.

ਕੀ ਵਾਕਿਆ ਹੀ ਕਾਮਰੇਡ ਕੁੱਤੇ ਦੇ ਹੱਡ ਹੁੰਦੇ ਹਨ?

ਜਦੋਂ ਇੰਟਰਨੈੱਟ ਹਾਲੇ ਹੋਂਦ ਵਿੱਚ ਨਹੀਂ ਸੀ ਆਇਆ ਤਾਂ ਵੱਖਰੇ ਵਿਚਾਰਾਂ ਵਾਲਿਆਂ ਦੇ ਆਪਣੇ ਧੜੇ ਦੇ ਕੁੱਝ ਅਖਬਾਰ ਹੁੰਦੇ ਸਨ ਜਿੱਥੇ ਉਹ ਆਪਣੇ ਵਿਚਾਰਾਂ ਦਾ ਪਰਗਟਾਵਾ ਕਰਦੇ ਹੁੰਦੇ ਸਨ ਉੱਥੇ ਨਾਲ ਹੀ ਵਿਰੋਧੀ ਧੜਿਆਂ ਵਿਰੁੱਧ ਆਪਣੇ ਮਨ ਦੀ ਭੜਾਸ ਵੀ ਕੱਢਿਆ ਕਰਦੇ ਸਨ। ਫਿਰ ਇੰਟਰਨੈੱਟ ਦੇ ਆਉਣ ਨਾਲ ਅਖਬਾਰਾਂ ਦੇ ਨਾਲ ਕੁੱਝ ਵੈੱਬ ਸਾਈਟਾਂ ਤੇ ਇਸ ਤਰ੍ਹਾਂ ਦੀ ਚਰਚਾ ਚਲਦੀ ਹੁੰਦੀ ਸੀ। ਭਾਵ ਕਿ ਕੁੱਝ ਹੱਦ ਤੱਕ ਹੀ ਇਸ ਦੀ ਪਹੁੰਚ ਹੁੰਦੀ ਸੀ। ਪਰ ਜਦੋਂ ਦਾ ਸ਼ੋਸ਼ਲ ਮੀਡੀਆ ਹੋਂਦ ਵਿੱਚ ਆਇਆ ਹੈ ਅਤੇ ਮੋਬਾਇਲ ਫੂਨ ਆਮ ਬੰਦਿਆਂ ਦੀ ਪਹੁੰਚ ਵਿੱਚ ਆਇਆ ਹੈ ਤਾਂ ਹਰ ਕੋਈ ਆਪਣੇ ਵਿਚਾਰ ਪਰਗਟ ਕਰ ਸਕਦਾ ਹੈ। ਜਿੱਥੇ ਨਵੀਆਂ ਤਕਨੀਕੀ ਕਾਢਾਂ ਨੇ ਸਾਰੀ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਵਿੱਚ ਬਦਲ ਦਿੱਤਾ ਹੈ ਉੱਥੇ ਨਾਲ ਹੀ ਇਹ ਬੇਅ ਮੁਹਾਰਾ ਹੋ ਕਿ ਨੁਕਸਾਨ ਵੀ ਪਹੁੰਚਾ ਰਿਹਾ ਹੈ। ਅਸਲੀ ਅਤੇ ਨਾਲ ਹੀ ਕਈ ਨਕਲੀ ਨਾਵਾਂ ਤੇ ਅਕਾਂਉਟ ਖੋਲ ਕੇ ਜਿਸ ਦੇ ਮੂੰਹ ਵਿੱਚ ਜੋ ਵੀ ਆਉਂਦਾ ਹੈ ਬੋਲੀ ਤੁਰਿਆ ਜਾਂਦਾ ਹੈ। ਜਦੋਂ ਹੱਦ ਤੋਂ ਪਾਰ ਜਾ ਕੇ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਭੱਦੀ ਸ਼ਬਦਾਵਲੀ ਵਿੱਚ ਤੰਜ ਕੱਸੇ ਜਾਂਦੇ ਹਨ ਅਤੇ ਜ਼ਲੀਲ ਕੀਤਾ ਜਾਂਦਾ ਹੈ ਤਾਂ ਫਿਰ ਦੂਸਰੇ ਪਾਸੇ ਵਲੋਂ ਵੀ ਇਹੀ ਵਰਤਾਰਾ ਕੀਤਾ ਜਾਂਦਾ ਹੈ ਤਦ ਆਪਸੀ ਕੁੜੱਤਣ ਪੈਦਾ ਹੁੰਦੀ ਹੈ। ਗੱਲ ਗਾਲੀ ਗਲੋਚ ਤੋਂ ਸ਼ੁਰੂ ਹੋ ਕੇ ਕਤਲਾਂ ਤੱਕ ਵੀ ਪਹੁੰਚ ਜਾਂਦੀ ਹੈ। ਹਰ ਇੱਕ ਵਿਆਕਤੀ ਨੂੰ ਆਪਣੀ ਅਕਲ ਅਤੇ ਦੂਸਰੇ ਦਾ ਧੰਨ ਦੌਲਤ ਵੱਡੀ ਦਿਸਦੀ ਹੈ। ਹਰ ਕੋਈ ਇਹੀ ਸੋਚਦਾ ਹੈ ਕਿ ਜਿਸ ਧੜੇ ਨਾਲ ਮੈਂ ਜੁੜਿਆ ਹੋਇਆ ਹਾਂ ਜਾਂ ਜੋ ਮੇਰੀ ਸੋਚ ਹੈ ਉਹ ਸਹੀ ਹੈ ਦੂਸਰਿਆਂ ਦੀ ਗਲਤ ਹੈ। ਕਾਮਰੇਡਾਂ ਬਾਰੇ ਜੋ ਬੋਲਿਆ ਜਾਂਦਾ ਹੈ ਜਾਂ ਕਾਮਰੇਡ ਜੋ ਬੋਲਦੇ ਹਨ ਉਸ ਬਾਰੇ ਨਿਰਪੱਖਤਾ ਨਾਲ ਨਿੱਜੀ ਜਾਣਕਾਰੀ ਦੇ ਅਧਾਰ ਤੇ ਮੈਂ ਆਪਣੇ ਵਿਚਾਰ ਸਾਂਝੇ ਕਰ ਰਿਹਾ ਹਾਂ। ਕਿਉਂਕਿ ਇੱਕ ਵਿਚਾਰਧਾਰਾ ਵਾਲਿਆਂ ਨਾਲ ਬਹੁਤ ਨੇੜੇ ਰਹਿ ਕਿ ਮੈਂ ਆਪਣੀ ਜਿੰਦਗੀ ਦਾ ਬਹੁਤਾ ਹਿੱਸਾ ਬਿਤਾਇਆ ਹੈ ਅਤੇ ਦੂਸਰੀ ਧਿਰ ਵਾਲਿਆਂ ਨੂੰ ਨੇੜੇ ਹੋ ਕਿ ਦੇਖਿਆ ਹੈ।

