(ਕਾਲੇ ਦੌਰ ਦਾ ਕੱਚ ਸੱਚ)
ਸਤਿਲੁਜ ਫਿਲਮ ਸਨਸਨੀ ਖੇਂਜ ਹੈ ਜੋ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਦਾ ਜ਼ਿਕਰ ਕਰਦੀ ਹੈ । ਤੇ ਪੁਲਿਸ ਵਿਚਲੇ ਗੁੰਡੇ ਅਨਸਰਾਂ ਨੂੰ ਨੰਗਾ ਕਰਦੀ ਹੈ। Supreme Court ਨੇ ਅਜਿਹੇ ਲੋਕਾਂ ਨੂੰ ਵਰਦੀਧਾਰੀ ਗੁੰਡੇ ਕਿਹਾ ਹੈ । ਪਰ ਸਰਕਾਰਾਂ ਨੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਸਗੋਂ ਬਚਾਇਆ ਹੈ।ਸਰਕਾਰਾਂ ਨੇ ਖੁਦ ਕਾਨੂੰਨ ਤੋੜਿਆ ਹੈ ।ਇਸ ਨਾਲ ਛਿੜੀ ਬਹਿਸ ਨੇ ਅੱਤਵਾਦੀਆਂ ਦੇ ਕਾਲੇ ਕਾਰਨਾਮਿਆਂ ਨੂੰ ਵੀ ਚੁਣੌਤੀ ਦਿੱਤੀ ਹੈ । ਸਧਾਰਨ ਲੋਕ ਪੁਲਿਸ ਤੇ ਅੱਤਵਾਦੀਆਂ ਵਿਚਕਾਰ ਦਰੜੇ ਗਏ ਸਨ। ਹੁਣ ਦੋਵੇਂ ਧਿਰਾਂ ਵਿਚਕਾਰ ਬਹਿਸ ਵੀ ਛਿੜ ਗਈ ਹੈ।
ਜਦੋਂ ਵਕਤ ਬਦਲਿਆ ਤਾਂ ਲੁੱਟਾਂ ਖੋਹਾਂ ਕਤਲ ਕਰਨ ਵਾਲੇ ਅੱਤਵਾਦੀ ਹੁਣ ਸ਼ਹੀਦ ਬਣ ਗਏ ਤੇ ਤਰੱਕੀਆਂ ਇਨਾਮ ਲੈਣ ਵਾਲੇ ਪੁਲਸੀਏ ਪਿੱਛੋਂ DGP ਤੇ ਵਜ਼ੀਰ ਬਣ ਗਏ!
ਸ਼ੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਸਾਰੇ ਪੱਤੇ ਖੁੱਲ੍ਹ ਗਏ ਹਨ ।ਆਪਾਂ ਕੁੱਝ ਮਿੱਤਰਾਂ ਦੇ ਹਵਾਲੇ ਨਾਲ ਗੱਲ ਤੋਰਾਂਗੇ। ਸਾਡੀ ਕੋਸਿ਼ਸ਼ ਰਹੇਗੀ ਕਿ ਨਿਰਪੱਖਤਾ ਨਾਲ ਇਸ ਦੌਰ ਦਾ ਵਿਸ਼ਲੇਸ਼ਨ ਕੀਤਾ ਜਾਵੇ।
:Subhash Parihar ਦੀ ਪੋਸਟ
ਸਾਨੂੰ ਪੁੱਛੋ 1980-1993 ਦਾ ਸਮਾਂ ਕੀ ਸੀ, ਮੇਰੀ ਤਾਂ ਨਿਯੁਕਤੀ ਵੀ ਭਿੰਡਰਾਂਵਾਲੇ ਦੇ ਪਿੰਡ ਰੋਡੇ ਦੇ ਕਾਲਜ ਵਿੱਚ ਸੀ। ਪੂਰਾ ਗੁੰਡਾ ਰਾਜ ਸੀ। ਹਿੰਦੂ ਤਾਂ ਕੀ, ਕਿਸੇ ਸਿੱਖ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹ ਸ਼ਾਮ ਨੂੰ ਜਿਉਂਦਾ ਘਰੇ ਮੁੜ ਆਉਗਾ ਕਿ ਨਹੀਂ। ਸਾਨੂੰ ਹੌਂਸਲਾ ਸੀ ਸਿਰਫ਼ ਕੈਮਿਸਟਰੀ ਦੇ ਪ੍ਰੌਫੈਸਰ ਅਤੇ ਕੱਟੜ ਕਾਮਰੇਡ ਮਲਕੀਤ ਸਿੰਘ ਬਰਾੜ ਦਾ ਜੋ ਇਨ੍ਹਾਂ ਸਭਨਾਂ ਵਿਰੁੱਧ ਕੰਧ ਵਾਂਗ ਤਣ ਕੇ ਖੜ੍ਹ ਜਾਂਦਾ ਸੀ। ਇਹ ਅਖੌਤੀ ਫੈਡਰੈਸਸ਼ਨੀਆਂ ਦਾ ਜ਼ੋਰ ਸਿਰਫ਼ ਇਮਤਿਹਾਨਾਂ ਵਿੱਚ ਨਕਲ ਮਾਰਣ 'ਤੇ ਹੀ ਰਹਿੰਦਾ ਸੀ ਜਾਂ ਸਥਾਨਕ ਗੁੰਡਾ ਗਰਦੀ 'ਤੇ। ਰੋਡੇ ਕਾਲਜ ਵਿੱਚ ਪਿੰਡ ਦਾ ਅੱਤਵਾਦੀ ਪੰਡਤਾਂ ਦੀ ਕੁੜੀ ਚੁੱਕ ਕੇ ਲੈ ਗਿਆ ਸੀ ਅਤੇ ਤਿੰਨ ਦਿਨ ਮਗਰੋਂ ਛੱਡੀ ਸੀ। ਫੈਡਰੇਸ਼ਨੀਆਂ ਨੇ ਸਾਰਿਆਂ ਤੋਂ ਫੰਡ ਲੈ ਕੇ ਇੱਕ ਦਿਨ ਕਾਲਜ ਵਿੱਚ ਅਖੰਡ ਪਾਠ ਰਖਵਾਇਆ। ਬਚੇ ਪੈਸਿਆਂ ਵਿੱਚੋਂ ਰਾਤ ਨੂੰ ਬਾਘੇ ਪੁਰਾਣੇ ਤੋਂ ਕਿਰਾਏ 'ਤੇ ਵੀਡੀਓ ਪਲੇਅਰ ਲਿਆ ਕੇ ਬਲਯੂ ਫਿਲਮਾਂ ਵੇੱਖੀਆਂ ਜਿਸ ਦਾ ਸਾਰਾ ਸਟਾਫ ਗਵਾਹ ਹੈ। ਪ੍ਰਿੰਸੀਪਲ ਗੁਰਮੀਤ ਸਿੰਘ ਬਰਾੜ ਨੂੰ ਇਸ ਕਾਰਨਾਮੇ ਦਾ ਪਤਾ ਲੱਗ ਜਾਣ 'ਤੇ ਉਸਨੇ ਵੀਸੀਆਰ ਜਬਤ ਕਰ ਲਿਆ ਅਤੇ ਮੁਆਫ਼ੀ ਮੰਗਣ 'ਤੇ ਹੀ ਮੌੜਿਆ। ਇਹ ਹੁਣ ਵਾਲੀ ਪੀੜ੍ਹੀ ਜਿਹੜੀ ਕੌਮ ਦੀ ਠੇਕੇਦਾਰ ਬਣੀ ਫਿਰਦੀ ਐ, ਇਨ੍ਹਾਂ ਨੂੰ ਕੀ ਪਤਾ ਹੈ ਕਿ ਉਹ ਬਾਰਾਂ ਸਾਲ ਪੰਜਾਬ ਦੇ ਲੋਕਾਂ ਨੇ ਕਿਵੇਂ ਲੰਘਾਏ ਸੀ। ਰੋਜਾਨਾ ਅਖਬਾਰਾਂ ਵਿੱਚ ਪਹਿਲੀ ਖਬਰ ਪਿਛਲੇ ਦਿਨ ਦਹਿਸ਼ਤਗਰਦਾਂ ਵੱਲੋਂ ਮਾਰੇ ਗਏ ਨਿਰਦੋਸ਼ ਬੰਦਿਆਂ ਦੀ ਹੁੰਦੀ ਸੀ ਜਿਨ੍ਹਾਂ ਦੀ ਗਿਣਤੀ ਕਦੇ ਕਦੇ 120 ਤਕ ਹੁੰਦੀ ਸੀ। ਜੋ ਕੁਝ ਅਸੀਂ ਅੱਖੀਂ ਵੇਖਿਆ ਹੈ ਉਸ ਦਾ ਕਿੰਨਾ ਵਿਗੜਿਆ ਰੂਪ ਇਨ੍ਹਾਂ ਦੇ ਪੈਰੌਕਾਰਾਂ ਵੱਲੋਂ ਪੇਸ਼ ਕੀਤਾ ਹੈ ਇਹ ਵੇਖ ਕੇ ਮੇਰੇ ਦਿਮਾਗ ਵਿੱਚੋਂ ਪੰਜਾਬ ਦੇ ਸਾਰੇ ਇਤਿਹਾਸ ਤੋਂ ਹੀ ਵਿਸ਼ਵਾਸ਼ ਚੁੱਕਿਆ ਗਿਆ ਹੈ। ਜਿਸ ਵਰਿਆਮ ਸਿੰਘ ਖੱਪਿਆਂ ਵਾਲੀ ਨੇ ਮੁਕਤਸਰ ਕੌਲ਼ ਬੱਸ 'ਚੋਂ ਲਾਹ ਕੇ 13 ਨਿਰਦੋਸ਼ ਅਤੇ ਨਿਹੱਥੇ ਬੰਦੇ ਮਾਰੇ ਸੀ ਉਸ ਦੀ ਮੌਤ 'ਤੇ ਕੋਟ ਕਪੂਰੇ ਦੇ ਗੁਰਦੁਆਰਾ ਚੁਲ੍ਹਾ ਸਾਹਿਬ ਵਿੱਚ ਪਾਠ ਦਾ ਭੋਗ ਪਾਇਆ ਗਿਆ। ਸਟੇਜ 'ਤੇ ਭਿੰਡਰਾਂਵਾਲੇ ਦਾ ਪਿਓ ਜੁਗਿੰਦਰ ਸਿੰਘ ਅਤੇ ਭਰਾ ਕੈਪਟਨ ਹਰਚਰਨ ਸਿੰਘ ਵਿਰਾਜਮਾਨ ਸਨ। ਢਾਡੀ ਰਿੰਗ ਰਿੰਗ ਕੇ ਗਾ ਰਹੇ ਸੀ - ਇਹ ਉਹ ਵਰਿਆਮ ਸਿੰਘ ਸੀ ਜਿਸਨੇ ਬੱਸ ਚੋਂ ਬੱਸ ਤੋਂ ਲਾਹ ਕੇ ਤੇਰਾਂ ਕਰਾੜ ਸੀ ਮਾਰੇ। ਪੰਡਾਲ 'ਬੋਲੇ ਸੋ ਨਿਹਾਲ ਦੇ ਨਾਰ੍ਹਿਆਂ ਨਾਲ ਗੂੰਜ ਰਿਹਾ ਸੀ। ਕੀ ਇਹ ਢਾਡੀ, ਭਿੰਡਰਾਂਵਾਲੇ ਦਾ ਪਿਓ ਅਤੇ ਭਰਾ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾ ਰਹੀ ਹਜ਼ਾਰਾਂ ਦੀ ਸਿੱਖ ਸੰਗਤ ਵੀ ਕੇਂਦਰ ਸਰਕਾਰ ਨੇ ਭੇਜੀ ਸੀ? ਇਹ ਮੈਂ ਕਿਸੇ ਤੋਂ ਸੁਣਿਆ ਨਹੀਂ ਆਪ ਅੱਖੀ ਵੇਖਿਆ ਹੈ। ਘਿੰਨ ਆਉਂਦੀ ਸੀ ਇਹ ਵੇਖ ਕੇ ਕੀ ਬੰਦਾ ਇੰਨਾ ਨੀਵਾਂ ਵੀ ਗਿਰ ਸਕਦਾ ਐ? ਕੀ ਇਹ ਹਨ ਬਾਬੇ ਨਾਨਕ ਦੇ ਵਾਰਿਸ?
ਖੂੰਡੇ ਵਾਲਾ ਦੀ ਪੋਸਟ
ਸਭ ਨੇ ਆਪਣੀ ਅੱਖੀ ਦੇਖਿਆ ਹਾਲ ਜਿਹੜੇ ਖਾਲਿਸਤਾਨੀ ਸੀਗੇ ਇਹ ਪਾਕਿਸਤਾਨ ਤੋਂ ਹਥਿਆਰ ਲੈ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਗਏ ਸੀ ਤੇ ਪੰਜਾਬ ਦੇ ਵੱਖ-ਵੱਖ ਗੁਰਦੁਆਰੇ ਦੇ ਵਿੱਚ ਵੀ ਇਹਨਾਂ ਨੇ ਖਾਲਿਸਤਾਨ ਦੀਆਂ ਛਾਵਣੀਆਂ ਬਣਾ ਕੇ ਹਿੰਦੂਆਂ ਦੀ ਹੱਤਿਆ ਕਰਨਾ ਉਹਨਾਂ ਦੀ ਜਮੀਨ ਜਾਇਦਾਦ ਕੋਠੀਆਂ ਦੁਕਾਨਾਂ ਖੇਤ ਆਪਣੇ ਨਾਮ ਲਿਖਾਣਾ ਤਾਂ ਕਿ ਬਾਕੀ ਡਰ ਦੇ ਮਾਰੇ ਭੱਜ ਜਾਣ ਤੇ ਖਾਲਿਸਤਾਨ ਬਣ ਜਾਵੇਗਾ। ਕਿਸੇ ਨੇ ਵੀ ਇੱਕ ਹਿੰਦੂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਉਹ ਗੁਰਦੁਆਰਿਆਂ ਚ ਜਾ ਕੇ ਲੁਕਦੇ ਰਹੇ ਹਰਿਮੰਦਰ ਸਾਹਿਬ ਦੀ ਸਰਾਏ ਦੇ ਸਾਰੇ ਕਮਰੇ ਅਲਗ ਅਲਗਸਤਾਨੀਆਂ ਦੇ ਅੱਡੇ ਬਣ ਗਏ ਜਿੱਥੋਂ ਹਿੰਦੂਆਂ ਦੇ ਘਰਾਂ ਦੇ ਵਿੱਚ ਚਿੱਠੀਆਂ ਭੇਜ ਕੇ ਫਰੋਤੀ ਮੰਗਾਉਂਦੇ ਸੀ ਤੇ ਉਹਨਾਂ ਕਮਰਿਆਂ ਦੇ ਵਿੱਚ ਹੀ ਲੜਕੀਆਂ ਦੇ ਬਲਾਤਕਾਰ ਕਰਦੇ ਸੀ।
ਪਿੰਡਾਂ ਵਿੱਚ ਰਾਤ ਦੇ ਹਨੇਰੇ ਚ ਲੋਕਾਂ ਦੇ ਘਰਾਂ ਚ ਜਾਂਦੇ ਸੀ ਬਾਬੇ ਬਣਕੇ ਰੋਟੀ ਖਾਣੀ ਤੇ ਇਹ ਸਾਰੀ ਰਾਤ ਉਨ੍ਹਾਂ ਘਰਾਂ ਦੀ ਔਰਤਾਂ ਦੇ ਨਾਲ ਬਲਾਤਕਾਰ ਕਰਦੇ ਸੀ । ਸਵੇਰੇ ਉਹਨਾਂ ਹੀ ਘਰਾਂ ਵਿੱਚ ਜਾਕੇ ਪੁਲਸਿ ਕੁਟ ਮਾਰ ਤੇ ਲੁੱਟ ਖੋਹ ਕਰਦੀ ਸੀ।
ਲੁਧਿਆਣੇ ਦੋ ਰੇਲਗੱਡੀਆਂ ਵਿੱਚ ਅਸਾਲਟਾਂ ਨਾਲ 100 ਹਿੰਦੂਆਂ ਦੇ ਕਤਲ ਕੀਤਾ ਗਿਆ ਸੀ । ਜਿਸਦੀ ਜਿੰਮੇਵਾਰੀ ਖਾੜਕੂਆਂ ਨੇ ਲਈ ਸੀ! (Report AI)
Blue star ਚ ਦਰਬਾਰ ਸਾਹਿਬ ਚ ਮਰਨ ਵਾਲਿਆਂ ਦੀ ਗਿਣਤੀ ਹਸਪਤਾਲ ਤੇ ਸ਼ਮਸ਼ਾਨਘਾਟ ਦੇ ਰਿਕਾਰਡ ਅਨੁਸਾਰ 750 ਹੋਈ ਹੈ ।
Nav Chetan
ਦਿੱਲੀ ਸਿੱਖ ਕਤਲੇਆਮ ਵਿੱਚ ਸਿੱਖਾਂ ਦੇ ਮਰਨ ਦੀ ਗਿਣਤੀ 3200 ਸੀ ।
ਵਿਧਾਨ ਸਭਾ ਵਿੱਚ CM ਕੈਪਟਨ ਅਮਰਿੰਦਰ ਸਿੰਘ ਨੇ ਕਾਲੇ ਦੌਰ ਵਾਰੇ ਹੋਈ ਬਹਿਸ ਵਿੱਚ ਕੁੱਲ ਮਰੇ ਲੋਕਾਂ ਦੀਗਿਣਤੀ 25000 ਦੱਸੀ ਸੀ ।
ਹੇਠਲੇ ਚਾਰਟ ਵਿੱਚ ਨਵ ਚੇਤਨ ਵੱਲੋਂ ਕੱਠੇ ਕੀਤੇ ਅੰਕੜਿਆਂ ਅਨੁਸਾਰ 80 ਤੋਂ 95 ਤੱਕ ਪੰਜਾਬ ਵਿੱਚ ਕੁੱਲ ਮਰੇ 21630, ਖਾੜਕੂ 8095, ਪੁਲਿਸ 1753, ਹਰ ਵਰਗ ਦੇ ਆਮ ਲੋਕ 11782 ਸਨ ਜੋ ਬੱਸਾਂ ਗੱਡੀਆਂ ਬਜ਼ਾਰਾਂ ਘਰਾਂ ਵਿੱਚ ਮਾਰੇ ਗਏ ਸਨ ।
ਕਰਮ ਬਰੱਸਟ ਦੀ ਪੋਸਟ
ਪੰਜਾਬ ਵਿੱਚ ਅਤਿਵਾਦ ਦੌਰਾਨ ਹੋਏ ਕਤਲਾਂ ਬਾਰੇ ਝੂਠਾ ਅਤੇ ਗਲਤ ਪ੍ਰਚਾਰ ਕੀਤਾ ਗਿਆ ਹੈ ।
ਲੰਮੇ ਸਮੇਂ ਤੋਂ, ਖਾਲਿਸਤਾਨੀ ਗੁਟਾਂ ਵੱਲੋਂ ਕਤਲੇਆਮਾਂ ਦਾ ਪਤਾ ਲਗਾਉਂਦੇ ਹੋਏ ਬਿਨਾਂ ਕਿਸੇ ਠੋਸ ਸਬੂਤ ਤੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਰਾਜ ਵਿੱਚ ਅੱਤਵਾਦ-ਵਿਰੋਧੀ ਮੁਹਿੰਮ ਦੇ ਸਮੇਂ ਤੋਂ 1 ਲੱਖ ਤੋਂ 2.5 ਲੱਖ ਤੱਕ ਸਿੱਖ ਮਾਰੇ ਗਏ ਸਨ । ਜਸਵੰਤ ਸਿੰਘ ਖਾਲੜਾ ਨੇ ਵੀ ਸਿਰਫ ਤਰਨਤਾਰਨ ਇਲਾਕੇ ਵਿੱਚ ਹੋਏ 2000 ਅਣਪਛਾਤੀਆਂ ਲਾਸ਼ਾਂ ਨੂੰ ਉਸ ਵੇਲੇ ਦੇ 17 ਜ਼ਿਲਿਆਂ ਨਾਲ ਗੁਣਾ ਕਰਕੇ 25,000 ਅਣਪਛਾਤੀਆਂ ਹੱਤਿਆਵਾਂ ਦਾ ਅੰਕੜਾ ਪੇਸ਼ ਕੀਤਾ ਸੀ ।
ਪਰ ਸਾਊਥ ਏਸ਼ੀਅਨ ਟੈਰਾਰਿਸਟ ਪੋਰਟਲ ਦੇ ਅਨੁਸਾਰ, ਅਸਲੀਅਤ ਇਹ ਹੈ ਕਿ 1981 ਅਤੇ 1995 ਦੇ ਵਿਚਕਾਰਲੇ ਸਮੇਂ ਦੌਰਾਨ ਦਰਜ ਕੀਤੇ ਮੁਕੱਦਮਿਆਂ ਅਨੁਸਾਰ ਕੁੱਲ 21,532 ਲੋਕ ਮਾਰੇ ਗਏ ਹਨ । 8,090 ਲੋਕਾਂ ਨੂੰ ਅੱਤਵਾਦੀ ਮੰਨਿਆ ਗਿਆ ਹੈ । 11,696 ਆਮ ਨਾਗਰਿਕ ਸਨ । ਇਹਨਾਂ ਵਿੱਚ ਉਹ ਵੀ ਸ਼ਾਮਲ ਹਨ ਜੋ 'ਕਰੋਸਫਾਇਰ' ਜਾਂ ਗੋਲੀਬਾਰੀ ਦੀ ਚਪੇਟ ਵਿੱਚ ਆਕੇ ਮਾਰੇ ਗਏ ਅਤੇ 1,746 ਵਿਅਕਤੀ ਸੁਰੱਖਿਆ ਬਲਾਂ ਨਾਲ ਸਬੰਧਤ ਸਨ ( ਜਿਹਨਾਂ ਵਿੱਚ ਇਕੱਲੇ 1,415 ਪੰਜਾਬ ਪੁਲਿਸ ਦੇ ਸਿਪਾਹੀ/ਅਧਿਕਾਰੀ ਸਨ )।
ਮੈਂ ਖਾਲਿਸਤਾਨੀਆਂ ਦੁਆਰਾ ਰਚਾਏ ਗਏ ਸਮੂਹ ਕਤਲਕਾਂਡਾਂ ਦੇ ਲਗਭਗ ਸਾਰੇ ਹੀ ਮਾਮਲਿਆਂ ਦੀ ਲਿਸਟ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ।
ਹੁਣ ਬਿੱਟੂ/ ਬਿੱਟੇ ਵਰਗਿਆਂ ਵੱਲੋਂ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ 35,000 ਹਿੰਦੂਆਂ ਨੂੰ ਮਾਰਿਆ ਸੀ । ਮੈਂ ਖਾਲਿਸਤਾਨੀਆਂ ਦੁਆਰਾ ਹਿੰਦੂਆਂ ਦੇ ਕੀਤੇ ਸਮੂਹਿਕ ਕਤਲੇਆਮਾਂ ਦੀ ਤਾਰੀਖ-ਵਾਰ ਸੂਚੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ:
ਤਿੰਨ ਦਰਜਨਾਂ ਵਾਰਦਾਤਾਂ ਵਿੱਚ 836 ਹਿੰਦੂ ਮਾਰੇ ਗਏ । ਇਹ ਸਾਰੇ ਹਿੰਦੂ ਚੁਣਕੇ ਮਾਰੇ ਸਨ !
