“ਵੋਟ, ਸੋਚ ਅਤੇ ਹੌਸਲਾ -ਇਹ ਤਿੰਨ ਚੀਜ਼ਾਂ ਪੰਜਾਬ ਨੂੰ ਅੱਗੇ ਲਿਜਾ ਸਕਦੀਆਂ ਹਨ”
(ਇੱਕ ਫ਼ਿਲਾਸਫ਼ੀਕਲ ਅਤੇ ਤਰਕਪੂਰਣ ਲੇਖ)
ਪੰਜਾਬ ਦੀ ਧਰਤੀ ਹਮੇਸ਼ਾਂ ਹੀ ਹਿੰਮਤ, ਕੁਰਬਾਨੀ ਅਤੇ ਅਕਲਮੰਦੀ ਲਈ ਮਸ਼ਹੂਰ ਰਹੀ ਹੈ। ਪਰ ਅੱਜ, ਜਦੋਂ ਸਮਾਜ, ਅਰਥਵਿਵਸਥਾ ਅਤੇ ਰਾਜਨੀਤੀ ਤਿੰਨੇ ਹੀ ਬਦਲਾਅ ਦੀ ਲੋੜ ਮਹਿਸੂਸ ਕਰ ਰਹੇ ਹਨ, ਤਾਂ ਅਜਿਹੇ ਸਮੇਂ ਵਿੱਚ ਵੋਟ, ਸੋਚ ਅਤੇ ਹੌਸਲਾ—ਇਹ ਤਿੰਨ ਤਾਕਤਾਂ ਹੀ ਪੰਜਾਬ ਨੂੰ ਅੱਗੇ ਵਧਾਉਣ ਦਾ ਸਹੀ ਰਾਹ ਦਿਖਾ ਸਕਦੀਆਂ ਹਨ। ਇਹ ਤਿੰਨੇ ਤੱਤ ਸਿਰਫ਼ ਤਬਦੀਲੀ ਨਹੀਂ ਲਿਆਉਂਦੇ, ਸਗੋਂ ਮਨੁੱਖ ਦੀ ਸੋਚ ਅਤੇ ਜੀਵਨ ਨੂੰ ਨਵੀਂ ਦਿਸ਼ਾ ਦਿੰਦੇ ਹਨ।
ਅਤੇ ਕਿਉਂਕਿ ਬਦਲਾਅ ਦੀ ਲੋੜ ਅਤੇ ਤਾਕਤ ਦੋਵੇਂ ਹੀ ਸਰਹੱਦਾਂ ਵਿੱਚ ਬੱਝੀਆਂ ਨਹੀਂ ਹੁੰਦੀਆਂ, ਇਸ ਲਈ ਇਹ ਸੁਨੇਹਾ ਸਿਰਫ਼ ਪੰਜਾਬ ਦੇ ਨੌਜਵਾਨਾਂ ਲਈ ਹੀ ਨਹੀਂ -ਸਗੋਂ ਹਰ ਰਾਜ, ਹਰ ਸਮਾਜ ਅਤੇ ਹਰ ਦੇਸ਼ ਦੇ ਨੌਜਵਾਨਾਂ ਲਈ ਇੱਕ ਸਾਂਝੀ ਅਵਾਜ਼ ਵਜੋਂ ਖੜ੍ਹਦਾ (ਪ੍ਰੇਰਿਤ ਕਰਦਾ) ਹੈ।
1. ਵੋਟ: ਜ਼ਿੰਮੇਵਾਰੀ ਅਤੇ ਚੋਣ ਦਾ ਤੱਤ
ਵੋਟ ਸਿਰਫ਼ ਇੱਕ ਬਟਨ ਦਬਾਉਣ ਦਾ ਨਾਮ ਨਹੀਂ, ਇਹ ਭਵਿੱਖ ਦੀ ਦਿਸ਼ਾ ਤੈਅ ਕਰਨ ਦਾ ਸਾਧਨ ਹੈ। ਫ਼ਿਲਾਸਫ਼ੀ ਦੇ ਅੰਦਰ, ਵੋਟ ਮਨੁੱਖੀ ਇੱਛਾ ਦੀ ਆਵਾਜ਼ ਹੈ -ਇਹ ਉਹ ਕਿਰਿਆ ਹੈ, ਜੋ ਸਾਨੂੰ ਹਕੂਮਤ ਬਣਾਉਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਰੱਖਦੀ ਹੈ।
