.
ਤੁਹਾਡਾ ਆਪਣਾ ਪੰਨਾ

This is your own page

ਸਭਿਅਕ ਭਾਸ਼ਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ)

Comments (908)

Topic: Tuhada Apna
Sort
First < 5 6 7 8 9 > Last
Facebookdel.icio.usStumbleUponDiggGoogle+TwitterLinkedIn
Gravatar
Iqbal Singh Dhillon (Chandigarh, India)
ਮਾਨਵਵਾਦ

ਸਿਖ ਭਾਈਚਾਰੇ ਵੱਲੋਂ ਵੱਖ-ਵੱਖ ਮੌਕਿਆਂ ਉੱਤੇ ਨਗਰ-ਕੀਰਤਨ ਕੱਢੇ ਜਾਂਦੇ ਹਨ ਜੋ ਜਲੂਸ ਦੀ ਸ਼ਕਲ ਅਖਤਿਆਰ ਕਰਦੇ ਹੋਏ ਆਮ ਜਨਤਾ ਲਈ ਕਈ ਅਸੁਧਿਆਵਾਂ/ਮੁਸ਼ਕਿਲਾਂ ਪੈਦਾ ਕਰਦੇ ਹਨ। ਉਂਜ ਵੀ ਅਜਿਹੇ ਜਲੂਸ-ਰੂਪੀ ਨਗਰ-ਕੀਰਤਨ ਕਰਮ-ਕਾਂਡੀ ਪਖੰਡ ਹੀ ਜਾਪਦੇ ਹਨ। ਕਿਉਂਕਿ ਇਹ ਸਮੱਸਿਆ ਕਾਫੀ ਗੰਭੀਰ ਹੈ, ਦੋਸਤਾਂ ਨੂੰ ਬੇਨਤੀ ਹੈ ਕਿ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਆਪੋ-ਆਪਣੇ ਵਿਚਾਰ/ਸੁਝਾਵ ਹੇਠਾਂ Reply ਵਾਲੇ ਖਾਨੇ ਵਿਚ ਪੇਸ਼ ਕੀਤੇ ਜਾਣ। ਵਿਚਾਰ-ਚਰਚਾ ਲਈ ਹੇਠਾਂ ਦਿੱਤੇ ਨੁਕਤੇ ਰੱਖੇ ਗਏ ਹਨ:

1. ਸਿਖ ਭਾਈਚਾਰੇ ਵੱਲੋਂ ਕੱਢੇ ਜਾਂਦੇ ਨਗਰ-ਕੀਰਤਨ ਆਮ ਜਨਤਾ ਲਈ ਕੀ-ਕੀ ਕਠਨਾਈਆਂ ਪੈਦਾ ਕਰਦੇ ਹਨ ?
2. ਕੀ ਅਜਿਹੇ ਨਗਰ-ਕੀਰਤਨ ਕਰਮ-ਕਾਂਡੀ ਪਖੰਡ ਸਮਝੇ ਜਾਣੇ ਚਾਹੀਦੇ ਹਨ ?

ਵਿਚਾਰ/ਕੁਮੈਂਟ/ਪ੍ਰਸ਼ਨ ਕਿਸੇ ਵੀ ਭਾਸ਼ਾ ਵਿਚ ਭੇਜੇ ਜਾ ਸਕਦੇ ਹਨ ਪਰੰਤੂ ਪੰਜਾਬੀ ਲਈ ਕੇਵਲ ਗੁਰਮੁਖੀ ਲਿਪੀ ਦਾ ਹੀ ਪਰਯੋਗ ਕੀਤਾ ਜਾਵੇ।

ਵਿਚਾਰ/ਕੁਮੈਂਟਸ/ਪ੍ਰਸ਼ਨ ਸਭਿਅਕ ਭਾਸ਼ਾ ਵਿਚ ਪੇਸ਼ ਕੀਤੇ ਜਾਣ।

ਪਰਾਪਤ ਹੋਏ ਵਿਚਾਰਾਂ/ਕੁਮੈਂਟਸ/ਪ੍ਰਸ਼ਨਾਂ ਸਬੰਧੀ ਸਪਸ਼ਟੀਕਰਨ ‘ਨਾਨਕ ਮਿਸ਼ਨ’ ਦੀ ਵਿਸ਼ੇਸ਼ ਟੀਮ ਵੱਲੋਂ ਤਿਆਰ ਕਰਕੇ ਪੇਸ਼ ਕੀਤੇ ਜਾਣਗੇ।

ਇਕਬਾਲ ਸਿੰਘ ਢਿੱਲੋਂ
Nanak Mission, INDIA
20th October 2017 1:44pm
Gravatar
Gurmit Singh Barsal (San jose, US)
ਨਗਰ ਕੀਰਤਨ ਵਿੱਚ ਗੁਰੂ ਨੂੰ ਸ਼ੜਕਾਂ ਤੇ ਘੁਮਾਇਆ ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਜੇ ਕਿਸੇ ਵਿੱਚ ਗੁਰੂ ਦੇ ਦਰਸ਼ਣ ਕਰਨ ਦੀ ਪਹੁੰਚ ਨਾ ਹੋਵੇ ਅਰਥਾਤ (ਬਿਮਾਰੀ ਜਾਂ ਬੁਢਾਪੇ ਕਾਰਣ) ਤਾਂ ਗੁਰੂ ਉਸਨੂੰ ਘਰੇ ਆਕੇ ਦਰਸ਼ਣ ਦਿੰਦਾ ਹੈ ।ਭਲਾਂ ਸੋਛਣ ਵਾਲੀ ਗੱਲ ਹੈ ਕਿ ਚਾਰ ਬੰਦੇ ਇਕੱਠੇ ਕਰਕੇ ਉਸ ਬੰਦੇ ਨੂੰ ਲਜਾਣ ਦਾ ਹੀ ਪਰਬੰਧ ਕਰ ਲੈਣ ਕਿਓਂ ਗੁਰੂ ਨੂੰ ਸੜਕਾਂ ਤੇ ਘੁਮਾਇਆ ਜਾਵੇ ।ਵੈਸੇ ਵੀ ਦਰਸ਼ਣ ਲਈ ਗੁਰੂ ਜਾਂਦਾ ਹੈ ਜਾਂ ਸਿੱਖ । ਨਾਲੇ ਦਰਸ਼ਣ ਦਾ ਅਸਲ ਮਤਲਬ ਹੈ ਕੀ ? ਇਹ ਸਾਰਾ ਪਖੰਡ ਹੈ ਜੋ ਗੁਰੂ ਦਾ ਜਲੂਸ ਕੱਢਣ ਲਈ ਕੀਤਾ ਜਾਂਦਾ ਹੈ ।ਹੁਣ ਤਾਂ ਸੰਗਤ ਵਦੇਸ਼ਾਂ ਵਿੱਚ ਵੀ ਗੁਰੂ ਦੀ ਆੜ ਵਿੱਚ ਆਪਣੀ ਸ਼ਾਨੋ-ਸ਼ੌਕਤ ਦਿਖਾਉਣ ਲਈ(ਧਾਰਮਿਕ ਅਧਿਕਾਰਾਂ ਦੀ ਆੜ ਵਿੱਚ) ਅਜਿਹਾ ਕਰਨ ਲੱਗੀ ਹੈ ।
22nd October 2017 7:22pm
Gravatar
Iqbal Singh Dhillon (Chandigarh, India)
ਸਹੀ ਹੈ। ਧੰਨਵਾਦ।
22nd October 2017 10:13pm
Gravatar
Dr Dalvinder singh grewal (Ludhiana, India)
ਜਿਸ ਰਾਹ ਤੇ ਚਲਿਐਂ, ਕੀਹ ਮਕਸਦ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਿਸ ਰਾਹ ਤੇ ਚਲਿਐਂ, ਕੀਹ ਮਕਸਦ?
ਰਬ ਜਗ ਤੇ ਘਲਿਐਂ, ਕੀਹ ਮਕਸਦ?
ਕਿਉਂ ਮੇਰੀ ਮੇਰੀ ਕਰਦਾ ਹੈਂ?
ਮਿੱਟ-ਮਾਇਆ ਸੰਗ ਘਰ ਭਰਦਾ ਹੈਂ,
ਮਾਇਆ ਤੇ ਫੁਲਿਐਂ? ਸੋਚ ਕਰੀਂ,
ਕਿਉਂ ਮਰਨਾ ਭੁਲਿਐਂ? ਸੋਚ ਕਰੀਂ।
ਹੱਥ ਖਾਲੀ ਸੀ ਜਦ ਆਇਆ ਸੀ,
ਨਾ ਜਾਂਦੇ ਕੁੱਝ ਹੱਥ ਪਾਇਆ ਸੀ ।
ਮੋਹ-ਮਾਇਆ ਛਲਿਐਂ ਕੀਹ ਮਕਸਦ?
ਜਿਸ ਰਾਹ ਤੇ ਚਲਿਐਂ, ਕੀਹ ਮਕਸਦ?
ਇਕ ਸੱਚ ਸਹਿਣ ਦਾ ਜੇਰਾ ਨਈਂ,
ਜੋ ਅਪਣਾ ਆਖੇਂ, ਤੇਰਾ ਨਈਂ,
ਸਭ ਬਦਲਣਹਾਰੀ ਦੁਨੀਆਂ ਹੈ,
ਜੋ ਸਦਾ ਸਥਿਰ, ਨਿਰਗੁਣੀਆ ਹੈ,
ਤੂੰ ਉਸਦੇ ਸੰਗ ਕਿਉਂ ਜੁੜਦਾ ਨਈਂ?
ਮੋਹ-ਮਾਇਆ ਨਾਲੋਂ ਮੁੜਦਾ ਨਈਂ।
ਅੱਗ ਹਿਰਸ ਦੀ ਬਲਿਐਂ, ਕੀ ਮਕਸਦ?
ਜਿਸ ਰਾਹ ਤੇ ਚਲਿਐਂ, ਕੀਹ ਮਕਸਦ?
ਰਬ ਜਗ ਤੇ ਘਲਿਐਂ, ਕੀਹ ਮਕਸਦ?
ਤੇਰਾ ਮਕਸਦ ਉਸ ਨੂੰ ਪਾਉਣਾ ਹੈ,
ਜਾ ਉਸ ਦੇ ਵਿਚ ਸਮਾਉਣਾ ਹੈ,
ਜੇ ਉਸ ਦੇ ਵਿਚ ਮਿਲਾਉਣਾ ਹੈ?
ਤਾਂ ਪੈਣਾ ਆਪ ਮਿਟਾਉਣਾ ਹੈ,
ਜਿਉਂ ਜਲ ਵਿਚ ਜਲ ਮਿਲ ਜਾਂਦਾ ਹੈ,
ਫਿਰ ਆਪਾ ਵੀ ਮਿਟ ਜਾਂਦਾ ਹੈ,
ਨਾ ਉਸ ਵਿਚ ਰਲਿਐਂ, ਕੀਹ ਮਕਸਦ?
ਜਿਸ ਰਾਹ ਤੇ ਚਲਿਐਂ, ਕੀਹ ਮਕਸਦ?
19th October 2017 5:21pm
Gravatar
Iqbal Singh Dhillon (Chandigarh, India)
ਮਾਨਵਵਾਦ
ਕੁਝ ਦਿਨ ਪਹਿਲਾਂ ‘ਨਾਨਕ ਮਿਸ਼ਨ’ ਵੱਲੋਂ ਫੇਸਬੁਕ ਉੱਤੇ ਪਾਠਕਾਂ ਅੱਗੇ ਵਿਚਾਰ ਲਈ ਦੋ ਨੁਕਤੇ ਰੱਖੇ ਗਏ ਸਨ ਅਤੇ ਇਹਨਾਂ ਸਬੰਧੀ ਉਹਨਾਂ ਦੇ ਕੁਮੈਂਟ ਮੰਗੇ ਗਏ ਸਨ। ਇਹ ਨੁਕਤੇ ਹਨ
1. ਗੁਰਬਾਣੀ ਅਨੁਸਾਰ ਨਾਮ-ਸਿਮਰਨ ਕੀ ਹੈ।
2. ਕੀ ਗੁਰਬਾਣੀ ਅਨੁਸਾਰ ਜ਼ਰੂਰੀ ਹੈ ਕਿ ਨਾਮ-ਸਿਮਰਨ ਵੱਡੇ ਤੜਕੇ ਉੱਠ ਕੇ ਕੀਤਾ ਜਾਵੇ।

ਇਸ ਵਿਸ਼ੇ ਤੇ ਫੇਸਬੁਕ ਉੱਤੇ ਦਸ ਕੁ ਸੱਜਣਾਂ ਵੱਲੋਂ ਭੇਜੀਆਂ ਪੋਸਟਾਂ ਰਾਹੀਂ ਉੱਤਰ ਮਿਲੇ ਸਨ ਅਤੇ ਇਤਨੇ ਕੁ ‘ਨਾਨਕ ਮਿਸ਼ਨ’ ਦੇ ਯਤਨਾਂ ਨਾਲ ਸਿੱਧੇ ਤੌਰ ਤੇ ਪਰਾਪਤ ਕੀਤੇ ਗਏ ਸਨ। ਜੋ ਵੀ ਉੱਤਰ ਮਿਲੇ ਹਨ ਉਹਨਾਂ ਨੂੰ ਘੋਖਣ ਉਪਰੰਤ ‘ਨਾਨਕ ਮਿਸ਼ਨ’ ਇਸ ਸਿੱਟੇ ਤੇ ਪਹੁੰਚਿਆ ਹੈ ਕਿ

