.
ਜਦੋਂ ਖਾਲਿਸਤਾਨੀ ਮਾਨ ਜੀ ਦਾ ਇਲਤੀਆਂ ਨਾਲ ਟਾਕਰਾ ਹੋਇਆ
ਖਾਲਿਸਤਾਨੀ ਸਿਮਰਨਜੀਤ ਸਿੰਘ ਜੀ ਦਾ ਇੱਕ ਵੀਡੀਓ ਕਲਿਪ ਸ਼ੋਸ਼ਲ ਮੀਡੀਏ ਤੇ ਘੁੰਮ ਰਿਹਾ ਹੈ। ਜਿਸ ਵਿੱਚ ਉਸ ਨੂੰ ਆਪਣੀ ਡਿਊਟੀ ਕਰਦੇ ਸਮੇਂ ਤਿੰਨ ਨਿਹੰਗਾਂ ਨੂੰ ਮਾਰਨ ਦੇ ਦੋਸ਼ ਬਾਰੇ ਸਵਾਲ ਪੁੱਛਿਆ ਗਿਆ ਹੈ। ਇਸ ਦਾ ਜਵਾਬ ਜੋ ਮਾਨ ਜੀ ਨੇ ਦਿੱਤਾ ਹੈ। ਪਹਿਲਾਂ ਉਹ ਸੁਣੋਂ। ਇਸ ਵੀਡੀਓ ਕਲਿਪ ਦਾ ਮੈਂ ਔਡੀਓ ਰਿਕਾਰਡ ਕਰਕੇ ਪਾ ਰਿਹਾ ਹਾਂ। ਇਸ ਦਾ ਕਾਰਨ ਇਹ ਹੈ ਕਿ ਕਈ ਵਾਰੀ ਉਹ ਵੀਡੀਓ ਕਲਿਪ ਵਾਲਾ ਲਿੰਕ ਹਟਾ ਦਿੱਤਾ ਜਾਂਦਾ ਹੈ ਜਿਸ ਕਾਰਨ ਕਈ ਦੇਖਣ ਵਾਲੇ ਸਮਝਦੇ ਹੋਣਗੇ ਕਿ ਸ਼ਾਇਦ ਆਪਣੇ ਕੋਲੋਂ ਹੀ ਗੱਲ ਬਣਾ ਕੇ ਲਿਖ ਦਿੱਤੀ ਹੈ। ਉਂਜ ਜੇ ਕਰ ਇਸ ਪੂਰੀ ਇੰਟਰਵਿਊ ਦਾ ਲਿੰਕ ਮਿਲ ਗਿਆ ਤਾਂ ਨਾਲ ਹੀ ਉਹ ਵੀ ਪਾ ਦਿੱਤਾ ਜਾਵੇਗਾ। ਲਓ ਪਹਿਲਾਂ ਫਿਰ ਇਹ ਦੋ ਕੁ ਮਿੰਟ ਦਾ ਔਡੀਓ ਕਲਿਪ ਸੁਣੋਂ:

ਇਸ ਕਲਿਪ ਵਿੱਚ ਮਾਨ ਜੀ ਕਹਿੰਦੇ ਹਨ ਕਿ ਨਿਹੰਗ ਗੁਰਦੁਆਰੇ ਵਿੱਚ ਕਬਜ਼ਾ ਕਰਕੇ ਮੀਟ ਖਾਣ ਅਤੇ ਭੰਗ ਪੀਣ ਵਾਲੀਆਂ ਇਲਤਾਂ ਕਰਦੇ ਸਨ। ਫਿਰ ਜਦੋਂ ਉਂਨ੍ਹਾਂ ਨੂੰ ਉੱਥੋਂ ਕੱਢਣ ਲਈ ਪੁਲੀਸ ਨੇ ਘੇਰਾ ਪਾਇਆ, ਜਿਸ ਦੀ ਅਗਵਾਈ ਮਾਨ ਜੀ ਕਰ ਰਹੇ ਸਨ ਤਾਂ ਅੰਦਰੋਂ ਨਿਹੰਗਾਂ ਨੇ ਗੋਲੀ ਚਲਾ ਕੇ ਸਾਡੇ ਤਿੰਨ ਪੁਲੀਸ ਵਾਲੇ ਮਾਰ ਦਿੱਤੇ ਸਨ। ਫਿਰ ਜਵਾਬੀ ਕਾਰਵਾਈ ਵਿੱਚ ਸਾਨੂੰ ਵੀ ਤਿੰਨ ਨਿਹੰਗ ਮਾਰਨੇ ਪਏ ਸਨ। ਇਸ ਕਲਿਪ ਨੂੰ ਸੁਣ ਕੇ ਮਨ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਹਨ। ਕੀ ਹੁਣ ਵੀ ਜਿਸ ਗੁਰਦੁਆਰੇ ਵਿੱਚ ਨਿਹੰਗ ਕਬਜ਼ਾ ਕਰਕੇ ਰਹਿੰਦੇ ਹਨ ਕੀ ਉਹ ਉੱਥੇ ਮੀਟ ਨਹੀਂ ਖਾਂਦੇ ਜਾਂ ਭੰਗ ਨਹੀਂ ਪੀਂਦੇ? ਇਸ ਤਰ੍ਹਾਂ ਦੇ ਸੈਂਕੜੇ ਗੁਰਦੁਆਰੇ ਹੋਣਗੇ ਸਾਰੇ ਦੇਸ਼ ਵਿਚ। ਕੀ ਮਾਨ ਸਾਹਿਬ ਜੀ ਨੇ ਇਨ੍ਹਾਂ ਇਲਤੀਆਂ ਵਿਰੁੱਧ ਕੋਈ ਅਵਾਜ਼ ਉਠਾਈ ਹੈ? ਜੇ ਕਰ ਨਹੀਂ ਤਾਂ ਕਿਉਂ ਨਹੀਂ?
