25 ਹਜ਼ਾਰ ਅਣਪਛਾਤੀਆਂ ਲਾਸ਼ਾਂ ਦੀ ਅਸਲੀਅਤ ਖਾਲੜਾ ਦੇ ਸਾਥੀ ਦੀ ਜ਼ੁਬਾਨੀ
ਇਸ ਕਤਲੇਆਮ ਦੇ ਮੁਖ ਦੋਸ਼ੀ ਕੌਣ?
ਜੁਲਾਈ 2026 ਦੇ ਪਹਿਲੇ ਹਫਤੇ ਦਿਲਜੀਤ ਦੁਸਾਂਝ ਦੀ ਖਾਲੜਾ ਬਾਰੇ ਫਿਲਮ ਸਤਲੁਜ ਰਿਲੀਜ਼ ਹੋਈ ਸੀ ਅਤੇ ਕੁੱਝ ਦਿਨਾ ਬਾਅਦ ਫਿਰ ਬੈਨ ਕਰ ਦਿੱਤੀ ਗਈ ਸੀ। ਇਨ੍ਹਾਂ ਦਿਨਾ ਵਿੱਚ ਇਸ ਫਿਲਮ ਬਾਰੇ ਸ਼ੋਸ਼ਲ ਮੀਡੀਆ ਤੇ ਜੋਰਾਂ ਸ਼ੋਰਾਂ ਨਾਲ ਚਰਚਾ ਚੱਲ ਰਹੀ ਹੈ। ਬਹੁਤਿਆਂ ਨੇ ਇਹ ਫਿਲਮ ਦੇਖ ਲਈ ਸੀ ਅਤੇ ਕਈਆਂ ਨੇ ਦੇਖ ਕੇ ਡਾਉਨਲੋਡ ਵੀ ਕਰ ਲਈ ਸੀ। ਜਿਨ੍ਹਾਂ ਨੇ ਨਹੀਂ ਦੇਖੀ ਉਨ੍ਹਾਂ ਲਈ ਦੇਖਣ ਲਈ ਅਗਾਂਹ ਦੀ ਅਗਾਂਹ ਲਿੰਕ ਪਾਏ ਜਾ ਰਹੇ ਹਨ। ਕਈ ਦੇਖ ਕੇ ਬਹੁਤੇ ਪ੍ਰਭਾਵਤ ਹੋ ਰਹੇ ਹਨ ਅਤੇ ਕਈ ਕੁੱਝ ਸਵਾਲ ਵੀ ਉਠਾ ਰਹੇ ਹਨ। ਕਈ ਜਿਆਦਾ ਅੰਧ ਵਿਸ਼ਵਾਸ਼ੀ ਅਤੇ ਕੱਟੜਵਾਦੀ ਸਵਾਲ ਉਠਾਉਣ ਵਾਲਿਆਂ ਤੇ ਗਾਲੀ ਗਲੋਚ ਵੀ ਕਰ ਰਹੇ ਹਨ। ਇਹ ਗਾਲੀ ਗਲੋਚ ਵਾਲਾ ਵਰਤਾਰਾ ਆਮ ਹੀ ਚੱਲ ਰਿਹਾ ਹੁੰਦਾ ਹੈ। ਜਿਹੜੇ ਗਾਲੀ ਗਲੋਚ ਨਹੀਂ ਵੀ ਕਰਦੇ ਉਹ ਵੀ ਵੱਖਰੇ ਵਿਚਾਰਾਂ ਵਾਲਿਆਂ ਨੂੰ ਸਰਕਾਰੀ, ਕਾਮਰੇਡ, ਨਾਸਤਕ, ਪੰਥ ਵਿਰੋਧੀ ਜਾਂ ਸਿੱਖਾਂ ਦੇ ਵਿਰੋਧੀ ਤਾਂ ਕਹਿੰਦੇ ਹੀ ਹਨ। ਅਜਿਹੇ ਲੋਕ ਨਾ ਤਾਂ ਆਪ ਸੱਚ ਬੋਲ ਸਕਦੇ ਹਨ ਅਤੇ ਨਾ ਹੀ ਸੱਚ ਸੁਣ ਸਕਦੇ ਹਨ।
ਵਕੀਲ ਸ: ਨਵਕਿਰਨ ਸਿੰਘ ਇੱਕ ਅਜਿਹੇ ਵਿਆਕਤੀ ਹਨ ਜਿਹੜੇ ਕਿ ਜਸਵੰਤ ਸਿੰਘ ਖਾਲੜਾ ਦੇ ਨਾਲ ਮਿਲ ਕੇ ਕੰਮ ਵੀ ਕਰਦੇ ਰਹੇ ਹਨ ਅਤੇ ਕੁੱਝ ਸੱਚ ਬੋਲਣ ਦੀ ਹਿੰਮਤ ਵੀ ਰੱਖਦੇ ਹਨ। ਭਾਂਵੇਂ ਕਿ ਪੂਰਾ ਸੱਚ ਤਾਂ ਨਹੀਂ ਬੋਲਦੇ ਪਰ ਫਿਰ ਵੀ ਇਸ਼ਾਰੇ ਮਾਤਰ ਸੱਚ ਦੱਸ ਦਿੰਦੇ ਹਨ। ਪੁਲੀਸ ਨੇ ਇਨ੍ਹਾਂ ਤੇ ਵੀ ਗੋਲੀ ਚਲਾਈ ਸੀ ਪਰ ਇਹ ਬਚ ਗਏ ਸਨ। ਇਨ੍ਹਾਂ ਦੇ 4 ਸਾਥੀ ਵਕੀਲ ਵੀ ਪੁਲੀਸ ਨੇ ਮਾਰ ਮੁਕਾਏ ਸਨ। ਪੰਜਾਬ 95 ਜਾਂ ਸਤਲੁਜ ਫਿਲਮ ਜੋ ਖਾਲੜੇ ਬਾਰੇ ਹੈ, ਉਸ ਨੂੰ ਦੇਖ ਕੇ ਇਨ੍ਹਾਂ ਨੇ ਇੱਕ ਇੰਟਰਵਿਊ ਦਿੱਤੀ ਸੀ ਅਤੇ ਮੈਂ ਉਹ ਦੇਖੀ ਸੀ। ਇਨ੍ਹਾਂ ਨੇ ਇਹ ਫਿਲਮ ਦੇਖ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ। ਇਸ ਫਿਲਮ ਵਿੱਚ ਜੋ ਦਰਸਾਇਆ ਗਿਆ ਹੈ ਉਸ ਨੂੰ ਅਸਲੀਅਤ ਦੇ ਬਹੁਤ ਨੇੜੇ ਦੱਸਦੇ ਹਨ। ਭਾਵ ਕਿ ਇਹ ਸਾਰਾ ਕੁੱਝ ਵਾਪਰਿਆ ਹੈ। ਬਾਕੀਆਂ ਦੇ ਹੋਰ ਸਿੱਖ ਲੀਡਰਾਂ ਅਤੇ ਵਿਦਵਾਨਾ ਨਾਲੋਂ ਇਨ੍ਹਾਂ ਦਾ ਇਹ ਫਰਕ ਹੈ ਕਿ ਇਹ ਆਪਣੀਆਂ ਅਤੇ ਖਾਸ ਕਰਕੇ ਕਹੇ ਜਾਂਦੇ ਖਾੜਕੂਆਂ ਦੀਆਂ ਗਲਤੀਆਂ ਨੂੰ ਵੀ ਸਵੀਕਾਰ ਕਰਦੇ ਹਨ ਕਿ ਇਹ ਵੀ ਗਲਤ ਕੰਮ ਕਰਦੇ ਰਹੇ ਹਨ। ਜਿਨ੍ਹਾਂ ਵਿੱਚ ਨਿਰਦੋਸ਼ਿਆਂ ਦੇ ਕਤਲ ਵੀ ਸ਼ਾਮਲ ਹਨ। ਆਮ ਕਰਕੇ ਬਹੁਤੇ ਲੋਕ ਇੱਕ ਪਾਸੜ ਹੀ ਗੱਲ ਕਰਦੇ ਹਨ। ਜੇ ਕਿਸੇ ਨੂੰ ਸਾਲਾਹੁਣਾ ਹੈ ਤਾਂ ਉਸ ਦੀਆਂ ਗਲਤੀਆਂ ਨੂੰ ਇਗਨੋਰ ਕਰਕੇ ਉਸ ਨੂੰ ਬਹੁਤ ਜ਼ਿਆਦਾ ਮਹਾਨ ਬਣਾ ਕੇ ਪੇਸ਼ ਕਰਦੇ ਹਨ ਅਤੇ ਜੇ ਕਰ ਕਿਸੇ ਨੂੰ ਨਿੰਦਣਾਂ ਹੈ ਤਾਂ ਰੱਜ ਕੇ ਨਿੰਦਦੇ ਹਨ। ਪਰ ਨਵਕਿਰਨ ਸਿੰਘ ਦੀ ਇੱਕ ਸਿਫਤ ਦੇਖੀ ਹੈ ਕਿ ਮਾੜੇ ਤੋਂ ਮਾੜੇ ਬੰਦੇ ਦੀ ਵੀ ਜੇ ਕਰ ਕੋਈ ਚੰਗੀ ਗੱਲ ਹੋਵੇ ਤਾਂ ਉਸ ਨੂੰ ਚੰਗੀ ਕਹਿ ਦਿੰਦੇ ਹਨ। ਇਸ ਦੇ ਦੋ ਸਬੂਤ ਤੁਸੀਂ ਇਸ ਇੰਟਰਵਿਊ ਵਾਲੀ ਵੀਡੀਓ ਵਿੱਚ ਵੀ ਦੇਖ ਸਕਦੇ ਹੋ। ਜਿੱਥੇ ਸਮੇਧ ਸੈਣੀ ਨੂੰ ਸਾਰੇ ਸਿੱਖ ਕਾਤਲ ਕਹਿੰਦੇ ਹਨ ਉਸ ਬਾਰੇ ਇਸ ਦੇ ਵਿਚਾਰ ਹਨ ਕਿ ਉਸ ਵਿੱਚ ਕੁੱਝ ਚੰਗੇ ਗੁਣ ਵੀ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਨੇ ਬੇਅੰਤ ਲੋਕ ਕਤਲ ਕੀਤੇ ਹਨ ਪਰ ਕਈ ਵਾਰੀ ਉਹ ਬਚਣ ਦੇ ਮੌਕੇ ਵੀ ਦੇ ਦਿੰਦਾ ਸੀ। ਇਸ ਲਹਿਰ ਵਿੱਚ ਕਈ ਨਵੇਂ ਮੁੰਡੇ ਜਦੋਂ ਸ਼ਾਮਲ ਹੁੰਦੇ ਸਨ ਤਾਂ ਉਹ ਇੱਕ ਮੌਕਾ ਦਿੰਦਾ ਹੁੰਦਾ ਸੀ ਕਿ ਇਸ ਤੋਂ ਬਾਹਰ ਹੋ ਜਾਓ ਅਤੇ ਸਮਝ ਜਾਓ। ਇਸੇ ਤਰ੍ਹਾਂ ਓ: ਪੀ: ਸ਼ਰਮਾ ਬਾਰੇ ਵੀ ਕਹਿੰਦਾ ਹੈ ਕਿ ਉਸ ਨੇ ਕਈ ਨਿਰਦੋਸ਼ੇ ਬਚਾਏ ਵੀ ਹਨ ਜਦੋਂ ਕਦੀ ਉਸ ਨੂੰ ਕਿਹਾ ਜਾਂਦਾ ਸੀ ਕਿ ਇਹ ਨਿਜ਼ਾਇਜ਼ ਫੜਿਆ ਹੈ।