1. ਸਿਮਰਨ ਦਾ ਅਰਥ ਹੈ ਪ੍ਰਭੂ-ਪਰਮੇਸ਼ਵਰ ਨੂੰ ਯਾਦ ਕਰਨਾ, ਚੇਤੇ ਵਿਚ ਲਿਆਉਣਾ। ‘ਸਿਮਰਨ’ ਦਾ ਅਰਥ ‘ਵਾਹਿਗੁਰੂ’ ਆਦਿਕ ਦਾ ਤੋਤਾ-ਰੱਟਣ ਨਹੀਂ ਅਤੇ ਨਾ ਹੀ ਗੁਰਬਾਣੀ ਵਿੱਚੋਂ ਲਏ ਗਏ ਜਾਂ ਬਾਹਰ ਤੋਂ ਆਏ ਕੁਝ ਚੋਣਵੇਂ ਸ਼ਬਦਾਂ ਦਾ ਪਾਠ ਹੈ।
2. ਪ੍ਰਭੂ-ਪਰਮੇਸ਼ਵਰ ਨੂੰ ਯਾਦ ਕਰਨ ਦਾ ਕਾਰਜ ਦਿਨ ਜਾਂ ਰਾਤ ਦੇ ਕਿਸੇ ਵਿਸ਼ੇਸ਼ ਹਿੱਸੇ ਨਾਲ ਨਹੀਂ ਜੋੜਨਾ ਚਾਹੀਦਾ। ਇਹ ਕਾਰਜ ਕਿਸੇ ਸਮੇਂ ਵੀ ਕੀਤਾ ਜਾ ਸਕਦਾ ਹੈ ਸਗੋਂ ਹਰ ਵਕਤ ਕਰਦੇ ਰਹਿਣਾ ਚਾਹੀਦਾ ਹੈ ਜਦ ਤਕ ਮਨੁੱਖ ਜਾਗਰਿਤ ਅਵਸਥਾ ਵਿਚ ਹੈ।

Iqbal Singh Dhillon

President
Nanak Mission, India
17th October 2017 8:03pm
Gravatar
Prabhjit Singh Dhawan (Sharjah (now UAE), India)
ਸਤਿਕਾਰ ਯੋਗ ਚੀਐਫ ਐਡੀਟਰ ਜੀ।
ਬਲਦੇਵ ਸਿੰਘ ਟਰਾਂਟੋ ਦੇ "ਸੱਚ ਦੀ ਤਲਾਸ਼ ਵਾਲੇ ਸਵਾਲਾਂ ਦੇ ਜਵਾਬ" ਪੜ੍ਹ ਕੇ ਬਹੁਤ ਤਸੱਲੀ ਮਹਿਸੂਸ ਕੀਤੀ।

"ਤੁਹਾਡੇ ਪੱਤਰ" ਸੈਕਸ਼ਨ ਵਿਚ 10/01/2017 ਅੰਦਰ ਮੇਰਾ ਲੇਖ "ਪੁਆੜੇ ਦੀ ਦੂਸਰੀ ਜੜ੍ਹ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ ਛਪਿਆ ਹੈ। ਮੇਰਾ ਇਹ ਲੇਖ ਆਪਣੇ ਵਿਚ ਸੱਚ ਦੀ ਤਲਾਸ਼ ਹੀ ਹੈ। ਸਾਰਾ ਲੇਖ ਹੀ ਕਈ ਸਵਾਲਾਂ ਦੇ ਉੱਤਰ ਦੀ ਅਰਜੋਈ ਹੀ ਹੈ।

ਮੈ ਆਪਣੇ ਸਵਾਲਾਂ ਨੂੰ ਲਿਖ ਰਹਿਆ ਹਾਂ ।
‎1) ਕੀ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰੂਬਾਣੀ ਗ੍ਰੰਥ ਦੀ ਸੰਪਾਦਨਾ ਕਰਕੇ ਸੰਗਤਾਂ ਵਿੱਚ ਖੁਲਾ ਪ੍ਰਕਾਸ਼ ਕਰਵਾਇਆ ਸੀ?
‎2) ਕੀ ਪੰਚਮ ਪਾਤਸ਼ਾਹ ਨੇ ਸੰਪਾਦਨਾ ਕੀਤੇ ਗੁਰਬਾਣੀ ਗ੍ਰੰਥ ਨੂੰ "ਗੁਰੂ" ਪਦਵੀ ਨਾਲ ਸੰਬੋਧਿਤ ਕੀਤਾ ਸੀ?
‎3) ਜੇ 1 ਔਰ 2 ਦਾ ਉਤਾਰ "ਹਾਂ" ਹੈ ਤਾਂ ਇਸ ਦੀ ਸਰੋਉਤ ਕੀ ਹੈ ਜੀ?
‎4) ਜੇ 1 ਔਰ 2 ਦਾ ਉਤਰ "ਨਹੀ" ਹੈ ਤਾਂ ਹਰ ਸਾਲ ਚਲ ਰਹੇ ਝੂਠ ਸਮਾਗਮਾਂ ਦਾ ਸੱਚ ਪ੍ਰਗਟ ਕਰੋ ਜੀ?
‎ਸ਼ਬਦ ਵਿਚਾਰ ਨਾਲ ਜੁੜੀ ਸੰਗਤ ਦੀ ਚਰਨ ਧੂੜ।
‎ਪ੍ਰਭਜੀਤ ਸਿੰਘ ਧਵਨ
‎ਦੁਬਈ uae
16th October 2017 12:05am
Gravatar
Iqbal Singh Dhillon (Chandigarh, India)
ਮਾਨਵਵਾਦ

ਪਿਛਲੇ ਕੁਝ ਸਮੇਂ ਤੋਂ ਸੰਤਾਂ-ਸਾਧਾਂ ਦੇ ਡੇਰਿਆਂ ਬਾਰੇ ਕਈ ਕੁਝ ਸੁਣਨ/ਪੜ੍ਹਨ ਨੂੰ ਮਿਲਦਾ ਆ ਰਿਹਾ ਹੈ। ਉੰਜ ਤਾਂ ਸਾਰੇ ਭਾਰਤ ਵਿਚ ਕਈ ਕਿਸਮ ਦੇ ਡੇਰੇ ਬਣੇ ਹੋਏ ਹਨ ਪਰੰਤੂ ਪਿਛਲੀ ਸਦੀ ਦੇ ਅੱਧ ਤੋਂ ਪੰਜਾਬ ਦੇ ਇਲਾਕੇ ਵਿਚ ਡੇਰਿਆਂ ਦੀ ਗਿਣਤੀ ਧੜਾਧੜ ਵਧੀ ਹੈ ਅਤੇ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਕੱਲੇ ਪੰਜਾਬ ਦੇ ਇਲਾਕੇ ਵਿਚ ਇਸ ਸਮੇਂ ਕੋਈ ਪੰਦਰਾਂ ਹਜ਼ਾਰ ਡੇਰੇ ਸਥਾਪਤ ਹੋ ਚੁੱਕੇ ਹਨ। ਅਜਿਹੇ ਡੇਰਿਆਂ ਦਾ ਵਿਰੋਧ ਵਿਸ਼ੇਸ਼ ਤੌਰ ਤੇ ਸਿਖ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਭਾੲਚਾਰਾ ਸਮਝਦਾ ਹੈ ਕਿ ਇਹ ਡੇਰੇ ਇਸ ਭਾਈਚਾਰੇ ਦੇ ਜੀਵਨ ਵਿਚ ਉਹਨਾਂ ਦੇ ਗੁਰੂ ਸਾਹਿਬਾਨ ਦੇ ਪਰਭਾਵ ਨੂੰ ਘਟ ਕਰਨ ਜਾਂ ਖਤਮ ਕਰਨ ਦੀ ਸਾਜ਼ਿਸ਼ ਵਜੋਂ ਹੋਂਦ ਵਿਚ ਆਏ ਹਨ। ਸਿਖ ਭਾਈਚਾਰੇ ਦੀ ਇਸ ਸੋਚ ਵਿਚ ਕਾਫੀ ਸਚਾਈ ਵੀ ਹੈ। ਪਰੰਤੂ ਹੁਣ ਤਕ ਸਿਖ ਭਾਈਚਾਰੇ ਵੱਲੋਂ ਇਹਨਾਂ ਡੇਰਿਆਂ ਦੇ ਫੈਲਾਓ ਜਾਂ ਓਥੋਂ ਦੀਆਂ, ਉਹਨਾਂ ਅਨੁਸਾਰ ਆਪਣੇ ਹਿਤਾਂ ਦੇ ਖਿਲਾਫ ਜਾਂਦੀਆਂ, ਕਾਰਵਾਈਆਂ ਦੇ ਸਬੰਧ ਵਿਚ ਕੋਈ ਯੋਜਨਾ-ਬੱਧ ੳਤੇ ਠੋਸ ਕਦਮ ਨਹੀਂ ਪੁੱਟਿਆ ਜਾ ਸਕਿਆ।

ਉਂਜ ਉੱਪਰ ਦਰਸਾਈ ਸਥਿਤੀ ਲਈ ਸਿਖ ਭਾਈਚਾਰੇ ਦੇ ਲੋਕ ਖੁਦ ਹੀ ਜ਼ਿੰਮੇਵਾਰ ਹਨ। ਧਿਆਨ ਨਾਲ ਵੇਖੀਏ ਤਾਂ ਗੁਰਦੁਆਰੇ ਖੁਦ ਹੀ ਡੇਰਿਆਂ ਦੀ ਤਰਜ਼ ਤੇ ਚਲਦੇ ਆ ਰਹੇ ਹਨ। ਜਾਂ ਇਹ ਕਹਿ ਲਵੋ ਕਿ ਡੇਰੇ ਦਾ ਸੰਕਲਪ ਗੁਰਦੁਆਰੇ ਵਿੱਚੋਂ ਹੀ ਨਿਕਲਿਆ ਹੈ। ਡੇਰਿਆਂ ਉੱਤੇ ਆਮ ਇਤਰਾਜ਼ ਕੀਤਾ ਜਾਂਦਾ ਹੈ ਕਿ ਉੱਥੇ ਸ਼ਖਸੀ ਪੂਜਾ ਹੁੰਦੀ ਹੈ (ਬਹੁਤੀ ਥਾਈਂ ਗੁਰਬਾਣੀ ਗ੍ਰੰਥ ਦੇ ਕੋਲ ਹੁੰਦਿਆਂ) ਅਤੇ ਕਈ ਤਰ੍ਹਾਂ ਦੇ ਕਰਮ-ਕਾਂਡ ਕੀਤੇ ਜਾਂਦੇ ਹਨ। ਇਕ ਹੋਰ ਇਤਰਾਜ਼ ਇਹ ਹੈ ਕਿ ਡੇਰਿਆਂ ਵਿਚ ਕੁਕਰਮ ਹੁੰਦੇ ਹਨ। ਪਰੰਤੂ ਇਹ ਸਭ ਕੁਝ ਗੁਰਦੁਆਰਿਆਂ ਵਿਚ ਵੀ ਵਾਪਰਦਾ ਆ ਰਿਹਾ ਹੈ। ਗੁਰਦੁਆਰਿਆਂ ਵਿਚ ਗੁਰਬਾਣੀ ਗ੍ਰੰਥ ਨੂੰ ‘ਪਰਗਟ ਗੁਰਾਂ ਕੀ ਦੇਹ’ ਕਹਿ ਕੇ ਸ਼ਖਸੀ ਰੂਪ ਦਿੱਤਾ ਜਾਂਦਾ ਹੈ, ਨਾਲ ਹੀ ਗੁਰਬਾਣੀ ਗ੍ਰੰਥ ਦੀ ਮੂਰਤੀ ਵਾਂਗ ਪੂਜਾ ਕੀਤੀ ਜਾਂਦੀ ਹੈ ਅਤੇ ਹੋਰ ਅਨੇਕਾਂ ਕਰਮ-ਕਾਂਡ ਨਿਭਾਏ ਜਾਂਦੇ ਹਨ। ਗੁਰਦੁਆਰਿਆਂ ਦੀ ਹਦੂਦ ਅੰਦਰ ਕੁਕਰਮਾਂ ਅਤੇ ਭਰਿਸ਼ਟਾਚਾਰ ਦੀਆਂ ਉਦਾਹਰਨਾਂ ਵੀ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਇਕ ਮਾੜੀ ਗੱਲ ਜੋ ਡੇਰਿਆਂ ਵਿਚ ਵੀ ਬਹੁਤ ਘਟ ਵੇਖਣ ਨੂੰ ਮਿਲਦੀ ਹੈ ਉਹ ਹੈ ਗੁਰਦੁਆਰਿਆਂ ਦੀਆਂ ਹੱਦਾ ਅੰਦਰ ਖੁਲ੍ਹ ਕੇ ਹੁੰਦੀਆਂ ਲੜਾਈਆਂ। ਜੇਕਰ ਸਾਰੇ ਗੁਰਦੁਆਰਿਆਂ ਨੂੰ ਵੀ ਡੇਰੇ ਮੰਨ ਲਿਆ ਜਾਵੇ ਤਾਂ ਪੰਜਾਬ ਦੀ ਧਰਤੀ ਉੱਤੇ ਡੇਰਿਆਂ ਦੀ ਗਿਣਤੀ ਸੱਠ ਹਜ਼ਾਰ ਤੋਂ ਉੱਪਰ ਚਲੀ ਜਾਵੇਗੀ।