ਜਿਸ ਬੰਦੇ ਨੂੰ ਮਾਨ ਸਾਹਿਬ ਬਹੁਤ ਵੱਡੇ ਯੋਧੇ ਅਤੇ ਸੰਤ ਜੀ ਬਣਾ ਕੇ ਪੇਸ਼ ਕਰਦੇ ਹਨ, ਕੀ ਉਸ ਦੇ ਸਮੇਂ ਦਰਬਾਰ ਸਾਹਿਬ ਦੇ ਅੰਦਰ ਇਹ ਸੰਤ ਜੀ ਵੀ ਅਜਿਹੀਆਂ ਇਲਤਾਂ ਕਰਕੇ ਪੁਲੀਸ ਵਾਲੇ ਅਤੇ ਹੋਰ ਬੰਦੇ ਨਹੀਂ ਮਰਵਾ ਰਹੇ ਸਨ? ਇਹ ਤਾਂ ਠੀਕ ਹੈ ਕਿ ਸੰਤ ਜੀ ਉਥੇ ਨਾ ਤਾਂ ਮੀਟ ਖਾਹ ਰਹੇ ਸਨ ਅਤੇ ਨਾ ਹੀ ਭੰਗ ਪੀ ਰਹੇ ਸਨ ਪਰ ਪੁਲੀਸ ਵਾਲੇ ਤਾਂ ਮਰਵਾ ਹੀ ਰਹੇ ਸਨ। ਡੀ: ਆਈ: ਜੀ: ਅਟਵਾਲ ਦਾ ਕੀ ਕਸੂਰ ਸੀ ਜਿਸ ਦਾ ਪਰਕਰਮਾ ਵਿੱਚ ਕਤਲ ਕਰਵਾਇਆ ਗਿਆ ਸੀ? ਜੇ ਕਰ ਉਹ ਅੰਦਰ, ਸੀ: ਆਈ: ਡੀ: ਵੀ ਕਰਨ ਆਇਆ ਹੋਵੇ ਤਾਂ ਕੀ ਇਹ ਉਸ ਦੇ ਨੌਕਰੀ ਦੇ ਕੰਮ ਦਾ ਇੱਕ ਹਿੱਸਾ ਨਹੀਂ ਸੀ? ਮਾਨ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਇਲਤੀਆਂ ਤੋਂ ਸਰਾਏਨਾਂਗਾ ਵਾਲਾ ਗੁਰਦੁਆਰਾ ਅਜ਼ਾਦ ਕਰਵਾਇਆ ਸੀ ਕੀ ਇਸੇ ਤਰ੍ਹਾਂ ਹੀ ਇਸ ਇਲਤੀ (ਤੁਹਾਡੇ ਸੰਤ ਜੀ) ਤੋਂ ਫੌਜ ਨੇ ਦਰਬਾਰ ਸਾਹਿਬ ਨਹੀਂ ਅਜ਼ਾਦ ਕਰਵਾਇਆ ਸੀ? ਉਸ ਨੂੰ ਮਹਾਨ ਕਹਿਣ ਵਾਲੇ ਸਾਰੇ ਇਹੀ ਕਹੀ ਜਾਂਦੇ ਹਨ ਕਿ ਉਹ ਤਾਂ ਉਥੇ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਦੀ ਰਾਖੀ ਲਈ ਬੈਠਾ ਸੀ। ਤੁਹਾਡੇ ਅਕਾਲ ਤਖ਼ਤ ਨੂੰ ਕਿਸੇ ਤੋਂ ਕੋਈ ਕੀ ਖਤਰਾ ਸੀ? ਹੁਣ ਰਾਖੀ ਕੌਣ ਕਰਦਾ ਹੈ ਜਾਂ ਪਹਿਲਾਂ ਕੌਣ ਕਰਦਾ ਸੀ? ਜੇ ਕਰ ਰਾਖੀ ਕੀਤੀ ਸੀ ਤਾਂ ਕਿਸ ਚੀਜ ਦੀ ਕੀਤੀ ਸੀ? ਜਿਹੜੀ ਕੇ ਉਸ ਨੇ ਫੌਜ ਤੋਂ ਬਚਾ ਲਈ ਸੀ ਅਤੇ ਜੇ ਕਰ ਉਹ ਉਥੇ ਨਾ ਹੁੰਦਾ ਤਾਂ ਫੌਜ ਨੇ ਲੁੱਟ ਲੈਣੀ ਸੀ ਜਾਂ ਤਬਾਹ ਕਰ ਦੇਣੀ ਸੀ?
