.


26/02/15)
ਗਿਆਨੀ ਜਗਤਾਰ ਸਿੰਘ ਜਾਚਕ

ਪ੍ਰੈਸ ਨੋਟ:
ਬਾਬਾ ਫ਼ਰੀਦ ਸਾਹਿਬ ਦੀ ਤਸਵੀਰ ਕਾਰਨ 26 ਜਨਵਰੀ ਦੀ ਰਾਸ਼ਟਰੀ ਪਰੇਡ ਵਿੱਚੋਂ ਪੰਜਾਬ ਦੀ ਝਾਕੀ ਕੱਟਣਾ ਮੋਦੀ ਸਰਕਾਰ ਦੀ ਫਿਰਕੂ ਸੋਚ ਦਾ ਨਤੀਜਾ: ਗਿਆਨੀ ਜਾਚਕ
ਜਾਂ

ਭਾਰਤ ਸਰਕਾਰ ਦੇ ਜਨਤਕ ਪ੍ਰੋਗਰਾਮਾਂ ਦਾ ਉਦੋਂ ਤੱਕ ਬਾਈਕਾਟ ਕਰਨਾ ਚਹੀਦਾ ਹੈ, ਜਦੋਂ ਤਕ ਪ੍ਰਧਾਨ ਮੰਤਰੀ ਬਾਬਾ ਫਰੀਦ ਜੀ ਦੇ ਅਪਮਾਨ ਲਈ ਜਨਤਕ ਮੁਆਫ਼ੀ ਨਹੀਂ ਮੰਗਦੇ: ਗਿਆਨੀ ਜਾਚਕ
26 ਫਰਵਰੀ ……… () ਸਰਕਾਰੀ ਤੰਤਰ ਮੰਨੇ ਜਾਂ ਨਾ, ਪਰ ਭਰੋਸੇਯੋਗ ਸੂਤਰਾਂ `ਤੇ ਅਧਾਰਿਤ ਇਹ ਸੌ ਫੀਸਦੀ ਸੱਚ ਹੈ ਕਿ ਭਾਰਤ ਦੀ ਮੋਦੀ ਸਰਕਾਰ ਵੱਲੋਂ 26 ਜਨਵਰੀ ਦੀ ਰਾਸ਼ਟਰੀ ਪਰੇਡ ਵਿੱਚੋਂ ਇਸ ਵਰ੍ਹੇ ਪੰਜਾਬ ਦੀ ਝਾਕੀ ਇਸ ਲਈ ਕੱਟੀ ਗਈ ਕਿ ਉਸ ਵਿੱਚ ਮਨੁੱਖੀ ਭਾਈਚਾਰੇ ਦੇ ਆਪਸੀ ਪਿਆਰ, ਸਾਂਝ ਅਤੇ ਸ਼ਾਂਤੀ ਦੇ ਪ੍ਰਤੀਕ ਬਾਬਾ ਫਰੀਦ ਸਾਹਿਬ ਦੇ ਚਿੱਤਰ ਦੀ ਪ੍ਰਦਰਸ਼ਨੀ ਵਿਸ਼ੇਸ਼ ਸੀ। ਸਪਸ਼ਟ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਵੱਜੋਂ ਵੇਖਣ ਵਾਲੀ ਫਿਰਕਾਪ੍ਰਸਤ ਸੋਚ ਨੂੰ ਮੁਸਲਿਮ ਭਾਈਚਾਰੇ ਨਾਲ ਸਬੰਧਤ 14ਵੀਂ ਸਦੀ ਦਾ ਉਹ ਮਹਾਨ ਸੂਫੀ ਫ਼ਕੀਰ ਵੀ ਪ੍ਰਵਾਨ ਨਹੀਂ, ਜਿਸ ਦੀ ਬਾਣੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਦਬੀ ਥਾਂ ਦੇ ਕੇ ਮਾਨਵ-ਏਕਤਾ ਤੇ ਵਿਸ਼ਵ-ਸ਼ਾਤੀ ਦਾ ਅਧਾਰ ਕਾਇਮ ਕੀਤਾ ਸੀ। ਮੈਂ ਸਮਝਦਾ ਹਾਂ ਕਿ ਭਾਰਤ ਸਰਕਾਰ ਦੀ ਇਹ ਨਿੰਦਣਯੋਗ ਕਾਰਵਾਈ ਭਾਰਤੀ ਸਭਿਅਤਾ ਤੇ ਸੰਸਕ੍ਰਿਤੀ ਉੱਤੇ ਇੱਕ ਐਸਾ ਕਲੰਕ ਹੈ, ਜਿਹੜਾ ਇੱਕ ਦਿਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਬਣ ਕੇ ਉਭਰ ਸਕਦਾ ਹੈ। ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਮੈਲਬਰਨ ਤੋਂ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਕਹੇ।
ਉਨ੍ਹਾਂ ਆਖਿਆ ਕਿ ਸਾਨੂੰ ਪੰਜਾਬ ਸਰਕਾਰ ਅੰਦਰਲੀ ਉਸ ਮਾਨਵ-ਵਾਦੀ ਪੰਥਕ ਸੋਚ ਦੀ ਵੀ ਸ਼ਲਾਘਾ ਕਰਨੀ ਚਾਹਦੀ ਹੈ, ਜਿਸਨੇ ਰਾਸ਼ਟਰੀ ਪਰੇਡ ਲਈ ਪੰਜਾਬ ਦੀ ਪ੍ਰਦਰਸ਼ਨੀ ਲਈ ਬਾਬਾ ਫਰੀਦ ਜੀ ਨੂੰ ਚੁਣਿਆ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸੱਤਾਧਾਰੀ ਸਿੱਖ ਆਗੂਆਂ ਵਿੱਚ ਅਜੇ ਵੀ ਕਿਸੇ ਹੱਦ ਤੱਕ ਪੰਥਕ ਸੋਚ ਤੇ ਜਜ਼ਬਾ ਕਾਇਮ ਹੈ, ਭਾਵੇਂ ਕਿ ਉਹ ਰਾਜਨੀਤਕ ਕਾਰਨਾਂ ਕਰਕੇ ਬਹੁਤ ਮਧਮ ਪੈ ਗਿਆ ਜਾਪਦਾ ਹੈ। ਮੈਂ ਸਮਝਦਾ ਹਾਂ ਕਿ ਬਾਬਾ ਫ਼ਰੀਦ ਜੀ ਦੀ ਚੋਣ, ਭਾਰਤੀ ਜਨਤਾ ਪਾਰਟੀ ਦੇ ਫਿਰਕਾਪ੍ਰਸਤਾਂ ਲਈ ਇੱਕ ਬਹੁਤ ਵੱਡੀ ਚੇਤਾਵਨੀ ਵੀ ਹੈ ਕਿ ਜੇਕਰ ਭਵਿੱਖ ਦੇ ਰਾਸ਼ਟਰੀ ਸਘੰਰਸ਼ ਲਈ ਖ਼ਾਲਸਾ ਪੰਥ ਨੂੰ ਚੋਣ ਕਰਨੀ ਪਈ ਤਾਂ ਹਿੰਦੂ ਰਾਸ਼ਟਰ ਦੇ ਵਿਰੋਧ ਵਿੱਚ ਉਹ ਬਾਬਾ ਫਰੀਦ ਦੀ ਸੋਚ ਦਾ ਸਾਥ ਦੇਣਗੇ, ਨਾ ਕਿ ਵੀਰ ਸਰਵਾਕਰ ਜਾਂ ਗਾਂਧੀ ਦੀ ਕੱਟੜ ਸੋਚ ਦਾ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਸਰਵਾਕਰ ਤੇ ਗਾਂਧੀ ਦੀ ਫਿਰਕੂ ਸੋਚ ਦਾ ਮਿਲਗੋਭਾ ਹੈ। ਕਿਉਂਕਿ, ਇਹ ਵੀ ਗਾਂਧੀ ਵਾਂਗ ਮਨੁਖਤਾ ਦੇ ਸਰਬਸਾਂਝੇ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਤੋਂ ਸੰਕੋਚ ਕਰਦਾ ਹੈ।
ਅੰਤ ਵਿੱਚ ਗਿਆਨੀ ਜਾਚਕ ਜੀ ਨੇ ਸੰਸਾਰ ਭਰ ਵਿੱਚ ਵਸਦੇ ਮਨੁੱਖਤਾ ਦੇ ਹਮਦਰਦ ਤੇ ਮਾਨਵ-ਏਕਤਾ ਦੇ ਹਾਮੀਆਂ ਸਮੇਤ ਸਿੱਖਾਂ, ਮੁਸਲਮਾਨਾਂ ਤੇ ਹੋਰ ਕੌਮਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਭਾਰਤ ਸਰਕਾਰ ਦੇ ਸਾਰੇ ਜਨਤਕ ਪ੍ਰੋਗਰਾਮਾਂ ਦਾ ਉਦੋਂ ਤੱਕ ਬਾਈਕਾਟ ਕਰਨ, ਜਦੋਂ ਤਕ ਪ੍ਰਧਾਨ ਮੰਤਰੀ ਮੋਦੀ ਬਾਬਾ ਫਰੀਦ ਜੀ ਦੇ ਅਪਮਾਨ ਲਈ ਜਨਤਕ ਮੁਆਫ਼ੀ ਨਹੀਂ ਮੰਗਦਾ। ਪੰਥ ਦੇ ਬੁੱਢੇ ਜਰਨੈਲ ਬਾਬਾ ਸੂਰਤ ਸਿੰਘ ਦੇ ਮਰਨ ਵਰਤ ਨੂੰ ਅਧਾਰ ਬਣਾ ਕੇ ਰਾਜਸੀ ਸਿੱਖ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਸਘੰਰਸ਼ ਕਰ ਰਹੀਆਂ ਪੰਥਕ ਜਥੇਬੰਦੀਆਂ ਨੂੰ ਉਨ੍ਹਾਂ ਨੇ ਵਿਸ਼ੇਸ਼ ਬੇਨਤੀ ਕੀਤੀ ਕਿ ਇਸ ਮੁੱਦੇ ਨੂੰ ਵੀ ਉਹ ਆਪਣੇ ਏਜੰਡੇ ਦਾ ਭਾਗ ਬਣਾ ਲੈਣ। ਕਿਉਂਕਿ, ਇਸ ਨਾਲ ਪੰਥਕ ਸੰਘਰਸ਼ ਦੀ ਸਫਲਤਾ ਪ੍ਰਤੀ ਗੁਰੂ ਦੀ ਸਰਪ੍ਰਸਤੀ ਤੇ ਬਾਕੀ ਭਾਈਚਾਰਿਆਂ ਦਾ ਸਾਥ ਵੀ ਮਿਲ ਸਕੇਗਾ।


26/02/15)
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

ਇੱਕ ਬਾਤ ਪਾਉਣ ਨੂੰ ਦਿਲ ਕਰਦਾ !!
ਇੱਕ ਬਾਤ ਪਾਉਣ ਨੂੰ ਦਿਲ ਕਰਦਾ,
ਬੁੱਝੋ ਉਹ ਖਿੱਤਾ ਕਿਹੜਾ ਏ ?
ਕਿਰਦਾਰੋਂ ਖਾਲੀ ਹੋਕੇ ਵੀ,
ਫੁਕਰੀ ਨਾਲ ਭਰਿਆ ਜਿਹੜਾ ਏ ।।
ਜਿੱਥੇ ਰਿਸ਼ਵਤ, ਝੂਠ ਤੇ ਠੱਗੀ ਵੀ,
ਇੱਕ ਮਾਣ ਹੀ ਸਮਝੇ ਜਾਂਦੇ ਨੇ ।
ਨਿਯਮਾਂ ਨੂੰ ਤੋੜਨ ਦੇ ਕਿੱਸੇ,
ਹੱਸ-ਹੱਸ ਕੇ ਲੋਕ ਸੁਣਾਂਦੇ ਨੇ ।।
ਜਿੱਥੇ ਲੋਕ-ਦਿਖਾਵੇ ਕਾਰਣ ਹੀ,
ਜਿੰਦਗੀ ਤੋਂ ਰੁੱਸਿਆ ਖੇੜਾ ਏ ।
ਇੱਕ ਬਾਤ,,,,,,,,,,,,,,,,,,,,,?
ਜਿੱਥੇ ਵਿਹਲੜ ਕਰਦੇ ਮੌਜਾਂ ਨੇ,
ਪਰ ਕਿਰਤੀ ਨੂੰ ਅਪਮਾਨ ਮਿਲੇ ।
ਜਿੱਥੇ ਸੱਚ ਨੂੰ ਲਗਦੀ ਫਾਂਸੀ ਹੈ,
ਪਰ ਝੂਠੇ ਨੂੰ ਸਨਮਾਨ ਮਿਲੇ ।।
ਜਿੱਥੇ ਹੱਕ ਮੰਗ ਰਹੀ ਪਰਜਾ ਦਾ,
ਡਾਂਗਾਂ ਨਾਲ ਕਰਨ ਨਿਬੇੜਾ ਏ ।
ਇੱਕ ਬਾਤ,,,,,,,,,,,,,,,,,,,,,,?
ਜਿੱਥੇ ਧਰਮ ਦੇ ਨਾਂ ਤੇ ਨੇਤਾ ਹੀ,
ਨਿੱਤ ਦੰਗੇ ਆਪ ਕਰਾਉਂਦੇ ਨੇ ।
ਲੜਨੇ ਲਈ ਨਫਰਤ ਦੇ ਮੁੱਦੇ,
ਲੋਕਾਂ ਤੱਕ ਖੁਦ ਪਹੁੰਚਾਉਂਦੇ ਨੇ ।।
ਜਿੱਥੇ ਜਾਤ-ਪਾਤ ਤੇ ਊਚ-ਨੀਚ,
ਪਿਆ ਵੰਡਿਆ ਚਾਰ ਚੁਫੇਰਾ ਏ ।
ਇੱਕ ਬਾਤ,,,,,,,,,,,,,,,,,,,,,,?
ਜਿੱਥੇ ਰਾਜ, ਮਜ਼ਹਬ ਦੇ ਆਗੂ ਨੇ,
ਐਸਾ ਗੱਠ-ਜੋੜ ਬਣਾਇਆ ਏ ।
ਰਲ਼ ਲੋਕੀਂ ਕਿੱਦਾਂ ਲੁੱਟਣੇ ਨੇ,
ਇੱਕ ਦੂਜੇ ਨੂੰ ਸਮਝਾਇਆ ਏ ।।
ਇੱਕ ਲਾਰੇ ਵੰਡਦਾ ਲੋਕਾਂ ਨੂੰ ,
ਇੱਕ ਵੰਡਦਾ ਝਗੜਾ-ਝੇੜਾ ਏ ।
ਇੱਕ ਬਾਤ,,,,,,,,,,,,,,,,,,,,,,,,?
ਜਿੱਥੇ ਸੱਚੇ ਅਤੇ ਇਮਾਨਦਾਰ,
ਹਰ ਵੇਲੇ ਘਾਟਾ ਖਾਂਦੇ ਨੇ ।
ਝੂਠੇ ਤੇ ਬੇਈਮਾਨ ਜਿੱਥੇ,
ਹਰ ਗੱਲ ਦਾ ਲਾਭ ਉਠਾਂਦੇ ਨੇ ।।
ਜਿੱਥੇ ਸਭ ਲਈ ਇੱਕ ਅਧਿਕਾਰ ਨਹੀਂ,
ਕਾਨੂੰਨ ‘ਚ ਬੜਾ ਬਖੇੜਾ ਏ ।
ਇੱਕ ਬਾਤ,,,,,,,,,,,,,,,,,,,,,,,,,,?
ਜਿੱਥੇ ਘੱਟ ਗਿਣਤੀ ਦੇ ਲੋਕ ਸਦਾ,
ਹਰ ਜੁਲਮ-ਸਿਤਮ ਨੂੰ ਸਹਿੰਦੇ ਨੇ ।
ਜਿੱਥੇ ਗਰਜਾਂ ਮਾਰੇ ਵੋਟਰ ਤਾਂ,
ਇੱਕ ਪਰਚੀ ਬਣਕੇ ਰਹਿੰਦੇ ਨੇ ।।
ਜਿੱਥੇ ਗੁੰਡਾ-ਗਰਦੀ ਦਾ ਘੜਿਆ,
ਹਾਕਮ ਹੀ ਆਪ ਲੁਟੇਰਾ ਏ ।
ਇੱਕ ਬਾਤ,,,,,,,,,,,,,,,,,,,,?
ਜਿੱਥੇ ਲੋਕੀਂ ਭੁੱਖੇ ਮਰ ਜਾਂਦੇ,
ਰੱਜਿਆਂ ਨੂੰ ਭੋਜ ਕਰਾਂਦੇ ਨੇ ।
ਬੰਦਿਆਂ ਨੂੰ ਜਿੰਦਾ ਸਾੜ ਦਿੰਦੇ,
ਪਰ ਪੱਥਰ ਪੂਜੇ ਜਾਂਦੇ ਨੇ ।।
ਜਿੱਥੇ ਲੋਕ-ਰਾਜ ਦੇ ਪੜਦੇ ਦੇ,
ਥੱਲੇ ਦੋ ਮੂਹਾਂ ਚਿਹਰਾ ਏ ।
ਇੱਕ ਬਾਤ,,,,,,,,,,,,,,,,,,?
ਜਿੱਥੇ ਲੋੜਬੰਧਾਂ ਨੂੰ ਮਿਲਦਾ ਨਹੀਂ,
ਪਰ ਜੋਤਾਂ ਵਿੱਚ ਘਿਓ ਪਾਉਂਦੇ ਨੇ
ਜਿੱਥੇ ਕਿਰਤ ਧਰਮ ਦੀ ਨਾਲੋਂ ਤਾਂ,
ਉੱਪਰ ਨੂੰ ਮੂੰਹ ਚਕਵਾਂਉਦੇ ਨੇ ।।
ਜਿੱਥੇ ਮਾਨਵਤਾ ਦੀ ਸੇਵਾ ਤੋਂ ,
ਪੂਜਾ ਦਾ ਢੌਂਗ ਉਚੇਰਾ ਏ ।
ਇੱਕ ਬਾਤ,,,,,,,,,,,,,,,,,,,?
ਜਿੱਥੇ ਧਰਮ-ਘਰਾਂ ਦੇ ਪੱਥਰ ਵੀ,
ਦੁੱਧਾਂ ਨਾਲ ਧੋਤੇ ਜਾਂਦੇ ਨੇ ।
ਭੁੱਖਿਆਂ ਵਿੱਚ ਵੰਡਣ ਨਾਲੋਂ ਤਾਂ ,
ਰਾਸ਼ਣ ਦਾ ਹਵਨ ਕਰਾਂਦੇ ਨੇ ।।
ਜਿੱਥੇ ਅਣਖ-ਹਿੰਮਤ ਦੇ ਨਾਲੋਂ ਵੱਧ,
ਨਿੰਬੂ ਮਿਰਚਾਂ ਦਾ ਪਹਿਰਾ ਏ ।
ਇੱਕ ਬਾਤ,,,,,,,,,,,,,,,,,,,,,,,?
ਜਿੱਥੇ ਨਦੀਆਂ, ਨਾਲੇ, ਦਰੱਖਤਾਂ ਤੇ,
ਪਸ਼ੂਆਂ ਨੂੰ ਮੱਥੇ ਟਿਕਦੇ ਨੇ ।
ਪਰ ਮੁਢਲੀਆਂ ਲੋੜਾਂ ਤੋਂ ਸੱਖਣੇ,
ਇਨਸਾਨ ਲਿਤਾੜੇ ਵਿਕਦੇ ਨੇ ।।
ਜਿੱਥੇ ਕਰਮ-ਕਾਂਢ ਜੇਹੀਆਂ ਰੀਤਾਂ ਨੇ,
ਪਾਇਆ ਸਭ ਪਾਸੇ ਘੇਰਾ ਏ ।
ਇੱਕ ਬਾਤ,,,,,,,,,,,,,,,,,,,,,,?
ਜਿੱਥੇ ਧਰਮ ਦੇ ਨਾਂ ਤੇ ਗੰਜੇ ਨੂੰ ,
ਵੀ ਕੰਘੇ ਵੇਚੇ ਜਾਂਦੇ ਨੇ ।
ਜਿੱਥੇ ਅੰਧ-ਵਿਸ਼ਵਾਸ ਦੇ ਵਾਧੇ ਲਈ,
ਹਰ ਫੰਦੇ ਵੇਚੇ ਜਾਂਦੇ ਨੇ ।।
ਜਿੱਥੇ ਲੋਕ ਲੁਟਾਈ ਖਾ ਕਹਿੰਦੇ,
ਸਭ ਕਿਸਮਤ ਵਾਲਾ ਗੇੜਾ ਏ ।
ਇੱਕ ਬਾਤ,,,,,,,,,,,,,,,,,,,,,,,?
ਕੁਝ ਲੋਕਾਂ ਨੇ ਇਸ ਖਿੱਤੇ ਦੇ,
ਗੁਣਗਾਨ ਵਥੇਰੇ ਗਾਏ ਨੇ ।
ਪਰ ਆਖਿਰ ਵੇਲੇ ਉਹ ਲੋਕੀਂ,
ਇਸ ਗਲਤੀ ਤੇ ਪਛਤਾਏ ਨੇ ।।
ਇਖਲਾਕ ਬਿਨਾਂ ਸਭ ਧੋਖਾ ਏ,
ਨਾ ਤੇਰਾ ਕੁਝ ਨਾ ਮੇਰਾ ਏ ।
ਇੱਕ ਬਾਤ ,,,,,,,,,,,,,,,,,,,?
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ


26/02/15)
ਬਲਦੀਪ ਸਿੰਘ ਰਾਮੂੰਵਾਲੀਆ/ਫੇਸਬੁੱਕ ਰਾਹੀਂ

ਪਾਖੰਡ / ਅੰਧ ਵਿਸ਼ਵਾਸ਼ /ਭੇਡ ਚਾਲ ......
ਪਟਿਆਲੇ ਸ਼ਹਿਰ ਦੇ ਅੰਦਰ ਇੱਕ ਗੁਰਦੁਆਰਾ ਹੈ “ਦੂਖ ਨਿਵਾਰਣ” ਜੋ ਕਿ ਨੌਵੇ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬਧਿਤ ਹੈ। ਇਸ ਗੁਰਦੁਆਰੇ ਵਿੱਚ ਹਰ ਸ਼ੁਕਰਵਾਰ ਨੂੰ ੩ ਕੁਇੰਟਲ ਦੁਧ ਨਾਲ ਥੜਾ /ਦਰਬਾਰ ਧੋਤਾ ਜਾਂਦਾ ਹੈ। ਇਸ ਦੁਧ ਦੀ ਅੰਦਾਜਨ ਕੀਮਤ ਬਣਦੀ ਹੈ ...੧੨੦੦੦ਰੁਪਏ/ਮਹੀਨੇ ਦੀ ਹੋ ਗਈ ..੪੮੦੦੦ ਰੁਪਏ /ਸਲਾਨਾ ਕੀਮਤ ...੫,੭੬,੦੦੦ ਰੁਪਏ। ਇਹ ਹਿਸਾਬ ਨਾਲ ਕਿੰਨਾ ਪੈਸਾ ਅੰਨੀ ਸ਼ਰਧਾ /ਭੇਡਚਾਲ ਹੇਠ ਖਰਾਬ ਕੀਤਾ ਜਾ ਰਿਹਾ ਹੈ।
ਇੱਕ ਪਾਸੇ ਅਸੀ ਕਹਿੰਦੇ ਹਾਂ ਕਿ ਅਸੀ ਸਿੱਖ ਵੱਖਰੀ ਕੌਮ ਹਾਂ /ਪਰ ਜਿਨ੍ਹਾਂ ਤੋ ਵਖਰੇਵੇ ਦੀ ਗੱਲ ਕਰਦੇ ਅੱਜ ਕਰਮ ਸਾਰੇ ਉਹਨਾਂ ਵਾਲੇ ਕਰਦੇ ਪਏ ਹਾਂ ਫਿਰ ਵਖਰੇਵਾਂ ਕਿਥੇ ਰਹਿ ਗਿਆ ਫਿਰ। ਉਹ ਦਿਵਸ ਲਿੰਗ ਨੂੰ ਧੋਦੇ ਨੇ ਦੁਧ ਨਾਲ ਸਾਡੇ ਭੇਡੂ ਗੁਰਦੁਆਰੇ ਨੂੰ ਦੁਧ ਨਾਲ ਧੋਣ ਲਗ ਪਏ (ਤਾਏ ਦੀ ਧੀ ਚੱਲੀ ਮੈ ਕਿਉ ਰਹਾਂ ‘ਕੱਲੀ )ਗੁਰਬਾਣੀ ਇਹੋ ਜਿਹੇ ਕਰਮਕਾਡਾਂ ਦਾ ਖੰਡਣ ਕਰਦੀ ਹੈ ਇਹਨਾਂ ਤਰੀਕਿਆਂ ਨਾਲ ਰੱਬ ਜੀ ਖੁਸ਼ ਨਹੀ ਹੁੰਦੇ ਤੇ ਨਾ ਹੀ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ ਇਹ ਕਰਮ ਸਭ ਵਿਆਰਥ ਹਨ ਪੜੋ” ਗੂਜਰੀ ਰਾਗ ਦਾ ਭਗਤ ਰਵਿਦਾਸ ਜੀ ਦਾ ਸ਼ਬਦ ਜਿਸ ਉਹ ਕਹਿੰਦੇ ਹਨ ....
ਦੂਧੁ ਤ ਬਛਰੈ ਥਨਹੁ ਬਿਟਾਰਿਓ ...
..........ਪਰ ਸਿੱਖਾਂ ਦਾ ਅਕਲ ਨਾਲ ਕੀ ਸਬੰਧ /ਜਿਥੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਢਿਆ ਸੀ ਅੱਜ ਉਹ ਹੀ ਕਰਮਕਾਂਡ ਅਸੀ ਫਿਰ ਕਰੀ ਜਾਂਦੇ ਹਾਂ/ ਫਿਰ ਗੁਰੂ ਨਾਨਕ ਦੀ ਖੁਸ਼ੀ ਦੇ ਪਾਤਰ ਕਿਵੇ ਬਣਿਆ ਜਾ ਸਕਦਾ? ਜੇ ਇਹ ਕਰਮਕਾਂਡ ਹਨ ਤਾਂ ਫਿਰ ਅਸੀ ਕੀ ਕਰੀਏ?
...........ਇਸ ਗਲ ਦਾ ਜੁਆਬ ਸਾਨੂੰ ਗੁਰਬਾਣੀ /ਸਿੱਖ ਇਤਿਹਾਸ ਚੋ ਮਿਲਦਾ ਹੈ ਦੇਖੋ ......
.........ਧਾਰਮਿਕ ਸਾਥਨਾਂ ਤੋ ਸਿਰਫ ਸੇਵਾ ਕਰਨ ਢੰਗ ਸਿੱਖਣਾ ਹੈ ਵਰਤੋ ਤਾਂ ਸਮਾਜ ਅੰਦਰ ਕਰਨੀ ਹੈ ਜਿਹਾ ਕਿ ਗੁਰ ਵਾਕ ਹੈ :-
ਵਿਚਿ ਦੁਨੀਐ ਸੇਵ ਕਮਾਈਐ॥
ਤ ਦਰਗਹ ਬੈਸਣੁ ਪਾਈਐ॥
ਕਹੁ ਨਾਨਕ ਬਾਹ ਲੁਡਾਈਐ॥(੨੬/ਸਿਰੀਰਾਗ /ਗੁਰੂ ਗ੍ਰੰਥ ਸਾਹਿਬ)

...............ਸਿੱਖ ਇਤਿਹਾਸ ਚ ਇਕ ਸਾਖੀ ਆ ਭਾਈ ਕੱਟੂ ਜੀ ਵਾਲੀ /ਛੇਵੇ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਲਈ ਕੋਈ ਸ਼ਹਿਦ ਲੈ ਕੇ ਆਇਆ ਸੀ ਤਾਂ ਗੁਰੂ ਜੀ ਨੇ ਉਹ ਸ਼ਹਿਦ ਲੈਣ ਤੋ ਇਨਕਾਰ ਕਰ ਦਿੱਤਾ ਸੀ ਕਿਉਕਿ ਜਦ ਉਹ ਸੱਜਣ ਭਾਈ ਕੱਟੂ ਕੋਲ ਰੁਕਿਆ ਸੀ ਤਾਂ ਖਾਂਸੀ ਕਰਕੇ ਭਾਈ ਕੱਟੂ ਨੇ ਉਸਤੋ ਸ਼ਹਿਦ ਮੰਗਿਆ ਤਾਂ ਇਸ ਨੇ ਜੁਆਬ ਦੇ ਦਿੱਤਾ ਕਿ ਇਹ ਗੁਰੂ ਲਈ ਆ ਤੇਰੇ ਲਈ ਨਹੀ /ਜਦ ਗੁਰੂ ਜੀ ਨੂੰ ਇਹ ਪਤਾ ਲਗਾ ਤਾਂ ਉਹਨਾ ਨੇ ਉਹ ਸ਼ਹਿਦ ਲੈਣ ਤੋ ਇਨਕਾਰ ਕਰ ਦਿਤਾ ਕਿਉਕਿ ਉਹ ਕਹਿੰਦਾ ਲੋੜਵੰਦ ਨੂੰ ਦੇਣਾ ਹੀ ਗੁਰੂ ਦੀ ਸੇਵਾ ਹੈ ਤੂੰ ਇਹ ਕਰਮ ਉਲਟ ਕਰ ਦਿਤਾ ਇਸ ਲਈ ਸਾਨੂੰ ਇਹ ਭੇਟਾ ਪਰਵਾਨ ਨਹੀ /
... ....... ..ਹੁਣ ਆਹ ਸਾਡੇ ਮੂਰਖ ਲਾਣੇ ਨੂੰ ਕੌਣ ਸਮਝਾਵੇ /ਇਹ ਗੁਰਬਾਣੀ ਵੀ ਪੜ੍ਹੀ ਜਾਂਦੇ ਨੇ /ਗੁਰ ਇਤਿਹਾਸ ਵੀ ਸੁਣੀ ਜਾਂਦੇ ਨੇ ਤੇ ਸਾਰੇ ਕੰਮ ਗੁਰੂ ਦੇ ਉਲਟ ਕਰ ਰਹੇ ਹਨ ਇਹਨਾਂ ਨੂੰ ਗੁਰੂ ਦੀ ਸੰਗਤ ਨਹੀ ਸਗੋ ਭੇਡਾਂ ਕਹਿਣਾ ਯੋਗ ਹੋਵੇਗਾ।
ਮੈ ਖੁਦ ਅੰਮ੍ਰਿਤਧਾਰੀ ਹਾਂ /ਗੁਰਬਾਣੀ ਪੜਦਾ /ਪ੍ਰਚਾਰਦਾ ਹਾਂ ਪਰ ਇਹੋ ਜੀ ਪੂਜਾ ਮੈ ਤਾਂ ਅੱਜ ਤਕ ਗੁਰਬਾਣੀ /ਇਤਿਹਾਸ ਚੋ ਨਹੀ ਦੇਖੀ/ ਪੜੀ । ਇਹ ਸਭ ਪੁਜਾਰੀ ਸ਼੍ਰੇਣੀ ਦੀਆਂ ਕਰਾਮਾਤਾ ਨੇ ਲੋਕਾਂ ਦੀ ਨਿਵਾਣ ਚ ਡਿੱਗ ਚੁਕੀ ਮਾਨਸਿਕਤਾ ਦਾ ਫਾਇਦਾ ਉਠਾ ਰਹੇ ਹਨ।
.........ਹੁਣ ਸੋਚੋ ਇਹ ਦੁਧ ਜੋ ਗੁਰਦੁਆਰੇ ਨੂੰ ਸਾਫ ਕਰਨ ਲਈ ਵਰਤ ਰਹੇ ਹਨ ਇਸਦੀ ਚਿਕਨਾਹਟ ਫਰਸ਼ ਤੋ ਉਤਾਰਨ ਲਈ ਕਿਨ੍ਹਾਂ ਪਾਣੀ ਵਰਤਿਆ ਜਾਂਦਾ ਹੋਵੇਗਾ ਕਿਉਕਿ ਜੇ ਚੰਗੀ ਤਰਾਂ ਚਿਕਨਾਹਟ ਨ ਲਈ ਤਾਂ ਸੰਗਮਰਮਰ ਖਰਾਬ ਹੋਵੇਗਾ /ਬਦਬੂ ਵੀ ਆਵੇਗੀ /ਕੋਈ ਤਿਲਕ ਕੇ ਡਿੱਗ ਕੇ ਸੱਟ ਦਾ ਸ਼ਿਕਾਰ ਹੋ ਸਕਦਾ। ਇਹ ਕਿਹੋ ਜੀ ਸੇਵਾ ਹੋਈ ਜੋ ਕੁਦਰਤੀ ਸਰੋਤਾ ਨੂੰ ਬਰਬਾਦ ਕਰ ਰਹੀ ਜਦੋਕਿ ਗੁਰੂ ਨਾਨਕ ਸਾਹਿਬ ਤਾਂ ਕੁਦਰਤੀ ਸ੍ਰੋਤਾਂ ਦੀ ਸੰਭਾਲ ਕਰਨ ਦੀ ਹਮਾਇਤ ਕਰਦੇ ਸਨ ਉਹ ਤਾਂ ਕੁਦਰਤ ਪ੍ਰੇਮੀ ਸਨ .....
ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥ ………

ਪਰ ਦੇਖੋ ਮੂਰਖ ਲੋਕ ਕੀ ਕਰ ਰਹੇ ਹਨ। ਸੋਚੋ ਅੱਜ ਤਾਂ ਪਾਣੀ ਵੀ ਵਿਕ ਰਿਹਾ ਸ਼ਹਿਰਾਂ ਚ /ਦੂਸਰਾ ਮਾਲਵੇ ਚ ਪਾਣੀ ਡੂੰਘੇ ਹੋ ਰਹੇ ਹਨ ਪਰ ਇੱਧਰ ਦੇਖੋ ਕੋਈ ਕਦਰ ਨਹੀ /ਦੀਵੇ ਥੱਲੇ ਹਨੇਰਾ ਮਚਾ ਰਖਿਆ।
ਇਹਨੇ ਪੈਸੇ ਨਾਲ (੫,੭੬,੦੦੦) ਨਾਲ ਕਿਨ੍ਹੇ ਗੁਰਮਤਿ ਅਨੁਸਾਰੀ ਕਾਰਜ ਹੋ ਸਕਦੇ ਹਨ ਜਿਨ੍ਹਾਂ ਤੇ ਗੁਰੂ ਵੀ ਖੁਸ਼ ਹੋਵੇਗਾ .....
# ਗਰੀਬ ਬਚਿਆ ਦੀ ਪੜਾਈ ਦਾ ਖਰਚ ਚੁਕਿਆ ਜਾ ਸਕਦਾ ਅੰਦਾਜ਼ਾ ਲਗਾਉ ਇਨੇ ਪੈਸੇ ਨਾਲ ਕਿਨੇ ਬੱਚੇ ਪੜ ਲਿਖ ਜਾਣ ਗੇ। ਕੌਮ ਦਾ ਚੰਗਾ ਮੁਸਤਿਕਬਿਲ ਤਾਂ ਹੀ ਬਣ ਸਕਦਾ ਨਾ ਕਿ ਗੁਰਦੁਆਰੇ ਦੁਧ ਨਾਲ ਧੋਣ ਨਾਲ।
# ਕਿਨੇ ਲੋਕ ਨੇ ਜੋ ਆਪਣਾ ਇਲਾਜ ਨਹੀ ਕਰਵਾ ਪਾ ਰਹੇ ਇਸ ਪੈਸੇ ਨਾਲ ਕਿਨੀਆਂ ਜ਼ਿੰਦਗੀਆਂ ਬਚ ਸਕਦੀਆ ਹਨ। ਰੱਬ ਜੀ ਜਿੰਦਗੀ ਬਚਾਉਣ ਤੇ ਖੁਸ਼ ਹੋਣਗੇ ਕਿ ਨਾਲੀਆਂ ਚ ਦੁਧ ਰੋੜਨ ਨਾਲ?
# ਕਿਨੇ ਲੋਕ /ਬੱਚੇ ਕਪੋਸ਼ਣ ਦਾ ਸ਼ਿਕਾਰ ਨੇ। ਉਹਨਾਂ ਨੂੰ ਵਧੀਆ ਸਿਹਤ ਪ੍ਰਦਾਨ ਕੀਤੀ ਜਾ ਸਕਦੀ।
# ਕਿਸੇ ਗਰੀਬ ਦੀ ਧੀ ਦਾ ਵਿਆਹ ਹੋ ਸਕਦਾ ਹੈ।
# ਲੋੜਵੰਦ ਕੋਈ ਵੀ ਹੋਵੇ /ਕਿਸੇ ਵੀ ਧਰਮ ਦਾ ਉਸਦੀ ਮਦਦ ਕਰੋ ਉਸਦੀ ਲੋੜ ਅਨੁਸਾਰ। (ਭਾਈ ਕਨ੍ਹਯੀਆ ਜੀ ਵਾਲੀ ਸਾਖੀ)

# ਆਪਣੇ ਪਿੰਡਾਂ ਦੀਆਂ ਮੁਢਲੀਆਂ ਲੋੜਾਂ ਜਿਨ੍ਹਾਂ ਦੀ ਪੂਰਤੀ ਲਈ ਸਰਕਾਰਾਂ ਵਲ ਝਾਕਣ ਦੀ ਬਜਾਇ ਇਹ ਪੈਸਾ ਵਰਤ ਸਕਦੇ ਹਾਂ।
ਹੋਰ ਵੀ ਬਹੁਤ ਤਰੀਕੇ ਨੇ ਲੋਕਾਈ ਦੀ ਸੇਵਾ ਦੇ ਪਰ ਇਸ ਤਰਾਂ ਕੀਮਤੀ ਦੁਧ ਤੇ ਪਾਣੀ ਨੂੰ ਬਰਬਾਦ ਕਰਨਾ ਗੁਰਮਤਿ ਨਹੀ ਮਨਮਤਿ ਹੈ। ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਗੱਲਾਂ ਤੋ ਰੋਕਿਆ ਹੈ ਸਾਨੂੰ /ਦੂਜੇ ਨਾਨਕ ਨੇ ਤਾਂ ਫੈਸਲਾ ਦੇ ਦਿਤਾ ਰੱਬ ਬੇਅਕਲੀ ਕੰਮਾਂ ਤੇ ਨਹੀ ਖੁਸ਼ ਹੁੰਦਾ ਉਸਦੀ ਸੇਵਾ ਅਕਲ ਨਾਲ ਹੁੰਦੀ ਹੈ ..............ਅਕਲੀ ਸਾਹਿਬ ਸੇਵੀਐ
.......ਕਿਸੇ ਨੂੰ ਕੁਝ ਬੁਰਾ ਲਗੇ ਤਾਂ ਮੁਆਫ ਕਰਨਾ /ਪਰ ਸੱਚ ਤਾਂ ਸੱਚ ਹੈ
ਗੁਰੂ ਗ੍ਰੰਥ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
96543-42039


26/02/15)
ਜਸਵਿੰਦਰ ਸਿੰਘ ਖ਼ਾਲਸਾ /ਫੇਸਬੁੱਕ ਰਾਹੀਂ

ਕੀ ਭਾਰਤ ਦੇ ਪੀਰ ,ਖਾਸ ਕਰਕੇ ਪੰਜਾਬ ਦੇ ਪੀਰ ਕੰਜਰ ਨੇ - ?
ਮੈਂ ਦਿੱਲੀ ਵਿੱਚ ਇੱਕ ਮੁਸਲਮਾਨ ਵੀਰ ਨੂੰ ਮਿਲਕੇ ਪੁਛਿਆ ਕਿ ਪੀਰ ਸ਼ਬਦ ਮੁਸਲਮਾਨ ਧਰਮ ਦਾ ਹੈ, ਮੁਸਲਮਾਨਾਂ ਵਿੱਚ ਪੀਰ ਦਾ ਕੀ ਰੁਤਬਾ ਹੈ, ਉਸ ਨੇ ਦੱਸਿਆ ਕਿ ਸਾਡੇ ਵਿੱਚ ਪੀਰ ਗੁਰੂ ਨੂੰ ਕਿਹਾ ਜਾਂਦਾ ਹੈ। ਪੀਰ ਬਣਨ ਲਈ ਪੰਜ ਸ਼ਰਤਾਂ ਜਰੂਰੀ ਹਨ ।
1.ਪੀਰ ਦੀ ਸੰਗਲੀ
ਮੁਹੰਮਦ ਹਜਰਤ ਸਾਹਿਬ ਨਾਲ ਮਿਲਦੀ ਹੋਵੇ ਜਿਵੇਂ ਕਿ ਮੁਹੰਮਦ ਸਾਹਿਬ ਦਾ ਕੋਈ ਚੇਲਾ ਹੋਵੇ ,ਓਹ ਅਗਾਂਹ ਵੀਹ ਜਣਿਆਂ ਨੂੰ ਉਪਦੇਸ਼ ਦੇਵੇ , ਓਹ ਵੀਹ ਅਗਾਂਹ ਕਈਆਂ ਨੂੰ ਉਪਦੇਸ਼ ਦੇਣ।ਇਸੇ ਤਰ੍ਹਾਂ ਇਹ ਉਪਦੇਸ਼ ਉਸਦੇ ਕੋਲ ਪਹੁੰਚਿਆ ਹੋਏ।
2.ਅਮਲ ਦਾ ਪੱਕਾ ਹੋਵੇ , ਭਾਵ ਇਸਲਾਮਦੀਆਂ ਸਾਰੀਆਂ ਪਰੰਪਰਾਵਾਂ ਨੂੰ ਮੰਨਦਾ ਹੋਵੇ।
3.ਨਮਾਜ਼, ਰੋਜੇ ਦਾ ਪੱਕਾ ਧਾਰਨੀ ਹੋ
4. ਕੁਰਾਨ ਦਾ ਤੇ ਇਸਲਾਮ ਦੀਆਂ ਹੋਰਪਰੰਪਰਾਵਾਂ ਦਾ ਐਨਾ ਇਲਮ ਹੋਵੇ,ਕਿ ਕਿਸੇ ਸਵਾਲ ਪੁੱਛਣ ਤੇ ਉਸਨੂੰ ਕਿਸੇ ਦਾ ਸਹਾਰਾ ਨਾ ਲੈਣਾ ਪਵੇ ।
5. ਅਕਾਇਦ ਦਾ ਪੱਕਾ ਹੋਵੇ ( ਇਹਦੇ ਬਾਰੇ ਮੈਨੂੰ ਜਿਆਦਾ ਸਮਝ ਨਹੀ ਆਈ ).
ਫਿਰ ਮੈਂ ਪੁੱਛਿਆ ਕਿ ਕੀ ਪੀਰ ਲੱਚਰ ਗੀਤਾਂ ਨੂੰ ਸੁਣਨਾ ਪਸੰਦ ਕਰਦੇ ਨੇ , ਸ਼ਰਾਬ ਜਾਂ ਭੰਗ ਵਰਗਾ ਨਸ਼ਾ ਪੀਦੇ ਨੇ ??
ਉਸ ਨੇ ਕਿਹਾ ਕਿ ਇਸਲਾਮ ਧਰਮ ਵਿੱਚ ਸੰਗੀਤ ਦੀ ਬਿਲਕੁਲ ਮਨਾਈ ਹੈ, ਲੱਚਰ ਗੀਤਾਂ ਨੂੰ ਸੁਣਨਾ ਤਾਂ ਬਹੁਤ ਦੂਰ ਦੀ ਗੱਲ ਅ। ਨਸ਼ਾ ਕਰਨਾ ਤਾਂ ਸਭ ਤੋਂ ਵੱਡਾ ਗੁਨਾਹ ਹੈ । ਪੀਰ ਅੈਡੀ ਵੱਡੀ ਹਸਤੀ ਆ ਕਿ ਨਾਮ ਸੁਣਦਿਆਂ ਹੀ ਸਾਡਾ ਮੁਸਲਮਾਨਾਂ ਦਾ ਸਿਰਝੁਕ ਜਾਂਦਾ ਹੈ ,, ਪਰ ,ਸਰਦਾਰ ਜੀ ਤੁਸੀਂ ਇਹ ਸਵਾਲ ਕਿਉਂ ਪੁਛਿਆ ?? ਮੈਂ ਦੱਸਿਆ ਕਿ ਸਾਡੇ ਪੰਜਾਬ ਬਹੁਤ ਸਾਰੀਆਂ ਪੀਰਾਂ ਦੀਆਂ ਸਮਾਧਾਂ ਨੇ , ਉੁੱਥੇ ਪੀਰਾਂ ਦੇ ਮੇਲਿਆਂ ਤੇ ਬਹੁਤ ਗੰਦ ਪਾਉਂਦੇ ਨੇ ਗਾਇਕ, ਮੰਡੀਰ ਤੇ ਕੁੱਝ , ਸਿਆਣੇ ਬਿਆਣੇ ਬੰਦੇ ਵੀ ਸ਼ਰਾਬਾਂ ਤੇ ਭੰਗ ਘੋਟ ਕੇ ਪੀਂਦੇ ਨੇ , ਫਿਰਲੜਾਈਆਂ ਕਰਦੇ ਨੇ, ਲੋਕਾਂ ਦੀਆਂ ਧੀਆਂ ਭੈਣਾਂ ਛੇੜਦੇ ਨੇ। ਇਹ ਖੇਡ ਲਗਭਗ ਹਰ ਪੀਰ ਦੇ ਮੇਲੇ ਤੇ ਵਰਤਦੀਆ, ਕਈ ਥਾਵਾਂ ਤੇ ਤਾਂ ਸ਼ਰਾਬ ਜਾਂ ਫਿਰ ਭੰਗ ਪੀਰ ਦੇ ਵੀ ਚੜਾਈਜਾਂਦੀ ਆ। ਉਹ ਕਹਿੰਦਾ, ਫਿਰ ਤਾਂ ਪੀਰਾਂ ਦੇ ਨਾ ਤੇ ਬਹੁਤ ਵੱਡਾ ਗੁਨਾਹ ਕਰ ਰਹੇ ਨੇ , ਇਹਨਾਂ ਨੂੰ ਤਾਂ ਦੋਜਕ (ਨਰਕ) ਵਿੱਚ ਵੀ ਜਗ੍ਹਾ ਨਹੀਂ ਮਿਲਣੀ।ਫਿਰ ਕਹਿਣ ਲੱਗਾ , ਪਹਿਲੀ ਤਾਂ ਗੱਲ ਕਿ ਪੀਰ ਕੋਈ ਲੱਖਾਂ ਵਿਚੋਂ ਇੱਕ ਅੱਧਾ ਹੁੰਦਾ ਹੈ , ਅਸਲੀਲ ਗੀਤ ਸੁਨਣੇ ਤੇ ਜਵਾਨ ਕੁੜੀਆਂ ਦੇ ਨਾਚ
ਜਸਵਿੰਦਰ ਸਿੰਘ ਖ਼ਾਲਸਾ


26/02/15)
ਹਰਪਾਲ ਸਿੰਘ , ਸੰਦੀਪ ਕੌਰ /ਫੇਸਬੁੱਕ ਰਾਹੀਂ

ਦਸਤਾਰ ਦਿਵਸ ਤੇ ਵਿਸ਼ੇਸ਼
ਅੰਗਰੇਜ਼ੀ ਹਕੂਮਤ ਸਮੇਂ ਇੱਕ ਅੰਗਰੇਜ਼ ਕਮਿਸ਼ਨਰ ਨੇ ਆਪਣੀ ਫੌਜ ਵਿੱਚ ਭਰਤੀ ਇੱਕ ਸਿੱਖ ਨੂੰ ਅਵਾਜ਼ ਦਿੱਤੀ । ਸਰਦਾਰ ਜੀ ,, ਏਧਰ ਆਉ ।
ਅਵਾਜ਼ ਸੁਣ ਕੇ , ਸਿੱਖ ਆ ਗਿਆ , ਉਸ ਪਲਟਨ ਦਾ ਮੁੱਖੀ ਵੀ ਆ ਗਿਆ , ਜੋ ਬਿਹਾਰੀ ਸੀ ।
ਕਮਿਸ਼ਨਰ ਸਿੱਖ ਨਾਲ ਗੱਲਬਾਤ ਕਰਨ ਲੱਗ ਪਿਆ । ਬਿਹਾਰੀ ਬੋਲਿਆ , ਸਰਦਾਰ ਤੇ ਮੈਂ ਹਾਂ । ( ਕਿਉਂਕਿ ਉਹ ਮੁੱਖੀ ਹੋਣ ਕਰਕੇ ਆਪਣੇ ਆਪ ਨੂੰ ਸਰਦਾਰ ਸਮਝਦਾ ਸੀ )
ਕਮਿਸ਼ਨਰ ਕਹਿੰਦਾ , ਮੈਂ ਇਸ ਸਰਦਾਰ ਨੂੰ ਬੁਲਾਇਆ ਸੀ । ਬਿਹਾਰੀ ਨੇ ਨਿਰਾਜਗੀ ਜਿਤਾਈ ਕਿ ਮੇਰੇ ਹੁੰਦਿਆਂ , ਕਿਸੇ ਹੋਰ ਨੂੰ ਸਰਦਾਰ ਕਹਿਣਾ ਮੇਰੀ ਬੇਇੱਜਤੀ ਹੈ ।
ਕਮਿਸ਼ਨਰ ਨੇ ਕਿਹਾ , ਦੇਖ ,, ਤੈਨੂੰ ਸਰਦਾਰ ਮੈਂ ਬਣਾਇਆ ਹੈ , ਮੈਂ ਇਹ ਸਰਦਾਰੀ ਕਦੇ ਵੀ ਖੋਹ ਸਕਦਾ ਹਾਂ ।
ਪਰ , ਇਹ ਸਿੱਖ ਜਨਮ ਤੋਂ ਹੀ ਸਰਦਾਰ ਆ, ਜਿਸਦੀ ਸਰਦਾਰੀ ਕੋਈ ਨਹੀਂ ਖੋਹ ਸਕਦਾ ।
ਇਹ ਸੱਚ ਆ ਕਿ ਸਮੇਂ ਦੀਆਂ ਸਰਕਾਰਾਂ ਨੇ ਆਪਣਾ ਸਾਰਾ ਜੋਰ ਸਰਦਾਰੀ ਖੋਹਣ ਤੇ ਲਾਇਆ , ਪਰ ਉਹ ਕਾਮਯਾਬ ਨਹੀਂ ਹੋ ਸਕੇ । ਰਤਨ ਸਿੰਘ ਭੰਗੂ ਨੇ ਪ੍ਚੀਨ ਪੰਥ ਪ੍ਕਾਸ਼ ਵਿੱਚ 278 ਪੰਨਾ ਤੇ ਸਿੰਘਾਂ ਨੂੰ ਦਿੱਤੇ ਜਾਣ ਵਾਲੇ ਤਸੀਹਿਆਂ ਦਾ ਜਿਕਰ ਕੀਤਾ ਏ ।
ਕਈ ਚਰਖ , ਕਈ ਫਾਂਸੀ ਮਾਰੇ ।
ਕਈ ਟੋਕਨ ਕਈ , ਕਈ ਛੁਰੀ ਕਟਾਰੇ ।
ਕਈ ਅਨਕ ਸਿਰ ਮੁੰਗਲੀ ਕੁੱਟੇ ।
ਕਈ ਡੋਬੇ , ਕਈ ਘਸੀਟ ਸੇ ਸੁੱਟੇ ।
ਦਬੇ , ਕਟੇ , ਬੰਦੂਕਨ ਦਏ ਮਾਰ ।
ਕੌਣ ਗਿਣੇ ਜੋ ਮਾਰੇ ਹਜਾਰ ।
ਪਾਤ ਪਾਤ ਕਈ ਪਕੜ ਬਹਾਏ ।
ਸਾਥ ਤੇਗਨ ਕੇ ਸੀਸ ਉਡਾਏ ।
ਕਿਸੇ ਹੱਥ , ਕਿਸੇ ਟੰਗ ਕਟਵਾਏ ।
ਅੱਖ ਕੱਢ , ਕਿਸੇ ਖੱਲ ਲੁਹਾਏ ।
ਕੇਸ ਵਾਲਾ ਜੋ ਨਰ ਹੋਈ ।
ਬਾਲ ਬਿਰਧ ਸਭ ਛਡਿਓ ਨ ਕੋਈ ।
ਪਰ ਅਫਸੋਸ !! ਕਿ ਅੱਜ ਅਸੀਂ ਫੈਸ਼ਨ ਪ੍ਸਤੀ ਦੀ ਦੌੜ ਵਿੱਚ ਆਪਣੀ ਉਸ ਸਰਦਾਰੀ ਨੂੰ ਕੌਡੀਆਂ ਨਾਲੋਂ ਵੀ ਸਸਤੇ ਭਾ ਗਵਾ ਦਿੱਤਾ ਏ । ਇੱਕ ਵਿਦਵਾਨ ਲਿਖਦਾ ਏ :
ਫੈਸ਼ਨਪ੍ਸਤੀ ਵਧਦੀ ਹੋਈ ਬਦਸੂਰਤੀ ਏ ।
ਹੋਰ ਕਿਸੇ ਲਈ ਹੋਵੇ ਜਾਂ ਨਾ ਹੋਵੇ , ਸਾਡੇ ਸਿੱਖ ਸਮਾਜ ਲਈ ਇਹ ਸਚਮੁਚ ਹੀ ਬਦਸੂਰਤੀ ਸਾਬਿਤ ਹੋਈ ਏ ।
ਜਿਸ ਨੇ ਸਾਨੂੰ ਆਪਣੇ ਮਹਾਨ ਵਿਰਸੇ ਤੋ ਜੁਦਾ ਕਰ ਦਿੱਤਾ ਏ ।
ਇਸਾਈਆਂ ਦਾ ਇੱਕ ਸ਼ਹੀਦ ਹੋਇਆ ਏ , ਉਹ ਉਸਦੇ ਸਹਾਰੇ ਤੇ ਵਿਸ਼ਵ ਨੂੰ ਇਸਾਈ ਬਣਾਉਣ ਦੀਆਂ ਸਕੀਮਾਂ ਘੜ ਚੁੱਕੇ ਨੇ । ਜਿਸ ਦਾ ਅਮਲ ਪੰਜਾਬ ਦੀ ਧਰਤੀ ਤੇ ਦੇਖਿਆ ਜਾ ਸਕਦਾ ਏ ।
ਪਰ , ਅਸੀਂ ਲੱਖਾਂ ਸ਼ਹੀਦਾਂ ਦੇ ਵਾਰਿਸ ਹੋਣ ਦੇ ਬਾਵਜੂਦ ਵੀ, ਗੁਰੂਆਂ ਦੀ ਧਰਤੀ ਪੰਜਾਬ ਤੇ ਹੀ ਸਿੱਖੀ ਨੂੰ ਖਤਰਾ ਮਹਿਸੂਸ ਕਰ ਰਹੇ ਹਾਂ ।
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਰਤਾ ਜਿੰਨਾਂ ਵੀ ਸਾਡੇ ਦਿਲ ਵਿੱਚ ਆਪਣੇ ਸ਼ਹੀਦਾਂ ਦਾ ਸਤਿਕਾਰ ਹੈ ,ਤਾਂ ,ਆਉ ਅੱਜ ਤੋਂ ਕੇਸਾਧਾਰੀ ਹੋ ਕੇ ਦਸਤਾਰ ਬੰਨਣ ਦਾ ਫੈਸਲਾ ਲਈਏ ।
ਅਸੀਂ ਮੰਨੀਏ ਜਾਂ ਨਾਂ ਮੰਨੀਏ , ਇੱਕ ਸਜੇ ਧੱਜੇ ਇੱਕ ਸਰਦਾਰ ਦੀ ਸ਼ਾਨ , ਰਾਜਿਆਂ ਮਹਰਾਜਿਆਂ ਦੀ ਸ਼ਾਨ ਨੂੰ ਵੀ ਮਾਤ ਪਾਉਂਦੀ ਏ । ਇਸ ਗੱਲ ਨੂੰ ਸਾਰੇ ਧਰਮਾਂ ਦਾ ਇਤਿਹਾਸ ਲਿਖਣ ਵਾਲਾ ਵਿਸ਼ਵ ਪਰਸਿੱਧ ਵਿਦਵਾਨ ਮਿ: ਟਿਆਨਬੀ ਵੀ ਮੰਨਦਾ ਏ ਤੇ ਲਿਖਦਾ ਏ :
ਸੋਹਣੀ ਦਸਤਾਰ ਤੇ ਖੁੱਲੇ ਦਾਹੜੇ ਵਾਲਾ , ਦੁਨੀਆਂ ਦਾ ਸਭ ਤੋ ਸੋਹਣਾ ਇਨਸਾਨ ਹੈ ।
ਹਰਪਾਲ ਸਿੰਘ , ਸੰਦੀਪ ਕੌਰ 88722-19051


26/02/15)
ਹਜ਼ਾਰਾ ਸਿੰਘ

ਮਸਲਾ ਧਾਰਾ 25 ਦਾ!
ਹਜ਼ਾਰਾ ਸਿੰਘ, ਮਿਸੀਸਾਗਾ, ਕੈਨੇਡਾ
ਫੋਨ: 905-795-3428
ਭਾਰਤੀ ਸੰਵਿਧਾਨ ਧਾਰਾ 25 ਨੂੰ ਸੋਧਣ ਦੀ ਮੰਗ ਇੱਕ ਵਾਰ ਫਿਰ ਜ਼ੋਰ ਫੜ੍ਹ ਚੁੱਕੀ ਹੈ। ਪਿਛਲੇ ਤੀਹ ਸਾਲਾਂ ਦੌਰਾਨ ਇਹ ਮਸਲਾ ਕਈ ਵਾਰ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ ਪਰ ਗੱਲ ਕਦੇ ਕਿਸੇ ਕਿਨਾਰੇ ਨਹੀ ਲੱਗੀ। ਮਸਲਾ ਸੁਲਝਣਾ ਤਾਂ ਇੱਕ ਪਾਸੇ, ਇਸ ਲੰਮੇ ਅਰਸੇ ਦੌਰਾਨ ਇਹ ਵੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋਇਆ ਕਿ ਆਖਿਰ ਧਾਰਾ 25 ਹੈ ਕੀ? ਕੀ ਧਾਰਾ 25 ਵਿਚ ਸੋਧ ਨਾਲ ਸਿੱਖਾਂ ਦੀ ਤਸੱਲੀ ਹੋ ਜਾਏਗੀ? ਕੀ ਇਸ ਸੋਧ ਨਾਲ ਸਿੱਖ ਧਰਮ ਦੀ ਵੱਖਰੀ ਹਸਤੀ ਕਾਇਮ ਹੋ ਵੀ ਜਾਏਗੀ ਜਾਂ ਨਹੀ? ਇਸ ਧਾਰਾ ਵਿਚ ਪ੍ਰਸਤਾਵਿਤ ਸੋਧ ਦੇ ਸਿੱਖਾਂ ਉਪਰ ਚੰਗੇ ਜਾਂ ਮਾੜੇ ਕੀ ਅਸਰ ਹੋਣਗੇ? ਆਦਿ ਸਵਾਲਾਂ ਬਾਰੇ ਵੀ ਆਮ ਲੋਕਾਂ ਨੂੰ ਕੋਈ ਸਪੱਸ਼ਟ ਜਾਣਕਾਰੀ ਨਹੀ ਮਿਲੀ। ਪਿਛਲੇ ਤੀਹ ਸਾਲਾਂ ਦੌਰਾਨ ਇਸ ਮਸਲੇ ਬਾਰੇ ਕੁੱਝ ਸਪੱਸ਼ਟ ਹੋਣ ਦੀ ਥਾਂ ਕਈ ਨਿਰਮੂਲ ਧਾਰਨਾਵਾਂ ਪ੍ਰਚਲਿਤ ਹੋ ਗਈਆਂ ਹਨ। ਜਿਵੇਂ ਕਿ-ਧਾਰਾ 25 ਵਿਚ ਤਾਂ ਸਿੱਖਾਂ ਨੂੰ ਸਿੱਖ ਹੀ ਨਹੀ ਮੰਨਿਆ ਗਿਆ, ਧਾਰਾ 25 ਤਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਐਲਾਨਦੀ ਹੈ, ਇਹ ਧਾਰਾ ਸਿੱਖ ਧਰਮ ਦੀ ਅੱਡਰੀ ਹੋਂਦ ਨੂੰ ਨਹੀਂ ਮੰਨਦੀ, ਇਸ ਧਾਰਾ ਰਾਹੀਂ ਸਿੱਖਾਂ ਨੂੰ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਧਾਰਾ ਰਾਹੀਂ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ ਨੂੜਿਆ ਗਿਆ ਹੈ, ਆਦਿ।
ਪਰ ਇਸ ਧਾਰਾ ਵਿਚ ਐਸਾ ਕੁਝ ਵੀ ਨਹੀਂ ਹੈ। ਇਹ ਗਲਤ-ਫਹਿਮੀਆਂ ਪੈਦਾ ਹੋਣ ਦਾ ਮੂਲ ਕਾਰਨ ਇਹ ਹੈ ਕਿ ਬਹੁਤੇ ਸਿੱਖ ਆਗੂਆਂ ਸਮੇਤ ਆਮ ਸਿੱਖਾਂ ਨੇ ਵੀ ਇਹ ਧਾਰਾ ਧਿਆਨ ਨਾਲ ਨਹੀਂ ਪੜ੍ਹੀ। ਆਓ ਇਸ ਧਾਰਾ ਨਾਲ ਜੁੜੇ ਵੱਖ ਵੱਖ ਮੁੱਦਿਆਂ ਅਤੇ ਸਵਾਲਾਂ ਬਾਰੇ ਵਿਚਾਰ ਕਰੀਏ।
ਪਿਛੋਕੜ: ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀਆਂ ਧਾਰਮਿਕ ਮੰਗਾਂ ਤਾਂ ਸ਼ੁਰੂ ਤੋਂ ਹੀ ਉਠਾਉਂਦਾ ਆ ਰਿਹਾ ਸੀ ਅਤੇ ਅਗਸਤ 1982 ਵਿਚ ਲਗਾਏ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਨੂੰ ਕੁਝ ਧਾਰਮਿਕ ਮੰਗਾਂ-ਜਿਵੇਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦਿਵਾਉਣਾ, ਆਲ ਇੰਡੀਆ ਗੁਰਦੁਆਰਾ ਐਕਟ ਬਣਾਵਾਉਣਾ, ਗੁਰਬਾਣੀ ਦੇ ਪ੍ਰਸਾਰਣ ਲਈ ਟਰਾਂਸਮੀਟਰ ਲਵਾਉਣਾ ਆਦਿ ਤਾਂ ਸ਼ਾਮਿਲ ਸਨ ਪਰ ਜਨਵਰੀ 1984 ਤੱਕ ਧਾਰਾ 25 ਵਿਚ ਸੋਧ ਦੀ ਮੰਗ ਬਾਰੇ ਕਿਸੇ ਨੇ ਨਹੀਂ ਸੀ ਸੁਣਿਆ। ਮੋਰਚਾ ਸ਼ੁਰੂ ਹੋਣ ਤੋਂ ਕੋਈ ਡੇਢ ਸਾਲ ਬਾਅਦ ਅਚਾਨਕ ਹੀ ਜਨਵਰੀ 1984 ਦੇ ਆਖਰੀ ਹਫਤੇ ਇਸ ਮੰਗ ਨੂੰ ਇੰਜ ਉਭਾਰਿਆ ਗਿਆ ਜਿਵੇਂ ਅਸਲ ਮਸਲੇ ਦੀ ਜੜ੍ਹ ਹੀ ਧਾਰਾ 25 ਹੋਏ ਅਤੇ ਸਿੱਖਾਂ ਦੀ ਪ੍ਰਮੁੱਖ ਮੰਗ ਧਾਰਾ 25 ਵਿਚ ਸੋਧ ਕਰਵਾਉਣਾ ਹੀ ਹੋਏ। 27 ਜਨਵਰੀ 1984 ਨੂੰ ਅਕਾਲੀ ਦਲ ਨੇ ਭਾਰਤ ਸਰਕਾਰ ਨੂੰ ਧਾਰਾ 25 ਵਿਚ ਸੋਧ ਕਰਨ ਲਈ ਇੱਕ ਮਹੀਨੇ ਦਾ ਅਲਟੀਮੇਟਮ ਦੇ ਦਿਤਾ ਅਤੇ ਸੋਧ ਨਾਂ ਕੀਤੇ ਜਾਣ ਦੀ ਸੂਰਤ ਵਿਚ ਇਸ ਧਾਰਾ ਨੂੰ ਸਾੜਨ ਦਾ ਐਲਾਨ ਵੀ ਕਰ ਦਿੱਤਾ। ਮਹੀਨੇ ਬਾਅਦ ਕੋਈ ਸੋਧ ਨਾ ਹੋਣ ‘ਤੇ 28 ਫਰਵਰੀ 1984 ਨੂੰ ਸ਼ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਜਾ ਕੇ ਧਾਰਾ 25 ਸਾੜ ਦਿੱਤੀ ਅਤੇ ਉਸੇ ਦਿਨ ਚੰਡੀਗੜ੍ਹ ਵਿਖੇ ਇਕੱਠੇ ਹੋ ਕੇ ਅਕਾਲੀ ਲੀਡਰਾਂ, ਜਿਨ੍ਹਾਂ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ ਅਤੇ ਸ਼ ਚੀਮਾ ਸ਼ਾਮਿਲ ਸਨ, ਨੇ ਇਸ ਧਾਰਾ ਵਿਚੋਂ ‘ਸਿੱਖ’ ਸ਼ਬਦ ਪਾੜ ਦਿੱਤਾ। ਇਨ੍ਹਾਂ ਸਾਰੇ ਲੀਡਰਾਂ ਨੂੰ ਸੰਵਿਧਾਨ ਸਾੜਨ/ਪਾੜਨ ਦੇ ਗੰਭੀਰ ਅਪਰਾਧ ਅਧੀਨ ਕੇਸ ਬਣਾ ਕੇ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿਚ ਇਹ ਕੇਸ ਰਫਾ ਦਫਾ ਹੋ ਗਏ।
ਧਾਰਾ 25 ਨੂੰ ਸਾੜਨ ਵਾਲਾ ਪ੍ਰੋਗਰਾਮ ਦੇਣ ਪਿਛੇ ਵੀ ਅਕਾਲੀ ਦਲ ਦੀ ਸਿਆਸੀ ਮਜ਼ਬੂਰੀ ਸੀ। ਅਕਾਲੀ ਦਲ ਮੋਰਚੇ ਉਪਰ ਢਿੱਲੀ ਪੈਂਦੀ ਜਾ ਰਹੀ ਪਕੜ ਨੂੰ ਮਜ਼ਬੂਤ ਕਰਨ ਲਈ ਸਿੱਖ ਜਜ਼ਬਾਤ ਦੇ ਹਾਣ ਦਾ ਕੋਈ ‘ਗਰਮ’ ਪ੍ਰੋਗਰਾਮ ਦੇਣ ਦਾ ਐਲਾਨ ਕਰ ਚੁਕਿਆ ਸੀ। ਐਲਾਨ ਇਹ ਸੀ ਕਿ ਜੇਕਰ 26 ਜਨਵਰੀ 1984 ਤੱਕ ਮੰਗਾਂ ਨਾ ਮੰਨੀਆਂ (ਜਿਨ੍ਹਾਂ ਵਿਚ ਧਾਰਾ 25 ਸੋਧੇ ਜਾਣ ਦੀ ਮੰਗ ਸ਼ਾਮਿਲ ਨਹੀਂ ਸੀ) ਤਾਂ ਪੰਥ ਨੂੰ ਕੋਈ ‘ਇਨਕਲਾਬੀ’ ਪ੍ਰੋਗਰਾਮ ਦਿਤਾ ਜਾਏਗਾ। ਜਦ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੋਰ ਕੋਈ ‘ਇਨਕਲਾਬੀ’ ਪ੍ਰੋਗਰਾਮ ਨਾ ਅਹੁੜਨ ਕਾਰਨ ਮਦਾਰੀ ਦੇ ਗੁਥਲੇ ਚੋਂ ਕਬੂਤਰ ਕੱਢਣ ਵਾਂਗ ਅਕਾਲੀ ਦਲ ਨੂੰ ਧਾਰਾ 25 ਵਿਚ ਸੋਧ ਕਰਵਾਉਣ ਦੀ ਮੰਗ ਦਾ ਫੁਰਨਾ ਫੁਰਿਆ ਸੀ। ਇਸ ਤਰ੍ਹਾਂ 1984 ਵਿਚ ਉਠਾਈ ਗਈ ਇਹ ਮੰਗ ਅਕਾਲੀ ਦਲ ਦੀ ਸਿੱਖ ਸੰਘਰਸ਼ ਉਪਰ ਕਮਜ਼ੋਰ ਪੈ ਰਹੀ ਪਕੜ ਨੂੰ ਤਕੜਿਆਂ ਕਰਨ ਲਈ ਕੀਤੇ ਜਾਣ ਵਾਲੇ ਓਹੜ-ਪੋਹੜ ਤੋਂ ਵੱਧ ਕੁੱਝ ਨਹੀ ਸੀ। ਇਹੋ ਹੀ ਕਾਰਨ ਸੀ ਕਿ ਨਾ ਤਾਂ ਰਾਜੀਵ-ਲੌਂਗੋਵਾਲ ਸਮਝੌਤੇ ਵੇਲੇ ਇਸ ਦਾ ਕੋਈ ਜ਼ਿਕਰ ਹੋਇਆ ਅਤੇ ਨਾ ਹੀ ਸ਼ ਬਾਦਲ ਨੇ ਪਿਛਲੇ ਵੀਹ ਸਾਲਾਂ ਦੌਰਾਨ ਇਸ ਮੰਗ ਪ੍ਰਥਾਏ ਕੋਈ ਯਤਨ ਕੀਤੇ।
ਕੀ ਹੈ ਧਾਰਾ 25: ਭਾਰਤੀ ਸੰਵਿਧਾਨ ਦੀ ਧਾਰਾ 25 ਇਸ ਪ੍ਰਕਾਰ ਹੈ:
“25: ਜ਼ਮੀਰ (ਆਤਮਾ) ਅਤੇ ਧਰਮ ਨੂੰ ਖੁਲ੍ਹੇਆਮ ਅਪਨਾਉਣ, ਮੰਨਣ ਅਤੇ ਪ੍ਰਚਾਰਨ ਦੀ ਆਜ਼ਾਦੀ:-
(1) ਜਨਤਕ ਵਿਵਸਥਾ, ਨੈਤਿਕਤਾ (ਸਦਾਚਾਰ) ਅਤੇ ਸਿਹਤ ਅਤੇ ਇਸ ਦੀਆਂ ਹੋਰ ਧਾਰਾਵਾਂ ਦੇ ਆਧੀਨ ਰਹਿੰਦੇ ਹੋਏ, ਸਾਰੇ ਵਿਅਕਤੀਆਂ ਨੂੰ ਜ਼ਮੀਰ ਦੀ ਆਜ਼ਾਦੀ ਅਤੇ ਖੁਲ੍ਹੇਆਮ ਧਰਮ ਅਪਨਾਉਣ, ਮੰਨਣ ਅਤੇ ਪ੍ਰਚਾਰਨ ਦਾ ਬਰਾਬਰ ਦਾ ਹੱਕ ਹੋਏਗਾ।
(2) ਵਿਧਾਨ ਦੀ ਇਸ ਧਾਰਾ ਦੀ ਕੋਈ ਗੱਲ ਕਿਸੇ ਮੌਜੂਦਾ ਕਾਨੂੰਨ ਦੀ ਕ੍ਰਿਆ ਨੂੰ ਪ੍ਰਭਾਵਿਤ ਨਹੀਂ ਕਰੇਗੀ ਜਾਂ ਸਰਕਾਰ ਨੂੰ ਕੋਈ ਐਸਾ ਕਾਨੂੰਨ ਬਣਾਉਣ ਤੋਂ ਨਹੀਂ ਰੋਕੇਗੀ ਜੋ ਕਿ:
(ਏ) ਧਰਮ ਨੂੰ ਮੰਨਣ ਨਾਲ ਸਬੰਧਿਤ ਕਿਸੇ ਆਰਥਿਕ, ਵਿੱਤੀ, ਰਾਜਨੀਤਕ ਜਾਂ ਹੋਰ ਧਰਮ ਨਿਰਪੱਖ ਸਰਗਰਮੀ ਨੂੰ ਨਿਯੰਤ੍ਰਿਤ ਜਾਂ ਸੀਮਿਤ ਕਰਨ ਸਬੰਧੀ ਹੋਏ;
(ਬੀ)ਸਮਾਜਿਕ ਭਲਾਈ ਅਤੇ ਸੁਧਾਰ ਵਾਸਤੇ ਜਾਂ ਜਨਤਕ ਕਿਸਮ ਦੀਆਂ ਹਿੰਦੂ ਧਾਰਮਿਕ ਸੰਸਥਾਵਾਂ ਨੂੰ ਹਿੰਦੂਆਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਵਰਗਾਂ ਲਈ ਖੋਲ੍ਹਣ ਵਾਸਤੇ ਹੋਏ।
ਵਿਆਖਿਆ 1 ਕ੍ਰਿਪਾਨਾਂ ਪਹਿਨਣੀਆਂ ਅਤੇ ਰੱਖਣੀਆਂ ਸਿੱਖ ਧਰਮ ਨੂੰ ਮੰਨਣ ਦਾ ਅੰਗ ਸਮਝੀਆਂ ਜਾਣਗੀਆਂ।
ਵਿਆਖਿਆ 2 ਭਾਗ (2) ਦੇ ਉਪਭਾਗ (ਬੀ) ਵਿਚ ਹਿੰਦੂਆਂ ਪ੍ਰਤੀ ਹਵਾਲੇ ਦਾ ਜੋ ਅਰਥ ਸਮਝਿਆ ਜਾਏਗਾ ਉਸ ਵਿਚ ਸਿੱਖ, ਜੈਨ ਜਾਂ ਬੁਧ ਧਰਮ ਨੂੰ ਮੰਨਣ ਵਾਲੇ ਵਿਅਕਤੀਆਂ ਦਾ ਹਵਾਲਾ ਵੀ ਸ਼ਾਮਿਲ ਹੋਏਗਾ ਅਤੇ ਹਿੰਦੂ ਧਾਰਮਿਕ ਸੰਸਥਾਵਾਂ ਸਬੰਧੀ ਹਵਾਲੇ ਨੂੰ ਵੀ ਇਸੇ ਅਨੁਸਾਰ ਹੀ ਸਮਝਿਆ ਜਾਏਗਾ।”
ਹੁਣ ਵੇਖੋ, ਇਸ ਧਾਰਾ ਵਿਚ ਕਿਤੇ ਵੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਨਹੀਂ ਐਲਾਨਿਆ ਗਿਆ। ਕਿਤੇ ਵੀ ਸਿੱਖਾਂ ਉਪਰ ਹਿੰਦੂ ਰਹੁਰੀਤਾਂ ਨਹੀ ਥੋਪੀਆਂ ਗਈਆਂ। ਇਸ ਧਾਰਾ ਵਿਚ ਤਾਂ ਸਿੱਖਾਂ ਨੂੰ ਕ੍ਰਿਪਾਨ ਨਹੀਂ ਸਗੋਂ ‘ਕ੍ਰਿਪਾਨਾਂ’ ਪਹਿਨਣ ਅਤੇ ਰੱਖਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਇਸ ਮਕਸਦ ਨੂੰ ਪੂਰੀ ਤਰਾਂ ਸਪੱਸ਼ਟ ਕਰਨ ਲਈ ਕੇਵਲ ਅਤੇ ਕੇਵਲ ਸਿੱਖਾਂ ਵਾਸਤੇ ‘ਵਿਆਖਿਆ-1′ ਅਲੱਗ ਤੌਰ ਤੇ ਸ਼ਾਮਿਲ ਕੀਤੀ ਗਈ ਹੈ ਤਾਂ ਜੋ ਕਿਸੇ ਕਿਸਮ ਦਾ ਭੁਲੇਖਾ ਨਾਂ ਰਹਿ ਜਾਏ। ਕੀ ਸਿੱਖਾਂ ਨੂੰ ਸਿੱਖ ਮੰਨੇ ਜਾਣ ਵਿਚ ਅਜੇ ਕੋਈ ਕਸਰ ਬਾਕੀ ਰਹਿ ਗਈ ਹੈ? ਸਿੱਖਾਂ ਬਾਰੇ ਐਸੀ ਸਪੱਸ਼ਟ ਇਬਾਰਤ ਹੋਰ ਕਿਸੇ ਵੀ ਦੇਸ਼ ਦੇ ਸੰਵਿਧਾਨ ਵਿਚ ਨਹੀ ਮਿਲਦੀ। ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿਚ ਕਿਰਪਾਨ ਦੇ ਹੱਕ ਲਈ ਸਿੱਖਾਂ ਨੂੰ ਕਈ ਵਾਰ ਅਦਾਲਤਾਂ ਵਿਚ ਜਾਣਾ ਪਿਆ ਹੈ। ਬਹੁਤ ਸਾਰੇ ਅਦਾਲਤੀ ਕੇਸ ਜਿੱਤਣ ਦੇ ਬਾਅਦ ਵੀ ਸਰਕਾਰਾਂ ਨੇ ਕੋਈ ਐਸਾ ਕਾਨੂੰਨ ਨਹੀ ਬਣਾਇਆ ਜੋ ਸਾਰੇ ਦੇਸ਼ ਵਿਚ ਹਰ ਥਾਂ ਲਾਗੂ ਹੋਏ। ਨਤੀਜੇ ਵਜੋਂ ਕਿਤੇ ਨਾ ਕਿਤੇ ਕਿਰਪਾਨ ਜਾਂ ਕਕਾਰਾਂ ਦਾ ਕੋਈ ਨਾ ਕੋਈ ਮਸਲਾ ਖੜ੍ਹਾ ਹੀ ਰਹਿੰਦਾ ਹੈ। ਇਸੇ ਧਾਰਾ 25 ਕਾਰਨ ਹੀ ਸਿੱਖਾਂ ਨੂੰ ਭਾਰਤ ਅੰਦਰ ਘਰੇਲੂ ਹਵਾਈ ਉਡਾਨਾਂ ਦੌਰਾਨ 9 ਇੰਚ ਤੱਕ ਲੰਬੀ ਕਿਰਪਾਨ ਪਹਿਨ ਕੇ ਹਵਾਈ ਸਫਰ ਦੀ ਆਗਿਆ ਹੈ ਜੋ ਕਿ ਅਮਰੀਕਾ, ਕੈਨੇਡਾ ਵਿਚ ਬਿਲਕੁਲ ਨਹੀਂ ਹੈ।
ਹੁਣ ਆਉਂਦੇ ਹਾਂ ਵਿਆਖਿਆ 2 ਭਾਗ (2) ਦੇ ਉਪਭਾਗ (ਬੀ) ਵੱਲ। ਇਥੇ ਵੀ ਸਿੱਖ ਧਰਮ ਦਾ ਜ਼ਿਕਰ ਅਲੱਗ ਤੌਰ ‘ਤੇ ਕੀਤਾ ਗਿਆ ਹੈ। ਭਾਵ ਸਿੱਖਾਂ ਨੂੰ ਸਿੱਖ ਮੰਨਿਆ ਗਿਆ ਹੈ। ਸੋ, ਇਹ ਸਵਾਲ ਕਿ ਧਾਰਾ 25 ਸਿੱਖਾਂ ਨੂੰ ਸਿੱਖ ਮੰਨਦੀ ਹੈ ਜਾਂ ਨਹੀਂ, ਤਾਂ ਸੌਖਿਆਂ ਹੀ ਹੱਲ ਹੋ ਜਾਂਦੈ ਕਿ ਧਾਰਾ 25 ਸਿੱਖਾਂ ਨੂੰ ਇਕ ਵਾਰ ਨਹੀਂ ਦੋ ਵਾਰ ਸਿੱਖ ਮੰਨਦੀ ਹੈ।
ਅਸਲ ਮਸਲੇ ਦੀ ਜੜ੍ਹ ਇਹ ਹੈ ਕਿ ਇੱਥੇ ਆ ਕੇ ਸਿੱਖ ਆਗੂ ਅਤੇ ਬੁੱਧੀਜੀਵੀ ਆਪਣਾ ਸਵਾਲ ਬਦਲ ਲੈਂਦੇ ਹਨ। ਇੱਥੇ ਆ ਕੇ ਉਹ ਆਖਣਾ ਸ਼ੂਰੁ ਕਰ ਦਿੰਦੇ ਹਨ ਕਿ ਨਹੀਂ ਜੀ ਨਹੀਂ, ਅਸਲ ਮਸਲਾ ਸਿੱਖਾਂ ਨੂੰ ਸਿੱਖ ਮੰਨਣ ਜਾਂ ਨਾ ਮੰਨਣ ਦਾ ਨਹੀਂ ਹੈ ਅਸਲ ਮਸਲਾ ਤਾਂ ਭਾਗ (2) ਦੇ ਉਪਭਾਗ (ਬੀ) ਦੀ ਵਿਆਖਿਆ 2 ਵਿਚ ਸਿੱਖਾਂ ਨੂੰ ਹਿੰਦੂਆਂ ਨਾਲ ਜੋੜੇ ਜਾਣ ਦਾ ਹੈ। ਸਿੱਖ ਆਗੂ ਇਸ ਵਿਆਖਿਆ ਰਾਹੀਂ ਸਿੱਖਾਂ ਨੂੰ ਹਿੰਦੂਆਂ ਨਾਲ ਜ਼ਬਰੀ ਨੱਥੀ ਕੀਤੇ ਜਾਣਾ ਆਖ ਕੇ ਧਾਰਾ 25 ਵਿਚ ਸੋਧ ਦੀ ਮੰਗ ਕਰਦੇ ਹਨ। ਪਰ ਉਹ ਇਹ ਬਿਲਕੁਲ ਨਹੀਂ ਦੱਸਦੇ ਕਿ ਧਾਰਾ 25 ਦੇ ਭਾਗ (2) ਦੇ ਉਪਭਾਗ (ਬੀ) ਦੀ ਵਿਆਖਿਆ 2 ਵਿਚ ਮੰਗੀ ਜਾ ਰਹੀ ਸੋਧ ਸਿੱਖ ਧਰਮ ਦੀ ਵੱਖਰੀ ਪਹਿਚਾਣ ਬਹਾਲ ਕਰਨ ਵਿਚ ਕਿਵੇਂ ਸਹਾਈ ਹੋਏਗੀ? ਯਾਦ ਰਹੇ, ਵਿਆਖਿਆ 2 ਧਾਰਾ 25 ਦੇ ਭਾਗ (2) ਦੇ ਉਪਭਾਗ (ਬੀ) ਤੋਂ ਬਿਨਾ ਸੰਵਿਧਾਨ ਦੀ ਕਿਸੇ ਵੀ ਹੋਰ ਧਾਰਾ ਜਾਂ ਐਕਟ ਨੂੰ ਪ੍ਰਭਾਵਿਤ ਨਹੀਂ ਕਰਦੀ। ਧਾਰਾ ਦੇ ਇਸ ਭਾਗ (2ਬੀ) ਦਾ ਤੱਤ ਸਾਰ ਇਹ ਹੈ ਕਿ ਸਮਾਜਿਕ ਭਲਾਈ ਅਤੇ ਸੁਧਾਰ ਵਾਸਤੇ ਜਾਂ ਜਨਤਕ ਕਿਸਮ ਦੀਆਂ ਹਿੰਦੂ, ਸਿੱਖ, ਬੋਧੀ ਜਾਂ ਜੈਨੀ ਧਾਰਮਿਕ ਸੰਸਥਾਵਾਂ ਨੂੰ ਕ੍ਰਮਵਾਰ ਹਿੰਦੂਆਂ, ਸਿੱਖਾਂ, ਬੋਧੀਆਂ ਜਾਂ ਜੈਨੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਵਰਗਾਂ ਲਈ ਖੋਲ੍ਹਣ ਵਾਸਤੇ ਕਾਨੂੰਨ ਬਣਾਉਣ ਦਾ ਹੱਕ ਸਰਕਾਰ ਕੋਲ ਹੋਏਗਾ।
ਕਿਉਂਕਿ ਸਿੱਖ ਧਰਮ ਦੇ ਅਸਥਾਨ ਤਾਂ ਪਹਿਲਾਂ ਹੀ ਸਮਾਜਿਕ ਭਲਾਈ ਅਤੇ ਸੁਧਾਰ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਹਨ ਅਤੇ ਸਭ ਲਈ ਇੱਕ ਬਰਾਬਰ ਪਹਿਲਾਂ ਹੀ ਖੁੱਲ੍ਹੇ ਹਨ ਜਾਂ ਇੰਜ ਕਹਿ ਲਓ ਕਿ ਸਿੱਖ ਧਰਮ ਵਿਚ ਤਾਂ ਇਹ ਮੱਦ ਆਪਣੇ ਆਪ ਪਹਿਲਾਂ ਹੀ ਲਾਗੂ ਹੈ। ਇਸ ਕਰਕੇ ਧਾਰਾ ਦੇ ਇਸ ਭਾਗ ਅਧੀਨ ਸਰਕਾਰ ਨੂੰ ਹੋਰ ਕਾਨੂੰਨ ਬਣਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਪਵੇਗੀ। ਇਸ ਤਰ੍ਹਾਂ ਧਾਰਾ 25 ਦਾ ਇਹ ਭਾਗ ਸਿੱਖਾਂ ਵਾਸਤੇ ਉਨਾ ਚਿਰ ਬੇਲੋੜਾ ਅਤੇ ਅਣਵਰਤਿਆ ਹੀ ਪਿਆ ਰਹੇਗਾ ਜਿੰਨਾ ਚਿਰ ਸਿੱਖ ਸੰਸਥਾਵਾਂ (ਪ੍ਰਮੁੱਖ ਤੌਰ ਤੇ ਗੁਰਦੁਆਰੇ) ਸਿੱਖ ਸਿਧਾਤਾਂ ਅਤੇ ਲੋਕ ਭਲਾਈ ਦੇ ਆਸ਼ੇ ਅਨੁਸਾਰ ਸਭ ਲਈ ਬਰਾਬਰ ਖੁੱਲ੍ਹੇ ਰਹਿਣਗੇ।
ਕੀ ਸੋਧ ਕਰਨ ਨੂੰ ਕਿਹਾ ਜਾ ਰਿਹਾ ਹੈ: ਸਿੱਖ ਆਗੂ ਵੈਂਕਟ ਚਲਈਆ ਕਮਿਸ਼ਨ ਵੱਲੋਂ ਦਿੱਤੇ ਸੁਝਾਅ ਅਨੁਸਾਰ ਮੰਗ ਕਰ ਰਹੇ ਹਨ ਕਿ ਧਾਰਾ 25 ਦੇ ਭਾਗ (2 ਬੀ) ਦੀ ਵਿਆਖਿਆ ਖਤਮ ਕਰ ਦਿਤੀ ਜਾਏ ਅਤੇ ਭਾਗ (2ਬੀ) ਨੂੰ ਸੋਧ ਕੇ ਦੁਬਾਰਾ ਲਿਖਿਆ ਜਾਏ। ਜਿਸਦਾ ਭਾਵ ਇਹ ਬਣਦਾ ਹੈ ਕਿ ਧਾਰਾ 25 ਦੇ ਇਸ ਭਾਗ,
“(ਬੀ) ਸਮਾਜਿਕ ਭਲਾਈ ਅਤੇ ਸੁਧਾਰ ਵਾਸਤੇ ਜਾਂ ਜਨਤਕ ਕਿਸਮ ਦੀਆਂ ਹਿੰਦੂ ਧਾਰਮਿਕ ਸੰਸਥਾਵਾਂ ਨੂੰ ਹਿੰਦੂਆਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਵਰਗਾਂ ਲਈ ਖੋਲ੍ਹਣ ਵਾਸਤੇ ਹੋਏ।
ਵਿਆਖਿਆ 1 ਕ੍ਰਿਪਾਨਾਂ ਪਹਿਨਣੀਆਂ ਅਤੇ ਰਖਣੀਆਂ ਸਿੱਖ ਧਰਮ ਨੂੰ ਮੰਨਣ ਦਾ ਅੰਗ ਸਮਝੀਆਂ ਜਾਣਗੀਆਂ।
ਵਿਆਖਿਆ 2 ਭਾਗ (2) ਦੇ ਉਪਭਾਗ (ਬੀ) ਵਿਚ ਹਿੰਦੂਆਂ ਪ੍ਰਤੀ ਹਵਾਲੇ ਦਾ ਜੋ ਅਰਥ ਸਮਝਿਆ ਜਾਏਗਾ ਉਸ ਵਿਚ ਸਿੱਖ, ਜੈਨ ਜਾਂ ਬੁਧ ਧਰਮ ਨੂੰ ਮੰਨਣ ਵਾਲੇ ਵਿਅਕਤੀਆਂ ਦਾ ਹਵਾਲਾ ਵੀ ਸ਼ਾਮਿਲ ਹੋਏਗਾ ਅਤੇ ਹਿੰਦੂ ਧਾਰਮਿਕ ਸੰਸਥਾਵਾਂ ਸਬੰਧੀ ਹਵਾਲੇ ਨੂੰ ਵੀ ਇਸੇ ਅਨੁਸਾਰ ਹੀ ਸਮਝਿਆ ਜਾਏਗਾ।” ਨੂੰ ਸੋਧ ਕੇ ਇਸ ਤਰ੍ਹਾਂ ਲਿਖਿਆ ਜਾਏ,
“(ਬੀ) ਸਮਾਜਿਕ ਭਲਾਈ ਅਤੇ ਸੁਧਾਰ ਵਾਸਤੇ ਜਾਂ ਜਨਤਕ ਕਿਸਮ ਦੀਆਂ ਹਿੰਦੂ, ਸਿੱਖ, ਬੋਧੀ ਜਾਂ ਜੈਨੀ ਧਾਰਮਿਕ ਸੰਸਥਾਵਾਂ ਨੂੰ ਕਰਮਵਾਰ ਹਿੰਦੂਆਂ, ਸਿੱਖਾਂ, ਬੋਧੀਆਂ ਜਾਂ ਜੈਨੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਵਰਗਾਂ ਲਈ ਖੋਲ੍ਹਣ ਵਾਸਤੇ ਹੋਏ।
ਵਿਆਖਿਆ 1 ਕ੍ਰਿਪਾਨਾਂ ਪਹਿਨਣੀਆਂ ਅਤੇ ਰੱਖਣੀਆਂ ਸਿੱਖ ਧਰਮ ਨੂੰ ਮੰਨਣ ਦਾ ਅੰਗ ਸਮਝੀਆਂ ਜਾਣਗੀਆਂ।”
ਇਸ ਤਰ੍ਹਾਂ ਕੁਝ ਕੌਮੇ ਪਾ ਕੇ ਲਿਖਣ ਅਤੇ ਵਿਆਖਿਆ 2 ਖਤਮ ਕਰ ਦੇਣ ਨਾਲ ਇਸ ਧਾਰਾ ਦੇ ਤੱਤਸਾਰ ਵਿਚ ਕੋਈ ਬੁਨਿਆਦੀ ਤਬਦੀਲੀ ਨਹੀ ਆਉਂਦੀ।
ਕੀ ਇਸ ਸੋਧ ਨਾਲ ਸਿੱਖਾਂ ਦੀ ਸੰਤੁਸ਼ਟੀ ਹੋ ਜਾਏਗੀ? ਕੀ ਇਸ ਸੋਧ ਨਾਲ ਸਿੱਖਾਂ ਦੀ ਤਸੱਲੀ ਅਨੁਸਾਰ ਸਿੱਖ ਧਰਮ ਦੀ ਆਜ਼ਾਦ ਹਸਤੀ ਬਹਾਲ ਹੋ ਜਾਏਗੀ ਅਤੇ ਗੱਲ ਮੁੱਕ ਜਾਏਗੀ? ਨਹੀਂ, ਗੱਲ ਫਿਰ ਵੀ ਨਹੀ ਮੁੱਕੇਗੀ। ਹੁਣ ਅਸਲ ਮਸਲਾ ਸਿੱਖਾਂ ਨੂੰ ਹਿੰਦੂ ਕਾਨੂੰਨਾਂ ਦੇ ਜੂਲੇ ਹੇਠੋਂ ਕੱਢਣ ਦਾ ਬਣ ਜਾਏਗਾ। ਧਾਰਾ 25 ਵਿਚ ਕਰਵਾਈ ਸੋਧ ਕੀ ਮਤਲਬ ਰੱਖਦੀ ਹੈ ਜਦਕਿ ਬਾਕੀ ਦੇ ਹਿੰਦੂ ਕਾਨੂੰਨ ਜਿਵੇਂ ਹਿੰਦੂ ਮੈਰਿਜ ਐਕਟ, ਹਿੰਦੂ ਅਡਾਪਸ਼ਨ ਐਕਟ, ਹਿੰਦੂ ਵਿਰਾਸਤ ਐਕਟ, ਹਿੰਦੂ ਮਨਿਆਰਟੀ ਐਂਡ ਮੇਨਟੀਨੈਸ ਐਕਟ ਆਦਿ ਸਿੱਖਾਂ ਉਪਰ ਜਿਉਂ ਦੇ ਤਿਉਂ ਲਾਗੂ ਰਹਿੰਦੇ ਹਨ। ਇਸ ਦਾ ਹੱਲ ਇਹ ਸੁਝਾਇਆ ਜਾਏਗਾ ਕਿ ਬਾਕੀਆਂ ਵਾਂਗ ਸਿੱਖਾਂ ਵਾਸਤੇ ਵੀ ਵੱਖਰਾ ਸਿੱਖ ਪਰਸਨਲ ਲਾਅ ਬਣਾਇਆ ਜਾਵੇ।
ਮਸਲਾ ਸਿੱਖ ਪਰਸਨਲ ਲਾਅ ਦਾ: ਸਿੱਖ ਪਰਸਨਲ ਲਾਅ ਦੀ ਗੱਲ ਵੀ ਕਦੇ ਕਦਾਈਂ ਛਿੜਦੀ ਰਹਿੰਦੀ ਹੈ ਪਰ ਸਿੱਖ ਆਗੂ ਅਤੇ ਵਿਦਵਾਨ ਪਿਛਲੇ 60 ਸਾਲਾਂ ਵਿਚ ਇਹ ਤੈਅ ਨਹੀਂ ਕਰ ਸਕੇ ਕਿ ਸਿੱਖ ਪਰਸਨਲ ਲਾਅ ਵਿਚ ਆਖਿਰ ਹੋਵੇ ਕੀ? ਅਜੇ ਤੱਕ ਸਿੱਖ ਪਰਸਨਲ ਲਾਅ ਦਾ ਕੋਈ ਵੀ ਖਰੜਾ ਤਿਆਰ ਨਹੀਂ ਕੀਤਾ ਜਾ ਸਕਿਆ। ਸਿੱਖ ਪਰਸਨਲ ਲਾਅ ਦੇ ਖਰੜੇ ਦੀ ਤਿਆਰੀ ਅਤੇ ਫਿਰ ਉਸ ਬਾਰੇ ਸਭ ਦੀ ਸਹਿਮਤੀ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ। ਕੀ ਸਿੱਖ ਧਾਰਮਿਕ ਲੀਡਰਸ਼ਿੱਪ ਅਤੇ ਸਿੱਖ ਬੁੱਧੀਜੀਵੀ, ਜੋ ਪਿੱਛੇ ਜਿਹੇ ਇੱਕ ਮਾਮੂਲੀ ਨੁਕਤੇ ਕਿ ਸਿੱਖਾਂ ਵਿਚ ਤਲਾਕ ਹੈ ਜਾਂ ਨਹੀਂ ਵਿਚ ਹੀ ਉਲਝ ਗਏ ਸਨ, ਪੂਰੇ ਦੇ ਪੂਰੇ ਐਕਟ ਘੜਨ ਵਰਗੀਆਂ ਵਿਆਪਕ ਸੋਧਾਂ ਬਾਰੇ ਸੌਖਿਆਂ ਹੀ ਇੱਕ ਮੱਤ ਹੋ ਜਾਣਗੇ? ਅਨੰਦ ਮੈਰਿਜ ਐਕਟ ਦਾ ਤਜ਼ਰਬਾ ਹੀ ਦੇਖ ਲਓ, ਜਦੋਂ ਸਰਕਾਰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨਿਤ ਖਰੜੇ ਉਪਰ ਵਿਚਾਰ ਕਰ ਰਹੀ ਸੀ ਤਾਂ ਸਿੱਖਾਂ ਦੇ ਵਖ ਵਖ ਹਲਕਿਆਂ ਵੱਲੋਂ ਇੱਕ ਦੇ ਮਗਰ ਦੂਸਰਾ ਖਰੜਾ ਪ੍ਰਗਟ ਕਰਨ ਦੀ ਦੌੜ ਲਗ ਗਈ ਸੀ। ਗੱਲ ਖਰੜੇ ਪੇਸ਼ ਕਰਨ ਤੱਕ ਹੀ ਸੀਮਿਤ ਨਹੀਂ ਸੀ ਰਹੀ, ਵੱਖ ਵੱਖ ਧਿਰਾਂ ਵੱਲੋਂ ਆਪਣੇ ਖਰੜੇ ਨੂੰ ਸਰਵੋਤਮ ਅਤੇ ਦੂਸਰਿਆਂ ਨੂੰ ਅਧੂਰੇ ਜਾਂ ਸਿੱਖ ਵਿਰੋਧੀ ਗਰਦਾਨਣ ਦੀ ‘ਖਰੜਾ ਸਿਆਸਤ’ ਵੀ ਚੱਲ ਪਈ ਸੀ।
ਐਸੇ ਮਹੌਲ ਵਿਚ ‘ਸਿੱਖ ਪਰਸਨਲ ਲਾਅ’ ਵਰਗੇ ਵਿਸ਼ਾਲ ਕਾਰਜ ਦੀ ਮੁਹਿੰਮ ਛੇੜਨਾ ਭੂੰਡਾਂ ਦੀ ਖੱਖਰ ਛੇੜਨ ਵਾਲੀ ਗੱਲ ਹੋਏਗੀ। ਸਿੱਖ ਐਕਟਾਂ ਦੇ ਖਰੜੇ ਘੜਨਾ ਤਾਂ ਬਹੁਤ ਵੱਡਾ ਕੰਮ ਹੈ, ਅਸੀਂ ਤਾਂ ਅਜੇ ਕੈਲੰਡਰ ਦੀ ਉਲਝਣ ਵਿਚੋਂ ਹੀ ਨਹੀਂ ਨਿਕਲ ਸਕੇ। ਕੈਲੰਡਰ ਦੀ ਉਲਝੀ ਤਾਣੀ ਕਾਰਨ ਹੀ ਪਾਕਿਸਤਾਨ ਜਾਣ ਵਾਲੇ ਯਾਤਰੀਆਂ ਨੂੰ ਵੀਜ਼ੇ ਦੀ ਮੁਸ਼ਕਿਲ ਆਈ ਸੀ। ਯਾਦ ਰਹੇ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਕਿਸੇ ਨੇ ਸਾਡੇ ਗਲ ਨਹੀਂ ਸੀ ਮੜ੍ਹਿਆ। ਸਿੱਖਾਂ ਨੇ ਆਪ ਹੀ ਸਹੇੜਿਆ ਸੀ ਜੋ ਕਿ ਅਜੇ ਤਾਂਈ ਸਾਡੇ ਮਾਨਸਿਕ ਗੁਣੀਏ ਵਿਚ ਨਹੀਂ ਆ ਰਿਹਾ। ਐਕਟਾਂ ਦੀਆਂ ਵਿਸਥਾਰਿਤ ਮੱਦਾਂ ਬਾਰੇ ਸਹਿਮਤੀ ਹੋਣੀ ਤਾਂ ਬਹੁਤ ਵੱਡੀ ਗੱਲ ਹੈ ਅਸੀਂ ਤਾਂ ਅਜੇ ਤਾਂਈ 1984 ਦੇ ਸ਼ਹੀਦਾਂ ਦੀ ਯਾਦਗਾਰ ਕਿਹੋ ਜਿਹੀ ਹੋਏ, ਬਾਰੇ ਵੀ ਸਹਿਮਤ ਨਹੀਂ।
ਜਥੇਦਾਰਾਂ ਦੀਆਂ ਪਦਵੀਆਂ ਬਾਰੇ ਨਿਯਮ ਬਣਾਉਣ ਲਈ ਹੁਣੇ ਜਿਹੇ ਕਾਇਮ ਕੀਤੀ ਗਈ ਮਾਹਿਰਾਂ ਦੀ ਕਮੇਟੀ ਦਾ ਜੋ ਹਸ਼ਰ ਹੋ ਰਿਹਾ ਹੈ ਉਹ ਵੀ ਸਾਡੇ ਸਾਹਮਣੇ ਹੀ ਹੈ। ਕਹਿਣ ਨੂੰ ਜੋ ਮਰਜੀ ਕਹੀ ਜਾਈਏ, ਅਜੇ ਤੱਕ ਅਸੀਂ ਮਸਲਿਆਂ ਬਾਰੇ ਇੱਕ ਰਾਇ ਬਣਾਉਣ ਦੀ ਕੋਈ ਯੋਗ ਵਿਵਸਥਾ ਵੀ ਬਹਾਲ ਨਹੀਂ ਹੋਣ ਦਿੱਤੀ। ਸਿੱਖਾਂ ਦੇ ਅੰਦਰੂਨੀ ਮਸਲਿਆਂ ਬਾਰੇ ਸਾਡੀ ਪਹੁੰਚ ਟਾਲ ਮਟੋਲ, ਕੰਮ ਚਲਾਊ, ਵਕਤ ਟਪਾਊ ਜਾਂ ਫਿਰ ਧੱਕੇਸ਼ਾਹੀ ਵਾਲੀ ਹੀ ਰਹੀ ਹੈ। ਇਸੇ ਵਜ੍ਹਾ ਕਾਰਨ ਦਸਮ ਗ੍ਰੰਥ, ਰਾਗਮਾਲਾ, ਮਰਿਆਦਾ, ਸਹਿਜਧਾਰੀ ਆਦਿ ਮਸਲੇ ਚਿਰਾਂ ਤੋਂ ਅਣਸੁਲਝੇ ਹੀ ਪਏ ਹਨ। ਐਸੇ ਮਹੌਲ ਵਿਚ ‘ਸਿੱਖ ਪਰਸਨਲ ਲਾਅ’ ਵਰਗੇ ਮਸਲੇ ਦੀ ਮੁਹਿੰਮ ਛੇੜਨਾ ਖਾਨਾਜੰਗੀ ਵਰਗੇ ਹਾਲਾਤ ਨੂੰ ਸੱਦਾ ਦੇਣ ਬਰਾਬਰ ਹੋਏਗਾ।
ਸਿੱਖ ਆਗੂਆਂ ਅਤੇ ਬੁਧੀਜੀਵੀਆਂ ਦੇ ਧਿਆਨਯੋਗ:
ਅਸੀਂ ਧਾਰਾ 25 ਵਿਚ ਸੋਧ ਦੀ ਗੱਲ ਤਾਂ ਕਰਦੇ ਹਾਂ ਪਰ ਮਾਮੂਲੀ ਨੁਕਤਿਆਂ ‘ਤੇ ਉਲਝੀ ਰਹਿਣ ਵਾਲੀ ਸਿੱਖ ਲੀਡਰਸ਼ਿੱਪ ਨੇ ਇਹ ਕਦੇ ਵੀ ਸਪੱਸ਼ਟ ਨਹੀਂ ਕੀਤਾ ਕਿ ਉਹ ਮੌਜੂਦਾ ਹਿੰਦੂ ਕਾਨੂੰਨਾਂ ਵਿਚ ਕੀ ਤਬਦੀਲੀਆਂ ਚਾਹੁੰਦੇ ਹਨ। ਮੰਨ ਲਓ, ਅਸੀਂ ਸਭ ਔਕੜਾਂ ਪਾਰ ਕਰਕੇ ‘ਸਿੱਖ ਪਰਸਨਲ ਲਾਅ’ ਘੜਨ ਵਿਚ ਕਾਮਯਾਬ ਹੋ ਜਾਂਦੇ ਹਾਂ ਅਤੇ ਭਾਰਤ ਸਰਕਾਰ ਵੀ ਸਿੱਖਾਂ ਦਾ ਹਿੰਦੂਆਂ ਨਾਲੋਂ ਨਾੜੂਆ ਕੱਟਣ ਲਈ ਸੰਵਿਧਾਨ ਵਿਚ ਸੋਧਾਂ ਕਰਨ ਲਈ ਸਹਿਮਤ ਹੋ ਜਾਂਦੀ ਹੈ ਤਾਂ ਕੀ ਸਿੱਖਾਂ ਦੀਆਂ ਪਛੜੀਆਂ ਜਾਤੀਆਂ ਨੂੰ ਮਿਲੀ ਰਿਜ਼ਰਵੇਸ਼ਨ ਦੀ ਸਹੂਲਤ, ਜੋ ਕਿ ਮਾਸਟਰ ਤਾਰਾ ਸਿੰਘ ਨੇ 1953 ਵਿਚ ਮੋਰਚਾ ਲਾ ਕੇ ਪ੍ਰਾਪਤ ਕੀਤੀ ਸੀ, ਬਹਾਲ ਰਹਿ ਸਕੇਗੀ? ਕਾਨੂੰਨੀ ਸਥਿੱਤੀ ਅਨੁਸਾਰ ਰਿਜ਼ਰਵੇਸ਼ਨ ਦਾ ਆਧਾਰ ਧਰਮ ਹੈ। ਭਦੌੜ ਤੋਂ ਚੋਣ ਜਿੱਤੇ ਮੁਹੰਮਦ ਸਦੀਕ ਦੀ ਮਿਸਾਲ ਸਾਹਮਣੇ ਹੈ। ਉਹ ਮੁਸਲਮਾਨ ਹੋਣ ਕਾਰਨ ਕਾਨੂੰਨੀ ਤੌਰ ਤੇ ਰਿਜ਼ਰਵੇਸ਼ਨ ਦਾ ਅਧਿਕਾਰੀ ਨਹੀਂ ਹੈ ਪਰ ਉਸ ਦਾ ਵਿਰੋਧੀ ਸਿੱਖ ਹੋਣ ਕਾਰਨ ਰਿਜ਼ਰਵੇਸ਼ਨ ਦਾ ਹੱਕਦਾਰ ਹੈ। ਰਿਜ਼ਰਵੇਸ਼ਨ ਦਾ ਲਾਭ ਪ੍ਰਾਪਤ ਕਰਨ ਲਈ ਮੁਹੰਮਦ ਸਦੀਕ ਆਪਣੇ ਆਪ ਨੂੰ ਸਿੱਖ ਧਰਮ ਦਾ ਅਨੁਯਾਈ ਦੱਸ ਰਹੇ ਹਨ। ਈਸਾਈ ਅਤੇ ਮੁਸਲਮਾਨ ਪਿਛਲੇ ਪੰਜਾਹ ਸਾਲਾਂ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਉਨ੍ਹਾਂ ਦੀਆਂ ਪਛੜੀਆਂ ਜਾਤੀਆਂ ਨੂੰ ਵੀ ਰਿਜ਼ਰਵੇਸ਼ਨ ਦੇ ਲਾਭ ਦਿੱਤੇ ਜਾਣ। ਪੰਜਾਬ ਦੇ ਦਰਿਆਈ ਪਾਣੀਆਂ ਦੇ ਕੋਰਟ ਕੇਸ ਵਾਂਗ, ਸੁਪਰੀਮ ਕੋਰਟ ਸਮੇਤ ਕੋਈ ਵੀ ਕੋਰਟ ਉਨ੍ਹਾਂ ਨੂੰ ਕੋਈ ਲੜ ਪੱਲਾ ਨਹੀ ਫੜਾ ਰਹੀ।
ਯਾਦ ਰਹੇ ਈਸਾਈ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਹਰ ਥਾਂ ਦਲੀਲ ਵੀ ਇਹੋ ਦਿੰਦੇ ਹਨ ਕਿ ਜੇਕਰ ਸਿੱਖਾਂ ਅਤੇ ਬੋਧੀਆਂ ਨੂੰ ਇਹ ਲਾਭ ਮਿਲ ਸਕਦਾ ਹੈ ਤਾਂ ਸਾਡੇ ਧਰਮਾਂ ਦੀਆਂ ਪਛੜੀਆਂ ਸ੍ਰੇਣੀਆਂ ਨੂੰ ਕਿਉਂ ਨਹੀਂ? ਇਹ ਵੀ ਸੱਚ ਹੈ ਕਿ ਰਿਜ਼ਰਵੇਸ਼ਨ ਦਾ ਫਾਇਦਾ ਲੈ ਕੇ ਬਹੁਤ ਸਾਰੇ ਸਿੱਖ ਉਚੇ ਅਹੁਦੇ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ। ਜੇਕਰ ਹਿੰਦੂ ਕਾਨੂੰਨਾਂ ਦੀ ਜੱਦ ਵਿਚੋਂ ਬਾਹਰ ਕੀਤੇ ਜਾਣ ਕਾਰਨ ਸਿੱਖਾਂ ਦੀਆਂ ਪਛੜੀਆਂ ਸ਼੍ਰੇਣੀਆਂ ਦੀ ਰਿਜ਼ਰਵੇਸ਼ਨ ਖਤਮ ਕਰ ਦਿੱਤੀ ਜਾਂਦੀ ਹੈ ਤਾਂ ਕੀ ਸਿੱਖ ਲੀਡਰਸਿੱਪ ਐਸੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ? ਕੀ ਅਸੀਂ ਇਸ ਨੂੰ ਸਿੱਖਾਂ ਨਾਲ ਇੱਕ ਹੋਰ ਬੇਇਨਸਾਫੀ ਨਹੀਂ ਆਖਾਂਗੇ? ਕੀ ਰਿਜ਼ਰਵੇਸ਼ਨ ਖੁੱਸਦੀ ਵੇਖ ਕੇ ਸਿੱਖਾਂ ਦਾ ਇੱਕ ਹਿੱਸਾ ਆਪਣੇ ਆਪ ਨੂੰ ‘ਹਿੰਦੂ’ ਲਿਖਾਉਣ ਦੀ ਮੁਹਿੰਮ ਨਹੀਂ ਛੇੜ ਦੇਵੇਗਾ? ਹਾਲਾਤ ਧਾਰਾ 25 ਵਿਚ ਕੀਤੀ ਗਈ ਸੋਧ ਨੂੰ ਵਾਪਸ ਕਰਾਉਣ ਲਈ ਮੋਰਚਾ ਲਗਾਉਣ ਵਰਗੇ ਵੀ ਬਣ ਸਕਦੇ ਹਨ। ਧਾਰਾ 25 ਵਿਚ ਸੋਧ ਨੂੰ ਸਿੱਖਾਂ ਦੀਆਂ ਤਮਾਮ ਮਰਜ਼ਾਂ ਦਾ ਇਲਾਜ ਕਿਆਸਣ ਵਾਲੇ ਹਕੀਕਤ ਉਘੜਨ ‘ਤੇ, ਸਮਾਂ ਲੰਘ ਜਾਣ ਤੋਂ ਬਾਅਦ ਸੋਚਣ ਦੇ ਆਦੀ ਸਿੱਖ ਆਗੂਆਂ ਦੀ ਵਿਰਾਸਤ ਨੂੰ ਅੱਗੇ ਤੋਰਦੇ ਹੋਏ, ਸਿੱਖਾਂ ਦੀ ਰਿਜ਼ਰਵੇਸ਼ਨ ਬਹਾਲ ਕਰਾਉਣ ਲਈ ‘ਅਖ਼ਬਾਰੀ ਯੁੱਧ’ ਲੜਨ ਵਾਲੀ ‘ਖ਼ਾਲਸਾ ਫੌਜ’ ਦੇ ਸਿਪਾਹ-ਸਲਾਰ ਵੀ ਬਣ ਸਕਦੇ ਹਨ।
ਸੋ, ਬੇਨਤੀ ਹੈ ਕਿ ਐਸਾ ਰੌਲ-ਘਚੌਲਾ ਪੈਣ ਤੋਂ ਪਹਿਲਾਂ ਹੀ ਧਾਰਾ 25 ਵਿਚ ਸੋਧ ਦੀ ਮੰਗ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਸੋਧ ਦੇ ਚੰਗੇ ਮਾੜੇ ਅਸਰਾਂ ਬਾਰੇ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਬਾਰੇ ਪਹਿਲਾਂ ਹੀ ਇੱਕ ਰਿਪੋਰਟ ਤਿਆਰ ਕਰਵਾ ਲੈਣ। ਨਹੀਂ ਤਾਂ ਐਸੇ ਗੰਭੀਰ ਮੁੱਦਿਆਂ ਬਾਰੇ ‘ਜਦ ਹੋਊ ਦੇਖ ਲਵਾਂਗੇ’ ਵਰਗੀ ਲਾਪਰਵਾਹ ਜਾਂ ਕੇਵਲ ਜਜ਼ਬਾਤੀ ਪਹੁੰਚ ਅਪਣਾਏ ਜਾਣ ਕਾਰਨ ਹਾਲਾਤ ਕਈ ਵਾਰ ਦਹੀਂ ਦੇ ਭੁਲੇਖੇ ਕਪਾਹ ਖਾਣ ਵਾਲੇ ਵੀ ਬਣ ਜਾਇਆ ਕਰਦੇ ਹਨ। ਜਿਹਾ ਕਿ ਸਿੱਖਾਂ ਨਾਲ ਕਈ ਵਾਰ ਪਹਿਲਾਂ ਵੀ ਵਾਪਰ ਚੁੱਕਾ ਹੈ।
ਧਾਰਾ 25 ਅਤੇ ਸੰਵਿਧਾਨ ‘ਤੇ ਦਸਤਖਤ ਨਾ ਕਰਨ ਦੀ ਵਾਰਤਾ: ਪਿਛਲੇ ਦਿਨੀਂ ਸਿੱਖਸ ਫਾਰ ਜਸਟਿਸ ਨਾਂ ਦੀ ਜਥੇਬੰਦੀ ਵੱਲੋਂ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਦੇਣ ਵਾਸਤੇ ਇੱਕ ਪਟੀਸ਼ਨ ‘ਤੇ ਲੋਕਾਂ ਦੇ ਦਸਤਖਤ ਕਰਵਾਏ ਗਏ। ਇਸ ਪਟੀਸ਼ਨ ਰਾਹੀਂ ਰਾਸ਼ਟਰਪਤੀ ਓਬਾਮਾ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੀ ਭਾਰਤ ਫੇਰੀ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨੂੰ ਇਹ ਪੁੱਛੇ ਕਿ ਭਾਰਤ ਦੇ ਸੰਵਿਧਾਨ ਵਿਚ ਸਿੱਖਾਂ ਨੂੰ ਹਿੰਦੂ ਕਿਉਂ ਲਿਖਿਆ ਗਿਆ ਹੈ? ਪਟੀਸ਼ਨ ਵਿਚ ਕਿਹਾ ਗਿਆ, “26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਨੂੰ ਸਿੱਖਾਂ ਦੀ ਮਰਜ਼ੀ ਤੋਂ ਬਿਨਾ ਲਾਗੂ ਕਰ ਦਿੱਤਾ ਗਿਆ ਸੀ ਜਿਨ੍ਹਾਂ ਇਸ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਸੰਵਿਧਾਨ ਦੀ ਧਾਰਾ 25(ਬੀ) ਦੀ ਵਿਆਖਿਆ 2 ਵਿਚ ਸਿੱਖਾਂ ਨੂੰ ਹਿੰਦੂ ਦਰਸਾਇਆ ਗਿਆ ਹੈ।” ਇਹ ਗੱਲ ਇਤਿਹਾਸਕ ਤੌਰ ‘ਤੇ ਸਹੀ ਨਹੀਂ ਹੈ ਕਿ ਸਿੱਖਾਂ ਨੇ ਸੰਵਿਧਾਨ ‘ਤੇ ਦਸਤਖਤ ਨਹੀ ਸਨ ਕੀਤੇ। ਸਰਦਾਰ ਬਲਦੇਵ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਰ (ਜੋ ਅਕਾਲ ਤਖਤ ਦੇ ਜਥੇਵਾਰ ਵੀ ਰਹੇ ਸਨ), ਸ਼ ਸੁਚੇਤ ਸਿੰਘ, ਸਰਦਾਰ ਬਹਾਦਰ ਰਣਜੀਤ ਸਿੰਘ ਸਮੇਤ ਹੋਰ ਕਈ ਸਿੱਖ ਮੈਂਬਰਾਂ ਨੇ ਦਸਤਖਤ ਕਰ ਦਿੱਤੇ ਸਨ। ਹਾਂ, ਦੋ ਅਕਾਲੀ ਮੈਬਰਾਂ-ਸ਼ ਹੁਕਮ ਸਿੰਘ ਅਰੋੜਾ ਅਤੇ ਸ਼ ਭੋਪਿੰਦਰ ਸਿੰਘ ਮਾਨ ਨੇ ਦਸਤਖਤ ਨਹੀਂ ਸਨ ਕੀਤੇ। ਦਸਤਖਤ ਨਾ ਕਰਨ ਦੀ ਵਜ੍ਹਾ ਵੀ ਧਾਰਾ 25 ਬਿਲਕੁਲ ਨਹੀਂ ਸੀ। ਇਹ ਮੈਂਬਰ ਸਿੱਖਾਂ ਵਾਸਤੇ ਪਾਰਲੀਮੈਂਟ ਅਤੇ ਵਿਧਾਨ ਸਭਾ ਵਿਚ ਸੀਟਾਂ ਅਤੇ ਕੁੱਝ ਮੰਤਰੀ ਪਦ ਰਾਖਵੇਂ ਕਰਵਾਉਣਾ ਚਾਹੁੰਦੇ ਸਨ, ਜੋ ਨਾ ਮੰਨੇ ਜਾਣ ਕਾਰਨ ਇਨ੍ਹਾਂ ਨੇ ਦਸਤਖਤ ਕਰਨੋਂ ਗੁਰੇਜ਼ ਕੀਤਾ। ਪਰ ਬਾਅਦ ਵਿਚ ਹੋਰਨਾਂ ਸਿੱਖ ਆਗੂਆਂ ਵਾਂਗ ਇਹ ਦੋਨੋ ਮੈਂਬਰ ਵੀ ਉਸੇ ਸੰਵਿਧਾਨ ਦੀ ਸਹੁੰ ਖਾ ਕੇ ਸੰਵਿਧਾਨਕ ਪਦਵੀਆਂ ਮਾਣਦੇ ਰਹੇ।
ਯਾਦ ਰਹੇ ਸੰਵਿਧਾਨ ਘੜਨੀ ਸਭਾ ਦੇ ਕੁਲ 299 ਮੈਬਰਾਂ ਵਿਚੋਂ ਦਸਤਖਤ ਕਰਨ ਵਾਲਿਆਂ ਦੀ ਗਿਣਤੀ 284 ਸੀ। ਇਸ ਤਰ੍ਹਾਂ ਦੋ ਅਕਾਲੀ ਮੈਂਬਰਾਂ ਤੋਂ ਬਿਨਾ 13 ਹੋਰ ਮੈਂਬਰ ਵੀ ਸਨ, ਜਿਨ੍ਹਾਂ ਸੰਵਿਧਾਨ ਉਪਰ ਦਸਤਖਤ ਨਹੀ ਸਨ ਕੀਤੇ।
ਧਾਰਾ 25 ਅਤੇ ਅਦਾਲਤੀ ਕੇਸ: ਧਾਰਾ 25 ਅਤੇ ਹੋਰ ਐਕਟਾਂ ਵਿਚ ਸੋਧ ਕਰਾਵਾਉਣ ਲਈ ਡਾ: ਬਰਿੰਦਰਾ ਕੌਰ ਨੇ ਸੁਪਰੀਮ ਕੋਰਟ ਵਿਚ ਇੱਕ ਕੇਸ ਵੀ ਕੀਤਾ ਹੋਇਆ ਹੈ। ਇਸ ਕਾਰਨ ਸਰਕਾਰ ਇਸ ਮਸਲੇ ਨੂੰ ਟਾਲਣ ਲਈ ਸੌਖਿਆਂ ਹੀ ਕਹਿ ਸਕਦੀ ਹੈ ਕਿ ਮਸਲਾ ਕੋਰਟ ਵਿਚ ਸੁਣਵਾਈ ਅਧੀਨ ਹੈ। ਪਿਛਲੇ ਦਿਨੀਂ ਸਰਕਾਰ ਵਲੋਂ ਮੁਸਲਮਾਨਾਂ ਅਤੇ ਈਸਾਈਆਂ ਦੀਆਂ ਅਨੁਸੂਚਿਤ ਜਾਤੀਆਂ ਨੂੰ ਰਾਖਵੇਂਕਰਨ ਵਿਚ ਸ਼ਾਮਿਲ ਕੀਤੇ ਜਾਣ ਦੀ ਮੰਗ ਕਰਨ ਵਾਲਿਆਂ ਨੂੰ ਐਸਾ ਹੀ ਉਤਰ ਦੇ ਕੇ ਗੱਲ ਖਤਮ ਕਰ ਦਿਤੀ ਗਈ ਹੈ।
ਹੱਲ ਕੀ ਹੈ? ਅਸਲ ਵਿਚ ਧਾਰਾ 25 ਸਮੇਤ ਕਿਸੇ ਵੀ ਹਿੰਦੂ ਕਾਨੂੰਨ ਦੀ ਕੋਈ ਵੀ ਧਾਰਾ ਸਿੱਖ ਧਾਰਨਾਵਾਂ ਅਤੇ ਸਿਧਾਂਤਾਂ ਦੇ ਉਲਟ ਨਹੀਂ ਹੈ। ਕੋਈ ਵੀ ਧਾਰਾ ਐਸੀ ਨਹੀਂ ਜਿਹੜੀ ਸਿੱਖਾਂ ਨੂੰ ਸਿੱਖ ਧਰਮ ਮੰਨਣ ਵਿਚ ਅੜਿੱਕਾ ਬਣਦੀ ਹੋਏ। ਹਾਂ, ਪ੍ਰਾਚੀਨ ਪੰਥ ਪ੍ਰਕਾਸ਼ ਦੇ ਲਿਖਾਰੀ ਰਤਨ ਸਿੰਘ ਭੰਗੂ ਅਨੁਸਾਰ (ਜਿਵੇਂ ਸੁਣਿਐ), “ਹਿੰਦੂ ਕਹੇ ਤੇ ਖਿਝਤ ਵਧੇਰਾ” ਮੁਤਾਬਕ ਸਿੱਖਾਂ ਨੂੰ ਹਿੰਦੂ ਕਾਨੂੰਨਾਂ ਦੇ ਤੱਤ ਨਾਲ ਤਾਂ ਭਾਵੇਂ ਕੋਈ ਚਿੜ ਨਾ ਹੋਵੇ ਪਰ ਇਨ੍ਹਾਂ ਦੇ ਸਿਰਲੇਖਾਂ ਨਾਲ ਜ਼ਰੂਰ ਹੈ। ਇਸ ਲਈ ਇਨ੍ਹਾਂ ਦੇ ਟਾਈਟਲ ਤਬਦੀਲ ਕਰਵਾਉਣ ਲਈ ਥੋੜ੍ਹੇ ਯਤਨ ਜ਼ਰੂਰ ਕਰ ਲੈਣੇ ਚਾਹੀਦੇ ਹਨ। ਜਿਵੇਂ ‘ਹਿੰਦੂ ਮੈਰਿਜ ਐਕਟ” ਦੀ ਥਾਂ “ਹਿੰਦੂ, ਸਿੱਖ, ਬੋਧੀ, ਜੈਨੀ ਮੈਰਿਜ ਐਕਟ, “ਹਿੰਦੂ ਅਡਾਪਸ਼ਨ ਐਕਟ” ਦੀ ਥਾਂ, ” ਹਿੰਦੂ, ਸਿੱਖ, ਬੋਧੀ, ਜੈਨੀ ਅਡਾਪਸ਼ਨ ਐਕਟ” ਆਦਿ।
ਇਕੱਲੀ ਧਾਰਾ 25 ਵਿਚਲੀ ਸੋਧ ਸਿੱਖ ਪਛਾਣ ਦਾ ਮਸਲਾ ਹੱਲ ਨਹੀ ਕਰ ਸਕਦੀ। ਇਸ ਵਾਸਤੇ ਵਿਆਪਕ ਸੋਧਾਂ ਦੀ ਜ਼ਰੂਰਤ ਹੈ। ਰਿਜ਼ਰਵੇਸ਼ਨ ਦਾ ਸਵਾਲ ਵੀ ਅਹਿਮ ਹੈ। ਭਾਰਤ ਸਰਕਾਰ ਦੇ 1959 ਦੇ ਸਰਕੂਲਰ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ “ਘਰ ਵਾਪਸੀ” ਵਾਲੇ ਵਿਅਕਤੀ ਆਪਣੀ ‘ਪਹਿਲੀ ਖੁੱਸੀ’ ਹੋਈ ਰਿਜ਼ਰਵੇਸ਼ਨ ਦੇ ਹੱਕਦਾਰ ਹਨ। ਇਸ ਅਨੁਸਾਰ ਹੁਣ ਤਾਂ ਈਸਾਈਆਂ ਤੋਂ ਸਿੱਖ ਬਣਨ ਵਾਲਿਆਂ ਨੂੰ ਵੀ ਇਹ ਲਾਭ ਪ੍ਰਾਪਤ ਹੈ। ਮੰਨ ਲਓ ਜੇ ਇਹ ਨਾ ਹੋਏ, ਕੀ ਇਹ ਲੋਕ ਫਿਰ ਸਿੱਖ ਬਣਨਗੇ ਜਾਂ ਹਿੰਦੂ? ਜੇ ਗੱਲ ਸਿੱਖ ਸਿਧਾਂਤਾਂ ਅਨੁਸਾਰ ਜਾਤ ਪਾਤ ਦੇ ਨਿਖ਼ੇਧ ਦੀ ਹੈ ਤਾਂ ਫਿਰ ਸੋਚਣਾ ਪਏਗਾ ਕਿ ਰਿਜ਼ਰਵੇਸ਼ਨ ਵਾਸਤੇ ਪਹਿਲਾਂ 1949 ਵਿਚ ਸਿੱਖ ਨੁਮਾਇੰਦਿਆਂ ਨੇ ਮੰਗ ਪੱਤਰ ਕਿਉਂ ਦਿਤਾ ਅਤੇ ਫਿਰ 1953 ਵਿਚ ਮਾਸਟਰ ਤਾਰਾ ਸਿੰਘ ਨੇ ਮੋਰਚਾ ਕਿਉਂ ਲਾਇਆ? ਕੀ ਅੱਜ ਦੇ ਸਿੱਖ ਆਗੂ ਰਿਜ਼ਰਵੇਸ਼ਨ ਦੀ ਇਹ ਸਹੂਲਤ ਤਿਆਗਣ ਲਈ ਤਿਆਰ ਹਨ? ਅਜੇ ਤੱਕ ਸਿੱਖ ਲੀਡਰਾਂ ਨੇ ਇਸ ਸਵਾਲ ਬਾਰੇ ਸੋਚਣ ਦੀ ਲੋੜ ਨਹੀਂ ਸਮਝੀ। ਸੋ, ਇਨ੍ਹਾਂ ਹਾਲਤਾਂ ਵਿਚ ਧਾਰਾ 25 ਵਿਚ ਮੰਗੀ ਜਾ ਰਹੀ ਸੋਧ ਸਿੱਖਾਂ ਦੀ ਵੱਖਰੀ ਪਛਾਣ ਸਥਾਪਿਤ ਕਰਨ ਵਿਚ ਕੋਈ ਯੋਗਦਾਨ ਨਹੀਂ ਪਾਏਗੀ, ਕਿਉਂਕਿ ਇਹ ਧਾਰਾ ਤਾਂ ਪਹਿਲਾਂ ਹੀ ਸਿੱਖਾਂ ਨੂੰ ਸਿੱਖ ਮੰਨਣ ਅਤੇ ਕਿਰਪਾਨਾਂ ਪਹਿਨਣ ਦੇ ਅਧਿਕਾਰ ਦਾ ਸਪਸ਼ਟ ਐਲਾਨ ਕਰਦੀ ਹੈ। ਇਸ ਲਈ ਜਿਥੇ ਇਸ ਧਾਰਾ ਵਿਚ ਸੋਧ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਉਥੇ ਕੁੱਝ ਯਤਨ ਇਸ ਸੋਧ ਕਾਰਨ ਸਿਖਾਂ ਉਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਕਰ ਲੈਣੇ ਚਾਹੀਦੇ ਹਨ।

