‘ਸੰਵਿਧਾਨ ਅੰਦਰ ਦਲਿਤ ਸਮਾਜ ਦੇ ਮਹਾਂਪੁਰਖਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਦੇਸ਼ ਦੇ ਸ਼ਹੀਦਾਂ ਨਾਲ ਹੋਇਆ ਵਿਤਕਰਾ'
ਫੇਸਬੁੱਕ ਤੇ ਇਕ ਨਿੱਜੀ ਚੈਨਲ ਵੱਲੋਂ ਬੜਾ ਹੁੱਬ ਕੇ ਦੱਸਿਆ ਜਾ ਰਿਹਾ ਹੈ, ਕਿ "ਸੰਵਿਧਾਨ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲੱਗੀ ਹੋਈ ਹੈ।" ਪਰ ਇਹਨਾਂ ਸੱਜਣਾਂ ਨੂੰ ਇਹ ਨਹੀਂ ਪਤਾ ਕਿ 'ਸੰਵਿਧਾਨ' ਦੀ ਮੂਲ ਕਾਪੀ ਦੇ 22 ਭਾਗਾਂ ਦੀ ਸ਼ੁਰੂਆਤ ’ਤੇ ਬਣਾਏ ਗਏ ਚਿੱਤਰਾ ਵਿੱਚ ਪੰਦਰਵੇਂ ਭਾਗ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਤਸਵੀਰ ਬਣਾਈ ਗਈ ਹੈ, ਜਿਸ ਦਾ ਭਾਵ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਛਤਰਪਤੀ ਮਹਾਰਾਜ ਦੇ ਬਰਾਬਰ ਅੱਧਾ ਪੇਜ ਹੀ ਆਇਆ। ਜਦੋਂ ਕਿ ਇਹਨਾਂ ਚਿੱਤਰਾ ਵਿੱਚ ਜੇ ਸਭ ਤੋਂ ਵੱਧ ਸਨਮਾਨ ਦਿੱਤਾ ਗਿਆ ਤਾਂ ਉਹ ਦੇਸ਼ ਵਿੱਚ ਪ੍ਰਚਲਿਤ ਨਾਂ ਮਹਾਤਮਾ ਗਾਂਧੀ, ਜਿਸ ਨੂੰ 17 ਤੇ 18ਵੇਂ ਚਿੱਤਰਾ ਵਿੱਚ ਵਿਸ਼ੇਸ਼ ਦੋ ਪੰਨਿਆਂ ਤੇ ਥਾਂ ਦੇਕੇ ਮਾਣ ਬਖਸ਼ਿਆ ਗਿਆ। ਜਿਸ ਦੇ ਮੁਕਾਬਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਸਨਮਾਨ ਨਹੀਂ ਦਿੱਤਾ ਗਿਆ, ਜਿਨਾਂ ਬਣਦਾ ਸੀ।
ਇਹਨਾਂ 22 ਚਿੱਤਰਾਂ ਦੀ ਚੋਣ ਕਿਸ ਨੇ ਕਿਵੇਂ ਕੀਤੀ? ਇਹਨਾਂ ਦਾ ਮਾਪਦੰਡ ਕੋਈ ਵੀ ਹੋਵੇ, ਇਸਨੂੰ ਸਹੀ ਨਹੀਂ ਮੰਨਿਆ ਜਾ ਸਕਦਾ। ਇਹਨਾਂ 22 ਚਿੱਤਰਾ ਵਿੱਚ ਹੋਰ ਕੌਣ ਕੌਣ ਹਨ ਅਤੇ ਕਿਸ ਕਿਸ ਨੂੰ ਸ਼ਾਮਲ ਕੀਤਾ ਗਿਆ ਹੈ? ਉਹ ਇਸ ਤਰਾਂ ਹਨ:-
1- ਪਹਿਲੇ ਭਾਗ 'ਤੇ ਸਿੰਧ ਘਾਟੀ ਨਾਲ ਸਬੰਧਤ ਇੱਕ ਤਾਕਤਵਰ 'ਬੈਲ' ਦੀ ਤਸਵੀਰ ਹੈ।
2- 'ਤੇ ਵੈਦਿਕ ਕਾਲ ਨਾਲ ਸਬੰਧਿਤ ਗੁਰੂਕੁਲ ਦੀ ਹੈ।
