਸ ਦਾ ਨਾਂ ਕੋਹੇਨੂਰ ਪ੍ਰੈਸ ਸੀ ਅਤੇ ਇਸੇ ਨੇ 1864-65 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਛਾਪੀ ਹੋਈ ਬੀੜ ਸਿੱਖ ਪੰਥ ਲਈ ਤਿਆਰ ਕਰਨ ਦੀ ਸੇਵਾ ਕਮਾਈ ਸੀ, ਜਿਸ ਦੇ ਮਾਲਕ ਦਾ ਨਾਂ ਲਾਲਾ ਹਰਸੁਖ ਰਾਏ ਸੀ। ਉਸ ਵਕਤ ਪੰਜਾਬ ਵਿਚ ਸਿੱਖ ਸਰਦਾਰਾਂ ਦੀ ਕਮੀ ਨਹੀਂ ਸੀ। ਰਾਜ ਬਦਲਦੇ ਸਾਰ ਅੰਗਰੇਜ਼ਾਂ ਦੀ ਸੇਵਾ ਵਿਚ ਲੱਗ ਗਏ ਇਨ੍ਹਾਂ ਸਿੱਖਾਂ ਵਿਚ ਰਾਜੇ ਤੇ ਮਹਾਰਾਜੇ ਵੀ ਸਨ ਅਤੇ ਵਫਾਦਾਰੀ ਬਦਲਣ ਨਾਲ ਮਿਲੀਆਂ ਜਗੀਰਾਂ ਦੇ ਮਾਲਕ ਵੀ, ਪਰ ਸਿੱਖਾਂ ਲਈ ਛਾਪੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦਾ ਉਦਮ ਉਸ ਹਿੰਦੂ ਨੇ ਕੀਤਾ ਸੀ। ਇਤਿਹਾਸ ਵਿਚ ਏਦਾਂ ਦੀਆਂ ਕਈ ਗੱਲਾਂ ਹਨ, ਜਿਨ੍ਹਾਂ ਦਾ ਸਿੱਖਾਂ ਨੂੰ ਪਤਾ ਹੀ ਨਹੀਂ।
ਸਿੱਖ ਮਾਨਸਿਕਤਾ ਹਾਲੇ ਦੋ ਹੋਰ ਧਾਰਨਾਵਾਂ ਉਤੇ ਵੀ ਅੜੀ ਹੋਈ ਹੈ। ਪਹਿਲੀ ਇਹ ਕਿ ਸਾਡੇ ਮੂਹਰੇ ਬੋਲਣ ਦੀ ਕੋਈ ਹਿੰਮਤ ਨਹੀਂ ਕਰ ਸਕਦਾ ਤੇ ਦੂਸਰੀ ਇਹ ਕਿ ਜਿਸ ਨਾਲ ਸਾਡੀ ਸੋਚ ਨਹੀਂ ਮਿਲਦੀ, ਉਸ ਨੂੰ ਅਸੀਂ ਸੋਧਾ ਲਾ ਸਕਦੇ ਹਾਂ। ਇਹ ਦੋਵੇਂ ਧਾਰਨਾਵਾਂ ਗਲਤ ਹਨ ਤੇ ਇਸ ਲਈ ਗਲਤ ਹਨ ਕਿ ਇਸ ਸੋਚ ਵਾਲੇ ਲੋਕਾਂ ਨੇ ਗੁਰਬਾਣੀ ਨੂੰ ਪੜ੍ਹਨ ਦੀ ਖੇਚਲ ਨਹੀਂ ਕੀਤੀ। ਗੁਰਬਾਣੀ ਵਿਚ ਇਸ ਬਾਰੇ ਦੋ ਬਹੁਤ ਉਤਮ ਸੇਧਾਂ ਹਨ। ਪਹਿਲੀ ਇਹ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ” ਉਨ੍ਹਾਂ ਨੇ ਇਸ ਵਿਚ ਬਹੁਤ ਸੋਚ ਕੇ ‘ਕਿਛੁ ਸੁਣੀਐ’ ਨੂੰ ‘ਕਿਛੁ ਕਹੀਐ’ ਤੋਂ ਪਹਿਲਾਂ ਰੱਖਿਆ ਸੀ। ਜਿਹੜੇ ਗੁਰੂ ਸਾਹਿਬ ਨੇ ਸਿੱਧ ਯੋਗੀਆਂ ਨਾਲ ਜਾ ਕੇ ਗੋਸ਼ਟੀ ਕੀਤੀ ਤੇ ਉਨ੍ਹਾਂ ਨੂੰ ਜ਼ਿੰਦਗੀ ਦਾ ਅਸਲੀ ਮਾਰਗ ਦੱਸਿਆ, ਉਸ ਗੁਰੂ ਸਾਹਿਬ ਦੇ ਸਿੱਖ ਹੁਣ ਇਸ ਸੋਚ ਉਤੇ ਆ ਗਏ ਹਨ ਕਿ ਆਪਣੀ ਕਹਿਣੀ ਹੈ, ਕਿਸੇ ਦੀ ਸੁਣਨੀ ਨਹੀਂ। ਦੂਸਰੀ ਸਿੱਖਿਆ ਵੀ ਏਸੇ ਤਰ੍ਹਾਂ ਦੇ ਮਹੱਤਵ ਵਾਲੀ ਹੈ। ਹਰ ਕਿਸੇ ਨੂੰ ਸੋਧਾ ਲਾਉਣ ਦੀ ਧੌਂਸ ਦੇਣ ਵਾਲਿਆਂ ਨੂੰ ਸਮਾਂ ਕੱਢ ਕੇ ਕਦੀ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਪੜ੍ਹਨ ਅਤੇ ਵਿਚਾਰਨ ਦੀ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ। ਇਨ੍ਹਾਂ ਵਿਚ ਸੋਲ੍ਹਵੇਂ ਸਲੋਕ ਵਿਚ ਇਹ ਉਪਦੇਸ਼ ਹੈ, “ਭੈ ਕਾਹੂ ਕਉ ਦੇਤ ਨਹਿ॥ ਨਹਿ ਭੈ ਮਾਨਤ ਆਨ॥” ਗੁਰੂ ਸਾਹਿਬ ਨੇ ਏਥੇ ਫਿਰ ਇਹ ਗੱਲ ਪਹਿਲਾਂ ਕਹੀ ਹੈ ਕਿ ਅਸੀਂ ਕਿਸੇ ਨੂੰ ਭੈਅ ਨਹੀਂ ਦੇਂਦੇ, ਕਿਸੇ ਨੂੰ ਡਰਾਉਂਦੇ ਨਹੀਂ ਤੇ ਇਸ ਦੇ ਬਾਅਦ ਲਿਖਿਆ ਹੈ ਕਿ ਜੇ ਕੋਈ ਡਰਾਵੇਗਾ ਤਾਂ ਅਸੀਂ ਕਿਸੇ ਦਾ ਭੈਅ ਮੰਨਦੇ ਵੀ ਨਹੀਂ, ਕਿਸੇ ਤੋਂ ਡਰਦੇ ਵੀ ਨਹੀਂ। ਸਿਰਫ ਮੱਥੇ ਟੇਕਣ ਦੇ ਰੁਝਾਨ ਦਾ ਸ਼ਿਕਾਰ ਹੁੰਦੇ ਜਾ ਰਹੇ ਸਿੱਖ ਇਨ੍ਹਾਂ ਗੱਲਾਂ ਬਾਰੇ ਸੋਚਣ ਦਾ ਵਕਤ ਹੀ ਨਹੀਂ ਕੱਢਦੇ।
ਕਿਉਂਕਿ ਸਿੱਖ ਹੁਣ ਆਪ ਪੜ੍ਹ ਕੇ ਵਿਚਾਰ ਕਰਨ ਦੀ ਰਵਾਇਤ ਛੱਡ ਬੈਠੇ ਹਨ ਅਤੇ ਪੜ੍ਹਿਆ-ਪੜ੍ਹਾਇਆ ਲੈ ਕੇ, ਅਮਰੀਕਾ-ਕੈਨੇਡਾ ਬੈਠੇ ਹੋਏ ਅੰਮ੍ਰਿਤਸਰ ਵਿਚ ਅਖੰਡ ਪਾਠ ਬੁੱਕ ਕਰਵਾ ਕੇ ਉਸ ਦਾ ਫਲ ਚਾਹੁੰਦੇ ਹਨ, ਸਿੱਖ ਆਗੂ ਇਸ ਤਰ੍ਹਾਂ ਦੀ ਸਿੱਖ ਮਾਨਸਿਕਤਾ ਪੈਦਾ ਕਰਨ ਤੇ ਇਸ ਦਾ ਲਾਭ ਲੈਣ ਲੱਗ ਪਏ ਹਨ। ਕਈ ਸਿੱਖ ਆਗੂ ਹੁਣ ਪੰਥ ਨੂੰ ਹਿੰਦੂ ਧਰਮ ਤੋਂ ਤੇ ਕੁਝ ਹੋਰ ਧਰਮਾਂ ਤੋਂ ਖਤਰਾ ਦੱਸਦੇ ਹਨ, ਪਰ ਸਿੱਖਾਂ ਵਿਚ ਛੁਪੇ ਹੋਏ ਜਿਹੜੇ ਰਾਜਸੀ ਤੇ ਧਾਰਮਿਕ ਆਗੂਆਂ ਤੋਂ ਵੱਧ ਖਤਰਾ ਹੈ, ਉਨ੍ਹਾਂ ਬਾਰੇ ਸਿੱਖ ਕਦੇ ਜਾਣ ਹੀ ਨਹੀਂ ਸਕੇ। ਪੰਜਾਬ ਦੇ ਮੌਜੂਦਾ ਰਾਜਸੀ ਮੋੜ ਉਤੇ ਵੀ ਰਾਜਨੀਤੀ ਦੀ ਕਿਸੇ ਧਿਰ ਨੂੰ ਸਿੱਖਾਂ ਵਿਚ ਇਹੋ ਜਿਹੀ ਗੋਤ-ਕੁਨਾਲਾ ਮਾਨਸਿਕਤਾ ਦੀ ਲੋੜ ਹੈ। ਇਸ ਬਾਰੇ ਜਾਣਨ ਲਈ ਪੁਲੀਟੀਕਲ ਸਾਇੰਸ ਦੀਆਂ ਕਿਤਾਬਾਂ ਫੋਲਣ ਦੀ ਲੋੜ ਨਹੀਂ, ਪਿਛਲੇ ਇੱਕ ਸਾਲ ਦੀਆਂ ਕਦੇ ਕੇਂਦਰ ਦੇ ਖਿਲਾਫ ਤੇ ਕਦੇ ਕੇਂਦਰ ਦੇ ਨਾਲ ਰਹਿਣ ਦੀਆਂ ਖਬਰਾਂ ਤੇ ਭਾਸ਼ਣਾਂ ਤੋਂ ਆਰਾਮ ਨਾਲ ਸਮਝ ਆ ਸਕਦੀ ਹੈ।
(ਪੰਜਾਬ ਟਾਈਮਜ਼ ਵਿਚੋਂ)


03/08/15)
ਗਿਆਨੀ ਅਵਤਾਰ ਸਿੰਘ

ਗੁਰਮਤਿ ਫ਼ਿਲਾਸਫ਼ੀ ਬਨਾਮ ਹਰੀ ਸਿੰਘ ਰੰਧਾਵਾ ‘ਸੋਚ’ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com) -98140-35202

ਮਿਤੀ 3 ਜੂਨ 2015 ਨੂੰ ਸਰੀ (ਕੈਨੇਡਾ) ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੋਏ ‘ਹਰੀ ਸਿੰਘ ਰੰਧਾਵਾ’ ਜੀ ਦੇ ਪ੍ਰੋਗਰਾਮ ਵਿੱਚ ਸੰਗਤਾਂ ਵੱਲੋਂ ਪੁੱਛੇ ਗਏ 5 ਸਵਾਲਾਂ ਵਿੱਚੋਂ ਪਹਿਲੇ ਤਿੰਨਾਂ ਦੀ ਵੀਚਾਰ ਪਿਛਲੇ ਦੋ ਲੇਖਾਂ ਰਾਹੀਂ ਕੀਤੀ ਜਾ ਚੁੱਕੀ ਹੈ ਅਤੇ ਇਸ (ਭਾਗ ਤੀਜੇ) ਰਾਹੀਂ ਬਾਕੀ ਬਚੇ ਦੋਵੇਂ ਵਿਸ਼ਿਆਂ (ਸਵਾਲਾਂ) ਨੂੰ ਵੀਚਾਰਿਆ ਜਾ ਰਿਹਾ ਹੈ:

ਸਵਾਲ ਚੌਥਾ

ਗੁਰਦੁਆਰਾ ਦੁੱਖ ਨਿਵਾਰਨ (ਸਰੀ) ਦੀ ਸੰਗਤ ਵੱਲੋਂ ਪੁੱਛਿਆ ਗਿਆ ਚੌਥਾ ਸਵਾਲ ਸੀ ਕਿ ਤੁਸੀਂ ਕੰਧਾਂ, ਦਰਵਾਜ਼ਿਆਂ ਤੇ ਪਾਥੀਆਂ ਵਿੱਚੋਂ ਰਾਮ-ਰਾਮ, ਮੂਲ ਮੰਤ੍ਰ ਤੇ ਵਾਹਿਗੁਰੂ-ਵਾਹਿਗੁਰੂ ਦੀ ਆਵਾਜ਼ ਸੁਣਾਈ ਦੇਣ ਬਾਰੇ ਜ਼ਿਕਰ ਕੀਤਾ ਹੈ, ਕੀ ਇਸ ਦੀ ਪੁਸ਼ਟੀ ਗੁਰਬਾਣੀ ਕਰਦੀ ਹੈ? ਇਸ ਸਵਾਲ ਦਾ ਜਵਾਬ ਰੰਧਾਵਾ ਜੀ ਨੇ ਦੋ ਸਾਖੀਆਂ ਦੀ ਰਾਹੀਂ ਇਉਂ ਦਿੱਤਾ:

(1). ਅਕਾਲ ਕੁਟੀਆ (ਭਿੰਡਰੀਂ) ਅੱਜ ਵੀ ਉਹ ਜਗ੍ਹਾ ਮੌਜੂਦ ਹੈ, ਜਿੱਥੇ ਮਹਾਂਪੁਰਸ਼ਾਂ ਦੁਆਰਾ ਰਾਤ 1 ਵਜੇ ਤੋਂ ਲੈ ਕੇ ਨਿਰੰਤਰ (ਲਗਾਤਾਰ) 40 ਦਿਨਾਂ ਤੱਕ ਮੂਲ ਮੰਤ੍ਰ ਦਾ ‘ਜਾਪ’ ਅਭਿਆਸ, ਕੁਝ ਵਿਦਿਆਰਥੀਆਂ ਨੂੰ ਕਰਵਾਇਆ ਜਾ ਰਿਹਾ ਸੀ। ਜਿਸ ਦੌਰਾਨ ਇੱਕ ਦਿਨ ਮਹਾਂਪੁਰਸ਼ ਸੁਭ੍ਹਾ ਇੱਕ- ਡੇਢ ਵਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜ੍ਹ ਕੇ ਵਿਦਿਆਰਥੀਆਂ ਨੂੰ ਕਹਿਣ ਲੱਗੇ ਕਿ ਬਚਨ ਕਰੋ, ਅਗਰ ਤੁਹਾਨੂੰ ਕੁਝ ਖੇਡ ਵਰਤੇ ਤਾਂ ਉਸ ਨੂੰ ਬਾਹਰ ਜਾ ਕੇ ਬੋਲੋਗੇ ਤਾਂ ਨਹੀਂ, ਭਾਵ ਦੱਸੋਗੇ ਤਾਂ ਨਹੀਂ ? ਇਸ ਸਵਾਲ ਦਾ ਜਵਾਬ ਬੱਚਿਆਂ ਪਾਸੋਂ ਹਾਂ ਵਿੱਚ ਮਿਲਣ ਉਪਰੰਤ ਮਹਾਂਪੁਰਸ਼ਾਂ ਨੇ ਆਪਣੀ ਚੇਤਨਾ (ਸੁਰਤ) ਨੂੰ ਕੁਟੀਆ ਦੀ ਕੰਧ ’ਤੇ ਟਿਕਾਇਆ ਤੇ ਵਿਦਿਆਰਥੀਆਂ ਨੂੰ ਕੰਧ ਨਾਲ ਕੰਨ ਲਗਾ ਕੇ ਕੁਝ ਸੁਣਨ ਲਈ ਕਿਹਾ ਜਿੱਥੋਂ (ਭਾਵ ਕੰਧ ਵਿੱਚੋਂ) ਮੂਲ ਮੰਤ੍ਰ ਦੇ ‘ਜਾਪ’ ਦੀ ਆਵਾਜ਼ ਆ ਰਹੀ ਸੀ ਕਿਉਂਕਿ ਉਸ ਸਮੇਂ ਮਹਾਂਪੁਰਸ਼ ਮੂਲ ਮੰਤ੍ਰ ਦਾ ‘ਜਾਪ’ ਕਰ ਰਹੇ ਸੀ। ਉਸ (‘ਜਾਪ’ ਕਮਾਈ) ਦੀ ਸ਼ਕਤੀ ਵਿਦਿਆਰਥੀਆਂ ਨੂੰ ਕੰਧ ਦੁਆਰਾ ਸੁਣਾਈ ਦੇ ਰਹੀ ਸੀ। ਵਿਦਿਆਰਥੀਆਂ ਨੇ ਕਿਹਾ ਮਹਾਰਾਜ ਜੀ! ਮੂਲ ਮੰਤ੍ਰ ਦੇ ‘ਜਾਪ’ ਦੀ ਆਵਾਜ਼ ਸੁਣਾਈ ਦੇ ਰਹੀ ਹੈ ਤਾਂ ਮਹਾਰਾਜ ਨੇ ਕਿਹਾ ਕਿ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ‘ਧਰਤਿ, ਪਾਤਾਲ, ਆਕਾਸ’ ਨਾਮ (‘ਜਾਪ’) ਨਹੀਂ ਜਪ ਸਕਦੇ ?

ਮਹਾਂਪੁਰਸ਼ਾਂ ਦੇ ਦੁਬਾਰਾ ਕਹਿਣ ਮੁਤਾਬਕ ਕੁਟੀਆ ਦੇ ਦਰਵਾਜ਼ਿਆਂ ਨਾਲ ਕੰਨ ਲਗਾ ਕੇ ਸੁਣਨ ਉਪਰੰਤ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਆਵਾਜ਼ ਆ ਰਹੀ ਸੀ, ਜੋ ਉਨ੍ਹਾਂ ਬੱਚਿਆਂ ਨੇ ਸੁਣੀ। ਇਸ ਤੋਂ ਉਪਰੰਤ ਮਹਾਂਪੁਰਸ਼ਾਂ ਨੇ ਕਿਹਾ ਕਿ ਇਹ ਸਾਰਾ ਪ੍ਰਤਾਪ ਇਸ ਦਾਤੇ ਦਾ ਹੈ ਕਿਉਂਕਿ ਮੈਂ ਇਨ੍ਹਾਂ ਦੇ ਚਰਨਾਂ ’ਚ ਅਰਦਾਸ ਕੀਤੀ ਹੈ ਤਾਂ ਜੋ ਤੁਹਾਨੂੰ ‘ਜਾਪ’ (ਮੇਰੀ ਕਮਾਈ) ਸੁਣਨ ਲੱਗ ਜਾਵੇ।

ਕੀ ਤੁਹਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ-ਦਰਸ਼ਨਾਂ ਉੱਤੇ ਸੰਤੁਸ਼ਟਤਾ ਹੈ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਸਰਗੁਣ ਸਰੂਪ ਵੇਖਣ ਦੀ ਵੀ ਕੋਈ ਇੱਛਾ ਹੈ ? ਵਿਦਿਆਰਥੀਆਂ ਦੀ ਇੱਛਾ ਹਾਂ ਵਿੱਚ ਸੁਣਨ ਉਪੰਰਤ ਮਹਾਂਪੁਰਸ਼ਾਂ ਨੇ ਆਪਣੀ ‘ਜਾਪ’ ਕਮਾਈ ਦੁਆਰਾ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚੋਂ ਪ੍ਰਤੱਖ (ਸਾਖਸ਼ਾਤ) ਰੂਪ ਦੇ ਵਿੱਚ ਵਿਦਿਆਰਥੀਆਂ ਨੂੰ ਕੇਵਲ ਗੁਰੂ ਨਾਨਕ ਸਾਹਿਬ ਦੇ ਹੀ ਨਹੀਂ ਬਲਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੇ (ਦਸੇ) ਗੁਰੂ ਸਾਹਿਬਾਨਾਂ ਦੇ ਸਰਗੁਣ ਸਰੂਪ ’ਚ ਦਰਸ਼ਨ ਕਰਵਾਏ, ਖੇਡ ਵਰਤੀ। (ਹਰੀ ਸਿੰਘ ਰੰਧਾਵਾ)

ਵੀਚਾਰ: ਉਕਤ ਬਿਆਨ ਕੀਤੀ ਗਈ ਭਾਵਨਾ ਵਿੱਚੋਂ ਇਹ ਸੰਕੇਤ ਮਿਲਦਾ ਹੈ ਕਿ ਸੁਭ੍ਹਾ 1 ਵਜੇ ਤੋਂ ਲੈ ਕੇ ਨਿਰੰਤਰ 40 ਦਿਨ ਤੱਕ ਮੂਲ ਮੰਤ੍ਰ ਦਾ ‘ਜਾਪ’ ਅਭਿਆਸ ਕਰਨ ਵਾਲੇ ਅਭਿਲਾਸ਼ੀਆਂ (ਵਿਦਿਆਰਥੀਆਂ) ਦੇ ਮਨਾਂ ਅੰਦਰ ਕੁਝ ਸੰਦੇਹ (ਸ਼ੱਕ) ਸੀ (ਸ਼ਾਇਦ ਅਜਿਹੇ ‘ਜਾਪ’ ਅਭਿਆਸ ਪ੍ਰਤੀ ਮਾਹੌਲ ਬਣਾਉਣ ਲਈ ਵਧੀਕ ਸੁਪਨੇ ਵਿਖਾਏ ਗਏ ਹੋਣ), ਜਿਸ ਸ਼ੰਕੇ (ਸ਼ੱਕ) ਨੂੰ ਉਨ੍ਹਾਂ ਨੇ ਮਹਾਂਪੁਰਸ਼ਾਂ ਦੇ ਸਾਮ੍ਹਣੇ ਕਈ ਵਾਰ ਰੱਖਿਆ, ਮਹਿਸੂਸ ਹੁੰਦਾ ਹੈ ਕਿਉਂਕਿ ਇਸ ਲਈ ਹੀ ਮਹਾਂਪੁਰਸ਼ਾਂ ਨੂੰ ਕਹਿਣਾ ਪਿਆ ਕਿ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ‘ਧਰਤਿ, ਪਾਤਾਲ, ਆਕਾਸ’ ਨਾਮ ਨਹੀਂ ਜਪ ਸਕਦੇ ?

