.
ਸਾਨੂੰ ਵੀ ਮਾਣ ਹੈ ਆਪਣੇ ਸੰਤ ਤੇ
ਉਂਜ ਤਾਂ ਸਾਰੀ ਦੁਨੀਆ ਨੂੰ ਹੁਣ ਚਾਨਣ ਹੋ ਹੀ ਗਿਆ ਹੈ ਕਿ ਅਮਰੀਕਾ ਦਾ ਪਰੈਜ਼ੀਡਿੰਟ (ਰਾਸ਼ਟਰਪਤੀ) ਨਸਲਵਾਦੀ ਵੀ ਹੈ ਅਤੇ ਰੱਜ ਕੇ ਝੂਠ ਬੋਲਣ ਵਾਲਾ ਵੀ ਹੈ। ਸ਼ਾਇਦ ਇਸੇ ਗੱਲ ਨੂੰ ਮੁੱਖ ਰੱਖ ਕੇ ਸ਼ੋਸ਼ਲ ਮੀਡੀਏ ਤੇ ਕਿਸੇ ਨੇ ਇੱਕ ਪੋਸਟ ਬਣਾ ਕੇ ਪਾਈ ਹੋਈ ਸੀ ਜਿਸ ਵਿੱਚ ਦੁਨੀਆ ਦੇ ਸਾਰੇ ਉਨ੍ਹਾਂ ਲੀਡਰਾਂ ਦੇ ਫੋਟੋ ਅਤੇ ਨਾਮ ਲਿਖੇ ਹੋਏ ਸਨ ਜਿਨ੍ਹਾਂ ਨੇ ਆਪਣੇ ਦੇਸ਼ ਦੀ ਅਗਵਾਈ ਕੀਤੀ ਸੀ ਜਾਂ ਕਰ ਰਹੇ ਹਨ। ਇਹ ਉਹ ਨਾਮ ਸਨ/ਹਨ ਜਿਨ੍ਹਾਂ ਨੇ ਪੀ: ਐੱਚ: ਡੀ: ਕੀਤੀ ਹੋਈ ਸੀ। ਇਸ ਪੋਸਟਰ ਥੱਲੇ ਕਈਆਂ ਨੇ ਕੁਮਿੰਟ ਕਰਕੇ ਮਖੌਲ ਨਾਲ ਲਿਖਿਆ ਹੋਇਆ ਸੀ ਕਿ ਡੌਨਲ ਟਰੰਪ ਨੇ ਝੂਠ ਬੋਲਣ ਦੀ ਪੀ: ਐੱਚ: ਡੀ: ਕੀਤੀ ਹੋਈ ਹੈ। ਪਹਿਲਾਂ ਇਹ ਪੋਸਟਰ/ਪੋਸਟ ਦੇਖੋ ਫਿਰ ਅਗਾਂਹ ਗੱਲ ਕਰਦੇ ਹਾਂ।

ਇਸ ਪੋਸਟਰ ਵਿੱਚ ਦੁਨੀਆ ਦੇ ਲੀਡਰਾਂ ਦੇ ਨਾਮ ਅਤੇ ਫੋਟੋਆਂ ਦੇ ਨਾਲ ਇੰਡੀਆ ਦਾ ਇੱਕ ਪੱਗ ਵਾਲਾ ਸੰਤ ਵੀ ਦਿਖਾਈ ਦੇ ਰਿਹਾ ਹੈ। ਜਿਸ ਨੂੰ ਦੇਖ ਕੇ ਤੁਸੀਂ ਸਾਰੇ ਹੀ ਸਮਝ ਗਏ ਹੋਵੋਂਗੇ ਕਿ ਮੈਂ ਕਿਸ ਦੀ ਗੱਲ ਕਰ ਰਿਹਾ ਹਾਂ। ਜਿਸ ਤਰ੍ਹਾਂ ਗੁੰਡਾ ਸੋਚ ਰੱਖਣ ਵਾਲਿਆਂ ਲਈ ਇੱਕ ਗੁੰਡਾ ਸੰਤ ਹੈ ਇਸੇ ਤਰ੍ਹਾਂ ਮੇਰੇ ਲਈ ਇੱਕ ਪੀ: ਐੱਚ: ਡੀ: ਡਿਗਰੀ ਵਾਲਾ ਪੱਗ ਵਾਲਾ ਬੰਦਾ ਸੰਤ ਹੈ। ਜੋ ਕਿ ਆਪਣੀ ਲਿਆਕਤ, ਸਾਦਗੀ ਅਤੇ ਇਮਾਨਦਾਰੀ ਨਾਲ ਸਾਰੀ ਦੁਨੀਆ ਵਿੱਚ ਜਾਣਿਆਂ ਜਾਂਦਾ ਸੀ/ਹੈ। ਸਾਰੀ ਦੁਨੀਆਂ ਦੇ ਸਿਆਣੇ ਅਤੇ ਪੜ੍ਹੇ ਲਿਖੇ ਲੋਕ ਉਸ ਦੀ ਕਦਰ ਕਰਦੇ ਸਨ/ਹਨ। ਪਰ ਗੁੰਡਾ ਸੋਚ ਰੱਖਣ ਵਾਲੇ ਅਤੇ ਇਨ੍ਹਾਂ ਨਾਲ ਸੰਬੰਧਿਤ ਸਿੱਖ ਉਸ ਨੂੰ ਸੋਨੀਆ ਗਾਂਧੀ ਦੇ ਰਿਮੋਟ ਨਾਲ ਚੱਲਣ ਵਾਲਾ ਪ੍ਰਧਾਨ ਮੰਤਰੀ ਕਹਿੰਦੇ ਸਨ। ਸੰਨ 1991 ਵਿੱਚ ਜਦੋਂ ਇੰਡੀਆ ਦੀ ਇਕਾਨਮੀ ਕਲੈਪਸ ਹੋਣ ਜਾ ਰਹੀ ਸੀ ਅਤੇ ਸੋਨਾ ਗਹਿਣੇ ਰੱਖ ਕੇ ਕਰਜ਼ਾ ਲਿਆ ਜਾ ਰਿਹਾ ਸੀ ਤਾਂ ਕਾਂਗਰਸ ਦੀ ਨਿਰਸਿਮਾ ਰਾਓ ਸਰਕਾਰ ਨੇ ਡਾ: ਮਨਮੋਹਨ ਸਿੰਘ ਨੂੰ ਇੰਡੀਆ ਦਾ ਖਜਾਨਾ ਮੰਤਰੀ ਬਣਾਇਆ ਸੀ। ਉਸ ਵੇਲੇ ਦੇ ਖਾਲਿਸਤਾਨੀ ਲੀਡਰ ਡਾ: ਜਗਜੀਤ ਸਿੰਘ ਚੌਹਾਨ ਨੇ ਰੱਜ ਕੇ ਭੰਡੀ ਪਰਚਾਰ ਕੀਤਾ ਸੀ ਕਿ ਬੱਸ ਹੁਣ ਤਾਂ ਇੰਡੀਆ ਦਾ ਦਿਵਾਲਾ ਨਿਕਲਣ ਹੀ ਵਾਲਾ ਹੈ ਇਸ ਨੂੰ ਕੋਈ ਨਹੀਂ ਰੋਕ ਸਕਦਾ ਬਸ ਸਾਡਾ ਖਾਲਿਸਤਾਨ ਤਾਂ ਹੁਣ ਵੱਟ ਤੇ ਪਿਆ ਹੈ। ਭਾਵ ਕਿ ਬਣਿਆਂ ਕਿ ਬਣਿਆਂ। ਡਾ: ਜਗਜੀਤ ਸਿੰਘ ਚੌਹਾਨ ਨੇ ਡਾ: ਮਨਮੋਹਨ ਸਿੰਘ ਨੂੰ ਖਜਾਨਾ ਮੰਤਰੀ ਬਣਾਉਣ ਵਾਲੀ ਗੱਲ ਨੂੰ ਇੱਕ ਬਹੁਤ ਵੱਡੀ ਸਜਿਸ਼ ਕਰਾਰ ਦਿੱਤਾ ਸੀ। ਉਹ ਕਹਿੰਦਾ ਸੀ ਕਿ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਬਹੁਤ ਵੱਡੀ ਸਾਜਿਸ਼ ਹੈ ਕਿਉਂਕਿ ਇੰਡੀਆ ਦਾ ਦਿਵਾਲਾ ਨਿਕਲਣ ਤੋਂ ਹੁਣ ਕੋਈ ਨਹੀਂ ਰੋਕ ਸਕਦਾ। ਇਹ ਦਿਵਾਲਾ ਨਿਕਲਣ ਵਾਲਾ ਸਾਰਾ ਦੋਸ਼ ਸਿੱਖਾਂ ਸਿਰ ਮੜਿਆ ਜਾਵੇਗਾ। ਪਰ ਜੋ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈ। ਪਰਤੱਖ ਨੂੰ ਕਿਸੇ ਪਰਮਾਣ ਦੀ ਲੋੜ ਨਹੀਂ ਹੁੰਦੀ। ਕਾਂਗਰਸ ਪਾਰਟੀ ਤੇ ਭਾਂਵੇਂ ਅਨੇਕਾਂ ਹੀ ਭਰਿਸ਼ਟਾਚਾਰ ਦੇ ਦੋਸ਼ ਲੱਗੇ ਹੋਣ ਪਰ ਡਾ: ਮਨਮੋਹਨ ਸਿੰਘ ਹਮੇਸ਼ਾਂ ਹੀ ਆਪਣੀ ਲਿਆਕਤ ਅਤੇ ਇਮਾਨਦਾਰੀ ਵਾਲੇ ਕਰਕੇ ਜਾਣੇ ਜਾਂਦੇ ਰਹਿਣਗੇ। ਖਾਸ ਕਰਕੇ ਅਮਰੀਕਾ ਦਾ ਪਰੈਜ਼ੀਡਿੰਟ ਓਬਾਮਾ ਹਮੇਸ਼ਾਂ ਹੀ ਡਾ: ਮਨਮੋਹਨ ਸਿੰਘ ਦੀ ਵਡਿਆਈ ਕਰਦਾ ਰਹਿੰਦਾ ਸੀ। ਇਹ ਉਸੇ ਡਾ: ਮਨਮੋਹਨ ਸਿੰਘ ਦੀਆਂ ਪਾਲਸੀਆਂ ਹਨ ਜਿਹਨਾਂ ਕਰਕੇ ਇੰਡੀਆ ਦਾ ਦਿਵਾਲਾ ਨਿਕਲਣ ਤੋਂ ਬਚਿਆ ਸੀ ਅਤੇ ਹੁਣ ਦੁਨੀਆ ਦੀ ਚੌਥੀ ਵੱਡੀ ਤਾਕਤ ਬਣ ਕੇ ਉਭਰ ਰਿਹਾ ਹੈ। ਫਿਰ ਕਿਉਂ ਨਾ ਅਜਿਹੇ ਬੰਦੇ ਨੂੰ ਸੰਤ ਕਰਕੇ ਜਾਣਿਆ ਜਾਵੇ ਜਿਸ ਨੇ ਸਮਾਜ ਨੂੰ ਚੰਗੀ ਸੇਧ ਦੇ ਕੇ ਕਰੋੜਾਂ ਲੋਕਾਂ ਦਾ ਜੀਵਨ ਉਚਾ ਕੀਤਾ ਹੈ। ਹੋ ਸਕਦਾ ਹੈ ਕਿ ਕੋਈ ਹੋਰ ਸਿੱਖ ਵੀ ਮੇਰੀਆਂ ਇਨ੍ਹਾਂ ਗੱਲਾਂ ਨਾਲ ਸਹਿਮਤ ਹੋਵੇ ਜੇ ਕਰ ਨਾ ਵੀ ਹੋਵੇ ਤਾਂ ਕੋਈ ਪਰਵਾਹ ਨਹੀਂ ਹੈ ਜੋ ਸੱਚ ਹੈ ਉਸ ਨੇ ਸੱਚ ਹੀ ਰਹਿਣਾ ਹੈ।
ਹੁਣ ਉਨ੍ਹਾਂ ਸੰਤਾਂ ਅਤੇ ਉਨ੍ਹਾਂ ਦੇ ਪਿਛਲੱਗਾਂ ਦੀ ਗੱਲ ਵੀ ਕਰ ਲਈਏ ਜਿਹੜੇ ਸਮਾਜ ਨੂੰ ਡੋਬਣ ਦਾ ਕੰਮ ਕਰ ਰਹੇ ਹਨ। ਮੈਂ ਪਹਿਲਾਂ ਵੀ ਕਈ ਵਾਰੀ ਲਿਖ ਚੁੱਕਾ ਹਾਂ ਅਤੇ ਹੁਣ ਫਿਰ ਦੁਹਰਾ ਰਿਹਾ ਹਾਂ ਕਿ ਜਹੜੇ ਸਿੱਖ, ਫੁਕਰਿਆਂ ਨੂੰ ਮਹਾਨ ਯੋਧੇ ਬਣਾ ਕੇ ਪੇਸ਼ ਕਰਦੇ ਹਨ ਉਹ ਜਾਣੇ ਜਾਂ ਅਣਜਾਣੇ ਸਮਾਜ ਦਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਵਿੱਚ ਤਿੰਨ ਖਾਸ ਫੁਕਰੇ ਹਨ, ਸਾਧ ਜਰਨੈਲ ਸਿੰਘ, ਦੀਪ ਸਿੱਧੂ ਅਤੇ ਅੰਮ੍ਰਿਤਪਾਲ। ਹੁਣ ਤੁਸੀਂ ਸੋਚੋਂਗੇ ਕਿ ਨੁਕਸਾਨ ਕੀ ਕਰ ਰਹੇ ਹਨ। ਨੁਕਸਾਨ ਇਹ ਕਰ ਰਹੇ ਹਨ ਇਹ ਜੰਗ ਜਰਨੇਸ਼ਨ ਦੇ ਦਿਮਾਗਾਂ ਵਿੱਚ ਜ਼ਰਾਇਮ ਬਿਰਤੀ ਭਰ ਰਹੇ ਹਨ। ਇਹ ਬਿਰਤੀ ਫਿਰ ਕੌਮੀ ਸੁਭਾਅ ਬਣ ਜਾਂਦੀ ਹੈ। ਇਸ ਨੂੰ ਫਿਰ ਗਲੋਰੀਫਾਈ ਕੀਤਾ ਜਾਂਦਾ ਹੈ। ਪੰਜਾਬ ਵਿੱਚ ਤਾਂ ਇਹ ਗੱਲ ਕਿਸੇ ਹੱਦ ਤੱਕ ਚੱਲ ਜਾਂਦੀ ਹੈ ਪਰ ਬਿਦੇਸ਼ਾਂ ਵਿੱਚ ਜਦੋਂ ਜ਼ਰਾਇਮ ਬਿਰਤੀ ਅਧੀਨ ਗਲਤ ਕੰਮ ਕੀਤੇ ਜਾਂਦੇ ਹਨ ਤਾਂ ਸਾਰੇ ਲੋਕਾਂ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਨਾਲ ਹੀ ਨਸਲਵਾਦ ਵੀ ਵਧ ਜਾਂਦਾ ਹੈ। ਕਨੇਡਾ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ। ਫਿਰੌਤੀਆਂ ਕੌਣ ਲੈ ਰਿਹਾ ਹੈ। ਡਰੱਗ ਸਮੱਗਲਿੰਗ ਅਤੇ ਹੋਰ ਗੈਰ ਕਾਨੂੰਨੀ ਕੰਮ ਕੌਣ ਜ਼ਿਆਦਾ ਕਰ ਰਹੇ ਹਨ। ਇਹ ਹਰ ਰੋਜ਼ ਹੀ ਮੀਡੀਏ ਵਿੱਚ ਛਪ ਰਿਹਾ ਹੈ। ਕਨੇਡਾ ਦੇ ਜੋ ਕਰਾਈਮ ਅੰਕੜੇ ਹਨ ਉਹ ਸਾਰਿਆਂ ਦੇ ਸਾਹਮਣੇ ਹਨ। ਪਹਿਲਾਂ ਵੀ ਲਿਖ ਚੁੱਕਾ ਹਾਂ ਹੁਣ ਫਿਰ ਦੁਹਰਾ ਦਿੰਦਾ ਹਾਂ। ਕਨੇਡਾ ਵਿੱਚ ਸਿੱਖਾਂ ਦੀ ਅਤੇ ਹਿੰਦੂਆਂ ਦੀ ਅਬਾਦੀ ਤਕਰੀਬਨ ਬਰਾਬਰ ਹੈ। ਪਰ ਕਰਾਈਮ ਕਰਕੇ ਸਿੱਖ ਹਿੰਦੂਆਂ ਨਾਲੋਂ ਤਕਰੀਬਨ ਤਿੰਨ ਗੁਣਾਂ ਵੱਧ ਜੇਲਾਂ ਵਿੱਚ ਕਿਉਂ ਬੰਦ ਹਨ? ਕੀ ਕਨੇਡਾ ਸਰਕਾਰ ਵੀ ਸਿੱਖਾਂ ਨਾਲ ਧੱਕਾ ਕਰਦੀ ਹੈ ਜਾਂ ਇਸ ਦਾ ਕੋਈ ਹੋਰ ਕਾਰਨ ਹੈ ਜਿਸ ਦਾ ਸੰਖੇਪ ਜਿਹਾ ਜ਼ਿਕਰ ਮੈਂ ਉਪਰ ਕਰ ਚੁੱਕਾ ਹਾਂ? ਜੇ ਕਰ ਕਿਸੇ ਕੋਲ ਤਸੱਲੀ ਬਖ਼ਸ਼ ਜਵਾਬ ਹੋਵੇ ਤਾਂ ਲਿਖ ਕੇ ਦੱਸ ਦੇਵੇ ਉਹ ਇਸ ਦੇ ਥੱਲੇ ਐਡ ਕਰ ਦੇਵਾਂਗਾ। ਸੋਚੋ ਅਤੇ ਵਿਚਾਰੋ ਕਿ ਜਿਸ ਨੂੰ ਮੈਂ ਸੰਤ ਮੰਨ ਰਿਹਾ ਹਾਂ ਉਹ ਸਮਾਜ ਲਈ ਚੰਗਾ ਹੈ ਜਾਂ ਜਿਸ ਨੂੰ ਹੋਰ ਮੰਨ ਰਹੇ ਹਨ।
ਮੱਖਣ ਪੁਰੇਵਾਲ,
ਮਾਰਚ 25, 2026.




.