ਅਸਲ ਵਿਚ ਗੁਰੂ ਸਾਹਿਬਾਨ ਨੇ ਕੋਈ ਗੁਰਦੁਆਰੇ ਸਥਾਪਤ ਨਹੀਂ ਸੀ ਕੀਤੇ। ਗੁਰੂ ਸਾਹਿਬਾਨ ਨੇ ਕੋਈ ਧਰਮ ਨਹੀਂ ਸੀ ਚਾਲੂ ਕੀਤਾ । ਉਹਨਾਂ ਨੇ ਤਾਂ ਮਾਵਵਾਦ ਦੀ ਲਹਿਰ ਚਲਾਈ ਸੀ ਜਿਸ ਲਈ ਕਿਸੇ ਪੂਜਾ-ਅਸਥਾਨਾਂ ਦੀ ਲੋੜ ਨਹੀਂ ਸੀ। ਉਹਨਾਂ ਨੇ ‘ਧਰਮਸਾਲ’ ਦਾ ਸੰਕਲਪ ਅਪਣਾਉਂਦੇ ਹੋਏ ਆਪਣੀ ਲਹਿਰ ਦੇ ਕੁਝ ਕੇਂਦਰ ਬਣਾਏ ਸਨ ਜਿਵੇਂ ਕਰਤਾਰਪੁਰ( ਦੋਵੇਂ), ਗੋਇੰਦਵਾਲ, ਤਰਨਤਾਰਨ, ਅੰਮ੍ਰਿਤਸਰ, ਅਨੰਦਪੁਰ ਆਦਿਕ। ਰਣਜੀਤ ਸਿੰਘ ਦੇ ਰਾਜ ਸਮੇਂ ਗੁਰੂ ਸਾਹਿਬਾਨ ਨਾਲ ਸਬੰਧਤ ਕਈ ਇਤਹਾਸਿਕ ਸਥਾਨਾਂ ਦੇ ਨਾਮ ਜਗੀਰਾਂ ਲਗਵਾਈਆਂ ਗਈਆਂ ਅਤੇ ਉੱਥੇ ਮਹੰਤ ਨਿਯੁਕਤ ਕਰ ਦਿੱਤੇ ਗਏ। ਗੁਰਦੁਆਰੇ ਤਾਂ ਅੰਗਰੇਜ਼ਾਂ ਦਾ ਰਾਜ ਆਉਣ ਤੇ ਭਾਵ ਉਨ੍ਹੀਵੀਂ ਸਦੀ ਦੇ ਅੱਧ ਤੋਂ ਬਾਦ ਹੀ ਸਥਾਪਤ ਹੋਣੇ ਸ਼ੁਰੂ ਹੋਏ ਸਨ। ਉਂਜ ਉਸ ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਸਥਾਪਤ ਕੀਤੇ ਕੇਂਦਰਾਂ ਨੂੰ ਹਿੰਦੂ ਮੰਦਰਾਂ ਵਿਚ ਤਬਦੀਲ ਕਰਨ ਦਾ ਕੰਮ ਲਗ-ਭਗ ਪੂਰਾ ਹੋ ਚੁੱਕਾ ਸੀ। ਦਰਬਾਰ ਸਾਹਿਬ ਦਾ ਨਾਮ ‘ਸਵਰਨ ਮੰਦਰ’ ਵੀ ਇੱਸੇ ਯੋਜਨਾ ਦੇ ਅਧੀਨ ਪਰਚਲਤ ਕੀਤਾ ਗਿਆ ਸੀ।

ਉਮੀਦ ਹੈ ਕਿ ਉੱਪਰ ਦਿੱਤੀ ਸੰਖੇਪ ਵਿਆਖਿਆ ਨੂੰ ਸਾਹਮਣੇ ਰੱਖਦੇ ਹੋਏ ਸਿਖ ਭਾਈਚਾਰੇ ਦੇ ਲੋਕ ਗੁੱਸਾ ਕਰਨ ਦੀ ਬਜਾਇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦਾ ਯਤਨ ਕਰਨਗੇ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
15th October 2017 9:30pm
Gravatar
Dr Dalvinder singh grewal (Ludhiana, India)
ਨਾਮ ਤੇਰਾ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਨਾਮ ਤੇਰਾ ਲੈਣਾ ਮੈਨੂੰ ਜਦ ਜਦ ਭੁਲਦਾ।
ਜੱਗ ਦਿਆਂ ਧੰਦਿਆਂ ‘ਚ ਕੱਖਾਂ ਵਾਂਗੂ ਰੁਲਦਾ।
ਤੁੰ ਹੀ ਮੇਰੀ ਆਸ ਹੈਂ ਤੇ ਤੂੰ ਹੀ ਮੇਰੀ ਸੇਧ ਹੈਂ,
ਸੇਧ ਬਿਨਾ ਚਲਾਂ ਜਦ ਡੱਕੇ ਵਾਗੂ ਝੁੱਲਦਾ।
ਤੂੰ ਹੀ ਮੇਰਾ ਮਾਣ ਤਾਣ ਤੂੰ ਹੀ ਆਨ ਸ਼ਾਨ ਹੈਂ,
ਤੇਰੇ ਬਿਨਾ ਮੈਂ ਤਾਂ ਇਕ ਕੌਡੀ ਦੇ ਨਾ ਮੁੱਲ ਦਾ।
ਤੇਰਾ ਨਾਮ ਲੈਕੇ ਤਾਂ ਬਹਾਰਾਂ ਖਿੜ ਜਾਂਦੀਆਂ,
ਤੇਰੇ ਬਿਨਾ ਰੁੱਖ ਸੁੱਕਾ, ਵਧਦਾ ਨਾ ਫੁੱਲਦਾ।
ਦੁਨੀਆਂ ‘ਚ ਖੋਇਆਂ ਹੋਇਆ, ਜੀਵਾਂ ਬਿਨਾ ਆਸ ਦੇ,
ਜੀਣ ਦੀ ਲਲਕ ਲੈ ਕੇ ਹਰ ਘੜੀ ਘੁਲਦਾ।
ਚੰਗਾ ਇਸ ਜੀਣ ਨਾਲੋਂ ਤੇਰੇ ਵਿਚ ਮਰਨਾ,
ਜਪਾਂ ਤੇਰਾ ਨਾਮ, ਜੀਵਾਂ ਜੀਣ ਇਕ ਫੁੱਲ ਦਾ।

ਹੋਵੇਂ ‘ਤੂੰ ਹੀ, ਤੂੰ ਹੀ’
ਡਾ ਦਲਵਿੰਦਰ ਸਿੰਘ ਗ੍ਰੇਵਾਲ

ਸਾਫ ਰਹਿਣ ਇੰਦਰੇ, ਹਰ ਰੋਜ਼ ਨਾਉਣਾ ਚਾਹੀਦਾ।
ਫਿਰ ਸ਼ਾਂਤ ਚਿੱਤ ਰੱਬ ਵਿਚ ਲਾਉਣਾ ਚਾਹੀਦਾ।
ਰੱਬ ਨਾਲ ਲਾਈਏ ਸਾਰਾ ਜੱਗ ਭੁੱਲ ਜਾਈਏ ਜੀ,
ਉਹਦੇ ਬਿਨਾ ਯਾਦ ਨਾ ਕੋਈ ਹੋਰ ਆਉਣਾ ਚਾਹੀਦਾ।
ਉਹਦੇ ਨਾਮ ਨਾਲ ਸਦਾ ਇੰਜ ਜੁੜ ਜਾਈਏ ਜੀ,
ਨਾਮ ਰਸ ਅੰਗ ਅੰਗ ਵਿਚ ਪਾਉਣਾ ਚਾਹੀਦਾ।
ਕਰਦਾ ਉਹ ਕੀ? ਇਹ ਨਾ ਕੋਈ ਸੋਚਾਂ ਵਾਲੀ ਗੱਲ ਹੈ,
ਉਹ ਤਾਂ ਕਰਵਾਉਂਦਾ ਜਿਵੇਂ ਕਰਵਾਉਣਾ ਚਾਹੀਦਾ।
ਉਹਦੇ ਵਿਚ ਮਿਲਕੇ ਮਿਟਾਉ ਆਪਾ ਆਪਣਾ,
ਹਰ ਪਾਸੇ ਊਹੋ ਹੀ ਨਜ਼ਰ ਆਉਣਾ ਚਾਹੀਦਾ।
ਬਖਸ਼ੀਂ ਨਾਚੀਜ਼ ਨੂੰ ਤੇ ਮਿਹਰ ਕਰੀਂਂ ਦਾਤਿਆ,
ਹੋਵੇਂ ‘ਤੂੰ ਹੀ, ਤੂੰ ਹੀ’ ਬੱਸ, ਆਪਾ ਢਾਉਣਾ ਚਾਹੀਦਾ।

ਮੈਂ ਕੁੱਝ ਵੀ ਨਹੀਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਕੁਝ ਨਈਂ ਸਾਂ, ਕੁਝ ਰਹਿਣਾ ਨਾ
ਫਿਰ ਵੀ ਕਿਉਂ ਛਡਦਾ ਖਹਿਣਾ ਨਾ।
ਕੁਝ ਹੋਣ ਲਈ ਕਿਉਂ ਤਤਪਰ ਹਾਂ?
ਕਿਉੰ ਹੋਂਦ ਦੱਸਣ ਲਈ ਆਤੁਰ ਹਾਂ?
ਜਿਉਂ ਜਲ ਤੇ ਬੁਲਬੁਲਾ ਉਠਦਾ ਹੈ,
ਜਦ ਪੌਣ ਗਈ ਮਿਟ ਜਾਂਦਾ ਹੈ,
ਕੁੱਝ ਪਲ ਦੀ ਖਾਤਰ ਜਿਉਂਦਾ ਹੈ,
ਕੁੱਝ ਸਾਹ ਜੀ ਕੇ ਮਰ ਜਾਂਦਾ ਹੈ,
ਨਾ ਘਟਦਾ ਕੁੱਝ ਨਾ ਵਧਦਾ ਹੈ,
ਜੱਗ ਅੱਗੇ ਵਧਦਾ ਰਹਿੰਦਾ ਹੈ,
ਸਦੀਆਂ ਤੇ ਅਰਬਾਂ ਪੈੜਾਂ ਨ,
ਇਕ ਦੂਜੇ ਵਿਚ ਜੋ ਮਿਟ ਰਹੀਆਂ,
ਮੈਂ ਵੀ ਇਉਂ ਵਿਚੇ ਖੋ ਜਾਣਾ,
ਸੀ ਪੌਣ, ਪੌਣ ਹੀ ਹੋ ਜਾਣਾ।
ਨਾ ਨਿਸ਼ਾਂ ਰਹੇ ਨਾ ਪੈੜ ਰਹੇ,
ਸਭ ਹੋਂਦ ਤਾਂ ਜਗਤ ਵਹਾ ‘ਚ ਵਹੇ।
ਮੈਂ ਕੁੱਝ ਨਈਂ ਸਾਂ, ਕੁਝ ਰਹਿਣਾ ਨਾ
ਫਿਰ ਵੀ ਕਿਉਂ ਛਡਦਾ ਖਹਿਣਾ ਨਾ।
ਜੇ ਕਰ ਚਾਹੋ ਰਹਿਣਾ ਸ਼ਾਂਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੌਣ ਨਾ ਜਾਣੇ ਰਹਿਣਾ ਸ਼ਾਂਤ।
ਫਿਰ ਕਿਉਂ ਦਿਸਦੇ ਸੱਭ ਅਸ਼ਾਂਤ।
ਸਭ ਬੇਚੈਨ, ਵਿਆਕੁਲ, ਆਤੁਰ।
ਦੁਖਿਆਰੇ, ਗਮ ਮਾਰੇ ਪਾਤਰ।
ਇਕ ਨੂੰ ਅਹੁ ਦੁੱਖ ਇਕ ਨੂੰ ਆਹ।
ਚੜ੍ਹਿਆ ਜੱਗ ਦੁਖਾਂ ਦੇ ਫਾਹ।
ਦੁੱਖਾਂ ਤੋਂ ਕਿੰਜ ਬਾਹਰ ਆਈਏ?
ਚਿੰਤਾ ਤੋ ਛੁਟਕਾਰਾ ਪਾਈਏ
ਸੁੱਖ ਚੈਨ ਜੀਵਨ ਕਿੰਜ ਪਾਈਏ?
ਨਾਮ ਬਿਨਾ ਕਿੰਜ ਅਗਨ ਬੁਝਾਈਏ?
ਭਜਨ ਬਿਨਾ ਨਾ ਤ੍ਰਿਸ਼ਨਾ ਮਰਦੀ,
ਭਗਤੀ ਬਿਨ ਨਾ ਹਉਮੈਂ ਮਿਟਦੀ,
ਅਹੰ ਨਾ ਜਾਂਦਾ, ਲੋਭ ਨਾ ਜਾਂਦਾ,
ਕਾਮ ਕ੍ਰੋਧ ਰਹੇ ਰੂਹ ਖਾਂਦਾ।
ਜੇ ਕਰ ਚਾਹੋ ਰਹਿਣਾ ਸ਼ਾਂਤ।
ਉਸ ਸੰਗ ਜੁੜ ਜਾਉ ਵਿੱਚ ਇਕਾਂਤ।
ਨਾਮ ਜਪੋ ਚਿੱਤ ਚੈਨ ਵਸਾਉ।
ਜੱਗ ਤੋਂ ਟੁੱਟ ਕੇ ਰੱਬ ਸੰਗ ਲਾਉ
13th October 2017 4:02pm
Gravatar
Amrik Singh (Rajpura, US)
ਆਪਣੇ ਪੰਨੇ ਤੇ ਵਿਚਾਰ ਚਰਚਾ ਵਾਲੇ ਸਮੂੰਹ ਵੀਰਾਂ ਨੂੰ ਫਤਹਿ ਪ੍ਰਵਾਨ ਹੋਵੇ ਜੀ :

