.

(30/10/09)
ਗੁਰਨਾਮ ਸਿੰਘ ਕੁੰਢਾਲ

ਰਹਿਤ ਮਰਯਾਦਾ ਦੀ ਵਿਚਾਰ ਨੂੰ ਬੰਦ ਕਰਨ ਵਾਰੇ
ਮਾਨਯੋਗ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!
ਜੋ ਫੈਸਲਾ ਤੁਸੀਂ ਰਹਿਤ ਮਰਯਾਦਾ ਦੀ ਵਿਚਾਰ ਨੂੰ ਬੰਦ ਕਰਨ ਦਾ ਲਿਆ ਹੈ ਉਸ ਵਾਰੇ ਆਪਣੇ ਵਿਚਾਰ ਲਿਖ ਰਿਹਾ ਹਾਂ। ਮੈਂ ਲਿਖਣਾ ਤਾਂ ਪਹਿਲੇ ਚਾਹੁੰਦਾ ਸਾਂ ਪਰ ਹੋਰ ਰੁਝੇਵਿਆਂ ਕਾਰਨ ਹੁਣ ਤਾਂਈਂ ਟਾਈਮ ਨਹੀਂ ਮਿਲਿਆ। ਮੈ ਇਸ ਖਿਆਲ ਦਾ ਹਾਂ ਕਿ ਵਿਚਾਰ ਚਲਦੀ ਰੱਖਣ ਵਿੱਚ ਸਾਨੂੰ ਫਾਇਦਾ ਹੈ ਅਤੇ ਵਿਚਾਰ ਚਾਲੂ ਰਖਣੀ ਚਾਹੀਦੀ ਹੈ। ਇਸ ਸਬੰਧ ਵਿੱਚ ਮੈਂ ਆਪਣੇ ਵਿਚਾਰ ਸੰਖੇਪ ਰੂਪ ਵਿੱਚ ਹੇਠਾਂ ਲਿਖ ਰਿਹਾ ਹਾਂ।
1) ਤੁਸੀਂ ਆਪਣੇ ਸਤੰਬਰ 27 ਦੇ ਪਤ੍ਰ ਵਿੱਚ ਲਿਖਿਆ ਹੈ ਕਿ ‘ਵਿਚਾਰ ਉਸ ਤਰ੍ਹਾਂ ਨਹੀਂ ਚਲ ਸਕੀ ਜਿਸ ਤਰ੍ਹਾਂ ਚਲਣੀ ਚਾਹੀਦੀ ਸੀ’। ਪਰ ਤੁਸੀਂ ਇਹ ਨਹੀਂ ਦਸਿਆ ਕਿ ਵਿਚਾਰ ਸ਼ੁਰੂ ਕਰਨ ਵੇਲੇ ਤੁਸੀਂ ਕਿਸ ਤਰ੍ਹਾਂ ਦੀ ਆਸ ਰਖੀ ਹੋਈ ਸੀ ਅਤੇ ਕਿਸ ਗਲ ਨੇ ਤੁਹਾਨੂੰ ਮਾਯੂਸ ਕਰ ਦਿਤਾ ਹੈ। ਸ਼ਇਦ ਤੁਸੀਂ ਇਹ ਸੋਚਿਆ ਹੋਵੇਗਾ ਕਿ ਬਹੁਤ ਪਾਠਕ ਆਪਣੇ ਵਿਚਾਰ ਦੇਣਗੇ, ਜਾਂ ਵਿਚਾਰ ਫੈਸਲਾਕੁਨ ਹੋਵੇਗੀ ਜਾਂ ਸੋਧੀ ਹੋਈ ਰਹਿਤ ਮਰਯਾਦਾ ਲਾਗੂ ਕੀਤੀ ਜਾ ਸਕੇਗੀ। ਇਸ ਵਾਰੇ ਮੈਂ ਇਹ ਕਹਿਣਾਂ ਚਾਹਾਂਗਾ ਕਿ ਇਹ ਵਿਚਾਰ ਦੂਸਰੀਆਂ ਵਿਚਾਰਾਂ ਜੋ ਸਿੱਖ ਮਾਰਗ ਤੇ ਚਲਦੀਆਂ ਹੀ ਰਹਿੰਦੀਆਂ ਹਨ ਉਨ੍ਹਾਂ ਤੋਂ ਬਹੁਤ ਵੱਖਰੀ ਹੈ। ਇਸ ਵਿੱਚ ਉਹੀ ਬੰਦੇ ਹਿਸਾ ਲੈ ਸਕਦੇ ਹਨ ਜੋ ਪੂਰੀ ਗੁਰਮਤਿ ਵਾਰੇ ਚੰਗੀ ਜਾਣਕਾਰੀ ਰਖਦੇ ਹੋਣ। ਇਸ ਪੱਖੋਂ ਵੀ ਇਸ ਵਿਚਾਰ ਦੀ ਕਾਰਗੁਜ਼ਾਰੀ ਮਾਯੂਸ ਕਰਨ ਵਾਲੀ ਨਹੀਂ ਕਹੀ ਜਾ ਸਕਦੀ, ਕਿਉਂਕਿ ਇਕੱਲੇ ‘ਸਿੱਖ ਦੀ ਤਾਰੀਫ’ ਵਾਰੇ ਹੀ ਅੱਧੀ ਦਰਜਨ ਤੋਂ ਜਿਆਦਾ ਪਾਠਕਾਂ ਨੇ ਇਸ ਸਬੰਧੀ ਆਪਣੇ ਵਿਚਾਰ ਦਿਤੇ ਹਨ। ਇਹ ਵਿਚਾਰ ਐਸੇ ਮਸਲੇ ਨਾਲ ਸਬੰਧ ਰਖਦੀ ਹੈ, ਜੋ ਹਰ ਸਿੱਖ ਲਈ ਬਹੁਤ ਮਹੱਤਤਾ ਰਖਦਾ ਹੈ। ਸਿੱਖ ਮਾਰਗ ਦੀ ਵਿਚਾਰ ਨੇ ਕੋਈ ਫੈਸਲਾ ਨਹੀਂ ਕਰ ਸਕਣਾ, ਹੋਰ ਬਹੁਤ ਵਿਚਾਰਾਂ ਹੋਣੀਆਂ ਹਨ ਫੈਸਲੇ ਤਕ ਪੁਜਣ ਤੋਂ ਪਹਿਲੇ। ਮੇਰੇ ਖਿਆਲ ਵਿੱਚ ਇਸ ਵਿਚਾਰ ਦਾ ਵੱਡਾ ਮੰਤਵ ਸੀ: ਆਮ ਆਦਮੀ ਨੂੰ ਰਹਿਤ ਮਰਯਾਦਾ ਦੀਆਂ ਤਰੁਟੀਆਂ ਵਾਰੇ ਜਾਣਕਾਰੀ ਦੇਣਾਂ, ਵੱਧ ਤੋਂ ਵੱਧ ਹਰ ਪਖੋਂ ਨੁਕਤੇ ਸਬੰਧੀ ਵਿਚਾਰ ਇਕੱਠੇ ਕਰਨਾਂ (ਤਾਂ ਜੋ ਪੂਰੀ ਤਰ੍ਹਾਂ ਸਹੀ ਫੈਸਲਾ ਲਿਆ ਜਾ ਸਕੇ), ਅਤੇ ਆਮ ਸਿੱਖ ਲਈ ਆਪਣੇ ਵਿਚਾਰ ਦੇਣ ਲਈ ਇੱਕ ਪਲੈਟਫਾਰਮ ਮੁਹਈਆ ਕਰਵਾਣਾਂ। ਮੇਰੇ ਖਿਆਲ ਵਿੱਚ ਇਹ ਸਾਰੇ ਮੰਤਵ ਵਿਚਾਰ ਜਾਰੀ ਰੱਖਣ ਨਾਲ ਪੂਰੇ ਹੋ ਸਕਦੇ ਹਨ।
2) ਤੁਸੀ ਆਪਣੇ ਮਾਯੂਸ ਹੋ ਜਾਣ ਦੇ ਕਈ ਕਾਰਨ ਵੀ ਦਿਤੇ ਹਨ। ਪਰ ਇਨ੍ਹਾਂ ਕਾਰਨਾਂ ਵਿੱਚ ਇੱਕ ਵੀ ਐਸਾ ਕਾਰਨ ਨਹੀਂ ਹੈ ਜੋ ਆਮ ਸਿਖ ਨੂੰ ਕਈ ਸਾਲਾਂ ਤੋਂ ਪਤਾ ਨਾਂ ਹੋਵੇ। ਏਹੀ ਕਾਰਨ ਤਾਂ ਹਨ ਜਿਸ ਕਰਕੇ ਸਾਡੀ ਕੌਮ ਖਜਲ ਖੁਆਰ ਹੋ ਰਹੀ ਹੈ। ਕੌਣ ਨਹੀਂ ਜਾਣਦਾ ਕਿ ਅਸੀਂ ਹਉਮੈਂ ਗ੍ਰਸੇ ਹੋਏ ਹਾਂ, ਖੁਦਗਰਜ਼ ਹਾਂ, ਡਰਪੋਕ ਵੀ ਹਾਂ, ਆਪਣੀ ਜ਼ਮੀਰ ਗੁਆ ਚੁਕੇ ਹੋਏ ਹਾਂ ਅਤੇ ਸੱਚ ਬੋਲਣ ਦੀ ਸਾਡੇ ਵਿੱਚ ਹੁਣ ਹਿੰਮਤ ਨਹੀਂ। ਤੁਸੀਂ ਤਾਂ ਬਹੁਤ ਸਿਆਣੇ ਹੋਂ ਇਹ ਸਭ ਕੁੱਝ ਮੇਰੇ ਨਾਲੋਂ ਜ਼ਿਆਦਾ ਚੰਗੀ ਤਰਾਂ ਜਾਣਦੇ ਹੋਵੋਂਗੇ। ਜਿਸ ਵੇਲੇ ਅਸੀਂ ਇਹ ਵਿਚਾਰ ਕਰਨ ਵਾਰੇ ਸੋਚਿਆ ਸੀ ਉਸ ਵੇਲੇ ਇਨ੍ਹਾਂ ਅਵਗੁਣਾਂ ਤੋਂ ਚੰਗੀ ਤਰ੍ਹਾਂ ਜਾਣੂ ਸਾਂ, ਪਰ ਫਿਰ ਵੀ ਅਸੀਂ ਇਹ ਵਿਚਾਰ ਕਰਨੀ ਚਾਹੀ ਸੀ। ਇਸ ਤਰ੍ਹਾਂ ਦੀਆਂ ਵਿਚਾਰਾਂ ਨੇ ਹੀ ਤਾਂ ਸਾਨੂੰ ਇਨ੍ਹਾਂ ਅਵਗੁਣਾਂ ਤੋਂ ਸੁਰਖੁਰੂ ਕਰਨਾਂ ਹੈ।
3) ਇਕ ਹੋਰ ਵੀ ਕਾਰਨ ਮੇਰੀ ਸਮਝ ਵਿੱਚ ਆਇਆ ਹੈ। ਉਹ ਹੈ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਜੋ ਦਲੀਲ ਦਿੰਦੇ ਹਾਂ ਉਹ ਤੱਤ ਗੁਰਮਤਿ ਵਾਲਿਆਂ ਨੂੰ ਦੇਂਦੇ ਹਾਂ, ਅਤੇ ਉਨ੍ਹਾਂ ਦੀ ਜੁਮੇਵਾਰੀ ਹੈ ਕਿ ਹਰ ਦਲੀਲ ਦਾ ਉਹ ਜਵਾਬ ਦੇਣ, ਅਗਰ ਉਹ ਐਸਾ ਨਹੀਂ ਕਰਦੇ ਤਾਂ ਅਸੀ ਸੋਚਦੇ ਹਾਂ ਕਿ ਵਿਚਾਰ ਹੋ ਹੀ ਨਹੀਂ ਸਕਦੀ। ਇਹ ਵੀ ਸੋਚ ਠੀਕ ਨਹੀਂ ਹੈ। ਉਹ ਵੀ ਸਾਡੇ ਵਰਗੇ ਹੀ ਹਨ, ਉਨ੍ਹਾਂ ਨੇ ਇੱਕ ਖਰੜਾ ਤਿਆਰ ਕੀਤਾ ਹੈ, ਅਸੀਂ ੳਸ ਖਰੜੇ ਨੂੰ ਵਿਚਾਰ ਰਹੇ ਹਾਂ, ਅਤੇ ਸਾਡੇ ਵਿਚਾਰ ਜਾਂ ਦਲੀਲਾਂ ਕਿਸੇ ਨਾਂ ਕਿਸੇ ਤਰੀਕੇ ਆਖਰੀ ਫੈਸਲੇ ਲੈਣ ਵੇਲੇ ਅੱਖੋਂ ਉਹਲੇ ਨਹੀਂ ਕੀਤੇ ਜਾ ਸਕਣਗੇ। ਤੱਤ ਗੁਰਮਤਿ ਵਾਲਿਆਂ ਲਈ ਸੰਭਵ ਨਹੀਂ ਸਮਝਿਆ ਜਾ ਸਕਦਾ ਕਿ ਉਹ ਨਾਲੋ ਨਾਲ ਹਰ ਗਲ ਦਾ ਜਵਾਬ ਦਈ ਜਾਣ। ਉਨ੍ਹਾਂ ਨੇ ਇਹ ਵੀ ਨਹੀਂ ਕਿਹਾ ਕਿ ਉਨ੍ਹਾਂ ਨੇ ਕੋਈ ਵਿਚਾਰ ਰਦ ਕਰ ਦਿੱਤੇ ਹਨ। ਮੇਰੇ ਖਿਆਲ ਵਿੱਚ ਅਸੀਂ ਉਨ੍ਹਾਂ ਨਾਲ ਜ਼ਿਆਦਤੀ ਕਰ ਰਹੇ ਹਾਂ।
ਹੋਰ ਵੀ ਬਹੁਤ ਕੁੱਝ ਕਿਹਾ ਜਾ ਸਕਦਾ ਹੈ, ਪਰ ਸੰਖੇਪਤਾ ਨੂੰ ਧਿਆਨ ਗੋਚਰੇ ਰਖਦਾ ਹੋਇਆ ਇਹ ਕਹਿਣਾਂ ਚਾਹਾਂਗਾ ਕਿ ਵਿਚਾਰ ਬੰਦ ਕਰਨ ਵਿੱਚ ਕੋਈ ਵੀ ਫਾਇਦਾ ਨਜ਼ਰ ਨਹੀਂ ਆਉਂਦਾ। ਇਹ ਵਿਚਾਰ ਹਰ ਕਿਸੇ ਦੀ ਜਾਣਕਾਰੀ ਲਈ ਬਹੁਤ ਲਾਹੇਬੰਦ ਹੋ ਸਕਦੀ ਹੈ। ਵਿਚਾਰ ਕਰਦੇ ਹੋਏ ਅਸੀਂ ਕਿਸੇ ਇੱਕ ਨੂੰ ਆਪਣੇ ਵਿਚਾਰ ਸੰਬੋਧਨ ਨਹੀਂ ਕਰ ਰਹੇ ਹੁੰਦੇ ਕਿ ਉਸ ਤੋਂ ਅਸੀਂ ਜਵਾਬ ਉਡੀਕੀਏ। ਪਰ ਜੋ ਵਿਚਾਰ ਦਿਤੇ ਜਾ ਰਹੇ ਹਨ ਉਹ ਸਾਨੂੰ ਸਾਰਿਆਂ ਨੂੰ ਇਸ ਬਹੁਤ ਮਹੱਤਤਾ ਵਾਲੇ ਵਿਸ਼ੇ ਤੇ ਵਡਮੁਲੀ ਜਾਣਕਾਰੀ ਦਂਦੇ ਹਨ ਅਤੇ ਇਹ ਵਿਚਾਰ ਰਹਿਤ ਮਰਯਾਦਾ ਦੀ ਆਖਰੀ ਸੋਧ ਵਿੱਚ ਵੀ ਬਹੁਤ ਮਦਦ ਕਰਨਗੇ। ਇਸ ਲਈ ਸਰਦਾਰ ਮੱਖਣ ਸਿੰਘ ਜੀ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਇਹ ਵਿਚਾਰ ਸ਼ੁਰੂ ਕੀਤੀ ਜਾਵੇ।
ਭੁੱਲ ਚੁੱਕ ਮੁਆਫ!
ਗੁਰਨਾਮ ਸਿੰਘ ਕੁੰਢਾਲ


