ਜੂਨ, 84 ਦੇ ਫੌਜੀ ਹਮਲੇ ਦੀ ਪਹੇਲੀ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ….
(ਕੀ ਸੰਤ ਭਿੰਡਰਾਂਵਾਲ਼ੇ ਹਮਲਾ ਕਰਾਉਣ ਲਈ ਮਿਥ ਕੇ ਇੰਦਰਾ ਗਾਂਧੀ ਨੂੰ ਵੰਗਾਰਨ ਲੱਗੇ ਸਨ?)
Harcharan Singh Parhar Email: hparharwriter@gmail.com
ਪਿਛਲੇ ਸਾਲ, ਸੰਤ ਭਿੰਡਰਾਂਵਾਲ਼ਿਆਂ ਨਾਲ਼ 1978 ਤੋਂ ਰਹੇ ਖਾੜਕੂ ਨਰਾਇਣ ਸਿੰਘ ਚੌੜਾ ਨੇ ਇੱਕ ਕਿਤਾਬ ‘ਖਾਲਿਸਤਾਨ ਵਿਰੁੱਧ ਸਾਜ਼ਿਸ਼’ ਲਿਖੀ ਸੀ। ਜਿਸ ਵਿੱਚ ਉਨ੍ਹਾਂ ਇਹ ਸਪੱਸ਼ਟ ਕੀਤਾ ਸੀ ਕਿ ਸੰਤ ਭਿੰਡਰਾਂਵਲ਼ਿਆਂ ਨੇ ਆਪਣੀ ਚੜ੍ਹਤ ਦੇ ਸ਼ੁਰੂਆਤੀ ਦੌਰ ਵਿੱਚ ਹੀ ਮਨ ਬਣਾ ਲਿਆ ਸੀ ਕਿ ਉਹ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਸ਼ਹੀਦ ਬਾਬਾ ਦੀਪ ਸਿੰਘ ਵਾਂਗ ਅਕਾਲ ਤਖਤ ਸਾਹਿਬ `ਤੇ ਸ਼ਹੀਦੀ ਪਾ ਕੇ ਇਤਿਹਾਸ ਵਿੱਚ ਅਕਾਲ ਤਖਤ ਦੇ ਰਾਖੇ ਵਜੋਂ ਆਪਣਾ ਨਾਮ ਦਰਜ ਕਰਾਉਣਗੇ।
ਇਸੇ ਤਰ੍ਹਾਂ ਦਾ ਇੰਕਸ਼ਾਫ ਸਿੱਖ ਵਿਦਵਾਨ ਸ. ਅਜਮੇਰ ਸਿੰਘ ਨੇ ਵੀ ਆਪਣੀਆਂ ਕਿਤਾਬਾਂ ਅਤੇ ਵੀਡੀਓਜ਼ ਵਿੱਚ ਕੀਤਾ ਹੈ ਕਿ ਸੰਤਾਂ ਦੇ ਵਿਰੋਧੀ ਕਹਿੰਦੇ ਹਨ ਕਿ ਜੇ ਸੰਤ ਜੀ ਨੇ ਫੌਜ ਨਾਲ਼ ਲੜ ਕੇ ਸ਼ਹੀਦੀ ਹੀ ਪਾਉਣੀ ਸੀ ਤਾਂ ਉਹ ਦਰਬਾਰ ਸਾਹਿਬ ਤੋਂ ਬਾਹਰ ਜਾ ਕੇ ਲੜ ਲੈਂਦੇ, ਆਪਣੇ ਜਥੇ ਦੇ ਗੁਰਦੁਆਰੇ ਮਹਿਤਾ ਚੌਂਕ ਚਲੇ ਜਾਂਦੇ, ਜਿਸ ਨਾਲ਼ ਭਾਰਤੀ ਫੌਜ ਨੂੰ ਅਕਾਲ ਤਖਤ ਸਾਹਿਬ `ਤੇ ਹਮਲਾ ਕਰਨਾ ਦਾ ਮੌਕਾ ਨਾ ਮਿਲਦਾ। ਪਰ ਅਜਮੇਰ ਸਿੰਘ ਕਹਿੰਦੇ ਹਨ ਕਿ ਗੁਲਾਮੀ ਦੀ ਗੂੜ੍ਹੀ ਨੀਂਦ ਵਿੱਚ ਸੁੱਤੀ ਪਈ ਸਿੱਖ ਕੌਮ ਨੂੰ ਜਗਾਉਣ ਲਈ ਜਿੱਥੇ ਇੱਕ ਵੱਡੀ ਸ਼ਹਾਦਤ ਦੀ ਲੋੜ ਸੀ, ਉਥੇ ਉਸ ਲਈ ਜਗ੍ਹਾ ਵੀ ਮਹਾਨ ਹੋਣੀ ਚਾਹੀਦੀ ਸੀ। ਉਹ ਅੱਗੇ ਕਹਿੰਦੇ ਹਨ ਕਿ ਸੰਤਾਂ ਨੇ ਗੁਰੂ ਨਾਨਕ ਨਿਵਾਸ ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਜਦੋਂ ਹੀ ਉਨ੍ਹਾਂ ਨੂੰ ਕੋਈ ਮੌਕਾ ਮਿਲੇਗਾ ਤਾਂ ਉਹ ਅਕਾਲ ਤਖਤ ਸਾਹਿਬ ਪਹੁੰਚ ਜਾਣਗੇ ਅਤੇ ਆਪਣੀ ਸ਼ਹੀਦੀ ਉਥੇ ਹੀ ਦੇਣਗੇ। ਸੰਤਾਂ ਨੇ ਸ਼ਹੀਦੀ ਦੇਣ ਦਾ ਆਪਣਾ ਮਨ ਲੰਬਾ ਸਮਾਂ ਪਹਿਲਾਂ ਹੀ ਬਣਾ ਲਿਆ ਹੋਇਆ ਸੀ। ਅਜਮੇਰ ਸਿੰਘ ਅਨੁਸਾਰ ਜੇ ਸੰਤ ਜੀ ਮਹਿਤਾ ਚੌਂਕ ਜਾਂ ਕਿਸੇ ਹੋਰ ਜਗ੍ਹਾ ਸ਼ਹਾਦਤ ਦਿੰਦੇ ਤਾਂ ਉਹ ਮੁਕਾਮ ਹਾਸਿਲ ਨਹੀਂ ਹੋਣਾ ਸੀ, ਜੋ ਅਕਾਲ ਤਖਤ `ਤੇ ਸ਼ਹੀਦ ਹੋ ਕੇ ਉਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸ਼ਹੀਦ ਦਾ ਮਾਣ ਮਿਲ਼ਿਆ ਹੈ ਅਤੇ ਸਿੱਖਾਂ ਵਿੱਚ ਜਿਹੜਾ ਰੋਹ ਦਰਬਾਰ ਸਾਹਿਬ, ਅਕਾਲ ਤਖਤ `ਤੇ ਹਮਲੇ ਕਰਕੇ ਜਾਗਿਆ, ਕਿਸੇ ਹੋਰ ਜਗ੍ਹਾ ਕਰਕੇ ਨਹੀਂ ਜਾਗਣਾ ਸੀ। ਖਾਲਿਸਤਾਨੀ ਲਹਿਰ ਵੀ ਅੱਗੇ ਕਦੇ ਨਹੀਂ ਵਧਣੀ ਸੀ।
ਇਸ ਤੋਂ ਇਲਾਵਾ ਸੰਤਾਂ ਨਾਲ਼ ਵਿਚਰਨ ਵਾਲ਼ੇ ਅਨੇਕਾਂ ਸਿੰਘਾਂ ਨੇ ਵੀ ਇਹ ਗਵਾਹੀ ਦਿੱਤੀ ਹੈ ਕਿ ਸੰਤ ਜੀ ਅਕਾਲ ਤਖਤ ਸਾਹਿਬ ਗਏ ਹੀ ਸ਼ਹਾਦਤ ਦੇਣ ਸਨ, ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ ਸੀ। ਇਸ ਤੋਂ ਪ੍ਰਤੱਖ ਹੈ ਕਿ ਸੰਤਾਂ ਵਲੋਂ 24 ਅਪਰੈਲ, 1980 ਨੂੰ ਨਿਰੰਕਾਰੀ ਮੁੱਖੀ ਗੁਰਬਚਨ ਸਿੰਘ ਅਤੇ 9 ਸਤੰਬਰ, 1981 ਨੂੰ ਲਾਲਾ ਜਗਤ ਨਰਾਇਣ ਦੇ ਕਤਲ ਕਰਾਉਣ ਤੋਂ ਸ਼ੁਰੂ ਕਰਕੇ 6 ਜੂਨ, 1984 ਤੱਕ ਜੋ ਵੀ ਕਰਾਇਆ, ਉਹ ਸਭ ਸ਼ਹਾਦਤ ਵਾਲ਼ੀ ਪਲੈਨ ਦਾ ਹੀ ਹਿੱਸਾ ਸੀ। ਇਸਦੇ ਅਨੇਕਾਂ ਸਰਕਾਰੀ ਤੇ ਗੈਰ-ਸਰਕਾਰੀ ਪ੍ਰਮਾਣ ਮੌਜੂਦ ਹਨ ਕਿ 1981 ਤੋਂ 1984 ਤੱਕ ਉਨ੍ਹਾਂ ਦੀ ਸਖਸ਼ੀਅਤ ਨੂੰ ਸਿੱਧੇ-ਅਸਿੱਧੇ ਢੰਗ ਨਾਲ਼ ਵੱਡਾ ਕਰਨ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਦਾ ਵੀ ਉਤਨਾ ਹੀ ਰੋਲ ਸੀ, ਜਿਤਨਾ 1978 ਤੋਂ 1984 ਤੱਕ ਗਿਆਨੀ ਜੈਲ ਸਿੰਘ ਦੇ ਕਾਂਗਰਸੀ ਧੜੇ ਦਾ ਸੀ। ਉਨ੍ਹਾਂ ਦਾ ਮਹਿਤਾ ਚੌਂਕ ਗੁਰਦੁਆਰੇ ਤੋਂ ਗੁਰੂ ਨਾਨਕ ਨਿਵਾਸ ਆਉਣਾ, ਗੁਰੂ ਨਾਨਕ ਨਿਵਾਸ ਤੋਂ ਅਕਾਲ ਤਖਤ ਸਾਹਿਬ ਜਾਣਾ, ਇੱਕ ਸੋਚੀ-ਸਮਝੀ ਰਣਨੀਤੀ ਦਾ ਹੀ ਹਿੱਸਾ ਸੀ। 