ਵੀਰ ਜੀ ਇੱਕ ਸ਼ੰਕਾ ਹੈ ਕੇ ਦਿੱਲੀ ਅੰਦਰ ਜਦੋਂ ੮ਵੇਂ ਪਾਤਸ਼ਾਹ ਜੀ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਿਲਣ ਗਏ ਜਾਂ ਗੁਰੂ ਸਾਹਿਬ ਨੇ ਸੱਦਾ ਭੇਜਿਆ ਮੁਲਾਕਾਤ ਵਾਸਤੇ , ਕੀ ਬਾਬਾ ਮੱਖਣ ਸ਼ਾਹ ਵੀ ਉਹਨਾਂ ਦੇ ਨਾਲ ਗਿਆ ਸੀ ? ਜੇ ਨੌੰਵੇ ਪਾਤਸ਼ਾਹ ਗਏ ਸੀ ਤਾ ਉਹ ਕਿਹੜੀ ਜਗ੍ਹਾ ਤੋਂ ਦਿੱਲੀ ਆਏ ਸੀ ? ਕੋਈ ਵੀ ਵੀਰ ਵਿਸਥਾਰ ਨਾਲ ਦਸਣ ਦੀ ਕਿਰਪਾਲਤਾ ਕਰਨਾ ਜੀ l ਧੰਨਵਾਦ l

ਅਮਰੀਕ ਸਿੰਘ ਰਾਜਪੁਰਾ
12th October 2017 3:23pm
Gravatar
Iqbal Singh Dhillon (Chandigarh, India)
ਸ. ਅਮਰੀਕ ਸਿੰਘ ਰਾਜਪੁਰਾ ਜੀ,

ਗੁਰੂ ਸਾਹਿਬਾਨ ਦੇ ਸਮਿਆਂ ਬਾਰੇ ਜਾਣਕਾਰੀ ਲਈ ਭਰੋਸੇਯੋਗ ਵਸੀਲੇ ਉਪਲਭਦ ਨਹੀਂ। ਇਹ ਕਿਹਾ ਜਾਂਦਾ ਹੈ ਕਿ ਜਿਹਨਾਂ ਦਿਨਾਂ ਵਿਚ ਗੁਰੂ ਹਰਿ ਕ੍ਰਿਸ਼ਨ ਜੀ ਦਿੱਲੀ ਵਿਚ ਸਨ ਉਹਨਾਂ ਦਿਨਾਂ ਵਿਚ ਤੇਗ ਬਹਾਦਰ ਜੀ ਵੀ ਦਿੱਲੀ ਵਿਚ ਸਨ ਅਤੇ ਉਹ ਗੁਰੂ ਜੀ ਨੂੰ ਮਿਲੇ ਵੀ ਸਨ। ਮੱਖਣ ਸ਼ਾਹ ਉੱਘਾ ਵਪਾਰੀ ਸੀ ਅਤੇ ਦੂਰ-ਦੁਰਾਡੇ ਤਕ ਸਫਰ ਕਰਦਾ ਰਹਿੰਦਾ ਸੀ। ਉਹ ਗੁਰੂ ਸਾਹਿਬਾਨ ਦਾ ਸੁਹਿਰਦ ਸ਼ਰਧਾਲੂ ਸੀ ਅਤੇ ਉਹਨੀਂ ਦਿਨੀਂ ਉਹ ਕਾਠੀਆਵਾੜ ਵਿਚ ਗੁਰੂ ਸਾਹਿਬਾਨ ਵੱਲੋਂ ਥਾਪਿਆ ਹੋਇਆ ਮਸੰਦ ਵੀ ਸੀ। ਹੋ ਸਕਦਾ ਹੈ ਉਹ ਗੁਰੂ ਜੀ ਨੂੰ ਮਿਲਣ ਵੇਲੇ ਤੇਗ ਬਹਾਦਰ ਜੀ ਦੇ ਨਾਲ ਹੋਵੇ ਅਤੇ ਹੋ ਸਕਦਾ ਹੈ ਕਿ ਨਾ ਵੀ ਹਵੇ। ਪਰੰਤੂ ਇਸ ਤੱਥ ਵਿਚ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਉਹ ਗੁਰੂ ਸਾਹਿਬਾਨ ਬਾਰੇ ਚੰਗੀ ਜਾਣਕਾਰੀ ਰੱਖਦਾ ਸੀ।

ਇਹ ਵੀ ਭਰੋਸੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਤੇਗ ਬਹਾਦਰ ਜੀ ਕਿਧਰੋਂ ਦੀ ਹੋਕੇ ਦਿੱਲੀ ਪਹੁੰਚੇ ਸਨ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
14th October 2017 7:22am
Gravatar
NARENDRA PAL SINGH SALUJA (raipur c g, India)
ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩ {ਪੰਨਾ 616}
12th October 2017 7:48am
Gravatar
Iqbal Singh Dhillon (Chandigarh, India)
ਸ. ਹਾਕਮ ਸਿੰਘ ਜੀ ਨੇ ਮੇਰੀ ਹੇਠਾਂ 08 ਅਕਤੂਬਰ ਨੂੰ ਪਾਈ ਹੋਈ ਪੋਸਟ (ਉੱਤਰ ਵਿਚ) ਸਬੰਧੀ ਆਪਣਾ ਪ੍ਰਤੀਕਰਮ ਆਪਣੀ 10 ਅਕਤੂਬਰ ਦੀ ਪੋਸਟ ਰਾਹੀਂ ਦਿੱਤਾ ਹੈ। ਉਹਨਾਂ ਦੀ ਇਸ ਲਿਖਤ ਵਿਚ ਅਨੇਕਾਂ ਅਤਕਥਨੀਆਂ ਅਤੇ ਭਰਾਂਤੀਆਂ ਹਨ ਜਿਸ ਕਰਕੇ ਇਸ ਬਾਰੇ ਮੇਰਾ ਪ੍ਰਤੀਕਰਮ ਕੁਝ ਲੰਬਾ ਹੋ ਗਿਆ ਹੈ। ਇਸ ਲਈ ਇਸ ਪ੍ਰਤੀਕਰਮ ਨੂੰ ਇੱਥੇ ਦੋ ਭਾਗਾਂ ਵਿਚ ਵੰਡ ਕੇ ਪਾਇਆ ਜਾ ਰਿਹਾ ਹੈ। ਮੈਂ ਉਹਨਾਂ ਵੱਲੋਂ ਉਠਾਏ ਨੁਕਤੇ ਕ੍ਰਮਵਾਰ ਦਿੰਦੇ ਹੋਏ ਆਪਣਾ ਉੱਤਰ ਵੀ ਨਾਲ-ਨਾਲ ਦਰਜ ਕੀਤਾ ਹੈ। ਸੋ ਹੇਠਾਂ ‘ਵਿਚਾਰ’ ਦਾ ਭਾਵ ਹੈ ਸ. ਹਾਕਮ ਸਿੰਘ ਜੀ ਵੱਲੋਂ ਉਠਾਇਆ ਗਿਆ ਨੁਕਤਾ ਅਤੇ ‘ਉੱਤਰ’ ਦਾ ਭਾਵ ਸਬੰਧਤ ਨੁਕਤੇ ਬਾਰੇ ਮੇਰਾ ਪ੍ਰਤੀਕਰਮ ਹੈ।