ਜੇਕਰ ਲੋਕ ਜ਼ਿੰਮੇਵਾਰੀ ਨਾਲ ਵੋਟ ਦੇਣ ਲੱਗ ਪੈਣ, ਤਾਂ ਲੀਡਰ ਆਪਣੇ ਆਪ ਬਦਲਣ ਲਈ ਮਜਬੂਰ ਹੋ ਜਾਂਦੇ ਹਨ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ “ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ” -ਇਹ ਸਾਰਿਆਂ ਨੂੰ ਜ਼ਿੰਮੇਵਾਰੀ ਦੇਣ ਦੀ ਸੋਚ ਹੈ। ਠੀਕ ਇਹੀ ਫ਼ਿਲਾਸਫ਼ੀ ਵੋਟ ‘ਤੇ ਵੀ ਲਾਗੂ ਹੁੰਦੀ ਹੈ: ਜਿਸ ਪ੍ਰਜਾ ਦਾ ਸੁਚੇਤ ਮਨ ਤੰਦਰੁਸਤ ਹੋਵੇ, ਉਸ ਦੀ ਰਾਜਨੀਤੀ ਆਪ ਤੰਦਰੁਸਤ ਹੋ ਜਾਂਦੀ ਹੈ।
ਉਦਾਹਰਨ:
ਜੇ ਪੰਜਾਬ ਦੀਆਂ ਪਿੰਡ ਕਮੇਟੀਆਂ ਵਿੱਚ ਨੌਜਵਾਨ ਵੱਡੇ ਪੱਧਰ ‘ਤੇ ਵੋਟਿੰਗ ਵਿੱਚ ਹਿੱਸਾ ਲੈਣ ਲੱਗ ਪੈਣ ਤਾਂ ਉਹ ਸਿਰਫ਼ ਨੇਤਾ ਨਹੀਂ, ਸਿਸਟਮ ਦੀ ਸੋਚ ਵੀ ਬਦਲ ਦਿੰਦੇ ਹਨ। ਕੇਵਲ ਇਹ ਕਦਮ ਹੀ ਸਿੱਖਿਆ, ਖੇਤੀ ਅਤੇ ਉਦਯੋਗ ਵਿੱਚ ਨਵੀਨਤਾ ਲਿਆਉਣ ਵਾਲੀਆਂ ਨੀਤੀਆਂ ਨੂੰ ਜਨਮ ਦੇ ਸਕਦਾ ਹੈ।
2. ਸੋਚ: ਮਾਨਸਿਕ ਕ੍ਰਾਂਤੀ ਦਾ ਅਧਾਰ (ਵੋਟ ਚੋਣਾਂ ਨੂੰ ਬਦਲਦੀ ਹੈ; ਸੋਚ ਤਕਦੀਰਾਂ ਨੂੰ)
ਪੰਜਾਬ ਦੀ ਤਰੱਕੀ ਲਈ ਪਹਿਲਾਂ ਸਾਨੂੰ ਆਪਣੀ ਸੋਚ ਨੂੰ ਠੀਕ ਕਰਨਾ ਪਵੇਗਾ। ਪੁਰਾਣੀਆਂ ਘੁਟਨ ਵਾਲੀਆਂ ਧਾਰਣਾਵਾਂ ਤੋਂ ਉੱਪਰ ਉੱਠ ਕੇ ਤਰਕਸ਼ੀਲ, ਸਮਾਜਿਕ ਅਤੇ ਵਿਗਿਆਨਕ ਸੋਚ ਦੀ ਲੋੜ ਹੈ।
ਫ਼ਿਲਾਸਫ਼ੀ ਦਾ ਮਤਲਬ ਹੀ ਹੈ ਸਵਾਲ ਪੁੱਛਣਾ -ਕਿਉਂ? ਕਿਵੇਂ? ਕੀ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ?
