.
ਪੰਜਾਬ ਦੇ ਮੁੱਦੇ, ਸਿੱਖਾਂ ਦੀ ਗੁਲਾਮੀ ਅਤੇ ਖਾਸ ਕਰਕੇ ਭਿਡਰਾਂਵਾਲੇ ਸਾਧ ਬਾਰੇ ਚਰਚਾ
ਜਦੋਂ ਵੀ ਕੋਈ ਵਿਆਕਤੀ ਸੰਨ 1984 ਦੇ ਦੁਖਾਂਤ ਬਾਰੇ ਜਾਂ ਭਿੰਡਰਾਂਵਾਲੇ ਸਾਧ ਬਾਰੇ ਕੋਈ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਈ ਸ਼ਰਧਾਲੂ ਸਿੱਖਾਂ ਦੇ ਮਨਾਂ ਨੂੰ ਬੜੀ ਠੇਸ ਲੱਗਦੀ ਹੈ। ਇਨ੍ਹਾਂ ਵਿਚੋਂ ਕਈ ਤਾਂ ਗੰਦੀਆਂ ਗਾਲ੍ਹਾਂ ਤੇ ਉੱਤਰ ਆਉਂਦੇ ਹਨ ਅਤੇ ਕਈ ਇਹ ਸੋਚਦੇ ਹਨ ਕਿ ਇਹ ਸੋਚ ਇੱਕ ਪਾਸੜ ਹੈ। ਹਾਂਲਾਂ ਕਿ ਅੱਜ ਤੱਕ ਕਿਸੇ ਵੀ ਸੁਹਿਰਦ ਸੱਜਣ ਨੇ ਇਹ ਕਦੀ ਨਹੀਂ ਕਿਹਾ ਕਿ ਸਰਕਾਰ ਦੀ ਕੋਈ ਗਲਤੀ ਨਹੀਂ ਸੀ ਜਾਂ ਪੰਜਾਬ ਦੇ ਕੋਈ ਮੁੱਦੇ ਨਹੀਂ ਹਨ। ਹੋਰਨਾਂ ਦੀ ਗੱਲ ਤਾਂ ਛੱਡੋ ਸਭ ਤੋਂ ਪਹਿਲਾਂ ਮੈਂ ਆਪਣੀ ਗੱਲ ਕਰਦਾ ਹਾਂ। ਜਦੋਂ ਸਿੱਖੀ ਬਾਰੇ, ਗੁਰਬਾਣੀ ਬਾਰੇ, ਸਿੱਖ ਇਤਿਹਾਸ ਬਾਰੇ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਕੱਖ ਨਹੀਂ ਸੀ ਪਤਾ ਤਾਂ ਸਿਰਫ ਇਹੀ ਸੋਚ ਸੀ ਕਿ ਸਿੱਖ ਧਰਮ ਦੇ ਨਾਮ ਤੇ ਕਿਸੇ ਨੂੰ ਮਾਰ ਦੇਣਾ ਜਾਂ ਧਰਮ ਦੇ ਨਾਮ ਤੇ ਮਰ ਜਾਣਾ ਬਸ ਇਹੀ ਅਸਲੀ ਸਿੱਖੀ ਹੈ। ਪਰ ਸਾਲ 1984 ਤੋਂ ਬਾਅਦ ਜਦੋਂ ਪੜ੍ਹਨਾ ਅਤੇ ਵਿਚਾਰਨਾ ਸ਼ੁਰੂ ਕੀਤਾ ਤਾਂ ਨਾਲ ਹੀ ਵਿਚਾਰ ਵੀ ਬਦਲਣੇ ਸ਼ੁਰੂ ਹੋ ਗਏ। ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਧਰਮ ਯੁੱਧ ਮੋਰਚੇ ਦੌਰਾਨ ਕੀਤੀਆਂ ਤਕਰੀਰਾਂ (ਲੈਕਚਰਾਂ) ਦੀਆਂ 12 ਕਾਸੈਟ ਟੇਪਾਂ ਦਾ ਇੱਕ ਸੈੱਟ ਹੁੰਦਾ ਸੀ। ਜਿਸ ਨੂੰ ਮੈਂ ਕਈ ਵਾਰੀ ਸੁਣਿਆ ਸੀ। ਉਨ੍ਹਾਂ ਨੂੰ ਸੁਣ ਕੇ ਜੋਸ਼ ਵੀ ਆਉਂਦਾ ਸੀ ਅਤੇ ਕੁੱਝ ਕਰਨ ਨੂੰ ਵੀ ਮਨ ਕਰਦਾ ਸੀ। ਮੋਰਚੇ ਦੌਰਾਨ ਦੋਹਾਂ ਸੰਤਾਂ ਨੂੰ ਪੈਸੇ ਭੇਜਣ ਲਈ ਵੀ ਲੀਡਰਾਂ ਨੂੰ ਦਿੰਦੇ ਰਹੇ ਹਾਂ। ਇਹ ਉਨ੍ਹਾਂ ਨੂੰ ਮਿਲੇ ਜਾਂ ਨਹੀਂ, ਇਹ ਇੱਕ ਵੱਖਰਾ ਵਿਸ਼ਾ ਹੋ ਸਕਦਾ ਹੈ। ਜੂਨ 1984 ਤੋਂ ਬਾਅਦ ਹੋਰ ਬਹੁਤ ਕੁੱਝ ਸਾਹਮਣੇ ਆਉਣ ਲੱਗਾ ਅਤੇ ਨਾਲ ਹੀ ਪੜ੍ਹਨ ਵਿਚਾਰਨ ਨਾਲ ਹੋਰ ਵੀ ਸੋਝੀ ਆਉਣੀ ਸ਼ੁਰੂ ਹੋ ਗਈ ਕਿ ਜਿਸ ਨੂੰ ਅਸੀਂ ਮਹਾਨ ਸੰਤ ਸਮਝਦੇ ਹਾਂ ਉਹ ਤਾਂ ਗੁਰਮਤਿ ਅਨੁਸਾਰ ਬਹੁਤਾ ਠੀਕ ਨਹੀਂ ਲੱਗਦਾ। ਖਾਸ ਕਰਕੇ ਇੱਕ ਸਿੱਖ ਦੇ ਹਿੱਸੇ 35-35 ਹਿੰਦੂ ਆਉਂਦੇ ਹਨ। ਪਿੰਡਾਂ ਵਿੱਚ ਗੁੱਲੀ ਰਾਮ ਤੇ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ ਅਤੇ ਇੱਕ ਜੀਪ ਨਾ ਛੱਡਣ ਬਦਲੇ 5000 ਹਿੰਦੂ ਇੱਕ ਘੰਟੇ ਵਿੱਚ ਵੱਢਣ ਦੀ ਗੱਲ। ਜਦੋਂ ਕਦੀ ਸਿੱਖਾਂ ਨੇ ਇਕੱਠੇ ਹੋਣਾ ਤਾਂ ਮੇਰੇ ਕੋਲੋਂ ਰਿਹਾ ਨਾ ਜਾਣਾ ਅਤੇ ਮੈਂ ਕਹਿ ਦੇਣਾ ਕਿ ਇਹ ਗੱਲਾਂ ਗੁਰਮਤਿ ਅਨੁਸਾਰੀ ਠੀਕ ਨਹੀਂ ਲਗਦੀਆਂ ਅਤੇ ਅਜਿਹੇ ਬੰਦੇ ਨੂੰ ਸੰਤ ਨਹੀਂ ਕਿਹਾ ਜਾ ਸਕਦਾ। ਕਈਆਂ ਨੇ ਤਾਂ ਮੰਨ ਜਾਣਾ ਕਿ ਇਹ ਗੱਲਾਂ ਗਲਤ ਹਨ ਪਰ ਫਿਰ ਵੀ ਉਸ ਨੂੰ ਮਹਾਨ ਸੰਤ ਸੂਰਮਾ ਕਹਿਣਾ। ਕਈ ਤਾਂ ਲੜ੍ਹ ਹੀ ਪੈਂਦੇ ਸਨ। ਇੱਕ ਵਾਰੀ ਸਾਡੇ ਲਾਗਲੇ ਸ਼ਹਿਰ ਦਾ ਰਹਿਣ ਵਾਲਾ ਕਾਫੀ ਵੱਡੀ ਉਮਰ ਦਾ ਬਜ਼ੁਰਗ ਤਾਂ ਵਾਹਵਾ ਔਖਾ ਹੋ ਗਿਆ। ਮੈਨੂੰ ਕਹਿੰਦਾ ਕਿ ਤੂੰ ਪਹਿਲਾਂ ਵੀ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰ ਚੁੱਕਾਂ ਹੈਂ। ਉਹ ਸਾਡੇ ਲਈ ਮਹਾਨ ਸੰਤ ਹੈ ਅਤੇ ਸੰਤ ਹੀ ਰਹੇਗਾ ਅਤੇ ਉਹ ਕਿਸੇ ਨੂੰ ਵੀ ਜੋ ਕੁੱਝ ਮਰਜੀ ਕਹਿ ਸਕਦਾ ਹੈ/ਸੀ। ਇਹ ਗੱਲਾਂ ਕੋਈ 40 ਕੁ ਸਾਲ ਪਹਿਲਾਂ ਦੀਆਂ ਹਨ। ਕੁੱਝ ਸਮਝ ਵਿਚਾਰ ਕਰਕੇ ਮੇਰੇ ਹਿਰਦੇ ਦੇ ਅੰਦਰੋਂ ਇਹ ਅਵਾਜ਼ ਆਉਣੀ ਸ਼ੁਰੂ ਹੋ ਗਈ ਸੀ ਕਿ ਜਿਸ ਨੂੰ ਇਹ ਮਹਾਨ ਸੰਤ ਬਣਾ ਕੇ ਪੇਸ਼ ਕਰ ਰਹੇ ਹਨ ਮੈਨੂੰ ਤਾਂ ਉਹ ਬੰਦਾ ਕੋਈ ਸੰਤ ਨਹੀਂ ਲਗਦਾ। ਖੈਰ ਮੈਂ ਗਲਤ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਪਰ ਹਾਲੇ ਕੋਈ ਵੀ ਸਿੱਖ ਇਹ ਸਚਾਈ ਸੁਣਨੇ ਨੂੰ ਤਿਆਰ ਹੀ ਨਹੀਂ ਸੀ। ਜਿਹੜੇ ਇਹ ਸੋਚਦੇ ਹਨ ਕਿ ਮੈਂ ਗੱਲ ਇੱਕ ਪਾਸੜ ਕਰਦਾ ਹਾਂ ਜਾਂ ਸਰਕਾਰ ਨੂੰ ਗਲਤ ਨਹੀਂ ਕਹਿੰਦਾ ਤਾਂ ਦੱਸੋ ਕੀ ਮੈਂ ਸਰਕਾਰ ਦੇ ਸੋਹਲੇ ਗਉਂਦਾ ਹਾਂ ਜਾਂ ਮੈਂ ਕੋਈ ਨਿੱਜੀ ਫਾਇਦਾ ਲੈਣਾ ਹੈ ਕਿਸੇ ਸੜੀ ਸਰਕਾਰ ਪਾਸੋਂ? ਜੇ ਕਰ ਸਰਕਾਰ ਨੂੰ ਗਲਤ ਕਹਿਣ ਨਾਲ ਜਾਂ ਗਾਲ੍ਹਾਂ ਕੱਢਣ ਨਾਲ ਮਸਲੇ ਹੱਲ ਹੁੰਦੇ ਹਨ ਤਾਂ ਹੁਣ ਤੱਕ ਹੋ ਜਾਣੇ ਚਾਹੀਦੇ ਸੀ। ਦੱਸੋ ਸਰਕਾਰ ਨੂੰ ਕਿਤਨੀਆਂ ਗਾਲ੍ਹਾਂ ਕੱਢਣੀਆਂ ਮੈਂ ਕੱਢ ਦਿੰਦਾ ਹਾਂ ਜੇ ਕਰ ਸਾਰੇ ਮਸਲੇ ਇਸੇ ਤਰਹਾਂ ਹੀ ਹੱਲ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਤੁਸੀਂ ਮਹਾਨ ਬਣਾ ਕੇ ਪੇਸ਼ ਕਰਦੇ ਹੋ ਅਤੇ ਉਨ੍ਹਾਂ ਨੇ ਸਰਕਾਰ ਵਿਰੁੱਧ ਬੋਲ ਕੇ ਮਸਲੇ ਹੱਲ ਕਰ ਦਿੱਤੇ ਹਨ?
ਅਸਲ ਵਿੱਚ ਸਿੱਖ ਝੂਠੇ ਬਿਰਤਾਂਤ ਸਿਰਜ ਕੇ ਗੁਮਰਾਹ ਕਰਨ ਵਿੱਚ ਮਾਹਰ ਹਨ। ਝੂਠੀਆਂ ਕਹਾਣੀਆਂ ਘੜਨੀਆਂ ਅਤੇ ਜਾਹਲੀ ਕਿਤਾਬਾਂ ਛਪਵਾ ਕੇ ਫਿਰ ਉਨਹਾਂ ਵਿਚੋਂ ਹਵਾਲੇ ਦੇ ਕੇ ਆਮ ਲੋਕਾਈ ਨੂੰ ਗੁਮਰਾਹ ਕਰਨਾ ਇਹ ਸਿੱਖਾਂ ਦਾ ਆਮ ਵਰਤਾਰਾ ਹੈ। ਕਈਆਂ ਨੂੰ ਤਾਂ ਸਾਰੀ ਜਿੰਦਗੀ ਹੀ ਅਜਿਹੇ ਲੋਕਾਂ ਦੀ ਸਮਝ ਨਹੀਂ ਆਉਂਦੀ ਕਿ ਅਜਿਹੇ ਲੋਕ, ਸਿੱਖ ਸਮਾਜ ਦਾ ਭਲਾ ਕਰਨਾ ਚਾਹੁੰਦੇ ਹਨ ਜਾਂ ਗੁਮਰਾਹ ਕਰਕੇ ਗਲਤ ਪਾਸੇ ਤੋਰਨਾ ਚਾਹੁੰਦੇ ਹਨ। ਸ਼ੋਸ਼ਲ ਮੀਡੀਆ ਸ਼ੁਰੂ ਹੋਏ ਨੂੰ ਤਕਰੀਬਨ 20 ਸਾਲ ਹੋ ਗਏ ਹਨ। ਜਿੱਥੇ ਹਰ ਬੰਦਾ ਆਪਣੀ ਗੱਲ ਰੱਖ ਸਕਦਾ ਹੈ ਪਰ ਬਹੁਤੇ ਤਾਂ ਇੱਥੇ ਵੀ ਗੁਮਰਾਹ ਕਰਨ ਦਾ ਜਾਂ ਅੱਗ ਲਉਣ ਦਾ ਕੰਮ ਹੀ ਕਰਦੇ ਹਨ। ਜਿਹੜੇ ਲੋਕਾਂ ਨੂੰ ਸਿੱਖ, ਮਹਾਨ ਵਿਦਵਾਨ ਜਾਣ ਕੇ ਉਨਹਾਂ ਦੀ ਗੱਲ ਸੁਣਦੇ ਹਨ ਅਤੇ ਸੋਚਦੇ ਹਨ ਕਿ ਉਹ ਪੰਜਾਬ ਅਤੇ ਸਿੱਖੀ ਦਾ ਬਹੁਤ ਦਰਦ ਰੱਖਦੇ ਹਨ ਪਰ ਮੈਂ ਉਨ੍ਹਾਂ ਨੂੰ 20 ਸਾਲ ਤੋਂ ਵੀ ਪਹਿਲਾਂ ਦਾ ਸਮਝ ਚੁੱਕਿਆ ਹਾਂ ਕਿ ਅਜਿਹੇ ਲੋਕ ਝੂਠੇ ਬਿਰਤਾਂਤ ਸਿਰਜ ਕੇ ਗੁਮਰਾਹ ਕਰਨ ਵਾਲੇ ਹਨ। ਇਸ ਲਈ ਮੈਂ ਇਨ੍ਹਾਂ ਦੀ ਕੋਈ ਵੀ ਲਿਖਤ ਸਿੱਖ ਮਾਰਗ ਤੇ ਨਹੀਂ ਸੀ ਪਾਈ। ਇਹ ਗੱਲ ਮੈਂ ਉਸ ਵੇਲੇ ਦੀ ਕਰ ਰਿਹਾ ਹਾਂ ਜਦੋਂ ਹਾਲੇ ਸ਼ੋਸ਼ਲ ਮੀਡੀਆ ਹੋਂਦ ਵਿੱਚ ਨਹੀਂ ਸੀ ਆਇਆ ਅਤੇ ਸਿੱਖੀ ਨਾਲ ਸੰਬੰਧਿਤ ਕੁੱਝ ਕੁ ਹੀ ਸਾਈਟਾਂ ਸਨ।
ਅੱਜ ਤੋਂ ਤਕਰੀਬਨ ਤਿੰਨ ਸਾਲ ਪਹਿਲਾਂ ਹਰਚਰਨ ਸਿੰਘ ਪਰਹਾਰ ਨੇ ਸੱਦਾ ਦਿੱਤਾ ਸੀ ਕਿ ਆਓ ਰਲ ਕੇ ਪੰਜਾਬ ਦੇ ਭਲੇ ਲਈ ਮੁੱਦਿਆਂ ਤੇ ਚਰਚਾ ਕਰੀਏ। ਮੇਰਾ ਨਹੀਂ ਖਿਆਲ ਕਿ ਕਿਸੇ ਵਿਦਵਾਨ ਨੇ ਇਹ ਚਰਚਾ ਕਰਨ ਲਈ ਕੋਈ ਹੁੰਘਾਂਰਾ ਭਰਿਆ ਹੋਵੇ। ਇਹ ਪਰਹਾਰ ਜੀ ਵੀ ਉਹ ਵਿਆਕਤੀ ਹਨ ਜਿਹੜੇ ਕਿ ਕਿਸੇ ਸਮੇ ਪੱਕੇ ਖਾਲਿਸਤਾਨੀ ਹੁੰਦੇ ਸਨ ਅਤੇ ਐਵੇਂ ਹੀ ਕਿਸੇ ਗਲਤ ਫਹਿਮੀ ਵਿੱਚ 1984 ਤੋਂ ਬਾਅਦ ਕਾਲਜ਼ ਵਿੱਚ ਪੜ੍ਹਦੇ ਸਮੇ ਜੇਲ ਯਾਤਰਾ ਵੀ ਕਰ ਆਏ ਹਨ। ਕਨੇਡਾ ਅਮਰੀਕਾ ਦੇ ਖਾਲਿਸਤਨੀ ਖਾਸ ਕਰਕੇ ਡਾ: ਅਮਰਜੀਤ ਸਿੰਘ ਵਰਗੇ ਇਸ ਦੇ ਕੋਲ ਆ ਕੇ ਕੈਲਗਰੀ ਵਿੱਚ ਇਸ ਦੇ ਘਰ ਹੀ ਠਹਿਰਦੇ ਰਹੇ ਹਨ। ਕਈ ਵਾਰੀ ਤਾਂ ਮੈਂ ਵੀ ਇਸ ਨੂੰ ਆਪਣੇ ਰਾਜਸੀ ਨਿਸ਼ਾਨੇ ਭਾਵ ਕਿ ਖਾਲਿਸਤਾਨ ਦੇ ਹੱਕ ਵਿੱਚ ਰੇਡੀਓ ਤੇ ਬੋਲਦੇ ਸਣਿਆ ਸੀ। ਉਦੋਂ ਮੈਂ ਸੋਚਦਾ ਹੁੰਦਾ ਸੀ ਕਿ ਜੇ ਕਰ ਅਜਿਹੇ ਪੜ੍ਹੇ ਲਿਖੇ ਲੋਕ ਵੀ ਬੇ-ਥਵੀਆਂ ਮਾਰ ਰਹੇ ਹਨ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ? ਭਾਵੇਂ ਲੇਟ ਹੀ ਸਹੀ ਪਰ ਅਸਲੀਅਤ ਦੀ ਸਮਝ ਤਾਂ ਆ ਹੀ ਗਈ ਹੈ। ਇਹ ਖੁਦ ਆਪ ਸਾਰਾ ਕੁੱਝ ਸਮਝ ਕੇ ਹੋਰ ਲੋਕਾਈ ਨੂੰ ਵੀ ਸਮਝਾਉਣ ਦਾ ਯਤਨ ਕਰਦੇ ਹਨ ਅਤੇ ਵਿਚਾਰ ਚਰਚਾ ਲਈ ਆਪਣੀ ਫੇਸਬੁੱਕ ਤੇ ਪੋਸਟਾਂ ਪਉਂਦੇ ਹਨ। ਜਿਹੜੇ ਇਹ ਸੋਚਦੇ ਹਨ ਕਿ ਸੱਚੀ ਗੱਲ ਕਰਨ ਵਾਲੇ ਸਿਰਫ ਇੱਕ ਪਾਸੜ ਹੀ ਗੱਲ ਕਰਦੇ ਹਨ ਉਨ੍ਹਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਇਸ ਦੇ ਪੇਜ਼ ਤੇ ਜਾ ਕੇ ਪੰਜਾਬ ਦੇ ਮੁੱਦਿਆਂ ਬਾਰੇ ਅਤੇ 1984 ਦੇ ਦੁਖਾਂਤ ਬਾਰੇ ਚਰਚਾ ਕਰਨ। ਗਾਲ੍ਹਾਂ ਕੱਢਣ ਵਾਲੇ ਅਤੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਨਹੀਂ, ਦਲੀਲ ਨਾਲ ਗੱਲ ਕਰਨ ਵਾਲੇ ਹੋਣੇ ਚਾਹੀਦੇ ਹਨ। ਹੇਠਾਂ ਉਸ ਦੇ ਫੇਸਬੁੱਕ ਦਾ ਲਿੰਕ ਹੈ ਅਤੇ ਉਸ ਲਿੰਕ ਤੋਂ ਬਾਅਦ ਪਿਛਲੇ ਕੁੱਝ ਦਿਨਾਂ ਦੀਆਂ ਪੋਸਟ ਕੀਤੀਆਂ ਲਿਖਤਾਂ ਮੈਂ ਕਾਪੀ ਪੇਸਟ ਕਰਕੇ ਪਾ ਰਿਹਾ ਹਾਂ ਜਿਸ ਤੋਂ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਦੀ ਵਿਚਾਰ ਚਰਚਾ ਕਰਨਾ ਚਾਹੁੰਦੇ ਹਨ। ਉਨ੍ਹਾਂ ਸਾਰਿਆਂ ਸਿੱਖਾਂ ਨੂੰ ਇਸ ਚਰਚਾ ਵਿੱਚ ਜਰੂਰ ਹਿੱਸਾ ਲੈਣਾ ਚਾਹੀਦਾ ਹੈ ਜਿਹੜੇ ਇਹ ਸੋਚਦੇ ਹਨ ਕਿ ਭਿੰਡਰਾਂਵਾਲੇ ਸਾਧ ਬਾਰੇ ਸੱਚ ਬੋਲਣ ਵਾਲੇ ਸਿਰਫ ਇਕਪਾਸੜ ਹੀ ਗੱਲ ਕਰਦੇ ਹਨ। ਪਰਹਾਰ ਦੇ ਨਾਲ ਹੀ ਡਾ: ਇਕਬਾਲ ਸਿੰਘ ਢਿੱਲੋਂ ਦਾ ਵੀ ਲਿੰਕ ਹੈ ਇਹ ਵੀ ਕਈ ਨੁਕਤਿਆਂ ਤੇ ਚਰਚਾ ਕਰਦੇ ਰਹਿੰਦੇ ਹਨ। ਹੋਰ ਵੀ ਕਈ ਐਸੇ ਹਨ ਜੋ ਥੋੜੀ ਬਹੁਤ ਸੱਚ ਦੀ ਗੱਲ ਕਰਦੇ ਹਨ ਪਰ ਅਜਿਹੇ ਲੋਕ ਜਾਂ ਤਾਂ ਆਪ ਸਪਸ਼ਟ ਨਹੀਂ ਹਨ ਅਤੇ ਜਾਂ ਫਿਰ ਪੂਰਾ ਸੱਚ ਬੋਲਣ ਤੋਂ ਡਰਦੇ ਹਨ।
ਮੱਖਣ ਪੁਰੇਵਾਲ,
ਅਕਤੂਬਰ 11, 2026.
ਹਰਚਰਨ ਸਿੰਘ ਪਰਹਾਰ ਦਾ ਫੇਸਬੁੱਕ ਲਿੰਕ:- https://www.facebook.com/boldpost2025/
ਡਾ: ਇਕਬਾਲ ਸਿੰਘ ਢਿੱਲੋਂ ਦਾ ਲਿੰਕ:- https://www.facebook.com/driqbalsinghdhillon

 (ਨੋਟ:- ਹੇਠਾਂ ਹਨ ਹਰਚਰਨ ਸਿੰਘ ਪਰਹਾਰ ਦੀਆਂ, ਅਕਤੂਬਰ 2026 ਦੇ ਮਹੀਨੇ ਦੀਆਂ ਕੁੱਝ ਫੁੇਸਬੁੱਕ ਪੋਸਟਾਂ)

ਕੀ ਸਾਕਾ ਨੀਲਾ ਤਾਰਾ ਲਈ ਸਿਰਫ ਸਰਕਾਰ ਹੀ ਜਿੰਮੇਵਾਰ ਸੀ?
ਕੀ ਹਰਿਮੰਦਰ ਸਾਹਿਬ ਦੇ ਅੰਦਰੋਂ ਕਤਲਾਂ ਦੀ ਮੂਵਮੈਂਟ ਚਲਾਉਣ ਵਾਲਿਆਂ ਦਾ ਕੋਈ ਦੋਸ਼ ਨਹੀਂ ਸੀ?
42 ਸਾਲਾਂ ਤੋਂ ਸਾਕਾ ਨੀਲਾ ਤਾਰਾ ਦੇ ਨਾਮ ‘ਤੇ ਨੌਜਵਾਨ ਪੀੜ੍ਹੀ ਨੂੰ ਭੜਕਾਉਣ ਦੀ ਥਾਂ ਸਿੱਖ ਵਿਦਵਾਨਾਂ, ਲੀਡਰਾਂ ਤੇ ਪ੍ਰਚਾਰਕਾਂ ਨੂੰ ਸੁਹਿਰਦਤਾ ਨਾਲ਼ ਗੰਭੀਰ ਚਿੰਨਤ ਦੀ ਲੋੜ!
ਜੇ ਖਾਲਿਸਤਾਨ ਵਿੱਚ ਖਾਲਸੇ 1983-84 ਵਾਂਗ ਹਰਿਮੰਦਰ ਸਾਹਿਬ, ਅਕਾਲ ਤਖ਼ਤ ‘ਤੇ ਕਬਜ਼ਾ ਕਰਕੇ ਕਤਲੇਆਮ ਮਚਾ ਦੇਣਗੇ ਤਾਂ ਕੀ ਖਾਲਿਸਤਾਨ ਦੀ ਪੁਲਿਸ ਜਾਂ ਮਿਲਟਰੀ ਹਮਲਾ ਕਰੇਗੀ ਜਾਂ ਕਹੇਗੀ ਕਿ ਤੁਹਾਡਾ ਹੁਣ ਰਾਜ ਹੈ, ਜਿੱਥੇ ਮਰਜ਼ੀ ਕਬਜ਼ੇ ਕਰੋ, ਲੋਕਾਂ ਦੇ ਕਤਲ ਕਰੋ, ਲੁੱਟਾਂ-ਖੋਹਾਂ ਕਰੋ, ਡਾਕੇ ਮਾਰੋ?