ਵਿਦਿਆਰਥੀਆਂ ਸਾਮ੍ਹਣੇ ਵਰਤ ਰਹੀ ਇਸ ਖੇਡ ਵਿੱਚ ਮਹਾਂਪੁਰਸ਼ਾਂ ਦੀ ‘ਜਾਪ’ ਕਮਾਈ ਦਾ ਜ਼ਿਕਰ ਵਾਰ-ਵਾਰ ਆ ਰਿਹਾ ਹੈ ਅਤੇ ਇਸ (‘ਜਾਪ’) ਕਮਾਈ ਦੇ ਵਧੀਕ ਦਰਸ਼ਨ ਕਰਵਾਉਣ ਲਈ ਭਾਵ ਕੰਧਾਂ, ਦਰਵਾਜ਼ਿਆਂ ਰਾਹੀਂ ਮੂਲ ਮੰਤ੍ਰ ਤੇ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਸੁਣਨ ਉਪਰੰਤ ਵੀ ਵਿਦਿਆਰਥੀਆਂ ਨੂੰ ਪੂਰਨ ਸੰਤੁਸ਼ਟੀ ਨਾ ਹੋਣ ਕਾਰਨ ਦਸ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਸਰਗੁਣ ਰੂਪ ’ਚ ਦਰਸ਼ਨ ਕਰਵਾਉਣ ਵਾਲੀ ‘ਜਾਪ’- ਖੇਡ ਵਰਤਾਣੀ ਪਈ ਪਰ ਇਸ ਖੇਡ ਵਰਤਾਉਣ ਤੋਂ ਪਹਿਲਾਂ ਇਹ ਕਹਿਣਾ ਮਜਬੂਰੀ ਬਣ ਗਿਆ ਕਿ ਇਹ ਸਾਰੀ ‘ਜਾਪ’-ਖੇਡ ਰਾਹੀਂ ਤੁਹਾਨੂੰ ਤਸੱਲੀ ਕਰਵਾਉਣ ਲਈ ਮੈ ਇਸ ਗੁਰੂ (ਦਾਤੇ) ਅੱਗੇ ਅਰਦਾਸ ਕੀਤੀ ਹੈ ਤਾਂ ਜੋ ਤੁਹਾਨੂੰ ‘ਜਾਪ’ (ਮੇਰੀ ਕਮਾਈ) ਸੁਣ ਸਕੇ ਜਦਕਿ ਵਿਖਾਈ ਇਹ ਦੇ ਰਿਹਾ ਹੈ ਕਿ ਦੂਸਰਾ ਸਵਾਲ ਪੁੱਛਣ ਤੋਂ ਉਪਰੰਤ, ਤੁਰੰਤ ਹੀ ਦੂਸਰੀ ‘ਜਾਪ’-ਖੇਡ (ਜੀਵਨ ਕਮਾਈ) ਵਰਤਣੀ ਆਰੰਭ ਹੋ ਗਈ (ਭਾਵ ਦਸ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਸਰਗੁਣ ਸਰੂਪ ’ਚ ਦਰਸ਼ਨ ਹੋਣ ਲੱਗ ਪਏ) ਇਸ ਤੋਂ ਪਹਿਲਾਂ ਗੁਰੂ ਜੀ ਅੱਗੇ ਅਰਦਾਸ ਕਰਨ ਬਾਰੇ ਕੋਈ ਜ਼ਿਕਰ (ਸੰਕੇਤ) ਤੱਕ ਨਹੀਂ । ਅਗਰ ਦੋਵੇਂ ਖੇਡਾਂ ਵਰਤਾਉਣ ਲਈ ਪਹਿਲਾਂ ਹੀ ਅਰਦਾਸ ਕੀਤੀ ਗਈ ਸੀ ਤਾਂ ਵਿਚਕਾਰ ਦੀ ਇਹ ਸਵਾਲ ਪੁੱਛਣਾ ਕਿ ‘ਕੀ ਤੁਹਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ-ਦਰਸ਼ਨਾਂ ਉੱਤੇ ਸੰਤੁਸ਼ਟਤਾ ਹੈ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਸਰਗੁਣ ਸਰੂਪ ਵੇਖਣ ਦੀ ਵੀ ਕੋਈ ਇੱਛਾ ਹੈ ?’ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।

ਕੁਟੀਆ ਦੀ ਕੰਧ ਨਾਲ ਕੰਨ ਲਗਾਇਆਂ ਮੂਲ ਮੰਤ੍ਰ ਦੇ ‘ਜਾਪ’ ਦੀ ਆਵਾਜ਼ ਆ ਰਹੀ ਸੀ ਕਿਉਂਕਿ ਮਹਾਂਪੁਰਸ਼ ਮੂਲ ਮੰਤ੍ਰ ਦਾ ‘ਜਾਪ’ ਕਰ ਰਹੇ ਸੀ ਪਰ ਤੁਰੰਤ ਹੀ ਕੰਨ ਨੂੰ ਦਰਵਾਜ਼ਿਆਂ ਨਾਲ ਲਗਾਇਆਂ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਆਵਾਜ਼ ਆਉਣ ਲੱਗ ਗਈ ਸੀ ਜਦਕਿ ਮਹਾਂਪੁਰਖ ਅਜੇ ਮੂਲ ਮੰਤ੍ਰ ਦਾ ‘ਜਾਪ’ ਹੀ ਕਰ ਰਹੇ ਸੀ ਤਾਂ ਫਿਰ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਆਵਾਜ਼ ਕਿਸ ਦੇ ਜਪਣ ਨਾਲ ਆ ਰਹੀ ਸੀ ?

ਆਪਣੀ ‘ਜਾਪ’ ਕਮਾਈ ਨੂੰ ਵਿਖਾਉਣ (ਪ੍ਰਤੱਖ ਕਰਨ) ਲਈ ਜਿਸ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਜਾ ਰਹੀ ਹੈ; ਉਨ੍ਹਾਂ ਦੇ ਬਚਨ ਹਨ: ‘‘ਹੋਨਿ ਨਜੀਕਿ ਖੁਦਾਇ ਦੈ; ਭੇਤੁ ਨ ਕਿਸੈ ਦੇਨਿ ॥’’ (ਬਾਬਾ ਫਰੀਦ/੧੩੮੪), ‘‘ਰਾਮ ਪਦਾਰਥੁ ਪਾਇ ਕੈ; ਕਬੀਰਾ ਗਾਂਠਿ ਨ ਖੋਲ੍ਹ ॥’’ (ਭਗਤ ਕਬੀਰ/੧੩੬੫) ਆਦਿ।

ਪਰ ਉਕਤ ਦਰਸਾਈ ਗਈ ਭਾਵਨਾ ਰਾਹੀਂ ਤਾਂ ਸਾਰਾ ਹੀ ਭੇਤ (ਰਾਜ਼, ਰਮਜ਼) ਵਿਸਥਾਰ ’ਚ ਬਿਆਨ ਕੀਤਾ ਜਾ ਰਿਹਾ ਹੈ, ਗੰਢ ਖੋਲ੍ਹ ਕੇ ਪਰੋਸੀ ਜਾ ਰਹੀ ਹੈ। ਇਸ ਗੰਢ ਖੋਲ੍ਹਣ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ਲਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਹਰ ਜਾ ਕੇ ਬਿਆਨ ਤਾਂ ਨਹੀਂ ਕਰੋਗੇ ? ਜਦਕਿ ਸਚਾਈ ਇਹ ਹੈ ਕਿ ਇਸ (ਮਨਘੜਤ) ਭਾਵਨਾ ਨੂੰ ਪ੍ਰਫੁਲਿਤ (ਵਿਕਸਿਤ) ਕਰਨ ਦੇ ਮਕਸਦ ਨਾਲ ਬੜੇ ਹੀ ਉਤਸ਼ਾਹ (ਜੋਸ਼) ਨਾਲ ਸੰਗਤਾਂ ਵਿੱਚ (ਹਰੀ ਸਿੰਘ ਰੰਧਾਵਾ ਵਰਗੇ ਡੇਰੇਦਾਰ ਪ੍ਰਚਾਰਕਾਂ ਰਾਹੀਂ) ਸੁਣਾਇਆ ਵੀ ਜਾ ਰਿਹਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 35 ਮਹਾਂ ਪੁਰਖਾਂ ਦੀ ਬਾਣੀ ਸਾਨੂੰ ਕਿਤੇ ਵੀ ਅਜਿਹਾ ਸੰਕੇਤ ਨਹੀਂ ਦੇਂਦੀ ਹੈ, ਜਿਸ ਰਾਹੀਂ ਸਪਸ਼ਟ ਹੁੰਦਾ ਹੋਵੇ ਕਿ ਉਕਤ ਅਸ਼ਰਧਕ ਭਾਵਨਾ ਨੂੰ ਸ਼ਰਧਾ ’ਚ ਤਬਦੀਲ ਕਰਨ ਲਈ ‘ਜਾਪ’ ਕਮਾਈ ਦੀ ਟੇਕ ਲਈ ਜਾਵੇ। ਇਸ ਲਈ ਉਕਤ ‘ਜਾਪ’ ਕਮਾਈ ਰੂਪ ਸੋਚ ਦਾ ਪਿਛੋਕੜ ਮਕਸਦ ਇਹੀ ਸੰਕੇਤ ਦੇਂਦਾ ਹੈ ਕਿ ਅਜਿਹੇ ਅਣਉਚਿਤ ਕਦਮ ਤਦ ਹੀ ਮਨੁੱਖ ਨੂੰ ਪੁੱਟਣੇ ਪੈਂਦੇ ਹਨ ਜਦ ਅਸੀਂ ਅਲੌਕਿਕ ਅਗੋਚਰ (ਜਿਸ ਤੱਕ ਸਰੀਰਕ ਇੰਦ੍ਰਿਆਂ ਦੀ ਪਹੁੰਚ, ਪਕੜ ਅਸੰਭਵ ਹੋਵੇ) ਸ਼ਕਤੀ ਨੂੰ ਆਪਣੇ ਵੱਸ ਵਿੱਚ ਹੋਣ ਦਾ ਝੂਠਾ ਦਾਹਵਾ (ਹੱਕ) ਜਤਾ ਕੇ ਅਣਭੋਲ (ਮਾਸੂਮ) ਅਭਿਲਾਸ਼ੀਆਂ ਦੇ ਮਨਾਂ ਅੰਦਰ ਅਣਉਚਿਤ ਉਮੀਦਾਂ ਜਗਾਉਣ ਦੇ ਆਦੀ ਬਣ ਜਾਂਦੇ ਹਾਂ।

ਗੁਰੂ ਜੀ ਅੱਗੇ ਰੱਖੀ ਗਈ ਉਪਰੋਕਤ ਅਰਦਾਸ ਵਾਲੀ ਟੇਕ, ਮੂਲ ਮੰਤ੍ਰ ਜਾਂ ਵਾਹਿਗੁਰੂ-ਵਾਹਿਗੁਰੂ ਦੇ ਨਿਰੰਤਰ ‘ਜਾਪ’ ਦੁਆਰਾ ਪ੍ਰਾਪਤ ਕੀਤੀ ਗਈ ਉਕਤ ਸ਼ਕਤੀ (ਨਿਜੀ ਕਮਾਈ, ਧਿਆਨ ਚੇਤਨਾ), ਜਿਸ ਦੀ ਮਦਦ ਨਾਲ ਰਾਤ ਨੂੰ 40 ਦਿਨਾਂ ਦੇ ਲੰਮੇ ਅਭਿਆਸ ’ਚ ਵਿਸ਼ਵਾਸ ਰੱਖਣ ਵਾਲੇ ਵਿਦਿਆਰਥੀਆਂ ਨੂੰ ਕੁਟੀਆ ਦੀਆਂ ਕੰਧਾਂ ਤੇ ਦਰਵਾਜ਼ਿਆਂ ਵਿੱਚੋਂ ਮੂਲ ਮੰਤ੍ਰ ਤੇ ਵਾਹਿਗੁਰੂ-ਵਾਹਿਗੁਰੂ ਦੇ ‘ਜਾਪ’ ਦੀ ਧੁਨੀ ਸੁਣਾਈ ਦੇ ਰਹੀ ਸੀ, ਵਾਲੀ ਮਹਾਂਪੁਰਸ਼ ਦੀ ‘ਜਾਪ’ ਕਮਾਈ; ਉਸ ਬੀਬੀ ਦੁਆਰਾ ਪ੍ਰਾਪਤ ਕੀਤੀ ਗਈ ‘ਜਾਪ’ ਕਮਾਈ ਦੇ ਮੁਕਾਬਲੇ ਤੁੱਛ-ਮਾਤ੍ਰ ਹੀ ਹੈ, ਜਿਸ ਨੇ ਗੋਬਰ ਦੀਆਂ ਪਾਥੀਆਂ ਵਿੱਚੋਂ ਪੰਚਾਇਤ ਦੇ ਉਨ੍ਹਾਂ ਬੰਦਿਆਂ ਨੂੰ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਸੁਣਾ ਦਿੱਤੀ, ਜਿਨ੍ਹਾਂ (ਪੰਚਾਇਤ ਵਾਲਿਆਂ) ਨੇ ਕਦੀ ਵੀ ਰਾਤ ਨੂੰ ਉੱਠ ਕੇ ਕੋਈ ਨਿਰੰਤਰ ‘ਜਾਪ’ ਅਭਿਆਸ ਨਾ ਹੀ ਕਦੇ ਕੀਤਾ ਸੀ ਤੇ ਨਾ ਹੀ ਉਨ੍ਹਾਂ ਦੀ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਸੁਣਨ ਬਾਰੇ ਕੋਈ ਰੁਚੀ (ਦਿਲਚਸਪੀ) ਸੀ। ਇਸ ਸਾਖੀ ਦਾ ਵਿਸਥਾਰ ਅਗਾਂਹ ਦਿੱਤਾ ਜਾ ਰਿਹਾ ਹੈ।

(ਨੋਟ: ਉਪਰੋਕਤ ਸਾਖੀ ਵਿੱਚ ਵਰਤੀ ਗਈ ਗੁਰਬਾਣੀ ਦੀ ਪੰਕਤੀ ‘‘ਧਰਤਿ, ਪਾਤਾਲੁ, ਆਕਾਸੁ ਹੈ; ਮੇਰੀ ਜਿੰਦੁੜੀਏ ! ਸਭ ਹਰਿ ਹਰਿ ਨਾਮੁ, ਧਿਆਵੈ ਰਾਮ ॥’’ (ਮ: ੪/੫੪੦) ਦੇ ਗੁਰਮਤਿ ਅਨੁਸਾਰੀ ਭਾਵਾਰਥ ਨੂੰ ਇਸ (ਚੌਥੇ) ਸਵਾਲ ਦੀ ਸਮਾਪਤੀ ’ਤੇ ਵੀਚਾਰਿਆ ਜਾਵੇਗਾ ਕਿਉਂਕਿ ਅਗਲੀ ਸਾਖੀ ਵਿੱਚ ਵੀ ਇਸ ਵਿਸ਼ੇ ਨਾਲ ਸੰਬੰਧਿਤ ਗੁਰਬਾਣੀ ਦੀ ਇੱਕ ਪੰਕਤੀ ਇਸਤੇਮਾਲ ਕੀਤੀ ਹੋਈ ਆ ਰਹੀ ਹੈ।)

(2). ਪਾਥੀਆਂ ਵਿੱਚੋਂ ਰਾਮ-ਰਾਮ ਦਾ ‘ਜਾਪ’ ਸੁਣਨ ਵਾਲੀ ਸਾਖੀ : ਇੱਕ ਪਹੁੰਚੇ ਹੋਏ ਆਚਾਰੀਆ (ਮਹਾਤਮਾ) ਜੀ ਨੇ ਰਾਜਸਥਾਨ ਦੀ ਇੱਕ ਬੀਬੀ (ਫੂਲੀ ਬਾਈ, ਹਿੰਦੂ ਮਤ ਨਾਲ ਸੰਬੰਧਿਤ) ਦੇ ਹਵਾਲੇ ਨਾਲ ਸਾਖੀ ਸੰਗਤਾਂ ਵਿੱਚ ਸੁਣਾਈ ਕਿ ਉਹ ਬੀਬੀ ਆਪਣੇ ਪੇਕੇ ਅਤੇ ਸਹੁਰੇ ਘਰ ਵਿੱਚ ਗੋਬਰ ਦੀਆਂ ਪਾਥੀਆਂ ਪੱਥਦੀ ਹੋਈ ਰਾਮ-ਰਾਮ ਦਾ ‘ਜਾਪ’ ਜਪਦੀ ਰਹਿੰਦੀ ਸੀ। ਲੋਕ ਉਸ ਨੂੰ ਕਮਲੀ-ਕਮਲੀ ਕਹਿ ਕੇ ਪੁਕਾਰਦੇ ਸਨ ਪਰ ਉਹ ਕਮਲੀ ਹੈ ਨਹੀਂ ਸੀ। ਇੱਕ ਦਿਨ (ਸਹੁਰੇ ਘਰ) ਉਸ ਦੁਆਰਾ ਪੱਥੀਆਂ ਹੋਈਆਂ ਪਾਥੀਆਂ ਪੜੋਸਣ ਨੇ ਚੋਰੀ ਕਰ ਲਈਆਂ, ਜਿਸ ਬਾਬਤ ਉਸ ਦੀ ਗੁਆਂਢਣ ਨਾਲ ਕਹਾ-ਸੁਣੀ ਹੋ ਗਈ ਤੇ ਪੰਚਾਇਤ ਨੂੰ ਬੁਲਾਉਣ ਤੱਕ ਦੀ ਨੌਬਤ (ਸਥਿਤੀ) ਆ ਬਣੀ। (ਸਿਆਣੀ) ਪੰਚਾਇਤ ਨੇ ਆ ਕੇ ਬੀਬੀ ਨੂੰ (ਚੁੱਕੀਆਂ ਗਈਆਂ ਪਾਥੀਆਂ ਦੇ ਹਵਾਲੇ ’ਚ) ਗਵਾਹ ਪੇਸ਼ ਕਰਨ ਲਈ ਕਿਹਾ ਤਾਂ ਬੀਬੀ ਨੇ ਕਿਹਾ ਕਿ ਮੇਰਾ ਗਵਾਹ ਮੇਰਾ ਰਾਮ ਹੈ ਭਾਵ ਮੈ ਪਾਥੀਆਂ ਰਾਮ-ਰਾਮ ਦਾ ‘ਜਾਪ’ ਬੋਲ ਕੇ ਪੱਥੀਆਂ ਹਨ, ਇਸ ਲਈ ਜਿਨ੍ਹਾਂ ਪਾਥੀਆਂ ਵਿੱਚੋਂ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਆਵੇਗੀ ਉਹ ਪਾਥੀਆਂ ਮੇਰੀਆਂ ਹਨ ਅਤੇ ਜਿਸ ਵਿੱਚੋਂ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਨਹੀਂ ਆਵੇਗੀ ਉਹ ਪਾਥੀਆਂ ਇਸ (ਗੁਆਂਢਣ) ਨੂੰ ਦੇ ਦੇਣਾ। (ਪੰਚਾਇਤ ਸਮਝਦਾਰ ਸੀ ਕਿਉਂਕਿ ਜ਼ਮੀਨੀ ਹਾਲਾਤ ਤਣਾਉ ਪੂਰਨ ਹੋਣ ਦੇ ਕਾਰਨ ਉਨ੍ਹਾਂ ਨੇ) ਅਜਿਹਾ ਹੀ ਕੀਤਾ ਭਾਵ ਪਾਥੀਆਂ ਨੂੰ ਆਪਣੇ ਕੰਨ ਨਾਲ ਲਗਾ-ਲਗਾ ਕੇ ਵੇਖਿਆ ਗਿਆ ਤੇ ਰਾਮ-ਰਾਮ ਦੇ ‘ਜਾਪ’ ਦੀ ਆਵਾਜ਼ ਦੇਣ ਵਾਲੀਆਂ ਪਾਥੀਆਂ ਬੀਬੀ (ਫੂਲੀ ਬਾਈ) ਨੂੰ ਦੇ ਦਿੱਤੀਆਂ ਤੇ ਰਾਮ-ਰਾਮ ਦਾ ‘ਜਾਪ’ ਨਾ ਬੋਲਣ ਵਾਲੀਆਂ ਪਾਥੀਆਂ ਗੁਆਂਢਣ ਨੂੰ ਦੇ ਦਿੱਤੀਆਂ। ਸਮਝੌਤਾ (ਸੁਲ੍ਹਾ-ਸਫ਼ਾਈ) ਕਰਵਾਉਣ ਉਪਰੰਤ ਪੰਚਾਇਤ ਨੇ ਉਸ (ਬੀਬੀ) ਨੂੰ ਕਿਹਾ ਫੂਲੀ ਬਾਈ! ਤੂੰ ਤਾਂ ਬਹੁਤ ਵੱਡੀ ਮਹਾਂਪੁਰਸ਼ ਹੈਂ; ਸਾਨੂੰ ਮਾਫ਼ ਕਰ ਦੇਓ, ਸਾਥੋਂ ਗ਼ਲਤੀ ਹੋ ਗਈ। (ਹਰੀ ਸਿੰਘ ਰੰਧਾਵਾ)

ਵੀਚਾਰ: ਬੀਬੀ ਦੀਆਂ ਪਾਥੀਆਂ ਗੁਆਂਢਣ ਨੇ ਚੁੱਕੀਆਂ ਸਨ ਤੇ ਗ਼ਲਤੀ ਲਈ ਮਾਫ਼ੀ ਪੰਚਾਇਤ ਮੰਗ ਰਹੀ ਹੈ।

ਉਕਤ ਸਾਖੀ ’ਚ ਬਿਆਨ ਕੀਤੀ ਗਈ ਬੀਬੀ ਦੀ ‘ਜਾਪ’ ਕਮਾਈ; ਹਿੰਦੂ ਮਤਿ ਨਾਲ ਸੰਬੰਧਿਤ ਹੈ। ਗੁਰਬਾਣੀ ਵਿੱਚ ਵੀ ਕਈ ਹਿੰਦੂ ਮਤਿ ਨਾਲ ਸੰਬੰਧਿਤ ਭਗਤਾਂ ਦੀ ਬਾਣੀ ਦਰਜ ਹੈ ਪਰ ਬੀਬੀ ਅਤੇ ਇਨ੍ਹਾਂ ਭਗਤਾਂ ਦੀ ‘ਜਾਪ’ ਕਮਾਈ ਵਿੱਚ ਇਕ ਬੁਨਿਆਦੀ ਭਿੰਨਤਾ ਇਹ ਹੈ ਕਿ ਬੀਬੀ ਕੇਵਲ ਇੱਕ ‘ਰਾਮ’ (ਸ਼ਬਦ) ਨਾਲ ਰੱਬੀ ਸ਼ਕਤੀ ਨੂੰ ਯਾਦ ਕਰਦੀ ਹੈ ਜਦਕਿ ਗੁਰਬਾਣੀ ਵਿੱਚ ਦਰਜ ਭਗਤ ਬਾਣੀ; ਪ੍ਰਮਾਤਮਾ ਦੇ ਕਿਸੇ ਇੱਕ ਨਾਂ ਵਿਸ਼ੇਸ਼ ਦੀਆਂ ਸੀਮਾਵਾਂ ਵਿੱਚ ਕੈਦ ਨਹੀਂ ਹਨ; ਜਿਵੇਂ ਕਿ ਭਗਤ ਕਬੀਰ ਜੀ (‘ਰਾਮ, ਗੁਰ’ ਤੇ ‘ਅੱਲ੍ਹਾ, ਪੀਰ’ ਨੂੰ ਸਮਾਨੰਤਰ) ਬਿਆਨ ਕਰਦੇ ਹਨ: ‘‘ਕਬੀਰੁ ਪੂੰਗਰਾ (ਨਾ-ਬਾਲਗ਼) ਰਾਮ ਅਲਹ ਕਾ; ਸਭ ਗੁਰ ਪੀਰ ਹਮਾਰੇ ॥’’ (ਭਗਤ ਕਬੀਰ/੧੩੪੯)

ਗੁਰੂ ਅਰਜੁਨ ਸਾਹਿਬ ਜੀ ਵੀ ਇਸ ‘ਜਾਪ’ ਕਮਾਈ ਦੀ ਪੁਸ਼ਟੀ ਕਰਦੇ ਹੋਏ ਬਿਆਨ ਕਰ ਰਹੇ ਹਨ ਕਿ ਸਮੂਹ ਜੀਵਾਂ ਦੇ ਸਰੀਰ ਤੇ ਉਨ੍ਹਾਂ ਦੇ ਪ੍ਰਾਣ ਉਸ ਕਰਤਾਰ ਦੀ ਬਖ਼ਸ਼ਸ਼ ਹਨ, ਜਿਸ ਨੂੰ ਕੋਈ ‘ਰਾਮ’ ਤੇ ਕੋਈ ‘ਅੱਲ੍ਹਾ’ ਆਖਦਾ ਹੈ; ਜਿਵੇਂ: ‘‘ਅਲਹ ਰਾਮ ਕੇ, ਪਿੰਡੁ ਪਰਾਨ ॥’’ (ਮ: ੫/੧੧੩੬)

ਸੋ, ਸਪਸ਼ਟ ਹੈ ਕਿ ਬੀਬੀ ਜੀ ਉਸ ‘ਰਾਮ’ ਤੇ ‘ਅੱਲ੍ਹਾ’ ਦਾ ‘ਜਾਪ’ ਨਹੀਂ ਕਰ ਰਹੀ ਹੈ ਜੋ ‘ਸਰਬ ਵਿਆਪਕ’ ਹੈ ਬਲਕਿ ਉਸ ਰਾਜਾ ਦਸ਼ਰਥ ਦੇ ਪੁੱਤਰ ‘ਰਾਮ’ ਦਾ ‘ਜਾਪ’ ਕਰ ਰਹੀ ਹੈ, ਜਿਸ ਬਾਰੇ ਗੁਰੂ ਅਮਰਦਾਸ ਜੀ ਬਿਆਨ ਕਰ ਰਹੇ ਹਨ ਕਿ ਸਮਾਜਿਕ ਸੋਚ ਰੱਖਣ ਵਾਲੇ ਮਨੁੱਖਾਂ ਨੇ ਆਪਣੇ ਰਾਜਿਆਂ ਨੂੰ ਹੀ ਰੱਬੀ ਅਵਤਾਰ ਕਰਕੇ ਮੰਨ ਲਿਆ ਹੈ; ਜਿਵੇਂ: ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩)

ਭਗਤ ਕਬੀਰ ਜੀ ‘ਸਰਬ ਵਿਆਪਕ ਰਾਮ’ ਤੇ ‘ਰਾਜਾ ਦਸ਼ਰਥ ਦੇ ਪੁੱਤਰ ਰਾਮ’ ਦੀ ਸ਼ਕਤੀ ਨੂੰ ਤੁਲਨਾਤਮਿਕ ਪੱਖ ਤੋਂ ਇਉਂ ਬਿਆਨ ਕਰ ਰਹੇ ਹਨ: ‘‘ਕਬੀਰ ! ਰਾਮੈ ਰਾਮ ਕਹੁ, (ਪਰ) ਕਹਿਬੇ ਮਾਹਿ ਬਿਬੇਕ (ਅਕਲ ਨਾਲ, ਕਿਉਂਕਿ)॥ ਏਕੁ (ਰਾਮ) ਅਨੇਕਹਿ ਮਿਲਿ ਗਇਆ; ਏਕ (ਰਾਮ) ਸਮਾਨਾ (ਸਿਰਫ਼) ਏਕ ॥’’ (ਭਗਤ ਕਬੀਰ/੧੩੭੪), ਕਬੀਰ ! ਰਾਮ ਕਹਨ ਮਹਿ ਭੇਦੁ (ਭਿੰਨਤਾ) ਹੈ; ਤਾ ਮਹਿ ਏਕੁ ਬਿਚਾਰੁ ॥ ਸੋਈ ਰਾਮੁ ਸਭੈ ਕਹਹਿ; ਸੋਈ ਕਉਤਕਹਾਰ (ਦਸ਼ਰਥ ਦਾ ਪੁੱਤਰ)॥’’ (ਭਗਤ ਕਬੀਰ/੧੩੭੪) ਆਦਿ।

‘ਗੁਰਬਾਣੀ ਫ਼ਿਲਾਸਫ਼ੀ’ ਦੀ ਰੌਸ਼ਨੀ ਰਾਹੀਂ ਉਕਤ ਬੀਬੀ ਦੀਆਂ ਪਾਥੀਆਂ ਰਾਮ-ਰਾਮ ਦਾ ‘ਜਾਪ’ ਨਹੀਂ ਬੋਲ ਸਕਦੀਆਂ ਕਿਉਂਕਿ ‘ਦਸ਼ਰਥ ਦਾ ਪੁੱਤਰ ਰਾਮ’; ‘ਸਰਬ ਵਿਆਪਕ’ ਨਹੀਂ। ਇਸ ਲਈ ਉਪਰੋਕਤ ਸੁਣਾਈ ਗਈ ਸਾਖੀ ਆਚਾਰੀਆ ਦੁਆਰਾ ਹਿੰਦੂ ਸਮਾਜ ਨੂੰ ਦਸ਼ਰਥ ਦੇ ਪੁੱਤਰ ਰਾਮ ਤੋਂ ਪ੍ਰਭਾਵਤ ਕਰਵਾਉਣ ਲਈ ਵਰਤੀ ਗਈ ਸੀ ਜਿਸ ਨੂੰ ਬਦਕਿਸਮਤੀ ਨਾਲ ‘ਹਰੀ ਸਿੰਘ ਰੰਧਾਵਾ’ ਵਰਗੇ ‘ਗੁਰਮਤਿ ਫ਼ਿਲਾਸਫ਼ੀ’ ਦੇ ਪ੍ਰਚਾਰਕ ਅਖਵਾਉਣ ਵਾਲਿਆਂ ਨੇ ਅਬਿਬੇਕ ਦ੍ਰਿਸ਼ਟੀ ਕਾਰਨ ਗ੍ਰਹਿਣ ਕਰ ਲਿਆ। ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਸਰੀ (ਕੈਨੇਡਾ) ਦੇ ਗੁਰਦੁਆਰਾ ਸਾਹਿਬ ਦੇ ‘ਜਰਨਲ ਸਕੱਤਰ ਸ. ਕਰਨੈਲ ਸਿੰਘ ਜੀ ਮਾਨ’, ਜਿਨ੍ਹਾਂ ਨੂੰ ਦੋਵੇਂ ਧਿਰਾਂ ਦੇ ਵਿਚਾਰਾਂ ਵਿੱਚ ਆਏ ਮਤਭੇਦ ਨੂੰ (ਗੁਰਮਤਿ ਅਨੁਸਾਰੀ) ਦੂਰ ਕਰਨ ਲਈ ਮਿਤੀ 3-6-2015 ਨੂੰ ਮੀਟਿੰਗ ਦੀ ਅਗਵਾਈ ਕਰਨ ਬਾਬਤ ਨਿਯੁਕਤ ਕੀਤਾ ਗਿਆ ਸੀ, ਪਰ ਉਨ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਰੰਧਾਵੇ ਦੀ ਸੋਚ ਦੀ ਵਕਾਲਤ ਕਰਦਿਆਂ ਉਕਤ ਸਾਖੀ ਨੂੰ ਨਵੇਂ ਰੂਪ ’ਚ ਇਉਂ ਬਿਆਨ ਕੀਤਾ; ‘ਜਿਵੇਂ ਕਿਸੇ ਅਨੁਭਵੀ ਵਿਅਕਤੀ ਨੂੰ ਹਰ ਕੰਮ ਕਰਦਿਆਂ ਵਾਹਿਗੁਰੂ-ਵਾਹਿਗੁਰੂ, ਰਾਮ-ਰਾਮ ਦੀ ਯਾਦ ਆਉਂਦੀ ਰਹਿੰਦੀ ਹੈ ਇਸ ਤਰ੍ਹਾਂ ਹੀ ਉਸ ਅਨੁਭਵੀ ਬੀਬੀ ਨੂੰ ਪਾਥੀਆਂ ਪੱਥਦਿਆਂ ਰਾਮ-ਰਾਮ ਦੀ ਆਵਾਜ਼ ਮਹਿਸੂਸ ਹੋ ਰਹੀ ਸੀ, ਨਾ ਕਿ ਪਾਥੀਆਂ ਬੋਲਦੀਆਂ ਸਨ; ਜਿਵੇਂ ਕਬੀਰ ਜੀ ਦਾ ਸ਼ਬਦ ਹੈ: ‘‘ਜਬ ਲਗੁ ਤਾਗਾ ਬਾਹਉ ਬੇਹੀ ॥ ਤਬ ਲਗੁ ਬਿਸਰੈ ਰਾਮੁ ਸਨੇਹੀ ॥’’ (ਭਗਤ ਕਬੀਰ/੫੨੪) ਭਾਵ ਅਨੁਭਵੀ ਬੰਦੇ ਨੂੰ ਹਰ ਪਾਸੇ ਰਾਮ-ਰਾਮ ਦੀ ਧੁਨੀ ਸੁਣਾਈ ਦੇਣ ਲੱਗ ਜਾਂਦੀ ਹੈ; ਜਿਵੇਂ: ‘‘ਜੋ ਬੋਲਤ ਹੈ, ਮ੍ਰਿਗ ਮੀਨ ਪੰਖੇਰੂ; ਸੁ, ਬਿਨੁ ਹਰਿ ਜਾਪਤ ਹੈ ਨਹੀ ਹੋਰ ॥’’ (ਮ: ੪/੧੨੬੫) (ਸ. ਕਰਨੈਲ ਸਿੰਘ ਮਾਨ, ਜਰਨਲ ਸਕੱਤਰ ਗੁਰਦੁਆਰਾ ਸਾਹਿਬ)

ਵੀਚਾਰ: ਹਰੀ ਸਿੰਘ ਰੰਧਾਵਾ ਦੁਆਰਾ ਬਿਆਨ ਕੀਤੀ ਗਈ ਉਕਤ ਸਾਖੀ ਨੂੰ ਬਦਲ ਕੇ ਨਵਾਂ ਰੂਪ ਦੇਣ ਦੇ ਪਿੱਛੇ ‘ਜਰਨਲ ਸਕੱਤਰ’ ਦੀ ਕੀ ਮਜਬੂਰੀ ਸੀ ? ਜਦਕਿ ਸੰਗਤਾਂ ਸਵਾਲ ‘ਰੰਧਾਵਾ’ ਤੋਂ ਪੁੱਛ ਰਹੀਆਂ ਸਨ। ਉਨ੍ਹਾਂ ਦੀ ਜ਼ਿੰਮੇਵਾਰੀ ਤਾਂ ਦੋਵੇਂ ਧਿਰਾਂ ਦੇ ਵੀਚਾਰਾਂ ਨੂੰ ‘ਗੁਰਮਤਿ’ ਦੀ ਕਸੌਟੀ ’ਤੇ ਵੀਚਾਰ ਕੇ ਵੇਖਣਾ ਸੀ ਕਿ ਕੌਣ ‘ਗੁਰਮਤਿ ਫ਼ਿਲਾਸਫ਼ੀ’ ਦੇ ਵਧੇਰੇ ਨਜ਼ਦੀਕ ਹੈ। ਪਰ ਉਨ੍ਹਾਂ ਨੇ ‘ਰੰਧਾਵਾ’ ਵੱਲੋਂ ਕਹੀ ਗਈ ਮੂਲ ਸਾਖੀ ਦੀ ਰੂਪ-ਰੇਖਾ ਹੀ ਬਦਲ ਦਿੱਤੀ ਤੇ ਸਵਾਲ ਕਰਨ ਵਾਲੀ ਸੰਗਤ ਦਾ ਸਵਾਲ ਹੀ ਅਣਉਚਿਤ ਬਣਾ ਦਿੱਤਾ। ਪ੍ਰਬੰਧਕਾਂ ਵੱਲੋਂ ਮਿਲ ਰਹੇ ਅਜਿਹੇ ਸਹਿਯੋਗ ਕਾਰਨ ‘ਰੰਧਾਵੇ’ ਦਾ ਚਿਹਰਾ ਉਤਸ਼ਾਹ ਨਾਲ ਖਿੜ ਰਿਹਾ ਸੀ।

ਦਰਅਸਲ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਦ ਕਿਸੇ ਪ੍ਰਚਾਰਕ ਨੂੰ ਗੁਰੂ ਘਰ ਦੀ ਸਟੇਜ ਮੁਹੱਈਆ ਕਰਵਾਉਂਦੀਆਂ ਹਨ ਤਾਂ ਉਹ, ਪ੍ਰਚਾਰਕਾਂ ਦੀ ਸੋਚ ਤੋਂ ਪ੍ਰਭਾਵਤ ਹੀ ਹੁੰਦੀਆਂ ਹਨ ਬੇਸ਼ੱਕ ਉਨ੍ਹਾਂ ਦੀ ਸੋਚ ਜ਼ਿਆਦਾਤਰ ਮਨਮਤ ਦੇ ਦਾਇਰੇ ਤੱਕ ਹੀ ਸੀਮਤ ਹੋਵੇ। ਇਸ ਲਈ ਸੰਗਤਾਂ ਵੱਲੋਂ ਇਨ੍ਹਾਂ ਪ੍ਰਚਾਰਕਾਂ ਦੇ ਹੁੰਦੇ ਨਿਰਾਦਰ ਨੂੰ ਵੇਖ ਕੇ ਗੁਰਦੁਆਰਾ ਪ੍ਰਬੰਧਕ ਆਪਣਾ ਨਿਰਾਦਰ ਹੀ ਸਮਝਦੇ ਹਨ ਬੇਸ਼ੱਕ ਉਹ ਗੁਰਮਤਿ ਅਨੁਸਾਰੀ ਹੀ ਕਿਉਂ ਨਾ ਹੋਵੇ। ਜਿਸ ਦੀ ਇੱਕ ਉਦਾਹਰਨ ਹੀ ਹੈ ‘ਜਰਨਲ ਸਕੱਤਰ ਦੇ ਉਪਰੋਕਤ ਸਾਖੀ ਨੂੰ ਬਦਲਣ ਵਾਲੇ ਬਚਨ।’

ਉਪਰੋਕਤ ਦੋਵੇਂ ਸਾਖੀਆਂ ਵਿੱਚ ਆਪਣੀ ‘ਸੋਚ’ ਨੂੰ ‘ਗੁਰਮਤਿ’ ਅਨੁਸਾਰੀ ਸਿੱਧ ਕਰਨ ਲਈ ਗੁਰੂ ਰਾਮਦਾਸ ਜੀ ਦੇ ਦੋ ਸ਼ਬਦਾਂ ਦੀ ਟੇਕ ਲਈ ਗਈ ਹੈ; ਜਿਵੇਂ:

(1). ‘‘ਧਰਤਿ, ਪਾਤਾਲੁ, ਆਕਾਸੁ ਹੈ; ਮੇਰੀ ਜਿੰਦੁੜੀਏ ! ਸਭ ਹਰਿ ਹਰਿ ਨਾਮੁ, ਧਿਆਵੈ ਰਾਮ ॥’’ (ਮ: ੪/੫੪੦) (ਹਰੀ ਸਿੰਘ ਰੰਧਾਵਾ)

(2). ‘‘ਜੋ ਬੋਲਤ ਹੈ, ਮ੍ਰਿਗ ਮੀਨ ਪੰਖੇਰੂ; ਸੁ, ਬਿਨੁ ਹਰਿ; ਜਾਪਤ ਹੈ ਨਹੀ ਹੋਰ ॥’’ (ਮ: ੪/੧੨੬੫) (ਸ. ਕਰਨੈਲ ਸਿੰਘ ਮਾਨ, ਜਰਨਲ ਸਕੱਤਰ ਗੁਰਦੁਆਰਾ ਸਾਹਿਬ)

ਵੀਚਾਰ: ਇਨ੍ਹਾਂ ਦੋਵੇਂ ਪੰਕਤੀਆਂ ਦੀ ਟੇਕ ਲੈਣ ਦੇ ਪਿੱਛੇ ਸੰਗਤਾਂ ਨੂੰ ਇਹ ਦਰਸਾਉਣਾ ਸੀ ਕਿ ਕੰਧਾਂ, ਦਰਵਾਜ਼ੇ, ਪਾਥੀਆਂ ਆਦਿ ਬੋਲ (ਆਵਾਜ਼ ਕਰ) ਸਕਦੇ ਹਨ।

ਅਗਰ ਇਹ (ਉਕਤ) ਦਲੀਲ ਉਚਿਤ ਹੈ ਤਾਂ ਸਹਿਜੇ ਹੀ ਅੰਦਾਜ਼ਾ (ਅਨੁਮਾਨ) ਲਗਾਇਆ ਜਾ ਸਕਦਾ ਹੈ ਕਿ ਜਦ ਗੁਰੂ ਵਿਹੂਣੀ (ਗੁਰੂ ਰਹਿਤ) ਨਿਰਜਿੰਦ (ਧਰਤੀ, ਪਾਤਾਲ, ਆਕਾਸ਼ ਆਦਿ) ਵਸਤੂ ਸਰਬ ਵਿਆਪਕ ਪ੍ਰਮਾਤਮਾ ਪ੍ਰਤੀ ਇਤਨੀ ਸਮਝ ਰੱਖ ਸਕਦੀ ਹੈ ਕਿ ਉਸ ਦੇ ਗੁਣਾਂ ਨੂੰ ਗਾ ਸਕੇ, ਉਸ ਦਾ ਨਾਮ ਜਪ ਸਕੇ ਤਾਂ ਮਨੁੱਖ (ਜਿੰਦ ਸਮੇਤ) ਨੂੰ ਕਿਸ ਪਾਗਲ ਕੁੱਤੇ ਨੇ ਕੱਟਿਆ ਹੈ ਕਿ ਉਹ ਗੁਰੂ ਧਾਰਨ ਕਰੇ? ਭਾਵ ਮਨੁੱਖ ਨੂੰ ਤਾਂ ਇਹ ਸਮਝ ਬਿਨਾ ਗੁਰੂ ਤੋਂ ਸਹਿਜੇ (ਆਸਾਨੀ ਨਾਲ) ਹੀ ਹੋ ਜਾਣੀ ਚਾਹੀਦੀ ਸੀ ਜਦਕਿ ਗੁਰੂ ਜੀ ਉਪਦੇਸ਼ ਕਰ ਰਹੇ ਹਨ ਕਿ ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ, ਸਮਝ ਨ ਆਵੈ ॥’’ (ਭਟ ਨਲੵ /੧੩੯੯)