(ਧੰਨਵਾਦ ਸਹਿਤ ਪੰਜਾਬ ਟਾਈਮਜ਼ ਵਿਚੋਂ)


21/02/15)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ੴ ਸਤਿਗੁਰ ਪ੍ਰਸਾਦਿ॥
ਕੁਝ ਕੁ ਜਾਣਕਾਰੀ!

ਸਾਰੇ ਸਿੱਖ ਜਾਣਦੇ ਹਨ ਕਿ “ਗੁਰੂ ਗਰੰਥ ਸਾਹਿਬ” ਸਿੱਖਾਂ ਦਾ ਇਕੋ ਹੀ ਧਰਮ ਗਰੰਥ ਹੈ। ਜਿਸ ਦਾ ਅਰੰਭ॥ ਜਪੁ॥ ਬਾਣੀ ਤੋਂ ਹੋ ਕੇ “ਮੁੰਦਾਵਣੀ” ਵਿਖੇ ਸਮਾਪਤ ਹੁੰਦਾ ਹੈ ਜਿਵੇਂ: “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥” ਅਤੇ “ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨ ਮਨੁ ਥੀਵੈ ਹਰਿਆ॥ ੧॥” ਦੇਖੋ (ਪੰਨੇ ੧ ਤੋਂ ੧੪੨੯)
ਛੇ ਗੁਰੂ ਸਾਹਿਬਾਨ (ਮਹਲਾ ੧, ਮਹਲਾ ੨, ਮਹਲਾ ੩, ਮਹਲਾ ੪, ਮਹਲਾ ੫ ਅਤੇ ਮਹਲਾ ੯) ਨੇ ਬਾਣੀ “ਨਾਨਕ ਨਾਮ” ਹੇਠ ਹੀ ਉਚਾਰੀ ਹੋਈ ਹੈ। ਇਸ ਪ੍ਰਥਾਏ ਕੁੱਝ ਕੁ ਬਾਣੀਆਂ ਦਾ ਵੇਰਵਾ ਇੰਜ ਹੈ:
ਪੰਨਾ ਨੰਬਰ ---ਬਾਣੀ ----------“ਨਾਨਕ” ਕਿੰਨੀ ਵਾਰ
੧ ਤੋਂ ੮॥ ----ਜਪੁ॥ ------------------੩੦
੮ ਤੋਂ ੧੨॥- -ਸੋ ਦਰੁ ਸੋ ਪੁਰਖੁ॥ ---------੧੪
੧੨-੧੩॥ ---ਸੋਹਿਲਾ॥ ---------------੫
੨੬੨ ਤੋਂ ੨੯੬॥ -ਸੁਖਮਨੀ॥ ----------੨੧੫
੪੬੨ ਤੋਂ ੪੭੫॥- ਆਸਾ ਕੀ ਵਾਰ॥-- ----੬੪
੯੧੭ ਤੋਂ ੯੨੨॥- ਅਨੰਦੁ॥ ----------੪੦
੧੪੨੬ ਤੋਂ ੧੪੨੯॥ -ਸਲੋਕ ਮਹਲਾ ੯॥ -੫੬
ਪਰ, ਐਸੀ ਜਾਣਕਾਰੀ ਹੋਰ ਲਿਖਤਾਂ ਵਿਖੇ ਨਹੀਂ ਮਿਲਦੀ ਜਿਵੇਂ: ਰਾਗ ਮਾਲਾ, ਜਾਪੁ, ੧੦ ਸਵੱਯੇ, ਬੇਨਤੀ ਚੌਪਈ, ਵਾਰ ਸ੍ਰੀ ਭਗੌਤੀ, ਚੌਬੀਸ ਅਵਤਾਰ ਦਾ ਅਖੀਰਲਾ ਸਵੱਯਾ ਅਤੇ ਦੋਹਰਾ, ਅਕਾਲ ਉਸਤਤਿ, ਬਚਿਤ੍ਰ ਨਾਟਕ, ਚੰਡੀ ਚਰਿਤ੍ਰ (ਉਕਤਿ ਬਿਲਾਸ), ਚੰਡੀ ਚਰਿਤ੍ਰ-੨, ਵਾਰ ਦੁਰਗਾ ਕੀ, ਗਿਆਨ ਪ੍ਰਬੋਧ, ਚੌਬੀਸ ਅਵਤਾਰ, ੩੩ ਸਵੱਯੇ, ਸ਼ਸਤ੍ਰ ਨਾਮ ਮਾਲਾ, ਚਰਿਤ੍ਰੋਪਾਖਿਆਨ, ਆਦਿਕ।
ਸ਼ਾਇਦ ਬਹੁਤ ਸਾਰੇ ਸਿੱਖਾਂ ਨੂੰ ਪਤਾ ਹੋਵੇ ਕਿ “ਦੀ ਸਿੱਖ ਗੁਰਦੁਆਰਾਜ਼ ਐਕਟ ੧੯੨੫” ਦੇ ਦੋ ਮੰਤਵ ਹਨ: (੧) ਇਤਹਾਸਕ ਗੁਰਦੁਆਰਿਆਂ ਦੀ ਸੰਭਾਲ ਅਤੇ (੨) ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰ ਓਪਦੇਸ਼ਾਂ ਦਾ ਪ੍ਰਚਾਰ ਕਰਨਾ। ਇਹ ਕੰਮ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ” ਨੂੰ ਸੌਂਪਿਆ ਹੋਇਆ ਹੈ। ਨਾਲ ਹੀ ਇਹ ਵੀ ਚੇਤਾਵਣੀ ਦਿੱਤੀ ਹੋਈ ਹੈ ਕਿ ਜੇ ਕਮੇਟੀ ਦਾ ਕੋਈ ਔਹਦੇਦਾਰ, ਇਸ ਐਕਟ ਅਨੁਸਾਰ ਆਪਣੀ ਜ਼ੁਮੇਵਾਰੀ ਨਹੀਂ ਨਿਭਾਉਂਦਾ ਤਾਂ ਉਸ ਨੂੰ ਬਰਖਾਸਤ ਵੀ ਕੀਤਾ ਜਾ ਸਕਦਾ ਹੈ। ਦੇਖੋ, ਇਸ ਐਕਟ ਦੀ ਧਾਰਾ ੧੩੪ (ਜੀ) ! ਇੰਜ, ੧੯੩੬-੧੯੪੫ ਤੋਂ ਐਸੀਆਂ ਕਮੇਟੀਆਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਉਪਰ ਐਕਸ਼ਨ ਲੈਣਾ ਬਣਦਾ ਹੈ!
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)


21/02/15)
ਨਿਰਮਲ ਸਿੰਘ ਕੰਧਾਲਵੀ

ਚੜ੍ਹ ਜਾ ਬੋਤੇ `ਤੇ, ਮੰਨ ਲੈ ਭੌਰ ਦੀ ਆਖੀ
ਦਿੱਲੀ ਦੀਆਂ ਚੋਣਾਂ ਵਿੱਚ ਭਾਰਤ ਤਾਂ ਕੀ ਦੁਨੀਆਂ ਦਾ ਇਤਿਹਾਸ ਕੇਜਰੀਵਾਲ ਦੀ ਆਪ ਪਾਰਟੀ ਨੇ ਬਦਲ ਕੇ ਰੱਖ ਦਿੱਤਾ। ਅਜੇ ਇੱਕ ਸਾਲ ਪਹਿਲਾਂ ਹੀ ਕੇਜਰੀਵਾਲ ਨੇ ਦਿੱਲੀ ਦੀ ਗੱਦੀ ਛੱਡ ਕੇ ਮੋਦੀ ਨੂੰ ਲੋਕ ਸਭਾ ਦੀਆਂ ਚੋਣਾਂ `ਚ ਲਲਕਾਰਾ ਮਾਰ ਦਿਤਾ ਸੀ ਪਰ ਬੁਰੀ ਤਰ੍ਹਾਂ ਹਾਰਿਆ। ਪੰਜਾਬੀਆਂ ਨੇ ਆਪ ਪਾਰਟੀ ਦੀ ਲਾਜ ਰੱਖੀ ਨਹੀਂ ਤਾਂ ਬਿਲਕੁਲ ਹੀ ਸਫ਼ਾਂ ਗੋਲ਼ ਹੋ ਗਈਆਂ ਸਨ, ਉਧਰ ਦਿੱਲੀ ਦੇ ਲੋਕ ਅਲੱਗ ਦੁਖੀ ਹੋ ਗਏ ਕਿ ਜਿਹੜੇ ਵਿਅਕਤੀ ਨੇ ਉਹਨਾਂ ਦੇ ਦੁਖ ਹਰਨ ਦਾ ਪ੍ਰਣ ਕੀਤਾ ਸੀ ਉਹ ਉਹਨਾਂ ਨੂੰ ਮੰਝਧਾਰ `ਚ ਛੱਡ ਕੇ ਚਲਿਆ ਗਿਆ ਸੀ। ਲੋਕ ਸਭਾ ਦੀਆਂ ਚੋਣਾਂ `ਚ ਭਾਜਪਾ ਤੇ ਕਾਂਗਰਸ ਨੇ ਇਸੇ ਗੱਲ ਨੂੰ ਆਧਾਰ ਬਣਾ ਕੇ ਕੇਜਰੀਵਾਲ ਨੂੰ ਭੰਡਿਆ ਵੀ।
ਕੇਜਰੀਵਾਲ਼ ਨੂੰ ਵੀ ਇਸ ਗੱਲ ਦੀ ਸਮਝ ਆ ਚੁਕੀ ਸੀ ਕਿ ਲੋਕ ਸਭਾ ਦੀਆਂ ਚੋਣਾਂ `ਚ ਕੁੱਦਣਾ ਕੋਈ ਸਿਆਣਪ ਨਹੀਂ ਸੀ ਕਿਉਂਕਿ ਅਜੇ ਪਾਰਟੀ ਦਾ ਕੋਈ ਕੌਮੀ ਵਜੂਦ ਨਹੀਂ ਸੀ। ਹੁਣ ਦਿੱਲੀ ਦੀਆਂ ਚੋਣਾਂ ਵੇਲੇ ਕੇਜਰੀਵਾਲ਼ ਨੇ ਲੋਕਾਂ ਕੋਲੋਂ ਦਿਲ ਤੋਂ ਇਸ ਗ਼ਲਤੀ ਦੀ ਮੁਆਫ਼ੀ ਮੰਗੀ ਤੇ ਲੋਕਾਂ ਨੇ ਮੁਆਫ਼ ਵੀ ਕਰ ਦਿਤਾ, ਵੈਸੇ ਵੀ ਲੋਕ ਉਸ ਦੀ ਸਾਫ਼ਗੋਈ ਦਾ ਸਿੱਕਾ ਮੰਨਦੇ ਹਨ। ਉਧਰ ਭਾਜਪਾ ਦਾ ਅਜੇ ਤੱਕ ਲੋਕ ਸਭਾ `ਚ ਬਹੁ ਸੰਮਤੀ ਮਿਲਣ ਦਾ ਨਸ਼ਾ ਹੀ ਨਹੀਂ ਸੀ ਉਤਰਿਆ। ਜਿਵੇਂ ਸਿੰਘ ਦਿੱਲੀ ਨੂੰ ਬਿੱਲੀ ਮਾਰਨਾ ਕਹਿ ਕੇ ਕਈ ਵਾਰੀ ਛੱਡ ਕੇ ਪੰਜਾਬ ਨੂੰ ਵਾਪਿਸ ਆ ਜਾਂਦੇ ਸਨ ਉਸੇ ਤਰ੍ਹਾਂ ਭਾਜਪਾ ਦਿੱਲੀ ਦੀ ਚੋਣ ਨੂੰ ਤਾਂ ਇਉਂ ਸਮਝਦੀ ਸੀ ਜਿਵੇਂ ਦਿੱਲੀ ਦੀ ਜਿੱਤ ਉਹਨਾਂ ਦੀ ਜੇਬ ਵਿੱਚ ਪਾਈ ਹੋਵੇ ਪਰ ਫੇਰ ਵੀ ਕੇਜਰੀਵਾਲ਼ ਨੂੰ ਠਿੱਬੀ ਮਾਰਨ ਲਈ ਉਹਨਾਂ ਨੇ ਆਪ ਪਾਰਟੀ ਵਿੱਚ ਸੰਨ੍ਹ ਲਗਾਈ। ਪਹਿਲਾਂ ਬਿੰਨੀ ਫੇਰ ਸ਼ਾਜ਼ੀਆ ਇਲਮੀ ਤੇ ਫਿਰ ਕਿਰਨ ਬੇਦੀ ਨੂੰ ਹਾਈਜੈਕ ਕੀਤਾ। ਕਿਰਨ ਬੇਦੀ ਨੂੰ ਤਾਂ ਸਿੱਧੀ ਮੁੱਖ ਮੰਤਰੀ ਦੀ ਕੁਰਸੀ ਹੀ ਪੇਸ਼ ਕਰ ਦਿਤੀ ਤੇ ਜੋ ਹਾਲ ਉਸ ਵਿਚਾਰੀ ਦਾ ਹੋਇਆ ਉਹ ਸਾਰੇ ਜਾਣਦੇ ਹਨ।
ਭਾਜਪਾ ਹੁਣ ਮੰਨ ਰਹੀ ਕਿ ਕਿਰਨ ਬੇਦੀ ਨੂੰ ਲਿਆਉਣਾ ਗ਼ਲਤ ਸੀ, ਜੇ ਲਿਆਉਣਾ ਸੀ ਤਾਂ ਬਹੁਤ ਪਹਿਲਾਂ ਲਿਆਇਆ ਜਾਂਦਾ। ਉਧਰ ਕਿਰਨ ਬੇਦੀ ਮੁਆਫ਼ੀਆਂ ਮੰਗੀ ਜਾਂਦੀ ਐ ਤੇ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਜਾਂਦੀ ਐ। ਸਾਡੀ ਜਾਚੇ ਕਿਰਨ ਬੇਦੀ ਨੂੰ ਮੁਆਫ਼ੀ ਮੰਗਣ ਦੀ ਕੋਈ ਲੋੜ ਨਹੀਂ। ਇਹ ਭਾਜਪਾ ਦੀ ਕੋਈ ਅੰਦਰੂਨੀ ਪਾਲਿਸੀ ਸੀ। ਸ਼ਾਇਦ ਉਹਨਾਂ ਨੂੰ ਹਾਰ ਭਾਸਣ ਲੱਗ ਪਈ ਸੀ ਅਤੇ ਉਹਨੀਂ ਇਹ ਸੋਚਿਆ ਹੋਵੇ ਕਿ ਪਾਰਟੀ ਦੀ ਹਾਰ ਦੀ ਸੂਰਤ ਵਿੱਚ ਕਿਸੇ ਹੋਰ ਸਿਰ ਇਸ ਦਾ ਭਾਂਡਾ ਭੰਨਿਆ ਜਾ ਸਕੇ। ਕਿਰਨ ਬੀਬੀ ਭੋਲੀਆਂ ਗੱਲਾਂ ਕਰਦੀ ਐ। ਅਸਲ ਵਿੱਚ ਉਹ ਘਾਗ ਸਿਆਸਤਦਾਨਾਂ ਦੇ ਅੜਿੱਕੇ ਚੜ੍ਹ ਗਈ। ਸ਼ਾਇਦ ਮਿਲਣ ਵਾਲ਼ੀ ਤਾਕਤ ਦੇ ਨਸ਼ੇ ਨੇ ਉਸ ਨੂੰ ਬਾਕੀ ਸਭ ਕੁੱਝ ਭੁਲਾ ਦਿਤਾ ਹੋਵੇ। ਇਸ ਤਾਕਤ ਦੇ ਨਸ਼ੇ ਲਈ ਤਾਂ ਸਿਅਸਤਦਾਨ ਲਾਸ਼ਾਂ `ਤੇ ਕੁਰਸੀ ਡਾਹ ਲੈਂਦੇ ਹਨ। ਦੁਨੀਆਂ ਦਾ ਇਤਿਹਾਸ ਇਸ ਦਾ ਗਵਾਹ ਹੈ। ਦੂਰ ਜਾਣ ਦੀ ਲੋੜ ਨਹੀਂ ਆਪਣੇ ਆਲ਼ੇ-ਦੁਆਲ਼ੇ ਹੀ ਨਜ਼ਰ ਮਾਰ ਕੇ ਦੇਖ ਲਉ। ਵੈਸੇ ਵੀ ਪਾਰਟੀ `ਚ ਪੰਦਰਾਂ ਦਿਨ ਪਹਿਲਾਂ ਹੀ ਆਏ ਵਰਕਰ ਨੂੰ ਭਾਵੀ ਮੁੱਖ ਮੰਤਰੀ ਦੇ ਅਹੁੱਦੇਦਾਰ ਦੇ ਤੌਰ `ਤੇ ਚੋਣ ਲੜਾਉਣਾ ਇੱਕ ਬੜੀ ਅਚੰਭੇ ਵਾਲ਼ੀ ਗੱਲ ਸੀ। ਕਿਰਨ ਬੀਬੀ ਇਹ ਸਮਝਣ ਵਿੱਚ ਵੀ ਨਾਕਾਮ ਰਹੀ ਕਿ ਭਾਜਪਾ ਆਪਣੇ ਧਨੰਤਰ ਸਿਆਸਤਦਾਨਾਂ, ਡਾਕਟਰ ਹਰਸ਼ ਵਰਧਨ ਵਰਗਿਆਂ ਨੂੰ ਛੱਡ ਕੇ ਉਸ `ਤੇ ਹੀ ਕਿਉਂ ਮਿਹਰਬਾਨ ਹੋ ਰਹੀ ਹੈ? ਬੀਬੀ ਇਹ ਸੋਚਣ ਵਿੱਚ ਵੀ ਫੇਹਲ ਹੋ ਗਈ ਕਿ ਉਹਦਾ ਪੁਲਿਸ ਦਾ 40 ਸਾਲ ਦਾ ਤਜਰਬਾ ਸਿਆਸਤ ਦੇ ਤਜਰਬਿਆਂ ਸਾਹਮਣੇ ਕੁੱਝ ਵੀ ਨਹੀਂ। ਵੈਸੇ ਵੀ ਇਹ ਕੁਦਰਤੀ ਹੈ ਕਿ ਜਿਸ ਪਾਰਟੀ `ਚ ਵਰਕਰ ਚਾਲੀ ਚਾਲੀ ਸਾਲ ਤੋਂ ਕੰਮ ਕਰ ਰਹੇ ਹੋਣ, ਉਹਨਾਂ ਨੂੰ ਇੱਕ ਪਾਸੇ ਕਰ ਕੇ ਰਾਤੋ ਰਾਤ ਕਿਸੇ ਹੋਰ ਪਾਰਟੀ `ਚੋਂ ਬੰਦਾ ਲਿਆ ਕੇ ਫਿਟ ਕਰ ਦਿਤਾ ਜਾਵੇ ਤੇ ਉਹ ਵੀ ਭਾਵੀ ਮੁੱਖ ਮੰਤਰੀ ਦੇ ਤੌਰ `ਤੇ ਤਾਂ ਉਹਨਾਂ ਵਰਕਰਾਂ ਦੇ ਮਨਾ `ਤੇ ਕੀ ਬੀਤੇਗੀ? ਨਾ ਬੀਬੀ ਨੇ ਸੋਚਿਆ ਨਾ ਉਸਨੂੰ ਕਿਸੇ ਨੇ ਦੱਸਿਆ। ਸ਼ਾਇਦ ਦਸਿਆ ਵੀ ਹੋਵੇ ਤਾਂ ਉਹਨੇ ਪਰਵਾਹ ਹੀ ਨਾ ਕੀਤੀ ਹੋਵੇ। ਜਿਸ ਲੋਕ ਪਾਲ ਨੂੰ ਬਣਾਉਣ ਲਈ ਬੀਬੀ ਅੰਨਾ ਹਜ਼ਾਰੇ ਨਾਲ਼ ਝੰਡਾ ਚੁੱਕਦੀ ਹੁੰਦੀ ਸੀ, ਉਸੇ ਲੋਕ ਪਾਲ ਦੇ ਵਿਰੁੱਧ ਹੀ ਬੋਲਣ ਲੱਗ ਪਈ ਕਿ ਹੁਣ ਉਸ ਦੀ ਕੋਈ ਲੋੜ ਨਹੀਂ ਕਿਉਂਕਿ ਹੁਣ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਹੈ। ਲੋਕਾਂ ਨੂੰ ਬੀਬੀ ਦਾ ਇਹ ਮੰਤਕ ਸਮਝ ਨਹੀਂ ਆਇਆ ਮੋਦੀ, ਕਾਰਪੋਰੇਟ ਘਰਾਣਿਆਂ ਦਾ ਹੱਥਠੋਕਾ, ਲੋਕਪਾਲ ਕਿਵੇਂ ਬਣ ਜਾਊ?
ਭਾਜਪਾ ਦੇ ਦਿੱਲੀ ਚੋਣ ਹਾਰਨ ਦੇ ਹੋਰ ਬਹੁਤ ਕਾਰਨ ਹਨ ਪਰ ਉਹ ਠੀਕਰਾ ਬੀਬੀ ਸਿਰ ਭੰਨਣਾ ਚਾਹੁੰਦੀ ਹੈ। ਅਸੀਂ ਇੱਕ ਦੋ ਕਾਰਨਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗੇ। ਕੀ ਮੋਦੀ ਨੂੰ ਕੇਜਰੀਵਾਲ ਦੇ ਖ਼ਿਲਾਫ਼ ਬੋਲਣ ਲਈ ਇਤਨੇ ਨੀਵੇਂ ਪੱਧਰ `ਤੇ ਆਉਣਾ ਚਾਹੀਦਾ ਸੀ? ਕੀ ਮੋਦੀ ਦਾ ਦਸ ਲੱਖਾ ਸੂਟ ਵੀ ਭਾਜਪਾ ਦੀ ਹਾਰ ਲਈ ਜ਼ਿੰਮੇਚਾਰ ਨਹੀਂ? ਚੋਣਾਂ ਤੋਂ ਕੁੱਝ ਦਿਨ ਪਹਿਲਾਂ ਹੀ ਅਮਿਤ ਸ਼ਾਹ ਦਾ ਇਹ ਬਿਆਨ ਕਿ ਲੋਕ ਸਭਾ ਚੋਣਾਂ ਦੌਰਾਨ ਕਾਲ਼ੇ ਧਨ `ਚੋਂ ਦੇਸ਼ ਦੇ ਲੋਕਾਂ ਨੂੰ 15-15 ਲੱਖ ਰੁਪਇਆ ਦੇਣ ਦਾ ਵਾਅਦਾ ਤਾਂ ਚੋਣ ਪ੍ਰਚਾਰ ਦਾ ਇੱਕ ਜੁਮਲਾ ਸੀ। ਕੀ ਇਹ ਦੇਸ਼ ਦੇ ਲੋਕਾਂ ਨਾਲ਼ ਕੋਝਾ ਮਜ਼ਾਕ ਨਹੀਂ ਸੀ? ਸਿਆਸਤ ਨੂੰ ਸਮਝਣ ਵਾਲ਼ੇ ਲੋਕ ਤਾਂ ਉਦੋਂ ਵੀ ਇਹੋ ਕਹਿੰਦੇ ਸਨ ਇਹ ਸਾਰੇ ਚੋਣ ਸਟੰਟ ਹਨ ਪਰ ਉਹਨਾਂ ਕਰੋੜਾਂ ਲੋਕਾਂ ਨੂੰ ਭਾਜਪਾ ਨੇ ਬੇਵਕੂਫ਼ ਨਹੀਂ ਬਣਾਇਆ ਜਿਹਨਾਂ ਨੂੰ ਸੌ ਦਿਨਾਂ `ਚ ਲੱਖਪਤੀ ਬਣਾਉਣ ਦੇ ਸਬਜ਼ ਬਾਗ਼ ਭਾਜਪਾ ਨੇ ਦਿਖਾਏ?
ਬੀਬੀ, ਸਾਨੂੰ ਪਤੈ ਤੇਰੇ `ਚ ਸੇਵਾ ਦਾ ਜਜ਼ਬਾ ਹੈਗਾ। ਜੋ ਦਿੱਲੀ `ਚ ਹੋਇਆ ਭੁੱਲ ਜਾ ਉਹਨੂੰ। ‘ਘਰ ਵਾਪਿਸੀ’ ਕਰ ਲੈ। ਤੂੰ ਦੇਖ ਹੀ ਲਿਐ ਕਿ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਸਰਕਾਰ ਨੇ ਆਰਡੀਨੈਂਸ ਰਾਹੀਂ ਹੀ ਰਾਹ ਮੋਕਲਾ ਕਰ ਲਿਐ। ‘ਅੱਛੇ ਦਿਨਾਂ’ ਦੇ ਝੁਰਲੂ ਪਿੱਛੇ ਕਰੋੜਾਂ ਲੋਕਾਂ ਦੀਆਂ ਬਰਬਾਦੀਆਂ ਲੁਕੀਆਂ ਪਈਆਂ ਹਨ। ਘੱਟ ਗਿਣਤੀਆਂ ਧਮਕੀਆਂ ਭਰੇ ਮਾਹੌਲ `ਚ ਜੀਣ ਲਈ ਮਜਬੂਰ ਹਨ। ਉਹ ਵਿਚਾਰ ਡਰਦੇ ਹੀ ਸ਼ਿਵ ਜੀ ਨੂੰ ਮੁਸਲਮਾਨਾਂ ਦਾ ਪੈਗੰਬਰ ਮੰਨਣ ਲੱਗ ਪਏ ਹਨ। ਅੰਨਾ ਹਜ਼ਾਰੇ ਨੇ ਫੇਰ ਝੰਡਾ ਚੁੱਕ ਲਿਐ। ਅਸੀਂ ਨਹੀਂ ਕਹਿੰਦੇ ਕਿ ਤੂੰ ਕੇਜਰੀਵਾਲ ਦੀ ਪਾਰਟੀ `ਚ ਸ਼ਾਮਲ ਹੋ ਪਰ ਜੇ ਲੋਕਾਂ ਦੀ ਸੱਚੀ ਹਮਦਰਦ ਬਣਨੈ ਤਾਂ ਉਸ ਬਜ਼ੁਰਗ਼ ਨੂੰ ਇੱਕ ਵਾਰੀ ਫੇਰ ਆਸਰਾ ਦੇਹ।
ਨਿਰਮਲ ਸਿੰਘ ਕੰਧਾਲਵੀ


21/02/15)
ਬਲਦੀਪ ਸਿੰਘ ਰਾਮੂੰਵਾਲੀਆ/ਸਰਬਜੀਤ ਕੌਰ

ਸਾਕਾ ਨਨਕਾਣੇ ਦੇ ਸ਼ਹੀਦ
ਅੱਜ ਦੇ ਦਿਨ ੨੧ ਫਰਵਰੀ ੧੯੨੧ ਨੂੰ ਨਨਕਾਣੇ ਦਾ ਸਾਕਾ ਵਾਪਰਿਆ ਸੀ ਜਿਸ ਵਿਚ ਬਾਬੇ ਨਾਨਕ ਦੇ ਇਸ ਅਸਥਾਨ ਨੂੰ ਨਰੈਣੂ ਮੰਹਤ ਤੋ ਆਜ਼ਾਦ ਕਰਾਉਣ ਲਈ ਭਾਈ ਲਛਮਣ ਸਿੰਘ ਧਾਰੋਵਾਲੀਆ ਜਾਮ-ਏ-ਸ਼ਹਾਦਤ ਪੀ ਗਏ ਸਨ। ਉਸ ਸਾਕੇ ਵਿਚ ਸ਼ਹੀਦ ਹੋਏ ਸਿੰਘਾਂ ਦੇ ਨਾਮ ਹਨ :-
੧. ਭਾਈ ਲਛਮਣ ਸਿੰਘ ਧਾਰੋਵਾਲ
੨. ਭਾਈ ਈਸ਼ਰ ਸਿੰਘ ਧਾਰੋਵਾਲ
੩. ਭਾਈ ਮੰਗਲ ਸਿੰਘ ਕਿਰਪਾਨ ਬਹਾਦਰ
੪. ਭਾਈ ਸੁੰਦਰ ਸਿੰਘ ਧਾਰੋਵਾਲ
੫. ਭਾਈ ਆਤਮਾ ਸਿੰਘ ਧਾਰੋਵਾਲ
੬. ਭਾਈ ਈਸ਼ਰ ਸਿੰਘ ਧਾਰੋਵਾਲ (ਦੂਜਾ)
੭. ਭਾਈ ਚਰਨ ਸਿੰਘ ਜੀ ਕੋਟਲਾ ਸੰਤਾ ਸਿੰਘ
੮. ਭਾਈ ਨਰਾਇਣ ਸਿੰਘ ਬੁਰਜ ਚੱਕ ਨੰ:੫੫
੯. ਭਾਈ ਦਿਆਲ ਸਿੰਘ ਬੁਰਜ ਚੱਕ ਨੰ:੫੫
੧੦. ਭਾਈ ਕਿਸ਼ਨ ਸਿੰਘ ਜੀ ਬੁਰਜ ਚੱਕ ਨੰ:੫੫
੧੧. ਭਾਈ ਹਜ਼ਾਰਾ ਸਿੰਘ ਜੀ ਬੰਡਾਲਾ ਚੱਕ ਨੰ:੬੪
੧੨. ਭਾਈ ਵਰਿਆਮ ਸਿੰਘ ਜੀ ਬੰਡਾਲਾ ਚੱਕ ਨੰ:੬੪
੧੩. ਭਾਈ ਚੇਤ ਸਿੰਘ ਜੀ ਬੁੰਡਾਲਾ ਚੱਕ ਨੰ:੬੪
੧੪. ਭਾਈ ਉਜਾਗਰ ਸਿੰਘ ਜੀ ਬੁੰਡਾਲਾ ਚੱਕ ਨੰ:੬੪
੧੫. ਭਾਈ ਸੱਮਾਂ ਸਿੰਘ ਜੀ ਬੰਡਾਲਾ ਚੱਕ ਨੰ: ੭੧
੧੬.ਭਾਈ ਬਾਰਾ ਸਿੰਘ ਜੀ ਬੰਡਾਲਾ ਚੱਕ ਨੰ:੭੧
੧੭.ਭਾਈ ਇੱਛਰ ਸਿੰਘ ਜੀ ਬੁੰਡਾਲਾ ਚੱਕ ਨੰ:੭੧
੧੮.ਭਾਈ ਧਰਮ ਸਿੰਘ ਜੀ ਬੁੰਡਾਲਾ ਚੱਕ ਨੰ:੭੧
੧੯.ਭਾਈ ਟਹਲ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੨੦.ਭਾਈ ਸੁਰੈਣ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੨੧.ਭਾਈ ਬੱਗਾ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੨੨.ਭਾਈ ਹਰਨਾਮ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੨੩.ਭਾਈ ਦਲ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੨੪.ਭਾਈ ਕੇਸਰ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੨੫.ਭਾਈ ਭਗਵਾਨ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੨੬.ਭਾਈ ਜਵਾਲਾ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੨੭.ਭਾਈ ਖੁਸ਼ਹਾਲ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੨੮.ਭਾਈ ਜਵੰਦ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੨੯.ਭਾਈ ਪੰਜ਼ਾਬ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੩੦.ਭਾਈ ਨਰੈਣ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੩੧.ਭਾਈ ਰਾਮ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੩੨.ਭਾਈ ਸੁੰਦਰ ਸਿੰਘ ਜੀ ਨਜ਼ਾਮਪੁਰ ਦੇਵਾ ਸਿੰਘ
੩੩.ਭਾਈ ਭਾਗ ਸਿੰਘ ਨਜ਼ਾਮਪੁਰ ਦੇਵਾ ਸਿੰਘ
੩੪.ਭਾਈ ਸੇਵਾ ਸਿੰਘ ਜੀ ਨਜ਼ਾਮਪੁਰ ਮੂਲਾ ਸਿੰਘ
੩੫.ਭਾਈ ਬੂੜ ਸਿੰਘ ਜੀ ਨਜ਼ਾਮਪੁਰ ਮੂਲਾ ਸਿੰਘ
੩੬.ਭਾਈ ਸੁਰੈਣ ਸਿੰਘ ਜੀ ਨਜ਼ਾਮਪੁਰ ਮੂਲਾ ਸਿੰਘ
੩੭.ਭਾਈ ਗੁਜਰ ਸਿੰਘ ਜੀ ਨਜ਼ਾਮਪੁਰ ਚੇਲੇ ਵਾਲਾ
੩੮.ਭਾਈ ਚੰਦਾ ਸਿੰਘ ਜੀ ਨਜ਼ਾਮਪੁਰ ਚੇਲੇ ਵਾਲਾ
੩੯.ਭਾਈ ਗੰਗਾ ਸਿੰਘ ਨਜ਼ਾਮਪੁਰ ਚੇਲੇ ਵਾਲਾ
੪੦.ਭਾਈ ਵਰਿਆਮ ਸਿੰਘ ਨਜ਼ਾਮਪੁਰ ਚੇਲੇ ਵਾਲਾ
੪੧.ਭਾਈ ਸੰਤਾ ਸਿੰਘ ਜੀ ਫਤਹਿ ਗੜ੍ਹ ਸ਼ੁਕਰਚੱਕੀਆ
੪੨.ਭਾਈ ਈਸ਼ਰ ਸਿੰਘ ਜੀ ਬਹੋੜੂ ਚੱਕ ਨੰ:੧੮
੪੩.ਭਾਈ ਗੋਪਾਲ ਸਿੰਘ ਜੀ ਬਹੋੜੂ ਚੱਕ ਨੰ:੧੮
੪੪.ਭਾਈ ਮੋਤਾ ਸਿੰਘ ਜੀ ਬਹੋੜੂ ਚੱਕ ਨੰ:੧੮
੪੫.ਭਾਈ ਨੰਦ ਸਿੰਘ ਜੀ ਥੋਥੀਆਂ ਚੱਕ ਨੰ:੧੦
੪੬.ਭਾਈ ਹਰੀ ਸਿੰਘ ਜੀ ਥੋਥੀਆਂ ਚੱਕ ਨੰ:੧੦
੪੭.ਭਾਈ ਅਰੂੜ ਸਿੰਘ ਜੀ ਥੋਥੀਆਂ ਚੱਕ ਨੰ:੧੦
੪੮.ਭਾਈ ਤੇਜਾ ਸਿੰਘ ਜੀ ਥੋਥੀਆਂ ਚੱਕ ਨੰ:੧੦
੪੯.ਭਾਈ ਬੇਲਾ ਸਿੰਘ ਜੀ ਕਰਤਾਰਪੁਰ ਜਲੰਧਰ
੫੦.ਭਾਈ ਮੂਲਾ ਸਿੰਘ ਜੀ ਵੱਲਾ (ਅੰਮ੍ਰਿਤਸਰ)
੫੧.ਭਾਈ ਲੱਛਮਣ ਸਿੰਘ ਜੀ ਗ੍ਰੰਥੀ ਡੱਲਾ ਨੰਗਲ
੫੨.ਭਾਈ ਸੰਤਾ ਸਿੰਘ ਜੀ ਜੱਥੇਦਾਰ ਸ਼ਾਹਕੋਟ
੫੩.ਭਾਈ ਹਰਨਾਮ ਸਿੰਘ ਜੀ ਸ਼ਾਹਕੋਟ
੫੪.ਭਾਈ ਗੁਰਬਖਸ਼ ਸਿੰਘ ਜੀ ਸ਼ਾਹਕੋਟ
੫੫.ਭਾਈ ਇਂਦਰ ਸਿੰਘ ਜੀ ਸ਼ਾਹਕੋਟ
੫੬.ਭਾਈ ਗੁਲਾਬ ਸਿੰਘ ਜੀ ਸ਼ਾਹਕੋਟ
੫੭.ਭਾਈ ਕੇਹਰ ਸਿੰਘ ਜੀ ਜਰਗ
੫੮.ਭਾਈ ਦਰਬਾਰਾ ਸਿੰਘ ਜੀ ਜਰਗ
੫੯.ਭਾਈ ਗੰਡਾ ਸਿੰਘ ਜੀ ਭਸੀਣ (ਲਾਹੌਰ)
੬੦.ਭਾਈ ਬਚਿੱਤਰ ਸਿੰਘ ਜੀ ਡੱਲਾ ਚੰਦਾ ਸਿੰਘ
੬੧.ਭਾਈ ਕੇਸਰ ਸਿੰਘ ਵਨੋਟਿਆ
੬੨.ਭਾਈ ਸੋਹਣ ਸਿੰਘ ਵਨੋਟਿਆਂ
੬੩.ਭਾਈ ਵਰਿਆਮ ਸਿੰਘ ਵਨੋਟਿਆਂ
੬੪.ਭਾਈ ਹੀਰਾ ਸਿੰਘ ਵਨੋਟਿਆ
੬੫.ਭਾਈ ਸੁੰਦਰ ਸਿੰਘ ਜੱਥੇਦਾਰ ਧਨੂੰਆਣਾ ਚੱਕ ਨੰ:੯੧
੬੬.ਭਾਈ ਸੋਹਣ ਸਿੰਘ ਜੀ ਧਨੂੰਆਣਾ ਚੱਕ ਨੰ:੯੧
੬੭.ਭਾਈ ਹੁਕਮ ਸਿੰਘ ਜੀ ਧਨੂਂਆਣਾ ਚੱਕ ਨੰ:੯੧
੬੮.ਭਾਈ ਵਰਿਆਮ ਸਿੰਘ ਜੀ ਧਨੂੰਆਣਾ ਚੱਕ ਨੰ:੯੧
੬੯.ਭਾਈ ਦੀਵਾਨ ਸਿੰਘ ਜੀ ਧਨੂਂਆਣਾ ਚੱਕ ਨੰ:੯੧
੭੦.ਭਾਈ ਇੰਦਰ ਸਿੰਘ ਜੀ ਧਨੂੰਆਣਾ ਚੱਕ ਨੰ:੯੧
੭੧.ਭਾਈ ਦਸੌਂਧਾ ਸਿੰਘ ਜੀ ਧਨੂੰਆਣਾ ਚੱਕ ਨੰ:੯੧
੭੨.ਭਾਈ ਹਰੀ ਸਿੰਘ ਜੀ ਧਨੂੰਆਣਾ ਚੱਕ ਨੰ:੯੧
੭੩.ਭਾਈ ਢੇਰਾ ਸਿੰਘ ਜੀ ਧਨੂੰਆਣਾ ਚੱਕ ਨੰ;੯੧
੭੪.ਭਾਈ ਠਾਕੁਰ ਸਿੰਘ ਜੀ ਮਾਣਕ ਘੁਮੰਣ (ਜਲੰਧਰ)
੭੫.ਭਾਈ ਬਚਿੰਤ ਸਿੰਘ ਜੀ ਫਰਾਲਾ ਚੱਕ ਨੰ:੨੫੮
੭੬.ਭਾਈ ਕਨ੍ਹਈਆ ਸਿੰਘ ਜੀ ਫਰਾਲਾ ਚੱਕ ਨੰ:੨੫੮
੭੭.ਭਾਈ ਬੰਤਾ ਸਿੰਘ ਜੀ ਧਿਹਾੜੇ (ਹੁਸ਼ਿਆਰਪੁਰ)
੭੮.ਭਾਈ ਬੁਧ ਸਿੰਘ ਜੀ ਕਰਤਾਰਪੁਰ (ਸਿਆਲਕੋਟ)
੭੯.ਭਾਈ ਦਲੀਪ ਸਿੰਘ ਜੀ ਸਾਹੋਵਾਲ
੮੦.ਭਾਈ ਵਰਿਆਮ ਸਿੰਘ ਜੀ ਟਿੱਬੀ ਜੈ ਸਿੰਘ ਵਾਲਾ (ਮਿੰਟਗੁਮਰੀ)
੮੧.ਭਾਈ ਨਰੈਣ ਸਿੰਘ ਜੀ ਲਹੁਕੇ ਚੱਕ ਨੰ:੭੫
੮੨.ਭਾਈ ਕਰਮ ਸਿੰਘ ਜੀ ਲਹੁਕੇ ਚੱਕ ਨੰ:੭੫
੮੩.ਭਾਈ ਮਹਿੰਗਾ ਸਿੰਘ ਜੀ ਲਹੁਕੇ ਚੱਕ ਨੰ:੭੫
੮੪.ਭਾਈ ਜੀਵਨ ਸਿੰਘ ਜੀ ਪਰਉਪਕਾਰੀ ਲਾਇਲਪੁਰ
੮੫.ਭਾਈ ਚਰਨ ਸਿੰਘ ਜੀ ਡਿੰਗਾ (ਗੁਜਰਾਤ)
੮੬.ਭਾਈ ਜਗਤ ਸਿੰਘ ਜੀ ਸਬਾਜਪੁਰਾ (ਅੰਮ੍ਰਿਤਸਰ)

ਆਦਿ.
ਆਉ ਇਹਨਾਂ ਸ਼ਹੀਦਾ ਦੇ ਜੀਵਨ ਤੋ ਪ੍ਰਰੇਨਾ ਲੈ ਕਿ ਅੱਜ ਦੇ ਮਹੰਤਾਂ ਤੋ ਗੁਰਧਾਮ ਆਜ਼ਾਦ ਕਰਾਉਣ ਲਈ ਇਕਮੁਠ ਹੋਈਏ। ਇਸ ਪੋਸਟ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਮਿਹਰਵਾਨੀ ਹੋਵੇਗੀ ..........
ਗੁਰੂ ਗ੍ਰੰਥ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
96543-42039

****************************************
ਸੋਚ ....(ਆਪਣਾ ....ਬੇਗਾਨਾ)

ਸਿਮਰਨ ਅੱਜ ਆਪਣੇ ਪੇਕੇ ਪਿੰਡ ਆਪਣੇ ਘਰ ਵਾਲੇ ਸਰੂਪ ਸਿੰਘ ਨੂੰ ਨਾਲ ਲੈ ਕੇ ਮਿਲਣ ਲਈ ਆਈ ਹੋਈ ਸੀ। (ਸਿਮਰਨ ਨੇ ਆਉਣ ਦਾ ਕਾਰਨ ਸ਼ਾਇਦ ਪਹਿਲਾ ਹੀ ਦਸ ਦਿਤਾ ਸੀ) ਸ਼ਾਮ ਨੂੰ ਜਦੋ ਸਾਰੇ ਪ੍ਰਸ਼ਾਦਾ ਛਕਣ ਬੈਠੇ ਤਾਂ ਸਿਮਰਨ ਦੀ ਮਾਂ ਤੇਜ ਕੌਰ ਪ੍ਰਾਹੁਣੇ ਦੇ ਮੰਜੇ ਤੇ ਆ ਕੇ ਬੈਠ ਗਈ ਉਸ ਕੋਲ। ਸਿਮਰਨ ਆਪਣੀ ਭਰਜਾਈ ਗਗਨ ਨਾਲ ਰੋਸੲੀ ਦਾ ਕੰਮ ਕਰ ਰਹੀ ਸੀ।
ਤੇਜ ਕੌਰ ਨੇ ਸਰਸਰੀ ਗੱਲਾਂ ਤੋ ਬਾਅਦ ਸਿੱਧੀ ਅਸਲੀ ਗਲ ਤੇ ਆ ਗਈ ਕਿ ਭਾਈ!ਮੈ ਸੁਣਿਆ ਆਪਣੀ ਸਿਮਰਨ ਦੀ ਕੀਤੀ ਪੜ੍ਹਾਈ ਰਾਸ ਆ ਗਈ। ਉਸਦੀ ਵੀ ਨੌਕਰੀ ਦੀ ਚਿੱਠੀ ਆ ਗਈ....ਹੁਣ ਤੇਰਾ ਕੀ ਵੀਚਾਰ ਆ?
ਸਰੂਪ ਸਿੰਘ ਆਖਣ ਲੱਗਾ “ਮਾਂ ਜੀ! ਕੀ ਜ਼ਰੂਰਤ ਆ ਸਿਮਰਨ ਨੂੰ ਨੌਕਰੀ ਦੀ। …ਮਾਹਰਾਜ ਦਾ ਦਿਤਾ ਸਭ ਕੁਝ ਆ ਸਾਡੇ ਕੋਲ। ਮੈ ਇਨਾ ਕਮਾਉਦਾ ਕਿ ਐਸ਼ ਦੀ ਜ਼ਿੰਦਗੀ ਜੀ ਸਕਦੀ ਆ ....ਸਗੋ ਅਗੇ ਜ਼ਿੰਮੇਵਾਰੀਆ ਵੱਧ ਜਾਣੀਆਂ ਨੇ...ਭਲਕੇ ਨਿਆਣੇ ਹੋਣੇ ਹੋਰ ਘਰ ਦੇ ਕੰਮ ਕਾਰ ਇਹ ਨੌਕਰੀ ਕਰੂ ਕੇ ਘਰ ਸਾਂਭੂ? ਹੁਣ ਤੁਸੀ ਦਸੋ ਮਾਂ ਜੀ! ਤੁਸੀ ਵੀ ਸਿਆਣੇ ਹੈ (ਇਤਨੇ ਸਮੇ ਤਕ ਸਿਮਰਨ ਤੇ ਗਗਨ ਵੀ ਉਹਨਾਂ ਕੋਲ ਦੂਸਰੇ ਮੰਜੇ ਤੇ ਆਣ ਕੇ ਬੈਠ ਗਈਆ ਸਨ)...
ਤੇਜ ਕੌਰ ਆਖਣ ਲੱਗੀ ਦੇਖ ਪੁਤ ਸਰੂਪ! ਸਿਮਰਨ ਦਾ ਸ਼ੁਰੂ ਤੋ ਹੀ ਸੁਪਣਾ ਰਿਹਾ ਕਿ ਉਹ ਨੌਕਰੀ ਕਰੇ ਇਹਦੇ ਪਿਉ ਨੇ ਤਾਂ ਹੀ ਇਨ੍ਹਾਂ ਪੜਾਇਆ ਲਿਖਾਇਆ ਸੀ ਤੂੰ ਇਸ ਦੇ ਅਰਮਾਨ ਪੂਰੇ ਹੋ ਲੈਣ ਦੇ ....ਨਾਲੇ ਘਰ ਦੇ ਕੰਮ ਲਈ ਕੋਈ ਜਨਾਨੀ ਰਖ ਲੈਣਾ ਅ੍ੱਖਜ ਕਲ ਤਾਂ ਵਾਧੂ ਮਿਲ ਜਾਂਦੀਆਂ ਨੇ ਤੇ ਰਹੀ ਗੱਲ ਭਲਕੇ ਨਿਆਣੇ ਪਾਲਣ ਦੀ ਉਹ ਮੈ ਵਾਅਦਾ ਕਰਦੀ ਆ ਉਹ ਮੈ ਪਾਲ ਦੋ ਗੀ ....ਉਸ ਗਲੋ ਵੀ ਬੇਫਿਕਰ ਹੋ ਜਾ ....ਅੱਜ ਜਮਾਨਾ ਬਦਲ ਗਿਆ ਪੁਤ ਸਰੂਪ! ਅੱਜ ਉਹ ਹੀ ਘਰ ਕਾਮਯਾਬ ਆ ਜਿੱਥੇ ਦੋਨੇ ਜੀ ਕਮਾਉਦੇ ਨੇ ਨਹੀ ਇੰਨੀ ਮਹਿੰਗਾਈ ਚ ਘਰ ਨਹੀ ਤੁਰਦੇ। ਬਾਕੀ ਤੂੰ ਪੜਿਆ ਲਿਖਿਆ ਸਗੋ ਤੈਨੂੰ ਤਾਂ ਆਪ ਸਿਮਰਨ ਨੂੰ ਅੱਗੇ ਵਧਣ ਚ ਮਦਦ ਕਰਨੀ ਚਾਹੀਦੀ ।
ਸਰੂਪ ਨੇ ਕਿਹਾ ਮਾਂ ਜੀ ਮੈਨੂੰ ਥੌੜਾ ਸੋਚਣ ਦਾ ਸਮਾ ਦਿਉ ....ਕੁਝ ਸਮਾਂ ਹੋਰ ਗਲਾਂ ਬਾਤਾ ਕਰਨ ਤੋ ਬਾਅਦ ਸਾਰੇ ਆਪੋ ਆਪਣਿਆ ਮੰਜਿਆਂ ਤੇ ਲੰਮੇ ਪੈ ਗਏ.
(ਗਗਨ ਸਾਰੀ ਰਾਤ ਸੋਚਦੀ ਰਹੀ ਕਿ ਉਸਦੀ ਸੱਸ ਤਾਂ ਅਗਾਂਹਵਧੂ ਵਿਚਾਰਾਂ ਦੀ ਆ ਬਹੁਤ ਵਧੀਆ ਘਰ ਰਿਸ਼ਤਾ ਹੋਇਆ ਉਸਦਾ ਮੈ ਵੀ ਅੱਗੇ ਵਧ ਸਕਦੀ ਹਾਂ)
ਅਗਲੇ ਦਿਨ ਸਵੇਰੇ ਹੀ ਸਰੂਪ ਤੇ ਸਿਮਰਣ ਵਾਪਿਸ ਚਲੇ ਗਏ। ਪਰ ਸਰੂਪ ਨੂੰ ਜਾਣ ਵਕਤ ਫਿਰ ਤੇਜੋ ਨੇ ਰਾਤ ਵਾਲੀ ਨਸੀਅਤ ਯਾਦ ਕਰਵਾਈ .....
ਆਥਣ ਜੇ ਸਮੇ ਡਾਕੀਏ ਨੇ ਆ ਸਾਇਕਲ ਦੀ ਟਲੀ ਖੜਕਾਈ ਤੇਜੋ ਦੇ ਘਰ ਬਾਹਰ ...ਤੇਜੋ ਭਜ ਕੇ ਗਈ ਕਿ ਸ਼ਾਇਦ ਫੌਜੀ ਪੁਤ ਦੀ ਚਿੱਠੀ ਆ ਗਈ ਹੋਛੀ ਹੋਣੀ ਆ ....ਉਹ ਚਿੱਠੀ ਪਕੜ ਕੇ ਵਾਪਿਸ ਆਈ ਤੇ ਆਪਣੀ ਨੂੰਹ ਨੂੰ ਆਵਾਜ਼ ਮਾਰ ਕੇ ਆਖਣ ਲਗੀ ਕਿ ਭਾਈ ਕੁੜੀਏ ਆ ਚਿਠੀ ਪੜ ਕਿਸਦੀ ਆ ....ਸੁਖ ਹੋਵੇ!
ਗਗਨ ਨੇ ਜਦ ਚਿੱਠੀ ਖੋਲੀ ਤਾਂ ਦੇਖ ਕੇ ਬਹੁਤ ਖੁਸ਼ ਹੋਈ ਉਸਨੇ ਘੁਟ ਕੇ ਤੇਜੋ ਨੂੰ ਜਫੀ ਪਾਈ ਤੇਜੋ ਆਖਣ ਲਗੀ ਹੋਇਆ ਕੀ ਆ ...ਫੌਜੀ ਛੁਟੀ ਆ ਰਿਹਾ ਕੀ?
ਗਗਨ ਕਹਿੰਦੀ ਨਹੀ ਮਾਂ ਜੀ ਮੈ ਪੇਕੇ ਘਰ ਰਹਿੰਦਿਆ ਬੈਕ ਦੀ ਨੌਕਰੀ ਲਈ ਇਮਤਿਹਾਨ ਦਿਤਾ ਸੀ ਤੇ ਮੇਰੀ ਸਿਲੈਕਸ਼ਨ ਹੋ ਗਈ ਆ ਬੈਂਕ ਵਾਸਤੇ।
ਤੇਜੋ ਦੇ ਚਿਹਰੇ ਦਾ ਰੰਗ ਇਕੋ ਦਮ ਭਖ ਗਿਆ ਤੇ ਉਹ ਬੋਲੀ! ਖਬਰਦਾਰ ਹੋ ਜਾ ਤੂੰ ਕਿਤੇ ਨਹੀ ਲੱਗਣਾ ਨੌਕਰੀ ਨੁਕਰੀ ਤੇ ਰੱਬ ਦਾ ਦਿਤਾ ਸਭ ਕੁਝ ਸਾਡੇ ਕੋਲ ਨਾਲੇ ਸਾਡੇ ਟਬਰ ਚ ਇਹ ਰੀਤ ਨਹੀ ਗੀ ਸਮਝੀ!
ਕਲ ਨੂੰ ਤੇਰੇ ਨਿਆਣੇ ਹੋਣੇ ਆ ਉਹਨਾਂ ਨੂੰ ਕੌਣ ਸਾਂਭੂਗਾ ..ਮੈਥੋ ਤਾਂ ਆਪਣਾ ਆਪ ਨਹੀ ਸਾਂਭਿਆ ਜਾਂਦਾ ...ਘਰ ਦਾ ਕੰਮ ਕੌਣ ਕਰੂ .....?
ਤੇਜੋ ਨੇ ਗਗਨ ਦੇ ਹੱਥ ਚੋ ਕਾਗਜ ਪਕੜ ਕੇ ਬਲਦੇ ਚੁਲ੍ਹੇ ਚ ਸੁਟ ਦਿਤਾ ਤੇ ਬੁੜ ਬੁੜ ਕਰਦੀ ਮਾਲਾ ਪਕੜ ਕੇ ਅੰਦਰ ਬੈਠ ਗਈ .....ਚੁਲੇ ਚੌਕੇ ਕੋਲ ਖੜ੍ਹੀ ਗਗਨ ਨੂੰ ਇੰਝ ਲੱਗ ਰਿਹਾ ਸੀ ਅੱਗ ਚ ਕਾਗਜ਼ ਨਹੀ ਉਸਦੇ ਅਰਮਾਨ, ਚਾ ਤੇ ਖੁਸ਼ੀਆਂ ਨੂੰ ਸਾੜਿਆ ਜਾ ਰਿਹਾ ਤੇ ਸਾੜਨ ਵਾਲੀ ਵੀ ਉਹ ਸੀ ਜੋ ਕਲ ਉਸਨੂੰ ਦੁਨੀਆ ਦੀ ਅਗਾਹਵਧੂ ਸੋਚ ਦੀ ਧਾਰਨੀ ਲੱਗਦੀ ਸੀ ਪਰ ਅੱਜ ਗਗਨ ਨੂੰ ਪਤਾ ਲਗਾ ਕੇ ਉਹ ਧੀ ਨਹੀ ਨੂੰਹ ਸੀ ....ਇੱਕ ਚੀਸ ਅੰਦਰੋ ਉਠੀ ਤੇ ਬੁਲਾਂ ਤੇ ਆਈ
................!ਹਾਏ ਰੱਬਾ! ......
ਬਲਦੀਪ ਸਿੰਘ ਰਾਮੂੰਵਾਲੀਆ/ਸਰਬਜੀਤ ਕੌਰ
96543-42039


21/02/15)
ਬਿਕਰਮਜੀਤ ਸਿੰਘ “ਜੀਤ”

** ਕੋਟਾਨ ਕੋਟ ਸ਼ੁਕਰਾਨਾ **
ਕੋਟਾਨ ਕੋਟ ਸ਼ੁਕਰਾਨਾ ਤੇਰਾ, ਹੇ ਪਰਮ ਪਿਤਾ ਮੇਰੇ ਸਾਈਂ
ਕਿਰਪਾ ਦਰਿਸ਼ਟੀ ਸਦਾ ਤੂੰ ਰੱਖੀ, ਪਲ ਪਲ ਰਿਹਾ ਸਹਾਈ
ਅੜਚਨ ਸੰਕਟ ਤੇ ਦੁੱਖਾਂ ਤੋਂ, ਸਾਨੂੰ ਹਰਦਮ ਲਿਆ ਬਚਾਏ
ਬੇਅੰਤ ਖੁਸ਼ੀਆਂ ਤੇ ਸੁੱਖ ਸਾਧਨ, ਸਾਡੀ ਝੋਲੀ ਦੇ ਵਿੱਚ ਪਾਏ
ਹੈ ਤੇਰੇ ਆਸਰੇ ਇਹ ਜੀਵਨ ਗੱਡੀ, ਜਿੰਵ ਭਾਵੇ ਤਿਵੇਂ ਚਲਾਈਂ
ਰਹੀਏ ਰਜ਼ਾ ਤੇਰੀ ਦੇ ਅੰਦਰ, ਸਦ ਕਰੀਂ ਤੂੰ ਮਿਹਰ ਗੁਸਾਈਂ
ਕਦੇ ਨ੍ਹਾਂ ਛੁੱਟੇ ਤੇਰਾ ਪੱਲਾ, ਤੇਰੇ ਦਾਸਨ ਦਾਸ ਹੋ ਰਹੀਏ
ਰੁਝੀਏ ਸੇਵਾ ਭਗਤੀ ਅੰਦਰ, ਨਾਮ ਸ੍ਵਾਸ ਸ੍ਵਾਸ ਤੇਰਾ ਕਹੀਏ
ਗੁਰਮੁਖਾਂ ਦਾ ਮੇਲ ਕਰਾਵੀਂ, ਸਦ ਗੁਰਮੱਤ ਮਾਰਗ ਚਲੀਏ
ਸਫ਼ਲਾ ਹੋਵੇ ਜਨਮ ਅਸਾਡਾ, ਵਿੱਚ ਸਾਧ ਸੰਗਤ ਦੇ ਰਲੀਏ
ਮੰਗਦੈ “ਜੀਤ” ਦਾਨ ਇਹ ਤੈਥੋਂ, ਕਰੀਂ ਕਿਰਪਾ ਮੇਰੇ ਦਾਤਾ
ਬਖਸ਼ ਕੇ ਭੁੱਲਾਂ ਮੇਰੇ ਪ੍ਰੀਤਮ, ਸਾਨੂੰ ਦੇਈਂ ਸੁਮੱਤ ਵਿਧਾਤਾ
ਬਿਕਰਮਜੀਤ ਸਿੰਘ “ਜੀਤ”


19/02/15)
ਜਸਵੰਤ ਸਿੰਘ ‘ਅਜੀਤ’

ਵਿਵਾਦਤ ਬਿਆਨਾਂ ਦਾ ਦੌਰ: ਜਵਾਬ-ਤਲਬੀ ਕਿਸੇ ਤੋਂ ਨਹੀਂ
ਬੀਤੇ ਕੁੱਝ ਸਮੇਂ ਦੌਰਾਨ ਦੇਸ਼ ਦੇ ਰਾਜਸੀ ਖੇਤ੍ਰ ਵਿੱਚ ਲਗਾਤਾਰ ਵਿਵਾਦਤ ਬਿਆਨਾਂ ਦਾ ਦੌਰ ਚਲਦਾ ਆ ਰਿਹਾ ਹੈ। ਪਹਿਲਾਂ ਗੋਰਖਪੁਰ ਤੋਂ ਸਾਂਸਦ ਯੋਗੀ ਆਦਿਤਯ ਨਾਥ ਨੇ ਦਾਅਵਾ ਕੀਤਾ ਕਿ ਨੌਜਵਾਨ ਮੁਸਲਮਾਨਾਂ ਨੇ ਹਿੰਦੂ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ‘ਲਵ ਜਹਾਦ’ ਦੀ ਯੋਜਨਾ ਬਣਾਈ ਹੋਈ ਹੈ। ਇਸਤੋਂ ਕੁੱਝ ਹੀ ਸਮੇਂ ਬਾਅਦ ਉਨਾਓ ਤੋਂ ਸਾਂਸਦ ਸਾਕਸ਼ੀ ਮਹਾਰਾਜ ਨੇ ਕਹਿ ਦਿੱਤਾ ਕਿ ਮਹਾਤਮਾ ਗਾਂਧੀ ਦਾ ਹਤਿਆਰਾ ਨਾਥੂ ਰਾਮ ਗੋਡਸੇ ਸੱਚਾ ਦੇਸ਼ ਭਗਤ ਸੀ। ਸਮੇਂ ਨਾਲ ਤਾਂ ਸਾਲ ਬਦਲਿਆਂ ਵੀ ਦੋ ਮਹੀਨੇ ਹੋਣ ਨੂੰ ਆ ਗਏ ਹਨ, ਪਰ ਅਜਿਹੇ ਵਿਵਾਦਤ ਬਿਆਨਾਂ ਸਿਲਸਿਲਾ ਬੰਦ ਨਹੀਂ ਹੋਇਆ। ਫਤਹਪੁਰ ਤੋਂ ਸਾਂਸਦ ਅਤੇ ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜਯੋਤੀ ਨੇ ਆਪਣੇ ਇੱਕ ਭਾਸ਼ਣ ਵਿੱਚ ਭਾਜਪਾ ਵਿਰੋਧੀ ਦਲਾਂ ਦੇ ਲਈ ‘ਹਰਾਮਜ਼ਾਦੇ’ ਵਰਗੇ ਗੈਰ-ਸੰਸਦੀ ਸ਼ਬਦਾਂ ਦੀ ਵਰਤੋਂ ਕਰ, ਇੱਕ ਨਵਾਂ ਵਿਵਾਦ ਪੈਦਾ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ। ਇਨ੍ਹਾਂ ਤੋਂ ਬਾਅਦ ਅਲੀਗੜ੍ਹ ਤੋਂ ਸਾਂਸਦ ਸਤੀਸ਼ ਗੋਤਮ ਨੇ ਘਰ ਵਾਪਸੀ ਦੇ ਨਾਂ ਤੇ ਮੁਸਲਮਾਨਾਂ ਅਤੇ ਈਸਾਈਆਂ ਨੂੰ ਹਿੰਦੂ ਬਣਾਉਣ ਦੇ ਪ੍ਰੋਗਰਾਮਾਂ ਦਾ ਖੁਲ੍ਹ ਕੇ ਸਮਰਥਨ ਕੀਤਾ। ਇਨ੍ਹਾਂ ਵਿਚੋਂ ਹੀ ਕਿਸੇ ਨੇ ਹਰ ਹਿੰਦੂ ਔਰਤ ਨੂੰ ਚਾਰ ਬੱਚੇ ਅਤੇ ਕਿਸੇ ਨੇ ਪੰਜ ਬਚੇ ਜੰਮਣ ਦੀ ਸਲਾਹ ਵੀ ਦੇ ਦਿੱਤੀ। ਦਿਲਚਸਪ ਗਲ ਇਹ ਵੀ ਰਹੀ ਕਿ ਚਾਰ ਤੇ ਪੰਜ ਬੱਚੇ ਜੰਮਣ ਦਾ ਸਲਾਹ ਦੇਣ ਵਾਲੇ ਆਪ ਗ੍ਰਹਸਤੀ ਛੱਡ ਸਾਧੂ ਤੇ ਸਾਦਵੀ ਬਣੇ ਹੋਏ ਹਨ, ਕਿਸੇ ਨੇ ਉਨ੍ਹਾਂ ਨੂੰ ਇਹ ਨਹੀਂ ਕਿਹਾ ਉਹ ਆਪ ਇਸ ਪਾਸੇ ਪਹਿਲ ਕਿਉਂ ਨਹੀਂ ਕਰਦੇ?
ਵਰਨਣਯੋਗ ਗਲ ਇਹ ਵੀ ਹੈ ਕਿ ਇਹ ਸਾਰੇ ਸਾਂਸਦ ਸੱਤਾਧਾਰੀ ਪਾਰਟੀ ‘ਭਾਜਪਾ’ ਨਾਲ ਸੰਬੰਧਤ ਅਤੇ ਉਤਰ ਪ੍ਰਦੇਸ਼ ਤੋਂ ਚੁਣੇ ਗਏ ਹੋਏ ਹਨ। ਲੋਕਸਭਾ ਚੋਣਾਂ ਵਿੱਚ ਇਨ੍ਹਾਂ ਨੂੰ ਪਾਰਟੀ ਦਾ ਉਮੀਦਵਾਰ, ਭਾਜਪਾ ਦੇ ਉਸ ਸਮੇਂ ਦੇ ਜਨਰਲ ਸਕਤੱਰ (ਵਰਤਮਾਨ ਕੌਮੀ ਪ੍ਰਧਾਨ) ਅਮਿਤ ਸ਼ਾਹ, ਜੋ ਉਸ ਸਮੇਂ ਉਤਰ ਪ੍ਰਦੇਸ਼ ਪਾਰਟੀ ਮਾਮਲਿਆਂ ਦੇ ਇੰਚਾਰਜ ਸਨ, ਨੇ ਬਣਾਇਆ ਸੀ। ਵਿਰੋਧੀ ਧਿਰ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਨ੍ਹਾਂ ਬਿਆਨਾਂ ਦੇ ਸੰਬੰਧ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਬਾਰ-ਬਾਰ ਕਿਹਾ ਗਿਆ, ਪ੍ਰੰਤੂ ਕਿਸੇ ਨੇ ਵੀ ਨਾ ਤਾਂ ਸੰਸਦ ਵਿੱਚ ਤੇ ਨਾ ਹੀ ਸੰਸਦ ਤੋਂ ਬਾਹਰ ਉਸ ਆਦਮੀ ਨੂੰ ਜ਼ਿਮੇਂਦਾਰ ਠਹਿਰਾਇਆ, ਜਿਸਨੇ ਇਨ੍ਹਾਂ ਕਟੱੜ-ਪੰਥੀਆਂ ਨੁੰ ਸਾਂਸਦ ਬਣਵਾਇਆ। ਇਤਨਾ ਹੀ ਨਹੀਂ, ਕਿਸੇ ਨੇ ਨਾ ਤਾਂ ਅਮਿਤ ਸ਼ਾਹ ਪਾਸੋਂ, ਜਿਨ੍ਹਾਂ ਇਨ੍ਹਾਂ ਨੂੰ ਪਾਰਟੀ ਵਲੋਂ ਸਾਂਸਦ ਬਣਵਾਇਆ ਅਤੇ ਨਾ ਹੀ ਅਮਿਤ ਸ਼ਾਹ ਨੇ ਆਂਪ ਪਾਰਟੀ ਪ੍ਰਧਾਨ ਵਜੋਂ ਹੀ ਇਨ੍ਹਾਂ ਸਾਂਸਦਾਂ ਪਾਸੋਂ, ਉਨ੍ਹਾਂ ਵਲੋਂ ਦਿੱਤੇ ਗਏ ਵਿਵਾਦਤ ਬਿਆਨਾਂ ਦੇ ਸੰਬੰਧ ਵਿੱਚ ਕੋਈ ਜਵਾਬ-ਤਲਬੀ ਹੀ ਕੀਤੀ।
ਸਿਹਤ ਮੰਤਰੀ ਡਰੇ: ਉਧਰ ਦਸਿਆ ਜਾਂਦਾ ਹੈ ਕਿ ਸਾਕਸ਼ੀ ਮਹਾਰਾਜ ਨੇ ਹਿੰਦੂ ਔਰਤਾਂ ਨੂੰ ਚਾਰ ਬੱਚੇ ਪੈਦਾ ਕਰਨ ਦੀ ਸਲਾਹ ਕੀ ਦਿੱਤੀ, ਕਿ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਜਨਸੰਖਿਆ ਕੰਟਰੋਲ ਨਾਲ ਸੰਬੰਧਤ ਸੁਆਲਾਂ ਦੇ ਜਵਾਬ ਦੇਣ ਤੋਂ ਹੀ ਪਾਸਾ ਵਟੱਣ ਲਗ ਪਏ। ਕਿਸੇ ਪਤ੍ਰਕਾਰ ਨੇ ਉਨ੍ਹਾਂ ਨੂੰ ਪੁਛਿਆ ਕਿ ਪਰਿਵਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ? ‘ਹਮ ਦੋ ਹਮਾਰੇ ਦੋ’ ਜਾਂ ‘ਹਮ ਦੋ ਹਮਾਰਾ ਏਕ’ ਜਾਂ ਫਿਰ ਹਮ ਦੋ …’ ਸੁਆਲ ਵਿਚੋਂ ਹੀ ਕਟ, ਸ਼੍ਰੀ ਨੱਡਾ ਬੋਲੇ ਕਿ ਇਸ ਪੁਰ ਮੈਂ ਕੁੱਝ ਨਹੀਂ ਕਹਿਣਾ, ਜਿਵੇਂ ਚਲ ਰਿਹਾ ਹੈ, ਉਹ ਹੀ ਠੀਕ ਹੈ। ਮਤਲਬ ਇਹ ਕਿ ਸਾਕਸ਼ੀ ਮਹਾਰਾਜ ਦੇ ਬਿਆਨ ਨਾਲ ਪੈਦਾ ਹੋਏ ਵਿਵਾਦ ਤੋਂ ਬਾਅਦ ਸਿਹਤ ਮੰਤਰੀ ਠੀਕ ਗਲ ਵੀ ਕਹਿਣ ਤੋਂ ਕਤਰਾਣ ਲਗੇ ਹਨ।
ਗਲਤ-ਫਹਿਮੀ: ਅੰਨਾ ਅੰਦੋਲਣ ਦੌਰਾਨ ਇੱਕ ਸਟੇਜ ਤੇ ਇਕਠਿਆਂ ਬੈਠਣ ਨਾਲ ਸ਼ਾਜਿਆ ਇਲਮੀ ਨੂੰ ਸ਼ਾਇਦ ਇਹ ਗਲਤ-ਫਹਿਮੀ ਹੋ ਗਈ ਸੀ ਕਿ ਉਸ ਵਿੱਚ ਅਤੇ ਕਿਰਣ ਬੇਦੀ ਵਿੱਚ ਕੋਈ ਫਰਕ ਨਹੀਂ। ਕਿਰਣ ਬੇਦੀ ਨੂੰ ਜਦੋਂ ਭਾਜਪਾ ਦੇ ਮੁੱਖ ਦਫਤਰ ਵਿੱਚ ਹੋਏ ਇੱਕ ਸ਼ਾਨਦਾਰ ਪ੍ਰੋਗਰਾਮ ਦੌਰਾਨ ਧੂਮ-ਧਾਮ ਨਾਲ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਤਾਂ ਅਜਿਹੀ ਹੀ ਧੂਮ-ਧਾਮ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਆਪਣੀ ਸ਼ਮੂਲੀਅਤ ਹੋਣ ਦੀ ਆਸ ਨਾਲ ਸ਼ਾਜਿਆ ਇਲਮੀ ਅਗਲੇ ਦਿਨ ਦੁਪਹਿਰ ਬਾਅਦ ਜਦੋਂ ਭਾਜਪਾ ਦੇ ਮੁਖ ਦਫਤਰ ਵਿੱਚ ਪੁਜੀ ਤਾਂ ਉਥੇ ਉਸਨੂੰ ਪਾਰਟੀ ਵਿੱਚ ਸ਼ਾਮਲ ਕਰਵਾਣ ਵਾਲਾ ਤਾਂ ਕੀ, ‘ਜੀ ਆਇਆਂ’ ਤਕ ਆਖਣ ਵਾਲਾ ਵੀ ਕੋਈ ਨਹੀਂ ਸੀ। ਉਸਨੂੰ ਦਸਿਆ ਗਿਆ ਕਿ ਉਸਨੇ ਭਾਜਪਾ ਦੇ ਪ੍ਰਦੇਸ਼ ਦਫਤਰ ਵਿੱਚ ਜਾ ਕੇ ਪਾਰਟੀ ਵਿੱਚ ਸ਼ਾਮਲ ਹੋਣਾ ਹੈ। ਨਿਰਾਸ਼ ਹੋ, ਸ਼ਾਜਿਆ ਇਲਮੀ ਆਪਣੇ ਨਾਲ ਲਿਆਂਦੇ ਕੁਝ-ਕੁ ਸਮਰਥਕਾਂ ਨਾਲ ਭਾਜਪਾ ਦੇ ਪ੍ਰਦੇਸ਼ ਦਫਤਰ ਵਲ ਚਲੀ ਗਈ। ਇੱਕ ਪਾਸੇ ਕਿਰਣ ਬੇਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮਿਲਣ ਤੋਂ ਬਾਅਦ, ਭਾਜਪਾ ਦੇ ਮੁੱਖ ਦਫਤਰ ਵਿੱਚ ਅਮਿਤ ਸ਼ਾਹ ਅਤੇ ਅਰੁਣ ਜੇਤਲੀ ਦੀ ਮੌਜੂਦਗੀ ਵਿੱਚ ਹੋਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਈ ਅਤੇ ਦੂਸਰੇ ਪਾਸੇ ਸ਼ਾਜਿਆ ਇਲਮੀ ਪ੍ਰਦੇਸ਼ ਭਾਜਪਾ ਪ੍ਰਧਾਨ ਸਤੀਸ਼ ਉਪਾਧਿਆਇ ਦੀ ਮੌਜੂਦਗੀ ਵਿੱਚ ਪਾਰਟੀ ਦੇ ਪ੍ਰਦੇਸ਼ ਦਫਤਰ ਵਿੱਚ ਬਿਨਾਂ ਕਿਸੇ ਵਿਸ਼ੇਸ਼ ਪ੍ਰੋਗਰਾਮ ਦੇ ਭਾਜਪਾ ਵਿੱਚ ਜਾ ਸ਼ਾਮਲ ਹੋਈ। ਇਸਤੋਂ ਉਸਨੂੰ ਜ਼ਰੂਰ ਪਤਾ ਚਲ ਗਿਆ ਹੋਵੇਗਾ ਕਿ ‘ਕਿਰਣ ਬੇਦੀ’ ਅਤੇ ‘ਸ਼ਾਜਿਆ ਇਲਮੀ’ ਵਿੱਚ ਕਿਤਨਾ ਫਰਕ ਹੈ!
ਮਜਬੂਰ ਮੰਤਰੀ: ਉੱਚ ਰਾਜਸੀ ਹਲਕਿਆਂ ਵਿੱਚ ਚਲ ਰਹੀ ਸੁਗ-ਬੁਗਾਹਟ ਅਨੁਸਾਰ ਕੇਂਦਰ ਸਰਕਾਰ ਵਿੱਚ ਫੈਸਲੇ ਤਾਂ ਕਿਧਰੇ ਹੋਰ ਹੁੰਦੇ ਹਨ ਤੇ ਮੋਹਰ ਕਿਧਰੇ ਹੋਰ ਲਗਦੀ ਹੈ। ਅਜਿਹੀ ਹੀ ਇੱਕ ਘਟਨਾ ਬੀਤੇ ਦਿਨਾਂ ਵਿੱਚ ਸੁਣਨ ਨੂੰ ਮਿਲੀ। ਦਸਿਆ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਕੁੱਝ ਹੋਰ ਆਰਡੀਨੈਂਸਾਂ ਦੇ ਨਾਲ ਭੂਮੀ ਅਧਿਗ੍ਰਹਿਣ ਸੰਬੰਧੀ ਵੀ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ। ਇਸ ਸੰਬੰਧ ਵਿੱਚ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਚੌਧਰੀ ਬੀਰੇਂਦਰ ਸਿੰਹੁ ਨੂੰ ‘ਭੂਮੀ ਅਧਿਗ੍ਰਹਿਣ ਆਰਡੀਨੈਂਸ’ ਬਾਰੇ ਕੇਵਲ ਦਸਿਆ ਗਿਆ, ਜਦਕਿ ਇਸਦਾ ਮਸੌਦਾ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਅਤੇ ਸਾਬਕਾ ਗ੍ਰਾਮੀਣ ਵਿਕਾਸ ਮੰਤਰੀ ਨਿਤਿਨ ਗਡਕਰੀ ਨੇ ਤਿਆਰ ਕੀਤਾ। ਚੌਧਰੀ ਬੀਰੇਂਦਰ ਸਿੰਹੁ ਪਾਸੋਂ ਇਸ ਕਾਨੂੰਨ ਵਿੱਚ ਕੀਤੀਆਂ ਗਈਆਂ ਸੋਧਾਂ ਪੁਰ ਕੇਵਲ ਮੋਹਰ ਹੀ ਲਗਵਾਈ ਗਈ। ਦਸਿਆ ਜਾਂਦਾ ਹੈ ਕਿ ਪਹਿਲਾਂ ਤਾਂ ਚੌਧਰੀ ਸਾਹਿਬ ਨੇ ਮੋਹਰ ਲਾਣ ਵਿੱਚ ਕੁੱਝ ਨਾ-ਨੁਕਰ ਕੀਤੀ, ਪ੍ਰੰਤੂ ਜਦੋਂ ਉਨ੍ਹਾਂ ਨੂੰ ਦਸਿਆ ਗਿਆ ਕਿ ਪ੍ਰਧਾਨ ਮੰਤਰੀ ਦਾ ਆਦੇਸ਼ ਹੈ ਤਾਂ ਉਨ੍ਹਾਂ ਘੇਸਲ ਵੱਟ ਮੋਹਰ ਲਾਣ ਵਿੱਚ ਹੀ ਭਲਾਈ ਸਮਝੀ। ਆਖਰ ਮੰਤਰੀ ਦੀ ਕੁਰਸੀ ਨੂੰ ਵੀ ਤਾਂ ਬਚਾਈ ਰਖਣਾ ਹੈ।
‘ਆਨਰ ਕਿਲਿੰਗ’ ਫੈਸਲਾ ਸੁਪ੍ਰੀਮ ਕੋਰਟ ਦਾ: ਪਿਛਲੇ ਦਿਨੀਂ ਸੁਪ੍ਰੀਮ ਕੋਰਟ ਦਾ ਇੱਕ ਫੈਸਲਾ ਸਾਹਮਣੇ ਆਇਆ, ਜਿਸ ਵਿੱਚ ਕਿਹਾ ਗਿਆ ਸੀ ਕਿ ‘ਆਨਰ ਕਿਲਿੰਗ’ ਦੇਸ਼ ਪੁਰ ਇੱਕ ਬਦਨੁਮਾ ਧੱਬਾ ਹੈ’। ਇਸਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਉਸਦੀ ਰਾਇ ਵਿੱਚ ਭਾਵੇਂ ਕਿਸੇ ਵੀ ਕਾਰਣ ਕਰਕੇ ‘ਆਨਰ ਕਿਲਿੰਗ’ ਹੋਵੇ, ਉਹ ‘ਰੇਅਰੇਸਟ ਆਫ ਰੇਅਰ’ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਅਜਿਹੇ ਗੁਨਾਹਾਂ ਦੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਜਸਟਿਸ ਮਾਰਕੰਡੇ ਕਾਟਜੂ ਅਤੇ ਜਸਟਿਸ ਗਿਆਨ ਸੁਧਾ ਮਿਸਰਾ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਸਤਰ੍ਹਾਂ ਦੇ ਅਣ-ਮਨੁਖੀ ਕਾਰਿਆਂ ਲਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਅਦਾਲਤ ਨੇ ਕਿਹਾ ਕਿ ਅਜਿਹੇ ਸਾਰੇ ਲੋਕਾਂ ਨੂੰ, ਜੋ ਇਸਤਰ੍ਹਾਂ ਦੀ ਹਤਿਆ ਨੂੰ ਅੰਜਾਮ ਦੇਣ ਦੀ ਯੋਜਨਾ ਬਨ੍ਹਾਂਦੇ ਹਨ, ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਫਾਂਸੀ ਦਾ ਤਖਤਾ ਤਿਆਰ ਹੈ।
ਸੁਪ੍ਰੀਮ ਕੋਰਟ ਨੇ ਕਿਹਾ ਕਿ ਕਈ ਲੋਕੀ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਸੱਕੇ ਸੰਬੰਧੀ ਜਵਾਨ ਮਹਿਲਾ ਜਾਂ ਪੁਰਸ਼ ਦੇ ਵਿਹਾਰ ਕਾਰਣ ਉਨ੍ਹਾਂ ਦੀ ਬੇਇਜ਼ਤੀ ਹੋਈ ਹੈ। ਕਈ ਵਾਰ ਅਜਿਹੇ ਜਵਾਨ ਆਪਣੀ ਮਰਜ਼ੀ ਨਾਲ ਸ਼ਾਦੀ ਕਰਨਾ ਚਾਹੁੰਦੇ ਹਨ। ਇਸ ਕਾਰਣ ਉਨ੍ਹਾਂ ਦੇ ਰਿਸ਼ਤੇਦਾਰ ਕਾਨੂੰਨ ਆਪਣੇ ਹੱਥ ਵਿੱਚ ਲੈ ਲੈਂਦੇ ਹਨ ਅਤੇ ਇਸ ਦੌਰਾਨ ਕਈ ਵਾਰ ਉਹ ਹਤਿਆ ਤਕ ਦੀ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ।
ਇੱਕ ਖਬਰ ਇਹ ਵੀ: ਇਸਤੋਂ ਬਾਅਦ ਇੱਕ ਹੋਰ ਖਬਰ ਆਈ, ਜਿਸ ਅਨੁਸਾਰ ਇੱਕ ਬੀਐਸਸੀ ਦੀ ਵਿਦਿਆਰਥਣ ਆਪਣੇ ਪ੍ਰੇਮੀ ਨਾਲ ਆਪਣਾ ਘਰ ਅਤੇ ਸ਼ਹਿਰ ਛੱਡ, ਦੂਸਰੇ ਸ਼ਹਿਰ ਵਿੱਚ ਜਾ ਵਸੀ। ਜਦੋਂ ਉਸਦੇ ਮਾਤਾ-ਪਿਤਾ ਉਸਨੂੰ ਸਮਝਾ-ਬੁਝਾ ਘਰ ਵਾਪਸ ਲਿਜਾਣ ਲਈ ਆਏ ਤਾਂ ਵਿਦਿਆਰਥਣ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਦਖਲ ਨਾ ਦੇਣ ਦੀ ਚਿਤਾਵਨੀ ਦਿੰਦਿਆਂ, ਨਾ ਕੇਵਲ ਉਨ੍ਹਾਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ, ਸਗੋਂ ਪ੍ਰੇਮੀ ਨਾਲ ਕੋਤਵਾਲੀ ਜਾ ਕੇ ‘ਆਨਰ ਕਿਲਿੰਗ’ ਦੀ ਸ਼ੰਕਾ ਪ੍ਰਗਟ ਕਰਦਿਆਂ ਆਪਣੇ ਮਾਤਾ-ਪਿਤਾ ਵਿਰੁਧ ਲਿਖਤੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ। ਜਦੋਂ ਉਸਦੇ ਮਾਤਾ-ਪਿਤਾ ਲੜਕੀ ਦੀ ਵਾਪਸੀ ਦੀ ਗੁਹਾਰ ਲੈ, ਕੋਤਵਾਲੀ ਪੁਜੇ ਤਾਂ ਪੁਲਿਸ ਨੇ ਉਸਦੇ ਬਾਲਿਗ ਹੋਣ ਦੀ ਗਲ ਆਖ ਹੱਥ ਖੜੇ ਕਰ ਦਿੱਤੇ।
…ਅਤੇ ਅੰਤ ਵਿੱਚ: ਜਦੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ ਉਨ੍ਹਾਂ ਦਿਨਾਂ ਵਿੱਚ ਇੱਕ ਬੀਬੀ, ਮ੍ਰਿਦੁਲਾ ਸਿਨਹਾ ਦੀ ਛੱਪੀ ਇੱਕ ‘ਯਾਦ’ ਪੜ੍ਹਨ ਨੂੰ ਮਿਲੀ। ਜਿਸ ਵਿੱਚ ਉਸ ਬੀਬੀ ਨੇ ਦਸਿਆ ਕਿ ਸੰਨ-1967 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਹ ਕਿਸੇ ਪਾਰਟੀ ਵਿਸ਼ੇਸ਼ ਦੇ ਉਮੀਦਵਾਰ ਦੇ ਹਕ ਵਿੱਚ ਚੋਣ ਪ੍ਰਚਾਰ ਕਰਦਿਆਂ ਘਰ-ਘਰ ਘੁੰਮ ਰਹੀ ਸੀ। ਇੱਕ ਦਿਨ ਸ਼ਹਿਰ ਨਾਲ ਜੁੜੇ ਪਿੰਡ ਦੇ ਇੱਕ ਘਰ ਦੇ ਦਰਵਾਜ਼ੇ ਤੇ ਜਾ ਪੁਜੀ। ਉਸ ਘਰ ਦੇ ਮਾਲਕ ਨੇ ਉਸਦੀ ਪਾਰਟੀ ਅਤੇ ਉਮੀਦਵਾਰ ਦਾ ਨਾਂ ਸੁਣ, ਉਸਦਾ ਹਾਰਦਿਕ ਸੁਆਗਤ ਕੀਤਾ। ਉਹ ਖੁਸ਼ੀ ਨਾਲ ਬੋਲਿਆ ਕਿ ਉਹ ਤਾਂ ਪ੍ਰੋਫੈਸਰ ਸਾਹਿਬ ਦਾ ਬਹੁਤ ਆਦਰ ਕਰਦਾ ਹੈ। ਸ਼ਹਿਰ ਵਿੱਚ ਉਹ ਪੈਦਲ ਚਲਦਿਆਂ ਮਿਲ ਜਾਂਦੇ ਹਨ ਤਾਂ ਮੈਂ ਆਪਣੀ ਸਾਈਕਲ ਤੋਂ ਉਤਰ, ਉਨ੍ਹਾਂ ਦੇ ਪੈਰ ਛਹੁ ਕੇ ਪ੍ਰਣਾਮ ਕਰਦਾ ਹਾਂ। ਅੱਜ ਦੇ ਜ਼ਮਾਨੇ ਵਿੱਚ ਅਜਿਹੇ ਗੁਣਵਾਨ ਵਿਅਕਤੀ ਕਿਥੇ ਮਿਲਦੇ ਹਨ? ਇਹ ਗਲ ਸੁਣ, ਉਹ (ਬੀਬੀ) ਬਹੁਤ ਖੁਸ਼ ਹੋ ਗਈ। ਉਸਨੇ ਕਿਹਾ ਕਿ ਫਿਰ ਤਾਂ ਤੁਸੀਂ ਉਨ੍ਹਾਂ ਨੂੰ ਜਿਤਾਣ ਵਿੱਚ ਮਦਦ ਕਰੋਗੇ ਹੀ? ਉਹ ਬੋਲੇ ‘ਨਹੀਂ! ਹੁਣ ਤੁਸੀਂ ਹੀ ਸੋਚੋ, ਇਨ੍ਹਾਂ ਕੋਲ ਸਾਈਕਲ ਵੀ ਨਹੀਂ। ਕਦੀ ਲੋੜ ਪੈ ਜਾਏ, ਤਾਂ ਉਹ ਮੈਂਨੂੰ ਆਪਣੇ ਨਾਲ ਕਿਧਰੇ ਲੈ ਕੇ ਵੀ ਨਹੀਂ ਜਾ ਸਕਦੇ। ਇਨ੍ਹਾਂ ਦੇ ਵਿਰੋਧੀ ਪਾਸ ਦਸ ਗੱਡੀਆਂ ਹਨ, ਬੜਾ ਕਾਰੋਬਾਰ ਹੈ, ਕਈ ਸੰਸਥਾਵਾਂ ਵੀ ਹਨ। ਉਹ ਕਿਤਨਿਆਂ ਨੂੰ ਨੌਕਰੀਆਂ ਲੁਆਉਂਦਾ ਹੈ। ਤੁਹਾਡੇ ਉਮੀਦਵਾਰ ਦੀ ਕਮਾਈ ਨਾਲ ਉਸਦਾ ਆਪਣਾ ਘਰ ਵੀ ਨਹੀਂ ਚਲਦਾ। ਨੇਤਾਗਿਰੀ ਇਉਂ ਥੋੜੀ ਚਲਦੀ ਹੈ? ਆਦਰ-ਸਤਿਕਾਰ ਆਪਣੀ ਜਗ੍ਹਾ ਹੈ, ਪੇਟ ਆਪਣੀ ਜਗ੍ਹਾ!
ਇਹ ਗਲ ਸੁਣ ਉਸ ਬੀਬੀ ਪਾਸ ਕਹਿਣ ਲਈ ਕੁੱਝ ਵੀ ਨਹੀਂ ਸੀ, ਪਰ ਸੋਚਣ ਲਈ ਬਹੁਤ ਕੁਝ! ਤੁਸੀਂ ਵੀ ਸੋਚੋ ਕਿ ਚੋਣਾਂ ਵਿੱਚ ਅੱਜ ਦਾ ਮਤਦਾਤਾ ਆਪਣੇ ਪਸੰਸਦੀਦਾ ਉਮੀਦਵਾਰ ਵਿੱਚ ਕਿਹੋ ਜਿਹੇ ‘ਗੁਣ’ ਵੇਖਣਾ ਚਾਹੁੰਦਾ ਹੈ?


19/02/15)
ਹਰਪਾਲ ਸਿੰਘ, ਸੰਦੀਪ ਕੌਰ/ਫੇਸਬੁੱਕ ਰਾਹੀਂ

ਸਿੱਖ ਤੇ ਕੇਸ
ਏਸੀਆ ਦੀ ਸਭ ਤੋਂ ਵੱਡੀ ਤਾਕਤ ਮਰਹੱਟਿਆਂ ਨੂੰ 1761 ਈ : ਵਿੱਚ ਹਰਾਉਣ ਤੋਂ ਬਾਅਦ ਅਬਦਾਲੀ ਨੇ ਆਪਣਾ ਰੁੱਖ ਸਿੱਖਾਂ ਵੱਲ ਕੀਤਾ । ਮਰਹੱਟਿਆਂ ਦੀ ਮਦਦ ਕਰਨ ਕਾਰਨ ਮਹਾਰਾਜਾ ਆਲਾ ਸਿੰਘ ਨੂੰ ਜਾ ਘੇਰਿਆ । ਆਲਾ ਸਿੰਘ ਨੂੰ ਪੰਜ ਲੱਖ ਰੁਪਏ ਜੁਰਮਾਨਾ ਤੇ ਸਿਰ ਦੇ ਕੇਸ ਤੇ ਦਾਹੜਾ ਕਟਵਾ ਕੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ ।
ਮਹਾਰਾਜਾ ਆਲਾ ਸਿੰਘ ਨੇ ਕਿਹਾ ਕਿ ਕੇਸ ਕਤਲ ਕਰਵਾਉਣ ਤੋਂ ਕਿਸੇ ਤਰ੍ਹਾਂ ਛੋਟ ਮਿਲ ਸਕਦੀ ਹੈ ।
ਅਬਦਾਲੀ ਨੇ ਕਿਹਾ ਸਵਾ ਲੱਖ ਰੁਪਇਆ ਹੋਰ ਹਾਜ਼ਰ ਕਰਦੇ । ਆਲਾ ਸਿੰਘ ਨੇ ਸਵਾ ਲੱਖ ਰੁਪਇਆ ਤਾਰ ਕੇ ਸਿੱਖੀ ਦੀ ਲਾਜ ਨੂੰ ਬਚਾ ਲਿਆ । ਉਦੋਂ ਦਾ ਸਵਾ ਲੱਖ ਅੱਜ ਦੇ ਜਮਾਨੇ ਦਾ ਕਈ ਕਰੋਡ਼ ਬਣਦਾ ਹੈ ।
ਬਜੁਰਗਾਂ ਤੋਂ ਇੱਕ ਹੋਰ ਸਾਖੀ ਸੁਣੀ ਸੀ ,
ਜਿਸ ਸਮੇਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ। ਇੱਕ ਗਰੀਬ ਸਿੱਖ ਕਿਸੇ ਗੈਰ ਸਿੱਖ ਦੀ ਦੁਕਾਨ ਤੇ ਜਾ ਕੇ ਕਹਿੰਦਾ ਮੇਰੇ ਕੋਲ ਅੱਜ ਪੈਸੇ ਨਹੀਂ ਅੱਜ ਤੁਸੀਂ ਮੈਨੂੰ ਰੋਟੀ ਖਵਾ ਦੇਵੋ , ਮੈਂ ਤੁਹਾਨੂੰ ਕੱਲ ਨੂੰ ਪੈਸੇ ਦੇ ਦੇਵਾਂਗਾ ।
ਦੁਕਾਨ ਵਾਲਾ ਅਗੋਂ ਕਹਿੰਦਾ ਤੁਸੀਂ ਆਪਣੇ ਕੇਸਾਂ ਵਿਚੋਂ ਇੱਕ ਵਾਲ ਪੁੱਟ ਕੇ ਦੇ ਦੇਵੋ , ਮੈਂ ਤੁਹਾਨੂੰ ਮੁਫਤ ਰੋਟੀ ਖਵਾ ਦੇਵਾਂਗਾ ।
ਸਿੱਖ ਏਨੀ ਗੱਲ ਸੁਣ ਕੇ ਭੁੱਖਾ ਹੀ ਉੱਠ ਕੇ ਤੁਰ ਗਿਆ ।
ਇਹ ਸਾਰੀ ਵਾਰਤਾ ਸੁਣ ਕੇ ਇੱਕ ਗੈਰ ਸਿੱਖ ਦੁਕਾਨ ਵਾਲੇ ਨੂੰ ਕਹਿੰਦਾ , ਤੁਸੀਂ ਮੇਰੇ ਜਿੰਨੇ ਮਰਜੀ ਵਾਲ ਲੈ ਲਵੋ , ਮੈਨੂੰ ਮੁਫਤ ਰੋਟੀ ਖਵਾ ਦੇਵੋ ।
ਦੁਕਾਨ ਵਾਲਾ ਕਹਿੰਦਾ , ਨਹੀਂ ਇਹ ਸੌਦਾ ਸਿਰਫ ਸਿੱਖ ਨਾਲ ਹੀ ਕਰਨਾ ਸੀ।
ਪਰ ਅੱਜ , ਸਿੱਖ ਧਰਮ ਦੇ ਸਿਧਾਂਤਾਂ ਤੋਂ ਅਣਜਾਣ ਸਿੱਖਾਂ ਦੇ ਬੱਚੇ ਬੱਚੀਆਂ ਪੱਲਿਓਂ ਪੈਸੇ ਦੇ ਕੇ ਨਾਈ ਤੇ ਬਿਊਟੀ ਪਾਰਲਰ ਤੋਂ ਕੇਸ ਕਟਵਾ ਰਹੇ ਨੇ । ਜਿਸ ਦੇ ਵਿੱਚ ਉਮਰ ਵਿਹਾ ਚੁੱਕੇ ਸਿਆਣੇ ਕਹਾਉਂਦੇ ਲੋਕ ਵੀ ਸ਼ਾਮਲ ਨੇ । ਵਿਆਹ ਸਮੇਂ ਬਿਊਟੀ ਪਾਰਲਰ ਤੋਂ ਹਾਰ ਸ਼ਿੰਗਾਰ ਕਰਵਾਉਣ ਦਾ ਰੁਝਾਨ ਅੱਜ ਸਿੱਖਾਂ ਵਿੱਚ ਵੀ ਜੋਰ ਫੜ ਗਿਆ ਏ , ਏ ਪਾਰਲਰਾਂ ਕੁੜੀ ਦੇ ਭਰੱਵਟਿਆਂ ਦਾ ਵੀ ਮੋਰ ਬਣਾ ਦਿੰਦੀਆਂ ਨੇ। ਕਹਿੰਦੀਆਂ ਨੇ , ਜੀ ਏ ਤਾਂ ਜਰੂਰੀ ਆ।
WHO ਦੀ ਰਿਪੋਟ ਆ ਜਿਹੜੀਆਂ ਬੀਬੀਆਂ ਭਰੱਵਟੇ ਬਣਵਾਉਂਦੀਆਂ ਨੇ , ਉਹਨਾਂ ਦੀ ਸੱਤਵੀ ਪੀਡ਼੍ਹੀ ਅੰਨੀ ਪੈਦਾ ਹੋਵੇਗੀ ।
ਹੁਣ ਦੱਸੋ , ਜਦੋਂ ਏ ਪਾਰਲਰਾਂ ਵਾਲਾ ਪਾਖੰਡ ਨਹੀਂ ਸੀ , ਕੀ ਉਦੋਂ ਲੋਕਾਂ ਦੇ ਵਿਆਹ ਨਹੀਂ ਹੁੰਦੇ ਸੀ । ਸਿਆਣੇ ਕਹਿੰਦੇ ਨੇ ਗਿਆਨ ਨਾ ਹੋਣ ਕਰਕੇ ਲੋਕ ਹੀਰਿਆਂ ਨੂੰ ਵੀ ਕੌਡੀਆਂ ਦੇ ਭਾਅ ਵੇਚ ਦਿੰਦੇ ਨੇ । ਅੱਜ ਅਸੀਂ ਏਹੋ ਕੁੱਝ ਕਰ ਰਹੇ ਹਾਂ । ਜੇ ਸਾਨੂੰ ਕੁਦਰਤ ਨੇ ਕੇਸ ਦਿੱਤੇ ਨੇ ਤਾਂ ਜਰੂਰ ਇਸਦਾ ਕੋਈ ਲਾਭ ਹੋਵੇਗਾ ।
ਨੌਜਵਾਨ ਵੀਰੋ ਤੇ ਭੈਣੋ ਆਪਣੇ ਅਣਮੁੱਲੇ ਇਤਿਹਾਸ ਨੂੰ ਪੜੋ ਤੇ ਵਾਚੋ । ਜੇ ਨਹੀਂ ਪੜ ਸਕਦੇ ਤਾਂ ਗਿਆਨੀ ਅਮਰੀਕ ਸਿੰਘ ਚੰਡੀਗਡ਼੍ਹ ਵਾਲੇ ਨੇ ਬਹੁਤ ਸੁਚੱਜੇ ਢੰਗ ਨਾਲ ਸਿੱਖ ਇਤਿਹਾਸ ਬੋਲਿਆ ਏ ।
www.sikhnet.com ਜਾਂ
ਗੂਗਲ ਤੇ ਸਰਚ ਮਾਰ ਕੇ ਹੋਰ ਕਿਸੇ ਸਾਈਟ ਤੋ ਡਾਉਨਲੋਡ ਕਰੋ ਜਾਂ ਆਨਲਾਈਨ ਜਰੂਰ ਸੁਣੋ । ਤਾਂ ਕਿ ਅਸੀਂ ਆਪਣੇ ਕੀਮਤੀ ਵਿਰਸੇ ਤੋਂ ਜਾਣੂੰ ਹੋ ਕਿ ਉਸਦੀ ਸੰਭਾਲ ਕਰ ਸਕੀਏ ।
ਹਰਪਾਲ ਸਿੰਘ , ਸੰਦੀਪ ਕੌਰ 088722-19051

****************************************

ਬੱਬੂ ਮਾਨ ਨੇ ਇੱਕ ਦੋ ਗੀਤ ਚੰਗੇ ਕੀ ਗਾ ਤੇ ਕਈ ਲੋਕ ਉਹਨੂੰ ਸਿੱਖ ਕੌਮ ਦਾ ਅਲੰਬਰਦਾਰ ਸਮਝਣ ਲੱਗ ਪਏ ।
ਕੱਲ ਇੱਕ ਵਿਆਹ ਚ ਮਜਬੂਰੀ ਵੱਸ ਇਸਦਾ ਇੱਕ ਗੀਤ ਸੁਨਣਾ ਪਿਆ , ਜਿਸ ਨੂੰ ਸੁਣ ਕੇ ਰਿਸ਼ਤੇਦਾਰੀ ਵਿੱਚ ਖਲੋਤਿਆਂ ਐਨੀ ਸ਼ਰਮ ਆਈ ਕਿ ਮੈ ਭੱਜ ਕੇ ਡੀ ਜੇ ਵਾਲੇ ਨੂੰ ਗੀਤ ਬਦਲਣ ਲਈ ਕਿਹਾ। ਗੀਤ ਸੀ
“ਮੁੰਡਾ ਮਰਦਾ ਕੁੜੀ ਦੀ ਫਿੱਗਰ ਤੇ ,
ਕੁੜੀ ਮਰਦੀ ਮੁੰਡੇ ਦੇ ਜਿਗਰ ਤੇ”
ਅੱਜ ਕਲ ਇਹੋ ਜਿਹੇ ਪੁਠੇ ਸਿਧੇ ਗੀਤ ਬਹੁਤ ਆ ਰਹੇ ਨੇ , ਕੋਈ ਕਹਿੰਦਾ ਤੇਰਾ ਬਾਪੂ ਕੇਹੜਾ ਲਦੇਨ ਆ 'ਮੈਂ ਕੱਲ ਉਹਦੀ ਬਾਂਹ ਫੜ ਲਈ' ਆਦਿ ।
ਹੁਣ ਦੱਸੋ ਐਹੋ ਜਿਹੇ ਗੀਤ ਗਾਉਣ ਵਾਲੇ ਸਿੰਗਰਾਂ ਨੂੰ ਆਪਣਾ ਨਾਇਕ ਮੰਨਣ ਵਾਲੇ ਮੁੰਡੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਨਾ ਪਾਉਣਗੇ ਤਾਂ ਹੋਰ ਕੀ ਕਰਨਗੇ ।
ਕਿਸੇ ਦੀ ਇੱਜ਼ਤ ਲੁੱਟੇ ਜਾਣ ਤੋਂ ਬਾਅਦ ਰੋਸ ਮੁਜ਼ਾਹਰੇ ਵਜੋਂ ਸੜਕਾਂ ਤੇ ਉੱਤਰਣ ਵਾਲੀਆਂ ਕੁੜੀਆਂ ਵਿਚੋਂ ਬਹੁਤ ਸਾਰੀਆਂ ਐਸੀਆਂ ਹੁੰਦੀਆਂ ਨੇ , ਜਿਹੜੀਆਂ ਐਹੋ ਜਿਹੇ ਗੀਤਾਂ ਤੇ ਘਰ ਪਰਿਵਾਰ ਤੇ ਸਮਾਜ ਦੀ ਸ਼ਰਮ ਹਯਾ ਦੀ ਪਰਵਾਹ ਕੀਤਿਆਂ ਬਿਨਾਂ ਸਭ ਦੇ ਸਾਹਮਣੇ ਠੁਮਕੇ ਲਾਉਂਦੀਆਂ ਨੇ । ਜਦਕਿ ਕੁੜੀਆਂ ਨੂੰ ਇਹਨਾਂ ਗੀਤਾਂ ਦੀ ਵਿਰੋਧਤਾ ਕਰਨੀ ਚਾਹੀਦੀ ਹੈ ।
ਅਸੀਂ ਨਸ਼ਿਆਂ ਦੀ ਸਾਰੀ ਜਿੰਮੇਵਾਰੀ ਸਰਕਾਰ ਦੇ ਸਿਰ ਸੁੱਟੀ ਜਾਨੇ ਆ। ਸਰਕਾਰ ਨਸ਼ਾ ਸਪਲਾਈ ਕਰਦੀ ਹੋਵੇਗੀ , ਨਸ਼ਾ ਲੋਕਾਂ ਦੇ ਮੂੰਹ ਵਿੱਚ ਨਹੀਂ ਪਾਉਂਦੀ । ਨਸ਼ੇ ਦੀ ਇੱਲਤ ਲਾਉਣ ਵਿੱਚ ਗੀਤ ਮੋਹਰੀ ਭੂਮਿਕਾ ਨਿਭਾ ਰਹੇ ਨੇ , ਵਿਆਹ ਸ਼ਾਦੀਆਂ ਜਾ ਹੋਰ ਖੁਸ਼ੀ ਦੇ ਮੌਕਿਆਂ ਤੇ ਚਾਰ ਜਣੇ ਇਕੱਠੇ ਹੋਣ ਕਰਕੇ ਮੁੰਡਿਆਂ ਦਾ ਮਾਨਸਿਕ ਸੰਤੁਲਨ ਅਕਸਰ ਹੀ ਵਿਗੜਿਆ ਹੁੰਦਾ ਹੈ , ਐੈਹੋ ਜਿਹੇ ਸਮਿਆਂ ਤੇ ਡੀ ਜੇ ਲੱਗਣੇ ਆਮ ਜਿਹੀ ਗੱਲ ਹੋ ਗਈ ਏ , ਦੇਖਿਆ ਗਿਆ ਹੈ ਕਿ ਗੀਤ ਅਕਸਰ ਹੀ ਨਸ਼ਿਆਂ ਪ੍ਤੀ ਉਤਸ਼ਾਹਿਤ ਕਰਨ ਵਾਲੇ ਹੁੰਦੇ ਨੇ।
ਇਸ ਲਈ ਸਮਾਜ ਸੁਧਾਰ ਲਈ ਕੰਮ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਸਭਿਆਚਾਰ ਦੇ ਨਾਂ ਤੇ ਗੰਦ ਪਾਉਣ ਵਾਲੇ ਗਾਇਕਾਂ ਨੂੰ ਨੱਥ ਪਾਉਣ ਦਾ ਯਤਨ ਜਰੂਰ ਕੀਤਾ ਜਾਵੇ ।
ਹਰਪਾਲ ਸਿੰਘ 088722 19051


19/02/15)
ਬਲਦੀਪ ਸਿੰਘ ਰਾਮੂੰਵਾਲੀਆ/ ਸਰਬਜੀਤ ਕੌਰ

ਸੋਚ

ਹਰਿੰਦਰ ਅੱਜ ਕਈ ਦਿਨ੍ਹਾਂ ਬਾਅਦ ਪੇਕਿਆ ਤੋ ਆਈ ਸੀ। ਉਸਦਾ ਪੁਤਰ ਰਵੀ ਜਦ ਸਕੂਲ ਤੋ ਆਇਆ ਤਾਂ ਆਪਣੀ ਮਾਂ ਨੂੰ ਤੱਕ ਖੁਸ਼ ਹੋ ਕਿ ਉਸਦੇ ਵਲ ਭਜ ਕੇ ਗਿਆ। ਹਰਿੰਦਰ ਨੇ ਉਸਨੂੰ ਬੁਕਲ ਚ ਲਿਆ ਤੇ ਪਿਆਰ ਕੀਤਾ ....ਪਰ ਪਤਾ ਨਹੀ ਕਿਉ ਰਵੀ ਨੂੰ ਮਹਿਸੂਸ ਹੋਇਆ ਕਿ ਮਾਂ ਅੱਜ ਕੁਝ ਉਦਾਸ ਹੈ। ਉਸਨੇ ਨੇ ਆਪਣੇ ਕਪੜੇ ਬਦਲ ਕਿ ਹਰਿੰਦਰ ਨੂੰ ਆਣ ਪੁਛਿਆ ਕਿ ਮੰਮੀ! ਸਭ ਠੀਕ ਆ ਨ ਤੁਸੀ ਅੱਜ ਬਹੁਤ ਉਦਾਸ ਲਗਦੇ ਹੋ? ਹਰਿੰਦਰ ਪੁਤਰ ਦੇ ਪਿਆਰ ਭਰੇ ਬੋਲ ਸੁਣ ਕਿ ਫਿਸ ਗਈ ਤੇ ਆਖਣ ਲੱਗੀ "ਪੁਤ! ਠੀਕ ਕੁਝ ਵੀ ਨਹੀ।
ਰਵੀ :- ਹੋਇਆ ਕੀ ਆ ਮਾਂ!
ਹਰਿੰਦਰ :-ਪੁਤ ਕੀ ਮਾਪੇ ਉਲਾਦ ਨੂੰ ਇਸੇ ਲਈ ਪਾਲਦੇ ਨੇ ਕੇ ਵੱਡੀ ਹੋ ਕਿ ਉਹ ਮਾਪਿਆ ਨੂੰ ਪਾਣੀ ਨ ਪੁਛੇ। ਕੀ ਉਲਾਦ ਦਾ ਕੋਈ ਫਰਜ਼ ਨਹੀ?
ਰਵੀ :-ਤੁਸੀ ਖੁਲ ਕੇ ਗਲ ਦਸੋ! ਬੁਝਾਰਤਾਂ ਨ ਪਾਉ ....
ਹਰਿੰਦਰ :- ਹੋਣਾ ਕੀ ਆ ਪੁਤ ਤੇਰੀ ਮਾਮੀ ਤੇਰੇ ਨਾਨਾ ਨਾਨੀ ਨੂੰ ਸਿੱਧੇ ਮੂੰਹ ਨਹੀ ਬੋਲਦੀ, ਖਾਣ ਨੂੰ ਪੈਦੀ ਆ ਤੇਰੀ ਨਾਨੀ ਵਿਚਾਰੀ ਆਪ ਰੋਟੀ ਬਣਾਉਦੀ ਆ ਕੱਪੜੇ ਧੋਦੀ ਆ .....ਕੀ ਸੁਖ ਮਿਲਿਆ ਮੁੰਡਾ ਵਿਆਉਣ ਦਾ ਤੇ ਉਹ ਵੀ ਆਪਣੀ ਜ਼ਨਾਨੀ ਦੇ ਮਗਰ ਲਗਦਾ ਉਸਨੂੰ ਭੋਰਾ ਨਹੀ ਵਰਜਦਾ! ਹਾਏ! ਕੀ ਮੇਰੇ ਮਾਪਿਆ ਦੀ ਜ਼ਿੰਦਗੀ ਚ ਨੂੰਹ ਪੁਤ ਤੋ ਹੁੰਦੀ ਸੇਵਾ ਵਾਲਾ ਸੁਖ ਹੀ ਨਹੀ ਲਿਖਿਆ ਸੀ ......
ਇਕ. ਬੁਢੀ ਲੜਖੜਾਵੀ ਆਵਾਜ਼ ਆਉਦੀ ਆ .....ਰਵੀ ਪੁਤ ਰੋਟੀ ਬਣ ਗਈ ਆ ਆਜਾ ਖਾ ਲਾ ਨਾਲੇ ਆਪਣੀ ਮਾਂ ਨੂੰ ਕਹਿਦੇ ਗਰਮ ਗਰਮ ਰੋਟੀ ਖਾ ਲੋ ਗੀ!
ਰਵੀ ਉਠਦਾ ਤੇ ਰਸੋਈ ਵੱਲ ਜਾਣ ਲਗਦਾ ਪਰ ਮਾਂ ਨੂੰ ਇੱਕ ਗਲ ਕਹਿੰਦਾ ...ਚਿਹਰੇ ਤੇ ਮੁਸਕਰਾਹਟ ਲਿਆ ਕਿ .
ਮਾਂ ਮੈ ਤਾਂ ਸੋਚਿਆ ਸੀ ਪਤਾ ਨਹੀ ਕੀ ਗੱਲ ਹੋ ਗਈ? ਉਹ ਨਾਨੀ ਨਾਲੋ ਵੱਧ ਕੇ ਇੱਥੇ ਦਾਦੀ ਨਾਲ ਤੁਸੀ ਕਰ ਦਿੰਦੇ ਹੋ ਇਹ ਤਾਂ ਘਰ ਘਰ ਦੀ ਕਹਾਣੀ ਆ ਆਜੋ ਰੋਟੀ ਖਾ ਲੋ ਨਹੀ ਤੁਸੀ ਦੁਬਾਰਾ ਫਿਰ ਦਾਦੀ ਤੋ ਗਰਮ ਕਰਵਾਉਗੇ ....(...ਉਹ ਰਸੋਈ ਚ ਵੜ ਜਾਂਦਾ ਹੈ)
ਅੱਜ. ਪਹਿਲੀ ਵਾਰ ਉਸਨੂੰ ਪੁਤ ਦੀ ਮੁਸਕਰਾਹਟ ਤਿੱਖੀ ਤਲਵਾਰ ਲਗੀ ਜਿਸਦਾ ਵਾਰ ਉਹ ਸਹਾਰ ਨ ਸਕੀ .... ਪੁਤ ਦੇ ਆਖੇ ਬੋਲਾਂ ਨੇ ਹਰਿੰਦਰ ਦਾ ਅੰਦਰ ਹਿਲਾ ਕਿ ਰੱਖ ਦਿਤਾ ਸੀ...ਉਹ ਗੁੰਮ ਸੁੰਮ ਹੋਈ ਬੈਠੀ ਸੀ ਤੇ ਸ਼ਾਇਦ ਸੋਚ ਰਹੀ ਸੀ ਕਿ .ਕਹਿ ਤੇ ਇਹ ਵੀ ਠੀਕ ਰਿਹਾ ..ਮੈ ਵੀ ਤਾਂ ਆਪਣੇ ਸੱਸ ਸਹੁਰੇ ਨੂੰ ..................।

ਬਲਦੀਪ ਸਿੰਘ ਰਾਮੂੰਵਾਲੀਆ/ ਸਰਬਜੀਤ ਕੌਰ
96543-42039


15/02/15)
ਡਾ: ਗੁਰਮੀਤ ਸਿੰਘ ਬਰਸਾਲ

ਕੈਲੰਡਰ ਵਿਵਾਦ !!ਇਸਦੀ ਵਿਰੋਧਤਾ ਦੇ ਕੁਝ ਕਾਰਣ !!

(ਡਾ ਗੁਰਮੀਤ ਸਿੰਘ ਬਰਸਾਲ)

ਸਮੇ ਨੂੰ ਮਿਣਨ ਲਈ ਸਮੇ ਸਮੇ ਕੈਲੰਡਰ ਬਣਦੇ ਆਏ ਹਨ ਅਤੇ ਸਮੇ ਅਨੁਸਾਰ ਇਹਨਾ ਵਿੱਚ ਸੋਧਾਂ ਵੀ ਹੁੰਦੀਆਂ ਰਹੀਆਂ ਹਨ। ਕਿਸੇ ਵੇਲੇ ਦੱਸ ਮਹੀਨਿਆਂ ਦੇ ਕੈਲੰਡਰ ਵੀ ਬਣੇ ਸਨ ਅਤੇ ਬਾਅਦ ਵਿੱਚ ਬਾਰਾਂ ਮਹੀਨਿਆਂ ਦੇ ਬਨਣ ਲੱਗੇ। ਕਿਸੇ ਵੇਲੇ ਚੰਦ ਦੀ ਗਤੀ ਅਨੁਸਾਰ ਕੈਲੰਡਰ ਬਣਦੇ ਸਨ ਪਰ ਚੰਦ ਦਾ ਧਰਤੀ ਦੁਆਲੇ ਗੇੜਾ ੩੫੪ ਦਿਨਾ ਵਿੱਚ ਪੂਰਾ ਹੋਣ ਕਾਰਣ ਇਹ ਰੁੱਤੀ ਸਾਲ ਤੋਂ ਪਛੜ ਜਾਂਦਾ ਸੀ ।ਇਸ ਤਰਾਂ ਸਾਲ ੧੧ ਦਿਨ ਪਿੱਛੇ ਰਹਿ ਜਾਂਦਾ ਸੀ ।ਜਿਸ ਨੂੰ ਤਿੰਨ ਸਾਲਾਂ ਬਾਅਦ ਖਿੱਚਕੇ ਰੁਤੀ ਸਾਲ ਬਰਾਬਰ ਕੀਤਾ ਜਾਂਦਾ ਸੀ ,ਇਸ ਤਰਾਂ ਤਿੰਨਾਂ ਸਾਲਾਂ ਬਾਅਦ ਇਕ ਮਹੀਨਾ ਵਧ ਜਾਂਦਾ ਸੀ ਜਿਸਨੂੰ ਪੰਡਤਾਂ ਵੱਲੋਂ ਮਲ ਮਾਸ ਜਾਂ ਲੌਂਦ ਦਾ ਮਹੀਨਾ ਕਿਹਾ ਜਾਂਦਾ ਸੀ ਅਤੇ ਇਸ ਮਹੀਨੇ ਵਿੱਚ ਕੋਈ ਚੰਗਾਂ ਕੰਮ ਕਰਨਾ ਵਰਜਿਤ ਕੀਤਾ ਗਿਆ ਸੀ। ਫਿਰ ਇਸ ਵਿੱਚ ਸੁਧਾਰ ਕਰਨ ਲਈ ਸੂਰਜੀ ਕੈਲੰਡਰ ਹੋਂਦ ਵਿੱਚ ਆਏ। ਸੂਰਜੀ ਸਾਲ ਤਕਰੀਬਨ ੩੬੫ ਦਿਨ ਦਾ ਹੋਣ ਕਾਰਣ ਰੁੱਤੀ ਸਾਲ ਦੇ ਜਿਆਦਾ ਨਜਦੀਕ ਸੀ ਜਿਸ ਨਾਲ ਇਸ ਤਰੁੱਟੀ ਤੇ ਕਾਫੀ ਕਾਬੂ ਪਾ ਲਿਆ ਗਿਆ ਸੀ। ਜੂਲੀਅਨ ਕੈਲੰਡਰ ਵੀ ਇਸੇ ਸ਼ਰੇਣੀ ਦਾ ਕੈਲੰਡਰ ਸੀ ਜਿਸਦੀ ਲੰਬਾਈ ਤਕਰੀਬਨ ੩੬੫ ਦਿਨ ੬ ਘੰਟੇ ਹੋਣ ਕਾਰਣ ਇਹ ਵੀ ਰੁਤੀ ਸਾਲ ਨਾਲੋਂ ਲੱਗਭੱਗ ੧੨ ਮਿੰਟ ਵੱਡਾ ਹੋਣ ਕਾਰਣ ੧੨੮ ਸਾਲਾਂ ਬਾਅਦ ਇੱਕ ਦਿਨ ਦਾ ਫਰਕ ਪਾਉਂਦਾ ਸੀ। ਰੋਮਨਾ ਨੇ ਇਸ ਫਰਕ ਕਾਰਣ ਲੰਬੇ ਸਮੇ ਬਾਅਦ ਸਮੇ ਦੇ ਪੈ ਰਹੇ ਵੱਡੇ ਫਰਕ ਨੂੰ ਸਮਝਕੇ ਸਾਲ ਦੀ ਲੰਬਾਈ ਨੂੰ ਛੋਟਾ ਕਰਕੇ ਰੁੱਤੀਂ ਸਾਲ ਦੇ ਇਨਾਂ ਨੇੜੇ ਕਰ ਦਿੱਤਾ ਕਿ ਫਰਕ ਕੇਵਲ ਲੱਗਭੱਗ ੩੩ ਸੈਕਿੰਡ ਦਾ ਰਹਿ ਗਿਆ ਜਿਸ ਨਾਲ ੩੩੦੦ ਸਾਲਾਂ ਬਾਅਦ ਕੇਵਲ ਇਕ ਦਿਨ ਦਾ ਫਰਕ ਹੀ ਰਹਿ ਗਿਆ। ਇਸ ਤਰਾਂ ਤਿਆਰ ਕੀਤੇ ਕੈਲੰਡਰ ਦਾ ਨਾਮ ਪੋਪ ਗਰੈਗਰੀ ਕਾਲ ਵਿੱਚ ਹੋਣ ਕਾਰਣ ਗਰੈਗੋਰੀਅਨ ਕੈਲੰਡਰ ਪੈ ਗਿਆ। ਅਜੋਕਾ ਕੈਲੰਡਰ ਇਹ ਹੀ ਹੈ। ਵਿਚਾਰਣ ਵਾਲੀ ਗੱਲ ਇਹ ਹੈ ਕਿ ਜਿਹੜੀ ਗਲ ਰੋਮ ਵਾਸੀਆਂ ਨੂੰ ੧੫੮੨ ਵਿੱਚ ਸਮਝ ਆ ਗਈ ਸੀ ਕਿ ਸਾਡੇ ਸਾਲ ਦੀ ਲੰਬਾਈ ਵੱਧ ਹੈ ਜਿਸਨੂੰ ਰੁੱਤੀ ਸਾਲ ਬਰਾਬਰ ਕਰਨ ਲਈ ,ਲੰਬਾਈ ਘਟਾਉਣ ਦੀ ਲੋੜ ਹੈ ਉਹ ਗੱਲ ਇੰਗਲੈਂਡ ਵਾਲਿਆਂ ਨੂੰ ੧੭੦ ਸਾਲ ਬਾਅਦ ਸਮਝ ਵਿੱਚ ਆਈ ਅਤੇ ਉਹਨਾਂ ਆਪਣੇ ਕੈਲੰਡਰ ਵਿੱਚ ੧੭੦ ਸਾਲ ਬਾਅਦ ਇਹ ਸੋਧ ਕਰ ਲਈ। ਹੁਣ ਸਾਡੇ ਵਿਚਾਰਨ ਵਾਲੀ ਵੀ ਇਹੀ ਗੱਲ ਹੈ ਕਿ ਇਹੀ ਗਲ ਸਾਡੇ ਬਿਕਰਮੀ ਵਾਲਿਆਂ ਨੂੰ ਕਿਓਂ ਨਹੀਂ ਸਮਝ ਆ ਰਹੀ ਕਿ ਸਮੇ ਦੀ ਸਹੀ ਮਿਣਤੀ ਲਈ ਸਾਲ ਦੀ ਲੰਬਾਈ ਰੁੱਤੀਂ ਸਾਲ ਦੇ ਬਰਾਬਰ ਕਰਨੀ ਹੀ ਪੈਣੀ ਹੈ ਚਾਹੇ ਅੱਜ ਕਰ ਲਓ ਚਾਹੇ ਸੋ ਦੋ ਸੋ ਸਾਲ ਬਾਅਦ। ਇਕ ਗਲ ਹੋਰ ਹੈ ਕਿ ਹਿੰਦੂ ਵਿਦਵਾਨਾ ਨੇ ਬਿਕਰਮੀ ਕੈਲੰਡਰ ਵਿੱਚ ੧੯੬੪ ਵਿੱਚ ਇਕ ਸੋਧ ਕੀਤੀ ਸੀ ।ਪਹਿਲਾਂ ਬਿਕਰਮੀ ਸਾਲ ਦੀ ਲੰਬਾਈ ਰੁਤੀਂ ਸਾਲ ਤੋਂ ੨੪ ਮਿੰਟ ਵੱਧ ਸੀ ਪਰ ਸੋਧ ਬਾਅਦ ਇਹ ਫਰਕ ਲੱਗਭੱਗ ੨੦ ਮਿੰਟ ਦਾ ਰਹਿ ਗਿਆ ਸੀ।ਹਿੰਦੂ ਵਿਦਵਾਨਾ ਦੀ ਕੀਤੀ ਇਹ ਸੋਧ ਸਾਡੇ ਲੋਕਾਂ ਅੱਖਾਂ ਬੰਦ ਕਰਕੇ ਮੰਨ ਲਈ ਪਰ ਇੱਕ ਸਿੱਖ ਵਿਦਵਾਨ ਦੀ ਲੰਬੇ ਅਰਸੇ ਦੀ ਕੈਲੰਡਰ ਦੀਆਂ ਸਦਾ ਲਈ ਤਰੀਕਾਂ ਇੱਕ ਰੱਖਣ ਦੀ ਸੋਧ ਤੇ ਕਿਸੇ ਨੀਤੀ ਤਹਿਤ ਵਿਵਾਦ ਮਚਾਇਆ ਜਾ ਰਿਹਾ ਹੈ।

ਸ ਪਾਲ ਸਿੰਘ ਪੁਰੇਵਾਲ ਨੇ ਕੇਵਲ ਨਾਨਕਸ਼ਾਹੀ ਕੈਲੰਡਰ ਹੀ ਨਹੀਂ ਬਣਾਇਆ ਸਗੋਂ ਮੁਸਲਮਾਨ ਭਰਾਵਾਂ ਨੂੰ ਇਕ ਹਿਜਰੀ ਕੈਲੰਡਰ ਵੀ ਬਣਾਕੇ ਦਿੱਤਾ। ਪਾਕਿਸਤਾਨ ਦੇ ਵਿਦਵਾਨਾ ਨੇ ਸ ਪਾਲ ਸਿੰਘ ਪੁਰੇਵਾਲ ਨਾਲ ਮੀਟਿੰਗਾਂ ਰਾਹੀਂ ਇਸ ਕੈਲੰਡਰ ਨੂੰ ਮਨਜੂਰ ਕਰ ਸ ਪਾਲ ਸਿੰਘ ਦਾ ਸਨਮਾਨ ਵੀ ਕੀਤਾ ਜਦਕਿ ਇਸਦੇ ਉਲਟ ਸਾਡੇ ਆਪਣੇ ਦੇਸ਼ ਵਾਸੀਆਂ ਨੇ ਸਨਮਾਨ ਕਰਨਾ ਤਾਂ ਇਕ ਪਾਸੇ ਸਗੋਂ ਜਲੀਲ ਕਰਨ ਦੀ ਹਰ ਕੋਸ਼ਿਸ਼ ਕੀਤੀ।ਇਹ ਗੱਲ ਤਾਂ ਬਿਲਕੁਲ ਠੀਕ ਲਗਦੀ ਹੈ ਕਿ ਕੈਲੰਡਰ ਤੇ ਮਾਹਰਾਂ ਦਾ ਵਿਚਾਰ ਵਟਾਂਦਰਾ ਜਰੂਰੀ ਹੈ ਅਤੇ ਇਸ ਵਿਚਾਰ ਵਟਾਂਦਰੇ ਵਿੱਚ ਉਹ ਸੱਜਣ ਬੈਠਣੇ ਚਾਹੀਦੇ ਹਨ ਜੋ ਕੈਲੰਡਰ ਵਿਗਿਆਨ ਦੇ ਗਿਆਤਾ ਹੋਣ ਪਰ ਸਾਡੀ ਕੌਮ ਦਾ ਹਾਲ ਇਹ ਹੈ ਕਿ ਸ ਪਾਲ ਸਿੰਘ ਪੁਰੇਵਾਲ ਵਰਗੇ ਕੈਲੰਡਰੀਕਲ ਵਿਗਿਆਨ ਦੇ ਮਾਹਿਰ ਜਿਨਾਂ ਦਾ ਜਿਕਰ ਵਿਕਸਤ ਦੇਸ਼ ਕੈਲੰਡਰੀਕਲ ਸਾਈਂਸ ਦੀਆਂ ਕਿਤਾਂਬਾਂ ਦੀਆਂ ਭੂਮੀਕਾਵਾਂ ਵਿੱਚ ਲਿਖਣ ਲਈ ਮਜਬੂਰ ਹੋਏ ਹਨ ,ਦੇ ਅੱਧੀ ਸਦੀ ਦੇ ਕੀਤੇ ਕੰਮ ਤੇ ਕਿੰਤੂ ਕੋਰੇ ਅਨਪੜ ਬਾਬੇ/ਜੱਥੇਦਾਰਾਂ ਵੱਲੋਂ ਕੀਤਾ ਜਾਂਦਾ ਹੈ ਜੋ ਕਿ ਕੈਲੰਡਰੀਕਲ ਸਾਇਂਸ ਦਾ ਊੜਾ ਐੜਾ ਵੀ ਨਹੀਂ ਜਾਣਦੇ। ਇਸੇ ਤਰਾਂ ਕੁਝ ਭਾੜੇ ਦੇ ਲਿਖਾਰੀ ਜਿਹਨਾਂ ਨੂੰ ਵਿਚਾਰ ਚਰਚਾਵਾਂ ਦੇ ਖੁੱਲੇ ਸੱਦੇ ਦਿੱਤੇ ਗਏ ਹਨ ਕਦੇ ਵੀ ਸਾਹਮਣੇ ਨਹੀਂ ਆਉਂਦੇ ਪਰ ਆਪਣੀ ਜਿਦ ਕਾਰਣ ਜਾਂ ਕਿਸੇ ਨੀਤੀ ਤਹਿਤ ਕੁਝ ਸਮੇ ਦੇ ਵਖਵੇ ਨਾਲ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੇ ਅਕਸਰ ਦੇਖੇ ਗਏ ਹਨ। ਵਿਚਾਰ ਚਰਚਾ ਲਈ ਜਰੂਰੀ ਹੁੰਦਾ ਹੈ ਕਿ ਦੋਵਾਂ ਧਿਰਾਂ ਦੀ ਵਿਸ਼ੇ ਤੇ ਪਕੜ ਵਿਗਿਆਨਿਕ ਅਤੇ ਸਮੇ ਅਨੁਸਾਰੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਯਕੀਨੀ ਰਹੇ ਕਿ ਦੋਵੇਂ ਧਿਰਾਂ ਕੈਲੰਡਰ ਦੀਆਂ ਤਕਨੀਕੀ ਗੱਲਾਂ ਤੋਂ ਵਾਕਿਫ ਹਨ। ਪਰ ਕਈ ਵਾਰ ਜਦੋਂ ਕੁਝ ਲੋਕਾਂ ਨੂੰ ਵਿਚਾਰ ਲਈ ਵੰਗਾਰਿਆ ਤਾਂ ਉਹਨਾਂ ਕਿਹਾ ਕਿ ਇਹਨਾਂ ਤਕਨੀਕੀ ਗੱਲਾਂ ਤੇ ਵਿਚਾਰ ਲਈ ਅਸੀਂ ਸਮਾ ਵਿਅਰਥ ਨਹੀਂ ਗੁਆਉਣਾ ਅਰਥਾਤ ਬਿਨਾ ਕਿਸੇ ਨੁਕਤੇ ਨੂੰ ਵਿਚਾਰੇ ਹੀ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਨੀ ਹੈ ।ਕਈਆਂ ਦਾ ਤਾਂ ਇੱਕੋ ਇੱਕ ਉਦੇਸ਼ ਕੇਵਲ ਆਪਣੀਆਂ ਲਿਖਤਾਂ ਵਿੱਚ ਆਪਣੀ ਮਰਜੀ ਦੀਆਂ ਲਿਖੀਆਂ ਤਰੀਕਾਂ ਨੂੰ ਹੀ ਸਹੀ ਸਾਬਤ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਹਰ ਹੀਲੇ ਵਿਰੋਧ ਕਰਨਾ ਹੈ। ਕੁਝ ਲੋਕਾਂ ਦਾ ਵਿਰੋਧ ਇਸ ਕਰਕੇ ਹੈ ਕਿ ਉਹਨਾ ਦੀਆਂ ਕਹੀਆਂ/ਦੱਸੀਆਂ ਗੱਲਾਂ/ਨੁਕਤੇ ਕਿਓਂ ਨਾ ਮੰਨੇ ਗਏ। ਕੁਝ ਅਜਿਹੇ ਵੀ ਵਿਰੋਧੀ ਸਾਹਮਣੇ ਆਏ ਹਨ ਜਿਨਾਂ ਦਾ ਕੰਮ ਹੀ ਉਸ ਹਰ ਗਲ ਦਾ ਵਿਰੋਧ ਕਰਨਾ ਹੈ ਜਿਸਦਾ ਸਬੰਧ ਸਿੱਧੇ ਜਾਂ ਅਸਿੱਧੇ ਤਰੀਕੇ ਸਿੱਖ ਕੌਮ ਦੇ ਵੱਖਰੀ ਕੋਮ ਵਜੋਂ ਸਥਾਪਤ ਹੋਣ ਨਾਲ ਹੈ ਉਦਾਹਰਣ ਲਈ ਭਾਵੇਂ ਧਾਰਾ ੨੫ ਬੀ ਵਾਰੇ ਹੋਵੇ ਜਾਂ ਸਿੱਖ ਮੈਰਿਜ ਐਕਟ ਹੋਵੇ ਜਾਂ ਨਾਨਕਸ਼ਾਹੀ ਕੈਲੰਡਰ ਹੋਵੇ। ਇਹ ਤਾਂ ਸਭ ਜਾਣਦੇ ਹਨ ਕਿ ਕੈਲੰਡਰ ਹੀ ਕੌਮਾਂ ਦੀ ਵੱਖਰੀ ਪਹਿਚਾਣ ਦਾ ਕਾਰਣ ਨਹੀਂ ਹੁੰਦੇ ਪਰ ਸਿੱਖ ਕੌਮ ਲਈ ਇਹ ਵੱਡੇ ਭਾਗਾਂ ਵਾਲੀ ਗੱਲ ਹੀ ਹੈ ਕਿ ਸਾਡਾ ਨਾਨਕਸ਼ਾਹੀ ਕੈਲੰਡਰ ਵੀ ਸਿੱਖਾਂ ਦੀ ਵੱਖਰੀ ਹਸਤੀ ਦਾ ਪ੍ਰਤੀਕ ਬਣ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਸੀ ਈ ਕੈਲੰਡਰ ਹੀ ਵਰਤਣਾ ਹੈ ਚੇਤ ਵੈਸਾਖ ਨਹੀਂ ।ਅਜਿਹੇ ਲੋਕ ਇਹ ਕਿੰਝ ਭੁੱਲ ਜਾਦੇ ਹਨ ਕਿ ਚਾਹੇ ੫ ਜਨਵਰੀ ਹੋਵੇ ਚਾਹੇ ੨੩ ਪੋਹ ਤਰੀਕਾਂ ਦੋਹਾਂ ਦੀਆਂ ਪੱਕੀਆਂ ਰਹਿਣਗੀਆਂ ।ਅਗਰ ਕੰਧ ਤੇ ਟੰਗੇ ਕੈਲੰਡਰ ਵਿੱਚ ਸੀ ਈ ਦੇ ਨਾਲ ਨਾਲ ਬਿਕਰਮੀ ਦੀ ਜਗਹ ਨਾਨਕਸ਼ਾਹੀ ਕੈਲੰਡਰ ਹੋਵੇਗਾ ਤਾਂ ਉਹਨਾਂ ਦਾ ਕੀ ਨੁਕਸਾਨ ਹੋ ਜਾਵੇਗਾ ?ਕੁਝ ਲੋਕ ਆਖਦੇ ਹਨ ਕਿ ਸਾਨੂੰ ਤਾਂ ਪੁਰਾਣਾ ਗੁਰੂ ਕਾਲ ਵਾਲਾ ਕੈਲੰਡਰ ਹੀ ਠੀਕ ਹੈ ਪਰ ਅਜਿਹੇ ਭੋਲੇ ਲੋਕ ਇਹ ਵੀ ਨਹੀਂ ਜਾਣਦੇ ਕਿ ਗੁਰੂ ਕਾਲ ਵੇਲੇ ਵਰਤੇ ਜਾਂਦੇ ਬਿਕਰਮੀ ਕੈਲੰਡਰ ਵਿੱਚ ਤਾਂ ਹਿੰਦੂ ਵਿਦਵਾਨ ੧੯੬੪ ਵਿੱਚ ਸੋਧ ਕਰ ਚੁੱਕੇ ਹਨ ਹੁਣ ਤੇ ਉਹ ਪੁਰਾਣਾ ਹੈ ਹੀ ਨਹੀਂ ।ਕੁਝ ਲੋਕ ਸ ਪੁਰੇਵਾਲ ਦੇ ਬਣਾਏ ਕੈਲੰਡਰ ਵਿੱਚ ਸੰਗਰਾਦਾਂ,ਮੱਸਿਆ ਜਾਂ ਪੂਰਨਮਾਸੀਆਂ ਦੇ ਜਿਕਰ ਨੂੰ ਠੀਕ ਨਹੀਂ ਸਮਝਦੇ ਪਰ ਉਹ ਇਹ ਸਮਝਣੋ ਅਸਮਰਥ ਹਨ ਕਿ ਬਿਕਰਮੀ ਦੀ ਸੰਗਰਾਂਦ ਸੂਰਜ ਦੇ ਇਕ ਰਾਸ਼ੀ ਚੋਂ ਦੂਜੀ ਰਾਸ਼ੀ ਵਿੱਚ ਜਾਣ ਨੂੰ ਕਹਿੰਦੇ ਹਨ (ਧਰਤੀ ਨੂੰ ਖੜਾ ਅਤੇ ਸੂਰਜ ਨੂੰ ਰਾਸ਼ੀਆਂ (ਤਾਰਿਆਂ ਦਾ ਸਮੂਹ) ਬਦਲਦਾ ਮੰਨਕੇ) ਜਦ ਕਿ ਨਾਨਕਸ਼ਾਹੀ ਵਿੱਚ ਤਾਂ ਮਹੀਨੇ ਦੇ ਪਹਿਲੇ ਦਿਨ ਨੂੰ ਸੰਗਰਾਂਦ ਆਖਿਆ ਹੈ ਜਿਸ ਦਾ ਬਿਪਰਵਾਦ ਨਾਲ ਕੋਈ ਸਬੰਧ ਨਹੀਂ। ਮੱਸਿਆ ਜਾਂ ਪੂਰਨਮਾਸੀ ਅਰਧਗੋਲੇ ਵਿੱਚ ਚੰਦ ਦਾ ਧਰਤੀ ਦੇ ਸਭ ਤੋਂ ਨਜਦੀਕ ਆਕੇ ਪੂਰਾ ਦਿਖਣਾ ਜਾਂ ਚੰਦਰਮੇ ਦਾ ਧਰਤੀ ਉਹਲੇ ਹੋਕੇ ਪੂਰਾ ਅੰਧੇਰਾ ਹੋਣ ਤੋਂ ਹੈ। ਬਿਪਰਵਾਦ ਅਜਿਹੇ ਦਿਨਾ ਨੂੰ ਪਵਿਤਰ ਅਪਵਿਤਰ ਮੰਨ ਕੇ ਪੂਜਣ ਤੋਂ ਹੈ ।ਮੱਸਿਆ ਪੂਰਨਮਾਸੀ ਤਾਂ ਕੁਦਰਤੀ ਵਰਤਾਰੇ ਹਨ। ਕੁਝ ਲੋਕ ਦੂਜਿਆਂ ਦੀ ਅਲੋਚਨਾ ਲਈ ਕੈਲੰਡਰ ਵਾਰੇ ਵਿਚਾਰ ਕਰਨ ਵਾਲਿਆਂ ਨੂੰ ਤੇ ਕੈਲੰਡਰ ਵਿਗਿਆਨੀਆਂ ਦੀ ਭਰਮਾਰ ਆਖਦੇ ਹਨ ਪਰ ਖੁਦ ਵੀ ਇਸੇ ਰਸਤੇ ਚੱਲਣ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੇ।ਕੁਝ ਲੋਕ ਆਖਦੇ ਹਨ ਕਿ ਪੁਰੇਵਾਲ ਕਾਰਣ ਦੋ ਤਰਾਂ ਦੇ ਚੇਤ ਵੈਸਾਖ ਬਣ ਗਏ ਹਨ ਪਰ ੧੯੬੪ ਦੌਰਾਨ ਹਿੰਦੂ ਵਿਗਿਆਨੀਆਂ ਦੀ ਕੀਤੀ ਸੋਧ ਕਾਰਣ ਉਸ ਵੇਲੇ ਬਣੇ ਨਵੇ ਚੇਤ ਵੈਸਾਖ ਲਈ ਚੁੱਪ ਰਹਿੰਦੇ ਹਨ। ਇਸੇ ਤਰਾਂ ਰੋਮਨਾ ਦੀ ਕੀਤੀ ਸੋਧ ਵੇਲੇ ਇਹਨਾਂ ਨੂੰ ਨਵੇਂ ਜਨਵਰੀ ਫਰਬਰੀ ਨਹੀਂ ਦਿਸਦੇ। ਕਈ ਆਖਦੇ ਹਨ ਪੁਰੇਵਾਲ ਨੇ ਵਖਤ ਖਰਾਬ ਕੀਤਾ ਹੈ ਪਰ ਆਪਦੇ ਵਖਤ ਦੀ ਸਹੀ ਵਰਤੋਂ ਕਰਕੇ ਕੋਈ ਕੌਮੀ ਕਾਰਜ ਕਰਦੇ ਕਦੇ ਨਹੀਂ ਦੇਖੇ ਗਏ। ਕੁਝ ਲਿਖਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦਾ ਬਾਹਮਣਾਂ ਨਾਲੋਂ ਨਾੜੂਆ ਕੱਟਣ ਸਮਾਨ ਹੈ ਜੋ ਕਿ ਬਹੁਤ ਹੱਦ ਤੱਕ ਸਹੀ ਗੱਲ ਹੈ ਸ਼ਾਇਦ ਇਹੀ ਕਾਰਣ ਹੈ ਨਾਨਕਸ਼ਾਹੀ ਕੈਲੰਡਰ ਦੀ ਨੀਤੀਗਤ ਵਿਰੋਧਤਾ ਦਾ। ਕੁਝ ਲੋਕ ਆਖਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਦੀ ਕੀ ਲੋੜ ਸੀ ਸਿਰਫ ੧੦-੧੨ ਦਿਨ ਪੱਕੇ ਹੀ ਕਰਨ ਦੀ ਲੋੜ ਸੀ ,ਪਰ ਅਜਿਹਾ ਕਹਿਣ ਵਾਲੇ ਸੱਜਣ ੨੦੦੩ ਤੋੰ ਹੁਣ ਤੱਕ ਵਿਰੋਧਤਾ ਤਾਂ ਕਰਦੇ ਆਏ ਹਨ ਪਰ ਇਹ ਆਖੇ ਜਾਦੇ ੧੦-੧੨ ਦਿਨ ਖੁਦ ਪੱਕੇ ਨਹੀਂ ਕਰ ਸਕੇ।ਕਿੰਨਾਂ ਚੰਗਾ ਹੁੰਦਾ ਅਗਰ ਦੂਜੇ ਦੀ ਮਾਰੀ ਲਕੀਰ ਢਾਹੁਣ ਦੀਆਂ ਕੋਸ਼ਿਸ਼ਾਂ ਛੱਡਕੇ ਖੁਦ ਆਪਣੀ ਵੱਡੀ ਲਕੀਰ ਮਾਰਕੇ ਦਿਖਾਉਂਦੇ। ਅਸਲ ਵਿੱਚ ਅਜਿਹੇ ਲੋਕਾਂ ਦਾ ਅਸਲ ਮਕਸਦ ਕੇਵਲ ਤੇ ਕੇਵਲ ਵਿਰੋਧਤਾ ਕਰਕੇ ਚਰਚਾ ਵਿੱਚ ਰਹਿਣਾ ਹੀ ਹੈ ਕੋਈ ਹੱਲ ਕੱਢਕੇ ਦਿਖਾਉਣਾ ਨਹੀਂ।

ਸਮੇ ਨੂੰ ਮਿਣਨ ਲਈ ਅਗਰ ਕੋਈ ਕਿਸੇ ਨਵੀਂ ਟਕਨਾਲੋਜੀ ਨਾਲ ਘੜੀ ਬਣਾ ਦੇਵੇ ਤਾਂ ਕਦੇ ਵਿਵਾਦ ਨਹੀਂ ਹੋਵੇਗਾ ਸਗੋਂ ਅਪਣਾਉਣ ਲਈ ਹਰ ਕੋਈ ਪਹਿਲ ਕਰਦਾ ਨਜਰ ਆਵੇਗਾ। ਅਗਰ ਕਿਸੇ ਕੈਲੰਡਰ ਦੀ ਮਿਣਤੀ ਸਹੀ ਕਰਨ ਲਈ ਅੰਗਰੇਜ,ਰੋਮਨ ਜਾਂ ਭਾਰਤੀ ਬ੍ਰਾਹਮਣ ਕੋਈ ਤਬਦੀਲੀ ਕਰ ਦੇਣ ਤਾਂ ਕਿਸੇ ਨੂੰ ਅਪਣਾਉਣ ਵਿੱਚ ਕੋਈ ਉਜਰ ਨਹੀਂ ਹੋਵੇਗੀ ਪਰ ਅਗਰ ਕਿਧਰੇ ਕੋਈ ਸਿੱਖ ਵਿਦਵਾਨ ਕੈਲੰਡਰ ਨੂੰ ਮੌਸਮੀ ਸਾਲ ਦੇ ਬਰਾਬਰ ਕਰ ਸੀ ਈ ਕੈਲੰਡਰ ਵਾਂਗ ਹੀ ਤਰੀਕਾਂ ਫਿਕਸ ਕਰ ਦੇਵੇ ਤਾਂ ਸੱਚਮੁੱਚ ਵਿਵਾਦ ਹੋ ਜਾਂਦਾ ਹੈ ।ਉਹ ਲੋਕ ਜਿਹਨਾਂ ਨੂੰ ਕੈਲੰਡਰ ਵਿਗਿਆਨ ਵਾਰੇ ਊੜਾ ਐੜਾ ਨਹੀਂ ਪਤਾ ਹੁੰਦਾ ਉਹ ਵੀ ਕਿਸੇ ਨੀਤੀ ਤਹਿਤ ਆਨੇ-ਬਹਾਨੇ ਵਿਰੋਧਤਾ ਕਰਦੇ ਨਜਰ ਆਉਂਦੇ ਹਨ। ਇਹ ਗਲ ਵੀ ਸਪੱਸ਼ਟ ਹੈ ਕਿ ਹੁਣ ਸਿੱਖ ਕੌਮ ਕੇਵਲ ਭਾਰਤ ਤੱਕ ਹੀ ਸੀਮਿਤ ਨਹੀਂ ਰਹੀ । ਮਜਹਬੀ-ਰਾਜਨੀਤਕ ਗੱਠਜੋੜ ਨੇ ਆਪਣੇ ਵਕਤੀ ਫਾਇਦੇ ਲਈ ਸਿੱਖਾਂ ਦੀਆਂ ਕੇਂਦਰੀ ਜੱਥੇਬੰਦੀਆਂ ਦਾ ਘੇਰਾ ਪੰਜਾਬ ਜਾਂ ਕੁਝ ਗਵਾਂਢ ਤੱਕ ਹੀ ਸੀਮਿਤ ਕੀਤਾ ਹੋਇਆ ਹੈ ।ਜਿੱਥੇ ਹਿੰਦੁਸਤਾਨੀ ਸਿੱਖ ਉਹਨਾਂ ਦੀਆਂ ਕੀਤੀਆਂ ਬੱਜਰ ਗਲਤੀਆਂ ਕਾਰਣ ਉਹਨਾਂ ਦੀ ਨਾਨਕਸ਼ਾਹੀ ਕੈਲੰਡਰ ਵਾਰੇ ਕੋਈ ਗੱਲ ਮੰਨਣੋ ਇਨਕਾਰੀ ਹਨ ਉੱਥੇ ਭਾਰਤ ਤੋਂ ਬਾਹਰ ਵਸਦੇ ਬਹੁਤਾਤ ਸਿੱਖਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਮਤੇ ਪਾਏ ਹੋਏ ਹਨ ।ਅਨੇਕਾਂ ਗੁਰਦਵਾਰਿਆਂ ਨੇ ੨੦੦੩ ਤੋਂ ਹੀ ਨਾਨਕਸ਼ਾਹੀ ਕੈਲੰਡਰ ਅਪਣਾਇਆ ਹੋਇਆ ਹੈ ਅਤੇ ਲਗਾਤਾਰ ਇਸਦੇ ਹੱਕ ਵਿੱਚ ਕਾਫਲਾ ਵਧਦਾ ਜਾ ਰਿਹਾ ਹੈ ।ਭਾਵੇਂ ੨੦੦੩ ਵੇਲੇ ਨਾਨਕਸ਼ਾਹੀ ਕੈਲੰਡਰ ਦੀ ਪਰਵਾਨਗੀ ਵੇਲੇ ਸ਼ਰੋਮਣੀ ਕਮੇਟੀ ਨੇ ਕਿਸੇ ਚਾਲ ਤਹਿਤ ਤਿੰਨ –ਚਾਰ ਮਹੱਤਵਪੂਰਣ ਦਿਹਾੜਿਆਂ ਨੂੰ ਬਿਕਰਮੀ ਵਾਲੇ ਹੀ ਰੱਖਕੇ ਅਸਲ ਨਾਨਕਸ਼ਾਹੀ ਨੂੰ ਮਿਲਗੋਭਾ ਕਰਨ ਦਾ ਯਤਨ ਆਰੰਭ ਦਿੱਤਾ ਸੀ ਪਰ ਸ ਪਾਲ ਸਿੰਘ ਪੁਰੇਵਾਲ ਨੇ ਘੱਟੋ ਘੱਟ ਬਾਕੀ ਤਰੀਕਾਂ ਨੂੰ ਸਮਝਾਉਣ ਲਈ ਪਲੇਟਫਾਰਮ ਮਿਲਣ ਤੇ ਸਭ ਤਰੀਕਾਂ ਨੂੰ ਹੀ ਨਾਨਕਸ਼ਾਹੀ ਅਨੁਸਾਰ ਕਰਨ ਦੀ ਝਾਕ ਵਿੱਚ ਮੀਟਿੰਗਾਂ ਆਰੰਭੀਆਂ ਸਨ। ਪਰ ਜਿਵੇਂ ਹੀ ਸ਼ਰੋਮਣੀ ਕਮੇਟੀ ਅਤੇ ਸੰਤ ਸਮਾਜ ਨੇ ਸਾਰੇ ਹੀ ਕੈਲੰਡਰ ਦੇ ਬਿਕਰਮੀਕਰਣ ਤੇ ਜੋਰ ਦਿੱਤਾ ਹੈ ਤਾਂ ਇਸਨੂੰ ਦੇਖਦੇ ਰੋਹ ਵਿੱਚ ਆਏ ਸਿੱਖਾਂ ਵੱਲੋਂ ਜੋਰ-ਸ਼ੋਰ ਨਾਲ ਵਿਦੇਸ਼ਾਂ ਵਿੱਚ ਪੂਰਨ ਰੂਪ ਵਿੱਚ ਅਸਲੀ ਅਤੇ ਸ਼ੁੱਧ ਨਾਨਕਸ਼ਾਹੀ ਕੈਲੰਡਰ ਅਪਣਾਇਆ ਜਾ ਰਿਹਾ ਹੈ।


15/02/15)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਧਰਮ ਦੀ ਮੁੱਖਧਾਰਾ ਦਾ ਵਿਘਟਨ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਧਰਮ ਦੀ ਮੁੱਖਧਾਰਾ ਦਾ ਸੰਸਥਾਈਕਰਣ, ਕੱਟੜਤਾ, ਵਿਚਾਰਕ-ਖੜ੍ਹੋਤ, ਕੇਂਦਰੀਕਰਨ ਅਤੇ ਗੈਰ-ਬਰਾਬਰ ਨਵ-ਵਰਗਵੰਡ ਹੀ ਅਸਲ ਵਿੱਚ ਇਸਦੇ ਖੰਡਿਤ ਹੋ ਕੇ ਵੱਖਰੇ-ਵੱਖਰੇ ਪੰਥ, ਫਿਰਕਿਆਂ, ਡੇਰਿਆਂ ਇਤਿਆਦਿਕ ਦੇ ਰੂਪ ਵਿੱਚ ਨਵੀਆਂ ਮੁੰਤਕਲ ਧਾਰਾਵਾਂ ਦੇ ਵਜੋਂ ਜਨਮ ਲੈਣ ਦੇ ਮੂਲ ਕਾਰਨ ਬਣਦੇ ਹਨ |

ਸੰਸਥਾਈਕਰਣ: ਧਰਮ ਦਾ ਸੰਸਥਾਈਕਰਣ ਅਸਲ ਵਿੱਚ ਉਸ ਵਿਚਲੇ ਅਧਿਆਤਮ-ਤੱਤ ਦੀ ਮੌਤ ਦਾ ਸੂਚਕ ਹੈ ਜੋ ਉਸਦੇ ਸਭਨੀਂ ਕੂਟਾਂ ਵਿੱਚ ਖੁਸ਼ਬੋਈ ਖਿਲੇਰ ਸਕਣ ਦੇ ਸਮਰੱਥ ਸੁਹਜ ਫੁੱਲਮਈ ਗੁਣਾਂ ਦਾ ਨਾਸ਼ ਕਰ ਕੇ ਉਸਨੂੰ ਸਿਰਫ਼ ਤੇ ਸਿਰਫ਼ ਇੱਕ ਸੜ੍ਹਿਆਂਦ ਮਾਰਦੇ ਕੂੜ੍ਹੇ ਦੇ ਢੇਰ ਵਿੱਚ ਤਬਦੀਲ ਕਰ ਕੇ ਰੱਖ ਦਿੰਦਾ ਹੈ |

ਕੱਟੜਤਾ: ਕੱਟੜਤਾ ਉਹ ਖਟਾਸ ਹੈ ਜੋ ਧਰਮ ਰੂਪੀ ਦੁੱਧ ਨੂੰ ਫਾੜ ਕੇ ਉਸਨੂੰ ਆਪਣੇ ਮੂਲ ਗੁਣ-ਤਾਸੀਰ ਤੋਂ ਹਮੇਸ਼ਾ ਵਾਸਤੇ ਵੱਖਰਾ ਕਰ ਦਿੰਦੀ ਹੈ, ਇੰਨਾ ਵੱਖਰਾ ਕਿ ਉਹ ਮੁੜ ਕਦੇ ਵੀ ਆਪਣੇ ਮੂਲ ਗੁਣਾਂ ਨੂੰ ਵਾਪਸ ਧਾਰਨ ਕਰਨ ਯੋਗ ਨਹੀਂ ਬਣ ਸਕਦਾ |

ਵਿਚਾਰਕ-ਖੜ੍ਹੋਤ: ਕਿਸੇ ਨਵੀਨ ਧਰਮ-ਸਿਧਾਂਤ ਦਾ ਜਨਮ ਸਿਰਫ਼ ਪੁਰਾਣੀਆਂ ਧਾਰਾਵਾਂ ਦੇ ਅਵਰੁੱਧ ਹੋਣ ਦੇ ਪ੍ਰਤਿਵਾਦ ਵਿੱਚ ਨਵੀਂ ਨਿਰੰਤਰ ਗਤੀਸ਼ੀਲ ਧਾਰਾ ਦੇ ਉਗਮ ਵਜੋਂ ਹੀ ਹੁੰਦਾ ਹੈ; ਜੇਕਰ ਸਮੇਂ ਦੇ ਨਾਲ ਇਸ ਨਵੀਂ ਧਾਰਾ ਵਿੱਚ ਉਸੇ ਤਰ੍ਹਾਂ ਹੀ ਵਿਚਾਰਕ-ਖੜ੍ਹੋਤ ਆ ਜਾਵੇ ਤਾਂ ਇਸਦੀ ਸਾਰੀ ਸਾਰਥਕਤਾ ਵੀ ਆਪਣੇ ਪੁਰਾਣੇ ਪ੍ਰਤੀਰੂਪਾਂ ਵਾਂਗ ਹੀ ਸਮਾਪਤ ਹੋ ਜਾਂਦੀ ਹੈ |

ਕੇਂਦਰੀਕਰਨ: ਕੇਂਦਰੀਕਰਨ ਕਿਸੇ ਵੀ ਪ੍ਰਕਾਰ ਦੀ ਇਕਾਈ ਦੀ ਸਮਰੂਪ ਪਹਿਚਾਣ ਵਜੋਂ ਹੋਂਦ ਦੇ ਵਿਘਟਨ ਵੱਲ ਵਧਾਇਆ ਗਿਆ ਪਹਿਲਾ ਅਤੇ ਨਾ ਮੁੜ੍ਹਨਯੋਗ ਕਦਮ ਹੈ, ਜੋ ਦੀਰਘਕਾਲਿਕ ਪੱਧਰ 'ਉੱਤੇ ਉਸਦੇ ਪੂਰੀ ਤਰ੍ਹਾਂ ਖੰਡ-ਖੰਡ ਹੋ ਜਾਣ ਦੇ ਨਤੀਜੇ ਵਜੋਂ ਸਾਹਮਣੇ ਆਉਂਦਾ ਹੈ |

ਗੈਰ-ਬਰਾਬਰ ਨਵ-ਵਰਗਵੰਡ: ਕੋਈ ਵੀ ਨਵੀਂ ਧਾਰਮਿਕ, ਰਾਜਸੀ, ਸਮਾਜਿਕ ਜਾਂ ਹੋਰ ਵਿਵਸਥਾ, ਜੋ ਗੈਰ-ਬਰਾਬਰੀ ਅਧਾਰਿਤ ਵਰਗਵੰਡ ਦੇ ਵਿਰੋਧ ਵਜੋਂ ਸਾਹਮਣੇ ਆਉਂਦੀ ਹੈ, ਜੇਕਰ ਖ਼ੁਦ ਹੀ ਸਮੇਂ ਦੇ ਨਾਲ ਆਉਣ ਵਾਲੇ ਵਿਕਾਰਾਂ ਦੇ ਰਲਾਅ ਦੇ ਚਲਦੇ ਮੁੜ ਤੋਂ ਅਸਮਾਨਤਾਵਾਂ ਭਰਪੂਰ ਨਵ-ਵਰਗਵੰਡ ਦੀ ਦਲਦਲ ਵਿੱਚ ਜਾ ਧਸੇ, ਤਾਂ ਇਹ ਬਿਲਕੁਲ ਲਾਜ਼ਿਮ ਹੈ ਕਿ ਉਸਦੀ ਵੀ ਮੁਖ਼ਾਲਫ਼ਤ ਵਿੱਚ ਅਤੇ ਇਸ ਨਵ-ਵਰਗਵੰਡ ਵਿੱਚ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਤਬਕੇ ਦੇ ਹਕੂਕਾਂ ਲਈ ਇੱਕ ਹੋਰ ਨਵੀਂ ਲਹਿਰ, ਇੱਕ ਨਵੀਂ ਵਿਵਸਥਾ, ਪੁਰਾਣੀ ਵਾਲੀ ਦੀ ਰਾਖ ਵਿੱਚੋਂ ਜਨਮ ਲੈਣ ਦਾ ਹੰਭਲਾ ਮਾਰੇ |

ਸੋ ਧਰਮ ਦੀਆਂ ਮੁੱਖਧਾਰਾਵਾਂ ਆਪਣੇ ਇਹਨਾਂ ਸਭ ਅੰਦਰੂਨੀ ਕਾਰਕਾਂ ਦੇ ਚਲਦੇ ਹੀ ਸਮਾਂ-ਚਾਲ ਦੇ ਨਿਰੰਤਰ ਵਰਤਾਰੇ ਵਿੱਚ ਵਿਘਟਿਤ ਹੋ ਨਵੀਂਆਂ ਸੰਘਟਿਤ ਧਾਰਾਵਾਂ ਦਾ ਉਗਮ-ਸਰੋਤ ਬਣਦੀਆਂ ਰਹਿੰਦੀਆਂ ਹਨ |


15/02/15)
ਸਰਬਜੀਤ ਕੌਰ /ਬਲਦੀਪ ਸਿੰਘ ਰਾਮੂੰਵਾਲੀਆ

ਅਸਲ ਦਰਦ ਤਾਂ ਧੀਆਂ ਜਾਣਦੀਆਂ ਨੇ ਜਦ ਇਹ ਛਾਂ ਕਿਧਰੇ ਨਹੀ ਲੱਭਦੀ

ਬਾਪੂ ਜੀ ........


