ਯਾਰ ਇੱਕ ਘੋੜਾ ਹੀ ਲੈ ਆਂਈਂ
ਪਿਛਲੇ ਕੁੱਝ ਦਿਨਾ ਤੋਂ ਸਿੱਖਾਂ ਦੇ ਅਕਾਲ ਤਖ਼ਤ ਦਾ ਜਥੇਦਾਰ ਗੜਗੱਜ ਅਤੇ ਉਸ
ਦੇ ਕੋਲ ਪੇਸ਼ ਹੋਣ ਵਾਲੇ ਤਨਖਾਈਏ ਸਿੱਖਾਂ ਨੂੰ ਜੋ ਤਨਖਾਹ ਲਗਾਈ ਗਈ ਹੈ ਉਹ ਕਾਫੀ ਚਰਚਾ ਦਾ ਵਿਸ਼ਾ
ਬਣੀ ਹੋਈ ਹੈ। ਚਲੋ ਕੋਈ ਗੱਲ ਨਹੀਂ ਇਹ ਤਾਂ ਸਿੱਖਾਂ ਦੇ ਘਰ ਦਾ ਮਾਮਲਾ ਹੈ ਇਸ ਵਿੱਚ ਬਾਹਰਲੇ ਕਿਸੇ
ਬੰਦੇ ਨੂੰ ਕੋਈ ਬਹੁਤੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਮੈਨੂੰ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ
ਮੈਂ ਕਿਹੜਾ ਹੁਣ ਇਨ੍ਹਾਂ ਦੇ ਕਿਸੇ ਪੰਥ ਦਾ ਕੋਈ ਹਿੱਸਾ ਹਾਂ। ਪਰ ਮਨ ਵਿੱਚ ਸਿੱਖਾਂ ਦੇ ਗੁਰੂਆਂ
ਦਾ ਸਤਿਕਾਰ ਜਰੂਰ ਹੈ ਫਿਰ ਜਦੋਂ ਕੋਈ ਗੁਰੂਆਂ ਬਾਰੇ ਕੋਈ ਘਟੀਆ ਹਰਕਤ ਕਰਦਾ ਹੈ ਤਾਂ ਕਈ ਵਾਰੀ ਮਨ
ਵਿੱਚ ਵਿਚਾਰ ਆ ਜਾਂਦਾ ਹੈ ਕਿ ਅਸਲੀਅਤ ਸਾਹਮਣੇ ਰੱਖ ਦਿੰਦੇ ਹਾਂ ਸ਼ਾਇਦ ਕਿਸੇ ਨੂੰ ਸਮਝ ਆ ਹੀ ਜਾਵੇ
ਜਾਂ ਮਾੜੀ ਮੋਟੀ ਕੋਈ ਗੱਲ ਚੰਗੀ ਲੱਗ ਹੀ ਜਾਵੇ। ਉਂਜ ਆਸ ਘੱਟ ਹੀ ਹੈ ਕਿਉਂਕਿ ਸਾਧਾਂ ਨੂੰ ਮੰਨਣ
ਵਾਲੀ ਕੌਮ ਕਿਤਨੀ ਕੁ ਅਕਲੰਮਦ ਹੋ ਸਕਦੀ ਹੈ ਇਸ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਹੈ?
