.
ਪੰਜਾਬ ਦੇ ਕਾਮਰੇਡਾਂ ਦੇ ਗਰੁੱਪ, ਲਲਕਾਰ ਦੇ ਕਾਰਨਾਮੇ
ਪਿਛਲੇ ਕੁੱਝ ਦਿਨਾ ਤੋਂ ਸ਼ੋਸ਼ਲ ਮੀਡੀਆ ਤੇ ਕੁੱਝ ਵੀਡੀਓ ਅਤੇ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕਾਮਰੇਡਾਂ ਦੇ ਇਸ ਗਰੁੱਪ ਲਲਕਾਰ ਨਾਲ ਸੰਬੰਧਿਤ ਕੁੱਝ ਕੁੜੀਆਂ ਨੇ ਕਾਫੀ ਗੰਭੀਰ ਇਲਜ਼ਾਮ ਲਗਾਏ ਹਨ ਅਤੇ ਕੁੱਝ ਕੁ ਨੇ ਆਤਮ ਹੱਤਿਆ ਵੀ ਕੀਤੀ ਹੈ। ਇਸ ਲਲਕਾਰ ਗਰੁੱਪ ਬਾਰੇ ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਪਰ ਜੋ ਕੁੱਝ ਹੁਣ ਤੱਕ ਸਾਹਮਣੇ ਆਇਆ ਹੈ ਉਸ ਬਾਰੇ ਹੀ ਸੰਖੇਪ ਜਿਹਾ ਲਿਖ ਰਿਹਾ ਹਾਂ ਅਤੇ ਕੁੱਝ ਜਾਣਕਾਰੀ ਸ਼ੋਸ਼ਲ ਮੀਡੀਆ ਤੋਂ ਲੈ ਕੇ ਸਾਂਝੀ ਕਰ ਰਿਹਾ ਹਾਂ। ਨਵੰਬਰ 30, 2025 ਨੂੰ ਮੈਂ ਇੱਕ ਲੇਖ ਕਾਮਰੇਡਾਂ ਬਾਰੇ ਲਿਖਿਆ ਸੀ। ਉਸ ਲੇਖ ਵਿੱਚ ਉਹੀ ਜਾਣਕਾਰੀ ਸਾਂਝੀ ਕੀਤੀ ਸੀ ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖੀ ਸੀ ਜਾਂ ਸੁਣੀ ਸੀ। ਇਨ੍ਹਾਂ ਕਨੇਡਾ ਵਾਲੇ ਕਾਮਰੇਡਾਂ ਵਿੱਚ ਉਹ ਕੋਈ ਵੀ ਗੱਲ ਨਹੀਂ ਸੀ ਜਿਹੜੀ ਕੇ ਹੁਣ ਲਲਕਾਰ ਵਾਲੇ ਕਾਮਰੇਡਾਂ ਦੀ ਸਾਹਮਣੇ ਆ ਰਹੀ ਹੈ। ਮੇਰਾ ਖਿਆਲ ਹੈ ਕਿ 40 ਸਾਲਾਂ ਤੋਂ ਵੀ ਵੱਧ ਦਾ ਸਮਾ ਹੋ ਗਿਆ ਹੋਵੇਗਾ ਕਿ ਮੈਂ ਕਿਸੇ ਅਖਬਾਰ ਵਿੱਚ ਜਾਂ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਕੌਮਨਿਜ਼ਮ ਵਿੱਚ ਇੱਕ ਖਿਆਲ ਇਹ ਵੀ ਦਿੱਤਾ ਹੋਇਆ ਹੈ ਕਿ ਕਿਸੇ ਇੱਕ ਇਸਤਰੀ ਨਾਲ ਵਿਆਹ ਕਰਵਾਉਣ ਦੀ ਬਿਜਾਏ ਇੱਕ ਸਾਂਝਾ ਕਮਿਉਨਟੀ ਹਾਲ, ਇਸਤਰੀ ਹਾਲ ਹੋਣਾ ਚਾਹੀਦਾ ਹੈ। ਜਿਸ ਵਿੱਚ ਸਾਰੀਆਂ ਜੁਆਨ ਇਸਤਰੀਆਂ ਰਹਿੰਦੀਆਂ ਹੋਣ। ਬੰਦੇ ਇਸ ਇਸਤਰੀ ਹਾਲ ਵਿੱਚ ਜਾ ਕੇ ਕਿਸੇ ਵੀ ਔਰਤ ਨਾਲ ਸਰੀਰਕ ਸੰਬੰਧ ਬਣਾ ਸਕਦੇ ਹਨ ਅਤੇ ਬੱਚੇ ਪੈਦਾ ਕਰ ਸਕਦੇ ਹਨ। ਇਸ ਪਿਛੇ ਉਨ੍ਹਾਂ ਦਾ ਤਰਕ ਇਹ ਸੀ ਕਿ ਜੇ ਕਰ ਇਸ ਤਰ੍ਹਾਂ ਹੋਵੇਗਾ ਤਾਂ ਇਸ ਵਿੱਚ ਮੈਂ ਮੇਰੀ, ਜਾਤ-ਪਾਤ, ਊਚ ਨੀਚ ਅਤੇ ਅਮੀਰ ਗਰੀਬ ਦਾ ਪਾੜਾ ਖਤਮ ਹੋ ਜਾਵੇਗਾ। ਅਗਾਂਹ ਜਿਹੜੇ ਬੱਚੇ ਪੈਦਾ ਹੋਣਗੇ ਉਨ੍ਹਾਂ ਵਿੱਚ ਕੋਈ ਭਿੰਨ ਭਾਵ ਨਹੀਂ ਰਹੇਗਾ। ਇਹ ਗੱਲ ਠੀਕ ਹੈ ਜਾਂ ਨਹੀਂ ਮੇਰੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੈਂ ਤਾਂ ਜੋ ਪੜਿਆ ਸੀ ਉਸ ਬਾਰੇ ਹੀ ਚੇਤੇ ਕਰਕੇ ਲਿਖਿਆ ਹੈ। ਉਂਜ ਮੈ ਇੱਕ ਆਪਣੇ ਸ਼ਹਿਰ ਵਿੱਚ ਰਹਿਣ ਵਾਲੇ ਕਹੇ ਜਾਂਦੇ ਕਾਮਰੇਡ ਨੂੰ ਇਹ ਸਵਾਲ ਕੀਤਾ ਸੀ ਕਿ ਇਹ ਠੀਕ ਹੈ ਜਾਂ ਗਲਤ। ਤਾਂ ਉਸ ਨੇ ਕਿਹਾ ਸੀ ਕਿ ਨਹੀਂ ਇਸ ਤਰ੍ਹਾਂ ਦਾ ਕੁੱਝ ਨਹੀਂ ਹੈ। ਪਰ ਹੁਣ ਜੋ ਕੁੱਝ ਕੁੜੀਆਂ ਨਾਲ ਵਾਪਰਿਆ ਹੈ ਉਸ ਨੂੰ ਪੜ੍ਹ ਕੇ ਇਹ ਪੁਰਾਣੀ ਗੱਲ ਚੇਤੇ ਆ ਗਈ ਸੀ।
ਇਸ ਲਲਕਾਰ ਜਥੇਬੰਦੀ ਨਾਲ ਸੰਬੰਧਿਤ ਕਿਤਨੀਆਂ ਕੁੜੀਆਂ ਨੇ ਆਤਮ ਹੱਤਿਆ ਕੀਤੀ ਹੈ ਅਤੇ ਕਿਤਨੀਆਂ ਕੁੜੀਆਂ ਦੇ ਜਬਰਦਸਤੀ ਗਰਭਪਾਤ ਕਰਵਾਏ ਗਏ ਹਨ, ਇਹ ਗੱਲ ਹੁਣ ਸਾਰਿਆਂ ਦੇ ਸਾਹਮਣੇ ਆ ਰਹੀ ਹੈ। ਆਪਣੀ ਮਰਜੀ ਅਤੇ ਦੋਹਾਂ ਦੀ ਸਹਿਮਤੀ ਨਾਲ ਸਰੀਰਕ ਸੰਬੰਧ ਬਣਨੇ, ਮੇਰਾ ਨਹੀਂ ਖਿਆਲ ਕਿ ਕਿਸੇ ਦੇਸ਼ ਦੇ ਕੋਈ ਕਿਸੇ ਕਾਨੂੰਨ ਅਨੁਸਾਰ ਗਲਤ ਹੋਣਗੇ ਪਰ ਜਬਰੀ ਅਤੇ ਬਲੈਕ ਮੇਲ ਕਰਕੇ ਜਾਂ ਕਿਸੇ ਤੇ ਮਾਨਸਿਕ ਦਬਾਓ ਹੇਠ ਸਾਰਾ ਕੁੱਝ ਕਰਨਾ ਸਰਾਸਰ ਧੱਕਾ ਅਤੇ ਬੇ-ਇਨਸਾਫੀ ਹੈ। ਜੋ ਹੁਣ ਤੱਕ ਪੜ੍ਹਨ ਸੁਣਨ ਵਿੱਚ ਆਇਆ ਹੈ ਉਸ ਵਿੱਚ ਇਹੀ ਸਾਰਾ ਕੁੱਝ ਇਹ ਲਲਕਾਰ ਗਰੁੱਪ ਵਾਲੇ ਕਰ ਰਹੇ ਹਨ। ਉਂਜ ਵੀ ਜੇ ਸੋਚਿਆ ਜਾਵੇ ਤਾਂ ਪੰਜਾਬੀਆਂ ਦੀ ਮਾਨਸਿਕ ਅਵਸਥਾ ਵਿੱਚ ਜ਼ਰਾਇਮ ਬਿਰਤੀ ਭਾਰੂ ਹੁੰਦੀ ਹੈ। ਉਹ ਕਦੇ ਵੀ ਕਿਸੇ ਵੀ ਰੂਪ ਵਿੱਚ ਪ੍ਰਗਟ ਹੋ ਸਕਦੀ ਹੈ। ਇਹ ਕੋਈ ਫਰਕ ਨਹੀਂ ਕਿ ਉਸ ਬਿਰਤੀ ਵੇਲੇ ਕਿਸੇ ਨੇ ਕੋਈ ਧਾਰਮਿਕ ਮਖੌਟਾ ਪਾਇਆ ਹੋਇਆ ਹੈ ਜਾਂ ਕਾਮਰੇਡੀ। ਬਲਜੀਤ ਕੌਰ ਨਾਲ ਜੋ ਸਿੱਖਾਂ ਦੇ ਕਹੇ ਜਾਂਦੇ ਅਕਾਲ ਤਖ਼ਤ ਤੇ ਸਿੱਖਾਂ ਦੇ ਕਹੇ ਜਾਂਦੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅਥਵਾ ਗੁੰਡੇ ਸਾਧ ਦੇ ਚੇਲਿਆਂ ਵਲੋਂ ਉਸ ਦੇ ਸਾਹਮਣੇ ਛਾਤੀਆਂ ਵੱਢਣ ਅਤੇ ਗੁਪਤ ਅੰਗਾਂ ਵਿੱਚ ਡੰਡੇ ਧੱਸ ਕੇ ਅਣਮਨੁੱਖੀ ਦਿੱਤੇ ਗਏ ਤਸੀਹੇ ਕਿਸੇ ਨੂੰ ਭੁੱਲ ਤਾਂ ਨਹੀਂ ਗਏ? ਬਲਜੀਤ ਕੌਰ ਅਤੇ ਛਿੰਦੇ ਦੇ ਕਤਲਾਂ ਤੋਂ ਬਾਅਦ ਇਹ ਗੁੰਡਾ ਸਾਧ ਬੜੇ ਮਾਣ ਨਾਲ ਕਹਿੰਦਾ ਸੀ ਕਿ ਇਤਨੇ ਘੰਟਿਆਂ ਵਿੱਚ ਬਦਲਾ ਲੈ ਲਿਆ ਗਿਆ ਹੈ। ਲਲਕਾਰ ਜਥੇਬੰਦੀ ਵਿੱਚ ਜੋ ਕੁੱਝ ਵਾਪਰ ਰਿਹਾ ਹੈ ਕਹਿੰਦੇ ਹਨ ਕਿ ਇਸ ਦੇ ਬੀਜ ਵੀ ਸਿੱਖਾਂ ਦਾ ਮਹਾਨ ਵਿਦਵਾਨ ਹੀ ਬੀਜ ਕੇ ਆਇਆ ਸੀ ਜਿਹੜਾ ਇਸ ਜਥੇਬੰਦੀ ਨਾਲ ਸੰਬੰਧਿਤ ਰਹਿਆ ਹੈ। ਇਹ ਵਿਦਵਾਨ ਜੀ ਦੇਸ਼ਾਂ-ਬਿਦੇਸ਼ਾਂ ਵਿੱਚ ਵਿਚਰ ਕੇ ਸਿੱਖਾਂ ਨੂੰ ਰਾਜ-ਭਾਗ ਅਤੇ ਗੁਲਾਮੀ ਦੀਆਂ ਗੱਲਾਂ ਸਮਝਾ ਰਹੇ ਹਨ ਅਤੇ ਕਈ ਕਿਤਾਬਾਂ ਲਿਖ ਕੇ ਪੰਥ ਦੀ ਝੋਲੀ ਵਿੱਚ ਪਾਈਆਂ ਹਨ। ਹੇਠਾਂ ਮੈਂ ਇੱਕ ਪੈਰਾ ਕਿਸੇ ਐਸ: ਐਸ: ਅਜਾਦ ਦੀ ਲਿਖਤ ਵਿਚੋਂ ਪਾ ਰਿਹਾ ਹਾਂ ਜੋ ਕਿ ਸਿੱਖਾਂ ਦੇ ਇਸ ਵਿਦਵਾਨ ਬਾਰੇ ਕਈ ਕਿਸ਼ਤਾਂ ਵਿੱਚ ਸ਼ੋਸ਼ਲ ਮੀਡੀਏ ਤੇ ਛਪਿਆ ਹੈ। ਮੈਂ ਨਹੀਂ ਜਾਣਦਾ ਕਿ ਇਹ ਕੌਣ ਹੈ ਅਤੇ ਕਿਸ ਜਥੇਬੰਦੀ ਨਾਲ ਸੰਬੰਧਿਤ ਹੈ ਪਰ ਇਸ ਨੂੰ ਜਾਣਕਾਰੀ ਸਾਰੀ ਹੈ ਇਨ੍ਹਾਂ ਕਾਮਰੇਡਾਂ ਬਾਰੇ। ਇੱਕ ਵੀਡੀਓ ਇੱਕ ਲੜਕੀ ਬਾਰੇ ਹੈ ਅਤੇ ਨਾਲ ਹੀ ਇਸ ਵਿਸ਼ੇ ਨਾਲ ਸੰਬੰਧਿਤ ਇੱਕ ਲਿਖਤ ਬੇਅੰਤ ਕੌਰ ਗਿੱਲ ਮੋਗਾ ਦੀ ਹੈ। ਸ਼ੋਸ਼ਲ ਮੀਡੀਏ ਤੇ ਨਾ ਤਾਂ ਮੈਂ ਕੁੱਝ ਪਉਂਦਾ ਹਾਂ ਅਤੇ ਨਾ ਹੀ ਸ਼ੇਅਰ ਕਰਦਾ ਹਾਂ। ਮੈਂ ਕਦੀ ਕਿਤੇ ਕੋਈ ਕੁਮਿੰਟ ਵੀ ਨਹੀਂ ਕੀਤਾ ਅਤੇ ਨਾ ਹੀ ਕਰਨ ਦਾ ਇਰਾਦਾ ਹੈ। ਮੈਂ ਤਾਂ 10 ਕੁ ਸਾਲ ਆਪਣਾ ਫੇਸਬੁੱਕ ਵਾਲਾ ਅਕਾਉਂਟ ਵੀ ਬੰਦ ਹੀ ਰੱਖਿਆ ਸੀ ਅਤੇ ਹੁਣ ਮਜ਼ਬੂਰੀ ਵੱਸ ਖੋਲਣਾ ਪਿਆ ਸੀ। ਕਈ ਸੱਜਣਾਂ ਦੇ ਪੋਸਟਾਂ ਦੇ ਮੈਸਜ ਆਉਂਦੇ ਹਨ ਪਰ ਮੈਂ ਕਮਿੰਟਸ ਨਹੀਂ ਕਰਦਾ ਪਰ ਪੜ੍ਹ ਜਰੂਰ ਲੈਂਦਾ ਹਾਂ। ਲਓ ਪੜ੍ਹੋ ਪਹਿਲਾਂ ਉਹ ਪੈਰਾ ਜੋ ਸਿੱਖਾਂ ਦੇ ਖਾਸ ਵਿਦਵਾਨ ਬਾਰੇ ਹੈ। ਉਸ ਤੋਂ ਬਾਅਦ ਇੱਕ ਵੀਡੀਓ ਅਤੇ ਬੇਅੰਤ ਕੌਰ ਗਿੱਲ ਮੋਗਾ ਦੀ ਲਿਖਤ ਹੈ। ਜੇ ਕਰ ਕਿਸੇ ਕੋਲ ਯੂ-ਟਿਊਬ ਦੀ ਕਿਸ ਹੋਰ ਵੀਡੀਓ ਦਾ ਲਿੰਕ ਕਿਸੇ ਕੋਲ ਹੋਵੇ ਜਿਹੜਾ ਕਿ ਇਸ ਲਲਕਾਰ ਜਥੇਬੰਦੀ ਨਾਲ ਸੰਬੰਧਿਤ ਕੁੜੀਆਂ ਦੇ ਸ਼ੋਸ਼ਣ ਬਾਰੇ ਹੈ ਤਾਂ ਦੱਸਣ ਦੀ ਕੋਸ਼ਿਸ਼ ਕਰਨੀ ਤਾਂ ਉਹ ਵੀ ਪਾ ਦਿੱਤਾ ਜਾਵੇਗਾ ਅਤੇ ਜੇ ਕਰ ਮੈਨੂੰ ਹੋਰ ਲੱਭ ਪਿਆ ਤਾਂ ਪਾ ਦਿੱਤਾ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਦੀਆਂ ਸਮਾਜ ਵਿਰੋਧੀ ਕਾਰਵਾਈਆਂ ਦੀ ਜਾਣਕਾਰੀ ਮਿਲ ਸਕੇ।
ਮੱਖਣ ਪੁਰੇਵਾਲ,
ਜਨਵਰੀ 20, 2026.