(04/10/09)
ਫਰੀਦਾਬਾਦ ਦੀ ਸੰਗਤ

ਸਿੱਖ ਮਾਰਗ ਦੇ ਸੰਪਾਦਕ ਅਤੇ ਪਾਠਕ ਜਨੋ!
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥
ਸਭ ਤੋਂ ਪਹਿਲਾਂ ਦੇਰੀ ਲਈ ਖਿਮਾ - ਸਿੱਖ ਮਾਰਗ `ਤੇ ਸਿਖ ਰਹਿਤ ਮਰਿਆਦਾ/ਸਿੱਖ ਜੀਵਨ ਜਾਚ ਬਾਰੇ ਜੋ ਵਿਚਾਰ ਸੰਪਾਦਕ ਜੀ ਵੱਲੋਂ 27 ਸਤੰਬਰ 2009 ਦੇ ਪੱਤਰ ਰਾਹੀਂ ਦਿੱਤੇ ਗਏ ਸਨ ਉਸ ਦੇ 6 ਵੇਂ ਨੁਕਤੇ ਬਾਰੇ ਅਸੀਂ ਵੀ ਕਾਫੀ ਹਦ ਤਕ ਸਹਿਮਤ ਹਾਂ ਅਤੇ ਸਿੱਖ ਮਾਰਗ ਵੱਲੋਂ ਜੋ ਜਿੰਮੇਂਵਾਰੀ ਫਰੀਦਾਬਾਦ ਦੀ ਸੰਗਤਾਂ `ਤੇ ਪਾਈ ਹੈ ਉਸ ਨੂੰ ਨਿਭਾਉਣ ਦਾ ਪੂਰਾ ਜਤਨ ਕਰਾਂਗੇ। ਸੰਪਾਦਕ ਸਿੱਖ ਮਾਰਗ ਵੱਲੋਂ ਸੁਝਾਏ ਸੁਝਾਅ ਜਿਸ ਵਿੱਚ ਕੁੱਝ ਗੁਰਸਿੱਖਾਂ ਅਤੇ ਜੱਥੇਬੰਦੀਆਂ ਦਾ ਜ਼ਿਕਰ ਕੀਤਾ ਗਿਆ ਸੀ, ਉਨ੍ਹਾਂ ਸਭ ਤੋਂ ਇਲਾਵਾ ਸੰਸਾਰ ਭਰ ਤੋਂ ਪੰਥਕ ਸੰਸਥਾਵਾਂ ਦੇ ਨੁੰਮਾਇਦੇ ਅਤੇ ਗੁਰਸਿੱਖ ਵਿਦਵਾਨ ਸੱਜਣ ਵੀ ਇਸ ਵਿੱਚ ਸ਼ਾਮਲ ਕਰਾਂਗੇ ਜੇਕਰ ਉਨ੍ਹਾਂ ਦੇ ਇਕੋ ਗੁਰੂ - ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਹੋਣ ਅਤੇ ਉਹ ਸਾਰੇ ਸੱਚ ਦੀ ਰਾਹ `ਤੇ ਗੁਰੂ ਨਾਨਕ ਵਿਚਾਰਧਾਰਾ ਨੂੰ ਸਮਰਪੱਤ ਹੋਣ।
ਵਾੜ ਖੇਤ ਦੀ ਸੁਰੱਖਿਆ ਲਈ ਹੁੰਦੀ ਹੈ ਪਰ ਜੇਕਰ ਵਾੜ ਖੇਤ ਦੀ ਸਾਰੀ ਅੰਦਰਲੀ ਤਾਕਤ ਨੂੰ ਆਪ ਖਾ ਜਾਏ ਅਤੇ ਬਾਹਰਲੀ ਹਰਿਆਲੀ ਵੀ ਸੂਕੇ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਵਾੜ ਨੂੰ ਤੁਰੰਤ ਬਦਲ ਕੇ ਨਵੀਂ ਵਾੜ ਲਾਉਣੀ ਖੇਤ ਦੇ ਰਖਵਾਲੇ ਦਾ ਸਭ ਤੋਂ ਪਹਿਲਾਂ ਕਦਮ ਹੋਣਾ ਚਾਹੀਦਾ ਹੈ, ਜੇਕਰ ਨਵੀਂ ਵਾੜ ਜਲਦੀ ਉਪਲਬਧ ਨਾ ਵੀ ਹੋਵੇ ਤਾਂ ਵੀ ਖੇਤ ਦੀ ਅੰਦਰਲੀ ਤਾਕਤ ਨੂੰ ਬਚਾਉਣ ਲਈ, ਲਗੀ ਪੁਰਾਣੀ ਵਾੜ ਨੂੰ ਉਖਾੜ ਸੁਟੋ। “ਅਵਸ਼ਕਤਾ ਅਵਿਸ਼ਕਾਰ ਦੀ ਜਨਨੀ ਹੈ” …ਇਸ ਲਈ ਫਿਕਰ ਨਾ ਕਰੋ ਅਤੇ ਨਵੇਂ ਅਵਿਸ਼ਕਾਰ ਲਈ ਉਦਮ ਜਾਰੀ ਰੱਖੋ।
ਵੱਲੋਂ - ਨੁੰਮਾਇੰਦੇ: ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ, ਗੁਰਸਿੱਖ ਫੈਮਿਲੀ ਕਲੱਬ, ਯੰਗ ਸਿਖ ਐਸੋਸਿਏਸ਼ਨ, ਖ਼ਾਲਸਾ ਨਾਰੀ ਮੰਚ, ਦੁਰਮਤਿ ਸੋਧਕ ਗੁਰਮਤਿ ਲਹਿਰ, ਅਤੇ “ਦਾ ਸਿੱਖ ਅਫੇਅਰਜ਼” ਵੈਬਸਾਈਟ
(www.thesikhaffairs.org
ਨੋਟ: ਜਿਹੜੀਆਂ ਜੱਥੇਬੰਦੀਆਂ ਜਾਂ ਗੁਰਸਿੱਖ ਵਿਦਵਾਨ ਇਸ ਕਾਰਜ (ਸਿਖ ਰਹਿਤ ਮਰਿਆਦਾ/ਸਿੱਖ ਜੀਵਨ ਜਾਚ) ਨੂੰ ਸਿਰੇ ਚਾੜਨ ਦੇ ਚਾਹਵਾਨ ਹਨ ਉਹ ਸੰਪਰਕ ਕਰਣ: info@thesikhaffairs.org, sikhaffairs@yahoo.com .


(27/09/09)
ਸੰਪਾਦਕ ਵਲੋਂ

ਸਿੱਖ ਰਹਿਤ ਮਰਯਾਦਾ ਜਾਂ ਸਿੱਖ ਜੀਵਨ ਜਾਂਚ ਬਾਰੇ ਜੋ ਵਿਚਾਰ ਚਰਚਾ ਸ਼ੁਰੂ ਕੀਤੀ ਗਈ ਸੀ ਉਹ ਉਸ ਤਰ੍ਹਾਂ ਨਹੀਂ ਚੱਲ ਸਕੀ ਜਿਸ ਤਰ੍ਹਾਂ ਚਲਣੀ ਚਾਹੀਦੀ ਸੀ। ਇਸ ਦੇ ਕਈ ਕਾਰਣ ਹਨ ਜਿਹਨਾ ਵਿਚੋਂ ਮੁੱਖ ਤੌਰ ਤੇ ਇਹ ਹਨ:
(1) ਹਰ ਇੱਕ ਸਿੱਖ ਵਿੱਚ ਮੁੱਖ ਤੌਰ ਤੇ ਹਉਮੈ ਪ੍ਰਧਾਨ ਹੈ ਜੋ ਇਹ ਸੋਚਦੇ ਹਨ ਕਿ ਬਸ ਮੈਂ ਹੀ ਠੀਕ ਹਾਂ ਬਾਕੀ ਸਾਰੇ ਗਲਤ ਹਨ।
(2) ਬਹੁਤੇ ਸਿੱਖ ਵਿਦਵਾਨ ਤਾਂ ਸ਼ਾਇਦ ਤਖਤਾਂ ਦੇ ਪੁਜਾਰੀਆਂ ਤਥਾ ਕਥਿਤ ਜਥੇਦਾਰਾਂ ਤੋਂ ਐਵੇਂ ਹੀ ਥਰ-ਥਰ ਕੰਬਣ ਲੱਗ ਜਾਂਦੇ ਹਨ ਕਿ ਪਤਾ ਨਹੀਂ ਕਿ ਮੇਰੇ ਵਿਰੁਧ ਕੋਈ ਕਥਿਤ ਹੁਕਮਨਾਵਾਂ ਹੀ ਨਾ ਜ਼ਾਰੀ ਕਰ ਦੇਣ।
(3) ਕਈ ਨਵੇਂ-ਨਵੇਂ ਮਿਸ਼ਨਰੀ ਕਾਲਜਾਂ ਵਿਚੋਂ ਪੜ੍ਹ ਕੇ ਆਇਆਂ ਦੀਆਂ ਕੁੱਝ ਮਜ਼ਬੂਰੀਆਂ ਵੀ ਹੋ ਸਕਦੀਆਂ ਹਨ ਕਿ ਐਵੇਂ ਕਾਹਦੇ ਲਈ ਕਿਸੇ ਨੂੰ ਨਿਰਾਜ਼ ਕਰਨਾ ਹੈ। ਜੇ ਕਰ ਕਿਸੇ ਨੇ ਕੋਈ ਐਵੇਂ ਹੀ ਪੁਆੜਾ ਖੜਾ ਕਰ ਦਿੱਤਾ ਤਾਂ ਗੁਰਦੁਆਰਿਆਂ ਵਿਚੋਂ ਬੋਲਣ ਤੋਂ ਵੀ ਜਾਵਾਂਗੇ ਅਤੇ ਪਿਛੇ ਪ੍ਰਵਾਰ ਨੂੰ ਵੀ ਮੁਸੀਬਤ ਵਿੱਚ ਫਸਾਵਾਂਗੇ। ਇਸ ਲਈ ਇੱਕ ਚੁੱਪ ਤੇ ਸੌ ਸੁਖ ਵਾਲੀ ਗੱਲ ਹੀ ਠੀਕ ਹੈ।
(4) ਕਈ ਇਹ ਵੀ ਸੋਚਦੇ ਹਨ ਕਿ ਪੰਥਕ ਮਰਯਾਦਾ ਦੇ ਨਾਮ ਤੇ ਜਿਹੜੀ ਮਾੜੀ ਮੋਟੀ ਏਕਤਾ ਹੈ ਇਹ ਉਸ ਨੂੰ ਵੀ ਖੇਰੂੰ-ਖੇਰੂੰ ਕਰ ਦੇਵੇਗੀ।
(5) ਕਈ ਸੱਚ ਬੋਲਣ ਤੋਂ ਡਰਦੇ ਹਨ ਕਿ ਮਤਾਂ ਕੋਈ ਨਰਾਜ਼ ਨਾ ਹੋ ਜਾਵੇ।
(6) ਕਈ ਇਹ ਸੋਚਦੇ ਹਨ ਕਿ ਮਰਯਾਦਾ ਵਿੱਚ ਸੋਧ ਤਾਂ ਜ਼ਰੂਰੀ ਹੈ ਪਰ ਤਰੀਕਾ ਗਲਤ ਹੈ। ਉਹ ਕਹਿੰਦੇ ਹਨ ਕਿ ਇਸ ਨੂੰ ਆਮ ਪਬਲਿਕ ਵਿੱਚ ਲਿਆਉਣ ਤੋਂ ਪਹਿਲਾਂ ਸਾਰੇ ਹਮ ਖਿਆਲ ਸਿੱਖਾਂ ਵਿੱਚ ਮਿਲ ਬੈਠ ਕੇ ਵਿਚਾਰਨਾ ਜ਼ਰੂਰੀ ਹੈ।
ਉਪਰ ਵਾਲੇ ਨੁਕਤਿਆਂ ਨੂੰ ਵਿਚਾਰ ਕੇ ਮੈਂ ਇਸ ਨਤੀਜੇ ਤੇ ਪੁੱਜਿਆਂ ਹਾਂ ਕਿ ਕਿਉਂ ਨਾ ਨੰਬਰ 6 ਵਾਲਾ ਨੁਕਤਾ ਅਪਣਾ ਕੇ ਵੇਖ ਲਈਏ ਸ਼ਾਇਦ ਇਹ ਬਹੁਤਿਆਂ ਨੂੰ ਰਾਸ ਆ ਜਾਵੇ।
ਫਿਰ ਹੁਣ ਕੀ ਕਰਨਾ ਚਾਹੀਦਾ ਹੈ?
ਫਰੀਦਾਬਾਦ ਵਾਲੇ ਸਿੰਘਾਂ ਨੂੰ ਖਾਸ ਕਰਕੇ ਉਪਕਾਰ ਸਿੰਘ ਨੂੰ ਹਮ ਖਿਆਲੀ ਸਿੰਘਾਂ ਦੀ ਇੱਕ ਮੀਟਿੰਗ ਸੱਦਣੀ ਚਾਹੀਦੀ ਹੈ। ਜਿਸ ਵਿੱਚ ਕਿ ਤੱਤ ਗੁਰਮਤਿ ਵਾਲਿਆਂ ਵਲੋਂ ਕੀਤੀ ਗਈ ਮਰਯਾਦਾ ਦੀ ਪੜਚੋਲ, ਡਾ: ਦਿਲਗੀਰ ਅਤੇ ਹੋਰਨਾ ਵਲੋਂ ਸੁਧਾਈ ਵਾਲੀ ਮਰਯਾਦਾ ਅਤੇ ਇਹਨਾ ਵਲੋਂ ਆਪਣੀ ਜੇ ਕਰ ਕੋਈ ਤਿਆਰ ਕੀਤੀ ਗਈ ਹੋਵੇ ਤਾਂ ਇਹਨਾ ਸਾਰੀਆਂ ਨੂੰ ਸਾਹਮਣੇ ਰੱਖ ਕੇ ਨਵੇਂ ਸਿਰੇ ਤੋਂ ਸਾਰਿਆਂ ਨੂੰ ਰਲ ਕੇ ਤਿਆਰ ਕਰਨੀ ਚਾਹੀਦੀ ਹੈ। ਇਸ ਬਾਰੇ ਵਿਚਾਰ ਘੱਟੋ ਘੱਟ ਤਿੰਨ ਦਿਨ ਜਾਂ ਹਫਤੇ ਲਈ ਜ਼ਰੂਰ ਹੋਣੀ ਚਾਹੀਦੀ ਹੈ।
ਇਸ ਵਿੱਚ ਕੌਣ-ਕੌਣ ਸ਼ਾਮਲ ਹੋ ਸਕਦਾ ਹੈ?
ਜੋ ਸਾਰੇ ਦਸਮ ਗ੍ਰੰਥ ਨੂੰ ਰੱਦ ਕਰਦਾ ਹੋਵੇ ਅਤੇ ਇਸ ਬਾਰੇ ਦੋਗਲੀਆਂ ਗੱਲਾਂ ਨਾ ਕਰਦਾ ਹੋਵੇ ਅਤੇ ਉਹ ਘੱਟੋ-ਘੱਟ ਪਿਛਲੇ ਪੰਜ ਸਾਲਾਂ ਤੋਂ ਗੁਰਮਤਿ ਦੇ ਪ੍ਰਚਾਰ ਵਿੱਚ ਲੱਗਾ ਹੋਇਆ ਹੋਵੇ।
ਕੁੱਝ ਨਾਵ ਇਹ ਹੋ ਸਕਦੇ ਹਨ:
ਫਰੀਦਾਬਾਦ ਦੇ ਪੰਜ ਸਿੰਘ।
ਤੱਤ ਗੁਰਮਤਿ ਵਾਲਿਆਂ ਵਿਚੋਂ ਪੰਜ ਸਿੰਘ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਵਿਚੋਂ ਪੰਜ ਸਿੰਘ।
ਦਿੱਲੀ ਤੋਂ ਪ੍ਰਿੰ: ਸੁਰਜੀਤ ਸਿੰਘ, ਡਾ: ਗੁਰਮੁਖ ਸਿੰਘ, ਦਿਲਬੀਰ ਸਿੰਘ ਮਿਸ਼ਨਰੀ, ਸਰਬਜੀਤ ਸਿੰਘ ਅਤੇ ਤਰਸੇਮ ਸਿੰਘ।
ਖਾਲਸਾ ਪੰਚਾਇਤ ਵਿਚੋਂ ਦੋ ਸਿੰਘ।
ਖਾਲਸਾ ਨਾਰੀ ਮੰਚ ਵਿਚੋਂ ਕੁੱਝ ਬੀਬੀਆਂ।
ਮੁੰਬਈ ਤੋਂ ਡਾ: ਸਰਬਜੀਤ ਸਿੰਘ
ਨਿਊਜ਼ੀਲੈਂਡ ਅਤੇ ਫਿਨਲੈਂਡ ਵਿਚੋਂ ਜੇ ਕਰ ਕੋਈ ਆ ਸਕਦਾ ਹੋਵੇ।
ਅਮਰੀਕਾ ਕਨੇਡਾ ਵਿਚੋਂ ਗਿਆਨੀ ਜਗਤਾਰ ਸਿੰਘ ਜੀ ਜਾਚਕ।
ਯੂਰਪ ਤੋਂ ਡਾ: ਦਿਲਗੀਰ।
ਮਿਡਲ ਈਸਟ ਅਤੇ ਅਰਬ ਦੇਸ਼ਾਂ ਵਿਚੋਂ ਤੋਂ ਜਰਨੈਲ ਸਿੰਘ ਅਰਸ਼ੀ।
ਇਹਨਾ ਤੋਂ ਬਿਨਾ ਹੋਰ ਨਾਵ ਵੀ ਸਰਦਾਰ ਗੁਰਮੀਤ ਸਿੰਘ ਜੀ ਆਸਟ੍ਰੇਲੀਆ ਵਾਲੇ ਦੱਸ ਸਕਦੇ ਹਨ ਕਿਉਂਕਿ ਉਹ ਬਹੁਤ ਸਾਰੇ ਡਿਸਕਸ਼ਨ ਗਰੁੱਪਾਂ ਦੇ ਮੈਂਬਰ ਹਨ ਅਤੇ ਉਹ ਬਹੁਤਿਆਂ ਨੂੰ ਜਾਣਦੇ ਹਨ। ਇਸ ਵਿੱਚ ਉਸ ਨੂੰ ਹੀ ਸ਼ਾਮਲ ਕਰਨਾ ਚਾਹੀਦਾ ਹੈ ਜੋ ਕਿ ਆਪ ਖੁਸ਼ੀ ਨਾਲ ਜਾਣਾ ਚਾਹੁੰਦਾ ਹੋਵੇ।
ਕਈ ਸਿੱਖ ਮਰਯਾਦਾ ਨੂੰ ਇੱਕ ਕਰਮਕਾਂਡ ਦਾ ਨਾਮ ਦਿੰਦੇ ਹਨ ਜੋ ਕਿ ਕੁੱਝ ਹੱਦ ਤੱਕ ਠੀਕ ਵੀ ਹੋ ਸਕਦਾ ਹੈ ਪਰ ਉਹਨਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਮਾਜਿਕ ਅਤੇ ਹੋਰ ਰਸਮਾਂ ਲਈ ਕੁੱਝ ਨਿਯਮ ਬਣਾਉਣੇ ਜਰੂਰੀ ਹੁੰਦੇ ਹਨ। ਭਾਵੇਂ ਕਿ ਇਹ ਨਿਯਮ ਧਰਮ ਨਹੀਂ ਹੁੰਦੇ ਪਰ ਸਹਾਇਕ ਜਰੂਰ ਹੁੰਦੇ ਹਨ। ਸਾਰਾ ਬ੍ਰਹਿਮੰਡ ਕਿਸੇ ਨਿਯਮ ਅਧੀਨ ਚੱਲ ਰਿਹਾ ਹੈ। ਸੜਕਾਂ ਤੇ ਚੱਲਣ ਦੇ ਕੁੱਝ ਨਿਯਮ ਹੁੰਦੇ ਹਨ। ਬੇਨਿਯਮੀ ਵਿੱਚ ਟਕਰਾਓ ਹੁੰਦਾ ਹੈ। ਇਸ ਟਕਰਾਓ ਤੋਂ ਬਚਲ ਲਈ ਹੀ ਨਿਯਮ ਜਰੂਰੀ ਹਨ। ਫਰਜ਼ ਕਰੋ ਕਿ ਗੁਰਦੁਆਰੇ ਵਿੱਚ ਕੋਈ ਸਮਾਜਿਕ ਰਸਮ ਕਰਨੀ ਹੈ (ਅਨੰਦ ਕਾਰਜ਼) ਤਾਂ ਦੱਸੋ ਕਿ ਜੇ ਕਰ ਕੋਈ ਨਿਯਮ ਨਾ ਹੋਣ ਤਾਂ ਹਰ ਕੋਈ ਆਪਣੀ ਮਰਜ਼ੀ ਮੁਤਾਬਕ ਹੀ ਕਰਨਾ ਚਾਹੇ ਤਾਂ ਟਕਰਾਓ ਅਵੱਸ਼ ਹੋਵੇਗਾ।
ਜੇ ਕਰ ਮੇਰਾ ਉਪਰ ਵਾਲਾ ਸੁਝਾਓ ਗਲਤ ਹੈ ਤਾਂ ਪਾਠਕ ਆਪਣੀ ਰਾਇ ਜ਼ਰੂਰ ਦੇਣ। ਜੇ ਕਰ ਠੀਕ ਹੈ ਤਾਂ ਫਿਰ ਇਹਨਾ ਨੂੰ ਹੋਰ ਫ਼ਜੂਲ ਗੱਲਾਂ ਛੱਡ ਕੇ ਅਤੇ ਆਪਣੀ ਥੋੜੀ ਜਿਹੀ ਹਉਮੈ ਘਟਾ ਕੇ ਇਸ ਨੂੰ ਜਰੂਰ ਪੂਰਾ ਕਰਨਾ ਚਾਹੀਦਾ ਹੈ। ਜੇ ਕਰ ਇਹ ਨਹੀਂ ਕਰਨਾ ਚਾਹੁੰਦੇ ਤਾਂ ਸਾਰੇ ਪਾਠਕ ਇਹਨਾ ਉਪਰ ਵਾਲੇ ਸਾਰੇ ਵਿਆਕਤੀਆਂ ਨੂੰ ਡੇਰਿਆਂ ਵਾਲੇ ਸਾਧਾਂ ਨਾਲੋਂ ਵੀ ਨਿਕੰਮੇ ਸਮਝਣ।


