.
ਕਨੇਡਾ ਵਿੱਚ ਨਿੱਤ ਹੁੰਦੀ ਠੂ-ਠਾਹ ਅਤੇ ਫਿਰੌਤੀਆਂ ਦਾ ਮਾਮਲਾ
ਅੱਜ ਸਾਲ 2025 ਦੇ ਨਵੰਬਰ ਮਹੀਨੇ ਦੀ 21 ਤਾਰੀਕ ਹੈ। ਪਿਛਲੇ ਦੋ ਦਿਨ ਤੋਂ ਕਿਤੇ ਗੋਲੀ ਚੱਲਣ ਦੀ ਘਟਨਾ ਦੀ ਖਬਰ ਨਹੀਂ ਆਈ ਨਹੀਂ ਤਾਂ ਹਰ ਰੋਜ ਹੀ ਜਾਂ ਦੂਜੇ ਦਿਨ ਕਿਤੇ ਨਾ ਕਿਤੇ ਗੋਲੀ ਚੱਲਣ ਦੀ ਖਬਰ ਆਉਂਦੀ ਰਹਿੰਦੀ ਸੀ। ਸਰੀ ਸ਼ਹਿਰ ਦੇ ਲਾਗੇ, ਐਬਟਸਫੋਰਡ ਵਿੱਚ ਇੱਕ ਵਿਆਕਤੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਸਾਰੀ ਘਟਨਾ ਕੈਮਰੇ ਵਿੱਚ ਰੀਕਾਡ ਹੋਈ ਕਈ ਵਾਰੀ ਮੇਨ ਸਟਰੀਮ ਮੀਡੀਏ ਵਿੱਚ ਦਿਖਾਈ ਗਈ ਸੀ। ਇਸ ਕਤਲ ਬਾਰੇ ਹਾਲੇ ਤੱਕ ਕਿਸੇ ਦੇ ਗ੍ਰਿਫਤਾਰ ਹੋਣ ਦੀ ਖਬਰ ਨਹੀਂ ਮਿਲੀ। ਕਤਲ ਹੋਣ ਵਾਲੇ ਦੇ ਪਰਵਾਰ ਦੇ ਮੈਂਬਰ ਖਾਸ ਕਰਕੇ ਉਸ ਦੇ ਲੜਕੇ ਵਲੋਂ, ਇਸ ਕਤਲ ਦਾ ਸੰਬੰਧ ਕਿਸੇ ਫਿਰੌਤੀ ਨਾਲ ਜੁੜੇ ਹੋਣ ਤੋਂ ਇਨਕਾਰ ਕੀਤਾ ਗਿਆ ਹੈ। ਫਿਰ ਇਸ ਦੇ ਪਿੱਛੇ ਹੋਰ ਕਾਰਨ ਕੀ ਹੋ ਸਕਦਾ ਹੈ? ਇਸ ਬਾਰੇ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਕਿਸੇ ਅਪਰਾਧੀ ਨੂੰ ਕੋਰਟ ਵਿਚੋਂ ਸਜਾ ਮਿਲੇਗੀ। ਇਸੇ ਤਰ੍ਹਾਂ ਸਰੀ ਸ਼ਹਿਰ ਵਿੱਚ ਕਿਸੇ ਦੇ ਨੱਕ ਕੋਲ ਗੋਲੀ ਲੱਗਣ ਦਾ ਜ਼ਿਕਰ ਹੈ ਜੋ ਕਿ ਹਾਲੇ ਤੱਕ ਕੱਢੀ ਨਹੀਂ ਗਈ। ਪਹਿਲਾਂ ਤਾਂ ਇਹ ਖਬਰ ਆਈ ਸੀ ਕਿ ਗੋਲੀ ਸ਼ੀਸ਼ੇ ਵਿੱਚ ਲੱਗ ਕੇ ਸ਼ੀਸ਼ੇ ਦਾ ਕੱਚ ਨਾਲ ਜਖਮ ਹੋਇਆ ਹੈ। ਪਰ ਜਿਸ ਵਿਆਕਤੀ ਤੇ ਇਹ ਗੋਲੀ ਲੱਗੀ ਹੈ ਉਸ ਨੇ ਖੁਦ ਮੀਡੀਏ ਵਿੱਚ ਆ ਕੇ ਇਸ ਗੋਲੀ ਦਾ ਜ਼ਿਕਰ ਕੀਤਾ ਸੀ।
ਹੁਣ ਤੱਕ ਘਰਾਂ ਤੇ ਗੋਲੀਆਂ ਚੱਲਣ ਦੀ ਵਾਰਦਾਤ ਸਿਰਫ ਚੰਗੇ ਕਾਰੋਬਾਰੀ ਵਾਲੇ ਲੋਕਾਂ ਦੇ ਘਰਾਂ ਤੇ ਹੀ ਹੋਈ ਹੈ ਅਤੇ ਕਈ ਵਕੀਲਾਂ ਨੂੰ ਵੀ ਧਮਕੀਆਂ ਆਉਣ ਦੀ ਖਬਰ ਹੈ। ਪਰ ਹਾਲੇ ਤੱਕ ਆਮ ਵਿਆਕਤੀ ਇਸ ਤੋਂ ਸੁਰੱਖਿਅਤ ਲਗਦੇ ਹਨ। ਸਿੱਖਾਂ ਦੇ ਲੀਡਰ ਅਤੇ ਖਾਸ ਕਰਕੇ ਖਾਲਿਸਤਾਨੀ ਇਸ ਸਾਰੇ ਘਟਨਾਕਰਮ ਪਿੱਛੇ ਇੰਡੀਆ ਦੀ ਗੌਰਮਿੰਟ ਦਾ ਹੱਥ ਦੱਸਦੇ ਹਨ। ਇਸ ਬਾਰੇ ਚਰਚਾ ਲਈ ਕਈ ਇਕੱਠ ਹੋ ਚੁੱਕੇ ਹਨ। ਇੱਕ ਇਕੱਠ ਕਨੇਡਾ ਦੇ ਮੇਨ ਸਟਰੀਮ ਮੀਡੀਏ ਵਲੋਂ ਵੀ ਕੀਤਾ ਗਿਆ ਸੀ। ਕਨੇਡਾ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਅਤੇ ਖਾਸ ਕਰਕੇ ਸਿੱਖਾਂ ਨਾਲ ਸੰਬੰਧਿਤ ਮੈਂਬਰ ਆਫ ਪਾਰਲੀਮਿੰਟ ਹਨ ਉਨ੍ਹਾਂ ਨੂੰ ਵੀ ਕਈ ਕੁੱਝ ਬੋਲਿਆ ਜਾ ਰਿਹਾ ਹੈ। ਇਨ੍ਹਾਂ ਦੀਆਂ ਲਿਸਟਾਂ ਬਣਾ ਕੇ ਵੀ ਸ਼ੋਸ਼ਲ ਮੀਡੀਏ ਤੇ ਪਾਈਆਂ ਜਾ ਰਹੀਆਂ ਹਨ ਜਿਸ ਤੋਂ ਸਾਫ ਜਾਹਰ ਹੈ ਕਿ ਆਮ ਸਿੱਖ ਇਨ੍ਹਾਂ ਤੋਂ ਖਫਾ ਹਨ। ਕਈ ਤਾਂ ਇਨ੍ਹਾਂ ਬਾਰੇ ਹੋਰ ਵੀ ਤੱਤੀਆਂ ਗੱਲਾਂ ਕਰਦੇ ਹਨ। ਇੱਥੇ ਇੱਕ ਗੱਲ ਹੋਰ ਵੀ ਚੇਤੇ ਰੱਖਣ ਵਾਲੀ ਹੈ ਕਿ ਜੇ ਕਰ ਕਨੇਡਾ ਵਰਗੇ ਦੇਸ਼ ਵਿੱਚ ਚੁਣੇ ਹੋਏ ਨੁਮਾਇਦੇ ਇਨ੍ਹਾਂ ਦੀ ਕਸਵੱਟੀ ਤੇ ਖਰੇ ਨਹੀਂ ਉਤਰਦੇ ਤਾਂ ਸੋਚ ਕੇ ਦੇਖਿਓ ਕਿ ਜੇ ਕਰ ਇਨ੍ਹਾਂ ਦਾ ਖਾਲਿਸਤਾਨ ਬਣ ਵੀ ਜਾਵੇ ਤਾਂ ਇਹ ਪੰਜਾਬ ਵਿੱਚ ਕਿਸ ਤਰ੍ਹਾਂ ਦੇ ਹੋਣਗੇ?
ਆਓ ਹੁਣ ਅਸਲ ਗੱਲ ਵੱਲ ਆਈਏ। ਕਿਸੇ ਨੂੰ ਵੀ ਡਰਾ ਧਮਕਾ ਕੇ ਫਿਰੌਤੀਆਂ ਮੰਗਣੀਆਂ ਅਤੇ ਕਤਲ ਕਰਨੇ ਨਾ ਤਾਂ ਕਿਸੇ ਦੇਸ਼ ਦਾ ਕਾਨੂੰਨ ਇਸ ਦੀ ਇਜ਼ਾਜਤ ਦਿੰਦਾ ਹੈ ਅਤੇ ਨਾ ਹੀ ਕੋਈ ਸਭਿਅਕ ਸਮਾਜ ਇਸ ਨੂੰ ਚੰਗਾ ਸਮਝਦਾ ਹੈ। ਹੁਣ ਮੈਂ ਤਹਾਡੇ ਸਾਰਿਆਂ ਦੇ ਸਾਹਮਣੇ ਇੱਕ ਸਵਾਲ ਰੱਖਣ ਲੱਗਿਆ ਹਾਂ, ਇਸ ਨੂੰ ਧਿਆਨ ਨਾਲ ਸਮਝਿਓ ਅਤੇ ਆਪਣੇ ਆਪ ਨੂੰ ਪੁੱਛਿਓ ਕਿ ਹੁਣ ਤੱਕ ਤੁਸੀਂ ਜੋ ਕੀਤਾ ਹੈ ਅਤੇ ਕਰ ਰਹੇ ਹੋ, ਉਹ ਕਿਤਨਾ ਕੁ ਠੀਕ ਹੈ? ਸੰਨ 1982 ਤੋਂ ਲੈ ਕੇ ਸੰਨ 1991-1992 ਤੱਕ ਤਕਰੀਬਨ 10 ਸਾਲ ਪੰਜਾਬ ਵਿੱਚ ਉਨ੍ਹਾਂ ਲੋਕਾਂ ਨੇ ਜਿਨ੍ਹਾਂ ਨੂੰ ਤੁਸੀਂ ਸਾਰੇ ਮਹਾਨ ਯੋਧੇ ਅਤੇ ਖਾੜਕੂ ਕਰਕੇ ਪਰਚਾਰਦੇ ਹੋ, ਇਨ੍ਹਾਂ ਵਿਚੋਂ ਬਹੁਤਿਆਂ ਦੀਆਂ ਤੁਸੀਂ ਫੋਟੋਆਂ ਵੀ ਗੁਰਦੁਆਰਿਆਂ ਵਿੱਚ ਅਤੇ ਘਰਾਂ ਵਿੱਚ ਲਾਈਆਂ ਹੋਈਆਂ ਹਨ, ਕੀ ਇਨ੍ਹਾਂ ਨੇ ਫਿਰੌਤੀਆਂ ਨਹੀਂ ਲਈਆਂ ਸਨ ਅਤੇ ਕਤਲੋਗਾਰਤ ਨਹੀਂ ਕੀਤੀ ਸੀ? ਭਿੰਡਰਾਂਵਾਲਾ ਤੁਹਾਡਾ ਵੀਹਵੀਂ ਸਦੀ ਦਾ ਮਹਾਨ ਸ਼ਹੀਦ ਕੀ ਲੁੱਟਾਂ ਖੋਹਾਂ ਦੀ ਗੱਲ ਨਹੀਂ ਸੀ ਕਰਦਾ? ਉਹ ਤਾਂ ਸ਼ਰੇਆਮ ਇਹ ਕਹਿੰਦਾ ਹੁੰਦਾ ਸੀ ਕਿ ਹਥਿਆਰ ਇਨ੍ਹਾਂ ਟੋਪੀਆਂ ਵਾਲਿਆਂ ਤੋਂ ਖੋਹ ਲਿਆ ਕਰੋ। ਫਿਰ ਆਪਣੀ ਗੱਲ ਸਿੱਧ ਕਰਨ ਲਈ ਕੂੜ ਗ੍ਰੰਥਾਂ ਦੇ ਹਵਾਲੇ ਦੇ ਕਿ ਕਹਿੰਦਾ ਹੁੰਦਾ ਸੀ, “ਬਿਧੀ ਚੰਦ ਛੀਨਾ ਗੁਰ ਸੀਨਾ”। ਭਾਈ ਬਿਧੀ ਚੰਦ ਦਾ ਨਾਮ ਤਾਂ ਤੁਸੀਂ ਸਾਰੇ ਜਾਣੇ ਹੀ ਹੋ ਅਤੇ ਘੋੜੇ ਚੋਰੀ ਕਰਕੇ ਲਿਆਉਣ ਵਾਲੀ ਸਾਖੀ ਵੀ ਜਾਣਦੇ ਹੋ। ਜਦੋਂ ਘੋੜੇ ਚੋਰੀ ਕਰਕੇ ਲਿਆਇਆ ਸੀ ਤਾਂ ਗੁਰੂ ਜੀ ਦੇ ਮਹਿਲ (ਘਰ ਵਾਲੀ) ਨੇ ਕਿਹਾ ਸੀ ਕਿ ਮੇਰੇ ਲਈ ਬੇਗਮਾਂ ਦੇ ਗਹਿਣੇ ਚੋਰੀ ਕਰਕੇ ਲਿਆ। ਬਿਧੀ ਚੰਦ ਨੇ ਇਸੇ ਤਰ੍ਹਾਂ ਹੀ ਕੀਤਾ ਸੀ ਤਾਂ ਮਾਤਾ ਜੀ ਇਸ ਲੁੱਟ ਦਾ ਮਾਲ ਦੇਖ ਕੇ ਬੜੇ ਹੀ ਪ੍ਰਸੰਨ ਹੋਏ ਸਨ।
ਜੇ ਕਰ ਮੈਂ ਗਲਤ ਨਾ ਹੋਵਾਂ ਤਾਂ ਭਿੰਡਰਾਵਾਲੇ ਸਾਧ ਦੇ ਨੇੜਲੇ ਸਾਥੀ, ਜਨਰਲ ਲਾਭ ਸਿੰਘ ਵੀ ਕਈ ਹਥਿਆਰ ਪੁਲੀਸ ਵਾਲਿਆਂ ਤੋਂ ਖੋਹ ਕਿ ਲਿਆਏ ਸਨ। ਇਨ੍ਹਾਂ 10 ਕੁ ਸਾਲਾਂ ਵਿੱਚ ਕਿਤਨੀਆਂ ਬੈਂਕਾਂ ਲੁੱਟੀਆਂ ਅਤੇ ਫਿਰੌਤੀਆਂ ਲਈਆਂ ਜਿਸ ਨਾਲ ਪੰਜਾਬ ਦੀ ਸਾਰੀ ਇੰਡਸਟਰੀ ਪੰਜਾਬ ਤੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤੀ, ਇਸ ਵਿੱਚ ਕੌਣ ਦੋਸ਼ੀ ਸੀ? ਤੁਸੀਂ ਤਾਂ ਇਸ ਗੱਲ ਤੇ ਵੀ ਮਾਣ ਮਹਿਸੂਸ ਕਰਦੇ ਹੋ ਕਿ ਬੈਂਕਾਂ ਵਿੱਚ ਚੰਗੀ ਤਰ੍ਹਾਂ ਡਾਕੇ ਮਾਰਨੇ ਅਸੀਂ ਹੀ ਸਿਖਾਏ ਹਨ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜਿਹੜੀ ਲੁਧਿਆਣੇ ਵਿੱਚ ਸਭ ਤੋਂ ਵੱਡੀ ਬੈਂਕ ਡਕਾਤੀ ਹੋਈ ਸੀ ਉਸ ਦੇ ਪੈਸੇ ਨਾਲ ਤੁਹਾਡੇ ਕਈ ਵਿਦਵਾਨ ਅਤੇ ਯੋਧੇ ਆਪਣੇ ਫਾਰਮ ਹਾਉਸ ਬਣਾ ਕੇ ਬੈਠੇ ਹਨ। ਜਦੋਂ ਕੇ: ਪੀ: ਐੱਸ: ਗਿੱਲ ਨੇ ਕਾਲੀ ਗਰਜ਼ ਕਾਰਵਾਈ ਕੀਤੀ ਸੀ ਤਾਂ ਉਥੇ ਅੰਦਰ ਲੁਕ ਕੇ ਬੈਠੇ ਤੁਹਾਡੇ ਯੋਧੇ ਚਿੱਠੀਆਂ ਭੇਜ ਕੇ ਫਿਰੌਤੀਆਂ ਨਹੀਂ ਮੰਗਦੇ ਸਨ ਅਤੇ ਕਤਲ ਵੀ ਨਹੀਂ ਕਰਦੇ ਸਨ? ਭਿੰਡਰਾਂਵਾਲੇ ਸਾਧ ਦੇ ਚੇਲਿਆਂ ਨੇ ਲੁੱਟਾਂ ਖੋਹਾਂ ਅਤੇ ਫਿਰੌਤੀਆਂ ਵਾਲੇ ਕਿਤਨੇ ਕੁ ਕੰਮ ਕਰਵਾਏ ਹਨ ਇਸ ਬਾਰੇ ਉਹ ਬੰਦੇ ਹਾਲੇ ਜ਼ਿਉਂਦੇ ਹਨ ਅਤੇ ਆਪ ਹੀ ਦੱਸਦੇ ਵੀ ਹਨ। ਜੇ ਸ਼ੱਕ ਹੈ ਤਾਂ ਅਸੰਤ ਕੁਲਜਿੰਦਰ ਸਿੰਘ ਢਿੱਲੋਂ ਅਤੇ ਸੁੱਖਵਿੰਦਰ ਦਿਆਲ ਸਿੰਘ ਦੀਆਂ ਇੰਟਰਵਿਊ ਸੁਣ ਲੈਣੀਆਂ। ਜੇ ਕਰ ਤੁਸੀਂ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਅਤੇ ਫਿਰੌਤੀਆਂ ਮੰਗਣ ਵਾਲਿਆਂ ਨੂੰ ਮਹਾਨ ਯੋਧੇ ਬਣਾ ਕੇ ਪੇਸ਼ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਜਿਹੜੇ ਹੁਣ ਫਿਰੌਤੀਆਂ ਮੰਗ ਰਹੇ ਹਨ ਉਨ੍ਹਾਂ ਦੇ ਪਿਛੇ ਇੰਡੀਆ ਗੌਰਮਿੰਟ ਦਾ ਹੱਥ ਹੋਵੇ। ਫਿਰ ਤਾਂ ਇਹ ਵੀ ਉਨ੍ਹਾਂ ਲਈ ਯੋਧੇ ਹੀ ਹੋਣਗੇ ਜਿਸ ਤਰ੍ਹਾਂ ਦੇ ਤੁਹਾਡੇ ਯੋਧੇ ਸਨ/ਹਨ।
ਮੱਖਣ ਪੁਰੇਵਾਲ,
ਨਵੰਬਰ 21, 2025.




.