ਬ੍ਰਹਮਗਿਆਨੀ ਜਾਂ ਮਾਨਸਿਕ ਰੋਗੀ
ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿੱਚ ਬਹੁਤ ਸਾਰੇ ਡੇਰੇ ਅਤੇ ਜਥੇਬੰਦੀਆਂ ਹਨ। ਇਨ੍ਹਾਂ ਸਾਰਿਆਂ ਡੇਰਿਆਂ ਅਤੇ ਜਥੇਬੰਦੀਆਂ ਵਿੱਚ ਕਿਸੇ ਨਾ ਕਿਸੇ ਨੂੰ ਬ੍ਰਹਮਗਿਆਨੀ ਦਾ ਦਰਜਾ ਜਰੂਰ ਦਿੱਤਾ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਸਾਰਿਆਂ ਦੇ ਵਿਚਾਰ ਜਾਂ ਕਹੀ ਜਾਂਦੀ ਰਹਿਤ ਮਰਯਾਦਾ ਇੱਕ ਦੂਸਰੇ ਨਾਲ ਨਹੀਂ ਮਿਲਦੀ। ਕਈ ਤਾਂ ਇਤਨੇ ਗਿਰ ਜਾਂਦੇ ਹਨ ਕਿ ਕਿਸੇ ਦੇ ਵੱਖਰੇ ਵਿਚਾਰਾਂ ਦੇ ਕਾਰਨ ਸਰਾਪ ਦੇਣ ਤੇ ਉਤਰ ਆਉਂਦੇ ਹਨ। ਭਾਵ ਕੇ ਧਰਮ ਦੇ ਨਾਮ ਤੇ ਇਤਨੇ ਅੰਨੇ ਹੋ ਜਾਂਦੇ ਹਨ ਕਿ ਆਪ ਹੀ ਰੱਬ ਬਣ ਕੇ ਬੈਠ ਜਾਂਦੇ ਹਨ। ਇਸ ਸਰਾਪ ਦੀ ਝਲਕ ਦੇਖਣੀ ਹੈ ਟਕਸਾਲੀਆਂ ਦੇ ਬ੍ਰਹਮਗਿਆਨੀ ਦੀ ਰਾਗਮਾਲਾ ਨਾ ਪੜ੍ਹਨ ਵਾਲਿਆਂ ਬਾਰੇ ਦੇਖ ਸਕਦੇ ਹੋ। ਰਾਗਮਾਲਾ ਨੂੰ ਨਾ ਮੰਨਣ ਵਾਲਿਆਂ ਦੀ ਜ਼ੁਬਾਨ ਵਿੱਚ ਅਰਦਾਸ ਕਰਨ ਨਾਲ ਕੀੜੇ ਪੈਣ ਦੀ ਗੱਲ ਕਹੀ ਹੋਈ ਹੈ। ਜੇ ਕਰ ਇਸੇ ਤਰ੍ਹਾਂ ਅਰਾਦਾਸਾਂ ਕਰਨ ਨਾਲ ਕੀੜੇ ਪੈਂਦੇ ਹੋਣ ਤਾਂ ਕਥਿਤ ਧਰਮੀਆਂ ਨੇ ਹੁਣ ਤੱਕ ਅੱਧੀ ਦੁਨੀਆਂ ਕੀੜੇ ਪਾ ਕੇ ਹੀ ਮਾਰ ਦੇਣੀ ਸੀ। ਜੇ ਕਰ ਰੱਬ ਜਾਂ ਗੁਰੂ ਕਿਸੇ ਖਾਸ ਅਸਥਾਨ ਤੇ ਅਰਦਾਸਾਂ ਸੁਣ ਕੇ ਕਿਸੇ ਦੂਸਰੇ ਦਾ ਨੁਕਸਾਨ ਕਰ ਸਕਦਾ ਹੈ ਜਾਂ ਕੀੜੇ ਪਾ ਸਕਦਾ ਹੈ ਤਾਂ ਹੁਣ ਤੱਕ ਆਪਣੇ ਕਹੇ ਜਾਂਦੇ ਬੰਦੀ ਸਿੰਘਾਂ ਨੂੰ ਜੇਲਾਂ ਵਿਚੋਂ ਬਾਹਰ ਕੱਢਣ ਲਈ ਕੋਈ ਅਰਦਾਸ ਕਿਉਂ ਨਹੀਂ ਕੀਤੀ? ਇਸ ਸੰਬੰਧੀ ਮੋਰਚੇ ਕਿਉਂ ਲਾਏ ਜਾ ਰਹੇ ਹਨ ਜਾਂ ਸਰਕਾਰ ਨੂੰ ਅਪੀਲਾਂ ਕਿਉਂ ਕੀਤੀਆਂ ਜਾ ਰਹੀਆਂ ਹਨ? ਕੀ ਦੇਸ਼ ਦੇ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੂੰ ਸਜਾ ਦੇਣ ਲਈ ਤੁਹਾਡੀ ਕੋਈ ਅਰਦਾਸ ਕੰਮ ਹੀ ਨਹੀਂ ਕਰ ਰਹੀ ਜਾਂ ਬੰਦੀ ਸਿੰਘਾਂ ਲਈ ਤੁਸੀਂ ਅੰਦਰੋਂ ਕੋਈ ਹਮਦਰਦੀ ਹੀ ਨਹੀਂ ਰੱਖਦੇ? ਰਾਤ ਨੂੰ ਸ਼ੇਰ ਦਾ ਰੂਪ ਧਾਰਨ ਕਰਕੇ ਉਸ ਦੀ ਛਾਤੀ ਤੇ ਕੋਈ ਕਿਉਂ ਨਹੀਂ ਚੜਦਾ ਜਿਸ ਤਰ੍ਹਾਂ ਇੰਦਰਾ ਗਾਂਧੀ ਤੇ ਪੀ: ਐੱਚ: ਡੀ: ਡਿਗਰੀਆਂ ਵਾਲੇ ਵੀ ਚੜਾਂਉਂਦੇ ਰਹੇ ਹਨ? ਇਸ ਤੋਂ ਦੋ ਹੀ ਗੱਲਾਂ ਸਾਬਤ ਹੁੰਦੀਆਂ ਹਨ। ਜਾਂ ਤਾਂ ਬੰਦੀ ਸਿੰਘਾਂ ਨਾਲ ਤੁਹਾਡੀ ਕੋਈ ਹਮਦਰਦੀ ਨਹੀਂ ਅਤੇ ਜਾਂ ਫਿਰ ਕਥਿਤ ਬ੍ਰਹਮਗਿਆਨੀ ਅਤੇ ਪੀ: ਐੱਚ: ਡੀ: ਡਿਗਰੀਆਂ ਵਾਲੇ ਜਾਣ ਬੁੱਝ ਕੇ ਧਰਮ ਦੇ ਨਾਮ ਤੇ ਲੋਕਾਈ ਨੂੰ ਗੁਮਰਾਹ ਕਰ ਰਹੇ ਹਨ।
ਸਿੱਖ ਧਰਮ ਵਿੱਚ ਕਹੇ ਜਾਂਦੇ ਬ੍ਰਹਮਗਿਆਨੀਆਂ ਦੀ ਇੱਕ ਮਜ਼ੇਦਾਰ ਗੱਲ ਇਹ ਹੈ ਕਿ ਇਹ ਸਾਰੇ ਇੱਕ ਦੂਸਰੇ ਦੇ ਭਾਂਵੇਂ ਜਿਤਨੇ ਮਰਜ਼ੀ ਵਿਰੋਧੀ ਹੋਣ ਪਰ ਕੂੜ ਗ੍ਰੰਥਾਂ ਨੂੰ ਪਰਮੋਟ ਕਰਨ ਬਾਰੇ ਤਕਰੀਬਨ ਸਾਰੇ ਹੀ ਇਕੱਠੇ ਹਨ। ਅਗਾਂਹ ਇਨ੍ਹਾਂ ਨਾਲ ਜੁੜੇ ਹੋਏ ਲੋਕ ਵੀ ਇਹੀ ਕੁੱਝ ਕਰਦੇ ਹਨ। ਇੱਥੇ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਹਾਂ। ਦਸਮ ਗ੍ਰੰਥ ਅਥਵਾ ਬਚਿੱਤਰ ਨਾਟਕ ਵਿੱਚ ਅਨੂਪ ਕੌਰ ਦੀ ਕਥਾ ਕਾਫੀ ਮਸ਼ਹੂਰ ਹੈ ਜੋ ਕਿ ਚਰਿਤ੍ਰੋ ਪਖਿਆਨ ਦੇ 21-23 ਨੰਬਰ ਵਿੱਚ ਦਰਜ ਹੈ। ਕਈ ਇਸ ਨੂੰ ਦਸਮ ਗੁਰੂ ਦੀ ਹੱਡਬੀਤੀ ਮੰਨਦੇ ਹਨ ਅਤੇ ਕਈ ਨਹੀਂ ਮੰਨਦੇ। ਪਰ ਇਹ ਸਾਰੇ ਇਹੀ ਮੰਨਦੇ ਹਨ ਕਿ ਇਹ ਸਾਡੇ ਦਸਵੇਂ ਗੁਰੂ ਦੀ ਲਿਖਤ ਹੈ। ਇੱਕ ਸਾਧਾਰਨ ਬੁੱਧੀ ਵਾਲਾ ਵਿਆਕਤੀ ਵੀ ਇਹ ਸਮਝ ਸਕਦਾ ਹੈ ਕਿ ਇਹ ਲਿਖਤ ਕਿਸੇ ਸਿਆਣੇ ਪੁਰਸ਼ ਦੀ ਨਹੀਂ ਹੋ ਸਕਦੀ ਪਰ ਇਹ ਕਥਿਤ ਬ੍ਰਹਮਗਿਆਨੀਆਂ ਦੇ ਸਮਝ ਵਿੱਚ ਹੀ ਨਹੀਂ ਆਈ। ਦਸਮ ਗ੍ਰੰਥ ਦੇ ਲਿਖਾਰੀ ਦਾ ਮੁੱਖ ਮਕਸਦ ਇਸਤਰੀਆਂ ਨੂੰ ਘਟੀਆ ਦਰਸਾ ਕੇ ਵੱਧ ਤੋਂ ਵੱਧ ਇਸਤਰੀ ਜਾਤੀ ਦੀ ਨਿੰਦਿਆ ਕਰਨਾ ਹੈ। ਇਸ ਗ੍ਰੰਥ ਦਾ ਲਿਖਾਰੀ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਰੱਬ ਵੀ ਇਸਤਰੀਆਂ ਨੂੰ ਸਾਜ ਕੇ ਪਛਤਾਇਆ ਸੀ। ਇੱਕ ਪਾਸੇ ਇਹ ਲਿਖਾਰੀ ਇਹ ਕਹਿੰਦਾ ਹੈ ਕਿ ਮੇਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਕਿ ਪਰਾਈ ਇਸਤਰੀ ਦੀ ਸੇਜ ਤੇ ਸੁਪਨੇ ਵਿੱਚ ਵੀ ਨਾ ਜਾਂਈਂ। ਪਰ ਦੂਸਰੇ ਪਾਸੇ ਆਪ ਹੀ ਰਾਤ ਨੂੰ ਭੇਸ ਬਦਲ ਕੇ ਮੰਤ੍ਰ ਲੈਣ ਦੇ ਬਹਾਨੇ ਪਰਾਈ ਇਸਤਰੀ ਦੀ ਸੇਜ ਤੇ ਜਾ ਕੇ ਬੈਠ ਜਾਂਦਾ ਹੈ। ਕਈ ਰਾਗੀ ਸਿੰਘ ਵੀ ਅਨੰਦ ਕਾਰਜ ਦੀ ਰਸਮ ਤੋਂ ਬਾਅਦ ਇਨ੍ਹਾਂ ਪੰਗਤੀਆਂ ਦਾ ਕੀਰਤਨ ਗੁਰਦੁਆਰਿਆਂ ਵਿੱਚ ਕਰਦੇ ਦੇਖੇ ਜਾ ਸਕਦੇ ਹਨ। ਲਓ ਪਹਿਲਾਂ ਇਹ ਪੰਗਤੀਆਂ ਤੇ ਅਰਥ ਪੜ੍ਹ ਲਓ ਫਿਰ ਅਗਾਂਹ ਗੱਲ ਕਰਦੇ ਹਾਂ।
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥ ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ ॥ ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥੫੧॥
(ਰਾਜੇ ਨੇ ਕਿਹਾ) ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ, (ਤਦੋਂ ਤੋਂ) ਮੇਰੇ ਗੁਰੂ ਨੇ ਉਪਦੇਸ਼ ਦਿੱਤਾ ਹੈ, ਹੇ ਪੁੱਤਰ! ਤੇਰੀ ਇਹੀ ਪ੍ਰਤਿਗਿਆ ਹੋਵੇ ਕਿ ਜਦ ਤਕ ਤੇਰੇ ਸ਼ਰੀਰ ਵਿੱਚ ਪ੍ਰਾਣ ਹਨ, (ਤਦ ਤਕ) ਤੂੰ ਆਪਣੀ ਇਸਤਰੀ ਨਾਲ ਨਿਤ ਪ੍ਰੇਮ ਨੂੰ ਵਧਾਉਂਦਾ ਰਹਿ ਅਤੇ ਪਰਾਈ ਇਸਤਰੀ ਦੀ ਸੇਜ ਉਤੇ ਸੁਪਨੇ ਵਿੱਚ ਵੀ ਨ ਜਾਈਂ। 51
ਜੇ ਕਰ ਪਰਾਈ ਇਸਤ੍ਰੀ ਦੀ ਸੇਜਾ ਉਤੇ ਭੁੱਲ ਕੇ ਵੀ ਸੁਪਨੇ ਵਿੱਚ ਨਹੀਂ ਜਾਣਾ ਸੀ ਤਾਂ ਫਿਰ ਇਹ ਯਾਦ ਕਿਉਂ ਨਹੀਂ ਰੱਖਿਆ? ਫਿਰ ਕਿਉਂ ਇਹ ਪਾਤਰ (ਕਥਿਤ ਰਾਜਾ ਜਾਂ ਕਈ ਭੇਖਧਾਰੀਆਂ ਅਨੁਸਾਰ ਦਸਵਾਂ ਗੁਰੂ) ਮੰਤ੍ਰ ਲੈਣ ਦੇ ਬਹਾਨੇ ਭੇਸ ਬਦਲ ਕੇ ਪਰਾਈ ਇਸਤ੍ਰੀ ਦੀ ਸੇਜ ਤੇ ਜਾ ਬੈਠਾ ਸੀ?