ਮੇਘਰਾਜ ਰਾਮਪੁਰਾ, ਸ਼ਮਸ਼ੇਰ ਸਿੰਘ ਸੇਰੀ ਹੋਰਾਂ ਨੇ ਕਾਨਫਰੰਸ ਕਰਕੇ ਅਜਮੇਰ ਸਿੰਘ ਨੂੰ ਗਰੁੱਪ ਦਾ ਜਨਰਲ ਸਕੱਤਰ ਬਣਾ ਲਿਆ । ਪਰ ਉਨਾਂ ਅੰਦਰ ਦੋ ਲਾਇਨਾਂ ਦਾ ਘੋਲ ਹੋਰ ਤੇਜ਼ ਹੋ ਗਿਆ । ਸ਼ਮਸ਼ੇਰ ਸੇਰੀ ਧੜਾ ਪੁਰਾਣੀ ਲੀਹ ਨੂੰ ਚਿੱਚੜੀ ਵਾਂਗੂੰ ਚਿੰਬੜਿਆ ਹੋਇਆ ਸੀ । ਅਜਮੇਰ ਧੜਾ ਕੌਮਵਾਦ ਦਾ ਝੰਡਾ ਬਰਦਾਰ ਬਣਿਆ ਅੱਕੀ ਪਲਾਹੀ ਹੱਥ ਮਾਰਨ ਲਗਿਆ ਸੀ । ਅਖੀਰ 1983 ਵਿਚ ਅਜਮੇਰ ਗਰੁੱਪ ਤਿੰਨ ਧੜਿਆਂ ਵਿੱਚ ਵੰਡਿਆ ਗਿਆ । ਸ਼ਮਸ਼ੇਰ ਸਿੰਘ ਸੇਰੀ ਮਾਓਵਾਦੀ ਐਮ ਸੀ ਸੀ ਗਰੁੱਪ ਵਲ ਝਾਕਾਓ ਰੱਖਣ ਲਗ ਪਿਆ । ਮੁਖਤਿਆਰ ਪੂਹਲਾ ਗਰੁੱਪ ਨੇ ਸੀਓਸੁ ਵਿਚ ਨਿਕਲੇ ਰਾਮ ਨਾਥ ਧੜੇ ਨਾਲ ਜਾ ਏਕਤਾ ਕੀਤੀ । ਪੰਜਾਬ ਵਿੱਚ ਇਨਕਲਾਬੀ ਕੇਂਦਰ (ਕੰਵਲਜੀਤ ਖੰਨਾ ਮਾਰਕਾ ) ਖੜਾ ਕਰ ਲਿਆ । ਦੇਸ਼ ਦਾ ਨਿਰਨਾ ਸਰਮਾਏਦਾਰੀ, ਰਾਜਨੀਤਕ ਪਖੋਂ ਸਾਮਰਾਜੀ ਤਾਕਤਾਂ ਦਾ ਗੁਲਾਮ ਤੋਂ ਆਰਥਿਕ ਪਖੋਂ ਆਜ਼ਾਦ ਦਸਣ ਲਗੇ । ਫੇਰ ਉਸ ਵਿੱਚ ਲਲਕਾਰਵਾਦੀ ਧੜਾ ਪੈਦਾ ਹੁੰਦਾ ਗਿਆ। ਅੱਜਕਲ੍ਹ ਲਲਕਾਰਵਾਦੀ ਤੇ ਪ੍ਰਤੀਬੱਧ ਆਗੂਆਂ ਦਾ ਚਾਲ ਚਰਿਤ੍ਰ ਚੇਹਰਾ ਬੇਨਕਾਬ ਹੋ ਰਿਹਾ ਹੈ । ਇਹ ਪੁਨੀਰੀ ਪੈਦਾ ਕਰਨ ਵਾਲੇ ਸੰਤ ਬਾਬਾ ਬਣੇ ਅਜਮੇਰ ਸਿੰਘ ਸਨ । ਭੂਤਵਾੜਾ ਪਟਿਆਲਾ ਇਨ੍ਹਾਂ ਦਾ ਰੁਮਾਂਸਵਾਦੀ ਕੇਦਰ ਸੀ ।
ਐਸ ਐਸ ਅਜ਼ਾਦ