(27/09/09)
ਚਰਨਜੀਤ ਸਿੰਘ ਬਰੈਮਪਟਨ

ਦਾਸ ਸਮਝਦਾ ਹੈ ਕਿ ਪਰਿਭਾਸ਼ਾ ਕੇਵਲ ਸਿੱਖ ਦੀ ਹੀ ਕਾਫੀ ਨਹੀ।
ਗੁਰੁ:
1) ਗੁਰੁ ਨਾਨਕ ਤੋ ਗੁਰੁ ਗੋਬਿੰਦ ਸਿਘ ਜੀ ਤਕ
2) ਗੁਰਬਾਣੀ
ਗੁਰਬਾਣੀ:
ੴ ਸਤਿ ਨਾਮੁ (ਪਨਾ 1) ਤੋ ਲੈ ਕੇ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ
ਮਨੁ ਥੀਵੈ ਹਰਿਆ ॥੧॥ (ਪਨਾ 1429) ਤਕ।
ਨੋਟ: ਇਥੇ ਗੁਰੂ ਗ੍ਰੰਥ ਸਾਹਿਬ ਤਾਂ ਨਹੀਂ ਲਿਖਿਆ ਕਿਉਂਕਿ ਜਿਥੇ ਤਕ ਦਾਸ ਨੂੰ ਜਾਣਕਾਰੀ ਹੈ, ਇਹ ਨਾਮ, ਗੁਰਬਾਣੀ ਨੂੰ ਸਿੱਖਾਂ ਨੇ ਬਾਦ ਵਿੱਚ ਦਿਤਾ ਹੈ। ਕਲ ਨੂੰ ਇਸ ਤੇ ਵੀ ਮੁੜ ਤੋਂ ਵਿਚਾਰ ਹੋ ਸਕਦਾ ਹੈ।
ਸਿੱਖ: ਜੋ ਮਨੁੱਖ ਹੇਠਲੀਆਂ ਲਿਖੀਆਂ ਸਾਰੀਆਂ ਸ਼ਰਤਾਂ ਤੇ ਪੂਰਾ ਓਤਰਦਾ ਹੈ
1) ਜੋ ਮਨੁੱਖ ਅਪਨੀ ਸੁਰਤ, ਮਤ, ਮਨ, ਬੁਧ ਨੂੰ ਜਾਗਰੂਕ ਹੋ ਕੇ ਘੜਦਾ ਹੈ ਔਰ ਇਸ ਵਾਸਤੇ ਉਸ ਦਾ ਮੁਖ ਸਰੋਤ ਗੁਰਬਾਣੀ ਅਤੇ ਗੁਰੂਆਂ ਦੀਆਂ ਓਹ ਸਿਖਿਆਵਾਂ ਨੇ ਜਿਹਨਾਂ ਨੂੰ ਪੰਥ ਨੇ ਪਰਵਾਨ ਕੀਤਾ ਹੈ।
2)ਜੋ ਮਨੁੱਖ ਅਪਣੇ ਜਿਆਦਾਤਰ ਰੀਤੀ ਰਿਵਾਜ ਪੰਥ ਪਰਵਾਨ ਨਿਯਮਾਂ ਅਨੂਸਾਰ ਕਰਦਾ ਹੈ।
3) ਜੋ ਮਨੁੱਖ ਕਿਸੀ ਐਸੀ ਜਥੇਬੰਦੀ, ਵਿਚਾਰਧਾਰਾ, ਸੰਸਥਾ, ਗ੍ਰੰਥ ਅਤੇ ਮਨੁੱਖ ਨਾਲ ਸੰਬੰਧ ਨਹੀ ਰਖਦਾ ਜਿਸ ਨੂ ਪੰਥ ਪਰਵਾਨ ਨਹੀਂ ਕਰਦਾ।
ਨੋਟ 1: "ਮੁਖ ਸਰੋਤ ਗੁਰਬਾਣੀ" ਇਸ ਕਰ ਕੇ ਲਿਖੀਆ ਹੈ ਕਿਉਂਕਿ ਗੁਰਬਾਣੀ ਤੋਂ ਬਾਹਰ ਵੀ ਬਹੁਤ ਕੁੱਝ ਮਿਲਦਾ ਹੈ ਜੋ ਗੁਰਬਾਣੀ ਦੀ ਕਸਵੱਟੀ ਤੇ ਖੱਰਾ ਉਤਰਦਾ ਹੈ। ਉਦਾਹਰਨ ਦੇ ਤੌਰ ਤੇ:
ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ(1373)
ਅੰਗਰੇਜੀ ਦੀ ਹੇਠ ਲਿਖ
ੀ quotation ਗੁਰਬਾਣੀ ਦੀ ਓਪਰ ਲਿਖੀ ਪਕੰਤੀ ਦੀ ਪੂਰੀ ਤਰਜੁਮਾਨੀ ਕਰਦੀ ਹੈ।
What goes around,comes around.
ਨੋਟ 2: "ਜਿਆਦਾਤਰ ਰੀਤੀ ਰਿਵਾਜ"ਇਸ ਕਰ ਕੇ ਕਿਉਂਕਿ ਜੋ ਲੋਗ ਨਵੇ ਸਿੱਖੀ ਵਿੱਚ ਆਉਂਦੇ ਹਨ, ਉਹਨਾ ਵਾਸਤੇ ਆਪਨੇ ਪੁਰਾਣੇ ਰੀਤੀ ਰਿਵਾਜ ਇੱਕ ਦਮ ਛਡ ਦੇਨੇ ਆਸਾਨ ਨਹੀ। ਓਦਾਹਰਣ ਦੇ ਤੋਰ ਤੇ ਹੇਠ ਲਿਖੀ ਵੈਬਸਾਈਟ ਦੇਖੋ।
http://indiatoday.intoday.in/site/Story/53202/States/Faith+of+choice.html
ਪੰਥ: ਓਹਨਾਂ ਖਾਲਸਿਆਂ, ਖਾਲਸਾਈ ਜਥੇਬੰਦੀਆਂ ਅਤੇ ਖਾਲਸਾਈ ਸੰਸਥਾਵਾਂ ਦਾ ਸਮੂਹ ਜੋ ਮਨੁਖਤਾ ਵਲੇ ਸਵਿਕਾਰ ਕੀਤੇ ਗਏ ਮਿਆਰਾਂ ਦੀ ਰਾਖੀ ਲਈ ਯਾ/ਅਤੇ ਮਨੁੱਖਤਾ ਦੇ ਮਿਆਰ ਹੋਰ ਓਚੇ ਕਰਨ ਲਈ ਯਾ/ਅਤੇ ਕਿਸੇ ਓਚੇ ਮਿਆਰ ਦੇ ਟੀਚੇ ਲਈ, ਸਮਰਪਿਤ ਹੈ।
ਖਾਲਸਾ: ਜੋ ਮਨੁੱਖ ਹੇਠ ਲਿਖੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ।
1) ਓਹ ਸਿੱਖ ਜੋ ਅਪਣੀ ਰਹਿਣੀ ਬਹਿਣੀ ਤੋਂ ਘੜਿਆ ਹੋਇਆ ਪਰਤੀਤ ਹੂੰਦਾ ਹੈ।
2) ਜਿਸ ਨੇ ਅਪਣਾ ਤਨ, ਸੁਰਤ, ਮਤ, ਮਨ, ਬੁਧ ਪੰਥ ਨੂੰ ਸ਼ਰਧਾ ਨਾਲ ਸਮਰਪਿਤ ਕੀਤਾ ਹੈ।
3) ਜੋ ਪੰਥ ਦੇ ਨਿਯਮਾਂ ਤੇ ਤੁਰਨ ਲਈ ਵਚਨਬੱਧ ਹੈ।
4) ਜਿਸ ਨੇ ਖੰਡੇ ਬਾਟੇ ਦੀ ਪਹੁਲ ਛਕੀ ਹੈ ਅਤੇ ਇਸ ਨਾਲ ਜੁੜੇ ਸਭ ਨਿਯਮਾਂ ਦਾ ਪਾਲਣ ਕਰਦਾ ਹੈ।
5) ਜਿਸ ਨੂ ਪੰਥ ਨੇ ਪਰਵਾਨ ਕਰ ਲਿਆ ਹੈ।
ਚਰਨਜੀਤ ਸਿੰਘ ਬਰੈਮਪਟਨ


