.

ਸਨਾਤਨੀ ਮੱਤ ਦਾ ਸਿੱਖਾਂ ਤੇ ਪ੍ਰਭਾਵ ਅਤੇ ਇੱਕ ਸਾਬਕਾ ਖਾਲਿਸਤਾਨੀ ਦੇ ਵਿਚਾਰ

ਕਿਸੇ ਵਿਰਲੀ ਸੰਸਥਾ ਨੂੰ ਛੱਡ ਕੇ ਬਾਕੀ ਦੀਆਂ ਤਕਰੀਬਨ ਸਾਰੀਆਂ ਹੀ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਸਨਾਤਨੀ ਮੱਤ ਦੇ ਪ੍ਰਭਾਵ ਥੱਲੇ ਹਨ, ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਦੇ। ਨਿਹੰਗ ਜਥੇਬੰਦੀਆਂ ਅਤੇ 100% ਡੇਰਿਆਂ ਵਾਲੇ ਸਾਧ ਸੰਤ ਅਥਵਾ ਕਥਿਤ ਬ੍ਰਹਮਗਿਆਨੀ ਬਹੁਤਾ ਸਨਾਤਨੀ ਮੱਤ ਦਾ ਹੀ ਪ੍ਰਚਾਰ ਕਰਦੇ ਹਨ। ਕਹੀ ਜਾਂਦੀ ਦਮਦਮੀ ਟਕਸਾਲ ਅਥਵਾ ਚੌਂਕ ਮਹਿਤਾ ਡੇਰਾ ਤਾਂ ਸਨਾਤਨੀ ਮੱਤ ਨੂੰ ਨਾ ਮੰਨਣ ਵਾਲਿਆਂ ਨੂੰ ਧਮਕੀਆਂ ਵੀ ਦਿੰਦਾ ਰਿਹਾ ਹੈ। ਭਿੰਡਰਾਂਵਾਲਾ ਸਾਧ ਤਾਂ ਇਹ ਕੰਮ ਕਰਦਾ ਹੀ ਸੀ ਪਰ ਉਸ ਦੇ ਚੇਲੇ ਬਾਲਕੇ ਤਾਂ ਹੁਣ ਤੱਕ ਇਹੀ ਕੰਮ ਕਰਦੇ ਆ ਰਹੇ ਹਨ। ਆਮ ਚੇਲੇ/ਸ਼ਰਧਾਲੂਆਂ ਦੀ ਗੱਲ ਤਾਂ ਛੱਡੋ ਸਿੱਖਾਂ ਦੇ ਕਹੇ ਜਾਂਦੇ ਮਹਾਨ ਪ੍ਰਚਾਰਕ ਵੀ ਇਹੀ ਕੰਮ ਕਰਦੇ ਹਨ ਜਿਨ੍ਹਾਂ ਵਿਚੋਂ ਪਿੰਦਰਪਾਲ ਅਤੇ ਬੰਤਾ ਸਿੰਘ ਵਰਗੇ ਖਾਸ ਮੁਹਾਰਤ ਰੱਖਦੇ ਹਨ। ਇਸ ਦਾ ਸਭ ਤੋਂ ਵੱਡਾ ਅਤੇ ਮੁੱਖ ਕਾਰਨ ਹੈ ਅਖੌਤੀ ਦਸਮ ਗ੍ਰੰਥ ਅਤੇ ਹੋਰ ਕੂੜ ਗ੍ਰੰਥ। ਪਰ ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਖਾਲਿਸਤਾਨੀ ਸੰਘ ਪਾੜ-ਪਾੜ ਕੇ ਵੱਖਰੇ ਦੇਸ਼ ਦੀ ਗੱਲ ਕਰਦੇ ਹਨ ਅਤੇ ਹਿੰਦੂਆਂ ਨੂੰ ਬੁਰਾ ਭਲਾ ਬੋਲਦੇ ਰਹਿੰਦੇ ਹਨ ਉਹ ਵੀ ਤਕਰੀਬਨ ਸਾਰੇ ਹੀ ਅੰਦਰੋਂ ਸਨਾਤਨੀ ਅਤੇ ਕੂੜ ਗ੍ਰੰਥਾਂ ਨੂੰ ਮੰਨਣ ਵਾਲੇ ਹਨ। ਇੱਕ ਗੱਲ ਹੋਰ ਜਰੂਰੀ ਚੇਤੇ ਰੱਖੋ ਕਿ ਕੋਈ ਵੀ ਬੰਦਾ ਕਿਸੇ ਕਿਸਮ ਦਾ ਨਾਮ ਜਪ ਕੇ ਕਿਸੇ ਰੱਬ ਨਾਲ ਗੱਲਾਂ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਭਵਿੱਖ ਬਾਰੇ ਦੱਸ ਸਕਦਾ ਹੈ। ਹਫਤਾ ਕੁ ਪਹਿਲਾਂ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਕਿ 29-30 ਨਵੰਬਰ ਦੀ 2025 ਦੀ ਰਾਤ ਨੂੰ ਇੰਨੇ ਵੱਜ ਕੇ ਇੰਨੇ ਮਿੰਟ ਤੇ ਦੁਨੀਆਂ ਦਾ ਨਕਸ਼ਾ ਬਦਲ ਜਾਣਾ ਹੈ। ਇਹ ਤਾਰੀਕ ਤਾਂ ਲੰਘ ਗਈ ਹੈ ਪਰ ਬਦਲਿਆ ਕੀ ਹੈ? ਇਸੇ ਤਰ੍ਹਾਂ ਨਾਲ ਹੀ ਗੁਰੂ ਸਾਹਿਬ ਨਾਲ ਸੌ ਸਾਖੀਆਂ ਦਾ ਕੂੜ ਜੋੜਿਆ ਗਿਆ ਹੈ ਜਿਨ੍ਹਾਂ ਵਿੱਚ ਭਵਿੱਖਤ ਬਚਨ ਕਹੇ ਜਾਂਦੇ ਹਨ ਜੋ ਕਿ 100% ਨਿਰਾ ਬਕਵਾਸ ਹੈ। ਕਰਾਮਾਤ ਨਾਮ ਦੀ ਕੋਈ ਚੀਜ ਨਹੀਂ ਹੁੰਦੀ ਇਸ ਬਾਰੇ ਸਿੱਖਾਂ ਦਾ ਪਹਿਲਾ ਗੁਰੂ ਹੀ ਸੁਚੇਤ ਕਰ ਗਿਆ ਸੀ। ਜਦੋਂ ਬਾਬਰ ਨੇ ਹਮਲਾ ਕੀਤਾ ਸੀ ਤਾਂ ਪੀਰਾਂ ਫਕੀਰਾਂ ਦੀ ਕੋਈ ਕਰਾਮਾਤ ਨਹੀਂ ਚੱਲੀ ਸੀ। ਹੁਣ ਮੈਂ ਗੱਲ ਕਰਦਾ ਹਾਂ ਇੱਕ ਸਾਬਕਾ ਖਾਲਿਸਤਾਨੀ ਦੀ ਅਤੇ ਇਸ ਦੇ ਸਾਥੀਆਂ ਦੀ। ਇਹ ਵੀ ਤਕਰੀਬਨ ਸਾਰੇ ਹੀ ਸਨਾਤਨੀ ਪ੍ਰਭਾਵ ਥੱਲੇ ਹਨ ਕਿਉਂਕਿ ਜੋ ਕੁੱਝ ਇਨ੍ਹਾਂ ਨੇ ਹੁਣ ਤੱਕ ਸੁਣਿਆਂ ਹੈ ਉਹ ਬਹੁਤਾ ਕਰਕੇ ਉਹੀ ਸੁਣਿਆਂ ਹੈ ਜਿਹੜਾ ਆਮ ਹੀ ਗੁਰਦੁਆਰਿਆਂ ਵਿੱਚ ਪ੍ਰਚਾਰਿਆ ਜਾਂਦਾ ਹੈ ਜਾਂ ਸ਼ੋਸ਼ਲ ਮੀਡੀਏ ਤੇ ਬਹੁਤੇ ਲੋਕ ਪ੍ਰਚਾਰਦੇ ਹਨ। ਇਸ ਲਈ ਇਨ੍ਹਾਂ ਉਪਰ ਵੀ ਉਹੀ ਪ੍ਰਭਾਵ ਹੈ ਜੋ ਆਮ ਲੋਕਾਂ ਉਪਰ ਹੈ।