ਜੇ ਕਰ ਕੋਈ ਪਾਠਕ ਇਹ ਸਾਰੀ ਕਹਾਣੀ ਅਰਥਾਂ ਅਤੇ ਟਿੱਪਣੀਆਂ ਸਮੇਤ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਮੇਰਾ ਪੁਰਾਣਾ ਲੇਖ ਜੋ ਕਿ 13 ਸਾਲ ਪਹਿਲਾਂ ਦਾ ਲਿਖਿਆ ਹੋਇਆ ਹੈ ਉਹ ਦਸਮ ਗ੍ਰੰਥ ਵਾਲੇ ਲੇਖਾਂ ਵਿੱਚ ਜਾ ਕੇ ਪੜ੍ਹ ਸਕਦਾ ਹੈ। ਇਹ ਸਾਰਾ ਕੁੱਝ ਪੜ੍ਹ ਕੇ ਆਪਣੇ ਦਿਮਾਗ ਨਾਲ ਸੋਚੋ ਕਿ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਬੇ-ਥਵੀਆਂ ਕਹਾਣੀਆਂ ਸਮਝ ਨਹੀਂ ਆਉਂਦੀਆਂ ਉਹ ਕਿਤਨੇ ਕੁ ਵੱਡੇ ਬ੍ਰਹਮਗਿਆਨੀ ਹੋ ਸਕਦੇ ਹਨ? ਕੀ ਇਹ ਸਾਰੇ ਕਿਤੇ ਮਾਨਸਿਕ ਰੋਗੀ ਤਾਂ ਨਹੀਂ ਸਨ/ਹਨ? ਕਿਸ ਤਰ੍ਹਾਂ ਅੰਨੀ ਸ਼ਰਧਾ ਦੀ ਅਧੀਨ ਘਟੀਆ ਕਹਾਣੀਆਂ ਆਪਣੇ ਗੁਰੂ ਨਾਲ ਜੋੜਦੇ ਹਨ। ਇਨ੍ਹਾਂ ਸੋ ਕਾਲਡ ਬ੍ਰਹਮਗਿਆਨੀਆਂ ਦੇ ਚੇਲਿਆਂ ਦੀ ਇੱਕ ਗੱਲ ਹੋਰ ਦੇਖੋ ਇਹ ਆਪ ਤਾਂ ਰਲ ਕੇ ਆਪਣੇ ਗੁਰੂ ਦੀ ਬੇ-ਇਜ਼ਤੀ ਕਰਦੇ ਹੀ ਹਨ ਪਰ ਜੇ ਕਰ ਕੋਈ ਇਨ੍ਹਾਂ ਕੂੜ ਕਿਤਾਬਾਂ/ਕਹਾਣੀਆਂ ਨੂੰ ਨਾ ਮੰਨੇ ਉਨ੍ਹਾਂ ਨੂੰ ਧਮਕੀਆਂ ਵੀ ਦਿੰਦੇ ਹਨ ਅਤੇ ਹਮਲੇ ਵੀ ਕਰਦੇ ਹਨ। ਆਮ ਸ਼ਰਧਾਲੂਆਂ ਦੀ ਗੱਲ ਤਾਂ ਛੱਡੋ ਆਹ ਪਿੰਦਰਪਾਲ ਵਰਗੇ ਮੂਰਖ ਪ੍ਰਚਾਰਕ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ। ਜਿਹੜੇ ਇਸ ਤਰ੍ਹਾਂ ਨਹੀਂ ਵੀ ਕਰਦੇ ਉਹ ਵੀ ਇਨ੍ਹਾਂ ਕੂੜ ਗ੍ਰੰਥਾਂ ਦਾ ਪਰਚਾਰ ਤਾਂ ਕਰਦੇ ਹੀ ਹਨ। ਇੱਕ ਗੱਲ ਹੋਰ ਵੀ ਇਨ੍ਹਾਂ ਦੀ ਅਜੀਵ ਦੇਖੋ, ਖਾਸ ਕਰਕੇ ਖਾਲਿਸਤਾਨੀਆਂ ਦੀ। ਇੱਕ ਪਾਸੇ ਤਾਂ ਇਹ ਹਿੰਦੂਆਂ ਨੂੰ ਗਾਲ੍ਹਾਂ ਕੱਢਣਗੇ, ਉਨ੍ਹਾਂ ਨੂੰ ਮੂਤ ਪੀਣੇ ਅਤੇ ਹੋਰ ਕਈ ਤਰ੍ਹਾਂ ਦੇ ਘਟੀਆ ਲਫਜ਼ਾਂ ਨਾਲ ਸੰਬੋਧਨ ਕਰਨਗੇ। ਪਰ ਦੂਸਰੇ ਪਾਸੇ ਨਾਲ ਹੀ ਦਸਮ ਗ੍ਰੰਥ ਨੂੰ ਪਰਮੋਟ ਕਰਕੇ ਆਪਣੇ ਗੁਰੂਆਂ ਦੇ ਸੰਬੰਧ ਰਾਮ ਚੰਦਰ ਦੇ ਲਵ ਕੁਸ਼ ਨਾਲ ਜੋੜਨਗੇ। ਇਨ੍ਹਾਂ ਵਿੱਚ ਇੱਕ ਕੈਟਾਗਰੀ ਹੋਰ ਵੀ ਹੈ। ਉਹ ਗੁਰਬਾਣੀ ਵਿੱਚ ਆਏ ਰਾਮ ਕ੍ਰਿਸ਼ਨ ਦੇ ਅਰਥ ਤਾਂ ਠੀਕ ਕਰਨਗੇ ਪਰ ਜਦੋਂ ਉਨ੍ਹਾਂ ਨੂੰ ਕੋਈ ਹੇਮਕੁੰਟ ਨਾਲ ਸੰਬੰਧਿਤ ਦਸਮ ਗ੍ਰੰਥ ਵਿਚਲੀ ਪਿਛਲੇ ਜਨਮਾਂ ਦੀ ਕਹਾਣੀ ਵਾਲੇ ਪੁੱਛਣਗੇ ਤਾਂ ਘੇਸਲ ਵੱਟ ਜਾਣਗੇ। ਇਹ ਕਿਉਂ? ਕਿਉਂਕਿ ਉਥੇ ਫਿਰ ਆਪਣੇ ਸੋ ਕਾਲਡ ਬ੍ਰਹਮਗਿਆਨੀ ਝੂਠੇ ਪੈਂਦੇ ਨਜ਼ਰ ਆਉਂਦੇ ਹਨ। ਕਿਉਂਕਿ ਇਹ ਸਾਰੇ ਹੀ ਕੂੜ ਗ੍ਰੰਥਾਂ ਨੂੰ ਮੰਨਣ ਵਾਲੇ ਸਨ/ਹਨ। ਮੇਰਾ ਖਿਆਲ ਹੈ ਕਿ ਜੇ ਕਰ ਤੁਸੀਂ ਆਪਣੇ ਦਿਮਾਗ ਤੇ ਥੋੜਾ ਜਿਹਾ ਬੋਝ ਪਾਇਆ ਹੋਵੇਗਾ ਤਾਂ ਸਮਝ ਆ ਜਾਵੇਗੀ ਕਿ ਇਹ ਸੋ ਕਾਲਡ ਬ੍ਰਹਮਗਿਆਨੀ ਵਾਕਿਆ ਹੀ ਬ੍ਰਹਮਗਿਆਨੀ ਸਨ ਜਾਂ ਮਾਨਸਿਕ ਰੋਗੀ ਜਿਨ੍ਹਾਂ ਦੀ ਸੋਚ ਨਾਲ ਅਨੇਕਾਂ ਹੀ ਲੋਕ ਧਰਮ ਦੇ ਨਾਮ ਤੇ ਮਾਨਸਿਕ ਰੋਗੀ ਬਣ ਚੁੱਕੇ ਹਨ। ਅਜਿਹੇ ਲੋਕ ਨਾ ਤਾਂ ਸੱਚ ਸੁਣ ਸਕਦੇ ਹਨ ਅਤੇ ਨਾ ਹੀ ਪੂਰਾ ਸੱਚ ਬੋਲ ਸਕਦੇ ਹਨ।
ਮੱਖਣ ਪੁਰੇਵਾਲ,
ਮਈ 18, 2026.