'ਧਰਮ' ਸਬੰਧੀ ਸੋਚ ਵਿਚਾਰ ਕੇ ਫ਼ੈਸਲਾ ਲੈਣਾ ਚਾਹੀਦਾ'
ਦੇਸ਼ ਭਰ ਵਿੱਚ 2027 ਵਿੱਚ ਹੋਣ ਜਾਂ ਰਹੀ ਜਨਗਣਨਾ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਗੁਰੂ ਰਵਿਦਾਸ ਜੀ ਨਾਲ ਸਬੰਧਤ ਸਾਧੂ ਸੰਪ੍ਰਦਾਇ ਦੇ ਦੋ ਧੜੇ 'ਆਦਿ ਧਰਮ' (1926) ਅਤੇ 'ਰਵਿਦਾਸੀਆ ਧਰਮ' (2010) ਨੇ ਰਵਿਦਾਸੀਆ ਭਾਈਚਾਰੇ ਨੂੰ ਇਹਨਾਂ ਦੋ ਧਰਮਾਂ ਵੱਲ ਖਿੱਚਣ ਲਈ ਪੂਰਾ ਜੋਰ ਲਾ ਰੱਖਿਆ ਹੈ, ਜਿਹਨਾਂ ਧਰਮਾਂ ਦਾ ਸੰਵਿਧਾਨ ਵਿੱਚ ਕੋਈ ਕਾਲਮ ਹੀ ਨਹੀਂ।
ਭਾਵੇਂ ਕਿ ਹਰ ਇਕ ਨੂੰ ਸੰਵਿਧਾਨਕ ਹੱਕ ਹੈ ਉਹ ਕਿਸੇ ਵੀ ਧਰਮ ਵਿੱਚ ਜਾ ਸਕਦਾ ਹੈ, ਪ੍ਰਚਾਰ ਕਰ ਸਕਦਾ ਹੈ। ਪਰ ਜਦ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੇ ਚੱਲਣ ਦਾ ਦਾਅਵਾ ਕਰਨ ਵਾਲੇ ਅਤੇ ਆਪਸ ਵਿੱਚ ਵੰਡੇ ਹੋਏ ਸੰਤ ਸਮਾਜ ਦੇ ਲੋਕ, ਸਮਾਜ ਨੂੰ “ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ।“ (ਪੰਨਾ 486) ਦਾ ਪਾਠ ਪੜ੍ਹਾਉਣ ਅਤੇ ਆਪਸ ਵਿੱਚ ਇਕ ਨਾ ਹੋਣ ਤਾਂ ਸਮਾਜ ਵਿੱਚ ਦੁਬਿਧਾ ਖੜ੍ਹੀ ਹੁੰਦੀ ਹੈ ਜ਼ੋ ਕਿ ਸਮਾਜ ਦੇ ਹਿਤ ਵਿੱਚ ਨਹੀਂ ਹੈ।
ਇਕ ਕਹਿੰਦੇ 'ਆਦਿ ਧਰਮ' ਲਿਖਾਉਣਾ ਤੁਸੀਂ,
ਦੂਜੇ ਕਹਿੰਦੇ ਲਿਖਾਓ 'ਰਵਿਦਾਸੀਆ ਧਰਮ' ਜੀ।
ਆਪ ਤਾਂ ਇਹ 'ਦੋ' ਹੋ ਰਹੇ ਨਹੀਂ ਇਕੱਠੇ ,
ਸਮਾਜ ਨੂੰ ਜੋੜਨ ਦਾ ਪਾਲ ਰੱਖਿਆ ਭਰਮ ਜੀ।
ਗੁਰੂ 'ਰਵਿਦਾਸ' ਜੀ ਦੀ ਰੂਹ ਕੁਰਲਾਉਂਦੀ ਹੋਣੀ,
ਵੇਖਕੇ ਇਹਨਾਂ ਦਾ ਸਮਾਜ ਜੋੜਨ ਦਾ ਕਰਮ ਜੀ।
ਉਂਝ ਦਿੰਦੇ ਨੇ ਸੰਦੇਸ਼ ਇਹ "ਮਧੁਪ ਮਖੀਰੇ" ਵਾਲਾ,
'ਮੇਜਰ' ਸਮਾਜ ਦੇ ਲੋਕ ਪੈਰ ਸੋਚਕੇ ਧਰਨ ਜੀ।
ਇਸ ਲਈ ਰਵਿਦਾਸੀਆ ਸਮਾਜ਼ ਦੇ ਬੁਧੀਜੀਵੀ ਸੂਝਵਾਨ ਲੋਕਾਂ ਨੂੰ ਧਰਮ ਸਬੰਧੀ ਫ਼ੈਸਲਾ ਭਾਵਨਾਵਾਂ ਨਾਲ ਨਹੀਂ, ਸਗੋਂ ਡੂੰਘੀ ਸੋਚ-ਵਿਚਾਰ ਨਾਲ ਸਹੀ ਫ਼ੈਸਲਾ ਕਰਨਾ ਚਾਹੀਦਾ ਹੈ।
ਸਮਾਜ ਦੇ ਲੋਕਾਂ ਨੂੰ ਇਹ ਵੀ ਨੋਟ ਕਰ ਲੈਣਾ ਚਾਹੀਦਾ ਹੈ,ਡੀ. ਭੀਮ ਰਾਓ ਅੰਬੇਡਕਰ ਜੀ ਸ਼ੁਰੂ ਤੋਂ ਹੀ ਮਹਾਤਮਾ ਫੂਲੇ ਜੀ, ਸੰਤ ਕਬੀਰ ਜੀ ਅਤੇ ਮਹਾਤਮਾ ਬੁੱਧ ਜੀ ਨੂੰ ਆਪਣੇ (ਤਿੰਨ) ਗੁਰੂ ਮੰਨਦੇ ਸਨ। ਉੱਚ ਵਿਦਿਆ ਪ੍ਰਾਪਤ, ਮਹਾਨ ਵਿਦਵਾਨ ਅਤੇ ਦਾਰਸ਼ਨਿਕ (ਫਿਲਾਸਫਰ) ਡਾ. ਅੰਬੇਡਕਰ ਜੀ ਦੇ ਸਾਹਮਣੇ ਜਦੋਂ 'ਧਰਮ' ਅਪਣਾਉਣ ਦਾ ਫ਼ੈਸਲਾ ਆਇਆ ਤਾਂ ਉਹ ਵੀ ਧਰਮ ਦੀ ਚੋਣ ਬਹੁਤ ਗੰਭੀਰਤਾ ਨਾਲ ਕਰ ਰਿਹਾ ਸੀ।
ਵੱਖ ਵੱਖ ਧਰਮਾਂ ਦਾ ਡੂੰਘਾ ਅਧਿਐਨ ਕਰਨ ਦੇ ਬਾਵਜੂਦ ਉਹਨਾਂ ਨੇ ‘ਸਿੱਖ ਧਰਮ’ ਦੀ ਸ਼ਸਤਰਧਾਰੀ ਅਤੇ ਜ਼ੁਲਮ-ਵਿਰੁਧ ਟਾਕਰਾ ਕਰਨ ਦੀ ਪ੍ਰੰਪਰਾ ਹੋਣ ਕਰਕੇ 'ਬੁਧ ਧਰਮ' ਨੂੰ ਨਹੀਂ, ਪਹਿਲਾਂ ਸਿੱਖ ਧਰਮ ਅਪਣਾਉਣ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਇਹ ਪ੍ਰੰਪਰਾ 'ਬੁਧ ਧਰਮ' ਵਿੱਚ ਨਹੀਂ ਸੀ।
ਮਹਾਤਮਾ ਬੁੱਧ ਕਹਿੰਦੇ ਹਨ -
"ਮਹਾਤਮਾ ਗੌਤਮ ਬੁੱਧ’ ਆਪਣੇ ਭਿਖਸ਼ੂ ਨੂੰ ਸਿਖਿਆ ਤੋਂ ਬਾਅਦ (ਪ੍ਰਚਾਰ ਤੇ ਭੇਜਣ ਸਮੇਂ) ਪੁੱਛਦਾ ਹੈ ਕਿ “ਅਗਰ ਕੋਈ ਤੈਨੂੰ ਮੰਦਾ ਬੋਲਦਾ ਹੈ, ਤੂੰ ਕੀ ਉਤਰ ਦੇਵੇਂਗਾ ? ਭਿਖਸ਼ੂ ਨੇ ਕਿਹਾ ਮੈਂ ਕੋਈ ਉਤਰ ਨਹੀਂ ਦਿਆਂਗਾ।” ਗੌਤਮ ਬੁੱਧ ਨੇ ਫਿਰ ਕਿਹਾ-ਜੇ ਤੈਨੂੰ ਉਹ ਮਾਰਨ; ਤਾਂ ਭਿਖਸ਼ੁ ਨੇ ਕਿਹਾ “ਮੈਂ ਸਾਂਤਮਈ ਰਹਾਂਗਾ।” ਗੌਤਮ ਬੁੱਧ ਨੇ ਫਿਰ ਪੁਛਿਆ “ਜੇ ਉਹ ਤੈਨੂੰ ਕਤਲ ਕਰਨ?” ਤਾਂ ਭਿਖਸ਼ੂ ਨੇ ਕਿਹਾ ਮਹਾਰਾਜ! ਜੀਵਨ, ਮ੍ਰਿਤੂ ਭਿਖਸ਼ੂ ਲਈ ਇਕ ਸਮਾਨ ਹਨ, ਮੇਰੇ ਮਨ ਵਿਚ ਨਾ ਜੀਵਤ ਰਹਿਣ ਦੀ ਇਛਾ ਹੈ ਨਾ ਮਰਨ ਦੀ।” ਇਹ ਉੱਤਰ ਸੁਣਕੇ ‘ਗੌਤਮ ਬੁੱਧ’ ਬਹੁਤ ਪ੍ਰਸੰਨ ਹੋਏ ਅਤੇ ਆਖਿਆ “ਹੈ ਭਿਖਸ਼ੂ ਤੂੰ ‘ਧਰਮ ਤੱਤ’ ਬੁੱਝ ਲਿਆ ਹੈ, ਜਾਹ ਜਾਕੇ ਧਰਮ ਪ੍ਰਚਾਰ ਕਰ।”
ਇਸ ਪ੍ਰਸੰਗ ਤੋਂ ਸਪੱਸ਼ਟ ਹੁੰਦਾ ਹੈ ਕਿ ‘ਬੁੱਧ ਧਰਮ’ ਦਾ ਰਾਹ ਅਹਿੰਸਾ ਅਤੇ ਸਹਿਣਸ਼ੀਲਤਾ 'ਤੇ ਆਧਾਰਿਤ ਹੈ, ਜਦਕਿ ‘ਸਿੱਖ ਧਰਮ’ ਅਨਿਆਂ ਦੇ ਵਿਰੁੱਧ ਸ਼ਸਤਰਧਾਰੀ ਵਿਰੋਧ ਨੂੰ ਵੀ ਜਾਇਜ਼ ਮੰਨਦਾ ਹੈ।"
ਇਸ ਲਈ 'ਸਿੱਖ ਧਰਮ' ਹੀ ਦਲਿਤ ਸਮਾਜ ਨੂੰ ਜਲਦੀ ਫਾਇਦਾ ਪਹੁੰਚਾ ਸਕਦਾ ਸੀ ਅਤੇ ਇਹਨਾਂ ਤੇ ਹੁੰਦੇ ਜ਼ਬਰ ਜ਼ੁਲਮ ਨੂੰ ਵੱਡੀ ਠੱਲ ਪਾ ਸਕਦਾ ਹੈ। ‘ਸਿੱਖ ਧਰਮ’ ਅੰਦਰ ਗਰੀਬ ਸਮਾਜ ਦੇ ਲੋਕ ਹਥਿਆਰਬੰਦ ਹੋਕੇ ਸੁਰੱਖਿਅਤ ਰਹਿ ਸਕਦੇ ਸਨ, ਕਿਉਂਕਿ ਹਥਿਆਰ ਰੱਖਣ ਦਾ ਅਧਿਕਾਰ ਸਿਰਫ਼ ਸਿੱਖ ਧਰਮ ਦੇ ਲੋਕਾਂ ਲਈ ਰਾਖਵਾਂ ਸੀ।
ਇਸ ਤੋਂ ਇਲਾਵਾ ਡਾ. ਅੰਬੇਡਕਰ ਜੀ ਦੇ ਸਾਹਮਣੇ ਗੁਰੂ ਸਹਿਬਾਨਾਂ ਦੇ ਦਲਿਤ ਸਮਾਜ ਦੇ ਹਿਤ ਵਿੱਚ ਕੀਤੇ ਗਏ ਵੱਡੇ ਕਾਰਨਾਮੇ ਮੌਜੂਦ ਸਨ।
ਸਿੱਖ ਧਰਮ (ਵਿਚਾਰਧਾਰਾ) ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਸੀ -
"ਨੀਚਾਂ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ,
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।" (ਪੰਨਾ 15)
ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿਧਾਂਤ ਮੁਤਾਬਕ,ਆਪਣੀ ਗੱਲ ਉਤੇ ਅਮਲ ਕਰਦਿਆਂ ਨੀਚ ਕਹੇ ਜਾਂਦੇ ਲੋਕਾਂ ਨੂੰ ਗਲ ਨਾਲ ਲਾਇਆ, ਇਸ ਸਿਧਾਂਤ ਦੇ ਤਹਿਤ ਚਲਦਿਆਂ ਗੁਰੂ ਸਹਿਬਾਨਾਂ ਨੇ ਨੀਚ ਸਮਝੇ ਜਾਂਦੇ ਲੋਕਾਂ ਨੂੰ ਇਕ ਸੰਗਤ 'ਤੇ ਪੰਗਤ ਵਿੱਚ ਬਿਠਾਕੇ ਲੰਗਰ ਛਕਾਇਆ,ਇਕ ਸਰੋਵਰ ਵਿੱਚ ਸਭਨੂੰ ਇਕੱਠੇ ਨਹਲਾਇਆ, ਅੰਤ ਇਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ, ਘੋੜਿਆਂ ਤੇ ਚੜ੍ਹਾਇਆ,ਜਬਰ ਜ਼ੁਲਮ ਖ਼ਿਲਾਫ਼ ਲੜਨਾ ਸਿਖਾਇਆ ਅਤੇ ਸਰਦਾਰ ਬਣਾਇਆ, ਮਨੂੰਵਾਦ ਦੀਆਂ ਲਾਈਆਂ ਪਾਬੰਦੀਆਂ ਚਕਨਾਚੂਰ ਕਰਕੇ ਗੁਰੂ ਸਹਿਬਾਨਾਂ ਨੇ ਉਲਟੀ ਗੰਗਾ ਬਹਾ ਦਿੱਤੀ ਸੀ। ਇਹ ਸਮਾਜਿਕ ਵੱਡਾ ਇੰਨਕਲਾਬ ਸੀ , ਕੋਈ ਛੋਟੀ ਗੱਲ ਨਹੀਂ ਸੀ।
ਇਸ ਦੇ ਉਲਟ ਬਾਈ ਧਾਰ ਦੇ ਰਾਜਿਆਂ ਨੇ ਇਸ ਸਿਧਾਂਤ (ਇੰਨਕਲਾਬ) ਦਾ ਵਿਰੋਧ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ "ਅਸੀਂ ਅੰਮ੍ਰਿਤ ਵੀ ਛਕ ਲਵਾਂਗੇ, ਤੁਹਾਨੂੰ ਹਰ ਕਿਸਮ ਦੀ ਮੱਦਦ ਵੀ ਕਰਨ ਨੂੰ ਤਿਆਰ ਹਾਂ ਪਰ ਸਾਰਿਆਂ ਨੂੰ ਇਕੋ ਬਾਟੇ ਵਿਚੋਂ ਅੰਮ੍ਰਿਤ ਨਾ ਛਕਾਇਆ ਜਾਵੇ।" ਜਦ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਰਾਜਿਆਂ ਦੀ ਗੱਲ ਨਾ ਮੰਨਕੇ ਆਪਣੇ ਸਿਧਾਂਤ ਤੋਂ ਪਾਸੇ ਨਾ ਜਾਣ ਦਾ ਫ਼ੈਸਲਾ ਸੁਣਾ ਦਿੱਤਾ, ਤਾਂ ਇਹਨਾਂ ਪਹਾੜੀ ਰਾਜਿਆਂ ਦੇ ਮਨਾਂ ਅੰਦਰ ਹੋਰ ਵੀ ਈਰਖਾ ਪੈਦਾ ਹੋ ਗਈ।