(15/09/09)
ਨਰਿੰਦਰਪਾਲ ਸਿੰਘ

ਸਿੱਖ ਦੀ ਤਾਰੀਫ਼”
ਜੋ ਵਿਅਕਤੀ ਇੱਕ ਅਕਾਲ ਪੁਰਖ, ਸਿੱਖ ਧਰਮ ਦੇ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖਿਆ ਨੂੰ ਮੰਨਦਾ , ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਛਕਾਈ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।


(15/09/09)
ਮਨਜੀਤ ਸਿੰਘ ਫਿਨਲੈਂਡ

ਦਾਸ ਦੀ ਬੁਧੀ ਮੁਤਾਬਕ ਸਿਖ ਦੀ ਪਰਭਾਸ਼ਾ, ਜੋ ਮਨੁਖ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ਼ ਰਖਦਾ ਹੈ ਅਤੇ ਸਿਰੀ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਜੀਵਨ ਬਿਤਾਉਂਦਾ ਹੈ ਉਹ ਸਿੱਖ ਹੈ।
ਮਨਜੀਤ ਸਿੰਘ ਫਿਨਲੈਂਡ।


(15/09/09)
ਗੁਰਨਾਮ ਸਿੰਘ ਕੁੰਢਾਲ

ਸ: ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!
ਸਿੱਖ ਦੀ ਤਾਰੀਫ
ਜੋ ਤਾਰੀਫ ਤੱਤ ਪਰਿਵਾਰ ਵਲੋਂ ਦਿਤੀ ਗਈ ਹੈ, ਉਹ ਕਈ ਖਿਆਲਾਂ ਦਾ ਸਮੇਲਨ ਹੈ। ਇਸ ਲਈ ਮੈਂ ਵੱਖਰੇ ਵੱਖਰੇ ਖਿਆਲਾਂ ਵਾਰੇ ਆਪਣੇ ਵਿਚਾਰ ਪਹਿਲੇ ਦੇਣਾਂ ਚਾਹਾਂਗਾ ਤੇ ਅਖੀਰ ਵਿੱਚ ਸ਼ਬਦਾਵਲੀ ਵਾਰੇ ਸੁਝਾਹ ਦੇਵਾਂਗਾ।
1) “ਜੋ ਮਨੁੱਖ ਇੱਕ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨਾਨਕ (ਵਿਚਾਰਧਾਰਕ) ਜੋਤ ਦੇ ਦਸ ਜਾਮਿਆਂ ਰਾਹੀਂ ਪ੍ਰਗਟ ਕੀਤੇ ‘ਗੁਰੂ ਗ੍ਰੰਥ ਸਾਹਿਬ ਜੀ’ ਰੂਪੀ ਸੱਚ ਗਿਆਨ” ਵਾਲੇ ਸ਼ਬਦਾਂ ਵਾਰੇ ਮੇਰੇ ਵੀਚਾਰ:
ਗੁਰੂ ਗ੍ਰੰਥ ਸਾਹਿਬ ਇੱਕ ਹੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦੀ ਜੋਤ ਦਾ ਹਵਾਲਾ ਦੇ ਕੇ ਨਿਸਚਿਤ ਕਰਨਾਂ ਮੈਨੂੰ ਫਾਲਤੂ ਲਗਦਾ ਹੈ। ਇਸ ਨਾਲ ਇੱਕ ਇਹ ਵੀ ਭੁਲੇਖਾ ਪੈਂਦਾ ਹੈ ਕਿ ਗੁਰੂ ਗ੍ਰੰਥ ਦੇ ਰਚਣ ਵਾਲੇ ਦਸ ਗੁਰੂ ਸਾਹਿਬਾਨ ਸਨ। ਇਹ ਠੀਕ ਨਹੀਂ ਹੈ ਸਾਰੇ ਗੁਰੂਆਂ ਨੇ ਬਾਣੀ ਨਹੀਂ ਉਚਾਰੀ। ਭਗਤਾਂ ਦੀ ਬਾਣੀ ਵਾਰੇ ਵੀ ਭੁਲੇਖਾ ਪੈ ਸਕਦਾ ਹੈ ਕਿ ਅਸੀਂ ਉਨ੍ਹਾਂ ਦੀ ਬਾਣੀ ਨੂੰ ਗੁਰੂਆਂ ਦੀ ਬਾਣੀ ਦੇ ਬਰਾਬਰ ਨਹੀਂ ਸਮਝਦੇ।
2) “ਸੱਚ ਦੇ ਗਿਆਨ ਨੂੰ ਧਾਰਦਾ ਹੈ” ਵਾਲੇ ਸ਼ਬਦਾਂ ਵਾਰੇ ਮੇਰੇ ਵੀਚਾਰ:
ਧਾਰਨ ਤੋਂ ਵੀ ਗਲਤ ਖਿਆਲ ਲਿਆ ਜਾ ਸਕਦਾ ਹੈ। ਧਾਰਨ ਦਾ ਮਤਲਬ ਇਹ ਲਿਆ ਜਾ ਸਕਦਾ ਹੈ ਕਿ ਉਹ ਮਨੁਖ ਜੋ ਹਰ ਤਰ੍ਹਾਂ ਗੁਰੂ ਗ੍ਰੰਥ ਦੇ ਗਿਆਨ ਅਨੁਸਾਰ ਆਪਣਾ ਜੀਵਨ ਬਣਾ ਚੁੱਕਾ ਹੋਵੇ। ਗੁਰੂ ਗ੍ਰੰਥ ਵਿੱਚ ਸਿਖ ਸ਼ਬਦ ਕਈ ਰੂਪਾਂ ਅਤੇ ਮਾਅਨਿਆਂ ਵਿੱਚ ਆਇਆ ਹੈ। ਪਰ ਜ਼ਿਆਦਾ ਤੌਰ ਤੇ ਸਿੱਖ ਸ਼ਬਦ ਉਨ੍ਹਾਂ ਮਨੁੱਖਾਂ ਲਈ ਵਰਤਿਆ ਗਿਆ ਹੈ ਜੋ ਗੁਰੂ ਜੀ ਵਲੋਂ ਪ੍ਰਚਾਰੇ ਆਤਮਿਕ ਗਿਆਨ ਨੂੰ ਸਮਝਣ ਅਤੇ ਉਸ ਅਨੁਸਾਰ ਜੀਵਨ ਜੀਊਣ ਦੇ ਆਹਰ ਵਿੱਚ ਸਨ - ਕਈ ਪੂਰੀ ਤਰ੍ਹਾਂ ਗੁਰੂ ਜੀ ਦੇ ਗਿਆਨ ਅਨੁਸਾਰ ਜੀਵਨ ਜੀਊਂਦੇ ਹੋਣਗੇ ਅਤੇ ਕਈ ਗੁਰੂ ਜੀ ਦੇ ਗਿਆਨ ਨੂੰ ਅਜੇ ਸਮਝ ਹੀ ਰਹੇ ਹੋਣਗੇ (ਜਾਨੀ ਅਜੇ ਪੂਰੀ ਤਰ੍ਹਾਂ ਗੁਰੂ ਦੇ ਗਿਆਨ ਅਨੁਸਾਰ ਜੀਵਨ ਨਹੀਂ ਜੀ ਰਹੇ)। ਪਰ ਧਾਰਨ ਸ਼ਬਦ ਤੋਂ ਇਹ ਭਾਵ ਲਿਆ ਜਾ ਸਕਦਾ ਹੈ ਕਿ ‘ਹਰ ਤਰ੍ਹਾਂ ਗੁਰੂ ਦੀ ਮੱਤ ਅਨੁਸਾਰ ਜੀਊਣ ਵਾਲਾ ਹੀ ਸਿੱਖ ਹੈ।
3) “ਗੁਰਮਤਿ ਤੋਂ ਉਲਟ ਕਿਸੇ ਹੋਰ ਮੱਤ ਜਾਂ ਵਿਚਾਰਧਾਰਾ ਨੂੰ ਨਹੀਂ ਮੰਨਦਾ” ਵਾਲੇ ਸ਼ਬਦਾਂ ਵਾਰੇ ਮੇਰੇ ਵੀਚਾਰ:
ਗੁਰੂ ਗ੍ਰੰਥ ਵਿਚੋਂ ਇਹ ਵੀ ਸਮਝ ਪੈਦੀ ਹੈ ਕਿ ਜੋ ਗੁਰੂ ਦੇ ਗਿਆਨ ਅਨੁਸਾਰ ਜੀਵਨ ਜੀਊਣ ਦੇ ਚਾਹਵਾਨ ਨਹੀਂ ਸਨ, ਜਾਂ ਕਿਸੇ ਹੋਰ ਗਿਆਨ ਨੂੰ ਜ਼ਿਆਦਾ ਚੰਗਾ ਸਮਝਦੇ ਸਨ, ਉਨ੍ਹਾਂ ਨੂੰ ਗੁਰੂ ਸਾਹਿਬ ਸਿੱਖ ਕਹਿ ਕੇ ਸੰਬੋਧਨ ਨਹੀਂ ਸੀ ਕਰਦੇ (ਜਿਵੇਂ: ਪੰਡਿਤ, ਯੋਗੀ, ਕਾਜੀ ਆਦਿ)। ਸੋ ਇਸ ਸਿੱਟੇ ਤੇ ਪੁਜਣਾ ਸੌਖਾ ਹੀ ਹੈ ਕਿ ਉਹ ਮਨੁਖ ਸਿੱਖ ਨਹੀਂ ਹੋ ਸਕਦਾ ਜੋ ਕਿਸੇ ਹੋਰ ਧਾਰਮਿਕ ਗਿਆਨ ਨੂੰ ਵੀ ਮੰਨਦਾ ਹੋਵੇ।
4) “ਦਸਵੇਂ ਨਾਨਕ ਵਲੋਂ ਬਖਸ਼ੇ ਖੰਡੇ ਦੀ ਪਾਹੁਲ ਅਪਨਾਉਂਦਾ ਹੈ”
ਵਾਲੇ ਸ਼ਬਦਾਂ ਵਾਰੇ ਮੇਰੇ ਵੀਚਾਰ:
ਖੰਡੇ ਦੀ ਪਹੁਲ ਵਾਲਾ ਮਨੁੱਖ ਤਕਰੀਬਨ ਉਹ ਹੀ ਸਮਝਿਆ ਜਾ ਸਕਦਾ ਹੈ ਜੋ ਗੁਰੂ ਦੇ ਗਿਆਨ ਅਨੁਸਾਰ ਜੀਵਨ ਤਕਰੀਬਨ ਪੂਰੀ ਤਰ੍ਹਾਂ ਜੀ ਰਿਹਾ ਹੋਵੇ। ਪਰ ਜਿਸ ਤਰ੍ਹਾਂ ਪਹਿਲੇ ਦਸ ਚੁਕਾ ਹਾਂ ਜੋ ਅਜੇ ਪੂਰੀ ਤਰ੍ਹਾਂ ਜੀਵਨ ਨਹੀਂ ਬਣਾ ਸਕੇ, ਪਰ ਬਣਾਉਣ ਦੇ ਆਹਰ ਵਿੱਚ ਹਨ ਉਹ ਵੀ ਸਿੱਖ ਹੀ ਹਨ।
ਸਿੱਖ ਦੀ ਤਾਰੀਫ ਵਾਰੇ ਮੇਰਾ ਸੁਝਾਹ:
“ਉਹ ਮਨੁੱਖ ਜੋ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਅਨੁਸਾਰ ਜੀਵਨ ਜੀਊਣ ਦਾ ਯਤਨ ਕਰ ਰਿਹਾ ਹੈ, ਖੰਡੇ ਦੀ ਪਾਹੁਲ ਦਾ ਧਾਰਨੀ ਬਣਨ ਦੇ ਯਤਨ ਵਿੱਚ ਹੈ ਅਤੇ ਕਿਸੇ ਹੋਰ ਧਰਮ, ਮੱਤ ਜਾਂ ਵਿਚਾਰਧਾਰਾ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।”
ਨੋਟ: ਸਿੱਖ ਜਥੇਬੰਦੀਆਂ (ਜਿਵੇਂ ਗੁਰਦਵਾਰੇ, ਐਸ ਜੀ ਪੀ ਸੀ ਵਗੈਰਾ) ਲਈ ਇਹ ਵੀ ਲਾਗੂ ਕੀਤਾ ਜਾ ਸਕਦਾ ਹੈ ਕਿ ਉਹ ਕੇਸਾਧਾਰੀ ਵੀ ਹੋਣ ਅਤੇ ਪਾਹੁਲਧਾਰੀ ਵੀ।
ਭੁਲ ਚੁੱਕ ਮੁਆਫ ਕਰਨੀ ਜੀ!
ਗੁਰਨਾਮ ਸਿੰਘ ਕੁੰਢਾਲ


(12/09/09)
ਅਵਤਾਰ ਸਿੰਘ ਮਿਸ਼ਨਰੀ

ਸਿੱਖ ਦੀ ਤਾਰੀਫ ਇਸ ਬਾਰੇ ਦਾਸ ਦੇ ਵਿਚਾਰ
ਜੋ ਪ੍ਰਾਣੀ ਅਕਾਲ ਪੁਰਖ, ਗੁਰੂਆਂ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ “ਗੁਰੂ ਗ੍ਰੰਥ ਸਾਹਿਬ” ਵਿੱਚ ਪੂਰਨ ਵਿਸ਼ਵਾਸ਼ ਰੱਖਦਾ, ਇਸ ਦੇ ਉਪਦੇਸ਼ਾਂ ਨੂੰ ਮੰਨਦਾ, ਖੰਡੇ ਦੀ ਪਾਹੁਲ ਧਾਰਨ ਕਰਦਾ ਅਤੇ ਗੁਰੂ ਨਾਨਕ ਨੂੰ ਸਿੱਖ ਕੌਮ ਦਾ ਰਹਿਬਰ ਮੰਨਦਾ ਹੈ। ਹੋਰ ਕਿਸੇ ਸੰਪ੍ਰਦਾ, ਟਕਸਾਲ, ਡੇਰੇ, ਮੜੀ ਮੱਟ, ਕਰਮਕਾਂਡ, ਜਾਤ-ਪਾਤ, ਛੂਆ-ਛਾਤ, ਵਹਿਮ ਭਰਮ ਅਤੇ ਕਿਸੇ ਵੀ ਪ੍ਰਕਾਰ ਦੇ ਸਾਧ ਸੰਤ ਨੂੰ ਨਹੀਂ ਮੰਨਦਾ, ਕਿਰਤ ਕਰਦਾ, ਵੰਡ ਛਕਦਾ ਅਤੇ ਨਾਮ ਜਪਦਾ ਹੋਇਆ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਦਾ ਹੈ ਉਹ ਸਿੱਖ ਹੈ।
ਅਵਤਾਰ ਸਿੰਘ ਮਿਸ਼ਨਰੀ
510-432-5827


(11/09/09)
ਗੁਰਇੰਦਰ ਸਿੰਘ ਪਾਲ

ਮੱਖਣ ਸਿੰਘ ਜੀ, ਅਤੇ ਤੱਤ ਗੁਰਮਤ ਪਰਿਵਾਰ ਦੇ ਵਿਦਵਾਨ ਸੱਜਨਾਂ ਦੀ ਸੇਵਾ ਵਿੱਚ ਬੇਨਤੀ:

