ਮੈਂ ਵੀ ਢੀਠ, ਮੇਰਾ ਰੱਬ ਵੀ ਢੀਠ
ਕੋਈ ਵੀ ਸਰੀਰਧਾਰੀ ਰੱਬ ਨਹੀਂ ਹੋ ਸਕਦਾ ਅਤੇ ਨਾ ਹੀ ਰੱਬ ਕਿਸੇ ਨੂੰ ਅਵਤਾਰ ਬਣਾ ਕੇ ਇਸ ਦੁਨੀਆ ਤੇ ਭੇਜਦਾ ਹੈ। ਗੁਰਬਾਣੀ ਅਵਤਾਰਵਾਦ ਨੂੰ ਨਹੀਂ ਮੰਨਦੀ। ਗੁਰਬਾਣੀ ਵਿੱਚ ਆਵਾਗਉਣ ਅਤੇ 84 ਲੱਖ ਜੂਨਾ ਦਾ ਜ਼ਿਕਰ ਜਰੂਰ ਹੈ ਅਤੇ ਨਾਲ ਹੀ ਇਹ ਵੀ ਜ਼ਿਕਰ ਹੈ ਕਿ ਅੱਗੇ ਕੀ ਹੁੰਦਾ ਹੈ ਕਿਸੇ ਨੁੰ ਕੋਈ ਪਤਾ ਨਹੀਂ ਹੈ। ਸਿੱਖਾਂ ਦੇ ਗੁਰੂ ਕੋਈ ਰੱਬ ਨਹੀਂ ਸਨ ਅਤੇ ਨਾ ਹੀ ਕਿਸੇ ਰੱਬ ਨੇ ਅਵਤਾਰ ਬਣਾ ਕੇ ਉਨ੍ਹਾਂ ਨੂੰ ਭੇਜਿਆ ਸੀ। ਉਹ ਆਪਣੇ ਸਮੇ ਦੇ ਬਹੁਤ ਹੀ ਸਿਆਣੇ ਪੁਰਸ਼ ਹੋਏ ਹਨ। ਉਸ ਸਮੇ ਉਨ੍ਹਾਂ ਨੂੰ ਜੋ ਵੀ ਸਮਝ ਆਇਆ ਉਨ੍ਹਾਂ ਨੇ ਸਮਾਜ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਰਾਮ ਕ੍ਰਿਸ਼ਨ ਨੂੰ ਜੋ ਅਵਤਾਰ ਮੰਨਦੇ ਹਨ ਜੀ ਸਦਕੇ ਮੰਨਣ ਪਰ ਜੋ ਗੁਰਬਾਣੀ ਵਿੱਚ ਇਨ੍ਹਾਂ ਦਾ ਜ਼ਿਕਰ ਆਇਆ ਹੈ ਉਹ ਪ੍ਰਚੱਲਤ ਕਹਾਣੀਆਂ ਮੁਤਾਬਕ ਹੀ ਆਇਆ ਹੈ। ਬਚਿੱਤਰ ਨਾਟਕ ਅਥਵਾ ਦਸਮ ਗ੍ਰੰਥ ਵਿਚਲੀ ਹੇਮ ਕੁੰਟ ਵਾਲੀ ਕਥਾ, ਬੇਦੀ ਸੋਢੀ ਕੁੱਲ ਦਾ ਜ਼ਿਕਰ, ਗੁਰੂਆਂ ਦਾ ਪਿਛੋਕੜ ਲਓ ਕੁਸ਼ ਨਾਲ ਜੋੜਨਾ ਬਿੱਲਕੁੱਲ ਗਲਤ ਹੈ। ਜੇ ਇਸ ਤਰ੍ਹਾਂ ਹੁੰਦਾ ਤਾਂ ਸਿੱਖਾਂ ਦੇ ਪਹਿਲੇ ਗੁਰੂ ਨੇ ਸਭ ਤੋਂ ਪਹਿਲਾਂ ਇਸ ਦਾ ਜ਼ਿਕਰ ਕਰਨਾ ਸੀ ਜਾਂ ਘੱਟੋ ਘੱਟ ਰਾਮ ਚੰਦਰ ਜੀ ਦੀ ਉਸਤਤ ਜਰੂਰ ਕਰਨੀ ਸੀ। ਪਰ ਉਹ ਤਾਂ ਰਾਮ ਨੂੰ ਰੋਂਦੂ ਅਤੇ ਇੱਕ ਧੂੜ ਬਰਾਬਰ ਜਾਣਦੇ ਸਨ।