1978 ਦੀ ਸਿੱਖ-ਨਿਰੰਕਾਰੀ ਝੜਪ ਨੂੰ ਸਿੱਖਾਂ ਖਿਲਾਫ ਵੱਡੀ ਇਤਿਹਾਸਕ ਸਾਜ਼ਿਸ਼ ਬਣਾਉਣਾ, ਸੈਂਕੜੇ ਬੇਗੁਨਾਹ ਨਿਰੰਕਾਰੀਆਂ ਦੇ ਕਤਲ ਕਰਾਉਣੇ, ਬਾਅਦ ਵਿੱਚ ਅਕਾਲੀਆਂ ਦੇ ‘ਧਰਮ ਯੁੱਧ ਮੋਰਚੇ’ ਨੂੰ ਹਾਈਜੈਕ ਕਰਨਾ ਅਤੇ ਸ਼ਾਂਤਮਈ ਧਰਮ ਯੁੱਧ ਮੋਰਚੇ ਵਿੱਚ ਹਥਿਆਰਬੰਦ ਲਹਿਰ ਨੂੰ ਇਸ ਹੱਦ ਤੱਕ ਲੈ ਜਾਣਾ ਕਿ ਸਰਕਾਰ ਮਜਬੂਰ ਹੋ ਕੇ ਅਕਾਲ ਤਖਤ ਸਾਹਿਬ `ਤੇ ਹਮਲਾ ਕਰੇ, ਸਭ ਉਸ ਪਲ਼ੈਨ ਦਾ ਹੀ ਹਿੱਸਾ ਸੀ। ਬਹੁਤ ਸਾਰੇ ਲੋਕ ਅਕਸਰ ਇਹ ਕਹਿੰਦੇ ਹਨ ਕਿ ਸਰਕਾਰ ਫੌਜ ਨਾ ਭੇਜਦੀ, ਸੰਤ ਅਤੇ ਉਸਦੇ ਜੁਝਾਰੂਆਂ ਨੂੰ ਬਾਹਰ ਕੱਢਣ ਲਈ ਕੋਈ ਹੋਰ ਰਸਤਾ ਅਖਤਿਆਰ ਕਰਦੀ, ਉਥੇ ਬਿਜਲੀ, ਪਾਣੀ, ਭੋਜਨ ਬੰਦ ਕਰਕੇ ਉਨ੍ਹਾਂ ਨੂੰ ਨਿਕਲਣ ਲਈ ਮਜਬੂਰ ਕਰਦੀ ਆਦਿ ਆਦਿ …।
ਪਰ ਇਸ ਸਬੰਧੀ ਭਾਈ ਚੌੜਾ ਕਹਿੰਦੇ ਹਨ ਕਿ ਸ਼ਾਹਬੇਗ ਸਿੰਘ ਕਹਿੰਦੇ ਸਨ ਕਿ ਜੇ ਫੌਜ 6 ਮਹੀਨੇ ਹੋਰ ਹਮਲਾ ਨਾ ਕਰੇ ਤਾਂ ਉਹ ਟੈਂਕਾਂ, ਤੋਪਾਂ ਅਤੇ ਹਾਵਈ ਸੈਨਾ ਲੈ ਕੇ ਆਈ ਭਾਰਤੀ ਫੌਜ ਨਾਲ਼ 6 ਮਹੀਨੇ ਤੱਕ ਲੜਨ ਦਾ ਪ੍ਰਬੰਧ ਕਰ ਲੈਣਗੇ ਅਤੇ ਜੇ ਹੁਣ ਵੀ ਫੌਜ ਨੇ ਟੈਂਕ ਨਾ ਵਰਤੇ ਤਾਂ ਅਸੀਂ ਹੁਣ ਵੀ 6 ਮਹੀਨੇ ਤੱਕ ਲੜਨ ਦੇ ਸਮਰੱਥ ਹਾਂ। ਸ਼ਾਇਦ ਇਸੇ ਕਰਕੇ ਜਨਰਲ ਕੁਲਦੀਪ ਬਰਾੜ ਨੇ 3 ਅਤੇ 4 ਜੂਨ ਦੇ ਸ਼ੁਰੁਆਤੀ ਹਮਲੇ ਤੋਂ ਅਨੁਭਵ ਕਰ ਲਿਆ ਸੀ ਕਿ ਟੈਂਕ ਦੇ ਗੋਲ਼ੇ ਅਕਾਲ ਤਖਤ `ਤੇ ਸੁੱਟੇ ਤੋਂ ਬਿਨਾਂ ਇਹ ਅਪਰੇਸ਼ਨ ਲਟਕ ਜਾਵੇਗਾ ਅਤੇ ਪੰਜਾਬ ਵਿੱਚ ਬਗਾਵਤ ਹੋ ਸਕਦੀ ਹੈ। ਇਸ ਸਬੰਧੀ ਬਰਾੜ ਆਪਣੀ ਕਿਤਾਬ ‘ਓਪਰੇਸ਼ਨ ਬਲਿਊ ਸਟਾਰ: ਟਰੂ ਸਟੋਰੀ’ ਵਿੱਚ ਲਿਖਦਾ ਹੈ ਕਿ ਇੰਦਰਾ ਗਾਂਧੀ ਆਖਰੀ ਮੌਕੇ ਤੱਕ ਉਸਨੂੰ ਟੈਂਕ ਵਰਤਣ ਦੀ ਇਜਾਜਤ ਨਹੀਂ ਦੇ ਰਹੀ ਸੀ, ਪਰ ਸਾਨੂੰ ਪਤਾ ਸੀ ਕਿ ਟੈਂਕ ਦੇ ਗੋਲ਼ਿਆਂ ਤੋਂ ਬਿਨਾਂ ਇਹ ਲੜਾਈ ਖਤਮ ਕਰਨੀ ਮੁਸ਼ਕਿਲ ਹੈ ਕਿਉਂਕਿ ਸੰਤ ਅਤੇ ਸ਼ਾਹਬੇਗ ਸਿੰਘ ਦੇ ਜੁਝਾਰੂ ਅਕਾਲ ਤਖਤ ਅਤੇ ਦਰਬਾਰ ਸਾਹਿਬ ਕੰਪਲੈਕਸ ਦੀਆਂ ਵੱਖ-ਵੱਖ ਥਾਵਾਂ ਨੂੰ ਢਾਲ਼ ਬਣਾ ਕੇ ਸੁਰੱਖਿਅਤ ਠਿਕਾਣਿਆਂ ਵਿੱਚ ਲੁਕੇ ਬੈਠੇ ਹਨ। ਜਨਰਲ ਬਰਾੜ ਅਨੁਸਾਰ ਜਿਹੜਾ ਬਲੂ ਸਟਾਰ ਓਪਰੇਸ਼ਨ ਸਿਰਫ 2-4 ਘੰਟਿਆਂ ਦਾ ਹੋਣਾ ਸੀ, ਉਹ ਇਸੇ ਕਰਕੇ 3, 4, 5 ਜੂਨ ਤੱਕ ਲੰਬਾ ਚੱਲ ਗਿਆ। ਦੂਜੇ ਪਾਸੇ ਸਰਕਾਰ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀਆਂ ਇਮਾਰਤਾਂ ਦਾ ਬਿਨਾਂ ਨੁਕਸਾਨ ਕੀਤੇ, ਇਹ ਮਿਸ਼ਨ ਪੂਰਾ ਕਰਾਉਣਾ ਚਾਹੁੰਦੀ ਸੀ।
ਪਰ ਜੇ ਤੁਸੀਂ ਭਾਈ ਚੌੜਾ ਦੀ ਇਹ ਕਿਤਾਬ ਅਤੇ ਬਲਜੀਤ ਸਿੰਘ ਖਾਲਸਾ ਦੀ ਕਿਤਾਬ ‘ਰੌਸ਼ਨ ਦਿਮਾਗ: ਹਰਮਿੰਦਰ ਸਿੰਘ ਸੰਧੂ’ ਧਿਆਨ ਨਾਲ਼ ਪੜ੍ਹੋ ਤਾਂ ਸਮੱਸ਼ਟ ਹੋ ਜਾਵੇਗਾ ਕਿ ਸਰਕਾਰ ਜਾਂ ਫੌਜ, ਜੋ ਮਰਜੀ ਕਰਦੀ, ਅਕਾਲੀ ਬੇਸ਼ੱਕ ਅਨੰਦਪੁਰ ਦਾ ਮਤਾ ਵੀ ਮੰਨਵਾ ਲੈਂਦੇ, ਸੰਤਾਂ ਨੇ ਕਦੇ ਵੀ ਬਾਹਰ ਨਹੀਂ ਆਉਣਾ ਸੀ, ਉਨ੍ਹਾਂ ਨੇ ਸ਼ਹੀਦੀਆਂ, ਪਾਉਣੀਆਂ ਹੀ ਪਾਉਣੀਆਂ ਸਨ। ਉਨ੍ਹਾਂ ਦੇ ਨਾਲ਼ 150-200 ਸਿੰਘਾਂ ਨੇ ਇਹ ਤਹੱਈਆ ਕੀਤਾ ਹੋਇਆ ਸੀ ਕਿ ਅਸੀਂ ਹਿੰਸਾ ਦਾ ਇੱਕ ਅਜਿਹਾ ਦੌਰ ਚਲਾ ਕੇ ਸਰਕਾਰ ਨੂੰ ਮਜਬੂਰ ਕਰ ਦਿਆਂਗੇ ਕਿ ਲੋਕ ਆਪ ਹੀ ਸਰਕਾਰ ਨੂੰ ਕਹਿਣ ਲੱਗਣ ਕਿ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ। ਦਸੰਬਰ, 1983 ਵਿੱਚ ਸੰਤ ਜੀ ਆਪਣੇ ਜੁਝਾਰੂ ਸਾਥੀਆਂ ਨਾਲ਼ ਦਰਬਾਰ ਸਾਹਿਬ ਕੰਪਲੈਕਸ ਅੰਦਰ ਕੁੱਝ ਖਾੜਕੂ ਗਰੁੱਪਾਂ ਦੀ ਆਪਸੀ ਲੜਾਈ ਨੂੰ ਅਧਾਰ ਬਣਾ ਕੇ ਗੁਰੂ ਨਾਨਕ ਨਿਵਾਸ ਤੋਂ ਅਕਾਲ ਤਖਤ ਚਲੇ ਗਏ ਸਨ। ਜਿਸਦੀ ਉਹ ਤਾਕ ਵਿੱਚ ਲੰਬੇ ਸਮੇਂ ਤੋਂ ਸਨ। ਇਸ ਸਬੰਧੀ ਭਾਈ ਚੌੜਾ ਦਾ ਕਹਿਣਾ ਹੈ ਕਿ ਟਕਸਾਲ ਅਤੇ ਬੱਬਰਾਂ ਦੇ ਸਿੰਘਾਂ ਵਿੱਚ ਹੋਈ ਲੜਾਈ ਸਬੰਧੀ ਜਥੇਦਾਰ ਟੌਹੜਾ ਨੇ ਸਮਝੌਤਾ ਵੀ ਕਰਾ ਦਿੱਤਾ ਸੀ। ਪਰ ਜਨਰਲ ਸ਼ਾਹਬੇਗ ਸਿੰਘ ਨੇ ਸੰਤ ਜੀ ਨੂੰ ਸਲਾਹ ਦਿੱਤੀ ਸੀ ਕਿ ਇਸ ਤੋਂ ਪਹਿਲਾਂ ਕਿ ਸਮਝੌਤੇ ਬਾਰੇ ਗੱਲ ਬਾਹਰ ਆਏ, ਇਹੀ ਮੌਕਾ ਹੈ ਕਿ ਰਾਤੋ-ਰਾਤ ਅਕਾਲ ਤਖਤ `ਤੇ ਚਲੇ ਜਾਣਾ ਚਾਹੀਦਾ ਹੈ।
ਇਸ ਸਾਲ ਜੂਨ, 84 ਬਾਰੇ ਇੱਕ ਰੌਚਕ ਤੱਥ ਉਦੋਂ ਸਾਹਮਣੇ ਆਇਆ, ਖਾਲਸਾ ਕਾਲਿਜ ਅੰਮ੍ਰਿਤਸਰ ਦੇ ਸਾਬਕਾ ਪ੍ਰੋ: ਬਲਜਿੰਦਰ ਸਿੰਘ ਨੇ ‘ਬੋਲਡ ਪੰਜਾਬ ਟੀਵੀ’ ਨਾਮ ਦੇ ਯੂ ਟਿਊਬ ਚੈਨਲ `ਤੇ ਇੱਕ ਇੰਟਰਵਿਊ ਦੌਰਾਨ ਪਹਿਲੀ ਵਾਰ ਇੱਕ ਇੰਕਸ਼ਾਫ ਕੀਤਾ ਸੀ ਕਿ ਉਸਨੇ ਹੀ ਪਹਿਲੀ ਵਾਰ ਦਸੰਬਰ, 1983 ਵਿੱਚ ਗੁਰੂ ਨਾਨਕ ਨਿਵਾਸ ਵਿੱਚ ਜਨਰਲ ਸ਼ਾਹਬੇਗ ਸਿੰਘ ਦੀ ਸੰਤਾਂ ਨਾਲ਼ ਮੁਲਾਕਾਤ ਕਰਾਈ ਸੀ। ਹੈਰਾਨੀ ਦੀ ਗੱਲ ਹੈ ਕਿ ਸੰਤ ਭਿੰਡਰਾਂਵਾਲ਼ਿਆਂ ਨੂੰ ਇੱਕ ਅਣਜਾਣ ਬੰਦਾ, ਉਹ ਵੀ ਜਿਹੜਾ ਮਿਲਟਰੀ ਦਾ ਸਾਬਕਾ ਜਨਰਲ ਸੀ, ਪਹਿਲੀ ਮਿਲਣੀ ਵਿੱਚ ਵਿਦੇਸ਼ੀ ਰਿਵਾਲਵਰ ਭੇਟ ਕਰਦਾ ਹੈ, ਪਰ ਸੰਤ ਜੀ ਨੂੰ ਕੋਈ ਸ਼ੱਕ ਨਹੀਂ ਹੁੰਦੀ, ਸਗੋਂ ਕਹਿੰਦੇ ਹਨ ਕਿ ਬਹੁਤ ਦੇਰ ਬਾਅਦ ਆਏ ਹੋ, ਬਹੁਤ ਚਿਰ ਤੋਂ ਉਡੀਕਦੇ ਸੀ। ਸ਼ਾਹਬੇਗ ਸਿੰਘ ਦੇ ਨਾਨਕ ਨਿਵਾਸ ਵਿੱਚ ਆਉਣ ਤੋਂ ਕੁੱਝ ਦਿਨਾਂ ਬਾਅਦ ਹੀ ਬੱਬਰਾਂ ਅਤੇ ਟਕਸਾਲੀਆਂ ਦੀ ਲੜਾਈ ਹੁੰਦੀ ਹੈ। ਉਸੇ ਲੜਾਈ ਦਾ ਬਹਾਨਾ ਬਣਾ ਕੇ ਸ਼ਾਹਬੇਗ ਸਿੰਘ, ਸੰਤ ਜੀ ਨੂੰ ਇਹ ਕਹਿ ਕਿ ਅਕਾਲ ਤਖਤ ਸਾਹਿਬ ਲੈ ਜਾਂਦੇ ਹਨ ਕਿ ਇਹ ਜਗ੍ਹਾ ਹੁਣ ਉਨ੍ਹਾਂ ਲਈ ਸੁਰੱਖਿਅਤ ਨਹੀਂ। ਅਗਲੇ ਦੋ ਮਹੀਨਿਆਂ ਵਿੱਚ ਸ਼ਾਬੇਗ ਸਿੰਘ ਸੰਤਾਂ ਦੇ ਸਭ ਤੋਂ ਵੱਧ ਵਿਸ਼ਵਾਸ਼ ਪਾਤਰ ਬਣ ਜਾਂਦੇ ਹਨ। ਨਰਾਇਣ ਸਿੰਘ ਚੌੜਾ ਆਪਣੀ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ ਕਿ ਸੰਤਾਂ ਕੋਲ਼ ਹਥਿਆਰਾਂ ਦੇ ਜੋ ਦੋ ਟਰੱਕ ਅੰਦਰ ਆਏ ਸਨ, ਇਹ ਉਹੀ ਹਥਿਆਰ ਸਨ, ਜੋ ਜਨਰਲ ਸ਼ਾਹਬੇਗ ਸਿੰਘ ਨੇ ਬੰਗਲਾ ਦੇਸ਼ ਦੀ ਜੰਗ ਵਿੱਚ ਪਾਕਿਸਤਾਨ ਦੇ ਲੁਕੋ ਕੇ ਰੱਖ ਲਏ ਸਨ। ਕੀ ਕੋਈ ਥੋੜੀ ਜਿਹੀ ਸਮਝ ਰੱਖਣ ਵਾਲ਼ਾ ਵਿਅਕਤੀ ਵੀ ਯਕੀਨ ਕਰ ਸਕਦਾ ਹੈ ਕਿ ਮਿਲਟਰੀ ਦਾ ਇੱਕ ਮੇਜਰ ਜਨਰਲ ਸ਼ਾਹਬੇਗ ਸਿੰਘ ਇਸ ਤਰ੍ਹਾਂ ਹਥਿਆਰਾਂ ਦੇ ਦੋ ਟਰੱਕ ਚੋਰੀ ਕਰਕੇ ਰੱਖ ਸਕਦਾ ਸੀ? ਜਿੱਥੇ ਮਿਲਟਰੀ ਵਿੱਚ ਇੱਕ-ਇੱਕ ਬੁਲੇਟ ਦਾ ਵੀ ਹਿਸਾਬ ਰੱਖਿਆ ਜਾਂਦਾ ਹੈ। ਕੀ ਇਹ ਸੰਭਵ ਹੈ ਕਿ ਉਹ ਸਰਕਾਰ ਜਿਸਨੇ ਸ਼ਾਹਬੇਗ ਸਿੰਘ ਨੂੰ ਕੁੱਝ ਹਜਾਰ ਰੁਪਇਆਂ ਦੇ ਇਲਜਾਮ ਹੇਠ ਇਤਨੀ ਵੱਡੀ ਪੋਸਟ ਤੋਂ 1976 ਵਿੱਚ ਹਟਾ ਦਿੱਤਾ ਸੀ, ਉਸਨੂੰ ਇਹ ਨਹੀਂ ਪਤਾ ਲੱਗਾ ਕਿ ਸ਼ਾਹਬੇਗ ਸਿੰਘ ਨੇ ਦੋ ਟਰੱਕ ਅਸਲੇ ਦੇ ਲੁਕੋ ਕੇ ਰੱਖੇ ਹੋਏ ਸਨ? ਕੀ ਕਦੇ ਕਿਸੇ ਨੇ ਸੋਚਿਆ ਕਿ ਦੋ ਟਰੱਕ ਸ਼ਾਹਬੇਗ ਸਿੰਘ 13 ਸਾਲ ਕਿੱਥੇ ਲੁਕੋ ਕੇ ਰੱਖੇ ਸਨ? ਕੀ ਉਸਨੂੰ 1971 ਵਿੱਚ ਹੀ ਪਤਾ ਸੀ ਕਿ ਜੂਨ, 84 ਵਿੱਚ ਭਾਰਤੀ ਫੌਜ ਹਮਲਾ ਕਰੇਗੀ ਅਤੇ ਉਹ ਇਸ ਅਸਲੇ ਨਾਲ਼ ਭਾਰਤੀ ਫੌਜ ਨਾਲ਼ ਲੜੇਗਾ? ਕੀ ਸ਼ਾਹਬੇਗ ਸਿੰਘ ਨੂੰ ਇਹ ਵੀ ਪਤਾ ਸੀ ਕਿ ਉਸਨੂੰ ਸਰਕਾਰ ਕੁਰਪੱਸ਼ਨ ਦੇ ਦੋਸ਼ਾਂ ਵਿੱਚ 1971 ਦੀ ਜੰਗ ਤੋਂ 5 ਸਾਲ ਬਾਅਦ ਡਿਸਮਿਸ ਕਰੇਗੀ ਤਾਂ ਉਹ ਲੁਕੋ ਕੇ ਰੱਖੇ ਹਥਿਆਰ 8 ਸਾਲ ਵਰਤਣਗੇ, ਉਹ ਵੀ ਤਾਂ ਜੇ ਕੇਸ ਹਾਰ ਗਏ?
ਇੱਕ ਤੱਥ ਇਹ ਵੀ ਵਿਚਾਰਨ ਵਾਲ਼ਾ ਹੈ ਕਿ ਜਦੋਂ 1984 ਦੇ ਪਹਿਲੇ ਦੋ ਮਹੀਨਿਆਂ ਵਿੱਚ ਜਨਰਲ ਸਾਹਿਬ ਨੇ ਆਪਣੇ ਲੁਕੋਏ ਹੋਏ ਹਥਿਆਰ ਲੰਗਰ ਦੇ ਟਰੱਕਾਂ ਰਾਹੀਂ ਅਕਾਲ ਤਖਤ ਪਹੁੰਚਾ ਦਿੱਤੇ ਅਤੇ ਲੜਾਈ ਲਈ ਮੋਰਚੇ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ 27 ਫਰਵਰੀ, 1984 ਨੂੰ ਇੱਕ ਚਮਤਕਾਰ ਵਾਪਰਦਾ ਹੈ, ਜਦੋਂ ਜਨਰਲ ਸਾਹਿਬ ਦਾ ਕੇਸ ਕੋਰਟ ਖਾਰਜ ਕਰਕੇ, ਉਨ੍ਹਾਂ ਨੂੰ ਬਾਇੱਜਤ ਬਰੀ ਕਰ ਦਿੰਦੀ ਹੈ, ਜਿਹੜਾ ਕੇਸ ਪਿਛਲੇ 8 ਸਾਲ ਤੋਂ ਹਰ ਯਤਨ ਕਰਨ ਤੋਂ ਬਾਅਦ ਵੀ ਨਹੀਂ ਜਿੱਤਿਆ ਜਾ ਸਕਿਆ ਸੀ? ਉਸ ਵਕਤ ਮੀਡੀਆ ਇਸ ਗੱਲ ਤੋਂ ਵੀ ਹੈਰਾਨ ਸੀ ਕਿ ਸੰਤ ਭਿੰਡਰਾਂਵਾਲ਼ਿਆਂ, ਭਾਈ ਅਮਰੀਕ ਸਿੰਘ, ਭਾਈ ਠਾਰਾ ਸਿੰਘ ਦੇ ਮਿਰਤਕ ਸਰੀਰ ਤਾਂ ਪ੍ਰਕਰਮਾ ਵਿੱਚ ਰੱਖੇ ਹੋਏ ਸਨ, ਪਰ ਸਭ ਤੋਂ ਪ੍ਰਮੁੱਖ ਵਿਅਕਤੀ ਦਾ ਮਿਰਤਕ ਸਰੀਰ ਕਿਸੇ ਨੂੰ ਦਿਖਾਇਆ ਨਹੀਂ ਗਿਆ, ਹੁਣ ਤੱਕ ਦੀ ਮਿਲਦੀ ਜਾਣਕਾਰੀ ਅਨੁਸਾਰ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਸਸਕਾਰ ਵਿੱਚ ਸ਼ਾਮਿਲ ਕੀਤਾ ਗਿਆ, ਨਾ ਸੰਤ ਭਿੰਡਰਾਂਵਾਲ਼ਿਆਂ ਵਾਂਗ ਉਨ੍ਹਾਂ ਦੇ ਪਰੀਵਾਰ ਦੇ ਕਿਸੇ ਮੈਂਬਰ ਤੋਂ ਮਿਰਤਕ ਸਰੀਰ ਦੀ ਸ਼ਨਾਖਤ ਕਰਾਈ ਗਈ? ਨਾ ਹੀ ਉਨ੍ਹਾਂ ਦੇ ਮਿਰਤਕ ਸਰੀਰ ਪੋਸਟ ਮਾਟਮ ਰਿਪੋਰਟ ਕਿਤੇ ਜਨਤਕ ਕੀਤੀ ਗਈ? ਪਿਛਲੇ 42 ਸਾਲ ਤੋਂ ਸਾਰੇ ਲੋਕ ਫੌਜ ਵਲੋਂ ਐਲਾਨੇ ਮਿਰਤਕਾਂ ਵਿੱਚ ਉਨ੍ਹਾਂ ਦਾ ਨਾਮ ਸ਼ਾਮਿਲ ਹੋਣ ਨੂੰ ਸੱਚ ਮੰਨ ਕੇ ਚੱਲ ਰਹੇ ਹਨ।
ਪਾਠਕਾਂ ਦੀ ਜਾਣਕਾਰੀ ਲਈ ਇੱਥੇ ਕਲਕੱਤਾ ਤੋਂ ਛਪਦੇ ‘ਟੈਲੀਗਰਾਫ’ ਮੈਗਜੀਨ ਵਿੱਚ 16 ਮਈ, 1984 ਨੂੰ ਸ਼ਾਹਬੇਗ ਸਿੰਘ ਦੀ ਇੰਟਰਵਿਊ ਮਹੱਤਵਪੂਰਨ ਹੋਵੇਗੀ, ਜਿਸ ਵਿੱਚ ਉਹ ਜੂਨ, 1984 ਤੋਂ ਸਿਰਫ ਦੋ ਹਫਤੇ ਪਹਿਲਾਂ ਕਹਿੰਦੇ ਹਨ ਕਿ ਉਹ ਸੱਚੇ ਦੇਸ਼ ਭਗਤ ਹਨ ਅਤੇ ਨਾਲ਼ ਹੀ ਕਹਿੰਦੇ ਹਨ ਕਿ ਉਹ ਇੰਦਰਾ ਗਾਂਧੀ ਤੋਂ ਵੀ ਵੱਡੇ ਦੇਸ਼ ਭਗਤ ਹਨ। ਉਹ ਇੰਟਰਵਿਊ ਵਿੱਚ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਦੇਸ਼ ਭਗਤੀ ਦਾ ਸਾਬੂਤ 1971 ਵਿੱਚ ਉਦੋਂ ਦਿੱਤਾ ਸੀ, ਜਦੋਂ ਉਨ੍ਹਾਂ ਨੇ ਪਾਕਿਸਤਾਨ ਵਿੱਚ ਇੱਕ ਮੁਸਲਮਾਨ ਦਾ ਭੇਸ ਧਾਰਨ ਕਰਨ ਲਈ ਸਿੱਖੀ ਛੱਡ ਕੇ ਆਪਣੇ ਵਾਲ਼ ਵੀ ਕਟਵਾ ਲਏ ਸਨ। ਬਹੁਤ ਲੋਕ ਦਾ ਇਹ ਵਿਸ਼ਵਾਸ਼ ਸੀ ਕਿ ਉਨ੍ਹਾਂ ਨੇ ਮੁਸਲਿਮ ਭੇਸ ਵਿੱਚ ਫੜ੍ਹੇ ਜਾਣ ਦੀ ਸੂਰਤ ਵਿੱਚ ਆਪਣੇ ਆਪ ਨੂੰ ਸੱਚਾ ਮੁਸਲਮਾਨ ਸਾਬਿਤ ਕਰਨ ਲਈ ਸੁੰਨਤ ਵੀ ਕਰਾ ਲਈ ਸੀ।
ਇਸੇ ਸੰਦਰਭ ਵਿੱਚ ਸਿੱਖ ਵਿਦਵਾਨ ਅਤੇ ਸਾਬਕਾ ਆਈ ਏ ਐਸ ਗੁਰਤੇਜ ਸਿੰਘ ਕਹਿੰਦੇ ਹਨ ਕਿ ਸਾਲ 1984 ਦੇ ਸ਼ੁਰੂ ਵਿੱਚ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਅਤੇ ਮਿਲਟਰੀ ਦਾ ਇੱਕ ਹੋਰ ਅਫਸਰ ਉਨ੍ਹਾਂ ਦੇ ਘਰ ਚੰਡੀਗੜ੍ਹ ਆਏ `ਤੇ ਆਫਰ ਕੀਤਾ ਕਿ ਉਨ੍ਹਾਂ ਕੋਲ਼ ਬੰਗਲਾ ਦੇਸ਼ ਦੀ ਲੜਾਈ ਵਿੱਚ ਹਥਿਆਰਾਂ ਨਾਲ਼ ਲੁਕੋ ਕੇ ਰੱਖੇ ਦੋ ਟਰੱਕ ਹਨ, ਉਹ ਇਹ ਹਥਿਆਰ ਸੰਤ ਭਿੰਡਰਾਂਵਾਲ਼ਿਆਂ ਨੂੰ ਦੇਣਾ ਚਾਹੁੰਦੇ ਹਨ ਕਿਉਂਕਿ ਸੰਤ ਜੀ, ਕੌਮ ਦੀ ਬਹੁਤ ਵੱਡੀ ਲੜਾਈ ਲੜ ਰਹੇ ਹਨ, ਜੇ ਭਾਰਤੀ ਫੌਜ ਨੇ ਹਮਲਾ ਕਰ ਦਿੱਤਾ ਤਾਂ ਇਹ ਹਥਿਆਰ ਉਨ੍ਹਾਂ ਦੇ ਕੰਮ ਆਉਣਗੇ। ਪਰ ਗੁਰਤੇਜ ਸਿੰਘ ਹੋਰਾਂ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਹਥਿਆਰ ਪਹੁੰਚਾਣ ਵਿੱਚ ਕਿਸੇ ਤਰ੍ਹਾਂ ਦੀ ਮੱਦਦ ਕਰਨ ਤੋਂ ਇਨਕਾਰ ਕਰ ਦਿੱਤਾ। ਗੁਰਤੇਜ ਸਿੰਘ ਅਨੁਸਾਰ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਸੀ ਕਿ ਜਨਰਲ ਭੁੱਲਰ ਰਿਟਾਇਰ ਹੋਣ ਤੋਂ ਬਾਅਦ ਖੁਫੀਆ ਏਜੰਸੀ ਰਾਅ ਨਾਲ਼ ਕੰਮ ਕਰਦਾ ਸੀ। ਪਰ ਜਦੋਂ ਮਹੀਨਾ ਕੁ ਬਾਅਦ ਗੁਰਤੇਜ ਸਿੰਘ ਦਰਬਾਰ ਸਾਹਿਬ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਉਹੀ ਹਥਿਆਰ ਪਹਿਲਾਂ ਹੀ ਅੰਦਰ ਪਹੁੰਚ ਚੁੱਕੇ ਸਨ। ਇਸੇ ਸੰਦਰਭ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਹਥਿਆਰਾਂ ਦੇ ਇਹ ਦੋ ਟਰੱਕ ਜਦੋਂ ਲੰਗਰ ਦੇ ਸਮਾਨ ਵਾਲ਼ੇ ਟਰੱਕਾਂ ਵਿੱਚ ਦਰਬਾਰ ਸਾਹਿਬ ਦੇ ਬਾਹਰ ਪਹੁੰਚੇ ਤਾਂ ਸੀ ਆਰ ਪੀ ਐਫ ਦੇ ਜਵਾਨਾਂ ਨੇ ਸ਼ੱਕ `ਚ ਤਲਾਸ਼ੀ ਲਈ ਰੋਕ ਲਏ। ਜਦੋਂ ਤਲਾਸ਼ੀ ਹੋਈ ਤਾਂ ਲੰਗਰ ਦੇ ਸਮਾਨ ਹੇਠ ਅਸਲਾ ਹੀ ਅਸਲਾ ਸੀ। ਉਨ੍ਹਾਂ ਨੇ ਟਰੱਕ ਰੋਕ ਕੇ ਆਪਣੇ ਸੀਨੀਅਰ ਅਫਸਰ ਨੂੰ ਫੋਨ ਕੀਤਾ। ਉਸਨੇ ਆਪਣੇ ਸੀਨੀਅਰ ਨੂੰ ਕਾਲ ਕੀਤੀ। ਕਹਿੰਦੇ ਹਨ ਕਿ ਅਖੀਰ ਦਿੱਲੀ ਤੋਂ ਹੋਮ ਮਨਿਸਟਰੀ (ਗਿਆਨੀ ਜੈਲ ਸਿੰਘ) ਵਲੋਂ ਹਥਿਆਰ ਅੰਦਰ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਉਹੀ ਜਨਰਲ ਭੁੱਲਰ (ਜਿਸਨੂੰ ਗੁਰਤੇਜ ਸਿੰਘ ਰਾਅ ਦਾ ਏਜੰਟ ਕਹਿੰਦੇ ਹਨ) ਹੈ, ਜੂਨ ਚੁਰਾਸੀ ਦੇ ਹਮਲੇ ਤੋਂ ਕੁੱਝ ਸਮਾਂ ਪਹਿਲਾਂ ਨਿਊ ਯਾਰਕ ਅਮਰੀਕਾ ਪਹੁੰਚ ਜਾਂਦਾ ਹੈ ਅਤੇ ਹਮਲੇ ਤੋਂ ਬਾਅਦ ਇੱਕਦਮ ਗੁਰਦੁਆਰਿਆਂ ਵਿੱਚ ਪ੍ਰਗਟ ਹੁੰਦਾ ਹੈ। ਉਹ ਗੁਦੁਆਰਿਆਂ ਵਿੱਚ ਪ੍ਰਚਾਰ ਕਰਦਾ ਹੈ ਕਿ ਸੰਤਾਂ ਨੇ ਉਨ੍ਹਾਂ ਦੀ ਡਿਊਟੀ ਲਗਾਈ ਸੀ ਕਿ ਭਾਰਤੀ ਫੌਜ ਅਕਾਲ ਤਖਤ `ਤੇ ਹਮਲਾ ਕਰੇਗੀ, ਅਸੀਂ ਸ਼ਹੀਦੀਆਂ ਪਾਉਣੀਆਂ ਹਨ। ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਸਿੱਖਾਂ ਨੂੰ ਸੁਨੇਹਾ ਦਿਓ ਕਿ ਅਗਲੀ ਲੜਾਈ ਉਹ ਵਿਦੇਸ਼ਾਂ ਤੋਂ ਲੜਨ ਲਈ ਤਿਆਰ ਰਹਿਣ। ਇਸ ਤੋਂ ਬਾਅਦ ਜੂਨ ਅਤੇ ਜੁਲਾਈ, 1984 ਵਿੱਚ ਜਨਰਲ ਭੁੱਲਰ ਕਨੇਡਾ-ਅਮਰੀਕਾ ਦੇ ਹਰ ਛੋਟੇ ਵੱਡੇ ਸ਼ਹਿਰ ਵਿੱਚ ਤੂਫਾਨੀ ਦੌਰੇ ਕਰਦਾ ਹੈ, ਸਿੱਖ ਲੀਡਰਾਂ ਨੂੰ ਇਕੱਠੇ ਕਰਦਾ ਹੈ। ਜਿਨ੍ਹਾਂ ਦੀ ਨਿਸ਼ਾਨਦੇਹੀ ਰਾਅ ਦਾ ਪ੍ਰਮੁੱਖ ਅਧਿਕਾਰੀ ਜੀ ਬੀ ਸਿੱਧੂ (ਆਪਣੀ ਕਿਤਾਬ: ਖਾਲਿਸਤਾਨ ਦੀ ਸਾਜ਼ਿਸ਼) ਵਿੱਚ ਕੁੱਝ ਸਾਲ ਪਹਿਲਾਂ ਆਪਣੀ ਡਿਊਟੀ ਦੌਰਾਨ ਕਨੇਡਾ ਰਹਿ ਕੇ ਕਰ ਚੁੱਕਾ ਸੀ। ਫਿਰ ਜੁਲਾਈ 1984 ਦੇ ਅਖੀਰ ਨਿਊ ਯਾਰਕ ਵਿੱਚ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਨਾਲ਼ ਸਬੰਧਤ ਸਿੱਖ ਲੀਡਰਾਂ ਅਧਾਰਿਤ ਵਰਲਡ ਸਿੱਖ ਆਰਗਨਾਈਜੇਸ਼ਨ ਨਾਮ ਦੀ ਇੱਕ ਖਾਲਿਸਤਾਨ ਦੀ ਪ੍ਰਾਪਤੀ ਲਈ ਜਥੇਬੰਦੀ ਬਣਾਉਂਦਾ ਹੈ। ਜਿਸ ਵਿੱਚ 30 ਮੈਂਬਰ ਲਏ ਜਾਂਦੇ ਹਨ, ਜਿਨ੍ਹਾਂ ਵਿੱਚੋਂ 10 ਅਮਰੀਕਾ, 10 ਕਨੇਡਾ ਅਤੇ 10 ਇੰਗਲੈਂਡ ਤੋਂ ਹੁੰਦੇ ਹਨ। ਇਸੇ ਕਾਨਫਰੰਸ ਵਿੱਚ ਬੱਬਰ ਖਾਲਸਾ ਦਾ ਲੀਡਰ ਅਜਾਇਬ ਸਿੰਘ ਬਾਗੜੀ ਕਹਿੰਦਾ ਹੈ ਕਿ ਅਸੀਂ ਉਦੋਂ ਤੱਕ ਚੈਨ ਨਾਲ਼ ਨਹੀਂ ਬੈਠਾਂਗੇ, ਜਦੋਂ ਤੱਕ 50 ਹਜ਼ਾਰ ਹਿੰਦੂਆਂ ਦਾ ਕਤਲ ਨਹੀਂ ਕਰ ਲੈਂਦੇ। ਇਹੀ ਬਾਗੜੀ ਬਾਅਦ ਵਿੱਚ ਏਅਰ ਇੰਡੀਆ ਜਹਾਜ ਕੇਸ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ, ਜਿਸ ਉਪਰ 329 ਵਿਅਕਤੀ ਮਾਰਨ ਦਾ ਦੋਸ਼ ਸੀ। ਭਾਵੇਂ ਕਿ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਸਬੂਤਾਂ ਦੀ ਘਾਟ ਦੇ ਅਧਾਰ `ਤੇ ਅਦਾਲਤ ਵਲੋਂ ਬਾਗੜੀ ਅਤੇ ਰਿਪੁਦਮਨ ਸਿੰਘ ਮਲਿਕ ਨੂੰ ਰਿਹਾਅ ਕਰ ਦਿੱਤਾ ਸੀ।