ਰਹਿਤ ਮਰਿਯਾਦਾ

ਮੱਖਣ ਸਿੰਘ ਜੀ, ਆਪ ਦੀ ਚਿਤਾਵਨੀਂ ਕਿ ‘ਸਿੱਖ ਮਾਰਗ’ ਦੇ ਸਾਰੇ ਲੇਖਕਾਂ ਨੂੰ ਰਹਿਤ ਮਰਯਾਦਾ ਦੀ ਸੋਧ ਦੇ ਉਪਰਾਲੇ ਵਿੱਚ ਆਪਣੇ ਵਿਚਾਰ ਦੇ ਕੇ ਹਿੱਸਾ ਪਾਉਣਾ ਜ਼ਰੂਰੀ ਹੈ, ਨਾਲ ਦਾਸ ਬਿਲਕੁਲ ਸਹਿਮਤ ਹੈ। ਪਰ, ਇਸ ਬਾਰੇ ਕੁੱਝ ਕਹਿਣ ਦੀ ਆਗਿਆ ਲੈਂਦਾ ਹੈ:-
ਰਹਿਤ ਮਰਯਾਦਾ ਦੀ ਸੋਧ ਦਾ ਮਸਲਾ ਸਰਬ-ਸਾਂਝਾ ਹੈ। ਅਤੇ, ਇਸ ਨੂੰ ਸੁਲਝਾਉਣ ਲਈ ਸਰਬ-ਸੰਮਤੀ ਵੀ ਬਹੁਤ ਜ਼ਰੂਰੀ ਹੈ। ਇਸ ਲਈ ਤੱਤ ਗੁਰਮਤ ਪਰਿਵਾਰ ਨੇਂ ਜੋ ਸੁਝਾਉ/ਵਿਚਾਰ ਮੰਗੇ ਹਨ, ਉਹ ਬਹੁਤ ਲਾਜ਼ਮੀ ਹੈ। ਪਰ, ਦਾਸ ਦੀ ਸਮਝ ਅਨੁਸਾਰ, ਇਸ ਮੰਗ ਨੂੰ ਵਿਚਾਰ ਮੰਗਣ ਤਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਸਗੋਂ, ‘ਵਿਚਾਰ-ਵਟਾਂਦਰਾ ਜਾਂ ਗੋਸ਼ਟੀ’ ਹੋਣੀ ਚਾਹੀਦੀ ਹੈ। ਵਿਚਾਰ ਲੈਣਾ ਇੱਕ ਪਖੀ ਹੈ। ਜਦ ਤਕ ਮਧਾਣੀ ਪੁੱਠੀ/ਸਿੱਧੀ ਨਾਂ ਘੁੰਮੇ, ਮੱਖਣ ਨਹੀਂ ਨਿਕਲਦਾ! ਕੁੱਝ ਲੇਖਕ ਇਹ ਸਮਝੀ ਬੈਠੇ ਹਨ ਕਿ ਉਨ੍ਹਾਂ ਦੇ ਨਿਮਾਣੇ ਜਿਹੇ ਵਿਚਾਰ ਰੱਦ ਕਰਕੇ ਕੁੱਤਰ-ਮਸ਼ੀਨ
(paper-shredder) ਦੀ ਭੇਟ ਕਰ ਦਿੱਤੇ ਗਏ ਲਗਦੇ ਹਨ! ! ਸੋ, ਦਾਸ ਦਾ ਵਿਚਾਰ ਹੈ ਕਿ ਤੱਤ ਪਰਿਵਾਰ ਦੇ ਵਿਦਵਾਨਾਂ ਲਈ ਲੇਖਕਾਂ ਦੇ ਸੁਝਾਵਾਂ/ਵਿਚਾਰਾਂ ਤੇ ਟਿਪਣੀ ਕਰਨੀ ਬਹੁਤ ਜ਼ਰੂਰੀ ਹੈ।
ਤੱਤ ਗੁਰਮਤ ਪਰਿਵਾਰ ਨੇਂ ਲੇਖਕਾਂ ਨੂੰ ਜੋ ਸੇਧ ਦਿੱਤੀ ਹੈ, ਉਹ ਹੈ ਵਿਚਾਰਾਂ ਦਾ ‘ਗੁਰਮਤ ਅਨੁਸਾਰੀ’ ਹੋਣਾਂ। ਤੱਤ ਗੁਰਮੱਤ ਪਰਿਵਾਰ ਦੇ ਵਿਦਵਾਨਾਂ ਨੂੰ ਬਿਨਤੀ ਹੈ ਕਿ ਜੋ ਵੀ ਸੋਧਿਆ ਹੋਇਆ ਨੁਕਤਾ ਉਹ ਪਾਠਕਾਂ/ਲੇਖਕਾਂ ਦੇ ਵਿਚਾਰ ਹਿਤ ਭੇਜਦੇ ਹਨ, ਗੁਰਮਤ (ਗੁਰਬਾਣੀ) ਦੇ ਹਵਾਲੇ ਨਾਲ ਉਸ ਦੀ ਪੁਸ਼ਟੀ ਜ਼ਰੂਰ ਕਰਨ! ! ਇਹ ਕਰਨ ਨਾਲ ਲੇਖਕਾਂ ਲਈ ਕਿੰਤੂ ਪ੍ਰੰਤੂ ਸੌਖਾ ਹੋ ਜਾਵੇਗਾ ਅਤੇ ਪਾਠਕਾਂ ਲਈ ਸਮਝਣ ਅਤੇ ਸਹਿਮਤੀ ਪ੍ਰਗਟ ਕਰਨ ਵਿੱਚ ਦਿੱਕਤ ਨਹੀਂ ਆਵੇਗੀ।
ਸਿੱਖ ਦੀ ਤਅਰੀਫ਼ ਬਾਰੇ: ਨੀਲੇ ਅੱਖਰਾਂ ਵਾਲੀ ਅਤੇ ਸੋਧ ਕੇ ਲਿਖੀ ਲਾਲ ਅੱਖਰਾਂ ਵਾਲੀ ਸਿੱਖ ਦੀ ਤਅਰੀਫ਼ ਵਿੱਚ ਕੋਈ ਖ਼ਾਸ ਅੰਤਰ ਨਜ਼ਰ ਨਹੀਂ ਆਇਆ। ਕੇਵਲ ਸ਼ਬਦਾਂ ਦੀ ਅਦਲਾ ਬਦਲੀ ਹੀ ਦਿਖਾਈ ਦਿੰਦੀ ਹੈ। ਇਹ ਸਿੱਖ ਦੀ ਪਰਿਭਾਸ਼ਾ ਨਹੀਂ ਸਗੋਂ, ‘ਅਜੋਕੇ ਸਿੰਘ’ ਦੀ ਤਅਰੀਫ਼ ਲਗਦੀ ਹੈ! ਇਸ ਉਲਝਣ ਨੂੰ ਸੁਲਝਾਉਣ ਲਈ ਚੰਗਾ ਹੋਵੇ ਜੇ ਤੱਤ ਗੁਰਮਤ ਦੇ ਵਿਦਵਾਨ ਸਿੱਖ, ਸਿੰਘ, ਅਤੇ ਖ਼ਾਲਸੇ ਵਿਚਲੇ ਫ਼ਰਕ ਤੋਂ ਪਾਠਕਾਂ/ਲੇਖਕਾਂ ਨੂੰ ਜਾਣੂ ਕਰਵਾ ਦੇਣ! !
ਲ਼ਾਲ ਅੱਖਰਾਂ ਵਿੱਚ ਲਿਖੀ ਸੋਧਿਤ ਪਰਿਭਾਸ਼ਾ ਦੀ ਪ੍ਰੋਢਤਾ ਲਈ ਗੁਰਬਾਣੀ ਦਾ ਹਵਾਲਾ ਵੀ ਲੋੜੀਂਦਾ ਹੈ।
ਸਿੱਖ ਹੋਣ ਲਈ ‘ਅੰਮ੍ਰਿਤ ਛਕਣ’ ਜਾਂ ‘ਖੰਡੇ ਦੀ ਪਹੁਲ’ ਦੀ ਪਾਬੰਦੀ, ਗੁਰਮੱਤ ਅਨੁਸਾਰੀ ਨਹੀਂ ਲਗਦੀ! 1699 ਦੀ ਵੈਸਾਖੀ ਵਾਲੇ ਦਿਨ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਸਾਜ ਕੇ ਖ਼ਾਲਸਾ ਫ਼ੌਜ ਦਾ ਸੰਗਠਨ ਕੀਤਾ, ਓਦੋਂ ਹਜ਼ਾਰਾਂ ਦੇ ਇਕੱਠ ਵਿੱਚੋਂ ਕੁੱਝ ਗਿਣਤੀ ਦੇ ਸ਼੍ਰੱਧਾਲੂ ਹੀ ਨਿੱਤਰੇ ਸਨ ਜੋ ਪੂਰੀ ਨਿਸ਼ਕਾਮਤਾ ਨਾਲ ਮਜ਼ਲੂਮਾਂ ਦੀ ਰੱਖਿਆ ਲਈ ਅਪਣਾ ਆਪਾ ਵਾਰਣ ਲਈ ਤਿਆਰ ਤੇ ਤਤਪਰ ਹੋਏ। ਜੇ ਦਾਸ ਗ਼ਲਤ ਨਹੀਂ ਤਾਂ, ਗੁ: ਗੋਬਿੰਦ ਸਿੰਘ ਜੀ ਨੇ ਬਾਕੀ ਦੇ ਹਜ਼ਾਰਾਂ ਗੁਰੁ-ਘਰ ਦੇ ਸੇਵਕਾਂ ਨੂੰ ਸਿੱਖੀ/ਸੇਵਕੀ ਵਿੱਚੋਂ ਬੇ-ਦਖ਼ਲ ਨਹੀਂ ਸੀ ਕੀਤਾ! ! ਅਤੇ, ਨਾਂ ਹੀ ਉਨ੍ਹਾਂ ਨੂੰ ਪਤਿਤ ਹੋਣ ਦੀ ਘ੍ਰਿਣਿਤ ਪਦਵੀ ਦਿੱਤੀ ਸੀ! ! ! ! !
ਗੁਰੂ ਗੋਬਿੰਦ ਸਿੰਘ ਜੀ ਦੁਅਰਾ ਆਰੰਭੀ ਗਈ ਸਾਹਿਤ-ਸੇਵਾ ਕਰਨ ਵਾਲੇ 52 ਵਿਦਵਾਨ/ਕਵੀ ਕਹੇ ਜਾਂਦੇ ਹਨ। ਉਨ੍ਹਾਂ ਵਿੱਚੋਂ ਕੇਵਲ 9 ਅੰਮ੍ਰਿਤ ਧਾਰੀ ਸਨ; ਅਤੇ, ਉਹ ਯੁੱਧਾਂ ਵਿੱਚ ਵੀ ਹਿੱਸਾ ਲੈਂਦੇ ਸਨ। ਬਾਕੀ ਦੇ 43 ਅੰਮ੍ਰਿਤ ਧਾਰੀ ਨਹੀਂ ਸਨ। ਉਨ੍ਹਾਂ ਨੂੰ ਗੁਰੂ ਜੀ ਨੇ ਸੇਵਕੀ ਵਿੱਚੋਂ ਨਹੀਂ ਸੀ ਛੇਕਿਆ; ਅਤੇ, ਨਾਂ ਹੀ ਉਨ੍ਹਾਂ ਤੇ ਪਤਿਤ ਹੋਣ ਦੀ ਅਪਮਾਨਿਤ ਪਦਵੀ ਹੀ ਥੋਪੀ ਸੀ! ! ਉਲਟਾ, ਉਨ੍ਹਾਂ ਨੂੰ ਆਪਣੇ ਅਸਲੇ ਦੇ ਸਭਿਆਚਾਰਕ ਜੀਵਨ ਜੀਉਣ ਦੀ ਪੂਰੀ ਖੁਲ੍ਹ ਸੀ।
ਗੁਰੂ ਜੀ ਦੇ ਚਹੇਤੇ ਵਿਦਵਾਨ ਭਾਈ ਨੰਦ ਲਾਲ ਜੀ ਗੋਯਾ ਨੇਂ ਅੰਮ੍ਰਿਤ ਛੱਕਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਨ੍ਹਾਂ ਭਾਈ ਜੀ ਦੇ ਹੱਥ ਕਲਮ ਥਮ੍ਹਾ ਕੇ ਕਿਹਾ ਕਿ ਇਹ ਤੁਹਾਡੀ ਤਲਵਾਰ ਹੈ ਤੁਸੀਂ ਇਹ ਚਲਾਓ! ਇਸੇ ਤਰ੍ਹਾਂ, ਭਾਈ ਘਨ੍ਹਈਆ ਜੀ ਨੂੰ ਘਨ੍ਹਈਆ ਸਿੰਘ, ਭਾਈ ਨਾਢੇ ਨੂੰ ਨਾਢਾ ਸਿੰਘ ਬਣਨ ਲਈ ਮਜਬੂਰ ਨਹੀਂ ਕੀਤਾ, ਅਤੇ ਹੋਰ ਅਨੇਕ ਸੇਵਕਾਂ ਨਾਲ ਅੰਮ੍ਰਿਤ ਛਕਣ/ਛਕਾਉਣ ਦੀ ਜ਼ਬਰਦਸਤੀ ਨਹੀਂ ਕੀਤੀ। ਅਤੇ ਨਾਂ ਹੀ ਆਪਣਾ ਅਸਲੀ ਇਲਾਕਾਈ ਸਭਿਆਚਾਰਕ ਜੀਵਨ ਜੀ ਰਹੇ ਲੱਖਾਂ ਸੇਵਕਾਂ ਨੂੰ ਪਤਿਤ ਕਹਿ ਕੇ ਜ਼ਲੀਲ ਹੀ ਕੀਤਾ! ! ! ! !
ੳਪਰੋਕਤ ਤੱਥਾਂ ਦੀ ਰੌਸ਼ਣੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਹੋਣ ਲਈ ‘ਖੰਡੇ ਦੀ ਪਹੁਲ’ ਦੀ ਸ਼ਰਤ ਜ਼ਬਰਦਸਤੀ ਹੈ, ਤਰਕ-ਰਹਿਤ ਹੈ; ਅਤੇ ਗੁਰਮੱਤ ਨਹੀਂ! ! ! ! !
ਦਾਸ ਦੀ ਤੁੱਛ ਬੁੱਧਿ ਅਨੁਸਾਰ ਸਿੱਖ ਦੀ ਪਰਿਭਾਸ਼ਾ:-
“ਜੋ ਮਨੁੱਖ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਿਤ ਨਿਯਮਾ/ਸਿਧਾਂਤਾਂ ਅਨੁਸਾਰ ਆਪਣਾ ਜੀਵਨ ਢਾਲਣ ਲਈ ਯਤਨ-ਸ਼ੀਲ ਹੈ, ਉਹ ਸਿੱਖ ਹੈ! ! ! ! !”
ਭੁੱਲ ਚੁਕ ਲਈ ਖਿਮਾ ਦਾ ਜਾਚਕ
ਦਾਸ,
ਗੁਰਇੰਦਰ ਸਿੰਘ ਪਾਲ
ਸਤੰਬਰ 11, 2009.