ਕਾਰਲ ਮਾਰਕਸ, ਲੈਨਿਨ ਜਾਂ ਮਾਏ ਜੇ ਤੁੰਗ ਵਰਗਿਆਂ ਨੂੰ ਮੈਂ ਨਹੀਂ ਪੜ੍ਹਿਆ ਅਤੇ ਨਾ ਹੀ ਮੈਨੂੰ ਕਮਿਊਨਿਜ਼ਮ ਦੀ ਬਹੁਤੀ ਕੋਈ ਜਾਣਕਾਰੀ ਹੈ। ਜਿਤਨਾ ਕੁ ਆਮ ਮੀਡੀਏ ਵਿੱਚ ਛਪਦਾ ਹੈ ਸਿਰਫ ਉਤਨੀ ਕੁ ਹੀ ਜਾਣਕਾਰੀ ਰੱਖਦਾ ਹਾਂ। ਇਸੇ ਤਰ੍ਹਾਂ ਪੰਜਾਬ ਅਤੇ ਹੋਰ ਸੂਬਿਆਂ ਦੀਆਂ ਜੋ ਕਿਸਾਨ ਜਥੇਬੰਦੀਆਂ ਹਨ ਉਨ੍ਹਾਂ ਬਾਰੇ ਵੀ ਮੈਨੂੰ ਕੋਈ ਬਹੁਤੀ ਖਾਸ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਵਿੱਚ ਕਿਤਨੇ ਕੁ ਕਾਮਰੇਡ ਹਨ। ਇਸ ਵੇਲੇ ਮੀਡੀਏ ਵਿੱਚ ਅਤੇ ਖਾਸ ਕਰਕੇ ਸ਼ੋਸ਼ਲ ਮੀਡੀਏ ਤੇ ਜੋ ਚਰਚਾ ਚਲ ਰਹੀ ਹੈ ਉਸ ਵਿੱਚ ਦੋ ਧਿਰਾਂ ਇੱਕ ਦੂਸਰੇ ਪ੍ਰਤੀ ਘਟੀਆ ਸ਼ਬਦਾਵਲੀ ਵਰਤ ਕੇ ਇੱਕ ਦੂਸਰੇ ਤੇ ਤੰਜ ਕੱਸ ਰਹੇ ਹਨ। ਇਨ੍ਹਾਂ ਵਿੱਚ ਇੱਕ ਧਿਰ ਉਹ ਹੈ ਜੋ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ, ਦੀਪ ਸਿੱਧੂ ਨੂੰ, ਅੰਮ੍ਰਿਤਪਾਲ ਨੂੰ ਜਾਂ ਹੋਰ ਜਿਹੜੇ ਵੀ ਧਰਮ ਦੇ ਨਾਮ ਤੇ ਤੱਤੀਆਂ ਗੱਲਾਂ ਕਰਦੇ ਹਨ ਉਨ੍ਹਾਂ ਨੂੰ ਆਪਣੇ ਹੀਰੋ ਮੰਨਦੀ ਹੈ। ਦੂਸਰੇ ਪਾਸੇ ਉਹ ਧਿਰ ਹੈ ਜਿਹੜੀ ਭਗਤ ਸਿੰਘ ਅਤੇ ਉਧਮ ਸਿੰਘ ਵਰਗਿਆਂ ਨੂੰ ਆਪਣੇ ਹੀਰੋ ਮੰਨਦੀ ਹੈ। ਇਹ ਦੋਵੇਂ ਧਿਰਾਂ ਆਪਣੇ ਆਪਣੇ ਨਾਇਕਾਂ ਲਈ ਹੱਦ ਤੋਂ ਪਰੇ ਜਾ ਕੇ ਝੂਠੇ ਬਿਰਤਾਂਤ ਸਿਰਜਦੀਆਂ ਹਨ ਅਤੇ ਦੂਸਰੇ ਧਿਰ ਦੇ ਨਾਇਕਾਂ ਨੂੰ ਨਕਾਰਦੀਆਂ ਹਨ। ਇਨ੍ਹਾਂ ਦੋਹਾਂ ਦੇ ਵਰਤਾਰੇ ਪੰਜਾਬੀਆਂ ਦੇ ਸੁਭਾਅ ਵਿੱਚ ਹਿੰਸਕ ਸੋਚ ਨੂੰ ਜਨਮ ਦਿੰਦੇ ਹਨ। ਜਦੋਂ ਇਹ ਹਿੰਸਕ ਸੋਚ ਕੁੱਝ ਅਜਿਹੇ ਕੰਮ ਕਰਦੀ ਹੈ ਜੋ ਕਿ ਕਾਨੂੰਨ ਦੇ ਵੀ ਉਲਟ ਹੁੰਦੇ ਹਨ ਅਤੇ ਕੁਮਿਊਨਿਟੀ ਲਈ ਵੀ ਨਿਮੋਸ਼ੀ ਦਾ ਕਾਰਨ ਬਣਦੇ ਹਨ ਤਾਂ ਇਹ ਲੰਮੇ ਸਮੇ ਤੱਕ ਇਸ ਬਾਰੇ ਜਾਂ ਤਾਂ ਚੁੱਪ ਰਹਿੰਦੇ ਹਨ ਅਤੇ ਜਾਂ ਫਿਰ ਮੁਨਕਰ ਹੋ ਕਿ ਦੂਜੀ ਧਿਰ ਨੂੰ ਹੀ ਦੋਸ਼ੀ ਮੰਨਦੇ ਹਨ। ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਤੁਹਾਨੂੰ ਮਿਲ ਜਾਣਗੀਆਂ ਜਿਨ੍ਹਾਂ ਵਿਚੋਂ ਕੁੱਝ ਦਾ ਜ਼ਿਕਰ ਅੱਗੇ ਚੱਲ ਕੇ ਕਰਾਂਗਾ।

ਜਿਨ੍ਹਾਂ ਦੋ ਧਿਰਾਂ ਦਾ ਮੈਂ ਉਪਰ ਜ਼ਿਕਰ ਕੀਤਾ ਹੈ ਮੇਰੇ ਵਿਚਾਰ ਇਨ੍ਹਾਂ ਦੋਹਾਂ ਧਿਰਾਂ ਨਾਲੋਂ ਹੀ ਵੱਖਰੇ ਹਨ। ਮੈਂ ਇਨ੍ਹਾਂ ਦੋਹਾਂ ਧਿਰਾਂ ਦੇ ਨਾਇਕਾਂ ਨੂੰ ਕਈ ਬਹੁਤੀ ਅਹਿਮੀਅਤ ਨਹੀਂ ਦਿੰਦਾ। ਇਹ ਇਤਿਹਾਸ ਦਾ ਹਿੱਸਾ ਤਾਂ ਹਨ ਪਰ ਸਮਾਜ ਨੂੰ ਕੋਈ ਬਹੁਤੀ ਚੰਗੀ ਸੇਧ ਨਹੀਂ ਮਿਲਦੀ ਸਿਵਾਏ ਜਜਬਾਤੀ ਅਤੇ ਹਿੰਸਕ ਹੋਣ ਦੇ। ਜਿਸ ਨੂੰ ਇਹ ਅਣਖ ਦਾ ਨਾਮ ਦਿੰਦੇ ਹਨ। ਭਗਤ ਸਿੰਘ ਆਸਤਕ ਸੀ ਜਾਂ ਨਾਸਤਕ ਸੀ। ਮੈਂ ਨਾਸਤਕ ਕਿਉਂ ਹਾਂ, ਇਹ ਉਸ ਦੀ ਲਿਖਤ ਹੈ ਜਾਂ ਨਹੀਂ। ਆਰੀਆ ਸਮਾਜੀ ਸੀ ਜਾਂ ਸਿੱਖ ਸੀ। ਉਹ ਜੇਲ ਵਿੱਚ ਭਾਈ ਰਣਧੀਰ ਸਿੰਘ ਨੂੰ ਮਿਲਿਆ ਜਾਂ ਨਹੀਂ ਮਿਲਿਆ, ਉਸ ਨੇ ਕੇਸ ਰੱਖਣ ਦਾ ਪ੍ਰਣ ਕੀਤਾ ਜਾਂ ਨਹੀਂ ਕੀਤਾ, ਉਸ ਨੇ ਭੁਲੇਖੇ ਨਾਲ ਕਿਸੇ ਨਿਰਦੋਸ਼ੇ ਦਾ ਕਤਲ ਕੀਤਾ ਜਾਂ ਨਹੀਂ ਕੀਤਾ। ਇਹ ਅਤੇ ਇਸ ਤਰਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਬਾਰੇ ਚਰਚਾ ਚਲਦੀ ਰਹਿੰਦੀ ਹੈ। ਭਗਤ ਸਿੰਘ ਮੇਰੇ ਲਈ ਨਾ ਤਾਂ ਉਹ ਗਦਾਰ ਹੈ ਅਤੇ ਨਾ ਹੀ ਮੇਰਾ ਕੋਈ ਨਾਇਕ ਹੈ। ਮੇਰੇ ਲਈ ਉਹ ਅਜ਼ਾਦੀ ਦੇ ਇਤਿਹਾਸ ਦਾ ਇੱਕ ਪਾਤਰ ਹੈ। ਇਸੇ ਤਰ੍ਹਾਂ ਜਰਨੈਲ ਸਿੰਘ ਭਿੰਡਰਾਂਵਾਲਾ ਮੇਰਾ ਕੋਈ ਨਾਇਕ ਨਹੀਂ ਹੈ। ਜੋ ਇਤਿਹਾਸ ਮੇਰੇ ਸਾਹਮਣੇ ਵਰਤਿਆ ਹੈ ਉਸ ਦਾ ਉਹ ਵੀ ਇੱਕ ਪਾਤਰ ਹੈ। ਧਰਮ ਦੇ ਨਾਮ ਤੇ ਜੋ ਉਸ ਨੇ ਕੀਤਾ ਉਸ ਬਾਰੇ ਮੈਂ ਆਪਣੇ ਵਿਚਾਰ ਕਈ ਵਾਰੀ ਲਿਖ ਚੁੱਕਾ ਹਾਂ ਉਸ ਨੂੰ ਦੁਹਰਾਉਣ ਦੀ ਬਹੁਤੀ ਲੋੜ ਨਹੀਂ ਹੈ ਉਹ ਜਦੋਂ ਮਰਜ਼ੀ ਇੱਥੇ ਸਿੱਖ ਮਾਰਗ ਤੇ ਪੜ੍ਹੇ ਜਾ ਸਕਦੇ ਹਨ। ਇਹ ਠੀਕ ਹੈ ਕਿ ਪਿਛਲੇ ਲੱਗ ਭੱਗ 40 ਸਾਲਾਂ ਤੋਂ ਮੈਂ ਉਸ ਨੂੰ ਗਲਤ ਕਹਿੰਦਾ ਆ ਰਿਹਾ ਹਾਂ ਪਰ ਮੈਂ ਉਸ ਹੱਦ ਤੱਕ ਉਸ ਬਾਰੇ ਇਤਨਾ ਗਲਤ ਨਹੀਂ ਬੋਲਿਆ/ਲਿਖਿਆ ਜਿਤਨੇ ਹੁਣ ਹੋਰ ਲੋਕ ਬੋਲ ਰਹੇ ਹਨ। ਸਾਬਕਾ ਖਾਲਿਸਤਾਨੀ ਸੰਘਾ ਸ਼ੋਅ ਵਾਲਾ ਤਾਂ ਉਸ ਨੂੰ 2 ਟਕੇ ਦਾ ਤੀਰ ਵਾਲਾ ਜੈਲਾ ਦਸਦਾ ਹੈ ਅਤੇ ਭਗਤ ਸਿੰਘ ਨੂੰ ਆਪਣਾ ਨਾਇਕ ਮੰਨਦਾ ਹੈ। ਇਸੇ ਤਰ੍ਹਾਂ ਇੱਕ ਹੋਰ ਵਿਆਕਤੀ ਜੋ ਕਿ ਮੁਹਾਲੀ ਜਾਂ ਇਸ ਦੇ ਆਸ ਪਾਸ ਰਹਿਣ ਵਾਲਾ ਹੈ ਉਹ ਸ਼ੋਸ਼ਲ ਮੀਡੀਏ ਤੇ ਲਿਖਦਾ ਹੈ ਕਿ ਇਸ ਸਾਧ ਦੀਆਂ ਤਾਂ ਬਰਛਾ ਮਾਰ ਕੇ ਆਂਦਰਾਂ ਕੱਢ ਕੇ ਕੁੱਤਿਆਂ ਨੂੰ ਪਾ ਦੇਣੀਆਂ ਚਾਹੀਦੀਆਂ ਸਨ ਤਾਂ ਕਿ ਸਿੱਖੀ ਦਾ ਇਤਨਾ ਘਾਣ ਨਾ ਹੁੰਦਾ। ਇਹ ਆਪਣੇ ਆਪ ਨੂੰ ਕੱਟੜ ਸਿੱਖ ਸਮਝਦਾ ਹੈ ਅਤੇ ਬਾਦਲ ਅਕਾਲੀ ਨਾਲ ਇਸ ਦੀ ਨੇੜਤਾ ਹੈ। ਹੋਰ ਵੀ ਬਹੁਤ ਹਨ ਜੋ ਅਸਲੀਅਤ ਨੂੰ ਸਮਝਦੇ ਹਨ। ਇਨ੍ਹਾਂ ਵਿਚੋਂ ਕਈ ਨਰਮ ਸ਼ਬਦਾਵਲੀ ਵਰਤ ਕੇ ਵਿਰੋਧਤਾ ਕਰਦੇ ਹਨ ਅਤੇ ਕਈ ਸਖਤ ਸ਼ਬਦਾਵਲੀ ਵਰਤ ਕੇ ਕਰਦੇ ਹਨ।

ਜਿਨ੍ਹਾਂ ਨੂੰ ਕਾਮਰੇਡ ਜਾਂ ਨਾਸਤਕ ਕਿਹਾ ਜਾਂਦਾ ਹੈ ਉਨ੍ਹਾਂ ਬਾਰੇ ਵਿਰੋਧੀ ਧਿਰ ਦੇ ਜੋ ਵਿਚਾਰ ਹਨ ਉਹ ਮੇਰੇ ਵਿਚਾਰਾਂ ਨਾਲੋਂ ਵੱਖਰੇ ਹਨ। ਮੈਂ ਉਤਨੇ ਤੰਗ ਨਜ਼ਰੀਏ ਨਾਲ ਉਨ੍ਹਾਂ ਨੂੰ ਨਹੀਂ ਦੇਖਦਾ ਜਿਵੇਂ ਉਹ ਦੇਖਦੇ ਹਨ। ਕਈ ਕਰਮਕਾਂਡੀ ਅਤੇ ਅੰਧਵਿਸ਼ਵਾਸ਼ੀ ਸਿੱਖ, ਨਾਸਤਕ ਅਤੇ ਕਾਮਰੇਡ ਦੇ ਫਤਵੇ ਤਾਂ ਉਨਹਾਂ ਨੂੰ ਵੀ ਦੇ ਦਿੰਦੇ ਹਨ ਜਿਨ੍ਹਾਂ ਦੇ ਵਿਚਾਰ ਗੁਰਮਤਿ ਦੇ ਕਿਸੇ ਵਿਸ਼ੇ ਬਾਰੇ ਵੱਖਰੇ ਹੁੰਦੇ ਹਨ। ਜਿਹੜੀ ਧਿਰ ਕਾਮਰੇਡਾਂ ਨੂੰ ਕੁੱਤੇ ਦੇ ਹੱਡ ਅਤੇ ਪੰਜਾਬ ਵਿਰੋਧੀ ਕਹਿੰਦੀ ਹੈ ਉਹ ਤਾਂ ਇਹ ਵੀ ਕਹਿੰਦੇ ਹਨ ਕਿ ਇਹ ਸਾਰੇ ਬੀੜੀਆਂ ਪੀਣ ਵਾਲੇ ਸ਼ਰਾਬੀ ਕਬਾਬੀ ਹੁੰਦੇ ਹਨ। ਪਰ ਨਿੱਜੀ ਤੌਰ ਤੇ ਹੁਣ ਤੱਕ ਜੋ ਮੈਂ ਦੇਖਿਆ ਹੈ ਉਹ ਤਹਾਡੇ ਨਾਲ ਸਾਂਝਾ ਕਰਦਾ ਹਾਂ। ਮੈਂ ਅੱਧੀ ਸਦੀ ਤੋਂ ਵੀ ਵੱਧ ਤੋਂ ਕਨੇਡਾ ਵਿੱਚ ਰਹਿ ਰਿਹਾ ਹਾਂ। ਮੇਰੇ ਛੋਟੇ ਜਿਹੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਕਈ ਪਰਵਾਰ ਰਹਿੰਦੇ ਸਨ ਜਿਨ੍ਹਾਂ ਨੂੰ ਕਾਮਰੇਡ ਜਾਂ ਨਾਸਤਕ ਕਿਹਾ ਜਾਂਦਾ ਸੀ। ਇਨ੍ਹਾਂ ਵਿਚੋਂ ਕਈ ਮੇਰੇ ਨਾਲ ਲੱਕੜ ਦੀ ਮਿੱਲ ਵਿੱਚ ਕੰਮ ਵੀ ਕਰਦੇ ਸਨ। ਇਨ੍ਹਾਂ ਵਿਚੋਂ ਸਿਰਫ ਇੱਕ ਵਿਆਕਤੀ ਸੀ ਜਿਹੜਾ ਸਿਰਗਟ ਪੀਂਦਾ ਸੀ। ਇਸ ਨਾਲ ਤਾਂ ਕਦੀ ਬਹੁਤੀ ਗੱਲ ਬਾਤ ਨਹੀਂ ਸੀ ਹੋਈ ਪਰ ਇਸ ਦੇ ਭਰਾ ਨੇ ਮੈਨੂੰ ਇੱਕ ਵਾਰੀ ਦੱਸਿਆ ਸੀ ਕਿ ਇਨ੍ਹਾਂ ਦਾ ਡੈਡੀ ਜਾਂ ਸ਼ਾਇਦ ਤਾਇਆ ਦੱਸਿਆ ਸੀ ਕਿ ਬਹੁਤ ਕੱਟੜ ਅਕਾਲੀ ਸੀ। ਉਹ ਤਾਂ ਕਿਸੇ ਮੋਨੇ ਬੰਦੇ ਨੂੰ ਆਪਣੀ ਰਸੋਈ ਵਿੱਚ ਵੀ ਨਹੀਂ ਸੀ ਵੜਨ ਦਿੰਦਾ ਹੁੰਦਾ। ਇਸੇ ਤਰ੍ਹਾਂ ਇੱਕ ਵੀਡੀਓ ਵਿੱਚ ਡਾ: ਭੱਟੀ ਨੇ ਵੀ ਕਿਹਾ ਸੀ ਕਿ ਉਸ ਦਾ ਬਾਪੂ ਕੱਟੜ ਅਕਾਲੀ ਸੀ। ਇਨ੍ਹਾਂ ਕਹੇ ਜਾਂਦੇ ਨਾਸਤਕਾਂ ਵਿਚੋਂ ਇੱਕ ਵਿਆਕਤੀ ਉਹ ਵੀ ਸੀ ਜਿਹੜਾ ਕਿ ਸਿਰਗਟ ਬੀੜੀ ਤਾਂ ਇੱਕ ਪਾਸੇ ਉਸ ਨੇ ਕਦੀ ਸ਼ਰਾਬ ਵੀ ਨਹੀਂ ਸੀ ਪੀਤੀ ਅਤੇ ਉਹ ਰਹਿੰਦਾ ਵੀ ਮੇਰੇ ਲਾਗੇ ਹੀ ਸੀ। ਨਾ ਤਾਂ ਉਹ ਰੱਬ ਵਿੱਚ ਵਿਸ਼ਵਾਸ਼ ਕਰਦਾ ਸੀ ਅਤੇ ਨਾ ਹੀ ਕਦੀ ਗੁਰਦੁਆਰੇ ਜਾਂਦਾ ਸੀ। ਹਾਂ ਕਿਸੇ ਦੀਆਂ ਸਮਾਜਿਕ ਰਸਮਾ ਵਿੱਚ ਸ਼ਾਮਲ ਹੋਣ ਲਈ ਜਰੂਰ ਚਲੇ ਜਾਂਦਾ ਸੀ। ਬਾਕੀ ਦੇ ਤਕਰੀਬਨ ਸਾਰੇ ਸ਼ਰਾਬ ਤਾਂ ਪੀਂਦੇ ਸਨ ਪਰ ਗੁਰਦੁਆਰੇ ਵੀ ਆਮ ਜਾਂਦੇ ਰਹਿੰਦੇ ਸਨ। ਪਰ ਉਹ ਸਿਰਗਟ ਬੀੜੀ ਬਿੱਲਕੁੱਲ ਨਹੀਂ ਸੀ ਪੀਂਦੇ।

