.

(ਸੰਪਾਦਕੀ ਟਿੱਪਣੀ:- ਤਕਰੀਬਨ ਸਾਰੇ ਸਿੱਖਾਂ ਦੀ ਇਹ ਆਦਤ ਬਣ ਚੁੱਕੀ ਹੈ ਕਿ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਦੋਸ਼ ਸਰਕਾਰਾਂ ਤੇ ਜਾਂ ਹੋਰ ਜਥੇਬੰਦੀਆਂ ਤੇ ਸੁੱਟ ਕੇ ਆਪ ਆਪਣੀਆਂ ਜਿੰਮੇਵਾਰੀਆਂ ਤੋਂ ਘੇਸਲ ਵੱਟ ਲੈਂਦੇ ਹਨ। ਇਸ ਲੇਖ ਵਿੱਚ ਜੋ ਸੰਸੇ ਪ੍ਰਗਟਾਏ ਗਏ ਹਨ ਉਨ੍ਹਾਂ ਵਿਚੋਂ ਕਾਫੀ ਠੀਕ ਵੀ ਹੋ ਸਕਦੇ ਹਨ ਪਰ ਸਾਰੇ ਨਹੀਂ। ਸੰਨ 1984 ਦੇ ਦੁਖਾਂਤ ਬਾਰੇ ਸਾਰਾ ਦੋਸ਼ ਦੂਸਰਿਆਂ ਤੇ ਮੜ੍ਹਨਾ ਵੀ ਠੀਕ ਨਹੀਂ ਹੈ। ਹੁਣ ਤਾਂ ਬਹੁਤ ਕੁੱਝ ਸਾਹਮਣੇ ਆ ਚੁੱਕਾ ਹੈ ਕਿ ਕਿਸ ਤਰਹਾਂ ਹਿੰਦੂਆਂ ਤੇ ਕਤਲ ਯੋਜਨਾ ਬੰਧ ਤਰੀਕੇ ਨਾਲ ਦਰਬਾਰ ਸਾਹਿਬ ਦੇ ਅੰਦਰੋਂ ਕਰਵਾਏ ਜਾ ਰਹੇ ਸਨ। ਜਿਹੜਾ ਹੇਮਕੁੰਟ ਸਿੱਖਾਂ ਨੂੰ ਰਾਮ ਚੰਦਰ ਦੀ ਵੰਸ ਨਾਲ ਜੋੜਦਾ ਹੈ, ਕੀ ਉਹ ਹਿੰਦੂਆਂ ਨੇ ਜਬਰਦਸਤੀ ਬਣਾ ਕੇ ਦਿੱਤਾ ਹੈ ਜਾਂ ਸਿੱਖਾਂ ਨੇ ਖੁਦ ਹੀ ਬਣਾਇਆ ਹੈ? ਕੀ ਉਹ ਸਾਰੀ ਕਥਾ ਕਥਿਤ ਦਸਮ ਗ੍ਰੰਥ ਵਿੱਚ ਨਹੀਂ ਹੈ? ਇਤਨੀਆਂ ਸਦੀਆਂ ਬੀਤ ਜਾਣ ਤੇ ਵੀ ਸਿੱਖਾਂ ਨੇ ਇਸ ਸਾਰੇ ਕੂੜ ਕਬਾੜ ਨੂੰ ਰੱਦ ਕਿਉਂ ਨਹੀਂ ਕੀਤਾ? ਕੀ ਇਸ ਵਿੱਚ ਵੀ ਹਿੰਦੂ ਬ੍ਰਾਹਮਣਾ ਦਾ ਕਸੂਰ ਹੈ ਜਾਂ ਦਾੜੀ ਕੇਸਾਂ ਵਾਲੇ ਪੰਜ ਕਕਾਰੀ ਵੱਡੇ ਵੱਡੇ ਕਛਹਿਰਿਆਂ ਵਾਲਿਆਂ ਬ੍ਰਾਹਮਣਾ ਦਾ? ਜੇ ਕਰ ਇਤਨੀ ਗੱਲ ਹੀ ਸਿੱਖਾਂ ਦੇ ਖੋਪਰ ਵਿੱਚ ਪੈ ਜਾਵੇ ਤਾਂ ਕਈ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਪਰ ਨਹੀਂ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕਈ ਵੱਡੇ ਵੱਡੇ ਬ੍ਰਹਮਗਿਆਨੀਆਂ ਦੀ ਹੇਠੀ ਹੋਣ ਦਾ ਫਿਕਰ ਸਿੱਖਾਂ ਨੂੰ ਬਹੁਤ ਸਤਾ ਰਿਹਾ ਹੈ।)


ਕੀ ਸਿੱਖ ‘ਹਿੰਦੂ ਰਾਸ਼ਟਰ’ ਵਿੱਚ ਆਪਣੀ ਹੋਂਦ ਬਚਾ ਸਕਣਗੇ ?