(11/09/09)
ਗੁਰਮੀਤ ਸਿੰਘ ਆਸਟ੍ਰੇਲੀਆ

ਸਿੱਖ ਦੀ ਤਾਰੀਫ
ਜੇਹੜਾ ਪ੍ਰਾਣੀ/ਇਨਸਾਨ ਇੱਕ ਅਕਾਲ ਪੁਰਖ, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ: “ੴ ਤੋਂ ਲੈ ਕੇ ਮੁੰਦਾਵਣੀ”, ਦਸ ਗੁਰੂ ਸਾਹਿਬਾਨ ਦੇ ਉਪਦੇਸ਼ (ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ: ੧੪੬੯ - ੧੭੦੮), ਕੇਸਾਂ ਤੇ ਹੋਰ ਕਿਸੇ ਰੋਮਾਂ ਦੀ ਬੇ-ਅਦਬੀ ਨਹੀਂ ਕਰਦਾ, ਜਾਤਿ-ਪਾਤਿ ਜਾਂ ਊਚ-ਨੀਚ ਦਾ ਵਿਤਕਰਾ ਨਹੀਂ ਕਰਦਾ, ਖੰਡੇ ਦੀ ਪਾਹੁਲ ਗ੍ਰਹਿਣ ਕਰਨ ਲਈ ਤਿਆਰ ਹੈ ਅਤੇ ਹੋਰ ਕਿਸੇ ਧਰਮ/ਫਿਰਕੇ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।


(09/09/09)
ਜਸਬੀਰ ਸਿੰਘ (ਕੈਲਗਰੀ)

“ਸਿੱਖ ਦੀ ਤਾਰੀਫ਼”

ਪੁਰਾਣੀ ਰਹਿਤ ਮਰਯਾਦਾ ਜੋ ਕਿ ਏਸ ਵਕਤ ਲਾਗੂ ਹੈ, ਵਿੱਚ ਸਿੱਖ ਦੀ ਤਾਰੀਫ਼ ਅਧੀਨ ਲਫ਼ਜ਼ ਆਏ ਹਨ “ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ) ….” ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ “ਗੁਰੂ” ਲਫ਼ਜ਼ ਲਿਖੇ ਹੋਣ ਨਾਲ਼ ਕੋਈ ਗੁਰਮਤ ਵਿਰੋਧੀ ਗੱਲ ਹੋ ਰਹੀ ਹੈ। ਇਹ ਠੀਕ ਹੈ ਕਿ ਗੁਰਮਤ ਫ਼ਲੌਸਫ਼ੀ ਦੇਹ ਰੂਪ ਗੁਰੂ ਨੂੰ ਸਵਿਕਾਰ ਨਹੀਂ ਕਰਦੀ। ਗੁਰੂ ਸਾਹਿਬਾਂ ਨੇਂ “ਸ਼ਬਦ” ਅਰਥਾਤ “ਗਿਆਨ” ਨੂੰ ਹੀ ਗੁਰੂ ਮੰਨਿਆ ਹੈ। ਪਰ “ਗੁਰੂ” ਲਫ਼ਜ਼ ਤਾਂ ਗੁਰੂ ਸਾਹਿਬਾਂ ਨੂੰ ਸੰਬੋਧਨ ਕਰਨ ਲਈ ਉਨ੍ਹਾਂ ਦੇ ਸਮੇਂ ਤੋਂ ਹੀ ਵਰਤਿਆ ਜਾ ਰਿਹਾ ਹੈ। ਇਸ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਸੇਧ ਮਿਲ਼ਦੀ ਹੈ। ਦੇਖੋ ਭੱਟਾਂ ਦੇ ਸਵਈਏ:

“ਗਾਵਹਿ ਇੰਦ੍ਰਾਦ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥” (ਪੰਨਾ- 1389)।

“ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ॥” (ਪੰਨਾ-1390)।

ਗੁਰੁ ਜਗਤ ਫਿਰਣ ਸੀਹ ਅਮਰਉ’ ਰਾਜੁ ਜੋਗੁ ਲਹਣਾ ਕਰੈ॥” (ਪੰਨਾ- 1391)।

(ਅਰਥ: ਜਗਤ ਦਾ ਗੁਰੂ ਬਾਬਾ ਫੇਰੂ ਦਾ ਸਪੁੱਤ੍ਰ ਲਹਿਣਾ ਜੀ (ਗੁਰੂ) ਅੰਗਦ ਰਾਜ ਅਤੇ ਜੋਗ ਮਾਣਦਾ ਹੈ)।

“ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ॥” (ਪੰਨਾ-1393)।

ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ॥ ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ॥” (ਪੰਨਾ- 1394)।

“ਕਵਿ ਕਲ੍ਹ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥” (ਪੰਨਾ-1396)।

ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ॥ ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ ਹੂ ਰਸੁ ਜਾਣੈ॥” (ਪੰਨਾ- 1398)।

ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ॥ ਗੁਰੁ ਅਰਜਨ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ (ਪੰਨਾ- 1407)।

ਗੁਰੂ ਸਾਹਿਬਾਂ ਦੇ ਸਮੇਂ ਗੁਰੂ ਸਾਹਿਬਾਂ ਨੂੰ “ਗੁਰੂ” ਸ਼ਬਦ ਨਾਲ਼ ਸੰਬੋਧਨ ਕੀਤਾ ਜਾਂਦਾ ਸੀ ਅਤੇ ਹੋਰ ਭਗਤਾਂ ਨੂੰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਨ੍ਹਾਂ ਨੂੰ “ਭਗਤ” ਸ਼ਬਦ ਨਾਲ਼ ਸੰਬੋਧਨ ਕੀਤਾ ਗਿਆ ਹੈ।

“ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ ਨਾਮਾ ਭਗਤੁ ਕਬੀਰ ਸਦਾ ਗਾਵਹਿ ਸਮ ਲੋਚਨ॥ ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ॥ ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ॥” (ਪੰਨਾ-1390)।

“ਉਧਉ ਅਕ੍ਰੁਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ॥ ਸੋਈ ਨਾਮੁ ਅਣਲੁ ਭਗਤਹ ਭਵ ਤਾਰਣੁ ਅਮਰਦਾਸੁ ਗੁਰੁ ਕਉ ਫੁਰਿਆ॥” (ਪੰਨਾ-1393)

“ਜਗਿ ਦਾਤਾ ਸੋਈ ਭਗਤਿ ਵਛਲੁ ਤਿਹੁ ਲੋਇ ਜੀਉ॥ ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ॥ ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ॥ ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ॥” (ਪੰਨਾ-923)।

ਹੋਰ ਬਹੁਤ ਸਾਰੇ ਸਬੂਤ ਭਟਾਂ ਦੇ ਸਵਈਆਂ ਵਿੱਚ, ਸਤੇ ਬਲਵੰਡ ਦੀ ਵਾਰ ਵਿੱਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਦੇਖੇ ਜਾ ਸਕਦੇ ਹਨ ਕਿ ਗੁਰੂ ਸਾਹਿਬਾਂ ਨੂੰ ਉਨ੍ਹਾਂ ਦੇ ਸਿੱਖ “ਗੁਰੂ” ਸ਼ਬਦ ਨਾਲ਼ ਸੰਬੋਧਨ ਕਰਿਆ ਕਰਦੇ ਸਨ। ਜੇ ਗੁਰੂ ਸਾਹਿਬਾਂ ਦੇ ਹੁੰਦਿਆਂ ਉਨ੍ਹਾਂ ਦੇ ਸਿੱਖਾਂ ਦੁਆਰਾ ਉਨ੍ਹਾਂ ਨੂੰ ‘ਗੁਰੂ’ ਕਹਿਕੇ ਸੰਬੋਧਨ ਕਰਨ ਨਾਲ਼ ਗੁਰਮਤ ਭੰਗ ਨਹੀਂ ਹੋਈ ਤਾਂ ਹੁਣ ਵੀ ਨਹੀਂ ਹੋਣੀ ਚਾਹੀਦੀ। ਗੁਰੂ ਸਾਹਿਬਾਂ ਨੂੰ “ਗੁਰੂ” ਸ਼ਬਦ ਨਾਲ਼ ਸੰਬੋਧਨ ਕਰਨ ਨਾਲ਼ “ਸ਼ਬਦ ਗੁਰੂ” ਦੀ ਮਹਤਤਾ ਘੱਟ ਨਹੀਂ ਹੁੰਦੀ।

ਗੁਰੂ ਸਾਹਿਬਾਂ ਨੂੰ “ਦਸ ਜਾਮੇਂ” ਕਹਿ ਕੇ ਸੰਬੋਧਨ ਕਰਨਾ ਵੀ ਉਚਿਤ ਨਹੀਂ। ਕਿਉਂਕਿ ਗੁਰੂ ਸਾਹਿਬ ਸਿਰਫ਼ ਜਾਮੇਂ ਨਹੀਂ ਸਨ। ਬਲਕਿ ਕੋਈ ਵੀ ਜੀਵ ਸਿਰਫ਼ ਜਾਮਾਂ ਨਹੀਂ ਹੁੰਦਾ। ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਡੇ ਦਾਦੇ ਪੜਦਾਦੇ …. ਇਹ ਕੰਮ ਕਰਿਆ ਕਰਦੇ ਸਨ ਉਨ੍ਹਾਂ ਤੋਂ ਮਗ਼ਰੋਂ ਹੁਣ ਤੱਕ ਜਿੰਨੇ ਵੀ ਜਾਮੇਂ (ਸਰੀਰ) ਹੋਏ ਹਨ …. ਇਹੀ ਕੰਮ ਕਰਦੇ ਆ ਰਹੇ ਹਾਂ।

ਗੁਰੂ ਗ੍ਰੰਥ ਸਾਹਿਬ ਵਿੱਚ ਬੇਸ਼ਕ ਹੋਰ ਸਾਰੇ ਗੁਰੂ ਸਾਹਿਬਾਂ ਨੇ ਵੀ ਆਪਣੀ ਬਾਣੀ ਵਿੱਚ ਲਫ਼ਜ਼ “ਨਾਨਕ’ ਵਰਤਿਆ ਹੈ, ਉਹ ਇਸ ਲਈ ਕਿ ਸਾਰੇ ਗੁਰੂ ਸਾਹਿਬਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਹੀ ਦੱਸੀ ਗਈ ਹੈ। ਪਰ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਦਸਵੇਂ ਨਾਨਕ ਕਹਿਕੇ ਸੰਬੋਧਨ ਕਰੀਏ, ਇਹ ਠੀਕ ਨਹੀਂ ਹੈ।

ਸਿੱਖ:- ਸਿੱਖ ਤੇ ਦੋ ਕਿਸਮ ਦੇ ਨਿਯਮ ਲਾਗੂ ਹਨ ਧਾਰਮਕ ਅਤੇ ਜੱਥੇਬੰਦਕ /ਪੰਥਕ।

ਸਿੱਖ ਨੇ ਧਾਰਮਿਕ ਅਤੇ ਜੱਥੇਬੰਦਕ ਦੋਨਾਂ ਕਿਸਮ ਦੇ ਨਿਯਮਾਂ ਦਾ ਪਾਲਣ ਕਰਨਾ ਹੈ। ਇਸ ਭੁਲੇਖੇ ਵਿੱਚ ਨਹੀਂ ਪੈਣਾ ਕਿ ਪੰਜ ਕਕਾਰੀ ਰਹਿਤ ‘ਕੇਸ ਰੱਖਣੇ ਜਾਂ ਖੰਡੇ ਦੀ ਪਾਹੁਲ ਆਦਿ’ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਇਸ ਲਈ ਇਹ ਨਿਯਮ ਮੰਨਣੇ ਜਰੂਰੀ ਨਹੀਂ। ਗੁਰਮਤ ਦੇ ਧਾਰਮਿਕ ਪਹਿਲੂ ਤੋਂ ਕੇਸ ਰੱਖਣ ਜਾਂ ਨਾ ਰੱਖਣ ਨਾਲ਼ ਅਤੇ ਖੰਡੇ ਦੀ ਪਾਹੁਲ ਛਕਣ ਜਾਂ ਨਾ ਛਕਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਲੇਕਿਨ ਸਿੱਖੀ ਸਰੂਪ ਧਾਰਣ ਕਰਨਾ ਅਤੇ ਖੰਡੇ ਦੀ ਪਾਹੁਲ ਛਕਣੀ ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਾਰੀ ਕੀਤਾ ਗਿਆ ਜੱਥੇਬੰਦੀ ਦਾ ਨਿਯਮ ਹੈ। ਗੁਰਮਤ ਵਿਚਾਰਧਾਰਾ ਨੂੰ ਬ੍ਰਹਮਣੀ ਵਿਚਾਰਧਾਰਾ ਅਤੇ ਹੋਰ ਅਨਮਤੀ ਵਿਚਾਰਧਾਰਾਵਾਂ ਦੀ ਘੁਸ-ਪੈਠ ਅਤੇ ਮਿਲਾਵਟ ਤੋਂ ਵੀ ਬਚਾ ਕੇ ਰੱਖਣਾ ਅਤਿ ਜਰੂਰੀ ਸੀ (ਬ੍ਰਹਮਣੀ ਵਿਚਾਰਧਾਰਾ ਤੋਂ ਇਲਾਵਾ ਮਾਰਕਸਵਾਦੀ ਵਿਚਾਰਧਾਰਾ ਦੀ ਘੁਸ-ਪੈਠ ਦਾ ਖਤਰਾ ਵੀ ਅੱਜ ਕਲ੍ਹ ਬਹੁਤ ਜੋਰਾਂ ਤੇ ਹੈ)। ਸਿੱਖੀ ਸਰੂਪ ਇਸ ਲਈ ਜਰੂਰੀ ਕੀਤਾ ਗਿਆ ਹੈ ਤਾਂ ਕਿ ਕੋਈ ਸਿੱਖ ਥਿੜਕ ਕੇ ਸਹਜੇ ਹੀ ਆਪਣੇ ਆਪ ਨੂੰ ਕਦੇ ਸਿੱਖ ਅਤੇ ਕਦੇ ਗ਼ੈਰ ਸਿੱਖ ਘੋਸ਼ਿਤ ਨਾ ਕਰ ਸਕੇ। ਅਤੇ ਕੋਈ ਅਨ-ਧਰਮੀ ਸਹਜੇ ਹੀ ਸਿੱਖ ਪੰਥ ਵਿੱਚ ਘੁਸਪੈਠ ਨਾ ਕਰ ਸਕੇ।

ਅਮ੍ਰਿਤ ਛਕਾਉਣ ਦੇ ਪਿੱਛੇ ਅਸਲ ਭਾਵਨਾ ਇਹ ਸੀ ਕਿ ਸਭ ਸਿੱਖਾਂ ਨੂੰ ਇੱਕ ਪੰਥਕ ਪਰਿਵਾਰ ਅੰਦਰ ਦਾਖ਼ਲ ਕਰਕੇ ਇੱਕ ਜੱਥੇਬੰਦੀ ਕਾਇਮ ਕੀਤੀ ਜਾਵੇ। ਕਕਾਰ ਪਹਿਨਣੇ ਸਿੱਖ ਦੀ ਆਪਣੇ ਧਰਮ ਉਪਰ ਪ੍ਰਪੱਕਤਾ ਅਤੇ ਦ੍ਰਿੜਤਾ ਨੀ ਨਿਸ਼ਾਨੀ ਹੈ। ਸਿੱਖੀ ਸਰੂਪ ਧਾਰਣ ਕਰਨ ਨਾਲ਼, ਸਿੱਖ ਆਪਣੇ ਆਚਰਣ ਪ੍ਰਤੀ ਭੀ ਸੁਚੇਤ ਰਹਿੰਦਾ ਹੈ।