ਅੱਜ ਤੋਂ ਪੰਜ ਦਹਾਕੇ ਪਹਿਲਾਂ ਕਨੇਡਾ ਵਿੱਚ ਨਸਲਵਾਦ ਕਾਫੀ ਜੋਰਾਂ ਤੇ ਸੀ। ਉਸ ਵੇਲੇ ਤਕਰੀਬਨ ਹਰ ਇੱਕ ਵਿਆਕਤੀ ਨੇ ਇਸ ਨਸਲਵਾਦ ਦਾ ਸਾਹਮਣਾ ਜਰੂਰ ਕੀਤਾ ਸੀ। ਇਨ੍ਹਾਂ ਕਹੇ ਜਾਂਦੇ ਨਾਸਤਕਾਂ ਵਿਚੋਂ ਹੀ ਇੱਕ ਦਾ ਨਾਮ ਸੀ ਚਰਨਪਾਲ ਗਿੱਲ ਜਿਸ ਦੀ ਕਿ ਹੁਣ ਮੌਤ ਹੋ ਚੁੱਕੀ ਹੈ। ਉਹ ਪੜ੍ਹਿਆ ਲਿਖਿਆ ਬੰਦਾ ਸੀ ਉਸ ਨੇ ਇਸ ਨਸਲਵਾਦ ਵਿਰੁੱਧ ਮੂਹਰੇ ਹੋ ਕੇ ਲੜਾਈ ਲੜੀ ਸੀ। ਇੱਥੇ ਦੇ ਮੇਨ ਸਟਰੀਮ ਅੰਗ੍ਰੇਜ਼ੀ ਮੀਡੀਏ ਵਿੱਚ ਜਾ ਕੇ ਹੋਰਨਾਂ ਨਾਲੋਂ ਸਭ ਤੋਂ ਵੱਧ ਉਸ ਨੂੰ ਬੋਲਦੇ ਨੂੰ ਮੈਂ ਸੁਣਿਆ ਹੈ। ਨਸਲਵਾਦ ਵਿਰੁੱਧ ਕਿਸੇ ਸਟੋਰ ਮੂਹਰੇ ਜਾ ਕੇ ਕੋਈ ਪਰੋਟੈਸਟ ਕਰਨਾ ਹੈ ਤਾਂ ਉਹ ਅਤੇ ਉਸ ਦੇ ਸਾਥੀ ਹੀ ਜਾ ਕੇ ਕਰਦੇ ਸਨ। ਦੁਨੀਆਂ ਦੇ ਤਕਰੀਬਨ ਸਾਰੇ ਹੀ ਦੇਸ਼ਾਂ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਜ਼ਿਆਦਾ ਧਰਮ ਵਿੱਚ ਵਿਸ਼ਵਾਸ਼ ਕਰਦੀਆਂ ਹਨ ਉਹ ਤਕਰੀਬਨ ਸਾਰੀਆਂ ਹੀ ਦੂਸਰੇ ਧਰਮਾਂ ਵਾਲਿਆਂ ਨਾਲ ਨਫਰਤ ਕਰਦੀਆਂ ਹਨ। ਕਨੇਡਾ ਵਿੱਚ ਵੀ ਇਸੇ ਤਰ੍ਹਾਂ ਹੈ। ਸਾਡੇ ਲੋਕਾਂ ਦੇ ਹੱਕ ਵਿੱਚ ਸਭ ਤੋਂ ਵੱਧ ਹਾਂ ਦਾ ਨਾਹਰਾ ਇਨ੍ਹਾਂ ਕਹੇ ਜਾਂਦੇ ਨਾਸਤਕ ਜਾਂ ਘੱਟ ਆਸਤਕ ਵਾਲੀ ਡੈਮੋਕਰੇਟਿਕ ਪਾਰਟੀ ਨੇ ਹੀ ਮਾਰਿਆ ਹੈ ਅਤੇ ਸਿਆਸਤ ਵਿੱਚ ਨੁਮਾਂਇਦਗੀ ਵੀ ਪਹਿਲਾਂ ਇਨਹਾਂ ਨੇ ਹੀ ਦਿੱਤੀ ਹੈ। ਹੁਣ ਭਾਂਵੇਂ ਸਾਡੇ ਲੋਕ ਸਾਰੀਆਂ ਪਾਰਟੀਆਂ ਵਿੱਚ ਹਨ ਪਰ ਪਹਿਲ ਇਨ੍ਹਾਂ ਕਹੇ ਜਾਂਦੇ ਨਾਸਤਕਾਂ ਨੇ ਹੀ ਕੀਤੀ ਸੀ ਅਤੇ ਕਾਨੂੰਨੀ ਹੱਕ ਵੀ ਜ਼ਿਆਦਾ ਇਨਹਾਂ ਦੀ ਸਰਕਾਰ ਸਮੇਂ ਹੀ ਮਿਲੇ ਸਨ। ਪਰ ਨਾਸਤਕਾਂ ਦੀ ਉਦਾਰਵਾਦੀ ਨੀਤੀ ਦਾ ਇੱਕ ਪਹਿਲੂ ਇਹ ਵੀ ਹੈ ਕਿ ਜਦੋਂ ਕੁੱਝ ਜਿਆਦਾ ਹੀ ਉਦਾਰ ਹੋ ਕੇ ਖੁੱਲ ਦੇ ਦਿੱਤੀ ਜਾਵੇ ਤਾਂ ਬਹੁਤ ਸਾਰੇ ਗਲਤ ਲੋਕ ਵੀ ਆ ਜਾਂਦੇ ਹਨ ਜਿਸ ਨਾਲ ਸੰਤੁਲਨ ਵਿਗੜ ਜਾਂਦਾ ਹੈ ਅਤੇ ਫਿਰ ਨਸਲਵਾਦ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ। ਕਨੇਡਾ ਅਮਰੀਕਾ ਵਿੱਚ ਹੁਣ ਇਸੇ ਤਰ੍ਹਾਂ ਹੀ ਹੋ ਕੇ ਹਟਿਆ ਹੈ।