ਕੇ: ਪੀ: ਐੱਸ: ਗਿੱਲ ਨੂੰ ਇਹ ਨਵਕਿਰਨ ਸਿੰਘ ਇੱਕ ਸ਼ਰਾਬੀ ਅਤੇ ਕੁੜੀਆਂ ਦਾ ਸ਼ੌਕੀਨ ਦੱਸਦਾ ਹੈ। ਨਵਕਿਰਨ ਸਿੰਘ ਅਤੇ ਹੋਰ ਵੀ ਬਹੁਤੇ ਲੋਕਾਂ ਨੂੰ ਪਤਾ ਹੈ ਕਿ ਕਿਸੇ ਵੀ ਸਟੇਟ ਵਿੱਚ ਜਦੋਂ ਕੋਈ ਲਾਅ ਐਂਡ ਆਡਰ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨੂੰ ਕਾਬੂ ਕਰਨ ਦੀ ਜਿੰਮੇਵਾਰੀ ਸਟੇਟ ਦੀ ਹੁੰਦੀ ਹੈ ਪਰ ਪਿੱਛਿਉਂ ਪਾਲਿਸੀ ਗਵਨਰ ਰਾਂਹੀਂ ਕੇਂਦਰ ਦੀ ਹੀ ਹੁੰਦੀ ਹੈ। ਉਸ ਵੇਲੇ ਜੇ ਕਰ ਕਾਂਗਰਸ ਦੀ ਸਰਕਾਰ ਬੇਅੰਤ ਸਿੰਘ ਦੀ ਜਗਾ ਜੇ ਕਰ ਅਕਾਲੀਆਂ ਦੀ ਹੁੰਦੀ ਤਾਂ ਉਨ੍ਹਾਂ ਨੂੰ ਵੀ ਇਹੀ ਕੰਮ ਕਰਨਾ ਪੈਣਾ ਸੀ ਜੋ ਬੇਅੰਤ ਸਿੰਘ ਸਰਕਾਰ ਨੇ ਕੀਤਾ ਸੀ। ਇਸ ਬਾਰੇ ਸਿਮਰਨਜੀਤ ਸਿੰਘ ਮਾਨ ਇੱਕ ਵਾਰੀ ਆਪਣੀ ਇੰਟਰਵਿਊ ਵਿੱਚ ਮੰਨ ਵੀ ਚੁੱਕਾ ਹੈ। ਬਾਦਲ ਨੂੰ ਵੀ ਇਹ ਪਤਾ ਸੀ ਇਸ ਕਰਕੇ ਆਪਣੇ ਸਿਰ ਗੱਲ ਲੈਣ ਦੀ ਥਾਂ ਤੇ ਚੋਣਾਂ ਦੇ ਬਾਈਕਾਟ ਦਾ ਰਾਹ ਚੁਣਿਆਂ ਸੀ। ਇਸੇ ਕਰਕੇ ਬਾਦਲ ਵਰਗੇ ਦਿਨੇ ਖਾੜਕੂਆਂ ਦੇ ਭੋਗਾਂ ਤੇ ਸ਼ਾਮਲ ਹੁੰਦੇ ਸਨ ਅਤੇ ਰਾਤ ਨੂੰ ਕੇ: ਪੀ: ਐੱਸ: ਗਿੱਲ ਨੂੰ ਮਿਲ ਕੇ ਉਸ ਦੇ ਪੱਖ ਵਿੱਚ ਵੀ ਭੁਗਤਦੇ ਸਨ। ਪੰਜਾਬ ਦੇ ਬਹੁਤੇ ਲੋਕ ਅੰਦਰੋਂ ਖੁਸ਼ ਸਨ ਕਿ ਪੁਲੀਸ ਨੇ ਪੰਜਾਬ ਵਿੱਚ ਸ਼ਾਤੀਂ ਲਿਆਂਦੀ ਹੈ ਪਰ ਦੂਸਰੇ ਪਾਸੇ ਬਹੁਤ ਸਾਰੇ ਨਿਹੱਥੇ ਲੋਕ ਵੀ ਦੋਹਾਂ ਪਾਸਿਆਂ ਤੋਂ ਮਾਰੇ ਹਏ ਸਨ। ਕੋਈ ਕੇ: ਪੀ: ਐੱਸ ਗਿੱਲ ਨੂੰ ਮਸੀਹਾ ਦੱਸਦਾ ਹੈ ਅਤੇ ਕੋਈ ਬੁੱਚੜ। ਪਰ ਜਿਹੜੀ ਗੱਲ ਦੀ ਵਿਚਾਰ ਕਰਨੀ ਚਾਹੀਦੀ ਹੈ ਉਸ ਬਾਰੇ ਨਿਰਪੱਖਤਾ ਨਾਲ ਵਿਚਾਰ ਕਰਨ ਦੀ ਕੋਈ ਗੱਲ ਹੀ ਨਹੀਂ ਕਰਦਾ? ਜੇ ਕਰ ਕੋਈ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਿੱਖ ਵਿਰੋਧੀ, ਪੰਥ ਵਿਰੋਧੀ ਜਾਂ ਸਰਕਾਰੀ ਅਤੇ ਹੋਰ ਕਈ ਕੁੱਝ ਬੋਲ ਕੇ ਚੁੱਪ ਕਰਾਉਣ ਦੀ ਕੋਸ਼ਸ਼ ਕੀਤੀ ਜਾਂਦੀ ਹੈ।
ਆਓ ਹੁਣ ਸੰਖੇਪ ਜਿਹੀ ਵਿਚਾਰ ਇਸ ਮੁੱਦੇ ਤੇ ਕਰਦੇ ਹਾਂ ਕਿ ਇਸ ਸਾਰੇ ਕੁੱਝ ਦਾ ਦੋਸ਼ੀ ਕੌਣ ਸੀ? ਜੇ ਕਰ ਇੱਕ ਲਾਈਨ ਵਿੱਚ ਹੀ ਇਸ ਦਾ ਜਵਾਬ ਦੇਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਇਸ ਸਾਰੇ ਘਟਨਾਕਰਮ ਦੇ ਦੋਸ਼ੀ ਸਰਕਾਰਾਂ ਅਤੇ ਸਿੱਖ ਦੋਵੇਂ ਸਨ/ਹਨ। ਸਰਕਾਰ ਇਸ ਕਰਕੇ ਦੋਸ਼ੀ ਹੈ ਕਿ ਉਹ ਭਿੰਡਰਾਂ ਵਾਲੇ ਦਾ ਰੱਸਾ ਖੁੱਲਾ ਛੱਡ ਕੇ ਅਕਾਲੀਆਂ ਵਿਰੁੱਧ ਵਰਤਣਾ ਚਾਹੁੰਦੀ ਸੀ ਅਤੇ ਸਿੱਖ ਇਸ ਕਰਕੇ ਦੋਸ਼ੀ ਹਨ ਕਿ ਉਹ ਹਮੇਸ਼ਾਂ ਹੀ ਸਚਾਈ ਤੋਂ ਮੂੰਹ ਮੋੜ ਕੇ ਕਦੀ ਵੀ ਸਪਸ਼ਟ ਸਟੈਂਡ ਲੈਣ ਦੀ ਹਿੰਮਤ ਨਹੀਂ ਜੁਟਾ ਸਕੇ। ਸੰਨ 1982 ਤੋਂ ਸ਼ੁਰੂ ਹੋਇਆ ਸ਼ਾਂਤਮਈ ਧਰਮਯੁੱਧ ਮੋਰਚਾ ਜਦੋਂ ਹਿੰਸਕ ਰੂਪ ਧਾਰਨ ਕਰ ਗਿਆ ਸੀ ਅਤੇ ਅਕਾਲੀਆਂ ਦੇ ਹੱਥੋਂ ਨਿਕਲ ਚੁੱਕਾ ਸੀ ਤਾਂ ਉਨ੍ਹਾਂ ਨੂੰ ਇਹ ਕੁੱਝ ਸਮੇਂ ਲਈ ਮੁਲਤਬੀ ਕਰ ਦੇਣਾ ਚਾਹੀਦਾ ਸੀ ਜਾਂ ਬੰਦ ਕਰ ਦੇਣਾ ਚਾਹੀਦਾ ਸੀ। ਉਂਜ ਵੀ ਜਦੋਂ ਕਪੂਰੀ ਸਾਰਿਆਂ ਨੇ ਸਾਂਝੇ ਤੌਰ ਤੇ ਲਾਇਆ ਹੋਇਆ ਸੀ ਤਾਂ ਉਸ ਨੂੰ ਉਥੋਂ ਚੁੱਕ ਕੇ ਦਰਬਾਰ ਸਾਹਿਬ ਲਿਆ ਕੇ ਧਰਮ ਯੁੱਧ ਦਾ ਨਾਮ ਦੇਣਾ ਵੀ ਗਲਤ ਸੀ। ਸੰਤ ਲੌਂਗੋਵਾਲ ਭਾਂਵੇਂ ਮੋਰਚੇ ਦਾ ਡਿਕਟੇਟਰ ਸੀ ਅਤੇ ਸੌ ਬੰਦੇ ਜਿੰਨੀ ਸ਼ਾਂਤੀਂ ਰੱਖਦਾ ਸੀ ਪਰ ਉਹ ਸਥਿਤੀ ਨੂੰ ਦੇਖ ਕੇ ਦਰਿੜਤਾ ਨਾਲ ਕੋਈ ਸਟੈਂਡ ਲੈਣ ਵਿੱਚ ਅਸਫਲ ਰਿਹਾ ਸੀ। ਇਹੀ ਹਾਲ ਬਾਕੀ ਅਕਾਲੀ ਲੀਡਰਾਂ ਦਾ ਸੀ। ਉਂਜ ਗੁਰਚਰਨ ਸਿੰਘ ਟੌਹੜੇ ਦੀਆਂ ਭਾਂਵੇ ਕੋਈ ਕਿੰਨੀਆਂ ਵੀ ਸਿਫਤਾਂ ਕਰੀ ਜਾਵੇ ਕਿ ਉਹ ਬਹੁਤ ਇਮਾਨਦਾਰ ਸੀ ਅਤੇ ਹਾਜਰ ਜਵਾਬ ਸੀ ਪਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਕਰਕੇ ਉਸ ਦੀ ਸਭ ਤੋਂ ਜਿਆਦਾ ਜੁੰਮੇਵਾਰੀ ਬਣਦੀ ਸੀ ਕਿ ਉਹ ਸਥਿਤੀ ਨੂੰ ਕੰਟਰੋਲ ਵਿੱਚ ਰੱਖਦਾ। ਪਰ ਉਹ ਵੀ ਉਸ ਵੇਲੇ ਪੁੱਠੇ ਸਿੱਧੇ ਬਿਆਨ ਦਿੰਦਾ ਹੁੰਦਾ ਸੀ ਕਿ ਸਾਡੇ ਕੋਲ ਦੋ ਸੰਤ ਹਨ ਇੱਕ ਮਾਲਾ ਵਾਲਾ ਅਤੇ ਇੱਕ ਖੁੰਡੇ ਵਾਲਾ।
ਕਥਿਤ ਸਿੱਖ ਬੁੱਧੀਜੀਵੀਆਂ ਨੇ ਤਾਂ ਸੌਂਹ ਖਾਧੀ ਹੋਈ ਹੈ ਕਿ ਅਸੀਂ ਸੱਚ ਬੋਲਣਾ ਹੀ ਨਹੀਂ ਹੈ ਪੰਜਾਬ ਦਾ ਭਾਂਵੇਂ ਜਿਤਨਾ ਮਰਜੀ ਸਤਿਆਨਾਸ ਹੋ ਜਾਵੇ। ਜੇ ਕਰ ਇਹ ਸਮੇਂ ਸਿਰ ਸੱਚ ਦੱਸਦੇ ਰਹਿੰਦੇ ਤਾਂ ਨੌਂਜੁਆਨੀ ਗੁਮਰਾਹ ਹੋਣੋਂ ਬਚ ਸਕਦੀ ਸੀ। ਇਨ੍ਹਾਂ ਨੂੰ ਇਤਨਾ ਕੁ ਤਾਂ ਪਤਾ ਹੋਣਾ ਚਾਹੀਦਾ ਹੀ ਸੀ ਕਿ ਹਥਿਆਰਬੰਦ ਲੜਾਈ ਸਿੱਖਾਂ ਦਾ ਨੁਕਸਾਨ ਕਰਵਾਏਗੀ। ਸਿੱਖ ਕਦੀ ਵੀ ਇੰਡੀਆ ਦੀ ਮਿਲਟਰੀ ਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਇੱਕ ਪਸ਼ੂ ਬਿਰਤੀ ਵਾਲੇ ਸਾਧ ਨੂੰ ਝੂਠ ਬੋਲ-ਬੋਲ ਕੇ ਇੱਕ ਬਹੁਤ ਵੱਡਾ ਬ੍ਰਹਮਗਿਆਨੀ ਮਹਾਨ ਯੋਧਾ ਬਣਾ ਕੇ ਪੇਸ਼ ਕਰ ਰਹੇ ਸਨ ਅਤੇ ਹੁਣ ਵੀ ਇਹੀ ਕਰ ਰਹੇ ਹਨ। ਹੁਣ ਕੁੱਕੀ ਗਿੱਲ ਵਰਗੇ ਭਾਂਵੇਂ ਥੋੜਾ ਜਿਹਾ ਸੱਚ ਬੋਲਣ ਲੱਗ ਪਏ ਹਨ ਪਰ ਇਹ ਹਾਲੇ ਵੀ ਇਹ ਗੱਲ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਨ ਕਿ ਅਸੀਂ ਜੁਆਨੀ ਦੇ ਜੋਸ਼ ਵਿੱਚ ਜ਼ਜਬਾਤੀ ਬਣ ਕੇ ਗੁਮਰਾਹ ਹੋ ਗਏ ਸੀ। ਇੱਕ ਪਾਸੇ ਤਾਂ ਇਹ ਕਹੀ ਜਾਣਾ ਕਿ ਮੈਂ ਕਿਸੇ ਸੰਤ ਤੋਂ ਪ੍ਰਭਾਵਤ ਨਹੀਂ ਸੀ ਅਕਾਲ ਤਖ਼ਤ ਦੇ ਢਹਿਣ ਦਾ ਦੁੱਖ ਨਹੀਂ ਸਹਾਰਿਆ ਗਿਆ ਅਤੇ ਦੂਸਰੇ ਪਾਸੇ ਇਹ ਵੀ ਕਹੀ ਜਾਣਾ ਕਿ ਇਹ ਸੰਤ ਜਰਨੈਲ ਸਿੰਘ ਕਰਕੇ ਢੱਠਾ ਹੈ। ਇਸ ਤੋਂ ਸਾਫ ਜ਼ਾਹਰ ਹੈ ਕਿ ਸੱਚ ਬੋਲਣਾ ਚਾਹੁੰਦਾ ਹੈ ਪਰ ਪੂਰਾ ਸੱਚ ਬੋਲਣ ਲਈ ਹਾਲੇ ਝਿਜਕ ਮਹਿਸੂਸ ਹੋ ਰਹੀ ਹੈ। ਜੇ ਕਰ ਇਹ ਹਿੰਸਕ ਰਾਹ ਸਹੀ ਸੀ ਤਾਂ ਹੁਣ ਕਿਹੜਾ ਮਸਲੇ ਹੱਲ ਹੋ ਗਏ ਹਨ? ਹੁਣ ਕਿਉਂ ਨਹੀਂ ਬੰਦੂਕਾਂ ਚੁੱਕ ਕੇ ਲੜਦੇ? ਜਿਹੜਾ ਬੰਦਾ ਪਹਿਲੇ ਸਾਧ ਦੀ ਤਰ੍ਹਾਂ ਦੁਬਾਰਾ ਹਿੰਸਕ ਹੋ ਕੇ ਸਰਕਾਰੀ ਧਿਰ ਦੇ ਹੱਕ ਵਿੱਚ ਭੁਗਤਣਾ ਚਾਹੁੰਦਾ ਸੀ ਹੁਣ ਡਿਬੜੂਗੜ ਜੇਲ ਵਿੱਚ ਬੰਦ ਹੈ, ਤਾਂ ਕਰੋ ਹਿੰਮਤ ਜੇਲ ਤੇ ਹਮਲਾ ਕਰਕੇ ਉਸ ਨੂੰ ਛੁਡਾ ਕੇ ਲਿਆਉਣ ਦੀ? ਹੁਣ ਇਲੈਕਸ਼ਨਾ ਕਿਉਂ ਲੜੀਆਂ ਅਤੇ ਲੜਾਈਆਂ ਜਾ ਰਹੀਆਂ ਹਨ? ਜੇ ਕਰ ਭਿੰਡਰਾਂਵਾਲੇ ਦਾ ਹਿੰਸਕ ਰਾਹ ਠੀਕ ਸੀ ਤਾਂ ਫਿਰ ਚੀਖ ਚਹਾੜਾ ਕਿਸ ਗੱਲ ਦਾ? ਫਿਰ ਨਸਲਕੁਸ਼ੀ ਦਾ ਅਰਾਟ ਕਿਉਂ? ਫਿਰ ਪੰਜਾਬ ਪੁਲੀਸ ਜਾਂ ਕੇ: ਪੀ: ਐੱਸ: ਬੁੱਚੜ ਕਿਉਂ? ਉਹ ਵੀ ਤਾਂ ਪੰਜਾਬ ਦੇ ਜੰਮੇ ਹੋਏ ਆਪਣੀ ਡਿਉਟੀ ਨਿਭਾ ਰਹੇ ਸੀ। ਫਿਰ ਇਹ ਆਸ ਕਿਉਂ ਕਿ ਅਸੀਂ ਜਿਸ ਨੂੰ ਮਰਜੀ ਗਦਾਰ ਕਹਿ ਕੇ ਸੋਧਾ ਲਾ ਦਈਏ ਪਰ ਸਰਕਾਰ ਮੁੜ ਕੇ ਕਾਰਵਾਈ ਸਾਡੇ ਮੁਤਾਬਕ ਉਤਨੀ ਕੁ ਹੀ ਕਰੇ ਜਿਤਨੀ ਕੁ ਅਸੀਂ ਚਾਹੁੰਦੇ ਹਾਂ।