ਜੂਨ 84 ਦੀ ਵਰ੍ਹੇਗੰਢ ਮੌਕੇ ਖਾਲਿਸਤਾਨੀ ਵਿਦਵਾਨ ਬਲਜੀਤ ਸਿੰਘ ਖਾਲਸਾ ਵਲੋਂ ਲਿਖੀ ਬਹੁ-ਚਰਚਿਤ ਪੁਸਤਕ ‘ਰੌਸ਼ਨ ਦਿਮਾਗ: ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ’ ਬਾਰੇ ਕਈ ਅਹਿਮ ਖੁਲਾਸੇ ਕੀਤੇ ਹਨ ਕਿ ਫੈਡਰੇਸ਼ਨ ਆਗੂ ਹਰਮਿੰਦਰ ਸਿੰਘ ਸੰਧੂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘਾਂ ਦੀ ਇੱਕ ਗੁਪਤ ਖਾੜਕੂ ਜਥੇਬੰਦੀ ‘ਦਸ਼ਮੇਸ਼ ਰੈਜਮੈਂਟ’ ਬਣਾਈ ਹੋਈ ਸੀ। 
ਜਿਸਦੇ ਮਕਸਦ ਬਾਰੇ ਕਿਤਾਬ ਵਿਚ ਇਵੇਂ ਲਿਖਿਆ ਹੈ: ‘ਫੈਡਰੇਸ਼ਨ ਦੀ ਅਗਵਾਈ ਵਾਲਾ ਇਹ ਜੁਝਾਰੂ ਵਿੰਗ ਬੰਬ ਧਮਾਕੇ ਅਤੇ ਹੋਰ ਹਿੰਸਕ ਕਾਰਵਾਈਆਂ ਦੀ ਜਿੰਮੇਵਾਰੀ ਭਾਈ ਸਰਦੂਲ ਸਿੰਘ ਦੇ ਨਕਲੀ ਨਾਮ ਹੇਠ ਲਿਆ ਕਰਨਗੇ’ (ਪੰਨਾ: 63)
ਫੈਡਰੇਸ਼ਨ ਦੇ ਇਹ ਸਾਰੇ ਜੁਝਾਰੂ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਅੰਦਰ ਹੀ ਰਹਿੰਦੇ ਸਨ ਅਤੇ ਇੱਥੋਂ ਵਾਰਦਾਤਾਂ ਕਰਕੇ ਵਾਪਿਸ ਉਥੇ ਹੀ ਆ ਜਾਂਦੇ ਸਨ।
ਇਸ ਬਾਰੇ ਹੋਰ ਜਾਣਕਾਰੀ ਇਸੇ ਕਿਤਾਬ ਦੇ ਵੱਖ-ਵੱਖ ਪੰਨਿਆਂ ‘ਤੇ ਵੱਖ-ਵੱਖ ਸਿਰਲੇਖਾਂ ਹੇਠ ਇਵੇਂ ਦਰਜ ਕੀਤੀ ਗਈ ਹੈ: 
‘ਕਾਮਰੇਡਾਂ ਦੀ ਸੁਧਾਈ: ਕਾਲਿਜਾਂ ਵਿਚ ਕਾਮਰੇਡ ਜਥੇਬੰਦੀਆਂ ਨਾਲ ਸਬੰਧਤ ਸਿੱਖ ਨੌਜਵਾਨਾਂ ‘ਤੇ ਹਮਲੇ ਕਰਨੇ, ਤਾਂ ਕਿ ਦਹਿਸ਼ਤ ਨਾਲ ਸਟੂਡੈਂਟ ਆਪਣੀਆਂ ਯੂਨੀਅਨਾਂ ਬੰਦ ਕਰ ਦੇਣ’ (ਪੰਨਾ: 29)
ਹਿੰਸਕ ਪ੍ਰਤੀਕਰਮ: ਸੰਤਾਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਜਲੰਧਰ ਦੇ ਇੱਕ ਬਜ਼ਾਰ ਵਿਚ 4 ਹਿੰਦੂ ਮਾਰਨੇ ਅਤੇ 12 ਜ਼ਖਮੀ ਕਰਨੇ’ (ਪੰਨਾ:60)
‘ਬੰਬ ਧਮਾਕੇ: 6-10 ਅਕਤੂਬਰ, 1981 ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ 10 ਬੰਬ ਧਮਾਕੇ ਕੀਤੇ ਗਏ, ਇਸ ਦੌਰਾਨ 2 ਪੁਲਿਸ ਕਰਮਚਾਰੀ, 3 ਨਿਰੰਕਾਰੀ ਤੇ 17 ਹੋਰ ਵਿਅਕਤੀਆਂ ਦੀ ਮੌਤ ਹੋਈ ਅਤੇ 26 ਜ਼ਖਮੀ ਹੋਏ, 4 ਰੇਲਵੇ ਲਾਈਨਾਂ ਤੋੜ ਕੇ ਰੇਲ ਗੱਡੀਆਂ ਉਲਟਾਉਣ ਦੀ ਕੋਸ਼ਿਸ਼ ਕੀਤੀ ਗਈ’ (ਪੰਨਾ: 64), 
‘26 ਜਨਵਰੀ ਦੇ ਐਕਸ਼ਨ:
26 ਜਨਵਰੀ, 1983 ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਕਈ ਬੰਬ ਧਮਾਕੇ ਕੀਤੇ ਗਏ’ (ਪੰਨਾ: 92)
ਹੋਰ ਐਕਸ਼ਨ:
ਜਲੰਧਰ ਦੀ ਦੈਨਿਕ ਪ੍ਰਤਾਪ ਅਖ਼ਬਾਰ ਦੇ ਦਫਤਰ ਵਿਚ ਬੰਬ ਧਮਾਕੇ ਨਾਲ ਦੋ ਹਿੰਦੂ ਮੁਲਾਜ਼ਮ ਮਰੇ’ (ਪੰਨਾ: 103)
‘ਐਸ ਐਸ ਪੀ ਡੀ ਆਰ ਭੱਟੀ ‘ਤੇ ਹਮਲਾ’ (ਪੰਨਾ: 109)
‘ਬੁੱਚੜ ਥਾਣੇਦਾਰ ਬਿਛੂ ਰਾਮ ਦੀ ਸੁਧਾਈ’ (ਪੰਨਾ: 136)
ਦਿੱਲੀ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਮਨਚੰਦਾ ਦਾ ਕਤਲ: ਫੈਡਰੇਸ਼ਨ ਆਗੂ ਗੁਰਿੰਦਰ ਸਿੰਘ ਭੋਲਾ, ਵਿਰਸਾ ਸਿੰਘ ਵਲਟੋਹਾ ਤੇ ਅਮਰਜੀਤ ਸਿੰਘ ਚਾਵਲਾ ਨੇ ਦਿੱਲੀ ਜਾ ਕੇ ਕਤਲ ਕੀਤਾ’ (ਪੰਨਾ: 162)
‘ਭਾਜਪਾ ਐਮ ਅੇਲ ਏ, ਹਰਬੰਸ ਲਾਲ ਖੰਨਾ ਦਾ ਕਤਲ’ (ਪੰਨਾ: 164), ‘ਕਾਂਗਰਸੀ ਐਮ ਪੀ ਵਿਸ਼ਵ ਨਾਥ ਤਿਵਾੜੀ ਦਾ ਚੰਡੀਗੜ੍ਹ ਕਤਲ: ਇਹ ਕਤਲ ਹਰਮਿੰਦਰ ਸੰਧੂ ਦੇ ਪਿਸਤੌਲ ਨਾਲ ਕੀਤਾ ਗਿਆ’ (ਪੰਨਾ: 166)
‘ਹਿੰਦ ਸਮਾਚਾਰ ਅਖ਼ਬਾਰ ਦੇ ਸੰਪਾਦਕ ਰਮੇਸ਼ ਚੰਦਰ ਦਾ ਕਤਲ’ (ਪੰਨਾ: 183)
ਇਸੇ ਕਿਤਾਬ ਦੇ ਪੰਨਾ 164 ਅਨੁਸਾਰ ਹਰਬੰਸ ਲਾਲ ਖੰਨਾ, ਵਿਸ਼ਵ ਨਾਥ ਤਿਵਾੜੀ, ਐਡੀਟਰ ਰਮੇਸ਼ ਚੰਦਰ ਆਦਿ ਵਰਗੇ ਅਹਿਮ ਰਾਜਸੀ ਕਤਲਾਂ ਨਾਲ ਦੇਸ਼ ਭਰ ਵਿਚ ਕੁਹਰਾਮ ਮਚ ਉਠਿਆ ਸੀ, ਜਿਸ ਤੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬੇਹੱਦ ਪ੍ਰੇਸ਼ਾਨ ਹੋ ਗਈ ਸੀ…।
ਸੰਤ ਭਿੰਡਰਾਂਵਾਲਿਆਂ ਵਲੋਂ ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ‘ਤੇ ਆਉਣ ਤੋਂ ਬਾਅਦ ਪੰਜਾਬ ਭਰ ਵਿਚ ਹਿੰਸਕ ਕਾਰਵਾਈਆਂ ਦਾ ਇੱਕ ਜਬਰਦਸਤ ਦੌਰ ਚੱਲ ਪਿਆ ਸੀ, ਜਿਸ ਨਾਲ ਧਰਮ ਯੁੱਧ ਮੋਰਚਾ ਵੀ ਅਕਾਲੀਆਂ ਹੱਥੋਂ ਨਿਕਲ਼ ਚੁੱਕਾ ਸੀ।
ਜਿਹੜੇ ਲੋਕ ਅਜੇ ਵੀ ਉਹੀ ਗੱਲਾਂ ਵਾਰ-ਵਾਰ ਦੁਹਰਾਈ ਜਾ ਰਹੇ ਹਨ ਕਿ ਹਿੰਸਕ ਕਾਰਵਾਈਆਂ ਪਿੱਛੇ ਸਰਕਾਰੀ ਏਜੰਸੀਆਂ ਦਾ ਹੱਥ ਸੀ, ਉਨ੍ਹਾਂ ਨੂੰ ‘ਰੌਸ਼ਨ ਦਿਮਾਗ: ਹਰਮਿੰਦਰ ਸਿੰਘ ਸੰਧੂ’ ਜਰੂਰ ਵਾਰ-ਵਾਰ ਪੜ੍ਹਨ ਦੀ ਲੋੜ ਹੈ।
ਜੋ ਹਾਲਾਤ ਪੰਜਾਬ ਵਿਚ ਅਕਤੂਬਰ, 1983 ਦੇ ਢਿੱਲਵਾਂ ਕਾਂਡ (ਜਿਸ ਵਿਚ ਖਾੜਕੂਆਂ ਸੁਰਿੰਦਰ ਸੋਢੀ, ਜਨਰਲ ਲਾਭ ਸਿੰਘ, ਸੁੱਖਾ ਕੱਕੜਾਂ, ਤੋਚੀ ਮਜ਼੍ਹਬੀ ਆਦਿ ਨੇ 6 ਹਿੰਦੂ ਇੱਕ ਬੱਸ ਵਿਚੋਂ ਉਤਾਰ ਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ, (ਹਵਾਲਾ ਕਿਤਾਬ: ਰਿਵਰਜ਼ ਆਨ ਫਾਇਰ-ਲੇਖਕ ਜਗਤਾਰ ਸਿੰਘ ਸੀਨੀਅਰ ਪੱਤਰਕਾਰ) ਤੋਂ ਬਾਅਦ ਬਣ ਗਏ ਸਨ, ਉਨ੍ਹਾਂ ਮੁਤਾਬਿਕ ਜੇ ਸਰਕਾਰ ਵਲੋਂ ਕੀਤੀ ਫੌਜੀ ਕਾਰਵਾਈ ਗਲਤ ਸੀ ਤਾਂ ਕੀ ਸਿੱਖ ਕਦੇ ਸੋਚਣਗੇ ਕਿ ਫਿਰ ਕੀ ਕੀਤਾ ਜਾਣਾ ਚਾਹੀਦਾ ਸੀ? 
ਜ਼ਰਾ ਸੋਚੋ! ਜੇ ਸਿੱਖਾਂ ਦਾ ਰਾਜ ਹੋਵੇ ਅਤੇ ਉਸ ਰਾਜ ਵਿਚ ਇਸ ਤਰ੍ਹਾਂ ਦਿਨ-ਦਿਹਾੜੇ ਰੋਜ਼ਾਨਾ ਲਗਾਤਾਰ ਕਤਲ ਹੁੰਦੇ ਹੋਣ ਤਾਂ ਸਾਡੀ ਖਾਲਸਾ ਸਰਕਾਰ ਕੀ ਕਾਰਵਾਈ ਕਰੇਗੀ?
ਸ. ਅਜਮੇਰ ਸਿੰਘ ਇੱਕ ਜਗ੍ਹਾ ਕਹਿੰਦੇ ਹਨ ਕਿ ਸਿੱਖਾਂ ਨੇ ਭਾਰਤੀ ਸੰਵਿਧਾਨ ਦੀ ਗੁਲਾਮੀ ਕਬੂਲ ਕਰ ਲਈ ਹੈ, ਕੀ ਬਾਕੀ ਸਾਰੀ ਦੁਨੀਆਂ ਵਿਚ ਵਸਦੇ ਸਿੱਖਾਂ ਨੇ ਵੀ ਉਥੇ ਦੇ ਕਨੂੰਨਾਂ ਦੀ ਗੁਲਾਮੀ ਨਹੀਂ ਕਬੂਲੀ ਹੋਈ?
ਕੀ ਖਾਲਿਸਤਾਨ ਵਿੱਚ ਕੋਈ ਕਾਨੂੰਨ ਜਾਂ ਸੰਵਿਧਾਨ ਨਹੀਂ ਹੋਵੇਗਾ?
ਕੀ ਖਾਲਿਸਤਾਨ ਵਿੱਚ ਸੰਵਿਧਾਨ ਮੰਨਣ ਵਾਲ਼ੇ ਗੁਲਾਮ ਹੋਣਗੇ?
ਕੀ ਉੱਥੇ ਸੰਵਿਧਾਨ ਪਾਲਣ ਵਾਲਿਆਂ ਨੂੰ ਗੁਲਾਮ ਕਿਹਾ ਜਾਇਆ ਕਰੇਗਾ? 
ਕੀ ਖਾਲਿਸਤਾਨ ਵਿੱਚ ਸਰਕਾਰ ਬੇਗੁਨਾਹ ਲੋਕਾਂ ਦੇ ਕਾਤਲਾਂ, ਅਪਰਾਧੀਆਂ ਨੂੰ ਗੁਰਦੁਆਰਿਆਂ ਵਿੱਚ ਬਿਠਾ ਕੇ ਸ਼ਹਿ ਦਿਆ ਕਰੇਗੀ?
ਜੇ ਖਾਲਿਸਤਾਨ ਵਿੱਚ ਖਾਲਸੇ 1983-84 ਵਾਂਗ ਹਰਿਮੰਦਰ ਸਾਹਿਬ, ਅਕਾਲ ਤਖ਼ਤ ‘ਤੇ ਕਬਜ਼ਾ ਕਰਕੇ ਕਤਲੇਆਮ ਮਚਾ ਦੇਣਗੇ ਤਾਂ ਕੀ ਖਾਲਿਸਤਾਨ ਦੀ ਪੁਲਿਸ ਜਾਂ ਮਿਲਟਰੀ ਹਮਲਾ ਕਰੇਗੀ ਜਾਂ ਕਹੇਗੀ ਕਿ ਤੁਹਾਡਾ ਹੁਣ ਰਾਜ ਹੈ, ਜਿੱਥੇ ਮਰਜ਼ੀ ਕਬਜ਼ੇ ਕਰੋ, ਲੋਕਾਂ ਦੇ ਕਤਲ ਕਰੋ, ਲੁੱਟਾਂ-ਖੋਹਾਂ ਕਰੋ, ਡਾਕੇ ਮਾਰੋ?
ਜਿਸ ਦਿਨ ਸਿੱਖ ਸਮਾਜ ਅਜਿਹੇ ਸਵਾਲਾਂ ਦੇ ਜਵਾਬ ਲੱਭਣ ਵਿਚ ਸਫਲ ਹੋ ਗਈ, ਸਮਝੋ ਸਾਡੇ ਬਹੁਤੇ ਮਸਲੇ ਹੱਲ ਜਾਣਗੇ....?

ਸਿੱਖ ਕੌਮ ਦੇ ਰਾਜਸੀ ਨਿਸ਼ਾਨੇ ਦੇ ਭੰਬਲਭੂਸੇ ਵਿੱਚ ਫਸੇ ‘ਚ ਸਿੱਖ ਵਿਦਵਾਨਾਂ ਤੇ ਲੀਡਰਾਂ ਦੀ ਦੁਬਿਧਾ!
ਸਿੱਖਾਂ ਦੇ ਵੱਖ-ਵੱਖ ਰਾਜਸੀ ਨਿਸ਼ਾਨੇ: 
ਖਾਲਸਾ ਰਾਜ, ਹਲੇਮੀ ਰਾਜ, ਸਿੱਖ ਰਾਜ, ਭਾਰਤ ‘ਚ ਸਿੱਖਾਂ ਲਈ ਵੱਖਰਾ ਖਿੱਤਾ, ਸਿੱਖ ਸੂਬਾ, ਪੰਜਾਬੀ ਸੂਬਾ, ਅਨੰਦਪੁਰ ਦਾ ਮਤਾ, ਪੂਰਨ ਅਜ਼ਾਦੀ, ਅੰਮ੍ਰਿਤਸਰ ਐਲਾਨਨਾਮਾ …… ?
ਜਥੇਦਾਰ ਟੌਹੜਾ ਨੇ 1994 ਵਿੱਚ ਪੱਛਮ ਤੋਂ ਦੁਨਿਆਵੀ ਵਿਦਿਆ ਪੜ੍ਹ ਕੇ ਆਏ, ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ ਕੋਲ਼ੋਂ ‘ਅਨੰਦਪੁਰ ਦੇ ਮਤੇ’ ਵਰਗਾ ਇੱਕ ਹੋਰ ਦੋਹਰੇ ਅਰਥਾਂ ਵਾਲ਼ਾ ਦਸਤਾਵੇਜ ਤਿਆਰ ਕਰਵਾ ਲਿਆ ਅਤੇ ਅਕਾਲ ਤਖਤ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਕੋਲ਼ੋਂ ਉਸਨੂੰ ‘ਅੰਮ੍ਰਿਤਸਰ ਐਲਾਨਾਮੇ’ ਦੇ ਰੂਪ ਵਿੱਚ ਜਾਰੀ ਕਰਵਾ ਦਿੱਤਾ।
ਫਿਰ ਦੇਸ਼ ਭਰ ਵਿੱਚ ਇਸ ਐਲਾਨਨਾਮੇ ਦੇ ਵੱਖਵਾਦੀ ਤੇ ਦੇਸ਼ ਵਿਰੋਧੀ ਹੋਣ ਦਾ ਰੌਲ਼ਾ ਪੈਣ ਤੋਂ ਹਫਤੇ ਦੇ ਅੰਦਰ-ਅੰਦਰ ਜਥੇਦਾਰ ਅਕਾਲ ਤਖਤ, ਜਥੇਦਾਰ ਟੌਹੜਾ ਤੇ ਸਿਮਰਨਜੀਤ ਮਾਨ ਤੋਂ ਬਿਨਾਂ ਬਾਦਲ, ਬਰਨਾਲਾ, ਤਲਵੰਡੀ, ਕੈਪਟਨ ਸਮੇਤ ਤਕਰੀਬਨ ਸਾਰੇ ਹਸਤਾਖਰੀ ਮਤੇ ਤੋਂ ਇਨਕਾਰੀ ਹੋ ਗਏ।
ਜਿਸਦਾ ਮੁੱਖ ਕਾਰਨ ਸੀ ਕਿ ਮਤੇ ਦੇ ਅਖੀਰ ਵਿੱਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਹਿੰਦੁਸਤਾਨੀ ਹਾਕਮਾਂ ਨੇ ਦੇਸ਼ ਲਈ ‘ਕਨਫੈਡਰਲ’ ਢਾਂਚੇ ਨੂੰ ਪ੍ਰਵਾਨ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ਼ ‘ਵੱਖਰੇ ਖੁਦਮੁਖਤਾਰ ਰਾਜ’ ਦੀ ਸਥਾਪਨਾ ਲਈ ਸੰਘਰਸ਼ ਕਰਨ ਤੋਂ ਬਿਨਾਂ ਕੋਈ ਰਸਤਾ ਨਹੀਂ ਰਹਿ ਜਾਵੇਗਾ। 
ਹੁਣ ਸਾਫ ਜਾਹਰ ਹੈ ਕਿ ਜੇਕਰ ਦਸਤਾਵੇਜ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਜੇ ਦੇਸ਼ ਦੀਆਂ ਵੱਖ-ਵੱਖ ਸਭਿਅਚਾਰਕ ਇਕਾਈਆਂ ਨੂੰ ਸਹੀ ਲੀਹਾਂ ‘ਤੇ ਖੁਦਮੁਖਤਾਰ ਅਧਿਕਾਰ ਨਾ ਦਿੱਤੇ ਗਏ ਤਾਂ ਦੇਸ਼ ਦਾ ਕੇਂਦਰੀਕ੍ਰਿਤ ਰਾਜਨੀਤਕ ਢਾਂਚਾ ਕਾਇਮ ਨਹੀਂ ਰਹਿ ਸਕੇਗਾ। ਅਜਿਹੀ ਸਥਿਤੀ ਵਿੱਚ ਵੱਖ-ਵੱਖ ਸਭਿਆਚਾਰਕ ਇਕਾਈਆਂ ਆਪਣੀ ਅਜ਼ਾਦ ਸਿਆਸੀ ਹੋਂਦ ਦੀ ਰਾਖੀ ਵਾਸਤੇ ਲੜਨ ਲਈ ਮਜਬੂਰ ਹੋ ਜਾਣਗੀਆਂ। ਇਸ ਨਾਲ਼ ਸ਼ਾਇਦ ਭਾਰਤ ਵਿੱਚ ਵਸਦੀਆਂ ਵੱਖ-ਵੱਖ ਕੌਮਾਂ ਨਾਲ਼ ਸਾਂਝਾ ਮੁਹਾਜ ਬਣਾ ਕੇ ਲੜਨ ਲਈ ਕੋਈ ਰਾਹ ਖੁੱਲ੍ਹ ਜਾਂਦਾ।
ਪਰ ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ ਵਲੋਂ ਲਿਖੇ ‘ਅੰਮ੍ਰਿਤਸਰ ਐਲਾਨਨਾਮੇ’ ਨੂੰ ਸਾਰੀ ਲਡਿਰਸ਼ਿਪ ਨੇ ਬਿਨਾਂ ਪੜ੍ਹੇ, ਉਸੇ ਤਰ੍ਹਾਂ ਸਾਈਨ ਕਰ ਦਿੱਤਾ ਸੀ, ਜਿਵੇਂ ਕਦੇ ਸਿਰਦਾਰ ਕਪੂਰ ਸਿੰਘ ਦੇ 1973 ਦੇ ਮਤੇ ਦੇ ‘ਸਿੱਖਾਂ ਦੇ ਬੋਲ-ਬਾਲੇ’ ਵਾਲ਼ੇ ਮਤੇ ‘ਤੇ ਬਿਨਾਂ ਪੜ੍ਹੇ ਸਾਈਨ ਕਰ ਦਿੱਤੇ ਸਨ ਅਤੇ ਕੁੱਝ ਦਿਨਾਂ ਬਾਅਦ ਹੀ ਸਾਰੀ ਲੀਡਰਸ਼ਿਪ ਮਤੇ ਤੋਂ ਵੱਖ ਹੋ ਗਈ ਸੀ, ਇਸਨੂੰ ਠੰਡੇ ਬਸਤੇ ਪਾ ਦਿੱਤਾ ਸੀ। ਫਿਰ ਇਸਨੂੰ 1978 ਵਿੱਚ ਸੋਧ ਕਰਕੇ ‘ਧਰਮ ਯੁੱਧ ਮੋਰਚੇ’ ਦਾ ਹਿੱਸਾ ਬਣਾਇਆ ਗਿਆ ਸੀ।
‘ਨੇੜਿਓਂ ਡਿੱਠੇ ਸੰਤ ਭਿੰਡਰਾਂਵਾਲੇ’ ਕਿਤਾਬ ਦੇ ਪੰਨਾ 168 ‘ਤੇ ਇੱਕ ਚੈਪਟਰ ‘ਕੁੰਜੀਵਤ ਭਾਸ਼ਣ ਸਿੱਖ ਸੰਮੇਲਨ ਲੁਧਿਆਣਾ’ ਵਿੱਚ ਪੱਤਰਕਾਰ ਦਲਬੀਰ ਸਿੰਘ ਦਾ ਲੈਕਚਰ ਸ਼ਾਮਿਲ ਕੀਤਾ ਗਿਆ ਹੈ। ਇਹ ਲੈਕਚਰ ਸ. ਦਲਬੀਰ ਸਿੰਘ ਵਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਿਜ ਲੁਧਿਆਣਾ ਵਿੱਚ 31 ਅਗਸਤ, 1988 ਨੂੰ ਦਿੱਤਾ ਗਿਆ ਸੀ।
ਦਲਬੀਰ ਸਿੰਘ ਆਪਣੇ ਭਾਸ਼ਣ ਵਿੱਚ ਆਖਦੇ ਹਨ: ‘ਕਿਸੇ ਵੀ ਸੰਘਰਸ਼ ਦੀ ਕਾਮਯਾਬੀ ਦੀ ਬੁਨਿਆਦ ਉਸਨੂੰ ਪ੍ਰਾਪਤ ਜਨਤਕ ਹਮਾਇਤ ਤੋਂ ਹੁੰਦੀ ਹੈ। ਉਹ ਹਮਾਇਤ ਸਿੱਖ ਜਗਤ ਵਲੋਂ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ‘ਧਰਮ ਯੁੱਧ ਮੋਰਚੇ’ ਨੂੰ ਮਿਲ਼ੀ। ਸਿੱਖ ਲੀਡਰਸ਼ਿਪ ਦੀ ਰਾਜਨੀਤਕ ਸੂਝ-ਬੂਝ ਦੀ ਘਾਟ, ਨਵੀਨਤਮ ਢੰਗ ਤਰਕਿਆਂ ਵਿੱਚ ਅੱਲੜਪਨ ਅਤੇ ਹਾਕਮ ਸ਼੍ਰੇਣੀ ਦੀ ਉਲਟੀ ਤੇ ਮਕਾਰੀ ਭਰੀ ਸੋਚ ਨੂੰ ਸਮਝਦਾਰੀ ਨਾਲ਼ ਜਵਾਬ ਦੇਣ ਦੀ ਅਸਫਲਤਾ ਤੋਂ ਵੱਧ ਲਾਲਚ ਤੇ ਹਉਮੈ ਵੱਸ ਹੋ ਕੇ ਵਿਚਰਨ ਦੀ ਰੁਚੀ ਨੇ ਸਿੱਖ ਸੰਘਰਸ਼ ਨੂੰ ਔਝੜੇ ਰਾਹ ਪਾਈ ਰੱਖਿਆ।
ਹਾਕਮ ਸ਼੍ਰੇਣੀ ਤੇ ਦਿੱਲੀ ਦਰਬਾਰ ਦਾ ਇਹ ਪੂਰਾ ਤਾਣ ਲੱਗਿਆ ਹੋਇਆ ਸੀ ਕਿ ਸਿੱਖਾਂ ਦੇ ਹੱਕੀ ਸੰਘਰਸ਼ ਨੂੰ ਦੇਸ਼ ਵਿਰੋਧੀ ਅੱਤਵਾਦੀ, ਵੱਖਵਾਦੀ ਸਿੱਧ ਕੀਤਾ ਜਾਵੇ। ਸਿੱਖ ਆਗੂਆਂ ਦੇ ਇੱਕ ਵੱਡੇ ਹਿੱਸੇ ਨੇ ਆਪ ਕੁੱਝ ਅਜਿਹੇ ਢੰਗ ਤਰੀਕੇ ਅਪਨਾਏ ਕਿ ਉਹ ਦੁਸ਼ਮਣ ਦੀ ਚਾਲ ਵਿੱਚ ਮੋਹਰੇ ਬਣ ਗਏ…।
…ਇਸੇ ਕੁੰਜੀਵਤ ਭਾਸ਼ਨ ਵਿੱਚ ਉਹ ਇੱਕ ਥਾਂ ਕਹਿੰਦੇ ਹਨ: ‘ਇੱਕ ਫਿਰਕੇ ਦੇ ਢਿੱਲਵਾਂ ਤੇ ਨੁਸ਼ਹਿਰਾ ਪੰਨੂੰਆਂ ਵਿਖੇ ਹੋਏ ਕਤਲਾਂ ਦੀ ਜ਼ਿੰਮੇਵਾਰੀ ਅੱਜ ਤੱਕ ਸਿੱਧ ਨਹੀਂ ਹੋ ਸਕੀ। ਸਿੱਖ ਵਿਰੋਧੀ ਫਿਰਕਾਪ੍ਰਸਤ, ਸਰਕਾਰੀ ਪ੍ਰਬੰਧਕਾਂ ਨੇ ਆਪਣੀ ਸਿੱਖ ਦੁਸ਼ਮਣੀ ਨੂੰ ਪੁਗਾਉਣ ਲਈ ਪੂਰੀ ਮਕਾਰੀ, ਸ਼ਾਤਰਾਨਾ ਢੰਗ ਨਾਲ਼ ਵਰਤੀ।’
ਬੇਸ਼ਕ ਇਨ੍ਹਾਂ ਘਟਨਾਵਾਂ ਬਾਰੇ ਸ. ਦਲਬੀਰ ਸਿੰਘ ਹੋਰਾਂ ਨੂੰ ਨਿੱਜੀ ਜਾਣਕਾਰੀ ਦੇ ਅਧਾਰ ‘ਤੇ 1983 ਤੋਂ ਹੀ ਪਤਾ ਸੀ ਕਿ ਕਿਨ੍ਹਾਂ ਨੇ ਕੀਤੀਆਂ ਸਨ ਅਤੇ ਜਿਸਦਾ ਜ਼ਿਕਰ ਆਪਣੀ ਇਸੇ ਕਿਤਾਬ ਵਿੱਚ ਵੀ ਕੀਤਾ ਹੈ ਅਤੇ ਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ ‘ਬਲਦੇ ਦਰਿਆਵਾਂ ਦੀ ਕਹਾਣੀ’ ਵਿੱਚ ਕਤਲ ਕਰਨ ਵਾਲ਼ਿਆਂ ਵਿੱਚੋਂ ਇੱਕ ਖਾੜਕੂ ਨੇ ਆਪਣੇ ਸਮੇਤ ਸਾਰੇ ਨਾਮ ਨਸ਼ਰ ਕਰ ਦਿੱਤੇ ਸਨ।
ਫਿਰ ਵੀ ਇਹ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਬੇਗੁਨਾਹਾਂ ਦੇ ਕਤਲ ਖਾੜਕੂਆਂ ਨੇ ਨਹੀਂ, ਏਜੰਸੀਆਂ ਨੇ ਕਰਾਏ ਸਨ। ਦੂਜੇ ਪਾਸੇ ਇਹ ਮੰਨਣ ਲਈ ਵੀ ਤਿਆਰ ਨਹੀਂ ਕਿ ਮਾਰਨ ਵਾਲ਼ੇ ਖਾੜਕੂ ਏਜੰਸੀਆਂ ਦੇ ਬੰਦੇ ਸਨ?
