.

ਮੈਂ ਬਾਰ-ਬਾਰ ਕਿਉਂ ਕਹਿੰਦਾ ਹਾਂ ਕਿ ਫੁਕਰਿਆਂ ਨੂੰ ਆਪਣੇ ਲੀਡਰ ਮੰਨਣ ਵਾਲੇ ਕਦੀ ਵੀ ਪੰਜਾਬ ਤੇ ਸਮਾਜ ਦਾ ਭਲਾ ਨਹੀਂ ਸੋਚ ਸਕਦੇ

ਇਨ੍ਹਾਂ ਤਿੰਨ ਲੀਡਰਾਂ ਬਾਰੇ ਮੈਂ ਕਈ ਵਾਰੀ ਲਿਖ ਚੁੱਕਾ ਹਾਂ ਕਿ ਇਨ੍ਹਾਂ ਨੂੰ ਆਪਣੇ ਲੀਡਰ ਮੰਨਣ ਵਾਲੇ ਲੋਕ ਕਦੀ ਵੀ ਪੰਜਾਬ ਅਤੇ ਸਮਾਜ ਦਾ ਭਲਾ ਨਹੀਂ ਸੋਚ ਸਕਦੇ। ਇਹ ਤਿੰਨ ਨਾਮ ਹਨ, ਸਾਧ ਜਰਨੈਲ ਸਿੰਘ ਭਿੰਡਰਾਂਵਾਲਾ, ਦੀਪ ਸਿੱਧੂ ਅਤੇ ਅੰਮ੍ਰਿਤਪਾਲ ਡਿਬੜੂਗੜ ਜੇਲ ਵਾਲਾ। ਫੁਕਰੀਆਂ ਮਾਰਨ ਵਾਲੇ ਤਾਂ ਹੋਰ ਵੀ ਵਥੇਰੇ ਹਨ ਪਰ ਇਹ ਤਿੰਨ ਜ਼ਿਆਦਾ ਮਸ਼ਹੂਰ ਹਨ। ਇਨ੍ਹਾਂ ਨੂੰ ਮਹਾਨ ਲੀਡਰ ਮੰਨਣ ਵਾਲੇ ਆਪਣੀ ਸੋਚ ਨੂੰ ਕਈ ਸਦੀਆਂ ਪਿੱਛੇ ਲਿਜਾ ਕੇ ਸੋਚਦੇ ਹਨ। ਝੂਠ ਦੇ ਅਧਾਰ ਤੇ ਸਦੀਆਂ ਪੁਰਾਣਾਂ ਬਿਰਤਾਂਤ ਸਿਰਜ ਕੇ ਅੰਧ ਵਿਸ਼ਵਾਸ਼ੀ ਲੋਕਾਂ ਦੀ ਵਾਹ-ਵਾਹ ਖੱਟਣੀ ਮੰਗਦੇ ਹਨ ਅਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਦੇਖੋ ਸਾਨੂੰ ਪੰਜਾਬ ਤੇ ਸਿੱਖਾਂ ਦਾ ਕਿਤਨਾ ਦਰਦ ਹੈ? ਜੇ ਕਰ ਕੋਈ ਸਚਾਈ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੇ ਇੱਕ ਦਮ ਸਰਕਾਰੀ, ਸਿੱਖ ਪੰਥ ਵਿਰੋਧੀ ਜਾਂ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਲਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੂਨ ਦਾ ਪਹਿਲਾ ਹਫਤਾ ਸਿੱਖਾਂ ਲਈ ਵੱਧ ਤੋਂ ਵੱਧ ਝੂਠ ਬੋਲ ਕੇ ਲੋਕਾਈ ਨੂੰ ਗੁਮਰਾਹ ਕਰਨ ਦਾ ਹਫਤਾ ਹੈ। ਕਿਸੇ ਵਿਰਲੇ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਇਹੀ ਕੁੱਝ ਕਰਦੇ ਹਨ। ਕੁੱਝ ਇੱਕ ਨੂੰ ਛੱਡ ਕੇ ਇਸ ਸਾਲ ਵੀ ਤਕਰੀਬਨ ਸਾਰਿਆਂ ਨੇ ਉਹੀ ਝੂਠ ਦੁਹਰਾਇਆ ਹੈ ਜੋ ਕਿ ਪਿਛਲੇ 42 ਸਾਲਾਂ ਤੋਂ ਦੁਹਰਾਉਂਦੇ ਆ ਰਹੇ ਹਨ।

ਉਂਜ ਤਾਂ ਸਿੱਖਾਂ ਨਾਲ ਸੰਬੰਧਿਤ ਵੀਡੀਓ ਮੈਂ ਬਹੁਤ ਘੱਟ ਹੀ ਦੇਖਦਾ ਹਾਂ ਪਰ ਪਿਛਲੇ ਕੁੱਝ ਮਹੀਨੇ ਤਾਂ ਸ਼ਾਇਦ ਹੀ ਕੋਈ ਦੇਖੀ ਹੋਵੇਗੀ। ਬਹੁਤਾ ਕਰਕੇ ਇਰਾਨ ਦੀ ਲੜਾਈ ਨਾਲ ਸੰਬੰਧਿਤ ਹੀ ਦੇਖੀਆਂ ਸਨ। ਕੱਲ ਜਰੂਰ ਦੋ ਦੇਖੀਆਂ ਸਨ ਜਿਹੜੀਆਂ ਕਿ ਮੈਂ ਇੱਥੇ ਸ਼ੇਅਰ ਕਰ ਰਿਹਾ ਹਾਂ। ਇਨ੍ਹਾਂ ਦੋਹਾਂ ਵੀਡੀਓ ਵਿੱਚ ਉਹੀ ਕੁੱਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਮੈਂ ਕਈ ਦਹਾਕਿਆਂ ਤੋਂ ਕਹਿੰਦਾ ਆ ਰਿਹਾ ਹਾਂ। ਪਹਿਲੀ ਵੀਡੀਓ ਤਾਂ ਸਾਲ ਕੁ ਪੁਰਾਣੀ ਹੈ ਪਰ ਹੈ 1984 ਨਾਲ ਸੰਬੰਧਿਤ। ਖਾਸ ਕਰਕੇ ਡਾ: ਭੱਟੀ ਨੂੰ ਜਰੂਰ ਧਿਆਨ ਨਾਲ ਸੁਣੋਂ ਕਿ ਸਰਕਾਰਾਂ ਕਿਵੇਂ ਪਹਿਲਾਂ ਹਿੰਸਕ ਟੋਲਿਆਂ ਨੂੰ ਖੜਾ ਕਰਦੀਆਂ ਹਨ ਅਤੇ ਫਿਰ ਖਤਮ ਕਰਦੀਆਂ ਹਨ। ਸਾਰੀ ਦੁਨੀਆ ਤੇ ਇਹੀ ਕੁੱਝ ਚਲਦਾ ਹੈ। ਫਲਸਤੀਨੀਆਂ ਵਿੱਚ ਹਮਾਸ ਨੂੰ ਜਿਸ ਨੇ ਖੜਾ ਕੀਤਾ ਸੀ ਉਹੀ ਹੁਣ ਖਤਮ ਕਰ ਰਿਹਾ ਹੈ। ਬਿਨ ਲੈਦਿਨ ਨੂੰ ਜਿਸ ਅਮਰੀਕਾ ਨੇ ਰੂਸ ਵਿਰੁੱਧ ਖੜਾ ਕੀਤਾ ਸੀ ਫਿਰ ਆਪ ਹੀ ਉਸ ਨੂੰ ਖਤਮ ਕਰਨਾ ਪਿਆ ਸੀ। ਇਰਾਕ ਅਤੇ ਇਰਾਨ ਦੀ ਲੜਾਈ ਵਿੱਚ ਪਹਿਲਾਂ ਸਾਰੇ ਪੱਛਵੀਂ ਦੇਸ਼ ਸੁਦਾਮ ਹੁਸੈਨ ਦੀ ਮਦਦ ਕਰਦੇ ਸਨ ਅਤੇ ਕੈਮੀਕਲ ਵੈਪਨ ਵੀ ਦਿੰਦੇ ਸਨ। ਫਿਰ ਆਪ ਹੀ ਸੁਦਾਮ ਹੁਸੈਨ ਤੇ ਇਲਜ਼ਾਮ ਲਾ ਕੇ ਉਸ ਨੂੰ ਖਤਮ ਕਰ ਦਿੱਤਾ ਸੀ। ਪੰਜਾਬ ਦੇ ਅਕਾਲੀਆਂ ਵਿਰੁੱਧ ਪਹਿਲਾਂ ਭਿਡਰਾਂਵਾਲੇ ਸਾਧ ਦਾ ਰੱਸਾ ਖੁੱਲਾ ਛੱਡਿਆ ਸੀ ਫਿਰ ਆਪ ਹੀ ਖਤਮ ਕਰ ਦਿੱਤਾ ਸੀ। ਪਹਿਲਾਂ ਆਪ ਹੀ ਜਨਰਲ ਭੁੱਲਰ ਰਾਹੀਂ ਅਤੇ ਹੋਰ ਵਸੀਲਆਂ ਰਾਹੀਂ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਪਹੁੰਚਾਏ ਅਤੇ ਫਿਰ ਆਪ ਹੀ ਦੁਹਾਈ ਪਾਈ ਕਿ ਇਹ ਹਥਿਆਰਾਂ ਨਾਲ ਬੰਦੇ ਮਾਰ ਕੇ ਅੰਦਰ ਜਾ ਕੇ ਲੁਕ ਰਹੇ ਹਨ। ਘਟਨਾ ਤਾਂ ਸੁਬੇਗ ਸਿੰਘ (ਸ਼ਾਹਬੇਗ ਸਿੰਘ) ਵਾਲੀ ਵੀ ਸ਼ੱਕੀ ਜਾਪਦੀ ਹੈ ਕਿ ਉਸ ਨੇ ਸਰਕਾਰ ਦੀ ਕਿਸੇ ਸਕੀੰਮ ਅੰਦਰ ਹੀ ਸਾਰਾ ਕੁੱਝ ਕੀਤਾ ਸੀ ਅਤੇ ਉਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਸੀ। ਕਿਉਂਕਿ ਉਸ ਦੀ ਮਿਰਤਕ ਬੌਡੀ ਦੀ ਸਨਾਖ਼ਤ ਨਹੀਂ ਹੋਣ ਦਿੱਤੀ ਸੀ। ਉਸ ਦੇ ਲੜਕੇ ਹਾਲੇ ਵੀ ਫੌਜ ਦੀ ਚੰਗੀ ਨੌਕਰੀ ਕਰ ਰਹੇ ਹਨ। ਇਸ ਸੁਬੇਗ ਸਿੰਘ ਦਾ ਰੋਲ ਇਸ ਕਰਕੇ ਵੀ ਸ਼ੱਕੀ ਜਾਪਦਾ ਹੈ ਕਿ ਇਸ ਨੇ ਕੁੱਝ ਮਹੀਨੇ ਪਹਿਲਾਂ ਹੀ ਇੱਕ ਇੰਟਰਵਿਊ ਵਿੱਚ ਆਪਣੇ ਦੇਸ਼ ਭਗਤ ਹੋਣ ਦਾ ਖੁਲਾਸਾ ਕੀਤਾ ਸੀ। ਜਿਹੜਾ ਬੰਦਾ ਸਿਰ ਮੂੰਹ ਮੁਨਾ ਕੇ ਅਤੇ ਸੁੰਨਤ ਕਰਵਾ ਕੇ ਆਪਣੀ ਦੇਸ਼ ਭਗਤੀ ਸਾਬਤ ਕਰ ਸਕਦਾ ਹੈ ਉਸ ਲਈ ਫੌਜ ਵਿਚੋਂ ਡਿਸਮਿਸ ਹੋਣਾ ਅਤੇ ਫਿਰ ਬਰੀ ਹੋ ਜਾਣਾ, ਸਿੱਖਾਂ ਦਾ ਮਨ ਜਿੱਤਣ ਲਈ ਕਿਤਨਾ ਕੁ ਔਖਾ ਹੋ ਸਕਦਾ ਹੈ? ਇਹ ਬਹੁਤਿਆਂ ਦੇ ਸ਼ੰਕੇ ਹਨ। ਇਹ ਸਹੀ ਵੀ ਹੋ ਸਕਦੇ ਹਨ ਅਤੇ ਗਲਤ ਵੀ।