ਇਸ ਲਈ ਜ਼ਰੂਰੀ ਹੈ ਕਿ ਉਕਤ ਸ਼ਬਦਾਂ ਦੇ ਭਾਵਾਰਥਾਂ ਨੂੰ ਸਮਝਣ ਲਈ ਇਨ੍ਹਾਂ ਦੇ ਤਰਤੀਬਵਾਰ ਸ਼ਬਦਾਰਥਾਂ ਨੂੰ ਵੀਚਾਰ ਲਿਆ ਜਾਵੇ; ਜਿਵੇਂ:

(1). ‘‘ਧਰਤਿ ਪਾਤਾਲੁ ਆਕਾਸੁ..।’’ (ਚਾਰ ਪਦਿਆਂ ) ਵਾਲੇ ਇਸ ਸ਼ਬਦ ਦੀ ਰਾਹੀਂ ਗੁਰੂ ਰਾਮਦਾਸ ਜੀ; ਰੱਬੀ ਭਗਤ ਦੇ ਸਰੀਰਕ ਇੰਦ੍ਰਿਆਂ (ਜੀਭ, ਕੰਨ, ਸਿਰ, ਅੱਖਾਂ, ਹੱਥ, ਪੈਰ ਆਦਿ) ਨੂੰ ਸਾਰਥਕ (ਸਫਲਤਾ ਭਰਪੂਰ) ਵਾਲੇ ਪਾਸੇ ਪ੍ਰੇਰਿਤ ਕਰਨ ਵਾਲੇ ਵਿਸ਼ੇ ਨੂੰ ਆਧਾਰ ਬਣਾ ਰਹੇ ਹਨ।

ਇਸ (ਸ਼ਬਦ) ਦੀ ਆਰੰਭਤਾ, ਜਿਸ-ਜਿਸ ਨੂੰ ‘‘ਗੁਰਿ ਸਤਿਗੁਰਿ (ਨੇ) ਨਾਮੁ ਦ੍ਰਿੜਾਇਆ..॥’’ ਤੋਂ ਸ਼ੁਰੂ ਹੁੰਦੀ ਹੈ ਤੇ ਇਸੇ ਭਾਵਨਾ ਨਾਲ ਹੀ ਸ਼ਬਦ ਦੀ ਸਮਾਪਤੀ ਹੁੰਦੀ ਹੈ; ਜਿਵੇਂ: ‘‘ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥’’ ਭਾਵ ਅਜਿਹੀ ਅਵਸਥਾ ਉਸ ਦੀ ਹੀ ਬਣਦੀ ਹੈ ਜਿਹੜਾ ਗੁਰੂ ਦੀ ਰਾਹੀਂ ਰੱਬੀ ਭਗਤੀ ਵਿੱਚ ਮਨ ਨੂੰ ਜੋੜਦਾ ਹੈ।

ਸ਼ਬਦ ਦੇ ਵਿਚਕਾਰ ਇੰਦ੍ਰਿਆਂ ਨੂੰ ਪ੍ਰੇਰਨਾ ਇਸ ਤਰ੍ਹਾਂ ਦਿੱਤੀ ਗਈ ਹੈ: ‘‘ਸਾ ਰਸਨਾ (ਜੀਭ) ਧਨੁ ਧੰਨੁ ਹੈ; ਮੇਰੀ ਜਿੰਦੁੜੀਏ ! (ਜੋ) ਗੁਣ ਗਾਵੈ, ਹਰਿ ਪ੍ਰਭ ਕੇਰੇ (ਦੇ) ਰਾਮ ॥ ਤੇ ਸ੍ਰਵਨ (ਉਹ ਕੰਨ) ਭਲੇ ਸੋਭਨੀਕ ਹਹਿ; ਮੇਰੀ ਜਿੰਦੁੜੀਏ! ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥ ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ; ਮੇਰੀ ਜਿੰਦੁੜੀਏ! ਜੋ ਜਾਇ ਲਗੈ ਗੁਰ ਪੈਰੇ (ਗੁਰ ਚਰਨੀਂ) ਰਾਮ ॥ ਗੁਰ ਵਿਟਹੁ (ਤੋਂ) ਨਾਨਕੁ ਵਾਰਿਆ, ਮੇਰੀ ਜਿੰਦੁੜੀਏ ! ਜਿਨਿ (ਜਿਸ ਨੇ), ਹਰਿ ਹਰਿ ਨਾਮੁ ਚਿਤੇਰੇ (ਯਾਦ ਕਰਵਾਇਆ) ਰਾਮ ॥੨॥ ਤੇ ਨੇਤ੍ਰ ਭਲੇ ਪਰਵਾਣੁ ਹਹਿ; ਮੇਰੀ ਜਿੰਦੁੜੀਏ ! ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥ ਤੇ ਹਸਤ (ਹੱਥ) ਪੁਨੀਤ ਪਵਿਤ੍ਰ ਹਹਿ; ਮੇਰੀ ਜਿੰਦੁੜੀਏ ! ਜੋ, ਹਰਿ ਜਸੁ ਹਰਿ ਹਰਿ ਲੇਖਹਿ (ਲਿਖਦੇ ਹਨ) ਰਾਮ ॥ ਤਿਸੁ ਜਨ ਕੇ ਪਗ (ਪੈਰ) ਨਿਤ ਪੂਜੀਅਹਿ; ਮੇਰੀ ਜਿੰਦੁੜੀਏ ! ਜੋ, ਮਾਰਗਿ ਧਰਮ ਚਲੇਸਹਿ (ਧਰਮ ਦੇ ਮਾਰਗ ’ਤੇ ਚੱਲਦੇ ਹਨ) ਰਾਮ ॥ ਨਾਨਕੁ ਤਿਨ ਵਿਟਹੁ ਵਾਰਿਆ; ਮੇਰੀ ਜਿੰਦੁੜੀਏ ! (ਜੋ) ਹਰਿ ਸੁਣਿ (ਕੇ), ਹਰਿ ਨਾਮੁ ਮਨੇਸਹਿ (ਮੰਨਦੇ ਵੀ ਹਨ) ਰਾਮ ॥੩॥’’

ਉਪਰੋਕਤ ਸ਼ਬਦ ਦੇ ਕੁਲ ਚਾਰ ਵਿੱਚੋਂ ਪਹਿਲੇ ਤਿੰਨ ਪਦਿਆਂ ਤੱਕ ਸੰਕੇਤ ਮਾਤ੍ਰ ਵੀ ਵਿਸ਼ਾ ਧਰਤੀ, ਆਕਾਸ ਤੇ ਪਾਤਾਲ ਦੇ ਨਾਮ ਜਪਣ ਨਾਲ ਸੰਬੰਧਿਤ ਸ਼ਾਮਲ ਨਹੀਂ ਕੀਤਾ ਹੋਇਆ ਹੈ ਪਰ ਚੌਥੇ ਪਦੇ ਵਿੱਚ ‘ਧਰਤੀ, ਪਾਤਾਲ’ ਆਦਿ ਦਾ ਜ਼ਿਕਰ ਕਰਨ ਦੇ ਪਿੱਛੇ ਭਾਵਨਾ ਉਕਤ ਭਗਤ ਦੇ ਅਨੁਭਵ (ਇੰਦ੍ਰੇ) ਨਾਲ ਸੰਬੰਧਿਤ ਹੈ ਭਾਵ ਜਿਸ ਦੇ ਸਰੀਰਕ ਇੰਦ੍ਰੇ ਉਕਤ ਬਿਆਨ ਕੀਤੇ ਗਏ ਗੁਰੂ ਉਪਦੇਸ਼ ਵਾਙ ਕਾਰਜ ਕਰਨ ਲੱਗ ਜਾਣ ਉਸ ਨੂੰ ਪੂਰਾ ਬ੍ਰਹਮੰਡ ਹੀ ਰੱਬੀ ਰਜ਼ਾ ਵਿੱਚ ਚੱਲਦਾ, ਰੱਬੀ ਕਹਿਣਾ ਮੰਨਦਾ ਮਹਿਸੂਸ (ਅਨੁਭਵ) ਹੁੰਦਾ ਹੈ; ਜਿਵੇਂ: ‘‘ਧਰਤਿ ਪਾਤਾਲੁ ਆਕਾਸੁ ਹੈ; ਮੇਰੀ ਜਿੰਦੁੜੀਏ ! ਸਭ, ਹਰਿ ਹਰਿ ਨਾਮੁ ਧਿਆਵੈ (ਹੁਕਮ ਮੰਨਦਾ ਹੈ) ਰਾਮ ॥ ਪਉਣੁ, ਪਾਣੀ, ਬੈਸੰਤਰੋ (ਅੱਗ); ਮੇਰੀ ਜਿੰਦੁੜੀਏ ! ਨਿਤ ਹਰਿ ਹਰਿ, ਹਰਿ ਜਸੁ ਗਾਵੈ ਰਾਮ ॥ ਵਣੁ (ਜੰਗਲ), ਤ੍ਰਿਣੁ (ਘਾਹ, ਭਾਵ), ਸਭੁ ਆਕਾਰੁ (ਹੀ ਰੱਬੀ ਰਜ਼ਾ ’ਚ) ਹੈ; ਮੇਰੀ ਜਿੰਦੁੜੀਏ ! ਮੁਖਿ, ਹਰਿ ਹਰਿ ਨਾਮੁ ਧਿਆਵੈ ਰਾਮ ॥’’

(ਨੋਟ: ਇਸ ਚੌਥੇ ਪਦੇ ਦੀ ਅਖ਼ੀਰਲੀ ਪੰਕਤੀ ‘‘ਮੁਖਿ, ਹਰਿ ਹਰਿ ਨਾਮੁ ਧਿਆਵੈ ਰਾਮ ॥’’ ਵਿੱਚ (ਉਕਤ ਬਿਆਨ ਕੀਤੇ ਗਏ ਇੰਦ੍ਰਿਆਂ ਵਾਙ ਹੀ ਇੱਕ ਹੋਰ ਇੰਦ੍ਰਾ ਭਾਵ) ‘ਮੂੰਹ’ ਨਾਲ ਨਾਮ ਜਪਣ ਵੱਲ ਸੰਕੇਤ ਕੀਤਾ ਗਿਆ ਹੈ। ਕੀ ‘ਧਰਤੀ, ਪਾਤਾਲ, ਆਕਾਸ਼, ਹਵਾ, ਪਾਣੀ, ਅੱਗ, ਜੰਗਲ, ਘਾਹ-ਫੂਸ’ ਆਦਿ ਦੇ (ਜੀਭ, ਕੰਨ, ਹੱਥ, ਪੈਰ ਸਮੇਤ) ‘ਮੂੰਹ’ (ਇੰਦ੍ਰਾ ਵੀ) ਹੁੰਦਾ ਹੈ, ਜਿਸ ਨਾਲ ਉਹ ਰੱਬੀ ਨਾਮ ਨੂੰ ਉਚਾਰ ਸਕਣ ?)

ਸੋ, ‘‘ਮੁਖਿ, ਹਰਿ ਹਰਿ ਨਾਮੁ ਧਿਆਵੈ ਰਾਮ ॥’’ ਪੰਕਤੀ ਦਾ ਸੰਬੰਧ (ਸੰਕੇਤ) ਉਕਤ ਬਿਆਨ ਕੀਤੇ ਗਏ ਉਸ ਭਗਤ ਵੱਲ ਹੈ ਜਿਸ ਨੂੰ ‘‘ਗੁਰਿ ਸਤਿਗੁਰਿ (ਨੇ) ਨਾਮੁ ਦ੍ਰਿੜਾਇਆ..॥’’ ਹੈ। ਸ਼ਬਦ ਦੀ ਸਮਾਪਤੀ ’ਚ ਗੁਰੂ ਰਾਮਦਾਸ ਜੀ ਅਜਿਹੇ ਹੀ ਭਗਤਾਂ ਨੂੰ ਰੱਬੀ ਦਰ ਤੋਂ ਬਖ਼ਸ਼ਸ਼ ਦਾ ਸਿਰਪਾਓ ਵੀ ਪਹਿਨਵਾ ਰਹੇ ਹਨ; ਜਿਵੇਂ: ‘‘ਨਾਨਕ ! ਤੇ ਹਰਿ ਦਰਿ ਪੈਨ੍ਹਾਇਆ; ਮੇਰੀ ਜਿੰਦੁੜੀਏ ! ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥’’ ਇਸ ਲਈ ਆਪਣੇ ਆਪ ਨੂੰ ਵੀ ਉਸ ਜੀਵਨ ਤੋਂ ਕੁਰਬਾਨ ਕਰਦੇ ਹਨ; ਜਿਵੇਂ: ‘‘ਹਉ ਬਲਿਹਾਰੀ ਤਿਨ੍ਹ ਕਉ; ਮੇਰੀ ਜਿੰਦੁੜੀਏ ! ਜਿਨ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥’’ (ਮ: ੪/੫੩੯)

(2). ‘‘ਜੋ ਬੋਲਤ ਹੈ, ਮ੍ਰਿਗ ਮੀਨ ਪੰਖੇਰੂ..॥’’ (ਚਾਰ ਪਦਿਆਂ) ਵਾਲੇ ਇਸ ਸ਼ਬਦ ਦੁਆਰਾ ਗੁਰੂ ਰਾਮਦਾਸ ਜੀ ‘ਰਹਾਉ’ (ਸ਼ਬਦ ਦਾ ਸਾਰ) ਵਾਲੀ ਪੰਕਤੀ ’ਚ ਹਰੀ ਅੱਗੇ ਬੇਨਤੀ ਰੂਪ ’ਚ ਆਪਣੀ ਭਾਵਨਾ ਵਿਅਕਤ ਕਰ ਰਹੇ ਹਨ ਕਿ ਹੇ ਹਰੀ ! ਤੇਰੇ ਭਗਤ-ਜਨ; ਗੁਰੂ ਸੰਗਤ ਵਿੱਚ ਮਿਲ ਕੇ ਤੇਰਾ ਨਾਮ (ਪਿਆਰ ਨਾਲ) ਬੋਲਦੇ ਰਹਿੰਦੇ ਹਨ, ਜਪਦੇ ਰਹਿੰਦੇ ਹਨ; ਜਿਵੇਂ: ‘‘ਹਰਿ ਜਨ ਬੋਲਤ ਸ੍ਰੀ ਰਾਮ ਨਾਮਾ; ਮਿਲਿ ਸਾਧਸੰਗਤਿ, ਹਰਿ ਤੋਰ (ਤੇਰੇ ਭਗਤ) ! ॥੧॥ ਰਹਾਉ ॥’’

ਚਾਰ ਪਦਿਆਂ ਵਿੱਚੋਂ ਪਹਿਲੇ ਤੇ ਚੌਥੇ ਪਦੇ ਵਿੱਚ ਗੁਰੂ ਜੀ ਉਕਤ ਭਗਤਾਂ ਦੀ ਜੀਵਨਸ਼ੈਲੀ ਵਾਙ ਅਨ੍ਯ ਮਨੁੱਖਾਂ ਨੂੰ ਉਪਦੇਸ਼ ਕਰ ਰਹੇ ਹਨ; ਜਿਵੇਂ ਹੇ ਭਾਈ! ਤੁਸੀਂ ਵੀ: ‘‘ਹਰਿ ਧਨੁ ਬਨਜਹੁ (ਖਰੀਦੋ), ਹਰਿ ਧਨੁ ਸੰਚਹੁ (ਇਕੱਠਾ ਕਰੋ); ਜਿਸੁ, ਲਾਗਤ ਹੈ ਨਹੀ ਚੋਰ ॥੧॥’’ ਤੇ ਚੌਥਾ ਪਦਾ ‘‘ਨਾਨਕ ! ਜਨ (ਜਿਨ੍ਹਾਂ ਭਗਤਾਂ ਨੇ) ਹਰਿ ਕੀਰਤਿ ਗਾਈ; ਛੂਟਿ ਗਇਓ ਜਮ ਕਾ ਸਭ ਸੋਰ (ਸ਼ੋਰ, ਡਰ) ॥੪॥’’ (ਮ: ੪/੧੨੬੫)

ਜਦਕਿ ਦੂਜੇ ਤੇ ਤੀਜੇ ਪਦੇ ਵਿੱਚ ‘ਰਹਾਉ’ ਬੰਦ ਦੇ ਵਿਸ਼ੇ (ਭਾਵ ਰੱਬ ਅੱਗੇ ਬੇਨਤੀ ਕਰਦਿਆਂ) ਭਗਤਾਂ ਦੀ ਸੰਗਤ ਰੂਪ ’ਚ ਪਿਆਰ ਭਰੀ ਬੋਲੀ ਨੂੰ ਪਸ਼ੂ-ਪੰਛੀਆਂ ਦੀ ਵਰਖਾ ਰੁਤ ਦੌਰਾਨ ਪਿਆਰ ਭਰੀ ਬੋਲੀ ਨਾਲ ਤੁਲਨਾ ਕੀਤੀ ਗਈ ਹੈ; ਜਿਵੇਂ: ‘‘ਚਾਤ੍ਰਿਕ (ਪਪੀਹਾ), ਮੋਰ, ਬੋਲਤ (ਖੁਸ਼ ਹੁੰਦੇ) ਦਿਨੁ ਰਾਤੀ; ਸੁਨਿ (ਕੇ) ਘਨਿਹਰ ਕੀ ਘੋਰ (ਬੱਦਲਾਂ ਦੀ ਆਵਾਜ਼) ॥੨॥ (ਵਰਖਾਂ ਦੇ ਪਾਣੀ ਨੂੰ ਵੇਖ ਕੇ) ਜੋ ਬੋਲਤ (ਜਿਵੇਂ ਖੁਸ਼ ਹੁੰਦੇ) ਹੈ ਮ੍ਰਿਗ ਮੀਨ ਪੰਖੇਰੂ (ਹਿਰਨ, ਮੱਛੀ, ਪੰਛੀ ਆਦਿ); ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ॥੩॥ (ਭਾਵ ਹੇ ਹਰੀ! ਤੇਰੀ ਵਰਖਾ ਰੁਤ ਵਾਲੀ ਮਿਹਰ ਭਰੀ ਖੁਸ਼ਹਾਲੀ ਦੇ ਮੁਕਾਬਲੇ ਉਹ ਸਾਰੇ ਹੀ ਕਿਸੇ ਹੋਰ ਨੂੰ ਤਰਜੀਹ ਨਹੀਂ ਦਿੰਦੇ ਭਾਵ ਤੇਰੀ ਹੀ ਰਜ਼ਾ ਦਾ ਆਨੰਦ ਮਾਣ ਰਹੇ ਹਨ।

(ਨੋਟ: ਉਕਤ ਸ਼ਬਦ ਵਿੱਚ ਵੀ ਅਹਿਸਾਸ (ਅਨੁਭਵ) ਰੱਬੀ ਭਗਤ ਨੂੰ ਹੀ ਹੋ ਰਿਹਾ ਹੈ ਕਿ ਕੁਦਰਤ ਰੱਬੀ ਰਜ਼ਾ ਵਿੱਚ ਚੱਲ ਰਹੀ ਹੈ, ਨਾ ਕਿ ਪਸ਼ੂ-ਪੰਛੀਆਂ ਨੂੰ।)

ਸੋ, ਇਨ੍ਹਾਂ ਦੁਨਿਆਵੀ ਅੱਖਾਂ ਨਾਲ ਨਿਰਾਕਾਰ (ਅਦ੍ਰਿਸ਼, ਵਿਆਪਕ) ਪ੍ਰਭੂ ਦਾ ਦਰਸ਼ਨ (ਅਨੁਭਵ) ਨਹੀਂ ਹੁੰਦਾ; ਇਸ ਲਈ ਉਹ ਅੱਖਾਂ, ਜਿਨ੍ਹਾਂ ਰਾਹੀਂ ਪ੍ਰਭੂ ਅਨੁਭਵ ਹੁੰਦਾ ਹੈ ਉਹ ਗੁਰੂ ਹੈ। ਜਦ ਇਸ (ਗੁਰੂ, ਨੇਤ੍ਰ) ਰਾਹੀਂ ਮਨੁੱਖ; ਸਰਬ ਵਿਆਪਕ ਰਾਮ (ਅੱਲ੍ਹਾ, ਪਤੀ, ਖ਼ਸਮ, ਪਰਮੇਸ਼ਰ, ਰੱਬ) ਨੂੰ ਵੇਖਦਾ ਭਾਵ ਅਨੁਭਵ ਕਰਦਾ ਹੈ ਤਾਂ ਉਹ ਕਮਾਈ (ਹਰੀ ਸਿੰਘ ਰੰਧਾਵੇ ਵਾਙ) ਬਿਆਨ ਨਹੀਂ ਕੀਤੀ ਜਾ ਸਕਦੀ: ‘‘ਕਹੁ ਕਬੀਰ ! ਗੂੰਗੈ ਗੁੜੁ ਖਾਇਆ; ਪੂਛੇ ਤੇ ਕਿਆ ਕਹੀਐ ॥’’ (ਭਗਤ ਕਬੀਰ/੩੩੪) ਕਿਉਂਕਿ ‘‘ਨਾਨਕ ! ਸੇ ਅਖੜੀਆਂ ਬਿਅੰਨਿ (ਹੋਰ ਕਿਸਮ ਦੀਆਂ); ਜਿਨੀ ਡਿਸੰਦੋ, ਮਾ ਪਿਰੀ ॥’’ (ਮ: ੫/੫੭੭) ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਅੱਖਾਂ; ‘ਮਿਰਗ, ਪੰਛੀ, ਮੱਛੀ, ਧਰਤੀ, ਪਾਤਾਲ, ਆਕਾਸ਼’ ਆਦਿ ਕੋਲ ਹਨ? ਜੇ ਨਹੀਂ ਤਾਂ ਉਕਤ ਪੰਕਤੀਆਂ ਦੇ ਸ਼ਬਦਾਰਥ ਉਹ ਨਹੀਂ ਬਣ ਸਕਦੇ ਹਨ, ਜਿਸ ਧਾਰਨਾ ਅਧੀਨ ਸੰਬੰਧਿਤ ਸੱਜਣ ਨੇ ਇਹ ਗੁਰੂ ਵਾਕ ਵਰਤੇ ਹਨ।