ਮਹਿੰਦਰ ਸਿੰਘ ਚਚਰਾੜੀ

+91-98148-90308

ਸੰਨ 1947 ਵਿੱਚ ਜਦੋਂ ਸਿੱਖਾਂ ਨੇ ਆਪਣੀ ਕਿਸਮਤ ਮੌਜੂਦਾ ਭਾਰਤ ਨਾਲ ਜੋੜੀ, ਉਸ ਸਮੇਂ ਇਹ ਦੇਸ਼ ਕਾਨੂੰਨੀ ਤੌਰ ’ਤੇ ‘ਧਰਮ-ਨਿਰਪੱਖ’ ਸੀ, ਜਦਕਿ ਅੱਜ ਇਹ ਅੱਖਰ ਸੰਵਿਧਾਨ ਦੀ ਪ੍ਰਸਤਾਵਨਾ ਵਿਚੋਂ ਹਟਾ ਦਿੱਤਾ ਗਿਆ ਹੈ । ਭਾਵੇਂ ਕਿ ਇਹ ‘ਧਰਮ-ਨਿਰਪੱਖਤਾ’ ਵੀ ਬਹੁਗਿਣਤੀ ਵੱਲ ਝੁਕਾਅ ਰੱਖਣ ਵਾਲੀ ਸੀ, ਪਰ ਫੇਰ ਵੀ ਸੰਨ 2015 ਤੱਕ ਇਹ ‘ਧਰਮ-ਨਿਰਪੱਖਤਾ’ ਕਿਸੇ ਨਾ ਕਿਸੇ ਰੂਪ ਵਿੱਚ ਚੱਲਦੀ ਰਹੀ । ਪਰ ਜਦੋਂ ਤੋਂ ‘ਹਿੰਦੂ ਰਾਸ਼ਟਰ’ ਦੇ ਮੁੱਦਈ ਮੋਦੀ ਨੇ ਰਾਜਗਦੀ ਸੰਭਾਲੀ ਹੈ, ਉਦੋਂ ਤੋਂ ਹੀ ਇਸ ‘ਧਰਮ-ਨਿਰਪੱਖਤਾ’ ਦਾ ਰਸਮੀ ਭੋਗ ਪੈ ਗਿਆ ਹੈ । ਭਾਵੇਂ ਕਿ 26 ਜਨਵਰੀ 1950 ਨੂੰ ਲਾਗੂ ਹੋਏ ਸੰਵਿਧਾਨ ਵਿੱਚ ਸਿੱਖਾਂ ਨੂੰ ‘ਹਿੰਦੂ ਧਰਮ ਦਾ ਅੰਗ’ ਦੱਸਿਆ ਹੋਇਆ ਸੀ , ਪਰ 2015 ਤੋਂ ਪਹਿਲਾਂ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕਰਨ ਦੀ ਜੁਅਰਤ ਨਹੀਂ ਸੀ ਕੀਤੀ । ਸਿੱਖਾਂ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਜੋਕੇ ‘ਹਿੰਦੂ ਰਾਸ਼ਟਰ’ ਵਿੱਚ ਹੀ ਵਾਪਰਨੀਆਂ ਸ਼ੁਰੂ ਹੋਈਆਂ । 