1. 5 ਅਕਤੂਬਰ 1983 ਢਿਲਵਾਂ ਬਸ ਕਾਂਡ - 6 ਹਿੰਦੂ ਮਾਰੇ ਗਏ
2. 18 ਨਵੰਬਰ 1983 ਕਪੂਰਥਲਾ ਕੋਲ - 4 ਹਿੰਦੂ ਮਾਰੇ ਗਏ
3. 13 ਫਰਵਰੀ 1984 - 9 ਹਿੰਦੂ ਮਾਰੇ ਗਏ
4. 21 ਮਈ 1984 ਮੋਗਾ - 4 ਹਿੰਦੂ ਮਾਰੇ ਗਏ
5. 12 ਸਤੰਬਰ 1984 ਬਟਾਲਾ - 8 ਹਿੰਦੂ
6. 10-11 ਮਈ 1985 ਨਵੀਂ ਦਿੱਲੀ ਵਿੱਚ ਟ੍ਰੇਨਾਂ ਅਤੇ 2 ਬੱਸਾਂ ਵਿੱਚ ਬੰਬ ਧਮਾਕੇ - 85 ਹਿੰਦੂ
7. 15 ਜੁਲਾਈ 1986 ਮੁਕਤਸਰ - 15
8. 30 ਨਵੰਬਰ 1986 - ਖੁੱਡਾ - 24
9. 6 ਜੁਲਾਈ 1987 - ਲਾਲੜੂ ਟ੍ਰੇਨ ਕਤਲਕਾਂਡ - 38 ਹਿੰਦੂ
10. 7 ਜੁਲਾਈ 1987 - ਫਤੇਹਾਬਾਦ - 34 ਹਿੰਦੂ
11. 17 ਮਈ 1988 - ਚੁੰਨੀ ਕਲਾੰ - 35 ਹਿੰਦੂ ਮਜਦੂਰ ਮਾਰੇ ਗਏ।
12. 27 ਦਸੰਬਰ 1988 ਮੰਡ ਦੇ ਨੇੜੇ- 5 ਮਾਰੇ ਗਏ, 2 ਗੰਭੀਰ ਰੂਪ ਤੋਂ ਜ਼ਖ਼ਮੀ
13. 25 ਜੂਨ 1989 ਮੋਗਾ 'ਚ ਆਰ.ਐੱਸ.ਐੱਸ. ਦੀ ਸ਼ਾਖਾ ਉਪਰ ਹਮਲਾ - 26 ਮਾਰੇ ਗਏ, 30 ਜ਼ਖਮੀ
14. 27 ਅਗਸਤ 1989 ਕਬਰਵਾਲਾ - 17 ਮਾਰੇ ਗਏ, 16 ਜ਼ਖ਼ਮੀ
15. 7 ਮਾਰਚ 1990 ਅਬੋਹਰ ਮਾਰਕੀਟ - 33 ਮਾਰੇ ਗਏ, 19 ਜ਼ਖਮੀ
16. 18-19 ਮਾਰਚ ਤਲਵੰਡੀ ਭਾਈ - 11 ਮਾਰੇ ਗਏ
17. 15 ਅਪ੍ਰੈਲ 1990 ਪਾਣੀਪਤ ਬਸ ਧਮਾਕਾ - 11 ਮਾਰੇ ਗਏ, 19 ਜ਼ਖਮੀ
18. 19 ਅਪ੍ਰੈਲ 1990 ਬਹਿਰੋਲੀ ਕਲਾਂ (ਪਠਾਨੋਟ) - 16 ਮਾਰੇ ਗਏ, 33 ਜ਼ਖਮੀ
19. 27-28 ਮਈ 1990 - ਮਲੋਕੇ (ਜ਼ੀਰਾ) - 14 ਬਿਹਾਰੀ ਪਰਵਾਸੀ ਮਾਰੇ ਗਏ
20. 10 ਨਵੰਬਰ 1989 ਪਟਿਆਲਾ ਥਾਪਰ ਕਾਲਜ ਵਿੱਚ 19 ਹਿੰਦੂ ਵਿਦਿਆਰਥੀ ਕਤਲ
21. 21 ਦਸੰਬਰ 1990 -(ਪਟਿਆਲਾ) ਬ੍ਰਾਸ ਪਿੰਡ - 7 ਹਿੰਦੂ ਮਾਰੇ ਗਏ
22. 22 ਮਾਰਚ 1991 ਸਿਆਲਬਾ ਮਾਜਰੀ, ਸਵਰਾਜ ਕੰਪਨੀ ਟਰੈਕਟਰ - 27 ਕਰਮਚਾਰੀ ਮਾਰੇ ਗਏ
23. 23 ਮਾਰਚ 1991 ਜੇਜੇ ਕਾਲੋਨੀ ਨਵੀਂ ਦਿੱਲੀ ਬੰਬ ਧਮਾਕਾ - 11 ਮਾਰੇ ਗਏ, 66 ਜ਼ਖਮੀ
24. 8 ਅਪ੍ਰੈਲ 1991 - ਸੇਵੇਵਾਲਾ - 18 ਮਾਰੇ ਗਏ, 21 ਜ਼ਖਮੀ
25. 16 ਜੂਨ 1991 - ਬਦੋਵਾਲ ਰੇਲਵੇ ਵਿੱਚ 80
26. 16 ਜੂਨ 1991 - ਕਿਲਾ ਰਾਏਪੁਰ ਰੇਲਵੇ ਵਿੱਚ 110 ਹਿੰਦੂ
27. 1 ਸਤੰਬਰ 1991 - ਸੰਘੇੜਾ (ਬਰਨਾਲਾ) - 13 ਹਿੰਦੂ ਮਾਰੇ ਗਏ
28. 26 ਦਸੰਬਰ 1991 ਸੋਹੀਆਂ ਰੇਲਵੇ ਸਟੇਸ਼ਨ ਤੇ 52 ਹਿੰਦੂ
29. 10 ਮਾਰਚ 1992 ਅਕ੍ਰਿਲਿਕ ਫੈਕਟਰੀ ਭਵਾਨੀਗੜ੍ਹ (ਸੰਗਰੂਰ) 15 ਮਾਰੇ ਗਏ, 3 ਜ਼ਖਮੀ
