ਸਿੱਖ ਮਾਰਗ ਦੇ ਇੱਕ ਪਾਠਕ ਦੇ ਸਵਾਲਾਂ ਦੇ ਜਵਾਬ
ਸਿੱਖ ਮਾਰਗ ਦੇ ਇੱਕ ਪਾਠਕ/ਲੇਖਕ ਗੁਰਦੇਵ ਸਿੰਘ ਬਠਿੰਡਾ ਦੀ ਅੱਜ ਅਕਤੂਬਰ 10, 2026 ਨੂੰ ਇੱਕ ਈ-ਮੇਲ ਮਿਲੀ ਸੀ ਜਿਸ ਵਿੱਚ ਉਸ ਨੇ ਮੇਰੇ ਤੇ ਇੱਕ ਪਾਸੜ ਸੋਚਣ ਦੇ ਕੁੱਝ ਇਲਜ਼ਾਮ ਲਗਾ ਕੇ ਸਵਾਲ ਕੀਤੇ ਹਨ। ਇਹ ਚਿੱਠੀ ਮੈਂ ਹੂਬ-ਹੂ ਥੱਲੇ ਪੋਸਟ ਕਰ ਰਿਹਾ ਹਾਂ। ਜੋ ਕੁੱਝ ਉਸ ਨੇ ਲਿਖਿਆ ਹੈ ਉਸ ਨੂੰ ਖੁਦ ਹੀ ਪੜ੍ਹ ਲੈਣਾ। ਇਹ ਸੋਚਣੀ ਸਿਰਫ ਗੁਰਦੇਵ ਸਿੰਘ ਬਠਿੰਡਾ ਦੀ ਨਹੀਂ ਹੋਰ ਵੀ ਬਹੁਤਿਆਂ ਦੀ ਹੋਵੇਗੀ ਅਤੇ ਹੈ। ਇਸ ਤਰ੍ਹਾਂ ਦੇ ਸਵਾਲ ਸਿਰਫ ਮੇਰੇ ਲਈ ਹੀ ਨਹੀਂ ਹੋਰ ਵੀ ਬਹੁਤਿਆਂ ਲਈ ਹਨ ਜਿਹੜੇ ਕਿ ਸੱਚ ਦੀ ਗੱਲ ਕਰਨਾ ਚਾਹੁੰਦੇ ਹਨ ਅਤੇ ਕਰਦੇ ਵੀ ਹਨ ਪਰ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਦੀ ਇੱਕ ਪਾਸੜ ਇਲਜ਼ਾਮ ਤਰਾਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੈਨੂੰ ਕਨੇਡਾ ਵਿੱਚ ਰਹਿੰਦਿਆਂ ਨੂੰ ਅੱਧੀ ਸਦੀ ਤੋਂ ਵੀ ਵੱਧ ਦਾ ਸਮਾ ਹੋ ਗਿਆ ਹੈ। ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਜਿਤਨਾ ਕੁ ਮੈਂ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਥੋੜਿਆਂ ਨੇ ਕੀਤੀ ਹੋਵੇਗੀ। ਜਿੰਦਗੀ ਦੇ 25-30 ਸਾਲ ਤਾਂ ਮੈਂ 8 ਘੰਟੇ ਕੰਮ ਕਰਨ ਤੋਂ ਬਾਅਦ ਪੜ੍ਹਨ ਤੇ ਹੀ ਬਿਤਾਏ ਸਨ। 