ਆਦਮੀ ਕਿਉਂ ਭੁੱਲ ਜਾਂਦਾ ਹੈ ਕਿ ਉਹ ਕਿਸੇ ਔਰਤ ਦੀ ਕੁੱਖੋਂ ਪੈਦਾ ਹੋਇਆ? ਦੁਨੀਆਂ ਭਰ ਦੀਆਂ ਔਰਤਾਂ ਅੱਤਿਆਚਾਰ ਝੱਲਦੀਆਂ ਕਿਉਂਕਿ ਪਹਿਲਾਂ ਕਿਸੇ ਨੇ ਝੱਲਿਆ ਹੁੰਦਾ, ਪੜ੍ਹ ਰਹੀਆਂ ਲੜਕੀਆਂ ਨਾਲ ਕੋਈ ਅਣਹੋਣੀ ਹੁੰਦੀ ਤਾਂ ਮੂੰਹ ਸੀਅ ਦਿੱਤਾ ਜਾਂਦਾ ਕੁੜੀਆ ਦਾ, ਕਿ ਬਸ ਏਥੇ ਈ ਮਿੱਟੀ ਪਾ ਦਿਓ, ਲੋਕ ਕੀ ਕਹਿਣਗੇ?

ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ, ਤੇਰੇ ਤੋਂ ਵੱਧ ਸਾਨੂੰ ਸਾਡੀ ਇੱਜ਼ਤ ਪਿਆਰੀ ਹੈ, ਬਸ ਏਥੋਂ ਈ ਕੁੜੀਆਂ ਨੂੰ ਆਦਤ ਪੈ ਜਾਂਦੀ ਅੱਤਿਆਚਾਰ ਕਬੂਲਣ ਦੀ