30. 21 ਮਾਰਚ 1992 - ਮੰਡੀ ਅਹਿਮਦਗੜ - 14 ਹਿੰਦੂ ਮਾਰੇ ਗਏ, 5 ਜ਼ਖਮੀ
31. 31 ਅਗਸਤ 1995 - ਮੁੱਖ ਮੰਤਰੀ ਬੇਅੰਤ ਸਿੰਘ ਅਤੇ 16 ਹੋਰ ਮਾਰੇ ਗਏ
32. 2 ਦਸੰਬਰ 1996 - (ਅਬਾਲਾ) ਕੋਲ ਜੇਲਮ ਐਕਸਪ੍ਰੈਸ ਵਿਚ ਬੰਬ ਧਮਾਕਾ, 10 ਮਾਰੇ ਗਏ, 21 ਜ਼ਖਮੀ
33. 8 ਜੁਲਾਈ 1997 ਲੇਹਰਾ ਖਾਨਾ (ਬਠਿੰਡਾ) 34 ਲੋਕਾਂ ਦੀ ਮੌਤ, 63 ਜ਼ਖਮੀ
34. 11 ਨਵੰਬਰ 1999 - ਡਮਟਾਲ (HP): 14 ਲੋਕ ਦੀ ਮੌਤ, 47 ਜ਼ਖਮੀ
ਇਸ ਸੂਚੀ ਵਿੱਚ ਹਿੰਦੂ ਨੇਤਾ, ਪੱਤਰਕਾਰ, ਨਿਰੰਕਾਰੀ, ਕਮਿਊਨਿਸਟ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀ ਸ਼ਾਮਲ ਨਹੀਂ ਹਨ ।
ਮੇਰੀ ਇਹ ਦਾਅਵਾ ਨਹੀਂ ਕਿ ਇਹ ਸੂਚੀ ਮੁਕੰਮਲ ਹੈ, ਪਰ ਇਸ ਵਿੱਚ ਇਹ ਘਟਨਾਵਾਂ ਹੀ ਹਨ ਜਿਹਨਾਂ ਵਿੱਚ ਸਮੂਹਿਕ ਕਤਲੇਆਮ ਹੋਇਆ ਸੀ । ਨਿੱਜੀ/ ਵਿਅਕਤੀਗਤ ਕੇਸ ਨਹੀਂ ਲਏ ਗਏ । ਪਰ ਧਰਮ ਨਿਰਪੱਖਤਾ ਅਤੇ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹੋਰ ਜਾਣਕਾਰੀ ਜੋੜ ਸਕਦੇ ਹਨ ।
ਕੁਲ ਮਿਲਾਕਰ, 5 ਅਕਤੂਬਰ 1983 ਅਤੇ 11 ਅਕਤੂਬਰ 1999 ਵਿਚਕਾਰ ਹੋਈਆਂ ਸਮੂਹਿਕ ਹੱਤਿਆਵਾਂ ਵਿੱਚ 836 ਹਿੰਦੂ (ਇਸ ਵਿੱਚ ਬੇਅੰਤ ਸਿੰਘ ਅਤੇ ਉਨ੍ਹਾਂ ਦੇ ਕਰਮਚਾਰੀਆਂ ਸਮੇਤ) ਮਾਰੇ ਗਏ ਸਨ ।
ਖਾਲਿਸਤਾਨੀਆਂ ਦੀ ਤਰਫੋਂ ਮਰਨ ਵਾਲਿਆਂ ਦੀ ਸੰਖਿਆ 8090 ਬਣਦੀ ਹੈ ।
-ਰਿਪੋਰਟ-ਕਰਮ ਬਰਸਟ
ਪੱਠੇ ਕੁਤਰਨ ਵਾਲੇ ਹੋਰ ਹੁੰਦੇ ਹਨ ਤੇ ਦੁੱਧ ਪੀਣ ਵਾਲੇ ਹੋਰ ਹੁੰਦੇ ਹਨ! ਜਿਹੜੇ ਪੁਲਸ ਵਾਲਿਆਂ ਦੇ ਟੱਬਰ ਮਾਰੇ ਗਏ ਸਨ ਉਹ ਪਿੰਡਾਂ ਵਿੱਚ ਰਹਿੰਦੇ SPO, ਹੋਮਗਾਰਡ ਤੇ ਸਿਪਾਹੀ ਸਨ ਤੇ ਦੂਜੇ ਪਾਸੇ ਜ਼ੁਲਮ ਕਰਨ ਵਾਲੇ ਸੰਧੂ,ਸੈਣੀ ,ਅਜਹਾਰ ਆਲਮ ਤੇ ਗਿੱਲ ਵਰਗੇ ਅਫਸਰ ਸਨ । ਜਿਹੜੇ ਬੇਕਸੂਰ ਬੱਸਾਂ, ਗੱਡੀਆਂ ਤੇ ਘਰਾਂ ਵਿੱਚ ਮਾਰੇ ਗਏ ਲੋਕ ਸਨ ਉਹ ਸਧਾਰਨ ਲੋਕ ਸਨ ਤੇ ਮਰਵਾਉਣ ਵਾਲੇ ਜੱਫਰਵਾਲ,ਡਾ ਸੋਹਣ ਸਿੰਘ,ਮਾਨੋਚਾਹਲ ਤੇ ਕਮਾਂਡਰ ਬਣੇ ਲੋਕ ਸਨ।
ਕਈ ਲੀਡਰ ਤੇ ਪੁਲਿਸ ਅਧਿਕਾਰੀ ਵੀ ਮਾਰੇ ਗਏ ਸਨ ।ਸਾਡੇ ਗਵਾਂਢੀ ਪਿੰਡ ਵਿਆਹਿਆ ਪਟਿਆਲੇ ਦਾ SSP ਬਰਾੜ ਵੀ ਮਾਰਿਆ ਗਿਆ ਸੀ । ਉਹ ਲੈਂਡਲਾਰਡ ਪਰਿਵਾਰ ਦਾ ਇਮਾਨਦਾਰ ਅਫ਼ਸਰ ਸੀ ।
ਸਿਆਸਤਦਾਨਾਂ ਵੱਲੋਂ ਸਿਆਸੀ ਲਾਹਾ ਲੈਣ ਲਈ ਹਿੰਦੂ ਸਿੱਖਾਂ ਮਰਿਆਂ ਦੀ ਹਰ ਗਿਣਤੀ ਨੂੰ ਵਧਾ ਚੜ੍ਹਾ ਕੇ “ਲੱਖਾਂ” ਚ ਕਹਿਣਾ ਸ਼ਰਾਰਤ ਪੂਰਨ ਹੈ । ਗੈਰ ਜਿੰਮੇਵਾਰੀ ਹੈ । ਇਹੀ ਸਿੱਖ ਲੀਡਰ ਉਦੋਂ ਆਪਣੇ ਪੁਤਾਂ ਨੂੰ ਵਿਦੇਸ਼ਾਂ ਚ ਪੜ੍ਹਾ ਰਹੇ ਸਨ ਤੇ ਸਧਾਰਣ ਲੋਕਾਂ ਦੇ ਜਵਾਕਾਂ ਨੂਂੰ ਉਂਗਲਾਂ ਲਾਕੇ ਮਰਨ ਲਈ ਉਕਸਾ ਰਹੇ ਸਨ। ਅੰਦਰੌ ਸਰਕਾਰ ਨਾਲ ਰਲੇ ਹੋਏ ਸਨ।
