ਅਮਰੀਕਾ, ਇਜ਼ਰਾਈਲ ਅਤੇ ਇਰਾਨ ਦੀ ਲੜਾਈ ਵਿੱਚ ਸਿੱਖਾਂ ਦੀ ਅਕਲ
ਇਹ ਲਿਖਤ ਲਿਖਣ ਵੇਲੇ ਭਾਂਵੇਂ ਇਹ ਲੜਾਈ ਆਰਜੀ ਤੌਰ ਤੇ ਬੰਦ ਹੈ ਪਰ ਜਿਤਨਾ ਚਿਰ ਕੋਈ ਪੱਕਾ ਸਮਝੌਤਾ ਨਹੀਂ ਹੋ ਜਾਂਦਾ ਉਤਨਾ ਚਿਰ ਦੁਬਾਰਾ ਲੜਾਈ ਲੱਗਣ ਦਾ ਖਤਰਾ ਬਣਿਆ ਰਹੇਗਾ। ਭਾਂਵੇਂ ਇਸ ਲੜਾਈ ਦਾ ਸਿੱਖਾਂ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਪਰ ਫਿਰ ਵੀ ਇਸ ਲੜਾਈ ਦਾ ਅਸਰ ਸਾਰੀ ਦੁਨੀਆ ਉਪਰ ਪੈ ਰਿਹਾ ਹੈ। ਕਿਉਂਕਿ ਸਾਰੀ ਦੁਨੀਆ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਤੇਲ ਦਾ ਅਸਰ ਇਕੌਨਮੀ ਉਪਰ ਪੈ ਰਿਹਾ ਹੈ। ਇਸ ਬਾਰੇ ਤਕਰੀਬਨ ਸਾਰੇ ਹੀ ਜਾਣੂ ਹਨ। ਪਰ ਜਿਸ ਤਰ੍ਹਾਂ ਸਿੱਖ ਧਿਰ ਬਣ ਕੇ ਆਪਣੀ ਅਕਲ ਦਾ ਜਲੂਸ ਕੱਢ ਰਹੇ ਹਨ ਉਸ ਨੂੰ ਦੇਖ ਕੇ ਹੈਰਾਨੀ ਜਰੂਰ ਹੁੰਦੀ ਹੈ ਕਿ ਸਿੱਖ ਬੌਧਿਕਤਾ ਤੌਰ ਤੇ ਕਿਤਨੇ ਪਛੜੇ ਹੋਏ ਹਨ। ਹਾਲੇ ਇਹ ਰਾਜ ਭਾਗ ਲੈਣ ਦੀਆਂ ਗੱਲਾਂ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਮੈਂ ਬਹੁਤ ਸਿਆਣੇ ਸਮਝਦਾ ਸੀ ਉਹ ਵੀ ਇਸ ਲੜਾਈ ਵਿੱਚ ਆਪਣੀ ਸਿਆਣਪ ਗੁਆ ਚੁੱਕੇ ਦਿਖਾਈ ਦਿੰਦੇ ਹਨ। ਇਸ ਵਿੱਚ ਆਸਤਕ ਨਾਸਤਕ ਸਾਰੇ ਹੀ ਆ ਜਾਂਦੇ ਹਨ। ਇਹ ਸਾਰੇ ਹੀ ਜਾਂ ਤਾਂ ਡਟ ਕੇ ਅਮਰੀਕਾ ਦੇ ਪੱਖ ਵਿੱਚ ਖਲੋਤੇ ਹਨ ਅਤੇ ਜਾਂ ਫਿਰ ਇਰਾਨ ਦੇ ਹੱਕ ਵਿਚ। ਸੰਤੁਲਨ ਵਿਚਾਰ ਹਾਲੇ ਤੱਕ ਕਿਸੇ ਨੇ ਵੀ ਨਹੀਂ ਦਿੱਤੇ ਹਨ।
ਇਸ ਲੜਾਈ ਵਿੱਚ ਦੋਹਾਂ ਧਿਰਾਂ ਵਿਚੋਂ ਘੱਟ ਕੋਈ ਵੀ ਨਹੀਂ ਹੈ ਪਰ ਅਮਰੀਕਾ ਸਾਰੀ ਦੁਨੀਆ ਤੇ ਆਪਣੀ ਧੌਂਸ ਵਾਲੀ ਨੀਤੀ ਲਾਗੂ ਕਰਦਾ ਆ ਰਿਹਾ ਹੈ ਅਤੇ ਅਗਾਂਹ ਵੀ ਇਸੇ ਤਰ੍ਹਾਂ ਕਰਨਾ ਚਾਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਸਾਰੀ ਦੁਨੀਆਂ ਵਿਚੋਂ ਸਭ ਤੋਂ ਵੱਧ ਤਾਕਤਵਰ ਦੇਸ਼ ਹੈ। ਇਸ ਦੇ ਕਈ ਮੁੱਖ ਕਾਰਨ ਹਨ ਜਿਸ ਦਾ ਸੰਖੇਪ ਜਿਹਾ ਵਰਨਣ ਇਹ ਹੈ ਕਿ ਅਮਰੀਕਾ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਸ ਦੇ ਇੱਕ ਪਾਸੇ ਸਮੁੰਦਰ ਲਗਦਾ ਹੈ ਅਤੇ ਦੂਸਰੇ ਪਾਸੇ ਕਨੇਡਾ ਅਤੇ ਮੈਕਸੀਕੋ ਹੈ। ਇਸ ਨੂੰ ਇਨ੍ਹਾਂ ਦੋਹਾਂ ਦੇਸ਼ਾਂ ਤੋਂ ਕੋਈ ਖਤਰਾ ਨਹੀਂ ਹੈ ਅਤੇ ਨਾ ਹੀ ਹੋਰ ਕਿਸੇ ਦੇਸ਼ ਤੋਂ ਕੋਈ ਬਹੁਤਾ ਖਤਰਾ ਹੈ। ਕਿਊਬਾ ਲਾਗੇ ਭਾਂਵੇਂ ਇੱਕ ਕਮਿਊਨਿਸਟ ਦੇਸ਼ ਹੈ ਪਰ ਉਹ ਤਾਂ ਆਪ ਬਿਚਾਰਾ ਮਸੀਂ ਰੋਟੀ ਖਾਂਦਾ ਹੈ। ਅਮਰੀਕਾ ਕਿਸੇ ਵੀ ਤਰ੍ਹਾਂ ਨਾਲ ਕਿਸੇ ਹੋਰ ਦੇਸ਼ ਤੇ ਬਹੁਤਾ ਨਿਰਭਰ ਨਹੀਂ ਕਰਦਾ। ਅਮਰੀਕਾ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਸਾਰੀ ਦੁਨੀਆ ਵਿਚੋਂ ਪਹਿਲੇ ਨੰਬਰ ਤੇ ਹਨ। ਮੈਂ ਪਹਿਲਾਂ ਵੀ ਇੱਕ ਵਾਰੀ ਲਿਖਿਆ ਸੀ ਕਿ ਸਿੱਖਾਂ ਦੇ ਦਸਵੇਂ ਗੁਰੂ ਦੇ ਜਨਮ ਵੇਲੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਹੋਂਦ ਵਿੱਚ ਆ ਚੁੱਕੀ ਸੀ। ਜਿਸ ਵੇਲੇ ਅਸੀਂ ਹਾਲੇ ਪੈਂਤੀ ਅੱਖਰ ਵੀ ਥੱਲੇ ਧਰਤੀ ਤੇ ਜਾਂ ਫੱਟੀਆਂ ਤੇ ਲਿਖਣੇ ਸਿੱਖ ਰਹੇ ਸੀ ਅਮਰੀਕਾ ਵਾਲੇ ਉਦੋਂ ਯੂਨੀਵਰਸਿਟੀਆਂ ਵਿੱਚ ਖੋਜਾਂ ਕਰ ਰਹੇ ਸਨ। ਦੁਨੀਆ ਦਾ ਸਭ ਤੋਂ ਪਹਿਲਾ ਨਿਕਲਿਊਰ ਬੰਬ ਵੀ ਅਮਰੀਕਾ ਨੇ ਹੀ ਬਣਾ ਕੇ ਜਪਾਨ ਤੇ ਵਰਤਿਆ ਸੀ। ਅਮਰੀਕਾ ਵਿੱਚ ਸਭ ਤੋਂ ਵੱਧ ਵੱਡੀਆਂ ਕੰਪਨੀਆਂ ਹੋਂਦ ਵਿੱਚ ਆਈਆ ਹਨ ਜਿਨ੍ਹਾਂ ਦੀ ਇੱਕ ਕੰਪਨੀ ਦੀ ਆਮਦਨ ਹੀ ਕਈ ਛੋਟੇ ਦੇਸ਼ਾਂ ਦੀ ਜ਼ੀ: ਡੀ: ਪੀ: ਨਾਲੋਂ ਵੱਧ ਹੈ। ਇਹ ਸਾਰਾ ਕੁੱਝ ਯੂਨੀਵਰਸਿਟੀਆਂ ਦੀਆਂ ਖੋਜਾਂ ਤੇ ਹੀ ਨਿਰਭਰ ਕਰਦਾ ਹੈ। ਜਿਸ ਇੰਟਰਨੈੱਟ ਨੂੰ ਹੁਣ ਸਾਰੀ ਦੁਨੀਆ ਵਰਤ ਰਹੀ ਹੈ ਇਸ ਨੂੰ ਪਹਿਲਾਂ ਅਮਰੀਕਾ ਦੀ ਫੌਜ ਨੇ ਕਈ ਸਾਲ ਵਰਤ ਕੇ ਫਿਰ ਬਾਕੀ ਦੁਨੀਆ ਲਈ ਖੋਲਿਆ ਸੀ। ਪਹਿਲਾਂ ਦੁਨੀਆ ਦਾ ਆਪਸ ਵਿੱਚ ਲੈਣ ਦੇਣ ਦਾ ਕਾਰੋਬਾਰ ਦਾ ਭੁਗਤਾਨ ਸੋਨੇ ਵਿੱਚ ਹੁੰਦਾ ਸੀ ਫਿਰ ਅਮਰੀਕਾ ਨੇ ਹੀ ਸਭ ਤੋਂ ਪਹਿਲਾਂ ਸਵਿਫਟ ਸਿਸਟਮ ਚਾਲੂ ਕੀਤਾ ਸੀ ਜਿਸ ਨਾਲ ਸਾਰੀ ਦੁਨੀਆ ਦੀ ਟਰੇਡ ਅਮਰੀਕਾ ਡਾਲਰਾਂ ਵਿੱਚ ਹੋਣ ਲੱਗੀ ਅਤੇ ਹੁਣ ਵੀ ਹੋ ਰਹੀ ਹੈ। ਪਰ ਹੁਣ ਚੀਨ, ਰੂਸ, ਇੰਡੀਆ, ਬਰਾਜ਼ੀਲ ਅਤੇ ਹੋਰ ਦੇਸ਼ ਰਲ ਕੇ ਇਸ ਨੂੰ ਚੁਣੌਤੀ ਦੇਣ ਬਾਰੇ ਸੋਚ ਰਹੇ ਹਨ ਜਿਸ ਦੀ ਅਮਰੀਕਾ ਨੂੰ ਬਹੁਤ ਤਕਲੀਫ ਹੋ ਰਹੀ ਹੈ। ਹੋਰਨਾ ਕਾਰਨਾ ਵਿਚੋਂ ਇਹ ਵੀ ਇੱਕ ਕਾਰਨ ਹੈ ਇਰਾਨ ਤੇ ਹਮਲਾ ਕਰਨ ਦਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਸਾਰੀ ਦੁਨੀਆ ਤੇ ਧੱਕਾ ਅਤੇ ਧੌਂਸ ਕਰ ਰਿਹਾ ਹੈ। ਇਹ ਗੱਲ ਸਾਰੀ ਦੁਨੀਆ ਵੀ ਜਾਣਦੀ ਹੈ ਪਰ ਖੁੱਲ ਕੇ ਕੋਈ ਬੋਲ ਨਹੀਂ ਰਿਹਾ। ਇਜ਼ਰਾਈਲ ਤੋਂ ਬਿਨਾ ਤਕਰੀਬਨ ਸਾਰੇ ਦੇਸ਼ ਅਮਰੀਕਾ ਤੋਂ ਅਤੇ ਖਾਸ ਕਰਕੇ ਡੌਨਲ ਟਰੰਪ ਤੋਂ ਔਖੇ ਹਨ ਪਰ ਟੈਰਫ ਦੇ ਡਰੋਂ ਬਹੁਤਾ ਬੋਲ ਨਹੀਂ ਰਹੇ। ਅਮਰੀਕਾ ਵਿੱਚ ਹੀ ਤਕਰੀਬਨ 66% ਲੋਕ ਟਰੰਪ ਦੇ ਵਿਰੋਧ ਵਿੱਚ ਹਨ ਅਤੇ ਉਹ ਪਰੋਟੈਸਟ ਵੀ ਕਰ ਰਹੇ ਹਨ। ਪਰ ਇਹ ਨਿਰਨੇ ਕਾਲਜੇ ਰੱਜ ਕੇ ਝੂਠ ਬੋਲਣ ਵਾਲਾ ਢੀਠ ਬੰਦਾ ਕਿਸੇ ਦੀ ਪ੍ਰਵਾਹ ਹੀ ਨਹੀਂ ਕਰ ਰਿਹਾ। ਇਹ ਤਾਂ ਆਪਣੇ ਪੋਪ ਨੂੰ ਵੀ ਕਹਿ ਰਿਹਾ ਹੈ ਕਿ ਇਹ ਖੱਬੇ ਪੱਖੀ ਸੋਚ ਰੱਖਦਾ ਹੈ। ਕਿਊਬਾ ਵਿਚਾਰੇ ਦਾ ਕੀ ਕਸੂਰ ਹੈ ਕਿ ਉਸ ਤੇ ਪਬੰਦੀਆਂ ਲਾ ਕੇ ਐਂਵੇਂ ਹੀ ਤੰਗ ਕਰ ਰਿਹਾ ਹੈ।
ਹੁਣ ਜੇ ਕਰ ਗੱਲ ਕਰੀਏ ਇਰਾਨ ਦੀ ਉਹ ਵੀ ਹੱਦੋਂ ਵੱਧ ਕੱਟੜ ਦੇਸ਼ ਹੈ। ਉਂਜ ਤਾਂ ਸਾਰੇ ਹੀ ਇਸਲਾਮਿਕ ਦੇਸ਼ ਸਾਰੀ ਦੁਨੀਆ ਲਈ ਖਤਰਾ ਹਨ। ਇਸਲਾਮ ਨੂੰ ਮੰਨਣ ਵਾਲੇ ਸਾਰੇ ਹੀ ਲੋਕ ਬਾਕੀ ਹੋਰ ਧਰਮਾ ਦੇ ਲੋਕਾਂ ਨੂੰ ਕਾਫਰ ਸਮਝਦੇ ਹਨ ਅਤੇ ਉਨ੍ਹਾਂ ਨੂੰ ਮਾਰਨਾ ਜਾਂ ਆਪਣੇ ਧਰਮ ਵਿੱਚ ਲਿਆਉਣਾ ਉਨ੍ਹਾਂ ਲਈ ਸਭ ਤੋਂ ਵੱਧ ਪੁੰਨ ਦਾ ਕੰਮ ਹੈ। ਉਂਜ ਕੁੱਝ ਪੜ੍ਹੇ ਲਿਖੇ ਸਿਆਣੇ ਮੁਸਲਮਾਨ ਇਸਲਾਮ ਦੀ ਅਸਲੀਅਤ ਵੀ ਲੋਕਾਂ ਸਾਹਮਣੇ ਰੱਖ ਰਹੇ ਹਨ ਅਤੇ ਆਪ ਵੀ ਇਸ ਧਰਮ ਨੂੰ ਛੱਡ ਰਹੇ ਹਨ। ਪਰ ਕੱਟੜ ਮੁਸਲਮਾਨ ਅਜਿਹੇ ਲੋਕਾਂ ਤੇ ਫਤਵੇ ਯਾਰੀ ਕਰਦੇ ਹਨ ਅਤੇ ਉਨ੍ਹਾਂ ਨੂੰ ਲੁਕ ਛਿਪ ਕੇ ਜਿੰਦਗੀ ਗੁਜਾਰਨੀ ਪੈਂਦੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਸਾਈਮਨ ਰਸ਼ਦੀ ਤੇ ਇਰਾਨ ਦੇ ਖੁਮੀਨੀ ਨੇ ਹੀ ਫਤਵਾ ਯਾਰੀ ਕੀਤਾ ਹੋਇਆ ਹੈ ਅਤੇ ਉਹ ਲੁਕ ਛਿਪ ਕੇ ਜਿੰਦਗੀ ਕੱਟ ਰਿਹਾ ਹੈ। ਉਸ ਤੇ ਕਈ ਵਾਰੀ ਹਮਲੇ ਵੀ ਹੋ ਚੁੱਕੇ ਹਨ। ਨਿਊਯਾਰਕ ਵਿੱਚ ਉਸ ਤੇ ਹਮਲਾ ਕਰਕੇ ਉਸ ਦੀ ਇੱਕ ਅੱਖ ਕੱਢ ਦਿੱਤੀ ਗਈ ਸੀ। ਉਸ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਇੱਕ ਕਿਤਾਬ “ਸ਼ੈਤਾਨ ਦੀਆਂ ਆਇਤਾਂ” ਲਿਖ ਕੇ ਕੁਰਾਨ ਦੀ ਅਸਲੀਅਤ ਸਾਹਮਣੇ ਰੱਖ ਦਿੱਤੀ ਸੀ। ਜਦੋਂ ਦਾ ਇਰਾਨ ਕੱਟੜ ਇਸਲਾਮਿਕ ਦੇਸ਼ ਬਣਿਆਂ ਹੈ ਇਹ ਉਦੋਂ ਤੋਂ ਹੀ ਅਮਰੀਕਾ ਅਤੇ ਇਜ਼ਰਾਈਲ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਜ਼ਰਾਈਲ ਦੀ ਹੋਂਦ ਖਤਮ ਕਰਨ ਨੂੰ ਕਹਿ ਰਿਹਾ ਹੈ। ਹਿਜ਼ਬੁੱਲਾ ਅਤੇ ਹਮਾਂਸ ਨੂੰ ਫੰਡ ਦੇ ਰਿਹਾ ਹੈ। ਅਕਤੂਬਰ 07, 2023 ਨੂੰ ਹਮਾਂਸ ਅਤੇ ਹਿਜਬੁੱਲਾ ਨੇ ਰਲ ਕੇ ਇਜ਼ਰਾਈਲ ਤੇ ਹਮਲਾ ਕਰਕੇ ਕਈ ਨਿਰਦੋਸ਼ਾਂ ਨੂੰ ਮੌਤ ਦੇ ਘਾਤ ਉਤਾਰਿਆ ਸੀ ਅਤੇ ਕਈਆਂ ਨੂੰ ਬੰਦੀ ਬਣਾ ਲਿਆ ਗਿਆ ਸੀ। ਇਸ ਦੇ ਬਦਲੇ ਵਿੱਚ ਇਜ਼ਰਾਈਲ ਦੇ ਕੱਟੜ ਪ੍ਰਧਾਨ ਮੰਤਰੀ ਨੇ ਗਾਜ਼ਾ ਨੂੰ ਮਲੀਆਮੇਟ ਕਰ ਕੇ ਰੱਖ ਦਿੱਤਾ ਹੈ।
