ਭਗਵੰਤ ਮਾਨ ਦਾ ਵਿਰੋਧ ਕਰਨ ਵਾਲੇ ਕੁੱਝ ਅਕਲ ਨੂੰ ਹੱਥ ਮਾਰਨ!
ਲਓ ਜੀ ਸ਼ਰਧਾਵਾਨ ਸਿੱਖਾਂ ਲਈ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਕੇਜਰੀਵਾਲ ਨਾਲ ਰਲ ਕੇ ਕੱਲ 28 ਜੂਨ ਨੂੰ 2026 ਨੂੰ ਇੱਕ ਬਹੁਤ ਹੀ ਅਹਿਮ ਫੈਲਸਾ ਲਿਆ ਹੈ। ਉਹ ਫੈਸਲਾ ਕੀ ਹੈ? ਉਹ ਫੈਸਲਾ ਹੈ ਜੀ ਸਿੱਖਾਂ ਦੇ ਗੁਰੂਆਂ ਦੇ ਵੱਡੇ ਵਡੇਰਿਆਂ ਨੂੰ ਯਾਦ ਕਰਦਿਆਂ ਇੱਕ ਮੰਦਰ ਦਾ ਨਿਰਮਾਣ ਕਰਨਾ। ਉਸ ਮੰਦਰ ਦਾ ਸੰਬੰਧ ਲਵ-ਕੁਸ਼ ਨਾਲ ਹੈ ਜਿਹੜੇ ਕਿ ਸਿੱਖਾਂ ਦੇ ਗੁਰੂਆਂ ਦੇ ਬੰਸਾਵਲੀ ਨਾਲ ਸੰਬੰਧਿਤ ਹੈ। ਭਾਵ ਕਿ ਸਿੱਖਾਂ ਦੇ ਗੁਰੂਆਂ ਦੀ ਕੁਲ ਲਵ-ਕੁਸ਼ ਨਾਲ ਜੁੜਦੀ ਹੈ। ਸਿੱਖਾਂ ਦੇ ਤਕਰੀਬਨ ਸਾਰੇ ਹੀ ਬ੍ਰਹਮਗਿਆਨੀ ਇਸ ਨਾਲ ਸਹਿਮਤ ਹਨ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ। ਇਹ ਸਾਰੇ ਬ੍ਰਹਮਗਿਆਨੀ ਸੱਚਖੰਡ ਵਿੱਚ ਨਿਵਾਸ ਰੱਖਦੇ ਹਨ। ਭਾਵ ਕਿ ਰੱਬ ਵਿੱਚ ਅਤੇ ਇਨ੍ਹਾਂ ਵਿੱਚ ਕੋਈ ਵੀ ਭਿੰਨ ਭੇਦ ਨਹੀਂ ਹੈ। ਜਿਹੜੀ ਗੱਲ ਭਲਾ ਸਿੱਖਾਂ ਦੇ ਦਸਵੇਂ ਗੁਰੂ ਖੁਦ ਹੀ ਆਪਣੀ ਕਥਾ ਵਿੱਚ ਇਸ ਦਾ ਵਰਨਣ ਕਰਦੇ ਹੋਵਣ ਅਤੇ ਸਿੱਖਾਂ ਦੇ ਸਾਰੇ ਬ੍ਰਹਮਗਿਆਨੀ, ਸਮੇਤ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਦੇ ਇਸ ਗੱਲ ਨੂੰ ਪਰਵਾਨ ਕਰਦੇ ਹੋਵਣ ਤਾਂ ਭਲਾ ਸਾਡੇ ਵਰਗੇ ਕੁੱਝ ਮੂਰਖ ਜਿਹੇ ਲੋਕ ਇਸ ਨੂੰ ਨਾ ਮੰਨਦੇ ਹੋਣ ਤਾਂ ਕੀ ਫਰਕ ਪੈਂਦਾ ਹੈ। ਇਸ ਲਈ ਸਾਰੇ ਸਿੱਖ ਜਗਤ ਨੂੰ ਲੱਖ-ਲੱਖ ਵਧਾਈਆਂ, ਕਿਉਂਕਿ ਸਿੱਖ ਤਾਂ ਐਵੇਂ ਹੀ ਰੌਲੀ ਪਾਈ ਜਾਂਦੇ ਹਨ ਕਿ ਭਗਵੰਤ ਮਾਨ ਨੇ ਸਿੱਖ ਗੁਰੂਆਂ ਦੀ ਫੋਟੋ ਦੀ ਤੌਹੀਨ ਕੀਤੀ ਹੈ। ਉਹ ਤਾਂ ਸਗੋਂ ਲੋਕਾਂ ਦੇ ਦਿੱਤੇ ਟੈਕਸ ਨਾਲ ਸਿੱਖਾਂ ਦੇ ਵੱਡੇ ਵਡੇਰਿਆਂ ਨੂੰ ਯਾਦ ਕਰਦਿਆਂ ਇੱਕ ਬਹੁਤ ਹੀ ਵਧੀਆ ਮੰਦਰ ਦਾ ਨਿਰਮਾਣ ਕਰਨ ਜਾ ਰਿਹਾ ਹੈ। ਆਮ ਸ਼ਰਧਾਵਾਨ ਸਿੱਖਾਂ ਨੂੰ ਤਾਂ ਵਧਾਈਆਂ ਹਨ ਹੀ ਪਰ ਖਾਲਿਸਤਾਨੀਆਂ ਨੂੰ ਡਬਲ ਵਧਾਈਆਂ। ਕਿਉਂਕਿ ਇਨ੍ਹਾਂ ਦੇ ਜਿਸ ਮਹਾਨ ਪੁਰਸ਼ ਨੇ ਆਪਣਾ ਸਰੀਰ ਕੁਰਬਾਨ ਕਰਕੇ ਖਾਲਿਸਤਾਨ ਦੀ ਨੀਂਹ ਰੱਖੀ ਸੀ ਉਸ ਦਾ ਤਾਂ ਬਚਿੱਤਰ ਨਾਟਕ ਲਈ ਰੋਮ ਰੋਮ ਰਿਣੀ ਸੀ। ਜਿਸ ਸੱਚਖੰਡ ਵਾਸੀ ਮਹਾਂਪੁਰਸ਼ ਤੋਂ ਉਸ ਨੇ ਸਾਰੀ ਸਿੱਖਿਆ ਲਈ ਸੀ, ਉਸ ਨੇ ਜੋ ਆਪਣੇ ਅਨੁਭਵ ਤੋਂ ਲਿਖਿਆ ਹੈ ਉਹ ਹੇਠਾਂ ਦਰਜ਼ ਹੈ। ਪਿੰਦਰਪਾਲ ਵਰਗੇ ਕਥਾਵਾਚਕਾਂ ਨੂੰ ਵੀ ਬੇਹੱਦ ਖੁਸ਼ੀ ਹੋਈ ਹੋਵੇਗੀ ਕਿਉਂਕਿ ਉਨ੍ਹਾਂ ਦੀ ਮਿਹਨਤ ਨੂੰ ਬੂਰ ਪਿਆ ਹੈ। ਕਿਉਂਕਿ ਇਹ ਆਮ ਹੀ ਕਿਹਾ ਕਰਦਾ ਸੀ ਕਿ ਬਾਬੇ ਜਰਨੈਲ ਸਿੰਘ ਦੇ ਜੀਂਅਦੇ ਹੁੰਦਿਆਂ ਕਿਸੇ ਦੀ ਵੀ ਜ਼ੁਅਰਤ ਨਹੀਂ ਸੀ ਪਈ ਦਸਮ ਗ੍ਰੰਥ ਦਾ ਵਿਰੋਧ ਕਰਨ ਦੀ। ਪੰਜਾਬ ਦੇ ਵਾਰਿਸ ਜਥੇਬੰਦੀ ਨੂੰ ਵਧਾਈਆਂ ਕਿਉਂਕਿ ਇਨ੍ਹਾਂ ਦੀ ਵੀ ਇਹੀ ਵਿਚਾਰਧਾਰਾ ਹੈ। ਗੜਗੱਜ ਨੂੰ ਵੀ ਖਾਸ ਵਧਾਈਆਂ। ਵਧਾਈਆਂ ਜੀ ਵਧਾਈਆਂ, ਸਭ ਨੂੰ ਹੀ ਵਧਾਈਆਂ। ਜੇ ਕਰ ਭਗਵੰਤ ਮਾਨ ਤੁਹਾਡੇ ਗੁਰੂਆਂ ਦੇ ਵੱਡੇ ਵਡੇਰਿਆਂ ਦਾ ਇਤਨਾ ਸਤਿਕਾਰ ਕਰਦਾ ਹੈ ਤਾਂ ਉਸ ਦਾ ਵਿਰੋਧ ਕਰਨ ਲੱਗਿਆਂ ਕੁੱਝ ਤਾਂ ਅਕਲ ਨੂੰ ਹੱਥ ਮਾਰੋ। ਹੇਠਾਂ ਦੇਖੋ ਗੁਰੂਆਂ ਦੀ ਵੰਸ ਕਿਸ ਨਾਲ ਜੁੜਦੀ ਹੈ। ਇਹ ਕਿਤਾਬ ‘ਗੁਰਬਾਣੀ ਪਾਠ ਦਰਪਣ’ ਕਿਸੇ ਆਮ ਵਿਆਕਤੀ ਦੀ ਨਹੀਂ ਲਿਖੀ ਹੋਈ, ਇਹ ਤਾਂ ਸੱਚਖੰਡ ਵਾਸੀ ਮਹਾਂਪੁਰਸ਼ਾਂ ਦੀ ਲਿਖੀ ਹੋਈ ਹੈ। ਇਸੇ ਹੀ ਮਹਾਂ ਪੁਰਸ਼ ਨੇ ਅਗਾਂਹ ਸਾਰੀ ਸਿੱਖਿਆ ਸਿੱਖਾਂ ਦੇ ਵੀਹਵੀਂ ਸਦੀ ਦੇ ਮਹਾਨ ਸਿੱਖ/ਸ਼ਹੀਦ ਨੂੰ ਦਿੱਤੀ ਸੀ। ਇਸ ਵਿੱਚ ਭਗਵੰਤ ਮਾਨ ਕਿਵੇਂ ਗਲਤ ਹੋ ਸਕਦਾ ਹੈ? ਸੋ ਰੱਜ-ਰੱਜ ਖੁਸ਼ੀਆਂ ਮਾਣੋ ਜੀ ਆਪਣੇ ਗੁਰੂਆਂ ਦੇ ਵੱਡੇ ਵਡੇਰਿਆਂ ਦੇ ਮਾਣ ਸਤਿਕਾਰ ਵਜੋਂ।
ਮੱਖਣ ਪੁਰੇਵਾਲ,
ਜੂਨ 29, 2026.