ਇਸ ਸੰਬੰਧ ਵਿੱਚ ਇੱਕ ਅੰਗ੍ਰੇਜ਼ ਬੀਬੀ ਲਿਖਦੀ ਹੈ: (ਇੰਗਲਿਸ਼ ਤੋਂ ਪੰਜਾਬੀ ਅਨੁਵਾਦ) - “ਐ ਸਿੱਖ ਵੀਰੋ! ਜ਼ਰਾ ਆਪਣੇ ਕਕਾਰ ਤਿਆਗ ਕੇ ਤਾਂ ਵੇਖੋ, ਖਾਲਸਾ ਪੰਥ ਦਾ ਅੰਤ ਸਾਹਮਣੇ ਨਜ਼ਰ ਆਵੇਗਾ…… ਇਹਨਾਂ ਪੰਜ ਕਕਾਰਾਂ ਨੇ ਸਿੱਖਾਂ ਨੂੰ ਇੱਕ ਭਾਈਚਾਰੇ ਵਿੱਚ ਸੰਗਠਤ ਰੱਖਿਆ ਹੈ। ਇਹ ਧਾਰਮਕ ਚਿੰਨ੍ਹ ਸਿੱਖ ਨੂੰ ‘ਸਿੱਖ’ ਮਹਿਸੂਸ ਕਰਨ ਅਤੇ ਸਿੱਖੀ ਮਾਰਗ ਤੇ ਚੱਲਣ ਦੇ ਸਮਰੱਥ ਬਣਾਉਂਦੇ ਹਨ”। (Miss Jaenne Cullar ‘ ਹਵਾਲਾ, ਧੰਨਵਾਦ ਸਹਿਤ “ਸਿੱਖ ਜੀਵਨ ਜਾਚ” ਗੁਰਮਤ ਮਿਸ਼ਨਰੀ ਕਾਲਜ ਵਿੱਚੋਂ)।

ਕਿਉਂਕਿ ਕੇਸ ਰੱਖਣ ਜਾਂ ਨਾ ਰੱਖਣ ਨਾਲ ਗੁਰਮਤ ਦੇ ਧਾਰਮਿਕ ਪਹਿਲੂ ਤੋਂ ਕੋਈ ਫ਼ਰਕ ਨਹੀਂ ਪੈਂਦਾ ਇਸ ਲਈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖਾਂ ਲਈ ਕੇਸ ਰੱਖਣ ਜਾਂ ਨਾ ਰੱਖਣ ਦੀ ਕੋਈ ਪਾਬੰਦੀ ਨਹੀਂ ਸੀ ਪਰ ਸਮੇਂ ਦੀ ਜਰੂਰਤ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਾਂ ਸਮੇਤ ਪੰਜ ਕਕਾਰ ਧਾਰਣ ਕਰਨੇ ਜਰੂਰੀ ਕਰ ਦਿੱਤੇ ਸਨ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕਿਸੇ ਕਿਸਮ ਦੇ ਕਕਾਰਾਂ ਦਾ ਜ਼ਿਕਰ ਤੱਕ ਵੀ ਨਹੀਂ ਸੀ ਇਸ ਲਈ 1699 ਦੀ ਵਿਸਾਖੀ ਵਾਲੇ ਦਿਨ ਵੀ ਕੋਈ ਜਰੂਰੀ ਨਹੀਂ ਸੀ ਕਿ ਅੰਮ੍ਰਿਤ ਛਕਣ ਵਾਲੇ ਸਾਰੇ ਸਿੱਖਾਂ ਦੇ ਕੇਸ ਅਤੇ ਦਾੜ੍ਹੀ ਰੱਖੇ ਹੋਏ ਹੋਣ, ਅਤੇ ਸਾਰੇ ਸਿੱਖਾਂ ਨੇ ਪੰਜੇ ਕਕਾਰ ਪਹਿਨੇ ਹੋਣ। ਪਰ ਜਿਸ ਦਿਨ (1699 ਦੀ ਵਿਸਾਖੀ ਵਾਲ਼ੇ ਦਿਨ) ਸਿੱਖ ਲਈ ਪੰਜ ਕਕਾਰ ਧਾਰਣ ਕਰਨੇ ਜਰੂਰੀ ਕੀਤੇ ਗਏ, ਉਸ ਦਿਨ ਸਿੱਖਾਂ ਨੇਂ ਅਮ੍ਰਿਤ ਛਕਣ ਵੇਲ਼ੇ ਪੰਜ ਕਕਾਰ ਧਾਰਣ ਕਰਨ ਦਾ ਪ੍ਰਣ ਜਰੂਰ ਕਰ ਲਿਆ ਹੋਵੇਗਾ।

ਜੇ ਸਿੱਖ ਨੇ ਸਿੱਖੀ ਸਰੂਪ ਧਾਰਣ ਨਹੀਂ ਕੀਤਾ ਹੋਇਆ ਤਾਂ ਉਹ ਸਹਿਜੇ ਹੀ ਆਪਣੀ ਸਹੂਲਤ ਮੁਤਾਬਕ ਕਦੇ ਸਿੱਖ ਅਤੇ ਕਦੇ ਗ਼ੈਰ-ਸਿੱਖ ਅਖਵਾ ਸਕਦਾ ਹੈ। ਸੋ ਹਰ ਸਿੱਖ ਜਿਸ ਨੇ ਹਜੇ ਸਿੱਖੀ ਸਰੂਪ ਧਾਰਣ ਨਹੀਂ ਕੀਤਾ ਉਸ ਨੂੰ ਚਾਹੀਦਾ ਹੈ ਕਿ ਉਹ ਸਿੱਖੀ ਸਰੂਪ ਧਾਰਣ ਕਰਨ ਦਾ ਪ੍ਰਣ ਕਰੇ ਅਤੇ ਆਪਣੇ ਬੱਚਿਆਂ ਨੂੰ ਇਸ ਪਾਸੇ ਪ੍ਰੇਰਿਤ ਕਰੇ।

ਸਿੱਖ ਵਿਚਾਰਧਾਰਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਹੈ, ਸੋ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲ਼ਾ, ਜੋ ਕਿਸੇ ਹੋਰ ਧਾਰਮਿਕ ਵਿਚਾਰਧਾਰਾ ਨੂੰ ਨਹੀਂ ਮੰਨਦਾ, ਉਹ ਹਰ ਵਿਅਕਤੀ ਸਿੱਖ ਹੈ (ਸ਼ੁੱਧ ਸਿੱਖ ਹੈ)। ਖੰਡੇ ਦੀ ਪਾਹੁਲ ਛਕ ਕੇ ਸਿੰਘ ਸਜਣਾ ਹਰ ਸਿੱਖ ਦਾ ਫ਼ਰਜ ਹੈ।

ਸਿੱਖੀ ਦੇ ਨਿਯਮ:

ਹਰ ਸਿੱਖ ਮਨੁੱਖ ਆਪਣੇ ਨਾਮ ਨਾਲ “ਸਿੰਘ” ਅਤੇ ਹਰ ਸਿੱਖ ਬੀਬੀ ਆਪਣੇ ਨਾਮ ਨਾਲ “ਕੌਰ” ਲਗਾਵੇ।

ਸਰਕਾਰੀ ਜਾਂ ਗ਼ੈਰ ਸਰਕਾਰੀ ਕੰਮਾਂ ਨੂੰ ਛੱਡ ਕੇ ਜਿੱਥੇ ਜਰੂਰਤ ਨਹੀਂ ਹੈ ਉਥੇ ਸਿੱਖ ਆਪਣੇ ਨਾਮ ਨਾਲ ਜਾਤ ਗੋਤ ਨਾ ਲਗਾਵੇ।

ਸਿੱਖ, ਜ਼ਾਤ-ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ, ਸਗਨ-ਅਪਸਗਨ, ਥਿਤ-ਵਾਰ, ਮਹੂਰਤ, ਗ੍ਰਹਿ, ਰਾਸ (ਰਾਛੀ-ਫ਼ਲ਼), ਸ਼ਰਾਧ, ਪਿੱਤਰ, ਖਿਆਹ, ਪਿੰਡ, ਪੱਤਲ, ਦੀਵਾ, ਕਿਰਿਆ-ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਦਾ ਵਰਤ, ਤੀਰਥ ਇਸ਼ਨਾਨ, ਤਿਲਕ, ਜੰਞੂੰ, ਤੁਲਸੀ, ਮਾਲ਼ਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਕਰਮ-ਕਾਂਡਾਂ ਤੇ ਨਿਸਚਾ ਨਾ ਕਰੇ।

ਸਿੱਖ, ਹਰ ਇਨਸਾਨ ਨੂੰ ਆਪਣਾ ਭਰਾ ਸਮਝਦੇ ਹੋਏ ਜਾਤ-ਗੋਤ ਦਾ ਭਿੰਨ-ਭੇਦ ਤਿਆਗ ਕੇ ਹਰ ਇੱਕ ਨਾਲ਼ ਪ੍ਰੇਮ ਕਰੇ।

ਸਿੱਖ ਹਰ ਰੋਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਹੂਲਤ ਮੁਤਾਬਕ ਜਿੰਨੀ ਵੀ ਹੋ ਸਕੇ ਅਰਥਾਂ ਸਮੇਤ ਪੜ੍ਹ ਕੇ ਸਮਝਣ ਅਤੇ ਉਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰੇ।

ਹਰ ਸਿੱਖ ਖੰਡੇ-ਬਾਟੇ ਦਾ ਅਮ੍ਰਿਤ ਛਕ ਕੇ ਸਿੰਘ ਸਜੇ ਅਤੇ ਪੰਜ ਕਕਾਰ ਧਾਰਣ ਕਰੇ। (ਪੰਜ ਕਕਾਰ ਇਹ ਹਨ: ਕੇਸ, ਕੰਘਾ, ਕੜਾ, ਕਿਰਪਾਨ ਤੇ ਕਛਿਹਰਾ। ‘ਕੇਸਕੀ’ ਕਕਾਰ ਨਹੀਂ ਹੈ, ਜਿਹਾ ਕਿ ਕਈ ਜੱਥੇਬੰਦੀਆਂ ਕੇਸਕੀ ਨੂੰ ਪੰਜਵਾਂ ਕਕਾਰ ਮੰਨਦੀਆਂ ਹਨ)।

ਜੇ ਕਿਸੇ ਸਿੱਖ ਨੇ ਪੰਜ ਕਕਾਰੀ ਰਹਿਤ ਧਾਰਣ ਕੀਤੀ ਹੋਈ ਹੈ ਪਰ ਆਚਰਣ ਗੁਰਮਤ ਅਨੁਸਾਰੀ ਨਹੀਂ ਹੈ, ਨਸ਼ੇ ਆਦਿ ਦਾ ਸੇਵਨ ਕਰਦਾ ਹੈ ਜਾਂ ਹੋਰ ਕੋਈ ਗੁਰਮਤ ਵਿਰੋਧੀ ਕੰਮ ਕਰਦਾ ਹੈ ਤਾਂ ਉਸ ਨੂੰ ਸੰਗਤਾਂ ਨੂੰ ਸੰਬੋਧਨ ਕਰਕੇ ਕਥਾ, ਕੀਰਤਨ, ਗੁਰਮਤ ਵਿਆਖਿਆ ਆਦਿ ਕਰਨ ਦੀ ਇਜਾਜਤ ਨਹੀਂ।

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲ਼ਾ ਚਾਹੇ ਕਿਸੇ ਵੀ ਭੇਖ ਜਾਂ ਰੂਪ ਵਿੱਚ ਹੋਵੇ ਉਸ ਨੂੰ ਸਿੱਖ ਜਾਣਦੇ ਹੋਏ ਉਸ ਦਾ ਸਤਿਕਾਰ ਕਰੇ। ਜੇ ਕਿਸੇ ਸਿੱਖ ਨੇ ਸਿੱਖੀ ਦੇ ਜੱਥੇਬੰਦਕ ਨਿਯਮਾਂ ਅਧੀਨ ਸਿੱਖੀ ਸਰੂਪ ਅਖ਼ਤਿਆਰ ਨਹੀਂ ਕੀਤਾ ਕੋਇਆ ਉਸ ਨੂੰ ਸੰਗਤ ਨੂੰ ਸੰਬੋਧਨ ਕਰਕੇ ਕਥਾ, ਕੀਰਤਨ, ਗੁਰਮਤ ਵਿਆਖਿਆ ਆਦਿ ਕਰਨ ਦੀ ਇਜਾਜਤ ਨਹੀਂ। ਉਹ ਪੇਪਰ, ਮੈਗਜ਼ੀਨ, ਰੇਡੀਓ, ਟੀ ਵੀ ਜਾਂ ਕਿਸੇ ਹੋਰ ਇਲੈਕਟ੍ਰੌਨਿਕ ਮੀਡੀਆ ਦੇ ਜਰੀਏ ਗੁਰਮਤ ਦਾ ਪ੍ਰਚਾਰ ਕਰ ਸਕਦਾ ਹੈ।

ਸਿੱਖ, ਸਿੱਖ-ਪੰਥ ਨੂੰ ਗੁਰੂ ਦਾ ਰੂਪ ਜਾਣ ਕੇ ਤਨ ਮਨ ਧਨ ਤੋਂ ਸਹਾਇਤਾ ਕਰੇ।

-------------------------------

ਸਿੱਖ ਦੀ ਤਾਰੀਫ਼”

ਜੋ ਵਿਅਕਤੀ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਸਿੱਖਿਆ ਤੇ, ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਾਏ ਖੰਡੇ-ਬਾਟੇ ਦੇ ਅੰਮ੍ਰਿਤ ਉਤੇ ਨਿਸਚਾ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।

ਜਸਬੀਰ ਸਿੰਘ (ਕੈਲਗਰੀ)


ਸਿੱਖ ਦੀ ਤਾਰੀਫ

ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।
“ਜੋ ਮਨੁੱਖ ਇੱਕ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨਾਨਕ (ਵਿਚਾਰਧਾਰਕ) ਜੋਤ ਦੇ ਦਸ ਜਾਮਿਆਂ ਰਾਹੀਂ ਪ੍ਰਗਟ ਕੀਤੇ ‘ਗੁਰੂ ਗ੍ਰੰਥ ਸਾਹਿਬ ਜੀ’ ਜੀ ਰੂਪੀ ਸੱਚ ਦੇ ਗਿਆਨ ਨੂੰ ਧਾਰਨ ਕਰਦਾ ਹੈ। ਦਸਵੇਂ ਨਾਨਕ ਵਲੋਂ ਬਖਸ਼ੇ ‘ਖੰਡੇ ਦੀ ਪਾਹੁਲ’ ਨੂੰ ਅਪਨਾਉਂਦਾ ਹੈ ਅਤੇ (ਗੁਰਮਤਿ ਤੋਂ ਉਲਟ) ਕਿਸੇ ਹੋਰ ਮੱਤ ਜਾਂ ਵਿਚਾਰਧਾਰਾ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।”