‘ਗੁਰਮਤਿ ਫ਼ਿਲਾਸਫ਼ੀ’:- ਗੁਰਬਾਣੀ ਅਨੁਸਾਰ ਆਕਾਰ ਰੂਪ ਕੁਦਰਤ ਵਿੱਚ ਵਿਖਾਈ ਦੇਣ ਵਾਲੀ ਹਰ ਵਸਤੂ (ਹੋਂਦ) ਰੱਬੀ ਸ਼ਕਤੀ ਨੂੰ ਗਾ ਰਹੀ ਹੈ, ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ‘‘ਹੋਰਿ ਕੇਤੇ ਗਾਵਨਿ॥’’ (ਜਪੁ) ਵਾਕ ਰਾਹੀਂ ਸਪਸ਼ਟ ਕਰਦੇ ਹਨ, ਇਸ ਗਾਉਣ ਦਾ ਮਤਲਬ ‘‘ਸਿਫਤਿ ਸਾਲਾਹਣੁ; ਤੇਰਾ ਹੁਕਮੁ, ਰਜਾਈ ! ॥’’ (ਮ: ੫/੧੦੦) ਅਨੁਸਾਰ, ਉਸ ਦੇ ਹੁਕਮ ਵਿੱਚ ਚੱਲਣਾ ਹੀ ਹੈ; ਜਿਵੇਂ: ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’ (ਜਪੁ) ਇਸ ਲਈ ਹੀ ਗੁਰਬਾਣੀ ਦੇ ਤਮਾਮ ਟੀਕਾਕਾਰ: ‘‘ਗਾਵਹਿ ਖਾਣੀ ਚਾਰੇ ॥.. ਗਾਵਹਿ; ਖੰਡ, ਮੰਡਲ, ਵਰਭੰਡਾ...॥’’ ਆਦਿ ਤੁੱਕਾਂ ਦੇ ਅੱਖਰੀਂ ਅਰਥ ਕਰਨ ਉਪਰੰਤ ਇਹ ਲਿਖਣਾ ਨਹੀਂ ਭੁੱਲਦੇ ਕਿ ਰੱਬੀ ਰਜ਼ਾ ਵਿੱਚ ਚੱਲਣਾ ਹੀ ਉਸ ਨੂੰ ਗਾਉਣਾ ਹੈ।

ਧਿਆਨ ਰਹੇ ਕਿ ਇਸ (‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’) ਪੰਕਤੀ ਵਿੱਚ (ਹੁਕਮੀ ਦਾ) ਕੇਵਲ ‘ਹੁਕਮ’ ਸ਼ਬਦ ਹੀ ਦਰਜ ਹੈ ਅਤੇ ‘ਹੁਕਮੀ’ (ਭਾਵ ਹੁਕਮ ਦਾ ਮਾਲਕ) ਜਾਂ ‘ਰਜ਼ਾਈ’ ਭਾਵ ਰਜ਼ਾ ਦਾ ਮਾਲਕ ਸ਼ਬਦ ਦਾ ਅਭਾਵ (ਕਮੀ) ਹੈ ਕਿਉਂਕਿ ‘‘ਹੋਰਿ ਕੇਤੇ ਗਾਵਨਿ॥’’ ਵਾਲਿਆਂ ਲਈ ‘ਹੁਕਮੀ’ (ਰਜ਼ਾਈ) ਦੇ ਬੋਧ ਦੀ ਜ਼ਰੂਰਤ ਨਹੀਂ ਹੁੰਦੀ ਪਰ ਮਨੁੱਖ ਲਈ ‘ਹੁਕਮੁ’ ਵਿੱਚ ਚੱਲਣ ਦੇ ਨਾਲ-ਨਾਲ ‘ਹੁਕਮੀ’ (ਰਜ਼ਾਈ) ਦਾ ਬੋਧ ਵੀ ਅਤਿ ਜ਼ਰੂਰੀ ਹੈ ਇਸ ਲਈ ‘‘ਕਿਵ ਸਚਿਆਰਾ ਹੋਈਐ?’’ ਦੇ ਜਵਾਬ ਵਿੱਚ ‘ਹੁਕਮੀ’ (ਰਜ਼ਾਈ) ਸ਼ਬਦ ਦਰਜ ਕਰਨਾ ਜ਼ਰੂਰੀ ਸਮਝਿਆ ਗਿਆ; ਜਿਵੇਂ: ‘‘ਹੁਕਮਿ ਰਜਾਈ ਚਲਣਾ॥’’ ਭਾਵ (‘ਕੂੜ ਦੀ ਕੰਧ’ ਭੰਨ ਕੇ ‘ਸਚਿਆਰਾ’ ਹੋਣ ਲਈ) ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਣਾ ਬਣਦਾ ਹੈ। ਇਸ ਵੀਚਾਰ ਨੂੰ ਗੁਰੂ ਜੀ ‘‘ਸੇਈ ਤੁਧੁ ਨੋ ਗਾਵਹਿ; ਜੋ ਤੁਧੁ ਭਾਵਨਿ (ਭਾਵ ਜਿਨ੍ਹਾਂ ਦਾ ਤੇਰੀ ਰਜ਼ਾ ਵਿੱਚ ਚਲਣਾ (ਗਾਉਣਾ) ਤੈਨੂੰ ਪਸੰਦ ਆ ਜਾਂਦਾ ਹੈ, ਉਹੀ ਸਫਲ ਹਨ)॥’’ (ਜਪੁ) ਰਾਹੀਂ ਸਪਸ਼ਟ ਕਰਦੇ ਹਨ।

ਸੋ, ਉਕਤ ਵੀਚਾਰ ਦਾ ‘ਸਾਰ’ (ਨਿਚੋੜ) ਇਹ ਹੈ ਕਿ ਰੱਬੀ ਹੁਕਮ ਵਿੱਚ ਚੱਲਣਾ ਇੱਕ ਅਲੱਗ ਜੀਵਨ ਹੈ, ਜਿਸ ਨੂੰ ਤਮਾਮ ਜੀਵ-ਜੰਤ ਭੋਗ ਰਹੇ ਹਨ ਜਦਕਿ ‘ਹੁਕਮੀ’ ਰੂਪ ਸ਼ਕਤੀ ਤੋਂ ਨਿਰੰਤਰ ਪ੍ਰਭਾਵਤ ਹੋ ਕੇ (ਜਾਂ ਉਸ ਸ਼ਕਤੀ ਨੂੰ ਅਨੁਭਵ, ਮਹਿਸੂਸ ਕਰਕੇ ਉਸ ਦੇ) ਹੁਕਮ ਵਿੱਚ ਚੱਲਣਾ ਇੱਕ ਅਲੱਗ ਜੀਵਨ ਹੈ, ਜਿਸ ਨੂੰ ਕੇਵਲ ਮਨੁੱਖ (ਗੁਰੂ-ਨੇਤ੍ਰ ਧਾਰਨ ਕਰਨ ਵਾਲਾ, ਹੁਕਮੀ ਦਾ ਨਾਮ ਜਪਣ ਵਾਲਾ) ਹੀ ਭੋਗ ਸਕਦਾ ਹੈ: ‘‘ਕਹੁ ਕਬੀਰ ! ਅਨਭਉ (ਮਹਿਸੂਸ ਕਰ) ਇਕੁ (ਨੂੰ) ਦੇਖਿਆ; (ਜਦ) ਰਾਮ ਨਾਮਿ ਲਿਵ ਲਾਗੀ ॥’’ (ਭਗਤ ਕਬੀਰ/੩੩੩), ‘‘ਗੁਰ ਪਰਸਾਦੀ ਜਾਣੀਐ; ਤਉ ਅਨਭਉ ਪਾਵੈ ॥’’ (ਮ: ੧/੭੨੫) ਭਾਵ ਰੱਬੀ ਸ਼ਕਤੀ ਤੋਂ ਪ੍ਰਭਾਵਤ ਹੋਣ ਵਾਲੀਆਂ ਅੱਖਾਂ ਗੁਰੂ ਤੋਂ ਬਿਨਾ ਨਾ ਮਿਲਣ ਕਾਰਨ ਹੀ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ, ਘੋਰ ਅੰਧਾਰ ॥’’ (ਮ: ੨/੪੬੩) ਹੈ; ਇਸ ਲਈ ‘ਹੁਕਮੀ’ ਤੋਂ ਪ੍ਰਭਾਵਤ ਹੋ ਕੇ ਹੁਕਮ ਵਿੱਚ ਜੀਵਨ ਬਸਰ ਕਰਨ ਵਾਲੇ ਮਨੁੱਖ (ਭਗਤ) ਦੀ ਤੁਲਨਾ ਕੇਵਲ ਹੁਕਮ ਵਿੱਚ ਚੱਲਣ ਵਾਲੇ (ਗੁਰੂ ਰਹਿਤ) ਪ੍ਰਾਣੀ (ਭਾਵ ਅਣਗਿਣਤ ਜੂਨਾਂ) ਨਾਲ ਕਰਨਾ ‘ਮਨਮਤਿ’ ਹੈ, ਨਾ ਕਿ ‘ਗੁਰਮਤਿ ਫ਼ਲਸਫ਼ਾ’।

(ਨੋਟ: ਕਿਸੇ ਸ਼ਬਦ ਵਿੱਚੋਂ ਕੇਵਲ ਇੱਕ ਤੁਕ ਨੂੰ ਲੈ ਕੇ ਉਸ ਸ਼ਬਦ ਦਾ ਸਾਰ (ਭਾਵਾਰਥ, ਮੂਲ ਵਿਸ਼ਾ) ਨਹੀਂ ਲੱਭਿਆ ਜਾ ਸਕਦਾ; ਜਿਵੇਂ ਪੂਰਨ ਸ਼ਬਦ ਨੂੰ ਵੀਚਾਰਨ ਦੀ ਬਜਾਏ ਕੇਵਲ ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥’’ ਵਾਲੀ ਇੱਕ ਤੁੱਕ ਵਿੱਚ ਹੀ ਟਕਸਾਲੀਆਂ ਦੀ ਸੁਰਤ ਫਸੀ (ਅਟਕੀ, ਰੁਕੀ) ਹੋਈ ਹੈ ਜਦਕਿ ਅੰਨ੍ਹਿਆਂ ਨੂੰ ਵੀ ਪਤਾ ਹੈ ਕਿ ਜਿਸ ਪੰਕਤੀ ’ਚ ਜਿਉ (ਭਾਵ ਜਿਵੇਂ, ਜਿਸ ਤਰ੍ਹਾਂ, ਜੈਸਾ ਕਿ, ਜਿਵੇਂ ਕਿ) ਸ਼ਬਦ ਦਰਜ ਹੋਵੇ ਉਹ ਮੂਲ ਵਿਸ਼ਾ ਨਹੀਂ ਹੁੰਦਾ ਬਲਕਿ ਉਦਾਹਰਨ ਹੁੰਦੀ ਹੈ; ਜਿਵੇਂ: ‘‘ਬਹੁ ਜੋਨੀ ਭਉਦਾ ਫਿਰੈ; ਜਿਉ ਸੁੰਞੈਂ ਘਰਿ ਕਾਉ ॥ (ਮ: ੩/੩੦), ਸੁੰਞੇ ਘਰ ਕਾ ਪਾਹੁਣਾ; ਜਿਉ ਆਇਆ ਤਿਉ ਜਾਇ ॥ (ਮ: ੩/੩੪), ਜਿਉ ਅੰਧੇਰੈ ਦੀਪਕੁ ਬਾਲੀਐ; ਤਿਉ ਗੁਰ ਗਿਆਨਿ, ਅਗਿਆਨੁ ਤਜਾਇ ॥ (ਮ: ੩/੩੯), ਜਿਉ ਕੂਕਰੁ ਹਰਕਾਇਆ; ਧਾਵੈ ਦਹ ਦਿਸ ਜਾਇ ॥ (ਮ: ੫/੫੦), ਜਿਉ ਮਛੀ ਤਿਉ ਮਾਣਸਾ; ਪਵੈ ਅਚਿੰਤਾ ਜਾਲੁ ॥ (ਮ: ੧/੫੫), ਜਿਉ ਜਲਿ ਥੋੜੈ ਮਛੁਲੀ; ਕਰਣ-ਪਲਾਵ (ਤਰਲੇ) ਕਰੇਇ ॥ (ਮ: ੧/੫੬), ਜਿਉ ਸੁਪਨੈ (ਵਿੱਚ) ਨਿਸਿ (ਰਾਤ ਨੂੰ) ਭੁਲੀਐ; ਜਬ ਲਗਿ ਨਿਦ੍ਰਾ ਹੋਇ ॥ (ਮ: ੧/੬੩), ਜਿਉ ਬਾਰਿਕੁ; ਪੀ ਖੀਰੁ (ਮਾਂ ਦਾ ਦੁੱਧ) ਅਘਾਵੈ ॥ (ਮ: ੫/੧੦੦), ਜਿਉ ਅੰਧਿਆਰੈ; ਦੀਪਕੁ ਪਰਗਾਸਾ ॥ (ਮ: ੫/੧੦੦), ਤੂੰ ਕਾਇਆ ! ਮੈ ਰੁਲਦੀ ਦੇਖੀ; ਜਿਉ ਧਰ (ਧਰਤੀ) ਉਪਰਿ ਛਾਰੋ (ਮਿੱਟੀ)॥ (ਮ: ੧/੧੫੪), ਜਿਉ ਪਾਣੀ (ਵਿੱਚ) ਕਾਗਦੁ; ਬਿਨਸਿ ਜਾਤ ਹੈ...॥ (ਮ: ੪/੧੭੧), ਜਿਉ ਨਰਪਤਿ (ਰਾਜਾ); ਸੁਪਨੈ ਭੇਖਾਰੀ ॥ (ਮ: ੫/੧੭੬), ਜਿਉ ਰਾਖਾ; ਖੇਤ ਊਪਰਿ ਪਰਾਏ ॥ (ਮ: ੫/੧੭੯), ਜਿਉ ਕਾਪੁਰਖੁ (ਹੀਜੜਾ); ਪੁਚਾਰੈ ਨਾਰੀ ॥ (ਮ: ੫/੧੯੮), ਗਿ੍ਰਹ, ਮੰਦਰ, ਸੰਪੈ ਜੋ ਦੀਸੈ; ਜਿਉ ਤਰਵਰ (ਦਰਖ਼ਤ) ਕੀ ਛਾਏ ॥ (ਮ: ੫/੨੧੨), ਜੋ ਦੀਸੈ, ਸੋ ਸਗਲ ਬਿਨਾਸੈ; ਜਿਉ ਬਾਦਰ (ਬੱਦਲ) ਕੀ ਛਾਈ ॥ (ਮ: ੯/੨੧੯), ਜਿਉ ਤਨੁ ਬਿਧਵਾ; ਪਰ ਕਉ ਦੇਈ ॥ (ਮ: ੧/੨੨੬), ਜਿਉ ਕੂਕਰੁ (ਕੁੱਤਾ); ਜੂਠਨ ਮਹਿ ਪਾਇ ॥ (ਮ: ੫/੨੪੦), ਮੇਘ (ਬੱਦਲ) ਬਿਨਾ; ਜਿਉ ਖੇਤੀ ਜਾਇ ॥ (ਮ: ੫/੨੬੯), ਜਿਉ ਬਸੁਧਾ (ਧਰਤੀ), ਕੋਊ ਖੋਦੈ; ਕੋਊ ਚੰਦਨ ਲੇਪ ॥ (ਮ: ੫/੨੭੨), ਜਿਉ ਪਾਖਾਣੁ (ਪੱਥਰ); ਨਾਵ ਚੜਿ ਤਰੈ ॥ (ਮ: ੫/੨੮੨), ਜਿਉ ਅੰਧੁਲੈ ਹਥਿ ਟੋਹਣੀ; ਹਰਿ ਨਾਮੁ ਹਮਾਰੈ ॥ (ਮ: ੧/੪੨੨) ਆਦਿ।

ਸੋ, ਉਕਤ ‘ਜਿਉ’ ਸ਼ਬਦ ਨਾਲ ਸੰਬੰਧਿਤ ਪੰਕਤੀਆਂ ਨੂੰ ਅਗਰ ਕੋਈ ਉਦਾਹਰਨਾਂ (ਦ੍ਰਿਸ਼ਟਾਂਤ) ਦੀ ਬਜਾਏ ਸ਼ਬਦ ਦਾ ਮੂਲ ਵਿਸ਼ਾ (ਸਾਰ) ਸਮਝੇ ਤਾਂ ਉਸ ਨੂੰ ‘‘ਮੂਰਖਾ ਸਿਰਿ ਮੂਰਖੁ ਹੈ, ਜਿ (ਜਿਹੜਾ) ਮੰਨੇ ਨਾਹੀ ਨਾਉ (ਸਚਾਈ) ॥’’ (ਮ: ੧/੧੦੧੫) ਮੰਨਣਾ ਹੀ ਦਰੁਸਤ ਹੋਵੇਗਾ। ਯਾਦ ਰਹੇ ਕਿ ‘ਮੂਰਖ’ (ਭਾਵ ਮੂੰਹ ਰੱਖ, ਮੇਰਾ ਮੂੰਹ ਰਹਿ ਜਾਵੇ) ਹਮੇਸ਼ਾਂ ਬਿਬੇਕ ਦੀ ਬਜਾਏ ਅਬਿਬੇਕ ਤੋਂ ਹੀ ਕੰਮ ਲੈਂਦਾ ਹੈ।

ਸਵਾਲ ਪੰਜਵਾਂ

ਸੰਗਤਾਂ ਵੱਲੋਂ ਪੁੱਛਿਆ ਗਿਆ ਪੰਜਵਾਂ ਸਵਾਲ ਸੀ ਕਿ ‘ਹਰੀ ਸਿੰਘ ਰੰਧਾਵਾ’ ਜੀ ਆਰ. ਐਸ. ਐਸ. ਨਾਲ ਸੰਬੰਧਿਤ ਸਾਧਵੀ (ਰੀਤੰਬਰਾ) ਨਾਲ ਮੀਟਿੰਗਾਂ ’ਚ ਸ਼ਾਮਲ ਹੁੰਦੇ ਰਹੇ ਹਨ। ਜਿਸ ਦਾ ਜਵਾਬ ਰੰਧਾਵੇ ਨੇ ਇਸ ਖ਼ਬਰ ਨੂੰ ਝੂਠਾ ਕਹਿ ਕੇ ਨਕਾਰ ਦਿੱਤਾ ਪਰ ਨਾਲ ਇਹ ਹੀ ਕਿਹਾ ਕਿ ਇੱਕ ਵਾਰ ਇੰਗਲੈਂਡ ਵਿੱਚ ਬਾਬਾ ਦਲਜੀਤ ਸਿੰਘ (ਗੁਰਦੁਆਰੇ ਦਾ ਸਕੱਤਰ), ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਸਮਰਪਤ ਸਿੱਖ ਸੀ ਅਤੇ ਆਪਣੇ ਘਰ ਵਿੱਚ ਹਰ ਇੱਕ ਪ੍ਰਚਾਰਕ ਨੂੰ ਭੋਜਨ ਛਕਾਉਣ ਲਈ ਲੈ ਕੇ ਜਾਂਦਾ ਸੀ। ਮੇਰਾ ਵੀ ਉਨ੍ਹਾਂ ਨਾਲ ਬਹੁਤ ਹੀ ਪਿਆਰ ਸੀ। ਉਹ ਮੈਨੂੰ ਆਪਣੇ ਘਰ ਭੋਜਨ ਛਕਾਉਣ ਲਈ ਲੈ ਗਿਆ। ਮੇਰੇ ਨਾਲ ਇੰਗਲੈਂਡ ਨਿਵਾਸੀ ਬਲਵੀਰ ਸਿੰਘ (ਟਕਸਾਲੀ ਪ੍ਰਚਾਰਕ) ਵੀ ਸੀ। ਉੱਥੇ ਪਹਿਲਾਂ ਤੋਂ ਹੀ ਮੌਜੂਦ ਭਗਵੇ ਕੱਪੜਿਆਂ ਵਾਲੇ ਇੱਕ ਮਹਾਂਪੁਰਸ਼ ਵਿਦਵਾਨ ਬੈਠੇ ਸਨ; ਪੁੱਛਣ ’ਤੇ ਉਨ੍ਹਾਂ ਦਾ ਨਾਮ ਪਰਮਾਨੰਦ ਸੰਨਿਆਸੀ ਸੰਤ ਦੱਸਿਆ, ਜੋ ਕਿ ਨਾਨਕਸਰ, ਹਜੂਰ ਸਾਹਿਬ ਸਮੇਤ ਸਾਰੇ ਹੀ ਗੁਰਦੁਆਰਿਆਂ ਵਿੱਚ ਕਥਾ ਕਰਦੇ ਰਹਿੰਦੇ ਸਨ। ਉਨ੍ਹਾਂ ਦੀ ਵਿਦਵਾਨੀ ਭਾਵ ਬਚਨਾਂ ਵਿੱਚ ਕਦੇ ਕੌੜਾਪਣ ਮੈ ਨਹੀਂ ਵੇਖਿਆ ਸੀ। ਮੈਨੂੰ ਬਹੁਤ ਹੀ ਉੱਚ ਕੋਟੀ ਦੇ ਉਹ ਮਹਾਤਮਾ ਲੱਗੇ।