ਜਿਸ ਪਸ਼ੂ ਬਿਰਤੀ ਵਾਲੇ ਸਾਧ ਨੂੰ ਤੁਸੀਂ ਸਾਰੇ ਸਿੱਖ ਝੂਠ ਬੋਲ-ਬੋਲ ਕੇ ਇੱਕ ਮਹਾਨ ਯੋਧਾ ਬਣਾ ਕੇ ਪੇਸ਼ ਕਰਦੇ ਹੋ ਉਹ ਇੱਕ ਡੇਰੇ ਵਾਲੇ ਗੁੰਡੇ ਤੋਂ ਵੱਧ ਕੁੱਝ ਨਹੀਂ ਸੀ। ਉਸ ਦੀ ਗੁੰਡਾ ਸੋਚ ਸਮਝਣ ਲਈ ਮੈਂ ਕੁੱਝ ਉਦਾਹਰਣਾਂ ਪੇਸ਼ ਕਰ ਰਿਹਾ ਹਾਂ। ਪਹਿਲੀ ਹੈ ਲੁਧਿਆਣੇ ਦੇ ਇੱਕ ਸਿੰਘ ਸਭਾ ਗੁਰਦੁਆਰੇ ਦੀ। ਸੰਨ 1982 ਦੀ ਗੱਲ ਹੈ ਕਿ ਗਿ: ਜਗਤਾਰ ਸਿੰਘ ਜਾਚਕ ਇਸ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਦੀ ਡਿਉਟੀ ਨਿਭਾ ਰਹੇ ਸਨ। ਸੁਰਜਨ ਸਿੰਘ ਠੇਕੇਦਾਰ ਦੇ ਵੱਡੇ ਬੇਟੇ ਦੀ ਐਕਸੀਡਿੰਟ ਵਿੱਚ ਮੌਤ ਹੋ ਜਾਂਦੀ ਹੈ। ਉਸ ਦੇ ਭੋਗ ਤੇ ਇਸ ਗੁਰਦੁਆਰੇ ਵਿੱਚ ਸਾਰੇ ਅਕਾਲੀ ਲੀਡਰ ਪਹੁੰਚਦੇ ਹਨ। ਡੇਰੇ ਦਾ ਮੁਖੀ ਜਰਨੈਲ ਸਿੰਘ ਭਿਡਰਾਂਵਾਲਾ ਵੀ ਪਹੁੰਚਦਾ ਹੈ। ਇਹ ਸਾਧ ਉਥੇ ਟਕਸਾਲ ਦੀ ਮਰਯਾਦਾ ਲਾਗੂ ਕਰਨ ਦੀ ਗੱਲ ਕਰਦਾ ਹੈ। ਜਾਚਕ ਇਸ ਦਾ ਵਿਰੋਧ ਕਰਦਾ ਹੈ। ਇਸ ਤੋਂ ਬਾਅਦ ਇਸ ਸਾਧ ਦਾ ਚੇਲਾ ਠਾਰਾ ਸਿੰਘ ਬੰਦੂਕ ਦੀ ਨਾਲੀ ਪਿੱਠ ਪਿੱਛੇ ਲਾ ਕੇ ਕਹਿੰਦਾ ਸੀ ਕਿ ਗੋਲੀ ਤੇਰੀ ਬੁੰ—ਵਿਚ ਦੀ ਮਾਰ ਕੇ ਮੂੰਹ ਰਾਹੀਂ ਕੱਢ ਦਉਂ। ਤੇਰੀ ਹਿੰਮਤ ਕਿਵੇਂ ਪਈ ਸੰਤ ਵਿਰੁੱਧ ਬੋਲਣ ਦੀ? ਇਸ ਗੱਲ ਦੀ ਤਸਦੀਕ ਕਰਨੀ ਹੋਵੇ ਤਾਂ ਜਗਤਾਰ ਸਿੰਘ ਚਾਜਕ ਜਾਂ ਉਸ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਫੂਨ ਕਰਕੇ ਕਰ ਸਕਦੇ ਹੋ। ਜੂਨ 1984 ਦੇ ਅਟੈਕ ਤੋਂ ਕੁੱਝ ਹਫਤੇ ਪਹਿਲਾਂ ਇਸ ਸਾਧ ਦੇ ਚੇਲੇ, ਗਿ: ਪਰਤਾਪ ਸਿੰਘ ਨੂੰ ਘਰੇ ਜਾ ਕੇ ਬੱਚਿਆਂ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰ ਆਏ ਸੀ। ਉਸ ਦਾ ਕਸੂਰ ਸਿਰਫ ਇਤਨਾ ਸੀ ਕਿ ਉਸ ਦੇ ਦਰਬਾਰ ਸਾਹਿਬ ਦੀ ਮੋਰਚਾ ਬੰਦੀ ਨੂੰ ਠੀਕ ਨਹੀਂ ਸੀ ਸਮਝਿਆ। ਇੱਥੇ ਮੈਂ ਜਾਚਕ ਜਾਂ ਗਿ: ਪਰਤਾਪ ਸਿੰਘ ਦਾ ਪੱਖ ਨਹੀਂ ਪੂਰ ਰਿਹਾ ਸਿਰਫ ਸਾਧ ਦੀ ਪਸ਼ੂ ਬਿਰਤੀ ਨੂੰ ਉਜਾਗਰ ਕਰ ਰਿਹਾ ਹਾਂ। ਉਹ ਤਾਂ ਇਹੀ ਸਮਝਦਾ ਸੀ ਕਿ ਇੱਕ ਡੇਰੇ ਦਾ ਮੁਖੀ ਬਣ ਕੇ, ਲੱਤਾਂ ਨੰਗੀਆਂ ਰੱਖ ਕੇ ਅਤੇ ਹੱਥ ਵਿੱਚ ਤੀਰ ਫੜ ਕੇ ਮੈਂ ਪਤਾ ਨਹੀਂ ਕੀ ਬਣ ਗਿਆ ਹਾਂ ਕਿ ਸਾਰੇ ਸਿੱਖ ਮੇਰਾ ਹੁਕਮ ਹੀ ਮੰਨਣ?