ਮੈਨੂੰ ਹਿੰਦੂਆਂ ਨਾਲ ਜਾਂ ਸਨਾਤਨੀ ਮੱਤ ਨੂੰ ਮੰਨਣ ਵਾਲਿਆਂ ਨਾਲ ਕੋਈ ਨਫਰਤ ਨਹੀਂ ਹੈ। ਉਨ੍ਹਾਂ ਵਿਚੋਂ ਬਹੁਤਿਆਂ ਨਾਲ ਸਿੱਖਾਂ ਦੀਆਂ ਪਰੀਵਾਰਕ ਸਾਂਝਾਂ ਹਨ। ਪਰ ਜਦੋਂ ਉਹ ਬਚਿੱਤਰ ਨਾਟਕ ਦੇ ਹਵਾਲੇ ਨਾਲ ਸਾਰਾ ਕੁੱਝ ਰਲ-ਗੱਡ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਮਨ ਨੂੰ ਚੰਗਾ ਨਹੀਂ ਲੱਗਦਾ। ਕਿਉਂਕਿ ਇਹ ਬਚਿੱਤਰ ਨਾਟਕ ਰੱਜ ਕੇ ਇਸਤਰੀ ਦੀ ਨਿੰਦਿਆ ਕਰਨ ਵਾਲਾ ਨਿਰਾ ਝੂਠ ਦਾ ਪਲੰਦਾ ਹੈ। ਸਾਧਾਂ ਨੂੰ ਮੰਨਣ ਵਾਲੇ ਡੇਰਿਆਂ ਵਾਲੇ ਲੋਕ, ਸਿੱਖਾਂ ਦੇ ਸੋ ਕਾਲਡ ਬ੍ਰਹਮਗਿਆਨੀ ਅਤੇ ਭੰਗ ਪੀਣੇ ਨਿਹੰਗ, ਇਹ ਤਕਰੀਬਨ ਸਾਰੇ ਹੀ ਇਸ ਬਚਿੱਤਰ ਨਾਟਕ ਨੂੰ ਦਸਮ ਗੁਰੂ ਦੀ ਲਿਖਤ ਮੰਨਦੇ ਹਨ। ਆਮ ਸਿੱਖ ਜਿਹੜੇ ਇਨ੍ਹਾਂ ਮੰਨਣ ਵਾਲਿਆਂ ਨਾਲ ਨਹੀਂ ਜੁੜੇ ਹੋਏ ਉਨ੍ਹਾਂ ਵਿਚੋਂ ਵੀ ਬਹੁਤੇ ਮੰਨਦੇ ਹਨ ਅਤੇ ਕਈ ਕੁੱਝ ਲਿਖਤਾਂ ਨੂੰ ਹੀ ਮੰਨਦੇ ਹਨ। ਸਿੱਖ ਇਹ ਮੰਨਦੇ ਹਨ ਅਤੇ ਕਹਿੰਦੇ ਹਨ ਕਿ, “ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ”। ਇਸ ਤਖ਼ਤ ਨੇ ਹੁਣ ਤੱਕ ਕਿਤਨੀ ਕੁ ਸ਼ਾਨ ਵਧਾਈ ਹੈ ਇਹ ਸਭ ਦੇ ਸਾਹਮਣੇ ਹੀ ਹੈ। ਇਸ ਵੇਲੇ ਇਸ ਦਾ ਜੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੈ, ਕਹਿੰਦੇ ਹਨ ਕਿ ਉਹ ਮਿਸ਼ਨਰੀ ਹੈ ਪਰ ਕੰਮ ਤਾਂ ਉਸ ਦੇ ਸਾਧਾਂ ਵਾਲੇ ਚੇਲਿਆਂ ਦੇ ਲਗਦੇ ਹਨ। ਜਿਸ ਵਿੱਚ ਮੂਰਤੀ ਪੂਜਕ ਅਤੇ ਬਚਿੱਤਰੀ ਹੋਣਾ ਝਿਲਕਦਾ ਹੈ। ਕੁੱਝ ਦਿਨ ਪਹਿਲਾਂ ਜਿਨ੍ਹਾਂ ਬੰਦਿਆਂ ਨੂੰ ਤਨਖਾਹ ਲਾਈ ਗਈ ਸੀ ਉਸ ਵਿੱਚ ਇੱਕ ਬੰਦੇ ਨੂੰ ਜਫ਼ਰਨਾਮਹ ਦਾ ਪਾਠ ਕਰਨ ਦਾ ਹੁਕਮ ਵੀ ਸੁਣਾਇਆ ਗਿਆ ਸੀ। ਇਸ ਬਾਰੇ ਦਸੰਬਰ 10 ਤਾਰੀਖ ਨੂੰ ਮੈਂ ਇੱਕ ਛੋਟਾ ਜਿਹਾ ਲੇਖ ਵੀ ਲਿਖ ਕੇ ਪਾਇਆ ਸੀ ਅਤੇ ਜਫ਼ਰਨਾਮਹ ਦੇ ਕੁੱਝ ਬੰਦਾ ਦਾ ਜ਼ਿਕਰ ਕੀਤਾ ਸੀ। ਅੱਜ ਫਿਰ ਕੁੱਝ ਹੋਰ ਬੰਦਾਂ ਦਾ ਜ਼ਿਕਰ ਕਰਾਂਗਾ ਅਤੇ ਨਾਲ ਹੀ ਕੁੱਝ ਜਾਪ ਸਾਹਿਬ ਵਿਚੋਂ ਕੁੱਝ ਬੰਦਾ ਦਾ ਜ਼ਿਕਰ ਕਰਾਂਗਾ।
ਬਚਿੱਤਰ ਨਾਟਕ ਵਿਚ, ਇਕੋ ਹੀ ਲਿਖਤ ਵਿੱਚ ਬਹੁਤ ਸਾਰੀਆਂ ਆਪਾ ਵਿਰੋਧੀ ਗੱਲਾਂ ਹਨ। ਇਹ ਲਿਖਤਾਂ ਕਿਸੇ ਵੀ ਸੂਝਵਾਨ ਲਿਖਾਰੀ ਦੀਆਂ ਨਹੀਂ ਹੋ ਸਕਦੀਆਂ। ਮੈਂ ਤਾਂ ਨਹੀਂ ਮੰਨਦਾ ਕਿ ਇਸ ਬਚਿੱਤਰ ਨਾਟਕ ਦੀ ਕੋਈ ਵੀ ਰਚਨਾ ਸਿੱਖਾਂ ਦੇ ਦਸਵੇਂ ਗੁਰੂ ਦੀ ਹੋ ਸਕਦੀ ਹੈ ਪਰ ਜੇ ਕਰ ਸਿੱਖ ਮੰਨਦੇ ਹਨ ਤਾਂ ਮੰਨੀ ਜਾਣ ਮੈਨੂੰ ਇਸ ਨਾਲ ਕੀ ਫਰਕ ਪੈਂਦਾ ਹੈ ਮੈਂ ਕਿਹੜਾ ਹੁਣ ਸਿੱਖ ਹਾਂ। ਮੈਂ ਤਾਂ ਸਿਰਫ ਇਸੇ ਕਰਕੇ ਕਦੀ ਕਤਾਂਈ ਕੁੱਝ ਲਿਖਦਾ ਹਾਂ ਤਾਂ ਕਿ ਜੇ ਕਰ ਕੋਈ ਸਿੱਖ ਅਕਲਮੰਦ ਹੋਵੇ ਤਾਂ ਆਪਣੇ ਗੁਰੂ ਦੀ ਕੁੱਝ ਤਾਂ ਇੱਜ਼ਤ ਕਰਨੀ ਸਿੱਖੇ ਨਾ ਕਿ ਡੇਰਿਆਂ ਵਾਲੇ ਪਸ਼ੂ ਬਿਰਤੀ ਵਾਲੇ ਸਾਧਾਂ ਦੇ ਮਗਰ ਲੱਗ ਕੇ ਗੁਰ ਨਿਦਕ ਹੀ ਬਣੇ। ਲਓ ਪਹਿਲਾਂ ਫਿਰ ਆਪਾਂ ਜਾਪ ਸਾਹਿਬ ਦੀਆਂ ਕੁੱਝ ਪੰਗਤੀਆਂ ਦੀ ਗੱਲ ਕਰਦੇ ਹਾਂ ਕਿ ਉਹ ਆਪਾ ਵਿਰੋਧੀ ਕਿਵੇਂ ਹਨ?
ਜਾਪ ਸਾਹਿਬ ਦੀਆਂ 88 ਨੰ: ਬੰਦ ਦੀਆਂ ਪੰਗਤੀਆਂ ਇਹ ਹਨ:
ਆਜਾਨੁ ਬਾਹੁ ਸਾਹਾਨੁ ਸਾਹੁ।
ਡਾ: ਰਤਨ ਸਿੰਘ ਜੱਗੀ ਨੇ ਇਸ ਦੇ ਅਰਥ ਗੋਡਿਆਂ ਤੱਕ ਲੰਬੀਆਂ ਬਾਹਵਾਂ ਦੇ ਕੀਤੇ ਹਨ। ਭਾਵ ਕਿ ਹੇ ਅਕਾਲ ਪੁਰਖ ਤੂੰ ਸ਼ਾਹਾਂ ਦਾ ਸ਼ਾਹ ਹੈਂ ਅਤੇ ਗੋਡਿਆਂ ਤੱਕ ਤੇਰੀਆਂ ਲੰਬੀਆਂ ਬਾਹਾਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਖਾਂ ਦਾ ਸਰੀਰਧਾਰੀ ਰੱਬ ਇਸ ਤਰ੍ਹਾਂ ਦਾ ਹੈ? ਜਿਸ ਰੱਬ ਨੂੰ ਗੁਰਬਾਣੀ ਵਿੱਚ ਬਿਨਾ ਕਿਸੇ ਰੰਗ ਰੂਪ ਦੇ ਕੁਦਰਤ ਵਿੱਚ ਸਮਾਇਆ ਦੱਸਿਆ ਗਿਆ ਹੈ। ਜਾਪ ਸਾਹਿਬ ਵਿੱਚ ਵੀ ਇਸ ਤਰ੍ਹਾਂ ਦਾ ਵਰਨਣ ਹੈ। ਇਸ 88ਵੇਂ ਬੰਦ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਰੱਬ ਨੂੰ ਅਕਾਰ ਰਹਿਤ ਦੱਸਿਆ ਗਿਆ ਹੈ। ਬੰਦ ਨੰ: 91 ਵਿੱਚ ਕਿਹਾ ਗਿਆ ਹੈ ਕਿ ਹੇ ਪ੍ਰਭੂ ਤੇਰਾ ਸਰੀਰ ਪੰਜ ਭੂਤਾਂ ਤੋਂ ਰਹਿਤ ਹੈ। ਇਸ ਜਾਪ ਸਾਹਿਬ ਵਿੱਚ ਬਹੁਤ ਸਾਰੀਆਂ ਆਪਾ ਵਿਰੋਧੀ ਗੱਲਾਂ ਹਨ ਜੋ ਕਿ ਕਿਸੇ ਸੂਝਵਾਨ ਲਿਖਾਰੀ ਦੀਆਂ ਨਹੀਂ ਹੋ ਸਕਦੀਆਂ। ਬੰਦ ਨੰ: 170 ਵਿੱਚ ਤਾਂ ਰੱਬ ਨੂੰ ਅਤਿ ਢੀਠ ਵੀ ਕਿਹਾ ਗਿਆ ਹੈ। ਆਡੀਠ ਧਰਮ ਅਤਿ ਢੀਠ ਕਰਮ। ਭਾਂਵੇਂ ਕਿ ਇਸ ਦੇ ਅਰਥ ਦ੍ਰੜ੍ਹਿ ਇਰਾਦੇ ਵਾਲੇ ਕੀਤੇ ਹੋਏ ਹਨ।