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ‘ਹਿੰਦੂ ਰਾਸ਼ਟਰਵਾਦੀਆਂ’ ਨੂੰ ਤਕਲੀਫ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਦੀ ਜੋ ਬਾਣੀ ਦਰਜ ਹੈ, ਉਹ ਬ੍ਰਾਹਮਣਵਾਦ ਦੀ ਥਿਉਰੀ ਨੂੰ ਕੱਟਦੀ ਹੈ । ਬ੍ਰਾਹਮਣਵਾਦ ਦੀ ਸਮੁੱਚੀ ਥਿਉਰੀ ਝੂਠ ਤੇ ਅਧਾਰਤ ਹੈ, ਜਦਕਿ ਗੁਰਬਾਣੀ ‘ਆਦਿ ਸਚੁ ਜੁਗਾਦਿ ਸਚੁ ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’ ਤੋਂ ਸ਼ੁਰੂ ਹੁੰਦੀ ਹੈ । ਗੁਰੂ ਸਾਹਿਬਾਨ ਵੱਲੋਂ ਸੱਚ ਨੂੰ ਰੱਬੀ ਰੂਪ ਬਣਾਕੇ ਪੇਸ਼ ਕਰਨ ਦਾ ਮਕਸਦ ਇਹੋ ਸੀ ਕਿ ਝੂਠ ਦਾ ਵਰਤਾਰਾ ਸਾਰੇ ਪਾਸੇ ਫੈਲਿਆ ਹੋਇਆ ਸੀ । ਇਸੇ ਕਰਕੇ ਗੁਰਬਾਣੀ ਵਿੱਚ ਸੱਚ ਨਾਲ ਜੁੜੇ ਚੰਗੇ ਗੁਣਾਂ ਨੂੰ ਧਾਰਨ ਕਰਨ ਤੇ ਜ਼ੋਰ ਦਿਤਾ ਗਿਆ ਹੈ ਤੇ ਝੂਠ ਨਾਲ ਜੁੜੇ ਅਉਗੁਣਾਂ ਨੂੰ ਤਿਆਗਣ ਦੀ ਗੱਲ ਕੀਤੀ ਗਈ ਹੈ । 

ਬ੍ਰਾਹਮਣਵਾਦ ਦੀ ਸਮੁੱਚੀ ਨੀਤੀ ਝੂਠ-ਪਾਖੰਡ ਤੇ ਸੁਆਰਥ ਤੇ ਅਧਾਰਿਤ ਹੈ । ਇਸ ਵਿੱਚ ਸਭ ਤੋਂ ਵੱਡਾ ਕਾਰਣ ਬ੍ਰਾਹਮਣਾਂ ਦਾ ਹੰਕਾਰ ਹੈ । ਬ੍ਰਾਹਮਣ ਸਮਝਦੇ ਹਨ ਕਿ ਉਨ੍ਹਾਂ ਨੂੰ ਹੀ ਸੁਮੱਚੀ ਸ਼੍ਰਿਸ਼ਟੀ ਦਾ ਗਿਆਨ ਹੈ, ਤੇ ਉਹ ਜਿਵੇਂ ਚਾਹੁਣ, ਦੁਨੀਆਂ ਉਵੇਂ ਹੀ ਚੱਲੇ । ਇਹ ਰੱਬ ਨੂੰ ਨਹੀਂ ਮੰਨਦੇ ਤੇ ਨਾ ਹੀ ਇਹ ਕੁਦਰਤ ਦਾ ਸਤਿਕਾਰ ਕਰਦੇ ਹਨ । ਇਹ ਤਾਂ ਸਗੋਂ ਖੁਦ ਨੂੰ ਹੀ ‘ਰੱਬ ਦਾ ਅਵਤਾਰ’ ਦੱਸਦੇ ਹਨ ਤੇ ਗੈਰ-ਕੁਦਰਤੀ ਢੰਗਾਂ ਨਾਲ ਜੀਵਨ ਜਿਉਣ ਦੇ ਹਾਮੀ ਹਨ । ਇਹ ਔਰਤਾਂ ਨੂੰ ਮਨੁੱਖਤਾ ਦਾ ਅੰਗ ਨਹੀਂ ਮੰਨਦੇ, ਸਗੋਂ ‘ਪੈਰ ਦੀ ਜੁੱਤੀ’ ਸਮਝਦੇ ਹਨ । ਇਹ ਵੱਖ-ਵੱਖ ਕੰਮਾਂ–ਕਿੱਤਿਆਂ ਦੇ ਧਰਮੀ ਲੋਕਾਂ ਨੂੰ ਵੀ ਮਾੜਾ ਗਿਣਦੇ ਹਨ ।  ਸਮਾਜ ਨੂੰ ਇਹਨਾਂ ਚਾਰ ਵਰਣਾਂ ਵਿੱਚ ਵੰਡਿਆ ਹੋਇਆ ਹੈ – ਬ੍ਰਾਹਮਣ , ਖੱਤਰੀ, ਵੈਸ਼ ਤੇ ਸ਼ੂਦਰ । ਇਨ੍ਹਾਂ ਵਿਚੋਂ ਤਿੰਨ ਵਰਣ ਕੰਮ-ਕਾਰ ਕਰਦੇ ਹਨ ਜਦਕਿ ਬ੍ਰਾਹਮਣ ਇਨ੍ਹਾਂ ਤਿੰਨਾਂ ਦੀ ਕਮਾਈ ਦੀ ਲੁੱਟ-ਖਸੁੱਟ ਕਰਦਾ ਹੈ । 