ਇਸ ਕੁੰਜੀਵਤ ਭਾਸ਼ਨ ਵਿੱਚ ਸ. ਦਲਬੀਰ ਸਿੰਘ ਇਹ ਗੱਲ ਭੁੱਲ ਜਾਂਦੇ ਹਨ ਕਿ ਢਿੱਲਵਾਂ ਕਾਂਡ ਤੋਂ ਅਗਲੇ ਦਿਨ ਜਦੋਂ ਉਹ ਸੰਤ ਭਿੰਡਰਾਂਵਾਲ਼ੇ ਨੂੰ ਬਠਿੰਡੇ ਤੋਂ ਮਿਲਣ ਗਏ ਸਨ ਤਾਂ ਉਨ੍ਹਾਂ ਨੇ ਦਲਬੀਰ ਸਿੰਘ ਨੂੰ ਉਪਰ ਕਮਰੇ ਵਿੱਚ ਲਿਜਾ ਕੇ ਜਦੋਂ ਸਲਾਹ ਮੰਗੀ ਸੀ ਕਿ ਹੁਣ ਪੱਤਰਕਾਰਾਂ ਨੂੰ ਢਿਲਵਾਂ ਕਾਂਡ ਬਾਰੇ ਜਵਾਬ ਕੀ ਦੇਈਏ, ਤਾਂ ਉਨ੍ਹਾਂ ਨੇ ਸੰਤਾਂ ਨੂੰ ਕਿਸ ਕਿਸਮ ਦੀ ਸਲਾਹ ਦਿੱਤੀ ਸੀ। ਜਿਸ ਬਾਰੇ ਉਨ੍ਹਾਂ ਆਪ ਹੀ ਆਪਣੀ ਕਿਤਾਬ ‘ਨੇੜਿਉਂ ਡਿੱਠੇ ਸੰਤ ਭਿੰਡਰਾਂਵਾਲ਼ੇ’ ਵਿੱਚ ਵਿਸਥਾਰ ਨਾਲ਼ ਲਿਖਿਆ ਹੋਇਆ ਹੈ।
ਉਨ੍ਹਾਂ ਸੰਤਾਂ ਨੂੰ ਕਿਹਾ ਸੀ ਕਿ ਅਸੀਂ ਸਾਰੇ ਦਰਬਾਰਾ ਸਿੰਘ ਦੀ ਸਰਕਾਰ ਡੇਗਣਾ ਚਾਹੁੰਦੇ ਸੀ, ਸਾਡਾ ਕੰਮ ਹੋ ਗਿਆ। ਹੁਣ ਪੱਤਰਕਾਰਾਂ ਨੂੰ ਜੋ ਮਰਜ਼ੀ ਕਹਿ ਦਿਓ। 
ਸਿੱਖ ਵਿਦਵਾਨ ਡਾ. ਗੁਰਭਗਤ ਸਿੰਘ, ਸ. ਅਜਮੇਰ ਸਿੰਘ, ਸ. ਹਰਿੰਦਰ ਸਿੰਘ ਮਹਿਬੂਬ, ਪੱਤਰਕਾਰ ਕਰਮਜੀਤ ਸਿੰਘ, ਡਾ ਅਮਰਜੀਤ ਸਿੰਘ, ਗੁਰਤੇਜ ਸਿੰਘ ਆਦਿ ਆਪਣੀਆਂ ਲਿਖਤਾਂ ਵਿੱਚ ਜੂਨ 84 ਅਤੇ ਨਵੰਬਰ 84 ਦੀਆਂ ਘਟਨਾਵਾਂ ਦੇ ਹਵਾਲੇ ਨਾਲ਼ ਯਹੂਦੀਆਂ ਦੀ ਨਸਲਕੁਸ਼ੀ ਦੀ ਗੱਲ ਵਾਰ-ਵਾਰ ਕਰਦੇ ਹਨ। ਉਹ 1984 ਦੀਆਂ ਘਟਨਾਵਾਂ ਨੂੰ ਯਹੂਦੀਆਂ ਦੀ ਨਸਲਕੁਸ਼ੀ ਦੇ ਬਰਾਬਰ ਜਾਂ ਉਸ ਤੋਂ ਵੀ ਵੱਧ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।
ਜੇ ਕਦੇ ਸਾਡੇ ਵਿਦਵਾਨ ਯਹੂਦੀਆਂ ਤੇ ਹੋਰ ਕੌਮਾਂ ਦੀਆਂ ਇਤਿਹਾਸ ਵਿੱਚ ਹੋਈਆਂ ਨਸਲਕੁਸ਼ੀਆਂ ਨੂੰ ਪੜ੍ਹ ਲੈਣ ਤਾਂ ਉਹ ਆਪ ਹੀ ਸ਼ਰਮ ਮਹਿਸੂਸ ਕਰਨਗੇ? ਇਸਦਾ ਮਤਲਬ ਇਹ ਨਹੀਂ ਕਿ ਅਸੀਂ 1984 ਦੇ ਸਿੱਖ ਕਤਲੇਆਮ ਨੂੰ ਛੁਟਿਆਣਾ ਜਾਂ ਘਟਾ ਕੇ ਪੇਸ਼ ਕਰਨਾ ਚਾਹੁੰਦੇ ਹਾਂ, ਬੇਗੁਨਾਹ ਕਿਤੇ ਵੀ ਮਰਨ, ਉਸਦਾ ਵਿਰੋਧ ਹੋਣਾ ਚਾਹੀਦਾ ਹੈ ਤੇ ਸਭ ਨੂੰ ਬਰਾਬਰ ਇਨਸਾਫ ਮਿਲਣਾ ਚਾਹੀਦਾ ਹੈ।
ਪਰ ਦੁਨੀਆਂ ਵਿੱਚ ਵਾਪਰੇ ਨਸਲਘਾਤਾਂ ਨਾਲ਼ 84 ਦੀਆਂ ਘਟਨਾਵਾਂ ਦੀ ਤੁਲਨਾ ਕਦੇ ਵੀ ਨਹੀਂ ਹੋ ਸਕਦੀ?
ਯਹੂਦੀਆਂ ਨਾਲ਼ ਵਿਤਕਰਾ ਸਿਰਫ ਹਿਟਲਰ ਵਲੋਂ ਹੀ ਨਹੀਂ ਸ਼ੁਰੂ ਹੋਇਆ ਸੀ, ਉਨ੍ਹਾਂ ਦੀ ਨਸਲਕੁਸ਼ੀ ਤਾਂ 2 ਹਜ਼ਾਰ ਸਾਲ ਤੋਂ ਪੂਰੇ ਯੂਰਪ ਵਿੱਚ ਹੋ ਰਹੀ ਸੀ। ਹਿਟਲਰ ਦੇ 10 ਕੁ ਸਾਲ ਦੇ ਰਾਜ ਵਿੱਚ 60 ਲੱਖ ਯਹੂਦੀ ਮਾਰੇ ਗਏ ਸਨ। ਇਸ ਤੋਂ ਇਲਾਵਾ ਜੇ ਜ਼ਿਆਦਾ ਪਿਛੇ ਨਾ ਵੀ ਜਾਈਏ ਤਾਂ ਪਿਛਲੇ 100 ਕੁ ਸਾਲਾਂ ਵਿੱਚ ਦੁਨੀਆਂ ਅੰਦਰ ਜੋ ਵੱਡੇ ਨਸਲ਼ਘਾਤ ਹੋਏ ਹਨ, ਉਨ੍ਹਾਂ ਵਿੱਚ 1915 ਦੇ ਅਰਮੀਨੀਆ ਨਸਲਘਾਤ ਵਿੱਚ 15 ਲੱਖ ਬੰਦੇ ਮਰੇ, 1932 ਦੇ ਰੋਮਾਨੀਆਂ ਨਸਲਘਾਤ ਵਿੱਚ 5 ਲੱਖ ਬੰਦਾ ਮਰਿਆ, 1941-45 ਦੇ ਕਰੋਸ਼ੀਆ ਨਸਲਘਾਤ ਵਿੱਚ 5 ਲੱਖ ਬੰਦਾ ਮਰਿਆ, 1975 ਦੇ ਕੰਬੋਡੀਅਨ ਨਸਲਘਾਤ ਵਿੱਚ 25-30 ਲੱਖ ਬੰਦਾ ਮਰਿਆ, 1992-95 ਬੌਸਨੀਆ ਨਸਲਘਾਤ ਵਿੱਚ 25-30 ਲੱਖ ਬੰਦਾ ਮਰਿਆ, 1994 ਦੇ ਰਵਾਂਡਾ ਨਸਲਘਾਤ ਵਿੱਚ 8 ਲੱਖ ਬੰਦਾ ਮਰਿਆ, 2017 ਵਿੱਚ ਮਾਈਨਾਮਾਰ ਵਿੱਚ ਰੋਹੰਗੀਆ ਦਾ 50 ਹਜ਼ਾਰ ਬੰਦਾ ਮਾਰਿਆ ਗਿਆ।
ਇਸ ਤੋਂ ਇਲਾਵਾ ਹੋਰ ਵੀ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਵਿੱਚ ਲੱਖਾਂ ਲੋਕ ਮਾਰੇ ਗਏ। ਇਹ ਸਾਰੇ ਅੰਕੜੇ ਪੜ੍ਹ ਕੇ ਜਰਾ ਸੋਚੋ? ਕੀ ਸਿੱਖਾਂ ਦੇ ਹਾਲਾਤ ਪਿਛਲੇ 75 ਸਾਲਾਂ ਵਿੱਚ ਭਾਰਤ ਅੰਦਰ ਕਦੇ ਵੀ ਅਜਿਹੇ ਸਨ, ਜਿੱਥੇ ਸਿੱਖਾਂ ਦਾ ਕਿਤੇ ਯੋਜਨਾਬੱਧ ਢੰਗ ਨਾਲ਼ ਕਤਲੇਆਮ ਤਾਂ ਦੂਰ ਪ੍ਰਤੱਖ ਵਿਤਕਰਾ ਵੀ ਹੋਇਆ ਹੋਵੇ?
ਇਸਦੇ ਉਲਟ ਸਿੱਖ ਤਾਂ ਦੂਜੇ ਭਾਈਚਾਰਿਆਂ ਦੇ ਮੁਕਾਬਲੇ ਸਾਰੇ ਭਾਰਤ ਵਿੱਚ ਸਭ ਤੋਂ ਵੱਧ ਖੁਸ਼ਹਾਲ ਸਨ। ਅੱਜ ਵੀ ਅਸੀਂ ਗੁਲਾਮੀ ਤੇ ਵਿਤਕਰਿਆਂ ਦੇ ਜਿਤਨੇ ਮਰਜੀ ਵੱਡੇ-ਵੱਡੇ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰੀਏ, ਸਿੱਖ ਅੱਜ ਵੀ ਦੂਜੀਆਂ ਕੌਮਾਂ ਮੁਕਾਬਲੇ ਹਰ ਖੇਤਰ ਵਿੱਚ ਖੁਸ਼ਹਾਲ ਹਨ। ਇਸੇ ਕਰਕੇ ਸਿੱਖਾਂ ਵਿਚਲੇ ਛੋਟੇ ਜਿਹੇ ਸੈਕਸ਼ਨ ਵਲੋਂ ਸਿੱਖਾਂ ਲਈ ਵੱਖਰੇ ਅਜ਼ਾਦ ਸਿੱਖ ਰਾਜ ਦੀ ਮੰਗ ਨੂੰ ਆਮ ਸਿੱਖਾਂ ਨੇ ਕਦੇ ਵੀ ਸੀਰੀਅਸਲੀ ਨਹੀਂ ਲਿਆ, ਭਾਵੇਂ ਕਿ 84 ਦੀਆਂ ਘਟਨਾਵਾਂ ਤੋਂ ਬਾਅਦ ਸਿੱਖਾਂ ਵਿੱਚ ਇਨ੍ਹਾਂ ਘਟਨਾਵਾਂ ਤੇ ਸਰਕਾਰਾਂ ਪ੍ਰਤੀ ਗੁੱਸਾ ਹੈ ਕਿ ਉਨ੍ਹਾਂ ਨੂੰ ਬਣਦਾ ਇਨਸਾਫ ਨਹੀਂ ਮਿਲਿਆ। ਜੋ ਕਿ ਸਿੱਖਾਂ ਸਮੇਤ ਹਰ ਪੀੜ੍ਹਤ ਧਿਰ ਨੂੰ ਮਿਲਣਾ ਚਾਹੀਦਾ ਹੈ।
ਪਿਛਲੀ ਸਦੀ ਤੋਂ ਪਹਿਲਾਂ ਵੱਖ-ਵੱਖ ਕੌਮਾਂ, ਧਰਮਾਂ ਜਾਂ ਦੇਸ਼ਾਂ ਦੇ ਲੋਕਾਂ ਦੇ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਛੋਟੇ-ਵੱਡੇ ਰਾਜ ਸਨ। ਜਿਨ੍ਹਾਂ ਵਿਚੋਂ ਅੰਗਰੇਜਾਂ, ਫਰਾਂਸੀਸੀਆਂ, ਪੁਰਤਗਾਲੀਆਂ ਦੇ ਦੁਨੀਆਂ ਭਰ ਵਿੱਚ ਰਾਜ ਰਹੇ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਮੰਗੋਲਾਂ, ਮੁਗਲਾਂ, ਪਠਾਣਾਂ ਦਾ ਇੱਕ ਹਜਾਰ ਸਾਲ ਰਾਜ ਰਿਹਾ। ਔਟੌਮਨ ਇੰਪਾਇਰ ਮੁਸਲਮਾਨਾਂ ਦਾ ਵਿਸ਼ਾਲ ਰਾਜ ਸੀ। ਮਕਦੂਨੀਆਂ ਵਰਗੀ ਨਿੱਕੀ ਜਿਹੀ ਰਿਆਸਤ ਦੇ ਸਰਦਾਰ ਸਿਕੰਦਰ ਨੇ ਸਾਰੀ ਦੁਨੀਆਂ ਜਿੱਤ ਲਈ ਸੀ।
ਕੀ ਇਨ੍ਹਾਂ ਸਭ ਵਿੱਚੋਂ ਅੱਜ ਕੋਈ ਵੀ ਕੌਮ, ਇਹ ਕਲੇਮ ਕਰ ਸਕਦੀ ਹੈ ਕਿ ਸਾਡੇ ਪੁਰਖਿਆਂ ਦਾ ਰਾਜ ਫਲਾਨੇ ਖੇਤਰ ਵਿੱਚ ਸੀ, ਇਸ ਲਈ ਅੱਜ ਵੀ ਉਥੇ ਸਾਡਾ ਅਧਿਕਾਰ ਹੈ?
ਫਿਰ ਕੀ ਕੁੱਝ ਸਿੱਖ ਵਿਦਵਾਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਕਿਵੇਂ ਵੱਖਰੇ ਦੇਸ਼ ਦੀ ਮੰਗ ਇਸ ਅਧਾਰ ‘ਤੇ ਕਰ ਰਹੇ ਹਨ ਕਿ ਸਿੱਖਾਂ ਦਾ 200 ਸਾਲ ਪਹਿਲਾਂ ਪੰਜਾਬ ‘ਤੇ 40 ਕੁ ਸਾਲ ਰਾਜ ਰਿਹਾ ਸੀ, ਇਸ ਕਰਕੇ ਹੁਣ ਸਾਡਾ ਉਸ ਖਿੱਤੇ ਤੇ ਜੱਦੀ-ਪੁਸ਼ਤੀ ਰਾਜ ਕਰਨ ਦਾ ਅਧਿਕਾਰ ਹੈ?
ਕੀ ਅੰਗਰੇਜਾਂ ਨੂੰ ਹਿੰਦੁਸਤਾਨ ਛੱਡਦੇ ਵਕਤ ਸਿੱਖਾਂ ਨੂੰ ਸਤਲੁਜ ਤੋਂ ਪਿਸ਼ਾਵਰ ਤੱਕ ਪੰਜਾਬ ਦਾ ਰਾਜ ਇਸ ਅਧਾਰ ‘ਤੇ ਦੇ ਦੇਣਾ ਚਾਹੀਦਾ ਸੀ ਕਿ ਉਨ੍ਹਾਂ ਦੇ ਇੱਕ ਰਾਜੇ ਨੇ 13% ਸਿੱਖ ਵਸੋਂ ਹੋਣ ਦੇ ਬਾਵਜੂਦ 87% ਹਿੰਦੂਆਂ-ਮੁਸਲਮਾਨਾਂ ‘ਤੇ ਰਾਜ ਕੀਤਾ ਸੀ? 
ਕੀ ਇਸ ਕਰਕੇ ਸਿੱਖਾਂ ਨੂੰ ਰਾਜ ਵਾਪਿਸ ਮਿਲਣਾ ਚਾਹੀਦਾ ਸੀ ਕਿ ਅੰਗਰੇਜਾਂ ਨੇ 1849 ਵਿੱਚ ਪੰਜਾਬ ਦੀ ਸਲਤਨਤ ਮਹਾਰਾਜਾ ਦਲੀਪ ਸਿੰਘ ਤੋਂ ਹਥਿਆਈ ਸੀ?
ਸਾਡੇ ਇਸ ਕਿਸਮ ਦੇ ਗੈਰ-ਸਿਧਾਂਤਕ ਦਾਅਵਿਆਂ ਦੀ ਮਾਡਰਨ ਵਰਲਡ ਵਿੱਚ ਕਿਤਨੀ ਕੁ ਸਾਰਥਿਕਤਾ ਸਮਝੀ ਜਾ ਸਕਦੀ ਹੈ?
ਕੀ ਅਸੀਂ ਕਦੇ ਸਾਡੇ ਵਿਦਵਾਨਾਂ ਨੂੰ ਅਜਿਹੇ ਗੰਭੀਰ ਵਿਸ਼ਿਆਂ ਤੇ ਸਵਾਲ ਕਰਾਂਗੇ? 
ਅਜਿਹੀ ਵਿਚਾਰਧਾਰਕ ਅਸਪੱਸ਼ਟਤਾ ਸਿੱਖ ਵਿਦਵਾਨਾਂ ਵਿੱਚ ਆਮ ਹੀ ਦੇਖਣ ਨੂੰ ਮਿਲਦੀ ਹੈ, ਜੋ ਇਤਿਹਾਸ ਨੂੰ ਸਮੁੱਚਤਾ ਵਿੱਚ ਵਿਚਾਰ ਕੇ ਮਾਡਰਨ ਵਰਲਡ ਦੀਆਂ ਹਕੀਕਤਾਂ ਦੇ ਸੰਦਰਭ ਵਿੱਚ ਦੇਖਣ ਦਾ ਗੰਭੀਰ ਚਿੰਤਨ ਨਹੀਂ ਕਰਦੇ?
ਸਿੱਖਾਂ ਦੇ ਕੌਮੀ ਸੁਭਾਅ ਦੀਆਂ ਸਮੱਸਿਆਵਾਂ!
ਦਿਖਾਵੇਬਾਜੀ, ਫੁਕਰਾਪਨ, ਜਜਬਾਤੀਪੁਣਾ, ਬਹਾਦਰੀ ਦਾ ਹੰਕਾਰ, ਮਗਾਨ ਹੋਣ ਦਾ ਭਰਮ, ਹਿੰਸਾ ਆਦਿ ਸਾਡੇ ਡੀ ਐਨ ਏ ਵਿੱਚ ਹੈ। ਸਾਡੀ ਸੇਵਾ ਵੀ ਇਸੇ ਮਾਨਸਿਕਤਾ ਵਿੱਚੋਂ ਹੀ ਨਿਕਲਦੀ ਹੈ। ਅਸੀ ਆਪਣੇ ਉੱਪਰ ਦੱਸੇ ਕੌਮੀ ਸੁਭਾਅ ਦੇ ਗੁਣਾਂ/ਔਗੁਣਾਂ ਕਰਕੇ ਜੋ ਕੁਝ ਵੀ ਕਰਦੇ ਹਾਂ, ਉਸਨੂੰ ਸੇਵਾ ਜਾਂ ਲੰਗਰਾਂ ਰਾਹੀਂ ਢੱਕਣਾ ਚਾਹੁੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਾਰੀ ਦੁਨੀਆਂ ਸਾਡੇ ਸਾਰੇ ਔਗੁਣਾਂ ਅਤੇ ਬੇਹੁਦਰੀਆਂ ਨੂੰ ਨਜ਼ਰ ਅੰਦਾਜ਼ ਕਰਕੇ ਸਾਡੀ ਸੇਵਾ ਦੇ ਗੁਣ ਗਾਵੇ। 
ਅਸੀਂ ਗੁਰੂਆਂ ਵਲੋ ਸ਼ੁਰੂ ਕੀਤੇ ਸਾਂਝੀਵਾਲਤਾ ਤੇ ਮਨੁੱਖੀ ਬਰਾਬਰੀ ਦੇ ਸਂਕਲਪ ਅਨੁਸਾਰੀ ਲੰਗਰ ਵੀ ਦਿਖਾਵੇਬਾਜੀ ਦੀ ਭੇਟ ਚਾੜ੍ਹ ਦਿੱਤੇ ਹਨ ਅਤੇ ਲੋੜਵੰਦਾਂ ਲਈ ਲੰਗਰ ਦੀ ਭਾਵਨਾ ਖਤਮ ਕਰ ਦਿੱਤੀ ਹੈ। ਅਸੀਂ ਹੁਣ ਲੰਗਰਾਂ ਨੂੰ ਸਮਾਜਿਕ ਫੰਕਸ਼ਨਾਂ ਰਾਹੀਂ ਰੱਜਿਆਂ ਨੂੰ ਸੱਦ ਕੇ ਸਦਾਉਣ ਦਾ ਚਲਨ ਸ਼ੁਰੂ ਕਰ ਲਿਆ ਹੈ।
ਇਸੇ ਕਰਕੇ ਜਦੋਂ ਮੀਡੀਆ ਵਿੱਚ ਸਾਡੀਆਂ ਗੁਰਦੁਆਰਿਆਂ ਦੀਆਂ ਲੜਾਈਆਂ ਜਾਂ ਨੌਜਵਾਨਾਂ ਦੀਆਂ ਫੁਕਰੀਆਂ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਸਾਨੂੰ ਹਰ ਕੋਈ ਸਾਜਿਸ਼ੀ ਤੇ ਸਿੱਖ ਵਿਰੋਧੀ ਲੱਗਦਾ ਹੈ। 
ਅਸੀਂ ਭੁੱਲ ਜਾਂਦੇ ਹਾਂ ਕਿ ਹੁਣ ਅਸੀਂ 18ਵੀਂ ਸਦੀ ਵਿੱਚ ਨਹੀਂ 21ਵੀ ਸਦੀ ਦੇ ਡੋਜੀਟਲ ਤੇ ਸੋਸ਼ਲ ਮੀਡੀਆ ਯੁੱਗ ਵਿੱਚ ਰਹਿ ਰਹੇ ਹਾਂ। ਕਮਿਉਨਿਟੀ ਦੇ ਤੌਰ ‘ਤੇ ਅਸੀਂ ਦਿਮਾਗ ਵਰਤਣਾ ਭੁੱਲ ਜਾਂਦੇ ਹਾਂ, ਜਦਕਿ ਨਿੱਜੀ ਜੀਵਨ ਦੇ ਫ਼ੈਸਲੇ ਬੜੇ ਸੋਹਣੇ ਦਿਮਾਗ ਨਾਲ਼ ਲੈਂਦੇ ਹਾਂ। ਕਮਿਉਨਿਟੀ ਦੇ ਤੌਰ ‘ਤੇ ਸਾਡੇ ‘ਤੇ ਭੀੜ ਦੀ ਮਾਨਸਿਕਤਾ ਹਾਵੀ ਰਹਿੰਦੀ ਹੈ। 
ਦ੍ਰਿਸ਼ਟੀ ਹੀ ਨਾ ਹੋਵੇ ਤਾਂ ਦ੍ਰਿਸ਼ ਨੂੰ ਜਿਵੇਂ ਮਰਜ਼ੀ ਪ੍ਰੀਭਾਸ਼ਾ ਕਰ ਦਿੱਤਾ ਜਾਵੇ, ਲੋਕ ਉਵੇਂ ਹੀ ਮੰਨ ਲੈਂਦੇ ਨੇ। ਪੰਜਾਬ ਦੀ ਸਮੂਹਿਕ ਚੇਤਨਾ ਸਦੀਆਂ ਤੋਂ ਬਿਨਾਂ ਕਿਸੇ ਦ੍ਰਿਸ਼ਟੀਕੋਣ ਦੇ ਚੀਜ਼ਾਂ ਨੂੰ ਦੇਖਣ ਅਤੇ ਪੇਸ਼ ਕਰਨ ਦੀ ਸ਼ਿਕਾਰ ਹੈ।
ਸਾਡੇ ਲੀਡਰ ਪਿਛਲੇ 200 ਸਾਲ ਤੋਂ ਬਿਨਾਂ ਕਿਸੇ ਦੂਰ-ਅੰਦੇਸ਼ੀ ਅਤੇ ਪਲੈਨਿੰਗ ਦੇ ਕੌਮ ਨੂੰ ਮੌਰਚਿਆਂ, ਸੰਘਰਸ਼ਾਂ ਦੇ ਅੰਨ੍ਹੇ ਖੂਹ ਵੱਲ ਧੱਕੀਂ ਤੁਰੇ ਜਾ ਰਹੇ ਹਨ, ਜਿਸਦੀ ਕਦੇ ਕੋਈ ਪ੍ਰਾਪਤੀ ਨਜ਼ਰ ਨਹੀਂ। ਪਰ ਕਦੇ ਕਿਸੇ ਨੇ ਇਸ ਗੰਭੀਰ ਮੁੱਦੇ ‘ਤੇ ਵਿਚਾਰ ਨਹੀ ਕੀਤੀ। ਸਭ ਦੋਸ਼ ਵਿਰੋਧੀਆਂ ਸਿਰ ਮੜ੍ਹ ਕੇ ਸੁਰਖੁਰੂ ਹੋ ਜਾਂਦੇ ਹਨ। 
ਤਮਾਕੂ ਦੀ ਬੂਟੀ ਕਿਵੇਂ ਪੈਦਾ ਹੋਈ?
ਸ੍ਰੀਮਾਨ ਪੰਥ ਰਤਨ, ਪੂਰਨ ਬ੍ਰਹਮ ਗਿਆਨੀ, ਵਿੱਦਿਆ ਮਾਰਤੰਡ, ਸੱਚਖੰਡ ਵਾਸੀ, ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਆਪਣੀ ‘ਪੁਸਤਕ ‘ਗੁਰਬਾਣੀ ਪਾਠ ਦਰਪਣ ਪੰਨਾ 65 ‘ਤੇ ਤਮਾਕੂ ਦਾ ਬੂਟਾ ਪੈਦਾ ਹੋਣ ਦੀ ਸਾਖੀ ਲਿਖੀ ਹੋਈ ਹੈ ਅਤੇ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਤਮਾਕੂ ਨਾ ਪੀਣ ਲਈ ਕਿਉਂ ਕਿਹਾ? ਕਿਉਂ ਗੁਰੂ ਸਾਹਿਬ ਦੇ ਘੋੜੇ ਨੇ ਤਮਾਕੂ ਦੇ ਖੇਤ ‘ਚੋਂ ਲੰਘਣ ਤੋਂ ਨਾਂਹ ਕਰ ਦਿੱਤੀ ਸੀ?