ਜਦੋਂ ਇੱਕ ਕੌਮ ਸਵਾਲ ਪੁੱਛਣ ਲੱਗਦੀ ਹੈ, ਓਹੀ ਕੌਮ ਅੱਗੇ ਵਧਦੀ ਹੈ।
ਉਦਾਹਰਨ:
ਅੱਜ ਬਹੁਤ ਸਾਰੇ ਕਿਸਾਨ ਡ੍ਰਿਪ ਇਰੀਗੇਸ਼ਨ (ਜਿਸ ਵਿੱਚ ਪਾਣੀ ਨੂੰ ਪੌਧੇ ਦੀ ਜੜ੍ਹ ਕੋਲ ਬੂੰਦਾਂ ਵਾਂਗ ਦਿੱਤਾ ਜਾਂਦਾ ਹੈ ਤਾਂ ਕਿ ਪਾਣੀ ਨਾਹ ਵਿਅਰਥ ਵਗੇ ਤੇ ਨਾਹ ਵਧ ਹੋਵੇ), ਜੈਵਿਕ ਖੇਤੀ ਅਤੇ ਵੱਖ-ਵੱਖ ਟੈਕਨਾਲੋਜੀਕਲ ਐਪ ਦੀ ਮਦਦ ਨਾਲ ਆਧੁਨਿਕ ਖੇਤੀ ਵੱਲ ਵਧ ਰਹੇ ਹਨ। ਇਹ ਸਿਰਫ਼ ਤਕਨੀਕ ਦਾ ਬਦਲਾਅ ਨਹੀਂ, ਬਲਕਿ ਸੋਚ ਦੀ ਇੱਕ ਕ੍ਰਾਂਤੀ ਹੈ -ਜੋ ਸਿੱਖਾਉਂਦੀ ਹੈ ਕਿ ਅਸਲੀ ਤਬਦੀਲੀ ਮਨੁੱਖ ਦੇ ਅੰਦਰੋਂ ਹੀ ਸ਼ੁਰੂ ਹੁੰਦੀ ਹੈ। ਇਸੇ ਤਰੀਕੇ ਨਾਲ, ਨੌਜਵਾਨ ਜਦੋਂ "ਸਰਕਾਰੀ ਨੌਕਰੀ ਹੀ ਸਭ ਕੁਝ ਹੈ" ਵਾਲੀ ਸੋਚ ਤੋਂ ਬਾਹਰ ਨਿਕਲ ਕੇ ਉਦਯੋਗ, ਸਟਾਰਟਅਪ ਅਤੇ ਕਲਾਤਮਕ ਖੇਤਰਾਂ ਵੱਲ ਵਧਦੇ ਹਨ, ਤਾਂ ਸਮਾਜ ਵਿੱਚ ਨਵੀਂ ਆਰਥਿਕਤਾ ਜੰਮਦੀ ਹੈ।
3. ਹੌਸਲਾ: ਕਰਮ ਅਤੇ ਹਕੀਕਤ ਦੇ ਵਿਚਕਾਰ ਪੁਲ
ਸੋਚ ਬਦਲ ਜਾਣ ਅਤੇ ਵੋਟ ਪਾ ਦੇਣ ਨਾਲ ਹੀ ਕੰਮ ਨਹੀਂ ਬਣਦਾ, ਹੌਸਲਾ ਉਹ ਜੁਰਤ ਹੈ, ਜੋ ਸੁਪਨੇ ਨੂੰ ਹਕੀਕਤ ਵਿੱਚ ਬਦਲਦੀ ਹੈ। ਪੰਜਾਬ ਦਾ ਇਤਿਹਾਸ ਸ਼ਹੀਦ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਉਧਮ ਸਿੰਘ ਆਦਿ ਵਰਗੇ ਕਿਰਦਾਰਾਂ ਨਾਲ ਭਰਪੂਰ ਹੈ -ਇਹ ਸਾਰੇ ਹੌਸਲੇ ਦੀ ਮੂਰਤੀ ਸਨ। ਹੌਸਲਾ ਮਤਲਬ ਮੁਸ਼ਕਲ ਵੇਲੇ ਵਿਚ ਵੀ ਹਿੰਮਤ ਨਾ ਹਾਰਨੀ। ਸਿਆਸਤ, ਸਮਾਜ, ਅਰਥਵਿਵਸਥਾ -ਇਨ੍ਹਾਂ ਤਿੰਨਾਂ ਮੈਦਾਨਾਂ ਵਿੱਚ ਹੌਸਲੇ ਦੀ ਲੋੜ ਹੈ।