ਦੱਸੋ, ਅਗਰ ਕੋਈ ਮੈਨੂੰ ਆਪਣੇ ਘਰ ਪਿਆਰ ਨਾਲ ਭੋਜਨ ਛਕਾਉਣ ਲਈ ਲੈ ਜਾਵੇ ਤਾਂ ਮੈ ਉਸ ਨੂੰ ਕਹਿ ਸਕਦਾ ਹਾਂ ਕਿ ਪਹਿਲਾਂ ਇਸ ਭਗਵੇ ਕੱਪੜਿਆਂ ਵਾਲੇ ਨੂੰ ਇੱਥੋਂ ਕੱਢੋ ਤਾਂ ਮੈ ਭੋਜਨ ਛਕਾਂਗਾ। ਕੀ ਇਹ ਇਨਸਾਨੀਅਤ ਹੋਵੇਗੀ ? (ਹਰੀ ਸਿੰਘ ਰੰਧਾਵਾ)

ਵੀਚਾਰ: ਉਕਤ ਵਾਰਤਾਲਾਪ ਵਿੱਚ ਬਾਬਾ ਦਲਜੀਤ ਸਿੰਘ (ਨਿਰਮਲਾ, ਗੁਰਦੁਆਰਾ ਸਕੱਤਰ) ਦਾ ਜ਼ਿਕਰ ਆਇਆ ਹੈ, ਜਿਨ੍ਹਾਂ ਦੇ ਘਰ ਭੋਜਨ ਛਕਣ ਲਈ ਹਰੀ ਸਿੰਘ ਰੰਧਾਵਾ ਜੀ ਤੋਂ ਪਹਿਲਾਂ ਬਾਬਾ ਠਾਕੁਰ ਸਿੰਘ ਜੀ (ਮੁਖੀ ਦਮਦਮੀ ਟਕਸਾਲ, ਸੰਨ 1997 ਤੋਂ 2004 ਤੱਕ) ਵੀ (ਇੰਗਲੈਂਡ) ਜਾਂਦੇ ਰਹੇ ਸਨ ਤੇ 2004 ਵਿੱਚ ਇੱਕ ਹਫ਼ਤੇ ਤੱਕ ਵੀ ਉਨ੍ਹਾਂ ਦੇ ਘਰ ਠਹਿਰੇ ਸਨ ਕਿਉਂਕਿ ਇਸ ਸੱਜਣ ਦੇ ਕਹੇ ਅਨੁਸਾਰ ਇਹ 1990 ਤੋਂ ਦਮਦਮੀ ਟਕਸਾਲ ਨਾਲ ਜੁੜਿਆ ਹੋਇਆ ਸੀ। ਤਦ ਤੋਂ ਹੀ ਆਪਣੇ ਘਰ ਟਕਸਾਲੀ ਪ੍ਰਚਾਰਕਾਂ ਨੂੰ ਭੋਜਨ ਛਕਾਉਣ ਤੋਂ ਇਲਾਵਾ ਮਾਇਆ ਇਕੱਤਰ ਕਰਕੇ ਵੀ (ਮਹਿਤੇ, ਪੰਜਾਬ) ਭੇਜਦਾ ਆ ਰਿਹਾ ਸੀ ਤੇ ਆਪਣੇ ਘਰ ਹਿੰਦੂ ਮਤ ਨਾਲ ਸੰਬੰਧਿਤ ਦੇਵੀ ਦੇਵਤਿਆਂ (ਕ੍ਰਿਸ਼ਨ, ਰਾਮ ਆਦਿ) ਦੀਆਂ ਫੋਟੋਆਂ ਲੱਗੀਆਂ ਹੋਣ ਤੋਂ ਇਲਾਵਾ ਹਿੰਦੂ ਮਹਾਤਮਾ (ਆਚਾਰੀਆ) ਰਾਹੀਂ ਹਰ ਸਾਲ ਹਵਨ-ਜੱਗ ਵੀ ਕਰਵਾਉਂਦਾ ਆ ਰਿਹਾ ਸੀ, ਜਿਸ ਵਿੱਚ ਟਕਸਾਲੀ ਪ੍ਰਚਾਰਕ ਵੀ ਸ਼ਾਮਲ ਹੁੰਦੇ ਰਹੇ ਸਨ।

ਇੰਟਰਨੈੱਟ ’ਤੇ ਪਾਈ ਹੋਈ ਵੀਡਿਓ ’ਚ ਇਸ ਬਾਬਾ ਦਲਜੀਤ ਸਿੰਘ ਦੀ ਧਰਮ ਪਤਨੀ ਕੁਝ ਮਾਨਸਿਕ ਰੋਗ ਤੋਂ ਪੀੜਤ ਵਿਖਾਈ ਦੇ ਰਹੀ ਹੈ ਕਿਉਂਕਿ ਬਾਬਾ ਦਲਜੀਤ ਸਿੰਘ ਜੀ ਦੇ ਕਹੇ ਅਨੁਸਾਰ ਇਨ੍ਹਾਂ ਦੇ ਘਰ ਭੋਜਨ ਛਕਣ ਲਈ ਆਉਣ ਵਾਲੇ ਟਕਸਾਲੀ ਪ੍ਰਚਾਰਕ (ਬਲਵੀਰ ਸਿੰਘ, ਜੋ ਕਿ ਉਕਤ ਦਿੱਤੀ ਗਈ ਦਲੀਲ ਅਨੁਸਾਰ ਹਰੀ ਸਿੰਘ ਰੰਧਾਵਾ ਨਾਲ ਵੀ ਇਸ ਦੇ ਘਰ ਭੋਜਨ ਛਕਣ ਗਿਆ ਸੀ) ਨੇ ਉਸ (ਬੀਬੀ) ਨਾਲ ਅਸਲੀਲ ਹਰਕਤਾਂ ਕੀਤੀਆਂ ਸਨ, ਜਿਸ ਕਾਰਨ ਉਹ ਇਨ੍ਹਾਂ ਪ੍ਰਚਾਰਕਾਂ ਤੋਂ ਬਹੁਤ ਹੀ ਡਰੀ ਹੋਈ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹੈ। ਇਹੋ ਜਿਹੀ ਸੋਚ ਤੋਂ ਪੀੜਤ ਨਮਕ-ਹਰਾਮੀ ਪ੍ਰਚਾਰਕ; ਕੀ ਸਿੱਖ ਹੋ ਸਕਦੇ ਹਨ?

ਉਕਤ ਵਾਰਤਾਲਾਪ ਵਿੱਚ ‘ਹਰੀ ਸਿੰਘ ਰੰਧਾਵਾ’ ਜਿਸ ਮਹਾਤਮਾ ਪਰਮਾਨੰਦ ਦਾ ਨਾਮ ਪੁੱਛ ਰਿਹਾ ਹੈ ਉਸ ਬਾਰੇ ਇਹ ਵੀ ਵਿਸਥਾਰ ’ਚ ਜਾਣਕਾਰੀ ਦੇ ਰਿਹਾ ਹੈ ਕਿ ਇਹ ਕਿੱਥੇ-ਕਿੱਥੇ ਕਥਾ ਕਰਦੇ ਰਹੇ ਹਨ ਤੇ ਇਨ੍ਹਾਂ ਦੇ ਬਚਨਾਂ ’ਚ ਮੈ ਕਦੇ ਕੌੜਾਪਣ ਨਹੀਂ ਵੇਖਿਆ। ਮੈਨੂੰ ਬਹੁਤ ਹੀ ਉੱਚ ਕੋਟੀ ਦੇ ਉਹ ਮਹਾਤਮਾ ਲੱਗੇ।

(ਨੋਟ: ਇਸ ਮਹਾਤਮਾ ਪ੍ਰਤੀ ਹਰੀ ਸਿੰਘ ਰੰਧਾਵਾ ਵੱਲੋਂ ਇਸ ਤਰ੍ਹਾਂ ਦੀ ਭਾਵਨਾ ਵਿਅਕਤ ਕਰਨਾ, ਇਨ੍ਹਾਂ ਦੀ ਪੁਰਾਣੀ (ਗੂੜ੍ਹੀ) ਦੋਸਤੀ ਨੂੰ ਦਰਸਾਉਂਦਾ ਹੈ।)

ਇੰਟਰਨੈੱਟ ’ਤੇ ਹੀ ਪਾਈ ਗਈ ਇੱਕ ਵੀਡੀਓ ਵਿੱਚ ਸਾਧਵੀ ਰੀਤੰਬਰਾ (ਜੋ ਘੱਟ ਗਿਣਤੀਆਂ ਪ੍ਰਤੀ ਕੂੜ ਪ੍ਰਚਾਰ ਭਾਵ ਨਫ਼ਰਤ ਕਰਦੀ ਹੈ।) ਇਸੇ ਮਹਾਤਮਾ ਪਰਮਾਨੰਦ ਸੰਨਿਆਸੀ ਨੂੰ ਹੀ ਆਪਣਾ ਪਰਮ ਪੂਜਯ ਗੁਰੂ ਮਹਾਰਾਜ ਜੀ ਦੱਸ ਰਹੀ ਹੈ।

ਕਿਸੇ ਬੰਦੇ ਦੀ ਸੋਚ ਨੂੰ ਪਰਖਣਾ (ਵੀਚਾਰਨਾ) ਹੋਵੇ ਤਾਂ ਉਸ ਦੀ ਬੋਲੀ ਤੋਂ ਵਧੇਰੇ ਪ੍ਰਮਾਣਿਕ ਕੁਝ ਵੀ ਗਵਾਹੀ ਨਹੀਂ ਹੋ ਸਕਦੀ। ਹਰੀ ਸਿੰਘ ਰੰਧਾਵਾ ਤੇ ਇਨ੍ਹਾਂ ਦੇ ਮਹਾਂਪੁਰਸ਼ਾਂ ਦਾ ਜੀਵਨ; ਜ਼ਿਆਦਾਤਰ ਹਿੰਦੂ ਮਹਾਂਪੁਰਸ਼ਾਂ ਦੀ ਜੀਵਨਸ਼ੈਲੀ ਦੇ ਅਨੁਕੂਲ ਹੀ ਵਿਚਰਦਾ ਹੈ; ਭਿੰਨਤਾ ਕੇਵਲ ਪਹਿਰਾਵੇ ਦੀ ਹੀ ਰਹਿ ਜਾਂਦੀ ਹੈ, ਜਿਸ ਕਾਰਨ ਇਹ ਇੱਕ ਦੂਸਰੇ ਨੂੰ ਪਹੁੰਚੇ ਹੋਏ ਮਹਾਤਮਾ ਆਦਿ ਵਿਸ਼ੇਸ਼ਣਾਂ ਰਾਹੀਂ ਸੰਬੋਧਨ ਕਰਦੇ ਆਮ ਵੇਖੇ ਤੇ ਸੁਣੇ ਜਾ ਸਕਦੇ ਹਨ। ਜਾਗਰੂਕ ਸਿੱਖ ਸੰਗਤ ਨੂੰ ਇਨ੍ਹਾਂ ਬਾਰੇ ਇਹੀ ਦੁਬਿਧਾ ਬਣੀ ਰਹੀ ਹੈ ਕਿ ਇਨ੍ਹਾਂ ਨੂੰ ਕਿਹੜੇ ਸ਼ਬਦਾਂ ਨਾਲ ਸੰਬੋਧਨ ਕਰਨਾ ਉਚਿਤ ਹੋਵੇਗਾ। ਇਹ ਲੋਕ ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਜੋਗਿੰਦਰ ਸਿੰਘ ਤਲਵਾੜਾ ਆਦਿ ਨੂੰ ਮਹਾਂਪੁਰਸ਼ ਕਹਿਣ ਦੀ ਬਜਾਏ ਭਗਤ ਰਵਿਦਾਸ ਜੀ ਅਨੁਸਾਰ ‘‘ਤੁਝਹਿ, ਸੁਝੰਤਾ ਕਛੂ ਨਾਹਿ ॥ ਪਹਿਰਾਵਾ ਦੇਖੇ; ਊਭਿ (ਉਤਸ਼ਾਹਿਤ ਹੋ) ਜਾਹਿ ॥’’ (੧੧੯੬) ਨੂੰ ਹੀ ਮਹਾਂਪੁਰਸ਼ ਆਖ ਕੇ ਆਨੰਦਤ ਮਹਿਸੂਸ ਕਰਦੇ ਹਨ ਇਸ ਕਾਰਨ ਹੀ ਇਨ੍ਹਾਂ ਤੋਂ ਉਕਤ ਸਵਾਲ ਪੁੱਛੇ ਜਾ ਰਹੇ ਹਨ।

ਪੰਜਾਬ ਦੀ ਅਕਾਲੀ ਸਰਕਾਰ; ਭਾਜਪਾ (ਆਰ. ਐਸ. ਐਸ.) ਨਾਲ ਪਤੀ-ਪਤਨੀ ਵਾਲਾ ਸੰਬੰਧ ਦੱਸਦੀ ਰਹਿੰਦੀ ਹੈ। ਬੇਸ਼ੱਕ ਕੋਈ ਇਹ ਦੱਸਣ ਵਿੱਚ ਅਸਮਰਥ ਹੈ ਕਿ ਪਤੀ ਕੌਣ ਹੈ ਤੇ ਪਤਨੀ ਕੌਣ? ਪਰ ਇੱਕ ਅਟੱਲ ਸਚਾਈ ਹੈ ਕਿ ਲੜਕੀ (ਪਤਨੀ) ਤੇ ਲੜਕੇ (ਪਤੀ) ਦੀ ਸ਼ਾਦੀ ਵਿੱਚ ਕੁਝ ਅਜਿਹੇ ਰਿਸ਼ਤੇਦਾਰ (ਬਾਰਾਤੀ) ਵੀ ਮੌਜੂਦ ਹੁੰਦੇ ਹਨ ਜਿਨ੍ਹਾਂ ਦੇ ਦੋਵੇਂ ਤਰਫ਼ ਬੜੇ ਗੂੜ੍ਹੇ ਸੰਬੰਧ ਹੁੰਦੇ ਹਨ। ਇਸ ਲੇਖ ਨਾਲ ਸੰਬੰਧਿਤ ਫੋਟੋਆਂ ਵਿੱਚ ਉਨ੍ਹਾਂ ਗੂੜ੍ਹੇ ਸੰਬੰਧ ਰੱਖਣ ਵਾਲੇ ਬਰਾਤੀਆਂ ਨੂੰ ਆਪ ਜੀ ਵੀ ਪਹਿਚਾਣ ਸਕਦੇ ਹੋ।

ਸੋ, ਅੰਤ ਵਿੱਚ ਮੈਂ ਉਕਤ ਪੰਜੇ ਸਵਾਲਾਂ ਦੇ ਸੰਬੰਧ ਵਿੱਚ ਸੰਖੇਪ ਜਿਹਾ ਇਤਨਾ ਹੀ ਕਹਿਣਾ ਚਾਹਾਂਗਾ ਕਿ:

(1). ਜਦ ਇਨ੍ਹਾਂ ਦੇ ਮਹਾਂਪੁਰਸ਼ ਇਹ ਕਹਿ ਰਹੇ ਹਨ ਕਿ ‘ਸਿਰਨਾਵਣੀ’ ਦੌਰਾਨ ਔਰਤ ਇੰਨੀ ਗਲੀਚ ਹੁੰਦੀ ਹੈ ਕਿ ਚੌਂਕੇ (ਰਸੋਈ-ਘਰ) ਵਿੱਚ ਨਹੀਂ ਵੜ ਸਕਦੀ।’ ਤਾਂ ਰੰਧਾਵੇ ਵਰਗੇ ਪ੍ਰਚਾਰਕ, ਜੋ ਆਪਣੇ ਮਹਾਂਪੁਰਸ਼ਾਂ ਦੀ ਸੋਚ ਨੂੰ ਸਮਰਪਤ ਹਨ, ਨੂੰ ਸਰੀ (ਕੈਨੇਡਾ) ਵਰਗੀ ਜਾਗਰੂਕ ਸੰਗਤ ਦੀ ਮੌਜੂਦਗੀ ’ਚ (ਡਰ ਕਾਰਨ) ਆਪਣੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਬਦਲ ਕੇ ਭਾਵ ‘ਔਰਤ ਗਲੀਚ’ ਸ਼ਬਦਾਂ ਦੀ ਬਜਾਏ ‘ਕੇਵਲ ਕ੍ਰਿਆ ਨੂੰ ਗਲੀਚ’ ਕਹਿਣਾ; ਕੀ ਕੇਵਲ ਵਕਤੀ (ਆਰਜ਼ੀ, ਥੋੜ੍ਹੇ ਸਮੇਂ ਦੀ) ਮਜ਼ਬੂਰੀ ਹੈ ਜਾਂ ਇਨ੍ਹਾਂ ਦੇ ਮਹਾਂਪੁਰਸ਼ਾਂ ਵਾਲੀ ਸੋਚ ਤੋਂ ਇਹ ਵੱਖਰੀ ਸੋਚ ਰੱਖਣ ਲੱਗ ਪਏ ਹਨ ? ਜਾਗਰੂਕ ਸਿੱਖ ਸੰਗਤਾਂ ਨੂੰ ਇਸ ਸਵਾਲ ਦਾ ਜਵਾਬ ਪੁੱਛਣਾ ਬਣਦਾ ਹੈ।

(2). ‘ਰੰਧਾਵੇ’ ਦੁਆਰਾ ਇਹ ਕਹਿਣਾ ਕਿ ‘ਸੁਪਨ ਸਮਾਧੀ’ ਵਾਲੇ ਅਨੁਭਵ ਬਾਰੇ ਕਈ ਵਾਰ ਮਹਾਂਪੁਰਸ਼ ਅਜਿਹੇ ਬਚਨ ਬੋਲ ਜਾਂਦੇ ਹਨ ਜੋ ਉਨ੍ਹਾਂ ਨੂੰ ਨਹੀਂ ਬੋਲਣੇ ਚਾਹੀਦੇ। ਕੀ ਇਸ ਤਰ੍ਹਾਂ ਦੀ ਭਾਵਨਾ; ਮਹਾਂਪੁਰਸ਼ਾਂ ਬਾਰੇ ਵਿਅਕਤ ਕਰਨੀ ਮਹਾਂਪੁਰਸ਼ਾਂ ਦਾ ਨਿਰਾਦਰ (ਅਪਮਾਨ) ਨਹੀਂ?