ਜਦ ਦੁਸ਼ਮਣ ਦੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਕਮਜ਼ੋਰ ਕਰਨ ਦੇ ਸਾਰੇ ਹੀਲੇ ਸਫ਼ਲ ਨਾ ਹੋਏ,ਹਰ ਵਾਰ ਮੂੰਹ ਦੀ ਖਾਣੀ ਪਈ ਤਾਂ ਇਹਨਾਂ ਰਾਜਿਆਂ ਵੱਲੋਂ ਮੂਗਲ ਫੌਜਾਂ ਨਾਲ ਮਿਲਕੇ ਰਹਿ ਰਹਿਕੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹਰ ਤਰਾਂ ਦੇ ਹਮਲੇ ਜਾਇਜ ਸਮਝਕੇ ਭਾਰੀ ਨੁਕਸਾਨ ਕੀਤਾ ਜਾਣ ਲੱਗਾ, ਜਿਸ ਕਰਕੇ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਹੋਣਾ ਪਿਆ, ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਸਿੰਘ ਸੂਰਮਿਆਂ ਦੇ ਨਾਲ ਨਾਲ ਵੱਡੇ ਪੁੱਤਰ ਅਜੀਤ ਸਿੰਘ ਤੇ ਜੂਝਾਰ ਸਿੰਘ ਨੂੰ ਦੁਸ਼ਮਣਾਂ ਨਾਲ ਟੱਕਰ ਲੈਣ ਲਈ ਆਪ ਤਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਅਤੇ ਸ਼ਹੀਦ ਹੁੰਦੇ ਵੇਖਿਆ। ਦੁਸ਼ਮਣਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੱਚੇ ਜ਼ੋਰਾਵਰ ਸਿੰਘ, ਫਤਿਹ ਸਿੰਘ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ, ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਸ਼ਹੀਦ ਹੋ ਗਏ। ਇਕ ਹਫ਼ਤੇ ਵਿੱਚ ਪਰਿਵਾਰ ਦੇ ਪੰਜ ਮੈਂਬਰ ਸ਼ਹੀਦ ਹੋਣ ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪਰਿਵਾਰ ਦੇ ਜੀਆਂ ਦਾ ਅੰਤਿਮ ਸੰਸਕਾਰ ਕਰਨਾ ਤਾਂ ਦੂਰ ਦੀ ਗੱਲ, ਜਾਂਦੀ ਵਾਰ ਮੂੰਹ ਵੀ ਨਹੀਂ ਵੇਖ ਸਕਿਆ।
ਇਹ ਗੱਲ ਕਰਦਿਆਂ ਲਿਖਦਿਆਂ ਅੱਜ ਵੀ ਧਾਹ ਨਿਕਲਦੀ ਹੈ। ਐਡਾ ਵੱਡਾ ਵਿਛੋੜਾ, ਦੁੱਖ ਭਾਵੇਂ ਬਹੁਤ ਅਸਿਹ ਸੀ, ਪਰ ਗੁਰੂ ਗੋਬਿੰਦ ਸਿੰਘ ਨੇ ਫਿਰ ਵੀ ਹੋਂਸਲਾ ਨਹੀਂ ਸੀ ਹਾਰਿਆ।
ਦਲਿਤ ਬੁੱਧੀਜੀਵੀ ਭਰਾਵੋ ਅਤੇ ਸੂਝਵਾਨ ਲੋਕੋ! ਇਕ ਹੋਰ ਵੱਡੀ ਗੱਲ ਨੋਟ ਕਰਨ ਵਾਲੀ ਹੈ, ਹੋ ਸਕਦਾ ਇਹ ਵੀ ਅੰਬੇਡਕਰ ਜੀ ਦੇ ਧਿਆਨ ਵਿੱਚ ਵੀ ਹੋਵੇ, ਕਿ ਸਿੱਖ ਗੁਰੂ ਸਹਿਬਾਨਾਂ ਨੇ ਇਕ ਹੋਰ ਐਸਾ ਅਨੌਖਾ ਕੰਮ ਕੀਤਾ, ਜ਼ੋ ਨਾ ਪਹਿਲਾਂ ਕਿਸੇ ਨੇ ਕੀਤਾ ਸੀ ਅਤੇ ਨਾਹੀਂ ਕੋਈ ਬਾਅਦ ਵਿੱਚ ਕਰ ਸਕਿਆ, ਉਹ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਦੇ ਅਤੇ ਆਪਣੇ ਸਮੇਂ ਤੋਂ ਪਹਿਲਾਂ ਹੋਏ ਰਹਿਬਰ ਮੁਸਲਮਾਨ, ਬ੍ਰਾਹਮਣ,ਖਤਰੀ,ਵੈਸ਼, ਸ਼ੂਦਰ ਹਰ ਵਰਗ ਦੇ ਉੱਚੀ ਆਤਮਕ ਅਵਸਥਾ ਵਾਲੇ ਮਹਾਂਪੁਰਖਾਂ ਦੀ ਬਾਣੀ ਆਪ ਇਕੱਤਰ ਕੀਤੀ ਅਤੇ ਸਾਂਭ ਕੇ ਰੱਖਿਆ, ਆਪਣੇ ਤੋਂ ਬਾਅਦ ਦੂਜੇ ਪਾਤਸ਼ਾਹ ਅੰਗਦ ਸਾਹਿਬ ਜੀ ਨੂੰ ਜ਼ਿੰਮੇਦਾਰੀ ਦਿੰਦਿਆਂ ਨਾਲ ਇਹ ਸਾਰੀ ਦੀ ਸਾਰੀ ਬਾਣੀ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ,ਜ਼ੋ ਪੰਜਵੇਂ ਪਾਤਸ਼ਾਹ ਤੱਕ ਇਹ ਸਿਲਸਿਲਾ ਚਲਦਾ ਰਿਹਾ।
ਉਸ ਵਕਤ ਤਾਂ ਤਰਥੱਲੀ ਮੱਚ ਗਈ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਗੁਰੂ ਸਹਿਬਾਨਾਂ ਦੀ ਬਾਣੀ ਦੇ ਨਾਲ ਨਾਲ ਆਪਣੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਵਲੋਂ ਇਕੱਤਰ ਕੀਤੀ ਬਾਣੀ ਨੂੰ ਇਕੋ ਪੋਥੀ ਸਾਹਿਬ ਵਿੱਚ ਇਕੱਤਰ ਕਰਕੇ ਪੱਕੇ ਤੌਰ ਤੇ ਇਸ ਤਰਾਂ ਸੰਭਾਲ ਦਿੱਤਾ, ਕਿ ਕੋਈ ਵਿਰੋਧੀ ਬਾਅਦ ਵਿੱਚ ਮਿਲਾਵਟ ਨਾ ਕਰ ਸਕੇ। ਇਹ ਇਕ ਅਨੌਖੀ ਮਿਸ਼ਾਲ ਹੈ, ਜ਼ੋ ਸਿੱਖ ਗੁਰੂ ਸਹਿਬਾਨਾਂ ਤੋਂ ਬਿਨਾਂ ਕੋਈ ਹੋਰ ਨਹੀਂ ਕਰ ਸਕਿਆ। ਸਿੱਖ ਗੁਰੂ ਸਹਿਬਾਨਾਂ ਨੇ ਜ਼ੋ ਹਰ ਵਰਗ ਦੇ ਉੱਚੀ ਸੁੱਚੀ ਸੋਚ ਰੱਖਣ ਵਾਲੇ ਮਹਾਂਪੁਰਖਾਂ ਨੂੰ ਇਕ ਥਾਂ ਬਿਠਾਕੇ ਜ਼ੋ ਬਹੁਜਨ ਬਣਾਇਆ, ਉਹ ਹਰ ਇਕ ਨੂੰ ਕਲਾਵੇ ਵਿੱਚ ਲੈਣ ਵਾਲਾ ਸੀ ਅਤੇ ਹੈ।
ਇਸੇ ਕਰਕੇ ਹੀ ਡਾ.ਅੰਬੇਡਕਰ ਜੀ ਤੋਂ ਬਾਅਦ ਕਾਂਸ਼ੀ ਰਾਮ ਜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਦੀ ਗੱਲ ਕਰਦੇ ਸੀ।
ਡਾ. ਅੰਬੇਡਕਰ ਜੀ ਦੀ ਇਕ ਹੋਰ ਗੱਲ ਵੱਲ ਧਿਆਨ ਦਿਉ, ਬਾਬਾ ਸਾਹਿਬ ਅੰਬੇਡਕਰ ਜੀ ਚਾਹੁੰਦੇ ਹੋਏ ਵੀ ਜਦ 1935-36 ਵਿੱਚ ਮਹਾਤਮਾ ਗਾਂਧੀ ਅਤੇ ਮਾ. ਤਾਰਾ ਸਿੰਘ ਦੀਆਂ ਸਾਜ਼ਸ਼ਾਂ ਦੇ ਕਾਰਨ ਸਿੱਖ ਧਰਮ ਨਾ ਅਪਣਾ ਸਕੇ ਤਾਂ ਇਸ ਤੋਂ ਬਾਅਦ ਵੀ 19-20 ਸਾਲ ਤੱਕ 'ਬੁਧ ਧਰਮ' ਨਹੀਂ ਸੀ ਅਪਣਾਇਆ। ਅਖੀਰ ਅੰਤ ਸਮਾਂ ਨੇੜੇ ਦਿਸਦਾ ਵੇਖ ਅਤੇ ਆਪਣੀ ਸੌਂਹ ਪੂਰੀ ਕਰਨ ਲਈ "ਕਿ ਮੈਂ ਹਿੰਦੂ ਪੈਦਾ ਜ਼ਰੂਰ ਹੋਇਆ, ਪਰ ਹਿੰਦੂ ਮਰਾਂਗਾ ਨਹੀਂ।" 14 ਅਕਤੂਬਰ 1956 ਨੂੰ ਜਦ ‘ਬੁਧ ਧਰਮ’ ਅਪਣਾਇਆ ਤਾਂ ਅੰਬੇਡਕਰ ਸਾਹਿਬ ਜੀ ਗਿਣਤੀ ਦੇ ਦੋ ਮਹੀਨੇ ਵੀ ਪੂਰੇ ਨਾ ਕਰ ਸਕੇ, ਆਪਣੇ ਪ੍ਰਸ਼ੰਸਕਾਂ (6 ਦਸੰਬਰ 1956) ਨੂੰ ਰੋਂਦੇ ਕੁਰਲਾਉਂਦੇ ਛੱਡਕੇ ਸਦਾ ਲਈ ਇਸ ਦੁਨੀਆਂ ਤੋਂ ਚਲੇ ਗਏ।
ਇਸ ਲਈ ਦਲਿਤ ਸਮਾਜ ਜਿੱਥੇ ਬਾਬਾ ਸਾਹਿਬ ਭੀਮ ਰਾਓ ਜੀ ਦੇ ਅਧੂਰੇ ਸੁਪਨੇ ਪੂਰੇ ਕਰਨ ਦੀ ਗੱਲ ਕਰਦੇ ਹਨ ਉਥੇ ਅੰਬੇਡਕਰ ਜੀ ਵੱਲੋਂ ਸਿੱਖ ਧਰਮ ਅਪਣਾਉਣ ਦਾ ਰਹਿ ਗਿਆ ਅਧੂਰਾ ਸੁਪਨੇ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਮੇਜਰ ਸਿੰਘ 'ਬੁਢਲਾਡਾ'
94176 42327