ਖੁਲ੍ਹੇ ਕਚੇ ਵਿਹੜੇ ਵਿਚ ਨਿਕੀ ਜਿਹੀ ਬਚੀ ਗੀਟਿਆ ਨਾਲ ਖੇਡ ਰਹੀ ਹੈ. ਵਿਹੜੇ ਚੋ ਗੋਹੇ ਮਿਟੀ ਦੇ ਲੇਪ ਦੀ ਬੜੀ ਸੋਹਣੀ ਖੁਸ਼ਬੋ ਆ ਰਹੀ ਹੈ.ਅਚਾਨਕ ਟੱਲ਼ੀਆਂ ਦੀ ਆਵਾਜ ਨੇ ਓਸਦੀ ਖੇਡ. ਨੂੰ ਭੰਗ ਕੀਤਾ ਓਸਨੇ ਓਤਾਂਹ ਮੂਹ ਚੁਕ ਕੇ ਵੇਖਿਆ ਹਲਕੀ ਮੁਸਕਰਾਟ ਓਸ ਦੇ ਮੂਹ ਤੇ ਛਾ ਗਈ. ਸਾਹਮਣੇ ਡੰਗਰਾਂ ਦੇ ਵਾੜੇ ਚ ' ਚਿਟੇ ਸੁਰਖ ਬਲਦਾ ਦੇ ਗਲਾ ਚ ' ਟਲੀਆ ਸੁਰਮਈ ਸੰਗੀਤ ਅਲਾਪ ਰਹੀਆ ਸਨ.ਬਾਪੂ ਜੀ ਬਲਦਾ ਨੂ ਥਾਪੀਆ ਦੇ ਰਹੇ ਸਨ ਜਿਹੜੇ ਹੁਣੇ ਖੇਤਾਂ ਤੋ ਵਾਪਸ ਆਏ ਸਨ.ਪਤਾ ਨਹੀ ਕੀ ਗੱਲਾਂ ਬਾਪੂ ਜੀ ਬਲਦਾ ਨਾਲ ਕਰ ਰਹੇ ਸਨ ਕੇ ਬਲਦ ਵੀ ਗਰਦਨਾ ਹਿਲਾ ਕੇ ਜਵਾਬ ਦਿੰਦੇ. ਰੰਗ ਬਿਰੰਗੀ ਉਨ ਦੇ ਹਾਰ ਬੇਬੇ ਨੇ ਆਪ ਬੁਣ ਓਹਨਾ ਦੇ ਗਲ ਪਾੲੇ ਚਿਟੇ ਰੰਗ ਤੇ ਬਹੁਤ ਫਬ ਦੇ ਸਨ.ਬਾਪੂ ਨੇ ਪੰਜਲੀਆ ਲਾਹ ਕੇ ਪਾਸੇ ਰਖੀਆ ਬਲਦ ਖੁਰਲੀ ਤੇ ਬੰਨੇ ਬਚੀ ਨੂੰ ਆਵਾਜ ਮਾਰੀ "ਲਿਆ ਤਾ ਕੁੜੇ ਪਾਣੀ ਠੰਡਾ ਜਿਹਾ " ਬਚੀ ਨੇ ੳੁਛਲ ਉਛਲ ਨਲਕੇ ਚੋ ' ਠੰਡਾ ਪਾਣੀ ਕਢ ਛਨਾ ਬਾਪੂ ਨੂ ਫੜਾਇਆ. ਤਪਤੇ ਸੂਰਜ ਚ ' ਬਾਪੂ ਦੇ ਮਥੇ ਤੇ ਪਸੀਨਾ ਮੋਤੀਆ ਵਾਂਗ ਚਮਕਦਾ. ਬਿੰਦ ਕੁ ਆਰਾਮ ਕਰਨ ਤੌ ਬਾਦ ਬਾਪੂ ਨਹਾ ਧੋ ਕੇ ਖਾਣਾ ਖਾਣ ਲਈ ਕੁਰਸੀ ਜਾ ਬੈਠਾ. ਚਿਟੀ ਦਾੜ੍ਹੀ , ਚਿਟਾ ਸਾਫਾ , ਚਿਟੇ ਕੁੜਤੇ ਪਜਾਮੇ ਵਿਚ ਬਾਪੂ ਦੀ ਕਾਲੀ ਚਮੜੀ ਚਮਕਦੀ. ਬਾਪੂ ਦਾ ਰੇਡੀਓ ਸਾਰਾ ਦਿਨ ਨਾਲ ਹੀ ਚਲਦਾ ਓਸ ਵਿਚ ਚਲਦੀਆ ਸਾਰਾ ਦਿਨ ਖਬਰਾ ਜਾਂ ਖੇਤੀ ਬਾੜੀ ਪ੍ਰਗਰਾਮ ਹੀ. ਓਸ ਨੂ ਸਾਰੀ ਖਬਰ ਰਹਿੰਦੀ ਦੇਸ਼ ਵਿਚ ਕੀ ਹੋ ਰਿਹਾ ਹੈ. ਅਧਾਘੰਟਾ ਦੁਪਹਿਰੇ ਆਰਾਮ ਕਰ ਕੇ ਬਾਪੂ ਗੜਵੀ ਭਰ ਕੇ ਚਾਹ ਪੀਤੀ. ਬਲਦਾ ਨੂ ਥਾਪੀ ਦੇ ਪੰਜਾਲੀ ਗਰਦਨਾ ਤੇ ਰਖੀ.ਤੇ ਬਚੀ ਨੂੰ ਨਾਲ ਲੈ ਲਿਆ ਕਿਉਕਿ ਸੁਹਾਗਾ ਜੋ ਦੇਣਾ, ਸੀ ਖੇਤਾ ਵਿਚ. ਬਚੀ ਸੁਹਾਗੇ ਤੇ ਬਾਪੂ ਦੀਆ ਲਤਾ ਦੇ ਵਿਚਕਾਰ ਬੈਠੀ ਝੂਟੇ ਲੈ ਰਹੀ ਸੀ. ਰਾਹਗੀਰ ਨੇ ਆਵਾਜ਼ ਮਾਰੀ "ਬਚਨ ਸਿਹਾਂ ਪੋਤੀ ਨੂ ਇਨਾ ਪਿਆਰ ਨਾ ਕਰ ਹੋਰ ਪੋਤੀ ਆਜੂ " ਬਾਪੁ ਨੇ ਆਖਿਆ "ਫੇਰ ਕੀ ਰਬ ਨੇ ਬਹੁਤ ਦਿਤਾ ਜਿਥੇ ਇਕ ਓਥੇ ਹੋਰ ਸਹੀ " ਬਾਪੂ ਦਾ ਧਿਆਨ ਚਾਰੇ ਪਾਸੇ ਸੀ ਪਰ ਜਾਨ ਤਾਂ ਜਿਵੇ ਵਿਚਕਾਰ ਬੈਠੀ ਪੋਤੀ ਚ ਅਟਕੀ ਸੀ. ਕਿਤੇ ਗਿਰ ਈ ਨਾ ਜਾਏ.ਦਿਨ ਢਲੇ ਬਾਪੂ ਘਰ ਵਲ ਜਾਦਾ ਬੱਚੀ ਨੇ ਘੁਟ ਕੇ ਬਾਪੂ ਦਾ ਹੱਥ ਫੜਿਆ ਹੁੰਦਾ ਬੱਚੀ ਨਾਲ ਬੱਚਾ ਹੀ ਬਣਿਆ ਰਹਿੰਦਾ ਰਾਤ ਨੂੰ ਰੋਟੀ ਆਪਣੇ ਹੱਥੀ ਖਵਾਉਦਾ ਆਪਣੇ ਕੋਲ ਬਿਠਾ ਬਾਣੀ ਸੁਣਾਉਦਾ ਤੇ ਸੌਣ ਲਗੀ ਨੂੰ ਕਹਾਣੀ ਪਤਾ ਹੀ ਨਹੀ ਚਲਦਾ ਕਦ ਬਚੀ ਸੌ ਜਾਂਦੀ .....ਕਿੰਨਾ ਪਿਆਰ ਕਰਦਾ ਸੀ ਬਾਪੂ ਆਪਣੀ ਲਾਡੋ ਨੂੰ ਤੇ ਫਿਰ ਇਕ ਦਿਨ ਪਤਾ ਨਹੀ ਲਾਡੋ ਨੂੰ ਛੱਡ ਕੇ ਕਿਥੇ ਤੁਰ ਗਿਆ ਮੁੜਿਆ ਹੀ ਨਹੀ ...ਲੋਕ ਕਹਿਂਦੇ ਜਿੱਥੇ ਉਹ ਗਿਆ ਉਥੋ ਕੋਈ ਨਹੀ ਆਉਦਾ ......ਪਰ ਮੈ ਕਿਵੇ ਮੰਨਾਂ?...ਮੇਰਾ ਬਾਪੂ ਜੀ ............!!

ਸਰਬਜੀਤ ਕੌਰ


15/02/15)
ਬੀ ਐਸ ਢਿੱਲੋਂ ਐਡਵੋਕੇਟ

ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ

ਤਿੰਨ ਕੁ ਸਾਲ ਪਹਿਲਾਂ ਰੋਜਾਨਾਂ ਦੀ ਤਰਾਂ ਮੈਂ ਆਪਣੇ ਕਪਿਊਟਰ ਤੇ ਪੰਜਾਬੀ ਅਖਬਾਰਾਂ ਤੋਂ ਸ਼ੁਰੂ ਹੋ ਕੇ ਨਿਊਯਾਰਕ ਟਾਇਮਜ ਤੱਕ ਦੀ ਦੁਨੀਆਂ ਵੇਖਕੇ ਸੱਜਣਾਂ ਦੇ ਆਏ ਖਤਾਂ ਵੱਲ ਨਿਗਾਹ ਮਾਰੀ ਤਾਂ ਇੱਕ ਨਵੀਂ ਈ ਮੇਲ ਦਿੱਸੀ। “ਭਾਈ ਜਾਂਨ ਲੰਡਨ ਤੋਂ ਨਾਜਰ ਸ਼ੇਖ ਦੀ ਸਲਾਂਮ ਕਬੂਲ ਕਰੋ”। ਕੌਣ ਹੋਇਆ? ਉਤਸੁਕਤਾ ਵੱਸ ਮੈਂ ਪੜ੍ਹਣ ਲੱਗਾ। ਉਸ ਅੰਗਰੇਜੀ ਵਿੱਚ ਲਿਖਿਆ ਸੀ। “ਮੇਰਾ ਨਾਂਮ ਨਾਜਰ ਸ਼ੇਖ ਹੈ। ਮੈਨੂੰ ਪੰਜਾਬੀ ਪੜ੍ਹਣੀ ਨਹੀਂ ਆਉਂਦੀ। ਕੱਲ੍ਹ ਇੰਗਲੈਂਡ ਤੋਂ ਛਪਦੇ ਇੱਕ ਪਰਚੇ ਦੇ ਅੰਗਰੇਜੀ ਸੈਕਸ਼ਨ ਵਿੱਚ ਤੁਹਾਡੀ ਇੱਕ ਲਿਖਤ ਪੜੀ। (ਸਿੱਖ ਟਾਇਮਜ ਵਾਲਿਆਂ ਨੇ ਆਪਣੇ ਅੰਗਰੇਜੀ ਸੈਕਸ਼ਂਨ ਵਿੱਚ ਮੈਨੂੰ ਛਾਪਿਆ ਹੈ)। ਉਸ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਂਮ ਕੋਟਫੱਤਾ ਲਿਖਿਆ ਹੋਇਆ ਸੀ। ਬੱਸ ਫੇਰ ਮੈਂ ਨੈੱਟ ਤੇ ਤੁਹਾਡੇ ਬਾਰੇ ਸਾਰੀ ਜਾਣਕਾਰੀ ਲੱਭੀ। ਮੇਰਾ ਵੀ ਪਿੰਡ ਕੋਟ ਫੱਤਾ ਹੈ। ਮੈਂ ਦਸ ਕੁ ਸਾਲ ਦਾ ਸਾਂ ਜਦੋਂ ਅਸੀਂ ਵੰਡ ਵੇਲੇ ਪਾਕਿਸਤਾਂਨ ਚਲੇ ਗਏ। ਉੱਥੋਂ 1960 ਵਿੱਚ ਮੈਂ ਇੰਗਲੈਂਡ ਆ ਗਿਆ। ਇੱਥੇ ਸਵਿੱਟਜਰਲੈਂਡ ਦੀ ਗੋਰੀ ਨਾਲ ਸ਼ਾਦੀ ਸ਼ੁਦਾ ਹਾਂ। ਮੈਂ ਵੀ ਸਵਿੱਸ ਕੰਪਨੀ ਦਾ ਅਟੌਰਨੀ ਰਿਟਾਇਰ ਹਾਂ। ਮੇਰੀ ਦਾਦੀ ਦਾ ਨਾਂ ਰਾਧੀ ਸੀ। ਮੇਰੇ ਚਾਚੇ ਦਾ ਨਾਂਮ ਕਰੀਂਮ ਸ਼ੇਖ ਸੀ। ਮੈਂ ਜਿਸ ਮਦਰੱਸੇ ਵਿੱਚ ਪੜ੍ਹਦਾ ਸੀ, ਕੀ ਉਹ ਹੈਗਾ? ਉਸ ਦੇ ਕੋਲ ਇੱਕ ਖੂਹ ਹੁੰਦਾ ਸੀ ਉਹ ਕਿਵੇਂ ਹੈ? ਮੇਰਾ ਇੱਕ ਮੁੰਡਾ ਜਮਾਤੀ ਸੀ। ਉਸਦਾ ਨਾਂਮ ਚੂਹਾ ਸੀ। ਕੀ ਉਹ ਜਿੰਦਾ ਹੈ? ਤੁਸੀਂ ਮੈਨੂੰ ਧਰੂ ਤਾਰੇ ਵਾਂਗ ਲੱਭੇ ਹੋ। ਮੇਰੀ ਮੇਲ ਦਾ ਜਵਾਬ ਜਰੂਰ ਦੇਣਾਂ”। ਇਹ ਮੇਲ ਪੜ੍ਹਕੇ ਮੇਰਾ ਜਜਬਾਤੀ ਹੋਣਾਂ ਕੁਦਰਤੀ ਸੀ। ਮੈਂ ਬਾਰਡਰ ਫਿਲਮ ਵਿੱਚਲੇ ਮਿੱਗ ਦੇ ਪਾਇਲਟ ਵਾਂਗ ਛੇਤੀ ਛੇਤੀ ਦਿਨ ਚੜ੍ਹਣ ਦੀ ਉਡੀਕ ਕਰਨ ਲੱਗਾ। ਦੂਜੀ ਵਾਰ ਦੀ ਚਾਹ ਪੀਂਦਿਆਂ ਹੀ ਮੈਂ ਸ਼ਰੀਕੇ `ਚੋਂ ਭਰਾ ਲੱਗਦੇ ਇੱਕ ਲੀਡਰ ਕਿਸਮ ਦੇ ਬਚਪਨ ਦੇ ਦੋਸਤ ਹਰਿੰਦਰ ਨੂੰ ਫੋਂਨ ਤੇ ਸਾਰੀ ਗੱਲ ਦੱਸਕੇ ਜਾਣਕਾਰੀ ਮੰਗੀ। ਉਹ ਸ਼ਾਂਮ ਤੱਕ ਉਡੀਕਣ ਲਈ ਕਹਿਕੇ ਵੱਢਾ ਟੁੱਕੀ ਵਾਲਾ ਸਾਲ ਫਰੋਲਣ ਲੱਗ ਪਿਆ। ਸ਼ਾਂਮ ਨੂੰ ਉਸ ਫੋਂਨ ਤੇ ਦੱਸਿਆ, “ਲੈ ਬਾਈ! ਤੇਰਾ ਨਾਜਰ ਸ਼ੇਖ ਲੱਭ ਲਿਆ। ਉਸਨੂੰ ਦੱਸ ਦੇ ਕਿ ਮਦਰੱਸਾ ਹੁਣ ਮੰਡੀ ਵਾਲੇ ਪਲੱਸ ਟੂ ਸਕੂਲ ਦਾ ਪ੍ਰਾਇਮਰੀ ਸਕੂਲ ਹੈ। ਖੁਹ ਵਿੱਚ ਵਿੱਚ ਇੱਕ ਦੋ ਬੰਦੇ ਡਿੱਗਣ ਕਰਕੇ ਲੈਂਟਰ ਪਾ ਕੇ ਬੰਦ ਕਰ ਦਿੱਤਾ ਸੀ। ਅਪਣੇ ਘਰਾਂ ਦੇ ਦੋ ਬਜੁਰਗ ਤੇ ਕੁਲਦੀਪ ਰਾਂਮ ਪੰਡਤ 95 ਸਾਲਾਂ ਦੇ ਹਨ ਜੋ ਇਨ੍ਹਾਂ ਸਾਰਿਆਂ ਨੂੰ ਜਾਣਦੇ ਹਨ। ਇਹਦਾ ਘਰ ਸ਼ੇਖਾਂ ਵਾਲੀ ਗਲੀ `ਚ ਸੀ। ਕੁਲਦੀਪ ਰਾਂਮ ਪੰਡਤ ਨੇ ਦੱਸਿਆ ਕਿ ਇਹਦੀ ਦਾਦੀ ਆਪਣੇ ਪਿੰਡ ਦੀ ਸੱਭ ਤੋਂ ਸੋਹਣੀ ਤੀਵੀਂ ਸੀ। ਇਹਦਾ ਚਾਚਾ ਕਰੀਂਮ ਸ਼ੇਖ ਆਪਣੇ ਬੁੜ੍ਹਿਆਂ ਨਾਲ ਸ਼ਿਕਾਰ ਖੇਡਦਾ ਰਿਹਾ। ਤੇਰੇ ਬਾਬੇ ਦਾ ਆੜੀ ਸੀ। ਮੈਂ ਪਹਿਲਾਂ ਵੀ ਕਈ ਵਾਰੀ ਕਰੀਂਮ ਸ਼ੇਖ ਦਾ ਨਾਂ ਸੁਣਿਆ ਹੋਇਆ। ਅਗਲੇ ਦਿਨ ਮੈਂ ਨਾਜਰ ਸ਼ੇਖ ਨੂੰ ਮੇਲ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਨਾਲ ਹੀ ਪਿੰਡ ਦੇ ਦੋ ਤਿੰਨ ਫੋਂਨ ਨੰਬਰ ਦੇ ਕੇ ਸਿੱਧੀ ਗੱਲਬਾਤ ਕਰਨ ਲਈ ਕਿਹਾਂ। ਇੰਜ ਸ਼ੇਖ ਦਾ 64 ਸਾਲ ਤੋਂ ਪਿੰਡ ਨਾਲੋਂ ਟੁੱਟਿਆ ਸੰਪਰਕ ਬਹਾਲ ਹੋ ਗਿਆ।
ਉਨ੍ਹਾਂ ਸ਼ੇਖ ਨੂੰ ਪਿੰਡ ਆਉਣ ਲਈ ਕਿਹਾ। ਫਿਰ ਇੱਕ ਦਿਨ ਮੈਨੂੰ ਸ਼ੇਖ ਨੇ ਫੋਂਨ ਤੇ ਦੱਸਿਆ ਕਿ ਉਹ ਭਾਰਤੀ ਅੰਬੈਸੀ ਗਿਆ ਸੀ ਪਰ ਉਹ ਕਹਿੰਦੇ ਕਿਸੇ ਤੋਂ ਸੱਦਾ ਪੱਤਰ ਦੀ ਲੋੜ ਹੈ। ਸਾਡਾ ਪਿੰਡ ਦਿੱਲੀ ਰੇਲਵੇ ਲਾਇਨ ਤੇ ਬਠਿੰਡੇ ਤੋਂ ਦੂਸਰਾ ਸਟੇਸ਼ਂਨ ਹੈ। ਸਾਡੇ ਅੰਗਰੇਜਾ ਵੇਲੇ ਦਾ ਸਕੂਲ, ਡਾਕਖਾਂਨਾਂ, ਠਾਣਾਂ ਅਤੇ 1939 ਦੀ ਮਿਉਂਸਿਪਲ ਕਮੇੱਟੀ ਹੈ। ਪਿਛੋਖੜ ਬਾਦਲਾਂ ਨਾਲ ਜੁੜਦਾ ਹੋਣ ਕਾਰਨ ਉਨ੍ਹਾਂ ਵਰਗਾ ਹੀ ਸਿਆਸੀ ਟੇਸਟ ਹੈ। ਬਾਦਲਾਂ ਦੀ ਤਰਾਂ ਅਸੀਂ ਵੀ ਵੱਸ ਲੱਗਦੀ ਕਦੀ ਕਿਸੇ ਹੋਰ ਨੂੰ ਮਿਉਂਸਿਪਲ ਕਮੇਟੀ ਦੇ ਨੇੜੇ ਨਹੀਂ ਲੱਗਣ ਦਿੱਤਾ। ਹੁਣ ਸਾਡੇ ਸ਼ਰੀਕੇ `ਚੋਂ ਮੇਰਾ ਚਾਚਾ ਲੱਗਦਾ ਬੰਦਾ ਤੀਜੀ ਵਾਰੀ ਕਮੇਟੀ ਦਾ ਪ੍ਰਧਾਂਨ ਬਣਿਆ ਹੋਇਆ ਸੀ। ਮੈਂ ਉਸਨੂੰ ਫੋਨ ਤੇ ਪਿੰਡ ਵੱਲੋਂ ਇੱਕ ਰਸਮੀਂ ਜਿਹੀ ਚਿੱਠੀ ਭੇਜਣ ਲਈ ਕਿਹਾ। ਉਹ ਪੰਜਾਬੀ ਅਖਬਾਰਾਂ ਪੜ੍ਹਣ ਜਿੰਨਾ ਕੁ ਪੜ੍ਹਿਆ ਹੈ। ਮੈਨੂੰ ਕਹਿਣ ਲੱਗਾ, “ਵਕੀਲ ਸਾਬ! ਇਹ ਵੀਜੇ ਵੂਜੇ ਲਵਾਉਣ ਦਾ ਕੰਮ ਤਾਂ ਅਜੰਟ ਜੇ ਕਰਦੇ ਹੁੰਦੇ ਨੇ। ਆਪਣਾ ਨੀ ਕਿਸੇ ਨੇ ਲਾਉਣਾ। ਮੈਥੋਂ ਤਾਂ ਜਿੱਥੇ ਮਰਜੀ ਦਸਕਤ ਕਰਾ ਲਾ। ਜੇ ਕਹੇਂ ਤਾਂ ਮਤਾ ਪਾ ਦਿਆਂਗੇ ਕਿ ਉਹ ਸਾਡੇ ਪਿੰਡ ਦਾ ਬੰਦਾ ਹੈ। ਨਹੀਂ ਭਤੀਜ! ਤੂੰ ਆਪੇ ਹੀ ਲਿਖ ਲੁਖ ਕੇ ਮੇਰੇ ਦਸਖਤਾਂ ਦੀ ਘੁੱਗੀ ਮਾਰ ਲਈਂ। ਜੇ ਕੋਈ ਪੁੱਛੂ ਤਾਂ ਮੈ ਕਹਿ ਦੂੰ ਕਿ ਮੇਰੇ ਹੀ ਦਸਤਕ ਆ। ਉਹਨੇ ਸੰਸਦ ਵਾਂਗ ਮਤਾ ਪਾਸ ਹੁੰਦੀ ਦੇਰੀ ਵੇਖਕੇ ਆਰਡੀਨੈਂਸ ਦਾ ਰਾਹ ਚੁਣ ਲਿਆ”। ਪ੍ਰਧਾਂਨ ਚਾਚੇ ਵੱਲੋਂ ਇੰਜ ਫੋਂਨ ਤੇ ਹੀ ਪਵਰਾਂ ਡੈਲੀਗੇਟ ਹੋਣ ਤੇ ਮੈਂ ਆਪਣੀ ਲੈਟਰ ਪੈਡ ਤੇ ਆਪਣੇ ਵੱਲੋਂ ਤੇ ਸਾਰੇ ਪਿੰਡ ਵੱਲੋਂ ਸ਼ੇਖ ਨੂੰ ਪੁਰਾਣਾ ਪਿੰਡ ਵੇਖਣ ਦਾ ਸੱਦਾ ਪੱਤਰ ਲਿਖਕੇ ਭੇਜ ਦਿੱਤਾ। ਇੱਕ ਕਾਪੀ ਲੰਡਨ ਹਾਈ ਕਮਿਸ਼ਨ ਨੂੰ ਮੇਲ ਕਰ ਦਿੱਤੀ। ਪੁਲਿਸ ਵੈਰੀਫਿਕੇਸ਼ਨ ਲਈ ਪੁਲਸਿ ਮਹਿਕਮੇਂ ਦੇ ਦੋਸਤ ਮਿੱਤਰਾਂ ਨੂੰ ਕਿਹਾ। ਇੰਜ ਹੱਥੋ ਹੱਥੀ ਸਾਰੀ ਦਫਤਰੀ ਕਾਗਜੀ ਕਾਰਵਾਈ ਮੁਕੰਮਲ ਕਰਕੇ ਭੇਜ ਦਿੱਤੀ। 15 ਕੁ ਦਿਨ ਵਿੱਚ ਹੀ ਸ਼ੇਖ ਆਪਣੇ ਅੱਧੇ ਗੋਰੇ ਬੇਟੇ ਸਮੇਤ ਦਿੱਲੀ ਆ ਉੱਤਰਿਆ। ਸ਼ਤਾਬਦੀ ਰਾਹੀਂ ਬਠਿੰਡੇ ਪਹੁੰਚਿਆਂ ਨੂੰ ਸਾਡੇ ਬੰਦੇ ਕਾਰ ਤੇ ਪਿੰਡ ਲੈ ਆਏ। ਚੁਬਾਰੇ ਵਿੱਚ ਮਹਿਮਾਨਾਂ ਨੂੰ ਠਹਿਰਾ ਦਿੱਤਾ ਗਿਆ। ਠੀਕ ਉਨ੍ਹਾਂ ਦਿਨਾਂ `ਚ ਹੀ ਸਾਡੇ ਸ਼ਰੀਕੇ `ਚੋਂ, ਮੇਰੇ ਬਚਪਣ ਦੇ ਦੋਸਤ ਤੇ ਜਮਾਤੀ ਰਹੇ ਜਥੇਦਾਰ ਦੇ ਮੁੰਡੇ ਦਾ ਵਿਆਹ ਸੀ। ਉਸਨੇ ਲੇਡੀ ਸੰਗੀਤ ਤੋਂ ਲੈ ਕੇ ਰਿਸੈਪਸ਼ਨ ਤੱਕ ਮੈਨੂੰ ਸਾਰੇ ਫੰਕਸ਼ਨਾਂ ਲਈ ਕਾਰਡ ਭੇਜਿਆ ਸੀ। ਉੱਧਰ ਕਲੱਬ ਵਾਲੇ ਮੁੰਡਿਆਂ ਵੱਲੋਂ ਕਬੱਡੀ ਦਾ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਸੀ। ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ। ਮੈਂ ਹਫਤੇ ਦਾ ਪ੍ਰੋਗਰਾਂਮ ਬਣਾ ਕਿ ਪਿੰਡ ਪਹੁੰਚ ਗਿਆ। ਵਿਆਹਾਂ ਦੀ ਰੁੱਤ ਸੀ। ਸ਼ੇਖ ਹੋਰੀਂ ਤੁਰ ਫਿਰ ਕੇ ਪਿੰਡ ਵੇਖਣ ਲੱਗੇ। ਸ਼ੇਖਾਂ ਵਾਲੀ ਗਲੀ `ਚ ਅੱਖਾਂ ਮੀਟਕੇ ਗਵਾਚਿਆ ਵਕਤ ਯਾਦ ਕਰਦਿਆਂ ਭਾਵਕ ਹੋ ਗਏ। ਵੱਢਾ ਟੁੱਕੀ ਵੇਲੇ ਪਿੰਡ ਤੇ ਲੁਟੇਰੇ ਬਦਮਾਸ਼ਾਂ ਨੇ ਹੱਲਾ ਕਰ ਦਿੱਤਾ ਸੀ। ਸ਼ੇਖ ਦੀਆਂ ਦੋ ਬਹੁਤ ਸੋਹਣੀਆਂ ਭੂਆਂ ਨੂੰ ਗਵਾਂਢੀ ਪਿੰਡ ਦੇ ਜੱਟ ਚੁੱਕ ਕੇ ਲੈ ਗਏ ਸਨ। ਇੱਕ ਭੂਆ ਅਜੇ ਜਿੰਦਾ ਹੈ। ਉਹ ਆਪਣੇ ਦੋ ਪੁਤਰਾਂ ਸਮੇਤ ਮਿਲਣ ਆਈ। ਅੱਸੀ ਸਾਲਾ ਬੁੱਢੀ ਨੇ ਸ਼ੇਖ ਨੂੰ ਜੱਫੀ ਪਾਕੇ ਕਿਹਾ, “ਤੂੰ ਮੇਰਾ ਆਪਣਾ ਖੂੰਨ ਹੈਂ। ਮੇਰੇ ਭਰਾ ਦੀ ਨਿਸ਼ਾਨੀ। ਇਹ ਦੋਨੋ ਮੇਰੇ ਨਹੀਂ ਹਨ। ਮਾਈ ਦੇ ਇੱਦਾਂ ਕਹਿਣ ਨਾਲ ਮੈਂ ਪੈਰਾਂ ਤੱਕ ਹਿੱਲ ਗਿਆ ਕਿ ਖੂੰਨ ਤੇ ਧਰਮ ਕਿੰਨਾ ਗਹਿਰਾ ਅਸਰ ਰੱਖਦੇ ਨੇ। ਉਹ ਅੱਜ ਵੀ ਆਪਣੇ ਪੇਕੇ ਘਰ `ਚ ਜੀਅ ਰਹੀ ਸੀ। ਜਬਰੀ ਬਣੇ ਸਹੁਰੇ ਘਰ ਨੂੰ ਸਾਰੀ ਉਮਰ ਆਪਣਾ ਨਹੀਂ ਮੰਨਿਆਂ। ਸ਼ੇਖ ਦੀ ਇੱਕ ਚਾਚੀ ਸਾਡੇ ਹੀ ਪਿੰਡ ਦੇ ਬੰਦੇ ਨੇ ਰੱਖ ਲਈ ਸੀ। ਕੁੱਝ ਸਾਲ ਪਹਿਲਾ ਉਹ ਮਰ ਚੁੱਕੀ ਸੀ। ਉਹਦਾ ਮੁੰਡਾ ਮਿਲਣ ਆਇਆ। ਖੁਸ਼ ਹੋ ਕੇ ਕਹਿਣ ਲੱਗਾ, “ਅੱਜ ਭਾਗਾਂ ਵਾਲਾ ਦਿਨ ਹੈ। ਭਰਾ ਮਿਲਿਆ ਹੈ”। ਪਿੰਡ ਦੇ ਪੁਰਾਣੇ ਲੋਕਾਂ ਨੂੰ ਮਿਲਕੇ ਸ਼ੇਖ ਜਾਣਕਾਰੀ ਲੈਂਦਾ ਰਿਹਾ। ਮੁੰਡੇ ਨੂੰ ਕੋਈ ਦਿਲਚਸਪੀ ਨਹੀਂ ਸੀ। ਉਹ ਆਪਣੇ ਹਾਣੀਆਂ ਨਾਲ ਇੰਟਰਨੈੱਟ ਦੀ ਇੱਕੀਵੀਂ ਸਦੀ ਦੀਆਂ ਗੱਲਾਂ ਕਰਕੇ ਖੁਸ਼ ਸੀ। ਉਹ ਪੰਜਾਬੀ ਨਹੀਂ ਸਮਝਦਾ ਸੀ। ਆਪਣੇ ਹਾਣੀ ਮੁੰਡਿਆਂ ਨਾਲ ਅੰਗਰੇਜੀ ਵਿੱਚ ਗਿੱਟ ਮਿੱਟ ਕਰਦਾ ਰਹਿੰਦਾ। ਸਾਡੇ ਘਰਾਂ ਦੇ ਸੱਭ ਤੋਂ ਵਡੇਰੇ ਬਜੁਰਗ ਨੇ ਦੱਸਿਆ ਕਿ, “ਸ਼ੇਖ ਸਾਬ ਤੁਹਾਡਾ ਚਾਚਾ ਕਰੀਂਮ ਸ਼ੇਖ ਸਾਡੇ ਪਿੰਡ ਦਾ ਉੱਘਾ ਸ਼ਿਕਾਰੀ ਸੀ। ਓਦੋਂ ਜਮੀਨਾਂ ਬਰਾਂਨੀ ਤੇ ਪਿੰਡ ਦੇ ਪਾਸੀ ਸੰਘਣੀ ਝਿੜੀ ਹੁੰਦੀ ਸੀ। ਹਿਰਨ ਚੁਗਦੇ ਚੁਗਦੇ ਪਿੰਡ ਦੀ ਜੂਹ `ਚ ਆ ਜਾਂਦੇ। ਅਸੀਂ ਸ਼ਿਕਾਰ ਖੇਡਦੇ ਹੁੰਦੇ। ਬਾਪੂ ਜੀ ਦੱਸਿਆ ਕਰਦੇ ਸੀ ਕਿ ਕਰੀਂਮ ਇਕੱਲਾ ਬੰਦਾ ਸੀ ਜਿਹੜਾ ਦੋਨਾਲੀ ਨਾਲ ਮਿਰਗਾਂ ਦੀ ਦੌੜਦੀ ਡਾਰ ਤੇ ਤਿੰਨ ਵਾਰੀ ਫਾਇਰ ਕਰ ਲੈਂਦਾ ਸੀ। ਬੜਾ ਤੇਜ ਸ਼ਿਕਾਰੀ ਸੀ। ਬਹਿ ਜੇ ਬੇੜਾ ਲੀਡਰਾਂ ਦਾ। ਗਰੀਬ ਲੋਕ ਮਰਵਾਤੇ”। ਅਸੀਂ ਜਦੋਂ ਵੀ ਨਾਜਰ ਨੂੰ ਦਾਰੂ ਪੀਣ ਲਈ ਕਹਿੰਦੇ। ਉਹ ਕਹਿੰਦਾ, ਓ ਭਰਾਉ ਮੈਂ ਮੁਸਲਮਾਂਨ ਹਾਂ। ਕਿਉਂ ਮੇਰਾ ਇਮਾਂਨ ਗਵਾਉਦੇ ਹੋ? ਅਖੀਰ ਮੇਰੇ ਬਾਪ ਦੀ ਉਮਰ ਦੇ, ਹੁਣ ਯਾਰ ਬਣੇ ਸ਼ੇਖ ਨੂੰ ਮੈ ਕਿਹਾ, “ਸ਼ੇਖ ਸਾਬ! ਪੰਜਾਹ ਸਾਲ ਤੋਂ ਇੰਗਲੈਂਡ ਰਹਿ ਰਹੇ ਹੋ। ਮੇਮ ਨਾਲ ਵਿਆਹੇ ਹੋ। ਮਸ਼ਹੂਰ ਅਟੌਰਨੀ ਹੋ। ਬਥੇਰੀਆਂ ਕੰਧਾਂ ਟੱਪੀਆਂ ਹੋਣਗੀਆਂ। ਅਜੇ ਵੀ ਇਮਾਂਨ ਬੋਝੇ ਪਾਈ ਫਿਰਦੇ ਹੋ? ਹੋ ਨਹੀਂ ਸਕਦਾ ਤੁਸੀਂ ਦਾਰੂ ਨਾ ਪੀਂਦੇ ਹੋਵੋ”। ਨਾਜਰ ਮੰਨ ਗਿਆ। ਕਹਿੰਦਾ, “ਕਈ ਸਾਲ ਹੋ ਗਏ, ਮੈਂ ਵਿੱਸਕੀ ਪੀਣੀ ਛੱਡ ਦਿੱਤੀ ਸੀ। ਹੁਣ ਰੈੱਡ ਵਾਈਂਨ ਪੀਅ ਲੈਂਦਾ ਹਾਂ”। ਅਸੀਂ ਗੱਡੀ ਭੇਜਕੇ ਦੋ ਬੋਤਲਾਂ ਬਠਿੰਡੇ ਤੋਂ ਰੈੱਡ ਵਾਈਨ ਮੰਗਵਾ ਲਈਆਂ। ਰਾਤ ਦੀ ਮਹਿਫਲ `ਚ ਜਦੋਂ ਅੱਖਾਂ `ਚ ਗੁਲਾਬੀ ਭਾਅ ਤੈਰਣ ਲੱਗੀ ਤਾਂ ਸ਼ੇਖ ਨੇ ਸਾਡੇ ਸਾਰੇ ਬੰਦਿਆਂ ਨੂੰ ਨਿਉਂਦਾ ਦਿੱਤਾ, “ਮੈਂ ਤੇ ਮੇਰੀ ਪਤਨੀਂ ਦੋਨੋਂ ਰਿਟਾਇਰ ਹਾਂ। ਬੇਟੀ ਬੇਟਾ ਦੋਨੋਂ ਵਿਆਹੇ ਵਰੇ ਅਲੱਗ ਰਹਿੰਦੇ ਹਨ। ਬੇਟੀ ਬਰਿਸ਼ਟ ਏਅਰਵੇਜ `ਚ ਹੈ ਤੇ ਮੁੰਡਾ ਅਟਾਰਨੀਂ ਹੈ। ਅੱਲ੍ਹਾ ਦੀ ਬੜੀ ਮਿਹਰ ਹੈ। ਚਾਰ ਬੈੱਡਰੂਮ ਦਾ ਘਰ ਖਾਲੀ ਹੈ। ਤੁਸੀਂ ਜਦੋਂ ਵੀ ਕੋਈ ਇੰਗਲੈਂਡ ਆਉ ਮੇਰੇ ਕੋਲ ਰਹਿਣਾ। ਮਹੀਨਾ, ਦੋ ਮਹੀਨੇ ਜਿੰਨਾ ਚਿਰ ਮਨ ਕਰੇ ਰਹਿਣਾ। ਮਰਡੀਜ ਤੇ ਸਾਰੇ ਘੁੰਮਾਵਾਂਗਾ”। ਸ਼ੇਖ ਘੁੰਮਦਾ ਬਹੁਤ ਹੈ। ਹੁਣ ਜਦੋਂ ਮੇਰੇ ਨਾਲ ਗੱਲ ਹੁੰਦੀ ਹੈ। ਕਦੀ ਸਕਾਟਲੈਂਡ, ਕਦੀ, ਪੈਰਿਸ, ਕਦੀ ਅਮਰੀਕਾ ਆਪਣੀ ਮੇਮ ਨਾਲ ਸੈਰਾਂ ਕਰ ਰਿਹਾ ਹੁੰਦਾ। ਉਹਦੀ ਭੈਣ ਦਾ ਪ੍ਰਵਾਰ ਅਮਰੀਕਾ ਤੇ ਸਹੁਰਾ ਘਰ ਸਵਿਟਜਰਲੈਂਡ ਹੈ। ਉਹਦੇ ਨਾਲ ਕਦੀ ਮੈਂ ਵੀ ਸਵਿਸ ਬੈਂਕ ਦੇਖ ਲਵਾਂਗਾ। ਆਖਰ ਉੱਥੇ ਕਿਹੋ ਜਿਹੀ ਜਾਦੂਗਿਰੀ ਹੈ ਕਿ ਗੱਪਾਂ ਦੇ ਸਹਾਰੇ ਸਰਕਾਰਾਂ ਪਲਟ ਜਾਂਦੀਆਂ ਹਨ।
ਲੇਡੀਜ ਸੰਗੀਤ ਤੇ ਤਖਤ ਸਿਰੀ ਦਮਦਮਾਂ ਸਾਹਿਬ ਦੇ ਜਥੇਦਾਰ ਨੰਦਗੜ੍ਹ ਵੀ ਆਏ ਸਨ। ਉਨ੍ਹਾਂ ਨਾਜਰ ਦਾ ਇਹ ਪੁਰਾਣਾ ਪਿੰਡ ਸੁਣਦਿਆਂ, ਸ਼ੇਖ ਨੂੰ ਤਖਤ ਦਮਦਮਾਂ ਸਾਹਿਬ ਵੱਲੋਂ ਸਰੋਪਾ ਦਿੱਤਾ। ਜੈਕਾਰਾ ਬੁਲਾਉਣ ਪਿੱਛੋਂ ਗਲ ਪਾਏ ਸਰੋਪੇ ਵੱਲ ਵੇਖਦਿਆਂ ਸ਼ੇਖ ਹੱਸ ਕੇ ਕਹਿਣ ਲੱਗਾ, “ਵੰਡ ਵੇਲੇ ਤਾਂ ਮੈਂ ਬਚਕੇ ਨਿੱਕਲ ਗਿਆ ਸਾਂ। ਪਰ ਲੱਗਦਾ ਹੁਣ ਤੁਸੀਂ ਮੈਨੂੰ ਸਿੱਖ ਬਣਾ ਦੇਣਾਂ”। ਵੰਡ ਤੋਂ ਬਹੁਤ ਪਿੱਛੋਂ ਜੰਮੇ ਹੋਏ, ਮੈਨੂੰ ਉਹਦੇ ਇਸ ਮਜਾਕ ਵਿੱਚੋਂ ਹੱਲੇ ਗੁੱਲੇ ਵੇਲੇ ਮੱਚ ਰਿਹਾ ਚੀਖ ਚਿਹਾੜਾ ਸੁਣਿਆ।
ਨਾਜਰ ਆਪਣੀ ਸਕੂਲ ਵੇਲੇ ਦੀ ਜਨਮ ਮਿਤੀ ਵੇਖਣੀ ਚਾਹੁੰਦਾ ਸੀ। ਮੈਂ ਵਿਆਹ ਆਏ ਸਾਡੇ ਪੁਰਾਣੇ ਦੋਸਤ ਸਾਬਕਾ ਵਧਾਇਕ ਮੱਖਣ ਸਿੰਘ ਨੂੰ ਦੱਸਿਆ। ਉਹ ਸ਼ੇਖ ਨੂੰ ਆਪਣੀ ਇਨੋਵਾ ਵਿੱਚ ਸਾਰਾ ਦਿਨ ਲੈ ਕੇ ਬਠਿੰਡੇ ਜਿਲ੍ਹਾ ਪ੍ਰੀਸ਼ਦ, ਰਿਕਾਰਡ ਰੂੰਮ ਤੇ ਡੀ ਸੀ ਦਫਤਰਾਂ `ਚ ਘੁੰਮਦਾ ਰਿਹਾ। ਉਸ ਸਾਲ ਦਾ ਰਜਿਸਟਰ ਲੱਭ ਨਹੀਂ ਸੀ ਰਿਹਾ। ਪਰ ਸ਼ੇਖ ਆਪਣੇ ਜਨਮ ਅਤੇ ਮਦਰੱਸੇ ਦੇ ਦਾਖਲੇ ਦੀ ਫੋਟੋ ਕਾਪੀ ਲਿਜਾਣੀ ਚਾਹੁੰਦਾ ਸੀ।
ਰਿਸੈਪਸ਼ਨ ਵਾਲੇ ਦਿਨ ਅਸੀਂ ਸਾਰੇ ਮਹਿਮਾਨਾਂ ਨੂੰ ਮਿਲ ਰਹੇ ਸੀ ਤਾਂ ਇੱਕ ਥਾਂ ਸਾਬਕਾ ਐਂਮ ਪੀ ਜਗਮੀਤ ਸਿੰਘ ਬਰਾੜ ਨੂੰ ਮਿਲਦਿਆਂ ਸ਼ੇਖ ਨੇ ਮੇਰੀ ਲਿਖਤ `ਚੋਂ ਪਿੰਡ ਦਾ ਨਾਂਮ ਪੜ੍ਹਕੇ ਵੀਜੇ ਵਾਲੀ ਸਾਰੀ ਕਹਾਣੀ ਸੁਣਾਈ। ਬਰਾੜ ‘ਸਾਬ ਮੇਰੇ ਲੇਖ ਪੜ੍ਹਦੇ ਰਹਿੰਦੇ ਹਨ। ਹੱਸਦਿਆਂ ਜਗਮੀਤ ਬਰਾੜ ਨੇ ਕਿਹਾ, ਸ਼ੇਖ ਸਾਹਿਬ! ਦੇਖੀ ਸਾਡੀ ਕਲਮ ਦੀ ਤਾਕਤ? ਤੁਹਾਨੂੰ ਸੱਤ ਸਮੁੰਦਰੋਂ ਪਾਰ ਤੋਂ ਆਪਣੇ ਪਿੰਡ ਲੈ ਆਈ। “ਮੈ ਕਿਹਾ ਕਿ ਕਹਿ ਨਹੀਂ ਸਕਦੇ ਕਿ ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ। ਜੇ ਨੈੱਟ ਨਾ ਹੁੰਦਾ ਤਾਂ ਮੇਰੇ ਲੇਖ ਕਦੋਂ ਵਿਦੇਸ਼ਾਂ ਵਿੱਚ ਛਪਣੇ ਸਨ। ਤੇ ਕਦੋਂ ਸ਼ੇਖ ਤੱਕ ਪਹੁੰਚਣੇ ਸਨ? ਨਾ ਹੀ ਮੇਰੇ ਬਾਰੇ ਜਾਣਕਾਰੀ ਗੂਗਲ ਤੇ ਹੋਣੀ ਸੀ। ਇਹ ਇੰਟਰਨੈੱਟ ਦਾ ਵੀ ਕਮਾਲ ਹੈ। ਜਿਸਨੇ ਸਾਰੇ ਵਿਸਵ਼ ਨੂੰ ਪਿੰਡ ਬਣਾ ਦਿੱਤਾ ਹੈ”। ਲੰਮਾ ਲੰਝਾ ਭਲਵਾਨੀਂ ਜੁੱਸੇ ਵਾਲਾ ਸ਼ੇਖ ਗੋਡਿਆਂ ਤਕ ਲੰਮੀਂ ਕਮੀਜ ਤੇ ਸਲਵਾਰ ਪਾਈ ਖੜ੍ਹਾ ਪਿੰਡ ਦਾ ਪ੍ਰਧਾਂਨ (ਸਰਪੰਚ) ਲੱਗ ਰਿਹਾ ਸੀ। 1947 ਹੁਣ ਬਹੁਤ ਪਿਛਾਂਹ ਰਹਿ ਗਿਆ ਸੀ। ਖੁਦਾ ਹਾਫਿਜ!
ਬੀ ਐਸ ਢਿੱਲੋਂ ਐਡਵੋਕੇਟ # 146 ਐਡਵੋਕੇਟਸ ਸੋਸਾਇਟੀ, ਸੈਕਟਰ 49-ਏ, ਚੰਡੀਗੜ੍ਹ ਮੋਬਾਇਲ: 9988091463 ਈ ਮੇਲ:
[email protected]


15/02/15)
ਦਲਬੀਰ ਸਿੰਘ ਪੱਤਰਕਾਰ

ਕੀ ‘ਆਪ’ ਪੰਜਾਬ `ਚ ਸੰਭਲ ਕੇ ਕਰੜੇ ਪੈਰ ਰੱਖੇਗੀ?
ਲੇਖਕ: ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
ਜਲੰਧਰ, 14 ਫਰਵਰੀ 2015

ਠੀਕ ਇਹ ਹੈ ਕਿ ਪੰਜਾਬੀ ਪਹਿਲਾਂ ਆਪਣੀ ਸੋਝੀ ਤੇ ਸ਼ਕਤੀ ਪਰਖਣ ਲਈ ਆਪਣੀ ਪੀੜੀ ਥੱਲੇ ਸੋਟਾ ਫੇਰਨ, ਫਿਰ ਦੂਜਿਆਂ ਦੀ ਆਸ ਰੱਖਣ।
ਆਮ ਆਦਮੀ ਪਾਰਟੀ ਦੀ ਸ੍ਰੀ ਕੇਜਰੀਵਾਲ ਦੀ ਅਗਵਾਈ ਵਿੱਚ ਅੱਜ ਸਰਕਾਰ ਬਣ ਗਈ। ਇਸ ਸਬੰਧੀ ਪਹਿਲੀ ਇੱਕ ਗੱਲ ਤਾਂ ਪ੍ਰਤੱਖ ਹੈ ਕਿ ਦਿੱਲੀ ਦੀ ਸਰਬੱਤ ਸੰਗਤ ਨੇ ‘ਖੁਸ਼ੀਆਂ ਖੇੜਿਆਂ’ ਵਾਲੀ ਦਿੱਲੀ ਸਿਰਜਣ ਦਾ ਫੈਸਲਾ ਆਪੇ ਹੀ ਲਿਆ ਹੈ ਪਰ ਮੁੱਖ ਪਹਿਰੇਦਾਰ ‘ਆਪ’ ਆਗੂ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ‘ਸਚਾਈ ਤੇ ਇਮਾਨਦਾਰੀ’ ਨਾਲ ਪਹਿਰਾ ਦੇਣਗੇ। ‘ਮੈਂ ਤਾਂ ਆਪਣਾ ਤਨ, ਮਨ, ਧਨ ਅਤੇ ਪਰਿਵਾਰ ਵੀ ਦਾਅ `ਤੇ ਲਾ ਦਿੱਤਾ ਹੈ।’ ਚੋਣ ਜਿੱਤਦਿਆਂ ਹੀ ਆਪਣੇ ਪਹਿਲੇ ਭਾਸ਼ਣ ਵਿੱਚ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਵੱਡੀ ਬਹੁ ਗਿਣਤੀ ਮਿਲਣ ਨਾਲ ਉਹ ‘ਕੰਬੇ’ ਹਨ। ਕਿਉਂ …. . ? ਆਓ ਵੇਖੀਏ …. .
ਮੇਰੇ ਜਿਹੇ ਨਾਨਕ-ਗੋਬਿੰਦ ਸਮਰਥਕ ਬੁੱਢੇ ਲਈ ‘ਸੱਚ ਤੇ ਇਮਾਨਦਾਰੀ’ ਦੇ ਕੇਜਰੀਵਾਲ ਵੱਲੋਂ ਵਰਤੇ ਗਏ ਇਹ ਅੱਖਰ ਚੇਤੇ ਕਰਾਉਂਦੇ ਹਨ ਬਾਬਾ ਨਾਨਕ ਜੀ ਦੀ ਪਹਿਲੀ ਗਰਜ ‘ਨਾ ਕੋ ਹਿੰਦੂ ਨਾ ਮੁਸਲਮਾਨ’ ਸਗੋਂ ਇਸਤੋਂ ਅੱਗੇ ਬਾਬਾ ਨਾਨਕ ਜੀ ਦੀ ਇਹ ਵੰਗਾਰ ਵੀ ਕਿ:-
“ਜਉ ਤਉ ਪ੍ਰੇਮ ਖੇਲਨ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ,
ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ॥”
ਇਹ ਅਜੋਕੀ ਭਾਰਤੀ ਰਾਜਨੀਤੀ ਦੀ ਉਹ ਲੋੜ ਹੈ ਜਿੱਥੋਂ ਤਾਈਂ ਨਾ ‘ਆਪ’ ਤੇ ਨਾ ਸ੍ਰੀ ਕੇਜਰੀਵਾਲ ਜੀ ਜਾਣ ਲਈ ਤਿਆਰ ਹਨ।
ਇਸ ਸਥਿਤੀ ਦਾ ਦੂਜਾ ਪੱਖ ਹੈ, ਹਿੰਦੂਤਵੀ ਪ੍ਰਧਾਨ ਮੰਤਰੀ ਮੋਦੀ ਅਤੇ ਆਰ. ਐੱਸ. ਐੱਸ. ਮੁਖੀ ਮੋਹਣ ਭਾਗਵਤ ਜੀ ਦੀ ਸਿਰੜੀ ਸੇਧ ਕਿ:- ਭਾਰਤ ਹਿੰਦੂ ਰਾਸ਼ਟਰ ਹੈ, ਦੂਜਿਆਂ ਨੂੰ ਆਪਣੇ ਧਰਮ ਪਰਿਵਰਤਨ ਕਰਨੇ ਹੋਣਗੇ। ਗਿਰਜ਼ੇ, ਮਸਜਿਦਾਂ, ਗੁਰਦੁਆਰੇ ਆਦਿ ਹਿੰਦੂਆਂ ਦੇ ਧਾਰਮਿਕ ਅਸਥਾਨ ਹੋ ਨਿਬੜਨ ਤਾਂ ਠੀਕ ਹੈ। ਪੂੰਜੀ ਪਤੀਆਂ ਵੱਲੋਂ ‘ਦੇਸ਼ ਉੱਨਤੀ’ ਲਈ ਕਿਸਾਨੀ ਜ਼ਮੀਨਾਂ ਦੀ ਲੋੜ ‘ਘੱਟ ਕੀਮਤਾਂ’ ਤੇ ਪ੍ਰਾਪਤ ਕਰਵਾਉਣੀ ਅਤੇ ਮਜ਼ਦੂਰ ਭਾਈਚਾਰੇ ਤੇ ਲਾਗੂ ਕਾਨੂੰਨਾਂ ਨੂੰ ਇਨ੍ਹਾਂ ਪੂੰਜੀਪਤੀਆਂ ਦੀਆਂ ਲੋੜਾਂ ਅਨੁਸਾਰ ਢਾਲਣਾ ਵੀ ਸਰਕਾਰ ਪੂਰਾ ਕਰੇਗੀ। ਬਾਦਲਕਿਆਂ ਅਤੇ ਬਹੁਤੇ ਕਾਂਗਰਸੀਆਂ ਵੱਲੋਂ ਹਿੰਦੂਤਵੀਆਂ ਦੀਆਂ ਇਨ੍ਹਾਂ ਨੀਤੀਆਂ ਨੂੰ ਲਗਭਗ ਪੂਰਾ ਸਮਰਥਨ ਪ੍ਰਾਪਤ ਹੈ।
ਏਥੇ ਕੇਜਰੀਵਾਲ ਜੀ ਦੇ ਸਮਰਥਕਾਂ ਅਤੇ ਪਾਠਕਾਂ ਨੂੰ, ਪਿਛਲੀ ਸਦੀ ਵਿੱਚ ਭਾਰਤ ਅੰਦਰ ਰਾਜਨੀਤਿਕ ਖੇਤਰ ਵਿੱਚ ਵਾਪਰੀਆਂ ਕੁੱਝ ਵੱਡੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਆਗੂਆਂ ਦੀ ਭੂਮਿਕਾ ਦੇ ਨਤੀਜਿਆਂ ਵੱਲ ਧਿਆਨ ਦਿਵਾਉਣ ਜ਼ਰੂਰੀ ਹੈ।
ਭਾਰਤ ਵਿੱਚ ਇੱਕ ਉਛਾਲਾ 1975 ਵਿੱਚ ਸ੍ਰੀ ਜੈ ਪ੍ਰਕਾਸ਼ ਨਰਾਇਣ ਜੀ ਦੀ ਅਗਵਾਈ ਵਿੱਚ ਉਦੋਂ ਆਇਆ ਜਦੋਂ ਉਨ੍ਹਾਂ ਕਿਹਾ ਸਰਕਾਰ ਦੇ ਗੈਰ ਕਾਨੂੰਨੀ ਹੁਕਮ ਨਾ ਮੰਨੋ। ਉਨ੍ਹਾਂ ਦੀ ਆਪਣੀ ਜਾਤ ਨਾਲ ਜੋ ਵਾਪਰਿਆ ਉਹ ਸਭ ਜਾਣਦੇ ਹਨ। ਭਾਰਤ ਦੇ ਲੋਕਾਂ ਨਾਲ ਜੋ ਵਾਪਰਿਆ ਉਨ੍ਹਾਂ ਵਿੱਚ ਦੋ ਘਟਨਾਵਾਂ ਖਾਸ ਧਿਆਨ ਮੰਗਦੀਆਂ ਹਨ। ਉਦੋਂ ਏਕਤਾ ਬਣਾਉਣ ਵਾਲੇ ਆਗੂ ਮਗਰੋਂ ਖਿੰਡੇ ਕਿਵੇਂ? ਅਤੇ 1975 ਵਿੱਚ ਐਮਰਜੈਂਸੀ ਸਮੇਂ ਆਰ. ਐੱਸ. ਐੱਸ.’ਸੈਨਿਕਾਂ’ ਨੇ ਸ਼ਹਿਰਾਂ ਤੇ ਕਸਬਿਆਂ ਵਿੱਚ ਖਾਕੀ ਨਿੱਕਰਾਂ ਲਾਹ ਕੇ ਕੂੜੇ ਦੇ ਢੇਰ ਕਿਵੇਂ ਭਰੇ ਅਤੇ ਅਣਗਿਣਤਾਂ ਨੇ ਮਾਫੀਆਂ ਕਿੱਦਾਂ ਮੰਗੀਆਂ?
ਦੂਜੀ ਵੱਡੀ ਘਟਨਾ ਸੀ ਮਹਾਨ ਦਲਿਤ ਆਗੂ ਸ੍ਰੀ ਕਾਂਸ਼ੀ ਰਾਮ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨ ਕੇ ਰਾਜਨੀਤੀ ਵਿੱਚ ਪ੍ਰਵੇਸ਼ ਕਰਨਾ ਅਤੇ ਆਪਣੇ ਵੱਲੋਂ ਬੀਬੀ ਮਾਇਆਵਤੀ ਨੂੰ ਖਰਵੇ ਸ਼ਬਦ ਵਰਤਦਿਆਂ ਹੋਇਆਂ ਵੀ ਭਾਰਤ ਦੇ ਦਲਿਤ ਭਾਈਚਾਰੇ ਦੀ ਆਗੂ ਵਜੋਂ ਖੜ੍ਹੇ ਕਰ ਦੇਣਾ। ਉਹ ਲੜੀ ਸੀ ਮਹਾਨ ਡਾ. ਅੰਬੇਡਕਰ ਜੀ ਦੀ ਡਾ. ਪਤਨੀ ਹੱਥੋਂ ਉਨ੍ਹਾਂ ਦੀ ਆਪਣੀ ਕਥਿਤ ਮੌਤ ਦੀਆਂ ਲੀਹਾਂ ਵਾਲੀ ਬੀਬੀ ਮਾਇਆਵਤੀ ਜੀ ਦੇ ਮਹੱਲਾਂ ਦੀ ‘ਛਤਰ ਛਾਇਆ’ ਹੇਠ ਹੀ ਸ੍ਰੀ ਕਾਂਸ਼ੀ ਰਾਮ ਜੀ ਵੱਲੋਂ ਆਪਣੀ ਮੌਤ ਨੂੰ ਸੱਦਾ ਦੇਣਾ। ਇਨ੍ਹਾਂ ਘਟਨਾਵਾਂ ਦੇ ਥੋੜੇ ਹਿੱਸੇ ਦਾ ਦਰਸ਼ਕ ਤਾਂ ਮੈਂ ਆਪ ਵੀ ਰਿਹਾ ਹਾਂ। ਚੰਗਾ ਹੋਵੇ ਜੇ ਇਸ ਦੀ ਵੀ ਐਮਰਜੈਂਸੀ ਪ੍ਰਤੀ ਬਣੇ ਕਮਿਸ਼ਨ ਵਾਂਗੂੰ ਕਿਸੇ ਉੱਚੇ ਕਮਿਸ਼ਨ ਰਾਹੀਂ ਕਾਂਸ਼ੀ ਰਾਮ ਜੀ ਦੀ ਮੌਤ ਦੀ ਇਸ ਘਟਨਾ ਦੀ ਪੜਤਾਲ ਵੀ ਹੋ ਜਾਏ।
ਤੀਜੀ ਘਟਨਾ ਹੈ ‘ਸਾਕਾ ਨੀਲਾ ਤਾਰਾ’, ਜਿਸ ਪ੍ਰਤੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਪਹਿਲਾਂ ਹੀ ਆਪਣੀ ਸ਼ਹੀਦੀ ਦਾ ਦਾਈਆ ਤਾਂ ਮਿੱਥ ਹੀ ਲਿਆ ਸੀ। ਇਸ ਵੱਡੇ ਘੱਲੂਘਾਰੇ ਦੇ ਅਸਲੀ ਵਰਤਾਰਿਆਂ ਤੇ, ਵੱਡੇ-ਵੱਡੇ ਦੋਸ਼ੀ ਦੁਸ਼ਟ ਰਾਜਨੀਤਿਕਾਂ ਅਤੇ ਪਾਪੀ ਹਾਕਮਾਂ ਨੇ ਅੱਜ ਤਾਈਂ ਪਰਦਾ ਪਾਉਣ ਦਾ ਉਪਰਾਲਾ ਅਰੰਭਿਆ ਹੋਇਆ ਹੈ। ਪਾਠਕੋ ਕਮਾਲ ਵੇਖੋ, ਕਿ ਅੱਜ ਤਾਈਂ ਲਗਭਗ ਸਮੁੱਚਾ ਸਿੱਖ ਭਾਈਚਾਰਾ ਇਹਨਾਂ ਘਟਨਾਵਾਂ ਦੀ ਗੱਲ ਘੱਟ ਵੱਧ ਹੀ ਕਰਦਾ ਹੈ। ਭਾਵੇਂ ਇਹ ਠੀਕ ਹੈ ਕਿ ਇੰਦਰਾ ਗਾਂਧੀ ਦੀ ਮੌਤ ਪਿੱਛੋਂ ਦਿੱਲੀ ਵਿੱਚ ਵਾਪਰੇ ਪਾਪਾਂ ਦੀ ਪੜਤਾਲ ਵੀ ਵੱਡਾ ਧਿਆਨ ਮੰਗਦੀ ਹੈ, ਪਰ ‘ਸਿੱਖ ਕੁਲ਼ਨਾਸ’ ਦਾ ਮੁੱਢ ਤਾਂ ‘ਸਾਕਾ ਨੀਲਾ ਤਾਰਾ’ ਨੇ ਹੀ ਬੱਧਾ ਸੀ। ਅਨੇਕ ਸਿੱਖ ਸੰਸਥਾਵਾਂ ਇਸ ਘੱਲੂਘਾਰੇ ਦੀ ਪੜਤਾਲ ਕਰਾਉਣ ਤੇ ਕਿਉਂ ਜ਼ੋਰ ਨਹੀਂ ਦਿੰਦੀਆਂ? ਕਾਰਨ? ਗੱਦਾਰ ਲੁਕੇ ਰਹਿਣਾ ਚਾਹੁੰਦੇ ਹਨ।
ਇਸ ਲੜੀ ਵਿੱਚ ਚੌਥਾ ਨੁਕਤਾ ਪੰਜਾਬ ਅੰਦਰ ਨੇਕੀ-ਬਦੀ ਦੇ ਯੁੱਧ ਦੀਆਂ ਅਨੇਕ ਹੋਰ ਘਟਨਾਵਾਂ ਹਨ। ਜਿਨ੍ਹਾਂ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਦੀ, ਚੰਡੀਗੜ੍ਹ ਦੀ ਪ੍ਰਾਪਤੀ ਲਈ, 82 ਦਿਨ ਲੰਮੀ ਭੁੱਖ ਹੜਤਾਲ ਪਿਛੋਂ ਸ਼ਹਾਦਤ ਦੇ ਨਾਲ ਹੀ ਸੰਤ ਫਤਹਿ ਸਿੰਘ ਦਾ ‘ਸੜ-ਮਰਨ’ ਦਾ ਪਖੰਡ। ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਵੱਲੋਂ ਪੰਜਾਬ ਅੰਦਰ ਥਾਂ-ਥਾਂ ਖਿਲਾਰੀਆਂ 25 ਹਜ਼ਾਰ ‘ਅਣ-ਪਛਾਤੀਆਂ’ ‘ਲਾਸ਼ਾਂ’ ਦੀ ਕਥਾ ਸਿਰਜਦਿਆਂ ਪੂਰੇ ਸਿਰੜ ਨਾਲ ਤਸੀਹੇ ਝੱਲ ਕੇ ਪਹਿਰਾ ਦੇਣਾ। ਉਨ੍ਹਾਂ ਸਮਿਆਂ ਦੇ ਪੰਜਾਬ ਦੇ ਮੁੱਖ ਮੰਤਰੀ ਬਿਅੰਤ ਸਿੰਘ ਨੂੰ ਭਾਈ ਦਿਲਾਵਰ ਸਿੰਘ ਵੱਲੋਂ ਆਪਣੀ ਅਹੂਤੀ ਦੇ ਕੇ ਨਿਰਦੋਸ਼ ਸਿੱਖ ਜਵਾਨਾਂ ਨੂੰ ਵੱਡੀ ਪੱਧਰ ਤੇ ਮਰਵਾਉਣ ਵਾਲੇ ਨੂੰ ਠੀਕ ਬਣਦੀ ਸਜ਼ਾ ਦੁਆਉਣ ਦੀ ਕਹਾਣੀ ਸੀ।
ਇਸ ਸਬੰਧ ਵਿੱਚ ਗੱਦਾਰਾਂ ਦੀ ਉਸ ਲੜੀ ਦੀ ਚਰਚਾ ਕਰਨੀ ਜ਼ਰੂਰੀ ਹੈ ਜਿਸ ਅਧੀਨ ਪੰਜਾਬ ਦੇ ਇਸ ਵੱਡੇ ਖੂਨੀ ਸੰਘਰਸ਼ ਨੂੰ ਸਰਕਾਰੀ ਜਥੇਬੰਦੀਆਂ ਰਾਹੀਂ ਖਾਲਿਸਤਾਨ ਦਾ ਨਾਅਰਾ ਲਗਵਾ ਕੇ ਅੱਜ ਤਾਈਂ ਵੀ ਆਪਣੀ ਇਸ ਦਲੀਲ ਨੂੰ ਪੱਕਾ ਰੱਖਿਆ ਜਾ ਰਿਹਾ ਹੈ ਕਿ ਸਿੱਖ ‘ਵੱਖਵਾਦੀ’ ਹਨ। ਇਸ ਲੜੀ ਵਿੱਚ ਮੁੱਖ ਦੋਸ਼ੀ ਬਣਦੇ ਹਨ ਡਾ. ਜਗਜੀਤ ਸਿੰਘ ਚੌਹਾਨ, ਸ. ਗੰਗਾ ਸਿੰਘ, ਡਾ. ਸੋਹਣ ਸਿੰਘ ਅਤੇ ਸਿਮਰਜੀਤ ਸਿੰਘ ਮਾਨ। ਇਹੋ ਜਿਹੇ ਅਣਗਿਣਤ ਵਰਤਾਰਿਆਂ ਦੀ ਪਿਠ ਭੂਮੀ ਸਦਕਾ ਪੰਜਾਬ ਦੀ ਅਜੋਕੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਸ਼ਾਇਦ ਸਿਰ ਫਸਾਉਣ ਤੋਂ ਕੰਨੀਂ ਕਤਰਾਏਗੀ। ਪਰ ਜੇ ਉਸ ਨੇ ਪੰਜਾਬ ਵਿੱਚ ਰਾਜਨੀਤਿਕ ਦਖਲ ਦਿੱਤਾ ਤਾਂ ਬਾਦਲਕੇ, ਭਾਜਪਾਈ ਅਤੇ ਕਾਂਗਰਸੀ ਕਰਾਰੀ ਸੱਟ ਤਾਂ ਖਾ ਜਾਣਗੇ, ਪਰ ਪੰਜਾਬ ਦੇ ਰੱਜੇ ਪੁੱਜੇ ਅਤੇ ਹੰਕਾਰੀ ਲੀਡਰ ਜੇ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਤਾਂ ਨਾ ‘ਆਪ’ ਨੂੰ ਅਤੇ ਨਾ ਲੋਕਾਂ ਨੂੰ ਚੈਨ ਮਿਲੇਗਾ।
ਪੰਜਾਬ ਅੰਦਰ ‘ਰਾਅ’ ਵੱਡੀ ਖੁਫੀਆ ਏਜੰਸੀ ਰਾਹੀਂ ਸਿਰਜੀ ਗਈ ਇੰਦਰਾ ਗਾਂਧੀ ਦੀ ਨਿੱਜੀ ਸਮਰਥਕ ‘ਤੀਜੀ ਏਜੰਸੀ’ ਵੱਲੋਂ ‘ਸਾਕਾ ਨੀਲਾ ਤਾਰਾ’ ਦੀ ਕਹਾਣੀ ਅਤੇ ਉਸਦੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਅਜੋਕੇ ਸਕਿਓਰਿਟੀ ਐਡਵਾਈਜ਼ਰ ਅਜੀਤ ਡੋਵਲ ਵੱਲੋਂ 1988 ਵਿੱਚ ਆਪਣੇ ਆਪ ਨੂੰ ਆਈ. ਐੱਸ. ਆਈ. ਦਾ ਕਰਨਲ ਬਣ ਕੇ ਕੁੱਝ ਕਥਿਤ ਖਾੜਕੂਆਂ ਨੂੰ ਹਥਿਆਰ ਸਪਲਾਈ ਕਰਨ ਦੇ ਨਾਂ ਤੇ ‘ਬਲੈਕ ਥੰਡਰ-2’ ਦੀ ਸਿਰਜਣਾ ਵੀ ਇੱਕ ਬਹੁਤ ਵੱਡੀ ਭਿਆਨਕ ਘਟਨਾ ਸੀ। ਇਨ੍ਹਾਂ ਹਾਲਤਾਂ ਵਿੱਚ ਜਦਕਿ ਡੋਵਲ ਹੁਰੀਂ ਅੱਜ ਸਰਕਾਰੀ ਸ਼ਕਤੀ ਤੇ ਪੂਰੀ ਤਰ੍ਹਾਂ ਹਾਵੀ ਨੇ ਤਾਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਅੰਦਰ ਕਦਮ ਰੱਖਣਾ ਸੌਖੀ ਖੇਡ ਨਹੀਂ। ਜਾਪਦਾ ਇਹ ਹੈ ਕਿ ‘ਆਪ’ ਦੀ ਲੀਡਰਸ਼ਿਪ ਨੂੰ ਇਨ੍ਹਾਂ ਘਟਨਾਵਾਂ ਦਾ ਕਾਫੀ ਗਿਆਨ ਹੋ ਗਿਆ ਹੈ। ਇਸ ਲਈ ਪੰਜਾਬ ਵਿੱਚ ਕਦਮ ਰੱਖਣ ਲੱਗਿਆਂ ਉਹ ਥੋੜਾ ਝਿਜਕ ਰਹੇ ਹਨ ਅਤੇ ਸਮਾਂ ਪਰਖ ਕੇ ਪੱਕੇ ਪੈਰ ਰੱਖਣਗੇ।


(‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ)

ਕੁੱਝ ਤਕਨੀਕੀ ਕਾਰਨਾ ਕਰਕੇ, ਵੀਰਵਾਰ 12 ਫਰਵਰੀ 2015 ਤੋਂ ਬਾਅਦ ਕੁੱਝ ਦਿਨਾਂ ਲਈ ‘ਸਿੱਖ ਮਾਰਗ’ ਨੂੰ ਪੜ੍ਹਨ ਜਾਂ ਈ-ਮੇਲ ਭੇਜਣ ਵਿੱਚ ਕੁੱਝ ਦਿੱਕਤ ਆ ਸਕਦੀ ਹੈ। ਉਮੀਦ ਹੈ ਕਿ ਐਤਵਾਰ 15 ਫਰਵਰੀ ਤੱਕ ਸਾਰਾ ਕੁੱਝ ਪਹਿਲਾਂ ਦੀ ਤਰ੍ਹਾਂ ਨਾਰਮਲ ਹੋ ਜਾਵੇਗਾ-ਸੰਪਾਦਕ।


12/02/15)
ਸਰਬਜੀਤ ਕੌਰ /ਬਲਦੀਪ ਸਿੰਘ ਰਾਮੂੰਵਾਲੀਆ

ਧੀ ਰਾਣੀ

ਮਾਂ ਹਮੇਸ਼ਾ ਆਖਦੀ ਕਿ ਤੂੰ ਮੇਰੀ ਧੀਰਾਣੀ ਹੈ। ਮੈ ਵੀ ਸਾਰਾ ਦਿਨ ਆਸਮਾਨ ਚ ' ਉਡਦੀ ਚਿੜੀਆ ਵਾਂਗ ਚਹਿਕਦੀ ਫਿਰਦੀ ਸਾਂ। ਹਮੇਸ਼ਾ ਇਕ ਸੋਹਣੇ ਜਿਹੇ ਰਾਜਕੁਮਾਰ ਦੇ ਸੁਪਨੇ ਲੈਦੀ। ਸਹੇਲੀਆਂ ਨਾਲ ਹਸਦੀ ਖੇਡਦੀ ਆਉਣ ਵਾਲੀ ਜਿੰਦਗੀ ਦੇ ਸੁਪਨੇ ਬੁਣਦੀ। ਆਖੀਰ ਵਿਆਹ ਦੀ ਤਾਰੀਕ ਵੀ ਰਖੀ ਗਈ। ਮੇਰੇ ਮਾਂ ਪਿਓ ਨੇ ਸਾਰੀ ਤਾਕਤ ਲਗਾ ਦਿਤੀ ਮੈਨੂੰ ਵਿਆਓਣ ਲਈ। ਸਾਰੇ ਖਲਾਂ ਖੂੰਜੇ ਖਾਲੀ ਹੋ ਗਏ ਸਨ ਓਹਨਾ ਦੇ ਪਰ ਮੇਰੇ ਸਹੁਰਿਆ ਦੀਆ ਮੰਗਾਂ ਪੂਰੀਆ ਨਹੀ ਸਨ ਹੋ ਰਹੀਆਂ। ਮੈ ਵੀ ਗਦਗਦ ਹੋ ਰਹੀ ਸਾਂ ਵਿਆਹ ਬਾਰੇ ਸੋਚ ਕੇ। ਮੈ ਕਈ ਵਾਰ ਦੇਖਿਆ ਸੀ ਮਾਂਪਿਓ ਨੂੰ ਰੋਂਦਿਆ। ਮਾਂ ਹਮੇਸ਼ਾ ਆਖਦੀ ਮੇਰੀ ਧੀ ਰਾਣੀ ਨੇ ਹੁਣ ਨੂੰਹ ਰਾਣੀ ਬਣ ਜਾਣਾ। ਵਿਆਹ ਕੇ ਮਾਂ ਦਾ ਸਾਥ ਛਡ ਕੇ ਸਸ ਦਾ ਸਾਥ ਮਾਣਨ ਲਈ ਸਹੁਰੇ ਘਰ ਆਈ ਨੂੰਹਰਾਣੀ ਬਣਕੇ। ਪਰ ਇਹ ਕੀ.......ਸਸ ਸਾਰਾ ਦਿਨ ਦਾਜ ਦਹੇਜ ਨੂੰ ਲੈ ਕੇ ਤਾਹਨੇ ਮਿਹਣੇ ਮਾਰਦੀ ਰਹਿਦੀ। ਦਿਨ ਪ੍ਰਤੀ ਦਿਨ ਧੀ ਰਾਣੀ ਨੂੰਹ ਰਾਣੀ ਤੋ ਨੌਕਰਾਣੀ ਬਣਕੇ ਰਹਿ ਗਈ। ਓਪਰੋਂ ਸਸ ਦੀ ਪੋਤੇ ਦੀ ਚਾਹ। ਇਕ ਦਿਨ ਪੇਟ ਚ ' ਇਕ ਜੀ ਦੇ ਪਣਪਣ ਦਾ ਮਿਠਾ ਅਹਿਸਾਸ ਹੋਇਆ ਮਾਂ ਬਣਨ ਦਾ ਅਹਿਸਾਸ ਮੇਰੇ ਅੰਦਰ ਸੰਗੀਤ ਛੇੜ ਦਿੰਦਾ। ਦੂਜੇ ਹੀ ਪਲ ਡਰ ਲਗਦਾ ਅਗਰ ਕੁੜੀ ਹੋਈ ਪਰ ਫੇਰ ਸੋਚਦੀ ਫੇਰ ਕੀ ਹੋਇਆ ਓਹ ਮੇਰੀ ਧੀ ਰਾਣੀ ਹੋਏਗ। ਮੇਰੇ ਪਤੀ ਦੀ ਆਵਾਜ ਨੇ ਮੈਨੂ ਖਿਆਲਾਂ ਚ 'ਜਗਾਇਆ ਆਖਿਆ ਡਾਕਟਰ ਕੋਲ ਜਾਣਾ। ਡਾਕਟਰ ਵੀ ਔਰਤ ਸੀ ਜਿਸਨੇ ਜਾਂਚ ਕਰਕੇ ਦਸਿਆ ਕੀ ਮੇਰੇ ਪੇਟ ਚ 'ਪਲ ਰਿਹਾ ਮਾਸ ਦਾ ਲੋਥੜਾ ਮੇਰੀ ਧੀ ਰਾਣੀ ਹੈ। ਮੇਰੇ ਰੋਂਦੀ ਕੁਰਲਉਂਦੀ ਦੇ ਪੇਟ ਚੋ ਮੇਰੀ ਧੀ ਰਾਣੀ ਦੇ ਟੁਕੜੇ ਟੁਕੜੇ ਕਰ ਦਿਤੇ ਗਏ। ਮੇਰੀ ਸਸ ਤੇ ਪਤੀ ਨੇ ਸੁਖ ਦਾ ਸਾਹ ਲਿਆ। ਮੈ ਹਥ ਜੋੜ ਕੇ ਆਪਣੀ ਧੀ ਰਾਣੀ ਨੂੰ ਕਹਿ ਰਹੀ ਸੀ ਕਿ ਕਦੀ ਕੁੱਖ ਵਿਚ ਨਾ ਆਵੇ ਕਿਉਕਿ ਮੇਰਾ ਆਪਣਾ ਹੀ ਅਖਤਿਆਰ ਨਹੀ ਮੇਰੀ ਕੁੱਖ ਤੇ। ਇਸ ਤੋ ਬਾਦ ਤਾਂ ਮੈ ਨਾ ਧੀ ਰਾਣੀ ਸੀ ਨਾ ਨੂੰਹ ਰਾਣੀ ਨਾ ਮਾਂ ਰਾਣੀ। ਸ਼ਾਇਦ ਔਰਤ ਕਹਾਓਣ ਦੇ ਵੀ ਕਾਬਿਲ ਨਹੀ ਇਹ ਧੀ ਰਾਣੀ!

ਸਰਬਜੀਤ ਕੌਰ


ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।


12/02/15)
ਨਿਰਮਲ ਸਿੰਘ ਕੰਧਾਲਵੀ

ਕੇਜਰੀਵਾਲ ਬਨਾਮ ਮੋਦੀ
ਦਮਗਜੇ ਫੋਕੇ ਤਿਰੇ, ਕਿਸੇ ਨਾ ਕੰਮ ਆਏ
ਲਾ ਲਾਈ ਪੂਰੀ ਤੂੰ, ਆਪਣੀ ਵਾਹ ਮੀਆਂ
ਛਤਰੀ ਨਾਲ਼ ਤੂੰ, ਪਾਇਲਟ ਉਤਾਰਿਆ ਵੀ
ਉਹ ਵੀ ਸਕਿਆ ਨਾ, ਜਹਾਜ਼ ਚਲਾ ਮੀਆਂ
ਜੰਨਤਾ ਹੜ੍ਹ ਹੁੰਦਾ, ਅੱਥਰੇ ਪਾਣੀਆਂ ਦਾ
ਬਣਾਵੇ ਹਮੇਸ਼ਾ ਇਹ, ਆਪਣਾ ਰਾਹ ਮੀਆਂ
ਛੱਪਨ ਇੰਚ ਛਾਤੀ, ਕਰ ਨਾ ਸਕੀ ਕੁੱਝ ਵੀ
ਮਾੜਚੂ ਜਿਹੇ ਨੇ ਲਿਆ, ਤੈਨੂੰ ਢਾਹ ਮੀਆਂ
ਭਾਂਡਿਆਂ ਵਿਚੋਂ ਹੁਣ, ਕੇਤਲੀ ਲੱਭ ਕੇ ਤੇ
ਜਾ ਕੇ ‘ਟੇਸ਼ਨ `ਤੇ, ਵੇਚ ਫਿਰ ਚਾਹ ਮੀਆਂ।
ਨਿਰਮਲ ਸਿੰਘ ਕੰਧਾਲਵੀ


12/02/15)
ਬਲਦੀਪ ਸਿੰਘ ਰਾਮੂੰਵਾਲੀਆ/ਫੇਸਬੁੱਕ ਰਾਹੀਂ

ਮਾਂ ਤਾਂ ਮਾਂ ਹੁੰਦੀ ਹੈ
ਬੋਹੜ੍ਹ ਤੋ ਸੰਘਣੀ, ਜਿਸਦੀ
ਮਮਤਾ ਦੀ ਛਾਂ ਹੁੰਦੀ ਹੈ
ਉਸਦੇ ਪਿਆਰ ਦੀ ਜਗੀਰ
ਬਚਿਆਂ ਦੇ ਨਾਂ ਹੁੰਦੀ ਹੈ
ਆਪਣੇ ਦੁਖ ਲਕੌਦੀ
ਬਚਿਆਂ ਦੇ ਸੁਖਾਂ ਦੀ ਚਾਹ ਹੁੰਦੀ ਹੈ
ਮਾਂ ਰਬ ਤੋ ਵੀ ਉਤਾਹ ਹੁੰਦੀ ਹੈ,
ਕਿਉਕਿ ਸਾਡੇ ਸਾਹਾਂ ਚ ਮਾਂ ਹੁੰਦੀ ਹੈ
ਮਾਂ ਦੀਆਂ ਝਿੜਕਾਂ ਵਿਚ ਵੀ
ਪਿਆਰ ਦੀ ਭਰਮਾਰ ਹੁੰਦੀ ਹੈ
ਫੁਲਾਂ ਬਿਨਾਂ ਇਹ ਜੜ੍ਹ ਕੁਮਲਾ ਜਾਂਦੀ ਹੈ
ਮਾਂ ਸਭ ਕੁਝ ਬਚਿਆ ਤੋ ਲੁਟਾ ਜਾਂਦੀ ਹੈ
ਦੁਨੀਆਂ ਅੰਦਰ ਸਭ ਤੋ ਕੀਮਤੀ ਮਾਂ ਹੁੰਦੀ ਹੈ
ਉਸਨੂੰ ਪੁਛੋ ਜਿਸ ਕੋਲ ਨਾ ਇਹ ਛਾਂ ਹੁੰਦੀ ਹੈ
ਜਦ ਕਦੇ ਫੁਲ ਆਪਣਾ ਰਿਸ਼ਤਾ ਤੋੜਦੇ ਨੇ
ਇਸ ਜੜ੍ਹ ਦੀ ਹੋਦ ਤਬਾਹ ਹੁੰਦੀ ਹੈ ..
ਪਰ ਫੁਲਾਂ ਲਈ ਫਿਰ ਵੀ ਦੁਆ ਹੁੰਦੀ ਹੈ
ਕਿਉਕਿ ਮਾਂ ਤੇ ਮਾਂ ਹੁੰਦੀ ਹੈ

ਮਾਵਾਂ ਦੀਆਂ ਅੱਖਾਂ ਚ ਹੰਝੂ ਨਾ ਲਿਆਇਉ ਸੋਹਣਿਉ,
ਰਬ ਤੋ ਵੀ ਪਹਿਲਾ ਇਨਾ ਦੀ ਸੇਵਾ ਕਮਾਇਉ ਸੋਹਣਿਉ ।

ਬਲਦੀਪ ਸਿੰਘ ਰਾਮੂੰਵਾਲੀਆ
96543-42039


10/02/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਗੁਰਸ਼ਰਨ ਸਿੰਘ ਕਸੇਲ ਜੀ, ਮੇਰੇ ਵੱਲੋਂ ਆਦਰ-ਸਹਿਤ ਭੇਜੀ ਜਾ ਰਹੀ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ!
09. 02. 2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਦੇ ਇਸ ਪੱਤਰ ਵਿੱਚ ਕੁੱਝ ਜਾਤੀ ਟਿੱਪਣੀਆਂ ਤੋਂ ਬਿਨਾਂ ਕੁੱਝ ਵੀ ਨਵਾਂ ਨਹੀਂ। ਆਪ ਜੀ ਨੇ ਪਹਿਲਾਂ ਮੇਰੇ ਅੱਗੇ ਇੱਕ ਸਵਾਲ ਪੇਸ਼ ਕੀਤਾ ਤਾਂ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਉਸਦਾ ਉੱਤਰ ਦੇ ਦਿੱਤਾ। ਫਿਰ ਆਪ ਜੀ ਨੇ ਹੋਰ ਸਵਾਲ ਕਰਕੇ ਵਿਚਾਰ-ਚਰਚਾ ਅਰੰਭ ਕਰ ਦਿੱਤੀ। ਇਸ ਵਿਚਾਰ-ਚਰਚਾ ਵਿੱਚ ਮੈਂ ਆਪਣੇ ਗੁਰਮੱਤ ਅਧਾਰਿਤ ਦਲੀਲਾਂ ਪੇਸ਼ ਕਰਦਾ ਰਿਹਾ। ਪਰੰਤੂ ਆਪ ਜੀ ਦੀਆਂ ਟਿੱਪਣੀਆਂ ਗੁਰਮੱਤ ਅਧਾਰਿਤ ਨਹੀਂ ਸਨ ਭਾਵੇਂ ਕਿ ਆਪ ਜੀ ‘ਸ਼ਬਦ-ਗੁਰੂ’ ਦੇ ਪੈਰੋਕਾਰ ਹੋਣ ਦਾ ਦਾਵਾ ਵੀ ਕਰਦੇ ਹੋ। ਇਹ ਤਾਂ ਪਾਠਕ ਭਲੀ-ਭਾਂਤ ਸਮਝ ਗਏ ਹੋਣਗੇ ਕਿ ‘ਬੁਰਕਾ’ ਕਿਸ ਨੇ ਪਾਇਆ ਹੋਇਆ ਹੈ।
ਸ. ਕਸੇਲ ਜੀ, ਸਿਖਮਾਰਗ ਵੈਬਸਾਈਟ ਹੀ ਇੱਕ ਅਜਿਹਾ ਸੁਹਿਰਦ ਵੈਬਸਾਈਟ ਹੈ ਜੋ ਗੁਰਮੱਤ ਅਧਾਰਿਤ ਵਿਚਾਰ-ਚਰਚਾ ਲਈ ਵਧੀਆ ਮੰਚ ਮੁਹੱਈਆ ਕਰਵਾ ਰਿਹਾ ਹੈ। ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਚੰਗੀ ਤਰ੍ਹਾਂ ਪਾਠਕਾਂ ਦੇ ਅੱਗੇ ਪੇਸ਼ ਕਰਨ ਲਈ ਇਸ ਵਿੱਚ ਹਿੱਸਾ ਲੈਣ ਵਾਲੇ ਵਿਦਵਾਨਾਂ ਵੱਲੋਂ ਵਿਚਾਰ-ਚਰਚਾ ਦਾ ਵਧੀਆ ਮਿਆਰ ਬਣਾਈ ਰੱਖਣ ਦੀ ਲੋੜ ਹੈ ਤਾਂ ਕਿ ਇਹ ਵੈਬਸਾਈਟ ਇਸ ਸੇਵਾ ਨੂੰ ਕਾਮਯਾਬੀ ਨਾਲ ਨਿਭਾਉਂਦਾ ਰਵ੍ਹੇ। ਇਸ ਕਾਰਜ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸ. ਕਸੇਲ ਜੀ, ਕਿਉਂਕਿ ਆਪ ਜੀ ਗੁਰਮੱਤ ਅਧਾਰਿਤ ਦਲੀਲ ਦੇਣ ਤੋਂ ਟਾਲਾ ਵੱਟਦੇ ਹੋ ਅਤੇ ਜਾਤੀ ਟਿੱਪਣੀਆਂ `ਤੇ ਉੱਤਰ ਆਉਂਦੇ ਹੋ ਇਸ ਲਈ ਭਵਿਖ ਵਿੱਚ ਮੈਂ ਆਪ ਜੀ ਨਾਲ ਕਿਸੇ ਵਿਸ਼ੇ ਤੇ ਵਿਚਾਰ-ਚਰਚਾ ਨਹੀਂ ਕਰ ਸਕਾਂਗਾ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


10/02/15)
ਗੁਰਮੀਤ ਸਿੰਘ (ਸਿੱਡਨੀ)

ਖ਼ਾਲਸਾ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਗਿਆਨੀ ਸੰਤੋਖ ਸਿੰਘ ਜੀ ਦਾ ਲੇਖ: “ਦੀਵਾਲੀ ਤੇ ਵਿਖਿਆਨ” ਗੁਰਦੁਆਰਾ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਛਪੇ ਲੇਖ, ਦੀਵਾਲੀ ਨਾ ਮਨਾਉਂਣ ਦੀ ਪ੍ਰੜੋਤਾ ਕਰਦੇ ਸਨ!
ਹੁਣ ਤੇ ਗੁਰੂ ਸਾਹਿਬਾਨ ਦੇ ਵਿਆਹ ਦਿਵਸ ਬਰਾਤ ਸਹਿਤ ਵੀ ਮਨਾਏ ਜਾਂਦੇ ਹਨ ਤਾਂ ਜੋ ਸੱਭ ਨੂੰ (੩੬੫ ਦਿਨ) ਲਾਭ ਹੋ ਸਕੇ।
ਸਿੱਖੀ ਪ੍ਰਚਾਰ ਲਈ ਧੰਨਵਾਦ!
ਗੁਰਮੀਤ ਸਿੰਘ (ਸਿੱਡਨੀ)


10/02/15)
ਸਪੋਕਸਮੈਨ ਸੰਪਾਦਕੀ

ਦਿੱਲੀ ਦਾ ਸੁਨੇਹਾ: ਕਿ ਹਿੰਦੁਸਤਾਨ ਦੇ ਸਾਰੇ ਲੋਕ, ਰਲ ਮਿਲ ਕੇ 'ਸੈਕੁਲਰ ਭਾਰਤ' ਨੂੰ ਬਚਾਈ ਰੱਖਣਗੇ! 9 ਮਹੀਨਿਆਂ ਮਗਰੋਂ ਹੀ, 'ਸੈਕੁਲਰਿਜ਼ਮ' ਸ਼ਬਦ ਨੂੰ ਸੰਵਿਧਾਨ 'ਚੋਂ ਕੱਢ ਦੇਣ ਦੀ ਗੱਲ ਕਰਨ ਵਾਲਿਆਂ ਨੂੰ ਕਾਂਗਰਸ ਨਾਲੋਂ ਵੀ ਮਾੜੀ ਹਾਲਤ ਵਿਚ ਪਹੁੰਚਾ ਦਿਤਾ
ਦਿੱਲੀ ਦਾ ਸੁਨੇਹਾ: ਕਿ ਹਿੰਦੁਸਤਾਨ ਦੇ ਸਾਰੇ ਲੋਕ, ਰਲ ਮਿਲ ਕੇ 'ਸੈਕੁਲਰ ਭਾਰਤ' ਨੂੰ ਬਚਾਈ ਰੱਖਣਗੇ! 9 ਮਹੀਨਿਆਂ ਮਗਰੋਂ ਹੀ, 'ਸੈਕੁਲਰਿਜ਼ਮ' ਸ਼ਬਦ ਨੂੰ ਸੰਵਿਧਾਨ 'ਚੋਂ ਕੱਢ ਦੇਣ ਦੀ ਗੱਲ ਕਰਨ ਵਾਲਿਆਂ ਨੂੰ ਕਾਂਗਰਸ ਨਾਲੋਂ ਵੀ ਮਾੜੀ ਹਾਲਤ ਵਿਚ ਪਹੁੰਚਾ ਦਿਤਾ : ਦਿੱਲੀ ਨਿਰਾ ਇਕ ਸੂਬਾ ਜਾਂ ਸ਼ਹਿਰ ਹੀ ਨਹੀਂ ਸਗੋਂ ਦੇਸ਼ ਦੇ ਹਰ ਹਿੱਸੇ ਵਿਚੋਂ ਆ ਕੇ ਰਹਿਣ ਵਾਲੇ ਭਾਰਤੀਆਂ ਦੀ ਸਾਂਝੀ ਸੋਚ ਨੂੰ ਪੇਸ਼ ਕਰਨ ਵਾਲਾ ਹਿੰਦੁਸਤਾਨ ਦਾ ਧੜਕਦਾ ਦਿਲ ਵੀ ਹੈ। ਇਥੇ ਦਿੱਲੀ ਦੇ ਪੁਰਾਣੇ ਵਾਸੀ ਹੀ ਨਹੀਂ ਰਹਿੰਦੇ ਬਲਕਿ ਪੰਜਾਬ, ਹਰਿਆਣਾ, ਯੂ.ਪੀ., ਬਿਹਾਰ, ਬੰਗਾਲ, ਮਹਾਰਾਸ਼ਟਰ, ਮਨੀਪੁਰ ਅਤੇ ਕਸ਼ਮੀਰ ਸਮੇਤ ਹਰ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਹਨ ਤੇ ਆਮ ਤੌਰ ਤੇ, ਗੰਭੀਰ ਮੌਕਿਆਂ ਤੇ, ਦੇਸ਼ ਦੀ ਸਮੁੱਚੀ ਸੋਚ ਨੂੰ ਸੰਖੇਪ ਰੂਪ ਵਿਚ ਪੇਸ਼ ਕਰਨ ਵਿਚ ਵੀ ਸਹਾਈ ਹੁੰਦੇ ਹਨ। ਇਹੀ ਕੁੱਝ ਅੱਜ ਹੋਇਆ ਹੈ।
ਪਿਛਲੇ ਕੁੱਝ ਮਹੀਨਿਆਂ ਤੋਂ ਇਕ ਵੱਡਾ ਪ੍ਰਸ਼ਨ ਇਹ ਸਾਹਮਣੇ ਆ ਰਿਹਾ ਸੀ ਕਿ ਕੀ ਹਿੰਦੁਸਤਾਨ ਨੂੰ ਹੁਣ 'ਹਿੰਦੂ ਰਾਸ਼ਟਰ' ਨਾ ਬਣਾ ਦਿਤਾ ਜਾਵੇ ਤੇ ਦੇਸ਼ ਦੇ ਸੰਵਿਧਾਨ ਵਿਚੋਂ 'ਸੈਕੁਲਰ' (ਧਰਮ ਨਿਰਪੱਖਤਾ) ਸ਼ਬਦ ਕੱਢ ਹੀ ਨਾ ਦਿਤਾ ਜਾਵੇ? ਸੱਤਾ ਉਤੇ ਕਾਬਜ਼ ਬੀਜੇਪੀ ਪਾਰਟੀ ਦੇ ਲੀਡਰ ਖੁਲ੍ਹ ਕੇ ਇਹ ਮੰਗ ਵੀ ਕਰਨ ਲੱਗ ਪਏ ਸਨ ਤੇ 'ਆਰ.ਐਸ.ਐਸ.' ਪ੍ਰਵਾਰ ਦੇ ਦੂਜੇ ਸਾਥੀਆਂ ਕੋਲੋਂ ਵੀ ਇਸ ਮੰਗ ਨੂੰ ਹਵਾ ਦਿਵਾਉਣ ਲੱਗ ਪਏ ਸਨ। ਇਸ ਮੰਗ ਨੇ ਦੇਸ਼ ਦੀਆਂ ਸਾਰੀਆਂ ਘੱਟ-ਗਿਣਤੀਆਂ ਨੂੰ ਤਾਂ ਬੇਚੈਨ ਕਰਨਾ ਹੀ ਸੀ, ਸੰਸਾਰ ਪੱਧਰ ਤੇ ਵੀ ਮਹਿਸੂਸ ਕੀਤਾ ਜਾਣ ਲੱਗਾ ਕਿ 'ਸੈਕੁਲਰਿਜ਼ਮ' ਨੂੰ ਤਿਆਗ ਕੇ, ਕੱਟੜਵਾਦੀ 'ਹਿੰਦੂ ਰਾਸ਼ਟਰ' ਬਣਨ ਦੀ ਤਿਆਰੀ ਕਰ ਰਿਹਾ ਭਾਰਤ, ਦੁਨੀਆਂ ਲਈ ਇਕ ਮੁਸੀਬਤ ਬਣ ਜਾਏਗਾ ਤੇ ਪਾਕਿਸਤਾਨ, ਈਰਾਨ ਵਰਗਾ ਇਕ ਹੋਰ ਕੱਟੜਵਾਦੀ ਦੇਸ਼ ਬਣ ਜਾਏਗਾ ਜਿਸ ਨਾਲ ਸਾਂਝ ਤੇ ਮਿੱਤਰਤਾ ਰਖਣੀ ਔਖੀ ਹੋ ਜਾਏਗੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ, ਭਾਰਤ ਆ ਕੇ, ਬੜੇ ਮਿੱਠੇ ਸ਼ਬਦਾਂ ਵਿਚ ਕਿਹਾ ਕਿ ਇਹ ਨਾ ਕਰਿਉ ਕਿਉਕਿ ਧਰਮ ਦੇ ਨਾਂ ਤੇ ਖੇਰੂ ਖੇਰੂ ਕੀਤਾ ਗਿਆ ਭਾਰਤ, ਕਿਸੇ ਕੰਮ ਦਾ ਨਹੀਂ ਰਹੇਗਾ। ਇਸ ਮਿੱਠੀ ਝਿੜਕ ਦਾ ਸੱਤਾਧਾਰੀ ਲੀਡਰਾਂ ਉਤੇ ਕੋਈ ਬਹੁਤਾ ਅਸਰ ਨਾ ਹੋਇਆ ਜਿਸ ਕਰ ਕੇ, ਓਬਾਮਾ ਨੇ ਵਾਸ਼ਿੰਗਟਨ ਵਿਚ ਫਿਰ ਖੁਲ੍ਹ ਕੇ ਤੇ ਸਖ਼ਤ ਸ਼ਬਦਾਂ ਵਿਚ ਅਪਣੀ ਗੱਲ ਦੁਹਰਾਈ। ਇਸ ਦੇ ਨਾਲ ਹੀ, ਭਾਰਤ ਦੇ ਇਤਿਹਾਸਕਾਰ ਤੇ ਵਿਦਵਾਨ ਵੀ ਖੁਲ੍ਹ ਕੇ ਬੋਲ ਪਏ ਤੇ ਗੱਲ ਇਥੋਂ ਤਕ ਪੁਜ ਗਈ ਕਿ ਅਖ਼ੀਰ ਭਾਰਤ ਦੀ ਸੁਪ੍ਰੀਮ ਕੋਰਟ ਵਿਚ, ਇਕ ਚਲਦੇ ਮਾਮਲੇ ਦੀ ਸੁਣਵਾਈ ਦੌਰਾਨ ਜੱਜਾਂ ਨੂੰ ਕਹਿਣਾ ਪਿਆ ਕਿ ਪਤਾ ਨਹੀਂ ਹਿੰਦੁਸਤਾਨ ਵਿਚ 'ਸੈਕੁਲਰਿਜ਼ਮ' ਜ਼ਿੰਦਾ ਰਹਿ ਵੀ ਸਕੇਗਾ ਜਾਂ ਨਹੀਂ ਤੇ ਰਹੇਗਾ ਤਾਂ ਕਦੋਂ ਤਕ ਰਹਿ ਸਕੇਗਾ? ਜੱਜਾਂ ਨੇ ਇਹ ਵੀ ਕਿਹਾ ਕਿ ਧਰਮ ਨੂੰ ਕਾਨੂੰਨ 'ਚੋਂ ਬਿਲਕੁਲ ਬਾਹਰ ਕਰ ਦੇਣਾ ਚਾਹੀਦਾ ਹੈ...।
ਸੁਪ੍ਰੀਮ ਕੋਰਟ ਦੀ ਇਹ ਚਿੰਤਾ, ਉਨ੍ਹਾਂ ਸਾਰੇ ਭਾਰਤੀਆਂ ਦੀ ਚਿੰਤਾ ਬਣ ਗਈ ਸੀ ਜੋ ਭਾਰਤ ਨੂੰ ਕਿਸੇ ਇਕ ਧਰਮ ਨੂੰ ਮੰਨਣ ਵਾਲਿਆਂ ਦਾ ਦੇਸ਼ ਮੰਨਣ ਤੋਂ ਇਨਕਾਰੀ ਹਨ ਤੇ ਇਸ ਨੂੰ 100 ਫੁੱਲਾਂ ਦਾ ਗੁਲਦਸਤਾ ਬਣਾ ਕੇ, ਇਕ ਸੈਕੁਲਰ ਦੇਸ਼ ਵਜੋਂ ਕਾਇਮ ਰਖਣਾ ਹੀ, ਇਸ ਦੇਸ਼ ਦੀ ਸੱਭ ਤੋਂ ਵੱਡੀ ਸੇਵਾ ਸਮਝਦੇ ਹਨ। ਇਸ ਸੰਦਰਭ ਵਿਚ ਅੱਜ ਦਿੱਲੀ ਦੇ ਵੋਟਰਾਂ ਨੇ ਅਪਣੇ ਸਰਬ-ਸਾਂਝੇ ਫ਼ੈਸਲੇ ਰਾਹੀਂ ਬੜਾ ਵਧੀਆ ਸੰਦੇਸ਼ ਦਿਤਾ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਫ਼ਿਰਕੂ ਸੋਚ ਵਾਲਿਆਂ ਅਤੇ ਬਹੁ-ਧਰਮੀ ਭਾਰਤ ਨੂੰ ਇਕ ਧਰਮ ਦੇ ਸੰਗਲਾਂ ਨਾਲ ਨੂੜ ਕੇ ਰੱਖਣ ਵਾਲਿਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਦਿੱਲੀ ਵਿਚ ਕੇਜਰੀਵਾਲ ਤੇ ਉਸ ਦੀ ਪਾਰਟੀ, ਸਾਰੀਆਂ 'ਸੈਕੁਲਰ' ਤਾਕਤਾਂ ਦੀ ਆਖ਼ਰੀ ਉਮੀਦ ਬਣ ਗਏ ਸਨ ਤੇ ਉਸ ਦੇ ਮੁਕਾਬਲੇ ਤੇ ਪੂਰੀ ਕੇਂਦਰੀ ਸਰਕਾਰ ਅਤੇ ਆਰ.ਐਸ.ਐਸ. ਵਾਲੀ ਸੋਚ ਵਾਲੇ ਲੋਕ ਲਾਮਬੰਦ ਹੋ ਕੇ ਲੜ ਰਹੇ ਸਨ। ਸੈਕੁਲਰਿਜ਼ਮ, ਪਰਖ ਦੀ ਡਾਢੀ ਘੜੀ 'ਚੋਂ ਲੰਘ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਚੋਣਾਂ ਨੂੰ 'ਸਥਾਨਕ ਚੋਣਾਂ' ਨਾ ਸਮਝ ਕੇ, 'ਹਿੰਦੂਵਾਦ ਬਨਾਮ ਸੈਕੁਲਰਿਜ਼ਮ' ਦੀ ਲੜਾਈ ਮੰਨਦਿਆਂ ਹੋਇਆਂ, ਲੜਾਈ ਦੀ ਕਮਾਨ ਅਪਣੇ ਹੱਥਾਂ ਵਿਚ ਲੈ ਲਈ। ਨਤੀਜੇ ਵਜੋਂ, ਦਿੱਲੀ ਚੋਣਾਂ, ਇਕ ਸੂਬੇ ਦੀਆਂ ਚੋਣਾਂ ਨਾ ਰਹਿ ਕੇ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਦਿਲਚਸਪੀ ਦਾ ਕੇਂਦਰ ਬਣ ਗਈਆਂ। ਦਿੱਲੀ ਦੇ ਵੋਟਰ ਨੇ, ਇਕ ਹੀ ਝਟਕੇ ਨਾਲ, ਬੀਜੇਪੀ ਤੇ ਉਸ ਦੀ ਸਰਕਾਰ ਦਾ ਹਾਲ, ਕਾਂਗਰਸ ਨਾਲੋਂ ਵੀ ਮਾੜਾ ਕਰ ਦਿਤਾ। ਕਾਂਗਰਸ ਤਾਂ 10 ਸਾਲ ਦੇ ਰਾਜ ਮਗਰੋਂ 'ਜ਼ੀਰੋ' ਹੋ ਗਈ ਪਰ ਬੀਜੇਪੀ 10 ਮਹੀਨਿਆਂ ਵਿਚ ਹੀ ਜ਼ੀਰੋ ਦੇ ਨੇੜੇ ਪੁਜ ਗਈ।
ਅੰਤਮ ਸਮੇਂ ਤਕ ਆਰ.ਐਸ.ਐਸ.-ਬੀਜੇਪੀ ਦੀ ਅਗਵਾਈ ਵਾਲੀ ਸੈਨਾ ਨੂੰ ਯਕੀਨ ਸੀ ਕਿ ਦਿੱਲੀ ਵਾਸੀ, ਉਨ੍ਹਾਂ ਦੇ ਹੱਕ ਵਿਚ ਹੀ ਫ਼ਤਵਾ ਦੇਣਗੇ ਤੇ ਜੇ ਕੋਈ ਕਮੀ ਰਹਿ ਵੀ ਗਈ ਤਾਂ ਇਕ ਅੱਧ ਸੀਟ ਦੀ ਹੀ ਰਹਿ ਜਾਏਗੀ ਜੋ ਮਗਰੋਂ ਕਿਸੇ ਤਰ੍ਹਾਂ ਪੂਰੀ ਕਰ ਲਈ ਜਾਵੇਗੀ। ਪਰ ਦਿੱਲੀ ਦੇ ਵੋਟਰਾਂ ਨੇ 70 'ਚੋਂ ਬੀਜੇਪੀ ਨੂੰ ਕੇਵਲ 3 ਸੀਟਾਂ ਦੇ ਕੇ ਅਤੇ 67 ਸੀਟਾਂ 'ਆਪ' ਪਾਰਟੀ ਨੂੰ ਦੇ ਕੇ ਜਿਥੇ 'ਹਿੰਦੂਤਵੀਆਂ' ਦੇ ਚਿਹਰਿਆਂ ਤੇ ਮੁਰਦੇਹਾਣੀ ਦਾ ਠੱਪਾ ਲਾ ਦੇਣ ਦਾ ਇਤਿਹਾਸਕ ਕੰਮ ਕੀਤਾ, ਉਥੇ ਦੁਨੀਆਂ ਨੂੰ ਵੀ ਦਸ ਦਿਤਾ ਕਿ ਹਿੰਦੁਸਤਾਨ ਦੇ ਲੋਕ 'ਸੈਕੁਲਰ ਭਾਰਤ' ਨੂੰ ਬਚਾ ਸਕਣ ਦੀ ਸਮਰੱਥਾ ਰਖਦੇ ਹਨ ਤੇ ਜੇ ਕੋਈ ਵੱਡੀ ਪਾਰਟੀ ਉਨ੍ਹਾਂ ਨੂੰ ਅਗਵਾਈ ਲਈ ਨਾ ਮਿਲੇ ਤਾਂ ਕਿਸੇ ਛੋਟੀ, ਇਲਾਕਾਈ ਤੇ ਨਵੀਂ ਪਾਰਟੀ ਦੇ ਪਿੱਛੇ ਲੱਗ ਕੇ ਵੀ ਇਹ ਚਮਤਕਾਰ ਕਰ ਸਕਦੇ ਹਨ। ਕੇਜਰੀਵਾਲ ਜਾਂ 'ਆਪ' ਦੀ ਜਿੱਤ, ਉਨ੍ਹਾਂ ਨੂੰ ਭਾਵੇਂ ਦਿੱਲੀ ਪ੍ਰਾਂਤ ਦੀ ਹਕੂਮਤ ਸੰਭਾਲਣ ਦਾ ਸੁਨੇਹਾ ਹੀ ਦੇਂਦੀ ਹੋਵੇਗੀ ਪਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਰਾਜਨੀਤੀ ਵਿਚ, ਹਿੰਦੁਸਤਾਨ ਦੇ ਭਵਿੱਖ ਨਾਲ ਜੁੜੇ ਇਕ ਵੱਡੇ ਸਵਾਲ ਦਾ ਬੜਾ ਹੌਸਲਾ-ਵਧਾਊ ਤੇ ਚੰਗਾ ਜਵਾਬ ਬਣ ਕੇ ਆਈ ਹੈ। ਦਿੱਲੀ ਦੇ ਵੋਟਰਾਂ ਨੂੰ ਹਜ਼ਾਰ ਹਜ਼ਾਰ ਮੁਬਾਰਕਾਂ ਤੇ 'ਆਪ' ਪਾਰਟੀ ਨੂੰ ਅਗਵਾਈ ਦੇਣ ਲਈ ਚੰਗੀ ਸੋਚ ਰੱਖਣ ਵਾਲੇ ਸਾਰੇ ਦੇਸ਼ ਵਾਸੀਆਂ ਦੀਆਂ ਅਸੀਸਾਂ।