ਫਿਰ ਪੇਕੇ ਕਹਿੰਦੇ ਡੋਲੀ ਪੇਕਿਆਂ ਤੋਂ ਤੇ ਅਰਥੀ ਸਹੁਰਿਆਂ ਤੋਂ ਉੱਠੇ, ਮਤਲਬ ਸਾਫ਼ ਹੈ ਤੇਰੇ ਤੋਂ ਵੱਧ ਸਾਨੂੰ ਸਾਡੀ ਇੱਜ਼ਤ ਪਿਆਰੀ ਹੈ, ਸਹੁਰਿਆਂ ਨੂੰ ਪਤਾ ਹੈ ਜਿਉਂਦੀ ਨਹੀਂ ਜਾਵੇਗੀ,ਸੀ ਨਹੀਂ ਕਰੇਗੀ, ਅੱਤਿਆਚਾਰ ਜਾਰੀ ਰਹਿੰਦਾ ਹੈ

ਪੀੜ੍ਹੀਆਂ ਦਾ ਅੱਗੇ ਵਧਣਾ ਕੁਦਰਤੀ ਪ੍ਰਕਿਰਿਆ ਹੈ, ਪੌਦੇ, ਪੰਛੀ, ਇਨਸਾਨ ਸਭ ਨੂੰ ਇਸ ਦਾ ਹਿੱਸਾ ਬਣਨਾ ਪੈਂਦਾ ਹੈ। ਬੱਚੇ ਨੂੰ ਜਨਮ ਦੇਣਾ ਸਭ ਤੋਂ ਵੱਧ ਤਕਲੀਫ਼ ਦੇਹ ਹੈ ਪਰ ਹਰ ਔਰਤ ਬੱਚਾ ਪੈਦਾ ਕਰਦੀ ਹੈ ਕਿਉਂਕਿ ਹੋਰ ਔਰਤਾਂ ਨੇ ਵੀ ਬੱਚੇ ਪੈਦਾ ਕੀਤੇ ਹਨ, ਪਹਿਲਾ ਬੱਚਾ ਔਰਤ ਹੋਰ ਔਰਤਾਂ ਨੂੰ ਵੇਖ ਕੇ ਕਰਦੀ ਹੈ ਫਿਰ ਅਸਹਿ ਪੀੜਾ ਵਿੱਚੋਂ ਗੁਜ਼ਰਨ ਤੋਂ ਬਾਅਦ ਮਹਿਸੂਸ ਕਰਦੀ ਹੈ ਕਿ ਇਸ ਪੀੜਾ ਵਿੱਚੋਂ ਮੈਂ ਇਕੱਲੀ ਨਹੀਂ ਸੀ ਗੁਜ਼ਰ ਸਕਦੀ ਸਾਥ ਜ਼ਰੂਰੀ ਹੈ ਤੇ ਫਿਰ ਸਭ ਜਾਣਦਿਆਂ ਹੋਇਆਂ ਵੀ ਕਿ ਜ਼ਿੰਦਗੀ ਤੇ ਮੌਤ ਦਾ ਖੇਡ ਹੈ ਪਰ ਆਪਣੀ ਔਲਾਦ ਨੂੰ ਅੰਮਾਂ ਜਾਇਆ ਜਾਂ ਅੰਮਾ ਜਾਈ ਦਿੰਦੀ ਹੈ , ਹੁਣ ਔਰਤ ਨੇ ਆਪਣੇ ਸਰੀਰ ਦਾ ਹਿੱਸਾ ਆਪਣੇ ਬੱਚਿਆਂ ਵਿੱਚ ਵੰਡ ਦਿੱਤਾ ਹੈ ਕਮਜ਼ੋਰ ਹੋ ਗਈ ਹੈ ਉਮਰ ਵਧ ਰਹੀ ਹੈ ਕੰਮ ਦੀ ਸਮਰੱਥਾ ਘਟ ਰਹੀ ਹੈ ਤੇ ਪਤੀ ਦੀ ਬੇਧਿਆਨੀ ਵਧ ਰਹੀ ਹੈ,ਪਤੀ ਕਹਿੰਦਾ ਐ ਲੈ ਮੇਰੀ ਉਮਰ ਵੀ ਤੇਰੇ ਜਿੰਨੀ ਐ ਸਗੋਂ ਮੈਂ ਤਾਂ ਤੈਥੋਂ ਦੋ ਚਾਰ ਸਾਲ ਵੱਡਾ ਹਾਂ ਪਤੀ ਭੁੱਲ ਜਾਂਦਾ ਕਿ ਔਰਤ ਤਾਂ ਰੂੰ ਦੀ ਪੂਣੀ ਸੀ ਜਿਸਨੇ ਆਪਣੇ ਤੋਂ ਗਲੋਟਿਆਂ ਵਰਗੇ ਬੱਚੇ ਪੈਦਾ ਕੀਤੇ ਤੇ ਆਪ ਖ..ਤ..ਮ......

ਔਰਤ ਆਪਣੇ ਪਤੀ ਦੀ ਬੇਰੁਖੀ ਤੋਂ ਭਰੀ ਹੋਈ, ਤਿਣਕਾ ਮਾਤਰ ਸਤਿਕਾਰ ਲੈਣ ਲਈ ਜਦ ਕਹਿੰਦੀ ਹੈ ਕਿ ਮੈਂ ਬੱਚੇ ਪੈਦਾ ਕੀਤੇ ਹੁਣ ਮੇਰੀ ਉਮਰ ਵੀ ਵਧ ਰਹੀ ਹੈ ਤਾਂ ਪਤੀ ਦਾ ਜਵਾਬ ਹੁੰਦਾ ਦੁਨੀਆਂ ਭਰ ਦੀਆਂ ਔਰਤਾਂ ਬੱਚੇ ਪੈਦਾ ਕਰਦੀਆਂ ਤੂੰ ਇਕੱਲੀ ਨੇ ਨਹੀਂ ਕੀਤੇ, ਇਹ ਸੁਣ ਕੇ ਔਰਤ ਫਿਰ ਲਾਚਾਰ ਹੋ ਜਾਂਦੀ ਹੈ ਇਹ ਸੋਚ ਕੇ ਕਿ ਹੋਰ ਔਰਤਾਂ ਵੀ ਝੱਲਦੀਆਂ ਹਨ। ਬਸ ਹੋਰ ਔਰਤਾਂ ਨੂੰ ਵੇਖ ਕੇ ਹੀ ਔਰਤ ਮਜ਼ਬੂਤ, ਮਜਬੂਰ ਤੇ ਕਮਜ਼ੋਰ ਹੁੰਦੀ ਹੈ

ਨਿਰਭੈਯਾ ਕੇਸ ਹੋਇਆ, ਇੱਕ ਹੋਰ ਬੱਚੀ ਦਾ ਧਾਰਮਿਕ ਸਥਾਨ ਵਿੱਚ ਬਲਾਤਕਾਰ ਅਤੇ ਕਤਲ ਹੋਇਆ, ਦਿਲਜੋਤ ਜਿਸਨੇ ਵਕਾਲਤ ਕੀਤੀ ਹੋਈ ਸੀ ਉਸ ਨਾਲ ਕੀ ਬੀਤੀ ਹੋਊ ਇਹ ਤਫਤੀਸ਼ ਦਾ ਵਿਸ਼ਾ ਹੈ, ਕਲਪਨਾ ਵਰਗੀਆਂ ਲੜਕੀਆਂ ਦਾ ਮਹਿਜ਼ ਉੱਨੀ ਸਾਲ ਦੀ ਉਮਰ ਵਿੱਚ ਦੋ ਦੋ ਵਾਰ ਉਸਦੀ ਮਰਜ਼ੀ ਬਿਨਾਂ ਅਬੌਰਸ਼ਨ ਹੁੰਦਾ ਹੈ

ਪਿੱਛੇ ਜੇਹੇ ਕੇਸ ਹੋਇਆ ਸੀ ਬੜੀ ਹਾਹਾਕਾਰ ਮੱਚੀ ਸੀ ਮਣੀਪੁਰ ਦੀ ਗੱਲ ਹੈ ਤਾਂ ਕੌਣ ਨਿਆਂ ਕਰੇਗਾ?

ਨਰਿੰਦਰ ਸਿੰਘ ਮੋਦੀ ਜਿਸਨੇ ਖੁਦ ਆਪਣੀ ਔਰਤ ਨੂੰ ਨਹੀਂ ਸਵੀਕਾਰਿਆ

ਮਾਤਾ ਸੀਤਾ, ਦਰੋਪਦੀ ਇਹਨਾਂ ਨਾਲ ਹੋਇਆ ਸਾਡੇ ਨਾਲ ਵੀ ਹੋਵੇਗਾ,ਇਹ ਹੁਣ ਸਾਡੇ ਮਨਾਂ ਵਿੱਚ ਘਰ ਕਰ ਚੁੱਕਾ ਹੈ, ਜੇ ਪੰਜਾਬ ਦੀ ਗੱਲ ਕਰੀਏ ਇਸ ਘਟਨਾ ਤੋਂ ਬਾਅਦ ਕਿੰਨੀਆਂ ਔਰਤਾਂ ਬਾਹਰ ਸੜਕਾਂ 'ਤੇ ਆਈਆਂ ?

ਜਦੋਂ ਪੜ੍ਹਦੇ ਸੀ ਕੁੱਟ ਪੈਂਦੀ ਸੀ ਲੱਗਦਾ ਸੀ ਇਹ ਸਾਡੇ ਸਿਲੇਬਸ ਦਾ ਹਿੱਸਾ ਹੈ । ਬਸ ਏਸੇ ਤਰ੍ਹਾਂ ਔਰਤਾਂ ਨੂੰ ਲੱਗਦਾ ਹੈ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ

ਕੁੱਝ ਲੋਕਾਂ ਨੂੰ ਚੁਭੇਗੀ ਗੱਲ ਪਿਛਲੀ ਹੈ ਜਦੋਂ ਲੜਕੇ ਲੜਕੀਆਂ ਨੂੰ ਛੱਡ ਪ੍ਰਦੇਸੋਂ ਨਹੀਂ ਸੀ ਮੁੜਦੇ, ਔਰਤਾਂ ਨਾ ਤਾਂ ਖੁਦਕੁਸ਼ੀ ਕਰਦੀਆਂ ਸੀ ਨਾ ਉਦੋਂ ਕੋਈ ਮੀਡੀਆ ਹੁੰਦਾ ਸੀ, ਆਦਮੀ ਓਧਰ ਪੱਕੇ ਹੋਣ ਦਾ ਕਹਿ ਵਿਆਹ ਕਰਵਾ ਲੈਂਦੇ ਸੀ ਤੇ ਔਰਤਾਂ ਏਧਰ ਸਾਹੁਰਿਆਂ ਦੇ ਘਰ ਕੰਮ ਕਰਦੀਆਂ ਬੁੱਢੀਆਂ ਹੋ ਜਾਂਦੀਆਂ ਸਨ, ਉਦੋਂ ਸਮਾਜ ਨੇ ਕਦੇ ਉਹਨਾਂ ਔਰਤਾਂ ਦੇ ਮਨ ਤੇ ਤਨ ਦੀ ਪੀੜ ਨਾ ਸਮਝੀ ਹੁਣ ਉਲਟਾ ਹੋ ਰਿਹਾ ਹੈ ਹਾਹਾਕਾਰ ਮੱਚੀ ਹੋਈ ਹੈ