30 ਸਾਲ ਤੋਂ ਵੀ ਵੱਧ ਦੇ ਸਮੇ ਤੋਂ ਮੈਂ ਵੈੱਬ ਸਾਈਟ ਚਲਾ ਰਿਹਾ ਹਾਂ ਇੱਥੇ ਲਿਖਣ ਵਾਲੇ ਦੁਨੀਆਂ ਦੇ ਸੈਂਕੜੇ ਵਿਦਵਾਨ ਜੁੜੇ ਹੋਏ ਸਨ ਅਤੇ ਲਿਖਦੇ ਰਹੇ ਹਨ। ਇਹ ਸਾਰੀਆਂ ਲਿਖਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਕੇ ਛਪੀਆਂ ਹਨ। ਜੋ ਕੁੱਝ ਸਿੱਖ ਧਰਮ ਬਾਰੇ ਇੱਥੇ ਛਪਿਆ ਹੋਇਆ ਹੈ ਸ਼ਾਇਦ ਹੀ ਕਿਸੇ ਹੋਰ ਥਾਂ ਤੇ ਹੋਵੇ। ਇਸ ਬਾਰੇ ਹੋਰ ਬਹੁਤਾ ਕੁੱਝ ਦੱਸਣ ਦੀ ਲੋੜ ਨਹੀਂ ਸਾਰਾ ਕੁੱਝ ਸਾਰਿਆਂ ਦੇ ਸਾਹਮਣੇ ਹੀ ਹੈ।
ਮੌਜੂਦਾ ਸਮੇਂ ਜੋ ਸੱਚ ਬੋਲਣਾ ਚਾਹੀਦਾ ਹੈ ਅਤੇ ਜਿਹੜੇ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਸਾਰਿਆਂ ਤੇ ਹੀ ਅਜਿਹੇ ਇੱਕ ਪਾਸੜ ਹੋਣ ਦੇ ਇਲਜਾਮ ਲਗਦੇ ਹਨ। ਸ਼ੋਸ਼ਲ ਮੀਡੀਆ ਤੇ ਤਾਂ ਅਨੇਕਾਂ ਹੀ ਹੋਣਗੇ ਜਿਨ੍ਹਾਂ ਵਿੱਚ ਕਾਮਰੇਡ, ਨਾਸਤਕ ਅਤੇ ਹੋਰ ਹਰ ਤਰ੍ਹਾਂ ਦੇ ਵਿਆਕਤੀ ਆ ਜਾਂਦੇ ਹਨ। ਮੈਂ ਹੁਣ ਕੁੱਝ ਕੁ ਉਹ ਨਾਮ ਦੱਸਦਾ ਹਾਂ ਜਿਹੜੇ ਕਿ ਸਿੱਖ ਧਰਮ ਜਾਂ ਗੁਰਬਾਣੀ ਨੂੰ ਮੰਨਣ ਵਾਲੇ ਹਨ। ਇਨ੍ਹਾਂ ਵਿਚੋਂ ਇੱਕ ਵਿਆਕਤੀ (ਡਾ: ) ਇਕਬਾਲ ਸਿੰਘ ਢਿੱਲੋਂ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਉਹੀ ਖਿਆਲ ਰੱਖਦੇ ਸਨ ਜੋ ਆਮ ਸਿੱਖ ਰੱਖਦੇ ਹਨ ਜਿਵੇਂ ਕਿ ਗੁਰਦੇਵ ਸਿੰਘ ਬਠਿੰਡਾ ਨੇ ਲਿਖਿਆ ਹੈ। ਜਿਤਨੇ ਕੁ ਸਿੱਖਾਂ ਨੂੰ ਮੈਂ ਪੜ੍ਹਿਆ ਸੁਣਿਆਂ ਹੈ ਅਤੇ ਜੋ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਵਿਚੋਂ ਕੁੱਝ ਨਾਮ ਇਹ ਹਨ:
1- (ਡਾ: ) ਇਕਬਾਲ ਸਿੰਘ ਢਿੱਲੋਂ