ਉਦਾਹਰਨ:
ਬਹੁਤ ਸਾਰੇ ਪੰਜਾਬੀ ਵਿਦਿਆਰਥੀ ਵਿਦੇਸ਼ ਜਾਂਦੇ ਹਨ, ਨਵੀ ਸੰਸਕ੍ਰਿਤੀ, ਨਵੀਂ ਭਾਸ਼ਾ ਅਤੇ ਨਵੇਂ ਸਿਸਟਮ ਨਾਲ ਨਿਭਣ ਲਈ ਹੌਸਲੇ ਦੀ ਲੋੜ ਹੁੰਦੀ ਹੈ। ਇਹੀ ਹੌਸਲਾ ਉਨ੍ਹਾਂ ਨੂੰ ਕਾਮਯਾਬ ਉਦਯੋਗਪਤੀ, ਇੰਜੀਨੀਅਰ ਅਤੇ ਡਾਕਟਰ ਬਣਾਉਂਦਾ ਹੈ। ਜੇ ਇਹੀ ਹੌਸਲਾ ਪੰਜਾਬ ਦੇ ਅੰਦਰ ਵੀ ਨਵੀਆਂ ਉਦਯੋਗਿਕ ਯੋਜਨਾਵਾਂ, ਗਰੀਨ-ਟੈਕ ਅਤੇ ਖੇਤੀ -ਪ੍ਰੋਸੈਸਿੰਗ ਵਿੱਚ ਲਗੇ -ਤਾਂ ਪੰਜਾਬ ਵਿਦੇਸ਼ ਜਾਣ ਦੀ ਥਾਂ ਦੁਨੀਆ ਨੂੰ ਆਪਣੇ ਕੋਲ ਆਉਣ ਲਈ ਮਜਬੂਰ ਕਰ ਸਕਦਾ ਹੈ।
ਅੰਤਮ ਫ਼ਿਲਾਸਫ਼ੀ: ਤਿੰਨ ਤਾਕਤਾਂ ਦਾ ਮੇਲ ਹੀ ਕ੍ਰਾਂਤੀ ਹੈ
ਵੋਟ ਬਦਲਾਅ ਦੀ ਨੀਂਹ ਰੱਖਦਾ ਹੈ।
ਸੋਚ ਉਸ ਬਦਲਾਅ ਨੂੰ ਦਿਸ਼ਾ ਦਿੰਦੀ ਹੈ।
ਹੌਸਲਾ ਉਸ ਦਿਸ਼ਾ ਨੂੰ ਹਕੀਕਤ ਬਣਾਉਂਦਾ ਹੈ।
ਜੇ ਪੰਜਾਬ ਦਾ ਹਰ ਨੌਜਵਾਨ, ਕਿਸਾਨ, ਮਜ਼ਦੂਰ, ਅਧਿਆਪਕ ਅਤੇ ਕਾਰੋਬਾਰੀ ਇਨ੍ਹਾਂ ਤਿੰਨਾਂ ਤਾਕਤਾਂ ਨੂੰ ਸਮਝ ਕੇ ਵਰਤੇ, ਤਾਂ ਪੰਜਾਬ ਸਿਰਫ਼ ਤਰੱਕੀ ਹੀ ਨਹੀਂ ਸਗੋਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੂਗਾ।
ਪੰਜਾਬ ਦੀ ਧਰਤੀ ਸਿਰਫ਼ ਖੇਤਾਂ ਤੋਂ ਹੀ ਨਹੀਂ, ਵਿਚਾਰਾਂ ਅਤੇ ਹੌਸਲੇ ਤੋਂ ਵੀ ਸੋਨੇ ਦੀ ਫ਼ਸਲ ਉਗਾ ਸਕਦੀ ਹੈ।
ਗੁਰਦੇਵ ਸਿੰਘ ਬਠਿੰਡਾ।
ਮੋਬ : 9316949649
ਜੀਮੇਲ : gskbathinda@gmail.com