(07/09/09)
ਸੰਪਾਦਕ ਵਲੋਂ

ਸਿੱਖ ਰਹਿਤ ਮਰਯਾਦਾ ਦੀ ਪੜਚੋਲ ਵਾਲੀ ਆਖਰੀ ਕਿਸ਼ਤ ਕੱਲ 6 ਸਤੰਬਰ 2009 ਨੂੰ ‘ਸਿੱਖ ਮਾਰਗ’ ਤੇ ਪਾ ਦਿੱਤੀ ਗਈ ਸੀ। ਹੁਣ ਪਾਠਕ ਜਨ ਇਸ ਬਾਰੇ ਆਪਣੇ ਵਿਚਾਰ ਦੇਣੇ ਸ਼ੁਰੂ ਕਰ ਸਕਦੇ ਹਨ। ਹਰੇਕ ਨੁਕਤੇ ਬਾਰੇ ਆਪਣੇ ਵਿਚਾਰ ਪੇਸ਼ ਕਰਕੇ ਅਖੀਰ ਤੇ ਜੋ ਤੁਸੀਂ ਠੀਕ ਸਮਝਦੇ ਹੋ ਕਿ ਇਸ ਨੁਕਤੇ ਦੀ ਸ਼ਬਦਾਵਲੀ ਆਹ ਹੋਣੀ ਚਾਹੀਦੀ ਹੈ ਉਸ ਨੂੰ ਬੋਲਡ ਕਰਕੇ ਮੋਟੇ ਅੱਖਰਾਂ ਵਿੱਚ ਲਿਖੋ। ਕਿਰਪਾ ਕਰਕੇ ਹੋਰ ਕਿਤੇ ਵੀ ਬੋਲਡ, ਕਲਰ ਜਾਂ ਹਾਈਲਾਈਟ ਨਾ ਵਰਤੋ। ਪਹਿਲਾ ਨੁਕਤਾ ‘ਸਿੱਖ ਦੀ ਤਾਰੀਫ’ ਜਾਂ ਸਿੱਖ ਕੌਣ ਹੈ, ਦੀਆਂ ਸਿਰਫ 2-3 ਲਾਈਨਾ ਹੀ ਹਨ। ਇਹ ਜ਼ਰੂਰੀ ਨਹੀਂ ਕਿ ਤੁਸੀਂ ਵੀ ਇਤਨੀਆਂ ਲਾਈਨਾ ਹੀ ਵਰਤਣੀਆਂ ਹਨ। ਤੁਸੀਂ 8-10 ਜਾਂ ਇਸ ਤੋਂ ਵਾਧੂ ਵੀ ਵਰਤ ਸਕਦੇ ਹੋ। ਕਿਉਂਕਿ ਇਹ ਇੱਕ ਬਹੁਤ ਹੀ ਅਹਿਮ ਨੁਕਤਾ ਹੈ ਜਿਸ ਬਾਰੇ ਗੁਰਬਾਣੀ ਦੇ ਅਧਾਰ ਤੇ ਖੁੱਲ ਕੇ ਵਿਚਾਰ ਹੋਣੀ ਚਾਹੀਦੀ ਹੈ। ਇਹ ਵੀ ਸਭ ਨੂੰ ਪਤਾ ਹੀ ਹੈ ਕਿ ਇਸ ਨੁਕਤੇ ਬਾਰੇ ਇੰਡੀਆ ਵਿੱਚ ਕੋਰਟ ਵਿੱਚ ਵੀ ਕੇਸ ਚਲਿਆ ਸੀ। ਮੈਂ ਇਸ ਨੁਕਤੇ ਨੂੰ ਵਿਚਾਰਨ ਬਾਰੇ ਇਸ ਨਾਲ ਸੰਬੰਧਿਤ ਕੁੱਝ ਹੋਰ ਨੁਕਤੇ ਤੁਹਾਡੇ ਧਿਆਨ ਗੋਚਰੇ ਕਰ ਰਿਹਾ ਹਾਂ ਜੋ ਇਸ ਪ੍ਰਕਾਰ ਹਨ:
ਗੁਰੂ ਨਾਨਕ ਪਾਤਸ਼ਾਹ ਵੇਲੇ ਸਿੱਖੀ ਧਾਰਨ ਕਰਨ ਲਈ ਕੀ ਨਿਯਮ ਸਨ। ਕੀ ਕੇਸ ਦਸਵੇਂ ਪਾਤਸ਼ਾਹ ਵੇਲੇ ਹੀ ਰੱਖਣੇ ਜਰੂਰੀ ਹੋਏ ਸਨ ਜਾਂ ਪਹਿਲਾਂ ਵੀ ਸਨ। ਲਿਖੇ ਹੋਏ ਇਤਿਹਾਸ ਅਨੁਸਾਰ 1699 ਦੀ ਵਿਸਾਖੀ ਨੂੰ 25-30 ਹਜ਼ਾਰ ਵਿਆਕਤੀਆਂ ਨੇ ਖੰਡੇ ਦੀ ਪਹੁਲ ਲਈ। ਜੇ ਕੇਸ ਪਹਿਲਾਂ ਜ਼ਰੂਰੀ ਨਹੀਂ ਸਨ ਤਾਂ ਕੀ ਉਹ ਉਸੇ ਦਿਨ ਛੂ-ਮੰਤਰ ਕਰ ਕੇ ਸਾਰਿਆਂ ਦੇ ਉਗ ਆਏ ਸਨ? ਜੇ ਕਰ ਦਸਵੇਂ ਪਾਤਸ਼ਾਹ ਨੇ ਖ਼ਾਲਸਾ ਸਾਜਿਆ ਸੀ ਜਿਸ ਦਾ ਮਤਲਬ ਸ਼ੁੱਧ ਜਾਂ ਅਕਾਲ ਪੁਰਖ ਨਾਲ ਸਿੱਧਾ ਸੰਬੰਧ ਕੀਤਾ ਜਾਂਦਾ ਹੈ ਤਾਂ ਕੀ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ, ਸ਼ੁੱਧ ਸਿੱਖ ਨਹੀਂ ਸਨ? ਕੀ ਉਹਨਾ ਦਾ ਸੰਬੰਧ ਅਕਾਲ ਪੁਰਖ ਦੀ ਬਿਜਾਏ ਕਿਸੇ ਹੋਰ ਦੇਵੀ ਦੇਵਤਿਆਂ ਨਾਲ ਜੋੜਿਆ ਜਾਂਦਾ ਸੀ? ਜੇ ਕਰ ਕੋਈ ਵਿਆਕਤੀ ਸਾਰੀ ਜਿੰਦਗੀ ਕੁਕਰਮ ਕਰਦਾ ਰਿਹਾ ਹੋਵੇ ਤੇ ਉਹ ਕੁੱਝ ਮਹੀਨੇ ਕੇਸ ਰੱਖ ਕੇ ਪਹੁਲਧਾਰੀ ਹੋ ਜਾਵੇ ਤਾਂ ਕੀ ਉਹ ਇੱਕ ਦਮ ਸ਼ੁੱਧ ਅਤੇ ਉਤਮ ਬਣ ਜਾਂਦਾ ਹੈ? ਇੱਕ ਕੇਸਾਧਾਰੀ ਅਤੇ ਪਹੁਲਧਾਰੀ ਹੋ ਕਿ ਬੇਈਮਾਨ ਅਤੇ ਰੱਜ ਕੇ ਧੌਖੇਬਾਜ਼ ਝੂਠ ਬੋਲਣ ਵਾਲਾ ਹੈ ਅਤੇ ਦੂਜਾ ਕੇਸਾਂ ਹੀਣ ਇਮਾਨਦਾਰ ਅਤੇ ਸੱਚ ਬੋਲਣ ਵਾਲਾ ਹੈ। ਇਹਨਾ ਵਿਚੋਂ ਕਿਹੜਾ ਚੰਗਾ ਗਿਣਿਆਂ ਜਾਵੇਗਾ? ਜਿਹੜੇ ਕੇਸਾਂ ਤੋਂ ਬਿਨਾ ਜਾਂ ਕੇਸਾ ਧਾਰੀ ਹੋ ਕੇ ਪਹੁਲ ਨਹੀਂ ਲੈਂਦੇ ਪਰ ਉਹ ਕਿਸੇ ਹੋਰ ਧਰਮ ਨੂੰ ਵੀ ਨਹੀਂ ਮੰਨਦੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਹਨ। ਅਜਿਹੇ ਵਿਆਕਤੀਆਂ ਨੂੰ ਕੀ ਨਾਮ ਦਿੱਤਾ ਜਾਵੇਗਾ? ਸ਼ਰਧਾਲੂ ਜਾਂ ਕੋਈ ਹੋਰ? ਜੇ ਕਰ ਸਾਰੇ ਹੀ ਸਿੱਖ ਹਨ ਤਾਂ ਫਿਰ ਪਹੁਲਧਾਰੀ ਹੀ ਕਿਉਂ ਪਤਿਤ ਹੁੰਦਾ ਹੈ ਬਾਕੀ ਕਿਉਂ ਨਹੀਂ? ਜੇ ਕਰ ਕੁਰਹਿਤਾਂ ਪਹੁਲਧਾਰੀ ਨੂੰ ਹੀ ਲਗਦੀਆਂ ਹਨ ਬਾਕੀਆਂ ਨੂੰ ਨਹੀਂ ਤਾਂ ਫਿਰ ਪਹੁਲਧਾਰੀ ਹੋਣ ਦਾ ਬਿਨਾ ਹੀ ਠੀਕ ਕਿਉਂ ਨਹੀਂ? ਕਿਉਂਕਿ ਉਹ ਵੀ ਸਿੱਖ ਹਨ ਭਾਵੇਂ ਉਹ ਸਾਰੀਆਂ ਕਰਿਹਤਾਂ ਹਰ ਰੋਜ਼ ਹੀ ਕਿਉਂ ਨਾ ਕਰਨ। ਉਮੀਦ ਹੈ ਕਿ ਇਹਨਾ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਠਕ ਜਨ ਆਪਣੇ ਵਿਚਾਰ ਪੇਸ਼ ਕਰਨਗੇ।


‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੇ ਧਿਆਨ ਹਿਤ ਕੁੱਝ ਨੁਕਤੇ

ਇਹ ਜੋ ਆਪਾਂ ਸਿੱਖ ਰਹਿਤ ਮਰਯਾਦਾ ਬਾਰੇ ਵਿਚਾਰ ਸ਼ੁਰੂ ਕਰਨ ਜਾ ਰਹੇ ਹਾਂ ਇਹ ਸਿਰਫ ਪੰਜਾਬੀ (ਗੁਰਮੁਖੀ) ਵਿੱਚ ਹੀ ਹੋਵੇਗੀ ਤਾਂ ਕਿ ਹਰ ਇੱਕ ਨੂੰ ਕਹੀ ਹੋਈ ਗੱਲ ਠੀਕ ਤਰ੍ਹਾਂ ਸਮਝ ਆ ਸਕੇ। ਹਾਂ, ਜੇ ਕਰ ਕੋਈ ਪੰਜਾਬੀ ਲਿਖਣੀ ਬਿੱਲਕੁੱਲ ਨਹੀਂ ਜਾਣਦਾ ਪਰ ਪੜ੍ਹ ਜਰੂਰ ਲੈਂਦਾ ਹੈ ਤਾਂ ਉਹ ਆਪਣੇ ਸੁਝਾਓ ਇੰਗਲਿਸ਼ ਵਿੱਚ ਵੀ ਦੇ ਸਕਦਾ ਹੈ ਪਰ ਉਸ ਦੇ ਵਿਚਾਰ ਇਸ ਪੰਨੇ ਤੇ ਨਹੀਂ ਪਾਏ ਜਾਣਗੇ। ਉਹ ਪਾਠਕਾਂ ਦੇ ਪੰਨੇ ਤੇ ਪਾਏ ਜਾਣਗੇ ਅਤੇ ਉਸ ਤੇ ਕੋਈ ਵਿਚਾਰ ਕਰਨਾ ਜਰੂਰੀ ਨਹੀਂ ਹੋਵੇਗਾ। ‘ਸਿੱਖ ਮਾਰਗ’ ਦੇ ਪੁਰਾਣੇ ਪਾਠਕਾਂ/ਲੇਖਕਾਂ ਦੇ ਲਈ ਤਾਂ ਜਰੂਰੀ ਨਹੀਂ ਪਰ ਨਵੇਂ ਪਾਠਕ ਜਿਹੜੇ ਇਸ ਵਿੱਚ ਹਿੱਸਾ ਲੈਣਾਂ ਚਾਹੁੰਦੇ ਹੋਣ ਉਹਨਾ ਦਾ ਸਾਡੇ ਕੋਲ ਫੂਨ ਨੰਬਰ ਅਤੇ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ ਤੇ ਤਜਦੀਕ ਕੀਤਾ ਜਾ ਸਕੇ ਕਿ ਇਹ ਵਿਆਕਤੀ ਕਿਤੇ ਦੂਸਰੇ ਦਾ ਜਾਂ ਕੋਈ ਐਵੇਂ ਹੀ ਫੌਨੀ ਨਾਮ ਵਰਤ ਕੇ ਸਾਰਿਆਂ ਦਾ ਸਮਾ ਤਾਂ ਨਹੀਂ ਖਰਾਬ ਕਰ ਰਿਹਾ। ਇਸ ਚਰਚਾ ਵਿੱਚ ਕਿਸੇ ਦੂਸਰੇ ਦੇ ਵਿਚਾਰਾਂ ਨੂੰ ਕੱਟਣ ਦੀ ਬਿਜਾਏ ਆਪਣੇ ਵਿਚਾਰ ਦੇਣੇ ਹੋਣਗੇ, ਸਹਿਮਤੀ ਜਾਂ ਅਸਿਹਮਤੀ ਪ੍ਰਗਟ ਕਰਨੀ ਹੋਵੇਗੀ। ਜੇ ਕਰ ਬੀਬੀਆਂ ਵੀ ਸ਼ਾਮਲ ਹੋਣ ਤਾਂ ਹੋਰ ਵੀ ਚੰਗੀ ਗੱਲ ਹੋਵੇਗੀ। ਕਿਉਂਕਿ ਉਹ ਵੀ ਸਿੱਖ ਕੌਮ ਦਾ ਅੱਧ ਦੇ ਲੱਗ ਭੱਗ ਹਿੱਸਾ ਹਨ। ਅਸੀਂ ਪੁਰਾਣੀ ਸਿੱਖ ਰਹਿਤ ਮਰਯਾਦਾ ਵੀ ਨਾਲ ਦੀ ਨਾਲ ਛਾਪਾਂਗੇ ਜੋ ਕਿ ਨੀਲੇ ਅੱਖਰਾਂ ਵਿੱਚ ਹੋਵੇਗੀ ਅਤੇ ਜੋ ਪੜਚੋਲ ਕਰਕੇ ਤੱਤ ਗੁਰਮਤਿ ਨੇ ਲਿਖਿਆ ਹੈ ਉਸ ਨੂੰ ਲਾਲ ਅੱਖਰਾਂ ਵਿੱਚ ਨਾਲ ਹੀ ਲਿਖਿਆ ਕਰਾਂਗੇ। ਆਪਾਂ ਵਿਚਾਰ ਇਕ-ਇਕ ਪੌਆਂਇਟ ਨੂੰ ਲੈ ਕੇ ਕਰਨੀ ਹੈ ਤਾਂ ਕਿ ਬਹੁਤਾ ਖਿਲਾਰਾ ਨਾ ਪਵੇ ਜਿਵੇਂ ਕਿ ਅਰਦਾਸ ਦੀ ਵਿਚਾਰ ਬਾਰੇ ਹੋਇਆ ਹੈ। ਕਿਉਂਕਿ ਅਰਦਾਸ ਵੀ ਰਹਿਤ ਮਰਯਾਦਾ ਦਾ ਹੀ ਹਿੱਸਾ ਹੈ ਇਸ ਲਈ ਇਸ ਬਾਰੇ ਦੁਬਾਰਾ ਵਿਚਾਰ ਹਰੇਕ ਨੁਕਤੇ ਤੇ ਵਾਰੀ ਆਉਣ ਤੇ ਫਿਰ ਕਰਾਂਗੇ। ਉਦੋਂ ਤੱਕ ਤੱਤ ਗੁਰਮਤਿ ਵਾਲੇ ਆਏ ਵਿਚਾਰਾਂ ਨੂੰ ਹੋਰ ਵਿਚਾਰ ਲੈਣ। ਜਿਹਨਾ ਗੱਲਾਂ ਬਾਰੇ ਸਹਿਮਤੀ ਹੋ ਜਾਵੇਗੀ ਉਹਨਾ ਨੂੰ ਕਿਸੇ ਹੋਰ ਰੰਗ ਵਿੱਚ ਲਿਖ ਦੇਵਾਂਗੇ। ਜੇ ਕਰ ਕਿਸੇ ਦਾ ਹੋਰ ਕੋਈ ਚੰਗਾ ਸੁਝਾਓ ਹੋਵੇ ਤਾਂ ਉਹ ਵੀ ਸਾਨੂੰ ਦੱਸ ਦੇਵੇ ਤਾਂ ਕਿ ਇਹ ਵਿਚਾਰ ਕੁੱਝ ਹਫਤਿਆਂ ਤੱਕ ਸ਼ੁਰੂ ਹੋ ਸਕੇ-ਸੰਪਾਦਕ




.