ਕਈ ਇਹ ਵੀ ਕਹੀ ਜਾਂਦੇ ਹਨ ਕਿ ਬਾਕੀ ਹੋਰ 40 ਤੋਂ ਵੱਧ ਗੁਰਦੁਆਰਿਆਂ ਤੇ ਕਿਉਂ ਹਮਲਾ ਹੋਇਆ, ਉਥੇ ਕਿਹੜਾ ਭਿੰਡਰਾਂਵਾਲਾ ਬੈਠਾ ਸੀ? ਕੀ ਸਾਰੇ ਭਾਰਤ ਵਿੱਚ ਸਿਰਫ 40 ਹੀ ਗੁਰਦੁਆਰੇ ਹਨ? ਫਿਰ ਬਾਕੀ ਹਜਾਰਾਂ ਤੇ ਕਿਉਂ ਨਹੀਂ ਹੋਇਆ? ਧਰਮ ਦੇ ਨਾਮ ਤੇ ਝੂਠ ਬੋਲ ਕੇ ਗੁਮਰਾਹ ਕਰਨ ਵਾਲਿਓ ਇਨ੍ਹਾਂ ਬਾਕੀਆਂ ਤੇ ਫੋਜ ਨੇ ਤਾਂ ਹਮਲਾ ਕੀਤਾ ਸੀ ਕਿਉਂਕਿ ਇਨ੍ਹਾਂ ਗੁਰਦੁਆਰਿਆਂ ਵਿੱਚ ਭਿੰਡਰਾਂਵਾਲੇ ਸਾਧ ਦੇ ਬੰਦਿਆਂ ਵਲੋਂ ਹਥਿਆਰ ਪਹੁੰਚਾਏ ਗਏ ਸਨ। ਜਿਨ੍ਹਾਂ ਨੇ ਖੁਦ ਵੀ ਇਹ ਕੰਮ ਕੀਤਾ ਸੀ ਉਂਨ੍ਹਾਂ ਵਿਚੋਂ ਦੋ ਬੰਦੇ ਕਈ ਵਾਰੀ ਇਸ ਬਾਰੇ ਖੁਲਾਸਾ ਕਰ ਚੁੱਕੇ ਹਨ। ਇਨ੍ਹਾਂ ਗੁਰਦੁਆਰਿਆਂ ਵਿਚੋਂ ਕਈ ਉਹ ਵੀ ਸਨ ਜਿੱਥੇ ਪਹਿਲਾਂ ਹੀ ਕਈ ਗੈਰ ਕਾਨੂੰਨੀ ਕੰਮ ਹੋਣ ਦਾ ਸ਼ੱਕ ਸੀ। ਪਰ ਜਿਨ੍ਹਾਂ ਨੇ ਇਹ ਸੌਂ ਹੀ ਖਾਧੀ ਹੋਈ ਹੈ ਕਿ ਅਸੀਂ ਧਰਮ ਦੇ ਨਾਮ ਤੇ ਝੂਠ ਬੋਲ ਕੇ ਗੁਮਰਾਹ ਕਰਨਾ ਹੀ ਕਰਨਾ ਹੈ ਉਨ੍ਹਾਂ ਨੂੰ ਕੋਈ ਨਹੀਂ ਸਮਝਾ ਸਕਦਾ। ਜਿਹੜੇ ਲੋਕ ਇੱਕ ਸਾਧ ਨੂੰ ਮਹਾਨ ਬਣਾਉਣ ਲਈ ਇੱਕ ਪੂਰੀ ਦੀ ਪੂਰੀ ਕਿਤਾਬ ਹੀ ਕਿਸੇ ਦੇ ਨਾਮ ਤੇ ਜਾਹਲੀ ਛਾਪ ਕੇ ਗੁਮਰਾਹ ਕਰ ਸਕਦੇ ਹਨ ਉਨ੍ਹਾਂ ਤੋਂ ਕੀ ਕੋਈ ਆਸ ਰੱਖੀ ਜਾ ਸਕਦੀ ਹੈ ਕਿ ਉਹ ਸੱਚ ਨੂੰ ਸਵੀਕਾਰ ਕਰ ਲੈਂਣਗੇ?
