.
ਮਨੁੱਖਾ ਜੀਵਨ: ਇਕ ਅਮੋਲਕ ਮੌਕਾ ਤੇ ਅਰਥ ਦੀ ਖੋਜ
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥ (ਭਗਤ ਕਬੀਰ ਜੀ — ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1366)
ਮਨੁੱਖਾ ਜੀਵਨ ਕੋਈ ਆਮ ਸੰਯੋਗ ਨਹੀਂ, ਸਗੋਂ ਇੱਕ ਅਮੋਲਕ ਮੌਕਾ ਹੈ ਜੋ ਵਾਰ-ਵਾਰ ਨਹੀਂ ਮਿਲਦਾ। ਭਗਤ ਕਬੀਰ ਜੀ ਇਸ ਸ਼ਬਦ ਰਾਹੀਂ ਮਨੁੱਖ ਨੂੰ ਚੇਤਾਵਨੀ ਦਿੰਦੇ ਹਨ ਕਿ ਜਿਵੇਂ ਪੱਕਿਆ ਹੋਇਆ ਫਲ ਡਾਲ ਤੋਂ ਟੁੱਟ ਕੇ ਮੁੜ ਨਹੀਂ ਜੁੜਦਾ, ਓਸੇ ਤਰ੍ਹਾਂ ਜੇ ਜੀਵਨ ਬਿਨਾਂ ਸਮਝ, ਬਿਨਾਂ ਮਕਸਦ ਅਤੇ ਬਿਨਾਂ ਅਰਥ ਦੇ ਲੰਘ ਗਿਆ, ਤਾਂ ਇਹ ਕੀਮਤੀ ਅਵਸਰ ਹੱਥੋਂ ਨਿਕਲ ਜਾਂਦਾ ਹੈ। ਇਹੀ ਸੋਚ ਮਨੁੱਖ ਨੂੰ ਆਪਣੇ ਜੀਵਨ ਵੱਲ ਠਹਿਰ ਕੇ ਦੇਖਣ ਲਈ ਮਜਬੂਰ ਕਰਦੀ ਹੈ ਅਤੇ ਸਵਾਲ ਉੱਠਦਾ ਹੈ - ਜੀਵਨ ਦਾ ਅਸਲ ਮਤਲਬ ਕੀ ਹੈ? 
ਇਸ ਸਵਾਲ ਦੀ ਖੋਜ ਹੀ ਮਨੁੱਖ ਨੂੰ ਆਪਣੇ ਅੰਦਰ, ਆਪਣੇ ਕਰਮਾਂ, ਰਿਸ਼ਤਿਆਂ ਅਤੇ ਜੀਵਨ ਦੇ ਮਕਸਦ ਵੱਲ ਮੋੜਦੀ ਹੈ। ਜੀਵਨ ਦਾ ਅਸਲ ਮਤਲਬ ਇੱਕ ਅਜਿਹਾ ਸਵਾਲ ਹੈ ਜੋ ਸਦੀਆਂ ਤੋਂ ਮਨੁੱਖ ਨੂੰ ਸੋਚਣ ਲਈ ਮਜਬੂਰ ਕਰਦਾ ਰਿਹਾ ਹੈ। ਹਰ ਵਿਅਕਤੀ, ਸਭਿਆਚਾਰ ਅਤੇ ਸਮਾਜ ਇਸ ਦਾ ਜਵਾਬ ਆਪਣੇ ਤਰੀਕੇ ਨਾਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕੁਝ ਲਈ ਜੀਵਨ ਦਾ ਮਤਲਬ ਸੁਖ-ਸ਼ਾਂਤੀ, ਪਿਆਰ ਅਤੇ ਰਿਸ਼ਤਿਆਂ ਵਿੱਚ ਹੁੰਦਾ ਹੈ, ਜਦਕਿ ਦੂਜਿਆਂ ਲਈ ਇਹ ਸਫਲਤਾ, ਸਨਮਾਨ ਜਾਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਹੁੰਦਾ ਹੈ। ਪਰ ਸੱਚਾਈ ਇਹ ਹੈ ਕਿ ਜੀਵਨ ਦਾ ਅਸਲ ਮਤਲਬ ਸਥਿਰ ਨਹੀਂ, ਬਲਕਿ ਹਰ ਵਿਅਕਤੀ ਦੇ ਅਨੁਭਵ, ਵਿਸ਼ਵਾਸ ਅਤੇ ਜੀਵਨ ਦੇ ਹਾਲਾਤਾਂ 'ਤੇ ਨਿਰਭਰ ਕਰਦਾ ਹੈ।