ਫਿਰ ਉਹ ਅਗਲੇ ਕੁੱਝ ਮਹੀਨੇ ਗੁਰਦੁਆਰਿਆਂ ਵਿੱਚ ਅਗਲਾ ਸੰਘਰਸ਼ ਸ਼ੁਰੂ ਕਰਨ ਲਈ ਡਾਲਰ ਇਕੱਠੇ ਕਰਦਾ ਹੈ, ਉਸ ਵਕਤ ਦੇ ਚਸ਼ਮਦੀਦ ਗਵਾਹਾਂ ਅਨੁਸਾਰ ਉਸਦੀ ਤਕਰੀਰ ਇਤਨੀ ਭੜਕਾਊ ਤੇ ਜੋਸ਼ੀਲੀ ਹੁੰਦੀ ਸੀ ਕਿ ਔਰਤਾਂ ਨੂੰ ਭਾਵੁਕ ਕਰਕੇ ਗਹਿਣੇ ਉਤਾਰਨ ਲਈ ਮਜਬੂਰ ਕਰ ਦਿੰਦਾ ਸੀ। ਔਰਤਾਂ ਆਪਣੇ ਗਹਿਣਿਆਂ ਦੇ ਢੇਰ ਗੋਲਕ ਅੱਗੇ ਲਗਾ ਦਿੰਦੀਆਂ ਸਨ। ਇਸ ਤੋਂ ਬਾਅਦ ਦਸੰਬਰ, 1984 ਵਿੱਚ ਉਸ ਉਪਰ ਕੁੱਝ ਸ਼ੱਕੀ ਨੌਜਵਾਨ ਹਮਲਾ ਕਰਦੇ ਹਨ। ਉਹ ਕੌਣ ਸਨ ਤੇ ਕਿਉਂ ਹਮਲਾ ਕੀਤਾ, ਕਿਸੇ ਨੂੰ ਅੱਜ ਤੱਕ ਪਤਾ ਨਹੀਂ ਲੱਗਾ। ਇਸ ਤੋਂ ਕੁੱਝ ਮਹੀਨੇ ਬਾਅਦ ਜਨਰਲ ਭੁੱਲਰ ਸਾਹਿਬ ਅਲੋਪ ਹੋ ਜਾਂਦੇ ਹਨ ਅਤੇ ਉਦੋਂ ਤੱਕ ਚੰਡੀਗੜ੍ਹ ਪ੍ਰਗਟ ਨਹੀਂ ਹੁੰਦੇ, ਜਦੋਂ ਤੱਕ ਪੰਜਾਬ ਵਿੱਚ ਸਾਰੀ ਜੁਝਾਰੂ ਮੂਵਮੈਂਟ ਖਤਮ ਨਹੀਂ ਹੋ ਜਾਂਦੀ। ਉਸ ਤੋਂ ਬਾਅਦ ਉਹ ਮਰਨ ਤੱਕ ਚੰਡੀਗੜ੍ਹ ਆਪਣੀ ਕੋਠੀ `ਚ ਰਹਿੰਦੇ ਹਨ। ਪਰ ਕਦੇ ਵਰਲਡ ਸਿੱਖ ਆਰਗਨਾਈਜੇਸ਼ਨ (WSO) ਸਮੇਤ ਕਿਸੇ ਖਾਲਿਸਤਾਨੀ ਲੀਡਰ ਨੇ ਉਸ ਬਾਰੇ ਗੱਲ ਨਹੀਂ ਕੀਤੀ। ਇੱਥੋਂ ਤੱਕ ਕਿ WSO ਨੇ ਆਪਣੀ ਜਥੇਬੰਦੀ ਦੇ ਡਾਕੂਮੈਂਟਸ ਵਿੱਚੋਂ ਜਥੇਬੰਦੀ ਦੇ ਫਾਊਂਡਰ ਜਨਰਲ ਭੁੱਲਰ ਦਾ ਨਾਮ ਹੀ ਉਡਾ ਦਿੱਤਾ, ਪਰ ਕਦੇ ਕਿਸੇ ਨੂੰ ਸੱਚ ਨਹੀਂ ਦੱਸਿਆ ਕਿ ਭੁੱਲਰ ਨੇ ਸਭ ਸਿੱਖ ਲੀਡਰਾਂ ਨੂੰ ਬੇਵਕੂਫ ਬਣਾਇਆ ਸੀ ਜਾਂ ਉਹ ਅੱਜ ਸਰਕਾਰ ਲਈ ਕੰਮ ਕਰ ਰਹੇ ਹਨ? ਇੱਕ ਮਹੱਤਵਪੂਰਨ ਤੱਥ ਇਹ ਵੀ ਹੈ ਕਿ 1984 ਦੇ ਉਨ੍ਹਾਂ ਦਿਨਾਂ ਵਿੱਚ ਹੀ ਦੋ ਹੋਰ ਸਿੱਖ ਜਥੇਬੰਦੀਆਂ; ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਅਤੇ ਬੱਬਰ ਖਾਲਸਾ ਵੀ ਹੋਂਦ `ਚ ਆਈਆਂ ਸਨ। ਉਨ੍ਹਾਂ ਦੋਨਾਂ `ਤੇ ਬਾਅਦ `ਚ ਕਨੇਡਾ ਸਰਕਾਰ ਨੇ ਭਾਰਤ ਸਰਕਾਰ ਦੇ ਦਬਾਅ ਅਧੀਨ ਪਾਬੰਦੀ ਲਗਾ ਦਿੱਤੀ ਸੀ। ਪਰ WSO `ਤੇ ਕੋਈ ਐਕਸ਼ਨ ਨਹੀਂ ਲਿਆ ਸੀ, ਜਦਕਿ ਉਹ ਵੀ ਖਾਲਿਸਤਾਨੀ ਜਥੇਬੰਦੀ ਹੈ ਅਤੇ ਅੱਜ ਵੀ ਸਿੱਖਾਂ ਦੀ ਮੋਹਰੀ ਨੁਮਾਇੰਦਾ ਜਥੇਬੰਦੀ ਕਹਾਉਂਦੀ ਹੈ, ਭਾਵੇਂ ਕਿ ਉਹ ਕੁੱਝ ਗਿਣੇ-ਚੁਣੇ ਲੋਕਾਂ ਦੀ ਜਥੇਬੰਦੀ ਹੈ। ਜਿਸਦੇ ਸਿਰਫ ਅਹੁਦੇਦਾਰ ਹੀ ਹਨ, ਕੋਈ ਪਬਲਿਕ ਮੈਂਬਰਸ਼ਿਪ ਨਹੀਂ।
ਜਦੋਂ ਸੰਤ ਭਿੰਡਰਾਂਵਾਲ਼ੇ, ਜਨਰਲ ਸ਼ਾਬੇਗ ਸਿੰਘ ਅਤੇ ਉਨ੍ਹਾਂ ਦੇ ਜਥੇ ਦੇ ਸਾਰੇ ਖਾੜਕੂ ਅਤੇ ਫੈਡਰੇਸ਼ਨ ਲੀਡਰ ਅਕਾਲ ਤਖਤ `ਤੇ ਆਪਣੇ ਆਪਣੇ ਟਿਕਾਣੇ ਬਣਾ ਲੈਂਦੇ ਹਨ ਤਾਂ ਜਨਵਰੀ, 1984 ਤੋਂ ਬਾਅਦ ਜਿੱਥੇ ਇੱਕ ਡੂੰਘੀ ਖਾੜਕੂ ਨੀਤੀ ਤਹਿਤ ਕਤਲਾਂ ਦਾ ਇੱਕ ਨਵਾਂ ਦੌਰ ਤੇਜ਼ੀ ਨਾਲ਼ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਕਿ ਸਰਕਾਰ ਨੂੰ ਫੌਜ ਭੇਜਣ ਲਈ ਮਜਬੂਰ ਕੀਤਾ ਜਾਵੇ। ਇਸਦੇ ਨਾਲ਼ ਹੀ ਆਪਣੇ ਵਲੋਂ ਇਹ ਵੀ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿ ਸਰਕਾਰ ਕਿਸੇ ਵਕਤ ਵੀ ਫੌਜ ਭੇਜ ਨੂੰ ਹਮਲਾ ਕਰਨ ਲਈ ਭੇਜ ਸਕਦੀ ਹੈ। ਇਸ ਆਪੇ ਸਿਰਜੇ ਬ੍ਰਿਤਾਂਤ ਹੇਠ ਜਨਰਲ ਸ਼ਾਬੇਗ ਸਿੰਘ ਦੀ ਅਗਵਾਈ ਵਿੱਚ ਦਰਬਾਰ ਸਾਹਿਬ ਦੀ ਭਾਰੀ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਜਦਕਿ ਹੁਣ ਤੱਕ ਮਿਲ਼ਦੇ ਸਰਕਾਰੀ ਜਾਂ ਗੈਰ-ਸਰਕਾਰੀ ਦਸਤਾਵੇਜਾਂ ਅਨੁਸਾਰ ਸਰਕਾਰ 27 ਮਈ, 1984 ਤੱਕ ਵੀ ਫੌਜ ਭੇਜਣ ਦਾ ਫੈਸਲਾ ਨਹੀਂ ਕਰ ਰਹੀ ਸੀ। ਜਿਸ ਤੋਂ ਬਾਅਦ ਜਦੋਂ ਫੌਜ ਪੰਜਾਬ ਆ ਵੀ ਗਈ ਸੀ ਤਾਂ ਵੀ 5 ਜੂਨ ਦੀ ਰਾਤ ਤੱਕ ਕੋਸ਼ਿਸ਼ ਕੀਤੀ ਗਈ ਕਿ ਅੰਦਰ ਬੈਠੇ ਖਾੜਕੂ ਬਾਹਰ ਆ ਜਾਣ, ਪਰ ਉਨ੍ਹਾਂ ਨੇ ਤਾਂ ਸਿਰ ਕੱਫਣ ਬੰਨ੍ਹੇ ਹੋਏ ਸਨ, ਉਹ ਕਿਸੇ ਵੀ ਹਾਲਤ ਵਿੱਚ ਸ਼ਹੀਦ ਹੋਣ ਲਈ ਤਿਆਰ ਬੈਠੇ ਸਨ। ਫਿਰ ਆਖਿਰ 5 ਜੂਨ ਦੀ ਰਾਤ ਅਤੇ 6 ਜੂਨ ਦੀ ਸਵੇਰ ਨੂੰ ਉਹੀ ਹੋਇਆ, ਜਿਸਦੀ ਅੰਦਰ ਬੈਠੇ ਜੁਝਾਰੂ ਕਈ ਅਤੇ ਸਾਲਾਂ ਤੋਂ ਉਡੀਕ ਕਰ ਰਹੇ ਸਨ।