ਪਸ਼ੂ ਬਿਰਤੀ ਦੀ ਇੱਕ ਹੋਰ ਉਦਾਹਰਣ ਹੈ ਇੱਕ ਲੋਹੇ ਦੀ ਬੱਸ ਬਦਲੇ 5000 ਨਿਰਦੋਸ਼ੇ ਹਿੰਦੂ ਵੱਢਣ ਦੀ ਧਮਕੀ। ਦਿੱਲੀ ਕਮੇਟੀ ਦਾ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਆਪਣੀ ਇੱਕ ਇੰਟਰਵਿਊ ਵਿੱਚ ਕਹਿੰਦਾ ਹੈ ਕਿ ਜਦੋਂ ਮੈਂ ਸੰਤਾਂ ਦਾ ਇਹ ਬਿਆਨ ਪੜ੍ਹਿਆ ਤਾਂ ਇੱਕ ਦਮ ਅੰਮ੍ਰਿਤਸਰ ਜਾ ਕੇ ਸੰਤਾਂ ਨੂੰ ਮਿਲਿਆ ਅਤੇ ਗੁੱਸੇ ਵਿੱਚ ਆ ਕੇ ਸੰਤਾਂ ਨੂੰ ਕਿਹਾ ਕਿ ਸੰਤ ਜੀ ਇਹ ਕੀ ਕਰ ਰਹੇ ਹੋ? ਅਸੀਂ ਦੂਰ ਰਹਿੰਦੇ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਸਾਡਾ ਜੀਣਾ ਦੁੱਭਰ ਹੋ ਜਾਵੇਗਾ। ਤਾਂ ਸੰਤਾਂ ਨੇ ਜਵਾਬ ਦਿੱਤਾ ਕਿ ਅੱਜ ਸ਼ਾਮ ਦਾ ਦਿਵਾਨ ਸੁਣ ਕੇ ਜਾਵੀਂ ਮੈਂ ਇਸ ਦਾ ਜਵਾਬ ਉਥੇ ਦੇਵਾਂਗਾ। ਜਵਾਬ ਕੀ ਦਿੱਤਾ ਕਿ ਮੈਂ ਫਲਾਨੇ ਅਫਸਰ ਨੂੰ ਫੂਨ ਕੀਤਾ ਅਤੇ ਫਲਾਨੇ ਲੀਡਰ ਨੂੰ ਫੂਨ ਕੀਤਾ ਕਿ ਸਾਡੀ ਬੱਸ ਛੱਡੀ ਜਾਵੇ ਪਰ ਕਿਸੇ ਨੇ ਕੋਈ ਰਾਹ ਸਿਰਾ ਨਹੀਂ ਫੜਾਇਆ। ਫਿਰ ਹਾਰ ਕੇ ਆਪਣੀ ਬੱਸ ਛੁਡਾਉਣ ਬਦਲੇ ਮੈਨੂੰ ਇਹ ਬਿਆਨ ਦੇਣਾ ਪਿਆ। ਹੁਣ ਤੁਸੀਂ ਸੋਚੋ ਕਿ ਇਸ ਗੱਲ ਦੀ ਕੋਈ ਸਿੰਸ ਬਣਦੀ ਹੈ। ਬੱਸ ਤਾਂ ਪੁਲੀਸ ਨੇ ਫੜੀ ਸੀ। ਨਿਰਦੋਸ਼ ਹਿੰਦੂਆਂ ਦਾ ਇਸ ਵਿੱਚ ਕੀ ਕਸੂਰ ਸੀ। ਹਾਂ, ਜੇ ਕਰ ਬੱਸ ਵਿੱਚ ਸਵਾਰ ਵਿਆਕਤੀਆਂ ਤੇ ਕੋਈ ਤਸ਼ੱਦਦ ਕੀਤਾ ਜਾ ਰਿਹਾ ਸੀ ਜਾਂ ਕਤਲ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ ਤਾਂ ਜਵਾਬੀ ਕਾਰਵਾਈ ਨੂੰ ਸਹੀ ਠਹਿਰਾਇਆ ਜਾ ਸਕਦਾ ਹੈ। ਪਰ ਜੇ ਕਰ ਇਹ ਸਮਝ ਕੇ ਧਮਕੀ ਦਿੱਤੀ ਸੀ ਕਿ ਪੁਲੀਸ ਜਾਂ ਕਿਸੇ ਲੀਡਰ ਨੇ ਮੇਰਾ ਹੁਕਮ ਨਹੀਂ ਮੰਨਿਆ ਤਾਂ ਇਹ ਤਾਂ ਫਿਰ ਨੰਗੀ ਚਿੱਟੀ ਗੁੰਡਾ ਗਰਦੀ ਸੀ। ਸੋ ਇਹ ਡੇਰਾ ਜਿਸ ਨੂੰ ਦਮਦਮੀ ਟਕਸਾਲ ਦੇ ਨਾਮ ਨਾਲ ਪ੍ਰਚਾਰਿਆ ਜਾ ਰਿਹਾ ਹੈ ਇੱਕ ਕਰਮਕਾਂਡੀ ਗੁੰਡਾ ਸੋਚ ਵਾਲਿਆਂ ਦਾ ਡੇਰਾ ਹੈ। ਇਸ ਗੁੰਡਾ ਸੋਚ ਨੇ ਹੀ ਸਾਧ ਢੰਡਰੀਆਂ ਵਾਲੇ ਸਾਥੀ ਦਾ ਕਤਲ ਕੀਤਾ ਸੀ। ਦੁਨੀਆਂ ਭਰ ਦੇ ਗੁੰਡਾ ਸੋਚ ਵਾਲੇ ਲੋਕ ਭਿੰਡਰਾਂਵਾਲੇ ਗੁੰਡੇ ਸਾਧ ਨੂੰ ਮਹਾਨ ਸੰਤ ਬਣਾ ਕੇ ਪੇਸ਼ ਕਰ ਰਹੇ ਹਨ।