2- ਸ: ਬਲਦੇਵ ਸਿੰਘ ਐੱਮ: ਏ:
3- ਹਰਚਰਨ ਸਿੰਘ ਪਰਹਾਰ
4- ਰੇਡੀਓ ਵਿਰਸਾ ਨਿਊਜ਼ੀਲੈਂਡ ਵਾਲੇ
5- ਦਾ ਸੰਘਾ ਸ਼ੋਅ ਵਾਲੇ
ਇਨ੍ਹਾਂ ਵਿਚੋਂ ਸਭ ਤੋਂ ਵੱਧ ਮੇਰੇ ਖਿਆਲ ਬਲਦੇਵ ਸਿੰਘ ਐੱਮ: ਏ: ਨਾਲ ਮਿਲਦੇ ਹਨ ਜੋ ਕਿ ਕਿਸੇ ਸਮੇ ਭਿੰਡਰਾਂਵਾਲੇ ਸਾਧ ਦਾ ਖਾਸ ਸ਼ਰਧਾਲੂ ਸੀ। ਦੂਸਰੇ ਨੰ: ਤੇ ਇਕਬਾਲ ਸਿੰਘ ਢਿੱਲੋਂ ਅਤੇ ਹਰਚਰਨ ਸਿੰਘ ਪਰਹਾਰ ਆਉਂਦੇ ਹਨ। ਰੇਡੀਓ ਵਿਰਸਾ ਅਤੇ ਸੰਘਾ ਸ਼ੋਅ ਵਾਲੇ ਮੌਜੂਦਾ ਸਮੇ ਦਾ ਸੱਚ ਤਾਂ ਬੋਲਦੇ ਹਨ ਪਰ ਹੋਰ ਕਈ ਗੱਲਾਂ ਨਾਲ ਮੈਂ ਸਹਿਮਤ ਨਹੀਂ ਹਾਂ। ਸੰਘਾ ਸ਼ੋਅ ਵਾਲੇ ਦਸਮ ਗ੍ਰੰਥੀਆਂ ਨਾਲ ਸਹਿਮਤੀ ਰੱਖਦੇ ਹਨ ਅਤੇ ਬਿਪਰਵਾਦੀ ਸੋਚ ਵੀ ਰੱਖਦੇ ਹਨ ਪਰ ਉਹ 1984 ਦੇ ਸਾਕੇ ਬਾਰੇ ਸੱਚ ਬੋਲਦੇ ਹਨ। ਪਹਿਲਾਂ ਇਹ ਪੱਕੇ ਖਾਲਿਸਤਾਨੀ ਸਨ। ਇਹ ਮੁੱਲਿਆਂ ਦੇ ਪਾਜ ਵੀ ਉਘੇੜਦੇ ਰਹਿੰਦੇ ਹਨ। ਰੇਡੀਓ ਵਿਰਸਾ ਦੀ ਕੁੱਝ ਬੋਲਬਾਣੀ ਅਤੇ ਢੱਡਰੀਆਂ ਵਾਲੇ ਸਾਧ ਨਾਲ ਹੱਦੋਂ ਵੱਧ ਨੇੜਤਾ ਨਾਲ ਮੇਰੀ ਸਹਿਮਤੀ ਨਹੀਂ ਹੈ। ਇੱਕ ਗੱਲ ਹੋਰ ਸਪਸ਼ਟ ਕਰ ਦੇਵਾਂ ਕਿ ਇਨ੍ਹਾਂ ਵਿਚੋਂ ਜਿਹੜੇ ਵੀਡੀਓ ਬਣਾ ਕੇ ਪਉਂਦੇ ਹਨ ਉਹ ਸਾਰੀਆਂ ਵੀਡੀਓ ਮੈਂ ਕਿਸੇ ਦੀਆਂ ਵੀ ਨਹੀਂ ਦੇਖੀਆਂ। ਸਿਰਫ ਕੁੱਝ ਗਿਣਤੀ ਦੀਆਂ ਹੀ ਦੇਖੀਆਂ ਹਨ ਜਿਨ੍ਹਾਂ ਨੂੰ ਦੇਖ ਸੁਣ ਕੇ ਸਮਝ ਆ ਜਾਂਦੀ ਹੈ ਕਿ ਇਹ ਕਿਸ ਤਰ੍ਹਾਂ ਦੇ ਖਿਆਲ ਰੱਖਦੇ ਹਨ।
ਜਿਵੇਂ ਕਿ ਮੈਂ ਉਪਰ ਜ਼ਿਕਰ ਕਰ ਚੁੱਕਾ ਹਾਂ ਕਿ ਸਭ ਤੋਂ ਵੱਧ ਮੇਰੇ ਖਿਆਲ ਸ: ਬਲਦੇਵ ਸਿੰਘ ਐੱਮ: ਏ: ਨਾਲ ਮਿਲਦੇ ਹਨ। ਇਨ੍ਹਾਂ ਦੀਆਂ ਵੀੰ ਮੈਂ ਕੁੱਝ ਗਿਣਤੀ ਦੀਆਂ ਹੀ ਦੇਖੀਆਂ ਹਨ। ਜੋ ਸਵਾਲ, ਸ਼ੰਕੇ ਜਾਂ ਇਲਜਾਮ ਗੁਰਦੇਵ ਸਿੰਘ ਬਠਿੰਡਾ ਨੇ ਮੇਰੇ ਤੇ ਲਾਏ ਹਨ ਉਨ੍ਹਾਂ ਸਾਰਿਆਂ ਦੇ ਜਵਾਬ ਬਲਦੇਵ ਸਿੰਘ ਦੀਆਂ ਵੀਡਓ ਸੁਣ ਕੇ ਮਿਲ ਜਾਣਗੇ। ਇਸ ਬਲਦੇਵ ਸਿੰਘ ਨੇ ਖੁਦ ਫੌਜ ਵਿੱਚ ਨੌਕਰੀ ਕੀਤੀ ਹੈ ਅਤੇ ਇੰਡੀਆ ਵਿੱਚ ਹੀ ਰਹਿੰਦਾ ਹੈ। ਜੋ ਕੁੱਝ 1984 ਵਿੱਚ ਸਿੱਖਾਂ ਨਾਲ ਹੋਇਆ ਸੀ ਸਾਰਾ ਕੁੱਝ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਇਸ ਦੇ ਵੀ ਪਹਿਲਾਂ ਉਹੀ ਵਿਚਾਰ ਸਨ ਜੋ ਆਮ ਸਿੱਖਾਂ ਦੇ ਹਨ ਜਿਵੇਂ ਕਿ ਗੁਰਦੇਵ ਸਿੰਘ ਬਠਿੰਡਾ ਦੇ। ਉਸ ਦੀਆਂ ਵੀਡੀਓ ਤੇ ਵੀ ਇਸ ਤਰ੍ਹਾਂ ਦੇ ਸਵਾਲ ਉਠਾਏ ਜਾਂਦੇ ਹਨ। ਹੇਠਾਂ ਮੈਂ ਉਸ ਦੇ ਯੂ-ਟਿਊਬ ਚੈਨਣ ਦਾ ਲਿੰਕ ਪਾ ਰਿਹਾ ਹਾਂ। ਉਸ ਦੀਆਂ ਪਿਛਲੇ ਦੋ ਹਫਤੇ ਦੀਆਂ ਵੀਡੀਓ ਦੇਖ ਸੁਣ ਲਓ ਤੁਹਾਨੂੰ ਤਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਇਨ੍ਹਾਂ ਸਾਰਿਆਂ ਵਿਚੋਂ ਕਿਸੇ ਨੇ ਵੀ ਅੱਜ ਤੱਕ ਇਹ ਨਹੀਂ ਕਿਹਾ ਕਿ ਸਰਕਾਰ ਨੇ ਕੋਈ ਗਲਤੀ ਨਹੀਂ ਸੀ ਕੀਤੀ। ਅੱਜ ਸਾਲ 2026 ਦੇ ਅਕਤੂਬਰ ਮਹੀਨੇ ਦੀ 10 ਤਾਰੀਕ ਹੈ। ਅੱਜ ਤੋਂ ਲੈ ਕੇ ਪਿਛਲੇ ਦੋ ਹਫਤਿਆਂ ਦੀਆਂ ਵੀਡੀਓ ਦੇਖ/ਸੁਣ ਲਓ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਉਸ ਦਾ ਯੂ-ਟਿਊਬ ਵੀਡੀਓ ਲਿੰਕ ਇਹ ਹੈ:
ਮੱਖਣ ਪੁਰੇਵਾਲ,
ਅਕਤੂਬਰ 10, 2026.