ਬ੍ਰਾਹਮਣਵਾਦ ਫੈਲਾਉਣ ਵਾਲੇ ਲੋਕ ਵਿਦੇਸ਼ੀ ਜਰਵਾਣੇ ਹਨ ਜਿਨ੍ਹਾਂ ਭਾਰਤ ਦੇ ਮੂਲ ਨਿਵਾਸੀ ਲੋਕਾਂ ਤੇ ਕਬਜ਼ਾ ਕੀਤਾ ਹੋਇਆ ਹੈ । ਇਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਮੱਧ-ਏਸ਼ੀਆ ਦੇ ਇਲਾਕਿਆਂ ਤੋਂ ਇੱਥੇ ਆ ਕੇ ਉੱਤਰੀ ਭਾਰਤ ਦੇ ਵੱਡੇ ਇਲਾਕੇ ਤੇ ਕਬਜ਼ਾ ਕੀਤਾ । ‘ਰਾਮ’ ਨੂੰ ਇਨ੍ਹਾਂ ਭਗਵਾਨ ਦੇ ਰੂਪ ਵਿੱਚ ਪੇਸ਼ ਕੀਤਾ, ਜਦਕਿ ਰਾਵਣ ਨੂੰ ‘ਰਾਖ਼ਸ਼ਸ਼’ ਦੇ ਰੂਪ ਵਿੱਚ । ਇਨ੍ਹਾਂ ਮਿਥੇ ਹੋਏ ‘ਭਗਵਾਨ ਤੇ ਰਾਖ਼ਸ਼ਸ਼’ ਦਾ ਮਤਲਬ ਇਹੋ ਸੀ ਕਿ ਬਾਹਰੋਂ ਆਏ ਵਿਦੇਸ਼ੀ ਲੋਕ ਚੰਗੇ ਹਨ ਤੇ ਇਥੇ ਰਹਿਣ ਵਾਲੇ ਮੂਲ ਨਿਵਾਸੀ ਮਾੜੇ ਹਨ । ‘ਰਮਾਇਣ’ ਦੀ ਕਹਾਣੀ ਇਸ ਗੱਲ ਦੀ ਗਵਾਹ ਹੈ । ਰਾਵਣ ਦੇ ਪੁਤਲੇ ਹਰ ਸਾਲ ਫੂਕਣ ਦਾ ਰੁਝਾਨ ਵੀ ਐਸੇ ਕਰਕੇ ਹੈ, ਤਾਂ ਜੋ ‘ਰਾਮ’ ਵਾਲਿਆਂ ਦਾ ਕਬਜ਼ਾ ਸਦੀਵੀ ਤੌਰ ਤੇ ਬਰਕਰਾਰ ਰਵੇ । 