(3). ਹਰੀ ਸਿੰਘ ਰੰਧਾਵਾ ਵੱਲੋਂ ਸੁਣਾਈਆਂ ਜਾ ਰਹੀਆਂ ਤਮਾਮ ਮਨਘੜਤ ਸਾਖੀਆਂ ਵਿੱਚ ਰੰਧਾਵਾ ਆਪਣੇ ਆਪ ਨੂੰ ਨਾ ਮਹਾਂਪੁਰਸ਼ਾਂ ਵਿੱਚ ਰੱਖਦਾ ਹੈ ਤੇ ਨਾ ਹੀ (ਸੰਬੰਧਿਤ) ਵਿਦਿਆਰਥੀਆਂ ਵਿੱਚ; ਜਦਕਿ ਮਹਾਂਪੁਰਸ਼ ਸਾਖੀਆਂ ਨੂੰ ਲਿਖਤੀ ਰੂਪ ਦੇਣ ਤੋਂ ਇਨਕਾਰੀ ਵੀ ਹਨ; ਫਿਰ ਇਸ (ਰੰਧਾਵਾ) ਤੱਕ ਸਾਰੀਆਂ ਸਾਖੀਆਂ ਹੂ-ਬਹੂ ਕਿਵੇਂ ਪਹੁੰਚੀਆਂ ? ਕਦੇ ਉਕਤ ਤਮਾਮ ਸਾਖੀਆਂ ਮਹਾਂਪੁਰਸ਼ ਤੇ ਆਚਾਰੀਆ ਮਹਾਤਮਾ (ਬੰਦ ਕਮਰੇ ਵਿੱਚ) ਕੇਵਲ ਰੰਧਾਵੇ ਨੂੰ (ਆਮ-ਬੋਲ-ਚਾਲ ਦੀ ਰਾਹੀਂ) ਤਾਂ ਨਹੀਂ ਸੁਣਾਉਂਦੇ ਰਹੇ? ਜਿਨ੍ਹਾਂ ਨੂੰ ਬਾਅਦ ਵਿੱਚ ਮਸਾਲਾ ਲਗਾ ਕੇ ਸਟੇਜ ਦੀ ਰੌਣਕ ਵਧਾਈ ਜਾ ਰਹੀ ਹੈ ਭਾਵ ‘‘ਧੁਰ ਕੀ ਬਾਣੀ ਆਈ ॥’’ (ਮ: ੫/੬੨੮) ਨੂੰ ਕੇਵਲ ‘‘ਨਚਣੁ, ਕੁਦਣੁ; ਮਨ ਕਾ ਚਾਉ ॥’’ (ਮ: ੧/੪੬੫) ਤੱਕ ਹੀ ਸੀਮਤ ਕੀਤਾ ਜਾ ਰਿਹਾ ਹੈ।

(4). ਮਹਾਂਪੁਰਸ਼ਾਂ ਦੁਆਰਾ ‘ਸੁਪਨ ਸਮਾਧੀ’ ’ਚ ਆਤਮ ਹਤਿਆ ਕਰਨ ਬਾਬਤ ਅਗਾਂਹ ਵਧਣ ਲਈ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥’’ (ਮ: ੫/੧੦੯੬) ਵਾਲੀ ਪੰਕਤੀ ਦੀ ਟੇਕ ਲੈਣੀ ਗੁਰਬਾਣੀ ਦਾ ਨਿਰਾਦਰ ਨਹੀਂ? ਆਦਿ।

ਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਵਾਕ ਦੀ ਰਾਹੀਂ ਮੈ ਇਨ੍ਹਾਂ ਵਿਸ਼ਿਆਂ ਦੀ ਸਮਾਪਤੀ ਕਰਦਾ ਹਾਂ: ‘‘ਮਨਹੁ ਜਿ ਅੰਧੇ ਘੂਪ; ਕਹਿਆ ਬਿਰਦੁ (ਇਨਸਾਨੀਅਤ) ਨ ਜਾਣਨੀ ॥..... ਇਕਨਾ ਸਿਧਿ ਨ ਬੁਧਿ ਨ ਅਕਲਿ ਸਰ (ਸਮਝ); ਅਖਰ ਕਾ ਭੇਉ (ਰਮਜ਼) ਨ ਲਹੰਤਿ (ਲੈ ਸਕਦੇ) ॥ ਨਾਨਕ ! ਤੇ ਨਰ ਅਸਲਿ ਖਰ (ਖੋਤੇ); ਜਿ ਬਿਨੁ ਗੁਣ, ਗਰਬੁ ਕਰੰਤ ॥’’ (ਮ: ੧/੧੪੧੧)

(ਨੋਟ: ਉਕਤ ਪੰਕਤੀ ’ਚ ਦਰਜ ‘ਅਖਰ’ (ਭਾਵ ਗਿਆਨ) ਸ਼ਬਦ ਵਿੱਚੋਂ ਅਗਰ ‘ਅ’ ਹਟਾ ਦਿੱਤਾ ਜਾਵੇ ਤਾਂ ‘ਖਰ’ (ਖੋਤਾ) ਸ਼ਬਦ ਰਹਿ ਜਾਂਦਾ ਹੈ, ਜਿਸ (‘ਖਰ’ ਸ਼ਬਦ) ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘‘ਤੇ ਨਰ ਅਸਲਿ ਖਰ॥’’ ਉਪਵਾਕ ਵਿੱਚ ਦਰਜ ਕਰਕੇ ਵਿਸ਼ੇ ਦੀ ਸਮਾਪਤੀ ਕੀਤੀ ਹੈ ਤੇ ਇਸ ਖੋਤੇ ਉੱਪਰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰ ਦੀ ਖੱਲ ਪਾਈ ਸੀ।

ਸਮੂਹ ਸਿੱਖ ਸਮਾਜ ਨੂੰ ਚਾਹੀਦਾ ਹੈ ਕਿ ਗੁਰਬਾਣੀ ਨੂੰ ਆਧਾਰ ਬਣਾ ਕੇ ਵੀਚਾਰ ਕੀਤਿਆਂ ਹੀ ਕਿਸੇ ਵਿਸ਼ੇ ’ਤੇ ਸਹਿਮਤੀ ਬਣਾਈ ਜਾ ਸਕਦੀ ਹੈ ਪਰ ਮਚਲਾ (ਮਨਘੜ੍ਹਤ ਰਵਾਇਤੀ ਮਰਿਆਦਾ ਨੂੰ ਲਾਗੂ ਕਰਵਾਉਣ ਲਈ ਜਾਣ ਬੁੱਝ ਕੇ ਅਣਜਾਣ ਬਣਨਾ) ਸੋਚ ਅਧੀਨ ਬਣਿਆ ਕਠੋਰ ਮਨ ਭਿੱਜ ਨਹੀਂ ਸਕਦਾ। ਸਰੀ (ਕੈਨੇਡਾ) ਦੀ ਪ੍ਰਬੰਧਕ ਕਮੇਟੀ ਨੇ ਕੁਝ ਦਿਨ ਪਾਣੀ (ਸਮੁੰਦਰ) ਰਿੜਕ ਕੇ ਵੇਖ ਲਿਆ ਹੈ। ਸਿੱਟਾ (ਰਤਨ) ਨਾ ਨਿਕਲਣ ਦਾ ਕਾਰਨ ਵੀ ਗੁਰਦੁਆਰਾ ਪ੍ਰਬੰਧਕ ਨੁਮਾਇੰਦਿਆਂ (ਮੈਂਬਰਾਂ) ਦੀ ਨਾਕਾਮੀ (ਭਾਵ ‘ਗੁਰਮਤਿ ਫ਼ਿਲਾਸਫ਼ੀ’ ਪ੍ਰਤੀ ਨਾ-ਸਮਝੀ) ਹੀ ਸਾਮ੍ਹਣੇ ਆ ਰਹੀ ਹਨ। ਦੋ ਦਿਨ ਹਰੀ ਸਿੰਘ ਰੰਧਾਵਾ ਤੋਂ ਮਨਘੜਤ ਸਾਖੀਆਂ ਸੁਣਨ ’ਤੇ ਹੀ ਬਰਬਾਦ ਕਰ ਦਿੱਤੇ ਤੇ ਉਨ੍ਹਾਂ (ਸਾਖੀਆ) ਨੂੰ ਤੁਰੀਆ ਅਵਸਥਾ (ਵਿੱਚੋਂ ਫੁੱਟੇ ਵੀਚਾਰਾਂ) ਦੀ ਸੰਗਿਆ ਦੇ ਦਿੱਤੀ। ਅਜਿਹਾ ਹੋਵੇ ਵੀ ਕਿਉਂ ਨਾ ਜਦ ਭਾਈ ਜਸਵਿੰਦਰ ਸਿੰਘ ਮਲ੍ਹੀ (ਰਿਕਾਰਡਿੰਗ ਸੈਕਟ੍ਰੀ) ਵਰਗੇ ਸਲਾਹਕਾਰ ਨਿਯੁਕਤ ਕੀਤੇ ਹੋਣ।

ਇਸ ਲਈ ਸਿੱਖ ਸਮਾਜ ਨੂੰ ਚਾਹੀਦਾ ਹੈ ਕਿ ਉਹ ਅੰਮ੍ਰਿਤਪਾਨ ਕਰਵਾਉਣ ਵਾਲੇ ਪੰਜ ਪਿਆਰਿਆਂ ਵਿੱਚ ਬੀਬੀਆਂ ਨੂੰ ਵਧੇਰੇ ਗਿਣਤੀ ’ਚ ਸ਼ਾਮਲ ਕਰਕੇ ਉਨ੍ਹਾਂ ਦੀਆਂ ਫੋਟੋਆਂ ਇੰਟਰਨੈੱਟ ’ਤੇ ਪਾਈਆਂ ਜਾਣ ਤਾਂ ਜੋ ਔਰਤਾਂ ਨੂੰ ਮਿਲਦੇ ਪਿਆਰ (ਸਤਿਕਾਰ) ਬਾਰੇ ਸਮੂੰਹ ਮਾਨਵਤਾ ਨੂੰ ਜਾਣਕਾਰੀ ਮਿਲ ਸਕੇ ਅਤੇ ਔਰਤਾਂ ਆਪਣੇ ਹੱਕਾਂ ਲਈ ਬੇਝਿੱਜਕ (ਬਿਨਾ ਸੰਕੋਚ) ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ; ਜਿਵੇਂ ਸਰੀ (ਕੈਨੇਡਾ) ਦੀਆਂ ਬੀਬੀਆਂ ਨੇ ਹਿੰਮਤ ਵਿਖਾਈ ਹੈ; ਅਜਿਹੀਆਂ ਬੀਬੀਆਂ ਨੂੰ ‘ਸਲਾਮ, ਪ੍ਰਣਾਮ’।)


02/08/15)
ਹਰਮਿੰਦਰ ਸਿੰਘ ਭੱਟ

ਮਿੰਨੀ ਕਹਾਣੀ
ਪ੍ਰੀਤੋ ਦਾ ਨਵਾਂ ਸੁਪਨਾ

“ਨੀ ਕਰਤਾਰੋਂ ਕਿਥੇ ਮਰ ਗਈ ਸੁਣ ਲੈ ਖ਼ੁਸ਼ਖ਼ਬਰੀ ਐਵੇਂ ਚੈਂ ਚੈਂ ਕਰਦੀ ਰਹਿਣੀ ਏ” ਸ਼ਰਾਬ ਦੇ ਨਸ਼ੇ ਵਿੱਚ ਪ੍ਰੀਤਮ ਸਿੰਘ ਨੇ ਆਪਣੀ ਘਰਵਾਲੀ ਨੂੰ ਬੂਹੇ ਤੋ ਹੀ ਹਾਕਾਂ ਮਾਰਦਿਆਂ ਕਿਹਾ। “ਘਰੇ ਰੋਜ਼ ਡੱਫ ਕੇ ਆ ਜਾਣਾ ਖ਼ਸਮਾਂ-ਖਾਣੀ! ਘਰੇ ਆਟਾ ਲਿਆਉਣ ਦਾ ਫ਼ਿਕਰ ਨਹੀਂ ਤਿੰਨ ਕੁੜੀਆਂ ਵਿਆਹੁਣ ਵਾਲੀਆਂ ਏਦੂੰ ਵੱਡਾ ਦੁੱਖ ਕਿਹੜਾ ਫਿਰ ਕਾਦੀਆਂ ਖ਼ੁਸ਼ਖ਼ਬਰੀਆਂ” ਗ਼ਰੀਬੀ ਦੀ ਮਾਰ ਝੱਲ ਰਹੀ ਲੋਕਾਂ ਦੇ ਘਰ ਝਾੜੂ ਪੋਚਾ ਕਰ ਕੇ ਤਿੰਨ ਕੁੜੀਆਂ ਤੇ ਇੱਕ ਮੁੰਡੇ ਦਾ ਢਿੱਡ ਭਰ ਰਹੀ ਕਰਤਾਰੋਂ ਨੇ ਆਪਣੇ ਵੇਹਿਲੜ ਸ਼ਰਾਬੀ ਪਤੀ ਨੂੰ ਅੱਕ ਕੇ ਕਿਹਾ। “ਲੈ ਸੁਣ ਆਪਣੀ ਪ੍ਰੀਤੋ ਦਾ ਰਿਸ਼ਤਾ ਪੱਕਾ ਕਰ ਆਇਆ ਲੰਬੜਾ ਦੇ ਬੰਸੇ ਦਾ ਸਾਲਾ ਦਬਈ ਤੋ ਆਇਆ ਕਹਿੰਦੇ 20000 ਤਨਖ਼ਾਹ ਵਾ ਉਹ ਦੀ, ਰਾਜ ਕਰੂ ਪ੍ਰੀਤੋ ਆਪਣੀ, ਆਹ ਦੇਖ ਕਿੰਨੇ ਪੈਸੇ ਤੇ ਦਾਰੂ ਦਾ ਡੱਬਾ ਦਿੱਤਾ ਕਹਿੰਦੇ ਘਰ ਦੀ ਗ਼ਰੀਬੀ ਦੂਰ ਹੋਜੂ ਆਹ ਦੇਖ ਮੁੰਡੇ ਦੀ ਫ਼ੋਟੋ” ਮੰਜੇ ਤੇ ਦਾਰੂ ਦਾ ਡੱਬਾ ਰੱਖਦਿਆਂ ਤੇ 100 ਰੁਪਿਆਂ ਦੀ ਗੁੱਥੀ ਦਿਖਾਉਂਦੇ ਹੋਏ ਪ੍ਰੀਤਮ ਸਿੰਘ ਨੇ ਫ਼ੋਟੋ ਕਰਤਾਰ ਕੌਰ ਨੂੰ ਦਿੰਦਿਆਂ ਕਿਹਾ। “ਆਹ ਕੀ ਕਰ ਆਇਆ ਕੁੜੀ ਸੋਨੇ ਵਰਗੀ ਆ ਵੇ ਆਪਣੀ” ਫ਼ੋਟੋ ਦੇਖ ਸਿਰ ਤੇ ਹੱਥ ਮਾਰਦੀ ਕਰਤਾਰ ਕੌਰ ਨੇ ਉੱਚੀ ਦੇਣੇ ਦੁਹੱਥਾ ਮਾਰਦਿਆਂ ਕਿਹਾ। ਮਾਂ ਦੀ ਉੱਚੀ ਆਵਾਜ਼ ਸੁਣ ਕੇ 10ਵੀ ਚ ਪੜ੍ਹਦੀ ਪ੍ਰੀਤੋ ਵਿਹੜੇ ਚ ਭੱਜ ਕੇ ਆਈ। “ਤੇਰੀਆਂ ਭੈਣਾਂ ਤੇ ਭਰਾ ਦੀ ਜ਼ਿੰਦਗੀ ਬਣ ਜੂ ਪੁੱਤ ਉਹ ਪੜ੍ਹ ਲਿਖ ਕੇ ਕੁੱਝ ਬਣ ਜਾਣਗੇ ਕਹਿੰਦੇ ਅਸੀਂ ਸਾਰਾ ਖਰਚਾ ਕਰਾਂਗੇ ਤੇਰੇ ਪਿਉ ਦੀ ਪੱਗ ਦੀ ਲਾਜ ਰੱਖ ਲਾ ਤੇਰੀ ਮਾਂ ਤਾਂ ਐਵੇਂ ਕਮਲੀ ਆ” ਪੈਸੇ ਗਿਣਦੇ ਹੋਏ ਪ੍ਰੀਤਮ ਸਿੰਘ ਨੇ ਆਪਣੀ ਧੀ ਪ੍ਰੀਤੋ ਨੂੰ ਆਉਦਿਆਂ ਦੇਖ ਕਿਹਾ। ਪ੍ਰੀਤੋ ਨੇ ਇਹ ਸੁਣ ਮਾਂ ਦੇ ਹੱਥ ਫ਼ੋਟੋ ਵੱਲ ਵੇਖਿਆ ਜਿਸ ਵਿੱਚ ਕਰੀਬ 50 ਸਾਲ ਦੇ ਅਧਖੜ ਉਮਰ ਦੇ ਬੰਦੇ ਦੀ ਫ਼ੋਟੋ ਸੀ ਤੇ ਫਿਰ ਸ਼ਰਾਬੀ ਪਿਉ ਦੀ ਗੱਲ ਨੂੰ ਸੱਚ ਮੰਨ ਕੇ ਆਪਣੇ ਲੱਖਾਂ ਅਰਮਾਨਾਂ ਨੂੰ ਕੁਰਬਾਨ ਕਰਦਿਆਂ ਆਪਣੀਆਂ ਨਿੱਕੀਆਂ ਭੈਣਾਂ ਤੇ ਭਰਾ ਦੇ ਸੁਨਹਿਰੇ ਭੱਵਿਖ ਦਾ ਨਵਾਂ ਸੁਪਨਾ ਦੇਖਣ ਲਈ ਚੁੱਪ ਕੀਤਿਆਂ ਅੰਦਰ ਨੂੰ ਤੁਰ ਗਈ। “ਕੌਣ ਕਹਿੰਦਾ ਕੁੜੀਆਂ ਕਮਾਊ ਪੁੱਤ ਨਹੀਂ ਹੁੰਦੀਆਂ ਮੇਰੀਆਂ ਤਾਂ ਤਿੰਨ ਨੇ” ਉਸ ਨੂੰ ਜਾਂਦਿਆਂ ਦੇਖ ਪ੍ਰੀਤਮ ਸਿੰਘ ਨੇ ਰੁਪਇਆਂ ਨੂੰ ਗੀਝੇ ਵਿੱਚ ਤੇ ਦਾਰੂ ਦਾ ਡਟ ਖੋਲ੍ਹਦਿਆਂ ਕਿਹਾ।
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
9914062205


02/08/15)
ਦਲਬੀਰ ਸਿੰਘ ਪੱਤਰਕਾਰ

ਦਲਿਤਾਂ, ਕਿਰਤੀਆਂ, ਕਿਸਾਨਾਂ ਤੇ ਘੱਟ-ਗਿਣਤੀਆਂ ਨਾਲ ਨਜਿੱਠਣ ਦਾ ਬਾਣੀਆਵਾਦੀ ਢੰਗ-ਤਰੀਕਾ!
ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ, 2 ਅਗਸਤ 2015