10/02/15)
ਕੁਲਵੰਤ ਸਿੰਘ ਢੇਸੀ

ਬੇ-ਹਿੰਮਤੇ ਤਾਂ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾਂ ਪਾੜ ਕੇ ਪੱਥਰਾਂ ਦਾ

ਦਿੱਲੀ ਵਿਚ ਕੇਜਰੀਵਾਲ ਦੀ ਹੂੰਝਾ ਫੇਰ ਜਿੱਤ
ਭਾਜਪਾ ਨੂੰ ਹਿੰਦੂਤਵ ਦਾ ਬੁਖਾਰ ਲੈ ਡੁੱਬਾ
ਕਾਂਗਰਸ ਹੱਥੋਂ ਗਰੀਬ ਵੋਟ ਖਿਸਕੀ
ਕੁਲਵੰਤ ਸਿੰਘ ਢੇਸੀ


7 ਫਰਵਰੀ 2015 ---ਦਿੱਲੀ ਵਿਚ ਹਾਲ ਹੀ ਵਿਚ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ ਲੈ ਕੇ ਹੁੰਝਾ ਫੇਰ ਜਿੱਤ ਪ੍ਰਾਪਤ ਕਰਕੇ ਇੱਕ ਨਵਾਂ ਇਤਹਾਸ ਸਿਰਜਿਆ ਹੈ। ਭਾਜਪਾ ਨੂੰ ਜਿੱਥੇ ਕੇਵਲ 3 ਸੀਟਾਂ ਲੈ ਕੇ ਸ਼ਰਮਨਾਕ ਹਾਰ ਦਾ ਸਾਹਮਣਾਂ ਕਰਨਾ ਪਿਆ ਉਥੇ ਕਾਂਗਰਸ ਤਾਂ ਇਹਨਾ ਚੋਣਾਂ ਵਿਚ ਖਾਤਾ ਹੀ ਨਹੀਂ ਖੋਹਲ ਸਕੀ। ਇਹਨਾ ਚੋਣ ਨਤੀਜਿਆਂ ਨਾਲ ਭਾਰਤ ਵਿਚ ਆਸ ਦੀ ਇੱਕ ਨਵੀਂ ਕਿਰਨ ਉਜਾਗਰ ਹੋਈ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਆਪ (ਆਮ ਆਦਮੀ ਪਾਰਟੀ) ਦੇ ਵਾਇਦੇ ਵਫਾ ਹੋ ਗਏ ਤਾਂ ਜਿੱਥੇ ਗਰੀਬੀ ਅਤੇ ਭ੍ਰਿਸ਼ਟਾਚਾਰ ਵਿਚ ਪਿਸ ਰਹੀ ਭਾਰਤੀ ਜਨਤਾ ਨੂੰ ਰਾਹਤ ਮਿਲਣ ਦੀਆਂ ਆਸਾਂ ਹਨ ਉਥੇ ਫਿਰਕਾ ਪ੍ਰਸਤੀ ਦੀ ਜ਼ਹਿਰ ਤੋਂ ਦੇਸ਼ ਦਾ ਬਚਾਅ ਹੋਣ ਦੀਆਂ ਵੀ ਸੰਭਾਵਨਾਵਾਂ ਹਨ। ਹਾਲ ਦੀ ਘੜੀ ਤਾਂ ਆਪ ਦਾ ਆਗੂ ਅਰਵਿੰਦ ਕੇਜਰੀਵਾਲ ਵੀ ਇਹਨਾ ਚੋਣ ਨਤੀਜਿਆਂ ਕਾਰਨ ਹੈਰਾਨੀ ਭਰੇ ਸਦਮੇ ਵਿਚ ਹੈ ਅਤੇ ਡਰਿਆ ਹੋਇਆ ਹੈ ਕਿ ਕੀ ਆਪ ਇਸ ਜਿੱਤ ਨੂੰ ਹਜ਼ਮ ਵੀ ਕਰ ਸਕੇਗੀ ਕਿ ਨਹੀਂ। ਉਹ ਆਪਣੇ ਲੋਕਾਂ ਨੂੰ ਹੰਕਾਰ ਤੋਂ ਬਚ ਕੇ ਰਹਿਣ ਦੀਆਂ ਅਪੀਲਾਂ ਕਰ ਰਿਹਾ ਹੈ। ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿਆਪਕ ਪਾਰਲੀਮਾਨੀ ਜਿੱਤ ਤੋਂ ਬਾਅਦ ਫਾਸ਼ੀ ਬਿਰਤੀ ਵਲ ਵੱਧ ਰਹੀ ਸੀ ਅਤੇ ਉਹਨਾ ਦੇ ਆਗੂ ਹਿੰਦੂ ਪੱਤਾ ਖੇਡਣ ਵਿਚ ਬਹੁਤ ਜਲਦ ਬਾਜੀ ਕਰ ਗਏ ਜਿਸ ਕਾਰਨ ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਨੇ ਸਪੱਸ਼ਟ ਫਤਵਾ ਦਿੱਤਾ ਹੈ। ਕਾਂਗਰਸ ਜੋ ਕਿ ਇਤਹਾਸਕ ਤੌਰ ਤੇ ਗਰੀਬੀ ਹਟਾਓ ਦਾ ਨਾਅਰਾ ਦਿੰਦੀ ਰਹੀ ਹੈ ਉਸ ਦੇ ਹੱਥੋਂ ਗਰੀਬ ਜਾਂ ਕਿਰਤੀ ਵਰਗ ਦੀ ਵੋਟ ਖਿਸਕ ਗਈ ਹੈ ਕਿਓਂਕਿ ਪਿਛਲੀ ਵਾਰ ਆਪ ਦੇ ਦਿੱਲੀ ਵਿਚ ਕੁਲ 49 ਦਿਨਾਂ ਦੇ ਰਾਜ ਨੇ ਕਿਰਤੀ ਵਰਗ ਦੇ ਦਿਲ ਵਿਚ ਆਸ ਦੀ ਇੱਕ ਕਿਰਨ ਦਿਖਾਈ ਸੀ ਕਿ ਉਹ ਬਿਜਲੀ ਪਾਣੀ ਸਸਤੇ ਭਾਅ ਦੇਣ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿਚ ਅਮਲੀ ਤੌਰ ਤੇ ਕੁਝ ਕਰਨ ਲਈ ਪ੍ਰਤੀਬਧ ਹੈ। ਚੇਤੇ ਰਹੇ ਕਿ ਹੁਣ ਦੀਆਂ ਚੋਣਾਂ ਵਿਚ ਕਾਂਗਰਸ ਦੇ 63 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਅਤੇ ਕਾਂਗਰਸੀ ਆਗੂ ਇਸ ਸ਼ਰਮਨਾਕ ਹਾਰ ਕਾਰਨ ਨਮੋਸ਼ੀ ਵਿਚ ਹਨ ਅਤੇ ਕਾਗਰਸੀ ਆਗੂ ਅਜੈ ਮਾਕਨ ਨੇ ਇਸ ਹਾਰ ਨੂੰ ਕਬੂਲਦਿਆਂ ਪਾਰਟੀ ਦੇ ਬਤੌਰ ਜਨਰਲ ਸਕੱਤਰ ਵਜੋਂ ਅਸਤੀਫਾ ਦੇ ਦਿੱਤਾ ਹੈ ਕਿਓਂਕਿ ਉਹ ਖੁਦ ਵੀ ਹਾਰ ਗਿਆ ਹੈ। ਕਾਂਗਰਸੀ ਸਫਾਂ ਵਿਚ ਹੁਣ ‘ਪ੍ਰਅੰਕਾ ਲਾਓ ਕਾਂਗਰਸ ਬਚਾਓ’ ਦੇ ਨਾਅਰੇ ਤਿੱਖੇ ਹੋ ਰਹੇ ਹਨ ਅਤੇ ਕੋਈ ਵੀ ਸਿੱਧੀ ਤਰਾਂ ਰਾਹੁਲ ਗਾਂਧੀ ਦੀ ਲੀਡਰੀ ਤੇ ਚੋਟ ਨਹੀਂ ਕਰਦਾ।

ਕੇਜਰੀਵਾਲ 14 ਫਰਵਰੀ ਨੂੰ ਸੌਂਹ ਚੁੱਕ ਕੇ ਬਕਾਇਦਾ ਦਿੱਲੀ ਦਾ ਰਾਜ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲੈਣਗੇ। ਆਪ ਪਾਰਟੀ ਦਾ ਰਾਜਨੀਤੀ ਵਿਚ ਬਿਲਕੁਲ ਨਵਾਂ ਤਜਰਬਾ ਹੈ ਅਤੇ ਦਿੱਲੀ ਦੀ ਦੋ ਕਰੋੜ ਜਨਤਾ ਦੀਆਂ ਆਸਾਂ ਉਮੀਦਾਂ ਤੇ ਪੂਰਿਆਂ ਉਤਰਨਾ ਵੀ ਇੱਕ ਟੇਢੀ ਖੀਰ ਹੈ। ਬੇਸ਼ਕ ਇਸ ਵੇਲੇ ਦਿੱਲੀ ਅਸੈਂਬਲੀ ਵਿਚ ਆਪ ਕੋਲ ਸੰਪੂਰਨ ਬਹੁਮਤ ਹਾਸਲ ਹੈ ਪਰ ਕਿਓਂਕਿ ਕੇਂਦਰ ਵਿਚ ਭਾਜਪਾ ਬੈਠੀ ਹੈ ਅਤੇ ਪਿਛਲੇ ਨੌਂ ਮਹੀਨਿਆਂ ਦੇ ਭਾਜਪਾ ਦੇ ਤੇਵਰਾਂ ਤੋਂ ਇਹ ਸਪੱਸ਼ਟ ਸੰਕੇਤ ਹਨ ਕਿ ਭਾਜਪਾ ਨੂੰ ਇਹ ਹਾਰ ਸੌਖਿਆਂ ਹੀ ਹਜ਼ਮ ਨਹੀਂ ਹੋਏਗੀ ਅਤੇ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਜਪਾ ਆਪ ਦੇ ਰਾਹ ਵਿਚ ਸਿੱਧੇ ਅਸਿੱਧੇ ਅੜਿਕੇ ਖੜ੍ਹੇ ਕਰੇ ਜਾਂ ਆਪ ਭਾਜਪਾ ਦੇ ਕਿਸੇ ਸ਼ੜਯੰਤਰ ਦਾ ਸ਼ਿਕਾਰ ਹੋ ਜਾਵੇ। ਦੇਖਣ ਵਾਲੀ ਗੱਲ ਹੈ ਕਿ ਦਿੱਲੀ ਵਿਚ ਭਾਜਪਾ ਨੇ ਕਿਰਨ ਬੇਦੀ ਨੂੰ ਵੀ ਉਸੇ ਧੂਮ ਤੜਾਕੇ ਨਾਲ ਉਤਾਰਿਆ ਸੀ ਜਿਵੇਂ ਕਿ ਕਦੀ ਕੇਂਦਰ ਵਿਚ ਨਰਿੰਦਰ ਮੋਦੀ ਨੂੰ ਉਤਾਰਿਆ ਸੀ ਪਰ ਕਿਰਨ ਬੇਦੀ ਤਾਂ ਆਪਣੀ ਹੀ ਸੀਟ ਤੋਂ ਵੀ ਜਿੱਤ ਨਾ ਸਕੀ। ਉਧਰ ਸ਼ਿਵ ਸੈਨਾ ਦੇ ਆਗੂ ਉੱਧਤਵ ਠਾਕਰੇ ਨੇ ਆਪਣੇ ਵਲੋਂ ਇਸ ਸਬੰਧੀ ਇੱਕ ਤੋੜਾ ਝਾੜਿਆ ਹੈ ਕਿ ਇਹ ਬੇਦੀ ਦੀ ਨਹੀਂ ਮੋਦੀ ਦੀ ਹਾਰ ਹੈ। ਉਧਤਵ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਜੇਕਰ ਆਪ ਦੇ ਸਹੁੰ ਚੁਕ ਸਮਾਗਮ ਤੇ ਉਸ ਨੂੰ ਬੁਲਾਇਆ ਗਿਆ ਤਾਂ ਸ਼ਾਮਲ ਵੀ ਹੋਵੇਗਾ । ਦੂਸਰੇ ਪਾਸੇ ਕਾਂਗਰਸ ਨੇ ਤਾਂ ਆਪਣੀ ਹਾਰ ਨੂੰ ਬੜੀ ਨਿਮਰਤਾ ਨਾਲ ਮੰਨ ਲਿਆ ਹੈ ਅਤੇ ਉਹ ਨਿਰਾਸਤਾ ਅਤੇ ਅਸਫਲਤਾ ਦੇ ਆਲਮ ਵਿਚ ਹੈ। ਇਹਨਾਂ ਚੋਣ ਨਤੀਜਿਆਂ ਨਾਲ ਭਾਰਤ ਵਿਚ ਇੱਕ ਨਵੇਂ ਇਨਕਲਾਬ ਦੀ ਉਮੰਗ ਵੀ ਉਜਾਗਰ ਹੋ ਰਹੀ ਹੈ ਤਾਂ ਕਿ ਦੇਸ਼ ਦੇ ਬਹੁਸੰਖਿਅਕ ਗਰੀਬ ਲੋਕ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਸੰਪਰਦਾਇਕ ਤੰਗ ਨਜ਼ਰੀ ਤੋਂ ਨਿਜਾਤ ਪਾ ਸਕਣ। ਕੀ ਅਰਵਿੰਦ ਨਵੇਂ ਭਾਰਤ ਦੇ ਇਨਕਲਾਬੀ ਆਗੂ ਵਜੋਂ ਸਫਲ ਹੋ ਸਕਣਗੇ ਇਹ ਸਵਾਲ ਆਮ ਆਦਮੀ ਦੇ ਦਿਲ ਵਿਚ ਅੱਜ ਧੜਕ ਰਿਹਾ ਹੈ।
ਇਹਨਾ ਚੋਣ ਨਤੀਜਿਆਂ ਦਾ ਆਉਣ ਵਾਲੇ ਦਿਨਾਂ ਵਿਚ ਜਿਥੇ ਸਮੁੱਚੇ ਦੇਸ਼ ਵਿਚ ਸਪੱਸ਼ਟ ਪ੍ਰਭਾਵ ਪਏਗਾ ਉਥੇ ਗਵਾਂਢੀ ਰਾਜਾਂ ਵਿਚ ਤਾਂ ਖਾਸ ਕਰਕੇ ਅਸਰ ਪਏਗਾ। ਦਿੱਲੀ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਸਿੱਖ ਉਮੀਦਵਾਰਾਂ ਨੂੰ ਕਿਓਂਕਿ ਹੁਣ ਹਾਰ ਦਾ ਮੂੰਹ ਦੇਖਣਾਂ ਪਿਆ ਹੈ ਇਸ ਕਰਕੇ ਇਸ ਦਾ ਇੱਕ ਸੁਨੇਹਾ ਪੰਜਾਬ ਦੇ ਭਵਿੱਖ ਵਲ ਵੀ ਜਾਂਦਾ ਹੈ।

ਇੱਕ ਹੋਰ ਹੈਰਾਨੀ ਜਨਕ ਤੱਥ ਇਹ ਵੀ ਹੈ ਕਿ ਇਹਨਾ ਚੋਣ ਨਤੀਜਿਆਂ ਨੇ ਚੁਣਾਵ ਅਯੋਗ ਦੇ ਸਾਰੇ ਅੰਦਾਜ਼ੇ ਗਲਤ ਸਾਬਤ ਕਰ ਦਿੱਤੇ । ਚੁਣਾਵ ਅਯੋਗ ਮੁਤਾਬਕ ਦਿੱਲੀ ਵਿਚ ਆਮ ਆਦਮੀ ਨੂੰ 54.3% ਭਾਜਪਾ ਨੂੰ 32.2% ਅਤੇ ਕਾਂਗਰਸ ਨੂੰ 9.7% ਵੋਟ ਮਿਲਣ ਵਾਲੇ ਸਨ। ਚੋਣ ਨਤੀਜਿਆਂ ਨੇ ਇਹ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਜੇਕਰ ਭਵਿੱਖ ਵਿਚ ਦੇਸ਼ ਦੀ ਜਨਤਾ ਵਿਚ ਕੋਈ ਵੀ ਵਧੀਆ ਵਿਕਲਪ ਹੋਇਆ ਤਾਂ ਉਹ ਸਭ ਵੱਡੀਆਂ ਪਾਰਟੀਆਂ ਦਾ ਪੱਤਾ ਸਾਫ ਕਰ ਸਕਦੇ ਹਨ। ਵੱਡੀ ਗੱਲ ਇਹ ਹੈ ਕਿ ਇਹਨਾ ਚੋਣ ਨਤੀਜਿਆਂ ਨੇ ਜਿਥੇ ਭਾਰਤ ਦੇ ਲੋਕਾਂ ਵਿਚ ਵੱਡੀ ਹਿਲਜੁਲ ਕੀਤੀ ਹੈ ਉਥੇ ਇਹਨਾ ਨੇ ਭਾਰਤ ਤੋਂ ਬਾਹਰ ਵੀ ਵੱਡੀ ਹਿਲਜੁਲ ਕੀਤੀ ਹੈ। ਯੂ ਕੇ ਵਿਚ ਬੈਠੇ ਪ੍ਰਗਟ ਤੌਰ ਤੇ ਬਾਦਲ ਦਲੀਆਂ ਅਤੇ ਪ੍ਰਗਟ ਰੂਪ ਵਿਚ ਖਾਲਿਸਤਾਨੀ ਪਰ ਛੁਪੇ ਰੂਪ ਬਾਦਲ ਦਲੀਆਂ ਵਿਚ ਵੀ ਨਿਰਾਸਤਾ ਅਤੇ ਕੁੜੱਤਣ ਦਾ ਆਲਮ ਹੈ। ਸ: ਜਰਨੈਲ ਸਿੰਘ ਪਤਰਕਾਰ ਦੀ ਜਿੱਤ ਨਾਲ ਆਮ ਸਿੱਖਾਂ ਅਤੇ ਰਵਾਇਤੀ ਖਾਲਿਸਤਾਨੀਆਂ ਦੇ ਇੱਕ ਹਿੱਸੇ ਵਿਚ ਖੁਸ਼ੀ ਦਾ ਮਹੌਲ ਵੀ ਪਾਇਆ ਗਿਆ ਹੈ ਅਤੇ ਅਤੇ ਜੇਕਰ ਕੇਜਰੀਵਾਲ ਦਿੱਲੀ ਦੇ ਸਿੱਖ ਕਤਲੇਆਮ ਦੇ ਕੁਝ ਇੱਕ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਕਾਮਯਾਬ ਹੋ ਸਕਿਆ ਤਾਂ ਇਥੋਂ ਦੀ ਸਥਾਨਕ ਖਾਲਿਸਤਾਨੀ ਰਾਜਨੀਤੀ ਵਿਚ ਵੱਡੀ ਉਥਲ ਪੁੱਥਲ ਹੋਣ ਦੀ ਸੰਭਾਵਨਾਂ ਵੀ ਹੈ।

ਅਰਵਿੰਦ ਕੇਜਰੀਵਾਲ ਦਾ ਆਪਣਾ ਚਰਿੱਤਰ ਇੱਕ ਅੰਦੋਲਨਕਾਰੀ ਦਾ ਹੋਣ ਕਾਰਨ ਉਸ ਦੇ ਇੱਕ ਕਾਮਯਾਬ ਰਾਜਨੀਤਕ ਬਣ ਸਕਣ ਸਬੰਧੀ ਬਹੁਤ ਸਾਰੇ ਸ਼ੰਕੇ ਵੀ ਹਨ। ਕੇਜਰੀਵਾਲ ਭ੍ਰਿਸ਼ਟਾਚਾਰ ਵਿਰੋਧੀ ਜਨਲੋਕਪਾਲ ਬਿੱਲ ਨੂੰ ਲੈ ਕੇ ਲੋਕਾਂ ਦੀਆਂ ਨਜ਼ਰਾਂ ਵਿਚ ਆਏ ਸਨ। ਉਸ ਵੇਲੇ ਉਹਨਾ ਦੇ ਨਾਲ ਨਾਲ ਅੰਨਾ ਹਜ਼ਾਰੇ ਅਤੇ ਕਿਰਨ ਬੇਦੀ ਵੀ ਸੁਰਖੀਆਂ ਵਿਚ ਸਨ। ਹੈਰਾਨੀ ਦੀ ਉਸ ਵੇਲੇ ਹੱਦ ਨਾਂ ਰਹੀ ਜਦੋਂ ਅਰਵਿੰਦ ਮੁਖ ਮੰਤ੍ਰੀ ਬਣ ਕੇ ਵੀ ਅੰਦੋਲਨਕਾਰੀ ਬਣੇ ਰਹੇ ਅਤੇ ਸੜਕ ਤੇ ਆ ਬੈਠੇ। ਉਸ ਵੇਲੇ ਉਸ ਨੇ ਡੰਕੇ ਦੀ ਚੋਟ ਤੇ ਜਨਤਾ ਨੂੰ ਥਾਣੇਦਾਰੀ ਦੇਣ ਦੇ ਦਾਅਵੇ ਵੀ ਕੀਤੇ ਕਿ ਅਗਰ ਕੋਈ ਵੀ ਅਫਸਰ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਫੋਨ ਰਿਕਾਰਡਿੰਗ ਕਰਕੇ ਮੇਰੇ ਕੋਲ ਆ ਜਾਵੋ ਅਤੇ ਮੈਂ ਉਸ ਨੂੰ ਬਾਹਰ ਦਾ ਰਸਤਾ ਦਿਖਾਵਾਂਗਾ ਅਤੇ ਉਸ ਨੇ ਕੁਝ ਅਫਸਰਾਂ ਦੀ ਛੁੱਟੀ ਕੀਤੀ ਵੀ ਅਤੇ ਇਸੇ ਮੁੱਦੇ ਤੇ ਅੜਚਣ ਆਉਣ ਤੇ ਸੜਕ ਤੇ ਜਾ ਬੈਠਾ। ਸਾਨੂੰ ਨਾਂ ਤਾਂ ਕੇਜਰੀਵਾਲ ਦੀ ਨੀਅਤ ਤੇ ਸ਼ੱਕ ਹੈ ਅਤੇ ਨਾਂ ਹੀ ਇਸ ਗੱਲੋਂ ਅਸੀਂ ਅਨਜਾਣ ਹਾਂ ਕਿ ਰਿਸ਼ਵਤ ਅਤੇ ਸਿਫਾਰਸ਼ ਕਿਸ ਹੱਦ ਤਕ ਭਾਰਤੀ ਜਨਤਾ ਦਾ ਲਹੂ ਪੀ ਰਹੀ ਹੈ ਪਰ ਤਾਂ ਵੀ ਅਜੇਹੇ ਗੰਭੀਰ ਮੁੱਦਿਆਂ ਤੇ ਸੜਕ ਸ਼ਾਪ ਨੀਤੀ ਆਪ ਲਈ ਬਹੁਤ ਮੁਸ਼ਕਲਾਂ ਵੀ ਖੜ੍ਹੀਆਂ ਕਰ ਸਕਦੀ ਹੈ।

ਇਹਨਾ ਚੋਣ ਨਤੀਜਿਆਂ ਸਬੰਧੀ ਕੁਝ ਹੋਰ ਸੰਕੇਤ ਵੀ ਹੈਰਾਨੀ ਜਨਕ ਹਨ। ਕੁਝ ਮਹੀਨੇ ਪਹਿਲਾਂ ਗੁਜਰਾਤ ਵਿਚ ਆਪ ਦੇ 96% ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਸਨ ਅਤੇ ਅਰਵਿੰਦ ਕੇਜਰੀਵਾਲ ਖੁਦ ਨਰਿੰਦਰ ਮੋਦੀ ਤੋਂ ਤਿੰਨ ਲੱਖ ਵੋਟਾਂ ਦੇ ਫਰਕ ਨਾਲ ਹਾਰਿਆ ਸੀ ਜਦ ਕਿ ਦਿੱਲੀ ਵਿਚ ਇਸ ਤੋਂ ਉਲਟ ਨਤੀਜੇ ਆਏ। ਇਸ ਦਾ ਸਿੱਧਾ ਮਤਲਬ ਜਾਂ ਤਾਂ ਭਾਰਤੀ ਲੋਕ ਭਾਜਪਾ ਵਲੋਂ ਮੋੜਾ ਪਾ ਰਹੇ ਹਨ ਅਤੇ ਜਾਂ ਭਾਰਤੀ ਰਾਜਨੀਤੀ ਕੇਂਦਰੀ ਨਾਂ ਹੋ ਕੇ ਸਥਾਨਕ ਹੋ ਗਈ ਹੈ। ਕਿਸੇ ਰਾਜ ਦੇ ਚੋਣ ਨਤੀਜੇ ਉਸ ਦੇ ਆਪਣੇ ਸੁਭਾਅ ਅਤੇ ਸਬੰਧਤ ਰਾਜਨੀਤਕ ਧਿਰਾਂ ਦੀ ਕਾਰਗੁਜ਼ਾਰੀ ਤੇ ਨਿਰਭਰ ਹਨ ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਭਵਿੱਖ ਵਿਚ ਭਾਰਤੀ ਲੋਕ ਵੋਟ ਦੇਣ ਲੱਗੇ ਦਿਲ ਦੀ ਥਾਂ ਦਿਮਾਗ ਤੋਂ ਕੰਮ ਲੈ ਸਕਦੇ ਹਨ ਅਤੇ ਹੁਣ ਉਹਨਾ ਦੇ ਆਗੂ ਉਹਨਾਂ ਨੂੰ ਫਿਰਕੂ, ਜਾਤੀ ਅਤੇ ਜਜ਼ਬਾਤੀ ਨਾਅਰਿਆਂ ਵਿਚ ਉਲਝਾ ਨਹੀਂ ਸਕਣਗੇ।
ਭਾਜਪਾ ਦੇ ਰੱਥ ਨੂੰ ਝਟਕਾ
ਜਿਸ ਵੇਲੇ ਮੋਦੀ ਦਿੱਲੀ ਵਿਚ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਇੱਕ ਗੱਲ ਉਹਨਾ ਨੇ ਅੱਡੀਆਂ ਚੁੱਕ ਕੇ ਕਹੀ ਸੀ ਕਿ ਜੋ ਵਿ ਇਸ ਵੇਲੇ ਦੇਸ਼ ਦਾ ਮੂਡ ਹੈ ਉਹ ਹੀ ਦਿੱਲੀ ਦਾ ਵੀ ਹੈ । ਇਸ ਤੋਂ ਮਤਲਬ ਇਹ ਸੀ ਕਿ ਹਿੰਦੂਤਵ ਦੇ ਉਸ ਦੇ ਰੱਥ ਨੂੰ ਦੇਸ਼ ਵਿਆਪੀ ਸਮਰਥਨ ਦੀ ਗਰੰਟੀ ਹੈ ਪਰ ਦਿੱਲੀ ਵਿਚ ਉਸਦਾ ਇੱਹ ਹਿੰਦੂਤਵੀ ਰੱਥ ਇੱਕ ਝਟਕੇ ਨਾਲ ਰੁਕ ਗਿਆ ਅਤੇ ਹੁਣ ਹਰ ਅਲੋਚਕ ਇਹ ਕਹਿ ਰਿਹਾ ਹੈ ਕਿ ਨਰਿੰਦਰ ਮੋਦੀ ਆਪਣੇ ਦਿਲ ਦੀ ਕਹਿਣ ਵਿਚ ਬਹੁਤ ਜਲਦ ਬਾਜੀ ਕਰ ਗਿਆ ਹੈ ਅਤੇ ਨਾਲ ਹੀ ਇਹ ਸਵਾਲ ਵੀ ਉੱਠਿਆ ਹੈ ਕਿ ਕੀ ਆਰ ਐਸ ਐਸ ਦੇ ਘਰ ਵਾਪਸੀ ਵਾਲੇ ਸੰਪਰਦਾਇਕ ਤੰਗਨਜ਼ਰੀ ਅਤੇ ਨਕਾਰਤਮਕਤਾ ਵਾਲੇ ਝੱਲ ਤੋਂ ਮੋਦੀ ਆਪਣੇ ਆਪ ਨੂੰ ਅਲਹਿਦਾ ਕਰ ਵੀ ਸਕੇਗਾ ਕਿ ਨਹੀਂ। ਕਿਹਾ ਜਾ ਰਿਹਾ ਹੈ ਕਿ ਮੋਦੀ ਇਸ ਤੋਂ ਕੁਝ ਵੀ ਸਬਕ ਸਿੱਖਣ ਵਾਲਾ ਨਹੀਂ ਅਤੇ ਇਹ ਝੱਲ ਹੀ ਉਸ ਦੇ ਅਤੇ ਭਾਜਪਾ ਦੇ ਨਿਘਾਰ ਦਾ ਕਾਰਨ ਬਣ ਜਾਵੇਗਾ।

ਭਾਰਤੀ ਘੱਟਗਿਣਤੀਆਂ ਲਈ ਇੱਕ ਮੌਕਾ
ਆਮ ਆਦਮੀ ਪਾਰਟੀ ਦੀ ਜਿੱਤ ਨਾਲ ਭਾਰਤੀ ਘੱਟਗਿਣਤੀਆਂ ਲਈ ਸੁਨਹਿਰੀ ਮੌਕਾ ਹੈ ਕਿ ਉਹ ਭਾਜਪਾ ਵਰਗੀ ਫਿਰਕਾ ਪ੍ਰਸਤ ਅਤੇ ਕਾਂਗਰਸ ਵਰਗੀ ਭ੍ਰਿਸ਼ਟ ਪਾਰਟੀ ਤੋਂ ਮੁਕਤੀ ਪਾ ਕੇ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਕਰਨ। ਕਾਰਪੋਰੇਟ ਕੰਪਨੀਆਂ ਅਤੇ ਫਿਰਕੂ ਨਾਅਰੇ ਦੇ ਬਲਬੂਤੇ ਭਾਰਤੀ ਸਿੰਘਾਸਨ ਤੇ ਬੈਠੇ ਮੋਦੀ ਤੋਂ ਲੋਕੀ ਨਿਰਾਸ਼ ਹੋਣਾਂ ਸ਼ੁਰੂ ਹੋ ਗਏ ਹਨ ਅਤੇ ਹੁਣ ਲੋੜ ਹੈ ਨਵੇਂ ਚਿਹਰਿਆਂ ਅਤੇ ਨਵੀਂ ਸ਼ੁਰੂਆਤ ਦੀ। ਦੂਨੀਆਂ ਭਰ ਦਾ ਮੀਡੀਆ ਇਸੇ ਗੱਲ ਤੇ ਕੇਂਦਰਤ ਹੈ। ਚੀਨ ਵਿਚ ਤਾਂ ਇੱਕ ਪਤਰਕਾ ਨੇ ਇਹ ਵੀ ਕਿਹਾ ਹੈ ਕਿ ਭਾਰਤ ਵਿਚ ਹੁਣ ਹਨੂਮਾਨ ਪੀਰੀਅਡ ਦਾ ਅੰਤ ਹੋ ਗਿਆ ਹੈ।
ਝਾੜੂ ਮੁੱਕ ਗਏ

ਆਪ ਦੀ ਜਿੱਤ ਨਾਲ ਦਿੱਲੀ ਵਿਚ ਜਿਥੇ 30 ਰੁਪਏ ਵਿਚ ਵਿਕਣ ਵਾਲਾ ਝਾੜੂ 200 ਰੁਪਏ ਨੂੰ ਪਹੁੰਚ ਗਿਆ ਹੈ ਉਥੇ ਆਪ ਦੇ ਆਗੂ ਭਗਵੰਤ ਮਾਨ ਨੇ ਹਾਸਰਸ ਅੰਦਾਜ਼ ਵਿਚ ਕਿਹਾ ਹੈ ਕਿ ਅਸੀਂ ਕਹਿੰਦੇ ਸਾਂ ਕਿ ਆਪ ਦੇ ਆਉਣ ਨਾਲ ਬਿਜਲੀ ਬਿੱਲ ਹਾਫ ਤੇ ਪਾਣੀ ਮਾਫ ਹੋਵੇਗਾ ਹੁਣ ਕਹਿੰਦੇ ਹਾਂ ਕਿ ਆਪ ਦੇ ਆਉਣ ਨਾਲ ਭਾਜਪਾ ਵੀ ਸਾਫ ਅਤੇ ਕਾਂਗ੍ਰਸ ਵੀ ਸਾਫ। ਭਵਿੱਖ ਵਿਚ ਆਪ ਦੇ ਇਹਨਾ ਦਾਅਵਿਆਂ ਦਾ ਕੀ ਹੁੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।


09/02/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਡਾ: ਇਕਬਾਲ ਸਿੰਘ ਢਿੱਲੋਂ ਜੀ,
ਸਤਿ ਸ੍ਰੀ ਅਕਾਲ ਪਰਵਾਨ ਹੋਵੇ ।
ਮੇਰੇ ਵੱਲੋਂ ਤਾਂ ਆਪ ਜੀ ਨੂੰ ਹੋਰ ਚਿੱਠੀ ਲਿਖਣ ਦਾ ਵਿਚਾਰ ਨਹੀਂ ਸੀ ਪਰ ਆਪ ਜੀ ਵੱਲੋਂ ਫਿਰ ਲਿਖੀ ਚਿੱਠੀ ਕਾਰਨ ਲਿਖ ਰਿਹਾ ਹਾਂ । ਜਦੋਂ ਆਪ ਸਿੱਖ ਧਰਮ ਅਤੇ ਸਿੱਖ ਕੌਮ ਨੂੰ ਨਹੀਂ ਮੰਨਦੇ ਲੱਗਦੇ ਸੀ ਤਾਂ ਮੇਰੀ ਸੋਚ ਵਿਚ ਇਹ ਦੋ ਸਵਾਲ ਸਨ, ਜਿਹੜੇ ਆਪ ਜੀ ਨੂੰ ਪੁੱਛਣੇ ਚਾਹੁੰਦਾ ਸੀ । ਜਿੰਨਾਂ ਦਾ ਆਪ ਜੀ ਨੇ ਜਵਾਬ ਦੇਣ ਦੀ ਖੇਚਲ ਵੀ ਕੀਤੀ ਹੈ । ਮੇਰੇ ਇਹਨਾਂ ਦੌ ਸਵਾਲਾਂ ਨਾਲ ਹੀ “ਬਿਲੀ ਥੇਲੇ ਵਿਚੋਂ ਬਾਹਰ ਆ ਗਈ” ਵਾਲੀ ਕਹਾਵਤ ਵਾਂਗ ਆਪ ਦਾ ਸਿੱਖੀ ਪਹਿਰਾਵੇ ਵਾਲਾ ਪਾਇਆ ਬੁਰਕਾ ਸਾਹਮਣੇ ਆ ਗਿਆ । ਜਿਸ ਤੋਂ ਬਾਆਦ ਮੇਰੇ ਕੋਲ ਤੁਹਾਨੂੰ ਹੋਰ ਸਵਾਲ ਪੁੱਛਣ ਦੀ ਲੋੜ ਨਹੀਂ ਰਹੀ । ਆਪ ਗੁਰਬਾਣੀ ਦੀਆਂ ਪੰਗਤੀਆਂ ਤਾਂ ਵਰਤਦੇ ਹੋ, ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਝ ਕਰਕੇ ਇਕ ਵੱਖਰੀ ਪਹਿਚਾਣ ਵਾਲੀ ਕੌਮ ਤਿਆਰ ਕਰ ਦਿਤੀ ਉਸਨੂੰ ਮੰਨਣ ਤੋਂ ਇਨਕਾਰੀ ਹੋ ।
ਡਾ: ਸਾਹਿਬ, ਤੁਹਾਡੇ ਵਰਗੇ ਸਿੱਖੀ ਪਹਿਰਾਵੇ ਵਾਲੇ ਵਿਦਵਾਨਾਂ ਦੀਆਂ ਮੇਹਰਬਾਨੀਆਂ ਸਦਕਾਂ ਹੀ ਭਾਰਤ ਵਿਚ ਕਾਨੂੰਨੀ ਤੌਰ ਤੇ ਸਿੱਖ ਇਕ ਵਖਰੀ ਕੌਮ ਨਹੀਂ ਮੰਨ ਰਹੇ । ਇਹ ਤੁਸੀਂ ਸੋਚੋ “ਦੋਗਲੇਪਨ” ਵਾਲੇ ਕੋਣ ਹਨ ?
ਤੁਸੀ ਲਿਖਿਆ ਹੈ, “ਆਪ ਜੀ ਦਾ ਇਹ ਕਹਿਣਾ ਸਹੀ ਨਹੀਂ ਕਿ ਮੈਂ ਇਕੱਲਾ ਹੀ ‘ਭੰਬਲਭੂਸੇ’ ਵਿੱਚੋਂ ਬਾਹਰ ਹਾਂ। ਅਸਲ ਵਿੱਚ ਕਾਫੀ ਸਾਰੇ ਵਿਅਕਤੀ ਹਨ ਜੋ ‘ਸ਼ਬਦ-ਗੁਰੂ’ ਦੇ ਸੰਦੇਸ਼ ਨੂੰ ਸਮਝਦੇ ਹੋਏ ‘ਭੰਬਲਭੂਸੇ’ ਵਿੱਚੋਂ ਬਾਹਰ ਆ ਚੁੱਕੇ ਹਨ ਅਤੇ ਉਹਨਾਂ ਨੇ ਰਲ-ਮਿਲ ਕੇ ‘ਨਾਨਕ ਮਿਸ਼ਨ’ ਨਾਮ ਦੀ ਸੰਸਥਾ ਸਥਾਪਤ ਕੀਤੀ ਹੈ ਜੋ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਸੰਸਥਾਗਤ ਧਰਮ ਰਹਿਤ ਮਾਨਵਵਾਦੀ ਮਿਸ਼ਨ ਨੂੰ ਸੁਰਜੀਤ ਕਰਨ ਲਈ ਲਗਨ ਅਤੇ ਮਿਹਨਤ ਨਾਲ ਕੰਮ ਕਰ ਰਹੀ ਹੈ”।
ਡਾਕਟਰ ਸਾਹਿਬ, ਜਿਵੇਂ ਪਹਿਲਾਂ ਕਈ ਡੇਰੇਦਾਰ, ਨਿਰਮਲੇ, ਰਾਧਾ ਸੁਆਮੀ, ਨਰੰਕਾਰੀ, ਕਾਮਰੇਡ ਆਦਿ ਸਿੱਖ ਕੌਮ ਧਰਮ ਨੂੰ ਵੰਡਣ ਤੇ ਕੰਮਜੋਰ ਕਰਨ ਵਿਚ ਲੱਗੇ ਹੋਏ ਹਨ, ਹੁਣ ਤੁਸੀਂ ਵੀ ਪਿੱਛੇ ਕਿਉਂ ਰਹਿਣਾ ਹੈ; ਐਸੇ ਲੋਕਾਂ ਦੀ ਕਿਤੇ ਵੀ ਘਾਟ ਨਹੀਂ ਹੈ, ਕੁਝ ਤੁਹਾਡੇ ਸਾਥੀ ਕਨੇਡਾ ਵੀ ਹਨ ।
ਤੁਸੀਂ ਮੇਰੀ ਪਿੱਛਲੀ ਚਿੱਠੀ ਬਾਰੇ ਲਿਖਿਆ ਹੈ ਕਿ, “ਆਪ ਜੀ ਨੇ ਉੱਪਰ ਦਿੱਤੇ ਵਾਕ ਵਿੱਚੋਂ ਕੁੱਝ ਹਿੱਸੇ ਕਿਉਂ ਕੱਟੇ ਹਨ ਇਹ ਤਾਂ ਆਪ ਹੀ ਜਾਣਦੇ ਹੋ ਪਰੰਤੂ ਆਪ ਜੀ ਦੀ ਇਹ ਕਾਰਵਾਈ ਉਚਿਤ ਨਹੀਂ ਕਹੀ ਜਾ ਸਕਦੀ। ਜੇਕਰ ਆਪ ਜੀ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਇਹ ਆਪ ਜੀ ਦਾ ਹੱਕ ਹੈ ਪਰੰਤੂ ਆਪ ਜੀ ਦਾ ਫਰਜ਼ ਬਣਦਾ ਸੀ ਕਿ ਆਪ ਜੀ ਮੇਰੇ ਵਿਚਾਰਾਂ ਨੂੰ ਗੁਰਮੱਤ ਅਨੁਸਾਰ ਪਰਖ ਕੇ ਦਰਸਾਉਂਦੇ ਕਿਉਂਕਿ ਵਿਚਾਰ-ਚਰਚਾ ਦਾ ਅਰੰਭ ਆਪ ਜੀ ਵੱਲੋਂ ਪੁੱਛੇ ਗਏ ਸਵਾਲ ਨਾਲ ਹੋਇਆ ਸੀ”।
ਡਾ: ਸਾਹਿਬ, ਮੇਰਾ ਅਸਲ ਸਵਾਲ ਹੀ ਇਹ ਹੈ ਕਿ ਕੀ ਤੁਸੀਂ ਸਿੱਖ ਧਰਮ/ ਸਿੱਖ ਕੌਮ ਨੂੰ ਮੰਨਦੇ ਹੋ ? ਬਸ, ਮੇਰਾ ਇਹ ਸਵਾਲ ਸੀ । ਮੇਰੇ ਖਿਆਲ ਵਿਚ ਤੁਸੀਂ ਇਸ ਦਾ ਜਵਾਬ ਨਾਂਹ ਵਿਚ ਦਿਤਾ ਹੈ । ਉਂਝ ਵੀ ਤੁਸੀਂ ਫਿਰ ਦੁਬਾਰਾ ਲਿਖ ਹੀ ਦਿਤਾ ਹੈ, ਜੇਕਰ ਕਿਸੇ ਪਾਠਕ ਨੂੰ ਕੁਝ ਭੁਲੇਖਾ ਹੋਵੇਗਾ ਤਾਂ ਹੁਣ ਸਪੱਸ਼ਟ ਹੋ ਗਿਆ ਹੋਵੇਗਾ ।
ਡਾਕਟਰ ਸਾਹਿਬ, ਅਫਸੋਸ ਹੈ ਕਿ ਜਦੋਂ ਮੁਸਲਮਾਨ ਨੇ ਸਿੱਖਾਂ ਦੇ ਸਿਰਾਂ ਦੇ ਮੁਲ ਰੱਖੇ ਸਨ ਤਾਂ ਸਿੱਖ ਜੰਗਲਾਂ ਵਿਚ ਚਲੇ ਗਏ ਸਨ ਅਤੇ ਜਦੋ ਦਿਲੀ 1984 ਈ: ਵਿਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਸ ਸਮੇਂ ਤੁਹਾਡੇ ਵਰਗਾ ਕੋਈ ਵਿਦਵਾਨ ਪੈਦਾ ਨਹੀਂ ਸੀ ਹੋਇਆ, ਜੋ ਸਿੱਖ ਕੌਮ ਤੇ ਜੁਲਮ ਕਰਨ ਵਾਲਿਆਂ ਨੂੰ ਬਾਂਹ ਉਚੀ ਕਰਕੇ ਸਮਝਾਅ ਸਕਦਾ ਕਿ ਸਾਡਾ ਕੋਈ ਸਿੱਖ ਧਰਮ ਅਤੇ ਕੌਮ ਨਹੀਂ ਹੈ; ਅਸੀ ਤਾਂ “ਮੈਂ ਸਿਖ ਗੁਰੂ ਸਾਹਿਬਾਨ ਦੇ ਮਾਨਵਵਾਦੀ ਮਿਸ਼ਨ ਦਾ ਨਿਮਾਣਾ ਜਿਹਾ ਪਰੰਤੂ ਸਮਰਪਿਤ ਵਲੰਟੀਅਰ ਹਾਂ, “ਮੇਰੀ ਕੋਈ ਵੱਖਰੀ ਕੌਮ ਨਹੀਂ, ਸਮੁੱਚੀ ਮਨੁੱਖਤਾ ਹੀ ਮੇਰੀ ਕੌਮ ਹੈ” ਅਤੇ ਮੈਂ ਕਿਸੇ ਸੰਸਥਾਗਤ ਧਰਮ ਨੂੰ ਨਹੀਂ ਮੰਨਦਾ ਕਿਉਂਕਿ ‘ਸ਼ਬਦ ਗੁਰੂ’ ਦੇ ਆਦੇਸ਼ ਅਨੁਸਾਰ ਮੇਰਾ ‘ਧਰਮ’ ਹੈ ‘ਹਰਿ ਕੋ ਨਾਮ ਜਪਿ ਨਿਰਮਲ ਕਰਮੁ’।” ਹੈ ।
ਡਾ: ਸਾਹਿਬ, ਮੇਰਾ ਖਿਆਲ ਹੈ ਕਿ ਇਸ ਵਿਸ਼ੇ ਤੇ ਹੋਰ ਚਿੱਠੀ ਪਾਉਣੀ ਪਾਣੀ ਵਿਚ ਮੰਧਾਣੀ ਪਾਉਣ ਵਾਲੀ ਕਹਾਵਤ ਵਾਲੀ ਗੱਲ ਹੋਵੇਗੀ । ਕਿਸੇ ਹੋਰ ਵਿਸ਼ੇ ਤੇ ਤੁਹਾਡੇ ਕੋਲੋ ਜਾਣਕਾਰੀ ਲਵਾਂਗਾ ।
ਸਤਿਕਾਰ ਸਹਿਤ, ਗੁਰਸ਼ਰਨ ਸਿੰਘ ਕਸੇਲ


09/02/15)
ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਅੰਦਰੋਂ ਸਭ ਲੱਭ ਪਿਆ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ


ਦਿੱਲ ਤੇਰੇ ਰੱਬ ਵਸਿਆ ਨਾਹੀਂ
ਤੂੰ ਮੰਦਰ ਬਾਹਰ ਲਿਆ ਬਣਾ

ਘਰ ਆਪਣੇ ਮਾਰੀ ਨਾ ਝਾਤੀ
ਵਿੱਚ ਮਸੀਤੀਂ ਢਿੰਢੋਲ ਰਿਆ

ਰਾਮ ਨਾਮ ਦੇ ਫੇਰਦਾ ਮਣਕੇ
ਤੇ ਕਰਮੀਂ ਰਾਵਣ ਆਣ ਬਿਹਾ

ਕਾਨ੍ਹ ਲੀਲਾ 'ਤੇ ਝੂਮ ਕੇ ਨੱਚੇ
ਹੈ ਦੁਰਸ਼ਾਸ਼ਨ ਹੱਥੀਂ ਵਸਿਆ

ਹਸਨ ਹੁਸੈਨ ਦੇ ਪਾਵੇਂ ਕੀਰਨੇ
ਪਰ ਬਣ ਆਪ ਯਜੀਦ ਰਿਹਾ

ਸੰਗ-ਅਵਸਦ ਚੁੰਮ੍ਹੇ ਪੱਥਰ ਮਾਰੇਂ
ਨਹੀਂਓਂ ਤੈਂਡਾ ਸ਼ੈਤਾਨ ਗਿਆ

ਓਏ ਮੱਕੇ ਬੈਠੇ ਮੋਮਨ ਦੇ ਨੇੜੇ
ਕੰਵਲ ਢੁੱਕੇ ਨਾ ਖ਼ੁਦ ਖ਼ੁਦਾ

ਮੁੱਕਦੀ ਗੱਲ ਜਿ ਆਪਾ ਟੋਲੇਂ
ਫ਼ਿਰ ਅੰਦਰੋਂ ਸਭ ਲੱਭ ਪਿਆ


09/02/15)
ਬਲਦੀਪ ਸਿੰਘ ਰਾਮੂੰਵਾਲੀਆ

ਗੁਰੂ ਦੀ ਗੋਲਕ ਗਰੀਬ ਦਾ ਮੂੰਹ .....ਸਿਰਫ ਕਹਿਣ ਮਾਤਰ ਹੀ

ਇਹ ਤਸਵੀਰ ਆ ਸੰਗਰੂਰ ਜਿਲ੍ਹੇ ਦੇ ਪਿੰਡ ਗੱਗੜਪੁਰ ਦੇ ਇੱਕ ਪਰਿਵਾਰ ਦੀ ਜਿਸ ਦਾ ਮੁਖੀਆ ਇਹ ਮੰਜੇ ਤੇ ਪਿਆ ਸ.ਹਰਦੇਵ ਸਿੰਘ ਗੁਰਦਿਆ ਦੇ ਖਰਾਬ ਹੋ ਜਾਣ ਕਾਰਨ ਇਕ ਪਾਸੇ ਬਿਮਾਰੀ ਨਾਲ ਲੜ੍ਹ ਰਿਹਾ ਤੇ ਦੂਜੇ ਪਾਸੇ ਆਰਥਿਕ ਤੰਗੀ ਨਾਲ। ਜਦ ਸਾਡੇ ਸਾਥੀ ਸਿੱਖ ਯੂਥ ਮਾਨਸਾ ਯੂਨਿਟ ਦੇ ਸਰਗਰਮ ਸੇਵਾਦਾਰ ਭਾਈ ਰਣਯੋਧ ਸਿੰਘ ਸਾਥੀਆਂ ਸਮੇਤ ਗੱਗੜਪੁਰ ਪਹੁੰਚੇ ਤਾਂ ਜੋ ਘਰ ਦੀ ਹਾਲਤ ਉਹਨਾਂ ਨੇ ਦੱਸੀ ਸੁਣ ਕੇ ਅੱਖਾਂ ਚ ਹੰਝੂ ਆ ਗਏ ....ਰਣਯੋਧ ਸਿੰਘ ਨੇ ਦਸਿਆ ਹਰਦੇਵ ਸਿੰਘ ਦੇ ਤਿੰਨ ਬੱਚੇ ਨੇ ਦੋ ਕੁੜੀਆਂ ਤੇ ਇੱਕ ਮੁੰਡਾ ...ਲਗਦਾ ਪਰੇਸ਼ਾਨੀਆਂ ਨੇ ਇਕਠਿਆਂ ਇਸ ਦੇ ਘਰ ਤੇ ਧਾਵਾ ਬੋਲਤਾ ....ਇਕੋ ਇਕ ਮੁੰਡਾ ਦਿਮਾਗੀ ਪਰੇਸ਼ਾਨੀ ਦਾ ਸ਼ਿਕਾਰ, ਆਪ ਮੰਜੇ ਤੇ ਪਿਆ ਤੇ ਸਿਰ ਤੇ ਛੱਤ ਨਹੀ ਸਗੋ ਸਿਰਫ ਮੋਮ ਜਾਮਾ ਕੰਧਾ ਤੇ ਰਖਿਆ, ਕੁੜੀਆਂ ਕੁਝ ਸਮੇ ਤਕ ਵਿਆਉਣ ਵਾਲੀਆਂ ਹੋ ਜਾਣੀਆ ਪਰ .....ਸਭ ਪਾਸੇ ਹਨੇਰਾ ......ਹਰਦੇਵ ਸਿੰਘ ਦੀ ਘਰਵਾਲੀ ਵੀਚਾਰੀ ਲੋਕਾਂ ਦੇ ਘਰਾਂ ਚ ਕੰਮ ਕਰਦੀ ਹੈ ਤੇ ਸਾਰੇ ਪੈਸੇ ਇਲਾਜ ਤੇ ਲਗ ਜਾਂਦੇ ਆ ਤੇ ਘਰ ਚ ਲੂਣ ਮਿਰਚ ਦਾ ਮਸਲਾ ਖੜਾ ਹੋ ਜਾਂਦਾ ਤੇ ਨਿਆਣੇ ਕਈ ਵਾਰ ਰਾਤ ਪਾਣੀ ਪੀ ਕੇ ਸੌ ਜਾਂਦੇ ਆ ਭੁਖੇ ਢਿੱਡ ਨੀਦ ਕਿਥੋ ਆਵੇ ...ਹਰਦੇਵ ਸਿੰਘ ਦੇ ਘਰ ਵਾਲੀ ਦਾ ਪਲ੍ਹਾ ਕਦੇ ਨਹੀ ਸੁਕਦਾ ਹੰਝੂ ਪੂੰਝਦੀ ਦਾ ਤੇ ਇਕੋ ਆਸ ਹੈ ਕਿ ਰੱਬ ਦੇ ਬੰਦਿਆ ਤੇ ਸ਼ਾਇਦ ਕੋਈ ਸਾਡੀ ਬਾਂਹ ਪਕੜ ਲਵੇ ਤੇ ਮੇਰੇ ਬੱਚਿਆ ਦੇ ਸਿਰ ਤੇ ਪਿਉ ਦਾ ਤੇ ਮੇਰੇ ਸਿਰ ਤੇ ਪਤੀ ਦੀ ਛਾਂ ਬਣੀ ਰਹਿ ਜੇ ............
..............ਆਉ ਗੋਲਕਾਂ ਚ ਪੈਸੇ ਪਾਉਣ ਦੀ ਬਜਾਇ ਇਹਨਾਂ ਦੀ ਮੱਦਦ ਕਰਕੇ ਗੁਰੂ ਦੀਆਂ ਸੱਚੀਆਂ ਖੁਸ਼ੀਆਂ ਦੇ ਪਾਤਰ ਬਣੀਏ ਕਿਉਕਿ ਗੁਰੂ ਮਨੁਖਤਾ ਦੀ ਸੇਵਾ ਕਰਨ ਵਾਲਿਆ ਤੇ ਤ੍ਰੁਠਦ.........ਇਨ੍ਹਾਂ ਬੱਚਿਆਂ ਦੀਆਂ ਅੱਖਾਂ ਚ ਦੇਖੋ ਜੋ ਕਹਿ ਰਹੀਆਂ ਨੇ ਸਾਡੇ ਪਾਪਾ ਨੂੰ ਬਚਾ ਦੋ ਪਲੀਜ਼ ਸਾਡੇ ਡੈਡੀ ਨੂੰ ਬਚਾ ...(ਇਹਨਾਂ ਦੀ ਜਗ੍ਹਾ ਆਪਣੇ ਬਚਿਆ ਨੂੰ ਰੱਖ ਕੇ ਦੇਖਣਾ ਦਰਦ ਪਤਾ ਲਗ ਜੂ) .....ਆਸ ਹੈ ਦਸਵੰਧ ਸਫਲਾ ਕਰੋਗੇ .....
(ਇਸ ਪੋਸਟ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਬਚਿਆ ਦਾ ਬਚਪਨ ਰੁਲਣ ਤੋ ਬਚ ਜੇ)
ਹਰਦੇਵ ਸਿੰਘ ਦਾ ਮੋਬਾਇਲ ਨੰ:98784-88561

ਸਿੱਖ ਯੂਥ ਮਾਨਸਾ ......ਰਣਯੋਧ ਸਿੰਘ ...98552-74477
ਹਰਮਨ ਸਿੰਘ ...98724-89840
ਹਰਿੰਦਰ ਸਿੰਘ ..98885-32004
ਗੁਰਪ੍ਰੀਤ ਸਿੰਘ ...98765-76589

ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਾਦਾਰ
ਬਲਦੀਪ ਸਿੰਘ ਰਾਮੂੰਵਾਲੀਆ
96543-42039


07/02/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਗੁਰਸ਼ਰਨ ਸਿੰਘ ਕਸੇਲ ਜੀ, ਮੇਰੇ ਵੱਲੋਂ ਆਦਰ-ਸਹਿਤ ਭੇਜੀ ਜਾ ਰਹੀ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ!

06. 02. 2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਮੈਨੂੰ ਸੰਬੋਧਿਤ ਹੋ ਕੇ ਪਾਏ ਗਏ ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ। ਆਪ ਜੀ ਨੇ ਇਸ ਪੱਤਰ ਵਿੱਚ ਮੇਰੇ ਪਹਿਲੇ ਪੱਤਰ ਵਿੱਚ ਸ਼ਾਮਲ ਮੇਰੀ ਸਟੇਟਮੈਂਟ ਨੂੰ ਕੱਟ ਕੇ ਪੇਸ਼ ਕੀਤਾ ਹੈ। ਪੂਰੀ ਸਟੇਟਮੈਂਟ ਹੇਠਾਂ ਦਿੱਤੇ ਅਨੁਸਾਰ ਸੀ:
“ਮੈਂ ਸਿਖ ਗੁਰੂ ਸਾਹਿਬਾਨ ਦੇ ਮਾਨਵਵਾਦੀ ਮਿਸ਼ਨ ਦਾ ਨਿਮਾਣਾ ਜਿਹਾ ਪਰੰਤੂ ਸਮਰਪਿਤ ਵਲੰਟੀਅਰ ਹਾਂ, ਮੇਰੀ ਕੋਈ ਵੱਖਰੀ ਕੌਮ ਨਹੀਂ, ਸਮੁੱਚੀ ਮਨੁੱਖਤਾ ਹੀ ਮੇਰੀ ਕੌਮ ਹੈ ਅਤੇ ਮੈਂ ਕਿਸੇ ਸੰਸਥਾਗਤ ਧਰਮ ਨੂੰ ਨਹੀਂ ਮੰਨਦਾ ਕਿਉਂਕਿ ‘ਸ਼ਬਦ ਗੁਰੂ’ ਦੇ ਆਦੇਸ਼ ਅਨੁਸਾਰ ਮੇਰਾ ‘ਧਰਮ’ ਹੈ ‘ਹਰਿ ਕੋ ਨਾਮ ਜਪਿ ਨਿਰਮਲ ਕਰਮੁ’।”
ਆਪ ਜੀ ਨੇ ਉੱਪਰ ਦਿੱਤੇ ਵਾਕ ਵਿੱਚੋਂ ਕੁੱਝ ਹਿੱਸੇ ਕਿਉਂ ਕੱਟੇ ਹਨ ਇਹ ਤਾਂ ਆਪ ਹੀ ਜਾਣਦੇ ਹੋ ਪਰੰਤੂ ਆਪ ਜੀ ਦੀ ਇਹ ਕਾਰਵਾਈ ਉਚਿਤ ਨਹੀਂ ਕਹੀ ਜਾ ਸਕਦੀ। ਜੇਕਰ ਆਪ ਜੀ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਇਹ ਆਪ ਜੀ ਦਾ ਹੱਕ ਹੈ ਪਰੰਤੂ ਆਪ ਜੀ ਦਾ ਫਰਜ਼ ਬਣਦਾ ਸੀ ਕਿ ਆਪ ਜੀ ਮੇਰੇ ਵਿਚਾਰਾਂ ਨੂੰ ਗੁਰਮੱਤ ਅਨੁਸਾਰ ਪਰਖ ਕੇ ਦਰਸਾਉਂਦੇ ਕਿਉਂਕਿ ਵਿਚਾਰ-ਚਰਚਾ ਦਾ ਅਰੰਭ ਆਪ ਜੀ ਵੱਲੋਂ ਪੁੱਛੇ ਗਏ ਸਵਾਲ ਨਾਲ ਹੋਇਆ ਸੀ।

ਸ. ਕਸੇਲ ਜੀ, ਸਪਸ਼ਟ ਹੈ ਕਿ ਆਪ ਜੀ ਹੋਰ ਅਨੇਕਾਂ ‘ਸਿਖ’ ਅਖਵਾਉਂਦੇ ਲੋਕਾਂ ਵਾਂਗ ਸਿੱਖੀ ਨੂੰ ਸੰਸਥਾਗਤ ਧਰਮ ਦੇ ਤੌਰ ਹੀ ਮੰਨ ਰਹੇ ਹੋ ਅਤੇ ਨਾਲ ਹੀ ਆਪ ਜੀ ਉਹਨਾਂ ਲੋਕਾਂ ਵਾਂਗ ‘ਸ਼ਬਦ ਗੁਰੂ’ ਨੂੰ ਵੀ ਮਾਨਤਾ ਦੇ ਰਹੇ ਹੋ। ਇਸ ਤਰ੍ਹਾਂ ਤਾਂ ਆਪ ਜੀ ਕੇਵਲ ‘ਭੰਬਲਭੂਸੇ’ ਦੇ ਸ਼ਿਕਾਰ ਹੀ ਨਹੀਂ ਸਗੋਂ ਦੋਗਲੇਪਨ ਦਾ ਮੁਜ਼ਾਹਰਾ ਵੀ ਕਰ ਰਹੇ ਹੋ। ਹੁਣ, ‘ਸ਼ਬਦ-ਗੁਰੂ’ ਸੰਸਥਾਗਤ ਧਰਮ ਨੂੰ ਮਾਨਤਾ ਨਹੀਂ ਦਿੰਦਾ; ‘ਸ਼ਬਦ-ਗੁਰੂ’ ਤਾਂ ‘ਹਰਿ ਕੋ ਨਾਮ ਜਪਿ ਨਿਰਮਲ ਕਰਮੁ’ ਨੂੰ ਸਰਵਸ੍ਰੇਸ਼ਟ ਧਰਮ ਮੰਨਦੇ ਹਨ (ਮੈਂ ਗੁਰੂ ਸਾਹਿਬਾਨ ਵਲੋਂ ਦਿੱਤੇ ਧਰਮ ਦੇ ਇਹਨਾਂ ਅਰਥਾਂ ਨੁੰ ਹੀ ਮੰਨਦਾ ਹਾਂ)। ‘ਆਪਣੀ ਕੌਮ ਦੀ ਵੱਖਰੀ ਪਛਾਣ’ ਦੀ ਸੋਚ ਕੇਵਲ ਸੰਸਥਾਗਤ ਧਰਮ ਦੀ ਉਪਜ ਹੈ ਅਤੇ ਸੰਸਥਾਗਤ ਧਰਮ ਦਾ ਵਿਚਾਰ ਗੁਰਮੱਤ ਦੇ ਸੰਦੇਸ਼ ਦੇ ਐਨ ਉਲਟ ਜਾਂਦਾ ਹੈ। ਗੁਰਬਾਣੀ ਦਾ ਸੰਦੇਸ਼ ਇਸ ਤਰ੍ਹਾਂ ਹੈ:
“ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥”
“ਸਭੈ ਸਾਂਝੀਵਾਲ ਸਦਾਇਨਿ ਤੁੰ ਕਿਸੈ ਨ ਦਿਸਹਿ ਬਾਹਰਾ ਜੀਉ॥”
“ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥”

ਵੱਖਰੀ ਪਛਾਣ ਅਤੇ ਵੱਖਰੀ ਕੌਮ ਦਾ ਵਿਚਾਰ ਇਸ ਸੰਦੇਸ਼ ਦੇ ਪੂਰੀ ਤਰ੍ਹਾਂ ਉਲਟ ਜਾਂਦਾ ਹੈ।

ਸ. ਕਸੇਲ ਜੀ, ਆਪ ਜੀ ਦਾ ਇਹ ਕਹਿਣਾ ਸਹੀ ਨਹੀਂ ਕਿ ਮੈਂ ਇਕੱਲਾ ਹੀ ‘ਭੰਬਲਭੂਸੇ’ ਵਿੱਚੋਂ ਬਾਹਰ ਹਾਂ। ਅਸਲ ਵਿੱਚ ਕਾਫੀ ਸਾਰੇ ਵਿਅਕਤੀ ਹਨ ਜੋ ‘ਸ਼ਬਦ-ਗੁਰੂ’ ਦੇ ਸੰਦੇਸ਼ ਨੂੰ ਸਮਝਦੇ ਹੋਏ ‘ਭੰਬਲਭੂਸੇ’ ਵਿੱਚੋਂ ਬਾਹਰ ਆ ਚੁੱਕੇ ਹਨ ਅਤੇ ਉਹਨਾਂ ਨੇ ਰਲ-ਮਿਲ ਕੇ ‘ਨਾਨਕ ਮਿਸ਼ਨ’ ਨਾਮ ਦੀ ਸੰਸਥਾ ਸਥਾਪਤ ਕੀਤੀ ਹੈ ਜੋ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਸੰਸਥਾਗਤ ਧਰਮ ਰਹਿਤ ਮਾਨਵਵਾਦੀ ਮਿਸ਼ਨ ਨੂੰ ਸੁਰਜੀਤ ਕਰਨ ਲਈ ਲਗਨ ਅਤੇ ਮਿਹਨਤ ਨਾਲ ਕੰਮ ਕਰ ਰਹੀ ਹੈ।

ਸ. ਕਸੇਲ ਜੀ, ਮੈਂ ਆਪ ਜੀ ਨਾਲ ਹਾਲੇ ‘ਅਰਦਾਸ’ ਬਾਰੇ ਵਿਚਾਰ-ਚਰਚਾ ਨਹੀਂ ਕਰ ਸਕਾਂਗਾ ਕਿਉਂਕਿ ਮੈਂ ਇਸ ਵਿਸ਼ੇ ਉੱਤੇ ਇੱਕ ਲੇਖ ਤਿਆਰ ਕਰਨ ਦਾ ਵਿਚਾਰ ਬਣਾਇਆ ਹੋਇਆ ਹੈ।

ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


07/02/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਇੰਜ ਦਰਸ਼ਨ ਸਿੰਘ ਖਾਲਸਾ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ।
ਆਪ ਜੀ ਦੀ ਬਹੁਤ ਮੇਹਰਬਾਨੀ ਹੈ ਜੋ ਤੁਸੀਂ ਮੇਰੇ ਵੱਲੋਂ ਪੁੱਛੀ ਜਾਣਕਾਰੀ ਕਿ ਕੀ “ਜਿਹੜੇ ਸਿੱਖ ਜਾਂ ਪ੍ਰਚਾਰਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਅਰਦਾਸ ਕਰਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਹੀ ਸੰਬੋਧਨ ਕਰਦੇ ਹਨ, ਕੀ ਉਹ ਗੁਰਮਤਿ ਅਨੁਸਾਰ ਠੀਕ ਹੈ ਜਾਂ ਨਹੀਂ” ?
ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ “ਸ਼ਬਦ ਗੁਰੂ” ਵਿਚੋਂ ਕੁਝ ਸ਼ਬਦਾਂ ਦੀਆਂ ਪੰਗਤੀਆਂ ਦੇ ਹਵਾਲੇ ਦਿਤੇ ਹਨ । ਕੀ ਇਹ ਸ਼ਬਦਾਂ ਦੀਆਂ ਪੰਗਤੀਆਂ ਜਾਂ ਇਹ ਸ਼ਬਦ ਵਾਕਿਆਂ ਹੀ “ਸ਼ਬਦ ਗੁਰੂ” ਅੱਗੇ ਅਰਦਾਸ ਕਰਨ ਦੀ ਗੱਲ ਕਰਦੇ ਹਨ ਜਾਂ ਨਹੀਂ, ਇਸ ਬਾਰੇ ਅਤੇ “ਸ਼ਬਦ ਗੁਰੂ” ਕੀ ਦੇਹ ਹੈ ? ਜਾਂ ਕੁਝ ਹੋਰ ਇਸ ਬਾਰੇ ਵੀ ਜੇ ਤੁਸੀਂ ਚਾਹੋਗੇ ਤਾਂ ਵਿਚਾਰ ਕਰ ਲਵਾਂਗੇ; ਪਰ ਮਾਰਚ ਮਹੀਨੇ ਤੋਂ ਪਿੱਛੋਂ ।
ਖਾਲਸਾ ਜੀ, ਪੜ੍ਹਨ ਲਿਖਣ ਨੂੰ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ਸ਼ਬਦ ਗੁਰੂ” ਆਖਦੇ ਹਾਂ, ਪਰ ਕੀ ਅਸੀਂ ਮੰਨਦੇ ਵੀ ਹਾਂ ? ਜਿਵੇਂ ਤੁਸੀਂ ਵੀ ਸਿੱਖਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ “ਗੁਰੂ ਨਾਨਕ ਸਾਹਿਬ ਜੀ ਦਾ ਫਲਸ਼ਫਾ ਹੀ “ਸਬਦੁ ਗੁਰੂ ਸੁਰਤਿ ਧੁਨਿ ਚੇਲਾ”॥ ਪੰਨਾ 942” ॥ ਤੁਹਾਡੇ ਵੱਲੋਂ ਵੀ ਇਹ ਬਹੁਤ ਚੰਗਾ ਉਪਰਾਲਾ ਹੈ। ਸੋ, ਜੇਕਰ ਇਸ ਵਿਸ਼ੇ ਤੇ “ ਸਿੱਖ ਮਾਰਗ ਸਾਈਟ” ਤੇ ਸਾਰੇ ਟੀਕਾਕਾਰ, ਵਿਦਵਾਨ ਜਾਂ ਪਾਠਕ ਵਿਚਾਰ ਵਿਚ ਹਿੱਸਾ ਲੈਣ ਤਾਂ ਬਹੁਤ ਚੰਗੀ ਗੱਲ ਹੋਵੇਗੀ।
ਅੱਜ ਕੱਲ੍ਹ ਆਪਣੇ ਬਹੁਗਿਣਤੀ ਗੁਰਦੁਆਰਿਆਂ ਵਿਚ ਜੋ ਕੁਝ ਅਖੌਤੀ ਸ਼ਰਧਾ ਦੇ ਨਾਂਅ ਹੇਠ ਹੋ ਰਿਹਾ ਹੈ, ਮਾਫ਼ ਕਰਨਾ, ਸ਼ਾਇਦ ਉਹ ਕੁਝ ਹਿੰਦੂ ਮੰਦਰਾਂ ਵਿਚ ਵੀ ਨਾ ਹੁੰਦਾ ਹੋਵੇ ।
ਆਪ ਜੀ ਨੂੰ ਪਤਾ ਹੀ ਹੋਵੇਗਾ ਕਿ “ਸਿੱਖ ਰਹਿਤ ਮਰਯਾਦਾ” ਵਿਚ ਅਰਦਾਸ ਕਰਨ ਬਾਰੇ ਇੰਝ ਲਿਖਿਆ ਹੈ: ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ …. . ਦੀ ਅਰਦਾਸ ਹੈ ਜੀ।
ੲ) ਅਰਦਾਸ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜ੍ਹੋ ਕੇ, ਹੱਥ ਜੋੜ ਕੇ ਅਰਦਾਸ ਕਰੇ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ, ਪ੍ਰਵਾਨ ਹੈ।

ਆਦਰ ਸਹਿਤ, ਗੁਰਸ਼ਰਨ ਸਿੰਘ ਕਸੇਲ


07/02/15)
ਬਲਦੀਪ ਸਿੰਘ ਰਾਮੂੰਵਾਲੀਆ/ਫੇਸਬੁੱਕ ਰਾਹੀਂ

ਸਾਡੇ ਗੁਰੂ ਸਾਹਿਬਾਨ ਕਿਰਤੀ ਸਨ .....ਹੱਕ ਦੀ ਕਮਾਈ ਕਰਨ ਵਾਲੇ

ਕਿਰਤ ਦਾ ਆਮ ਜਾ ਅਰਥ ਲਿਆ ਜਾਂਦਾ ਕੀਤੇ ਗਏ ਕੰਮ ਬਦਲੇ ਮੁਢਲੀਆਂ ਲੋੜਾਂ ਦੀ ਪ੍ਰਾਪਤੀ ਲਈ ਜ਼ਰੂਰੀ ਵਸਤਾਂ ਦਾ ਮਿਲਣਾ ਜਾਂ ਖਰੀਦਣਾ .....ਮਿਹਨਤ ਦਾ ਫਲ।
ਗੁਰੂ ਨਾਨਕ ਸਾਹਿਬ ਨੇ ਅਗਿਆਨਤਾ ਦੇ ਖੇਤਰ ਚ ਡੁਬੀ ਲੋਕਾਈ ਨੂੰ ਗਿਆਨ ਦਾ ਦੀਵਾ ਦਿਖਾ ਕਿ ਉਹਨਾਂ ਦੇ ਮੌਲਿਕ ਅਧਿਕਾਰਾਂ ਤੇ ਹਕਾਂ ਪ੍ਰਤੀ ਜਾਗਰੂਕ ਕੀਤਾ. ਉਹਨਾਂ ਦੇ ਬਣਦੇ ਫਰਜਾਂ ਦੀ ਇਮਾਨਦਾਰੀ ਨਾਲ ਨਿਭਾਉਣ ਦੀ ਪ੍ਰੇਰਨਾ ਦਿਤੀ ...ਇਹ ਨਿਰਮਲ ਵਿਚਾਰਧਾਰਾ ਚੋ ਇਕ ਜਾਗਰੂਕ ਸੰਸਥਾ ਬਣੀ ...ਜਿਵੇ ਵੀਰ ਜਲੌਰ ਬਰਾੜ ਨੇ ਲਿਖਿਆ ਸੀ "ਕਿਸੇ ਜਨਤਕ ਹਿਤਾਂ ਵਾਲੀ ਸੰਸਥਾ ਦੀ ਰਹਿਨੁਮਾਈ ਕਰਨੀ ਵੀ ਇਕ ਸਚੀ ਕਿਰਤ ਹੈ "ਜਿਵੇ ਜਿਵੇ ਪ੍ਰਵਾਰ ਦਾ ਪਸਾਰ ਹੁੰਦਾ ਹੈ ਤਿਉ ਤਿਉ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ ....ੳੇਦਾਰਣ ਲਈ ਇਕ ਦੇਸ਼ ਵੀ ਪ੍ਰੀਵਾਰ ਆ ਜਿਸ ਦੇ ਵਿਚ ਵਖੋ ਵਖਰੇ ਮਹਿਕਮੇ ਹਨ ਤੇ ਸਾਰਿਆਂ ਦੇ ਸਿਰ ਤੇ ਇਕ ਕੁੰਡਾ ਜੇ ਪੀ. ਐਮ ਜੇ ਕਰ ਇਹ ਲੋਕ ਲੋਕਾਂ ਦੀ ਭਲਾਈ ਦੇ ਬਾਰੇ ਸੋਚਣ ਦੀ ਬਜਾਇ ਆਪਣੇ ਘਰਾਂ ਚ ਆ ਕਿ ਸਿਰਫ ਘਰ ਦੇ ਕੰਮ ਕਰਨ ਤਾਂ ਕੀ ਉਹ ਜਿਸ ਰੁਤਬੇ ਤੇ ਬੈਠੇ ਹਨ ਉਸ ਪ੍ਰਤੀ ਸਮਰਪਿਤ ਨਹੀ ਤਾਂ ਉਹ ਧੋਖੇਬਾਜ਼ ਹਨ ਕਿਉਕਿ ਉਹਨਾਂ ਦੀ ਚੋਣ ਲੋਕਾਂ ਨੇ ਕੀਤੀ ਆ ਆਪਣੀਆਂ ਦੁਖ ਤਕਲੀਫਾਂ ਹਲ ਕਰਨ ਲਈ ।
ਜੇਕਰ ਉਹ ਲੋਕਾਂ ਲਈ ਕੰਮ ਕਰ ਰਹੇ ਹਨ ਤਾਂ ਪਿਛੇ ਉਹਨਾਂ ਦੇ ਪਰਿਵਾਰਾਂ ਦੀਆਂ ਵੀ ਮੌਲਿਕ ਲੋੜਾਂ ਨੇ ਜੋ ਉਹਨਾਂ ਨੂੰ ਕੀਤੇ ਕੰਮਾ ਬਦਲੇ ਮਿਲਦੇ ਭਤੇ ਹਨ ਜੋ ਲੋਕਾਈ ਹੀ ਦਿੰਦੀ ਆ ....ਕੀ ਫਿਰ ਉਹ ਕਿਰਤ ਨੀ ..
ਬਿਲਕੁਲ ਜੇਕਰ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਂ ਰਹੇ ਹਨ ਤਾਂ ਕਿਰਤੀ ਹੀ ਅਖਵਾਉਣਗੇ ...ਮੰਤਰੀ ..ਸੰਤਰੀ ..ਡਾਕਟਰ ..ਅਧਿਆਪਕ ..ਫੌਜੀ ਆਦਿ।
ਗੁਰੂ ਨਾਨਕ ਜੀ ਦੇ ਸਾਰੇ ਉਤਰਾਧਿਕਾਰੀ ਕਿਰਤੀ ਸਨ ਕਿੳਕਿ ਉਹਨਾਂ ਨੇ ਲੋਕਾਈ ਦੀ ਭਲਾਈ ਲਈ ਆਪਣੇ ਜੀਵਨ ਲੇਖੇ ਲਾ ਦਿਤੇ ੧੨ ਮਹੀਨੇ ੩੦ ਦਿਨ ਬਿਨਾ ਰਾਤ ਦਿਨ ਦੇਖੇ ਦੁਖ ਸੁਖ ਦੀ ਪਰਵਾਹ ਤਕ ਵੀ ਨਾ ਕੀਤੀ ...ਇਥੋ ਤਕ ਉਹਨਾਂ ਦੇ ਨਿਜੀ ਸ੍ਰੋਤਾ ਖੇਤੀਬਾੜੀ ਵਾਲੀ ਜ਼ਮੀਨ ਦੀ ਆਮਦਨ ਵੀ ਲੋਕਾਈ ਦੇ ਭਲੇ ਤੇ ਲਗਦੀ ਰਹੀ ....ਲਿਪੀ ਗੁਰਮੁਖੀ ਦਾ ਵਿਕਾਸ, ਸਰੀਰਿਕ ਕੁਸ਼ਲਤਾ, ਪੜਾਈ ਲਿਖਾਈ, ਆਤਮ ਨਿਰਭਰਤਾ, ਇੰਡਸਟਰੀਅਲ ਹਬ ਸ਼ਹਿਰ, ਮਨੁਖੀ ਬਰਾਬਰੀ ਲਈ ਪੰਗਤ ਸਾਝੇ ਸਰੋਵਰ ਬਉਲੀਆਂ ਜੋ ਜਾਤ ਪਾਤ ਨੂੰ ਖਤਮ ਕਰਨ ਚ ਮਦਦਗਾਰ ਸਾਬਿਤ ਹੋਈਆਂ ..ਇਥੋ ਤਕ ਲੋਕਾਈ ਲਈ ਆਪਣਾ ਆਪ ਪਰਿਵਾਰ ਤਕ ਵਾਰ ਦੇਣਾ ਇਸ ਤੋ ਵਡੀ ਕੀ ਕਿਰਤ ਹੋ ਸਕਦੀ ਆਂ .....ਸੋ ਮੇਰੀ ਬਨੇਤੀ ਆ ਕਿ ਗੁਰੂ ਸਾਹਿਬਾਨਤੇੰ ਅਜ ਦੇ ਵਿਹਲੜ ਸਾਧਾਂ ਦਾ ਜਮੀਨ ਅਸਮਾਨ ਦਾ ਫਰਕ ਆ ਗੁਰੂ ਸਾਹਿਬਾਨ ਨੇ ਲੋਕਾਈ ਲਈ ਸਭ ਕੁਝ ਵਾਰ ਤਾ ਪਰਿਵਾਰ ਜਮੀਨ ਜਾਇਦਾਦ ਤੇ ਪਾਖੰਡੀ ਸਾਧਾਂ ਨੇ ਲੋਕਾਈ ਨੂੰ ਹਨੇਰੇ ਚ ਰਖ ਕਿ ਮਹਿਲ ਬਣਾ ਲਏ ......ਗੁਰੂ ਕਿਰਤੀ ਸਨ .....ਕਿਰਤ ਵਿਰਤ ਕਰ ਧਰਮ ਦੀ ਹਥਹੁ ਦੇ ਕੈ ਭਲਾ ਮਨਾਏ।
ਮਾਇਆ ਗੁਜਰਾਨ ...ਔਰਤ ਇਮਾਨ

ਭੁਲ ਚੁਕ ਦੀ ਖਿਮਾ ...
ਬਲਦੀਪ ਸਿੰਘ ਰਾਮੂੰਵਾਲੀਆ
96543-42039


06/02/15)
ਗੁਰਸ਼ਰਨ ਸਿੰਘ ਕਸੇਲ

ਡਾ: ਇਕਬਾਲ ਸਿੰਘ ਢਿੱਲੋਂ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ।

ਆਪ ਜੀ ਦਾ ਧੰਨਵਾਦੀ ਹਾਂ ਜੋ ਆਪਨੇ ਮੇਰੇ ਵੱਲੋਂ ਸਿੱਖ ਧਰਮ/ਕੌਮ ਬਾਰੇ ਤੁਹਾਡੇ ਵਿਚਾਰ ਜਾਣਨ ਲਈ ਲਿਖੀ ਚਿੱਠੀ ਦਾ ਤੁਸੀਂ ਜਵਾਬ ਦਿਤਾ ਹੈ । ਕੁਝ ਚਿਰ ਤੋਂ ਇਹਨਾਂ ਸਵਾਲਾਂ ਬਾਰੇ ਤੁਹਾਡੇ ਵਿਚਾਰ ਲੈਣਾ ਚਾਹੁੰਦਾ ਸਾਂ, ਸੋ ਤੁਹਾਡੀ ਮੇਹਰਬਾਨੀ ਹੈ ਕਿ ਤੁਸੀਂ ਆਪਣੀ ਸੋਚ ਮੁਤਾਬਕ ਆਪਣੇ ਵਿਚਾਰ ਦਿਤੇ ਹਨ ।
ਡਾ: ਸਾਹਿਬ, ਤੁਹਾਡੀ ਸੋਚ ਮੁਤਾਬਕ ਤਾਂ ਲੱਗਦਾ ਹੈ ਕਿ ਮੈਂ ਇਕਲਾ ਹੀ ਨਹੀਂ, ਉਹ ਬਹੁਤ ਸਾਰੇ ਸਿੱਖ ਜਿਹੜੇ ਦੇਸ਼ ਵਿਦੇਸ਼ਾਂ ਵਿਚ ਆਪਣੀ ਕੌਮ ਦੀ ਵੱਖਰੀ ਪਛਾਣ ਨੂੰ ਬਰਕਰਾਰ ਰੱਖਣ ਲਈ ਜਦੋ-ਜਹਿਦ ਕਰ ਰਹੇ ਹਨ, ਉਹਨਾਂ ਸਾਰਿਆਂ ਨੂੰ ਹੀ “ਭੰਬਲਭੂਸਾ” ਬਣਿਆ ਹੋਇਆ ਹੈ । ਸਿਰਫ ਇਕ ਤੁਸੀਂ ਹੋ ਜਿਹੜੇ ਇਸ “ਭੰਬਲਭੂਸੇ” ਤੋਂ ਨਿਕਲ ਸਕੇ ਹੋ । ਤੁਹਾਡੀ ਜਿਹਨਾਂ ਦੀ, “ਮੇਰੀ ਕੋਈ ਵੱਖਰੀ ਕੌਮ ਨਹੀਂ, ਸਮੁੱਚੀ ਮਨੁੱਖਤਾ ਹੀ ਮੇਰੀ ਕੌਮ ਹੈ ਅਤੇ ਮੈਂ ਕਿਸੇ ਸੰਸਥਾਗਤ ਧਰਮ ਨੂੰ ਨਹੀਂ ਮੰਨਦਾ” ।
ਡਾ: ਸਾਹਿਬ, ਆਪ ਜੀ ਦੀ ਸੋਚ ਮੁਤਬਕ ਤਾਂ ਨਾਂ ਸਿੱਖ ਧਰਮ ਹੈ ਅਤੇ ਨਾਂ ਸਿੱਖ ਕੌਮ ਹੈ । ਆਪ ਜੀ ਦੇ ਇਹ ਵਿਚਾਰ ਆਪ ਨੂੰ ਮੁਬਾਰਕ ਹੋਣ ।
ਇਸ ਵਿਸ਼ੇ ਬਾਰੇ ਅੱਜੇ ਆਪ ਜੀ ਨੂੰ ਹੋਰ ਖੇਚਲ ਨਹੀਂ ਦੇਣੀ । ਪਰ ਜੇਕਰ ਆਪ ਹੇਠ ਲਿਖੇ ਵਿਸ਼ੇ ਬਾਰੇ ਆਪਣੇ ਕੀਮਤੀ ਵਿਚਾਰ ਦੇਣਾ ਚਾਹੋ ਤਾਂ ਧੰਨਵਾਦੀ ਹੋਵਾਂਗਾ ।
ਵਿਸ਼ਾ ਹੈ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਅਰਦਾਸ ਕਰਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਹੀ ਸੰਬੋਧਨ ਕਰਨਾ ਚਾਹੀਦਾ ਹੈ ਜਾਂ ਅਕਾਲ ਪੁਰਖ ਨੂੰ; ਗੁਰਮਤਿ ਅਨੁਸਾਰ ਕੀ ਠੀਕ ਹੈ ?
ਜੇਕਰ ਕੋਈ ਹੋਰ ਵਿਦਵਾਨ ਜਾਂ ਪਾਠਕ ਵੀ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਦੇਣੇ ਚਾਹੇ ਤਾਂ ਧੰਨਵਾਦੀ ਹੋਵਾਂਗਾ ।
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


05/02/15)
ਇੰਜ ਦਰਸ਼ਨ ਸਿੰਘ ਖਾਲਸਾ

ਵੀਰ, ਗੁਰਸ਼ਰਨ ਸਿੰਘ ਕਸੇਲ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਧੰਨਵਾਦ! ਆਪਦਾ ਸਵਾਲ (ਜਿਹੜੇ ਸਿੱਖ ਜਾਂ ਪ੍ਰਚਾਰਕ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਅਰਦਾਸ ਕਰਦੇ ਸਮੇਂ ਸ੍ਰੀ ਗੁਰੂ ਗਰੰਥ ਸਾਹਿਬ (ਸ਼ਬਦ ਗੁਰੂ) ਨੂੰ ਹੀ ਸੰਬੋਧਨ ਕਰਦੇ ਹਨ, ਕੀ ਉਹ ਗੁਰਮਤਿ ਅਨੁਸਾਰ ਠੀਕ ਹਨ ਜਾਂ ਨਹੀਂ? ।)
‘ਗੁਰੂ ਗਰੰਥ ਸਾਹਿਬ ਜੀ’ ਜੁਗੋ ਜੁਗ ਅਟੱਲ ਸਤਿਗੁਰੂ ਹਨ।
ਹਰ ਸਿੱਖ/ਗੁਰਸਿੱਖ ਦਾ ਆਪਣੇ ਗੁਰੂ ਅੱਗੇ ਅਰਦਾਸ/ਬੇਨਤੀ/ਜੋਦੜੀ ਕਰਨਾ ਬਿਲਕੁਲ ਗੁਰਮੱਤ ਅਨੁਸਾਰੀ ਹੈ।
ਪੰਨਾ 55, ਸਤਰ 13 ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥
ਪੰਨਾ 268, ਸਤਰ 1 ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਪੰਨਾ 383, ਸਤਰ 11 ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
ਪੰਨਾ 395, ਸਤਰ 13 ਅਰਦਾਸਿ ਕਰੀ ਪੂਰੇ ਗੁਰ ਪਾਸਿ ॥
ਪੰਨਾ 415, ਸਤਰ 4 ਹਰਿ ਜੀਉ ਆਗੈ ਕਰੀ ਅਰਦਾਸਿ ॥
ਪੰਨਾ 519, ਸਤਰ 11 ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥
ਪੰਨਾ 571, ਸਤਰ 15 ਅਰਦਾਸਿ ਕਰੀ= ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥
ਪੰਨਾ 676, ਸਤਰ 18 ਦੁਇ ਕਰ ਜੋੜਿ ਕਰੀ ਅਰਦਾਸਿ ॥
ਪੰਨਾ 735, ਸਤਰ 4 ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥
ਪੰਨਾ 749, ਸਤਰ 14 ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥
ਪੰਨਾ 1137, ਸਤਰ 18 ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥
ਪੰਨਾ 1406, ਸਤਰ 10 ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥
ਧੰਨਵਾਧ।
ਇੰਜ ਦਰਸ਼ਨ ਸਿੰਘ ਖਾਲਸਾ।