ਇੱਕ ਵਾਰ ਸ਼ਿਵ ਜੀ ਅਤੇ ਪਾਰਬਤੀ ਤੁਰੇ ਜਾ ਰਹੇ ਸਨ। ਰਸਤੇ ਵਿੱਚ ਕਲਯੁਗ ਗਾਂ ਵੱਛੇ ਦਾ ਰੂਪ ਧਾਰ ਕੇ ਚਿੱਕੜ ਵਿੱਚ ਖੁੱਭਾ ਬੈਠਾ ਸੀ। ਪਾਰਬਤੀ ਨੇ ਬਾਹਰ ਕੱਢਣ ਵਾਸਤੇ ਸ਼ਿਵ ਜੀ ਨੂੰ ਕਿਹਾ, ਉਹ ਨਾ ਮੰਨਿਆ।
ਜਦ ਪਾਰਬਤੀ ਨੇ ਹੱਠ ਕੀਤਾ ਤਾਂ ਸ਼ਿਵ ਜੀ ਨੇ ਵੱਛੀ ਨੂੰ ਬਾਹਰ ਕੱਢਣ ਲਈ ਵੱਛੀ ਦੇ ਕੰਨ ਫੜ ਲਏ ਤੇ ਪਾਰਬਤੀ ਨੇ ਪੂਛ ਫੜ ਲਈ, ਜਦੋਂ ਖਿੱਚਣ ਲੱਗੇ ਤਾਂ ਕੰਨ ਅਤੇ ਪੂਛ ਪੁੱਟ ਹੋ ਕੇ ਉਨ੍ਹਾਂ ਦੇ ਹੱਥ ਆ ਗਏ।
ਤਦ ਪਾਰਬਤੀ ਨੇ ਕਿਹਾ ਕਿ ਇਹ ਤਾਂ ਪਾਪ ਹੋ ਗਿਆ। ਸ਼ਿਵ ਜੀ ਨੇ ਪੂਛ ਗਾਰੇ ਵਿੱਚ ਦੱਬ ਕੇ ਉਸ ਉਪਰ ਕੰਨ ਲਗਾ ਦਿੱਤੇ ਅਤੇ ਬਚਨ ਕੀਤਾ ਕਿ ਹੁਣ ਇਸ ਤੋਂ ਇੱਕ ਬੂਟੀ ਉਗੇਗੀ, ਜਿਸਦਾ ਨਾਮ ‘ਤਮਾਕੂ’ ਹੋਵੇਗਾ ਅਤੇ ਜਿਹੜਾ ਇਸਨੂੰ ਪੀਵੇਗਾ, ਉਸਦਾ ਧਰਮ ਭ੍ਰਿਸ਼ਟ ਹੋਵੇਗਾ। ਇਸੇ ਕਰਕੇ ਗੁਰੂ ਸਾਹਿਬ ਨੇ ਤੰਬਾਕੂ ਨਾ ਪੀਣ ਦਾ ਸਿੱਖਾਂ ਨੂੰ ਹੁਕਮ ਕੀਤਾ ਸੀ। 
ਇੱਕ ਵਾਰ ਦਸਵੇ ਗੁਰੂ ਸਾਹਿਬ ਘੋੜੇ ‘ਤੇ ਜਾ ਰਹੇ ਸਨ। ਜਦੋਂ ਇੱਕ ਖੇਤ ਵਿੱਚੋਂ ਲੰਘਣ ਲੱਗੇ ਤਾਂ ਘੋੜੇ ਨਾ ਅੱਗੇ ਜਾਣ ਤੋਂ ਨਾਂਹ ਕਰ ਦਿੱਤੀ। ਘੋੜਾ ਅੱਗੇ ਤੁਰੇ ਨਾ ਤਾਂ ਗੁਰੂ ਸਾਹਿਬ ਨੇ ਜਦੋਂ ਉੱਤਰ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਹ ਤਾਂ ਤਮਾਕੂ ਦੇ ਖੇਤ ਵਿੱਚ ਲੰਘਣ ਲੱਗੇ ਸਨ ਤਾਂ ਘੋੜਾ ਅੱਗੇ ਜਾਣ ਤੋਂ ਇਨਕਾਰ ਕਰ ਰਿਹਾ ਸੀ। 
ਕੁਝ ਸਵਾਲ ਪੈਦਾ ਹੁੰਦੇ ਹਨ, ਪਾਠਕ ਸੋਚ ਕੇ ਆਪਣੇ ਵਿਚਾਰ ਜ਼ਰੂਰ ਦੇਣ:
1. ਕੀ ਉਪਰਲੀ ਕਥਾ ਵਾਂਗ ਤਮਾਕੂ ਪੈਦਾ ਹੋ ਸਕਦਾ ਹੈ? ਜੇ ਇਹ ਬੂਟੀ ਇਵੇਂ ਪੈਦਾ ਹੋਈ ਸੀ ਤਾਂ ਧਰਤੀ ‘ਤੇ ਹਜ਼ਾਰਾਂ ਤਰ੍ਹਾਂ ਦੀਆਂ ਬੂਟੀਆਂ ਹਨ, ਉਹ ਕਿਵੇਂ ਪੈਦਾ ਹੋਈਆਂ?
2. ਕੀ ਗੁਰੂ ਸਾਹਿਬ ਦਾ ਘੋੜਾ ਗੁਰੂ ਜੀ ਤੋਂ ਵੱਧ ਸਿਆਣਾ ਸੀ ਕਿ ਉਸਨੂੰ ਤਾਂ ਤਮਾਕੂ ਦਾ ਪਤਾ ਲੱਗ ਗਿਆ ਕਿ ਬੂਟੀ ਸਿਹਤ ਲਈ ਠੀਕ ਨਹੀ ਅਤੇ ਉਹ ਰੁਕ ਗਿਆ। ਪਰ ਗੁਰੂ ਸਾਹਿਬ ਨੂੰ ਪਤਾ ਹੀ ਨੀ ਲੱਗਾ ਅਤੇ ਉਹ ਘੋੜੇ ਨੂੰ ਤਮਾਕੂ ਦੇ ਖੇਤ ‘ਚ ਵਾੜੀ ਜਾਂਦੇ ਸਨ? 
3. ਕੀ ਫਿਰ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਸਿੱਖ, ਗੁਰੂ ਸਾਹਿਬ ਦੇ ਘੋੜੇ ਦੇ ਹੁਕਮ ਕਰਕੇ ਤਮਾਕੂ ਨਹੀਂ ਪੀਂਦੇ? ਨਾ ਕਿ ਇਹ ਕਹੀਏ ਕਿ ਗੁਰੂ ਸਾਹਿਬ ਦਾ ਹੁਕਮ ਸੀ?
4. ਅੱਛਾ ਇੱਕ ਸਵਾਲ ਹੋਰ ਵੀ ਬਣਦਾ ਹੈ ਕਿ ਤੁਸੀਂ ਕਦੇ ਕੋਈ ਵਿਅਕਤੀ ਬੀਜੀ ਹੋਈ ਫਸਲ ਵਿੱਚੀਂ ਘੋੜੇ ‘ਤੇ ਜਾਂਦਾ ਹੈ? ਘੋੜ ਸਵਾਰ ਹਮੇਸ਼ਾਂ ਸੜਕ ਜਾਂ ਛੋਟੀ ਪਗਡੰਡੀ ‘ਤੇ ਜਾਂਦਾ ਹੈ। ਗੁਰੂ ਸਾਹਿਬ ਘੋੜੇ ‘ਤੇ ਚੜ੍ਹ ਕੇ ਖੇਤਾਂ ਵਿੱਚੋਂ ਕਿਉਂ ਜਾ ਰਹੇ ਸਨ?
(ਸ੍ਰੀਮਾਨ ਪੰਥ ਰਤਨ, ਪੂਰਨ ਬ੍ਰਹਮ ਗਿਆਨੀ, ਵਿੱਦਿਆ ਮਾਰਤੰਡ, ਸੱਚਖੰਡ ਵਾਸੀ, ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਜੀ ਦੀ ਪੁਸਤਕ ‘ਗੁਰਬਾਣੀ ਪਾਠ ਦਰਪਣ ਪੰਨਾ 65)
ਹੁਣ ਤੱਕ ਸਿੱਖ, ਦਿੱਲੀ ਦਰਬਾਰ ਦੀ ਵਿਛਾਈ ਵਿਸਾਤ ‘ਤੇ ਹੀ ਲੜਦੇ ਰਹੇ ਨੇ: ਅਜਮੇਰ ਸਿੰਘ
ਸਿੱਖ ਚਿੰਤਕ ਸ. ਅਜਮੇਰ ਸਿੰਘ ਪਿਛਲੇ ਦਿਨੀਂ ਕਿਸੇ ਸੈਮੀਨਾਰ ‘ਚ ਬੋਲਦੇ ਹੋਏ ਕਹਿ ਰਹੇ ਸਨ ਕਿ ਸਿੱਖ ਹੁਣ ਤੱਕ ਜੋ ਸੰਘਰਸ਼ ਲੜਦੇ ਰਹੇ ਹਨ, ਉਹ ਉਨ੍ਹਾਂ ਦੇ ਆਪਣੇ ਨਹੀਂ ਸਨ, ਸਗੋਂ ਉਹ ਦਿੱਲੀ ਦਰਬਾਰ ਦੀ ਵਿਛਾਈ ਵਿੱਸਾਤ ‘ਤੇ ਹੀ ਖੇਡਦੇ ਰਹੇ ਹਨ। 
ਅਸੀਂ ਉਨ੍ਹਾਂ ਦੇ ਸਿੱਖਾਂ ਦੇ ਸੰਘਰਸ਼ਾਂ, ਮੋਰਚਿਆਂ ਆਦਿ ਬਾਰੇ ਵਿਸ਼ਲੇਸ਼ਣ ਨਾਲ਼ ਬਿਲਕੁਲ ਸਹਿਮਤ ਹਾਂ। ਪਰ ਉਹ ਗਲਤੀ ਇਹ ਕਰ ਰਹੇ ਹਨ ਕਿ ਜੋ ਹੁਣ ਖੇਡਾਂ ਖੇਡੀਆਂ ਜਾ ਰਹੀਆਂ ਹਨ, ਉਸਨੂੰ ਉੱਵੇਂ ਹੀ ਨਹੀਂ ਸਮਝ ਰਹੇ, ਜਿਵੇਂ ਪਹਿਲੇ ਲੀਡਰ ਤੇ ਵਿਦਵਾਨ ਨਹੀ ਸਮਝ ਸਕੇ।
ਇਸੇ ਗੱਲ ਦਾ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਸਿੱਖ ਲੀਡਰਸ਼ਿਪ ਤੇ ਵਿਦਵਾਨ ਨਾ ਸਿਰਫ ਦਿੱਲੀ ਦਰਬਾਰ ਦੇ ਮੋਹਰੇ ਬਣੇ ਰਹੇ ਜਾਂ ਬਣੇ ਹੋਏ ਹਨ, ਸਗੋਂ ਵਿਦੇਸ਼ਾਂ ਵਿੱਚ ਵੀ ਅਮਰੀਕਾ, ਕਨੇਡਾ, ਇੰਗਲੈਂਡ ਸਮੇਤ ਅਨੇਕਾਂ ਪੱਛਮੀ ਦੇਸ਼ਾਂ ਦੇ ਏਜੰਡੇ ਅਨੁਸਾਰ ਚੱਲ ਰਹੇ ਹਨ। ਜਿਵੇਂ ਕਿਸੇ ਸਮੇਂ ਜਗਜੀਤ ਸਿੰਘ ਚੌਹਾਨ, ਗੰਗਾ ਸਿੰਘ ਢਿੱਲੋ ਵਰਗੇ ਆਗੂ ਪਾਕਿਸਤਾਨ ਦੇ ਮੋਹਰੇ ਹੁੰਦੇ ਸਨ। 
ਅਸਲ ਵਿੱਚ ਮੇਰੀ ਇਤਿਹਾਸਕ ਸਮਝ ਅਨੁਸਾਰ ਸਿੱਖ ਲੜਨ, ਸੰਘਰਸ਼ ਕਰਨ ਜਾਂ ਸ਼ਹੀਦੀਆਂ ਪਾਉਣ ਲਈ ਬਹੁਤ ਅੱਗੇ ਰਹੇ ਹਨ। ਖਾਸਕਰ 18ਵੀਂ ਸਦੀ ਵਿੱਚ ਜਦੋਂ ਉਹ ਆਪਣੀ ਹੋਂਦ ਦੀ ਲੜਾਈ ਵਿਦੇਸ਼ੀ ਹਮਲਾਵਰਾਂ ਨਾਲ਼ ਲੜਦੇ ਸਨ। ਪਰ ਤਕਰੀਬਨ 100 ਦੇ ਲੰਬੇ ਦੌਰ ਵਿੱਚ ਸਿੱਖ ਕੋਈ ਰਾਜਸੀ ਲੀਡਰਸ਼ਿਪ ਨਹੀਂ ਉਭਾਰ ਸਕੇ ਅਤੇ ਨਾ ਹੀ ਕੋਈ ਨਾਮਵਰ ਇੱਕ ਵਿਦਵਾਨ ਹੀ ਪੈਦਾ ਕਰ ਸਕੇ। 
ਜਿਸਦੇ ਨਤੀਜੇ ਵਜੋਂ ਜੋ ਵੀ ਨੀਤੀਵਾਨ ਆਇਆ, ਉਸਨੇ ਸਿੱਖਾਂ ਨੂੰ ਆਪਣੇ ਹਿੱਤਾਂ ਅਨੁਸਾਰ ਵਰਤ ਲਿਆ। ਜਿਵੇਂ 19ਵੀਂ ਸਦੀ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨਾਲ਼ ਮਿਸਲ ਪੀਰੀਅਡ ‘ਚ ਹੋਈ ਚੜਤ ਦਾ ਲਾਭ ਉਠਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਘਰੇਲੂ ਰਾਜ ਸਥਾਪਿਤ ਕਰ ਲਿਆ। 
ਦੂਜੇ ਪਾਸੇ ਮਾਲਵੇ ਦੀਆਂ ਰਿਆਸਤਾਂ ਵਿੱਚ ਜਗੀਰਦਾਰ ਸਿੱਖਾਂ ਨੇ ਆਪਣੇ ਛੋਟੇ-ਛੋਟੇ ਪਿਤਾ ਪੁਰਖੀ ਰਾਜ ਸਥਾਪਿਤ ਕਰ ਲਏ। ਸਿੱਖ ਸਿਰਫ ਲੜਨ-ਮਰਨ ਜੋਗੇ ਹੀ ਰਹਿ ਗਏ। 
ਫਿਰ ਅੰਗਰੇਜ ਆਏ ਤਾਂ ਉਨ੍ਹਾਂ ਨੇ ਆਮ ਸਿੱਖਾਂ ਨੂੰ ਆਪਣੀਆਂ ਫੌਜਾਂ ਵਿੱਚ ਭਰਤੀ ਕਰਕੇ ਆਪਣੇ ਬਸਤੀਵਾਦੀ ਰਾਜ ਦੇ ਵਿਸਥਾਰ ਅਤੇ ਬਚਾਅ ਲਈ ਵਰਤਿਆ।
ਦੂਜੇ ਪਾਸੇ ਮਹਾਰਾਜੇ ਦੇ ਸਿੱਖ ਰਾਜ ਅਤੇ ਰਿਆਸਤਾਂ ਦੇ ਰਾਜ ਰਾਹੀਂ ਪੈਦਾ ਹੋਈ ਮੌਕਾਪ੍ਰਸਤ ਲੀਡਰਸ਼ਿਪ ਨੂੰ ਆਪਣੇ ਜਾਲ਼ ‘ਚ ਫਸਾ ਲਿਆ ਅਤੇ ਆਪਣੇ ਹਿੱਤਾਂ ਅਨੁਸਾਰ ਵਰਤਿਆ।
ਸਿੱਖ 100 ਸਾਲ ਲੜਦੇ, ਮਰਦੇ, ਸੰਘਰਸ਼ ਕਰਦੇ ਰਹੇ, ਜਦੋ ਕੁਝ ਲੈਣਾ ਦਾ ਮੌਕਾ ਆਇਆ ਤਾਂ ਕੋਈ ਲੀਡਰਸ਼ਿਪ ਹੀ ਨਹੀਂ ਸੀ, ਜੋ ਸਿੱਖਾਂ ਦਾ ਪੱਖ ਤਿੰਨ ਧਿਰਾਂ ਅੰਗਰੇਜ, ਹਿੰਦੂ ਤੇ ਮੁਸਲਿਮ ਲੀਡਰਸ਼ਿਪ ਅੱਗੇ ਰੱਖ ਸਕਦੀ।
ਹੁਣ ਰੌਲ਼ਾ ਪਾਉਣ ਦਾ ਕੀ ਲਾਭ ਕੇ ਸਾਡੇ ਨਾਲ਼ ਵਾਅਦੇ ਹੋਏ ਸਨ (ਜਿਸਦਾ ਵੀ ਕੋਈ ਲਿਖਤੀ ਸਬੂਤ ਨਹੀ ਹੈ), ਅਸੀ ਦੇਸ਼ ਦੀ ਅਜ਼ਾਦੀ ਲਈ 80% ਕੁਰਬਾਨੀਆਂ ਕੀਤੀਆਂ ਆਦਿ।
ਪਰ ਇਹ ਕਦੇ ਨਹੀ ਦੱਸਦੇ ਕਿ ਅੰਗਰੇਜ਼ਾਂ ਦੀ ਸੇਵਾ ਕਰਨ ਲਈ ਕਿਤਨੀਆਂ ਕੁਰਬਾਨੀਆਂ ਕੀਤੀਆਂ ਅਤੇ ਕਿਤਨੇ ਲੱਖ ਸਿੱਖ 1850 ਤੋਂ 1947 ਤੱਕ ਅੰਗਰੇਜ਼ੀ ਫੌਜਾਂ ਵਿੱਚ ਬਸਤੀਵਾਦ ਬਚਾਉਣ ਲਈ ਲੜੇ-ਮਰੇ? 
ਹੁਣ 1947 ਤੋਂ ਸਿੱਖ, ਕਾਂਗਰਸ ਤੇ ਅਕਾਲੀ ਦਲ ਦੀ ਸਿਆਸਤ ਦਾ ਸ਼ਿਕਾਰ ਹਨ। ਦੋਨਾਂ ਦਾ ਏਜੰਡਾ ਸਿਰਫ ਪੰਜਾਬ ‘ਤੇ ਰਾਜ ਕਰਨਾ ਰਿਹਾ ਹੈ, ਪਰ ਧਰਮ ਦੇ ਨਾਮ ‘ਤੇ ਦੋਨੋ ਆਪਣੇ-ਆਪਣੇ ਢੰਗ ਨਾਲ਼ ਸਿੱਖਾਂ ਨੂੰ ਵਰਤਦੇ ਰਹੇ ਹਨ।
ਬੇਸ਼ੱਕ 84 ਤੋਂ ਬਾਅਦ ਕਾਂਗਰਸ ਇਹ ਨੀਤੀ ਛੱਡ ਚੁੱਕੀ ਹੈ। ਪਿਛਲੇ 75 ਸਾਲ ਤੋਂ ਚੱਲਦੇ ਆ ਰਹੇ ਸ਼ਾਂਤਮਈ ਅਤੇ ਹਥਿਆਰਬੰਦ ਸੰਘਰਸ਼ ਸਿੱਖ ਪੰਥ ਨੂੰ ਕੋਈ ਪ੍ਰਾਪਤੀ ਨਹੀਂ ਦਿਵਾ ਸਕੇ, ਕਿਉਂਕਿ ਨਰਮ ਖ਼ਿਆਲੀ ਜਾਂ ਗਰਮ ਖ਼ਿਆਲੀ ਸਭ ਸ਼ਤਰੰਜ ਦੇ ਮੋਹਰੇ ਸਾਬਿਤ ਹੋਏ ਹਨ। ਜਿਨ੍ਹਾਂ ਕੋਲ਼ ਕੋਈ ਪੰਥ ਪ੍ਰਸਤ ਜਾਂ ਦੂਰ-ਅੰਦੇਸ਼ੀ ਵਾਲ਼ੀ ਲੀਡਰਸ਼ਿਪ ਨਹੀਂ। 
ਹਰ ਕੋਈ ਜਜਬਾਤੀ ਮੁੱਦਿਆਂ ਅਧਾਰਿਤ ਵਕਤੀ ਸਿਆਸਤ ਕਰ ਰਿਹਾ ਹੈ। ਵਿਦੇਸ਼ਾਂ ਵਿਚਲਾ ਪੰਥ ਕੁਝ ਸਵਾਰਥੀ ਤੇ ਮੌਕਾਪਠਸਤ ਲੋਕਾਂ ਦੀ ਚੁੰਗਲ਼ ‘ਚ ਫਸ ਚੁੱਕਾ ਹੈ। ਜੋ ਗੁਰਦੁਆਰਿਆਂ ਨੂੰ ਵਰਤ ਕੇ ਆਪਣੀ ਸਵਾਰਥੀ ਰਾਜਨੀਤੀ ਕਰ ਰਿਹਾ ਹੈ।
ਉਹ ਹੁਣ ਉਸੇ ਤਰ੍ਹਾਂ ਪੱਛਮੀ ਦੇਸ਼ਾਂ ਤੇ ਖਾਸਕਰ ਅਮਰੀਕਾ ਦੇ ਢਹੇ ਚੜ੍ਹ ਕੇ ਉਨ੍ਹਾਂ ਦੇ ਹਿੱਤਾਂ ਨੂੰ ਪਾਲ਼ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵੱਲੋਂ ਖ਼ਾਲਸਾ ਰਾਜ ਬਣਾ ਕੇ ਦੇਣ ਵਾਲ਼ਾ ਰੌਲ਼ਾ, ਟਰੰਪ ਦੇ ਆਉਣ ਨਾਲ਼ ਠੰਡਾ ਹੁਣ ਪੈਂਦਾ ਜਾ ਰਿਹਾ ਹੈ। 
ਸਿੱਖ ਇੱਕ ਵਾਰ ਫਿਰ ਉਸੇ ਤਰ੍ਹਾਂ ਤਰ੍ਹਾਂ ਬਿਨਾਂ ਕਿਸੇ ਪ੍ਰਾਪਤੀ ਦੇ ਲੁੱਟੇ-ਪੁੱਟੇ ਜਾਣਗੇ, ਜਿਵੇਂ ਬਸਤੀਵਾਦੀ ਅੰਗਰੇਜ਼ਾਂ ਦੇ ਸਮੇਂ ਬਰਬਾਦ ਹੋਏ ਸਨ। ਗੋਰੇ ਬਾਣੀਏ ਕਿਸੇ ਦੇ ਸਕੇ ਨਹੀਂ, ਉਨ੍ਹਾਂ ਲਈ ਆਪਣੇ ਆਰਥਿਕ ਤੇ ਖੇਤਰੀ ਹਿੱਤ ਹੀ ਸਭ ਕੁਝ ਹਨ।
ਉਹ ਕਿਸੇ ਨੂੰ ਵੀ ਵਰਤ ਕੇ, ਵਗਾਹ ਮਾਰਨ ਦੇ ਮਾਹਰ ਹਨ। ਵੈਸੇ ਵੀ ਲੜਾਈਆਂ ਦੂਜਿਆਂ ਦੇ ਸਿਰ ਨਹੀ ਲੜ ਹੁੰਦੀਆਂ ਅਤੇ ਨਾ ਹੀ ਦੂਜਿਆਂ ਮੋਹਰੇ ਬਣ ਕੇ ਜਿੱਤ ਹੁੰਦੀਆਂ। ਅੱਜ ਵੀ ਦੇਸ਼-ਵਿਦੇਸ਼ ਦੀ ਸਿੱਖ ਲੀਡਰਸ਼ਿਪ ਅਤੇ ਵਿਦਵਾਨ ਮੰਡਲੀ ਵਿੱਚ ਨਿੱਜ ਸਵਾਰਥ ਤੇ ਮੌਕਾਪ੍ਰਸਤੀ ਭਾਰੂ ਹੈ।
ਦੂਰ-ਅੰਦੇਸ਼ੀ ਦੀ ਸਭ ਪਾਸੇ ਸਪੱਸ਼ਟ ਘਾਟ ਨਜ਼ਰ ਆਉਂਦੀ ਹੈ। ਲੜਨ ਲਈ ਜਜ਼ਬੇ ਅਤੇ ਹਥਿਆਰਾਂ ਤੋਂ ਵੱਧ ਅਕਲ, ਦੂਰ-ਅੰਦੇਸ਼ੀ ਤੇ ਸਪੱਸ਼ਟ ਨਿਸ਼ਾਨੇ ਦੀ ਲੋੜ ਹੁੰਦੀ ਹੈ। ਜਿਸਦਾ ਸਾਡੇ ਕੋਲ਼ ਹਮੇਸ਼ਾਂ ਕਾਲ਼ ਹੀ ਰਿਹਾ ਹੈ। 
ਪਿਛਲੇ 25-30 ਸਾਲਾਂ ਤੋਂ ਮੁੱਦਾ ਰਹਿਤ, ਘਟਨਾਵਾਂ ਅਧਾਰਿਤ, ਜਜ਼ਬਾਤੀ ਤੇ ਭੜਕਾਊ ਸਿਆਸਤ ਚੱਲ ਰਹੀ ਹੈ। ਜਿਸ ਵਿੱਚੋ ਪਿਛਲੇ 100 ਵਿੱਚ ਨਾ ਕੁਝ ਨਿਕਲ਼ਿਆਂ ਹੈ ਅਤੇ ਨਾ ਹੀ ਕੁਝ ਨਿਕਲਣ ਦੀ ਸੰਭਾਵਨਾ ਹੈ।
ਸਾਡਾ ਇਹ ਮੰਨਣਾ ਹੈ ਕਿ ਦੇਸ਼-ਵਿਦੇਸ਼ ਵਿੱਚ ਖਿਲਰੇ ਸਿੱਖ ਪੰਥ ਦੇ ਹਿੱਤ ‘ਚ ਇਹੀ ਹੈ ਕਿ ਸਾਰੇ ਮੋਰਚੇ, ਸੰਘਰਸ਼, ਲੜਾਈ, ਝਗੜੇ ਛੱਡ ਕੇ ਜਿੱਥੇ ਵੀ ਰਹਿੰਦੇ ਹੋ, ਉੱਥੇ ਦੇ ਕਨੂੰਨੀ ਦਾਇਰੇ ‘ਚ ਰਹਿ ਕੇ ਆਪਣੇ ਬੱਚੇ ਵੱਧ ਤੋਂ ਵੱਧ ਪੜ੍ਹਾਉ, ਬਿਜਨੈਸ ਤੇ ਰਾਜਨੀਤੀ ਵਿੱਚ ਜਾਓ, ਇੱਕ-ਦੂਜੇ ਦੀ ਅੱਗੇ ਵਧਣ ਅਤੇ ਮੁਸੀਬਤ ‘ਚ ਮੱਦਦ ਕਰੋ।
ਇਸ ਨਾਲ਼ ਪੰਥ ਤਾਕਤਵਰ ਤਾਂ ਹੋਵੇਗਾ ਹੀ, ਸਗੋਂ ਹੋ ਸਕਦਾ ਸਮਾਂ ਪਾ ਕੇ ਕੋਈ ਦੂਰ-ਅੰਦੇਸ਼ੀ ਤੇ ਪੰਥਕ ਹਿੱਤਾਂ ਵਾਲ਼ੀ ਲੀਡਰਸ਼ਿਪ ਤੇ ਸੂਝਵਾਨ ਵਿਚਵਾਨ ਵੀ ਨਿਕਲ਼ ਆਉਣ। 
ਸੰਤ ਭਿੰਡਰਾਂਵਾਲ਼ੇ, ਅਖਬਾਰ ਅਤੇ ਸਟੇਨਗੰਨ!