ਗੁਰਬਾਣੀ ਨੇ ਇਨ੍ਹਾਂ ਦੇ ਇਸ ਝੂਠ-ਪਾਖੰਡ ਨੂੰ ਨੰਗਾ ਕਰਨ ਲਈ ਕੁਦਰਤ ਦੇ ਕਣ-ਕਣ ਵਿੱਚ ਰਮੇ ਹੋਏ ਰੱਬ ਨੂੰ ‘ਰਾਮ’ ਕਿਹਾ । ਗੁਰਬਾਣੀ ਨੇ ਰਮੇ ਹੋਏ ਰੱਬ ਨੂੰ ਮੰਨਕੇ ਚੰਗੇ-ਸੱਚੇ ਗੁਣ ਧਾਰਨ ਕਰਨ ਦਾ ਉਪਦੇਸ਼ ਦਿੱਤਾ, ਬੇਸ਼ਕ ਬ੍ਰਾਹਮਣ ਵਿਦਵਾਨਾਂ ਦੀ ਸ਼੍ਰੇਣੀ ਵਿੱਚ ਗਿਣੇ ਜਾਂਦੇ ਹਨ, ਪਰ ਇਨ੍ਹਾਂ ਦੇ ਹਉਮੈ ਨਾਲ ਭਰੇ ਹੋਏ ਗਲਤ ਗਿਆਨ ਦੀਆਂ ਗੁਰਮਤਿ ਨੇ ਧੱਜੀਆਂ ਉਡਾ ਕੇ ਰੱਖ ਦਿੱਤੀਆਂ । ‘ਜਪੁਜੀ ਸਾਹਿਬ’ ਦੀ ਬਾਣੀ (ਜਿਸਨੂੰ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਵੀ ਕਿਹਾ ਜਾਂਦਾ ਹੈ) ਵਿਚ ਬ੍ਰਾਹਮਣਾਂ-ਜੋਗੀਆਂ ਦੀ ਵਿਚਾਰਧਾਰਾ ਨੂੰ ਮੁੱਢੋਂ ਹੀ ਰੱਦ ਕੀਤਾ ਗਿਆ ਹੈ । ਇਨ੍ਹਾਂ ਦੇ ਘੜੇ ਹੋਏ ਬ੍ਰਹਮਾ, ਵਿਸ਼ਨੂੰ, ਮਹੇਸ਼ ਸਮੇਤ ਅਨੇਕਾਂ ਦੇਵਤੇ ਰੱਦ ਕੀਤੇ ਗਏ ਹਨ । 

ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਬ੍ਰਾਹਮਣਵਾਦ ਤੇ ਅਧਾਰਤ ‘ਹਿੰਦੂ ਰਾਸ਼ਟਰਵਾਦ’ ਸਿੱਖਾਂ ਨੂੰ ਆਪਣੇ ਸਭ ਤੋਂ ਵੱਡੇ ਦੁਸ਼ਮਣ ਮੰਨਦਾ ਹੈ । ਜਦੋਂ ਤੋਂ ਸਿੱਖੀ ਪੈਦਾ ਹੋਈ ਹੈ, ਉਦੋਂ ਤੋਂ ਹੀ ਇਹ ਸਿੱਖੀ ਤੇ ਸਿੱਖਾਂ ਦੇ ਖਿਲਾਫ ਸਾਜਿਸ਼ਾਂ ਰਚਦਾ ਆ ਰਿਹਾ ਹੈ । ਬ੍ਰਾਹਮਣ ਹਮੇਸਾ ਸਮੇਂ  ਦੇ ਹਾਕਮਾਂ ਨਾਲ ਰਲਕੇ ਚੱਲਦੇ ਰਹੇ ਹਨ, ਜਦਕਿ ਸਿੱਖੀ ਦੀ ਸਮੁੱਚੀ ਲਹਿਰ ਪੁਜਾਰੀਵਾਦ ਤੇ ਹਕੂਮਤੀ ਲੁੱਟ-ਖਸੁੱਟ ਵਿਰੁੱਧ ਸੰਘਰਸ਼ ਦਾ ਇਤਿਹਾਸ ਹੈ । ਸੰਨ 1947 ਵਿੱਚ ਸਿੱਖਾਂ ਨੇ ਬਹੁਤ ਵੱਡੀ ਗਲਤੀ ਕੀਤੀ, ਜਦੋਂ ਇਹ ਪੰਡਤ ਨਹਿਰੂ ਦੀਆਂ ਗੱਲਾਂ ਵਿੱਚ ਆ ਕੇ ਭਾਰਤ ਨਾਲ ਬੱਝ ਗਏ । ਉਸ ਤੋਂ ਬਾਅਦ ਅੱਜ ਤੱਕ ਸਿੱਖਾਂ ਨਾਲ ਜੋ ਕੁਝ ਹੋਇਆ ਤੇ ਲਗਾਤਾਰ ਹੋ ਰਿਹਾ ਹੈ, ਉਹ ਇਹ ਸਾਬਤ ਕਰਨ ਲਈ ਕਾਫੀ ਹੈ ਕਿ ਸਿੱਖ ਇਹਨਾਂ ਲਈ ਸਭ ਤੋਂ ਵੱਡੇ ਦੁਸ਼ਮਣ ਹਨ। ਸੰਨ 1984 ਵਿੱਚ ਜੋਂ ਘੱਲੂਘਾਰੇ ਸਿੱਖਾਂ ਨਾਲ ਭਾਰਤ ਵਿਚ ਵਾਪਰੇ, ਓਹ ‘ਧਰਮ ਨਿਰਪੱਖਤਾ’ ਦੀ ਆੜ ਵਿੱਚ ‘ਹਿੰਦੂ ਰਾਸ਼ਟਰਵਾਦੀਆਂ’ ਦਾ ਹੀ ਕਾਰਾ ਸੀ, ਜਿਸ ਵਿੱਚ ਕਾਂਗਰਸ ਦੇ ਨਾਲ ਨਾਲ ਆਰ.ਐਸ.ਐਸ ਵੀ ਸ਼ਾਮਲ ਸੀ । 