ਇਹ ਗੱਲ ਭਾਂਵੇ ਕੋਈ ਮੰਨੇ ਜਾਂ ਨਾ ਮੰਨੇ ਪਰ ਅਸਲੀਅਤ ਇਹੀ ਹੈ ਕਿ ਕਹੇ ਜਾਂਦੇ ਨਾਸਤਕ ਅਤੇ ਕਾਮਰੇਡ ਲੋਕ ਆਮ ਆਸਤਿਕ ਧਾਰਮਿਕ ਲੋਕਾਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਅਤੇ ਸਿਆਣੇ ਹੁੰਦੇ ਹਨ। ਪੁਰਾਣੀ ਕਾਮਰੇਡੀ ਜਾਂ ਨਕਸਲੀ ਸੋਚ ਛੱਡ ਕੇ ਜਿਹੜਾ ਵਿਆਕਤੀ ਸਮਝੀ ਜਾਂਦੀ ਕੱਟੜਵਾਦੀ ਧਾਰਮਿਕ ਸੋਚ ਨਾਲ ਜੁੜ ਜਾਂਦਾ ਹੈ ਉਹ ਧਾਰਮਿਕ ਲੋਕਾਂ ਲਈ ਸਿਆਣਾ ਅਤੇ ਦੁੱਧ ਧੋਤਾ ਬਣ ਜਾਂਦਾ ਹੈ। ਜਿਵੇਂ ਇੰਡੀਆ ਦੀਆਂ ਸਿਆਸੀ ਪਾਰਟੀਆਂ ਵਿੱਚ ਇੱਕ ਦੂਸਰੇ ਤੇ ਇਲਜ਼ਾਮ ਬਾਜੀ ਕਰਕੇ ਘਟੀਆ ਸਿੱਧ ਕੀਤਾ ਜਾਂਦਾ ਹੈ ਪਰ ਜਦੋਂ ਉਹ ਵਿਆਕਤੀ ਆਪਣੀ ਪਾਰਟੀ ਬਦਲ ਕੇ ਦੂਸਰੀ ਪਾਰਟੀ ਵਿੱਚ ਚਲੇ ਜਾਂਦਾ ਹੈ ਜਿਹੜੇ ਪਹਿਲਾਂ ਉਸ ਤੇ ਇਲਜ਼ਾਮ ਲਾਉਂਦੇ ਸਨ ਤਾਂ ਉਹ ਦੁੱਧ ਧੋਤਾ ਬਣ ਜਾਂਦਾ ਹੈ। ਇਹੀ ਹਾਲ ਸਿੱਖਾਂ ਦੀਆਂ ਉਨ੍ਹਾਂ ਧਿਰਾਂ ਦਾ ਹੈ ਜਿਹੜੇ ਦਿਨ ਰਾਤ ਕਾਮਰੇਡਾਂ ਨੂੰ ਕੋਸਦੇ ਰਹਿੰਦੇ ਹਨ। ਇੱਥੇ ਮੈਂ ਚਾਰ ਅਜਿਹੇ ਵਿਆਕਤੀਆਂ ਦਾ ਜ਼ਿਕਰ ਕਰਾਂਗਾ ਜਿਨ੍ਹਾਂ ਦਾ ਪਿਛੋਕੜ ਕਾਮਰੇਡੀ ਨਕਸਲੀ ਰਿਹਾ ਹੈ। ਇਹ ਹਨ: ਅਜਮੇਰ ਸਿੰਘ ਉਰਫ ਗੋਬਿੰਦਰ ਸਿੰਘ ਮੰਡੀ, ਦਲਬੀਰ ਸਿੰਘ ਪੱਤਰਕਾਰ, ਗੁਰਬਚਨ ਸਿੰਘ ਅਤੇ ਮਲਵਿੰਦਰ ਸਿੰਘ ਮਾਲੀ। ਇਨ੍ਹਾਂ ਵਿਚੋਂ ਦੋਂਹ ਦੀ ਹੁਣ ਮੌਤ ਹੋ ਚੁੱਕੀ ਹੈ ਅਤੇ ਦੋ ਹਾਲੇ ਜਿੰਦਾ ਹਨ। ਇਨ੍ਹਾਂ ਚੌਹਾਂ ਦਾ ਪਿਛੋਕੜ ਕਾਮਰੇਡ ਜਾਂ ਨਕਸਲੀ ਹੈ। ਇਹ ਚਾਰੇ ਹੀ ਭਿੰਡਰਾਂਵਾਲੇ ਸਾਧ ਦੇ ਪੱਕੇ ਚੇਲੇ ਸਨ/ਹਨ। ਮਾਲੀ ਤੋਂ ਬਿਨਾਂ ਬਾਕੀ ਦੇ ਤਿੰਨ ਉਸ ਧਿਰ ਦੇ ਖਾਸ ਵਿਦਵਾਨ ਹਨ ਜਿਹੜੇ ਕਾਮਰੇਡਾਂ ਪ੍ਰਤੀ ਬੜੀ ਭੱਦੀ ਸ਼ਬਦਾਵਲੀ ਵਰਤਦੇ ਹਨ। ਮਾਲੀ ਕਈ ਵਾਰੀ ਥੋੜੀ ਜਿਹੀ ਨਿਰਪੱਖਤਾ ਨਾਲ ਵੀ ਗੱਲ ਕਰ ਦਿੰਦਾ ਹੈ ਅਤੇ ਖਾਸ ਕਰਕੇ ਡਿਬੜੂਗੜ ਵਾਲੇ ਅੰਮ੍ਰਿਤਪਾਲ ਬਾਰੇ ਕੀਤੀ ਸੀ ਤਾਂ ਉਸ ਦੇ ਚੇਲਿਆਂ ਵਲੋਂ ਗਾਲਾਂ ਵੀ ਖਾਣੀਆਂ ਪਈਆਂ ਸਨ। ਉਂਜ ਮਾਲੀ ਆਪ ਵੀ ਖੂਬ ਗਾਲ੍ਹਾਂ ਕੱਢਣ ਦਾ ਸ਼ੌਕੀਨ ਹੈ ਅਤੇ ਬਰਾਬਰ ਦੀਆਂ ਕੱਢੀਆਂ ਵੀ ਸਨ। ਮਾਲੀ ਦਾ ਮੇਰੇ ਮਨ ਵਿੱਚ ਕੁੱਝ ਸਤਿਕਾਰ ਜਰੂਰ ਹੈ ਬਾਕੀ ਦੇ ਤਿੰਨ ਤਾਂ ਨਿਰਾ ਝੂਠ ਬੋਲ ਕੇ ਗੁਮਰਾਹ ਕਰਕੇ ਅੱਗ ਲਉਣ ਵਾਲੇ ਸਨ/ਹਨ।

ਜਦੋਂ ਸ਼ੋਸ਼ਲ ਮੀਡੀਆ ਹਾਲੇ ਹੋਂਦ ਵਿੱਚ ਨਹੀਂ ਸੀ ਆਇਆ ਉਸ ਵੇਲੇ ਅਖਬਾਰਾਂ ਤੋਂ ਬਿਨਾਂ ਕੁੱਝ ਵੈੱਬ ਸਾਈਟਾਂ ਸਨ ਜਿਹੜੀਆਂ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਬਾਰੇ ਅਤੇ ਗੁਰਬਾਣੀ/ਇਤਿਹਾਸ ਬਾਰੇ ਲਿਖਦੀਆ ਸਨ। ਸਿੱਖ ਮਾਰਗ ਵੀ ਉਨ੍ਹਾਂ ਵਿਚੋਂ ਇੱਕ ਸੀ। ਇਨ੍ਹਾਂ ਚਾਰ ਕਾਮਰੇਡ ਪਿਛੋਕੜ ਵਾਲਿਆਂ ਵਿਚੋਂ ਦੋ ਜਣੇ ਐਸੇ ਸਨ ਜਿਹੜੇ ਕਿ ਸਿੱਖ ਮਾਰਗ ਤੇ ਛਪਣ ਲਈ ਆਪਣੀ ਲਿਖਤਾਂ ਭੇਜਦੇ ਸਨ ਪਰ ਮੈਂ ਛਾਪੀਆਂ ਨਹੀਂ ਸਨ। ਕਿਉਂਕਿ ਉਸ ਵੇਲੇ ਮੈਨੂੰ ਇਹ ਸੋਝੀ ਹੋ ਚੁੱਕੀ ਸੀ ਕਿ ਇਨ੍ਹਾਂ ਦੀਆਂ ਲਿਖਤਾਂ ਵਿੱਚ ਜੋ ਕੁੱਝ ਲਿਖਿਆ ਹੋਇਆ ਹੈ ਉਸ ਸਚਾਈ ਘੱਟ ਅਤੇ ਗੁਮਰਾਹ ਕੁਨ ਝੂਠ ਜ਼ਿਆਦਾ ਹੈ। ਦਲਬੀਰ ਸਿੰਘ ਪੱਤਰਕਾਰ ਨੇ ਤਾਂ ਦੋ ਕੁ ਵਾਰੀ ਹੀ ਲੇਖ ਭੇਜੇ ਸਨ ਜਿਨ੍ਹਾਂ ਵਿੱਚ ਉਹੀ ਝੂਠ ਲਿਖਿਆ ਹੋਇਆ ਸੀ ਜਿਹੜਾ ਕਿ ਜਨਰਲ ਬਰਾੜ ਦੇ ਨਾਮ ਤੇ ਜਾਹਲੀ ਕਿਤਾਬ ਵਿੱਚ ਸੀ। ਅਜਮੇਰ ਸਿੰਘ ਜਾਂ ਇਸ ਦੇ ਨੇੜਲੇ ਕਿਸੇ ਬੰਦੇ ਨੇ ਕਈ ਵਾਰੀ ਪਾਠਕਾਂ ਦੇ ਆਪਣੇ ਪੰਨੇ ਤੇ ਜਿੱਥੇ ਕੇ ਆਪ ਹੀ ਪੋਸਟ ਕੀਤਾ ਜਾ ਸਕਦਾ ਸੀ ਪਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਡਿਲੀਟ ਕਰਕੇ ਇਨ੍ਹਾਂ ਨੂੰ ਬਲੌਕ ਕਰ ਦਿੰਦਾ ਸੀ। ਕਨੇਡਾ ਵਿੱਚ ਹੀ ਰਹਿਣ ਵਾਲਾ ਇੱਕ ਸਿਆਣਾ ਪੁਰਸ਼ ਜਿਸ ਦਾ ਨਾਮ ਹਜ਼ਾਰਾ ਸਿੰਘ ਹੈ ਉਹ ਵੀ ਨਿਰਪੱਖਤਾ ਨਾਲ ਸਚਾਈ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਉਸ ਦਾ ਪਿਛੋਕੜ ਵੀ ਕੋਈ ਕਾਮਰੇਡ ਹੈ ਜਾਂ ਨਹੀਂ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਪਰ ਨਵੰਬਰ 22, 2025 ਨੂੰ ਉਸ ਦਾ ਜੋ ਲੇਖ ਪੰਜਾਬ ਟਾਈਮਜ਼ ਵਿੱਚ ਛਪਿਆ ਹੈ ਉਹ ਉਸ ਦੀ ਸੋਚਣੀ ਤੋਂ ਕੁੱਝ ਊਣਾ ਲਗਦਾ ਹੈ। ਜਿਸ ਵਿੱਚ ਉਸ ਨੇ ਪੱਤਰਕਾਰ ਦਲਬੀਰ ਸਿੰਘ ਨੂੰ ਠੀਕ ਅਤੇ ਅਜਮੇਰ ਸਿੰਘ ਨੂੰ ਗਲਤ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਬੰਦੇ ਨੂੰ ਭਿੰਡਰਾਂਵਾਲੇ ਸਾਧ ਦੇ ਲਾਗੇ ਰਹਿ ਕੇ ਸਮਝ ਨਹੀਂ ਆਈ ਉਹ ਕਿਤਨਾ ਕੁ ਸਿਆਣਾ ਹੋ ਸਕਦਾ ਹੈ? ਦੋ ਕੁ ਦਿਨ ਪਹਿਲਾਂ ਇੱਕ ਵੀਡੀਓ ਹੋਰ ਸਾਹਮਣੇ ਆਈ ਹੈ ਜਿਸ ਵਿੱਚ ਅਜਮੇਰ ਸਿੰਘ ਨੂੰ ਇੱਕ ਸਵਾਲ ਪੁੱਛਿਆ ਗਿਆ ਹੈ। ਉਸ ਦਾ ਜਵਾਬ ਅਜਮੇਰ ਸਿੰਘ ਨੇ ਦਿੱਤਾ ਹੈ ਜਾਂ ਨਹੀਂ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਸਵਾਲ ਇਹ ਹੈ ਕਿ ਇੱਕ ਬੰਦਾ ਪੱਤਰਕਾਰ ਬਣ ਕੇ ਅਤੇ ਦਾੜੀ ਕੇਸ ਰੱਖ ਕੇ ਪਹਿਲਾਂ ਜਸਵੰਤ ਸਿੰਘ ਖਾਲੜਾ ਦੇ ਨਾਲ ਰਿਹਾ ਸੀ ਅਤੇ ਉਸ ਦੀ ਗਰਿਫਤਾਰੀ ਵੇਲੇ ਵੀ ਉਸ ਦੇ ਘਰ ਵਿੱਚ ਮੌਜੂਦ ਸੀ ਅਤੇ ਉਹੀ ਬੰਦਾ ਹੁਣ ਅਜਮੇਰ ਸਿੰਘ ਦੇ ਬਹੁਤ ਨਜ਼ਦੀਕ ਹੈ। ਇਸ ਵਿੱਚ ਕੀ ਰਾਜ ਹੋ ਸਕਦਾ ਹੈ?

