ਜਦੋਂ ਚਿੱਟ ਕੱਪੜੀਆ ਬਗਲਾ ਅਰਦਾਸ ਕਰਕੇ ਮੁੱਕਰ ਗਿਆ
ਇਹ ਜੋ ਮੈਂ ਉਪਰ ਇਸ ਲੇਖ ਦਾ ਸਿਰਲੇਖ ਲਿਖਿਆ ਹੈ, ਉਸ ਵਿਚਲੀ ਵਰਤੀ ਸ਼ਬਦਾਵਲੀ ਮੇਰੀ ਨਹੀਂ ਹੈ। ਉਹ ਹੈ ਬੀਬੀ ਹਰਸ਼ਰਨ ਕੌਰ ਦੀ। ਬੀਬੀ ਹਰਸ਼ਰਨ ਕੌਰ ਕੌਣ ਸੀ ਅਤੇ ਕਿਸ ਬਾਰੇ ਇਹ ਲਫਜ਼ ਵਰਤੇ ਗਏ ਸਨ? ਇਸ ਬਾਰੇ ਕੁੱਝ ਜਾਣਕਾਰੀ ਇਸ ਲੇਖ ਵਿੱਚ ਸਾਂਝੀਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਬੀਬੀ ਹਰਸ਼ਰਨ ਕੌਰ ਅਖੰਡਕੀਰਤਨੀ ਜਥੇ ਦੀ ਸਿਰਕੱਢ ਅਤੇ ਮੂੰਹ-ਫੁੱਟ ਇੱਕ ਦਲੇਰ ਬੀਬੀ ਸੀ। ਜਿਸ ਦੇ ਘਰ ਵਾਲਾ ਫੌਜ ਵਿੱਚ ਕਰਨਲ ਸੀ। ਇਹ ਬੀਬੀ ਕੀਰਤਨ ਵੀ ਚੰਗਾ ਕਰ ਲੈਂਦੀ ਸੀ। ਇਸ ਦਾ ਪਿੰਡ ਸੀ ਮਿੱਠਾ ਪੁਰ ਜਿਹੜਾ ਕਿ ਜਲੰਧਰ ਸ਼ਹਿਰ ਦੇ ਲਾਗੇ ਪੈਂਦਾ ਹੈ। ਅੱਜ ਤੋਂ 46 ਸਾਲ ਪਹਿਲਾਂ ਸੰਨ 1980 ਵਿੱਚ ਫਰਵਰੀ ਦੇ ਮਹੀਨੇ ਮੇਰਾ ਇਸ ਦੇ ਘਰ ਜਾਣ ਦਾ ਅਤੇ ਇਸ ਨਾਲ ਗੱਲਬਾਤ ਕਰਨ ਦਾ ਸਬੱਬ ਬਣਿਆ ਸੀ। ਇਹ ਗੱਲ ਇਸ ਤਰ੍ਹਾਂ ਹੋਈ ਕਿ ਸਾਡੀ ਦੂਰ ਦੀ ਰਿਸ਼ਤੇਦਾਰੀ ਵਿਚੋਂ ਇੱਕ ਬੀਬੀ ਮਿੱਠਾ ਪੁਰ ਦੀ ਸੀ ਜੋ ਕਿ ਇਸ ਬੀਬੀ ਦੇ ਸ਼ਰੀਕੇ ਭਾਈਚਾਰੇ ਵਿਚੋਂ ਸੀ। ਉਸ ਨੇ ਅਤੇ ਉਸ ਦੇ ਘਰ ਵਾਲੇ ਨੇ ਕਿਹਾ ਸੀ ਕਿ ਜਦੋਂ ਇੰਡੀਆ ਜਾਣਾਂ ਹੈ ਤਾਂ ਇਸ ਬੀਬੀ ਨੂੰ ਵੀ ਮਿਲ ਆਇਓ। ਮੈਂ ਅਤੇ ਮੇਰੇ ਨਾਲ ਇੱਕ ਹੋਰ ਸਿੰਘ ਬਚਿੱਤਰ ਸਿੰਘ ਸੀ। ਇਸ ਬਚਿੱਤਰ ਸਿੰਘ ਦਾ ਵੱਡਾ ਭਰਾ ਸਾਡੇ ਲਾਗਲੇ ਸ਼ਹਿਰ ਪਰਿੰਸ ਜ਼ਾਰਜ਼ ਰਹਿੰਦਾ ਸੀ। ਅਸੀਂ ਦੋਵੇਂ ਜਣੇ ਮੋਰਟਸਾਈਕਲ ਤੇ ਇਸ ਦੇ ਘਰੇ ਗਏ ਸੀ। ਅਸੀਂ ਕੁੱਝ ਘੰਟੇ ਇਸ ਦੇ ਪਰਵਾਰ ਵਿੱਚ ਬਹਿ ਕੇ ਗੱਲਾਂਬਾਤਾਂ ਕੀਤੀਆਂ ਸਨ। ਗੱਲਾਂ ਕਰਦੇ-ਕਰਦੇ ਗੱਲ 1978 ਦੇ ਨਿਰੰਕਾਰੀ ਸਾਕੇ ਬਾਰੇ ਚੱਲ ਪਈ। ਮੈਂ ਹੀ ਇਸ ਬੀਬੀ ਹਰਸ਼ਰਨ ਕੌਰ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਬਹੁਤ ਕੁੱਝ ਅੱਖੀਂ ਦੇਖਿਆ ਹੋਵੇਗਾ ਅਤੇ ਸਾਡੇ ਨਾਲ ਵੀ ਇਸ ਬਾਰੇ ਕੁੱਝ ਸਹੀ ਜਾਣਕਾਰੀ ਸਾਂਝੀ ਕਰੋ। ਖਾਸ ਕਰਕੇ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ, ਇਸ ਵਿੱਚ ਉਸ ਦਾ ਕੀ ਰੋਲ ਸੀ? ਉਹ ਬੀਬੀ ਤਾਂ ਇੱਕ ਦਮ ਤੈਸ਼ ਵਿੱਚ ਆ ਕੇ ਬੋਲੀ। “ਉਹ ਚਿੱਟ ਕਪੜੀਆ ਇੱਕ ਬਗਲਾ ਭਗਤ ਸੀ ਜੋ ਅਰਦਾਸ ਕਰਕੇ ਮੁੱਕਰ ਗਿਆ ਸੀ”। ਉਹ ਹੋਰ ਵੀ ਬਹੁਤ ਕੁੱਝ ਬੋਲੀ ਸੀ ਜਿਹੜਾ ਕਿ ਬਹੁਤਾ ਯਾਦ ਨਹੀਂ ਰਿਹਾ। ਇਹ ਬੀਬੀ ਉਸ ਸਮੇ ਇੱਕ ਕਿਸਮ ਦੀ ਅਖੰਡਕੀਰਤਨੀ ਜਥੇ ਦੀ ਲੀਡਰ ਸੀ ਪਰ ਇਸ ਦੇ ਘਰਵਾਲਾ ਕਰਨਲ ਤਾਂ ਬਹੁਤ ਘੱਟ ਬੋਲਦਾ ਸੀ।
ਕੁੱਝ ਹਫਤੇ ਪਹਿਲਾਂ 26 ਜੂਨ 2026 ਨੂੰ ਇਸ ਬੀਬੀ ਹਰਸ਼ਰਨ ਕੌਰ ਦੀ ਲੜਕੀ ਦੀ ਇੱਕ ਇੰਟਰਵਿਊ ਬੀਬੀ ਮਨਵੀਰ ਕੌਰ ਨਾਲ ਹੋਈ ਸੀ ਜਿਸ ਦਾ ਲਿੰਕ ਇਸ ਲਿਖਤ ਦੇ ਹੇਠਾਂ ਪਾ ਰਿਹਾ ਹਾਂ। ਉਂਜ ਤਾਂ ਉਹ ਬਹੁਤਿਆਂ ਨੇ ਪਹਿਲਾਂ ਹੀ ਦੇਖ/ਸੁਣ ਲਈ ਹੋਵੇਗੀ ਪਰ ਫਿਰ ਵੀ ਜੇ ਕਰ ਕਿਸੇ ਨੇ ਨਹੀਂ ਸੁਣੀ ਤਾਂ ਉਸ ਨੂੰ ਸੁਣ ਸਕਦਾ ਹੈ। ਹਰਸ਼ਰਨ ਕੌਰ ਦੀ ਬੇਟੀ/ਲੜਕੀ ਨੇ ਕਾਫੀ ਕੁੱਝ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਤਰ੍ਹਾਂ ਖੁੱਲ ਕੇ ਸੱਚ ਨਹੀਂ ਦੱਸ ਸਕੀ ਜਿਸ ਤਰ੍ਹਾਂ ਉਸ ਦੀ ਮਾਤਾ ਦੱਸਦੀ ਸੀ। ਪਰ ਫਿਰ ਵੀ ਕਾਫੀ ਕੁੱਝ ਦੱਸ ਦਿੱਤਾ ਹੈ।
ਸੰਨ 1978 ਦੇ ਨਿਰੰਕਾਰੀ ਸਾਕੇ ਤੋਂ ਬਾਅਦ ਸਿੱਖਾਂ ਦੀ ਹਮਦਰਦੀ ਅਖੰਡਕੀਰਤਨੀ ਜਥੇ ਨਾਲ ਸੀ ਅਤੇ ਹਵਾ ਇਨ੍ਹਾਂ ਦੇ ਪੱਖ ਵਿੱਚ ਚੱਲ ਰਹੀ ਸੀ। ਕਿਉਂਕਿ ਇਸ ਸਾਕੇ ਵਿੱਚ ਬਹੁਤੇ ਸਿੰਘ ਇਸ ਜਥੇ ਦੇ ਹੀ ਸ਼ਹੀਦ ਹੋਏ ਸਨ। ਇਨ੍ਹਾਂ ਦੇ ਪੋਸਟਰ ਤਕਰੀਬਨ ਸਾਰੇ ਗੁਰਦੁਆਰਿਆਂ ਵਿੱਚ ਲੱਗੇ ਹੋਏ ਸਨ। ਇਹ ਕਥਾ ਵਿਖਿਆਨ ਤਾਂ ਕਰਦੇ ਨਹੀਂ ਸਿਰਫ ਕੀਰਤਨ ਹੀ ਕਰਦੇ ਹਨ। ਇਸ ਲਈ ਇਨ੍ਹਾਂ ਦੇ ਕਰਿਤਨੀ ਜਥੇ ਬਿਦੇਸ਼ਾਂ ਵਿੱਚ ਜਾਣੇ ਸ਼ੁਰੂ ਹੋਏ। ਖਾਸ ਕਰਕੇ ਬਾਬਾ ਜੀਵਨ ਸਿੰਘ ਜੋ ਕਿ ਆਪਣੇ ਘਰਵਾਲੀ ਅਤੇ ਘਰਵਾਲੀ ਦੇ ਭਰਾ ਨਾਲ ਰਲ ਕੇ ਤਿੰਨੇ ਜਣੇ ਕੀਰਤਨ ਕਰਦੇ ਹੁੰਦੇ ਸਨ। ਇਸ ਜੀਵਨ ਸਿੰਘ ਬਾਰੇ ਇਹ ਵੀ ਦੱਸਿਆ ਜਾਂਦਾ ਸੀ ਕਿ ਇਸ ਨੇ ਭਾਈ ਰਣਧੀਰ ਸਿੰਘ ਨਾਲ 20 ਸਾਲ ਜੋੜੀ ਵਜਾਉਣ ਦੀ ਸੇਵਾ ਨਿਭਾਈ ਸੀ। ਭਾਈ ਰਣਧੀਰ ਸਿੰਘ ਅਖੰਡਕੀਰਤਨੀ ਜਥੇ ਦਾ ਮੋਢੀ ਸੀ। ਕਿਉਂਕਿ ਭਾਈ ਰਣਧੀਰ ਸਿੰਘ ਆਪ ਵੀ ਪੜ੍ਹੇ ਲਿਖੇ ਸਨ ਇਸੇ ਕਰਕੇ ਪੜ੍ਹੇ ਲਿਖੇ ਅਤੇ ਆਮ ਵਿਆਕਤੀ ਵੀ ਇਸ ਜਥੇ ਨਾਲ ਜੁੜਦੇ ਗਏ ਸਨ। ਉਂਜ ਭਾਂਵੇਂ ਇਸ ਜਥੇਵਾਲੇ ਪੱਕੇ ਕਰਮਕਾਂਡੀ, ਸਰਬਲੋਹੀਏ ਅਤੇ ਛੂਆ-ਛਾਤ, ਸੁੱਚ-ਭਿੱਟ ਨੂੰ ਕਾਫੀ ਮੰਨਣਵਾਲੇ ਸਨ ਪਰ ਫਿਰ ਵੀ ਆਮ ਲੋਕਾਂ ਨੂੰ ਸਿੱਖੀ ਬਾਰੇ ਬਹੁਤੀ ਜਾਣਕਾਰੀ ਨਾ ਹੋਣ ਦੇ ਕਾਰਨ ਇਨ੍ਹਾਂ ਨਾਲ ਜੁੜ ਰਹੇ ਸਨ। ਐਸ: ਡੀ: ਓ: ਭਾਈ ਮਹਿੰਦਰ ਸਿੰਘ ਅਤੇ ਬੀਬੀ ਜਸਬੀਰ ਕੌਰ ਵੀ ਕੀਰਤਨ ਕਰਕੇ ਕਾਫੀ ਮਸ਼ਹੂਰ ਸਨ। ਉਸ ਵੇਲੇ ਰੈਣ ਸਬਾਈਆਂ ਦਾ ਆਮ ਹੀ ਰਿਵਾਜ ਸੀ ਅਤੇ ਇਨ੍ਹਾਂ ਨੂੰ ਸੁਣਨ ਲਈ ਦੂਰ-ਦੂਰ ਤੱਕ ਸਿੱਖ ਜਾਂਦੇ ਸਨ। ਅਸੀਂ ਵੀ ਕਈ-ਕਈ ਸੌ ਕਿਲੋਮੀਟਰ ਦੂਰ ਸੁਣਨ ਜਾਂਦੇ ਰਹੇ ਹਾਂ।
ਉਂਜ ਭਾਂਵੇਂ ਇਹ ਅਖੰਡਕੀਰਤਨ ਵਾਲੇ ਸਿਰਫ ਕੀਰਤਨ ਹੀ ਕਰਦੇ ਹਨ ਪਰ ਆਪਣੀ ਗੱਲ ਹੋਰਨਾਂ ਤੱਕ ਪਹੁੰਚਾਣ ਲਈ ਅੰਮ੍ਰਿਤਸਰ ਤੋਂ ਇੱਕ ਮਾਸਕ ਪੱਤਰ ‘ਸੂਰਾ’ ਕੱਢਦੇ ਹੁੰਦੇ ਸਨ। ਨਿਰੰਕਾਰੀਆਂ ਵਿਰੁੱਧ ਆਪਣੀ ਭੜਾਸ ਵੀ ਉਸ ਸੂਰਾ ਪੱਤਰ ਰਾਹੀਂ ਕੱਢੀ ਜਾਂਦੀ ਸੀ। ਉਸ ਸਮੇਂ ਤਕਰੀਬਨ ਸਾਰੇ ਹੀ ਸਿੱਖ ਬਦਲੇ ਦੀ ਅੱਗ ਵਿੱਚ ਸੜ ਰਹੇ ਸਨ। ਉਸ ਸਮੇਂ ਇਹੀ ਸਮਝਿਆ ਜਾਂਦਾ ਸੀ ਕਿ ਧਰਮ ਦੇ ਨਾਮ ਤੇ ਮਰ ਜਾਂਣਾ ਜਾਂ ਕਿਸੇ ਨੂੰ ਮਾਰ ਦੇਣਾ, ਬਸ ਇਹੀ ਧਰਮ ਹੈ। ਗੁਰਮਤਿ ਦੀ ਅਤੇ ਹੋਰ ਦੁਨਿਆਵੀ ਬਹੁਤੀ ਸੋਝੀ ਨਾ ਹੋਣ ਦੇ ਕਾਰਨ ਮੇਰੇ ਤੇ ਵੀ ਇਸ ਤਰ੍ਹਾਂ ਦਾ ਕੁੱਝ ਸਮੇ ਲਈ ਪਰਭਾਵ ਰਿਹਾ ਸੀ। ਕਨੇਡਾ ਦੇ ਬੱਬਰ ਖਾਲਸਾ ਵਾਲੇ ਤਕਰੀਬਨ ਸਾਰੇ ਹੀ ਅਖੰਡਕੀਰਤਨੀ ਜਥੇ ਨਾਲ ਨੇੜਤਾ ਰੱਖਦੇ ਸਨ। ਅਸੀਂ ਵੀ ਕਈ ਵਾਰੀ ਤਲਵਿੰਦਰ ਸਿੰਘ (ਪਰਮਾਰ) ਬੱਬਰ ਖਾਲਸਾ ਦੇ ਘਰ ਗਏ ਸੀ। ਧਰਮ ਯੁੱਧ ਮੋਰਚੇ ਦੇ ਦੌਰਾਨ ਕਈ ਮੀਟਿੰਗਾਂ 100 ਮਾਈਲ ਹਾਊਸ ਸ਼ਹਿਰ ਵਿੱਚ ਵੀ ਹੋਈਆਂ ਸਨ ਜਿਹੜਾ ਕਿ ਬੀ: ਸੀ: ਦੇ ਸਿੱਖਾਂ ਦੇ ਰਹਿਣ ਵਾਲਿਆਂ ਲਈ ਸੈਂਟਰ ਵਿੱਚ ਪੈਂਦਾ ਸੀ। ਉਸ ਸਮੇਂ ਖਾਸ ਮੁੱਖ ਬੁਲਾਰਾ ਗੁਰਨਾਮ ਸਿੰਘ ਸੰਘੇੜਾ ਕਾਮਰੇਡ ਪਿਛੋਕੜ ਵਾਲਾ ਹੁੰਦਾ ਸੀ। ਉਸ ਵੇਲੇ ਸਾਰਿਆਂ ਤੋਂ ਵੱਧ ਪੜ੍ਹਿਆ ਲਿਖਿਆ ਉਹੀ ਹੁੰਦਾ ਸੀ। ਉਸ ਦੀਆਂ ਦਲੀਲਾਂ ਵਿੱਚ ਕੁੱਝ ਵਜ਼ਨ ਵੀ ਹੁੰਦਾ ਸੀ। ਅਸੀਂ ਆਪ ਭਾਂਵੇਂ ਕੋਈ ਹਿੰਸਕ ਕੰਮ ਨਹੀਂ ਕੀਤਾ ਪਰ ਜਿਹੜੇ ਕਰਦੇ ਸਨ ਉਨ੍ਹਾਂ ਨਾਲ ਹਮਦਰਦੀ ਜਰੂਰ ਸੀ ਅਤੇ ਪੈਸੇ ਵੀ ਲੀਡਰਾਂ ਦੇ ਕਹਿਣ ਤੇ ਮੋਰਚੇ ਵੇਲੇ ਦੋਹਾਂ ਸੰਤਾਂ ਨੂੰ ਭੇਜਣ ਲਈ ਦਿੱਤੇ ਸਨ। ਇਹ ਉਨ੍ਹਾਂ ਤੱਕ ਪਹੁੰਚੇ ਜਾਂ ਨਹੀਂ ਇਹ ਇੱਕ ਵੱਖਰਾ ਵਿਸ਼ਾ ਹੈ।
ਸਿੱਖਾਂ ਦੇ ਲੀਡਰ ਅਤੇ ਵਿਦਵਾਨ ਰੱਜ ਕੇ ਕਪਟੀ ਅਤੇ ਬੇਈਮਾਨ ਹਨ ਉਹ ਨਾ ਤਾਂ ਆਪ ਕੋਈ ਸਟੈਂਡ ਲੈ ਸਕਦੇ ਹਨ ਅਤੇ ਨਾ ਹੀ ਸਚਾਈ ਆਮ ਸਿੱਖਾਂ ਤੱਕ ਪਹੁੰਚਾ ਸਕਦੇ ਹਨ। ਇਸ ਲਈ ਸਿੱਖ ਫੁਕਰੀਆਂ ਮਾਰਨ ਵਾਲਿਆਂ ਨੂੰ ਆਪਣੇ ਲੀਡਰ ਮੰਨ ਲੈਂਦੇ ਹਨ। ਫਿਰ ਉਹ ਜੋ ਕਰਦੇ ਹਨ ਉਹ ਸਾਰਿਆਂ ਦੇ ਸਾਹਮਣੇ ਹੀ ਹੈ। ਅਜਿਹੇ ਫੁਕਰਿਆਂ ਨੂੰ ਸਰਕਾਰੀ ਏਜੰਸੀਆਂ ਬੜੀ ਚਲਾਕੀ ਨਾਲ ਆਪਣੇ ਜਾਲ ਵਿੱਚ ਫਸਾ ਲੈਂਦੀਆਂ ਹਨ। ਜਦੋਂ ਭਾਣਾ ਵਰਤ ਜਾਂਦਾ ਹੈ ਅਤੇ ਨੁਕਸਾਨ ਹੋ ਜਾਂਦਾ ਹੈ ਫਿਰ ਸਿੱਖਾਂ ਦੇ ਵਿਦਵਾਨ ਇਨ੍ਹਾਂ ਫੁਕਰਿਆਂ ਦੇ ਹੱਕ ਵਿੱਚ ਆ ਕੇ ਇਨ੍ਹਾਂ ਦੀ ਹਰ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇ: ਬੀ: ਐੱਸ: ਸਿੱਧੂ ਦੀ ਕਿਤਾਬ, ਖਾਲਿਸਤਾਨ ਦੀ ਸਾਜਿਸ਼ ਦੇ ਵਿਰੁੱਧ ਨਰਾਇਣ ਸਿੰਘ ਚੌੜਾ ਨੇ ਕਿਤਾਬ ਲਿਖੀ ਸੀ। ਉਹ ਮੈਂ ਤਾਂ ਪੜ੍ਹੀ ਨਹੀਂ ਪਰ ਜਿਨ੍ਹਾਂ ਨੇ ਉਹ ਕਿਤਾਬ ਪੜ੍ਹ ਕੇ ਆਪਣੇ ਵਿਚਾਰ ਦਿੱਤੇ ਹਨ ਜਿਸ ਤੋਂ ਅੰਦਾਜ਼ਾ ਇਹੀ ਲਗਦਾ ਹੈ ਕਿ ਇਹ ਸਾਰਾ ਕੁੱਝ ਜੋ ਵੀ ਹੋਇਆ ਹੈ ਇਹ ਮਿੱਥ ਕੇ ਹੋਇਆ ਹੈ। ਭਾਵ ਕਿ ਸਰਕਾਰ ਵੀ 1984 ਦਾ ਅਪਰੇਸ਼ਨ ਕਰਨਾ ਚਾਹੁੰਦੀ ਸੀ ਅਤੇ ਸਿੱਖ ਵੀ ਇਹੀ ਚਾਹੁਦੇ ਸਨ ਕਿ ਇਸ ਤਰਹਾਂ ਹੋਵੇ। ਜਦੋਂ ਜਰਨੈਲ ਸਿੰਘ ਭਿੰਡਰਾਂਵਾਲਾ ਨਾਨਕ ਨਿਵਾਸ ਤੋਂ ਅਕਾਲ ਤਖ਼ਤ ਤੇ ਗਿਆ ਸੀ ਤਾਂ ਬੱਬਰ ਖਾਲਸਾ ਵਾਲੇ ਕਈ ਕਹਿੰਦੇ ਸਨ ਕਿ ਚੰਗਾ ਹੋਇਆ। ਹੁਣ ਜੇ ਕਰ ਮਿਲਟਰੀ ਦਾ ਅਪਰੇਸ਼ਨ ਹੋਇਆ ਤਾਂ ਲੋਕ ਭੜਕਨਗੇ ਅਤੇ ਖਾਲਿਸਤਾਨ ਛੇਤੀਂ ਬਣ ਜਾਵੇਗਾ। ਉਧਰ ਟਕਸਾਲ ਦਾ ਪਰਚਾਰਕ ਠਾਕਰ ਸਿੰਘ ਵੀ ਕਹੀ ਜਾਂਦਾ ਹੈ ਕਿ ਜਰਨੈਲ ਸਿੰਘ ਦੀਆਂ ਗੁਰੂ ਸਾਹਿਬ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਸੀ ਕਿ ਇਸ ਤਰ੍ਹਾਂ ਅਟੈਕ ਹੋਣ ਨਾਲ ਟਕਸਾਲ ਦਾ ਪ੍ਰਚਾਰ ਬਹੁਤ ਹੋ ਜਾਣਾ ਹੈ।