3- ਭਾਗ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ, ਜਿਸ ਤੇ ਰਾਮ, ਸੀਤਾ, ਲਛਮਣ ਦੀ ਤਸਵੀਰ ਹੈ, ਇਹ ਭਾਗ ਦੇਸ਼ ਵਾਸੀਆਂ ਨੂੰ ਮੌਲਿਕ ਅਧਿਕਾਰਾਂ ਦੀ ਗੱਲ ਕਰਦਾ ਹੈ (ਰਮਾਇਣ ਮੁਤਾਬਿਕ ਹਰ ਸਾਲ ਸਟੇਜਾਂ ਤੋਂ ਜੋ ਵਿਖਾਇਆ ਜਾ ਹੈ, ਉਹ ਸਭ ਨੂੰ ਯਾਦ ਹੀ ਹੈ।) ਅਤੇ ਇਕ ਚੈਨਲ ਵੱਲੋਂ ਤਾਂ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ "ਸੰਵਿਧਾਨ ਦਾ ਇਹ (ਤੀਜਾ) ਭਾਗ 'ਰਾਮ ਰਾਜ' ਸਥਾਪਤ ਕਰਨ ਦੀ ਗੱਲ ਵੀ ਕਰਦਾ ਹੈ।"
4- ਚੌਥੇ ਭਾਗ 'ਤੇ ਮਹਾਂਭਾਰਤ ਸਮੇਂ ਕੁਰੂਕਸ਼ੇਤਰ ਵਿਖੇ ਕ੍ਰਿਸ਼ਨ ਜੀ ਵੱਲੋਂ ਅਰਜਨ ਨੂੰ ਗੀਤਾ ਦਾ ਉਪਦੇਸ਼ ਦੇਣ ਵੇਲੇ ਦੀ ਤਸਵੀਰ ਹੈ।
5- 'ਤੇ ਮਹਾਤਮਾ 'ਬੁੱਧ' ਜੀ ਉਪਦੇਸ਼ ਦੇ ਰਿਹਾ ਹੈ।
6- 'ਤੇ ਜੈਨ ਧਰਮ ਦੇ 'ਮਹਾਂਵੀਰ' ਜੀ ਦੀ ਤਸਵੀਰ ਹੈ।
7- 'ਤੇ ਸਮਰਾਟ ਰਾਜੇ ਅਸ਼ੋਕ ਦੀ ਹੈ।
8- 'ਤੇ ਗੁਪਤ ਕਾਲ ਦੀ ਕਲਾ ਹੈ।
9- 'ਤੇ ਉਜੈਨ ਦੇ ਰਾਜਾ ਬ੍ਰਿਕਮਦੱਤ ਦੀ ਹੈ।
10- 'ਤੇ ਨਾਲੰਦਾ ਪ੍ਰਾਚੀਨ ਵਿਸਵ-ਵਿਦਿਆਲੇ ਦੀ ਮੋਹਰ ਹੈ।
11- 'ਤੇ ਓਡੀਸ਼ਾ ਦੀ ਪ੍ਰਾਚੀਨ ਮੂਰਤੀ ਕਲਾ।
12- 'ਤੇ 'ਨਟਰਾਜ' ਦੀ ਹੈ, 'ਨਟਰਾਜ' ਹਿੰਦੂ ਭਗਵਾਨ ਸ਼ਿਵ ਦੁਆਰਾ ਸ਼੍ਰਿਸ਼ਟੀ ਦੇ ਵਿਨਾਸ਼ ਸਮੇਂ ਕੀਤਾ ਬ੍ਰਹਮ ਨਾਚ ਜਿਸ ਨੂੰ ਤਾਂਡਵ ਕਿਹਾ ਜਾਂਦਾ ਹੈ। ਉਸ ਸਮੇਂ ਸ਼ਿਵ ਨਾਚ ਦੀ ਉਸ ਪ੍ਰਤਿਮਾ ਨੂੰ 'ਨਟਰਾਜ' ਦਾ ਨਾਮ ਦਿਤਾ ਗਿਆ ਹੈ।
13- 'ਤੇ ਮਹਾਂਵਲੀ ਦੇ ਮੰਦਰ ਤੇ ਸ਼ੇਸ਼ ਨਾਗ, 'ਗੰਗਾ' ਮਈਆ ਅਤੇ ਗੰਗਾ ਮਈਆ ਨੂੰ ਹਜ਼ਾਰਾਂ ਸਾਲ ਭਗਤੀ ਕਰਕੇ (ਰਾਜਾ ਸਗਰ ਦੇ 60 ਹਜ਼ਾਰ ਭਸਮ ਹੋਏ ਪੁੱਤਰਾਂ ਦੀ ਮੁਕਤੀ ਲਈ) ਸਵਰਗ ਵਿਚੋਂ ਧਰਤੀ ਤੇ ਲਿਆਉਣ ਵਾਲੇ 'ਭਗੀਰਥ' ਸਮੇਤ ਕਈ ਦੇਵੀ ਦੇਵਤਿਆਂ ਦੀ ਤਸਵੀਰ ਹੈ।