ਇਸੇ ਦੌਰਾਨ 11 ਫਰਵਰੀ, 1984 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਵਧਦੀਆਂ ਹਿੰਸਕ ਕਾਰਵਾਈਆਂ ਦੇ ਮੱਦੇਨਜ਼ਰ ਸਰਕਾਰ ਫੈਡਰੇਸ਼ਨ `ਤੇ ਪਾਬੰਧੀ ਲਗਾ ਦਿੰਦੀ ਹੈ। ਜਿਸ ਤੋਂ ਬਾਅਦ ਭਾਈ ਅਮਰੀਕ ਸਿੰਘ ਅਤੇ ਹਰਮਿੰਦਰ ਸਿੰਘ ਸੰਧੂ ਵਲੋਂ ਐਲਾਨ ਕੀਤਾ ਜਾਂਦਾ ਹੈ ਕਿ ਜਦੋਂ ਤੱਕ ਸਰਕਾਰ ਪਾਬੰਦੀ ਨਹੀਂ ਉਠਾਉਂਦੀ, ਉਦੋਂ ਤੱਕ ਰੋਜ਼ਾਨਾ ਇੱਕ ਰਾਜਸੀ ਆਗੂ ਨੂੰ ਪੰਜਾਬ ਵਿੱਚ ਕਤਲ ਕੀਤਾ ਜਾਵੇਗਾ। ਇਸ ਤੋਂ ਬਾਅਦ ਫੈਡਰੇਸ਼ਨ ਵਲੋਂ ਬਣਾਈ ਗੁਪਤ ਜਥੇਬੰਦੀ ‘ਦਸ਼ਮੇਸ਼ ਰੈਜਮੈਂਟ’ ਵਲੋਂ ਰੋਜ਼ਾਨਾ ਕਤਲਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ, ਜਿਸ ਵਿੱਚ ਅਨੇਕਾਂ ਰਾਜਸੀ ਕਤਲਾਂ ਤੋਂ ਇਲਾਵਾ 37 ਰੇਲਵੇ ਸਟੇਸ਼ਨ ਇੱਕੋ ਰਾਤ ਨੂੰ ਸਾੜ੍ਹ ਦਿੱਤੇ ਜਾਂਦੇ ਹਨ। ਟੈਲੀਗਰਾਫ ਦੀ ਇੰਟਰਵਿਊ ਵਿੱਚ ਇਹ ਵੀ ਜਿਕਰ ਮਿਲਦਾ ਹੈ ਕਿ ‘ਦਸ਼ਮੇਸ਼ ਰੈਜਮੈਂਟ’ ਨੂੰ ਵੀ ਟ੍ਰੇਨਿੰਗ ਸ਼ਾਹਬੇਗ ਸਿੰਘ ਹੀ ਦਿੰਦੇ ਸਨ। ਇਹ ਤੱਥ ਵੀ ਜੂਨ 84 ਬਾਰੇ ਲਿਖੀਆਂ ਕਿਤਾਬਾਂ ਦੇ ਲੇਖਕਾਂ ਨੇ ਬਹੁਤਾ ਉਜਾਗਰ ਨਹੀਂ ਕੀਤਾ ਕਿ ਜੂਨ, 84 ਦੇ ਹਮਲੇ ਤੋਂ ਦੋ ਕੁ ਹਫਤੇ ਪਹਿਲਾਂ ਹਜੂਰ ਸਾਹਿਬ ਤੋਂ 100 ਦੇ ਕਰੀਬ ਨਿਹੰਗ ਬਾਣਿਆਂ ਵਾਲ਼ੇ ਸ਼ਸਤਰਧਾਰੀ ਅਤੇ ਟ੍ਰੇਂਡ ਸਿੰਘਾਂ ਦਾ ਇੱਕ ਜਥਾ ਅਕਾਲ ਤਖਤ ਪਹੁੰਚ ਗਿਆ ਸੀ, ਜਿਹੜੇ ਕਿਸੇ ਨਾਲ਼ ਗੱਲ ਨਹੀਂ ਕਰਦੇ ਸਨ, ਕਹਿੰਦੇ ਹਨ ਕਿ ਉਹ ਦਿਨ-ਰਾਤ ਸ਼ਹੀਦੀਆਂ ਦੇਣ ਤੋਂ ਪਹਿਲਾਂ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਸਨ। ਇਨ੍ਹਾਂ ਵਿੱਚ ਕਈ ਸਾਬਕਾ ਫੌਜੀ ਵੀ ਸਨ। ਇਹ ਅੱਜ ਤੱਕ ਰਾਜ ਹੀ ਬਣਿਆ ਹੋਇਆ ਹੈ ਕਿ ਉਹ ਕੌਣ ਸਨ? ਕੀ ਉਹ ਸਾਰੇ ਸ਼ਹੀਦ ਹੋ ਗਏ ਗਏ ਜਾਂ ਓਪਰੇਸ਼ਨ ਖਤਮ ਹੋਣ ਤੋਂ ਬਾਅਦ ਨਿਕਲ਼ ਗਏ ਸਨ?
ਫਿਰ ਇਹ ਕਹਿਣਾ, ਕਿਤਨਾ ਕੁ ਜਾਇਜ ਹੈ ਕਿ ਸਰਕਾਰ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਹਮਲਾ ਕੀਤਾ? ਜੇ ਮੰਨ ਲਿਆ ਜਾਵੇ ਕਿ ਸਰਕਾਰ ਦਾ ਅਜਿਹਾ ਕੋਈ ਮਨਸ਼ਾ ਸੀ ਤਾਂ ਫਿਰ ਕੀ ਜਨਰਲ ਸ਼ਾਹਬੇਗ ਸਿੰਘ ਨੇ ਅੰਦਰ ਭਾਰੀ ਮਾਤਾਰਾ ਵਿੱਚ ਅਸਲਾ ਮੰਗਵਾ ਕੇ, ਫੌਜ ਨਾਲ਼ ਲੜਨ ਲਈ ਮੋਰਚਾਬੰਦੀ ਕਰਕੇ, ਸਰਕਾਰ ਨੂੰ ਹਮਲਾ ਕਰਨਾ ਲਈ ਬਹਾਨਾ ਨਹੀਂ ਦਿੱਤਾ? ਜੇ ਸੰਤ ਭਿੰਡਰਾਂਵਾਲ਼ਿਆਂ ਜਾਂ ਜਨਰਲ ਸ਼ਾਹਬੇਗ ਸਿੰਘ ਪਤਾ ਲੱਗ ਗਿਆ ਸੀ ਕਿ ਸਰਕਾਰ ਕਿਸੇ ਬਹਾਨੇ ਸਿੱਖਾਂ ਦੀ ਨਸਲਕੁਸ਼ੀ ਕਰਨਾ ਚਾਹੁੰਦੀ ਹੈ ਤਾਂ ਕੀ ਉਨ੍ਹਾਂ ਦਾ ਫਰਜ ਨਹੀਂ ਬਣਦਾ ਸੀ ਕਿ ਦੁਨੀਆਂ ਦੀ ਪ੍ਰੈਸ ਸਾਹਮਣੇ ਆ ਕੇ ਕਹਿੰਦੇ ਕਿ ਅਸੀਂ ਤਾਂ ਸ਼ਾਂਤਮਈ ਸੰਘਰਸ਼ ਲੜ ਰਹੇ ਹਾਂ, ਸਾਡੇ ਕੋਲ਼ ਕੋਈ ਅਸਲਾ ਨਹੀਂ, ਅੰਦਰ ਕੋਈ ਅਪਰਾਧੀ ਨਹੀਂ, ਸਰਕਾਰ ਤੇ ਪ੍ਰੈਸ ਅੰਦਰ ਆਪਣੀ ਟੀਮ ਭੇਜ ਕੇ ਤਲਾਸ਼ੀ ਲੈ ਸਕਦੀ ਹੈ? ਪਰ ਇਸਦੇ ਉਲਟ ਸੰਤ ਭਿੰਡਰਾਂਵਾਲ਼ੇ ਆਪ ਹੀ ਪ੍ਰਚਾਰ ਕਰਦੇ ਸਨ ਕਿ ਫੌਜ ਹਮਲਾ ਕਰਨਾ ਚਾਹੁੰਦੀ ਹੈ ਅਤੇ ਜੇ ਹਮਲਾ ਕੀਤਾ ਤਾਂ ਅਸੀਂ ਫੌਜ ਨੂੰ ਲੋਹੇ ਦੇ ਚਣੇ ਚਬਾਵਾਂਗੇ, ਫੋਜੀਆਂ ਦੀਆਂ ਲਾਸ਼ਾਂ ਦੇ ਟਰੱਕ ਭਰ-ਭਰ ਇਥੋਂ ਜਾਣਗੇ, ਸਾਡੀਆਂ ਲਾਸ਼ਾਂ ਫੌਜ ਚੁੱਕ ਕੇ ਲਿਜਾ ਸਕਦੀ ਹੈ, ਸਾਨੂੰ ਫੜ੍ਹ ਨਹੀਂ ਸਕਦੀ?