ਇੱਕ ਦਿਨ ਸੰਤ ਕਹਿਣ ਲੱਗੇ ਕਿ ਭਾਈ ਮੇਰੇ ਪਾਸ ਕੁਝ ਸੱਜਣ ਆਏ ਸਨ ਅਤੇ ਉਹ ਕੋਈ ਅਖਬਾਰ ਕੱਢਣ ਦੀ ਗੱਲ ਕਹਿੰਦੇ ਸਨ, ਤੂੰ ਦੱਸ ਕੀ ਕਰੀਏ, ਮੈਂ ਸੋਚਣ ਦਾ ਸਮਾਂ ਮੰਗ ਕੇ ਜਦ ਅਗਲੀ ਵਾਰ ਆਇਆ ਤਾਂ ਮੋਟਾ ਜਿਹਾ ਖਰੜਾ ਉਹਨਾਂ ਸਾਹਮਣੇ ਰੱਖਿਆ। ਪੁੱਛਣ ਲੱਗੇ ਕਿ ਮਾਇਆ ਕਿੰਨੀ ਕੁ ਚਾਹੀਦੀ ਹੈ, ਮੈਂ ਆਰੰਭਕ ਰੂਪ ਵਿੱਚ ਅੰਗਰੇਜ਼ੀ ਅਖਬਾਰ ਲਈ ਇਕ ਕਰੋੜ ਦੀ ਗੱਲ ਕਹੀ। 
ਫਿਰ ਮੈਂ ਕੁਝ ਸਮਾਂ ਸੋਚਣ ਲਈ ਮੰਗ ਕੇ ਆ ਗਿਆ। ਜਦੋਂ ਅਗਲੇ ਹਫਤੇ ਮਿਲਿਆ ਤਾਂ ਪੁੱਛਣ ਲੱਗੇ, ਭਾਈ ਅਖਬਾਰ ਬਾਰੇ ਕੀ ਸੋਚਿਆ ਹੈ, ਉੱਤਰ ਵਿੱਚ ਮੈਂ ਇੱਕ ਉਲਝਣ ਬਾਰੇ ਦੱਸਿਆ। 
ਉਹ ਇਹ ਸੀ ਕਿ ਜੇ ਉਸ ਅਖਬਾਰ ਵਿੱਚ ਸਿਖਰਲਾ ਸੱਚ ਦਰਜ ਨਾ ਕੀਤਾ ਤਾਂ ਤੁਸੀਂ ਬੁਰਾ ਮਨਾਓਗੇ ਅਤੇ ਜੇ ਅਜਿਹਾ ਕੀਤਾ ਤਾਂ ਸਰਕਾਰ ਅਖਬਾਰ ਨੂੰ ਤਾਲੇ ਲਾ ਦੇਵੇਗੀ ਅਤੇ ਪ੍ਰਬੰਧਕ ਜੇਲ ਵਿੱਚ ਹੋਣਗੇ ਤਾਂ ਸੰਤ ਜੀ ਬੋਲੇ ਛੱਡ ਖਹਿੜਾ ਅਖਬਾਰ ਦਾ, ਇੱਕ ਸਟੇਨਗੰਨ 8000 ਦੀ ਆਉਂਦੀ ਹੈ। ਇੱਕ ਕਰੋੜ ਦੀਆਂ ਕਿੰਨੀਆਂ ਆਈਆਂ? ਦਿਹਾੜੀ ਦਾ ਇੱਕ ਮੈਗਜ਼ੀਨ ਖਾਲੀ ਹੋਵੇ ਤਾਂ ਸਾਰੀ ਦੁਨੀਆ ਦੇ ਰੇਡੀਓ, ਅਖਬਾਰ ਤੇ ਟੈਲੀਵਿਜ਼ਨ ਸਟੇਸ਼ਨ ਬੋਲਦੇ ਆ। 
ਇੱਕ ਅਖਬਾਰ ਨਾਲ ਇੰਨਾ ਪ੍ਰਚਾਰ ਨਹੀਂ ਹੋ ਸਕਦਾ, ਜਿੰਨਾ ਇੱਕ ਸਟੇਨਗੰਨ ਦੇ ਨਾਲ ਹੋ ਸਕਦਾ ਹੈ। ਗੱਲ ਇੱਥੇ ਹੀ ਮੁੱਕ ਗਈ
(ਸੰਤ ਭਿੰਡਰਾਂਵਾਲ਼ਿਆਂ ਦੇ ਸਲਾਹਕਾਰ ਦਲਵੀਰ ਸਿੰਘ ਦੀ ਕਿਤਾਬ ‘ਨੇੜੇਓ ਡਿੱਠੇ ਸੰਤ ਭਿੰਡਰਾਂਵਾਲੇ’ ਪੰਨਾ 98)
(ਇਸ ਉਪਰਵਾਲੀ ਪੋਸਟ ਤੇ ਇਕ ਪਾਠਕ ਦੀ ਖਾਸ ਟਿੱਪਣੀ)
ਸਰਕਾਰ ਦਾ ਚੰਬਲਾਇਆ ਹੋਇਆ ਮੂਰਖ ਮਤ ਵਾਲਾ ਹੰਕਾਰੀ ਬੰਦਾ ਸੀਂ ਟਕਸਾਲੀ ਡੇਰੇਦਾਰ
ਪੜ੍ਹਾਈ ਲਿਖਾਈ ਤੇ ਕਲਮ ਦੀ ਅਸਲ ਤਾਕਤ ਦਾ ਸ਼ਇਦ ਇਸ ਅਣਪੜ੍ਹ ਉਜੱਡ ਬੰਦੇ ਨੂੰ ਇਲਮ ਹੀ ਨਹੀਂ ਸੀਂ ਇਸ ਨੂੰ ਪਤਾ ਨਹੀਂ ਸੀਂ ਕੇ ਡੈਮੋਕ੍ਰੇਸੀ ਵਿੱਚ ਹਥਿਆਰ ਵਰਤਣ ਦੀ ਤਾਕਤ ਸਿਰਫ ਸਰਕਾਰ ਕੋਲ ਹੋਂਦੀ ਹੈ ਸਟੇਟ ਦੇ ਖਿਲਾਫ ਹਥਿਆਰਾਂ ਦੀ ਵਰਤੋਂ ਕਰਣੀ ਸਿੱਧਾ ਦੇਸ਼ ਧ੍ਰੋਹ ਹੈ ਇਹ ਸਰਕਾਰ ਦੇ ਖਿਲਾਫ ਬਗਾਵਤ ਕਰਨਾ ਹੈ ਪੰਜਾਬ ਦੀ ਨੌਜਵਾਨੀ ਮਰਵਾ ਸੁਟੀ ਇਸ ਸਾਧ ਦੇ ਗਲਤ ਫੈਸਲਿਆਂ ਨੇਂ
ਕੁਝ ਮਰ ਖਪ ਗਏ ਕੁਝ ਜੇਲ੍ਹਾਂ ਵਿੱਚ ਬੰਦ ਨੇਂ ਕੁਝ ਨਸ਼ਿਆਂ ਨੇਂ ਤਬਾਹ ਕਰ ਦਿੱਤੇ ਦਿੱਲੀ ਦੀ ਵਿਧਵਾ ਕਲੋਨੀ ਵੀ ਇਸੇ ਸਾਧ ਦੀਆਂ ਭੇੜੀਆਂ ਕਰਤੂਤਾਂ ਦੀ ਦੇਣ ਹੈ ਸਿੱਖੀ ਉਤੇ ਸਦਾ ਲਾਈ ਕਾਲਾ ਕਲੰਕ ਲਗਾ ਗਿਆ ਕਿ ਸਿੱਖ ਦੇਸ਼ ਦੇ ਗੱਦਾਰ ਨੇਂ।
ਸਿੱਖ ਵਿਦਵਾਨ ਕਪੂਰ ਸਿੰਘ ਦੀ ਹੇਠਲੀ ਪੋਸਟ ਵਾਲ਼ੀ ਲਿਖਤ ਅਕਸਰ ਹੀ ਖਾਲਿਸਤਾਨੀ ਸਿੱਖ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਵਿੱਚ ਉਨ੍ਹਾਂ ਕਿਹਾ ਸੀ:
‘ਜੇ ਸਿੱਖਾਂ ਨੇ ਆਪਣਾ ਰਾਜ-ਭਾਗ ਨਾ ਲਿਆ ਤਾਂ ਉਨ੍ਹਾਂ ਦੇ ਬੱਚੇ ਅਤੇ ਉਨ੍ਹਾਂ ਦੇ ਅੱਗੇ ਬੱਚਿਆਂ ਦੇ ਬੱਚੇ, ਅਗਲੀਆਂ ਪੁਸ਼ਤਾਂ, ਹਿੰਦੂਆਂ ਦੀਆਂ ਵਿਦੇਸ਼ੀ ਕਾਰਾਂ ਦੇ ਡਰਾਈਵਰ ਹੋਣਗੇ, ਹਿੰਦੂਆਂ ਦੇ ਘਰਾਂ, ਕਾਰਖਾਨਿਆਂ ਮੂਹਰੇ ਚੌਕੀਦਾਰ ਹੋਣਗੇ, ਹਿੰਦੂਆਂ ਦੇ ਦਫਤਰਾਂ ਵਿੱਚ ਚਪੜਾਸੀ ਹੋਣਗੇ, ਹਿੰਦੂਆਂ ਦੇ ਹੋਟਲਾਂ ਅੱਗੇ ਦਰਬਾਨ ਹੋਣਗੇ ਜਾਂ ਲੁਟੇਰੇ ਹੋਣਗੇ, ਇਸ ਤੋਂ ਵੱਧ ਕੁਝ ਨਹੀਂ ਹੋਣਗੇ।’ 
ਹੁਣ ਕਪੂਰ ਸਿੰਘ ਹੋਰੀਂ ਤਾਂ ਇਸ ਦੁਨੀਆਂ ਵਿੱਚ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਕੁਝ ਪੁਛਿਆ ਨਹੀਂ ਜਾ ਸਕਦਾ, ਪਰ ਉਨ੍ਹਾਂ ਦੇ ਦੇਸ਼-ਵਿਦੇਸ਼ ਵਿੱਚ ਬੈਠੇ ਸ਼ੁੱਭ-ਚਿੰਤਕਾਂ ਜਾਂ ਵਾਰਿਸਾਂ ਨੂੰ ਤਾਂ ਸਵਾਲ ਪੁੱਛੇ ਹੀ ਜਾ ਸਕਦੇ ਹਨ ਕਿਉਂਕਿ ਉਹ ਇਹ ਚਾਰ ਲਾਈਨਾਂ ਵਾਰ-ਵਾਰ ਸ਼ੇਅਰ ਕਰਦੇ ਰਹਿੰਦੇ ਹਨ।
ਪਹਿਲਾ ਸਵਾਲ ਤਾਂ ਇਹੀ ਬਣਦਾ ਹੈ ਕਿ ਜੇ ਕਪੂਰ ਸਿੰਘ ਇੱਕ ਆਮ ਪਰਿਵਾਰ ਵਿੱਚੋਂ ਉਠ ਕੇ ਇੰਗਲੈਂਡ ਪੜ੍ਹ ਕੇ, ਉਨ੍ਹਾਂ ਵਿਦੇਸ਼ੀ ਬਸਤੀਵਾਦੀ ਹਾਕਮਾਂ ਦੇ ਰਾਜ ਵਿੱਚ ਸਭ ਤੋਂ ਉਚੀ ਸਿਵਲ ਸਰਵਿਸ ਦੀ ਨੌਕਰੀ ਤਹਿਤ 14 ਸਾਲ ਡੀ ਸੀ ਲੱਗ ਸਕਦੇ ਹਨ, ਜਿਨ੍ਹਾਂ ਨੇ ਭਾਰਤੀਆਂ ਨੂੰ  200 ਸਾਲ ਗੁਲਾਮ ਬਣਾਈ ਰੱਖਿਆ ਤਾਂ ਫਿਰ ਭਾਰਤ ਵਰਗੇ ਸਿੱਖਾਂ ਦੇ ਆਪਣੇ ਦੇਸ਼ ਵਿੱਚ ਸਿੱਖਾਂ ਨੂੰ ਕੌਣ ਰੋਕ ਸਕਦਾ ਹੈ?
1947 ਵਿੱਚ ਦੇਸ਼ ਅਜ਼ਾਦ ਹੋਣ ਤੋਂ 2026 ਤੱਕ ਦੇ 79 ਸਾਲਾਂ ਵਿੱਚ ਭਾਰਤ ਸਰਕਾਰ ਦਾ ਅਜਿਹਾ ਕੋਈ ਅਹੁਦਾ ਨਹੀਂ, ਜਿੱਥੇ ਸਿੱਖ; ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਗਵਰਨਰ, ਮੁੱਖ ਮੰਤਰੀ, ਫੌਜਾਂ ਦੇ ਮੁੱਖੀ, ਸੁਪਰੀਮ ਕੋਰਟ ਦੇ ਜੱਜ, ਭਾਰਤੀ ਇਲੈਕਸ਼ਨ ਕਮਿਸ਼ਨ ਦੇ ਚੀਫ, ਆਈ ਏ ਐਸ, ਆਈ ਪੀ ਐਸ, ਪੀ ਸੀ ਐਸ, ਆਈ ਐਫ ਐਸ ਆਦਿ ਵੱਡੇ ਤੋਂ ਵੱਡੇ ਅਹੁਦੇ ‘ਤੇ ਨਾ ਰਹੇ ਹੋਣ ਜਾਂ ਅੱਜ ਨਾ ਹੋਣ। ਭਾਰਤ ਦਾ ਕੋਈ ਅਜਿਹਾ ਸੂਬਾ ਨਹੀਂ, ਜਿੱਥੇ ਸਿੱਖ ਵੱਡੇ-ਵੱਡੇ ਬਿਜਨੈਸਮੈਨ ਜਾਂ ਵੱਡੀਆਂ-ਵੱਡੀਆਂ ਜਮੀਨਾਂ ਦੇ ਮਾਲਕ ਨਾ ਹੋਣ।
ਵਿਦੇਸ਼ਾਂ ਵਿੱਚ ਆਪਣੀ ਮਰਜੀ ਨਾਲ਼ ਤਾਂ ਸਿੱਖ ਜਰੂਰ ਅਜਿਹੀਆਂ ਜੌਬਾਂ ਕਰਦੇ ਮਿਲ਼ ਜਾਣਗੇ, ਜਿਨ੍ਹਾਂ ਦਾ ਜ਼ਿਕਰ ਕਪੂਰ ਸਿੰਘ ਹੋਰਾਂ ਕੀਤਾ ਹੈ, ਪਰ ਭਾਰਤ ਵਿੱਚ 80 ਸਾਲ ਬਾਅਦ ਅਜੇ ਸਿੱਖਾਂ ਦੇ ਅਜਿਹੇ ਹਾਲਾਤ ਨਹੀਂ ਬਣੇ, ਜੇ ਕਦੇ ਬਣਨਗੇ ਤਾਂ ਇਸ ਲਈ ਸਿੱਖ ਹੀ ਜ਼ਿੰਮੇਵਾਰ ਹੋਣਗੇ, ਨਾ ਕਿ ਹਿੰਦੂ ਜਾਂ ਕੋਈ ਹੋਰ…?
ਪਿਛਲ਼ੇ ਦਿਨੀਂ ਇੱਕ ਆਰਟੀਕਲ ਵਿੱਚ ਅਸੀਂ ਦੱਸਿਆ ਸੀ ਕਿ ਸ. ਕਪੂਰ ਸਿੰਘ ਕਿਸ ਤਰ੍ਹਾਂ ਹੋਰ ਸਿੱਖ ਵਿਦਵਾਨਾਂ ਵਾਂਗ ਹਰ ਮਸਲੇ ‘ਤੇ ਕਨਫਿਊਜਡ ਸਨ। ਕਦੇ ਉਹ ਪੰਜਾਬ ਲਈ ਵੱਧ ਅਧਿਕਾਰਾਂ ਦੀ ਗੱਲ ਕਰਦੇ ਸਨ, ਕਦੇ ਭਾਰਤ ਤੋਂ ਵੱਖਰੇ ਖਾਲਿਸਤਾਨ ਦੀ ਹਾਮੀ ਭਰਦੇ ਸਨ, ਕਦੇ ਭਾਰਤ ਵਿੱਚ ਸਿੱਖਾਂ ਲਈ ਵੱਖਰੇ ਤੇ ਵਿਸ਼ੇਸ਼ ਖਿੱਤੇ ਦੀ ਮੰਗ ਕਰਦੇ ਸਨ ਆਦਿ। ਪਰ ਕੁਰੱਪਸ਼ਨ ਕੇਸ ਵਿੱਚ ਆਪਣੀ ਨੌਕਰੀ ਦੀ ਬਰਖਾਸਤਗੀ ਤੋਂ ਬਾਅਦ ਲੰਬਾ ਸਮਾਂ ਨੌਕਰੀ ਜਾਂ ਪੈਨਸ਼ਨ ਦੀ ਪ੍ਰਾਪਤੀ ਲਈ ਸੁਪਰੀਮ ਕੋਰਟ ਤੱਕ ਕੇਸ ਲੜਦੇ ਰਹੇ। ਬੇਸ਼ੱਕ ਉਨ੍ਹਾਂ ਨੇ ਆਪਣੀ ਜੀਵਨ ਕਹਾਣੀ ‘ਸਾਚੀ ਸਾਖੀ’ ਨਾਮ ਦੀ ਕਿਤਾਬ ਵਿੱਚ ਭਾਰਤ ਸਰਕਾਰ ‘ਤੇ ਅਜਿਹੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਉਪਰ ਝੂਠੇ ਕੇਸ ਇਸ ਲਈ ਦਰਜ ਕੀਤੇ ਗਏ ਸਨ ਕਿਉਂਕਿ ਉਨ੍ਹਾਂ ਨੇ 10 ਅਕਤੂਬਰ, 1947 ਦੇ ਭਾਰਤ ਸਰਕਾਰ ਦੇ ਉਸ ਖੁਫੀਆ ਪੱਤਰ ਨੂੰ ਲੀਕ ਕਰ ਦਿੱਤਾ ਸੀ, ਜਿਸ ਵਿੱਚ ਸਿੱਖਾਂ ਨੂੰ ‘ਜਰਾਇਮਪੇਸ਼ਾ ਕੌੰਮ’ ਕਿਹਾ ਗਿਆ ਸੀ। ਪਰ ਸਾਰੀ ਉਮਰ ਕਦੇ ਵੀ ਨਾ ਸਾਚੀ ਸਾਖੀ ਵਿੱਚ, ਨਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਅਤੇ ਨਾ ਹੀ ਕਿਤੇ ਪਬਲਿਕ ਵਿੱਚ ਉਸ ਜਰਾਇਮਪੇਸ਼ਾ ਵਾਲ਼ੇ ਸਰਕੂਲਰ ਦੀ ਕਾਪੀ ਪੇਸ਼ ਕਰ ਸਕੇ।
ਉਨ੍ਹਾਂ ਨੂੰ ਕੁਰੱਪਸ਼ਨ ਦੇ ਇਲਜ਼ਾਮਾਂ ਵਿੱਚ 13 ਅਪਰੈਲ, 1949 ਨੂੰ ਡਿਸਮਿਸ ਕੀਤਾ ਗਿਆ ਸੀ।ਉਸ ਤੋਂ ਬਾਅਦ ਚੱਲੀ ਵਿਭਾਗੀ ਕਾਰਵਾਈ ਵਿੱਚ ਉਨ੍ਹਾਂ ‘ਤੇ 18 ਮਈ, 1950 ਨੂੰ 12 ਕੁਰੱਪਸ਼ਨ ਅਤੇ ਬੇਨਿਯਮੀਆਂ ਦੇ ਚਾਰਜ ਲੱਗੇ। ਇਸ ਤੋਂ ਬਾਅਦ ਜੁਲਾਈ 1950 ਵਿੱਚ ਸਾਂਝੇ ਪੰਜਾਬ ਦੇ ਅੰਗਰੇਜ਼ ਚੀਫ ਜਸਟਿਸ ਸਰ ਐਰਿਕ ਵੈਸਟਨ ਦੀ ਅਗਵਾਈ ਹੇਠ ਬਣੇ ਕਮਿਸ਼ਨ ਨੇ ਇਨਕੁਆਰੀ ਸ਼ੁਰੂ ਕੀਤੀ। ਉਸਨੇ 14 ਮਈ, 1951 ਨੂੰ ਆਪਣੀ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ 10 ਦੋਸ਼ ਸਹੀ ਪਾਏ ਗਏ, 2 ਦੋਸ਼ ਬੇਨਿਯਮੀਆਂ ਦੇ ਸਨ, ਜੋ ਕਿ ਜਿਆਦਾ ਗੰਭੀਰ ਨਹੀਂ ਸਨ, ਉਹ ਹਟਾ ਦਿੱਤੇ ਗਏ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਦੇ ਅਧਾਰ ‘ਤੇ ਤਕਰੀਬਨ ਦੋ ਸਾਲ ਬਾਅਦ 27 ਜੁਲਾਈ, 1953 ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
ਪਰ ਸਰ ਐਰਕਿ ਵੈਸਟਨ ਦੀ ਰਿਪੋਰਟ ਨੂੰ ਲਾਗੂ ਕਰਨ ਤੋਂ ਪਹਿਲਾਂ ਸ. ਕਪੂਰ ਸਿੰਘ ਨੂੰ ਆਪਣਾ ਪੱਖ ਰੱਖਣ ਦਾ ਖੁੱਲ੍ਹਾ ਮੌਕਾ ਦਿੱਤਾ ਗਿਆ। ਜਿਸ ਤਹਿਤ ਕਪੂਰ ਸਿੰਘ ਨੇ ਆਪਣਾ ਪੱਖ 321 ਸਫਿਆਂ ਦੀ ਇੱਕ ਵਿਸਤਾਰਤ ਰਿਪੋਰਟ ਵਿੱਚ ਰੱਖਿਆ। ਜਿਸਨੂੰ ਭਾਰਤ ਸਰਕਾਰ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਇੱਕ ਕਮੇਟੀ ਕੋਲ਼ ਜਾਂਚ ਲਈ ਭੇਜਿਆ। ਉਹ ਕਮੇਟੀ ਵੀ ਸਾਲ ਬਾਅਦ ਸਰ ਐਰਿਕ ਵੈਸਟਨ ਵਾਲ਼ੇ ਨਤੀਜੇ ‘ਤੇ ਪਹੁੰਚੀ ਕਿ ਸਾਰੇ ਦੋਸ਼ ਸਹੀ ਹਨ।
ਇਸ ਤੋਂ ਬਾਅਦ ਕਪੂਰ ਸਿੰਘ ਨੇ ਆਪਣਾ ਪੱਖ ਰੱਖਣ ਲਈ ਪੰਜਾਬ ਹਾਈ ਕੋਰਟ ਵਿੱਚ ਕੇਸ ਦਰਜ ਕੀਤਾ। ਜਿਸਦਾ ਫੈਸਲਾ ਹਾਈ ਕੋਰਟ ਪੰਜਾਬ ਦੇ ਸੀਨੀਅਰ ਵਕੀਲਾਂ ਦੇ ਬੈਂਚ ਨੇ 7 ਅਕਤੂਬਰ, 1955 ਨੂੰ ਸੁਣਾਇਆ ਅਤੇ ਸਰ ਐਰਨ ਵੈਸਟਨ ਅਤੇ ਯੂ ਪੀ ਐਸ ਸੀ ਦੇ ਫੈਸਲੇ ਨੂੰ ਬਹਾਲ ਰੱਖਿਆ। ਉਸ ਤੋਂ ਬਾਅਦ ਕਪੂਰ ਸਿੰਘ ਨੇ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਅਪੀਲ ਦਰਜ ਕੀਤੀ। ਜਿਸਦਾ ਫੈਸਲਾ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਦੇ ਬੈਂਚ ਨੇ 15 ਦਸੰਬਰ, 1959 ਨੂੰ ਦਿੱਤਾ, ਉਨ੍ਹਾਂ ਨੇ ਵੀ ਪਿਛਲੇ ਫੈਸਲਿਆਂ ਨੂੰ ਬਹਾਲ ਰੱਖਿਆ। ਜਿਸ ਨਾਲ਼ ਕਪੂਰ ਸਿੰਘ ਹਰ ਫਰੰਟ ‘ਤੇ ਆਪਣੀ ਲੜਾਈ ਹਾਰ ਗਏ ਅਤੇ ਨੌਕਰੀ ਤੋਂ ਸਦਾ ਲਈ ਹੱਥ ਧੋ ਬੈਠੇ।
ਕੀ ਇਹ ਸਾਰਾ ਕੁਝ ਸਪੱਸ਼ਟ ਨਹੀਂ ਕਰਦਾ ਕਿ ਕਪੂਰ ਸਿੰਘ ਹੋਰਾਂ ਦਾ ਇਹ ਡਿਫੈਂਸ ਕਿਸੇ ਨੇ ਨਹੀਂ ਮੰਨਿਆ ਕਿ ਉਨ੍ਹਾਂ ਨਾਲ਼ ਸਿੱਖ ਹੋਣ ਕਰਕੇ ਧੱਕਾ ਕੀਤਾ ਗਿਆ ਜਾਂ ਜਰਾਇਮਪੇਸ਼ਾ ਵਾਲ਼ੇ ਕਥਿਤ ਸਰਕੂਲਰ ਕਰਕੇ ਉਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਸੀ। ਸਾਰੇ ਫੈਸਲਿਆਂ ਦਾ ਅਧਾਰ ਇਹ ਸੀ ਕਿ ਭਾਰਤ-ਪਾਕਿਸਤਾਨ ਦੋ ਦੇਸ਼ ਬਣਨ ਤੋਂ ਪਹਿਲਾਂ ਸਾਂਝੇ ਪੰਜਾਬ ਦੀ ਹਾਈ ਕੋਰਟ ਦੇ ਚੀਫ ਜਸਟਿਸ ਸਰ ਐਰਿਕ ਵੈਸਟਨ ਦੀ ਟੀਮ ਵਲੋਂ ਕੀਤੀ ਇਨਕੁਆਰੀ ਵਿੱਚ ਕੋਈ ਦੋਸ਼ ਨਹੀਂ ਸੀ। ਇਹ ਇੱਕ ਨਿਰਪੱਖ, ਨਿਆਂਪੂਰਕ ਅਤੇ ਤੱਥਾਂ ਅਧਾਰਿਤ ਰਿਪੋਰਟ ਸੀ।
ਪਰ ਹੈਰਾਨੀ ਹੁੰਦੀ ਹੈ ਕਿ ਕਪੂਰ ਸਿੰਘ ਆਪਣੀ ਨੌਕਰੀ ਦੀ ਬਹਾਲੀ ਲਈ ਹਰ ਪੱਧਰ ‘ਤੇ 10 ਸਾਲ ਕਨੂੰਨੀ ਲੜਾਈ ਲੜਨ ਤੋਂ ਬਾਅਦ ਜਦੋਂ ਕੁਰੱਪਸ਼ਨ ਅਤੇ ਬੇਨਿਯਮੀਆਂ ਦੇ ਦੋਸ਼ਾਂ ਵਿੱਚ ਨੌਕਰੀ ਤੋਂ ਡਿਸਮਿਸ ਹੋ ਗਏ ਤਾਂ ਮਾਸਟਰ ਤਾਰਾ ਸਿੰਘ ਨੇ ਉਨ੍ਹਾਂ ਨੂੰ ਅਕਾਲੀ ਦਲ ਦਾ ਮੁੱਖ ਲੀਡਰ ਬਣਾ ਦਿੱਤਾ। ਉਸ ਤੋਂ ਬਾਅਦ 1962 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦਾ ਉਮੀਦਰਵਾਰ ਬਣਾਇਆ ਗਿਆ ਅਤੇ ਉਹ ਲੁਧਿਆਣਾ ਤੋਂ 1962-67 ਪੰਜ ਸਾਲ ਐਮ ਪੀ ਰਹੇ। ਇਸ ਤੋਂ ਬਾਅਦ 1967 ਦੀ ਇਲੈਕਸ਼ਨ ਵਿੱਚ ਕਪੂਰ ਸਿੰਘ ਲੁਧਿਆਣਾ ਦੀ ਸੀਟ ਤੋਂ ਬੁਰ੍ਹੀ ਤਰ੍ਹਾਂ ਹਾਰ ਗਏ ਸਨ।
ਸ਼ਾਇਦ ਲੋਕਾਂ ਨੇ ਜਜਬਾਤੀ ਹੋ ਕੇ 1962 ਦੀ ਚੋਣਾਂ ਵਿੱਚ ਕਪੂਰ ਸਿੰਘ ਹੋਰਾਂ ਨਾਲ਼ ਨਾਲ਼ ਹੋਏ ਧੱਕੇ ਦੇ ਬ੍ਰਿਤਾਂਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਜਿਤਾ ਦਿੱਤਾ ਸੀ, ਬਾਅਦ ਵਿੱਚ ਉਨ੍ਹਾਂ ਦਾ ਪੰਜ ਸਾਲ ਦੀ ਕਾਰਗੁਜਾਰੀ ਤੋਂ ਬਾਅਦ ਮੋਹ ਭੰਗ ਹੋ ਗਿਆ ਸੀ। ਫਿਰ ਉਨ੍ਹਾਂ ਨੂੰ ਅਕਾਲੀ ਦਲ ਵਲੋਂ ਐਮ ਐਲ ਏ ਲਈ ਟਿਕਟ ਦੇ ਕੇ 1969-72 ਤੱਕ 3 ਸਾਲ ਲਈ ਐਮ ਐਲ ਏ ਬਣਵਾਇਆ। ਇਸ ਤੋਂ ਇਲਾਵਾ ਉਹ ਅਕਾਲੀ ਦਲ ਦੇ ਵਾਈਸ ਪ੍ਰਧਾਨ ਵੀ ਰਹੇ। ਬੇਸ਼ੱਕ ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਦੀ ਹਰ ਸੰਭਚਵ ਮੱਦਦ ਕੀਤੀ, ਪਰ ਉਨ੍ਹਾਂ ਕਦੇ ਕਿਸੇ ਅਕਾਲੀ ਲੀਡਰ ਦੀ ਸ਼ਲਾਘਾ ਨਹੀਂ ਕੀਤੀ।
ਚਾਹੀਦਾ ਤਾਂ ਇਹ ਸੀ ਕਿ ਸ. ਕਪੂਰ ਸਿੰਘ ਸਰਕਾਰ ਵਲੋਂ 1949 ਵਿੱਚ ਬਰਖਾਸਤ ਕਰਨ ਤੋਂ ਬਾਅਦ ਅਸਤੀਫਾ ਦੇ ਕੇ ਸਿੱਖ ਕੌਮ ਨੂੰ ਕੋਈ ਸੇਧ ਦਿੰਦੇ। ਪਰ ਉਹ ਦਸ ਸਾਲ ਆਪਣੀ ਨੌਕਰੀ ਬਚਾਉਣ ਲਈ ਕੋਰਟਾਂ ਵਿੱਚ ਧੱਕੇ ਖਾਦੇ ਰਹੇ। ਇਸ ਸਾਰੇ ਅਰਸੇ ਦੌਰਾਨ ਉਨ੍ਹਾਂ ਕਦੇ ਸਿੱਖ ਭਾਈਚਾਰੇ ਲਈ ਕੋਈ ਲੜਾਈ ਨਹੀਂ ਲੜੀ, ਕੋਈ ਸੰਘਰਸ਼ ਨਹੀਂ ਕੀਤਾ, ਜਿਸ ਲਈ ਉਹ ਇਤਨੇ ਫਿਰਕਮੰਦ ਸਨ ਕਿ ਜੇ ਸਿੱਖਾਂ ਨੂੰ ਆਪਣਾ ਪ੍ਰਭੂ ਸੰਪਨ ਦੇਸ਼ ਖਾਲਿਸਤਾਨ ਨਾ ਮਿਲ਼ਿਆ ਤਾਂ ਸਿੱਖ ਚਪੜਾਸੀ, ਦਰਬਾਨ,…. ਆਦਿ ਪਤਾ ਨਹੀਂ ਕੀ ਕੁਝ ਬਣਨਗੇ?