ਸੋ ਏਸੇ ਤਰ੍ਹਾਂ ਕੁਦਰਤ ਦਾ ਖੇਡ ਦੇਖਣਾ ਅੱਜ ਜਿਵੇਂ ਆਦਮੀਆਂ (ਆਦਮ ਬੋ) ਦੀ ਭੀੜ ਨੇ ਲੜਕੀਆਂ ਨੂੰ ਜ਼ਲੀਲ ਕੀਤਾ, ਸਮਾਂ ਆਵੇਗਾ ਆਦਮੀਆਂ ਦਾ ਸ਼ੋਸਣ ਇਸ ਤੋਂ ਵੀ ਬੁਰੇ ਤਰੀਕੇ ਨਾਲ ਹੋਇਆ ਕਰੇਗਾ ਤੇ ਇਸ ਵਿੱਚ ਜ਼ਿਆਦਾ ਦੇਰ ਨਹੀਂ ਸਾਡੇ ਦੇਖਦਿਆਂ ਦੇਖਦਿਆਂ ਹੀ ਆਵੇਗਾ। ਸੋ ਲੋੜ ਹੈ ਸਾਨੂੰ ਨਿਆਂ ਕਰਨ ਦੀ ਚੰਗੇ ਇਨਸਾਨ ਬਣਨ ਦੀ। ਮਣੀਪੁਰ ਵਿੱਚ ਔਰਤਾਂ ਨੂੰ ਨੰਗਾ ਕਰਨ ਦੇ ਨਾਲ ਨਾਲ ਭੀੜ ਵੀ ਨੰਗੀ ਹੋਈ, ਸਿਸਟਮ ਨੰਗਾ ਹੋਇਆ, ਦੇਸ਼ ਨੰਗਾ ਹੋਇਆ, ਨੇਤਾ ਨੰਗੇ ਹੋਏ, ਆਹੁਦੇ ਨੰਗੇ ਹੋਏ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਸਭ ਨੰਗੇ ਹੋਏ

ਅਕਸਰ ਦੇਖਦੀ ਹਾਂ ਮੀਡੀਆ ਉੱਤੇ ਔਰਤਾਂ ਲਈ ਬੜੇ ਭੱਦੇ ਕਾਰਟੂਨ ਬਣਾਏ ਜਾਂਦੇ ਹਨ,ਹਾਸੋਹੀਣੇ ਔਰਤਾਂ ਨੂੰ ਜ਼ਲੀਲ ਕਰਦੇ ਯਕੀਨਨ ਉਹਨਾਂ ਦੇ ਧੀ ਨਹੀਂ ਹੋਵੇਗੀ, ਭੈਣ ਨਹੀਂ ਹੋਵੇਗੀ,ਪਰ ਮਾਂ ...

ਮਾਂ ਦੀ ਕੁੱਖ ਬਿਨਾਂ ਦੁਨੀਆਂ 'ਤੇ ਆਉਣਾ ਅਸੰਭਵ ਹੈ, ਲਾਜ਼ਿਮ ਹੈ ਮਾਂ ਹੋਵੇਗੀ ਜਦ ਉਹ ਕਾਰਟੂਨ ਬਣਾ ਔਰਤ ਦੀ ਕੁੱਖ ਦਾ ਮਜ਼ਾਕ ਬਣਾ ਰਹੇ ਹੁੰਦੇ ਕੀ ਉਹ ਕੁੱਖ ਮਾਂ ਦੀ ਨਹੀਂ ਲੱਗਦੀ, ਜਦ ਔਰਤ ਦੀ ਛਾਤੀ ਦਾ ਮਜ਼ਾਕ ਬਣਾ ਰਹੇ ਹੁੰਦੇ ਤਾਂ ਮਾਂ ਦੇ ਦੁੱਧ ਦੀ ਮਹਿਕ ਨਹੀਂ ਆਉਂਦੀ ਜਿਸਨੇ ਜ਼ਿੰਦਗੀ ਦਿੱਤੀ। ਭੀੜ ਕਿਸੇ ਦੀ ਸਕੀ ਨਹੀਂ ਹੁੰਦੀ ਹਰ ਮਾਂ ਤੇ ਪਿਓ ਬੱਚਿਆਂ ਨੂੰ ਸਮਝਾਵੇ ਕਿ ਭੀੜ ਦਾ ਹਿੱਸਾ ਨਾ ਬਣੋ ਤੇ ਉਹ ਭੀੜ ਭਾਵੇਂ ਮਣੀਪੁਰ ਦੀ ਹੋਵੇ ਭਾਵੇਂ ਸੋਸ਼ਲ ਮੀਡੀਆ ਦੀ

ਸੋਸ਼ਲ ਮੀਡੀਆ ਉੱਤੇ ਕੋਈ ਐਕਸੀਡੈਂਟ ਵਗੈਰਾ ਦੀ ਤਸਵੀਰ ਪਾਓ ਝੱਟ ਫੇਸਬੁੱਕ ਉਸਨੂੰ ਢਕਣ ਲਈ ਕਹਿੰਦਾ, ਕਿਸੇ ਸਰਕਾਰ ਨੂੰ ਮਾੜਾ ਕਹਿ ਦਿਓ, ਸੱਚ ਬੋਲ ਦਿਓ ਪੇਜ਼ ਬੈਨ ਹੋ ਜਾਂਦਾ ਪਰ ਔਰਤਾਂ ਦਾ ਮਜ਼ਾਕ ਉਡਾ ਰਹੇ ਲੋਕਾਂ ਉੱਤੇ ਕੋਈ ਬੰਦਿਸ਼ ਨਹੀਂ

ਠੀਕ ਲੱਗੇ ਤਾਂ ਸ਼ੇਅਰ ਜਰੂਰ ਕਰਿਓ

ਬੇਅੰਤ ਕੌਰ ਗਿੱਲ ਮੋਗਾ




.