05/02/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਗੁਰਸ਼ਰਨ ਸਿੰਘ ਕਸੇਲ ਜੀ, ਮੇਰੇ ਵੱਲੋਂ ਆਦਰ-ਸਹਿਤ ਭੇਜੀ ਜਾ ਰਹੀ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ!
04. 02. 2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਜਵਾਬੀ ਪੱਤਰ ਲਈ ਆਪ ਜੀ ਦਾ ਦਿਲੋਂ ਧੰਨਵਾਦ ਹੈ ਜੀ। ਆਪਣੇ ਇਸ ਪੱਤਰ ਵਿੱਚ ਪਹਿਲਾਂ ਤਾਂ ਆਪ ਜੀ ਕਹਿੰਦੇ ਹੋ: “ਗੁਰੂ ਨਾਨਕ ਦੇਵ ਜੀ ਵਲੋਂ ਪ੍ਰਚਾਰੀ ਧਾਰਮਿਕ ਵਿਚਾਰਧਾਰਾ ਭਾਂਵੇਂ ਕਿ ਉਸ ਸਮੇਂ ਦੇ ਪ੍ਰਚਲਤ ਧਰਮਾਂ ਨਾਲੋਂ ਵੱਖਰੀ ਸੀ…. .”। ਮੈਂ ਇੱਥੇ ਇਹ ਸਪਸ਼ਟ ਕਰਨਾ ਚਾਹਾਂਗਾ ਕਿ ਜੇਕਰ ਆਪ ਜੀ ਦੇ ਇਸ ਕਥਨ ਵਿੱਚ ਸ਼ਬਦ ‘ਧਾਰਮਿਕ’ ਦਾ ਅਰਥ ‘ਸੰਸਥਾਗਤ ਧਰਮ’ ਨਾਲ ਸਬੰਧਤ ਹੈ ਤਾਂ ਆਪ ਜੀ ਦਾ ਇਹ ਵਿਚਾਰ ਸਹੀ ਨਹੀਂ ਕਿਉਂਕਿ ਗੁਰੂ ਜੀ ਨੇ ਕੋਈ ਸੰਸਥਾਗਤ ਧਰਮ ਸਥਾਪਤ ਨਹੀਂ ਕੀਤਾ ਸੀ, ਸਗੋਂ ਉਹਨਾਂ ਨੇ ਤਾਂ ਸੰਸਥਾਗਤ ਧਰਮ ਨੂੰ ਨਕਾਰਦੇ ਹੋਏ ਇਸ ਦੇ ਵਿਕਲਪ ਵਜੋਂ ਮਾਨਵਵਾਦ ਦੀ ਲਹਿਰ ਅਰੰਭੀ ਸੀ। ਵਿਸਥਾਰ ਲਈ ਆਪ ਜੀ ਪਿੱਛੇ ਜਿਹੇ ਸਿਖਮਾਰਗ ਵੈਬਸਾਈਟ ਉੱਤੇ ਪਾਇਆ ਗਿਆ ਮੇਰਾ ਲੇਖ ‘ਮਾਨਵਵਾਦ ਦੀ ਕਰਾਂਤੀਕਾਰੀ ਲਹਿਰ: ਸਿੱਖੀ’ (ਲੇਖ ਲੜੀ ਚੌਥੀ ਵਿਚ) ਪੜ੍ਹ ਸਕਦੇ ਹੋ।
ਸ. ਕਸੇਲ ਜੀ, ਆਪ ਜੀ ਆਪਣੇ ਸਵਾਲ ਵਿੱਚ ਵੀ ‘ਧਰਮ’ ਦਾ ਭਾਵ ‘ਸੰਸਥਾਗਤ ਧਰਮ’ ਤੋਂ ਹੀ ਲੈਂਦੇ ਪਰਤੀਤ ਹੋ ਰਹੇ ਹੋ ਜਦੋਂ ਕਿ ਅਸਲ ਸਥਿਤੀ ਇਹ ਹੈ ਕਿ ਸਿਖ ਗੁਰੂ ਸਾਹਿਬਾਨ ਦੇ ਵਕਤ ਤਕ ਉਹਨਾਂ ਦੇ ਪੈਰੋਕਾਰ ਮਾਨਵਵਾਦੀ ਵਲੰਟੀਅਰ ਹੀ ਹੋਇਆ ਕਰਦੇ ਸਨ (ਉਹਨਾਂ ਦਾ ਨਾਮ ‘ਸਿਖ’ ਨਹੀਂ ਸੀ ਪਿਆ) ਅਤੇ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤੋਂ ਉਹਨਾਂ ਨੂੰ ਸ਼ਸਤਰਧਾਰੀ ਵੀ ਬਣਾ ਦਿੱਤਾ ਗਿਆ ਸੀ। ਸੋ, ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵੀ ਰੂਪ ਇਹਨਾਂ ਵਲੰਟੀਅਰਾਂ ਨੂੰ ਦਿੱਤਾ ਉਹ ਸਿਹਤਮੰਦ ਪਰੰਪਰਾਵਾਂ ਅਤੇ ਵਿਵਹਾਰਿਕਤਾ ਤੇ ਅਧਾਰਿਤ ਸੀ। ਪਹੁਲ ਛਕਾਉਣਾ ਵੀ ਇਹਨਾਂ ਪੈਰੋਕਾਰਾਂ ਵਿੱਚ ਬਰਾਬਰੀ, ਸਾਂਝੀਵਾਲਤਾ ਅਤੇ ਵੀਰਤਾ ਵਰਗੀਆਂ ਭਾਵਨਾਵਾਂ ਦਾ ਸੰਚਾਰ ਕਰਕੇ ਉਹਨਾਂ ਦੀ ਮਨੋਵਿਰਤੀ ਨੂੰ ਮਾਨਵਵਾਦੀ ਸੰਘਰਸ਼ ਲਈ ਹੋਰ ਪਰਚੰਡ ਕਰਨਾ ਸੀ। ਗੁਰੂ ਜੀ ਨੇ ਕਦੀ ਕਿਸੇ ਨਵੇਂ ਧਰਮ ਜਾਂ ਵੱਖਰੇ ਪੰਥ ਦੀ ਸਥਾਪਤੀ ਦਾ ਦਾਵਾ ਨਹੀਂ ਸੀ ਕੀਤਾ ਅਤੇ ਮਾਨਵਵਾਦੀ ਵਲੰਟੀਅਰਾਂ ਦੀ ਫੋਜ ਅਤੇ ਉਹਨਾਂ ਦੇ ਸਹਿਯੋਗੀ ਹੀ ਉਹਨਾਂ ਦੀ ਵਿਸ਼ਵ-ਵਿਆਪੀ ਕੌਮ ਸੀ। ਗੁਰਬਾਣੀ ਗ੍ਰੰਥ ਨੂੰ ‘ਗੁਰੂ’ ਕਹਿਣ ਦਾ ਅਰਥ ਵੀ ‘ਸ਼ਬਦ-ਗੁਰੂ’ ਨੂੰ ਮਾਨਤਾ ਦੇਣਾ ਹੀ ਸੀ ਜਿਸ ਦੀ ਪਰੰਪਰਾ ਗੁਰੂ ਨਾਨਕ ਜੀ ਦੇ ਸਮੇਂ ਤੋਂ ਚਲੀ ਆ ਰਹੀ ਸੀ। ਗੁਰਬਾਣੀ ਵਿੱਚ ਤਾਂ ਪਹਿਲ਼ਾਂ ਤੋਂ ਹੀ ਅੰਕਿਤ ਹੈ: “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥”।
ਸ. ਕਸੇਲ ਜੀ, ਆਪ ਜੀ ਦੇ ਸਵਾਲਾਂ ਰਾਹੀਂ ਪਰਤੀਤ ਹੁੰਦਾ ਹੈ ਕਿ ਆਪ ਜੀ ਦੇ ਮਨ ਵਿੱਚ ‘ਧਰਮ’ ਸ਼ਬਦ ਦੇ ਅਰਥਾਂ ਨੂੰ ਲੈਕੇ ਭੰਬਲਭੂਸਾ ਬਣਿਆਂ ਹੋਇਆ ਹੈ। ਇਸ ਲਈ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਪਹਿਲਾਂ ਆਪ ਜੀ ਸ਼ਬਦ ‘ਧਰਮ’ ਦੇ ਅਰਥਾਂ ਪ੍ਰਤੀ ਪੂਰੀ ਤਰ੍ਹਾਂ ਸਪਸ਼ਟ ਹੋ ਲਵੋ, ਤਾਂ ਹੀ ਇਸ ਵਿਸ਼ੇ ਤੇ ਆਪਸੀ ਵਿਚਾਰ-ਚਰਚਾ ਲਾਹੇਵੰਦ ਸਾਬਤ ਹੋ ਸਕਦੀ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


05/02/15)
ਜਸਵੰਤ ਸਿੰਘ ‘ਅਜੀਤ’

ਵਿਸ਼ੇਸ਼ ਜਾਂਚ ਦਲ ਬਨਾਮ ਨਾਨਾਵਤੀ ਕਮਿਸ਼ਨ
ਕੀ ਨਵੰਬਰ-84 ਵਿੱਚ ਹੋਏ ਸਿੱਖ-ਕਤਲੇਆਮ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਏ ਜਾਣ ਲਈ, ਵਿਸ਼ੇਸ਼ ਜਾਂਚ ਦਲ (ਸਿਟ) ਦਾ ਗਠਨ ਕੀਤੇ ਜਾਣ ਦੀ ਲੋੜ ਹੈ? ਇਸ ਸੁਆਲ ਦਾ ਜੁਆਬ ਤਲਾਸ਼ਣ ਲਈ ਕੇਂਦ੍ਰੀ ਸਰਕਾਰ ਵਲੋਂ ਬੀਤੇ ਦਿਨੀਂ ਸੇਵਾ-ਮੁਕਤ ਜਸਟਿਸ ਜੀ. ਪੀ. ਮਾਥੁਰ ਪੁਰ ਅਧਾਰਤ ਇੱਕ-ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਸਮੇਂ ਇਸ ਕਮੇਟੀ ਦਾ ਗਠਨ ਕੀਤਾ ਗਿਆ, ਉਸੇ ਸਮੇਂ ਇਹ ਸ਼ੰਕਾਵਾਂ ਪ੍ਰਗਟ ਕੀਤੀਆਂ ਜਾਣ ਲਗੀਆਂ ਸਨ ਕਿ ਕਿਧਰੇ ਇਸਦਾ ਗਠਨ ਸਿੱਖ-ਕਤਲੇਆਮ ਦੀ ਜਾਂਚ ਨੂੰ ਹੋਰ ਲੰਬੇ ਸਮੇਂ ਤਕ ਟਾਲੀ ਰਖਣ ਦੇ ਉਦੇਸ਼ ਨਾਲ ਹੀ ਤਾਂ ਨਹੀਂ ਕੀਤਾ ਗਿਆ? ਇਨ੍ਹਾਂ ਹੀ ਸ਼ੰਕਾਵਾਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਵਿੱਚ ਪਤਵੰਤੇ ਸਿੱਖਾਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਜਸਟਿਸ ਮਾਥੁਰ ਨਾਲ ਮੁਲਾਕਾਤ ਕਰ, ਉਨ੍ਹਾਂ ਪਾਸੋਂ ਮੰਗ ਕੀਤੀ ਕਿ ਉਹ ਨਵੰਬਰ-84 ਦੇ ਸਿੱਖ-ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਸਿਟ) ਕਾਇਮ ਕੀਤੇ ਜਾਣ ਦੇ ਸੰਬੰਧ ਵਿੱਚ ਆਪਣੀ ਰਿਪੋਰਟ ਨਿਸ਼ਚਿਤ ਸਮੇਂ ਵਿੱਚ ਹੀ ਸਰਕਾਰ ਨੂੰ ਸੌਂਪਣ ਦੀ ਕੌਸ਼ਿਸ਼ ਕਰਨ, ਤਾਂ ਜੋ ਸਿੱਖ-ਕਤਲੇਆਮ ਦੀ ਜਾਂਚ ਨੂੰ ਲਟਕਾਏ ਜਾਣ ਦੇ ਸੰਬੰਧ ਵਿੱਚ ਜੋ ਸ਼ੰਕਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ, ਉਹ ਕੇਂਦਰ ਸਰਕਾਰ ਦੀ ਨੀਅਤ ਪ੍ਰਤੀ ਅਵਿਸ਼ਵਾਸ ਨੂੰ ਜਨਮ ਨਾ ਦੇ ਸਕਣ!
ਜਸਟਿਸ ਜੀ. ਪੀ. ਮਾਥੁਰ ਨੇ ਨਿਸਚਿਤ ਸਮੇਂ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ, ਇਹ ਸਾਬਤ ਕਰ ਦਿੱਤਾ ਕਿ ਸਰਕਾਰ ਪ੍ਰਤੀ ਪ੍ਰਗਟ ਕੀਤੀਆਂ ਜਾ ਰਹੀਆਂ ਸ਼ੰਕਾਵਾਂ ਵਿੱਚ ਕੋਈ ਦਮ ਹੈ ਜਾਂ ਨਹੀਂ, ਜੇ ਕੋਈ ਦਮ ਹੈ ਤਾਂ ਕਿਤਨਾ? ਇਸ ਸੰਬੰਧ ਵਿੱਚ ਤਾਂ ਉਹ ਕੁੱਝ ਕਹਿ ਨਹੀਂ ਸਕਦੇ, ਪਰ ਉਹ ਆਪਣੇ-ਆਪਨੂੰ ਸੌਂਪੀ ਗਈ ਜ਼ਿਮੇਂਦਾਰੀ ਨੂੰ ਨਿਭਾਣ ਪ੍ਰਤੀ ਪੂਰੀ ਨਿਸ਼ਠਾ ਨਾਲ ਈਮਾਨਦਾਰ ਹਨ। ਦਸਿਆ ਜਾ ਰਿਹਾ ਹੈ ਕਿ ਜਸਟਿਸ ਮਾਥੁਰ ਨੇ ਆਪਣੀ ਰਿਪੋਰਟ ਵਿੱਚ ਨਵੰਬਰ-84 ਦੇ ਸਿੱਖ-ਕਤਲੇਆਮ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਏ ਜਾਣ ਲਈ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤੇ ਜਾਣ ਦੀ ਲੋੜ ਨੂੰ ਸਵੀਕਾਰ ਕਰ ਲਿਆ ਹੈ, ਤਾਂ ਜੋ ਤੀਹ ਵਰ੍ਹਿਆਂ ਤੋਂ ਪੀੜਤ, ਜਿਸ ਇਨਸਾਫ ਦੀ ਆਸ ਵਿੱਚ ਜੀਅ ਰਹੇ ਹਨ, ਉਹ ਉਨ੍ਹਾਂ ਨੂੰ ਮਿਲ ਸਕੇ। ਜਸਟਿਸ ਮਾਥੁਰ ਵਲੋਂ ਇੱਕ ਮਹੀਨੇ ਦੇ ਨਿਸ਼ਚਿਤ ਸਮੇਂ ਵਿੱਚ ਆਪਣੀ ਰਿਪੋਰਟ ਦੇ ਦਿਤੇ ਜਾਣ ਦਾ ਜਿਥੇ ਵਧੇਰੇ ਸਿੱਖ ਆਗੂਆਂ ਵਲੋਂ ਸੁਆਗਤ ਕੀਤਾ ਗਿਆ ਹੈ, ਉਥੇ ਹੀ ਕੁੱਝ ਸਿੱਖ ਆਗੂਆਂ ਨੇ ਇਸ ਰਿਪੋਰਟ, ਅਰਥਾਤ ਸਿੱਖ-ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤੇ ਜਾਣ ਦੀ ਸੰਭਾਵਨਾ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਚਲ ਰਹੀ ਪ੍ਰਕ੍ਰਿਆ ਦੇ ਦੌਰਾਨ ਪ੍ਰਚਾਰਤ ਕੀਤੇ ਜਾਣ ਨੂੰ ਚੋਣ-ਸਟੰਟ ਕਰਾਰ ਦਿੱਤਾ ਹੈ। ਇਨ੍ਹਾਂ ਦਾਅਵਿਆਂ ਵਿੱਚ ਕਿਤਨੀ ਸੱਚਾਈ ਹੈ, ਇਸਦਾ ਪਤਾ ਤਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਪ੍ਰਕ੍ਰਿਆ ਖਤਮ ਹੋਣ ਦੇ ਬਾਅਦ ਹੀ ਚਲ ਸਕੇਗਾ।
ਫਿਰ ਵੀ ਜੋ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ, ਉਸਦਾ ਨਿਵਾਰਣ ਕੇਵਲ ਵਿਸ਼ੇਸ਼ ਜਾਂਚ ਦਲ ਦਾ ਗਠਨ ਕਰ ਦਿੱਤੇ ਜਾਣ ਨਾਲ ਹੀ ਨਹੀਂ, ਸਗੋਂ ਵਿਸ਼ੇਸ਼ ਜਾਂਚ ਦਲ ਵਲੋਂ ਨਿਸ਼ਚਿਤ ਸਮੇਂ ਵਿੱਚ ਰਿਪੋਰਟ ਦਿੱਤੇ ਜਾਣ ਅਤੇ ਉਸ ਵਿੱਚ ਦਿੱਤੇ ਗਏ ਤਥਾਂ ਦੇ ਸਾਹਮਣੇ ਆਉਣ ਦੇ ਬਾਅਦ ਹੀ ਹੋ ਸਕੇਗਾ। ਜਦੋਂ ਤਕ ਇਹ ਪ੍ਰਕ੍ਰਿਆ ਪੂਰੀ ਨਹੀਂ ਹੋ ਜਾਂਦੀ ਤਦ ਤਕ ਸ਼ੰਕਾ ਤਾਂ ਬਣੀ ਹੀ ਰਹੇਗੀ। ਇਸਦਾ ਕਾਰਣ ਇਹ ਹੈ ਕਿ ਪਿਛਲੀ ਐਨਡੀਏ ਸਰਕਾਰ ਵਲੋਂ ਨਵੰਬਰ-84 ਦੇ ਸਿੱਖ-ਕਤਲੇਆਮ ਦੀ ਜਾਂਚ ਪੂਰੀ ਕਰ ਆਪਣੀ ਰਿਪੋਰਟ 6 ਮਹੀਨਿਆਂ ਵਿੱਚ ਦਿੱਤੇ ਜਾਣ ਲਈ ਗਠਤ ਕੀਤੇ ਗਏ, ਨਾਨਾਵਤੀ ਕਮਿਸ਼ਨ ਨੇ ਹਰ 6 ਮਹੀਨਿਆਂ ਬਾਅਦ ਆਪਣਾ ਕਾਰਜ-ਕਾਲ ਵਧਵਾਦਿਆਂ ਜਾਂਦਿਆਂ 6 ਵਰ੍ਹਿਆਂ ਦਾ ਸਮਾਂ ਬਿਤਾ ਦਿੱਤਾ। ਇਸ ਸਮੇਂ ਵਿੱਚ ਕੇਂਦ੍ਰ ਵਿੱਚ ਸਰਕਾਰ ਬਦਲ ਗਈ। ਐਨਡੀਏ ਸਰਕਾਰ ਦੀ ਥਾਂ, ਯੂਪੀਏ ਦੀ ਸਰਕਾਰ ਆ ਗਈ। ਇਤਨਾ ਹੀ ਨਹੀਂ, ਇਹ ਵੀ ਦਸਿਆ ਗਿਆ ਕਿ ਨਾਨਾਵਤੀ ਕਮਿਸ਼ਨ ਨੇ ਆਪਣੀ ਜੋ ਰਿਪੋਰਟ ਸਰਕਾਰ ਨੂੰ ਸੌਂਪੀ, ਉਸ ਵਿੱਚ ਉਸ ਵਲੋਂ ਇੱਕ ਤਾਂ ਸਿੱਖ-ਕਤਲੇਆਮ ਦੀ ਜ਼ਿਮੇਂਦਾਰੀ ਤੋਂ, ਸਮੇਂ ਦੀ ‘ਕਾਂਗ੍ਰਸ’ ਸਰਕਾਰ ਨੂੰ ਦੋਸ਼-ਮੁਕਤ ਕਰ ਦਿੱਤਾ ਗਿਆ ਹੈ ਅਤੇ ਦੂਸਰਾ ਮੁੱਖ ਦੋਸ਼ੀਆਂ ਦੇ ਵਿਰੁਧ ਹੋਰ ਜਾਂਚ ਕੀਤੇ ਜਾਣ ਦੀ ਲੋੜ ਪੁਰ ਜ਼ੋਰ ਦੇ ਕੇ, ਰਿਪੋਰਟ ਪੁਰ ‘ਪੂਰਣਤਾ’ ਦੀ ਮੋਹਰ ਲਾ ਦਿੱਤੀ ਹੈ। ਗਲ ਉਥੇ ਦੀ ਉਥੇ ਹੀ ਰਹਿ ਗਈ, ਜਿਥੋਂ ਨਾਨਾਵਤੀ ਕਮਿਸ਼ਨ ਨੇ ਸ਼ੁਰੂ ਕੀਤੀ ਸੀ। ਹਾਂ, ਉਸਨੇ ਇਤਨਾ ਜ਼ਰੂਰ ਕੀਤਾ ਕਿ ਉਸਨੇ, ਉਸ ਸਰਕਾਰ ਨੂੰ ਸਿੱਖ-ਕਤਲੇਆਮ ਦੀ ਜ਼ਿਮੇਂਦਾਰੀ ਤੋਂ ਮੁਕਤ ਕਰ ਦਿੱਤਾ, ਜਿਸਦੇ ਮੁੱਖੀ ਨੇ ਇਹ ਕਹਿ, ਸਿੱਖ-ਕਤਲੇਆਮ ਨੂੰ ਜਾਇਜ਼ ਠਹਿਰਾਇਆ, ਕਿ ‘ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ’। ਨਾਨਾਵਤੀ ਕਮਿਸ਼ਨ ਦੀਆਂ ਨਜ਼ਰਾਂ ਵਿੱਚ ਉਹ ਸਰਕਾਰ ਸਿੱਖ-ਕਤਲੇਆਮ ਲਈ ਜ਼ਿਮੇਂਦਾਰ ਨਹੀਂ ਹੋ ਸਕਦੀ, ਜਿਸਦੀ ਸਰਪ੍ਰਸਤੀ ਵਿੱਚ ਦਿੱਲੀ ਸਹਿਤ ਕਾਂਗ੍ਰਸੀ ਸੱਤਾ ਵਾਲੇ ਰਾਜਾਂ ਵਿੱਚ ਤਿੰਨ ਦਿਨ ਤਕ ਜੰਗਲ ਰਾਜ ਕਾਇਮ ਰਿਹਾ। ਤਿੰਨੋ ਦਿਨ ਸਿੱਖਾਂ ਨੂੰ ਚੁਣ-ਚੁਣ, ਉਨ੍ਹਾਂ ਦੇ ਗਲਾਂ ਵਿੱਚ ਟਾਇਰ ਪਾ, ਜਵਲਣਸ਼ੀਲ ਪਦਾਰਥ ਛਿੜਕ, ਅੱਗ ਲਾ ਸਾੜਿਆ ਜਾਂਦਾ ਰਿਹਾ, ਜਦੋਂ ਤਕ ਉਨ੍ਹਾਂ ਦੀਆਂ ਚੀਕਾਂ ਬੰਦ ਨਾ ਹੋ ਜਾਂਦੀਆਂ, ਉਨ੍ਹਾਂ ਦੇ ਦੁਆਲੇ ਭੰਗੜੇ ਪਾਏ ਜਾਂਦੇ ਰਹੇ। ਉਨ੍ਹਾਂ ਦੀ ਕਰੋੜਾਂ-ਅਰਬਾਂ ਦੀ ਚਲ-ਅਚਲ ਸੰਪਤੀ ਲੁਟੀ ਅਤੇ ਸਾੜੀ ਜਾਂਦੀ ਰਹੀ। ਇਹੀ ਕਾਰਣ ਹੈ ਕਿ ਸਿੱਖਾਂ, ਵਿਸ਼ੇਸ਼ ਰੂਪ ਸੇ ਪੀੜਤਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ, ਕਾਇਮ ਕੀਤੇ ਜਾਣ ਵਾਲੇ ਵਿਸ਼ੇਸ਼ ਜਾਂਚ ਦਲ ਨੂੰ ਇਸ ਭਰਮ ਨੂੰ ਤੋੜਨਾ ਹੋਵੇਗਾ ਕਿ ਕਾਂਗ੍ਰਸ ਸਰਕਾਰ ਵਲੋਂ ਹੀ ਨਹੀਂ, ਸਗੋਂ ਗੈਰ-ਕਾਂਗ੍ਰਸੀ ਸਰਕਾਰਾਂ ਵਲੋਂ ਵੀ ਸਿੱਖ-ਕਤਲੇਆਮ ਦੀ ਜਾਂਚ ਲਈ ਕਮਿਸ਼ਨਾਂ ਅਤੇ ਕਮੇਟੀਆਂ ਦਾ ਗਠਨ, ਕੇਵਲ ਸਿੱਖਾਂ ਨੂੰ ਫੁਸਲਾਈ ਰਖਣ ਅਤੇ ਉਨ੍ਹਾਂ ਦਾ ਭਾਵਨਾਤਮਕ ਸ਼ੋਸ਼ਣ ਕਰਨ ਲਈ ਹੀ, ਕੀਤਾ ਜਾਂਦਾ ਚਲਿਆ ਆ ਰਿਹਾ ਹੈ।
ਕੈਂਸਰ ਮਾਹਿਰ ਡਾਕਟਰ ਗੁ. ਬੰਗਲਾ ਸਾਹਿਬ ਹਸਪਤਾਲ ਵਿੱਚ ਉਪਲਬੱਧ: ਮਿਲੀ ਜਾਣਕਾਰੀ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸਟੇਟ ਸਬ-ਕਮੇਟੀ ਦੇ ਚੇਅਰਮੈਨ ਸ. ਗੁਰਲਾਡ ਸਿੰਘ ਦੀ ਪ੍ਰੇਰਣਾ ਦੇ ਸਦਕਾ ਕੈਂਸਰ ਦੇ ਰੋਗਾਂ ਦੀ ਮਾਹਿਰ ਡਾ. ਰਾਜਿੰਦਰ ਕੌਰ ਸੱਗੂ ਚੇਅਰਪਰਸਨ ਗੁਰੂ ਨਾਨਕ ਕੈਂਸਰ ਕੇਅਰ ਟਰਸੱਟ ਨੇ ਰੋਜ਼ ਸ਼ਾਮ ਗੁਰਦੁਆਰਾ ਬੰਗਲਾ ਸਾਹਿਬ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਉਪਲਬੱਧ ਕਰਵਾਣਾ ਸਵੀਕਾਰ ਕਰ ਲਿਆ ਹੈ। ਦਸਿਆ ਗਿਆ ਹੈ ਕਿ ਡਾ. ਸੱਗੂ, ਇੰਦਰਪ੍ਰਸਥਾ ਅਪੋਲੋ ਹਸਪਤਾਲਾਂ ਦੇ ਨਾਲ ਹੀ ਅਪੋਲੋ ਕੈਂਸਰ ਇੰਸਟੀਚਿਉਟ, ਫੋਰਟਿਸ, ਨੋਵਾ, ਐਚਏਐਚ ਸੇਂਟੇਨਰੀ ਆਦਿ ਹਸਪਤਾਲਾਂ ਨਾਲ ਵੀ ਕੰਸਲਟੈਂਟ (ਸਲਾਹਕਾਰ) ਦੇ ਰੂਪ ਵਿੱਚ ਸੰਬੰਧਤ ਚਲੇ ਆ ਰਹੇ ਹਨ। ਡਾ. ਰਾਜਿੰਦਰ ਕੌਰ ਸੱਗੂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਉਪਲਬੱਧ ਕਰਵਾਣਾ ਸਵੀਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਦੀ ਗਲ ਹੈ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਵਿਤ੍ਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਾਪਤ ਹਸਪਤਾਲ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਦਿੱਲੀ ਦੇ ਬਾਅਦ ਪੰਜਾਬ: ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸਰਗਰਮੀਆਂ ਪੁਰ ਤਿੱਖੀ ਨਜ਼ਰ ਰਖ ਰਹੇ ਰਾਜਧਾਨੀ, ਦਿੱਲੀ ਦੇ ਰਾਜਸੀ ਮਹਿਰਾਂ ਨੇ ਕੁੱਝ ਦਿਨ ਪਹਿਲਾਂ ਹੀ ਇਹ ਦਾਅਵਾ ਕੀਤਾ ਸੀ ਕਿ ‘ਆਪ’ ਦੇ ਨੇਤਾ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ, ਉਨ੍ਹਾਂ ਦਾ ਅਗਲਾ ਪੜਾਉ ਪੰਜਾਬ ਹੋਵੇਗਾ। ਉਨ੍ਹਾਂ ਦੇ ਇਸ ਦਾਅਵੇ ਦੀ ਪੁਸ਼ਟੀ ਰਾਜੌਰੀ ਗਾਰਡਨ ਤੋਂ ਚੋਣ ਲੜ ਰਹੇ ‘ਆਪ’ ਦੇ ਮੁਖੀ ਜਰਨੈਲ ਸਿੰਘ ਨੇ ਰਾਜੌਰੀ ਗਾਰਡਨ ਵਿਖੇ ਅਕਾਲੀ ਉਮੀਦਵਾਰ ਸ. ਮਨਜਿੰਦਰ ਸਿੰਘ ਸਿਰਸਾ ਦੀ ਚੋਣ-ਮੁਹਿੰਮ ਚਲਾ ਰਹੇ ਪੰਜਾਬ ਦੇ ਅਕਾਲੀ ਮੁਖੀਆਂ ਨੂੰ ਇਹ ਚਿਤਾਵਨੀ ਦਿੰਦਿਆਂ ਕਰ ਦਿੱਤੀ ਕਿ ਦਿੱਲੀ ਤੋਂ ਬਾਅਦ ਉਨ੍ਹਾਂ ਦਾ ਅਗਲਾ ਮੈਦਾਨ, ਪੰਜਾਬ ਦਾ ਹੋਵੇਗਾ। ਰਾਜਸੀ ਮਾਹਿਰਾਂ ਅਨੁਸਾਰ ਇਸਦਾ ਕਾਰਣ ਇਹ ਹੈ ਕਿ ਲੋਕਸਭਾ ਚੋਣਾਂ ਵਿੱਚ, ਜਦਕਿ ਦੇਸ਼ ਦੇ ਦੂਸਰੇ ਹਿਸਿਆਂ ਵਿੱਚ ‘ਆਪ’ ਦੇ ਮੁੱਖੀਆਂ ਦੇ ਹੱਥ ਅਸਫਲਤਾ ਹੀ ਲਗੀ ਸੀ, ਉਥੇ ਪੰਜਾਬੀਆਂ ਨੇ ਉਨ੍ਹਾਂ ਦੀ ਝੋਲੀ, ਚਾਰ ਸੀਟਾਂ ਪਾ, ਉਨ੍ਹਾਂ ਦੀ ਇਜ਼ਤ ਰਖ ਵਿਖਾਈ ਲਈ ਸੀ। ਪੰਜਾਬ ਤੋਂ ਮਿਲੇ ਇਸ ਸਮਰਥਨ ਦੇ ਚਲਦਿਆਂ ਉਹ ਇਹ ਮੰਨ ਕੇ ਚਲਣ ਲਗੇ ਹਨ ਕਿ ਜੇ ਉਹ ਪੰਜਾਬ ਵਲ ਆਪਣਾ ਧਿਆਨ ਕੇਂਦ੍ਰਿਤ ਕਰਨ, ਤਾਂ ਪੰਜਾਬ ਵਿੱਚਲੇ ਭ੍ਰਿਸ਼ਟਾਚਾਰੀ ਵਾਤਾਵਰਣ ਵਿੱਚ, ਉਨ੍ਹਾਂ ਦੀ ਭ੍ਰਿਸ਼ਟਾਚਾਰ-ਵਿਰੋਧੀ ਮੁਹਿੰਮ ੳਨ੍ਹਾਂ ਦੇ ਕਦਮ ਸੱਤਾ ਵਲ ਵਧਾਣ ਵਿੱਚ ਸਹਾਇਕ ਸਕਦੀ ਹੈ।
… ਅਤੇ ਅੰਤ ਵਿੱਚ: ਬੀਤੇ ਦਿਨੀਂ ਅਚਾਨਕ ਹੀ ਪੰਜਾਬ ਤੋਂ ਦਿੱਲੀ ਆਏ ਇੱਕ ਸੀਨੀਅਰ ਅਕਾਲੀ ਮੁੱਖੀ ਨਾਲ ਮੁਲਾਕਾਤ ਹੋ ਗਈ। ਉਨ੍ਹਾਂ ਦੀ ਕੇਸਰੀ ਰੰਗ ਦੀ ਪਗੜੀ ਵੇਖ, ਪੁਰਾਣੇ ਸੰਬੰਧਾਂ ਦੀ ਸਾਂਝ ਕਾਰਣ ਹਾਸੇ-ਠੱਠੇ ਵਿੱਚ ਹੀ ਉਨ੍ਹਾਂ ਪਾਸੋਂ ਪੁਛ ਬੈਠਾ ਕਿ ਸਿੰਘ ਸਾਹਿਬ ਅਕਾਲੀ ਦਲ ਦੀ ਸਥਾਪਨਾ ਦੇ ਸਮੇਂ ਤਾਂ ਅਕਾਲੀਆਂ ਲਈ ਕਾਲੀ ਪਗੜੀ ਬਨ੍ਹਣਾ ਜ਼ਰੂਰੀ ਹੁੰਦਾ ਸੀ। ਹੁਣ ਅਕਾਲੀਆਂ ਨੇ ਕਾਲੀ ਪਗੜੀ ਛੱਡ ਨੀਲੀ ਜਾਂ ਕੇਸਰੀ ਪਗੜੀ ਬੰਨ੍ਹਣੀ ਕਿਉਂ ਸ਼ੁਰੂ ਕਰ ਦਿੱਤੀ ਹੈ? ਉਹ ਆਸ ਤੋਂ ਕਿਤੇ ਵੱਧ ਹੀ ਮੂੰਹ-ਫਟ ਨਿਕਲੇ। ਇਹ ਸੁਣ ਉਨ੍ਹਾਂ ਹਸਦਿਆਂ, ਝਟ ਜੁਆਬ ਦਿੱਤਾ ਕਿ ਉਸ ਸਮੇਂ ਅਕਾਲੀਆਂ ਦੇ ਦਿਲ ਸਾਫ ਹੋਇਆ ਕਰਦੇ ਸਨ ਅਤੇ ਪਗੜੀਆਂ ਕਾਲੀ, ਪ੍ਰੰਤੂ ਅੱਜ ਦੇ ਅਕਾਲੀ ਇਹ ਮੰਨ ਕੇ ਚਲਦੇ ਹਨ ਕਿ ਦਿਲ ਕਾਲੇ ਹੋਣੇ ਚਾਹੀਦੇ ਹਨ, ਪਗੜੀ ਭਾਂਵੇਂ ਕਿਸੇ ਵੀ ਰੰਗ ਦੀ ਹੋਵੇ, ਚਲ ਜਾਇਗੀ।


04/02/15)
ਗੁਰਸ਼ਰਨ ਸਿੰਘ ਕਸੇਲ

ਡਾ: ਇਕਬਾਲ ਸਿੰਘ ਢਿੱਲੋਂ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ।

ਆਪ ਜੀ ਦਾ ਧੰਨਵਾਦੀ ਹਾਂ ਜੋ ਆਪਨੇ ਆਪਣੇ ਵਿਚਾਰ ਦਿਤੇ ਹਨ । ਇਸੇ ਹੀ ਵਿਸ਼ੇ ਬਾਰੇ ਆਪ ਜੀ ਦਾ ਇਕ ਹੋਰ ਵਿਚਾਰ ਜਾਣਨਾ ਚਾਹੁੰਦਾ ਹਾਂ, ਆਸ ਹੈ ਕਿ ਆਪ ਆਪਣੇ ਵਿਚਾਰ ਦੱਸਣ ਦੀ ਖੇਚਲ ਕਰੋਗੇ; ਧੰਨਵਾਦੀ ਹੋਵਾਂਗਾ ।
ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ, ਗੁਰੂ ਨਾਨਕ ਦੇਵ ਜੀ ਵਲੋਂ ਪ੍ਰਚਾਰੀ ਧਾਰਮਿਕ ਵਿਚਾਰਧਾਰਾ ਭਾਂਵੇਂ ਕਿ ਉਸ ਸਮੇਂ ਦੇ ਪ੍ਰਚਲਤ ਧਰਮਾਂ ਨਾਲੋਂ ਵੱਖਰੀ ਸੀ, ਪਰ ਸਿੱਖਾਂ ਦੀ ਬਾਹਰੀ ਪਛਾਣ ਉਹੀ ਸੀ, ਜਿਸ ਧਰਮ ਨੂੰ ਉਹਨਾਂ ਦਾ ਪ੍ਰੀਵਾਰ ਮੰਨਦਾ ਸੀ। ਜਿਵੇਂ ਕਿ ਆਪਾਂ ਅੱਜ ਵੀ ਵੇਖ ਸਕਦੇ ਹਾਂ ਕਿ ਬਾਹਰੀ ਰੂਪ ਅਤੇ ਨਾਂਮ ਸਿੱਖੀ ਵਾਲਾ ਜਾਂ ਹਿੰਦੂ ਧਰਮ ਵਾਲਾ ਹੈ, ਪਰ ਧਾਰਮਿਕ ਵਿਚਾਰਧਾਰਾ ਨਾਮਧਾਰੀ, ਰਾਧਾ ਸੁਆਮੀ, ਨਰੰਕਾਰੀ ਆਦਿ ਜਾਂ ਕਈ ਡੇਰਿਆਂ ਨੂੰ ਮੰਨਣ ਵਾਲਿਆਂ ਦੀ ਹੈ।
ਡਾ: ਸਾਹਿਬ, ਤੁਹਾਡਾ ਕੀ ਖਿਆਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖੰਡੇ ਬਾਟੇ ਦੀ ਪਾਹੁਲ ਸਿੱਖਾਂ ਨੂੰ ਦਿਤੀ, ਸਿੰਘ ਨਾਂਮ ਦਿਤਾ ਇਕ ਵੱਖਰੀ ਪਹਿਚਾਣ ਦਿਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਉਪਦੇਸ਼ ਦੇ ਕੇ ਕੀ ਸਿੱਖਾਂ ਨੂੰ ਇਕ ਵੱਖਰੇ ਧਰਮ, ਕੌਮ ਦਾ ਨਾਂਮ ਨਹੀਂ ਦਿੱਤਾ?
ਆਦਰ ਸਹਿਤ,
ਗੁਰਸ਼ਰਨ ਸਿੰਘ ਕਸੇਲ


04/02/15)
ਜਸਪ੍ਰੀਤ ਕੌਰ ਫਰੀਦਾਬਾਦ/ਉਪਕਾਰ ਸਿੰਘ ਫਰੀਦਾਬਾਦ

ਜਾਤ-ਪਾਤ ਅਤੇ ਧਰਮ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਮਾਨਵਤਾ ਦੇ ਭਲੇ ਲਈ ਆਮ ਆਦਮੀ ਪਾਰਟੀ ਨੂੰ ਜਿਤਾਓ: ਸ਼੍ਰੋਮਣੀ ਸਿਖ ਸਮਾਜ
(੪ ਫਰਵਰੀ ੨੦੧੫: ਜਸਪ੍ਰੀਤ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਦੇਸ਼ `ਤੇ ਰਾਜ ਕਰ ਰਹੀ ਦੋ ਕਾਬਜ ਧਿਰਾਂ ਕਾਂਗਰਸ ਤੇ ਭਾਜਪਾ ਦਾ ਹਾਲ ਸਮੂਹ ਦੇਸ਼ਵਾਸੀਆਂ ਨੇ ਵੇਖ ਲਿਆ ਹੋਣਾ ਹੈ ਇੰਨ੍ਹਾਂ ਕਾਬਜ ਧਿਰਾਂ ਦੀ ਨਿਜ ਸਵਾਰਥ ਦੀ ਭਾਵਨਾ ਨੇ ਆਮ ਲੋਕਾਂ ਦੇ ਜੀਵਨ ਵਿੱਚ ਪੂਰੀ ਤਰ੍ਹਾਂ ਤਰੱਥਲੀ ਮਚਾ ਰਖੀ ਹੈ। ਸਤਾ ਦੇ ਭੁੱਖੇ ਇੰਨ੍ਹਾਂ ਨਲਾਇਕਾਂ ਤੇ ਭ੍ਰਿਸ਼ਟ ਆਗੂਆਂ ਦੀ ਗਲਤ ਨੀਤੀਆਂ ਦਾ ਪ੍ਰਭਾਵ ਤੁਸੀ ਅਪਣੇ ਘਰੇਲੂ ਜੀਵਨ ਵਿੱਚ ਵੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਆਮ ਆਦਮੀ ਨੂੰ ਮਹਿੰਗਾਈ, ਬੇਰੋਜਗਾਰੀ ਆਦਿ ਬੀਮਾਰੀਆਂ ਨੇ ਬੁਰੀ ਤਰ੍ਹਾਂ ਜਕੜ ਰਖਿਆਂ ਹੈ। ਇੰਨ੍ਹਾਂ ਲੋਕਾਂ ਨੇ ਲੋਕਤੰਤਰ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਿਆਸਤ ਨੂੰ ਪੂਰੀ ਤਰ੍ਹਾਂ ਗੰਧਲ਼ਾ ਕਰ ਦਿਤਾ ਹੈ। ੧੯੮੪ ਦੇ ਕਤਲੇਆਮ ਕਰਾਉਣ ਵਾਲੀ ਕਾਂਗਰਸ ਸਰਕਾਰ ਦੀ ਨਲਾਈਕੀਆਂ ਕਾਰਣ ਨਵੀਂ ਬਣੀ ਮੋਦੀ ਸਰਕਾਰ ਨੇ ਵੀ ਚੋਣਾਂ ਤੋਂ ਪਹਿਲਾਂ ਮਹਿੰਗਾਈ, ਬੇਰੋਜਗਾਰੀ ਦੂਰ ਕਰਨ ਅਤੇ ਕਾਲਾ ਧਨ ਵਾਪਸ ਲਿਆਉਣ ਸਮੇਂ ਜੋ ਵਾਅਦੇ ਕੀਤੇ ਸਨ ਉਸ ਵਿੱਚ ਉਹ ਪੁਰੀ ਤਰ੍ਹਾਂ ਨਾਕਾਮ ਰਹੀ। ਉਨ੍ਹਾਂ ਦੇ ਵਿੱਚ ਜੇ ਕੁੱਝ ਵਖਰਾ ਹੈ ਤਾਂ ਉਹ ਦੇਸ਼ ਨੂੰ ਹਿੰਦੂ ਰਾਸ਼ਟਰ ਕਿਵੇਂ ਬਨਾਉਣਾ, ਜਿਆਦਾ ਬਚੇ ਕਿੱਦਾਂ ਪੈਦਾ ਕਰਨੇ ਨੇ, ਬਾਬਰੀ ਮਸਜਿਦ ਢਾਹ ਕੇ ਮੰਦਰ ਕਿੱਦਾ ਬਣਵਾਉਣਾ, ਦੂਜੇ ਧਰਮਾਂ ਦੇ ਲੋੱਕਾਂ ਨੂੰ ਘਰ ਵਾਪਸੀ ਦੇ ਨਾਮ `ਤੇ ਧਰਮ ਪਰਿਵਰਤਨ ਕਿਦਾਂ ਕਰਨਾ ਆਦਿ ਆਦਿ। ਸ. ਉਪਕਾਰ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ੮੪ ਦੇ ਕਤਲੇਆਮ ਬਾਰੇ ਮਗਰਮੱਛ ਦੇ ਅਥਰੂ ਵਹਾਉਣ ਵਾਲੇ ਅਡਵਾਣੀ ਵਰਗੇ ਨੇਤਾ ਅਪਣੀ ਪੁਸਤਕ ਵਿੱਚ ਆਪ ਮੰਨਦੇ ਹਨ ਕਿ ਉਨ੍ਹਾਂ ਨੇ ਦਰਬਾਰ ਸਾਹਿਬ `ਤੇ ਬਲੂ ਸਟਾਰ ਓਪਰੇਸ਼ਨ ਕਰਾਉਣ ਵਾਲੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ। ਮਨੁੱਖੀ ਕਤਲੇਆਮ ਵਿੱਚ ਮਾਹਰ ਇੰਨ੍ਹਾਂ ਲੋਕਾਂ ਦੇ ਭਾਈਵਾਲ ਬਣੇ ਹਨ ਸਾਡੇ ਅਕਾਲੀ ਲੀਡਰ ਜੋ ਕਿ ਬਹੁਤ ਹੀ ਅਫਸੋਸਜਨਕ ਹੈ। ਹੁਣ ਸਾਡੇ ਕੋਲ ਇੱਕ ਨਵਾਂ ਬਦਲ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਹੈ ਜੋ ਪਿਛਲੇ ਇੱਕ- ਦੋ ਸਾਲਾਂ ਤੋਂ ਹੀ ਹੋਂਦ ਵਿੱਚ ਆਈ ਅਤੇ ਜਾਤ-ਪਾਤ ਅਤੇ ਧਰਮ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਮਾਨਵਤਾ ਦੇ ਭਲੇ ਲਈ ਕੰਮ ਕਰ ਰਹੀ ਹੈ ਜਿਸ ਵਿੱਚ ਓਹ ਬੰਦੇ ਸ਼ਾਮਲ ਹਨ ਜੋ ਪਰਚਲਤ, ਸੰਪ੍ਰਦਾਇਕ ਤੇ ਭ੍ਰਿਸ਼ਟ ਪਾਰਟੀਆਂ ਦੀ ਕਾਰਗੁਜਾਰੀ ਤੋਂ ਦੁਖੀ ਹੋ ਕੇ ਦੇਸ਼ ਵਿੱਚ ਇੱਕ ਨਵੀਂ ਰਾਜਨੀਤੀ ਦੀ ਰੂਪ ਰੇਖਾ ਤਿਆਰ ਕਰਨ ਦੇ ਇਛੁੱਕ ਹਨ। ਇਸ ਪਾਰਟੀ ਦੀ ਨੀਂਹ ਇਮਾਨਦਾਰੀ ਨਾਲ ਰਖੀ ਗਈ ਹੈ। ਏਸ ਵਿੱਚ ਸ਼ਾਮਲ ਲੋਕ ਸਾਫ਼ ਛਵੀ ਵਾਲੇ ਇਮਾਨਦਾਰ ਕਿਸਮ ਦੇ ਹਨ। ਇਸ ਨੇ ਆਪਨੇ ਪਿਛਲੇ ੪੯ ਦਿਨਾਂ ਦੇ ਕਾਰਜਕਾਲ ਵਿੱਚ ਸਰਕਾਰੀ ਅਦਾਰਿਆਂ ਵਿੱਚ ਭ੍ਰਿਸ਼ਟਾਚਾਰ ਤੇ ਪੁਲਿਸ ਵੱਲੋਂ ਪਹਿਲਾਂ ਤੋ ਲਈ ਜਾਂਦੀ ਰਿਸ਼ਵਤ ਨੂੰ ਖਤਮ ਕੀਤਾ। ਇਹਨਾਂ ਦੇ ਕਾਰਜਕਾਲ ਅੰਦਰ ਮਹਿੰਗਾਈ ਘੱਟ ਚੁੱਕੀ ਸੀ। ਏਸ ਨੇ ਧਾਰਮਕ ਸਦਭਾਵਨਾ ਦਾ ਬੀੜਾ ਚੁੱਕਿਆ ਹੈ। ਇਹ ਪਾਰਟੀ ਦੇਸ਼ਵਾਸੀਆਂ ਦੀ ਸੁਰਖਿਆ ਯਕੀਨੀ ਬਨਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਨਾਲ ਲੜੀ। ਏਸ ਨੇ ਆਪਨੇ ਪਿਛਲੇ ੪੯ ਦਿੰਨ ਦੇ ਕਾਰਜਕਾਲ ਅਨੁਸਾਰ ੮੪ ਦੇ ਕਤਲੇਆਮ ਲਈ ਏਸ ਆਈ ਟੀ ਬਨਾਉਣ ਦੇ ਹੁਕਮ ਵੀ ਜਾਰੀ ਕੀਤੇ ਸਨ। ਸ. ਉਪਕਾਰ ਸਿੰਘ ਨੇ ਕਿਹਾ ਕਿ ਇੰਨੀਆ ਖੂਬੀਆਂ ਵਾਲੀ ਪਾਰਟੀ ਨੂੰ ਹੁਣ ਪੂਰੀ ਬਹੁਮਤ ਨਾਲ ਮੋੱਕਾ ਦਿੱਤਾ ਜਾਣਾ ਚਾਹੀਦਾ ਹੈ। ਜਿਥੇ ਬਾਕੀਆਂ ਨੂੰ ਇੰਨੇ ਸਾਲ ਆਜਮਾ ਕੇ ਦੇਖਿਆ ਇਸ ਵਾਰ ਏਹਨਾ ਨੂੰ ਅਜਮਾਈਏ ਇਸ ਵਾਰ ਜਾਤ ਪਾਤ ਰਹਿਤ, ਮਾਨਵਤਾ ਦੇ ਭਲੇ ਦੀ ਗੱਲ ਕਰਣ ਵਾਲੀ ਆਮ ਆਦਮੀ ਦੀ ਸਰਕਾਰ ਲਿਆਈਏ।


04/02/15)
ਅਕੇਸ਼ ਕੁਮਾਰ

ਦਾਜ ਦਾ ਕਾਨੂੰਨ ਬਣੇ 55 ਸਾਲ ਹੋ ਗਏ ਪਰ ਅਜੇ ਤੱਕ ਨਾ ਤਾਂ ਦਾਜ ਲੈਣਾ ਬੰਦ ਹੋਇਆ ਅਤੇ ਨਾ ਹੀ ਦਾਜ ਲਈ ਔਰਤ ਤੇ ਅਤਿਆਚਾਰ ਬੰਦ ਹੋਇਆ
ਦਹੇਜ ਰੋਕਣ ਦਾ ਕਾਨੂੰਨ ਮਹਿਜ ਇੱਕ ਦਿਖਾਵਾ ਬਣ ਕੇ ਰਹਿ ਗਿਆ
ਦਾਜ ਦਾ ਕਾਨੂੰਨ ਬਣੇ 55 ਸਾਲ ਹੋ ਗਏ ਪਰ ਅਜੇ ਤੱਕ ਨਾ ਤਾਂ ਦਾਜ ਲੈਣਾ ਬੰਦ ਹੋਇਆ ਅਤੇ ਨਾ ਹੀ ਦਾਜ ਲਈ ਔਰਤ ਤੇ ਅਤਿਆਚਾਰ ਬੰਦ ਹੋਇਆ। ਸਮਾਜ ਵਿੱਚ ਇਹ ਦਾਜ ਦਾ ਲੈਣ ਦੇਣ ਸਰੇਆਮ ਚੱਲਦਾ ਰਹਿੰਦਾ ਹੈ ਅਤੇ ਇੱਥੋਂ ਤੱਕ ਕੀ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਦੇ ਵਿਆਹਾਂ ਵਿੱਚ ਵੀ ਦਹੇਜ ਦਾ ਲੈਣ ਦੇਣ ਖੁੱਲ ਕੇ ਹੁੰਦਾ ਨਜਰ ਆਉਂਦਾ ਹੈ ਅਤੇ ਇਹ ਦਹੇਜ ਰੋਕਣ ਦਾ ਕਾਨੂੰਨ ਮਹਿਜ ਇੱਕ ਦਿਖਾਵਾ ਬਣ ਕੇ ਰਹਿ ਗਿਆ ਹੈ। ਦਾਜ ਇੱਕ ਸਮਾਜਿਕ ਬੁਰਾਈ ਹੈ ਪਰ ਇਸ ਦਾ ਚਲਨ ਪੂਰੇ ਭਾਰਤ ਵਿੱਚ ਹੀ ਹੈ। ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿਸ ਨੇ ਇਸ ਬੁਰਾਈ ਤੋਂ ਛੁਟਕਾਰਾ ਪਾਇਆ ਹੋਵੇ। ਆਮ ਤੌਰ ਤੇ ਵਿਆਹ ਵੇਲੇ ਇਹ ਉਮੀਦ ਹੁੰਦੀ ਹੈ ਕਿ ਲੜਕੀ ਵਾਲੇ ਦਾਜ ਵਿੱਚ ਨਕਦੀ, ਗਹਿਣੇ ਤੇ ਹੋਰ ਘਰ ਦਾ ਸਮਾਨ ਦੇਣ ਤੇ ਅਜਿਹਾ ਨਾ ਹੋਣ ਦੀ ਸੁਰਤ ਤੇ ਕਈ ਦਾਜ ਦੇ ਲਾਲਚੀ ਸਹੁਰਿਆਂ ਵਲੋਂ ਕੁੜੀਆਂ ਨਾਲ ਮਾੜਾ ਸਲੂਕ ਵੀ ਕੀਤਾ ਜਾਂਦਾ ਹੈ। ਜਿਸ ਨਾਲ ਕਈ ਕੁੜੀਆਂ ਖੁਦਕੁਸ਼ੀ ਤੱਕ ਲਈ ਮਜਬੂਰ ਹੋ ਜਾਂਦੀਆਂ ਹਨ ਤੇ ਕਈਆਂ ਨੂੰ ਉਹਨਾਂ ਦੇ ਸਹੁਰੇ ਪਰਿਵਾਰ ਵਲੋਂ ਮਾਰ ਦੇਣ ਦੀਆਂ ਖੱਬਰਾਂ ਵੀ ਆਉਂਦੀਆਂ ਹਨ। ਭਾਰਤ ਵਿੱਚ ਦਾਜ ਵਿਰੋਧੀ ਕਾਨੂੰਨ 1961 ਵਿੱਚ ਲਾਗੂ ਹੋਇਆ ਸੀ ਪਰ ਦਾਜ ਲੈਣ ਦੇਣ ਨੂੰ ਰੋਕਣ ਵਿੱਚ ਇਹ ਨਾਕਾਮ ਹੀ ਰਿਹਾ ਹੈ। ਦਾਜ ਦੀ ਪ੍ਰਥਾ ਨੇ ਭਾਰਤੀ ਸਮਾਜ ਵਿੱਚ ਆਪਣੀਆਂ ਜੜਾਂ ਇੰਨੀਆਂ ਫੈਲਾ ਲਈਆਂ ਹਨ ਕਿ ਲੱਗਦਾ ਹੀ ਨਹੀਂ ਕਿ ਇਸ ਤੋਂ ਕਦੇ ਛੁਟਕਾਰਾ ਵੀ ਮਿਲ ਸਕਦਾ ਹੈ।
ਸਮਾਜ ਦੀ ਤਰੱਕੀ ਤੇ ਆਧੁਨਿਕਤਾ ਨਾਲ ਇਸ ਕੁਰੀਤੀ ਦੇ ਘੱਟਣ ਦੀ ਥਾਂ ਵਾਧਾ ਹੀ ਹੋਇਆ ਹੈ। ਕਿੰਨੇ ਹੀ ਮਾਂ ਬਾਪ ਹਨ ਜੋ ਆਪਣੀ ਧੀ ਦੇ ਵਿਆਹ ਲਈ ਲਿਆ ਹੋਇਆ ਕਰਜਾ ਚੁਕਾਉਂਦੇ ਚੁਕਾਉਂਦੇ ਹੀ ਮਰ ਜਾਂਦੇ ਹਨ ਤੇ ਕਿੰਨੇ ਹੀ ਪਿਓ ਇਸ ਘੁਟਨ ਨਾਲ ਰੋਜ਼ ਜੀ ਰਹੇ ਹਨ ਤੇ ਕਿੰਨੀਆਂ ਹੀ ਧੀਆਂ ਦਾਜ ਨਾ ਦੇ ਪਾਉਣ ਕਾਰਨ ਕੁਆਰੀਆਂ ਹੀ ਰਹਿ ਜਾਂਦੀਆਂ ਹਨ। ਸਮਾਜ ਵਿੱਚ ਵੱਧ ਰਹੀ ਕੰਨਿਆ ਭਰੂਣ ਹੱਤਿਆ ਦਾ ਪ੍ਰਮੁੱਖ ਕਾਰਨ ਇਹ ਦਾਜ ਦੀ ਬਿਮਾਰੀ ਵੀ ਹੈ। ਧੀ ਦੇ ਜਨਮ ਲੈਂਦਿਆਂ ਹੀ ਪਿਓ ਨੂੰ ਉਸਦੇ ਵਿਆਹ ਦੇ ਖਰਚਿਆਂ ਦੀ ਫਿਕਰ ਸਤਾਉਣ ਲੱਗ ਪੈਂਦੀ ਹੈ। ਦਾਜ ਦੀ ਇਹ ਪ੍ਰਥਾ ਦੁਨੀਆਂ ਦੇ ਲੱਗਪਗ ਹਰ ਦੇਸ਼ ਵਿੱਚ ਫੈਲੀ ਹੋਈ ਹੈ। ਸਮੇਂ ਦੇ ਨਾਲ ਕਈ ਸਮਾਜਿਕ ਕੁਰੀਤੀਆਂ ਤਾਂ ਖਤਮ ਹੋ ਗਈਆਂ ਪਰ ਇਹ ਸਮਾਜ ਵਿੱਚ ਜਿਉਂ ਦੀ ਤਿਉਂ ਆਪਣੇ ਪੈਰ ਜਮਾਈ ਬੈਠੀ ਹੈ। ਬੇਸ਼ਕ ਸਮਾਜ ਦੇ ਕਈ ਸੂਝਵਾਨਾਂ ਵੱਲੋਂ ਇਸ ਨੂੰ ਖਤਮ ਕਰਨ ਦੀ ਮੰਗ ਸਮੇਂ ਸਮੇਂ ਤੇ ਕੀਤੀ ਜਾਂਦੀ ਹੈ ਪਰ ਇਹ ਪ੍ਰਥਾ ਅਮੀਰਾਂ ਦੀ ਦੇਣ ਹੈ ਅਤੇ ਇਸ ਦਾ ਦੁੱਖ ਸਭ ਤੋਂ ਵੱਧ ਗਰੀਬਾਂ ਨੂੰ ਭੁਗਤਨਾ ਪੈਂਦਾ ਹੈ। ਅਮੀਰ ਤਾਂ ਸ਼ੌਂਕ ਅਤੇ ਸਟੇਟਸ ਦੇ ਲਈ ਲੱਖਾਂ ਰੁਪਏ ਵਿਆਹ ਤੇ ਲਗਾ ਦਿੰਦਾ ਹੈ ਪਰ ਗਰੀਬ ਨੂੰ ਤਾਂ ਆਪਣਾ ਪੇਟ ਕੱਟ ਕੇ ਪੈਸੇ ਜੋੜ ਕੇ ਹੱਥ ਤੰਗ ਕਰਕੇ ਵਿਆਹ ਤੇ ਪੈਸੇ ਲਗਾਉਣੇ ਪੈਂਦੇ ਹੈ ਅਤੇ ਕਈਆਂ ਉਪਰ ਤਾਂ ਫਿਰ ਵੀ ਕਰਜਾ ਚੜ ਜਾਂਦਾ ਹੈ ਤੇ ਫਿਰ ਵੀ ਮੁੰਡੇ ਵਾਲੇ ਖੁਸ਼ ਹੋਣਗੇ ਇਸ ਦੀ ਕੋਈ ਗਾਰੰਟੀ ਨਹੀਂ।
ਕਈ ਯੋਗ ਕੁੜੀਆਂ ਦੇ ਵਿਆਹ ਵਿੱਚ ਦਾਜ ਨਾ ਹੋਣ ਕਾਰਨ ਰੁਕਾਵਟ ਆ ਜਾਂਦੀ ਹੈ। ਪਹਿਲਾਂ ਤਾ ਮੁੰਡਾ ਭਾਲਣਾ ਹੀ ਔਖਾ ਤੇ ਫਿਰ ਜਿਹੜਾ ਮੁੰਡਾ ਮਾਂ ਪਿਓ ਧੀ ਲਈ ਲੱਭਦੇ ਹਨ ਉਸ ਵਲੋਂ ਦਾਜ ਹੀ ਇੱਨਾਂ ਮੰਗ ਲਿਆ ਜਾਂਦਾ ਹੈ ਕਿ ਧੀ ਦੇ ਮਾਂ ਪਿਓ ਖੁਦ ਨੂੰ ਬੇਬਸ ਮਹਿਸੂਸ ਕਰਦੇ ਹਨ। ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਤਾਂ ਉਸਦੇ ਪਰਿਵਾਰ ਵਾਲੇ ਉਸਦੀ ਯੋਗਤਾ ਮੁਤਾਬਕ ਦਾਜ ਵੀ ਉੱਚਾ ਭਾਲਦੇ ਹਨ ਪਰ ਕੁੜੀ ਦੇ ਗੁਨਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਰਿਸ਼ਤੇ ਕਰਣ ਲੱਗੇ ਕੁੜੀ ਦੇ ਗੁਣ ਨਹੀਂ ਉਸਦੇ ਪਿਓ ਦੀ ਹਸਤੀ ਵੇਖੀ ਜਾਂਦੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਪੁਰਾਣੇ ਸਮੇਂ ਵਿੱਚ ਇਸਤਰੀ ਧੰਨ ਦੇ ਰੂਪ ਵਿੱਚ ਜਿਸ ਰਸਮ ਦੀ ਸ਼ੁਰੂਆਤ ਔਖੇ ਵੇਲੇ ਔਰਤਾਂ ਦੇ ਸਹਾਰੇ ਦੇ ਰੂਪ ਵਿੱਚ ਹੋਈ ਸੀ ਉਹ ਹੀ ਅੱਜ ਦੇ ਸਮੇਂ ਵਿੱਚ ਉਹਨਾਂ ਦੇ ਵਿਆਹ ਵਿੱਚ ਸਭ ਤੋਂ ਵੱਡੀ ਰੁਕਾਵਟ ਵਜੋਂ ਉਭਰ ਕੇ ਆ ਰਿਹਾ ਹੈ। ਡਾਕਟਰ, ਇੰਜੀਨਿਅਰ, ਐਸ. ਬੀ. ਏ, ਸੀ. ਏ ਆਦਿ ਆਪਣੇ ਵਿਆਹਾਂ ਵਿੱਚ ਮੋਟਾ ਦਾਜ ਲੈਣਾ ਆਪਣਾ ਹੱਕ ਸਮਝਦੇ ਹਨ। ਭਾਵੇਂ ਸਮਾਜ ਦੀ ਸੋਚ ਬਦਲਣ ਨਾਲ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ ਪਰ ਅੱਜ ਵੀ ਇਹ ਪ੍ਰਥਾ ਸਮਾਜ ਦੇ ਮੱਥੇ ਤੇ ਲੱਗਿਆ ਕਲੰਕ ਹੈ। ਕਾਨੂੰਨੀ ਤੌਰ ਤੇ ਭਾਂਵੇਂ ਦਾਜ ਦੇਣਾ ਜਾਂ ਲੈਣਾ ਜੁਰਮ ਹੈ ਪਰ ਇਹ ਰੋਜ ਦਿੱਤਾ ਜਾ ਰਿਹਾ ਹੈ ਤੇ ਲਿੱਤਾ ਵੀ ਜਾ ਰਿਹਾ ਹੈ। ਰੋਜ ਦਹੇਜ ਦੇ ਲੈਣ ਦੇਣ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ।
ਸਰਕਾਰੀ ਆਂਕੜੇ ਵੀ ਦਾਜ ਸੰਬੰਧੀ ਅਪਾਰਧ ਵਿੱਚ ਹੋ ਰਹੇ ਲਗਾਤਾਰ ਵਾਧੇ ਨੂੰ ਦਰਸ਼ਾਉਂਦੇ ਹਨ। ਹਜਾਰਾਂ ਔਰਤਾਂ ਆਏ ਸਾਲ ਦਾਜ ਕਾਰਨ ਮਰ ਜਾਂਦੀਆਂ ਹਨ ਜਾਂ ਮਾਰ ਦਿੱਤੀਆਂ ਜਾਂਦੀਆਂ ਹਨ। ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਇਹਨਾਂ ਅਪਰਾਧਾਂ ਦਾ ਰਿਕਾਰਡ ਸਭ ਤੋਂ ਮਾੜਾ ਹੈ। ਸਰਕਾਰੀ ਆਂਕੜਿਆਂ ਦੇ ਮੁਤਾਬਕ ਹਰ 4 ਘੰਟੇ ਵਿੱਚ ਇੱਕ ਔਰਤ ਦਹੇਜ ਤੋਂ ਪਰੇਸ਼ਾਨ ਹੋ ਕੇ ਜਾਨ ਦੇ ਦਿੰਦੀ ਹੈ। ਨੈਸ਼ਨਲ ਕ੍ਰਾਇਮ ਰਿਕੋਰਡ ਬਿਓਰੋ ਮੁਤਾਬਕ 1999 ਵਿੱਚ ਦਹੇਜ ਕਾਰਨ 6699 ਮੌਤਾਂ ਹੋਇਆ ਜਿਹੜਾ ਆਂਕੜਾ ਵੱਧ ਕੇ 2013 ਵਿੱਚ 8083 ਹੋ ਗਿਆ। 2013 ਵਿੱਚ ਪਤੀ ਜਾਂ ਉਸਦੇ ਰਿਸ਼ਤੇਦਾਰਾਂ ਵਲੋਂ ਕੀਤੇ ਜਾਂਦੇ ਅਤਿਆਚਾਰ ਦੇ 118866 ਮਾਮਲੇ ਦਰਜ ਹੋਏ 99135 ਸਨ ਯਾਨੀ ਪਤੀ ਦੇ ਪਰਿਵਾਰ ਵਲੋਂ ਕੀਤੀ ਜਾਂਦੀ ਹਿੰਸਾ ਵਿੱਚ ਕਾਫੀ ਵਾਧਾ ਹੋਇਆ ਹੈ।
2012 ਵਿੱਚ ਆਂਧ੍ਰ ਪ੍ਰਦੇਸ਼ ਵਿੱਚ 504, ਅਸਾਮ ਵਿੱਚ 140, ਬਿਹਾਰ 1275, ਹਰਿਆਣਾ 258, ਝਾਰਖੰਡ 302, ਕਰਨਾਟਕ 218, ਮੱਧ ਪ੍ਰਦੇਸ਼ 743, ਮਹਾਰਾਸ਼ਟਰਾ 329, ਉੜੀਸਾ 525, ਪੰਜਾਬ 118, ਰਾਜਸਥਾਨ 478, ਉੱਤਰ ਪ੍ਰਦੇਸ਼ 2244, ਪੱਛਮੀ ਬੰਗਾਲ 593, ਦਿੱਲੀ ਵਿੱਚ 134 ਮੌਤਾਂ ਦਹੇਜ ਦੀ ਕੁਰੀਤੀ ਕਾਰਨ ਹੋਈਆਂ। ਨੈਸ਼ਨਲ ਕ੍ਰਾਇਮ ਰਿਕੋਰਡ ਬਿਓਰ ਦੇ ਆਂਕੜਿਆਂ ਮੁਤਾਬਕ ਪੁਰਬੀ ਭਾਰਤ ਵਿੱਚ ਹਾਲਾਤ ਅਜੇ ਕਾਫੀ ਸਹੀ ਹਨ ਕਿਉਕਿ ਉਥੇ ਦਹੇਜ ਕਾਰਨ ਹੋਣ ਵਾਲੀਆਂ ਮੌਤਾਂ ਨਾ ਬਰਾਬਰ ਹਨ। ਦਹੇਜ਼ ਸੰਬਧੀ ਮਾਮਲੇ ਵਿੱਚ 2009 ਵਿੱਚ 23374 ਤੇ 2012 ਵਿੱਚ 24418 ਗਿਰਫਤਾਰੀਆਂ ਕੀਤੀਆਂ ਗਈਆਂ ਜਿਹਨਾਂ ਵਿੱਚ 19387 ਮਰਦ ਤੇ 5031 ਔਰਤਾਂ ਸਨ। 2012 ਵਿੱਚ ਪਤੀ ਜਾਂ ਉਸਦੇ ਰਿਸ਼ਤੇਦਾਰਾਂ ਵਲੋਂ ਕੀਤੇ ਜਾਂਦੇ ਅਤਿਆਚਾਰ ਦੇ ਮਾਮਲਿਆਂ ਵਿੱਚ 197763 ਗਿਰਫਤਾਰੀਆਂ ਕੀਤੀਆਂ ਗਈਆਂ ਜਿਹਨਾਂ ਵਿੱਚ 149811 ਮਰਦ ਤੇ 47951 ਔਰਤਾਂ ਸਨ। ਪਰ ਇਹ ਸਾਰੇ ਆਂਕੜੇ ਸੋਚ ਵਿੱਚ ਪਾਉਣ ਵਾਲੇ ਹਨ ਕਿ ਆਏ ਦਿਨ ਅਸੀਂ ਅਖਬਾਰ ਵਿੱਚ ਕਿਸੇ ਨਾ ਕਿਸੇ ਧੀ ਭੈਣ ਦੇ ਦਹੇਜ ਦੀ ਬਲਿ ਚੜਨ ਦੀਆਂ ਖਬਰਾਂ ਪੜਦੇ ਹਾਂ। ਸ਼ਾਇਦ ਹੀ ਕੋਈ ਦਿਨ ਅਜਿਹਾ ਹੁੰਦਾ ਹੋਵੇਂ ਜਿਸ ਦਿਨ ਇਸ ਸੰਬੰਧ ਵਿੱਚ ਕੋਈ ਖਬਰ ਨਾ ਲੱਗੀ ਹੋਵੇ।
ਸਰਕਾਰ ਨੇ ਦਾਜ ਦੀ ਪ੍ਰਥਾ ਤੇ ਘਰੇਲੁ ਹਿੰਸਾ ਨੂੰ ਰੋਕਣ ਲਈ ਕਈ ਕਾਨੂੰਨ ਤੇ ਯੋਜਨਾਵਾਂ ਬਣਾਈਆਂ ਹਨ ਪਰ ਦਾਜ ਪ੍ਰਥਾ ਨੂੰ ਖਤਮ ਕਰ ਪਾਉਣ ਵਿੱਚ ਨਕਾਮਯਾਬ ਰਹੀ ਹੈ। ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਉਪਰੀ ਤੌਰ ਤੇ ਤਾਂ ਭਾਵੇਂ ਕੋਈ ਵੀ ਇਸ ਪ੍ਰਥਾ ਦੇ ਪੱਖ ਵਿੱਚ ਨਾ ਹੋਵੇ ਪਰ ਮੋਕਾ ਆਉਂਦੇ ਹੀ ਇਸ ਨੂੰ ਲੈਣ ਤੋਂ ਕੋਈ ਵਿਰਲਾ ਹੀ ਨਾ ਕਰਦਾ ਹੈ। ਧੀ ਵਾਲੇ ਵੀ ਆਪਣੀ ਧੀ ਦੇ ਵਿਆਹ ਵਿੱਚ ਦਾਜ ਦਿੰਦੇ ਹਨ ਅਤੇ ਪੁੱਤਰ ਦੇ ਵਿਆਹ ਵਿੱਚ ਦਾਜ ਲੈਂਦੇ ਹਨ। ਲੋਕਾਂ ਦੀ ਸੋਚ ਬਦਲਣ ਦੀ ਲੌੜ ਹੈ। ਇੱਕਲੇ ਕਾਨੂੰਨ ਨਾਲ ਇਸ ਸਮਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਸਮਾਜ ਦੀ ਸੋਚ ਵਿੱਚ ਬਦਲਾਵ ਜਰੂਰੀ ਹੈ ਕਿਉਂਕਿ ਕਿਸੇ ਲਈ ਜੇ ਇਹ ਮਾਨ ਇੱਜਤ ਦੀ ਗੱਲ ਹੈ ਤੇ ਕਿਸੇ ਦੁਸਰੇ ਲਈ ਇਹ ਆਪਣੀ ਇੱਜਤ ਬਚਾਉਣ ਦਾ ਮਸਲਾ ਹੈ। ਇਸ ਸਮਲੇ ਦੇ ਹਲ ਲਈ ਸਮਾਜਿਕ ਜਾਗਰੁਕਤਾ ਦੀ ਜਰੂਰਤ ਹੈ। ਜਰੂਰਤ ਹੈ ਨੌਜਵਾਨ ਮੁੰਡੇ ਤੇ ਕੁੜੀਆਂ ਦੇ ਅੱਗੇ ਆਉਣ ਦੀ। ਜੇਕਰ ਅੱਜ ਦੀ ਪੀੜੀ ਹੀ ਦਹੇਜ ਦਾ ਬਾਈਕਾਟ ਕਰ ਦੇਵੇ ਤਾਂ ਇਹ ਕੁਰੀਤੀ ਆਪਣੇ ਆਪ ਹੀ ਹਲ ਹੁੰਦੀ ਜਾਵੇਗੀ। ਅੱਜ ਕਲ ਤਾਂ ਕਈ ਖੇਤਰਾਂ ਵਿੱਚ ਕੁੜੀਆਂ ਮੁੰਡਿਆਂ ਤੋਂ ਵੀ ਅੱਗੇ ਹਨ। ਮੁੰਡਿਆਂ ਨੂੰ ਵੀ ਆਪਣਾ ਜੀਵਨ ਸਾਥੀ ਚੁਣਨ ਵੇਲੇ ਉਸਦੇ ਗੁਨਾਂ ਨੂੰ ਵੇਖਣਾ ਚਾਹੀਦਾ ਹੈ ਨਾ ਕਿ ਉਸਦੇ ਪਿਓ ਦੇ ਬੈਂਕ ਬੈਲੰਸ ਨੂੰ। ਧੀ ਦੇ ਮਾਂ ਪਿਓ ਨੂੰ ਵੀ ਚਾਹੀਦਾ ਹੈ ਕਿ ਉਹ ਉਸਨੂੰ ਬੋਝ ਨਾ ਸਮਝ ਕੇ ਸਗੋਂ ਕਾਬਲ ਬਣਾ ਕੇ ਆਪਣੇ ਪੈਰਾਂ ਤੇ ਖੜਾ ਕਰਨ ਤਾਂ ਜੋ ਉਹ ਜਿੰਦਗੀ ਦੇ ਹਰ ਉਤਾਰ ਚੜਾਵ ਦਾ ਸਾਮਨਾ ਕਰ ਸਕੇ।
ਅਕੇਸ਼ ਕੁਮਾਰ
ਗੁਰੂ ਨਾਨਕ ਨਗਰ
ਬਰਨਾਲਾ
ਮੋ 98880-31426


04/02/15)
ਬਲਦੀਪ ਸਿੰਘ ਰਾਮੂੰਵਾਲੀਆ/ਫੇਸਬੁੱਕ ਰਾਹੀਂ

ਕੀ ਭਗਤ ਧੰਨੇ ਨੇ ਪੱਥਰ ਚੋ ਰੱਬ ਪਾਇਆ?
ਗੁਰਬਾਣੀ ਨੂੰ ਜਦ ਗੁਰੂ ਨਾਨਕ ਸਾਹਿਬ ਆਪ ਇੱਕਤਰ ਕਰ ਰਹੇ ਸਨ ਤਾਂ ਉਹਨਾਂ ਨੇ ਆਪਣੇ ਹਮ ਖਿਆਲੀ ਦੂਰ ਅੰਦੇਸ਼ੀ ਦਾਰਸ਼ਨਿਕਾਂ ਦੀ ਰਚਨਾ ਵੀ ਇਕਤਰ ਕੀਤੀ। ਭਗਤ ਬਾਣੀ ਨੂੰ ਇਕਠਾ ਕਰਨ ਵਖਤ ਉਹਨਾਂ ਨੇ ਇਕ ਕਸਵਟੀ ਰਖੀ ਜੋ ਬਾਣੀ ਇਸ ਕਸਵਟੀ ਤੇ ਖਰੀ ਉਤਰੀ ਉਹ ਇਕਠੀ ਕਰ ਲਈ ਗਈ। ਉਹ ਕਸਵਟੀ ਸੀ ਮੰਗਲਾਚਰਣ ..ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੁੰ ਗੁਰ ਪ੍ਰਸਾਦਿ॥
ਗੁਰਮਤਿ ਅੰਦਰ ਸਿਰਫ ਇਕ ਅਕਾਲਪੁਰਖ ਦੀ ਗਲ ਹੈ ਉਸ ਤੋ ਬਿਨਾਂ ਕਿਸੇ ਹੋਰ ਨੂੰ ਮੰਨਣਾ ਜਾਂ ਪੂਜਣਾ ਮਨਮਤ ਹੈ। ਪਥਰ ਪੂਜਾ ਲਈ ਤਾਂ ਗੁਰਬਾਣੀ ਚ ਕੋਈ ਥਾਂ ਨਹੀ। ਸਗੋ ਗੁਰੂ ਸਾਹਿਬ ਤਾਂ ਕਹਿੰਦੇ ਹਨ ਕਿ ਜੋ ਪਥਰ ਪੂਜਦੇ ਹਨ ਉਹਨਾਂ ਦੀ ਸੇਵਾ ਘਾਲਣਾ ਨਿਸਫਲ ਰਹਿੰਦੀ ਹੈ ਤੇ ਉਹ ਰਬੀ ਘਰ ਦੇ ਗੁਨਹਗਾਰ ਬਣ ਜਾਂਦੇ ਹਨ :-
ਘਰ ਮਹਿ ਠਾਕੁਰੁ ਨਦਰਿ ਨ ਆਵੈ॥ ਗਲ ਮਹਿ ਪਾਹਣੁ ਲੈ ਲਟਕਾਵੈ॥ ੧॥
ਭਰਮੇ ਭੂਲਾ ਸਾਕਤ ਫਿਰਤਾ॥ ਨੀਰੁ ਬਿਰੋਲੈ ਖਪਿ ਖਪਿ ਮਰਤਾ॥ ਰਹਾਉ॥
ਜਿਸ ਪਾਹਣੁ ਕਉ ਠਾਕੁਰ ਕਹਤਾ॥ ਉਹ ਪਾਹਣ ਲੈ ਉਸ ਕਉ ਡੁਬਤਾ॥੨॥
ਗੁਨਹਗਾਰੁ ਲੂਣ ਹਰਾਮੀ॥ ਪਾਹਣੁ ਨਾਵ ਨ ਪਾਰਗਿਰਾਮੀ॥ ੩॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ॥ ਜਲ ਥਲ ਮਹੀਅਲਿ ਪੂਰਨ ਬਿਧਾਤਾ॥ ੪॥ (ਸੂਹੀ ਮ :੫,੧੧੬੦)
ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਈ ਪਾਇ॥ ਤਿਸ ਕੀ ਘਾਲਿ ਅਜਾਈ ਜਾਇ॥ (ਮ;੫)
ਨਾਵਹਿ ਧੋਵਹਿ ਪੂਜਹਿ ਸੈਲਾ, ਬਿਨ ਹਰਿ ਰਾਤੇ ਮੈਲੋ ਮੈਲਾ॥ (ਰਾਮਕਲੀ ਮ:੧)
ਦੁਬਿਧਾ ਨ ਪੜਉ ਹਰਿ ਬਿਨੁ ਹੋਰ ਨ ਪੂਜਉ ਮੜੈ ਮਸਾਣ ਨ ਜਾਈ (ਮ:੧)

ਉਪਰੋਕਤ ਪ੍ਰਮਾਣਾ ਤੋ ਸਾਨੂੰ ਗਿਆਤ ਹੋ ਗਿਆ ਕਿ ਗੁਰਬਾਣੀ ਅੰਦਰ ਪਥਰ ਪੂਜਾ ਮਨਮਤ ਹੈ। ਹੁਣ ਜੋ ਇਹ ਕਹਿੰਦੇ ਹਨ ਕਿ ਭਗਤ ਧੰਨੇ ਨੂੰ ਪਥਰ ਚੋ ਰਬ ਮਿਲਿਆ ਹੈ ਤਾਂ ਇਹ ਸਵਾਲ ਮਲੋ ਜ਼ੋਰੀ ਉਠ ਪੈਦੇ ਹਨ :-
ਜੇ ਭਗਤ ਧੰਨਾ ਜੀ ਪਥਰ ਪੂਜਾ ਕਰਦੇ ਸਨ ਤਾਂ ਉਹਨਾ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਚ ਕਿਵੇ ਦਰਜ਼ ਹੋਈ?
ਕੀ ਗੁਰੂ ਜੀ ਗੁਰਬਾਣੀ ਪਰਖਣ ਦੀ ਕਸਵਟੀ ਤੋ ਉਲਟ ਜਾ ਸਕਦੇ ਸਨ?
ਭਗਤ ਧੰਨਾ ਜੀ ਦੇ ਆਪਣੇ ਕੀ ਵੀਚਾਰ ਹਨ ਅਕਾਲਪੁਰਖ ਬਾਰੇ ....
ਆਉ ਇਹਨਾਂ ਸਵਾਲਾਂ ਦਾ ਜੁਆਬ ਲਭਣ ਲਈ ਭਾਈ ਗੁਰਦਾਸ ਜੀ, ਭਗਤ ਧੰਨਾ ਜੀ ਤੇ ਗੁਰੂ ਅਰਜਨ ਸਾਹਿਬ ਦੀ ਰਚਨਾ ਦਾ ਅਧਿਅਨ ਕਰੀਏ ;
ਮਹਾਨ ਕੋਸ਼ (ਭਾਈ ਕਾਨ੍ਹ ਸਿੰਘ ਨਾਭਾ) ਦੇ ਪੰਨਾ ੬੭੩ਤੇ ਭਗਤ ਧਨਾ ਜੀ ਬਾਰੇ ਜੋ ਜਾਣਕਾਰੀ ਹੈ ਉਸ ਅਨੁਸਾਰ ਆਪ ਦਾ ਜਨਮ ਟਾਂਕ ਦੇ ਇਲਾਕੇ ਧੂਆਨ ਪਿੰਡ ਵਿਚ (ਜੋ ਦੇਉਲੀ ਤੋ ੨੦ਮੀਲ ,ਰਾਜਸਥਾਨ) ਸੰਮਤ ੧੪੭੩ ਵਿਚ ਜਟ ਵੰਸ਼ ਵਿਚ ਹੋਇਆ। ਆਪ ਨੇ ਅਧਿਆਤਮਿਕ ਵਿਦਿਆ ਭਗਤ ਰਾਮਾਨੰਦ ਜੀ ਤੋ ਕਾਸ਼ੀ ਜਾ ਕਿ ਲਈ। ਆਪ ਦਸਾ ਨਹੁ ਦੀ ਕਿਰਤ ਕਰਦੇ ਸਨ ਤੇ ਰਬੀ ਪਿਆਰੁ ਨਾਲ ਲਬਰੇਜ ਸਨ। ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਹਨ ;ਦੋ ਆਸਾ ਰਾਗ ਚ ਤੇ ਇਕ ਧਨਾਸਰੀ ਚ।
ਜੋ ਗਲ ਅਸੀ ਵੀਚਾਰਨੀ ਆ ਉਹ ਹੈ ਕਿ ਭਗਤ ਧਨਾ ਜੀ ਬਾਰੇ ਸਾਡੇ ਕਥਾਵਾਚਕਾਂ ਦੁਆਰਾ ਭਾਈ ਗੁਰਦਾਸ ਦੀ ਦਸਵੀ ਵਾਰ ਦੀ ਤੇਰਵੀ ਪਉੜੀ ਦੇ ਗਲਤ ਅਰਥ ਕਰਕੇ ਉਹਨਾਂ ਨੂੰ ਪਥਰ ਪੂਜਕ ਸਾਬਿਤ ਕਰਨਾ ਜੋ ਭਗਤ ਜੀ ਦਾ ਨਿਰਾਦਰ ਹੈ ....
ਵੀਚਾਰ ਨੂੰ ਅਗੇ ਤੋਰਨ ਤੋ ਪਹਿਲਾ ਆਉ ਭਾਈ ਗੁਰਦਾਸ ਦੀ ਇਸ ਪਉੜੀ ਦੇ ਦਰਸ਼ਨ ਕਰੀਏ ਤੇ ਵੀਚਾਰੀਏ ਕਿ ਇਸ ਵਿਚ ਰਬ ਦੀ ਪ੍ਰਾਪਤੀ ਦਾ ਸਾਧਨ ਪਥਰ ਪੂਜਾ ਜਾ ਕੁਝ ਹੋਰ :---
ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣਿ ਆਵੈ ।
ਧੰਨੇ ਡਿਠਾ ਚਲਿਤੁ ਏਹੁ, ਪੂਛੈ ਬਾਹਮ੍ਹਣ, ਆਖ ਸੁਣਾਵੈ।
ਠਾਕੁਰ ਦੀ ਸੇਵਾ ਕਰੈ, ਜੋ ਇਛੈ ਸੋਈ ਫਲੁ ਪਾਵੈ।
ਧੰਨਾ ਕਰਦਾ ਜੋਦੜੀ, ਮੈ ਭਿ ਦੇਹ ਇਕ, ਜੇ ਤੁਧ ਭਾਵੈ।
ਪਥਰ ਇਕ ਲੇਪਟਿ (ਪਲੇਟਿ) ਕਰ, ਦੇ ਧੰਨੇ ਨੋ, ਗੈਲ ਛੁਡਾਵੈ।
ਠਾਕੁਰ ਨੋ ਨ੍ਹਾਵਲਿ ਕੈ, ਛਾਹਿ ਰੋਟੀ ਲੈ ਭੋਗ ਚੜਾਵੈ।
ਹਥਿ ਜੋੜਿ ਜੋੜਿ ਮਿਨਤਿ ਕਰੈ, ਪੈਰੀ ਪੈ ਪੈ ਬਹੁਤ ਮਨਾਵੈ।
ਹਉ ਭੀ ਮੁਹੁ ਨ ਜੁਠਾਲਸਾਂ, ਤੂ ਰੁਠਾ ਮੈ ਕਿਹੁ ਨ ਸੁਖਾਵੈ।
ਗੋਸਾਈ ਪਰਤਖ ਹੋਇ, ਰੋਟੀ ਖਾਹਿ, ਛਾਹਿ ਮੁਹਿ ਲਾਵੈ?
ਭੋਲਾ ਭਾਉ ਗੋਬਿੰਦ ਮਿਲਾਵੈ। (ਵਾਰ ੧੦ ਪਉੜੀ ੧੩)

ਹੁਣ ਇਸ ਪਉੜੀ ਦੇ ਅਰਥ ਵਿਸ਼ਰਾਮਾਂ ਸਹਿਤ ਹੇਠ ਲਿਖੇ ਹਨ .....
ਬਾਹਮ੍ਹਣ ਪੂਜੈ ਦੇਵਤੇ :-ਬ੍ਰਹਾਮਣਾ ਵਲੋ ਪਥਰਾਂ ਦੀ ਪੂਜਾ ਕਰਨੀ ਤੇ ਉਹਨਾ ਦੇ ਨਾਂ ਤੇ ਖਾਣਾ ਮੰਗ ਕੇ।
ਧੰਨਾ ਗਉ ਚਰਾਵਣ ਆਵੈ :-ਭਗਤ ਧਨਾ ਜੀ ਕਿਰਤੀ ਹਨ ਤੇ ਪਸ਼ੂਆਂ ਦੇ ਦੁਧ ਦਾ ਕੰਮ ਵੀ ਕਰਦੇ ਹਨ।
ਧੰਨੇ ਡਿਠਾ ਚਲਿਤ ਏਹ :-ਧੰਨਾ ਜੀ ਬ੍ਰਹਾਮਣ ਦੁਆਰਾ ਲੋਕਾਂ ਚ ਪਾਏ ਪਥਰਾਂ ਦੇ ਡਰ ਤੇ ਇਸ ਆਸਰੇ ਆਪਣਾ ਪੇਟ ਭਰਨ ਦੇ ਢੌਗ ਨੂੰ ਦੇਖਿਆ ਤਾਂ ਉਸ ਦੀ ਇਸ ਪੂਜਾ ਅਰਚਾ ਨੂੰ ਇਕ ਤਮਾਸ਼ਾ ਭਾਵ ਝੂਠ ਦਸਿਆ।
ਪੁਛੈ:-ਭਗਤ ਧੰਨਾ ਜੀ ਕਹਿਂਦੇ ਪੰਡਿਤਾ ਇਸ ਪਥਰ ਪੂਜਾ ਨਾਲ ਕੀ ਹੋ ਜੋ ..
ਬਾਹਮ੍ਹਣ ਆਖ ਸੁਣਾਵੈ :-ਤਾਂ ਪੰਡਿਤ ਧਨੇ ਨੂੰ ਕਹਿਣ ਲਗਾ ..
ਠਾਕੁਰ ਦੀ ਸੇਵਾ ਕਰੈ :-ਧੰਨਿਆ ਜੋ ਇਸ ਠਾਕੁਰ (ਪਥਰ) ਦੀ ਸੇਵਾ ਕਰਦਾ ਨਾ ਫਿਰ ਇਹ ਠਾਕੁਰ ਖੁਸ਼ ਹੋ ਕਿ ...
ਜੋ ਇਛੇ ਸੋਈ ਫਲ ਪਾਵੈ :-ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ
ਧੰਨਾ ਕਰਦਾ ਜੋਦੜੀ :-ਭਗਤ ਧਨਾ ਜੀ ਆਖਣ ਲਗੇ ਪੰਡਿਤਾ ਲੈ ਫਿਰ ਮੇਰਾ ਇਕ ਕੰਮ ਕਰਕੇ ਦਿਖਾ (ਇਥੋ ਗਲ ਵਿਅੰਗ ਚ ਸ਼ੂਰੁ ਹੁੰਦੀ ਹੈ)
ਮੈ ਭਿ ਦੇਹ ਇਕੁ :- ਮੈਨੂੰ ਇਕ ਅਕਾਲ ਪੁਰਖ ਮਿਲਾਦੇ .....
ਜੇ ਤੁਧ ਭਾਵੈ :-ਜੇ ਤੂੰ ਕਰ ਸਕਦਾ ਤਾਂ.
ਪਥਰ ਇਕ ਲਪੇਟ ਕਰ :-ਪੰਡਿਤ ਜੀ ਨੇ ਇਕ ਪਥਰ ਚੁਕਿਆ ਤੇ ਕਪੜੇ ਚ ਲਪੇਟ ਕੇ
ਦੇ ਧੰਨੇ ਨੋ :-ਧੰਨੇ ਨੂੰ ਦੇਣ ਲਗੇ ..
ਗੈਲ ਛੁਡਾਵੈ :-ਤੇ ਆਪਣਾ ਪਿਛਾ ਪੰਡਿਤ ਜੀ ਛਡਾਉਣ ਲਗੇ
ਜਰੂਰੀ ਨੋਟ :-ਜਦ ਪੰਡਿਤ ਨੇ ਪਥਰ ਲਪੇਟਿਆ ਤਾਂ ਨਾਲ ਨਾਲ ਧੰਨਾ ਜੀ ਨੂੰ ਕਹਿਣ ਲਗਾ ਕਿ ਕੁਝ ਵੀ ਖਾਣ ਪੀਣ ਤੋ ਪਹਿਲਾ ਠਾਕੁਰ ਜੀ ਨੂੰ ਭੋਗ ਲਵਾਉਣਾ ਹੈ, ਬਸ ਆਹ ਭੋਗ ਵਾਲੀ ਗਲ ਤੋ ਭਗਤ ਧੰਨੇ ਨੇ ਪੰਡਿਤ ਦਾ ਸਾਰਾ ਪਾਜ ਉਧੇੜ ਦਿਤਾ ;ਪਾਠਕ ਜਨ ਹੁਣ ਥੌੜਾ ਜ਼ਿਆਦਾ ਧਿਆਨ ਨਾਲ ਇਸ ਤੋ ਅਗਲੀ ਵੀਚਾਰ ਨੂੰ ਪੜਣ)
ਠਾਕੁਰ ਨੋ ਨਾਵਾਲਿ ਕੈ :-(ਭਗਤ ਜੀ ਪੰਡਿਤ ਤੋ ਪਥਰ ਨਹੀ ਪਕੜਦੇ ਸਗੋ ਇਕ ਹੋਰ ਸਵਾਲ ਕਰ ਦਿੰਦੇ ਨੇ ਉਸਦਾ ਪਾਜ ਲਾਉਣ ਲਈ )ਧੰਨਾ ਜੀ ਕਹਿੰਦੇ ਪੰਡਿਤ ਜੀ ਤੂੰ ਰੋਜ਼ ਇਹਨਾਂ ਪਥਰਾਂ ਨੂੰ ਪਾਣੀ ਨਾਲ ਧੋ ਕਿ .....
ਛਾਹਿ ਰੋਟੀ ਲੈ ਭੋਗ ਚੜਾਂਵੈ (ਵ ਦੀਆਂ ਦੁਲਾਵਾਂ ਤੇ ਬਿੰਦੀ ਲਾਉਣੀ ਹੈ) :-ਪੰਡਿਤਾ ਤੂੰ ਰੋਜ਼ ਪਥਰ ਨੂੰ ਲਸੀ ਰੋਟੀ ਦਾ ਭੋਗ ਲਾਉਣ ਦੀਆਂ ਗਲਾਂ ਕਰਦਾ (ਅਸਲ ਚ ਤੂੰ ਲੋਕਾ ਨੂੰ ਮੂਰਖ ਬਣਾ ਰਿਹਾ ਪਥਰ ਕਿਸੇ ਵਸਤੂ ਨੂੰ ਭੋਗ (ਖਾ) ਨਹੀ ਸਕਦੇ ਮੈ ਦਾਅਵੇ ਨਾਲ ਇਹ ਗਲ ਕਹਿੰਦਾ ਕਿ ...
ਹਥਿ ਜੋੜਿ ਮਿਨਤ ਕਰੈ (ਰ ਦੀਆਂ ਦੁਲਾਵਾਂ ਤੇ ਬਿੰਦੀ ਲਾਉਣੀ ਆ) :-ਪੰਡਿਤਾ ਤੂੰ ਹਥ ਜੋੜ ਕਿ ਇਸ ਪਥਰ ਦੀਆ ਮਿਨਤਾ ਕਰੈ ..
ਪੈਰੀ ਪੈ ਪੈ ਬਹੁਤ ਮਨਾਵੈ (ਵ ਦੀਆਂ ਦੁਲਾਵਾਂ ਤੇ ਬਿੰਦੀ) :-ਇਸ ਪਥਰ ਦੇ ਹਦ ਦਰਜੇ ਤਕ ਤਰਲੇ ਕਢੇ ..ਇਹ ਹੀ ਬਸ ਨੀ ਸਗੋ..
ਹਉ ਭੀ ਮੁਹੁ ਨ ਜੁਠਾਲਸਾਂ :-ਤੂੰ ਪੰਡਿਤਾਂ ਇਸ ਪਥਰ ਅਗੇ ਖੜ ਕਿ ਇਹ ਪ੍ਰਣ ਕਰ ਲਗੈ ਕਿ ਮੈ ਵੀ ਅੰਨ ਦਾ ਦਾਣਾ ਨੀ ਖਾਣਾ ਕਿੳਕਿ ....
ਤੂੰ ਰੁਠਾ :-ਤੂੰ ਭਗਵਾਨ (ਪਥਰ) ਜੀ ਰੁਸ ਗਿਆ ਹੈ
ਮੈ ਕਿਹੁ ਨ ਸੁਖਾਵੈ :-ਤੂੰ ਪੰਡਿਤਾ ਇਥੋ ਤਕ ਵੀ ਕਹਿ ਦੇਵੇ ਕਿ ਮੈਨੂੰ ਠਾਕੁਰ ਤੋ ਬਿਨਾਂ ਕੋਈ ਚੰਗਾ ਨਹੀ ਲਗਦਾ ਤਾਂ ਕੀ
ਗੋਸਾਂਈ ਪਰਤਖ ਹੋਇ ਰੋਟੀ ਖਾਹਿ ਛਾਹਿ ਮੁਹਿ ਲਾਵੈ? :-ਕੀ ਇਸ ਪਥਰ ਚ ਰਬ ਪ੍ਰਗਟ ਹੋ ਕਿ ਤੇਰੇ ਕਹਿਣ ਅਨੁਸਾਰ ਇਹਨਾਂ ਚੀਜ਼ਾਂ ਨੂੰ ਛਕ ਲੋ? ਬੋਲੋ ਪੰਡਿਤ ਜੀ ਕੀ ਰਬ ਪ੍ਰਗਟ ਹੋ ਜੂ
ਭਗਤ ਧੰਨਾ ਜੀ ਕਹਿੰਦੇ ਪੰਡਿਤਾ ਕਿਉ ਲੋਕਾਂ ਨੂੰ ਮੂਰਖ ਬਣਾ ਰਿਹਾ ਬਹਾਨਾ ਠਾਕੁਰ (ਪਥਰ) ਨੂੰ ਭੋਗ ਲਵਾਉਣ ਦਾ ਪਰ ਖਾਦਾਂ ਕੌਣ ਹੈ? ਸ਼ਰਮ ਕਰੋ ਪੰਡਿਤ ਜੀ ਰਬ ਇਹਨਾਂ ਤਰੀਕਿਆਂ ਨਾਲ ਨੀ ਮਿਲਦਾ।
ਭਗਤ ਧੰਨਾ ਜੀ ਦੀਆਂ ਦਲੀਲਾਂ ਅਗੇ ਪੰਡਿਤ ਨਿਰੁਤਰ ਹੋ ਗਿਆ ਤਾਂ ਉਸ ਨੇ ਭਗਤ ਧੰਨਾ ਜੀ ਨੂੰ ਪੁਛਿਆ ਕਿ ਫਿਰ ਰਬ ਦੀ ਪ੍ਰਾਪਤੀ ਦਾ ਸਾਧਨ ਕੀ ਹੈ ਤਾਂ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਪੰਡਿਤ ਨੂੰ ਭਗਤ ਧੰਨਾ ਜੀ ਨੇ ਕਿਹਾ ਸਮਝਾਇਆ ....
ਭੋਲਾ ਭਾਉ ਗੋਬਿੰਦ ਮਿਲਾਵੈ।
ਭੋਲਾ :-ਨਿਰਸਾਵਰਥ (ਔਗੁਣਾ ਰਹਿਤ ਸੁਭਾਉ)
ਭਾਉ :-ਪ੍ਰੇਮ
ਗੋਬਿੰਦ :-ਧਰਤੀ ਦਾ ਮਾਲਕ
ਮਿਲਾਵੈ :-ਮਿਲਦਾ ਹੈ
(ਉਪਰੋਕਤ ਪਉੜੀ ਦੇ ਅਰਥ ਮੈ ਪਦ ਅਰਥਾਂ ਦੇ ਰੂਪ ਚ ਕੀਤੇ)
ਸੋ ਉਪਰੋਕਤ ਵੀਚਾਰ ਤੋ ਅਸੀ ਸਹਿਜੇ ਹੀ ਸਿਟਾ ਕਢ ਸਕਦੇ ਹਾਂ ਕਿ ਭਾਈ ਗੁਰਦਾਸ ਜੀ ਭਗਤ ਧੰਨਾ ਜੀ ਦੁਆਰਾ ਪਥਰ ਪੂਜਾ ਦਾ ਮੰਡਨ ਨਹੀ ਸਗੋ ਖੰਡਨ ਕਰ ਰਹੇ ਹਨ। ਸੋ ਪਹਿਲੀ ਗਲ ਇਹ ਸਾਬਿਤ ਹੁੰਦੀ ਹੈ ਭਾਈ ਗੁਰਦਾਸ ਦੀ ਪਉੜੀ ਚੋ ਕਿ ਭਗਤ ਧੰਨਾ ਜੀ ਨਿਰਾਕਾਰ ਦੇ ਉਪਾਸ਼ਕ ਸਨ ਨਾ ਕਿ ਪਥਰਾਂ ਦੇ।
ਆਉ ਹੁਣ ਆਪਾਂ ਭਗਤ ਧੰਨਾ ਜੀ ਦੇ ਆਪਣੀ ਜ਼ੁਬਾਨੋ ਪੁਛਦੇ ਹਾਂ ਕਿ ਉਹਨਾਂ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਕਿੰਝ ਹੋਈ ਉਹ ਆਪ ਫਰਮਾਉਦੇ ਹਨ :-
ਗਿਆਨ ਪ੍ਰਵੇਸ਼ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ।
ਪ੍ਰੇਮ ਭਗਤਿ ਮਾਨੀ ਸੁਖ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ॥ ੩॥
ਜੋਤਿ ਸਮਾਏ ਸਮਾਨੀ ਜਾ ਕਾ ਅਛਲੀ ਪ੍ਰਭ ਪਹਿਚਾਨਿਆ॥
ਧੰਨੇ ਧਨ ਪਾਇਆ ਧਰਣੀਧਰ ਮਿਲਿ ਜਨ ਸੰਤੁ ਸਮਾਨਿਆ॥ (ਆਸਾ ;੪੮੭)
ਕਹੈ ਧਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਹੀ॥ (ਆਸਾ ;੪੮੮)