ਜੇ ਉਨ੍ਹਾਂ ਦੀ ਸੋਚ ਅਨੁਸਾਰ ਸਿੱਖਾਂ ਲਈ ਵੱਖਰੇ ਦੇਸ਼ ਦੀ ਇਤਨੀ ਲੋੜ ਸੀ ਤਾਂ ਉਹ ਆਪਣੀ ਨੌਕਰੀ ਦੀ ਬਰਖਾਸਤਗੀ ਤੋਂ ਬਾਅਦ 36 ਸਾਲ ਜਿੰਦਾ ਰਹੇ, ਉਸੇ ਭਾਰਤ ਦੇ ਸੰਵਿਧਾਨ ਅਧੀਨ ਐਮ ਐਲ ਏ, ਐਮ ਪੀ ਬਣ ਕੇ ਸਹੂਲਤਾਂ ਕਿਉਂ ਮਾਣਦੇ ਰਹੇ? ਕੀ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 25 (ਜਿਸ ਵਿੱਚ ਉਨ੍ਹਾਂ ਅਨੁਸਾਰ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਗਿਆ ਸੀ, ਕੋਰਟ ਵਿੱਚ ਚੈਲਿੰਜ ਨਹੀਂ ਕਰਨਾ ਚਾਹੀਦਾ ਸੀ, ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਨਿੱਜੀ ਕੇਸ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ 10 ਸਾਲ ਲੜਾਈ ਲੜੀ ਸੀ?
ਇਸਦੇ ਉਲਟ ਜਦੋਂ ਭਾਰਤ ਸਰਕਾਰ ਵਲੋਂ ਪੰਜਾਬੀ ਸੂਬੇ ਦੀ ਮੰਗ ਮੰਨੀ ਨਹੀਂ ਜਾ ਰਹੀ ਸੀ ਤਾਂ ਅਕਾਲੀ ਦਲ ਨੇ ਗੁੱਸੇ ਵਿੱਚ ਵੱਖਰੇ ਸਿੱਖ ਰਾਜ ਦਾ ਮਤਾ ਪਾਸ ਕਰ ਦਿੱਤਾ ਤਾਂ ਕਪੂਰ ਸਿੰਘ ਅਕਾਲੀ ਦਲ ਦੇ ਇੱਕ ਸੀਨੀਅਰ ਨੇਤਾ ਹੋਣ ਦੇ ਨਾਤੇ ਅਕਾਲੀਆਂ ਨਾਲ਼ ਇਤਨੇ ਨਰਾਜ਼ ਹੋਏ ਕਿ ਆਪਣੀ ਕਿਤਾਬ ‘ਸਾਚੀ ਸਾਖੀ’ ਵਿੱਚ ਜਿੱਥੇ ਉਹ ਅਕਾਲੀ ਲੀਡਰਾਂ ਬਾਰੇ ਗਾਲ਼ਾਂ ਵਰਗੀ ਭਾਸ਼ਾ ਲਿਖਦੇ ਹਨ, ਉਥੇ ਕਹਿੰਦੇ ਹਨ ਕਿ ਇਨ੍ਹਾਂ ਮੂਰਖ ਲੀਡਰਾਂ ਨੂੰ ਪਤਾ ਨਹੀਂ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਦੇਸ਼ ਨੂੰ ਤੋੜਨ ਦੀ ਮੰਗ ਕਰਨ ‘ਤੇ ਦਸ ਸਾਲ ਦੀ ਸਜਾ ਹੋ ਸਕਦੀ ਹੈ।
ਮੈਂ ਤਾਂ ਹੁਣ ਇਸ ਉਮਰ ‘ਚ ਦਸ ਸਾਲ ‘ਚ ਜ਼ੇਲ੍ਹ ਨਹੀਂ ਜਾਣਾ ਚਾਹੁੰਦਾ, ਜਿਹੜੇ ਜਾਣਾ ਚਾਹੁੰਦੇ ਹਨ, ਉਹ ਹੀ ਇਸ ਮਤੇ ‘ਤੇ ਸਾਈਨ ਕਰ ਦੇਣ। ਉਨ੍ਹਾਂ ਦੀ ਆਪ ਲਿਖੀ ਹੋਈ ਸਟੇਟਮੈਂਟ ਦੱਸਦੀ ਹੈ ਕਿ ਉਹ ਸਿੱਖਾਂ ਪ੍ਰਤੀ ਕਿਤਨੇ ਕੁ ਸੁਹਿਰਦ ਸਨ ਜਾਂ ਸਿੱਖ ਰਾਜ ਲਈ ਕੁਝ ਸਾਲ ਜ਼ੇਲ੍ਹ ਜਾਣ ਤੋਂ ਵੀ ਕਿਵੇਂ ਡਰਦੇ ਸਨ। ਜਦਕਿ ਜਿਨ੍ਹਾਂ ਨੂੰ ਮੂਰਖ, ਬੇਵਕੂਫ ਲੀਡਰ ਦੱਸਦੇ ਸਨ, ਉਨ੍ਹਾਂ ਨੇ ਪੰਜਾਬ ਅਤੇ ਸਿੱਖਾਂ ਲਈ ਮੋਰਚਿਆਂ ਵਿੱਚ ਕਈ ਕਈ ਸਾਲ ਜ਼ੇਲ੍ਹਾਂ ਕੱਟੀਆਂ ਸਨ।
ਜਿਸ ਤਰ੍ਹਾਂ ਅਸੀਂ ਇੱਕ ਹੋਰ ਲਿਖਤ ਵਿੱਚ ਦੱਸਿਆ ਸੀ ਕਿ ਜਦੋਂ ਸਾਰਾ ਭਾਰਤ ਅੰਗਰੇਜਾਂ ਤੋਂ ਅਜ਼ਾਾਦੀ ਲਈ ਲੜ ਰਿਹਾ ਸੀ ਤਾਂ ਉਹ ਇੰਗਲੈਂਡ ਵਿੱਚ ਪੜ੍ਹ ਰਹੇ ਸਨ, ਪੜ੍ਹ ਕੇ ਆਉਣ ਤੋਂ ਬਾਅਦ ਗਾਂਧੀ, ਨਹਿਰੂ, ਜਿਨਾਹ, ਅੰਬੇਦਕਰ ਵਾਂਗ ਆਪਣੇ ਲੋਕਾਂ ਲਈ ਲੜਨ ਦੀ ਥਾਂ ਅੰਗਰੇਜਾਂ ਦੀ ਸਰਬ ਉਚ ਨੌਕਰੀ ਕਰਨ ਲੱਗ ਗਏ। ਜਦੋਂ ਦੇਸ਼ ਅਜ਼ਾਦ ਹੋਇਆ ਤਾਂ ਭਾਰਤ ਸਰਕਾਰ ਦੀ ਉਹੀ ਨੌਕਰੀ ਕਰਨ ਲੱਗੇ। ਭਾਰਤ ਸਰਕਾਰ ਦੀ ਵੀ ਨੌਕਰੀ ਕਰਦੇ ਰਹੇ, ਉਨ੍ਹਾਂ ਨੂੰ ਕਿਸੇ ‘ਤੇ ਕੋਈ ਇਤਰਾਜ ਨਹੀਂ ਸੀ। ਬੜੀ ਹੈਰਾਨੀ ਹੁੰਦੀ ਹੈ ਕਿ ਉਹ 1949 ਵਿੱਚ ਆਪਣੀ ਨੌਕਰੀ ਤੋਂ ਬਰਖਾਸਤੀ ਤੋਂ ਬਾਅਦ ਸਿੱਖ ਕੌਮ ਦੇ ਵਿਦਵਾਨ ਅਤੇ ਲੀਡਰ ਕਿਵੇਂ ਬਣ ਗਏ? ਸਾਨੂੰ ਸਭ ਨੂੰ ਪਤਾ ਹੈ ਕਿ ਸਿੱਖਾਂ ਸਮੇਤ ਭਾਰਤ ਵਿੱਚ ਹਰ ਧਰਮ, ਫਿਰਕੇ ਦੇ ਲੋਕ ਆਪਣੇ ਕੰਮਾਂ ਵਿੱਚ ਅਕਸਰ ਕੁਰਪੱਸ਼ਨ ਕਰਦੇ ਹਨ, ਇਹ ਭਾਰਤ ਵਿੱਚ ਆਮ ਹੀ ਵਰਤਾਰਾ ਹੈ।
ਅਗਰ ਕੋਈ ਅਜਿਹੇ ਕੇਸ ਵਿੱਚ ਫਸ ਜਾਂਦਾ ਹੈ ਤਾਂ ਉਸਨੂੰ ਉਸਦਾ ਨਿੱਜੀ ਫੈਸਲਾ ਮੰਨਣਾ ਚਾਹੀਦਾ ਹੈ ਨਾ ਕਿ ਕੋਈ ਵੀ ਅਜਿਹੇ ਕੇਸ ਨੂੰ ਧਰਮ ਨਾਲ਼ ਜੋੜ ਕਿ ਸਾਰੀ ਸਿੱਖਾਂ ਨੂੰ ਗੁੰਮਰਾਹ ਕਰੇ। ਅਜਿਹਾ ਹੀ ਕੇਸ ਜਨਰਲ ਸ਼ੁਬੇਗ ਸਿੰਘ ਨਾਲ਼ ਸਬੰਧਤ ਸੀ, ਉਸਨੇ ਵੀ ਇਸਨੂੰ ਸਿੱਖੀ ਨਾਲ਼ ਜੋੜ ਕੇ ਹਰਮਿੰਦਰ ਸਾਹਿਬ ਅੰਦਰ ਆ ਕੇ ਅਜਿਹੇ ਹਾਲਾਤ ਬਣਾ ਦਿੱਤੇ ਤਾਂ ਕਿ ਭਾਰਤੀ ਫੋਜ ਅੰਦਰ ਆਵੇ ਅਤੇ ਉਹ ਭਾਰਤੀ ਫੋਜ ਨਾਲ਼ ਲੜਕੇ ਆਪਣੀ ਨਿੱਜ਼ੀ ਰੰਜ਼ਸ਼ ਕੱਢ ਸਕੇ। ਇਸ ਸਬੰਧੀ ਵੀ ਵਿਸ਼ਤਾਰਤ ਆਰਟੀਕਲ ਜਲਦੀ ਪਾਠਕਾਂ ਨਾਲ਼ ਸਾਂਝਾ ਕਰਾਂਗੇ।
ਸਾਕਾ ਨੀਲਾ ਤਾਰਾ ਅਤੇ ਜਨਰਲ ਐਸ.ਕੇ. ਸਿਨਹਾ!
ਹਰ ਸਾਲ ਹੀ ਸਾਕਾ ਨੀਲਾ ਤਾਰਾ ਦੀ ਬਰਸੀ ਆਉਂਦੀ ਹੈ ਅਤੇ ਕਈ ਲੋਕ ਜਨਰਲ ਐਸ.ਕੇ. ਸਿਨਹਾ ਦੀ ਸਿਫ਼ਤ ਵਿਚ ਸੋਹਲੇ ਗਾਉਣ ਲੱਗਦੇ ਹਨ ਕਿ ਉਸਨੇ ਸਰਕਾਰ ਦੇ ਹੁਕਮਾਂ ਨੂੰ ਰੱਦ ਕਰਕੇ ਦਰਬਾਰ ਸਾਹਿਬ ਕੰਪਲੈਕਸ ਉੱਪਰ ਹਮਲਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।
ਇਹ ਸੱਚ ਹੈ ਕਿ ਲੈਫ਼ਟੀਨੈਂਟ ਜਨਰਲ ਸ੍ਰੀਨਿਵਾਸ ਕੁਮਾਰ ਸਿਨਹਾ ਦਾ ਆਪਰੇਸ਼ਨ ਬਲੂ ਸਟਾਰ ਵਿਚ ਸਿੱਧਾ ਕਮਾਂਡਿੰਗ ਰੋਲ ਨਹੀਂ ਸੀ। ਪਰ ਉਹ ਇਸ ਘਟਨਾ ਦੇ ਹਰ ਪਹਿਲੂ ਨਾਲ ਮਹੱਤਵਪੂਰਨ ਢੰਗ ਨਾਲ ਜੁੜੇ ਹੋਏ ਸਨ। ਹਮਲੇ ਬਾਰੇ ਆਮ ਸਹਿਮਤੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਬਾਰੇ ਕੁਝ ਗੰਭੀਰ ਇਤਰਾਜ਼ ਪੇਸ਼ ਕੀਤੇ ਸਨ। ਉਸ ਸਮੇਂ ਐਸ.ਕੇ. ਸਿਨਹਾ ਭਾਰਤੀ ਫੌਜ ਦੇ ਆਰਮੀ ਸਟਾਫ ਦੇ ਉਪ ਸੈਨਾਪਤੀ ਸਨ ਅਤੇ ਸੀਨੀਆਰਟੀ ਅਨੁਸਾਰ ਫੌਜ ਦੇ ਅਗਲੇ ਮੁਖੀ ਬਣਨ ਵਾਲੇ ਸਨ। ਕਈ ਵੇਰਵਿਆਂ ਅਨੁਸਾਰ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਤੋਂ ਗੋਲਡਨ ਟੈਂਪਲ ਕੰਪਲੈਕਸ ਵਿਚ ਫੌਜੀ ਕਾਰਵਾਈ ਬਾਰੇ ਰਾਏ ਮੰਗੀ ਸੀ।
ਸਿਨਹਾ ਨੇ ਇਸ ਤਰ੍ਹਾਂ ਦੀ ਕਾਰਵਾਈ ਦੇ ਧਾਰਮਿਕ ਅਤੇ ਰਾਜਨੀਤਕ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਅਤੇ ਬਦਲਵੇਂ ਹੱਲ ਲੱਭਣ ਦੀ ਸਲਾਹ ਦਿੱਤੀ ਸੀ। ਬਾਅਦ ਵਿਚ ਜਨਰਲ ਏ.ਐਸ. ਵੈਦਿਆ ਨੂੰ ਫੌਜ ਦਾ ਮੁਖੀ ਬਣਾਇਆ ਗਿਆ ਅਤੇ ਆਪਰੇਸ਼ਨ ਬਲੂ ਸਟਾਰ ਦੀ ਫੌਜੀ ਯੋਜਨਾ ਉਨ੍ਹਾਂ ਦੀ ਕਮਾਂਡ ਹੇਠ ਅੱਗੇ ਵਧੀ। ਮੈਦਾਨੀ ਕਾਰਵਾਈ ਦੀ ਕਮਾਂਡ ਕੁਲਦੀਪ ਸਿੰਘ ਬਰਾੜ ਨੇ ਕੀਤੀ, ਜਦਕਿ ਉੱਚ ਪੱਧਰੀ ਯੋਜਨਾ ਵਿਚ ਕੇ. ਸੁੰਦਰਜੀ ਦੀ ਮੁੱਖ ਭੂਮਿਕਾ ਸੀ।
ਇਹ ਵੀ ਇੱਕ ਪ੍ਰਚਲਿਤ ਦਲੀਲ ਹੈ ਕਿ ਐਸ.ਕੇ. ਸਿਨਹਾ ਦੇ ਇਤਰਾਜ਼ ਅਤੇ ਉਨ੍ਹਾਂ ਦੀ ਸੁਤੰਤਰ ਰਾਏ ਕਾਰਨ ਉਨ੍ਹਾਂ ਨੂੰ ਫੌਜ ਦਾ ਮੁਖੀ ਨਹੀਂ ਬਣਾਇਆ ਗਿਆ, ਹਾਲਾਂਕਿ ਇਸ ਬਾਰੇ ਕੋਈ ਸਰਕਾਰੀ ਦਸਤਾਵੇਜ਼ੀ ਸਬੂਤ ਨਹੀਂ ਹੈ ਅਤੇ ਇਤਿਹਾਸਕਾਰਾਂ ਵਿਚਕਾਰ ਇਸ ਮਸਲੇ ‘ਤੇ ਮਤਭੇਦ ਹਨ। ਇਹ ਗੱਲਾਂ ਲੰਗੋਟਾ-ਡਾਕ ਉੱਪਰ ਅਧਾਰਤ ਕਹੀਆਂ ਜਾ ਸਕਦੀਆਂ ਹਨ। ਫੇਰ ਵੀ ਜਨਰਲ ਐਸ.ਕੇ. ਸਿਨਹਾ ਵੱਲੋਂ ਕੇਂਦਰੀ ਹਕੂਮਤ ਨੂੰ ਭੇਜੀਆਂ ਸਿਫ਼ਾਰਸ਼ਾਂ ਮਹੱਤਵਪੂਰਨ ਸਨ:
1. ਦਰਬਾਰ ਸਾਹਿਬ ਵਿਚ ਫੌਜ ਭੇਜਣਾ ਆਖ਼ਰੀ ਵਿਕਲਪ ਹੋਣਾ ਚਾਹੀਦਾ ਸੀ, ਸਿਨਹਾ ਦਾ ਮੰਨਣਾ ਸੀ ਕਿ ਪਹਿਲਾਂ ਪੁਲਿਸ, ਸੀ ਆਰ ਪੀ ਐਫ ਅਤੇ ਬੀ ਐੱਸ ਐੱਫ ਵਰਗੀਆਂ ਏਜੰਸੀਆਂ ਨੂੰ ਵਰਤਣਾ ਚਾਹੀਦਾ ਸੀ। ਫੌਜ ਨੂੰ ਤਦ ਹੀ ਲਿਆਂਦਾ ਜਾਣਾ ਚਾਹੀਦਾ ਸੀ ਜੇ ਹੋਰ ਸਾਰੇ ਰਸਤੇ ਨਾਕਾਮ ਹੋ ਜਾਣ।
2. ਧਾਰਮਿਕ ਅਨਸਰਾਂ ਨੂੰ ਸਮਝਣਾ ਜ਼ਰੂਰੀ ਸੀ। ਉਨ੍ਹਾਂ ਨੇ ਲਿਖਿਆ ਕਿ ‘ਗੁਰਦੁਆਰੇ ਅੰਦਰ ਬਖ਼ਤਰਬੰਦ ਗੱਡੀਆਂ ਜਾਂ ਫੌਜੀ ਸਾਜ਼ੋ-ਸਾਮਾਨ ਦੀ ਵਰਤੋਂ ਆਮ ਲੋਕਾਂ ਨੂੰ ਇਹ ਸੰਦੇਸ਼ ਦੇਵੇਗੀ ਕਿ ‘ਟੈਂਕ ਗੁਰਦੁਆਰੇ ਵਿਚ ਚਲੇ ਗਏ’। ਉਨ੍ਹਾਂ ਅਨੁਸਾਰ ਇਸ ਨਾਲ ਦੇਸ਼ ਅਤੇ ਵਿਦੇਸ਼ ਵਿਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਸੀ ਅਤੇ ਫੌਜ ਦੇ ਸਿੱਖ ਜਵਾਨਾਂ ਦੇ ਮਨੋਬਲ ’ਤੇ ਵੀ ਅਸਰ ਪੈ ਸਕਦਾ ਸੀ।
3. ਉਨ੍ਹਾਂ ਨੇ ਇੱਕ ‘ਘੱਟੋ-ਘੱਟ ਨੁਕਸਾਨ’ ਵਾਲੀ ਯੋਜਨਾ ਬਣਾਈ ਸੀ, ਮਹਿਤਾ ਚੌਂਕ ਗੁਰਦੁਆਰੇ ਵਿਚ ਸੰਭਾਵਿਤ ਕਾਰਵਾਈ ਲਈ ਉਨ੍ਹਾਂ ਨੇ ਨਿਰਦੇਸ਼ ਤਿਆਰ ਕੀਤੇ: *ਸਿੱਖ ਅਤੇ ਗੈਰ-ਸਿੱਖ ਅਫ਼ਸਰਾਂ ਦੀ ਮਿਲੀ-ਜੁਲੀ ਕਮਾਂਡ, *ਸੁਤੰਤਰ ਸਿੱਖ ਗਵਾਹਾਂ ਦੀ ਮੌਜੂਦਗੀ, *ਪੂਰੀ ਵੀਡੀਓ ਰਿਕਾਰਡਿੰਗ, *ਪਹਿਲਾਂ ਪਾਣੀ ਅਤੇ ਬਿਜਲੀ ਕੱਟਣਾ, *ਲਾਊਡਸਪੀਕਰ ਰਾਹੀਂ ਸਿੱਖ ਲੜਾਕੂਆਂ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕਰਨਾ *ਜੇ ਅੰਦਰ ਜਾਣ ਦੀ ਲੋੜ ਪਵੇ ਤਾਂ ਜੁੱਤੇ ਉਤਾਰ ਕੇ ਅਤੇ ਧਾਰਮਿਕ ਮਰਿਆਦਾ ਦੀ ਪਾਲਣਾ ਕਰਦੇ ਹੋਏ ਦਾਖ਼ਲ ਹੋਣਾ, *ਕਾਰਵਾਈ ਤੋਂ ਬਾਅਦ ਕਾਰ ਸੇਵਾ ਅਤੇ ਮੁਰੰਮਤ ਦੀ ਜਿੰਮੇਵਾਰੀ ਆਪ ਲੈਣੀ। ਸਿਨਹਾ ਨੇ ਆਪਣੀ ਕਿਤਾਬ ਅਤੇ ਬਾਅਦ ਵਿਚ ਦਿੱਤੀਆਂ ਇੰਟਰਵਿਊਜ਼ ਵਿਚ ਮੰਨਿਆ ਕਿ ਬਲੂ ਸਟਾਰ ਦੌਰਾਨ ਉਨ੍ਹਾਂ ਵਲੋਂ ਸੁਝਾਏ ਗਏ ਬਹੁਤ ਸਾਰੇ ਦਾਅ-ਪੇਚ ਨਹੀਂ ਅਪਣਾਏ ਗਏ। 
4. ਉਨ੍ਹਾਂ ਨੇ ਸੁੰਦਰਜੀ ਦੀ ਜਲਦਬਾਜ਼ੀ ਦੀ ਆਲੋਚਨਾ ਕੀਤੀ। ਇੱਕ ਇੰਟਰਵਿਊ ਵਿਚ ਸਿਨਹਾ ਨੇ ਕਿਹਾ ਕਿ ਜਨਰਲ ਕੇ ਸੁੰਦਰਜੀ ਨੇ ਬਹੁਤ ਹੀ ਕਾਹਲੀ ਨਾਲ ਇਹ ਕਾਰਵਾਈ ਕੀਤੀ ਅਤੇ ਜਦੋਂ ਖਾੜਕੂਆਂ ਦਾ ਵਿਰੋਧ ਉਮੀਦ ਨਾਲੋਂ ਕਾਫ਼ੀ ਸਖ਼ਤ ਨਿਕਲਿਆ ਤਾਂ ਟੈਂਕ ਵਰਤਣ ਦੀ ਮਨਜ਼ੂਰੀ ਮੰਗੀ ਗਈ। ਸਿਨਹਾ ਅਨੁਸਾਰ ਇਸ ਨਾਲ ਫੌਜ ਦਾ ਕਾਫ਼ੀ ਨੁਕਸਾਨ ਵਧ ਗਿਆ।
5. ਬਲੂ ਸਟਾਰ ਨੂੰ ‘ਰਾਜਨੀਤਕ ਅਤੇ ਫੌਜੀ ਗਲਤੀ’ ਮੰਨਿਆ। ਬਾਅਦ ਦੇ ਲੇਖਾਂ ਅਤੇ ਟਿੱਪਣੀਆਂ ਵਿਚ ਸਿਨਹਾ ਨੇ ਇਸ ਕਾਰਵਾਈ ਨੂੰ ਸਿਰਫ਼ ਫੌਜੀ ਨਹੀਂ, ਸਗੋਂ ਸਿਆਸੀ ਪੱਖੋਂ ਵੀ ਗੰਭੀਰ ਗਲਤੀ ਦੱਸਿਆ। ਉਨ੍ਹਾਂ ਦਾ ਤਰਕ ਸੀ ਕਿ ਤੁਰੰਤ ਫੌਜੀ ਸਫ਼ਲਤਾ ਦੇ ਬਾਵਜੂਦ ਲੰਬੇ ਸਮੇਂ ਦੇ ਨਤੀਜੇ ਬਹੁਤ ਜ਼ਿਆਦਾ ਨੁਕਸਾਨਦੇਹ ਸਾਬਤ ਹੋਏ।
ਇੱਕ ਮਹੱਤਵਪੂਰਨ ਗੱਲ *ਸਿਨਹਾ ਨੇ ਕਦੇ ਇਹ ਨਹੀਂ ਕਿਹਾ ਕਿ ਸਰਕਾਰ ਨੂੰ ਹਥਿਆਰਬੰਦ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਦੀ ਅਸਹਿਮਤੀ ਕਾਰਵਾਈ ਦੇ ਤਰੀਕੇ, ਸਮੇਂ, ਅਤੇ ਪਵਿੱਤਰ ਸਥਾਨ ਵਿਚ ਫੌਜੀ ਹਮਲੇ ਨਾਲ ਸੀ, ਨਾ ਕਿ ਕਾਨੂੰਨ-ਵਿਵਸਥਾ ਬਹਾਲ ਕਰਨ ਦੇ ਉਦੇਸ਼ ਨਾਲ। ਜਨਰਲ ਸਿਨਹਾ ਨੇ ਕਦੇ ਵੀ ਸਾਕਾ ਨੀਲਾ ਤਾਰਾ ਦਾ ਵਿਰੋਧ ਨਹੀਂ ਕੀਤਾ। ਭਾਰਤੀ ਫੌਜ ਦਾ ਕੋਈ ਵੀ ਅਨੁਸ਼ਾਸਨ ਵੱਧ ਅਫਸਰ ਹਕੂਮਤੀ ਆਦੇਸ਼ਾਂ ਦਾ ਵਿਰੋਧ ਕਰ ਹੀ ਨਹੀਂ ਸਕਦਾ। ਉਸਨੇ ਆਪਣੀ ਕਿਤਾਬ ‘ਇੱਕ ਫੌਜੀ ਦੀਆਂ ਪਿਛਲੀਆਂ ਯਾਦਾਂ’ ਵਿਚ ਲਿਖਿਆ ਸੀ ਕਿ ‘ਅਪਰੇਸ਼ਨ ਬਲਿਊ ਸਟਾਰ ਕਿਸੇ ਵੀ ਤਰ੍ਹਾਂ ਜ਼ਰੂਰੀ ਨਹੀਂ ਸੀ; ਉਸਦਾ ਮੰਨਣਾ ਸੀ ਕਿ ਇੱਕ ਰਫਤਾ ਰਫਤਾ ਅਧਾਰਤ ਘੇਰਾਬੰਦੀ, ਅਤੇ ਘੱਟੋ-ਘੱਟ ਤਾਕਤ ਦੀ ਵਰਤੋਂ ਕਰਕੇ ਵੀ ਅੱਤਵਾਦੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਕੱਢਿਆ ਜਾ ਸਕਦਾ ਸੀ।
ਹਰਿਮੰਦਰ ਸਾਹਿਬ, ਅਕਾਲ ਤਖ਼ਤ ਦੇ ਨਾਲ-ਨਾਲ ਭਾਰਤੀ ਸਟੇਟ ਅਤੇ ਸਿੱਖ ਭਾਈਚਾਰੇ ਦਰਮਿਆਨ ਸਬੰਧਾਂ ਨੂੰ ਬਹੁਤ ਘੱਟ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ। ਖਾਲਿਸਤਾਨ ਪੱਖੀਆਂ ਦੇ ਵਿਚਾਰ: ਪਰ ਇੱਕ ਬੇਬੁਨਿਆਦ ਧਾਰਨਾ ਭਾਰਤ ਦੇ ‘ਬਲੂ ਸਟਾਰ’ ਫੌਜੀ ਹਮਲੇ ਨੂੰ, ਦਖਣ ਏਸ਼ੀਆ ਦੀ ਫੌਜੀ ਯੁੱਧਨੀਤਕ ਦ੍ਰਿਸ਼ਟੀ ਤੋਂ, ਕਮਿਊਨਿਸਟ ਸੋਵੀਅਤ ਯੂਨੀਅਨ (ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ 1954 ਤੋਂ ਬਾਅਦ ਸੋਵੀਅਤ ਯੂਨੀਅਨ ਸਮਾਜਵਾਦੀ ਦੇਸ਼ ਨਹੀਂ ਰਿਹਾ ਸੀ) ਅਤੇ ਉਸ ਦੇ ਪੂਰਬੀ ਯੂਰਪੀ ਸਹਿਯੋਗੀਆਂ ਦਾ ਭਰਪੂਰ ਸਮਰਥਨ ਹਾਸਲ ਸੀ।
ਇੱਕ ਮਹਾਂ ਝੂਠ ਪਰੋਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਦੂਤ ਦਿੱਲੀ ਵਿਚ ਇਕ ਸਥਾਨ (ਸਥਾਨ ਬਾਰੇ ਕੋਈ ਸਬੂਤ ਨਹੀਂ) ਤੇ ਬੈਠੇ ਅਮ੍ਰਿਤਸਰ ਦੀਆਂ ਘਟਨਾਵਾਂ ਉਪਰ ਨਿਗਾਹਾਂ ਰਖ ਰਹੇ ਸਨ। ਹਰਕਿਸ਼ਨ ਸਿੰਘ ਸੁਰਜੀਤ ਅਤੇ ਹੋਰ ਉਘੇ ਕਮਿਊਨਿਸਟ ਆਗੂ ਸੋਵੀਅਤ ਆਦਿ ਦੇਸ਼ਾਂ ਦੇ ਕੂਟਨੀਤਕਾਂ ਨਾਲ ਇਕਮਿਕ ਸਨ। ਸਿਖਾਂ ਦੀ ਸੰਭਾਵਤ ਹਾਰ ਨੂੰ ਇਹ ਸਾਰੇ ਕਾਬਲ ਤੋਂ ਢਾਕਾ ਤਕ ਦੇ ਖੇਤਰ ਨੂੰ ‘ਸੁਰਖਿਅਤ’ ਹੋ ਜਾਣ ਦੀ ਫੀਲਿੰਗ ਨਾਲ ਸਰਸ਼ਾਰ ਸਨ। ਮਾਸਕੋ ਤੋਂ ਬਰਲਿਨ ਤਕ ਦੇ ਰੇਡੀਓ ਸਟੇਸ਼ਨ ਸਿਖ ਰਜਿਜ਼ਟੈਂਸ ਨੂੰ ਦਹਿਸ਼ਤਵਾਦ ਦਾ ਨਾਂ ਦਿੰਦੇ ਸਨ। 
ਰੇਡੀਓ ਬੀਜਿੰਗ ਅਤੇ ਹੋਰ ਸਰਕਾਰੀ ਚੀਨੀ ਮੀਡੀਆ ਸਿਖ ਫੌਜਾਂ ਨੂੰ ਦਹਿਸ਼ਤਗਰਦ ਨਹੀਂ ਬਲਕਿ ਦਰਬਾਰ ਸਾਹਿਬ ਸਮੂਹ ਦੇ ਕਬਜ਼ਾਧਾਰੀ ਕਹਿੰਦੇ ਸਨ। ਚੀਨ ਦੀ ਸੁਰ ਸਿਖਾਂ ਨਾਲ ਹਲਕੀ ਜਿਹੀ ਹਮਦਰਦੀ ਅਤੇ ਕੂਟਨੀਤਕ ਦਰੁਸਤੀ ਦੇ ਮਿਸ਼ਰਣ ਵਾਲੀ ਸੀ। ਸੰਜੈ ਗਾਂਧੀ ਦੀ ਅਚਾਨਕ ਮੌਤ ਤੋਂ ਬਾਅਦ ਇੰਦਰਾ ਗਾਂਧੀ ਨੇ ਰਾਜੀਵ ਗਾਂਧੀ ਨੂੰ ਆਪਣੇ ਉੱਤਰ-ਅਧਿਕਾਰੀ ਵਜੋਂ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਲਈ ਸੀ। ਉਸ ਵੇਲੇ ਹਰ ਕੋਈ ਰਾਜੀਵ ਗਾਂਧੀ ਦੀ ਸੋਚ ਅਤੇ ਤਰਜੀਹਾਂ ਜਾਨਣ ਲਈ ਉਤਸਕ ਸੀ।
ਰਾਜੀਵ ਅਤੇ ਪਤਨੀ ਸੋਨੀਆ ਗਾਂਧੀ ਦੇ ਸਮਾਜਕ ਤੌਰ ‘ਤੇ ਵਿਚਰਨ ਦਾ ਦਾਇਰਾ ਬੜਾ ਸੀਮਤ ਸੀ। ਪਰ ਕੂਟਨੀਤੀ ਦੇ ਮਾਹਿਰ ਸਮਝੇ ਜਾਂਦੇ ਸ਼ਸ਼ੀ ਥਰੂਰ ਨੇ ਬੰਬਈ ਤੋਂ ਛਪਦੇ ਇਕ ਮਾਸਕ ਰਸਾਲੇ ਰਾਹੀਂ ਭੇਦ ਖੋਲਿ੍ਹਆ ਕਿ ਰਾਜੀਵ ਦੀ ਰਾਜਸੀ ਤਰਜੀਹ ਡਿਫੈਂਸ ਦਾ ਵਿਸ਼ਾ ਹੈ। ਹੋਰਨਾਂ ਸਰੋਤਾਂ ਤੋਂ ਇਹ ਜਾਣਕਾਰੀ ਮਿਲੀ ਕਿ ਬੀਬੀ ਸੋਨੀਆ ਦਾ ਬਾਪ ਇਟਲੀ ਦੀ ਪੁਰਾਣੀ ਫਾਸ਼ੀਵਾਦੀ ਧਿਰ ਦਾ ਮੈਂਬਰ ਰਿਹਾ ਸੀ। ਰਾਜੀਵ ਗਾਂਧੀ ਕਿਸੇ ਹੱਦ ਤਕ ਉਸ ਇਤਾਲਵੀ ਸੋਚ ਵਾਲੀ ਰਾਜਨੀਤੀ ਦੇ ਕੁਲਹਿਣੇ ਪ੍ਰਭਾਵ ਅਧੀਨ ਆ ਗਿਆ ਸੀ। ਪੰਜਾਬ ਦੇ ਸੰਦਰਭ ਵਿਚ ਰਾਜੀਵ ਗਾਂਧੀ ਮੂੰਹੋਂ ਮੈਂ ਇਕ ਦੋ ਵਾਰ ਇਹ ਸੁਣਿਆ ਕਿ ‘ਅਸੀਂ ਰੋਡ-ਰੋਲਰ ਫੇਰ ਦਿਆਂਗੇ – ਮੁਹਾਵਰੇ ਵਾਲਾ ਵੀ ਅਤੇ ਅਸਲੀ ਵੀ’!