(ਹੇਠਾਂ ਪੜ੍ਹੋ ਗੁਰਦੇਵ ਸਿੰਘ ਬਠਿੰਡਾ ਦੀ ਚਿੱਠੀ)
ਮੱਖਣ ਪੁਰੇਵਾਲ ਜੀ, ਇਤਿਹਾਸ ਦੀ ਪੜਚੋਲ ਕਰੋ, ਪਰ ਇਤਿਹਾਸ ਦਾ ਇੱਕ ਪਾਸਾ ਚੁਣ ਕੇ ਦੂਜੇ ਪਾਸੇ ਤੋਂ ਅੱਖਾਂ ਨਾ ਮੀਟੋ!
ਤੁਸੀਂ ਸਿੱਖਾਂ ਨੂੰ ਸਮੇਂ ਅਨੁਸਾਰ ਸੋਚਣ ਦੀ ਸਲਾਹ ਦੇ ਰਹੇ ਹੋ। ਇਹ ਸਲਾਹ ਬਿਲਕੁਲ ਠੀਕ ਹੈ, ਪਰ ਇੱਕ ਸਵਾਲ ਤੁਹਾਡੇ ਲਈ ਵੀ ਹੈ -ਕੀ ਇਤਿਹਾਸ ਨੂੰ ਸਮਝਣ ਲਈ ਤੁਹਾਡੀ ਆਪਣੀ ਸੋਚ ਸਮੇਂ ਦੇ ਨਾਲ ਬਦਲੀ ਹੈ, ਜਾਂ ਹਰ ਘਟਨਾ ਦਾ ਦੋਸ਼ ਸਿੱਖਾਂ ਸਿਰ ਮੜ੍ਹ ਦੇਣਾ ਹੀ ਤੁਹਾਡਾ ਸਥਾਈ ਨਜ਼ਰੀਆ ਬਣ ਗਿਆ ਹੈ?
1980ਵਿਆਂ ਦੇ ਦੌਰ ਦੀਆਂ ਗਲਤੀਆਂ, ਹਥਿਆਰਬੰਦ ਸੰਘਰਸ਼ ਦੇ ਨਤੀਜਿਆਂ ਅਤੇ ਉਸ ਸਮੇਂ ਦੇ ਆਗੂਆਂ ਦੇ ਫ਼ੈਸਲਿਆਂ ਉੱਤੇ ਸਵਾਲ ਉਠਾਏ ਜਾ ਸਕਦੇ ਹਨ। ਕਿਸੇ ਵੀ ਆਗੂ ਦੀ ਆਲੋਚਨਾ ਕਰਨਾ ਗ਼ਲਤ ਨਹੀਂ। ਪਰ ਸਵਾਲ ਇਹ ਹੈ ਕਿ ਜਦੋਂ ਤੁਸੀਂ ਸਿੱਖ ਆਗੂਆਂ ਦੇ ਫ਼ੈਸਲਿਆਂ ਦੀ ਪੜਚੋਲ ਕਰਦੇ ਹੋ, ਤਾਂ ਉਸ ਸਮੇਂ ਦੀਆਂ ਸਰਕਾਰੀ ਨੀਤੀਆਂ, ਸਿਆਸੀ ਗ਼ਲਤੀਆਂ, ਦਮਨਕਾਰੀ ਕਾਰਵਾਈਆਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਪੜਚੋਲ ਵੀ ਉਸੇ ਇਮਾਨਦਾਰੀ ਨਾਲ ਕਰਦੇ ਹੋ ਜਾਂ ਨਹੀਂ?
ਇਤਿਹਾਸ ਨੂੰ ਸਮਝਣ ਲਈ ਦੋਵੇਂ ਪੱਖਾਂ ਦੀ ਜਵਾਬਦੇਹੀ ਤੈਅ ਕਰਨੀ ਪੈਂਦੀ ਹੈ। ਸਿਰਫ਼ ਇੱਕ ਧਿਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਇਤਿਹਾਸਕ ਵਿਸ਼ਲੇਸ਼ਣ ਨਹੀਂ, ਇਕਪਾਸੜ ਨਜ਼ਰੀਆ ਹੈ।
1947 ਦੀ ਵੰਡ ਸਮੇਂ ਸਿੱਖਾਂ ਨੇ ਬੇਹੱਦ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕੀਤਾ। ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੀ ਭਾਸ਼ਾ, ਰਾਜਾਂ ਦੀ ਪੁਨਰਗਠਨ ਪ੍ਰਕਿਰਿਆ, ਦਰਿਆਈ ਪਾਣੀਆਂ ਅਤੇ ਸੰਘੀ ਅਧਿਕਾਰਾਂ ਵਰਗੇ ਮੁੱਦਿਆਂ ਉੱਤੇ ਸਿੱਖਾਂ ਅਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਲੰਬੇ ਸਿਆਸੀ ਟਕਰਾਅ ਰਹੇ। ਆਨੰਦਪੁਰ ਸਾਹਿਬ ਦੇ ਮਤੇ ਵਰਗੀਆਂ ਮੰਗਾਂ ਨੂੰ ਸਿਰਫ਼ ਕਿਸੇ ਦੀ ਫ਼ੁਕਰੀ ਜਾਂ ਬਹਾਦਰੀ ਦੇ ਨਸ਼ੇ ਦਾ ਨਤੀਜਾ ਕਹਿ ਦੇਣਾ, ਉਨ੍ਹਾਂ ਦੇ ਸਿਆਸੀ ਅਤੇ ਸੰਵਿਧਾਨਕ ਪਿਛੋਕੜ ਨੂੰ ਅਣਡਿੱਠਾ ਕਰਨਾ ਹੈ।
ਇੱਕ ਗੱਲ ਹੋਰ ਵੀ ਸਪਸ਼ਟ ਹੋਣੀ ਚਾਹੀਦੀ ਹੈ: ਸਰਕਾਰ ਦੀ ਆਲੋਚਨਾ ਕਰਨਾ, ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਅਤੇ ਹਥਿਆਰਬੰਦ ਹਿੰਸਾ ਦਾ ਸਮਰਥਨ ਕਰਨਾ -ਇਹ ਤਿੰਨ ਵੱਖਰੀਆਂ ਗੱਲਾਂ ਹਨ। ਹਰ ਸਿੱਖ ਨੂੰ ਕਿਸੇ ਹਥਿਆਰਬੰਦ ਆਗੂ ਦੀ ਸੋਚ ਨਾਲ ਜੋੜ ਦੇਣਾ ਉਨਾ ਹੀ ਗ਼ਲਤ ਹੈ, ਜਿੰਨਾ ਕਿਸੇ ਸਰਕਾਰ ਦੇ ਹਰ ਕਦਮ ਨੂੰ ਸਹੀ ਮੰਨ ਲੈਣਾ।
ਤੁਸੀਂ ਫ਼ੌਜੀ ਬਗ਼ਾਵਤਾਂ ਅਤੇ ਜਾਨੀ ਨੁਕਸਾਨ ਦਾ ਜ਼ਿਕਰ ਕਰਦੇ ਹੋ। ਇਹ ਵੀ ਦੱਸੋ ਕਿ ਉਸ ਦੌਰ ਦੀਆਂ ਘਟਨਾਵਾਂ ਬਾਰੇ ਤੁਸੀਂ ਕਿਹੜੇ ਭਰੋਸੇਯੋਗ ਇਤਿਹਾਸਕ ਸਰੋਤਾਂ ਦੇ ਆਧਾਰ ’ਤੇ ਅੰਕੜੇ ਪੇਸ਼ ਕਰ ਰਹੇ ਹੋ? ਜੇ ਹਜ਼ਾਰਾਂ ਮੌਤਾਂ ਦੇ ਦਾਅਵੇ ਗ਼ਲਤ ਹਨ, ਤਾਂ ਸਬੂਤਾਂ ਨਾਲ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ; ਪਰ ਬਿਨਾਂ ਪੱਕੇ ਸਰੋਤਾਂ ਦੇ ਆਪਣੇ ਅੰਦਾਜ਼ੇ ਨੂੰ ਅੰਤਿਮ ਸੱਚ ਬਣਾ ਦੇਣਾ ਵੀ ਤਾਂ ਉਸੇ ਗ਼ਲਤੀ ਦੀ ਦੂਜੀ ਸ਼ਕਲ ਹੈ, ਜਿਸ ਦਾ ਦੋਸ਼ ਤੁਸੀਂ ਦੂਜਿਆਂ ਉੱਤੇ ਲਾ ਰਹੇ ਹੋ।
ਸਿੱਖ ਗੁਰੂਆਂ ਦੀ ਸਿੱਖਿਆ ਸਾਨੂੰ ਸੱਚ ਬੋਲਣ, ਜ਼ੁਲਮ ਦਾ ਵਿਰੋਧ ਕਰਨ ਅਤੇ ਆਪਣੀ ਬੁੱਧੀ ਵਰਤਣ ਦੀ ਪ੍ਰੇਰਨਾ ਦਿੰਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਹਰ ਸਿੱਖ ਆਗੂ ਸਹੀ ਸੀ ਜਾਂ ਹਰ ਸੰਘਰਸ਼ ਦਾ ਹਰ ਤਰੀਕਾ ਜਾਇਜ਼ ਸੀ। ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਜਿਹੜਾ ਸਿੱਖ ਆਪਣੇ ਹੱਕਾਂ ਦੀ ਗੱਲ ਕਰੇ, ਉਸ ਨੂੰ ਪਛੜੀ ਸੋਚ ਵਾਲਾ ਜਾਂ ਬਰਬਾਦੀ ਦਾ ਕਾਰਨ ਕਹਿ ਦਿੱਤਾ ਜਾਵੇ।
ਹੁਣ ਕੁਝ ਸਵਾਲ ਤੁਹਾਡੇ ਲਈ ਵੀ ਹਨ:
ਜੇ ਸਿੱਖ ਆਗੂਆਂ ਦੀਆਂ ਗ਼ਲਤੀਆਂ ਉੱਤੇ ਸਵਾਲ ਕਰਨਾ ਜ਼ਰੂਰੀ ਹੈ, ਤਾਂ ਸਮੇਂ ਦੀਆਂ ਸਰਕਾਰਾਂ ਦੀਆਂ ਗ਼ਲਤੀਆਂ ਉੱਤੇ ਵੀ ਉਸੇ ਨਿਰਪੱਖਤਾ ਨਾਲ ਸਵਾਲ ਕਿਉਂ ਨਾ ਹੋਣ?
ਜੇ ਹਿੰਸਾ ਦੀ ਆਲੋਚਨਾ ਕਰਨੀ ਹੈ, ਤਾਂ ਨਿਰਦੋਸ਼ ਲੋਕਾਂ ਉੱਤੇ ਹੋਏ ਹਰ ਪਾਸੇ ਦੇ ਜ਼ੁਲਮ ਦੀ ਆਲੋਚਨਾ ਕਿਉਂ ਨਾ ਹੋਵੇ?