ਜਿਸ ਸੰਘਾ ਸ਼ੋਅ ਦਾ ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਸੀ ਅਤੇ ਹੁਣ ਕੁੱਝ ਵੀਡੀਓ ਵੀ ਸ਼ੇਅਰ ਕਰ ਰਿਹਾ ਹਾਂ। ਇਨ੍ਹਾਂ ਨੂੰ ਭਾਵੇਂ ਗੁਰਮਤਿ ਦੀ ਬਹੁਤੀ ਸੋਝੀ ਨਹੀਂ ਹੈ ਪਰ ਆਮ ਜਨਰਲ ਨੌਲਜ ਕਾਫੀ ਹੈ। ਇਨ੍ਹਾਂ ਦੀਆਂ ਮੈਂ ਗਿਣਤੀ ਦੀਆਂ 5-6 ਕੁ ਹੀ ਵੀਡੀਓ ਦੇਖੀਆਂ ਹਨ ਉਨ੍ਹਾਂ ਨੂੰ ਦੇਖ ਕੇ ਜੋ ਪ੍ਰਭਾਵ ਬਣਿਆ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਅਤੇ ਵੀਡੀਓ ਵੀ ਕਰ ਰਿਹਾ ਹਾਂ। ਸਾਬਕਾ ਖਾਲਿਸਤਾਨੀ ਸੰਘਾ ਖਾਲਿਸਤਾਨੀਆਂ ਬਾਰੇ ਤਾਂ ਸਾਰਾ ਕੁੱਝ ਜਾਣਦਾ ਹੀ ਹੈ ਪਰ ਨਾਲ ਹੀ ਜਿਸ ਗੱਲ ਦਾ ਇਸ ਨੂੰ ਪਤਾ ਹੈ ਉਹ ਭਾਵੇਂ ਗਲਤ ਹੋਵੇ ਤੇ ਭਾਂਵੇਂ ਠੀਕ ਹੋਵੇ ਉਸ ਵਾਰੇ ਸਪਸ਼ਟ ਸਟੈਂਡ ਰੱਖਦਾ ਹੈ ਆਮ ਲੋਕਾਈ ਵਾਂਗ ਦੋਗਲੀਆਂ ਗੱਲਾਂ ਨਹੀਂ ਕਰਦਾ ਇਸੇ ਕਰਕੇ ਮੈਨੂੰ ਇਹ ਚੰਗਾ ਲੱਗਿਆ ਹੈ। ਗੁਰਮਤਿ ਬਾਰੇ ਆਪ ਉਹ ਕਈ ਵਾਰੀ ਮੰਨ ਚੁੱਕਾ ਹੈ ਕਿ ਉਸ ਨੂੰ ਬਹੁਤੀ ਸੋਝੀ ਨਹੀਂ ਹੈ। ਜਿਤਨੀ ਕੁ ਹੈ ਉਸ ਤੇ ਸਨਾਤਨੀ ਮੱਤ ਦਾ ਕਾਫੀ ਪ੍ਰਭਾਵ ਹੈ। ਇਸ ਦੇ ਨਾਲ ਦੇ ਸਾਥੀ ਇਸ ਨਾਲੋਂ ਗੁਰਬਾਣੀ ਇਤਿਹਾਸ ਬਾਰੇ ਜ਼ਿਆਦਾ ਜਾਣਦੇ ਹਨ ਪਰ ਉਹ ਵੀ ਸਾਰੇ ਹੀ ਸਨਾਤਨੀ ਮੱਤ ਦੇ ਪ੍ਰਭਾਵ ਥੱਲੇ ਹਨ। ਇਨ੍ਹਾਂ ਦੇ ਇੱਕ ਵੀਡੀਓ ਥੱਲੇ ਮੈਂ ਕੁਮਿੰਟ ਕਰਕੇ ਇਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਇਨ੍ਹਾਂ ਨੇ ਉਹ ਪੋਸਟ ਨਹੀਂ ਸੀ ਹੋਣ ਦਿੱਤਾ। ਅਕਤੂਬਰ 19, 2025 ਨੂੰ ਮੈਂ ਇੱਕ ਲੇਖ ਲਿਖਿਆ ਸੀ, “ਗੁਰਬਾਣੀ ਵਿੱਚ ਆਏ ਰਾਮ ਸ਼ਬਦ ਬਾਰੇ ਵਿਚਾਰ” ਉਹ ਇਨ੍ਹਾਂ ਨੂੰ ਮੁੱਖ ਰੱਖ ਕੇ ਹੀ ਲਿਖਿਆ ਸੀ। ਇਨ੍ਹਾਂ ਦੀਆਂ ਵੀਡੀਓ ਜਿੱਥੇ ਵੀ ਗੁਰਮਤਿ ਨਾਲ ਸੰਬੰਧਿਤ ਕੋਈ ਵਿਚਾਰ ਇਹ ਦਿੰਦੇ ਹਨ ਉਸ ਨੂੰ ਇਸੇ ਸੰਧਰਵ ਵਿੱਚ ਸਮਝਿਆ ਜਾਵੇ। ਪਰ ਜੋ ਗੱਲਾਂ ਇਹ ਪੰਜਾਬ ਬਾਰੇ, 