ਦੁਨੀਆਂ ਦੀ ਕਿਹੜੀ ਅਜਿਹੀ ਸਰਕਾਰ ਹੋਵੇਗੀ, ਜੋ ਕਿਸੇ ਧਾਰਮਿਕ ਅਸਥਾਨ ਵਿੱਚ ਬੈਠ ਕੇ ਹਥਿਆਰਬੰਦ ਸੰਘਰਸ਼ ਲੜ ਰਹੇ ਲੋਕਾਂ ਨੂੰ ਬਰਦਾਸ਼ਤ ਕਰੇਗੀ? ਜਦੋਂ ਕਿ ਅਸੀਂ ਅਕਸਰ ਵਿਦੇਸ਼ਾਂ ਵਿੱਚ ਦੇਖਦੇ ਹਾਂ ਕਿ ਕਿਵੇਂ ਕਿਸੇ ਛੋਟੀ ਜਿਹੀ ਲੜਾਈ ਹੋਣ `ਤੇ ਪੁਲਿਸ ਗੁਰਦੁਆਰਿਆਂ ਦੇ ਹਾਲ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਉਥੇ ਨੰਗੇ ਸਿਰ, ਗੰਦੇ ਬੂਟਾਂ, ਅਸਲੇ ਸਮੇਤ ਦਾਖਿਲ ਹੁੰਦੇ ਹਨ। ਪਰ ਕਦੇ ਕਿਸੇ ਸਿੱਖ ਜਥੇਬੰਦੀ ਨੇ ਇਸਦਾ ਵਿਰੋਧ ਨਹੀਂ ਕੀਤਾ। ਜ਼ਰਾ ਸੋਚੋ? ਵਿਦੇਸ਼ਾਂ ਵਿੱਚ ਜੇ ਕਿਸੇ ਗੁਰਦੁਆਰੇ ਵਿੱਚੋਂ ਕੋਈ ਹਥਿਆਰ ਮਿਲ ਜਾਵੇ ਤਾਂ ਕਿਤਨਾ ਵੱਡਾ ਇਸ਼ੂ ਬਣੇਗਾ? ਪਰ ਪੰਜਾਬ ਵਿੱਚ ਅਸੀਂ ਸੋਚਦੇ ਹਾਂ ਕਿ ਗੁਰਦੁਆਰਿਆਂ ਵਿੱਚ ਜੋ ਮਰਜੀ ਕਰੀਏ ਅਤੇ ਜੇ ਸਰਕਾਰ ਜਾਂ ਪੁਲਿਸ ਐਕਸ਼ਨ ਲਵੇ ਤਾਂ ਧਰਮ ਵਿੱਚ ਦਖਲ-ਅੰਦਾਜੀ, ਬੇਅਦਬੀ ਹੋ ਜਾਂਦੀ ਹੈ। ਉਪਰਲੀਆਂ ਜਿਨ੍ਹਾਂ ਦੋ ਕਿਤਾਬਾਂ ਦਾ ਜ਼ਿਕਰ ਕੀਤਾ ਹੈ, ਉਹ ਕਿਸੇ ਸਰਕਾਰ ਪੱਖੀ ਵਿਅਕਤੀਆਂ ਨੇ ਨਹੀ, ਸਗੋਂ ਸੰਤਾਂ ਦੇ ਸ਼ਰਧਾਲੂਆਂ ਨੇ ਲਿਖੀਆਂ ਹਨ। ਉਨ੍ਹਾਂ ਦੋਨਾਂ ਕਿਤਾਬਾਂ ਤੋਂ ਸਪੱਸ਼ਟ ਹੈ ਕਿ 1980-84 ਤੱਕ ਹੋਈ ਹਿੰਸਾ ਲਈ ਦਰਬਾਰ ਸਾਹਿਬ ਬੈਠੇ ਜੁਝਾਰੂ ਹੀ ਜਿੰਮੇਵਾਰ ਸਨ। ਭਾਈ ਚੌੜੇ ਦੀ ਕਿਤਾਬ ਅਨੁਸਾਰ ਤਾਂ ਹਮਲੇ ਲਈ ਸਰਕਾਰ ਨੂੰ ਉਕਸਾਇਆ ਗਿਆ, ਮਜਬੂਰ ਕੀਤਾ ਗਿਆ ਸੀ।
ਫਿਰ ਅਸੀਂ ਕਿਸ ਅਧਾਰ `ਤੇ ਕਹਿ ਰਹੇ ਹਾਂ ਕਿ ਸਿੱਖੀ ਦੇ ਧੁਰੇ ਉਤੇ ਸਿੱਖ ਨਸਲਕੁਸ਼ੀ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਹਮਲਾ ਹੋਇਆ, ਜਦਕਿ ਕਿਤਾਬ ਅਨੁਸਾਰ ਅਸੀਂ ਹਮਲਾ ਖੁਦ ਕਰਵਾਇਆ। ਦਮਦਮੀ ਟਕਸਾਲ ਦੇ ਇੱਕ ਪ੍ਰਮੁੱਖ ਪ੍ਰਚਾਰਕ ਬਾਬਾ ਠਾਕੁਰ ਸਿੰਘ ਪਟਿਆਲੇ ਵਾਲ਼ਿਆਂ ਨੇ ਤਾਂ ਅਨੇਕਾਂ ਥਾਵਾਂ `ਤੇ ਆਪਣੀ ਕਥਾ ਵਿੱਚ ਕਿਹਾ ਸੀ ਕਿ ਸੰਤਾਂ ਨੇ ਉਨ੍ਹਾਂ ਨੂੰ ਖੁਦ ਦੱਸਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ, ਉਨ੍ਹਾਂ ਨੂੰ ਕਿਹਾ ਸੀ ਕਿ ਟਕਸਾਲ ਦੀ ਮਸ਼ਹੂਰੀ ਲਈ ਅਕਾਲ ਤਖਤ `ਤੇ ਹਮਲਾ ਕਰਾਉਣਾ ਜਰੂਰੀ ਹੈ। ਇਤਨਾ ਟਕਸਾਲ ਦਾ ਪ੍ਰਚਾਰ 100 ਸਾਲ `ਚ ਨਹੀਂ ਹੋਣਾ, ਜਿਤਨਾ ਇੱਕ ਹਮਲੇ ਨਾਲ਼ ਹੋ ਜਾਣਾ ਹੈ। ਪਰ ਕਦੇ ਕਿਸੇ ਪੰਥਕ ਜਥੇਬੰਦੀ ਨੇ ਬਾਬਾ ਠਾਕੁਰ ਸਿੰਘ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਨਰਾਇਣ ਸਿੰਘ ਚੌੜਾ ਨੂੰ ਰੱਦ ਕੀਤਾ ਹੈ ਕਿ ਇਸ ਵਿੱਚ ਗਲਤ ਬਿਆਨੀ ਕੀਤੀ ਗਈ ਹੈ? 84 ਦੇ ਦੌਰ ਦੇ ਹਰ ਕਤਲ ਨੂੰ ਏਜੰਸੀਆਂ ਸਿਰ ਮੜ੍ਹ ਕੇ ਸੁਰਖੁਰੂ ਹੋਣ ਵਾਲ਼ਿਆਂ ਨੂੰ ਕੀ ਬਲਜੀਤ ਸਿੰਘ ਖਾਲਸਾ ਦੇ ਉਨ੍ਹਾਂ ਦਾਅਵਿਆਂ ਦਾ ਖੰਡਨ ਨਹੀਂ ਕਰਨਾ ਚਾਹੀਦਾ, ਜਿਨ੍ਹਾਂ ਵਿੱਚ ਉਸਨੇ ਸਾਰੀਆਂ ਵਾਰਦਾਤਾਂ ਵਿੱਚ ਸ਼ਾਮਿਲ ਸਿੰਘਾਂ ਦੇ ਨਾਮ ਵੀ ਲਿਖੇ ਹੋਏ ਹਨ ਅਤੇ ਉਹ ਸਾਰੇ ਦਰਬਾਰ ਸਾਹਿਬ ਅੰਦਰੋਂ ਹੀ ਕਤਲ ਕਰਨ ਜਾਂਦੇ ਸਨ?
00000