ਜੇ ਤੁਸੀਂ ਪੜ੍ਹੇ-ਲਿਖੇ ਲੋਕਾਂ ਨੂੰ ਅੱਗੇ ਆਉਣ ਲਈ ਕਹਿੰਦੇ ਹੋ, ਤਾਂ ਕੀ ਪੜ੍ਹੇ-ਲਿਖੇ ਹੋਣ ਦਾ ਮਤਲਬ ਸਿਰਫ਼ ਆਪਣੇ ਵਿਚਾਰਾਂ ਨਾਲ ਸਹਿਮਤ ਹੋਣਾ ਹੈ, ਜਾਂ ਵਿਰੋਧੀ ਤੱਥਾਂ ਨੂੰ ਵੀ ਇਮਾਨਦਾਰੀ ਨਾਲ ਸਵੀਕਾਰ ਕਰਨਾ ਹੈ?
ਅਤੇ ਸਭ ਤੋਂ ਅਹਿਮ ਸਵਾਲ -ਕੀ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਸਮਝਣਾ ਚਾਹੁੰਦੇ ਹੋ, ਜਾਂ ਪਹਿਲਾਂ ਹੀ ਤੈਅ ਕਰ ਚੁੱਕੇ ਹੋ ਕਿ ਦੋਸ਼ੀ ਸਿਰਫ਼ ਸਿੱਖ ਹੀ ਹਨ?
ਸਿੱਖਾਂ ਨੂੰ ਸਮੇਂ ਅਨੁਸਾਰ ਸੋਚਣ ਦੀ ਸਲਾਹ ਦੇਣੀ ਚੰਗੀ ਗੱਲ ਹੈ, ਪਰ ਇਤਿਹਾਸ ਲਿਖਣ ਵਾਲੇ ਨੂੰ ਵੀ ਆਪਣੀ ਸੋਚ ਦੇ ਪੱਖਪਾਤ ਤੋਂ ਆਜ਼ਾਦ ਹੋਣਾ ਚਾਹੀਦਾ ਹੈ।
ਸੱਚ ਨਾ ਕਿਸੇ ਇੱਕ ਆਗੂ ਦੀ ਜਾਇਦਾਦ ਹੈ, ਨਾ ਕਿਸੇ ਸਰਕਾਰ ਦੀ ਅਤੇ ਨਾ ਹੀ ਕਿਸੇ ਇੱਕ ਵਿਚਾਰਧਾਰਾ ਦੀ। ਸੱਚ ਉਹ ਹੈ ਜੋ ਸਬੂਤਾਂ ਦੀ ਕਸੌਟੀ ਉੱਤੇ ਖਰਾ ਉਤਰੇ -ਭਾਵੇਂ ਉਹ ਸਾਡੇ ਆਪਣੇ ਪੱਖ ਦੇ ਵਿਰੁੱਧ ਹੀ ਕਿਉਂ ਨਾ ਹੋਵੇ।
ਇਤਿਹਾਸ ਦੀ ਇਮਾਨਦਾਰ ਪੜਚੋਲ ਕਰੋ, ਪਰ ਉਸ ਨੂੰ ਕਿਸੇ ਇੱਕ ਕੌਮ ਵਿਰੁੱਧ ਦੋਸ਼-ਪੱਤਰ ਨਾ ਬਣਾਓ। ਪੰਜਾਬ ਨੂੰ ਨਾ ਅੰਨ੍ਹੀ ਸ਼ਰਧਾ ਦੀ ਲੋੜ ਹੈ, ਨਾ ਅੰਨ੍ਹੀ ਨਫ਼ਰਤ ਦੀ; ਪੰਜਾਬ ਨੂੰ ਨਿਰਪੱਖਤਾ, ਸੱਚਾਈ ਅਤੇ ਇਨਸਾਫ਼ ਦੀ ਲੋੜ ਹੈ।
ਗੁਰਦੇਵ ਸਿੰਘ ਬਠਿੰਡਾ।