ਜਿਨ੍ਹਾਂ ਬੰਦਿਆਂ ਨੂੰ ਤਨਖਾਹ ਲਾਈ ਗਈ ਹੈ ਉਨ੍ਹਾਂ ਵਿਚੋਂ ਇੱਕ ਨੂੰ
ਜਫ਼ਰਨਾਮਹ ਦਾ ਪਾਠ ਕਰਨ ਲਈ ਵੀ ਕਿਹਾ ਗਿਆ ਹੈ। ਇਸ ਜਫ਼ਰਨਾਮਹ ਨੂੰ ਫ਼ਤਿਹ ਦੀ ਚਿੱਠੀ ਕਹਿ ਕੇ ਵੀ
ਪ੍ਰਚਾਰਿਆ ਜਾਂਦਾ ਹੈ। ਪਹਿਲਾਂ ਇਸ ਨਾਲ ਇੱਕ ਗੱਪ ਹੋਰ ਵੀ ਜੋੜੀ ਗਈ ਸੀ ਕਿ ਜਦੋਂ ਬਾਦਸ਼ਾਹ ਨੇ ਇਹ
ਚਿੱਠੀ ਪੜ੍ਹੀ ਸੀ ਤਾਂ ਪੜ੍ਹਨ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਅਤੇ ਕਈ ਇਹ ਵੀ ਕਹਿੰਦੇ ਸਨ ਕਿ
ਉਹ ਅੰਨਾ ਹੋ ਗਿਆ ਸੀ। ਭਾਂਵੇਂ ਇਹ ਗੱਲਾਂ ਜਫ਼ਰਨਾਮਹ ਵਿੱਚ ਨਹੀਂ ਹਨ ਪਰ ਇਸ ਨਾਲ ਪਹਿਲਾਂ ਜੋੜੀਆਂ
ਜਰੂਰ ਗਈਆਂ ਸਨ। ਹੋ ਸਕਦਾ ਹੈ ਹੋਰ ਕਿਸੇ ਨੇ ਇਹ ਨਾ ਸੁਣੀਆਂ ਹੋਵਣ ਪਰ ਮੈਂ ਬਚਪਨ ਵਿੱਚ ਜਰੂਰ
ਸੁਣੀਆਂ ਸਨ। ਗੜਗੱਜ ਜੀ ਨੇ ਕਿਸੇ ਖਾਸ ਕਾਰਨ ਕਰਕੇ ਹੀ ਇਸ ਨੂੰ ਪੜ੍ਹਨ ਦੀ ਹਦਾਇਤ ਕੀਤੀ ਹੋਵੇਗੀ।
ਕੀ ਉਹ ਜਾਣ ਬੁੱਝ ਕੇ ਇਸ ਵਿੱਚ ਗੁਰੂ ਦੀ ਵਡਿਆਈ ਕਰਨਾ ਚਾਹੁੰਦੇ ਹਨ ਜਾਂ ਅਣਜਾਣੇ ਵਿੱਚ ਹੀ ਆਪਣੇ
ਗੁਰੂ ਦੀ ਨਿੰਦਿਆ? ਜਾਂ ਫਿਰ ਇਹ ਕਿਸੇ ਸਾਜਿਸ਼ ਦਾ ਹਿੱਸਾ ਹੈ? ਇਹ ਵੀ ਹੋ ਸਕਦਾ ਹੈ ਕਿ ਕਿਸੇ ਧੜੇ
ਨੂੰ ਖੁਸ਼ ਕਰਨ ਲਈ ਅਜਿਹਾ ਕੀਤਾ ਹੋਵੇ? ਸੌ ਪਰਸਿੰਟ ਡੇਰਿਆਂ ਵਾਲੇ ਸਾਧ ਅਤੇ ਭੰਗ ਪੀਣੇ ਨਿਹੰਗ ਤਾਂ
ਸਾਰੇ ਦਸਮ ਗ੍ਰੰਥ ਨੂੰ ਹੀ ਦਸਵੇਂ ਗੁਰੂ ਦੀ ਲਿਖਤ ਮੰਨਦੇ ਹਨ। ਪਰ ਜਿਹੜੇ ਥੋੜੇ ਜਿਹੇ ਅਕਲ ਰੱਖਦੇ
ਹਨ ਉਹ ਵੀ ਨਿੱਤਨੇਮ ਦੀਆਂ ਬਾਣੀਆਂ ਅਤੇ ਜਫ਼ਰਨਾਮਹ ਨੂੰ ਦਸਵੇਂ ਗੁਰੂ ਦੀ ਲਿਖਤ ਹੀ ਮੰਨਦੇ ਹਨ।
ਜਫ਼ਰਨਾਮਹ ਬਾਰੇ ਕੁੱਝ ਬੰਦਿਆਂ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਸਿੱਖ ਇਹ ਸਮਝਦੇ ਹਨ ਕਿ ਇਸ ਵਿੱਚ
ਗੁਰੂ ਜੀ ਨੇ ਬਾਦਸ਼ਾਹ ਨੂੰ ਵੰਗਾਰ ਕੇ ਲਾਹਨਤਾਂ ਪਾਈਆਂ ਹਨ। ਪਰ ਸਚਾਈ ਇਹ ਹੈ ਕਿ ਇਸ ਦੇ ਕੁੱਝ
ਬੰਦਾਂ ਵਿੱਚ ਗੁਰੂ ਜੀ ਨੂੰ ਤਰਲੇ ਕਰਦਾ ਦਿਖਾਇਆ ਗਿਆ ਹੈ।
ਲਓ ਪੜ੍ਹ ਲਓ ਫਿਰ ਇਸ ਜਫ਼ਰਨਾਮਹ ਦੇ 61-62 ਅਤੇ 63
ਬੰਦ। ਇਸ ਵਿੱਚ ਜੋ ਲਿਖਿਆ ਹੋਇਆ ਹੈ ਉਸ ਦੇ ਅਰਥ ਡਾ: ਰਤਨ ਸਿੰਘ ਜੱਗੀ ਦੇ ਕੀਤੇ ਹੋਏ ਹਨ।
ਯਕੋ ਅਸਪ ਸ਼ਾਇਸਤਏ ਯਕ ਹਜ਼ਾਰ।।
ਬਯਾ ਤਾ ਬਗੀਰੀ ਬ ਮਨ ਈਂ ਦਿਯਾਰ।। (61)
ਇਕ ਹਜ਼ਾਰ ਰੁਪੈਏ (ਮੁੱਲ ਵਾਲਾ) ਇੱਕ ਸੁੰਦਰ ਘੋੜਾ ਲਿਆਈਂ ਅਤੇ ਫਿਰ ਮੇਰੇ
ਕੋਲੋਂ ਇਹ ਇਲਾਕਾ ਲੈ ਲਵੀਂ।
ਸ਼ਹਨਸ਼ਾਹਿ ਰਾ ਬੰਦਹੇ ਚਾਕਰੇਮ।।
ਅਗਰ ਹੁਕਮ ਆਬਦ ਬ ਜਾਂ ਹਾਜਰੇਮ।। (62)
ਮੈਂ ਬਾਦਸ਼ਾਹਾਂ ਦੇ ਬਾਦਸ਼ਾਹ ਦਾ ਸੇਵਕ ਅਤੇ ਚਾਕਰ ਹਾਂ (ਜੇ ਉਸ ਦਾ) ਹੁਕਮ ਆ
ਜਾਵੇ ਤਾਂ ਜਾਨ ਸਮੇਤ ਹਾਜ਼ਰ ਹਾਂ।
ਅਗਰਚੇ ਬਿਯਾਮਦ ਬਫੁਰਮਾਨੇ ਮਨ।।
ਹਜੂਰਤ ਬਿਆਯਮ ਹਮਹ ਜਾਨੇ ਤਨ।। (63)
ਜੇ ਕਰ (ਉਸ ਪਰਮਾਤਮਾ ਦਾ) ਮੈਨੂੰ ਫੁਰਮਾਨ ਆ ਗਿਆ, ਤਾਂ ਮੈਂ ਤੇਰੇ ਪਾਸ
ਜਿੰਦ ਅਤੇ ਸਰੀਰ ਸਹਿਤ ਆ ਜਾਂਵਾਂਗਾ।
ਹੁਣ ਇਨ੍ਹਾਂ ਬੰਦਾਂ ਨੂੰ ਧਿਆਨ ਨਾਲ ਪੜ੍ਹ ਕੇ ਵਿਚਾਰੋ ਇਨ੍ਹਾਂ ਵਿੱਚ ਗੁਰੂ
ਦੀ ਬਾਦਸ਼ਾਹ ਨੂੰ ਵੰਗਾਰ ਹੈ ਜਾਂ ਤਰਲਾ। ਪਹਿਲਾਂ ਇੱਕ ਘੋੜੇ ਦੀ ਮੰਗ ਰੱਖਦੇ ਆ ਫਿਰ ਆਪਣਾ ਇਲਾਕਾ
ਦੇਣ ਦੀ ਗੱਲ ਕਰਦੇ ਹਨ। ਕਿਹੜੇ ਇਲਾਕੇ ਦੀ? ਇਸ ਘੋੜੇ ਵਾਲੀ ਗੱਲ ਨੂੰ ਛੇਵੇਂ ਗੁਰੂ ਨਾਲ ਜੋੜੀ ਗਈ
ਘੋੜਿਆਂ ਵਾਲੀ ਸਾਖੀ ਨੂੰ ਵਿਚਾਰੋ। ਕੂੜ ਗ੍ਰੰਥਾਂ ਵਿੱਚ ਜੋ ਲਿਖਿਆ ਹੋਇਆ ਹੈ ਉਸ ਅਨੁਸਾਰ ਉਹ ਘੋੜੇ