ਉਪਰੋਕਤ ਰਚਨਾ ਭਗਤ ਧੰਨਾ ਜੀ ਦੀ ਹੈ ਜਿਸ ਤੋ ਸਪਸਟ ਹੋ ਰਿਹਾ ਹੈ;ਉਹ ਖੁਦ ਮੰਨ ਰਹੇ ਆ ਕਿ "ਧੰਨੇ ਧਨ ਪਾਇਆ ਧਰਣੀਧਰ ਮਿਲਿ ਜਮ ਸੰਤੁ ਸਮਾਨਿਆ "ਕਿ ਮੈਨੂੰ ਗੁਰਮੁਖਾਂ ਦੀ ਸੰਗਤ ਦੁਆਰਾ ਮਿਲੀ ਸੋਝੀ ਨੇ ਇਹ ਗਲ ਸਮਝਾ ਦਿਤੀ ਕਿ ਰਬ ਜੀ ਤਾਂ ਹਰ ਜਗਾ ਮੌਜੂਦ ਹਨ "ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਹੀ "
ਸੋ ਇਸਤਰਾਂ ਇਹ ਮਿਥ ਕਿ ਭਗਤ ਧੰਨਾ ਜੀ ਨੂੰ ਰਬ ਪਥਰ ਚੋ ਮਿਲਿਆ ਸੀ ;ਭਗਤ ਧੰਨਾ ਜੀ ਦੀ ਬਾਣੀ ਦੁਆਰਾ ਝੂਠੀ ਪੈ ਜਾਂਦੀ ਹੈ। (ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆਂ ਲਈ ਭਗਤ ਬਾਣੀ ਸਟੀਕ ਭਾਗ ੧ ਪੜੋ ਪ੍ਰੋ. ਸਾਹਿਬ ਸਿੰਘ)
ਹੁਣ ਤਕ ਅਸੀ ਭਾਈ ਗੁਰਦਾਸ ਤੇ ਭਗਤ ਧੰਨਾ ਜੀ ਦੀ ਆਪਣੀ ਰਚਨਾ ਚੋ ਇਹ ਸਾਬਿਤ ਕਰ ਦਿਤਾ ਹੈ ਕਿ ਭਗਤ ਧੰਨਾ ਜੀ ਨਾਲ ਜੋੜੀ ਜਾਂਦੀ ਪਥਰ ਚੋ ਰਬ ਪ੍ਰਾਪਤੀ ਦੀ ਮਿਥ ਨਿਰਾਧਾਰ ਹੈ।
ਹੁਣ ਅਸੀ ਉਸ ਸਖਸ਼ੀਅਤ ਦੇ ਵਿਚਾਰਾਂ ਤੋ ਜਾਣੂ ਹੋਵਾਂਗੇ ਜੋ ਗੁਰੂ ਗ੍ਰੰਥ ਦੀ ਸੰਪਾਦਨਾ ਕਰਦੇ ਹਨ ਤੇ ਬਾਣੀ ਨੂੰ ਤਰਤੀਬ ਦਿੰਦੇ ਹਨ। ਭਾਵ ਕਿ ਗੁਰੂ ਅਰਜਨ ਸਾਹਿਬ ਜੀ ;ਇਸ ਚ ਕੋਈ ਸ਼ਕ ਨੀ ਕਿ ਪਥਰ ਵਾਲੀ ਕਹਾਣੀ ਭਗਤ ਧਨਾ ਜੀ ਦੀ ਗੁਰੂ ਅਰਜਨ ਸਾਹਿਬ ਦੇ ਸਮੇ ਤਕ ਪ੍ਰਚਿਲਤ ਹੋ ਚੁਕੀ ਸੀ ਜਿਸ ਕਾਰਨ ਗੁਰੂ ਅਰਜਨ ਸਾਹਿਬ ਨੂੰ ਵੀ ਨਿਰਣਾ ਕਰਕੇ ਦਸਣਾ ਪਇਆ ਕਿ ਭਗਤ ਧਨਾ ਜੀ ਨੂੰ ਰਬ ਦੀ ਪ੍ਰਾਪਤੀ ਕਿੰਝ ਹੋਈ ;
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮੁਖ ਲੀਣਾ॥
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ੧॥ਰਹਾੳੁ॥
ਬੁਨਨਾ ਤਨਨਾ ਤਿਆਗਿ ਕੇ ਪ੍ਰੀਤਿ ਚਰਨ ਕਬੀਰਾ॥
ਨੀਚ ਕੁਲਾ ਜੋਲਾਰਾ ਭਇਓ ਗੁਨੀਯ ਗਹੀਰਾ॥ ੧॥
ਰਵਿਦਾਸ ਢੁਵੰਤਾ ਢੋਰ ਨੀਤਿ ਤਿਆਗੀ ਮਾਇਆ॥
ਪਰਗਟ ਹੋਆ ਸਾਧ ਸੰਗਿ ਹਰ ਦਰਸ਼ਨ ਪਾਇਆ॥ ੨॥
ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ॥
ਹਿਰਦੈ ਵਸਿਆ ਪਾਰਬ੍ਰਹਮ ਭਗਤਾਂ ਮਹਿ ਗਨਿਆ॥ ੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ ੪॥(ਮ:੫,ਆਸਾ ੪੮੭)

ਗੁਰੂ ਅਰਜਨ ਸਾਹਿਬ ਜੀ ਨੇ ਇਸ ਸ਼ਬਦ ਦੁਆਰਾ ਸਾਫ ਕਰ ਦਿਤਾ ਹੈ ਕਿ ਧੰਨਾ ਜੀ ਨੂੰ ਅਕਾਲ ਪੁਰਖੁ ਦੀ ਸੋਝੀ ਪਥਰਾਂ ਚੋ ਨਹੀ ਸਗੋ ਗਿਆਨਵਾਨ ਤਰਕ ਸ਼ਾਸ਼ਤਰੀ ਨਾਮਦੇਵ, ਕਬੀਰ, ਰਵਿਦਾਸ, ਸੈਨ ਵਰਗਿਆਂ ਅਜ਼ੀਮ ਸ਼ਖਸ਼ੀਅਤਾਂ ਦੇ ਗਿਆਨ ਦੁਆਰਾ ਤੇ ਭਗਤ ਰਾਮਾਨੰਦ ਜੀ ਦੁਆਰਾ ਅਧਿਆਤਮਿਕ ਮਾਰਗ ਚ ਕੀਤੇ ਗਿਆਨ ਰੂਪੀ ਚਾਨਣ ਦੁਆਰਾ ਹੋਈ ਜਿਸ ਨੂੰ ਭਗਤ ਧੰਨਾ ਜੀ ਖੁਦ ਕਬੂਲ ਕਰਦੇ ਹਮ :-
ਗਿਆਨ ਪ੍ਰਵੇਸ ਗੁਰਹਿ ਧਨੁ ਦੀਆ ...........
..............................................
ਧੰਨੇ ਧਨੁ ਪਾਇਆ ਧਰਣੀਧਰ ਮਿਲਿ ਜਨੁ ਸੰਤੁ ਸਮਾਨਿਆ (ਆਸਾ ਭਗਤ ਧਨਾ, ੪੮੭)
ਸੋ ਉਪਰੋਕਤ ਸਾਰੀ ਵਿਚਾਰਚਰਚਾ ਤੋ ਅਸੀ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਭਗਤ ਧੰਨਾ ਜੀ ਨੂੰ ਪਥਰ ਚੋ ਰਬ ਨਹੀ ਮਿਲਿਆ ਭਾਵ ਉਹ ਪਥਰ ਪੂਜਕ ਨਹੀ ਸਨ। ਅਕਾਲਪੁਰਖ ਦੇ ਮਿਲਾਪ ਦਾ ਸਾਧਨ ਭਗਤ ਜੀ ਦੇ ਜੀਵਨ ਚ ਸਿਰਫ ਤੇ ਸਿਰਫ ਗੁਰਮੁਖਾ ਦੀ ਸੰਗਤ ਤੇ ਗਿਆਨ ਦੇ ਪ੍ਰਕਾਸ਼ ਦੁਆਰਾ ਰਬ ਜੀ ਦੀ ਪ੍ਰਾਪਤੀ ਹੋਈ।
ਸੋ ਅਸੀ ਵੀ ਭਗਤ ਧੰਨਾ ਜੀ ਦੇ ਜੀਵਨ ਤੇ ਬਾਣੀ ਤੋ ਸਿਖਿਆ ਲੈ ਕਿ ਕਿਰਤਮ ਪੂਜਾ ਤਿਆਗ ਕਿ ਇਕ ਨਿੰਰਕਾਰ ਵਾਲੇ ਬਣ ਜਾਈਏ।
ਭੁਲ ਚੁਕ ਦੀ ਖਿਮਾ।
ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
96543-42039


03/02/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਸ. ਗੁਰਸ਼ਰਨ ਸਿੰਘ ਕਸੇਲ ਜੀ, ਮੇਰੇ ਵੱਲੋਂ ਆਦਰ-ਸਹਿਤ ਭੇਜੀ ਜਾ ਰਹੀ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ!
02. 02. 2015 ਨੂੰ ‘ਸਿਖਮਾਰਗ’ ਵੈਬਸਾਈਟ ਉੱਤੇ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਆਪ ਜੀ ਵੱਲੋਂ ਆਪਣੇ ਪੱਤਰ ਵਿੱਚ ਉਠਾਇਆ ਗਿਆ ਨੁਕਤਾ ਬਹੁਤ ਹੀ ਮਹੱਤਵਪੂਰਨ ਹੈ। ਇਸ ਨੁਕਤੇ ਸਬੰਧੀ ਸਪਸ਼ਟਤਾ ਨਾ ਹੋਣ ਕਰਕੇ ਆਪਣੇ-ਆਪ ਨੂੰ ‘ਸਿਖ’ ਅਖਵਾਉਣ ਵਾਲੇ ਲੋਕ ਵੱਡੇ ਭੰਬਲਭੂਸੇ ਦਾ ਸ਼ਿਕਾਰ ਹੋਏ ਬੈਠੇ ਹਨ ਅਤੇ ਸਾਰਾ ‘ਸਿਖ’ ਭਾਈਚਾਰਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਘਿਰਿਆ ਪਿਆ ਹੈ।
ਸ. ਕਸੇਲ ਜੀ, ਪਹਿਲਾਂ ਆਪਾਂ ‘ਸਿੰਘ’ ਸ਼ਬਦ ਬਾਰੇ ਵਿਚਾਰ ਕਰ ਲੈਂਦੇ ਹਾਂ। ‘ਸਿੰਘ’ ਸ਼ਬਦ ਦੀ ਮਨੁੱਖੀ ਨਾਮ ਦੇ ਹਿੱਸੇ ਵਜੋਂ ਕਈ ਜਾਤੀਆਂ ਅਤੇ ਕੌਮਾਂ ਦੇ ਲੋਕ ਵਰਤੋਂ ਕਰਦੇ ਆ ਰਹੇ ਹਨ ਅਤੇ ਇਹ ਪ੍ਰੰਪਰਾ ਸਿਖ ਗੁਰੂ ਸਾਹਿਬਾਨ ਤੋਂ ਪਹਿਲੇ ਸਮਿਆਂ ਤੋਂ ਲੈਕੇ ਚਲੀ ਆ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਖ ਲਹਿਰ ਵਿੱਚ ਸ਼ਾਮਲ ਵਿਅਕਤੀਆਂ ਲਈ ਇਸ ਸਬਦ ਦੀ ਵਰਤੋਂ ਨੂੰ ਜ਼ਰੂਰੀ ਕਰ ਦੇਣ ਦਾ ਮਨਸ਼ਾ ਇੱਕ ਚੰਗੀ ਪ੍ਰੰਪਰਾ ਨੁੰ ਅਪਣਾਉਣ ਦੇ ਨਾਲ-ਨਾਲ ਇਹਨਾਂ ਵਿਅਕਤੀਆਂ ਵਿੱਚ ਵੀਰਤਾ, ਸਵੈਮਾਣ, ਬਰਾਬਰੀ ਅਤੇ ਸਾਂਝੀਵਾਲਤਾ ਦੀਆਂ ਭਾਵਨਾਵਾਂ ਭਰਨ ਦਾ ਸੀ ਕਿਉਂਕਿ ਉਹਨਾਂ ਦਾ ਅਸਲੀ ਉਦੇਸ਼ ਆਪਣੇ ਪੇਰੋਕਾਰਾਂ ਨੂੰ ਮਾਨਵਵਾਦ ਲਈ ਸਮਰਪਿਤ ਆਦਰਸ਼ਕ ਕਿਰਿਆਵਾਦੀ
(activists) ਬਣਾਉਣ ਦਾ ਸੀ ( ‘ਸਿੱਖੀ’ ਦੇ ਸੰਦਰਭ ਵਿੱਚ ‘ਖਾਲਸਾ’ ਦਾ ਅਸਲੀ ਅਰਥ ਵੀ ਸ਼ੁਧ ਭਾਵ ਆਦਰਸ਼ਕ ਮਾਨਵਵਾਦੀ ਵਲੰਟੀਅਰ ਤੋਂ ਬਣਦਾ ਹੈ)। ਇਹ ਉਦੇਸ਼ ਗੁਰਬਾਣੀ ਦੀ ਸਿੱਖਿਆ ਤੇ ਅਧਾਰਤ ਹੋਣ ਕਰਕੇ ਗੁਰਮੱਤ ਦੇ ਐਨ ਅਨੁਸਾਰ ਸੀ। ਸੋ, ਜੇਕਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਹੋਣ ਕਰਕੇ ‘ਸਿੰਘ’ ਸ਼ਬਦ ਨੂੰ ਆਪਣੇ ਨਾਮ ਦਾ ਹਿੱਸਾ ਬਣਾਉਂਦੇ ਹਾਂ ਤਾਂ ਸਾਡੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਗੁਰੂ ਜੀ ਦੇ ਇਸ ਉਦੇਸ਼ ਦੀ ਪਰਾਪਤੀ ਹਿਤ ਆਪਣਾ ਪੂਰਾ-ਸੂਰਾ ਯੋਗਦਾਨ ਪਾਈਏ। ਅੇਵੇਂ ਆਪਣੇ-ਆਪ ਨੂੰ ਸਿੰਘ ਜਾਂ ਖਾਲਸਾ ਕਹਿ ਕੇ ‘ਨਿਆਰੇ’ ਹੋਣ ਦਾ ਢੋਲ ਵਜਾਉਂਦੇ ਰਹਿਣਾ ਅਸਲੀ ‘ਸਿੱਖੀ’ ਨਹੀਂ।
ਸ. ਕਸੇਲ ਜੀ, ਆਪ ਜੀ ਦੇ ਸਵਾਲਾਂ ਦੇ ਸੰਦਰਭ ਵਿੱਚ ਸਾਨੂੰ ‘ਕੌਮ’ ਅਤੇ ‘ਧਰਮ’ ਸ਼ਬਦਾਂ ਬਾਰੇ ਸਪਸ਼ਟ ਹੋਣ ਦੀ ਲੋੜ ਪਵੇਗੀ। ਸਿਖ ਗੁਰੂ ਸਾਹਿਬਾਨ ਸਮੁੱਚੀ ਮਨੁੱਖਤਾ ਨੂੰ ਇੱਕ ਹੀ ਭਾਈਚਾਰਾ ਸਮਝਦੇ ਸਨ। ਇਸ ਲਈ ਉਹਨਾਂ ਨੇ ਕੋਈ ਵੱਖਰੀ ਕੌਮ ਬਣਾਉਣ ਦਾ ਕੋਈ ਉਪਰਾਲਾ ਨਹੀਂ ਸੀ ਕੀਤਾ। ਜਦੋਂ ਅਸੀਂ ਆਪਣੇ-ਆਪ ਨੂੰ ਇੱਕ ਵੱਖਰੀ ਕੌਮ ਵਜੋਂ ਪੇਸ਼ ਕਰਦੇ ਹਾਂ ਤਾਂ ਅਸੀਂ ਆਪਣੇ ਗੁਰੂ ਸਾਹਿਬਾਨ ਪ੍ਰਤੀ ਅਵੱਗਿਆ ਵਿਖਾ ਰਹੇ ਹੁੰਦੇ ਹਾਂ। ਅਸਲ ਵਿੱਚ ‘ਕੌਮ’ ਦਾ ਵਿਚਾਰ ਸੰਸਥਾਗਤ ਧਰਮ ਦੀ ਉਪਜ ਹੈ ਅਤੇ ਗੁਰੂ ਸਾਹਿਬਾਨ ਨੇ ਸੰਸਥਾਗਤ ਧਰਮ ਨੂੰ ਮੂਲੋਂ ਹੀ ਨਕਾਰਿਆ ਹੈ। ਇਸ ਲਈ ਸਾਨੂੰ ਆਪਣਾ ਧਿਆਨ ‘ਧਰਮ’ ਦੇ ਗੁਰਮੱਤ ਅਧਾਰਤ ਅਰਥਾਂ ਨੂੰ ਸਮਝਣ ਅਤੇ ਅਪਣਾਉਣ ਵੱਲ ਦੇਣਾ ਚਾਹੀਦਾ ਹੈ। ਇਹ ਅਰਥ ਗੁਰਬਾਣੀ ਵਿੱਚ ਕਈ ਥਾਈਂ ਦਿੱਤੇ ਹੋਏ ਮਿਲਦੇ ਹਨ। ਅਜੋਕੇ ‘ਸਿਖ’ ਅਖਵਾਉਂਦੇ ਵਿਅਕਤੀਆਂ ਦੀ ਤਰਾਸਦੀ ਇਹ ਹੈ ਕਿ ਵਿਵਹਾਰਿਕ ਤੌਰ ਤੇ ਉਹ ਸੰਸਥਾਗਤ ਧਰਮ ਨੂੰ ਅਪਣਾਈ ਬੈਠੇ ਹਨ ਅਤੇ ਦਾਵਾ ਉਹ ‘ਸ਼ਬਦ ਗੁਰੂ’ ਦੇ ਪੈਰੋਕਾਰ ਹੋਣ ਦਾ ਕਰਦੇ ਹਨ। ਦੋਗਲੇਪਨ ਦੀ ਇਹ ਮਾਰੂ ਨੀਤੀ ਹੀ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ।
ਸ. ਕਸੇਲ ਜੀ, ਆਪ ਜੀ ਨੇ ਮੇਰੀ ਪਛਾਣ ਬਾਰੇ ਸਵਾਲ ਕੀਤਾ ਹੈ। ਉੱਤਰ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਸਿਖ ਗੁਰੂ ਸਾਹਿਬਾਨ ਦੇ ਮਾਨਵਵਾਦੀ ਮਿਸ਼ਨ ਦਾ ਨਿਮਾਣਾ ਜਿਹਾ ਪਰੰਤੂ ਸਮਰਪਿਤ ਵਲੰਟੀਅਰ ਹਾਂ, ਮੇਰੀ ਕੋਈ ਵੱਖਰੀ ਕੌਮ ਨਹੀਂ, ਸਮੁੱਚੀ ਮਨੁੱਖਤਾ ਹੀ ਮੇਰੀ ਕੌਮ ਹੈ ਅਤੇ ਮੈਂ ਕਿਸੇ ਸੰਸਥਾਗਤ ਧਰਮ ਨੂੰ ਨਹੀਂ ਮੰਨਦਾ ਕਿਉਂਕਿ ‘ਸ਼ਬਦ ਗੁਰੂ’ ਦੇ ਆਦੇਸ਼ ਅਨੁਸਾਰ ਮੇਰਾ ‘ਧਰਮ’ ਹੈ ‘ਹਰਿ ਕੋ ਨਾਮ ਜਪਿ ਨਿਰਮਲ ਕਰਮੁ’।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।


03/02/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਇੰਜ ਦਰਸ਼ਨ ਸਿੰਘ ਖਾਲਸਾ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ।

ਆਪ ਜੀ ਨੇ ਆਪਣੀ 01-02-15 ਵਾਲੀ ਲਿਖਤ ਵਿਚ ਗੁਰਮਤਿ ਪ੍ਰਤੀ ਕਾਫੀ ਜਾਣਕਾਰੀ ਦਿਤੀ ਹੈ । ਕੀ ਆਪ ਜੀ ਇਹ ਜਾਣਕਾਰੀ ਦੇਣ ਦੀ ਖੇਚਲ ਕਰੋਗੇ ਕਿ ਜਿਹੜੇ ਸਿੱਖ ਜਾਂ ਪ੍ਰਚਾਰਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਅਰਦਾਸ ਕਰਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਹੀ ਸੰਬੋਧਨ ਕਰਦੇ ਹਨ, ਕੀ ਉਹ ਗੁਰਮਤਿ ਅਨੁਸਾਰ ਠੀਕ ਹੈ ਜਾਂ ਨਹੀਂ ? ਜਾਣਕਾਰੀ ਦੇਣ ਲਈ ਧੰਨਵਾਦੀ ਹੋਵਾਂਗਾ ।

ਆਦਰ ਸਹਿਤ, ਗੁਰਸ਼ਰਨ ਸਿੰਘ ਕਸੇਲ


03/02/15)
ਸ਼੍ਰੋਮਣੀ ਸਿਖ ਸਮਾਜ

ਜਿਥੇ ਬਾਕੀਆਂ ਨੂੰ ਇੰਨੇ ਸਾਲ ਆਜਮਾ ਕੇ ਦੇਖਿਆ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੀ ਅਜਮਾ ਲਈਏ: ਸ਼੍ਰੋਮਣੀ ਸਿਖ ਸਮਾਜ
ਵੋਟਰ ਦੋਸਤੋ!
ਚੌਣਾਂ ਦਾ ਸਮਾਂ ਚਲ ਰਿਹਾ ਹੈ, ਸਾਰੀਆਂ ਪਾਰਟੀਆਂ ਆਪਣਾ ਪਿਛਲਾ ਕਰੂਪ ਚਿਹਰਾ ਲੁਕਾ ਕੇ `ਤੇ ਨਵਾਂ ਮੁਖੌਟਾ ਪਾ ਕੇ ਤੁਹਾਡੀ ਵੋਟ ਲੈਣ ਲਈ ਲਿਲਕੜੀਆਂ ਕੱਢਣਗੀਆਂ ਪਰ ਧਿਆਨ ਰਖਿਓ ਤੁਸੀਂ ਇੱਕ ਦਿਨ ਦੇ ਬਾਦਸ਼ਾਹ ਹੋ ਜੇ ਏਸ ਦਿਨ ਤੁਸੀਂ ਅਪਣੀ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਨਾ ਕੀਤਾ ਤਾਂ ਆਉਣ ਵਾਲੇ ਪੰਜ ਸਾਲ ਤੁਹਾਨੂੰ ਅਪਨੇ ਆਪ ਨੂੰ ਕੋਸਣਾ ਪਵੇਗਾ। ਇਸ ਸਮੇਂ ਦਿੱਲੀ ਵਿੱਚ ਤਿੰਨ ਮੁਖ ਪਾਰਟੀਆਂ ਚੋਣਾਂ ਲੜ ਰਹੀਆਂ ਹਨ। ੧. ਕਾਂਗਰਸ ੨. ਭਾਜਪਾ ੩. ਆਮ ਆਦਮੀ ਪਾਰਟੀ।
ਆਪਾਂ ਤਿੰਨਾਂ ਬਾਰੇ ਵਾਰੀ ਵਾਰੀ ਗੱਲ ਕਰਾਂਗੇ …
੧. ਕਾਂਗਰਸ:- ਕਾਂਗਰਸ ਪਿਛਲੇ ਕਈ ਸਾਲਾਂ ਤੋਂ ਦੇਸ਼ `ਤੇ ਰਾਜ ਕਰ ਰਹੀ ਹੈ। ਏਸ ਦੇ ਰਾਜ ਵਿੱਚ ੧੯੮੪ ਨੂੰ ਦੇਸ਼ ਦੀ ਘੱਟ ਗਿਣਤੀ ਸਿੱਖ (ਜਿਸ ਨੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ) ਦਾ ਕਤਲੇਆਮ ਹੋਇਆ। ਜਿੰਨ੍ਹਾ ਲੀਡਰਾਂ ਦੀ ਕਤਲੇਆਮ ਵਿੱਚ ਸ਼ਮੂਲੀਅਤ ਸੀ ਓਹਨਾ ਨੂੰ ਨਾ ਸਿਰਫ ਬਚਾਇਆ ਬਲਕਿ ਉਚ ਅਹੁਦੇ ਵੀ ਦਿੱਤੇ। ਜਿਸ ਦਾ ਅੱਜ ਤੱਕ ਇਨਸਾਫ਼ ਨਹੀ ਮਿਲਿਆ। ਏਹਨਾ ਦੇ ਰਾਜ ਵਿੱਚ ਰੱਜ ਕੇ ਘੱਪਲੇ ਹੋਏ, ਰਿਸ਼ਵਤਖੋਰੀ, ਮਹਿੰਗਾਈ ਚਰਮ ਸੀਮਾ `ਤੇ ਪੁੱਜੀ, ਬੇਰੁਜਗਾਰੀ ਵਧੀ।
੨. ਭਾਜਪਾ:- ਦੂਜੇ ਨੰਬਰ `ਤੇ ਭਾਜਪਾ ਜਿਸ ਦਾ ਪਿਛੋਕੜ ਆਰ. ਐਸ. ਐਸ. ਨਾਲ ਹੈ, ਇੱਕ ਕੱਟੜ `ਤੇ ਅਸਹਿਨਸ਼ੀਲ ਫਿਰਕੂ ਪਾਰਟੀ ਹੈ ਜੋ ਸਿਰਫ ਕਾਂਗਰਸ ਦੀ ਨਲਾਇਕੀਆਂ ਦਾ ਫਾਇਦਾ ਚੱਕ ਕੇ ਸੱਤਾ ਵਿੱਚ ਆਈ ਹੈ ਪਰ ਇਸ ਕੋਲ ਵੀ ਦੇਸ਼ ਨੂੰ ਚਲਾਉਣ ਲਈ ਕੋਈ ਵਧੀਆ ਬਦਲ ਨਹੀਂ ਹੈ। ਅਮੀਰ ਘਰਾਨਿਆਂ ਨਾਲ ਏਸ ਦੇ ਸਬੰਧ ਹਨ। ਜੇ ਕੁੱਝ ਵਖਰਾ ਹੈ ਤਾਂ ਦੇਸ਼ ਨੂੰ ਹਿੰਦੂ ਰਾਸ਼ਟਰ ਕਿਵੇਂ ਬਨਾਉਣਾ, ਜਿਆਦਾ ਬਚੇ ਕਿੱਦਾਂ ਪੈਦਾ ਕਰਨੇ ਨੇ, ਬਾਬਰੀ ਮਸਜਿਦ ਢਾਹ ਕੇ ਮੰਦਰ ਕਿੱਦਾ ਬਣਵਾਉਣਾ, ਦੂਜੇ ਧਰਮਾਂ ਦੇ ਲੋੱਕਾਂ ਨੂੰ ਘਰ ਵਾਪਸੀ ਦੇ ਨਾਮ `ਤੇ ਧਰਮ ਪਰਿਵਰਤਨ ਕਿਦਾਂ ਕਰਨਾ ਆਦਿ ਆਦਿ। ਦਿੱਲੀ ਵਿੱਚ ੮੪ ਦੇ ਕਤਲੇਆਮ ਬਾਰੇ ਮਗਰਮੱਛ ਦੇ ਅਥਰੂ ਵਹਾਉਣ ਵਾਲੇ ਆਪ ਦਰਬਾਰ ਸਾਹਿਬ `ਤੇ ਬਲਿਊਸਟਾਰ ਓਪਰੇਸ਼ਨ ਕਰਾਉਣ ਵਾਲੀ ਇੰਦ੍ਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੰਦੇ ਫਿਰਦੇ ਸੀ। ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਹੈ ਜਿਸ ਵਿੱਚ ਇਹ ਭਾਈਵਾਲ ਹਨ ਪਰ ਓਥੇ ਜਾ ਕੇ ਏਹਨਾ ਦੀ ਸਰਕਾਰ ਵੱਲੋਂ ਦਿੱਤਾ ਸ਼ਾਸਨ ਦੇਖੋ … ੭੦ ਫੀਸਦੀ ਨੋਜਵਾਨ ਨਸ਼ੇ ਵਿੱਚ ਗਰਕ ਹੋ ਚੁੱਕੇ ਨੇ … ਨਸ਼ੇ ਵੰਡਣ ਦਾ ਇਲਜਾਮ ਏਹਨਾ ਦੇ ਮੰਤਰੀਆਂ `ਤੇ ਲੱਗਾ ਹੋਇਆ ਜਿੰਨਾ ਵਿਚੋਂ ਕਈਆਂ `ਤੇ ਤਾਂ ਇਨਕੋਇਰੀ ਵੀ ਚੱਲ ਰਹੀ ਹੈ, ਬੇਰੁਜਗਾਰੀ ਦਾ ਆਲਮ ਇਹ ਹੈ ਕੀ ਹਰ ਰੋਜ਼ ਪੀੜਤਾਂ ਵੱਲੋਂ ਏਹਨਾ ਖਿਲਾਫ਼ ਧਰਨੇ ਲੱਗ ਰਹੇ ਨੇ. . ਕਦੇ ਅਧਿਆਪਕਾਂ ਵੱਲੋਂ. . ਕਦੇ ਡਾਕਟਰਾਂ ਵੱਲੋਂ ਕਦੇ ਕਿਸਾਨਾਂ ਵੱਲੋਂ ਆਦਿ। ਵਪਾਰ ਦਾ ਮੰਦਾ ਹਾਲ ਕੀਤਾ ਪਿਆ। ਉਦਯੋਗਿਕ ਘਰਾਨੇ ਜਾਂ ਤਾਂ ਪੰਜਾਬ ਛੱਡ ਕੇ ਦੁੱਜੇ ਰਾਜਾਂ ਵਿੱਚ ਜਾ ਚੁੱਕੇ ਹਨ ਜਾਂ ਜਾਣ ਲਈ ਤਿਆਰ ਬੈਠੇ ਹਨ। ਵੀ ਆਈ ਪੀ ਕਲਚਰ, ਰਿਸ਼ਵਤਖੋਰੀ ਚਰਮ ਸੀਮਾ `ਤੇ ਹੈ। ਗੁੰਡਾਗਰਦੀ, ਚੋਰੀ ਡਕੇਤੀ ਆਮ ਬਣ ਚੁੱਕੀ ਹੈ। ਧਾਰਮਕ ਅਸਥਾਨਾਂ `ਤੇ ਕਬਜ਼ਾ ਕਰ ਕੇ ਧਰਮ ਨੂੰ ਵਪਾਰ ਬਣਾ ਛੱਡਿਆ। ਕੀ ਤੁਸੀਂ ਏਹੋ ਜਿਹਾ ਸ਼ਾਸਨ ਦਿੱਲੀ ਵਿੱਚ ਵੀ ਚਾਹੁੰਦੇ ਹੋਂ?
ਭਾਜਪਾ ਕੋਲ ਵੀ ਭ੍ਰਸ਼ਟ ਤੇ ਫਿਰਕੂ ਆਗੂ ਨੇ। ਇਸ ਕਰਕੇ ਉਸ ਨੇ ਪੇਰਾਸ਼ੂਟ ਰਾਹੀਂ ਕਿਰਨ ਬੇੱਦੀ ਨੂੰ ਉਤਾਰਿਆ। ਕਿਰਨ ਬੇੱਦੀ ਬਾਰੇ ਵੀ ਜਾਣ ਲਵੋ … ਅੰਮ੍ਰਿਤਸਰ ਵਿੱਚ ਨਿਰੰਕਾਰੀਆਂ ਵੱਲੋਂ ੧੩ ਸਿੱਖਾਂ ਦਾ ਕਤਲੇਆਮ ਕੀਤੇ ਜਾਣ ਦੇ ਖ਼ਿਲਾਫ਼ ਪ੍ਰੋਟੈਸਟ ਜਲੂਸ ਹੋਰ ਥਾਂ ਤੋਂ ਇਲਾਵਾ ਦਿੱਲੀ ਵਿੱਚ ਵੀ ਨਿਕਲੇ। ੫ ਨਵੰਬਰ ੧੯੭੮ ਨੂੰ ਦਿੱਲੀ ਵਿੱਚ ਨਿਕਲੇ ਜਲੂਸ `ਤੇ ਕਿਰਨ ਬੇਦੀ ਦੀ ਅਗਵਾਈ ਹੇਠ ਦਿੱਲੀ ਪੁਲੀਸ ਨੇ ਟੀਅਰ-ਗੈਸ ਅਤੇ ਗੋਲੀਆਂ ਚਲਾਈਆਂ। ਕਿਰਨ ਬੇਦੀ ਖ਼ੁਦ ਲਾਠੀਆਂ ਨਾਲ ਮੁਜ਼ਾਹਰਾ ਕਰਦੇ ਨਿਹੱਥੇ ਸਿੱਖਾਂ ਨੂੰ ਕੁੱਟਦੀ ਰਹੀ। ਪੁਲਿਸ ਨੇ ਗੋਲੀਆਂ ਚਲਾ ਕੇ ਤਿੰਨ ਸਿੱਖ ਸ. ਅਵਤਾਰ ਸਿੰਘ ਕੋਹਲੀ, ਮਨਿੰਦਰ ਸਿੰਘ ਅਤੇ ਗੋਬਿੰਦ ਸਿੰਘ ਨੂੰ ਮਾਰ ਦਿੱਤਾ। ਏਥੇ ਹੀ ਬਸ ਨਹੀਂ ਦਿੱਲੀ ਪੁਲਿਸ ਨੇ ਸ਼ਾਮ ਨੂੰ ਬੰਗਲਾ ਸਾਹਿਬ, ਰਕਾਬ ਗੰਜ ਗੁਰਦਵਾਰੇ ਨੂੰ ਵੀ ਸੀਲ ਕਰ ਦਿੱਤਾ। ਆਪਨੇ ਆਪ ਨੂੰ ਪਹਿਲੀ ਮਹਿਲਾ ਆਈ ਪੀ ਐਸ ਆਫਿਸਰ ਕਹਿਣ ਵਾਲੀ `ਤੇ ਪ੍ਰਧਾਨ ਮੰਤਰੀ ਦੀ ਗੱਡੀ ਦਾ ਚਲਾਨ ਕੱਟਣ ਵਾਲੀ ਔਰਤ ਦੇ ਝੂਠ ਵੀ ਫੜੇ ਗਏ। ਕੀ ਤੁਸੀਂ ਏਹੋ ਜਿਹੀਆਂ ਨੂੰ ਵੋਟ ਪਾਉਣਾ ਪਸੰਦ ਕਰੋਗੇ?
੩. ਆਮ ਆਦਮੀ ਪਾਰਟੀ:- ਆਮ ਆਦਮੀ ਪਾਰਟੀ ਜੋ ਕਿ ਪਿਛਲੇ ਇੱਕ- ਦੋ ਸਾਲਾਂ ਤੋਂ ਹੀ ਹੋਂਦ ਵਿੱਚ ਆਈ ਹੈ ਜਿਸ ਵਿੱਚ ਓਹ ਬੰਦੇ ਸ਼ਾਮਲ ਹਨ ਜੋ ਪਰਚਲਤ, ਸੰਪ੍ਰਦਾਇਕ ਤੇ ਭ੍ਰਿਸ਼ਟ ਪਾਰਟੀਆਂ ਦੀ ਕਾਰਗੁਜਾਰੀ ਤੋਂ ਦੁਖੀ ਹੋ ਕੇ ਦੇਸ਼ ਵਿੱਚ ਇੱਕ ਨਵੀਂ ਰਾਜਨੀਤੀ ਦੀ ਰੂਪ ਰੇਖਾ ਤਿਆਰ ਕਰਨ ਦੇ ਇਛੁੱਕ ਹਨ। ਇਸ ਪਾਰਟੀ ਦੀ ਨੀਂਹ ਇਮਾਨਦਾਰੀ ਨਾਲ ਰਖੀ ਗਈ ਹੈ। ਏਸ ਵਿੱਚ ਸ਼ਾਮਲ ਲੋਕ ਸਾਫ਼ ਛਵੀ ਵਾਲੇ ਇਮਾਨਦਾਰ ਕਿਸਮ ਦੇ ਹਨ। ਇਸ ਨੇ ਆਪਨੇ ਪਿਛਲੇ ੪੯ ਦਿਨਾਂ ਦੇ ਕਾਰਜਕਾਲ ਵਿੱਚ ਸਰਕਾਰੀ ਅਦਾਰਿਆਂ ਵਿੱਚ ਭ੍ਰਿਸ਼ਟਾਚਾਰ ਤੇ ਪੁਲਿਸ ਵੱਲੋਂ ਪਹਿਲਾਂ ਤੋ ਲਈ ਜਾਂਦੀ ਰਿਸ਼ਵਤ ਨੂੰ ਖਤਮ ਕੀਤਾ। ਇਹਨਾਂ ਦੇ ਕਾਰਜਕਾਲ ਅੰਦਰ ਮਹਿੰਗਾਈ ਘੱਟ ਚੁੱਕੀ ਸੀ। ਏਸ ਨੇ ਧਾਰਮਕ ਸਦਭਾਵਨਾ ਦਾ ਬੀੜਾ ਚੁੱਕਿਆ ਹੈ। ਇਹ ਪਾਰਟੀ ਸਾਡੀ ਸੁਰਖਿਆ ਯਕੀਨੀ ਬਨਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਨਾਲ ਲੜੀ। ਏਸ ਨੇ ਆਪਨੇ ਪਿਛਲੇ ੪੯ ਦਿੰਨ ਦੇ ਕਾਰਜਕਾਲ ਅਨੁਸਾਰ ੮੪ ਦੇ ਕਤਲੇਆਮ ਲਈ ਏਸ ਆਈ ਟੀ ਬਨਾਉਣ ਦੇ ਹੁਕਮ ਜਾਰੀ ਕੀਤੇ ਸਨ। ਇੰਨੀਆ ਖੂਬੀਆਂ ਵਾਲੀ ਪਾਰਟੀ ਨੂੰ ਹੁਣ ਪੂਰੀ ਬਹੁਮਤ ਨਾਲ ਮੋੱਕਾ ਦਿੱਤਾ ਜਾਣਾ ਚਾਹੀਦਾ ਹੈ।
ਆਓ! ਜਿਥੇ ਬਾਕੀਆਂ ਨੂੰ ਇੰਨੇ ਸਾਲ ਆਜਮਾ ਕੇ ਦੇਖਿਆ ਇਸ ਵਾਰ ਏਹਨਾ ਨੂੰ ਅਜਮਾਈਏ …. . ਇਸ ਵਾਰ ਆਮ ਆਦਮੀ ਦੀ ਸਰਕਾਰ ਲਿਆਈਏ … ਧੰਨਵਾਦ … ਵੱਲੋਂ ਸ਼੍ਰੋਮਣੀ ਸਿਖ ਸਮਾਜ।
(ਨੋਟ:- ਭਾਵੇਂ ਕਿ ਅਸੀਂ ਅਨੇਕਾਂ ਵਾਰੀ ਇੱਥੇ ਲਿਖ ਕੇ ਦੱਸ ਚੁੱਕੇ ਹਾਂ ਕਿ ‘ਸਿੱਖ ਮਾਰਗ’ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ ਅਤੇ ਆਮ ਪਾਰਟੀ ਨਾਲ ਵੀ ਨਹੀਂ ਹੈ। ਕਿਉਂਕਿ ਇਸ ਆਮ ਆਦਮੀ ਦੀ ਪਾਰਟੀ ਵਲੋਂ ਲੋਕ ਭਲਾਈ ਅਤੇ ਸਮੁੱਚੀ ਮਨੁੱਖਤਾ ਨੂੰ ਇਕੋ ਜਿਹਾ ਸਮਝਣ ਵਲੀਆਂ ਗੱਲਾਂ ਕਰਨੀਆਂ ਅਤੇ ਹਾਲੇ ਤੱਕ ਕੋਈ ਫਿਰਕੂ ਤੰਗਦਿਲੀ ਵਾਲੀ ਗੱਲ ਵੀ ਕੋਈ ਨਾ ਕਰਨੀ ਜਿਸ ਕਾਰਨ ਇਸ ਨੂੰ ਆਮ ਲੋਕਾਂ ਵਲੋਂ ਚੰਗਾ ਹੁੰਘਾਰਾ ਮਿਲ ਰਿਹਾ ਹੈ। ਇਹ ਸਾਰੀਆਂ ਗੱਲਾਂ ਗੁਰਬਾਣੀ ਦੇ ਅਨੁਕੂਲ ਹੋਣ ਕਰਕੇ ਇਹਨਾ ਦੇ ਹੱਕ ਵਿੱਚ ਜਾਂਦੀਆਂ ਕੁੱਝ ਕੁ ਖਾਸ ਲਿਖਤਾਂ ਹੀ ਅਸੀਂ ਪਾ ਰਹੇ ਹਾਂ-ਸੰਪਾਦਕ)


02/02/15)
ਗੁਰਸ਼ਰਨ ਸਿੰਘ ਕਸੇਲ

ਸਤਿਕਾਰ ਯੋਗ ਡਾ: ਇਕਬਾਲ ਸਿੰਘ ਢਿੱਲੋਂ ਜੀ,
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ।

ਆਪ ਜੀ ਦੀਆਂ ਲਿਖਤਾਂ ਪੜ੍ਹ ਕੇ ਕਾਫੀ ਨਵੀਂ ਜਾਣਕਾਰੀ ਮਿਲਦੀ ਹੈ । ਆਪ ਜੀ ਪਾਸੋਂ ਇਕ ਜਾਣਕਾਰੀ ਲੈਣੀ ਚਾਹੁੰਦਾ ਹਾਂ, ਆਸ ਹੈ ਕਿ ਆਪ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਕੱਢਕੇ ਜਾਣਕਾਰੀ ਦੇਵੋਗੇ, ਆਪ ਦਾ ਧੰਨਵਾਦੀ ਹੋਵਾਂਗਾ ।
ਜਿਵੇਂ ਮੇਰੇ ਵਰਗੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਨਾਮ ਨਾਲ ‘ਸਿੰਘ’ ਸ਼ਬਦ ਵਰਤਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਆਪਣਾ ਗੁਰੂ ਮੰਨਦੇ ਹਨ ਤੇ ਇਸ ਤੋਂ ਸਵਾਏ ਕਿਸੇ ਹੋਰ ਨੂੰ ਨਹੀਂ ਮੰਨਦੇ, ਉਹ ਆਪਣੇ ਆਪ ਨੂੰ ਕੀ ਸਮਝਣ ਕਿ ਉਹ ਕੌਣ ਹਨ ? ਜਾਂ ਇੰਝ ਸਮਝ ਲਵੋਂ ਕਿ ਜੇਕਰ ਤੁਹਾਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਕਿਸ ਕੌਮ ਜਾਂ ਧਰਮ ਨਾਲ ਸਬੰਧਤ ਹੋ ਤਾਂ ਤੁਸੀਂ ਆਪਣੀ ਪਛਾਣ ਕਿਵੇਂ ਕਰਵਾਉਂਦੇ ਹੋ ?

ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ


02/02/15)
ਡਾ: ਇਕਬਾਲ ਸਿੰਘ ਢਿੱਲੋਂ

ਸਤਿਕਾਰਯੋਗ ਪ੍ਰਿੰ: ਗੁਰਬਚਨ ਸਿੰਘ ਪੰਨਵਾਂ ਜੀ, ਆਪ ਜੀ ਨੂੰ ਮੇਰੇ ਵੱਲੋਂ ਆਦਰ-ਸਹਿਤ ਭੇਜੀ ਜਾ ਰਹੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਪਿਛਲੇ ਹਫਤੇ ‘ਸਿਖਮਾਰਗ’ ਵੈਬਸਾਈਟ ਉੱਤੇ ਆਪ ਜੀ ਦੇ ਲੇਖ ‘ਸਿੱਖ ਕੌਮ ਕਿਹੜਿਆਂ ਰਾਹਾਂ `ਤੇ ਤੁਰ ਪਈ’ ਸਬੰਧੀ ਮੇਰਾ ਇੱਕ ਪੱਤਰ ਪਾਇਆ ਗਿਆ ਸੀ ਜਿਸ ਬਾਰੇ ਆਪ ਜੀ ਨੇ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ। ਇਸ ਪੱਤਰ ਵਿੱਚ ਮੈਂ ਸਿੱਖੀ ਦੇ ਨਿਘਾਰ ਦੇ ਅਸਲੀ ਕਾਰਨ ਨੂੰ ਸਪਸ਼ਟ ਕਰਦੇ ਹੋਏ ਉਹਨਾਂ ‘ਸਿਖ’ ਅਖਵਾਉਂਦੇ ਵਿਦਵਾਨਾਂ ਦੀ ਗੱਲ ਕੀਤੀ ਸੀ ਜੋ ਜਾਗਰੂਕਤਾ ਦਾ ਵਿਖਾਵਾ ਕਰਦੇ ਹੋਏ ਸਿੱਖੀ ਦੇ ‘ਸੁਧਾਰ’ ਦਾ ਖੂਬ ਢੋਲ ਵਜਾਉਂਦੇ ਹਨ, ਆਪ ਭਾਵੇਂ ਉਹ ਖੁਦ ਵੀ ਮਨਮੱਤ ਦੀਆਂ ਕਾਰਵਾਈਆਂ ਵਿੱਚ ਲੱਗੇ ਹੋਏ ਹੁੰਦੇ ਹਨ। ਇਸ ਤਰ੍ਹਾਂ ਅਜਿਹੇ ਵਿਦਵਾਨ ਆਪ ਤਾਂ ਦੋਗਲੇਪਨ ਦਾ ਸ਼ਿਕਾਰ ਹਨ ਅਤੇ ਉਹ ਦੂਸਰਿਆਂ ਵਿੱਚ ਸਿੱਖੀ ਸਬੰਧੀ ਭੰਬਲਭੂਸਾ ਪੈਦਾ ਕਰਨ ਦਾ ਕਾਰਜ ਵੀ ਨਿਭਾ ਰਹੇ ਹਨ। ਮੈਂ ਆਪਣੇ ਵਿਚਾਰ-ਅਧੀਨ ਪੱਤਰ ਵਿੱਚ ਬੇਨਤੀ ਕੀਤੀ ਸੀ ਕਿ ਅਜਿਹੇ ‘ਸੁਧਾਰਵਾਦੀ’ ਵਿਦਵਾਨਾਂ ਨੂੰ ਪਹਿਲਾਂ ਆਪਣੇ ਖੁਦ ਦੇ ਸੁਧਾਰ ਵੱਲ ਧਿਆਨ ਦੇਣਾ ਚਾਹੀਦਾ ਹੈ।
ਪ੍ਰਿੰ: ਪੰਨਵਾਂ ਜੀ, ਇਸ ਹਫਤੇ ‘ਸਿਖਮਾਰਗ’ ਵੈਬਸਾਈਟ ਉੱਤੇ ਆਪ ਜੀ ਦਾ ਇੱਕ ਹੋਰ ਲੇਖ ‘ਵਿਰੋਧ ਕਰੋ ਪਰ ---’ ਸਿਰਲੇਖ ਹੇਠ ਪਾਇਆ ਗਿਆ ਹੈ ਜਿਸ ਦਾ ਵਿਸ਼ਾ ਵੀ ਪਹਿਲੇ ਲੇਖ ਵਾਲਾ ਹੀ ਹੈ ਪਰੰਤੂ ਇਸ ਵਿੱਚ ਉਦਾਹਰਨਾਂ ਬਦਲ ਦਿੱਤੀਆਂ ਗਈਆਂ ਹਨ। ਇੱਥੇ ਮੈਂ ਇਹ ਕਹਿਣਾ ਚਾਹਾਂਗਾ ਕਿ ਆਪ ਜੀ ਖੁਦ ਹੀ ਸਿਖ ਰਹਿਤਨਾਮੇ ਦੀ ਪਰੋੜਤਾ ਕਰਦੇ ਹੋਏ ਗੁਰਮੱਤ ਦੇ ਉਲਟ ਜਾ ਰਹੇ ਹੋ ਕਿਉਂਕਿ ਇਹ ਅਖੌਤੀ ਰਹਿਤਨਾਮਾ ਮਨਮੱਤਾਂ ਨਾਲ ਭਰਿਆ ਪਿਆ ਹੈ ਅਤੇ ਇਸ ਨੂੰ ਕਿਸੇ ਵੀ ਸਿਖ ਗੁਰੂ ਸਾਹਿਬ ਨੇ ਲਾਗੂ ਨਹੀਂ ਕੀਤਾ। ਦੂਸਰੇ ਪਾਸੇ ਆਪ ਜੀ ਦੀ ਪਹੁੰਚ ਸਿਖ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਇੱਕ ਸੰਸਥਾਗਤ ਧਰਮ ਬਣਾ ਕੇ ਪੇਸ਼ ਕਰਨ ਦੀ ਹੈ ਜੋ ਆਪਣੇ ਆਪ ਵਿੱਚ ਇੱਕ ਮਨਮੱਤੀ ਕਾਰਵਾਈ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਕੋਈ ਸੰਸਥਾਗਤ ਧਰਮ ਸਥਾਪਤ ਨਹੀਂ ਕੀਤਾ ਸੀ (ਅਖੋਤੀ ਸਿਖ ਰਹਿਤਨਾਮਾ ਸੰਸਥਾਗਤ ਧਰਮ ਦੀ ਦੇਣ ਹੈ)।
ਪ੍ਰਿੰ: ਪੰਨਵਾਂ ਜੀ, ਆਪ ਜੀ ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਆਪ ਜੀ ਪਹਿਲਾਂ ਸਿੱਖੀ ਪ੍ਰਤੀ ਆਪਣੀ ਪਹੁੰਚ ਦਾ ਸੁਧਾਰ ਕਰ ਲਵੋ ਅਤੇ ਜਿੰਨਾਂ ਚਿਰ ਅਜਿਹਾ ਸੁਨਿਸਚਤ ਨਹੀਂ ਹੋ ਜਾਂਦਾ ਆਪ ਜੀ ਦੂਸਰਿਆਂ ਦੇ ਸੁਧਾਰ ਦੀ ਚਿੰਤਾ ਕਰਨੀ ਛੱਡ ਦੇਵੋ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(ਸੰਪਾਦਕੀ ਟਿੱਪਣੀ:- ਡਾ: ਇਕਬਾਲ ਸਿੰਘ ਢਿੱਲੋਂ ਜੀ ‘ਸਿੱਖ ਮਾਰਗ’ ਤੇ ਲਿਖਣ ਵਾਲੇ ਕੁੱਝ ਲੇਖਕ ਕਈ ਕਾਰਨਾ ਕਰਕੇ ਕਿਸੇ ਵਿਚਾਰ ਵਿੱਚ ਹਿੱਸਾ ਨਹੀਂ ਲੈਂਦੇ। ਉਹਨਾ ਦੀਆਂ ਕਈ ਮਜ਼ਬੂਰੀਆਂ ਹੁੰਦੀਆਂ ਹਨ ਅਤੇ ਅਸੀਂ ਉਹਨਾ ਦੀਆਂ ਮਜ਼ਬੂਰੀਆਂ ਨੂੰ ਸਮਝਦੇ ਹੋਏ ਉਹਨਾ ਨੂੰ ਕਿਸੇ ਖਾਸ ਗੱਲ ਤੋਂ ਬਿਨਾ ਜਵਾਬ ਦੇਣ ਲਈ ਮਜ਼ਬੂਰ ਨਹੀਂ ਕਰ ਸਕਦੇ। ਉਂਜ ਤੁਹਾਡੇ ਵਲੋਂ ਵਿਸ਼ੇ ਨਾਲ ਸੰਬੰਧਿਤ ਉਠਾਏ ਨੁਕਤੇ ਤੇ ਵਿਚਾਰ ਕਰਨ ਲਈ ਗੁਰਸ਼ਰਨ ਸਿੰਘ ਕਸੇਲ ਜੀ ਆ ਗਏ ਹਨ। ਤੁਸੀਂ ਉਹਨਾ ਨਾਲ ਜੀ ਖੋਲ ਕੇ ਵਿਚਾਰ ਕਰ ਸਕਦੇ ਹੋ।)


02/02/15)
ਮਝੈਲ ਸਿੰਘ ਸਰਾਂ

ਸੰਤਾਂ ਦਾ ਜਲ ਪ੍ਰਵਾਹ ਕਿਉਂ?
ਪਹਿਲੀ ਜਨਵਰੀ ਨੂੰ ਜਿਥੇ ਸਮੁੱਚਾ ਸੰਸਾਰ ਨਵੇਂ ਸਾਲ ਦੇ ਜਸ਼ਨ ਮਨਾ ਰਿਹਾ ਸੀ, ਉਥੇ ਸਿੱਖ ਜਗਤ ਵਿਚ ਸੋਗੀ ਖ਼ਬਰ ਆ ਗਈ ਕਿ ਹੰਸਾਲੀ ਵਾਲੇ ਸੰਤ ਅਜੀਤ ਸਿੰਘ ਪ੍ਰਲੋਕ ਸਿਧਾਰ ਗਏ ਹਨ। ਇਹ ਖ਼ਬਰ ਪੰਜਾਬੀ ਚੈਨਲਾਂ ‘ਤੇ ਸੰਤਾਂ ਦੇ ਮ੍ਰਿਤਕ ਸਰੀਰ ਨੂੰ ਦਿਖਾ ਕੇ ਨਸ਼ਰ ਕੀਤੀ ਜਾਂਦੀ ਰਹੀ, ਜਦ ਤੱਕ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਨਾ ਕੀਤਾ ਗਿਆ। ਸਿੱਖਾਂ ਦੇ ਸਿਰਮੌਰ ਧਾਰਮਿਕ ਲੀਡਰਾਂ ਨੇ ਸੰਤਾਂ ਦੇ ਅਕਾਲ ਚਲਾਣੇ ‘ਤੇ ਸਿੱਖ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸੰਤਾਂ ਦੇ ਜਲ ਪ੍ਰਵਾਹ ਵਕਤ ਹੋਏ ਅਥਾਹ ਇਕੱਠ ਤੋਂ ਜ਼ਾਹਿਰ ਸੀ ਕਿ ਉਨ੍ਹਾਂ ਦੇ ਸੇਵਕ ਬਹੁਤ ਹਨ। ਇਥੇ ਆਪਾਂ ਇਹ ਵਿਚਾਰ ਕਰਨੀ ਹੈ ਕਿ ਸੰਤਾਂ ਦੇ ਮ੍ਰਿਤਕ ਸਰੀਰ ਨੂੰ ਜਲ ਪ੍ਰਵਾਹ ਹੀ ਕਿਉਂ ਕੀਤਾ ਜਾਂਦਾ ਹੈ? ਕੀ ਜਲ ਪ੍ਰਵਾਹ ਗੁਰਮਤਿ ਤੇ ਕੁਦਰਤੀ ਵਾਤਾਵਰਨ ਮੁਤਾਬਕ ਸਹੀ ਹੈ?
ਹਰ ਧਰਮ ਦੇ ਸਮਾਜ ਨੇ ਜਨਮ ਤੋਂ ਮਰਨ ਤੱਕ ਕੁਝ ਸਿਧਾਂਤ ਬਣਾਏ ਹੋਏ ਹਨ ਜਿਸ ਮੁਤਾਬਕ ਸਾਰੀਆਂ ਰਸਮਾਂ ਨਿਭਾਈਆਂ ਜਾਂਦੀਆਂ। ਬਾਕੀ ਧਰਮਾਂ ਬਾਰੇ ਤਾਂ ਮੇਰਾ ਕੋਈ ਦਾਅਵਾ ਨਹੀਂ ਪਰ ਸਿੱਖਾਂ ਨੇ ਆਪਣੇ ਲਈ ਗੁਰਬਾਣੀ ਦੀ ਲੋਅ, ਗੁਰੂ ਸਾਹਿਬਾਨ ਦੇ ਖੁਦ ਦੇ ਜੀਵਨ ਦੇ ਨਾਲ-ਨਾਲ ਕੁਦਰਤ ਦੇ ਨਿਯਮਾਂ ਨੂੰ ਵੀ ਧਿਆਨ ਗੋਚਰੇ ਰੱਖਦਿਆਂ ਲਿਖਤੀ ਰੂਪ ਵਿਚ ਇਹ ਸਿਧਾਂਤ ਬਣਾ ਲਏ ਜਿਸ ਨੂੰ ‘ਸਿੱਖ ਰਹਿਤ ਮਰਿਆਦਾ’ ਦਾ ਨਾਮ ਦਿੱਤਾ ਗਿਆ ਹੈ। ਇਹ ਮਰਿਆਦਾ ਬਣਾਉਂਦੇ ਵਕਤ ਸਿੱਖਾਂ ਨਾਲ ਸਬੰਧਤ ਹਰ ਧਿਰ ਤੋਂ ਸਲਾਹ ਹੀ ਨਹੀਂ, ਬਲਕਿ ਪ੍ਰਵਾਨਗੀ ਵੀ ਲਈ ਗਈ, ਤੇ ਇਹ ਮਰਿਆਦਾ ਹਰ ਸਿੱਖ ਲਈ ਲਾਜ਼ਮੀ ਵੀ ਹੋ ਗਈ, ਕਿਉਂ ਜੋ ਇਹਨੂੰ ਅੰਤਿਮ ਪ੍ਰਵਾਨਗੀ ਸ੍ਰੀ ਅਕਾਲ ਤਖਤ ਤੋਂ ਮਿਲੀ ਹੋਈ ਹੈ। ਇਸ ਰਹਿਤ ਮਰਿਆਦਾ ਨੇ ਬਹੁ-ਗਿਣਤੀ ਭਾਰਤੀ ਹਿੰਦੂ ਸਮਾਜ ਦੇ ਸੂਤਕ-ਪਾਤਕ ਵਰਗੇ ਪਿਛਾਖੜ ਕਿਸਮ ਦੇ ਸਿਧਾਂਤ ਦਰ-ਕਿਨਾਰ ਕਰ ਦਿੱਤੇ। ਹਿੰਦੂ ਧਰਮ ਦਾ ਪ੍ਰੋਹਿਤ ਵਰਗ ਸਮਾਜ ਨੂੰ ਮਰਗ ਦੀਆਂ ਰਸਮਾਂ ਵਿਚ ਬੁਰੀ ਤਰ੍ਹਾਂ ਉਲਝਾ ਕੇ ਰੱਜ ਕੇ ਲੁੱਟਦਾ ਹੈ। ਇਸ ਲੁੱਟ ਨੂੰ ਸਭ ਤੋਂ ਪਹਿਲਾਂ ਬਰੇਕ ਲਾਈ ਗੁਰੂ ਨਾਨਕ ਦੇਵ ਜੀ ਨੇ, ਫਿਰ ਤੀਜੇ ਗੁਰੂ ਅਮਰ ਦਾਸ ਜੀ ਨੇ ਤਾਂ ‘ਸਦੁ’ ਤੇ ਅਲਾਹੁਣੀਆਂ ਉਚਾਰ ਕੇ ਸਿੱਖਾਂ ਨੂੰ ਹਿੰਦੂ ਬੰਧੇਜ ਤੋਂ ਮੁਕਤ ਕਰਾ ਦਿਤਾ। ਇਨ੍ਹਾਂ ਬਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਕੇ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਨੂੰ ਸਦੀਵੀ ਤੌਰ ‘ਤੇ ਐਲਾਨੀਆ ਵੱਖਰੀ ਸਿੱਖ ਕੌਮ ਬਣਾ ਦਿੱਤਾ।
ਸਿੱਖ ਰਹਿਤ ਮਰਿਆਦਾ ਵਿਚ ਮ੍ਰਿਤਕ ਸਰੀਰ ਨੂੰ ਕਿਵੇਂ ਸਮੇਟਣਾ ਹੈ, ਬਾਰੇ ਬੜੇ ਸਿੱਧੇ ਤੇ ਸਪਸ਼ਟ ਤਰੀਕੇ ਨਾਲ ਲਿਖਿਆ ਹੋਇਆ ਕਿ ਹਰ ਸਿੱਖ ਭਾਵੇਂ ਮਰਦ ਹੋਵੇ ਭਾਵੇਂ ਇਸਤਰੀ, ਉਮਰ ਮੁਤਾਬਕ ਭਾਵੇਂ ਬੱਚਾ ਹੀ ਕਿਉਂ ਨਾ ਹੋਵੇ, ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕਰ ਕੇ ਸਸਕਾਰ ਕਰਨਾ ਲਾਜ਼ਮੀ ਹੈ, ਤੇ ਫਿਰ ਅੰਗੀਠਾ ਸਮੇਟ ਦੇਣਾ ਹੁੰਦਾ। ਰਹਿਤ ਮਰਿਆਦਾ ਬਣਾਉਣ ਵਕਤ ਸਿੱਖਾਂ ਨੇ ਅਗਨੀ ਸਸਕਾਰ ਨੂੰ ਐਵੇਂ ਨਹੀਂ ਚੁਣਿਆ। ਪੂਰੀ ਸਿੱਖ ਇਤਿਹਾਸ ਦੀ, ਗੁਰੂ ਸਾਹਿਬਾਨ ਦੇ ਜੀਵਨ ਦੀ ਖੋਜ ਕੀਤੀ ਗਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਿਆ ਤੇ ਉਸ ਵਿਚ ਦਿੱਤੀ ਸਿੱਖਿਆ ਨੂੰ ਕੁਦਰਤੀ ਵਾਤਾਵਰਨ ਨੂੰ ਪੂਰਾ ਧਿਆਨ ਵਿਚ ਰੱਖ ਕੇ ਫੈਸਲਾ ਕੀਤਾ। ਸਿੱਖ ਇਤਿਹਾਸ ਤੇ ਗੁਰੂ ਇਤਿਹਾਸ ਮ੍ਰਿਤਕ ਸਰੀਰ ਦੇ ਅਗਨ ਭੇਟ ਕਰਨ ਬਾਰੇ ਕੁਝ ਮਿਸਾਲਾਂ ਲੈਂਦੇ ਹਾਂ ਜਿਹੜੀਆਂ ਰਹਿਤ ਮਰਿਆਦਾ ਤਿਆਰ ਕਰਦੇ ਸਮੇਂ ਸਿੱਖਾਂ ਦੇ ਹਿਰਦੇ ਵਿਚ ਵਸੀਆਂ ਹੋਈਆਂ ਸਨ। ਪਹਿਲੇ ਗੁਰੂ ਜੀ ਵਲੋਂ ਅਗਲੇ ਗੁਰੂ ਨੂੰ ਗੁਰਿਆਈ ਬਖਸ਼ਣ ਉਪਰੰਤ ਜਦੋਂ ਸਰੀਰਕ ਚੋਲਾ ਤਿਆਗਿਆ ਜਾਂਦਾ ਤਾਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਮੌਜੂਦਾ ਗੁਰੂ ਅਗਨ ਭੇਟ ਕਰ ਦਿੰਦੇ ਸਨ। ਦੂਜੀ ਮਿਸਾਲ ਲੈਂਦੇ ਹਾਂ ਬਾਬਾ ਬੁੱਢਾ ਜੀ ਦੀ। ਸਿੱਖ ਇਤਿਹਾਸ ਵਿਚ ਉਨ੍ਹਾਂ ਵਰਗਾ ਬ੍ਰਹਮਗਿਆਨੀ ਮਹਾਂਪੁਰਖ ਸ਼ਾਇਦ ਕੋਈ ਵਿਰਲਾ ਹੀ ਹੋਇਆ ਹੈ। ਉਹ ਇਕੱਲੇ ਅਜਿਹੇ ਮਹਾਂਪੁਰਖ ਹੋਏ ਜਿਨ੍ਹਾਂ ਤੋਂ ਖੁਦ ਗੁਰੂ ਪਰਿਵਾਰ ਬਖਸ਼ਿਸ਼ਾਂ ਪ੍ਰਾਪਤ ਕਰਨ ਗਏ, ਜਿਨ੍ਹਾਂ ਨੂੰ ਪੰਜ ਗੁਰੂ ਸਾਹਿਬਾਨ ਨੂੰ ਗੁਰਿਆਈ ਰਸਮਾਂ ਨਿਭਾਉਣ ਦਾ ਸੁਭਾਗ ਮਿਲਿਆ। ਜਦੋਂ ਉਨ੍ਹਾਂ ਆਪਣਾ ਸਰੀਰ ਛੱਡਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਖੁਦ ਆਪਣੇ ਹੱਥੀਂ ਉਸ ਬ੍ਰਹਮ ਗਿਆਨੀ ਦਾ ਅਗਨ ਸਸਕਾਰ ਕੀਤਾ।
ਅਗਲੀ ਜਿਹੜੀ ਮਿਸਾਲ ਆਪਾਂ ਸਾਂਝੀ ਕਰਾਂਗੇ, ਇਹ ਸ਼ਾਇਦ ਸਾਡੇ ਮਨਾਂ ਨੂੰ ਇਹ ਸੋਚਣ ਲਈ ਜ਼ਰੂਰ ਮਜਬੂਰ ਕਰੇਗੀ ਕਿ ਅਗਨੀ ਸਸਕਾਰ ਹੀ ਸਿੱਖਾਂ ਨੇ ਆਪਣੀ ਰਹਿਤ ਮਰਿਆਦਾ ਵਿਚ ਕਿਉਂ ਪਾਇਆ। ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਲੀ ਵਿਚ ਸ਼ਹੀਦੀ ਤੋਂ ਬਾਅਦ ਕਿਵੇਂ ਭਾਈ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਜੀ ਦੇ ਧੜ ਨੂੰ ਆਪਣੀ ਜਾਨ ਤਲੀ ‘ਤੇ ਰੱਖ ਕੇ ਚੁੱਕਿਆ, ਤੇ ਉਨ੍ਹਾਂ ਦੇ ਪਵਿੱਤਰ ਧੜ ਦਾ ਸਸਕਾਰ ਆਪਣੇ ਘਰ ਦੇ ਅੰਦਰ ਹੀ, ਘਰ ਨੂੰ ਅੱਗ ਲਾ ਕੇ ਕੀਤਾ। ਉਹ ਜਾਣਦਾ ਸੀ ਕਿ ਸਿੱਖੀ ਸਿਧਾਂਤ ਵਿਚ ਸਰੀਰ ਨੂੰ ਅਗਨ ਭੇਟ ਕਰਨਾ ਹੀ ਜ਼ਰੂਰੀ ਹੈ। ਜੇ ਉਹ ਚਾਹੁੰਦਾ ਤਾਂ ਗੁਰੂ ਜੀ ਦੇ ਧੜ ਨੂੰ ਯਮਨਾ ਦਰਿਆ ਵਿਚ ਵੀ ਜਲ ਪ੍ਰਵਾਹ ਕਰ ਦਿੰਦਾ, ਯਮਨਾ ਦਿੱਲੀ ਦੇ ਵਿਚੀਂ ਹੀ ਤਾਂ ਵਗਦੀ ਸੀ, ਨਾਲੇ ਕਿਲ੍ਹੇ ਵਰਗਾ ਬਣਿਆ ਆਪਣਾ ਘਰ ਬਚਾ ਲੈਂਦਾ। ਭਾਈ ਜੈਤਾ ਗੁਰੂ ਜੀ ਦੇ ਸੀਸ (ਸਿਰ) ਨੂੰ ਲੈ ਕੇ ਸੈਂਕੜੇ ਮੀਲ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਉਹ ਵੀ ਰਸਤੇ ਵਿਚ ਕਿਸੇ ਦਰਿਆ ਵਿਚ ਜਲ ਪ੍ਰਵਾਹ ਕਰ ਸਕਦਾ ਸੀ। ਸ੍ਰੀ ਅਨੰਦਪੁਰ ਸਾਹਿਬ ਦੇ ਤਾਂ ਬਿਲਕੁਲ ਨਾਲ ਖਹਿ ਕੇ ਸਤਲੁਜ ਵਹਿੰਦਾ। ਗੁਰੂ ਗੋਬਿੰਦ ਸਿੰਘ ਨੇ ਕਿਉਂ ਨਾ ਕੀਤਾ ਜਲ ਪ੍ਰਵਾਹ? ਸਿਰਫ ਅਗਨੀ ਸਸਕਾਰ ਕੀਤਾ, ਕਿਉਂ? ਕਿਉਂਕਿ ਇਹੋ ਹੀ ਸਿੱਖ ਸਿਧਾਂਤ ਸੀ। ਭਾਈ ਟੋਡਰ ਮੱਲ ਨੂੰ ਕਿਉਂ ਵੱਡੀ ਕੀਮਤ ਚੁਕਾਉਣੀ ਪਈ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਮ੍ਰਿਤਕ ਸਰੀਰ ਦਾ ਸਸਕਾਰ ਕਰਨ ਹਿੱਤ ਸੂਬਾ ਸਰਹਿੰਦ ਤੋਂ ਜ਼ਮੀਨ ਲੈਣ ਲਈ? ਉਹ ਵੀ ਤਾਂ ਰਾਤ-ਬਰਾਤੇ ਤਿੰਨੇ ਸਰੀਰ ਚੁੱਕ ਕੇ ਦਰਿਆ ਵਿਚ ਜਲ ਪ੍ਰਵਾਹ ਕਰ ਸਕਦਾ ਸੀ। ਨਹੀਂ ਕੀਤਾ ਉਸ ਨੇ ਇਸ ਤਰ੍ਹਾਂ, ਕਿਉਂਕਿ ਸਿੱਖੀ ਸੋਚ ‘ਤੇ ਖੜ੍ਹਾ ਇਨਸਾਨ ਜਾਣਦਾ ਹੈ ਕਿ ਗੁਰਮਤਿ ਮੁਤਾਬਕ ਹਰ ਸਿੱਖ ਦੇ ਪੰਜ ਭੂਤਕ ਸਰੀਰ ਦਾ ਕੇਵਲ ਅਗਨੀ ਸਸਕਾਰ ਹੀ ਹੋਣਾ।
ਇਸ ਇਤਿਹਾਸ ਨੂੰ ਸਿੱਖ ਰਹਿਤ ਮਰਿਆਦਾ ਲਿਖਣ ਵਾਲੇ ਕਿਸੇ ਵੀ ਹਾਲਾਤ ਵਿਚ ਅੱਖੋਂ ਪਰੋਖੇ ਨਹੀਂ ਸੀ ਕਰ ਸਕਦੇ, ਤਾਂ ਹੀ ਅਗਨੀ ਸਸਕਾਰ ਮਰਿਆਦਾ ਦਾ ਹਿੱਸਾ ਬਣਿਆ ਪਰ ਹੁਣ ਖੁਦ ਹੀ ਗੁਰੂ ਦੇ ਵੱਡੇ ਸਿੱਖ ਕਹਾਉਂਦੇ, ਆਪਣੇ ਸੰਤ ਜੀ ਦੀ ਮ੍ਰਿਤਕ ਦੇਹ ਨੂੰ ਸਿੱਖ ਰਹਿਤ ਮਰਿਆਦਾ ਦੇ ਉਲਟ ਜਾ ਕੇ ਦਰਿਆ ਵਿਚ ਜਲ ਪ੍ਰਵਾਹ ਕਰਦੇ ਹਨ, ਤਾਂ ਇਹ ਗੁਰੂ ਦੇ ਸਿੱਖ ਕਿਵੇਂ ਕਹਾ ਸਕਦੇ ਹਨ? ਇਹ ਕਿਉਂ ਗੁਰੂ ਜੀ ਦੇ ਦਰਸਾਏ ਰਸਤੇ ਤੋਂ ਉਲਟ ਚੱਲ ਰਹੇ ਆ? ਜਲ ਪ੍ਰਵਾਹ ਕਿਹੜੀ ਰਹਿਤ ਮਰਿਆਦਾ ਵਿਚ ਆਉਂਦਾ ਹੈ? ਅਗਨੀ ਸਸਕਾਰ ਕਰਨ ਵਿਚ ਕੀ ਹਰਜ ਆ ਭਲਾ? ਕੀ ਸੰਤ ਸਿੱਖ ਨਹੀਂ ਹੁੰਦਾ?
ਇਹ ਤਾਂ ਸਨ ਕੁਝ ਵਿਚਾਰਾਂ ਜਿਹੜੀਆਂ ਰਹਿਤ ਬਾਰੇ ਸਨ; ਹੁਣ ਅਗਲਾ ਪੱਖ ਜਿਹੜਾ ਮ੍ਰਿਤਕ ਸਰੀਰ ਨੂੰ ਜਲ ਪ੍ਰਵਾਹ ਕਰਨ ਵਿਚ ਖਤਰਨਾਕ ਲੱਗਿਆ ਹੈ, ਉਹ ਹੈ ਵਾਤਾਵਰਨ ਦਾ ਪ੍ਰਦੂਸ਼ਣ। ਹਿੰਦੋਸਤਾਨ ਵਿਚ ਗੰਗਾ ਦਰਿਆ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਪਰ ਅੱਜ ਇਹੋ ਗੰਗਾ ਸਭ ਤੋਂ ਵੱਧ ਪ੍ਰਦੂਸ਼ਿਤ ਦਰਿਆਵਾਂ ਵਿਚੋਂ ਇਕ ਹੈ। ਕਿਉਂ ਹੈ ਭਲਾ? ਵੱਡਾ ਕਾਰਨ ਇਹੀ ਹੈ ਕਿ ਮੁਕਤੀ ਖਾਤਰ ਹਿੰਦੂਆਂ ਦਾ ਆਪਣੇ ਜੀਆਂ ਦੀ ਮੌਤ ਤੋਂ ਬਾਅਦ ਸਰੀਰ ਨੂੰ ਗੰਗਾ ਭੇਟ ਕਰ ਦੇਣਾ। ਸਰੀਰ ਗਲ-ਸੜ ਕੇ ਪਾਣੀ ਨੂੰ ਇੰਨਾ ਗੰਧਲਾ ਕਰ ਦਿੰਦਾ ਹੈ ਕਿ ਪੀਣਯੋਗ ਨਹੀਂ ਰਹਿੰਦਾ। ਸਭ ਜਾਣਦੇ ਹਨ ਕਿ ਪਾਣੀ ਦਾ ਆਪਣਾ ਸੁਭਾਅ ਹੈ, ਇਹ ਆਪਣੇ ਵਿਚ ਡਿੱਗੇ ਮ੍ਰਿਤਕ ਸਰੀਰ ਨੂੰ ਛੇਤੀ ਤੋਂ ਛੇਤੀ ਬਾਹਰ ਕੱਢ ਦਿੰਦਾ ਹੈ। ਤਾਂ ਹੀ ਤਾਂ ਡੁੱਬਿਆ ਸਰੀਰ ਤੀਜੇ ਦਿਨ ਫੁੱਲ ਕੇ ਤੈਰਨ ਲੱਗ ਜਾਂਦਾ। ਡੁੱਬਣ ਤੋਂ ਲੈ ਕੇ ਤੈਰਨ ਤੱਕ ਸਰੀਰ ਵਿਚ ਕਈ ਰਸਾਇਣਕ ਤਬਦੀਲੀਆਂ ਆਉਂਦੀਆਂ, ਕਈ ਖਤਰਨਾਕ ਬੈਕਟੀਰੀਆ ਪੈਦਾ ਹੁੰਦੇ। ਆਮ ਤੌਰ ‘ਤੇ ਤੈਰਦੀਆਂ ਲਾਸ਼ਾਂ ਕੱਢ ਕੇ ਦਬਾ ਦਿੱਤੀਆਂ ਜਾਂਦੀਆਂ ਜਾਂ ਸਸਕਾਰ ਕਰ ਦਿੱਤਾ ਜਾਂਦਾ। ਜਿਸ ਤਰੀਕੇ ਨਾਲ ਸਾਡੇ ਸਿੱਖ, ਸੰਤਾਂ ਦੇ ਸਰੀਰਾਂ ਨੂੰ ਜਲ ਪ੍ਰਵਾਹ ਕਰਦੇ ਆ, ਇਹ ਬਹੁਤ ਖਤਰਨਾਕ ਹੁੰਦਾ। ਸਰੀਰ ਨੂੰ ਬਕਸੇ ਵਿਚ ਪਾ ਕੇ ਵਿਚ ਭਾਰ ਰੱਖ ਦਿੱਤਾ ਜਾਂਦਾ ਹੈ ਤੇ ਬਕਸੇ ਵਿਚ ਕੁਝ ਛੇਕ ਕਰ ਦਿੱਤੇ ਜਾਂਦੇ, ਤਾਂ ਕਿ ਇਹ ਕਦੇ ਵੀ ਤੈਰ ਨਾ ਸਕੇ। ਸਰੀਰ ਭਾਵੇਂ ਆਮ ਆਦਮੀ ਦਾ ਹੋਵੇ ਭਾਵੇਂ ਸੰਤ ਦਾ, ਇਹਨੇ ਗਲਣਾ-ਸੜਨਾ ਤਾਂ ਹੈ ਈ; ਇਹ ਕੁਦਰਤ ਦਾ ਨਿਯਮ ਹੈ। ਇਸ ਤਰ੍ਹਾਂ ਜਲ ਪ੍ਰਵਾਹ ਕੀਤਾ ਸੰਤ ਦਾ ਸਰੀਰ ਬਕਸੇ ਵਿਚ ਹੀ ਸੜਦਾ ਰਹਿੰਦਾ ਹੈ ਤੇ ਛੇਕਾਂ ਰਾਹੀਂ ਬੋਟੀ-ਬੋਟੀ ਮਾਸ ਦੀ ਬਾਹਰ ਨਿਕਲ ਕੇ ਪਾਣੀ ਨੂੰ ਕਈ ਮਹੀਨੇ ਗੰਧਲਾ ਕਰਦਾ ਰਹਿੰਦਾ ਹੈ। ਹੱਡੀਆਂ ਤਾਂ ਕਦੇ ਵੀ ਨਹੀਂ ਨਿਕਲਦੀਆਂ। ਬੜਾ ਲੰਮਾ ਚਿਰ ਇਹ ਪਾਣੀ ਨੂੰ ਪ੍ਰਦੂਸ਼ਿਤ ਕਰਦੀਆਂ ਰਹਿੰਦੀਆਂ ਹਨ। ਜੱਗ ਜਾਣਦਾ ਹੈ ਕਿ ਸਤਲੁਜ ਦਰਿਆ ਵਿਚੋਂ ਨਿਕਲਦੀਆਂ ਨਹਿਰਾਂ, ਸਿਰਫ ਸਿੰਜਾਈ ਲਈ ਹੀ ਪਾਣੀ ਨਹੀਂ ਮੁਹੱਈਆ ਕਰਾਉਂਦੀਆਂ, ਸਗੋਂ ਇਨਸਾਨਾਂ ਦੇ ਪੀਣ ਲਈ ਪਾਣੀ ਦਾ ਵੀ ਇਹੋ ਸਾਧਨ ਹਨ। ਤੇ ਇਹਨੂੰ ਪਲੀਤ ਕਰਨਾ ਕਿਥੋਂ ਦੀ ਸਮਝਦਾਰੀ ਮੰਨੀ ਜਾਵੇ? ਨਾਲੇ ਲੰਮੀ ਉਮਰ ਤੱਕ ਤਾਂ ਸਰੀਰ ਨੂੰ ਕਈ ਬਿਮਾਰੀਆਂ ਨੇ ਵੀ ਜਕੜਿਆ ਹੁੰਦਾ, ਬਿਮਾਰੀ ਖਾਧਾ ਮ੍ਰਿਤਕ ਸਰੀਰ ਤਾਂ ਪਾਣੀ ਰਾਹੀਂ ਉਹੋ ਬਿਮਾਰੀਆਂ ਅੱਗੇ ਫੈਲਾਉਂਦਾ। ਉਦਾਂ ਕਿਹਾ ਜਾਂਦਾ ਕਿ ਸੰਤਾਂ ਮਹਾਂਪੁਰਖਾਂ ਨੇ ਤਾਂ ਆਪਣੇ ਸੇਵਕਾਂ ਦੀਆਂ ਕਈ ਬਿਮਾਰੀਆਂ ਆਪਣੇ ਸਰੀਰ ‘ਤੇ ਲੈ ਕੇ ਉਨ੍ਹਾਂ ਨੂੰ ਰਾਜ਼ੀ ਕੀਤਾ ਹੁੰਦਾ; ਮੇਰੇ ਮੰਨਣ ਜਾਂ ਨਾ ਮੰਨਣ ਨਾਲ ਕੀ ਫਰਕ ਪੈਂਦਾ, ਪਰ ਸੰਤ ਹੰਸਾਲੀ ਵਾਲਿਆਂ ਬਾਰੇ ਮੇਰੇ ਬਹੁਤ ਪਿਆਰੇ ਗੁਰਮੁਖ ਸੁਹਿਰਦ ਮਿੱਤਰ ਨੇ ਮੈਨੂੰ ਦੱਸਿਆ ਕਿ ਉਸ ਨੇ ਇਨ੍ਹਾਂ ਸੰਤਾਂ ਦੀ ਇਕ ਵੀਡੀਓ ਇੰਟਰਨੈਟ ‘ਤੇ ਦੇਖੀ ਜਿਸ ਵਿਚ ਇਹ ਸੰਤ ਗੁਰਮਤਿ ਦਾ ਪ੍ਰਚਾਰ ਕਰਦੇ ਇਹ ਸੁਣਾ ਰਹੇ ਸਨ ਕਿ ਇਕ ਵਾਰ ਕੋਈ ਮੁਟਿਆਰ ਉਨ੍ਹਾਂ ਨੂੰ ਕਹਿੰਦੀ ਕਿ ਬਾਬਾ ਜੀ ਮੇਰਾ ਵਿਆਹ ਨਹੀਂ ਹੁੰਦਾ। ਕਾਰਨ ਪੁੱਛਣ ‘ਤੇ ਕਹਿੰਦੀ ਕਿ ਮੇਰੇ ਮੂੰਹ ‘ਤੇ ਮੋਹਕੇ ਬਹੁਤ ਨਿਕਲੇ ਹੋਏ ਹਨ, ਕੋਈ ਲੜਕਾ ਪਸੰਦ ਨਹੀਂ ਕਰਦਾ, ਤਾਂ ਸੰਤ ਕਹਿੰਦੇ ਕਿ ਆਹ ਕਿਹੜੀ ਵੱਡੀ ਗੱਲ ਆ ਧੀਏ! ਤੇਰੇ ਮੋਹਕੇ ਮੈਂ ਲੈ ਲੈਨਾਂ, ਤੇ ਉਸ ਤੋਂ ਬਾਅਦ ਉਸ ਮੁਟਿਆਰ ਦੇ ਮੋਹਕੇ ਠੀਕ ਹੋ ਗਏ ਤੇ ਉਹੋ ਮੋਹਕੇ ਸੰਤ ਜੀ ਦੇ ਮੂੰਹ ‘ਤੇ ਨਿਕਲ ਆਏ ਜਿਹੜੇ ਆਪਾਂ ਸਾਰਿਆਂ ਨੇ ਟੀ: ਵੀ: ‘ਤੇ ਉਨ੍ਹਾਂ ਦੇ ਅਕਾਲ ਚਲਾਉਣੇ ਤੋਂ ਬਾਅਦ ਦਿਖਾਈਆਂ ਵੀਡੀਓ ਵਿਚ ਦੇਖੇ। ਇਸ ਤਰ੍ਹਾਂ ਇਨ੍ਹਾਂ ਸੰਤਾਂ ਨੇ ਆਪਣੇ ਹੋਰ ਸੇਵਕਾਂ ਦੀਆਂ ਕਈ ਬਿਮਾਰੀਆਂ ਆਪਣੇ ਸਰੀਰ ‘ਤੇ ਲਈਆਂ ਹੋਣੀਆਂ, ਤੇ ਇੰਨੇ ਵੱਡੇ ਦਿਆਲੂ ਸੰਤਾਂ ਦੀ ਮ੍ਰਿਤਕ ਦੇਹ ਨੂੰ ਉਹਦੇ ਸੇਵਕਾਂ ਵਲੋਂ ਸਤਲੁਜ ਵਿਚ ਜਲ ਪ੍ਰਵਾਹ ਕਰ ਕੇ ਮੁੜ ਉਹੋ ਬਿਮਾਰੀਆਂ ਹੋਰ ਲੋਕਾਂ ਵਿਚ ਵੰਡਣ ਦਾ ਸਬੱਬ ਬਣਾ ਦਿੱਤਾ। ਉਦਾਂ ਤਾਂ ਇਨ੍ਹਾਂ ਸੰਤ ਮਹਾਂਪੁਰਖਾਂ ਵਲੋਂ ਸੁਨਾਮੀ ਰੋਕਣ ਬਾਰੇ ਵੀ ਮੈਂ ਕਿਤੇ ਪੜ੍ਹਿਆ-ਸੁਣਿਆ ਹੋਇਆ!
ਸੰਤਾਂ ਦੇ ਕਿਸੇ ਸ਼ਰਧਾਲੂ ਨੇ ਮੈਨੂੰ ਜਲ ਪ੍ਰਵਾਹ ਕਰਨ ਬਾਰੇ ਜਿਹੜੀ ਦਲੀਲ ਦਿੱਤੀ, ਉਹ ਇਸ ਤਰ੍ਹਾਂ ਹੈ ਕਿ ਸੰਤ ਚਾਹੁੰਦੇ ਹਨ ਕਿ ਮਰਨ ਉਪਰੰਤ ਵੀ ਉਨ੍ਹਾਂ ਦਾ ਸਰੀਰ ਦਰਿਆ ਦੀਆਂ ਮੱਛੀਆਂ ਦੇ ਖਾਣ ਦੇ ਕੰਮ ਆਵੇ, ਸਾੜਨ ਦਾ ਕੋਈ ਫਾਇਦਾ ਨਹੀਂ। ਜੇ ਇਹ ਗੱਲ ਹੈ ਤਾਂ ਇਹ ਹੋਰ ਵੀ ਖਤਰਨਾਕ ਹੈ, ਕਿਉਂਕਿ ਗਲਿਆ-ਸੜਿਆ ਸੜ੍ਹਿਆਂਦ ਮਾਰਦਾ ਮਾਸ ਮੱਛੀਆਂ ਲਈ ਵੀ ਬਹੁਤ ਮਾਰੂ ਹੁੰਦਾ ਹੈ। ਫਿਰ ਕਿਉਂ ਜੀਵ ਹੱਤਿਆ ਕਰਦੇ ਆ ਜਲ ਪ੍ਰਵਾਹ ਕਰ ਕੇ? ਨਾਲੇ ਮੱਛੀਆਂ ਵੀ ਮਨੁੱਖਾਂ ਦੇ ਖਾਣ ਲਈ ਫੜੀਆਂ ਜਾਂਦੀਆਂ ਤੇ ਬਿਮਾਰੀ ਵਾਲਾ ਮਾਸ ਖਾ ਕੇ ਪਲੀਆਂ ਮੱਛੀਆਂ ਅੱਗੇ ਤੰਦਰੁਸਤ ਇਨਸਾਨਾਂ ਨੂੰ ਬਿਮਾਰ ਕਰ ਕੇ ਮਾਰਨਗੀਆਂ। ਦਰਿਆਵਾਂ ਦੇ ਪਾਣੀ ਨੂੰ ਪਲੀਤ ਕਰਨਾ ਜਿਥੇ ਕਾਨੂੰਨੀ ਜੁਰਮ ਹੈ, ਉਥੇ ਇਹ ਗੁਰਮਤਿ ਦੇ ਵੀ ਉਲਟ ਹੈ। ਗੁਰਬਾਣੀ ਵਿਚ ਦਰਿਆਵਾਂ ਦਾ ਬੜੀ ਵਾਰੀ ਜ਼ਿਕਰ ਆਉਂਦਾ। ਕੋਈ ਵੀ ਮਿਸਾਲ ਦੇ ਕੇ ਜਦੋਂ ਗੁਰੂ ਜੀ ਗੁਰਮਤਿ ਦੀ ਸੋਝੀ ਕਰਾਉਂਦੇ ਹਨ ਤਾਂ ਕਾਦਰ ਦੀ ਕੁਦਰਤ ਦੇ ਸੋਮਿਆਂ ਦਾ ਜ਼ਿਕਰ ਕਰਦੇ ਹਨ। ਦੂਜੇ ਪਾਤਿਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮਾਝ ਦੀ ਵਾਰ ਵਿਚ ਜੋ ਸ਼ਬਦ ਰਚਿਆ, ਦਰਿਆਵਾਂ ਨੂੰ ਦੋਸਤ ਕਿਹਾ- “ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥” ਤੇ ਪਾਣੀ ਨੂੰ ਪਿਤਾ ਵਰਗਾ ਦਰਜਾ ਦਿੱਤਾ ਹੋਇਆ। ਭਲਾ ਕੋਈ ਬੰਦਾ ਆਪਣੇ ਪਿਤਾ ਤੇ ਦੋਸਤ ਨੂੰ ਵੀ ਗੰਦਾ ਕਰਦਾ? ਨਹੀਂ ਨਾ ਕਰਦਾ, ਜੇ ਅਕ੍ਰਿਤਘਣ ਨਾ ਹੋਏ ਤਾਂ; ਫਿਰ ਜਿਹੜੇ ਦਾਅਵਾ ਕਰਦੇ ਆ ਕਿ ਵਾਹਦ ਸੰਤ ਹੀ ਸਾਰੀ ਜ਼ਿੰਦਗੀ ਗੁਰਮਤਿ ਦਾ ਸਹੀ ਪ੍ਰਚਾਰ ਕਰ ਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਦੇ ਰਹੇ, ਫਿਰ ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਕਿਉਂ ਜਲ ਪ੍ਰਵਾਹ ਕਰ ਕੇ ਗੁਰਮਤਿ ਤੋਂ ਤੋੜਦੇ? ਸਮਝ ਨਹੀਂ ਲੱਗਦੀ ਕਿ ਪੰਜਾਬ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਇਹਦੇ ਵੱਲ ਕੋਈ ਤਵੱਜੋ ਕਿਉਂ ਨਹੀਂ ਦਿੰਦਾ। ਸੰਤ ਬਲਬੀਰ ਸਿੰਘ ਸੀਚੇਵਾਲ ਜਿਹੜਾ ਦਰਿਆਵਾਂ ਤੇ ਬੇਈਆਂ ਸਾਫ ਕਰਾਉਣ ਲਈ ਪੂਰਾ ਜ਼ੋਰ ਲਾਉਂਦਾ, ਉਹ ਆਪਣੇ ਹੀ ਸੰਤ-ਭਾਈ ਦੀ ਮ੍ਰਿਤਕ ਦੇਹ ਨੂੰ ਦਰਿਆ ਵਿਚ ਜਲ ਪ੍ਰਵਾਹ ਕਰਨ ਦੀ ਆਗਿਆ ਕਿਉਂ ਦਿੰਦਾ? ਗੁਰੂਆਂ ਦੀ ਵਿਰਾਸਤ ਸੰਭਾਲੀ ਬੈਠੇ ਜਥੇਦਾਰ ਖੁਦ ਜਾ ਕੇ ਗੁਰਮਤਿ ਤੋਂ ਉਲਟ ਜਲ ਪ੍ਰਵਾਹ ਕਰਾਉਂਦੇ ਹਨ, ਕੀ ਹੱਕ ਬਣਦਾ ਇਨ੍ਹਾਂ ਦਾ ਗੁਰੂ ਸਾਹਿਬਾਨ ਦੇ ਸਜਾਏ ਤਖ਼ਤਾਂ ‘ਤੇ ਬੈਠਣ ਦਾ?
ਮੇਰਾ ਆਹ ਲਿਖਣ ਦਾ ਮਕਸਦ ਸੰਤ ਮਹਾਂਪੁਰਸ਼ ਦੀ ਦੇਹ ਦਾ ਨਿਰਾਦਰ ਕਰਨਾ ਨਾ ਸਮਝਿਆ ਜਾਵੇ, ਬਲਕਿ ਮੈਂ ਤਾਂ ਉਸ ਨਿਰਾਦਰ ਵੱਲ ਉਂਗਲੀ ਕੀਤੀ ਹੈ ਜਿਹੜਾ ਸੰਤਾਂ ਦੀ ਦੇਹ ਨੂੰ ਜਲ ਪ੍ਰਵਾਹ ਕਰ ਕੇ ਕੀਤਾ।
ਮਝੈਲ ਸਿੰਘ ਸਰਾਂ

(ਧੰਨਵਾਦ ਸਹਿਤ ਪੰਜਾਬ ਟਾਈਮਜ਼ ਵਿਚੋਂ)


02/02/15)
ਬਲਦੀਪ ਸਿੰਘ ਰਾਮੂੰਵਾਲੀਆ/ਫੇਸਬੁੱਕ ਰਾਹੀਂ

ਪੀਰ ਬੁਧੂ ਸ਼ਾਹ (੧੩ ਜੂਨ ੧੬੪੭__੨੧ ਅਕਤੂਬਰ ੧੭੦੪)
ਪੀਰ ਬੁਧੂ ਸ਼ਾਹ ਜੀ ਦਾ ਜਨਮ ੧੩ ਜੂਨ ੧੬੪੭ ਵਿਚ ਸੰਢੌਰੇ ਵਿਚ ਸੈਯਦ ਪਰਿਵਾਰ ਵਿਚ ਹੋਇਆ। ਆਪ ਦਾ ਅਸਲ ਨਾਮ ਸੈਯਦ ਸ਼ਾਹ ਬਦਰੁੱਦੀਨ ਸੀ। ਪਰ ਆਪ ਦੀ ਪ੍ਰਸਿਧੀ ਪੀਰ ਬੁਧੂ ਸ਼ਾਹ ਕਰਕੇ ਹੋਈ। ਆਪ ਬਚਪਣ ਤੋ ਹੀ ਤੀਖਣ ਤੇ ਤਾਰਕਿਕ ਬੁਧੀ ਦੇ ਮਾਲਕ ਸਨ। ਆਪ ਦਾ ਸੁਭਾਅ ਸ਼ਾਤ ਚਿਤ, ਹਲੇਮੀ ਤੇ ਸੇਵਾ ਭਾਵਨਾ ਵਾਲਾ ਸੀ। ਆਪ ਦਾ ਨਿਕਾਹ ੧੮ ਸਾਲ ਦੀ ਉਮਰ ਵਿਚ ਬੀਬੀ ਨਸੀਰਾਂ ਨਾਲ ਹੋਇਆ ਜੋ ਸੈਦ ਖਾਂ ਜਰਨੈਲ ਦੀ ਭੈਣ ਸੀ।ਪੀਰ ਬੁਧੂ ਸ਼ਾਹ ਜੀ ਦੇ ਘਰ ਚ ਚਾਰ ਪੁਤਰ ਪੈਦਾ ਹੋਏ ਸੈਯਦ ਅਸ਼ਰਫ, ਸੈਯਦ ਮੁਹਮਦ ਸ਼ਾਹ, ਸੈਯਦ ਮੁਹਮਦ ਬਖਸ਼, ਸੈਯਦ ਸ਼ਾਹ ਹੁਸੈਨ।
ਗੁਰੂ ਗੋਬਿੰਦ ਸਿੰਘ ਜੀ ਨਾਲ ਪੀਰ ਬੁਧੂ ਸ਼ਾਹ ਦੀ ਪਹਿਲੀ ਮੁਲਾਕਾਤ ੧੬੮੫ ਈ: ਵਿਚ ਪਾਉਟੇ ਵਿਖੇ ਹੋਈ। ਪੀਰ ਜੀ ਦੇ ਕੋਮਲ ਦਿਲ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਦਾ ਬਹੁਤ ਅਸਰ ਹੋਇਆ। ਉਹ ਗੁਰੂ ਜੀ ਦੇ ਪਕੇ ਮੁਰੀਦ ਹੋ ਗਏ।
ਇਕ ਵਾਰ ਔਰੰਗਜ਼ੇਬ ਨੇ ਆਪਣੀ ਫੌਜ ਚੋ ੫੦੦ ਸ਼ੀਆ ਪਠਾਣ ਕਢ ਦਿਤੇ ਗਏ, ਜਿਨ੍ਹਾਂ ਨੂੰ ਪੀਰ ਬੁਧੂ ਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਖਵਾ ਦਿਤਾ। ਇਹਨਾ ਪਾਠਣਾ ਦੇ ਚਾਰ ਧੜੇ ਚਾਰ ਸਰਦਾਰਾਂ ਕਾਲੇ ਖਾਂ, ਭੀਖਨ ਖਾਂ, ਨਿਜਾਬਤ ਖਾਂ ਤੇ ਹਯਾਤ ਖਾਂ ਅਗਵਾਈ ਚ ਸਨ।
ਜਦ ਪਹਾੜੀ ਰਾਜਿਆ ਭੀਮ ਚੰਦ ਤੇ ਫਤਹ ਸ਼ਾਹ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰਨ ਦੀ ਸੋਚੀ ਤਾਂ ਉਹਨਾ ਨੇ ਇਹਨਾਂ ਪਠਾਣਾਂ ਨੂੰ ਲਾਲਚ ਦਿਤਾ ਤਾਂ ਭੀਖਨ ਸ਼ਾਹ, ਨਿਜ਼ਾਬਤ ਖਾਂ, ਤੇ ਹਯਾਤ ਖਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਗਦਾਰੀ ਕਰਕੇ ਪਹਾੜੀ ਰਾਜਿਆਂ ਨਾਲ ਰਲ ਗਏ ਪਰ ਕਾਲੇ ਖਾਂ ਆਪਣੇ੧੦੦ ਸਾਥੀਆਂ ਸਮੇਤ ਗੁਰੂ ਦਾ ਵਫਾਦਾਰ ਰਿਹਾ। ਉਧਰ ਪਹਾੜੀ ਰਾਜਿਆ ਨੇ ਹਮਲਾ ਕਰ ਦਿਤਾ। ਇਹ ਜੰਗ ਭੰਗਾਣੀ ਦੇ ਸਥਾਨ ਤੇ ੧੬੮੮ ਚ ਹੋਈ। ਪੀਰ ਬੁਧੂ ਸ਼ਾਹ ਵੀ ਪਠਾਣਾਂ ਦੀ ਗਦਾਰੀ ਦੀ ਖਬਰ ਸੁਣ ਕੇ ਚਾਰੇ ਪੁਤਰਾਂ, ਦੋ ਭਾਈਆਂ ਤੇ ੭੦੦ ਮੁਰੀਦਾਂ ਨਾਲ ਇਸ ਭੰਗਾਣੀ ਦੇ ਯੁਧ ਵਿਚ ਗੁਰੂ ਜੀ ਦੀ ਮਦਦ ਤੇ ਆਣ ਖੜਾ ਹੋਇਆ।
ਇਸ ਜੰਗ ਵਿਚ ਗੁਰੂ ਕਿਆ ਦੀ ਜਿਤ ਹੋਈ। ਇਸੇ ਜੰਗ ਵਿਚ ਪੀਰ ਬੁਧੂ ਸ਼ਾਹ ਜੀ ਦੇ ਦੋ ਪੁਤਰ, ਇਕ ਭਰਾ ਤੇ ਕਈ ਮੁਰੀਦ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਪੀਰ ਦੀ ਸੇਵਾ ਤੇ ਪ੍ਰਸਨ ਹੋ ਕਿ ਕਿਹਾ ਪੀਰ ਜੀ ਮੰਗੋ ਜੋ ਚਾਹੀਦਾ, ਤਾਂ ਪੀਰ ਜੀ ਨੇ ਕਿਹਾ ਕਿ ਸਤਿਗੁਰ ਜੀ ਆਹ ਆਪਣੇ ਕੇਸਾਂ ਸਮੇਤ ਕੰਘਾ ਮੇਰੀ ਝੋਲੀ ਪਾ ਦੋ। ਗੁਰੂ ਜੀ ਨੇ ਜਿਥੇ ਕੰਘਾ ਕੇਸਾ ਸਮੇਤ ਦਿਤਾ ਉਥੇ ਇਕ ਦਸਤਾਰ, ਇਕ ਛੋਟੀ ਕਿਰਪਾਨ ਤੇ ਹੁਕਮਨਾਮਾ ਦਿਤਾ।
ਗੁਰੂ ਗੋਬਿੰਦ ਸਿੰਘ ਜੀ ਮਦਦ ਕਰਨ ਕਰਕੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਸਢੌਰੇ ਦੇ ਸ਼ਾਸ਼ਕ ਉਸਮਾਨ ਖਾਂ ਨੂੰ ਹੁਕਮ ਕੀਤਾ ਕਿ ਪੀਰ ਬੁਧੂ ਸ਼ਾਹ ਨੂੰ ਇਸ ਗਲਤੀ ਦੀ ਸਜ਼ਾ ਦੇਵੇ। ਉਸਮਾਨ ਖਾਂ ਨੇ ਪੀਰ ਬੁਧੂ ਸ਼ਾਹ ਨੂੰ ਬਹੁਤ ਤਸੀਹੇ ਦੇ ਕੇ ੨੧ ਮਾਰਚ ੧੭੦੪ ਨੂੰ ਸ਼ਹੀਦ ਕਰ ਦਿਤਾ।
ਬਾਬਾ ਬੰਦਾ ਸਿੰਘ ਬਹਾਦਰ ਨੇ ੧੭੦੯ ਚ ਸੰਢੌਰੇ ਤੇ ਕਬਜ਼ਾ ਕਰਕੇ ਪੀਰ ਬੁਧੂ ਸ਼ਾਹ ਦੇ ਕਾਤਲ ਉਸਮਾਨ ਖਾਂ ਨੂੰ ਉਸਦੀ ਕੀਤੀ ਦੀ ਸਜ਼ਾ ਦੇ ਕੇ ਮੌਤ ਦੇ ਘਾਟ ਉਤਾਰਿਆ।
ਆਓ ਪੀਰ ਬੁਧੂ ਸ਼ਾਹ ਦੀ ਕੁਰਬਾਨੀ ਤੋ ਸਿਖਿਆ ਲੈ ਕਿ ਗੁਰੂ ਵਾਲੇ ਬਣੀਐ .....
ਧਨ ਸਿਖੀ!
ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
96543-42039
**************************
ਸ਼ਹੀਦ ਭਾਈ ਮਨੀ ਸਿੰਘ ਜਿਨਾਂ ਦੇ ਪਰਿਵਾਰ ਦੇ ੯੦ (ਨੱਬੇ) ਜੀਅ ਸ਼ਹੀਦ ਹੋਏ ...ਅਜ ਆਪਾਂ ਉਹਨਾਂ ਨਾਂਵਾਂ ਬਾਰੇ ਜਾਣਾਂਗੇ ਜੋ ਭਾਈ ਸਾਹਿਬ ਦੀਆਂ ਅਖਾਂ ਸਾਹਮਣੇ ਸ਼ਹੀਦ ਹੋਏ ਸਭ ਤੋ ਪਹਿਲਾਂ ਆਪ ਦੇ ਪਰਿਵਾਰ ਚੋ ਆਪ ਦੇ ਦਾਦਾ ਜੀ ਆਪ ਦੇ ਜਨਮ ਤੋ ਪਹਿਲਾ ਸ਼ਹੀਦ ਹੋਏ
ਸੋ ਨਾਵਾਂ ਦਾ ਵੇਰਵਾ ਉਥੋ ਸ਼ੁਰੂ ਕਰਾਂਗੇ ...
ਬਾਬਾ ਬਲੂ ਜੀ(ਸ਼ਹੀਦੀ ੧੫ ਐਪ੍ਰਲ ੧੬੩੪.ਅੰਮ੍ਰਿਤਸਰ)
!
ਮਾਈਦਾਸ ਜੀ
!
------------------------------------------
੧.ਜੇਠਾ ਸਿੰਘ (ਸ਼ਹੀਦੀ ੧੧ਅਕਤੂਬਰ ੧੭੧੧ੲੀ ਆਲੋਵਾਲ)
੨.ਦਿਆਲ ਦਾਸ(ਸ਼ਹੀਦੀ ੧੧ਨੰਵਬਰ ੧੬੭੫ੲੀ ਦਿਲੀ)
੩.ਮਨੀ ਸਿੰਘ (ਸ਼ਹੀਦੀ ੨੪ਜੂਨ ੧੭੩੪ੲੀ ਲਾਹੌਰ)
੪.ਦਾਨ ਸਿੰਘ (ਸ਼ਹੀਦੀ ੭ਦੰਸਬਰ ੧੭੦੫ ਚਮਕੌਰ )
੫.ਮਾਨ ਸਿੰਘ (ਸ਼ਹੀਦੀ ੩ ਐਪ੍ਰਲ ੧੭੦੮ਚਤੌੜਗੜ੍)
੬.ਅਮਰ ਚੰਦ (ਨਿਕੇ ਉਮਰੇ ਚੜਾਈ ਕਰ ਗਿਆ ਸੀ)
੭.ਰੂਪ ਸਿੰਘ (ਸ਼ਹੀਦੀ ੧੧ ਅਕਤੂਬਰ ੧੭੧੧ ਆਲੋਵਾਲ)
੮.ਜਗਤ ਸਿੰਘ (ਸ਼ਹੀਦੀ ੨੪ ਜੂਨ ੧੭੩੪ ਲਾਹੌਰ)
੯.ਸੋਹਣ ਚੰਦ (ਸ਼ਹੀਦੀ ੨੦ ਮਾਰਚ ੧੬੯੧ ਨਦੌਣ)
੧੦.ਲਹਿਣਾ ਸਿੰਘ (ਸ਼ਹੀਦੀ ੨੦ ਫਰਵਰੀ ੧੬੮੬ ਗੁਲੇਰ)
੧੧.ਰਾਇ ਸਿੰਘ (ਸ਼ਹੀਦੀ ੩੦ ਦਿੰਸਬਰ ੧੭੦੫ ਮੁਕਤਸਰ)
੧੨.ਹਠੀ ਚੰਦ (ਸ਼ਹੀਦੀ ੧੮ ਸੰਤਬਰ ੧੬੮੮ ਭੰਗਾਣੀ)
ਸੋ ਇਸ ਤਰਾਂ ਭਾਈ ਮਨੀ ਸਿੰਘ ਸਮੇਤ ੧੨ ਭਰਾਵਾਂ ਚੋ ੧੧ ਸ਼ਹੀਦ ਹੋਏ ਹਨ
ਭਾਈ ਮਨੀ ਸਿੰਘ ਦੇ ੧੦ ਪੁਤਰਾਂ ਚੋ ੭ (ਸਤ)ਸ਼ਹੀਦ ਹੋਏ ਹਨ ਹੇਠਾਂ ਲਿਖੇ ਹਨ ..
੧.ਚਿਤ੍ਰ ਸਿੰਘ (ਸ਼ਹੀਦੀ ੨੪ ਜੂਨ ੧੭੩੪ ਲਾਹੌਰ)
੨.ਬਚਿਤ੍ਰ ਸਿੰਘ (ਸ਼ਹੀਦੀ ੮ ਦਿੰਸਬਰ ੧੭੦੫ ਕੋਟਲਾ ਨਿੰਹਗ)
੩.ਉਦੈ ਸਿੰਘ (ਸ਼ਹੀਦੀ ੬ਦੰਸਬਰ੧੭੦੫ ਸ਼ਾਹੀ ਟਿਬੀ)
੪.ਅਨਿਕ ਸਿੰਘ (ਸ਼ਹੀਦੀ ੭ਦੰਸਬਰ੧੭੦੫ਚਮਕੌਰ)
੫.ਅਜਬ ਸਿੰਘ (ਸ਼ਹੀਦੀ ੭ਦੰਸਬਰ੧੭੦੫ ਚਮਕੌਰ)
੬.ਅਜਾਇਬ ਸਿੰਘ (ਸ਼ਹੀਦੀ ੭ਦੰਸਬਰ ੧੭੦੫ ਚਮਕੌਰ)
੭.ਗੁਰਬਖਸ਼ ਸਿੰਘ (ਸ਼ਹੀਦੀ ੨੪ਜੂਨ ੧੭੩੪ ਲਾਹੌਰ)
੮.ਭਗਵਾਨ ਸਿੰਘ
੯.ਬਲਰਾਮ ਸਿੰਘ
੧੦.ਦੇਸਾ ਸਿੰਘ ਰਹਿਤਨਾਮੀਆ
ਨੌ ਪੋਤੇ ਵੀ ਜਿਉਦੇ ਜੀ ਸ਼ਹੀਦ ਹੋਏ ਉਨਾਂ ਦੇ ਨਾਂ ਹਨ
੧.ਕੈਸੋ ਸਿੰਘ (ਸ਼ਹੀਦੀ ੨੮ਦੰਸਬਰ੧੭੧੧ ਬਿਲਾਸਪੁਰ)
੨.ਸੈਣਾ ਸਿੰਘ (ਸ਼ਹੀਦੀ ੨੨ਜੂਨ ੧੭੧੩ ਸਢੌਰਾ)
੩.ਸੰਗਰਾਮ. ਸਿੰਘ (ਸ਼ਹੀਦੀ ੧੩ਮੲੀ ੧੭੧੦ ਚਪੜਚਿੜੀ)
੪.ਰਾਮ ਸਿੰਘ (ਸ਼ਹੀਦੀ ੯ਜੂਨ੧੭੧੬ ਦਿਲੀ)
੫.ਮਹਿਬੂਬ ਸਿੰਘ (੧੩ਮੲੀ ੧੭੧੦ ਚਪੜਚਿੜੀ)
੬.ਫਤੇ ਸਿੰਘ (ਸ਼ਹੀਦੀ ੧੩ਮੲੀ ੧੭੧੦ ਚਪੜਚਿੜੀ)
੭.ਅਲਬੇਲ ਸਿੰਘ (ਸ਼ਹੀਦੀ ੨੨ਜੂਨ੧੭੧੩ ਸਢੌਰਾ)
੮.ਮੋਹਰ ਸਿੰਘ (ਸ਼ਹੀਦੀ ੨੨ਜੂਨ ੧੭੧੩ਸਢੌਰਾ)
੯.ਬਾਘ ਸਿੰਘ (ਸ਼ਹੀਦੀ ੨੮ਦੰਸਬਰ੧੭੧੧ ਬਿਲਾਸਪੁਰ)
ਨੋਟ ;-ਜੋ ਸਿਖੀ ਤੋ ਭਜੇ ਨੋ ਇਕ ਵਾਰ ਇਹਨਾਂ ਸ਼ਹੀਦਾਂ ਤੋ ਪਰ੍ਰੇਨਾ ਲੈਣ ਕਿ ਸਿਖੀ ਇਤਨੀ ਕੀਮਤੀ ਹੈ ਕਿ ਉਸ ਦੇ ਸਾਹਮਣੇ ਮੌਤ ਵੀ ਛੋਟੀ ਹੈ
ਇਸ ਪੋਸਟ ਨੂੰ ਵਧ ਤੋ ਵਧ ਸ਼ੇਅਰ ਕਰੋ .......
ਗੁਰੂ ਪੰਥ ਦਾ ਦਾਸ
ਬਲਦੀਪ ਸਿੰਘ ਰਾਮੂੰਵਾਲੀਅਾ
96543-42039


02/02/15)
ਭਾਈ ਬੇਅੰਤ ਸਿੰਘ ਖਾਨੇਵਾਲ/ਫੇਸਬੁੱਕ ਰਾਹੀਂ

ਬੇਗਮਪੁਰੇ ਦੇ ਸਿਰਜਕ ਨੂੰ ਯਾਦ ਕਰਦਿਆਂ... ਅੱਜ ਜਦੋਂ ਸਾਡੇ ’ਚੋਂ ਕਿਰਤ ਸੱਭਿਆਚਾਰ ਆਲੋਪ ਹੋ ਰਿਹਾ ਹੈ ਤਾਂ ਭਗਤ ਰਵਿਦਾਸ ਜੀ ਦੀ ਸੁੱਚੀ ਜੀਵਨ-ਸ਼ੈਲੀ ਅਤੇ ਉੱਚੀ ਵਿਚਾਰਧਾਰਾ ਨੂੰ ਪ੍ਰਚਾਰਨ ਦੀ ਵੱਡੀ ਲੋੜ ਹੈ।
ਦੂਸਰਾ ਉਨਾਂ ਪਾਖੰਡਵਾਦ, ਆਡੰਬਰਵਾਦ ਵਿਰੁੱਧ ਜਿਹੜੀ ਲਹਿਰ ਆਰੰਭੀ ਸੀ, ਉਸਨੂੰ ਅੱਗੇ ਲੈ ਕੇ ਜਾਣਾ ਬਣਦਾ ਹੈ, ਪ੍ਰੰਤੂ ਅਸੀਂ ਜਾਣੇ-ਅਣਜਾਣੇ ਮੁੜ ਤੋਂ ਉਨਾਂ ਬ੍ਰਹਾਮਣੀ ਸ਼ਕਤੀਆਂ ਦਾ ਸ਼ਿਕਾਰ ਹੋ ਗਏ ਹਾਂ, ਜਿਹੜੀਆਂ ਧਰਮ ਨੂੰ ਵਪਾਰ ਸਮਝਦੀਆਂ ਹਨ। ਲੋੜ ਹੈ ਉਨਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ, ਸਿਰਫ਼ ਫੋਕੀ ਜੈ-ਜੈਕਾਰ ਨਾਲ ਕਦੇ ਕੁਝ ਨਹੀਂ ਬਣਿਆ, ਨਿਬੇੜੇ ਅਮਲਾਂ ਨਾਲ ਹੁੰਦੇ ਹਨ। ਜਿਸ ਤਰਾਂ ਭਗਤ ਰਵਿਦਾਸ ਜੀ ਨੇ ਧਰਮ ਦੇ ਠੇਕੇਦਾਰ ਨੂੰ ਚੁਣੌਤੀ ਦੇ ਕੇ, ਉਨਾਂ ਵੱਲੋਂ ਧਰਮ ਦੇ ਨਾਮ ਤੇ ਕੀਤੇ ਜਾਂਦੇ ਮਾਨਸਿਕ ਤੇ ਆਰਥਿਕ ਸ਼ੋਸ਼ਣ ਨੂੰ ਚੁਣੌਤੀ ਦਿੱਤੀ, ਉਹ ਸਥਿੱਤੀ ਅੱਜ ਵੀ ਬਦਲਵੇਂ ਰੂਪ ’ਚ ਡੱਟੀ ਖੜੀ ਹੈ, ਪ੍ਰੰਤੂ ਕਿਉਂਕਿ ਅਸੀਂ ਉਸ ਮਹਾਨ ਕ੍ਰਾਂਤੀਕਾਰੀ ਰਹਿਬਰ ਦੀ ਸਿੱਖਿਆ ਨੂੰ ਭੁੱਲ ਕੇ, ਸਿਰਫ਼ ਤੇ ਸਿਰਫ਼ ਉਨਾਂ ਦੇ ਨਾਮ ਧਰੀਕ, ਸ਼ਰਧਾਵਾਨ ਬਣ ਗਏ ਹਾਂ, ਇਸ ਲਈ ਪ੍ਰਾਪਤੀਆਂ ਦੀ ਥਾਂ, ਘਾਟੇ ਦੇ ਰਾਹ ਪੈ ਗਏ ਹਾਂ। ਅੱਜ ਉਨਾਂ ਨੂੰ ਭਗਤ, ਗੁਰੂ ਜਾਂ ਸਤਿਗੁਰੂ ਕਹਿਣ ਦਾ ਬਿਖੇੜਾ ਸ਼ੁਰੂ ਕਰ ਲਿਆ ਗਿਆ ਹੈ, ਜਦੋਂ ਕਿ ਉਨਾਂ ਖੁਦ ਲਿਖਿਆ ਹੈ ਕਿ ‘‘ਭਗਤ ਬਰਾਬਰਿ ਅਉਰੁ ਨ ਕੋਇ’’, ਅਤੇ ਜਿਸ ਗੁਰੂ, ਰਹਿਬਰ, ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸ਼ਭਾਇਮਾਨ ਹੋ ਕੇ ਗੁਰਬਾਣੀ ਬਣ ਗਈ, ਫ਼ਿਰ ਉਨਾਂ ਬਾਰੇ ਗੁਰੂ ਹੋਣ ਜਾਂ ਨਾ ਹੋਣ ਦਾ ਬਿਖੇੜਾ, ਖੜਾ ਕਰਨਾ, ਸਿਰਫ਼ ਤੇ ਸਿਰਫ਼ ਉਨਾਂ ਦੀ ਮਹਾਨ ਸੋਚ ਤੇ ਸਮੁੱਚੀ ਮਨੁੱਖਤਾਦੀ ਅਗਵਾਈ ਵਾਲੇ ਸਿਧਾਤਾਂ ਨੂੰ ਛੁਟਿਆਉਣ ਅਤੇ ਸਮਾਜ ’ਚ ਨਵੀਆਂ ਵੰਡੀਆਂ ਖੜੀਆਂ ਕਰਨ ਦੀ ਕੋਝੀ ਸਾਜਿਸ਼ ਹੀ ਆਖੀ ਜਾਵੇਗੀ। ਸਿੱਖੀ, ਇੱਕ ਮਾਰਗ ਹੈ ਅਤੇ ਗੁਰਬਾਣੀ ਇਸ ਮਾਰਗ ਨੂੰ ਰੁਸ਼ਨਾਉਣ ਵਾਲਾ ਚਾਨਣ ਮੁਨਾਰਾ ਹੈ, ਚਾਨਣ ਮੁਨਾਰੇ ਨੂੰ ਵੰਡਿਆ ਨਹੀਂ ਜਾ ਸਕਦਾ। ਇਸ ਲਈ ਗੁਰੂ ਸਾਹਿਬਾਨ ਅਤੇ ਉਨਾਂ ਭਗਤਾਂ ਨੂੰ ਜਿਨਾਂ ਦੀ ਪਵਿੱਤਰ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਹੈ, ਵੱਖ-ਵੱਖ ਜਾਂ ਦਰਜਾਵਾਰ ਨਹੀਂ ਕੀਤਾ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹਰ ਸਿਰ, ਭਗਤ ਰਵਿਦਾਸ ਜੀ ਮਹਾਰਾਜ ਅੱਗੇ ਵੀ ਉਸੇ ਸ਼ਰਧਾ ਨਾਲ ਖੁਦ-ਬ-ਖੁਦ ਝੁਕਦਾ ਹੈ। ਸਾਨੂੰ ਲੋੜ ਹੈ ਕਿ ਅਸੀਂ ਗੁਰਬਾਣੀ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ, ਜਾਤ-ਪਾਤ ਦੀ ਵੰਡੀਆਂ ਖ਼ਤਮ ਕਰਨ ਵੱਲ ਤੁਰੀਏ ਅਤੇ ਉਸ ਬੇਗਮਪੁਰੇ ਦੀ ਸਥਾਪਨਾ ਦਾ ਮੁੱਢ ਬੰਨੀਏ, ਜਿਸ ਦੀ ਸਥਾਪਤੀ ਦਾ ਹੋਕਾ ਭਗਤ ਰਵਿਦਾਸ ਜੇ ਨੇ ਦਿੱਤਾ ਸੀ। ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਿਰਫ਼ ਰਵਿਦਾਸੀਏ ਭਾਈਚਾਰੇ ਦੇ ਗੁਰਦੁਆਰਿਆਂ ਜਾਂ ਮੰਦਿਰਾਂ ਤੱਕ ਹੀ ਸੀਮਤ ਨਾ ਕਰੀਏ, ਸਗੋਂ ਸਮੁੱਚਾ ਸਮਾਜ ਤੇ ਖ਼ਾਸ ਕਰਕੇ ਦੱਬਿਆ-ਕੁਚਲਿਆ ਅਤੇ ਸ਼ੋਸ਼ਣ ਦਾ ਸ਼ਿਕਾਰ ਗਰੀਬ ਵਰਗ, ਪੂਰੀ ਸ਼ਿੱਦਤ ਨਾਲ ਮਨਾਵੇ ਤਾਂ ਕਿ ਸਮਾਜ ’ਚ ਹਾਲੇਂ ਤੱਕ ਖੜੀਆਂ ਧਾਰਮਿਕ, ਆਰਥਿਕਤ ਤੇ ਸਮਾਜਕ ਵੰਡੀਆਂ ਨੂੰ ਖ਼ਤਮ ਕਰਕੇ ਹਰ ਕਿਸੇ ਨੂੰ ਬੇਗਮਪੁਰੇ ਦੀ ਸਿਰਜਣਾ ਕਰਕੇ ਉਸ ਦੇ ਵਾਸੀ ਹੋਣ ਦਾ ਅਹਿਸਾਸ ਪੈਦਾ ਹੋਵੇ।


02/02/15)
ਜਸਵੰਤ ਸਿੰਘ ‘ਅਜੀਤ’

ਸਿੱਖ ਇਤਿਹਾਸ ਵਿੱਚ ਵੱਡਾ ਘਲੂਘਾਰਾ
ਅਹਿਮਦਸ਼ਾਹ ਅਬਦਾਲੀ ਹਿੰਦੁਸਤਾਨ ਪੁਰ ਪੰਜ ਹਮਲੇ ਕਰ ਚੁਕਾ ਹੋਇਆ ਸੀ ਅਤੇ ਛੇਵੇਂ ਹਮਲੇ ਦੀ ਤਿਆਰੀ ਬੜੇ ਹੀ ਜ਼ੋਰ-ਸ਼ੋਰ ਨਾਲ ਕਰ ਰਿਹਾ ਸੀ। ਇਤਿਹਾਸਕਾਰ ਮੰਨਦੇ ਹਨ ਕਿ ਭਾਵੇਂ ਉਸ ਵਲੋਂ ਕੀਤੇ ਜਾਣ ਵਾਲੇ ਇਸ ਹਮਲੇ ਦਾ ਉਦੇਸ਼ ਵੀ ਆਪਣੇ ਪਹਿਲੇ ਹਮਲਿਆਂ ਵਾਂਗ ਹਿੰਦੁਸਤਾਨ ਨੂੰ ਲੁਟਣਾ ਅਤੇ ਹਿੰਦੁਸਤਾਨ ਦੀ ਅਸਮਤ, ਉਸਦੀਆਂ ਧੀਆਂ-ਭੈਣਾਂ ਨੂੰ ਬੰਦੀ ਬਣਾ ਲਿਜਾ, ਗਜ਼ਨੀ ਦੇ ਬਾਜ਼ਾਰਾਂ ਵਿੱਚ ਨਿਲਾਮ ਕਰਨਾ ਹੀ ਪ੍ਰਚਾਰਿਆ ਜਾ ਰਿਹਾ ਸੀ, ਫਿਰ ਵੀ ਉਸਦੇ ਇਸ ਹਮਲੇ ਦਾ ਮੁੱਖ ਉਦੇਸ਼, ਉਸ ਸਿੱਖ ਸ਼ਕਤੀ ਨੂੰ ਮੂਲੋਂ ਹੀ ਕੁਚਲ ਦੇਣਾ ਸੀ, ਜੋ ਉਸਦੇ ਹਰ ਹਮਲੇ ਦੌਰਾਨ ਉਸ ਵਲੋਂ ਲੁਟੀ ਦੌਲਤ ਵਿਚੋਂ ਹਿੱਸਾ ਵੰਡਾਂਦੀ ਚਲੀ ਆ ਰਹੀ ਸੀ। ਪਿਛਲੀ ਵਾਰ ਤਾਂ ਉਸ ਸ਼ਕਤੀ ਦੇ ਮਾਲਕ, ਸਿੱਖਾਂ ਨੇ ਤਾਂ ਹਦ ਹੀ ਮੁੱਕਾ ਦਿੱਤੀ, ਜਦੋਂ ਉਹ ਉਸ ਵਲੋਂ ਦਿੱਲੀ ਤੋਂ ਬੰਦੀ ਬਣਾ ਫੌਜ ਦੇ ਭਾਰੀ ਘੇਰੈ ਵਿੱਚ ਲਿਜਾਈਆਂ ਜਾ ਰਹੀਆਂ ਹਿੰਦੁਸਤਾਨ ਦੀਆਂ 2200 ਧੀਆਂ-ਭੈਣਾਂ ਅੱਖ ਦੇ ਫੋਰ ਵਿੱਚ ਆਜ਼ਾਦ ਕਰਵਾ ਹਰਨ ਹੋ ਗਏ ਅਤੇ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਘਰੋ ਘਰੀ ਪਹੁੰਚਾ ਆਏ।
ਅਹਿਮਦਸ਼ਾਹ ਅਬਦਾਲੀ ਨੂੰ ਹੈਰਾਨੀ ਇਸ ਗਲ ਦੀ ਵੀ ਸੀ ਕਿ ਮਰਹੱਟਿਆਂ ਵਰਗੀ ਤਾਕਤ ਤਾਂ ਉਸਦੀਆਂ ਜੁਝਾਰੂ ਫੌਜਾਂ ਸਾਹਮਣੇ ਬਹੁਤੀ ਦੇਰ ਨਹੀਂ ਸੀ ਟਿੱਕ ਸਕੀ, ਪਰ ਇਹ ਸਿੱਖ, ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ, ਜਦੋਂ ਉਹ ਹਿੰਦੁਸਤਾਨ ਵਿੱਚ ਦਾਖਿਲ ਹੁੰਦਾ ਹੈ, ਉਸਨੂੰ ਰੋਕਣ ਦਾ ਕੋਈ ਵੀ ਹੀਆ ਨਹੀਂ ਕਰਦੇ, ਪਰ ਜਦੋਂ ਉਹ ਲੁਟ-ਮਾਰ ਕਰ ਵਾਪਸ ਮੁੜਦਿਆਂ ਪੰਜਾਬ ਦੀ ਧਰਤੀ ਤੇ ਪੈਰ ਰਖਦਾ ਹੀ ਹੈ ਤਾਂ, ਉਨ੍ਹਾਂ (ਸਿੱਖਾਂ) ਵਲੋਂ ਉਸਦੀ ਲੁਟ ਵਿਚੋਂ ਹਿੱਸਾ ਵੰਡਾਇਆ ਜਾਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਨੂੰ ਨਾ ਤਾਂ ਉਸਦੀ ਤਾਕਤ ਦਾ ਭੈ ਹੈ ਅਤੇ ਨਾ ਹੀ ਮੌਤ ਦਾ ਡਰ।
ਇਸ ਵਾਰ ਅਹਿਮਦਸ਼ਾਹ ਅਬਦਾਲੀ ਨੇ ਹਿੰਦੁਸਤਾਨ ਪੁਰ ਹਮਲਾ ਕਰਨ ਤੋਂ ਪਹਿਲਾਂ ਹੀ ਠਾਣ ਲਿਆ ਸੀ ਕਿ ਉਹ ਇਸ ਵਾਰ ਸਿੱਖਾਂ ਦੀ ਸ਼ਕਤੀ ਨੂੰ ਇਤਨੀ ਬੁਰੀ ਤਰ੍ਹਾਂ ਕੁਚਲ ਕੇ ਹੀ ਮੁੜੇਗਾ, ਕਿ ਉਹ ਮੁੜ ਕਦੀ ਵੀ ਸਿਰ ਚੁਕਣ ਦੀ ਹਿੰਮਤ ਨਾ ਕਰ ਸਕਣ।
ਪਿਛਲੀ ਵਾਰ ਵਾਪਸ ਮੁੜਦੇ ਅਬਦਾਲੀ ਪਾਸੋਂ ਉਸ ਵਲੋਂ ਲੁਟ ਕੇ ਲਿਜਾਂਦੇ ਜਾ ਰਹੇ ਮਾਲ ਵਿਚੋਂ ਇੱਕ ਵੱਡਾ ਹਿਸਾ ਵੰਡਾ ਲੈਣ ਅਤੇ ਉਸਦੇ ਕਬਜ਼ੇ ਵਿਚੋਂ ਹਿੰਦੁਸਤਾਨ ਦੀ ਅਜ਼ਮਤ, 2200 ਧੀਆਂ-ਭੈਣਾ ਨੂੰ ਛੁਡਾ, ਸਤਿਕਾਰ ਸਹਿਤ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾ ਦੇਣ ਨਾਲ ਜਿਥੇ ਸਿੱਖਾਂ ਨੂੰ ਜੱਸ ਮਿਲਿਆ, ਉਥੇ ਹੀ ਉਨ੍ਹਾਂ ਦੀ ਸ਼ਕਤੀ ਦਾ ਲੋਹਾ ਵੀ ਮੰਨਿਆ ਜਾਣ ਲਗਾ। ਪਰ ਇਹ ਗਲ ਉਨ੍ਹਾਂ ਈਰਖਾਲੂਆਂ ਤੇ ਸਿੱਖਾਂ ਦੇ ਵੈਰੀਆਂ ਲਈ ਅਸਹਿ ਬਣਦੀ ਜਾ ਰਹੀ ਸੀ। ਜੋ ਕਿ ਪੀੜੀਆਂ ਤੋਂ ਸਿੱਖਾਂ ਨਾਲ ਵੈਰ ਕਮਾਂਦੇ ਚਲੇ ਆ ਰਹੇ ਸਨ। ਅਜਿਹੇ ਹੀ ਵੈਰੀ ਨਿਰੰਜਨੀਆਂ ਦੀ ਪੀੜੀ ਵਿਚਲਾ ਆਕਲ ਦਾਸ ਅਬਦਾਲੀ ਨੂੰ ਬਾਰ-ਬਾਰ ਚਿੱਠੀਆਂ ਲਿਖ ਸਿੱਖ ਸ਼ਕਤੀ ਨੂੰ ਕੁਚਲਣ ਲਈ ਹਿੰਦੁਸਤਾਨ ਆਉਣ ਦਾ ਸੱਦਾ ਦਿੰਦਾ ਚਲਿਆ ਆ ਰਿਹਾ ਸੀ।
ਅਬਦਾਲੀ ਤਾਂ ਪਹਿਲਾਂ ਹੀ ਧਾਰੀ ਬੈਠਾ ਸੀ ਕਿ ਉਸਨੇ ਇਸ ਵਾਰ ਹਿੰਦੁਸਤਾਨ ਪੁਰ ਕੀਤੇ ਜਾਣ ਵਾਲੇ ਆਪਣੇ ਹਮਲੇ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣਾ ਹੈ, ਜੋ ਹਰ ਵਾਰ ਉਸ ਲਈ ਚੁਨੌਤੀ ਬਣਦੇ ਚਲੇ ਆ ਰਹੇ ਹਨ। ਇਸਦੇ ਨਾਲ ਹੀ ਆਕਲ ਦਾਸ ਵਲੋਂ ਬਾਰ-ਬਾਰ ਦਿੱਤੇ ਜਾ ਰਹੇ ਸੱਦੇ ਵੀ ਉਸਦੇ ਇਸ ਵਿਸ਼ਵਾਸ ਨੂੰ ਦ੍ਰਿੜ੍ਹ ਕਰ ਰਹੇ ਸਨ ਕਿ ਇਸ ਵਾਰ ਉਸਨੂੰ ਸਿੱਖ-ਸ਼ਕਤੀ ਨੂੰ ਕੁਚਲਣ ਵਿੱਚ ਪੰਜਾਬ ਵਿਚੋਂ ਵੀ ਭਾਰੀ ਮਦੱਦ ਮਿਲੇਗੀ। ਇਸੇ ਵਿਸ਼ਵਾਸ ਨਾਲ ਭਰੇ ਅਹਿਮਦਸ਼ਾਹ ਅਬਦਾਲੀ ਨੇ ਛੇਵਾਂ ਹਮਲਾ ਕਰਨ ਲਈ ਭਾਰੀ ਫੌਜ ਲੈ ਹਿੰਦੁਸਤਾਨ ਵਲ ਕੂਚ ਕਰ ਦਿੱਤਾ। ਇਸ ਵਾਰ ਉਹ ਸਾਰਾ ਪੈਂਡਾ ਜਲਦੀ ਤੋਂ ਜਲਦੀ ਮੁੱਕਾ, ਸਿੱਖਾਂ ਪੁਰ ਇਸਤਰ੍ਹਾਂ ਅਚਾਨਕ ਹਮਲਾ ਕਰਨਾ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਸੰਭਲਣ ਤੱਕ ਦਾ ਮੌਕਾ ਵੀ ਨਾ ਮਿਲ ਸਕੇ।
ਆਕਲ ਦਾਸ ਵਲੋਂ ਉਸਦੀ ਮਨਸ਼ਾ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ ਸਿੱਖਾਂ ਦੀਆਂ ਸਰਗਰਮੀਆਂ ਅਤੇ ਟਿਕਾਣਿਆਂ ਬਾਰੇ ਲਗਾਤਾਰ ਉਸਨੂੰ ਜਾਣਕਾਰੀ ਭੇਜੀ ਜਾ ਰਹੀ ਸੀ। ਉਧਰ ਅਬਦਾਲੀ ਸਿੱਖ-ਸ਼ਕਤੀ ਨੂੰ ਕੁਚਲਣ ਲਈ ਇਤਨਾ ਕਾਹਲਾ ਸੀ ਕਿ ਬਿਨਾਂ ਕਿਧਰੇ ਪੜਾਅ ਕੀਤੇ ਦਿਨ-ਰਾਤ ਸਫਰ ਕਰ, ਵਾਹੋ-ਦਾਹੀ ਹਿੰਦੁਸਤਾਨ ਵਲ ਵਧਦਾ ਚਲਿਆ ਆ ਰਿਹਾ ਸੀ।
ਭਾਵੇਂ ਸਿੱਖਾਂ ਨੂੰ ਅਬਦਾਲੀ ਦੇ ਮੁੜ ਹਿੰਦੁਸਤਾਨ ਪੁਰ ਹਮਲਾ ਕਰਨ ਲਈ ਕੂਚ ਕਰ ਦੇਣ ਦੀਆਂ ਖਬਰਾਂ ਮਿਲ ਗਈਆਂ ਸਨ, ਪਰ ਉਨ੍ਹਾਂ ਨੂੰ ਇਸ ਗਲ ਦਾ ਅਹਿਸਾਸ ਤਕ ਨਹੀਂ ਸੀ ਕਿ ਉਹ ਇਤਨੀ ਜਲਦੀ ਆ, ਉਨ੍ਹਾਂ ਦੇ ਸਿਰ ਤੇ ਮੰਡਰਾਣ ਲਗ ਪਏਗਾ।
ਸਿੱਖ ਅਜੇ ਆਪਣੇ ਪਰਿਵਾਰਾਂ ਨੂੰ ਸੁਰਖਿਅਤ ਠਿਕਾਣਿਆਂ ਤੇ ਪਹੁੰਚਾਣ ਦੀਆਂ ਵਿਉਂਤਾਂ ਹੀ ਬਣਾ ਰਹੇ ਸਨ ਕਿ ਅਬਦਾਲੀ ਉਨ੍ਹਾਂ ਦੇ ਸਿਰ ਤੇ ਆ ਧਮਕਿਆ ਤੇ ਆਉਂਦਿਆਂ ਹੀ ਉਸਨੇ ਕੱਟ-ਵੱਢ ਸ਼ੁਰੂ ਕਰ ਦਿੱਤੀ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿੱਚ: ‘ਨਹਿ ਤਾੜੇ ਸੁਚੇਤੇ ਸਜੇ ਦਸਤਾਰੇ। ਆਨ ਕਵੇਲੇ ਪਰੈ ਤਿਤੇ ਤਬ ਸਿੰਘ ਕਹੇ ਗਿਲਜੇ ਗੁਰਮਾਰੇ’। ਅਰਥਾਤ ਸਿੱਖ ਅਜੇ ਦਸਤਾਰਾਂ ਹੀ ਸਜਾ ਰਹੇ ਸਨ ਕਿ ਅਬਾਦਲੀ ਦੀਆਂ ਫੌਜਾਂ ਨੇ ਆ ਉਨ੍ਹਾਂ ਦੁਆਲੇ ਘੇਰਾ ਪਾ ਲਿਆ ਤੇ ਕੱਟ-ਵੱਢ ਸ਼ੁਰੂ ਕਰ ਦਿੱਤੀ। ਇਸ ਅਚਨਚੇਤ ਹੋਏ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸ਼ਹੀਦ ਹੋ ਗਏ। ਫਿਰ ਵੀ ਉਨ੍ਹਾਂ ਹੌਂਸਲਾ ਨਾ ਹਾਰਿਆ ਤੇ ਝਟ ਤਲਵਾਰਾਂ ਸੂਤ ਦੁਸ਼ਮਣ ਦੀਆਂ ਫੌਜਾਂ ਦਾ ਸਾਹਮਣਾ ਕਰਨ ਲਗੇ।
ਉਨ੍ਹਾਂ ਸਾਹਮਣੇ ਜਿਥੇ ਇੱਕ ਪਾਸੇ ਦੁਸ਼ਮਣ ਨਾਲ ਦੋ-ਦੋ ਹੱਥ ਕਰਨ ਦੀ ਸਥਿਤੀ ਬਣੀ ਹੋਈ ਸੀ, ਉਥੇ ਹੀ ਉਨ੍ਹਾਂ ਸਾਹਮਣੇ ਆਪਣੇ ਪਰਿਵਾਰਾਂ ਦੀ ਵਹੀਰ ਨੂੰ ਸੁਰਖਿਅਤ ਠਿਕਾਣਿਆ ਪੁਰ ਪਹੁੰਚਾਣ ਦੀ ਵੀ ਸਮੱਸਿਆ ਸੀ। ਇਸ ਕਰਕੇ ਉਨ੍ਹਾਂ ਪਰਿਵਾਰਾਂ ਦੀ ਵਹੀਰ ਦੁਆਲੇ ਘੇਰਾ ਪਾ, ਉਨ੍ਹਾਂ ਦਾ ਬਚਾਅ ਕਰਦਿਆਂ, ਅਬਦਾਲੀ ਦੀਆਂ ਫੌਜਾਂ ਦਾ ਸਾਹਮਣਾ ਕਰਨਾ ਜਾਰੀ ਰਖਿਆ। ਇਸ ਹਾਲਤ ਵਿੱਚ, ਹਾਲਾਂਕਿ ਸਿੱਖਾਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ, ਇਸਦੇ ਬਾਵਜੂਦ ਸਿੱਖਾਂ ਵਲੋਂ ਹਮਲੇ ਦਾ ਦਿੱਤਾ ਜਾ ਰਿਹਾ ਡਟਵਾਂ ਜਵਾਬ ਅਬਦਾਲੀ ਦੀਆਂ ਫੌਜਾਂ ਨੂੰ ‘ਅੱਲਾ’ ਨੂੰ ਯਾਦ ਕਰਨ ਤੇ ਮਜਬੂਰ ਕਰ ਰਿਹਾ ਸੀ: ‘ਸਿੰਘਾਂ ਵਟ ਕਸੀਸ ਦਈ। ਤਬ ਯਾਦ ਕਰਾ ਦਯੋ ਅਲ੍ਹਾ’।
ਇਨ੍ਹਾਂ ਹਾਲਾਤ ਵਿੱਚ ਸਿੱਖ ਜਿਸਤਰ੍ਹਾਂ ਜਾਨਾਂ ਹੂਲ ਕੇ ਆਪਣੇ ਪਰਿਵਾਰਾਂ ਦੀ ਵਹੀਰ ਦੀ ਰਖਿਆ ਕਰ ਰਹੇ ਸਨ, ਉਸਦਾ ਵਰਨਣ ਭਾਈ ਰਤਨ ਸਿੰਘ ਭੰਗੂ ਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ: ‘ਜਿਮ ਕਰ ਕੁਕੜੀ ਬਚਿਅਨ ਛਪਾਵੇ, ਫਲਾਇ ਪੰਖ ਦੁਇ ਤਰਫ ਰਖਾਵੈ। ਇਮ ਖਾਲਸੇਨ ਬਹੀਰ ਛਪਾਯੋ’। ਸਿੱਖਾਂ ਦੀ ਇਸ ਦਲੇਰੀ ਨੂੰ ਵੇਖ ਅਹਿਮਦਸ਼ਾਹ ਅਬਦਾਲੀ ਅਤੇ ਉਸਦੇ ਜਰਨੈਲ ਤਕ ਹੈਰਾਨ ਹੋਣ ਲਗੇ। ਅਹਿਮਦਸ਼ਾਹ ਨੇ ਜੈਨ ਖਾਨ ਨੂੰ ਕਿਹਾ ਕਿ ਜੇ ਉਹ ਅਗੋਂ ਰੋਕ ਪਾ ਦੇਵੇ ਤਾਂ ਉਹ ਸਿੱਖਾਂ ਦਾ ਇੱਕ ਪਲ ਵਿੱਚ ਸਫਾਇਆ ਕਰ ਦੇਵੇਗਾ। ਇਹ ਸੁਣ ਜੈਨ ਖਾਨ ਨੇ ਕਿਹਾ ਕਿ ਇਹ ਗਲ ਅਸੰਭਵ ਹੈ, ਜੋ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋ ਸਕਦੀ: ‘ਹਮ ਤੈ ਕਭੀ ਨਾ ਮਰੈ ਹੈ ਯਾਹਿ। ਪਹਿਲੇ ਮੁਗਲੋਂ ਨੇ ਬਹੁ ਮਾਰੇ, ਪੁਨ ਹਮਨੇ ਮਾਰੇ ਬਹੁ ਬਾਰੈ। ਕਸਰ ਮੁਕਾਵਨ ਪੈ ਨਹਿ ਛੋਡੀ, ਫਿਰ ਇਹੁ ਬਢਤੇ ਜੈਹੈ ਹੋਡੀ’।
ਆਖਿਰ ਅਹਿਮਦਸ਼ਾਹ ਨੇ ਆਪਣੇ ਸਿਪਾਹਸਾਲਾਰਾਂ, ਵਲੀ ਖਾਨ, ਭੀਖਨ ਖਾਨ ਮਲੇਰ ਕੋਟਲਾ ਅਤੇ ਜੈਨ ਖਾਨ ਨੂੰ ਫੌਜ ਦੀ ਕਮਾਨ ਸੌਂਪ ਉਨ੍ਹਾਂ ਨੂੰ ਸਿੱਖਾਂ ਪੁਰ ਤਿੰਨਾਂ ਪਾਸਿਆਂ ਤੋਂ ਹਮਲਾ ਕਰਨ ਲਈ ਕਿਹਾ। ਉਧਰ ਸਾਰੇ ਸਿੱਖ ਸਰਦਾਰਾਂ ਨੇ ਇਕਠਿਆਂ ਹੋ ਨਵੀਂ ਰਣਨੀਤੀ ਬਣਾ, ਅਬਦਾਲੀ ਦੇ ਹਮਲੇ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਸ਼ਾਮ ਸਿੰਘ ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ ਨੇ ਦੁਸ਼ਮਣ ਫੌਜਾਂ ਨੂੰ ਤਕੜੇ ਹੱਥ ਵਿਖਾਏ। ਇਸ ਲੜਾਈ ਵਿੱਚ ਇੱਕ ਮੌਕਾ ਅਜਿਹਾ ਆਇਆ ਕਿ ਸ. ਜੱਸਾ ਸਿੰਘ ਆਹਲੂਵਾਲੀਆ ਦੇ ਸਿਰ ਤੇ ਮੌਤ ਆ ਮੰਡਰਉਣ ਲਗੀ, ਉਸ ਸਮੇਂ ਅਕਾਲ ਪੁਰਖ ਨੇ ਹੀ ਹੱਥ ਦੇ ਕੇ ਉਸਦੀ ਰਖਿਆ ਕੀਤੀ। ਉਸਦੇ ਸਰੀਰ; ਤੇ 22 ਜ਼ਖਮ ਆਏ, ਜਦਕਿ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ ਦੇ ਸਰੀਰ ਪੁਰ 19 ਜ਼ਖਮ ਲਗੇ।
ਇਸ ਭਾਰੀ ਲੜਾਈ ਵਿੱਚ ਅਹਿਮਦਸ਼ਾਹ ਦੀ ਫੌਜ ਪਰਿਵਾਰਾਂ ਦੀ ਵਹੀਰ ਨੂੰ ਸਿੱਖ ਯੋਧਿਆਂ ਨਾਲੋਂ ਨਿਖੇੜਨ ਵਿੱਚ ਸਫਲ ਹੋ ਗਈ। ਅਹਿਮਦਸ਼ਾਹ ਅਬਦਾਲੀ ਦੀ ਫੌਜ ਨੇ ਵਹੀਰ ਵਿੱਚ ਸ਼ਾਮਲ ਬੱਚਿਆਂ, ਜਵਾਨਾਂ, ਬੁਢਿਆਂ ਅਤੇ ਇਸਤ੍ਰੀਆਂ ਨੂੰ ਬਹਤ ਹੀ ਬੇਦਰਦੀ ਨਾਲ ਕਤਲ ਕਰ ਦਿੱਤਾ। ਗਿਆਨੀ ਗਿਆਨ ਸਿੰਘ ਅਨੁਸਾਰ: ‘ਉਥੇ ਖੂਨ ਦੀ ਨਦੀ ਵਹਿ ਤੁਰੀ’।
ਸਿੱਖ ਇਤਿਹਾਸ ਵਿੱਚ ਇਸ ਘਟਨਾ ਨੂੰ ਵੱਡੇ ਘਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਭਾਈ ਰਤਨ ਸਿੰਘ ਭੰਗੂ ਅਤੇ ਹੋਰ ਗੈਰ-ਸਿੱਖ ਇਤਿਹਾਸਕਾਰਾਂ ਅਨੁਸਾਰ ਇਸ ਘਲੂਘਾਰੇ ਵਿੱਚ ਲਗਭਗ 30 ਹਜ਼ਾਰ ਸਿੱਖ, ਜੋ ਉਸ ਸਮੇਂ ਦੀ ਸਿੱਖ ਵਸੋਂ ਦਾਂ ਲਗਭਗ ਅੱਧ ਸਨ, ਸ਼ਹੀਦ ਹੋ ਗਏ। ਜਦ ਕਿ ਛੋਟੇ ਘਲੂਘਾਰੇ ਵਿੱਚ ਦਸ ਹਜ਼ਾਰ ਸਿੱਖ ਸ਼ਹੀਦ ਹੋਏ ਸਨ। ਸੰਸਾਰ ਦੇ ਲੋਕਾਂ ਨੇ ਗੈਰ-ਸਿੱਖ ਇਤਿਹਾਸਕਾਰਾਂ ਦੀਆਂ ਉਨ੍ਹਾਂ ਲਿਖਤਾਂ ਨੂੰ ਹੈਰਨੀ ਨਾਲ ਪੜ੍ਹਿਆ ਕਿ ਇਤਨੀ ਭਾਰੀ ਸੱਟ ਲਗਣ ਦੇ ਬਾਵਜੂਦ ਸਿੱਖ ਚੜ੍ਹਦੀ ਕਲਾ ਵਿੱਚ ਰਹੇ। ਇਹ ਘਲੂਘਾਰਾ ਫਰਵਰੀ 1762 ਵਿੱਚ ਵਾਪਰਿਆ, ਇਸਤੋਂ ਤਿੰਨ ਮਹੀਨੇ ਬਾਅਦ, ਅਰਥਾਤ ਇਸੇ ਵਰ੍ਹੇ ਮਈ ਵਿੱਚ ਸਿੱਖਾਂ ਨੇ ਸਰਹੰਦ ਪੁਜ ਨਵਾਬ ਜੈਨ ਖਾਨ ਨੂੰ ਜਾ ਘੇਰਿਆ।


01/02/15)
ਕਥਾਵਾਚਕ : ਹਰਪਾਲ ਸਿੰਘ/ਫੇਸਬੁੱਕ ਰਾਹੀਂ

ਲੋਕ ਕੁੜੀਆਂ ਜੰਮਣ ਤੋਂ ਡਰਨ ਕਿਉਂ ਨਾਂ ???
ਸਾਡੇ ਸਮਾਜ ਦੀਆਂ ਗਲ਼ੀਆਂ ਸੜੀਆਂ ਪਰੰਪਰਾਵਾਂ ਨੇ ਕੁੜੀਆਂ ਨੂੰ ਮਾਂ ਬਾਪ ਤੇ ਬੋਝ ਬਣਾ ਦਿੱਤਾ ਏ । ਵਿਆਹ ਤੇ ਮੁੰਡੇ ਵਾਲੇ ਨੌਗਿਆਂ ਦੇ ਨਾਂ ਤੇ ਆਪਣੇ ਰਿਸ਼ਤੇਦਾਰ ਮਾਮੇ-ਮਾਮੀਆਂ , ਚਾਚੇ- ਚਾਚੀਆਂ , ਮਾਸੜ - ਮਾਸੀਆਂ ,ਦਾਦੇ- ਦਾਦੀਆਂ , ਭੂਆ - ਫੁਫੜ ਤੇ ਨਾਨੇ ਨਾਨੀਆਂ ਦੇ ਸੂਟ ਕੁੜੀ ਵਾਲਿਆਂ ਤੋਂ ਹੜੱਪ ਦੇ ਨੇ , ਮੁੰਡੇ ਦੇ ਮੰਮੀ ਡੈਡੀ ਤੇ ਭੈਣ ਜੀਜਾ ਲਈ ਸਪੈਸ਼ਲ ਮਹਿਗੇ ਤੇ ਵਧੀਆ ਸੂਟ ਖਰੀਦਣੇ ਪੈਂਦੇ ਨੇ। ਮੁੰਡੇ ਵਾਲੇ ਕਈ ਵਾਰ ਫਿਰ ਵੀ ਨੱਕ ਮੂੰਹ ਮਰੋੜਦੇ ਨੇ ।
ਜਿਸ ਪਰਿਵਾਰ ਨੇ ਆਰਥਿਕ ਕਮਜ਼ੋਰੀ ਕਰਕੇ ਖੁਦ ਕਦੇ ਚੰਗੇ ਸੂਟ ਨਾ ਪਾਏ ਹੋਣ , ਉਹ ਐਨਾ ਬੋਝ ਚੁਕ ਕੇ ਧੀਆਂ ਨੂੰ ਕਿਉਂ ਨਾ ਕੋਸੂਗਾ ???? ਕਈ ਥਾਵਾਂ ਤੇ ਤਾਂ ਰਿਸ਼ਤੇਦਾਰਾਂ ਨੂੰ ਸੋਨੇ ਦੀਆਂ ਮੁੰਦੀਆਂ ਤੇ ਕੜੇ ਵੀ ਪਵਾਏ ਜਾਂਦੇ ਨੇ ,, ਸਪੈਸ਼ਲ ਮੰਗ ਵੀ ਕੀਤੀ ਜਾਂਦੀ ਏ ,,
ਜਿਹਡ਼ੇ ਕਹਿੰਦੇ ਨੇ ਅਸੀਂ ਦਾਜ ਨਹੀਂ ਲੈਣਾ , ਨੌਗਿਆਂ ਦੇ ਨਾਂ ਤੇ ਹਜ਼ਾਰਾਂ ਦੇ ਕੱਪਡ਼ੇ ਰਿਸ਼ਤੇਦਾਰਾਂ ਨੂੰ ਉਹ ਵੀ ਪਵਾ ਦੇਂਦੇ ਨੇ ਤੇ ਆਪ ਵੀ ਪਾ ਲੈਂਦੇ ਨੇ । ਫੇਰ ਵੀ ਕੁੜੀ , ਕੁੜੀ ਦੇ ਮਾਪਿਆਂ ਤੇ ਲੋਕਾਂ ਨੂੰ ਸੁਣਾਉਂਦੇ ਰਹਿੰਦੇ ਨੇ ਕਿ ਅਸੀਂ ਦਾਜ ਨਹੀਂ ਲਇਆਂ ।
ਬਹੁਤ ਵਾਰ ਤਾਂ ਐਸਾ ਹੁੰਦਾ , ਮੁੰਡਾ ਤੇ ਮੁੰਡੇ ਦੇ ਪਰਿਵਾਰ ਵਾਲੇ ਪਹਿਲਾਂ ਬੜੇ ਸਾਧ ਬਨਣਗੇ ਤੇ ਕਹਿਣਗੇ : ਜੀ ਸਾਨੂੰ ਤਾਂ ਬਸ ਕੁੜੀ ਚਾਹੀਦੀ ਏ , ਭਾਵੇਂ ਦੋ ਕਪੜਿਆਂ ਵਿੱਚ ਹੀ ਭੇਜ ਦੇਵੋ , ਗੱਲ ਬਾਤ ਪੱਕੀ ਹੋਣ ਤੋਂ ਤੁਰੰਤ ਬਾਅਦ ਜਾਂ ਵਿਆਹ ਤੋਂ ਬਾਅਦ ਆਪਣੀ ਘਟੀਆ ਸੋਚ ਦਾ ਪ੍ਦਰਸ਼ਨ ਕਰਨ ਲੱਗ ਪੈਂਦੇ ਨੇ । ਆਪਣੀਆਂ ਛੋਟੀਆਂ ਵੱਡੀਆਂ ਮੰਗਾਂ ਕੁੜੀ ਜਾਂ ਕੁੜੀ ਦੇ ਮਾਪਿਆ ਅੱਗੇ ਰੱਖਣ ਲੱਗ ਪੈਂਦੇ ਨੇ ।
ਔਰਤ ਦੀ ਅਜਾਦੀ , ਔਰਤ ਦੇ ਮਾਨ ਸਨਮਾਨ ਨੂੰ ਕਾਇਮ ਰੱਖਣ ਲਈ ਤੇ ਕੁੜੀਆਂ ਦੀ ਭਰੂਣ ਹੱਤਿਆ ਰੋਕਣ ਲਈ ਬਣੀਆਂ ਸੰਸਥਾਵਾਂ , ਸਭਾ ਸੁਸਾਇਟੀਆਂ ਤੇ ਹੋਰ ਔਰਤ ਦੇ ਪੱਖ ਵਿੱਚ ਭੁਗਤਣ ਵਾਲੇ ਜਾਗਰੂਕ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ
ਜੇ ਅਸੀਂ ਔਰਤ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਵਾਧੂ ਤੇ ਫਜੂਲ ਖਰਚ ਵਾਲੀਆਂ ਪਰੰਪਰਾਵਾਂ ਦਾ ਖੁੱਲ ਕੇ ਵਿਰੋਧ ਕਰਨਾ ਪਵੇਗਾ , ਤੇ ਖੁਦ ਨੂੰ ਦੀ ਪਹਿਰਾ ਦੇਣਾ ਪਵੇਗਾ ।
ਨਹੀਂ ਤਾਂ ਜਿੰਨਾ ਚਿਰ ਕੁੜੀਆਂ ਮਾਪਿਆਂ ਤੇ ਬੋਝ ਬਣੀਆਂ ਰਹਿਣਗੀਆਂ , ਉਨ੍ਹਾਂ ਚਿਰ ਭਰੂਣ ਹੱਤਿਆਵਾਂ ਹੁੰਦੀਆਂ ਹੀ ਰਹਿਣਗੀਆਂ , ਜਿੰਨਾਂ ਚਿਰ ਇਹ ਬੇਤੁਕੇ ਰਸਮ ਰਿਵਾਜ ਰਹਿਣਗੇ , ਉਨ੍ਹਾਂ ਚਿਰ ਔਰਤ ਸਿਸਕਦੀ ਰਵੇਗੀ । ਜਿੰਨਾਂ ਚਿਰ ਦਾਜ ਵਰਗੀ ਲਾਹਣਤ ਸਮਾਜ ਦਾ ਖਹਿਡ਼ਾ ਨਹੀਂ ਛੱਡਦੀ , ਉਨ੍ਹਾਂ ਚਿਰ ਪਰਿਵਾਰ ਦਾ ਹਰ ਮੈਂਬਰ ਇਹੋ ਅਰਦਾਸ ਕਰੇਗਾ ਕਿ '' ਹੇ ਰੱਬਾ ਸਾਨੂੰ ਮੁੰਡੇ ਦੀ ਦਾਤ ਬਖਸ਼ੀ , ਕੁੜੀ ਦੀ ਨਹੀ ।
ਕਥਾਵਾਚਕ : ਹਰਪਾਲ ਸਿੰਘ , ਸੰਦੀਪ ਕੌਰ 099909 53744 , 88722 19051


01/02/15)
ਇੰਜ ਦਰਸ਼ਨ ਸਿੰਘ ਖਾਲਸਾ/ਫੇਸਬੁੱਕ ਰਾਹੀਂ

** ਮੂਰਤੀ, ਚਿੱਤਰ, ਤਸਵੀਰ, ਕੋਈ ਸਾਹਮਣੇ ਵਿਖਾਈ ਦਿੰਦੀ ਵਸਤੂ ਜਾਂ ਸਰੀਰ ਦੀ ਬਣਾਈ ਜਾ ਸਕਦੀ ਹੈ। ਵਸਤੂ ਜਾਂ ਸਰੀਰ ਨੂੰ ਵੇਖੇ ਬਿਨਾਂ ਬਣਾਈ ਮੂਰਤੀ, ਚਿੱਤਰ, ਤਸਵੀਰ, ਇਨਸਾਨ ਦੀ ਕੋਰੀ ਕਲਪਨਾ ਉਪਰ ਆਧਾਰਤ-ਮਨੋਕਲਪਿਤ, ਮੂਰਤੀ, ਚਿੱਤਰ, ਤਸਵੀਰ ਹੋਵੇਗੀ।
*** ਜਿਸਦਾ ਸੱਚ-ਸਚਾਈ/ਅਸਲੀਅਤ ਨਾਲ ਕੋਈ ਵਾਸਤਾ ਨਹੀਂ ਹੋਵੇਗਾ।
*** ਕੀ !!! ਸ਼ਬਦ-ਗੁਰੂ-ਗਿਆਨ ਦੀ ਕੋਈ ਮੂਰਤੀ, ਚਿੱਤਰ, ਤਸਵੀਰ, ਬਣਾਈ ਜਾ ਸਕਦੀ ਹੈ ...???
*** ਬੜਾ ਸਿੱਧਾ ਸਾਦਾ ਜਵਾਬ ਹੈ ... ਬਿਲਕੁਲ ਵੀ ਨਹੀਂ।
*** ਗੁਰੂ ਨਾਨਕ ਸਾਹਿਬ ਜੀ ਦਾ ਫਲਸ਼ਫਾ ਹੀ “ਸਬਦੁ ਗੁਰੂ ਸੁਰਤਿ ਧੁਨਿ ਚੇਲਾ”॥ ਪੰਨਾ 942 ॥ ਦਾ ਹੈ।
*** ਗੁਰੂ ਗੋਬਿੰਦ ਸਿੰਘ ਜੀ ਨੇ “ਸ਼ਬਦ ਗੁਰੂ” ਨੂੰ ਹੀ ਜੁਗੋ ਜੁਗ ਅਟੱਲ ਗੁਰੂ ਥਾਪਿਆ।
*** ਗੁਰੂ ਸਾਹਿਬਾਨਾਂ ਨੇ ਆਪਣੀਆਂ ਸਰੀਰਕ-ਤਸਵੀਰਾਂ ਨਾਲੋਂ ਸ਼ਬਦ ਗੁਰੂ ਗਿਆਨ ਨੂੰ ਹੀ ਮੁੱਖ ਰੱਖਿਆ ਹੈ।
*** ਭਾਈ ਗੁਰਦਾਸ ਜੀ, ਨੇ ਆਪਣੇ ਜੀਵਨ ਕਾਲ ਵਿਚ 4 ਗੁਰੂ ਸਾਹਿਬਾਨਾਂ ਦੇ ਦਰਸ਼ਨ-ਦੀਦਾਰੇ ਕੀਤੇ ਹਨ। ਉਹਨਾਂ ਨੇ ਵੀ ਗੁਰਮੱਤ ਫਲਸ਼ਫੇ ਦੇ ਅਨੁਸਾਰ ਹੀ ਦੇਹਧਾਰੀ ਤਸਵੀਰਾਂ ਨੂੰ ਬਣਾਉਣ ਦੀ ਵਕਾਲਤ ਨਹੀਂ ਕੀਤੀ... ਬਲਕਿ ਗੁਰ-ਸ਼ਬਦ ਦੀ ਹੀ ਪ੍ਰੋੜਤਾ ਕੀਤੀ।
*** ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ॥
*** ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ॥
*** ਗੁਰ ਮੂਰਤਿ ਗੁਰ ਸਬਦੁ ਸੁਣਿ ਸਾਧਸੰਗਤਿ ਆਸਣੁ ਨਿਰੰਕਾਰੀ॥ (ਭਾਈ ਗੁਰਦਾਸ ਜੀ)।
***ਗੁਰੂ ਪਿਆਰਿਉ ! ਗੁਰੂ ਸਾਹਿਬਾਨਾਂ ਦੀ ਕਲਪਨਿਕ- ਮਨੋਕਲਪਿਤ ਤਸਵੀਰਾਂ ਨੂੰ ਤਰਜ਼ੀਹ/ਪਹਿਲ ਨਾ ਦਿਉ। ਤਸਵੀਰਾਂ ਦੀ ਜਗਹ/ਬਜਾਏ “ਸ਼ਬਦ-ਗੁਰੂ ਗੁਰਬਾਣੀ” ਦੇ ਸ਼ਬਦ, ਸਲੋਕ ਜਾਂ ਪੰਕਤੀਆਂ ਦੇ ਪ੍ਰਮਾਣ, ਹਵਾਲੇ, ਵੇਰਵੇ ਦੇ ਕੇ ਆਪਣੇ ਗੁਰਮੱਤ ਵਿਚਾਰਾਂ ਦੀ ਸਾਂਝ ਬਣਾਉ ਜੀ।
*** ਗੁਰੂ ਨਾਨਕ ਫਲਸ਼ਫੇ ਨੂੰ ਪਹਿਲ ਦਿਉ ਜੀ।
**** ਮਨੋਕਲਪਿਤ ਤਸਵੀਰ ਪਾਉਣ ਤੋਂ ਪਹਿਲਾਂ ਜਰੂਰ ਸੋਚੋ ਜੀ।
*** ਸਿੱਖ ਸਮਾਜ ਮਨੋਕਲਪਿਤ ਤਸਵੀਰਾਂ ਕਰਕੇ ਹੀ ਸਨਾਤਨੀ ਕਰਮਕਾਂਡ ਦਾ ਸ਼ਿਕਾਰ ਹੋ ਗਿਆ ਹੈ।
*** ਅਜ ਸਾਡੇ ਬੱਚੇ ਤਸਵੀਰਾਂ ਹੀ ਪਹਿਚਾਨਦੇ ਹਨ।
ਇੰਜ ਦਰਸ਼ਨ ਸਿੰਘ ਖਾਲਸਾ


01/02/15)
ਬਲਦੀਪ ਸਿੰਘ ਰਾਮੂੰਵਾਲੀਆ/ਫੇਸਬੁੱਕ ਰਾਹੀਂ

ਦਸਮੇਸ਼ ਦੇ ਕਵੀ ...2
ਭਾਈ. ਨੰਦ ਲਾਲ ਜੀ ਗੋਯਾ

ਗਜ਼ਨੀ ਦੇ ਬਾਦਸ਼ਾਹ ਦਾ ਮੀਰ ਮੁਨਸ਼ੀ ਭਾਈ ਛੱਜੂ ਰਾਮ ਸੀ ਉਸਦੇ ਘਰ ਵਿਚ ੧੬੩੩ੲੀ.ਚ ਇਕ ਬਾਲਕ ਦਾ ਜਨਮ ਹੋਇਆ ਜਿਸ ਦਾ ਨਾਂ ਰਖਿਆ ਗਿਆ ਨੰਦ ਲਾਲ ......
ਆਪ ਦੇ ਪਿਤਾ ਜੀ ਭਾਈ ਛੱਜੂ ਰਾਮ ਆਪ ਅਰਬੀ, ਫਾਰਸੀ ਦੇ ਉਚ ਕੋਟੀ ਦੇ ਵਿਦਿਵਾਨ ਸਨ ਤੇ ਉਹਨਾ ਨੇ ਭਾਈ ਨੰਦ ਲਾਲ ਜੀ ਜਦ ਛੇ ਕੁ ਸਾਲਾਂ ਦੇ ਹੋਏ ਤਾਂ ਆਪ ਨੂੰ ਅਰਬੀ, ਫਾਰਸੀ ਸਿਖਣ ਲਾ ਦਿਤਾ ...ਤੀਖਣ ਬੁਧੀ ਦੇ ਮਾਲਕ ਹੋਣ ਕਾਰਨ ਆਪ ਨੇ ਬਾਰਾਂ ਸਾਲ ਦੀ ਉਮਰ ਤਕ ਇਹਨਾਂ ਭਾਸ਼ਾਵਾਂ ਚ ਮੁਹਾਰਿਤ ਹਾਸਿਲ ਕਰ ਲਈ .....ਆਪ ਦੇ ਪਿਤਾ ਜੀ ਇਕ ਬੈਰਾਗੀ ਸਾਧ ਦੇ ਚੇਲੇ ਸਨ ਪਰ ਆਪ ਨੇ ਬੈਰਾਗੀ ਸਾਧ ਦੀ ਕੰਠੀ ਪਾਉਣ ਤੋ ਇਨਕਾਰ ਕਰ ਦਿਤਾ ...
ਸਨ ੧੬੫੨ ਚ ਭਾਈ ਛੱਜੂ ਰਾਮ ਦਾ ਦੇਹਾਂਤ ਹੋ ਗਿਆ ਭਾਈ ਨੰਦ ਲਾਲ ਦੀ ਉਮਰ ਉਸ ਵਕਤ ੧੯ਸਾਲ ਸੀ ਆਪੁ ਗਜਨੀ ਚ ਆਪਣਾ ਸਭ ਕੁਝ ਵੇਚ ਵਟ ਕਿ ਮੁਲਤਾਨ ਆ ਗਏ ਆਪ ਨਾਲ ਆਪ ਦੇ ਦੋ ਨੌਕਰ ਵੀ ਸਨ ਜੋ ਆਪ ਨੂੰ 'ਆਗਾ ' ਕਹਿੰਦੇ ਸਨ (ਜਿਸ ਇਲਾਕੇ ਚ ਭਾਈ ਸਾਹਿਬ ਰਹੇ ਉਸਨੂੰ ਅਜ ਕਲ ਆਗਾ ਪੁਰ ਕਹਿੰਦੇ ਹਨ)
ਸਨ੧੬੫੪ ਵਿਚ ਭਾਈ ਨੰਦ ਲਾਲ ਦੀ ਸ਼ਾਦੀ ਇਕ ਸਿਖ ਪਰਿਵਾਰ ਚ ਹੋ ਗਈ ...ਉਸ ਪਰਿਵਾਰ ਦੀ ਤੇ ਆਪਣੀ ਪਤਨੀ ਦੀ ਰਹਿਤ ਬਹਿਤ ਦੇਖ ਕਿ ਆਪ ਵੀ ਗੁਰੂ ਘਰ ਦੇ ਭੌਰੇ ਸੇਵਕ ਬਣ ਗਏ ਉਸ ਵਕਤ ਗੁਰੂ ਹਰਿ ਰਾਇ ਜੀ ਗੁਰ ਗਦੀ ਤੇ ਬਿਰਾਜ ਮਾਨ ਸਨ ........
ਵਿਦਿਅਕ ਯੋਗਤਾ ਆਸਰੇ ਭਾਈ ਨੰਦ ਲਾਲ ਜੀ ਛੇਤੀ ਹੀ ਮੁਲਤਾਨ ਦੇ ਨਵਾਬ ਦੇ ਸਤਿਕਾਰ ਦੇ ਪਾਤਰ ਬਣੇ ਤੇ ਉਸੇ ਨੇ ਆਪ ਨੂੰ ਆਪਣਾ ਮੀਰ ਮੁਨਸ਼ੀ ਬਣਾ ਲਿਆ .....
ਆਪ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਮੁਲਤਾਨ ਦੀ ਸੰਗਤ ਨਾਲ ਅਨੰਦਪੁਰ ਆਏ ਸਨ ...
ਅਕਬਰ ਦਾ ਪੁਤਰ ਸ਼ਹਿਜ਼ਾਦਾ ਮੁਅਜ਼ੱਮ ੧੬੭੩ਤੋ੧੬੭੫ ਈ.ਤਕ ਪੰਜਾਬ ਕਈ ਵਾਰ ਆਇਆ ਤਾਂ ਉਸ ਦੀ ਜਾਣ ਪਛਾਣ ਵੀ ਭਾਈ ਨੰਦ ਲਾਲ ਜੀ ਨਾਲ ਹੋ ਗਈ ਤੇ ਉਸ ਨੇ ਇਹਨਾਂ ਦੇ ਗਿਆਨ ਤੋ ਪ੍ਰਭਾਵਿਤ ਹੋ ਕਿ ਨੰਦ ਲਾਲ ਜੀ ਨੂੰ ਆਪਣਾ ਉਸਤਾਦ ਬਣਾ ਲਿਆ ਤੇ ਨਾਲ ਹੀ ਜਦ ਸ਼ਜਿਜ਼ਾਦਾ ਮੁਅਜ਼ੱਮ ਅਫਗਾਨਿਸਤਾਨ ਦਾ ਗਵਰਨਰ ਬਣ ਕਿ ੧੫ ਅਕਤੂਬਰ ੧੬੭੬ ਤੋ ੨੦ਜਨਵਰੀ ੧੬੭੮ ਤਕ ਤਾਂ ਉਸ ਨੇ ਆਪਣਾ ਮੀਰ ਮੁਨਸ਼ੀ ਭਾਈ ਨੰਦ ਲਾਲ ਜੀ ਨੂੰ ਹੀ ਰਖਿਆ .......
ਗੁਰੂ ਘਰ ਪਕਾ ਵਸੇਬਾ :- ਇਕ ਦਿਨ ਆਗਰੇ ਚ ਔਰੰਗਜ਼ੇਬ ਬਾਦਸ਼ਾਹ ਨੇ ਕੁਰਾਨ ਦੀ ਇਕ ਆਇਤ ਦੇ ਅਰਥ ਪੁਛੇ ਤਾਂ ਉਸ ਦੀ ਤਸਲੀ ਕੋਈ ਵੀ ਕਾਜ਼ੀ, ਇਮਾਮ ਜਾਂ ਵਿਦਵਾਨ ਨਾ ਕਰਾ ਸਕਿਆ ਤਾਂ ਜਦ ਉਸ ਆਇਤ ਦੇ ਭਾਈ ਨੰਦ ਲਾਲ ਜੀ ਨੇ ਕੀਤੇ ਤਾਂ ਔਰੰਗਜ਼ੇਬ ਬਹੁਤ ਖੁਸ਼ ਹੋਇਆ ਉਸੇ ਨੇ ਭਾਈ ਸਾਹਿਬ ਨੂੰ ਪੰਜ ਸੌ ਰੁਪਏ ਤੇ ਖਿਲਤ ਵੀ ਦਿਤੀ ਨਾਲ ਹੀ ਆਪ ਜੀ ਨੂੰ ਅਸਿਧੇ ਤਰੀਕੇ ਨਾਲ ਗਲ ਕਹੀ ਕਿ ਤੇਰਾ ਵਰਗਾ ਵਿਦਵਾਨ ਕਾਫਿਰਾਂ ਦੇ ਧਰਮ ਚ ਨਹੀ ਸਗੋ ਅਲਾ ਦੇ ਦੀਨ ਚ ਚਾਹੀਦਾ ..,ਇਸ ਤੋ ਪਿਛੋ ਆਪ ਨੇ ਸ਼ਹਿਜ਼ਾਦੇ ਦੀ ਮੁਲਾਜ਼ਮਤ ਛਡ ਦਿਤੀ ਤੇ ਮੁੜ ਮੁਲਤਾਨ ਦੇ ਨਵਾਬ ਕੋਲ ੧੬੯੬-੯੭ ਤਕ ਮੀਰ ਮੁਨਸ਼ੀ ਦੀ ਨੌਕਰੀ ਕੀਤੀ ਤੇ ਫਿਰ ੧੬੯੭. ਚ ੬੪ ਸਾਲ ਦੀ ਉਮਰੇ ਆਪ ਗੁਰੂ ਗੋਬਿੰਦ ਸਿੰਘ ਜੀ ਕੋਲ ਪਕੇ ਤੌਰ ਤੇ ਅੰਨਦਪੁਰ ਆ ਟਿਕਾਣਾ ਕੀਤਾ ਰੋਜ਼ਾਨਾ ਗੁਰੂ ਦੇ ਦਰਸ਼ਨ ਕਰਦੇ ਹੋਣ ਕਾਰਨ ਆਪ ਦਾ ਗੁਰੂ ਪ੍ਰਤੀ ਪਿਆਰ ਇਸ਼ਕ ਦੇ ਦਰਜੇ ਤੇ ਪਹੁੰਚ ਗਿਆ ਜਿਸਦਾ ਝਿਲਕਾਰਾ ਆਪ ਦੀਆਂ ਲਿਖੀਆ ਰਚਨਾਵਾਂ ਤੋ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਦੀ ਸ਼ਖਸ਼ੀਅਤ ਨੂੰ ਜੇ ਕਿਸੇ ਸਹੀ ਰੂਪ ਚ ਕਲਮ ਬੰਦ ਕੀਤਾ ਹੈ ਤਾਂ ਉਹ ਸਿਰਫ ਭਾਈ ਨੰਦ ਲਾਲ ਜੀ ਹਨ
ਜਦ ਪਹਾੜੀ ਰਾਜਿਆ ਤੇ ਸ਼ਾਹੀ ਫੌਜਾਂ ਨੇ ਮਈ ੧੭੦੪ ਚ ਅੰਨਦਪੁਰ ਨੂੰ ਘੇਰਾ ਪਾਇਆ ਤਾਂ ਜਿਥੇ ਗੁਰੂ ਜੀ ਨੇ ਹੋਰ ਪਰਿਵਾਰਾਂ. ਕਵੀਆਂ ਨੂੰ ਵਿਦਾ ਕੀਤਾ ਉਥੇ ਭਾਈ ਨੰਦ ਲਾਲ ਨੂੰ ਵੀ ਅੰਨਦਪੁਰ ਤੋ ਵਿਦਾ ਕੀਤਾ ੳਸ ਵਕਤ ਆਪਣੇ ਪ੍ਰੀਤਮ ਤੋ ਵਿਛੜਣ ਦਾ ਦਰਦ ਤਾਂ ਭਾਈ ਸਾਹਿਬ ਹੀ ਜਾਣਦੇ ਨੇ ਉਸ ਵਕਤ ਇਹਨਾਂ ਦੀ ਉਮਰ ੭੧ ਸਾਲ ਦੀ ਸੀ ਆਪ ਆਪਣੇ ਦੋਨਾ ਪੁਤਰਾਂ ਦੀਵਾਨ ਲਖਪਤ ਰਾਇ ਤੇ ਦੀਵਾਨ ਲੀਲਾ ਰਾਮ ਨਾਲ ਮੁਲਤਾਨ ਆਂ ਗਏ ਤੇ ਇਥੇ ੧੭੦੫ ਚ ਅਕਾਲ ਚਲਾਣਾ ਕਰ ਗਏ ਆਪ ਦੀ ਅੰਸ ਬੰਸ ਅਜ ਵੀ ਆਗਾਪੁਰੇ ਮੁਲਤਾਨ ਚ ਵਸਦੀ ਹੈ
ਆਪ ਨੇ ਗੁਰੂ ਪ੍ਰੀਤ ਤੇ ਪਰਵਿਦਗਾਰ ਦੀ ਉਸਤਤ ਬਾਰੇ ਫਾਰਸੀ ਚ ਹੇਠ ਲਿਖੀਆਂ ਪੁਸਤਕਾਂ ਲਿਖੀਆਂ ........
੧.ਦੀਵਾਨਿ ਗੋਇਆ (ਗਜ਼ਲਾਂ)
੨.ਜ਼ਿੰਦਗੀ ਨਾਮਾ (ਇਹ ਨਾਮ ਇਸ ਰਚਨ ਨੂੰ ਦਸ਼ਮੇਸ਼ ਨੇ ਦਿਤਾ )
੩.ਗੰਜ ਨਾਮਾ
੪.ਤੌਸੀਫੋ ਸਨਾ
੫.ਜੋਤ ਬਿਕਾਸ ਫਾਰਸੀ
੬.ਅਰਜ਼ੁਲ ਅਲਫਾਜ਼
੭.ਮਜਮੂਆ ਅਨਵਾਰ
੮.ਖਾਤਮਾ
੯.ਦਸਤੂਰ ਉਲ ਨਿਸ਼ਾ
੧੦.ਇਨਸ਼ਾ ਦਸਤੂਰ
ਸਰੋਤ :-੧.ਗੁਰੂ ਗੋਬਿੰਦ ਸਿੰਘ ਜੀ .....ਪ੍ਰੋ. ਸਾਹਿਬ ਸਿੰਘ
੨.ਪ੍ਰਮੁਖ ਸਿਖ ਸ਼ਖਸ਼ੀਅਤਾਂ ..ਸ੍ਰੋਮਣੀ ਕਮੇਟੀ
ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
96543-42039


01/02/15)
ਭਾਈ ਬੇਅੰਤ ਸਿੰਘ ਖਾਨੇਵਾਲ/ਫੇਸਬੁੱਕ ਰਾਹੀਂ

ਦੋਸਤੋ, ਅੱਜ ਮੈ ਆਪ ਜੀ ਨਾਲ ਕੁਝ ਉਹ ਵਿਚਾਰ ਸਾਂਝੇ ਕਰਨ ਲੱਗਾਂ ਹਾਂ ਜਿਹੜੇ ਮੈ ਸਿਰਫ ਤੇ ਸਿਰਫ ਗੁਰੂ ਗਰੰਥ ਸਾਹਿਬ ਜੀ ਤੋਂ ਹੀ ਸਮਝੇ ਹਨ,
ਜਿਨਾਂ ਵਿਚਾਰਾਂ ਨੂੰ ਲਕੋਣ ਦੇ ਲਈ ਧਰਮ ਦੇ ਠੇਕੇਦਾਰਾਂ ਨੇ ਗਰੰਥਾਂ ਦੇ ਗਰੰਥ ਭਰ ਦਿੱਤੇ ਹਨ, ਇਕੱਲੇ ਸਿੱਖਾਂ ਦਾ ਹੀ 99% ਲਿਟਰੇਚਰ ਇਨਾਂ ਵਿਚਾਰਾਂ ਨੂੰ ਲਕੋਣ ਦੇ ਲਈ ਹੀ ਭਰਿਆ ਪਿਆ ਹੈ, ਕਿਉਂਕੇ ਜੇ ਇਹ ਵਿਚਾਰ ਸਾਮਣੇ ਆ ਜਾਂਦੇ ਹਨ ਤਾਂ ਧਰਮ ਦੇ ਨਾਮ ਤੇ ਖੁਲੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਹਨ, ਆਪੂ ਬਣੇ ਬਹ੍ਰਮਗਿਆਨੀ’ ਸੰਤ’ ਮਹਾਂਪੁਰਖ ਆਮ ਮਨੁੱਖਤਾ ਦੀ ਕਤਾਰ ਵਿੱਚ ਖੜੇ ਹੋ ਜਾਂਦੇ ਹਨ, ਇਸ ਕਰਕੇ ਮੁਫਤ ਦੀਆਂ ਰੋਟੀਆਂ ਤੇ ਪਲਣ ਵਾਲੇ ਲੋਕ (ਧਰਮ ਦੇ ਠੇਕੇਦਾਰ) ਨਹੀਂ ਚਾਹੁੰਦੇ ਕਿ ਇਹੋ ਜਿਹੇ ਵਿਚਾਰ ਦੁਨੀਆਂ ਦੇ ਸਾਮਣੇ ਆਉਂਣ,
(1) “ਰੱਬ” ਇੱਕ ਪੁਜਾਰੀਆਂ ਦਾ ਰਖਿਆ ਹੋਇਆ ਦੁਨੀਆਂ ਤੋਂ ਬਾਹਰ ਕਿਸੀ ਗੈਬੀ ਸ਼ਕਤੀ ਦਾ ਨਾਮ, ਗੁਰੂ ਨਾਨਕ ਜੀ ਨੇ ਦੁਨੀਆਂ ਦੇ ਹਿਰਦੇ ਵਿੱਚ ਘਰ ਕਰ ਚੁਕੇ ਰੱਬ ਨੂੰ ਰੱਦ ਤਾਂ ਨਹੀ ਕੀਤਾ ਪਰ ਰੱਬ ਦੇ ਅਰਥ ਤੇ ਨਾਮੁ ਬਦਲ ਦਿੱਤੇ ਨਹ, ‘ੴ ਸਤਿਨਾਮੁ’ ੴ- ਸਾਰੀ ਕਾਇਨਾਤ ਇੱਕੋ ਹੀ ਹੈ, ਸਤਿਨਾਮੁ-ਸੱਚ ਹੀ ਇਸ ਦਾ ਨਾਮੁ (ਪਹਿਚਾਣ) ਹੈ,
(2) ਧਰਮ ਦਾ ਕੋਈ ਚਿੰਨ ਨਹੀ ਹੈ, ਨਾਂ ਬੋਦੀ’ ਨਾਂ ਸੁਨਤ’ ਨਾਂ ਕਰੌਸ’ ਨਾਂ ਪੰਜ ਕਕਾਰ’ ਨਾਂ ਕੋਈ ਹੋਰ, ਧਰਮ ਕੇਵਲ “ਸੱਚ” ਹੈ, (ਏਕੋ ਧਰਮੁ ਦ੍ਰਿੜੈ ਸਚੁ ਕੋਈ) ਗ:ਗ:ਸ:
(3) ਸਾਰੇ ਸੰਸਾਰ ਦਾ ਜੀਵਨ ਇੱਕੋ ਜੀਵ ਹੈ, ਕਿਸੇ ਦੇ ਅੰਦਰ ਕੋਈ ਵੱਖਰੀ ਵੱਖਰੀ ਆਤਮਾਂ ਨਹੀ ਹੈ, ਜਿਵੇਂ ਅੱਗ ਦੀ ਇਕੋ ਤੀਲ਼ੀ ਨਾਲ ਅੱਗੇ ਤੋ ਅੱਗੇ ਲੱਖਾਂ ਮੋਮਬੱਤੀਆਂ ਜਗਾਈਆਂ ਜਾ ਸਕਦੀਆਂ ਹਨ, ਸਾਰੀਆਂ ਮੋਮਬੱਤੀਆਂ ਵਿਚ ਜ਼ਗਣ ਵਾਲੀ ਅੱਗ ਇੱਕੋ ਹੀ ਹੁੰਦੀ ਹੈ, ਇਸ ਤਰਾਂ ਹੀ ਇੱਕੋ ਜੀਵ ਹੀ ਅੱਗੇ ਤੋਂ ਅੱਗੇ ਵੱਧੀ ਜਾ ਰਿਹਾ ਹੈ, (ਸਭ ਮਹਿ ਜੋਤਿ ਜੋਤਿ ਹੈ ਸੋਇ) ਗ:ਗ:ਸ:
(4) ਇਸ ਸਮੁੱਚੀ ਕਾਇਨਾਤ ਤੋਂ ਵੱਖਰਾ ਕੋਈ ਰੱਬ ਨਹੀ ਹੈ, ਰੱਬ ਦੇ ਅੰਦਰ ਕਾਇਨਾਤ ਹੈ’ ਕਾਇਨਾਤ ਦੇ ਅੰਦਰ ਰੱਬ ਹੈ, ਰੱਬ ਨੂੰ ਦੇਖਣਾ ਚਾਹੁੰਦੇ ਹੋ ਤਾਂ ਸਮੁੱਚੀ ਕਾਇਨਾਤ ਨੂੰ ਪਿਆਰ ਨਾਲ ਦੇਖੋ, ਰੱਬ ਨੂੰ ਮਿਲਣਾਂ ਹੈ ਤਾਂ ਸਮੁੱਚੀ ਕਾਇਨਾਤ ਨਾਲ ਪਿਆਰ ਦਾ ਰਿਸਤਾ ਗੰਢੋ (ਇਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੋ ਹਰਿ ਕਾ ਰੂਪੁ ਹੈ)
(5) ਸਰੀਰ ਕਰਕੇ ਮਰਨ ਤੋਂ ਮਗਰੋਂ ਨਾ ਕੋਈ ਨਰਕ ਹੈ ਨਾ ਕੋਈ ਸਵੱਰਗ ਹੈ ਨਾ ਕੋਈ ਮੁਕਤੀ ਹੈ, ਨਰਕ ਸਵੱਰਗ ਤੇ ਮੁਕਤੀ ਦਾ ਸਵੰਧ ਜਿਉਂਦੇ ਜੀਅ ਨਾਲ ਹੈ,
(6) ਰੱਬ ਦਾ ਕੋਈ ਖਾਸ ਨਹੀ ਹੈ, ਨਾਹੀ ਰੱਬ ਦਾ ਕੋਈ ਦੁਸ਼ਮਣ ਹੈ, ਨਾ ਬੋਦੀ ਵਾਲਾ’ ਨਾ ਸੁਨਤ ਵਾਲਾ’ ਨਾ ਕਰੌਸ ਵਾਲਾ’ ਨਾ ਕਕਾਰਾਂ ਵਾਲਾ, ਜਿਸ ਨੇ ਵੀ ਮਨੁੱਖਤਾ ਨੂੰ ਇੱਕ ਨਜ਼ਰ ਨਾਲ ਦੇਖ ਕੇ ਆਪਣਾ ਸਮਝਲਿਆ ਉਹੀ ਰੱਬ ਦਾ ਖਾਸ ਹੈ, ਜਿਸ ਨੇ ਵੀ ਸੱਚ ਨੂੰ ਅਪਣਾਲਿਆ ਉਹੀ ਰੱਬ ਦਾ ਖਾਸ ਹੈ,
(7) ਚੋਲ਼ਾਂ’ ਬੁਰਕਾ’ ਭਗਵਾਂ’ ਜਾ ਕੋਈ ਹੋਰ ਖਾਸ ਪਹਿਰਾਵਾ, ਮਨੁੱਖ ਦਾ ਫੈਸ਼ਨ ਤਾਂ ਹੋ ਸਕਦਾ ਹੈ, ਪਰ ਰੱਬ ਨਾਲ ਇੱਸ ਦਾ ਕੋਈ ਲੈਣਾ ਦੇਣਾ ਨਹੀ ਹੈ, ਰੱਬ ਨੂੰ ਖੁਸ਼ ਲਈ ਕੋਈ ਖਾਸ ਰੰਗ ਨਹੀ ਹੈ, ਕੋਈ ਖਾਸ ਪਹਿਰਾਵਾ ਨਹੀ ਹੈ, ਰੱਬ ਨੂੰ ਖੁਸ਼ ਕਰਨ ਲਈ ਮਨੁੱਖ ਦੇ ਚੰਗੇ ਗੁਣ ਹਨ,
(8) ਰੱਬ ਦਾ ਕੋਈ ਨਾਮ ਨਹੀ ਹੈ, ਨਾ ਰਾਮ’ ਨਾਂ ਅੱਲਾ’ ਨਾ ਵਾਹਿਗੁਰੂ’ ਨਾ ਕੋਈ ਹੋਰ, “ਸੱਚ” ਹੀ ਉਸ ਦਾ ਨਾਮ ਹੈ, ਸਚਾਈ ਦੇ ਰਾਹ ਤੇ ਚਲਣਾਂ ਹੀ ਉਸ ਦਾ ਨਾਮ ਜਪਣਾ ਹੈ,
(9) ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੇਵਾ ਹੈ, ਮਨੁੱਖਤਾ ਦਾ ਪਿਆਰ ਹੀ ਰੱਬ ਦਾ ਪਿਆਰ ਹੈ, ਮਨੁੱਖਤਾ ਨਾਲ ਇੱਕਮਿਕ ਹੋਣਾ ਹੀ ਰੱਬ ਨਾਲ ਇੱਕਮਿਕ ਹੋਣਾ ਹੈ,
(10) ਰੱਬ ਦਾ ਕੋਈ ਇੱਟਾਂ ਦਾ ਬਣਿਆ ਘਰ ਨਹੀ ਹੈ, ਨਾ ਮੰਦਰ’ ਨਾ ਮਸਜਿਦ’ ਨਾ ਚਰਚ’ ਨਾ ਗੁਰਦਵਾਰਾ, (ਇਹ ਸੱਭ ਤਾਂ ਬਿਜ਼ਨੈਸ ਅਤੇ ਸਿਆਸਤ ਦੇ ਅੱਡੇ ਬਣ ਚੁਕੇ ਹਨ) ਮਨੁੱਖ ਦਾ ਹਿਰਦਾ ਹੀ ਰੱਬ (ਸੱਚ) ਦਾ ਅਸਲੀ ਘਰ ਹੈ, ਜਿਸ ਮਨੁੱਖ ਦਾ ਹਿਰਦਾ ਸੱਚਾ ਹੈ ਉਹੀ ਮਨੁੱਖ ਸੱਚ ਬੋਲ ਸਕਦਾ ਹੈ’ ਸੱਚ ਸੁਣ ਸਕਦਾ ਹੈ’ ਸੱਚ ਦੇਖ ਸਕਦਾ ਹੈ,
ਕਾਸ਼ ਜੇ ਇਹ ਕੁਝ ਗੱਲਾਂ ਹੀ ਸਾਡੇ ਸਮਝ ਲੱਗ ਜਾਣ ਤਾਂ ਧਰਮ ਦੀ ਲੁਟ ਅਤੇ ਲੜਾਈਆਂ ਝਗੜਿਆਂ ਤੋਂ ਬਚਿਆ ਜਾ ਸਕਦਾ ਹੈ,
ਭਾਈ ਬੇਅੰਤ ਸਿੰਘ ਖਾਨੇਵਾਲ



{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}


.