1984 ਦੇ ਵਾਪਰੇ ਦੁਖਾਂਤ ਬਾਰੇ ਅਤੇ ਉਸ ਤੋਂ ਬਾਅਦ ਜੋ ਕੁੱਝ ਵਾਪਰਿਆ ਹੈ ਉਸ ਬਾਰੇ ਕਰਦੇ ਹਨ, ਨਾਲ ਮੇਰੀ ਕਾਫੀ ਹੱਦ ਤੱਕ ਸਹਿਮਤੀ ਹੈ। ਮੁੱਲੇ ਸਿੱਖਾਂ ਦੀਆਂ ਕੁੜੀਆਂ ਦੀ ਗਰੂਮਿੰਗ ਕਰਕੇ ਜੋ ਕੌਰ ਤੋਂ ਖਾਨ ਬਣਾਉਂਦੇ ਹਨ ਉਨ੍ਹਾਂ ਨਾਲ ਵੀ ਇਹ ਮੱਥਾ ਲਉਂਦੇ ਹਨ, ਉਸ ਨਾਲ ਵੀ ਮੇਰੀ ਪੂਰੀ ਸਹਿਮਤੀ ਹੈ। ਪਰ ਕਈ ਵਾਰੀ ਇਹ ਕੇ: ਪੀ: ਐੱਸ: ਗਿੱਲ ਦੀ ਹੱਦੋਂ ਵੱਧ ਪ੍ਰਸੰਸਾ ਵੀ ਕਰ ਜਾਂਦੇ ਹਨ ਜੋ ਕਿ ਚੰਗੀ ਨਹੀਂ ਲੱਗੀ। ਪਰ ਗੱਲਾਂ ਸਪਸ਼ਟ ਕਰਦੇ ਹਨ ਇਸ ਲਈ ਮੈਨੂੰ ਚੰਗੇ ਲਗਦੇ ਹਨ। ਕਈਆਂ ਨੂੰ ਇਹ ਵੀਡੀਓ ਦੇਖ ਕੇ ਇਹ ਇਤਰਾਜ਼ ਹੋਵੇਗਾ ਕਿ ਇਸ ਨੇ ਆਪਣਾ ਮੂੰਹ ਕਿਉਂ ਢਕਿਆ ਹੋਇਆ ਹੈ? ਇਸ ਦਾ ਜਵਾਬ ਉਹ ਕਈ ਵਾਰੀ ਦੇ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਸਿਆਣਪ ਅਤੇ ਸੇਫਟੀ ਹੈ। ਕਿਉਂਕਿ ਜਿਨ੍ਹਾਂ ਬੰਦਿਆਂ ਦੀ ਸੋਚ ਵਿਚੋਂ ਉਹ ਨਿਕਲ ਕੇ ਆਇਆ ਹੈ ਉਂਨ੍ਹਾਂ ਦੀ ਸੋਚ ਕਿਹੋ ਜਿਹੀ ਹੈ ਇਸ ਬਾਰੇ ਤਾਂ ਸਾਰੇ ਜਾਣੂ ਹੀ ਹਨ। ਜੇ ਕਰ ਭੂੰਡਾਂ ਦੇ ਖੱਖਰ ਨੂੰ ਹੱਥ ਪਉਣਾ ਹੈ ਜਾਂ ਜ਼ਹਿਰੀਲੇ ਸੱਪਾਂ ਵਿੱਚ ਵਿਚਰਨਾ ਹੈ ਤਾਂ ਆਪਣੇ ਬਚਾ ਲਈ ਥੋੜਾ ਜਿਹੀ ਪਰੋਟੈਕਸ਼ਨ ਤਾਂ ਚਾਹੀਦੀ ਹੀ ਹੈ। ਉਂਜ ਉਹ ਆਪਣਾ ਚਿਹਰਾ ਕਈ ਵਾਰੀ ਦਿਖਾਲ ਵੀ ਚੁੱਕਾ ਹੈ। ਸਭ ਤੋਂ ਵੱਡੀ ਤਾਂ ਜਰੂਰੀ ਗੱਲ ਇਹ ਹੈ ਕਿ ਉਹ ਆਪਣੇ ਵਿਰੋਧੀਆਂ ਨੂੰ ਸਾਰਿਆਂ ਦੇ ਸਾਹਮਣੇ ਵਿਚਾਰ ਕਰਨ ਦਾ ਖੁੱਲਾ ਸੱਦਾ ਦਿੰਦਾ ਹੈ ਪਰ ਜਾਂਦੇ ਬਹੁਤ ਘੱਟ ਹਨ। ਹੇਠਾਂ ਦੋ ਵੀਡੀਓ ਸੁਣੋ ਇਹ ਬਹੁਤੀਆਂ ਲੰਮੀਆਂ ਨਹੀਂ ਹਨ ਸ਼ਾਇਦ ਤੁਹਾਨੂੰ ਵੀ ਕੋਈ ਗੱਲ ਚੰਗੀ ਲੱਗ ਹੀ ਜਾਵੇ। ਧੰਨਵਾਦ!

ਮੱਖਣ ਪੁਰੇਵਾਲ,

ਦਸੰਬਰ 02, 2025.

https://www.youtube.com/watch?v=-fGc3bw6GVQ


https://www.youtube.com/watch?v=dhuVdTWxY3E





.