1. ਵਿਚਾਰ:“ਆਪ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਨੂੰ ਪ੍ਰਵਾਨ ਨਹੀਂ ਕਰਦੇ”
ਉੱਤਰ : ਸਥਿਤੀ ਇਹ ਨਹੀਂ ਹੈ ਕਿ ਮੈਂ ‘ਗੁਰਬਾਣੀ ਦੀ ਅਧਿਆਤਮਿਕਤਾ’ ਨੂੰ ਪਰਵਾਨ ਨਹੀਂ ਕਰਦਾ। ਸਥਿਤੀ ਉਹ ਹੈ ਜੋ ਮੇਰੇ ਇਸ ਵਿਸ਼ਵਾਸ ਤੋਂ ਬਣਦੀ ਹੈ ਕਿ ਗੁਰਬਾਣੀ ‘ਅਧਿਆਤਮਿਕਤਾ’ ਵਰਗੇ ਕਾਲਪਨਿਕ ਸੰਕਲਪ ਨੂੰ ਨਹੀਂ ਮੰਨਦੀ ਕਿਉਂਕਿ ਇਹ ਕੇਵਲ ਵਾਸਤਿਵਕਤਾ ਨੂੰ ਹੀ ਮੰਨਦੀ ਹੈ। ਗੁਰਬਾਣੀ ਵਿਅਕਤੀਗਤ ਰੱਬ (personal God), ਨਰਕ-ਸੁਰਗ, ਆਵਾਗਉਣ, ਆਤਮਾ-ਪਰਮਆਤਮਾ, ਦੇਵੀ-ਦੇਵਤੇ, ਜਿੰਨ-ਭੂਤ, ਕਰਾਮਾਤ, ਪੂਜਾ ਕਿਰਿਆਵਾਂ, ਤੋਤਾ-ਰੱਟਣ ਅਧਾਰਿਤ ਜਾਪ, ਤੱਪ-ਸਮਾਧੀ, ਆਦਿਕ ਨੂੰ ਨਹੀਂ ਮੰਨਦੀ। ਇਸ ਲਈ ਗੁਰਬਾਣੀ ਇਹਨਾਂ ਸਭਨਾਂ ਨਾਲ ਜੋੜ ਕੇ ਬਣਾਏ ਮਜ਼ਹਬ/ਰਿਲੀਜਨ ਅਤੇ ਉਸ ਉੱਤੇ ਅਧਾਰਿਤ ਅਧਿਆਤਮਿਕਤਾ ਦੇ ਤੰਤਰ ਨੂੰ ਵੀ ਨਹੀਂ ਮੰਨਦੀ।
2. ਵਿਚਾਰ: “(ਆਪ)... (ਅਤੇ) ਗੁਰਬਾਣੀ ਨੂੰ ਸਮਾਜ ਸੁਧਾਰ ਰਾਹੀਂ ਮਾਨਵਤਾ ਦੀ ਭਲਾਈ ਦਾ ਮਾਧਿਅਮ ਸਮਝਦੇ ਹੋ।”
ਉੱਤਰ : ਮੈਂ ‘ਸਮਾਜ ਸੁਧਾਰ’ ਨੂੰ ਗੁਰਬਾਣੀ-ਉਪਦੇਸ਼ ਦੇ ਕਈ ਅੰਗਾਂ ਵਿੱਚੋਂ ਇਕ ਮਹੱਤਵਪੂਰਨ ਅੰਗ ਸਮਝਦਾ ਹਾਂ।
3. ਵਿਚਾਰ: “(ਅਤੇ) ਮੇਰਾ ਵਿਚਾਰ ਹੈ ਕਿ ਗੁਰਬਾਣੀ ਇੱਕ ਉਤੱਮ ਅਧਿਆਤਮਕ ਵਿਚਾਰਧਾਰਾ ਹੈ .........”
ਉੱਤਰ : ਆਪ ਜੀ ਦਾ ‘ਪ੍ਰਭੂ’ (ਜਿੰਨਾਂ ਕੁ ਮੈਂ ਹੁਣ ਤੱਕ ਸਮਝ ਸਕਿਆਂ ਹਾਂ) ਹਿੰਦੂ ਮੱਤ ਦੀ ਅਦਵੈਤ ਵਿਚਾਰਧਾਰਾ ਵਾਲਾ ਪਰਮਆਤਮਾ (ਬ੍ਰਹਮ) ਹੈ ਜਿਸ ਨੂੰ ਗੁਰਬਾਣੀ ਮਾਨਤਾ ਨਹੀਂ ਦਿੰਦੀ ਕਿਉਂਕਿ ਇਹ ‘ਆਤਮਾ’ ((soul) ਨੂੰ ਹੀ ਮਾਨਤਾ ਨਹੀਂ ਦਿੰਦੀ। ਗੁਰਬਾਣੀ ਦਾ ਪ੍ਰਭੂ ਜਿਸ ਨੂੰ ਇਸ ਵਿਚ ‘ਨਿਰੰਕਾਰ ਕਰਤਾਰ’ ਕਿਹਾ ਗਿਆ ਹੈ ਮਜ਼ਹਬਾਂ ਵੱਲੋਂ ਮਾਨਤਾ ਪਰਾਪਤ ਵਿਅਕਤੀਗਤ ਜਾਂ ਬ੍ਰਹਮ ਰੂਪੀ ਰੱਬ ਤੋਂ ਭਿੰਨ ਹੈ। ਗੁਰਬਾਣੀ ਵਿਚਲਾ ‘ਪ੍ਰਭੂ’ ਦਾ ਸੰਕਲਪ ਤਰਕ-ਅਧਾਰਿਤ (rational) ਹੈ ਕਿਉਂਕਿ ਇਹ ਵਾਸਤਵਿਕ ਬ੍ਰਹਮੰਡ ਉੱਤੇ ਅਧਾਰਿਤ ਹੈ ਕਿਸੇ ਕਾਲਪਨਿਕ ‘ਪਰਮ ਆਤਮਾ’ ਜਾਂ ਵਿਅਕਤੀਗਤ ((personal) ਰੂਪ ਉੱਤੇ ਨਹੀ। ਉਂਜ ਆਪ ਗੁਰਬਾਣੀ ਦੀ ਇਸ ਵਿਚਾਰਧਾਰਾ ਨੂੰ ਵੀ ‘ਅਧਿਆਤਮਿਕਤਾ’ ਕਹਿ ਸਕਦੇ ਹੋ ਪਰੰਤੂ ਗੁਰਬਾਣੀ ਦੇ ਸੰਦਰਭ ਵਿਚ ਇਸ ਸ਼ਬਦ ਵਿਚਲੇ ‘ਆਤਮਿਕ’ ਦਾ ਸਬੰਧ ਮਨੁੱਖੀ ‘ਸਵੈ’ ਦੇ ਨਾਲ ਹੈ ਕਿਸੇ ‘ਆਤਮਾ’ (soul) ਨਾਲ ਨਹੀਂ।
4. ਵਿਚਾਰ: “ ਜੋ (ਅਧਿਆਤਮਿਕਤਾ) ਮਨੁੱਖ ਨੂੰ ਆਪਣੇ ਕਰਤੇ ਪ੍ਰਭੂ ਨਾਲ ਮਿਲਾਪ ਕਰਨ ਦਾ ਮਾਰਗ ਦਰਸਾਉਂਦੀ ਹੈ।”
ਉੱਤਰ : ਸਹੀ ਹੈ, ਪਰੰਤੂ ਇਹ ਮਿਲਾਪ ‘ਆਤਮਾ’ (soul) ਅਤੇ ਪਰਮਆਤਮਾ (supreme soul) ਵਾਲਾ ਨਹੀਂ ਸਗੋਂ ਮਨੁੱਖੀ ਸਵੈ ਦਾ ਬ੍ਰਹਮੰਡੀ ਸਵੈ (ਜਿਸ ਨੂੰ ਗੁਰਬਾਣੀ ਵਿਚ ‘ਵੱਡਾ’ ਕਿਹਾ ਗਿਆ ਹੈ) ਬਾਰੇ ਸੁਚੇਤ (conscious) ਹੋਣ ਵਿਚ ਹੈ।
5. ਵਿਚਾਰ: “ਆਪ ਦੇ ਵਿਚਾਰ ਮੇਰੇ ਵਿਚਾਰ ਨਾਲੋਂ ਬਹੁਤ ਵਖਰੇ ਹਨ। ............ ਬੈਹਸ ਕਰਨ ਦੀ ਕੋਈ ਤੁਕ ਨਹੀਂ ਬਣਦੀ।”
ਉੱਤਰ : ਆਪ ਜੀ ਨੇ ਵਿਸ਼ਾ ‘ਗੁਰਬਾਣੀ ਅਧਾਰਿਤ ਅਧਿਆਤਮਿਕਤਾ ਬਨਾਮ ਵਿਗਿਆਨ ਚੁਣਿਆਂ ਹੈ । ਗੁਰਬਾਣੀ ਦੀ ਵਿਚਾਰਧਾਰਾ ਅਤੇ ਸਿੱਖਿਆਂ (ਉਪਦੇਸ਼) ਸਬੰਧੀ ਵਿਚਾਰਾਂ ਵਿਚ ਵਖਰੇਵਾਂ ਹੋ ਸਕਦਾ ਹੈ ਪਰੰਤੂ ਇਸ ਦਾ ਅਰਥ ਇਹ ਨਹੀਂ ਕਿ ਵਿਚਾਰ-ਚਰਚਾ ਨਾ ਕੀਤੀ ਜਾਵੇ। ਆਪਣੀ ਜਨਤਕ ਕੀਤੀ ਲਿਖਤ ਸਬੰਧੀ ਸਪਸ਼ਟੀਕਰਨ ਦੇਣਾ ਹਰੇਕ ਲੇਖਕ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਅਤੇ ‘ਬੈਹਸ’ ਨੂੰ ਆਪ ਹੀ ਲੰਬਾ ਕਰ ਰਹੇ ਹੋ।
6. ਵਿਚਾਰ: “ਗੁਰਬਾਣੀ ਦਾ ਸਮਾਜ ਸੁਧਾਰ ਦੇ ਵਿਸ਼ੇ ਨਾਲ ਕੋਈ ਸਿਧਾ ਵਾਸਤਾ ਨਾ ਹੋਣ ਕਾਰਨ............”
ਉੱਤਰ : ਪਹਿਲਾਂ ਹੋਈ ਵਿਚਾਰ-ਚਰਚਾ ਦੇ ਮੱਦਿਨਜ਼ਰ ਆਪ ਜੀ ਇਹ ਨਹੀਂ ਕਹਿ ਸਕਦੇ ਕਿ “ਗੁਰਬਾਣੀ ਦਾ ਸਮਾਜ ਸੁਧਾਰ ਦੇ ਵਿਸ਼ੇ ਨਾਲ ਕਈ ਸਿੱਧਾ ਵਾਸਤਾ” ਨਹੀਂ।
7. ਵਿਚਾਰ: “ ........ਮੈਂ ਇਸ (ਸਮਾਜ ਸੁਧਾਰ) ਬਾਰੇ ਆਪਣੀ ਨਿੱਜੀ ਰਾਏ ਦੇ ਰਿਹਾ ਹਾਂ।“
ਉੱਤਰ : ਆਪ ਜੀ ਨੇ ਖੁਦ ਹੀ ਆਪਣੇ ਲੇਖ ਵਿਚ ਗੁਰਬਾਣੀ ਦੇ ਸੰਦਰਭ ਵਿਚ ‘ਸਮਾਜ ਸੁਧਾਰ’ ਦੀ ਸਥਿਤੀ ਸਬੰਧੀ ਮੁੱਦਾ ਉਠਾਇਆ ਹੈ, ਇਸ ਸਬੰਧੀ ਆਪ ਜੀ ਅੱਗੇ ਵਿਚਾਰ ਰੱਖੇ ਗਏ ਹਨ, ਹੁਣ ਆਪ ਜੀ ਦੀ ਰਾਇ ‘ਨਿੱਜੀ ਰਾਇ’ ਕਿਵੇਂ ਬਣ ਗਈ ? ਕੋਈ ਵੀ ਜਨਤਕ ਕੀਤੀ ਗਈ ਦਲੀਲ ਜਾਂ ਰਾਇ ਨਿੱਜੀ ਨਹੀਂ ਰਹਿ ਜਾਂਦੀ।
8. ਵਿਚਾਰ: “........ਆਪ ਵਲੋਂ ਦਿੱਤੀਆਂ ਬੁਰਾਈਆਂ ਦੀਆਂ ਕੁੱਝ ਉਦਾਹਰਣਾਂ ਨੂੰ ਵਿਚਾਰਨ ਤੋਂ ਇਹ ਤੱਥ ਸਪਸ਼ਟ ਹੋ ਜਾਂਦਾ ਹੈ।”
ਉੱਤਰ : ਆਪ ਜੀ ਵੱਲੋਂ ਉਦਾਹਰਨਾਂ ਦਾ ਵਿਸ਼ਲੇਸ਼ਣ ਬਿਲਕੁਲ ਵੀ ਤਰਕ-ਸੰਗਤ ਨਹੀਂ।
ੳ.ਗਰੀਬ ਮਾਂ-ਬਾਪ ਦਾ ਬੱਚਾ ਚੰਗੀ ਸੰਗਤ ਵਿਚ ਵੀ ਜਾ ਸਕਦਾ ਹੈ ਬੁਰੀ ਵਿਚ ਵੀ। ਇੱਸੇ ਤਰ੍ਹਾਂ ਅਮੀਰ ਮਾਂ-ਬਾਪ ਦਾ ਬੱਚਾ ਵੀ ਚੰਗੀ ਜਾਂ ਬੁਰੀ ਸੰਗਤ ਵਿਚ ਜਾ ਸਕਦਾ ਹੈ, ਪਰੰਤੂ ਬੁਰੀ ਸੰਗਤ ਤਾਂ ਬੁਰੀ ਹੀ ਹੁੰਦੀ ਹੈ। (ਸਾਰੇ ਝੌਂਪੜੀਆਂ ਵਿਚ ਰਹਿਣ ਵਾਲਿਆਂ ਨੂੰ ‘ਬੁਰੀ ਸੰਗਤ’ ਦਾ ਸ਼ਿਕਾਰ ਗਰਦਾਨਣਾ ਆਪ ਜੀ ਦਾ ਤੰਗ ਨਜ਼ਰੀਆਂ ਹੈ।)
ਅ. ਆਪ ਜੀ ਦੇ ਕਹਿਣ ਮੁਤਾਬਿਕ ਸ਼ਰਾਬ ਦੀ ਆਦਤ ਸਾਰੇ ਪੰਜਾਬੀ ਸਮਾਜ ਵਿਚ ਫੈਲੀ ਹੋਈ ਹੈ। ਠੀਕ ਹੈ ਪਰੰਤੂ ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਸ਼ਰਾਬਨੋਸ਼ੀ ਇਕ ਬੁਰੀ ਆਦਤ ਹੈ (ਗੁਰਬਾਣੀ ਵਿਚ ਵੀ ਇਸ ਆਦਤ ਨੂੰ ਭੰਡਿਆ ਗਿਆ ਹੈ) ਅਤੇ ਇੱਸੇ ਲਈ ਤਾਂ ਇਸ ਪੱਖੋਂ ਸਮਾਜ ਸੁਧਾਰ ਦੀ ਲੋੜ ਹੈ।