ਉਨ੍ਹੀਂ ਹੀ ਦਿਨੀਂ ਰਾਜੀਵ ਗਾਂਧੀ ਦੇ ਮੂਡ ਦਾ ਉਤਾਰਾ ਬਲਰਾਮ ਜਾਖੜ ਨੇ ਇਨ੍ਹਾਂ ਸ਼ਬਦਾਂ ਵਿਚ ਕੀਤਾ: ‘(ਪੰਜਾਬ ਵਿਚ ਸਿੱਖਾਂ ਦੇ) ਵੱਟ ਕੱਢ ਦੇਵਾਂਗੇ, ਵੱਟ’! ਰਾਜੀਵ ਗਾਂਧੀ ਦੀ ਇਸ ਸੋਚ ਨੂੰ ਇੰਦਰਾ ਗਾਂਧੀ, ਅਰੁਨ ਨਹਿਰੂ, ਬਲਰਾਮ ਜਾਖੜ, ਭਜਨ ਲਾਲ ਆਦਿ ਸਭਨਾਂ ਦੀ ਹਮਾਇਤ ਅਤੇ ਹੱਲਾਸ਼ੇਰੀ ਬਾਦਸਤੂਰ ਮਿਲਦੀ ਰਹਿੰਦੀ ਸੀ। ਇਹੀ ਸਮੂਹ ਸੋਚ ਬਲੂ ਸਟਾਰ ਹਮਲੇ ਵਲ ਲੈ ਗਈ। ਪ੍ਰਧਾਨ ਮੰਤਰੀ ਬਣਨ ਉਪਰੰਤ ਰਾਜੀਵ ਗਾਂਧੀ ਦੀ ਰੁਚੀ ਤੋਪਾਂ ਅਤੇ ਹੋਰ ਜੰਗੀ ਸਾਮਾਨ ਦੀ ਖਰੀਦ ਲਈ ਕੌਮਾਂਤਰੀ ਮੰਡੀ ਵਲ ਗਈ। ਸ੍ਰੀਲੰਕਾ ਦੇ ਤਾਮਿਲਾਂ ਉਪਰ ਚੜ੍ਹਾਈ ਕਰ ਕੇ ਉਸ ਨੇ ਤਾਮਿਲ ਇਲਮ ਵਾਲਿਆਂ ਨਾਲ ਦੁਸ਼ਮਣੀ ਪਾ ਲਈ। ਤੋਪਾਂ ਦੀ ਖਰੀਦ ਦੇ ਵਿਵਾਦ ਨੇ ਰਾਜੀਵ ਗਾਂਧੀ ਦੀ ਮਿਸਟਰ ਕਲੀਨ ਵਾਲੀ ਸ਼ਵੀ ਉਪਰ ਕਾਲਖ ਮਲ ਦਿਤੀ।
ਪੰਜਾਬ ਵਿਚ ਖਾੜਕੂਵਾਦ ਦੇ ਉਭਾਰ ਦੇ ਮੁਕਾਬਲੇ ਲਈ ਅਤੇ ਬਾਬਰੀ ਮਸਜਿਦ/ਰਾਮ ਮੰਦਰ ਦੁਆਲੇ ਘੁੰਮਦੀਆਂ ਗਤੀਵਿਧੀਆਂ ਕਾਰਨ ਰਾਜੀਵ ਗਾਂਧੀ ਦੀਆਂ ਜੱਫੀਆਂ ਆਰ.ਐਸ.ਐਸ. ਨਾਲ ਪੈ ਗਈਆਂ। ਸਿਖਾਂ ਅਤੇ ਮੁਸਲਮਾਨਾਂ ਨਾਲ ਵੈਰ ਨੇ ਸਮਾਂ ਪਾ ਕੇ ਕਾਂਗਰਸ ਦਾ ਭੱਠਾ ਬਿਠਾ ਦਿਤਾ। ਇੰਦਰਾ-ਰਾਜੀਵ ਦੇ ਨਵੇਂ ਸਿਆਸੀ ਮਾਡਲ ਆਰ.ਐਸ.ਐਸ. ਦੇ ਉਭਾਰ ਦੇ ਰਾਹ ਦਸੇਰਾ ਬਣੇ!। ਰਾਜੀਵ ਗਾਂਧੀ ਦੀਆਂ ਭਾਰਤ ਦੇ ਫ਼ੌਜੀਕਰਨ ਦੀਆਂ ਨੀਤੀਆਂ ਦਾ ਤੱਟ-ਫੱਟ ਇਕ ਹੋਰ ਅਹਿਮ ਨਤੀਜਾ ਇਹ ਨਿਕਲਿਆ ਕਿ ਬਦੇਸ਼ੀ ਸਿੱਕੇ ਦੀ ਗੰਭੀਰ ਕਿੱਲਤ ਪੈਦਾ ਹੋ ਗਈ।
ਵਿੱਤੀ ਐਮਰਜੈਂਸੀ ਵਰਗੇ ਹਾਲਾਤ ਬਣ ਗਏ। ਰਿਜ਼ਰਵ ਬੈਂਕ ਨੂੰ ਆਪਣਾ 46.41 ਟਨ ਸੋਨਾ ਵਿਸ਼ੇਸ਼ ਜਹਾਜ਼ ਰਾਹੀਂ ਚੁੱਕ ਕੇ ਲੰਡਨ ਦੇ ਬੈਂਕ ਕੋਲ ਗਹਿਣੇ ਰਖਣਾ ਪਿਆ। ਤਦ ਜਾ ਕੇ ਯੂਕੇ ਤੋਂ 40 ਕਰੋੜ ਡਾਲਰ ਮਿਲੇ। ਦੂਜੇ ਪਾਸੇ ਰੂਸੀ ਕਮਿਊਨਿਸਟਾਂ ਦਾ ਵੀ ਵਿੱਤੀ ਜਲੂਸ ਨਿਕਲ ਗਿਆ। ਸੋਵੀਅਤ ਯੂਨੀਅਨ ਟੋਟੇ-ਟੋਟੇ ਹੋ ਗਿਆ। ਪੂਰਬੀ ਯੂਰਪੀ ਦੇਸ਼ ਮਾਸਕੋ ਦੇ ਪ੍ਰਭਾਵ ਤੋਂ ਮੁਕਤ ਹੋ ਗਏ। ਦੋਵਾਂ ਦੇਸ਼ਾਂ ਅੰਦਰ ਇਹ ਘਟਨਾਵਾਂ ਚੰਦ ਇਕ ਮਹੀਨਿਆਂ ਦੇ ਫਰਕ ਨਾਲ ਵਾਪਰੀਆਂ। ਹੈਂਕੜਬਾਜ਼ ਗਾਂਧੀ ਪਰਵਾਰ ਅਤੇ ਉਸ ਦੀ ਸਮਰਥਕ ਆਰ.ਐਸ.ਐਸ. ਦੀ ਸਮੂਹਿਕ ਸੋਚ ਅਧੀਨ ਸੰਤ ਜਰਨੈਲ ਸਿੰਘ ਅਤੇ ਧਰਮਯੁਧ ਵਾਲੇ ਸਿਖ ਚੂਪਣ ਲਈ ਇਕ ਗੰਨਾ ਮੰਗਦੇ ਸਨ, ਪਰ ਇਨ੍ਹਾਂ ਲਕੜਸਿਰਿਆਂ ਨੂੰ ਸੈਂਕੜੇ ਭੇਲੀਆਂ ਰੋੜਨੀਆਂ ਪਈਆਂ!
ਇਹ ਵੀ ਬਿਰਤਾਂਤ ਸਿਰਜਿਆ ਗਿਆ ਕਿ ਸਿਖ ਦੁਸ਼ਮਣੀ ਵਾਲਾ ਅਜਿਹਾ ਮਾਹੌਲ ਸਿਰਜਣ ਉਪਰ ਇੰਦਰਾ ਗਾਂਧੀ ਨੇ ਦੋ ਸਾਲ ਦੀ ‘ਸਖ਼ਤ ਮਿਹਨਤ’ ਕੀਤੀ। ਉਹ ਪੰਜਾਬ ਦੀਆਂ ਉਘੀਆਂ ਅਖ਼ਬਾਰਾਂ ਦੇ ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਇਕ-ਇਕ ਕਰਕੇ ਦਿਲੀ ਬ੍ਰੇਕਫਾਸਟ, ਲੰਚ, ਡਿਨਰ ਆਦਿ ਲਈ ਬੁਲਾਉਂਦੀ। ਉਨ੍ਹਾਂ ਨੂੰ ਆਪਣੇ ਪੱਖ ਵਿਚ ਲੇਖ ਲਿਖਣ ਲਈ ਪ੍ਰੇਰਦੀ। ਝੂਠ ਦੀ ਪੰਡ ਇਥੇ ਹੀ ਨਹੀਂ ਮੁੱਕਦੀ, ਇਹ ਸੁਬੇਗ ਸਿੰਘ ਨੂੰ ਵੀ ਲਪੇਟੇ ਵਿਚ ਲੈਂਦੀ ਹੈ। 
ਬਿਰਤਾਂਤ ਸਿਰਜਿਆ ਗਿਆ ਕਿ ਮੇਜਰ ਜਨਰਲ ਸੁਬੇਗ ਸਿੰਘ ਨੂੰ 1976 ਵਿਚ ਫੌਜ ਵਿਚੋਂ ਕੱਢ ਦਿੱਤਾ ਗਿਆ, ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦਾ ਝੂਠਾ ਦੋਸ਼ ਲਗਾਇਆ ਗਿਆ ਪਰ ਅਸਲ ਕਹਾਣੀ ਸਿਆਸੀ ਬਦਲਾ ਸੀ, ਉਨ੍ਹਾਂ ਨੂੰ 23 ਅਪ੍ਰੈਲ 1976 ਨੂੰ ਕੋਰਟ ਮਾਰਸ਼ਲ ਕਰਕੇ ਬਰਖ਼ਾਸਤ ਕਰ ਦਿੱਤਾ ਗਿਆ। 1975 ਵਿਚ ਲਖਨਊ ਸਬ-ਏਰੀਆ ਕਮਾਂਡਰ ਹੁੰਦਿਆਂ ਉਸ ਉਪਰ 16,000/- ਰੁਪਏ ਦਾ ਘਪਲਾ ਕਰਨ, ਕੰਟੀਨ ਦਾ ਸਮਾਨ ਪ੍ਰਾਈਵੇਟ ਦੁਕਾਨਦਾਰਾਂ ਨੂੰ ਵੇਚਣ ਅਤੇ ਫੌਜੀ ਜੀਪ ਨੂੰ ਨਿੱਜੀ ਕੰਮ ਲਈ ਵਰਤਣ ਦੇ ਦੋਸ਼ ਲੱਗੇ, ਅਤੇ ਸਜ਼ਾ ਵਜੋਂ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। 30 ਸਾਲ ਦੀ ਵਿਵਾਦਗ੍ਰਸਤ ਨੌਕਰੀ ਤੋਂ ਬਾਅਦ ਪੈਨਸ਼ਨ ਵੀ ਜ਼ਬਤ ਕੀਤੀ ਗਈ। ਇਸ ਤੋਂ ਬਾਅਦ ਸੁਬੇਗ ਸਿੰਘ ਨੇ ਸੁਪਰੀਮ ਕੋਰਟ ਵਿਚ ਕੇਸ ਕੀਤਾ, 1980 ਵਿਚ ਹਾਈ ਕੋਰਟ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਇਕ ਝੂਠ ਇਹ ਵੀ ਪ੍ਰਚਾਰਿਆ ਗਿਆ ਕਿ ਜਨਰਲ ਸੁਬੇਗ ਸਿੰਘ ਨੇ 1975 ਵਿਚ ਇੰਦਰਾ ਗਾਂਧੀ ਦੁਆਰਾ ਲਗਾਈ ਗਈ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਕਿ ‘ਐਮਰਜੈਂਸੀ ਗਲਤ ਹੈ।’ ਬੱਸ ਇਸ ਗੱਲ ਤੋਂ ਸੁਬੇਗ ਸਿੰਘ ਇੰਦਰਾ ਗਾਂਧੀ ਦੇ ਨਿਸ਼ਾਨੇ ‘ਤੇ ਆ ਗਿਆ। ਕੋਰਟ ਮਾਰਸ਼ਲ ਹੋਣ ਤੋਂ ਬਾਅਦ 1976 ਤੋਂ 1984 ਤੱਕ ਉਹ ਬੇਰੁਜ਼ਗਾਰ ਰਹੇ, ਬੇਇਜ਼ਤੀ ਹੋਈ, ਦਿੱਲੀ ਵਿਚ ਨਿੱਕਾ ਜਿਹਾ ਫਲੈਟ ਅਤੇ ਟੈਕਸੀ ਚਲਾ ਕੇ ਗੁਜ਼ਾਰਾ ਕੀਤਾ।
ਦਸੰਬਰ 1983 ਵਿਚ ਭਿੰਡਰਾਂਵਾਲਾ ਨੂੰ ਮਿਲਣ ਵਾਸਤੇ ਗਿਆ ਕਿਹਾ ਕਿ ‘ਮੈਂ ਫੌਜ ਨੂੰ ਜਾਣਦਾ ਹਾਂ, ਤੁਸੀਂ ਧਰਮ ਨੂੰ, ਆਓ ਆਪਾਂ ਰਲ ਕੇ ਇੰਦਰਾ ਗਾਂਧੀ ਨੂੰ ਸਬਕ ਸਿਖਾਈਏ’। ਜਨਰਲ ਸੁਬੇਗ ਸਿੰਘ ਨੇ ਅਕਾਲ ਤਖ਼ਤ ਨੂੰ ਕਿਲ੍ਹਾ ਬਣਾਇਆ। ਬੰਗਲਾਦੇਸ਼ ਵਾਲੀ 1971 ਵਾਲੀ ਟਰੇਨਿੰਗ ਸਿੱਖ ਖਾੜਕੂਆਂ ਨੂੰ ਦੇ ਦਿੱਤੀ।
ਜਨਰਲ ਕੁਲਦੀਪ ਸਿੰਘ ਬਰਾੜ ਨੇ ਕਿਸੇ ਥਾਂ ਲਿਖਿਆ ਹੈ ਕਿ ਜੇਕਰ ਸੁਬੇਗ ਸਿੰਘ ਦਾ ਕੋਰਟ ਮਾਰਸ਼ਲ ਨਾ ਕੀਤਾ ਜਾਂਦਾ ਤਾਂ ਭਿੰਡਰਾਂਵਾਲੇ ਕੋਲ ਮਿਲਟਰੀ ਦਿਮਾਗ ਨਾ ਹੁੰਦਾ। ਬਲੂ ਸਟਾਰ ਭਾਰਤੀ ਫੌਜ ਦੇ ਅੰਦਾਜ਼ੇ ਮੁਤਾਬਕ 2 ਕੁ ਘੰਟੇ ਵਿਚ ਖ਼ਤਮ ਹੋ ਜਾਂਦਾ, ਟੈਂਕ ਨਾ ਚੱਲਦੇ, ਇੰਦਰਾ ਨਾ ਮਰਦੀ, ਅਣਗਿਣਤ ਹਜ਼ਾਰਾਂ ਬੇਕਸੂਰ ਪੰਜਾਬੀ ਨਾ ਮਰਦੇ, ਭਾਰਤ ਵਿਚ ਹਿੰਦੂ-ਸਿੱਖ ਭਾਈਚਾਰਾ ਖ਼ਰਾਬ ਨਾ ਹੁੰਦਾ।
ਜਨਰਲ ਸੁੰਦਰਜੀ ਨੇ 1995 ਵਿਚ ਕਿਹਾ ‘ਸੁਬੇਗ ਨੂੰ ਕੱਢਣਾ ਇੰਦਰਾ ਗਾਂਧੀ ਦੀ ਸਭ ਤੋਂ ਵੱਡੀ ਗਲਤੀ ਸੀ, 16,000/- ਰੁਪਏ ਬਚਾਉਣ ਚੱਲੇ ਸੀ, 16,000/- ਕਰੋੜ ਦਾ ਨੁਕਸਾਨ ਕਰਵਾ ਲਿਆ।’ ਇਹੀ ਬਲੂ ਸਟਾਰ ਦੀ ਜੜ੍ਹ ਸੀ। ਮਾਰਕ ਟੱਲੀ ਦੇ ਕਹਿਣ ਮੁਤਾਬਕ ‘ਸੁਬੇਗ ਸਿੰਘ ਭਾਰਤ ਦਾ ਦੁਸ਼ਮਣ ਨਹੀਂ ਸੀ, ਉਹ ਸਿਰਫ਼ ਇੰਦਰਾ ਗਾਂਧੀ ਦਾ ਦੁਸ਼ਮਣ ਸੀ।
ਪਰ ਉਸਦੀ ਮਿਲਟਰੀ ਸਿਖਲਾਈ ਨੇ ਇੰਦਰਾ ਨੂੰ ਮਰਵਾ ਦਿੱਤਾ ਅਤੇ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਸਾੜ ਦਿੱਤਾ।’ ਜਨਰਲ ਬਰਾੜ ਨੇ ਲਿਖਿਆ, ‘ਸੁਬੇਗ ਨਾ ਹੁੰਦਾ ਤਾਂ ਅਸੀਂ ਸਵੇਰ ਦੀ ਚਾਹ-ਪਾਣੀ ਨਾਲ ਹੀ ਭਿੰਡਰਾਂਵਾਲੇ ਨੂੰ ਚੁੱਕ ਲਿਆਉਣਾ ਸੀ। ਸੁਬੇਗ ਨਾ ਹੁੰਦਾ ਤਾਂ ਨੀਲਾ ਤਾਰਾ ਆਪਰੇਸ਼ਨ ‘ਬਲੈਕ ਥੰਡਰ 1988’ ਵਰਗਾ ਹੁੰਦਾ। ਬਿਨਾਂ ਖੂਨ ਖਰਾਬਾ ਕੀਤਿਆਂ ਸਿਰਫ਼ 05 ਮੌਤਾਂ। ਤ੍ਰਾਸਦੀ ਇਹ ਰਹੀ ਕਿ ਸੁਬੇਗ ਸਿੰਘ ਭਾਰਤੀ ਫੌਜ ਦਾ ਹੀਰੋ ਸੀ, ਜੇਕਰ ਉਸਦਾ ਕੋਰਟ ਮਾਰਸ਼ਲ ਨਾ ਹੁੰਦਾ ਤਾਂ ਹੋ ਸਕਦਾ ਸੀ 1984 ਵਿਚ ਉਹੀ ਬਰਾੜ ਦੀ ਥਾਂ ਹੁੰਦਾ ਤੇ ਬਲੂ ਸਟਾਰ ਦੀ ਰੂਪ-ਰੇਖਾ ਕੁਝ ਹੋਰ ਹੋਣੀ ਸੀ।
ਕਿਸੇ ਵਿਗੜੇ ਕਾਮਰੇਡ ਵੱਲੋਂ ਇਕ ਹੋਰ ਗੱਪ: ‘ਬਲਿਊ ਸਟਾਰ ਆਪਰੇਸ਼ਨ ਹਰਿਮੰਦਿਰ ਸਾਹਿਬ ‘ਚ ਸ਼ੁਰੂ ਕੀਤਾ ਗਿਆ ਜਿਸ ਵਿਚ ਅਨੇਕਾਂ ਸਿੱਖ ਸ਼ਰਧਾਲੂ ਫ਼ੌਜ ਨੇ ਗੋਲੀਆਂ ਨਾਲ ਭੁੰਨ ਦਿੱਤੇ। ਸਿਰਫ਼ 40-50 ਖਾੜਕੂਆਂ ਨੂੰ ਕਾਬੂ ਕਰਨ ਲਈ ਤੋਪਾਂ, ਟੈਂਕਾਂ, ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ। ਅਕਾਲ ਤਖ਼ਤ ਸਾਹਿਬ ਨੂੰ ਬਰੂਦ ਨਾਲ ਤਹਿਸ-ਨਹਿਸ ਕਰ ਦਿੱਤਾ ਗਿਆ। ਇਹ ਭਾਰਤ ਦੇ ਇਤਿਹਾਸ ਵਿਚ ਪਹਿਲੀ ਮਿਸਾਲ ਹੈ ਕਿ ਕਿਸੇ ਦੇਸ ਦੀ ਫ਼ੌਜ ਆਪਣੇ ਹੀ ਲੋਕਾਂ ਉੱਪਰ ਚਾੜ੍ਹੀ ਹੋਵੇ।
ਹਾਲਾਂਕਿ ਇਸ ਮਸਲੇ ਦਾ ਹੱਲ ਵੀ ਸ਼ਾਂਤਮਈ ਢੰਗ ਨਾਲ ਹੋ ਸਕਦਾ ਸੀ। ਕਈ ਸਾਬਕਾ ਫ਼ੌਜੀ ਅਫਸਰਾਂ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ ਸੀ ਕਿ ਫ਼ੌਜੀ ਕਾਰਵਾਈ ਕੀਤੇ ਬਿਨਾਂ ਵੀ ਇਸ ਮਸਲੇ ਦਾ ਹੱਲ ਲੱਭਿਆ ਜਾ ਸਕਦਾ ਸੀ।’ ਇਸ ਟਿੱਪਣੀਕਾਰ ਨੇ ਇਹ ਸਮਝਣ ਦੀ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ ਗੁੰਡਾਗਰਦੀ ਦਾ ਅੱਡਾ ਕਿਉਂ ਬਣਾਇਆ ਗਿਆ ਸੀ? ਕੀ ਲੋੜ ਸੀ ਕਿ ਇਸ ਪਵਿੱਤਰ ਅਸਥਾਨ ਦੀ ਕਿਲ੍ਹਾਬੰਦੀ ਕਰਕੇ ਮੁਲਜ਼ਮ ਗਰੋਹਾਂ ਨੂੰ ਸ਼ਰਨ ਦਿੱਤੀ ਗਈ। ਇਹ ਸਵਾਲ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਦਰਬਾਰ ਸਾਹਿਬ ਵਿਚੋਂ ਗੈਰ-ਸਮਾਜਿਕ ਤੱਤਾਂ ਨੂੰ ਬਾਹਰ ਕਰਨ ਦਾ ਹੋਰ ਕਿਹੜਾ ਰਸਤਾ ਅਪਨਾਉਣਾ ਚਾਹੀਦਾ ਸੀ?