ਇਰਾਨੀਆ ਦੀ ਇੱਕ ਗੱਲੋਂ ਸਿਫਤ ਕਰਨੀ ਬਣਦੀ ਹੈ ਕਿ ਉਹ ਅਮਰੀਕਾ ਜਿੰਨਾ ਝੂਠ ਨਹੀਂ ਬੋਲਦੇ। ਇਰਾਨ ਦੇ ਇੱਕ ਪਰੋਫੈਸਰ, ਮੁਹੰਮਦ ਮਾਰਾਨਦੀ ਦੀਆਂ ਬਹੁਤ ਸਾਰੀਆਂ ਇੰਟਰਵਿਊ ਯੂ-ਟਿਊਬ ਤੇ ਦੇਖੀਆਂ ਜਾ ਸਕਦੀਆਂ ਹਨ ਜੋ ਕਿ ਲੜਾਈ ਦੀ ਅਸਲੀਅਤ ਬਿਆਨ ਕਰਦੀਆਂ ਹਨ। ਪਰ ਇੱਕ ਇੰਟਰਵਿਊ ਵਿੱਚ ਇਹ ਵੀ 7 ਅਕਤੂਬਰ ਵਾਲੀ ਘਟਨਾ ਦਾ ਸਪਸ਼ਟ ਜਵਾਬ ਨਹੀਂ ਦੇ ਸਕਿਆ ਅਤੇ ਉਹ ਇੰਟਟਰਵਿਊ ਵਿਚੇ ਹੀ ਖਤਮ ਕਰਨੀ ਪਈ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਰਾਨ ਵਾਲੇ ਧਰਮ ਦੇ ਨਾਮ ਤੇ ਕੱਟੜਤਾ ਫੈਲਾ ਰਹੇ ਹਨ ਅਤੇ ਕਈਆਂ ਲਈ ਖਤਰਾ ਵੀ ਹਨ। ਪਰ ਇਹ ਖਤਰਾ ਇਤਨਾ ਨਹੀਂ ਹੈ ਜਿਤਨਾ ਟਰੰਪ ਦੇ ਬੰਦਿਆ ਵਲੋਂ ਦੱਸਿਆ ਜਾ ਰਿਹਾ ਹੈ। ਇਸ ਖਤਰੇ ਦੇ ਬਹਾਨੇ ਅਮਰੀਕਾ ਅਤੇ ਇਜ਼ਰਾਈਲ ਮਿਲ ਕੇ ਹੱਦੋਂ ਵੱਧ ਇਰਾਨ ਤੇ ਜ਼ੁਲਮ ਕਰ ਰਹੇ ਹਨ। ਬੱਚਿਆਂ ਦਾ ਕੀ ਕਸੂਰ ਸੀ ਜਿਹੜੇ 150 ਤੋਂ ਵੱਧ ਇੱਕ ਸਕੂਲ ਵਿੱਚ ਬੰਬ ਸੁੱਟ ਕੇ ਮਾਰ ਦਿੱਤੇ ਗਏ ਸਨ। ਇਟਲੀ ਦੀ ਪ੍ਰਧਾਨ ਮੰਤਰੀ ਮੁੱਲਿਆਂ ਪ੍ਰਤੀ ਕਾਫੀ ਸਖ਼ਤ ਹੈ ਪਰ ਇਜਰਾਈਲ ਦੇ ਹੱਦੋਂ ਵੱਧ ਜੁਲਮ ਦੇਖ ਕੇ ਉਸ ਨੇ ਵੀ ਇਜਰਾਈਲ ਨਾਲ ਮਿਲਟਰੀ ਇਕਰਾਰਨਾਮਾ ਖਤਮ ਕਰ ਦਿੱਤਾ ਹੈ। ਹੁਣ ਜੇ ਕਰ ਸਿੱਖਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਨਾ ਤਾਂ ਪਹਿਲਾਂ ਕੋਈ ਅਕਲ ਸੀ ਅਤੇ ਨਾ ਹੀ ਅਗਾਂਹ ਕੋਈ ਅਕਲ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ। ਜੇ ਕਰ ਇਰਾਨ ਦਾ ਵਫਦ ਮਿਲ ਕੇ ਖੁਮੀਨੀ ਦੇ ਸ਼ਰਧਾਂਜਲੀ ਸਮਾਗਮ ਵਿੱਚ ਸੱਦਾ ਦੇ ਕੇ ਗਿਆ ਸੀ ਤਾਂ ਸ਼ਰਿਸ਼ਟਾਚਾਰ ਦੇ ਨਾਤੇ ਕਿਸੇ ਨੂੰ ਜਰੂਰ ਸ਼ਾਮਲ ਹੋਣਾ ਚਾਹੀਦਾ ਸੀ ਪਰ ਪਤਾ ਲਗਦਾ ਹੈ ਕਿ ਕੋਈ ਵੀ ਨਹੀਂ ਹੋਇਆ। ਪਹਿਲਾਂ ਇੰਡੀਆ ਪਾਕਿਸਤਾਨ ਦੇ ਸੰਧੂਰ ਅਪਰੇਸ਼ਨ ਵੇਲੇ ਖਾਲਿਸਤਾਨੀ ਸਿੱਖ ਹੱਦੋਂ ਵੱਧ ਕੇ ਪਾਕਿਸਤਾਨੀ ਮੁੱਲਿਆਂ ਦੇ ਹੱਕ ਵਿੱਚ ਭੁਗਤੇ ਸਨ ਅਤੇ ਹੁਣ ਬਿੱਲਕੁੱਲ ਦੂਸਰੇ ਪਾਸੇ ਹਨ। ਉਂਜ ਵੀ ਜਿਹੜੇ ਫੁਕਰੇ ਲੀਡਰਾਂ ਨੂੰ ਆਪਣੇ ਹੀਰੋ ਮੰਨਦੇ ਹੋਣ ਉਨ੍ਹਾਂ ਤੋਂ ਚੰਗੇ ਅਕਲ ਵਾਲੇ ਕੰਮਾਂ ਦੀ ਕੀ ਆਸ ਕੀਤੀ ਜਾ ਸਕਦੀ ਹੈ? ਇਸ ਲੜਾਈ ਬਾਰੇ ਜੇ ਕਰ ਅਸਲੀਅਤ ਨੂੰ ਸਮਝਣਾ ਹੋਵੇ ਤਾਂ ਇਸ ਹੇਠ ਦਿੱਤੇ ਯੂ-ਟਿਊਬ ਚੈਨਲ ਦੇ ਲਿੰਕ ਤੇ ਜਾ ਕੇ ਦੇਖ ਸਕਦੇ ਹੋ। ਇਸ ਚੈਨਲ ਨੂੰ ਕੁੱਝ ਘੰਟਿਆਂ ਵਿੱਚ ਹੀ ਹਜ਼ਾਰਾਂ ਲੱਖਾਂ ਲੋਕ ਦੇਖਦੇ ਹਨ। ਇਸ ਵਿੱਚ ਦੋਹਾਂ ਪਾਸਿਆਂ ਦੀ ਅਸਲੀਅਤ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ ਕੁੱਝ ਕੁ ਹੀ ਚੈਨਲ ਹਨ ਜਿਹੜੇ ਅਸਲੀਅਤ ਦੱਸਣ ਦੀ ਕੋਸ਼ਿਸ਼ ਕਰਦੇ ਹਨ।
ਮੱਖਣ ਪੁਰੇਵਾਲ,
ਅਪਰੈਲ 15, 2026.