ਇਨ੍ਹਾਂ ਜਿਸਮਾਨੀ ਹਮਲਿਆਂ ਤੋਂ ਇਲਾਵਾ 1947 ਤੋਂ ਬਾਅਦ ਸਿੱਖਾਂ ਦੇ ਧਰਮ (ਜੋ ਕਿ ਗੁਰੂ ਗ੍ਰੰਥ ਸਾਹਿਬ ਤੇ ਅਧਾਰਤ ਹੈ) ਨੂੰ ਖਤਮ ਕਰਨ ਲਈ ਹੋਰਨਾਂ ਗ੍ਰੰਥਾਂ ਦੀ ਨਕਲੀ ਬਾਣੀ ਦਾ ਪ੍ਰਚਾਰ, ਇਤਿਹਾਸਿਕ ਸਬੂਤਾਂ ਨੂੰ ਨਸ਼ਟ ਕਰਨਾ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਤਖਤਾਂ ਆਦਿ ਨੂੰ ਆਪਣੇ ਕੰਟਰੋਲ ਹੇਠ ਰੱਖਣਾ ਆਦਿ ਦਾ ਅਮਲ ਲਗਾਤਾਰ ਚੱਲਦਾ ਆ ਰਿਹਾ ਹੈ, ਜੋ ਕਿ ਆਰ.ਐਸ਼.ਐਸ ਦੇ ਏਜੰਡੇ ਵਿੱਚ ਸ਼ਾਮਲ ਹੈ । ਇਸ ਤੋਂ ਇਲਾਵਾ ਸਿੱਖਾਂ ਦੇ ‘ਹੋਮਲੈਂਡ’ ਪੰਜਾਬ ਦੀ ਧਰਤੀ, ਪੌਣ-ਪਾਣੀ ਨੂੰ ਖਰਾਬ ਕਰਨ ਤੇ ਪੰਜਾਬੀਆਂ (ਖਾਸਕਰ ਸਿੱਖਾਂ ਨੂੰ) ਬਿਮਾਰੀਆਂ ਤੇ ਨਸ਼ਿਆਂ ਵਿੱਚ ਗਲਤਾਨ ਕਰਨ ਲਈ ਲਗਾਤਾਰ ਸਰਕਾਰੀ ਮੁਹਿੰਮਾਂ ਚੱਲ ਰਹੀਆਂ ਹਨ । ਹੁਣ ਨਕਲੀ/ਸਰਕਾਰੀ ਹੜ੍ਹਾਂ ਆਦਿ ਰਾਹੀਂ ਵੀ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ। ਨਕਲੀ ਨਿਰੰਕਾਰੀ, ਰਾਧਾਸੁਆਮੀ, ਨਾਮਧਾਰੀਏ, ਨੂਰਮਹਿਲੀਏ ਸਮੇਤ ਕਈ ਤਰ੍ਹਾਂ ਦੇ ਪਾਖੰਡੀ ਮੱਤ ਵੀ ਸਿੱਖਾਂ ਵਿੱਚ ਰੋਲ-ਘਚੋਲਾ ਪਾਉਣ ਲਈ ਸਰਕਾਰੀ ਤੌਰ ਤੇ ਚਲਾਏ ਹੋਏ ਹਨ । ਕਈ ਤਰ੍ਹਾਂ ਦੇ ਸੰਤ ਬਾਬੇ ਵੀ ਸਿੱਖਾਂ ਨੂੰ ਗਧੀਗੇੜ ਪਾਉਣ ਲਈ ਵਿਚਰ ਰਹੇ ਹਨ । 

ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇਹ ਸਾਰਾ ਕੁਝ ਉਸ ਸਿੱਖ ਕੌਮ ਨਾਲ ਹੋ ਰਿਹਾ ਹੈ, ਜੋ ‘ਸਰਬੱਤ ਦੇ ਭਲੇ’ ਦੀ ਹਾਮੀ ਹੈ ਤੇ ਹਿੰਦੂ ਲੀਡਰਾਂ ਤੇ ਵਿਸ਼ਵਾਸ਼ ਕਰਕੇ ਸੰਨ 1947 ਵਿੱਚ ਇਨ੍ਹਾਂ ਨਾਲ ਰਲੀ । ਆਰ.ਐਸ.ਐਸ ਤਾਂ ਹੁਣ ਸੰਨ 2070 ਤੱਕ ਪੰਜਾਬ ਵਿਚੋਂ ਸਿੱਖੀ ਦੇ ਖਾਤਮੇ ਦਾ ਟੀਚਾ ਮਿਥੀ ਬੈਠੀ ਹੈ, ਜਿਸਦੇ ਸਿਆਸੀ ਵਿੰਗ ਭਾਜਪਾ ਦਾ ਇਸ ਸਮੇਂ ਭਾਰਤ ਵਿੱਚ ਰਾਜ ਹੈ । ਇਨ੍ਹਾਂ ਹਿੰਦੂਤਵੀ ਲੋਕਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੀ ਸੱਤਾ ਹਥਿਆ ਲਈ ਜਾਵੇ ਤੇ ਸਿੱਖੀ ਤੇ ਸਿੱਖਾਂ ’ਤੇ ਤਾਬੜਤੋੜ ਹਮਲੇ ਕਰਕੇ ਇਸ ਨੂੰ ਮਾਰ-ਮੁਕਾ ਸੁੱਟਿਆ ਜਾਵੇ । ਹੁਣ ਵੀ ਆਮ ਆਦਮੀ ਪਾਰਟੀ ਨਾਲ ਰਲਕੇ ਇਹ ਪੰਜਾਬ ਦੇ ਸਿੱਖਾਂ ਨੂੰ ਡਰਾਉਣ-ਧਮਕਾਉਣ ਤੇ ਮਾਰ-ਮੁਕਾਉਣ ਦੀਆਂ ਸਾਜਿਸ਼ਾਂ ਰਚ ਰਹੇ ਹਨ । ਸਰਕਾਰੀ ਸਿਸਟਮ ਵਿੱਚ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ । 

ਔਰੰਗਜ਼ੇਬੀ ਨੀਤੀਆਂ ਤੇ ਚੱਲਦਿਆਂ ਹੁਣ ਮੋਦੀ ਸਰਕਾਰ ਨੇ ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਦੇ ਵਾਈਸ ਚਾਂਸਲਰ ‘ਆਪਣੇ ਬੰਦੇ’ ਲਗਾ ਦਿੱਤੇ ਹਨ, ਜਿਨ੍ਹਾਂ ਨੇ ਇਨ੍ਹਾਂ ਯੂਨੀਵਰਸਿਟੀਆਂ ਦਾ ਬੁਰਾ ਹਾਲ ਕਰ ਦਿੱਤਾ ਹੈ । ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦਾ ਪੱਧਰ ਡਿੱਗਣ ਦੇ ਨਾਲ-ਨਾਲ ਫੰਡਾਂ ਦੀ ਵੀ ਘਾਟ ਹੋ ਗਈ ਹੈ । ਨਾਲ-ਨਾਲ ਨਵੀਂ ਸਿੱਖਿਆ ਨੀਤੀ ਤਹਿਤ ਪੜ੍ਹਾਈ ਦਾ ‘ਹਿੰਦੂਕਰਨ’ ਵੀ ਕੀਤਾ ਜਾ ਰਿਹਾ ਹੈ । ਔਰੰਗਜ਼ੇਬ ਦੀ ਵੀ ਇਹ ਨੀਤੀ ਸੀ ਕਿ ਪੜ੍ਹੇ-ਲਿਖੇ ਲੋਕਾਂ ਨੂੰ ਮੁਸਲਮਾਨ ਬਣਾਉਣ ਨਾਲ ਆਮ ਲੋਕ ਛੇਤੀ ਮੁਸਲਮਾਨ ਬਣ ਜਾਣਗੇ । ਇਹੀ ਇਨ੍ਹਾਂ ਦੀ ਸੋਚ ਹੈ ਕਿ ਪੜ੍ਹਾਈ ਹਿੰਦੂਵਾਦੀ ਹੋਣ ਨਾਲ ਲੋਕ ‘ਹਿੰਦੂ’ ਬਣ ਜਾਣਗੇ । ਪਰ ਇਨ੍ਹਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਇੱਕ ਵਾਰੀ ਦਹੀਂ ਬਣਿਆ ਹੋਇਆ ਦੁੱਧ ਮੁੜਕੇ ਦੁੱਧ ਨਹੀਂ ਬਣ ਸਕਦਾ । 