ਇਸੇ ਸਾਲ ਭਾਵ ਕਿ 2025 ਨੂੰ ਗਰਮੀਆਂ ਦੇ ਮੌਸਮ ਵਿੱਚ ਪੱਤਰਕਾਰ ਜਗਤਾਰ ਸਿੰਘ ਕਨੇਡਾ ਦੇ ਵਿੱਚ ਆਇਆ ਸੀ ਅਤੇ ਇੱਥੇ ਆ ਕੇ ਉਸ ਨੇ ਜੋ ਕੁੱਝ ਵੀ ਵੱਖ-ਵੱਖ ਥਾਵਾਂ ਤੇ ਬੋਲਿਆ ਸੀ ਉਸ ਦੇ ਅਧਾਰ ਤੇ ਹਜ਼ਾਰਾ ਸਿੰਘ ਦਾ ਇੱਕ ਲੇਖ 29 ਨਵੰਬਰ 2025 ਦੇ ਪੰਜਾਬ ਟਾਈਮਜ਼ ਦੇ ਅੰਕ ਵਿੱਚ ਛਪਿਆ ਹੈ। ਉਸ ਲੇਖ ਵਿੱਚ ਕਈ ਗੱਲਾਂ ਐਸੀਆਂ ਹਨ ਜਿਹੜੀਆਂ ਕਿ ਸਿੱਖਾਂ ਨੂੰ 40 ਸਾਲਾਂ ਬਾਅਦ ਸਮਝ ਆਉਣੀਆਂ ਸ਼ੁਰੂ ਹੋਈਆਂ ਹਨ ਜਿਨ੍ਹਾਂ ਬਾਰੇ ਕਹੇ ਜਾਂਦੇ ਕਾਮਰੇਡ ਅਤੇ ਹੋਰ ਕਈ ਸੱਚ ਬੋਲਣ ਵਾਲੇ ਲੋਕ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਨ। ਜਿਨ੍ਹਾਂ ਨੂੰ ਇਹ ਸਾਧ ਦੇ ਚੇਲੇ ਪੰਜਾਬ ਅਤੇ ਧਰਮ ਦੀ ਵਿਰੋਧਤਾ ਦੱਸਦੇ ਆ ਰਹੇ ਹਨ। ਇਹ ਜਗਤਾਰ ਸਿੰਘ ਉਹੀ ਪੱਤਰਕਾਰ ਹੈ ਜਿਹੜਾ ਕਿ ਤੱਗੜ ਨਾਲ ਇੰਟਰਵਿਊ ਕਰਦੇ ਸਮੇ ਲਾਲ ਪੀਲਾ ਹੋ ਗਿਆ ਸੀ ਜਦੋਂ ਉਸ ਨੇ ਅਟਵਾਲ ਦੇ ਕਤਲ ਬਾਰੇ ਅਤੇ 5000 ਹਿੰਦੂ ਵੱਢਣ ਦੀ ਗੱਲ ਬਾਰੇ ਪੁੱਛਿਆ ਸੀ। ਹੁਣ ਇਹ ਕੁੱਝ ਕੁ ਸਚਾਈ ਆਪ ਹੀ ਦੱਸ ਗਿਆ ਹੈ। ਹੇਠਾਂ ਮੈਂ ਇੱਕ ਪੈਰਾ ਹਜ਼ਾਰਾ ਸਿੰਘ ਦੇ ਲੇਖ ਵਿਚੋਂ ਪਾ ਰਿਹਾ ਹਾਂ ਜਿਹੜਾ ਕਿ ਜਗਤਾਰ ਸਿੰਘ ਦਾ ਕਿਹਾ ਹੋਇਆ ਹੈ।

ਇਸ ਦੌਰਾਨ 5 ਅਕਤੂਬਰ, 1983 ਦੀ ਰਾਤ ਨੂੰ ਢਿੱਲਵਾਂ ਲਾਗੇ ਬੱਸ ਵਿਚੋਂ ਉਤਾਰ ਕੇ 6 ਹਿੰਦੂ ਮੁਸਾਫਿਰ ਮਾਰ ਦੇਣ ਦੀ ਦਿਲ ਕੰਬਾਊ ਘਟਨਾ ਵਾਪਰ ਗਈ। ਇਸ ਘਟਨਾ ਨੇ ਦੇਸ਼ ਅਤੇ ਪੰਜਾਬ ਹਿਲਾ ਕੇ ਰੱਖ ਦਿੱਤੇ। ਰਾਜਨੀਤੀ ਵਿੱਚ ਭੂਚਾਲ ਆ ਗਿਆ। ਪੰਜਾਬ ਵਿੱਚ ਸ: ਦਰਬਾਰਾ ਸਿੰਘ ਦੀ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਹਿੰਸਾ ਦੀ ਸਭ ਪਾਸਿਓਂ ਜੋ ਨਿਖੇਧੀ ਹੋਣੀ ਸੀ, ਉਹ ਹੋਈ। ਕਿਉਂਕਿ ਹਿੰਦੂਆਂ ਨੂੰ ਚੁਣ ਕੇ ਮਾਰਨ ਦੀ ਇਹ ਘਟਨਾ ਬਿਲਕੁਲ ਨਿਵੇਕਲੀ ਸੀ ਇਸ ਲਈ ਇਸਦੇ ਅਰਥ ਵੀ ਬੜੇ ਹੀ ਡੂੰਘੇ ਸਨ। ਸਿਆਣੇ ਲੋਕ ਇਸ ਨੂੰ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਪੱਕੀ ਲਕੀਰ ਖਿੱਚਣ ਦੀ ਕੋਸ਼ਿਸ਼ ਵਜੋਂ ਵੇਖਦੇ ਸਨ। ਪਰ ਸਿੱਖਾਂ ਦਾ ਦੇਸ਼ ਵਿਦੇਸ਼ ਵਿੱਚ ਵਸਦਾ ਬਹੁਤ ਵੱਡਾ ਹਿੱਸਾ ਇਸਨੂੰ ਅੱਜ ਤੱਕ ਸੰਤਾਂ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਏਜੰਸੀਆਂ ਦਾ ਕੀਤਾ ਕਾਰਾ ਹੀ ਸਮਝਦਾ ਆ ਰਿਹਾ ਹੈ। ਐਡੀ ਵੱਡੀ ਘਟਨਾ ਬਾਰੇ ਗੱਲ ਕਰਦਿਆਂ ਜਦ ਸ: ਜਗਤਾਰ ਸਿੰਘ ਨੇ ਬਰੈਂਪਟਨ ਵਿਖੇ ਲੋਕਾਂ ਸਾਹਮਣੇ ਬੋਲਦਿਆਂ ਕਿਹਾ ਕਿ ਕਈ ਘਟਨਾਵਾਂ, ਜਿਨ੍ਹਾਂ ਨੂੰ ਅਸੀ ਏਜੰਸੀਆਂ ਸਿਰ ਲਾਉਂਦੇ ਰਹੇ, ਉਹ ਠੀਕ ਨਹੀਂ ਸੀ। ਜਿਵੇ ਢਿੱਲਵਾਂ ਬੱਸ ਕਾਂਡ ਜਿਸ ਨੂੰ ਅਸੀਂ ਏਜੰਸੀਆਂ ਵੱਲੋਂ ਕੀਤਾ ਕਾਰਾ ਕਹਿੰਦੇ ਰਹੇ ਉਸਦੀ ਪੜਤਾਲ ਕੀਤਿਆਂ ਪਤਾ ਲੱਗਾ ਕਿ ਇਸ ਵਿੱਚ ਦਰਬਾਰ ਸਾਹਿਬ ਤੋਂ ਗਏ ਖਾੜਕੂ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਇਸਦੀ ਪੜਤਾਲ ਕਰਦਿਆਂ ਮੈਂ ਇਸ ਕਾਂਡ ਵਿੱਚ ਸ਼ਾਮਿਲ ਵਿਅਕਤੀ ਨਾਲ ਦੋ ਵਾਰ ਮੁਲਕਾਤ ਕੀਤੀ। ਸਭਾ ਵਿੱਚ ਬੈਠੇ ਸਭ ਲੋਕਾਂ ਨੇ ਇਹ ਵੱਡੀ ਗੱਲ ਉਸੇ ਹੀ ਸਹਿਜ ਨਾਲ ਸੁਣੀ ਜਿਸ ਸਹਿਜ ਨਾਲ ਸ: ਜਗਤਾਰ ਸਿੰਘ ਨੇ ਕਹੀ। ਪਹਿਲਾਂ ਐਸੀਆਂ ਗੱਲਾਂ ਕਰਨ ਵਾਲਿਆਂ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।

ਉਪਰਲਾ ਵਾਲਾ ਪੈਰਾ ਹਜ਼ਾਰਾ ਸਿੰਘ ਦੇ ਲੇਖ ਵਿਚੋਂ ਹੈ। ਇਹ ਗੱਲਾਂ ਸੁੱਖਵਿੰਦਰ ਦਿਆਲ ਸਿੰਘ ਉਰਫ ਕਾਕਾ ਅਤੇ ਅਸੰਤ ਕੁੱਲਜਿੰਦਰ ਸਿੰਘ ਢਿੱਲੋਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਨ। ਹੋਰ ਵੀ ਬਹੁਤ ਸਾਰੇ ਲੋਕਾਂ ਨੇ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਅੰਨੀ ਸ਼ਰਧਾ ਵਾਲੀ ਸਾਧਾਂ ਦੇ ਚੇਲਿਆਂ ਦੀ ਖੋਪੜੀ ਵਿੱਚ ਕਿੱਥੋਂ ਪੈਣੀਆਂ ਸਨ? ਇਸੇ ਤਰ੍ਹਾਂ ਜੂਨ 23, 1985 ਨੂੰ ਏਅਰ ਇੰਡੀਆ ਦੇ ਕਾਂਡ ਬਾਰੇ ਹੁਣ ਤੱਕ ਝੂਠ ਬੋਲਦੇ ਆ ਰਹੇ ਹਨ। ਪਰ ਜਗਤਾਰ ਸਿੰਘ ਦੇ ਕਹਿਣ ਮੁਤਾਬਕ ਹੁਣ ਤਾਂ ਇਹ ਸਕੂਲਾਂ ਦੀਆਂ ਕਿਤਾਬਾਂ ਵਿੱਚ ਵੀ ਦਰਜ ਕਰ ਦਿੱਤਾ ਹੈ ਕਿ ਇਹ ਕਾਰਾ ਸਿੱਖਾਂ ਨੇ ਕੀਤਾ ਸੀ। ਇਸ ਬਾਰੇ ਜੋ ਅਸਲੀਅਤ ਹੁਣ ਤੱਕ ਸਾਹਮਣੇ ਆਈ ਹੈ ਉਹ ਤੁਸੀਂ ਮੇਰੇ ਇਸੇ ਸਾਲ 2025 ਦੇ ਜੂਨ 22 ਦੇ ਲਿਖੇ ਲੇਖ ਵਿੱਚ ਪੜ ਸਕਦੇ ਹੋ ਜਿਸ ਦਾ ਸਿਰਲੇਖ ਹੈ, ਮੁੱਲਿਆਂ ਦੇ ਯਾਰਾਂ ਦੇ ਕਿਰਦਾਰ।

ਗੁਰਚਰਨ ਸਿੰਘ ਟੌਹੜਾ ਲੰਮਾ ਸਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰਧਾਨ ਰਿਹਾ ਹੈ। ਕਈ ਸਿੱਖ ਉਸ ਨੂੰ ਕਾਮਰੇਡੀ ਵਿਚਾਰਧਾਰਾ ਵਾਲਾ ਕਹਿੰਦੇ ਸਨ ਅਤੇ ਕਈ ਤਾਂ ਸਿੱਧਾ ਹੀ ਕਾਮਰੇਡ ਕਹਿੰਦੇ ਸਨ। ਕਿਉਂਕਿ ਕਾਮਰੇਡ ਹਰਿਕ੍ਰਿਸ਼ਨ ਸਿੰਘ ਸੁਰਜੀਤ ਵਾਲਿਆਂ ਨਾਲ ਟੌਹੜਾ ਦੀ ਪੱਕੀ ਯਾਰੀ ਸੀ। ਕਹਿੰਦੇ ਹਨ ਕਿ ਟੌਹੜਾ ਸਿਆਸੀ ਸੇਧ ਸਾਰੀ ਉਸ ਤੋਂ ਹੀ ਲੈਂਦਾ ਸੀ। ਜੋ ਕੁੱਝ ਵੀ ਸੀ ਫਿਰ ਵੀ ਟੌਹੜਾ ਹੋਰਨਾ ਨਾਲੋਂ ਇਮਾਨਦਾਰ ਗਿਣਿਆਂ ਜਾਂਦਾ ਸੀ।