ਪੁਰਾਣੀਆਂ ਗਲਤੀਆਂ ਤੋਂ ਸਿੱਖਣ ਦੀ ਬਜਾਏ ਇਨ੍ਹੀਂ ਦਿਨੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਹਿਤ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਐਕਟ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰ ਮੁਹਿੰਮ ਜਾਰੀ ਹੈ। ਇਸ ਤੋਂ ਪਹਿਲਾਂ ਦਾ ਤੁਰਿਆ ਦਮਦਮੀ ਟਕਸਾਲ ਦੀ ਮਰਿਆਦਾ ਬਨਾਮ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਦੁਆਲੇ ‘ਅਰਬਦ ਨਰਬਦ ਧੁੰਧੂਕਾਰਾ’ ਵਰਗਾ ਨਾਮੁਰਾਦ ਵਿਵਾਦ ਵੀ ਜਾਰੀ ਹੈ। ਉੱਘੇ ਵਿਦਵਾਨ ਸੁਮੇਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ‘ਸਾਰਾ ਸਿੱਖ ਜਗਤ ਕੰਧਾਂ ਵਿਚ ਟੱਕਰਾਂ ਮਾਰਦੇ ਰਹਿਣ ਲਈ ਸਰਾਪਿਆ ਗਿਆ ਲਗਦਾ ਹੈ।
ਇੰਞ ਜਾਪਦਾ ਹੈ ਜਿਵੇਂ ਸਿੱਖ ਜਗਤ ਵਡੇਰੇ ਸਵਾਲਾਂ ਤੋਂ ਲਗਾਤਾਰ ਬਚਦੇ ਰਹਿਣ ਦਾ ਅਭਿਆਸੀ ਹੋ ਚੁੱਕਿਆ ਹੈ। ਆਪਣੀ ਕਰਨੀ ਦਾ ਲੇਖਾ ਕੀਤੇ ਬਿਨਾਂ, ‘ਆਪਨਣੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ’ ਦੀ ਦਲੇਰੀ ਤੋਂ ਬਿਨਾਂ – ਸਿੱਖ ਜਗਤ ਹੁਣ ਸਮੇਂ ਤੋਂ ਪਛੜ ਚੁੱਕਿਆ ਹੈ। ਪਸ਼ੂਆਂ ਦਾ ਵੱਗ ਬਣ ਜਾਣ ਲਈ ਕਮਰਕੱਸਾ ਕਸ ਚੁੱਕਿਆ ਹੈ। ਕੋਈ ਵੀ ਇਸ ਨੂੰ ਆਪਣੇ ਮਗਰ ਲਾ ਸਕਦਾ ਹੈ; ਵਰਗਲਾ ਸਕਦਾ ਹੈ। ਇਹ ਦਾਸਤਾਨ *ਪੰਜਾਬੀ ਇਤਿਹਾਸ ਦੀ ਸਰਬੋਤਮ ਪ੍ਰਾਪਤੀ – ਸਿੱਖ ਲਹਿਰ – ਦੇ ਸੰਵਾਦੀ ਸੱਭਿਆਚਾਰ ਦੇ ਹੁਸਨ-ਇਖ਼ਲਾਕ ਦੀ ‘ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ’ ਵਾਲੀ ਧਾਰ ਤੋਂ ਡਰ ਕੇ ਹਿੰਸਾ ਦੇ ਸਭਿਆਚਾਰ ਦੇ ਖਾਰੇ ਪਾਣੀਆਂ ਵਿਚ ਰੁੜ੍ਹ ਜਾਣ ਦੀ ਹੈ।’
*ਇਸ ਰੋੜ੍ਹ ਦੀ ਇਕ ਵੱਡੀ ਤੰਦ ਗੁਰਬਾਣੀ ਦੇ ਵਿਆਖਿਆਕਾਰਾਂ ਵੱਲੋਂ ਗੁਰਬਾਣੀ ਦੇ ਅਰਥਾਂ, ਗੁਰਬਾਣੀ ਦੇ ਅਸਲੇ ਅਤੇ ਗੁਰਬਾਣੀ ਦੀ ਚੇਤਨਾ ਨਾਲ ਕੀਤਾ ਗਿਆ ਉਪੱਦਰ ਹੈ। ਆਪਾ ਚੀਨਣ ਦੇ ਇਨ੍ਹਾਂ ਦਿਨਾਂ ਦੌਰਾਨ ਗੁਰਬਾਣੀ ਅਤੇ ਸਿੱਖ ਲਹਿਰ ਦੇ ਅਰਥਾਂ ਦੀ ਇਤਿਹਾਸਕ-ਵਿਚਾਰਧਾਰਕ ਮਹੱਤਤਾ ਬਾਰੇ ਪ੍ਰੋ. ਕਿਸ਼ਨ ਸਿੰਘ ਦਾ ਅੱਧੀ ਸਦੀ ਪਹਿਲੋਂ ਆਖਿਆ ਅੱਜ ਵੀ ਸਾਰਥਕ ਹੈ। ਪ੍ਰੋ. ਕਿਸ਼ਨ ਸਿੰਘ ਨੇ ਕਿਸੇ ਵੇਲੇ ਲਿਖਿਆ ਸੀ ਕਿ ‘ਗੁਰੂ ਗ੍ਰੰਥ ਸਾਹਿਬ ਸਾਡੇ ਸੱਭਿਆਚਾਰਕ ਵਿਰਸੇ ਦਾ ਬਹੁਤ ਅਹਿਮ ਅੰਗ ਹੈ।’ ‘ਗੁਰਬਾਣੀ ਦੇ ਅਰਥਕਾਰਾਂ, ਵਿਆਖਿਆਕਾਰਾਂ ਨੇ ਲਿਖੀਆਂ ਤਾਂ ਪੋਥੀਆਂ ਦੀਆਂ ਪੋਥੀਆਂ ਹਨ, ਪਰ ਅਸਲ ਵਿਚ ਉਨ੍ਹਾਂ ਕੀਤਾ ਕੀ ਹੈ – ਗੁਰਬਾਣੀ ਦੇ ਲਫ਼ਜ਼ੀ ਅਰਥ! ਜੋ ਇਸ ਤੋਂ ਅੱਗੇ ਵੀ ਗਏ ਹਨ, ਉਹ ਵੀ ਇਸ ਦੇ ਸੰਕਲਪੀ ਢਾਂਚੇ ਵਿਚ ਹੀ ਉਲਝ ਕੇ ਰਹਿ ਗਏ ਹਨ।
* ‘ਗੱਲ ਸਿਰਫ਼ ਇਨ੍ਹਾਂ ਦੀ ਅਗਿਆਨਤਾ ‘ਤੇ ਹੀ ਬੱਸ ਨਹੀਂ। ਇਨ੍ਹਾਂ ਨੇ ਗੁਰਬਾਣੀ ਦੇ ਅਰਥ ਹੀ ਉਸ ਦੇ ਅਸਲੇ ਦੇ ਐਨ ਉਲਟ ਕੱਢ ਮਾਰੇ ਹਨ।’ * ‘ਗੁਰਬਾਣੀ ‘ਮਾਇਆ’ ਤੇ ‘ਨਾਮ’ ਦਾ ਆਹਮੋ-ਸਾਹਮਣਾ ਟਕਰਾਅ ਹੈ। ਗੁਰਬਾਣੀ ਦਾ ਸੱਚ ਬੰਦੇ ਦੀ – ਸਰਬੱਤ ਦੀ ਆਜ਼ਾਦੀ ਦਾ ਰਾਹ ਹੈ।’ ਇਸ ਤੱਥ ਬਾਰੇ ਵੀ ਬਹੁਤੇ ਸਿੱਖ ਚਿੰਤਕਾਂ ਨੇ ਸਾਜ਼ਸ਼ੀ ਚੁੱਪ ਧਾਰੀ ਹੋਈ ਹੈ। ਅਕਾਲੀ ਦਲ ਨੇ 1982 ਵਿਚ ਕਪੂਰੀ ਵਿਖੇ ਸੀਪੀਐਮ ਨਾਲ ਮਿਲ ਕੇ ਪਾਣੀਆਂ ਦੀ ਵੰਡ ਬਾਰੇ ਕੌਮਾਂਤਰੀ ਕਾਨੂੰਨਾਂ ਤਹਿਤ ਜਮਹੂਰੀ ਢੰਗ ਨਾਲ ਮੋਰਚਾ ਸ਼ੁਰੂ ਕੀਤਾ ਸੀ। ਪਰ ਉਸੇ ਵੇਲੇ ਸੰਤ ਭਿੰਡਰਾਂਵਾਲਿਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿਚ ਵੱਖਰਾ ਹੀ ‘ਧਰਮ ਯੁੱਧ’ ਮੋਰਚਾ ਸ਼ੁਰੂ ਕਰ ਲਿਆ। ਬਾਦਲ-ਲੌਂਗੋਵਾਲ ਦੀ ਅਗਵਾਈ ਵਾਲਾ ਅਕਾਲੀ ਦਲ ਭੈਅਭੀਤ ਹੋ ਗਿਆ। ਉਸਨੂੰ ਲੱਗਿਆ ਕਿ 1920 ਤੋਂ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਉੱਪਰ ਚੱਲ ਰਿਹਾ ਕਬਜ਼ਾ ਹੀ ਨਾ ਖੁਸ ਜਾਵੇ। ਭਿੰਡਰਾਂਵਾਲਿਆਂ ਦੀ ਦਰਬਾਰ ਸਾਹਿਬ ਉਪਰ ਅਚਾਨਕ ਅਤੇ ਸਾਜ਼ਸ਼ੀ ਹਾਜ਼ਰੀ ਦਾ ਕਿਸੇ ਵੀ ਅਕਾਲੀ ਦਲ ਜਾਂ ਸਿੱਖ ਇਤਿਹਾਸਕਾਰ/ ਚਿੰਤਕ ਜਵਾਬ ਨਹੀਂ ਦਿੱਤਾ ਗਿਆ।
ਅਕਾਲੀ ਦਲ ਵੱਲੋਂ ਕਪੂਰੀ ਤੋਂ ਪਾਣੀਆਂ ਦੀ ਰਾਖੀ ਵਾਲਾ ਮੋਰਚਾ ਸ਼ਿਫਟ ਕਰਕੇ ਦਰਬਾਰ ਸਾਹਿਬ ਕੰਪਲੈਕਸ ਵਿਚ ਲੈ ਕੇ ਜਾਣਾ ਵੱਡੀ ਗਲਤੀ ਸੀ। ਇਸ ਤਰ੍ਹਾਂ ਕਰਨ ਨਾਲ ਮੋਰਚੇ ਤੋਂ ਸੀਪੀਐਮ ਬਾਹਰ ਹੋ ਗਈ। ਦੂਜੀ ਗਲਤੀ ਅਕਾਲੀ ਦਲ ਆਪਣੇ ਤੋਂ ਗਰਮ-ਖਿਆਲੀ ਲੋਕਾਂ ਨੂੰ ਅਲੱਗ ਨਾ ਕਰ ਸਕਿਆ। ਅਕਾਲੀ ਦਲ ਦਾ ਦੂਜਾ ਜਨਤਕ ਅਧਾਰ ਖਾਸ ਕਰਕੇ ਪੇਂਡੂ ਹਿੰਦੂ ਅਧਾਰ ਬਾਹਰ ਹੋ ਗਿਆ। ਮੁੱਖ ਮੁੱਦਾ ਸੀ – ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ, (ਕੇਂਦਰ ਆਪਣੇ ਕੋਲ ਡਾਕਤਾਰ, ਸੈਨਾ ਅਤੇ ਰੇਲਵੇ ਰੱਖ ਕੇ, ਬਾਕੀ ਸਭ ਰਾਜਾਂ ਨੂੰ ਦੇਵੇ)।
ਅਕਾਲੀ ਦਲ ਇਸਦੀ ਅਹਿਮੀਅਤ ਨਹੀਂ ਸਮਝ ਸਕਿਆ। ਅਕਾਲੀ ਆਗੂਆਂ ਦੇ ਨਿੱਜੀ ਅਤੇ ਪਾਰਟੀਆਂ ਨਾਲ ਗੂੜ੍ਹੇ ਸਬੰਧ ਸਨ। ਅਕਾਲੀ ਦਲ ਨੇ ਇਨ੍ਹਾਂ ਨੂੰ ਵੱਧ ਅਧਿਕਾਰਾਂ ਦੀ ਮੰਗ ‘ਤੇ ਇਕੱਠੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਮੰਗ ਨੂੰ ਸਿੱਖਾਂ ਸਾਹਮਣੇ ਬੌਣਾ ਸਾਬਤ ਕਰਨ ਲਈ ਖਾਲਿਸਤਾਨ ਦਾ ਮੁੱਦਾ ਉਭਾਰਿਆ ਗਿਆ। ਚਾਲੀ ਸਾਲਾਂ ਦਾ ਸਮਾਂ ਬੀਤ ਚੁੱਕਿਆ ਹੈ। ਹੁਣ ਤੱਕ ਅਕਾਲੀ ਦਲ ਜਾਂ ਹੋਰ ਸਿੱਖ ਬੁੱਧੀਮਾਨ ਲੋਕਾਂ, ਪੱਤਰਕਾਰਾਂ ਆਦਿ ਨੇ ਮੋਰਚਾ ਨਾ-ਕਾਮਯਾਬ ਹੋਣ ਦੇ ਕਾਰਨਾਂ ਦਾ ਨਿਰੀਖਣ ਨਹੀਂ ਕੀਤਾ।
ਸਿਰਫ ਸ਼ਖ਼ਸੀਅਤਾਂ/ ਘਟਨਾਵਾਂ ਆਦਿ ਦੀਆਂ ਝੂਠੀਆਂ ਕਹਾਣੀਆਂ ਸੁਣਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਇਸ ਘਟਨਾ ਬਾਰੇ ਉੱਘੇ ਲੇਖਕ/ਪੱਤਰਕਾਰ ਹਰਚਰਨ ਸਿੰਘ ਪਰਹਾਰ ਦੀ ਸੰਜੀਦਾ ਟਿੱਪਣੀ ਵਾਚਣਯੋਗ ਹੈ: ਜੂਨ, 84 ਤੋਂ 42 ਸਾਲ ਬਾਅਦ ਅਸੀਂ ਕਿੱਥੇ ਖੜ੍ਹੇ ਹਾਂ? ਖਾਲਿਸਤਾਨੀ ਲੀਡਰਸ਼ਿਪ ਕਦੋਂ ਤੱਕ 42 ਸਾਲ ਤੋਂ ਖੜ੍ਹੇ ਸਵਾਲਾਂ ਤੋਂ ਭੱਜਦੀ ਰਹੇਗੀ?
ਝੂਠੇ ਬਿਰਤਾਂਤਾਂ ਨਾਲ਼ ਕਦੋਂ ਤੱਕ ਨਾਹਰੇਬਾਜ਼ੀ ਦੀ ਸਿਆਸਤ ਨਾਲ਼ ਚੱਲਿਆ ਜਾ ਸਕਦਾ ਹੈ? ਅੱਜ ਤੋਂ 42 ਸਾਲ ਪਹਿਲਾਂ ਹਰਿੰਮੰਦਰ ਸਾਹਿਬ ਕੰਪਲੈਕਸ ‘ਤੇ ਭਾਰਤ ਸਰਕਾਰ ਨੇ ‘ਓਪਰੇਸ਼ਨ ਬਲਿਊ ਸਟਾਰ’ ਨਾਮ ਦੀ ਫੌਜੀ ਕਾਰਵਾਈ ਕੀਤੀ ਸੀ। ਜਿਸ ਵਿਚ ਦੋਨਾਂ ਪੱਖਾਂ ਤੋਂ ਸੈਂਕੜੇ ਜਾਨਾਂ ਗਈਆਂ ਤੇ ਕਰੋੜਾਂ ਦੀ ਜਾਇਦਾਦ ਦੇ ਨੁਕਸਾਨ ਨਾਲ਼ ਅਕਾਲ ਤਖ਼ਤ ਦੀ ਬਿਲਡਿੰਗ ਦਾ ਕਾਫੀ ਹਿੱਸਾ ਵੀ ਤੋਪ ਦੇ ਗੋiਲ਼ਆਂ ਨਾਲ਼ ਢੱਠ ਗਿਆ ਸੀ। ਅਸੀਂ ਹਮੇਸ਼ਾਂ ਤੋਂ ਇਹ ਕਹਿੰਦੇ ਹਾਂ ਕਿ ਅਜਿਹੇ ਮਨਹੂਸ ਭਾਣੇ ਕਿਸੇ ਵੀ ਭਾਈਚਾਰੇ ਨਾਲ਼ ਨਹੀਂ ਵਾਪਰਨੇ ਚਾਹੀਦੇ ਸਨ। ਅਜਿਹੀ ਸਖ਼ਤ ਕਾਰਵਾਈ ਤੋਂ ਪਹਿਲਾਂ ਸਰਕਾਰ ਨੂੰ ਕੋਈ ਹੋਰ ਢੰਗ ਤਰੀਕੇ ਲੱਭਣੇ ਚਾਹੀਦੇ ਸਨ।
ਇਸ ਘਟਨਾ ਦੀ ਜਿਤਨੀ ਨਿੰਦਾ ਹੋਵੇ, ਥੋੜੀ ਹੈ। ਪਰ ਪਿਛਲੇ 42 ਸਾਲਾਂ ਤੋਂ ਹਰ ਸਾਲ ਕੁਝ ਲੋਕ ਤੇ ਕੁਝ ਸੰਸਥਾਵਾਂ ਜੂਨ ਦੇ ਪਹਿਲੇ ਹਫ਼ਤੇ ਜੂਨ ’84 ਦੀਆਂ ਘਟਨਾਵਾਂ ਨੂੰ ਪੇਸ਼ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਵਾਰ-ਵਾਰ ਦੁਹਰਾਉਂਦੇ ਹਨ ਕਿ ਕਿਤੇ ਸਾਡੇ ‘ਤੇ ਕੋਈ ਇਲਜ਼ਾਮ ਨਾ ਲਗਾ ਦੇਵੇ ਕਿ ਇਹ ਹੁਣ ’84 ਨੂੰ ਭੁੱਲ ਗਏ ਹਨ। ਪਰ ਮੈਂ ਪਿਛਲੇ 42 ਸਾਲਾਂ ਵਿਚ ਕਦੇ ਕਿਸੇ ਲੀਡਰ, ਵਿਦਵਾਨ, ਪ੍ਰਚਾਰਕ, ਪੱਤਰਕਾਰ ਤੋਂ ਇਹ ਨਹੀਂ ਸੁਣਿਆ ਕਿ ਇਹ ਘਟਨਾਵਾਂ ਕਿਉਂ ਵਾਪਰੀਆਂ? ਸਰਕਾਰ ਜਾਂ ਫੌਜ ਨੂੰ ਕਿਉਂ ਲੋੜ ਪਈ ਕਿ ਟੈਂਕਾਂ-ਤੋਪਾਂ ਨਾਲ ਹਮਲਾ ਕੀਤਾ ਜਾਵੇ? ਜਿਸ ਤਰ੍ਹਾਂ ਪੰਥਕ ਧਿਰਾਂ ਵੱਲੋਂ ਕਿਹਾ ਜਾਂਦਾ ਹੈ, ਜੇ ਸਰਕਾਰ ਨੇ ਸਾਲ ਪਹਿਲਾਂ ਹਮਲਾ ਪਲੈਨ ਕੀਤਾ ਸੀ ਤਾਂ ਸਿੱਖ ਲੀਡਰਾਂ ਨੇ ਉਸ ਤੋਂ ਸਿੱਖਾਂ ਜਾਂ ਅਕਾਲ ਤਖਤ ਨੂੰ ਬਚਾਉਣ ਲਈ ਯਤਨ ਕਿਉਂ ਨਹੀਂ ਕੀਤੇ?
ਕਿਉਂ ਉਨ੍ਹਾਂ ਲੋਕਾਂ ਨੂੰ ਅੱਜ ਵੀ ਹੀਰੋ ਵਾਂਗ ਪੇਸ਼ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਰਕਾਰ ਦੇ ਮਨਸੂਬਿਆਂ ਦਾ ਪਤਾ ਹੋਣ ਦੇ ਬਾਵਜੂਦ ਅੰਦਰ ਹਥਿਆਰ ਜਮ੍ਹਾਂ ਕੀਤੇ, ਮੋਰਚੇ ਬਣਾਏ? ਕਿਉਂ ਕਿਸੇ ਨੇ ਇਸ ਦਰਦਨਾਕ ਘਟਨਾ ਦਾ ਹਰ ਪੱਖ ਤੋਂ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਕੇ ਸਚਾਈ ਸਾਹਮਣੇ ਨਹੀਂ ਰੱਖੀ? ਕਦੇ ਮੈਂ ਕਿਤੇ ਇਹ ਨਹੀਂ ਪੜ੍ਹਿਆ ਕਿ ਇਸ ਘਟਨਾ ਵਿਚ ਸਿੱਖਾਂ ਦਾ ਵੀ ਕੋਈ ਇੱਕ ਅੱਧਾ ਪ੍ਰਸੈਂਟ ਦੋਸ਼ ਸੀ? ਅਕਾਲੀ ਦਲ ਦੇ ਸ਼ਾਂਤਮਈ ਧਰਮ ਯੁੱਧ ਮੋਰਚੇ ਵਿਚ ਹਥਿਆਰਬੰਦ ਸੰਘਰਸ਼ ਸ਼ੁਰੂ ਕਰਕੇ ਬੰਦੇ ਮਾਰਨੇ ਸ਼ੁਰੂ ਕਰ ਦੇਣੇ, ਕਿਤਨੇ ਕੁ ਜਾਇਜ਼ ਜਾਂ ਜ਼ਰੂਰੀ ਸਨ? ਅਜੇ ਵੀ ਸਮਾਂ ਹੈ ਕਿ ਅਜਿਹੇ ਲੀਡਰਾਂ, ਵਿਦਵਾਨਾਂ, ਪ੍ਰਚਾਰਕਾਂ, ਲੇਖਕਾਂ, ਪੱਤਰਕਾਰਾਂ ਨੂੰ ਸਵਾਲ ਕਰੀਏ ਕਿ ਸਾਨੂੰ ਸੱਚ ਦੱਸੋ। ਸਿਰਫ ਕਾਬਜ਼ ਧਿਰਾਂ ਨੂੰ ਖੁਸ਼ ਕਰਨ ਲਈ ਸੋਹਲੇ ਨਾ ਗਾਈ ਜਾਵੋ।
ਸਿਆਣੀਆਂ ਕੌਮਾਂ ਘੱਲੂਘਾਰਿਆਂ ਤੋਂ ਸਬਕ ਸਿੱਖ ਕੇ ਅੱਗੇ ਵਿਕਾਸ ਕਰਦੀਆਂ ਹਨ, ਪਰ ਸਿੱਖਾਂ ਦੀਆਂ ਕਾਬਜ਼ ਧਿਰਾਂ ਸਿੱਖਾਂ ਨੂੰ ਆਪਣੀਆਂ ਚੌਧਰਾਂ, ਲਾਲਚਾਂ ਤੇ ਸਿਆਸੀ ਰੋਟੀਆਂ ਸੇਕਣ ਲਈ ਅੱਗੇ ਨਹੀਂ ਵਧਣ ਦੇਣਾ ਚਾਹੁੰਦੀਆਂ। ਹਿੰਸਾ, ਨਫ਼ਰਤ ਤੇ ਵੱਖਵਾਦ ਦੀ ਰਾਜਨੀਤੀ, ਸਾਰੀ ਦੁਨੀਆਂ ਵਿਚ ਵੱਸਦੇ ਸਿੱਖਾਂ ਦੇ ਕਿਸੇ ਵੀ ਤਰ੍ਹਾਂ ਹਿੱਤ ਵਿਚ ਨਹੀਂ। ਦੋ-ਤਿੰਨ ਪੀੜ੍ਹੀਆਂ ਇਨ੍ਹਾਂ ਦੀਆਂ ਮੂਰਖਤਾਵਾਂ ਨਾਲ ਬਰਬਾਦ ਹੋ ਚੁੱਕੀਆਂ ਹਨ, ਹੋਰ ਹੋਣ ਤੋਂ ਬਚਾਉਣ ਲਈ ਇਨ੍ਹਾਂ ਨੂੰ ਸਵਾਲ ਕਰਨ ਜਾਂ ਲਾਂਭੇ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਜਦੋਂ ਤੱਕ ਅਸੀਂ ਅਜਿਹੀਆਂ ਜਜ਼ਬਾਤੀ ਗੱਲਾਂ ਕਰਦੇ ਰਹਾਂਗੇ, ਸਿੱਖਾਂ ਦਾ ਕਦੇ ਭਲਾ ਨਹੀਂ ਹੋਣਾ, ਸਗੋਂ ਦਿਨੋਂ-ਦਿਨ ਨੁਕਸਾਨ ਹੋ ਰਿਹਾ ਹੈ।
ਸਵਾਲ ਇਹ ਨਹੀਂ ਕਿ ਹਮਲਾ ਕਿਵੇਂ ਹੋਇਆ ਜਾਂ ਨੁਕਸਾਨ ਕੀ ਹੋਇਆ? ਅਸਲੀ ਸਵਾਲ ਹੈ ਕਿ ਕਿਉਂ ਹੋਇਆ? ਕਿਉਂ ਸਰਕਾਰ ਨੂੰ ਕਰਨ ਦਿੱਤਾ? ਜੇ ਸਰਕਾਰ ਸਾਜ਼ਿਸ਼ ਨਾਲ਼ ਇਹ ਕੁਝ ਕਰਨਾ ਚਾਹੁੰਦੀ ਸੀ ਤਾਂ ਅਸੀਂ ਹਥਿਆਰ ਜਮ੍ਹਾਂ ਕਰਕੇ ਮੌਕਾ ਕਿਉਂ ਦਿੱਤਾ? ਸ਼ਾਂਤਮਈ ਚੱਲ ਰਹੇ ਮੋਰਚੇ ਵਿਚ ਹਥਿਆਰ ਕਿਉਂ ਵਾੜੇ ਗਏ? ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਕਿਉਂ ਕੀਤੀ ਗਈ? ਕੀ ਮੋਰਚਾਬੰਦੀ ਕਰਨ ਵਾਲ਼ਿਆਂ ਨੂੰ ਪਤਾ ਸੀ ਕਿ ਹਮਲਾ ਹੋਣਾ ਹੈ?
ਜੇ ਪਤਾ ਸੀ ਤਾਂ ਉਨ੍ਹਾਂ ਆਪਣੇ ਪਰਿਵਾਰ ਬਾਹਰ ਕੱਢ ਲਏ ਤੇ ਸੰਗਤ ਨੂੰ ਇਤਲਾਹ ਕਿਉਂ ਨਹੀਂ ਕੀਤੀ? ਜਦੋਂ ਫੌਜ ਨੇ 2-5 ਜੂਨ ਤੱਕ ਘੇਰਾ ਪਾਇਆ ਹੋਇਆ ਸੀ ਤਾਂ ਦਰਬਾਰ ਸਾਹਿਬ ਤੇ ਅਕਾਲ ਤਖਤ ਬਚਾਉਣ ਲਈ ਅੰਦਰ ਬੈਠੇ ਖਾੜਕੂ ਬਾਹਰ ਕਿਉਂ ਨਹੀਂ ਆਏ, ਜੇ ਉਹ ਆਪਣੇ ਪਰਿਵਾਰ ਬਾਹਰ ਕੱਢ ਸਕਦੇ ਸਨ ਤਾਂ ਕੀ ਆਪ ਨਹੀਂ ਆ ਸਕਦੇ ਸਨ? ਉਨ੍ਹਾਂ ਸ਼ਰਧਾਲੂ ਸੰਗਤ ਨੂੰ ਬਾਹਰ ਨਿਕਲਣ ਦਾ ਮੌਕਾ ਕਿਉਂ ਨਹੀਂ ਦਿੱਤਾ?
ਕੀ ਉਹ ਕਿਸੇ ਦੇ ਇਸ਼ਾਰੇ ‘ਤੇ ਅਜਿਹਾ ਭਾਣਾ ਵਰਤਾਉਣਾ ਚਾਹੁੰਦੇ ਸਨ? ਕੀ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਟੈਂਕਾਂ/ਤੋਪਾਂ ਵਾਲ਼ੀ ਫੌਜ ਦਾ ਉਹ ਮੁਕਾਬਲਾ ਨਹੀਂ ਕਰ ਸਕਦੇ ਸਨ ਤਾਂ ਫਿਰ ਉਨ੍ਹਾਂ ਆਤਮਘਾਤੀ ਰਾਹ ਕਿਉਂ ਚੁਣਿਆ? ਅਜਿਹੇ ਅਨੇਕਾਂ ਸਵਾਲ ਹਨ, ਜਿਨ੍ਹਾਂ ਨੂੰ ਸੰਬੋਧਨ ਹੋਏ ਬਿਨਾਂ ਅਸੀਂ ਕਿਤੇ ਨਹੀਂ ਪਹੁੰਚ ਸਕਦੇ। ਜੂਨ ਦੇ ਪਹਿਲੇ ਹਫ਼ਤੇ ਹਰ ਸਾਲ ਕੁਝ ਜਜ਼ਬਾਤੀ ਗੱਲਾਂ ਕਰਕੇ ਸਾਰਾ ਸਾਲ ਸਭ ਕੁਝ ਭੁੱਲ-ਭੁਲਾ ਦਿੱਤਾ ਜਾਂਦਾ ਹੈ। ਕੀ ਸਾਨੂੰ ਵਿਚਾਰ ਨਹੀਂ ਕਰਨੀ ਚਾਹੀਦੀ ਕਿ ਕੋਈ ਯੋਜਨਾ ਬਣਾਈਏ ਕਿ ਭਵਿੱਖ ਵਿਚ ਸਾਨੂੰ ਅਜਿਹੇ ਘੱਲੂਘਾਰਿਆਂ ਦਾ ਸਾਹਮਣਾ ਨਾ ਕਰਨਾ ਪਵੇ? ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਅਤੇ ਗੱਲਾਂ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਪੈਦਾ ਕਰੀਏ…?






.