ਦਸੰਬਰ 10, 2025 ਵਾਲੇ ਲੇਖ ਵਿੱਚ ਜਫ਼ਰਨਾਮਹ ਦੇ ਕੁੱਝ ਬੰਦਾਂ ਦਾ ਜ਼ਿਕਰ ਕੀਤਾ ਸੀ ਜਿਸ ਵਿੱਚ ਗੁਰੂ ਨੂੰ ਤਰਲੇ ਜਿਹੇ ਕਰਦੇ ਦਿਖਾਇਆ ਗਿਆ ਸੀ। ਅੱਜ ਕੁੱਝ ਹੋਰ ਬੰਦਾਂ ਦਾ ਜ਼ਿਕਰ ਕਰਦੇ ਹਾਂ ਜਿਸ ਵਿੱਚ ਔਰੰਗਜ਼ੇਬ ਨੂੰ ਰੱਬ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਇਸ ਜਫ਼ਰਨਾਮਹ ਦਾ ਬੰਦ ਨੰ: 87-94 ਤੱਕ ਪੜ੍ਹੋ। ਪਹਿਲਾਂ 61-63 ਬੰਦ ਵਿੱਚ ਤਾਂ ਤਰਲੇ ਜਿਹੇ ਕਰਕੇ ਜਾਨ ਸਮੇਤ ਹਾਜ਼ਰ ਹੋਣ ਦੀ ਗੱਲ ਕਹੀ ਗਈ ਸੀ ਪਰ ਬੰਦ ਨੰ: 87-88 ਵਿੱਚ ਬਿੱਲਕੁੱਲ ਨਾ ਜਾਣ ਦੀ ਗੱਲ ਕਹੀ ਗਈ ਹੈ। ਭਾਵ ਕਿ ਬਿੱਲਕੁੱਲ ਆਪਾ ਵਿਰੋਧੀ ਗੱਲ। ਕੀ ਕੋਈ ਸਿਆਣਾ ਪੁਰਸ਼ ਇਕੋ ਹੀ ਚਿੱਠੀ ਵਿੱਚ ਬਿੱਲਕੁੱਲ 180 ਡਿਗਰੀ ਵਾਲਾ ਮੋੜ ਕੱਟ ਸਕਦਾ ਹੈ? ਚਲੋ ਇਹ ਵੀ ਛੱਡੋ ਬੰਦ ਨੰ: 89 ਵਿੱਚ ਬਾਦਸ਼ਾਹ ਹੋਣ ਕਰਕੇ ਔਰੰਗਜ਼ੇਬ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਅਗਲੇ ਪੰਜ ਬੰਦਾਂ ਵਿੱਚ ਔਰੰਗਜ਼ੇਬ ਦੀ ਰੱਜ ਕੇ ਪ੍ਰਸੰਸਾ ਕੀਤੀ ਗਈ ਹੈ। ਜਿਸ ਵਿੱਚ ਉਸ ਨੂੰ ਬਹੁਤ ਹੀ ਚੰਗੀ ਜ਼ਮੀਰ ਵਾਲਾ ਅਤੇ ਬਖਸ਼ਸਾਂ ਕਰਨ ਵਾਲਾ ਦੱਸਿਆ ਗਿਆ ਹੈ। ਜਿਸ ਗੁਰੂ ਨਾਲ ਇਸ ਜਫ਼ਰਨਾਮਹੇ ਨੂੰ ਜੋੜਿਆ ਗਿਆ ਹੈ ਉਸ ਗੁਰੂ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ, ਮਾਤਾ ਪਿਤਾ ਨੂੰ ਸ਼ਹੀਦ ਕਰਨਾ ਅਤੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਕਿਲਾ ਖਾਲੀ ਕਰਵਾਉਣਾ, ਕੀ ਵਾਕਿਆ ਹੀ ਇਹ ਚੰਗੀ ਜ਼ਮੀਰ ਦੀ ਅਤੇ ਬਖਸ਼ਸਾਂ ਕਰਨ ਵਾਲੀ ਗੱਲ ਹੈ? ਕੀ ਸਿੱਖਾਂ ਦਾ ਦਸਵਾਂ ਗੁਰੂ ਅਤੇ ਉਸ ਦਾ ਰੱਬ ਵਾਕਿਆ ਹੀ ਢੀਠ ਕਿਸਮ ਦੇ ਹਨ? ਕੀ ਸਾਰੇ ਹੀ ਸਿੱਖ ਸਮੇਤ ਅਖੌਤੀ ਜਥੇਦਾਰ ਦੇ ਬਿੱਲਕੁੱਲ ਢੀਠ ਕਿਸਮ ਦੇ ਲੋਕ ਹਨ ਜਿਹੜੇ ਇਹੋ ਜਿਹੀਆਂ ਲਿਖਤਾਂ ਨੂੰ ਆਪਣੇ ਗੁਰੂ ਨਾਲ ਜੋੜ ਕੇ ਆਪਣੀ ਅਕਲ ਦਾ ਜਲੂਸ ਕੱਢ ਰਹੇ ਹਨ? ਜੇ ਕਰ ਤੁਸੀਂ ਸਿੱਖ ਹੋ ਅਤੇ ਇਸ ਲੇਖ ਨੂੰ ਪੜ੍ਹ ਰਹੇ ਹੋ ਤਾਂ ਆਪਣੇ ਆਪ ਨੂੰ ਪੁੱਛਣਾ ਕਿ ਤੁਸੀਂ ਆਪਣੀ ਅਕਲ ਦੇ ਦਰਵਾਜ਼ੇ ਬੰਦ ਕਰਕੇ ਅਤੇ ਸਾਧਾਂ ਮਗਰ ਲੱਗ ਕੇ ਕਿਤੇ ਆਪਣੇ ਗੁਰੂ ਦੇ ਨਿੰਦਕ ਤਾਂ ਨਹੀਂ ਬਣ ਰਹੇ? ਉਂਜ ਆਸ ਘੱਟ ਹੀ ਹੈ ਕਿ ਸਿੱਖਾਂ ਨੂੰ ਕੋਈ ਅਕਲ ਆ ਸਕਦੀ ਹੈ। ਜੇ ਕਰ ਇਤਨੀਆਂ ਸਦੀਆਂ ਬੀਤਣ ਤੇ ਵੀ ਨਹੀਂ ਆਈ ਤਾਂ ਹੁਣ ਵੀ ਕੋਈ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ, ਡੀਗਾਂ ਭਾਂਵੇਂ ਜਿਤਨੀਆਂ ਮਰਜੀ ਮਾਰੀ ਜਾਣ।
ਮੱਖਣ ਪੁਰੇਵਾਲ,
ਦਸੰਬਰ 19, 2025.