ਜੀਵਨ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਇਸ ਸੰਸਾਰ ਵਿੱਚ ਇੱਕ ਵਿਸ਼ੇਸ਼ ਮਕਸਦ ਨਾਲ ਆਏ ਹਾਂ। ਭਾਰਤੀ ਸਭਿਆਚਾਰ ਅਤੇ ਦਰਸ਼ਨ ਵਿੱਚ, ਜੀਵਨ ਦੇ ਮਤਲਬ ਨੂੰ ਅਕਸਰ ਧਰਮ, ਅਰਥ, ਕਾਮ ਅਤੇ ਮੋਕਸ਼ ਨਾਲ ਜੋੜਿਆ ਜਾਂਦਾ ਹੈ। ਧਰਮ ਸਾਨੂੰ ਨੈਤਿਕਤਾ ਅਤੇ ਸਹੀ ਮਾਰਗ 'ਤੇ ਚੱਲਣ ਦੀ ਸਿੱਖਿਆ ਦਿੰਦਾ ਹੈ, ਅਰਥ ਜੀਵਨ ਦੀਆਂ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਗੱਲ ਕਰਦਾ ਹੈ, ਕਾਮ ਸਾਨੂੰ ਸੁਖ ਅਤੇ ਸੰਤੁਸ਼ਟੀ ਦੀ ਪ੍ਰਾਪਤੀ ਵੱਲ ਲੈ ਜਾਂਦਾ ਹੈ, ਅਤੇ ਮੋਕਸ਼ ਜੀਵਨ ਦੇ ਚੱਕਰ ਤੋਂ ਮੁਕਤੀ ਦਾ ਰਾਹ ਦਿਖਾਉਂਦਾ ਹੈ। ਇਹ ਚਾਰ ਪੁਰਸ਼ਾਰਥ ਜੀਵਨ ਨੂੰ ਸੰਤੁਲਿਤ ਅਤੇ ਅਰਥਪੂਰਨ ਬਣਾਉਣ ਵਿੱਚ ਮਦਦ ਕਰਦੇ ਹਨ।
ਪਰ ਜੀਵਨ ਦਾ ਮਤਲਬ ਸਿਰਫ਼ ਇਨ੍ਹਾਂ ਚਾਰ ਗੱਲਾਂ ਤੱਕ ਸੀਮਤ ਨਹੀਂ ਹੈ। ਅਸਲ ਵਿੱਚ, ਜੀਵਨ ਦਾ ਮਤਲਬ ਉਹ ਖੁਸ਼ੀਆਂ ਅਤੇ ਅਨੁਭਵ ਹਨ ਜੋ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਕੱਠੇ ਕਰਦੇ ਹਾਂ। ਇੱਕ ਮਾਂ ਲਈ ਜੀਵਨ ਦਾ ਮਤਲਬ ਆਪਣੇ ਬੱਚੇ ਦੀ ਮੁਸਕਰਾਹਟ ਵਿੱਚ ਹੋ ਸਕਦਾ ਹੈ, ਇੱਕ ਵਿਦਿਆਰਥੀ ਲਈ ਇਹ ਉਸ ਦੀ ਸਫਲਤਾ ਅਤੇ ਸੁਪਨਿਆਂ ਦੀ ਪ੍ਰਾਪਤੀ ਵਿੱਚ ਹੋ ਸਕਦਾ ਹੈ, ਅਤੇ ਇੱਕ ਸੰਤ ਲਈ ਇਹ ਆਤਮਿਕ ਸ਼ਾਂਤੀ ਅਤੇ ਈਸ਼ਵਰ ਨਾਲ ਜੁੜਨ ਵਿੱਚ ਹੋ ਸਕਦਾ ਹੈ। ਜੀਵਨ ਦੀ ਸੁੰਦਰਤਾ ਇਸ ਦੀ ਵਿਭਿੰਨਤਾ ਵਿੱਚ ਹੈ, ਜਿੱਥੇ ਹਰ ਵਿਅਕਤੀ ਆਪਣੇ ਤਰੀਕੇ ਨਾਲ ਅਰਥ ਲੱਭਦਾ ਹੈ।
ਕਈ ਵਾਰ ਜੀਵਨ ਦੇ ਮੁਸ਼ਕਲ ਪਲ ਸਾਨੂੰ ਸਭ ਤੋਂ ਵੱਡੀ ਸਿੱਖਿਆ ਦਿੰਦੇ ਹਨ। ਦੁੱਖ, ਅਸਫਲਤਾ ਅਤੇ ਸੰਘਰਸ਼ ਵੀ ਜੀਵਨ ਦਾ ਅਨਿੱਖੜਵਾਂ ਹਿੱਸਾ ਹਨ। ਇਹ ਪਲ ਸਾਨੂੰ ਸਿਖਾਉਂਦੇ ਹਨ ਕਿ ਅਸਲ ਮਤਲਬ ਸਿਰਫ਼ ਸੁਖਾਂ ਦੀ ਖੋਜ ਵਿੱਚ ਨਹੀਂ, ਸਗੋਂ ਮੁਸੀਬਤਾਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਨੂੰ ਪਾਰ ਕਰਨ ਵਿੱਚ ਵੀ ਹੈ। ਸੰਘਰਸ਼ ਸਾਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਾਡੇ ਅੰਦਰ ਸਹਿਣਸ਼ੀਲਤਾ ਅਤੇ ਧੀਰਜ ਦਾ ਗੁਣ ਪੈਦਾ ਕਰਦਾ ਹੈ।