ਸੂਝਵਾਨ ਸੱਜਣੋਂ ਇੱਕ ਗੱਲ ਧਿਆਨ ਨਾਲ ਸੁਣੋਂ। ਸੰਨ 1984 ਤੋਂ ਬਾਅਦ ਬਿਦੇਸ਼ਾਂ ਵਿੱਚ ਸਭ ਤੋਂ ਵੱਧ ਪਰਚਾਰ ਖਾਲਿਸਤਾਨ ਦਾ ਅਤੇ ਭਿੰਡਰਾਂਵਾਲੇ ਸਾਧ ਨੂੰ ਮਹਾਨ ਬਣਾਉਣ ਦਾ ਡਾ: ਜਗਜੀਤ ਸਿੰਘ ਚੌਹਾਨ ਨੇ ਕੀਤਾ ਸੀ। ਜਿਹੜਾ ਕਿ ਬਹੁਤਾ ਸਮਾ ਯੂ: ਕੇ: ਵਿੱਚ ਰਿਹਾ ਸੀ। ਉਸ ਸਮੇਂ ਸਿੱਖਾਂ ਦੀ ਬਿਦੇਸ਼ਾਂ ਵਿੱਚ ਅਬਾਦੀ ਬਹੁਤਾ ਕਰਕੇ ਯੂ: ਕੇ: ਅਤੇ ਕਨੇਡਾ ਵਿੱਚ ਹੀ ਸੀ। ਉਸ ਵੇਲੇ ਕੋਈ ਸ਼ੌਸ਼ਲ ਮੀਡੀਆ ਤੇ ਹੈ ਨਹੀਂ ਸੀ। ਸਾਰੀ ਜਾਣਕਾਰੀ ਅਖਬਾਰਾਂ ਜਾਂ ਰੇਡੀਓ ਰਾਹੀਂ ਹੀ ਮਿਲਦੀ ਸੀ। ਕਨੇਡਾ ਅਤੇ ਯੂ: ਕੇ: ਵਿੱਚ ਦੋ ਹੀ ਮੁੱਖ ਅਖਬਾਰ ਸਨ ਜਿਨ੍ਹਾਂ ਨੂੰ ਸਭ ਤੋਂ ਵੱਧ ਪੜ੍ਹਿਆ ਜਾਂਦਾ ਸੀ। ਕਨੇਡਾ ਦਾ, ਇੰਡੋਕਨੇਡੀਅਨ ਟਾਈਮਜ਼ ਅਤੇ ਯੂ: ਕੇ: ਦਾ ਦੇਸ ਪ੍ਰਦੇਸ। ਇਨ੍ਹਾਂ ਦੋਹਾਂ ਅਖਬਾਰਾਂ ਵਿੱਚ ਡਾ: ਜਗਜੀਤ ਸਿੰਘ ਚੌਹਾਨ ਦੇ ਲੇਖ ਲਗਾਤਾਰ ਹਰ ਹਫਤੇ ਛਪਦੇ ਹੁੰਦੇ ਸਨ। ਡਾ: ਚੌਹਾਨ ਦੇ ਇਸ ਹਫਤਾਵਾਰੀ ਲੇਖਾਂ ਵਿੱਚ ਗੱਲ ਸਿਰਫ ਖਾਲਿਸਤਾਨ ਦੀ ਜਾਂ ਭਿੰਡਰਾਂਵਾਲੇ ਸਾਧ ਦੀ ਹੀ ਹੁੰਦੀ ਸੀ। ਜਿਸ ਤਰ੍ਹਾਂ ਹੁਣ ਕਈ ਖਾਲਿਸਤਾਨੀ ਸਮਝਦੇ ਹਨ ਕਿ ਬਸ ਖਾਲਿਸਤਾਨ ਬਣਿਆਂ ਕਿ ਬਣਿਆਂ। ਬਸ ਅਜ਼ਾਦੀ ਮਿਲਣੇ ਵਾਲੀ ਹੀ ਹੈ। ਉਸ ਸਮੇਂ ਤਾਂ ਇਸ ਤੋਂ ਵੀ ਕਿਤੇ ਵੱਧ ਆਸਾਂ ਲਾਈ ਬੈਠੇ ਸਨ। ਪਰ ਹੋਇਆ ਕੀ? ਜਿਸ ਡਾ: ਚੌਹਾਨ ਸਾਹਿਬ ਜੀ ਨੇ ਦੇਸ਼ ਨੂੰ ਤੋੜ ਕੇ ਇੱਕ ਵੱਖਰਾ ਦੇਸ਼ ਬਣਾਉਣ ਦਾ ਇਤਨਾਂ ਪਰਚਾਰ ਕੀਤਾ ਸੀ, ਉਸੇ ਹੀ ਡਾ: ਚੌਹਾਨ ਜੀ ਨੇ ਆਪਣੀ ਆਖਰੀ ਉਮਰ ਉਸੇ ਦੇਸ਼ ਵਿੱਚ ਮੁੜ ਕੇ ਜਾ ਕੇ ਗੁਜਾਰੀ ਸੀ। ਇਸ ਬਾਰੇ ਇੱਕ ਬਹੁਤ ਹੀ ਦਿਲਚਸਪ ਖੁਲਾਸਾ ਜਸਟਿਸ ਅਜੀਤ ਸਿੰਘ ਬੈਂਸ ਦੇ ਲੜਕੇ ਨੇ, ਜਿਹੜਾ ਕੇ ਖੁਦ ਵੀ ਇੱਕ ਵਕੀਲ ਹੈ ਨੇ ਇੱਕ ਇੰਨਟਰਵਿਊ ਵਿੱਚ ਕੀਤਾ ਸੀ। ਉਹ ਇੰਟਰਵਿਊ ਤਾਂ ਭਾਂਵੇਂ ਸਿੱਖਾਂ ਦੇ ਇੱਕ ਮਹਾਨ ਯੋਧੇ/ਫੁਕਰੇ ਦੀਪ ਸਿੱਧੂ ਬਾਰੇ ਸੀ, ਕਿ ਕਿਸ ਤਰਹਾਂ ਸਰਕਾਰਾਂ ਵਰਤਦੀਆਂ ਹਨ। ਉਸ ਵਿੱਚ ਉਹ ਕਹਿੰਦੇ ਹਨ ਕਿ ਕੇਂਦਰ ਸਰਕਾਰ ਵਲੋਂ ਕਿਸ ਤਰਹਾਂ ਡਾ: ਜਗਜੀਤ ਸਿੰਘ ਚੌਹਾਨ ਨੂੰ ਸਰਕਾਰੀ ਸਰਪ੍ਰਸਤੀ ਮਿਲੀ ਸੀ ਜਦੋਂ ਉਹ ਆਖਰੀ ਸਮੇਂ ਭਾਰਤ ਆ ਕੇ ਰਿਹਾ ਸੀ।
ਇਕ ਹੋਰ ਗੱਲ ਵੀ ਧਿਆਨ ਨਾਲ ਸੋਚਣ ਵਾਲੀ ਹੈ। ਕਨੇਡਾ ਵਿੱਚ ਸਿੱਖਾਂ ਦੀ ਅਬਾਦੀ 2021 ਦੀ ਮਰਦਮਸ਼ੁਮਾਰੀ ਅਨੁਸਾਰ 771790 ਸੀ ਅਤੇ ਹਿੰਦੂਆਂ ਦੀ ਅਬਾਦੀ ਕਨੇਡਾ ਵਿੱਚ 828000 ਸੀ। ਇਸ ਸਮੇਂ ਕਨੇਡਾ ਦੀਆਂ ਜੇਲਾਂ ਵਿੱਚ ਜੋ ਲੋਕ ਕਰਾਈਮ ਕਰਕੇ ਸਜਾ ਭੁਗਤ ਰਹੇ ਹਨ ਉਨ੍ਹਾਂ ਵਿੱਚ ਸਿੱਖ 0. 8% ਹਨ ਅਤੇ ਹਿੰਦੂ 0. 3% ਹਨ। ਕਹਿਣ ਦਾ ਭਾਵ ਇਹ ਹੈ ਕਿ ਸਿੱਖ ਹਿੰਦੂਆਂ ਨਾਲੋਂ ਲੱਗ-ਭੱਗ ਤਿੰਨ ਗੁਣਾ ਵੱਧ ਜ਼ੁਰਾਇਮ ਬਿਰਤੀ ਰੱਖਦੇ ਹਨ। ਹੁਣ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਕਨੇਡਾ ਸਰਕਾਰ ਵੀ ਸਿੱਖਾਂ ਨਾਲ ਧੱਕਾ ਕਰਦੀ ਹੈ ਜਾਂ ਕਨੇਡਾ ਦੇ ਜੱਜ ਵੀ ਪੱਖਪਾਤੀ ਹਨ? ਹਾਲਾਂ ਕਿ ਅਬਾਦੀ ਦੇ ਹਿਸਾਬ ਨਾਲ ਸਿੱਖ ਹਿੰਦੂਆਂ ਨਾਲੋਂ ਕਿਤੇ ਵੱਧ ਐਮ: ਐਲ: ਏ: ਅਤੇ ਐਂਮ ਪੀ: ਹਨ। ਹੋ ਸਕਦਾ ਹੈ ਕਿ ਜੱਜ ਵੀ ਜਿਆਦਾ ਹੋਣ। ਖਾਲਿਸਤਾਨੀਆਂ ਦਾ ਪੰਨੂੰ ਤਾਂ ਕਹਿੰਦਾ ਸੀ ਕਿ ਹਿੰਦੂ ਕਨੇਡਾ ਦੇ ਵਫਾਦਾਰ ਨਹੀਂ ਹਨ ਇਸ ਲਈ ਇਨ੍ਹਾਂ ਨੂੰ ਇੱਥੋਂ ਵਾਪਸ ਇੰਡੀਆ ਨੂੰ ਚਲੇ ਜਾਣਾ ਚਾਹੀਦਾ ਹੈ। ਪਰ ਡਾਟਾ ਤਾਂ ਕੁੱਝ ਹੋਰ ਹੀ ਦੱਸ ਰਿਹਾ ਹੈ ਜੋ ਕਿ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ। ਇਸ ਨੂੰ ਕੋਈ ਵੀ ਕੁੱਝ ਸਕਿੰਟਾਂ ਵਿੱਚ ਗੂਗਲ ਤੇ ਸਰਚ ਕਰਕੇ ਦੇਖ ਸਕਦਾ ਹੈ। ਇਸ ਵੇਲੇ ਗੋਰੇ, ਅਪਰਾਧੀ ਸਿੱਖਾਂ ਤੋਂ ਅਤੇ ਖਾਲਿਸਤਾਨੀਆਂ ਤੋਂ ਕਾਫੀ ਖਫਾ ਹਨ। ਜਿਹੜੇ ਗੋਰੇ ਕੁੱਝ ਜ਼ਿਆਦਾ ਕੱਟੜਵਾਦੀ ਹਨ ਉਨ੍ਹਾਂ ਨੇ ਸ਼ਰੇਆਮ ਵਿਰੋਧਤਾ ਕਰਨੀ ਸ਼ੂਰੂ ਕਰ ਦਿੱਤੀ ਹੈ। ਬੀ: ਸੀ: ਦੀ ਇੱਕ ਐਮ: ਐਲ: ਨੇ ਤਾਂ ਐਲਾਨ ਵੀ ਕਰ ਦਿੱਤਾ ਹੈ ਕਿ ਜੇ ਕਰ ਮੈਂ ਪਰੀਮੀਅਰ ਬਣ ਜਾਵਾਂ ਤਾਂ ਖਾਲਿਸਤਾਨੀਆਂ ਨੂੰ ਅੱਤਵਾਦੀ ਘੋਸ਼ਤ ਕਰਨ ਵਿੱਚ ਪੂਰੀ ਵਾਹ ਲਾਵਾਂਗੀ। ਐਬਟਸਫੋਰਡ ਦੇ ਮੇਅਰ ਨੇ ਪਬਲਿਕ ਤੌਰ ਤੇ ਨਹੀਂ ਪਰ ਪਰਾਈਵੇਟ ਤੌਰ ਤੇ ਇਹ ਗੱਲ ਆਖੀ ਹੈ ਕਿ ਅਸੀਂ ਨਵੇਂ ਆਏ ਸਿੱਖਾਂ ਨੂੰ ਬਹੁਤਾ ਲਾਈਕ ਨਹੀਂ ਕਰਦੇ ਕਿਉਂਕਿ ਇਨ੍ਹਾਂ ਵਿੱਚ ਕਰਾਈਮ ਕਰਨ ਦੀ ਬਿਰਤੀ ਭਾਰੂ ਹੈ। ਇਹ ਗੱਲ ਯਾਦ ਰਹੇ ਕਿ ਐਬਟਸਫੋਰਡ ਸ਼ਹਿਰ ਵਿੱਚ ਸਿੱਖਾਂ ਨੇ ਇੱਕ ਸਿਆਣੀ ਉਮਰ ਦੇ ਗੋਰੇ ਜੋੜੇ ਦੇ ਘਰ ਵਿੱਚ ਪਹਿਲਾਂ ਕੰਮ ਕੀਤਾ ਸੀ ਫਿਰ ਲਾਲਚ ਵੱਸ ਦੋਹਾਂ ਨੂੰ ਗਲ ਘੁੱਟ ਕੇ ਮਾਰ ਦਿੱਤਾ ਸੀ। ਇਸ ਅਪਰਾਧ ਕਰਨ ਵਿੱਚ ਸ਼ਾਮਲ ਇੱਕ ਪੜ੍ਹਨ ਆਇਆ ਸਟੂਡਿੰਟ ਵੀ ਸੀ। ਜਿਹੜਾ ਹਾਲੇ ਤਿੰਨ ਹਫਤੇ ਪਹਿਲਾਂ ਹੀ ਇੰਡੀਆ ਤੋਂ ਆਇਆ ਸੀ। ਉਹ ਕਾਲਜ ਤਾਂ ਗਿਆ ਨਹੀਂ ਪਰ ਜ਼ਿਰਾਇਮ ਬਿਰਤੀ ਹੋਣ ਕਰਕੇ ਅਪਰਾਧ ਵਿੱਚ ਸ਼ਾਮਲ ਹੋ ਗਿਆ ਸੀ। ਇਹ ਕਤਲ ਹੋਏ ਬਜ਼ੁਰਗ ਜੋੜੇ ਦਾ, ਮੇਅਰ ਦੇ ਦੱਸਣ ਮੁਤਾਬਕ ਸਾਰੇ ਸ਼ਹਿਰ ਵਿੱਚ ਸਤਿਕਾਰ ਸੀ ਅਤੇ ਪੁਰਾਣੇ ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਸਨ। ਇਸ ਕਤਲ ਹੋਏ ਜੋੜੇ ਦਾ ਕੇਸ ਹੁਣ ਅਦਾਲਤ ਵਿੱਚ ਚੱਲ ਰਿਹਾ ਹੈ।