ਜਦੋਂ ਕੋਈ ਹਥਿਆਰਬੰਦ ਲਹਿਰ ਚੱਲਦੀ ਹੈ ਜਾਂ ਅਮਨ ਕਾਨੂੰਨ ਭੰਗ ਹੁੰਦਾ ਹੈ ਤਾਂ ਲੁਟੇਰੇ, ਅਪਰਾਧੀ ਵੀ ਸਰਗਰਮ ਹੋ ਜਾਂਦੇ ਹਨ । ਇਸ ਦੌਰ ਵਿੱਚ ਵੀ ਕਿਸੇ ਨਸ਼ਾਨੇ ਨੂੰ ਸਮਰਪਿਤ 5-7 % ਲੋਕ ਹੀ ਸਨ ਬਾਕੀ ਸਾਰੇ ਲੁੱਟਾਂ ਖੋਹਾਂ, ਫ਼ਿਰੌਤੀਆਂ, ਦੁਸ਼ਮਣੀ, ਕਤਲ ਕਰਨ ਵਾਲੇ ਅਪਰਾਧੀ ਅਨਸਰ ਹੀ ਸਨ । 1988 ਵਿੱਚ ਆਪਰੇਸ਼ਨ ਬਲੈਕ ਥੰਡਰ (ਮਈ 1988) ਤੋਂ ਬਾਅਦ ਗੋਲਡਨ ਟੈਂਪਲ ਕੰਪਲੈਕਸ ਵਿੱਚ ਸਫਾਈ ਅਤੇ ਮਲਬਾ ਹਟਾਉਣ ਦੌਰਾਨ 41 ਲਾਸ਼ਾਂ ਇੱਕ 40 ਫੁੱਟ ਉੱਚੀ ਮਲਬੇ ਦੀ ਢੇਰੀ ਵਿੱਚੋਂ ਮਿਲੀਆਂ ਸਨ । ਕਈ ਪਿੰਜਰ ਨੰਗੀਆਂ ਔਰਤਾਂ ਦੇ ਸਨ ,ਜਿਹਨਾਂ ਨੂਂੰ ਬਲਾਤਕਾਰ ਕਰਕੇ ਮਾਰਿਆ ਗਿਆ ਸੀ । ਇਸ ਦੌਰ ਵਿੱਚ SGPC ਦੀ ਭੁਮਿਕਾ ਬਹੁਤ ਗੈਰਜਿੰਮੇਵਾਰਨਾ ਸੀ । ਜਿਸਨੇ ਆਪਣਾ ਫਰਜ ਨਿਭਾਅ ਕੇ ਦਰਬਾਰ ਸਾਹਿਬ ਦੀ ਨਿਗਰਾਨੀ ਨਹੀਂ ਕੀਤੀ।
1947 ਦੇ ਵੱਢਾ ਟੁੱਕੀ ਦੇ ਸਮੇਂ ਵੀ ਦਰਾ ਖੈਬਰ ਤੋਂ ਜਮੁਨਾ ਤੱਕ ਕਤਲੇਆਮ ਕਰਨ ਵਾਲੇ ਵੀ ਬਹੁਤੇ ਜਰਾਇਮ ਪੇਸ਼ਾ ਲੋਕ ਹੀ ਸਨ । ਆਂਮ ਤੇ ਸੂਝਵਾਨ ਲੋਕਾਂ ਨੇ ਤਾਂ ਉੱਜੜੇ ਲੋਕਾਂ ਨੂੰ ਬਚਾਇਆ ਸੀ ਤੇ ਸਰਹੱਦ ਪਾਰ ਕਰਾਈ ਸੀ ।
ਇਹ ਹੇਠਾਂ 100 ਬੰਦਿਆਂ ਦੀ ਲਿਸਟ ਹੈ ਉਹਨਾਂ ਪੱਤਰਕਾਰਾਂ, ਐਡੀਟਰਾਂ, ਏਜੇਂਟਾਂ ਅਤੇ ਅਖ਼ਬਾਰ ਵੰਡਣ ਵਾਲਿਆਂ ਦੀ ਜੋ ਪੰਜਾਬ ਚ ਅੱਤਵਾਦ ਦਾ ਸ਼ਿਕਾਰ ਹੋਏ।
ਜਿਸ ਪ੍ਰਿੰਟ ਅਤੇ ਟੀਵੀ ਮੀਡਿਆ ਦੀ ਆਜ਼ਾਦੀ ਬਾਰੇ ਅੱਜ ਲੋਕ ਸਵਾਲ ਚੁੱਕ ਰਹੇ ਨੇ ਉਹਨਾਂ ਦਾ ਕਾਲੇ ਦੌਰ ਵਿੱਚ ਅੱਤਵਾਦੀਆਂ ਦੁਆਰਾ ਆਹ ਹਾਲ ਕੀਤਾ ਗਿਆ ਸੀ। ਖਾੜਕੂ ਆਪਣੀ ਅਲੋਚਨਾ ਕਰਨ ਵਾਲਿਆਂ ਨੂੰ ਮਾਰ ਦਿੰਦੇ ਸਨ ।
ਮੁਫ਼ਤ ਦਾ ਨਾਜਾਇਜ਼ ਅਸਲਾ ਹੱਥਾਂ ਵਿੱਚ ਲੈ ਕੇ ਅਖ਼ੌਤੀ ਯੋਧਿਆਂ ਜੋ ਕਾਰਨਾਮੇ ਕੀਤੇ ਸਨ ਉਹ “ਜੰਸੀਆਂ ਸਰਕਾਰ ਸਿਰ ਮੜ੍ਹ ਦਿੰਦੇ ਹਨ।
ਪੁਲਿਸ ਨੇ ਵੀ ਜੋ ਬੇਕਸੂਰ ਮਾਰੇ, ਜਿਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਸੀ , ਕਈ ਅੱਤਵਾਦੀਆਂ ਦੇ ਭਰਾ ਭਤੀਜੇ ਹੋਣ ਕਰਕੇ ਮਾਰ ਦਿੱਤੇ । ਤੇ ਲੱਖਾਂ ਦੇ ਇਨਾਮ ਵਟੋਰੇ । ਇਨਾਮਾਂ ਤੇ ਤਰੱਕੀਆਂ ਲਈ ਖਾੜਕੂਆਂ ਦੇ ਬੇਕਸੂਰ ਭਰਾ ਭਤੀਜੇ ਤੇ ਸਾਰਾ ਟੱਬਰ ਮਾਰ ਦਿੱਤੇ ਸਨ। ਬਾਰਡਰ ਰੇਂਜ ਦੇ IG ਚਮਨ ਲਾਲ ਤੇ DGP ਕਿਰਪਾਲ ਸਿੰਘ ਢਿੱਲੋਂ ਬੇਕਸੂਰਾਂ ਨੂੰ ਮਾਰਨ ਦਾ ਵਿਰੋਧ ਕਰਦੇ ਰਹੇ ਸਨ ਉਹਨਾਂ ਨੂੰ ਵਾਪਸ ਬਾਹਰ ਭੇਜ ਦਿੱਤਾ। ਗਵਰਨਰ ਮਲਹੋਤਰਾ ਤੇ ਮੁਖਰਜੀ ਵਰਗੇ ਪੰਜਾਬ ਮਸਲੇ ਦਾ ਕੋਈ ਸਿਆਸੀ ਹੱਲ ਕੱਢਣ ਲਈ ਕਹਿੰਦੇ ਸਨ ਤਾਂ ਦੋਵਾਂ ਨੂੰ ਹਟਾ ਦਿੱਤਾ ਗਿਆ। ਮਤਲਬ ਕਿ ਅਪਰਾਧੀਆਂ ਤੇ ਬੇਕਸੂਰਾਂ ਨੂੰ ਇੱਕੋ ਰੱਸੇ ਰੱਖਿਆ ਗਿਆ ਸੀ।
ਪੁਲਿਸ ਚੌਕੀ ਦੇ ਤਿੰਨ ਮੁਲਾਜ਼ਮ ਪੀਲ਼ੇ ਪਟਕੇ ਬੰਨ੍ਹਕੇ ਲੁੱਟਾਂ ਖੋਹਾਂ ਕਰਨ ਨਿੱਕਲੇ ਸਨ । ਅਗਾਂਹ ਕੋਈ ਗੁਰੂ ਟੱਕਰ ਗਏ ਜਿਨ੍ਹਾਂ ਤਿੰਨੇ ਮਾਰ ਦਿੱਤੇ ਤੇ ਖ਼ਬਰ ਛਪੀ ਕਿ ਰਾਤ ਨੂੰ ਗਸ਼ਤ ਤੇ ਨਿੱਕਲੇ ਨੂੰ ਖਾੜਕੂਆਂ ਨੇ ਮਾਰ ਦਿੱਤਾ ।
ਇਸ ਦੌਰ ਦੇ ਅੰਤ ਤੱਕ ਅੱਤਵਾਦੀ ਸਾਰੇ ਮਾਰੇ ਗਏ । ਕਈ ਪੁਲਿਸ ਨੇ ਮਾਰੇ ਤੇ ਕਈ ਘੇਰਾਬੰਦੀ ਚ ਘਿਰੇ ਸਾਇਆਨਾਇਡ ਖ਼ਾਕੇ ਮਰ ਗਏ ਸਨ ।ਪਰ ਮੁਜਰਮ ਪੁਲਿਸ ਵਾਲਿਆਂ ਨੂੰ ਉਹ ਸਜ਼ਾ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ । ਬਲਕਿ ਅਕਾਲੀ ਕਾਂਗਰਸ ਸਰਕਾਰਾਂ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀ ਹੀ ਕੋਸ਼ਿਸ਼ ਕੀਤੀ ਗਈ ਸੀ।
ਹੁਣ ਨਵੀਂ ਪੀੜ੍ਹੀ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਦੇਸ਼ ਅੰਦਰ ਚੱਲ ਰਹੀਆਂ ਹਿੰਸਕ ਲਹਿਰਾਂ ਵਿੱਚ ਅਜਿਹਾ ਕੁੱਝ ਹੀ ਹੁੰਦਾ ਹੈ ਤੇ ਬੇਕਸੂਰ ਲੋਕ ਵੀ ਮਰਦੇ ਹਨ । ਸਿਵਲੀਅਨਾਂ ਦੀ ਫੌਜ ਨਾਲ ਕੋਈ ਲੜਾਈ ਨਹੀਂ ਹੁੰਦੀ । ਪੰਜਾਬ ਵਿੱਚ ਵੀ ਅਪਰੇਸ਼ਨ ਰਕਸ਼ਕ ਦੇ ਨਾਮ ਥੱਲੇ, ਜਰਨਲ ਛਿੱਬੜ ਦੀ ਅਗਵਾਈ ਵਿੱਚ ਫੌਜ ਲਾਈ ਗਈ ਸੀ, ਜੋ ਰਾਤਾਂ ਨੂੰ ਟੈਂਕਾਂ ਨਾਲ ਸੜਕਾਂ ਵਿੱਚ ਖੜ੍ਹਕੇ ਨਾਕੇ ਲਾਉਂਦੀ ਸੀ ਤੇ ਘੇਰਾਬੰਦੀ ਕਰਦੀ ਸੀ । ਪੁਲਿਸ ਤਾਂ ਸੂਰਜ ਛਿਪਦਿਆਂ ਹੀ ਥਾਣੇ ਦਾ ਗੇਟ ਬੰਦ ਕਰ ਲੈਂਦੇ ਸਨ । ਫੌਜ ਦੇ ਅਪਰੇਸ਼ਨ ਤੋਂ ਬਾਅਦ ਹੀ,ਇਸਦੇ ਇਨਾਮ ਚ ਜਰਨਲ ਛਿੱਬੜ ਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ ਸੀ! ਪਰ ਪਿੰਡਾਂ ਵਿੱਚ ਕਾਰਵਾਈ KPS ਦੀ ਪੁਲਿਸ ਕਰਦੀ ਸੀ । KPS Gill ਨੂੰ ਖੁੱਲ੍ਹੀ ਖੇਡ ਨਾਲ ਘਰਾਂ ਦੇ ਘਰ ਬਰਬਾਦ ਹੋ ਗਏ!ਜੇ ਬੇਕਸੂਰਾਂ ਨੂੰ ਮਾਰਨ ਵਾਲੇ ਮਾੜੇ ਪੁਲਿਸ ਅਨਸਰਾਂ ਨੂੰ ਸਜ਼ਾ ਦਿੱਤੀ ਜਾਂਦੀ ਤਾਂ ਇੰਨਾ ਰੋਸ ਨਹੀਂ ਸੀ ਹੋਣਾ!ਸਗੋਂ ਹੋਇਆ ਉਲਟਾ ਸੀ!
B S Dhillon
Advocate High Court Chandigarh
9988091463
+1 236 594 1122