ਅੰਗਰੇਜ਼ ਦੇ ਜਾਣ ਪਿੱਛੋਂ 1947 ਵਿੱਚ ਭਾਰਤ ਦਾ ਰਾਜ ਭਾਗ ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਬ੍ਰਾਹਮਣਾਂ ਨੇ ਸਾਂਭ ਲਿਆ। ਇਖ਼ਲਾਕ ਵਿਹੂਣੇ ਗਾਂਧੀ ਦੀ ਕਥਿਤ ‘ਸ਼ਾਂਤਮਈ’ ਰਾਜਨੀਤਿਕ ਸੇਧ ਦਾ ਹਵਾਲਾ ਦੇ ਕੇ ਨਹਿਰੂ ਨੇ ਕਾਮਰੇਡਾਂ ਵੱਲੋਂ ਗਰੀਬਾਂ ਦੇ ਹੱਕ ਵਿੱਚ ਚਲਾਈ ਗਈ ਹਥਿਆਰਬੰਦ ਲਹਿਰ ਨੂੰ ਗੋਲੀ-ਸਿੱਕੇ ਨਾਲ ਖਤਮ ਕੀਤਾ। 1964 ਤੋਂ ਲੈ ਕੇ 1984 ਤਾਈਂ ਉਨ੍ਹਾਂ ਦੀ ਬੇਟੀ ਇੰਦਰਾ ਗਾਂਧੀ ਨੇ ਵਿਧਾਨ ਕਨੂੰਨ ਨੂੰ ਤਿਲਾਂਜਲੀ ਦੇ ਕੇ ਫਿਰਕੂ ਫਸਾਦਾਂ ਰਾਹੀਂ ਅਤੇ ਛਿੱਤਰ ਨਾਲ ਰਾਜ ਕਰਕੇ ਮੌਤ ਸਹੇੜੀ।
21ਵੀਂ ਸਦੀ ਵਿੱਚ ਭਾਈ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਆਰ. ਐੱਸ. ਐੱਸ. ਦੇ ਬਲਬੂਤੇ ਤੇ ਬਾਣੀਏ ਨੇ ਰਾਜ ਭਾਗ ਸਾਂਭਿਆ। ਵੱਡਾ ਮਸਲਾ ਇਨ੍ਹਾਂ ਲਈ ਅੱਜ ਘੱਟ ਗਿਣਤੀਆਂ ਭਾਵ (ਮੁਸਲਮਾਨਾਂ, ਸਿੱਖਾਂ, ਇਸਾਈਆਂ ਆਦਿ) ਨੂੰ ਆਪਣੀ ਗੁਲਾਮੀ ਹੇਠ ਰੱਖਣ ਦਾ ਹੈ? ਇਸ ਪ੍ਰਾਪਤੀ ਲਈ ਅਪਨਾਏ ਜਾਣ ਵਾਲੇ ਢੰਗਾਂ ਤੇ ਵਰਤਾਰਿਆਂ ਸਬੰਧੀ ਪਾਠਕਾਂ ਦਾ ਧਿਆਨ ਦੁਆਉਣਾ ਬਣਦਾ ਹੈ। ਜਵਾਹਰ ਲਾਲ ਨਹਿਰੂ ਸਮੇਂ ਕਾਮਰੇਡਾਂ ਨੂੰ ‘ਖਾੜਕੂ’ ਕਹਿ ਕੇ ਕੁੱਟਿਆ ਗਿਆ ਅਤੇ ਘੱਟ ਗਿਣਤੀਆਂ ਨੂੰ ਫਿਰਕੂ ਕਹਿ ਕੇ ਕੰਮ ਸਾਰਿਆ ਗਿਆ। ਮਗਰੋਂ ਇਸਦਾ ਮੁੱਖ ਨਿਸ਼ਾਨਾ ਸਿੱਖਾਂ ਨੂੰ ਬਣਾ ਕੇ ‘ਅੱਤਵਾਦੀ ਤੇ ਵੱਖਵਾਦੀ’ ਦਾ ਠੱਪਾ ਲਾ ਕੇ ਰੱਜ ਕੇ ਗਿੱਦੜ ਕੁੱਟ ਹੀ ਨਹੀਂ ਕੀਤੀ ਗਈ, ਸਗੋਂ ਲੱਖਾਂ ਜਾਨਾਂ ਦੇ ਨਾਲ-ਨਾਲ ਹੋਰ ਬਹੁਤ ਅਮਾਨਵੀ ਵਰਤਾਰੇ ਵੀ ਕੀਤੇ ਗਏ। ਮੋਦੀਕਿਆਂ ਵੱਲੋਂ ਅੱਜ ਵੀ ਉਨ੍ਹਾਂ ਤੇ ਇਹ ਦੋਸ਼ ਉੱਦਾਂ ਹੀ ਖੜ੍ਹੇ ਹਨ, ਜਿਵੇਂ ਕਾਂਗਰਸੀਆਂ ਵੇਲੇ ਸਨ। ਪਰ ਮੁਸਲਮਾਨਾਂ ਨਾਲ ਨਜਿੱਠਣ ਲਈ ‘ਅੱਤਵਾਦੀ ਪਾਕਿਸਤਾਨ’ ਦਾ ਪੈਂਤੜਾ ਲਿਆ ਗਿਆ, ਕਿਉਂਕਿ ਭਾਰਤ ਅੰਦਰ ਮੁਸਲਮਾਨਾਂ ਦੀ ਗਿਣਤੀ ਲਗਭਗ 18 ਕਰੋੜ ਹੋਣ ਕਾਰਨ ਇਨ੍ਹਾਂ ਨੂੰ ਸਮੁੱਚੇ ਰੂਪ ਵਿੱਚ ਦੁਸ਼ਮਣ ਦੀ ਸਫਬੰਦੀ ਵਿੱਚ ਸੁੱਟਣਾ ਔਖਾ ਸੀ। ਪਰ ਸਿੱਖਾਂ ਦੇ ਸੰਦਰਭ ਵਿੱਚ ਇਹ ਸੌਖਾ ਸੀ। ਹੁਣ ਤੱਕ ਅਦਾਲਤਾਂ ਵੱਲੋਂ ਵੀ ਜੋ ਫੈਸਲੇ ਲਏ ਗਏ ਉਨ੍ਹਾਂ ਵਿੱਚ ਵਿਧਾਨ-ਕਾਨੂੰਨ ਦੀ ਉਲੰਘਣਾ ਵੱਡੇ ਰੂਪ ਵਿੱਚ ਹੁੰਦੀ ਰਹੀ। ਪਰ ਹਿੰਦੂਤਵੀ ਰਾਜਨੀਤਿਕ ਪ੍ਰਚਾਰਕ ਪੱਧਰ ਤੇ ਕਹਿੰਦੇ ਹਨ ਕਿ ‘ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ’। ਪਰ ਉਹ ਇਹ ਭੁੱਲਦੇ ਹਨ ਕਿ ਉਹ ਆਪ ਆਪਣੇ ਬਣਾਏ ਹੋਏ ਵਿਧਾਨ ਤੇ ਕਾਨੂੰਨ ਦੇ ਪਾਬੰਦ ਨਹੀਂ। ਜੋ ਇੱਕ ਧਾਰਮਿਕ ਵਚਨਬੱਧਤਾ ਤੋਂ ਵੀ ਵੱਡੀ ਉਲੰਘਣਾ ਹੈ। ਕਿਉਂਕਿ ਲਗਭਗ ਸਾਰੇ ਹਾਕਮਾਂ ਨੇ ਉਸ ਤੇ ਅਮਲ ਕਰਨ ਦੀ ਕਸਮ ਚੁੱਕੀ ਹੁੰਦੀ ਹੈ।
‘ਟਾਡਾ ਕਾਨੂੰਨ’ ਭਾਰਤੀ ਪਾਰਲੀਮੈਂਟ ਨੇ ਪਾਸ ਵੀ ਕੀਤਾ ਤੇ ਮਗਰੋਂ ਵਾਪਸ ਵੀ ਲਿਆ, ਪਰ ਉਸ ਅਧੀਨ ਛੋਟੇ ਮੋਟੇ ਪੁਲਿਸ ਦੇ ਮੁਲਾਜ਼ਮ ਅੱਗੇ ਕਥਿਤ ਦੋਸ਼ੀਆਂ ਵੱਲੋਂ ਦਿੱਤੇ ਹੋਏ ਬਿਆਨ ਭਾਵੇਂ ਉਹ ਡੰਡੇ ਨਾਲ ਹੀ ਪ੍ਰਾਪਤ ਕੀਤਾ ਗਏ ਹੋਣ, ਸੱਚ ਮੰਨ ਕੇ ਵੱਡੀਆਂ ਅਦਾਲਤਾਂ ਨੇ ਅਨੇਕ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ, ਜਿਸ ਵਿੱਚ ਮੁੱਖ ਰੂਪ ਵਿੱਚ ਦਲਿਤ, ਘੱਟ ਗਿਣਤੀਆ ਅਤੇ ਗਰੀਬ ਲੋਕ ਸ਼ਾਮਲ ਸਨ। ਟਾਡਾ ਭਾਵੇਂ ਅੱਜ ਕਾਨੂੰਨੀ ਕਿਤਾਬ `ਚੋਂ ਖਾਰਜ ਹੈ, ਪਰ ਉਸਦੀ ਸਜ਼ਾ ਭੁਗਤਣ ਵਾਲੇ ਫਾਂਸੀ ਦੇ ਰੱਸੇ ਚੁੰਮ ਰਹੇ ਹਨ, ਯਕੂਬ ਮੈਮਨ ਜਿਸਨੂੰ 30 ਜੁਲਾਈ ਨੂੰ ਫਾਂਸੀ ਚਾੜ੍ਹਿਆ ਗਿਆ, ਵੀ ਉਨ੍ਹਾਂ `ਚੋਂ ਇੱਕ ਸੀ।
ਬਾਣੀਏ ਰਾਜਨੀਤਿਕ ਜੋ ਸੋਝੀ ਵਜੋਂ ਸੌਦਾ ਖ੍ਰੀਦਣ ਤੇ ਵੇਚਣ ਦੇ ਆਦੀ ਨੇ ਵਿਰੋਧੀਆਂ ਨੂੰ ਫਾਹੇ ਲਾਉਣ ਲਈ ਪੈਂਤੜੇ ਤੇ ਦਲੀਲਾਂ ਬੜੀਆਂ ਦਿਲਚਸਪ ਘੜਦੇ ਹਨ। ਵੱਡੀ ਦਲੀਲ ਇਹ ਕਿ ਅਜਿਹੇ ਫੈਸਲੇ ਉੱਚੀਆਂ ਅਦਾਲਤਾਂ ਕਰਦੀਆਂ ਹਨ। ਉੱਚੀਆਂ ਅਦਾਲਤਾਂ ਦੀ ਕਹਾਣੀ ਸੁਣੋ। ਦਿੱਲੀ ਵਿਖੇ 1, 2, 3 ਨਵੰਬਰ 1984 ਨੂੰ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਹੁੰਦਿਆਂ ਹੋਇਆਂ ਸਿੱਖਾਂ ਦਾ ਜੋ ਕਤਲੇਆਮ ਹੋਇਆ ਇਨ੍ਹਾਂ ਦੋਵਾਂ ਅਦਾਲਤਾਂ ਨੇ ਅੱਜ ਤਾਈਂ ਉਸਦਾ ਕੋਈ ਨੋਟਿਸ ਨਹੀਂ ਲਿਆ। ਨਾ ਹੀ ਪੰਜਾਬ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ 4 ਤੋਂ 6 ਜੂਨ 1984 ਸਮੇਂ ਹਰਿਮੰਦਰ ਸਾਹਿਬ ਸਮੂਹ ਤੇ ਭਾਰਤੀ ਫੌਜੀ ਹਮਲੇ ਅਤੇ ਉਸ ਵਿੱਚ ਹੋਈ ਤਬਾਹੀ ਦਾ ਅੱਜ ਤਾਈਂ ਵੀ ਕੋਈ ਨੋਟਿਸ ਨਹੀਂ ਲਿਆ। ਇਨ੍ਹਾਂ ਅਦਾਲਤਾਂ ਦੀ ਸ਼ਰਮ ਵੇਖੋ ਖੰਭ ਲਾ ਕੇ ਕਿੱਦਾਂ ਉੱਡੀ?
1919 ਵਿੱਚ ਅੰਗਰੇਜ਼ ਦੇ ਰਾਜ ਭਾਗ ਸਮੇਂ ਜਨਰਲ ਡਾਇਰ ਵੱਲੋਂ ਜੱਲਿਆਂ ਵਾਲੇ ਬਾਗ ਵਿੱਚ ਚਲਾਈ ਗਈ ਗੋਲੀ ਸਦਕਾ ਤਿੰਨ-ਚਾਰ ਸੌ ਮੌਤਾਂ ਅਤੇ ਹਜ਼ਾਰ ਤੋਂ ਉੱਪਰ ਜ਼ਖਮੀਆਂ ਦੇ ਵਰਤਾਰੇ ਦੀ ਕਾਨੂੰਨੀ ਪੜਤਾਲ ਹੋਈ, ਪੀੜਤਾਂ ਨੂੰ ਮੁਆਵਜ਼ੇ ਮਿਲੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ। ਪਰ ਬ੍ਰਾਹਮਣ ਬਾਣੀਆ ਹਾਕਮ ਇਹ ਰਾਹ ਫੜਨ ਲਈ ਉੱਕਾ ਹੀ ਤਿਆਰ ਨਹੀਂ। ਸਾਰੀ ਧਰਤੀ ਦੇ ਬਹੁਤੇ ਸਿਆਣੇ ਲੋਕਾਂ ਦੀ ਸੋਚ ਦੇ ਉਲਟ। ਬੇਸ਼ਰਮੀ ਦੀ ਹੱਦ ਇਹ ਹੈ ਕਿ ਇਹ ਅਦਾਲਤਾਂ ਇਹ ਪਰਖ ਕਰਨ ਲਈ ਵੀ ਤਿਆਰ ਨਹੀਂ ਕਿ ਉਪਰੋਕਤ ਘਿਨਾਉਣੀਆਂ ਘਟਨਾਵਾਂ ਦੇ ਪੈਂਤੜੇ ਵਿਧਾਨ ਦੇ ਅਨੁਕੂਲ ਸਨ ਜਾਂ ਨਹੀਂ। ਉਲਟਾ ਪੀੜਤਾਂ ਤੇ ਦੋਸ਼ ਮੜੀ ਜਾਂਦੇ ਹਨ, ਇਹ ਕਹਿ ਕੇ ਕਿ ਉਹ ‘ਅੱਤਵਾਦੀ ਤੇ ਵੱਖਵਾਦੀ’ ਸਨ ਅਤੇ ਉਨ੍ਹਾਂ ਦਾ ਕੋਈ ਧਰਮ ਨਹੀਂ ਸੀ। ਇਤਿਹਾਸਕ ਰੂਪ ਵਿੱਚ ਇਨ੍ਹਾਂ ਦੋਵਾਂ ਸ਼੍ਰੇਣੀਆਂ ਦੇ ਹਾਕਮ ਭਾਵ ਬ੍ਰਾਹਮਣ ਤੇ ਬਾਣੀਏ ਵਿਰੋਧੀਆਂ ਨੂੰ ਵੱਸ ਕਰਨ ਲਈ ਆਪਣੇ ਪ੍ਰਭੂਆਂ, ਭਾਵ ਮਨੂੰ ਤੇ ਚਾਣਕੀਆ, ਦੇ ਚਾਰ ਕਥਨਾਂ ‘ਪਲੋਸਣਾ’, ‘ਖ੍ਰੀਦਣਾ’, ‘ਆਪਸ `ਚ ਲੜਾਉਣਾ’ ਅਤੇ ‘ਡੰਡਾ ਵਰਤਣਾ’ ਤੇ ਅਮਲ ਕਰਦੇ ਰਹੇ। ਪਰ ਅੱਜਕਲ ਵਿਰੋਧੀ ਸਫਾਂ ਵਿੱਚੋਂ ਚੰਗੇ ਮੁੱਲ ਤਾਰਕੇ ਸਰਕਾਰੀ ਏਜੰਸੀਆਂ ਰਾਹੀਂ ਪੜ੍ਹਾਏ ਗਏ ਪ੍ਰਚਾਰ ਅਧੀਨ ਘੱਟ ਗਿਣਤੀਆਂ ਦੇ ਰਹਿਬਰਾਂ ਦੀਆਂ ਟਕਸਾਲੀ ਗੱਲਾਂ ਦੀ ਖਿੱਲੀ ਉਡਾਈ ਜਾ ਰਹੀ ਹੈ। ਸਿੱਖ ਭਾਈਚਾਰੇ ਵਿੱਚੋਂ ਰਾਜਨੀਤਿਕ ਆਗੂ ਖ੍ਰੀਦਣ ਲਈ ਸਵਰਗਵਾਸੀ ਡਾ. ਜਗਜੀਤ ਸਿੰਘ ਚੌਹਾਨ, ਡਾ. ਸੋਹਣ ਸਿੰਘ ਅਤੇ ਅੱਜ ਕਲ ਸਿਮਰਨਜੀਤ ਸਿੰਘ ਮਾਨ ਨੂੰ ‘ਖਾਲਿਸਤਾਨ’ ਦੀ ਤੋਤਾ ਰਟਨੀ ਤੇ ਚਾੜ੍ਹ ਕੇ ਗੁਰਬਾਣੀ ਵਿਰੋਧੀ ਪੈਂਤੜਿਆਂ ਰਾਹੀਂ ਨਾਨਕ ਵਿਚਾਰਧਾਰਾ ਨੂੰ ਗੰਧਲਾ ਕੀਤਾ ਜਾ ਰਿਹਾ ਹੈ। ਉਪਰੋਕਤ ਚਰਚਿਤ ‘ਟਾਡਾ ਕਾਨੂੰਨ’ ਅਧੀਨ ਸਿੱਖਾਂ `ਚੋਂ ਵੀ ਸੌ ਦੇ ਲਗਭਗ ਰੜਕਦੇ ਵਿਅਕਤੀ ਅੱਜ ਲੰਮੀਆਂ ਕੈਦਾਂ ਭੁਗਤ ਰਹੇ ਹਨ। ਮੈਮਨ ਦੀ ਫਾਂਸੀ ਤੇ ਯੂ. ਐੱਨ. ਓ. ਦੇ ਸੈਕਟਰੀ ਜਨਰਲ ਨੇ ਵੀ ਦੁੱਖ ਪ੍ਰਗਟਾਇਆ ਕਿ ਇਹ ਨਜਾਇਜ਼ ਸੀ, ਪਰ ਬ੍ਰਾਹਮਣ ਬਾਣੀਆ ਹਾਕਮ ਵਿਰੋਧੀ ਧਾਰਮਿਕ ਵਿਅਕਤੀਆਂ ਦਾ ਖੂਨ ਪੀਣ ਤੋਂ ਉਰੇ ਸ਼ਾਂਤੀ ਪ੍ਰਾਪਤ ਕਰਨ ਲਈ ਤਿਆਰ ਨਹੀਂ। ਹਿੰਦੂਤਵੀ ਵਿਰੋਧੀ ਭਾਈਚਾਰਿਆਂ ਅੰਦਰ ਮੈਮਨ ਨੂੰ ਦਿੱਤੀ ਗਈ ਫਾਂਸੀ ਮਗਰੋਂ ਘਬਰਾਹਟ ਦੀ ਇੱਕ ਮਿਸਾਲ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਤੋਂ ਮਿਲਦੀ ਹੈ ਕਿ ਸਿੱਖਾਂ ਨੂੰ ਦੇਸ਼ ਤੋਂ ਬਾਹਰ ਜਾ ਕੇ ਆਪਣੇ ਰਾਜਨੀਤਿਕ ਵਸੇਬੇ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ। ਜੋ ਸਾਡੀ ਰਾਇ ਵਿੱਚ ਨਿਰੀ ਪੁਲਿਸੀ ਹਾਕਮ ਦੀ ਮੂਰਖਤਾ ਹੈ। ਵੈਸੇ ਤਾਂ ਉਨ੍ਹਾਂ ਦੇ ਬਜ਼ੁਰਗਾਂ ਨੇ ਹੇਮਕੁੰਟ ਸਾਹਿਬ ਦੇ ਨਾਂ ਤੇ ਪਹਾੜਾਂ ਵਿੱਚ ਇੱਕ ਗੁਰਧਾਮ ਸਥਾਪਤ ਕੀਤਾ ਹੋਇਆ ਹੈ, ਜਿੱਥੋਂ ਕਥਿਤ ਪਾਂਡੋ ਵੀ ਕਿਸੇ ਸਮੇਂ ਲੰਘੇ ਦੱਸੇ ਜਾਂਦੇ ਹਨ। ਮਾਨ ਸਾਹਿਬ ਉਸਨੂੰ ਹੈੱਡ ਕੁਆਟਰ ਬਣਾ ਕੇ ‘ਖਾਲਿਸਤਾਨ’ ਦਾ ਐਲਾਨ ਕਿਉਂ ਨਹੀਂ ਕਰ ਦਿੰਦੇ?
ਸਿੱਖ ਭਾਈਚਾਰੇ ਅੰਦਰ ਆਈ ਅਜੋਕੀ ਹੀਣ-ਭਾਵਨਾ ਦੇ ਮੁੱਖ ਦੋਸ਼ੀ ਹਨ, ਗੁਰਧਾਮਾਂ ਤੇ ਕਾਬਜ਼ ਪੁਜਾਰੀ ਅਤੇ ਕਥਾਵਾਚਕ। ਜੋ ਆਪਣੀ ਪੇਟ ਪੂਰਤੀ ਦੇ ਪਾਬੰਦ ਨੇ ਹੰਨੇ-ਹੰਨੇ ਗੁਰਧਾਮਾਂ ਅੰਦਰ ਗਿਆਨ ਦੀ ਲਹਿਰ ਚਲਾਉਣ ਦੀ ਥਾਂ ‘ਅਖੰਡ ਪਾਠਾਂ’, `ਚੜ੍ਹਾਵਿਆਂ’, ‘ਇਸ਼ਨਾਨਾਂ’, ਸੋਨੇ, ਚਾਂਦੀ ਅਤੇ ਮਾਇਆ ਦੇ ਅੰਬਾਰ ਅਤੇ ਅੰਧ-ਵਿਸ਼ਵਾਸੀ ਦੇ ਅਜਿਹੇ ਵਾਤਾਵਰਨ ਸਿਰਜੇ ਹੋਏ ਹਨ ਕਿ ਜਿੱਥੇ ਵਿਗਿਆਨਿਕ ਨਾਨਕ ਵਿਚਾਰਧਾਰਾ ਦੀ ਕੋਈ ਪਵਿੱਤਰ ਥਾਂ ਬਾਕੀ ਨਹੀਂ ਬਚੀ। ਉਲਟਾ ਕਰਾਮਾਤਾਂ ਦੀ ਸਿੱਖੀ ਵਿਰੋਧੀ ਲਹਿਰ ਚਲਾਈ ਹੋਈ ਹੈ। ਵਿਰੋਧੀਆਂ ਨਾਲ ਚੱਲ ਰਹੇ ਸਿੱਖਾਂ ਨੂੰ ਆਪਣੇ ਸੰਘਰਸ਼ ਵਿੱਚ ਕਾਮਯਾਬੀ ਪ੍ਰਾਪਤ ਕਰਨ ਲਈ ਗੁਰਧਾਮਾਂ `ਚੋਂ ਇਸ ਗੰਦਗੀ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੈ। ਵਿਚਾਰਧਾਰਕ ਪੱਖੋਂ ਨਾਨਕ ਅਤੇ ਗੋਬਿੰਦ ਵੱਲੋਂ ਦਿੱਤੀਆ ਹੋਈਆਂ ਧਾਰਮਿਕ ਤੇ ਰਾਜਨੀਤਿਕ ਸੇਧਾਂ ਕਦੀ ਮਾਤ ਨਹੀਂ ਖਾਣਗੀਆਂ, ਖਾਸਕਰ ਅਜੋਕੀ ਵਿਗਿਆਨਿਕ ਇੱਕੀਵੀਂ ਸਦੀ ਦੇ ਯੁੱਗ ਵਿੱਚ। ਹਿੰਦੂਤਵੀ ਅੰਧ-ਵਿਸ਼ਵਾਸੀਆਂ ਨੂੰ ਆਪਣੀ ਨਮੋਸ਼ੀ ਭਰੀ ਧਾਰਮਿਕ ਤੇ ਰਾਜਨੀਤਿਕ ਹਾਰ ਲਈ ਤਿਆਰ ਰਹਿਣਾ ਚਾਹੀਦਾ ਹੈ। ਪੰਜਾਬ ਅੰਦਰ 2017 ਦੀ ਚੋਣ ਵਿੱਚ ਬਹੁਤ ਕੁੱਝ ਸਿੱਧ ਹੋ ਜਾਏਗਾ। ਉਸ ਚੋਣ ਪਿੱਛੋਂ ਹਾਰ ਖਾ ਕੇ ਅਜੋਕੇ ਬਹੁਤੇ ਲੀਡਰ ਅਰੁਣ ਜੇਤਲੀ ਵਾਂਗੂੰ ਫਿਰ ਸਰਦਾਰੀਆਂ ਨਹੀਂ ਕਰ ਸਕਣਗੇ?
ਪਾਠਕ ਵੀਰੋ ਦੀਨਾਨਗਰ ਦੀ ਘਟਨਾ ਪੰਜਾਬ ਵਿੱਚ ਵਿਚਰ ਰਹੀਆਂ ਸਰਕਾਰੀ ਏਜੰਸੀਆਂ ਦੀ ਦੇਣ ਜਾਪਦੀ ਹੈ। ਕਿਉਂਕਿ ਇਸ ਵਿੱਚ ਮਰਨ ਵਾਲਾ ਐੱਸ. ਪੀ. ਸਿੱਖ ਹੈ ਤੇ ਮਾਰਨ ਵਾਲੇ ‘ਆਪਣੇ ਹੀ ਲਗਦੇ ਹਨ’। ਪਰ ਅਸਲੀ ਕਹਾਣੀ ਦੇ ਜਾਣਕਾਰ ਹਨ, ਪੰਜਾਬ ਦੇ ਡਾਇਰੈਕਟਰ ਜਨਰਲ ਸੁਮੇਧ ਸੈਣੀ ਜਾਂ ਕੇਂਦਰ ਦੇ ਸਕਿਓਰਿਟੀ ਐਡਵਾਈਜ਼ ਅਜੀਤ ਡੋਵਲ ਜੀ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ‘ਬਲੈਕ ਥੰਡਰ’ ਸਿਰਜਿਆ ਤੇ ਸਿਰੇ ਲਾਇਆ ਸੀ। ਵੈਸੇ ਤਾਂ ਪੰਜਾਬ ਅੰਦਰ ਪੁਰਾਣੀ ਰਵਾਇਤ ਦੇ ਅਸਲ ਜਾਣਕਾਰ ਹਨ ਤੀਜੀ ਏਜੰਸੀ ਦੇ ਜਨਮਦਾਤਾ ਆਰ. ਐੱਨ. ਕਾਓ ਅਤੇ ਨਿਹਚਲ ਸੰਧੂ ਜੀ, ਜਿਨ੍ਹਾਂ ਦਾ ਗੈਬੀ ਛਤਰ ਕਸ਼ਮੀਰ ਤੇ ਝੁੱਲਦਾ ਰਿਹਾ।



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.