ਜੋ ਕੁੱਝ ਇਸ ਲੇਖ ਵਿੱਚ ਮੈਂ ਦੱਸਣ ਦਾ ਯਤਨ ਕੀਤਾ ਹੈ ਅਤੇ ਕੁੱਝ ਸੋਚਣ ਦੀ ਰੁਚੀ ਰੱਖਦੇ ਹੋ ਤਾਂ ਜਰੂਰ ਸੋਚੋ ਕਿ ਸਿੱਖਾਂ ਨੂੰ ਕਿਤੇ ਜਾਣ ਬੁੱਝ ਕੇ ਤਾਂ ਨਹੀਂ ਜ਼ਰਾਇਮ ਕਰਨ ਵਾਲੀ ਬਿਰਤੀ ਵੱਲ ਮੋੜਿਆ ਜਾ ਰਿਹਾ? ਜੋ ਕੁੱਝ ਸ਼ੋਸ਼ਲ ਮੀਡੀਏ ਤੇ ਸਿੱਖ ਕਰ ਰਹੇ ਹਨ ਅਤੇ ਗੁਰਦੁਆਰਿਆਂ ਵਿੱਚ ਪ੍ਰਚਾਰਿਆ ਜਾ ਰਿਹਾ ਹੈ ਉਹ ਕਿਸ ਦਿਸ਼ਾ ਵੱਲ ਜਾ ਰਿਹਾ ਹੈ? ਕਿਨ੍ਹਾਂ ਲੋਕਾਂ ਨੂੰ ਨਾਇਕ ਬਣਾ ਕੇ ਉਭਾਰਿਆ ਜਾ ਰਿਹਾ ਹੈ ਤਾਂ ਕਿ ਸਿੱਖ ਪੜ੍ਹਨ ਲਿਖਣ ਵੱਲ ਰੁਚੀ ਘੱਟ ਰੱਖਣ ਅਤੇ ਜ਼ਰਾਇਮ ਬਿਰਤੀ ਵੱਲ ਜ਼ਿਆਦਾ ਹੋਵਣ। ਜਰਾ ਸੋਚੋ ਕੇ ਜੇ ਕਰ ਭੁੱਲਰ ਵਰਗੇ ਪੜ੍ਹੇ ਲਿਖੇ ਲੋਕ ਅਪਰਾਧੀ ਬਣ ਕੇ ਨੀਮ ਪਾਗਲਾਂ ਵਾਂਗ ਆਪਣੀ ਜਿੰਦਗੀ ਜੇਲਾਂ ਵਿੱਚ ਗੁਜਾਰ ਰਹੇ ਹਨ। ਜੇ ਕਰ ਇਹ ਗੁਮਰਾਹ ਹੋ ਕੇ ਇਸ ਪਾਸੇ ਵੱਲ ਨਾ ਜਾਂਦਾ ਤਾਂ ਇਸ ਦੇ ਆਪਣੇ ਬੱਚੇ ਕਿਤਨੇ ਪੜ੍ਹ ਲਿਖ ਕੇ, ਕਿਤਨੇ ਪਰਵਾਰ ਸੁਖੀ ਵਸਣੇ ਸਨ ਅਤੇ ਚੰਗੇ ਸਮਾਜ ਦੀ ਉਸਾਰੀ ਵਿੱਚ ਇਸ ਦਾ ਕਿਤਨਾ ਯੋਗਦਾਨ ਹੋਣਾ ਸੀ? ਹਾਂ ਜੇ ਕਰ ਅਪਰਾਧੀ ਬਣ ਕੇ ਕੁੱਝ ਹਾਸਲ ਹੋ ਜਾਣ ਦੀ ਬਹੁਤ ਵੱਡੀ ਉਮੀਦ ਸੀ ਤਾਂ ਜਰੂਰ ਇਸ ਪਾਸੇ ਜਾਣਾ ਚਾਹੀਦਾ ਸੀ। ਇਹ ਸੋਚ ਵਿਚਾਰ ਤੋਂ ਬਿਨਾਂ ਸਦੀਆਂ ਪੁਰਾਣੀ ਸੋਚਣੀ ਵਾਲੇ ਜਜਬਾਤੀ ਫੈਸਲੇ ਸਨ। ਇਸ ਸਦੀਆਂ ਪੁਰਾਣੀ ਸੋਚਣੀ ਦੇ ਬਹੁਤ ਲੋਕ ਗੁਮਰਾਹ ਹੋਏ ਹਨ ਅਤੇ ਹੋ ਰਹੇ ਹਨ। ਕਿਉਂਕਿ ਇਸ ਤਰ੍ਹਾਂ ਗੁਮਰਾਹ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਉਨ੍ਹਾਂ ਨੂੰ ਧਰਮ ਦੇ ਨਾਮ ਤੇ ਫੁਕਰੀਆਂ ਮਾਰਨ ਦਾ ਕਾਫੀ ਤਜ਼ਰਬਾ ਹੈ। ਕੁੱਝ ਸਮਾ ਮੇਰੇ ਤੇ ਵੀ ਇਸ ਦਾ ਅਸਰ ਰਿਹਾ ਸੀ ਪਰ ਛੇਤੀਂ ਹੀ ਸਮਝ ਆ ਗਈ ਸੀ। ਜੇ ਕਰ ਹਥਿਆਰ ਚੁੱਕ ਕੇ ਆਪਣੇ ਹੱਕ ਲਏ ਜਾ ਸਕਦੇ ਹਨ ਤਾਂ ਹੁਣ ਸੁੱਟ ਕਿਉਂ ਦਿੱਤੇ? ਜੇ ਕਰ ਕੁੱਝ ਹੁੱਲੜਵਾਜ਼ ਇਕੱਠੇ ਕਰਕੇ, ਜੇਲ ਤੇ ਹਮਲਾ ਕਰਕੇ ਕਿਸੇ ਦੋਸ਼ੀ ਨੂੰ ਛੁਡਾਇਆ ਜਾ ਸਕਦਾ ਹੈ ਤਾਂ ਹੁਣ ਇਹੀ ਕੰਮ ਡਿਬੜੂਗੜ ਕਿਉਂ ਨਹੀਂ ਕਰਦੇ ਜਾਂ ਹੋਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੁਡਵਾ ਲੈਂਦੇ? ਜਾਂ ਫਿਰ ਇਹ ਸਾਰਾ ਕੁੱਝ ਸਰਕਾਰੀ ਏਜੰਸੀਆਂ ਵਲੋਂ ਹੀ ਗੁਪਤ ਤੌਰ ਤੇ ਕਰਵਾਇਆ ਜਾ ਰਿਹਾ ਹੈ? ਜਿਸ ਤਰਹਾਂ ਪੰਜਾਬ ਦੇ ਹੀਊਮਨ ਰਾਈਟਸ ਕਮਿਸ਼ਨ ਵਾਲਿਆਂ ਵਲੋਂ ਆਪਣੀ ਖੋਜ ਕਰਕੇ ਇਹ ਦੱਸਿਆ ਸੀ ਕਿ 1985 ਵਿੱਚ ਹੋਏ ਏਅਰ ਇੰਡੀਆ ਦੇ ਬੰਬ ਧਮਾਕੇ ਵਿੱਚ ਲਖਬੀਰ ਸਿੰਘ ਰੋਡੇ ਦਾ ਹੱਥ ਸੀ ਜਿਸ ਵਿੱਚ ਅਗਾਂਹ ਲਿੰਕ ਇੰਡੀਆ ਦੀ ਖੁਫੀਆ ਏਜੰਸੀ ਰਾਅ ਨਾਲ ਜੁੜਦੇ ਸਨ। ਇਸ ਵਿੱਚ ਤਲਵਿੰਦਰ ਸਿੰਘ ਬੱਬਰ ਦੇ ਜਥੇ ਨੂੰ ਵਰਤਿਆ ਗਿਆ ਸੀ। ਕਨੇਡਾ ਦੀ ਸਰਕਾਰ ਅਤੇ ਨਿਆਂ ਪਾਲਕਾ ਨੇ ਸਾਰਾ ਕੁੱਝ ਘਾਲਾ-ਮਾਲਾ ਕਰ ਦਿੱਤਾ ਸੀ। ਇਸੇ ਤਰ੍ਹਾਂ ਜਸਵੀਰ ਸਿੰਘ ਰੋਡੇ ਨੇ ਸਰਕਾਰ ਨਾਲ ਮਿਲ ਕੇ ਜੋ ਲੁਕਣ ਮੀਚੀ ਖੇਡੀ ਸੀ ਉਸ ਨੂੰ ਸਮਝਣ ਲਈ ਉਸ ਨਾਲ 20 ਸਾਲ ਦੇ ਲੱਗ-ਭੱਗ ਵਿਚਰਦੇ ਰਹੇ ਹਰਦੀਪ ਸਿੰਘ ਡਿਬਡਿਬਾ ਦੀ ਕਿਤਾਬ ਪੜ੍ਹ ਲਓ, ਉਸ ਵਿਚੋਂ ਜਾਣਕਾਰੀ ਮਿਲ ਜਾਵੇਗੀ। ਸੋ ਭਾਈ ਆਪਣੀ ਅਕਲ ਨੂੰ ਹੱਥ ਮਾਰੋ। ਇਸ ਦੁਨੀਆ ਤੇ ਗੁਮਰਾਹ ਕਰਨ ਵਾਲੇ ਬਹੁਤੇ ਹਨ ਪਰ ਅਸਲੀਅਤ ਦੱਸਣ ਵਾਲੇ ਬਹੁਤ ਥੋੜੇ। ਇਹ ਹੁਣ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਗੁਮਰਾਹ ਹੋਣਾ ਹੈ ਜਾਂ ਅਸਲੀਅਤ ਨੂੰ ਸਮਝਣ ਦਾ ਯਤਨ ਕਰਨਾ ਹੈ।
ਮੱਖਣ ਪੁਰੇਵਾਲ,
ਮਾਰਚ 09, 2026.




.