ਇਕ ਪਾਸੇ ਹਿੰਦੂਤਵੀ ਸਾਜਿਸ਼ਾਂ ਐਨਾ ਗੰਭੀਰ ਰੂਪ ਅਖਤਿਆਰ ਕਰ ਚੁੱਕੀਆਂ ਹਨ, ਦੂਜੇ ਪਾਸੇ ਪੰਥਕ ਮੁਖੌਟੇ ਵਾਲ਼ੇ ਦਿੱਲੀ ਦਰਬਾਰ ਦੇ ਪੱਕੇ ਹੱਥਠੋਕੇ ਬਾਦਲ ਦਲੀਏ ਸਿੱਖਾਂ ਤੇ ਸਿੱਖੀ ਦੇ ਜੜ੍ਹੀ ਤੇਲ ਦੇਣ ਲੱਗੇ ਹੋਏ ਹਨ । ਅੱਜ ਲੋੜ ਆਰ.ਐਸ.ਐਸ. ਦੀਆਂ ਸਾਜਿਸ਼ਾਂ ਫੇਲ ਕਰਨ ਦੀ ਹੈ । ਸਾਜਿਸ਼ਾਂ ਫੇਲ ਕਰਨ ਲਈ ਸਭ ਤੋਂ ਪਹਿਲਾਂ ਵਿਦਿਅਕ ਅਦਾਰਿਆਂ, ਸਿੱਖ ਸੰਸਥਾਵਾਂ ਤੇ ਸਿੱਖ ਸਮਾਜ ਵਿੱਚ ਆਰ.ਐਸ.ਐਸ. ਦੀ ਦਖਲਅੰਦਾਜ਼ੀ ਬੰਦ ਕਰਨੀ ਪਵੇਗੀ। ਇਸ ਲਈ ਮੁੱਢਲੀ ਲੋੜ ਸਾਰੇ ਮਤਭੇਦ, ਵਖਰੇਵੇ ਭੁਲਾਕੇ ਇਕੱਠੇ ਹੋਣ ਦੀ ਹੈ । ਵੱਖ-ਵੱਖ ਸੰਗਠਨਾਂ, ਜਥੇਬੰਦੀਆਂ, ਸੰਸਥਾਵਾਂ ਆਦਿ ਵਿਚ ਵਿਚਰ ਰਹੇ ਸੁਹਿਰਦ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਆ ਕੇ ਠੋਸ ਨੀਤੀ ਘੜਨ ਦੀ ਲੋੜ ਹੈ । ਜੇਕਰ ਸਿੱਖ ਵੱਧ ਰਹੇ ‘ਹਿੰਦੂ ਰਾਸ਼ਟਰਵਾਦ’ ਦੇ ਮੁਕਾਬਲੇ ਤੇ ਨੇੜ ਭਵਿੱਖ ਵਿੱਚ ਕੋਈ ਠੋਸ ਨੀਤੀ ਬਣਾਉਣ ਵਿੱਚ ਸਫਲ ਨਾ ਹੋਏ ਤਾਂ ਸਿੱਖਾਂ ਦੀ ਹੋਂਦ ਤੋਂ ਵੱਡਾ ਪ੍ਰਸ਼ਨਚਿੰਨ੍ਹ ਲੱਗਣ ਤੋਂ ਨਹੀਂ ਰੋਕਿਆ ਜਾ ਸਕੇਗਾ। 





.