14- 'ਤੇ ਰਾਜੇ ਅਕਬਰ ਦੇ ਦਰਬਾਰ ਦੀ ਹੈ।
15- 'ਤੇ ਛੱਤਰਪਤੀ ਸ਼ਿਵਾ ਜੀ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਹੈ।
16- ਰਾਣੀ ਲਕਸ਼ਮੀ ਬਾਈ ਅਤੇ ਟੀਪੂ ਸੁਲਤਾਨ ਹੈ।
17- 'ਤੇ ਡਾਂਡੀ ਮਾਰਚ ਕਰਦੇ ਹੋਏ ਮਹਾਤਮਾ ਗਾਂਧੀ ਦੀ ਹੈ।
18- 'ਤੇ ਫਿਰ ਦੂਜੀ ਵਾਰ ਮਹਾਤਮਾ ਗਾਂਧੀ ਵੱਲੋਂ ਦੰਗਾ-ਪ੍ਰਭਾਵਿਤ ਇਲਾਕਿਆਂ ਵਿੱਚ ਉਨ੍ਹਾਂ ਦੀ ਸ਼ਾਂਤੀ ਯਾਤਰਾ ਨਾਲ ਸਬੰਧਤ ਦੱਸੀ ਜਾ ਰਹੀ ਹੈ।
19- 'ਤੇ ਸੁਭਾਸ਼ ਚੰਦਰ ਬੋਸ ਆਜ਼ਾਦ ਹਿੰਦ ਫੌਜ ਦੇ ਝੰਡੇ ਨੂੰ ਸਲਾਮੀ ਦੇ ਰਹੇ ਹਨ।
20- 'ਤੇ ਹਿਮਾਲਿਆ ਪਰਬਤ ਦੀ ਹੈ।
21- 'ਤੇ ਰੇਗਿਸਤਾਨ ਵਿੱਚ ਊਠਾਂ ਦੇ ਕਾਫ਼ਲੇ ਦੀ ਹੈ।
22- 'ਤੇ ਇਕ ਸਮੁੰਦਰੀ ਜਹਾਜ਼ ਦੀ ਤਸਵੀਰ ਹੈ।
“ਜਦੋਂ 'ਸੰਵਿਧਾਨ' ਵਿੱਚ ਚਿਤਰਾਂ ਰਾਹੀਂ ਰਮਾਇਣ, ਮਹਾਂਭਾਰਤ, ਨਟਰਾਜ, ਹਿਮਾਲਿਆ, ਰੇਗਿਸਤਾਨ ਦੇ ਊਠਾਂ ਤੱਕ ਨੂੰ ਥਾਂ ਮਿਲ ਗਈ, ਫਿਰ ਸਮਾਜਿਕ ਬਰਾਬਰੀ ਅਤੇ ਜਾਤ -ਵਿਰੋਧੀ ਸੰਘਰਸ਼ ਦੇ ਮੋਢੀ ਮਹਾਨ ਪੁਰਖਾਂ—ਜਿਵੇਂ ਸੰਤ ਨਾਮਦੇਵ ਜੀ, ਸੰਤ ਰਵਿਦਾਸ ਜੀ, ਕਬੀਰ ਜੀ ਤੋਂ ਇਲਾਵਾ ਜੋਤੀਬਾ ਫੂਲੇ ਅਤੇ ਸਾਵਿਤਰੀ ਬਾਈ ਫੂਲੇ, ਦੇਸ਼ ਦੀ ਅਜਾਦੀ ਲਈ ਫਾਂਸੀ ਦੇ ਰੱਸੇ ਚੁੰਮਣ ਵਾਲੇ ਕਰਤਾਰ ਸਿੰਘ ਸਰਾਭਾ , ਊਧਮ ਸਿੰਘ, ਭਗਤ ਸਿੰਘ ਵਰਗੇ ਅਨੇਕਾਂ ਸ਼ਹੀਦਾਂ ਅਤੇ ਗਦਰੀ ਬਾਬਿਆਂ ਨੂੰ ਇਸ ਚਿੱਤਰਮਾਲਾ ਵਿੱਚ ਕੋਈ ਸਥਾਨ ਕਿਉਂ ਮਿਲਿਆ ਜਾ ਕਿਉਂ ਨਹੀਂ ਦਿੱਤਾ ਗਿਆ ? ਇਸ ਲਈ ਕਿਹਾ ਜਾ ਸਕਦਾ ਹੈ ਇਸ ਸੰਵਿਧਾਨ ਅੰਦਰ ਦਲਿਤ ਸਮਾਜ ਦੇ ਮਹਾਂਪੁਰਖਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਦੇਸ਼ ਦੇ ਸ਼ਹੀਦਾਂ ਨਾਲ ਵਿਤਕਰਾ ਹੋਇਆ ਹੈ।
ਮੇਜਰ ਸਿੰਘ ਬੁਢਲਾਡਾ
94176 42327