ਭਿੰਡਰਾਂਵਾਲੇ ਕੋਲ ਰੇਡੀਓ ਟਰਾਸਮੀਟਰ ਸੀ ਜਾਂ ਨਹੀਂ ਮੈਂ ਕੁੱਝ ਨਹੀਂ ਕਹਿ ਸਕਦਾ ਪਰ ਇਸ ਦੇ ਹੋਣ ਬਾਰੇ ਕਈਆਂ ਨੇ ਕਿਹਾ ਹੈ ਕਿ ਇਹ ਹਾਂ ਉਥੇ ਸੀ ਪਰ ਉਹ ਮੌਕੇ ਤੇ ਚੱਲਿਆ ਨਹੀਂ ਸੀ। ਇਸ ਦੀ ਸਚਾਈ ਬਾਰੇ ਭਰੋਸੇ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ। ਹਾਂ, ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਕਿਸੇ ਸਰਕਾਰੀ ਏਜੰਸੀ ਨੇ ਇਹ ਜਰੂਰ ਭਰੋਸਾ ਦਿਵਾਇਆ ਹੋਵੇਗਾ ਕਿ ਜਦੋਂ ਇੰਡੀਆਂ ਦੀ ਮਿਲਟਰੀ ਨੇ ਅਟੈਕ ਕੀਤਾ ਤਾਂ ਇੱਕ ਪਾਸੇ ਸਿੱਖ ਫੌਜੀ ਬਗਾਵਤ ਕਰ ਦੇਣਗੇ ਅਤੇ ਦੂਸਰੇ ਪਾਸੇ ਪਾਕਿਸਤਾਨ ਹਮਲਾ ਕਰ ਦੇਵੇਗਾ। ਪੰਜਾਬ ਦੇ ਸਿੱਖ ਹਿੰਦੂਆਂ ਦਾ ਕਤਲੇਆਮ ਸ਼ੁਰੂ ਕਰ ਦੇਣਗੇ, ਜਿਸ ਦੀ ਹਦਾਇਤ ਭਿੰਡਰਾਂਵਾਲਾ ਖੁਦ ਕਰ ਚੁੱਕਾ ਸੀ। ਜਦੋਂ ਉਸ ਨੇ ਕਿਹਾ ਸੀ ਕਿ ਜਦੋਂ ਮਿਲਟਰੀ ਦਾ ਅਟੈਕ ਹੋ ਗਿਆ ਤਾਂ ਪਿੰਡਾ ਵਿੱਚ ਕੋਈ ਛੱਲੀ ਰਾਮ ਨਹੀਂ ਦਿਸਣਾ ਚਾਹੀਦਾ ਪਰ ਮੁਸਲਮਾਨਾ ਤੇ ਤਰਸ ਕਰਿਓ। ਹਿੰਦੂ ਪੰਜਾਬ ਛੱਡ ਕੇ ਬਾਹਰ ਭੱਜ ਜਾਣਗੇ ਅਤੇ ਪੰਜਾਬ ਤੋਂ ਬਾਹਰਲੇ ਹੋਰ ਸੂਬਿਆਂ ਦੇ ਸਿੱਖ ਪੰਜਾਬ ਵਿੱਚ ਆ ਜਾਣਗੇ ਜਿਸ ਨਾਲ ਖਾਲਿਸਤਾਨ ਬਣ ਜਾਵੇਗਾ। ਇਸ ਬਾਰੇ ਕਈ ਕਲਿਪ ਇੰਟਰਨੈੱਟ ਤੇ ਘੁੰਮ ਰਹੇ ਹਨ ਜਿਹਨਾਂ ਵਿੱਚ ਪਾਕਿਸਤਾਨ ਦੇ ਮਿਲਟਰੀ ਅਫਸਰ ਵੀ ਇਸ ਤਰਹਾਂ ਦੇ ਬਿਆਨ ਦੇ ਰਹੇ ਸਨ।
ਖਾਲਿਸਤਾਨ ਤਾਂ ਬਣਿਆਂ ਨਹੀਂ ਪਰ ਪੰਜਾਬ ਦਾ ਅਤੇ ਪੰਜਾਬ ਦੀ ਜਨਤਾ ਦਾ ਜੋ ਨੁਕਸਾਨ ਹੋਣਾ ਸੀ ਉਹ ਹੋ ਚੁੱਕਾ ਹੈ। ਇਸ ਵਿੱਚ ਸਾਰੀਆਂ ਧਿਰਾਂ ਦੋਸ਼ੀ ਹਨ ਪਰ ਸਿੱਖਾਂ ਦੇ ਵਿਦਵਾਨਾ ਦਾ ਹੁਣ ਸਾਰਾ ਜੋਰ ਇਸ ਗੱਲ ਤੇ ਲੱਗਾ ਹੋਇਆ ਹੈ ਕਿ ਅਸੀਂ ਭਿੰਡਰਾਂਵਾਲੇ ਨੂੰ ਗਲਤ ਸਾਬਤ ਨਹੀਂ ਹੋਣ ਦੇਣਾ ਸਾਨੂੰ ਜਿੱਥੋਂ ਤੱਕ ਵੀ ਗਿਰਨਾ ਪਵੇ ਗਿਰਾਂਗੇ। ਪਰ ਕਈ ਵਾਰੀ ਅਚਾਨਕ ਹੀ ਸੱਚ ਵੀ ਮੂੰਹੋਂ ਨਿਕਲ ਹੀ ਜਾਂਦਾ ਹੈ। ਅੱਜ ਤੋਂ ਦੋ ਕੁ ਹਫਤੇ ਪਹਿਲਾਂ ਅਮਰੀਕ ਸਿੰਘ ਮੁਕਤਸਰ ਨਾਲ ਬੀਬੀ ਮਨਵੀਰ ਕੌਰ ਨੇ ਇੰਟਰਵਿਊ ਕੀਤੀ ਸੀ ਜਿਸ ਵਿੱਚ ਉਹ ਇਹ ਗੱਲ ਵੀ ਮੰਨਦਾ ਹੈ ਕਿ ਹਥਿਆਰ ਚੁੱਕਣੇ ਗਲਤ ਸਨ ਪਰ ਨਾਲ ਹੀ ਭਿੰਡਰਾਂਵਾਲੇ ਨੂੰ ਮਹਾਨ ਸੰਤ ਸ਼ਹੀਦ ਬਣਾ ਕੇ ਪੇਸ਼ ਕਰਦਾ ਹੈ। ਜਿਹੜਾ ਭਿੰਡਰਾਂਵਾਲਾ ਕਹਿੰਦਾ ਹੁੰਦਾ ਸੀ ਕਿ ਸ਼ਾਂਤੀ-ਸ਼ਾਂਤੀ ਕਿਤਨਾ ਕੁ ਚਿਰ ਕੂਕੀ ਜਾਂਵਾਂਗੇ? ਹੱਥਾਂ ਬਾਜ ਕਰਾਰਿਆਂ ਵੈਰੀ ਨੀ ਹੁੰਦਾ ਮਿੱਤ। ਜੋ ਬੰਦਾ ਹਰ ਵੇਲੇ ਹਿੰਸਕ ਗੱਲਾਂ ਕਰਦਾ ਸੀ ਅਤੇ ਸਾਂਤਮਈ ਚੱਲਦੇ ਮੋਰਚੇ ਨੂੰ ਹਥਿਆ ਕੇ ਹਿੰਸਕ ਮੋਰਚੇ ਵਿੱਚ ਬਦਲ ਦਿੱਤਾ ਸੀ ਉਸ ਨੂੰ ਇਹ ਅਮਰੀਕ ਸਿੰਘ ਅਤੇ ਇਸ ਦੇ ਸਾਥੀ ਭਿੰਡਰਾਂਵਾਲੇ ਨੂੰ ਮਹਾਨ ਸ਼ਹੀਦ ਸੰਤ ਬਣਾ ਕੇ ਵੱਧ ਤੋਂ ਵੱਧ ਡੀਫਿੰਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਕਰਦੇ ਹੋਏ ਭਾਂਵੇਂ ਕਿਤਨਾ ਵੀ ਗਰਕਣਾ ਹੋਏ ਗਰਕਦੇ ਹਨ। ਪਰ ਨਾਲ ਹੀ ਇੱਕ ਸੱਚ ਇਹ ਅਮਰੀਕ ਸਿੰਘ ਹੋਰ ਵੀ ਬੋਲ ਗਿਆ ਜਿਹੜਾ ਕੇ ਬਹੁਤੇ ਬੋਲਣ ਤੋਂ ਝਿਜਕਦੇ ਹਨ। ਉਹ ਸੱਚ ਇਹ ਹੈ ਕਿ ਇਸ ਨੇ ਅਜਮੇਰ ਸਿੰਘ ਅਤੇ ਦਲਬੀਰ ਸਿੰਘ ਪੱਤਰਕਾਰ ਬਾਰੇ ਸੱਚੀ ਗੱਲ ਆਖੀ ਹੈ ਕਿ ਇਹ ਨੌਜੁਆਨੀ ਨੂੰ ਗੁਮਰਾਹ ਕਰਨ ਲਈ ਸਟੇਟ ਦੇ ਹੱਕ ਵਿੱਚ ਬਿਰਤਾਂਤ ਸਿਰਜਦੇ ਹਨ। ਪਰ ਦੂਜੇ ਪਾਸੇ ਅਜਮੇਰ ਸਿੰਘ ਤਾਂ ਖਾਲਿਸਤਾਨੀਆਂ ਦਾ ਮੁੱਖ ਬੁਲਾਰਾ ਹੈ। ਜਿਸ ਬੰਦੇ ਨਾਲ ਰਲਕੇ ਇਹ ਅਮਰੀਕ ਸਿੰਘ ਇੱਕ ਮੈਗਜ਼ੀਨ ਕੱਢਦਾ ਸੀ ਉਸ ਬੰਦੇ ਦਾ ਪਿਛੋਕੜ ਵੀ ਉਹੀ ਹੈ ਜੋ ਅਜਮੇਰ ਸਿੰਘ ਦਾ ਹੈ। ਇਸੇ ਤਰ੍ਹਾਂ ਦੇ ਬਿਰਤਾਂਤ ਉਹ ਸਿਰਜਦਾ ਸੀ ਜਿਸ ਤਰ੍ਹਾਂ ਦੇ ਅਜਮੇਰ ਸਿੰਘ। ਫਿਰ ਉਹ ਇਸ ਦਾ ਸਾਥੀ ਕਿਵੇਂ ਠੀਕ ਹੋਇਆ? ਭਾਰਤੀ ਸਟੇਟ ਵਲੋਂ ਖਾੜਕੂਆਂ ਦੇ ਸਹੀ ਫੈਸਲੇ ਲੈਣ ਵਿੱਚ ਅੜਿੱਕੇ ਪਉਣੇ ਅਤੇ ਵੱਡੇ ਬਾਦਲ ਸਮੇਤ ਬਰਜਿੰਦਰ ਸਿੰਘ ਦੇ ਕਤਲ ਬਾਰੇ ਕਹਿਣਾ ਬਹੁਤੀ ਸਹੀ ਸੋਚ ਨਹੀਂ ਲਗਦੀ। ਅਮਰੀਕ ਸਿੰਘ ਦੀਆਂ ਬਹੁਤ ਸਾਰੀਆਂ ਗੱਲਾਂ ਆਪਾ ਵਿਰੋਧੀ ਸਨ ਪਰ ਫਿਰ ਵੀ ਕੁੱਝ ਨਾ ਕੁੱਝ ਸੱਚ ਤਾਂ ਬੋਲ ਹੀ ਗਿਆ ਹੈ। ਇੱਕ ਸੱਚ ਇਹ ਵੀ ਬੋਲ ਗਿਆ ਹੈ ਕਿ ਬੱਸਾਂ ਵਿਚੋਂ ਹਿੰਦੂਆਂ ਨੂੰ ਕੱਢ ਕੇ ਮਾਰਨ ਦਾ ਕੰਮ ਕਥਿਤ ਖਾੜਕੂ ਵੀ ਕਰਦੇ ਰਹੇ ਹਨ। ਬਹੁਤੇ ਸਿੱਖ ਤਾਂ ਇਹ ਵੀ ਮੰਨਣ ਲਈ ਤਿਆਰ ਨਹੀਂ ਉਹ ਤਾਂ ਇਸ ਨੂੰ ਭਾਰਤੀ ਏਜੰਸੀਆਂ ਸਿਰ ਹੀ ਮੜੀ ਜਾ ਰਹੇ ਹਨ।
ਜਿਸ ਬੀਬੀ ਹਰਸ਼ਰਨ ਕੌਰ ਦੇ ਨਾਮ ਨਾਲ ਮੈਂ ਇਹ ਲੇਖ ਸ਼ੁਰੂ ਕੀਤਾ ਸੀ ਜਿਹੜੀ ਕਿ ਅਖੰਡਕੀਰਤਨੀ ਜਥੇ ਨਾਲ ਸੰਬੰਧ ਰੱਖਦੀ ਸੀ। ਇਸ ਜਥੇ ਨੇ ਵੀ ਭਾਂਵੇਂ ਕਈ ਗਲਤੀਆਂ ਕੀਤੀਆਂ ਸਨ ਪਰ ਫਿਰ ਵੀ ਇਹ ਨਿਰਦੋਸ਼ੇ ਲੋਕਾਂ ਦੇ ਕਤਲ ਕਰਨ ਵਿੱਚ ਪਰਹੇਜ਼ ਕਰਦੇ ਸਨ। ਇਸ ਗੱਲ ਦੀ ਗਵਾਹੀ ਉਥੇ ਰਹਿੰਦੇ ਰਹੇ ਸਾਬਕਾ ਖਾੜਕੂ ਵੀ ਭਰਦੇ ਹਨ। ਕਨਿਸ਼ਕਾ ਹਵਾਈ ਕਾਂਡ ਬਾਰੇ ਭਾਂਵੇਂ ਕਨੇਡਾ ਦੇ ਬੱਬਰ ਖਾਲਸਾ ਦਾ ਨਾਮ ਆਉਂਦਾ ਹੈ ਅਤੇ ਤਲਵਿੰਦਰ ਸਿੰਘ ਪਰਮਾਰ ਨੂੰ ਇਸ ਦਾ ਮੁੱਖ ਘਾੜਾ ਮੰਨਿਆਂ ਜਾਂਦਾ ਹੈ ਪਰ ਇਸ ਵਿੱਚ ਬਹੁਤ ਸਾਰੀਆਂ ਧਿਰਾਂ ਸ਼ਾਮਲ ਸਨ। ਸਮੇਤ ਇੰਡੀਆ ਕਨੇਡਾ ਦੀਆਂ ਖੁਫੀਆਂ ਏਜੰਸੀਆਂ ਦੇ। ਲਓ ਸੁਣੋਂ ਫਿਰ ਬੀਬੀ ਹਰਸ਼ਰਨ ਕੌਰ ਦੀ ਲੜਕੀ ਦੀ ਇੰਟਰਵਿਊ ਜਿਸ ਵਿਚੋਂ ਤੁਹਾਨੂੰ ਉਸ ਸਮੇ ਦੀਆਂ ਕਈ ਗੱਲਾਂ ਦਾ ਪਤਾ ਲੱਗੇਗਾ। ਜਿਸ ਬਗਲੇ ਭਗਤ ਦੀ ਮੈਂ ਗੱਲ ਕੀਤੀ ਹੈ ਕਿ ਹਰਸ਼ਰਨ ਕੌਰ ਉਸ ਸਾਧ ਨੂੰ ਬਗਲਾ ਭਗਤ ਕਹਿੰਦੀ ਸੀ ਤਾਂ ਕਿਉਂ ਕਹਿੰਦੀ ਸੀ?
ਮੱਖਣ ਪੁਰੇਵਾਲ,
ਅਗਸਤ 02, 2026.