ਜਿਹੜੀ ਕੌਮ ਧਰਮ ਦੇ ਨਾਮ ਤੇ ਰੱਜ ਕੇ ਝੂਠ ਬੋਲਣ ਦੀ ਆਦੀ ਹੋਵੇ ਉਸ ਨੂੰ ਕਦੀ ਵੀ ਕੋਈ ਸਮਝਾ ਨਹੀਂ ਸਕਦਾ। ਜਿਹੜੇ ਲੋਕ ਪਿਛਲੇ ਚਾਰ ਦਹਾਕਿਆਂ ਤੋਂ ਆਪਣੇ ਕੋਲੋਂ ਹੀ ਕਿਸੇ ਦੂਸਰੇ ਦੇ ਨਾਮ ਤੇ ਇੱਕ ਨਕਲੀ ਕਿਤਾਬ ਛਾਪ ਕੇ ਲੋਕਾਂ ਨੂੰ ਗੁਮਰਾਹ ਕਰਦੇ ਹੋਣ ਉਨ੍ਹਾਂ ਨੂੰ ਕੌਣ ਸਮਝਾ ਸਕਦਾ ਹੈ? ਪਰ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸਾਧਾਂ ਦਿਆਂ ਚੇਲਿਆਂ ਨੇ ਗੁਰਦੁਆਰਿਆਂ ਵਿੱਚ ਅਤੇ ਸ਼ੋਸ਼ਲ ਮੀਡੀਏ ਤੇ ਤਾਂ ਇਹ ਝੂਠਾ ਪਰਾਪੇਗੰਡਾ ਕਰਨਾ ਹੀ ਹੈ ਪਰ ਜਿਹੜੇ ਪੜ੍ਹੇ ਲਿਖੇ ਮਿਸ਼ਨਰੀ ਅਖਵਾਉਂਦੇ ਹਨ ਉਹ ਵੀ ਇਸ ਝੂਠ ਨੂੰ ਫੈਲਾਉਣ ਵਿੱਚ ਪਿਛੇ ਨਹੀਂ ਰਹਿੰਦੇ। ਹਾਂਲਾਂ ਕਿ ਸਾਧਾਂ ਦੇ ਚੇਲੇ ਇਨ੍ਹਾਂ ਮਿਸ਼ਨਰੀਆਂ ਦਾ ਰੱਜ ਕੇ ਵਿਰੋਧ ਵੀ ਕਰਦੇ ਹਨ ਅਤੇ ਇਨ੍ਹਾਂ ਉਤੇ ਹਮਲੇ ਵੀ ਕਰਦੇ ਹਨ। ਪਰ ਫਿਰ ਵੀ ਇਹ ਉਸ ਸਾਧ ਨੂੰ ਬੜੀ ਢੀਠਤਾਈ ਨਾਲ ਮਹਾਨ ਕਹਿੰਦੇ ਅਤੇ ਨਕਲੀ ਕਿਤਾਬ ਵਿਚੋਂ ਹਵਾਲੇ ਦੇ ਕੇ ਰੱਤੀ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਇਸ ਤਰ੍ਹਾਂ ਦੇ ਝੂਠੇ ਬਿਰਤਾਂਤ ਸਿਰਜਣ ਨਾਲ ਸਮਾਜ ਦਾ ਜੋ ਨੁਕਸਾਨ ਹੁੰਦਾ ਹੈ ਉਸ ਦਾ ਸਾਹਮਣਾ ਫਿਰ ਸਾਰਿਆਂ ਨੂੰ ਕਰਨਾ ਪੈਂਦਾ ਹੈ। ਕਨੇਡਾ ਵਿੱਚ ਇਸ ਵੇਲੇ ਜੋ ਕੁੱਝ ਹੋ ਰਿਹਾ ਹੈ ਉਹ ਇਨ੍ਹਾਂ ਝੂਠੇ ਬਿਰਤਾਂਤਾਂ ਦਾ ਹੀ ਨਤੀਜਾ ਹੈ। ਪਿਛਲੇ ਦੋ ਦਿਨਾਂ ਤੋਂ ਇੱਕ ਹੋਰ ਵੀ ਖਬਰ ਆ ਰਹੀ ਹੈ ਜੋ ਕਿ ਅੱਜ ਪੰਜਾਬ ਦੇ ਕਈ ਅਖਬਾਰਾਂ ਵਿੱਚ ਵੀ ਛਪੀ ਹੈ। ਕਨੇਡਾ ਦੇ ਉਨਟੇਰੀਓ ਸੂਬੇ ਵਿੱਚ ਕੁੱਝ ਬੰਦੇ ਫੜੇ ਹਨ ਜਿਹੜੇ ਕਿ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨੇ ਦੇ ਮਨਸੇ ਨਾਲ ਹੀ ਕਨੇਡਾ ਵਿੱਚ ਵਿਜ਼ਟਰ ਵੀਜ਼ੇ ਤੇ ਆਏ ਸਨ। ਇਨ੍ਹਾਂ ਵਿੱਚ ਕੁੱਝ ਪੱਗਾਂ ਵਾਲੇ ਵੀ ਹਨ। ਹੁਣ ਜੇ ਕਰ ਤੁਸੀਂ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਆਪਣੇ ਹੀਰੋ ਮੰਨਣਾ ਹੈ ਤਾਂ ਫਿਰ ਕੌਮ ਦਾ ਸੁਭਾਅ ਉਹੋ ਜਿਹਾ ਹੀ ਬਣ ਜਾਂਦਾ ਹੈ। ਸਾਰਾ ਦੋਸ਼ ਸਰਕਾਰਾਂ ਸਿਰ ਸੁੱਟ ਕੇ ਵੀ ਸਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਕੱਲ ਵਾਲੀ ਭਾਵ ਕਿ 6 ਜੂਨ 2026 ਵਾਲੀ ਇੱਕ ਵੀਡੀਓ ਵਿੱਚ ਕੁੱਕੀ ਗਿੱਲ ਨੇ ਵੀ ਬੀਬੀ ਮਨਵੀਰ ਕੌਰ ਨਾਲ ਇਨ੍ਹਾਂ ਲੁੱਟਾਂ ਖੋਹਾਂ ਦਾ ਖੁਲਾਸਾ ਕੀਤਾ ਹੈ। ਜਿਨਹਾਂ ਨੂੰ ਸੱਚ ਨਹੀਂ ਚੰਗਾ ਲੱਗਦਾ ਉਨ੍ਹਾਂ ਨੇ ਉਸ ਨੂੰ ਸਰਕਾਰੀ ਕਹਿਣਾ ਹੈ। ਜਿਨ੍ਹਾਂ ਨੂੰ ਸੱਚ ਚੰਗਾ ਲੱਗਦਾ ਹੈ ਉਨ੍ਹਾਂ ਨੇ ਕਹਿਣਾ ਹੈ ਕਿ ਹਾਲੇ ਪੂਰਾ ਸੱਚ ਨਹੀਂ ਬੋਲਿਆ ਖੁੱਲ ਕੇ ਪੂਰਾ ਸੱਚ ਬੋਲਣਾ ਚਾਹੀਦਾ ਹੈ। ਜੇ ਕਰ ਉਸ ਵੀਡੀਓ ਦੇ ਥੱਲੇ ਤੁਸੀਂ ਕੁਮਿੰਟ ਦੇਖੋਂਗੇ ਤਾਂ ਪਤਾ ਲੱਗੇਗਾ ਕਿ ਚੌਥਾ ਕੁ ਹਿੱਸਾ ਹੀ ਸਚਾਈ ਨੂੰ ਪ੍ਰਵਾਨ ਕਰਨ ਵਾਲੇ ਹਨ। ਸਾਧ ਦੇ ਢੀਠ ਚੇਲਿਆਂ ਦੀ ਇੱਕ ਗੱਲ ਹੋਰ ਦੇਖੋ ਕਿ ਇੱਕ ਗੱਲ ਦੀ ਸਚਾਈ ਦੱਸਣ ਦੇ ਬਾਵਜੂਦ ਵੀ ਉਹੀ ਗੱਲ ਮੁੜ-ਮੁੜ ਦੁਹਰਾਉਂਦੇ ਰਹਿੰਦੇ ਹਨ ਕਿ ਜੇ ਕਰ ਭਿੰਡਰਾਂ ਵਾਲਾ ਅਕਾਲ ਤਖਤ ਤੇ ਲੁਕਿਆ ਹੋਇਆ ਸੀ ਤਾਂ ਬਾਕੀ ਤਕਰੀਬਨ 40 ਥਾਵਾਂ ਤੇ ਅਟੈਕ ਕਿਉਂ ਹੋਇਆ? ਉਥੇ ਕਿਹੜਾ ਭਿੰਡਰਾਂਵਾਲਾ ਬੈਠਾ ਸੀ? ਇਸ ਦਾ ਸਿੱਧਾ ਜਿਹਾ ਜਵਾਬ ਤਾਂ ਇਹ ਹੈ ਕਿ ਸਾਰੇ ਦੇਸ਼ ਵਿੱਚ ਸਿਰਫ 40 ਹੀ ਗੁਰਦੁਆਰੇ ਹਨ? ਬਾਕੀਆਂ ਤੇ ਕਿਉਂ ਨਹੀਂ ਹੋਇਆ? ਖੁਫੀਆ ਏਜੰਸੀਆਂ ਨੂੰ ਕੋਈ ਸ਼ੱਕ ਹੋਵੇਗਾ ਕਿ ਇੱਥੋਂ ਵੀ ਕੋਈ ਕਾਰਵਾਈ ਹੋ ਸਕਦੀ ਹੈ। ਉਂਜ ਤਾਂ ਇਸ ਬਾਰੇ ਸਾਧ ਆਪ ਹੀ ਕਈ ਕੁੱਝ ਦੱਸ ਗਿਆ ਸੀ। ਫਿਰ ਵੀ ਜੇ ਕਰ ਪੱਕੇ ਸਬੂਤ ਚਾਹੀਦੇ ਹੋਣ ਤਾਂ ਮੌਕੇ ਦੇ ਜੋ ਗਵਾਹ ਉਥੇ ਰਹਿੰਦੇ ਰਹੇ ਹਨ ਅਤੇ ਉਹ ਕਈ ਗਤੀ ਵਿਧੀਆਂ ਵਿੱਚ ਵੀ ਸ਼ਾਮਲ ਰਹੇ ਹਨ, ਉਹ ਸਾਰਾ ਕੁੱਝ ਕਈ ਵਾਰ ਦੱਸ ਚੁੱਕੇ ਹਨ। ਇਹ ਕਈ ਗੁਰਦੁਆਰਿਆਂ ਵਿੱਚ ਖੁਦ ਵੀ ਹਥਿਆਰ ਦੇ ਕੇ ਆਏ ਸਨ। ਇਨ੍ਹਾਂ ਦੇ ਨਾਮ ਹਨ, ਸੁੱਖਵਿੰਦਰ ਦਿਆਲ ਸਿੰਘ ਅਤੇ ਅਸੰਤ ਕੁੱਲਜਿੰਦਰ ਸਿੰਘ ਢਿੱਲੋਂ। ਹੇਠਾਂ ਤੁਸੀਂ ਹੁਣ ਉਹ ਦੋ ਵੀਡੀਓ ਦੇਖੋ ਜਿਸ ਦਾ ਜ਼ਿਕਰ ਮੈਂ ਇਸ ਲੇਖ ਵਿੱਚ ਕੀਤਾ ਹੈ। ਇੱਕ ਸਾਲ ਪੁਰਾਣੀ ਹੈ ਅਤੇ ਇਕ, ਇੱਕ ਦਿਨ। ਜਿਹੜੀ ਪਹਿਲੀ ਵੀਡੀਓ ਇੱਕ ਸਾਲ ਪੁਰਾਣੀ ਹੈ ਉਹ ਸਾਰੀ ਭਾਂਵੇਂ ਨਾ ਦੇਖੋ ਪਰ ਡਾ ਭੱਟੀ ਨੇ ਅਖੀਰ ਤੇ ਜੋ ਕਿਹਾ ਸੀ ਉਹ ਜਰੂਰ ਦੇਖੋ ਅਤੇ ਧਿਆਨ ਨਾਲ ਸੁਣੋਂ।

ਮੱਖਣ ਪੁਰੇਵਾਲ,

ਜੂਨ 07, 2026.







.