ਸੰਨ 1984 ਦੇ ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਅਖਬਾਰਾਂ ਵਿੱਚ ਇੱਕ ਮੁਹਾਵਰਾ ਆਮ ਹੀ ਛਪਦਾ ਹੁੰਦਾ ਸੀ। “ਹਿੰਦੂ ਸਿੱਖ ਭਾਈ ਭਾਈ” ਅਤੇ ਇਸ ਦੇ ਜਵਾਬ ਵਿੱਚ ਹੁੰਦਾ ਸੀ, “ਪਤਾ ਲੱਗੂ ਜਦੋਂ ਫੌਜ ਹਟਾਈ”। ਬਸ ਫਿਰ ਕੀ ਸੀ ਇਸ ਤੇ ਅਮਲ ਹੋਣਾ ਸ਼ੁਰੂ ਹੋ ਗਿਆ। ਹਿੰਦੂਆਂ ਪ੍ਰਤੀ ਨਫਰਤੀ ਜ਼ਿਹਰ ਤਾਂ ਭਿੰਡਰਾਂਵਾਲਾ ਪਹਿਲਾਂ ਹੀ ਬਥੇਰੀ ਭਰ ਗਿਆ ਸੀ ਅਤੇ ਉਸ ਦੇ ਸਮੇਂ ਹੀ ਇਸ ਤੇ ਅਮਲ ਹੋਣਾ ਸ਼ੁਰੂ ਹੋ ਗਿਆ ਸੀ ਫਿਰ ਤਾਂ ਹੋਰ ਵੀ ਜ਼ਿਆਦਾ ਕਤਲਾਂ ਲਈ ਬਹਾਨਾ ਮਿਲ ਗਿਆ ਸੀ। ਆਮ ਲੋਕਾਂ ਦੇ ਕੰਮ ਆਉਣਵਾਲੇ ਕਈ ਭਲੇ ਪੁਰਸ਼ ਵੀ ਇਸ ਨਫਰਤੀ ਲਹਿਰ ਦੀ ਭੇਟ ਚੜ ਗਏ। ਇਨ੍ਹਾਂ ਵਿਚੋਂ ਸ਼ਾਇਦ ਇੱਕ ਕਾਮਰੇਡ ਦਰਸ਼ਨ ਸਿੰਘ ਕਨੇਡੀਅਨ ਵੀ ਸੀ ਜਿਸ ਨੂੰ ਸਿਰਫ ਕਾਮਰੇਡ ਕਰਕੇ ਹੀ ਮਾਰਿਆ ਗਿਆ ਸੀ। ਫਿਰੌਤੀਆਂ, ਲੁੱਟਾਂ ਖੋਹਾਂ ਅਤੇ ਬਲਾਤਕਾਰ ਇਹ ਆਮ ਹੀ ਵਰਤਾਰਾ ਸੀ। ਸੁਹਿਰਦ ਲੋਕ ਸ਼ਾਇਦ ਬਹੁਤ ਹੀ ਘੱਟ ਹੋਣ ਜਿਹੜੇ ਕਿ ਸਿਰਫ ਧਰਮ ਦੇ ਨਾਮ ਤੇ ਗੁਮਰਾਹ ਹੋਏ ਸਨ ਪਰ ਦਿਲੋਂ ਸਾਫ ਸਨ। ਇਨ੍ਹਾਂ ਵਿੱਚ ਧਾਰਮਿਕ ਫੌਜੀ ਵੀ ਆਉਂਦੇ ਹਨ ਜਿਹੜੇ ਕਿ ਜਜਬਾਤੀ ਹੋ ਕੇ ਗੁਮਰਾਹ ਹੋਏ ਸਨ। ਹੋਰ ਵੀ ਬਹੁਤ ਸਾਰੇ ਸਿੱਖ ਹੋਣਗੇ ਜਿਹੜੇ ਗੁਮਰਾਹ ਹੋਏ ਹੋਣਗੇ। ਅਸੀਂ ਵੀ ਕੁੱਝ ਸਮਾਂ ਗੁਮਰਾਹ ਹੋਏ ਸੀ ਪਰ ਛੇਤੀਂ ਹੀ ਅਸਲੀਅਤ ਦੀ ਸਮਝ ਆ ਗਈ ਸੀ। ਇਤਨਾ ਕੁੱਝ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਜਿਹੜੇ ਜਜਬਾਤਾਂ ਅਤੇ ਅਣਖਾਂ ਦੇ ਨਾਮ ਤੇ ਹਰ ਵੇਲੇ ਅੱਗ ਲਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਉਨ੍ਹਾਂ ਨੂੰ ਤਾਂ ਕੋਈ ਸਮਝਾ ਨਹੀਂ ਸਕਦਾ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪੰਜਾਬ ਦਾ ਦਰਦ ਹੈ। ਪਰ ਸਾਬਤ ਉਹ ਇਹ ਕਰਦੇ ਹਨ ਕਿ ਸਿਰਫ ਅਸੀਂ ਹੀ ਪੰਜਾਬ ਦੇ ਅਤੇ ਧਰਮ ਦੇ ਹਿਤੈਸ਼ੀ ਹਾਂ। ਕਾਮਰੇਡ ਤਾਂ ਨਿਰੇ ਕੁੱਤੇ ਦੇ ਹੱਡ ਹਨ ਅਤੇ ਪੰਜਾਬ ਦੇ ਵਿਰੋਧੀ ਹਨ। ਕੀ ਵਾਕਿਆ ਹੀ ਪੰਜਾਬ ਦੇ ਕਾਮਰੇਡ ਇਸ ਤਰ੍ਹਾਂ ਦੇ ਹਨ? ਇਸ ਬਾਰੇ ਤਾਂ ਮੈਂ ਕੁੱਝ ਨਹੀਂ ਕਹਿ ਸਕਦਾ ਪਰ ਜੋ ਦੇਖਿਆ ਅਤੇ ਸੁਣਿਆ ਹੈ ਉਸ ਬਾਰੇ ਇਸ ਲੇਖ ਵਿੱਚ ਮੈਂ ਦੱਸ ਹੀ ਦਿੱਤਾ ਹੈ। ਜਿਨ੍ਹਾਂ ਕਾਮਰੇਡਾਂ ਬਾਰੇ ਇਹ ਇਤਨੀ ਨਫਰਤ ਚੁੱਕੀ ਫਿਰਦੇ ਹਨ ਹੋ ਸਕਦਾ ਹੈ ਕਿ ਉਹ ਇਤਨੇ ਗਲਤ ਬਿੱਲਕੁੱਲ ਨਾ ਹੋਵਣ। ਇਸ ਦੀ ਅਸਲੀਅਤ ਨੂੰ ਜਾਨਣ ਲਈ ਜੇ ਕਰ ਤੁਸੀਂ ਸਾਬਕਾ ਖਾਲਿਸਤਾਨੀ ਦਾ ਸੰਘਾ ਸ਼ੋਅ ਸੁਣੋਂਗੇ ਤਾਂ ਕਾਫੀ ਸਮਝ ਆ ਸਕਦੀ ਹੈ। ਜਿਤਨੇ ਹੁਣ ਤੱਕ ਮੈ ਸੁਣੇ ਹਨ ਉਨ੍ਹਾਂ ਵਿੱਚ ਤਕਰੀਬਨ ਹਰ ਇੱਕ ਸ਼ੋਅ ਵਿੱਚ ਕਿਸੇ ਨਾ ਕਿਸੇ ਪੰਜਾਬ ਦੇ ਪਿੰਡ ਦਾ ਕੋਈ ਵਿਆਕਤੀ ਆ ਕੇ ਦੱਸਦਾ ਹੈ ਕਿ ਇਹ ਕਹੇ ਜਾਂਦੇ ਕਥਿਤ ਖਾੜਕੂ ਕਿਵੇਂ ਫਿਰੌਤੀਆਂ ਲੈਂਦੇ ਸਨ ਅਤੇ ਕੁਆਰੀਆਂ ਕੁੜੀਆਂ ਦਾ ਰੇਪ ਕਰਦੇ ਸਨ। ਕਈਆਂ ਦੇ ਰੇਪ ਕਰਨ ਤੋਂ ਬਾਅਦ ਮਾਰ ਕੇ ਸੁੱਟ ਦਿੰਦੇ ਸਨ। ਕਈਆਂ ਤੋਂ ਫਿਰੌਤੀਆਂ ਲੈ ਕੇ ਫਿਰ ਵੀ ਮਾਰ ਦਿੰਦੇ ਸਨ। ਜੇ ਕਰ ਕੋਈ ਇਨ੍ਹਾਂ ਘਟਨਾਵਾ ਨੂੰ ਗਲਤ ਸਮਝਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਇਆ ਤਾਂ ਉਸ ਨੂੰ ਉਥੇ ਜਾ ਕੇ ਹੀ ਆਪਣਾ ਪੱਖ ਰੱਖਣਾ ਚਾਹੀਦਾ ਹੈ। ਪਰ ਉਹ ਬਾਰ-ਬਾਰ ਸੱਦਦਾ ਹੈ ਪਰ ਜਾਂਦੇ ਬਹੁਤ ਘੱਟ ਹਨ। ਜਿਹੜੇ ਜਾਂਦੇ ਵੀ ਹਨ ਉਨ੍ਹਾਂ ਵਿਚੋਂ ਵੀ ਦਲੀਲ ਨਾਲ ਗੱਲ ਘੱਟ ਹੀ ਕਰਦੇ ਹਨ ਬਹੁਤੇ ਗਾਲੀ ਗਲੋਚ ਤੇ ਉਤਰ ਆਉਂਦੇ ਹਨ। ਹੋ ਸਕਦਾ ਹੈ ਕਿ ਜੋ ਲੋਕ ਆ ਕੇ ਦੱਸਦੇ ਹਨ ਕਿ ਕਿਵੇਂ ਫਿਰੌਤੀਆਂ ਲਈਆਂ ਜਾਂਦੀਆਂ ਸਨ ਅਤੇ ਰੇਪ ਕੀਤੇ ਜਾਂਦੇ ਸਨ ਜੇ ਕਰ ਇਹ ਗੱਲ ਠੀਕ ਹੋਵੇ ਫਿਰ ਤਾਂ ਜੇ ਕਰ ਕਾਮਰੇਡ ਇਨ੍ਹਾਂ ਦਾ ਵਿਰੋਧ ਕਰਦੇ ਸਨ ਅਤੇ ਮੁਕਾਬਲੇ ਵੀ ਕਰਦੇ ਸਨ ਤਾਂ ਉਹ ਕੁੱਤੇ ਹੱਡ ਕਿਵੇਂ ਹੋਏ। ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ। ਮੈਂ ਨਾ ਤਾਂ ਸਿੱਖ ਹਾਂ ਅਤੇ ਨਾ ਹੀ ਕਾਮਰੇਡ। ਨਾ ਤਾਂ ਮੇਰਾ ਨਾਇਕ ਭਗਤ ਸਿੰਘ ਹੈ ਅਤੇ ਨਾ ਹੀ ਕੋਈ ਸਾਧ। ਇਸ ਲਈ ਜੋ ਸੱਚ ਲੱਗਾ ਤੁਹਾਡੇ ਸਾਹਮਣੇ ਰੱਖ ਦਿੱਤਾ। ਤੁਹਾਨੂੰ ਚੰਗਾ ਲੱਗਾ ਜਾਂ ਨਹੀਂ ਲੱਗਾ, ਕੋਈ ਗੱਲ ਨਹੀਂ। ਧੰਨਵਾਦ!

ਮੱਖਣ ਪੁਰੇਵਾਲ,

ਨਵੰਬਰ 30, 2025.







.