ਬਾਦਸ਼ਾਹ ਦੇ ਸਨ ਨਾ ਕਿ ਗੁਰੂ ਜੀ ਦੇ ਕਿਸੇ ਸਿੱਖ ਦੇ ਜਿਵੇਂ ਸਾਖੀ ਬਦਲ ਕੇ ਦੱਸਿਆ ਜਾਂਦਾ ਹੈ। ਉਹ
ਤਾਂ ਸਿੱਖਾਂ ਦੇ ਮਨ ਅਤੇ ਗੁਰੂ ਦਾ ਮਨ ਸੋਹਣੇ ਘੋੜੇ ਦੇਖ ਕੇ ਲਲਚਾ ਗਿਆ ਸੀ ਫਿਰ ਬਿਧੀ ਚੰਦ ਨੂੰ
ਚੋਰੀ ਕਰਕੇ ਲਿਆਉਣੇ ਪਏ ਸੀ। ਇਸੇ ਤਰ੍ਹਾਂ 62 ਨੰਬਰ ਬੰਦ ਵਿੱਚ ਅਸਲ ਬਾਦਸ਼ਾਹ ਤਾਂ ਔਰੰਗਜੇਬ ਨੂੰ
ਹੀ ਕਿਹਾ ਗਿਆ ਹੈ ਪਰ ਬਦਲ ਕੇ ਅਰਥ ਉਵੇਂ ਕੀਤੇ ਗਏ ਹਨ ਜਿਵੇਂ ਅਫੀਮ ਦੀ ਸ਼ਰਦਈ ਬਣਾ ਕੇ ਕਰਦੇ ਹਨ।
ਅਸਲ ਵਿਚ, ਇਸ 62ਵੇਂ ਬੰਦ ਵਿੱਚ ਬਾਦਸ਼ਾਹ ਦਾ ਸੇਵਕ ਅਤੇ ਚਾਕਰ ਮੰਨਿਆ ਗਿਆ ਹੈ ਅਤੇ ਜਾਨ ਸਮੇਤ
ਹਾਜ਼ਰ ਹੋਣ ਦੀ ਗੱਲ ਕੀਤੀ ਹੈ। ਨਹੀਂ ਤਾਂ ਰੱਬ ਦਾ ਹੁਕਮ ਕਿੱਦਾਂ ਆਉਣਾ ਸੀ? ਹੁਕਮ ਤਾਂ ਬਾਦਸ਼ਾਹ ਦਾ
ਆਉਣਾ ਸੀ ਜਿਸ ਨੂੰ ਉਹ ਮਿਲਣਾ ਚਾਹੁੰਦੇ ਸਨ। ਇਸੇ ਤਰ੍ਹਾਂ ਦੀ ਗੱਲ 63ਵੇਂ ਬੰਦ ਵਿੱਚ ਕੀਤੀ ਗਈ
ਹੈ। ਸੋ ਘੋੜੇ ਦੀ ਗੱਲ ਅਤੇ ਜਾਨ ਸਮੇਤ ਹਾਜ਼ਰ ਹੋਣਾ ਕੋਈ ਵੰਗਾਰ ਨਹੀਂ ਸਗੋਂ ਇੱਕ ਤਰਲਾ ਹੈ। ਇਸ
ਜਫ਼ਰਨਾਮਹ ਵਿੱਚ ਬਹੁਤ ਸਾਰੀਆਂ ਆਪਾ ਵਿਰੋਧੀ ਗੱਲਾਂ ਹਨ। ਕਿਤੇ ਉਸ ਦੀ ਹੱਦੋਂ ਵੱਧ ਉਸਤਤ ਹੈ, ਉਸ
ਨੂੰ ਬਾਦਸ਼ਾਹ ਹੋਣ ਕਰਕੇ ਭਗਵਾਨ ਵੀ ਕਿਹਾ ਹੈ ਅਤੇ ਕਿਤੇ ਫਿਟਕਾਰ ਵੀ ਪਾਈ ਹੈ। ਇਹ ਲਿਖਤ ਕਿਸੇ
ਸਿਆਣੇ ਪੁਰਸ਼ ਦੀ ਨਹੀਂ ਹੋ ਸਕਦੀ। ਜਾਂ ਤਾਂ ਇਸ ਵਿੱਚ ਮਿਲਾਵਟ ਹੈ ਅਤੇ ਜਾਂ ਫਿਰ ਇਹ ਗੁਰੂ ਦੀ
ਲਿਖਤ ਨਹੀਂ ਹੈ। ਕੀ ਸਿੱਖਾਂ ਦਾ ਜਥੇਦਾਰ ਇਸ ਤਰ੍ਹਾਂ ਕਰਕੇ ਆਪਣੇ ਗੁਰੂ ਦੀ ਵਡਿਆਈ ਕਰ ਰਿਹਾ ਹੈ
ਜਾਂ ਨਿੰਦਿਆ? ਇਹ ਸੋਚਣਾ ਸਿੱਖਾਂ ਦਾ ਕੰਮ ਹੈ ਪਰ ਜੋ ਅਸਲੀਅਤ ਹੈ ਮੈਂ ਸਾਹਮਣੇ ਰੱਖ ਦਿੱਤੀ ਹੈ।
ਮੱਖਣ ਪੁਰੇਵਾਲ,
ਦਸੰਬਰ 10, 2025.