ਜੀਵਨ ਦਾ ਅਸਲ ਮਤਲਬ ਸ਼ਾਇਦ ਸਾਡੀ ਆਪਣੀ ਖੋਜ ਵਿੱਚ ਹੀ ਲੁਕਿਆ ਹੈ। ਇਹ ਇੱਕ ਅਜਿਹੀ ਯਾਤਰਾ ਹੈ ਜਿੱਥੇ ਹਰ ਕਦਮ 'ਤੇ ਅਸੀਂ ਕੁਝ ਨਵਾਂ ਸਿੱਖਦੇ ਹਾਂ। ਇਹ ਜ਼ਰੂਰੀ ਨਹੀਂ ਕਿ ਸਾਨੂੰ ਜੀਵਨ ਦਾ ਅੰਤਿਮ ਮਕਸਦ ਲੱਭ ਜਾਵੇ, ਸਗੋਂ ਮਹੱਤਵਪੂਰਨ ਇਹ ਹੈ ਕਿ ਅਸੀਂ ਇਸ ਯਾਤਰਾ ਨੂੰ ਪੂਰੇ ਦਿਲ ਨਾਲ ਜੀਅ ਜਾਈਏ। ਦੂਜਿਆਂ ਨੂੰ ਪਿਆਰ ਦੇਣਾ, ਸਮਾਜ ਦੀ ਭਲਾਈ ਲਈ ਕੁਝ ਕਰਨਾ, ਅਤੇ ਆਪਣੇ ਅੰਦਰ ਦੀ ਸ਼ਾਂਤੀ ਨੂੰ ਲੱਭਣ ਦੀ ਕੋਸ਼ਿਸ਼ ਕਰਨਾ - ਇਹ ਸਭ ਜੀਵਨ ਨੂੰ ਅਰਥਪੂਰਨ ਬਣਾਉਂਦੇ ਹਨ।
ਜੀਵਨ ਦਾ ਮਤਲਬ ਹਰ ਵਿਅਕਤੀ ਲਈ ਵੱਖਰਾ ਹੋ ਸਕਦਾ ਹੈ, ਪਰ ਇਸ ਦੀ ਸਾਰ ਇੱਕ ਹੀ ਹੈ - ਜੀਵਨ ਨੂੰ ਪੂਰੀ ਤਰ੍ਹਾਂ ਜੀਣਾ ਅਤੇ ਹਰ ਪਲ ਵਿੱਚ ਅਨੰਦ ਅਤੇ ਅਰਥ ਲੱਭਣਾ। ਜੀਵਨ ਇੱਕ ਮੌਕਾ ਹੈ, ਜੋ ਸਾਨੂੰ ਖੁਦ ਨੂੰ ਸਮਝਣ, ਦੂਜਿਆਂ ਨਾਲ ਜੁੜਨ ਅਤੇ ਸੰਸਾਰ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਦਾ ਅਵਸਰ ਦਿੰਦਾ ਹੈ। 
ਅੰਤ ਵਿੱਚ : 
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ — ਅੰਗ 62)
ਜੀਵਨ ਦਾ ਅਸਲ ਮਤਲਬ ਸਿਰਫ਼ ਸੱਚ ਨੂੰ ਜਾਣਨ ਜਾਂ ਬੋਲਣ ਤੱਕ ਸੀਮਤ ਨਹੀਂ, ਸਗੋਂ ਉਸ ਸੱਚ ਨੂੰ ਆਪਣੇ ਕਰਮਾਂ ਅਤੇ ਆਚਰਨ ਵਿੱਚ ਉਤਾਰਨ ਵਿੱਚ ਹੈ। ਗੁਰਬਾਣੀ ਸਾਨੂੰ ਸਪੱਸ਼ਟ ਸਿੱਖਿਆ ਦਿੰਦੀ ਹੈ ਕਿ ਜਦ ਸੱਚ ਮਨ, ਬੋਲ ਅਤੇ ਕਰਮ ਵਿੱਚ ਇਕਸਾਰਤਾ ਹੋ ਜਾਵੇ, ਤਦੋਂ ਹੀ ਜੀਵਨ ਅਰਥਪੂਰਨ ਬਣਦਾ ਹੈ। ਇਹੀ ਸੱਚਾ ਸੁਖ ਹੈ, ਇਹੀ ਅਸਲੀ ਸਫਲਤਾ ਹੈ। ਜੇ ਮਨੁੱਖ ਇਸ ਅਮੋਲਕ ਮਨੁੱਖਾ ਜਨਮ ਨੂੰ ਸੱਚ, ਸੇਵਾ, ਪਿਆਰ ਅਤੇ ਸੰਤੁਲਨ ਨਾਲ ਜੀਊਂਦਾ ਹੈ, ਤਾਂ ਉਸਦਾ ਜੀਵਨ ਆਪਣੇ ਆਪ ਵਿੱਚ ਹੀ ਇੱਕ ਉੱਤਰ ਬਣ ਜਾਂਦਾ ਹੈ - ਜੀਵਨ ਦਾ ਅਸਲ ਮਤਲਬ।
-ਗੁਰਦੇਵ ਸਿੰਘ ਬਠਿੰਡਾ।
-ਮੋਬ : 9316949649
-ਈਮੇਲ : gskbathinda@gmail.com




.