ੲ. ਜੂਆ, ਦਹੇਜ-ਪ੍ਰਥਾ, ਦੂਸਰਿਆਂ ਦਾ ਹੱਕ ਮਾਰਨ ਵਰਗੀਆਂ ਅਲਾਮਤਾਂ ਨੂੰ ਠੀਕ ਦਰਸਾਉਣ ਲਈ ਆਪ ਜੀ ਭਾਵੇਂ ਲੱਖ ਯਤਨ ਕਰ ਲਵੋ ਇਹ ਅਖਵਾਉਣਗੀਆਂ ‘ਬੁਰਾਈਆਂ’ ਹੀ ਅਤੇ ਸਮਾਜ-ਸੁਧਾਰਕ ਇਹਨਾਂ ਨੂੰ ਦੂਰ ਕਰਨ ਹਿਤ ਕੰਮ ਕਰਦੇ ਹੀ ਰਹਿਣਗੇ। (ਬਾਕੀ ਹੇਠਾਂ ਪਾਈ ਹੋਈ ਪੋਸਟ ਵਿਚ)
12th October 2017 12:37am
Gravatar
Iqbal Singh Dhillon (Chandigarh, India)
(ਉੱਪਰ ਵਾਲੀ ਪੋਸਟ ਤੋਂ ਅੱਗੇ)
9. ਵਿਚਾਰ: “ਸਮਾਜਕ ਬੁਰਾਈਆਂ ਦੂਰ ਕਰਨ ਦੇ ਉਪਰਾਲੇ ਨੂੰ ਸਮਾਜ ਸੁਧਾਰ ਆਖਿਆ ਜਾਂਦਾ ਹੈ।“
ਉੱਤਰ : ਬੁਰਾਈਆਂ ਨੂੰ ਦੂਰ ਕਰਨ ਦੇ ਯਤਨ ਵੀ ‘ਸਮਾਜ ਸੁਧਾਰ’ ਅਖਵਾਉਂਦੇ ਹਨ ਅਤੇ ਚੰਗਿਆਈਆਂ ਨੂੰ ਹੋਰ ਵਧਾਉਣ ਦੇ ਯਤਨ ਵੀ। ਟੀਚਾ ਸਮਾਜ ਦੀ ਸਥਿਤੀ ਨੂੰ ਹੁਣ ਨਾਲੋਂ ਬਿਹਤਰ ਬਣਾਉਣ ਦਾ ਹੁੰਦਾ ਹੈ।
10. ਵਿਚਾਰ: “ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਵਾਲਾ ਸਭ ਤੋਂ ਮਹੱਤਵਪੂਰਨ ਉਪਰਾਲਾ ਜੇਲ੍ਹ ਦੀ ਸਥਾਪਨਾ ਹੈ।”
ਉੱਤਰ : ਜੇਲ ‘ਬੁਰਾਈਆਂ’ ਨੂੰ ਦੂਰ ਕਰਨ ਦਾ ਉਪਰਾਲਾ ਨਹੀਂ ਹੁੰਦਾ ਸਗੋਂ ਜੁਰਮ (crime) ਉੱਤੇ ਕਾਬੂ ਪਾਉਣ ਦਾ ਸਰਕਾਰੀ ਪ੍ਰਬੰਧ ਹੁੰਦਾ ਹੈ।
11. ਵਿਚਾਰ: “ਦੁਨੀਆਂ ਦੀਆਂ ਕਈ ਵੱਡੀਆਂ ਜੰਗਾਂ ਸਮਾਜ ਸੁਧਾਰ ਲਈ ਹੀ ਲੜੀਆਂ ਗਈਆਂ ਸਨ।”
ਉੱਤਰ :ਸੰਸਾਰ ਦੀ ਕੋਈ ਵੀ ਜੰਗ ‘ਸਮਾਜ ਸੁਧਾਰ’ ਲਈ ਨਹੀਂ ਲੜੀ ਗਈ। ਜੰਗਾਂ ਸਦਾ ਲਾਲਚ ਜਾਂ ਫਿਰਕੂ ਨਫਰਤ ਦੀ ਉਪਜ ਹੁੰਦੀਆਂ ਹਨ।
12. ਵਿਚਾਰ: “ਈਸਾਈ ਮੱਤ ਦੇ ਧਾਰਨੀਆਂ ਨੇ ਰੈਫਰਮੇਸ਼ਨ, ਧਾਰਮਕ ਸੁਧਾਰ, ਲਈ ਲੰਮੀ ਜੰਗ ਲੜੀ ਸੀ।”
ਉੱਤਰ : ਇਸਾਈ ਮੱਤ ਸਬੰਧੀ ਰੈਫਰਮੇਸ਼ਨ (Reformation) ਇਸ ਮੱਤ ਵਿਚ ਪ੍ਰਬੰਧਕੀ ਤਬਦੀਲੀ ਲਿਆਉਣ ਦੀ ਮੁਹਿੰਮ ਸੀ ‘ਸਮਾਜ ਸੁਧਾਰ’ ਦੀ ਮੁਹੰਮ ਨਹੀਂ ਸੀ।
13. ਵਿਚਾਰ: “ਸਾਮਰਾਜੀ ਸ਼ਕਤੀਆਂ ਕਮਜ਼ੋਰ ਲੋਕਾਂ ਨੂੰ ਸਭਿੱਆ ਬਨਾਉਣ ਵਾਸਤੇ ਉਨ੍ਹਾਂ ਦੇ ਸਮਾਜਾਂ ਵਿਚ ਸੁਧਾਰ ਲਿਆਉਣ ਲਈ ਉਨ੍ਹਾਂ ਨੂੰ ਗੁਲਾਮ ਬਣਾਉਂਦੀਆਂ ਰਹਿਈਆਂ ਹਨ।”
ਉੱਤਰ : ਬੜੀ ਹੀ ਹਾਸੋ-ਹੀਣੀ ਦਲੀਲ ਹੈ। ਦੂਸਰਿਆਂ ਨੂੰ ਗੁਲਾਮ ਲਾਲਚ ਵੱਸ ਕੀਤਾ ਜਾਂਦਾ ਹੈ ਉਹਨਾਂ ਦਾ ਸ਼ੋਸ਼ਣ ਕਰਕੇ, ਗੁਲਾਮ ਬਣਾਏ ਲੋਕਾਂ ਨੂੰ ਸਭਿਅ ਬਣਾਉਣ ਲਈ ਜਾਂ ਉਹਨਾਂ ਦੇ ਸਮਾਜ ਸੁਧਾਰ ਲਈ ਨਹੀਂ।
14. ਵਿਚਾਰ: “ਤਾਲਿਬਾਨ ਵੀ ਲੋਕਾਂ ਨੂੰ ਇਸਲਾਮ ਦੀ ਤਾਲੀਮ ਦੇ ਕੇ ਮੁਸਲਮਾਨੀ ਸਮਾਜ ਵਿਚ ਸੁਧਾਰ ਲਿਆਉਣ ਲਈ ਯਤਨਸ਼ੀਲ ਹਨ।“
ਉੱਤਰ : ਇਹ ਮਜ਼ਹਬੀ ਕੱਟੜਤਾ ਅਤੇ ਅੰਦਰੂਨੀ ਫਿਰਕਾਪ੍ਰਸਤੀ ਦੀ ਉਦਾਹਰਨ ਹੈ ਸਮਾਜ ਸੁਧਾਰ ਦੀ ਨਹੀਂ।
15. ਵਿਚਾਰ: “ਖਾਲਿਸਤਾਨ ਦਾ ਨਿਰਨਾ ਵੀ ਸਿੱਖ ਧਰਮ ਦੇ ਉਪਾਸ਼ਕਾਂ ਨੂੰ ਸੁਧਾਰਣ ਲਈ ਹੀ ਲਿਆ ਗਿਆ ਹੈ।”
ਉੱਤਰ: ‘ਖਾਲਿਸਤਾਨ’ ਦਾ ਕੋਈ ਨਿਰਨਾ ਨਹੀਂ, ਨਾਰਾ ਜ਼ਰੂਰ ਹੈ ਪਰੰਤੂ ਇਹ ਇਕ ਰਾਜਨੀਤਕ ਨਾਰਾ ਹੈ। ਨਾ ਇਹ ‘ਸਿੱਖ ਧਰਮ ਦੇ ਉਪਾਸ਼ਕਾਂ ਨੂੰ ਸੁਧਾਰਨ ਦਾ ’ ਉਪਰਾਲਾ ਹੈ ਅਤੇ ਨਾ ਹੀ ਸਮਾਜ ਸੁਧਾਰ ਦਾ।
16. ਵਿਚਾਰ: “......ਸਮਾਜ ਸੁਧਾਰ ਇੱਕ ਬਹੁਤ ਪੁਰਾਣਾ ਅਤੇ ਡਰਾਉਣਾ ਸੰਕਲਪ ਹੈ ...... ਸਮਾਜ ਸੁਧਾਰ ਇੱਕ ਭਰਮਾਤਮਕ ਸੰਕਲਪ ਹੈ। ਇਹ ਨੀਤੀ ਵਿਗਿਆਨ ਅਤੇ ਕਾਨੂੰਨ ਲਈ ਵੀ ਇੱਕ ਉਲਝਣ ਬਣਿਆ ਹੋਇਆ ਹੈ।”
ਉੱਤਰ : ਅਜਿਹਾ ਨਹੀਂ ਹੈ। ਇਹ ਵਿਚਾਰ ਕੇਵਲ ਉਲਾਰੂ, ਨਾਂਹ-ਪੱਖੀ ਅਤੇ ਅਸਾਵੀਂ ਸੋਚ ਦੀ ਉਪਜ ਹੈ। ਸਮਾਜ ਸੁਧਾਰ ਇਕ ਮਾਨਵ-ਹਿਤੈਸ਼ੀ ਸੰਕਲਪ ਹੈ, ਇਹ ਸੰਕਲਪ ਬਿਲਕੁਲ ਵੀ ਡਰਾਉਣਾ, ਭਰਮਾਤਮਿਕ ਜਾਂ ਉਲਝਾਊ ਸੰਕਲਪ ਨਹੀਂ।
17. ਵਿਚਾਰ: “ਸਮਾਜ ਸੁਧਾਰ ਦੀ ਥਾਂ ਗੁਰਬਾਣੀ ਦਾ ਤੇ ਉਪਦੇਸ਼ ਹੈ .........”
ਉੱਤਰ: ਗੁਰਬਾਣੀ ਦਾ ਉਪਦੇਸ਼ ਸਮਾਜ ਸੁਧਾਰ ਦੀ ‘ਥਾਂ’ਨਹੀਂ, ਸਮਾਜ ਸੁਧਾਰ ਦੇ ‘ਵਾਸਤੇ’ ਹੈ (ਹੋਰ ਗੱਲਾਂ ਦੇ ਨਾਲ-ਨਾਲ)।
18. ਵਿਚਾਰ: ਇਸ (ਸਮਾਜ ਸੁਧਾਰ) ਦੀ ਕੋਈ ਭਰੋਸੇਯੋਗ ਪਰਿਭਾਸ਼ਾ ਵੀ ਨਹੀਂ ਹੈ।
ਉੱਤਰ: ਸਮਾਜ ਸੁਧਾਰ ਦੀਆਂ ਵਧੀਆ ਪਰੀਭਾਸ਼ਾਵਾਂ ਬਣੀਆਂ ਹੋਈਆਂ ਹਨ। ਇਕ ਪਰੀਭਾਸ਼ਾ ਆਪ ਜੀ ਨੇ ਦਿੱਤੀ ਹੈ---“ ਸਮਾਜ ਸੁਧਾਰ ਨੂੰ ਸਮਾਜਕ ਬੁਰਾਈਆਂ ਦੂਰ ਕਰਨ ਦਾ ਢੰਗ ਸਮਝਿਆ ਜਾਂਦਾ ਹੈ”। ਇਹ ਪਰੀਭਾਸ਼ਾ ਵੀ ਕਾਫੀ ਹੱਦ ਤਕ ਠੀਕ ਹੈ।
19. ਵਿਚਾਰ: “ .....ਇਨ੍ਹਾਂ ਸਵਾਲਾਂ ਦੇ ਸੰਤੋਖਜਨਕ ਉਤਰ ਮਿਲਣੇ ਔਖੇ ਹਨ।“
ਉੱਤਰ: ਉੱਤਰ ਮੌਜੂਦ ਹਨ ਪਰੰਤੂ ਆਪ ਜੀ ਦੀ ਇਕਪਾਸੜ ਸੋਚ ਨੂੰ ਨਜ਼ਰ ਨਹੀਂ ਆ ਰਹੇ ਕਿਉਂਕਿ ਆਪ ਜੀ ‘ਸਮਾਜ ਸੁਧਾਰ’ ਦੇ ਸੰਕਲਪ ਨੂੰ ਨਕਾਰਨ ਤੇ ਤੁੱਲੇ ਹੋਏ ਹੋ।
20. ਵਿਚਾਰ: “......ਹਰ ਮਨੁੱਖ ਨੂੰ ਆਪਣੀ ਮਰਜ਼ੀ ਨਾਲ ਆਜ਼ਾਦ ਜੀਵਨ ਬਸਰ ਕਰਨ ਦਾ ਹੱਕ ਹੋਵੇ.......”
ਉੱਤਰ: ਮਾਨਵਵਾਦ ਦਾ ਟੀਚਾ ਇਹੀ ਹੈ ਅਤੇ ‘ਸਮਾਜ ਸੁਧਾਰ’/’ਮਾਨਵ ਕਲਿਆਣ’ ਮਾਨਵਵਾਦੀ ਮੁਹਿੰਮ ਦਾ ਮਹੱਤਵਪੂਰਨ ਅੰਗ ਹੈ। ਪਰੰਤੂ ਮਜ਼ਹਬ ਦੀ ਪੈਦਾ ਕੀਤੀ ਹੋਈ ਕਾਲਪਨਿਕ ਅਧਿਆਤਮਿਕਤਾ ਇਸ ਕਾਰਜ ਵਿਚ ਸਭ ਤੋਂ ਵੱਡਾ ਰੋੜਾ ਹੈ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
12th October 2017 12:35am
Gravatar
Gurindar Singh Paul (Aurora, US)
ਪਾਠਕ ਸੱਜਨੋਂ! ਆਪਣੇ ਪੁਰਾਣੇ ਖਰੜਿਆਂ ਨੂੰ ਫ਼ਰੋਲਦਿਆਂ ਕਿਸੇ ਵਿਦਵਾਨ ਦਾ ਇਕ ਅਖਾਣ (dictum) ਨਜ਼ਰੀਂ ਪਿਆ, ਜੋ ਆਪ ਨਾਲ ਸਾਂਝਾ ਕਰ ਰਿਹਾ ਹਾਂ। ਉਮੀਦ ਹੈ ਆਪ ਨੂੰ ਚੰਗਾ ਲੱਗੇ ਗਾ!

"HONEST" people alter their ideas to fit the TRUTH
and
"DISHONEST" people alter the TRUTH to fit their ideas.
9th October 2017 10:04am
Gravatar
Eng Darshan Singh Khalsa (Sydney, Australia)
** ਬਿੱਲਕੁੱਲ ਸਚਾਈ ਹੈ ਵੀਰ ਜੀਉ।

** ਸੱਚਾ-ਸੁੱਚਾ ਮਨੁੱਖ ਗਿਆਨ/ਵਿਚਾਰ ਦੇ ਨਾਲ ਸਮੇਂ ਦੇ ਅਨੁਸਾਰੀ ਆਪਣੇ ਆਪ ਵਿਚ ਬਦਲਾਅ ਲੈ ਆਉਦਾ ਹੈ, ਇਹੀ ਸਿਆਣਪ ਹੈ। ਮਨੁੱਖਾ-ਜੀਵਨ ਵਿਚ ਇਸਦੀ ਦੀ ਲੋੜ ਵੀ ਹੈ।

*** ਖੱੜਾ ਹੋਇਆ ਪਾਣੀ ਬਦਬੂਦਾਰ ਹੋ ਜਾਂਦਾ ਹੈ।

** ਵੱਗਦਾ ਪਾਣੀ ਕਦੇ ਵੀ ਬਦਬੂਦਾਰ ਨਹੀਂ ਹੁੰਦਾ।

** ਸਾਹਿਬ ਮੇਰਾ ਨੀਤੁ ਨਵਾਂ॥ ਮ 1 ਪੰ 660॥ ਸੋ ‘ਸੱਚ’ ਨੂੰ ਸੱਚ ਕਹਿਣ ਲਈ ਆਪਣੇ ਗਿਆਨ-ਵਿਚਾਰ ਵਿਚ ਬਦਲਾਅ ਲੈ ਆਉਣਾ ਹੀ ਬੁੱਧੀਮਾਨੀ ਹੈ।

**ਬਹੁਤ ਵਧੀਆ। ਧੰਨਵਾਧ।

** ਇੰਜ ਦਰਸ਼ਨ ਸਿੰਘ ਖਾਲਸਾ।
10th October 2017 6:11pm
Gravatar
Gurmit Singh Barsal (San jose, US)
ਮੈਜਿਕ ਅਤੇ ਲੌਜਿਕ !
ਮਨੁੱਖੀ ਪਹੁੰਚ ਵਿੱਚ ਜਦ ਤੋਂ,
ਇਹ ਇੰਟਰਨੈੱਟ ਆਇਆ ਹੈ ।
ਜੱਗ ਤੇ ਗਿਆਨ ਤੇ ਵਿਗਿਆਨ ਦਾ,
ਸੰਚਾਰ ਛਾਇਆ ਹੈ ।।
ਦੁਨੀਆਂ ਦੇ ਕਿਸੇ ਹਿੱਸੇ ਦੇ ਅੰਦਰ,
ਹੋ ਰਿਹਾ ਹੈ ਕੀ ?
ਮਿੰਟਾ ਤੇ ਸਕਿੰਟਾਂ ਵਿੱਚ ਬੰਦੇ,
ਭੇਤ ਪਾਇਆ ਹੈ ।।
ਦਿਖਾਕੇ ਉਲਟ ਕੁਦਰਤ ਦੀ,
ਰਚੀ ਨਿਯਮਾਵਲੀ ਕੋਲੋਂ ।
ਰਿਹਾ ਇਹ ਕਰਿਸ਼ਮਿਆਂ ਤੇ ਕਰਾਮਾਤਾਂ,
ਵਰਗਲਾਇਆ ਹੈ ।।
ਆਈ ਸੂਝ ਦੇ ਸੰਚਾਰ ਸਦਕਾ,
ਇਸਨੇ ਜਾਣਿਆਂ ।
ਮਜ਼ਹਬਾਂ ਸੋਚ ਖੂੰਡੀ ਕਰਨ ਦਾ,
ਜੁਗਾੜ ਲਾਇਆ ਹੈ ।।
ਗਿਆਨੋਂ ਸੱਖਣਾ ਹਨੇਰਿਆਂ ਤੋਂ,
ਡਰ ਰਿਹਾ ਸੀ ਜੋ ।
ਛਾਲ ਮਾਰਕੇ ਉੱਠਿਆ,
ਜਦੋਂ ਪ੍ਰਕਾਸ਼ ਆਇਆ ਹੈ ।।
ਜਿਸਨੂੰ ਸਮਝਕੇ ਉਹ ਨਾਗ,
ਡਰਕੇ ਲੁੱਟ ਹੁੰਦਾ ਰਿਹਾ ।
ਗਲ਼ ਤੋਂ ਲਾਹ ਕੇ ਆਖਿਰ,
ਪਰੇ ਰੱਸਾ ਵਗਾਹਿਆ ਹੈ ।।
ਉਸਦੇ ਸੈਲਫ-ਹਿਪਨੋਟਾਈਜ ਲਈ,
ਮੰਤਰ ਜੋ ਦੱਸੇ ਸੀ ।
ਉਸਨੇ ਮੰਤਰਾਂ ਚੋਂ ਗਿਆਨ ਲੱਭ,
ਜੀਵਨ ਬਣਾਇਆ ਹੈ ।।
ਜਦ ਤੋਂ ਲੌਜਿਕਾਂ ਦੀ ਜੱਗ ਅੰਦਰ,
ਗੱਲ ਚੱਲੀ ਹੈ ।
ਲਗਭੱਗ ਮੈਜਿਕਾਂ ਦੀ ਬਾਤ ਦਾ,
ਹੋਇਆ ਸਫਾਇਆ ਹੈ ।।
ਗੁਰਮੀਤ ਸਿੰਘ ‘ਬਰਸਾਲ’ (ਕੈਲਿਫੋਰਨੀਆਂ)
9th October 2017 7:39am
Gravatar
Iqbal Singh Dhillon (Chandigarh, India)
ਤਰਨਜੀਤ ਪਰਮਾਰ ਜੀ,

ਕੁਝ ਤਕਨੀਕੀ ਕਾਰਨਾਂ ਕਰਕੇ ਅਜ-ਕੱਲ 'ਨਾਨਕ ਮਿਸ਼ਨ" ਦਾ ਵੈਬਸਾਈਟ (nanakmission.org) ਕੰਮ ਨਹੀਂ ਕਰ ਰਿਹਾ। ਲੋੜੀਂਦੀ ਜਾਣਕਾਰੀ ਈ-ਮੇਲ (ID : drisdhillon@yahoo.com) ਰਾਹੀਂ ਪਰਾਪਤ ਕੀਤੀ ਜਾ ਸਕਦੀ ਹੈ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
9th October 2017 1:12am
Gravatar
Amrik Singh (Rajpura, US)
ਉਪਰੋਕਤ ਚੱਲ ਰਹੀ ਵਿਚਾਰ ਵਿਚ ਸਧਾਰਨ ਤੇ ਸਿਧੇ ਸ਼ਬਦਾਂ ਵਿਚ ਭੋਲੀ ਭਾਲੀ ਸਿੱਖ ਸੰਗਤ ਨੂੰ ਸਭ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਪਰਪੱਕ ਕਰਵਾਈਆਂ ਜਾਣ :-
੧. ਸ਼ਬਦ "ਸਿਮਰਨ" ਦੇ ਅਰਥ ਸਾਦੀ ਭਾਸ਼ਾ ਵਿਚ ਸਮਝਾਏ ਜਾਣ ਕਿਓੰਕੇ ਸਿੱਖੀ ਵਿਚ ਇਹ ਗੱਲ ਪਰਪੱਕ ਹੋ ਚੁਕੀ ਹੈ ਕੇ ਸਿਮਰਨ ਇੱਕ ਅੱਖਰ ਦਾ ਰਤਨ ਹੈ l
੨. ਸ਼ਬਦ " ਵਾਹਿਗੁਰੂ" ਨੂੰ ਸਮੂਹ ਲੁਕਾਈ ਰੱਬ ਦਾ ਨਾਮ ਸਮਝ ਕੇ ਭਲੇਖੇ ਪਾਲ ਰਹੀ ਹੈ ਅਤੇ ਹੋਰ ਧਰਮ ਵਾਲੇ ਵੀ ਇਹੋ ਸਮਝਦੇ ਹਨ ਕੇ ਸਿਖਾਂ ਦਾ ਰੱਬ "ਵਾਹਿਗੁਰੂ" ਹੈ l ਇਸੇ ਕਰਕੇ ਸਿੱਖ ਸਿਮਰਨ ਦਾ ਮਤਲਬ ਇਸ (ਵਾਹਿਗੁਰੂ) ਸ਼ਬਦ ਨੂੰ ਬਾਰ ਬਾਰ ਰਟਨ ਕਰਨਾ ਸਮਝਦੇ ਹਨ l
ਮੇਰੀ ਬੇਨਤੀ ਹੈ ਕੇ ਕਲਮ ਦੇ ਧਨੀ ਵੀਰ ਇਹ ਗੱਲ ਓਸੇ ਪੋਸਟ ਤੇ ਸਿੱਖ ਜਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਜਿਥੇ ਭਾਈ ਰਣਜੀਤ ਸਿੰਘ ਦੀ ਪੋਸਟ ਤੇ ਟਿੱਪਣੀ ਚਲ ਰਹੀ ਹੈ ਤਾਂ ਸ਼ਾਇਦ ਕੁਝ ਕੁ ਖੋਜੀ ਸਿੱਖ ਲਾਭ ਲੈ ਸਕਣ ਤੇ ਹੋਰਾਂ ਨੂੰ ਇਸ ਵਿਸ਼ੇ ਤੇ ਚਾਨਣਾ ਪਾ ਸਕਣ l
੩. ਪ੍ਰਚਾਰਕ ਅੱਜ ਜੇ ਸਚਾਈ ਪੇਸ਼ ਕਰਦੇ ਹਨ ਤਾ ਸਾਧਾਂ ਦੇ ਪੱਕੇ ਕੀਤੇ ਲੋਕ ਗੱਲ ਮੰਨ ਕੇ ਤਿਆਰ ਨਹੀਂ - ਇਸ ਸਬੰਧੀ ਵੀ ਕੋਈ ਸੁਝਾਓ ਦਿੱਤੇ ਜਾਣ ਤਾ ਕੇ ਪਹਿਲਾਂ ਆਪਣਾ ਸਿਸਟਮ ਸਹੀ ਕੀਤਾ ਜਾ ਸਕੇ l
ਗਲਤੀ ਦੀ ਮੁਆਫੀ , ਦਾਸ ਮੁੜ ਉਪਰਾਲੇ ਵਾਸਤੇ ਬੇਨਤੀ ਕਰਦਾ ਹੋਇਆ ਸਮੂਹ ਸਿਖਮਾਰਗ ਦੀਆਂ ਕਲਮਾਂ ਨੂੰ ਫਤਹਿ ਬਲਾਉਂਦਾ ਹੈ l
ਅਮਰੀਕ ਸਿੰਘ ਰਾਜਪੁਰਾ
8th October 2017 4:28pm
Gravatar
Iqbal Singh Dhillon (Chandigarh, India)
ਸ. ਹਾਕਮ ਸਿੰਘ ਜੀ ਨੇ ਉਹਨਾਂ ਦੇ ਲੇਖ ‘ਅਧਿਆਤਮਕ ਗਿਆਨ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ’ ਸਬੰਧੀ ਮੇਰੀ ਸ. ਗੁਰਇੰਦਰ ਸਿੰਘ ਪਾਲ ਜੀ ਨਾਲ ਹੋਈ ਵਿਚਾਰ-ਚਰਚਾ ਦੇ ਹਵਾਲੇ ਨਾਲ ਹੇਠਾਂ ਇਹ ਦਾਵਾ ਕੀਤਾ ਹੈ ਕਿ “ਸਮਾਜ ਮਨੁੱਖ ਵੱਲੋਂ ਸੰਸਾਰ ਵਿਚ ਵੰਡੀਆਂ ਪਾ ਕੇ ਬਣਾਇਆ ਅਸਤਿੱਤਵ” ਹੈ। ਇਹ ਦਾਵਾ ਸਰਾਸਰ ਤਰਕਹੀਣ ਹੈ ਅਤੇ ਸਮਾਜ-ਵਿਗਿਆਨੀ ਇਸ ਦਾਵੇ ਨੂੰ ਨਹੀਂ ਮੰਨਦੇ। ਸਮਾਜ-ਵਿਗਿਆਨ ਅਨੁਸਾਰ ‘ਸਮਾਜ’ ਬਣਾਇਆ ਨਹੀਂ ਜਾਂਦਾ ਸਗੋਂ ਇਹ ਮਨੁੱਖ ਦੇ ਮਾਨਵੀ ਵਿਕਾਸ (anthropological progress) ਦੀ ਕੁਦਰਤੀ ਪ੍ਰੀਕਿਰਿਆ ਰਾਹੀਂ ਆਪਣੇ-ਆਪ ਬਣ ਜਾਂਦਾ ਹੈ ਕਿਉਂਕਿ ਮਨੁੱਖ ਇਕੱਲਾ ਨਹੀਂ ਰਹਿ ਸਕਦਾ ਅਤੇ ਉਹ ਆਪਣੇ ਇਰਦ-ਗਿਰਦ ਦੇ ਇਲਾਕੇ ਵਿਚ ਵੱਸੇ ਹੋਏ ਲੋਕਾਂ ਦੇ ਸਮੂਹ ਦਾ ਹਿੱਸਾ ਬਣ ਕੇ ਹੀ ਆਪਣਾ ਜੀਵਨ ਬਸਰ ਕਰਦਾ ਆਇਆ ਹੈ (ਪਸ਼ੂ-ਪੰਛੀ ਵੀ ਆਮ ਕਰਕੇ ਆਪਣੇ ਝੁੰਡ ਬਣਾ ਕੇ ਹੀ ਜੀਵਨ ਬਸਰ ਕਰਦੇ ਹਨ)। ਇਹ ਸਮੂਹ ਜਾਂ ਇਕੱਠ ਹੀ ‘ਸਮਾਜ’ ਹੁੰਦਾ ਹੈ ਜਿਸ ਵਿਚ ਸ਼ਾਮਲ ਸਾਰੇ ਵਿਅਕਤੀਆਂ ਲਈ ਕੁਝ ਸਾਂਝੇ ਰੀਤੀ-ਰਿਵਾਜ, ਵਿਸ਼ਵਾਸ, ਬੋਲੀਆਂ, ਮਨੌਤਾਂ, ਸੰਸਕਾਰ ਆਦਿਕ ਉਤਪੰਨ ਹੋ ਜਾਂਦੇ ਹਨ ਅਤੇ ਵਿਅਕਤੀਗਤ ਪੱਧਰ ਤੇ ਉਪਜੀਆਂ ਆਦਤਾਂ/ਚੰਗਿਆਈਆਂ/ਬੁਰਾਈਆਂ ਸਮੂਹ ਦੇ ਦੂਸਰੇ ਲੋਕਾਂ ਦੁਆਰਾ ਸਹਿਜ-ਸੁਭਾ ਹੀ ਅਪਣਾ ਲਈਆਂ ਜਾਂਦੀਆਂ ਹਨ। ਉਦਾਹਰਨ ਦੇ ਤੌਰ ਤੇ ਸਤੀ-ਪ੍ਰਥਾ, ਨਸ਼ੇ, ਦਾਜ-ਪ੍ਰਥਾ, ਪਰਾਇਆ ਹੱਕ ਮਾਰਨਾ, ਰਿਸ਼ਵਤਖੋਰੀ, ਤਸਕਰੀ, ਜੂਆ, ਭਰੂਣ-ਹੱਤਿਆ, ਬੁਰੀ ਸੰਗਤ ਆਦਿਕ ਐਸੀਆਂ ਬੁਰਾਈਆਂ ਹਨ ਜੋ ਵਿਅਕਤੀਗਤ ਪੱਧਰ ਤੋਂ ਲੈ ਕੇ ਸਾਰੇ ਸਮਾਜ ਵਿਚ ਫੈਲੀਆਂ ਹੋਣ ਕਰਕੇ ਸਮਾਜਕ ਬੁਰਾਈਆਂ ਗਿਣੀਆਂ ਜਾਂਦੀਆਂ ਹਨ। ਅਜਿਹੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਉਪਰਾਲੇ ‘ਸਮਾਜ ਸੁਧਾਰ’ ਅਖਵਾਉਂਦੇ ਹਨ । ਗੁਰਬਾਣੀ ਵਿਚ ਅਜਿਹੀਆਂ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਦਾ ਉਪਦੇਸ਼ ਵਾਰ-ਵਾਰ ਆਉਂਦਾ ਹੈ ਅਤੇ ਅਜਿਹੀਆਂ ਕਈ ਉਦਾਹਰਨਾਂ ਮੈਂ ਪੇਸ਼ ਕਰ ਚੁੱਕਾ ਹੋਇਆ ਹਾਂ।