ਹੁਣ ਗੱਲ ਕਰਦੇ ਹਾਂ 25, 000 ਅਣਪਛਾਤੀਆਂ ਲਾਸ਼ਾਂ ਦੀ। ਸ: ਨਵਕਿਰਨ ਸਿੰਘ ਜੀ ਇਸ ਇੰਟਰਵਿਊ ਵਿੱਚ ਸਾਫ ਕਹਿ ਰਹੇ ਹਨ ਕਿ ਜਿਹੜੀ ਅਸਲੀ ਪਹਿਲੀ ਲਿਸਟ ਸੀ ਉਹ ਸੀ 2097 ਲਾਸ਼ਾਂ ਦੀ। ਇਸ ਦੇ ਦੱਸਣ ਮੁਤਾਬਕ ਉਸ (ਖਾਲੜਾ) ਨੇ 2300-2400 ਲਾਸ਼ਾਂ ਦੀ ਸਨਾਖਤ ਕਰ ਲਈ ਗਈ ਸੀ ਜਿਹੜੀ ਕਿ ਤਰਨ ਤਾਰਨ ਜਿਲੇ ਨਾਲ ਸੰਬੰਧਿਤ ਸੀ। ਇਸ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਜੇ ਕਰ ਇੱਕ ਜਿਲੇ ਵਿੱਚ ਇਤਨੀਆਂ ਅਣਪਛਾਤੀਆਂ ਲਾਸ਼ਾਂ ਹੋ ਸਕਦੀਆਂ ਹਨ ਤਾਂ ਦਸ ਜਿਲਿਆਂ ਵਿੱਚ 25000 ਦੇ ਲੱਗ ਭੱਗ ਹੋ ਸਕਦੀਆਂ ਹਨ। ਇਨ੍ਹਾਂ 25000 ਲਾਸ਼ਾਂ ਦੀ ਮਿੱਥ ਸੀ ਨਾ ਕਿ ਅਸਲੀਅਤ। ਇਹ ਉਸੇ ਤਰਹਾਂ ਹੈ ਜਿਸ ਤਰ੍ਹਾਂ ਹਿੰਦੂ ਕਹਿ ਰਹੇ ਹਨ ਕਿ ਪੰਜਾਬ ਵਿੱਚ 35000 ਨਿਰਦੋਸ਼ੇ ਹਿੰਦੂਆਂ ਦਾ ਕਤਲ ਕੀਤਾ ਗਿਆ ਸੀ। ਇਹ ਦੋਵੇਂ ਗਿਣਤੀਆਂ ਬਿੱਲਕੁੱਲ ਠੀਕ ਨਹੀਂ ਹਨ। ਵਕੀਲ ਨਵਕਿਰਨ ਸਿੰਘ ਜੀ ਸੱਚ ਤਾਂ ਬੋਲ ਰਹੇ ਹਨ ਪਰ ਪੂਰਾ ਸੱਚ ਨਹੀਂ। ਕਿਉਂਕਿ ਇਨ੍ਹਾਂ ਨੇ ਅਮਰੀਕ ਸਿੰਘ ਮੁਕਤਸਰ ਅਤੇ ਹੋਰਨਾ ਨਾਲ ਰਲ ਕੇ ਸਾਰੇ ਪੰਜਾਬ ਵਿੱਚ ਹੋਏ ਨਿਰਦੋਸ਼ੇ ਕਤਲਾਂ ਦੀ ਜਾਣਕਾਰੀ ਇਕੱਠੀ ਕੀਤੀ ਸੀ ਪਰ ਉਸ ਦੀ ਗਣਤੀ ਕਿਤਨੀ ਸੀ ਉਹ ਦੱਸਣ ਤੋਂ ਇਨ੍ਹਾਂ ਨੇ ਟਾਲ੍ਹਾ ਵੱਟਿਆ ਹੈ। ਪੇਪਰ ਦੇਖਣ ਤੋਂ ਬਿਨਾ ਅਸਲੀ ਗਿਣਤੀ ਦੱਸਣੀ ਤਾਂ ਅਸੰਭਵ ਹੁੰਦੀ ਹੈ ਪਰ ਅੰਦਾਜ਼ਾ ਤਾਂ ਹੁੰਦਾ ਹੀ ਹੈ ਕਿ ਇਤਨੇ ਕੁ ਹਜ਼ਾਰ ਹੋ ਸਕਦੀ ਹੈ। ਸ਼ੋਸ਼ਲ ਮੀਡੀਏ ਤੇ ਕਿਸੇ ਵਿਆਕਤੀ ਨੇ ਪੰਜਾਬ ਸਰਕਾਰ ਦੇ ਰਿਕਾਰਡ ਮੁਤਾਬਕ ਸ਼ਾਇਦ 11000 ਦੇ ਲੱਗ-ਭੱਗ ਦੱਸੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਿਰਦੋਸ਼ੇ ਸਿੱਖ ਵੀ ਮਰੇ ਅਤੇ ਹਿੰਦੂ ਵੀ ਮਰੇ ਪਰ ਗਿਣਤੀ ਦੋਹਾਂ ਪਾਸਿਆਂ ਤੋਂ ਵਧਾ ਕੇ ਦੱਸੀ ਜਾ ਰਹੀ ਹੈ। ਹੇਠਾਂ ਹੈ ਉਹ ਵਕੀਲ ਨਵਕਿਰਨ ਸਿੰਘ ਦੀ ਇੰਟਰਵਿਊ ਜਿਸ ਨੂੰ ਸੁਣ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਅਸਲੀਅਤ ਕੀ ਹੈ?
ਮੱਖਣ ਪੁਰੇਵਾਲ,
ਜੁਲਾਈ 10, 2026.