ਕੀ ਸ. ਹਾਕਮ ਸਿੰਘ ਜੀ ਦੱਸਣਗੇ ਕਿ ਸਤੀ-ਪ੍ਰਥਾ, ਨਸ਼ਾ, ਧਾਰਮਿਕ ਕਰਮ-ਕਾਂਡ, ਰਿਸ਼ਵਤਖੋਰੀ, ਪਰਾਏ ਹੱਕ ਦਾ ਹਨਨ, ਬੁਰੀ ਸੰਗਤ ਆਦਿਕ ਜਿਹਨਾਂ ਦਾ ਗੁਰਬਾਣੀ ਵਿਰੋਧ ਕਰਦੀ ਹੈ ਸਮਾਜਕ ਪੱਧਰ ਦੀਆਂ ਬੁਰਾਈਆਂ ਨਹੀਂ ? ਅਤੇ ਇਹਨਾਂ ਨੂੰ ਦੂਰ ਕਰਨ ਦਾ ਉਪਦੇਸ਼ ‘ਸਮਾਜ ਸੁਧਾਰ’ ਦਾ ਉਪਦੇਸ਼ ਨਹੀਂ ? ਜਦੋਂ ਇਹ ਹਰ ਕੋਈ ਜਾਣਦਾ ਹੈ ਕਿ ਵਿਅਕਤੀਗਤ ਪੱਧਰ ਦੀਆਂ ਹੋਰ ਆਦਤਾਂ ਵੀ ਸਾਰੇ ਸਮਾਜ ਨੂੰ ਪਰਭਾਵਿਤ ਕਰਦੀਆਂ ਹਨ ਤਾਂ ਵਿਅਕਤੀਗਤ ਪੱਧਰ ਦੇ ਸੁਧਾਰ ਦਾ ਉਪਦੇਸ਼ ਵੀ ‘ਸਮਾਜ ਸੁਧਾਰ’ ਦਾ ਉਪਦੇਸ਼ ਹੀ ਅਖਵਾਏਗਾ।

ਇਸ ਤਰ੍ਹਾਂ ਸ. ਹਾਕਮ ਸਿੰਘ ਜੀ ਦੇ ਇਸ ਦਾਵੇ ਦਾ ਕੋਈ ਅਧਾਰ ਨਹੀਂ ਬਣਦਾ ਕਿ “ਗੁਰਬਾਣੀ ਵਿੱਚ ਸਮਾਜ ਸੁਧਾਰ ਦਾ ਕੋਈ ਉਪਦੇਸ਼ ਨਹੀਂ ਦਿੱਤਾ ਗਿਆ ਹੈ” । ਅਜਿਹਾ ਦਾਵਾ ਕਰਨਾ ਗੁਰਬਾਣੀ ਨਾਲ ਬੇਇਨਸਾਫੀ ਹੀ ਨਹੀਂ ਗੁਰਬਾਣੀ ਦਾ ਨਿਰਾਦਰ ਵੀ ਹੈ।

ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।
8th October 2017 4:18pm
Gravatar
Hakam Singh (Sacramento, US)
ਸ. ਇਕਬਾਲ ਸਿੰਘ ਢਿਲੋਂ ਜੀ,
ਆਪ ਦਾ ਇਹ ਵਿਚਾਰ ਕਿ “ਮਨੁੱਖ ਇਕੱਲਾ ਨਹੀਂ ਰਹਿ ਸਕਦਾ ਅਤੇ ਉਹ ਆਪਣੇ ਇਰਦ ਗਿਰਦ ਦੇ ਇਲਾਕੇ ਵਿਚ ਵਸੇ ਲੋਕਾਂ ਦੇ ਸਮੂਹ ਦਾ ਹਿੱਸਾ ਬਣ ਕੇ ਹੀ ਆਪਣਾ ਜੀਵਨ ਬਸਰ ਕਰਦਾ ਆਇਆ ਹੈ” ਸਹੀ ਹੈ। ਪਰ ਆਪ ਦਾ ਇਹ ਵਿਚਾਰ ਸਹੀ ਨਹੀਂ ਹੈ ਕਿ “ਇਹ ਸਮੂਹ ਜਾਂ ਇਕੱਠ ਹੀ ‘ਸਮਾਜ’ ਹੁੰਦਾ ਹੈ” ਕਿਊਂਕੇ ਲੋਕ ਕਈ ਪ੍ਰਕਾਰ ਦੇ ਕੰਮਾਂ ਲਈ ਇਕੱਠੇ ਹੋ ਜਾਂਦੇ ਹਨ ਪਰ ਹਰ ਇਕੱਠ ਸਮਾਜ ਨਹੀਂ ਬਣ ਜਾਂਦਾ। ਮੇਲੇ ਵਿਚ ਇਕੱਠੇ ਹੋਏ ਲੋਕਾਂ ਨੂੰ ਸਮਾਜ ਨਹੀਂ ਆਖਿਆ ਜਾਂਦਾ, ਉਹ ਮੇਲਾ ਹੁੰਦਾ ਹੈ, ਸਮਾਜ ਨਹੀਂ। ਸਮਾਜ ਦੀ ਇੱਕ ਵਿਸ਼ੇਸ਼ ਖਾਸੀਅਤ ਹੁੰਦੀ ਹੈ, ਉਹ ਲੋਕਾਂ ਦਾ ਸੰਗਠਨ ਹੁੰਦਾ ਹੈ। ਕੇਵਲ ਸੰਗਠਤ ਮਨੁੱਖੀ ਸਮੂਹ ਨੂੰ ਹੀ ਸਮਾਜ ਦਾ ਦਰਜਾ ਪ੍ਰਾਪਤ ਹੈ। ਅਸੰਗਠਤ ਸਮੂਹ ਸਮਾਜ ਨਹੀਂ ਹੁੰਦਾ। ਗੁਰਬਾਣੀ ਵਿਚ ਵੀ ਸੰਗਤ ਦਾ ਸੰਕਲਪ ਹੈ ਪਰ ਸੰਗਤ ਸਮਾਜ ਨਹੀਂ ਹੁੰਦੀ।
ਮੇਰੇ ਲੇਖ ਦਾ ਮਨੋਰਥ ਸੰਸਾਰ ਅਤੇ ਮਨੁਖ ਨੂੰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਪੇਸ਼ ਕਰਕੇ ਉਸ ਦਾ ਸਮਾਜ ਵਿਗਿਆਨ ਦੇ ਨਜ਼ੱਰੀਏ ਤੋਂ ਵਖਰੇਵਾਂ ਦਰਸਾਉਣਾ ਸੀ। ਜਿਨ੍ਹਾਂ ਸਮਾਜਕ ਬੁਰਾਈਆਂ ਦਾ ਆਪ ਜੀ ਨੇ ਜ਼ਿਕਰ ਕੀਤਾ ਹੈ ਉਹ ਸਮਾਜ ਵਿਗਿਆਨ ਦਾ ਵਿਸ਼ਾ ਹਨ ਅਧਿਆਤਮਕ ਗਿਆਨ ਜਾਂ ਗੁਰਬਾਣੀ ਦਾ ਨਹੀਂ। ਗੁਰਬਾਣੀ ਵਿਚ ਇੱਕ ਦੋ ਦਾ ਜ਼ਿਕਰ ਜ਼ਰੂਰ ਮਿਲਦਾ ਹੈ ਪਰ ਉਨ੍ਹਾਂ ਦਾ ਪ੍ਰਸੰਗ ਹੋਰ ਹੈ। ਗੁਰਬਾਣੀ ਸੰਸਾਰ ਵਿਚ ਮਾਇਆ ਅਤੇ ਉਸ ਨਾਲ ਸਬੰਧਤ ਪੰਜ ਵਿਸ਼ੇ ਵਿਕਾਰਾਂ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦਾ ਅਤੇ ਮਨੁੱਖ ਤੇ ਉਨ੍ਹਾਂ ਦੇ ਪ੍ਰਭਾਵ ਅਤੇ ਮਨੁੱਖ ਨੂੰ ਉਨ੍ਹਾਂ ਅਤੇ ਹਉਮੈ ਦੇ ਪ੍ਰਭਾਵ ਤੋਂ ਬਚਣ ਦਾ ਉਪਦੇਸ਼ ਕਰਦੀ ਹੈ। ਇਨ੍ਹਾਂ ਪੰਜ ਵਿਸ਼ੇ ਵਿਕਾਰਾਂ ਤੋਂ ਉਪਜੀਆਂ ਸਮਾਜਕ ਬੁਰਾਈਆਂ ਸਮਾਜ ਵਿਗਿਆਨ ਅਤੇ ਨੀਤੀ ਸ਼ਾਸਤਰ ਦੇ ਵਿਸ਼ੇ ਹਨ। ਸਮਾਜ ਵਿਗਿਆਨ ਦੁਨਿਆਵੀ, ਮਾਇਕ ਜਾਂ ਪਦਾਰਥਕ ਵਿਗਿਆਨ ਹੈ ਇਸ ਦਾ ਗੁਰਬਾਣੀ ਦੇ ਅਧਿਆਤਮਕ ਗਿਆਨ ਨਾਲ ਸਿੱਧਾ ਕੋਈ ਸਬੰਧ ਨਹੀਂ ਹੈ। ਗੁਰਬਾਣੀ ਦਾ ਮਨੁੱਖ ਅਤੇ ਸੰਸਾਰ ਬਾਰੇ ਦ੍ਰਿਸ਼ਟੀਕੋਣ ਸਮਾਜ ਵਿਗਿਆਨ ਨਾਲੋਂ ਵਖਰਾ ਹੈ।
8th October 2017 7:31pm
First < 5 6 7 8 9 > Last
Page 7 of 46

Add Comment

* Required information
(never displayed)
 
Bold Italic Underline Strike Superscript Subscript Code PHP Quote Line Bullet Numeric Link Email Image Video
 
Smile Laugh Cool Shocked
 
5000
Type the word for the number 9.
 
Enter answer:
 
Remember my form inputs on this computer.
 
 
Powered by Commentics

.